Bulbalian Di Kashat (Punjabi Story) : Kesra Ram

ਬੁਲਬੁਲਿਆਂ ਦੀ ਕਾਸ਼ਤ (ਕਹਾਣੀ) : ਕੇਸਰਾ ਰਾਮ

ਅੱਜਕਲ੍ਹ ਮੇਰਾ ਬਹੁਤਾ ਸਮਾਂ ਟੀ ਵੀ ਸਾਹਮਣੇ ਹੀ ਬੀਤਦੈ।
ਗਲੋਬਲੀਕਰਨ ਦਾ ਸੁਨਹਿਰਾ ਰੱਥ.. ਦਲਾਲ ਸਟ੍ਰੀਟ ਦਾ ਸਾਨ੍ਹ… ਮੁਹਰਲੇ ਪੈਰ ਅਸਮਾਨ ਵੱਲ਼.. ਤੇ ਪੂੰਛ ਚੁੱਕੀ ਹੋਈ… ਅੰਨ੍ਹੇਵਾਹ ਦੌੜਦਾ ਜਾ ਰਿਹੈ। ਬੱਲੇ-ਬੱਲੇ ਹੋਈ ਪਈ ਐ। ਏਨਾ ਚੰਗਾ ਤਾਂ ਟੀ ਵੀ ਉਦੋਂ ਵੀ ਨਹੀਂ ਸੀ ਲੱਗਦਾ ਜਦੋਂ ਨਵਾਂ-ਨਵਾਂ ਆਇਆ ਸੀ। ਹਾਲਾਂਕਿ ਉਦੋਂ ਨੱਚਦੀਆਂ-ਟੱਪਦੀਆਂ-ਬੋਲਦੀਆਂ ਤਸਵੀਰਾਂ ਦੇਖਣਾ ਆਪਣੇ ਆਪ 'ਚ ਈ ਬੜਾ ਰੁਮਾਂਚਕਾਰੀ ਹੁੰਦਾ ਸੀ। ਪਰ ਜੋ ਰੁਮਾਂਚ ਅੱਜਕਲ੍ਹ ਹੈ, ਉਦੋਂ ਕਿੱਥੇ ਸੀ? ਸਿਆਹ-ਸਫੈਦ, ਇਕ ਕਿਸਮ ਦੀ ਠਹਿਰੀ ਹੋਈ ਜਿਹੀ ਜਾਂ ਕੀੜੀ ਦੀ ਚਾਲ ਤੁਰ ਰਹੀ ਜ਼ਿੰਦਗੀ। ਤੇ ਅੱਜਕਲ੍ਹ? ਰਾਤੋ-ਰਾਤ ਚਲ ਸੱਤਵੇਂ ਅਸਮਾਨ 'ਤੇ। ਮਾਰ ਤੇਰੇ ਦੀ! ਸਾਨ੍ਹ ਦੇ ਮੁਹਰਲੇ ਪੈਰ ਅਸਮਾਨ ਵੱਲ … ਤੇ ਪੂੰਛ ਚੁੱਕੀ ਹੋਈ… ਫਲਾਣਾ ਕਰੋੜਪਤੀ ਬਣ ਗਿਆ… ਫਲਾਣਾ ਅਰਬਾਂਪਤੀ… ਦੁਨੀਆ ਭਰ 'ਚ ਛਾਏ ਹੋਏ ਨੇ… ਇੰਡੀਆ ਦੇ ਧਨ-ਕੁਬੇਰ… ਸੈਨਸੇਕਸ, ਨਿਫਟੀ, ਸਮਾਲਕੇਪ, ਮਿਡਕੇਪ, ਦਲਾਲ ਸਟ੍ਰੀਟ… ਤੇ ਉਹ ਦੇਖੋ… ਵਾਲ ਸਟ੍ਰੀਟ… ਜਾਣੀ ਇਕੋ ਪਿੰਡ ਦਾ ਦੂਸਰਾ ਮੁਹੱਲਾ… ਬਲਕਿ ਸਾਰਾ ਕੁੱਝ ਇਕ-ਮਿਕ। ਮਾਤਰ ਉਂਗਲੀ ਦੇ ਇਸ਼ਾਰੇ ਤੇ ਇਕ ਜਾਦੂਈ ਖਿੜਕੀ ਜਿਹੀ ਖੁਲ੍ਹਦੀ ਹੋਈ… ਅੱਖ ਦੇ ਝਪਾਕੇ ਨਾਲ ਹੀ ਪੂਰੀ ਦੁਨੀਆ ਦੇ ਦਰਸ਼ਨ-ਦੀਦਾਰ…।
ਤੇ ਇਕ ਪਰਦੇ ਦੀ ਗੱਲ ਦੱਸਾਂ? ਕੱਲਾ ਸੈਨਸੇਕਸ ਹੀ ਨਹੀਂ, ਸੈਕਸ ਵੀ…।
ਰਾਤ ਨੂੰ ਇਕ ਸਪੈਸ਼ਲ ਚੈਨਲ ਚਲਦੈ… ਉਂਝ ਐਮ ਟੀ ਵੀ, ਵੀ ਟੀ ਵੀ , ਫੈਸ਼ਨ-ਫੂਸ਼ਨ ਤਾਂ ਜਦ ਮਰਜ਼ੀ ਲਾ ਲਓ… ਰਿਮੋਟ ਹਰ ਵੇਲੇ ਹੱਥ 'ਚ ਈ ਰਹਿੰਦੈ। ਹੁਣ ਉਹ ਗੱਲ ਤਾਂ ਹੈ ਨੀਂ ਕਿ ਆਂਗਨ 'ਚ ਬੇਬੇ ਨੂੰ ਖੜ੍ਹਾ ਕੇ, ਆਪ ਛੱਤ 'ਤੇ ਚੜ੍ਹ ਕੇ ਅੰਟੀਨਾ ਘੁਮਾਈ ਜਾਓ, "ਬੇਬੇ ਦੇਖੀਂ, ਫੋਟੂ ਆਈ…?"
"ਨਾ..!"
"ਬੇਬੇ ਹੁਣ ਦੇਖੀਂ…?"
"ਵੇ ਪੁੱਤ ਮੈਨੂੰ ਤਾਂ ਨੀਂ ਕੋਈ ਫੋਟੂ ਦਿਹੰਦੀ ਹੈਥੇ। ਮੱਛਰ ਜੇ ਆਈ ਜਾਂਦੇ ਆ।"
"ਬੇਬੇ ਚਾਨਣੇ 'ਚੋਂ ਨੀਂ ਦਿਹੰਦੀ। ਅੰਦਰ ਨੇੜੇ ਹੋ ਕੇ ਦੇਖ ਕੇ ਆ…।" ਤੇ ਫੇਰ ਉਹਨੂੰ ਟੀ ਵੀ 'ਚ ਆਪਣਾ ਅਕਸ ਹੀ ਦਿੱਸ ਪੈਂਦਾ। ਕਿੰਨਾ ਹੱਸਦੇ ਸਾਂ ਫਿਰ ਅਸੀਂ। ਬੇਬੇ ਨੇ ਹੌਲੀ-ਹੌਲੀ ਫੇਰ ਤਾਂ ਬੂਸਟਰ ਦੀ ਸੈਟਿੰਗ ਕਰਨੀ ਵੀ ਸਿੱਖ ਲਈ ਸੀ।
ਸੈਟਿੰਗ ਹੋਈ ਵਈ ਐ ਕੇਬਲ ਵਾਲੇ ਨਾਲ। ਰਾਤ ਗਿਆਰਾਂ ਵਜੇ ਤੋਂ ਬਾਅਦ ਉਹ ਆਪੇ ਇਹੋ ਜਾ ਕੁਝ ਚਲਾ ਦਿੰਦੈ। ਪਰ ਮੈਂ ਤਾਂ ਇਸ ਤੋਂ ਵੀ ਬੋਰ ਹੋ ਗਿਆਂ। ਮੈਂਨੂੰ ਤਾਂ ਹੁਣ ਸਾਲੀਆਂ ਹੋਰ ਈ ਚੀਜ਼ਾਂ ਖਿੱਚ ਪਾਉਂਦੀਆਂ ਨੇ। ਸੱਚੀ ਗੱਲ ਤਾਂ ਇਹ ਵੇ ਕਿ ਸੈਕਸ ਦੀ ਥਾਂ ਹੁਣ ਸੈਨਸੇਕਸ ਨੇ ਲੈ ਲਈ ਐ। ਮੇਰੇ ਅੰਦਰ ਘੋੜੇ ਹਿਣਕਣ ਦੀ ਬਜਾਇ ਹੁਣ ਸਾਨ੍ਹ ਬੜ੍ਹਕਦੈ… ਮੁਹਰਲੇ ਪੈਰ ਅਸਮਾਨ ਵੱਲ.. ਤੇ ਪੂੰਛ ਚੁੱਕੀ ਹੋਈ…।
ਪਿੰਡ 'ਚ ਗੇੜਾ-ਸ਼ੇੜਾ, ਸੱਥ 'ਚ ਬੈਠਣਾ ਤਾਂ ਹੁਣ ਜਮਾਂ ਈ ਬੰਦ। ਉਂਝ ਸੱਥ-ਸੁੱਥ ਹੁਣ ਹੈ ਵੀ ਕਿੱਥੇ? ਬਜ਼ਾਰ ਬਣਿਆ ਪਿਐ। ਇਕ ਢਾਬਾ ਜਾ, ਜਿੱਥੇ ਬੈਠ ਕੇ ਤਾਸ਼-ਤੂਸ਼ ਜੀ ਖੇਡ ਲਈਦੀ ਸੀ, ਹੁਣ ਤਾਂ ਉਥੇ ਵੀ ਏਨਾ ਰੌਣਕ ਮੇਲਾ ਜਾ ਰਿਹਾ ਨੀਂ। ਲੋਕਾਂ 'ਚ ਪਰਦੇ ਲੱਗੇ ਸ਼ੀਸ਼ਿਆਂ ਵਾਲੇ ਕੈਬਿਨਾਂ ਵਿਚ ਬੈਠਣ ਦੀ ਲਾਲਸਾ ਜੋ ਪੈਦਾ ਹੋ ਚੁਕੀ ਐ। ਉਂਝ ਵੀ ਨਾ ਕੋਈ ਕਿਸੇ ਦਾ ਹਾਸਾ-ਮਜ਼ਾਕ ਜਰ ਸਕਦੈ, ਨਾ ਕੋਈ ਕੁਝ ਕਹਿ-ਸੁਣ ਸਕਦੈ। ਪਿੰਡ ਦੀ ਪੋਲੀਟਕਸ ਵੀ ਬਸ। ਸਾਰੇ ਆਪੋ-ਆਪਣੇ ਖੋਲ 'ਚ ਵੜਗੇ ਨੇ ਹੁਣ ਤਾਂ। ਬਲਬੀਰ ਬਾਈ ਦਾ ਕਹਿਣਾ, ਰੇਸ਼ਮ ਦੇ ਕੀੜੇ…। ਜਿਥੋਂ ਤੱਕ ਖੇਤੀ ਦਾ ਸਵਾਲ ਐ, ਉਧਰੋਂ ਵੀ ਆਪਾਂ ਤਾਂ ਬਿੱਲਕੁਲ ਫ਼ਾਰਿਗ਼। ਕੋਈ ਕਿਸੇ ਕਿਸਮ ਦਾ ਚਿੰਤਾ ਸਿਆਪਾ ਨੀਂ ਹੁਣ। ਮੇਰੇ ਵਰਗੇ ਕਈਆਂ ਨੂੰ ਤਾਂ ਅਕਲ ਈ ਬੜੀ ਲੇਟ ਆਈ ਐ। ਕਮਲੇ ਹੋਏ ਰਹਿੰਦੇ ਸੀ। ਨਾ ਰਾਤ ਨੂੰ ਚੈਨ ਨਾ ਦਿਨੇ ਅਰਾਮ। ਹੁਨਾਲ- ਸਿਆਲ ਦੀਆਂ ਕਰੜੀਆਂ ਸਖਤੀਆਂ… ਅੱਧੀ-ਅੱਧੀ ਰਾਤ ਨੂੰ ਜਾ ਕੇ ਮੋਟਰ ਚਲਾਉਣੀ…ਤੇ ਪੱਲੇ ਜੋ ਪੈਂਦਾ, ਪਤਾ ਈ ਐ…। ਉਤੋਂ ਤਾਅਨੇ- ਮਿਹਣੇ, ਜੱਟਾਂ ਨੇ ਮਿਹਨਤ ਕਰਨੀ ਛੱਡ 'ਤੀ… ਖੇਤੀ ਭਈਆਂ ਹਵਾਲੇ ਕਰ 'ਤੀ… ਪਤਾ ਨੀਂ ਕੀ-ਕੀ…।
ਹੁਣ ਗਿਆਨ ਹੋਇਐ ਦਰਅਸਲ ਕਿਸਾਨੀ ਕੀ ਹੁੰਦੀ ਐ ਤੇ ਖੇਤੀ ਕਿਵੇਂ ਕਰੀਦੀ ਐ। ਪਹਿਲਾਂ ਵਿਚਾਰੇ ਸੀਰੀ ਦੇ ਗਲ਼ ਲੱਗ ਕੇ ਰੋਂਦੇ ਰਹਿੰਦੇ ਸੀ, "ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲ਼ਾਂ ਵਿਚੋਂ ਨੀਰ ਵੱਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿਚੋਂ ਪੁੱਤ ਜੱਗਿਆ…।" ਸੀਰੀ-ਸਾਂਝੀ ਵੀ ਹੁਣ ਕਿੱਥੇ ਰਹੇ? ਭਾਂਡੇ ਭਾਵੇਂ ਸੀਰੀ ਦੇ ਅੱਡ ਹੁੰਦੇ, ਭਿੱਟ ਵੀ ਮੰਨੀਦੀ ਸੀ ਪਰ ਉਮਰ ਅਨੁਸਾਰ ਚਾਚੇ, ਤਾਏ ਵਾਲਾ ਰਿਸ਼ਤਾ ਵੀ ਹੁੰਦਾ। ਮਾੜੂ ਰਾਮ, ਕਦੇ ਸਾਡਾ ਸੀਰੀ ਰਿਹਾ, ਹੁਣ ਤਾਂ ਸ਼ਹਿਰ ਕਿਸੇ ਫੈਕਟਰੀ 'ਚ ਮਜਦੂਰੀ ਕਰਦੈ ਤੇ ਉਹਦਾ ਮੁੰਡਾ ਉਥੇ ਆਟੋ ਚਲਾਉਂਦੈ। ਮੁੰਡਾ ਪਿੱਛੇ ਨਕਸਲਬਾੜੀਆਂ ਦੇ ਸ਼ੱਕ 'ਚ ਫੜਿਆ ਗਿਆ ਸੀ। ਮਸੇਂ ਬਚਿਆ। ਪਿੰਡ ਬਲਕਾਰ ਕੋਲ ਅਕਸਰ ਆਉਂਦਾ ਰਹਿੰਦੈ। ਐਤਵਾਰ ਕਲਾਸ ਲਾਉਂਦੇ ਐ। ਬਾਪੂ ਜੀ ਬਾਰੇ ਪਤਾ ਲੱਗਿਆ ਤਾਂ ਮਿਲਣ ਆਇਆ ਸੀ ਮਾੜੂ ਰਾਮ। ਅਖੇ ਤਾਇਆ…! ਬਾਪੂ ਜੀ ਦੀਆਂ ਗੱਲਾਂ ਕਰਦਿਆਂ ਗਲ਼ ਭਰ ਆਇਆ ਉਹਦਾ। ਜਾਣੀ ਕਹਿਣਾ ਚਾਹੁੰਦਾ ਹੋਵੇ, "ਲੈ ਬੀ ਸਰਦਾਰਾ, ਇਸ ਘਰ ਨਾਲ ਮੋਹ ਦੇ ਰਿਸ਼ਤੇ ਦੀ ਆਖਰੀ ਤੰਦ ਵੀ ਟੁੱਟਗੀ।"
ਹੁਣ ਤਾਂ ਨੌਕਰ ਰੱਖਿਆ ਹੋਇਐ। ਉਹ ਭਈਆ ਤੇ ਅਸੀਂ ਬੀਬੀ ਜੀ, ਸਰਦਾਰ ਜੀ। ਗਲ਼ ਲੱਗ ਕੇ ਰੋਣ ਦਾ ਤਾਂ ਸਵਾਲ ਈ ਨੀਂ । ਅਸਲ 'ਚ ਰੋਣਾ-ਧੋਣਾ ਵੀ ਤੰਗਲੀਆਂ, ਦੁਸਾਂਗੀਆਂ ਨਾਲ ਈ ਸੀ। ਹੁਣ ਨਾ ਤੰਗਲੀ-ਦੁਸਾਂਗੀ, ਨਾ ਜੰਦਰੇ ਸੁਹਾਗੇ। ਕਾਸੇ ਦੀ ਲੋੜ ਨੀਂ ਰੱਖਣ ਦੀ। ਹਾਂ, ਟ੍ਰੈਕਟਰ ਰੱਖਿਆ ਹੋਇਐ। ਜੱਟਾਂ ਦੇ ਘਰ ਵੱਡਾ ਟ੍ਰੈਕਟਰ ਖੜ੍ਹਾ ਹੋਣਾ ਜ਼ਰੂਰੀ ਹੈ। ਮੈਂ ਥੋਨੂੰ ਦੱਸਾਂ। ਗੁਆਂਢ- ਸ਼ਰੀਕਾ, ਰਿਸ਼ਤੇਦਾਰੀਆਂ, ਜੱਟਾਂ ਦਾ ਸਮਾਜ-ਵਿਗਿਆਨ ਸਮਝਣਾ ਹਰ ਐਰੇ-ਗੈਰੇ ਦੇ ਵੱਸ ਦੀ ਗੱਲ ਥੋੜ੍ਹੀ ਈ ਐ। ਸਾਰੀ ਗੱਲ ਖੋਲ੍ਹ ਕੇ ਫੇਰ ਦੱਸੂੰ ਕਿਸੇ ਦਿਨ।
ਹੁਣ ਤਾਂ ਮੇਰਾ ਸਾਰਾ ਧਿਆਨ 'ਬਿਜ਼ਨੇਸ ਰੈਪ' ਵੱਲ ਹੈ। ਜਾਣੀ ਆਪਣਾ ਸੁਪਨਾ ਮਨੀ-ਮਨੀ। ਕਦੇ ਦੂਰਦਰਸ਼ਨ 'ਤੇ 'ਕ੍ਰਿਸ਼ੀ ਦਰਸ਼ਨ' ਦੇਖਦੇ ਹੁੰਦੇ ਸਾਂ। ਹੁਣ ਤਾਂ ਕੇਬਲ ਲਵਾਈ ਹੋਈ ਐ। ਬਿਜ਼ਨੇਸ, ਖਾਸ ਕਰਕੇ ਸ਼ੇਅਰ ਬਜ਼ਾਰ ਨਾਲ ਸੰਬੰਧਤ ਪ੍ਰੋਗ੍ਰਾਮ ਨੀਂ ਕੋਈ ਵੀ ਖੁੰਝਣ ਦਿੰਦਾ। ਬਜ਼ਾਰ ਤਾਂ ਹੁਣ ਮੇਰੇ ਲੂੰ -ਲੂੰ 'ਚ ਵੱਸਦੈ। ਲਹੂ ਦੀ ਰਵਾਨੀ 'ਚ ਵਗਦੈ।
ਚੰਗੀ ਪੈਲੀ। ਮਕਾਨ ਵੀ ਚੰਗਾ ਪਾਇਆ ਹੋਇਐ। ਵੱਡਾ ਟ੍ਰੈਕਟਰ…। ਚਲੋ ਜਿਵੇਂ ਵੀ ਐ, ਪਰ ਕਦੇ ਸੁਪਨਾ ਵੀ ਨਹੀਂ ਸੀ ਲਿਆ ਕਿ ਲੱਖਾਂਪਤੀ ਹੋਵਾਂਗਾ। ਜੇ ਇਸੇ ਤਰ੍ਹਾਂ ਰੱਬ ਨੇ ਸੁੱਖ ਰੱਖਿਆ ਤੇ ਸਾਨ੍ਹ ਮਿਹਰਬਾਨ ਰਿਹਾ ਤਾਂ ਕਰੋੜਪਤੀ ਵੀ ਬਣ ਸਕਦਾਂ। ਮਾਰਕਿਟ ਦੇ ਜਾਣਕਾਰ ਕਹਿੰਦੇ ਨੇ ਵਿਕਾਸ ਦਾ ਪਹੀਆ ਕਦੇ ਪੁੱਠਾ ਨਹੀਂ ਘੁੰਮਦਾ।
ਬਾਪੂ ਜੀ ਦੋ ਸਾਲ ਪਹਿਲਾਂ ਨਾ ਵਿਛੜੇ ਹੁੰਦੇ, ਇਹ ਰੰਗ ਦੇਖ ਕੇ ਖੌਰੇ ਕੀ ਕਹਿੰਦੇ। ਪਰ ਜ਼ਮੀਨ ਵਾਲੀ ਗੱਲ਼..? ਖੌਰੇ ਇਸ ਰਸਤੇ ਪੈਣ ਵੀ ਦਿੰਦੇ ਕਿ ਨਾ?
"ਰਸਤਾ ਕੀ ਐ ਬਸ ਲਾਲ ਕਾਲੀਨ ਬਿਛਿਆ ਹੋਇਐ… ਜਿਵੇਂ ਕਹਿੰਦੇ ਹੁੰਦੇ ਐ ਨਾ, ਰੈਡ ਕਾਰਪੈਟ…। ਸੈਨਸੇਕਸ ਵੀਹ ਹਜ਼ਾਰ ਤੋਂ ਟੱਪ ਗਿਐ। ਬੱਲੇ-ਬੱਲੇ ਹੋਈ ਪਈ ਐ ਵੀਰ!" ਮੈਂ ਬਲਬੀਰ ਨੂੰ ਕਹਿੰਦਾਂ। ਉਸਦੀ ਪ੍ਰਤੀਕ੍ਰਿਆ ਉਡੀਕਦਾਂ। ਇਸ ਮਾਮਲੇ 'ਚ ਉਸਦੀ ਪ੍ਰਤੀਕ੍ਰਿਆ ਅਕਸਰ ਨਪੀ-ਤੁਲੀ ਜਿਹੀ ਆਉਂਦੀ ਐ। ਬਾਈ ਅਮਰੀਕ ਦੀ ਭਾਸ਼ਾ ਬੋਲਦਾ-ਬੋਲਦਾ ਕਦੇ ਬਲਕਾਰ ਦੇ ਰੰਗ 'ਚ ਰੰਗਿਆ ਦਿਸਦੈ, ਅਖੇ, ਪ੍ਰੋਡਕਸ਼ਨ ਕਿੱਥੇ ਹੈ ਏਹ 'ਚ? ਤਾਂ ਕਦੇ ਕਿਸੇ ਹੋਰ ਈ ਭੰਬਲਭੂਸੇ 'ਚ ਪਿਆ ਹੁੰਦੈ।
ਮੈਂ ਕੈਲਕੁਲੇਟਰ ਚੁਕ ਲਿਐ। ਹਾਂ ਜੀ, ਹੈਰਾਨ ਹੋਣ ਵਾਲੀ ਗੱਲ ਤਾਂ ਭਾਵੇਂ ਹੈ ਈ। ਇਕ ਜੱਟ ਜਿਮੀਂਦਾਰ ਦੇ ਘਰ ਕੈਲਕੁਲੇਟਰ…? ਆ ਜਾਂਦਾ ਹੁੰਦੈ। ਚੰਗਾ ਸਮਾਂ ਜਦ ਆਉਂਦੈ, ਕਾਫੀ ਕੁੱਝ ਨਾਲ ਲਿਆਉਂਦੈ। ਪਹਿਲਾਂ ਖੇਤੀ ਦੇ ਸੰਦਾਂ ਤੋਂ ਸਿਵਾਇ ਨਰਮਾ-ਕਪਾਹ ਤੋਲਣ ਵਾਲਾ ਇਕ ਸਪਰਿੰਗ-ਕੰਡਾ ਈ ਹੁੰਦਾ ਸੀ ਘਰ 'ਚ। ਜਦੋਂ ਦੀ ਕੇਬਲ ਆਈ ਤੇ ਮੈਥ ਮਾਸਟਰ ਜੁਗਿੰਦਰ ਸਿੰਘ ਦੇ ਘਰ ਇਕ ਖਾਸ ਅਖਬਾਰ ਆਉਣ ਲੱਗਿਆ, ਉਦੋਂ ਤੋਂ ਹੋਰ ਵੀ ਬਥੇਰਾ ਕੁਝ ਆਇਐ ਪਿੰਡ 'ਚ।
ਪਿੰਡ 'ਚ ਨਹੀਂ ਬਲਕਿ ਲੋਕਾਂ ਦੇ ਘਰਾਂ ਵਿਚ। ਮੇਰੇ ਘਰ 'ਚ ਇਹ। ਮੇਰੇ ਕੋਲ ਉਹ। ਵਿਅਕਤੀਵਾਦ ਵੀ ਨਾਲ ਈ ਆਇਐ ਨਾ। ਪਹਿਲਾਂ ਇਕ ਟੀ ਵੀ ਹੁੰਦਾ ਸੀ, ਸੌ ਬੰਦੇ ਕੱਠੇ ਬੈਠ ਕੇ ਦੇਖਦੇ ਹੁੰਦੇ ਸੀ। ਹੁਣ ਸੌ ਚੈਨਲ ਨੇ, ਇਕ ਬੰਦਾ ਕੱਲਾ ਬੈਠ ਕੇ ਦੇਖਦੈ।
ਮੈਂ ਵੀ ਕੱਲਾ ਬੈਠਾ ਟੀ ਵੀ ਦੀ ਸਕਰੋਲ ਪੱਟੀ ਤੋਂ ਦੇਖ ਕੇ ਆਪਣੇ ਸ਼ੇਅਰਾਂ ਦੀ ਅੱਜ ਦੇ ਰੇਟ ਮੁਤਾਬਿਕ ਕੈਲਕੁਲੇਸ਼ਨ ਕਰ ਰਿਹਾਂ। ਮਾਰ ਥੋਡੀ ਓਏ ! ਕਈ ਵਾਰੀ ਤਾਂ ਦਿਲ ਵੀ ਟੋਕਾ ਮਸ਼ੀਨ ਆਲੇ ਇੰਜਣ ਵਾਂਗ ਧੜਕਣ ਲੱਗ ਪੈਂਦੈ। ਇਹ ਹਿਸਾਬ-ਕਿਤਾਬ ਵੀ ਸਾਲਾ ਬਾਣੀਏ-ਬਕਾਲਾਂ ਦੇ ਲੋਟ ਆਉਂਦੈ। ਨਾਲੇ ਸੋਚਦਾਂ, ਇੱਡੀ ਕੋਈ ਵੱਡੀ ਗੱਲ ਵੀ ਨਈਂ। ਜੱਟ ਅੱਜ ਕਿਹੜੀ ਗੱਲੋਂ ਘੱਟ ਨੇ? ਸ਼ੈਲਰ ਲਾਏ ਹੋਏ ਨੇ। ਆੜ੍ਹਤ ਦੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਨੇ।
ਖੈਰ ਜੀ, ਸੈਨਸੇਕਸ ਵੀਹ ਹਜ਼ਾਰ ਟੱਪ ਗਿਐ। ਗੱਲ ਕੀ, ਸਾਰੀਆਂ ਖਬਰਾਂ ਦਾ ਮੁਹਾਂਦਰਾ ਈ ਬਦਲਿਆ ਹੋਇਐ। ਸੋਨੇ ਦੇ ਰੇਟ ਵੀ… ਸਮਝੋ ਸੋਨੇ 'ਤੇ ਸੁਹਾਗਾ…। ਪ੍ਰਧਾਨਮੰਤ੍ਰੀ ਦਾ ਹਰ ਦੂਜੇ ਚੌਥੇ ਬਿਆਨ ਆ ਜਾਂਦੈ, ਭਾਰਤ ਦੀ ਵਿਕਾਸ ਦਰ ਇਹ, ਅਰਥਵਿਵਸਥਾ ਉਹ।
ਮਤਲਬ ਬੜੀ ਤਸੱਲੀ ਮਿਲਦੀ ਹੈ ਅਜਿਹੀਆਂ ਖਬਰਾਂ ਦੇਖ, ਸੁਣ ਕੇ।
ਉਂਝ ਖਬਰਾਂ ਵੀ ਉਹੀ ਚੰਗੀਆਂ ਲੱਗਦੀਆਂ ਨੇ ਜਿਨ੍ਹਾਂ ਨਾਲ ਲਗਾਅ ਮਹਿਸੂਸ ਹੋਵੇ। ਨਹੀਂ ਉਗਰਵਾਦ ਅਤੇ ਬੰਬ ਧਮਾਕਿਆਂ ਤੋਂ ਹੋਣ ਵਾਲੀਆਂ ਮੌਤਾਂ ਦਾ ਗ੍ਰਾਫ ਵੀ ਤਾਂ ਲਗਾਤਾਰ ਵੱਧ ਹੀ ਰਿਹੈ ਨਾ? ਆਮ ਖਬਰਾਂ ਵਾਂਗ ਦੇਖ ਛੱਡੀਦੀਆਂ ਨੇ। ਬੰਬ ਧਮਾਕਿਆਂ ਨਾਲ ਚਿਥੜੇ-ਚਿਥੜੇ ਹੋਈਆਂ ਲਾਸ਼ਾਂ। ਫੱਟੜ ਹੋਏ ਬੱਚੇ, ਔਰਤਾਂ ਦਾ ਰੁਦਨ ਦੇਖ ਕੇ ਸੰਵੇਦਨਹੀਨ ਹੋਏ ਦਿਲ 'ਚ ਪਤਾ ਨਹੀਂ ਕਿਉਂ ਹੁਣ ਧੁੜਕੁ ਜਿਹਾ ਨਹੀਂ ਉਠਦਾ।
ਪਰ ਸ਼ੇਅਰ ਬਜ਼ਾਰ 'ਚ ਉਛਾਲ, ਵਿਦੇਸ਼ੀ ਪੂੰਜੀ ਨਿਵੇਸ਼, ਰੀਅਲ ਅਸਟੇਟ 'ਚ ਬੂਮ, ਅਜਿਹੀਆਂ ਖਬਰਾਂ ਵੱਲ ਮੇਰਾ ਰੁਝਾਨ ਵੱਧ ਹੈ। ਜਾਂ ਫੇਰ ਕੱਢਿਆ ਹੀਰੋ ਹੋਂਡਾ ਤੇ ਚਲ ਮੰਡੀ ਨੂੰ ਚੱਲੀਏ… ਦੂਏ-ਤੀਏ ਇਕ ਗੇੜਾ ਤਾਂ ਪੱਕਾ ਈ ਐ। ਹਰਾ ਵੀ ਹੁਣ ਤਾਂ ਭਈਆ ਹੀ ਲਿਆਉਂਦੈ। ਡੰਗਰ-ਪਸੂ, ਗੋਹਾ-ਕੂੜਾ, ਧਾਰਾਂ ਕੱਢਣੀਆਂ, ਸਭ ਉਸੇ ਦੇ ਹਵਾਲੇ। ਉਂਝ ਵੀ ਕੋਈ ਜ਼ਰੂਰੀ ਤਾਂ ਨਹੀਂ ਕਿ ਹਰ ਬੰਦਾ ਗੋਹਾ-ਕੂੜਾ ਈ ਕਰੇ, ਧਾਰਾਂ ਈ ਚੋਈ ਜਾਵੇ।… ਆਪੋ-ਆਪਣੇ ਕੰਮ।… ਜਿਵੇਂ ਭਈਏ ਨੂੰ ਸ਼ੇਅਰ ਮਾਰਕਿਟ ਦਾ ਫੰਡਾ ਨੀਂ ਪਤਾ।
ਕੋਈ ਬਹੁਤਾ ਸਮਾਂ ਨਹੀਂ ਲੰਘਿਆ। ਜਿਵੇਂ ਪਹਿਲਾਂ ਕ੍ਰਿਕੇਟ ਦੇ ਸਕੋਰ ਵੱਲ, ਉਸੇ ਤਰ੍ਹਾਂ ਹੁਣ ਸੈਨਸੇਕਸ 'ਤੇ ਮੇਰੀਆਂ ਨਜ਼ਰਾਂ ਰਹਿੰਦੀਆਂ ਨੇ। ਸਗੋਂ ਲੱਗਦੀ ਵਾਹ ਇਕ ਗੇੜਾ ਮੈਥ ਮਾਸਟਰ ਜੁਗਿੰਦਰ ਕੋਲ ਵੀ ਡੇਲੀ ਮਾਰ ਆਉਂਦਾਂ। ਡਿਸਕੱਸ ਕਰੀਦੈ…। ਉਹਦੇ ਘਰ ਵੀ ਮੇਰੇ ਵਾਲਾ ਖਾਸ ਅਖਬਾਰ ਜੁ ਆਉਂਦੈ। ਅਮਰੀਕ ਇਹਨੂੰ ਗੁਲਾਬੀ ਅਖਬਾਰ ਕਹਿੰਦੈ। ਆਪਾਂ ਤਾਂ… ਰੰਗਾਂ ਵਿਚ ਕੀ ਰੱਖਿਆ। ਉਸ ਵਿਚਲੀਆਂ ਗੱਲਾਂ ਪਹਿਲਾਂ ਤਾਂ ਨੀਂ ਏਨੀਆਂ ਪੱਲੇ ਪੈਂਦੀਆਂ ਸੀ, ਹੁਣ ਪੈਣ ਲੱਗ ਪਈਆਂ ਨੇ।
ਮਾਸਟਰ ਕਹਿੰਦਾ, "ਹੁਣ ਤਾਂ ਪੱਲੇ ਪੈਣੀਆਂ ਈ ਨੇ। ਜਿਹਦੇ ਘਰ ਦਾਣੇ, ਉਹਦੇ ਕਮਲੇ ਵੀ ਸਿਆਣੇ। ਬਈ ਹੁਣ ਤੇਰੇ ਛੇਅਰ ਅਸਮਾਨ ਸ਼ੂ ਰਹੇ ਨੇ।" ਪਾੜ੍ਹੇ ਦਸਦੇ ਹੁੰਦੇ ਐ, ਉਹ ਸ਼ੇਰ ਨੂੰ ਛੇਰ ਕਹਿੰਦੈ ਤੇ ਛਤਰੀ ਨੂੰ ਸ਼ਤਰੀ। ਛਤਰੀ ਆਲੀ ਗੱਲ ਵੀ ਬਾਅਦ 'ਚ ਦੱਸੂੰ ਖੋਲ੍ਹ ਕੇ। ਜੁਗਿੰਦਰ ਨੇ ਹੀ ਮੈਨੂੰ ਸ਼ੇਅਰਾਂ ਵਾਲੇ ਰਸਤੇ ਪਾਇਆ ਸੀ। ਕਈ ਵਾਰੀ ਕਹਿੰਦਾ ਹੁੰਦੈ, "ਚੰਗੇ ਵੇਲੇ ਤੈਂ ਮੇਰੀ ਮਤ ਮੰਨ ਲੀ ਜਗਦੇਵ ਸਿਆਂ। ਕੋਈ ਵੇਲਾ ਈ ਹੁੰਦੈ…।"
ਵਾਕਈ ਉਹ ਚੰਗਾ ਵੇਲਾ ਹੀ ਸੀ ਕੋਈ। ਨਹੀਂ ਏਨਾ ਬੋਲਡ ਸਟੈਪ ਚੁਕਣਾ ਕੋਈ ਸੌਖਾ ਕੰਮ ਐ? ਉਹ ਵੀ ਲੀਕ ਤੋਂ ਹਟ ਕੇ। ਉਂਝ ਆਪਣੇ ਮੂੰਹੋਂ ਆਪ ਕੀ ਕਹਿਣਾ। ਸਾਰੇ ਤਾਂ ਘਰ ਦੇ ਗਹਿਣੇ ਵੇਚ ਦਿੱਤੇ ਸੀ। ਵਿਚਾਰੀ ਘਰਵਾਲੀ ਨੇ ਵੀ ਪਤਾ ਨਹੀਂ ਕਿਵੇਂ ਦਿਲ 'ਤੇ ਪੱਥਰ ਧਰਿਆ ਹੋਣੈ। ਪਰ ਸ਼ੁਕਰ ਐ, ਹੁਣ ਖੁਸ਼ ਹੈ। ਉਂਝ ਖੁਸ਼ ਜਾਂ ਸੰਤੁਸ਼ਟ ਤਾਂ ਕੋਈ ਪਹੁੰਚਿਆ ਹੋਇਆ ਹੀ ਹੋ ਸਕਦੈ। ਗਹਿਣਿਆਂ ਨੂੰ ਤਾਂ ਭਾਵੇਂ ਝੂਰਦੀ ਈ ਹੋਣੀ ਐ। ਬੰਦੇ ਦੀ ਲਾਲਸਾ ਹੀ ਨਹੀਂ ਮਿਟਦੀ ਸਾਰੀ ਉਮਰ। ਜਿਉਣ ਦਾ ਜ਼ਰੀਆ ਵੀ ਦੁੱਖ ਈ ਹੁੰਦੇ ਨੇ। ਹੋਰ ਨਹੀਂ ਤਾਂ ਪੁਰਾਣੇ ਪੋਤੜੇ ਹੀ ਫਰੋਲਣ ਲੱਗ ਪੈਂਦੈ। ਅਖੇ ਉਹ ਵੀ ਕਿਆ ਦਿਨ ਸਨ। ਹੁਣ ਤਾਂ ਤੁਸੀਂ ਹਰ ਵੇਲੇ ਸ਼ੇਅਰਾਂ 'ਚ ਹੀ…। ਲਓ ਕਰ ਲਓ ਗੱਲ, ਇਥੇ ਵੀ ਡੀ-ਮੈਰਿਟਸ ਲੱਭ ਲਏ…? ਔਰਤ ਜ਼ਾਤ…ਗੁੱਤ ਪਿੱਛੇ ਮਤ… ਨਾ ਗੱਲ ਨਾ ਬਾਤ…। ਕੌਣ ਸਮਝਾਵੇ?
ਰਾਤ ਨੂੰ ਵੀ ਜਦ ਮੈਂ ਮਾਰਕਿਟ ਦਾ ਰੁਝਾਨ ਦੱਸਦਾਂ ਤਾਂ ਉਹ ਅਕਸਰ ਕੋਈ ਸਪਸ਼ਟ ਪ੍ਰਤੀਕ੍ਰਿਆ ਨਹੀਂ ਦਿੰਦੀ। ਉਂਝ ਵੀ ਹੁਣ ਤਾਂ ਉਸਦਾ ਪ੍ਰਤੀਕ੍ਰਮ ਬਿੱਲਕੁਲ ਠੰਡਾ ਜਿਹਾ ਹੁੰਦੈ। ਰੋਜ਼ਾਨਾ ਸੌਣ ਤੋਂ ਪਹਿਲਾਂ ਬਥੇਰਾ ਸੋਚੀਦੈ ਬਈ ਅੱਜ ਮਾਰਕਿਟ ਬਾਰੇ ਕੋਈ ਗੱਲ ਨਹੀਂ ਕਰਨੀ। ਪਰ ਜਿਹੜੀ ਚੀਜ਼ ਸਾਲੀ ਦਿਮਾਗ਼ ਨੂੰ ਚੜ੍ਹੀ ਹੋਵੇ…।
ਭਾਵੇਂ ਮੇਰਾ ਹਰ ਸਮੇਂ ਟੀ ਵੀ ਤੇ ਅਖਬਾਰ 'ਚੋਂ ਬਜ਼ਾਰ ਹੀ ਲੱਭੀ ਜਾਣਾ ਘਰ 'ਚ ਕਦੇ ਵੱਡਾ ਮਸਲਾ ਬਣ ਕੇ ਤਾਂ ਨਹੀਂ ਉਭਰਿਆ, ਪਰ ਕੋਈ ਗੱਲ ਹੈ ਜ਼ਰੂਰ ਜੋ ਅੰਦਰੋ-ਅੰਦਰੀ ਸੁਲਗ ਰਹੀ ਹੈ। ਖੌਰੇ ਉਹ ਸਮਝਦੀ ਕਿਉਂ ਨਹੀਂ, ਟੀ ਵੀ ਚੈਨਲਾਂ ਨੇ ਕਾਹਤੇ ਇਹ ਸਾਰਾ ਕੁਝ ਬੈਡਰੂਮ 'ਚ ਮੁਹੱਈਆ ਕਰਵਾਇਆ ਹੋਇਐ? ਜੋ, ਇਕ ਏਲਿਅਨ ਵਾਂਗ, ਗੁੱਪ-ਚੁੱਪ ਸਾਡੇ ਬੈਡਰੂਮ ਵਿਚ ਆ ਵੜਿਆ, ਮੈਨੂੰ ਤਾਂ ਪਰਵਾਰ ਦਾ ਜੀਅ ਹੀ ਲੱਗਣ ਲੱਗ ਪਿਐ।
ਪਰ ਘਰਵਾਲੀ ਦਾ ਰਵੱਇਆ ਇਸ ਪ੍ਰਤੀ ਬੜੀ ਛੇਤੀ ਬਦਲਣ ਲੱਗਿਆ। ਮੇਰੀ ਵੀ ਕਮੀ ਕਹੋ ਜਾਂ ਖੂਬੀ, ਮਾਹੌਲ ਨੂੰ ਝਟ ਤਾੜ ਜਾਂਦਾਂ। ਟੀ ਵੀ ਨੇ ਸ਼ਾਇਦ ਮੇਰੇ ਲਈ ਹੀ ਇਕ ਸਮਾਨਾਂਤਰ ਦੁਨੀਆ ਸਿਰਜੀ ਸੀ, ਜਿਸ ਵਿਚ ਆਪਣੀਆਂ ਆਸ-ਉਮੀਦਾਂ ਨੂੰ ਸ਼ਿਫਟ ਕਰਨ ਵਿਚ ਮੈਂ ਜ਼ਰਾ ਵੀ ਦੇਰ ਨਹੀਂ ਸੀ ਲਾਈ।
ਅੱਜਕਲ੍ਹ ਮੈਂ ਟੀ ਵੀ ਬੈਠਕ ਵਿਚ ਸ਼ਿਫਟ ਕੀਤਾ ਹੋਇਐ। ਬਹੁਤਾ ਕਲੇਸ਼ ਵੀ ਕਾਹਨੂੰ?
ਮਾਸਟਰ ਵੀ ਇਕ ਦਿਨ ਕਹਿੰਦਾ ਸੀ, "ਤੇਰੀ ਭਾਬੀ ਯਾਰ, ਇਸ ਅਖਬਾਰ ਤੋਂ ਬਓ ਚਿੜ੍ਹਦੀ ਐ। ਦੋ-ਤਿੰਨ ਵਾਰੀ ਤਾਂ ਪਾੜ ਕੇ ਈ ਸੁੱਟ 'ਤਾ।"
ਸਰਬਜੀਤ ਉਂਝ ਬਹੁਤ ਸਿਆਣੀ ਹੈ। ਸਾਊ ਵੀ। ਮੈਂ ਵੀ ਕਿਹੜਾ ਜਿਦ ਫੜਦਾਂ। ਕੁਝ ਪਰਦਾ ਵੀ ਹੁੰਦਾ ਈ ਐ।
ਉਂਝ ਜੁਗਿੰਦਰ ਨੂੰ ਤਾਂ ਗਹਿਣੇ-ਗੱਟਿਆਂ ਬਾਰੇ ਹੀ ਪਤੈ। ਇਹੀ ਗੱਲ ਹੁਣ ਪਿੰਡ ਵਿਚ ਪਤੈ ਕਿ ਮੈਂ ਘਰ ਦੇ ਸਾਰੇ ਗਹਿਣੇ ਵੇਚ ਕੇ ਸ਼ੇਅਰ ਖਰੀਦ ਲਏ ਸੀ। ਇਹ ਵੀ ਮੈਂ ਉਦੋਂ ਪਤਾ ਲੱਗਣ ਦਿੱਤੈ ਜਦੋਂ ਦੀ ਸ਼ੇਅਰਾਂ ਦੀ ਬੱਲੇ-ਬੱਲੇ ਹੋਈ ਹੈ। ਨਹੀਂ ਕੋਈ ਥੋੜੀ ਥੂ -ਥੂ ਹੋਣੀ ਸੀ ਪਿੰਡ ਵਿਚ। ਚੜ੍ਹਾਈ ਤੋਂ ਬਾਅਦ ਤਾਂ ਮੇਰੇ ਮਨ ਵਿਚ ਵੀ ਇੱਛਾ ਜਾਗ ਪਈ ਸੀ ਕਿ ਮੇਰੇ ਇਸ ਬੋਲਡ ਸਟੈਪ ਦੀ ਚਰਚਾ ਹੋਵੇ। ਸਮਰੱਥ ਤੇ ਅਮੀਰ ਦਿਸਣ ਦੀ ਹਵਸ ਕੀਹਨੂੰ ਨਹੀਂ ਹੁੰਦੀ…। ਹੁਣ ਤਾਂ ਖੌਰੇ ਕਿੰਨਿਆਂ ਨੂੰ ਆਪਣੇ ਘਰ 'ਚ ਪਏ ਗਹਿਣੇ ਵੀ ਚੁਭਦੇ ਹੋਣੇ।
ਜ਼ਮੀਨ ਵਾਲੀ ਗੱਲ ਮੈਂ ਕਿਸੇ ਨੂੰ ਨਹੀਂ ਦੱਸੀ। ਘਰਵਾਲੀ ਨੂੰ ਵੀ ਨਹੀਂ। ਭਾਫ ਵੀ ਨਹੀਂ ਨਿਕਲਣ ਦਿੱਤੀ। ਕੋਈ ਸੋਚ ਵੀ ਨਹੀਂ ਸਕਦਾ ਕਿ ਪਿੰਡ ਦੀ ਫਿਰਨੀ ਨਾਲ ਲੱਗਦਾ ਅੱਠ ਕਿੱਲਿਆਂ ਦਾ ਡੱਬੀ ਵਰਗਾ ਟੱਕ ਮੈਂ ਗਹਿਣੇ ਧਰ ਕੇ ਸ਼ੇਅਰਾਂ ਵਿਚ ਲਾ ਦਿੱਤਾ ਹੋਇਐ। ਜ਼ਮੀਨ ਵੇਚ ਤਾਂ ਮੈਂ ਵਿੱਘਾ ਵੀ ਨਹੀਂ ਸੀ ਸਕਦਾ।
"ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਐ ਬੱਲੇਆ…!" ਬਾਪੂ ਜੀ ਨੇ ਵੀ ਮਾਹਰਾਜ ਦੇ ਚਰਨਾਂ 'ਚ ਬੈਠਿਆਂ ਨੇ ਈ ਖੂੰਡੀ ਵਗਾਹ ਕੇ ਮਾਰਨੀ ਸੀ ਮੇਰੇ ਗਿੱਟਿਆਂ ਵਿਚ। ਦੇਖਿਆ ਜਾਵੇ ਤਾਂ ਗੱਲ ਹੈ ਵੀ ਸਹੀ। ਕੋਈ ਚਾਰ ਕਨਾਲਾਂ ਵੀ ਥਾਂ ਖਰੀਦਦੈ ਤਾਂ ਪਿੰਡ 'ਚ ਉਸਦੇ ਚਰਚੇ ਹੁੰਦੇ ਨੇ। ਕੋਈ ਚੰਗਾ ਭਲਾ ਜਿਮੀਂਦਾਰ ਜ਼ਮੀਨ ਵੇਚੇ…? ਸ਼ਰੀਕਾਂ, ਰਿਸ਼ਤੇਦਾਰਾਂ ਨੂੰ ਕਿਵੇਂ ਸਮਝਾਇਆ ਜਾ ਸਕਦੈ? ਜੱਟ ਦਾ ਸਮਾਜਵਿਗਿਆਨ ਤੇ ਮਨੋਵਿਗਿਆਨ ਜਮਾਂ ਈ ਵੱਖਰਾ ਐ, ਮੈਂ ਦੱਸਾਂ ਥੋਨੂੰ। ਮਾਰਕਿਟ ਦਾ ਫੰਡਾ ਤਾਂ ਕਿਸੇ ਨੂੰ ਕਲੀਅਰ ਹੈ ਈ ਨਹੀਂ। ਸੋ ਮੈਂ ਸਿਰਫ ਆੜ੍ਹਤੀ ਨਾਲ ਗੱਲ ਕੀਤੀ ਸੀ। ਸਾਰਾ ਸੌਦਾ ਗੁਪਤ। ਪੈਲੀ ਠੇਕੇ 'ਤੇ ਤਾਂ ਪਹਿਲਾਂ ਹੀ ਦਿੰਦਾ ਹੁੰਦਾਂ। ਹੁਣ ਵੀ ਠੇਕੇ 'ਤੇ ਦੇਵਾਂਗਾ ਤਾਂ ਮੈਂ ਹੀ, ਪਰ ਠੇਕਾ ਆੜ੍ਹਤੀ ਦੇ ਖਾਤੇ ਵਿਚ ਜਾਵੇਗਾ। ਬਸ।
ਬਸ ਤਾਂ ਹੋਈ ਪਈ ਐ ਮੇਰੇ ਦੋਖੀਆਂ ਦੀ। ਆੜ੍ਹਤੀਏ ਦਾ ਸੁਪਨਾ ਵੀ ਸਮਝੋ ਚੂਰੋ-ਚੂਰ। ਅੱਜ ਦੀ ਤਰੀਕ ਵਿਚ ਮੈਂ ਚਾਹਾਂ ਤਾਂ ਆਪਣੇ ਸ਼ੇਅਰ ਵੇਚ ਕੇ, ਬਲਕਿ ਚਾਰ ਕਿੱਲੇ ਹੋਰ ਖਰੀਦ ਸਕਦਾਂ। ਪਰ ਨਹੀਂ। ਮੇਰੇ ਅਖਬਾਰ ਅਤੇ ਬਿਜ਼ਨੇਸ ਚੈਨਲਾਂ ਨੇ ਫੰਡਾ ਇਕਦਮ ਕਲੀਅਰ ਕਰ ਦਿੱਤੈ। ਬਹੁਤ ਘਟ ਸਮੇਂ ਵਿਚ ਇਹ ਜ਼ਮੀਨ ਜ਼ਿਆਦਾ ਨਹੀਂ ਤਾਂ ਦੁਗਣੀ ਜ਼ਰੂਰ ਹੋ ਜੂ। ਅੰਦਰਲਾ ਜੱਟ ਅਕਸਰ ਕਹਿੰਦੈ, ਯਾਰ ਛੇਤੀ ਜਿਹੇ ਜ਼ਮੀਨ ਤਾਂ ਛੁੜਵਾ ਹੀ ਲੈ। ਮੌਕਾ ਹੈ। ਫੇਰ ਦਿਮਾਗ਼ ਦੇ ਕਿਸੇ ਖੂੰਜੇ 'ਚੋਂ ਬਾਣੀਆ ਜਾਗ ਪੈਂਦੈ, ਅਜੇ ਰੁਕ। ਦਿਲ, ਦਿਮਾਗ਼.. ਜੱਟ ਤੇ ਬਾਣੀਏ ਦਾ ਅੰਤਰਦਵੰਦ। ਇਕ ਅਜੀਬ ਕਿਸਮ ਦੀ ਖਿਆਲਾਂ ਦੀ ਦੌੜ…।
ਮੇਰੇ ਸਲਾਹਕਾਰ ਬਿੱਲੂ ਬਾਦਸ਼ਾਹ ਦਾ ਤਰਕ…। ਫਿਲਹਾਲ ਮਨੀ ਰਾਮ ਮੰਨ ਜਾਂਦੈ। ਉਂਝ ਵੀ ਕਾਹਲੀ ਕਾਹਦੀ ਹੈ। ਆੜ੍ਹਤੀਏ ਨਾਲ ਦੋ ਸਾਲ ਦਾ ਕਰਾਰ ਹੈ। ਲਿਖ-ਪੜ੍ਹ ਹੋਈ ਵਈ ਐ। ਦੋ ਸਾਲ ਬਾਅਦ ਜੇ ਪੈਸੇ ਨਾ ਮੋੜੇ ਤਾਂ ਤੈਅ ਰੇਟ 'ਤੇ ਜ਼ਮੀਨ ਲੈ ਜੂ।
ਚਲੋ ਬਾਣੀਆਂ ਵੀ ਖੁਸ਼ ਹੋ ਲਵੇ…। ਕਾਗਜ਼ਾਂ ਦਾ ਢਿੱਡ ਤਾਂ ਭਰਨਾ ਹੀ ਪੈਂਦੈ। ਉਹਨੇ ਵੀ ਆਖਰ ਲੱਖਾਂ ਰੁਪਏ ਦਿੱਤੇ ਐ ਵਿਚਾਰੇ ਨੇ। ਕਰਜਿਆਂ ਕਰਕੇ ਕਿੰਨੇ ਈ ਕਿਸਾਨ ਖੁਦਕੁਸ਼ੀਆਂ ਕਰੀ ਜਾਂਦੇ ਐ। ਜਬਾਨੀ ਕਲਾਮੀ ਆਲਾ ਫੇਰ ਕੀਹਦੀ ਮਾਂ ਨੂੰ ਮਾਸੀ ਆਖੂ?
ਇੱਟ ਵਰਗਾ ਇਕ ਸੱਚ ਦੱਸਾਂ? ਗੁਲਾਬੀ ਅਖਬਾਰ ਤੇ ਸ਼ੇਅਰ ਬਜ਼ਾਰ ਰਲ ਕੇ ਵੀ ਜੱਟ ਦਾ ਜ਼ਮੀਨ ਪ੍ਰਤੀ ਜਿਹੜਾ ਫੰਡਾ ਹੈ ਨਾ, ਉਹ ਨਹੀਂ ਬਦਲ ਸਕੇ। ਜ਼ਮੀਨ ਬਾਰੇ ਸੋਚ ਕੇ ਕਈ ਵਾਰੀ ਮਨ ਹੋਰੂੰ ਜਿਹਾ ਹੋ ਜਾਂਦੈ। ਸੁਪਨੇ ਵਿਚ ਵੀ ਸੀਲਿੰਗ ਫੈਨ ਦਿੱਸਣ ਲੱਗ ਪੈਂਦੈ। ਸੋਚਦਾਂ ਠੰਡੀ ਘਰਵਾਲੀ ਨਹੀਂ, ਉਹ ਸਮੱਸਿਆ ਦਰਅਸਲ ਮੇਰੀ ਹੈ। ਤਾਂਈਓਂ ਪੈਲੀ ਭਾਵੇਂ ਠੇਕੇ 'ਤੇ ਦਿੱਤੀ ਹੋਈ ਹੈ ਫੇਰ ਵੀ ਕਈ ਵਾਰੀ ਪਰਲੇ ਖੇਤ ਤਾਂ ਗੇੜਾ ਮਾਰ ਆਈਦੈ, ਇਸ ਖੇਤ 'ਚ ਜਾਣੋ ਝੱਕਦਾਂ। ਬਾਣੀਏ ਦੀ ਵਹੀ ਝੱਟ ਅੱਖਾਂ ਸਾਹਵੇਂ ਆ ਜਾਂਦੀ ਐ।
ਫੇਰ ਸੋਚਦਾਂ ਕੁਝ ਸ਼ੇਅਰਾਂ ਦੀ ਹੀ ਤਾਂ ਮਾਰ ਹੈ। ਸਿਆਪਾ ਮੁੱਕੂ। ਪਾਵਰ ਸੈਕਟਰ, ਰਿਅਲਟੀ, ਆਈ ਟੀ … ਸਭ ਨੇ ਅਸਮਾਨ ਦਾ ਰੁੱਖ ਕੀਤਾ ਹੋਇਐ। ਕਿਹੜੇ ਵੇਚਾਂ? ਇਕ ਪਲੜੇ ਵਿਚ ਬਾਣੀਏ ਦੀ ਬਹੀ, ਦੂਸਰੇ ਵਿਚ ਅਸਮਾਨ ਦਾ ਰੁੱਖ ਕੀਤੇ ਸ਼ੇਅਰ …ਬਿਨਾ ਭਾਵੁਕ ਹੋਇਆਂ ਤਕੜੀ ਤੋਲਣ ਦੀ ਕੋਸ਼ਿਸ਼ ਕਰਦਾਂ।
ਖੈਰ ਭਾਵਨਾਵਾਂ ਵੀ ਹੁੰਦੀਆਂ ਈ ਨੇ ਬੰਦੇ ਦੀਆਂ। ਪਰ ਗੱਲ ਮਾਸਟਰ ਜੀ ਦੀ ਵੀ ਸੋਲ਼ਾਂ ਆਨੇ ਸਹੀ ਹੈ। ਬਿਜ਼ਨਸ ਭਾਵਨਾਵਾਂ ਦੇ ਵਹਿਣ ਵਿਚ ਵਹਿ ਕੇ ਨਹੀਂ ਕੀਤਾ ਜਾ ਸਕਦਾ। ਚੰਗੀ ਤਰ੍ਹਾਂ ਸਮਝਦਾਂ ਇਨ੍ਹਾਂ ਚੀਜ਼ਾਂ ਨੂੰ। ਪਤੈ ਵਿਕਾਸ ਨਾਲ ਬਦਲਾਅ ਆਉਂਦੈ ਤੇ ਬਦਲਾਅ ਅਕਸਰ ਸੁਖਦਾਈ ਨਹੀਂ ਹੁੰਦਾ। ਇਥੇ ਵੀ ਮੈਨੂੰ ਇਕ ਫੰਡਾ ਹੋਰ ਬੜਾ ਕਲੀਅਰ ਹੈ। ਬਦਲਾਅ ਦੇ ਹਰ ਦੌਰ ਦੀ ਮਾਰ ਕਮਜ਼ੋਰ ਵਰਗ 'ਤੇ ਹੀ ਵੱਧ ਪੈਂਦੀ ਹੈ। ਜਿਵੇਂ ਜੰਗ ਦਾ ਮਾੜਾ ਅਸਰ ਸਭ ਤੋਂ ਵੱਧ ਗਰੀਬ-ਗੁਰਬਿਆਂ ਅਤੇ ਔਰਤਾਂ, ਬੱਚਿਆਂ 'ਤੇ ਪੈਂਦੈ।
ਅੱਜਕਲ੍ਹ ਤਾਂ ਕਾਰੋਬਾਰ ਵੀ ਸਾਲਾ ਕਿਸੇ ਜੰਗ ਤੋ ਘਟ ਨਹੀਂ। ਗਲ-ਕੱਟ ਕੰਪੀਟੀਸ਼ਨ। ਕਾਰੋਬਾਰ ਦੇ ਸਿਲਸਿਲੇ ਵਿਚ ਮੇਰਾ ਦੂਜਾ ਸਟੈੱਪ ਵੀ ਫੁੱਲ ਕਾਮਯਾਬ ਰਿਹੈ। ਇਸ ਲਈ ਮੈਂ ਬਿੱਲੂ ਦਾ ਬੜਾ ਅਹਿਸਾਨ ਮੰਨਦਾਂ। ਮੇਰੇ ਗੁਆਂਢੀ ਬਲਬੀਰ ਸਿੰਘ ਦਾ ਛੋਟਾ ਮੁੰਡਾ ਬਲਵਿੰਦਰ।
ਕਈ ਦਿਨਾਂ ਤੱਕ ਮੇਰੇ ਪਿੱਛੇ ਪਿਆ ਰਿਹਾ, "ਚਾਚਾ, ਸ਼ਹਿਰ 'ਚ ਕੋਈ ਥੋੜ੍ਹੀ-ਮੋਟੀ ਇਨਵੇਸਟਮੈਂਟ…। ਮਾਰਕਿਟ ਛੜੱਪੇ ਮਾਰਦੀ ਜਾ ਰਹੀ ਐ।"
ਚੈਨਲਾਂ 'ਤੇ ਵੀ ਰੀਅਲ ਅਸਟੇਟ, ਰੀਅਲ ਅਸਟੇਟ ਦਾ ਰੌਲਾ ਪਿਆ ਹੋਇਆ ਸੀ। ਐਵੇਂ ਈ ਰੌਲ਼ਾ ਪੈਣ ਵਾਲੀ ਗੱਲ ਵੀ ਨਹੀਂ ਸੀ। ਪਰ ਮੈਂ ਕਦੇ ਬਹੁਤੀ ਗ਼ੌਰ ਨਹੀਂ ਸੀ ਕੀਤੀ। ਇਕ ਦਿਨ ਬਿੱਲੂ ਨੇ ਸਮਝਾਈ ਫੇਰ ਸਾਰੀ ਰਾਮ ਕਹਾਣੀ। ਸ਼ਹਿਰ 'ਚ ਪ੍ਰਾਪਰਟੀ ਡੀਲਰਾਂ ਨੂੰ ਮਿਲਵਾਇਆ। ਚੰਗੀਆਂ ਕਲੋਨੀਆਂ ਦੀ ਕੁਝ ਸਟੱਡੀ ਖੁਦ ਉਹਨੇ ਵੀ ਕੀਤੀ ਹੋਈ ਸੀ।
ਸਭ ਜਾਣਦੇ ਐ, ਅੱਜਕਲ੍ਹ ਸ਼ਹਿਰੀ ਪ੍ਰਾਪਰਟੀ 'ਚ ਆਏ ਬੂਮ ਨੇ ਬੰਬ ਬੁਲਾ ਰੱਖੇ ਨੇ। ਕਈ ਵਾਰੀ ਮੌਕਾ-ਮੇਲ ਈ ਹੁੰਦੈ। ਉਧਰ ਦੋ-ਤਿੰਨ ਘੈਂਟ ਆਈ ਪੀ ਓ ਆਏ ਹੋਏ ਸੀ, ਇਧਰ ਬਿੱਲੂ ਨੇ ਪਲਾਟਾਂ ਬਾਰੇ ਗੱਲ ਚਲਾਈ। ਦੋਨਾਂ ਥਾਵਾਂ 'ਤੇ ਇਨਵੈਸਟਮੈਂਟ ਕਰਨ ਨੂੰ ਜੀਅ ਕਰੇ, ਪਰ ਨੰਗੀ ਧੋਵੇ ਕੀ ਤੇ ਨਿਚੋੜੇ ਕੀ? ਟ੍ਰੈਕਟਰ, ਕਿਸਾਨ ਕਾਰਡ ਤੇ ਕੋਆਪਰੇਟਿਵ ਸੁਸਾਇਟੀ ਦੀਆਂ ਕਿਸ਼ਤਾਂ ਰੋਕ ਕੇ ਤਾਂ ਪਹਿਲਾਂ ਹੀ ਸ਼ੇਅਰਾਂ 'ਚ ਲਾ ਬੈਠਾ ਸਾਂ…।
ਪਰ ਰਸਤਾ ਕੱਢਣ ਵਾਲੇ ਕੱਢ ਹੀ ਲੈਂਦੇ ਹੁੰਦੇ ਨੇ। ਭਾਵੇਂ ਬੜਾ ਕਠਿਨ ਸਮਾਂ ਸੀ ਉਹ। ਫੈਸਲੇ ਦੀ ਘੜੀ…। ਫਿਰਨੀ ਦੇ ਨਾਲ ਵਾਲਾ ਟੱਕ ਗਹਿਣੇ ਧਰਨ ਦਾ ਸਵਾਲ਼..। ਕੁਝ ਆੜ੍ਹਤੀ ਤੋਂ ਹੋਰ ਫੜ ਲਏ। ਜਦ ਫੰਡਾ ਕਲੀਅਰ ਹੋਵੇ, ਬੋਲਡ ਤੋਂ ਬੋਲਡ ਸਟੈੱਪ ਵੀ ਚੁੱਕ ਸਕਦੈ ਬੰਦਾ।
ਕੁਲ ਛੇ ਮਹੀਨੇ ਹੋਏ ਨੇ। ਮਾਰਕਿਟ ਦਾ ਰੁਖ ਦੇਖ ਕੇ ਪਤਾ ਲੱਗਦੈ ਬਈ ਮੁੰਡਾ ਸ਼ੇਅਰਾਂ ਵਾਂਗ ਰੀਅਲਟੀ ਮਾਰਕਿਟ ਦੀ ਵੀ ਨਬਜ਼ ਸਿਆਣਦੈ। ਉਹ ਇਹਨੂੰ ਫੰਡਾ ਕਹਿੰਦੈ।
"ਜਗਦੇਵ ਸਿਆਂ ਘਰੇ ਈ ਐਂ?" ਬੂਹੇ 'ਤੇ ਬੁਲਾਰਾ ਜਿਹਾ ਸੁਣ ਕੇ ਮੈਂ ਟੀ ਵੀ ਮਿਉਟ ਕਰ ਲਿਐ।
"ਆਜਾ, ਲੰਘਿਆ ਵੀਰ। ਸੁੱਖ-ਸਾਂਦ?" ਉਸਦੇ ਚਿਹਰੇ 'ਤੇ ਪਰੇਸ਼ਾਨੀ ਦੇ ਭਾਵ ਦੇਖ ਕੇ ਮੈਂ ਆਪਣੇ ਚਿਹਰੇ ਦੀ ਰੌਣਕ ਨੂੰ ਵੀ ਮਿਉਟ ਕਰ ਲਿਐ। ਉਹ ਕੁਝ ਨਹੀਂ ਬੋਲਿਆ। ਮੰਜੇ 'ਤੇ ਬੈਠ ਕੇ 'ਖਾਮੋਸ਼' ਟੀ ਵੀ ਵੱਲ ਚੁੱਪਚਾਪ ਦੇਖਣ ਲੱਗ ਪਿਐ। ਸ਼ੇਅਰ ਮਾਰਕਿਟ ਦਾ ਵਿਸ਼ਲੇਸ਼ਣ ਚਲ ਰਿਹੈ। ਸ਼ੇਅਰਾਂ-ਸ਼ੁਰਾਂ ਨੂੰ ਤਾਂ ਉਹ ਕੁੱਤਾ ਕੰਮ ਹੀ ਕਹਿੰਦਾ ਹੁੰਦੈ।
ਮੈਂ ਉਸ ਵੱਲ ਸਵਾਲੀਆ ਨਜ਼ਰਾਂ ਨਾਲ ਤੱਕ ਰਿਹਾਂ। ਕਹਿੰਦਾ, "ਸੁੱਖ ਕਾਹਦੈ ਯਾਰ, ਮੁੰਡਿਆਂ ਦਾ ਹੋ ਗਿਐ ਦਿਮਾਗ਼ ਖਰਾਬ।"
"ਫੇਰ ਵੀ ਦੱਸੇਂਗਾ ਵੀਰ, ਹੋਇਆ ਕੀ?"
"ਹੋਣਾ ਕੀ ਐ ਜੱਗੇ, ਮੁੰਡਿਆਂ ਦਾ ਹੋ ਗਿਐ ਦਿਮਾਗ਼ ਖਰਾਬ, ਮੈਂ ਤੈਨੂੰ ਦੱਸਾਂ। ਨਿਤ ਕੋਈ ਨਵਾਂ ਪੁਆੜਾ।"
ਵਿਚੇ ਉਹ ਗੁੱਸੇ ਜੇ ਨਾਲ ਟੀ ਵੀ ਵੱਲ ਦੇਖ ਲੈਂਦਾ। ਜਿਵੇਂ ਕਿ ਟੀ ਵੀ ਨੇ ਹੀ ਇਹ ਪੁਆੜਾ ਪਵਾਇਆ ਹੋਵੇ। ਮੈਂ ਵੀ ਕਦੇ ਉਸ ਵੱਲ ਤੇ ਕਦੇ ਟੀ ਵੀ ਵੱਲ ਝਾਕਦਾ ਰਿਹਾ। ਜਦ ਤੱਕ ਗੱਲ ਦੀ ਗੰਭੀਰਤਾ ਦਾ ਅੰਦਾਜਾ ਨਹੀਂ ਹੋ ਜਾਂਦਾ, ਮਿਉਟ ਕਿਵੇਂ ਹਟਾ ਸਕਦਾ ਸਾਂ? ਭਾਵੇਂ ਰਿਮੋਟ ਹੱਥ ਵਿਚ ਹੀ ਕੁਲਬੁਲਾ ਰਿਹਾ ਸੀ।
"ਮੁੰਡਾ ਸ਼ਹਿਰ 'ਚ ਪਲਾਟ ਖਰੀਦਣਾ ਚਾਹੁੰਦੈ। ਸਮਝਾ ਉਹਨੂੰ।"
"ਚੰਗੈ ਸਗੋਂ । ਸਮਝਾਉਣ ਵਾਲੀ ਇਹ 'ਚ ਕਿਹੜੀ ਗੱਲ ਹੋਈ?"
"ਜ਼ਮੀਨ ਵੇਚ ਕੇ ਪਲਾਟ ਖਰੀਦਣਾ ਚਾਹੁੰਦੈ। ਰਾਤੀਂ ਫੋਨ ਆਇਆ ਸੀ। ਕਹਿੰਦਾ, ਇਕ ਕਿੱਲਾ ਵੇਚ ਦਿਓ। ਪ੍ਰਾਪਰਟੀ ਵਿਚ ਬੂਮ ਆਇਆ ਹੋਇਐ। ਆਹ ਬੂਮ ਕੀ ਹੋਇਆ ਬਈ?"
ਮੈਂ ਹੱਸ ਪਿਆ, "ਬੂਮ ਮਤਲਬ ਪੂਰੀ ਚੜ੍ਹਾਈ ਹੈ।"
"ਤੇ ਫੰਡਾ?"
ਮੈਨੂੰ ਫੇਰ ਹਾਸਾ ਆ ਗਿਆ, "ਬੇਸਿਕ ਗੱਲਾਂ-ਬਾਤਾਂ ਨੂੰ ਪੜ੍ਹੇ-ਲਿਖੇ ਫੰਡਾ ਕਹਿ ਦਿੰਦੇ ਨੇ ਵੀਰੇ।" ਤੇ ਉਹ ਇਸ ਸ਼ਬਦ ਨੂੰ ਜਜ਼ਬ ਕਰਨ ਲੱਗਿਆ।
ਸਿੱਖਣ ਦੀ ਪ੍ਰਵਿਰਤੀ ਹੋਵੇ ਤਾਂ ਬੰਦਾ ਸਾਰੀ ਉਮਰ ਸਿੱਖਦਾ ਰਹਿੰਦੈ। ਬਲਬੀਰ ਸਿਰਫ ਛੇ-ਸੱਤ ਜਮਾਤਾਂ ਪੜ੍ਹਿਆ ਹੋਇਐ। ਫੇਰ ਵੀ ਉਸਦੇ ਹਿਰਦੇ ਵਿਚ ਐਮੇ-ਬੀਆਂ ਨਾਲੋਂ ਕਿਤੇ ਵੱੱਧ ਚਾਨਣ ਹੈ।
ਪੜ੍ਹਾਈ ਵੀ ਨਸੀਬਾਂ ਨਾਲ ਈ ਹੁੰਦੀ ਹੈ। ਸਭ ਕੁਝ ਹੁੰਦਿਆਂ ਹੋਇਆ ਵੀ ਮੈਂ ਨਹੀਂ ਪੜ੍ਹ ਸਕਿਆ। ਪ੍ਰੈਪ ਕਾਮਰਸ 'ਚੋਂ ਹੀ ਲੈਕਚਰ ਸ਼ੌਰਟ ਕਰਾ ਕੇ ਮੁੜ ਆਇਆ।
ਬਲਬੀਰ ਭਾਵੇਂ ਬਹੁਤਾ ਐਕਟਿਵ ਤਾਂ ਨਹੀਂ ਰਿਹਾ, ਪਰ ਸਮੇਂ -ਸਮੇਂ ਸਿਰ ਚਲੀਆਂ ਲਹਿਰਾਂ ਬਾਰੇ ਉਹਨੂੰ ਚੰਗੀ ਜਾਣਕਾਰੀ ਹੈ। ਹਮਦਰਦੀ ਵੀ। ਕਈ ਵਾਰੀ ਜਿਵੇਂ ਕਹਿੰਦੇ ਨੇ, ਖਾਹ-ਮਖਾਹ ਐਕਸ਼ਨ 'ਚ ਆ ਕੇ ਮੁਸੀਬਤਾਂ ਵੀ ਸਹੇੜਦਾ ਰਿਹੈ। ਸ਼ਮਸ਼ੇਰ ਦੇ ਸ਼ਹਿਰ ਚਲੇ ਜਾਣ ਤੋਂ ਬਾਅਦ ਉਸ ਨੇ ਖੇਤੀ ਫੇਰ ਉਸੇ ਜੋਸ਼-ਖਰੋਸ਼ ਨਾਲ ਕਰਨੀ ਸ਼ੁਰੂ ਕੀਤੀ। ਕਿਸਾਨ ਮੇਲਿਆਂ 'ਚ ਸ਼ਿਰਕਤ ਕਰਨ ਦਾ ਪੁਰਾਣਾ ਰੂਟੀਨ ਬਹਾਲ ਕਰ ਲਿਆ।
"ਪਲਾਟ 'ਚੋਂ ਰਿਟਰਨ ਬਾਰੇ ਵੀ ਦੱਸਦਾ ਹੋਣੈ?" ਮੈਂ ਪੁੱਛਿਆ ਤਾਂ ਕਹਿੰਦਾ, "ਤੈਨੂੰ ਕਿਵੇਂ ਪਤੈ?"
ਮੈਂ ਸਮਝਾਉਣਾ ਚਾਹਿਆ, "ਵੀਰ, ਬਿੱਲੂ ਨੂੰ ਕਾਫੀ ਸਮਝ ਹੈ ਮਾਰਕਿਟ ਦੀ।"
ਮੈਂ ਕਹਿਣਾ ਤਾਂ ਚਾਹੁੰਦਾ ਸਾਂ ਪਰ ਗੱਲ ਨੂੰ ਦੱਬ ਗਿਆ ਕਿ ਮੈਨੂੰ ਵੀ ਮਾਰਕਿਟ ਦਾ ਫੰਡਾ ਬਿੱਲੂ ਨੇ ਹੀ ਕਲੀਅਰ ਕੀਤਾ ਸੀ।
ਇਕ ਵਾਰੀ ਫੇਰ ਆਪਣੇ ਫੈਸਲਿਆਂ 'ਤੇ ਮੈਨੂੰ ਮਾਣ ਮਹਿਸੂਸ ਹੋਇਆ। ਵੇਲੇ ਦਾ ਕੰਮ ਤੇ ਕੁਵੇਲੇ ਦੀਆਂ ਟੱਕਰਾਂ। ਪਰ ਮਾਰਕਿਟ ਦਾ ਟ੍ਰੈਂਡ ਦੇਖਦਿਆਂ ਮੇਰੇ ਖਿਆਲ 'ਚ ਡੁਲ੍ਹੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਸੀ ਵਿਗੜਿਆ।
"ਛੋਟੇ ਬਾਈ, ਭਾਵੇਂ ਜਿੰਨੀ ਮਰਜ਼ੀ ਤਰੱਕੀ ਕਰ ਲਈ, ਪਰ ਜੱਟ ਤੇ ਜ਼ਮੀਨ ਦਾ ਰਿਸ਼ਤਾ…?" ਬੜਾ ਭਾਵੁਕ ਜਿਹਾ ਤਰਕ ਦਿੱਤੈ ਉਹਨੇ।
"ਬਜ਼ਾਰ ਵਿਚ ਭਾਵੁਕਤਾ ਜਾਂ ਜਜ਼ਬਾਤ ਦਾ ਕੋਈ ਮੁੱਲ ਨਹੀਂ ਵੀਰ।"
ਪਤਾ ਨਹੀਂ ਏਨੀ ਨਿਰਮਮਤਾ ਨਾਲ ਕਿਵੇਂ ਕਿਹੈ। ਹੁਣ ਮੈਥੋਂ ਉਸ ਵੱਲ ਦੇਖਿਆ ਨਹੀਂ ਜਾ ਰਿਹਾ। ਨਜ਼ਰਾਂ ਟੀ ਵੀ ਸਕਰੀਨ 'ਤੇ ਗੱਡ ਲਈਆਂ ਨੇ। ਮਿਉਟ ਟੀ ਵੀ ਦੇ ਚੈਨਲ ਬਦਲਣ ਲੱਗਦਾਂ। ਇਕ ਚੈਨਲ 'ਤੇ ਰੁਕ ਜਾਂਦਾਂ, ਬ੍ਰੇਕਿੰਗ ਨਿਊਜ਼… ਮੁਦਰਾ ਸਫੀਤੀ ਘਟੀ… ਵਿਕਾਸ ਦਰ… ਵਿੱਤ ਮੰਤ੍ਰੀ ਦਾ ਬਿਆਨ। ਬਿਆਨ ਦਾ ਅਸਰ… ਸੈਨਸੇਕਸ ਵਿਚ ਜ਼ਬਰਦਸਤ ਉਛਾਲ।
"ਫਿਰ ਵੀ, ਸੱਟੇਬਾਜੀ ਮਾ੍ਹਤੜਾਂ ਨੂੰ ਕਿਥੇ ਪੁੱਗਦੀ ਐ…?" ਉਸ ਨੇ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਲ ਤੱਕਿਐ।
ਮੇਰੇ ਕੋਲ ਕੋਈ ਜਵਾਬ ਨਹੀਂ।
"ਚਾਰ ਕਿੱਲੇ ਤਾਂ ਭੋਂਇ ਹੈ ਸਾਰੀ… ਥੋੜੀ-ਮੋਟੀ ਠੇਕੇ-ਠੂਕੇ 'ਤੇ ਲੈ ਕੇ ਆਵਦੀ ਖੇਤੀ ਦਾ ਆਹਰ ਜਾ ਬਣਿਆ ਹੋਇਐ… ਸਾਰੇ ਕਿਤੇ ਥੂ-ਥੂ ਹੋਜੂ ਬਾਈ… ਨਾਲੇ ਕੋਈ ਹੋਰ ਕੰਮ ਵੀ ਤਾਂ ਨਹੀਂ ਨਾ ਕਰਨਾ ਆਉਂਦਾਂ।" ਬਲਬੀਰ ਜਾਣੀ ਸ਼ਬਦ ਚੱਬ-ਚੱਬ ਕੇ ਬੋਲ ਰਿਹੈ।
ਮੈਂ ਉਸ ਨਾਲ ਤਰਕ ਕਰਨ ਦੀ ਹਿੰਮਤ ਜਿਹੀ ਕੱਠੀ ਕਰਦਾਂ। ਸਹੀ ਸ਼ਬਦ ਨਹੀਂ ਔੜ ਰਹੇ। ਜੇ ਅੱਜ ਬਾਪੂ ਜੀ ਹੁੰਦੇ, ਬਲਬੀਰ ਨਾਲ ਡੱਟ ਕੇ ਖੜ੍ਹ ਜਾਣਾ ਸੀ।
ਇਕ ਵਾਰੀ ਮੈਨੂੰ ਬਲਬੀਰ ਦੀ ਥਾਵੇਂ ਖੜ੍ਹ ਕੇ ਸੋਚਣਾ ਚਾਹੀਦੈ। ਦੋਨੋ ਮੁੰਡੇ ਕੰਵਾਰੇ ਨੇ। ਛੋਟੇ ਦਾ ਤਾਂ ਚਲ ਨੌਕਰੀ ਕਾਰਨ ਕਿਤੇ ਰਿਸ਼ਤਾ ਹੋ ਵੀ ਜਾਊ ਪਰ ਵੱਡਾ? ਜ਼ਮੀਨ ਵਿਕਣ ਦੀ ਖਬਰ ਫੈਲੀ ਨਹੀਂ ਕਿ ਬਸ..। ਬਲਬੀਰ ਹੋਰ ਕਾਹਨੂੰ ਰੋ ਰਿਹੈ?
ਝਟ ਕੈਲਕੁਲੇਸ਼ਨ ਹਾਵੀ ਹੋ ਜਾਂਦੀ ਐ, ਵਕਤ ਦੀ ਚਾਲ ਨੂੰ ਵੀ ਪਹਿਚਾਨਣਾ ਚਾਹੀਦੈ ਕਨੀਂ ?
ਪਰ…।
ਪਰ ਪੱਕੀ ਗੱਲ ਐ, ਮਿਥਾਂ ਜਦ ਟੁੱਟਦੀਆਂ ਨੇ ਤਾਂ ਭੜ੍ਹਾਕੇ ਪੈਂਦੇ ਨੇ। ਪਰੰਪਰਾਵਾਦੀ ਪਰਵਾਰਾਂ ਲਈ ਨਵੇਂ ਰਾਹਾਂ 'ਤੇ ਤੁਰਨਾ…?
"ਬਲਬੀਰ ਤੇਰੀਆਂ ਸਾਰੀਆਂ ਗੱਲਾਂ ਸਹੀ ਨੇ, ਪਰ… ਸਿਆਣਾ ਬੰਦੈਂ, ਤੈਨੂੰ ਤਾਂ ਯਾਰ ਸਭ ਪਤੈ। ਅੱਜ ਸਾਰੀ ਦੁਨੀਆ ਗਲੋਬਲ ਪਿੰਡ ਬਣ ਚੁਕੀ ਐ ਤੇ ਤੂੰ…।" ਟੀ ਵੀ ਵੱਲ ਦੇਖਦਿਆਂ ਕਹਿ ਰਿਹਾਂ। ਉਸ ਨੂੰ ਕੀ ਪਤਾ ਮੇਰੇ ਅੰਦਰ ਕੌਣ ਬੋਲ ਰਿਹੈ ।
"ਆਪਣੇ ਪਿੰਡ ਦਾ ਹੀ ਲਾ ਲੈ, ਪਲਾਟ ਤਾਂ ਇਥੇ ਵੀ ਕੱਟ 'ਤੇ ਨਾ ਲੋਕਾਂ ਨੇ…? ਕੀ ਨਹੀਂ ਹੈ ਆਪਣੇ ਪਿੰਡ 'ਚ… ਕੇਬਲ, ਟੈਲੀਫੋਨ, ਇੰਟਰਨੈੱਟ, ਕਈ ਕੰਪਨੀਆਂ ਦੇ ਮੋਬਾਇਲ ਟਾਵਰ, ਬ੍ਰਾਡਬੈਂਡ ਔਨ ਡਿਮਾਂਡ…ਤੇ ਇਹ ਦੇਖ ਅਮਰੀਕਾ ਦਾ ਟੀ ਵੀ ਚੈਨਲ, ਇਹ ਬੀ ਬੀ ਸੀ , ਇਹ ਡਿਸਕਵਰੀ…।" ਮੈਂ ਛੇਤੀ-ਛੇਤੀ ਚੈਨਲ ਬਦਲ ਰਿਹਾਂ। ਜਿਵੇਂ ਕਿਸੇ ਝੂਠ ਨੂੰ ਲੁਕੋਣ ਦੀ ਕੋਸ਼ਿਸ਼ ਕਰ ਰਿਹਾ ਹੋਵਾਂ।
ਮਿਉਟ ਹਟਾ ਕੇ ਪਤਾ ਨਹੀਂ ਕਦੋਂ ਆਪਣਾ ਪਸੰਦੀਦਾ ਚੈਨਲ ਲਗਾ ਲਿਐ। ਜਿਥੇ ਬਲਬੀਰ ਦਾ ਕਹਿਣਾ ਦੋ-ਤਿੰਨ ਸਾਉਣ ਦੇ ਅੰਨ੍ਹੇ ਬੈਠੇ ਬਜ਼ਾਰ ਬਾਰੇ ਚਰਚਾ ਕਰ ਰਹੇ ਨੇ।
"ਜਗਦੇਵ ਸਿਆਂ, ਸਿਆਣਿਆਂ ਨੇ ਊਈਂ ਨੀਂ ਕਿਹਾ, ਪੱਕੀ ਵੇਖ ਕੇ ਕੱਚੀ ਨੀਂ ਢਾਈਦੀ।"
"ਵੀਰ, ਏਸ ਪੱਕੀ ਨੂੰ ਤੂੰ ਕਿੰਨੀ ਕੁ ਪੱਕੀ ਸਮਝਦੈਂ? ਬਰਨਾਲੇ ਦੇ ਤਿੰਨ ਪਿੰਡਾਂ ਦਾ ਮਰਲਾ ਵੀ ਨਹੀਂ ਛੱਡਿਆ ਸਰਕਾਰ ਨੇ। ਸਾਰੀ ਅਕਵਾਇਰ ਕਰਕੇ ਪ੍ਰਾਈਵੇਟ ਕੰਪਨੀ ਦੇ ਹਵਾਲੇ ਕਰ 'ਤੀ।"
ਮੈਂ ਆਵਦੀ ਜਾਣ 'ਚ ਬੜਾ ਸੌਲਿਡ ਤਰਕ ਦਿੱਤੈ। ਪਰ ਉਸਨੇ ਸੁਣਿਆ ਤਕ ਨਹੀਂ।
ਲੱਗਦੈ ਇਹਦਾ ਫੰਡਾ ਕੋਈ ਨੀਂ ਕਲੀਅਰ ਕਰ ਸਕਦਾ।
ਉਸ ਦਿਨ… ਮੌਸਮ ਆਮ ਵਾਂਗ ਨਹੀਂ ਸੀ। ਮੌਸਮ 'ਚ ਸੰਤੁਲਨ ਤਾਂ ਪਿਛਲੇ ਕਈ ਸਾਲਾਂ ਤੋਂ ਰਿਹਾ ਹੀ ਨਹੀਂ। ਗਰਮੀ, ਸਰਦੀ, ਮੀਂਹ, ਹਨੇਰੀ, ਸਭ ਅਕਸਟਰੀਮ 'ਤੇ। ਕਾਫੀ ਸਮੇਂ ਬਾਅਦ ਅਸੀਂ ਕੱਠੇ ਬੈਠੇ ਸਾਂ। ਆਉਣ ਸਾਰ ਕਹਿੰਦਾ, "ਟੀ ਵੀ ਬੰਦ ਕਰ ਦੇ ਯਾਰ।"
ਮਤਲਬ ਦੁਨੀਆ ਦਾ ਗੇਟਵੇ ਬੰਦ ਕਰਨਾ। ਮੈਂ ਕੀ ਕਹਿੰਦਾ ਭਲਾ? ਅਲਮਾਰੀ 'ਚੋਂ ਬੋਤਲ ਤੇ ਗਿਲਾਸ ਕੱਢ ਲਏ। ਅੰਦਰੋਂ ਪਾਣੀ ਦਾ ਜੱਗ ਤੇ ਸਲਾਦ ਲੈ ਆਇਆ। ਜਦਕਿ ਉਸਨੂੰ ਪਤੈ ਟ੍ਰੈਕਟਰ ਦੀ ਬੈਟਰੀ ਨਾਲ ਚਲਾ ਲੈਂਦਾ ਹੁੰਦਾ ਸਾਂ ਮੈਂ ਟੀ ਵੀ । ਆਖਰ ਇਨਵਰਟਰ ਲਵਾ ਕੇ ਪਾਵਰ ਕੱਟ ਦਾ ਪੱਕਾ ਹਲ ਹੀ ਲੱਭ ਲਿਆ ਸੀ।
"ਵੀਰ, ਕੋਈ ਪਰੇਸ਼ਾਨੀ ਵਾਲੀ ਗੱਲ?" ਇਕ-ਇਕ ਪੈਗ ਅਸੀਂ ਲਾ ਚੁੱਕੇ ਤਾਂ ਮੈਂ ਹੀ ਖਾਮੋਸ਼ੀ ਭੰਗ ਕੀਤੀ ਸੀ।
"ਪਰੇਸ਼ਾਨੀ ਤਾਂ…। ਕੁਝ ਵੀ ਖਾਨੇ 'ਚ ਨਹੀਂ ਪੈ ਰਹੀ ਜਗਦੇਵ…।"
ਪਤਾ ਹੀ ਨਹੀਂ ਚਲਿਆ ਅਸੀਂ ਦੋ -ਦੋ ਪੈਗ ਮੁਕਾ ਲਏ। ਜਦਕਿ ਅਸੀਂ ਕਦੇ ਵੀ ਦੋ ਪੈਗਾਂ ਤੋਂ ਵੱਧ ਨਹੀਂ ਲਾਏ ਤੇ ਮਤਲਬ… ਚੰਗੀਆਂ ਘਰ-ਪਰਵਾਰ, ਦੇਸ਼-ਦੁਨੀਆ ਦੀਆਂ ਗੱਲਾਂ-ਬਾਤਾਂ।
ਅਮਰੀਕ ਤੋਂ ਪ੍ਰਾਪਤ ਜਾਣਕਾਰੀ ਵੀ ਉਹ ਮੇਰੇ ਨਾਲ ਸਾਂਝੀ ਕਰਦਾ। ਟੀ ਵੀ ਵੀ ਚਲਦਾ ਰਹਿੰਦਾ। ਪਰ ਅੱਜ ਤਾਂ ਬਲਬੀਰ ਨੇ ਹਾਲੇ ਅੱਧਾ ਵਾਕ ਹੀ ਬੋਲਿਆ ਹੈ।
"ਸ਼ਮਸ਼ੇਰ ਲਈ ਮੇਰੀ ਵੱਖੀ ਵਿਲਕਦੀ ਰਹਿੰਦੀ ਐ ਛੋਟੇ ਬਾਈ।" ਉਸਨੇ ਵਾਕ ਪੂਰਾ ਕੀਤੈ।
"ਸ਼ਮਸ਼ੇਰ ਸ਼ਹਿਰ ਜਾ ਕੇ…। ਪਤਾ ਨਹੀਂ ਉਥੇ ਲੋਕ ਉਹਨੂੰ ਕੀ ਕਹਿ ਕੇ ਸਦਦੇ ਹੋਣੇ ਐ…।"
ਉਸਨੇ ਅੱਗੇ ਕਿਹਾ।
ਮੈਂ ਤਾਂ ਇਸ ਤਰ੍ਹਾਂ ਕਦੇ ਸੋਚਿਆ ਹੀ ਨਹੀਂ ਸੀ। ਉਥੇ ਤਾਂ ਸਾਰੇ ਕਾਮੇ ਲੇਬਰ ਹੀ…? ਮੇਰੀ ਚੇਤਨਾ 'ਤੇ ਹਥੌੜਾ ਜਿਹਾ ਵੱਜਿਆ।
"ਕੰਮ-ਕਾਰ ਤਾਂ ਮੇਰੇ ਖਿਆਲ 'ਚ ਚੰਗਾ ਹੀ ਚਲ ਰਿਹੈ।" ਮੈਂ ਜਾਣੀ ਅੱਗੇ ਵੱਧ ਕੇ ਬੋਲਦਾਂ।
"ਇਥੇ ਮਾੜਾ ਚਲ ਰਿਹਾ ਸੀ?" ਬਲਬੀਰ ਨੇ ਸਵਾਲ ਕੀਤੈ। ਕੋਈ ਜਵਾਬ ਨਾ ਦੇ ਕੇ ਹੋਰ ਪੈਗ ਬਣਾਉਣ ਲੱਗ ਪਿਆਂ। ਮੈਥੋਂ ਕੁੱਝ ਲੁਕਿਆ ਹੋਇਐ?
"ਹੁੰ! ਸ਼ਮਸ਼ੇਰ ਕਹਿੰਦਾ ਸੀ, ਬਾਪੂ ਹੁਣ ਤੂੰ 'ਰਾਮ ਕਰਿਆ ਕਰ। ਚਿੱਟੇ ਕਪੜੇ ਪਾ ਕੇ ਚੌਧਰ ਕਰਿਆ ਕਰ। ਖੇਤੀ ਬਾੜੀ ਮੈਂ ਆਪੇ ਸਾਂਭੂੰ…।" ਬਾਈ ਬੁੜਬੁੜਾਇਐ। ਲੱਗਦੈ ਮੇਰੇ ਵਾਂਗ ਉਸਦੇ ਵੀ ਬੁਲ੍ਹ ਭਾਰੇ ਹੋ ਗਏ ਨੇ। ਉਹ ਹੱਥ ਮਲ ਰਿਹੈ। ਹੱਥ ਆਪਣੇ ਮੂੰਹ 'ਤੇ ਫੇਰ ਰਿਹੈ।
ਭਾਰੇ ਬੁਲ੍ਹਾਂ 'ਚੋਂ ਫੇਰ ਆਵਾਜ਼ ਆਈ ਹੈ, "ਮੈਂ ਤਾਂ ਖੈਰ ਆਪਣੇ ਆਪ ਨੂੰ ਖੇਤੀ ਦੇ ਆਹਰ 'ਚ ਲਾ ਲਿਐ… ਉਹਦੀ ਬੀਬੀ ਕਲਪਦੀ ਰਹਿੰਦੀ ਐ… ਨਾ ਉਥੇ ਲੱਸੀ, ਨਾ ਦੁੱਧ…। ਪਾਣੀ ਵੀ ਮੁੱਲ ਦਾ…।"
"ਮਿਨਰਲ ਵਾਟਰ ਬਾਈ…! ਸ਼ਹਿਰ ਵਾਲਿਆਂ ਕੋਲ ਪੈਸੇ ਹੁੰਦੇ ਐ ਪਾਣੀ ਖਰੀਦਣ ਜੋਗੇ, ਤਾਂ ਮੁੱਲ ਵਿਕਦੈ।" ਮੈਂ ਵਿਸਕੀ ਦੀ ਬੋਤਲ ਵੱਲ ਦੇਖਦਿਆਂ ਕਹਿੰਦਾਂ, "ਬਜ਼ਾਰ ਦਾ ਆਪਣਾ ਗਣਿਤ ਹੁੰਦੈ ਵੀਰ…।" ਤੇ ਮੈਂ ਉਸ ਵੱਲ ਇੰਝ ਦੇਖਦਾਂ ਜਿਵੇਂ ਗਣਿਤ ਵਿਚ ਫਾਡੀ ਵਿਦਿਆਰਥੀ ਵੱਲ ਅਧਿਆਪਕ।
"ਉਥੇ ਪੀਜੇ-ਬਰਗਰ ਖਾਂਦੈ ਮੁੰਡਾ। ਚਲ ਮੁਕਾ, ਭੋਜਨ ਛਕੀਏ।" ਮੈਂ ਠਹਾਕਾ ਮਾਰ ਕੇ ਹੱਸਣ ਦੀ ਕੋਸ਼ਿਸ਼ ਕਰਦਾਂ।
ਉਹ ਨਹੀਂ ਹੱਸਦਾ। ਅੱਜਕਲ੍ਹ ਵੀਰ 'ਚ ਕੁੱਝ ਚੇਂਜ ਆਇਆ ਲੱਗਦੈ। ਜਿਵੇਂ ਸਾਥੀ ਅਮਰੀਕ ਦੀਆਂ ਗੱਲਾਂ ਨਾਲ ਅਸਹਿਮਤ ਹੁੰਦਾ ਰਹਿੰਦੈ, ਉਸੇ ਤਰ੍ਹਾਂ ਬਲਕਾਰ ਦੀਆਂ ਗੱਲਾਂ ਨਾਲ ਵੀ ਪੂਰਾ ਸਹਿਮਤ ਤਾਂ ਨਹੀਂ, ਵਿਚ-ਵਿਚਾਲੇ ਐ।
"ਹੁਣ ਸੱਤਰਵਿਆਂ ਦੇ ਦੌਰ ਦੀਆਂ ਫਿਲਮਾਂ ਦਾ ਜ਼ਮਾਨਾ? ਕਿਆ ਬਾਤਾਂ ਕਰਦੇ ਓਂ ਸ੍ਰੀਮਾਨ…?" ਬਲਕਾਰ ਦੀਆਂ ਕਈ ਗੱਲਾਂ ਅਪੀਲ ਤਾਂ ਕਰਦੀਆਂ ਨੇ ਪਰ…।
ਪਰ ਬਲਬੀਰ ਦੀਆਂ ਸਮੱਸਿਆਵਾਂ ਕਈ ਨੇ। ਸਮਾਂ ਪ੍ਰੀਵਰਤਨ ਦੀ ਸਪੀਡ ਉਸ ਦੀ ਤੋਰ ਨਾਲੋਂ ਕਿਤੇ ਵੱਧ ਰਹੀ ਹੈ। ਬਲਕਾਰ ਵਰਗੇ ਕਈ ਸਾਥੀ ਆਪਣੀ ਨਵੀਂ ਸੋਚ ਨਾਲ ਸੰਸਦਮਾਰਗੀ ਅਤੇ ਦੁੱਸਾਹਸੀਆਂ ਤੋਂ ਦੂਰੀ ਕਾਇਮ ਕਰ ਚੁੱਕੇ ਨੇ। ਜਦਕਿ ਬਲਬੀਰ ਹਾਲੇ ਪ੍ਰਤੀਬੱਧਤਾ ਦੇ ਮਾਅਨੇ ਸਮਝਣ 'ਚ ਹੀ ਲੱਗਿਆ ਰਿਹਾ। ਹੈ ਨਾ ਅਜੀਬ ਦਾਸਤਾਂ…ਜਦ ਗਲ਼ ਲੱਗ ਕੇ ਰੋਣ ਦਾ ਜੀਅ ਕੀਤਾ ਤਾਂ ਕੋਈ ਸੀਰੀ ਤੱਕ ਨਾ ਥਿਆਇਆ। ਕੁਝ ਕਿਸਾਨ ਬਹੁਤ ਵੱਡੇ ਹੋ ਗਏ ਤਾਂ ਕੁਝ ਛੋਟੇ ਹੀ ਨਾ ਰਹੇ। ਇਕ ਸਮੱਸਿਆ ਹੋਰ, ਜੱਟ ਤੇ ਕਿਸਾਨ ਹੁਣ ਪਰਿਆਇਵਾਚੀ ਸ਼ਬਦ ਨਾ ਰਹੇ। ਸ਼ਬਦਾਂ ਦੇ ਅਰਥ ਬਦਲ ਗਏ। ਅਰਥਾਂ ਦੇ ਅਨਰਥ ਹੋ ਗਏ। ਹੱਸਣ ਦੇ ਵੀ ਕਈ ਅਰਥ ਹੁੰਦੇ ਨੇ।
ਬਿੱਲੂ ਸ਼ਮਸ਼ੇਰ ਨੂੰ ਵੀ ਸ਼ਹਿਰ ਲੈ ਗਿਆ। ਛੋਟੀ ਕਿਸਾਨੀ। ਗੁਜ਼ਾਰਾ ਮਸੇਂ ਚਲਦਾ। ਖੇਤੀ ਦਾ ਸੀਜ਼ਨਲ ਕੰਮ। ਫੇਰ ਸ਼ਮਸ਼ੇਰ ਤੇ ਟ੍ਰੈਕਟਰ, ਦੋਨੋਂ ਵਿਹਲੇ। ਸ਼ਹਿਰ 'ਚ, ਉਹ ਕਹਿੰਦੈ, ਕੰਮ ਹੀ ਕੰਮ। ਨਾਲੇ ਬਿੱਲੂ ਕਹਿੰਦਾ ਸੀ, "ਸ਼ਮਸ਼ੇਰ ਦੇ ਨਾਂ 'ਤੇ ਠੇਕੇਦਾਰੀ ਕਰਿਆ ਕਰਾਂਗੇ। ਛੋਟੇ-ਮੋਟੇ ਖਾਲਾਂ ਦੇ ਪੁਲ, ਸੜਕਾਂ ਦੀ ਮੁਰੰਮਤ ਵਗੈਰਾ। ਟ੍ਰੈਕਟਰ ਵਾਲੇ ਕੰਮ ਤਾਂ ਸ਼ਮਸ਼ੇਰ ਖੁਦ ਕਰ ਲਿਆ ਕਰੂ, ਜਿਵੇਂ ਅਰਥ ਵਰਕ, ਇੱਟਾਂ, ਮਿੱਟੀ ਢੋਣ ਦਾ ਕੰਮ। ਚਾਰ ਪੈਸੇ ਬਣਨਗੇ ਈ।" ਸੁਪਨੇ ਦੇਖਣ ਤੇ ਕੋਈ ਪਾਬੰਦੀ ਥੋੜ੍ਹੀ ਈ ਐ।
"ਤੇਰੇ ਜਜ਼ਬਾਤ ਮੈਂ ਸਮਝਦਾਂ ਵੀਰ।" ਮੈਂ ਸੋਚਦਾਂ। ਬਾਪੂ ਜੀ ਤੋਂ ਬੜੀਆਂ ਕਹਾਣੀਆਂ ਸੁਣੀਆਂ ਨੇ। ਸਾਰੀਆਂ ਇਨ-ਬਿਨ ਯਾਦ ਨੇ।
ਬਿੱਲੂ ਤਾਂ ਦੋ ਕਦਮ ਹੋਰ ਅੱਗੇ ਵੱਧ ਕੇ ਕਹਿੰਦੈ, "ਕਿਹੜੇ ਯੁਗ ਦੀਆਂ ਗੱਲਾਂ ਕਰਦੈਂ ਚਾਚਾ? ਪੂੰਜੀਵਾਦੀ ਵਿਵਸਥਾ ਵਿਚ ਤਾਂ ਕਦਰਾਂ-ਕੀਮਤਾਂ ਦਾ ਵੀ ਕੋਈ ਮੁੱਲ ਨਹੀਂ। ਅਤੇ ਬਿਨਾ ਮੁੱਲ ਵਾਲੀ ਕੋਈ ਵਸਤ ਵਜ਼ੂਦ ਵਿਚ ਨਹੀਂ ਰਹਿ ਸਕਦੀ।"
"ਤੇਰੇ ਨਾਲ ਹੋਈ ਕੋਈ ਗੱਲ ਬਿੱਲੂ ਦੀ?"
"ਨਾ…।"
"ਉਹਨੂੰ ਸਮਝਾਈਂ ਮੇਰੇ ਵੀਰ। ਬਿੱਲੂ ਤਾਂ ਬਹੁਤ ਮੰਨਦੈ ਤੇਰੀ। ਸੌ ਅੱਗਾ-ਪਿੱਛਾ ਦੇਖਣਾ ਪੈਂਦੈ। ਬਜ਼ਾਰ ਦਾ ਬਹੁਤਾ ਨਹੀਂ ਤਾਂ ਆਟੇ 'ਚ ਲੂਣ ਜਿੰਨਾ ਕੁ ਤਾਂ ਮੈਨੂੰ ਵੀ ਪਤੈ।" ਫੇਰ ਲੰਮਾ ਹੌਕਾ ਲੈਂਦਿਆਂ ਬੋਲਿਆ, "ਹਰ ਬੰਦਾ ਜਾ ਕੇ ਬਜ਼ਾਰ ਵਿਚ ਵੀ ਤਾਂ ਨਹੀਂ ਨਾ ਖੜ੍ਹ ਸਕਦਾ…।"
"ਕਰੂੰਗਾ ਵੀਰ ਮੈਂ ਉਹਦੇ ਨਾਲ ਗੱਲ।"
ਗੱਲ ਤਾਂ ਅਸੀਂ ਮੋਬਾਇਲ 'ਤੇ ਅਕਸਰ ਘੰਟਿਆਂ ਬੱਧੀ ਕਰਦੇ ਹੀ ਰਹਿੰਦੇ ਹਾਂ। ਜਦ ਵੀ ਉਸਦਾ ਫੋਨ ਆਵੇ, ਕੱਟ ਕੇ ਇਧਰੋਂ ਮਿਲਾ ਲੈਂਦਾ। ਮੈਨੂੰ ਪਤੈ ਗੱਲ ਲੰਮੀ ਚਲਣੀ ਹੁੰਦੀ ਹੈ। ਮਾਰਕਿਟ ਬਾਰੇ ਮੇਰੇ ਮੁੱਢਲੇ ਕਨਸੇਪਟ ਉਸੇ ਨੇ ਕਲੀਅਰ ਕੀਤੇ ਨੇ। ਕਹਿਣ ਨੂੰ ਭਾਵੇਂ ਉਹਨੂੰ 'ਭਤੀਜ' ਕਹੀਦੈ ਪਰ ਮਨੋ ਮੈਂ ਉਸ ਨੂੰ ਬਿਜ਼ਨੇਸ ਗੁਰੂ ਮੰਨਦਾਂ। ਪਿੰਡ ਵਿਚ ਰੀਅਲਟੀ ਮਾਰਕਿਟ ਬਾਰੇ ਇਕ-ਅੱਧੇ ਤੋਂ ਸਿਵਾ ਕਿਸੇ ਸਾਲੇ ਨੂੰ ਕੱਖ ਨੀਂ ਪਤਾ। ਮੈਨੂੰ ਪਤੈ ਤੇ ਪੱਲੇ ਵੀ ਬੜਾ ਕੁਝ ਹੈ। ਸਿਰਫ ਬਿੱਲੂ ਕਰਕੇ।
ਲੱਗਦੈ ਸਾਲੀ ਜਾਦੇ ਈ ਚੜ੍ਹਗੀ।
ਰੀਅਲ ਅਸਟੇਟ ਬੂਮ ਬਾਰੇ ਜੇ ਉਹਨੇ ਮੈਨੂੰ ਸਮੇਂ ਸਿਰ ਨਾ ਦੱਸਿਆ ਹੁੰਦਾ ਤਾਂ ਅੱਜ ਮੇਰੇ ਪੱਲੇ ਕੀ ਸੀ? ਮੈਂ ਵੀ ਕੋਹਲੂ ਦਾ ਬਲਦ ਹੀ ਸਾਂ? ਘਰ ਤੋਂ ਖੇਤ ਤੇ ਖੇਤ ਤੋਂ ਘਰ ਵਿਚਾਲੇ ਹੀ ਗੇੜੇ ਕੱਟ ਰਿਹਾ ਸਾਂ। ਅੱਜ ਵੀ ਕੱਟ ਰਿਹਾ ਹੁੰਦਾ। ਇਕ ਇਹੀ ਨਹੀਂ, ਉਸਨੇ ਮੇਰੇ ਕਈ ਫੰਡੇ ਕਲੀਅਰ ਕੀਤੇ ਨੇ।
"ਪਤਾ ਨਹੀਂ ਪਤੰਦਰ ਸ਼ਹਿਰ ਵਿਚ ਬੈਠਾ ਇਹੀ ਕੁਝ ਸੋਚਦਾ ਰਹਿੰਦੈ ਕਿ ਡਿਉਟੀ ਵੀ ਕਰਦੈ ? ਹਾ… ਹਾਹ… ਹਾ…!" ਇਕ ਦਿਨ ਮੈਂ ਪੁੱਛਿਆ ਤਾਂ ਕਹਿੰਦਾ, "ਚਾਚਾ, ਤੂੰ ਮੇਰੀਆਂ ਸਿਫਤਾਂ ਕਰਦੈਂ ਕਿ ਤਵਾ ਲਾਈ ਜਾਨੈਂ?"
ਇਕ ਵਾਰੀ ਦੀ ਗੱਲ, ਬਿੱਲੂ ਦਾ ਫੋਨ ਆਇਆ। ਮਖਿਆ, "ਕੁਝ ਨਾ ਪੁੱਛ ਬਿੱਲੂ, ਰਾਤ ਪਾਣੀ ਦੀ ਵਾਰੀ ਸੀ, ਨਾਲੇ ਕੱਦੂ ਕੀਤਾ, ਹੁਣ ਪਰਲੇ ਖੇਤ ਚੱਲਿਆਂ, ਭਈਆ ਭੱਜ ਗਿਆ, ਵੱਤਰ ਸੁੱਕ ਰਿਹੈ, ਬੁਰਾ ਹਾਲ, ਬਾਂਕੇ ਦਿਹਾੜੇ…!" ਤਾਂ ਕਹਿੰਦਾ, "ਚਾਚਾ, ਚੌਵੀ ਘੰਟੇ, ਤੀਹ ਦਿਨ, ਬਾਰਾਂ ਮਹੀਨੇ ਭਕਾਈ? ਰੌਣੀ, ਪਾੜ, ਸੁਹਾਗਾ, ਬਿਜਾਈ, ਗੋਡੀ, ਪੱਠੇ, ਟੋਕਾ, ਬਸ ਭੰਬੀਰੀ ਭਵੀਂ ਰਹਿੰਦੀ ਐ। ਕਦੇ ਸੁੱਖ ਦਾ ਸਾਹ ਲਿਐ? ਕਦੇ ਜ਼ਿੰਦਗੀ ਨੂੰ ਜਿਉ ਕੇ ਵੀ ਦੇਖਿਐ?"
ਮੈਂ ਸ਼ਰਮਿੰਦਾ ਜਿਹਾ ਹੋ ਗਿਆ। ਉਹ ਫੇਰ ਕਹਿੰਦਾ, "ਕਿੰਨਾ ਕੁ ਬਚ ਜਾਂਦੈ ਖੇਤੀ 'ਚੋਂ ?"
"ਬਚਣਾ ਕੀ ਹੈ ਭਤੀਜ, ਬਸ ਹੋਈ ਜਾਂਦੈ ਗੁਜ਼ਾਰਾ। ਉਧਾਰ ਮੰਗਣ ਨੀਂ ਜਾਣਾ ਪੈਂਦਾ ਕਿਸੇ ਤੋਂ।"
"ਇਹੀ ਤਾਂ ਥੋਨੂੰ ਪਤਾ ਨਹੀਂ। ਉਧਾਰ 'ਤੇ ਤਾਂ ਸਾਰੀ ਦੁਨੀਆ ਦੀ ਅਰਥਵਿਵਸਥਾ ਚਲਦੀ ਹੈ ਅੱਜਕਲ੍ਹ। ਚਾਚਾ ਸਿਆਂ, ਜੇ ਮੇਰੇ ਕੋਲ ਪੰਦਰਾਂ ਕਿੱਲੇ ਹੋਣ ਤਾਂ ਮੈਂ ਗੁਜ਼ਾਰਾ ਨਹੀਂ, ਐਸ਼ਕਰਾਂ। ਥੱਲੇ ਲੰਡੀ ਜੀਪ ਕਾਲੀ, ਡੱਬ 'ਚ ਅਮਰੀਕਨ ਪਿਸਟਲ, ਜੇਬ 'ਚ ਕ੍ਰੈਡਿਟ ਕਾਰਡ, ਚਿੱਟਾ ਚਾਦਰਾ… ਡਬਲ ਬਰ ਆਲਾ…।"
"ਐਸ਼ ਤਾਂ ਤੁਸੀਂ ਨੌਕਰੀ ਆਲੇ ਈ ਕਰਦੇ ਓਂ।"
"ਜਿਹਨੂੰ ਤੁਸੀਂ ਐਸ਼ ਸਮਝਦੇ ਓਂ ਨਾ, ਐਹੋ ਜੀ ਬਾਬੂਗਿਰੀ ਦੀ ਤਾਂ ਢੂਈ ਨਾ ਮਾਰਾਂ। ਪਰ ਕਰਾਂ ਕੀ? ਵਕਤ ਦੀ ਮਾਂ…। ਪਈ ਐ।"
ਮੈਨੂੰ ਚਾਰ ਸੌ ਚਾਲ੍ਹੀ ਵੋਲਟ ਦਾ ਕਰੰਟ ਵੱਜਿਆ ਸੀ। ਨਹੀਂ, ਕੰਨ ਨਾਲ ਲੱਗੇ ਨੋਕੀਏ ਦੀ ਜਾਣੀ ਬੈਟਰੀ ਫੁੱਟ ਗਈ ਸੀ। ਮੇਰੇ ਦੋ ਇਕਸਾਰ ਟੱਕ… ਅੱਠ ਕਿੱਲੇ ਝੋਨੇ ਵਾਲੀ ਜ਼ਮੀਨ… ਵਿਚ ਦੋ -ਦੋ ਸਬਮਰਸੀਬੱਲ ਮੋਟਰਾਂ… ਇਕੋ ਡਾਇਲਾਗ ਨਾਲ ਸੇਨਸੈਕਸ ਜਿਹਾ ਗਿਰਾਤਾ ਸੀ ਉਹਨੇ। ਮੈਂ ਵਿਹੜੇ ਵਿਚ ਖੜੇ ਟ੍ਰੈਕਟਰ ਵੱਲ ਦੇਖਿਆ। ਕੱਦੂ ਕਰਕੇ ਆਇਆ ਸਾਂ। ਮਿੱਟੀ-ਗਾਰੇ 'ਚ ਲਿਬੜਿਆ ਫੋਰਡ ਮੈਨੂੰ ਟੋਬੇ 'ਚੋਂ ਨਿਕਲੀ ਫੰਡਰ ਮੱਝ ਵਾਂਗ ਲੱਗਿਆ। ਮੈਂ ਜਾਣ ਕੇ ਦੋ-ਤਿੰਨ ਵਾਰੀ ਹੈਲੋ-ਹੈਲੋ ਕੀਤੀ ਤੇ, "ਰੇਂਜ ਕੱਟਦੀ ਐ।" ਕਹਿੰਦਿਆਂ ਮੋਬਾਇਲ ਦਾ ਲਾਲ ਬਟਨ ਦੱਬ ਦਿੱਤਾ ਸੀ।
ਮੇਰੀ ਸੋਚ ਖੁੰਢੀ ਹੋ ਚੁਕੀ ਸੀ। ਉਸਦੀ ਗੱਲ ਦਾ ਮਤਲਬ ਮੇਰੀ ਸਮਝ ਵਿਚ ਨਹੀਂ ਸੀ ਆ ਰਿਹਾ। ਕਿਉਂਕਿ ਉਸ ਨੇ ਮੈਨੂੰ, ਪੰਦਰਾਂ ਕਿੱਲਿਆਂ ਦੇ ਮਾਲਕ ਨੂੰ, ਹੀ ਭੂੰਜੇ ਨਹੀਂ ਸੀ ਸੁੱਟਿਆ ਬਲਕਿ ਉਹ ਤਾਂ ਆਪਣੀ ਨੌਕਰੀ ਨੂੰ ਵੀ ਨੀਚ ਗਰਦਾਨ ਰਿਹਾ ਸੀ।
ਸਾਰੀ ਰਾਤ ਇਹੀ ਕੁੱਝ ਦਿਮਾਗ਼ 'ਚ ਘੁੰਮਦਾ ਰਿਹਾ। ਅਗਲੇ ਦਿਨ ਜਦ ਮੈਂ ਫੋਨ ਕੀਤਾ ਤਾਂ ਉਸ ਵੱਲੋਂ ਉਹੀ ਰੁਟੀਨ ਗੱਲਾਂ। ਜਦਕਿ ਮੇਰੀ ਤਾਂ ਜਾਣੀ ਹਵਾ ਨਿਕਲੀ ਪਈ ਸੀ।
ਆਖਰ ਕਹਿੰਦਾ, "ਚਾਚਾ, ਮੈਨੂੰ ਤਾਂ ਛੁੱਟੀ ਹੈ ਨੀਂ , ਤੂੰ ਹੀ ਮਾਰ ਲੈ ਖਾਂ ਗੇੜਾ ਕਿਸੇ ਦਿਨ?"
ਕਿਸੇ ਦਿਨ ਤੋਂ ਉਸਦਾ ਭਾਵ ਹਮੇਸ਼ਾਂ ਐਤਵਾਰ ਤੋਂ ਹੁੰਦਾ ਸੀ।
ਆਪਣੇ ਕੁਝ ਸ਼ੇਅਰ ਵੇਚਣ ਬਾਰੇ ਸਲਾਹ ਕਰਨੀ ਸੀ। ਵਿਚੇ ਰਹਿ ਗਈ। ਪਤਾ ਨਹੀਂ ਉਸਦੀ ਕੀ ਪ੍ਰਤੀਕ੍ਰਿਆ ਹੋਣੀ ਸੀ। ਦਿਨੇ ਮਾਸਟਰ ਜੁਗਿੰਦਰ ਨਾਲ ਗੱਲ ਕੀਤੀ ਤਾਂ ਉਹ ਹੈਰਾਨ ਰਹਿ ਗਿਆ ਸੀ, "ਤੇਰਾ ਦਿਮਾਗ਼ ਖਰਾਬ ਹੋਇਆ? ਟ੍ਰੈਂਡ ਤਾਂ ਦੇਖ਼..!"
"ਪੈਸਿਆਂ ਦੀ ਸਖਤ ਲੋੜ ਤੀ।" ਮੈਂ ਗੰਭੀਰ ਸਾਂ।
"ਕੋਈ ਨਵਾਂ ਈਸ਼ੂ ਆਉਣ ਵਾਲਾ ਐ? ਮੈਨੂੰ ਵੀ ਦੱਸੀਂ ਯਾਰ।" ਪਰ ਉਸਨੂੰ ਕੀ ਪਤਾ ਕਿ ਕਿਹੜੀ ਗੱਲ ਮੇਰੇ ਲਈ ਈਸ਼ੂ ਬਣੀ ਹੋਈ ਹੈ।
ਬੜੀ ਬੇਸਬਰੀ ਨਾਲ ਮੈਂ ਐਤਵਾਰ ਨੂੰ ਉਡੀਕਦਾ ਰਿਹਾ ਅਤੇ ਪਹਿਲੀ ਬਸੇ ਪਹੁੰਚ ਗਿਆ ਬਿੱਲੂ ਕੋਲ। ਬਿੱਲੂ ਤੇ ਸ਼ਮਸ਼ੇਰ ਨਾਸ਼ਤਾ ਕਰ ਰਹੇ ਸੀ।
"ਸ਼ਮਸ਼ੇਰ ਬੜਾ ਫਿੱਕਾ-ਜਾ ਹੋਇਆ, ਕੀ ਗੱਲ?" ਉਸਨੂੰ ਦੇਖ ਕੇ ਸਹਿਜ ਹੀ ਮੇਰੇ ਮੂੰਹੋਂ ਨਿਕਲ ਗਿਆ ਸੀ। ਹੇਠਲਾ ਬੁਲ੍ਹ ਦੇਖ ਕੇ ਲੱਗਿਆ ਜਿਵੇਂ ਜਰਦਾ ਲਾਉਣ ਲੱਗ ਪਿਐ।
ਸਬਜ਼ੀ ਵਾਲੀ ਪਤੀਲੀ ਵਿਚੀਂ ਦੋਨੋਂ ਜੁਟੇ ਹੋਏ ਸੀ। ਦੇਖ ਕੇ ਕਾਲਜ ਦੇ ਦਿਨ ਯਾਦ ਆ ਗਏ, ਜੋ ਹਮਸੇ ਟਕਰਾਏਗਾ, ਚੂਰ-ਚੂਰ ਹੋ ਜਾਏਗਾ… ! ਸਾਡੇ ਹੱਕ, ਐਥੇ ਰੱਖ..!
ਫੇਰ ਅਸੀਂ ਛੜਿਆਂ ਵਾਲੀ ਕੜਕ ਚਾਹ ਪੀਤੀ ਅਤੇ ਸ਼ਮਸ਼ੇਰ ਟ੍ਰੈਕਟਰ ਲੈ ਕੇ ਕੰਮ 'ਤੇ ਚਲਿਆ ਗਿਆ। ਦਸਦਾ ਸੀ, "ਫਿਲਹਾਲ ਤਾਂ ਕਿਸੇ ਸ਼ੈੱਲਰ ਵਿਚ ਬੋਰੀਆਂ ਢੋਣ ਦਾ ਕੰਮ ਮਿਲ ਗਿਐ। ਦਿਹਾੜੀ ਤਾਂ ਪੱਲੇ ਪੈ ਹੀ ਜਾਂਦੀ ਹੈ। ਕੰਪੀਟੀਸ਼ਨ ਦੀ ਤਾਂ", ਕਹਿ ਰਿਹਾ ਸੀ, "ਹੱਦ ਹੋਈ ਪਈ ਐ। ਜਿਵੇਂ ਸਾਰੇ ਕਿਸਾਨਾਂ ਦੇ ਟ੍ਰੈਕਟਰ ਮੰਡੀ ਵਿਚ ਆ ਖੜੇ ਹੋਣ। ਇਕ ਹਾਕ ਮਾਰੋ, ਵੀਹ ਹਾਜ਼ਰ।"
ਮੇਰੇ ਅੰਦਰ ਉਸ ਦਿਨ ਵਾਲੀ ਗੱਲ ਕਿਟਾਣੂਆਂ ਵਾਂਗ ਕੁਲਬੁਲਾ ਰਹੀ ਸੀ। ਉਸ ਦੇ ਇਕ ਡਾਇਲਾਗ ਨੇ ਜ਼ਮੀਨ ਪ੍ਰਤੀ ਜੱਟ ਦੇ ਮਨੋਵਿਗਿਆਨ ਦੀ ਨੀਂਹ ਹਿਲਾ ਦਿੱਤੀ ਸੀ। ਪਰ ਬਿੱਲੂ ਦੇ ਚਿਹਰੇ ਤੋਂ ਅਜਿਹਾ ਕੋਈ ਆਭਾਸ ਨਹੀਂ ਸੀ ਹੋ ਰਿਹਾ।
ਆਮ ਵਾਂਗ ਦੁਪਹਿਰ ਨੂੰ ਕਿਸੇ ਮਲਟੀਪਲੈਕਸ ਵਿਚ ਮੂਵੀ ਦੇਖਣ ਦੀ ਬਜਾਇ ਅੱਜ ਮੈਂ ਬੀਅਰ ਬਾਰ ਵਿਚ ਚਲਣ ਦਾ ਫੈਸਲਾ ਸੁਣਾਇਆ, "ਮਾਰ ਗੋਲੀ 'ਸਿੰਘ ਇਜ ਕਿੰਗ' ਨੂੰ! ਕੋਈ ਸਿੰਘ-ਸੁੰਘ ਕਿੰਗ ਨੀਂ ਹੁੰਦਾ…! ਮਾਰਕਿਟ, ਮਤਲਬ ਤੇ ਮਜਬੂਰੀ ਕਿੰਗ ਬਣਾਉਂਦੇ ਐ…।"
ਸ਼ੇਅਰ ਮਾਰਕਿਟ ਅਤੇ ਰਿਅਲ ਅਸਟੇਟ ਦਾ ਫੰਡਾ ਮੈਨੂੰ 'ਗ੍ਰੀਨ' ਵਿਚ ਬੈਠ ਕੇ ਹੀ ਕਲੀਅਰ ਹੋਇਆ ਸੀ। ਸਾਡੀਆਂ ਮਹੱਤਵਪੂਰਨ ਦੁਪਹਿਰਾਂ ਗ੍ਰੀਨ ਵਿਚ ਹੀ ਬੀਤਦੀਆਂ ਸਨ ਉਦੋਂ। ਨਿੱਤ ਕਿੰਨਾ ਕੁਝ ਨਵਾਂ ਪਤਾ ਲੱਗ ਰਿਹਾ ਸੀ। ਮਾਰਕਿਟ ਬਾਰੇ ਸੂਚਨਾਵਾਂ ਦੇ ਕਿੰਨੇ ਹੀ ਬੂਹੇ ਰੋਜ਼ਾਨਾ ਖੁੱਲ ਰਹੇ ਸਨ। ਬਲਕਿ ਸੂਚਨਾਵਾਂ ਦਾ ਵਿਸਫੋਟ। ਕਿਸੇ ਨੇ ਸੱਚ ਹੀ ਕਿਹੈ, ਇਹ ਗਿਆਨ ਦਾ ਨਹੀਂ, ਸੂਚਨਾਵਾਂ ਦਾ ਯੁਗ ਹੈ। ਮੈਂ ਭਾਜੜੀਂ ਪਿਆ ਹੋਇਆ ਸਾਂ, ਖੁਦ ਨੂੰ ਅਪਡੇਟ ਕਰਨ ਲਈ। ਇਕ ਜਾਣਕਾਰੀ ਅਜੇ ਗ੍ਰਹਿਣ ਕਰਦਾ ਹੀ ਸਾਂ ਕਿ ਦੂਸਰੀ ਤਿਆਰ। ਅਪਰੂਵਡ ਕਲੋਨੀਆਂ, ਅਨਅਥੋਰਾਈਜ਼ਡ ਕਲੋਨੀਆਂ, ਸੈਕਟਰਾਂ ਵਿਚਲੇ ਪਲਾਟ…। ਸੈਕਟਰਾਂ ਵਿਚ ਵੀ ਪਾਰਕ ਫੇਸਿੰਗ, ਕੋਨੇ ਅਤੇ ਪ੍ਰਾਈਮ ਲੋਕੇਸ਼ਨ ਵਾਲੇ ਪਲਾਟ…। ਸਭ ਦਾ ਵੱਖੋ-ਵੱਖਰਾ ਪ੍ਰੀਮੀਅਮ। ਬਿੱਲੂ ਮੈਨੂੰ ਨਾਲੋ -ਨਾਲ ਸਮਝਾਉਂਦਾ ਰਹਿੰਦਾ। ਬਲਕਿ ਉਹ ਤਾ ਕਹਿੰਦਾ, "ਕਿਉਂ ਨਾ ਆਪਾਂ ਪਿੰਡ ਵਿਚ ਪ੍ਰਾਪਰਟੀ ਅਡਵਾਈਜਰ ਦੀ ਦੁਕਾਨ ਹੀ ਖੋਲ੍ਹ ਲਈਏ?"
ਇਸ ਮਾਮਲੇ ਵਿਚ ਅਸੀਂ ਹੋਰਾਂ ਤੋਂ ਪਿੱਛੇ ਸਾਂ। ਕਹਿੰਦੇ ਨੇ ਨਾ, ਜਦ ਮੈਂ ਸਮਝਣ ਜੋਗੀ ਹੋਈ, ਫੇਰ ਬਦਲ ਗਿਆ ਥਾਣਾ। ਹੁਣ ਤਾਂ ਇੱਟ ਪੁੱਟੇ ਤੋਂ ਪ੍ਰਾਪਟੀ ਡੀਲਰ ਨਿਕਲਦਾ ਸੀ। ਪਰਚੂਨ ਦੀ ਦੁਕਾਨ ਵਾਲਾ, ਨਾਈ, ਘੁਮਿਆਰ, ਸੁਨਿਆਰਾ, ਚੌਕੀਦਾਰ, ਸਭ ਪ੍ਰਾਪਰਟੀ ਡੀਲਰ। ਬਲਕਿ ਕਈ ਆਪਣਾ ਮੂਲ ਧੰਦਾ ਛੱਡ ਕੇ ਸਿਰਫ ਇਹੀ ਕਰਨ ਲੱਗ ਪਏ। ਜ਼ਮੀਨਾਂ ਵੀ ਹੁਣ ਤਾਂ ਇਹਨਾਂ ਰਾਹੀਂ ਵਿਕਣ ਲੱਗ ਪਈਆਂ ਸਨ। ਫਲਾਂ-ਫਲਾਂ ਪਿੰਡ ਵਿਚ ਜ਼ਮੀਨ ਖਰੀਦਣ ਲਈ ਸੰਪਰਕ ਕਰੋ… ।
ਹਰ ਸੰਡੇ ਮੈਂ ਉਹਦੇ ਕੋਲ ਪਹੁੰਚ ਜਾਂਦਾ ਤੇ ਅਸੀਂ ਵੱਖ-ਵੱਖ ਕਲੋਨੀਆਂ ਤੇ ਲੋਕੇਸ਼ਨਾਂ ਵਿਜਿਟ ਕਰਦੇ। ਜਿਨਾਂ ਦੇ ਸ਼ਾਨਦਾਰ ਪ੍ਰਵੇਸ਼ ਦਵਾਰ ਬਣੇ ਹੁੰਦੇ। ਕਈ ਲੋਕੇਸ਼ਨਾਂ ਦੇ ਰਿਸਕ ਫੈਕਟਰ ਬਾਰੇ ਵੀ ਉਹ ਦਸਦਾ। ਨਾਲੇ ਇਹ ਵੀ ਕਿ ਚੜ੍ਹਾਈ ਵੇਲੇ ਕੋਈ ਰਿਸਕ ਫੈਕਟਰ ਕੰਮ ਨਹੀਂ ਕਰਦਾ। ਮੈਂ ਤਾਂ ਕਿਸੇ ਰਿਸਕ ਫੈਕਟਰ ਬਾਰੇ ਸੋਚਣਾ ਵੀ ਨਹੀਂ ਸਾਂ ਚਾਹੁੰਦਾ। ਫੇਰ ਅਸੀਂ ਬੀਅਰ ਬਾਰ ਵਿਚ ਜਾ ਬੈਠਦੇ।
ਪਿੱਛੇ ਕਈ ਸ਼ਹਿਰਾਂ ਵਿਚ ਨਵੇਂ ਕੱਟੇ ਰਿਹਾਇਸ਼ੀ ਸੈਕਟਰਾਂ ਬਾਰੇ ਨੋਟੀਫਿਕੇਸ਼ਨ ਹੋਈ ਤਾਂ ਅਖਬਾਰ ਦੇਖਣ ਸਾਰ ਸਵੇਰੇ-ਸਵੇਰੇ ਹੀ ਬਿੱਲੂ ਨੇ ਫੋਨ ਕੀਤਾ, "ਚਾਚਾ ਪਲਾਟ ਨਿਕਲੇ ਨੇ। ਕਈ ਵੱਡੇ ਸ਼ਹਿਰਾਂ ਵਿਚ ਚੰਗਾ ਪ੍ਰੀਮੀਅਮ ਹੈ।"
ਪ੍ਰੀਮੀਅਮ ਬਾਰੇ ਮੈਂ ਘਰਵਾਲੀ ਸਾਹਮਣੇ ਜ਼ਿਆਦਾ ਡਿਟੇਲ ਵਿਚ ਜਾਣਾ ਨਹੀਂ ਸੀ ਚਾਹੁੰਦਾ। ਘਰਵਾਲੀ … ਜਦੋਂ ਦਾ ਪ੍ਰਾਪਰਟੀ ਦੇ ਕੰਮ 'ਚ ਪਿਆਂ, ਪਰੇਸ਼ਾਨ ਜਿਹੀ ਰਹਿੰਦੀ ਹੈ। ਜਿਵੇਂ ਕਿ ਲੁੱਟੀ ਗਈ ਹੋਵੇ। ਕਿਤੇ ਪੜ੍ਹਿਆ ਸੀ, ਪਹਿਲਾਂ ਔਰਤ ਪਰਵਾਰ ਦੀ ਮੁਖੀ ਹੁੰਦੀ ਸੀ। ਜਦ ਦਾ ਪ੍ਰਾਪਰਟੀ ਦਾ ਕਨਸੈਪਟ ਪੈਦਾ ਹੋਇਆ, ਔਰਤ ਦੀ ਹਾਲਤ ਗੁਲਾਮਾਂ ਵਾਲੀ ਹੁੰਦੀ ਚਲੀ ਗਈ। ਹਾਲਤ ਮੇਰੀ ਵੀ ਬਹੁਤੀ ਚੰਗੀ ਨਹੀਂ ਸੀ ਪਰ ਬਿੱਲੂ ਨੇ ਸਭ ਸਮਝਾ ਦਿੱਤਾ। ਰਸਤਾ ਵੀ ਦੱਸਿਆ। ਪਲਾਟ ਦੀ ਪਰਚੀ ਨਿਕਲਣ ਸਾਰ ਲੱਖਾਂ ਰੁਪਏ ਦਾ ਪ੍ਰੀਮੀਅਮ? ਕੇਰਾਂ ਤਾਂ ਮੈਂ ਵੀ ਬਲਬੀਰ ਬਾਈ ਵਾਂਗ ਸੋਚਿਆ, ਫੇਰ ਰੀਅਲ ਅਸਟੇਟ ਕਾਹਦਾ? ਸੱਟਾ ਨਾ ਹੋਇਆ?
ਬਿੱਲੂ ਕਹਿੰਦਾ, "ਚਾਚਾ ਆਪਾਂ ਵੱਧ ਤੋਂ ਵੱਧ ਐਪਲੀਕੇਸ਼ਨਾਂ ਲਾਵਾਂਗੇ।" ਮੇਰੇ ਕੁਝ ਪੁੱਛਣ ਤੋਂ ਪਹਿਲਾਂ ਹੀ ਕਹਿੰਦਾ, "ਚਿੰਤਾ ਛੱਡੋ। ਸਾਰੇ ਬੈਂਕ ਫਾਈਨੈਂਸ ਕਰਨ ਲਈ ਤਿਆਰ ਬੈਠੇ ਨੇ। ਬਣਦੀ ਰਕਮ ਦਾ ਸਿਰਫ ਛੇ ਮਹੀਨਿਆਂ ਦਾ ਵਿਆਜ ਭਰਨਾ ਪੈਂਦੈ। ਬਸ। ਜੇ ਪਲਾਟ ਨਿਕਲ ਗਿਆ ਤਾਂ ਪ੍ਰੀਮੀਅਮ ਕਮਾਓ, ਨਹੀਂ ਛੁੱਟੀ।"
ਇੰਡੀਆ ਕਿਹੜਾ ਅਮਰੀਕਾ ਨਾਲੋਂ ਪਿੱਛੇ ਹੈ? ਤੇ ਆਪਾਂ ਕਿਹੜਾ ਕਿਸੇ ਟਾਟੇ-ਅੰਬਾਨੀ ਤੋਂ ਘੱਟ ਹਾਂ? ਸਾਰੇ ਇਸੇ ਤਰਾਂ੍ਹ ਬਣਦੇ ਐ। ਘਾਟੇ ਦਾ ਬਜਟ ਤੇ ਕਰਜ਼ੇ ਨਾਲ ਧੰਦਾ, ਖੂਬ ਫਲਦੇ ਐ। ਮੈਂ ਸੋਚਿਆ। ਫੇਰ ਤਾਂ ਸਾਰਾ ਕੰਮ ਦੋ ਦਿਨਾਂ ਵਿਚ ਹੀ ਫਤਿਹ। ਬਿੱਲੂ ਨੇ ਦੋ ਸ਼ਹਿਰਾਂ ਵਿਚ ਚਾਰ-ਚਾਰ ਮਰਲੇ ਦਾ ਇਕ-ਇਕ ਪਲਾਟ ਅਪਲਾਈ ਕੀਤਾ। ਮਖਿਆ "ਯਾਰ, ਚਾਰ-ਚਾਰ ਮਰਲੇ ਤਾਂ ਰੂੜੀ ਵਾਸਤੇ ਈ ਛੱਡ ਦੇਈਦੀ ਐ ਪਿੰਡ 'ਚ?"
ਮੈਂ ਤਾਂ, ਆੜ੍ਹਤੀ ਤੇ ਬੈਂਕ ਜ਼ਿੰਦਾਬਾਦ, ਬਸ ਤਸੱਲੀ ਕਰਾ 'ਤੀ। ਜੇ ਇਕ-ਦੋ ਹੀ ਨਿਕਲਗੇ ਤਾਂ ਬਿੱਲੂ ਦਾ ਕਹਿਣਾ…।
ਬਿੱਲੂ ਕਹਿੰਦਾ, "ਚਾਚਾ, ਅੱਜ ਬਿੱਲ ਮੈਂ ਪੇ ਕਰੂੰ।"
ਮਖਿਆ "ਯਾਰ, ਚਾਚਾ ਵੀ ਕਹਿੰਦੈਂ ਤੇ ਅੱਡ ਹੋਣ ਵਾਲੀਆਂ ਗੱਲਾਂ ਵੀ ਕਰਦੈਂ…। ਸ਼ਮਸ਼ੇਰ ਤੂੰ ਹੀ ਦੱਸ, ਜਚਦੀ ਐ ਗੱਲ?" ਮੈਂ ਸ਼ਮਸ਼ੇਰ ਨੂੰ ਵੀ ਗੱਲਾਂ-ਬਾਤਾਂ ਵਿਚ ਸ਼ਾਮਲ ਕਰਨਾ ਚਾਹੁੰਦਾਂ। ਉਹ ਹਾਂ-ਹੂੰ ਜੀ ਤਾਂ ਕਰਦੈ ਪਰ ਮੈਨੂੰ ਲੱਗਦੈ ਉਹ ਜ਼ਰਾ ਦੂਰ ਖੜ੍ਹਾ ਨਿਰਲੇਪ ਭਾਵ ਨਾਲ ਸਭ ਕੁਝ ਦੇਖ ਪਰਖ ਰਿਹੈ।
ਇਕ ਵਾਰੀ ਦੀ ਗੱਲ, ਬਿੱਲੂ ਕਹਿੰਦਾ, "ਚਾਚਾ, ਢਿੱਡ ਤਾਂ ਡੰਗਰ-ਪਸੂ, ਪੰਛੀ ਵੀ ਭਰਦੇ ਐ। ਆਪਣੇ ਪਿੰਡ ਵਿਚ ਸੱਤਰ ਫੀਸਦੀ ਲੋਕ ਦਾਰੂ ਪੀਂਦੇ ਨੇ। ਠੇਕੇ ਤੋਂ ਕੈਪਸੂਲਾਂ ਵਾਲੀ ਦੇਸੀ ਦਾ ਪਉਆ ਗਲ਼ 'ਚ ਸੁੱਟਿਆ, ਚਿੱਟਾ ਮੁਰਗਾ ਕਹਿ ਕੇ ਲੂਣ ਦੀ ਡਲੀ ਚੱਟੀ ਤੇ ਚਲ ਮੇਰੇ ਭਾਈ। ਏਦਾਂ ਸ਼ਾਨ ਨਾਲ ਵ੍ਹਿਸਕੀ ਦੇ ਪੈਗ ਕਿੰਨਿਆਂ ਕੁ ਨੂੰ ਸਰਵ ਹੁੰਦੇ ਨੇ? ਨਾਲੇ ਪਾਪੜ, ਪੀ-ਨਟਸ, ਵੈਜ ਮੰਚੂਰੀਅਨ, ਰੋਸਟਿਡ ਚਿਕਨ…। ਸਾਲੀ ਰੂਹ ਰੱਜ ਜਾਂਦੀਐ। ਮੈਂ ਤੈਨੂੰ ਦੱਸਾਂ।"
ਤੇ ਬਲਬੀਰ ਕਹਿ ਰਿਹਾ ਸੀ, "ਨਾ ਉਥੇ ਲੱਸੀ, ਨਾ ਦੁੱਧ…। ਪਾਣੀ ਵੀ ਮੁੱਲ ਦਾ…। ਕੀ ਰੀਸਾਂ ਨੇ ਜੇ ਸ਼ਾਮੀਂ ਦੁੱਧ ਤੇ ਸਵੇਰੇ ਲੱਸੀ ਦਾ ਛੰਨਾ ਭਰ ਕੇ ਪੀਤਾ ਹੋਵੇ, ਰੂਹ ਰੱਜ ਜਾਂਦੀਐ। ਸਿਹਤ ਵੀ ਟਨਾਟਨ… ਮੈਂ ਤੈਨੂੰ ਦੱਸਾਂ।"
ਬੀਅਰ ਦੇ ਮਗ ਆ ਗਏ। ਮੈਂ ਪੀ-ਨਟਸ ਦਾ ਇੰਤਜ਼ਾਰ ਵੀ ਨਹੀਂ ਕੀਤਾ ਅਤੇ ਮਗ ਚੁਕ ਕੇ ਬੀਅਰ ਅੰਦਰ ਸੁੱਟ ਲਈ। ਪਰ ਜੋ ਭਾਂਬੜ ਮੇਰੇ ਅੰਦਰ ਮਚ ਰਿਹਾ ਸੀ ਉਹ ਠੰਡੀ ਬੀਅਰ ਵੀ ਨਹੀਂ ਬੁਝਾ ਸਕੀ। ਹੁਣ ਤਕ ਦੋ ਵਾਰੀ ਪੁੱਛ ਚੁਕਾ ਸਾਂ, "ਹੋਰ ਸੁਣਾ, ਕੋਈ ਨਵੀ-ਤਾਜੀ?" ਮੇਰਾ ਸਬਰ ਜਵਾਬ ਦਿੰਦਾ ਜਾ ਰਿਹਾ ਸੀ।
"ਹਾਂ ਸੱਚ। ਓਦਣ ਕੀ ਕਹਿ ਰਿਹਾ ਸੀ ਤੂੰ?" ਆਖਰ ਕਿੰਨੀ ਕੁ ਦੇਰ ਆਪਣੇ ਆਪ 'ਤੇ ਕਾਬੂ ਰੱਖਦਾ ਮੈਂ ? ਜੇ ਕਿਸੇ ਸਾਲੇ ਨੂੰ ਸਜ਼ਾ ਦੇਣੀ ਹੋਵੇ ਤਾਂ ਇੰਤਜ਼ਾਰ ਕਰਨ ਲਈ ਕਹਿ ਦਿਓ।
ਬਿੱਲੂ ਨੇ ਮਿਨੂ ਤੋਂ ਧਿਆਨ ਹਟਾ ਕੇ ਮੇਰੇ ਵੱਲ ਦੇਖਿਆ। ਉਸਨੂੰ ਸ਼ਾਇਦ ਯਾਦ ਨਹੀਂ ਆ ਰਿਹਾ। ਮੈਥੋਂ ਸਬਰ ਨਹੀਂ ਹੁੰਦਾ। ਸਬਰ ਤਾਂ ਉਦੋਂ ਵੀ ਨਹੀਂ ਸੀ ਹੋਇਆ ਜਦੋਂ ਇਸ ਨੇ ਸ਼ੇਅਰ ਮਾਰਕਿਟ ਬਾਰੇ ਵਿਸਥਾਰ ਨਾਲ ਦੱਸਿਆ ਸੀ। ਬ੍ਰੋਕਰ ਕੋਲ ਲੈ ਕੇ ਗਿਆ ਸੀ। ਮੈਨੂੰ ਮਾਰਕਿਟ ਦਾ ਫੰਡਾ ਕਲੀਅਰ ਕਰਨ ਵਿਚ ਇਸਨੇ ਜਿੰਨਾ ਸਮਾਂ ਲਾਇਆ ਸੀ, ਸ਼ੇਅਰਾਂ ਵਿਚ ਇਨਵੇਸਟ ਕਰਨ ਦਾ ਫੈਸਲਾ ਲੈਣ ਵਿਚ ਤਾਂ ਮੈਂ ਉਸਦਾ ਇਕ ਪਰਸੈਂਟ ਵੀ ਨਹੀਂ ਸੀ ਲਾਇਆ। ਡੀਮੈਟ ਅਕਾਉਂਟ ਖੁਲ੍ਹਵਾਉਣ ਵਿਚ ਭਾਵੇਂ ਕੁਝ ਸਮਾਂ ਲੱਗ ਗਿਆ ਸੀ।
ਪਲਾਟ ਖਰੀਦਣ ਵੇਲੇ ਵੀ ਮੈਂ ਇਸੇ ਤਰ੍ਹਾਂ ਕੀਤਾ ਸੀ। ਪੈਸਿਆਂ ਦਾ ਇੰਤਜ਼ਾਮ ਕਰਨ ਵਿਚ ਕੁਝ ਸਮਾਂ ਭਾਵੇਂ ਲੱਗ ਗਿਆ ਹੋਵੇ। ਇਸ ਤੋਂ ਕਿਤੇ ਵੱਧ ਸਮਾਂ ਤਾਂ ਬਿੱਲੂ ਨੇ ਮਾਰਕਿਟ ਦੀ ਸਟੱਡੀ ਕਰਨ ਵਿਚ ਲਾ ਦਿੱਤਾ ਸੀ।
ਕੀਮਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਸਨ।
"ਛੇਤੀ ਕਰੀਏ ਬਿੱਲੂ।" ਆਖਰ ਇਕ ਦਿਨ ਮੈਂ ਕਹਿ ਹੀ ਦਿੱਤਾ ਸੀ, "ਕੀਮਤਾਂ ਯਾਰ… ਮੈਂ ਤਾਂ ਕਹਿਨਾਂ…।"
"ਕਮਾਲ ਹੈ ਚਾਚਾ, ਤੂੰ ਤਾਂ ਬੜੀ ਛੇਤੀ ਪ੍ਰਾਪਰਟੀ ਡੀਲਰਾਂ ਵਾਂਗ ਗੱਲਾਂ ਕਰਨ ਲੱਗ ਪਿਐਂ?"
ਪਰ ਆਪਣੇ ਕੋਲ ਸਬਰ ਕਿਥੇ? ਮੈਂ ਉਸ ਦਿਨ ਵਾਲੀ ਸਾਰੀ ਗੱਲ ਉਸ ਨੂੰ ਦੱਸੀ ਤਾਂ ਉਹ ਕਹਿੰਦਾ, "ਅੱਛਾ, ਅੱਛਾ ਉਹ ਤਾਂ ਦਰਅਸਲ਼..।" ਲਾਪਰਵਾਹੀ ਜਿਹੀ ਨਾਲ ਏਨਾ ਹੀ ਕਿਹਾ।
ਇਕ-ਇਕ ਮੱਗ ਅਸੀਂ ਹੋਰ ਚਕ 'ਤਾ।
ਬਿੱਲੂ ਉਠ ਕੇ ਟੋਇਲੇਟ ਵੱਲ ਚਲਾ ਗਿਐ।
ਅਸੀਂ ਸਵਾ-ਸਵਾ ਬੋਤਲ ਚੰਡ ਦਿੱਤੀ ਤੇ ਸ਼ਮਸ਼ੇਰ ਅਜੇ ਇਕੋ ਮੱਗ ਲਈ ਬੈਠਾ ਹੈ। ਮੈਂ ਉਸ ਨੂੰ ਕਹਿੰਦਾਂ, "ਪਤੰਦਰਾ, ਇਹਨੂੰ ਰੱਖੀ ਕਿਉਂ ਬੈਠੈਂ, ਗਰਮ ਹੋ ਕੇ ਬੋ ਮਾਰੂ ਇਹ ਸਾਲੀ…।" ਲੱਗਦੈ ਮੈਨੂੰ ਨਸ਼ਾ ਹੋ ਰਿਹੈ।
ਮੈਂ ਅੱਗੇ ਕਿਹਾ, "ਮੁਕਾ ਛੇਤੀ, ਹੋਰ ਮੰਗਾਈਏ।" ਪਰ ਸ਼ਮਸ਼ੇਰ ਮੁਸਕੁਰਾ ਰਿਹੈ। ਬੋਲਦਾ ਕੁਝ ਨਹੀਂ। ਕੀ ਇਹ ਕੋਈ ਹੋਰ ਨਸ਼ਾ ਕਰਨ ਲੱਗ ਪਿਐ?
ਬਿੱਲੂ ਦੇ ਨਾਲ-ਨਾਲ ਆ ਕੇ ਵੇਟਰ ਨੇ ਇਕ ਬੋਤਲ ਸਾਡੇ ਮੱਗਾਂ ਵਿਚ ਪਾਉਣੀ ਸ਼ੁਰੂ ਕਰ ਦਿੱਤੀ। ਝੱਗ ਨੀਂ ਉਠਣ ਦੇ ਰਿਹਾ ਬਿੱਲਕੁਲ ਵੀ। ਪਹਿਲੀ ਵਾਰੀ ਇਸੇ ਟੇਬਲ 'ਤੇ ਮੈਂ ਮੱਗ ਝੱਗ ਨਾਲ ਭਰ ਦਿੱਤੇ ਸੀ। ਬਿੱਲੂ ਹੱਸ ਕੇ ਕਹਿੰਦਾ, "ਚਾਚਾ, ਕਈ ਚੀਜ਼ਾਂ ਅਜੇ ਆਪਾਂ ਸਿੱਖਣੀਆਂ ਨੇ।" ਤੇ ਮੈਂ ਉਸੇ ਸਮੇਂ , ਉਸੇ ਪਲ ਸਿੱਖਣ ਵਿਚ ਜੁਟ ਗਿਆ ਸਾਂ। ਮੈਨੂੰ ਵੀ ਲੱਗਣ ਲੱਗ ਪਿਆ ਸੀ ਕਿ ਸਮੇਂ ਦੇ ਹਾਣ ਦਾ ਹੋਣਾ ਬਹੁਤ ਜ਼ਰੂਰੀ ਹੈ। ਫੇਰ ਤਾਂ ਵੇਟਰ ਨੂੰ ਟਿੱਪ ਦੇਣੀ ਕਿਉਂ ਜ਼ਰੂਰੀ ਹੈ, ਇਹ ਵੀ ਪਤਾ ਲੱਗ ਗਿਆ ਸੀ। ਫੇਰ ਕਦੇ ਮੱਗ ਝੱਗ ਨਾਲ ਭਰਨ ਦੀ ਨੌਬਤ ਨਹੀਂ ਸੀ ਆਈ।
ਮੱਗ ਫਟਾਫਟ ਅੰਦਰ ਸੁੱਟ ਕੇ ਮੈਂ ਟੋਇਲੇਟ ਜਾਣ ਲਈ ਉੱਠਦਾਂ। ਕੋਲ ਖੜਾ ਵੇਟਰ ਸਹਿਮਿਆ ਜਿਹਾ ਸਰ-ਸਰ ਕਰਦੈ। ਮੈਨੂੰ ਲੱਗਦੈ ਜਿਵੇਂ ਟਿੱਪ-ਟਿੱਪ ਕਰ ਰਿਹਾ ਹੋਵੇ। ਸਾਲੀ ਬੀਅਰ ਨਾਲ਼.. ਪਹਿਲਾਂ ਤਾਂ ਨੀਂ ਕਦੇ ਏਨਾ ਨਸ਼ਾ ਹੋਇਆ? ਮੈਂ ਵਾਪਸ ਸੀਟ 'ਤੇ ਬੈਠ ਜਾਂਦਾਂ। ਬਿੱਲੂ ਨੂੰ ਕਹਿੰਦਾਂ, "ਗਰਮ ਹੋ ਕੇ ਬੋ ਮਾਰੂ ਇਹ ਸਾਲੀ…। ਖਤਮ ਕਰ ਛੇਤੀ ਹੋਰ ਮੰਗਾਈਏ।" ਸ਼ਮਸ਼ੇਰ ਨੂੰ ਸੰਬੋਧਤ ਹੁੰਦਾਂ, "ਹਾਂ ਫੇਰ ਕੀ ਗੱਲ ਸੀ ਓਦਣ?" ਸ਼ਮਸ਼ੇਰ ਬਿੱਲੂ ਵੱਲ ਦੇਖਦੈ। ਬਿੱਲੂ ਮੇਰੇ ਵੱਲ। ਮੈਂ ਵੇਟਰ ਵੱਲ ਦੇਖਦਾਂ। ਉਹ ਹੱਥ ਬੰਨ੍ਹੀ ਖੜਾ ਹੈ।
"ਵੇਟਰ, ਜਾਹ ਸ਼ੇਅਰ ਫਰਾਈ ਕਰਕੇ ਲਿਆ…।" ਉਹ ਹੈਰਾਨ ਜਿਹਾ ਮੂੰਹ ਅੱਡ ਲੈਂਦੈ। ਜਿਵੇਂ ਮੈਂ ਕੋਈ ਜੱਗੋਂ ਤੇਰ੍ਹਵੀਂ ਗੱਲ ਕਹਿ ਦਿੱਤੀ ਹੋਵੇ, "ਜਾਹ ਹੁਣ, ਮੂੰਹ ਕੀ ਦੇਖਦੈਂ? ਸਾਲੇ ਮੁੰਗਫਲੀਆਂ 'ਚ ਸੌਸ ਜਾ ਪਾ ਕੇ ਕਹਿੰਦੇ, ਪੀ-ਨਟਸ਼..।" ਬਾਈ ਦੀ ਗੱਲ ਯਾਦ ਆ ਜਾਂਦੀ ਐ, "ਸਾਡੀ ਮੁੰਗਫਲੀ ਦੀ ਕੀਮਤ, ਮੇਰੀ ਸਾਲੀ ਇਥੇ ਆਉਣ ਸਾਰ ਚੌਗੁਣੀ ਹੋਗੀ?"
"ਸ਼ੇਅਰ ਵੇਚਣੇ ਨੇ ਯਾਰ, ਨਹੀਂ…।" ਕਹਿੰਦਿਆਂ ਪਲੇਟ 'ਚੋਂ ਪੀ-ਨਟਸ ਚੁੱਕ ਕੇ ਮੂੰਹ ਵਿਚ ਪਾਉਣ ਲੱਗਦਾਂ। ਥੱਲੇ ਗਿਰ ਜਾਂਦੀ ਹੈ। ਵੇਟਰ ਦਾ ਹਾਸਾ ਨਿਕਲ ਜਾਂਦੈ। ਮੈਂ ਉਸ ਨੂੰ ਗਾਲ੍ਹ ਕੱਢਦਾਂ… ਆਪਣੇ ਪੰਦਰਾਂ ਕਿੱਲਿਆਂ ਬਾਰੇ ਦੱਸਦਾਂ। ਉਹ ਯਸ ਸਰ ਕਹਿੰਦੈ। ਇੱਕਾ- ਦੁੱਕਾ ਟੇਬਲਾਂ 'ਤੇ ਬੈਠੇ ਐਗਜਿਕਿਉਟਿਵ ਟਾਈਪ ਨੌਜਵਾਨ, ਜੋ ਲੰਚ ਕਰਨ ਜਾਂ ਬੀਅਰ ਪੀਣ ਲਈ ਆਏ ਹਨ, ਮੇਰੇ ਵੱਲ ਦੇਖਣ ਲੱਗਦੇ ਨੇ। ਮੈਂ ਸ਼ਮਸ਼ੇਰ ਵੱਲ ਦੇਖਦਾਂ। ਉਹਦੇ ਅਜੇ ਵੀ ਮੱਗ ਵਿਚ ਬੀਅਰ ਪਈ ਹੈ। ਸ਼ਮਸ਼ੇਰ ਫੇਰ ਬਿੱਲੂ ਵੱਲ ਦੇਖਦੈ। ਬਿੱਲੂ ਮੇਰੇ ਵੱਲ। ਮੈਂ ਪਰਵਾਹ ਨਹੀਂ ਕਰਦਾ।
ਬਲਕਿ "ਇਹ ਬੋਰੀ ਢੋਅ ਯਾਰ ਛੇਤੀ…।" ਕਹਿੰਦਿਆਂ ਮੈਂ ਉਸਨੂੰ ਪੁੱਛਦਾਂ, "ਤੇਰੇ ਟ੍ਰੈਕਟਰ ਨੇ ਕੀ ਦਿੱਤੈ ਐਤਕੀਂ? ਕੱਟਾ, ਕੱਟੀ?" ਮੈਨੂੰ ਮੇਰਾ ਫੰਡਰ ਫੋਰਡ ਯਾਦ ਆਇਆ। ਸ਼ਮਸ਼ੇਰ ਹੁਣ ਨਾ ਬੋਲਿਆ, ਨਾ ਮੁਸਕੁਰਾਇਆ।
ਮੈਨੂੰ ਹੋਰ ਵੀ ਕੁਝ ਯਾਦ ਆਇਆ। ਇਕ ਵਾਰੀ ਮੇਰੇ ਪੁਰਾਣੇ ਛੋਟੇ ਟ੍ਰੈਕਟਰ ਨੂੰ ਸਾਡੇ ਇਕ ਸ਼ਰੀਕ ਨੇ ਅਮਰੀਕਨ ਬਲਦ ਕਹਿ ਦਿੱਤਾ ਸੀ। ਅਗਲੇ ਦਿਨ ਮੈਂ ਉਸ ਨਾਲ ਦਾ ਹਿੰਦੁਸਤਾਨ ਟ੍ਰੈਕਟਰ ਘਰੇ ਲਿਆ ਖੜਾ੍ਹਇਆ ਸੀ। ਫੇਰ ਸ਼ਰੀਕਾਂ ਦੀ ਰੀਸੋ-ਰੀਸੀ ਫੋਰਡ। ਸ਼ਾਮੀਂ ਸੈਲੀਬ੍ਰੇਟ ਕਰਦਿਆਂ ਮੇਰੇ ਲੰਗੋਟੀਏ ਯਾਰ ਬਲਕਾਰ ਦੀ ਟਿੱਪਣੀ ਨੇ ਖੁਸ਼ੀ ਦੇ ਗੁੱਬਾਰੇ ਵਿਚ ਸੂਈ ਚੁਭਾ ਦਿੱਤੀ ਸੀ, "ਤੈਨੂੰ ਪਤੈ ਏਨੇ ਵੱਡੇ ਟ੍ਰੈਕਟਰ ਲਈ ਰੋਜ਼ਾਨਾ ਕਿੰਨੇ ਘੰਟੇ ਕੰਮ ਚਾਹੀਦੈ?"
"ਘੰਟਾ…! ਕਿਉਂ ਮੂਡ ਖਰਾਬ ਕਰਦੈਂ ਯਾਰ…?" ਮੈਂ ਕਹਿਣਾ ਚਾਹੁੰਦਾ ਸਾਂ ਪਰ ਚੁਪ ਰਿਹਾ।
ਉਹ ਫੇਰ ਬੋਲਿਆ, "ਕਿਰਾਇਆ ਤਾਂ ਤੈਂ ਕਮਾਉਣਾ ਨਹੀਂ… ਸੋ ਇਹ ਫੰਡਰ ਮੱਝ ਤੋਂ ਵੱਧ ਕੁਝ ਨਹੀਂ। ਫਿਰ ਵੀ ਚੀਅਰਸ਼..!"
"ਸਰਾਪੀਆਂ ਨਿਮਨ-ਮਧਵਰਗੀ ਰੂਹਾਂ ਨੂੰ ਕੁਝ ਪਲ ਖੁਸ਼ਫਹਿਮੀ ਵਿਚ ਜਿਉਣਾ ਵੀ ਨਸੀਬ ਨਹੀਂ?" ਮੈਂ ਖਿੱਝਦਾਂ।
ਉਂਝ ਬਲਕਾਰ ਅੱਜਕਲ੍ਹ ਗੱਲਾਂ ਹੀ ਅਜਿਹੀਆਂ ਕਰਦੈ ਕਿ ਕਈ ਰਵਾਇਤੀ ਥੰਮਾਂ ਦਾ ਵਿਸ਼ਵਾਸ ਵੀ ਡਗਮਗਾਉਣ ਲੱਗ ਪੈਂਦੈ।
ਮੈਂ ਤਾਂ ਦਰਅਸਲ ਪੁੱਛ-ਗਿੱਛ ਕਰਨ ਹੀ ਗਿਆ ਸੀ ਅਜੰਸੀ ਵਿਚ। ਉਸੇ ਦਿਨ ਫੋਰਡ ਘਰੇ ਛੱਡਗੇ ਪਤੰਦਰ। ਅਖੇ, "ਸਰਦਾਰ ਜੀ, ਵਾਹ ਕੇ ਦੇਖੋ, ਧੱਕੜ ਸਾਨ੍ਹ ਐ…ਖੱਸੀ ਨੀਂ ਕੀਤਾ ਹੋਇਆ।"
"ਚਾਚਾ ਚੱਲੀਏ?" ਬਿੱਲੂ ਨੇ ਦੱਸਣ ਵਾਂਗ ਪੁੱਛਿਆ ਤੇ ਪਤਾ ਨਹੀਂ ਕਦੋਂ ਇਸ਼ਾਰਾ ਕੀਤਾ, ਵੇਟਰ ਬਿੱਲ ਲੈ ਆਇਆ। ਬਿੱਲ ਦੇਖ ਕੇ ਉਸਨੇ ਸੌ-ਸੌ ਦੇ ਕੁਝ ਨੋਟ ਟਰੇਅ ਵਿਚ ਰੱਖ ਦਿੱਤੇ। ਵੇਟਰ ਬਕਾਇਆ ਮੋੜਨ ਆਇਆ ਤਾਂ ਉਸ ਨੇ ਹੱਥ ਦੇ ਇਸ਼ਾਰੇ ਨਾਲ ਸਾਰੇ ਰੱਖਣ ਲਈ ਕਹਿ ਦਿੱਤਾ। ਮੇਰੀ ਬਾਂਹ ਫੜ ਲਈ। ਮੈਂ ਸ਼ਾਇਦ ਪੇਮੈਂਟ ਕਰਨ ਦਾ ਯਤਨ ਕੀਤਾ ਸੀ, ਪਰ ਬਿੱਲੂ ਨੇ ਗੌਲਿਆ ਹੀ ਨਹੀਂ। ਸਾਰਾ ਕੁਝ ਇਕ ਵਧੀਆ ਐਡਿਟ ਕੀਤੀ ਫਿਲਮ ਵਾਂਗ ਬੜੀ ਤੇਜ਼ੀ ਨਾਲ ਵਾਪਰ ਰਿਹਾ ਸੀ।
ਸ਼ਾਮ ਨੂੰ ਬਿੱਲੂ ਹਲੂਣ ਕੇ ਕਹਿ ਰਿਹਾ ਸੀ, "ਚਾਚਾ, ਉੱਠ ਚਾਹ…।" ਮੈਂ ਉਸ ਦੇ ਕਮਰੇ ਵਿਚ ਕਦੋਂ ਆਇਆ, ਕੁਝ ਵੀ ਯਾਦ ਨਹੀਂ। ਸ਼ਾਇਦ ਪ੍ਰਾਪਰਟੀ ਡੀਲਰ, ਨਹੀਂ ਯਾਰ, ਵੇਟਰ ਮੈਨੂੰ ਬਾਰ ਦੇ ਗੇਟ ਤੱਕ ਛੱਡਣ ਆਇਆ ਸੀ।
ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਬਿੱਲੂ ਮੁਸਕੁਰਾ ਰਿਹਾ ਸੀ, "ਚਾਚਾ, ਪੈਸੇ ਵਿਚ ਬੜੀ ਤਾਕਤ ਹੁੰਦੀ ਹੈ। ਉਹ ਕਿਸੇ ਨੂੰ ਵੀ ਉਹਦੀ ਔਕਾਤ ਦੱਸ ਸਕਦੈ। ਗ੍ਰੀਨ ਵਰਗੇ ਏ-ਕਲਾਸ ਬੀਅਰ ਬਾਰ ਦੀ ਕੰਧ 'ਤੇ ਮੂਤ ਸਕਦੈ ਤੇ ਰਿਕਸ਼ੇ ਵਾਲੇ ਨੂੰ…।"
ਮੈਂ ਚਿੰਤਾ 'ਚ ਡੁੱਬ ਜਾਂਦਾਂ, ਕਿਤੇ ਕੋਈ ਐਸੀ-ਵੈਸੀ ਗੱਲ..?
ਸ਼ਮਸ਼ੇਰ ਬਾਰੇ ਪੁੱਛਦਾਂ ਤਾਂ ਉਹ ਕਹਿੰਦੈ, "ਬੋਰੀਆਂ ਢੋਣ ਗਿਆ…।"
ਗ੍ਰੀਨ ਦੇ ਸੁਰਮਈ ਮਾਹੌਲ ਵਿਚ ਤਸੱਲੀ ਨਾਲ ਬੀਅਰ ਦਾ ਮੱਗ ਫੜੀ ਬੈਠਾ ਬਿੱਲੂ ਕਹਿ ਰਿਹਾ ਸੀ, "ਚਾਚਾ, ਇਥੇ ਬੈਠੇ ਲੋਕਾਂ ਨੂੰ ਦੇਖ ਕੇ ਦੱਸ ਸਕਦੈਂ ਕਿਹੜਾ ਕਿੰਨਾ ਵੱਡਾ ਜਿਮੀਂਦਾਰ ਹੈ? ਈਵਨ ਜ਼ਾਤ ਵੀ?" ਪਤਾ ਨਹੀਂ ਕਿਉਂ ਪੁੱਛਿਆ ਸੀ। ਸੋਚ ਵਿਚ ਡੁੱਬ ਗਿਆਂ।
ਮੇਰਾ ਦਮ ਘੁਟਣ ਲੱਗਦੈ। ਜਾਣੀ ਗਰਕਦਾ ਜਾ ਰਿਹਾਂ। ਸਰੀਰ ਟੁੱਟਣ ਲੱਗਦੈ। ਬਲਬੀਰ, ਜਿਹਨੂੰ ਮੈਂ ਵੱਡਾ ਵੀਰ ਮੰਨਦਾਂ, ਆਪਣੇ ਮਨ ਦੀਆਂ ਸਾਰੀਆਂ ਮੇਰੇ ਨਾਲ ਸਾਂਝੀਆਂ ਕਰ ਲੈਂਦੈ… ਬਿੱਲੂ ਨੂੰ ਸਮਝਾਈਂ… ਸ਼ਮਸ਼ੇਰ ਦਾ ਕੋਈ ਹੱਲ ਕਰ… ਕਿਵੇਂ ਵੀ ਪਰਤ ਆਵੇ…। ਪਰ ਮੈਂ? ਆਪਣੇ ਫੰਡੇ ਹੀ ਕਲੀਅਰ ਕਰਦਾ ਰਹਿੰਦਾਂ…।
ਮੈਨੂੰ ਥੋੜ੍ਹਾ-ਥੋੜ੍ਹਾ ਯਾਦ ਆ ਰਿਹੈ, ਦੁਪਹਿਰ ਨੂੰ ਜਦ ਮੈਂ ਪੇਮੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ ਤਾਂ ਬਿੱਲੂ ਨੇ ਕਿਹਾ ਸੀ, "ਚਾਚਾ, ਤੇਰਾ ਤਾਂ ਮੈਂ ਦੇਣਦਾਰ ਹਾਂ।"
ਕੁਝ ਰੁਪਏ ਇਹਨੇ ਮੈਥੋਂ ਉਧਾਰੇ ਲਏ ਸੀ। ਕਿਉਂਕਿ ਪਲਾਟ ਖਰੀਦਣ ਵੇਲੇ ਜ਼ਮੀਨ ਗਹਿਣੇ ਧਰ ਕੇ ਵੀ ਸਰਿਆ ਨਹੀਂ ਸੀ। ਮੇਰਾ ਲੱਖਾਂ ਦਾ ਫਾਇਦਾ ਕੀਤੈ ਇਸ ਨੇ। ਬਜ਼ਾਰ 'ਚ ਤਾਂ ਮੈਂ ਖੜ੍ਹਾਂ ਆ ਕੇ। ਬਜ਼ਾਰ ਦੀ ਜ਼ਿੰਦ ਜਾਨ, ਮੇਰੇ ਨਿੱਜੀ ਸੁਆਰਥ ਤੇ ਲਾਲਚ, ਰੀਅਲਟੀ ਮਾਰਕਿਟ ਵਾਂਗ ਹੀ ਵੱਧ-ਫੁੱਲ ਰਹੇ ਨੇ।
ਮੈਂ ਚਾਹ ਮਸੇਂ ਪੀਤੀ ਹੈ। ਸਮਝ ਵਿਚ ਨਹੀਂ ਆ ਰਿਹਾ ਹੁਣ ਕੀ ਕਰਾਂ? ਜੇਬ 'ਚੋਂ ਮੋਬਾਇਲ ਕੱਢ ਕੇ ਕਿਤੇ ਮਿਲਾਉਣ ਲੱਗਦਾਂ। ਸੋਚਦਾਂ ਕਿਥੇ ਮਿਲਾਵਾਂ? ਅਚਾਨਕ 'ਘਰ' ਡਾਇਲ ਹੋ ਜਾਂਦੈ। ਲੈਂਡਲਾਈਨ 'ਤੇ ਘੰਟੀ ਵੱਜਣ ਸਾਰ ਝਟ ਹੈਲੋ ਦੀ ਮਿੱਠੀ ਜਿਹੀ ਆਵਾਜ਼ ਆਉਂਦੀ ਹੈ। ਹੁਬ੍ਹ ਕੇ ਚੁਕਿਐ ਜਿਵੇਂ ਕਿ ਘਰਵਾਲੀ ਟੈਲੀਫੋਨ ਦੇ ਕੋਲ ਹੀ ਖੜੀ ਹੋਵੇ। ਲੈਂਡਲਾਈਨ 'ਤੇ ਅਕਸਰ ਉਸਦੇ ਰਿਸ਼ਤੇਦਾਰਾਂ ਦੇ ਫੋਨ ਹੀ ਆਉਂਦੈ ਨੇ। ਜਾਂ ਬੱਚਿਆਂ ਦੇ ਕਿਸੇ ਫ੍ਰੈਂਡ ਦਾ, ਹੋਮਵਰਕ ਵਗੈਰਾ ਬਾਰੇ ਗੱਲ ਕਰਨ ਲਈ।
ਕਦੇ ਸਾਰੇ ਮੁਹੱਲੇ ਵਾਲਿਆਂ ਦੇ ਫੋਨ ਇੱਥੇ ਆਉਂਦੇ ਸੀ, ਹੁਣ ਮੇਰਾ ਆਪਣਾ ਫੋਨ ਵੀ ਇਸ 'ਤੇ ਨਹੀਂ ਆਉਂਦਾਂ। ਜੇ ਆ ਵੀ ਜਾਵੇ ਤਾਂ ਮੈਂ ਅਟੈਂਡ ਨਹੀਂ ਕਰਦਾ, ਆਪੇ ਮੋਬਾਇਲ 'ਤੇ ਆਜੂ। ਭਾਵੇਂ ਬੈਠਕ ਵਿਚ ਪੈਰਲਲ ਟੇਲੀਫੋਨ ਵੀ ਲਾ ਰੱਖਿਐ।
"ਭਾਗਵਾਨੇ, ਮੈਂ ਥੋੜ੍ਹਾ ਲੇਟ ਆਊਂ… ਹਾਂ… ਹਾਂ, ਹੁਣ ਤਾਂ ਬਿੱਲੂ ਕੋਲ਼.. ਨਹੀਂ, ਨਹੀਂ ਛੇਤੀ ਆਜੂੰ… ਸੈਰੀ ਤੇ ਰਿੰਪੀ? ਕੋਈ ਨਾ ਖੇਡਣ ਦੇ… ਅੱਛਾ, ਅੱਛਾ… ਠੀਕ ਐ… ਓਕੇ… ਰੱਖ ਦੇ…।" ਉਪਚਾਰਿਕਤਾ ਕਿੰਨੀ ਲਾਉਡ ਹੁੰਦੀ ਹੈ।
ਬਲਬੀਰ ਦੀਆਂ ਕਈ ਗੱਲਾਂ 'ਤੇ ਵੀ ਮੈਂ ਅਜਿਹੀ ਟਿੱਪਣੀ ਕਰ ਦਿੰਦਾਂ, "ਵੀਰ, ਖਬਰੇ ਤੇਰੀਆਂ ਗੱਲਾਂ ਸਹੀ ਵੀ ਹੋਣ ਪਰ ਤੂੰ ਲਾਉਡ ਬਹੁਤ ਹੋ ਜਾਨੈਂ…।"
ਵੀਰ ਦੀ ਸਿਆਣਪ ਤੇ ਸਮਝ ਦਾ ਹਮੇਸ਼ਾਂ ਤੋਂ ਕਾਇਲ ਰਿਹਾਂ। ਖੇਤੀ ਬਾੜੀ ਤੋਂ ਲੈ ਕੇ ਪਰਵਾਰਕ, ਹਰ ਮਸਲਾ ਅਸੀਂ ਡਿਸਕੱਸ ਕਰਦੇ, ਮੈਂ ਉਹਦੀ ਹਰ ਗੱਲ ਮੰਨਦਾ, ਪਰ ਹੁਣ ਲੱਗਦੈ ਟਿਉਨਿੰਗ 'ਚ ਗੜਬੜ ਜਿਹੀ ਹੋਗੀ। ਬਲਕਾਰ ਕਹਿੰਦਾ ਸੀ, "ਪੂੰਜੀ ਪਾੜਦੀ ਐ… ਬੰਦੇ ਨੂੰ ਬੰਦੇ ਤੋਂ ਦੂਰ ਕਰਦੀ ਐ… ਮਨ-ਮਸਤਕ ਵਿਚ, ਰਿਸ਼ਤਿਆਂ ਵਿਚ ਖਾਲੀਪਨ ਪੈਦਾ ਕਰਦੀ ਐ।"
ਦੋਸਤੀ ਦਾ ਮਤਲਬ ਸੁਖ-ਦੁਖ ਵਿਚ ਸਾਥ ਦੇਣਾ ਹੁੰਦੈ, ਹਰ ਕਿਤੇ ਸਹਿਮਤ ਹੋਣਾ ਨਹੀਂ। ਮੇਰਾ ਆਪਣਾ ਤਰਕ ਹੈ।
ਉਂਝ ਖਿਆਲ ਮੇਰੇ ਦਿਮਾਗ਼ ਵਿਚ ਵੀ ਬੜੇ ਪੁੱਠੇ-ਸਿੱਧੇ ਆਉਣ ਲੱਗ ਪਏ ਨੇ। ਓਦਣ…
ਕਾਮਰੇਡ ਦੀ ਛਤਰੀ ਤਾਣਨ ਵਾਲੀ ਗੱਲ਼.. ਮੇਰੀ ਸੋਚ 'ਤੇ ਕਾਬਜ਼ ਹੀ ਹੋ ਕੇ ਬਹਿ ਗਈ ਐ।
ਨਹੀਂ, ਨਹੀਂ ਮੈਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ।
"ਬੀ ਪੋਜਿਟਿਵ ਯਾਰ!" ਕਿਸੇ ਨੇ ਠੀਕ ਕਿਹੈ, ਬੀ ਪੋਜਿਟਿਵ ਸਿਰਫ ਬਲੱਡ ਗਰੁਪ ਹੀ ਨਹੀਂ ਜ਼ਿੰਦਗੀ ਜਿਉਣ ਲਈ ਇਕ ਨਜ਼ਰੀਆ ਵੀ ਹੈ। ਵਿਹਾਰਕ ਗੱਲਾਂ ਹੀ ਸੋਚਣੀਆਂ ਚਾਹੀਦੀਆਂ ਨੇ। ਨਿਗੇਟਿਵ ਕਿਉਂ ਸੋਚਾਂ?
ਸਿਰਫ ਇਕੋ ਬਿੰਦੂ ਤੇ ਧਿਆਨ ਕੇਂਦ੍ਰਤ ਕਰਨਾ ਚਾਹੀਦੈ। ਕਿਸੇ ਵੀ ਤਰਾਂ੍ਹ ਜ਼ਮੀਨ… । ਉਫ ! ਮੇਰੀ ਬਿਰਤੀ ਇਕ ਬਿੰਦੂ 'ਤੇ ਟਿਕਦੀ ਕਿਉਂ ਨਹੀਂ? ਟਿਕ ਵੀ ਕਿਵੇਂ ਸਕਦੀ ਐ? ਕੀ ਨਿੱਜੀ ਸੁਆਰਥ ਤੇ ਲਾਲਚ ਦੀ ਭਾਵਨਾ ਬੰਦੇ 'ਚ ਨਹੀਂ ਹੋਣੀ ਚਾਹੀਦੀ? ਫੇਰ ਤਾਂ ਉਹ ਸਾਧ ਹੀ ਬਣ ਜਾਵੇ? ਪਰ ਸਾਧ-ਸਨਿਆਸੀਆਂ ਤੇ ਮਠਾਂ-ਡੇਰਿਆਂ ਦੀ ਹਕੀਕਤ ਕਿਹੜੀ ਛਿਪੀ ਹੋਈ ਹੈ ਕਿਸੇ ਤੋਂ?
ਕਲ੍ਹ ਸ਼ਾਮੀਂ ਮਾਸਟਰ ਜੁਗਿੰਦਰ ਕੋਲ ਬੈਠੇ ਸਾਂ। ਅਮਰੀਕ ਵੀ ਸੀ। ਮੈਂ ਅਕਸਰ ਮਾਰਕਿਟ ਡਿਸਕੱਸ ਕਰਨ ਜਾਂਦਾਂ। ਉਂਝ ਬਜ਼ਾਰ ਬਾਰੇ ਗੱਲ-ਬਾਤ ਤਾਂ ਬਿੱਲੂ ਨਾਲ ਵੀ ਫੋਨ 'ਤੇ ਰੋਜ਼ਾਨਾ ਹੀ ਹੁੰਦੀ ਹੈ ਪਰ ਮਾਸਟਰ ਨਾਲ ਵੀ ਗੱਲ ਕਰਨੀ ਮੈਂ ਜ਼ਰੂਰੀ ਸਮਝਦਾਂ। ਕੁਲ ਮਿਲਾ ਕੇ ਤਾਂ ਮਾਸਟਰ ਬਿੱਲੂ ਦੀਆਂ ਗੱਲਾਂ ਦੀ ਤਾਇਦ ਹੀ ਕਰਦੈ। ਮੇਰਾ ਮਨ ਟਿਕ ਜਾਂਦੈ।
ਪਰ ਅਮਰੀਕ ਆਪਣੀ ਖਿੱਚੜੀ ਵੱਖਰੀ ਪਕਾਉਂਦੈ। ਕਹਿੰਦਾ, "ਥੋਡਾ ਇਹ ਸ਼ੇਅਰਾਂ-ਸ਼ੁਰਾਂ ਤੇ ਰਿਅਲ ਅਸਟੇਟ ਦਾ ਬੁਲਬੁਲਾ ਤਾਂ ਫੁੱਟਣ ਵਾਲਾ ਹੀ ਹੈ। ਜਿਵੇਂ ਅਮਰੀਕਾ ਵਿਚ ਭਾਂਡਾ ਫੁੱਟਿਐ, ਇੰਡੀਆ ਵਿਚ ਵੀ ਫੁੱਟੇਗਾ।"
ਗੱਲ ਤਾਂ ਉਸਨੇ ਹਾਸੇ ਵਿਚ ਹੀ ਕੀਤੀ ਸੀ। ਕੁਝ ਨਾ ਕੁਝ ਕਹਿੰਦਾ ਹੀ ਰਹਿੰਦੈ। ਉੱਨੀ ਸੌ ਤੀਹ ਤੋਂ ਲੈ ਕੇ ਡੌਟ-ਕੌਮ ਬੁਲਬੁਲਾ ਤੇ ਕਿੰਨਾ ਕੁਝ। ਅੱਜ ਫੇਰ ਦੁਖਦੀ ਰਗ 'ਤੇ ਹੱਥ ਧਰਿਆ ਸੀ। ਲੱਗੀ ਹੋਈ 'ਤੇ ਚੋਟ ਵੱਧ ਲੱਗਦੀ ਐ।
ਮਾਸਟਰ ਤੈਸ਼ ਵਿਚ ਆ ਗਿਆ, "ਕਾਮਰੇਡ, ਕਦੇ ਕਿਹਾ ਜਾਂਦਾ ਸੀ, ਮੀਂਹ ਰਸ਼ੀਆ ਵਿਚ ਪੈਂਦੈ ਤੇ ਇੰਡੀਆ ਵਿਚ ਕਾਮਰੇਡ ਸ਼ਤਰੀ ਤਾਣ ਲੈਂਦੇ ਨੇ। ਕੀ ਹੁਣ ਮੀਂਹ ਅਮਰੀਕਾ 'ਚ ਪੈਣ ਲੱਗ ਪਿਐ?" ਉਸ ਦਾ ਲਹਿਜਾ ਵਿਅੰਗਪੂਰਨ ਹੋ ਗਿਆ ਸੀ।
"ਮਾਸਟਰ ਜੀ, ਮੀਂਹ ਤਾਂ ਹੁਣ ਇੰਡਿਆ ਵਿਚ ਵੀ ਪਊ।" ਚਿਹਰੇ ਦੇ ਨਾਲ-ਨਾਲ ਬੋਲਾਂ 'ਚੋਂ ਵੀ ਅਮਰੀਕ ਦਾ ਕੋਈ ਦੁਖ ਝਲਕ ਰਿਹਾ ਸੀ। ਪਿੱਛੇ ਬਲਕਾਰ ਨੇ ਕਿਸੇ ਗੱਲ 'ਤੇ ਉਸ ਨੂੰ ਸੱਤਰਵਿਆਂ ਦੀਆਂ ਫਿਲਮਾਂ ਦਾ ਚਿਕਣਾ ਹੀਰੋ ਕਿਹਾ ਸੀ। ਅਖੇ, "ਹੁਣ ਖੁਰਦਰੇ ਯਥਾਰਥ ਨਾਲ ਭੇੜ ਕਰਨ ਦਾ ਸਮਾਂ ਆ ਗਿਐ ਸੰਸਦਜੀਵੀ ਸਾਥੀਓ…!" ਉਦੋਂ ਦਾ ਬਾਈ ਔਖਾ ਜਿਹਾ ਹੈ।
"ਤੁਸੀਂ ਵੀ ਯਾਰ ਮੌਸਮ ਦਾ ਹਾਲ ਛੇੜ ਕੇ ਬਹਿ ਗਏ ਓਂ। ਮੈਂ ਤਾਂ ਮਾਸਟਰ ਜੀ ਤੋਂ ਕੋਈ ਨਵਾਂ ਜੋਕ ਸੁਣਨਾ ਚਾਹੁੰਦਾ ਸੀ। ਭੈਣਜੀਆਂ ਬਾਰੇ ਆਉਣ ਦਿਓ ਮਾਸਟਰ ਜੀ…।" ਮੈਂ ਮਸੇਂ ਗੱਲ ਦਾ ਰੁਖ ਬਦਲਿਆ ਸੀ।
ਅੱਜ ਸੈਨਸੇਕਸ ਵਿਚ ਡੇਢ ਸੌ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਜਿਸ ਦਿਨ ਸੈਨਸੇਕਸ ਨੇ ਤੇਰਾਂ ਹਜ਼ਾਰ ਦੇ ਅੰਕੜੇ ਨੂੰ ਛੂਹਿਆ ਸੀ, ਮੈਂ ਬਿੱਲੂ ਕੋਲ ਠਹਿਰਿਆ ਹੋਇਆ ਸਾਂ। ਲਗਾਤਾਰ ਬ੍ਰੇਕਿੰਗ ਨਿਊਜ਼ ਆ ਰਹੀ ਸੀ ਤੇ ਬਿੱਲੂ ਟੀ ਵੀ ਤੋਂ ਨਜ਼ਰਾਂ ਵੀ ਨਹੀਂ ਸੀ ਹਟਾ ਰਿਹਾ। ਬਹੁਤ ਹੀ ਜ਼ਿਆਦਾ ਉਤੇਜਿਤ। ਫੇਰ ਰਾਤ ਗਿਆਰਾਂ ਵਜੇ ਤੱਕ ਮੈਨੂੰ ਇਸੇ ਬਾਰੇ ਦੱਸਦਾ ਰਿਹਾ ਸੀ।
ਅੰਕੜਾ ਸੋਲਾਂ ਹਜ਼ਾਰ ਟੱਪਣ ਤੋਂ ਪਹਿਲਾਂ ਹੀ ਮੈਂ ਬਜ਼ਾਰ ਵਿਚ ਵੜ ਗਿਆ ਸਾਂ। ਹੁਣ ਬਾਈ ਹਜ਼ਾਰ ਤਾਂ ਨਹੀਂ ਪਰ ਵੀਹ ਹਜ਼ਾਰ ਪਲੱਸ ਤਾਂ ਚਲ ਹੀ ਰਿਹੈ। ਅੱਜ ਦਾ ਟ੍ਰੈਂਡ ਡਿਸਕੱਸ ਕਰਨ ਲਈ ਮੈਂ ਬਿੱਲੂ ਦਾ ਮੋਬਾਇਲ ਮਿਲਾਉਂਦਾਂ। ਕਲ੍ਹ ਹੋਈ ਸਾਰੀ ਗੱਲ ਦੱਸਦਾਂ।
ਉਹ ਹੱਸ ਪੈਂਦੈ, "ਦਲਾਲ ਸਟ੍ਰੀਟ ਤੇ ਵਾਲ ਸਟ੍ਰੀਟ ਵਿਚਾਲੇ ਸੱਤ ਸਮੁੰਦਰਾਂ ਦਾ ਫਾਸਲਾ ਹੈ ਚਾਚਾ। ਕਿਸੇ ਖੂਹ ਦੇ ਡੱਡੂ ਨੂੰ ਇਹਨਾਂ ਚੀਜ਼ਾਂ ਬਾਰੇ ਕੀ ਪਤਾ?"
ਕਾਮਰੇਡ ਅਮਰੀਕ ਸਿੰਘ ਨੂੰ ਉਹ ਖੂਹ ਦਾ ਡੱਡੂ ਕਹਿ ਰਿਹਾ ਸੀ। ਮੈਂ ਸੋਚਣ ਲੱਗਿਆ।
ਫਿਰ ਕਹਿੰਦਾ, "ਚਾਚਾ, ਕਮਿਉਨਿਸਟਾਂ ਨੇ ਤਾਂ ਸਾਰੇ ਕੁਝ ਦਾ ਵਿਰੋਧ ਹੀ ਕਰਨਾ ਹੁੰਦੈ। ਤੈਨੂੰ ਪਤਾ ਈ ਐ , ਸਾਰੇ ਦੇਸ਼ 'ਚ ਜਿਸ ਦਾ ਵਿਰੋਧ ਕਰਦੇ ਐ, ਉਹੀ ਗੰਦ ਸਿੰਗੂਰ, ਨੰਦੀਗ੍ਰਾਮ ਵਿਚ ਪਾ ਦਿੰਦੇ ਐ।"
ਹਰ ਗੱਲ ਦਾ ਜਵਾਬ ਹੁੰਦੈ ਬਿੱਲੂ ਕੋਲ। ਮੈਂ ਉਸ ਦੀ ਤਾਰੀਫ ਕਰਦਾਂ। ਉਹ ਉਤਸ਼ਾਹਿਤ ਹੋ ਕੇ ਅੱਗੇ ਕਹਿੰਦੈ, "ਗਰੀਬ-ਗੁਰਬਿਆਂ ਦੇ ਹਿਮਾਇਤੀ ਬਣਦੇ ਨੇ, ਪਰ ਉਹਨਾਂ ਲਈ ਕੀਤਾ ਕੀ ਹੈ? ਧਰਨੇ, ਰੈਲੀਆਂ ਕਰਕੇ ਡਾਂਗਾਂ ਪਵਾ ਦਿੰਦੇ ਨੇ। ਬਸ। ਇਹ ਤਾਂ ਮੰਨੇਂਗਾ ਚਾਚਾ, ਥੱਕੇ-ਹਾਰੇ ਦਾ ਆਖਰੀ ਸਹਾਰਾ ਤਾਂ ਝੂਠਾ-ਸੱਚਾ ਰੱਬ ਈ ਹੁੰਦੈ। ਉਹ ਵੀ ਇਹਨਾਂ ਨੇ ਖੋਹ ਲਿਆ। ਕੀਹਦੇ ਲੜ ਲੱਗਣ ਹੁਣ ਵਿਚਾਰੇ? ਖੁਦਕੁਸ਼ੀਆਂ ਈ ਕਰਨਗੇ, ਹੋਰ ਕੀ?"
ਜਦ-ਕਦ ਪਤਾ ਨਹੀਂ ਕੀਹਦੀ ਭਾਸ਼ਾ ਬੋਲਣ ਲੱਗ ਪੈਂਦੈ ਬਿੱਲੂ, "ਤੇ ਧਰਮ? ਚਾਚਾ, ਰਾਜਸੱਤਾ ਤੇ ਪ੍ਰਸ਼ਾਸਨ ਆਮ ਲੋਕਾਂ ਲਈ ਹਮੇਸ਼ਾਂ ਦਮਨਕਾਰੀ ਸ਼ਕਤੀਆਂ ਰਹੀਆਂ ਨੇ… ਫਿਰ ਭਾਵੇਂ ਅਫੀਮ ਹੀ ਸਹੀ, ਹੋਰ ਕਿਥੇ ਜਾਣਗੇ ਉਹ?"
ਜਿੰਨਾ ਕੁ ਤਰਕ ਜਿਹਦੇ ਫਿਟ ਬੈਠੇ, ਜਦਕਿ ਧਰਮ ਨੂੰ ਵੀ ਤਾਂ ਆਮ ਲੋਕਾਂ ਅਤੇ ਦੱਬੇ-ਕੁਚਲਿਆਂ ਦੇ ਦਮਨ ਲਈ ਵਰਤਿਆ ਗਿਐ? ਹਾਲਾਂਕਿ ਅਜਿਹੇ ਸਟੀਰੀਓਟਾਈਪ ਤਰਕ ਮੈਂ ਕਈ ਬਾਰ ਸੁਣ ਚੁਕਾਂ ਫਿਰ ਵੀ ਫੌਰੀ ਤੌਰ ਤੇ ਤਸੱਲੀ ਹੋਈ।
ਤਸੱਲੀ ਇਸੇ ਤਰ੍ਹਾਂ ਬਲਬੀਰ ਦੀ ਵੀ ਕਰਵਾਉਣੀ ਪੈਂਦੀ ਹੈ। ਇਕ ਦਿਨ ਗੱਲ ਚੱਲੀ ਤਾਂ ਮੈਂ ਕਿਹਾ, "ਵੀਰ, ਨਵੇਂ ਦੌਰ ਦੇ ਨਵੇਂ ਤੌਰ ਤਰੀਕੇ, ਨਵੀ ਪਨੀਰੀ, ਨਵੀ ਸੋਚ…।" ਦੁਚਿੱਤੀ ਦੀ ਅਵਸਥਾ 'ਚੋਂ ਨਿਕਲਣ ਲਈ ਮੈਂ ਗੱਲ ਸ਼ੁਰੂ ਕਰਦਾਂ। ਗੱਲ ਚੱਲੂ ਤਾਂ ਹੀ ਕੋਈ ਸਿਰਾ ਥਿਆਊ।
"ਜਗਦੇਵ ਸਿਆਂ, ਮੈਂ ਕਦੇ ਨੀਂ ਕੀਰਨੇ ਪਾਏ ਕਿ ਇਹ ਮੇਰੀ ਬਣਾਈ ਹੋਈ ਜ਼ਮੀਨ ਹੈ… ਜਿਵੇਂ ਕਈ ਕਹਿੰਦੇ ਰਹਿੰਦੇ ਨੇ… ਮੈਂ ਇਹ ਕੀਤਾ, ਉਹ ਕੀਤਾ…। ਮੈਨੂੰ ਪਤੈ ਇਹ ਮੇਰਾ ਫਰਜ਼ ਸੀ, ਪਰ…।" ਉਹ ਗੱਲ ਨੂੰ ਹੋਰ ਪਾਸੇ ਲੈ ਜਾਂਦੈ।
"ਪਰ ਕੀ?" ਮੈਂ ਖਿੱਝਦਾਂ, "ਜਦ ਦੇਖੋ ਪਰ ਫੜਫੜਾਉਂਣ ਲੱਗ ਪੈਂਦੈ। ਏਨੇ ਤਰਕ ਵੀ ਨੀਂ ਸੋਂਹਦੇ।"
"ਕੋਈ ਸ਼ੱਕ ਵਾਲੀ ਗੱਲ ਹੈ ਜ਼ਰੂਰ। ਸਾਲ 'ਚ ਈ ਯਾਰ ਰੇਟ ਦੁਗਣੇ-ਤਿਗਣੇ ਹੋ ਜਾਣਾ…?"
ਉਹ ਖਦਸ਼ਾ ਪ੍ਰਗਟਾਉਂਦੈ।
"ਵਿਕਾਸ ਦਰ ਦੇਖੀ, ਕਿੰਨੀ ਵਧੀਆ ਚਲ ਰਹੀ ਹੈ?" ਮੈਂ ਕਾਟ ਮਾਰਦਾਂ।
ਇਸੇ ਤਰਾਂ੍ਹ ਇਨਫਲੇਸ਼ਨ ਦਰ, ਬੈਂਕਾਂ ਦੀ ਰੈਪੋ ਰੇਟ, ਰਿਵਰਸ ਰੈਪੋ ਰੇਟ, ਸੈਨਸੇਕਸ ਨਿਫਟੀ, ਸਮਾਲ ਕੈਪ, ਮਿਡਕੈਪ ਆਦਿ ਅਜਿਹੇ ਜਾਦੂਈ ਸ਼ਬਦ ਜੋ ਅੱਜਕਲ੍ਹ ਆਮ ਵਰਤੋਂ ਵਿਚ ਹਨ, ਬਾਰੇ ਕਿੰਨੀ ਕੁ ਬਹਿਸ ਕੀਤੀ ਜਾ ਸਕਦੀ ਹੈ ਭਲਾ? ਸੋ ਉਹ ਚੁੱਪ ਕਰ ਗਿਆ।
ਉਹ ਤਾਂ ਚੁੱਪ ਕਰ ਗਿਆ ਪਰ ਹੁਣ ਤਾਂ ਬੋਲਤੀ ਮੇਰੀ ਵੀ ਬੰਦ ਹੋਈ ਪਈ ਹੈ। ਕੀਹਨੇ ਸੋਚਿਆ ਸੀ ਪਈ ਇਹ ਸਾਰੇ ਜਾਦੂਈ ਸ਼ਬਦ ਅੱਖ ਦੇ ਝਪਾਕੇ ਨਾਲ ਭਾਂਡੇ 'ਚ ਵੜ ਜਾਣਗੇ। ਬਾਣੀਏ ਦੀ ਵਹੀ ਅਕਸਰ ਅੱਖਾਂ ਸਾਹਵੇਂ ਆ ਖੜਦੀ ਐ।
ਬਾਪੂ ਜੀ ਦੀ ਕਹੀ ਗੱਲ ਯਾਦ ਆਈ। ਪਤਾ ਨਹੀਂ ਕਿਸ ਸੰਦਰਭ 'ਚ ਕਿਹਾ ਸੀ, "ਗਹਿਣੇ ਪਏ ਜੱਟ ਨੂੰ ਜ਼ਮੀਨ ਛੁੜਵਾ ਲੈਂਦੀ ਐ, ਪਰ ਗਹਿਣੇ ਪਈ ਜ਼ਮੀਨ ਨੂੰ…!" ਮੈਂ ਕੰਬ ਗਿਆ। ਫੇਰ ਮਨ ਟਿਕਾ ਕੇ ਸੋਚਿਆ। ਮਨ ਬਣਾਇਆ ਕਿ ਕੁਝ ਸ਼ੇਅਰ ਵੇਚ ਕੇ ਪਹਿਲਾਂ ਇਹ ਕੰਮ ਜ਼ਰੂਰੀ ਹੈ।
ਪਿਛੇ ਬਿੱਲੂ ਨਾਲ ਵੀ ਗੱਲ ਕੀਤੀ ਸੀ, "ਯਾਰ, ਕੁਝ ਸ਼ੇਅਰ ਵੇਚਣੇ ਐ?"
"ਕਿਹੜੇ?"
"ਆਈ।ਟੀ। ਵਾਲੇ। ਪਾਵਰ ਸੈਕਟਰ ਤਾਂ, ਮੈਂ ਸਮਝਦਾਂ ਪਲਾਂਟਾਂ 'ਚ ਪ੍ਰੋਡਕਸ਼ਨ ਤੋਂ ਬਾਅਦ ਤੇਜ਼ੀ ਫੜਨਗੇ…।" ਮੈਂ ਸਹਿਜੇ ਹੀ ਟੀ ਵੀ ਵਾਲੀ ਭਾਸ਼ਾ ਬੋਲ ਗਿਆ ਸੀ।
"ਮੈਂ ਤਾਂ ਕਹਿੰਦਾਂ ਚਾਚਾ, ਹਾਲੇ ਹੋਲਡ ਕਰਨਾ ਚਾਹੀਦੈ…।"
"ਪੈਸਿਆਂ ਦੀ ਲੋੜ ਤੀ ਭਤੀਜ।"
ਬਿੱਲੂ ਹੱਸ ਪਿਆ, "ਕਿਉਂ ਮਜ਼ਾਕ ਕਰਦੈਂ ਚਾਚਾ? ਨਾ ਵਿਆਹ-ਸ਼ਾਦੀ, ਨਾ ਕੋਈ ਕਾਣ-ਮੁਕਾਣ…?"
"ਤੂੰ ਵੀ ਭਤੀਜ਼..।" ਜੱਟ ਦਾ ਮਨੋਵਿਗਿਆਨ ਕੁਰਲਾਇਆ ਸੀ।
"ਠੀਕ ਹੈ ਫੇਰ, ਇਸ ਹਫਤੇ ਦਾ ਰੁਝਾਨ ਦੇਖ ਕੇ…।"
ਭਵੰਤਰਿਆ ਜਿਹਾ ਜਦ ਵੀ ਟੀ ਵੀ ਔਨ ਕਰਦਾਂ, ਭੈੜੀਆਂ-ਭੈੜੀਆਂ ਹੈਡ ਲਾਈਨਾਂ…। ਮੂਧੇ ਮੂੰਹ ਪਿਆ, ਅੱਖਾਂ ਵਿਚ ਗਿੱਡ, ਕਿਸੇ ਘਪਲੇ 'ਤੇ ਅਥਰੂ ਕੇਰਦਾ, ਸਾਨ੍ਹ ਰੋਜ਼ਾਨਾ ਅਖਬਾਰਾਂ 'ਚ ਦੇਖਦਾਂ। ਮਾਰਕਿਟ ਦਾ ਨਹੀਂ ਜੰਗਲ ਦਾ ਜਾਨਵਰ ਹੈ ਇਹ ਅੰਨ੍ਹਾ ਸਾਨ੍ਹ। ਵਿਚੇ ਏਦਾਂ ਵੀ ਸੋਚਦਾਂ।
ਕੀ ਕਰਾਂ? ਸੋਚ ਕਿਸੇ ਰਾਹ ਪੈਂਦੀ ਨਹੀਂ ਦਿੱਸ ਰਹੀ। ਕੋਈ ਹਮਦਰਦੀ ਪ੍ਰਗਟਾਉਣ ਵਾਲਾ ਵੀ ਨਹੀਂ।
ਹਮਦਰਦੀ? ਬਜ਼ਾਰ ਵਿਚ ਹਮਦਰਦੀ ਤੇ ਭਾਵੁਕਤਾ ਦਾ ਕੀ ਕੰਮ? ਕਦੇ ਮੈਂ ਵੀ ਆਹੀ ਕੁਝ ਕਹਿੰਦਾ ਹੁੰਦਾ ਸਾਂ ਨਾ? ਫੇਰ ਨਿੱਜੀ ਸੁਆਰਥ ਤੇ ਲਾਲਚ ਮਰ ਨਹੀਂ ਜਾਵੇਗਾ?
ਕਾਸ਼! ਕੋਈ ਮੋਢੇ 'ਤੇ ਹੱਥ ਧਰ ਕੇ ਕਹੇ, "ਕੋਈ ਨਾ ਸ਼ੇਰਾ, ਹਿੰਮਤ ਰੱਖ। ਸਾਨ੍ਹ ਦਾ ਕੀ ਐ, ਜਦ ਮਰਜੀ ਪੂੰਛ ਚੁਕ ਲਵੇ।"
ਪਰ ਕੌਣ ਕਹੇ? ਬਲਬੀਰ? ਉਹਨੂੰ ਵੀ ਕਿਥੇ ਪਤੈ ਮੇਰੀ ਹਕੀਕਤ। ਨਾਲੇ ਉਹਦਾ ਤਾਂ ਆਪ ਵਿਚਾਰੇ ਦਾ ਸੱਤਰਵਿਆਂ ਵਾਲਾ ਚਿਕਣਾ ਹੀਰੋ ਹੁਣ ਅਪ੍ਰਸੰਗਿਕ ਹੋ ਗਿਐ ਅਤੇ ਨਵੇਂ ਦੀ ਹਾਲੇ ਨੁਹਾਰ ਹੀ ਸਪਸ਼ਟ ਨਹੀਂ…?
ਬਿੱਲੂ? ਬਿੱਲੂ ਨੂੰ ਵੀ ਮੇਰਾ ਪੂਰਾ ਸੱਚ ਕਿਥੇ ਪਤੈ? ਪਰ ਮਾਰਕਿਟ ਦਾ ਸਚ ਨਾ ਉਸ ਤੋਂ ਛਿਪਿਐ ਨਾ ਮੈਥੋਂ। ਉਹਦੀ ਆਪਣੀ ਹਾਲਤ ਵੀ ਤਾਂ ਪਤਲੀ ਹੋਈ ਪਈ ਹੈ। ਪਰਸੋਂ ਫੋਨ 'ਤੇ ਕਹਿੰਦਾ ਸੀ, "ਚਾਚਾ, ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਇੰਝ ਗਿੱਟਿਆਂ ਵਿਚ ਵੱਜੇਗੀ। ਬਜ਼ਾਰ ਦੇ ਤਾਂ ਆਪਣੇ ਹੀ ਵਿਧੀ-ਵਿਧਾਨ ਹੁੰਦੇ ਨੇ। ਉਹ ਪਰਵਾਰ, ਸਮਾਜ, ਰੁਤਬਾ, ਜ਼ਰੂਰਤ ਕੁਝ ਨਹੀਂ ਦੇਖਦਾ। ਤੇਰੇ ਪੈਸੇ ਵੀ ਚਾਚਾ… ਸਮਝ 'ਚ ਨਹੀਂ ਆ ਰਿਹਾ, ਕਿਵੇਂ ਕਰੀਏ?"
ਮੈਂ ਵਿਚਾਲੇ ਟੋਕਿਆ ਸੀ, "ਬਹੁਤੀ ਨਾ ਚਿੰਤਾ ਕਰ ਭਤੀਜ। ਉਂਝ ਵੀ ਮਣਾ ਦੇ ਟੋਏ ਕਣਾ ਨਾਲ ਕਿਥੇ ਪੂਰੇ ਹੁੰਦੇ ਨੇ…?" ਪਰ ਉਸ ਦੀਆਂ ਗੱਲਾਂ ਸੁਣ ਕੇ ਡਰ ਮੈਂ ਵੀ ਗਿਆ ਸਾਂ।
"ਮੇਰੇ ਤਾਂ ਚਾਚਾ, ਹੋਸ਼ ਉੱਡੇ ਪਏ ਨੇ। ਗਹਿਣੇ ਪਈ ਜਮੀਨ… ਸੁੱਤੇ ਪਏ ਦੇ ਕਾਲਜੇ 'ਤੇ ਬੋਝ ਜਿਹਾ ਪੈ ਜਾਂਦੈ। ਪਸੀਨੋ-ਪਸੀਨ ਹੋਇਆ ਹੱਬੜਵਾਹੇ ਉਠ ਖੜਦਾਂ। ਫੇਰ ਸਾਰੀ ਰਾਤ ਅੱਖਾਂ ਵਿਚ ਹੀ ਲੰਘਦੀ ਹੈ।" ਉਹ ਕਹਿ ਰਿਹਾ ਸੀ।
ਨੀਂਦ ਮੈਨੂੰ ਕਿਹੜੀ ਆਉਂਦੀ ਹੈ? ਨਾ ਟੀ ਵੀ ਚੰਗਾ ਲੱਗਦੈ ਨਾ ਰੋਟੀ-ਪਾਣੀ। ਪਹਿਲਾਂ ਕਦੇ ਰਤਾ ਵੱਧ ਪੀਤੀ ਤੋਂ ਹੁੰਦਾ ਸੀ, ਹੁਣ ਅਕਸਰ ਸਿਰਦਰਦ ਰਹਿਣ ਲੱਗ ਪਿਐ।।।ਬੇਮਤਲਬ ਮੂੰਹ 'ਚੋਂ ਗਾਲ੍ਹਾਂ… ਗੁੱਸਾ… ਜਣੇ-ਖਣੇ ਨਾਲ ਖਹਿਬੜ ਪੈਂਦਾਂ…। ਬਾਅਦ 'ਚ ਸੋਚਦਾਂ, ਗੱਲ ਕੀ ਤੀ ਯਾਰ…?
ਬੜਾ ਅਜੀਬ ਤਜ਼ੁਰਬਾ ਹੋਇਐ। ਜਦ ਬਜ਼ਾਰ ਡਾਉਨ ਆਉਣਾ ਸ਼ੁਰੂ ਹੋਇਆ, ਹਰ ਵੱਡੀ ਗਿਰਾਵਟ ਦੀ ਖਬਰਨਾਲ ਪੇਟ ਵਿਚ ਗੁੜਗੁੜ ਸ਼ੁਰੂ ਹੋ ਜਾਂਦੀ ਤੇ ਭੱਜ ਕੇ ਪਾਖਾਨੇ ਜਾਣਾ ਪੈਂਦਾ ਸੀ। ਹੁਣ ਜਦ ਦਾ ਸਾਨ੍ਹ ਮੂਧਾ ਪਿਐ, ਕਬਜੀ ਰਹਿਣ ਲੱਗ ਪਈ ਹੈ। ਪਿੱਛੇ ਛੱਡ ਦਿੱਤਾ ਸੀ, ਹੁਣ ਫੇਰ ਜਰਦਾ ਲਾਉਣਾ ਸ਼ੁਰੂ ਕਰ ਦਿੱਤੈ। ਪੈਗਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਬਲਕਿ ਦੇਸੀ ਪੀਣ ਨੂੰ ਜੀਅ ਕਰਦੈ। ਸੋਚਦਾਂ, ਭੁੱਕੀ… ਕਦੇ ਵਾਢ੍ਹੀਆਂ 'ਚ ਭਈਆਂ ਨੂੰ ਪਿਆਉਂਦੇ ਹੁੰਦੇ ਸਾਂ ਚਾਹ ਵਿਚ ਉਬਾਲ ਕੇ।
ਬਿੱਲੂ ਕੋਲ ਬਿਨਾ ਫੋਨ ਕਰਿਆਂ ਹੀ ਪਹੁੰਚ ਗਿਆ ਸਾਂ। ਤਮਾਮ ਮਾਹੌਲ ਉਦਾਸੀ ਦੇ ਆਲਮ ਵਿਚ ਡੁੱਬਿਆ ਹੋਇਆ ਸੀ। ਕਿੰਨਾ ਕੁ ਸਮਾਂ ਹੋਇਐ, ਸ਼ਮਸ਼ੇਰ ਦੇ ਗੱਲ੍ਹਾਂ ਦੀਆਂ ਹੱਡੀਆਂ ਦਿਖਣ ਲੱਗੀਆਂ ਸਨ। ਸਿਰ ਸਿਕਰੀ ਨਾਲ ਭਰਿਆ ਹੋਇਆ। ਮੇਰੀਆਂ ਅੱਖਾਂ ਵਿਚ ਸਵਾਲ ਦੇਖ ਕੇ ਕਹਿੰਦਾ, "ਟੈਨਸ਼ਨ ਤੇ ਚਿੰਤਾ ਪੀ ਜਾਂਦੀ ਐ ਚਾਚਾ ਬੰਦੇ ਨੂੰ।"
ਮੇਰੇ ਕਹਿਣ ਤੇ ਆਪਣੇ ਦੋਸਤ ਅਜੈ ਸਕਸੇਨਾ ਨੂੰ ਵੀ ਬੁਲਾ ਲਿਆ ਸੀ ਬਿੱਲੂ ਨੇ। ਇਸੇ ਫੀਲਡ ਵਿਚ ਹੈ ਉਹ। ਬਿੱਲੂ ਨੇ ਦੱਸਿਆ ਸੀ ਕਿ ਸਕਸੇਨਾ ਅੱਜਕਲ੍ਹ ਟੈਨਸ਼ਨ ਵਿਚ ਹੈ। ਇਹਦੇ ਇੰਜੀਨੀਅਰ ਲੜਕੇ ਦੀ ਚੰਗੇ ਪੈਕੇਜ ਤੇ ਪਲੇਸਮੈਂਟ ਹੋ ਗਈ ਸੀ, ਹੁਣ ਕੰਪਨੀ ਨੇ ਜਵਾਬ ਦੇ ਦਿੱਤੈ। ਲੱਖਾਂ ਰੁਪਏ ਕਰਜ਼ਾ ਲੈ ਕੇ ਪੜ੍ਹਾਇਆ ਸੀ। ਐਜੂਕੇਸ਼ਨ ਵੀ ਸਾਲੀ ਬਿਜ਼ਨੈਸ ਬਣੀ ਪਈ ਐ।
ਬਿੱਲੂ ਨੂੰ ਹਾਲੇ ਵੀ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਮੈਨੂੰ ਪੈਸਿਆਂ ਦੀ ਸਖਤ ਲੋੜ ਹੈ। ਕਹਿੰਦਾ, "ਚਾਚਾ, ਪੈਨਿਕ ਕਰੀਏਟ ਹੋ ਗਿਐ ਜਾਂ…?"
ਸਕਸੇਨਾ ਕਹਿੰਦਾ, "ਬਰਾੜ ਸਾ'ਬ, ਆਈ ਟੀ ਸੈਕਟਰ ਤਾਂ ਥੋਨੂੰ ਪਤੈ ਲਿਟਿਆ ਪਿਐ। ਬਾਕੀ ਪਾਵਰ ਭਾਵੇਂ ਰੀਅਲਟੀ, ਅੱਜ ਦੀ ਡੇਟ ਵਿਚ ਤਾਂ ਅੱਧੀ ਕੀਮਤ ਮਸੇਂ ਮੁੜੂ। ਹੋਲਡ ਕਰ ਸਕੋ ਤਾਂ…।" ਉਸਦੇ ਚਿਹਰੇ 'ਤੇ ਉਦਾਸੀ ਪੋਚੀ ਹੋਈ ਸੀ।
ਮੇਰੇ ਬਾਰ-ਬਾਰ ਦੇ ਇਸਰਾਰ 'ਤੇ ਸਿਰ ਝਟਕਣ ਤੋਂ ਲੱਗਿਆ ਜਿਵੇਂ ਕਹਿ ਰਿਹਾ ਹੋਵੇ, "ਕਿਉਂ ਮਰਨਾ ਚਾਹੁੰਦੈਂ?"
ਉਹਨੂੰ ਕੀ ਪਤਾ ਕਿ ਸ਼ਰਧਾ, ਜਾਗਰਣ ਵਰਗੇ ਕਿੰਨੇ ਹੀ ਚੈਨਲ ਜੋ ਮੈਂ ਲੌਕ ਕੀਤੇ ਹੋਏ ਸੀ, ਖੋਲ੍ਹ ਲਏ ਨੇ। ਪਰ ਬਿਰਤੀ ਕਿਤੇ ਵੀ ਨਹੀਂ ਟਿਕਦੀ। ਭਗਵਾਨ ਦਾਸ ਨੇ ਕਿਸੇ ਡੇਰੇ ਵਾਲੇ ਦੀਆਂ ਸੀਡੀਆਂ ਲਿਆ ਕੇ ਦਿੱਤੀਆਂ ਸਨ, "ਸੁਣੋ, ਸ਼ਾਂਤੀ ਮਿਲੇਗੀ।"
ਬਥੇਰਾ ਦੇਖ-ਸੁਣ ਲਿਐ। ਕੋਰੇ ਉਪਦੇਸ਼…। ਭਾਵੇਂ ਬਹੁਤ ਸ਼ੰਕੇ ਨੇ ਮਨ ਵਿਚ, ਪਰ ਏਨਾ ਫੰਡਾ ਤਾਂ ਕਲੀਅਰ ਹੈ ਕਿ ਅਜਿਹੇ ਚੈਨਲ ਤੇ ਸੀਡੀਆਂ ਮੇਰੀ ਮੰਜਲ ਨਹੀਂ।
ਮੰਜਲ ਦਾ ਕੁਝ ਪਤਾ ਨਹੀਂ। ਬਾਈ ਅਮਰੀਕ ਤੇ ਬਲਬੀਰ ਵਾਂਗ ਅੱਜ ਮੈਂ ਵੀ ਚੁਰਾਹੇ ਵਿਚ ਖੜ੍ਹਾ ਹਾਂ। ਚੁਫੇਰੇ ਹਨੇਰਾ ਹੀ ਹਨੇਰਾ। ਕਿੰਨਾ ਕੁ ਅੱਕ ਚੱਬੀ ਬੈਠਾਂ, ਕਿਹੜਾ ਕਿਸੇ ਨੂੰ ਦੱਸਿਆ ਹੋਇਐ?
ਬਿੱਲੂ ਦੱਸੀ ਗਿਆ ਤੇ ਮੈਂ ਕਰੀ ਗਿਆ। ਕਿਤੇ ਵੱਧ-ਚੜ੍ਹ ਕੇ ਕੀਤਾ। ਬੜਾ ਕੁਝ ਉਸ ਤੋਂ ਓਹਲੇ ਵੀ ਕੀਤਾ। ਇਕ ਪਾਸੇ ਬਜ਼ਾਰ ਦੀ ਜਿੰਦ ਜਾਨ, ਮੇਰਾ ਨਿੱਜੀ ਸੁਆਰਥ ਤੇ ਲਾਲਚ, ਦੂਸਰੇ ਪਾਸੇ ਜੱਟ ਦਾ ਮਨੋਵਿਗਿਆਨ ਤੇ ਸਮਾਜ-ਵਿਗਿਆਨ। ਆੜ੍ਹਤੀਏ ਨੇ ਇਸ ਦਾ ਫਾਇਦਾ ਉਠਾਇਆ। ਇਹ ਤਾਂ ਮੈਂ ਕਹਿ ਰਿਹਾਂ। ਉਹਦਾ ਆਪਣਾ ਤਰਕ ਹੋਊ। ਹਰੇਕ ਦੇ ਆਪਣੇ ਸੁਆਰਥ-ਪ੍ਰੇਰਿਤ ਤਰਕ ਹੁੰਦੇ ਨੇ।
ਬਲਬੀਰ ਨੂੰ ਸੁਨੇਹਾ ਘੱਲਿਆ ਸੀ ਆਉਣ ਲਈ। ਕੱਲੇ ਨੂੰ ਤਾਂ ਸਾਲੀ ਵਿਸਕੀ ਵੀ ਨਸ਼ਾ ਨਹੀਂ ਕਰਦੀ। ਦਿਨੇ ਮਾਸਟਰ ਕੋਲ ਗਿਆ ਸਾਂ। ਪਤਾ ਸੀ ਘਰੇ ਹੀ ਹੋਊਗਾ। ਬਾਰਾਂ ਵਜੇ ਤੱਕ ਅਖਬਾਰ ਈ ਚੱਟ ਰਿਹਾ ਸੀ। ਉਸਦੇ ਚਿਹਰੇ ਦੀਆਂ ਉਦਾਸ ਝੁਰੜੀਆਂ ਸੈਨਸੇਕਸ ਦਾ ਡਾਉਨ ਗ੍ਰਾਫ ਦਰਸਾ ਰਹੀਆਂ ਸਨ। ਅਖਬਾਰ 'ਤੇ ਝੁਕਿਆ ਹੋਇਆ, ਜਿਵੇਂ ਕਿ ਸਾਨ੍ਹ ਮੂਧਾ ਪਿਆ ਹੋਵੇ।
ਮੈਂ ਸਾਨ੍ਹ ਦੀ ਪੂੰਛ ਨੂੰ ਹੱਥ ਲਾਇਆ, "ਕੀ ਖਬਰ ਹੈ ਮਾਸਟਰ ਜੀ?" ਤਾਂ ਕਹਿੰਦਾ, "ਅੱਠ ਸੌ ਅੰਕ ਡਾਉਨ।"
"ਸਕੂਲ?"
"ਨਹੀਂ ਯਾਰ, ਸੈਨਸੇਕਸ।"
"ਮੈਂ ਕੀ ਪੁੱਛਿਐ?"
"ਗਿਆ ਸੀ ਯਾਰ ਸਕੂਲੇ ਵੀ, ਮਨ ਨੀਂ ਲੱਗਿਆ, ਮੁੜ ਆਇਆਂ।" ਤੇ ਅਖਬਾਰ ਛੱਡ ਕੇ ਉਸ ਨੇ ਟੀ ਵੀ ਔਨ ਕਰ ਲਿਆ।
… ਬ੍ਰੇਕਿੰਗ ਨਿਊਜ਼… ਇਹਤਿਆਤ ਕੇ ਤੌਰ ਪਰ ਮਾਰਕਿਟ ਸਮੇਂ ਸੇ ਪਹਿਲੇ ਬੰਦ… ਅਬ ਤਕ ਕੀ ਸਭ ਸੇ ਬੜੀ ਗਿਰਾਵਟ…। ਸਾਨ੍ਹ ਅਰੜਾ ਰਿਹਾ ਸੀ।
ਮਾਸਟਰ ਮਿਆਂਕਿਆ, "ਮੈਂ ਤਾਂ ਜੀ ਪੀ ਐਫ ਵੀ ਸਾਰਾ… ਨਾਲੇ ਪਰਸਨਲ ਲੌਨ… ਇਸ ਜੱਦੀ ਘਰ 'ਤੇ ਵੀ ਹੋਮ ਲੌਨ ਕਰਾ ਲਿਆ ਤੀ ਲੈ ਦੇ ਕੇ…। ਐਤਕੀਂ ਤਾਂ ਕਿਸਾਨ ਕਾਰਡ ਵਾਲਾ ਕਰਜ਼ਾ ਵੀ…।"
"ਬਸ ਕਰ ਪਤੰਦਰਾ! ਦੀਵਾਲਾ ਕੱਢਣੈ ਸਰਕਾਰ ਦਾ…?" ਮੈਂ ਮਜ਼ਾਕ ਕੀਤੈ।
ਉਂਝ ਕਿਸਾਨ ਕਾਰਡ ਵਾਲਾ ਕਰਜ਼ਾ ਮੈਂ ਕਿਹੜਾ ਮੋੜਿਆ ਸੀ ਐਤਕੀਂ? ਮੋੜਨਾ ਕਾਹਦਾ, ਬਸ ਵਿਆਜ ਭਰ ਕੇ ਨਵਿਆਉਣਾ ਹੁੰਦੈ। ਦੂਜੀ ਛਿਮਾਹੀ ਲੰਘ ਰਹੀ ਹੈ, ਕੋਆਪਰੇਟਿਵ ਸੁਸਾਇਟੀ ਵੀ…। ਬਲਦੇਵ ਕਈ ਗੇੜੇ ਮਾਰ ਗਿਐ। ਬਥੇਰਾ ਕਹਿੰਦਾ ਸੀ ਵਿਚਾਰਾ, "ਭਾ'ਜੀ ਇਕ ਵਾਰੀ ਜਮਾ ਕਰਵਾ ਦਿਓ। ਟਾਰਗੈਟ ਪੂਰਾ ਕਰਨੈ। ਭਾਵੇਂ ਹੱਥੋ-ਹੱਥ ਈ ਕਢਵਾ ਲਿਆ ਜੇ।"
ਕੱਢਣ ਪਾਉਣ ਲਈ ਹੁਣ ਹੈ ਵੀ ਕੀ? ਪੈਸੇ ਕੋਈ ਅੱਕਾਂ ਨੂੰ ਲੱਗਦੇ ਐ? ਚੋਆ ਥੱਲੇ ਚਲਿਆ ਗਿਆ। ਬੋਰ 'ਤੇ ਮੱਛੀ-ਮੋਟਰ ਰਖਵਾਈ ਸੀ, ਉਹਦਾ ਕਰਜ਼ਾ ਵੀ, ਜਿਵੇਂ ਮੋਟਰ ਚੁਪ-ਚੁਪੀਤੇ ਪਾਣੀ ਖਿੱਚਦੀ ਰਹਿੰਦੀ ਐ, ਮੇਰਾ ਸਾਹ-ਸੱਤ ਖਿੱਚਦਾ ਰਹਿੰਦੈ।
"ਕਿਸੇ ਰਿਸ਼ਤੇਦਾਰ ਨੂੰ ਵੀ ਕੋਈ ਭੇਤ ਨਹੀਂ ਇਹਨਾਂ ਗੱਲਾਂ ਦਾ।" ਉਹ ਬੁੜਬੁੜਾਇਐ।
"ਯਾਰ, ਚੈਨਲਾਂ ਵਾਲੇ ਤਾਂ ਸਨਸਨੀ ਫੈਲਾਉਂਦੇ ਨੇ ਸਾਲੇ ਮੇਰੇ। ਤੇਰਾ ਅਖਬਾਰ ਕੀ ਕਹਿੰਦੈ?"
ਮੈਥੋਂ ਕਿਹੜਾ ਕੁਝ ਲੁਕਿਆ ਹੋਇਐ। ਫੇਰ ਵੀ ਪੁੱਛਦਾਂ।
ਮਾਸਟਰਨੀ ਪਾਣੀ ਲੈ ਆਈ। ਸਰਬਜੀਤ ਤੇ ਜੁਆਕਾਂ ਦੀ ਖੈਰ ਸੁਖ ਪੁੱਛਣ ਦੀ ਉਪਚਾਰਿਕਤਾ ਪੂਰੀ ਕੀਤੀ। ਫੇਰ ਕਹਿੰਦੀ, "ਭਾਈ ਸਾ'ਬ ਇਸ ਟੀ ਵੀ ਦੇ ਬਾਰਾਂ ਹਜ਼ਾਰ ਲੱਗੇ ਸੀ… ਤੇ ਸਿਹਤ ਵੀ ਕੋਈ ਚੀਜ਼ ਹੁੰਦੀ ਐ ਕਿ ਨਹੀਂ…?" ਜਿਵੇਂ ਕਿ ਭਰੀ-ਪੀਤੀ ਬੈਠੀ ਹੋਵੇ।
ਮੈਂ ਨਾ ਸਮਝਣ ਦਾ ਸਾਂਗ ਕੀਤਾ। ਜਦਕਿ ਚੰਗੀ ਤਰ੍ਹਾਂ ਸਮਝਦਾ ਸਾਂ ਕਿ ਜੋ ਬਾਰਾਂ ਰੁਪਏ ਦਾ ਅਖਬਾਰ ਪਾੜ ਸਕਦੀ ਹੈ ਉਹ ਬਾਰਾਂ ਹਜ਼ਾਰ ਦਾ ਟੀ ਵੀ ਵੀ..? ਹਾਂ।
ਬਲਬੀਰ ਦੇ ਆਉਣ ਤੇ ਮੈਂ ਟੀ ਵੀ ਤੋਂ ਨਜ਼ਰ ਹਟਾ ਕੇ ਉਸ ਵੱਲ ਦੇਖਿਆ। ਵੋਲਿਉਮ ਘੱਟ ਕਰ ਦਿੱਤਾ। ਮੋਬਾਇਲ ਚੁੱਕ ਕੇ ਅਨਲੌਕ ਕੀਤਾ। ਉਹ ਫੇਰ ਲੌਕ ਹੋ ਗਿਆ। ਜਿਵੇਂ ਸਾਡੇ ਬੁੱਲ੍ਹਾਂ ਨੂੰ ਵੀ ਲੌਕ ਲੱਗਿਆ ਹੋਇਐ।
ਸੁੱਕੀਆਂ ਗੱਲਾਂ ਸੰਭਵ ਨਹੀਂ। ਮੈਂ ਅਲਮਾਰੀ 'ਚੋਂ ਬੋਤਲ, ਗਿਲਾਸ ਤੇ ਨਮਕੀਨ ਦਾ ਪੈਕਟ ਕੱਢ ਲਿਆ। ਬਲਬੀਰ ਉਪਚਾਰਿਕ ਨਾਂਹ ਜਿਹੀ ਕਰਦੈ। ਮੈਨੂੰ ਤੇ ਉਸ ਨੂੰ ਵੀ ਪਤੈ, ਅਜਿਹੇ ਮਾਹੌਲ ਵਿਚ ਇਹ ਕਿੰਨੀ ਜ਼ਰੂਰੀ ਹੈ।
ਇਕ-ਇਕ ਪੈਗ ਅਸੀਂ ਅੰਦਰ ਸੁੱਟ ਲਿਐ। ਕਮਰੇ ਵਿਚਲਾ ਸੰਨਾਟਾ ਅਜੇ ਭੰਗ ਨਹੀਂ ਹੋਇਆ। ਗੱਲ ਸ਼ੁਰੂ ਕਰਨ ਲਈ ਮੈਂ ਪੁੱਛਦਾਂ, "ਹੋਰ ਸੁਣਾ ਵੀਰ, ਗਾਜਰਾਂ ਨਹੀਂ ਬੀਜੀਆਂ ਐਤਕੀਂ?" ਉਹ ਇਕ ਦਮ ਹੈਰਾਨੀ ਜਿਹੀ ਨਾਲ ਮੇਰੇ ਵੱਲ ਝਾਕਦੈ। ਜਿਵੇਂ ਕਿ ਮੈਂ ਸ਼ੇਅਰ ਬਜ਼ਾਰ ਦੇ ਡੁੱਬਣ ਦਾ ਇਹੀ ਕਾਰਨ ਮੰਨਦਾ ਹੋਵਾਂ।
"ਨਹੀਂ, ਖੇਚਲ ਬਹੁਤ ਮੰਗਦੀਆਂ ਗਾਜਰਾਂ। ਪੱਟਣੀਆਂ, ਧੋਣੀਆਂ, ਪਰ-ਸਾਲ ਭਿਆਂ ਹੋਗੀ ਤੀ ਸਾਡੀ ਤਾਂ। ਮੁੰਡੂ ਤਾਂ ਰੋਣ ਲੱਗ ਪੈਂਦਾ ਸੀ ਵਿਚਾਰਾ। ਗੋਭੀ ਲਾਈ ਐ।"
"ਸਬਜੀਆਂ ਦੇ ਭਾਅ ਵੀ ਚੰਗੇ ਨੇ… ਗੋਭੀ ਭਾਵੇਂ ਗਾਜਰਾਂ..।"
"ਕਿਸਾਨਾਂ ਨੂੰ ਕਿਹੜਾ ਗੱਫੇ ਦਿੰਦੈ…?" ਉਹ ਬੁੜਬੁੜਾਇਆ।
ਕਦੇ ਪ੍ਰਗਤੀਸ਼ੀਲ ਕਿਸਾਨ ਵਜੋਂ ਜਾਣੇ ਜਾਂਦੇ ਬਲਬੀਰ ਲਈ ਉਹ ਸਮਾਂ ਕਿਸੇ ਸਦਮੇ ਤੋਂ ਘੱਟ ਨਹੀਂ ਸੀ ਜਦ ਸ਼ਮਸ਼ੇਰ ਨੇ ਸ਼ਹਿਰ ਜਾਣ ਦਾ ਫੈਸਲਾ ਲਿਆ ਸੀ। ਮੁੰਡਿਆਂ ਨੇ ਜ਼ਮੀਨ ਠੇਕੇ 'ਤੇ ਦੇਣ ਦੀ ਗੱਲ ਕੀਤੀ ਪਰ ਇਹਨੇ ਖੁਦ ਬੀਜਣ ਦੀ ਜਿੱਦ ਕਰ ਲਈ। ਬਿੱਲੂ ਨੇ ਕਿੱਲਾ ਵੇਚਣਾ ਚਾਹਿਆ ਪਰ ਇਹਨੇ ਵਾਹ ਨਾ ਲੱਗਣ ਦਿੱਤੀ। ਪਰ ਪੈਲੀ ਨੂੰ ਗਹਿਣੇ ਹੋਣੋ ਨਾ ਬਚਾ ਸਕਿਆ।
ਹੁਣ ਇਸੇ ਜ਼ਮੀਨ ਦਾ ਇਹਨੂੰ ਠੇਕਾ ਭਰਨਾ ਪੈਂਦੈ। ਪਰ ਹਿੰਮਤ ਨਹੀਂ ਹਾਰੀ। ਭਈਆ ਨੌਕਰ ਰੱਖਿਆ। ਚਾਰ ਕਨਾਲਾਂ 'ਚ ਸਬਜ਼ੀ ਬੀਜੀ। ਟ੍ਰੈਕਟਰ ਤਾਂ ਸ਼ਮਸ਼ੇਰ ਨਾਲ ਸ਼ਹਿਰ ਚਲਿਆ ਹੀ ਗਿਆ ਸੀ। ਇਥੇ ਰਹਿ ਗਈਆਂ ਸਨ ਟ੍ਰੈਕਟਰ ਦੀਆਂ ਬਾਕੀ ਕਿਸ਼ਤਾਂ ਤੇ ਕਦੇ- ਕਦਾਈਂ ਗੱਲਾਂ ਦੀ ਉਗਾਲੀ ਕਰਨ ਲਈ ਯਾਦਾਂ। ਮਸਲਨ, ਟ੍ਰੈਕਟਰ ਤਾਂ ਹਿੰਦੁਸਤਾਨ ਵੀ ਧੱਕੜ ਸੀ, ਪਰ ਕਿਆ ਬਾਤਾਂ ਬਈ ਫੋਰਡ ਦੀਆਂ… ਭਾਵੇਂ ਛੋਟਾ ਐ ਪਰ ਖਿਚਾਈ ਬਲਬੀਰ ਆਲੇ ਦੀ ਵੀ ਚੰਗੀ ਐ…। ਅੱਜਕਲ੍ਹ ਤਾਂ ਨਵੀ ਤਕਨੀਕ ਆਲੇ ਡੀ ਆਈ…। ਸਮੇਂ -ਸਮੇਂ ਦੀ ਗੱਲ ਹੈ ਜੀ…। ਸਮੇਂ ਦਾ ਪਹੀਆ ਉਲਟਾ ਘੁੰਮ ਗਿਆ ਸੀ। ਬਲਬੀਰ ਨੇ ਇਕ ਸਸਤਾ ਜਿਹਾ ਅਮਰੀਕਨ ਬਲਦ ਲਿਆ। ਰੇਹੜਾ ਬਣਵਾਇਆ ਤੇ ਕੰਮ ਜਿਹਾ ਚਲਾ ਲਿਆ।
"ਆਪਣੀ ਵੀ ਅਗੇਤੀ ਹੈ, ਹਫਤੇ ਦਸਾਂ ਦਿਨਾਂ ਨੂੰ ਸ਼ੁਰੂ ਹੋਜੂ।" ਇਕ ਵਾਰੀ ਤਾਂ ਲੱਗਿਆ ਜਿਵੇਂ ਬਲਬੀਰ ਥੋੜ੍ਹਾ ਜਿਹਾ ਖੁਲਿਐ, ਪਰ ਫੇਰ ਚੁਪ ਵੱਟ ਗਿਆ।
ਆਪਣਾ ਪੈਗ ਨਿਬੇੜ ਕੇ ਮੈਂ ਕਿਹੈ, "ਚੱਕ ਫੇਰ।" ਉਹ ਟੀ ਵੀ ਵੱਲ ਦੇਖ ਰਿਹੈ।
"ਬਿੱਲੂ ਨਾਲ ਤਾਂ ਨੀਂ ਗੱਲ ਹੋਈ ਇਹਨਾਂ ਦਿਨਾਂ 'ਚ?" ਮੈਨੂੰ ਪਤੈ ਉਹ ਕੀ ਪੁੱਛਣਾ ਚਾਹੁੰਦੈ।
"ਵੀਰ, ਖਬਰਾਂ ਤਾਂ ਕਿਤਿਓਂ ਵੀ ਚੰਗੀਆਂ ਨਹੀਂ ਆ ਰਹੀਆਂ। ਕਹਿੰਦਾ ਸੀ, ਕਈ ਪ੍ਰਾਪਰਟੀ ਡੀਲਰਾਂ ਨੂੰ ਨੋਟ ਕਰਵਾ ਰੱਖਿਐ। ਖਰੀਦਣ ਵਾਲਾ ਕੋਈ ਹੈ ਨੀਂ । ਵੇਚਣ ਲਈ ਸਾਰੇ ਤਿਆਰ ਬੈਠੇ ਨੇ। ਸੱਤ-ਅੱਠ ਮਹੀਨੇ ਤਾਂ ਮੈਨੂੰ ਹੋ ਗਏ ਨੇ। ਕਹਿੰਦੇ ਸੀ ਦੀਵਾਲੀ 'ਤੇ ਸੌਦੇ ਹੋਣਗੇ। ਕਿਸੇ ਨੇ ਪੁੱਛਿਆ ਤੱਕ ਨਹੀਂ।"
ਬਲਬੀਰ ਚਿੰਤਤ ਜਿਹਾ ਮੇਰੇ ਵੱਲ ਦੇਖਦੈ। ਮੈਂ ਹੈਰਾਨ ਹਾਂ ਇਹਨੇ ਬਿੱਲੂ ਨੂੰ ਇਕ ਵਾਰੀ ਵੀ ਕੋਈ ਦੋਸ਼ ਨਹੀਂ ਦਿੱਤਾ।
"ਜੋ ਦਾਤੇ ਨੂੰ ਮੰਜੂਰ।" ਮੈਨੂੰ ਪਤੈ ਅਜਿਹੇ ਵਚਨ ਅੰਧਵਿਸ਼ਵਾਸੀ ਅਤੇ ਨਿਕੰਮਿਆਂ ਦੇ ਆਭੂਸ਼ਣ ਹੁੰਦੇ ਨੇ। ਪਰ ਮੈਂ ਇਹਨੂੰ ਕੀ ਦੱਸਾਂ ਕਿ ਮੇਰੇ ਵਾਲੀ ਗਹਿਣੇ ਪਈ ਜ਼ਮੀਨ ਦੇ ਕਰਾਰ ਦੀ ਤਰੀਕ ਤਾਂ ਬਲਕਿ ਇਸ ਨਾਲੋਂ ਚਾਰ ਮਹੀਨੇ ਪਹਿਲਾਂ ਦੀ ਹੈ।
ਬਲਬੀਰ ਜਦ ਵੀ ਬਿੱਲੂ ਬਾਰੇ ਪੁੱਛਦੈ, ਮੇਰੇ ਦਿਮਾਗ਼ 'ਤੇ ਬੋਝ ਵੱਧ ਜਾਂਦੈ। ਖੁਦ ਨੂੰ ਦੋਸ਼ੀ ਸਮਝਣ ਲੱਗਦਾਂ। ਬਿੱਲੂ ਸ਼ਹਿਰ 'ਚ ਪਲਾਟ ਖਰੀਦਣ ਲਈ ਇਕ ਕਿੱਲਾ ਵੇਚਣਾ ਚਾਹੁੰਦਾ ਸੀ। ਕਈ ਦਿਨ ਇਹ ਕਲੇਸ਼ 'ਚ ਵੀ ਪਏ ਰਹੇ। ਆਖਰ ਜ਼ਮੀਨ ਗਹਿਣੇ ਧਰਨ ਦੀ ਸਲਾਹ ਮੈਂ ਹੀ ਦਿੱਤੀ ਸੀ। ਉਦੋਂ ਇਕ ਕਿੱਲਾ ਹੀ ਜਾ ਰਹੀ ਸੀ।
ਹੌਸਲਾ ਜਿਹਾ ਦਿੰਦਾਂ, "ਅਜੇ ਤਾਂ ਪੂਰਾ ਸਾਲ ਪਿਐ ਵੀਰ। ਕੁੱਝ ਵੀ ਉਪਰ-ਥੱਲੇ ਹੋ ਸਕਦੈ?" ਉਹ ਚੁੱਪ ਹੈ। ਮੈਨੂੰ ਪਤੈ ਇਹਦਾ ਅਮਰੀਕ ਬਾਈ ਨਾਲ ਹਾਲੇ ਵੀ ਉਠਣਾ-ਬਹਿਣਾ ਹੈ।
ਅਮਰੀਕਾ ਵਿਚ ਸਬਪ੍ਰਾਈਮ ਲੈਂਡਿੰਗ ਅਤੇ ਹਾਉਸਿੰਗ ਬੂਮ ਦਾ ਬੁਲਬੁਲਾ ਫੁੱਟਣ ਵਰਗੀਆਂ ਗੱਲਾਂ ਅਕਸਰ ਹੁੰਦੀਆਂ ਰਹਿੰਦੀਆਂ। ਦੁਨੀਆਂ 'ਤੇ ਇਸਦੇ ਮਾਰੂ ਅਸਰ ਬਾਰੇ ਵੀ। ਉਹ ਤਾਂ ਸਾਲ ਪਹਿਲਾਂ ਹੀ ਅਜਿਹੀਆਂ ਗੱਲਾਂ ਕਰਨ ਲੱਗ ਪਿਆ ਸੀ। ਲੋਕ ਕਹਿੰਦੇ, ਕਦੇ ਚੜ੍ਹਦੀ ਕਲਾ ਦੀਆਂ ਗੱਲਾਂ ਵੀ ਸੁਣੀਆਂ ਇਹਨਾਂ ਦੇ ਮੂੰਹੋਂ?
ਕਿੰਨੀ ਤੇਜ਼ੀ ਨਾਲ ਸਾਰਾ ਪ੍ਰੀਦ੍ਰਿਸ਼ ਹੀ ਬਦਲ ਗਿਆ। ਲੋਕਾਂ ਦਾ ਰੁਝਾਨ ਵੀ ਪਤਾ ਨੀਂ …? ਪੰਚਾਇਤ ਜਾਂ ਪਿੰਡ ਦੇ ਮੋਹਤਬਰ ਬੰਦਿਆਂ ਨੇ ਸਕੂਲ ਅਪਗ੍ਰੇਡ ਕਰਵਾਉਣ ਜਾਂ ਇਸਦੇ ਰਿਜ਼ਲਟ ਬਾਰੇ ਕਦੇ ਪਰਵਾਹ ਨਹੀਂ ਕੀਤੀ। ਆਪਣੇ ਬੱਚਿਆਂ ਨੂੰ ਸ਼ਹਿਰ ਭੇਜੀ ਜਾ ਰਹੇ ਨੇ। ਸਰਕਾਰੀ ਡਿਸਪੈਂਸਰੀ ਲਈ ਪੰਚਾਇਤ ਨੇ ਥਾਂ ਨਹੀਂ ਦਿੱਤੀ। ਪਲਾਟ ਕੱਟਣ ਲਈ ਤਿਆਰ ਬੈਠੇ ਨੇ। ਪਿੰਡ ਵਿਚ ਸਟੇਡੀਅਮ ਬਣਾਉਣ ਦੀ ਸਕੀਮ ਆਈ ਸੀ, ਲਿਟਗੀ…।
ਸਟੇਡੀਅਮ ਤੋਂ ਯਾਦ ਆਇਆ, ਅੱਜ ਤਾਂ ਗਲੀ ਕ੍ਰਿਕਟ ਦਾ ਫਾਈਨਲ ਮੈਚ ਹੈ। ਮੈਨੂੰ ਵੀ ਸੱਦਿਆ ਹੋਇਐ। ਰਾਤ ਮੁੰਡੇ ਦੱਸਦੇ ਸੀ, ਐਤਕੀਂ ਫਤੇਹਗੜ੍ਹ ਵਾਲਿਆਂ ਨਾਲ ਫਸਣਗੇ ਆਪਣੇ ਸਿੰਗ। ਟੀਮ ਬਰਾਬਰ ਦੀ ਹੈ। ਫਤੇਹਗੜ੍ਹ ਦਾ ਸਰਪੰਚ, ਉਹਨਾਂ ਦੇ ਕ੍ਰਿਕੇਟ ਕਲੱਬ ਦਾ ਪ੍ਰਧਾਨ, ਤਿੰਨ ਦਿਨਾਂ ਤੋਂ ਖੁਦ ਇਥੇ ਡਟਿਆ ਹੋਇਐ। ਨਿਤਰੂ ਵੜੇਵੇਂ ਖਾਣੀ…।
ਭੁਲੇਖਾ ਹੈ ਮੁੰਡਿਆਂ ਨੂੰ। ਅੱਜਕਲ੍ਹ ਸਾਰੀਆਂ ਹੀ ਵੜੇਵੇਂ ਖਾਂਦੀਆਂ ਨੇ। ਸੱਚਾਈ ਤਾਂ ਇਹ ਹੈ ਕਿ ਜਿਸ ਪਿੰਡ ਵਿਚ ਮੈਚ ਹੁੰਦੇ ਨੇ ਟ੍ਰਾਫੀ ਉਸੇ ਦੀ ਟੀਮ ਕੋਲ ਰਹਿੰਦੀ ਹੈ। ਨਹੀਂ ਡਾਂਗਾਂ ਨਾ ਖੜਕ ਜਾਣ।
ਛੋਟੇ ਹੁੰਦਿਆਂ ਦੇਖਦੇ ਹੁੰਦੇ ਸਾਂ ਕਬੱਡੀ, ਕੁਸ਼ਤੀ ਦੇ ਅਖਾੜੇ, ਢੋਲ-ਢਮਾਕੇ, ਪਹਿਲਵਾਨਾਂ ਦੀਆਂ ਝੰਡੀਆਂ…। ਅੱਜਕਲ੍ਹ ਤਾਂ ਗਲੀ-ਮੁਹੱਲੇ, ਹਰ ਕਿਤੇ ਕ੍ਰਿਕੇਟ ਦਾ ਕ੍ਰੇਜ। ਸ਼ਾਇਦ ਕ੍ਰਿਕੇਟ ਦੀ ਅਨਿਸ਼ਚਿਤਤਾ ਸਾਡੀ ਮਾਨਸਿਕਤਾ ਦੇ ਵਧੇਰੇ ਨੇੜੇ ਹੈ। ਤਾਈਓਂ ਇਸ ਖੇਡ ਨੇ ਏਨੀ ਪੈਂਠ ਬਣਾਈ ਹੈ। ਪਲਾਂ-ਛਿਣਾਂ ਵਿਚ ਰਾਜਾ ਤੋਂ ਰੰਕ ਅਤੇ ਰੰਕ ਤੋਂ ਰਾਜਾ ਬਣਨ ਦੀਆਂ ਕਿੱਸੇ ਕਹਾਣੀਆਂ ਨੂੰ ਅਸੀਂ ਇਥੇ ਪ੍ਰਤੱਖ ਹੁੰਦਿਆਂ ਦੇਖਦੇ ਹਾਂ। ਅਸਲ 'ਚ ਕ੍ਰਿਕੇਟ ਨੂੰ ਅਸੀਂ ਜ਼ਿੰਦਗੀ ਦੇ ਰੂਪਕ ਵਾਂਗ ਲੈਂਦੇ ਹਾਂ।
ਉਦਘਾਟਨ ਵਾਲੇ ਦਿਨ ਉਹਨਾਂ ਮੈਨੂੰ ਵੀ ਸੱਦ ਕੇ ਸਟੇਜ 'ਤੇ ਬਹਾਇਆ ਸੀ। ਮੈਂ ਆਪਣੇ ਪਿੰਡ ਦੇ 'ਸ਼ਹੀਦ ਭਗਤ ਸਿੰਘ ਕ੍ਰਿਕੇਟ ਕਲੱਬ' ਦੇ ਮੁੱਢਲੇ ਮੈਂਬਰਾਂ ਵਿੱਚੋਂ ਹਾਂ। ਚੰਦਾ ਹੁਣ ਵੀ ਚੰਗਾ ਦਿੰਦਾਂ। ਪਰ ਸਰਗਰਮੀ ਘਟਾ ਦਿੱਤੀ ਹੈ। ਟੂਰਨਾਮੈਂਟ ਹੁਣ ਸੱਭਿਆਚਾਰਕ ਮੇਲਿਆਂ ਵਿਚ ਬਦਲ ਗਏ ਨੇ। ਚੌਧਰ ਚਮਕਾਊ ਮੇਲੇ।
ਇਕ ਮਸ਼ਹੂਰ ਗਾਇਕ ਜੋੜੀ ਅਤੇ ਪ੍ਰਧਾਨਗੀ ਲਈ ਕਿਸੇ ਲੀਡਰ ਨੂੰ ਸੱਦਿਆ ਹੋਇਐ। ਗਾਇਕਾ ਖੂਬ ਲਟਕੇ-ਝਟਕੇ ਦਿਖਾਵੇਗੀ। ਲੀਡਰ ਚੰਗੇ ਪੈਸੇ ਦੇ ਕੇ ਜਾਵੇਗਾ। ਗਾਇਕ, ਗਾਇਕਾ, ਡੀ ਸੀ , ਐਸ ਪੀ, ਇਲਾਕੇ ਦਾ ਐਮ ਐਲ ਏ, ਐਮ ਪੀ ਅਤੇ ਕੁਝ ਐਨ ਆਰ ਆਈ ਸਮੇਤ ਤੀਹ ਕੁ ਲੋਕਾਂ ਦੇ ਨਾਲ ਖੇਡ ਮੇਲੇ ਵਾਲੇ ਪੋਸਟਰ 'ਤੇ ਮੇਰਾ ਵੀ ਫੋਟੋ ਛਪਿਆ ਹੋਇਐ। ਜਾਣ ਸਾਰ ਪ੍ਰਬੰਧਕ ਝਟ ਸਟੇਜ 'ਤੇ ਬੁਲਾ ਲੈਣਗੇ। ਅੱਜਕਲ੍ਹ ਤਾਂ ਮੈਂ ਕਿਸੇ ਪੰਚਾਇਤ, ਇਕੱਠ ਵਗੈਰਾ ਵਿਚ ਜਾਣੋਂ ਵੀ ਟਲਦਾਂ।
ਬਸ ਬਹੁਤਾ ਸਮਾਂ ਟੀ ਵੀ ਸਾਹਮਣੇ ਹੀ…। ਟੀ ਵੀ , ਜਿਥੇ ਸ਼ਾਇਦ ਕ੍ਰਿਕੇਟ ਵਾਂਗ ਹੀ ਨਿਰਮਮ ਯਥਾਰਥ ਤੋਂ ਭੱਜਣ ਵਾਲਿਆਂ ਨੂੰ ਸ਼ਰਨ ਮਿਲਦੀ ਹੈ।
ਬਲਬੀਰ ਬਾਈ ਟੀ ਵੀ ਤੋਂ ਬਹੁਤ ਚਿੜ੍ਹਦੈ, "ਟੀ ਵੀ ਵਾਲੇ ਸਾਡੇ ਸੱਭਿਆਚਾਰ ਦਾ ਬੇੜਾ ਗਰਕ… ਨਾਲੇ ਕਿੰਨਾ ਗਲਤ ਪ੍ਰਚਾਰ ਕਰਦੇ ਰਹਿੰਦੇ ਨੇ। ਅਖੇ ਕਿਸਾਨਾਂ ਦੀ ਫਿਜੂਲਖਰਚੀ…। ਖੇਤੀ ਭਈਆਂ ਹੱਥ…? ਆਪਣੀ ਲਗਾਮ ਤਾਂ ਪੂੰਜੀਪਤੀਆਂ ਦੇ ਹੱਥ ਐ ਸਹੁਰਿਓ ! ਅਨਾਜ ਪੈਦਾ ਕਰੀਏ ਅਸੀਂ ਤੇ ਉਸ ਦਾ ਘੱਟੋ -ਘੱਟ ਮੁੱਲ ਤੈਅ ਕਰਦੇ ਨੇ ਉਹ।" ਪੁਰਾਣਾ ਰਾਗ ਅਲਾਪਣਾ ਸ਼ੁਰੂ ਕਰ ਦਿੰਦੈ।
"ਘੱਟੋ-ਘੱਟ ਕੀਮਤ 'ਤੇ ਖਰੀਦ ਵੀ ਲੈਂਦੇ ਨੇ। ਮੁੜ ਉਹੀ ਚੀਜ਼ ਸਾਨੂੰ ਵੱਧੋ-ਵੱਧ ਖੁਦਰਾ ਕੀਮਤ 'ਤੇ ਵੇਚਦੇ ਨੇ…?" ਮੈਂ ਵੀ ਉਸੇ ਵਹਾਅ 'ਚ ਵਹਿ ਜਾਂਦਾਂ।
ਕਾਗਜ਼ਾਂ ਦਾ ਪੁਲਿੰਦਾ ਹੱਥ ਵਿਚ ਲਈ ਪਤਾ ਨਹੀਂ ਕੀ-ਕੀ ਸੋਚੀ ਜਾ ਰਿਹਾਂ। ਕਦੇ ਟੀ ਵੀ, ਕ੍ਰਿਕੇਟ, ਕਦੇ ਮਾਰਕਿਟ ਬਾਰੇ। ਪਿੰਡ 'ਚ ਸ਼ਾਮਲਾਟ 'ਤੇ ਪਲਾਟ ਕੱਟਣ ਦੀਆਂ ਸਕੀਮਾਂ ਬਣ ਰਹੀਆਂ ਨੇ। ਜੰਟੇ ਮੈਂਬਰ ਨੇ ਤਾਂ ਪਿੰਡ ਦੀ ਫਿਰਨੀ ਨਾਲ ਲੱਗਦੀ ਆਪਣੀ ਜ਼ਮੀਨ 'ਚੋਂ ਪਲਾਟ ਕੱਟ ਵੀ ਦਿੱਤੇ ਨੇ। ਸ਼ਹਿਰਾਂ ਵਿਚਲੀਆਂ ਕਲੋਨੀਆਂ ਦੀ ਤਰਜ 'ਤੇ ਸੜਕਾਂ ਦੀ ਨਿਸ਼ਾਨਦੇਹੀ ਕਰਕੇ ਥੋੜ੍ਹੀ-ਮੋਟੀ ਰੋੜੀ ਵੀ ਪਵਾ ਦਿੱਤੀ। ਬਰਾੜ ਅਸਟੇਟ।
ਬਰਾੜ ਅਸਟੇਟ ਦੇ ਖੂੰਜੇ 'ਤੇ ਸ਼ਟਰ ਵਾਲੀ ਦੁਕਾਨ-ਬਰਾੜ ਪ੍ਰਾਪਰਟੀ ਅਡਵਾਈਜਰ। ਸ਼ਟਰ ਚੁੱਕਣ ਸਾਰ ਸ਼ੀਸ਼ੇ ਪਿਛੇ ਜੰਟਾ ਸਿੰਘ ਦੀ ਰਿਵਾਲਵਿੰਗ ਚੇਅਰ। ਟੇਬਲ 'ਤੇ ਸ਼ੀਸ਼ੇ ਥੱਲੇ ਪਲਾਟਾਂ ਦਾ ਕੰਪਿਉਟਰਾਈਜ਼ਡ ਰੰਗੀਨ ਨਕਸ਼ਾ। ਨਕਸ਼ੇ ਵਿਚ ਮੁਖ ਸੜਕ ਨਾਲ ਪ੍ਰਾਈਮ ਲੋਕੇਸ਼ਨਵਾਲੇ ਪਲਾਟ ਉਂਝ ਤਾਂ ਪਹਿਲਾਂ ਹੀ ਵਿਕ ਚੁਕੇ ਨੇ। ਪਰ ਕਈ ਰੀਸੇਲ 'ਤੇ ਉਪਲਬਧ ਹਨ। ਬਸ ਹਜ਼ਾਰ ਕੁ ਰੁਪਏ ਫੀ ਗਜ ਪ੍ਰੀਮੀਅਮ ਚਲ ਰਿਹੈ।
ਕਿੰਨੇ ਹੀ ਲੋਕਾਂ ਨੂੰ ਇਸ ਪ੍ਰੀਮੀਅਮ ਨੇ ਸ਼ਹਿਰਾਂ ਵੱਲ ਖਿੱਚਿਐ।
ਅਮਰੀਕ ਭਾਵੇਂ ਮੇਰਾ ਕਲਾਸ ਫੈਲੋ ਰਿਹੈ, ਪਰ ਉਸ ਨਾਲ ਮੈ ਇਸ ਬਾਰੇ ਸਲਾਹ ਮਸ਼ਵਰਾ ਨਹੀਂ ਕਰਦਾ। ਬਸ ਹੈਲੋ -ਹਾਇ ਤਕ ਹੀ ਸੀਮਤ ਹੈ। ਖਾਸ ਸੂਤ ਨੀਂ ਬਹਿੰਦੀ ਉਸ ਨਾਲ। ਗੱਲ-ਗੱਲ ਤੇ ਸਾਮਰਾਜਵਾਦ, ਪੂੰਜੀਵਾਦ…। ਇਕ ਦਿਨ ਨੰਬੜਦਾਰਾਂ ਦਾ ਗੁਰਦੇਵ ਬਹਿਸੀ ਜਾਵੇ,
"ਕਿਹੜੀਆਂ ਗੱਲਾਂ ਕਰਦੈਂ ਭਰਾਵਾ? ਦੁਨੀਆ ਇਕ ਗਲੋਬਲ ਪਿੰਡ ਬਣ ਚੁਕੀ ਹੈ।" ਤਾਂ ਅਮਰੀਕ ਕਹਿੰਦਾ, "ਗਲੋਬਲ ਪਿੰਡ ਬਣੀ ਹੈ ਸਿਰਫ ਮਲਟੀ ਨੈਸ਼ਨਲ ਕੰਪਨੀਆਂ ਦੇ ਵਪਾਰ ਲਈ। ਬਾਕੀ ਤਾਂ ਤੇਰੇ ਸਾਹਮਣੇ ਈ ਐ। ਬਲਕਿ ਕਿੰਨੇ ਹੀ ਦੇਸ਼ਾਂ ਨੂੰ ਤੇਰੇ ਇਸ ਖੜਪੰਚ ਨੇ ਕੁੱਤਾ-ਲੜਾਈ 'ਚ ਉਲਝਾ ਰੱਖਿਐ।"
ਫੇਰ ਕਹਿੰਦਾ, "ਅਮਰੀਕਾ ਆਪਣੇ ਵਪਾਰਕ ਹਿਤਾਂ ਤੋਂ ਸਿਵਾ ਹੋਰ ਕੋਈ ਸਾਂਝ ਪਾਉਣ ਵੀ ਨਹੀਂ ਦਿੰਦਾ ਕਿਸੇ ਨੂੰ… ਸਿਰਫ ਖੁੱਲੇ ਬਜ਼ਾਰ ਦਾ ਪੈਰੋਕਾਰ…।"
"ਖੁੱਲੀ ਬਜ਼ਾਰ ਵਿਵਸਥਾ ਦੇ ਪੈਰੋਕਾਰਾਂ ਦੇ ਹੁਣ ਹੱਥਾਂ ਦੇ ਤੋਤੇ ਉਡੇ ਹੋਏ ਨੇ। ਆਰਥਿਕ ਖੁੱਲੇਪਣ ਦਾ ਤਲਿਸਮ ਟੁੱਟ ਰਿਹੈ।" ਕਾਮਰੇਡ ਬੜੇ ਜੋਸ਼ ਨਾਲ ਦੱਸ ਰਿਹਾ ਸੀ, "ਸਾਥੀਓ ! ਮੀਡੀਆ ਸਭ ਤੋਂ ਵੱਡਾ ਕੰਜਰ ਹੈ…। ਅਮਰੀਕੀ ਨੀਤੀਆਂ ਤੇ ਵਰਲਡ ਬੈਂਕ, ਮੁਦਰਾ ਕੋਸ਼ ਦੇ ਨੁਸਖਿਆਂ ਨੂੰ ਸਾਡੇ ਲੋਕਾਂ ਦੇ ਦਿਮਾਗ਼ ਵਿਚ ਇਸੇ ਨੇ ਬਿਠਾਇਐ।"
ਪਲ ਕੁ ਲਈ ਕਾਮਰੇਡ ਰੁਕਿਆ। ਫਿਰ ਉਸਦੀ ਮੁੱਠੀ ਹਵਾ ਵਿਚ ਲਹਿਰਾਈ, "ਭਾਵੇਂ ਹੁਣ ਤਾਂ ਕਾਫੀ ਕੁਝ ਨਿਤਰ ਕੇ ਸਾਹਮਣੇ ਆ ਗਿਐ। ਫੇਰ ਵੀ ਉਦਾਰਵਾਦ ਦੇ ਨਾਂ 'ਤੇ ਹੋ ਰਹੇ ਫਰਾਡ ਨੂੰ ਮੀਡੀਆ ਲੋਕਾਂ ਸਾਹਮਣੇ ਨਹੀਂ ਆਉਣ ਦੇ ਰਿਹਾ…।"
"ਕਾਮਰੇਡ ਠੀਕ ਕਹਿ ਰਿਹੈ ਦੋਸਤੋ ! ਮਧਵਰਗ ਦੀ ਲਾਲਚੀ ਪ੍ਰਵਿਰਤੀ ਦਾ ਮੀਡੀਏ ਨੇ ਸ਼ੋਸ਼ਣ ਕੀਤਾ, ਸੁਪਨੇ ਦਿਖਾਏ, ਸੁਪਨੇ ਜਗਾਏ, ਭੋਗਵਾਦੀ ਕਲਚਰ ਪੈਦਾ ਕਰਕੇ ਆਹ ਸਾਰਾ ਕੁਝ ਨਸ਼ੇ ਵਾਂਗ ਸਾਡੇ ਲੋਕਾਂ ਦੇ ਹੱਡਾਂ ਵਿਚ ਰਚਾ ਦਿੱਤਾ। ਮਕੜਜਾਲ ਵਿਚ ਫਸਾ ਲਿਆ।" ਬੰਤ ਜਾਣੀ ਅਮਰੀਕ ਦੀ ਗੱਲ ਦੀ ਵਿਆਖਿਆ ਕਰ ਰਿਹਾ ਸੀ।
"ਭਰਾਵੋ ! ਸਾਡੀ ਇਹ ਬਹੁਤ ਵੱਡੀ ਤ੍ਰਾਸਦੀ ਹੈ ਕਿ ਸੱਚੀ ਗੱਲ ਕਹਿਣ ਵਾਲੇ ਨੂੰ ਭਾਸ਼ਣਬਾਜ ਕਿਹਾ ਜਾਂਦੈ। ਇਹ ਵੀ ਇਕ ਸਾਜਿਸ਼ ਹੈ, ਸਾਡੇ ਲੋਕਾਂ ਨੂੰ ਸਹੀ ਦਿਸ਼ਾ ਵਿਚ ਸੋਚਣ ਤੋਂ ਰੋਕਣ ਦੀ। ਵੱਡਾ ਬਾਈ ਜੁਗਿੰਦਰ ਬੈਠੈ, ਤੇ ਸਾਥੀ ਜਗਦੇਵ…।"
ਮੇਰੇ ਵੱਲ ਦੇਖ ਕੇ ਉਹ ਰਤਾ ਮੁਸਕੁਰਾਇਆ, "ਕਾਮਰੇਡ ਜਗਦੇਵ ਵੀ ਲੋਕ ਪੱਖੀ ਕੰਮਾਂ ਵਿਚ ਮੋਹਰੀ ਰਿਹੈ ਕਿਸੇ ਵੇਲੇ, ਸਾਰੀ ਸਥਿਤੀ ਸਮਝਦੈ…।"
"ਕਿਸੇ ਵੇਲੇ? ਹੁਣ ਕੀ…?" ਮੈਂ ਕਹਿਣਾ ਚਾਹੁੰਦਾਂ ਪਰ ਕੁਝ ਵੀ ਕਹਿ ਨਾ ਹੋਇਆ। ਜਿਵੇਂ ਬਲਕਾਰ ਅੱਖਾਂ ਸਾਹਵੇਂ ਆ ਖੜਿਆ ਹੋਵੇ। ਇਕ ਹੱਦ ਤੋਂ ਬਾਅਦ ਦੁਚਿੱਤੀ ਵੀ ਪਲਾਇਨ ਵਾਂਗ ਹੁੰਦੀ ਹੈ।
"ਗੁਲਾਬੀ ਅਖਬਾਰ…।" ਉਸ ਨੇ ਫੇਰ ਮਾਸਟਰ ਜੁਗਿੰਦਰ ਤੇ ਮੇਰੇ ਵੱਲ ਤੱਕਦਿਆਂ ਅੱਗੇ ਕਿਹਾ, "ਅਤੇ ਗੁਲਾਬੀ ਚੈਨਲ ਪੂੰਜੀਪਤੀਆਂ ਦੀ ਦਲਾਲੀ ਕਰ ਰਹੇ ਨੇ। ਪਹਿਲੇ ਦਿਨੋਂ ਹੀ। ਫਲਾਂ ਭਾਰਤੀ ਉਦਯੋਗਪਤੀ ਦੁਨੀਆ ਦੇ ਧਨ-ਕੁਬੇਰਾਂ ਦੀ ਲਿਸਟ ਵਿਚ ਫਲਾਨੇ ਨੰਬਰ 'ਤੇ। ਇਹ ਸਭ ਸਾਨੂੰ ਸਾਡੀ ਪ੍ਰਾਪਤੀ ਵਾਂਗ ਦਿਖਾਇਆ ਜਾਂਦੈ। ਤੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਿੰਨੇ ਉਹ ਅਮੀਰ ਹੋਏ ਨੇ ਓਨੇ ਅਸੀਂ ਗਰੀਬ ਵੀ ਤਾਂ ਹੋਏ ਹਾਂ… ਪਾੜਾ ਵਧਿਆ ਹੀ ਹੈ… ਕਿ ਨਹੀਂ?" ਕਹਿੰਦਿਆਂ ਉਸ ਨੇ ਉਥੇ ਬੈਠੇ ਲੋਕਾਂ ਵੱਲ ਦੇਖਿਆ। ਫੇਰ ਨਜ਼ਰ ਮੇਰੇ 'ਤੇ ਟਿਕਾ ਲਈ।
ਮੈਂ ਉਸ ਨਾਲ ਨਜ਼ਰ ਮਿਲਾਉਣ 'ਚ ਵੀ ਔਖ ਮਹਿਸੂਸ ਕਰ ਰਿਹਾਂ। ਜੇਬ ਵਿਚ ਪਿਆ ਮੋਬਾਇਲ ਟੋਂਹਦਾਂ। ਕਾਸ਼ ! ਹੁਣੇ ਕੋਈ ਕਾਲ ਆ ਜਾਵੇ, ਮੈਂ ਝਟ ਉਠ ਕੇ ਬਾਹਰ ਚਲਿਆ ਜਾਵਾਂ। ਉਹ ਬਾਰ-ਬਾਰ ਮੈਨੂੰ ਸਾਥੀ ਅਤੇ ਕਾਮਰੇਡ ਕਹਿ ਕੇ ਸੰਬੋਧਤ ਹੋ ਰਿਹੈ। ਉਸਦੀ ਗੱਲ-ਬਾਤ ਵਿਚ 'ਆਪਣੇ ਲੋਕ' ਸ਼ਬਦ ਬਾਰ-ਬਾਰ ਆ ਰਿਹੈ।
ਮੈਂ ਯਾਦ ਕਰਨ ਦੀ ਕੋਸ਼ਿਸ਼ ਕਰਦਾਂ। ਕਦੇ ਮੈਂ ਵੀ 'ਆਪਣੇ ਲੋਕਾਂ' ਬਾਰੇ ਗੱਲ ਕਰਦਾ ਹੁੰਦਾ ਸਾਂ। ਹੁਣ…।
ਹੁਣ ਕੀ ਹੋ ਗਿਐ ਮੈਨੂੰ? ਆਪਣਾ ਸਿਰ ਝਟਕਦਾਂ। ਸਮੇਂ ਦੇ ਨਾਲ ਤਾਂ ਚਲਣਾ ਹੀ ਪੈਂਦੈ। ਕਦੇ ਮਾਡਲ ਰਿਹਾ ਰਸ਼ੀਆ ਵੀ ਤਾਂ ਸਮੇਂ ਦੇ ਨਾਲ ਬਦਲਿਆ ਹੀ ਹੈ…? ਤੇ ਚੀਨ…? ਬਿੱਲਕੁਲ। ਭਾਵੁਕ ਹੋਣ ਦਾ ਹੁਣ ਸਮਾਂ ਨਹੀਂ। ਇਕ ਵਾਰੀ ਫੇਰ ਫੈਸਲੇ ਦੀ ਘੜੀ…। ਮਨ ਟਿਕਾ ਕੇ, ਤਰਕ ਨਾਲ ਸੋਚਣਾ ਚਾਹੀਦੈ। ਵਿਚੇ ਸੋਚਦਾਂ, ਬਹੁਤੀਆਂ ਦਲੀਲਾਂ ਵੀ ਕੀ ਕਰਨੀਆਂ?
ਭਟਕਦੇ ਮਨ 'ਚ ਤਰਕ-ਵਿਤਰਕ ਦੀ ਇਕ ਦੌੜ ਸ਼ੁਰੂ ਹੋ ਜਾਂਦੀ ਐ। ਉਸਦੇ ਕਈ ਸਵਾਲਾਂ ਦਾ ਜਵਾਬ ਮੇਰੇ ਕੋਲ ਨਹੀਂ। ਲੱਗਦੈ ਪੂਰਾ ਸੱਚ ਸਾਹਮਣੇ ਨਹੀਂ ਆ ਰਿਹਾ।
"ਕਿਸੇ ਟਾਟੇ-ਬਿੜਲੇ ਨੇ ਜੇ ਕੋਈ ਮਲਟੀਨੇਸ਼ਨਲ ਕੰਪਨੀ ਖਰੀਦ ਲਈ ਤਾਂ ਕੀ ਇੰਡਿਆ ਨੇ ਦੁਨੀਆ ਫਤੇਹ ਕਰ ਲਈ? ਪਰ ਮੀਡੀਆ ਤਾਂ ਇਸੇ ਤਰ੍ਹਾਂ ਦਿਖਾਉਂਦੈ। ਉਹ ਇਹ ਕਦੇ ਨਹੀਂ ਦਿਖਾਉਂਦਾ ਕਿ ਮਲਟੀਨੇਸ਼ਨਲ ਕੰਪਨੀਆਂ ਨੇ ਕਿੰਨੀਆਂ ਭਾਰਤੀ ਕੰਪਨੀਆਂ ਨੂੰ ਬਰਬਾਦ ਕਰ ਦਿੱਤੈ ਜਾਂ ਕਿੰਨੀਆਂ ਨੂੰ ਖਰੀਦ ਕੇ ਉਹਨਾਂ ਦਾ ਨਾਮ-ਨਿਸ਼ਾਨ ਮਿਟਾ ਦਿੱਤੈ। ਮੀਡੀਏ ਨੇ ਕਦੀ ਇਹ ਰਿਪੋਰਟ ਨਹੀਂ ਦਿਖਾਈ ਕਿ ਨਵੀ ਆਰਥਿਕ ਨੀਤੀ ਨੇ ਕਿਵੇਂ ਛੋਟੇ-ਛੋਟੇ ਕਾਰਖਾਨਿਆਂ ਨੂੰ ਤਬਾਹ ਕਰ ਦਿੱਤੈ ਤੇ ਲੱਖਾਂ ਲੋਕ ਬੇਰੁਜ਼ਗਾਰ ਹੋ ਕੇ ਭੁੱਖੇ ਮਰਨ ਲਈ ਮਜਬੂਰ ਹਨ। ਸਰਕਾਰਾਂ ਨੇ ਸਿਹਤ, ਸਿੱਖਿਆ ਤੇ ਹੋਰ ਲੋਕ ਹਿਤੂ ਕੰਮਾਂ ਦਾ ਬਜਟ ਘਟਾ ਦਿੱਤੈ।" ਉਸਦਾ ਭਾਸ਼ਣ ਪੂਰੀ ਰਵਾਨੀ 'ਤੇ ਸੀ, "ਮਜ਼ਾਕ ਤੇ ਤਰਸ ਦਾ ਪਾਤਰ ਬਣ ਕੇ ਰਹਿ ਗਿਐ ਆਮ ਆਦਮੀ…।"
ਇਕ ਟੁੱਟੇ ਹੋਏ ਕਿਸਾਨ ਨੇ ਹੌਕਾ ਲਿਆ। ਜੋ ਮੇਰੇ ਅੰਦਰ ਉਤਰ ਗਿਆ।
ਮੇਰੀ ਬੇਚੈਨੀ ਵਧਦੀ ਜਾ ਰਹੀ ਹੈ। ਬੇਚੈਨ ਮਨ ਨੂੰ ਕਿਤੇ ਵੀ ਚੈਨ ਨਹੀਂ…ਸੋਚ-ਸੋਚ ਕੇ ਹਾਰ ਚੁੱਕਾਂ…ਸੋਚਾਂ ਦੇ ਵਾਵਰੋਲਿਆਂ ਵਿਚ ਫਸਿਆ ਬੁਰੀ ਤਰ੍ਹਾਂ ਝਿੰਝੋੜਿਆ ਗਿਆਂ…ਵਾ-ਵਰੋਲੇ ਦੀ ਟੀਸੀ ਤਕ ਜਾ ਕੇ ਇਕਦਮ ਧਰਤੀ 'ਤੇ ਆ ਡਿੱਗਦਾਂ… ਡੂੰਘੀ ਖਾਈ ਵਿਚ ਲੁੜਕ ਜਾਂਦਾਂ… ਨਾ ਮੇਰਾ ਪਿਆਰਾ ਅਖਬਾਰ, ਨਾ ਕੋਈ ਚੈਨਲ, ਕਿਤੇ ਵੀ ਮਨ ਨਹੀਂ ਟਿਕ ਰਿਹਾ…।
"ਕਿਸੇ ਦੇ ਮਨ ਦਾ ਕੀ ਪਤਾ ਚਲਦੈ ਭੈਣ ਜੀ, ਹਿਸਾਬੀ ਹੋ ਗਏ ਨੇ ਸਾਰੇ।" ਕੰਧ ਦੀ ਮੋਰੀ 'ਚੋਂ ਕਿਸੇ ਗੱਲ ਤੇ ਗਵਾਂਢਣ ਕਹਿ ਰਹੀ ਸੀ। ਸਰਬਜੀਤ ਨੇ ਝਟ ਮੇਰੇ ਵੱਲ ਦੇਖਿਆ। ਮੈਂ ਕੰਬ ਗਿਆ।
ਜ਼ਿੰਦਗੀ ਦੇ ਸਾਨ੍ਹ ਨੂੰ ਸਿੰਗਾਂ ਤੋਂ ਫੜਨ ਦੀ ਕੋਸ਼ਿਸ਼ ਕਰਦਾਂ। ਬੱਚਿਆਂ ਦਾ ਖਿਆਲ ਆਉਂਦੈ …ਇੱਜ਼ਤ ਦਾ ਵੀ…ਪਤਨੀ ਵੀ ਜਾਣੀ ਸਾਹਮਣੇ ਆ ਖੜੋਂਦੀ ਐ…। ਰਾਤ ਨੂੰ ਜੇ ਅੱਖ ਲੱਗਦੀ ਵੀ ਹੈ ਤਾਂ ਊਲ-ਜਲੂਲ ਸੁਪਨੇ ਆਉਂਦੈ ਨੇ। ਸੁਪਨੇ ਵਿਚ ਕਦੇ ਬਾਪੂ ਜੀ, "ਫਸਲ- ਬਾੜੀ ਦਾ ਕੀ ਹਾਲ ਐ ਪੁੱਤਰਾ? ਖੇਤੀ ਖਸਮਾਂ ਸੇਤੀ ਭਾਈ…।" ਤਾਂ ਕਦੇ ਘਰਵਾਲੀ, "ਤੁਸੀਂ ਤਾਂ ਜੀ ਕੈਲਕੁਲੇਟਰ…।" ਫੇਰ ਨੀਂਦ ਉੱਡ ਜਾਂਦੀ ਐ।
ਬੈਡਰੂਮ ਵਿਚ ਕੈਲਕੁਲੇਟਰ ਲਿਜਾਣਾ ਬੰਦ ਕਰ ਦਿੱਤੈ। ਬਲਕਿ ਬੈਠਕ ਵਿਚ ਵੀ ਅਫੀਮ ਵਾਂਗ ਲਕੋ ਕੇ ਰੱਖਦਾਂ।
ਮੈਂ ਤਾਂ ਟੇਲੀਵਿਜ਼ਨ ਵੀ ਬੈਠਕ ਵਿਚ…। ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਹੈ। ਲੋਕਾਂ ਦੀਆਂ ਔਰਤਾਂ ਤਾਂ ਟੀ ਵੀ ਸੀਰੀਅਲਾਂ ਦੀਆਂ ਮਾਰੀਆਂ ਦਿਨ ਛਿਪਦੇ ਨੂੰ ਮੰਡੇ ਪਕਾ ਕੇ ਧਰ ਦਿੰਦੀਆਂ ਨੇ। ਹਾਲੀ ਆ ਕੇ ਆਪੇ ਠੰਡੇ ਟੁੱਕੜ ਖਾਈ ਜਾਣ।
ਪਤਾ ਨਹੀਂ ਮੇਰਾ ਵਹਿਮ ਹੀ ਖਾਈ ਜਾ ਰਿਹਾ ਹੈ ਜਾਂ…? ਇਕ ਦਿਨ ਕਿਸੇ ਗੱਲ 'ਤੇ ਸਰਬਜੀਤ ਕਹਿੰਦੀ, "ਆਹੋ ਜੀ, ਪ੍ਰਾਈਵੇਸੀ ਦਾ ਬੜਾ ਕਿਹਾ ਤੁਸੀਂ…!" ਤੇ ਟੀ ਵੀ ਵੱਲ ਦੇਖਦਿਆਂ ਸਵਾਲੀਆ ਨਿਸ਼ਾਨ ਵਿਚ ਤਬਦੀਲ ਹੋ ਗਈ। ਮੇਰੇ ਦਿਮਾਗ਼ ਵਿਚ ਆਲ-ਜੰਜਾਲ ਚਲਣ ਲੱਗਿਆ। ਚਲਦਾ ਰਿਹਾ। ਅੱਖ ਲੱਗੀ ਨਹੀਂ ਕਿ ਲੱਗੀ ਕਵਿਤਾ ਕਹਿਣ, '…ਲੋਕਾਂ ਦਾ ਹਜੂਮ ਸਾਡੇ ਬੈਡਰੂਮ ਵਿਚ/ਦੇਖਤਾ ਹੈ ਤੂੰ ਕਿਆ/ਦੋ ਤੇ ਦੋ ਵੀ ਪੰਜ ਹੋਏ ਕਦੀ? ਇਹ ਕੇਹੀ ਹਵਸ? ਕਦੀ ਫੁਰਸਤ ਵਿਚ ਸੋਚਿਓ/ਪ੍ਰਾਈਮ ਟਾਈਮ ਤੋਂ ਬਾਅਦ/ਕਿ ਜਵਾਕ ਕਿੱਥੇ ਲੁੜਕੇ ਹੋਏ/ਪਤਨੀ ਕਿਥੇ/ਕਿ ਉਹਨਾਂ ਦੇ ਨਾਲ ਉਹ ਵੀ ਹੈ/ਹੋਣਾ ਚਾਹੀਦਾ ਜਿਸ ਨੂੰ/ਜਾਂ ਕਿ ਹਜੂਮ ਲੋਕਾਂ ਦਾ? ਇਹ ਅਨਹੋਣੀ ਕਿੰਝ ਵਾਪਰੀ?' ਤ੍ਰਭਕ ਕੇ ਉਠ ਖੜਦਾਂ। ਹਮੇਸ਼ਾਂ ਵਾਂਗ ਕੁਝ ਵੀ ਪੱਲੇ ਨਹੀਂ ਪੈਂਦਾ। ਨੀਂਦ ਜ਼ਰੂਰ ਉੱਡ ਗਈ।
ਕਦੇ-ਕਦੇ ਲੱਗਦੈ ਇਹਨੂੰ ਮੇਰੀ ਗਲੋਬਲ ਪੂੰਜੀ ਵਿਚ ਏਨੀ ਐਕਟਿਵ ਹਿੱਸੇਦਾਰੀ ਬਾਰੇ ਸ਼ੱਕ ਹੋ ਗਿਐ। ਬੇਸ਼ੱਕ ਇਸ ਨੇ ਕਦੇ ਕਿਹਾ ਕੁਝ ਨਹੀਂ। ਪਰ ਬੈਡਰੂਮ ਤੇ ਬਾਹਰਲੀ ਬੈਠਕ ਵਿਚਾਲੜੀ ਵਿੱਥ ਕੋਹਾਂ ਲੰਮੀ ਹੋ ਚੁਕੀ ਹੈ। ਅਜਨਬੀ ਬਣ ਕੇ ਰਹਿ ਗਿਆਂ। ਪਤਾ ਨਹੀਂ ਖੁੱਲ੍ਹ ਕੇ ਹੱਸੇ ਨੂੰ ਕਿੰਨਾ ਚਿਰ ਹੋ ਗਿਐ? ਆਖਰੀ ਬਾਰ ਮੈਂ ਸੈਰੀ ਤੇ ਰਿੰਪੀ ਨੂੰ ਜੋਕ ਕਦੋਂ ਸੁਣਾਏ ਸੀ? ਅਸੀਂ ਚਾਰੇ ਕੱਠੇ ਕਦੋਂ ਕੈਰਮ ਖੇਡੇ ਸੀ? ਕਦ ਰਿੰਪੀ ਸੰਗ ਬੈਠ ਕੇ ਮੈਂ ਚਿੱਤਰ ਬਣਵਾਏ ਸੀ? ਕਦੋਂ ਬੱਚੇ…? ਨਿੱਕੇ-ਨਿੱਕੇ ਬੱਚੇ ਵੀ ਕਿਵੇਂ ਮਾਹੌਲ ਨੂੰ ਪੜ੍ਹ ਲੈਂਦੇ ਨੇ। ਕਈ ਵਾਰੀ ਮਾਂ ਨਾਲ ਗੱਲਾਂ ਕਰ ਰਹੇ ਹੁੰਦੇ ਨੇ, ਮੈਨੂੰ ਦੇਖਣ ਸਾਰ ਚੁੱਪ। ਪਿਛਲੇ ਕਈ ਮਹੀਨਿਆਂ ਤੋਂ ਮੈਂ ਇਹਨਾਂ ਦੀ ਟੀਚਰ-ਪੇਰੇਂਟਸ ਮੀਟ ਵਿਚ ਵੀ ਨਹੀਂ ਜਾ ਸਕਿਆ। ਹੋ ਸਕਦੈ ਇਸੇ ਕਰਕੇ ਨਰਾਜ਼ ਹੋਣ। ਮੇਰੇ ਮਨ ਦਾ ਚੋਰ ਪਤਾ ਨਹੀਂ ਕੀ ਊਲ-ਜਲੂਲ ਸੋਚੀ ਜਾ ਰਿਹੈ।
ਅੱਜ ਦੀਆਂ ਖਬਰਾਂ ਨੇ ਮੇਰੀ ਪਰੇਸ਼ਾਨੀ ਹੋਰ ਵਧਾ ਦਿੱਤੀ ਹੈ। ਕਈ ਦਿਨਾਂ ਤੋਂ ਚੰਗੀ ਤਰ੍ਹਾਂ ਨੀਂਦ ਵੀ ਨਹੀਂ ਆ ਰਹੀ। ਬਿਜ਼ਨੇਸ ਚੈਨਲ, ਮੈਨੂੰ ਹੁਣ ਲੱਗਦੈ, ਪਹਿਲੇ ਦਿਨੋਂ ਹੀ ਝੂਠ ਬੋਲਦੇ ਰਹੇ ਨੇ। ਮੈਂ ਰੱਬ ਵਰਗਾ ਵਿਸ਼ਵਾਸ ਕਰਦਾ ਰਿਹਾ।
ਜਦ ਮੈਂ ਸ਼ੇਅਰ ਮਾਰਕਿਟ ਵਿਚ ਵੜਿਆ, ਸੈਨਸੇਕਸ ਸੋਲਾਂ ਹਜ਼ਾਰ 'ਤੇ ਸੀ। ਅਤੇ ਚੈਨਲਾਂ ਵਾਲੇ, ਜਿਨ੍ਹਾਂ ਨੂੰ ਅਮਰੀਕ ਗਲੋਬਲੀਕਰਨ ਦੇ ਰੱਥਵਾਨ ਕਹਿੰਦੈ, ਦੱਸ ਰਹੇ ਸੀ ਕਿ ਹੁਣ ਇਨਵੈਸਟਮੈਂਟ ਕਰਨ ਦਾ ਸਹੀ ਸਮਾਂ ਹੈ। ਜਦ ਬਾਈ ਹਜ਼ਾਰ 'ਤੇ ਪਹੁੰਚਿਆ ਉਦੋਂ ਵੀ ਤੇ ਹੁਣ ਗਿਰ ਕੇ ਅੱਠ ਹਜ਼ਾਰ 'ਤੇ ਆ ਗਿਐ, ਤਾਂ ਵੀ ਇਨਵੈਸਟਮੈਂਟ ਦਾ ਸਹੀ ਸਮਾਂ ਦੱਸ ਰਹੇ ਨੇ?
ਕਦੇ ਸੁਣ ਕੇ ਨਸ਼ਾ ਜਿਹਾ ਛਾ ਜਾਂਦਾ ਸੀ। ਹੁਣ ਤਾਂ ਇਨ੍ਹਾਂ ਦੀ ਭਾਸ਼ਾ ਰਤਾ ਵੀ ਨਹੀਂ ਪੋਂਹਦੀ ਮੈਨੂੰ। ਪਾਵਰ ਸੈਕਟਰ, ਪੈਟਰੋ, ਆਈ ਟੀ, ਬੈਂਕਿੰਗ ਸੈਕਟਰ… ਸਭ ਬਕਵਾਸ..! ਸਾਲਿਓ, ਅਮਰੀਕਾ ਦੇ ਵੱਡੇ-ਵੱਡੇ ਬੈਂਕ ਲਿਟ ਗਏ… ਤੇ ਡੱਬੀ ਵਰਗਾ ਪਲਾਟ, ਪ੍ਰਾਈਮ ਲੋਕੇਸ਼ਨ… ਬਿੱਲੂ ਕਲ੍ਹ ਈ ਕਹਿੰਦਾ ਸੀ, "ਗਧੀ ਨਹੀਂ ਪੁੱਛਦੀ ਚਾਚਾ।"
ਊਠ 'ਤੇ ਚੜ੍ਹੇ ਨੂੰ ਕੁੱਤਾ ਖਾ ਗਿਐ। ਜਿਉਂ-ਜਿਉਂ ਕਰਾਰ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ, ਮੇਰਾ ਦਿਲ ਬੈਠਦਾ ਜਾ ਰਿਹੈ। ਚੰਗੇ-ਭਲੇ ਗਹਿਣੇ ਸੀ ਘਰਵਾਲੀ ਦੇ, ਕੋਈ ਅਣਸਰਦੇ ਨੂੰ ਵੇਚੇ ਤਾਂ ਵੀ ਹੈ, ਪਰ…। ਮਾਰੀ ਗਈ ਮੱਤ। ਹੁਣ ਸੋਨਾ ਵੀ ਅਸਮਾਨ ਛੂ ਰਿਹੈ। ਤੇ ਬੇਚੈਨੀ? ਕੁਝ ਨਾ ਪੁੱਛੋ। ਰਿਮੋਟ ਦੇ ਬਟਨ ਦੱਬੀ ਜਾ ਰਿਹਾਂ। ਹਥੇਲੀ 'ਚ ਪਸੀਨਾ ਆ ਰਿਹੈ। ਖਿੜਕੀ 'ਚੋਂ ਠੰਡੀ ਹਵਾ ਦਾ ਬੁੱਲਾ ਆਇਐ। ਕਾਂਬਾ ਜਿਹਾ ਚੜ੍ਹ ਗਿਆ। ਦਮ ਘੁਟਦਾ ਮਹਿਸੂਸ ਹੋਇਆ ਤਾਂ ਖਿੜਕੀ ਖੋਲ੍ਹ ਲਈ ਸੀ। ਹੁਣ ਬੰਦ ਕਰਨ ਲਈ ਉੱਠਣਾ ਵੀ ਮੁਹਾਲ ਹੋ ਰਿਹੈ। ਬਾਰ-ਬਾਰ ਸੀਲਿੰਗ ਫੈਨ ਅੱਖਾਂ ਸਾਹਵੇਂ ਆ ਜਾਂਦੈ। ਮੈਂ ਉਧਰੋਂ ਨਜ਼ਰਾਂ ਹਟਾ ਕੇ ਧਿਆਨ ਟੀ ਵੀ ਵੱਲ ਲਾਉਣ ਦੀ ਕੋਸ਼ਿਸ਼ ਕਰਦਾਂ। ਬੀ ਪੋਜਿਟਿਵ ਯਾਰ…।
ਹਾਂ, ਮੈਂ ਕਿਉਂ ਪੰਖੇ ਵੱਲ ਝਾਕਾਂ? ਮੈਨੂੰ ਤਾਂ ਫਸਾਇਆ ਗਿਐ। ਮੇਰੀ ਜ਼ਮੀਨ 'ਤੇ ਉਹਨਾਂ ਦੀ ਅੱਖ ਸੀ। ਸਪੈਸ਼ਲ ਇਕਨੋਮਿਕ ਜੋਨ ਦਾ ਬਹਾਨਾ ਨਹੀਂ ਬਣਾ ਸਕੇ ਤਾਂ ਐਦਾਂ ਅੜਾ ਲਿਆ। ਸਾਰੇ ਰਲੇ ਹੋਏ ਨੇ, ਅਖਬਾਰ ਵਾਲੇ, ਚੈਨਲਾਂ ਵਾਲੇ, ਵਿੱਤ ਮੰਤਰੀ, ਪ੍ਰਧਾਨਮੰਤਰੀ, ਪ੍ਰਾਪਰਟੀ ਡੀਲਰ, ਆੜ੍ਹਤੀਆ ਤੇ ਉੱਲੂ ਦਾ ਪੱਠਾ ਮੇਰਾ ਡਿਮੈਟ ਅਕਾਉਂਟ ਖੁਲ੍ਹਵਾਉਣ ਵਾਲਾ ਕੈਪੀਟਲ ਇਨਵੇਸਟਮੈਂਟ ਕੰਪਨੀ ਦਾ ਏਜੰਟ ਸਾਲਾ ਗੰਜਾ ਜਿਹਾ। ਸਾਰਿਆਂ ਦੀ ਸਾਜਿਸ਼ ਹੈ…।
ਸਜ਼ਾ ਤਾਂ ਇਹਨਾਂ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ…। ਝੂਠ ਬੋਲਣ ਦੀ, ਗੁਮਰਾਹ ਕਰਨ ਦੀ, ਜ਼ੇਰੇ ਦਫਾ ਜੋ ਵੀ, ਇਹਨਾਂ 'ਤੇ ਮੁਕੱਦਮਾ ਚਲਣਾ ਚਾਹੀਦੈ। ਕਿਸੇ ਦਾ ਬੀ ਪੀ ਘਟਾਉਣ ਦੀ ਘੱਟੋ -ਘੱਟ ਕਿੰਨੀ ਸਜ਼ਾ ਹੋ ਸਕਦੀ ਹੈ? ਬੰਦਾ ਮਰ ਵੀ ਸਕਦੈ? ਕਈ ਮਹੀਨਿਆਂ ਤੋਂ ਕਬਜੀ ਨਹੀਂ ਟੁੱਟ ਰਹੀ। ਜੁਆਕ ਓਪਰਿਆਂ ਵਾਂਗ ਝਾਕਦੇ ਐ। ਕਿੰਨਾ ਚਿਰ ਹੋ ਗਿਐ, ਘਰਵਾਲੀ ਨਾਲ ਬੋਲਿਆ ਵੀ ਨਹੀਂ ਚਜ ਨਾਲ। ਸਾਲਿਓ, ਚੰਗੇ-ਭਲੇ ਬੰਦੇ ਨੂੰ ਤੁਸੀਂ ਖੱਸੀ ਕਰ ਕੇ ਰੱਖ ਛੱਡਿਐ। ਅਮਰੀਕ ਬਾਈ ਠੀਕ ਕਹਿੰਦਾ ਸੀ, "ਇਕ ਬੇਰਹਿਮ ਦੌਰ 'ਚੋਂ ਗੁਜਰ ਰਹੇ ਹਾਂ। ਸਾਨੂੰ ਸੋਚ ਸਮਝ ਕੇ…।"
"ਸੋਚਦੇ-ਸਮਝਦੇ ਕੁਝ ਨਹੀਂ। ਇਹ ਜੋ ਨਿਮਨ ਮੱਧ ਵਰਗ ਹੈ ਨਾ, ਹਰ ਕੰਮ ਭਾਵਨਾਵਾਂ ਦੇ ਵੇਗ ਵਿਚ ਕਰਦੈ।" ਬਲਕਾਰ ਅਕਸਰ ਅਜਿਹੇ ਕੁਮੈਂਟ ਕਰ ਦਿੰਦੈ।
ਮੈਂ ਫਟਾਫਟ ਚੈਨਲ ਬਦਲਦਾਂ। ਇਕ ਥਾਂ ਕਲ੍ਹ ਸ਼ਾਮ ਵਾਲਾ ਲਾਈਵ ਫੋਨ-ਇਨ ਪ੍ਰੋਗਰਾਮ ਰਪੀਟ ਹੋ ਰਿਹੈ। ਇਕ ਦਰਸ਼ਕ ਪੁੱਛਦੈ, "ਮੈਂ ਬ੍ਰਾਈਟ ਕੰਪਨੀ ਦੇ ਸ਼ੇਅਰ ਲਏ ਸੀ ਜੀ। ਹੁਣ ਤਾਂ ਨਾ ਕਿਤਿਓਂ ਰੇਟ ਪਤਾ ਲੱਗ ਰਿਹੈ ਨਾ ਹੋਰ… ਕੰਪਨੀ ਦੇ ਪਤੇ ਤੋਂ ਚਿੱਠੀਆਂ ਵੀ ਬੇਰੰਗ ਮੁੜ ਆਈਆਂ?"
ਐਕਸਪਰਟ ਮੁਸਕੁਰਾਉਂਦੇ ਹੋਏ ਦੱਸਦੈ, "ਕਾਗਜ਼ ਸਾਂਭ ਕੇ ਰੱਖੋ,ਖਬਰੇ ਕਿਸੇ ਦਿਨ ਕਿਸਮਤ ਜਾਗ ਪਵੇ।"
ਕਿਸਮਤ ਤਾਂ ਮੈਨੂੰ ਵੀ ਲੱਗਦਾ ਸੀ ਜਾਗ ਪਈ ਹੈ। ਰਾਸ਼ੀਫਲ 'ਚ ਰੋਜ਼ਾਨਾ ਲਿਖਿਆ ਹੁੰਦਾ ਸੀ- ਵਪਾਰ ਮੇਂ ਫਾਇਦਾ ਹੋਗਾ… ਸ਼ੇਅਰ ਬਜ਼ਾਰ ਮੇਂ ਇਨਵੇਸਟ ਕਰੇਂ…। ਇਹ ਵੀ ਰਲੇ ਹੋਏ ਸੀ। ਕਿਸੇ ਵੀ ਸਾਲੇ ਜੋਤਸ਼ੀ ਨੇ ਕਦੇ ਨੀਂ ਲਿਖਿਆ ਪਈ ਖੇਤੀ 'ਚ ਵੀ ਫਾਇਦਾ ਹੋਊ, ਮਿਹਨਤ ਕਰੋ। ਏਨੀ ਬੇਚੈਨੀ ਵੀ ਕੀ ਕਿ ਕਿਸੇ ਚੈਨਲ 'ਤੇ ਕੁਝ ਪਲ ਵੀ ਰੁਕ ਨਹੀਂ ਹੁੰਦਾ? ਇਕ ਚੈਨਲ ਤੇ ਬਾਬਾ ਰਾਮ ਦੇਵ ਨੇ ਫਟਫਟੀਆ ਜਿਹਾ ਚਲਾ ਰੱਖਿਐ। ਅਨੁਲੋਮ, ਵਿਲੋਮ… ਕਪਾਲ ਭਾਤੀ… ਆਪਕੋ ਇਸੇ ਕਰਨੇ ਕਾ ਤਰੀਕਾ ਬਤਾਊਂਗਾ। ਮੈਨੂੰ ਸੁਣਦੈ, ਆਨ-ਲਾਇਨ ਮਾਰਕੇਟਿੰਗ ਸਿਖਾਊਂਗਾ… ਆਪ ਕਾ ਨਾਮ ਹੀ ਆਪ ਕਾ ਯੂਜਰ ਆਈ ਡੀ ਹੈ…।
ਇਸ ਯੂਜ ਐਂਡ ਥਰੋਅ ਦੇ ਜ਼ਮਾਨੇ ਵਿਚ ਪਤਾ ਨਹੀਂ ਕੌਣ ਕੀਹਨੂੰ ਯੂਜ ਕਰ ਰਿਹੈ?
ਹੁਣ ਨੂੰ ਤਾਂ ਮੈਂ ਵੀ ਕੰਪਿਉਟਰ ਲੈ ਆਉਣਾ ਸੀ। ਇਕ ਦਿਨ ਟੀ ਵੀ 'ਚ ਸਕਰੋਲਿੰਗ ਪੱਟੀ ਤੋਂ ਸ਼ੇਅਰਾਂ ਦੇ ਰੇਟ ਦੇਖ ਕੇ ਕੈਲਕੁਲੇਸ਼ਨ ਕਰ ਰਿਹਾ ਸਾਂ ਕਿ ਬਿੱਲੂ ਆ ਗਿਆ। ਕਹਿੰਦਾ, "ਚਾਚਾ ਸਿਆਂ, ਦੁਨੀਆ ਬਹੁਤ ਅੱਗੇ ਪਹੁੰਚ ਗਈ ਹੈ। ਆਪਣੀ ਤਾਂ ਇਹੀ ਟ੍ਰੈਜਡੀ ਹੈ ਕਿ ਜਿੰਨਾ ਮਰਜੀ ਜ਼ੋਰ ਲਾ ਲਈਏ, ਜ਼ਮਾਨੇ ਦੀ ਰਫਤਾਰ ਨੂੰ ਅੱਪੜ ਈ ਨੀਂ ਸਕਦੇ।" ਤੇ ਉਸਨੇ ਦੱਸਿਆ, "ਇਹ ਰੇਟ ਕਾਫੀ ਪਹਿਲਾਂ ਦੇ ਨੇ। ਹੋ ਸਕਦੈ ਹੁਣ ਨੂੰ ਸਾਨ੍ਹ ਮੂਧਾ ਪਿਆ ਹੋਵੇ। ਆਨ-ਲਾਈਨ ਹੋਣਾ ਪੈਣੈ ਚਾਚਾ… ਫੇਰ ਤਾਂ ਇਕ ਕਲਿੱਕ ਨਾਲ ਜਦ ਮਰਜ਼ੀ ਸ਼ੇਅਰ ਵੇਚੋ, ਭਾਵੇਂ ਖਰੀਦੋ…। ਅਜੇ ਤਾਂ ਆਪਾਂ ਹੈਂਡੀਕੈਪ ਈ ਹਾਂ…।"
ਬਲਕਾਰ ਵੀ ਕਹਿੰਦਾ ਸੀ, "ਦੁਨੀਆਂ ਨਾਲ ਤਾਰਾਂ ਜੋੜ ਲਓ ਬਾਬੇਓ, ਦਿਨੇ ਏਸ਼ੀਆ ਦੀਆਂ, ਯੋਰਪ ਦੀਆਂ ਮੰਡੀਆਂ ਦੀ ਸਟੱਡੀ ਕਰੋ, ਰਾਤੀਂ ਬਿਡ ਪਾ ਦਿਓ… ਅਗਲੇ ਦਿਨ ਬਜ਼ਾਰ ਖੁਲ੍ਹਣ ਤੇ ਦੇਖਿਓ ਕਿਵੇਂ ਬੁਲਬੁਲੇ ਪਾਟਦੇ ਐ…! ਉਹਨਾਂ ਨੂੰ ਉਹਨਾਂ ਦੇ ਹਥਿਆਰਾਂ ਨਾਲ ਈ ਮਾਰਨਾ ਪੈਣੈ…!"
ਐਕਸਚੇਂਜ ਆਫਰ। ਘਰ ਦਾ ਸਾਰਾ ਸਮਾਨ ਬਦਲ ਲਓ। ਜ਼ੀਰੋ ਫੀਸਦ ਵਿਆਜ 'ਤੇ ਫਾਈਨੈਂਸ਼.. ਨਾਲੇ ਕ੍ਰੈਡਿਟ ਕਾਰਡ…। ਮੈਂ ਫੇਰ ਚੈਨਲ ਬਦਲਦਾਂ।
ਇਹ ਕੀ? ਬਲਬੀਰ…? ਨਜ਼ਰ ਟੀ ਵੀ ਸਕਰੀਨ 'ਤੇ ਟਿਕਾ ਲੈਂਦਾਂ।
ਟੀ ਵੀ ਸਕਰੀਨ 'ਤੇ ਵੱਡੇ-ਵੱਡੇ ਅੱਖਰਾਂ 'ਚ ਲਿਖਿਆ ਆ ਰਿਹੈ… ਬ੍ਰੇਕਿੰਗ ਨਿਊਜ਼.. ਬਲਬੀਰ ਸਿੰਘ ਕੀ ਲਲਕਾਰ…! ਸਾਵਧਾਨ ਏ ਬਾਜ਼ਾਰ…!
ਵਿਚੇ ਬਲਬੀਰ ਕੰਧਾਂ 'ਤੇ ਪਰਚੇ ਚਿਪਕਾਉਂਦਾ ਹੋਇਆ। ਕਿਤੇ ਮੈਂ ਸੁਪਨਾ ਤਾਂ ਨੀਂ ਦੇਖ ਰਿਹਾ? ਕਿਸੇ ਹੋਰ ਚੈਨਲ 'ਤੇ…? ਇਥੇ ਵੀ ਉਹੀ ਕੁਝ। ਸੁਰਖੀਆਂ ਜ਼ਰਾ ਬਦਲੀਆਂ ਹੋਈਆਂ, ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ਼..!
ਬਾਜ਼ਾਰ ਕੋ ਫਟਕਾਰ…! ਐਂਕਰ ਵੀ ਇਹੀ ਕੁਝ ਚੀਕ-ਚੀਕ ਕੇ ਬੋਲ ਰਿਹੈ।
"ਅਭੀ ਏਕ ਬੜੀ ਖਬਰ ਆ ਰਹੀ ਹੈ। ਆਪਕੋ ਭੀ ਵਹਾਂ ਲਿਏ ਚਲਤੇ ਹੈਂ। ਹਮਾਰੇ ਸੰਵਾਦਦਾਤਾ ਮੌਕੇ ਪਰ ਮੌਜੂਦ ਹੈਂ। ਜੀ ਰਮਨ, ਕਿਆ ਆਪ ਬਤਾਏਂਗੇ, ਬਲਬੀਰ ਸਿੰਘ ਦੁਆਰਾ ਚਿਪਕਾਏ ਇਨ ਪੋਸਟਰੋਂ ਮੇਂ ਕਿਆ ਲਿਖਾ ਹੈ?" ਐਂਕਰ ਰਿਪੋਰਟਰ ਨੂੰ ਪੁੱਛਦੈ।
"ਜੀ ਸੁਧੀਰ, ਦੇਖੀਏ ਇਸ ਵਕਤ ਮੈਂ ਸ਼ਹਿਰ ਕੀ ਮੇਨ ਸਬਜ਼ੀ ਮੰਡੀ ਮੇਂ ਹੂੰ। ਆਪ ਕੋ ਬਤਾ ਦੂੰ ਯਹਾਂ ਸੇ ਆਸਪਾਸ ਕੇ ਇਲਾਕੇ ਕੇ ਅਲਾਵਾ ਕਈ ਬੜੇ ਸ਼ਹਿਰੋਂ ਕੋ ਭੀ ਸਬਜ਼ੀ ਸਪਲਾਈ ਹੋਤੀ ਹੈ। ਔਰ ਜਹਾਂ ਤਕ ਸਵਾਲ ਹੈ ਪੋਸਟਰ ਕਾ, ਤੋ ਉਸ ਮੇਂ ਕਈ ਮਹੱਤਵਪੂਰਨ ਮੁੱਦੇ ਉਠਾਏ ਗਏ ਹੈਂ। ਹਮ ਅਪਨੇ ਦਰਸ਼ਕੋਂ ਕੋ ਬਤਾਨਾ ਚਾਹੇਂਗੇ, ਯੇ ਹਾਥ ਸੇ ਲਿਖੇ ਹੁਏ ਪਰਚੇ ਹੈਂ…।"
"ਜੀ ਰਮਨ, ਹਮ ਵਹੀ ਜਾਨਨਾ ਚਾਹਤੇ ਹੈਂ, ਪੋਸਟਰ ਕੀ ਤਹਿਰੀਰ ਕੇ ਬਾਰੇ ਮੈਂ ਕੁਛ ਬਤਾਈਏ… ਕਿਆ ਆਪ ਪੋਸਟਰ ਕੋ ਨਜ਼ਦੀਕ ਸੇ ਦਿਖਾ ਸਕਤੇ ਹੈ?"
"ਜੀ ਸੁਧੀਰ, ਜਹਾਂ ਤਕ ਤਹਿਰੀਰ ਕੀ ਬਾਤ ਹੈ, ਇਸੇ ਸਮਝਨੇ ਕੇ ਲਿਏ ਖੇਤੀ-ਬਾਜ਼ਾਰ-ਵਿਵਸਥਾ ਕੋ ਦੁਬਾਰਾ ਪਰਿਭਾਸ਼ਿਤ ਕਰਨਾ ਪੜੇਗਾ। ਸੀਧੇ-ਸੀਧੇ ਸ਼ਬਦੋਂ ਮੇਂ ਕਹੂੰ ਤੋ ਹਰ ਤਰਹਾਂ ਕੀ ਕ੍ਰਿਸ਼ੀ ਉਪਜ ਪਰ ਰਾਇਲਟੀ ਮਾਂਗੀ ਗਈ ਹੈ।" ਐਂਕਰ ਦੇ ਚਿਹਰੇ 'ਤੇ ਮੁਸਕਰਾਹਟ ਫੈਲਣ ਲੱਗੀ। ਪਤਾ ਨਹੀਂ ਇਹ ਮੁਸਕਾਨ ਰਾਇਲਟੀ ਵਾਲੀ ਗੱਲ ਕਰਕੇ ਸੀ ਜਾਂ ਬਾਜ਼ਾਰ ਨੂੰ ਦੁਬਾਰਾ ਪਰਿਭਾਸ਼ਿਤ ਕਰਨ ਵਾਲੀ ਗੱਲ 'ਤੇ।
ਰਿਪੋਰਟਰ ਬੋਲੀ ਜਾ ਰਿਹਾ ਸੀ, "ਕੁਛ ਔਰ ਬਾਤੇਂ ਭੀ ਹੈਂ… ਮੈਂ ਅਪਨੇ ਕੈਮਰਾਮੈਨ ਸੇ ਕਹੂੰਗਾ ਕਿ ਵੋ ਪੋਸਟਰ ਕੋ ਨਜ਼ਦੀਕ ਸੇ ਦਿਖਾਏ… ਇਸ ਮੇਂ ਕਹਾ ਗਿਆ ਹੈ ਕਿ…।" ਪੋਸਟਰ ਜੂਮ ਇਨ ਹੁੰਦੈ। ਇਸ ਤੋਂ ਪਹਿਲਾਂ ਕਿ ਰਿਪੋਰਟਰ ਕੁਝ ਦੱਸੇ…।
"ਜੀ ਰਮਨ, ਆਪ ਬਨੇ ਰਹੀਏ ਹਮਾਰੇ ਸਾਥ ਔਰ ਹਮ ਅਪਨੇ ਦਰਸ਼ਕੋਂ ਕੋ ਬਤਾ ਦੇਂ ਕਿ ਏਕ ਛੋਟੇ ਕਿਸਾਨ ਬਲਬੀਰ ਸਿੰਘ ਨੇ ਯਹ ਮੁੱਦਾ ਜਿਸ ਦਿਲੇਰੀ ਕੇ ਸਾਥ ਉਠਾਇਆ ਹੈ ਵੋ ਦੇਖਨੇ ਵਾਲੀ ਬਾਤ ਹੈ। ਇਸ ਵਕਤ ਹਮਾਰੇ ਸਾਥ ਸਟੂਡੀਓ ਮੇਂ ਮੌਜੂਦ ਹੈਂ ਆਰਥਿਕ ਮਾਮਲੋਂ ਕੇ ਮਾਹਿਰ… ਅਪਨੇ ਮਹਿਮਾਨ ਸੇ ਭੀ ਬਾਤ ਕਰੇਂਗੇ… ਫਿਲਹਾਲ ਲੇਤੇ ਹੈਂ ਏਕ ਛੋਟਾ ਸਾ ਬ੍ਰੇਕ… ਕਹੀਂ ਜਾਈਏਗਾ ਨਹੀਂ… ਅਭੀ ਹਾਜ਼ਰ ਹੋਤੇ ਹੈਂ…।"
ਮੈਂ ਚੈਨਲ ਬਦਲ ਲੈਂਦਾਂ।
"ਬਲਬੀਰ ਸਿੰਘ ਜੀ ਆਪ ਕੋ ਪੂਰਾ ਦੇਸ਼ ਦੇਖ ਰਹਾ ਹੈ।।।ਅਪਨੀ ਮਾਂਗੋਂ ਕੇ ਬਾਰੇ ਮੇਂ ਜ਼ਰਾ ਵਿਸਥਾਰ ਸੇ ਬਤਾਈਏ?"
"ਇਕੋ ਮੰਗ ਹੈ ਜੀ, ਸਾਡੀਆਂ ਜਿਨਸਾਂ ਦੀ ਪੂਰੀ ਕੀਮਤ ਮਿਲਣੀ ਚਾਹੀਦੀ।" ਬਲਬੀਰ ਦੀ ਮੁੱਠੀ ਹਵਾ ਵਿਚ ਲਹਿਰਾਈ ਹੈ।
"ਪੂਰੀ ਕੀਮਤ ਸੇ ਆਪ ਕਾ ਕਿਆ ਮਤਲਬ ਹੈ? ਸਰਕਾਰ ਹਰ ਸਾਲ ਨਿਉਨਤਮ ਸਮਰਥਨ ਮੁੱਲ ਨਿਰਧਾਰਿਤ ਕਰਤੀ ਤੋ ਹੈ?"
"ਸਮਰਥਨ ਮੁੱਲ ਦਾ ਕੀ ਮਤਲਬ ਹੋਇਆ? ਪੂਰੀ ਕੀਮਤ।"
"ਆਪ ਕਾ ਆਧਾਰ ਕਿਆ ਹੈ ਪੂਰੀ ਕੀਮਤ ਤੈਅ ਕਰਨੇ ਕਾ?"
"ਆਧਾਰ ਇਕਦਮ ਸਪਸ਼ਟ ਹੈ। ਮਾਨ ਲੋ ਕੋਈ ਮੂਲੀਆਂ ਪੈਦਾ ਕਰਤਾ ਹੈ।" ਉਹ ਹਿੰਦੀ 'ਚ ਸਮਝਾਉਣ ਲੱਗਦੈ, "ਜਿਸਕੇ ਲਿਏ ਮਹਿੰਗੇ ਬੀਜ਼, ਖਾਦ, ਕੀਟਨਾਸ਼ਕ, ਪਾਣੀ ਔਰ ਮਿਹਨਤ ਕੇ ਬਦਲੇ ਉਸੇ ਮਿਲਤਾ ਹੈ ਏਕ ਰੁਪਿਆ। ਉਸੀ ਮੂਲੀ ਕੋ ਖਰੀਦ ਕਰ ਦੁਕਾਨਦਾਰ ਉਸੀ ਦਿਨ ਤੀਨ ਰੁਪਏ ਮੈਂ ਬੇਚਤਾ ਹੈ। ਜ਼ਰਾ ਸੀ ਦੇਰ ਮੈਂ ਦੋ ਰੁਪਏ ਕਮਾ ਲਿਏ। ਜਬਕਿ ਕਿਸਾਨ ਕਾ ਤੋ ਖਰਚਾ ਭੀ ਮੁਸ਼ਕਲ ਸੇ ਪੂਰਾ ਹੁਆ। ਔਰ ਦੂਸਰੀ ਬਾਤ…।"
"ਜੀ ਪੰਕਜ, ਆਪ ਬਨੇ ਰਹੀਏ ਹਮਾਰੇ ਸਾਥ, ਡਾਕਟਰ ਸਾਹਬ, ਪ੍ਰਥਮ ਦ੍ਰਿਸ਼ਟੀ ਆਪ ਕੈਸੇ ਲੇਤੇ ਹੈਂ ਇਸ ਘਟਨਾਕ੍ਰਮ ਕੋ?"
"ਦੇਖੀਏ, ਜਿਤਨਾ ਸਿੰਪਲ ਯਹ ਮਾਮਲਾ ਲਗਤਾ ਹੈ, ਉਤਨਾ ਹੈ ਨਹੀਂ। ਇਸ ਛੋਟੇ ਕਿਸਾਨ ਨੇ ਜਿਸ ਮੌਕੇ ਪਰ ਔਰ ਜਿਸ ਤਰਹਾ ਸੇ ਯਹ ਮੁੱਦਾ ਉਠਾਇਆ ਹੈ, ਮੇਰੇ ਖਿਆਲ ਸੇ ਸੀਧਾ-ਸੀਧਾ ਵਰਤਮਾਨ ਆਰਥਿਕ ਨੀਤੀਓਂ ਪਰ ਸਵਾਲੀਆ ਨਿਸ਼ਾਨ ਲਗਾਇਆ ਹੈ। ਆਰਥਿਕ ਨੀਤੀਆਂ ਆਪ ਜਾਨਤੇ ਹੀ ਹੈਂ ਆਜਕੱਲ੍ਹ ਕਿਨਕੇ ਇਸ਼ਾਰੇ ਪਰ ਔਰ ਕਿਨਕੇ ਲੀਏ ਬਨਤੀ ਹੈਂ। ਔਰ…।"
ਐਂਕਰ ਵਿਚਾਲੇ ਟੋਕਣ ਲੱਗਦੈ ਤਾਂ, "ਪਲੀਜ਼ ਸੁਨੀਏ। ਜਹਾਂ ਤੱਕ ਹਮੇਂ ਪਤਾ ਚਲਾ ਹੈ, ਉਸ ਹਿਸਾਬ ਸੇ ਤੋ ਕਿਸਾਨ ਭੀ ਕਹਾਂ ਰਹਿ ਗਿਆ ਹੈ ਅਬ ਯਹ? ਔਰ…।"
"ਵਰਤਮਾਨ ਆਰਥਿਕ ਨੀਤੀਓਂ ਪਰ ਸਵਾਲੀਆ ਨਿਸ਼ਾਨ ਲਗਾਇਆ ਹੈ…ਏਕ ਬੜਾ ਸਵਾਲ ਉਠ ਖੜਾ ਹੁਆ ਹੈ ਯਹਾਂ, ਜੀ ਪੰਕਜ, ਇਨ ਸੇ ਪੂਛੀਏ, ਕੈਸੇ ਜਸਟੀਫਾਈ ਕਰੇਂਗੇ ਅਪਨੀ ਮਾਂਗ ਕੋ?"
ਬਲਬੀਰ, "ਛੇ ਮਹੀਨੇ ਮਿਹਨਤ ਕਰਕੇ ਅਨਾਜ਼, ਫਲ-ਸਬਜ਼ੀਆਂ ਪੈਦਾ ਕਰਦੇ ਹਾਂ ਅਸੀਂ। ਖਰਚਾ ਲਾਉਂਦੇ ਹਾਂ। ਰਿਸਕ ਉਠਾਉਂਦੇ ਹਾਂ। ਕਈ ਵਾਰੀ ਤਾਂ ਕੁਦਰਤ ਵੀ ਸਭ ਕੁਝ ਤਬਾਹ ਕਰ ਦਿੰਦੀ ਐ। ਤਾਂ ਕਿਤੇ, ਤੁਸੀਂ ਆਪ ਹਿਸਾਬ ਲਾ ਲਓ, ਜਿਵੇਂ ਆਲੂ ਦਾ ਭਾਅ ਮਿਲਦੈ ਮਸੇਂ ਦੋ-ਤਿੰਨ ਰੁਪਏ। ਜਦਕਿ ਚਿਪਸ ਤਿਆਰ ਕਰਕੇ ਉਹ ਸਾਨੂੰ ਵੇਚਦੇ ਨੇ ਹਜ਼ਾਰ ਰੁਪਏ ਕਿਲੋ। ਕਣਕ ਦਾ ਹੀ ਲਾ ਲਓ… ਅਸੀਂ ਮਜਬੂਰ ਹਾਂ ਸਰਕਾਰ ਵੱਲੋਂ ਤੈਅ ਸਮਰਥਨ ਮੁੱਲ 'ਤੇ ਵੇਚਣ ਲਈ ਅਤੇ ਉਸੇ ਤੋਂ ਬਣੀਆਂ ਚੀਜ਼ਾਂ ਸਾਨੂੰ ਮਿਲਦੀਆਂ ਨੇ ਖੁਦ ਉਹਨਾਂ ਵੱਲੋਂ ਤੈਅ ਵੱਧੋ-ਵੱਧ ਖੁਦਰਾ ਮੁੱਲ 'ਤੇ…?"
"ਬਲਬੀਰ ਜੀ, ਆਪ ਕੋ ਆਲੂ ਕੀ ਚਿਪਸ ਕੀ ਕੀਮਤ ਤੋ ਨਜ਼ਰ ਆ ਗਈ ਪਰ ਆਪ ਨੇ ਯਹ ਨਹੀਂ ਸੋਚਾ ਕਿ ਫੈਕਟ੍ਰੀ ਵਾਲੇ ਨੇ ਕਿਤਨਾ ਨਿਵੇਸ਼ ਕੀਆ ਹੈ। ਕਿਆ ਕਹਿਨਾ ਚਾਹੇਂਗੇ ਆਪ?"
"ਜ਼ਮੀਨ ਅਤੇ ਖੇਤੀ ਦੇ ਸੰਦਾਂ ਦੀ ਕੀਮਤ ਦਾ ਤੁਹਾਨੂੰ ਅੰਦਾਜਾ ਨਹੀਂ ਜਾਂ ਤੁਸੀਂ ਜਾਣਬੁਝ ਕੇ ਅਣਜਾਣ ਬਣ ਰਹੇ ਹੋ? ਇਹ ਨਿਵੇਸ਼ ਘੱਟ ਹੈ?" ਰਿਪੋਰਟਰ ਝਿਪ ਗਿਆ।
"ਜੀ ਪੰਕਜ, ਹਮ ਅਪਨੇ ਦਰਸ਼ਕੋਂ ਕੋ ਬਤਾ ਦੇਂ ਕਿ ਪਹਿਲੀ ਬਾਰ…।" ਐਂਕਰ ਨੇ ਮੋਰਚਾ ਸਾਂਭ ਲਿਆ, "ਪਹਿਲੀ ਬਾਰ ਕਿਸੀ ਨੇ ਇਤਨੇ ਤਰਕ ਕੇ ਸਾਥ ਕਿਸਾਨ ਕੇ ਹੱਕ ਮੇਂ ਅਪਨੀ ਬਾਤ ਰੱਖੀ ਹੈ। ਹਾਲਾਂਕਿ ਹੋਤਾ ਯਹ ਆਇਆ ਹੈ ਕਿ ਹਰ ਸਾਲ ਸਰਕਾਰ ਨਿਉਨਤਮ ਸਮਰਥਨ ਮੂਲਯ ਦਸ-ਬੀਸ ਰੁਪਏ ਬਢਾ ਦੇਤੀ ਹੈ। ਜੀ ਪੰਕਜ, ਇਨਸੇ ਪੂਛੀਏ, ਏਕ ਸਾਥ ਦੋ-ਦੋ ਧਿਰੋਂ ਕੀ ਖਿਲਾਫਤ ਕਰਤੇ ਹੁਏ ਇਨਹੇਂ ਡਰ ਨਹੀਂ ਲਗਾ?"
ਮੇਰੇ ਕੀੜੀਆਂ ਜਿਹੀਆਂ ਚੜ੍ਹਨ ਲੱਗਦੀਆਂ ਨੇ।
"ਬਲਬੀਰ ਜੀ, ਏਕ ਤਰਫ ਜਹਾਂ ਆਪ ਨੇ ਸਰਕਾਰ ਕੀ ਨੀਤੀਓਂ ਪਰ ਸਵਾਲ ਉਠਾਇਆ ਹੈ ਵਹੀਂ ਬੜੇ-ਬੜੇ ਸ਼ਾਪਿੰਗ ਮਾਲਜ਼ ਕੋ ਲਲਕਾਰਾ ਹੈ, ਆਪ ਕੋ ਯਾਦ ਹੋਗਾ ਕੁਛ ਸਮੇਂ ਪਹਿਲੇ ਜ਼ਰਾ ਸੀ ਆਵਾਜ਼ ਉਠਾਨੇ ਪਰ ਏਕ ਮਲਟੀ ਨੈਸ਼ਨਲ ਕੰਪਨੀ ਕੇ ਕਰਮਚਾਰੀਓਂ ਕੋ ਪੀਟ-ਪੀਟ ਕਰ ਉਨਕਾ ਹੁਲੀਆ ਬਿਗਾੜ ਦੀਆ ਥਾ…। ਸ਼ਾਪਿੰਗ ਮਾਲਜ਼ ਔਰ ਬੜੇ-ਬੜੇ ਕੋਲਡ ਸਟੋਰੋਂ ਕੇ ਮਾਲਿਕ ਔਰ ਆੜ੍ਹਤੀਏ ਇਸ ਸਬਜ਼ੀ ਮੰਡੀ ਕੇ ਕਰਤਾ-ਧਰਤਾ ਹੈਂ। ਵਰਤਮਾਨ ਮੇਂ ਜਬ ਸਮਾਜ ਕੀ ਦਸ਼ਾ ਔਰ ਦਿਸ਼ਾ ਬਾਜ਼ਾਰ ਹੀ ਤੈਅ ਕਰਤਾ ਹੈ, ਨੀਤੀ ਨਿਰਧਾਰਕ ਹੈ, ਐਸੇ ਸ਼ਕਤੀਸ਼ਾਲੀ ਬਾਜ਼ਾਰ ਸੇ ਟਕਰਾਨੇ ਦੀ ਜੁਰੱਅਤ ਕਰਤੇ ਸਮੇਂ ਆਪਕੋ …?"
"ਓਸ ਸੱਚੇ ਪਾਤਸ਼ਾਹ ਤੋਂ ਸਿਵਾ ਮੈਂ ਹੋਰ ਕਿਸੇ ਤੋਂ ਨਹੀਂ ਡਰਦਾ।"
"ਓਸ ਸੱਚੇ ਪਾਤਸ਼ਾਹ ਤੋਂ ਸਿਵਾ ਮੈਂ ਹੋਰ ਕਿਸੇ ਤੋਂ ਨਹੀਂ ਡਰਦਾ, ਐਸਾ ਕਹਿਨਾ ਹੈ ਬਲਬੀਰ ਸਿੰਘ ਕਾ। ਇਨਕਾ ਕਹਿਨਾ ਹੈ ਕਿ ਸ਼ਾਪਿੰਗ ਮਾਲ ਖੁਲ੍ਹਨੇ ਕੇ ਬਾਅਦ ਯਹ ਘਪਲੇਬਾਜੀ ਬਢੀ ਹੈ।
ਡਾਕਟਰ ਸਾਹਬ ਆਪ ਕਿਆ ਕਹਿਨਾ ਚਾਹੇਂਗੇ?" ਐਂਕਰ ਆਰਥਿਕ ਵਿਸ਼ੇਸ਼ਗ ਨੂੰ ਮੁਖਾਤਿਬ ਹੁੰਦੈ।
"ਪਹਿਲੀ ਬਾਤ ਤੋ ਸ਼ਾਪਿੰਗ ਮਾਲ ਵਾਲੋਂ ਕੇ ਖਰਚੇ ਬਹੁਤ ਹੈਂ। ਬਲਕਿ ਫਿਜੂਲ-ਖਰਚੇ। ਸਟਾਫ, ਬਿਜਲੀ-ਪਾਣੀ, ਫ੍ਰਿਜ, ਏ ਸੀ, ਚਮਕ-ਦਮਕ, ਕਿਤਨਾ ਕੁਛ ਔਰ ਦੂਸਰੀ ਬਾਤ, ਵੋ ਮੁਨਾਫਾ ਭੀ ਅੱਛਾ ਚਾਹਤੇ ਹੈਂ। ਕੁਛ ਹਦ ਤਕ ਵੋ ਠੀਕ ਭੀ ਹੋ ਸਕਤੇ ਹੈਂ ਪਰ ਇਤਨਾ ਅੰਤਰ ਨਹੀਂ ਹੋਨਾ ਚਾਹੀਏ।"
"ਇਤਨਾ ਅੰਤਰ ਨਹੀਂ ਹੋਨਾ ਚਾਹੀਏ… ਡਾਕਟਬ ਸਾਹਬ ਆਪ ਕਿਸੇ ਦੋਸ਼ੀ ਮਾਨਤੇ ਹੈਂ?"
"ਦੇਖਿਏ, ਦੋਸ਼ੀ ਤੋ ਹਮਾਰੇ ਨੀਤੀ ਨਿਰਧਾਰਕ ਹੀ ਹੈਂ। ਹਮਾਰਾ ਸਾਮਾਜਿਕ ਸਿਸਟਮ ਐਸਾ ਨਹੀਂ ਹੈ ਜਿਸ ਤਰਹਾ ਕਾ ਵਿਵਹਾਰ ਅਬ ਕੀਆ ਜਾ ਰਹਾ ਹੈ। ਹਮਾਰੇ ਗਾਂਵ-ਦਿਹਾਤ ਕੇ ਆਰਥਿਕ ਵਿਵਹਾਰ ਕੋ ਸਮਝਨਾ ਹੋਗਾ। ਸ਼ਾਪਿੰਗ ਮਾਲਜ਼ ਔਰ ਗ੍ਰਾਮੀਣ ਭਾਰਤ ਕੇ ਕਲਚਰ ਮੈਂ ਅਭੀ ਬੜਾ ਅੰਤਰ ਹੈ। ਬਲਕਿ ਮੈਂ ਤੋ ਕਹਿਤਾ ਹੂੰ ਕਿਸਾਨੋਂ ਕੋ ਕਈ ਬਾਰ ਨਿਊਨਤਮ ਸਮਰਥਨ ਮੂਲਯ ਭੀ ਨਹੀਂ ਮਿਲਤਾ।"
"ਕੌਨ ਮਜਬੂਰ ਕਰਤਾ ਹੈ ਕਿਸਾਨੋਂ ਕੋ ਇਸ ਤਰਹਾ ਬੇਚਨੇ ਕੇ ਲਿਏ?"
"ਬਈ ਕੋਈ ਸਿਸਟਮ ਨਹੀਂ ਹੈ ਨਾ ਮਾਰਕਿਟਿੰਗ ਕਾ। ਕਹਾਂ ਜਾਏ ਕਿਸਾਨ ਬੇਚਾਰਾ?"
"ਚਲੀਏ ਆਪ ਕੇ ਕਹਨੇ ਕਾ ਮਤਲਬ ਹੈ ਕਿ ਅਸਲ ਗੜਬੜ ਨਿਉਨਤਮ ਸਮਰਥਨ ਮੂਲਯ ਨਿਰਧਾਰਨ ਔਰ ਮਾਕੂਲ ਮਾਰਕਿਟਿੰਗ ਸਿਸਟਮ ਨਾ ਹੋਨੇ ਕੀ ਹੈ। ਆਪ ਬਨੇ ਰਹੀਏ ਹਮਾਰੇ ਸਾਥ…ਅਭੀ ਲੇਤੇ ਹੈਂ ਏਕ ਛੋਟਾ ਸਾ…।"
ਚਰਚਾ ਦੌਰਾਨ ਅੱਧੇ ਸਕਰੀਨ 'ਤੇ ਬਲਬੀਰ ਤੇ ਉਸਦੇ ਪੋਸਟਰ ਮੌਜ਼ੂਦ ਸਨ। ਅਰਥਸ਼ਾਸਤਰੀ ਦੀਆਂ ਗੱਲਾਂ ਸੁਣ ਕੇ ਹੈਰਾਨੀ ਹੋਈ। ਕਿਸਾਨ-ਮਜ਼ਦੂਰ ਦੀ ਚਿੰਤਾ? ਜਦਕਿ ਅਰਥਸ਼ਾਸਤਰ ਤਾਂ ਮਨ ਕੇ ਹੀ ਚਲਦੈ ਕਿ ਉਪਭੋਕਤਾ ਵਿਵੇਕਸ਼ੀਲ ਹੁੰਦੀ ਐ।
ਮੈਂ ਚੈਨਲ ਬਦਲ ਲੈਂਦਾਂ। ਇਥੇ ਸਕਰੀਨ 'ਤੇ ਇਕੋ ਸਮੇਂ ਦੋ ਤਸਵੀਰਾਂ। ਅੱਧੇ ਸਕਰੀਨ 'ਤੇ ਬਲਬੀਰ ਅਤੇ ਅੱਧੇ 'ਤੇ ਕੁਝ ਹੋਰ ਲੋਕ, ਜਿੰਨ੍ਹਾਂ ਕੋਲ ਸਿਰਫ ਦੋ-ਦੋ ਹੱਥ ਹੀ ਹਨ, ਜਿਹਨਾਂ ਵਿਚ ਤਖਤੀਆਂ ਲਈ ਬੈਠੇ ਹਨ। ਜਿਹਨਾਂ 'ਤੇ ਲਿਖਿਆ ਹੋਇਐ "ਖਾਓ ਦਾਲ ਜਿਹੜੀ ਨਿਭੇ ਨਾਲ।" ਜਿਉਂ ਹੀ ਇਹ ਤਸਵੀਰ ਪੂਰੇ ਸਕਰੀਨ 'ਤੇ ਫੈਲੀ, ਇਕ ਵਿਅੰਗ ਜਿਹਾ ਫਿਜ਼ਾਂ ਵਿਚ ਘੁਲਣ ਲੱਗਿਆ।
ਐਂਕਰ ਦੀ ਆਵਾਜ਼ ਆ ਰਹੀ ਹੈ, "ਜੰਤਰ-ਮੰਤਰ ਕੇ ਬਾਹਰ ਧਰਨੇ ਪਰ ਬੈਠੇ ਯੇ ਲੋਗ, ਹਮਾਰੇ ਸੰਵਾਦਾਤਾ ਸੇ ਜਾਨਤੇ ਹੈਂ ਕਿ ਇਨਕੀ ਮਾਂਗੇਂ ਕਿਆ ਹੈਂ, ਜੀ ਸੁਦੀਪ?"
"ਜੀ ਅਜੈ, ਯੇ ਸ਼ਾਇਦ ਸ਼ਾਪਿੰਗ ਮਾਲ ਬੰਦ ਕਰਵਾਨਾ ਚਾਹਤੇ ਹੈਂ। ਇਨਕਾ ਕਹਿਨਾ ਹੈ ਕਿ ਮਾਲ ਕਲਚਰ ਹੀ ਮਹਿੰਗਾਈ ਕਾ ਕਾਰਨ ਹੈ। ਕੀਮਤੇਂ ਲਗਾਤਾਰ ਬਢਾਈ ਜਾ ਰਹੀ ਹੈਂ ਔਰ ਪੈਕਿੰਗ ਕਾ ਵਜ਼ਨ ਘਟਾਇਆ ਜਾ ਰਹਾ ਹੈ। ਕੋਈ ਪੂਛਨੇ ਵਾਲਾ ਨਹੀਂ।"
"ਕੋਈ ਪੂਛਨੇ ਵਾਲਾ ਨਹੀਂ… ਜੀ ਸੁਦੀਪ ਔਰ ਕਿਆ ਕਹਿਨਾ ਹੈ ਇਨਕਾ?"
"ਇਨਕਾ ਕਹਿਨਾ ਹੈ ਕਿ ਮਾਲਜ਼ ਸੇ ਸਬਜ਼ੀਆਂ ਔਰ ਦੂਸਰੀ ਚੀਜੋਂ ਕਾ ਬਾਇਕਾਟ ਕੀਆ ਜਾਏ। ਏਕ-ਦੋ ਦਿਨ ਸੇ ਤੋ ਕੋਈ ਫਰਕ ਨਹੀਂ ਪੜਨੇ ਵਾਲਾ। ਜੇ ਕੁਛ ਕਰੋੜ ਕੀ ਸਬਜ਼ੀ ਖਰਾਬ ਹੋ ਭੀ ਗਈ ਤੋ ਯਹ ਜ਼ਰ ਲੇਂਗੇ। ਕਿਉਂਕਿ ਬੜੇ ਫਾਇਦੇ ਕੇ ਲਿਏ ਛੋਟਾ ਨੁਕਸਾਨ ਉਠਾਇਆ ਜਾ ਸਕਤਾ ਹੈ। ਸੋ ਕਮ-ਅਜ਼-ਕਮ ਏਕ ਮਹੀਨਾ…। ਔਰ ਸਰਕਾਰ ਖਾੱਧ-ਅੰਨ ਕਾ ਸਮਰਥਨ ਮੁੱਲ ਬਢਾਨਾ ਬੰਦ ਕਰੇ।"
"ਸੁਦੀਪ, ਕਿਆ ਯੇ ਸਪਨਲੋਕ ਕੇ ਵਾਸੀ ਹੈਂ?" ਐਂਕਰ ਮੁਸਕੁਰਾਉਂਦੈ। ਬੇਸ਼ੱਕ ਟੀ ਵੀ ਚੈਨਲਾਂ ਨੂੰ ਇਖਤਿਆਰ ਹੈ ਕਿ ਉਹ ਕਚਹਿਰੀ ਲਾ ਸਕਦੇ ਨੇ। ਫੈਸਲਾ ਸੁਣਾ ਸਕਦੇ ਨੇ। ਕਿਸੇ ਦਾ ਮਜ਼ਾਕ ਵੀ ਉੜਾ ਸਕਦੇ ਨੇ।
"ਹੈਂ ਤੋ ਯੇ ਕਰੂਰ ਯਥਾਰਥ ਕੀ ਜ਼ਮੀਨ ਪਰ ਰਹਿਨੇ ਵਾਲੇ ਲੋਗ, ਜਹਾਂ ਸੇ ਇਨਹੋਂ ਨੇ ਸੰਘਰਸ਼ ਕਰਨਾ ਸੀਖਾ ਹੈ ਔਰ ਦੋ ਵਕਤ ਕੀ ਰੋਟੀ ਕੇ ਲਿਏ ਅਪਨਾ ਯੇ ਛੋਟਾ ਸਾ ਅਜੈਂਡਾ ਲੇ ਕਰ ਯਹਾਂ ਪਹੁੰਚੇ ਹੈਂ।"
"ਜੀ ਸੁਦੀਪ, ਲਗਤਾ ਹੈ ਇਨਹੇਂ ਮਾਲ ਸੰਸਕ੍ਰਿਤੀ ਕੀ ਅੱਛੀ ਖਾਸੀ ਸਮਝ ਹੈ । ਪਰ ਦਾਲ ਨੇ ਤੋ ਕਬ ਕਾ ਗਰੀਬੋਂ ਸੇ ਨਿਬਾਹਨਾ ਛੋੜ ਦਿਆ ਹੈ। ਕਿਆ ਕਹਨਾ ਚਾਹੇਂਗੇ?"
"ਜੀ ਅਜੈ, ਜੰਤਰ-ਮੰਤਰ ਮੇਂ ਜਹਾਂ ਭੂਲ-ਭੁਲਇਆ ਹੈ ਵਹੀਂ ਗ੍ਰਹੋਂ ਕੀ ਚਾਲ ਔਰ ਵਕਤ ਕਾ ਗਿਆਨ ਭੀ ਹੋਤਾ ਹੈ। ਐਸੀ ਜਗਾਹ ਖੜੇ ਹੋ ਕਰ ਇਨਕਾ ਕਹਿਨਾ ਹੈ ਕਿ ਸ਼ੇਅਰ ਬਾਜ਼ਾਰ ਔਰ ਸ਼ਾਪਿੰਗ ਮਾਲ ਵੋ ਤੋਤਾ ਹੈ ਜਿਸਮੇਂ ਪੂੰਜੀਵਾਦ ਕੀ ਜਾਨ ਹੈ।"
"ਜਿਸਮੇਂ ਪੂੰਜੀਵਾਦ ਕੀ ਜਾਨ ਹੈ… ਛੋਟਾ ਮੂੰਹ ਬੜੀ ਬਾਤ, ਲਗਤਾ ਹੈ ਰੋਟੀ ਕਪੜਾ ਇਨਕਾ ਮਸਲਾ ਨਹੀਂ, ਯੇ ਤੋ ਪੂੰਜੀਵਾਦ ਕੀ ਗਰਦਨ ਢੂੰਢਨੇ ਕੇ ਲਿਏ ਯਹਾਂ ਆਏ ਹੈਂ। ਆਪ ਬਨੇ ਰਹੀਏ ਹਮਾਰੇ ਸਾਥ। ਹਮ ਇਨ ਦੋਨੋਂ ਘਟਨਾਓਂ ਕਾ ਅੰਤਰਸੰਬੰਧ ਸਮਝਨੇ ਕੀ ਕੋਸ਼ਿਸ਼ ਕਰੇਂਗੇ। ਫਿਲਹਾਲ਼..।"
ਮੈਂ ਬਲਬੀਰ ਨੂੰ ਢੂੰਢਣ ਲਈ ਚੈਨਲ ਬਦਲ ਲੈਂਦਾਂ।
"ਬਲਬੀਰ ਸਿੰਘ ਜੀ, ਏਕ ਅਹਿਮ ਸਵਾਲ, ਔਰ ਕਿਤਨੇ ਲੋਗ ਹੈਂ ਆਪਕੇ ਸਾਥ?"
ਝਟ ਮੇਰੇ ਮੁਹਰੇ ਬਲਕਾਰ ਆ ਖੜਦੈ , "ਕਿਸਾਨ ਤੇ ਮਜ਼ਦੂਰ ਹੁਣ ਇਕ-ਦੂਜੇ ਨੂੰ ਜੱਫੀਆਂ ਪਾਉਣਗੇ, ਭੁੱਲ ਜਾਓ। ਸਭਨਾਂ ਦੇ ਆਪੋ-ਆਪਣੇ ਹਿੱਤ ਨੇ…।" ਉਸਨੂੰ ਵੀ ਖਿਆਲ ਆਇਆ ਹੋਣੈ।
"ਆਪ ਹੋ ਨਾ ਮੇਰੇ ਨਾਲ !" ਬਲਬੀਰ ਫੇਰ ਵੀ ਹਿੰਮਤ ਜਿਹੀ ਨਾਲ ਕਹਿੰਦੈ, "ਹਰ ਆਮ ਆਦਮੀ ਮੇਰੇ ਨਾਲ ਹੈ। ਆਓ ਇਸ ਮੁੱਦੇ 'ਤੇ ਕਾਫਲਾ ਬਣਾਈਏ ਤੇ ਇਹ ਜੰਗ ਜਿੱਤੀਏ…।"
"ਆਓ ਕਾਫਲਾ ਬਣਾਈਏ ਤੇ ਇਹ ਜੰਗ ਜੀਤੀਏ। ਐਸਾ ਕਹਿਨਾ ਹੈ ਬਲਬੀਰ ਸਿੰਘ ਕਾ। ਬਲਬੀਰ ਜੀ, ਹਮਾਰਾ ਸਵਾਲ ਥਾ ਕਿ ਆਪ ਕਿਸ ਕੇ ਪ੍ਰਤੀਨਿਧੀ ਕੇ ਤੌਰ ਪਰ ਯਹਾਂ ਹੈਂ, ਕਿਸਾਨ ਯਾ ਮਜ਼ਦੂਰ…?" ਬਲਬੀਰ ਝਿਝਕਦੈ। ਫੇਰ ਜਾਣੀ ਅੱਧੇ ਸਕਰੀਨ 'ਤੇ ਤਖਤੀਆਂ ਲਈ ਬੈਠੇ ਦੋ-ਦੋ ਹੱਥਾਂ ਵਾਲਿਆਂ ਵੱਲ ਦੇਖਦੈ। ਜ਼ਰੂਰ ਬਲਕਾਰ ਦੇ ਸ਼ਬਦ ਉਸ ਦੇ ਕੰਨਾਂ ਵਿਚ ਗੂੰਜ ਰਹੇ ਹੋਣੇ, "ਮੰਡੀ ਵਿਚ ਕੁੱਤਾ-ਘੜੀਸੀ ਵੀ ਨਾ ਹੋਵੇ ਅਤੇ ਮਾਲ ਦੀ ਮਾਲਕੀ ਵੀ ਬਣੀ ਰਹੇ, ਇਹ ਮਜ਼ਦੂਰ ਦੀ ਪੁਜੀਸ਼ਨ ਨਹੀਂ…।"
ਉਸ ਨੂੰ ਕੁਝ ਵੀ ਨਹੀਂ ਔੜ ਰਿਹਾ। ਔਖਾ ਜਿਹਾ ਹੁੰਦਾ ਵੀਰ ਮੈਥੋਂ ਦੇਖਿਆ ਨੀਂ ਜਾ ਰਿਹਾ। ਮੈਂ ਰਿਮੋਟ ਦਾ ਚੈਨਲਾਂ ਵਾਲਾ ਬਟਨ ਦੱਬ ਦਿੱਤੈ। ਹਰ ਕਿਤੇ ਇਹੀ ਖਬਰ। ਰਿਮੋਟ ਲਗਾਤਾਰ ਆਪਣਾ ਕੰਮ ਕਰ ਰਿਹੈ। ਮੇਰੇ ਅੰਦਰ ਉਤੇਜਨਾ ਵੱਧ ਰਹੀ ਹੈ। ਆਓ ਕਾਫਲਾ ਬਣਾਈਏ ਤੇ ਇਹ ਜੰਗ ਜਿੱਤੀਏ…। ਬਲਬੀਰ ਕਹਿ ਰਿਹੈ… ਬਲਬੀਰ ਪਿਛੇ ਖੜੇ ਲੋਕਾਂ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਦਾਂ। ਸਭ ਕੁਝ ਧੁੰਦਲਾ ਜਿਹਾ। ਹੌਲੀ-ਹੌਲੀ ਨਾਹਰਿਆਂ ਦਾ ਸ਼ੋਰ ਵੀ ਦਬਣ ਲੱਗਦੈ। ਮੈਨੂੰ ਨਿਰਾਸ਼ਾ ਘੇਰਨ ਲੱਗਦੀ ਹੈ।
ਓਦਣ ਕਿੰਨਾ ਨਿਰਾਸ਼ ਸੀ ਬਲਬੀਰ…।
ਨਿਰਾਸ਼ ਤਾਂ ਮੈਂ ਵੀ ਬਹੁਤ ਸਾਂ। ਜਰਨੈਲ ਦੇ ਸਸਕਾਰ ਤੋਂ ਮੁੜਿਆ ਸਾਂ। ਅਖਬਾਰ, ਟੀ ਵੀ, ਸਭ ਮੈਨੂੰ ਦੁਸ਼ਮਣ ਜਾਪ ਰਹੇ ਸਨ। ਬੈਠਕ 'ਚ ਪਿਆ ਛੱਤ ਵੱਲ ਦੇਖ ਰਿਹਾ ਸਾਂ… ਅੰਦਰ ਜਾਣ ਨੂੰ ਵੀ ਮਨ ਨਹੀਂ ਸੀ ਕਰ ਰਿਹਾ। ਅਜਿਹੇ ਸਮੇਂ 'ਚ ਬਲਬੀਰ ਦਾ ਆਉਣਾ ਮੈਨੂੰ ਚੰਗਾ ਲੱਗਿਆ ਸੀ। ਪਰ ਉਸਦੀ ਸ਼ਕਲ ਦੇਖ ਕੇ ਚਿੰਤਾ ਹੋਈ ਸੀ।
"ਸਮਝ ਨੀਂ ਆਉਂਦੀ, ਕੀ ਹੋ ਰਿਹੈ?" ਮੇਰੀ ਸਵਾਲੀਆ ਨਜ਼ਰ ਦੇ ਜ਼ਵਾਬ ਵਿਚ ਉਹ ਬੁੜਬੁੜਾਇਆ ਸੀ।
ਮੈਂ ਕੀ ਕਹਿੰਦਾ ਭਲਾ? ਮੈਨੂੰ ਤਾਂ… ਮੈਂ ਤਾਂ ਆਪ ਜਾਣੀ ਚੱਕਰਵਿਊ 'ਚ ਫਸਿਆ, ਹਨੇਰੇ 'ਚ ਲੱਤਾਂ-ਬਾਹਵਾਂ ਮਾਰ ਰਿਹਾ ਸੀ। ਜਰਨੈਲ ਵਾਲੀ ਘਟਨਾ ਨੇ ਤਾਂ ਹਿਲਾ ਕੇ ਰੱਖ ਦਿੱਤਾ ਸੀ। ਹਫਤੇ ਬਾਅਦ ਉਸਦੀ ਲੜਕੀ ਦਾ ਵਿਆਹ ਸੀ। ਮੁੰਡੇ ਵਾਲਿਆਂ ਦੀ ਮੰਗ ਅਨੁਸਾਰ ਸ਼ਹਿਰ ਵਿਚ ਪੈਲੇਸ ਵੀ ਬੁਕ ਕਰਵਾ ਦਿੱਤਾ ਸੀ। ਬਾਕੀ ਤਿਆਰੀਆਂ ਵੀ ਜ਼ੋਰਾਂ 'ਤੇ ਸਨ…।
ਅੰਤਮ ਸੰਸਕਾਰ ਸਵੇਰੇ-ਸਵੇਰੇ ਤੁਰਤ-ਫੁਰਤ ਨਿਪਟਾ ਦਿੱਤਾ ਗਿਆ। ਸੰਸਕਾਰ 'ਤੇ ਜਿੰਨੇ ਮੂੰਹ ਓਨੀਆਂ ਗੱਲਾਂ, "ਕਦੀ ਤਾਪ ਵੀ ਨੀਂ ਚੜਿਆ ਜੀ ਵਿਚਾਰੇ ਨੂੰ। ਦਿਨ-ਰਾਤ ਖੇਤ 'ਚ ਹੀ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ।"
"ਰੁੱਖੀ-ਸੁੱਕੀ ਜੋ ਵੀ ਮਿਲ ਜਾਵੇ, ਰੋਟੀ ਦਾ ਈ ਨਸ਼ਾ ਸੀ ਜੀ ਉਹਨੂੰ ਤਾਂ।"
"ਸੁੱਤੇ ਪਏ ਦਾ ਈ ਹਰਟ ਫੇਲ੍ਹ ਹੋ ਗਿਆ…।" ਕੋਈ ਕਹਿ ਰਿਹਾ ਸੀ।
"ਕਾਹਨੂੰ, ਵਿਚਲੀ ਗੱਲ ਕੋਈ ਹੋਰ ਈ ਤੀ…। ਓਧਰ ਆੜ੍ਹਤੀ ਤੇ ਇਧਰ ਕਰਜਾ ਮਾਫੀ ਕਨੀਓਂ ਸਰਕਾਰ ਝੁੱਗਾ ਚੁੱਕਗੀ। ਅਖੇ, ਡਿਫਾਲਟਰ ਨੀਂ ਹੈ…।" ਕੋਈ ਹੋਰ ਦੱਬੀ ਆਵਾਜ਼ 'ਚ ਕਹਿ ਰਿਹਾ ਸੀ।
ਕਿਉਂ ਮ੍ਹਾਤੜ ਚੰਗਾ ਪਹਿਨ-ਪਚਰ ਨੀਂ ਸਕਦੇ? ਕੀ ਪੈਲਸਾਂ 'ਚ ਵਿਆਹ ਜਾਂ ਦਾਜ 'ਚ ਮਾਰੂਤੀ ਦੇਣਾ ਸਿਰਫ ਸਾਡੇ ਲਈ ਹੀ ਗੁਨਾਹ ਹੈ? ਵਾਕਈ ਇਹ ਮਸਲਾ ਹੈ ਜਾਂ ਵਿਚਲੀ ਗੱਲ ਕੋਈ ਹੋਰ ਹੈ? ਮੈਂ ਬਲਬੀਰ ਨਾਲ ਜਰਨੈਲ ਦੇ ਬਹਾਨੇ ਇਹ ਗੱਲਾਂ ਕਰਨੀਆਂ ਚਾਹੁੰਦਾਂ…। ਇਹਦੇ ਮਨ 'ਚ ਵੀ ਸ਼ਾਇਦ ਇਹੀ ਉਥਲ-ਪੁਥਲ ਚਲ ਰਹੀ ਹੋਵੇ?
ਮੈਂ ਕਹਿਣਾ ਚਾਹੁੰਦਾਂ, "ਵੀਰ, ਉਹ ਤਾਂ ਖਬਰ ਵੀ ਨਹੀਂ ਬਣਿਆ?"
ਚੁਫੇਰੇ ਖਾਮੋਸ਼ੀ ਪਸਰੀ ਹੋਈ ਹੈ।
"ਮੁੰਡਾ ਕਹਿੰਦਾ ਸੀ, ਬਾਪੂ 'ਰਾਮ ਕਰਿਆ ਕਰ, ਖੇਤੀ-ਬਾੜੀ ਮੈਂ ਆਪੇ ਸਾਂਭੂੰ…। ਹੁਣ…? ਬੋਲ ਕੇ ਨੀਂ ਕਹਿੰਦਾ ਤਾਂ ਕੀ… ਬਾਪ ਦੀ ਹਿੱਕ 'ਚੋਂ ਤਾਂ…।" ਉਸਦਾ ਗਲ ਭਰ ਆਇਆ।
"ਵੀਰ, ਤੂੰ ਵੀ ਬਸ..।" ਮੈਨੂੰ ਕੁਝ ਵੀ ਨਹੀਂ ਸੀ ਸੁਝ ਰਿਹਾ, ਕੀ ਕਹਾਂ?
"ਮੈਂ ਵੀ ਤਾਂ ਹੁਣ ਇਥੇ ਮਜ਼ਦੂਰ ਈ ਆਂ ਜੱਗੇ…। ਸਭ ਤੋਂ ਪਹਿਲਾਂ ਆਪਾਂ ਈ ਲਪੇਟੇ 'ਚ ਆ ਗੇ…।"
ਬਲਕਾਰ ਇਕ ਦਿਨ ਕਿਸੇ ਗੱਲ 'ਤੇ ਵੀਰ ਬਾਰੇ ਕਹਿ ਰਿਹਾ ਸੀ, "ਜੋਸ਼ 'ਚ ਕੁਝ ਵੀ ਕਰ ਸਕਦੈ। ਭਾਵੁਕ ਬੰਦੇ ਦਾ ਅਸਲ 'ਚ ਖੁਦ 'ਤੇ ਕਾਬੂ ਨਹੀਂ ਹੁੰਦਾ…।"
"ਹੁਣ ਤਾਂ ਕੋਈ ਅੰਦੋਲਨ ਹੀ…।" ਉਸਦੇ ਬੋਲ ਜਿਵੇਂ ਪੱਥਰ 'ਤੇ ਉਕਰ ਰਹੇ ਸਨ।
"ਅੰਦੋਲਨ ਹੁਣ ਕੌਣ ਕਰੇਗਾ ਵੀਰ? ਮੁਲਾਜਮਾਂ ਨੂੰ ਚੰਗੀਆਂ ਤਨਖਾਹਾਂ… ਵੱਡੇ ਕਿਸਾਨ ਆਪਣੀਆਂ ਜ਼ਮੀਨਾਂ ਦੀ ਕੀਮਤ ਫਲਾ-ਫਲਾ ਕੇ ਹੀ ਮੋਹਤ ਹੋਏ ਰਹਿੰਦੇ ਨੇ। ਗਰੀਬ-ਗੁਰਬੇ ਅੱਜ ਇਸ ਲਾਇਕ ਬਚੇ ਹੀ ਕਿੱਥੇ ਨੇ ਕਿ…।"
ਸਰਬਜੀਤ ਨੂੰ ਖਬਰੇ ਕਿਵੇਂ ਪਤਾ ਲੱਗਿਆ, ਬਿਨਾ ਕਿਹਾਂ ਹੀ ਚਾਹ ਲੈ ਆਈ ਸੀ। ਉਸਦੇ ਚਿਹਰੇ ਤੋਂ ਪੜ੍ਹਿਆ, ਇਸ ਸਮੇਂ ਬਲਬੀਰ ਦਾ ਆਉਣਾ ਉਸ ਨੂੰ ਵੀ ਚੰਗਾ ਲੱਗਿਐ। ਮੇਰਾ ਬੇਚੈਨੀ 'ਚ ਉਸੱਲਵੱਟੇ ਲੈਣਾ ਉਸ ਤੋਂ ਲੁਕਿਆ ਨਹੀਂ ਸੀ ਹੋਇਆ। ਸਵੇਰੇ ਵੀ ਚਾਟੀ ਵਿਚ ਇਲੈਕਟ੍ਰਿਕ ਮਧਾਣੀ ਲਾਉਂਦਿਆਂ ਪੁੱਛ ਰਹੀ ਸੀ, "ਕੀ ਗੱਲ ਚਿੱਤ ਠੀਕ ਨਹੀਂ ਸੀ ਰਾਤੀਂ? ਕੀ ਹੋਇਆ ਆਪਣੀ ਜ਼ਮੀਨ ਨੂੰ?" ਭੇਤ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਤੱਕਿਆ ਸੀ। ਮੈਂ ਤ੍ਰਭਕਿਆ। ਇਹ ਕੀ ਹੋ ਗਿਆ ਯਾਰ! ਕਿਤੇ ਨੀਂਦ ਵਿਚ?
ਨਜ਼ਰਾਂ ਮਿਲਾਉਣਾ ਵੀ ਔਖਾ ਹੋ ਰਿਹਾ ਸੀ।
ਉਸਨੇ ਜਿਠਾਣੀ ਦਾ ਹਾਲ ਪੁੱਛਿਆ। ਸਾਡੀ ਗੱਲ-ਬਾਤ ਵਿਚ ਸ਼ਾਮਲ ਹੋਣਾ ਚਾਹੁੰਦੀ ਸੀ।
ਪਹਿਲਾਂ ਵੀ ਇਕ ਦਿਨ ਪੁੱਛਦੀ ਸੀ, "ਅੱਜਕਲ੍ਹ ਖਬਰਾਂ ਕਿਹੋ ਜਿਹੀਆਂ, ਅਜੀਬ-ਅਜੀਬ?"
ਕੀ ਇਹ ਮੇਰੇ ਵਾਲਾ ਅਖਬਾਰ ਵੀ ਪੜ੍ਹਦੀ ਐ ? ਕੀ ਇਹਨੂੰ ਪਤੈ ਅਮਰੀਕਾ ਦੇ ਕਿੰਨੇ ਬੈਂਕ ਡੁੱਬ ਗਏ ਨੇ? ਕੀ ਇਹਨੂੰ ਦੱਸ ਦੇਣਾ ਚਾਹੀਦੈ? ਨਹੀਂ, ਨਹੀਂ ਹੁਣ ਬਹੁਤ ਦੇਰ ਹੋ ਚੁਕੀ ਹੈ… ਮੈਂ ਪੱਖੇ ਵੱਲ..।
ਮੈਂ ਟੀ ਵੀ ਵੱਲ ਦੇਖਦਾਂ। ਬਲਬੀਰ ਦਾ ਮੁੱਕਾ ਹਵਾ ਵਿਚ ਲਹਿਰਾਅ ਰਿਹੈ… ਆਓ ਇਹ ਜੰਗ ਜਿੱਤੀਏ…।
ਕੋਈ ਸੋਚ ਵੀ ਨਹੀਂ ਸਕਦਾ ਕਿ ਅਜਿਹੀ ਬੇਸ਼ਰਮ ਖਾਮੋਸ਼ੀ ਨਾਲ ਗ੍ਰੱਸੇ ਮਾਹੌਲ ਵਿਚ, ਜਦ ਹਰ ਕਿਸੇ ਨੂੰ ਆਪਣੀ ਰੋਜ਼ੀ-ਰੋਟੀ ਦੀ ਦੀ ਪਈ ਹੋਵੇ, ਕੋਈ ਇਸ ਤਰ੍ਹਾਂ ਆਵਾਜ਼ ਵੀ ਉਠਾ ਸਕਦੈ…? ਇਕ ਪੱਥਰ ਤੋ ਤਬੀਅਤ ਸੇ ਉਛਾਲੋ ਯਾਰੋ…!
"ਸਰਬਜੀਤ…!" ਯਾਦ ਨਹੀਂ ਆ ਰਿਹਾ ਮੈਂ ਉਸ ਨੂੰ ਇਸ ਤਰ੍ਹਾਂ, ਮਤਲਬ ਇੰਨੇ ਚਾਅ ਜਿਹੇ ਨਾਲ ਆਖਰੀ ਬਾਰ ਕਦੋਂ ਸੱਦਿਆ ਸੀ।
ਉਹ ਪਲਾਂ ਛਿਣਾਂ ਵਿਚ ਹੀ ਮੇਰੇ ਕੋਲ ਆ ਖੜੀ ਹੋਈ। ਜਿਵੇਂ ਕਿ ਉਹ ਇਸ ਹਾਕ ਦਾ ਵਰ੍ਹਿਆਂ ਤੋਂ ਇੰਤਜ਼ਾਰ ਕਰ ਰਹੀ ਹੋਵੇ।
"ਉਹ ਦੇਖ ਬਲਬੀਰ…!" ਮੈਂ ਸੱਜਾ ਹੱਥ ਉਸ ਵੱਲ ਵਧਾਇਆ ਤੇ ਖੱਬੇ ਹੱਥ ਦੀ ਉਂਗਲੀ ਟੀ ਵੀ ਵੱਲ ਕੀਤੀ।
ਅਜਲਾਂ ਤੋਂ ਘਰ ਵਿਚ ਛਾਈ ਮੁਰਦਨੀ ਵਰਗੀ ਖਾਮੋਸ਼ੀ ਟੁੱਟੀ ਸੀ। ਉਸਨੇ ਮੇਰਾ ਹੱਥ ਆਪਣੇ ਦੋਨਾਂ ਹੱਥਾਂ ਵਿਚ ਲੈ ਲਿਆ। ਮੰਜੇ 'ਤੇ ਬੈਠ ਗਈ। ਆਪਣੇ ਵੀਰ ਦੇ ਇਸ ਕਾਰਨਾਮੇ ਬਾਰੇ ਮੈਂ ਖੁਦ ਉਸਨੂੰ ਦੱਸਣਾ ਚਾਹੁੰਦਾਂ। ਭਾਵੁਕਤਾ ਤਾਰੀ ਹੋ ਚੁਕੀ ਹੈ। ਜ਼ਬਾਨ ਸਾਥ ਨਹੀਂ ਦੇ ਰਹੀ। ਅਸੀਂ ਇਕ-ਟਕ ਟੀ ਵੀ ਵੱਲ ਦੇਖ ਰਹੇ ਹਾਂ।
ਬਾਈ ਚੈਨਲ ਵਾਲਿਆਂ ਨੂੰ ਦੱਸ ਰਿਹੈ, "ਸਾਡੇ ਪੁਰਖਿਆਂ ਨੇ ਜਿਨਾਂ੍ਹ ਖਿਲਾਫ ਲੜਾਈਆਂ ਲੜੀਆਂ, ਅੱਜ ਅਸੀਂ ਫੇਰ ਉਹਨਾਂ ਦੇ ਪੈਰਾਂ ਵਿਚ ਗਿਰ ਰਹੇ ਹਾਂ। ਉਪਨਿਵੇਸ਼ਾਂ ਵੇਲੇ ਦੀ ਸਥਿਤੀ ਫੇਰ ਪੈਦਾ ਹੋ ਚੁਕੀ ਹੈ। ਬਹੁਰਾਸ਼ਟਰੀ ਕੰਪਨੀਆਂ ਪੂੰਜੀ ਬਾਹਰ ਲਿਜਾ ਰਹੀਆਂ ਨੇ। ਸਾਡੇ ਪਿੰਡਾਂ ਨੂੰ ਹੁਣ ਸ਼ਹਿਰਾਂ ਨੇ ਉਪਨਿਵੇਸ਼ ਬਣਾ ਲਿਐ। ਸਸਤੀ ਲੇਬਰ ਇਥੋਂ… ਕੱਚਾ ਮਾਲ ਇਥੋਂ… ਮੁੜ ਤਿਆਰ ਮਾਲ ਵੇਚ ਕੇ ਪੂੰਜੀ ਵੀ ਇਥੋਂ…"
"ਇਹ ਬਜ਼ਾਰ ਦਾ ਸੰਕਟ ਹੈ ਭਾਈ ਸਾਹਬ। ਸਾਡੇ ਲੋਕਾਂ ਦਾ ਨਹੀਂ। ਫੇਲ੍ਹ ਪੂੰਜੀ-ਬਜ਼ਾਰ ਆਖਰੀ ਝਪੱਟਾ ਮਾਰਨ ਦੀ ਕੋਸ਼ਿਸ਼ ਕਰ ਰਿਹੈ। ਜਾਅਲੀ ਬੈਲੇਂਸ ਸ਼ੀਟਾਂ ਬਣਾਉਣ ਵਾਲੇ ਸਾਡੀ ਸਬਸਿਡੀ ਦਾ ਵਿਰੋਧ ਕਰਦੇ ਨੇ ਤੇ ਆਪ ਪੈਕੇਜ ਭਾਲਦੇ ਨੇ? ਸਾਡੇ ਲੋਕ ਇਹ ਨਹੀਂ ਹੋਣ ਦੇਣਗੇ।"
"ਆਪਕੇ ਕੌਨ ਲੋਗ? ਬਤਾਈਏ ਬਲਬੀਰ ਜੀ, ਸਾਰਾ ਦੇਸ਼ ਆਪਕੋ ਦੇਖ ਰਹਾ ਹੈ। ਕਿਨ ਲੋਗੋਂ ਕੀ ਬਾਤ ਕਰ ਰਹੇ ਹੈਂ?"
"ਉਹ ਲੋਕ ਜਿਨਾਂ ਨੂੰ ਖੁਦ 'ਤੇ ਭਰੋਸਾ ਹੈ।" ਬਲਬੀਰ ਨੇ ਪੈਂਤਰਾ ਬਦਲਿਐ, "ਉਹ ਲੋਕ ਜਿਹਨਾਂ ਨੇ ਕਦੇ ਬਾਪੂ ਗਾਂਧੀ 'ਤੇ ਭਰੋਸਾ ਕੀਤਾ ਸੀ…।ਖੇਤ, ਮਿਲ-ਮਜ਼ਦੂਰ, ਛੋਟੇ ਕਿਸਾਨ, ਦੱਬੇ-ਕੁਚਲੇ, ਪੇਂਡੂ ਲੋਕ…! ਸਾਡੇ ਲੋਕਾਂ ਦੇ ਨਾਂ ਤੋਂ ਸਰਮਾਇਦਾਰਾਂ ਦੇ ਪਿੱਠੂ ਚਿੜ੍ਹਦੇ ਕਿਉਂ ਨੇ? ਮਾਰਕਸ ਨੇ ਕਿਹਾ ਸੀ…।"
"ਬਲਬੀਰ ਜੀ, ਯਹਾਂ ਹਮ ਆਪਕੋ ਟੋਕਨਾ ਚਾਹੇਂਗੇ…।" ਝਟ ਬਲਬੀਰ ਦੀ ਆਵਾਜ਼ ਸਟੂਡੀਓ ਵਾਲਿਆਂ ਨੇ ਦੱਬ ਲਈ।
ਭਾਵੇਂ ਬਹੁਤ ਵਾਰੀ ਬੜਾ ਕੁਝ ਸੁਣਿਐ ਪਰ ਇਕ ਵਾਰੀ ਫੇਰ ਮੈਂ ਬਲਬੀਰ ਦੇ ਮੂੰਹੋਂ ਸੁਣਨਾ ਚਾਹੁਦਾਂ, ਮਾਰਕਸ ਨੇ ਕੀ ਕਿਹਾ ਸੀ।
ਐਂਕਰ ਪੁੱਛ ਰਿਹੈ, "ਹਾਂ ਸੁਧੀਰ ਕਿਆ ਆਪ ਹਮੇਂ ਸੁਨ ਪਾ ਰਹੇ ਹੈਂ? ਬਲਬੀਰ ਸਿੰਘ ਸੇ ਪੂਛਨਾ ਚਾਹੇਂਗੇ ਕਿ ਵੋ ਤੋ ਨਾਅਰੇ ਲਗਾਨੇ ਲਗੇ ਹੈਂ। ਬੜਾ ਸਵਾਲ, ਏਕ ਬੜਾ ਸਵਾਲ ਯਹਾਂ ਉਠਤਾ ਹੈ , ਕਿਆ ਨਾਅਰੇਬਾਜੀ ਸੇ ਕਿਸੀ ਸੱਮਸਿਆ ਕਾ ਹਲ ਹੋ ਸਕਤਾ ਹੈ?"
ਰਿਪੋਰਟਰ ਵੱਲੋਂ ਇਹੀ ਪੁੱਛਣ 'ਤੇ ਬਲਬੀਰ ਨੇ ਮੁੱਠੀ ਹਵਾ ਵਿਚ ਲਹਿਰਾਅ ਕੇ ਪੂਰੇ ਜੋਸ਼ ਨਾਲ ਕਿਹਾ, "ਹਾਂ, ਮੈਂ ਨਾਅਰੇ ਲਾ ਰਿਹਾਂ। ਭਗਤ ਸਿੰਘ ਨੇ ਬੰਬ ਵੀ ਸੁਟਿਆ ਸੀ…।"
"ਲੇਕਿਨ ਹੱਲ਼..!"
"ਹੱਲ ਤਾਂ ਪੂੰਜੀਵਾਦ ਦੇ ਵੱਡੇ ਘੜੰਮ ਚੌਧਰੀ ਨੂੰ ਵੀ ਕੋਈ ਨਹੀਂ ਸੁੱਝ ਰਿਹਾ।"
ਐਂਕਰ ਮੁਸਕੁਰਾਉਂਦੈ, "ਅਬ ਤੋ ਸਾਰਾ ਦੇਸ਼ ਆਪ ਸੇ ਆਸ ਲਗਾਏ ਬੈਠਾ ਹੈ ਨਾ?"
"ਜਿਹੜਾ ਤੁਸੀਂ ਮਜ਼ਾਕ ਉਡਾ ਰਹੇ ਓਂ ਨਾ, ਸਾਡੀਆਂ ਨਿੱਕੀਆਂ-ਨਿੱਕੀਆਂ ਕੋਸ਼ਿਸ਼ਾਂ ਹੀ ਥੋਡੇ ਸਾਨ੍ਹ ਨੂੰ ਨੱਥ ਪਾਉਣਗੀਆਂ… ਸਾਡੀ ਜਿੱਤ ਤੇ ਤੁਹਾਡੀ ਹਾਰ ਇਕੋ ਜਿੰਨੀ ਅਟੱਲ ਹੈ…।"
"ਬਲਬੀਰ ਜੀ ਆਪ ਕਿਆ ਚਾਹਤੇ ਹੈਂ, ਸ਼ੇਅਰ ਬਜ਼ਾਰ ਔਰ ਸ਼ਾਪਿੰਗ ਮਾਲਜ਼ ਪਰ ਬੰਬ ਗਿਰਾ ਦੀਏ ਜਾਏਂ?"
"ਜਿਹਨਾਂ ਨੇ ਸਾਡੀ ਬੇੜੀ ਵਿਚ ਵੱਟੇ ਪਾਏ ਅਸੀਂ ਉਹਨਾਂ ਦਾ ਬੇੜਾ ਵੀ ਡੋਬਣਾ ਈ ਐ। ਤੁਸੀਂ ਜੋ ਮਰਜ਼ੀ ਸਮਝੀ ਜਾਓ…।" ਬਲਬੀਰ ਬੌਂਦਲ ਗਿਐ। ਤੈਸ਼ 'ਚ ਆ ਗਿਐ। ਅਕਸਰ ਬਹਿਸਾਂ ਦੌਰਾਨ ਕਹੀਆਂ ਬਲਕਾਰ ਦੀਆਂ ਕਈ ਗੱਲਾਂ ਹੁਣ ਉਸ ਨੂੰ ਦੁਚਿੱਤੀ 'ਚ ਪਾ ਰਹੀਆਂ ਨੇ। ਲੱਗਦਾ ਨਹੀਂ ਕਿ ਹੁਣ ਇਹ ਖਬਰ ਜ਼ਿਆਦਾ ਦੇਰ ਚੱਲੇਗੀ। ਉਹ ਲੋਕ ਇੰਨੇ ਬੇਵਕੂਫ ਨਹੀਂ। ਹੁਣ ਤਕ ਤਾਂ ਚੈਨਲਾਂ ਦੇ ਦਫਤਰਾਂ ਵਿਚ ਫੋਨ ਖੜਕਾ ਵੀ ਦਿੱਤੇ ਹੋਣੇ। ਪਰ ਬੇਵਕੂਫ ਚੈਨਲਾਂ ਵਾਲੇ ਵੀ ਨਹੀਂ। ਜਿੱਧਰੋਂ ਵੀ ਜਿੰਨਾ ਕੁ ਦਾਅ ਲੱਗਦੈ, ਲਾ ਲੈਂਦੇ ਨੇ। ਹਰ ਭਾਰਤੀ ਅੰਦਰ ਇਕ ਬਲਬੀਰ ਜ਼ਰੂਰ ਬੈਠਾ ਹੁੰਦੈ।
"…. ਇਹ ਜੋ ਸਿੱਲ੍ਹੀ-ਸਿੱਲ੍ਹੀ ਆਉਂਦੀ ਏ ਹਵਾ…" ਮੋਬਾਇਲ ਦੀ ਘੰਟੀ ਵੱਜੀ ਹ… ਬਿੱਲੂ ਕਾਲਿੰਗ਼..।
"ਚਾਚਾ, ਟੀ ਵੀ ਦੇਖਿਐ ਅੱਜ਼..?" ਬਟਨ ਦੱਬਣ ਸਾਰ ਆਵਾਜ਼ ਆਈ ਹੈ।
"ਬਿੱਲੂ? ਕੀ ਹੋਇਆ?" ਮੈਂ ਸਹਿਜ ਹੁੰਦਿਆਂ ਪੁੱਛਦਾਂ। ਉਸ ਦਾ ਜਾਣੀ ਸਾਹ ਚੜ੍ਹਿਆ ਹੋਇਆ ਹੈ।
"ਹੋਣਾ ਕੀ ਐ ਚਾਚਾ…। ਤੂੰ ਟੀ ਵੀ ਲਾ ਕੇ ਤਾਂ ਦੇਖ਼.. ਬਾਪੂ…।"
"ਠੀਕ ਐ…।"
"ਕਿੰਨਾ ਕਿਹਾ ਸੀ ਮੋਬਾਇਲ ਲੈ ਲਓ… ਵੀਹ-ਵੀਹ ਰੁਪਏ ਵਿਚ ਸਿਮ ਰੁਲਦੇ ਨੇ… ਚਾਚਾ ਤੂੰ ਇਓਂ ਕਰ, ਜਿਪਸੀ ਕੱਢ ਤੇ ਫਟਾਫਟ ਸ਼ਹਿਰ ਪਹੁੰਚ… ਸਬਜ਼ੀ ਮੰਡੀ 'ਚ… ਬਾਪੂ ਉਥੇ ਖਾਹਮਖਾਹ ਪੰਗਾ ਲੈ ਰਿਹੈ…। ਮੈਂ ਤਾਂ, ਤੈਨੂੰ ਪਤੈ ਚਾਚਾ, ਸਰਕਾਰੀ ਮੁਲਾਜ਼ਮ ਹਾਂ…।"
"ਕੋਈ ਨਾ ਤੂੰ ਫਿਕਰ ਨਾ ਕਰ…।"
ਬਿੱਲੂ ਫੇਰ ਇਸਰਾਰ ਕਰ ਰਿਹੈ, "ਪੁਲੀਸ ਵੀ ਪਹੁੰਚ ਚੁਕੀ ਐ… ਜਾ ਕੇ ਸਮਝਾ। ਅੰਨ੍ਹੇਵਾਹ ਦੌੜ ਰਹੇ ਪੂੰਜੀਵਾਦ ਦੇ ਰੱਥ ਨੂੰ ਆਪਾਂ ਨੀਂ ਠੱਲ ਸਕਦੇ। ਬਜ਼ਾਰ ਦੀ ਕਿੰਨੀ ਕੁ ਸਮਝ ਹੈ ਉਹਨੂੰ? ਘੱਟੋ -ਘੱਟ ਫੰਡਾ ਤਾਂ…।"
"ਮੈਂ ਦੇਖਦਾਂ…।" ਕਹਿੰਦਿਆਂ ਮੈਂ ਇਕ ਲੰਮਾ ਹੌਕਾ ਲਿਐ।
"ਤੈਨੂੰ ਕੀ ਪਤੈ ਭਤੀਜ, ਉਹਨੂੰ ਕਿੰਨੀ ਕੁ ਸਮਝ ਹੈ…। ਓਏ ਕੋਈ ਮੌਕਾ ਈ ਹੁੰਦੈ…।" ਮੈਂ ਕਹਿਣਾ ਚਾਹੁੰਦਾਂ ਪਰ…।
ਟੀ ਵੀ ਸਕਰੀਨ 'ਤੇ ਬਲਬੀਰ ਨਾਲ ਜੁੜੇ ਲੋਕਾਂ ਦੇ ਪੈਰਾਂ ਨਾਲ ਉੱਡੀ ਗਰਦ ਵਿਚ ਧੂੜ ਚੱਟਦਾ ਹੋਇਆ… ਮੁਖ ਸੇ ਝੱਗ ਸੀਂਢ ਬਹੁ ਨਾਸਾ… ਸਾਨ੍ਹ ਦੇ ਪਦੀੜ ਪਈ ਜਾਂਦੇ ਐ…. ਸੁਪਨਾ ਚੰਗਾ ਹੋਵੇ, ਦੇਖਣ 'ਚ ਹਰਜ ਈ ਕੀ ਐ…?
ਉਧਰੋਂ ਬਿੱਲੂ ਦੀ ਆਵਾਜ਼ ਆ ਰਹੀ ਹੈ, "ਚਾਚਾ, ਤੂੰ ਹੁਣੇ ਜਾ…।"
"ਕੋਈ ਨਾ, ਮੈਂ ਦੇਖਦਾਂ…।"
ਸ਼ਬਦ ਜਿਵੇਂ ਬਿੱਲੂ ਦੇ ਨਹੀਂ, ਟੀ ਵੀ ਸਕਰੀਨ 'ਤੇ ਖੜੇ ਬਲਬੀਰ ਦੇ ਕੰਨਾਂ ਵਿਚ ਪਏ ਹੋਣ। ਗੁੱਸੇ, ਉਤੇਜਨਾ ਅਤੇ ਉਤਸ਼ਾਹ ਨਾਲ ਭਰੇ ਬਲਬੀਰ ਦੇ ਚਿਹਰੇ 'ਤੇ ਹਲਕੀ ਜਿਹੀ ਮੁਸਕੁਰਾਹਟ ਉਭਰ ਆਈ। ਇਹ ਸ਼ਾਇਦ ਬਲਬੀਰ ਦੀ ਮੁਸਕਰਾਹਟ ਦੀ ਚਮਕ ਹੀ ਸੀ ਜੋ ਰਹਿ-ਰਹਿ ਕੇ ਮੇਰੇ ਉਪਰ ਪੈ ਰਹੀ ਸੀ।
ਮੋਬਾਇਲ 'ਤੇ ਡਰੀ, ਸਹਿਮੀ ਜਿਹੀ ਆਵਾਜ਼ ਫੇਰ ਆਈ, "ਚਾਚਾ… !"
ਅਸਹਿਜ ਜਿਹਾ ਹੁੰਦਿਆਂ ਮੇਰੇ ਮੂੰਹੋਂ ਫੇਰ ਨਿਕਲ ਗਿਆ, "ਹਾਂ, ਹਾਂ ਮੈਂ ਦੇਖਦਾਂ…।"

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕੇਸਰਾ ਰਾਮ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ