Bulbul Ate Amrood (Punjabi Story) : Karamjit Singh Gathwala
ਬੁਲਬੁਲ ਅਤੇ ਅਮਰੂਦ (ਬਾਲ ਕਹਾਣੀ) : ਕਰਮਜੀਤ ਸਿੰਘ ਗਠਵਾਲਾ
ਸਦੀਆਂ ਬੀਤ ਗਈਆਂ ਨੇ ਜਦੋਂ ਦੀ ਗੱਲ ਮੈਂ ਤੁਹਾਨੂੰ ਸੁਣਾ ਰਿਹਾ ਹਾਂ । ਬੁਲਬੁਲ ਨੂੰ ਅੰਤਾਂ ਦੀ ਭੁੱਖ ਲੱਗੀ ਹੋਈ ਸੀ ।
ਉਹ ਖਾਣਾ ਭਾਲਦੀ-ਭਾਲਦੀ ਅਮਰੂਦ ਦੇ ਬੂਟੇ ਤੇ ਆ ਬੈਠੀ ਤੇ ਲੱਗੀ ਕੱਚੇ ਅਮਰੂਦਾਂ 'ਤੇ ਠੂੰਗੇ ਮਾਰਨ । ਜਿੰਨੇ ਅਮਰੂਦ
ਉਹਨੇ ਖਾਧੇ ਉਸ ਤੋਂ ਕਿਤੇ ਵੱਧ ਬਰਬਾਦ ਕਰ ਕੇ ਹੇਠਾਂ ਸੁੱਟ ਦਿੱਤੇ । ਅਮਰੂਦ ਦੇ ਬੂਟੇ ਕੋਲੋਂ ਇਹ ਬਰਬਾਦੀ ਸਹਾਰੀ ਨਾ ਗਈ ।
ਉਹਨੇ ਬੁਲਬੁਲ ਨੂੰ ਕਿਹਾ, "ਬੁਲਬੁਲੇ ! ਤੇਰੇ ਤੇ ਤੋਤੇ ਵਿੱਚ ਕੋਈ ਫ਼ਰਕ ਹੈ ? ਉਹ ਵੀ ਖਾਂਦਾ ਘੱਟ ਏ ਤੇ ਬਰਬਾਦ ਵੱਧ ਕਰਦਾ ਏ ਤੇ ਤੂੰ ਵੀ ਓਹੋ ਕੁਝ ਕਰਦੀ ਏਂ ।"
ਬੁਲਬੁਲ ਖਿਝ ਕੇ ਬੋਲੀ, "ਤੂੰ ਕਿੱਡਾ ਮੂਰਖ ਏਂ, ਮੈਨੂੰ ਤੋਤੇ ਨਾਲ ਰਲਾ ਦਿੱਤਾ । ਉਹ ਕਿੱਥੇ ਮੈਂ ਕਿੱਥੇ !"
ਅਮਰੂਦ ਦੇ ਬੂਟੇ ਨੇ ਪੁੱਛਿਆ, "ਉਹ ਕਿਸ ਤਰ੍ਹਾਂ ?"
"ਮੈਂ ਫਲ ਤਾਂ ਪੇਟ ਭਰਨ ਲਈ ਖਾਣੇ ਹੀ ਹੋਏ, ਪਰ ਨਾਲ ਤੁਹਾਨੂੰ ਮਿੱਠੇ-ਮਿੱਠੇ ਗੀਤ ਵੀ ਤਾਂ ਸੁਣਾਉਂਦੀ ਹਾਂ," ਬੁਲਬੁਲ ਬੋਲੀ ।
ਅਮਰੂਦ ਦੇ ਬੂਟੇ ਨੇ ਕੁੱਝ ਚਿਰ ਸੋਚਿਆ ਤੇ ਕਹਿਣ ਲੱਗਾ, "ਤੇਰੀ ਗੱਲ ਤਾਂ ਠੀਕ ਏ, ਪਰ ਜੇ ਤੂੰ ਕੇਵਲ ਪੱਕਿਆ ਫਲ ਹੀ ਖਾਏਂ ਤਾਂ
ਇਹ ਤੇਰੇ ਲਈ ਵੀ ਸੌਖਾ ਏ ਤੇ ਮੈਨੂੰ ਵੀ ਦਰਦ ਘੱਟ ਤੋਂ ਘੱਟ ਹੋਵੇਗਾ, ਕਿਉਂ ਜੁ ਪੱਕੇ ਫਲਾਂ ਨੇ ਤਾਂ ਝੜਨਾ ਹੀ ਹੋਇਆ ।"
ਬੁਲਬੁਲ ਨੂੰ ਇਹ ਗੱਲ ਜਚ ਗਈ ਤੇ ਉਹ ਖੁਸ਼ੀ-ਖੁਸ਼ੀ ਮੰਨ ਗਈ । ਉਸ ਤੋਂ ਬਾਅਦ ਉਹ ਪੱਕੇ ਫਲ ਹੀ ਖਾਣ ਲੱਗੀ ਤੇ ਜਦੋਂ ਉਹ ਰੱਜ ਜਾਂਦੀ ਫੇਰ ਇੱਕ ਵੀ ਠੂੰਗਾ ਫਲ ਤੇ ਨਾ ਮਾਰਦੀ ।
ਅਮਰੂਦ ਦੇ ਬੂਟੇ ਨੇ ਇੱਕ ਦਿਨ ਸਵੇਰੇ-ਸਵੇਰੇ ਹਵਾ ਨਾਲ ਝੂਮਦੇ ਹੋਏ, ਸਾਰੀ ਗੱਲ ਕੋਲ ਖੜੋਤੇ ਅਨਾਰ ਦੇ ਬੂਟੇ ਨੂੰ ਦੱਸੀ ।
ਦੋਵੇਂ ਗੱਲਾਂ ਕਰ ਹੀ ਰਹੇ ਸਨ ਕਿ ਏਨੇ ਨੂੰ ਇੱਕ ਮੁੰਡਾ ਉੱਥੇ ਆਇਆ ਤੇ ਡੰਡੇ ਨਾਲ ਅਮਰੂਦ ਝਾੜਨ ਲੱਗਾ । ਉਸਨੇ ਕੱਚੇ, ਅੱਧ-ਪੱਕੇ ਅਤੇ ਪੱਕੇ
ਕਿੰਨੇ ਹੀ ਅਮਰੂਦ ਝਾੜ ਲਏ । ਫਿਰ ਉਨ੍ਹਾਂ ਵਿੱਚੋਂ ਉਸਨੇ ਜਿਹੜੇ ਚੰਗੇ ਲੱਗੇ ਚੁੱਕ ਲਏ ਤੇ ਬਾਕੀ ਦੇ ਉੱਥੇ ਹੀ ਪਏ ਰਹਿਣ ਦਿੱਤੇ ਅਤੇ ਆਪਣਾ ਕੰਮ ਕਰਕੇ ਉੱਥੋਂ ਚਲਾ ਗਿਆ ।
ਉਸ ਮੁੰਡੇ ਦੇ ਜਾਣ ਤੋਂ ਬਾਅਦ ਅਨਾਰ ਦਾ ਬੂਟਾ ਬੜੇ ਦੁਖੀ ਮਨ ਨਾਲ ਬੋਲਿਆ, "ਅਮਰੂਦ ਯਾਰ ਗੱਲ ਤਾਂ ਤੇਰੀ ਠੀਕ ਏ, ਪਰ ਆਹ ਬੰਦਾ ਪਤਾ
ਨਹੀਂ ਕਦੋਂ ਇਹ ਗੱਲ ਸਮਝੇਗਾ ।" ਅਨਾਰ ਦੀ ਇਹ ਗੱਲ ਕੋਲ ਖੜ੍ਹੇ ਹੋਰ ਬੂਟਿਆਂ ਨੂੰ ਅਤੇ ਉਨ੍ਹਾਂ ਉੱਤੇ ਬੈਠੇ ਪੰਛੀਆਂ ਨੂੰ ਸੋਚੀਂ ਪਾ ਗਈ ।