Burai Da Taakra (Punjabi Essay) : Professor Sahib Singh

ਬੁਰਾਈ ਦਾ ਟਾਕਰਾ (ਲੇਖ) : ਪ੍ਰੋਫੈਸਰ ਸਾਹਿਬ ਸਿੰਘ

ਕੁਕਰਮੀ ਮਨੁਖਾਂ ਦੇ ਜੀਵਨ ਬਾਰੇ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਜਿਵੇਂ ਕਪਾਹ ਵੇਲਣੇ ਵਿਚ ਵੇਲੀ ਜਾਂਦੀ ਹੈ, ਜਿਵੇਂ ਤਿਲ ਆਦਿਕ ਕੋਹਲੂ ਵਿਚ ਪੀੜੇ ਜਾਂਦੇ ਹਨ, ਜਿਵੇਂ ਕਮਾਦ ਪੀੜਿਆ ਜਾਂਦਾ ਹੈ, ਜਿਵੇਂ ਹਾਂਡੀ ਅੱਗ ਤੇ ਪਈ ਤਪਦੀ ਹੈ, ਤਿਵੇਂ ਵਿਕਾਰੀ ਮਨੁਖਾਂ ਦਾ ਸਾਰਾ ਜੀਵਨ ਦੁਖਾਂ ਦੀ ਇਕ ਕਹਾਣੀ ਹੁੰਦਾ ਹੈ, ਆਪ ਫੁਰਮਾਉਂਦੇ ਹਨ:

ਫਰੀਦਾ ਵੇਖੁ ਕਪਾਹੈ ਜਿ ਥੀਆ, ਕਿ ਸਿਰਿ ਬੀਆ
ਤਿਲਾਹ॥ ਕਮਾਦੇ ਅਰੁ ਕਾਗਦੇ, ਕੁੰਨੇ ਕੋਇਲਿਆਹ॥
ਮੰਦੇ ਅਮਲ ਕਰੇਂਦਿਆਂ, ਏਹ ਸਜਾਇ ਤਿਨਾਹ॥

ਨਿਡਰ ਹੋ ਕੇ ਵਿਕਾਰਾਂ ਵਿਚ ਪ੍ਰਵਿਰਤ ਹੋਣ ਵਾਲੇ ਬੰਦਿਆਂ ਦਾ ਹਾਲ ਸਾਹਿਬ ਗੁਰੂ ਅੰਗਦ ਦੇਵ ਜੀ ਦਸਦੇ ਹੋਏ ਫੁਰਮਾਉਂਦੇ ਹਨ ਕਿ ਉਹਨਾਂ ਨੂੰ ਕਈ ਸਹਿਮ ਪਏ ਰਹਿੰਦੇ ਹਨ :

ਸਲੋਕ ਮਹਲਾ ੨

ਜਿਨਾ ਭਉ ਤਿਨ ਨਾਹਿ ਭਉ, ਮੁਚੁ ਭਉ ਨਿਭਵਿਆਹ॥
ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ।੧॥੮॥

ਸੂਹੀ ਕੀ ਵਾਰ ਮ: ੩ ॥

ਵਿਕਾਰਾਂ ਵਲ ਪ੍ਰੇਰਨ ਵਾਲੇ ਮਨ ਨੂੰ 'ਸ਼ੈਤਾਨ' ਦਸ ਕੇ ਕੁਰਾਨ ਸ਼ਰੀਫ ਵਿਚ ਮਨੁਖ ਨੂੰ ਖਬਰਦਾਰ ਕੀਤਾ ਗਿਆ ਹੈ ਕਿ ਇਸ ਦਾ ਵਿਸਾਹ ਨਹੀਂ ਖਾਣਾ :

'ਲਾ ਤੱਤਾ ਬਿ-ਊ ਖੁਤੁਵਾਤਿੱਸ਼ੈਤਾਨਿ'

ਭਾਵ, ਸ਼ੈਤਾਨ ਦੇ ਪੂਰਨਿਆਂ ਤੇ ਨਾਹ ਤੁਰੋ ।

ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਭੀ ਇਸ ਖੋਟੇ ਮਨ ਦਾ ਪਾਜ ਇਉਂ ਖੋਹਲਿਆ ਹੈ :

ਕਵਨੁ ਕਵਨੁ ਨਹੀਂ ਪਰਤਿਆ, ਤੁਮਰੀ ਪਰਤੀਤਿ॥
ਮਹਾ ਮੋਹਨੀ ਮੋਹਿਆ, ਨਰਕ ਕੀ ਰੀਤਿ॥੧॥
ਮਨ ਖੁਟਹਰ ਤੇਰਾ ਨਹੀਂ ਬਿਸਾਸੁ, ਤੁ ਮਹਾ ਉਦਮਾਦਾ॥
ਖਰ ਕਾ ਪੈਖਰੂ ਤਉ ਛੁਟੈ, ਜਉ ਊਪਰਿ ਲਾਦਾ॥੧॥ ਰਹਾਉ॥

ਬਿਲਾਵਲੁ ਮਹਲਾ ੫॥

ਸੋ, ਸਮੇਂ ਅਨੁਸਾਰ ਆਪਣੇ ਆਪਣੇ ਦੇਸ ਦੀ ਬੋਲੀ ਵਿਚ ਹਰੇਕ 'ਧਰਮ' ਨੇ ਮਨੁਖ ਨੂੰ ਪਾਪ ਕਰਨ ਵਲੋਂ ਵਰਜਿਆ ਹੈ। ਪਰ, ਜੇ ਮਨੁੱਖ ਹਰ ਵੇਲੇ ਪਾਪਾਂ ਤੋਂ ਡਰਦਾ ਤੇ ਕੰਬਦਾ ਰਹੇ, ਅਤੇ ਇਹੀ ਸੋਚਦਾ ਰਹੇ ਕਿ ਮਤਾਂ ਫਲਾਣੇ ਮੰਦ ਕਰਮ ਵਿਚ ਕਿਤੇ ਫਸ ਨਾ ਜਾਵਾਂ, ਤਾਂ ਇਸ ਦਾ ਸਿੱਟਾ ਸਗੋਂ ਉਲਟਾ ਨਿਕਲਦਾ ਹੈ। ਮਨ ਢਹਿੰਦੀ ਕਲਾ ਵਿਚ ਚਲਾ ਜਾਂਦਾ ਹੈ। ਮਨੁਖ ਪਾਪ ਦਾ ਟਾਕਰਾ ਕਰਨ ਤੋਂ ਅਸਮਰਥ ਹੋ ਜਾਂਦਾ ਹੈ। ਅਤੇ ਇਹ ਹਦੋਂ ਵਧੀ ਹੋਈ ਘਬਰਾਹਟ ਮਨੁੱਖ ਦੇ ਮਨ ਨੂੰ ਭਲਾਈ ਵਲ ਪ੍ਰੇਰ ਨਹੀਂ ਸਕਦੀ।
ਸ੍ਰੀ ਚਮਕੌਰ ਸਾਹਿਬ ਦੇ ਜੁਧ ਪਿਛੇ ਜਦੋਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੂਵਾੜੇ ਮਸੰਦ ਦੇ ਘਰ ਅੱਪੜੇ, ਪਹਿਲਾਂ ਤਾਂ ਉਸ ਨੇ ਆਦਰ-ਭਾਉ ਕੀਤਾ, ਪਰ ਜਦੋਂ ਉਸ ਨੂੰ ਇਹ ਪਤਾ ਲਗਾ ਕਿ ਸਰਹੰਦ ਦੇ ਸੂਬੇ ਦੀ ਫੌਜ ਸਤਿਗੁਰੂ ਜੀ ਦੀ ਭਾਲ ਵਿਚ ਚੜ੍ਹੀ ਹੋਈ ਹੈ, ਤਾਂ ਉਹ ਬੜਾ ਘਬਰਾਇਆ। ਮੁਗਲ ਰਾਜ ਦੇ ਡਰ ਹੇਠ ਉਹ ਇਤਨਾ ਦਬ ਗਿਆ ਕਿ ਜਿਉਂ ਸ੍ਰੀ ਕਲਗੀਧਰ ਜੀ ਉਸ ਨੂੰ ਦਲੇਰ ਹੋਣ ਲਈ ਮੱਤ ਦੇਂਦੇ ਗਏ, ਉਹ ਮੁਗਲਾਂ ਦੇ ਤੇਜ਼-ਪ੍ਰਤਾਪ ਦਾ ਹਊਆ ਅਖਾਂ ਅਗੇ ਲਿਆ ਲਿਆ ਕੇ ਹੋਰ ਨਿੱਘਰਦਾ ਗਿਆ। ਆਖਰ ਉਸ ਨੇ ਸਤਗੁਿਰੂ ਜੀ ਨੂੰ ਕਹਿ ਹੀ ਦਿਤਾ ਕਿ ਇਥੋਂ ਚਲੇ ਜਾਓ।

ਸੰਨ ੧੬੮੭ ਵਿਚ ਜਦੋਂ ਪਹਾੜੀ ਰਾਜਿਆਂ ਨੇ ਕਹਲੂਰ ਦੇ ਰਾਜੇ ਦੀ ਮਦਦ ਤੇ ਅਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਉਤੇ ਰਿਆਸਤ ਨਾਹਨ ਵਿਚ ਆਇਆਂ ਤੇ ਹੱਲਾ ਬੋਲ ਦਿਤਾ ਸੀ, ਉਹਨੀਂ ਦਿਨੀਂ ਹੇਹਰਾਂ ਦਾ ਮਹੰਤ ਕ੍ਰਿਪਾਲ ਦਾਸ ਭੀ ਹਜ਼ੂਰ ਦੇ ਪਾਸ ਸੀ। ਇਹ ਭੀ ਉਸ ਜੁਧ ਵਿਚ ( ਜੋ ਪਿੰਡ ਭੰਗਾਣੀ ਦੇ ਨੇੜੇ ਹੋਇਆ) ਆਪਣਾ 'ਕੁਤਕ' (ਸੋਟਾ) ਲੈ ਕੇ ਹੀ ਨਿਰਭੈ ਜੋਧਿਆਂ ਵਾਂਗ ਸ਼ਾਮਲ ਹੋਇਆ। ਪਰ ਜਦੋਂ ਮਾਛੂਵਾੜੇ ਤੋਂ ਹਜ਼ੂਰ ਹੇਹਰੀਂ ਆਏ, ਤਾਂ ਇਹ ਭੀ ਮੁਗਲ-ਰਾਜ ਦੇ ਦਬਾਉ ਨੂੰ ਮੁੜ ਮੁੜ ਚੇਤੇ ਕਰ ਕੇ ਸਹਿਮ ਗਿਆ। ਸਤਿਗੁਰੂ ਜੀ ਨੇ ਹੱਲਾਸ਼ੇਰੀ ਦਿਤੀ, ਪਰ ਇਸ ਨੂੰ ਇਹੀ ਸਹਿਮ ਖਾ ਗਿਆ ਕਿ ਮਤਾਂ ਕਿਤੇ ਮੁਗਲ ਮੈਨੂੰ ਫਾਹੇ ਹੀ ਨਾਹ ਦੇ ਦੇਣ। ਗੁਰੂ ਵਲੋਂ ਬੇ-ਮੁਖ ਹੋ ਗਿਆ।
ਮੁਕਤਸਰ ਸਾਹਿਬ ਦੇ ਜੰਗ ਤੋਂ ਪਿਛੋਂ ਗੁਰੂ ਗੋਬਿੰਦ ਸਿੰਘ ਸਾਹਿਬ ਸਾਬੋ ਕੀ ਤਲਵੰਡੀ ਅਪੜੇ। ਏਥੋਂ ਦੇ ਚੌਧਰੀ ਡੱਲੇ ਨੇ ਬੜੀ ਸੇਵਾ ਕੀਤੀ, ਸਰਹੰਦ ਦੇ ਸੂਬੇ ਨੇ ਕਈ ਵਾਰ ਡਰਾਵੇ ਦੇ ਘਲੇ, ਪਰ ਉਸ ਨੇ ਪਰਵਾਹ ਨਾ ਕੀਤੀ, ਤੇ ਗੁਰੂ-ਚਰਨਾਂ ਤੋਂ ਸਿਦਕ ਨਾ ਹਾਰਿਆ। ਪਰ, ਜਦੋਂ ਸਤਿਗੁਰੂ ਜੀ ਉਸ ਨੂੰ ਆਪਣੇ ਨਾਲ ਦਖਣ ਵਲ ਲੈ ਤੁਰੇ ਤਾਂ ਰਾਹ ਵਿਚ ਇਹੀ ਗਿਣਤੀਆਂ ਕਰਨ ਲਗ ਪਿਆ ਕਿ ਮੇਰੇ ਪਿਛੋਂ ਮੁੰਡੇ ਮਤਾਂ ਫਸਲ-ਬੰਨਾ ਹੀ ਸਾਂਭ ਨਾਂਹ ਸਕਣ। ਆਖਰ ਇਹਨਾਂ ਸੋਚਾਂ ਨੇ ਇਤਨਾ ਆ ਦਬਾਇਆ, ਕਿ ਇਕ ਰਾਤ ਚੋਰੀ ਹੀ ਨਿਕਲ ਆਇਆ।

ਸਾਧਾਰਨ ਤੌਰ ਤੇ ਸੋਚਿਆਂ ਇਹ ਖ਼ਿਆਲ ਬੜਾ ਉਲਟ ਜਿਹਾ ਜਾਪਦਾ ਹੈ। ਚਾਹੀਦਾ ਤਾ ਇਹ ਸੀ ਕਿ ਜੇ ਪਾਪ ਵਲੋਂ ਨਫ਼ਰਤ ਇਕ ਅਜੇਹਾ ਜਜ਼ਬਾ ਹੈ ਜੋ ਉਚ-ਆਚਰਨ ਵਾਸਤੇ ਗੁਣਕਾਰੀ ਹੈ, ਤਾਂ ਪਾਪ ਵਲੋਂ ਜਿਤਨੀ ਵਧੀਕ ਨਫ਼ਰਤ ਹੋਵੇ, ਉਤਨਾ ਹੀ ਵਧੀਕ ਚੰਗਾ ਅਸਰ ਆਚਰਨ ਉਤੇ ਪਏ। ਪਰ, ਇਹ ਗੱਲ ਨਹੀਂ ਹੁੰਦੀ। ਕਈ ਵਾਰੀ ਐਸਾ ਹੁੰਦਾ ਹੈ ਕਿ ਜੇ ਕਿਸੇ ਖਾਸ ਮੰਦ ਕਰਮ ਵਲੋਂ ਪਰੇ ਹਟਣ ਦਾ ਬਹੁਤ ਜਤਨ ਕੀਤਾ ਜਾਏ, ਤਾਂ ਉਸ ਕੁਕਰਮ ਤੋਂ ਬਚਣਾ ਸਗੋਂ ਵਧੀਕ ਔਖਾ ਹੋ ਜਾਂਦਾ ਹੈ। 'ਮਨ' ਦੀ ਖੋਜ (ਪੜਤਾਲ) ਕਰਨ ਵਾਲੇ ਸਿਆਣਿਆਂ ਨੇ ਅੰਗਰੇਜ਼ੀ ਵਿਚ ਇਸ ਦਾ ਨਾਮ ਰਖਿਆ ਹੈ Law of Reversed Effort ਭਾਵ, ਉਲਟਾ ਅਸਰ ਪਾਣ ਵਾਲਾ ਜਤਨ' ਕੋਈ ਆਦਮੀ ਕਿਤੇ ਜਿਲ੍ਹਣ ਵਿਚ ਫਸ ਜਾਏ, ਉਸ ਵਿਚੋਂ ਨਿਕਲਣ ਲਈ ਜਿਉਂ ਜਿਉਂ ਹਥ ਪੈਰ ਮਾਰਦਾ ਹੈ ਤਿਉਂ ਤਿਉਂ ਉਸ ਵਿਚ ਹੋਰ ਖੁਭਦਾ ਜਾਂਦਾ ਹੈ। ਇਸ 'ਮਾਨਸਕ ਨਿਯਮ’ ਨੂੰ (ਕਿ ਜਿਉਂ ਜਿਉਂ ਜਤਨ ਕਰੀਏ ਉਲਟਾ ਅਸਰ ਪੈਂਦਾ ਹੈ) ਸਮਝਣ ਲਈ ਰੋਜ਼ਾਨਾ ਜੀਵਨ ਵਿਚੋਂ ਇਕ ਦੋ ਘਟਨਾਂ ਲੈ ਕੇ ਵਿਚਾਰੀਏ।
ਇਕ ਆਦਮੀ ਬਾਈਸਿਕਲ ਚਲਾਣ ਦੀ ਜਾਚ ਸਿਖਦਾ ਹੈ, ਜਦੋਂ ਕਾਠੀ ਤੇ ਬੈਠ ਕੇ, ਪੈਡਲ ਤੇ ਪੈਰ ਮਾਰਨ ਜੋਗਾ ਹੋ ਪੈਂਦਾ ਹੈ ਤਾਂ ਉਹ ਬਾਹਰ ਸੜਕ ਉਤੇ ਸਾਈਕਲ ਚਲਾਉਂਦਾ ਹੈ ਸੜਕ ਉਤੇ ਕਿਤੇ ਕੋਈ ਇਟ-ਵਟਾ ਹੈ, ਇਹ ਨਵਾਂ ਆਦਮੀ ਦੂਰੋਂ ਉਸ ਇਟ ਨੂੰ ਵੇਖ ਕੇ ਜਤਨ ਕਰਦਾ ਹੈ ਕਿ ਸਾਈਕਲ ਇਟ ਤੋਂ ਲਾਂਭੇ ਲੰਘ ਜਾਏ, ਪਰ ਇਸਦੀ ਪੇਸ਼ ਨਹੀਂ ਜਾਂਦੀ, ਅਗਲਾ ਪਹੀਆ ਸਿਧਾ ਇਟ ਉਤੇ ਜਾ ਵਜਦਾ ਹੈ।

ਤ੍ਰੀਹ ਫੁਟ ਲੰਮਾ ਤੇ ਇਕ ਫੁਟ ਚੌੜਾ ਇਕ ਫੱਟਾ ਜ਼ਮੀਨ ਤੇ ਪਿਆ ਹੈ; ਤੁਸੀਂ ਉਸ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਉਸ ਦੇ ਉਪਰੋਂ ਦੀ ਤੁਰ ਕੇ ਜਾਣਾ ਚਾਹੁੰਦੇ ਹੋ। ਇਹ ਕੰਮ ਕਰਨ ਵਿਚ ਤੁਹਾਨੂੰ ਕੋਈ ਘਬਰਾਹਟ ਨਹੀਂ ਹੁੰਦੀ। ਪਰ, ਇਹੀ ਫੱਟਾ ਜ਼ਮੀਨ ਤੋਂ ਵੀਹ ਫੁਟਾ ਉਚਾ ਕੀਤਾ ਜਾਂਦਾ ਹੈ, ਕੀ ਹੁਣ ਭੀ ਤੁਸੀਂ ਉਸੇ ਆਸਾਨੀ ਨਾਲ ਉਸ ਉਤੇ ਤੁਰ ਸਕਦੇ ਹੋ? ਨਹੀਂ, ਆਸਾਨੀ ਨਾਲ ਤੁਰਨਾ ਤਾਂ ਕਿਤੇ ਰਿਹਾ, ਸਗੋਂ ਜ਼ਰੂਰ ਉਸ ਤੋਂ ਡਿਗ ਪਉਗੇ। ਕਿਉਂ? ਜ਼ਮੀਨ ਤੋਂ ਉਚੇ ਕੀਤੇ ਹੋਏ ਫੱਟੇ ਉਤੇ ਪੈਰ ਧਰਦਿਆਂ ਹੀ ਤੁਹਾਡੇ ਮਨ ਵਿਚ ਘਬਰਾਹਟ ਉਠਦੀ ਹੈ ਕਿ ਕਿਤੇ ਡਿਗ ਨਾਹ ਪਵਾਂ। ਇਹ ਘਬਰਾਹਟ ਮਨ ਉਤੇ ਇਤਨਾ ਕਾਬੂ ਪਾ ਲੈਂਦੀ ਹੈ ਕਿ ਮਨ ਮਨੁਖ ਨੂੰ ਸਗੋਂ ਡੇਗਣ ਵਲ ਪ੍ਰੇਰੀ ਜਾਂਦਾ ਹੈ।
ਮੈਂ ਪ੍ਰੈਮਰੀ ਸਕੂਲ ਵਿਚ ਪੜ੍ਹਦਾ ਸਾਂ, ਅਸਾਡੇ ਸਕੂਲ ਦੇ ਨਾਲ ਹੀ ਤਸੀਲਦਾਰ ਦਾ ਮਕਾਨ ਸੀ, ਉਸ ਦੇ ਸਾਹਮਣੇ ਬਾਜ਼ੀਗਰਾਂ ਨੇ ਬਾਜ਼ੀ ਪਾ ਕੇ ਵਿਖਾਈ। ਹੀਰਾ ਬਾਜ਼ੀਗਰ ਉਸ ਇਲਾਕੇ ਦਾ ਮਸ਼ਹੂਰ ਬਾਜ਼ੀਗਰ ਸੀ। ਆਪਣੇ ਲੱਕ ਦੇ ਨਾਲ ਇਕ ਜੀਊਂਦੇ ਖੋਤੇ ਨੂੰ ਬੰਨ੍ਹ ਕੇ ਰਸੇ ਉਤੋਂ ਦੀ ਲੰਘ ਗਿਆ, ਜੋ ਜ਼ਮੀਨ ਤੋਂ ਪੰਦਰਾਂ ਵੀਹ ਫੁਟ ਉਚਾ ਸੀ। ਫਿਰ ਉਸ ਨੇ ਆਪਣੇ ਪੈਰਾਂ ਨਾਲ ਸਿੰਙ ਬਧੇ,, ਤ੍ਰਿਖਾ ਪਾਸਾ ਹੇਠਾਂ ਵਲ, ਇਹਨਾਂ ਸਿੰਙਾਂ ਨਾਲ ਉਹ ਉਸੇ ਹੀ ਰੱਸੇ ਤੋਂ ਦੀ ਲੰਘ ਗਿਆ। ਇਹੀ ਆਦਮੀ ਕੁਝ ਦਿਨਾਂ ਪਿਛੋਂ ਚਕਵਾਲ ਜਾ ਅਪੜੇ, ਨਗਰੋਂ ਬਾਹਰ ਇਕ ਫਕੀਰ ਦੀ ਕਬਰ ਸੀ, ਉਸ ਦੇ ਪਾਸ ਜਾ ਡੇਰਾ ਲਾਇਆ ਤੇ ਤਮਾਸ਼ੇ ਦਾ ਢੋਲ ਵਜਾ ਦਿੱਤਾ। ਰੱਸੇ ਤੋਂ ਦੀ ਲੰਘਣ ਲਗਾ, ਕਿਸੇ ਨੇ ਕੋਲੋਂ ਆਖਿਆ ਇਥੇ ਬਾਜ਼ੀ ਨਾ ਪਾਓ, ਫਕੀਰ ਦੀ ਕਬਰ ਹੈ, ਇਸ ਦੀ ਬੇ-ਅਦਬੀ ਹੈ। ਬਾਜ਼ੀ ਪਾਣੋਂ ਤਾਂ ਨਾ ਹਟੇ, ਪਰ ਹੀਰੇ ਦੇ ਮਨ ਵਿਚ, ਧੁਰ ਮਨ ਵਿਚ, ਇਹ ਸਹਿਮ ਜਾ ਅਪੜਿਆ। ਰਸੇ ਦੇ ਅਧ ਵਿਚ ਸੀ, ਪੈਰ ਥਿੜਕਿਆ, ਸਿਰ ਭਾਰ ਡਿਗ ਪਿਆ ਤੇ ਜਿੰਦ ਗੁਆ ਬੈਠਾ। ਕੀਹ ਹੋਇਆ ਸੀ? ਲੋਕਾਂ ਦਾ ਪਾਇਆ ਹੋਇਆ ਸਹਿਮ ਉਸ ਦੇ ਮਨ ਨੂੰ ਘੇਰ ਬੈਠਾ, ਜਿਉਂ ਜਿਉਂ ਕਦਮ ਚੁਕੇ, ਇਹੀ ਖਿਆਲ ਕਿ ਮਤਾਂ ਕਿਤੇ ਡਿੱਗ ਨਾ ਪਵਾਂ। ਸਾਥੀਆਂ ਦੇ 'ਢੋਲ' ਤੇ 'ਬੱਲੇ ਬੱਲੇ' ਵਲੋਂ ਸੁਰਤਿ ਹਟ ਕੇ ਉਸ ਸਹਿਮ ਵਿਚ ਹੀ ਗੱਡੀ ਗਈ। ਆਖਰ ਉਸ ਨੇ ਡੇਗ ਹੀ ਲਿਆ।

ਇਹਨਾਂ ਦੋਹਾਂ ਹਾਲਤਾਂ ਵਿਚ ਕਾਮਯਾਬੀ ਦਾ ਕੀਹ ਭੇਤ ਹੈ? ਸਾਈਕਲ ਵਾਲਾ ਰਾਹ ਵਿਚ ਪਈ ਇੱਟ ਦਾ ਖ਼ਿਆਲ ਹੀ ਮਨ ਵਿਚ ਨਾ ਆਉਣ ਦੇਵੇ। ਫੱਟੇ ਤੇ ਚੜ੍ਹਨ ਵਾਲਾ ਬੰਦਾ ਫੱਟੇ ਦੀ ਉਚਾਈ ਦਾ ਖਿਆਲ ਭੁਲਾ ਦੇਵੇ, ਇਹ ਭੀ ਭੁਲਾ ਦੇਵੇ ਕਿ ਉਹ ਕੋਈ ਉਚੇਚਾ ਕੰਮ ਕਰਨ ਲੱਗਾ ਹੈ। ਸਾਹਮਣੇ ਨਿਸ਼ਾਨੇ ਦਾ ਖਿਆਲ ਰਖੇ, ਜਿਥੇ ਅਪੜਨਾ ਹੈ। ਨਾੜੇ ਉੱਤੇ ਚੜ੍ਹਨ ਵਾਲਾ ਨਟ ਇਸੇ ਅਸੂਲ ਉਤੇ ਅਮਲ ਕਰਦਾ ਹੈ। ਪਰ, ਇਸ ਦਾ ਇਹ ਭਾਵ ਨਹੀਂ ਕਿ ਨਿਰਾ ਉੱਦਮ ਛਡ ਦਿਤਿਆਂ ਬੁਰਾਈ ਦੇ ਪੰਜੇ ਵਿਚੋਂ ਬਚ ਜਾਈਦਾ ਹੈ। ਨਹੀਂ, ਭਾਵ ਇਹ ਹੈ ਕਿ ਬੁਰਾਈ ਦਾ ਸਿੱਧਾ ਟਾਕਰਾ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਇਸ ਤਰ੍ਹਾਂ ਸਗੋਂ ਬੁਰਾਈ ਵਾਲੇ ਪਾਸੇ 'ਸ੍ਵੈ-ਪ੍ਰੇਰਨਾ' ਹੋ ਜਾਂਦੀ ਹੈ। ਉੱਦਮ ਨਹੀਂ ਛੱਡਣਾ, ਉੱਦਮ ਦਾ ਰੁਖ਼ ਬਦਲਾਉਣਾ ਹੈ। ਵਿਕਾਰਾਂ ਵਲੋਂ ਸਹਿਜ-ਸੁਭਾਇ ਬਚਾਉਣ ਦਾ ਢੰਗ ਨਾਮਦੇਵ ਜੀ ਇਉਂ ਦਸਦੇ ਹਨ:

ਨਾਮੇ ਪ੍ਰੀਤਿ ਨਾਰਾਇਣ ਲਾਗੀ॥
ਸਹਜ ਸੁਭਾਇ ਭਇਓ ਬੈਰਾਗੀ॥

ਭੈਰਉ।

ਮਿਸਰ ਵਿਚ ਇਕ ਮਹਾਤਮਾ ਪੈਕੋਮੀਅਸ ਹੋਏ ਹਨ। ਉਹਨਾਂ ਪਾਸ ਉਸ ਦੇਸ ਦਾ ਇਕ ਸਾਧੂ ਆਇਆ ਤੇ ਕਹਿਣ ਲੱਗਾ : ਮਾਇਆ ਦੇ ਬਲੀ ਜੋਧੇ (ਵਿਕਾਰਾਂ ਦੇ ਫੁਰਹੇ) ਮੇਰੇ ਮਨ ਨੂੰ ਦਬਾਉਣ ਵਾਸਤੇ ਇਸ ਤਰ੍ਹਾਂ ਆ ਇਕੱਠੇ ਹੁੰਦੇ ਹਨ ਕਿ ਮੈਂ ਘਾਬਰ ਗਿਆ ਹਾਂ ਤੇ ਬਨ-ਵਾਸ ਛੱਡ ਕੇ ਮੁੜ ਗ੍ਰਿਹਸਤ ਵਿਚ ਜਾਣਾ ਚਾਹੁੰਦਾ ਹਾਂ ਪੈਕੋਮੀਅਸ ਨੇ ਉੱਤਰ ਦਿੱਤਾ: ਤੂੰ ਜਿਉਂ ਜਿਉਂ ਇਹਨਾਂ ਦਾ ਸਿੱਧਾ ਟਾਕਰਾ ਕਰਦਾ ਹੈਂ, ਤਿਉਂ ਤਿਉਂ ਵਿਕਾਰਾਂ ਦੇ ਫੁਰਨੇ ਵਧੀਕ ਬਲੀ ਹੋ ਰਹੇ ਹਨ। ਮੇਰਾ ਭੀ ਇਕ ਸਮੇਂ ਇਹੀ ਹਾਲ ਹੋਇਆ ਸੀ। ਕਈ ਸਾਲ ਇਹਨਾਂ ਨਾਲ ਘੋਲ ਕਰਦਾ ਰਿਹਾ, ਅਖੀਰ ਮੈਨੂੰ ਸਮਝ ਅਈ ਕਿ ਮੈਂ ਆਪਣੇ ਮਾਨਸਕ ਬਲ ਦਾ ਅਸਲੀ ਵਿਤੋਂ ਵਧੀਕ ਅੰਦਾਜ਼ਾ ਲਾਈ ਬੈਠਾ ਹਾਂ। ਇਹ ਮੇਰੀ ਭੁਲ ਹੈ ਤੇ ਏਸੇ ਭੁਲ ਵਿਚੋਂ ਮੈਨੂੰ ਕੱਢਣ ਵਾਸਤੇ ਮੇਰੇ ਉਤੇ ਵਿਕਾਰਾਂ ਦੇ ਹੱਲੇ ਹੋ ਰਹੇ ਹਨ। ਸੋ, ਮੈਂ ਆਪਣੇ ਉੱਦਮ ਦਾ ਰੁਖ਼ ਓਧਰੋਂ ਮੋੜ ਲਿਆ; ਉਹਨਾਂ ਦਾ ਖਿਆਲ ਹੀ ਛੱਡ ਦਿੱਤਾ ਤੇ ਉਹ ਮੈਨੂੰ ਅਕਾਉਣੋਂ ਹਟ ਗਏ।
ਜੇ ਮਨੁੱਖ ਦਿਲ ਵਿਚ ਇਹ ਗੰਢ ਬੰਨ੍ਹ ਲਏ ਕਿ ਮੈਂ ਬੜਾ ਪਾਪੀ ਹਾਂ ਤੇ ਮੇਰੇ ਬਚਾਉ ਦੀ ਕੋਈ ਆਸ ਨਹੀਂ, ਇਸ ਦਾ ਲਾਭ ਹੋਣ ਦੇ ਥਾਂ ਉਲਟਾ ਨੁਕਸਾਨ ਹੋਣ ਲੱਗ ਪੈਂਦਾ ਹੈ। ਇਹ ਵਹਿਮ ਉਸ ਦੇ ਆਤਮਾਂ ਨੂੰ ਉੱਚਾ ਹੋਣ ਨਹੀਂ ਦੇਂਦੇ, ਸਗੋਂ ਉਸ ਦੇ ਮਨ ਵਾਸਤੇ ਇਕ ਰੋਗ ਸਾਬਤ ਹੁੰਦਾ ਹੈ, ਇਸ ਨਿਰਾਸਤਾ ਵਿਚ ਡੁਬ ਕੇ ਕਈ ਵਾਰੀ ਅਜੇਹਾ ਮਨੁੱਖ ਸਗੋਂ ਵਧੀਕ ਘੋਰ ਪਾਪਾਂ ਵਿਚ ਪੈ ਜਾਂਦਾ ਹੈ, ਕਿਉਂਕਿ ਉਹ ਇਹ ਸਮਝ ਬੈਠਦਾ ਹੈ ਕਿ ਹੁਣ ਉਸ ਦੇ ਵਾਸਤੇ ਰੱਬੀ ਰਹਿਮ ਦੀ ਕੋਈ ਗੁੰਜੈਸ਼ ਨਹੀਂ ਰਹੀ, ਪਰਲੋਕ ਤਾਂ ਹੱਥੋਂ ਗਿਆ, ਇਸ ਲੋਕ ਦੀਆਂ ਮੌਜਾਂ ਕਿਉਂ ਗਵਾਈਏ।

ਜੋ ਲੋਕ 'ਅੰਮ੍ਰਿਤ' ਨੂੰ ਇਕ ਬੜੀ ਔਖੀ ਘਾਟੀ ਦੱਸੀ ਜਾਂਦੇ ਹਨ ਤੇ ਆਖਦੇ ਹਨ ਕਿ ਉਹੀ ਮਨੁੱਖ 'ਅੰਮ੍ਰਿਤ' ਛਕੇ ਜੋ ਇਸ ਜੋਗ ਹੋ ਜਾਏ, ਉਹ ਇਨਸਾਨੀ ਭਲਾਈ ਕਰਨ ਦੇ ਥਾਂ ਕਈ ਬੰਦਿਆਂ ਨੂੰ ਨਿਰਾਸਤਾ ਵਿਚ ਡਗਦੇ ਹਨ। ਇਕ ਪਾਸੇ ਸਤਿਗੁਰੂ ਆਖਦਾ ਹੈ : ਭਾਈ ਡੱਲਾ! ਜੇ ਮੇਰੇ ਨਾਲ ਸਾਂਝ ਪਾਉਣੀ ਹੈ ਤਾਂ ਪਹਿਲਾਂ 'ਅੰਮ੍ਰਿਤ' ਛਕ। ਦੂਜੇ ਪਾਸੇ, 'ਅੰਮ੍ਰਿਤ' ਨੂੰ ਬਹੁਤ ਮੁਸ਼ਕਲ ਪੈਂਡਾ ਦੱਸ ਦੱਸ ਕੇ ਲੋਕਾਂ ਦੇ ਮਨ ਵਿਚ ਇਹ ਖ਼ਿਆਲ ਬਣਾਇਆ ਜਾ ਰਿਹਾ ਹੈ ਕਿ 'ਅੰਮ੍ਰਿਤ' ਸਾਰਿਆਂ ਵਾਸਤੇ ਨਹੀਂ ਵਿਰਲੇ ਭਾਗਾਂ ਵਾਲਿਆਂ ਵਾਸਤੇ ਹੈ, ਸਾਧਾਰਨ ਬੰਦੇ ਵਿਚਾਰ ਗੁਰੂ-ਚਰਨਾਂ ਤੋਂ ਪਰੇ ਹੀ ਰਹਿਣ ਜੋਗੇ ਹਨ।
ਪਰ ਕਈ ਐਸੇ ਭੀ ਧਾਰਮਿਕ ਬੰਦੇ ਮਿਲਦੇ ਹਨ ਜਿਨ੍ਹਾਂ ਵਿਚ ਇਖ਼ਲਾਕੀ ਉੱਨਤੀ ਦੀ ਕਿਤੇ ਰਤਾ ਭੀ ਅੰਸ਼ ਨਹੀਂ ਮਿਲਦੀ। ਉਹ ਲੋਕ ਧਰਮ-ਅਸਥਾਨਾਂ ਵਿਚ ਜਾ ਕੇ ਜਦੋਂ ਕੋਈ ਕਥਾ ਵਾਰਤਾ ਸੁਣਦੇ ਹਨ ਤਾਂ ਉਹਨਾਂ ਦਾ ਹਿਰਦਾ ਪੰਘਰ ਪੈਂਦਾ ਹੈ, ਅੱਖਾਂ ਵਿਚੋਂ ਪ੍ਰੇਮ ਦੇ ਅੱਥਰੂ ਵਹਿ ਨਿਕਲਦੇ ਹਨ, ਪਰ ਅੱਗੇ ਪਿਛੇ ਕਾਰ-ਵਿਹਾਰ ਵਿਚ ਝੂਠ, ਦਗ਼ਾ, ਫਰੇਬ ਕਰਨੋਂ ਰਤਾ ਭੀ ਸੰਕੋਚ ਨਹੀਂ ਕਰਦੇ। ਉਹਨਾਂ ਨੂੰ ਇਹ ਕਦੇ ਖਿਆਲ ਭੀ ਨਹੀਂ ਉੱਠਦਾ ਕਿ ਇਖ਼ਲਾਕ ਦਾ ਨੀਵਾਂ-ਪਣ ਧਾਰਮਕ ਜੀਵਨ ਦੇ ਰਾਹ ਵਿਚ ਰੁਕਾਵਟ ਪਾਂਦਾ ਹੈ।

ਧਾਰਮਿਕ ਜੀਵਨ ਇਹਨਾਂ ਦੋਹਾਂ ਵਿਰੋਧੀ ਗੁੱਠਾਂ ਦੇ ਵਿਚਕਾਰ ਹੈ। ਜੇ ਇਖ਼ਲਾਕ ਵਲੋਂ ਉੱਕਾ ਬੇ-ਪਰਵਾਹ ਹੈ, ਤਾਂ ਉਹ ਜੀਵਨ ਗੰਦਾ ਹੈ; 'ਧਰਮ' ਤੇ 'ਵਿਕਾਰ' ਦਾ ਮੇਲ ਨਹੀਂ ਹੈ, ਮੈਲੇ ਤੇ ਗੰਦੇ ਹਿਰਦੇ ਵਿਚ ਸੁੱਧ-ਸਰੂਪ ਪਰਮਾਤਮਾ ਆ ਕੇ ਨਹੀਂ ਬੈਠਦਾ। ਦੂਜੇ ਪਾਸੇ, ਧਾਰਮਿਕ ਜੀਵਨ ਢਹਿੰਦੀ ਕਲਾ ਵਲ ਨਹੀਂ ਲੈ ਜਾਂਦਾ, ਮਨੁੱਖ ਵਾਸਤੇ ਭਲਾਈ ਦਾ ਦਰਵਾਜ਼ਾ ਕਦੇ ਬੰਦ ਨਹੀਂ ਹੈ। ਡੁਬਦਿਆਂ ਨੂੰ ਡੁੱਬਣ ਨਹੀਂ ਦੇਂਦਾ, ਉਹਨਾਂ ਦੀ ਸਾਰ ਭੀ ਹੁੰਦੀ ਹੈ। ਆਨੰਦਪੁਰ ਦੇ ਘੇਰੇ ਵੇਲੇ ਸਿੰਘਾਂ ਨੂੰ ਬੜੀ ਕਰੜੀ ਪਰਖ ਦਾ ਟਾਕਰਾ ਕਰਨਾ ਪਿਆ ਸੀ। ੬ ਮਹੀਨੇ ਘੇਰੇ ਵਿਚ, ਅੰਦਰੋ ਰਸਦ-ਪਾਣੀ ਸਭ ਮੁਕ ਗਿਆ, ਰੁੱਖਾਂ ਦੇ ਛਿੱਲੜ ਭੀ ਮੁਕ ਗਏ। ਇਸ ਭੁੱਖ ਤੇ ਮੌਤ ਦੇ ਨਸ਼ੇ ਜਹੇ ਵਿਚ ਕੁਝ ਸਿੰਘ ਕਦਮੋਂ ਥਿੜਕ ਗਏ, 'ਬੇ-ਦਾਵਾ' ਲਿਖ ਕੇ ਦੇ ਗਏ। ਪਰ ਉਹਨਾਂ ਵਾਸਤੇ ਭੀ ਸਤਿਗੁਰੂ ਦੇ ਘਰ ਵਿਚ ਸਦਾ ਲਈ ਦਰਵਾਜ਼ਾ ਬੰਦ ਨਹੀਂ ਸੀ ਕੀਤਾ ਗਿਆ। ਪਰਵਾਰ ਵਿਛੁੜਿਆ, ਹਜ਼ਾਰਾਂ ਸਿੰਘ ਸ਼ਹੀਦ ਹੋਏ, ਸਾਹਿਬਜ਼ਾਦੇ ਸ਼ਹੀਦ ਹੋਏ, ਖੁਦ ਹਜ਼ੂਰ ਨੂੰ ਕਈ ਕੋਹ ਪੈਂਡਾ ਨੰਗੀ ਪੈਰੀਂ ਝਾੜੀਆਂ ਵਿਚੋਂ ਦੀ ਕਰਨਾ ਪਿਆ। ਪਰ, ਉਹ 'ਬੇ-ਦਾਵੇ' ਵਾਲਾ ਕਾਗਜ਼ ਛਾਤੀ ਦੇ ਨਾਲ ਰਖਿਆ ਕਿ ਮੁੜ ਆਇਆਂ ਨੂੰ ਗਲੇ ਲਾਉਣਾ ਹੈ ਤੇ ਕਾਗਜ਼ ਪਾੜਨਾ ਹੈ।
ਜਦੋਂ ਅਸੀਂ 'ਅੰਮ੍ਰਿਤ' ਦੀ ਮਰਯਾਦਾ ਵਲ ਤੱਕਦੇ ਹਾਂ, ਇਸ ਵਿੱਚ ਇਸ ਔਕੜ ਦੇ ਸੁਲਝਣ ਵਾਸਤੇ ਆਸ ਦੀਆਂ ਕਿਰਨਾਂ ਦਿਸਦੀਆਂ ਹਨ। 'ਅੰਮ੍ਰਿਤ' ਛਕਣ ਵੇਲੇ ਸਿਖ ਆਪਣੇ ਆਤਮਾ ਨੂੰ ਗੁਰਬਾਣੀ ਦੀ ਰਾਹੀਂ ਸੁਚੇ ਤੇ ਪਵਿਤ੍ਰ ਖ਼ਿਆਲ ਦੀ ਨਿਤ ਖ਼ੁਰਾਕ ਦੇਣ ਦਾ ਇਕਰਾਰ ਕਰਦਾ ਹੈ, ਅਤੇ 'ਪਰ ਤਨ' ਤੇ ਪਰ ਧਨ' ਤੋਂ ਬਚ ਕੇ ਇਖ਼ਲਾਕ ਨੂੰ ਭੀ ਉਚਾ ਰਖਣ ਦਾ ਇਕਰਾਰ ਕਰਦਾ ਹੈ।
ਪਰ ਬੰਦਾ ਭੁਲਣਹਾਰ ਹੈ; ਜੇ ਇਹ ਇਕਰਾਰ ਕਰ ਕੇ ਭੀ ਕਿਤੇ ਉਕਾਈ ਖਾ ਜਾਏ, ਤਾਂ ਉਸ ਲਈ ਰਸਤੇ ਬੰਦ ਨਹੀਂ ਹੋ ਗਏ। ਜੇ ਕਲਜੁਗੀ ਸਰਦਾਰਾਂ ਦੀ ਮਾਰ ਵਿਚ ਮਨੁਖ ਕਿਤੇ ਫਸ ਜਾਏ, ਤਾਂ ਭੀ ਪ੍ਰਭੂ-ਦਰ ਹੀ ਬਚਾਉ ਦਾ ਟਿਕਾਣਾ ਹੈ। ਰਵਿਦਾਸ ਜੀ ਇਉਂ ਆਖਦੇ ਹਨ:

'ਨਾਥ ਕਛੂਅ ਨ ਜਾਨਉ। ਮਨੁ ਮਾਇਆ ਕੈ ਹਾਥਿ
ਬਿਕਾਨਉ॥੧॥ ਤੁਮ ਕਹੀਅਤ ਹਉ ਜਗਤ ਗੁਰ ਸੁਆਮੀ॥
ਹਮ ਕਹੀਅਤ ਕਲਿਜੁਗ ਕੇ ਕਾਮੀ॥੧॥
ਰਹਾਉ॥ ਇਨ ਪੰਚਨ ਮੇਟੋ ਮਨੁ ਜੁ ਬਿਗਾਰਿਓ॥
ਪਲ ਪਲ ਹਰਿ ਜੀ ਤੇ ਅੰਤਰ ਪਾਰਿਓ॥... ... ...

ਕਹੁ ਰਵਿਦਾਸ ਕਹਾ ਕੈਸੇ ਕੀਜੈ॥
ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ॥੭॥

ਜੈਤਸਰੀ॥

ਸੋ, 'ਪ੍ਰਣ' ਕਰ ਕੇ ਭੀ ਜੇ ਸਿਖ ਉਕਾਈ ਖਾ ਜਾਏ, ਤਾਂ ਮੁੜ ਗੁਰੂ-ਦਰ ਤੇ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਕੀਤੀ ਭੁਲ ਨੂੰ ਮੰਨਦਾ ਹੈ। ਇਸ ਤਰ੍ਹਾਂ ਉਹ ਨਿਰਾਸਤਾ, ਜੋ ਹਿਰਦੇ ਨੂੰ ਦਬਾ ਰਹੀ ਸੀ, ਦੂਰ ਹੋ ਜਾਂਦੀ ਹੈ ਤੇ ਮਨ ਨੂੰ ਢਾਰਸ ਬਝ ਜਾਂਦੀ ਹੈ। ਪਰ, ਇਸ ਦਾ ਭਾਵ ਇਹ ਭੀ ਨਹੀਂ ਹੈ ਕਿ ਨਿਤ ਵਿਕਾਰ ਕਰੀ ਜਾਏ, ਤੇ ਨਿਤ ਹੀ ਨਾਲੋ ਨਾਲ ਭੁਲ ਮੰਨ ਕੇ ਮੁੜ ਮੁੜ 'ਅੰਮ੍ਰਿਤ' ਛਕੀ ਜਾਏ।

  • ਮੁੱਖ ਪੰਨਾ : ਪ੍ਰੋਫੈਸਰ ਸਾਹਿਬ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ