Bus Stand (Story in Punjabi) : Saadat Hasan Manto
ਬਸ ਸਟੈਂਡ (ਕਹਾਣੀ) : ਸਆਦਤ ਹਸਨ ਮੰਟੋ
ਉਹ ਬਸ ਸਟੈਂਡ ਦੇ ਕੋਲ ਖੜੀ ਏ ਰੂਟ ਵਾਲੀ ਬਸ ਦਾ ਇੰਤਜ਼ਾਰ ਕਰ ਰਹੀ ਸੀ। ਉਸ ਦੇ ਕੋਲ ਕਈ ਮਰਦ ਖੜੇ ਸਨ। ਉਨ੍ਹਾਂ ਵਿੱਚੋਂ ਇੱਕ ਉਸਨੂੰ ਬਹੁਤ ਬੁਰੀ ਤਰ੍ਹਾਂ ਘੂਰ ਰਿਹਾ ਸੀ। ਉਸ ਨੂੰ ਅਜਿਹਾ ਮਹਿਸੂਸ ਹੋਇਆ ਕਿ ਇਹ ਸ਼ਖਸ ਬਰਮੇ ਨਾਲ ਉਸ ਦੇ ਦਿਲ ਦਿਮਾਗ਼ ਵਿੱਚ ਛੇਕ ਬਣਾ ਰਿਹਾ ਹੈ।
ਉਸ ਦੀ ਉਮਰ ਇਹੀ ਵੀਹ ਬਾਈ ਸਾਲ ਦੀ ਹੋਵੇਗੀ। ਲੇਕਿਨ ਇਸ ਪੁਖ਼ਤਾ ਉਮਰ ਦੇ ਬਾਵਜੂਦ ਉਹ ਬਹੁਤ ਘਬਰਾ ਰਹੀ ਸੀ। ਸਿਆਲਾਂ ਦੇ ਦਿਨ ਸਨ ਪਰ ਇਸ ਦੇ ਬਾਵਜੂਦ ਉਸ ਨੇ ਕਈ ਵਾਰ ਆਪਣੇ ਮੱਥੇ ਤੋਂ ਮੁੜ੍ਹਕਾ ਪੂੰਝਿਆ। ਉਸ ਦੀ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਕੀ ਕਰੇ। ਬਸ ਸਟੈਂਡ ਤੋਂ ਚੱਲੀ ਜਾਵੇ? ਕੋਈ ਤਾਂਗਾ ਲੈ ਲਵੇ ਜਾਂ ਵਾਪਸ ਆਪਣੀ ਸਹੇਲੀ ਦੇ ਕੋਲ ਚੱਲੀ ਜਾਵੇ?
ਉਸ ਦੀ ਇਹ ਸਹੇਲੀ ਨਵੀਂ ਨਵੀਂ ਬਣੀ ਸੀ ਇੱਕ ਪਾਰਟੀ ਵਿੱਚ ਉਨ੍ਹਾਂ ਦੀ ਮੁਲਾਕਾਤ ਹੋਈ ਅਤੇ ਉਹ ਦੋਨੋਂ ਇੱਕ ਦੂਜੇ ਦੀਆਂ ਕਾਇਲ ਹੋ ਗਈਆਂ। ਇਹ ਪਹਿਲੀ ਵਾਰ ਸੀ ਕਿ ਉਹ ਆਪਣੀ ਇਸ ਨਵੀਂ ਸਹੇਲੀ ਦੇ ਬੁਲਾਵੇ ਉੱਤੇ ਉਸ ਦੇ ਘਰ ਆਈ ਸੀ।
ਨੌਕਰ ਬੀਮਾਰ ਸੀ। ਮਗਰ ਜਦੋਂ ਇਸ ਸਹੇਲੀ ਨੇ ਇੰਨਾ ਜ਼ੋਰ ਪਾਇਆ ਸੀ ਤਾਂ ਉਹ ਇਕੱਲੀ ਹੀ ਉਸ ਦੇ ਵੱਲ ਚਲੀ ਆਈ। ਦੋ ਘੰਟੇ ਗੱਪਾਂ ਲੜਾਉਂਦੀਆਂ ਰਹੀਆਂ। ਇਹ ਵਕਤ ਬੜੇ ਮਜ਼ੇ ਵਿੱਚ ਕਟਿਆ। ਉਸ ਦੀ ਸਹੇਲੀ, ਜਿਸ ਦਾ ਨਾਮ ਸ਼ਾਹਿਦਾ ਸੀ, ਨੇ ਉਸ ਨੂੰ ਜਾਂਦੇ ਵਕਤ ਕਿਹਾ : “ਸਲਮਾ ! ਹੁਣ ਤੇਰੀ ਸ਼ਾਦੀ ਹੋ ਜਾਣੀ ਚਾਹੀਦੀ ਹੈ।”
ਸਲਮਾ ਸ਼ਰਮਾ ਜਿਹੀ ਗਈ। “ਕਿਵੇਂ ਦੀਆਂ ਗੱਲਾਂ ਕਰਦੀ ਹੋ, ਸ਼ਾਹਿਦਾ। ਮੈਂ ਸ਼ਾਦੀ ਨਹੀਂ ਕਰਾਉਣੀ ਹੈ।”
“ਤਾਂ ਕੀ ਸਾਰੀ ਉਮਰ ਕੰਵਾਰੀ ਰਹੋਗੀ?”
“ਕੰਵਾਰੀ ਰਹਿਣ ਵਿੱਚ ਕੀ ਹਰਜ ਹੈ?”
ਸ਼ਾਹਿਦਾ ਮੁਸਕੁਰਾਈ, “ਮੈਂ ਵੀ ਇਹੀ ਕਿਹਾ ਕਰਦੀ ਸੀ ਲੇਕਿਨ ਜਦੋਂ ਸ਼ਾਦੀ ਹੋ ਗਈ ਤਾਂ ਦੁਨੀਆ ਦੀਆਂ ਤਮਾਮ ਲੱਜ਼ਤਾਂ ਮੇਰੇ ਤੇ ਜ਼ਾਹਿਰ ਹੋ ਗਈਆਂ। ਇਹੀ ਤਾਂ ਉਮਰ ਹੈ ਜਦੋਂ ਆਦਮੀ ਪੂਰੀ ਤਰ੍ਹਾਂ ਸ਼ਾਦੀ ਦੇ ਲੁਤਫ਼ਾਂ ਨਾਲ ਸਰਾਬੋਰ ਹੋ ਸਕਦਾ ਹੈ। ਤੂੰ ਮੇਰਾ ਕਿਹਾ ਮੰਨ ਲੈ। ਬਸ ਇੱਕ ਦੋ ਮਹੀਨੇ ਦੇ ਅੰਦਰ ਦੁਲਹਨ ਬਣ ਜਾ। ਤੇਰੇ ਹੱਥਾਂ ਤੇ ਮਹਿੰਦੀ ਮੈਂ ਖ਼ੁਦ ਲਗਾਵਾਂਗੀ।” “ਹਟਾਓ ਇਸ ਛੇੜਖ਼ਾਨੀ ਨੂੰ।”
ਸ਼ਾਹਿਦਾ ਨੇ ਸਲਮਾ ਦੀ ਗੱਲ੍ਹ ਉੱਤੇ ਹਲਕੀ ਜਿਹੀ ਚਪਤ ਲਗਾਈ “ਇਹ ਛੇੜਖ਼ਾਨੀ ਹੈ? ਜੇਕਰ ਇਹ ਛੇੜਖ਼ਾਨੀ ਹੈ ਤਾਂ ਸਾਰੀ ਦੁਨੀਆ ਛੇੜਖ਼ਾਨੀ ਹੈ। ਮਰਦ ਅਤੇ ਔਰਤ ਦਾ ਰਿਸ਼ਤਾ ਵੀ ਫ਼ਜ਼ੂਲ ਹੈ। ਮੇਰੀ ਸਮਝ ਵਿੱਚ ਨਹੀਂ ਆਉਂਦਾ ਕਿ ਤੂੰ ਇੱਕ ਅਜ਼ਲੀ ਅਤੇ ਸਦੀਵੀ ਰਿਸ਼ਤੇ ਤੋਂ ਮੁਨਕਰ ਕਿਉਂ ਹੈਂ? ਦੇਖਾਂਗੀ ਕਿ ਤੂੰ ਮਰਦ ਦੇ ਬਿਨਾਂ ਕਿਵੇਂ ਜ਼ਿੰਦਾ ਰਹੇਂਗੀ। ਖ਼ੁਦਾ ਦੀ ਕਸਮ ਪਾਗਲ ਹੋ ਜਾਏਂਗੀ, ਪਾਗਲ!”
“ਅੱਛਾ ਹੈ ਜੋ ਪਾਗਲ ਹੋ ਜਾਂਵਾਂ। ਕੀ ਪਾਗਲਾਂ ਲਈ ਇਸ ਦੁਨੀਆ ਵਿੱਚ ਕੋਈ ਜਗ੍ਹਾ ਨਹੀਂ? ਇੰਨੇ ਸਾਰੇ ਪਾਗਲ ਹਨ ਆਖਿਰ ਉਹ ਜਿਵੇਂ ਕਿਵੇਂ ਜੀ ਹੀ ਰਹੇ ਹਨ।”
“ਜਿਵੇਂ ਕਿਵੇਂ ਜੀਣ ਵਿੱਚ ਕੀ ਮਜ਼ਾ ਹੈ ਪਿਆਰੀ ਸਲਮਾ। ਮੈਂ ਤੈਨੂੰ ਕਹਿੰਦੀ ਹਾਂ ਕਿ ਜਦੋਂ ਤੋਂ ਮੇਰੀ ਸ਼ਾਦੀ ਹੋਈ ਹੈ ਮੇਰੀ ਕਾਇਆ ਹੀ ਪਲਟ ਗਈ ਹੈ। ਮੇਰਾ ਖ਼ਾਵੰਦ ਬਹੁਤ ਪਿਆਰ ਕਰਨ ਵਾਲਾ ਹੈ।”
“ਕੀ ਕੰਮ ਕਰਦੇ ਨੇ?”
“ਮੇਰੇ ਨਾਲ ਮੁਹੱਬਤ ਕਰਦੇ ਨੇ, ਇਹੀ ਉਨ੍ਹਾਂ ਦਾ ਕੰਮ ਹੈ। ਉਂਜ ਅੱਲ੍ਹਾ ਦਾ ਦਿੱਤਾ ਬਹੁਤ ਕੁੱਝ ਹੈ। ਮੇਰਾ ਹੱਥ ਉਨ੍ਹਾਂ ਨੇ ਕਦੇ ਤੰਗ ਹੋਣ ਨਹੀਂ ਦਿੱਤਾ।” ਸਲਮਾ ਨੇ ਇਵੇਂ ਮਹਿਸੂਸ ਕੀਤਾ ਕਿ ਉਸ ਦਾ ਦਿਲ ਤੰਗ ਹੋ ਗਿਆ ਹੈ। “ਸ਼ਾਹਿਦਾ ਮੈਨੂੰ ਤੰਗ ਨਾ ਕਰ। ਮੈਂ ਸ਼ਾਦੀ ਨਹੀਂ ਕਰਨੀ। ਮੈਨੂੰ ਮਰਦਾਂ ਨਾਲ ਨਫਰਤ ਹੈ।”
“ਕਿਉਂ? ”
“ਬਸ ਹੈ! ”
“ਹੁਣ ਮੈਂ ਤੈਨੂੰ ਕੀ ਕਹਾਂ, ਮਰਦਾਂ ਨਾਲ ਮੈਨੂੰ ਵੀ ਨਫਰਤ ਸੀ। ਲੇਕਿਨ ਜਦੋਂ ਮੇਰੀ ਸ਼ਾਦੀ ਹੋਈ ਅਤੇ ਮੈਨੂੰ ਮੇਰੇ ਖਾਵੰਦ ਨੇ ਪਿਆਰ ਮੁਹੱਬਤ ਕੀਤੀ ਤਾਂ ਮੈਂ ਪਹਿਲੀ ਵਾਰ ਜਾਣਿਆ ਕਿ ਮਰਦ ਔਰਤ ਲਈ ਕਿੰਨਾ ਲਾਜ਼ਮੀ ਹੈ!”
“ਹੋਇਆ ਕਰੇ ਮੈਨੂੰ ਇਸ ਦੀ ਕੋਈ ਜ਼ਰੂਰਤ ਨਹੀਂ”
ਸ਼ਾਹਿਦਾ ਹਸੀ “ਸਲਮਾ! ਇੱਕ ਦਿਨ ਤੂੰ ਜ਼ਰੂਰ ਇਸ ਗੱਲ ਦੀ ਕਾਇਲ ਹੋ ਜਾਏਂਗੀ ਕਿ ਮਰਦ ਔਰਤ ਲਈ ਲਾਜ਼ਮੀ ਹੈ। ਇਸ ਦੇ ਬਿਨਾਂ ਉਹ ਅਜਿਹੀ ਗੱਡੀ ਹੈ ਜਿਸ ਦੇ ਪਹੀਏ ਨਾ ਹੋਣ। ਮੇਰੀ ਸ਼ਾਦੀ ਨੂੰ ਇੱਕ ਬਰਸ ਹੋਇਆ ਹੈ ਇਸ ਇੱਕ ਬਰਸ ਵਿੱਚ ਮੈਨੂੰ ਜਿੰਨੀਆਂ ਖ਼ੁਸ਼ੀਆਂ ਅਤੇ ਰਾਹਤਾਂ ਮੇਰੇ ਖ਼ਾਵੰਦ ਨੇ ਪਹੁੰਚਾਈਆਂ ਹਨ ਮੈਂ ਬਿਆਨ ਨਹੀਂ ਕਰ ਸਕਦੀ। ਖ਼ੁਦਾ ਦੀ ਕਸਮ ਉਹ ਫਰਿਸ਼ਤਾ ਹੈ ਫਰਿਸ਼ਤਾ। ਮੇਰੇ ਉੱਤੇ ਜਾਨ ਵਾਰਦਾ ਹੈ।”
ਸਲਮਾ ਨੇ ਇਹ ਸੁਣ ਕੇ ਇਵੇਂ ਮਹਿਸੂਸ ਕੀਤਾ ਕਿ ਜਿਵੇਂ ਉਸ ਦੇ ਸਿਰ ਉੱਤੇ ਫ਼ਰਿਸ਼ਤਿਆਂ ਦੇ ਪਰ ਫੜਫੜਾ ਰਹੇ ਹਨ। ਉਸ ਨੇ ਸੋਚਣਾ ਸ਼ੁਰੂ ਕੀਤਾ ਕਿ ਸ਼ਾਇਦ ਮਰਦ ਔਰਤ ਲਈ ਲਾਜ਼ਮੀ ਹੀ ਹੋਵੇ ਲੇਕਿਨ ਫ਼ੌਰਨ ਬਾਅਦ ਉਸ ਦੇ ਦਿਮਾਗ਼ ਵਿੱਚ ਇਹ ਖ਼ਿਆਲ ਆਇਆ ਕਿ ਉਸ ਦੀ ਅਕਲ ਨੇ ਉਸ ਦਾ ਸਾਥ ਨਹੀਂ ਦਿੱਤਾ ਮਰਦ ਦੀ ਜ਼ਰੂਰਤ ਹੀ ਕੀ ਹੈ? ਕੀ ਔਰਤ ਇਸ ਦੇ ਬਿਨਾਂ ਜ਼ਿੰਦਾ ਨਹੀਂ ਰਹਿ ਸਕਦੀ।
ਜਿਵੇਂ ਕਿੱ ਸ਼ਾਹਿਦਾ ਨੇ ਉਸ ਨੂੰ ਦੱਸਿਆ ਸੀ ਕਿ ਉਸ ਦਾ ਸ਼ੌਹਰ ਬਹੁਤ ਪਿਆਰ ਕਰਨ ਵਾਲਾ ਹੈ ਬਹੁਤ ਨੇਕ ਖ਼ਸਲਤ ਹੈ ਲੇਕਿਨ ਇਸ ਤੋਂ ਇਹ ਸਾਬਤ ਤਾਂ ਨਹੀਂ ਹੁੰਦਾ ਕਿ ਉਹ ਸ਼ਾਹਿਦਾ ਲਈ ਲਾਜ਼ਮੀ ਸੀ।
ਸਲਮਾ ਹਸੀਨ ਸੀ। ਉੱਭਰਿਆ ਉੱਭਰਿਆ ਜੋਬਨ, ਭਰੇ ਭਰੇ ਹੱਥ ਪੈਰ, ਚੌੜਾ ਮੱਥਾ, ਗੋਡਿਆਂ ਤੱਕ ਲੰਬੇ ਕਾਲ਼ੇ ਵਾਲ਼, ਸੂਤਵਾਂ ਨੱਕ ਅਤੇ ਉਸ ਦੀ ਫ਼ਿਨਿੰਗ ਉੱਤੇ ਇੱਕ ਤਿਲ।
ਜਦੋਂ ਉਹ ਆਪਣੀ ਸਹੇਲੀ ਕੋਲੋਂ ਇਜਾਜ਼ਤ ਮੰਗ ਕੇ ਗ਼ੁਸਲਖ਼ਾਨੇ ਵਿੱਚ ਗਈ ਤਾਂ ਉਸ ਨੇ ਆਈਨੇ ਵਿੱਚ ਖ਼ੁਦ ਨੂੰ ਬੜੇ ਗ਼ੌਰ ਨਾਲ ਵੇਖਿਆ ਅਤੇ ਉਸਨੂੰ ਬੜੀ ਉਲਝਣ ਮਹਿਸੂਸ ਹੋਈ ਜਦੋਂ ਉਸ ਨੇ ਸੋਚਿਆ ਕਿ ਆਖ਼ਰ ਇਹ ਜਿਸਮ ਇਹ ਹੁਸਨ ਇਹ ਉਭਾਰ ਕਿਸ ਲਈ ਹੁੰਦੇ ਹਨ, ਕੁਦਰਤ ਦੀ ਸਾਰੀ ਕਾਰੀਗਰੀ ਅਕਾਰਤ ਜਾ ਰਹੀ ਹੈ।
“ਕਣਕ ਪੈਦਾ ਹੁੰਦੀ ਹੈ ਤਾਂ ਆਦਮੀ ਉਸ ਨਾਲ ਆਪਣਾ ਢਿੱਡ ਪਾਲਦੇ ਹਨ ਉਸ ਦੀ ਜਵਾਨੀ ਵੀ ਤਾਂ ਕਿਸੇ ਖੇਤ ਵਿੱਚ ਉੱਗੀ ਸੀ ਜੇਕਰ ਉਸਨੂੰ ਕੋਈ ਖਾਵੇਗਾ ਨਹੀਂ ਤਾਂ ਗਲ਼ ਸੜ ਨਹੀਂ ਜਾਵੇਗੀ?”
ਉਹ ਬਹੁਤ ਦੇਰ ਤੱਕ ਗ਼ੁਸਲਖ਼ਾਨੇ ਵਿੱਚ ਆਈਨੇ ਦੇ ਸਾਹਮਣੇ ਸੋਚਦੀ ਰਹੀ। ਉਸ ਦੇ ਦਿਮਾਗ ਵਿੱਚ ਉਸ ਦੀ ਸਹੇਲੀ ਦੀਆਂ ਸਾਰੀਆਂ ਗੱਲਾਂ ਗੂੰਜ ਰਹੀਆਂ ਸਨ। ਮਰਦ ਔਰਤ ਲਈ ਬਹੁਤ ਜ਼ਰੂਰੀ ਹੈ !
ਉਸ ਦਾ ਖ਼ਾਵੰਦ ਉਸ ਨੂੰ ਬਹੁਤ ਪਿਆਰ ਕਰਦਾ ਹੈ।
ਉਹ ਫਰਿਸ਼ਤਾ ਹੈ।
ਸਲਮਾ ਨੇ ਇੱਕ ਪਲ ਲਈ ਮਹਿਸੂਸ ਕੀਤਾ ਕਿ ਉਸ ਦੀ ਸ਼ਲਵਾਰ ਅਤੇ ਉਸ ਦਾ ਦੁਪੱਟਾ ਫ਼ਰਿਸ਼ਤਿਆਂ ਦੇ ਪਰ ਬਣ ਗਏ ਹਨ। ਉਹ ਘਬਰਾ ਗਈ ਅਤੇ ਜਲਦੀ ਫ਼ਾਰਿਗ਼ ਹੋ ਕੇ ਬਾਹਰ ਨਿਕਲ ਆਈ। ਬਾਹਰ ਬਰਾਂਡੇ ਵਿੱਚ ਮੱਖੀਆਂ ਭਿਨਭਿਨਾ ਰਹੀਆਂ ਸਨ। ਸਲਮਾ ਨੂੰ ਅਜਿਹਾ ਲੱਗਿਆ ਕਿ ਇਹ ਵੀ ਫ਼ਰਿਸ਼ਤੇ ਹਨ ਜੋ ਭੇਸ ਬਦਲ ਕੇ ਆਏ ਹਨ।
ਫਿਰ ਜਦੋਂ ਉਸ ਦੀ ਸਹੇਲੀ ਆਪਣੀ ਕੋਠੀ ਨਾਲ ਲੱਗਦੇ ਬਾਗ਼ ਵਿੱਚ ਉਸਨੂੰ ਲੈ ਗਈ ਅਤੇ ਉੱਥੇ ਉਸ ਨੇ ਕੁਝ ਤਿਤਲੀਆਂ ਵੇਖੀਆਂ ਤਾਂ ਉਹ ਵੀ ਉਸਨੂੰ ਫ਼ਰਿਸ਼ਤੇ ਵਿਖਾਈ ਦਿੱਤੇ ਲੇਕਿਨ ਉਸ ਨੇ ਕਈ ਵਾਰ ਸੋਚਿਆ ਕਿ ਅਜਿਹੇ ਰੰਗੀਨ ਅਤੇ ਅਜਿਹੇ ਨੰਨ੍ਹੇ ਮੁੰਨੇ ਫ਼ਰਿਸ਼ਤੇ ਕਿਵੇਂ ਹੋ ਸਕਦੇ ਹਨ।
ਉਸਨੂੰ ਬਹੁਤ ਦੇਰ ਤੱਕ ਫ਼ਰਿਸ਼ਤੇ ਹੀ ਫ਼ਰਿਸ਼ਤੇ ਵਿਖਾਈ ਦਿੰਦੇ ਰਹੇ ਜੋ ਉਸ ਦੇ ਕਰੀਬ ਆਉਂਦੇ ਉਸ ਨਾਲ ਪਿਆਰ ਕਰਦੇ, ਉਸ ਦਾ ਮੂੰਹ ਚੁੰਮਦੇ ਉਸ ਦੇ ਸੀਨੇ ਤੇ ਹੱਥ ਫੇਰਦੇ ਜਿਸ ਤੋਂ ਉਸ ਨੂੰ ਵੱਡੀ ਰਾਹਤ ਮਿਲਦੀ ਲੇਕਿਨ ਇਨ੍ਹਾਂ ਫ਼ਰਿਸ਼ਤਿਆਂ ਦੇ ਹੱਥ ਵੱਡੀ ਤਨਦਹੀ ਨਾਲ ਇੱਕ ਤਰਫ਼ ਝਟਕ ਦਿੰਦੀ ਅਤੇ ਉਨ੍ਹਾਂ ਨੂੰ ਕਹਿੰਦੀ: “ਜਾਓ ਚਲੇ ਜਾਓ ਇੱਥੋਂ। ਤੁਹਾਡਾ ਘਰ ਤਾਂ ਅਸਮਾਨ ਉੱਤੇ ਹੈ। ਇੱਥੇ ਕੀ ਕਰਨ ਆਏ ਹੋ? ”
ਉਹ ਫ਼ਰਿਸ਼ਤੇ ਉਸ ਨੂੰ ਕਹਿੰਦੇ “ਅਸੀਂ ਫ਼ਰਿਸ਼ਤੇ ਨਹੀਂ ਹਜ਼ਰਤ-ਏ-ਆਦਮ ਦੀ ਔਲਾਦ ਹਾਂ। ਉਹੀ ਬਜ਼ੁਰਗ ਜੋ ਜੰਨਤ ਤੋਂ ਕੱਢੇ ਗਏ ਸਨ। ਪਰ ਅਸੀਂ ਤੈਨੂੰ ਫਿਰ ਜੰਨਤ ਵਿੱਚ ਪਹੁੰਚਾ ਦੇਣ ਦਾ ਵਾਅਦਾ ਕਰਦੇ ਹਾਂ। ਚਲ ਸਾਡੇ ਨਾਲ ਉੱਥੇ ਦੁੱਧ ਦੀਆਂ ਨਹਿਰਾਂ ਵਗਦੀਆਂ ਹਨ ਅਤੇ ਸ਼ਹਿਦ ਦੀਆਂ ਵੀ।”
ਸਲਮਾ ਨੇ ਇਵੇਂ ਮਹਿਸੂਸ ਕੀਤਾ ਕਿ ਉਸ ਦੇ ਸੀਨੇ ਵਿੱਚੋਂ ਦੁੱਧ ਦੇ ਨੰਨ੍ਹੇ ਮੁੰਨੇ ਕਤਰੇ ਨਿਕਲਣੇ ਸ਼ੁਰੂ ਹੋ ਗਏ ਹਨ ਅਤੇ ਉਸ ਦੇ ਹੋਠ ਮਿਠਾਸ ਵਿੱਚ ਲਿਪਟੇ ਹੋਏ ਹਨ।
ਸ਼ਾਹਿਦਾ ਉਸ ਕੋਲ ਵਾਰ ਵਾਰ ਆਪਣੇ ਖ਼ਾਵੰਦ ਦੀ ਤਾਰੀਫ਼ ਕਰਦੀ ਅਸਲ ਵਿੱਚ ਉਸ ਦਾ ਮੁੱਦਾ ਇਹ ਸੀ ਕਿ ਉਸ ਦੇ ਭਰਾਦੇ ਨਾਲ ਸਲਮਾ ਦਾ ਰਿਸ਼ਤਾ ਕਾਇਮ ਕਰ ਦੇ। ਮਗਰ ਘਰ ਪਰ ਇਹ ਪਹਿਲੀ ਮੁਲਾਕਾਤ ਸੀ ਇਸ ਲਈ ਉਹ ਖੁੱਲ੍ਹ ਕੇ ਗੱਲ ਨਹੀਂ ਕਰ ਸਕੀ। ਬਹਰਹਾਲ ਉਸ ਨੇ ਇਸ਼ਾਰਿਆਂ ਸੰਕੇਤਾਂ ਵਿੱਚ ਸਲਮਾ ਨੂੰ ਇਹ ਸਪਸ਼ਟ ਕਰ ਦਿੱਤਾ ਕਿ ਉਸ ਦਾ ਖ਼ਾਵੰਦ ਜੋ ਬਹੁਤ ਸ਼ਰੀਫ ਅਤੇ ਮੁਹੱਬਤ ਕਰਨ ਵਾਲਾ ਆਦਮੀ ਹੈ ਉਸ ਦਾ ਭਰਾ ਉਸ ਤੋਂ ਵੀ ਕਿਤੇ ਜ਼ਿਆਦਾ ਨੇਕਦਿਲ ਹੈ।
ਸਲਮਾ ਨੇ ਇਹ ਇਸ਼ਾਰਾ ਨਹੀਂ ਸਮਝਿਆ। ਇਸ ਲਈ ਕਿ ਉਹ ਬਹੁਤ ਸਰਲ ਸਲੇਟ ਸੀ ਉਸ ਨੇ ਸਿਰਫ ਇੰਨਾ ਕਹਿ ਦਿੱਤਾ “ਅੱਜਕੱਲ੍ਹ ਦੇ ਜ਼ਮਾਨੇ ਵਿੱਚ ਸ਼ਰੀਫ ਬੰਦਿਆਂ ਦਾ ਮਿਲਣਾ ਮੁਹਾਲ ਹੈ। ਤੂੰ ਖ਼ੁਸ਼-ਕਿਸਮਤ ਹੋ ਕਿ ਤੈਨੂੰ ਅਜਿਹਾ ਖ਼ਾਨਦਾਨ ਮਿਲ ਗਿਆ ਜਿੱਥੇ ਹਰ ਆਦਮੀ ਨੇਕ ਅਤੇ ਸ਼ਰੀਫ ਹੈ।”
“ਅਫ਼ਸੋਸ ਹੈ ਕਿ ਇਸ ਵਕਤ ਮੇਰੇ ਖ਼ਾਵੰਦ ਘਰ ਵਿੱਚ ਮੌਜੂਦ ਨਹੀਂ ਵਰਨਾ ਮੈਂ ਤੈਨੂੰ ਉਨ੍ਹਾਂ ਨਾਲ ਜ਼ਰੂਰ ਮਿਲਾਂਦੀ।”
“ਕਦੇ ਫਿਰ ਸ਼ੀ। ਕੀ ਕੰਮ ਕਰਦੇ ਹਨ।”
“ਹਾਏ ਉਨ੍ਹਾਂ ਨੂੰ ਕੀ ਕੰਮ ਕਰਨ ਦੀ ਜ਼ਰੂਰਤ ਹੈ। ਲੱਖਾਂ ਰੁਪਏ ਦੀ ਜਾਇਦਾਦ ਹੈ। ਮਕਾਨਾਂ ਅਤੇ ਦੁਕਾਨਾਂ ਤੋਂ ਕਿਰਾਇਆ ਹੀ ਹਰ ਮਹੀਨੇ ਦੋ ਹਜ਼ਾਰ ਦੇ ਕਰੀਬ ਵਸੂਲ ਹੋ ਜਾਂਦਾ ਹੈ। ਇਸ ਦੇ ਇਲਾਵਾ ਮਾਸ਼ਾ ਅੱਲ੍ਹਾ ਜਮੀਨਾਂ ਹਨ। ਉੱਥੇ ਦੀ ਆਮਦਨ ਵੱਖ ਹੈ। ਅਨਾਜ ਦੀ ਕੋਈ ਮੁਸ਼ਕਿਲ ਨਹੀਂ। ਮਣਾਂ ਕਣਕ ਘਰ ਵਿੱਚ ਪਈ ਰਹਿੰਦੀ ਹੈ। ਚਾਵਲ ਵੀ ਹਰ ਕਿਸਮ ਦੇ। ਤਰਕਾਰੀ ਵੀ ਹਰ ਵਕਤ ਮੁਅਸਰ ਹੋ ਸਕਦੀ ਹੈ। ਅੱਲ੍ਹਾ ਦਾ ਬਹੁਤ ਫ਼ਜ਼ਲ-ਓ-ਕਰਮ ਹੈ ਇਸ ਦਾ ਛੋਟਾ ਭਰਾ ਜੋ ਅੱਜਕੱਲ੍ਹ ਲੰਦਨ ਵਿੱਚ ਹੈ ਖੇਤੀ ਦੇ ਬਾਰੇ ਜਾਣ ਕੀ ਸਿਖ ਰਿਹਾ ਹੈ ਇੱਕ ਮਹੀਨੇ ਤੱਕ ਵਾਪਸ ਆ ਰਿਹਾ ਹੈ। ਉਹ ਆਪਣੇ ਵੱਡੇ ਭਰੇ ਦੇ ਮੁਕਾਬਲੇ ਜ਼ਿਆਦਾ ਖ਼ੂਬਸੂਰਤ ਹੈ ਤੂੰ ਉਸਨੂੰ ਦੇਖੋਗੀ ਤਾਂ! ”
ਸਲਮਾ ਨੇ ਘਬਰਾਉਂਦੇ ਹੋਏ ਲਹਿਜੇ ਵਿੱਚ ਕਿਹਾ, “ਹਾਂ ਹਾਂ ਜਦੋਂ ਉਹ ਆਣਗੇ ਤਾਂ ਉਨ੍ਹਾਂ ਨਾਲ ਮਿਲਣ ਦਾ ਇੱਤਫ਼ਾਕ ਹੋ ਜਾਵੇਗਾ।”
ਸ਼ਾਹਿਦਾ ਨੇ ਕਿਹਾ, “ਬਹੁਤ ਸ਼ਰੀਫ ਮੁੰਡਾ ਹੈ ਬਿਲਕੁਲ ਆਪਣੇ ਵੱਡੇ ਭਰਾ ਦੀ ਤਰ੍ਹਾਂ।”
“ਜੀ ਹਾਂ ਜਰੂਰ ਹੋਵੇਗਾ ਆਖਿਰ ਸ਼ਰੀਫ ਖ਼ਾਨਦਾਨ ਨਾਲ ਤਅੱਲੁਕ ਹੈ।”
“ਉਹ ਬਸ ਆਉਣ ਹੀ ਵਾਲਾ ਹੈ, ਤੂੰ ਮੈਨੂੰ ਆਪਣੀ ਇੱਕ ਤਸਵੀਰ ਦੇ ਦੇ।”
“ਕੀ ਕਰੋਗੀ?”
“ਬਸ ਸ਼ਹਿਦ ਲਗਾ ਕੇ ਚੱਟਿਆ ਕਰਾਂਗੀ।”
ਇਹ ਕਹਿ ਕੇ ਸ਼ਾਹਿਦਾ ਨੇ ਸਲਮਾ ਦਾ ਮੂੰਹ ਚੁੰਮ ਲਿਆ ਅਤੇ ਫਿਰ ਆਪਣੇ ਖ਼ਾਵੰਦ ਦੀਆਂ ਤਾਰੀਫ਼ਾਂ ਸ਼ੁਰੂ ਕਰ ਦਿੱਤੀਆਂ। ਸਲਮਾ ਤੰਗ ਆ ਗਈ। ਉਸ ਨੇ ਥੋੜ੍ਹੀ ਦੇਰ ਦੇ ਬਾਅਦ ਕੋਈ ਬਹਾਨਾ ਬਣਾ ਕੇ ਰੁਖ਼ਸਤ ਚਾਹੀ ਅਤੇ ਬਸ ਸਟੈਂਡ ਉੱਤੇ ਪਹੁੰਚ ਗਈ, ਜਿੱਥੇ ਉਸਨੂੰ ਏ ਰੂਟ ਦੀ ਬਸ ਫੜਨੀ ਸੀ।
ਉਹ ਜਦੋਂ ਉੱਥੇ ਪਹੁੰਚੀ ਤਾਂ ਇੱਕ ਮਰਦ ਨੇ ਉਸਨੂੰ ਬਹੁਤ ਬੁਰੀ ਨਿਗਾਹਾਂ ਨਾਲ ਘੂਰਨਾ ਸ਼ੁਰੂ ਕਰ ਦਿੱਤਾ। ਉਹ ਪਰੇਸ਼ਾਨ ਹੋ ਗਈ। ਸਿਆਲਾਂ ਦੇ ਦਿਨ ਸਨ ਮਗਰ ਉਸ ਨੇ ਕਈ ਵਾਰ ਆਪਣੇ ਮੱਥੇ ਤੋਂ ਮੁੜ੍ਹਕਾ ਪੂੰਝਿਆ।
ਸਟੈਂਡ ਉੱਤੇ ਇੱਕ ਬਸ ਆਈ। ਉਸ ਨੇ ਉਸ ਦਾ ਨੰਬਰ ਨਹੀਂ ਵੇਖਿਆ ਅਤੇ ਜਦੋਂ ਕੁਝ ਮੁਸਾਫ਼ਰ ਉਤਰੇ ਤਾਂ ਉਹ ਫ਼ੌਰਨ ਉਸ ਵਿੱਚ ਸਵਾਰ ਹੋ ਗਈ। ਉਹ ਆਦਮੀ ਵੀ ਉਸ ਬਸ ਵਿੱਚ ਚੜ੍ਹ ਗਿਆ ਉਸ ਦੀ ਪਰੇਸ਼ਾਨੀ ਹੋਰ ਜ਼ਿਆਦਾ ਵੱਧ ਗਈ।
ਇੱਤਫ਼ਾਕ ਅਜਿਹਾ ਹੋਇਆ ਕਿ ਬਸ ਦੇ ਇੰਜਨ ਵਿੱਚ ਕੋਈ ਖ਼ਰਾਬੀ ਪੈਦਾ ਹੋ ਗਈ ਜਿਸ ਦੇ ਸਬੱਬ ਉਸਨੂੰ ਰੁਕਣਾ ਪਿਆ। ਸਭ ਮੁਸਾਫ਼ਰਾਂ ਨੂੰ ਕਹਿ ਦਿੱਤਾ ਗਿਆ ਕਿ ਉਹ ਉੱਤਰ ਜਾਣ ਕਿਉਂਕਿ ਕਾਫ਼ੀ ਦੇਰ ਤੱਕ ਇਹ ਬਸ ਨਹੀਂ ਚੱਲ ਸਕੇਗੀ।
ਸਲਮਾ ਹੇਠਾਂ ਉਤਰੀ ਤਾਂ ਉਹ ਆਦਮੀ ਜੋ ਉਸਨੂੰ ਬਹੁਤ ਬੁਰੀ ਤਰ੍ਹਾਂ ਘੂਰ ਰਿਹਾ ਸੀ ਉਹ ਵੀ ਉਸ ਦੇ ਨਾਲ ਬਾਹਰ ਨਿਕਲਿਆ। ਸੜਕ ਤੇ ਇੱਕ ਕਾਰ ਜਾ ਰਹੀ ਸੀ। ਉਸ ਨੇ ਉਸ ਦੇ ਡਰਾਈਵਰ ਨੂੰ ਆਵਾਜ ਦਿੱਤੀ: “ਇਮਾਮ ਦੀਨ”
ਇਮਾਮ ਦੀਨ ਨੇ ਮੋਟਰ ਇੱਕ ਦਮ ਰੋਕ ਲਈ। ਉਸ ਆਦਮੀ ਨੇ ਸਲਮਾ ਦਾ ਹੱਥ ਫੜਿਆ ਅਤੇ ਉਸ ਨੂੰ ਕਿਹਾ: “ਚੱਲੋ ਇਹ ਮੇਰੀ ਕਾਰ ਹੈ। ਜਿੱਥੇ ਵੀ ਤੁਸੀਂ ਜਾਣਾ ਚਾਹੁੰਦੀ ਹੋ ਤੁਹਾਨੂੰ ਛੱਡ ਆਵਾਂਗਾ।”
ਸਲਮਾ ਇਨਕਾਰ ਨਹੀਂ ਕਰ ਸਕੀ। ਮੋਟਰ ਵਿੱਚ ਬੈਠ ਗਈ। ਉਸ ਨੇ ਮਾਡਲ ਟਾਉਨ ਜਾਣਾ ਸੀ ਮਗਰ ਉਹ ਉਸਨੂੰ ਕਿਤੇ ਹੋਰ ਲੈ ਗਿਆ ਅਤੇ !
ਸਲਮਾ ਨੇ ਮਹਿਸੂਸ ਕੀਤਾ ਕਿ ਮਰਦ ਠੀਕ ਹੀ ਔਰਤ ਲਈ ਲਾਜ਼ਮ ਹੁੰਦਾ ਹੈ। ਉਸ ਨੇ ਆਪਣੀ ਜ਼ਿੰਦਗੀ ਦਾ ਬਿਹਤਰੀਨ ਦਿਨ ਗੁਜ਼ਾਰਿਆ। ਚਾਹੇ ਉਸ ਨੇ ਪਹਿਲਾਂ ਬਹੁਤ ਹੀਲ ਹੁੱਜਤ ਅਤੇ ਏਹਤਿਜਾਜ ਕੀਤਾ ਮਗਰ ਉਸ ਆਦਮੀ ਨੇ ਉਸਨੂੰ ਵਸ ਕਰ ਹੀ ਲਿਆ।
ਤਿੰਨ ਚਾਰ ਘੰਟਿਆਂ ਦੇ ਬਾਅਦ ਜਦੋਂ ਸਲਮਾ ਨੇ ਉਸ ਸ਼ਖਸ ਦਾ ਬਟੂਆ ਖੋਲ੍ਹ ਕੇ ਐਵੇਂ ਹੀ ਵੇਖਿਆ ਤਾਂ ਉਸ ਵਿੱਚ ਇੱਕ ਤਰਫ਼ ਸ਼ਾਹਿਦਾ ਦਾ ਫੋਟੋ ਸੀ। ਉਸ ਨੇ ਹਿਚਕਿਚਾਹਟ ਦੇ ਨਾਲ ਪੁੱਛਿਆ: “ਇਹ ਇਹ ਔਰਤ ਕੌਣ ਹੈ? ”
ਉਸ ਸ਼ਖਸ ਨੇ ਜਵਾਬ ਦਿੱਤਾ: “ਮੇਰੀ ਬੀਵੀ।”
ਸਲਮਾ ਦੇ ਹਲਕ ਵਿੱਚੋਂ ਚੀਖ਼ ਨਿਕਲਦੇ ਨਿਕਲਦੇ ਰਹਿ ਗਈ, “ਤੁਹਾਡੀ ਬੀਵੀ?”
ਸ਼ਾਹਿਦਾ ਦਾ ਖ਼ਾਵੰਦ ਮੁਸਕੁਰਾਇਆ, “ਕੀ ਮਰਦਾਂ ਦੀਆਂ ਬੀਵੀਆਂ ਨਹੀਂ ਹੁੰਦੀਆਂ?”
(ਅਨੁਵਾਦ : ਚਰਨ ਗਿੱਲ)