C. I. D. (Punjabi Story) : Gurcharan Singh Sehnsra

ਸੀ. ਆਈ. ਡੀ. (ਕਹਾਣੀ) : ਗੁਰਚਰਨ ਸਿੰਘ ਸਹਿੰਸਰਾ

ਉਂਜ ਤਾਂ ਹਰ ਹਕੂਮਤ ਦਾ ਇਹੋ ਕਿੱਤਾ ਹੁੰਦਾ ਹੈ ਪਰ ਅੰਗਰੇਜ਼ ਤਾਂ ਉਕਾ ਹੀ ਸੀ. ਆਈ. ਡੀ. ਦੀਆਂ ਤੁਖਣੀਆਂ, ਪੁਲਸ ਦੇ ਡੰਡੇ ਤੇ ਫੌਜ ਦੀ ਗੋਲੀ ਦੇ ਤਾਣ ਰਾਜ ਕਰਦਾ ਸੀ। ਕੌਮੀ ਲਹਿਰ ਦੇ ਹਰ ਮੁਹਾਣ ਦੇ ਪ੍ਰਗਟਾਅ ਦੇ ਵਹਾਣ ਉਤੇ ਅੰਗਰੇਜ਼ ਦੀ ਸੀ. ਆਈ. ਡੀ. ਨਿਗਾਹ ਰੱਖਦੀ ਅਤੇ ਇਸ ਦੀਆਂ ਰਿਪੋਰਟਾਂ ਉਤੇ ਪੁਲਸ ਹੱਥਕੜੀਆਂ ਤੇ ਡੰਡੇ ਲੈ ਕੇ ਆ ਪੈਂਦੀ ਅਤੇ ਜੇ ਪਾਣੀ ਫੇਰ ਵੀ ਨਾ ਠਲ੍ਹਿਆ ਜਾਏ ਤਾਂ ਫੌਜ ਰਫਲਾਂ ਤੇ ਤੋਪਾਂ ਲੈ ਕੇ ਆ ਕੁਦਦੀ। ਸੀ. ਆਈ. ਡੀ. ਅੰਗਰੇਜ਼ੀ ਰਾਜ ਦਾ ਇਕ ਤਰ੍ਹਾਂ ਦਾ ਸ਼ਿਕਾਰ ਕੱਢਣ ਵਾਲਾ ਖੰਡਾ ਕੁੱਤਾ ਸੀ।

ਸੀ. ਆਈ. ਡੀ. ਦੀਆਂ ਕੌਮੀ ਲਹਿਰ ਦੇ ਸਾਰੇ ਮੁਹਾਣਾਂ ਤੇ ਖਾਸ ਕਰਕੇ ਇਨਕਲਾਬੀ ਮੁਹਾਣ ਉਦਾਲੇ ਤਿੰਨ ਪ੍ਰਕਾਰ ਦੀਆਂ ਸਰਗਰਮੀਆਂ ਹੁੰਦੀਆਂ ਸਨ। ਇਕ ਤਾਂ ਲਹਿਰ ਅੰਦਰੋਂ ਆਪਣੇ ਜਾਸੂਸ ਤੇ ਮੁਖਬਰ ਬਣਾਉਂਦੇ ਤੇ ਬਣਾਈ ਰਖਣੇ, ਦੂਸਰੇ ਸਿਆਸੀ ਬੰਦਿਆਂ ਤੇ ਜਥੇਬੰਦੀਆਂ ਦੀ ਡਾਕਖਾਨਿਆਂ ਵਿਚੋਂ ਡਾਕ ਲੈ ਕੇ ਫਰੋਲਣੀ ਤੇ ਪੜ੍ਹਨੀ ਤੇ ਜਥੇਬੰਦੀਆਂ ਦੇ ਦਫ਼ਤਰਾਂ ਤੇ ਵਰਕਰਾਂ ਦਿਆਂ ਘਰਾਂ ਦੀਆਂ ਤਲਾਸ਼ੀਆਂ ਲੈਂਦੇ ਰਹਿਣਾ। ਤੀਸਰੇ ਲਹਿਰ ਦੇ ਉਘੇ ਵਰਕਰਾਂ ਤੇ ਲੀਡਰਾਂ ਦਾ ਉਨ੍ਹਾਂ ਦੇ ਮਗਰ ਫਿਰ ਕੇ ਕੁਤਿਆਂ ਵਾਂਗ ਪਿੱਛਾ ਕਰਨਾ ਤੇ ਦਫ਼ਤਰਾਂ ਦੇ ਘਰਾਂ ਦੇ ਬੂਹਿਆਂ ਅੱਗੇ ਬਹਿ ਰਹਿਣਾ।

ਅੰਗਰੇਜ਼ੀ ਰਾਜ ਬੁਹਤਾ ਉਸ ਜਥੇਬੰਦੀ ਤੇ ਕਰੋਪ ਰਹਿੰਦਾ ਸੀ ਜਿਸ ਵਿਚੋਂ ਸੀ. ਆਈ. ਡੀ. ਨੂੰ ਆਪਣੇ ਚੱਜ ਦੇ ਮੁਖਬਰ ਨਾ ਲੱਭਣ। ਇਸ ਲਿਹਾਜ਼ ਨਾਲ ਅੰਗਰੇਜ਼ੀ ਹਕੂਮਤ ਪੰਜਾਬ ਅੰਦਰ ਸਾਡੇ ਕਿਰਤੀ ਗਰੁੱਪ ਉਤੇ ਬਹੁਤ ਹਰਖੀ ਰਹਿੰਦੀ ਸੀ। ਇਸ ਹਰਖ ਦੀ ਮਾਰੀ ਉਹ ਇਸ ਦੇ ਦਫ਼ਤਰ ਤੇ ਵਰਕਰਾਂ ਦੇ ਘਰਾਂ ਦੀਆਂ ਤਲਾਸ਼ੀਆਂ ਆਏ ਦਿਨ ਕਰਵਾਉਂਦੀ ਰਹਿੰਦੀ। ਇਸ ਦੇ ਵਰਕਰਾਂ ਤੇ ਲੀਡਰਾਂ ਪਿਛੇ ਸੀ. ਆਈ. ਡੀ. ਦੇ ਸਿਪਾਹੀ ਲਾਈ ਰਖਦੀ। ਆਗੂਆਂ ਤੇ ਤੁਰਦੇ ਵਰਕਰਾਂ ਨੂੰ ਕੁਝ ਸ਼ਾਹੀ ਕੈਦੀ ਬਣਾ ਕੇ ਜੇਲ੍ਹਾਂ ਵਿਚ ਤੇ ਬਾਹਲੇ ਜੂਹ ਬੰਦ ਕਰਕੇ ਪਿੰਡਾਂ ਵਿੱਚ ਡੱਕੀ ਰੱਖਦੀ।

ਸੀ. ਆਈ. ਡੀ. ਕੌਮੀ ਆਜ਼ਾਦੀ ਦੇ ਇਨਕਲਾਬੀ ਅਗਾ, ਖਾਸ ਕਰ ਕਮਿਊਨਿਸਟਾਂ ਵਿਚੋਂ ਆਪਣੇ ਜਾਸੂਸ ਲੱਭਣ ਲਈ ਬੜੇ ਜਤਨ ਕਰਦੀ। ਇਸ ਕੰਮ ਲਈ ਇਕ ਤਾਂ ਉਹ ਸਾਡੀ ਜਥੇਬੰਦੀ ਦੇ ਕਿਸੇ ਤੁਰਦੇ ਵਰਕਰ ਨੂੰ ਭਰਮਾਉਣ ਤੇ ਤਨਖਾਹ ਉਤੇ ਰੱਖਣ ਦੀ ਕੋਸ਼ਿਸ਼ ਕਰਦੀ, ਦੂਸਰੇ ਜੋ ਕੋਈ ਵਰਕਰ ਇਸ ਤਰ੍ਹਾਂ ਹੱਥ ਨਾ ਆਵੇ ਤਾਂ ਹੋਰ ਅਸਿੱਧਾ ਤਰੀਕਾ ਵਰਤਦੀ। ਇਸ ਕੰਮ ਲਈ ਉਹ ਤਾੜਦੀ ਕਿ ਪਾਰਟੀ ਦੇ ਆਗੂਆਂ ਦੀ ਬਹਿਣ-ਖਲੋਣ ਤੇ ਕੂਣ ਬੋਲਣ ਕਿਸ ਗ਼ੈਰ-ਪਾਰਟੀ ਬੰਦੇ ਨਾਲ ਹੈ। ਜਾਂ ਕੌਣ ਕਿਸੇ ਉਘੇ ਵਰਕਰ ਦੀ ਵੇਲੇ ਕੁਵੇਲੇ ਪੈਸੇ ਧੇਲੇ ਨਾਲ ਸਹਾਇਤਾ ਕਰਦਾ ਹੈ। ਉਹ ਅਜਿਹੇ ਕਿਸੇ ਸਹਾਇਕ ਨੂੰ ਜਾ ਟੋਂਹਦੀ ਤੇ ਉਹ ਨੂੰ ਆਪਣੇ ਢਾਹੇ ਚਾੜ੍ਹਨ ਦਾ ਜਤਨ ਕਰਦੀ। ਜੇ ਉਹ ਮੰਨ ਜਾਏ ਤਾਂ ਉਹ ਸਹਾਇਕ ਤਨਖਾਹ ਉਤੇ ਖ਼ਰੀਦ ਲਿਆ ਜਾਂਦਾ। ਫੇਰ ਉਹ ਬੰਦਾ ਆਪਣੇ ਪਾਸ ਆਉਂਦੇ ਰਹਿਣ ਵਾਲੇ ਪਾਰਟੀ ਵਰਕਰ ਪਾਸੋਂ ਪਾਰਟੀ ਦੀਆਂ ਸਰਗਰਮੀਆਂ ਬਾਰੇ ਗੱਲਾਂ ਪੁਛ ਪੁਛ ਕੇ ਸੀ. ਆਈ. ਡੀ. ਨੂੰ ਦੱਸੀ ਜਾਂਦਾ ਕਿਉਂਕਿ ਕਈ ਵਰਕਰਾਂ ਤੇ ਆਗੂਆਂ ਨੂੰ ਅਜਿਹੇ ਸਹਾਇਕਾਂ ਤੇ ਹਮਦਰਦਾਂ ਨਾਲ਼ ਪਾਰਟੀ ਦੀਆਂ ਲੁਕਵੀਆਂ ਗੱਲਾਂ ਖੋਲ੍ਹਣ ਦੀ ਬਾਧ ਹੁੰਦੀ ਹੈ ਤੇ ਸੀ. ਆਈ. ਡੀ. ਉਨ੍ਹਾਂ ਦੀ ਇਸ ਆਦਤ ਤੋਂ ਇਸ ਤਰ੍ਹਾਂ ਫਾਇਦਾ ਉਠਾ ਲੈਂਦੀ।

ਪਰ ਕਿਰਤੀ ਗਰੁੱਪ ਦੇ ਆਗੂ ਅਲੋਪਵੇਂ ਕੰਮ ਦੇ ਬੜੇ ਉਸਤਾਦ ਸਨ ਜੋ ਗ਼ਦਰ ਪਾਰਟੀ ਦੇ ਕਦੀਮੀ ਮੈਂਬਰ ਸਨ ਤੇ ਸੀ. ਆਈ. ਡੀ. ਦੀਆਂ ਹਰ ਤਰ੍ਹਾਂ ਦੀਆਂ ਚਾਲਾਂ ਤੋਂ ਭਲੀ ਭਾਂਤ ਜਾਣੂੰ ਸਨ। ਦੂਸਰੇ ਉਹ ਸੋਵੀਅਤ ਰੂਸ ਤੇ ਯੋਰਪ ਦੀਆਂ ਇਨਕਲਾਬੀ ਲਹਿਰਾਂ ਵਿਚੋਂ ਅਲੋਪਵੇਂ ਕੰਮਾਂ ਤੇ ਜਥੇਬੰਦੀ ਦੇ ਤਜਰਬੇ ਲੈ ਕੇ ਆਏ ਹੋਏ ਸਨ। ਤੇ ਸਾਨੂੰ ਨਵੇਂ ਵਰਕਰਾਂ ਨੂੰ ਸੀ. ਆਈ. ਡੀ. ਨਾਲ ਸਿਝਣ ਦੀਆਂ ਮੱਤਾਂ ਦੇਂਦੇ ਰਹਿੰਦੇ ਸਨ। ਇਹੀ ਕਾਰਨ ਸੀ ਕਿ ਸੀ. ਆਈ. ਡੀ. ਨੂੰ ਕਿਰਤੀ ਗਰੁਪ ਵਿਚੋਂ ਆਪਣੇ ਭੇਤੀ ਲੱਭਣੇ ਔਖੇ ਹੋਏ ਹੋਏ ਸਨ। ਜੇ ਕਿਤੇ ਉਹ ਇਕ ਅੱਧਾ ਲੱਭ ਵੀ ਲਏ ਤਾਂ ਉਸ ਨੂੰ ਛੇਤੀ ਹੀ ਤਾੜ ਲਿਆ ਜਾਂਦਾ ਸੀ ਤੇ ਉਸ ਤੋਂ ਆਪਣਾ ਜੇ ਸਾਰਾ ਨਹੀਂ ਤਾਂ ਘੱਟੋ ਘੱਟ ਲੁਕਵਾਂ ਕੰਮ ਮੁਕਾ ਲਿਆ ਜਾਂਦਾ ਸੀ। ਜਿਸ ਕਰਕੇ ਇਹ ਗਰੁਪ ਆਪਣੇ ਅੰਦਰੋਂ ਸੀ. ਆਈ. ਡੀ. ਦੁੀ ਮੁਖਬਰੀ ਤੋਂ ਬੜੀ ਹੱਦ ਤਕ ਬਚਿਆ ਰਿਹਾ।

ਇਨਕਲਾਬੀ ਜਥੇਬੰਦੀ ਦੀ ਹੈਸੀਅਤ ਵਿਚ ਕਿਰਤੀ ਗਰੁਪ ਨੂੰ ਖੁਲ੍ਹੇ ਕੰਮ ਦੇ ਨਾਲ ਨਾਲ ਅਲੋਪਵਾਂ ਕੰਮ ਕਰਨਾ ਪੈਂਦਾ ਸੀ। ਖੁਲ੍ਹਾ ਕੰਮ ਕਿਰਤੀ ਕਿਸਾਨ ਪਾਰਟੀ, ਕਿਸਾਨ ਸਭਾ, ਟਰੇਡ ਯੂਨੀਅਨ, ਕਾਂਗਰਸ, ਕਾਂਗਰਸ ਸੋਸ਼ਲਿਸਟ ਪਾਰਟੀ ਤੇ ਵਿਦਿਆਰਥੀ ਸਭਾਵਾਂ ਰਾਹੀਂ ਕੀਤਾ ਜਾਂਦਾ ਸੀ। ਕਾਂਗਰਸੀਆਂ, ਅਕਾਲੀਆਂ ਵਿਚ ਵੀ ਸਾਡਾ ਚੰਗਾ ਪ੍ਰਭਾਵ ਸੀ। ਮਜਲਿਸ ਅਹਿਹਾਰ ਨੂੰ ਵੀ ਵਰਤ ਲਿਆ ਜਾਂਦਾ ਸੀ। ਅਲੋਪਵਾਂ ਕੰਮ ਕਮਿਊਨਿਸਟ ਪਾਰਟੀ ਦੇ ਨਾਂ ਤੇ ਰੂਪ ਵਿਚ ਚਲਦਾ ਸੀ। ਕਮਿਊਨਿਸਟ ਪਾਰਟੀ ਤੇ ਗ਼ਦਰ ਪਾਰਟੀ ਖਿਲਾਫ਼ ਕਾਨੂੰਨ ਹੋਣ ਕਰਕੇ ਕੋਈ ਵੀ ਜ਼ਾਹਰਾ ਤੌਰ ਤੇ ਕਮਿਊਨਿਸਟ ਜਾਂ ਗ਼ਦਰੀ ਨਹੀਂ ਸੀ ਹੋ ਤੇ ਅਖਵਾ ਸਕਦਾ। ਪਤਾ ਲੱਗ ਜਾਣ ਤੇ ਉਸ ਨੂੰ ਬਿਨਾਂ ਮੁਕੱਦਮਾਂ ਚਲਾਇਆਂ ਜਾਂ ਅਦਾਲਤ ਵਿਚ ਪੇਸ਼ ਕੀਤਿਆਂ ਬੇਮਿਆਦੀ ਜੇਲ੍ਹ ਠੋਕਿਆ ਜਾ ਸਕਦਾ ਸੀ। ਏਸ ਲਈ ਲੁਕ ਛਿਪ ਕੇ ਹੀ ਕਮਿਊਨਿਸਟ ਬਣਿਆਂ ਤੇ ਗ਼ਦਰੀ ਰਿਹਾ ਜਾ ਸਕਦਾ ਸੀ।

ਅਲੋਪਵਾਂ ਕੰਮ ਬਾਹਲਾ, ਆਪਣੀ ਕਮਿਊਨਿਸਟ ਮੈਂਬਰੀ ਨੂੰ ਲੁਕਾਈ ਰੱਖਣਾ, ਅਮਰੀਕਾ ਜਾਂ ਹੋਰਨਾਂ ਦੇਸ਼ਾਂ ਤੋਂ ਆਏ ਗ਼ਦਰ ਪਾਰਟੀ ਜਾਂ ਕਮਿਊਨਿਸਟ ਪਾਰਟੀ ਦੇ ਵਰਕਰਾਂ ਨੂੰ ਲੁਕਾ ਕੇ ਜਨਤਕ ਜਥੇਬੰਦੀਆਂ ਵਿਚ ਕੰਮ ਕਰਵਾਉਣਾ। ਉਹ ਆਪਣੇ ਨਾਂ ਤੇ ਹੁਲੀਏ ਬਦਲ ਕੇ ਰਹਿੰਦੇ, ਲੁਕਵੇਂ ਪਰਚੇ ਛਾਪਦੇ, ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਵਿਚ ਕੰਮ ਕਰਦੇ। ਸਾਡਾ ਲੁਕਵਾਂ ਕੰਮ ਇਹਨਾਂ ਅਮਰੀਕਾ ਜਾਂ ਯੋਰਪ ਵਿਚੋਂ ਆਉਣ ਵਾਲੇ ਆਪਣੇ ਵਰਕਰਾਂ ਨੂੰ ਜਾਹਜ਼ਾਂ ਤੋਂ ਉਤਾਰ ਕੇ ਜਾਂ ਅਫ਼ਿਗਾਨਿਸਤਾਨ ਦੇ ਰਸਤੇ ਪਹਾੜਾਂ ਤੇ ਉਤੋਂ ਤੇ ਵਿਚੋਂ ਦੀ ਲੁਕਾ ਕੇ ਲਿਆਉਣਾ, ਸੰਭਾਲਣਾ ਤੇ ਕਾਨਪੁਰ, ਲਾਹੌਰ, ਬੰਬਈ, ਖੜਕਪੁਰ, ਟਾਟਾਨਗਰ ਆਦਿ ਥਾਵਾਂ ਮਜ਼ਦੂਰਾਂ ਵਿਚ ਕੰਮ ਕਰਨ ਯੋਗ ਬਨਾਉਣ ਲਈ ਕੋਈ ਨੌਕਰੀ ਜਾਂ ਕੰਮ ਲੱਭ ਕੇ ਦੇਣਾ। ਇਨ੍ਹਾਂ ਨਾਲ ਮਿਲਦੇ ਜੁਲਦੇ ਰਹਿਣਾ, ਕੰਮ ਦੀਆਂ ਰੀਪੋਰਟਾਂ ਲੈਣੀਆਂ, ਲੁਕਵੀਂ ਛਪਾਈ ਲਈ ਸਾਮਾਨ ਲੈ ਕੇ ਦੇਣਾ ਅਤੇ ਛਾਪੇ ਹੋਏ ਪਰਚਿਆਂ ਨੂੰ ਵੰਡਣ ਲਈ ਉਜਾਗਰ ਵਰਕਰਾਂ ਤੇ ਥਾਵਾਂ ਤੇ ਪਹੁੰਚਾਉਣਾ ਸੀ। ਸਾਡਾ ਸਭ ਤੋਂ ਵੱਡਾ ਕੰਮ ਆਪਣੇ ਕਮਿਊਨਿਸਟ ਹੋਣ ਦੇ ਨਾਤੇ ਨੂੰ ਸੀ. ਆਈ. ਡੀ. ਤੋਂ ਬਚਾਈ ਰੱਖਣਾ ਵੀ ਸੀ।

ਸੀ.ਆਈ.ਡੀ. ਦਾ ਵੀ ਬਹੁਤਾ ਜ਼ੋਰ ਸਾਡੇ ਕਮਿਊਨਿਸਟ ਨਾਤੇ ਨੂੰ ਹੀ ਲੱਭਣ ਤੇ ਲਾਉਂਦੀ ਸੀ। ਇਸ ਲਈ ਜਦ ਕਦੇ ਸਾਡੇ ਵਰਕਰ, ਖਾਸ ਕਰ ਗ਼ਦਰ ਪਾਰਟੀ ਵਲੋਂ ਬਾਹਰੋਂ ਆਏ ਹੋਏ, ਗ੍ਰਿਫ਼ਤਾਰ ਹੋ ਜਾਂਦੇ ਤਾਂ ਸੀ.ਆਈ.ਡੀ. ਉਨ੍ਹਾਂ ਨੂੰ ਲਾਹੌਰ ਦੇ ਸ਼ਾਹੀ ਕਿਲੇ੍ਹ ਵਿੱਚ ਲੈ ਵੜਦੀ। ਓਥੇ ਉਨ੍ਹਾਂ ਨੂੰ ਫਸੀਲ ਹੇਠਾਂ ਬਣੀਆਂ ਸੀਖਾਂ ਵਾਲੀਆਂ ਮੱਛਰਾਂ ਨਾਲ ਭਰੀਆਂ ਹੋਈਆਂ ਗੰਦੀਆਂ ਤੇ ਹਨੇਰੀਆਂ ਕੋਠੜੀਆਂ ਵਿੱਚ, ਜੋ ਸੂਰਾਂ ਦੇ ਖੁਡਿਆਂ ਨਾਲੋਂ ਭੀ ਭੈੜੀਆਂ ਸਨ, ਬੰਦ ਰਖਿਆ ਜਾਂਦਾ। ਉਨ੍ਹਾਂ ਤੋਂ ਪਾਰਟੀ ਦੇ ਲੁਕਵੇਂ ਭੇਤ, ਕੰਮ ਤੇ ਵਰਕਰਾਂ ਦੇ ਨਾਂ ਪਤੇ ਪੁਛਣ ਲਈ ਗਾਲ੍ਹ ਦੁਪੜ ਤੇ ਮਾਰਕੁਟ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ। ਕੱਪੜੇ ਲਾਹ ਕੇ ਬਰਫਾਂ ਤੇ ਲਿਟਾਇਆ ਜਾਂਦਾ, ਸੜਦੀਆਂ ਲਾਲ ਮਿਰਚਾਂ ਦੀ ਧੂਣੀ ਦਿੱਤੀ ਜਾਂਦੀ। ਗੁੰਹ ਦਾਂ ਲਿੱਦ ਦੇ ਤੋਬਰੇ ਮੂੰਹਾਂ ਤੇ ਬੰਨ ਦਿੱਤੇ ਜਾਂਦੇ। ਮੋਚਨਿਆਂ ਨਾਲ ਚੱਢਿਆਂ ਦੇ ਵਾਲ ਪੁਟੇ ਤੇ ਮੁੱਛਾਂ ਖੋਹੀਆਂ ਜਾਂਦੀਆਂ। ਚੁਫਾਲ ਲੰਮਾ ਪਾ ਕੇ ਹਥੇਲੀਆਂ ਉਤੇ ਮੰਜੇ ਦੇ ਪਾਵੇ ਰੱਖ ਕੇ ਉਤੇ ਤਿੰਨ ਚਾਰ ਸਿਪਾਹੀ ਬਿਠਾ ਦਿੱਤੇ ਜਾਂਦੇ। ਅੱਖਾਂ ਵਿੱਚ ਲਾਲ ਮਿਰਚਾਂ ਧੂੜ ਦਿੱਤੀਆਂ ਜਾਂਦੀਆਂ। ਕਈ ਰਾਤਾਂ ਤੇ ਦਿਨ ਸੌਣ ਨਾ ਦੇਣ ਲਈ ਹੱਥਕੜੀ ਮਾਰ ਕੇ ਦਰਵਾਜ਼ੇ ਦੇ ਜੰਗਲੇ ਨਾਲ ਟੰਗ, ਲੱਤ ਨੂੰ ਸੰਗਲ ਮਾਰ ਕੇ ਬਾਹਰੋਂ ਖਿੱਚ ਖਿੱਚ ਉਸ ਨੂੰ ਹਲੂਣੀ ਰਖਿਆ ਜਾਂਦਾ ਤਾਂ ਜੋ ਉਹ ਕਿਤੇ ਖਲੋਤਾ ਖਲੋਤਾ ਹੀ ਨਾ ਸੌਂ ਜਾਏ। ਗੱਲ ਕੀ ਹੋਰਨਾ ਕਮਿਊਨਿਸਟਾਂ ਦਾ ਸੁਰ ਪਤਾ ਕਰਨ ਤੇ ਲੁਕਵੇਂ ਪਾਰਟੀ ਢਾਂਚੇ ਨੂੰ ਲੱਭਣ ਲਈ ਸੀ.ਆਈ.ਡੀ. ਤੋਂ ਜੋ ਵੀ ਸਖਤੀ ਹੋ ਸਕਦੀ, ਕਰਦੀ ਤੇ ਜੋ ਵੀ ਤਸੀਹਾ ਦਿੱਤਾ ਜਾ ਸਕਦਾ, ਦਿੱਤਾ ਜਾਂਦਾ।

ਇਸ ਲਈ ਸਾਨੂੰ ਆਪਣੇ ਲੁਕਵੇਂ ਕੰਮ ਤੇ ਕਮਿਊਨਿਸਟ ਪਾਰਟੀ ਦੀ ਲੁਕਵੀਂ ਜਥੇਬੰਦੀ ਨੂੰ ਬਹੁਤ ਹੀ ਲੁਕਾ ਕੇ ਤੇ ਚੋਣਵੇਂ ਅਜ਼ਮਾਏ ਹੋਏ ਮੈਂਬਰਾਂ ਤੇ ਹੀ ਸੀਮਤ ਰੱਖ ਕੇ ਚਲਾਉਣਾ ਪੈ ਰਿਹਾ ਸੀ, ਜਿਸ ਕਰਕੇ ਕਿਸੇ ਇਕ ਜਣੇ ਨੂੰ ਪਾਰਟੀ ਦਾ ਸਾਰਾ ਕੰਮ ਨਹੀਂ ਸੀ ਦਿੱਤਾ ਜਾਂਦਾ। ਉਹ ਆਪਣੇ ਕੰਮ ਦੇ ਹਲਕੇ ਤਕ ਹੀ ਸੀਮਤ ਰੱਖਿਆ ਜਾਂਦਾ ਸੀ। ਉਸ ਨੂੰ ਲੁਕਵਾਂ ਕੰਮ ਕਰ ਰਹੇ ਵਰਕਰਾਂ ਦੇ ਗ਼ਲਤ ਨਾਂ ਦਸੇ ਜਾਂਦੇ ਸਨ। ਤਾਂ ਜੋ ਉਸ ਦੀ ਗਰਿਫ਼ਤਾਰੀ ਉਤੇ ਉਸ ਉਤੇ ਕੀਤਾ ਜਾਣ ਵਾਲੀ ਸਖਤੀ ਨਾਲ ਉਸ ਦੇ ਭੈੜੇ ਪੈ ਜਾਣ ਤੇ ਸਾਰੀ ਦਾ ਸਾਰੀ ਪਾਰਟੀ ਤੇ ਉਸਦਾ ਕੰਮ ਨਾ ਗਵਾਚ ਜਾਵੇ।

ਇਸ ਲਈ ਇਸ ਜੋਖੋਂ ਦੇ ਕੰਮ ਨੂੰ ਬਚਾਈ ਰੱਖਣ ਲਈ ਸੀ.ਆਈ.ਡੀ. ਦਾ ਵਿਸਾਹ ਨਹੀਂ ਸੀ ਕੀਤਾ ਜਾਂਦਾ। ਨਾ ਤਾਂ ਅਸੀਂ ਆਪਣੇ ਅੰਦਰੋਂ ਲਗਦੀ ਵਾਹੇ ਕਿਸੇ ਨੂੰ ਸੀ.ਆਈ.ਡੀ. ਦਾ ਮੁਖਬਰ ਹੋਣ ਦਿੰਦੇ ਤੇ ਨਾ ਆਪਣੇ ਪਾਰਟੀ ਸਹਾਇਕਾਂ ਤੇ ਹਮਦਰਦਾਂ ਪਾਸ ਜਾ ਕੇ ਆਪਣੇ ਕੰਮ ਦੀਆਂ ਫੜਾਂ ਮਾਰਦੇ, ਜਿਥੋਂ ਉਹ ਜਾ ਕੇ ਸਾਡਾ ਭੇਤ ਲੱਭ ਸਕਦੀ। ਇਸ ਲਈ ਨਿੱਜੀ ਯਾਰੀਆਂ ਲਾਉਣ ਤੇ ਗ਼ੈਰ ਪਾਰਟੀ ਜਾਂ ਗ਼ੈਰ ਜਥੇਬੰਦ ਬੰਦਿਆਂ ਨਾਲ ਮੇਲ ਜੋਲ ਵਧਾਉਣ ਤੋਂ ਸੰਕੋਚ ਕਰਦੇ ਸਾਂ। ਏਥੋਂ ਤੱਕ ਕਿ ਆਪਣੇ ਰਿਸ਼ਤੇਦਾਰ ਅਤੇ ਘਰਦਿਆਂ ਨਾਲ ਵੀ ਮਿਲਣਾ ਘਟਾ ਛੱਡਿਆ ਸੀ ਤੇ ਜੇ ਕਿਤੇ ਮਜ਼ਬੂਰਨ ਕਿਸੇ ਨੂੰ ਮਿਲਣਾ ਹੀ ਪੈ ਜਾਵੇ ਤਾਂ ਉਸ ਨਾਲ ਰਿਸ਼ਤੇਦਾਰੀ ਦੀ ਗੱਲ ਤੋਂ ਸਿਵਾ ਕੋਈ ਰਾਜਸੀ ਗੱਲ ਨਹੀਂ ਸਾਂ ਕਰਦੇ।

ਐਨੀ ਚੌਕਸੀ ਦੇ ਬਾਵਜੂਦ ਵੀ ਸੀ.ਆਈ.ਡੀ. ਸਾਡੇ ਅੰਦਰੋਂ ਕਿਤੇ ਕਿਤੇ ਆਪਣੇ ਬੰਦੇ ਬਣਾ ਲੈਂਦੀ ਰਹੀ। ਪਰ ਇਨਕਲਾਬੀ ਕੰਮ ਦੀ ਹੁਸ਼ਿਆਰੀ ਉਨ੍ਹਾਂ ਨੂੰ ਛੇਤੀ ਹੀ ਤਾੜ ਲੈਂਦੀ ਜਾਂ ਉਨ੍ਹਾਂ ਦੇ ਪੁਚਾਏ ਨੁਕਸਾਨ ਤੋਂ ਸਾਨੂੰ ਆਪੇ ਹੀ ਸਬਕ ਮਿਲ ਜਾਂਦਾ ਤੇ ਉਹ ਆਪ ਹੀ ਨੰਗੇ ਹੋ ਜਾਂਦੇ।

1933 ਦੀ ਗੱਲ ਹੈ ਅਸਾਂ ਆਪਣੇ ਕੁਝ ਵਰਕਰ ਇਨਕਲਾਬੀ ਕੰਮ ਕਾਜ ਸਿਖਾਉਣ ਵਾਸਤੇ ਸੋਵੀਅਤ ਰੂਸ ਭੇਜਣੇ ਸਨ। ਮੁਹੱਬਤ ਸਿੰਘ ਕੋਟ ਸੋਂਧਾ, ਦਲੀਪ ਸਿੰਘ ਜੌਹਲ ਤੇ ਅਮਰ ਸਿੰਘ ਤੇਗ (ਆਨੰਦਪੁਰੀ) ਪੰਜਾਬੋਂ ਤੇ ਸਰਹਦੀ ਸੂਬੇ ਵਿਚੋਂ ਚਾਰ ਪਠਾਨ ਵਰਕਰ। ਅਮਰ ਸਿੰਘ ਤੇਗ ਆਪਣੇ ਆਪ ਨੂੰ ਕਿਸੇ ਇਨਕਲਾਬੀ ਜੁਟ ਦਾ ਕਾਰਿੰਦਾ ਤੇ ਸਿਆਸੀ ਮੁਕੱਦਮਿਆਂ ਦਾ ਮਫਰੂਰ ਦਸਦਾ ਹੁੰਦਾ ਸੀ ਤੇ ਉਸ ਨੇ ਜਦ ਵੀ ਸਾਨੂੰ ਮਿਲਣ ਆਉਣਾ ਤਾਂ ਝੁੰਗਲਮਾਟਾ ਮਾਰੀ ਰੱਖਣਾ। ਇਹੋ ਜਿਹੇ ਸੂਰਮਿਆਂ ਨੂੰ ਮਾਸਕੋ ਭੇਜਣ ਦਾ ਫੈਸਲਾ ਹੋ ਜਾਂਦਾ ਸੀ।

ਪਰ ਉਸ ਦੀ ਬੁਰੀ ਸ਼ਾਮਤ ਨੂੰ ਮਾਸਕੋ ਤੁਰਨ ਤੋਂ ਪਹਿਲਾਂ ਅੰਮ੍ਰਿਰਤਸਰ ਦੀ ਸੀ.ਆਈ.ਡੀ. ਨੇ ਉਸ ਨੂੰ ਅੰਮ੍ਰਿਰਤਸਰੋਂ ਗੁਰੂ ਰਾਮਦਾਰ ਦੀ ਸਰਾਂ ਵਿਚੋਂ ਬਾਹਰ ਨਿਕਲਦੇ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਲਾਹੌਰ ਸ਼ਾਹੀ ਕਿਲ੍ਹੇ ਵਿਚ ਲੈ ਗਈ। ਉਸ ਦੇ ਕਿਲ੍ਹੇ ਦੇ ਦਿਨਾਂ ਵਿੱਚ ਹੀ ਵਾਸਦੇਵ ਸਿੰਘ ਆਪਣੇ ਘੋਰਨੇ ਵਿਚੋਂ ਫੜਿਆ ਗਿਆ। ਉਹ ਗ਼ਦਰ ਪਾਰਟੀ ਦੇ ਕਾਬਲ ਵਿੱਚ ਅੱਡੇ ਦਾ ਵਰਕਰ ਤੇ ਸੋਵੀਅਤ ਰੂਪ ਵਿਚੋਂ ਇਨਕਲਾਬੀ ਕੰਮ ਦੀ ਸਿਖਲਾਈ ਲੈ ਕੇ ਆਇਆ ਤੇ ਅਲੋਪ ਹੋ ਕੇ ਪਾਰਟੀ ਦਾ ਖੁਫੀਆ ਕੰਮ ਚਲਾ ਰਿਹਾ ਸੀ। ਪੰਜਾਬ ਦੀ ਸਾਰੀ ਸੀ.ਆਈ.ਡੀ. ਪਿਛਲੇ ਦੋ ਸਾਲਾਂ ਤੋਂ ਉਸ ਉਸ ਦੀ ਭਾਲ ਵਿੱਚ ਸੀ ਤੇ ਉਹ ਉਸ ਦੇ ਹੱਥ ਨਹੀਂ ਸੀ ਆ ਰਿਹਾ। ਤੇਗ ਉਸ ਦੇ ਨਾਲ ਝੁੰਗਲਮਾਟਾ ਮਾਰੀ ਫਿਰਦਾ ਰਹਿੰਦਾ ਤੇ ਉਸ ਦੇ ਘੋਰਨੇ ਤੇ ਪੰਜਾਬ ਦੀਆਂ ਠਾਹਰਾਂ ਤੋਂ ਜਾਣੂ ਸੀ। ਉਸ ਦੀ ਗ੍ਰਿਫਤਾਰੀ ਦਾ ਸ਼ੱਕ ਤੇਗ ਉਤੇ ਹੀ ਹੋਇਆ।

ਕੋਈ ਦਸੀਂ ਬਾਰੀਂ ਦਿਨੀਂ ਤੇਗ ਉਸੇ ਤਰ੍ਹਾਂ ਝੁੰਗਲਮਾਟਾ ਮਾਰੀ ਗੁਰੂ ਰਾਮ ਦਾਸ ਦੀ ਸਰਾਂ ਵਿਚ ਆ ਗਿਆ ਜਿਥੇ ਬਾਬਾ ਵਿਸਾਖਾ ਸਿੰਘ ਜੀ ਦਦੇਹਰ ਤੇ ਅਸੀਂ ਰਹਿੰਦੇ ਸਾਂ। ਸੰਤਾਂ ਨੂੰ ਕਹਿਣ ਲੱਗਾ, ‘ਸੀ.ਆਈ.ਡੀ. ਦੀ ਅੱਖ ਬਚਾ ਕੇ ਮੈਂ ਸ਼ਾਹੀ ਕਿਲੇ ਵਿਚੋਂ ਭੱਜ ਆਇਆ ਹਾਂ। ਛੇਤੀ ਹੀ ਮੂੰਹ ਸਿਰ ਮੁਨਵਾ ਕੇ ਕਿਤੇ ਲੁਕਾ ਦਿਓ।’

ਨਾ ਸੰਤਾਂ ਨੇ ਤੇ ਨਾ ਅਸਾਂ ਇਸ ਕਹੇ ਉਤੇ ਇਤਬਾਰ ਕੀਤਾ ਕਿਉਂਕਿ ਅਸਮਾਨ ਡਿਗ ਪੈਂਦਾ ਮੰਨਿਆ ਜਾ ਸਕਦਾ ਸੀ ਪਰ ਅੰਗਰੇਜ਼ ਸੀ.ਆਈ.ਡੀ. ਤੋਂ ਕਿਲ੍ਹੇ ਵਿਚੋਂ ਭੱਜ ਆਉਣਾ ਨਹੀਂ ਸਗੋਂ ਉਲਟਾ ਇਸ ਦੇ ਸੀ.ਆਈ.ਡੀ. ਦੇ ਹੱਥ ਵਿਚ ਜਾਣ ਦਾ ਸ਼ੱਕ ਹੋ ਗਿਆ। ਕਿਉਂਕਿ ਇਨਕਲਾਬੀ ਜਥੇਬੰਦੀਆਂ ਦੇ ਇਤਿਹਾਸ ਵਿਚ ਹਕੂਮਤਾਂ ਦੇ ਕਈ ਵਾਰ ਇਹੋ ਜਿਹੇ ਕੀਤੇ ਹੱਥ ਸਾਨੂੰ ਮਾਲੂਮ ਸਨ ਤੇ ਖ਼ਾਸ ਕਰ ਭਗਤ ਸਿੰਘ ਹੋਰਾਂ ਦੀ ਇੰਡੀਅਨ ਸੋਸ਼ਲਿਸਟ ਰੀਪਬਲੀਕਨ ਆਰਮੀ ਨਾਂ ਦੀ ਪਾਰਟੀ ਅੰਦਰ ਸੀ.ਆਈ.ਡੀ. ਨੇ ਦੋ ਤਿੰਨ ਅਜਿਹੀਆਂ ਖੇਡਾਂ ਖੇਡੀਆਂ ਸਨ।

ਅਸਾਂ ਤੇਗ ਨੂੰ ਤਾਂ ਸਿਰ ਨਾ ਹੋਣ ਦਿੱਤਾ ਤੇ ਸਰਾਂ ਦੇ ਇਕ ਕਮਰੇ ਵਿਚ ਲੁਕਾ ਲਿਆ ਤੇ ਆਪਣਾ ਬੰਦਾ ਅਸਲੀ ਗੱਲ ਦਾ ਪਤਾ ਲੈਣ ਲਈ ਲਾਹੌਰ ਡਿਹਰਾ ਸਾਹਿਬ ਦੇ ਗੁਰਦੁਆਰੇ ਭੇਜ ਦਿੱਤਾ ਜੋ ਸ਼ਾਹੀ ਕਿਲ੍ਹੇ ਦੇ ਆਉਣ ਜਾਣ ਵਾਲੇ ਖੁੱਲ੍ਹੇ ਦਰਵਾਜ਼ੇ ਅੱਗੇ ਸੀ।

ਅਸਾਂ ਸੀ.ਆਈ.ਡੀ. ਦੇ ਸ਼ਾਹੀ ਕਿਲ੍ਹੇ ਦੇ ਕਸਾਈ ਘਰ ਉਤੇ ਆਪਣੀ ਸੀ.ਆਈ.ਡੀ. ਵੀ ਛੱਡੀ ਹੋਈ ਸੀ ਜਿਸ ਦੇ ਕਿਲ੍ਹਿਓ ਬਾਹਰ (ਡੇਹਰੇ ਸਾਹਿਬ ਦੇ ਗੁਰਦੁਆਰੇ ਅਕਾਲੀ ਜਥੇਦਾਰ ਅਛਰ ਸਿੰਘ ਇੰਚਾਰਜ ਸਨ।) ਡੇਰਾ ਸਾਹਿਬ ਦੇ ਸੇਵਾਦਾਰ ਕਿਲ੍ਹੇ ਵਿਚਲੇ ਸੀ.ਆਈ.ਡੀ. ਦੇ ਸਿਪਾਹੀਆਂ ਨਾਲ ਬਣਾਈ ਰੱਖਦੇ। ਉਨ੍ਹਾਂ ਤੋਂ ਸਾਡੇ ਵਰਕਰਾਂ ਨਾਲ ਕਿਲ੍ਹੇ ਵਿਚ ਵਾਪਰ ਰਹੀਆਂ ਦਾ ਪਤਾ ਸੁਰ ਕਰਦੇ ਰਹਿੰਦੇ। ਉਹ ਉਸ ਤੰਦੂਰ ਵਾਲੇ ਨੂੰ ਵੀ ਹੱਥਾਂ ਤੇ ਪਾਈ ਰਖਦੇ ਜੋ ਕਿਲ੍ਹੇ ਅੰਦਰ ਬੰਦ ਤੇ ਕੁੱਟੀ ਦੇ ਵਰਕਰਾਂ ਲਈ ਆਪਣੇ ਤੰਦੂਰ ਤੋਂ ਰੋਟੀ ਪਾਣੀ ਪਹੁੰਚਾਉਂਦਾ ਹੁੰਦਾ ਸੀ। ਉਹ ਜਿੱਥੇ ਸੀ.ਆਈ.ਡੀ. ਦੀਆਂ ਸਖਤੀਆਂ ਦਾ ਪਤਾ ਰਖਦੇ, ਓਥੇ ਵਰਕਰਾਂ ਦੇ ਖੜੇ ਰਹਿਣ ਜਾਂ ਡਿਗ ਪੈਣ ਦਾ ਵੀ ਪਤਾ ਲਾ ਲੈਂਦੇ।

ਡੇਹਰੇ ਸਾਹਿਬ ਗਿਆ ਬੰਦਾ ਪਤਾ ਲਿਆਇਆ ਕਿ ਅਮਰ ਸਿੰਘ ਤੇਗ ਕਿਲ੍ਹੇ ਵਿਚੋਂ ਨੱਠਾ ਨਹੀਂ, ਉਹ ਦਾ ਸੀ.ਆਈ.ਡੀ. ਦੇ ਬਹੁਤ ਹੀ ਬਦ ਡਿਪਟੀ ਸੁਪਰਡੰਟ ਸੰਪੂਰਨ ਸਿੰਘ ਦੀ ਕਾਰ ਵਿਚ ਚੜ੍ਹਿਆ ਫਿਰਦਾ ਰਿਹਾ ਹੈ ਤੇ ਸੀ.ਆਈ.ਡੀ. ਨੇ ਆਪ ਛੱਡਿਆ ਹੈ।

ਅਸਾਂ ਉਸ ਨੂੰ ਮੂੰਹ ਲਾਉਣਾ ਛੱਡ ਦਿੱਤਾ। ਸਾਥੋਂ ਜਾ ਕੇ ਉਸ ਨੇ ਝੁੰਗਲਮਾਟਾ ਹੀ ਲਾਹ ਦਿੱਤਾ ਤੇ ਖੁੱਲ੍ਹਾ ਫਿਰਨ ਲਗ ਪਿਆ। ਇਸ ਕਿਲ੍ਹੇ ਵਿਚੋਂ ਭੱਜ ਆਏ ਨੂੰ ਸੀ.ਆਈ.ਡੀ. ਜਾਂ ਪੁਲਸ ਦੇ ਮਫਰੂਰ ਹੋਣ ਦੇ ਦੋਸ਼ ਵਿਚ ਮੁੜ ਹੱਥ ਨਾ ਪਾਇਆ। ਉਸ ਦੇ ਖਿਲਾਫ ਸਾਡੇ ਫੈਸਲੇ ਦਾ ਇਹ ਸਭ ਤੋਂ ਵਡਾ ਸਬੂੂਤ ਸੀ।

ਅੰਗਰੇਜ਼ ਹਕੂਮਤ ਆਪਣੀ ਸਾਰਕਾੀ ਸਖਤੀ ਦੇ ਬਾਵਜੂਦ ਕਿਰਤੀ ਗਰੁਪ ਤੇ ਇਸ ਦੇ ਅਖ਼ਬਾਰ ‘ਕਿਰਤੀ’ ਨੂੰ ਨਹੀਂ ਸੀ ਦਬਾ ਸਕੀ ਅਸੀਂ ਬੜੀ ਸਾਵਧਾਨੀ ਨਾਲ ਚਲਦੇ ਸਾਂ। ਭਾਵੇਂ ਸਾਡੇ ਤੁਰਦੇ ਲੀਡਰ ਜੇਲ੍ਹਾਂ ਵਿਚ ਜਾਂ ਪਿੰਡਾਂ ਅੰਦਰ ਬੰਦ ਕੀਤੇ ਹੋਏ ਸਨ। ਪਰ ਅਸੀਂ ਤਿੰਨ ਜਣੇ ਦਲੀਪ ਸਿੰਘ ਜੌਹਲ, ਬਚਨ ਸਿੰਘ ਮਹਿਤਪੁਰ ਤੇ ਮੈਂ ਕੰਮ ਰੇੜ੍ਹੀ ਜਾਂਦੇ ਸਾਂ। ਅਸੀਂ ਕੋਈ ਤਕਰੀਰ ਨਹੀਂ ਸਾਂ ਕਰਦ। ਜੇ ਕਰਦੇ ਵੀ ਸੀ ਤਾਂ ਕਾਨੂੰਨ ਹੇਠ ਆਉਣ ਵਾਲੇ ਨੁਕਤੇ ਤੋਂ ਬਚ ਕੇ, ਤੇ ਨਾ ‘ਕਿਰਤੀ’ ਵਿਚ ਕੋਈ ਅਜਿਹਾ ਲੇਖ ਲਿਖਦੇ ਸਾਂ, ਜੋ ਕਾਨੂੰਨ ਦੀ ਮਾਰ ਹੇਠ ਆਉਂਦਾ ਹੋਵੇ। ਮੇਰਠ ਕਮਿਊਨਿਸਟ ਸਾਜ਼ਿਸ਼ ਦੇ ਮੁਕੱਦਮੇ ਦੇ ਫੈਸਲੇ ਨੇ ਇਕ ਗੱਲ ਸਾਫ਼ ਕਰ ਦਿੱਤੀ ਸੀ ਕਿ ‘ਕਮਿਊਨਿਜ਼ਮ ਦਾ ਪਰਚਾਰ ਕਰਨਾ ਕਾਨੂੰਨ ਦਾ ਵਿਰੋਧ ਨਹੀਂ, ਕਮਿਊਨਿਸਟ ਪਾਰਟੀ ਬਨਾਉਣੀ ਕਾਨੂੰਨ ਦੀ ਮਾਰ ਹੇਠਾਂ ਆਉਂਦੀ ਹੈ। ਇਸ ਮੰਨੀ ਹੋਈ ਗੱਲ ਅਨੁਸਾਰ ਅਖ਼ਬਾਰ ਦੇ ਲੇਖ ਤੇ ਤਕਰੀਰਾਂ ਸਾਂਝੀਵਾਲ ਤੇ ਕਮਿਊਨਿਜ਼ਮ ਬਾਰੇ ਤਾਂ ਖੁਲ੍ਹ ਕੇ ਹੁੰਦੀਆਂ ਸਨ, ਪਰ ਪਾਰਟੀ ਬੰਨ੍ਹਣ ਲਈ ਆਖਣ ਤੋਂ ਸੰਕੋਚ ਕਰਦੀਆਂ ਸਨ। ਇਹ ਕੰਮ ਅਸੀਂ ਆਪਣੇ ਗੁਪਤ ਕੰਮ ਤੇ ਅਖ਼ਬਾਰਾਂ ਤੋਂ ਲੈਂਦੇ ਸਾਂ।

ਇਸ ਲਈ ਅੰਗਰੇਜ਼ੀ ਹਕੂਮਤ ਤੇ ਉਸ ਦੀ ਪੰਜਾਬ ਸੀ.ਆਈ.ਡੀ. ਦੇ ਉਤਲੇ ਅਫਸਰ ਸਾਡੇ ਉਤੇ ਬਹੁਤ ਔਖੇ ਰਹਿੰਦੇ ਸਨ। ਅਖ਼ੀਰ ਉਹਨਾਂ ਨੇ ਸਾਨੂੰ ਫਾਹੁਣ ਲਈ ਨਜਾਇਜ਼ ਤਰੀਕੇ ਵਰਤਣ ਦਾ ਫੈਸਲਾ ਕੀਤਾ ਤੇ ਸਾਡੇ ‘ਕਿਰਤੀ’ਦੇ ਦਫ਼ਤਰ ਵਿਚ ਬੰਬ ਰਖ ਕੇ ਸਾਨੂੰ ਫੜਨ ਦੀ ਗੋਂਦ ਗੁੰਦ ਲਈ। ਇਸ ਕੰਮ ਲਈ ਪੰਜਾਬ ਸੀ.ਆਈ.ਡੀ. ਦੇ ਉਤਲੀ ਪੱਧਰ ਰਾਜਧਾਨੀ ਤੇ ਅਫਸਰਾਂ ਅਮਰ ਸਿੰਘ ਤੇਗ ਨੂੰ ਵਰਤਿਆ, ਜਿਸ ਨੂੰ 1933 ਵਿਚ ਹੀ ਆਪਣਾ ਮੁਖਬਰ ਬਣਾ ਕੇ ਰਿਹਾ ਕੀਤਾ ਸੀ, ਤਾਂ ਜੋ ਮਾਸਕੋ ਜਾਣ ਵਾਲੇ ਕਾਮਰੇਡਾਂ ਨਾਲ ਚਲਿਆ ਜਾਵੇ ਤੇ ਉਥੋਂ ਦੇ ਸਾਰੇ ਕੰਮ ਦੀ ਮੁਖਬਰੀ ਕਰਦਾ ਰਹੇ।

15 ਮਈ 1936 ਦੀ ਰਾਤ ਨੂੰ ਜਦੋਂ ਬਜ਼ਾਰ ਸੁੰਝਾ ਹੋ ਜਾਂਦਾ ਹੈ ਜਿਸ ਤਰ੍ਹਾਂ ਮਿਸਲ ਦੱਸਦੀ ਹੈ ਅਮਰ ਸਿੰਘ ਤੇਗ ਨੇ ਹਜ਼ਾਰਾ ਸਿੰਘ ਸਿੰਗਰ ਨਾਲ ਰਲਕੇ ਇਕ ਲੰਮੇ ਸਾਰੇ ਬਾਂਸ ਵਿਚ ਬੰਬਾਂ ਦੀ ਪੋਟਲੀ ਟੰਗੀ ਤੇ ਬਾਰੀ ਥਾਣੀ ਉਤਲੀ ਛੱਤੇ ਹਾਲ ਕਮਰੇ ਦੀ ਕੱਛ ਵਿਚ ਬੱਦੀ ਹੋਈ ਇਕ ਚੁਰ ਵਿਚ ਵਗਾ ਦਿਤੀ ਤੇ ਬਾਂਸ ਖਿੱਚ ਲਿਆ। ਉਤਲੀ ਛੱਤ ਉਚੀ ਹੋਣ ਕਰਕੇ ਬਜ਼ਾਰ ਵੱਲ ਦੀਆਂ ਬਾਰੀਆਂ ਰਾਤ ਦਿਨ ਖੁਲ੍ਹੀਆਂ ਹੀ ਰੱਖੀਆਂ ਜਾਂਦੀਆਂ ਸਨ।

ਉਸ ਦੇ ਬੁਰੇ ਕਰਮਾਂ ਨੂੰ ਅਗਲੇ ਦਿਨ ਉਸ ਦੀਆਂ ਪੰਜਾਬ ਦੇ ਲਾਹੌਰ ਰਹਿੰਦੇ ਸੀ.ਆਈ.ਡੀ. ਅਧਿਕਾਰੀਆਂ ਨੂੰ ਰੀਪੋਰਟਾਂ ਪਹੁੰਚਾਉਣ ਵਾਲਾ ਮਿਥਿਆ ਹੋਇਆ ਸਿਪਾਹੀ ਸੰਪੂਰਨ ਸਿੰਘ ਉਸ ਨੂੰ ਨਾ ਮਿਲ ਸਕਿਆ ਤੇ ਰੀਪੋਰਟ ਲਾਹੌਰ ਨਾ ਪਹੁੰਚਾਈ ਜਾ ਸਕੀ। ਅਮਰ ਸਿੰਘ ਨੇ ਦੇਰ ਹੁੰਦੀ ਵੇਖ ਕੇ ਉਸ ਡਰ ਤੋਂ ਕਿ ਮਤਾਂ ਦਫਤਰ ਵਾਲੇ ਬੰਬਾਂ ਨੂੰ ਵੇਖ ਕੇ ਕਿਧਰੇ ਅਗਾਂਹ ਪਿਛਾਂਹ ਕਰ ਦੇਣ, ਅੰਮ੍ਰਿਰਤਸਰ ਦੀ ਸੀ.ਆਈ.ਡੀ. ਨੂੰ ਹੀ ਕੋਤਵਾਲੀ ਜਾ ਕੇ ਰੀਪੋਰਟ ਕਰ ਦਿਤੀ। ਸੀ.ਆਈ.ਡੀ. ਨੇ ਪੁਲਸ ਲੈ ਕੇ ਛਾਪਾ ਮਾਰਿਆ ਤੇ ਬੰਬ ਫੜ ਲਏ।

ਪਰ ਅਸੀਂ ਬਚ ਗਏ। ਮੈਂ ਤਾਂ ‘ਲਾਲ ਢੰਡੋਰਾ’ ਛਾਪਣ ਤੇ ਵੰਡਣ ਦੇ ਮੁਕੱਦਮੇ ਵਿਚ ਕੈਦ ਸਾਂ ਤੇ ਮੇਰੇ ਸਾਥੀ ਦਲੀਪ ਸਿੰਘ ਜੌਹਲ ਤੇ ਬਚਨ ਸਿੰਘ ਮਹਿਤਪੁਰ ਪਾਰਟੀ ਕੰਮ ਉਤੇ ਕਿਧਰੇ ਅੰਮ੍ਰਿਰਤਸਰੋਂ ਬਾਹਰ ਗਏ ਹੋਏ ਸਨ। ਓਥੇ ਦਲੀਪ ਸਿੰਘ ਜੌਹਲ ਦਾ ਭਾਈ ਗਿਆਨੀ ਸ਼ੰਕਰ ਸਿੰਘ ਆਪਣੀ ਬੀਮਾਰ ਵਹੁਟੀ ਤੇ ਦੋ ਨਿੱਕੀਆਂ ਬੱਚੀਆਂ ਨੂੰ ਲੈ ਕੇ ਠਹਿਰਿਆ ਹੋਇਆ ਸੀ। ਗਿਆਨੀ ਨੂੰ ਤਰ੍ਹਾਂ ਫੜਿਆ ਜਾਂਦਾ? ਸ਼ਿਕਾਰ ਤਾਂ ਬਚ ਗਿਆ।

ਇਸ ਨਾ-ਕਾਮਯਾਬੀ ਤੋਂ ਪਛਤਾ ਕੇ ਅੰਮ੍ਰਿਰਤਸਰ ਦੀ ਸੀ.ਆਈ.ਡੀ. ਦੇ ਅਫਸਰਾਂ ਨੇ ਤੇਗ ਤੋਂ ਪੁਛਿਆ ਕਿ ਉਸ ਦਾ ‘ਕਿਰਤੀਆਂ’ ਦੇ ਦਫਤਰ ਵਿਚ ਜਾਣ ਆਉਣ ਨਹੀਂ। ਉਸ ਨੂੰ ਕਿਸ ਤਰ੍ਹਾਂ ਪਤਾ ਲਗਾ ਕਿ ਬੰਬ ਉਥੇ ਫਲਾਣੀ ਥਾਂ ਪਏ ਸਨ। ਉਹਨੂੰ ਕਾਹਦਾ ਡਰ ਸੀ। ਉਹ ਤਾਂ ਬੰਦਾ ਹੀ ਸੀ.ਆਈ.ਡੀ. ਦਾ ਸੀ। ਉਸ ਨੇ ਸਾਰੀ ਗੱਲ ਸਾਫ਼ ਸਾਫ਼ ਦੱਸ ਦਿੱਤੀ ਕਿ ਉਸ ਲਾਹੌਰ ਦੇ ਉਤਲੇ ਅਫਸਰਾਂ ਦੇ ਆਖੇ ਲਗ ਕੇ ਇਹ ਸਭ ਆਪ ਕੀਤਾ ਤੇ ਉਹ ਚਿਰੋਕਣਾ ਹੀ ਉਨ੍ਹਾਂ ਨਾਲ ਮੇਲ ਰੱਖ ਰਿਹਾ ਸੀ।

ਉਸ ਦੇ ਇਕਬਾਲ ਕਰਨ ਉਤੇ ਅੰਮ੍ਰਿਰਤਸਰ ਸੀ.ਆਈ.ਡੀ. ਵਾਲਿਆਂ ਨੂੰ ਉਸ ਤੇ ਬਹੁਤ ਗੁੱਸਾ ਆਇਆ ਕਿ ਅੰਮ੍ਰਿਰਤਸਰ ਦਾ ਬੰਦਾ ਹੋ ਕੇ ਉਨ੍ਹਾਂ ਨੂੰ ਰੀਪੋਰਟ ਨਹੀਂ ਦਿੰਦਾ। ਉਨ੍ਹਾਂ ਦੇ ਉਤੋਂ ਦੀ ਲਾਹੌਰ ਜਾਂਦਾ ਸੀ। ਅੰਮ੍ਰਿਰਤਸਰੀਆਂ ਤੇ ਲਾਹੌਰੀਆਂ ਦੀ ਪਹਿਲਾਂ ਹੀ ਅੰਦਰਖਾਤੇ ਲਗਦੀ ਸੀ। ਉਨ੍ਹਾਂ ਖਾਰ ਖਾ ਕੇ ਅਮਰ ਸਿੰਘ ਤੇਗ ਤੇ ਹਜ਼ਾਰਾ ਸਿੰਘ ਸਿੰਗਰ ਦਾ ਚਲਾਣ ਕਰ ਦਿੱਤਾ ਤੇ ਉਨ੍ਹਾਂ ਨੂੰ ਭੜਕਾਊ ਮਾਦਾ ਕਬਜ਼ੇ ਵਿਚ ਰੱਖਣ ਤੇ ਦੂਸਰਿਆਂ ਨੂੰ ਫਸਾਉਣ ਦੀ ਸਾਜ਼ਿਸ਼ ਕਰਨ ਦੇ ਦੋਸ਼ ਵਿਚ ਪੰਜ ਸਾਲ ਕੈਦ ਬੋਲ ਗਈ ਜੋ ਅਪੀਲ ਉਤੇ ਵੀ ਕਾਇਮ ਰਹੀ।

ਪੰਜਾਬ ਦੀ ਸੀ.ਆਈ.ਡੀ. ਦੇ ਉਤਲੇ ਦੇਸੀ ਅਫਸਰਾਂ ਨੇ ਇਸ ਮਾਮਲੇ ਨੂੰ ਝਪਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸੀ.ਆਈ.ਡੀ. ਸਟਾਫ ਵਿਚਲੀ ਪਾਰਟੀਬਾਜ਼ੀ ਤੇ ਅੰਮ੍ਰਿਰਤਸਰੀਆਂ ਦੇ ਡਟੇ ਰਹਿਣ ਨਾਲ ਇਹ ਮਾਮਲਾ ਖੁਰਦ ਬੁਰਦ ਨਾ ਹੋ ਸਕਿਆ। ਇਥੋਂ ਤਕ ਕਿ ਪੰਜਾਬ ਸੀ.ਆਈ.ਡੀ. ਦੇ ਕੇਂਦਰੀ ਸਟਾਫ ਦੇ ਡਿਪਟੀ ਸੁਪਰਟੰਡੰਟ ਮਿਰਜ਼ਾ ਅਤਾਉਲਾ ਖ਼ਾਂ ਨੂੰ ਇਸ ਮੁਕੱਦਮੇ ਵਿਚ ਗਵਾਹੀ ਦਿੰਦਿਆਂ ਆਖਣਾ ਪਿਆ, ‘ਅਮਰ ਸਿੰਘ ਤੇਗ ਸਾਡਾ ਮੁਖਬਰ ਸੀ, ਤੇ ਉਹ ਕਿਤੇ ਕਿਤਾਈਂ ਸਾਨੂੰ ਖ਼ਬਰਾਂ ਦਿੰਦਾ ਸੀ। ਉਸ ਦੀਆਂ ਖ਼ਬਰਾਂ ਸੰਪੂਰਨ ਸਿੰਘ ਸਿਪਾਹੀ ਦੇ ਰਾਹੀਂ ਆਉਂਦੀਆਂ ਸਨ।’

ਸੰਨ 1933 ਗੀ ਗੱਲ ਹੈ ਕਿ ਮੈਂ ਤੇ ਮਨਸੂਰ ਕਿਰਤੀ ਕਿਸਾਨ ਪਾਰਟੀ ਦੇ ਹਿਸਾਬ ਦੀ ਪੜਤਾਲ (ਆਡਿਟ) ਵਾਸਤੇ ਲਾਏ ਗਏ। ਕਿਰਤੀ ਆਗੂਆਂ ਨੂੰ ਮਨਸੂਰ ਉਤੇ ਸਿੱਧਾ ਤਾਂ ਨਹੀਂ ਪਰ ਉਸ ਦੇ ਦੋ ਕੁ ਯਾਰਾਂ ਸਹਿਰਾਈ ਤੇ ਅਬਦੁਲ ਗੁਫਾਰ ਤੇਸ਼ ਉਤੇ ਜਿੰਨ੍ਹਾਂ ਕੋਲ ਉਹ ਰਾਤ ਠਹਿਰਦਾ ਸੀ, ਸੀ.ਆਈ.ਡੀ. ਦੇ ਮੁਖਬਰ ਹੋਣ ਦਾ ਯਕੀਨ ਸੀ। ਪਾਰਟੀ ਦਾ ਕੇਂਦਰੀ ਦਫਤਰ ਓਦੋਂ ਲਾਹੌਰ ਸੀ। ਸੀ.ਆਈ.ਡੀ. ਕਿਰਤੀ ਕਿਸਾਨ ਪਾਰਟੀ ਦੀ ਆਮਦਨ ਲੱਭਣ ਲਈ ਬੜੇ ਚਿਰ ਤੋਂ ਇਸ ਦੇ ਵਹੀ ਖਾਤੇ ਦੀ ਭਾਲ ਵਿਚ ਸੀ। ਇਸ ਕੰਮ ਲਈ ਉਸ ਨੇ ਬੜੇ ਛਾਪੇ ਮਾਰੇ ਸਨ ਪਰ ਸਫਲ ਨਹੀਂ ਸੀ ਹੋਈ। ਹਿਸਾਬ ਕਿਤਾਬ ਦੇ ਕਾਗਜ਼ ਪੱਤਰ ਤੇ ਰਜਿਸਟਰ ਦਫਤਰੋਂ ਬਾਹਰ ਕਿਸੇ ਘਰ ਵਿਚ ਲੁਕਾ ਕੇ ਰੱਖੇ ਜਾਂਦੇ ਸਨ।

ਪੜਤਾਲ ਵਾਸਤੇ ਹਿਸਾਬ ਕਿਤਾਬ ਅਸਾਂ ਦਫਤਰ ਮੰਗਵਾਇਆ। ਮਨਸੂਰ ਨਾਲ ਉਸ ਦੇ ਉਹੋ ਯਾਰ ਸਹਿਰਾਈ ਤੇਸ਼ ਹੀ ਆਏ। ਹਿਸਾਬ ਕਿਤਾਬ ਵੇਖਦਿਆਂ ਰਾਤ ਪੈ ਗਈ। ਬਾਕੀ ਅਗਲੇ ਦਿਨ ਵੇਖਣ ਦਾ ਫੈਸਲਾ ਕੀਤਾ। ਸਭ ਕੁਝ ਦਫਤਰ ਵਿਚ ਵਿਛੀ ਹੋਈ ਦਰੀ ਦੀ ਇਕ ਨੁਕਰੇ ਉਸ ਦਾ ਪੱਲਾ ਚੁੱਕ ਕੇ ਰੱਖ ਦਿੱਤਾ। ਉਪਰੰਤ ਮਨਸੂਰ ਹੋਰੀਂ ਰਾਤ ਰਹਿਣ ਲਈ ਸ਼ਹਿਰ ਦੇ ਕਿਸੇ ਘਰ ਚਲੇ ਗਏ। ਦਫਤਰ ਸਕੱਤਰ ਬਚਨ ਸਿੰਘ ਮਹਿਤਪੁਰ ਤੇ ਮੈਂ ਰਾਤ ਦਫਤਰ ਵਿਚ ਹੀ ਰਹੇ। ਅਗਲੀ ਸਵੇਰ ਸੂਰਜੋਂ ਪਹਿਲਾਂ ਹੀ ਸੀ.ਆਈ.ਡੀ. ਇਨਸਪੈਕਟਰ ਪੁਲਸ ਦੀ ਧਾੜ ਲੈ ਕੇ ਦਫਤਰ ਆ ਵਜਾ। ਆਉਂਦਿਆਂ ਹੀ ਸਿੱਧਾ ਦਰੀ ਦੀ ਉਸ ਨੁਕਰੇ ਗਿਆ ਜਿਥੇ ਮਨਸੂਰ ਦੇ ਸਾਥੀਆਂ ਦੇ ਸਾਹਮਣੇ ਰਜਿਸਟਰ ਤੇ ਵਊਚਰ ਰੱਖੇ ਸਨ। ਦਰੀ ਦਾ ਪੱਲਾ ਚੁਕ ਕੇ ਉਸ ਨੇ ਹਿਸਾਬ ਕਿਤਾਬ ਦੇ ਰਜਿਸਟਰ ਤੇ ਕਾਗਜ਼ ਕਬਜ਼ੇ ਵਿਚ ਕਰ ਲਏ।

ਸਾਡੇ ਅੱਗੇ ਇਹ ਜੁੰਡੀ ਨੰਗੀ ਹੋ ਗਈ। ਉਸ ਦਿਨ ਤੋਂ ਮਨਸੂਰ ਨੂੰ ਅਸੀਂ ਉਹ ਮੱਝ ਸਮਝਣ ਲੱਗ ਪਏ ਜਿਸ ਨੂੰ ਸੀ.ਆਈ.ਡੀ. ਆਪਣੇ ਕੱਟੇ ਛੱਡ ਕੇ ਚੋ ਲੈਂਦੀ ਰਹੀ। ਅਗਾਂਹ ਅਸੀਂ ਕਦੀ ਵੀ ਉਸ ਨੂੰ ਕਿਸੇ ਅਹੁਦੇ ਜਾਂ ਲੁਕਵੇਂ ਕੰਮ ਵਿਚ ਲੈਣਾ ਛੱਡ ਦਿੱਤਾ। ਉਸ ਨੂੰ ਹਮੇਸ਼ਾ ਇਹ ਸ਼ਿਕਾਇਤ ਰਹੀ ਕਿ ‘ਕਿਰਤੀ ਵਾਲੇ ਉਸ ਉਤੇ ਇਤਬਾਰ ਨਹੀਂ ਕਰਦੇ।’ ਮਨਸੂਰ ਤੋਂ ਸਾਡੀ ਇਹ ਸਾਵਧਾਨੀ ਪਾਰਟੀ ਅੰਦਰ ਫੁਟ ਦੇ ਕਾਰਣਾਂ ਵਿਚੋਂ ਬਿਨਾਂ ਸ਼ੱਕ ਇਕ ਕਾਰਣ ਬਣੀ ਰਹੀ, ਪਰ ਇਸ ਸਾਲ ਪਾਰਟੀ ਦਾ ਲੁਕਵੇਂ ਢੰਗ ਦਾ ਢਾਂਚਾ ਬਚਿਆ ਰਿਹਾ।

ਇਸੇ ਤਰ੍ਹਾਂ ਦਾ ਪਰ ਇਸ ਤੋਂ ਜ਼ਿਆਦਾ ਸਫਲ ਹੱਥ ਸੀ.ਆਈ.ਡੀ. ਨੇ ਸਾਡੇ ਨਾਲ 1935 ਵਿਚ ਖੇਡਿਆ ਜੋ ਸਾਨੂੰ ਬਹੁਤ ਮਹਿੰਗਾ ਪਿਆ।

ਜਿਸ ਤਰ੍ਹਾਂ ਉਤੇ ਦਸਿਆ ਗਿਆ ਹੈ ਕਿ ਗਦਰ ਪਾਰਟੀ ਦੇ ਕਮਿਊਨਿਸਟ ਬਣਾ ਭੇਜੇ ਹੋਏ ਲੀਡਰ ਤੇ ਵਰਕਰ ਪ੍ਰਦੇਸਾਂ ਤੋਂ ਪੰਜਾਬ ਵਿਚ ਆਏ ਹੋਏ ਸਨ, ਇਨ੍ਹਾਂ ਵਿਚ ਇਕ ਚਿੰਤਾ ਨਾਮ ਦਾ ਵਰਕਰ ਵੀ ਸੀ। ਉਹ ਸੀ.ਆਈ.ਡੀ. ਦੇ ਕਾਬੂ ਆ ਗਿਆ ਤੇ ਕਿਲ੍ਹੇ ਵਿਚ ਲਿਜਾ ਕੇ ਪੂਰੇ ਦੋ ਮਹੀਨੇ ਰੱਖਿਆ ਤੇ ਫੇਰ ਪਿੰਡ ਜੂਹ ਬੰਦ ਕਰ ਦਿੱਤਾ ਗਿਆ। ਉਹ ਪਿੰਡ ਬੰਦੀ ਤੋਂ ਨੱਠ ਗਿਆ। ‘ਤੇਗ ਕਿਲ੍ਹੇ ਵਿਚੋਂ ਨੱਠਾ ਸੀ’ ਉਨ੍ਹਾਂ ਦਿਨਾਂ ਵਿਚ ਜੇਲ੍ਹਾਂ ਤੇ ਪਿੰਡ ਬੰਦੀਆਂ ਤੋਂ ਭੱਜਣ ਵਾਲਿਆਂ ਨੂੰ ਬੜੇ ਸੂਰਮੇ ਇਨਕਲਾਬੀ ਮੰਨਿਆ ਜਾਂਦਾ ਸੀ ਤੇ ਉਨ੍ਹਾਂ ਦੀ ਨੀਅਤ ਉਤੇ ਸ਼ੱਕ ਨਹੀਂ ਸੀ ਕੀਤਾ ਜਾ ਸਕਦਾ।

ਚਿੰਤਾ ਜਦ ਨੱਠ ਕੇ ਆਇਆ ਤਾਂ ਉਸ ਨੂੰ ਬੰਬਈ ਭੇਜ ਦਿੱਤਾ ਗਿਆ। ਜਿਥੇ ਤੇਜਾ ਸਿੰਘ ਸਵਤੰਤਰ ਤੇ ਇਕਲਾਬ ਸਿੰਘ ਹੁੰਦਲ ਕੇਂਦਰ ਵਿਚ ਰਹਿ ਕੇ ਖੁਫੀਆ ਕੰਮ ਕਰ ਰਹੇ ਸਨ। ਅਲੋਪ ਵਰਕਰ ਤੇ ਉਹ ਵੀ ਗ਼ਦਰ ਪਾਰਟੀ ਤੋਂ ਆਇਆ ਹੋਇਆ ਹੋਣ ਕਰਕੇ ਉਸ ਨੂੰ ਸਵਤੰਤਰ ਤੇ ਹੁੰਦਲ ਦੇ ਘੋਲਨਿਆਂ ਵਿਚ ਲਾ ਦਿੱਤਾ ਗਿਆ।

ਉਹ ਦਰਅਸਲ ਸਭ ਕੁਝ ਸੀ.ਆਈ.ਡੀ. ਨਾਲ ਮਿੱਥ ਕੇ ਗਿਆ ਸੀ। ਉਸ ਦੇ ਸਵਤੰਤਰ ਹੋਰਾਂ ਨਾਲ ਮੇਲ ਹੁੰਦਿਆਂ ਹੀ ਪੰਜਾਬ ਦੀ ਸੀ.ਆਈ.ਡੀ. ਨੇ ਬੰਬਈ ਜਾ ਕੇ ਛਾਪਾ ਮਾਰਿਆ ਤੇ ਸਵਤੰਤਰ ਤੇ ਹੁੰਦਲ ਨੂੰ ਫੜ ਕੇ ਲੈ ਆਈ। ਕਿਲ੍ਹੇ ਵਿਚ ਉਨ੍ਹਾਂ ਤੋਂ ਪੁੱਛ ਗਿੱਛ ਸਮੇਂ ਸੀ.ਆਈ.ਡੀ. ਦੇ ਚਿੰਤੇ ਰਾਹੀਂ ਖੇਡੇ ਚਲਿੱਤਰ ਦਾ ਪਤਾ ਲੱਗ ਗਿਆ। ਇਸ ਤਰ੍ਹਾਂ ਅਸੀਂ ਚੋਟੀ ਦੇ ਲੀਡਰ ਫੜਵਾ ਬੈਠੇ।

ਸਾਡੀ ਇਨਕਲਾਬੀ ਰਹੁ-ਰੀਤ ਦੀ ਪਕਿਆਈ ਨੇ ਖੁਦ ਸੀ.ਆਈ.ਡੀ. ਦੇ ਅੰਦਰ ਹੇਠਲੇ ਅਫਸਰ ਪਰ ਬਾਲ੍ਹੇ ਸਿਪਾਰੀਆਂ ਨੂੰ ਸਾਡਾ ਹਮਦਰਦ ਤੇ ਹਿਤੈਸ਼ੀ ਬਣਾ ਛੱਡਿਆ ਸੀ। ਉਨ੍ਹਾਂ ਦੀ ਕਿਰਪਾ ਨਾਲ ਸਾਨੂੰ ਕਈ ਵਾਰ ਆਪਣੀਆਂ ਹੋਣ ਵਾਲੀਆਂ ਤਲਾਸ਼ੀਆਂ ਗ੍ਰਿਫਤਾਰੀਆਂ ਤੇ ਸਾਡੇ ਵੱਲ ਸੀ.ਆਈ.ਡੀ. ਦੇ ਹੋਰ ਪੁੱਟੇ ਜਾਣ ਵਾਲੇ ਕਦਮਾਂ ਤੇ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦਾ ਅਗੇਤਰੇ ਪਤਾ ਲੱਗ ਜਾਂਦਾ ਸੀ। ਉਹ ਸਾਨੂੰ ਕੌਮੀ ਤੇ ਜਨਤਕ ਜਥੇਬੰਦੀਆਂ ਅੰਦਰੋ ਖਰੀਦੇ ਹੋਏ ਵਰਕਰਾਂ ਤੇ ਲੀਡਰਾਂ ਦੇ ਨਾਂ ਵੀ ਦੱਸ ਦਿੰਦੇ ਸਨ ਜਿਨ੍ਹਾਂ ਨੂੰ ਅਜ਼ਮਾ ਕੇ ਸੱਚ ਝੂਠ ਨਿਤਾਰ ਲੈਂਦੇ ਸਾਂ। ਕਈ ਵਾਰੀ ਸਾਨੂੰ ਸਾਡੇ ਸ਼ਰੀਕਾਂ ਵਲੋਂ ਸਾਡੇ ਖਿਲਾਫ ਗੁੰਦੀਆਂ ਜਾ ਰਹੀਆਂ ਗੋਂਦਾ ਵੀ ਇਨ੍ਹਾਂ ਰਾਹੀਂ ਉਜਾਗਰ ਹੋ ਜਾਂਦੀਆਂ ਸਨ।

ਕਪੂਰਥਲੇ ਦੇ ਇਕ ਨਰਿੰਜਨ ਸਿੰਘ ਨੇ ਜੋ ਵਿਦਿਆਰਥੀ ਯੂਨੀਅਨ ਦਾ ਸਰਗਰਮ ਵਰਕਰ ਤੇ ਨੌਜਵਾਨ ਸਭਾਈਆਂ ਦਾ ਬੜਾ ਇਤਬਾਰੀ ਕਾਮਾ ਸੀ (ਪਰ ਸੀ.ਆਈ.ਡੀ. ਅੰਦਰ ਹਵਾਲਦਾਰ ਸੀ) ਸਾਨੂੰ ਮਿੰਟਗੁਮਰੀ ਜੇਲ੍ਹ ਵਿਚੋਂ ਚਮਨ ਲਾਲ ਬਟਾਲਵੀ ਤੇ ਬਾਹਰੋਂ ਮਨੁਸ਼ੀ ਅਹਿਮਦ ਦੀਨ ਵਿਚਾਲੇ ਹੋਈ ਚਿੱਠੀ ਚਪੱਠੀ ਦਾ ਇਕ ਥੱਬਾ ਪੜ੍ਹਨ ਲਈ ਲਿਆ ਦਿੱਤਾ ਜੋ ਅਸਾਂ ਤਿੰਨਾਂ ਚਹੁੰ ਦਿਨਾਂ ਵਿਚ ਪੜ੍ਹ ਕੇ ਮੋੜ ਦਿੱਤਾ। ਇਹਨਾਂ ਚਿੱਠੀਆਂ ਤੋਂ ਨੌਜੁਆਨ ਭਾਰਤ ਸਭਾ ਦੇ ਆਗੂਆਂ ਦੀ ਉਸ ਗੋਂਦ ਦਾ ਪਤਾ ਲੱਗਾ ਜੋ ਉਨ੍ਹਾਂ ਵਲੋਂ ਸਾਡੇ ਮਾਇਕ ਵਸੀਲਿਆਂ ਨੂੰ ਸਾਥੋਂ ਖੋਹਣ ਤੇ ਸਾਡੇ ਹੀ ਵਿਰੁਧ ਵਰਤਣ ਲਈ ਗੁੰਦੀ ਜਾ ਰਹੀ ਸੀ। ਪਰ ਉਹ ਬੜੇ ਭੁਲੇਖੇ ਵਿਚ ਸਨ। ਸਾਨੂੰ ਸਹਾਇਤਾ ਉਥੋਂ ਨਹੀਂ ਸੀ ਆਉਂਦੀ ਜਿਥੋਂ ਉਹ ਬੰਦ ਕਰਨ ਲਈ ਹੱਥ ਪੈਰ ਮਾਰ ਰਹੇ ਸਨ। ਗ਼ਦਰ ਪਾਰਟੀ ਦੀਆਂ ਅਮਰੀਕਾ, ਕਨੈਡਾ, ਅਰਜਨਟਾਇਨਾ, ਪਾਨਾਮਾ, ਫਿਜ਼ੀ, ਪੂਰਵੀ ਅਫਰੀਕਾ, ਚੀਨ ਤੇ ਸਿਆਮ ਦੀਆਂ ਸ਼ਾਖਾਂ ਰੁਪਿਆ ਤੇ ਕੰਮ ਕਰਨ ਵਾਲੇ ਵਰਕਰ ਭੇਜ ਕੇ (ਕਿਰਤੀ) ਅਖ਼ਵਾਰ ਤੇ ਸਾਡੇ ਪਾਰਟੀ ਗਰੁੱਪ ਦੀ ਸਹਾਇਤਾ ਕਰਦੀਆਂ ਰਹਿੰਦੀਆਂ ਸਨ ਤੇ ਸਾਨੂੰ ਫੰਡ ਦੀ ਤੋਟ ਨਹੀਂ ਸਨ ਆਉਣ ਦਿੰਦੀਆਂ। ਅੰਗਰੇਜ਼ੀ ਰਾਜ ਨੇ ਇਸ ਸਹਾਇਤਾ ਨੂੰ ਰੋਕਣ ਤੇ ਆਉਂਦੀ ਨੂੰ ਫੜਨ ਲਈ ਬੜੀ ਵਾਹ ਲਾਈ। ਪਰ ਗ਼ਦਰ ਪਾਰਟੀ ਅਜਿਹੇ ਢੰਗ ਨਾਲ ਇਹ ਰੁਪਿਆ ਭੇਜਦੀ ਸੀ (ਜੋ ਅਜੇ ਵੀ ਨਹੀਂ ਦੱਸਿਆ ਜਾ ਸਕਦਾ) ਕਿ ਸੱਤਾ ਸਮੁੰਦਰਾਂ ਤੇ ਮਹਾਂਦੀਪਾਂ ਤੇ ਰਾਜ ਕਰਨ ਵਾਲੀ ਅੰਗਰੇਜ਼ ਸਾਮਰਾਜ ਦੀ ਹਕੂਮਤ ਤੇ ਇਸ ਦੀ ਸੀ.ਆਈ.ਡੀ. ਦਾ ਕੌਮਾਂਤਰੀ ਜਾਲ ਤੇ ਖਿਲਾਰ ਇਸ ਦੇ ਆਉਣ ਦੇ ਰਾਹ ਨਾ ਲੱਭ ਸਕੇ। ਅਖੀਰ ਅੱਕ ਕੇ ਉਹ ਸਾਡੇ ਗਰੁਪ ਨੂੰ ਰੂਸੀ ਏਜੰਟ ਦੱਸਣ ਲਈ ਇਹ ਪ੍ਰਚਾਰ ਕਰਨ ਲੱਗ ਪਈ, ‘ਕਿ ਕਿਰਤੀਆਂ ਨੂੰ ‘ਰੂਸੀ ਸੋਨਾ’ ਆਉਂਦਾ ਹੈ ਤੇ ਉਸ ਦੇ ਸਿਰ ਉਤੇ ਇਹ ਚਲਦੇ ਹਨ।’

ਗਾਂਧੀ ਇਰਵਨ ਪੈਕਟ ਵਿਚ ਕਾਂਗਰਸ ਦੀ ਅੰਗਰੇਜ਼ ਸਾਮਰਾਜ ਤੋਂ ਖਾਧੀ ਮਾਤ ਨੇ ਕੌਮੀ ਲਹਿਰ ਅੰਦਰ ਬੜੀ ਨਿਰਾਸਤਾ ਲੈ ਆਂਦੀ ਤੇ ਇਸ ਨਿਰਾਸਤਾ ਨੇ ਕੌਮੀ ਲਹਿਰ ਦੀਆਂ ਸੱਜੀਆਂ ਖੱਬੀਆਂ ਸਾਰੀਆਂ ਜਥੇਬੰਦੀਆਂ ਤੇ ਪਾਰਟੀਆਂ ਦੇ ਏਕੇ ਨੂੰ ਫੋੜ ਕੇ ਰੱਖ ਦਿੱਤਾ। 1932-33 ਵਿਚ ਪੰਜਾਬ ਦੀਆਂ ਖੱਬੇ ਪਾਸੇ ਦੀਆਂ ਜਥੇਬੰਦੀਆਂ ਨਾ ਕੇਵਲ ਇਕ ਦੂਸਰੇ ਨਾਲ ਸੌਂਕਣਾ ਵਾਂਗ ਲੜ ਝਗੜ ਰਹੀਆਂ ਹਨ, ਸਗੋਂ ਆਪਸ ਵਿਚ ਵੀ ਅੰਦਰੋ ਅੰਦਰੀ ਪਾਟੀਆਂ ਪਈਆਂ ਸਨ। ਇਹ ਜਥੇਬੰਦੀਆਂ ਤੇ ਇਨ੍ਹਾਂ ਲੀਡਰਾਂ ਦੇ ਵਰਕਰਾਂ ਦੇ ਜੁਟ ਇਕ ਦੂਸਰੇ ਨਾਲ ਲਗਦੇ ਤੇ ਇਕ ਦੂਜੇ ਨੂੰ ਸਿਆਸੀ ਪਿੜ ਵਿਚੋਂ ਕੱਢਣ ਲਈ ਆਪਸ ਵਿਚ ਸੌਂਕਣ ਆਢਾ ਲਾਈ ਰੱਖਦੇ ਸਨ। ਸਾਡੀ ਮਾਲੀ ਹਾਲਤ ਮਜ਼ਬੂਤ ਵੇਖ ਕੇ ਨੌਜਵਾਨ ਭਾਰਤ ਸਭਾਈ ਆਗੂ ਸਾਡੇ ਨਾਲ ਬੜੀ ਖਾਰ ਖਾਂਦੇ ਤੇ ਸਾਡੀ ਜਥੇਬੰਦੀ ਨੂੰ ਤੋੜਨ ਜਾਂ ਕਮਜ਼ੋਰ ਕਰਨ ਕਰਨ ਲਈ ਕੋਈ ਕਸਰ ਨਹੀਂ ਛੱਡਦੇ। ਉਹ ਅੰਗਰੇਜ਼ੀ ਸਾਮਰਾਜ ਤੋਂ ‘ਰੂਸੀ ਸੋਨੇ’ ਦੀ ਦੁਹਾਈ ਸੁਣ ਕੇ ਇਨ੍ਹਾਂ ਯਤਨਾਂ ਵਿਚ ਲਗ ਗਏ ਕਿ ਰੂਸ ਜਾਇਆ ਜਾਏ ਤੇ ਇਨ੍ਹਾਂ ਦਾ ਉਥੋਂ ਆ ਰਿਹਾ ਪੈਸਾ ਜੇ ਬੰਦ ਨਹੀਂ ਤਾਂ ਘੱਟ ਤੋਂ ਘੱਟ ਆਪਣੇ ਵਾਸਤੇ ਵੀ ਲੈ ਲਿਆ ਜਾਇਆ ਕਰੇ।

ਇਸ ਲਈ ਉਹ ਕਮਿਊਨਿਸਟ ਇੰਟਰਨੈਸ਼ਨਲ ਪਾਸ ਸਾਡੀਆਂ ਲੂਤੀਆਂ ਲਾਉਣ ਦੇ ਰਾਹ ਲਭ ਰਹੇ ਸਨ।

ਹੁਣ ਨੌਜਵਾਨ ਭਾਰਤ ਸਭਾ ਆਪਣਾ ਜਨਤਕ ਪਸਾਰ ਗਵਾ ਬੈਠੀ ਸੀ ਤੇ ਕੇਵਲ ਮੁਠੀ ਭਰ ਲੀਡਰਾਂ ਦਾ ਗਰੋਹ ਹੀ ਰਹਿ ਗਈ ਸੀ। ਇਹ ਲੀਡਰ ਆਪਣੇ ਆਪ ਨੂੰ ਸੋਸ਼ਲਿਸਟ ਕਹਿਣ ਲੱਗ ਪਏ ਸਨ। ਇਹ ਹੁਣ ਜਨਤਕ ਕੰਮ ਤੋਂ ਵਿਹਲੇ ਹੋ ਕੇ ਰੂਸ ਜਾਣ ਤੇ ਕਿਰਤੀਆਂ ਦਾ, ‘ਰੂਸੀ ਸੋਨਾ’ ਬੰਦ ਕਰਾਉਣ ਦੇ ਆਹਰਾਂ ਵਿਚ ਜੁਟ ਗਏ ਸਨ।

ਇਨ੍ਹਾਂ ਦੇ ਲੀਡਰ ਮੁਨਸ਼ੀ ਅਹਿਮਦ ਦੀਨ ਨੇ ਪਹਿਲਾਂ ਤਾਂ ਕਾਬਲ ਰਾਹੀਂ ਰੂਸ ਜਾਣ ਦਾ ਬੜਾ ਚਾਰਾ ਕੀਤਾ, ਪਰ ਨਾ ਤਾਂ ਉਸ ਨੂੰ ਜਾਂ ਉਸ ਦੀ ਜਥੇਬੰਦੀ ਨੂੰ ਰਾਹ ਦੀ ਕੋਈ ਵਾਕਫੀ ਸੀ ਤੇ ਨਾ ਠਾਹਰ ਅਤੇ ਨਾ ਹੀ ਸਰਹੱਦੀ ਅਜ਼ਾਦ ਪਠਾਣਾਂ ਨਾਲ ਸਾਂਝ ਭਿਆਲੀ। ਇਸ ਲਈ ਉਹ ਇਸ ਰਸਤੇ ਰੂਸ ਦੀ ਤਾਂ ਕੀ ਕਾਬਲ ਵੀ ਨਾ ਜਾ ਸਕਿਆ। ਸਰਹੱਦ ਤੋਂ ਦੋ ਤਿੰਨ ਵਾਰ ਫੜ ਕੇ ਲੈ ਆਂਦਾ ਗਿਆ ਫੇਰ ਉਸ ਨੇ ਅਹਿਰਾਰੀ ਲੀਡਰਾਂ ਨਾਲ ਰਲ ਕੇ ਰੂਸ ਜਾਣ ਦਾ ਇਕ ਹੋਰ ਰਾਹ ਕੱਢਿਆ। ਉਸ ਨੇ ਹੱਜ ਕਰਨ ਦੇ ਪੱਜ ਮਦੀਨੇ ਪੁੱਜਣ ਤੇ ਫੇਰ ਉਥੋਂ ਅਗਾਂਹ ਤੁਰਕੀ ਖਿਸਕਣ ਦੀ ਸਲਾਹ ਬਣਾਈ ਜਿੱਥੇ ਉਸ ਨੇ ਮੁੜ ਰੂਸ ਨੂੰ ਲੰਘ ਜਾਣਾ ਸੀ। ਕਿਉਂਕਿ ਨੌਜਵਾਨ ਸਭਾ ਵਿਚ ਉਸ ਦਾ ਹੱਥ ਪਿਆ ਹੋਇਆ ਸੀ, ਸੀ.ਆਈ.ਡੀ. ਨੂੰ ਮੁਨਸ਼ੀ ਦੀਆਂ ਇਨ੍ਹਾਂ ਸਰਗਰਮੀਆਂ ਦਾ ਪਤਾ ਸੀ। ਸੋ ਕਾਬਲ ਜਾਣ ਵਾਲੀ ਸਕੀਮ ਉਸ ਨੇ ਸਿਰੇ ਨਾ ਚੜ੍ਹਨ ਦਿੱਤੀ ਤੇ ਨਾ ਹੀ ਇਹ ਹੱਜ ਵਾਲੀ।

ਮੁਨਸ਼ੀ ਨੂੰ ਅੰਗਰੇਜ਼ੀ ਹਕੂਮਤ ਨੇ ਹੱਜ ਕਰਨ ਜਾਣ ਦੀ ਆਗਿਆ ਤਾਂ ਦੇ ਦਿੱਤੀ, ਪਰ ਹੱਜ ਤੇ ਲਿਜਾਣ ਵਾਲੇ ਠੇਕੇਦਾਰਾਂ ਉਤੇ ਸ਼ਰਤ ਲਾ ਦਿਤੀ ਕਿ ਮੁਨਸ਼ੀ ਨੂੰ ਮਦੀਨੇ ਤੋਂ ਅਗਾਂਹ ਨਾ ਜਾਣ ਦੇਣ ਤੇ ਹਰ ਕੀਮਤ ਤੇ ਹਿੰਦੁਸਤਾਨ ਵਾਪਸ ਲਿਆਉਣ ਨਹੀਂ ਤਾਂ ਉਨ੍ਹਾਂ ਪਾਸੋਂ ਹੱਜ ਤੇ ਲਿਜਾਣ ਦਾ ਠੇਕਾ ਖੋਹ ਲਿਆ ਜਾਵੇਗਾ।

ਮੱਕੇ ਮਦੀਨੇ ਜਾ ਕੇ ਮੁਨਸ਼ੀ ਨੂੰ ਪਤਾ ਲਗਾ ਕਿ ਅੰਗਰੇਜ਼ੀ ਰਾਜ ਦਾ ਜਾਲ ਤੇ ਤੰਦਵੇ ਕਿੰਨੇ ਵਿਸ਼ਾਲ ਤੇ ਖਿਲਰਵੇਂ ਹਨ। ਉਥੇ ਨਾ ਕੇਵਲ ਪ੍ਰਬੰਧਕਾਂ ਵੱਲੋਂ ਉਸ ਦੀ ਨਿਗਰਾਨੀ ਕੀਤੀ ਜਾਂਦੀ ਰਹੀ ਤੇ ਮਦੀਨੇ ਤੋਂ ਅਗਾਂਹ ਜਾਣੋਂ ਰੋਕਿਆ ਗਿਆ ਸਗੋਂ ਸਾਊਦੀ ਅਰਬ ਪੁਲਸ ਨੇ ਉਸ ਉਤੇ ਪਹਿਰਾ ਰਖਿਆ ਤੇ ਇਸ ਤਰ੍ਹਾਂ ਦਾ ਉਸ ਨੂੰ ਆਪਣੀ ਨਿਗਰਾਨੀ ਹੇਠ ਲੈ ਲਿਆ। ਜਦ ਉਸ ਨੇ ਮਦੀਨੇ ਤੋਂ ਤੁਰਕੀ ਨੂੰ ਖਿਸਕਣ ਦੀ ਕੋਸ਼ਿਸ਼ ਕੀਤੀ ਅਰਬ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਵਾਪਸ ਜਹਾਜ਼ ਚਾੜ੍ਹ ਦਿੱਤਾ ਤੇ ਹੱਜ ਦੇ ਠੇਕੇਦਾਰ ਉਸ ਨੂੰ ਦੇਸ਼ ਮੋੜ ਲਿਆਏ।

ਫੇਰ ਮੁਨਸ਼ੀ ਨੇ ਚੰਗੀ ਤਰ੍ਹਾਂ ਲੈੱਸ ਹੋ ਕੇ ਕਾਬਲ ਰਾਹੀਂ ਜਾਣ ਦੀ ਕੋਸ਼ਿਸ਼ ਕੀਤੀ। ਜਦ ਉਹ ਆਜ਼ਾਦ ਪਠਾਣਾਂ ਦੇ ਮਹਿਮੰਦ ਇਲਾਕੇ ਵਿਚ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ‘ਰੂਸ ਜਾਣ ਵਾਲੇ ਪਾਸ ਕਾਬਲ ਦੇ ਰੂਸ ਰਾਜਦੂਤ ਤੋਂ ਰਾਹਦਾਰੀ ਲੈਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਰੂਸ ਵਾਲੇ ਆਪਣੇ ਦੇਸ਼ ਵਿਚ ਇਸ ਤਰ੍ਹਾਂ ਚੋਰੀ ਛਿਪੀ ਆਉਣ ਵਾਲਿਆਂ ਨੂੰ ਸਾਮਰਾਜੀ ਏਜੰਟ ਸਮਝ ਕੇ ਜੇਲ੍ਹ ਵਿਚ ਸੁੱਟ ਛੱਡਦੇ ਹਨ। ਕਾਬਲ ਦੇ ਰੂਸੀ ਰਾਜਦੂਤ ਤੋਂ ਰਾਹਦਾਰੀ ਲੈਣ ਲਈ ਹਿੰਦੁਸਤਾਨ ਦੀ ਕਮਿਊਨਿਸਟ ਪਾਰਟੀ ਜਾਂ ਗ਼ਦਰ ਪਾਰਟੀ ਦੀ ਵਾਕਫੀ ਕਰਾਉਣ ਵਾਲੀ ਚਿੱਠੀ ਚਾਹੀਦੀ ਹੈ। ਇਸ ਤੋਂ ਬਿਨਾਂ ਉਸ ਕਿਸੇ ਦੀ ਨਹੀਂ ਸੁਣਦਾ!’ ਉਨ੍ਹਾਂ ਉਸ ਨੂੰ ਸਮਝਾਇਆ ਕਿ ਜਾਣ ਪਛਾਣ ਤੋਂ ਬਿਨਾਂ ਕਾਬਲ ਤੋਂ ਰੂਸ ਜਾਣਾ ਅਸੰਭਵ ਹੈ। ਮਨੁਸ਼ੀ ਅਹਿਮਦ ਦੀਨ ਮੁੜ ਆਇਆ।

ਸਾਡੇ ਨਾਲ ਤਾਂ ਮੁਨਸ਼ੀ ਹੋਰਾਂ ਦੀ ਲਗਦੀ ਸੀ। ਇਸ ਲਈ ਉਹ ਸਾਥੋਂ ਬਾਹਰੇ ਹੀ ਇਨ੍ਹਾਂ ਯਤਨਾਂ ਵਿਚ ਲਗੇ ਰਹੇ ਕਿ ਕਿਸੇ ਗ਼ਦਰ ਪਾਰਟੀ ਦੇ ਝਬਦੇ ਬਾਹਰੋਂ ਆਏ ਲੀਡਰ ਪਾਸੋਂ ਕਾਬਲ ਦੇ ਰੂਸੀ ਰਾਜਦੂਤ ਲਈ ਜਾਣ ਪਛਾਣ ਲੈ ਲਈ ਜਾਵੇ। ਓਦੋਂ ਗ਼ਦਰ ਪਾਰਟੀ ਵਲੋਂ ਹਰਜਾਪ ਸਿੰਘ ਮਾਲ੍ਹਪੁਰ ਤੇ ਵਾਸਦੇਵ ਸਿੰਘ ਆਏ ਹੋਏ ਸਨ ਹਰਜਾਪ ਸਿੰਘ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਮਿੰਟਗੁਮਰੀ ਜੇਲ੍ਹ ਵਿਚ ਸ਼ਾਹੀ ਕੈਦੀ ਸੀ ਤੇ ਵਾਸਦੇਵ ਸਿੰਘ ਬਾਹਰ ਅਲੋਪ ਹੋ ਕੇ ਕੰਮ ਕਰ ਰਿਹਾ ਸੀ। ਮੁਨਸ਼ੀ ਹੋਰਾਂ ਹਰਜਾਪ ਸਿੰਘ ਤੋਂ ਇਹ ਕੰਮ ਲੈਣ ਦੀ ਸਲਾਹ ਪਕਾਈ। ਇਕ ਤਾਂ ਉਹ ਸੁਭਾਅ ਦਾ ਬਹੁਤ ਸਿੱਧ ਪੱਧਰਾ ਸੀ ਤੇ ਦੂਸਰੇ ਅਜੇ ਨਵਾਂ ਆਇਆ ਕਰਕੇ ਕਿਰਤੀਆਂ ਦੇ ਤੇ ਮੁਨਸ਼ੀ ਹੋਰਾਂ ਦੇ ਸੌਂਕਣ ਆਢੇ ਤੋਂ ਨਾਵਾਕਫ ਸੀ ਤੇ ਉਨ੍ਹਾਂ ਦੇ ਰੂਸ ਜਾਣ ਦੇ ਮੂਲ-ਮੁੱਦੇ ਨੂੰ ਨਹੀਂ ਸੀ ਜਾਣਦਾ। ਇਸ ਲਈ ਉਨ੍ਹਾਂ ਨੇ ਕਾਬਲ ਦੇ ਰੂਸੀ ਰਾਜਦੂਤ ਦੇ ਨਾਂ ਹਰਜਾਪ ਸਿੰਘ ਤੋਂ ਜਾਣ-ਪਛਾਣ ਲੈਣ ਦੀ ਸਲਾਹ ਕੀਤੀ ਤੇ ਇਸ ਕੰਮ ਲਈ ਚਮਨ ਲਾਲ ਬਟਾਲਵੀ ਨੇ ਜ਼ਿੰਮਾ ਲਿਆ। ਉਹ ਮਿੰਟਗੁਮਰੀ ਜਾ ਕੇ ਕੋਈ ਕਾਨੂੰਨ ਤੋੜ ਕੇ ਕੈਦ ਹੋ ਗਿਆ ਤੇ ਮਿੰਟਗੁਮਰੀ ਜੇਲ੍ਹ ਵਿਚ ਪਹੁੰਚ ਗਿਆ। ਉਸ ਨੇ ਹਰਜਾਪ ਸਿੰਘ ਨਾਲ ਵਾਕਫ਼ੀ ਪਾਈ ਤੇ ਉਸ ਤੋਂ ਕਾਬਲ ਦੇ ਰਾਜਦੂਤ ਦੇ ਨਾਮ ਜਾਣ-ਪਛਾਣ ਮੰਗੀ। ਹਰਜਾਪ ਸਿੰਘ ਨੇ ਆਪ ਤਾਂ ਚਿੱਠੀ ਲਿਖ ਕੇ ਨਾ ਦਿੱਤੀ, ਪਰ ਚਮਨ ਲਾਲ ਨੂੰ ਦਸ ਪਾ ਦਿੱਤੀ ਕਿ ਉਸ ਦੇ ਸਾਥੀ ਬਾਹਰ ਵਾਸਦੇਵ ਸਿੰਘ ਨੂੰ ਲੱਭਣ ਤੇ ਉਸ ਤੋਂ ਚਿੱਠੀ ਲੈਣ।

ਇਸ ਤੋਂ ਨੌਜੁਵਾਨ ਭਾਰਤ ਸਭਾਈਆਂ ਨੇ ਸਾਥੋਂ ਉਪਰ ਉਪਰ ਹੀ ਵਾਸਦੇਵ ਸਿੰਘ ਨੂੰ ਟੋਲਣਾ ਆਰੰਭ ਦਿੱਤਾ ਜਿਸ ਨੂੰ ਪਹਿਲਾਂ ਹੀ ਸੀ.ਆਈ.ਡੀ. ਦੇ ਸ਼ਿਕਾਰੀ ਕੁੱਤਿਆਂ ਵਾਂਗ ਲੱਭਦੀ ਫਿਰਦੀ ਸੀ। ਸਾਥੋਂ ਬਗੈਰ ਉਹ ਉਨ੍ਹਾਂ ਨੂੰ ਲੱਭ ਵੀ ਕਿਸ ਤਰ੍ਹਾਂ ਸਕਦਾ ਸੀ? ਨਾ ਉਹ ਉਨ੍ਹਾਂ ਨੂੰ ਲੱਭਾ ਤੇ ਨਾ ਹੀ ਉਨ੍ਹਾਂ ਦੀ ‘ਰੂਸੀ ਸੋਨਾ’ ਭੋਗਣ ਦੀ ਸੱਧਰ ਪੂਰੀ ਹੋਈ। ਅੰਤ ਉਹ ਉਸ ਦੀ ਗ੍ਰਿਫ਼ਤਾਰੀ ਦੀ ਖ਼ਬਰ ਪੜ੍ਹਕੇ ਢੇਰੀਆਂ ਢਾਹ ਕੇ ਬਹਿ ਗਏ।

ਸਾਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਮਿੰਟਗੁਮਰੀ ਜੇਲ੍ਹ ਵਿਚੋਂ ਚਮਨ ਲਾਲ ਤੇ ਬਾਹਰੋਂ ਮੁਨਸ਼ੀ ਅਹਿਮਦ ਦੀਨ ਵਿਚਕਾਰ ਹੋਈ ਉਸ ਚਿੱਠੀ ਚਪੱਠੀ ਤੋਂ ਪਤਾ ਲੱਗਾ ਜੋ ਨਰਿੰਜਣ ਸਿੰਘ ਨੇ ਸਾਨੂੰ ਪੜ੍ਹਨ ਵਾਸਤੇ ਦਿੱਤੀਆਂ ਸਨ।

***

ਅਸੀਂ ਆਪਣੇ ਲੁਕਵੇਂ ਕੰਮ ਦੀ ਡਾਕ ਉਤੇ ਵੀ ਸੀ.ਆਈ.ਡੀ. ਦਾ ਹੱਥ ਨਹੀਂ ਸੀ ਪੈਣ ਦਿੰਦੇ, ਪਰਦੇਸੀ ਡਾਕ ਦੀਆਂ ਚਿੱਠੀਆਂ ਪਹਿਲਾਂ ਬੰਬਈ, ਕਲਕੱਤਾ ਜਾਂ ਮਦਰਾਸ ਵਰਗੇ ਵੱਡੇ ਵੱਡੇ ਸ਼ਹਿਰ ਵਿਚ ਜਿਥੇ ਬੇਅੰਤ ਪ੍ਰਦੇਸੀ ਡਾਕ ਆਉਂਦੀ ਜਾਂਦੀ ਸੀ, ਸਾਡੇ ਲੁਕਵੇਂ ਸਨੇਹੀਆਂ ਦੇ ਪਤਿਆਂ ਉਤੇ ਆਉਂਦੀਆਂ ਤੇ ਸਾਡੀ ਪ੍ਰਦੇਸੀ ਡਾਕ ਵੀ ਤਿਨ੍ਹਾਂ ਹੀ ਹਿਤੈਸ਼ੀਆਂ ਰਾਹੀਂ ਪ੍ਰਦੇਸਾਂ ਨੂੰ ਭੇਜੀ ਜਾਂਦੀ। ਉਹ ਸਨੇਹੀ ਸਾਡੀਆਂ ਪ੍ਰਦੇਸੀ ਚਿੱਠੀਆਂ, ਸਾਡੇ ਲੁਕਵੇਂ ਪਤਿਆਂ ਉਤੇ ਅੰਮ੍ਰਿਰਤਸਰ ਜਾਂ ਲਾਹੌਰ ਭੇਜ ਦੇਂਦੇ ਤੇ ਸਾਡੀਆਂ ਉਨ੍ਹਾਂ ਨੂੰ ਭੇਜੀਆਂ ਹੋਈਆਂ ਚਿੱਠੀਆਂ ਉਹ ਪ੍ਰਦੇਸੀ ਸਰਨਾਵਿਆਂ ਤੇ ਡਾਕੇ ਪਾ ਦਿੰਦੇ।

ਸਾਡੀਆਂ ਇਹ ਲੁਕਵੀਆਂ ਚਿੱਠੀਆਂ, ਖਾਸ ਕਰ ਗ਼ਦਰ ਪਾਰਟੀ ਦੇ ਹੈਡ ਕੁਆਟਰ, ਗ਼ਦਰ ਆਸ਼ਰਮ, ਸਨਫਰਾਂਸਿਸਕੋ, ਕੈਲੇਫੋਰਨੀਆਂ, ਅਮਰੀਕਾ ਤੇ ਵੀ ਇੰਟਰਨੈਸ਼ਨਲ ਵਿਚ ਸਾਡੇ ਮੇਲ-ਮਿਲਾਪ ਦੇ ਪ੍ਰਤੀਨਿਧ ਭਾਈ ਰਤਨ ਸਿੰਘ ਡੱਬਾ ਨੂੰ ਕੋਡ (ਗੁਪਤ ਲਿਪੀ) ਵਿਚ ਹੁੰਦੀਆਂ ਤੇ ਓਧਰੋਂ ਵੀ ਗੁਪਤ ਲਿਪੀ ਵਿਚ ਹੀ ਆਉਂਦੀਆਂ। ਦੇਸ਼ ਵਿਚਲੀਆਂ ਅਜਿਹੀਆਂ ਚਿੱਠੀਆਂ ਵੀ ਬੇਗਾਨੇ ਸਰਨਾਵਿਆਂ ਤੇ ਆਉਂਦੀਆਂ ਤੇ ਜਾਂਦੀਆਂ।

ਜੇਲ੍ਹਾਂ ਵਿਚ ਬੰਦ ਕਿਰਤੀ ਆਗੂਆਂ ਨਾਲ ਚਿੱਠੀ-ਪੱਤਰ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਵਾਂ ਤੇ ਹੁੰਦਾ ਤੇ ਭੇਤ ਵਾਲੀਆਂ ਗੱਲਾਂ ਅਦਿਸ ਸਿਆਹੀ ਨਾਲ ਲਿਖੀਆਂ ਜਾਂਦੀਆਂ, ਜਿਨ੍ਹਾਂ ਨੂੰ ਅੰਦਰਲੇ ਸਾਥੀ ਉਠਾ ਲੈਂਦੇ। ਉਨ੍ਹਾਂ ਦਾ ਜਵਾਬ ਵੀ ਸਾਨੂੰ ਇਸੇ ਤਰ੍ਹਾਂ ਆ ਜਾਂਦਾ। ਸੀ.ਆਈ.ਡੀ. ਤੇ ਜੇਲ੍ਹ ਅਧਿਕਾਰੀਆਂ ਦੀ ਪਿੱਠ ਪਿਛੇ ਅਸੀਂ ਜੇਲ੍ਹਾਂ ਦੇ ਵਾਰਡਰਾਂ ਰਾਹੀਂ ਆਪਣੇ ਸਾਥੀਆਂ ਨੂੰ ਚਿੱਠੀਆਂ ਪਹੁੰਚਾ ਤੇ ਉਨ੍ਹਾਂ ਦਾ ਜਵਾਬ ਮੰਗਵਾ ਲੈਂਦੇ।

***

ਨਿਗਰਾਨੀ ਦੇ ਸਿਲਸਿਲੇ ਵਿਚ ਵੀ ਅਸੀਂ ਸੀ.ਆਈ.ਡੀ. ਨੂੰ ਕੁਝ ਦੇ ਦਵਾਲ ਨਹੀਂ ਸਾਂ ਹੁੰਦੇ। ਵੇਲੇ ਸਿਰ ਅਸੀਂ ਨਿਗਰਾਨੀ ਵਾਲੇ ਸਿਪਾਹੀ ਤੋਂ ਖੁੰਝਾਈ ਮਾਰ ਕੇ ਚਲੇ ਜਾਂਦੇ ਤੇ ਆਪਣਾ ਕੰਮ ਕਰਕੇ ਮੁੜ ਆਉਂਦੇ ਸਾਂ।

ਅਸੀਂ ਸੀ.ਆਈ.ਡੀ. ਦੇ ਨਿਗਰਾਨੀ ਦੇ ਤਾਣੇ ਬਾਣੇ ਤੋਂ ਭਲੀ ਭਾਂਤ ਜਾਣੂ ਹੋ ਕੇ ਉਸ ਤੋਂ ਆਪਣੇ ਕੰਮ ਬਚਾਈ ਰੱਖਣ ਦੀ ਜਾਚ ਸਿੱਖ ਗਏ ਸੀ। ਸਾਨੂੰ ਪਤਾ ਲੱਗ ਗਿਆ ਸੀ ਕਿ ਕਿਹੜੀਆਂ ਥਾਵਾਂ ਤੋਂ ਲੰਘਣੋਂ ਸੰਕੋਚ ਕੀਤਾ ਜਾਏ ਜਾਂ ਦਾਅ ਬਚਾ ਕੇ ਲੰਘ ਲਈਆਂ ਜਾਣ ਤਾਂ ਸੀ.ਆਈ.ਡੀ. ਦੀ ਅੱਖੇ ਨਹੀਂ ਆਈਦਾ। ਰੇਲ ਜੰਕਸ਼ਨਾਂ, ਜ਼ਿਲ੍ਹਾ ਹੈਡਕੁਆਟਰਾਂ ਵਿਚ ਮੋਟਰਾਂ ਦੇ ਅੱਡਿਆਂ, ਲਾਹੌਰ, ਅੰਮ੍ਰਿਰਤਸਰ, ਲਾਇਲਪੁਰ ਤੇ ਦਿੱਲੀ ਆਦਿ ਰਾਜਸੀ ਗੜ੍ਹਾਂ ਵਿਚ ਤਾਂ ਟਾਂਗਿਆਂ ਦੇ ਅੱਡਿਆਂ, ਅੰਮ੍ਰਿਰਤਸਰ ਘੰਟਾਘਰ ਤੇ ਗੁਰੂ ਰਾਮਦਾਸ ਦੀ ਸਰਾਂ ਅੱਗੇ ਸੀ.ਆਈ.ਡੀ. ਦੇ ਪੱਕੇ ਬੰਦੇ ਛੱਡੇ ਹੁੰਦੇ ਸਨ ਜੋ ਆਏ ਗਏ ਰਾਜਸੀਆਂ ਤੇ ‘ਨੰਬਰਾਂ’ ਦੀ ਤਾੜ ਰੱਖਦੇ ਤੇ ਉਨ੍ਹਾਂ ਦੇ ਆਉਣ ਜਾਣ ਜਾਂ ਉਥੋਂ ਦੀ ਲੰਘ ਜਾਣ ਦੀਆਂ ਡਾਇਰੀਆਂ ਦਿੰਦੇ ਰਹਿੰਦੇ। ਇਸ ਤੋਂ ਇਲਾਵਾ ਸੀ.ਆਈ.ਡੀ. ਦੇ ਦੋ ਤਿੰਨ ਬੰਦੇ ਰਾਜਸੀ ਪਾਰਟੀਆਂ ਦੇ ਦਫ਼ਤਰਾਂ ਮੁਹਰੇ ਖਲੋਤੇ ਰਹਿੰਦੇ ਤੇ ਆਇਆਂ ਗਿਆ ਨੂੰ ਨਿਗਾਹ ਹੇਠ ਰੱਖਦੇ ਤੇ ਉਨ੍ਹਾਂ ਦੀਆਂ ਡਾਇਰੀਆਂ ਦਿੰਦੇ।

ਦਫ਼ਤਰਾਂ ਤੇ ਆਵਾਜਾਈ ਦੀਆਂ ਵਿਸ਼ੇਸ਼ ਥਾਵਾਂ ਦੀ ਤਾੜ ਰੱਖਣ ਤੋਂ ਛੁਟ ਸੀ.ਆਈ.ਡੀ. ਦੀ ਆਪਣੀ ਜਾਚੇ ‘ਖ਼ਤਰਨਾਕ’ ਰਾਜਸੀ ਬੰਦਿਆਂ ਦੀ ਉਨ੍ਹਾਂ ਪਿੱਛੇ ਪੱਕਾ ਚਿੱਟ ਕੱਪੜੀਆਂ ਸਿਪਾਹੀ ਲਾ ਕੇ ਨਿਗਰਾਨੀ ਕਰਾਉਂਦੀ। ਇਸ ਹੇਠ ਰੱਖੇ ‘ਖ਼ਤਰਨਾਕਾਂ’ ਨੂੰ ਉਹ ਏ, ਬੀ, ਤੇ ਸੀ ਦੀਆਂ ਤਿੰ ਨ ਫਹਿਰਿਸਤਾਂ ਵਿਚ ਵੰਡਦੀ ਸੀ।

‘ਏ’ ਵਿਚ ਉਹ ਇਨਕਲਾਬੀ ਵਰਕਰ ਰੱਖਦੀ ਸੀ ਜਿਨ੍ਹਾਂ ਨੂੰ ਹਕੂਮਤ ਸਾਰੇ ਹਿੰਦੁਸਤਾਨ ਲਈ ਖ਼ਤਰਨਾਕ ਸਮਝਦੀ ਸੀ। ਉਸ ਪਿਛੇ ਲਾਇਆ ਹੋਇਆ ਇਕੋ ਪੱਕਾ ਸਿਪਾਹੀ ਸਾਰੇ ਹਿੰਦੁਸਤਾਨ ਵਿਚ ਉਸ ਇਨਕਲਾਬੀ ਦੇ ਪਿਛੇ ਘੁੰਮਦਾ ਸੀ। ‘ਬੀ’ ਫਹਿਰਿਸਤ ਵਿਚ ਉਹ ਵਰਕਰ ਸਨ ਜਿਨ੍ਹਾਂ ਪਿਛੇ ਸੀ.ਆਈ.ਡੀ. ਦਾ ਪੱਕਾ ਬੰਦਾ ਕੇਵਲ ਆਪਣੇ ਸੂਬੇ ਵਿਚ ਹੀ ਫਿਰ ਸਕਦਾ ਸੀ। ਤੇ ਜੇ ਵਰਕਰ ਸੂਬੇ ਚੋਂ ਬਾਹਰ ਚਲੇ ਜਾਣ ਤਾਂ ਉਹ ਸਿਪਾਹੀ ਉਸ ਦੀ ਨਿਗਰਾਨੀ ਅਗਲੇ ਸੂਬੇ ਚੋਂ ਸੀ.ਆਈ.ਡੀ. ਵਾਲੇ ਨੂੰ ਸਪੁਰਦ ਕਰਕੇ ਮੁੜ ਆਉਂਦਾ ਸੀ। ਉਸ ਦਾ ਪਤਾ ਸੀ.ਆਈ.ਡੀ. ਵਾਲੇ ਰੇਲ ਤੇ ਚੜ੍ਹਨ ਵਾਲੇ ਸਟੇਸ਼ਨ ਤੋਂ ਹੀ ਵਰਕਰ ਦੀਆਂ ਦੀ ਰੇਲ ਬਾਬੂਆਂ ਤੋਂ ਚੈੱਕ ਕਰਵਾ ਕੇ ਲਾ ਲੈਂਦੇ ਸਨ ਕਿ ਉਸ ਨੇ ਕਿੱਥੇ ਜਾਣਾ ਹੈ। ਜੇ ਸੂਬੇ ਤੋਂ ਬਾਹਰ ਜਾਣਾ ਹੁੰਦਾ ਤਾਂ ਉਸ ਇਸ ਵਰਕਰ ਦੇ ਜਾਣ ਦੀ ਤਾਰ ਪਹਿਲਾਂ ਹੀ ਦਿੱਲੀ ਜਾਂ ਸਹਾਰਨਪੁਰ ਦੇ ਛੱਡਦੇ ਜਿੱਥੇ ਅਗਲਾ ਸੀ.ਆਈ.ਡੀ. ਦਾ ਬੰਦਾ ਉਸ ਵਰਕਰ ਦੀ ਨਿਗਰਨੀ ਸੰਭਾਲਣ ਲਈ ਅੱਗੇ ਹੀ ਹਾਜ਼ਰ ਹੁੰਦਾ। ਸਾਡੇ ਸੂਬੇ ਦਾ ਬੰਦਾ ਉਸ ਤੋਂ ਵਰਕਰ ਦੀ ਵਸੂਲੀ ਦੀ ਰਸੀਦ ਲੈ ਆਉਂਦਾ।

‘ਸੀ’ ਦੀ ਨਿਗਰਾਨੀ ਵਾਲੇ ਉਹ ਬੰਦੇ ਸਨ ਜਿਨ੍ਹਾਂ ਦੀ ਆਪਣੇ ਜ਼ਿਲ੍ਹੇ ਵਿਚ ਹੀ ਨਿਗਰਾਨੀ ਹੰਦੀ। ਜ਼ਿਲ੍ਹੇ ਤੋਂ ਬਾਹਰ ਸਿਪਾਹੀ ਪਿਛੇ ਨਹੀਂ ਸੀ ਜਾਂਦਾ। ਜੇ ਉਹ ਵਰਕਰ ਦੂਸਰੇ ਜ਼ਿਲ੍ਹੇ ਵਿਚ ਜਾਵੇ ਤਾਂ ਉਸ ਜ਼ਿਲ੍ਹੇ ਦੀ ਸੀ.ਆਈ.ਡੀ. ਦੇ ਦਫ਼ਤਰ ਨੂੰ ਇਤਲਾਹ ਕਰ ਦਿੱਤੀ ਜਾਂਦੀ ਸੀ ਜਾਂ ਜ਼ਿਲ੍ਹੇ ਦੀ ਸਰਹੱਦ ਦੇ ਥਾਣੇ ਵਿਚ ਸੀ.ਆਈ.ਡੀ. ਵਾਲਾ ਰੀਪੋਰਟ ਕਰਕੇ ਮੁੜ ਜਾਂਦਾ।

ਜਿਸ ਤਰ੍ਹਾਂ ਸਮਾਂ ਪਾ ਕੇ ਸਰਕਾਰੀ ਨੌਕਰਾਂ ਦੀ ਤਰੱਕੀ ਹੁੰਦੀ ਹੈ, ਇਸੇ ਤਰ੍ਹਾਂ ਸਾਡੀ ਨਿਗਰਾਨੀ ਦੇ ਦਰਜੇ ਵੀ ਵੱਧਦੇ ਸਨ। ਜਿਵੇਂ ਜਿਵੇਂ ਕੋਈ ਵਰਕਰ ਜ਼ਿਲ੍ਹੇ ਦੀ ਰਾਜਸੀ ਪੱਧਰ ਤੋਂ ਉਠ ਕੇ ਉਤਲੀ ਪੱਧਰ ਵੱਲ ਜਾਂਦਾ, ਉਸ ਦੀ ‘ਖ਼ਤਰਨਾਕੀ’ ਦਾ ਦਰਜਾ ਵੀ ਵੱਧਦਾ ਤੇ ਉਹ ਸੀ ਤੋਂ ਬੀ ਤੋਂ ਏ ਦੀ ਫ਼ਹਿਰਿਸਤ ਤੇ ਚੜ੍ਹਦਾ ਜਾਂਦਾ।

ਸੀ.ਆਈ.ਡੀ. ਦੀਆਂ ਫਹਿਰਿਸਤਾਂ ਵਿਚ ਚੜ੍ਹ ਕੇ ਸਾਨੂੰ ਇਸ ਤਰ੍ਹਾਂ ਖੁਸ਼ੀ ਹੁੰਦੀ ਜਿਸ ਤਰ੍ਹਾਂ ਕਿਸੇ ਸਰਕਾਰੀ ਨੌਕਰ ਦਾ ਅਹੁਦਾ ਵੱਧ ਗਿਆ ਹੋਵੇ। ਜਿਸ ਪਿਛੇ ਸਿਪਾਹੀ ਲਗ ਜਾਂਦਾ, ਉਸ ਨੂੰ ਆਪਣੀ ਘਾਲਣਾ ਦਾ ਫਲ ਮਿਲ ਗਿਆ ਹੋਇਆ ਪ੍ਰਤੀਤ ਹੁੰਦਾ ਤੇ ਉਸ ਨੂੰ ਇਕ ਤਰ੍ਹਾਂ ਦੀ ਸੰਨਦ ਮਿਲ ਜਾਂਦੀ ਕਿ ਉਹ ਇਨਕਲਾਬੀ ਕੰਮ ਵਿਚ ਤਾਕ ਹੋ ਰਿਹਾ ਸੀ।

ਸਾਡੇ ਤੁਰਨ ਤੇ ਆਉਣ ਜਾਣ ਦੀਆਂ ਡਾਇਰੀਆਂ, (ਸੀ.ਆਈ.ਡੀ. ਦੀਆਂ ਇਨ੍ਹਾਂ ਰੀਪੋਰਟਾਂ ਨੂੰ ਡਾਇਰੀਆਂ ਆਖਿਆ ਜਾਂਦਾ ਸੀ) ਸੀ.ਆਈ.ਡੀ. ਦੇ ਦਫ਼ਤਰਾਂ ਜਾਂ ਦੂਸਰੇ ਜ਼ਿਲ੍ਹਿਆਂ ਜਾਂ ਸੂਬਿਆਂ ਨੂੰ ਸਾਡੇ ਨਾਵਾਂ ਉਤੇ ਨਹੀਂ ਹੁੰਦੀਆਂ ਸਨ ਸਗੋਂ ਸੀ.ਆਈ.ਡੀ. ਫ਼ਹਿਰਿਸਤ ‘ਏ’, ‘ਬੀ’ ਤੇ ‘ਸੀ’ ਵਿਚ ਦਰਜ ਨਾਵਾਂ ਦੇ ਨੰਬਰਾਂ ਉਤੇ ਹੁੰਦੀਆਂ ਸਨ। ਸਾਡੀਆਂ ਵਸੂਲੀਆਂ ਤੇ ਜਾਣੀਆਂ ਦੀਆਂ ਰਸੀਦਾਂ ਤੇ ਤਾਰਾਂ ਇਨ੍ਹਾਂ ਨੰਬਰਾਂ ਤੇ ਹੀ ਲਈਆਂ ਤੇ ਦਿੱਤੀਆਂ ਜਾਂਦੀਆਂ। ‘ਆਹ ਹਿੰਦ ਨੰਬਰ’ ਜਾਂ ‘ਆਹ ਪੰਜਾਬ ਨੰਬਰ’ ਆਦਿ। ਮੈਂ ਜਦ ‘ਬੀ’ ਫ਼ਹਿਰਿਸਤ ਵਿਚ ਸਾਂ ਤਾਂ ਮੇਰਾ ਪੰਜਾਬ ਨੰਬਰ 7 ਸੀ। ਤੇ ਜਦ ਏ ਵਿਚ ਕਰ ਲਿਆ ਗਿਆ ਤਾਂ ਹਿੰਦ ਨੰਬਰ 32 ਹੋ ਗਿਆ।

ਸਾਡੀਆਂ ਏ ਫ਼ਹਿਰਿਸਤਾਂ ਕੁਲ ਹਿੰਦੁਸਤਾਨ ਦੇ ਸੀ.ਆਈ.ਡੀ. ਦੇ ਦਫ਼ਤਰਾਂ ਤੇ ਅੱਡਿਆਂ, ਪੁਲਿਸ ਦੇ ਸਾਰੇ ਥਾਣਿਆਂ ਤੇ ਸਮੁੰਦਰੀ ਤੇ ਹਵਾਈ ਘਾਟਾਂ ਦੀ ਪੁਲਸ ਪਾਸ ਹੁੰਦੀਆਂ ਸਨ। ‘ਬੀ’ ਦੀਆਂ ਫ਼ਹਿਰਿਸਤਾਂ ਸਾਰੇ ਪੰਜਾਬ ਦੇ ਥਾਣਿਆਂ ਤੇ ਸੀ.ਆਈ.ਡੀ. ਦੇ ਅੱਡਿਆਂ ਤੇ ਦਫ਼ਤਰਾਂ ਵਿਚ।

*****

ਨਿਗਰਾਨੀ ਦੇ ਇਸ ਸਿਲਸਿਲੇ ਨਾਲ ਸਾਡਾ ਤਾਂ ਕੁਝ ਨਹੀਂ ਸੀ ਵਿਗੜਦਾ ਪਰ ਸਿਪਾਹੀਆਂ ਲਈ ਨਿਗਰਾਨੀ ਦਾ ਕੰਮ ਬਹੁਤ ਔਖਾ ਤੇ ਦੁਖਦਾਈ ਸੀ। ਉਹ ਵਿਚਾਰੇ ਨਾ ਆਪਣੀ ਬੈਠਣੀ ਬੈਠ ਸਕਣ, ਨਾ ਆਪਣੀ ਖਲੋਣੀ ਖਲੋ ਸਕਣ। ਜੇ ਅਸੀਂ ਤੁਰ ਪਏ ਤਾਂ ਉਹ ਤੁਰ ਪਏ, ਅਸੀਂ ਖਲੋ ਗਏ ਤਾਂ ਉਹ ਖਲੋ ਗਏ। ਜੇ ਅਸੀਂ ਬੈਠ ਗਏ ਤਾਂ ਉਨ੍ਹਾਂ ਵੀ ਗੋਡਾ ਨਿਵਾ ਲਿਆ। ਨਹੀਂ ਤੇ ਖੈਰ ਭਲੀ। ਕਈ ਵਾਰ ਬਾਹਰ ਦੂਰ ਦੀਆਂ ਥਾਵਾਂ ਤੇ ਜਾਣ ਲਈ ਸਿਆਲ ਵਿਚ ਅਸਾਂ ਤੇ ਗਰਮ ਕੱਪੜੇ ਜਾਂ ਬਿਸਤਰਾ ਲੈ ਲੈਣਾ ਜਾਂ ਸਾਨੂੰ ਅਗੇ ਜਾਣ ਵਾਲੇ ਥਾਂ ਤੋਂ ਮਿਲ ਜਾਣਾ, ਪਰ ਇਹਨਾਂ ਨੌਕਰੀ ਦੇ ਮਾਰਿਆਂ ਨੇ ਨਾ ਤਾਂ ਸਾਨੂੰ ਛੱਡ ਕੇ ਘਰੋਂ ਬਿਸਤਰਾ ਲਿਆ ਸਕਣਾ ਤੇ ਨਾ ਉਹਨਾਂ ਨੂੰ ਅਗੋਂ ਕਿਸੇ ਨੇ ਦੇਣਾ। ਉਹਨਾਂ ਨੇ ਸਾਡੇ ਮਗਰੋਂ ਜਾ ਕੇ ਅਤੀ ਤੰਗ ਹੋਣਾ। ਕਈ ਸਿਪਾਹੀਆਂ ਨੇ ਦੁੱਖੀ ਹੋ ਕੇ ਇਹ ਡਿਊਟੀ ਬਦਲਵਾ ਲੈਣੀ ਤੇ ਕੁਝ ਨੇ ਤਾਂ ਇਸ ਕੁੱਤੇ ਕੰਮ ਤੋਂ ਤੰਗ ਆ ਕੇ ਅਸਤੀਫ਼ਾ ਹੀ ਦੇ ਛੱਡਿਆ ਸੀ।

ਸਾਨੂੰ ਲੁਕਵੇਂ ਕੰਮਾਂ ਤੇ ਜਾਣ ਲਈ ਸੀ.ਆਈ.ਡੀ. ਦੀਆਂ ਅੱਖਾਂ ਵਿਚ ਘੱਟਾ ਪਾਉਣਾ ਪੈਂਦਾ ਸੀ। ਵਿਹਲੇ ਵੇਲੇ ਅਗੋਂ ਹੀ ਮਿਥੇ ਹੋਏ ਕਿਸੇ ਲੁਕਵੇਂ ਕੰਮ ਤੇ ਜਾਣ ਆਣ ਲਈ ਅਸੀਂ ਰਾਤ ਨੂੰ ਜਾਂਦੇ। ਜਦ ਸਿਪਾਹੀ ਹਟ ਜਾਂਦਾ ਸੀ। ਤੇ ਜੇ ਕਿਤੇ ਸਿਪਾਹੀ ਹੁੰਦਿਆਂ ਝਬਦੇ ਹੀ ਅੰਮ੍ਰਿਰਤਸਰ ਸ਼ਹਿਰ ਦੇ ਅੰਦਰ ਹੀ ਜਾਣਾ ਪੈ ਜਾਏ ਤਾਂ ਦਰਬਾਰ ਸਾਹਿਬ ਸਾਨੂੰ ਬੜਾ ਕੰਮ ਦਿੰਦਾ ਸੀ। ਅਸਾਂ ਇਕ ਸਾਂਝੀ ਚਪਲ ਪ੍ਰਕਰਮ ਦੇ ਝੂਠੇ ਬਜ਼ਾਰ ਵਾਲੇ ਲਾਂਘੇ ਉਤੇ ਮੋਚੀ ਪਾਸ ਰੱਖੀ ਹੁੰਦੀ ਸੀ। ਸਾਡੇ ਵਿਚੋਂ ਕਿਸੇ ਨੇ ਖੁੰਝਾਈ ਮਾਰਨੀ ਹੁੰਦੀ ਤਾਂ ਉਹ ਦਰਬਾਰ ਸਾਹਿਬ ਮੱਥਾ ਟੇਕਣ ਦੇ ਪੱਜ ਸਰਾਂ ਅਗੇ ਜਾਂ ਘੰਟਾਘਰ ਜੁੱਤੀ ਲਾਹ ਕੇ ਪ੍ਰਕਰਮਾਂ ਵਿਚ ਚਲਾ ਜਾਂਦਾ। ਸਿਪਾਹੀ ਲਾਹੀ ਜੁੱਤੀ ਦਾ ਨਾਕਾ ਮਲ ਕੇ ਬਹਿ ਰਹਿੰਦਾ ਤੇ ਅਸੀਂ ਝੂਠੇ ਬਜ਼ਾਰ ਦੇ ਨਾਕੇ ਤੋਂ ਨਿਕਲ ਜਾਂਦੇ ਤੇ ਆਪਣਾ ਕੰਮ ਕਰਕੇ ਮੁੜ ਆਉਂਦੇ।

ਉਨ੍ਹਾਂ ਦਿਨਾਂ ਵਿੱਚ ਅਕਾਲੀਆਂ ਅੰਦਰ ਅੰਗਰੇਜ਼ੀ ਸਰਕਾਰ ਵਿਰੁੱਧ ਏਨੀ ਘਿਰਨਾ ਸੀ ਕਿ ਦਰਬਾਰ ਸਾਹਿਬ ਅੰਦਰ ਜਾਣ ਦੀ ਨਾ ਕਿਸੇ ਪੁਲਸੀਏ ਦੀ ਤੇ ਨਾ ਕਿਸੇ ਸੀ.ਆਈ.ਡੀ. ਵਾਲ਼ੇ ਦੀ ਹਿੰਮਤ ਪੈਂਦੀ ਸੀ। ਇਹ ਸਥਿਤੀ ਸਾਡੇ ਲੁਕਵੇਂ ਕੰਮ ਵਿੱਚ ਬਹੁਤ ਹੀ ਵੱਡੀ ਸਹਾਇਕ ਸੀ। ਅਸੀਂ ਦਰਬਾਰ ਸਾਹਿਬ ਦੀ ਇਸ ਅੰਗਰੇਜ਼ ਵਿਰੋਧੀ ਪਵਿੱਤਰਤਾ ਤੋਂ ਰੱਜ ਕੇ ਫਾਇਦਾ ਉਠਾਉਂਦੇ ਰਹੇ।

ਜਦੋਂ ਕਿਸੇ ਫੌਰੀ ਕੰਮ ਲਈ ਅੰਮ੍ਰਿਰਤਸਰ ਤੋਂ ਬਾਹਰ ਜਾਣਾ ਪੈ ਜਾਂਦਾ ਤਾਂ ਅਸੀਂ ਭੀੜ ਵਾਲ਼ੇ ਬਜ਼ਾਰਾਂ ਵਿੱਚੋਂ ਬੜਾ ਤੇਜ਼ ਤੇਜ਼ ਤੁਰ ਕੇ ਨਿਕਲ ਜਾਣਾ ਤੇ ਸਿਪਾਹੀ ਸਾਈਕਲ ਸਣੇ ਹੋਣ ਕਰਕੇ ਭੀੜ ਵਿਚ ਫਸ ਜਾਂਦਾ।

ਸਾਨੂੰ ਸੀ.ਆਈ.ਡੀ. ਵਾਲ਼ਿਆਂ ਨਾਲ਼ ਇਸ ਚੂਹੇ ਬਿੱਲੀ ਦੀ ਖੇਡ ਵਿੱਚ ਬੜਾ ਮਜ਼ਾ ਆਉਂਦਾ। ਪਰ ਸੀ.ਆਈ.ਡੀ. ਵਾਲ਼ਿਆਂ ਏਨਾ ਤੰਗ ਹੋਣਾ ਕਿ ਪੁਛੋ ਹੀ ਨਾ। ਸਾਡੀਆਂ ਬਾਹਰਲੀਆਂ ਖੁੰਝਾਈਆਂ ਦੀਆਂ ਰੀਪੋਰਟਾਂ ਉਨ੍ਹਾਂ ਦੀ ਨੌਕਰੀ ਦੀ ਮਿਸਲ ਕਾਲੀ ਕਰ ਦਿੰਦੀਆਂ ਸਨ। ਇਸ ਕਾਲਖ ਤੋਂ ਬਚਣ ਲਈ ਉਹ ਸਾਡੇ ਨਾਲ਼ ਬਣਾਈ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਦੇ। ਇਸ ਮਕਸਦ ਲਈ ਉਹ ਸਾਡੇ ਨਿੱਜੀ ਕੰਮ ਕਰਦੇ ਰਹਿੰਦੇ! ਅਸੀਂ ਉਨ੍ਹਾਂ ਤੋਂ ਬਜ਼ਾਰ ਦਾ ਸੌਦਾ ਮੰਗਵਾਉਣਾ, ਬਾਹਰ ਜਾਣ ਲੱਗਿਆਂ ਕੁਲੀਆਂ ਦੀ ਥਾਂ ਆਪਣਾ ਸਾਮਾਨ ਤੇ ਬਿਸਤਰਾ ਆਦਿ ਉਨ੍ਹਾਂ ਨੂੰ ਚੁਕਵਾਉਣਾ, ਉਨ੍ਹਾਂ ਤੋਂ ਤਾਂਗੇ ਮੰਗਵਾਉਣਾ, ਗ੍ਰਿਫਤਾਰ ਹੋਏ ਸਾਥੀਆਂ ਨੂੰ ਹਵਾਲਾਤਾਂ ਵਿੱਚ ਸੁਨੇਹਾ ਪਤਾ ਪਹੁੰਚਾਉਣਾ ਤੇ ਉਨ੍ਹਾਂ ਦੀ ਸੁੱਖ ਸਾਂਦ ਮੰਗਵਾਉਣੀ। ਉਦੋਂ ਬੱਸਾਂ ਘੱਟ ਹੋਣ ਕਰਕੇ ਰੇਲ-ਗੱਡੀਆਂ ਵਿੱਚ ਬਹੁਤ ਭੀੜ ਹੁੰਦੀ ਸੀ, ਨਾ ਟਿਕਟਾਂ ਸੌਖੀਆਂ ਮਿਲ਼ਦੀਆਂ ਸਨ ਤੇ ਨਾ ਹੀ ਗੱਡੀ ਵਿੱਚ ਸੀਟਾਂ। ਉਨ੍ਹਾਂ ਨੇ ਸਾਨੂੰ ਟਿਕਟਾਂ ਵੀ ਲੈ ਦੇਣੀਆਂ ਤੇ ਸੀਟਾਂ ਵੀ ਅਤੇ ਲੰਮੇ ਸਫਰ ਵੇਲੇ ਸਾਡੇ ਬਿਸਤਰੇ ਲਵਾ ਦੇਣੇ। ਰਸਤੇ ਵਿੱਚ ਬਾਹਰੋਂ ਖਾਣ ਪੀਣ ਦੀਆਂ ਚੀਜ਼ਾਂ ਬੈਠੇ ਬਿਠਾਇਆਂ ਨੂੰ ਲਿਆ ਦੇਣੀਆਂ। ਗੱਡੀ ਵਿੱਚ ਸਮਾਨ ਚੜ੍ਹਾਉਣਾ ਤੇ ਲਾਹੁਣਾ ਸਾਰਾ ਉਨ੍ਹਾਂ ਦਾ ਕੰਮ ਸੀ। ਕਈ ਵਾਰ ਅਸੀਂ ਟਰੱਕਾਂ ਵਿੱਚ ਭਰੇ ਲੁਕਵੇਂ ਕਾਨੂੰਨੀ ਪਰਚੇ ਤੇ ਚੀਜ਼ਾਂ ਵੀ ਉਨ੍ਹਾਂ ਤੋਂ ਚੁਕਵਾ ਕੇ ਲੈ ਜਾਂਦੇ। ਜੇ ਆਪਣੇ ਪਿੰਡ ਚਲੇ ਜਾਈਏ ਤਾਂ ਘਰ ਦੀ ਸਾਰੀ ਬੁਤੀ ਨਤੀ ਉਨ੍ਹਾਂ ਤੋਂ ਕਰਵਾਉਣੀ। ਸੰਤਾ ਸਿੰਘ ਗੰਡੀਵਿੰਚ ਤਾਂ ਉਨ੍ਹਾਂ ਤੋਂ ਪੱਠੇ ਵੀ ਵਢਾਉਂਦਾ, ਢੁਆਉਂਦਾ ਤੇ ਕੁਤਰਾਉਂਦਾ ਤੇ ਡੰਗਰਾਂ ਨੂੰ ਪਵਾਉਂਦਾ ਹੁੰਦਾ ਸੀ।

ਕਈ ਵਾਰ ਅਸੀਂ ਵੀ ਉਨ੍ਹਾਂ ਦੇ ਆਖੇ ਲੱਗ ਜਾਣਾ। ਖੁੱਲ੍ਹੇ ਕੰਮ ਜਾਣ ਲੱਗਿਆਂ ਉਨ੍ਹਾਂ ਨੂੰ ਅਗੇਤਰਾ ਹੀ ਆਖ ਛੱਡਣਾ, ਉਨ੍ਹਾਂ ਲੋੜੀਂਦਾ ਸਾਮਾਨ ਨਾਲ਼ ਲੈ ਲੈਣਾ ਤੇ ਬਾਲ ਬੱਚਿਆਂ ਨੂੰ ਦੱਸ ਆਉਣਾ। ਇਸ ਮਾੜੀ ਜਿਹੀ ਸਹੂਲਤ ਬਦਲੇ ਉਨ੍ਹਾਂ ਸਾਡੀ ਚਾਕਰੀ ਕਰਦੇ ਰਹਿਣਾ ਤੇ ਜੇ ਕਿਤੇ ਉਨ੍ਹਾਂ ਕੁਝ ਦਿਨ ਆਪਣੇ ਨਿੱਜੀ ਕੰਮਾਂ ਉਤੇ ਘਰ ਜਾਂ ਸਾਕਾਂ ਅੰਗਾਂ ਦੇ ਜਾਣਾ ਹੁੰਦਾ ਤਾਂ ਉਹ ਸਾਨੂੰ ਕਿਸੇ ਬਾਹਰਲੇ ਪਿੰਡ ਜਾਣ ਲਈ ਆਖਦੇ। ਅਸਾਂ ਉਤਨੇ ਦਿਨ ਬਾਹਰ ਹੋ ਆਉਣਾ ਤੇ ਆਪਣੀ ਸਾਡੀ ਉਨ੍ਹਾਂ ਨੇ ਉਸ ਪਿੰਡ ਵਿੱਚ ਰਹਿਣ ਦੀ ਡਾਇਰੀ ਦੇ ਛੱਡਣੀ। ਇਸ ਤਰ੍ਹਾਂ ਅਸੀਂ ਇਕ ਦੂਜੇ ਜੇ ਲੂੰਬੜ ਕੁੱਤਾ ਹੁੰਦੇ ਹੋਏ ਵੀ ਇਕ ਦੂਜੇ ਨੂੰ ਵਾਹ ਲੈਂਦੇ ਸਾਂ। ਪਰ ਅਲੋਪਵੇਂ ਕੰਮਾਂ ਵਿੱਚ ਅਸੀਂ ਇਸ ਰਸ-ਰਸਾਈ ਨੂੰ ਕੁਰਬਾਨ ਕਰ ਦਿੰਦੇ ਸਾਂ ਤੇ ਉਸ ਦੀ ਉਨ੍ਹਾਂ ਤਾਈਂ ਭਿਣਕ ਨਹੀਂ ਸਾਂ ਪੈਣ ਦਿੰਦੇ।

ਕਈ ਵਾਰ ਆਵੈੜੇ ਸਿਪਾਹੀ ਵੀ ਆ ਵਜਦੇ ਸਨ ਜੋ ਅਜਿਹੀ ਕੁੱਤਾ ਮੱਖੀ ਬਣਦੇ ਕਿ ਲਗਦੀ ਵਾਹ ਸਾਨੂੰ ਖੁੰਝਣ ਨਾ ਦਿੰਦੇ। ਅਜਿਹਿਆਂ ਦੀ ਅਸੀਂ ਛੇਤੀ ਹੀ ਸੁਧਾਈ ਕਰ ਲੈਂਦੇ। ਇਨ੍ਹਾਂ ਨੂੰ ਰਾਸ ਕਰਨ ਲਈ ਅਸਾਂ ਸ਼ਹਿਰੋਂ ਬਾਹਰ ਖੇਤਾਂ ਤੇ ਬਾਗਾਂ ਵਿੱਚ ਜਾ ਨਿਕਲਣਾ। ਜਾਣ ਬੁਝ ਕੇ ਰਾਹ ਛੱਡ ਦੇਣਾ ਤੇ ਡਾਂਡੇ ਮੀਂਢੇ ਖੇਤਾਂ, ਸੰਘਣੇ ਬਾਗਾਂ, ਵਾਹਣਾਂ, ਗਿੱਲੀਆਂ ਰੌਣੀਆਂ ਵਿੱਚ ਦੀ ਤੇ ਪਤਲੀਆਂ ਵੱਟਾਂ ਤੇ ਵਗਦੇ ਖਾਲਾਂ ਉਤੋਂ ਦੀ ਲੰਘਣਾ ਤੇ ਪਿੱਛੇ ਆਉਣਾ ਬਹੁਤ ਔਖਾ, ਦੁਖਦਾਈ ਤੇ ਘਰਕਵਾਂ ਹੋ ਜਾਂਦਾ। ਉਨ੍ਹਾਂ ਨੂੰ ਥਾਂ ਥਾਂ ’ਤੇ ਵਾਹਣਾਂ ਦੀਆਂ ਢੀਮਾਂ ਵਿੱਚੋਂ ਸਾਈਕਲ ਖਿੱਚਣਾ, ਧੱਕਣਾ, ਰੇੜ੍ਹਨਾ ਤੇ ਵੱਟਾਂ ਉਤੋਂ ਦੀ ਚੁਕਣਾ ਪੈਂਦਾ। ਅਸੀਂ ਜਾਣ ਬੁਝ ਕੇ ਉਸ ਨੂੰ ਦਿੱਸਦੇ ਰਹਿਣਾ ਤਾਂ ਜੋ ਉਹ ਮਗਰੋਂ ਹਟ ਨਾ ਜਾਏ ਤੇ ਲੱਗਾ ਆਵੇ। ਇਸ ਤਰ੍ਹਾਂ ਦੀ ਇਕ ਦਿਨ ਦੀ ਪਰੇਡ ਨਾਲ਼ ਹੀ ਬਹੁਤਿਆਂ ਨੇ ਸਿੱਧਾ ਤੁੱਕਾ ਹੋ ਜਾਣਾ। ਫੇਰ ਵੀ ਜੇ ਕਿਸੇ ਵਿੱਚ ਕੋਈ ਕਸਰ ਰਹਿੰਦੀ ਵੇਖਣੀ ਤਾਂ ਅਸੀਂ ਉਸ ਤੋਂ ਖੁੰਝਾਈ ਮਾਰ ਕੇ ਜਾਣ ਬੁਝ ਕੇ ਸੀ.ਆਈ.ਡੀ. ਦੇ ਹੋਰਨਾਂ ਅੱਡਿਆਂ ਕੋਲ ਦੀ ਖੜਕੇ ਦੜਕੇ ਨਾਲ਼ ਲੰਘਣਾ ਤਾਂ ਜੋ ਉਨ੍ਹਾਂ ਦੀ ਡਾਇਰੀ ਵਿੱਚ ਚੜ੍ਹ ਜਾਈਏ। ਜਦ ਸ਼ਾਮ ਨੂੰ ਅਫਸਰਾਂ ਨੇ ਇਨ੍ਹਾਂ ਦੀ ਡਾਇਰੀ ਵਿੱਚ ਸਾਡੀ ਅੰਮ੍ਰਿਰਤਸਰ ਵਿੱਚ ਮੌਜੂਦਗੀ ਵੇਖਣੀ ਤੇ ਉਸ ਦੀ ਡਾਇਰੀ ਵਿੱਚ ਗੁੰਮਸ਼ੁਦਗੀ ਤਾਂ ਉਸ ਦੀ ਜਵਾਬ ਤਲਬੀ ਹੋਣੀ ਤੇ ਨੌਕਰੀ ਕਿਤਾਬ ਤੇ ਕਾਲੀ ਨਿਸ਼ਾਨ ਲੱਗ ਜਾਣੀ ਉਸ ਫਿਰ ਅਗਲੇ ਦਿਨ ਹੀ ਪੈਰੀਂ ਪੈਣਾ ਤੇ ਸਾਡੀ ਮਨ ਮਰਜ਼ੀ ਨਾਲ਼ ਚੱਲਣ ਲੱਗ ਪੈਣਾ। ਪਰ ਆਪਣੇ ਰਚੇ ਮਿਚੇ ਸਿਪਾਹੀਆਂ ਤੋਂ ਖੁੰਝਾਈ ਮਾਰਕੇ ਅਸੀਂ ਕਦੇ ਵੀ ਸੀ.ਆਈ.ਡੀ. ਦੇ ਅੱਡਿਆਂ ਤੋਂ ਦੀ ਨਹੀਂ ਲੰਘਦੇ ਸਾਂ।

ਜਿਹੜੇ ਫੰਨੇ ਖਾਂ ਸੀ.ਆਈ.ਡੀ. ਵਾਲ਼ੇ ਸਿਪਾਹੀ ਕਿਸੇ ਤਰ੍ਹਾਂ ਵੀ ਸਿੱਧੇ ਨਾ ਹੋਣ, ਉਨ੍ਹਾਂ ਨੂੰ ਅਸੀਂ ਕੋਟ ਸੋਂਧੇ ਲੈ ਵੜਨਾ। ਉਂਝ ਤਾਂ ਤਕਰੀਬਨ ਸਾਰੇ ਵਿਰਕ ਸਰਕਾਰ ਪੂਜ ਨਹੀਂ ਸਨ, ਪਰ ਕੋਟ ਸੋਂਧੇ ਦੇ ਵਿਰਕਾਂ ਦੀਆਂ ਤਾਂ ਖਾਖਾਂ ਵਿੱਚ ਅੰਗਰੇਜ਼ ਸਰਕਾਰ ਦਾ ਉੱਕਾ ਡਰ ਨਹੀਂ ਸੀ। ਉਹ ਸੀ.ਆਈ.ਡੀ. ਤੋਂ ਤਾਂ ਕਿਧਰੇ ਰਿਹਾ, ਵਰਦੀ ਵਾਲ਼ੀ ਪੁਲਸ ਤੋਂ ਵੀ ਨਹੀਂ ਝਉਂਦੇ ਸਨ।

ਸੰਨ 1937 ਦੇ ਭਰ ਸਿਆਲ ਦੀ ਗੱਲ ਹੈ, ਜੱਟਾਂ ਦੇ ਇਕ ਨਵੇਂ ਨਵੇਂ ਦਸਵੀਂ ਪਾਸ ਮੁੰਡੇ ਨੂੰ ਪੁਲਸ ਵਿੱਚੋਂ ਸੀ.ਆਈ.ਡੀ. ਵਿੱਚ ਲੈ ਕੇ ਸਾਡੇ ਮਗਰ ਲਾ ਦਿੱਤਾ ਗਿਆ। ਉਹ ਛੇਤੀ ਹੀ ਤਰੱਕੀ ਕਰਕੇ ਠਾਣੇਦਾਰ ਬਣਨ ਦੇ ਲੋਰ ਵਿੱਚ ਸਾਡਾ ਭੋਰਾ ਮਾਸਾ ਵੀ ਵਿਸਾਹ ਨਹੀਂ ਸੀ ਖਾਂਦਾ। ਤੇ ਸਾਥੋਂ ਸੌਖਾ ਖੁੰਝਿਆ ਵੀ ਨਾ ਕਰੇ। ਅਸਾਂ ਉਸ ਨੂੰ ਸੋਧਣ ਲਈ ਆਪਣੇ ਸਾਰੇ ਸਥਾਨਕ ਚਾਰੇ ਕੀਤੇ, ਉਸ ਨੂੰ ਹੋਰਨਾਂ ਨਿਗਰਾਨੀ ਵਾਲ਼ੇ ਸਿਪਾਹੀਆਂ ਵੀ ਸਮਝਾਇਆ, ਪਰ ਉਹ ਬੰਦਾ ਨਾ ਬਣਿਆ ਤੇ ਉਲਟੀਆਂ ਦੂਸਰੇ ਸਿਪਾਹੀਆਂ ਦੀਆਂ ਨਰਮੀ ਵਰਤਣ ਦੀਆਂ ਸ਼ਕਾਇਤਾਂ ਜਾ ਕਰਦਾ ਰਹਿੰਦਾ। ਅਸਾਂ ਉਸ ਨੂੰ ਕੋਟ ਸੋਂਧੇ ਲਿਜਾਣ ਦੀ ਸਲਾਹ ਕੀਤੀ।

ਬੜੇ ਠੰਡੇ ਦਿਨ ਆ ਗਏ। ਠੱਕਾ ਵਗੇ ਤੇ ਕੱਕਰ ਪਵੇ। ਕਹਿਰਾਂ ਦੀ ਠੰਡ। 12 ਵਜੇ ਤੱਕ ਠਰੇ ਹੋਏ ਹੱਥ ਪੈਰ ਸਿੱਧੇ ਨਾ ਹੋਣ ਤੇ ਹੱਡਾਂ ਵਿੱਚੋਂ ਸਾਰਾ ਦਿਨ ਠੰਡ ਨਾ ਜਾਵੇ। ਉਸ ਦੀ ਦਲੀਪ ਸਿੰਘ ਜੌਹਲ ਦਾ ਪਿੱਛਾ ਕਰਨ ਦੀ ਡਿਊਟੀ ਸੀ। ਉਹ ਉਨ੍ਹਾਂ ਦਿਨੀਂ ਕੋਟ ਸੋਂਧੇ ਚਲਾ ਗਿਆ। ਉਹ ਮੁੰਡਾ ਵੀ ਮਗਰੇ ਗਿਆ। ਜੌਹਲ ਅਚਾਨਕ ਤੁਰ ਪਿਆ, ਸਿਪਾਹੀ ਪਾਸ ਕੋਈ ਖ਼ਾਸ ਗਰਮ ਕੱਪੜਾ ਵੀ ਨਹੀਂ ਸੀ। ਗੱਲ ਬਗ਼ੈਰ ਬਾਹਵਾਂ ਦੇ ਸਵੈਟਰ, ਮੋਢਿਆਂ ’ਤੇ ਪਤਲੀ ਜਿਹੀ ਲੋਈ ਤੇ ਤੇੜ ਲੱਠੇ ਦੀ ਚਾਦਰ। ਸਿਰ ਤੇ ਮਾਇਆ ਵਾਲ਼ੀ ਤੁਰਲੇ੍ਹਦਾਰ ਨਵੀਂ ਰੰਗਾਈ ਪੱਗ ਤੇ ਗਲ ਵਿਚ ਕਾਲੇ ਧਾਗੇ ਨਾਲ਼ ਪਰੋਤਾ ਸੋਨੇ ਦਾ ਨਿੱਕਾ ਜਿਹਾ ਤਵੀਤ ਉਸ ਦੀ ਜਵਾਨੀ ਨੂੰ ਉਭਾਰ ਕੇ ਸੁੰਦਰਤਾ ਨੂੰ ਸ਼ਿੰਗਾਰ ਰਿਹਾ ਸੀ।

ਜੌਹਲ ਤਾਂ ਕੋਟ ਪਾ ਕੇ ਮੁਹੱਬਤ ਸਿੰਘ ਦੇ ਘਰ ਜਾ ਵੜਿਆ। ਸਿਪਾਹੀ ਉਸ ਨੂੰ ਘਰ ਵਾੜ ਕੇ ਆਉਂਦਿਆਂ ਜਾਂਦਿਆਂ ਤੋਂ ਘਰ ਵਾਲੇ ਦਾ ਨਾਂ ਪਤਾ ਪੁਛਣ ਲੱਗਾ। ਪਿੰਡ ਵਾਲ਼ੇ ਠਠਿਆਰਾਂ ਦੇ ਕਬੂਤਰ ਹੋਏ ਸਨ। ਇਹੋ ਜਿਹੇ ਤਾਂ ਉਥੇ ਨਿੱਤ ਦਿਨ ਆਏ ਰਹਿੰਦੇ ਸਨ, ਜਿਸ ਲਈ ਉਹ ਕਦੇ ਵੀ ਇਨ੍ਹਾਂ ਸਿਪਾਹੀਆਂ ਦੀ ਗੱਲ ਦਾ ਹੁੰਗਾਰਾ ਨਹੀਂ ਸਨ ਭਰਦੇ। ਉਨ੍ਹਾਂ ਉਸ ਦੀ ਸੁਣੀ ਅਣਸੁਣੀ ਕਰ ਛੱਡੀ ਤੇ ਕਿਸੇ ਨੇ ਮੁਹੱਬਤ ਸਿੰਘ ਦਾ ਨਾ ਵੀ ਨਾ ਦੱਸਿਆ। ਕਈ ਤਾਂ ਉਸ ਨੂੰ ਆਪਣੇ ਵੱਲ ਆਉਂਦਿਆਂ ਨੂੰ ਵੇਖ ਕੇ ਦੂਰੋਂ ਹੀ ਵਲਾ ਜਾਂਦੇ।

ਅਖੀਰ ਉਸ ਨੇ ਜੌਹਲ ਵਾਲਾ ਘਰ ਪੁਛਣਾ ਛੱਡ ਦਿੱਤਾ ਤੇ ਨੰਬਰਦਾਰ ਦਾ ਘਰ ਪੁਛਿਆ। ਇਕ ਬੁਢੜੇ ਜਿਹੇ ਨੇ ਖੁਦਾ-ਤਰਸੀ ਕਰਕੇ ਉਸ ਨੂੰ ਨੰਬਰਦਾਰ ਦਾ ਘਰ ਦੱਸ ਦਿੱਤਾ। ਨੰਬਰਦਾਰ ਦੇ ਘਰ ਗਿਆ ਤਾਂ ਉਸ ਨੇ ਉਸ ਨੂੰ ਦੁਰਕਾਰ ਦਿੱਤਾ। ਫੇਰ ਉਹ ਰਪਟੀਏ ਵੱਲ ਹੋਇਆ। ਉਸ ਨੇ ਜਦ ਘੇਸਲ ਮਾਰ ਲਈ ਤਾਂ ਸਿਪਾਹੀ ਨੇ ਉਸ ਨੂੰ ਪੁਲਸ ਵਾਲ਼ੀਆਂ ਗਾਲ੍ਹਾਂ ਤੇ ਘੁਰਕੀਆਂ ਦੇ ਦੇ ਕੇ ਬੜਾ ਰੋਅਬ ਪਾਇਆ, ਪਰ ਚੌਂਕੀਦਾਰ ਨੇ ਉਸ ਨੂੰ ਟਿਚ ਸਮਝਿਆ ਤੇ ਕੋਈ ਪੱਲਾ ਨਾ ਫੜਾਇਆ। ਅੰਤ ਹਾਰ ਹੰਭ ਕੇ ਉਹ ਮੁਹੱਬਤ ਸਿੰਘ ਦੇ ਘਰ ਸਾਹਮਣੇ ਆ ਬੈਠਾ। ਮਤਾਂ ‘ਨੰਬਰ’ ਨਿਕਲ ਆਵੇ।

ਪਿੰਡ ਨੇ ਤਾਂ ਉਸ ਨੂੰ ਕਬੂਲਣਾ ਹੀ ਨਹੀਂ ਸੀ। ਸੂਰਜ ਵੀ ਉਸ ਦਾ ਸਾਥ ਛੱਡ ਗਿਆ ਤੇ ਉਸ ਤੋਂ ਗਰਮਾਇਸ਼ ਦਾ ਨਿੱਘ ਖੋਹ ਕੇ ਲੈ ਗਿਆ। ਠੰਡ ਤਾਂ ਰੱਸਾ ਭਰ ਸੂਰਜ ਰਹਿੰਦੇ ਤੋਂ ਹੀ ਸ਼ੁਰੂ ਹੋ ਗਈ ਸੀ। ਸੂਰਜ ਡੁਬ ਕੇ ਹਨੇਰਾ ਹੁੰਦੇ ਤੱਕ ਪਾਲੇ ਦੀਆਂ ਪੰਡਾਂ ਹੀ ਖੁਲ੍ਹ ਕੇ ਖਿਲਰ ਗਈਆਂ।

ਸਿਪਾਹੀ ਨੂੰ ਹੁਣ ਪਿਆ ਫਿਕਰ। ਹਿਮਾਲੀਆ ਪਹਾੜ ਜਿੱਡੀ ਵੱਡੀ ਤੇ ਠੰਡੀ ਰਾਤ ਆ ਦੁਆਲੇ ਹੋਈ। ਰਾਤ ਦੇ ਆਸਰੇ ਦਾ ਕਿਧਰੇ ਵੀ ਬੰਦੋਬਸਤ ਨਹੀਂ ਸੀ ਹੋਇਆ। ਢਿਡ ਵਿੱਚ ਸਵੇਰ ਦੀ ਪੀਤੀ ਹੋਈ ਲੱਸੀ ਤੋਂ ਸਿਵਾ ਸਾਰਾ ਦਿਨ ਤੁਰੇ ਫਿਰੋ ਤੇ ਸਫਰ ਵਿੱਚ ਹੋਰ ਕੁਝ ਵੀ ਨਹੀਂ ਸੀ ਪਿਆ। ਸਖਣਾ ਢਿਡ ਵੀ ਖੋਹ ਪਾਉਣ ਲੱਗ ਪਿਆ। ਉਹ ਭੁਖ ਤੇ ਪਾਲੇ ਤੋਂ ਵਿਆਕੁਲ ਹੋਇਆ ਫੇਰ ਉਠਿਆ ਤੇ ਕਿਧਰੇ ਨਾ ਕਿਧਰੇ ਚਾਰਾ ਲੜਾਉਣ ਲਈ ਮੁੜ ਪਿੰਡ ਵਿਚ ਵੜ ਗਿਆ। ਉਹ ਪਹਿਲਾਂ ਨੰਬਰਦਾਰ ਵੱਲ ਗਿਆ। ਉਹ ਵਾਜਾਂ ਮਾਰ ਮਾਰ ਕੇ ਵਿਹੜੇ ਦਾ ਬਾਹਰਲਾ ਬੂਹਾ ਖੜਕਾ ਖੜਕਾ ਰੋਣ ਹਾਕਾ ਹੋ ਗਿਆ ਪਰ ਨੰਬਰਦਾਰ ਨੇ ਬਾਹਰਲਾ ਬੂਹਾ ਖੋਲ੍ਹਣਾ ਤਾਂ ਕਿਧਰੇ ਰਿਹਾ, ਅੰਦਰੋਂ ਆਵਾਜ਼ ਵੀ ਨਾ ਦਿੱਤੀ। ਫੇਰ ਉਹ ਰਪਟੀਏ ਵੱਲ ਹੋਇਆ। ਰਪਟੀਆ ਤਾਂ ਨਾ ਬੋਲਿਆ ਅੱਗੋਂ ਉਸ ਦੀ ਵਹੁਟੀ ਨੇ ਚੰਗਾ ਔਂਤਰ ਸੌਂਤਰ ਕੀਤਾ। ਤੇ ਦਾਦੇ ਦਾੜ੍ਹੀ ਹੱਗਿਆ। ਚੌਕੀਦਾਰਨੀ ਤੋਂ ਖੁੰਬ ਠਪਵਾ ਕੇ ਉਹ ਗੁਰਦਵਾਰੇ ਗਿਆ। ਭਾਈ ਨੇ ਨਾ ਰੋਟੀ ਦਿੱਤੀ ਤੇ ਨਾ ਗੁਰਦੁਆਰੇ ਵਿੱਚ ਖਲੋਣ ਦਿੱਤਾ। ਉਥੋਂ ਵੀ ਬੇਰੰਗ ਮੁੜਿਆ।

ਹੁਣ ਕੀ ਕਰੇ? ਸਿਆਲ ਦੀ ਸੀਤ ਰਾਤ ਲੋੜ੍ਹੇ ਦਾ ਪਾਲਾ, ਸਭ ਲੋਕੀਂ ਅੰਦਰੀਂ ਵੜੇ ਹੋਏ, ਗਲੀਆਂ ਤੇ ਡੇਰੇ ਸੁੰਞੇ, ਉਸ ਦੀ ਕੌਣ ਸੁਣੇ? ਗਲੀਆਂ ਵਿੱਚ ਫਿਰਦੇ ਨੂੰ ਦਾਣੇ ਭੁੰਨਣ ਵਾਲੀ ਇਕ ਭੱਠੀ ਲੱਭ ਪਈ। ਵੇਖੀ ਤਾਂ ਭੁਬਲ ਅਜੇ ਗਰਮ ਸੀ। ਉਸ ਨੇ ਭੁਬਲ ਫੋਲੀ, ਵਿਚੋਂ ਨਿੱਕੇ ਨਿੱਕੇ ਕੋਲੇ ਚਮਕ ਪਏ। ਲਾਗਿਉਂ ਲਾਗਿਉਂ ਕੱਖ ਕਾਨਾ ਇਕੱਠਾ ਕਰਕੇ ਅੱਗ ਬਾਲ ਲਈ ਤੇ ਇਸ ਦੇ ਆਸਰੇ ਹੀ ਰਾਤ ਕੱਟਣ ਦਾ ਪ੍ਰੋਗਰਾਮ ਬਣਾ ਲਿਆ।

ਸਿਆਲ ਦੀ ਲੰਮੀ ਹਨੇਰੀ ਰਾਤ, ਇਹ ਕੱਖ-ਕਾਨ ਦੀ ਅੱਗ ਕਿੰਨਾ ਕੁ ਚਿਰ ਬਲਦੀ। ਅੱਗ ਬਾਲਣੋਂ ਰਹਿ ਗਈ ਤੇ ਅੱਧੀ ਰਾਤ ਲੰਘਦਿਆਂ ਨੂੰ ਭੱਠੀ ਸਿਪਾਹੀ ਨਾਲੋਂ ਵੀ ਜ਼ਿਆਦਾ ਠਰ ਗਈ। ਉਹ ਹੁਣ ਜਾਂਦਾ ਵੀ ਕਿੱਥੇ? ਉਹ ਭੱਠੀ ਤੇ ਹੀ ਮਹਿਰੀ ਦੀ ਆਪਣੇ ਬੈਠਣ ਵਾਸਤੇ ਹੂੰਝੀ ਸਵਾਰੀ ਥਾਂ ਉਤੇ ਗੋਡੇ ਗਲ ਨੂੰ ਲਾ ਕੇ ਆਪਣੀ ਪਤਲੀ ਜਿਹੀ ਲੋਈ ਵਿਚ ਵੀ ਕੁੱਤੇ ਵਾਂਗ ਗੁਠਾ ਮੁਛਾ ਹੋ ਕੇ ਪੈ ਗਿਆ। ਰਹਿੰਦੀ ਪਹਿਰ ਡੇੜ੍ਹ ਪਹਿਰ ਰਾਤ ਉਸ ਨੇ ਠਰੂੰ ਠਰੂੰ ਕਰਕੇ ਕੱਟੀ ਉਹ ਇਸ ਲੋਕ ਲੱਜ ਦਾ ਮਾਰਿਆ ਕਿ ਸਿਪਾਹੀ ਹੋ ਕੇ ਰਾਤ ਭੱਠੀ ਉਤੇ ਕੱਟੀ, ਸਵੇਰੇ ਹੀ ਉਠ ਕੇ ਮੁਹਬੱਤ ਸਿੰਘ ਦੇ ਬੂਹੇ ਆ ਖਲੋਤਾ।

ਸੂਰਜ ਆਇਆ, ਧੁਪ ਚੜ੍ਹੀ, ਧੁਪ ਤੇ ਚੰਗੀ ਪੱਕ ਜਾਣ ਤੇ ਇਸ ਨੂੰ ਕੁਝ ਨਿੱਘ ਆਇਆ। ਇਸ ਉਤਲੇ ਨਿੱਘ ਤੇ ਰਾਤ ਦੀ ਹੱਡਾਂ ਵਿਚ ਵੜੀ ਠੰਡ ਨੇ ਆਪਸ ਵਿਚ ਖਹਿ ਕੇ ਕੜਕਵਾਂ ਬੁਖਾਰ ਚਾੜ੍ਹ ਦਿੱਤਾ। ਉਹ ਸ਼ਾਮ ਤੱਕ ਤਾਂ ਮੁਹੱਬਤ ਸਿਘ ਦੇ ਬੂਹੇ ਸਾਹਮਣੇ ਮਨਛਿਟੀਆਂ ਦੇ ਉੱਚੇ ਸਾਰੇ ਢੇਰ ਦੀ ਟੇਕ ਲੈ ਕੇ ਧੁੱਪੇ ਪਿਆ ਰਿਹਾ। ਜੌਹਲ ਦੋ ਤਿੰਨ ਵਾਰ ਘਰੋਂ ਨਿਕਲ ਕੇ ਬਾਹਰ ਨੂੰ ਗਿਆ। ਉਹ ਓਥੇ ਪਿਆ ਹੀ ਜੌਹਲ ਵਲ ਦੇਖਦਾ ਰਿਹਾ। ਉਸ ਦੀ ਉਠ ਕੇ ਮਗਰ ਜਾਣ ਦੀ ਹਿੰਮਤ ਨਾ ਪਈ।

ਦਿਨ ਤਾਂ ਧੁਪ ਸੇਕ ਕੇ ਭੁਖੇ ਭਾਣੇ ਤੇ ਤਾਪ ਦੀ ਗਰਮਾਈ ਵਿਚ ਕੱਢ ਲਿਆ ਪਰ ਰਾਤ ਫਿਰ ਸਿਰ ਉਤੇ ਆ ਰਹੀ ਸੀ। ਉਹ ਸੂਰਜ ਹੁੰਦਿਆਂ ਹੀ ਉੱਠਿਆ ਤੇ ਨੰਬਰਦਾਰ ਦੇ ਘਰ ਨੂੰ ਗਿਆ। ਉਥੋਂ ਪਹਿਲੇ ਪਹਿਲ ਦਿਨ ਵਾਂਗ ਹੀ ਕੋਈ ਸੁਰ ਜਵਾਬ ਨਾ ਮਿਲਿਆ। ਫੇਰ ਰਪਟੀਏ ਦੇ ਘਰ ਆਇਆ। ਹੁਣ ਉਸ ਨੇ ਸਿਪਾਹੀਆਂ ਵਾਲੀ ਆਕੜ ਫ਼ਾਕੜ ਛੱਡ ਕੇ ਜਦ ਮਿੰਨਤਾਂ ਕੀਤੀਆਂ, ਆਪਣੀ ਭੁਖ, ਪਾਲੇ ਤੇ ਤਾਪ ਦਾ ਵਾਸਤਾ ਪਾਇਆ, ਤਾਂ ਜਾ ਕੇ ਰਪਟੀਏ ਦੇ ਮਨ ਮਿਹਰ ਪਈ ਤੇ ਉਸ ਨੇ ਉਸ ਨੂੰ ਆਪਣੇ ਡੰਗਰਾਂ ਵਾਲੀ ਕੁੜ੍ਹ ਵਿਚ ਅਲਾਣੀ ਮੰਜੀ ਡਾਹ ਦਿੱਤੀ ਤੇ ਰਾਤ ਨੂੰ ਇਕ ਪੁਰਾਣੀ ਤੇ ਗੰਦੀ ਜਿਹੀ ਜੁਲੀ ਵੀ ਕੁਕੜੀ ਹੋਏ ਪਏ ਦੇ ਉਤੇ ਸੁਟ ਦਿੱਤੀ। ਡੰਗਰਾਂ ਤੇ ਉਨ੍ਹਾਂ ਦੇ ਗੋਹੇ ਮੂਤ ਦੀ ਹਵਾੜ ਨਾਲ ਉਸ ਨੂੰ ਸ਼ਾਇਦ ਰਾਤ ਪਾਲਾ ਤਾਂ ਨਾ ਲੱਗਾ ਹੋਵੇ, ਪਰ ਉਹ ਤਾਪ ਦੀ ਮਾਰ ਨਾਲ ਸਾਰੀ ਰਾਤ ਹੂੰਘਦਾ ਰਿਹਾ।

ਅਗਲੀ ਸਵੇਰ ਧੁਪ ਚੜ੍ਹੀ ਉਤੇ ਉਹ ਮੁਹੱਬਤ ਸਿੰਘ ਦੇ ਬੂਹੇ ਅੱਗੇ ਆਇਆ ਤੇ ਜੌਹਲ ਨੂੰ ਸੱਦ ਕੇ ਉਸ ਦੇ ਪੈਰੀਂ ਜਾ ਡਿੱਗਾ ਤੇ ਬਾਲਾਂ ਵਾਂਗ ਭੁਬਾਂ ਮਾਰ ਮਾਰ ਬਖਸ਼ ਦੇਣ ਦੀਆਂ ਮਿੰਨਤਾ ਕਰਨ ਲੱਗ ਪਿਆ ‘‘ਮੈਨੂੰ ਵਾਪਸ ਲੈ ਚਲੋ। ਜੱਟ ਦਾ ਪੁਤ ਹੋਵਾਂਗਾ ਤਾਂ ਇਹ ਨੌਕਰੀ ਹੀ ਛੱਡ ਜਾਵਾਂਗਾ।’’

ਬੱਸ ਏਨਾ ਕਾਫ਼ੀ ਸੀ। ਜੌਹਲ ਨੇ ਘਰੋਂ ਰੋਟੀ ਤੇ ਗਰਮ ਗਰਮ ਦੁਧ ਲਿਆ ਕੇ ਉਸ ਨੂੰ ਦਿੱਤਾ। ਕੁਨੀਨ ਦੀਆਂ ਗੋਲੀਆਂ ਵੀ ਦੋ ਖਵਾਈਆਂ ਤੇ ਦੁਪਹਿਰ ਨੂੰ ਉਹ ਅੰਮ੍ਰਿਰਤਸਰ ਵਾਪਸ ਆ ਗਏ।

ਉਸ ਮੁੰਡੇ ਨੇ ਉਸ ਦਿਨ ਹੀ ਅਸਤੀਫ਼ਾ ਦੇ ਦਿੱਤਾ।

ਦੂਜੀ ਸੰਸਾਰ ਜੰਗ ਲੱਗੀ ਤਾਂ ਸਾਡੇ ਵਿੱਚੋਂ ਜਿਹੜੇ ਗ੍ਰਿਫ਼ਤਾਰੀਆਂ ਤੋਂ ਬਚ ਗਏ, ਅਲੋਪ ਹੋ ਗਏ ਤੇ ਲੁਕ ਛਿਪ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸੀ.ਆਈ.ਡੀ. ਦੀ ਨਿਗਰਾਨੀ ਤੋਂ ਖਹਿੜਾ ਛੁੱਟ ਗਿਆ। ਹੁਣ ਕੇਵਲ ਉਸ ਤੋਂ ਬਚ ਕੇ ਰਹਿਣ ਦਾ ਹੀ ਧਿਆਨ ਰੱਖਣਾ ਪੈਂਦਾ। ਇਸ ਵਿੱਚ ਵੀ ਅਸੀਂ ਬੜੇ ਤਾਕ ਨਿਕਲੇ, ਤੇ ਸਾਡੇ ਅਲੋਪਾਂ ਦੀਆਂ ਬਹੁਤ ਹੀ ਘੱਟ ਗ੍ਰਿਫ਼ਤਾਰੀਆਂ ਹੋਈਆਂ।

ਅਲੋਪ ਹੋਣ ਲਈ ਅਸਾਂ ਫਟਾ ਫਟ ਹੁਲੀਏ ਬਦਲ ਲਏ, ਨਾਂ ਬਦਲਾ ਲਏ, ਕੇਸਾਂ ਵਾਲੇ ਮੋਨੇ ਹੋ ਗਏ ਤੇ ਮੋਨੇ ਕੇਸਾਂ ਵਾਲੇ। ਕੱਟੜ ਸਿੱਖਾਂ ਨੇ ਦਾੜ੍ਹੀਆਂ ਚਾੜ੍ਹ ਕੇ ਬੰਨ ਲਈਆਂ। ਪਜਾਮਿਆਂ ਵਾਲਿਆਂ ਨੇ ਚਾਦਰੇ ਬੰਨ੍ਹ ਲਏ ਤੇ ਚਾਦਰਾਂ ਵਾਲੇ ਪਜਾਮਿਆਂ ਤੇ ਪਤਲੂਨਾਂ ਵਿਚ ਹੋ ਗਏ। ਪਹਿਲੇ ਦਫ਼ਤਰ ਛੱਡ ਦਿੱਤੇ। ਨਵੇਂ ਦਫ਼ਤਰਾਂ ਵਾਸਤੇ ਲੁਕਵੇਂ ਮਕਾਨ ਲੈ ਕੇ ਆਪਣੇ ਘੋਰਨੇ ਬਣਾ ਲਏ। ਹੈਡ-ਕੁਆਟਰ ਵਾਸਲੇ ਅਲੱਗ, ਹੇਠਲੇ ਤੇ ਬਾਹਰਲੇ ਵਰਕਰਾਂ ਨਾਲ ਮਿਲਣ ਮਿਲਾਉਣ ਲਈ ਅਲੱਗ ਤੇ ਸੁਨੇਹਾ ਪਤਾ ਲਿਜਾਣ ਤੇ ਲਿਆਉਣ ਵਾਲਿਆਂ ਵਾਸਤੇ ਅਲੱਗ। ਇਲਾਕੇ ਦੇ ਪਹਿਰਾਵੇ ਤੇ ਵਾਤਾਵਰਣ ਅਨੁਸਾਰ ਅਸੀਂ ਭੇਸ ਬਦਲ ਲੈਂਦੇ ਸਾਂ। ਸ਼ਹਿਰਾਂ ਵਿਚ ਹੋਰ ਤੇ ਪਿੰਡਾਂ ਵਿਚ ਹੋਰ।

ਮੇਰੇ ਜ਼ਿੰਮੇਂ ਸਰਹੱਦ ਦੇ ਪਠਾਣਾਂ ਵਿਚ ਜਾਣ ਦਾ ਵੀ ਬੜਾ ਕੰਮ ਸੀ। ਓਧਰ ਮੈਂ ਪਠਾਣੀ ਭੇਸ ਤੇ ਨਾਂ ਹੇਠ ਜਾਂਦਾ ਆਉਂਦਾ ਪਰ ਸੀ.ਆਈ.ਡੀ. ਤੋਂ ਬਚਣ ਲਈ ਨਿਰਾ ਭੇਸ ਤੇ ਰੂਪ ਬਦਲਣਾ ਹੀ ਕਾਫ਼ੀ ਨਹੀਂ ਹੁੰਦਾ, ਬੜੀ ਨਿਝਕਤਾ, ਦਲੇਰੀ, ਹੌਂਸਲੇ, ਸਾਵਧਾਨੀ, ਚਾਤਰੀ ਤੇ ਹੁਸ਼ਿਆਰੀ ਨਾਲ ਫਿਰਨਾ ਤੁਰਨਾ, ਸਫਰ ਕਰਨਾ, ਰਹਿਣਾ ਸਹਿਣਾ ਤੇ ਵਰਤਣਾ ਪੈਂਦਾ ਹੈ।

ਅੱਗੇ ਤਾਂ ਸੀ.ਆਈ.ਡੀ. ਸਾਨੂੰ ਤਾੜਦੀ ਸੀ, ਹੁਣ ਅਸੀਂ ਉਸ ਨੂੰ ਤਾੜਦੇ ਸਾਂ। ਸੀ.ਆਈ.ਡੀ. ਨੂੰ ਲੱਭਣਾ ਬੜਾ ਆਸਾਨ ਹੁੰਦਾ ਹੈ। ਉਹ ਜਦ ਵੀ ਕਿਸੇ ਵੱਲ ਵੇਖਣਗੇ। ਇਸ ਤਰ੍ਹਾਂ ਵੇਖਣਗੇ ਜਿਸ ਤਰ੍ਹਾਂ ਕਸਾਈ ਬੱਕਰੇ ਵੱਲ ਉਸ ਨੂੰ ਮੁੱਲ ਲੈਣ ਲੱਗਿਆਂ ਵੇਖਦਾ ਹੈ। ਇਸ ਲਈ ਉਨ੍ਹਾਂ ਦੀ ਲੋਕਾਂ ਵੱਲ ਵੇਖਣੀ ਤੋਂ ਹੀ ਅਸੀਂ ਉਨ੍ਹਾਂ ਨੂੰ ਤਾੜ ਲੈਂਦੇ ਸਾਂ ਤੇ ਉਥੋਂ ਅਡੋਲ ਤਿਲਕ ਜਾਂਦੇ ਸਾਂ। ਵਰਦੀ ਵਾਲੀ ਪੁਲਸ ਪਾਸੋਂ ਤਾਂ ਅਸੀਂ ਭੋਰਾ ਵੀ ਨਹੀਂ ਸਾਂ ਡਰਦੇ। ਉਸ ਦੇ ਲਾਗੇ ਅਸੀਂ ਖੁਲ੍ਹੇ ਡੁਲ੍ਹੇ ਫਿਰਦੇ ਰਹਿੰਦੇ ਸਾਂ। ਲਾਹੌਰ ਚੌਬੁਰਜੀ ਦੇ ਪਿੱਛੇ ਰਾਮ ਨਗਰ ਦੀ ਆਬਾਦੀ ਵਿਚ ਅਸਾਂ ਇਕ ਥਾਣੇਦਾਰ ਦਾ ਅੱਧਾ ਮਕਾਨ ਕਿਰਾਏ ਤੇ ਲਿਆ ਹੋਇਆ ਸੀ ਜਿਸ ਦੇ ਦੂਸਰੇ ਅੱਧ ਵਿਚ ਥਾਣੇਦਾਰ ਆਪ ਰਹਿੰਦਾ ਸੀ। ਇਥੇ ਪਹਿਲਾਂ ਸਾਡੇ ਵਰਕਰ ਤੇ ਫਿਰ ਮੈਂ ਆਪ ਰਹਿੰਦਾ ਰਿਹਾ।

ਸਰਹੱਦ ਵਿਚ ਮੇਰਾ ਪਹਿਲਾ ਇਨਕਲਾਬੀ ਘੋਰਨਾ ਰਸਾਲਪੁਰ ਤੇ ਮਰਦਾਨ ਦੇ ਵਿਚਕਾਰ ਰਸ਼ਕੱਈ ਪਿੰਡ ਵਿਚ ਵਾਰਸ ਖਾਂ ਦਾ ਘਰ ਸੀ ਜੋ ਮੇਰਾ ਸਰਹੱਦ ਦੇ ਵਰਕਰਾਂ ਨਾਲ ਮਿਲਣ ਮਿਲਾਉਣ ਦਾ ਥਾਂ ਸੀ। ਸਾਡੀ ਸ਼ਾਮਤ ਨੂੰ ਵਾਰਸ ਖਾਂ ਦਾ ਵੱਡਾ ਭਰਾ ਸੀ.ਆਈ.ਡੀ. ਦਾ ਮੁਖਬਰ ਨਿਕਲ ਆਇਆ। ਉਸ ਨੇ ਮੇਰੇ ਆਉਣ ਜਾਣ ਦੀ ਖ਼ਬਰ ਸੀ.ਆਈ.ਡੀ. ਨੂੰ ਦੇ ਦਿੱਤੀ ਹੋਈ ਸੀ। ਸਾਨੂੰ ਉਸ ਦੇ ਵਿਸਾਹਘਾਤ ਦਾ ਪਤਾ ਲੱਗ ਚੁੱਕਾ ਸੀ। ਇਸ ਲਈ ਅਸੀਂ ਉਹ ਥਾਂ ਛੱਡਕੇ ਨੁਸ਼ਹਿਰੇ ਵਿਚ ਮੀਆਂ ਅਕਬਰ ਸ਼ਾਹ ਵਕੀਲ ਦਾ ਘਰ ਆਪਣਾ ਘੋਰਨਾ ਬਣਾ ਲਿਆ। ਵਾਰਿਸ ਦੇ ਭਰਾ ਨੇ ਇਕ ਦਿਨ ਮੈਨੂੰ ਉਥੇ ਵੀ ਵੇਖ ਲਿਆ। ਉਸ ਦੀ ਰੀਪੋਰਟ ਤੋਂ ਬਾਦ ਸੀ.ਆਈ.ਡੀ. ਨੇ ਮੈਨੂੰ ਗ੍ਰਿਫ਼ਤਾਰ ਕਰਨ ਲਈ ਨੁਸ਼ਹਿਰੇ ਰੇਲ ਦੇ ਸਟੇਸ਼ਨ ਤੇ ਬੱਸਾਂ ਦੇ ਅੱਡੇ ਉਤੇ ਬਉਰਾ ਲਾ ਲਈਆਂ। ਸੀ.ਆਈ.ਡੀ. ਦਾ ਇਨਸਪੈਕਟਰ ਦੀਨਾ ਨਾਥ ਇਸ ਕੰਮ ਲਈ ਬਹੁਤ ਸਰਗਰਮ ਹੋ ਗਿਆ। ਉਸ ਨੇ ਪੰਜਾਬੋਂ ਆਈ ਹਰ ਗੱਡੀ ਆਪ ਵੇਖਣੀ ਤੇ ਚੜ੍ਹਦੇ ਉਤਰਦੇ ਮੁਸਾਫ਼ਰਾਂ ਨੂੰ ਆਪਣੀ ਅੱਖੀਂ ਤਾੜਨਾ।

ਵਾਰਸ ਖ਼ਾਂ ਦਾ ਭਰਾ ਦੁਪਾਸੀ ਚਾਤਰ ਰਹਿੰਦਾ ਸੀ। ਮੇਰੇ ਆਉਣ ਦੀ ਰੀਪੋਰਟ, ਮੇਰੇ ਚਲੇ ਜਾਣ ਤੋਂ ਬਾਦ ਕਰਦਾ ਤੇ ਉਧਰੋਂ ਸੀ.ਆਈ.ਡੀ. ਵੱਲੋਂ ਮੇਰੇ ਬਾਰੇ ਕੀਤੀਆਂ ਜਾ ਰਹੀਆਂ ਗੱਲਾਂ ਤੇ ਕਾਰਵਾਈਆਂ ਅਕਬਰ ਸ਼ਾਹ ਨੂੰ ਆ ਕੇ ਦੱਸ ਦਿੰਦਾ। ਜਿਸ ਤੋਂ ਅਸੀਂ ਜ਼ਿਆਦਾ ਸਾਵਧਾਨ ਹੋ ਜਾਂਦੇ ਤੇ ਪੱਲਾ ਬਚਾ ਕੇ ਕੰਮ ਕਰਦੇ।

ਸਰਹੱਦ ਵਿਚ ਆਪਣੇ ਕੰਮ-ਕਾਰ ਲਈ ਘੁੰਮਣ ਵਾਸਤੇ ਆਪਣੀਆਂ ਠਾਹਰਾਂ, ਬੰਦਿਆਂ ਤੇ ਜਥੇਬੰਦੀ ਦੀ ਸੁਖ-ਸਾਂਦ ਦਾ ਪਤਾ ਕਰਨ ਲਈ ਮੈਨੂੰ ਹਰ ਵਾਰ ਪਹਿਲਾਂ ਨੁਸ਼ਹਿਰੇ ਉਤਰਨਾ ਤੇ ਅਕਬਰ ਸ਼ਾਹ ਵਕੀਲ ਨੂੰ ਮਿਲਣਾ ਪੈਂਦਾ ਸੀ। ਮੈਂ ਦੀਨਾ ਨਾਥ ਨੂੰ ਸਟੇਸ਼ਨ ਤੇ ਫਿਰਦੇ ਨੂੰ ਪਛਾਣ ਲਿਆ ਹੋਇਆ ਸੀ। ਇਸ ਲਈ ਮੈਂ ਹੁਣ ਹਮੇਸ਼ਾਂ ਉਸ ਨੂੰ ਤਾੜ ਕੇ ਗਡੀਉਂ ਉਤਰਦਾ। ਜਦ ਉਹ ਮੇਰੇ ਡੱਬੇ ਅੱਗੋਂ ਦੀ ਲੰਘ ਜਾਂਦਾ, ਮੈਂ ਉਤਰ ਕੇ ਫਸਟ ਕਲਾਸ ਦੇ ਮੁਸਾਫ਼ਰ ਕਮਰੇ ਵਿਚ ਜਾ ਵੜਦਾ। ਉਹ ਦਬਾ ਦਬ ਗੱਡੀ ਵੇਖ ਕੇ ਗੇਟ ਅੱਗੇ ਜਾ ਖਲੋਂਦਾ ਤੇ ਬਾਹਰ ਲੰਘ ਰਹੇ ਮੁਸਾਫ਼ਰਾਂ ਨੂੰ ਤਾੜਦਾ। ਮੁਸਾਫ਼ਰ ਲੰਘਾ ਕੇ ਜਦ ਉਸ ਨੇ ਤੁਰ ਪੈਣਾ ਤਾਂ ਮੈਂ ਮੁਸਾਫ਼ਰ ਕਮਰੇ ਵਿਚੋਂ ਨਿਕਲ ਕੇ ਆਪਣੇ ਰਾਹ ਪੈ ਜਾਣਾ। ਇਸ ਤਰ੍ਹਾਂ ਮੈਂ ਦੀਨਾ ਨਾਥ ਦੇ ਢਾਈ ਸਾਲ ਦਰਸ਼ਨ ਕਰਦਾ ਰਿਹਾ, ਪਰ ਉਹ ਮੈਨੂੰ ਨਾ ਲੱਭ ਸਕਿਆ।

ਕਈ ਵਾਰ ਮੈਂ ਰਾਵਲਪਿੰਡੀ ਜਾਂ ਪੰਜੇ ਸਾਹਿਬ ਤੋਂ ਲਾਰੀ ਵਿਚ ਬੈਠ ਜਾਣਾ ਤੇ ਨੁਸ਼ਹਿਰੇ ਅੱਡੇ ਉਤੇ ਜਾ ਉਤਰਨਾ। ਇਥੋਂ ਅਕਬਰ ਸ਼ਾਹ ਨੂੰ ਮਿਲ ਕੇ ਅਗਾਂਹ ਪਸ਼ਾਵਰ ਜਾਂ ਮਰਦਾਨ ਨੂੰ ਬਹੁਤਾ ਲਾਰੀਆਂ ਵਿਚ ਹੀ ਜਾਣਾ। ਇਕ ਵਾਰ ਜਦੋਂ ਮੈਂ ਅੱਡੇ ਵਿਚੋਂ ਲਾਰੀ ਉਤੇ ਬੈਠਾ ਤਾਂ ਅੱਡੇ ਉਤਲਾ ਸੀ.ਆਈ.ਡੀ. ਦਾ ਸਿਪਾਹੀ ਨਿੱਤ ਵਾਂਗ ਲਾਰੀ ਦੇ ਮੁਸਾਫ਼ਰਾਂ ਉਤੇ ਝਾਤ ਮਾਰਨ ਆਇਆ। (ਅਸੀਂ ਲੁਕਵੇਂ ਕੰਮ ਵਾਲੇ ਹਮੇਸ਼ਾਂ ਇਨ੍ਹਾਂ ਸਿਪਾਹੀਆਂ ਨੂੰ ਨਿਗਾਹ ਵਿਚ ਰੱਖਦੇ ਸੀ)। ਉਸ ਦਿਨ ਮੈਨੂੰ ਵੇਖਦਿਆਂ ਜਿਵੇਂ ਉਸ ਨੂੰ ਕੋਈ ਅਮੁੱਲੀ ਚੀਜ਼ ਲੱਭ ਗਈ ਹੋਵੇ, ਉਹ ਹੈਰਾਨੀ ਤੇ ਖੁਸ਼ੀ ਨਾਲ ਜਗ ਪਿਆ ਤੇ ਅੱਡੇ ਵਿਚੋਂ ਵਾਹੋ ਦਾਹੀ ਬਾਹਰ ਨੂੰ ਨਿਕਲ ਤੁਰਿਆ।

ਮੈਂ ਵੀ ਜੋ ਸ਼ਹਿਰਾਂ ਦੇ ਅੱਡਿਆਂ, ਰੇਲਵੇ ਜੰਕਸ਼ਨਾਂ ਤੇ ਆਜ਼ਾਦ ਪਠਾਣੀ ਇਲਾਕਿਆਂ ਦੇ ਨਾਕਿਆਂ ਦੀਆਂ ਚੌਕੀਆਂ ਉਤੇ ਸੀ.ਆਈ.ਡੀ. ਦੀਆਂ ਮੁਸਾਫ਼ਰਾਂ ਉਤੇ ਝਾਤੀ ਮਾਰਨ ਤੋਂ ਵਾਕਫ ਸਾਂ ਤੇ ਲਾਰੀ ਵਿਚ ਬੈਠਾ ਇਸ ਝਾਤ ਨੂੰ ਉਡੀਕ ਰਿਹਾ ਸਾਂ। ਮੈਂ ਸਿਪਾਹੀ ਦੀ ਇਸ ਹਰਕਤ ਨੂੰ ਤਾੜ ਲਿਆ ਤੇ ਲਾਰੀ ਵਿਚੋਂ ਉਤਰ ਕੇ ਉਸ ਨੂੰ ਜਾਂਦਿਆਂ ਨੂੰ ਵੇਖਣ ਲਗ ਪਿਆ। ਉਹ ਸਾਹਮਣੇ ਜੀ.ਟੀ. ਰੋਡ ਦੇ ਚੌਂਕ ਵਿਚ ਆਵਾਜਾਈ ਨੂੰ ਲੰਘਾਉਣ ਵਾਲੇ ਪੁਲਸ ਦੇ ਸਿਪਾਹੀ ਕੋਲ ਚਲਿਆ ਗਿਆ। ਉਸ ਨੇ ਉਸ ਨੂੰ ਮੇਰੇ ਵਾਲੀ ਲਾਰੀ ਵੱਲ ਹੱਥ ਕਰਕੇ ਕੁਝ ਆਖਿਆ ਤੇ ਆਪ ਸ਼ਹਿਰ ਨੂੰ ਦੌੜ ਗਿਆ। ਏਨੇ ਨੂੰ ਮੈਂ ਅੱਡੇ ਵਿਚੋਂ ਬਾਹਰ ਨਿਕਲ ਆਇਆ ਸਾਂ। ਚੌਂਕ ਵਾਲੇ ਸਿਪਾਹੀ ਨੇ ਲਾਰੀ ਰੋਕ ਲਈ। ਮੈਂ ਬਾਹਰ ਸੜਕ ਤੇ ਖਲੋਤਾ ਇਹ ਵੇਖ ਕੇ ਐਲੀ ਪੰਜ ਹੋ ਗਿਆ। ਪਹਿਲਾਂ ਸ਼ਹਿਰ ਵਿਚ ਜਾ ਵੜਿਆ ਤੇ ਫੇਰ ਉਥੋਂ ਰੇਲ ਦੀ ਪਟੜੀ ਚੜ੍ਹ ਕੇ ਪਸ਼ਾਵਰ ਵਾਲੇ ਪਾਸੇ ਤੁਰ ਪਿਆ। ਇਸ ਤਰ੍ਹਾਂ ਦੋ ਮੀਲ ਪਟੜੀਉਂ ਪਟੜੀ ਤੁਰ ਕੇ ਪਟੜੀ ਛੱਡ ਦਿੱਤੀ ਤੇ ਸੜਕ ਉਤੇ ਆ ਗਿਆ। ਏਨੇ ਨੂੰ ਪਿੱਛੋਂ ਇਕ ਪਸ਼ਾਵਰ ਨੂੰ ਜਾਣ ਵਾਲੀ ਲਾਰੀ ਆ ਗਈ। ਮੈਂ ਹੱਥ ਖੜ੍ਹਾ ਕਰ ਕੇ ਖਲਿਆਰ ਲਈ ਤੇ ਉਸੇ ਉਤੇ ਪਸ਼ਾਵਰ ਜਾ ਪਹੁੰਚਾ।

ਮਗਰੋਂ ਕਿਤੇ ਵਾਰਸ ਖ਼ਾਂ ਦੇ ਭਰਾ ਨੇ ਅਕਬਰ ਨੂੰ ਦੱਸਿਆ ਕਿ ‘ਤੁਹਾਡਾ ਬੰਦਾ ਬੱਸਾਂ ਦੇ ਅੱਡੇ ਤੋਂ ਬਚ ਕੇ ਨਿਕਲ ਗਿਆ।’

ਮੈਂ ਨੁਸ਼ਹਿਰੇ ਬੱਸਾਂ ਦੇ ਅੱਡੇ ਤੇ ਜਾਣਾ ਛੱਡ ਦਿੱਤਾ।

ਹਾਲਾਤ ਤੋਂ ਜਾਣੂੰ ਰਹਿਣ ਲਈ ਭਾਵੇਂ ਮੈਂ ਕਿਸੇ ਘੋਰਨੇ ਵਿਚ ਹੋਵਾਂ, ਟ੍ਰਬਿਊਨ ਪੜ੍ਹਦਾ ਸਾਂ। ਕੈਮਲਪੁਰ ਰਹਿਣ ਵੇਲੇ ਬਾਜ਼ਾਰ ਵਿਚੋਂ ਟ੍ਰਬਿਊਨ ਮੁਕ ਜਾਣੀ ਇਸ ਲਈ ਮੈਂ ਸਟੇਸ਼ਨ ਉਤੇ ਜਾਣ ਲੱਗ ਪਿਆ ਤੇ ਸ਼ਾਮ ਨੂੰ ਫਰੰਟੀਅਰ ਮੇਲ ਵਿਚੋਂ ਟ੍ਰਬਿਊਨ ਪਲੇਟਫਾਰਮ ਤੋਂ ਲੈ ਲੈਣੀ। ਪਹਿਲਾਂ ਕੁਝ ਦਿਨ ਤਾਂ ਮੈਂ ਅਖ਼ਬਾਰ ਲੈ ਕੇ ਘਰ ਨੂੰ ਆ ਜਾਂਦਾ ਤੇ ਉਥੇ ਆ ਕੇ ਪੜ੍ਹਦਾ ਰਹਿੰਦਾ। ਫੇਰ ਮੈਂ ਸਟੇਸ਼ਨ ਉਤੇ ਹੀ ਤੁਰਿਆ ਜਾਂਦਿਆਂ ਮੋਟੀਆਂ ਮੋਟੀਆਂ ਸੁਰਖੀਆਂ ਵੇਖਣ ਲੱਗ ਪਿਆ। ਪਿੱਛੋਂ ਕੁਝ ਦਿਨ ਪਾ ਕੇ ਮੈਂ ਪਲੇਟਫਾਰਮ ਤੇ ਹੀ ਇਕ ਬੈਂਚ ਤੇ ਬੈਠ ਜਾਣਾ ਤੇ ਪੜ੍ਹਨ ਲੱਗ ਪੈਣਾ।

ਇਹ ਮੇਰੀ ਭੁਲ ਤੇ ਅਵੇਸਲਾਪਨ ਸੀ। ਮੇਰਾ ਭੇਸ ਅੰਗਰੇਜ਼ੀ ਪੜ੍ਹਿਆਂ ਵਰਗਾ ਨਹੀਂ ਸੀ। ਮੇਰਾ ਪਹਿਰਾਵਾ ਪੇਂਡੂ ਅਨਪੜ੍ਹ ਛਾਛੀਆਂ ਵਾਰਗਾ ਸੀ। ਮੋਟੇ ਖੱਦਰ ਦਾ ਕੁੜਤਾ ਤੇ ਸਲਵਾਰ, ਮੋਢਿਆਂ ਦੀ ਚਾਦਰ, ਸਸਤੀ ਜਿਹੀ ਸੂਤਰ ਦੀ ਲੁੰਗੀ ਤੇ ਘਸੀ ਜਿਹੀ ਪਿਸ਼ੌਰੀ ਚੱਪਲ।

ਇਕ ਦਿਨ ਬੈਂਚ ਉਤੇ ਬੈਠਾ ਮੈਂ ਅਖ਼ਬਾਰ ਪੜ੍ਹ ਰਿਹਾ ਸਾਂ। ਮੇਰੇ ਜਿਹਾ ਹੀ ਛਾਛੀ ਬੰਦਾ ਮੇਰੇ ਲਾਗੇ ਆ ਬੈਠਾ ਤੇ ਮੇਰੇ ਉਤੇ ਸੀ. ਆਈ. ਡੀ. ਦੀ ਤਾੜਨੀ ਨਿਗਾਹ ਸੁੱਟ ਕੇ ਮੇਰਾ ਅਤਾ ਪਤਾ ਪੁੱਛਣ ਲੱਗ ਪਿਆ। ਮੈਂ ਇਧਰ ਓਧਰ ਦੀਆਂ ਮਾਰ ਕੇ ਉਸ ਨੂੰ ਟਾਲ ਤਾਂ ਦਿੱਤਾ, ਪਰ ਮੈਨੂੰ ਡਰ ਸੀ ਕਿ ਉਸ ਦਾ ਸ਼ੱਕ ਦੂਰ ਨਹੀਂ ਹੋਇਆ ਮੈਨੂੰ ਧੜਕੂ ਲੱਗ ਗਿਆ ਤੇ ਮੈਂ ਉਠ ਕੇ ਉਸ ਜਾਂਦੇ ਨੂੰ ਵੇਖਣ ਲੱਗ ਪਿਆ। ਉਹ ਰਵਾਂ ਰਵੀ ਸਿੱਧਾ ਸਟੇਸ਼ਨ ਉਤਲੇ ਪੁਲਸ ਕਮਰੇ ਵਿਚ ਜਾ ਵੜਿਆ।

ਮੈਂ ਉਸ ਦੇ ਅੰਦਰ ਵੜਦਿਆਂ ਹੀ ਖਿਸਕਿਆ ਤੇ ਲਾਈਨਾਂ ਉਤੇ ਖੜੇ ਮਾਲ ਗੱਡੀ ਦੇ ਵਾਧੂ ਡੱਬਿਆਂ ਓਹਲੇ ਹੁੰਦਾ ਹੋਇਆ ਇੰਜਨ ਸ਼ੈਡ ਕੋਲ ਦੀ ਲੰਘ ਕੇ ਪਹਾੜੀ ਜ਼ਮੀਨ ਦੇ ਨਿਵਾਣਾਂ ਵਿਚੋਂ ਦੀ ਘਚਾਣੀਆਂ ਮਾਰ ਕੇ ਆਪਣੇ ਘੋਰਨੇ ਵਿਚ ਪਹੁੰਚ ਗਿਆ।

ਪਿੱਛੋਂ ਜਦ ਮੈਂ 1942 ਵਿਚ ਫੜਿਆ ਗਿਆ ਤਾਂ ਲਾਹੌਰ ਸ਼ਾਹੀ ਕਿਲ੍ਹੇ ਵਿਚ ਪੁਛ ਪੜਤਾਲ ਕਰਨ ਵਾਲੀ ਸੀ. ਆਈ. ਡੀ. ਨੇ ਮੇਰੇ ਕੈਮਲਪੁਰ ਸਟੇਸ਼ਨ ਉਤੇ ਜਾਣ ਬਾਰੇ ਵੀ ਸਵਾਲ ਕੀਤੇ।

* * * *

ਇਕ ਵਾਰ ਮੈਂ ਅੰਮ੍ਰਿਰਤਸਰ ਆਇਆ। ਮੈਂ ਮਾਲ ਮੰਡੀਆਂ ਵਿਚੋਂ ਡੰਗਰ ਵੱਛਾ ਖਰੀਦਣ ਆਏ ਰਾਸ਼ਿਆਂ ਦਾ ਭੇਸ ਧਾਰਿਆ ਹੋਇਆ ਸੀ। ਮੈਂ ਆਪਣੇ ਮਿਲਣ ਆਉਣ ਵਾਲਿਆਂ ਦੀ ਉਡੀਕ ਦਾ ਵਕਤ ਕੱਟਣ ਵਾਸਤੇ ਗੋਬਿੰਦਗੜ੍ਹ ਕਿਲ੍ਹੇ ਦੀ ਗਰਾਉਂਡ ਵਿਚ ਰੇਲ ਗੁਦਾਮਾਂ ਦੇ ਸਾਹਮਣੇ ਸੜਕੋਂ ਦੋ ਕੁ ਫੁਟ ਹਟਵਾਂ ਇਸਲਾਮਾਬਾਦ ਵਾਲੇ ਪਾਸੇ ਨੂੰ ਬੈਠਾ, ਮਜ਼ੇ ਨਾਲ ਪੋਨਾ ਗੰਨਾ ਚੂਪ ਰਿਹਾ ਸਾਂ। ਮੇਰਾ ਆਰ ਲੱਗੀ ਹੋਈ ਵਾਲਾ ਡੰਡਾ ਤੇ ਡੰਗਰਾਂ ਨੂੰ ਨਰੜ ਪਾਉਣ ਵਾਲਾ ਰੱਸਾ ਮੇਰੇ ਕੋਲ ਪਿਆ ਸੀ। ਸੜਕੇ ਸੜਕ ਤੁਰਿਆ ਜਾਂਦਾ ਇਕ ਮੋਟਾ ਜਿਹਾ ਬੰਦਾ ਮੈਨੂੰ ਬੈਠਾ ਵੇਖ ਕੇ ਸਿੱਧਾ ਮੇਰੇ ਵੱਲ ਹੋ ਤੁਰਿਆ।

ਮੈਂ ਉਸ ਨੂੰ ਦੂਰੋਂ ਹੀ ਪਛਾਣ ਲਿਆ। ਉਹ ਸੀ. ਆਈ. ਡੀ. ਦਾ ਉਹੋ ਸਿਪਾਹੀ ਸੀ ਜੋ ਚਾਰ ਕੁ ਸਾਲ ਹੋਏ ਸਾਡੇ ਮਗਰ ਨਿਗਰਾਨੀ ਉਤੇ ਲੱਗਾ ਰਿਹਾ ਸੀ। ਉਹ ਰਵਾਂ ਰਵੀ ਮੇਰੇ ਸਿਰ ਤੇ ਆ ਗਿਆ। ਮੈਂ ਘੇਸਲਾ ਹੋ ਕੇ ਗੰਨਾ ਚੂਪੀ ਗਿਆ ਤੇ ਉਸ ਵੱਲ ਕੋਈ ਧਿਆਨ ਨਾ ਦਿੱਤਾ। ਉਸ ਨੇ ਜ਼ਰਾ ਕੁ ਪੈਰ ਦੱਬ ਕੇ ਮੈਨੂੰ ਪੂਰੇ ਸੀ. ਆਈ. ਡੀ. ਵਾਲੇ ਢੰਗ ਨਾਲ ਦੇਖਿਆ। ਮੇਰੇ ਰੱਸੇ ਨੂੰ ਤਾੜਿਆ ਤੇ ਡੰਡੇ ਨੂੰ ਨਿਗਾਹ ਵਿਚੋਂ ਕੱਢਿਆ ਪਰ ਮੈਨੂੰ ਬੁਲਾਇਆ ਨਹੀਂ, ਤੇ ਚੁਪ ਚਾਪ ਲੰਘ ਗਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਚਰਨ ਸਿੰਘ ਸਹਿੰਸਰਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •