Chah (Punjabi Essay) : Mohinder Singh Randhawa

ਚਾਹ (ਲੇਖ) : ਮਹਿੰਦਰ ਸਿੰਘ ਰੰਧਾਵਾ

ਮੈਂ ਨਗਰੋਟਾ ਦੇ ਖੇਤਾਂ ਵਿਚ ਬੈਠਾ ਕੁਦਰਤ ਦੀ ਸੁੰਦਰਤਾ ਦਾ ਆਨੰਦ ਮਾਣ ਰਿਹਾ ਸਾਂ। ਮੇਰਾ ਮਿੱਤਰ ਵਿਸ਼ੰਭਰ ਦਾਸ ਮੇਰੇ ਲਈ ਚਾਹ ਖੇਤਾਂ ਵਿਚ ਹੀ ਲੈ ਆਇਆ।ਮੈਂ ਨਾਲੇ ਪਹਾੜਾਂ ਨੂੰ ਵੇਖਾਂ ਤੇ ਨਾਲੇ ਹੌਲੀ-ਹੌਲੀ ਸਵਾਦ ਨਾਲ ਚਾਹ ਪੀਵਾਂ। ਜਿਵੇਂ ਬਰਫ਼ ਕਜਿਆਂ ਪਹਾੜਾਂ ਦੀ ਸੁੰਦਰਤਾ, ਇਕੱਲ ਵਿਚ ਹੀ ਮਾਣੀ ਜਾ ਸਕਦੀ ਹੈ, ਇਵੇਂ ਹੀ ਚਾਹ ਦਾ ਸਵਾਦ ਵੀ ਚੁੱਪ ਤੇ ਸ਼ਾਂਤੀ ਵਿਚ ਹੀ ਆਉਂਦਾ ਹੈ। ਜਦ ਮੈਂ ਚਾਹ ਦੀ ਪਿਆਲੀ 'ਤੇ ਲੋਕਾਂ ਨੂੰ ਚਿੜੀਆਂ ਕਾਵਾਂ ਵਾਂਗ ਰੌਲਾ ਪਾਉਂਦੇ ਚਿਟਰ ਚਿਟਰ ਕਰਦੇ ਵੇਖਦਾ ਹਾਂ ਤਾਂ ਬੜਾ ਹੈਰਾਨ ਹੁੰਦਾ ਹਾਂ। ਸਾਡੇ ਸਿਆਣਿਆਂ ਨੇ ਗ਼ਲਤ ਨਹੀਂ ਕਿਹਾ ਕਿ ਖਾਣ ਵੇਲੇ ਮੂਰਖ ਹੀ ਬੋਲਦੇ ਹਨ। ਦੋ ਕੰਮ ਇੱਕਠੇ ਕਦੇ ਨਹੀਂ ਹੋ ਸਕਦੇ ਨਾ ਰੋਟੀ ਦਾ ਸਵਾਦ ਤੇ ਨਾ ਗੱਲਾਂ ਦਾ ਮਜ਼ਾ। ਧਿਆਨ ਨਾਲ ਖਾਣੇ ਦਾ ਸਵਾਦ ਮਾਣੋ, ਤੇ ਇਸ ਤੋਂ ਵੇਹਲੇ ਹੋ ਕੇ ਗੱਲਾਂ ਕਰ ਲਵੋ।

ਚਾਹ ਦਾ ਤਾਂ ਚੁੱਪ ਤੇ ਸ਼ਾਂਤੀ ਨਾਲ ਖ਼ਾਸ ਸੰਬੰਧ ਹੈ। ਇਸ ਖ਼ਿਆਲ ਨੂੰ ਅਸੀਂ ਪੰਜਾਬੀ ਲੋਕ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ, ਕਿਉਂਕਿ ਅਸੀਂ ਦੁੱਧ ਤੇ ਖੱਟੀ ਲੱਸੀ ਪੀਣ ਵਾਲੇ ਹਾਂ, ਤੇ ਚਾਹ ਦੇ ਪੂਰੀ ਤਰ੍ਹਾਂ ਆਦੀ ਨਹੀਂ।ਹਾਲ ਤਾਈਂ ਵੀ ਸਾਡੇ ਵਿਚੋਂ ਬਹੁਤ ਸਾਰੇ ਇਸ ਭਰਮ ਵਿਚ ਹਨ, ਕਿ ਚਾਹ ਗਰਮੀ ਖ਼ੁਸ਼ਕੀ ਕਰਦੀ ਹੈ। ਤੀਹ ਕੁ ਸਾਲ ਹੋਏ ਮੇਰਾ ਵੀ ਇਹੀ ਖ਼ਿਆਲ ਸੀ, ਤੇ ਮੈਂ ਵੀ ਚਾਹ ਨੂੰ ਸ਼ਰਾਬ ਤੇ ਤਮਾਕੂ ਵਾਂਗ ਇਕ ਐਬ ਹੀ ਸਮਝਦਾ ਸੀ। 1932-34 ਤਕ ਜਦ ਮੈਂ ਇੰਗਲੈਂਡ ਹੀ ਸੀ ਤਾਂ ਜਿਥੇ ਕਿਤੇ ਪਾਰਟੀ 'ਤੇ ਜਾਣਾ ਤਾਂ ਦੁੱਧ ਹੀ ਮੰਗਣਾ ਤੇ ਅੰਗਰੇਜ਼ ਦੋਸਤਾਂ ਨੂੰ ਪਰੇਸ਼ਾਨੀ ਵਿਚ ਪਾਉਣਾ। ਉਨ੍ਹਾਂ ਸੋਚਣਾ ਕਿ ਕਿਹੋ ਜਿਹਾ ਬੰਦਾ ਹੈ। ਜੋ ਚਾਹ ਤੱਕ ਵੀ ਨਹੀਂ ਪੀਂਦਾ। ਚਾਹ ਦੀ ਆਦਤ ਮੇਰੀ ਧਰਮ ਪਤਨੀ ਨੇ 1935 ਵਿਚ ਪਾਈ ਤੇ ਹੁਣ ਤਾਂ ਮੈਨੂੰ ਚਾਹ ਬੜੀ ਹੀ ਚੰਗੀ ਲਗਦੀ ਹੈ। ਬਾਹਰੋਂ ਥੱਕੇ ਟੁੱਟੇ ਆਈਏ, ਚਾਹ ਦਾ ਪਿਆਲਾ ਪੀਂਦੇ ਸਾਰ ਹੀ ਥਕਾਨ ਲੱਥ ਜਾਂਦੀ ਹੈ, ਤੇ ਇਕ ਸਰੂਰ ਜਿਹਾ ਚੜ੍ਹ ਜਾਂਦਾ ਹੈ। ਜਦ ਮੈਂ ਸਫ਼ਰ ਕਰਦਾ ਹਾਂ, ਖ਼ਾਸ ਕਰ ਦੱਖਣ ਤੇ ਉੱਤਰੀ ਭਾਰਤ ਵਿਚ ਮੈਂ ਚਾਹ ਜਾਂ ਨਾਰੀਅਲ ਦਾ ਹੀ ਪਾਣੀ ਪੀਂਦਾ ਹਾਂ। ਹਰਾ ਨਾਰੀਅਲ ਗਰਮੀਆਂ ਵਿਚ ਬੜਾ ਸਵਾਦ ਲਗਦਾ ਹੈ, ਤੇ ਕਿਸੇ ਬੀਮਾਰੀ ਦਾ ਵੀ ਕੋਈ ਡਰ ਨਹੀਂ ਪੈਦਾ ਹੁੰਦਾ। ਇਹ ਪਾਣੀ ਸੂਰਜ ਨੇ ਕਸ਼ੀਦ ਕਰਕੇ ਖੋਪੇ ਵਿਚ ਭਰਿਆ ਹੈ, ਤੇ ਮੋਹਰ ਲਾ ਕੇ ਬੰਦ ਕੀਤਾ ਹੈ। ਸਫ਼ਰ ਖ਼ਤਮ ਹੋਣ ਤੇ ਮੈਂ ਸਿਰਫ਼ ਚਾਹ ਹੀ ਪੀਂਦਾ ਹਾਂ। ਗਰਮ ਪਾਣੀ ਵਿਚ ਜਰਾਸੀਮ ਮਰ ਜਾਂਦੇ ਹਨ, ਤੇ ਗਲ ਵਿਚ ਜੋ ਮਿੱਟੀ ਘੱਟਾ ਗਿਆ ਹੋਵੇ ਉਹ ਵੀ ਸਾਫ਼ ਹੋ ਜਾਂਦਾ ਹੈ।

ਚਾਹ ਦੇ ਬੂਟੇ ਦਾ ਜਨਮ-ਸਥਾਨ ਦੱਖਣੀ ਚੀਨ ਹੈ। ਪਹਿਲੇ ਇਸ ਨੂੰ ਦਵਾਈ ਤੇ ਤੌਰ ਤੇ ਵਰਤਿਆ ਜਾਂਦਾ ਸੀ ਤੇ ਆਮ ਯਕੀਨ ਸੀ ਕਿ ਬੁਖ਼ਾਰ ਹਟਾਉਂਦਾ ਹੈ, ਥਕਾਨ ਦੂਰ ਕਰਦਾ ਹੈ, ਰੂਹ ਨੂੰ ਖ਼ੁਸ਼ੀ ਦਿੰਦਾ ਹੈ ਤੇ ਅੱਖਾਂ ਨੂੰ ਫ਼ਾਇਦਾ ਕਰਦਾ ਹੈ। ਚੌਥੀ ਸਦੀ ਵਿਚ ਹੀ ਇਸ ਦਾ ਯੰਗਸੀ ਕਿਆਂਗ ਦੀ ਵਾਦੀ ਵਿਚ ਆਮ ਰਿਵਾਜ ਹੋ ਗਿਆ। ਟੈਂਗ ਬਾਦਸ਼ਾਹੀ ਸਮੇਂ ਅੱਠਵੀਂ ਸਦੀ ਦੇ ਅੱਧ ਵਿਚ ਲੂਵੂ ਨਾਮ ਤੇ ਸੰਤ ਕਵੀ ਨੇ ਚਾਹ ਪੀਣ ਦਾ ਖ਼ਾਸ ਤਰੀਕਾ ਬਣਾਇਆ ਤੇ ਚਾਹ ਦਾ ਗਰੰਥ ਲਿਖਿਆ, ਜਿਸ ਵਿਚ ਵਿਸਥਾਰ ਨਾਲ ਦਸਿਆ ਕਿ ਚਾਹ ਕਿਵੇਂ ਪੀਤੀ ਜਾਵੇ, ਬਰਤਨ ਕੈਸੇ ਹੋਣ, ਤੇ ਮਨ ਨੂੰ ਕਿਵੇਂ ਇਕਾਗਰ ਕੀਤਾ ਜਾਵੇ। ਚਾਹ ਦੇ ਛੇ ਸੱਤ ਪਿਆਲੇ ਪੀਣਾ ਕੋਈ ਵੱਡੀ ਗੱਲ ਨਹੀਂ ਸੀ ਸਮਝੀ ਜਾਂਦੀ। ਲੈਟੰਗ ਨਾਮ ਦਾ ਚੀਨੀ ਕਵੀ ਲਿਖਦਾ ਹੈ, “ਚਾਹ ਅੰਮ੍ਰਿਤ ਹੈ। ਪਹਿਲਾ ਪਿਆਲਾ ਮੇਰਾ ਬੁਲ੍ਹਾਂ ਤੇ ਗਲੇ ਨੂੰ ਗਿੱਲਾ ਕਰਦਾ ਹੈ ਙ ਦੂਜਾ ਮੇਰੀ ਇਕੱਲਤਾ ਦੂਰ ਕਰਦਾ ਹੈ, ਤੀਜਾ ਮੇਰੀਆਂ ਆਂਦਰਾਂ ਵਿਚ ਜਾਂਦਾ ਹੈ, ਚੌਥੇ ਨਾਲ ਥੋੜਾ ਮੁੜ੍ਹਕਾ ਆਉਂਦਾ ਹੈ ਤੇ ਸਾਰੇ ਪਾਪ ਘੁਲ ਕੇ ਪਸੀਨੇ ਰਾਹੀਂ ਬਾਹਰ ਨਿਕਲ ਜਾਂਦੇ ਹਨ, ਪੰਜਵਾਂ ਮੈਨੂੰ ਪਵਿੱਤਰ ਕਰ ਦਿੰਦਾ ਹੈ ਅਤੇ ਛੇਵਾਂ ਮੈਨੂੰ ਸਵਰਗ ਦੇ ਦੇਵੀ ਦੇਵਤਿਆਂ ਵਿਚ ਪੁਚਾ ਦਿੰਦਾ ਹੈ।”

ਜੈਨ ਬੁੱਧ ਮਤ ਨੇ ਚਾਹ ਪੀਣ ਦੀ ਰਸਮ ਬਣਾਈ। ਆਪਣੇ ਗੁਰੂ ਬੋਧੀ ਧਰਮ ਦੀ ਮੂਰਤੀ ਸਾਹਮਣੇ ਸਾਰੇ ਸੰਤ ਬੈਠ ਜਾਂਦੇ ਤੇ ਇਕੋ ਪਿਆਲੇ 'ਚੋਂ ਵਾਰੋ ਵਾਰੀ ਗੰਭੀਰਤਾ ਤੇ ਭਗਤੀ ਭਾਵ ਨਾਲ ਚਾਹ ਪੀਂਦੇ। ਇਹੀ ਜੈਨ ਰੀਤੀ ਪੰਦਰਵੀਂ ਸਦੀ ਵਿਚ ਜਾਪਾਨ ਪੁਜ ਗਈ ਤੇ ਸ਼ੋਗਨ ਅਸੀਕਾਗਾ ਯੋਸ਼ੀਮਾਸਾ ਦੀ ਸਰਪਰਸਤੀ ਹੇਠ ਚਾਹ ਪੀਣ ਦੀ ਰਸਮ ਦੇ ਰੂਪ ਵਿਚ ਪ੍ਰਚੱਲਤ ਹੋ ਗਈ ਤੇ ਚਾਹ ਪੀਣਾ ਇਕ ਜੀਵਨ ਕਲਾ ਦਾ ਹਿੱਸਾ ਹੋ ਗਿਆ। ਚਾਹ ਪੀਣ ਦਾ ਕਮਰਾ ਇਕ ਸ਼ਾਂਤੀ ਦਾ ਮੰਦਰ ਬਣ ਗਿਆ, ਤੇ ਜੋ ਇਸ ਵਿਚ ਦਾਖ਼ਲ ਹੁੰਦਾ ਜ਼ਿੰਦਗੀ ਦੇ ਫ਼ਿਕਰਾਂ ਝਗੜਿਆਂ ਝਾਂਜਾਂ ਨੂੰ ਭੁਲਾ ਕੇ ਦਾਖ਼ਲ ਹੁੰਦਾ। ਇਸ ਕਮਰੇ ਦਾ ਦਰਵਾਜ਼ਾ ਸਿਰਫ਼ ਤਿੰਨ ਫੁਟ ਉਚਾ ਹੁੰਦਾ, ਤੇ ਸਭ ਮਹਿਮਾਨ ਝੁਕ ਕੇ ਅੰਦਰ ਦਾਖ਼ਲ ਹੁੰਦੇ। ਇਸ ਦਾ ਮਤਲਬ ਇਹ ਸੀ ਕਿ ਸਭ ਨਿਮਰਤਾ ਨਾਲ ਊਚ ਨੀਚ ਦੇ ਖ਼ਿਆਲ ਛੱਡ ਕੇ ਅੰਦਰ ਦਾਖ਼ਲ ਹੋਣ।ਤਾਕ ਵਿਚ ਸਿਰਫ਼ ਇਕ ਤਸਵੀਰ ਹੁੰਦੀ, ਜਾਂ ਫੁੱਲਾਂ ਪੱਤਿਆਂ ਦੀ ਸਾਦਾ ਜਿਹੀ ਸਜਾਵਟ। ਜੈਨ ਸ਼ਬਦ ਧਿਆਨ ਤੋਂ ਨਿਕਲਿਆ ਹੈ, ਤੇ ਮਹਾਤਮਾ ਬੁੱਧ ਧਿਆਨ 'ਤੇ ਬੜਾ ਜ਼ੋਰ ਦਿੰਦੇ ਸਨ ਕਿ ਇਸ ਨਾਲ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ। ਇਹੀ ਸੁਨੇਹਾ ਬੋਧੀ ਧਰਮ ਛੇਵੀਂ ਸਦੀ ਵਿਚ ਭਾਰਤ ਤੋਂ ਚੀਨ ਲੈ ਕੇ ਅਇਆ, ਤੇ ਏਹੀ ਜਾਪਾਨ ਵਿਚ ਪਹੁੰਚਿਆ। ਸੋਲ੍ਹਵੀਂ ਸਦੀ ਵਿਚ ਰਿਕੀਓ ਨੇ ਚਾਹ ਪੀਣ ਦੀ ਰਸਮ ਨੂੰ ਸ਼ਾਂਤੀ ਤੇ ਪਵਿੱਤ੍ਰਤਾ ਦਾ ਨਮੂਨਾ ਬਣਾਇਆ। ਮਹਿਮਾਨ ਚੁੱਪ ਚਾਪ ਚਾਹ ਦੇ ਕਮਰੇ ਵਿਚ ਆਉਂਦੇ, ਤੇ ਸਿਵਾਏ ਉਬਲਦੇ ਪਾਣੀ ਦੀ ਆਵਾਜ਼ ਤੇ ਕੁਝ ਸੁਣਾਈ ਨਾ ਦਿੰਦਾ ਤੇ ਸਭ ਇਕਾਗਰ ਬਿਰਤੀ ਨਾਲ ਬੈਠਦੇ। ਮਨ, ਮਨਾਂ ਨਾਲ ਗੱਲਾਂ ਕਰਦੇ, ਤੇ ਤਾਕ ਦੀ ਤਸਵੀਰ ਜਾਂ ਫੁੱਲਾਂ ਨੂੰ ਦਿਲ ਹੀ ਦਿਲ ਵਿਚ ਸਲਾਹੁੰਦੇ।

ਚਾਹ ਪੀਣ ਦਾ ਕਮਰਾ ਬੜਾ ਸਾਫ਼, ਪਰ ਸਾਦਾ ਹੁੰਦਾ। ਏਨੀ ਸਫ਼ਾਈ ਹੁੰਦੀ ਕਿ ਮਜਾ ਹੈ ਜ਼ਰਾ ਵੀ ਮਿੱਟੀ ਵਿਖਾਈ ਦਿੰਦੀ। ਪੱਥਰਾਂ ਨਾਲ ਜੁੜਿਆ ਹੋਇਆ ਰਸਤਾ ਜੋ ਚਾਹ ਦੇ ਕਮਰੇ ਨੂੰ ਮਕਾਨ ਨਾਲ ਜੋੜਦਾ ਖ਼ਾਸ ਤੌਰ ਤੇ ਸਾਫ਼ ਕੀਤਾ ਜਾਂਦਾ। ਪਰ ਇਸ ਸਫ਼ਾਈ ਵਿਚ ਵੀ ਜਾਪਾਨੀ ਸੰਤਾਂ ਦੀ ਕਲਾਮਈ ਰੁਚੀ ਦਾ ਸਬੂਤ ਮਿਲਦਾ। ਜੋ ਸੰਤ ਚਾਹ ਪੀਣ ਦੀ ਰਸਮ ਦੀ ਪਰਧਾਨਗੀ ਕਰਦਾ ਉਸ ਨੂੰ ਚਾਹ-ਗੁਰੂ ਕਿਹਾ ਜਾਂਦਾ। ਰਿਕੀਓ ਇਕ ਮਸ਼ਹੂਰ ਚਾਹ ਗੁਰੂ ਹੋਇਆ ਹੈ। ਚਾਹ ਪੀਣ ਦੀ ਤਿਆਰੀ ਹੋ ਰਹੀ ਸੀ ਤੇ ਬੜੇ ਉਘੇ ਲੋਕਾਂ ਦੇ ਆਉਣ ਦੀ ਉਡੀਕ ਸੀ। ਰਿਕੀਓ ਦਾ ਲੜਕਾ ਸੋਆਨ ਬਾਗ਼ ਦਾ ਰਸਤਾ ਧੋ ਕੇ ਸਾਫ਼ ਕਰ ਰਿਹਾ ਸੀ। ਇਕ ਘੰਟਾ ਸਫ਼ਾਈ ਕਰਕੇ ਪਿਤਾ ਕੋਲ ਆਇਆ ਤੇ ਪੁੱਛਿਆ, “ਪਿਤਾ ਜੀ ! ਹੁਣ ਸਭ ਠੀਕ ਹੈ। ਰਸਤੇ ਦੇ ਪੱਥਰ ਤਿਨ ਵਾਰੀ ਧੋਤੇ ਹਨ। ਪੱਥਰ ਦੀਆਂ ਲਾਲਟੈਣਾਂ ਤੇ ਦਰੱਖਤਾਂ ਦੇ ਪੱਤੇ ਵੀ ਫ਼ਵਾਰੇ ਨਾਲ ਧੋਤੇ ਹਨ, ਤੇ ਰਸਤੇ 'ਤੇ ਕੋਈ ਕੱਖ ਪੱਤਾ ਨਹੀਂ ਹੈ।” “ਓਹ ਮੂਰਖ। ਚਾਹ-ਗੁਰੂ ਕੜਕ ਕੇ ਬੋਲਿਆ, “ਬਾਗ਼ ਦੇ ਰਸਤੇ ਨੂੰ ਸਾਫ਼ ਕਰਨ ਦਾ ਇਹ ਤਰੀਕਾ ਨਹੀਂ।” ਏਨੀ ਗੱਲ ਆਖ ਕੇ ਰਿਕੀਓ ਬਾਗ਼ ਵਿਚ ਆਇਆ, ਤੇ ਇਕ ਚਿਨਾਰ ਦਾ ਟਾਹਣਾ ਹਿਲਾਇਆ। ਰਸਤਾ ਲਾਲ ਤੇ ਪੀਲੇ ਪੱਤਿਆਂ ਨਾਲ ਸੱਜ ਗਿਆ, ਤੇ ਇੰਜ ਲਗੇ ਜਿਵੇਂ ਪੱਤਝੜ ਦਾ ਕੀਮਖ਼ਾਬ ਹੋਵੇ। ਰਿਕੀਓ ਸਿਰਫ਼ ਸਫ਼ਾਈ ਹੀ ਨਹੀਂ ਮੰਗਦਾ ਸੀ ਨਾਲ ਹੀ ਕੁਦਰਤੀ ਸੁੰਦਰਤਾ ਵੀ ਚਾਹੁੰਦਾ ਸੀ।

ਚਾਹ ਬੰਦੇ ਨੂੰ ਚੇਤੰਨ ਕਰਦੀ ਹੈ, ਤੇ ਬਿਰਤੀ ਇਕਾਗਰ ਕਰਦੀ ਹੈ। ਏਸੇ ਕਰਕੇ ਹੀ ਬੁੱਧ ਸੰਤ ਜਦ ਭਗਤੀ ਕਰਦੇ, ਚਾਹ ਜ਼ਰੂਰ ਪੀਂਦੇ, ਜਿਵੇਂ ਸਾਡੇ ਸੰਤ ਸੁੱਖਾ ਪੀਂਦੇ ਹਨ। ਚਾਹ ਪੀਣ ਦੀ ਰਸਮ ਨੇ ਸਭਿਆਚਾਰ ਤੇ ਲੋਕਾਂ ਦੇ ਜੀਵਨ ਤੇ ਵੀ ਅਸਰ ਪਾਇਆ ਤੇ ਚਿੱਤਰ ਕਲਾ ਤੇ ਬਾਗ਼ਬਾਣੀ ਦੀ ਕਲਾ ਨੂੰ ਬਹੁਤ ਹੁਲਾਰਾ ਦਿਤਾ।

ਚਾਹ 1610 ਵਿਚ ਡੱਚ ਈਸਟ ਇੰਡੀਆ ਕੰਪਨੀ ਨੇ ਯੂਰਪ ਵਿਚ ਲਿਆਂਦੀ। ਇਹ 1638 ਵਿਚ ਫ਼ਰਾਂਸ, 1639 ਵਿਚ ਰੂਸ ਤੇ 1640 ਵਿਚ ਇੰਗਲੈਂਡ ਪਹੁੰਚੀ। ਜਦ ਕੋਈ ਨਵੀਂ ਚੀਜ਼ ਕਿਸੇ ਮੁਲਕ ਵਿਚ ਬਾਹਰੋਂ ਆਉਂਦੀ ਹੈ ਤਾਂ ਲੋਕ ਉਹਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। 1756 ਵਿਚ ਇਕ ਅੰਗ੍ਰੇਜ਼ ਲਿਖਾਰੀ ਨੇ ਲਿਖਿਆ ਕਿ ਚਾਹ ਪੀਣ ਨਾਲ ਮਰਦਾਂ ਦਾ ਕੱਦ ਮਧਰਾ ਹੋ ਜਾਂਦਾ ਹੈ, ਤੇ ਜ਼ਨਾਨੀਆਂ ਦੀ ਸੁੰਦਰਤਾ ਘਟ ਜਾਂਦੀ ਹੈ। ਇਹੋ ਜਿਹੀਆ ਗੱਲਾਂ ਦੇ ਬਾਵਜੂਦ ਵੀ ਚਾਹ ਦਾ ਇਸਤੇਮਾਲ ਵਧਦਾ ਗਿਆ। ਤੇ ਅਠਾਰ੍ਹਵੀਂ ਸਦੀ ਵਿਚ ਇੰਗਲੈਂਡ ਵਿਚ ਚਾਹ ਦਾ ਆਮ ਰਿਵਾਜ ਹੋ ਗਿਆ। ਬੜੇ-ਬੜੇ ਲਿਖਾਰੀ, ਐਡੀਸਨ, ਸਟੀਲ, ਸੈਮੂਅਲ ਜੌਨਸਨ ਤੇ ਚਾਰਲਸ ਲੈਂਬ ਸਭ ਚਾਹ ਦੇ ਪ੍ਰੇਮੀ ਸਨ। ਲੈਂਬ ਨੇ ਲਿਖਿਆ ਕਿ ਸਭ ਤੋਂ ਸਵਾਦਲਾ ਕੰਮ ਕਿਸੇ ਦਾ ਗੁਪਤ ਭਲਾ ਕਰਨਾ ਹੁੰਦਾ ਹੈ। ਜਾਪਾਨੀ ਕਲਾਕਾਰ ਓਕਾਕੂਰਾ ਨੇ ਚਾਹ ਪੀਣ ਦੀ ਕਲਾ ਦਾ ਟੀ-ਇਜ਼ਮ (ਚਾਹ ਵਾਦ) ਨਾਮ ਰਖਿਆ ਹੈ। ਉਹ ਕਹਿੰਦਾ ਹੈ ਟੀ- ਇਜ਼ਮ ਸੁੰਦਰਤਾ ਨੂੰ ਲੁਕਾਉਣ ਦੀ ਕਲਾ ਹੈ, ਕਿ ਤੁਸੀਂ ਉਸ ਨੂੰ ਲੱਭ ਸਕੋ। ਲੈਂਬ ਦੀ ਗੁਪਤ ਭਲਾ ਕਰਨ ਦੀ ਭਾਲ ਵੀ ਟੀ-ਇਜ਼ਮ ਦਾ ਹੀ ਹਿੱਸਾ ਹੈ।

ਮੈਂ ਇਨ੍ਹਾਂ ਖ਼ਿਆਲਾਂ ਵਿਚ ਹੀ ਮਸਤ ਚਾਹ ਪੀ ਰਿਹਾ ਸੀ ਕਿ ਕਾਇਸਥ ਬਾੜੀ ਵਲੋਂ ਇਕ ਪਹਾੜੀ ਗੀਤ ਦੀ ਆਵਾਜ਼ ਆਈ :

“ਕੁਥੋਂ ਤੇ ਉਗਮੀ ਕਾਲੀ ਬਦਲੀ,
ਓਏ ਮੁੰਡਿਆ ਪ੍ਰਿਥੀ ਸਿੰਘਾ,
ਕੁਥੋਂ ਤੋਂ ਉਗਮਿਆ ਠੰਡਾ ਨੀਰ ਓ।”

('ਪੱਤੇ ਪੱਤੇ ਗੋਬਿੰਦ ਬੈਠਾ' ਵਿੱਚੋਂ)

  • ਮੁੱਖ ਪੰਨਾ : ਮਹਿੰਦਰ ਸਿੰਘ ਰੰਧਾਵਾ : ਪੰਜਾਬੀ ਲੇਖ ਤੇ ਹੋਰ ਰਚਨਾਵਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ