Chah Da Cup (Punjabi Story) : S. Saki
ਚਾਹ ਦਾ ਕੱਪ (ਕਹਾਣੀ) : ਐਸ ਸਾਕੀ
ਮੀਂਹ ਸੀ ਕਿ ਥੰਮਣ ਵਿੱਚ ਹੀ ਨਹੀਂ ਸੀ ਆ ਰਿਹਾ ਸਗੋਂ ਇੱਕੋ ਸਾਹ ਵਰ੍ਹੀ ਜਾ ਰਿਹਾ ਸੀ। ਕਸਬੇ ਦੇ ਬਾਜ਼ਾਰ ਵਿੱਚੋਂ ਲੰਘਦੀ ਪੱਕੀ ਸੜਕ ਤਾਂ ਨੁੱਚੜ-ਨੁੱਚੜ ਪੈ ਰਹੀ ਸੀ। ਕਈ ਘੰਟਿਆਂ ਤੋਂ ਲਗਾਤਾਰ ਵਰ੍ਹ ਰਿਹਾ ਪਾਣੀ ਸੜਕ ਉਪਰੋਂ ਤਿਲਕ-ਤਿਲਕ ਇਧਰ-ਉਧਰ ਬਰਸਾਤੀ ਨਾਲਿਆਂ ਵਿੱਚ ਸਮਾਈ ਜਾ ਰਿਹਾ ਸੀ।
ਸੜਕ ਦੇ ਦੋਵੇਂ ਪਾਸੇ ਦੀਆਂ ਚਾਹ ਦੀਆਂ ਦੁਕਾਨਾਂ ਵਿੱਚ ਚੁੱਪ ਛਾਈ ਹੋਈ ਸੀ। ਪਾਣੀ ਵਰ੍ਹਨ ਕਾਰਨ ਦੁਕਾਨਾਂ ਉਪਰ ਪਏ ਸਰਕੜੇ ਦੇ ਛੱਪਰ ਨੱਕੋ-ਨੱਕ ਭਰੀ ਅੱਖ ਵਾਂਗ ਛਲਕ-ਛਲਕ ਪੈ ਰਹੇ ਸਨ। ਪਹਾੜਾਂ ਪਿੱਛੋਂ ਕਾਲੇ-ਕਾਲੇ ਬੱਦਲ ਕਸਬੇ ਵੱਲ ਆ ਉਸ ਥਾਂ ਢੇਰੀ ਹੋ ਰਹੇ ਸਨ। ਸ਼ਿਮਲੇ ਵੱਲੋਂ ਬੱਸਾਂ ਆਉਂਦੀਆਂ ਸਨ, ਪਰ ਖਾਲੀ-ਖਾਲੀ ਜਿਹੜੀਆਂ ਭਿੱਜੀ ਸੜਕ ’ਤੇ ਸਰ-ਸਰ ਦੀ ਆਵਾਜ਼ ਪੈਦਾ ਕਰਦੀਆਂ ਅੱਗੇ ਲੰਘ ਜਾਂਦੀਆਂ ਸਨ। ਕੋਈ ਸਵਾਰੀ ਨਹੀਂ ਸੀ ਉਤਰਦੀ, ਕੋਈ ਸਵਾਰੀ ਨਹੀਂ ਸੀ ਚੜ੍ਹਦੀ, ਖਾਲੀ-ਖਾਲੀ ਬੱਸਾਂ, ਨੁੱਚੜ-ਨੁੱਚੜ ਪੈ ਰਹੀਆਂ ਬੱਸਾਂ।
ਉਹ ਇੱਕ ਦੁਕਾਨ ਵਿੱਚ ਬੈਠਾ ਨੁੱਚੜਦੀ ਸੜਕ ਤੇ ਨੱਕੋ-ਨੱਕ ਭਰੇ ਛਲਕ-ਛਲਕ ਪੈਂਦੇ ਛੱਪਰ ਦੇਖੀ ਜਾ ਰਿਹਾ ਸੀ। ਠੰਢ ਬਹੁਤ ਸੀ ਜਿਵੇਂ ਉਸ ਨਾਲ ਸਾਰਾ ਚੌਗਿਰਦਾ ਕੰਬ ਰਿਹਾ ਸੀ। ਉਸ ਨੇ ਇਕੱਲੀ ਕਮੀਜ਼ ਪਹਿਨੀ ਹੋਈ ਸੀ ਤੇ ਉਪਰ ਕਈ ਥਾਂ ਤੋਂ ਪਾਟੀ ਹੋਈ ਇੱਕ ਚਾਦਰ ਲਈ ਹੋਈ ਸੀ।
ਜਦੋਂ ਵੀ ਬਾਹਰੋਂ ਹਵਾ ਦਾ ਭਿੱਜਿਆ ਸੀਤ ਬੁੱਲਾ ਆਉਂਦਾ ਤਾਂ ਉਹ ਆਪਣੇ ਆਪ ਨੂੰ ਅੰਗੀਠੀ ਨਾਲ ਜੋੜ ਲੈਂਦਾ। ਮਘਦੀ ਅੰਗੀਠੀ ਦਾ ਸੇਕ ਠੰਢ ਤੋਂ ਬਚਣ ਵਿੱਚ ਉਹਦੀ ਮਦਦ ਕਰਦਾ। ਉਸ ਦੇ ਬਰਫ਼ ਹੁੰਦੇ ਜਾ ਰਹੇ ਲਹੂ ਨੂੰ ਨਿੱਘਾ ਕਰ ਦਿੰਦਾ।
ਬੈਠਾ-ਬੈਠਾ ਫਿਰ ਉਹ ਆਪਣੀ ਜੇਬ ਟੋਹਣ ਲੱਗਿਆ ਜਿਹੜੀ ਖਾਲੀ ਸੀ। ਪਿਛਲੇ ਛੇ ਮਹੀਨਿਆਂ ਤੋਂ ਉਹ ਇਸ ਬੱਸ ਅੱਡੇ ’ਤੇ ਲੋਕਾਂ ਦਾ ਸਾਮਾਨ ਬੱਸਾਂ ’ਤੇ ਚੜ੍ਹਾਉਂਦਾ ਤੇ ਲਾਹੁੰਦਾ ਆ ਰਿਹਾ ਸੀ। ਉਸ ਦੀ ਜੇਬ ਵਿੱਚ ਜ਼ਰੂਰ ਕੁਝ ਨਾ ਕੁਝ ਹੁੰਦਾ ਸੀ। ਪਰ ਅੱਜ ਕੋਈ ਵੀ ਅਜਿਹੀ ਸਵਾਰੀ ਨਹੀਂ ਸੀ ਆਈ ਜਿਸ ਦਾ ਸਾਮਾਨ ਉਸ ਨੇ ਬੱਸ ’ਤੇ ਚਾੜ੍ਹਿਆ ਜਾਂ ਉਤਾਰਿਆ ਹੋਵੇ। ਮਾਹੌਲ ਬਹੁਤ ਠੰਢਾ ਹੋਣ ਕਰਕੇ ਅਜਿਹਾ ਹੋਇਆ ਸੀ।
‘‘ਕਿੰਨੀ ਠੰਢ ਹੈ!’’ ਉਹ ਅੰਗੀਠੀ ਕੋਲ ਬੈਠਾ ਸੋਚਣ ਲੱਗ ਪਿਆ।
‘ਕਿੰਨੀ ਭਿੱਜੀ-ਭਿੱਜੀ ਹਵਾ। ਕੱਕਰ ਵਰ੍ਹ ਰਿਹਾ ਹੈ। ਕਾਸ਼! ਅਜਿਹੀ ਠੰਢ ਵਿੱਚ ਕਿਤੋਂ ਚਾਹ ਦਾ ਇੱਕ ਕੱਪ ਮਿਲ ਜਾਵੇ। ਇੱਕੋ ਸਾਹ ਵਿੱਚ ਮੈਂ ਸਾਰਾ ਕੱਪ ਖਾਲੀ ਕਰ ਦੇਵਾਂ, ਭਾਵੇਂ ਕਿਉਂ ਨਾ ਮੇਰਾ ਅੰਦਰ ਛਾਲੋ-ਛਾਲੀ ਹੋ ਜਾਵੇ। ਕਿੰਨੀਆਂ ਬੱਸਾਂ ਆਈਆਂ, ਪਰ ਸਭ ਖਾਲੀ-ਖਾਲੀ ਜਿਵੇਂ ਅੱਜ ਕੋਈ ਨਹੀਂ ਆਵੇਗਾ, ਅੱਜ ਕੋਈ ਨਹੀਂ ਜਾਵੇਗਾ।’ ਉਹ ਅਜੇ ਇਹ ਸੋਚ ਹੀ ਰਿਹਾ ਸੀ ਕਿ ਇੱਕ ਬੱਸ ਗਿੱਲੀ ਸੜਕ ’ਤੇ ਪਹੀਆਂ ਨਾਲ ਸਰ-ਸਰ ਕਰਦੀ ਆਈ ਅਤੇ ਬਿਨਾਂ ਰੁਕੇ ਨਿਕਲ ਗਈ। ਉਸ ਦੇ ਖ਼ਿਆਲ ਇੱਕ ਵਾਰੀ ਫਿਰ ਬਿਖਰ ਕੇ ਰਹਿ ਗਏ। ਉਸ ਨੇ ਦੋਵੇਂ ਹੱਥਾਂ ਨੂੰ ਬੁੱਕਲ ਵਿੱਚ ਲੁਕੋ ਲਿਆ ਜਿਵੇਂ ਖਾਲੀ ਬੱਸ ਨੇ ਉਸ ਨੂੰ ਹੋਰ ਕਾਂਬਾ ਚਾੜ੍ਹ ਦਿੱਤਾ ਸੀ। ਉਸ ਨੇ ਆਪਣੇ ਆਪ ਨੂੰ ਅੰਗੀਠੀ ਦੇ ਹੋਰ ਨੇੜੇ ਕਰ ਲਿਆ।
‘‘ਕਿੰਨੀ ਠੰਢ ਹੈ!’’ ਉਹ ਇੱਕ ਵਾਰੀ ਫਿਰ ਮੂੰਹ ਵਿੱਚ ਬੁੜਬੁੜਾਇਆ। ਕੁਝ ਚਿਰ ਬਾਅਦ ਉਸ ਨੂੰ ਦੂਰੋਂ ਇੱਕ ਔਰਤ ਤੇ ਮਰਦ ਜੋੜੀ ਆਉਂਦੀ ਦਿਸੀ। ਉਨ੍ਹਾਂ ਦੇ ਪਿੱਛੇ ਇੱਕ ਹੋਰ ਬੰਦਾ ਵੀ ਸੀ ਜਿਸ ਨੇ ਲੋਹੇ ਦਾ ਟਰੰਕ ਅਤੇ ਬਿਸਤਰਾ ਚੁੱਕਿਆ ਹੋਇਆ ਸੀ। ਉਹ ਚਾਹ ਦੀ ਦੁਕਾਨ ’ਚ ਬੈਠਾ ਉਨ੍ਹਾਂ ਵੱਲ ਵੇਖਦਾ ਹੋਇਆ ਜਿਵੇਂ ਖਿੜ ਉਠਿਆ। ਇੱਕ ਆਸ ਜਿਹੀ ਉਸ ਅੰਦਰ ਪੁੰਗਰ ਪਈ, ਇੱਕ ਚਾਹ ਦੇ ਕੱਪ ਦੀ ਆਸ, ਪਰ ਦੂਜੇ ਹੀ ਪਲ ਉਸ ਅੰਦਰੋਂ ਜਿਵੇਂ ਆਵਾਜ਼ ਆਈ, ‘‘ਜੇ ਬਿਸਤਰਾ ਤੇ ਟਰੰਕ ਇਸ ਬੰਦੇ ਨੇ ਬੱਸ ’ਤੇ ਚੜ੍ਹਾ ਦਿੱਤਾ ਤਾਂ…?’’
ਪਰ ਉਨ੍ਹਾਂ ਨਾਲ ਆਇਆ ਉਹ ਬੰਦਾ ਬਿਸਤਰਾ ਤੇ ਟਰੰਕ ਰੱਖ ਕੇ ਮੁੜ ਗਿਆ। ਉਹ ਜੋੜਾ ਮੀਂਹ ’ਚ ਖੜੋਤਾ ਖਾਲੀ ਸੜਕ ਵੱਲ ਵੇਖਣ ਲੱਗਾ ਜਿਵੇਂ ਬੱਸ ਦੀ ਉਡੀਕ ਕਰ ਰਿਹਾ ਹੋਵੇ। ‘‘ਉਹ ਅਜੇ ਵੀ ਚਾਹ ਦੀ ਦੁਕਾਨ ’ਚ ਬੈਠਾ ਇੱਕ ਟੱਕ ਉਸ ਜੋੜੇ ਨੂੰ ਵੇਖ ਰਿਹਾ ਸੀ ਕਿ ਸੁੰਨੀ ਸੜਕ ’ਤੇ ਬੱਸ ਦੇ ਪਹੀਆਂ ਦੀ ਸਰ-ਸਰ ਸੁਣਾਈ ਦਿੱਤੀ। ਉਸ ਦੇ ਦੋਵੇਂ ਹੱਥ ਚਾਦਰ ’ਚੋਂ ਬਾਹਰ ਆ ਗਏ। ਉਹ ਆਪਣੀ ਥਾਂ ਤੋਂ ਖੜ੍ਹਾ ਹੋ ਵਰ੍ਹਦੇ ਮੀਂਹ ਵਿੱਚ ਬੱਸ ਵੱਲ ਨੱਸਿਆ।
ਉਸ ਨੇ ਇੱਕ ਵਾਰੀ ਉਸ ਜੋੜੇ ਵੱਲ ਵੇਖਿਆ ਤੇ ਉਨ੍ਹਾਂ ਦੇ ਬਿਨਾਂ ਪੁੱਛੇ ਬਿਸਤਰਾ ਤੇ ਟਰੰਕ ਇਕੱਠੇ ਚੁੱਕ ਲਏ। ਉਹ ਫੁਰਤੀ ਨਾਲ ਪਿੱਛੇ ਲੱਗੀ ਪੌੜੀ ਰਾਹੀਂ ਬੱਸ ’ਤੇ ਚੜ੍ਹ ਗਿਆ ਜਿਵੇਂ ਹੁਣ ਮੀਂਹ ਨਹੀਂ ਸੀ ਵਰ੍ਹ ਰਿਹਾ, ਕੱਕਰ ਨਹੀਂ ਸੀ ਡਿੱਗ ਰਿਹਾ। ਉਹ ਇਹ ਸਭ ਕੁਝ ਭੁੱਲ ਗਿਆ ਸੀ।
ਉਹ ਬਿਸਤਰਾ ਤੇ ਟਰੰਕ ਬੱਸ ਦੀ ਛੱਤ ’ਤੇ ਰੱਖ ਹੇਠਾਂ ਉਤਰ ਰਿਹਾ ਹੀ ਸੀ ਕਿ ਕੰਡਕਟਰ ਨੇ ਸੀਟੀ ਵਜਾ ਦਿੱਤੀ। ਉਹ ਛੇਤੀ-ਛੇਤੀ ਹੇਠਾਂ ਉਤਰ ਕੇ ਉਸ ਬਾਰੀ ਕੋਲ ਆ ਗਿਆ ਜਿਸ ਦੇ ਨੇੜੇ ਜੋੜੇ ਨੇ ਥਾਂ ਮੱਲ ਲਈ ਸੀ। ਉਸ ਨੇ ਆਪਣਾ ਭਿੱਜਿਆ ਹੱਥ ਖੋਲ੍ਹ ਕੇ ਉਸ ਔਰਤ ਵੱਲ ਕੀਤਾ ਜਿਹੜੀ ਬਾਰੀ ਵਾਲੇ ਪਾਸੇ ਬੈਠੀ ਸੀ। ਉਹ ਹੱਥ ਵਿੱਚ, ਜਿਸ ਦੇ ਪਿੱਛੇ ਇੱਕ ਸੁਕੜੂ ਜਿਹੀ ਠੰਢ ਨਾਲ ਕੰਬਦੀ ਬਾਂਹ ਦਿਸ ਰਹੀ ਸੀ ਜਿਸ ਉੱਤੇ ਬੱਸ ਤੋਂ ਪਾਣੀ ਤਤੀਰੀ ਬਣ ਡਿੱਗ ਰਿਹਾ ਸੀ। ਔਰਤ ਵੱਲ ਵੇਖਦਾ ਹੋਇਆ ਉਹ ਇੱਕ ਬਨਾਵਟੀ ਢੰਗ ਨਾਲ ਮੁਸਕੁਰਾਇਆ।
ਔਰਤ ਨੇ ਆਪਣਾ ਸੱਜਾ ਹੱਥ ਪਰਸ ਵਿੱਚ ਪਾਇਆ ਜਿਵੇਂ ਉਹ ਉਸ ਵਿੱਚੋਂ ਕੁਝ ਕੱਢਣਾ ਚਾਹੁੰਦੀ ਸੀ। ਬੱਸ ਦੇ ਇੰਜਣ ਦੀ ਆਵਾਜ਼ ਉੱਚੀ ਹੋਈ। ਬੱਸ ਹੌਲੀ ਹੌਲੀ ਟੁਰ ਪਈ। ਹੌਲੀ-ਹੌਲੇ ਟੁਰਦੀ ਬੱਸ ਤੇਜ਼ ਟੁਰ ਪਈ। ਬੱਸ ਨੱਸ ਪਈ।
ਉਹ ਵੀ ਉਸੇ ਤਰ੍ਹਾਂ ਮੀਂਹ ’ਚ ਭਿੱਜਦਾ, ਹੱਥ ਅੱਡੀ ਬੱਸ ਦੇ ਨਾਲ ਨਾਲ ਪਹਿਲਾਂ ਹੌਲੀ ਹੌਲੀ ਤੁਰਨ ਲੱਗ ਪਿਆ, ਤੇ ਫਿਰ ਬੱਸ ਦੇ ਨਾਲ ਤੇਜ਼ ਤੇਜ਼ ਦੌੜਨ ਲੱਗ ਪਿਆ। ਫਿਰ ਬੱਸ ਹੋਰ ਤੇਜ਼ ਹੁੰਦੀ ਗਈ ਅਤੇ ਉਹ ਵੀ ਭਿੱਜੇ ਕੱਪੜਿਆਂ ਨਾਲ ਸੜਕ ’ਤੇ ਹੱਥ ਅੱਡੀ ਇਸ ਦੇ ਨਾਲ ਨਾਲ ਨੱਸਦਾ ਹੋਇਆ ਤੇਜ਼ ਹੁੰਦਾ ਗਿਆ, ਪਰ ਉਹ ਬੱਸ ਜਿੰਨਾ ਤੇਜ਼ ਨਹੀਂ ਦੌੜ ਸਕਿਆ ਤੇ ਕੁਝ ਚਿਰ ਵਿੱਚ ਹੀ ਬੱਸ ਉਸ ਨੂੰ ਪਿੱਛੇ ਛੱਡ ਗਈ। ਉਸ ਔਰਤ ਦਾ ਹੱਥ ਉਸੇ ਤਰ੍ਹਾਂ ਪਰਸ ਵਿੱਚ ਰਿਹਾ। ਇੰਨੇ ਵਕਤ ਵਿੱਚ ਵੀ ਉਸ ਨੇ ਉਹਦੀ ਖਾਲੀ ਤਲੀ ’ਤੇ ਕੁਝ ਨਹੀਂ ਧਰਿਆ। ਪਤਾ ਨਹੀਂ ਕਿਉਂ?
ਮੀਂਹ ਸੀ ਕਿ ਵਰ੍ਹੀ ਜਾ ਰਿਹਾ ਸੀ। ਸੜਕ ਉਸੇ ਤਰ੍ਹਾਂ ਨੁੱਚੜ-ਨੁੱਚੜ ਪੈ ਰਹੀ ਸੀ। ਉਸ ’ਤੇ ਲਗਾਤਾਰ ਡਿੱਗਦਾ ਪਾਣੀ ਤਿਲਕ-ਤਿਲਕ ਇਧਰ-ਉਧਰ ਬਰਸਾਤੀ ਨਾਲਿਆਂ ਵਿੱਚ ਸਮਾਈ ਜਾ ਰਿਹਾ ਸੀ, ਪਰ ਉਹ ਨੁੱਚੜਦੇ ਕੱਪੜਿਆਂ ਨਾਲ ਆ ਕੇ ਮਘਦੀ ਅੰਗੀਠੀ ਕੋਲ ਬਹਿ ਗਿਆ ਜਿਸ ਵਿੱਚ ਉਸ ਲਈ ਚਾਹ ਦੇ ਕੱਪ ਨਾਲੋਂ ਵੀ ਬਹੁਤਾ ਨਿੱਘ ਸੀ।