Chal Meri Dholak : Rajasthani Lok Kahani
ਚੱਲ ਮੇਰੀ ਢੋਲਕ : ਰਾਜਸਥਾਨੀ ਲੋਕ ਕਥਾ
ਪਿੰਡ ਵਿਚ ਵਿਧਵਾ ਔਰਤ ਰਹਿੰਦੀ ਸੀ ਜਿਸ ਦਾ ਇੱਕ ਪੁੱਤਰ ਸੀ, ਪੁੱਤਰ ਦਾ ਨਾਮ ਮਰੱਬੀ। ਮਰੱਬੀ ਦੀ ਉਮਰ ਤਾਂ ਛੋਟੀ ਹੀ ਸੀ ਪਰ ਬਚਪਨ ਤੋਂ ਹੀ ਉਸਦਾ ਦਿਮਾਗ ਚਾਰ-ਚੁਫੇਰੇ ਇਉਂ ਘੁੰਮਦਾ, ਜਿਵੇਂ ਹਲਟ ਦੀਆਂ ਟਿੰਡਾਂ। ਇੱਕ ਦਿਨ ਮਾਂ ਨੂੰ ਕਹਿਣ ਲੱਗਾ-ਮਾਂ ਮਾਂ ਮੈਂ ਨਾਨਕੇ ਜਾਊਂਗਾ।
ਮਾਂ ਨੇ ਕਿਹਾ-ਨਾ ਨਾ ਪੁੱਤਰ, ਤੂੰ ਤਾਂ ਅਜੇ ਬਹੁਤ ਛੋਟਾ ਹੈਂ, ਰਸਤੇ ਵਿਚ ਜੰਗਲ ਹੈ, ਉਥੇ ਖੂੰਖਾਰ ਜਾਨਵਰ ਰਹਿੰਦੇ ਨੇ, ਤੈਨੂੰ ਖਾ ਜਾਣਗੇ। ਵੱਡਾ ਹੋਏਂਗਾ ਤਾਂ ਜਾਣ ਦਿਆਂਗੀ।
ਕਈ ਦਿਨ ਦੇ ਮਿੰਨਤਾਂ ਤਰਲੇ ਕਿਸੇ ਕੰਮ ਨਾ ਆਏ ਤਾਂ ਮਰੱਬੀ ਨੇ ਤਰੀਕਾ ਘੜਿਆ। ਉਸ ਨੇ ਸੋਚਿਆ, ਕਿਸੇ ਤਰ੍ਹਾਂ ਕੋਈ ਇਹੋ ਜਿਹੀ ਗੱਲ ਕਰੀਏ ਕਿ ਮਾਂ ਖਿਝ ਜਾਏ। ਮਾਂ ਨੂੰ ਗੁੱਸੇ ਕਰਨ ਲਈ ਕਿਹਾ-ਮਾਂ ਮਾਂ, ਪਿਤਾ ਨੂੰ ਮਰਿਆਂ ਕਿੰਨੇ ਸਾਲ ਬੀਤ ਗਏ ਨੇ, ਤੂੰ ਫੇਰ ਵੀ ਅੱਖਾਂ ਵਿਚ ਸੁਰਮਾ ਕਿਉਂ ਪਾਉਦੀ ਹੈਂ?
ਚਪੇੜ ਲਾਉਣ ਲਈ ਮਾਂ ਪਿੱਛੇ ਦੌੜੀ ਤਾਂ ਮਰੱਬੀ ਨਾਨਕੇ ਪਿੰਡ ਵੱਲ ਦੌੜ ਗਿਆ। ਪਿੱਛੇ ਮੁੜ ਕੇ ਨਹੀਂ ਦੇਖਿਆ।
ਰਸਤੇ-ਰਸਤੇ ਜਾਂਦਿਆਂ ਕਾਂ ਮਿਲਿਆ। ਇਕੱਲੇ ਬੱਚੇ ਨੂੰ ਦੇਖ ਕੇ ਉਸ ਦੇ ਮੂੰਹ ਵਿਚ ਪਾਣੀ ਆ ਗਿਆ। ਨੇੜੇ ਆ ਕੇ ਕਹਿਣ ਲੱਗਾ-ਮਰੱਬੀ ਮਰੱਬੀ, ਮੈਂ ਤੈਨੂੰ ਖਾਊਂਗਾ।
ਡਰ ਤਾਂ ਮਰੱਬੀ ਦੇ ਨੇੜਿਓਂ-ਤੇੜਿਓਂ ਵੀ ਨਹੀਂ ਲੰਘਿਆ ਸੀ ਕਦੀ। ਨਿਡਰਤਾ ਨਾਲ ਬੋਲਿਆ-ਕਾਂ ਭਾਈ, ਇਸ ਤਰ੍ਹਾਂ ਕਿਉਂ ਖਾ ਰਿਹੈਂ? ਤੈਨੂੰ ਦਿਸਦਾ ਨਹੀਂ, ਮੈਂ ਕਿੰਨਾ ਮਾੜਚੂ ਹਾਂ? ਨਾਨਕੇ ਘਰ ਚੱਲਿਆਂ ਹਾਂ। ਨਾਨਕੇ ਘਰ ਜਾਣ ਦੇ। ਦੁੱਧ ਮਲਾਈ ਖਾਣ ਦੇ। ਖੀਰ ਪੂੜੇ ਖਾਊਂਗਾ। ਮੋਟਾ ਤਾਜ਼ਾ ਹੋਊਂਗਾ, ਫੇਰ ਰੱਜ ਕੇ ਖਾਈਂ।
ਕਾਂ ਨੇ ਕਿਹਾ-ਪਰ ਤੇਰੇ ‘ਤੇ ਕੀ ਇਤਬਾਰ? ਨਾਨਕਿਆਂ ਤੋਂ ਜੇ ਤੂੰ ਆਇਆ ਈ ਨਾ, ਫਿਰ?
ਮਰੱਬੀ ਨੇ ਕਿਹਾ-ਅੱਜ ਤੱਕ ਦੇਖਿਐ ਕੋਈ ਜੋ ਨਾਨਕੇ ਜਾ ਕੇ ਮੁੜਿਆ ਨਾ ਹੋਵੇ? ਨਾਲੇ ਮੈਂ ਵਾਅਦਾ ਵੀ ਤਾਂ ਕਰਦਾ ਹਾਂ। ਹੁਣ ਜਾਣ ਦੇ।
ਕਾਂ ਨੇ ਕਿਹਾ-ਚੰਗਾ ਜਾਹ।
ਜਾਂਦੇ-ਜਾਂਦੇ ਥੋੜ੍ਹੀ ਦੂਰ ਅੱਗੇ ਲੂੰਬੜੀ ਖਲੋਤੀ ਦਿਸੀ। ਇਕੱਲਾ ਦੇਖ ਕੇ ਲੂੰਬੜੀ ਦੇ ਦਿਲ ਵਿਚ ਲਾਲਚ ਆ ਗਿਆ। ਕਹਿੰਦੀ-ਮਰੱਬੀ ਮਰੱਬੀ ਮੈਂ ਤੈਨੂੰ ਖਾਊਂਗੀ।
ਬਿਨਾਂ ਕਿਸੇ ਬੇਚੈਨੀ ਦੇ ਮਰੱਬੀ ਬੋਲਿਆ-ਲੂੰਬੜੀ ਭੈਣ, ਹੁਣੇ ਖਾਣ ਵਿਚ ਕੀ ਫਾਇਦਾ? ਨਾਨਕੇ ਘਰ ਜਾਣ ਦੇ। ਦੁੱਧ ਮਲਾਈ ਖਾਣ ਦੇਹ। ਖੀਰ ਪੂੜੇ ਖਾਊਂਗਾ। ਮੋਟਾ ਤਾਜ਼ਾ ਹੋਊਂਗਾ, ਫੇਰ ਰੱਜ ਕੇ ਖਾਈਂ।
ਲੂੰਬੜੀ ਨੇ ਕਿਹਾ-ਪਰ ਤੇਰਾ ਕੀ ਭਰੋਸਾ? ਨਾਨਕੇ ਘਰੋਂ ਵਾਪਸ ਆਉਣ ਨੂੰ ਤਾਂ ਮੇਰਾ ਵੀ ਜੀ ਨੀ ਕਰਦਾ ਹੁੰਦਾ? ਜੇ ਤੂੰ ਨਾ ਆਇਆ, ਫਿਰ?
ਮਰੱਬੀ ਨੇ ਕਿਹਾ-ਮੇਰੀ ਮਾਂ ਇਕੱਲੀ ਹੈ, ਦੇਰ ਤੱਕ ਉਸ ਨੂੰ ਇਕੱਲੀ ਨਹੀਂ ਨਾ ਛੱਡ ਸਕਦਾ। ਬਸ ਥੋੜ੍ਹੇ ਦਿਨ ਦੀ ਗੱਲ ਹੈ। ਵਾਅਦਾ ਰਿਹਾ।
ਅੱਗੇ ਚਲੋ-ਚਲ, ਤੁਰੀ ਗਿਆ। ਫਿਰ ਰਸਤੇ ਵਿਚ ਗਿੱਦੜ ਮਿਲਿਆ ਜੋ ਦੋ ਦਿਨ ਦਾ ਭੁੱਖਾ ਸੀ। ਦੇਖਿਆ ਛੋਟਾ ਜਿਹਾ ਬੱਚਾ ਇਕੱਲਾ ਜੰਗਲ ਵਿਚ ਤੁਰਿਆ ਜਾਂਦਾ ਹੈ। ਲਾਲਚ ਆ ਗਿਆ। ਬੋਲਿਆ-ਮਰੱਬੀ, ਮੈਂ ਤੈਨੂੰ ਖਾਣਾ ਹੈ।
ਨਿਡਰ ਮਰੱਬੀ ਬੋਲਿਆ-ਗਿੱਦੜ ਮਾਮਾ, ਹੁਣੇ ਕਿਉਂ ਖਾਣ ਦੀ ਸੋਚਣ ਲੱਗੈਂ?
ਗਿੱਦੜ ਨੇ ਪੁੱਛਿਆ-ਹੋਰ ਕਦ ਕੁ ਖਾਵਾਂ?
ਮਰੱਬੀ ਬੋਲਿਆ-ਨਾਨਕੇ ਘਰ ਜਾਣ ਦੇ। ਦੁੱਧ ਮਲਾਈ ਖਾਣ ਦੇ। ਖੀਰ ਪੂੜੇ ਖਾਊਂਗਾ। ਮੋਟਾ ਤਾਜ਼ਾ ਹੋਊਂਗਾ, ਫਿਰ ਰੱਜ ਕੇ ਖਾਈਂ।
ਗਿੱਦੜ ਨੇ ਕਿਹਾ-ਪਰ ਕੀ ਪਤਾ ਲੱਗੇ ਕਿ ਤੂੰ ਆ ਈ ਜਾਵੇਂਗਾ ਵਾਪਸ?
ਮਰੱਬੀ ਨੇ ਕਿਹਾ-ਤੈਨੂੰ ਲਗਦੈ ਕਿ ਮੈਂ ਝੂਠ ਬੋਲਣ ਵਾਲਾ ਹਾਂ? ਮੈਨੂੰ ਤਾਂ ਪਤਾ ਵੀ ਨਹੀਂ, ਝੂਠ ਹੁੰਦਾ ਕੀ ਹੈ! ਯਕੀਨ ਕਰ, ਹਫਤੇ ਦਸ ਦਿਨ ਬਾਅਦ ਆਇਆ ਕਿ ਆਇਆ।
ਜਾਂਦੇ-ਜਾਂਦੇ ਚੀਤਾ ਟੱਕਰ ਗਿਆ। ਉਸ ਨੂੰ ਵੀ ਭੁੱਖ ਲੱਗੀ ਹੋਈ ਸੀ। ਬੁੱਲ੍ਹਾਂ ‘ਤੇ ਜੀਭ ਫੇਰੀ ਜਾਵੇ। ਮਰੱਬੀ ਵਲ ਤੇਜ਼ ਕਦਮੀ ਆਇਆ ਤੇ ਕਿਹਾ-ਬਸ ਤੇਰਾ ਸਮਾਂ ਆ ਗਿਆ। ਹੁਣ ਮੈਂ ਤੈਨੂੰ ਖਾ ਜਾਊਂਗਾ।
ਡਰਦਾ ਤਾਂ ਮਰੱਬੀ ਹੈ ਈ ਨਹੀਂ ਸੀ ਕਦੀ। ਚੀਤੇ ਦੇ ਨੇੜੇ ਆ ਕੇ ਕਹਿਣ ਲੱਗਾ-ਚੀਤੇ ਮਾਮਾ, ਮੈਨੂੰ ਖਾਣ ਵਿਚ ਇੰਨੀ ਜਲਦੀ ਕਿਉਂ ਕਰਨੀ ਹੋਈ? ਨਾਨਕੇ ਘਰ ਜਾਣ ਦੇ। ਦੁੱਧ ਮਲਾਈ ਖਾਣ ਦੇ। ਖੀਰ ਪੂੜੇ ਖਾਊਂਗਾ। ਮੋਟਾ ਤਾਜ਼ਾ ਹੋਊਂਗਾ, ਫਿਰ ਰੱਜ ਕੇ ਖਾਈਂ।
ਚੀਤਾ ਗੱਜਿਆ, ਕਹਿੰਦਾ-ਤੇਰਾ ਕੀ ਪਤਾ ਆਏਂ, ਨਾ ਆਏਂ?
ਮੁਰੱਬੀ ਨੇ ਕਿਹਾ-ਕਦੀ ਹੋਇਐ ਇਸ ਤਰ੍ਹਾਂ ਕਿ ਕੋਈ ਦੋਹਤਾ ਨਾਨਕੇ ਗਿਆ ਹੋਵੇ, ਉਥੋਂ ਕਦੀ ਆਇਆ ਈ ਨਾ ਹੋਵੇ? ਮੈਂ ਵਾਅਦਾ ਕੀਤਾ।
ਇਉਂ ਸਾਰੇ ਜਾਨਵਰਾਂ ਕੋਲੋਂ ਦੀ ਇਹ ਆਖ ਕੇ ਮਰੱਬੀ ਸੁਰੱਖਿਅਤ ਲੰਘ ਗਿਆ। ਨਾਨਕੀਂ ਬੜਾ ਲਾਡ ਪਿਆਰ ਮਿਲਿਆ। ਚਾਰ ਮਾਮੀਆਂ। ਇੱਕ ਮਾਮੀ ਨੇ ਕਿਹਾ-ਮੇਰੇ ਰਾਜੇ ਦੋਹਤੇ, ਮੇਰੇ ਕੋਲ ਰਹੀਂ। ਦੂਜੀਆਂ ਮਾਮੀਆਂ ਕਹਿਣ-ਨਹੀਂ ਰਾਜੇ ਦੋਹਤੇ, ਸਾਡੇ ਕੋਲ।
ਮਰੱਬੀ ਨੇ ਕਿਹਾ-ਤੁਸੀਂ ਕੋਈ ਰੌਲਾ ਨਾ ਪਾਉ। ਮੈਂ ਇਥੇ ਰਹੂੰਗਾ। ਦੇਖੂੰਗਾ ਕਿਹੜੀ ਮਾਮੀ ਦੇ ਘਰ ਦੁੱਧ ਘਿਉ ਵੱਧ ਹੈ। ਬਸ ਉਸੇ ਘਰ ਰਹੂੰਗਾ। ਗੱਲਾਂ ਕਰਨ ਸਾਰੀਆਂ ਕੋਲ ਆਇਆ ਕਰੂੰਗਾ। ਉਹਨੇ ਦੇਖਿਆ, ਸਭ ਤੋਂ ਵੱਧ ਗਾਵਾਂ ਮੱਝਾਂ ਛੋਟੀ ਮਾਮੀ ਦੇ ਵਾੜੇ ਵਿਚ ਸਨ। ਮਰੱਬੀ ਉਸ ਕੋਲ ਰਹਿਣ ਲੱਗਾ। ਮਾਮੀ ਬੜਾ ਪਿਆਰ ਕਰਦੀ। ਸ਼ਹਿਦ ਪਾ ਕੇ ਦੁੱਧ ਪਿਲਾਂਦੀ। ਮੱਖਣ ਨਾਲ ਨੁੱਚੜਦਾ ਪਰੌਂਠਾ ਖਵਾਂਦੀ। ਮਰੱਬੀ ਤਾਂ ਦੇਖਦੇ-ਦੇਖਦੇ ਦਿਨਾਂ ਵਿਚ ਹੀ ਮੋਟਾ ਹੋਣ ਲੱਗਾ, ਚਿਹਰੇ ‘ਤੇ ਰੌਣਕ ਆ ਗਈ।
ਇੱਕ ਦਿਨ ਪੁੱਛਣ ਲੱਗਾ-ਮਾਮੀ ਇੱਕ ਗੱਲ ਦਾ ਪਤਾ ਨਹੀਂ ਲੱਗਦਾ। ਸੌਂਦੀ ਹੈਂ ਤੂੰ ਵਰਾਂਡੇ ਵਿਚ ਪਰ ਸਵੇਰੇ ਦਿਸਦੀ ਹੈਂ ਰਸੋਈ ਵਿਚ। ਰਸੋਈ ਵਿਚ ਹੁਣੇ ਦੇਖੀ, ਫਿਰ ਦਿਸਦੀ ਹੈਂ ਵਾੜੇ ਵਿਚ। ਵਾੜੇ ਵਿਚ ਸੁੱਤੀ, ਬਾਹਰਲੇ ਫਾਟਕ ਕੋਲ ਉਠਦੀ ਹੈਂ। ਫਾਟਕ ਨੇੜੇ ਸੁੱਤੀ, ਸਵੇਰੇ ਚੌਂਕ ਵਿਚ ਦਿਸਦੀ ਹੈਂ। ਚੌਂਕ ਵਿਚ ਸੌਂ ਜਾਨੀ ਐਂ, ਬਾਹਰਲੇ ਖੂਹ ਕੋਲ ਲੱਭਦੀ ਹੈਂ। ਇਹ ਕੀ ਗੱਲ ਹੋਈ। ਮੇਰੀ ਸਮਝ ਵਿਚ ਨਹੀਂ ਆਈ। ਤੂੰ ਹੀ ਦੱਸ ਇਹ ਕੀ ਭਾਣਾ ਵਰਤਦਾ ਹੈ।
ਮਾਮੀ ਨੇ ਹਉਕਾ ਲੈ ਕੇ ਕਿਹਾ-ਚੰਗਾ ਹੋਇਆ ਤੂੰ ਮੇਰਾ ਧਿਆਨ ਤਾਂ ਰੱਖਦੈਂ। ਕਿਸੇ ਨੂੰ ਮੇਰੀ ਪਰਵਾਹ ਹੀ ਨਹੀਂ। ਦੋਹਤਿਆ, ਮੇਰੇ ਸਿਰ ਵਿਚ ਜੂੰਆਂ ਬਹੁਤ ਨੇ, ਬੇਅੰਤ ਜੂੰਆਂ। ਉਹ ਮੈਨੂੰ ਘੜੀਸ ਕੇ ਲੈ ਜਾਂਦੀਆਂ ਨੇ। ਕਰਾਂ ਤਾਂ ਮੈਂ ਕੀ ਕਰਾਂ? ਪਤਾ ਨਹੀਂ ਲਗਦਾ।
ਮਰੱਬੀ ਅਕਲਮੰਦ ਸੀ ਸਿਰੇ ਦਾ। ਸੁਣਨਸਾਰ ਭੱਜਾ-ਭੱਜਾ ਮਿਸਤਰੀ ਦੇ ਕਾਰਖਾਨੇ ਗਿਆ। ਉਸ ਪਾਸੋਂ ਵਧੀਆ ਤੰਗਲੀ ਬਣਵਾਈ। ਤਿੱਖੇ ਸੁਤਾਂ ਵਾਲੀ ਤੰਗਲੀ। ਮਾਮੀ ਨੂੰ ਘਰ ਆ ਕੇ ਕਿਹਾ-ਸਾਹਮਣੇ ਨੀਵੀਂ ਪਾ ਕੇ ਖੜ੍ਹ ਜਾਹ। ਮਾਮੀ ਵਾਲ ਅੱਗੇ ਵੱਲ ਸੁੱਟ ਕੇ ਨੀਵੀਂ ਪਾ ਕੇ ਖਲੋਅ ਗਈ। ਮਰੱਬੀ ਲੱਗਾ ਤੰਗਲੀ ਫੇਰਨ ਸਿਰ ਵਿਚ। ਲਉ ਜੀ ਲੱਪਾਂ ਦੀਆਂ ਲੱਪਾਂ ਜੂੰਆਂ ਜ਼ਮੀਨ ਉਪਰ ਕਿਰਨ ਲੱਗੀਆਂ। ਮਰੱਬੀ ਦੇਰ ਤੱਕ ਸਿਰ ਵਿਚ ਤੰਗਲੀ ਫੇਰਦਾ ਰਿਹਾ, ਫੇਰਦਾ ਰਿਹਾ, ਕਿਰਨਮ-ਕਿਰਨੀ ਜੂੰਆਂ ਕਿਰਦੀਆਂ ਰਹੀਆਂ, ਵਿਹੜੇ ਵਿਚ ਢੇਰ ਲੱਗ ਗਿਆ। ਸਿਰ ਵਿਚ ਇੱਕ ਵੀ ਜੂੰਅ ਨਹੀਂ ਬਚੀ। ਮਾਮੀ ਦਾ ਸਿਰ ਹਲਕਾ ਫੁੱਲ ਵਰਗਾ ਹੋ ਗਿਆ। ਮਾਮੀ ਤੋਂ ਬੜੀਆਂ ਅਸੀਸਾਂ ਮਿਲੀਆਂ। ਜੂੰਆਂ ਨਿਕਲ ਗਈਆਂ, ਹੁਣ ਮਾਮੀ ਜਿਥੇ ਰਾਤ ਨੂੰ ਸੌਂਦੀ, ਸਵੇਰੇ ਉਥੇ ਪਈ ਮਿਲਦੀ।
ਜ਼ਮੀਨ ‘ਤੇ ਡਿੱਗੀਆਂ ਜੂੰਆਂ ਝਾੜੂ ਨਾਲ ਇਕੱਠੀਆਂ ਕੀਤੀਆਂ। ਚਾਦਰ ਵਿਛਾਈ, ਉਸ ਵਿਚ ਪਾ ਕੇ ਗਠੜੀ ਬੰਨ੍ਹ ਲਈ। ਜੰਗਲ ਵਲ ਤੁਰ ਪਿਆ। ਦੇਖਿਆ ਜੰਡੀ ਦੇ ਰੁੱਖ ਹੇਠ ਮੱਝਾਂ ਆਰਾਮ ਕਰ ਰਹੀਆਂ ਸਨ। ਮੁਰੱਬੀ ਨੇ ਜੂੰਆਂ ਦੀ ਗਠੜੀ ਮੱਝਾਂ ਉਪਰ ਢੇਰੀ ਕਰ ਦਿੱਤੀ। ਜੂੰਆਂ ਲੜੀਆਂ ਤਾਂ ਮੱਝਾਂ ਇਧਰ ਉਧਰ ਭੱਜਣ ਲੱਗੀਆਂ।
ਸ਼ੇਰ ਇਨ੍ਹਾਂ ਮੱਝਾਂ ਦਾ ਸ਼ਿਕਾਰ ਕਰਨ ਵਾਸਤੇ ਨੇੜੇ ਦੀ ਝਾੜੀ ਪਿਛੇ ਲੁਕਿਆ ਬੈਠਾ ਸੀ। ਦੌੜਦੀ ਮੱਝ ਦਾ ਪਿੱਛਾ ਕਰਨ ਲੱਗਾ ਸੀ ਕਿ ਪੈਰ ਵਿਚ ਕਿੱਕਰ ਦੀ ਸੂਲ ਗੱਡੀ ਗਈ। ਮੱਝਾਂ ਤਾਂ ਦੌੜ ਗਈਆਂ, ਸ਼ੇਰ ਉਥੇ ਹੀ ਖਲੋਤਾ ਰਹਿ ਗਿਆ। ਡਰ ਵਰਗੀ ਕੋਈ ਚੀਜ਼ ਤਾਂ ਮਰੱਬੀ ਦੇ ਨੇੜੇ ਨਹੀਂ ਕਦੀ ਫੜਕੀ। ਖੂਹ ਦੀਆਂ ਟਿੰਡਾਂ ਵਾਂਗ ਉਸ ਦੀ ਅਕਲ ਘੁੰਮਦੀ ਰਹਿੰਦੀ। ਸ਼ੇਰ ਨੇੜੇ ਜਾ ਕੇ ਕਹਿੰਦਾ-ਮਾਮਾ ਜੀ ਪ੍ਰਣਾਮ! ਖਲੋਤੇ ਕਿਉਂ ਹੋ? ਦੌੜਦੇ-ਦੌੜਦੇ ਰੁਕ ਕਿਉਂ ਗਏ?
ਸ਼ੇਰ ਨੇ ਜਵਾਬ ਦਿੱਤਾ-ਪੈਰ ਵਿਚ ਤਿੱਖੀ ਸੂਲ ਡੂੰਘੀ ਖੁਭ ਗਈ। ਦੌੜਨਾ ਤਾਂ ਕੀ, ਮੇਰੇ ਵਾਸਤੇ ਖਲੋਣਾ ਮੁਸ਼ਕਿਲ ਹੋ ਰਿਹਾ ਹੈ ਹੁਣ। ਸਾਰਾ ਸਰੀਰ ਸੁੰਨ ਹੋ ਗਿਆ। ਤੂੰ ਭਾਣਜੇ ਸੂਲ ਕੱਢ ਦਏਂ ਤਾਂ ਜਾਨ ਵਿਚ ਜਾਨ ਆਏ।
ਮਰੱਬੀ ਬੋਲਿਆ-ਸੂਲ ਕੱਢਣੀ ਤਾਂ ਕੋਈ ਮੁਸ਼ਕਿਲ ਨਹੀਂ ਪਰ ਜੇ ਤੂੰ ਮੈਨੂੰ ਖਾ ਗਿਆ, ਫਿਰ?
ਸ਼ੇਰ ਨੇ ਕਿਹਾ-ਵਾਹ ਬਈ ਵਾਹ, ਤੂੰ ਪਾਗਲ ਤਾਂ ਨਹੀਂ ਹੋ ਗਿਆ? ਤੂੰ ਮੇਰਾ ਭਲਾ ਕਰੇਂ ਤੇ ਮੈਂ ਤੈਨੂੰ ਖਾ ਜਾਵਾਂ? ਇਹ ਗੱਲ ਤਾਂ ਸੋਚ ਈ ਨਾ। ਸ਼ੇਰਾਂ ਦੀ ਕੌਮ ਅਹਿਸਾਨ ਨਹੀਂ ਭੁੱਲਦੀ ਹੁੰਦੀ।
ਮਰੱਬੀ ਨੇ ਕਿਹਾ-ਅਹਿਸਾਨ-ਉਹਸਾਨ ਦਾ ਤਾਂ ਮੈਨੂੰ ਨੀ ਪਤਾ ਕੀ ਹੁੰਦਾ। ਤੇਰਾ ਕੰਡਾ ਨਿਕਲ ਗਿਆ, ਤੂੰ ਸੁੱਖ ਦਾ ਸਾਹ ਲਏਂਗਾ, ਫਿਰ ਤੈਨੂੰ ਯਾਦ ਆਏਗਾ ਕਿ ਤੈਨੂੰ ਭੁੱਖ ਲੱਗੀ ਹੋਈ ਹੈ। ਬਸ ਫਿਰ ਮੇਰੇ ਆਲਾ ਕੰਮ ਖਤਮ! ਮੈਂ ਕਿਉਂ ਖਤਰਾ ਮੁੱਲ ਲਵਾਂ?
ਸ਼ੇਰ ਨੇ ਹੱਥ ਜੋੜ ਕੇ ਮਿੰਨਤਾਂ ਸ਼ੁਰੂ ਕਰ ਦਿੱਤੀਆਂ। ਅੱਖਾਂ ਵਿਚ ਹੰਝੂ ਛਲਕ ਆਏ। ਮਰੱਬੀ ਨੂੰ ਤਰਸ ਆ ਗਿਆ। ਸੋਚਿਆ, ਦੇਖੀ ਜਾਊ। ਜਿਹੋ ਜਿਹਾ ਮੌਕਾ ਬਣਿਆ, ਆਪਣੇ ਬਚਾਉ ਵਾਸਤੇ ਵੀ ਸੋਚ ਲਵਾਂਗੇ। ਹੁਣ ਤਾਂ ਸ਼ੇਰ ਦਾ ਦਰਦ ਦੂਰ ਕਰਨ ਵਿਚ ਨੇਕੀ ਹੈ। ਦੁੱਖ ਤਾਂ ਸਭ ਨੂੰ ਇਕੋ ਜਿਹਾ ਹੁੰਦੈ। ਲੁਹਾਰ ਕੋਲ ਗਿਆ। ਉਸ ਤੋਂ ਮੋਚਨਾ ਖਰੀਦਿਆ। ਆਪਣੇ ਗੋਡੇ ਉਪਰ ਸ਼ੇਰ ਦਾ ਪੰਜਾ ਰੱਖ ਕੇ ਸੂਲ ਬਾਹਰ ਕੱਢ ਦਿੱਤੀ। ਥੋੜ੍ਹਾ ਕੁ ਲਹੂ ਤਾਂ ਵਗਿਆ ਪਰ ਮਰੱਬੀ ਨੇ ਉਸ ਉਪਰ ਮਿੱਟੀ ਦੀ ਮੁੱਠੀ ਪਾ ਦਿੱਤੀ। ਸਭ ਠੀਕ-ਠਾਕ ਹੋ ਗਿਆ।
ਕੰਡਾ ਨਿਕਲ ਗਿਆ, ਸ਼ੇਰ ਨੂੰ ਬੜਾ ਆਰਾਮ ਮਿਲਿਆ। ਪੰਜੇ ਨਾਲ ਮਰੱਬੀ ਨੂੰ ਪਿੱਠ ਉਪਰ ਥਾਪੀ ਦਿੱਤੀ, ਪੂਰਾ ਅਹਿਸਾਨ ਮੰਨਿਆ। ਫਿਰ ਕਿਹਾ-ਮਰੱਬੀ, ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਹੈ। ਕੋਈ ਸ਼ਿਕਾਰ ਹੀ ਲੈ ਆ ਯਾਰ ਮੇਰੇ ਵਾਸਤੇ। ਚੱਕਰ ਆ ਰਹੇ ਨੇ ਭੁੱਖ ਕਰ ਕੇ। ਇਥੇ ਇੱਕ ਥਾਂ ਖਜ਼ਾਨਾ ਦੱਬਿਆ ਹੋਇਆ ਹੈ, ਤੈਨੂੰ ਉਸ ਦੀ ਦੱਸ ਪਾ ਦਿਊਂਗਾ। ਇਹ ਕਹਿ ਕੇ ਸ਼ੇਰ ਉਥੇ ਦਰਖਤ ਹੇਠ ਬੈਠ ਗਿਆ। ਕਮਜ਼ੋਰੀ ਹੋਣ ਕਰ ਕੇ ਖਲੋਤਾ ਨਹੀਂ ਗਿਆ। ਮਰੱਬੀ ਨੂੰ ਤਰਸ ਆਇਆ, ਕਹਿੰਦਾ-ਮਾਮਾ ਜੀ ਇਥੇ ਹੀ ਬੈਠੋ। ਮੈਂ ਕਰਦਾਂ ਕੋਈ ਬੰਦੋਬਸਤ।
ਮਰੱਬੀ ਲੱਗ ਪਿਆ ਸ਼ਿਕਾਰ ਦੀ ਭਾਲ ਕਰਨ। ਇੱਧਰ ਉਧਰ ਫਿਰਦਾ ਰਿਹਾ। ਵੇਖਿਆ, ਤਲਾਬ ਕਿਨਾਰੇ ਗਧਾ ਘਾਹ ਚਰ ਰਿਹਾ ਸੀ। ਸੀ ਵੀ ਮੋਟਾ ਤਾਜ਼ਾ। ਨੇੜੇ ਗਿਆ, ਗਧੇ ਨੂੰ ਕਿਹਾ-ਮਾਮਾ ਜੀ ਹੱਥ ਜੋੜ ਕੇ ਪ੍ਰਣਾਮ।
ਗਧੇ ਨੇ ਗਰਦਨ ਉਚੀ ਕਰ ਕੇ ਮਰੱਬੀ ਵੱਲ ਦੇਖਿਆ, ਬੋਲਿਆ-ਤੂੰ ਮੇਰਾ ਭਾਣਜਾ ਕਿਵੇਂ ਹੋਇਆ? ਦਸੀਂ ਤਾਂ ਜ਼ਰਾ?
ਮਰੱਬੀ ਨੇ ਜਵਾਬ ਦਿੱਤਾ-ਤੁਹਾਡੀ ਇੱਕ ਭੈਣ ਸੀ ਨਾ ਸਫੈਦ ਰੰਗ ਦੀ? ਮੈਂ ਉਸ ਦਾ ਸਭ ਤੋਂ ਛੋਟਾ ਬੇਟਾ ਹਾਂ।
‘ਹਾਂ’ ਵਿਚ ਉਪਰ ਹੇਠ ਸਿਰ ਹਿਲਾਂਦਿਆਂ ਗਧੇ ਨੇ ਕਿਹਾ-ਯਾਦ ਆਇਆ। ਪਛਾਣ ਲਿਆ। ਠੀਕ-ਠਾਕ ਹੈਂ? ਸਭ ਰਾਜ਼ੀ ਨੇ?
ਮਰੱਬੀ ਨੇ ਕਿਹਾ-ਤੁਹਾਨੂੰ ਮਿਲ ਕੇ ਰਾਜ਼ੀ ਖੁਸ਼ੀ ਦੀ ਕਿਹੜੀ ਘਾਟ ਰਹਿ ਗਈ? ਪਰ ਮਾਮਾ ਇਕੱਲਾ ਘਾਹ ਚਰ ਰਿਹੈਂ, ਤੇਰਾ ਵਿਆਹ ਨਹੀਂ ਹੋਇਆ ਅਜੇ? ਮਾਮੀ ਨਹੀਂ ਹੈ?
ਹਉਕਾ ਲੈ ਕੇ ਗਧਾ ਬੋਲਿਆ-ਏਸ ਜਨਮ ਵਿਚ ਤਾਂ ਵਿਆਹ ਨੀ ਹੋ ਸਕਦਾ।
ਮਰੱਬੀ ਬੋਲਿਆ-ਮੇਰੇ ਹੁੰਦੇ ਫਿਕਰ ਕਿਸ ਗੱਲ ਦਾ? ਮੈਂ ਤਾਂ ਆਪਣੇ ਵਾਸਤੇ ਵੀ ਕੰਨਿਆ ਲੱਭਣ ਲਈ ਘਰੋਂ ਨਿਕਲਿਆ ਹਾਂ। ਮੈਂ ਦੇਖੀ ਹੈ ਇੱਕ ਬੜੀ ਸੁਹਣੀ ਪੂਰੀ ਜਵਾਨ ਗਧੀ। ਤਿੱਖਾ ਨੱਕ, ਮੋਟੀਆਂ ਅੱਖਾਂ, ਪਤਲਾ ਲੱਕ, ਸਾਲੇ ਸਾਲੀਆਂ ਦੀ ਰੌਣਕ ਨਾਲ ਭਰਿਆ ਭਰਾਇਆ ਘਰ, ਸਾਰੇ ਜਣੇ ਪੂਰੇ ਅਕਲਮੰਦ। ਦਹੇਜ ਵੀ ਦੇਣਗੇ ਬਹੁਤ। ਉਸ ਨੂੰ ਦੇਖਣ ਸਾਰ ਮਨ ਵਿਚ ਖਿਆਲ ਆਇਆ ਕਿ ਬਸ, ਮੇਰੇ ਮਾਮੇ ਵਾਸਤੇ ਬਿਲਕੁਲ ਠੀਕ ਹੈ ਇਹ। ਚਲੋ ਚੱਲੀਏ। ਚੱਲ ਕੇ ਪਾਣੀ ਧਾਣੀ ਤਾਂ ਪੀਈਏ ਪਹਿਲਾਂ।
ਵਿਆਹ ਦੀ ਖੁਸ਼ੀ ਵਿਚ ਗਧੇ ਦੀਆਂ ਅੱਖਾਂ ਵਿਚ ਚਮਕ ਆ ਗਈ। ਕਾਸ਼ਣੀ ਰੰਗ ਹੋ ਗਿਆ ਅੱਖਾਂ ਦਾ। ਮਰੱਬੀ ਨੇ ਕਿਹਾ-ਮਾਮਾ, ਤੇਰੀ ਉਮਰ ਤਾਂ ਅਜੇ ਬਹੁਤੀ ਨਹੀਂ ਹੋਈ। ਤੇਰੀਆਂ ਅੱਖਾਂ ਅੰਗਿਆਰਾਂ ਵਾਂਗ ਚਮਕ ਰਹੀਆਂ ਨੇ। ਸ਼ੇਰ ਵਰਗੀ ਤੇਰੀ ਸ਼ਕਲ ਦੇਖ ਕੇ ਸਾਲੀਆਂ ਕਿਤੇ ਡਰ ਈ ਨਾ ਜਾਣ, ਕਿਤੇ ਰਿਸ਼ਤਾ ਹੁੰਦਾ-ਹੁੰਦਾ ਰਹਿ ਈ ਨਾ ਜਾਏ। ਇਉਂ ਕਰਦੇ ਆਂ, ਤੇਰੀਆਂ ਅੱਖਾਂ ਉਪਰ ਪੱਟੀ ਬੰਨ੍ਹ ਦਿੰਨਾ। ਗਧੇ ਨੇ ਵਿਆਹ ਦੇ ਲਾਲਚ ਵਿਚ ਆ ਕੇ ਮਰੱਬੀ ਦੀ ਗੱਲ ਮੰਨ ਲਈ। ਉਹ ਜੋ ਕੁਝ ਕਹਿੰਦਾ ਗਿਆ, ਕਰਦਾ ਗਿਆ। ਅੱਗੇ-ਅੱਗੇ ਮਰੱਬੀ ਪਿੱਛੇ ਪਿੱਛੇ ਅੱਖਾਂ ‘ਤੇ ਪੱਟੀ ਬੰਨ੍ਹੀ ਗਧਾ।
ਦੋਵੇਂ ਜਣੇ ਸ਼ੇਰ ਨੇੜੇ ਆ ਗਏ ਤਾਂ ਮਰੱਬੀ ਨੇ ਕਿਹਾ-ਦਹੀਂ ਖੁਆਉਣ ਵੇਲੇ ਸੱਸ ਜੇ ਨੱਕ ਖਿੱਚ ਦੇਵੇ ਤਾਂ ਡਰੀਂ ਨਾ? ਇੱਕ ਕੰਨ ਫੜ ਕੇ ਗਧਾ ਸ਼ੇਰ ਅੱਗੇ ਲਿਆ ਕੇ ਖੜ੍ਹਾ ਕਰ ਦਿੱਤਾ। ਦੂਜਾ ਕੰਨ ਸ਼ੇਰ ਨੇ ਆਪਣੇ ਪੰਜੇ ਵਿਚ ਘੁੱਟ ਲਿਆ। ਗਧੇ ਦੇ ਸਰੀਰ ਵਿਚ ਤਾਂ ਜਿਵੇਂ ਅੱਗ ਲੱਗ ਗਈ ਹੋਵੇ। ਕੰਨ ਛੁਡਾਉਣ ਸਾਰ ਵਾਪਸ ਭੱਜਣ ਲੱਗਾ। ਭਜਦਾ-ਭਜਦਾ ਤਲਾਬ ਕਿਨਾਰੇ ਆ ਕੇ ਰੁਕਿਆ। ਉਧਰ ਸ਼ੇਰ ਸ਼ਰਮਿੰਦਾ ਹੋਇਆ ਖਲੋਤਾ ਰਿਹਾ। ਪੈਰ ਵਿਚ ਜ਼ਖਮ ਅਜੇ ਰਾਜ਼ੀ ਨਹੀਂ ਹੋਇਆ ਸੀ, ਭੱਜਿਆ ਨਹੀਂ ਗਿਆ। ਮਰੱਬੀ ਨੇ ਸ਼ੇਰ ਨੂੰ ਫਟਕਾਰ ਪਾਈ-ਇੱਕ ਗਧੇ ਦਾ ਸ਼ਿਕਾਰ ਨਹੀਂ ਕੀਤਾ ਗਿਆ, ਮਾਮਾ ਲਾਹਨਤ ਹੈ ਤੇਰੇ ‘ਤੇ। ਦੰਦੜੀਆਂ ਕਢਦਿਆਂ ਸ਼ਰਮਿੰਦਗੀ ਨਾਲ ਸ਼ੇਰ ਬੋਲਿਆ-ਤੇਰੀ ਮਰਜ਼ੀ, ਭਾਣਜੇ ਜਿੰਨਾ ਮਰਜ਼ੀ ਬੁਰਾ ਭਲਾ ਕਹਿ ਲੈ। ਭੁੱਖ ਦੀ ਮਾਰ ਵਿਚ ਆਇਆ ਹੋਇਆ ਹਾਂ, ਸਾਹ ਲੈਣਾ ਵੀ ਔਖਾ ਹੋ ਰਿਹੈ। ਇੱਕ ਵਾਰ ਫਿਰ ਕੋਸ਼ਿਸ਼ ਕਰ, ਐਤਕੀ ਮਰਨੀ ਮਰਜੂੰਗਾ ਪਰ ਸ਼ਿਕਾਰ ਨੂੰ ਭੱਜਣ ਨੀ ਦਿੰਦਾ।
ਮਰੱਬੀ ਵਾਪਸ ਤਲਾਬ ਉਪਰ ਗਿਆ। ਗਧਾ ਪਹਿਲਾਂ ਵਾਲੀ ਥਾਂ ‘ਤੇ ਖੜ੍ਹਾ ਸੀ। ਨੇੜੇ ਜਾ ਕੇ ਕਿਹਾ-ਮਾਮਾ ਇਹ ਤੂੰ ਕੀ ਕੀਤਾ? ਤੈਂ ਤਾਂ ਮੇਰੀ ਇੱਜ਼ਤ ਹੀ ਮਿੱਟੀ ਵਿਚ ਮਿਲਾ ਦਿੱਤੀ। ਉਥੋਂ ਭੱਜ ਕਿਉਂ ਆਇਆ? ਮੇਰੇ ਨਾਲ ਇੱਕ ਵਾਰ ਗੱਲ ਤਾਂ ਕਰਦਾ?
ਗਧਾ ਬੋਲਿਆ-ਭਾਣਜੇ ਤੂੰ ਤਾਂ ਮੇਰਾ ਕੰਨ ਹੀ ਚਿਰਵਾ ਦਿੱਤਾ। ਦੇਖ ਲੈ, ਹੁਣ ਤੱਕ ਲਹੂ ਵਗੀ ਜਾਂਦੈ। ਇਹ ਸੱਸ ਸੀ ਕਿ ਕੋਈ ਬਲਾ ਸੀ? ਇਹੋ ਜਿਹੀ ਸੱਸ ਦੀ ਕੁੜੀ ਵੀ ਇਹੋ ਜਿਹੀ ਹੋਣੀ ਐ। ਮੈਨੂੰ ਨੀ ਇਸ ਤਰ੍ਹਾਂ ਦੀ ਲਾੜੀ ਚਾਹੀਦੀ। ਮੈਨੂੰ ਨੀ ਦੁੱਗਣੇ ਦਹੇਜ ਦੀ ਲੋੜ।
ਮਰੱਬੀ ਹਸਦਾ ਹੋਇਆ ਬੋਲਿਆ-ਮਾਮਾ ਇਹ ਦੱਸ, ਤੂੰ ਪਹਿਲੋਂ ਆਪ ਕੰਨ ਕਿਉਂ ਨਹੀਂ ਵਿਨ੍ਹਵਾਏ? ਤੇਰੇ ਕੰਨਾਂ ਵਾਸਤੇ ਸੌ ਤੋਲਿਆਂ ਦੀਆਂ ਸਗਲੀਆਂ, ਵੀਹ ਤੋਲਿਆਂ ਦੀਆਂ ਮੁੰਦਰਾਂ ਬਣਵਾ ਕੇ ਲਿਆਂਦੀਆਂ ਸਨ। ਕੰਨਾਂ ਵਿਚ ਗਲੀ ਤਾਂ ਕੋਈ ਸੀ ਹੀ ਨਹੀਂ, ਫੇਰ ਪਹਿਨਾਉਂਦੀਆਂ ਕਿਵੇਂ? ਕੰਨਾਂ ਵਿਚ ਗਹਿਣੇ ਪੁਆਉਣੇ ਨੇ, ਫਿਰ ਵਿੰਨ੍ਹਣੇ ਤਾਂ ਪੈਣਗੇ ਹੀ। ਉਧਰੋਂ ਕੰਨ ਵਿੰਨ੍ਹਣ ਲੱਗੀਆਂ ਉਧਰ ਤੂੰ ਭੱਜਣ ਲੱਗਾ ਤਾਂ ਕੰਨ ਤਾਂ ਚੀਰਿਆ ਜਾਣਾ ਹੀ ਸੀ ਫਿਰ। ਚਲ ਵਾਪਸ ਚੱਲ। ਸ਼ੁਭ ਮਹੂਰਤ ਦੀ ਘੜੀ ਟਲ ਈ ਨਾ ਜਾਵੇ ਕਿਤੇ। ਅੱਖਾਂ ‘ਤੇ ਪੱਟੀ ਬੰਨ੍ਹ ਕੇ ਮਰੱਬੀ ਗਧੇ ਸਣੇ ਫਿਰ ਰਵਾਨਾ ਹੋ ਗਿਆ।
ਇਸ ਵਾਰ ਸ਼ੇਰ ਤਿਆਰ-ਬਰ-ਤਿਆਰ ਬੈਠਾ ਸੀ। ਨੇੜੇ ਆਉਣ ਸਾਰ ਉਹ ਹਮਲਾ ਕੀਤਾ ਕਿ ਗਧਾ ਥਾਈਂ ਢੇਰ ਹੋ ਗਿਆ। ਮਰਦੇ ਸਮੇਂ ਉਸ ਦਾ ਆਖਰੀ ਵਾਕ ਸੀ-ਵਿਆਹ? ਭਾਣਜੇ ਮੇਰਾ ਵਿਆਹ?
ਹੱਸਦਾ ਮਰੱਬੀ ਬੋਲਿਆ-ਇੱਕ ਵਿਆਹ ਤਾਂ ਹੋ ਗਿਆ ਮਾਮਾ, ਦੂਜਾ ਹੋਰ ਕਰਵਾਉਣੈ ਅਜੇ? ਗਧੇ ਦੇ ਪ੍ਰਾਣ ਪੰਖੇਰੂ ਹੋ ਗਏ। ਮਰਿਆ ਹੋਇਆ ਗਧਾ ਦੇਖ ਕੇ ਆਸਮਾਨ ਵਿਚ ਕਾਂ, ਗਿਰਝਾਂ, ਇਲਾਂ ਚੱਕਰ ਕੱਟਣ ਲੱਗੀਆਂ। ਭੁੱਖੇ ਪੰਛੀਆਂ ਨੇ ਝਪੱਟੇ ਤਾਂ ਕਈ ਮਾਰੇ ਪਰ ਨਾਲ ਸ਼ੇਰ ਖਲੋਤਾ ਦੇਖ ਕੇ ਖਾ ਨਹੀਂ ਸਕੇ ਕੁਝ ਵੀ। ਚੁੰਝ ਮਾਰਨ ਵਾਸਤੇ ਹੌਂਸਲਾ ਕਿੱਥੇ? ਮਰੱਬੀ ਨੇ ਖਾਣ ਲਈ ਬਾਹਲੇ ਭੁੱਖੇ ਪੰਛੀ ਦੇਖੇ ਤਾਂ ਤਰਸ ਆ ਗਿਆ। ਅਕਲ ਤਾਂ ਉਸ ਦੀ ਖੂਹ ਵਾਂਗ ਘੁੰਮਦੀ ਰਹਿੰਦੀ ਸੀ। ਤੁਰੰਤ ਰਸਤਾ ਖੋਜ ਲਿਆ। ਭੁੱਖੇ ਸ਼ੇਰ ਨੇ ਖਾਣ ਵਾਸਤੇ ਗਧੇ ਨੂੰ ਮੂੰਹ ਲਾਇਆ ਹੀ ਸੀ ਕਿ ਮਰੱਬੀ ਬੋਲਿਆ-ਮਾਮਾ ਜੀ, ਇਹ ਕਿਵੇਂ ਖਾਣ ਲੱਗੇ ਹੋ?
ਸ਼ੇਰ ਨੇ ਸਿਰ ਉਚਾ ਕਰ ਕੇ ਪੁੱਛਿਆ-ਹੋਰ ਕਿਵੇਂ ਖਾਵਾਂ?
ਮਰੱਬੀ ਨੇ ਕਿਹਾ-ਜੰਗਲ ਦੇ ਰਾਜਾ ਹੋ ਆਖਰ, ਆਪਣੇ ਰੁਤਬੇ ਵਾਂਗ ਖਾਉ। ਪਹਿਲਾਂ ਦਾਤਣ ਕੁਰਲੀ ਕਰੀਦੀ ਹੈ, ਇਸ਼ਨਾਨ, ਪਾਠ ਪੂਜਾ ਕਰਨ ਪਿੱਛੋਂ ਫਿਰ ਰਾਜਸੀ ਠਾਠ-ਬਾਠ ਨਾਲ ਜਿੰਨਾ ਦਿਲ ਕਰਦੈ ਖਾਉ, ਤੁਹਾਡਾ ਤਾਂ ਹੈ ਸਭ ਕੁਝ।
ਮਰੱਬੀ ਦੀ ਦਲੀਲ ਸ਼ੇਰ ਨੂੰ ਇਕਦਮ ਸਹੀ ਲੱਗੀ। ਬੋਲਿਆ-ਭੁੱਖ ਤਾਂ ਇੰਨੀ ਲੱਗੀ ਹੋਈ ਹੈ ਕਿ ਬਸ ਗੱਲ ਹੀ ਛੱਡ ਪਰ ਰਾਜੇ ਦੀ ਮਰਿਆਦਾ ਦਾ ਵੀ ਖਿਆਲ ਤਾਂ ਰੱਖਣਾ ਪਏਗਾ ਹੀ। ਠੀਕ ਹੈ। ਤੂੰ ਇੱਥੇ ਪਹਿਰੇ ‘ਤੇ ਬੈਠ। ਮੈਂ ਪੂਜਾ ਪਾਠ ਕਰ ਕੇ ਆਇਆ। ਖਿਆਲ ਰੱਖੀਂ, ਕਿਸੇ ਜਾਨਵਰ ਨੇ ਮੇਰੇ ਸ਼ਿਕਾਰ ਨੂੰ ਮੂੰਹ ਲਾ ਦਿੱਤਾ, ਫਿਰ ਇਹ ਮੇਰੇ ਕਿਸੇ ਕੰਮ ਦਾ ਨਹੀਂ ਰਹਿਣਾ।
ਮਰੱਬੀ ਨੇ ਕਿਹਾ-ਤੁਸੀਂ ਜਲਦੀ ਆਪਣੀ ਪੂਜਾ ਪਾਠ ਦੀ ਕਿਰਿਆ ਪੂਰੀ ਕਰੋ। ਜਿਉਂ ਹੀ ਸ਼ੇਰ ਅੱਖੋਂ ਪਰ੍ਹੇ ਹੋਇਆ, ਮਰੱਬੀ ਨੇ ਗਧੇ ਦੇ ਕੰਨ, ਅੱਖਾਂ, ਕਲੇਜਾ, ਦਿਮਾਗ ਕੱਢ ਕੇ ਟੁਕੜੇ ਕਰ-ਕਰ ਕੇ ਪੰਛੀਆਂ ਨੂੰ ਖੁਆ ਦਿੱਤੇ।
ਨਹਾ-ਧੋ ਕੇ ਸ਼ੇਰ ਵਾਪਸ ਆਇਆ ਤਾਂ ਮਰੱਬੀ ਜੰਡੀ ਹੇਠ ਚੁਪ-ਚਾਪ ਬੈਠਾ ਸੀ। ਗਧੇ ਨੂੰ ਖਾਣ ਲੱਗਾ ਹੀ ਸੀ ਕਿ ਦੇਖਿਆ, ਅੱਖਾਂ ਤਾਂ ਹਨ ਹੀ ਨਹੀਂ। ਮਰੱਬੀ ਨੂੰ ਕਿਹਾ-ਓਏ ਭਾਣਜੇ, ਇਸ ਦੀਆਂ ਅੱਖਾਂ ਤਾਂ ਹਨ ਨਹੀਂ?
ਮਰੱਬੀ ਬੋਲਿਆ-ਮਾਮਾ ਅੱਖਾਂ ਹੁੰਦੀਆਂ ਤਾਂ ਦੂਜੀ ਵਾਰ ਤੁਹਾਡੇ ਕੋਲ ਤੁਰਿਆ ਆਉਂਦਾ?
ਫਿਰ ਪੁੱਛਿਆ-ਇਸ ਦੇ ਤਾਂ ਕੰਨ ਵੀ ਨਹੀਂ? ਮਰੱਬੀ ਨੇ ਕਿਹਾ-ਜੇ ਕੰਨ ਹੁੰਦੇ ਤਾਂ ਤੁਹਾਡੀ ਦਹਾੜ ਨਾ ਸੁਣ ਲੈਂਦਾ? ਬੇਮੌਤ ਮਰਨ ਲਈ ਕਿਉਂ ਆਉਂਦਾ?
ਫਿਰ ਪੁੱਛਿਆ-ਇਸ ਦਾ ਤਾਂ ਦਿਲ ਜਿਗਰ ਵੀ ਨਹੀਂ ਕਿਧਰੇ?
ਮਰੱਬੀ ਨੇ ਕਿਹਾ-ਦਿਲ ਜਿਗਰ ਹੁੰਦਾ ਤਾਂ ਤੁਹਾਡੇ ਨਾਲ ਮਾੜਾ-ਮੋਟਾ ਮੁਕਾਬਲਾ ਨਾ ਕਰਦਾ? ਦਿਲ ਜਿਗਰ ਤਾਂ ਸਿਰਫ ਸ਼ੇਰਾਂ ਦੇ ਹੁੰਦੇ ਨੇ, ਤਾਂ ਹੀ ਸ਼ਿਕਾਰ ਕਰਦੇ ਨੇ। ਬਾਕੀ ਜਾਨਵਰਾਂ ਦੇ ਦਿਲ ਜਿਗਰ ਹੁੰਦੇ, ਸ਼ੇਰ ਭੁੱਖੇ ਮਰ ਜਾਂਦੇ!
ਸ਼ੇਰ ਨੂੰ ਮਰੱਬੀ ਦੀਆਂ ਸਾਰੀਆਂ ਗੱਲਾਂ ਸਹੀ ਲੱਗੀਆਂ, ਬੋਲਿਆ-ਭਾਣਜੇ, ਤੇਰੀ ਅਕਲ ਦਾ ਕੋਈ ਮੁਕਾਬਲਾ ਨਹੀਂ। ਮੇਰੇ ਸਰੀਰਕ ਬਲ ਵਿਚ ਕੋਈ ਕਮੀ ਹੋਵੇ ਤਾਂ ਹੋਵੇ, ਤੇਰੀ ਅਕਲ ਵਿਚ ਕੋਈ ਕਮੀ ਨਹੀਂ ਪਰ ਇਹ ਦੱਸ, ਇੰਨੀ ਅਕਲ ਦਾ ਤੈਨੂੰ ਭਾਰ ਨੀ ਲੱਗਦਾ ਕਦੇ?
ਮਰੱਬੀ ਹੱਸ ਕੇ ਬੋਲਿਆ-ਜਿਸ ਦਾ ਮਾਮਾ ਹੋਵੇ ਸ਼ੇਰ, ਫਿਰ ਭਾਰ ਕਾਹਦਾ? ਸ਼ੇਰ, ਖਾਈ ਵੀ ਜਾਂਦਾ, ਗੱਲਾਂ ਵੀ ਕਰੀ ਜਾਂਦਾ। ਦਿਮਾਗ ਖਾਣਾ ਚਾਹਿਆ ਤਾਂ ਦੇਖਿਆ, ਗਧੇ ਦੀ ਖੋਪੜੀ ਵਿਚੋਂ ਦਿਮਾਗ ਗਾਇਬ ਹੈ। ਹੈਰਾਨ ਹੋ ਕੇ ਪੁੱਛਿਆ-ਆਹ ਦੇਖ ਭਾਣਜੇ, ਇਸ ਦਾ ਦਿਮਾਗ ਵੀ ਨਹੀਂ। ਕਿਸ ਤਰ੍ਹਾਂ ਦਾ ਗਧਾ ਸੀ ਇਹ, ਸਮਝ ਨਹੀਂ ਆਉਂਦੀ!
ਤੁਹਾਡੀਆਂ ਗੱਲਾਂ ਤੋਂ ਪਤਾ ਲੱਗਦੈ ਮਾਮਾ, ਦਿਮਾਗ ਤਾਂ ਤੁਹਾਡੀ ਖੋਪੜੀ ਵਿਚ ਵੀ ਨਹੀਂ। ਖੁਦ ਸੋਚੋ, ਇੱਕ ਵਾਰ ਪੰਜੇ ਵਿਚੋਂ ਨਿਕਲ ਕੇ ਬਚ ਗਿਆ, ਦਿਮਾਗ ਹੁੰਦਾ ਦੁਬਾਰਾ ਤੁਰਿਆ ਆਉਂਦਾ?
ਮਰੱਬੀ ਦੀ ਹਰ ਗੱਲ ਸਹੀ। ਕੋਈ ਸ਼ੱਕ ਨਹੀਂ। ਸਾਰੀਆਂ ਗੱਲਾਂ ਦਿਲ ਵਿਚ ਬੈਠ ਗਈਆਂ। ਰੱਜ ਕੇ ਜਿੰਨਾ ਖਾ ਸਕਦਾ ਸੀ, ਮਾਸ ਖਾਧਾ। ਪੇਟ ਭਰ ਗਿਆ, ਮੂੰਹ ‘ਤੇ ਹੱਥ ਫੇਰਿਆ, ਗੱਜਦੀ ਡਕਾਰ ਲਈ। ਖੁਸ਼ ਹੋ ਕੇ ਮਰੱਬੀ ਨੂੰ ਕਿਹਾ-ਚੱਲ ਮੇਰੇ ਨਾਲ ਹੁਣ। ਤੈਨੂੰ ਦੱਬਿਆ ਹੋਇਆ ਖਜ਼ਾਨਾ ਦਿਖਾਵਾਂ। ਮੈਂ ਵੀ ਤਾਂ ਆਪਣਾ ਬਚਨ ਨਿਭਾਵਾਂ।
ਝਾੜੀ ਕੋਲ ਜਾ ਕੇ ਪੰਜਿਆਂ ਨਾਲ ਸ਼ੇਰ ਨੇ ਜ਼ਮੀਨ ਪੁੱਟੀ। ਹੀਰੇ ਮੋਤੀਆਂ ਨਾਲ ਭਰੀ ਗਾਗਰ ਕੱਢ ਕੇ ਭਾਣਜੇ ਹਵਾਲੇ ਕੀਤੀ ਤੇ ਕਿਹਾ-ਜਦੋਂ ਵਿਆਹ ਧਰ ਲਵੇਂ ਨਾ, ਮੈਨੂੰ ਸੰਧੂਰ ਲਾ ਕੇ ਚਿੱਠੀ ਭੇਜੀਂ। ਮੈਨੂੰ ਜਿੰਨੇ ਮਰਜ਼ੀ ਕੰਮ ਹੋਣ, ਮੈਂ ਸ਼ਗਨ ਪਾਉਣ ਆਉਂਗਾ। ਇਹ ਗੱਲ ਸੁਣ ਕੇ ਮਰੱਬੀ ਖੂਬ ਹੱਸਿਆ, ਕਹਿੰਦਾ-ਅਜੇ ਹੁਣੇ-ਹੁਣੇ ਤਾਂ ਗਧੇ ਦਾ ਵਿਆਹ ਦੇਖ ਕੇ ਹਟੇ ਹਾਂ, ਹੁਣ ਅਗਲੀ ਵਾਰ ਮੇਰਾ ਵਿਆਹ ਦੇਖਾਂਗੇ। ਇਹ ਗੱਲ ਸੁਣ ਕੇ ਸ਼ੇਰ ਵੀ ਉਚੀ ਉਚੀ ਹੱਸਿਆ, ਪਤਾ ਨਾ ਲੱਗੇ ਹੱਸ ਰਿਹੈ ਕਿ ਦਹਾੜ ਰਿਹੈ! ਮਰੱਬੀ ਦੀ ਪਿੱਠ ਉਪਰ ਪੰਜੇ ਨਾਲ ਥਾਪੀ ਦਿੰਦਿਆਂ ਕਿਹਾ-ਭਾਣਜੇ ਤੇਰੀ ਅਕਲ ਦਾ ਕੋਈ ਜਵਾਬ ਨਹੀਂ। ਗੱਲਾਂ ਨਾਲ ਨਿਹਾਲ ਕਰ ਦਿੰਨੈ।
ਹੀਰੇ ਮੋਤੀਆਂ ਦੀ ਭਰੀ ਗਾਗਰ ਲੈ ਕੇ ਮਾਮੀਆਂ ਕੋਲ ਗਿਆ। ਅੱਧੀ ਗਾਗਰ ਚਾਰੇ ਮਾਮੀਆਂ ਵਿਚ ਵੰਡ ਦਿੱਤੀ, ਅੱਧੀ ਮਾਂ ਵਾਸਤੇ ਰੱਖ ਲਈ ਘਰ ਲਿਜਾਣ ਲਈ। ਮਜ਼ਾਕ ਕਰਦਿਆਂ ਛੋਟੀ ਮਾਮੀ ਨੂੰ ਕਿਹਾ-ਦੇਖ ਤੇਰੀਆਂ ਜੂੰਆਂ ਕਿੰਨੀਆਂ ਕੀਮਤੀ ਮਾਮੀ। ਜੂੰਆਂ ਵੇਚ ਕੇ ਹੀਰੇ ਮੋਤੀ ਲਿਆਇਆਂ।
ਦੂਸਰੇ ਦਿਨ ਸਵੇਰ ਸਾਰ ਮਰੱਬੀ ਨੇ ਕਿਹਾ-ਹੁਣ ਮੈਂ ਮਾਂ ਕੋਲ ਜਾਊਂਗਾ ਮਾਮੀ।
ਮਾਮੀ ਨੇ ਲਾਡ ਕਰਦਿਆਂ ਕਿਹਾ-ਇੰਨੀ ਕੀ ਕਾਹਲ? ਅਜੇ ਹੋਰ ਰਹਿ ਕਈ ਦਿਨ? ਨਾਨਕੇ ਮਸਾਂ ਤਾਂ ਆਇਐ। ਰਹੀ ਚੱਲ। ਮੌਜ ਕਰ। ਪਰ ਮਰੱਬੀ ਨਹੀਂ ਮੰਨਿਆ। ਕਿਹਾ-ਰਸਤੇ ਵਿਚ ਕਈ ਦੋਸਤ ਜੰਗਲ ਅੰਦਰ ਮੇਰੀ ਉਡੀਕ ਕਰ ਰਹੇ ਨੇ। ਜਾਣਾ ਹੀ ਪਏਗਾ। ਫਿਰ ਕਿਹਾ-ਮਾਮੀ ਮੇਰੇ ਵਾਸਤੇ ਇੱਕ ਢੋਲਕੀ ਮੜ੍ਹਾ ਦੇ। ਮੈਂ ਢੋਲਕੀ ਵਿਚ ਬੈਠ ਕੇ ਜਾਊਂਗਾ।
ਮਾਮੀ ਨੇ ਵਧੀਆ ਮਜ਼ਬੂਤ ਢੋਲਕ ਮੜ੍ਹਾ ਦਿੱਤੀ। ਮਰੱਬੀ ਅੰਦਰ ਬੈਠ ਗਿਆ। ਪਾਣੀ ਦਾ ਕਸੋਰਾ ਰੱਖ ਦਿੱਤਾ। ਚੂਰੀ ਕੁੱਟ ਕੇ ਪੋਣੇ ਵਿਚ ਬੰਨ੍ਹ ਦਿੱਤੀ। ਆਪਣੇ ਹਿੱਸੇ ਦੇ ਹੀਰੇ ਮੋਤੀ ਨੌਲੀ ਵਿਚ ਪਾਏ ਤੇ ਲੱਕ ਨਾਲ ਬੰਨ੍ਹ ਲਏ। ਅੰਦਰ ਬੈਠ ਕੇ ਕਿਹਾ-ਚਾਰੇ ਮਾਮੀਆਂ ਰਲ ਕੇ ਫੂਕ ਮਾਰੋ। ਮਾਮੀਆਂ ਨੇ ਜ਼ੋਰ ਦੀ ਫੂਕ ਮਾਰੀ। ਢੋਲਕ ਰੁੜ੍ਹਨ ਲੱਗੀ, ਗਰੜ ਗਰੜ, ਦਗੜ ਦਗੜ। ਅੰਦਰ ਬੈਠਾ ਮਰੱਬੀ ਭੁੱਖ ਲਗਦੀ ਚੂਰੀ ਖਾ ਲੈਂਦਾ, ਤਰੇਹ ਲਗਦੀ ਪਾਣੀ ਪੀ ਲੈਂਦਾ। ਗੱਲ ਸੱਚ ਹੋਈ। ਉਸ ਦੇ ਦੋਸਤ ਰਸਤੇ ਵਿਚ ਉਸ ਦੀ ਉਡੀਕ ਕਰ ਰਹੇ ਸਨ! ਪਹਿਲਾਂ ਵਾਲੀ ਥਾਂ ਉਪਰ ਉਹੀ ਚੀਤਾ ਮਿਲਿਆ। ਪੁੱਛਿਆ-ਢੋਲਕੀ ਢੋਲਕੀ, ਕਿਧਰੇ ਮਰੱਬੀ ਦੇਖਿਆ ਇਧਰ ਤੂੰ ਜਿਧਰੋਂ ਆਈ ਹੈ? ਉਸ ਤੱਕ ਕੰਮ ਹੈ ਮੈਨੂੰ।
ਅੰਦਰ ਬੈਠੇ ਮਰੱਬੀ ਨੇ ਚੂਰੀ ਦੀ ਬੁਰਕੀ ਖਾਧੀ, ਪਾਣੀ ਦਾ ਘੁੱਟ ਪੀਤਾ, ਗਲਾ ਫੈਲਾ ਕੇ ਮੋਟੀ ਆਵਾਜ਼ ਵਿਚ ਜਵਾਬ ਦਿੱਤਾ ਤਾਂ ਕਿ ਪਛਾਣਿਆ ਨਾ ਜਾਵਾਂ। ਕਿਹਾ-
ਕਿਹੜਾ ਮਰੱਬੀ ਕਿਹੜਾ ਕੰਮ?
ਚੱਲ ਮੇਰੀ ਢੋਲਕ ਡਮ ਡਮ ਡਮ!
ਢੋਲਕ ਅੱਗੇ ਰੁੜ੍ਹ ਪਈ। ਨਾ ਚੜ੍ਹਾਈ ਚੜ੍ਹਨ ਵੇਲੇ ਰੁਕਦੀ, ਨਾ ਉਤਰਾਈ ਵੇਲੇ ਭੱਜਣ ਲਗਦੀ, ਨਾ ਪੱਥਰ ਰੋਕ ਸਕਦੇ ਨਾ ਟੋਏ ਵਿਘਨ ਪਾਉਂਦੇ। ਗਰੜ ਗਰੜ ਰੁੜ੍ਹਦੀ ਜਾ ਰਹੀ ਸੀ। ਕੁਝ ਦੂਰ ‘ਤੇ ਗਿੱਦੜ ਖਲੋਤਾ ਮਿਲਿਆ। ਉਸ ਨੇ ਪੁੱਛਿਆ-ਢੋਲਕੀ ਢੋਲਕੀ ਕਿਤੇ ਮਰੱਬੀ ਦੇਖਿਆ ਹੋਵੇ ਕਿਧਰੇ? ਅੰਦਰ ਬੈਠੇ ਮਰੱਬੀ ਨੇ ਚੂਰੀ ਦੀ ਬੁਰਕੀ ਖਾਈ, ਪਾਣੀ ਦਾ ਘੁੱਟ ਪੀਤਾ, ਆਵਾਜ਼ ਬਦਲ ਕੇ ਮੋਟੇ ਸੁਰ ਵਿਚ ਕਿਹਾ:
ਕੌਣ ਮੁਰੱਬੀ ਕੀ ਹੈ ਕੰਮ?
ਚੱਲ ਮੇਰੀ ਢੋਲਕ ਢੱਮਕ ਢੰਮ!
ਢੋਲਕੀ ਅੱਗੇ ਰੁੜ੍ਹਨ ਲੱਗੀ, ਨਾ ਚੜ੍ਹਾਈ ਦੀ ਪਰਵਾਹ, ਨਾ ਉਤਰਾਈ ਵਿਚ ਤੇਜ਼, ਪੱਥਰ ਟੋਏ ਲੰਘਦੀ ਚਲੋ-ਚਲ ਚਲੋ-ਚਲ ਤੁਰੀ ਗਈ। ਰਸਤੇ ਵਿਚ ਲੂੰਬੜੀ ਮਿਲੀ। ਜਗਿਆਸਾ ਪੂਰਵਕ ਪੁੱਛਿਆ-ਢੋਲਕੀ, ਕਿਤੇ ਮਰੱਬੀ ਦੇਖਿਆ ਹੋਵੇ? ਅੰਦਰ ਬੈਠੇ ਮਰੱਬੀ ਨੇ ਚੂਰੀ ਖਾ ਕੇ ਪਾਣੀ ਪੀ ਕੇ ਮੋਟੀ ਆਵਾਜ਼ ਕਰ ਕੇ ਕਿਹਾ:
ਕਿਹੜਾ ਮਰੱਬੀ ਕਿਹੜਾ ਕੰਮ?
ਚੱਲ ਮੇਰੀ ਢੋਲਕ ਟੱਮ ਟੱਮ ਟੱਮ।
ਬਿਨਾਂ ਰੋਕ ਟੋਕ ਢੋਲਕੀ ਅੱਗੇ ਤੁਰਦੀ ਗਈ। ਆਪਣੀ ਮਸਤੀ ਆਪਣੀ ਚਾਲ, ਤੁਰਦੀ ਰਹੀ। ਜਿਥੇ ਪਹਿਲਾਂ ਮਿਲਿਆ ਸੀ, ਉਥੇ ਕਾਂ ਬੈਠਾ ਦੇਖਿਆ। ਉਸ ਨੇ ਪੁੱਛਿਆ-ਢੋਲਕੀ ਢੋਲਕੀ ਤੂੰ ਕਿਤੇ ਮਰੱਬੀ ਦੇਖਿਆ? ਚੂਰੀ ਖਾ ਕੇ ਪਾਣੀ ਪੀ ਕੇ ਭਾਰੀ ਆਵਾਜ਼ ਕਰਕੇ ਮਰੱਬੀ ਬੋਲਿਆ:
ਕਿਹੜਾ ਮਰੱਬੀ ਕਿਸ ਦੀ ਗੱਲ?
ਚਲ ਮੇਰੀ ਢੋਲਕ ਕੱਲ-ਮੁਕੱਲ!
ਕਾਂ ਬੜਾ ਚਲਾਕ ਸੀ। ਜਿਵੇਂ ਦੂਜਿਆਂ ਨੇ ਇਤਬਾਰ ਕਰ ਲਿਆ, ਕਾਂ ਨੂੰ ਇਤਬਾਰ ਨਹੀਂ ਆਇਆ। ਉਸ ਨੂੰ ਪੂਰਾ ਸ਼ੱਕ ਸੀ ਕਿ ਮਰੱਬੀ ਢੋਲਕੀ ਵਿਚ ਹੀ ਹੈ। ਉਹ ਰੁੜ੍ਹਦੀ ਢੋਲਕੀ ਉਪਰ ਜਾ ਬੈਠਾ ਤੇ ਲੱਗਾ ਚਮੜੇ ਦੇ ਪੁੜੇ ‘ਤੇ ਚੁੰਜਾਂ ਮਾਰਨ। ਉਸੇ ਵੇਲੇ ਢੋਲਕੀ ਫੁੱਟ ਗਈ। ਮਰੱਬੀ ਨੇ ਕਿਹੜਾ ਘਬਰਾਉਣਾ ਸੀ! ਹੱਸਦਾ-ਹੱਸਦਾ ਬਾਹਰ ਨਿਕਲਿਆ। ਕਾਂ ਅਸਮਾਨ ਵਿਚ ਉਚੀ ਚੜ੍ਹ ਕੇ ਰੌਲਾ ਪਾਉਣ ਲੱਗਾ-ਮਰੱਬੀ ਲੱਭ ਗਿਆ, ਮਰੱਬੀ ਲੱਭ ਗਿਆ। ਲੂੰਬੜੀ, ਗਿੱਦੜ ਅਤੇ ਚੀਤਾ ਭੱਜੇ-ਭੱਜੇ ਆਏ। ਚਾਰਾਂ ਨੇ ਮਰੱਬੀ ਘੇਰ ਲਿਆ। ਬਿਨਾਂ ਕਿਸੇ ਡਰ ਦੇ ਮਰੱਬੀ ਖਲੋ ਗਿਆ। ਉਸ ਦਾ ਦਿਮਾਗ ਹਲਟ ਦੇ ਚੱਕਰ ਵਾਂਗ ਘੁੰਮਦਾ ਸੀ। ਉਸ ਨੇ ਫਟਾਫਟ ਤਰੀਕਾ ਸੋਚ ਲਿਆ। ਸਾਰਿਆਂ ਨੇ ਇੱਕ ਆਵਾਜ਼ ਵਿਚ ਕਿਹਾ-ਸਹੀ ਕਿਹਾ ਸੀ ਤੂੰ ਮਰੱਬੀ। ਨਾਨਕਿਆਂ ਤੋਂ ਕਾਫੀ ਮੋਟਾ ਤਾਜ਼ਾ ਹੋ ਕੇ ਆਇਐਂ। ਹੁਣ ਤੈਨੂੰ ਛੱਡਾਂਗੇ ਨਹੀਂ।
ਮਰੱਬੀ ਕਹਿੰਦਾ-ਮੈਨੂੰ ਖਾ ਕੇ ਤੁਹਾਡੀ ਭੁੱਖ ਮਿਟੇ, ਹੋਰ ਖੁਸ਼ੀ ਮੈਨੂੰ ਕੀ ਹੋ ਸਕਦੀ ਹੈ! ਪਰ ਇਸੇ ਤਰ੍ਹਾਂ ਮੂਰਖਾਂ ਵਾਂਗੂੰ ਖਾ ਲਉਗੇ?
ਸਾਰਿਆਂ ਨੇ ਪੁੱਛਿਆ-ਹੋਰ ਕਿਵੇਂ ਖਾਈਏ?
ਮਰੱਬੀ ਕੋਲ ਜਵਾਬ ਹੈਗਾ ਸੀ। ਬੋਲਿਆ-ਬਰੀਕ ਪੀਹੀ ਹੋਈ ਮਿਰਚ, ਬਰੀਕ ਪੀਹਿਆ ਹੋਇਆ ਲੂਣ ਤੇ ਸੁਨਿਆਰੇ ਤੋਂ ਤੇਜ਼ਾਬ ਦੀ ਬੋਤਲ ਲਿਆਉ। ਤੇਜ਼ਾਬ ਵਿਚ ਪਹਿਲਾਂ ਮਸਾਲੇ ਭਿਉਂ ਦਿਉ। ਫਿਰ ਮੇਰੇ ਉਪਰ ਲਪੇਟ ਕੇ ਤਲ ਲਉ। ਤੁਹਾਨੂੰ ਖਾਣ ਦਾ ਜ਼ਾਇਕਾ ਆਏਗਾ, ਮੈਨੂੰ ਮਰਨ ਦਾ। ਫਿਰ ਮੈਨੂੰ ਕੋਈ ਤਕਲੀਫ ਨਹੀਂ ਹੋਣੀ।
ਮਰੱਬੀ ਦੀ ਗੱਲ ਕਰਨ ਦੀ ਖੂਬੀ ਇਹ ਹੁੰਦੀ ਕਿ ਹਰ ਕਿਸੇ ਨੂੰ ਉਸ ਦੀ ਗੱਲ ਜਚ ਜਾਂਦੀ। ਤੁਰੰਤ ਸਮਝ ਗਏ। ਉਨ੍ਹਾਂ ਨੇ ਦੇਖਿਆ ਹੋਇਆ ਸੀ ਬੰਦੇ ਇਸੇ ਤਰ੍ਹਾਂ ਮਾਸ ਖਾਂਦੇ ਨੇ। ਬੜਾ ਸੁਆਦ ਆਏਗਾ। ਕਾਂ ਦੀ ਡਿਊਟੀ ਲਾਈ ਕਿ ਤੂੰ ਇਥੇ ਮਰੱਬੀ ਦੀ ਰਖਵਾਲੀ ਕਰ। ਬਾਕੀ ਤਿੰਨਾਂ ਨੇ ਮੰਗ ਤੰਗ ਕੇ ਤੌੜੀ ਲਈ, ਫਿਰ ਮਸਾਲੇ ਲੈ ਕੇ ਖੁਸ਼ੀ-ਖੁਸ਼ੀ ਵਾਪਸ ਆ ਗਏ। ਕਹਿਣ ਲੱਗੇ-ਮਰੱਬੀ, ਬਾਕੀ ਕੰਮ ਤਾਂ ਅਸੀਂ ਨਬੇੜ ਲਿਆ ਪਰ ਸਾਨੂੰ ਮਸਾਲੇ ਬਣਾਉਣੇ ਨਹੀਂ ਆਉਂਦੇ। ਇਹ ਕੰਮ ਤੂੰ ਕਰ।
ਮਰੱਬੀ ਨੇ ਸਾਰੇ ਮਸਾਲੇ ਰਲਾਏ ਅਤੇ ਅੱਕ ਦੀ ਡੰਡੀ ਤੋੜ ਕੇ ਉਸ ਨਾਲ ਘੋਲ ਇੱਕ-ਜਾਨ ਕਰਨ ਲੱਗਾ। ਬੋਲਿਆ-ਮੇਰੀ ਗੱਲ ਮੰਨ ਲਈ ਨਾ ਅੱਜ ਤੁਸੀਂ, ਦੇਖਿਓ ਕਿੰਨਾ ਸੁਆਦ ਮੀਟ ਬਣੇਗਾ। ਸਾਰੀ ਉਮਰ ਯਾਦ ਰੱਖੋਗੇ।
ਚਾਰੇ ਦੋਸਤ ਧਿਆਨ ਨਾਲ ਮਸਾਲਾ ਬਣਾਉਣ, ਰਲਾਉਣ ਅਤੇ ਪਕਾਉਣ ਦਾ ਤਰੀਕਾ ਦੇਖਦੇ ਰਹੇ। ਕੁਝ ਦੇਰ ਬਾਅਦ ਮਰੱਬੀ ਨੇ ਕਿਹਾ-ਮਸਾਲੇ ਦੀ ਇੱਕ-ਇੱਕ ਸਲਾਈ ਆਪੋ-ਆਪਣੀ ਅੱਖ ਵਿਚ ਪਾ ਦੇਖੋ ਕਿ ਕਿਤੇ ਲੂਣ ਮਿਰਚ ਵੱਧ ਜਾਂ ਘੱਟ ਤਾਂ ਨਹੀਂ?
ਇੱਕ ਕਹਿਣ ਲੱਗਾ-ਮੇਰੀਆਂ ਅੱਖਾਂ ਵਿਚ ਪਾ, ਦੂਜਾ ਜ਼ਿੱਦ ਕਰਨ ਲੱਗਾ-ਨਹੀਂ ਮੇਰੀਆਂ ਅੱਖਾਂ ਵਿਚ। ਮੈਨੂੰ ਪਤਾ ਹੈ ਸੁਆਦ ਕੀ ਹੁੰਦੈ। ਸਾਰੇ ਇੱਕ ਦੂਜੇ ਨਾਲ ਬਹਿਸ ਕਰਨ ਲੱਗੇ। ਮਰੱਬੀ ਨੇ ਸਮਝਾਉਂਦਿਆਂ ਕਿਹਾ-ਰੌਲਾ ਕਾਸ ਲਈ ਪਾ ਰੱਖਿਐ? ਸਾਰਿਆਂ ਨੂੰ ਵਾਰੋ-ਵਾਰੀ ਸਰਚਾ ਦਿਊਂਗਾ। ਮੇਰੇ ਵਾਸਤੇ ਤਾਂ ਸਭ ਬਰਾਬਰ। ਲਉ, ਇੱਕੋ ਵਾਰੀ ਸੁਆਦ ਚਖਾ ਦਿੰਨਾ।
ਚਾਰੇ ਜਣੇ ਅੱਖਾਂ ਪਾੜ-ਪਾੜ ਉਥੇ ਬੈਠੇ ਦੇਖੀ ਜਾਂਦੇ ਸਨ। ਮੁਰੱਬੀ ਨੇ ਇੱਕੋ ਝੱਟ ਲੈ ਕੇ ਸਾਰਿਆਂ ਦੀਆਂ ਅੱਖਾਂ ਵਿਚ ਇੱਕੋ ਵਾਰੀ ਤੇਜ਼ਾਬ ਵਿਚ ਰਲਿਆ ਮਸਾਲਾ ਪਾ ਦਿੱਤਾ। ਤੜਾਕ-ਤੜਾਕ ਉਸੇ ਵੇਲੇ ਉਨ੍ਹਾਂ ਸਾਰਿਆਂ ਦੀਆਂ ਅੱਖਾਂ ਫੁੱਟ ਗਈਆਂ। ਇੱਕੋ ਵਾਰ ਚੀਕੇ-ਮਰੱਬੀ ਇੰਨਾ ਤਿੱਖਾ ਮਸਾਲਾ ਕਿਉਂ ਬਣਾ ਦਿੱਤਾ? ਸਾਡੀਆਂ ਤਾਂ ਅੱਖਾਂ ਫੁੱਟ ਗਈਆਂ! ਇਹ ਕੀ ਕੀਤਾ ਤੂੰ?
ਕਾਂ ਨੇ ਉਡਣਾ ਚਾਹਿਆ, ਮਰੱਬੀ ਨੇ ਖੰਭੋਂ ਫੜ ਕੇ ਮਸਾਲੇ ਦੀ ਉਬਲਦੀ ਤੌੜੀ ਵਿਚ ਸੁੱਟ ਦਿੱਤਾ। ਮਸਾਲੇ ਵਿਚ ਘੁਲ ਗਿਆ। ਬਚਿਆ ਮਸਾਲਾ ਅੰਨ੍ਹੇ ਜਾਨਵਰਾਂ ਦੇ ਸਿਰਾਂ ਉਪਰ ਡੋਲ੍ਹ ਦਿੱਤਾ। ਤਿੰਨੇ ਚੀਕੇ, ਮੁਰੱਬੀ ਇੰਨੇ ਤੇਜ਼ ਮਸਾਲੇ ਨੇ ਤਾਂ ਅਸੀਂ ਮਾਰ ਦਿੱਤੇ। ਸਾਡੀ ਜਾਨ ਨਿਕਲ ਰਹੀ ਹੈ।
ਤਿੰਨੇ ਜਣੇ ਬਹੁਤ ਤੇਜ਼ੀ ਨਾਲ ਉਥੋਂ ਭੱਜੇ, ਦਰਖਤਾਂ ਨਾਲ ਟੱਕਰਾਂ ਮਾਰਦੇ ਫਿਰਨ। ਮਰੱਬੀ ਦੇ ਹਾਸੇ ਦੇ ਫੁਹਾਰੇ ਛੁਟ ਗਏ। ਢੋਲਕੀ ਵਿਚ ਬੈਠ ਗਿਆ। ਗਾਉਣ ਲੱਗਾ-ਚਲ ਮੇਰੀ ਢੋਲਕ ਡਮ ਡਮ ਡਮ!
ਬੋਲ ਸੁਣਨ ਸਾਰ ਢੋਲਕੀ ਰੁੜ੍ਹਨ ਲੱਗੀ। ਨਾ ਚੜ੍ਹਾਈ ਵਿਚ ਹੌਲੀ ਹੋਈ, ਨਾ ਉਤਰਾਈ ਵਿਚ ਤੇਜ਼। ਨਾ ਪੱਥਰਾਂ ਦੀ ਰੋਕ, ਨਾ ਟੋਇਆਂ ਦੀ ਟੋਕ। ਗਰੜ ਗਰੜ ਰੁੜ੍ਹਦੀ ਗਈ। ਆਖਰ ਘਰ ਆ ਗਿਆ, ਉਥੇ ਆ ਕੇ ਰੁਕੀ। ਮਾਂ ਬਾਹਰਲੇ ਫਾਟਕ ਕੋਲ ਖਲੋਤੀ ਉਡੀਕ ਰਹੀ ਸੀ। ਪੁੱਤਰ ਨੂੰ ਗਲ ਨਾਲ ਲਾਇਆ। ਸਿਰ ‘ਤੇ ਹੱਥ ਫੇਰਿਆ। ਬੋਲੀ-ਪੂਰਾ ਮੋਟਾ ਤਾਜ਼ਾ ਹੋ ਕੇ ਆਇਐਂ। ਛੇਤੀ ਅੰਦਰ ਚੱਲ। ਕਿਤੇ ਨਜ਼ਰ ਵੀ ਨਾ ਲੱਗ ਜਾਵੇ। ਪਹਿਲਾਂ ਡੌਲੇ ‘ਤੇ ਕਾਲਾ ਧਾਗਾ ਬੰਨ੍ਹ ਦਿਆਂ, ਮੱਥੇ ‘ਤੇ ਕਾਲਾ ਟਿੱਕਾ ਲਾ ਦਿਆਂ!
ਕੁਝ ਦਿਨਾਂ ਬਾਅਦ ਹੀਰੇ ਮੋਤੀ ਵੇਚ ਕੇ ਮਰੱਬੀ ਨੇ ਸ਼ਾਨਦਾਰ ਮਹਿਲ ਬਣਵਾਇਆ। ਧੂਮ-ਧਾਮ ਨਾਲ ਵਿਆਹ ਕੀਤਾ। ਸ਼ੇਰ ਮਾਮੇ ਕੋਲ ਸੰਧੂਰ ਨਾਲ ਲਪੇਟੀ ਚਿੱਠੀ ਭੇਜੀ। ਮਾਮੇ ਨੇ ਚਾਰ ਗਾਗਰਾਂ ਗਹਿਣਿਆਂ ਦੀਆਂ ਭਰ ਕੇ ਭੇਜੀਆਂ। ਸੱਤ ਗੁਆਂਢੀ ਪਿੰਡਾਂ ਨੂੰ ਪੰਜ-ਪੰਜ ਪਕਵਾਨ ਖਵਾਏ। ਸ਼ੇਰ ਮਾਮੇ ਦੀ ਜੈ ਜੈਕਾਰ ਹੋਈ। ਮਰੱਬੀ ਅਤੇ ਉਸ ਦੀ ਮਾਂ ਸਾਲਾਂ ਤੱਕ ਸੁਖੀ ਵਸਦੇ ਰਸਦੇ ਰਹੇ। ਪੋਤੇ-ਪੋਤੀਆਂ ਨਾਲ ਘਰ ਭਰ ਗਿਆ।
(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)