Chandaal Daroge Naal Sijjhna (Punjabi Story) : Gurcharan Singh Sehnsra

ਚੰਡਾਲ ਦਰੋਗੇ ਨਾਲ਼ ਸਿੱਝਣਾ (ਕਹਾਣੀ) : ਗੁਰਚਰਨ ਸਿੰਘ ਸਹਿੰਸਰਾ

ਜਿਵੇਂ ਘਰ ਦੇ ਭਾਗ ਡਿਓੜ੍ਹੀਓਂ ਹੀ ਦਿਸ ਪੈਂਦੇ ਹਨ, ਸਾਡੀ ਕਿਸਮਤ ਸਟੇਸ਼ਨ ਤੋਂ ਹੀ ਨਜ਼ਰ ਆ ਗਈ ਸੀ ਤੇ ਕੈਂਪ ਤੱਕ ਆਉਂਦਿਆਂ ਇਹ ਚੰਗੀ ਤਰ੍ਹਾਂ ਉਘੜ ਆਈ ਸੀ। ਸਾਡੇ ਜਾਂਦਿਆਂ ਨੂੰ ਹਰ ਵਾੜੇ ਵਿੱਚ ਕੈਦੀਆਂ ਨੂੰ ਦੋ ਲੰਮੀਆਂ ਕਤਾਰਾਂ ਵਿੱਚ ਬਠਾਇਆ ਹੋਇਆ ਸੀ ਤੇ ਤਿੰਨਾਂ ਲਾਲ ਫੀਤੀਆਂ ਵਾਲ਼ਾ ਇਕ ਹੈੱਡ ਵਾਰਡਰ ਬੈਠਿਆਂ ਦੇ ਸਿਰਾਂ ਵੱਲ ਉਂਗਲ ਕਰ ਕਰ ਤਾਣਾ ਤਣ ਰਹੀ ਜੁਲਾਹੀ ਵਾਂਗ ਇੱਕ ਪਾਸਿਓਂ ਦੂਸਰੇ ਪਾਸੇ ਨੂੰ ਵਾਹੋ ਦਾਹੀ ਤੁਰਿਆ ਜਾ ਰਿਹਾ ਸੀ। ਇਕ ਹੋਰ ਵਾਰਡਰ ਤੇ ਚਾਰ ਕੈਦੀ ਨੰਬਰਦਾਰ ਇਮਤਿਹਾਨ ਦਵਾਉਣ ਆਏ ਪਰਾਇਮਰੀ ਟੀਚਰਾਂ ਵਾਂਗ ਨਿਮੋਝੂਣੇ ਖੜ੍ਹੇ ਉਡੀਕ ਰਹੇ ਸਨ ਕਿ ‘ਯਾ ਰੱਬਾ! ਗਿਣਤੀ ਦਰੁਸਤ ਹੋਵੇ।’

ਸਾਡੇ ਆਉਣ ਉੱਤੇ ਵਾੜੇ ਦਾ ਦਰਵਾਜ਼ਾ ਖੋਲ੍ਹ ਕੇ ਸਾਨੂੰ ਵੀ ਗਿਣੀਆਂ ਜਾ ਰਹੀਆਂ ਭੇਡਾਂ ਵਿੱਚ ਬਿਠਾ ਦਿੱਤਾ ਗਿਆ ਤੇ ਮੁੜ ਕੇ ਗਿਣਤੀ ਹੋਣ ਲੱਗੀ। ਭੁਲੇਖਾ ਕੱਢਣ ਵਾਸਤੇ ਸਾਨੂੰ ਦੋ ਵਾਰ ਗਿਣਿਆ ਗਿਆ। ਉਪਰੰਤ ਇੱਕ ਪਰਚੇ ਉੱਤੇ ਗਿਣਤੀ ਨੋਟ ਕੀਤੀ ਗਈ ਤੇ ਵਾੜੇ ਦੇ ਗਿਣਤੀ ਰਜਿਸਟਰ ਵਿੱਚ ਕੈਦੀਆਂ ਦੀ ਲੱਗੀ ਹੋਈ ਹਾਜ਼ਰੀ ਉੱਤੇ ਦਸਖ਼ਤ ਕਰ ਦਿਤੇ ਗਏ ਤੇ ਦੋਵੇਂ ਵਾਰਡਰ ਬਾਹਰ ਚਲੇ ਗਏ।

ਇਹ ਗਿਣਤੀ ਦਾ ਸਾਡੇ ਲਈ ਨਵਾਂ ਤਰੀਕਾ ਸੀ, ਜੋ ਅਸਾਂ ਨਾ ਅੰਮ੍ਰਿਤਸਰ ਤੇ ਨਾ ਲਾਹੌਰ ਵੇਖਿਆ ਸੀ। ਗਿਣਤੀ ਤੋਂ ਬਾਅਦ ਜਦ ਅਸੀਂ ਉੱਠਣ ਲੱਗੇ ਤਾਂ ਸਾਥੋਂ ਪਹਿਲਿਆਂ ਨੇ ਆਪਣੇ ਡਰੇ ਹੋਏ ਮੂੰਹ ਵਿਖਾ ਕੇ ਸਾਨੂੰ ਉਠਣ ਤੋਂ ਰੋਕ ਲਿਆ। ਅਸੀਂ ਕੋਈ ਅੱਧਾ ਘੰਟਾ ਹੋਰ ਬੈਠੇ ਰਹੇ ਤੇ ਜਦ ਉੱਤੇ ਚੱਕਰ ਵਲੋਂ ਬਿਗਲ ਦੀ ਅਵਾਜ਼ ਵਿਚ ‘ਸਭ ਅੱਛਾ’ ਵੱਜਾ, ਤਦ ਉੱਠੇ।

ਹੁਣ ਅੱਗੇ ਆਇਆਂ ਨੇ ਸਾਨੂੰ ਘੇਰ ਲਿਆ। ਸਾਡਾ ਹਾਲ ਚਾਲ ਪੁਛਣ ਤੇ ਸੁਨਣ ਦੀ ਬਜਾਏ ਉਨ੍ਹਾਂ ਆਪਣੀਆਂ ਸੁਨਾਉਣੀਆਂ ਸ਼ੁਰੂ ਕਰ ਦਿੱਤੀਆਂ।

‘ਏਥੇ ਬੜੀ ਸਖ਼ਤੀ ਹੈ, ਕੋਈ ਉੱਚੀ ਉਭਾਸਰ ਨਹੀਂ ਸਕਦਾ। ਧੌਂਸ ਤੇ ਡਰਾਵਾ ਬਹੁਤ ਹੈ। ਸਵਾਏ ਰਾਤ ਸੌਣ ਵੇਲ਼ੇ ਤੋਂ ਬਾਕੀ ਹਰ ਵੇਲੇ ਦੋ ਦੋ ਹੋ ਕੇ ਬੈਠਣ, ਤੁਰਨ ਤੇ ਖਲੋਣ ਦਾ ਹੁਕਮ ਚਲ ਰਿਹਾ ਹੈ। ਦਾਰੋਗਾ ਉਹੋ ਚੰਦਰਾ ਨਾਮਾਨੀਮ ਗੋਕਲਚੰਦ ਹੈ, ਜਿਸ ਨੇ ਮੁਲਤਾਨ ਜੇਲ੍ਹ ਵਿੱਚ ਅਕਾਲੀ ਲਹਿਰ ਦੇ ਕੈਦੀਆਂ ਉੱਤੇ ਕਹਿਰ ਕਮਾਏ ਸਨ ਤੇ ਉਨ੍ਹਾਂ ਨੂੰ ਪਾਣੀ ਦੀਆਂ ਹੌਦੀਆਂ ਵਿਚ ਡੋਬ ਡੋਬ ਕੇ ਡਾਂਗਾ ਨਾਲ਼ ਕੁਟਵਾਉਂਦਾ ਹੁੰਦਾ ਸੀ। ਅੰਗਰੇਜ਼ੀ ਸਰਕਾਰ ਨੇ ਉਸ ਨੂੰ ਇਸ ਸਾਮਰਾਜ ਭਗਤੀ ਦੇ ਬਦਲੇ ਰਾਏ ਸਾਹਿਬ ਦਾ ਖਿਤਾਬ ਦਿੱਤਾ ਹੋਇਆ ਹੈ। ਸਰਕਾਰ ਨੇ ਉਸ ਨੂੰ ਰਾਜਸੀ ਕੈਦੀਆਂ ਉੱਤੇ ਜ਼ੁਲਮ ਕਮਾਉਣ ਲਈ ਖ਼ਾਸ ਤੌਰ ’ਤੇ ਏਥੇ ਲਾਇਆ ਹੈ, ਬੜਾ ਫੰਨੇ ਖ਼ਾਂ ਤੇ ਬੰਨ੍ਹ ਵਾਲ਼ਾ ਦਰੋਗਾ ਹੈ। ਉਹ ਵੇਖੋ! (ਉਤਾਂਹ ਚੱਕਰ ਵੱਲ ਇਸ਼ਾਰਾ ਕਰਕੇ) ਸਾਨੂੰ ਡਰਾਉਣ ਲਈ ਟਿਕਟਿਕੀ ਸਾਹਮਣੇ ਰੱਖੀ ਹੋਈ ਹੈ। ਅੱਠ ਵਜੇ ਤੋਂ ਬਾਅਦ ਕੋਈ ਬਾਹਰ ਨਹੀਂ ਫਿਰ ਸਕਦਾ, ਸਭ ਨੂੰ ਤੰਬੂਆਂ ਵਿੱਚ ਵੜ ਕੇ ਸੌਣਾ ਪੈਂਦਾ ਹੈ।’’

ਸਾਹਮਣੇ ਚੱਕਰ ਵਾਲ਼ੇ ਪਾਸੇ ਅਹਾਤਿਆਂ ਤੋਂ ਬਾਹਰ ਲੰਮੀ ਪਹਾੜੀ ਚਿਟਾਨ ਤੇ ਸਕੂਲਾਂ ਵਿਚ ਬਲੈਕ ਬੋਰਡ ਦੇ ਸਟੈਂਡ ਵਰਗੀ ਇੱਕ ਲੱਕੜ ਦੀ ਉੱਚੀ ਸਾਰੀ ਚੁਗਾਠ ਰੱਖੀ ਹੋਈ ਸੀ, ਜਿਸ ਨੂੰ ਚਿੱਟਾ ਪਾਲਿਸ਼ ਕੀਤਾ ਹੋਇਆ ਸੀ। ਬੰਦੇ ਦੇ ਸਿਰ ਤੋਂ ਉਤਾਂਹ ਚੁਗਾਠ ਦੀਆਂ ਦੋਹਾਂ ਬਾਰੀਆਂ ਉੱਤੇ ਦੋ ਚਮੜੇ ਦੀਆਂ ਵੱਧਰਾਂ ਲਮਕ ਰਹੀਆਂ ਸਨ, ਜਿਨ੍ਹਾਂ ਨਾਲ਼ ਉਸ ਕੈਦੀ ਦੇ ਹੱਥ ਉੱਚੇ ਕਰਕੇ ਚੁਗਾਠ ਨਾਲ਼ ਬੰਨ੍ਹ ਦਿੱਤੇ ਜਾਂਦੇ ਸਨ, ਜਿਸ ਨੂੰ ਬੈਂਤ ਮਾਰਨੇ ਹੋਣ ਅਤੇ ਲੱਕ ਲਾਗੇ ਇਕ ਮੋਟੀ ਪੇਟੀ ਲਮਕ ਰਹੀ ਸੀ, ਜਿਸ ਨਾਲ਼ ਕੈਦੀ ਦਾ ਲੱਕ ਚੌਖਟੇ ਨਾਲ਼ ਕੱਸ ਦਿੱਤਾ ਜਾਂਦਾ, ਹੇਠਾਂ ਖਲੋਣ ਵਾਲ਼ੀ ਥਾਂ ਵੀ ਚਮੜੇ ਦੇ ਛੋਟੇ ਛੋਟੇ ਦੋ ਪਟੇ ਸਨ, ਜਿਨ੍ਹਾਂ ਨਾਲ਼ ਕੈਦੀ ਦੇ ਪੈਰ ਨਰੜੇ ਜਾਂਦੇ ਸਨ। ਇਸ ਤਰ੍ਹਾਂ ਕੱਸਿਆ ਹੋਇਆ ਕੈਦੀ, ਭਾਵੇਂ ਕਿੰਨਾ ਚਿਰ ਬੈਂਤ ਵਜਦੇ ਰਹਿਣ, ਹਿਲ ਨਹੀਂ ਸੀ ਸਕਦਾ। ਇਹ ਟਿਕਟਿਕੀ ਵੇਖ ਕੇ ਡਰ ਜਿਹੇ ਦੀ ਪਿਲੱਤਣ ਸਾਡੇ ਮਨ ਉੱਤੋਂ ਦੀ ਫਿਰ ਗਈ।

ਪਰ ਅਸੀਂ ਤਾਂ ਰਾਤ ਦੇ ਜਗਰਾਤੇ, ਚੜ੍ਹਾਈ ਉਤਰਾਈ ਦੇ ਥਕੇਵੇਂ, ਬੇੜੀਆਂ ਦੇ ਲਾਗਿਆਂ ਦੀ ਪੀੜ ਦੀ ਭਾਨ ਦੇ ਮਾਰੇ ਬਿਸਤਰੇ ਸਿੱਧੇ ਕਰਕੇ ਲੰਮੇ ਪੈ ਗਏ ਤੇ ਅਟਕ ਤੋਂ ਆ ਰਹੀ ਠੰਡੀ ਹਵਾ ਦੀ ਥਾਪੜ ਤੇ ਵਗ ਰਹੇ ਦਰਿਆ ਦੇ ਪਾਣੀ ਦੀ ਸਾਂ ਸਾਂ ਦੀ ਮਧੁਰ ਸੁਰ ਨੇ ਸਾਨੂੰ ਪੈਂਦਿਆਂ ਹੀ ਸੁਵਾ ਦਿੱਤਾ।

ਅਗਲੇ ਸਵੇਰੇ ਕੁਝ ਨੰਬਰਦਾਰਾਂ ਤੇ ਬਹੁਤਾ ਆਪਣੇ ਨਾਲ਼ਦਿਆਂ ਨੇ ਸਾਨੂੰ ਮੂੰਹ ਹਨੇਰੇ ਹੀ ਉਠਾ ਲਿਆ ਤੇ ਤੰਬੂਆਂ ਤੋਂ ਬਾਹਰ ਕੱਢ ਕੇ ਕਲ੍ਹ ਸ਼ਾਮ ਵਾਂਗ ਗਿਣਤੀ ਲਈ ਬਿਠਾ ਦਿੱਤਾ। ਰਾਤ ਵੇਲੇ ਹੈੱਡ ਵਾਰਡਰ ਨੇ ਹੀ ਆ ਕੇ ਗਿਣਤੀ ਲਈ। ਉਪਰੰਤ ਨੰਬਰਦਾਰਾਂ ਨੇ ਟੱਟੀ ਜਾਣ ਵਾਸਤੇ ਆਵਾਜ਼ਾਂ ਮਾਰਨੀਆਂ ਅਰੰਭ ਕਰ ਦਿੱਤੀਆਂ ਤੇ ਸਭ ਜਣੇ ਆਪੋ ਆਪਣੀ ਦਾਤਣ, ਜੋ ਰਾਤ ਨੂੰ ਵਰਤਾਈ ਗਈ ਸੀ, ਤੇ ਬਾਟਾ ਚੁੱਕ ਕੇ ਦੋਹਾਂ ਬਰਾਬਰ ਕਤਾਰਾਂ ਵਿੱਚ ਵਾੜੇ ਦੇ ਬੂਹੇ ਅੱਗੇ ਜਾ ਖਲੋਤੇ। ਏਥੇ ਟੱਟੀ ਵੀ ਹੁਕਮਾਂ ਹੇਠ ਹੀ ਲਿਜਾਇਆ ਜਾਂਦਾ ਸੀ। ਚਾਰੇ ਵਾੜੇ ਅਗੜ ਪਿਛੜ ਵਾਰੋ ਵਾਰੀ ਟੱਟੀ ਜਾਇਆ ਕਰਦੇ ਸਨ। ਉਸ ਦਿਨ ਸਾਡੇ ਵਾੜੇ ਦੀ ਪਹਿਲਾਂ ਵਾਰੀ ਸੀ। ਜਦ ਹਾਜਤ ਵਾਲ਼ੇ ਸਭ ਆ ਗਏ ਤਾਂ ਦਰਵਾਜ਼ਾ ਖੁੱਲ੍ਹਾ। ਅਸੀਂ ਦੋ ਦੋ ਦੀ ਲਾਈਨ ਵਿੱਚ ਚੌਂਪੜ ਗਲੀ ਦਾ ਆਪਣਾ ਪਾਸਾ ਲੰਘ ਕੇ ਬਾਹਰਲੇ ਦਰਵਾਜ਼ੇ ਆ ਗਏ। ਵਾੜਿਆਂ ਦੇ ਬਾਹਰ ਲਹਿੰਦੇ ਵਲ ਜ਼ਰਾ ਹਟਵੀਆਂ ਡੇੜ੍ਹ ਦੋ ਸੌ ਟੱਟੀਆਂ ਦੋ ਕਤਾਰਾਂ ਵਿੱਚ ਬਣੀਆਂ ਹੋਈਆਂ ਸਨ। ਦੋ ਨੰਬਰਦਾਰ ਸਾਡੇ ਨਾਲ਼ ਨਿਗਰਾਨੀ ਉੱਤੇ ਸਨ। ਅਸੀਂ ਟੱਟੀਆਂ ਵਿੱਚ ਜਾ ਬੈਠੇ, ਜੋ ਲਾਹੌਰ ਤੇ ਅੰਮ੍ਰਿਤਸਰ ਨਾਲ਼ੋਂ ਜ਼ਿਆਦਾ ਸਾਫ਼ ਸਨ। ਟੱਟੀ ਫਿਰ ਕੇ ਅਸੀਂ ਵਾੜਿਆਂ ਦੇ ਦੱਖਣ ਵੱਲ ਬਣੀਆਂ ਪਾਣੀਆਂ ਦੀਆਂ ਲੰਮੀਆਂ ਹੌਦੀਆਂ ਤੇ ਆ ਗਏ, ਜਿਨ੍ਹਾਂ ਵਿੱਚ ਇੱਕ ਵੱਡੀ ਸਾਰੀ ਨਾਲ਼ ਦਰਿਆ ਦਾ ਪਾਣੀ ਉਗਲਛ ਰਹੀ ਸੀ। ਦਾਤਣਾ ਕੀਤੀਆਂ ਤੇ ਹੌਦੀ ਤੋਂ ਮੂੰਹ ਹੱਥ ਧੋਤਾ। ਉਪਰੰਤ ਕਪੜੇ ਲਾਹ ਕੇ ਬਾਟੇ ਭਰ ਭਰ ਆਪਣੇ ਉੱਤੇ ਸੁਟ ਕੇ ਅਸ਼ਨਾਨ ਕਰ ਲਿਆ। ਹੌਦੀਆਂ ਉੱਤੇ ਨਹਾਉਂਦਿਆਂ ਮੁਲਤਾਨ ਜੇਲ੍ਹ ਵਿੱਚ ਅਕਾਲੀਆਂ ਨੂੰ ਡੋਬ ਡੋਬ ਕੇ ਮਾਰਨ ਕੁੱਟਣ ਦੀ ਕਲਪਤ ਜਿਹੀ ਝਾਕੀ ਸਾਡੇ ਦਿਲਾਂ ’ਤੇ ਆਪਣਾ ਡਰ ਸੁੱਟ ਰਹੀ ਸੀ ਤੇ ਮਨ ਵਿਚ ਡੁੱਬਕਾ ਜਿਹਾ ਉੱਠਿਆ ਕਿ ਏਥੇ ਦਰੋਗਾ ਵੀ ਉਹੀ ਚੰਦਰਭਾਨ ਹੈ, ਦੇਖੋ ਕਿਸ ਦਿਨ ਹੌਦੀਆਂ ਵਿੱਚ ਡੋਬਣ ਦੀ ਰਾਸ ਲੀਲ੍ਹਾ ਹੁੰਦੀ ਹੈ?

ਏਨੇ ਨੂੰ ਭੰਗੀ ਕੈਦੀਆਂ ਨੇ ਟੱਟੀਆਂ ਸਾਫ ਕਰ ਕੇ ਧੋ ਲਈਆਂ ਤੇ ਦੂਸਰੇ ਵਾੜੇ ਦੇ ਕੈਦੀ ਲਿਆ ਕੇ ਬਿਠਾ ਦਿੱਤੇ ਗਏ। ਸਾਨੂੰ ਨੰਬਰਦਾਰਾਂ ਨੇ ਇਕੱਠਿਆਂ ਕੀਤਾ ਤੇ ਦੋ ਦੋ ਦੀ ਕਤਾਰ ਵਿੱਚ ਜੋੜ ਕੇ ਵਾੜੇ ਵਿੱਚ ਹਿੱਕ ਲਿਆਏ। ਵਾੜੇ ਵਿੱਚ ਆ ਕੇ, ਕੱਛੇ ਪਰਨੇ ਤਾਰਾਂ ਉੱਤੇ ਸੁਕਣੇ ਪਾ ਕੇ, ਆਪਣੇ ਪਹਿਲਿਆਂ ਸਾਥੀਆਂ ਨਾਲ਼ ਰਲ ਕੇ, ਪਰ ਦੋ ਦੋ ਹੋ ਕੇ, ਆਪਣੇ ਵਿਹੜੇ ਵਿੱਚ ਭੌਂ ਭੌਂ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ ਟਹਿਲਣਾ ਸ਼ੁਰੂ ਕਰ ਦਿੱਤਾ।

ਕੋਈ ਡੇੜ ਘੰਟਾ ਬਾਅਦ ਰੋਟੀ ਆ ਗਈ। ਹਰ ਕਿਸੇ ਨੇ ਆਪਣੇ ਦੋਵੇਂ ਬਾਟੇ ਲੈ ਕੇ ਆਪਣੇ ਆਪਣੇ ਤੰਬੂ ਦੇ ਸਾਹਮਣੇ ਵੱਡਾ ਬਾਟਾ ਅੱਗੇ ਤੇ ਨਿੱਕਾ ਪਿੱਛੇ ਭੋਂਏ ਤੇ ਰੱਖ ਦਿੱਤੇ। ਜਦ ਸਾਰੇ ਬਾਟੇ ਰੱਖੇ ਗਏ, ਤਾਂ ਵਾੜੇ ਦਾ ਵਾਰਡਰ ਬੜੇ ਜ਼ੋਰ ਦੀ ਗਰਜਿਆ, ‘ਰਾਈਸ’। ਅਸੀਂ ਬਾਟੇ ਛੱਡ ਕੇ ਇਕ ਦਮ ਉੱਠ ਕਲੋਤੇ ਤੇ ਤੰਬੂਆਂ ਅੰਦਰ ਆਪੋ ਆਪਣੀ ਥਾਂ ’ਤੇ ਚਲੇ ਗਏ। ਕੋਈ ਪੰਦਰਾਂ ਮਿੰਟਾਂ ਬਾਅਦ ਸਾਨੂੰ ਬਾਹਰ ਸੱਦਿਆ ਗਿਆ। ਹਰ ਛੋਟੇ ਬਾਟੇ ਵਿੱਚ ਭਾਜੀ ਤੇ ਵੱਡੇ ਵਿਚ ਦੋ ਰੋਟੀਆਂ ਸਨ। ਏਥੇ ਅਟਕ ਤੋਂ ਬੜੀ ਤੇਜ਼ ਹਵਾ ਹਰ ਵਕਤ ਚਲਦੀ ਤੇ ਘੱਟਾ ਉਡਾਉਂਦੀ ਰਹਿੰਦੀ। ਬਾਹਰ ਪਏ ਸਾਡੇ ਨਖਸਮੇ ਬਾਟੇ ਕੁਝ ਵਰਤਾਉਣ ਤੋਂ ਪਹਿਲਾਂ ਦੇ ਤੇ ਕੁਝ ਵਰਤਾਉਣ ਤੋਂ ਬਾਅਦ ਦੇ ਮਿੱਟੀ ਘੱਟੇ ਨਾਲ਼ ਭਰ ਗਏ ਸਨ। ਸਾਨੂੰ ਰੋਟੀਆਂ ਉੱਥੇ ਹੀ ਬੈਠ ਕੇ ਖਾਣ ਤੇ ਨਲਕੇ ਤੋਂ ਪਾਣੀ ਪੀ ਕੇ ਤੰਬੂਆਂ ਅੰਦਰ ਜਾਣ ਦਾ ਹੁਕਮ ਸੀ। ਰੋਟੀ ਖਾਣ ਵੇਲ਼ੇ ਦੰਦ ਕਿਰਕ ਨਾਲ਼ ਕਿਰਚੂੰ ਕਿਰਚੂੰ ਕਰਦੇ ਸਨ।

ਰੋਟੀ ਖਾ ਕੇ ਅਜੇ ਹਟੇ ਹੀ ਸਾਂ ਕਿ ਨੰਬਰਦਾਰਾਂ ਨੂੰ ਹਫੜਾ ਦਫੜੀ ਪੈ ਗਈ। ਉਨ੍ਹਾਂ ਨੇ ਲੱਕਾਂ ਨਾਲ਼ ਪਰਨੇ ਵਲ੍ਹੇਟਨੇ ਤੇ ਉੱਤੋਂ ਦੀ ਪੇਟੀਆਂ ਕੱਸਣੀਆਂ ਸ਼ੁਰੂ ਕਰ ਦਿੱਤੀਆਂ। ਸਾਡੇ ਬੰਦਿਆਂ ਨੂੰ ਵੀ ਹੱਥਾਂ ਪੈਰਾਂ ਦੀ ਪੈਂਦੀ ਜਾਪੀ ਤੇ ਦੋ ਦੋ ਹੋਣ ਲੱਗ ਪਏ। ਵੇਖਾ ਵੇਖੀ ਅਸੀਂ ਨਵੇਂ ਵੀ ਦੋ ਦੋ ਹੋ ਗਏ ਤੇ ਆਪਣੇ ਸਾਥੀਆਂ ਨਾਲ਼ ਰਲਕੇ ਬੈਠ ਗਏ। ਇਕ ਸਾਥੀ ਨੇ ਮੂੰਹ ਦੱਬ ਕੇ ਦੱਸ ਹੀ ਦਿੱਤਾ, ‘ਦਰੋਗਾ’। ਬਾਹਰ ਨੂੰ ਵੇਖਿਆ ਤਾਂ ਤਾਰਾਂ ਦੇ ਅੰਦਰ ਗਲੀ ਥਾਣੀ ਅੱਗੇ ਅੱਗੇ ਦੋ ਤੁਰਲੇਦਾਰ ਪੱਗਾਂ ਤੇ ਸੁਥਰੀਆਂ ਵਰਦੀਆਂ ਵਾਲ਼ੇ ਚੰਗੇ ਜਵਾਨ ਵਾਰਡਰ, ਉਨ੍ਹਾਂ ਦੇ ਪਿੱਛੇ ਹੋਰ ਤੇ ਪਿੱਛੇ ਉਸੇ ਤਰ੍ਹਾਂ ਦੇ ਹੋਰ ਵਾਰਡਰ ਤੇ ਪੰਜ ਕੁ ਨੰਬਰਦਾਰ ਐਊ ਛੇਤੀ ਛੇਤੀ ਆਉਂਦੇ ਨਜ਼ਰ ਆਏ, ਜਿਸ ਤਰ੍ਹਾਂ ਕੋਈ ਖਰਬਲੀ ਮਚੀ ਹੋਵੇ।

ਇਹ ਉਹੀ ਚੰਦਰਭਾਨ ਸੀ, ਜਿਸ ਦੀਆਂ ਅਕਾਲੀਆਂ ਪਾਸੋਂ ਬਦਖੋਈਆਂ ਸੁਣੀਆਂ ਸਨ। ਅਧਖੜ ਉਮਰ ਦਾ ਪਤਲਾ ਸ਼ਤੂੰਗੜਾ ਸਰੀਰ, ਅੱਖਾਂ ਘੁਰਕ ਬਿੱਲੇ ਵਰਗੀਆਂ ਲਾਲ, ਨਜ਼ਰਾਂ ਵਿੱਚ ਗੁੰਡਾਪਨ, ਤਾਮੇ ਵਰਗਾ ਲਾਲ ਰੰਗ, ਮੁੱਛਾਂ ਪਤਾ ਨਹੀਂ ਕੀ ਥਿੰਦਾ ਲਾ ਕੇ ਵਟਵੀਆਂ ਕੀਤੀਆਂ ਹੋਈਆਂ ਚੂਹੇ ਦੀ ਪੂਛ ਵਾਂਗ ਪਤਲੀਆਂ ਤੇ ਸਿੱਧੀਆਂ ਹੋ ਕੇ ਕੰਨਾਂ ਦੀਆਂ ਕਰੂੰਬਲੀਆਂ ਤੱਕ ਖਿੱਚੀਆਂ ਹੋਈਆਂ ਸਨ, ਜ਼ਿਆਦਾ ਤਲੇ ਗਏ ਪਕੌੜੇ ਵਰਗਾ ਨੱਕ ਉਸ ਦੀ ਆਮ ਨੁਹਾਰ ਹਿੰਦੂ ਧਾਰਮਕ ਤਸਵੀਰਾਂ ਵਿੱਚ ਜਿਉਂਦੇ ਬੰਦਿਆਂ ਦੇ ਕੁਹਾੜੀਆਂ ਨਾਲ਼ ਪੜਛੇ ਲਾਹ ਰਹੇ ਜਮਦੂਤਾਂ ਵਰਗੀ ਸੀ। ਸਿਰ ’ਤੇ ਕੁੱਲੇ ਵਾਲੀ ਖਾਕੀ ਪੱਗ, ਖਾਕੀ ਬਿਰਜਸ ਤੇ ਖਾਕੀ ਹੀ ਕੋਟ, ਲਾਲ ਰੰਗ ਦੀ ਟਾਈ ਪੈਰੀ ਚੀਕੂੰ ਚੀਕੂੰ ਕਰ ਰਹੇ ਬਰਾਊਨ ਬੂਟ, ਢਿੱਡ ਤੇ ਮੌਰਾਂ ਉੱਤੋਂ ਦੀ ਅਫਸਰੀ ਪੇਟੀ ਤੇ ਮੋਢਿਆਂ ਉੱਤੇ ਸੁਨਹਿਰੀ ਕਰਾਊਨ, ਧੌਣ ਸਾਹਨੇ ਵਾਂਗ ਅਕੜਾਈ, ਹੱਥ ਵਿਚ ਆਬਨੂਸ ਦਾ ਡੰਡਾ ਘੁਮਾਉਂਦਾ ਵਾਰਡਰਾਂ ਤੇ ਨੰਬਰਦਾਰਾਂ ਦੀ ਧਾੜ ਦਾ ਜਲੌ ਲੈ ਕੇ ਮਾਰਕੇ ਸਾਹਨ ਵਾਂਗ ਫੂੰਕਾਰੇ ਮਾਰਦਾ ਸਾਡੇ ਵਿਹੜੇ ਆ ਵੜਿਆ। ਜਿਸ ਤਰ੍ਹਾਂ ਉਸ ਦੀ ਵਰਦੀ ਵਿੱਚ ਕੋਈ ਵੱਟ ਨਹੀਂ ਸੀ, ਏਸੇ ਤਰ੍ਹਾਂ ਉਸ ਦੀ ਆਕੜ ਵਿੱਚ ਕੋਈ ਲਿਫਾ ਨਹੀਂ ਸੀ ਤੇ ਉਹ ਮਦਾਰੀਆਂ ਦੇ ਪਾਟੇ ਖਾਂ ਵਾਂਗ ਪੈਰਾਂ ਤੋਂ ਸਿਰ ਤੱਕ ਸਿੱਧਾ ਤੁਕ ਸੀ। ਅੰਦਰ ਆਉਂਦਿਆਂ ਹੀ ਬਿਨ੍ਹਾਂ ਕਿਸੇ ਨੂੰ ਬਲਾਏ ਚਲਾਏ ਤੰਬੂਆਂ ਦੀਆਂ ਬਾਰਕਾਂ ਅੰਦਰ ਹੀ ਇਕ ਪਾਸਿਉਂ ਵੜ ਕੇ ਦੂਸਰੇ ਪਾਸੇ ਨਿਕਲ ਗਿਆ। ਫੇਰ ਵਿਹੜੇ ਦੇ ਵਿਚਾਲੇ ਆ ਕੇ ਦੋਵੇਂ ਪੈਰ ਚੌੜੇ ਕਰਕੇ ਇਸ ਤਰ੍ਹਾਂ ਖਲੋ ਗਿਆ, ਜਿਸ ਤਰ੍ਹਾਂ ਮਰੇ ਹੋਏ ਕੁਰੰਗ ਉੱਤੇ ਬਘਿਆੜ ਖਲੋ ਜਾਂਦਾ ਹੈ ਤੇ ਨਿਸ਼ਚਿੰਤ ਹੋ ਕੇ ਵੇਖਦਾ ਹੈ, ਕਿ ਲਾਗੇ ਕੋਈ ਹੋਰ ਜਿਉਂਦਾ ਤਾਂ ਨਹੀਂ ਰਹਿ ਗਿਆ। ਉਹ ਮਿੰਟ ਕੁ ਖਲੋਤਾ ਤੇ ਬੜੀ ਕਹਿਰਵਾਨ ਵੇਖਣੀਆਂ ਨਾਲ਼ ਸਾਡੇ ਵਲ ਝਾਕਦਾ ਰਿਹਾ।

ਸ਼ਾਇਦ ਇਹ ਉਡੀਕਦਾ ਹੋਵੇ, ਕਿ ਉਸ ਨਾਲ਼ ਕੋਈ ਬੋਲੇ। ਪਰ ਸਾਡੇ ਵਿੱਚੋਂ ਕੋਈ ਵੀ ਉਸ ਨਾਲ਼ ਨਹੀਂ ਬੋਲਿਆ। ਉਪਰੰਤ ਉਹ ਅਚਾਨਕ ਕਵੈਦ ਕਰ ਰਹੇ ਫੌਜੀ ਵਾਂਗ ਸੱਜੀ ਅੱਡੀ ਉੱਤੇ ਪਿਛਾਂਹ ਨੂੰ ਘੁਮ ਗਿਆ ਤੇ ਉਸੇ ਤਰ੍ਹਾਂ ਵਾਹੋਦਾਈ ਵਾੜੇ ਵਿੱਚੋਂ ਨਿਕਲ ਗਿਆ, ਜਿਸ ਤਰ੍ਹਾਂ ਆਇਆ ਸੀ। ਅਕਾਲੀਆਂ ਦਾ ਕਹਿਣਾ ਸੱਚ ਸੀ। ਉਹ ਅੰਗਰੇਜ਼ੀ ਰਾਜ ਦਾ ਸੱਚੀ ਮੁੱਚੀ ਜਲਾਦ ਸੀ। ਜੋ ਅੰਗਰੇਜ਼ੀ ਰਾਜ ਦੀ ਹੁਕਮ ਅਦੂਲੀ ਦੇ ਅਪਰਾਧੀਆਂ ਨੂੰ ਜ਼ੁਲਮਾਂ ਤੇ ਸਖ਼ਤੀਆਂ ਨਾਲ਼ ਕਲਮੇ ਪੜ੍ਹਾਉਣ ਵਾਸਤੇ ਏਥੇ ਲਾਇਆ ਗਿਆ ਸੀ।

ਸਾਨੂੰ ਸਾਰਾ ਦਿਨ ਆਪਣੀ ਹਾਲਤ ਉੱਤੇ ਹਾਸਾ ਵੀ ਆਉਂਦਾ ਰਿਹਾ ਤੇ ਖਿੱਝ ਵੀ। ਹਨੇਰ ਸਾਈਂ ਦਾ ਹਰ ਗੱਲ ਪਰੇਡ ਵਿੱਚ! ਫਿਰਨਾ, ਤੁਰਨਾ, ਬਹਿਣਾ, ਖਲੋਣਾ, ਰੋਟੀ, ਟੱਟੀ, ਅਸ਼ਨਾਨ ਪਾਣੀ ਸਭ ਗੱਲਾਂ ਪਰੇਡ ਵਿੱਚ? ਰਾਤ ਨੂੰ ਅੱਠ ਵਜੇ ਹੀ ਬਿਸਤਰਿਆਂ ਤੇ ਪਾ ਦੇਣਾ, ਜਿਸ ਤਰ੍ਹਾਂ ਹਸਪਤਾਲ ਵਿੱਚ ਦਾਖਲ ਮਰੀਜ਼ ਹੁੰਦੇ ਹਨ। ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਹੈ? ਐਨਾ ਅਪਮਾਨ? ਅਸੀਂ ਕਾਇਰਤਾ ਦੀ ਕਿੰਨੀ ਕੁ ਹੱਦ ਸਹਿ ਸਕਦੇ ਸਾਂ? ਜੇ ਬਾਹਰ ਅੰਗਰੇਜ਼ੀ ਰਾਜ ਦੀ ਤਾਕਤ ਨੂੰ ਵੰਗਾਰ ਕੇ ਜੇਲ੍ਹ ਆ ਸਕਦੇ ਸਾਂ ਤਾਂ ਉਸ ਦੇ ਇਸ ਖੱਬੀ ਖਾਂ ਦਰੋਗੇ ਦੀ ਤਾਕਤ ਨੂੰ ਕਿਉਂ ਨਹੀਂ ਲਿਫਾ ਸਕਦੇ? ਹੁਣ ਤਾਂ ਦੇਸ਼ ਭਗਤੀ ਨੂੰ, ਜਿਸ ਦੇ ਲੋਰ ਵਿੱਚ ਅਸੀਂ ਇਹ ਬੇਇਜ਼ਤੀ ਸਹੀ ਜਾਂਦੇ ਰਹੇ ਸਾਂ, ਪਿਛਾ ਛੱਡਕੇ ਮਨੁੱਖਤਾ ਦੀ ਅਣਖ ਸਾਨੂੰ ਵੰਗਾਰ ਰਹੀ ਸੀ। ਹਰ ਮਨ ਵਿੱਚ ਪੁਕਾਰ ਉੱਠ ਰਹੀ ਸੀ, 'ਕੁਝ ਕਰਨਾ ਚਾਹੀਦਾ ਹੈ।'

ਇਹ ਹਰ ਮਨ ਦੀ ਪੁਕਾਰ, ਜੋ ਸਾਥੋਂ ਪਹਿਲਾਂ ਆਇਆਂ ਦੇ ਮਨ ਵਿੱਚ ਅੱਗੇ ਹੀ ਉਠ ਚੁੱਕੀ ਸੀ, ਸਾਡੇ ਸੱਠਾਂ ਦੀ ਨਵੀਂ ਢਾਣੀ ਦੇ ਆਉਣ ਉੱਤੇ ਸਰਬ ਮਤੇ ਦੀ ਸ਼ਕਲ ਧਾਰਨ ਕਰ ਗਈ। ਜਦ ਇਸ ਮਤੇ ਨੂੰ ਦੂਸਰੇ ਵਾੜਿਆਂ ਦੇ ਹਮ ਕੈਦੀਆਂ ਨਾਲ਼ ਸਾਂਝਾ ਕਰਨ ਦੀ ਵਿਚਾਰ ਹੋਈ ਤਾਂ ਸਾਨੂੰ ਇਕ ਹੋਰ ਗੋਕਲੀ ਆਰਡੀਨੈਂਸ ਦਾ ਪਤਾ ਲੱਗਾ – ਇਕ ਵਾੜੇ ਦੇ ਕੈਦੀ ਦੂਸਰੇ ਵਾੜੇ ਦੇ ਕੈਦੀਆਂ ਨਾਲ਼ ਨਹੀਂ ਸੀ ਬੋਲ ਸਕਦੇ। ਤਾਰਾਂ ਦੇ ਲਾਗੇ ਖੜਾ ਹੋਣ ਵਾਲ਼ਾ ਅਪਰਾਧੀ ਮਿਥਿਆ ਤੇ ਚੱਕੀ ਬੰਦ ਕਰ ਦਿੱਤਾ ਜਾਂਦਾ ਸੀ – ਅਸੀਂ ਤਾਰਾਂ ਵਿੱਚ ਦੀ ਇਕ ਦੂਸਰੇ ਨੂੰ ਫਿਰਦਿਆਂ ਬੈਠਿਆਂ ਤਾਂ ਵੇਖ ਸਕਦੇ ਸਾਂ, ਪਰ ਇਕ ਦੂਜੇ ਨੂੰ ਸੰਬੋਧਨ ਕਰਕੇ ਗੱਲਾਂ ਕਰ ਜਾਂ ਵੇਖ ਨਹੀਂ ਸਾਂ ਸਕਦੇ। ਇਹ ਤਾਂ ਹਿਕ ਉੱਤੇ ਪਈ ਰੋਟੀ ਵੀ ਨਾ ਖਾ ਸਕਣ ਵਾਲ਼ੀ ਗੱਲ ਸੀ। ਇਸ ਉੱਤੇ ਸਾਡੇ ਨਵੇਂ ਆਇਆਂ ਅੰਦਰ ਗੁੱਸੇ ਦੀ ਅੱਗ ਹੋਰ ਮੱਚ ਉਠੀ ਤੇ ਅਸੀਂ ਲਗੇ ਊਲ ਜਲੂਲ ਬਕਣ ਤੇ ਕਚੀਚੀਆਂ ਖਾਣ।

ਪਰ ਸਾਨੂੰ ਪੁਰਾਣੇ ਸਮਝਦਾਰ ਅਕਾਲੀ ਤੇ ਕਾਂਗਰਸੀ ਵਰਕਰਾਂ ਤੇ ਲੀਡਰਾਂ ਨੇ ਸਮਝਾਇਆ ਤੇ ਨਰਮਾਇਆ। 'ਸਾਨੂੰ ਦਾਨੀ ਤੇ ਠਰੁੰਮੇ ਦੀ ਲੜਾਈ ਲੜਨੀ ਪੈਣੀ ਹੈ। ਏਥੇ ਅੰਗਰੇਜ਼ੀ ਰਾਜ ਦੇ ਵੱਡੇ ਅਜਗਰ ਸੱਪ ਨਾਲ਼ ਮੁਕਾਬਲਾ ਹੈ, ਜਿਸ ਨੂੰ ਸਿਆਸੀ ਕੈਦੀਆਂ ਨੂੰ ਦਬ ਕੇ ਤੇ ਯਰਕਾ ਕੇ ਰੱਖਣ ਦਾ ਬੜਾ ਠਰਕ ਦਸਦੇ ਹਨ। ਲੜਾਈ ਨੂੰ ਬਹੁਤੀ ਵਿਸ਼ਾਲ ਨਾ ਕਰੀਏ। ਥੋੜ੍ਹੇ ਥੋੜ੍ਹੇ ਹੋ ਕੇ ਲੜੀਏ, ਬਾਕੀ ਇਸ ਲੜਾਈ ਦੀ ਹਮਾਇਤ ਕਰੀਏ, ਸਾਡੀ ਲੜਾਈ ਦੀ ਵੰਨਗੀ ਉਸ ਰਾਟੀਕੀਨ ਦੇ ਹਮਲੇ ਉਤੇ ਨਿਰਭਰ ਹੋਵੇ।'

ਗੱਲ ਸਾਡੇ ਮਨ ਲੱਗੀ। ਅਸੀਂ ਪੁਰਾਣੇ ਬੰਦਿਆਂ ਦੀ ਇਕ ਘੋਲ ਕਮੇਟੀ ਚੁਣ ਲਈ ਅਤੇ ਆਪ ਤੇਲ ਤੇ ਤੇਲ ਦੀ ਧਾਰ ਵੇਖਣ ਲਈ ਤਿਆਰ ਹੋ ਗਏ।

ਇਸ ਪਾਮਰ ਦੀ ਸਖਤੀ ਤੋਂ ਨਿਰੇ ਅਸੀਂ ਹੀ ਤੰਗ ਨਹੀਂ ਸਾਂ, ਉਸ ਦਾ ਅਮਲਾ ਵੀ ਤੰਗ ਸੀ। ਅਸੀਂ ਤਾਂ ਅਜੇ ਸੌਂ ਬਹਿ ਲੈਂਦੇ ਸਾਂ, ਉਹ ਵਿਚਾਰੇ ਸਾਡੇ ਉਤੇ ਡਿਊਟੀ ਦਾ ਸਾਰਾ ਸਮਾਂ ਹੀ ਲੱਕ ਬੰਨੀ ਰਖਦੇ ਤੇ ਖੜੇ ਰਹਿੰਦੇ ਸਨ। ਸਾਡੇ ਨਾਲ਼ ਬੋਲਣ ਦੀ ਵੀ ਉਹਨਾਂ ਨੂੰ ਮਨਾਹੀ ਸੀ। ਇਸ ਲਈ ਕਈ ਨੰਬਰਦਾਰ ਕੈਦੀ ਸਖ਼ਤੀ ਦੇ ਹਾਕਮਾਂ ਨੂੰ ਸਾਡੇ ਉਤੇ ਲਾਗੂ ਕਰਦੇ ਹੋਏ ਬੁੜ ਬੁੜ ਕਰਦੇ ਤੇ ਦਰੋਗੇ ਨੂੰ ਬੁਲ੍ਹਾਂ ਵਿਚ ਗਾਲ੍ਹਾਂ ਕੱਢਦੇ ਰਹਿੰਦੇ। ਇਨ੍ਹਾਂ ਬੁੜ ਬੁੜਾਉਣ ਵਾਲਿਆਂ ਵਿਚੋਂ ਹੀ ਕੁਝ ਅੱਖ ਬਚਾ ਕੇ ਤੰਬੂਆਂ ਅੰਦਰ ਆ ਬੈਠਦੇ ਤੇ ਸਾਡੇ ਨਾਲ਼ ਗੱਲਾਂ ਕਰਨ ਲੱਗ ਪੈਂਦੇ। ਇਨ੍ਹਾਂ ਰਾਹੀਂ ਹੀ ਸਾਡੀ ਘੋਲ ਕਮੇਟੀ ਨੇ ਦੂਸਰੇ ਵਾੜਿਆਂ ਦੇ ਸਾਡੇ ਹਮ ਕੈਦੀਆਂ ਨਾਲ਼ ਪੱਕ ਪਕਾਇਆ ਤੇ ਸਾਡੇ ਆਉਣ ਤੋਂ ਤੀਸਰੇ ਦਿਨ ਘੋਲ ਸ਼ੁਰੂ ਕਰਨਾ ਮਿਥਿਆ ਗਿਆ।

ਉਸ ਦਿਨ ਸਵੇਰੇ ਜਦ ਰੋਟੀ ਆਈ ਤਾਂ ਕੋਈ ਵੀ ਬਾਹਰ ਬਾਟੇ ਵਛਾਉਣ ਨਾ ਗਿਆ। ਅਸੀਂ ਤਿੰਨਾਂ ਵਾੜਿਆਂ ਦੇ ਸਭ ਰਾਜਸੀ ਕੈਦੀ ਤੰਬੂਆਂ ਅੰਦਰ ਹੀ ਬੈਠੇ ਰਹੇ। ਵਾਰਡਰਾਂ, ਨੰਬਰਦਾਰਾਂ ਤੇ ਕੈਦੀਆਂ ਨੇ ਬੜਾ ਜ਼ੋਰ ਲਾਇਆ, ਪਰ ਉਨ੍ਹਾਂ ਦੀ ਅਸਾਂ ਕਿਸੇ ਨਾ ਸੁਣੀ। ਏਨੇ ਤੇ ਸਾਡੇ ਵਾੜਿਓਂ ਬਾਹਰ ਸਖਤ ਕੈਦ ਵਾਲ਼ੇ ਸਿਆਸੀ ਕੈਦੀਆਂ ਦੇ ਵਾੜੇ ਵਿੱਚ ਰੌਲਾ ਜਿਹਾ ਉਠਿਆ। ਅਸਾਂ ਤੰਬੂਆਂ ਵਿੱਚੋਂ ਨਿਕਲ ਕੇ ਬਿੜਕ ਲਈ ਤਾਂ ਇਹ ਰੌਲਾ ਪਹਿਲੇ ਵਾੜੇ ਵਿੱਚੋਂ ਆਉਂਦਾ ਜਾਪਿਆ। ਤਾਰਾਂ ਵਿਚਦੀ ਵੇਖਿਆ ਤਾਂ ਵਿਹੜਾ ਵਾਰਡਰਾਂ ਤੇ ਨੰਬਰਦਾਰਾਂ ਨਾਲ਼ ਭਰਿਆ ਪਿਆ ਸੀ। ਵਿੰਚੇ ਹੀ ਗੋਕਲ ਜਮਦੂਤ ਤੇ ਤਿੰਨ ਚਾਰ ਜੇਲ੍ਹ ਬਾਬੂ ਖੜ੍ਹੇ ਸਨ।

ਤੰਬੂਆਂ ਦਾ ਉਹਲਾ ਹੋਣ ਕਰਕੇ ਸਾਰਾ ਦਰਿਸ਼ ਤਾਂ ਦਿਖਾਈ ਨਹੀਂ ਸੀ ਦਿੰਦਾ, ਪਰ ਫੇਰ ਵੀ ਐਧਰ ਓਧਰ ਵੇਖਿਆ ਕੁਝ ਨਾ ਕੁਝ ਪੱਲੇ ਪੈ ਹੀ ਜਾਂਦਾ ਸੀ। ਸਿਆਸੀ ਕੈਦੀਆਂ ਦੀ ਧੂਹ ਘੜੀਸ ਤੇ ਧੱਫਾ ਮੁੱਕੀ ਹੋ ਰਹੀ ਸੀ। ਇਕ ਬੜਾ ਦੇਅ ਵਰਗਾ ਹਮ ਕੈਦੀ ਸਿੱਖ ਜਵਾਨ ਬਾਹਵਾਂ ਚੜ੍ਹਾ ਕੇ ਬਹੁਤ ਗਰਮ ਬੋਲ ਰਿਹਾ ਸੀ।

'ਫੜ ਲੌ! ਲੈ ਚਲੋ!!' ਅਸਾਂ ਗੋਕਲ ਦਾ ਗਰਜਵਾਂ ਹੁਕਮ ਸੁਣਿਆ।

ਦੋ ਤਿੰਨ ਨੰਬਰਦਾਰ ਉਸ ਦੀਆਂ ਬਾਹਵਾਂ ਫੜਨ ਪਏ।

'ਮੈਂ ਲੋਹੇ ਨਾਲ਼ ਲੋਹਾ ਘਸਾ ਕੇ ਪੀਤਾ ਹੋਇਆ ਹੈ, ਜ਼ਰਾ ਸੋਚ ਕੇ ਹੱਥ ਪਾਇਆ ਜੇ', ਅਗੋਂ ਉਹ ਜਵਾਨ ਕੜਕਿਆ। ਨੰਬਰਦਾਰ ਠਠੰਬਰ ਗਏ ਤਾਂ ਗੋਕਲ ਨੇ ਉਨ੍ਹਾਂ ਵੱਲ ਬੜੀ ਵਿੰਨ੍ਹਵੀਂ ਘੂਰੀ ਵੱਟੀ। ਉਹ ਉਸ ਸੂਰਵੀਰ ਦੀਆਂ ਬਾਹਵਾਂ ਨੂੰ ਜਾ ਚੰਬੜੇ। ਉਸ ਨੇ ਉਨ੍ਹਾਂ ਨੂੰ ਐਨੇ ਜ਼ੋਰ ਦੀ ਛੰਡਿਆ ਕਿ ਉਹ ਸੰਡੇ ਦੀ ਚਿੱਕੜ ਲਿਬੜੀ ਪੂਛ ਦੇ ਛਿਟਿਆਂ ਵਾਂਗ ਉਡ ਕੇ ਪਰੇ ਜਾ ਡਿਗੇ। ਇਕ ਤਾਂ ਸਿੱਧਾ ਦਾਰੋਗੇ ਦੇ ਚਢਿਆਂ ਵਿੱਚ ਜਾ ਵਜਾ। ਦਰੋਗਾ ਡਿਗਣੋਂ ਤਾਂ ਬੱਚ ਗਿਆ, ਪਰ ਉਸ ਦੀ ਕੁਲੇ ਵਾਲ਼ੀ ਪੱਗ ਢਹਿ ਗਈ, ਜੋ ਇਕ ਚੁਸਤ ਵਾਰਡਰ ਨੇ ਭੁੰਜੇ ਡਿਗਣ ਤੋਂ ਪਹਿਲਾਂ ਹੀ ਬੋਚ ਲਈ। ਹੁਣ ਤਾਂ ਉਹ ਗੁੱਸੇ ਨਾਲ਼ ਬਲ ਗਿਆ। ਉਸਦੇ ਇਸ ਗੁੱਸੇ ਦੀ ਅੱਗ ਦੀ ਤਾਬ ਉਸਦਾ ਸਾਰਾ ਅਮਲਾ ਤਪ ਕੇ ਉਸ ਜਵਾਨ ਉਤੇ ਟੁਟ ਪਿਆ। ਉਸ ਨੇ ਅੱਗੋ ਕਈਆਂ ਦੇ ਬੁਥਾੜ ਭੰਨੇ। ਪਰ ਬਹੁਤਿਆਂ ਅੱਗੇ ਕੀ ਪੇਸ਼ ਜਾਏ। ਅਖ਼ੀਰ ਉਹ ਉਸ ਸੂਰਮੇ ਨੂੰ ਨੱਪ ਕੇ ਲੈ ਗਏ। ਸੱਟਾਂ ਦੋਹੀਂ ਪਾਸੀਂ ਚੋਖੀਆਂ ਲੱਗੀਆਂ। ਪਤਾ ਲੱਗਾ ਉਹ ਸ਼ੇਰ ਮਰਦ ਭਗਵਾਨ ਸਿੰਘ ਢੰਡ ਕਸੇਲ ਸੀ, ਜਿਸ ਨੂੰ ਅਸੀਂ ਚੂਹੜ ਕਾਣੀਆਂ ਆਖਦੇ ਰਹੇ।

ਦੁਪਿਹਰ ਨੂੰ ਇਕ ਵਾਰਡਰ ਪਰਚਾ ਲੈ ਕੇ ਆਇਆ ਤੇ ਸਾਡੇ ਵਾੜੇ ਵਿਚੋਂ ਚੰਨਣ ਸਿੰਘ ਹੁਸ਼ਿਆਰਪੁਰੀ, ਕਾਂਸ਼ੀ ਰਾਮ ਤੇ ਸੂਰਜ ਭਾਨ ਲੁਧਿਆਣਾ ਤੇ ਕਿਸ਼ੋਰੀ ਲਾਲ ਕਸੂਰ ਨੂੰ ਸਦ ਕੇ ਲੈ ਗਿਆ। ਦੂਸਰੇ ਦੋਂਹ ਵਾੜਿਆਂ ਵਿਚੋਂ ਦੀ ਵੀ ਦੋ ਦੋ ਤੁਰਦੇ ਬੰਦਿਆਂ ਨੂੰ ਦਫ਼ਤਰ ਵਿੱਚ ਸੱਦਿਆ ਗਿਆ। ਸ਼ਾਮ ਨੂੰ ਉਨ੍ਹਾਂ ਦੇ ਬਿਸਤਰੇ ਵੀ ਨੰਬਰਦਾਰਾਂ ਪਾਸੋਂ ਮੰਗਵਾ ਲਏ। ਉਨ੍ਹਾਂ ਦਸਿਆ ਕਿ ਸਾਡੇ ਬੰਦਿਆਂ ਨੂੰ ਬਹੁਤ ਕੁੱਟਿਆ ਮਾਰਿਆ ਤੇ ਹਾਥੀਖਾਨੇ ਲਿਜਾ ਕੇ ਬੰਦ ਕਰ ਦਿੱਤਾ ਗਿਆ ਸੀ।

ਕਿਲ੍ਹੇ ਦੀ ਅਟਕ ਦਰਿਆ ਵਿੱਚੋਂ ਉਭਰ ਰਹੀ ਲਹਿੰਦੀ ਫਸੀਲ ਦੇ ਅੰਦਰਵਾਰ 20-25 ਪੌੜੀਆਂ ਉਤਰ ਕੇ ਇਕ ਛੱਤਿਆ ਹੋਇਆ ਤਬੇਲਾ ਸੀ, ਜਿਸ ਦੇ ਉਤਰ ਵਿੱਚ ਅਗਾਂਹ ਹੋਰ ਕੋਠੜੀਆਂ ਵਰਗੇ ਚਾਰ ਰਖਣੇ ਸਨ। ਤਬੇਲੇ ਤੇ ਇਨ੍ਹਾਂ ਨੂੰ ਲੋਹੇ ਦੇ ਇਕ ਇਕ ਇੰਚ ਮੋਟੇ ਚੌਰਸ ਡੰਡਿਆਂ ਦੇ ਦਰ ਦੇ ਲੱਗੇ ਹੋਏ ਸਨ। ਇਸ ਨੂੰ ਹਾਥੀ ਖਾਨਾ ਆਖਦੇ ਸਨ। ਉਨ੍ਹਾਂ ਸੂਰਮਿਆਂ ਨੂੰ ਇਨ੍ਹਾਂ ਖੁਡਿਆਂ ਜਿਹਾਂ ਵਿੱਚ ਲਿਜਾ ਕੇ ਤਾੜਿਆ ਗਿਆ ਸੀ। ਉਨ੍ਹਾਂ ਲੋਕਾਂ ਨੇ ਭੁੱਖ ਹੜਤਾਲ ਕਰ ਦਿੱਤੀ।

ਹਾਕਮਾਂ ਵੱਲੋਂ ਹਮਲਾ ਹੋ ਚੁਕਾ ਸੀ, ਹੁਣ ਸਾਡੀ ਵਾਰੀ ਸੀ। ਅਸੀਂ ਪੈਂਤਰਾ ਇਹ ਲਿਆ ਕਿ ਉਸ ਦਿਨ ਰਾਤ ਦੀ ਰੋਟੀ ਵੀ ਨਾ ਲਈ ਜਾਵੇ ਤੇ ਅਗਲੇ ਦਿਨ ਤੋਂ ਉਸ ਵਕਤ ਤਕ ਸਵੇਰ ਦੀ ਰੋਟੀ ਵੀ ਨਾ ਲਈਏ ਤੇ ਜੇਲ੍ਹ ਦੇ ਅਮਲੇ ਨਾਲ਼ ਨਾ ਬੋਲੀਏ, ਜਦ ਤਕ ਸਾਨੂੰ ਚਤੋ ਪਹਿਰ ਦੀ ਪਰੇਡ ਤੋਂ ਮੁਕਤ ਨਾ ਕੀਤਾ ਜਾਂਦਾ ਤੇ ਸਾਡੇ ਸਾਥੀਆਂ ਨੂੰ ਸਾਡੇ ਵਿੱਚ ਨਹੀਂ ਲਿਆਇਆ ਜਾਂਦਾ।

ਅਗਲੇ ਦਿਨ ਵਾਂਗੂ ਆਕੜਿਆ ਹੋਇਆ ਦਰੋਗਾ ਆਪਣੇ ਲਾਉ-ਲਸ਼ਕਰ ਨੂੰ ਲੈ ਕੇ ਸਾਡੇ ਵਿਹੜੇ ਆਇਆ। ਉਸ ਨਾਲ਼ ਬੋਲਣਾ ਤਾਂ ਕਿਤੇ, ਕਿਸੇ ਅੱਖ ਵੀ ਸਿੱਧੀ ਨਾ ਕੀਤੀ। ਤੀਜੇ ਦਿਨ ਸਾਹਿਬ (ਸੁਪਰਡੰਟ) ਵੀ ਨਾਲ਼ ਆਇਆ। ਉਸ ਨੇ ਵੀ ਸਾਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਨਾ ਬੋਲੇ ਤੇ ਉਸ ਨਾਲ਼ ਵੀ ਸਾਡੀ ਬੋਲ ਹੜਤਾਲ ਜਾਰੀ ਹੋ ਗਈ। ਉਹ ਦੋਵੇਂ ਸੜ ਬਲ ਕੇ ਕੋਲਾ ਹੋ ਗਏ। ਦੋ ਕੁ ਘੰਟੇ ਬਾਅਦ ਬੈਂਤਾਂ ਦੀਆਂ ਸੋਟੀਆਂ ਦੇ ਤਿੰਨ ਚਾਰ ਮੁੱਠੇ ਨੰਬਰਦਾਰਾਂ ਨੇ ਵਾੜਿਆਂ ਤੋਂ ਬਾਹਰ ਇਕ ਚਲਦੇ ਨਲਕੇ ਹੇਠਾਂ ਲਿਆ ਸੁੱਟੇ ਤੇ ਟਿਕਟਿਕੀ ਨੂੰ ਝਾੜਨ ਪੂੰਜਣ ਲੱਗ ਪਏ। ਇਸ ਦੇ ਲਾਗੇ ਉੱਗਿਆ ਘਾਹ ਬੂਟ ਸਾਫ ਕਰਵਾ ਦਿੱਤਾ ਗਿਆ। ਭਾਵੇਂ ਸਾਨੂੰ ਇਹ ਉਨ੍ਹਾਂ ਦੀ ਧਮਕੀ ਸੀ ਕਿ 'ਜਾਂ ਤਾਂ ਸਿੱਧੇ ਹੋ ਜਾਈਏ, ਜਾਂ ਬੈਂਤ ਖਾਣ ਲਈ ਤਿਆਰ।' ਸਾਡੇ ਕਈਆਂ ਦੇ ਦਿਲ ਦਹਿਲ ਗਏ। ਮੈਂ ਖੁਦ ਵੀ ਡਰਿਆ। ਸਾਰਾ ਦਿਨ ਬੈਂਤਾ ਦੀ ਮਾਰ ਦੇ ਸਹਿਣ ਤੇ ਅੰਦਰਲੇ ਦਮ ਦਲਾਸਿਆਂ ਦੇ ਉਤਾਰ ਚੜ੍ਹਾਅ ਵਿੱਚ ਲੰਘ ਗਿਆ। ਪਰ ਅਸੀਂ ਇਕ ਦੂਜੇ ਵਲ ਵੇਖ ਵੇਖ ਹੌਂਸਲਾ ਧਰਦੇ ਗਏ ਤੇ ਸਾਡੀ ਸਮੂਲਚੀ ਖਲਿਹਾਰ ਨੇ ਸਾਨੂੰ ਇਸ ਡਰਾਵੇ ਅੱਗੇ ਡਿੱਗਣ ਨਾ ਦਿੱਤਾ। ਦਿਨ ਲੰਘ ਗਿਆ ਤੇ ਰਾਤ ਆ ਗਈ।

ਜਦ ਅਸੀਂ, ਅਗਲੇ ਸਵੇਰ ਫੇਰ ਰੋਟੀ ਨਾ ਲਈ ਤਾਂ ਸਾਹਿਬ ਤੇ ਦਰੋਗਾ ਆਦਮ ਬੋ ਆਦਮ ਬੋ ਕਰਦੇ ਫੇਰ ਸਾਡੇ ਵਿਹੜੇ ਆ ਵੜੇ। ਜਦ ਸਾਨੂੰ ਡਰਿਆ ਤੇ ਝੰਵਿਆ ਨਾ ਵੇਖਿਆ ਤਾਂ ਲੋਹੇ ਲਾਖੇ ਹੋ ਕੇ ਲੱਗੇ ਬੜ੍ਹਕਣ, 'ਅਸੀਂ ਉਹ ਕਰ ਦਿਆਂਗੇ, ਅਸੀਂ ਇਹ ਕਰ ਦਿਆਂਗੇ।' ਪਰ ਉਨ੍ਹਾਂ ਦੀਆਂ ਧਮਕੀਆਂ ਦਾ ਤੂਫ਼ਾਨ ਸਾਡੇ ਏਕੇ ਦੇ ਹਠ ਨੂੰ ਨਾ ਹਿਲਾ ਸਕਿਆ। ਉਹ ਮਾਯੂਸ ਤੇ ਸ਼ਰਮਿੰਦੇ ਹੋ ਕੇ ਵਿੱਸ ਘੋਲਦੇ ਚਲੇ ਗਏ।

ਸਵੇਰੇ ਰੋਟੀ ਨਾ ਲੈਣਾ ਤੇ ਕਿਸੇ ਜੇਲ੍ਹ ਅਫਸਰ ਨਾਲ਼ ਨਾ ਬੋਲਣਾ ਸਾਡਾ ਨਿੱਤ ਨੇਮ ਹੋ ਗਿਆ। ਸਾਡੇ ਇਸ ਏਕੇ ਦੇ ਹਠ ਨੇ ਅੰਗਰੇਜ਼ੀ ਰਾਜ ਦੇ ਇਸ ਮੇਘਦੂਤ ਨੂੰ ਪੰਜਵੇਂ ਦਿਨ ਗੋਡਿਆਂ ਪਰਨੇ ਸੁੱਟ ਲਿਆ। ਨੰਬਰਦਾਰਾਂ ਨੇ ਆ ਕੇ ਦੱਸਿਆ ਕਿ 'ਰੋਟੀ ਜਿਥੇ ਮਰਜ਼ੀ ਹੈ, ਬੈਠ ਕੇ ਲਓ ਤੇ ਖਾਓ, ਵਿਹੜੇ ਵਿਚ ਜਿੰਨੇ ਨੇ ਜਿਸ ਵੇਲੇ ਜੀ ਆਵੋ ਫਿਰੋ ਤੁਰੋ, ਗਿਣਤੀ ਲਈ ਦੋ ਦੋ ਹੋ ਕੇ ਬੈਠਣ ਦੀ ਲੋੜ ਨਹੀਂ ਜਿਥੇ ਹੋਇਆ ਕਰੋਗੇ, ਓਥੇ ਕਰ ਲਈ ਜਾਇਆ ਕਰੇਗੀ, ਬਿਸਤਰਿਆਂ ਉਤੇ ਹੋਵੋ ਤਦ, ਬਾਹਰ ਹੋਵੇ ਤਦ, ਹੁਣ ਪਰੇਡਾਂ ਦੀ ਲੋੜ ਨਹੀਂ, ਰਾਤ ਨੂੰ ਭਾਵੇਂ ਬਾਹਰ ਬਿਸਤਰੇ ਲਾ ਲਓ, ਜਾਂ ਅੰਦਰ, ਕੋਈ ਰੋਕ ਨਹੀਂ।

ਰਾਤ ਦੀ ਰੋਟੀ ਆਈ ਤਾਂ ਅਸਾਂ ਬਾਹਰ ਬੈਠ ਕੇ ਬਾਟਿਆਂ ਵਿਚ ਪਵਾ ਕੇ ਆਪੋ ਆਪਣੀ ਆਰਾਮ ਵਾਲੀ ਥਾਂ ਬੈਠ ਕੇ ਖਾ ਲਈ ਤੇ ਉਪਰੰਤ ਅਸਾਂ ਮੱਸਿਆ ਦੇ ਮੇਲੇ ਆਏ ਯਾਤਰੂਆਂ ਵਾਂਗ ਢਾਣੀਆਂ ਬੰਨ੍ਹ ਬੰਨ੍ਹ ਵਿਹੜੇ ਵਿੱਚ ਟਹਿਲਣਾ ਸ਼ੁਰੂ ਕੀਤਾ ਤੇ ਕਿੰਨੀ ਰਾਤ ਗਈ ਤਕ ਵਿਹੜੇ ਵਿੱਚ ਫਿਰਦੇ ਰਹੇ ਤੇ ਰਾਤ ਬਾਹਰ ਹੀ ਸੁੱਤੇ।

ਇਸ ਜਿੱਤ ਉਤੇ ਨਿਰੇ ਅਸੀਂ ਹੀ ਖੁਸ਼ ਨਹੀਂ ਸਾਂ, ਸਗੋਂ ਨੰਬਰਦਾਰ ਤੇ ਵਾਰਡਰ ਵੀ ਇਸਦੀ ਪ੍ਰਸੰਸਾ ਕਰ ਰਹੇ ਸਨ। ਪਰ ਅਜੇ ਭੁੱਖ ਹੜਤਾਲੀਏ ਨਹੀਂ ਆਏ ਸਨ ਇਸ ਲਈ ਅਸੀਂ ਆਪਣਾ ਪੈਂਤੜਾ ਨ ਛਡਿਆ। ਅਸਾਂ ਫੇਰ ਸਵੇਰ ਦੀ ਰੋਟੀ ਨਾ ਲਈ। ਜਦ ਸਾਹਿਬ ਤੇ ਦਰੋਗਾ ਆਪਣੀ ਇਸ ਛੱਡੀ ਹੋਈ ਰਿਆਇਤ ਦਾ ਸਾਥੋਂ ਅਹਿਸਾਨ ਲੈਣ ਲਈ ਆਏ ਤਾਂ ਅਸਾਂ ਪਹਿਲੇ ਵਾਂਗ ਹੀ ਮੂੰਹ ਵੱਟੀ ਰੱਖੋ।

ਦੁਪਿਹਰ ਨੂੰ ਇਕ ਵਾਰਡਰ ਪਰਚਾ ਲੈ ਕੇ ਆਇਆ ਤੇ ਸਾਡੇ ਵਿਹੜੇ ਵਿੱਚੋਂ ਜਥੇਦਾਰ ਊਧਮ ਸਿੰਘ ਨਾਗੋਕੇ ਤੇ ਬਾਬਾ ਭਾਗ ਸਿੰਘ ਕਨੇਡੀਅਨ ਨੂੰ ਸਦ ਲੈ ਗਿਆ। ਏਸੇ ਤਰ੍ਹਾਂ ਦੂਸਰੇ ਦੋਂਹ ਵਾੜਿਆਂ ਵਿਚੋਂ ਦੋ ਦੋ ਬੰਦਿਆਂ ਨੂੰ ਨਾਲ਼ ਲੈ ਗਿਆ। ਅਸਾਂ ਸਮਝਿਆ ਕਿ ਇਹਨਾਂ ਤੇ ਵੀ ਆਈ ਕਰੋਪੀ ਤੇ ਲੈ ਗਏ ਇਨ੍ਹਾਂ ਨੂੰ ਵੀ ਹਾਥੀਖਾਨੇ! ਪਰ ਘੰਟੇ ਕੁ ਬਾਅਦ ਉਹ ਹਸਦੇ ਖੇਡਦੇ ਆ ਗਏ ਤੇ ਉਨ੍ਹਾਂ ਦੇ ਮਗਰ ਮਗਰ ਭੁੱਖ ਹੜਤਾਲੀਏ ਸ਼ੇਰ ਵੀ ਆ ਰਹੇ ਸਨ। ਸਾਡੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਅਸਾਂ ਉਹ ਰਾਵਣ ਢਾਹ ਲਿਆ ਸੀ ਜੋ ਮੁਲਤਾਨ ਜੇਲ੍ਹ ਵਿੱਚ ਅਕਾਲੀਆਂ ਉਤੇ ਚੜ੍ਹਿਆ ਰਿਹਾ ਸੀ।

ਅਸਾਂ ਫੈਸਲਾ ਕੀਤਾ ਕਿ ਇਸ ਦਰੋਗੇ ਦੀ ਆਕੜ ਨਹੀਂ ਰਹਿਣ ਦੇਣੀ ਤੇ ਇਸ ਦਾ ਹਗਮਾਨ ਤੋੜ ਕੇ ਛੱਡਣਾ ਹੈ। ਇਸ ਲਈ ਪੱਕਾ ਮਤਾ ਪਕਾਇਆ ਕਿ ਸੁਪਰਡੈਂਟ ਨਾਲ਼ ਤਾਂ ਗੱਲ ਕਰ ਲਵੋ, ਪਰ ਉਸ ਨਾਲ਼ ਕੋਈ ਨ ਬੋਲੇ। ਸੁ ਅਸੀਂ ਸਾਰੀ ਮਿਆਦ ਵਿੱਚ ਉਸ ਨਾਲ ਨਹੀਂ ਬੋਲੇ।

* * * * *

ਏਥੇ ਅਸੀਂ ਲਾਹੌਰ, ਜਲੰਧਰ, ਦਿੱਲੀ, ਅੰਬਾਲਾ, ਲਾਇਲਪੁਰ ਤੇ ਪਸ਼ਾਉਰ ਦੀਆਂ ਜੇਲਾਂ ਵਿਚੋਂ ਲਿਆਂਦੇ ਹੋਏ ਕੈਦੀ ਸਾਂ। ਸਾਡੇ ਸਧਾਰਨ ਕੈਦ ਵਾਲੇ ਵਾੜੇ ਵਿਚ ਬਹੁਤੇ ਲੀਡਰ ਹੀ ਸਨ, ਜੋ ਤਕਰੀਰਾਂ ਕਰਨ ਤੋਂ ਰੋਕੀ ਰੱਖਣ ਲਈ ਫੌਜਦਾਰੀ ਜ਼ਾਬਤੇ ਦੀ ਦਫ਼ਾ 108 ਹੇਠ ਸਾਲ ਸਾਲ ਬੱਧੇ ਹੋਏ ਸਨ। ਦੂਸਰੇ ਦੋਹਾਂ ਵਾੜਿਆਂ ਵਿਚ ਸਤਿਆਗ੍ਰਹੀ ਕੈਦੀ ਸਨ, ਜੋ ਪਿਕਟਿੰਗ ਕਰਨ ਜਾਂ ਹਿੰਦ ਡੰਡਵਾਲੀ ਦੀ ਕੋਈ ਦਫ਼ਾ ਤੋੜਨ ਦੇ ਦੋਸ਼ ਵਿਚ ਪੰਜ ਪੰਜ, ਛੇ ਛੇ ਮਹੀਨੇ ਤੋਂ ਲੈ ਕੇ ਸਾਲ ਦੋ ਸਾਲ ਤਕ ਕੈਦ ਕੀਤੇ ਹੋਏ ਸਨ।

ਸਧਾਰਨ ਕੈਦ ਵਾਲਿਆਂ ਦੇ ਗਲ ਦੇ ਕਪੜੇ ਘਰ ਦੇ ਹੁੰਦੇ ਸਨ ਤੇ ਬਿਸਤਰਾ ਤੇ ਖੁਰਾਕ ਸਰਕਾਰੀ। ਖੁਰਾਕ ਸਖ਼ਤ ਕੈਦੀਆਂ ਨਾਲੋਂ ਕੁਝ ਘੱਟ ਦਿੱਤੀ ਜਾਂਦੀ ਹੈ। ਸਖ਼ਤ ਕੈਦੀਆਂ ਨੂੰ ਰੋਜ ਦਾ ਇਕ ਛਟਾਂਕ ਗੁੜ ਮਿਲਦਾ ਸੀ ਤੇ ਸਾਧਾਰਨ ਵਾਲਿਆਂ ਨੂੰ ਹਫ਼ਤੇ ਦਾ ਇਕੋ ਵਾਰ ਇਕ ਛਟਾਂਕ। ਸਾਧਾਰਨ ਵਾਲਿਆਂ ਨੂੰ ਜੇਲ ਵਿਚ ਕੋਈ ਕੰਮ ਨਹੀਂ ਸੀ ਕਰਨਾ ਪੈਂਦਾ। ਉਹ ਚਤੋ ਪਹਿਲ ਵਿਹਲੇ ਰਹਿੰਦੇ ਸਨ, ਜਿਸ ਤਰਾਂ ਸਹੁਰੇ ਘਰ ਜਵਾਈ – ਖਾਧਾ ਪੀਤੀ, ਫਿਰੇ ਤੁਰੇ ਤੇ ਸੌਂ ਰਹੇ। ਬੱਸ, ਐਸ਼ ਹੀ ਐਸ਼।

ਉਂਝ ਤਾਂ ਅਸੀਂ ਸਾਰੇ ਕਾਂਗਰਸੀ ਸਾਂ, ਪਰ ਵਿਚੋਂ ਅਸੀਂ ਭਿੰਨ ਭਿੰਨ ਰਾਜਸੀ ਪਰਣਾਲੀਆਂ ਵਿਚ ਵੰਡੇ ਹੋਏ ਸਾਂ। ਕੇਸਾ ਧਾਰੀਆਂ ਵਿਚੋਂ ਬਹੁਤੇ ਅਕਾਲੀ ਸਨ ਤੇ ਮੋਨਿਆਂ ਵਿਚੋਂ ਬਹੁਤੇ ਆਰੀਆ ਸਮਾਜੀ। ਦੁੰਹ ਪਾਸਿਆਂ ਦਾ ਕੁਝ ਗਭਰੂ ਲਾਣਾ ਸਮਾਜਵਾਦੀ ਵਿਚਾਰਾਂ ਨੂੰ ਦੰਦ ਮਾਰਦਾ ਸੀ, ਤੇ ਪੂਜਾ ਪਾਠ ਤੋਂ ਆਜ਼ਾਦ ਸੀ। ਦਿੱਲੀ ਤੋਂ ਜ਼ਮੀਅਤ-ਅਲ-ਉਲਿਮਾਂ ਦੇ ਕੁਝ ਮੌਲਵੀ ਵੀ ਆਏ ਹੋਏ ਸਨ।

ਅਕਾਲੀਆਂ ਵਿਚੋਂ ਵਰਨਣਯੋਗ ਮੂਲਾ ਸਿੱਘ, ਛੱਜਾ ਸਿੰਘ, ਠੋਲਾ ਸਿੰਘ ਹੁਸ਼ਿਆਰਪੁਰੀਏ, ਊਧਮ ਸਿੰਘ ਨਾਗੋਕੇ ਆਦਿ ਜਥੇਦਾਰ ਅਖਵਾਉਂਦੇ ਸਨ। ਇਨਾਂ ਤੋਂ ਇਲਾਵਾ ਗਿਆਨੀ ਰਾਮ ਸਿੰਘ ਜੌਹਰ, ਬਲਵੰਤ ਸਿੰਘ ਦੁਖੀਆ, ਦਰਸ਼ਨ ਸਿੰਘ ਫੇਰੂਮਾਨ, ਜਸਵੰਤ ਸਿੰਘ ਝਬਾਲ, ਭਾਈ ਖੜਕ ਸਿੰਘ ਰਾਗੀ ਤਰਨਤਾਰਨ ਆਦਿ ਅਕਾਲੀ ਆਗੂ ਸਨ, ਈਸ਼ਰ ਸਿੰਘ ਮਝੈਲ ਤੇ ਗਿਆਨੀ ਸ਼ੈਂਕਰ ਸਿੰਘ ਸਿੱਖ ਮਿਸ਼ਨਰੀ ਸਨ। ਇਸ ਲਈ ਧਾਰਮਕ ਵਿਚਾਰ ਵਟਾਂਦਰੇ ਵੇਲੇ ਇਨਾਂ ਦੋਹਾਂ ਤੇ ਬੜਾ ਲੂੰਬੀ ਰਹਿੰਦਾ ਸੀ। ਆਰੀਆ ਸਮਾਜੀਆਂ ਵਿੱਚ ਹੁਸ਼ਿਆਰਪੁਰ ਦੇ ਦੋ ਚਾਰ ਸੁਆਮੀ, ਪੰਡਤ ਮੂਲ ਰਾਜ ਸ਼ਰਮਾ (ਵਿਧਵਾ ਆਸ਼ਰਮ ਜਲੰਧਰ ਵਾਲੇ) ਯਾਦ ਰਹਿ ਗਏ ਹਨ। ਲਾਲਾ ਪੈੜੇ ਖਾਂ ਡਿਹਰਾ ਇਸਮਾਈਲ ਖਾਂ, ਅਰਜਨ ਸਿੰਘ ਮਾੜੀ ਕੰਬੋ, ਸੱਜਨ ਸਿੰਘ ਮਰਗਿੰਦਪਰੀ, ਸੂਰਤਾ ਸਿੰਘ ਅੰਬਾਲਾ, ਸ਼ੇਰ ਸਿੰਘ ਗੋਜਰਾ, ਲਾਭ ਸਿੰਘ ਡਰਾ ਫੁਲਰਵਾਨ, ਸੁੰਦਰਦਾਸ ਮਿਢਾ ਲਾਇਲਪੁਰ ਤੇ ਅਬਦੁਲ ਗਫ਼ਾਰ ਖਾਂ ਅੰਬਾਲਾ ਨਿਰੋਲ ਕਾਂਗਰਸੀ ਸਨ। (ਉਦੋਂ ਜਥੇਦਾਰ ਤੇ ਹੁਣ) ਬਾਬਾ ਕਰਮ ਸਿੰਘ ਚੀਮਾ, (ਉਦੋਂ ਭਾਈ ਤੇ ਹੁਣ) ਬਾਬਾ ਭਾਗ ਸਿੰਘ ਕਨੇਡੀਅਨ ਅਕਾਲੀ ਦਿਸ ਵਾਲੇ ਕਿਰਤੀ ਸਨ।

ਮੋਹਣ ਸਿੰਘ ਬਾਠ, ਸੁੰਦਰ ਦਾਸ ਮਿਢਾ, ਸ਼ੇਰ ਸਿੰਘ, ਲਾਭ ਸਿੰਘ ਡੋਰਾ, ਅਬਦੁਲ ਗਫ਼ਾਰ ਖਾਂ ਅੰਬਾਲਾ, ਮੈਂ ਤੇ ਦੋ ਚਾਰ ਹੋਰ ਮੋਨੇ ਗਭਰੂ ਸਿਆਸੀ ਪੱਖ ਤੋਂ ਇਲਕਲਾਬੀ ਤੇ ਧਾਰਮਕ ਪੱਖ ਤੋਂ ਆਜ਼ਾਦ ਸਾਂ। ਸਾਨੂੰ ਰਬ ਦੇ ਹੋਣ ਜਾਂ ਨਾ ਹੋਣ ਉਤੇ ਕੋਈ ਇਤਰਾਜ਼ ਨਹੀਂ ਸੀ, ਪਰ ਅਸੀਂ ਉਸ ਦੀ ਖੁਸ਼ਨੂਦੀ ਲਈ ਪਾਠ ਤੇ ਨਮਾਜ਼ਾਂ ਨੂੰ ਚੰਗਾ ਨਹੀਂ ਸਾਂ ਸਮਝਦੇ। ਇਸ ਕਰਕੇ ਪਾਠੀ ਤੇ ਨਮਾਜ਼ੀ ਸਾਨੂੰ ਨਹੀਂ ਸਨ ਜਚਦੇ ਤੇ ਅਸੀਂ ਉਨਾਂ ਦਾ ਮਖੌਲ ਉਡਾਂਦੇ ਸਾਂ। ਸਾਡੇ ਵਿਚੋਂ ਮੋਹਨ ਸਿੰਘ ਬਾਠ ਇਸ ਪਾਸੇ ਜ਼ਿਆਦਾ ਭੌਂਕੜ ਸੀ।

ਉਨਾਂ ਦਿਨਾਂ ਵਿਚ ਰਾਜਸੀ ਵਿਸ਼ੇ ਤੇ ਕਿਤਾਬਾਂ ਬਹੁਤ ਘੱਟ ਛਪਦੀਆਂ ਸਨ। ਜੋ ਛਪਦੀਆਂ ਸਨ ਜਾਂ ਇੰਗਲੈਂਡ ਤੋਂ ਚੋਰੀ ਆ ਕੇ ਵਿਕਦੀਆਂ ਸਨ, ਉਨਾਂ ਦਾ ਜੇਲਾਂ ਵਿਚ ਦਾਖਲਾ ਬੰਦ ਸੀ। ਇਸ ਲਈ ਉਥੇ ਸਾਡੇ ਲੋਕਾਂ ਪਾਸ ਬਹੁਤੀਆਂ ਧਾਰਮਕ ਕਿਤਾਬਾਂ ਹੀ ਆਉਂਦੀਆਂ ਸਨ। ਥੋੜਾ ਪੜੇ ਅਕਾਲੀਆਂ ਪਾਸ ਗੁਟਕੇ ਤੇ ਪੰਜ ਗਰੰਥੀਆਂ ਹੀ ਸਨ। ਪਰ ਕੁਝ ਵਧੇਰੇ ਪੜੇ ਤੇ ਖਾਸ ਕਰ ਮਿਸ਼ਨਰੀਆਂ ਪਾਸ ਭਾਈ ਵੀਰ ਸਿੰਘ ਦੀਆਂ ਛਪਤਾਂ, ਗੁਰੂ ਗਰੰਥ ਸਾਹਿਬ ਦੀ ਛੋਟੀ ਸੰਚੀ ਤੇ ਹੋਰ ਧਾਰਮਕ ਗਰੰਥ ਤੇ ਕਿਤਾਬਾਂ ਆਮ ਸਨ। ਆਰੀਆ ਸਮਾਜੀ ਉਰਦੂ ਜਾਂ ਹਿੰਦੀ ਵਿਚ ਗੀਤਾ, ਰਮਾਇਣ, ਮਹਾਂਭਾਰਤ ਤੇ ਹੋਰ ਪੁਰਾਤਨੀ ਲਲੜ ਪਲੜ ਲਿਆਏ ਹੋਏ ਸਨ। ਮੌਲਵੀਆਂ ਨੇ ਕੁਰਾਨ ਸ਼ਰੀਫ ਤੇ ਹੋਰ ਇਸਲਾਮੀ ਕਿਤਾਬਾਂ ਖਲੀਤੀਆਂ ਵਿਚ ਵਲਾਟੀਆਂ ਤੇ ਰੀਲਾਂ ਤੇ ਰੱਖੀਆਂ ਹੁੰਦੀਆਂ ਸਨ। ਉਹ ਲੋਕ ਖਾਣ ਪੀਣ, ਫਿਰਨ ਤੁਰਨ ਤੇ ਲੇਟਣ ਸੌਂਣ ਤੋਂ ਵਿਚਲਾ ਸਮਾਂ ਆਪੋ ਆਪਮੀਆਂ ਪੜਤਾਂ ਤੇ ਮਜ਼ਹਬੀ ਕਰਮਕਾਂਡਾਂ ਵਿਚ ਰੁਝੇ ਰਹਿੰਦੇ ਤੇ ਸਾਡਾ ਸੱਤਾਂ ਅੱਠਾਂ ਦਾ ਅਜ਼ਾਦ ਲਾਣਾ ਇਨਾਂ ਦੇ ਮਖੌਲ ਉਡਾਂਦਾ, ਤਾਸ਼, ਸ਼ਤਰੰਜ ਜਾਂ ਬਾਰਾਂ ਟਾਣੂੰ ਖੇਡਦਾ ਰਹਿੰਦਾ ਤੇ ਜੋ ਜਹਾਨ ਦੇ ਗਪੌੜੇ ਆਉਂਦੇ ਸਨ, ਮਾਰ ਛੱਡਦਾ।

ਧਰਮੀ ਲੋਕਾਂ ਦੇ ਕਰਮ ਕਾਂਡਾਂ ਤੋਂ ਜੋ ਸਾਨੂੰ ਡਰ ਸੀ, ਅਖ਼ੀਰ ਉਹੀ ਹੋਇਆ। ਅਕਾਲੀਆਂ ਸਮਾਜੀਆਂ ਦੀ ਸੰਧਿਆ ਚੁਭਣ ਲੱਗ ਪਈ ਤੇ ਆਰੀਆਂ ਨੂੰ ਅਕਾਲੀਆਂ ਦਾ 'ਰਾਜ ਕਰੇਗਾ ਖਾਲਸਾ'। ਉਹ ਇਕ ਦੂਜੇ ਨੂੰ ਆਪੋ ਆਪਣੀ ਥਾਂ ਕੈਰੀ ਗਾਂ ਵਾਂਗ ਵੇਖਣ ਲੱਗ ਪਏ। ਪਰ ਸਾਨੂੰ ਤਾਂ ਸਾਰੇ ਹੀ ਮਾਰੂ ਵਹਿੜਕੇ ਵਾਂਗ ਵੇਖਦੇ ਤੇ ਫੁੰਕਾਰਦੇ ਸਨ।

ਪਹਿਲਾਂ ਤਾਂ ਅਕਾਲੀਆਂ ਨੇ ਦਰੋਗੇ ਨਾਲ ਹੋਈ ਟੱਕਰ ਦੀ ਜਿੱਤ ਤੋਂ ਪ੍ਰਾਪਤ ਹੋਈ ਖੁਲ ਮਿਲਦਿਆਂ ਹੀ ਬਾਹਰ ਵਿਹੜੇ ਵਿਚ ਜੁੜ ਕੇ ਰਹਿਰਾਸ ਦਾ ਪਾਠ ਆਰੰਭ ਕਰ ਦਿੱਤਾ ਤੇ ਅਰਦਾਸੇ। ਅੰਤ ਉਤੇ ਸਾਰਿਆਂ ਨੇ ਰਲ ਕੇ ਉੱਚੀ ਹੇਕ ਵਿਚ ਰਾਜ ਕਰੇਗਾ ਖਾਲਸਾ ਗੂੰਜਾ ਦਿੱਤਾ। ਉਪਰੰਤ ਪਾਰ ਖੈਰਾਬਾਦ ਦੀਆਂ ਪਹਾੜੀਆਂ ਤੱਕ ਗੂੰਜ ਉਠਣ ਵਾਲਾ ਸਤਿ ਸ੍ਰੀ ਅਕਾਲ ਦਾ ਜੈਕਾਰਾ, ਜੋ ਹੌਲੀ ਹੌਲੀ ਇਕ ਇਕ ਤੋਂ ਵੱਧ ਕੇ ਦੋ ਦੋ ਤਿੰਨ ਤਿੰਨ ਹੋ ਕੇ ਪੰਜ ਪੰਜ ਤੱਕ ਪਹੁੰਚ ਗਿਆ।

ਫੇਰ ਆਰੀਆ ਸਮਾਜੀਆਂ ਨੇ ਜੋ ਪਹਿਲਾਂ ਆਪੋ ਆਪਣੀ ਥਾਈਂ ਆਸਣ ਵਿਛਾ ਕੇ ਚੌਂਕੜੀ ਮਾਰ ਕੇ ਬੁਲਾਂ ਵਿਚ ਹੀ ਬਹੁਤ ਹੌਲੀ ਹਲੀ ਪੂਜਾ ਪਾਠ ਕਰ ਲੈਂਦੇ ਸਨ, ਸਮਾਂ ਪਾ ਕੇ ਮਿਲ ਕੇ ਬੈਠਣ ਲੱਗੇ ਚੇ ਰਲਵੀਂ ਉੱਚੀ ਹੇਕ ਵਿਚ 'ਜੈ ਜਗਦੀਸ਼ ਹਰੇ' ਦੀ ਸੰਧਿਆ ਕਰ ਲੱਗ ਪਏ ਤੀਰਸੀ ਆਈ ਮੌਲਵੀਆਂ ਵੀ ਵਾਰੀ। ਜੋ ਪਹਿਲਾਂ ਆਪੋ ਆਪਣੇ ਮਸੱਲੇ ਵਿਛਾ ਕੇ ਆਪਣੀ ਆਪਣੀ ਨਮਾਜ਼ ਪੜ ਲੈਂਦੇ ਸਨ। ਹੁਣ ਉਹ ਇਹਨਾਂ ਦੋਹਾਂ ਧਿਰਾਂ ਦੀ ਵੇਖਾ ਵੇਖੀ ਜਮਾਤ ਵਿਚ ਹੋ ਗਏ ਤੇ ਹਰ ਨਮਾਜ਼ ਜਮਾਤ ਵਿਚ ਹੋਣ ਲੱਗ ਪਈ।

ਅਸਾਂ ਆਜ਼ਾਦ ਲਾਣੇ ਨੇ ਵਾਰਸ ਦੀ ਹੀਰ ਮੰਗਵਾ ਲਈ, ਜੋ ਅਸਾਂ ਵੀ ਵਾਰੋ ਵਾਰੀ ਉੱਚੀ ਹੇਕ ਲਾ ਕੇ ਪੜਨੀ ਸ਼ੁਰੂ ਕਰ ਦਿੱਤੀ।

ਸਾਡੇ ਗਰੁਪਾਂ ਦਾ ਜਿਦੋ ਜਿਦੀ ਦਾ ਇਹ ਕਰਮ ਕਾਂਡ ਦੋ ਤਿੰਨ ਮਹੀਨੇ ਤਾਂ 'ਸਹਿਹੋਂਦ' ਦੇ ਨਿਯਮ ਦੀ ਪਾਲਣਾ ਵਿਚ ਨਿਰਵਿਘਣ ਚਲਦਾ ਰਿਹਾ। ਭਾਵ ਭਾਵੇਂ ਅਸੀਂ ਆਪਸ ਵਿਚ ਔਖੇ ਸਾਂ, ਪਰ ਜੇਲ ਵਾਲਿਆਂ ਨੇ ਇਸ ਵਿਚ ਕੋਈ ਦਖ਼ਲ ਨਾ ਦਿੱਤਾ। ਪਰ ਸਾਨੂੰ ਪਤਾ ਲੱਗ ਚੁਕਾ ਸੀ ਕੇ ਗੋਕਲ ਚੰਦ ਦਰੋਗਾ ਜਿਸ ਨੂੰ ਅਸੀਂ ਘਿਰਨਾ ਨਾਲ ਨਿਰਾ ਗੋਕਲ ਹੀ ਕਹਿੰਦੇ ਸਾਂ, ਆਪਣੀ ਆਦਤ ਤੋਂ ਮਜ਼ਬੂਰ, ਸਾਡੀਆਂ ਆਪਣੇ ਆਪ ਲੈ ਲਈਆਂ ਹੋਈਆਂ ਖੁਲਾਂ ਤੋਂ ਬਹੁਤ ਔਖਾ ਸੀ ਤੇ ਆਪਣੇ ਸਵਾਮੀ ਅੰਗਰੇਜ਼ੀ ਹਕੂਮਤ ਨੂੰ ਖੁਸ਼ ਕਰਨ ਲਈ ਆਪਣੀ ਕਾਰਗੁਜ਼ਾਰੀ ਵਿਖਾਉਣ ਦਾ ਕੋਈ ਨਾ ਕੋਈ ਸਮਾਂ ਤੇ ਦਾਅ ਲੱਭਦਾ ਰਹਿੰਦਾ ਸੀ।

ਅਖ਼ੀਰ ਇਕ ਦਿਨ ਉਸ ਦੀ ਕਿਸਮਤ ਨੇ ਸਾਡੇ ਵਾੜੇ ਵਿਚੋਂ ਨਿਕਲ ਕੇ ਉਸ ਦਾ ਬੂਹਾ ਜਾ ਖੜਕਾਇਆ।

ਦਿਲੀਉਂ ਅੱਠਾਂ ਦਸਾਂ ਕੈਦੀਆਂ ਦਾ ਇਕ ਚਲਾਣ 1 ਆਇਆ। ਜਿਸ ਵਿਚੋਂ ਦੋ ਤਿੰਨ ਮੌਲਵੀ ਸਾਡੇ ਵਾੜੇ ਦੇ ਹਿੱਸੇ ਆਏ। ਉਨਾਂ ਨੇ ਅਕਾਲੀਆਂ ਤੇ ਆਰੀਆਂ ਨੂੰ ਉੱਚੀ ਉੱਚੀ ਪੁਕਾਰਦਿਆਂ ਵੇਖਿਆ ਤਾਂ ਅਗਲੀ ਸਵੇਰ ਉਨਾਂ ਵਿਚੋਂ ਇਕ ਮੌਲਵੀ ਬਾਂਗੜ ਹੋ ਗਿਆ। ਉਸ ਨੇ ਤੜਕੇ ਦੀ ਨਮਾਜ਼ ਲਈ ਉਠ ਕੇ ਵੁਜੂ ਸਾਜਿਆ ਤੇ ਬਾਹਰ ਵਿਹੜੇ ਵਿਚ ਖਲੋ ਕੇ ਚੁਕ ਬਾਂਗ ਦਿੱਤੀ। ਅਕਾਲੀਆਂ ਤੇ ਆਰੀਆਂ ਦੇ ਤਾਂ ਸਣੇ ਕੱਪੜੀਂ ਅੱਗ ਲੱਗ ਉਠੀ ਤੇ ਲੱਗੀ ਉਨਾਂ ਵਿਚ ਘੁਸਰ ਘੁਸਰ ਹੋਣ। ਸਾਡੇ ਲਾਏ ਨੂੰ ਖਤਰਾ ਪੈ ਗਿਆ, ਕਿ ਹੁਣ ਕੋਈ ਪਵਾੜਾ ਖੜਾ ਹੋਇਆ।

ਸ਼ਾਹ ਵੇਲੇ ਤੇ ਮੁੜ ਲੌਢੇ ਵੇਲੇ ਦੀਆਂ ਨਮਾਜ਼ਾਂ ਤੇ ਵੀ ਬਾਂਗਾਂ ਹੋਈਆਂ। ਲੌਢੇ ਵੇਲੇ ਦੀ ਨਮਾਜ਼ ਹੋਈ ਨੂੰ ਅਜੇ ਦਸ ਪੰਦਰਾਂ ਮਿੰਟ ਹੀ ਹੋਏ ਸਨ, ਕਿ ਗੋਕਲ ਆਪਣਾ ਲਾਉ ਲਸ਼ਕਰ ਲੈ ਕੇ ਢਗੇ ਵਾਂਗ ਫੂੰ ਫੂੰ ਕਰਦਾ ਸਾਡੇ ਵਾੜੇ ਵਿਚ ਆ ਵੜਿਆ। ਆਉਂਦੇ ਨੇ ਹੀ ਮੌਲਵੀਆਂ ਨੂੰ ਫਾਲਨ ਕਰ ਲਿਆ ਤੇ ਉਨਾਂ ਨੂੰ ਹਮਕੀ ਤੁਮਕੀ ਆਰੰਭ ਕਰ ਦਿੱਤੀ। ਉਹ ਵਿਚਾਰੇ ਮੂੰਹੋਂ ਤਾਂ ਕੁਝ ਨਾ ਬੋਲਣ ਤੇ ਕਸਾਈ ਸਾਹਮਣੇ ਬੱਕਰੀ ਵਾਂਗ ਕਦੇ ਅਕਾਲੀਆਂ ਤੇ ਕਦੇ ਆਰੀਆਂ ਵੱਲ ਵੇਖੀ ਜਾਣ, ਜਿਸ ਦਾ ਮਤਲਬ ਸੀ ਕਿ 'ਉਨਾਂ ਪਤੰਦਰਾਂ ਨੂੰ ਤਾਂ ਕੁਝ ਨਹੀਂ ਆਖਿਆ। ਉਨਾਂ ਨੂੰ ਵੀ ਪੁਛੋ।' ਅਖ਼ੀਰ ਸਾਡੇ ਵਾਰਡਰ ਇਨਚਾਰਜ ਦੀ ਦੱਸ ਉਤੇ ਜੇਲ ਵਾਲਿਆਂ ਨੇ ਮੌਲਵੀਆਂ ਦੀ ਖਲੋਤੀ ਕਤਾਰ ਵਿਚੋਂ ਬਾਂਗੜ ਨੂੰ ਬਾਹਰ ਕੱਢ ਲਿਆ ਤੇ ਲਿਜਾ ਕੇ ਕੋਠੀ ਬੰਦ ਕਰ ਦਿੱਤਾ।

ਇਥੇ ਸਾਡੀ ਸਾਰਿਆਂ ਦੀ ਅਣਖ ਜਾਗ ਪਈ। ਕੀ ਅਕਾਲੀ, ਕੀ ਆਰੀਏ, ਕੀ ਮੌਲਵੀ ਤੇ ਕੀ ਅਸੀਂ 'ਆਜ਼ਾਦ' ਜੇਲ ਵਾਲਿਆਂ ਦੀ ਮੁਦਾਖ਼ਲਤ ਉਤੇ ਗੁੱਸੇ ਨਾਲ ਲਾਲੋ ਲਾਲ ਹੋ ਗਏ। ਭਾਵੇਂ ਸਵਾਏ ਮੌਲਵੀਆਂ ਤੋਂ ਅਸੀਂ ਸਭ ਬਾਂਗ ਤੋਂ ਔਖੇ ਸਾਂ। ਅਸੀਂ ਤਾਂ ਇਸ ਕਰਕੇ ਕਿ ਸਵਖਤੇ ਜਗਾ ਦਿੰਦੀ ਸੀ, ਪਰ ਜੇਲ ਵਾਲਿਆਂ (ਅੰਗਰੇਜ਼ੀ ਅਧਿਕਾਰੀਆਂ) ਦੀ ਮੁਦਾਖ਼ਲਤ ਕੋਈ ਵੀ ਬਰਦਾਸ਼ਤ ਕਰਨ ਲਈ ਤਿਆਰ ਨ ਹੋਇਆ। ਰੋਸ ਵਜੋਂ ਅਸਾਂ ਸ਼ਾਮ ਦੀ ਰੋਟੀ ਨਾ ਲਈ।

ਜੇਲ ਵਾਲੇ ਬਹੁਤ ਘਾਬਰੇ। ਗਿਣਤੀ ਵੇਲੇ ਤਕ ਰੋਟੀ ਡੋਲੀਆਂ ਵਿਚ ਪਈ ਰਹੀ। ਗਿਣਤੀ ਵੇਲੇ ਗੋਕਲ ਫੇਰ ਲਾਉ ਲਸ਼ਕਰ ਲੈ ਕੇ ਆ ਗਿਆ ਆਪਣੀ ਮਿੱਥੀ ਹੋਈ ਥਾਂ ਤੇ ਅਗੇ ਵਾਂਗ ਹੀ ਆਕਾ ਬਾਕਾ ਬਣ ਕੇ ਖਲੋ ਗਿਆ।

ਉਹ ਸਵਾਏ ਐਤਵਾਰ ਤੋਂ ਰੋਜ਼ ਸਵੇਰੇ ਆਉਂਦਾ ਤੇ ਵਾੜੇ ਦਾ ਖਿੜਕਾ ਲੰਘ ਕੇ ਸਾਥੋਂ ਪਿਛਾਂਹ ਤਾਰਾਂ ਦੀ ਵਾੜ ਵੱਲ ਪਿੱਠ ਕਰਕੇ, ਲੱਤਾਂ ਖੋਲ ਕੇ ਤੇ ਬਾਹਵਾਂ ਕੱਛਾਂ ਵਿਚ ਲੈ ਕੇ, ਲਾਰੰਸ ਦੇ ਬੁੱਤ ਵਾਂਗ ਅੰਗਰੇਜ਼ੀ ਸਾਮਰਾਜ ਦੀ ਸਾਮਲਤਖ ਤਸਵੀਰ ਬਣ ਕੇ ਖਲੋ ਜਾਂਦਾ। ਅਸੀਂ ਉਸ ਨੂੰ ਕਦੇ ਵੀ ਨਹੀਂ ਸੀ ਬੁਲਾਇਆ। ਉਹ ਦੇ ਤਿੰਨ ਮਿੰਟ ਬਾਅਦ ਉਥੋਂ ਹੀ ਫੌਜੀਆਂ ਵਾਂਗ ਬੈਕ ਮਾਰ ਜਾਂਦਾ ਸੀ।

ਉਸ ਦਿਨ ਉਹ ਆਪਣੇ ਖਲੋਣ ਦਾ ਸਮਾਂ ਪੂਰਾ ਕਰਕੇ ਅਗਾਂਹ ਵਧਿਆ ਤੇ ਪਹਿਲਾਂ ਬੈਠੇ ਹੋਏ ਅਕਾਲੀਆਂ ਵੱਲ ਗਿਆ, ਪਰ ਉਨਾਂ ਨੇ ਉਸ ਨਾਲ ਬੋਲਣਾ ਤਾਂ ਕਿਤੇ ਰਿਹਾ ਮੂੰਹ ਚੁੱਕ ਕੇ ਵੀ ਨ ਵੇਖਿਆ। ਫੇਰ ਉਹ ਆਰੀਆ ਦੀ ਬੈਠਕ ਵੱਲ ਹੋਇਆ, ਅਗੋਂ ਉਨਾਂ ਵੀ ਨੀਵੀਂ ਪਾ ਲਈ ਤੇ ਡਿੱਠਾ ਅਣਡਿੱਠਾ ਕਰ ਛਡਿਆ। ਉਸ ਨੂੰ ਆਸ ਸੀ ਕਿ ਇਹ ਲੋਕ ਉਸ ਨੂੰ ਸਪੋਰਟ ਕਰਨਗੇ।

ਮੁੜਦੇ ਦਾ ਮੂੰਹ ਵੇਖਣ ਹੀ ਵਾਲਾ ਸੀ, ਉਹ ਬਹੁਤ ਹੀ ਸੜਿਆ ਬਲਿਆ ਆਉਣ ਵੇਲੇ ਨਾਲੋਂ ਵੀ ਕਿਤੇ ਜ਼ਿਆਦਾ ਘੁਰਕੀ ਖਾਧੇ ਕੁੱਤੇ ਵਰਗੀ ਤਿੱਖੀ ਰਫ਼ਤਾਰ ਵਾਪਸ ਮੁੜਿਆ ਜਾ ਰਿਹਾ ਸੀ।

ਰਾਤ ਲੰਘ ਗਈ। ਅਸੀਂ ਭੁੱਖੇ ਹੀ ਸੁਤੇ।

ਸਵੇਰੇ ਗਿਣਤੀ ਤੇ ਹੱਥ ਪਾਣੀ ਕਰ ਲੈਣ ਤੋਂ ਬਾਅਦ ਤੋਂ ਰੋਟੀ ਆਉਣ ਤੋਂ ਪਹਿਲਾਂ ਮੌਲਵੀ ਸਾਡੇ ਵਾੜੇ ਆ ਗਿਆ। ਅਸਾਂ ਆਪਣੀ ਜਿੱਤ ਦੀਆਂ ਬੜੀਆਂ ਚੜਗਿੱਲੀਆਂ ਮਾਰੀਆਂ ਤੇ ਖੁਸ਼ੀ ਖੁਸ਼ੀ ਰੋਟੀ ਖਾ ਲਈ।

ਪਰ ਮੌਲਵੀ ਨਾਲ ਪਤਾ ਨਹੀਂ ਕੀ ਸੌਦਾ ਹੋਇਆ, ਉਹ ਬਾਂਗ ਦੇਣੋ ਹਟ ਗਿਆ।

ਚਲੋ! ਸਾਨੂੰ ਕੀ? ਅਸਾਂ ਉਸ ਦੀ ਰਿਹਾਈ ਵਿਚ ਹੀ ਆਪਣੀ ਜਿੱਤ ਸਮਝੀ। ਬਾਂਗ ਤਾਂ ਕੋਈ ਵੀ ਨਹੀਂ ਸੀ ਚਾਹੁੰਦਾ। ਸਾਰੀਆਂ ਧਿਰਾਂ ਖੁਸ਼ ਸਨ।

ਸਾਡੀ ਇਹ ਜੇਲ੍ਹ ਦੀ ਥਾਂ ਕਿਲ੍ਹੇ ਦੀ ਪਹਾੜੀ ਦੀ ਖੁਚ ਉਤੇ ਸੀ, ਜਿਸ ਕਰਕੇ ਸਾਨੂੰ ਉਤਾਂਹ ਕਿਲ੍ਹੇ ਵਿਚਲੀ ਫੌਜੀ ਵਸੋਂ ਨਹੀਂ ਸੀ ਦਿਸਦੀ। ਚੜ੍ਹਦੇ, ਦੱਖਣ ਤੇ ਦਰਿਆਉਂ ਪਾਰ ਲਹਿੰਦੇ ਵੱਲ ਪਹਾੜ ਹੀ ਪਹਾੜ ਸਨ ਤੇ ਇਹਨਾਂ ਦੀਆਂ ਅਕਾਸ਼ ਵਿੱਚ ਉੱਭਰੀਆਂ ਹੋਈਆਂ ਬੂਥੀਆਂ ਇੰਝ ਜਾਪਦੀਆਂ ਸਨ, ਜਿਸ ਤਰ੍ਹਾਂ ਕੁਦਰਤ ਦੀ ਪਥਕਣ ਦੇ ਗਹੀਰੇ ਹੋਣ। ਅਟਕੋਂ ਪਾਰ ਪਹਾੜਾਂ ਦੇ ਗਿੱਟਿਆਂ ਵਿੱਚ ਦਰਿਆ ਦੇ ਕੰਢੇ ਕੰਢੇ ਰੇਲ ਦੀ ਲੀਹ, ਦੋ ਤਿੰਨ ਸਰੁੰਗਾਂ ਦੇ ਬੂਹੇ, ਖੈਰਾਬਾਦ ਦਾ ਕਸਬਾ ਤੇ ਸਟੇਸ਼ਨ ਅਤੇ ਇਸ ਤੋਂ ਪਰੇ ਪਹਾੜਾਂ ਵਿਚਾਲੇ ਪੈ ਗਈ ਬੁਹਤ ਲੰਮੀ ਚੌੜੀ ਵਿਥ ਖੇਤ ਤੇ ਰਕੜ ਸਾਫ ਦਿਖਾਈ ਦਿੰਦੇ ਸਨ। ਇਹ ਪਾਰਲੇ ਪਹਾੜ ਦਰਿਆ ਕਾਬਲ ਨੂੰ ਅਟਕ ਵਿੱਚ ਰਲਣ ਵਾਸਤੇ ਰਾਸਤਾ ਦੇਣ ਲਈ ਉੱਤਰ ਵੱਲ ਜਾਣੋ ਖਲੋ ਗਏ ਸਨ ਤੇ ਇਨ੍ਹਾਂ ਦੀ ਧਾਰ ਕਾਬਲ ਦਰਿਆ 'ਤੇ ਅਪੜਕੇ ਲਹਿੰਦੇ ਨੂੰ ਮੁੜ ਗਈ ਸੀ। ਇਸ ਤਰ੍ਹਾਂ ਕਾਬਲ ਦਰਿਆ ਦਾ ਉੱਤਰ ਵਾਲ਼ਾ ਪਾਸਾ ਬਿਲਕੁਲ ਸਾਫ ਪੱਧਰ ਸੀ ਤੇ ਉਧਰ ਦੇ ਪਹਾੜ ਅਟਕੋਂ ਤੇ ਕਾਬਲੋਂ ਡਰਦੇ ਮੀਲਾਂ ਹੀ ਪਿਛਾਂਹ ਦਿਸਹਦੇ ਉੱਤੇ ਚਲੇ ਗਏ ਸਨ। ਪਾਰ ਸੁੰਡੀਆਂ ਵਾਂਗ ਦੌੜ ਰਹੀਆਂ ਰੇਲ ਗੱਡੀਆਂ ਦੀਆਂ ਚੀਕਾਂ ਤੇ ਗੜੂੰਦ ਨਾਲ਼ ਸਾਡੀਆਂ ਬਿਰਤੀਆਂ ਭੰਗ ਹੋ ਜਾਂਦੀਆਂ ਸਨ।

ਉੱਤਰ ਵੱਲ ਕਿਲ੍ਹੇ ਦੇ ਨਾਲ਼ ਹੀ ਹੇਠਾਂ ਸਜੇ ਪਾਸੇ ਅਟਕ ਤੇ ਇਸ ਵਿੱਚ ਡਿੱਗ ਰਹੇ ਕਾਬਲ (ਲੰਡੇ) ਦਰਿਆ ਦੇ ਦੋ ਪਾਣੀ ਸਾਨੂੰ ਅੰਦਰੋਂ ਖਲੋਤਿਆਂ ਇਕੋ ਪਾਣੀ ਹੁੰਦੇ ਨਜ਼ਰ ਆਉਂਦੇ ਸਨ। ਇਹ ਰਲਵਾਂ ਪਾਣੀ ਕਿਲ੍ਹੇ ਹੇਠਾਂ ਦੋਹਾਂ ਬੰਨਿਆਂ ਦੇ ਪਹਾੜੀ ਪਾਸਿਆਂ ਦੀ ਤੰਗ ਕੈਂਚੀ ਵਿੱਚ ਦੀ ਹੋ ਕੇ ਲੰਘਦਾ ਸੀ ਤੇ ਇਸ ਕੈਂਚੀ ਦੇ ਦਬਾਅ ਦਾ ਮਾਰਿਆ ਤੇ ਆਪਣੇ ਥੱਲੇ ਤੇ ਬੰਨਿਆ ਦੀਆਂ ਪਹਾੜੀਆਂ ਦੇ ਪੱਥਰਾਂ ਨਾਲ਼ ਖਹਿ ਖਹਿ ਕੇ ਸਾਂ ਸਾਂ ਦੀ ਲਗਾਤਾਰ ਦੁਹਾਈ ਮਚਾਉਂਦਾ ਰਹਿੰਦਾ ਤੇ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਵਿਤੋਂ ਵੱਧ ਜ਼ੋਰ ਲਾ ਰਹੇ ਨੂੰ ਹੌਂਕਣੀ ਚੜ੍ਹੀ ਹੋਵੇ ਅਟਕਾਂ ਦੇ ਪਾਣੀ ਦੀ ਇਹ ਸਾਂ ਸਾਂ ਭਾਵੇਂ ਉਸ ਦੀ ਇਸ ਕੁਦਰਤੀ ਘੁੱਟ ਤੇ ਰੰਗ ਵਿਰੁੱਧ ਹਾਲ ਪਾਰ੍ਹਿਆ ਹੀ ਹੋਵੇ, ਪਰ ਸਾਡੇ ਵਾਸਤੇ ਕੁਦਰਤ ਮਾਂ ਦੀ ਅਜਿਹੀ ਮਿੱਠੀ ਲੋਰੀ ਸੀ, ਜੋ ਸਾਨੂੰ ਜਿਸ ਵੇਲੇ ਵੀ ਬਿਸਤਰੇ ਤੇ ਪੈ ਜਾਈਏ, ਗੂੜ੍ਹੀ ਨੀਂਦ ਸਵਾ ਦਿੰਦੀ ਸੀ।

ਦੇਸ਼ ਭਰ ਵਿੱਚ ਅੰਗਰੇਜ਼ ਵਿਰੁੱਧ ਉੱਠ ਤੁਰੀ ਏਸ ਕੌਮੀ ਲਹਿਰ ਦੀਆਂ ਸੋਆਂ ਨੇ ਆਜ਼ਾਦ ਪਠਾਣਾਂ ਨੂੰ ਵੀ ਅੰਗਰੇਜ਼ ਵਿਰੁੱਧ ਭਖਾ ਦਿੱਤਾ। ਇਕ ਦਿਨ ਸ਼ਿਨਵਾਹੀਆਂ ਨੇ ਹੱਲਾ ਬੋਲ ਕੇ ਪਸ਼ਾਉਰ ਦਾ ਇਕ ਬਾਜ਼ਾਰ ਹੀ ਆ ਲੁੱਟਿਆ। ਮਤਾਂ ਪਠਾਣ ਅਟਕ ਦਰਿਆ ਵਾਲੇ ਪੁਲ ਤੇ ਕਬਜ਼ਾ ਕਰ ਲੈਣ, ਪਾਰ ਦੀਆਂ ਸਾਰੀਆਂ ਪਹਾੜੀ ਚੌਂਕੀਆਂ ਚਤੋ ਪਹਿਲ ਚੇਤੰਨ ਰਹਿੰਦੀਆਂ ਤੇ ਰਾਤ ਨੂੰ ਲੜਨ ਆਉਂਦੇ ਪਠਾਣ ਹਮਲਾਵਰਾਂ ਨੂੰ ਤਾੜਨ ਲਈ ਅਕਾਸ਼ ਵੱਲ ਚਾਨਣ ਗੋਲੇ ਸੁਟਦੀਆਂ ਰਹਿੰਦੀਆਂ। ਜਿਨ੍ਹਾਂ ਦੇ ਚਾਨਣ ਨਾਲ਼ ਸਾਡੇ ਵਿਹੜੇ ਦਿਨ ਚੜ੍ਹੇ ਵਾਂਗ ਰੁਸ਼ਨਾ ਜਾਂਦੇ। ਇਹ ਮੁਫ਼ਤ ਦੀ ਆਤਿਸ਼ਬਾਜ਼ੀ ਸਾਨੂੰ ਬੜੀ ਚੰਗੀ ਲਗਦੀ ਤੇ ਅਸੀਂ ਇਸ ਨੂੰ ਅੰਗਰੇਜ਼ ਨਾਲ਼ ਲੱਗੀ ਲੜਾਈ ਦਾ ਹੀ ਇਕ ਚਮਤਕਾਰ ਸਮਝਦੇ।

ਭਾਵੇਂ ਅੰਗਰੇਜ਼ੀ ਹਕੂਮਤ ਨੇ ਸਾਨੂੰ ਤੰਗ ਰੱਖਣ ਲਈ ਹੀ ਇਸ ਦੂਰ ਦੁਰਾਡੇ ਤੇ ਵਸਦੀ ਦੁਨੀਆਂ ਤੋਂ ਕੱਟੀ ਹੋਈ ਉਜਾੜ ਥਾਂ ਵਿੱਚ ਸੁਟਿਆ ਸੀ, ਪਰ ਜੋ ਸੁਖ ਅਨੰਦ ਤੇ ਆਰਾਮ ਅਸਾਂ ਇਸ ਜੇਲ੍ਹ ਵਿਚ ਭੋਗਿਆ, ਉਹ ਨਾ ਤਾਂ ਪਹਿਲੀਆਂ ਜੇਲ੍ਹਾਂ ਵਿੱਚ ਤੇ ਨਾ ਬਾਕੀ ਉਮਰ ਵਿੱਚ ਕੱਟੀਆਂ ਹੋਰ ਜੇਲ੍ਹਾਂ ਵਿਚੱ ਨਸੀਬ ਹੋਇਆ।

ਅੰਗਰੇਜ਼ੀ ਰਾਜ ਦੀਆਂ 'ਬਦਮਾਸ਼ੀ' 1 ਤੋਂ ਬਿਨਾਂ ਨਹੀਂ ਸਨ ਕੱਟੀਆਂ ਜਾ ਸਕਦੀਆਂ। ਇਖਲਾਕੀ ਕੈਦੀਆਂ ਨੇ ਤਾਂ ਇਹ ਕਰਨੀ ਹੀ ਹੁੰਦੀ ਸੀ ਸਿਆਸੀਆਂ ਦਾ ਵੀ ਇਸ ਤੋਂ ਬਗੈਰ ਕੋਈ ਚਾਰਾ ਨਹੀਂ ਸੀ ਰਹਿੰਦਾ। ਸਾਡੀ 'ਬਦਮਾਸ਼ੀ' ਇਖਲਾਕੀਆਂ ਵਾਂਗ ਭੰਗ, ਅਫੀਮ, ਚਰਸ ਜਾਂ ਪੈਸੇ ਆਦਿ ਨਹੀਂ ਸੀ ਹੁੰਦੀ, ਸਾਡੀ 'ਬਦਮਾਸ਼ੀ' ਅਖ਼ਬਾਰਾਂ, ਸਿਆਸੀ ਕਿਤਾਬਾਂ, ਬਾਹਰ ਸਿਆਸੀ ਬੰਦਿਆਂ ਨਾਲ਼ ਸੁਨੇਹਾ ਪਤਾ, ਘਰਾਂ ਨੂੰ ਚਿੱਠੀਆਂ 2 ਅੰਦਰਲੀ ਜੇਲ੍ਹ ਵਾਲ਼ਿਆਂ ਨਾਲ ਲੜਾਈ ਜਾਂ ਉਨ੍ਹਾਂ ਦੇ ਬੁਰੇ ਸਲੂਕ ਦੀਆਂ ਖ਼ਬਰਾਂ ਅਖ਼ਬਾਰਾਂ ਨੂੰ ਪਹੁਚਾਉਣੀਆਂ ਆਦਿ।

ਸ਼ਹਿਰਾਂ ਵਿਚਲੀਆਂ ਜਾਂ ਸ਼ਹਿਰਾਂ ਲਾਗਲੀਆਂ ਜੇਲ੍ਹਾਂ ਵਿੱਚ 'ਬਦਮਾਸ਼ੀ' ਸੌਖੀ ਤੇ ਸਸਤੀ ਹੋ ਜਾਂਦੀ ਸੀ। 'ਬਦਮਾਸ਼ੀ' ਸਮਗਲ ਕਰਨ ਵਾਲੇ ਜੇਲ੍ਹ ਅਧਿਕਾਰੀਆਂ ਨੂੰ ਹਿੱਸਾ ਜਾਂ ਪੈਸੇ ਦੇਣੇ ਪੈਂਦੇ ਸਨ, ਪਰ ਅਟਕ ਵਰਗੀ ਜੇਲ੍ਹ ਵਿੱਚ ਜਿਸ ਦੇ ਲਾਗੇ ਨਾ ਕੋਈ ਸ਼ਹਿਰ ਨਾ ਕੋਈ ਪਿੰਡ ਤੇ ਨਾ ਕੋਈ ਦੁਕਾਨ 'ਬਦਮਾਸ਼ੀ' ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਸੀ। ਅਸਾਂ ਇਸ ਦਾ ਵੀ ਸੌਖਾ ਬੰਦੋਬਸਤ ਕਰ ਲਿਆ ਤੇ ਬੰਦੋਬਸਤ ਵੀ ਲਾਹੌਰ ਤੇ ਅੰਮ੍ਰਿਤਸਰ ਦੀਆਂ ਜੇਲ੍ਹਾਂ ਨਾਲੋਂ ਚੰਗਾ।

ਰਾਵਲ ਪਿੰਡੀ ਸਿੰਘ ਸਭਾ ਦੇ ਗੁਰਦੁਵਾਰੇ ਰਾਗੀ ਊਧਮ ਸਿੰਘ3 ਹੁੰਦਾ ਸੀ, ਜੋ ਅੱਖਾਂ ਤੋਂ ਮੁਨਾਖਾ ਸੀ। ਉਹ ਬੜਾ ਗੁਰਮੁਖ ਅਕਾਲੀ, ਨਿਤ ਨੇਮੀ, ਤੇ ਗੁਰੂ ਘਰ ਦਾ ਪਰੇਮੀ ਸੀ। ਉਹ ਅਕਾਲੀ ਲਹਿਰ ਵੇਲੇ ਜੇਲ੍ਹੀਂ ਬੰਦ ਅਕਾਲੀ ਵੀਰਾਂ ਦੇ ਰਾਵਲ ਪਿੰਡੀ ਤੋਂ ਕੱਪੜੇ, ਕੰਘੇ, ਕੜੇ, ਸਾਬਣ, ਤੇਲ ਆਦਿ ਉਗਰਾਹ ਕੇ ਸੇਵਾ ਕਰਦਾ ਰਿਹਾ ਸੀ।

ਰਾਗੀ ਖੜਕ ਸਿੰਘ ਨੇ ਮੈਥੋਂ ਉਸ ਨੂੰ ਕਾਰਡ ਲਿਖਵਾਇਆ ਕਿ ਉਹ ਮੁਲਾਕਾਤ ਨੂੰ ਆਵੇ। ਉਹ ਇਕ ਹਫਤੇ ਦੇ ਅੰਦਰ ਹੀ ਰਾਗੀ ਖੜਕ ਸਿੰਘ ਦੀ ਮੁਲਾਕਾਤ ਨੂੰ ਆ ਗਿਆ। ਉਹ ਇਕ ਬੋਰੀ ਗੁੜ, ਮਣ ਕੁ ਨਹਾਉਣ ਤੇ ਕਪੜੇ ਧੋਣ ਵਾਲਾ ਸਾਬਣ, ਤੇਲ ਦੀਆਂ ਦੋ ਤਿੰਨ ਬੋਤਲਾਂ, ਤੇ ਦਰਜਨਾਂ ਕੰਘੇ ਦੇ ਗਿਆ। ਜੋ ਅਸਾਂ ਸਖ਼ਤ ਕੈਦ ਵਾਲੇ ਵਾੜੇ ਵਿੱਚ ਵੀ ਵੰਡ ਅਨੁਸਾਰ ਭੇਜ ਦਿੱਤੇ। ਬਾਕੀ ਉਹ ਸਾਡੇ ਨਾਲ 'ਬਦਮਾਸ਼ੀ' ਦੇ ਸਬੰਧ ਆਪ ਹੀ ਕਾਇਮ ਕਰ ਗਿਆ। ਇਕ ਵਾਰਡਰ ਸਾਡੇ ਤੁਰਦੇ ਬੰਦਿਆਂ ਕੋਲ ਆਇਆ ਤੇ ਸਾਨੂੰ 'ਬਦਮਾਸ਼ੀ' ਦੀਆਂ ਲੋੜਾਂ ਪੁੱਛ ਗਿਆ।

ਸਾਨੂੰ ਤੀਸਰੇ ਦਿਨ ਤੋਂ ਬਾਅਦ ਰੋਜ਼ ਅਖ਼ਬਾਰ ਮਿਲਣ ਡਹਿ ਪਿਆ। ਸਾਡੇ ਰੁੱਕੇ ਬਾਹਰ ਜਾਣੇ ਸ਼ੁਰੂ ਹੋ ਗਏ। ਸਾਨੂੰ ਦਿੱਤੀਆਂ ਜਾ ਰਹੀਆਂ ਜੇਲ੍ਹ ਵਾਲਿਆਂ ਵੱਲੋਂ ਤਕਲੀਫਾਂ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਛਪਣ ਲਗ ਪਈਆਂ। ਜਿਸ ਤੋਂ ਜੇਲ੍ਹ ਵਾਲੇ ਡਰਨ ਲਗ ਪਏ ਤੇ ਸਾਡੇ ਹੱਡ ਹੋਰ ਸੁਖਾਲੇ ਹੋ ਗਏ। ਸਾਡੀਆਂ ਅਤੀ ਲੋੜਾਂ ਦੀਆਂ ਚਿੱਠੀਆਂ ਸਮਗਲ ਹੋ ਕੇ ਯਾਰਾਂ ਦੋਸਤਾਂ ਤੇ ਘਰਾਂ ਨੂੰ ਜਾਣ ਲੱਗ ਪਈਆਂ।

ਭਾਈ ਊਧਮ ਸਿੰਘ ਰਾਗੀ ਨੇ ਸਾਤੇ ਜਾਂ ਦੋ ਸਾਤੇ ਬਾਅਦ ਜ਼ਰੂਰ ਕਿਸੇ ਨਾ ਕਿਸੇ ਦੀ ਮੁਲਾਕਾਤ ਕਰਨ ਆ ਜਾਣਾ ਤੇ ਸਾਨੂੰ ਉਪਰੋਕਤ ਲਿਖੀਆਂ ਵਸਤਾਂ ਤੋਂ ਇਲਾਵਾ ਸਾਧਾਰਣ ਕੈਦੀਆਂ ਲਈ, ਜਿਨ੍ਹਾਂ ਨੂੰ ਆਪਣੇ ਘਰ ਦੇ ਕਪੜੇ ਪਾਉਣੇ ਪੈਂਦੇ ਸਨ, ਕਪੜੇ ਲੱਤੇ ਤੇ ਕਛਿਹਰੇ ਪਰਨੇ ਦੇ ਜਾਇਆ ਕਰਨੇ।

ਕਿਲ੍ਹੇ ਦੇ ਦਰਿਆ ਤੇ ਪੈਂਦੇ ਲਹਿੰਦੇ ਵਾਲੇ ਗੇਟ ਉਤੇ ਇਕ ਸਾਧ ਦਾ ਡੇਰਾ ਸੀ। ਇਹ ਡੇਰਾ ਬੜਾ ਮਸ਼ਹੂਰ ਸੀ ਤੇ ਇਥੇ ਸਰਹੱਦ ਤੇ ਰਾਵਲਪਿੰਡੀ ਤੱਕ ਦੇ ਹਿੰਦੂ ਸਿੱਖ ਸੇਵਕ ਤੇ ਸੇਵਕਨੀਆਂ ਆਉਂਦੇ ਰਹਿੰਦੇ ਸਨ। ਭਾਈ ਨੇ ਉਥੇ ਇਕ ਸੇਵਾਦਾਰ ਪੱਕਾ ਲਾ ਦਿੱਤਾ। ਇਹ ਸੇਵਾਦਾਰ ਸਾਡੀ 'ਬਦਮਾਸ਼ੀ' ਦਾ ਸਾਡੇ ਨਾਲ਼ ਰਲੇ ਹੋਏ ਜੇਲ੍ਹ ਅਧਿਕਾਰੀ ਨਾਲ਼ ਜੋੜ ਸੀ, ਜਿਸ ਨੂੰ ਪਿੱਛੋਂ ਰਾਗੀ ਊਧਮ ਸਿੰਘ ਚਲਾ ਰਿਹਾ ਸੀ।

ਇਸ ਪਰਬੰਧ ਤੋਂ ਮਗਰੋਂ ਅਸੀਂ ਜੇਲ੍ਹ ਵਾਲਿਆਂ ਅੱਗੇ ਦਿਨੋਂ ਦਿਨ ਵਧੇਰੇ ਆਕਰੇ ਹੁੰਦੇ ਜਾ ਰਹੇ ਸਾਂ। ਸਾਡੀਆਂ ਅਖ਼ਬਾਰਾਂ ਵਿੱਚ ਛਪਾਈਆਂ ਖ਼ਬਰਾਂ ਤੋਂ ਬਾਅਦ ਜੇਲ੍ਹ ਵਾਲਿਆਂ ਨੇ ਸਾਡੇ ਸਰਹਾਣਿਉਂ ਟਿਕਟਿਕੀ ਚੁਕ ਲਈ ਤੇ ਸਾਨੂੰ ਹੋਰ ਕਈ ਸੌਖ ਪਰਾਪਤ ਹੋ ਗਏ। ਸਿਆਸੀ ਸਖ਼ਤ ਕੈਦੀਆਂ ਦੀਆਂ ਮਸ਼ਕੱਤਾਂ ਨਰਮ ਹੋ ਗਈਆਂ। ਅਸੀਂ ਨਾਲ਼ ਦੇ ਵਾੜਿਆਂ ਦੇ ਹਮ ਕੈਦੀਆਂ ਨਾਲ਼ ਖੁੱਲ੍ਹੀਆਂ ਗੱਲਾਂ ਬਾਤਾਂ ਕਰਨ ਲੱਗ ਪਏ।

ਸਾਰਾ ਸਿਆਲ ਗੌਰਮਿੰਟ ਦੀਆਂ ਕਾਂਗਰਸ ਨਾਲ਼ ਸਮਝੌਤੇ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ, ਜਿਨ੍ਹਾਂ ਨਾਲ਼ ਸਾਨੂੰ ਆਪਣੀ ਰਿਹਾਈ ਦੀਆਂ ਝਾਕਾਂ ਲੱਗ ਗਈਆਂ ਜੋ ਗੱਲਬਾਤ ਦੇ ਲੰਮੇ ਹੁੰਦੇ ਜਾਣ ਨਾਲ਼ ਦੁਰਾਡੀਆਂ ਪੈਂਦੀਆਂ ਰਹੀਆਂ।

ਉਡੀਕਾਂ ਤਾਂ ਸਮਝੌਤੇ ਦੀਆਂ ਸਨ, ਪਰ ਖ਼ਬਰਾਂ ਸਾਨੂੰ ਹੋਰ ਹੀ ਆ ਗਈਆਂ। ਅਖ਼ਬਾਰ ਸਾਨੂੰ ਦੂਸਰੇ ਦਿਨ ਸ਼ਾਮ ਦੀ ਗਿਣਤੀ ਤੋਂ ਕੁਝ ਚਿਰ ਪਿੱਛੋਂ ਮਿਲ਼ਦੀ ਸੀ। 25 ਮਾਰਚ ਨੂੰ ਮਿਲੀ ਅਖ਼ਬਾਰ ਤੋਂ ਪਤਾ ਲੱਗਾ ਕਿ ਤਿੰਨ ਕੌਮੀ ਸੂਰਵੀਰਾਂ, ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਨੂੰ ਲਾਹੌਰ ਸੰਟਰਲ ਜੇਲ੍ਹ ਵਿਚ 23 ਮਾਰਚ ਸਵੇਰੇ ਮੂੰਹ ਹਨੇਰੇ ਹੀ ਫਾਂਸੀ ਲਾ ਦਿੱਤਾ ਗਿਆ ਤੇ ਉਨ੍ਹਾਂ ਦੀਆਂ ਲਾਸ਼ਾਂ ਸਤਲੁਜ 'ਤੇ ਲਿਜਾ ਕੇ ਤੇਲ ਪਾ ਲੂਹ ਸੁੱਟੀਆਂ ਤੇ ਕੱਚੀਆਂ ਭੁੰਨੀਆਂ ਨੂੰ ਹੀ ਦਰਿਆ ਵਿੱਚ ਰੋਹੜ ਦਿੱਤਾ ਗਿਆ।

ਸਾਨੂੰ ਅੰਗਰੇਜ਼ੀ ਸਾਮਰਾਜ ਵਿਰੁੱਧ ਬੜਾ ਗੁੱਸਾ ਆਇਆ। ਅਖ਼ਬਾਰ ਤਾਂ ਪੜ੍ਹ ਕੇ ਉਥੇ ਲੁਕਾਉਣ ਵਾਸਤੇ ਭੇਜ ਦਿੱਤੀ, ਜਿਥੇ ਅੱਗੇ ਪਹਿਲਾਂ ਜਾਇਆ ਕਰਦੀ ਸੀ ਤੇ ਆਪ ਤਿੰਨਾਂ ਸਿਆਸੀ ਵਾੜਿਆਂ ਨੇ ਆਪੋ ਆਪਦੀ ਲੱਗਦੀ ਨੁੱਕਰ ਵਿੱਚ ਇਕੱਠੇ ਹੋ ਕੇ ਇਕ ਮਾਤਮੀ ਜਲਸਾ ਕੀਤਾ। ਜਲਸਾ ਨਿਬੜਦਿਆਂ ਸ਼ਾਮ ਦਾ ਘੁਸ-ਮੁਸਾ ਹੋ ਗਿਆ। ਵਾੜਿਆਂ ਦੇ ਗੈਸ ਲੈਂਪ ਜੋ ਦਿਨ ਹੁੰਦੇ ਹੀ ਜਗਾ ਲਏ ਜਾਂਦੇ ਸਨ ਮਾੜਾ ਮਾੜਾ ਚਾਨਣ ਦੇਣ ਲੱਗ ਪਏ ਸਨ। ਅਸਾਂ ਇਸ ਬਰਤਾਨਵੀ ਜ਼ੁਲਮ ਜਬਰ ਤੇ ਅਤਿਆਚਾਰ ਦੀ ਨਿੰਦਿਆ ਕੀਤੀ ਤੇ ਅਸਾਂ 'ਬਰਤਾਨਵੀ ਰਾਜ ਮੁਰਦਾਬਾਦ, ਅੰਗਰੇਜ਼ੋ ਹਿੰਦ ਛੱਡ ਦਿਓ, ਇੰਨਕਲਾਬ ਜ਼ਿੰਦਾਬਾਦ' ਦੇ ਨਾਅਰੇ ਮਾਰਨੇ ਆਰੰਭ ਕਰ ਦਿੱਤੇ। ਬਾਕੀ ਦੁੰਹ ਸਿਆਸੀ ਵਾੜਿਆਂ ਵਿੱਚੋਂ ਵੀ ਨਾਅਰੇ ਉੱਠਣ ਲੱਗ ਪਏ। ਜਿਨ੍ਹਾਂ ਨਾਲ ਕਿਲ੍ਹੇ ਤੇ ਕਿਲ੍ਹਿਉਂ ਬਾਹਰ ਦੇ ਆਸੇ ਪਾਸੇ ਦੇ ਪਹਾੜ ਗੂੰਜ ਉਠੇ ਤੇ ਅਟਕੋਂ ਪਾਰ ਖੈਰਾਬਾਅ ਤੱਕ ਅਵਾਜ਼ਾਂ ਪਹੁੰਚ ਗਈਆਂ।

ਅਸੀਂ ਪੰਦਰਾਂ ਵੀਹ ਮਿੰਟ ਨਾਅਰੇ ਮਾਰਦੇ ਤੇ ਦਿਲ ਦਾ ਗੁਬਾਰ ਕੱਢਦੇ ਰਹੇ। ਜਦ ਨੂੰ ਪਾਰੋਂ ਖੈਰਾਬਾਦ ਤੋਂ ਵੀ ਨਾਹਰਿਆਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ।

ਅਜੇ ਦੋ ਤਿੰਨ ਨਾਅਰੇ ਹੀ ਵਜੇ ਸਨ ਕਿ ਵਾੜਿਆਂ ਵਿਚਲੇ ਨੰਬਰਦਾਰਾਂ ਤੇ ਵਾਰਡਰਾਂ ਦੇ ਭਾਅ ਦੀ ਬਣ ਗਈ। ਉਨ੍ਹਾਂ ਭਾਣੇ ਕੋਈ ਘੋਰ ਅਪੱਧਰ ਉਠ ਖੜਾ ਹੋਇਆ। ਵੱਡਾ ਵਾਰਡਰ ਸੋਟਾ ਖਾਧੇ ਕੁੱਤੇ ਵਾਂਗ ਦਫ਼ਤਰ ਨੂੰ ਸਨਤੋੜ ਗਿਆ। ਸਟਾਫ਼ ਵਲੋਂ ਭਜ ਦੌੜ ਸ਼ੁਰੂ ਹੋ ਗਈ। ਸਾਡੇ ਚੁੱਪ ਕਰਦਿਆਂ ਨੂੰ ਅਲਾਰਮ ਦਾ ਘੰਟਾ ਵਜਣ ਲਗ ਪਿਆ। ਕਿਲ੍ਹੇ ਦੇ ਉਤਲੇ ਹਿੱਸੇ ਤੋਂ ਬਿਗਲ ਦੀ ਤੁਰੜ ਤੁਰੜ ਸ਼ੁਰੂ ਹੋ ਗਈ।

ਅਸੀਂ ਤੰਬੂਆਂ ਦੀਆਂ ਆਪੋ ਆਪਣੀਆਂ ਬਾਰਕਾਂ ਵਿੱਚ ਵੜ ਕੇ ਬਿਸਤਰਿਆਂ ਤੇ ਲੇਟ ਗਏ। ਏਨੇ ਨੂੰ ਅਗੇ ਸੁਪਰੀਡੰਟ ਤੇ ਗੋਕਲ ਦਰੋਗੇ ਤੇ ਪਿਛੇ ਡਾਂਗਾ ਨਾਲ਼ ਲੈਸ ਵਾਰਡਰਾਂ ਦੀ ਧਾੜ ਦਗੜ ਦਗੜ ਕਰਦੇ ਸਾਡੇ ਵਾੜੇ ਆ ਵੜੇ। 'ਕਿਧਰ ਗਏ? ਕਿਧਰ ਗਏ? ਸੁਰਪੀਡੰਟ ਬੜੀ ਹਫਲੀ ਹੋਈ ਕਾਹਲੀ ਆਵਾਜ਼ ਵਿੱਚ ਪਤਾ ਨਹੀਂ ਕਿਹਨੂੰ ਪੁੱਛ ਰਿਹਾ ਸੀ।

ਵਿਹੜੇ ਵਿਚ ਤਾਂ ਸਾਡਾ ਕੋਈ ਵੀ ਜੀ ਨਹੀਂ ਸੀ। ਅਸੀਂ ਤੰਬੂਆਂ ਅੰਦਰ ਦੜ ਵਟੀ ਆਈਆਂ ਧਾੜਾਂ ਨੂੰ ਉਡੀਕ ਰਹੇ ਸਾਂ। ਸਾਡਾ ਕੋਈ ਵੀ ਜੀ ਬਾਹਰ ਨਾ ਨਿੱਕਲਿਆ ਤੇ ਨਾ ਕੋਈ ਉਨ੍ਹਾਂ ਨਾਲ਼ ਬੋਲਿਆ। ਅਖ਼ੀਰ ਅਫ਼ਸਰ ਆਪਸ ਵਿੱਚ ਕੁੱਝ ਘੁਸਰ ਮੁਸਰ ਕਰਦੇ ਸੁਪਰੀਡੰਟ, ਪਿੱਛੇ ਦਰੋਗਾ, ਇਕ ਦੋ ਬਾਬੂ ਤੇ ਪੰਜ ਸੱਤ ਵਾਰਡਰ ਟਾਰਚਾਂ ਲਈ ਸਾਡੀਆਂ ਚਹੁੰ ਹੀ ਬਾਰਕਾਂ ਅੰਦਰ ਇਕ ਪਾਸਿਓਂ ਦੀ ਹੋ ਕੇ ਦੂਸਰੇ ਨਿਕਲ ਗਏ। ਨਾ ਉਨ੍ਹਾਂ ਕਿਸੇ ਨੂੰ ਕੁਝ ਆਖਿਆ ਤੇ ਨਾ ਸਾਡੇ ਵਿੱਚੋਂ ਕਿਸੇ ਨੇ ਉਤਾਂਹ ਅੱਖਾਂ ਪਟੀਆਂ ਤੇ ਨਾ ਉਨ੍ਹਾਂ ਨਾਲ ਬੋਲੇ।

ਬਾਹਰ ਦਗੜ ਦਗੜ ਜਾਰੀ ਰਹੀ। ਵਿੱਚੋਂ ਸੁਪਰੀਡੰਟ ਤੇ ਦਰੋਗਾ ਫੇਰ ਦੂਸਰਿਆਂ ਵਾੜਿਆਂ ਨੂੰ ਚਲੇ ਗਏ। ਸਖ਼ਤ ਕੈਦ ਦੇ ਵਾੜੇ ਵਿਚੋਂ ਮਾਰ ਕੁਟਾਈ ਦੀਆਂ ਅਵਾਜ਼ਾਂ ਵੀ ਆਈਆਂ। ਅਧੇ ਕੁ ਘੰਟੇ ਬਾਅਦ ਵਿਹੜੇ ਵਿਚ ਸੰਗਲ ਲਿਆ ਕੇ ਸੁਟਣ ਤੇ ਮੁੜ ਘੜੀਸਣ ਦੀ ਆਵਾਜ਼ ਆਈ। ਗੋਕਲ ਟਾਰਚ ਲੈ ਕੇ ਸਾਡੀ ਬਾਰਕ ਅੱਗੇ ਆ ਖਲੋਤਾ। ਵਾਰਡਰ ਤੇ ਨੰਬਰਦਾਰ ਇਕ ਸੰਗਲ ਧੂਹ ਕੇ ਲਿਆਏ ਤੇ ਸਾਡੇ ਸੱਜੇ ਪੈਰਾਂ ਵਿੱਚ ਰਿਪਟ ਕੀਤੇ ਹੋਏ ਬੇੜੀਆਂ ਦੇ ਕੜਿਆਂ ਵਿਚ ਦੀ ਲੰਘਾਉਣ ਲਗ ਪਏ ਤੇ ਸਾਨੂੰ ਅਠਤਾਲੀਆਂ ਨੂੰ ਇਕੋ ਇਕ ਸੰਗਲ ਵਿੱਚ ਪਰੋ ਦਿੱਤਾ ਤੇ ਮੁੜ ਦੋਵੇਂ ਸਿਰੇ ਜੋੜ ਕੇ ਕੁੰਡੇ ਰਿਪਟ ਕਰ ਦਿੱਤੇ। ਅਸੀਂ ਮਾਲ ਮੰਡੀ ਵਿਚ ਵੇਚਣ ਲਈ ਲਿਆਂਦੇ ਇਕ ਹੀ ਪੈਂਖੜ ਵਿੱਚ ਨਰੜੇ ਅਨੇਕਾਂ ਖੋਤਿਆਂ ਵਾਂਗ ਇਕ ਸੰਗਲ ਵਿੱਚ ਜੂੜੇ ਗਏ। ਰਾਤ ਨੂੰ ਪੇਸ਼ਾਬ ਕਰਨ ਲਈ ਬਾਰਕ ਦੇ ਵਿਚਾਲੇ ਪੇਸ਼ਾਬ ਵਾਲਾ ਡੋਲ ਰੱਖ ਦਿੱਤਾ ਗਿਆ। ਬਾਕੀ ਬਾਰਕਾਂ ਦੇ ਦੁੰਹਾਂ ਵਾੜਿਆਂ ਵਿੱਚ ਵੀ ਇਹੀ ਕਾਰ ਕੀਤੀ ਗਈ।

ਜਦ ਹਰ ਇਕ ਬਾਰਕ ਦੇ ਵਾਸੀਆਂ ਨੂੰ ਸੰਗਲਾਂ ਵਿਚ ਨੂੜ ਲਿਆ ਗਿਆ ਤਾਂ ਜੇਲ੍ਹ ਅਧਿਕਾਰੀ ਚਲੇ ਗਏ। ਅਲਾਰਮ ਦਾ ਘੰਟਾ ਖੜਕਣੋਂ ਹਟ ਗਿਆ। ਫੌਜੀ ਬਿਗਲ ਦੀ ਤੁਰੜ ਤੁਰੜ ਵੀ ਬੰਦ ਹੋ ਗਈ। ਜੇਲ੍ਹ ਵਿਚ ਸਵਾਏ ਖਤਰੇ ਵਾਲ਼ਿਆਂ ਦੀ 'ਸਭ ਅੱਛਾ' ਦੇ ਸਭ ਥਾਂ ਚੁੱਪ ਵਰਤ ਗਈ।

***

ਨੋਟ : 1. ਜੇਲ੍ਹ ਹਾਕਮਾਂ ਵੱਲੋਂ ਕੈਦੀਆਂ ਨੂੰ ਦਿੱਤੀ ਜਾ ਰਹੀ ਰੋਟੀ ਕਪੜੇ ਦੀ ਮਿੱਥੀ ਹੋਈ ਹੱਦ ਤੋਂ ਵੱਧ ਹੋਰ ਖਾਣ ਪੀਣ ਜਾਂ ਹੰਢਾਉਣ ਵਾਲ਼ੀਆਂ ਵਸਤਾਂ ਨੂੰ 'ਬਦਮਾਸ਼ੀ' ਆਖਿਆ ਜਾਂਦਾ ਸੀ ਤੇ ਕਰਨ ਵਾਲ਼ੇ ਨੂੰ ਇਸ ਦੀ ਸਜਾ ਮਿਲ਼ਦੀ ਸੀ।

2. ਜੇਲ੍ਹ ਕਾਨੂੰਨ ਅਨੁਸਾਰ ਕੈਦੀ ਨੂੰ ਤਿੰਨਾਂ ਮਹੀਨਿਆਂ ਵਿੱਚ ਇਕ ਚਿੱਠੀ ਲਿਖਣ ਦੀ ਆਗਿਆ ਸੀ।

3. ਜੇਲ੍ਹੋਂ ਰਿਹਾ ਹੋ ਕੇ ਅਗਲੇ ਸਿਆਸੀ ਜੀਵਨ ਵਿੱਚ ਵਾਹ ਪਿਆ ਪਤਾ ਲੱਗਾ, ਕਿ ਉਹ ਉੱਤੋਂ ਉੱਤੋਂ ਹੀ ਅਕਾਲੀ ਸੀ। ਫਤਿਹ ਫਤੂਹੀ ਕਰਕੇ ਉਸ ਦਾ ਅੰਗੂਠਾ ਫੜ ਲਿਆ ਜਾਏ ਤਾਂ ਵਿੱਚੋਂ ਹਿੰਦੋਸਤਾਨ ਰੀਪਬਲਿਕ ਆਰਮੀ ਤੇ ਕਿਰਤੀ ਪਾਰਟੀ ਦਾ ਝੁਝਾਰ ਵਰਕਰ ਸੀ। ਉਹ ਸਾਡੇ ਬੜੇ ਅਲੋਪਵੇਂ ਕੰਮ ਕਰਦਾ। ਸਾਡਾ ਲਕੋਕੇ ਛਾਪਿਆ ਇਨਕਲਾਬੀ ਸਾਹਿਤ ਉੱਤਰੀ ਪੱਛਮੀ ਹਿੰਦ ਦੀਆਂ ਛਾਉਣੀਆਂ ਦੇ ਸਾਡੇ ਘੋਰਨਿਆਂ ਵਿਚ ਪੁਚਾਉਂਦਾ, ਫੌਜਾਂ ਦੀ ਆਵਾਜਾਈ ਤੇ ਬਦਲੀਆਂ ਦਾ ਸਾਨੂੰ ਪਤਾ ਦਿੰਦਾ ਰਹਿੰਦਾ, ਜੇਲ੍ਹਾਂ ਵਿੱਚ ਬੰਦ ਸਾਥੀਆਂ ਨਾਲ਼ ਜੋੜ ਜੋੜਨ ਦਾ ਬੰਦੋਬਸਤ ਆਪ ਦੇ ਹੱਥ ਲੈਂਦਾ। ਸਾਨੂੰ ਪਿਸਤੌਲਾਂ ਦਾ ਵੀ ਬੰਦੋਬਸਤ ਕਰ ਦਿੰਦਾ ਜਿਨ੍ਹਾਂ ਦੀ ਸਾਨੂੰ ਅਜ਼ਾਦ ਇਲਾਕੇ ਦੇ ਪਠਾਣਾਂ ਵਿੱਚ ਫਿਰਨ ਲਈ ਆਪਣੀ ਰਾਖੀ ਵਾਸਤੇ ਲੋੜ ਹੁੰਦੀ ਸੀ।

ਸਾਡੇ ਲਈ ਇਹ ਸਦਨੇ ਕਸਾਈ ਦੇ ਬਕਰੇ ਵਾਲ਼ੀ ਨਿਰਾਲੀ ਕਾਰ ਸੀ। ਜੇਲ੍ਹ ਦੇ ਇਤਿਹਾਸ ਵਿੱਚ ਸਿਆਸੀਆਂ ਨਾਲ਼ ਇਹ ਪਹਿਲੀ ਭਾਜੀ ਸੀ, ਜੋ ਗੋਕਲ ਨੇ ਕੌਮੀ ਲਹਿਰ ਸਿਰ ਚਾਹੜੀ। ਅਸੀਂ ਬੜੇ ਹੈਰਾਨ ਹੋ ਰਹੇ ਸਾਂ। ਪਰ ਸਾਡਾ ਗੁਸੇ ਨਾਲ਼ੋਂ ਹਾਸਾ ਜ਼ਿਆਦਾ ਪਰਗਟ ਹੋ ਰਿਹਾ ਸੀ। ਇਸ ਲਈ ਕਿ ਅਸੀਂ ਇੱਕ ਅਚੰਭਾ ਜਿਹੀ ਸਜ਼ਾ ਦੇ ਭਾਗੀ ਹੋ ਕੇ ਪੰਜਾਬ ਵਿਚਲੀਆਂ ਬਾਕੀ ਜੇਲ੍ਹਾਂ ਦੇ ਸਾਥੀਆਂ ਨਾਲ਼ੋਂ ਨੰਬਰ ਲੈ ਰਹੇ ਸਾਂ।

ਪਰ ਰਾਤ ਨੂੰ ਸਾਨੂੰ ਬੜੀ ਤੰਗੀ ਆਈ, ਜੋ ਹਾਸੇ ਖੇਡ ਵਿੱਚ ਹੀ ਜਾਗਦਿਆਂ ਕਟ ਗਈ। ਬੁੱਢੇ ਸਰੀਰਾਂ ਨੂੰ ਪੇਸ਼ਾਬ ਆਉਣ ਲੱਗ ਪਿਆ। ਜਦੋਂ ਕੋਈ ਬੁੱਢਾ ਪੇਸ਼ਾਬ ਲਈ ਆਖੇ, ਤਾਂ ਸਾਰਿਆਂ ਨੂੰ ਜਾਗਣਾ ਪੈਂਦਾ ਤੇ ਆਪੋ ਆਪਣੇ ਕੜਿਆਂ ਵਿੱਚ ਦੀ ਸੰਗਲ ਨੂੰ ਫੇਰ ਫੇਰ ਬੁੱਢੇ ਨੂੰ ਡੋਲ ਤੱਕ ਪਹੁੰਚਾਇਆ ਤੇ ਮੁੜ ਇਸੇ ਤਰ੍ਹਾਂ ਉਸ ਦੇ ਬਿਸਤਰੇ 'ਤੇ ਮੋੜਿਆ ਜਾਂਦਾ। ਇਹ ਕਰਕੇ ਅਜੇ ਅੱਖ ਲੱਗਦੀ ਹੀ ਸੀ ਕਿ ਦੂਸਰੇ ਬੁੱਢੇ ਨੇ ਦੁਹਾਈ ਪਾਹਰਿਆ ਕਰਨ ਲੱਗ ਜਾਣਾ ਤੇ ਫੇਰ ਉਹੋ ਕਾਰ ਕਰਨੀ ਪੈਂਦੀ। ਇਸ ਤਰ੍ਹਾਂ ਬਿਰਧ ਸਰੀਰਾਂ ਦੀ ਸੇਵਾ ਨੇ ਸਾਨੂੰ ਸਾਰੀ ਰਾਤ ਜਗਾਈ ਤੇ ਸੰਗਲ ਫੇਰਨ ਤੇ ਲਾਈ ਰੱਖਿਆ। ਹਰ ਬੁੱਢੇ ਦੀ ਪੁਕਾਰ ਉਤੇ ਸਾਡਾ ਹਾਸਾ ਨਿੱਕਲ ਜਾਂਦਾ ਤੇ ਇਸ ਤਰ੍ਹਾਂ ਇਸ ਅਲੋਕਾਰ ਦੀ ਮੁਸ਼ੱਕਤ ਉੱਤੇ ਅਸੀਂ ਸਾਰੀ ਰਾਤ ਹੱਸਦੇ ਤੇ ਆਪਸ ਤੇ ਜੇਲ੍ਹ ਵਾਲ਼ਿਆਂ ਦਾ ਮਖੌਲ ਉਡਾਉਂਦੇ ਰਹੇ।

ਜੇਲ੍ਹ ਵਾਲ਼ਿਆਂ ਦੀ ਪਾਈ ਇਸ ਮੁਸੀਬਤ ਤੇ ਜਗਰਾਤੇ ਦੀ ਤਾਂ ਅਸੀਂ ਕੋਈ ਪਰਵਾਹ ਨ ਕੀਤੀ, ਪਰ ਸਾਡੇ ਬੁੱਢਿਆਂ ਨੇ ਬਾਰਕ ਵਿੱਚ ਨਵੀਂ ਆਫਤ ਖੜੀ ਕਰ ਦਿੱਤੀ, ਉਹ ਅਸਹਿ ਹੋ ਗਈ। ਬੁਢਿਆਂ ਦੇ ਮੂਤ ਮੂਤ ਭਰੀ ਜਾ ਰਹੀ ਡੋਲ ਵਿੱਚੋਂ ਸੜਿਆਣ ਆਉਣੀ ਸ਼ੁਰੂ ਹੋ ਗਈ, ਜਿਸ ਨੇ ਸਾਨੂੰ ਇਤਨਾ ਤੰਗ ਕਰ ਦਿੱਤਾ ਕਿ ਸਾਡਾ ਹਾਸਾ ਹੁਣ ਜੇਲ੍ਹ ਵਾਲ਼ਿਆਂ ਨਾਲ਼ੋਂ ਵੱਧ ਬੁਢਿਆਂ ਦੇ ਵਿਰੁੱਧ ਹੋ ਗਿਆ। ਰਾਤ ਦਾ ਆਖ਼ਰੀ ਹਿੱਸਾ ਅਸਾਂ ਨਾਸਾਂ ਅੱਗੇ ਪੱਲੇ ਰੱਖ ਰੱਖ ਕੱਟਿਆ।

ਸਵੇਰ ਹੋਈ, ਗਿਣਤੀ ਵਾਲ਼ੇ ਆਏ, ਗਿਣਤੀ ਹੋਈ ਸੰਗਲ ਖੁਲ੍ਹੇ ਤੇ ਸਾਨੂੰ ਬਾਹਰ ਟੱਟੀ ਤੇ ਨਹਾਣ ਧੋਣ ਵਾਸਤੇ ਲਿਜਾਇਆ ਗਿਆ। ਵੇਖਿਆ ਤਾਂ ਬੈਂਤ ਮਾਰਨ ਵਾਲ਼ੀ ਟਿਕਟਿਕੀ ਮੁੜ ਆਪਣੀ ਥਾਂ ਤੇ ਰੱਖ ਦਿਤੀ ਹੋਈ ਸੀ ਤੇ ਬਾਹਰ ਹੌਦੀਆਂ ਵਿੱਚ ਗਿੱਲੇ ਕਰਨ ਲਈ ਬੈਂਤ ਦੀਆਂ ਦਸ ਪੰਦਰਾਂ ਸੋਟੀਆਂ ਸੁੱਟੀਆਂ ਹੋਈਆਂ ਸੀ। ਸਾਡੇ ਆਉਂਦਿਆਂ ਨੂੰ ਦਰੋਗਾ ਵਾਰਡਰਾਂ ਦੀ ਧਾੜ ਲੈ ਕੇ ਆਇਆ ਹੋਇਆ ਸੀ। ਸਾਡੀ ਬਾਰਕਾਂ ਦੀ ਤਲਾਸ਼ੀ ਹੋ ਰਹੀ ਸੀ। ਬਿਸਤਰੇ ਫੋਲੇ ਗਏ, ਤਪੜੀਆਂ ਉਲਟਾਈਆਂ ਗਈਆਂ, ਝੋਲੇ ਉਲੱਦ ਕੇ ਵੇਖੇ ਗਏ, ਤੇ ਇੱਥੋਂ ਤੱਕ ਕਿ ਘੜੀਆਂ ਦੇ ਪਾਣੀ ਡੋਹਲੇ ਗਏ, ਮਤਾਂ ਇਨ੍ਹਾਂ ਵਿੱਚ ਕੁਝ ਲੁਕਾਇਆ ਹੋਵੇ।

ਰੋਟੀ ਆਈ ਹੋਈ ਸੀ, ਜੋ ਅਸਾਂ ਨ ਲਈ, ਸਾਨੂੰ ਬਾਰਕਾਂ ਵਿੱਚ ਜਾਣ ਤੇ ਬਿਸਤਰੇ ਵਿਛਾ ਲੈਣ ਲਈ ਆਖਿਆ ਗਿਆ। ਅਸੀਂ ਜਦ ਸਾਂਭ ਸੂਤ ਕੇ ਬੈਠ ਗਏ ਤਾਂ ਸੰਗਲ ਦੀ ਬੇਲ ਪੈਰਾਂ ਵਿਚ ਮਾਰ ਦਿੱਤੀ ਗਈ ਤੇ ਪੇਸ਼ਾਬ ਵਾਲ਼ਾ ਖਾਲੀ ਡੋਲ ਰੱਖ ਦਿੱਤਾ ਗਿਆ। ਇਹ ਦਿਨ ਤੇ ਅਗਲੀ ਰਾਤ ਮੁੜ ਏਸੇ ਤੰਗੀ ਵਿੱਚ ਕਟੇ।

ਅਗਲੇ ਦਿਨ ਸ਼ਾਮ ਪੰਜ ਕੁ ਵਜੇ ਜੇਲ੍ਹ ਦੇ ਲਾਉ ਲਸ਼ਕਰ ਨਾਲ਼ ਇਕ ਬਾਗੜ ਬਿੱਲੇ ਵਰਗਾ ਮੋਟਾ ਤਾਜ਼ਾ ਅੰਗਰੇਜ਼ ਅੰਦਰ ਆਇਆ। ਉਸ ਨੇ ਸਾਡੀ ਹਾਲਤ ਵੇਖ ਕੇ ਦਰੋਗੇ ਤੇ ਸੁਪਰੀਡੰਟ ਵੱਲ ਬੜੇ ਗੁੱਸੇ ਨਾਲ਼ ਤਕਿਆ ਤੇ ਚਲਾ ਗਿਆ। ਉਸ ਦੇ ਵਾੜੇ ਵਿੱਚੋਂ ਬਾਹਰ ਨਿੱਕਲਦਿਆਂ ਹੀ ਸਾਡੇ ਸੰਗਲ ਖੋਲ੍ਹ ਦਿੱਤੇ ਗਏ। ਅਸੀਂ ਬਾਰਕਾਂ ਤੋਂ ਬਾਹਰ ਫਿਰਨ ਲਗ ਪਏ। ਅਸੀਂ ਆਪਣੀ ਹਾਲਤ ਉਸ ਹਸਦੇ, ਪਰ ਜੇਲ੍ਹ ਵਾਲਿਆਂ ਦੀ ਕਰਤੂਤ ਤੇ ਲਾਹਨਤਾਂ ਪਾਉਂਦੇ ਤੇ ਕਚੀਚੀਆਂ ਵਟਦੇ।

ਸਾਡੇ ਨੁਮਾਇੰਦੇ ਦਫ਼ਤਰ ਵਿੱਚ ਸੱਦੇ ਗਏ ਜਿਨ੍ਹਾਂ ਨੇ ਉਸ ਅੰਗਰੇਜ਼ ਨੂੰ ਸਾਰੀ ਵਿਥਿਆ ਸੱਚੋ ਸੱਚ ਦੱਸ ਦਿੱਤੀ। ਉਸ ਸਾਨੂੰ ਪੜਤਾਲ ਕਰਨ ਦਾ ਯਕੀਨ ਦਿਵਾਇਆ ਤੇ ਰੋਟੀ ਖਾ ਲੈਣ ਲਈ ਬੇਨਤੀ ਕੀਤੀ, ਜੋ ਅਸਾਂ ਮੰਨ ਲਈ।

ਸਾਨੂੰ ਸਾਡੀ 'ਬਦਮਾਸ਼ੀ' ਦੇ ਯਾਰ ਵਾਰਡਰ ਨੇ ਦੱਸਿਆ, 'ਤੁਹਾਨੂੰ ਸੰਗਲ ਵਜਦਿਆਂ ਹੀ ਬਾਹਰ ਖ਼ਬਰ ਪੁਚਾ ਦਿੱਤੀ ਗਈ ਸੀ ਤੇ ਬਾਹਰ ਵਾਲੇ ਬੇਲੀ ਨੇ ਅਟਕ ਸਟੇਸ਼ਨ ਤੇ ਜਾ ਕੇ ਗਵਰਨਰ, ਕਾਂਗਰਸ ਕਮੇਟੀ ਲਾਹੌਰ ਤੇ ਭਾਈ ਊਧਮ ਸਿੰਘ ਨੂੰ ਰਾਵਲ ਪਿੰਡੀ ਡਬਲ ਤਾਰਾਂ ਦੇ ਦਿੱਤੀਆਂ ਸਨ। ਉਹ ਅੰਗਰੇਜ਼ ਅਟਕ ਦਾ ਡਿਪਟੀ ਕਮਿਸ਼ਨਰ ਸੀ। ਜੋ ਗਵਰਨਰ ਨੇ ਤਾਰ ਦੇ ਕੇ ਭੇਜਿਆ ਸੀ।'

ਨੰਬਰਦਾਰਾਂ ਨੇ ਸਾਨੂੰ ਸਾਡੇ ਵਾੜੇ ਦੀ ਕੰਡਿਆਂ ਵਾਲ਼ੀ ਤਾਰ ਦੀ ਵਾੜ ਵਿਖਾਈ, ਜੋ ਉਪਰਲੇ ਪਾਸਿਓਂ ਇਕ ਥਾਊਂ ਕਟੀ ਹੀ ਸੀ, ਤੇ ਦਰੋਗੇ ਨੇ ਸੰਗਲਾਂ ਲਈ ਸਚੇ ਹੋਣ ਵਾਸਤੇ ਕਟਵਾਈ ਸੀ। ਉਸ ਨੇ ਡਿਪਟੀ ਕਮਿਸ਼ਨਰ ਨੂੰ ਆਖਿਆ ਸੀ, ਕਿ ਇਹ ਤਾਰ ਤੋੜ ਕੇ ਨੱਠ ਚਲੇ ਸਨ, ਇਸ ਲਈ ਸੰਗਲ ਮਾਰੇ ਗਏ।

ਇਸ ਸਾਕੇ ਦਾ ਬਾਹਰ ਅਖ਼ਵਾਰਾਂ ਵਿੱਚ ਬੜਾ ਰੌਲਾ ਪਿਆ। ਇਸ ਦੀ ਨਿੰਦਿਆ ਵਿੱਚ ਐਡੀਟੋਰੀਅਲ ਲਿਖੇ ਗਏ ਤੇ ਪੜਤਾਲ ਦੀਆਂ ਮੰਗਾਂ ਕੀਤੀਆਂ ਗਈਆਂ। ਇਸ ਰੌਲੇ ਅਗੇ ਸਰਕਾਰ ਨੇ ਝੁਕ ਕੇ ਰਾਵਲਪਿੰਡੀ ਦੇ ਕਮਿਸ਼ਨਰ ਨੂੰ ਪੜਤਾਲ ਵਾਸਤੇ ਭੇਜਿਆ। ਇਕ ਬਫਤੇ ਬਾਅਦ ਕਮਿਸ਼ਨਰ ਨੇ ਕਿਲ੍ਹੇ ਦੇ ਉਤਲੇ ਹਿੱਸੇ ਉਤੇ ਇਕ ਫ਼ੌਜੀ ਬਾਰਕ ਵਿੱਚ ਅਦਾਲਤ ਲਾਈ, ਜਿਸ ਵਿਚ ਸਾਡੀਆਂ ਗਵਾਹੀਆਂ ਹੋਈਆਂ। ਫੌਜ ਵਾਲੇ ਵੀ ਸੱਦੇ, ਜਿਨ੍ਹਾਂ ਨੇ ਆਖਿਆ ਕਿ ਉਨ੍ਹਾਂ ਨੇ ਸਵਾਏ ਨਾਅਰੇ ਮਾਰਨ ਦੇ ਕੈਦੀਆਂ ਨੂੰ ਹੋਰ ਕੁਝ ਕਰਦਿਆਂ ਨਹੀਂ ਵੇਖਿਆ। 'ਜਦ ਅਸੀਂ ਗਾਰਦ ਦਾ ਹਿੱਸਾ ਬਣ ਕੇ ਗਏ ਤਾਂ ਕੈਦੀ ਅਮਨ ਅਮਾਨ ਨਾਲ਼ ਬਿਸਤਰਿਆਂ 'ਤੇ ਲੇਟੇ ਹੋਏ ਸਨ। ਉਨ੍ਹਾਂ ਨੂੰ ਲੇਟੇ ਹੋਇਆਂ ਨੂੰ ਹੀ ਸੰਗਲ ਮਾਰੇ ਗਏ।' ਉਨ੍ਹਾਂ ਤਾਰਾਂ ਟੁਟਣ ਤੋਂ ਲਾਇਲਮੀ ਜਾਹਰ ਕੀਤੀ।

ਸਾਡਾ ਵੀ ਇਹੋ ਬਿਆਨ ਸੀ। ਤਾਰਾਂ ਬਾਰੇ ਅਸਾਂ ਆਖਿਆ, 'ਇਹ ਸਾਡਾ ਕੰਮ ਨਹੀਂ। ਜੇ ਇਹ ਸਾਡਾ ਕੰਮ ਹੁੰਦਾ ਤਾਂ ਅਸਾਂ ਉਤੋ, ਜਿਥੇ ਸਾਡਾ ਹੱਥ ਵੀ ਨਹੀਂ ਪਹੁੰਚਦਾ, ਤਾਰਾਂ ਕਿਉਂ ਤੋੜਨੀਆਂ ਸਨ। ਅਸੀਂ ਹੇਠੋਂ ਜ਼ਮੀਨ ਲਾਗਿਉਂ ਤੋੜਦੇ, ਜਿਥੋਂ ਅਸੀਂ ਅਸਾਨੀ ਨਾਲ਼ ਲੰਘ ਸਕਦੇ ਸਾਂ।'

ਜੇਲ੍ਹ ਵਾਲਿਆਂ ਨੇ ਸਾਡੇ ਤੇ ਤਾਰਾਂ ਤੋੜਨ, ਖਰੂਦ ਕਰਨ ਤੇ ਵਾਰਡਰਾਂ ਨੂੰ ਡਰਾਉਣ ਧਮਕਾਉਣ ਦੇ ਦੋਸ਼ ਲਾਏ।

ਤਿੰਨਾਂ ਦਿਨਾਂ ਬਾਅਦ ਨਤੀਜਾ ਇਹ ਨਿਕਲਿਆ ਕਿ ਤਾਰ ਦੇ ਕੇ ਗੋਕਲ ਨੂੰ ਬਦਲ ਦਿੱਤਾ ਗਿਆ, ਪੰਜ ਸਾਲਾਂ ਲਈ ਉਸ ਦੀ ਤਰੱਕੀ ਰੋਕ ਦਿੱਤੀ ਗਈ ਤੇ ਪੰਜਾਹ ਰੁਪੈ ਜੁਰਮਾਨਾ ਕੀਤਾ ਗਿਆ।

ਇਸ ਤਰ੍ਹਾਂ ਰਾਜਸੀ ਕੈਦੀਆਂ ਤੇ ਛੱਡਿਆ ਹੋਇਆ ਅੰਗਰੇਜ਼ੀ ਰਾਜ ਦਾ ਛਨਿਛਰ ਗਲੋਂ ਲੱਥਾ।

ਉਸ ਦੀ ਜਗ੍ਹਾ ਇਕ ਪੈਨਸ਼ਨ ਲਿਆ ਹੋਇਆ ਬੁੱਢਾ ਮੁਸਲਮਾਨ ਦਰੋਗਾ ਲਿਆ ਕੇ ਲਾਇਆ ਗਿਆ, ਜੋ ਬੜਾ ਹੀ ਨੇਕ ਬੰਦਾ ਸਾਬਤ ਹੋਇਆ। ਉਸ ਨੇ ਸਾਡੇ ਲਈ ਸਾਰੀ ਜੇਲ੍ਹ ਖੋਲ੍ਹ ਦਿੱਤੀ। ਅਸੀਂ ਸਵੇਰ ਦੀ ਗਿਣਤੀ ਤੋਂ ਸ਼ਾਮ ਦੀ ਗਿਣਤੀ ਤੱਕ ਕਿਲ੍ਹੇ ਦੇ ਜੇਲ੍ਹ ਵਾਲੇ ਹਿੱਸੇ ਵਿਚੱ ਜਿੱਥੇ ਮਰਜ਼ੀ ਫਿਰੀਏ, ਬੈਠੀਏ ਜਾਂ ਖਲੋਈਏ।

ਇਸ ਖੁਲ੍ਹ ਨਾਲ਼ ਅਸੀਂ ਫ਼ਸੀਲ ਉਤੇ ਘੁੰਮਦੇ, ਇਸ ਦੇ ਬੰਦੂਕਾਂ ਤੇ ਤੋਪਾਂ ਚਲਾਉਣ ਲਈ ਰੱਖੇ ਹੋਏ ਮਘੋਰਿਆਂ ਵਿੱਚ ਦੀ ਬਾਹਰ ਝਾਤੀਆਂ ਮਾਰਦੇ ਤੇ ਫ਼ਸੀਲ ਦੇ ਅੰਦਰ ਅੰਦਰ ਬਣੀ ਸਰੁੰਗ ਵਿਚ ਫਿਰਦੇ ਰਹਿਣਾ ਤੇ ਬੁਰਜਾਂ ਤੇ ਚੜ੍ਹ ਚੜ੍ਹ ਵੇਖਣਾ। ਅਸੀਂ ਹਾਥੀ ਖਾਨਾ ਵੀ ਜਾ ਵੇਖਿਆ, ਜਿਸ ਦਾ ਹੇਠਲਾ ਦਰਵਾਜ਼ਾ ਬਾਹਰ ਦਰਿਆ ਦੇ ਪਾਣੀ ਵਿੱਚ ਗਿਆ ਹੋਇਆ ਸੀ ਤੇ ਮੋਟੀਆਂ ਮੋਟੀਆਂ ਸੀਖ਼ਾਂ ਨਾਲ਼ ਅੱਗੋਂ ਬੰਦ ਸੀ। ਇਥੇ ਅੰਦਰ ਆਏ ਹੋਏ ਅਟਕਾਂ ਦੇ ਠੰਡੇ ਪਾਣੀ ਵਿਚ ਪੈਰ ਰੱਖ ਕੇ ਦਰਿਆ ਤੇ ਪਾਰ ਖੈਰਾਬਾਦ ਦੇ ਨਜ਼ਾਰੇ ਲੈਣੇ। ਉਤੇ ਕਿਲ੍ਹੇ ਵਿਚ ਪਾਣੀ ਦੇਣ ਵਾਲਾ ਪੰਪ ਸਟੇਸ਼ਨ ਵੀ ਇਥੇ ਹੀ ਸੀ।

ਗੱਲ ਕੀ ਇਕ ਮਹੀਨਾ ਸਾਡਾ ਤੀਆਂ ਵਾਂਗ ਲੰਘਿਆ। ਸਾਨੂੰ ਜੇਲ੍ਹ ਹੀ ਭੁਲ ਗਈ। ਪਰ ਸਦਾ ਨ ਬਾਗੀਂ ਬੁਲਬੁਲ, ਸਦਾ ਨਾ ਮੌਜ ਬਹਾਰਾਂ, ਬੇੜਾ ਗਰਕ ਗਿਆ ਗਾਂਧੀ ਇਰਵਨ ਪੈਕਟ ਦਾ, ਜਿਸ ਨੇ ਸਾਡਾ ਇਹ ਸਾਰਾ ਸਵਾਦ ਹੀ ਮਾਰ ਦਿੱਤਾ। ਇਸ ਅਨੁਸਾਰ ਸਾਨੂੰ ਛੋਟੇ ਛੋਟੇ ਜਥਿਆਂ ਵਿਚ ਰਿਹਾ ਕਰ ਦਿੱਤਾ ਗਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਚਰਨ ਸਿੰਘ ਸਹਿੰਸਰਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •