Chauboli : Rajasthani Lok Kahani
ਚੌਬੋਲੀ : ਰਾਜਸਥਾਨੀ ਲੋਕ ਕਥਾ
ਲਉ ਜੀ ਭਗਵਾਨ ਸਭ ਦੇ ਦਿਨ ਫੇਰੇ, ਚੰਗੇ ਸਮੇਂ ਆਉਣ, ਚੌਬੋਲੀ ਦੀ ਇਹ ਕਥਾ ਤਾਂ ਬੜੀ ਪੁਰਾਣੀ ਹੈ ਪਰ ਇਸ ਨੂੰ ਸੁਣਨ ਵਾਲੇ ਤੇ ਵਿਚਾਰ ਕਰਨ ਵਾਲੇ ਜੁੱਗਾਂ ਜੁਗਾਂਤਰਾਂ ਤੱਕ ਸਦਾ ਨਵੇਂ ਰਹਿਣਗੇ। ਵੱਡੇ ਠਿਕਾਣੇ ਵੱਡਾ ਠਾਕੁਰ ਰਿਹਾ ਕਰਦਾ। ਉਸ ਦੀ ਬੁਰੀ ਆਦਤ ਇਹ ਸੀ, ਸਵੇਰ ਸਾਰ ਰੋਜ਼ਾਨਾ ਦੀਆਂ ਕ੍ਰਿਆਵਾਂ ਸਾਧ ਕੇ ਠਕੁਰਾਣੀ ਦੀ ਨੱਥ ਵਿੱਚੋਂ ਦੀ ਇੱਕ ਸੌ ਅੱਠ ਤੀਰ ਕੱਢਿਆ ਕਰਦਾ। ਠਕੁਰਾਣੀ ਦਾ ਕੀ ਜ਼ੋਰ? ਮਾਲਕ ਦੇ ਹੁਕਮ ਮੂਜਬ ਨਿਸ਼ਚਿਤ ਥਾਂ ਖੜ੍ਹੀ ਹੋ ਜਾਂਦੀ। ਛੱਤ ਉੱਪਰ ਸੰਧੂਰ ਨਾਲ ਪੈਰਾਂ ਦੇ ਨਿਸ਼ਾਨ ਬਣਾਏ ਹੋਏ। ਠਕੁਰਾਣੀ ਉਨ੍ਹਾਂ ਤੇ ਜਾ ਕੇ ਖਲੋ ਜਾਂਦੀ। ਇੱਕ ਸੌ ਅੱਠ ਗਜ ਦੂਰ ਠਾਕੁਰ ਦੇ ਪੈਰਾਂ ਦੇ ਨਿਸ਼ਾਨ। ਉਹ ਉਨ੍ਹਾਂ ਚਿੰਨ੍ਹਾਂ ਉੱਤੇ ਜਾ ਕੇ ਠਾਠ ਨਾਲ ਖਲੋ ਜਾਂਦਾ। ਫਿਰ ਕੰਨ ਤੱਕ ਕਮਾਨ ਦੀ ਡੋਰ ਖਿੱਚ ਕੇ ਸਾਂ ਸਾਂ ਕਰਦੇ ਸੌ ਤੀਰ ਛੱਡਦਾ। ਸੰਣਣ ਸੰਣਣ ਕਰਦਾ ਹੋਇਆ ਇੱਕ ਇੱਕ ਤੀਰ ਠਕੁਰਾਣੀ ਦੀ ਨੱਥ ਵਿੱਚੋਂ ਦੀ ਉਡਦਾ ਹੋਇਆ ਨਿਕਲਦਾ। ਠਕੁਰਾਣੀ ਦਾ ਕਾਲਜਾ ਧੱਕ ਧੱਕ ਕਰਦਾ, ਦਹਿਲ ਪੈ ਜਾਂਦਾ। ਨਿਸ਼ਾਨਾ ਮਾੜਾ ਮੋਟਾ ਇਧਰ ਉਧਰ ਹੋਇਆ ਨਹੀਂ ਕਿ ਸਿਧੀ ਰਾਮਸ਼ਰਣ! ਹੁਣ ਤੀਰ ਲੱਗਿਆ, ਹੁਣ ਤੀਰ ਲੱਗਿਆ... ਇੱਕ ਸੌ ਅੱਠ ਵਾਰ ਖ਼ਤਰਿਆਂ ਵਿੱਚੋਂ ਹਰ ਰੋਜ਼ ਲੰਘਦੀ ਲੰਘਦੀ ਠਕੁਰਾਣੀ ਫ਼ਿਕਰ ਕਰਦੀ ਹੱਡੀਆਂ ਦਾ ਪਿੰਜਰ ਹੋ ਗਈ। ਸੰਧੂਰ ਵਰਗਾ ਗੋਰਾ ਜਿਸਮ ਸੁੱਕੇ ਪੱਤਿਆਂ ਵਾਂਗ ਪੀਲਾ ਪੈ ਗਿਆ। ਇੱਕ ਵਾਰ ਦੀ ਮੌਤ ਮਰਨ ਦੀ ਥਾਂ ਹਮੇਸ਼ਾਂ ਇੱਕ ਸੌ ਅੱਠ ਵਾਰ ਮਰ ਮਰ ਜੀਉਣਾ ਦੁਸ਼ਵਾਰ ਸੀ। ਖਾਧਾ ਪੀਤਾ ਲਗਦਾ ਈ ਨਾ। ਅੱਠੇ ਪਹਿਰ ਕੰਨਾਂ ਵਿੱਚ ਤੀਰਾਂ ਦੀ ਸਨਸਣਾਹਟ! ਕਈ ਵਾਰ ਠਕੁਰਾਣੀ ਨੇ ਠਾਕੁਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਨਿਤਨੇਮੀ ਠਾਕੁਰ ਕਿਸੇ ਕੀਮਤ ਤੇ ਹਠ ਛੱਡਣ ਤੋਂ ਰਾਜੀ ਨਹੀਂ ਹੋਇਆ। ਹਰ ਵਾਰ ਇੱਕੋ ਰਟਿਆ ਰਟਾਇਆ ਜਵਾਬ- ਔਰਤਾਂ ਦੀ ਗੱਲ ਮੰਨ ਕੇ ਵੱਡੇ ਆਦਮੀਆਂ ਦਾ ਕੰਮ ਨੀਂ ਚੱਲਿਆ ਕਰਦਾ। ਵੱਡੇ ਬੰਦਿਆਂ ਦੇ ਵੱਡੇ ਅਸੂਲ ਇਉਂ ਮਿੰਨਤ ਤਰਲਾ ਕਰਕੇ ਟੁੱਟ ਜਾਣ ਤਾਂ ਬੰਦਾ ਵੱਡਾ ਕਿਵੇਂ ਹੋਇਆ?
ਠਕੁਰਾਣੀ ਵਾਪਸ ਉੱਤਰ ਦਿੰਦੀ- ਮੈਂ ਤਾਂ ਮਾਮੂਲੀ ਠਕੁਰਾਣੀ ਹਾਂ, ਇਸ ਤਰ੍ਹਾਂ ਦੇ ਵੱਡੇ ਅਸੂਲਾਂ ਦਾ ਪਾਲਣ ਮੈਥੋਂ ਨੀ ਕੀਤਾ ਜਾਂਦਾ।
ਠਾਕੁਰ ਮੁਸਕਰਾ ਕੇ ਆਖ਼ਰੀ ਦਲੀਲ ਨਾਲ ਠਕੁਰਾਣੀ ਨੂੰ ਇਹ ਕਹਿ ਕੇ ਚੁੱਪ ਕਰਾ ਦਿੰਦਾ ਕਿ ਜਦੋਂ ਵੱਡੇ ਠਿਕਾਣੇ ਦਾ ਠਾਕੁਰ ਛੋਟਾ ਨੀ ਹੋ ਸਕਦਾ ਤਾਂ ਵੱਡੇ ਠਾਕੁਰ ਦੀ ਠਕੁਰਾਣੀ ਕਿਵੇਂ ਛੋਟੀ ਹੋ ਸਕਦੀ ਹੈ?
ਆਪਣੇ ਮੂੰਹੋਂ ਕਹੀ ਆਪਣੀ ਹੀ ਗੱਲ ਉੱਪਰ ਠਾਕੁਰ ਜ਼ੋਰ ਦੀ ਠਹਾਕਾ ਮਾਰ ਕੇ ਹੱਸਦਾ। ਠਕੁਰਾਣੀ ਦਿਲ ਹੀ ਦਿਲ ਵਿੱਚ ਰੋਂਦੀ, ਦੁਖੀ ਹੁੰਦੀ। ਪਤੀ ਦੇ ਪਿੱਛੇ ਪਿੱਛੇ ਆਈ ਹੈ ਫਿਰ ਪਤੀ ਦੀ ਮਰਜ਼ੀ ਅਨੁਸਾਰ ਚੱਲਣਾ ਪਏਗਾ ਹੀ ਪਏਗਾ!
ਨਿਯਮ ਤੋੜੇ ਉਹ ਬੰਦਾ ਹੀ ਕੀ? ਸੂਰਜ ਨਿੱਤ ਚੜ੍ਹਨੋ ਟਲਦਾ ਤਾਂ ਠਾਕੁਰ ਆਪਣੇ ਅਸੂਲ ਤੋਂ ਟਲਦਾ। ਠਕੁਰਾਣੀ ਦੀ ਨੱਥ ਵਿੱਚੋਂ ਤੀਰ ਲੰਘਾ ਕੇ ਠਾਕੁਰ ਹਮੇਸ਼ਾਂ ਖ਼ੁਸ਼ ਹੁੰਦਾ ਕਿ ਇੱਕ ਵੀ ਨਿਸ਼ਾਨਾ ਖਾਲੀ ਨਹੀਂ ਗਿਆ।
ਇੱਕ ਦਿਨ ਸੰਜੋਗੀਂ ਗੱਲ ਇਹ ਹੋਈ ਕਿ ਠਾਕੁਰ ਦੇ ਕਾਮਦਾਰ ਦੀ ਦੋਹਤੀ ਆਪਣੇ ਨਾਨਕ ੇ ਆਈ। ਠਕੁਰਾਣੀ ਦਾ ਹੁਲੀਆ ਦੇਖ ਕੇ ਪੁੱਛਿਆ ਕਿ ਏਨੀ ਕਮਜ਼ੋਰ, ਥੱਕੀ ਹੋਈ ਕੁਮਲਾਈ ਹੋਈ ਕਿਉਂ ਹੋ? ਦੋ ਤਿੰਨ ਬਾਰ ਠਕੁਰਾਣੀ ਨੇ ਟਾਲ ਦਿੱਤੀ ਪਰ ਮਾਸੂਮ ਦੋਹਤੀ ਖਹਿੜੇ ਪੈ ਗਈ, ਪੁੱਛਣੋ ਹਟੇ ਈ ਨਾ। ਆਖ਼ਰ ਠਕੁਰਾਣੀ ਨੇ ਸਾਰੀ ਗੱਲ ਦੱਸ ਦਿੱਤੀ। ਸੁਣਕੇ ਦੋਹਤੀ ਨੂੰ ਹੈਰਾਨੀ ਵੀ ਹੋਈ, ਗ਼ੁੱਸਾ ਵੀ ਬੜਾ ਚੜ੍ਹਿਆ। ਸੁਣਕੇ ਦੋਹਤੀ ਨੇ ਭਲਾ ਸੋਚਿਆ ਨਾ ਬੁਰਾ, ਜੋ ਦਿਲ ਵਿੱਚ ਆਈ ਸੋ ਗੱਲ ਕਰ ਦਿੱਤੀ। ਬੋਲੀ- ਇਹੋ ਜਿਹਾ ਪਤੀ ਜੇ ਮੇਰਾ ਹੋਵੇ ਤਾਂ ਛੋਲੇ ਚਬਾਣ ਮਗਰੋਂ ਆਪਣੇ ਪੈਰਾਂ ਦਾ ਧੋਣ ਕਿਹੜਾ ਨਾ ਪਿਆ ਦਿਆਂ, ਉਸ ਦੀ ਪਿੱਠ ਤੇ ਬੈਠ ਕੇ ਮੰਜੇ ਦੁਆਲੇ ਸੱਤ ਚੱਕਰ ਕਿਹੜਾ ਨਾ ਲੁਆਵਾਂ?। ਜਿਹੜਾ ਪਤੀ ਇਸ ਤਰ੍ਹਾਂ ਇੱਕ ਸੌ ਅੱਠ ਤੀਰ ਨੱਥ ਵਿੱਚੋਂ ਲੰਘਾਣ ਦਾ ਅਸੂਲ ਪਾਲੇ ਉਸ ਨਾਲ ਪਤਨੀ ਉਹੋ ਜਿਹਾ ਹੀ ਸਲੂਕ ਕਰੇ ਫੇਰ!
ਦੋਹਤੀ ਦੀ ਇਹ ਗੱਲ ਠਕੁਰਾਣੀ ਦੇ ਦਿਲੋਂ ਤੀਰ ਵਾਂਗ ਪਾਰ ਹੋ ਗਈ। ਪਰ ਫੇਰ ਵੀ ਕੀ ਕਰਦੀ? ਉਸਦੇ ਹੱਥ ਵਸ ਕਰਨਾ ਧਰਨਾ ਕੁਝ ਹੈ ਈ ਨਹੀਂ ਸੀ। ਵੱਡੇ ਮਨੁੱਖਾਂ ਦੀਆਂ ਔਰਤਾਂ ਨੂੰ ਬਹੁਤ ਝੁਕਣਾ ਪਿਆ ਕਰਦੈ। ਠਕੁਰਾਣੀ ਦਾ ਤਾਂ ਕੋਈ ਵਸ ਨਹੀਂ ਚੱਲਿਆ ਪਰ ਠਾਕੁਰ ਦੇ ਦਿਮਾਗ਼ ਵਿੱਚ ਇੱਕ ਹੋਰ ਨਵੀਂ ਸਕੀਮ ਆ ਗਈ। ਪੋਹ ਮਹੀਨੇ ਦੀ ਚੰਨ ਚਾਨਣੀ ਰਾਤ ਸੀ। ਠਾਕੁਰ ਰੰਗਮਹਿਲ ਵਿੱਚ ਆਇਆ ਹੀ ਸੀ ਕਿ ਉਸਨੇ ਪਿੱਛੇ ਮੁੜ ਕੇ ਦੇਖਿਆ। ਦਿਲ ਵਿੱਚ ਸੋਚਿਆ- ਪੂਰਨਮਾਸ਼ੀ ਦੀ ਚਾਨਣੀ ਰਾਤ ਦੀ ਰੌਸ਼ਨੀ ਵਿੱਚ ਜੇ ਨੱਥ ਥਾਣੀ ਤੀਰ ਲੰਘਾਵਾਂ ਤਾਂ ਕਮਾਲ ਹੋ ਜਾਵੇ। ਫਿਰ ਢਿੱਲ ਕਿਸ ਗੱਲ ਦੀ? ਦਿਲ ਦੀ ਗੱਲ ਨਿਸ਼ੰਗ ਕਰ ਦਿੱਤੀ। ਠਕੁਰਾਣੀ ਦਾ ਮੱਥਾ ਠਣਕਿਆ। ਧੁੱਪ ਵਿੱਚ ਤਾਂ ਠਾਕੁਰ ਦਾ ਨਿਸ਼ਾਨਾ ਸਧਿਆ ਹੋਇਆ ਸੀ ਪਰ ਪੂਰਨਮਾਸ਼ੀ ਦੀ ਰਾਤ ਇਹ ਅੰਧਵਿਸ਼ਵਾਸ ਕਿਉਂ ਕੀਤਾ ਜਾਏ। ਨਾਲੇ ਪੂਰਨਮਾਸ਼ੀ ਦੀਆਂ ਚਾਨਣੀਆਂ ਰਾਤਾਂ ਕੀ ਇਨ੍ਹਾਂ ਬੇਹੂਦਾ ਹਰਕਤਾਂ ਵਾਸਤੇ ਹੋਇਆ ਕਰਦੀਆਂ ਨੇ? ਚਾਨਣੀ ਦਾ ਸੁਹਾਵਣਾ ਉਜਾਲਾ ਸਿਰਫ਼ ਅੱਖਾਂ ਵਾਸਤੇ ਨਹੀਂ, ਦਿਲ ਵਾਸਤੇ ਵੀ ਹੋਇਆ ਕਰਦੈ! ਹੁਣ ਤਾਂ ਕਾਲਜੇ ਵਿੱਚ ਜਾਂ ਮੱਥੇ ਤੇ ਨਿਸ਼ਾਨਾ ਲੱਗ ਜਾਵੇ ਤਾਂ ਇਹ ਜੀਵਨ ਸੁਧਰੇ! ਸੇਜ ਸੱਜਾ ਉੱਪਰ ਆਨੰਦ ਮੰਗਲ ਕਰਨ ਲਈ ਹੁੰਦੀਆਂ ਨੇ ਚਾਨਣੀਆਂ ਰਾਤਾਂ ਕਿ ਨੱਥ ਵਿੱਚੋਂ ਤੀਰ ਪਾਰ ਕਰਨ ਦੇ ਕਰਤੱਬਾਂ ਵਾਸਤੇ? ਇਸ ਦੁੱਖ ਦਰਦ ਦੀ ਕੀ ਹੱਦ? ਰੋਸ ਜਤਾਂਦਿਆਂ ਠਕੁਰਾਣੀ ਬੋਲੀ- ਮੇਰੇ ਵਾਸਤੇ ਤਾਂ ਹਰ ਨਿਸ਼ਾਨਾ ਗ਼ਲਤ ਹੈ। ਤੀਰ ਕਾਲਜੇ ਦੇ ਆਰ ਪਾਰ ਨਿਕਲੇ ਤਾਂ ਉਦੋਂ ਆਖਾਂ ਨਿਸ਼ਾਨਾ ਅਚੁੱਕ।
ਠਾਕੁਰ ਨੂੰ ਵਿਅੰਗ ਦੀ ਸਮਝ ਨਹੀਂ ਲੱਗੀ, ਕਿਹਾ- ਨੱਕ ਦੀ ਨੱਥ ਵਿੱਚੋਂ ਦੀ ਤੀਰ ਕੱਢਣਾ ਮੇਰਾ ਅਸੂਲ ਹੈ, ਇਸ ਨੂੰ ਛੱਡ ਕੇ ਦੂਜੀ ਥਾਂ ਨਿਸ਼ਾਨਾ ਲਾਵਾਂਗਾ ਉਹ ਅਚੁੱਕ ਕਿਵੇਂ ਹੋਵੇਗਾ? ਹੁੱਜਤਾਂ ਨਾ ਕਰ। ਪਲੰਘ ਤੋਂ ਉੱਠ ਕੇ ਉੱਥੇ ਜਾ ਖਲੋਅ ਜਿੱਥੇ ਪੈੜਾਂ ਦੇ ਨਿਸ਼ਾਨ ਬਣਾਏ ਹੋਏ ਨੇ। ਮੇਰਾ ਨਿਸ਼ਾਨਾ ਉਕੇਗਾ ਨਹੀਂ। ਰਾਜਪੂਤਣੀ ਹੋ ਕੇ ਡਰ ਰਹੀ ਐਂ?
ਠਕੁਰਾਣੀ ਨੂੰ ਆਖ਼ਰ ਸੰਧੂਰ ਦੇ ਨਿਸ਼ਾਨਾਂ ਤੇ ਖਲੋਣਾ ਪਿਆ। ਪੂਰਨਮਾਸ਼ੀ ਦਾ ਚੰਦ, ਚੰਦ ਦੀ ਚਾਨਣੀ ਅਤੇ ਤਾਰੇ ਸਭ ਠਕੁਰਾਣੀ ਦੀ ਬਦਕਿਸਮਤੀ ਉੱਪਰ ਹੱਸੇ ਕਿ ਇੱਕ ਵੀ ਨਿਸ਼ਾਨਾ ਖ਼ਾਲੀ ਨਹੀਂ ਗਿਆ। ਸਣਸਣਾਉਂਦੇ ਹੋਏ ਇੱਕ ਸੌ ਅੱਠ ਤੀਰ ਨੱਥ ਵਿੱਚੋਂ ਪਾਰ ਹੋ ਗਏ। ਹੁਣ ਤੱਕ ਜਿੰਨੀ ਸਿਰਜਣਾ ਧਰਤੀ ਉੱਪਰ ਹੋਈ ਹੈ, ਕਿਸੇ ਨੇ ਇਹੋ ਜਿਹਾ ਮਾਹਿਰ ਤੀਰਅੰਦਾਜ਼ ਨਹੀਂ ਦੇਖਿਆ। ਠਕੁਰਾਣੀ ਨੂੰ ਆਪਣੇ ਦੁਰਭਾਗ ਦਾ ਪਤਾ ਨਹੀਂ ਸੀ।
ਆਪਣੇ ਮੂੰਹੋਂ ਤਾਂ ਠਕੁਰਾਣੀ, ਪਤੀ ਨੂੰ ਕੁਝ ਵੀ ਬੁਰਾ ਭਲਾ ਨਹੀਂ ਕਹਿ ਸਕਦੀ ਸੀ, ਸੋ ਕਾਮਦਾਰ ਦੀ ਦੋਹਤੀ ਦੇ ਬਹਾਨੇ ਆਪਣੇ ਸਿਰ ਦੇ ਸਾਈਂ ਨੂੰ ਛੋਲੇ ਚਬਾਣ, ਚਰਨਾਮਤ ਪਿਲਾਣ ਅਤੇ ਪਿੱਠ ਤੇ ਬੈਠ ਕੇ ਮੰਜੇ ਦੁਆਲੇ ਸੱਤ ਚੱਕਰ ਲੁਆਣ ਦੀ ਗੱਲ ਦੱਸ ਦਿੱਤੀ। ਅੰਨਦਾਤਾ ਦੀ ਕਿਸੇ ਗੱਲ ਜਾਂ ਅਸੂਲ ਨੂੰ ਕੋਈ ਬੰਦਾ ਇਸ ਧਰਤੀ ਉੱਪਰ ਵੰਗਾਰੇ, ਇਹ ਗੱਲ ਤਾਂ ਉਸਨੇ ਕਦੀ ਸੁਫ਼ਨੇ ਵਿੱਚ ਨਹੀਂ ਸੋਚੀ। ਗੱਲ ਸੁਣਨਸਾਰ ਰਗਾਂ ਵਿ ੱਚ ਖ਼ੂਨ ਖੌਲਣ ਲੱਗਾ। ਉਸ ਮੂੰਹ ਫਟ ਛੋਕਰੀ ਨਾਲ ਹੁਣ ਤਾਂ ਵਿਆਹ ਕਰਕੇ ਹੀ ਸ਼ਾਂਤੀ ਮਿਲੇ! ਇੱਕ ਸੌ ਅੱਠ ਕਿਉਂ, ਦੋ ਸੌ ਅੱਠ ਤੀਰ ਕੱਢਿਆ ਕਰੂੰਗਾ। ਇਹ ਵੀ ਘੱਟ ਨੇ।
ਤੁਰੰਤ ਠਾਕੁਰ ਪਲੰਘ ਤੋਂ ਉੱਠ ਖੜ੍ਹਾ ਹੋਇਆ। ਪੰਜ ਸੱਤ ਨੌਕਰਾਂ ਨੂੰ ਲੈ ਕੇ ਸਿੱਧਾ ਕਾਮਗਾਰ ਦੀ ਹਵੇਲੀ ਪੁੱਜਿਆ। ਘਰ ਬੁਲਾ ਕੇ ਗੱਲ ਕਰ ਲੈਂਦਾ, ਏਨਾ ਸਬਰ ਵੀ ਨਹੀਂ। ਅੱਧੀ ਰਾਤ ਢਲਣ ਨੂੰ ਹੈ, ਅੰਨਦਾਤਾ ਖ਼ੁਦ ਆਇਆ ਹੈ, ਖ਼ਬਰ ਸੁਣੀ ਤਾਂ ਕਾਮਦਾਰ ਨੰਗੇ ਸਿਰ, ਨੰਗੇ ਪੈਰ ਹੱਥ ਜੋੜ ਕੇ ਹਾਜ਼ਰ ਹੋਇਆ। ਗ਼ੁੱਸੇ ਵਿੱਚ ਪਹਿਲਾਂ ਤਾਂ ਠਾਕੁਰ ਅੰਟ ਸੰਟ ਬੋਲਿਆ, ਫਿਰ ਦੋਹਤੀ ਦੇ ਮੂੰਹੋਂ ਨਿਕਲੀ ਅੰਟ ਸੰਟ ਗੱਲ ਨਾਨੇ ਨੂੰ ਸੁਣਾ ਕੇ ਹੁਕਮ ਦਿੱਤਾ ਕਿ ਇਸੇ ਪਲ ਦੋਹਤੀ ਦਾ ਵਿਆਹ ਮੇਰੇ ਨਾਲ ਕਰ। ਗੱਲ ਸੁਣਨਸਾਰ ਨਾਨੇ ਦੇ ਰੋਮ ਰੋਮ ਵਿੱਚੋਂ ਪਸੀਨਾ ਚੋਣ ਲੱਗਾ। ਦੋਹਤੀ ਨੂੰ ਬੁਲਾਕੇ ਪੁੱਛਿਆ- ਤੂੰ ਇਹੋ ਜਿਹੀ ਫ਼ਜ਼ੂਲ ਗੱਲ ਕੀਤੀ ਸੀ?
ਮਾਸੂਮ ਦੋਹਤੀ ਦੀ ਨਿਰਮਲ ਜੀਭ ਨੂੰ ਅਜੇ ਝੂਠ ਬੋਲਣ ਦੀ ਆਦਤ ਨਹੀਂ ਸੀ। ਗਰਦਣ ਹੇਠਾਂ ਵੱਲ ਝਟਕੇ ਨਾਲ ਕਰਦਿਆਂ ਕਿਹਾ- ਹਾਂ, ਇਹ ਗੱਲ ਮੈਂ ਕੀਤੀ ਸੀ, ਫਿਰ ਮੁੱਕਰ ਕਿਵੇਂ ਸਕਦੀ ਆਂ? ਸੱਚ ਝੂਠ ਦਾ ਪਤਾ ਤਾਂ ਉਦੋਂ ਲੱਗੂ ਜਦੋਂ ਕਰਕੇ ਦਿਖਾਊਂ।
ਨਾਨੇ ਨੇ ਬੜੇ ਮਿੰਨਤ ਤਰਲੇ ਕੀਤੇ ਕਿ ਦੋਹਤੀ ਨਿਆਣੀ ਹੈ, ਬੇਸਮਝ ਹੈ, ਵੱਡੇ ਆਦਮੀ ਨੂੰ ਵੱਡੀ ਗੱਲ ਵਿਚਾਰਨੀ ਚਾਹੀਦੀ ਹੈ। ਸਾਰਾ ਪਰਿਵਾਰ ਦੋਹਤੀ ਦੀ ਗੁਸਤਾਖੀ ਸਦਕਾ ਮਾਫ਼ੀ ਮੰਗਣ ਲਈ ਤਿਆਰ ਹੈ। ਮਾਫ਼ ਕਰਨ ਵਾਲੀ ਰਾਤ ਤਾਂ ਠਾਕੁਰ ਜੰਮਿਆਂ ਹੀ ਨਹੀਂ ਸੀ। ਹਠ ਦੇਖ ਕੇ ਨਾਨੇ ਨੇ ਕਿਹਾ ਕਿ ਚਲੋ ਕੁੜੀ ਦੇ ਮਾਂ ਪਿਉ ਨਾਲ ਗੱਲ ਕਰਕੇ ਦੱਸਾਂਗਾ। ਠਾਕੁਰ ਨੇ ਕਿਹਾ- ਜਦੋਂ ਮੈਨੂੰ ਜਚ ਗਈ ਫੇਰ ਕਿਸੇ ਨੂੰ ਕੁਝ ਪੁੱਛਣ ਦੀ ਲੋੜ ਹੀ ਨਹੀਂ। ਇਸ ਦੇ ਮਾਂ ਪਿਉ ਵੀ ਤਾਂ ਚੰਗੇ ਠਿਕਾਣੇ ਦੇ ਪਿੰਡ ਵਸਦੇ ਨੇ ਨਾ। ਫਿਰ ਠਾਕੁਰ ਦੀ ਮਨਸ਼ਾ ਬਿਨਾਂ ਉਹ ਹੋਰ ਕੁਝ ਸੋਚ ਕਿਵੇਂ ਸਕਦੇ ਨੇ?
ਲਉ ਜੀ, ਦੋਹਤੀ ਇਸ ਅਚਾਨਕ ਤੈਅ ਹੋਏ ਵਿਆਹ ਵਾਸਤੇ ਰਾਜੀ! ਉਸੇ ਰਾਤ ਠਾਕੁਰ ਨਾਲ ਫੇਰੇ ਹੋ ਗਏ। ਥੋੜ੍ਹਾ ਕੁ ਪੀਣ ਖਾਣ ਬਾਅਦ ਠਾਕੁਰ ਵਿੱਚ ਇੰਨਾ ਸਬਰ ਕਿੱਥੇ? ਪੂਰਨਮਾਸੀ ਦਾ ਚੰਦ ਅਜੇ ਜਗਮਗਾ ਰਿਹਾ ਸੀ। ਨਵੀਂ ਦੁਲਹਨ ਨੂੰ ਜਬਰਨ ਕਿਲੇ ਦੀ ਉਸੇ ਛੱਤ ਉੱਪਰ ਲੈ ਗਿਆ। ਸੰਧੂਰ ਦੇ ਨਿਸ਼ਾਨ ਉੱਪਰ ਖੜ੍ਹੀ ਕਰਕੇ ਠਾਕੁਰ ਨੇ ਜਦੋਂ ਕਿਹਾ- ਮੈਂ ਦੋ ਸੌ ਅੱਠ ਤੀਰ ਨੱਥ ਵਿੱਚੋਂ ਦੀ ਕੱਢਾਂਗਾ, ਉਹ ਖਿੜ ਖਿੜ ਹੱਸ ਪਈ। ਬੋਲੀ- ਏਨੀ ਮਾਮੂਲੀ ਗੱਲ ਦਾ ਏਨਾ ਹੰਕਾਰ? ਤੁਸੀਂ ਨੱਥ ਪਹਿਨ ਕੇ ਖੜ੍ਹੇ ਹੋਵੋ ਮੈਂ ਹਜ਼ਾਰ ਤੀਰ ਉਸ ਵਿੱਚੋਂ ਲੰਘਾ ਦਿਆਂ? ਇਹ ਤਾਂ ਮੇਰੇ ਖੱਬੇ ਹੱਥ ਦੀ ਖੇਡ ਹੈ। ਬਲਿਹਾਰੇ ਤਾਂ ਉਦੋਂ ਜਾਈਏ ਜੇ ਚੌਬੋਲੀ ਰਾਜਕੁਮਾਰੀ ਨੂੰ ਵਿਆਹ ਕੇ ਲਿਆਓ। ਸੱਤਰ ਵੀਹਾਂ ਰਾਜਿਆਂ ਨੇ, ਰਾਜਕੁੰਵਰਾਂ ਨੇ ਉਸ ਨਾਲ ਵਿਆਹ ਕਰਨ ਵਾਸਤੇ ਮੂੰਹ ਧੋਏ, ਸਾਰੇ ਬੰਦੀਖਾਨੇ ਵਿੱਚ ਕੈਦ ਹੋ ਕੇ ਰਾਤ ਦਿਨ ਘੋੜਿਆਂ ਵਾਸਤੇ ਦਾਣੇ ਦਲ ਰਹੇ ਨੇ! ਚੌਬੋਲੀ ਨੂੰ ਵਰਨ ਗੱਲ ਤਾਂ ਹੋਈ ਮਾਣ ਕਰਨ ਵਾਲੀ। ਨੱਥ ਵਿੱਚੋਂ ਤੀਰ ਲੰਘਾਉਣੇ ਕਿਧਰ ਦੀ ਕਾਰੀਗਾਰੀ?
ਇੱਕ ਵਾਰ ਤਾਂ ਨੱਕ ਵਿਨ੍ਹਵਾ ਕੇ ਨੱਥ ਵਿੱਚੋਂ ਦੀ ਹਜ਼ਾਰ ਤੀਰ ਕਢਵਾਣ ਵਾਸਤੇ ਠਾਕੁਰ ਮੰਨ ਵੀ ਗਿਆ ਪਰ ਫੇਰ ਸੋਚਿਆ- ਕਾਮਦਾਰ ਦੀ ਇਸ ਦੋਹਤੀ ਤੋਂ ਜੇ ਨਿਸ਼ਾਨਾ ਖੁੰਝ ਗਿਆ ਫੇਰ? ਉਹ ਤਾਂ ਚਾਹੇਗੀ ਵੀ ਇਹੋ ਕਿ ਖੁੰਝ ਜਾਏ। ਨੱਥ ਦੀ ਥਾਂ ਜੇ ਗਲੋਂ ਪਾਰ ਹੋ ਗਿਆ ਤੀਰ ਫੇਰ? ਉਸੇ ਵੇਲੇ ਠਾਕੁਰ ਨੇ ਤੀਰ ਕਮਾਨ ਵਗ੍ਹਾ ਮਾਰੇ ਤੇ ਪ੍ਰਣ ਕਰ ਲਿਆ ਕਿ ਚੌਬੋਲੀ ਨਾਲ ਵਿਆਹ ਕਰਾਂਗਾ।
ਪੱਚੀ ਸਾਲ ਸੰਤਾਪ ਭੋਗਣ ਬਾਅਦ ਠਕੁਰਾਣੀ ਨੂੰ ਅੱਜ ਲੱਗਿਆ ਕਿ ਨਵਾਂ ਜਨਮ ਹੋਇਆ ਹੈ। ਕਾਮਗਾਰ ਦੀ ਦੋਹਤੀ ਦਾ ਪਹਿਲਾ ਨਿਸ਼ਾਨਾ ਹੀ ਥਾਂ ਸਿਰ ਲੱਗਾ।
ਅਰਜਣ ਨੇ ਮੱਛੀ ਦੀ ਅੱਖ ਵਿੱਚ ਇੱਕ ਤੀਰ ਮਾਰਿਆ ਸੀ, ਇਹ ਤੀਰਅੰਦਾਜ਼ ਉਸ ਤੋਂ ਕਿਤੇ ਉੱਪਰ, ਹਜ਼ਾਰਾਂ ਤੀਰ ਕੱਢ ਚੁੱਕਾ। ਇਨਾ ਲੰਮਾ ਸਮਾਂ ਚੌਬੋਲੀ ਨਾਲ ਉਸਨੇ ਵਿਆਹ ਕਰਾਉਣ ਵਾਸਤੇ ਕਿਉਂ ਨਾ ਸੋਚਿਆ, ਅਨੋਖੀ ਗੱਲ ਹੈ। ਹੁਣ ਜਦੋਂ ਫੈਸਲਾ ਹੋ ਹੀ ਗਿਆ, ਫਿਰ ਦੇਰ ਕਾਸ ਲਈ? ਸਰਘੀ ਵੇਲੇ ਹੀ ਘੋੜੇ ਉੱਪਰ ਤੰਗੜ ਕਾਠੀ ਕਸ ਕੇ ਅੱਡੀ ਲਾਈ ਤੇ ਧੂੜਾਂ ਪੁਟਦਾ ਹੋਇਆ ਚੌਬੋਲੀ ਦੇ ਸ਼ਹਿਰ ਵੱਲ ਉੱਡ ਗਿਆ। ਰਵਾਨਾ ਹੋਣ ਵੇਲੇ ਬਾਰ ਬਾਰ ਕਹਿ ਕੇ ਗਿਆ ਸੀ ਕਿ ਚੌਬੋਲੀ ਨੂੰ ਘੋੜੇ ਪਿੱਛੇ ਬਿਠਾ ਕੇ ਇਸੇ ਤਰ੍ਹਾਂ ਧੂੜ ਉਡਾਂਦਾ ਹੋਇਆ ਵਾਪਸ ਪਰਤਾਂਗਾ। ਜਦੋਂ ਇਸ ਰਸਤੇ ਵੱਲੋਂ ਤੁਸੀਂ ਧੂੜ ਦੀ ਨ੍ਹੇਰੀ ਉਡਦੀ ਆਉਂਦੀ ਦੇਖੋਂ, ਸੁਆਗਤ ਵਾਸਤੇ ਅੱਗੇ ਜਾ ਜਾਇਓ। ਇਹ ਨਾ ਹੋਵੇ ਕਿ ਕਿਸੇ ਗੱਲੋਂ ਕੋਈ ਕਸਰ ਰਹਿ ਜਾਵੇ।
ਤੀਜੇ ਦਿਨ ਠਾਕੁਰ ਰਾਜਕੁਮਾਰੀ ਦੇ ਸ਼ਹਿਰ ਪਹੁੰਚਿਆ। ਨਹਾ ਧੋ ਕੇ ਉਤਸੁਕਤਾ ਨਾਲ ਰਾਜਮਹਿਲ ਵੱਲ ਰਵਾਨਾ ਹੋਇਆ। ਸੌ ਸੌ ਕਰਮਾ ਦੀ ਵਿੱਥ ਤੇ ਨਗਾਰੇ ਰੱਖੇ ਹੋਏ ਸਨ। ਇਕ ਇਕ ਨਗਾਰੇ ਉੱਤੇ ਡੱਗਾ ਲਾਉਂਦਾ ਲਾਉਂਦਾ ਠਾਕੁਰ, ਰਾਜਦਰਬਾਰ ਵਿਚ ਹਾਜ਼ਰ ਹੋਇਆ। ਸ਼ਹਿਰ ਵਿੱਚ ਖ਼ਬਰ ਫੈਲ ਗਈ ਕਿ ਰਾਜਕੁਮਾਰੀ ਨੂੰ ਵਿਆਹੁਣ ਵਾਲਾ ਇੱਕ ਨਵਾਂ ਉਮੀਦਵਾਰ ਆਇਐ। ਇਸ ਤੋਂ ਪਹਿਲਾਂ ਕਈ ਵਾਰ ਡੱਗੇ ਵੱਜ ਚੁੱਕੇ ਸਨ ਪਰ ਕੋਈ ਰਾਜਕੁਮਾਰੀ ਦੀ ਸ਼ਰਤ ਪੂਰੀ ਨਹੀਂ ਕਰ ਸਕਿਆ। ਫੇਰੇ ਲੈਣ ਦੇ ਇਛੁੱਕ ਰਾਜੇ ਅਗਲੇ ਹੀ ਦਿਨ ਬੰਦੀ ਹੋ ਕੇ ਘੋੜਿਆਂ ਲਈ ਦਾਣਾ ਦਲਣ ਲੱਗ ਜਾਂਦੇ। ਇੰਨੇ ਉਮੀਦਵਾਰ ਜਮ੍ਹਾ ਹੋ ਗਏ ਕਿ ਘੋੜਿਆਂ ਦਾ ਦਾਣਾ ਟਕੇ ਸੇਰ ਵੀ ਲੈਣ ਲਈ ਕੋਈ ਗਾਹਕ ਤਿਆਰ ਨਹੀਂ ਸੀ।
ਇਸ ਵਾਰੀ ਡੱਗੇ ਦੀ ਚੋਟ ਕੁਝ ਵੱਧ ਉੱਚੀ ਸੀ। ਪਰਜਾ ਨੇ ਸੋਚਿਆ ਇਹ ਸ਼ਖ਼ਸ ਤਕੜਾ ਲਗਦੈ ਕੋਈ, ਚੌਬੋਲੀ ਨੂੰ ਚਾਰ ਵਾਰ ਬੁਲਾ ਕੇ ਹੀ ਹਟੇਗਾ। ਪਰਜਾ ਦਾ ਹੌਸਲਾ ਵਧਿਆ। ਰਾਜੇ ਰਾਣੀ ਨੂੰ ਵੀ ਲੱਗਿਆ ਇਨੇ ਸਾਲ ਬਾਅਦ ਰਾਜਕੁਮਾਰੀ ਦੇ ਹੱਥ ਪੀਲੇ ਹੋਣਗੇ। ਰਾਜਮਹਿਲ ਵਿੱਚ ਖ਼ੁਸ਼ੀ ਦੀ ਲਹਿਰ ਸੀ।
ਸ਼ਾਮ ਹੁੰਦਿਆਂ ਹੀ ਚੋਬਦਾਰ ਠਾਕੁਰ ਨੂੰ ਚੌਬੋਲੀ ਦੇ ਸੋਨ ਮਹਿਲ ਵਿੱਚ ਲੈ ਕੇ ਦਾਖ਼ਲ ਹੋਇਆ। ਰਾਜਕੁਮਾਰੀ ਆਪਣੇ ਤਖ਼ਤ ਉਪਰ ਬਿਰਾਜਮਾਨ ਸੀ। ਚਾਰੇ ਪਾਸੇ ਘਿਉ ਦੇ ਦੀਵੇ ਬਲ ਰਹੇ। ਮਹਿਲ ਅੰਦਰ ਜਾਂਦਿਆਂ ਹੀ ਠਾਕੁਰ ਦੀ ਨਿਗ੍ਹਾ ਚੌਬੋਲੀ ਉੱਪਰ ਪਈ ਤਾਂ ਉਸਦੇ ਪੈਰ ਉਸੇ ਥਾਂ ਗੱਡੇ ਗਏ। ਪਹਿਲੀ ਵਾਰ ਠਾਕੁਰ ਨੂੰ ਲੱਗਿਆ ਕਿ ਸੂਰਜ ਹਮੇਸ਼ਾਂ ਇਸੇ ਸੋਨਮਹਿਲ ਵਿੱਚੋਂ ਉਦਯ ਹੁੰਦੈ।
ਸੋਨਮਹਿਲ ਦੇ ਚਾਰੇ ਦਰਵਾਜ਼ਿਆਂ ਉੱਪਰ ਚਾਰ ਢੋਲੀ ਗਲਾਂ ਵਿੱਚ ਢੋਲ ਲਟਕਾਈ ਖੜ੍ਹੇ ਸਨ। ਰਾਜਕੁਮਾਰੀ ਮੂੰਹ ਖੋਲ੍ਹੇਗੀ, ਉਹ ਢੋਲ ਵਜਾ ਕੇ ਐਲਾਨ ਕਰਨਗੇ। ਪਰ ਇੰਨੇ ਸਾਲ ਬੀਤ ਗਏ ਇਹ ਮੌਕਾ ਆਇਆ ਹੀ ਨਹੀਂ। ਕਾਠ ਦੇ ਪੁਤਲਿਆਂ ਵਾਂਗ ਖੜ੍ਹੇ ਦੇ ਖੜ੍ਹੇ ਰਹੇ।
ਦਰਵਾਜ਼ੇ ਅੰਦਰ ਪੈਰ ਰੱਖਦਿਆਂ ਹੀ ਠਾਕੁਰ ਵੀ ਪੱਥਰ ਦੇ ਬੁੱਤ ਵਾਂਗ ਇੱਕ ਥਾਂ ਚੁੱਪ ਚਾਪ ਖਲੋ ਗਿਆ। ਆਇਆ ਸੀ ਰਾਜਕੁਮਾਰੀ ਨੂੰ ਬੁਲਾਉਣ, ਖ਼ੁਦ ਬੋਲਣਾ ਭੁੱਲ ਗਿਆ। ਰਾਤ ਢਲਦਿਆਂ ਨੌਕਰ ਬਾਹੋਂ ਫੜ ਕੇ ਉਸਨੂੰ ਬਾਹਰ ਖਿੱਚਣ ਲੱਗੇ ਤਾਂ ਕਿਤੇ ਹੋਸ਼ ਆਈ। ਬੜੀਆਂ ਮਿੰਨਤਾਂ ਕੀਤੀਆਂ ਕਿ ਇੱਕ ਮੌਕਾ ਹੋਰ ਦਿਉ...। ਨੱਥ ਵਿੱਚੋਂ ਦੀ ਹਜ਼ਾਰਾਂ ਤੀਰ ਕੱਢਣ ਵਾਲੇ ਵਾਸਤੇ ਇਹ ਕਿਹੜਾ ਖ਼ਾਸ ਗੱਲ ਸੀ? ਪਰ ਉਸਦੀ ਕਿਸੇ ਨੇ ਨਾ ਸੁਣੀ। ਨੌਕਰ ਧੱਕੇ ਮਾਰ ਮਾਰ ਤਹਿਖਾਨੇ ਅੰਦਰ ਜਮ੍ਹਾ ਕਰਾ ਗਏ। ਹੱਥ ਵਿੱਚ ਚੱਕੀ ਦਾ ਹੱਥਾ ਫੜਾ ਕੇ ਦਾਣਾ ਦਲਣ ਲਈ ਬੋਰੀ ਨੇੜੇ ਸਰਕਾ ਦਿੱਤੀ। ਨਾਲ ਬੈਠੇ ਬਾਕੀ ਦੇ ਉਮੀਦਵਾਰਾਂ ਨੇ ਠਾਕੁਰ ਨੂੰ ਝਿਜਕਦਿਆਂ ਦੇਖਿਆ ਤਾਂ ਖੂਬ ਖਿੜ ਖਿੜ ਹੱਸੇ। ਖ਼ੁਸ਼ ਹੋਏ, ਇੱਕ ਸਾਥੀ ਹੋਰ ਵਧਿਆ। ਦੁਨੀਆ ਵਿੱਚ ਪਾਗਲਾਂ ਦੀ ਕੋਈ ਘਾਟ ਨਹੀਂ। ਇਨ੍ਹਾਂ ਵਿੱਚ ਕਮੀ ਹੋਇਆ ਈ ਨਹੀਂ ਕਰਦੀ ਕਦੀ।
ਠਾਕੁਰ ਦੇ ਨਗਰਵਾਸੀ ਦਸ ਦਿਨ ਉਸ ਪਾਸੇ ਵੱਲ ਅੱਖਾਂ ਪਾੜ ਪਾੜ ਦੇਖਦੇ ਰਹੇ ਜਿੱਧਰੋਂ ਧੂੜ ਦੇ ਬੱਦਲ ਉਠਣੇ ਸਨ। ਕੁਝ ਨਜ਼ਰੀਂ ਨਹੀਂ ਪਿਆ। ਦਸਵੇਂ ਦਿਨ ਪੱਕਾ ਸਬੂਤ ਮਿਲ ਗਿਆ ਕਿ ਚੌਬੋਲੀ ਨੂੰ ਬੁਲਾਉਣ ਵਾਸਤੇ ਗਿਆ ਠਾਕੁਰ ਖ਼ੁਦ ਬੋਲਣਾ ਭੁੱਲ ਗਿਆ। ਦੂਜੇ ਬੰਦੀਆਂ ਨਾਲ ਰਲ ਮਿਲ ਕੇ ਘੋੜਿਆਂ ਦਾ ਦਾਣਾ ਦਲ ਰਿਹੈ। ਅਜੇ ਪੂਰਾ ਦਾਣਾ ਦਲਿਆ ਨਹੀਂ ਜਾ ਰਿਹਾ, ਛੇਤੀ ਸਿਖ ਜਾਏਗਾ।
ਉਧਰ ਤੀਰਾਂ ਦੀ ਸਾਂ ਸਾਂ ਬੰਦ ਹੋਣ ਕਰਕੇ, ਠਕੁਰਾਣੀ ਦੀ ਦੇਹ ਨਰੋਈ ਹੋਣ ਲੱਗੀ। ਨਵੀਂ ਠਕੁਰਾਣੀ ਜਾਣਦੀ ਸੀ ਠਾਕੁਰ ਵਰਗੀ ਅਕਲ ਵਾਲੇ ਬੰਦੇ ਦੇ ਵਸ ਵਿੱਚ ਚੌਬੋਲੀ ਨੂੰ ਬੁਲਾਉਣਾ ਹੈ ਹੀ ਨਹੀਂ। ਹੁਣ ਉਸਨੇ ਆਪਣੀ ਜੁਗਤ ਲੜਾਉਣੀ ਸੀ। ਤੀਰਥ ਯਾਤਰਾ ਦੇ ਬਹਾਨੇ ਚੌਬੋਲੀ ਦੇ ਸ਼ਹਿਰ ਪੁੱਜੀ। ਮਰਦਾਨਾ ਭੇਸ ਧਾਰਕੇ ਰੋਅਬ ਦਾਅਬ ਨਾਲ ਨਗਾਰੇ ਉੱਤੇ ਡੱਗਾ ਲਾਉਣ ਵਾਲੀ ਹੀ ਸੀ ਕਿ ਨੇੜੇ ਖੜ੍ਹੇ ਚੋਬਦਾਰ ਨੇ ਕਿਹਾ- ਮਾਪਿਆਂ ਨਾਲ ਰੁੱਸ ਕੇ ਤਾਂ ਨਹੀਂ ਆਇਆ? ਤੇਰੇ ਵਰਗੇ ਸੱਤਰ ਵੀਹਾਂ ਉਮੀਦਵਾਰ ਤਹਿਖਾਨੇ ਵਿ ੱਚ ਦਾਣਾ ਦਲ ਰਹੇ ਨੇ, ਦੋਜਖ ਦੀ ਜੂਨ ਕੱਟ ਰਹੇ ਨੇ। ਤੇਰੇ ਮੂੰਹ ਵਿੱਚੋਂ ਤਾਂ ਮਾਂ ਦੇ ਦੁੱਧ ਦੀ ਸੁਗੰਧੀ ਆ ਰਹੀ ਹੈ, ਮੇਰਾ ਆਖਾ ਮੰਨ, ਵਾਪਸ ਤੁਰ ਜਾਹ।
ਉਤਸ਼ਾਹੀ ਜੁਆਨ ਨੇ ਤਾਂ ਜਿਵੇਂ ਕੋਈ ਬੋਲ ਸੁਣਿਆ ਹੀ ਨਹੀਂ। ਦੜੰਗ ਦੜੰਗ ਕਰਕੇ ਸੱਤ ਡੱਗੇ ਮਾਰੇ। ਸੁਣਨ ਵਾਲਿਆਂ ਦੇ ਕੰਨ ਖੜ੍ਹੇ ਹੋ ਗਏ। ਐਤਕਾਂ ਦਾ ਐਲਾਨ ਕੁਝ ਵੱਖਰੀ ਤਰ੍ਹਾਂ ਦਾ ਲੱਗਿਆ। ਚਾਰ ਚੋਬਦਾਰਾਂ ਨਾਲ ਇਹ ਜੁਆਨ ਸਿੱਧਾ ਚੌਬੋਲੀ ਦੇ ਸੋਨਮਹਿਲ ਅੰਦਰ ਆਇਆ। ਅਸਮਾਨ ਵਿੱਚ ਗੁਲਾਬੀ ਸੰਧਿਆ ਦੀ ਲਾਲੀ ਖਿੰਡੀ ਪੁੰਡੀ। ਸੂਰਜ ਦੇਵਤਾ ਨੇ ਧਰਤੀ ਦੀ ਗੋਦੀ ਵਿੱਚ ਮੂੰਹ ਲੁਕਾ ਲਿਆ।
ਸ਼ਹਿਰ ਵਿੱਚ ਖ਼ਬਰ ਫੈਲ ਗਈ ਕਿ ਇੱਕ ਜੁਆਨ ਫੇਰ ਰਾਜਕੁਮਾਰੀ ਨਾਲ ਵਿਆਹ ਕਰਵਾਣ ਲਈ ਮੂੰਹ ਧੋ ਕੇ ਆਇਐ, ਵਿਚਾਰੇ ਦੀ ਉਹੀ ਦੁਰਗਤ ਹੋਣ ਵਾਲੀ ਸਮਝੋ। ਤਹਿਖਾਨੇ ਵਿੱਚ ਕਿਵੇਂ ਉਮਰ ਬਿਤਾਏਗਾ? ਜਾਣ ਕੇ ਅਣਜਾਣ ਬਣ ਬਣ ਅਕਲਮੰਦ ਮਨੁੱਖ ਮੁਸੀਬਤ ਮੁੱਲ ਕਿਉਂ ਲੈ ਰਹੇ ਨੇ, ਹੈਰਾਨੀ ਦੀ ਗੱਲ! ਤਹਿਖਾਨੇ ਵਿੱਚ ਚੱਕੀਆਂ ਪੀਹਣ ਵਾਲੇ ਰਾਜੇ ਮਹਾਰਾਜੇ ਡੱਗਿਆਂ ਦੀ ਆਵਾਜ਼ ਸੁਣ ਕੇ ਖ਼ੁਸ਼ ਹੋਏ ਕਿ ਅਗਲੀ ਸਵੇਰ ਇੱਕ ਹੋਰ ਸਾਥੀ ਵਧਣ ਵਾਲਾ ਹੈ।
ਮਰਦਾਨਾ ਲਿਬਾਸ ਪਹਿਨੀ ਛੋਟੀ ਠਕੁਰਾਣੀ ਹੱਥ ਵਿੱਚ ਤਲਵਾਰ ਫੜੀ ਸੋਨਮਹਿਲ ਦੇ ਦਰਵਾਜ਼ੇ ਤੱਕ ਆਈ। ਗਲਾਂ ਵਿੱਚ ਢੋਲ ਲਟਕਾਈ ਢੋਲੀ ਸਿੱਧੇ ਖਲੋਤੇ ਸਨ। ਰਾਜਕੁਮਾਰੀ ਚੌਬੋਲੀ ਸੋਨੇ ਦੇ ਪਲੰਘ ਉੱਤੇ ਸੋਨੇ ਦੀ ਪੁਤਲੀ ਵਾਂਗ ਠਾਠ ਨਾਲ ਬੈਠੀ ਸੀ। ਚਾਰੇ ਪਾਸੇ ਘਿਉ ਦੇ ਦੀਵੇ ਬਿਜਲੀਆਂ ਦੇ ਟੁਕੜਿਆਂ ਵਾਂਗ ਝਿਲਮਿਲਾ ਰਹੇ ਸਨ।
ਪਹਿਲੀ ਨਜ਼ਰ ਵਿੱਚ ਛੋਟੀ ਠਕੁਰਾਣੀ ਦੀਆਂ ਅੱਖਾਂ ਚੁੰਧਿਆ ਗਈਆਂ। ਚੌਬੋਲੀ ਦਾ ਰੂਪ ਹੈ ਦਾਣੇ ਦਲਾਣ ਵਰਗਾ ਹੀ। ਇਸ ਰੂਪ ਦੀ ਤਾਂ ਲਾਲਸਾ ਹੀ ਸਭ ਤੋਂ ਉੱਪਰ ਹੈ। ਹੱਥ ਆ ਜਾਏ ਤਾਂ ਉਹੀ ਗੱਲ, ਨਾ ਆਏ ਤਾਂ ਉਹੀ ਗੱਲ। ਔਰਤ ਦੀ ਦੇਹ ਅਤੇ ਔਰਤ ਦਾ ਦਿਲ ਹੋਣ ਤੇ ਵੀ ਠਕੁਰਾਣੀ ਉਸ ਉੱਪਰ ਮੋਹਿਤ ਹੋ ਗਈ। ਚੌਬੋਲੀ ਦੀ ਆਭਾ ਸਾਮ੍ਹਣੇ ਦੀਵਿਆਂ ਦੀ ਰੌਸ਼ਨੀ ਧੁੰਦ ਗੁਬਾਰ ਵਰਗੀ ਲਗਦੀ ਸੀ। ਖ਼ੂਬਸੂਰਤ ਉਮੀਦਵਾਰ, ਸਾਮ੍ਹਣੇ ਵਿਛੇ ਗਲੀਚੇ ਉੱਪਰ ਬੈਠ ਗਿਆ। ਰਾਜਕੁਮਾਰੀ ਦਾ ਮੁਖੜਾ ਨਿਹਾਰਦਾ ਹੋਇਆ ਕਹਿਣ ਲੱਗਾ- ਚੌਬੋਲੀ ਹੁੰਗਾਰਾ ਭਰਦੀ ਨਹੀਂ, ਫਿਰ ਮੇਰੀ ਗੱਲ ਦਾ ਹੁੰਗਾਰਾ ਕੌਣ ਦਏਗਾ? ਬਿਨ ਹੁੰਗਾਰੇ ਕਹਾਣੀ ਬੇਰਸ ਲਗਦੀ ਹੈ।
ਹਾਂ, ਨਾਂ ਨਾਂਹ, ਚੌਬੋਲੀ ਨੇ ਕਿੱਥੇ ਬੋਲਣਾ ਸੀ? ਉਸਨੇ ਆਪਣੀ ਗੱਲ ਫਿਰ ਦੁਹਰਾਈ। ਇਸ ਵਾਰ ਸੁਨਹਿਰੇ ਪਲੰਘ ਕਿਹਾ- ਮੈਂ ਦਿਆਂਗਾ ਹੁੰਗਾਰਾ। ਵਾਹ, ਬਿਨ ਹੁੰਗਾਰੇ ਬਾਤ ਦਾ ਕੀ ਮਜ਼ਾ? ਸੁਨਹਿਰੀ ਪਲੰਘ ਨੇ ਮੁਸ਼ਕਲ ਹੱਲ ਕਰ ਦਿੱਤੀ ਤਾਂ ਜੁਆਨ ਨੇ ਬਿਨਾਂ ਰੋਕ ਟੋਕ ਬਾਤ ਸੁਣਾਣੀ ਸ਼ੁਰੂ ਕਰ ਦਿੱਤੀ ਕਿ-
ਇੱਕ ਸੀ ਗੁਰੂ ਤੇ ਇੱਕ ਸੀ ਉਸ ਦਾ ਆਗਿਆਕਾਰੀ ਵਿਦਿਆਰਥੀ। ਗੁਰੂ ਨੇ ਇੱਕ ਦਿਨ ਵਿਦਿਆਰਥੀ ਨੂੰ ਸਿੱਖਿਆ ਦਿੱਤੀ ਕਿ ਦੁਨੀਆ ਵੱਡੋ ਵੱਡੇ ਦਾ ਖੇਲ੍ਹ ਹੈ। ਧੀਂਗ ਤੋਂ ਧੀਂਗ ਪਏ ਨੇ ਦੁਨੀਆ ਵਿੱਚ, ਕੋਈ ਘਾਟਾ ਨਹੀਂ, ਇੱਕ ਤੋਂ ਚੜ੍ਹਦਾ ਇੱਕ। ਤਲਾਸ਼ ਕਰਨ ਨਿਕਲੀਏ ਹਰੇਕ ਤੋਂ ਹਰੇਕ ਵਧ ਚੜ੍ਹ ਕੇ ਨਿਕਲਦਾ ਹੈ।
ਗੁਰੂ ਦੀ ਸਿੱਖਿਆ ਠੀਕ ਹੈ ਕਿ ਨਹੀਂ, ਪਰਖ ਕਰਨ ਵਾਸਤੇ ਚੇਲਾ ਸੰਸਾਰ ਵਿੱਚ ਨਿਕਲ ਤੁਰਿਆ। ਕੁਝ ਦਿਨਾਂ ਬਾਅਦ ਅਹਿਸਾਸ ਹੋਇਆ, ਗੁਰੂ ਦਾ ਕਥਨ ਸਹੀ ਹੈ। ਇਸ ਦੀ ਜਾਂਚ ਕਰਨ ਵੇਲੇ ਉਸਨੂੰ ਇੱਕ ਦਿਨ ਅਜੀਬ ਆਦਮੀ ਦਿਸਿਆ। ਗਰਦਣ, ਅੱਖਾਂ, ਉੱਪਰ ਹੀ ਉੱਪਰ ਉਚੀਆਂ ਕਰ ਕਰ ਉਹ ਆਕਾਸ਼ ਵੱਲ ਦੇਖੀ ਜਾਂਦਾ ਸੀ, ਹੇਠਾਂ ਵਲ ਪਲਕਾਂ ਨਹੀਂ ਝੁਕਾਈਆਂ।
ਪਹਿਲੀ ਵਾਰ ਪੁੱਛਣ ਤੇ ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ, ਦੋ ਵਾਰ ਪੁੱਛਿਆ ਫਿਰ ਤਿੰਨ ਵਾਰ ਪੁੱਛਣ ਤੇ ਉੱਪਰ ਹੀ ਉੱਪਰ ਦੇਖਦਾ ਹੋਇਆ ਬੋਲਿਆ- ਛੇ ਮਹੀਨੇ ਹੋਏ ਆਸਮਾਨ ਵੱਲ ਤੀਰ ਛੱਡੇ ਨੂੰ, ਹੁਣ ਤੱਕ ਵਾਪਸ ਨੀ ਆਇਆ। ਆਕਾਸ਼ ਕਿਤੇ ਨਿਗਲ ਤਾਂ ਨਹੀਂ ਗਿਆ? ਸਮਝ ਨੀ ਪੈਂਦੀ ਗੱਲ ਹੋਈ ਕੀ!
ਇਨੇ ਨੂੰ ਸਾਂ ਸਾਂ ਕਰਦਾ ਤੀਰ ਹੇਠ ਵੱਲ ਆਉਂਦਾ ਦਿਸਿਆ, ਦੇਖਦੇ ਦੇਖਦੇ ਜ਼ਮੀਨ ਉੱਪਰ ਨੋਕਭਾਰ ਡਿਗਿਆ ਤੇ ਅੱਖੋਂ ਉਹਲੇ ਹੋ ਗਿਆ। ਜ਼ਮੀਨ ਉੱਪਰੋਂ ਹੇਠਾਂ ਵੱਲ ਬਹੁਤ ਡੂੰਘੀ ਮੋਰੀ ਹੋਈ ਦਿੱਸੀ।
ਤੀਰ ਵਾਲੇ ਨੇ ਇੱਕ ਅੱਖ ਨਾਲ ਧਰਤੀ ਦੇ ਸੁਰਾਖ ਨੂੰ ਦੇਖਿਆ, ਹੋਠਾਂ ਵਿੱਚ ਆਪੇ ਬੁੜਬੁੜਾਇਆ- ਇੱਕੀ ਬਾਂਸ ਡੂੰਘਾ ਧਸ ਗਿਆ ਪਰ ਕੋਈ ਗੱਲ ਨਹੀਂ। ਇਸ ਨੂੰ ਬਾਹਰ ਕੱਢਣ ਵਿੱਚ ਕੀ ਔਖ? ਇਹ ਕਹਿਕੇ ਉਸਨੇ ਸੁਰਾਖ ਵੱਲ ਨਿਸ਼ਾਨਾ ਬੰਨ੍ਹ ਕੇ ਕਮਾਨ ਖਿੱਚਿਆ ਤੇ ਤੀਰ ਛੱਡਿਆ। ਸਰਰ... ਸਰਰ... ਕਰਦਾ ਤੀਰ ਖੱਡ ਅੰਦਰ ਗਿਆ ਅਤੇ ਪਹਿਲੇ ਤੀਰ ਸਣੇ ਬਾਹਰ ਆ ਗਿਆ। ਦੋ ਤੀਰ ਹੇਠੋਂ ਨਿਕਲ ਕੇ ਜ਼ਮੀਨ ਉੱਪਰ ਆ ਡਿੱਗੇ।
ਚੇਲੇ ਦੀ ਹੈਰਾਨੀ ਦੀ ਹੱਦ ਨਾ! ਇਹ ਆਦਮੀ ਤਾਂ ਕਮਾਲ ਹੈ! ਇਸ ਨਾਲ ਮੁਲਾਕਾਤ ਅਚਾਨਕ ਆਪੇ ਹੋ ਗਈ! ਤੀਰਅੰਦਾਜ ਨੇ ਚੇਲੇ ਨੂੰ ਕਿਹਾ- ਭਾਈ ਤੂੰ ਰਸਤੇ ਰਸਤੇ ਤੁਰਿਆ ਜਾਂਦਾ ਸੀ, ਮੇਰੇ ਕੋਲ ਇੰਨੀ ਦੇਰ ਕਿਉਂ ਖੜ੍ਹਾ ਰਿਹਾ? ਕਿੱਥੇ ਜਾ ਰਿਹਾ ਸੀ? ਮੇਰੀ ਮੂਰਖਤਾ ਕਰਕੇ ਤੇਰਾ ਸਮਾਂ ਖ਼ਰਾਬ ਹੋਇਆ ਤਾਂ ਮੈਨੂੰ ਖਿਮਾ ਕਰ ਦੇਈਂ।
ਚੇਲਾ ਬੋਲਿਆ- ਮੇਰਾ ਕੰਮ ਤਾਂ ਇੱਥੇ ਹੀ ਹੋ ਗਿਆ। ਮੈਂ ਨਿਕਲਿਆ ਸੀ ਸਭ ਤੋਂ ਵੱਡੇ ਦੀ ਤਲਾਸ਼ ਵਿੱਚ, ਤੂੰ ਬਿਨਾਂ ਖੋਜੇ ਰਸਤੇ ਵਿੱਚ ਮਿਲ ਪਿਆ। ਬੇਮਿਸਾਲ ਮਨੁੱਖ ਦੀ ਤਾਂ ਕਲਪਨਾ ਕਰਨੀ ਵੀ ਚੰਗੀ ਪਰ ਅੱਜ ਤਾਂ ਦਰਸ਼ਨ ਕਰਨ ਦਾ ਲਾਭ ਮਿਲ ਗਿਆ। ਇਸੇ ਖੋਜ ਵਿੱਚ ਹੁਣ ਅੱਗੇ ਜਾਊਂਗਾ।
ਪਲੰਘ ਨਿਰੰਤਰ ਹੁੰਗਾਰਾ ਦੇਈ ਗਿਆ। ਜੁਆਨ ਦਾ ਲਿਬਾਸੀ ਪਹਿਨੀ ਛੋਟੀ ਠਕੁਰਾਣੀ ਮਿੱਠੀ ਆਵਾਜ਼ ਵਿੱਚ ਕਹਾਣੀ ਸੁਣਾਂਦੀ ਰਹੀ। ਸੋਨੇ ਦੀ ਮੂਰਤੀ ਵਾਂਗ ਚੌਬੋਲੀ ਚੁੱਪ ਚਾਪ ਗੁੰਮ ਸੁੰਮ ਬੈਠੀ ਰਹੀ, ਜਿਵੇਂ ਨਾ ਸੁਣਨਾ ਜਾਣੇ ਨਾ ਬੋਲਣਾ। ਬੋਲਣ ਦੀ ਗੱਲ ਦੂਰ, ਉਹ ਤਾਂ ਪਲਕਾਂ ਨਹੀਂ ਝਪਕਦੀ।
ਨੌਜੁਆਨ ਨੇ ਕਹਾਣੀ ਜਾਰੀ ਰੱਖੀ- ਤੀਰਅੰਦਾਜ ਕਹਿੰਦਾ ਮੈਂ ਵੀ ਚੱਲਦਾਂ, ਮੈਂ ਇੱਥੇ ਕੀ ਕਰਨੈ? ਮੈਂ ਵੀ ਦੇਖਾਂ। ਖੋਜਣ ਲੱਗੀਏ ਤਾਂ ਕੀ ਨਹੀਂ ਮਿਲਦਾ? ਪਿਆਸ ਲੱਗੀ ਹੋਈ ਸੀ, ਰਸਤੇ ਵਿੱਚ ਤਲਾਬ ਆ ਗਿਆ। ਪਾਣੀ ਪੀਣ ਲਈ ਉਧਰ ਮੁੜੇ, ਉਥੇ ਅਜੀਬ ਆਦਮੀ ਖੜ੍ਹਾ ਨਜ਼ਰ ਆਇਆ। ਇਕੱਲਾ ਖਲੋਤਾ ਹੱਸ ਰਿਹਾ, ਤਾੜੀਆਂ ਵਜਾ ਰਿਹਾ, ਕੁੱਦ ਰਿਹਾ, ਕਿਲਕਾਰੀਆਂ ਮਾਰ ਰਿਹਾ। ਤੀਰ ਵਾਲਾ ਜੁਆਨ ਉਸ ਕੋਲ ਗਿਆ ਤਾਂ ਚੇਲਾ ਬੋਲਿਆ- ਨਿਰਾ ਪਾਗਲ ਲਗਦੈ, ਇਸ ਤੋਂ ਪਰੇ ਰਹੀਏ ਠੀਕ ਹੋਵੇ!
ਤੀਰ ਵਾਲਾ ਬੇਢਬਾ ਜੁਆਨ ਬੋਲਿਆ- ਇਸ ਵਰਗੇ ਪਾਗਲ ਸਭ ਤੋਂ ਉੱਤਮ ਹੋਇਆ ਕਰਦੇ ਨੇ। ਪਾਗਲਪਣ ਬਿਨਾਂ ਪ੍ਰਤਿਭਾ ਕਿੱਥੇ?
ਦੋਵੇਂ ਉਸ ਨੇੜੇ ਜਾ ਕੇ ਖਲੋਅ ਗਏ। ਉਹ ਉਸੇ ਤਰ੍ਹਾਂ ਤਾੜੀਆਂ ਮਾਰਦਾ, ਹਸਦਾ ਚਿਲਾਉਂਦਾ ਰਿਹਾ। ਜਦੋਂ ਗੱਲ ਕਰਨੀ ਚਾਹੀ ਖਿਝ ਕੇ ਬੋਲਿਆ- ਚੁਪ ਰਹੋ। ਵਿਘਨ ਨਾ ਪਾਉ। ਉਹ ਗਈ... ਅਹੁ ਦੂਜੀ ਗਈ... ਡੱਬਖੜੱਬੀ ਸਭ ਤੋਂ ਅੱਗੇ... ਪੀਲੀ ਤੇ ਲਾਖੀ ਹਵਾ ਵਾਂਗ ਉਡ ਰਹੀਆਂ... ਵਾਹ ਵਾਹ ਸਫ਼ੈਦ ਘੋੜੀ ਸਭ ਨੂੰ ਮਾਤ ਦੇ ਗਈ!
ਦੋਵਾਂ ਨੇ ਫਿਰ ਜਾਣਨਾ ਚਾਹਿਆ ਕਿ ਮਾਜਰਾ ਹੈ ਕੀ, ਉਹ ਉਧਰ ਨਿਗ੍ਹਾ ਗੱਡੀ ਬੋਲਣ ਲੱਗਾ- ਕੱਛਭੁਜ ਵਿੱਚ ਘੋੜੇ ਘੋੜੀਆਂ ਦੀਆਂ ਦੌੜਾਂ ਦੇ ਮੁਕਾਬਲੇ ਹੋ ਰਹੇ ਨੇ। ਮੈਂ ਉਹ ਖੇਡਾਂ ਦੇਖ ਰਿਹਾਂ। ਤੁਹਾਡਾ ਖ਼ਿਆਲ ਐ ਮੈਂ ਪਾਗਲ ਆਂ?
ਚੇਲੇ ਨੇ ਪੁੱਛਿਆ- ਕਿੰਨੀ ਕੁ ਦੂਰ ਐ ਇੱਥੋਂ ਕੱਛਭੁਜ?
ਜਵਾਬ ਦਿੱਤਾ- ਜ਼ਿਆਦਾ ਨਹੀਂ, ਤਿੰਨ ਸੌ ਕੋਹ।
ਜਵਾਬ ਸੁਣ ਕੇ ਚੇਲੇ ਦੀਆਂ ਅੱਖਾਂ ਮੱਥੇ ਨੂੰ ਜਾ ਲੱਗੀਆਂ। ਹੈਰਾਨੀ ਨਾਲ ਪੁੱਛਿਆ- ਕੀ ਕਿਹਾ? ਤਿੰਨ ਸੌ ਕੋਹ? ਤਿੰਨ ਸੌ ਕੋਹ ਤੱਕ ਦਿਸੀ ਜਾਂਦੈ ਤੈਨੂੰ? ਉਸ ਬੇਮਿਸਾਲ ਬੰਦੇ ਨੇ ਸਹਿਜੇ ਕਿਹਾ- ਇਸ ਵਿੱਚ ਹੈਰਾਨੀ ਕੀ? ਮੈਨੂੰ ਤਾਂ ਹਜ਼ਾਰ ਕੋਹ ਤੱਕ ਸਾਫ਼ ਦਿਸਦੈ। ਏ... ਏ... ਏ... ਲਉ ਜੀ ਚਿੱਟੀ ਘੋੜੀ ਅੱਗੇ ਲੰਘ ਗਈ! ਤਾਲੀਆਂ ਵਜਾਂਦਾ ਉਹ ਛਾਲਾਂ ਮਾਰਨ ਲੱਗਾ। ਚੇਲਾ ਸੋਚਣ ਲੱਗਾ- ਇਹ ਅਨੋਖਾ ਬੰਦਾ ਕਿਸ ਤੋਂ ਘੱਟ ਐ? ਗੁਰੂ ਜੀ ਨੇ ਸਹੀ ਦੱਸਿਆ ਦੁਨੀਆ ਵਿੱਚ ਧੀਂਗ ਤੋਂ ਧੀਂਗ ਪਏ ਨੇ...।
ਦੇਰ ਤੱਕ ਦੋਵੇਂ ਜਣੇ ਖੇਲ੍ਹ ਦੇਖਣ ਵਾਲੇ ਕੋਲ ਖਲੋਤੇ ਰਹੇ ਤਾਂ ਉਸਨੇ ਕਿਹਾ-
ਤੁਸੀਂ ਕਦ ਤੱਕ ਖਲੋਤੇ ਰਹੋਂਗੇ? ਮੈਂ ਖ਼ਿਆਲ ਈ ਨੀ ਕੀਤਾ। ਮੈਂ ਤਾਂ ਮਸਤਰਾਮ ਹਾਂ। ਤਿੰਨ ਚਾਰ ਮਹੀਨੇ ਇਸੇ ਤਰ੍ਹਾਂ ਖੜ੍ਹਾ ਰਹਿ ਸਕਦਾਂ। ਤੁਸੀਂ ਆਪਣਾ ਵਕਤ ਕਿਉਂ ਬਰਬਾਦ ਕਰ ਰਹੇ ਹੋ?
ਚੇਲੇ ਨੇ ਕਿਹਾ- ਅਸੀਂ ਤੇਰੇ ਵਰਗੇ ਅਜੀਬ ਬੰਦਿਆਂ ਦੀ ਭਾਲ ਵਿੱਚ ਨਿਕਲੇ ਹਾਂ। ਮੈਂ ਸਭ ਤੋਂ ਵੱਡੇ ਕਿਸੇ ਇਕ ਦੀ ਤਲਾਸ਼ ਕਰਨ ਲੱਗਾ, ਦੋ ਮਿਲ ਗਏ। ਆਪੇ ਬਿਨਾਂ ਤਕਲੀਫ਼ ਦੇ। ਦੁਨੀਆ ਕਿਹੜਾ ਛੋਟੀ ਹੈ, ਅੱਗੇ ਜਾ ਕੇ ਤੇਰੇ ਵਰਗੇ ਸਿੱਧ ਪੁਰਖਾਂ ਦੇ ਹੋਰ ਦਰਸ਼ਨ ਹੋ ਜਾਣਗੇ। ਤੀਜਾ ਕਹਿੰਦਾ ਮੈਂ ਇੱਥੇ ਕੀ ਕਰਨੈ? ਚਲੋ ਮੈਂ ਵੀ ਚੱਲਦਾਂ ਤੁਹਾਡੇ ਨਾਲ।
ਜਾਂਦੇ ਜਾਂਦੇ ਉਨ੍ਹਾਂ ਨੂੰ ਰਸਤੇ ਵਿਚ ਇੱਕ ਅਜਬ ਬੰਦਾ ਹੋਰ ਮਿਲਿਆ। ਖੜ੍ਹਾ ਖੜ੍ਹਾ ਉਹ ਜ਼ਮੀਨ ਤੇ ਫੂਕਾਂ ਮਾਰੀ ਜਾਂਦਾ ਜਿੱਧਰ ਫੂਕ ਮਾਰਦਾ ਉਧਰਲੇ ਝਾੜ ਝੰਖਾੜ, ਬਿਰਖ ਬੂਟੇ, ਨਦੀ ਨਾਲੇ, ਟਿੱਬ ੇ ਪਹਾੜ ਇਕਦਮ ਪੱਧਰ ਹੋਈ ਜਾਂਦੇ। ਦੇਖਦੇ ਦੇਖਦੇ ਸਿੱਧੇ ਚੌੜੇ ਰਸਤੇ ਬਣਦੇ ਜਾਂਦੇ। ਪੁੱਛਣ ਤੇ ਉਸਨੇ ਦੱਸਿਆ- ਰਾਜਾ ਪ੍ਰੀਖਸਤ ਦੀ ਫੌਜ ਆ ਰਹੀ ਹੈ, ਉਸ ਵਾਸਤੇ ਸਿੱਧ ਪੱਧਰਾ ਰਸਤਾ ਚਾਹੀਦੈ, ਫੌਜ ਨੂੰ ਕਿਤੇ ਮੁਸ਼ਕਿਲ ਨਾ ਆਵੇ।
ਇਹ ਅਨੋਖਾ ਬੰਦਾ ਕਿਸ ਤੋਂ ਘੱਟ ਹੈ? ਉਹ ਵੀ ਉਨ੍ਹਾਂ ਨਾਲ ਰਲ ਗਿਆ। ਜਾਂਦੇ ਜਾਂਦੇ ਇੱਕ ਹੋਰ ਕਮਾਲ ਸ਼ਖ਼ਸ ਨਾਲ ਮੁਲਾਕਾਤ ਹੋ ਗਈ। ਪਿੱਛੇ ਪਿੱਛੇ ਭੱਜ ਭੱਜ ਉਹ ਹਿਰਨਾਂ ਦੇ ਗਲਾਂ ਵਿੱਚ ਟੱਲੀਆਂ ਬੰਨ੍ਹ ਰਿਹਾ ਸੀ। ਅੱਧੀ ਘੜੀ ਵਿੱਚ ਉਸਨੇ ਇੱਕ ਸੌ ਅੱਠ ਹਿਰਨਾਂ ਦੇ ਗਲ ਟੱਲੀਆਂ ਪਹਿਨਾ ਦਿੱਤੀਆਂ। ਜਿੰਨਾ ਮਰਜ਼ੀ ਹਿਰਨ ਤੇਜ਼ ਹੋਵੇ, ਅੱਠ ਕਰਮ ਅੱਗੇ ਨਹੀਂ ਲੰਘਣ ਦਿੰਦਾ! ਪੁੱਛਣ ਤੇ ਬੋਲਿਆ- ਰਾਜਾ ਪ੍ਰੀਕਸ਼ਤ ਦੀ ਫ਼ੌਜ ਆ ਰਹੀ ਹੈ। ਜਿਨ੍ਹਾਂ ਹਿਰਨਾਂ ਦੇ ਗਲ ਟੱਲੀਆਂ ਬੰਨ੍ਹੀਆਂ ਹਨ, ਫੌਜੀ ਜਾਣ ਜਾਣਗੇ ਕਿ ਪਾਲੇ ਹੋਏ ਹਨ, ਮਾਰਨਗੇ ਨਹੀਂ। ਮਾਰਨੇ ਤਾਂ ਕੀ ਉਨ੍ਹਾਂ ਵੱਲ ਦੇਖਣਗੇ ਵੀ ਨਹੀਂ। ਜਿਨ੍ਹਾਂ ਹਿਰਨਾ ਗਲ ਟਲੀਆਂ ਨਾ ਹੋਈਆਂ ਉਹ ਤੀਰਾਂ ਨਾਲ ਛਾਣਨੀ ਹੋ ਜਾਣਗੇ। ਇਹ ਗੱਲ ਪਤਾ ਲੱਗਣ ਸਾਰ ਮੈਂ ਜੰਗਲ ਦੇ ਸਭ ਹਿਰਨਾਂ ਗਲ ਟੱਲੀਆਂ ਬੰਨ੍ਹ ਦਿੱਤੀਆਂ।
ਇਹ ਬੰਦਾ ਵੀ ਗਜਬ! ਇਹ ਕਿਸ ਤੋਂ ਘੱਟ ਹੋਇਆ ਭਲਾ! ਗੁਰੂ ਦੀ ਸਿੱਖਿਆ ਪਰਖਣ ਵਾਸਤੇ ਘਰੋਂ ਕੀ ਨਿਕਲਿਆ, ਇੱਕ ਤੋਂ ਇੱਕ ਚੜ੍ਹਦੇ ਬੰਦੇ ਮਿਲੇ। ਇਹ ਬੇਜੋੜ ਬੰਦੇ ਮਿਲਜੁਲ ਕੇ ਕੰਮ ਕਰਨ ਲੱਗਣ ਤਾਂ ਦੁਨੀਆ ਨੂੰ ਠੋਕਰ ਮਾਰ ਕੇ ਘੁਮਾ ਦੇਣ! ਏਸ ਸੰਸਾਰ ਦਾ ਉਲਟਾ ਹੀ ਹਿਸਾਬ, ਕਮਜ਼ੋਰ, ਬੁੱਧੀਹੀਣ ਬੰਦੇ ਦੁਨੀਆ ਨੂੰ ਜਿੱਤਣ ਦੇ ਸੁਫ਼ਨੇ ਦੇਖਦੇ ਰਹਿੰਦੇ ਨੇ, ਸਿਧ ਪੁਰਖ, ਜਿਹੜੇ ਜਿੱਤਣ ਦੀ ਤਾਕਤ ਵਾਲੇ ਨੇ, ਇਹੋ ਜਿਹੀ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ! ਚੇਲੇ ਨੇ ਉਸਨੂੰ ਨਾਲ ਚੱਲਣ ਲਈ ਬਹੁਤ ਸਮਝਾਇਆ, ਫਿਰ ਮਿੰਨਤ ਕੀਤੀ, ਉਹ ਵੀ ਨਾਲ ਤੁਰ ਪਿਆ।
ਇਨ੍ਹਾਂ ਕਰਾਮਾਤੀ ਬੰਦਿਆਂ ਸਣੇ ਚੇਲਾ ਰਾਜ ਦਰਬਾਰ ਪੁੱਜਿਆ। ਆਪੋ ਆਪਣੇ ਹੁਨਰ ਦੱਸ ਕੇ ਰਾਜੇ ਅੱਗੇ ਬੇਨਤੀ ਕੀਤੀ ਕਿ ਸਾਨੂੰ ਕਰਾਮਾਤਾਂ ਦਿਖਾਉਣ ਦਾ ਮੌਕਾ ਦਿੱਤਾ ਜਾਵੇ। ਰਾਜੇ ਨੇ ਪੁੱਛਿਆ ਕਿ ਤਨਖਾਹ ਕੀ ਮਿਲਣੀ ਚਾਹੀਦੀਐ ਤੁਹਾਨੂੰ ਪਹਿਲਾਂ ਇਹ ਤਾਂ ਖੋਲ੍ਹ ਲਈਏ। ਸਾਰਿਆਂ ਨੇ ਸੋਚਿਆ, ਜੇ ਘੱਟ ਮੰਗ ਕਰ ਦਿੱਤੀ ਤਾਂ ਮਾਹਿਰਾਂ ਅਤੇ ਰਾਜਾ, ਦੋਵਾਂ ਧਿਰਾਂ ਦੀ ਇਜੜ ਘਟੇਗੀ। ਇੱਕ ਇੱਕ ਲੱਖ ਰੁਪਿਆ ਮਹੀਨਾ ਮੰਗਿਆ। ਰਾਜੇ ਨੇ ਮੰਗ ਮਨਜ਼ੂਰ ਕਰ ਲਈ। ਬਿਨਾਂ ਕਿਸੇ ਸਿੱਧੀ ਤੋਂ ਲੱਖ ਲੱਖ ਦੀ ਮੰਗ ਕੌਣ ਕਰਦੈ? ਰਾਜਕਾਜ ਵਿੱਚ ਕਈ ਕੰਮ ਉਲਝ ਜਾਂਦੇ ਨੇ, ਇਹੋ ਜਿਹੇ ਚਮਤਕਾਰੀ ਯੋਧੇ ਇੱਕ ਵਾਰ ਕੰਮ ਆ ਜਾਣ, ਸਾਰੀ ਤਨਖਾਹ ਦਾ ਮੁੱਲ ਮੋੜ ਦੇਣਗੇ। ਰਾਜੇ ਨੇ ਬਿਨਾਂ ਅਜਮਾਇਸ਼ ਉਨ੍ਹਾਂ ਨੂੰ ਰੱਖ ਲਿਆ। ਏਨੀ ਵੱਡੀ ਤਨਖਾਹ ਲੈ ਕੇ ਕੋਈ ਛੋਟਾ ਮੋਟਾ ਕੰਮ ਥੋੜ੍ਹਾ ਕਰਨਗੇ? ਦਿਨ ਰਾਤ ਖਾਂਦੇ ਪੀਂਦੇ, ਮੌਜ ਮਸਤੀ ਕਰਦੇ ਰਹਿੰਦੇ। ਕੰਮ ਨਾ ਧੰਦਾ। ਐਸ਼ ਪੂਰੀ। ਪਰ ਇੱਕ ਦਿਨ ਉਨ੍ਹਾਂ ਵਾਸਤੇ ਕੰਮ ਨਿਕਲ ਆਇਆ।
ਰਾਜਕੁਮਾਰ ਦੀ ਸ਼ਾਦੀ ਵਾਸਤੇ ਰਾਜ ਪੰਡਤ ਨੂੰ ਮਹੂਰਤ ਕੱਢਣ ਨੂੰ ਸਦਿਆ ਤਾਂ ਉਸਨੇ ਦੱਸਿਆ- ਸਵਾ ਘੜੀ ਬਾਅਦ ਇਹੋ ਜਿਹਾ ਸਰਬੋਤਮ ਮਹੂਰਤ ਨਿਕਲਣ ਵਾਲਾ ਹੈ ਕਿ ਉਸ ਵੇਲੇ ਕੋਈ ਚਮਤਕਾਰੀ ਬੰਦਾ ਕੱਛਭੁਜ ਦੇ ਖ਼ਜ਼ਾਨੇ ਵਿੱਚੋਂ ਹੀਰੇ ਮੋਤੀਆਂ ਜੜੀ ਘੋੜੇ ਦੀ ਕਾਠੀ ਚੁਕ ਲਿਆਵੇ। ਇਸ ਕਾਠੀ ਤੇ ਬੈਠ ਕੇ ਰਾਜਕੁਮਾਰ ਬਰਾਤ ਚੜ੍ਹੇ ਤਾਂ ਇੱਕੀ ਦਿਨਾਂ ਬਾਅਦ ਚੱਕਰਵਰਤੀ ਰਾਜ ਸਮਰਾਟ ਹੋ ਜਾਵੇਗਾ।
ਕੱਛਭੁਜ, ਇਸ ਰਾਜੇ ਦੀ ਰਾਜਧਾਨੀ ਤੋਂ ਸੱਤ ਸੌ ਕੋਹ ਦੂਰ। ਸਵਾ ਘੜੀ ਵਿੱਚ ਕਾਠੀ ਕੌਣ ਲਿਆਏ? ਦੁਰਲਭ, ਅਸੰਭਵ, ਅਣਹੋਣਾ ਕੰਮ। ਸੁਫ਼ਨਾ ਵੀ ਨਹੀਂ ਲੈ ਸਕਦੇ। ਪਰ ਚਕਰਵਰਤੀ ਰਾਜ ਪ੍ਰਾਪਤ ਕਰਨ ਦਾ ਸੁਫ਼ਨਾ ਏਨਾ ਵੱਡਾ ਕਿ ਸੁੱਧ ਬੁੱਧ ਭੁਲਾ ਦਏ! ਰਾਜੇ ਨੇ ਸਭ ਰਾਜ ਦਰਬਾਰੀਆਂ ਨੂੰ ਬੁਲਾ ਕੇ ਪੁੱਛਿਆ- ਹੈ ਕੋਈ ਇਹੋ ਜਿਹਾ ਚਮਤਕਾਰੀ ਮਨੁੱਖ ਜੋ ਸਵਾ ਘੜੀ ਵਿੱਚ ਕੱਛਭੁਜ ਤੋਂ ਸੋਨੇ ਦੀ ਕਾਠੀ ਲਿਆ ਸਕੇ ਤਾਂ ਕਿ ਮਹੂਰਤ ਨਾ ਟਲੇ? ਸਾਰੇ ਦਰਬਾਰੀਆਂ ਨੇ ਕਿਹਾ- ਸਾਨੂੰ ਤਾਂ ਮਹਾਰਾਜ ਮਾਮੂਲੀ ਤਨਖਾਹ ਮਿਲਦੀ ਹੈ, ਸਾਡੇ ਕਿਸੇ ਦੇ ਵਸ ਨਹੀਂ ਇਹ। ਹਾਂ ਲੱਖ ਲੱਖ ਡਕਾਰਨ ਵਾਲੇ ਰੱਖੇ ਹੋਏ ਹਨ ਤਾਂ ਤੁਹਾਡੇ ਕੋਲ, ਇਸ ਮੌਕੇ ਕੰਮ ਨੀ ਆਉਣਗੇ ਫਿਰ ਕਿਸ ਦਿਨ ਵਾਸਤੇ ਰੱਖੇ ਨੇ?
ਗੱਲ ਤੁਰੰਤ ਰਾਜੇ ਨੂੰ ਸਮਝ ਆ ਗਈ। ਉਸਨੇ ਚਾਰੇ ਜਣੇ ਬੁਲਾਏ ਤਾਂ ਉਨ੍ਹਾਂ ਨਿਧੜਕ ਜਵਾਬ ਦਿੱਤਾ- ਫ਼ਿਕਰ ਕਰਨ ਦੀ ਲੋੜ ਕੀ? ਕਾਠੀ ਕਾਰਨ ਮਹੂਰਤ ਨਹੀਂ ਟਲਦਾ। ਹਿਰਨਾਂ ਗਲ ਟੱਲੀਆਂ ਬੰਨ੍ਹਣ ਵਾਲਾ ਕਹਿੰਦਾ ਉੱਥੇ ਆਣਾ ਜਾਣਾ ਮੇਰੇ ਲਈ ਸ਼ੁਗਲ ਮੇਲਾ। ਹਵਾ ਦੀ ਗਤੀ ਤੋਂ ਤੇਜ਼। ਪਰ ਮੈਨੂੰ ਰਸਤੇ ਦਾ ਪਤਾ ਨਹੀਂ। ਕਾਠੀ ਤੱਕ ਦਾ ਥਾਂ ਟਿਕਾਣਾ ਕੋਈ ਦੱਸ ਦਏ ਬਸ, ਫਿਰ ਮੈਂ ਗਿਆ ਤੇ ਆਇਆ। ਸਵਾ ਘੜੀ ਵਿੱਚ ਤਾਂ ਤਿੰਨ ਗੇੜੇ ਲਾ ਦਿਆਂ!
ਘੁੜਦੌੜ ਦੇਖਣ ਵਾਲੇ ਨੇ ਕਿਹਾ- ਮੈਨੂੰ ਤਾਂ ਕਾਠੀ ਸਾਫ਼ ਦਿਸ ਰਹੀ ਐ। ਉਥੇ ਸਿੱਧਾ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੀ। ਕੋਈ ਵਿਘਨ ਪਏ ਸਵਾਲ ਈ ਨਹੀਂ।
ਰਾਜਕੁਮਾਰੀ ਚੌਬੋਲੀ ਦਾ ਪਲੰਘ ਵਧੀਕ ਹੌਂਸਲੇ ਨਾਲ ਹੁੰਗਾਰਾ ਭਰਨ ਲੱਗਾ। ਚੌਬੋਲੀ ਦੇ ਹੋਂਠ ਪੁਤਲੀ ਵਾਂਗ ਬੰਦ ਅਤੇ ਸ਼ਾਂਤ। ਕਹਾਣੀ ਸੁਣਾਉਂਦਾ ਜੁਆਨ ਕਹਿਣ ਲੱਗਾ, ਚਾਰੇ ਜੁਆਨ ਬੇਮਿਸਾਲ। ਤੀਜੇ ਨੇ ਕਿਹਾ- ਰਸਤੇ ਵਿਚਲੀਆਂ ਰੁਕਾਵਟਾਂ, ਨਦੀਆਂ ਨਾਲੇ, ਪਹਾੜ ਗੁਫ਼ਾਵਾਂ ਪੱਧਰ ਕਰਕੇ ਰਸਤਾ ਬਣਾਉਣਾ ਮੇਰਾ ਜਿਮਾਂ। ਰੋਕਾਂ ਫੂਕ ਮਾਰ ਕੇ ਉਡਾ ਦਿਆਂ। ਅੱਖਾਂ ਬੰਦ ਕਰਕੇ ਮੇਰੇ ਬਣਾਏ ਰਸਤੇ ਤੇ ਕੋਈ ਭੱਜ ਪਵੇ ਤਾਂ ਵੀ ਵਿਘਨ ਨਾ ਪਵੇ।
ਤੀਰਅੰਦਾਜ਼ ਨੇ ਕਿਹਾ- ਕੱਛਭੁਜ ਦੇ ਰਾਜੇ ਦੀ ਫ਼ੌਜ ਪਿੱਛਾ ਕਰੇ ਜਾਂ ਰਸਤੇ ਵਿੱਚ ਲੁੱਟ ਖਸੁੱਟ ਕਰਨ ਵਾਲਾ ਗੋਈ ਗਰੋਹ ਮਿਲੇ, ਇਥੀ ਖੜ੍ਹਾ ਖੜ੍ਹਾ ਉਸਨੂੰ ਤੀਰਾਂ ਨਾਲ ਛਲਣੀ ਕਰ ਦਿਆਂ। ਹਵਾ ਦੀ ਗਤੀ ਤੋਂ ਵੀ ਤੇਜ਼ ਹੋਣ ਵਾਲਾ ਬੰਦਾ ਚਲਦੀ ਚਲਦੀ ਗੱਲ ਵਿੱਚੋਂ ਲੋਪ ਹੋ ਗਿਆ। ਫੂਕ ਨਾਲ ਰਸਤਾ ਬਣਾਉਣ ਵਾਲੇ ਨੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ।
ਹਜ਼ਾਰ ਕੋਹ ਤੱਕ ਸਾਫ਼ ਦੇਖਣ ਵਾਲਾ ਜੁਆਨ ਮਹਾਂਭਾਰਤ ਦੇ ਸੰਜੇ ਵਾਂਗ ਰਾਜੇ ਨੂੰ ਖ਼ਬਰ ਦੇਣ ਲੱਗ ਪਿਆ। ਦੱਸਿਆ, ਅੱਧਾ ਰਸਤਾ ਤੈਅ ਹੋ ਗਿਆ, ਹੁਣ ਕੱਛਭੁਜ ਦੇ ਰਾਜ ਦੀ ਹੱਦ ਵਿੱਚ ਪੁੱਜ ਗਿਆ, ਲਉ ਕਾਠੀ ਚੁੱਕ ਕੇ ਵਾਪਸ ਚੱਲ ਪਿਆ। ਆਹਾ ਹਾ ਹਾ ਹਾਹਾ ਕਾਠੀ ਵੀ ਕੀ ਕਮਾਲ ਦੀ, ਲਿਸ਼ਕਾਰੇ ਮਾਰ ਰਹੀ ਹੈ, ਕਿਤੇ ਦੌੜਾਕ ਦੀਆਂ ਅੱਖਾਂ ਨਾ ਚੁੰਧਿਆ ਜਾਣ। ਜਿਵੇਂ ਹੀਰੇ ਹੀਰੇ ਵਿੱਚ ਸੂਰਜ ਚਮਕ ਰਹੇ ਹੋਣ। ਇਹ ਤਾਂ ਬਸ ਪੁੱਜਿਆ ਜਾਣੋ। ਲਉ ਬਉਲੀ ਦੀਆਂ ਪੌੜੀਆਂ ਉਤਰਨ ਲੱਗ ਪਿਆ। ਤ੍ਰੇਹ ਲੱਗੀ ਹੋਈ ਹੈ। ਪਾਣੀ ਪੀਕੇ ਬਰੋਟੇ ਦੀ ਛਾਂ ਹੇਠ ਬੈਠ ਗਿਆ। ਅਜੇ ਤਾਂ ਬੜਾ ਵਕਤ ਪਿਐ, ਲਉ ਜੀ, ਆਰਾਮ ਕਰਨ ਲਈ ਉਥੀ ਲੇਟ ਗਿਆ। ਅੱਖ ਲੱਗਣ ਲੱਗੀ। ਉਹੋ, ਗਜਬ ਹੋ ਗਿਆ। ਰੁੱਖ ਦੀ ਖੋੜ ਵਿੱਚੋਂ ਭਿਆਨਕ ਬਿਸੀਅਰ ਨਾਗ ਨਿਕਲਿਆ ਤੇ ਸਰਸਰਾਂਦਾ ਹੇਠ ਉਤਰ ਰਿਹੈ। ਉਏ... ਉਹ ਤਾਂ ਆਪਣੇ ਮਿੱਤਰ ਵੱਲ ਨੂੰ ਹੀ ਸਰਕਣ ਲੱਗਿਆ ਹੈ!
ਤੀਰਅੰਦਾਜ਼ ਬੋਲਿਆ- ਉਂਗਲ ਦਾ ਇਸ਼ਾਰਾ ਕਰਕੇ ਮੈਨੂੰ ਦੱਸ। ਘਬਰਾਉਣ ਦੀ ਲੋੜ ਨਹੀਂ। ਜਿਸ ਪਾਸੇ ਇਸ਼ਾਰਾ ਹੋਇਆ, ਸਣਸਣਾਂਦਾ ਤੀਰ ਉਧਰ ਛੱਡ ਦਿੱਤਾ। ਹਵਾ ਵਿੱਚ ਅੱਗ ਦੀਆਂ ਲਪਟਾਂ ਦੀ ਲਕੀਰ ਖਿੱਚੀ ਗਈ। ਦਿਬ ਦ੍ਰਿਸ਼ਟੀ ਵਾਲੇ ਬੰਦੇ ਨੇ ਉਛਲ ਕੇ ਕਿਹਾ- ਵਾਹ ਵਾਹ... ਸ਼ਾਬਾਸ਼! ਤੀਰ ਸਿੱਧਾ ਨਿਸ਼ਾਨੇ ਤੇ ਜਾ ਠੁਕਿਆ। ਸੱਪ ਦਾ ਫਣ ਅਹੁ ਦੂਰ ਜਾ ਡਿੱਗਾ। ਨੇੜੇ ਪੂਛ ਆ ਗਿਰੀ ਤਾਂ ਸੁੱਤਾ ਦੌੜਾਕ ਝਿਜਕ ਕੇ ਉੱਠ ਬੈਠਾ।
ਇਨੇ ਨੂੰ ਕੱਛ ਵਿੱਚ ਕਾਠੀ ਫਸਾਈ ਸਿੱਧ ਦੌੜਾਕ ਦਰਬਾਰ ਵਿੱਚ ਪ੍ਰਗਟ ਹੋ ਗਿਆ। ਲੱਖ ਲੱਖ ਰੁਪਏ ਲੈਣ ਵਾਲੇ ਮਹਿੰਗੇ ਨਹੀਂ ਹੋਇਆ ਕਰਦੇ। ਫਿਰ ਵੀ ਰਾਜਾ ਰਾਣੀ ਸੋਚਣ ਲੱਗੇ- ਇਨ੍ਹਾਂ ਚਾਰਾਂ ਵਿੱਚੋਂ ਸਭ ਤੋਂ ਵੱਡਾ ਕੌਣ ਹੋਇਆ? ਕਾਠੀ ਲਿਆਉਣ ਵਾਲਾ, ਰਸਤਾ ਦੱਸਣ ਵਾਲਾ, ਰਸਤਾ ਬਣਾਉਣ ਵਾਲਾ ਕਿ ਤੀਰਅੰਦਾਜ਼? ਬੜੀ ਮਗਜ ਖਪਾਈ ਕੀਤੀ ਪਰ ਕੋਈ ਨਤੀਜਾ ਨਾ ਨਿਕਲਿਆ।
ਚੌਬੋਲੀ ਨੂੰ ਨਿਰੰਤਰ ਖਿਝ ਚੜ੍ਹ ਰਹੀ ਸੀ। ਮੂਰਖਤਾ ਦੀ ਵੀ ਕੋਈ ਹੱਦ ਹੁੰਦੀ ਐ ਪਰ ਇਹ ਤਾਂ ਅਜੀਬ ਗੱਲਾਂ ਕਰ ਰਹੇ ਨੇ? ਗ਼ੁੱਸਾ ਏਨਾ ਵੱਧ, ਜੀ ਕਰਦਾ ਸੀ ਹੁੰਗਾਰਾ ਭਰਨ ਵਾਲੇ ਦੀ ਜੀਭ ਖਿੱਚ ਲਵੇ। ਇਹੋ ਜਿਹੇ ਝੂਠ ਦਾ ਤਾਂ ਸੁਣਨ ਵਾਲੇ ਨੂੰ ਵੀ ਪਾਪ ਲਗਦੈ। ਇਹ ਪਰਮ ਮਿਥਿਆਵਾਦੀ ਕੀ ਬੋਲ ਰਿਹੈ? ਉਹ ਚੁੱਪ ਰਹਿਣ ਲਈ ਮਜਬੂਰ ਸੀ ਇਸ ਕਰਕੇ ਮਜਬੂਤੀ ਨਾਲ ਮੂੰਹ ਬੰਦ ਰੱਖਿਆ।
ਹੁੰਗਾਰਾ ਭਰਦਿਆਂ ਉਤਾਵਲਾ ਹੋ ਕੇ ਪਲੰਘ ਬੋਲਿਆ- ਇਨੀ ਸੋਚ ਵਿਚਾਰ ਦੀ ਵੀ ਕੀ ਲੋੜ? ਮੈਨੂੰ ਤਾਂ ਰਾਜਾ ਪੂਰਾ ਮੂਰਖ ਲਗਦੈ। ਚਾਰਾਂ ਵਿੱਚ ਸਭ ਤੋਂ ਵੱਡਾ ਕਰਾਮਾਤੀ ਤਾਂ ਰਸਤਾ ਬਣਾਉਣ ਵਾਲਾ ਲਗਦੈ। ਜੇ ਉਹ ਦੌੜਾਕ ਵਾਸਤੇ ਰਸਤਾ ਨਾ ਬਣਾਉਂਦਾ ਤਾਂ ਦੌੜਦਾ ਦੌੜਦਾ ਰਸਤਿਆਂ ਵਿੱਚ ਫਸਦਾ ਜਾਂਦਾ ਸਮੇਂ ਸਿਰ ਪਹੁੰਚਦਾ ਈ ਨਾ।
ਕਥਾ ਸੁਣਾਉਣ ਵਾਲਾ ਜੁਆਨ ਬੋਲਿਆ- ਨਾ ਨਾ... ਸਭ ਤੋਂ ਕਰਾਮਾਤੀ ਹੈ ਤੇਜ਼ ਦੌੜਾਕ। ਦੋਵੇਂ ਆਪਸ ਵਿੱਚ ਬਹਿਸ ਕਰਨ ਲੱਗੇ। ਪਲੰਘ ਬਜ਼ਿਦ ਸੀ ਕਿ ਸਭ ਤੋਂ ਵੱਡਾ ਰਸਤਾ ਬਣਾਉਣ ਵਾਲਾ ਹੈ ਪਰ ਕਹਾਣੀ ਸੁਣਾਉਣ ਵਾਲਾ ਅੜਿਆ ਹੋਇਆ ਸੀ ਕਿ ਦੌੜਾਕ ਤੋਂ ਵੱਡਾ ਕੋਈ ਨਹੀਂ।
ਹੁਣ ਚੌਬੋਲੀ ਤੋਂ ਰਿਹਾ ਨਾ ਗਿਆ। ਪਲੰਘ ਤੋਂ ਉੱਠ ਖੜ੍ਹੀ ਹੋਈ ਤੇ ਇਉਂ ਬੋਲੀ ਜਿਵੇਂ ਹੋਠਾਂ ਵਿੱਚੋਂ ਬੋਲ ਨਹੀਂ ਤੋਪ ਦੇ ਗੋਲੇ ਦਾਗ ਰਹੀ ਹੋਵੇ। ਬਿਜਲੀ ਵਾਂਗ ਕੜਕਦੀ ਹੋਈ ਬੋਲੀ- ਓ ਮੂਰਖ ਪਲੰਘ ਤੂੰ ਮੇਰੇ ਸਾਹਮਣੇ ਇਧਰ ਉਧਰ ਦੀਆਂ ਉਲਟੀਆਂ ਸੁਲਟੀਆਂ ਕਿਉਂ ਮਾਰ ਰਿਹੈਂ? ਮੇਰੀ ਗੱਲ ਸੁਣਨ ਤੋਂ ਬਾਦ ਵੀ ਆਪਣੀ ਗੱਲ ਤੇ ਅੜਿਆ ਰਿਹਾ ਤਾਂ ਚੁਕਵਾ ਕੇ ਟੋਏ ਵਿੱਚ ਸੁਟਵਾ ਦਿਆਂਗੀ। ਚਾਰਾਂ ਵਿੱਚੋਂ ਸਭ ਤੋਂ ਵੱਡਾ ਕਰਾਮਾਤੀ ਤੀਰ ਚਲਾਉਣ ਵਾਲਾ ਹੈ। ਉਹ ਨਿਸ਼ਾਨੇ ਤੇ ਤੀਰ ਨਾ ਸਾਧਦਾ ਤਾਂ ਦੌੜਾਕ, ਰਸਤਾ ਬਣਾਉਣ ਵਾਲਾ ਤੇ ਦਿਬ ਦ੍ਰਿਸ਼ਟੀ ਵਾਲਾ ਕੁਝ ਨਾ ਕਰ ਸਕਦੇ! ਮੇਰਾ ਪਲੰਘ ਹੋ ਕੇ ਵੀ ਤੈਨੂੰ ਸਚਾਈ ਦੀ ਪਰਖ ਨਹੀਂ ਕਰਨੀ ਆਉਂਦੀ? ਹੁਣ ਹੁੰਗਾਰਾ ਭਰਿਆ ਜਾਂ ਅੱਗੇ ਝੂਠੀ ਬਹਿਸ ਕੀਤੀ ਤਾਂ ਮੈਂ ਜ਼ਮੀਨ ਵਿੱਚ ਦਬਵਾ ਦਿਆਂਗੀ।
ਦੰਦ ਪੀਹ ਕੇ ਚੌਬੋਲੀ ਅੱਗੇ ਕੁਝ ਕਹਿਣ ਹੀ ਵਾਲੀ ਸੀ ਕਿ ਕਹਾਣੀ ਸੁਣਾਉਣ ਵਾਲਾ ਜੁਆਨ ਤਲਵਾਰ ਦੇ ਮੁੱਠੇ ਨੂੰ ਹੱਥ ਵਿੱਚ ਫੜਕੇ ਬੋਲਿਆ-
ਡੰਕੇ ਦੀ ਚੋਟ ਵਜਾਓ ਢੋਲ।
ਬੋਲੀ ਚੌਬੋਲੀ ਪਹਿਲਾ ਬੋਲ॥
ਚੌਬੋਲੀ ਉੱਪਰ ਤਾਂ ਜਿਵੇਂ ਸੌ ਘੜੇ ਪਾਣੀ ਪੈ ਗਿਆ ਹੋਵੇ! ਉਸਨੇ ਕਸ ਕੇ ਬੁੱਲ੍ਹ ਬੰਦ ਕਰ ਲਏ। ਪਛਤਾਉਂਦੀ ਪਛਤਾਉਂਦੀ ਵਾਪਸ ਪਲੰਘ ਤੇ ਜਾ ਕੇ ਬੈਠ ਗਈ। ਬੋਲਣ ਵੇਲੇ ਸਾਲਾਂ ਤੋਂ ਚੁੱਪ ਰਹਿਣ ਦਾ ਵਚਨ ਭੁੱਲ ਗਈ। ਪਰ ਇੱਕ ਵਾਰ ਹੋਠਾਂ ਤੋਂ ਬਾਹਰ ਆਏ ਬੋਲ ਵਾਪਸ ਤਾਂ ਨਿਗਲੇ ਜਾਂਦੇ ਨਹੀਂ। ਹੁਣ ਨੀ ਬੋਲਣਾ, ਮਰਨ ਤੱਕ ਨਹੀਂ ਬੋਲ ਕੱਢਣਾ ਹੁਣ।
ਵਰ੍ਹਿਆਂ ਬਾਅਦ ਢੋਲੀਆਂ ਨੂੰ ਢੋਲ ਵਜਾਉਣ ਦਾ ਮੌਕਾ ਮਸਾਂ ਮਿਲਿਆ। ਉਹ ਤਾਂ ਡੰਮ ਡਮਾਡਮ ਡੰਮ... ਉਚੇ ਸੁਰ ਵਿੱਚ ਢੋਲ ਵਜਾਉਣ ਲੱਗੇ। ਰਾਜੇ ਰਾਣੀ ਦੇ ਕੰਨਾਂ ਵਿੱਚ ਜਿਵੇਂ ਅੰਮ੍ਰਿਤ ਬਰਸਿਆ ਹੋਵੇ। ਦਾਣਾ ਦਲਣ ਵਾਲੇ ਬੰਦੀਆਂ ਦੇ ਦਿਲਾਂ ਵਿੱਚ ਜਿਵੇਂ ਅਣਗਿਣਤ ਕੰਵਲ ਖਿੜ ਗਏ ਹੋਣ। ਕੋਈ ਕਰਮਾ ਵਾਲਾ ਆਇਆ ਤਾਂ! ਉਸਦਾ ਭਾਗ ਬਾਕੀਆਂ ਨੂੰ ਵੀ ਰਾਹਤ ਦਿਵਾਏਗਾ। ਜਿਵੇਂ ਕਿਵੇਂ ਇਨ੍ਹਾਂ ਚੱਕੀਆਂ ਤੋਂ ਖਹਿੜਾ ਛੁਟੇ ਤਾਂ ਸਮਝੀਏ ਹਜ਼ਾਰ ਚੌਬੋਲੀਆਂ ਮਿਲ ਗਈਆਂ। ਹੁਣ ਮੁਕਤ ਹੋਣ ਦੀ ਆਸ ਬੱਝੀ ਤਾਂ ਸਾਰੇ ਜਣੇ ਦਸ ਗੁਣਾ ਤੇਜ਼ ਚੱਕੀਆਂ ਪਹਿਣ ਲੱਗੇ। ਮੁਕਤੀ ਤੋਂ ਵੱਡੀ ਉਤਮ ਅਤੇ ਪਵਿੱਤਰ ਚੀਜ਼ ਹੋਰ ਕੋਈ ਨਹੀਂ। ਹੁਣ ਤਾਂ ਉਹ ਆਪਣੀ ਮਰਜ਼ੀ ਨਾਲ ਆਪਣੀਆਂ ਅੱਖਾਂ ਨਾਲ ਸੂਰਜ ਉਦਯ ਹੁੰਦਾ ਦੇਖਿਆ ਕਰਨਗੇ, ਪੂਰਨਮਾਸੀ ਦੀ ਚਾਨਣੀ ਦੇਖ ਸਕਣਗੇ। ਵਗਦੀਆਂ ਨਦੀਆਂ, ਖਿੜਦੇ ਫੁੱਲ, ਫਲਾਂ ਉੱਪਰ ਉਡਦੀਆਂ ਤਿਤਲੀਆਂ, ਗੱਜਦੇ ਬੱਦਲ, ਲਿਸ਼ਕਦੀਆਂ ਬਿਜਲੀਆਂ, ਫਲਾਂ ਨਾਲ ਝੁਕੇ ਦਰਖ਼ਤ ਅਤੇ ਕਲਕਲ ਕਰਕੇ ਦੌੜੇ ਜਾਂਦੇ ਨਿਰਵਿਘਨ ਝਰਨੇ ਦੇਖਾਂਗੇ...। ਮੁਕਤੀ! ਅੰਧਕਾਰ ਤੋਂ ਮੁਕਤੀ! ਘੁਟਣ, ਹੁੰਮਸ, ਗਰਮੀ ਤੋਂ ਮੁਕਤੀ, ਚੱਕੀਆਂ ਤੋਂ ਮੁਕਤੀ, ਚੌਬੋਲੀ ਦੀ ਗੁਲਾਮੀ ਤੋਂ ਮੁਕਤੀ।
ਅੱਖਾਂ ਸੁਰਮੇ ਨਾਲ, ਮੱਥਾ ਬਿੰਦੀ ਨਾਲ ਸੁਹਣਾ ਲੱਗਿਆ ਕਰਦੈ। ਇਸੇ ਤਰ੍ਹਾਂ ਕਹਾਣੀ ਹੁੰਗਾਰੇ ਨਾਲ ਜਚਿਆ ਕਰਦੀ ਐ। ਰਾਜਕੁਮਾਰੀ ਦਾ ਗ਼ੁੱਸਾ ਤੇ ਖਿਝ ਦੇਖਦਿਆਂ ਪਲੰਘ ਦਾ ਮੁੜਕੇ ਹੁੰਗਾਰਾ ਭਰਨ ਦਾ ਹੌਂਸਲਾ ਨਹੀਂ ਪਿਆ। ਬਾਤ ਪੂਰੀ ਹੋਣ ਸਾਰ ਉਸਨੇ ਤਾਂ ਮੌਨ ਧਾਰ ਲਿਆ ਪਰ ਫਿਰ ਹੁੰਗਾਰੇ ਬਿਨ ਅੱਗੇ ਕਹਾਣੀ ਕਿਵੇਂ ਤੁਰੇ? ਮਰਦਾਨੀ ਪੁਸ਼ਾਕ ਵਿੱਚ ਸਜੀ ਛੋਟੀ ਠਕੁਰਾਣੀ ਨੂੰ ਚੌਬੋਲੀ ਦੀ ਖਿਝ, ਗ਼ੁੱਸਾ ਅਤੇ ਬੋਲ ਬੜੇ ਚੰਗੇ ਲੱਗੇ। ਜਿਹੋ ਜਿਹਾ ਰੂਪ ਉਹੋ ਜਿਹੀ ਸਮਝ! ਠਕੁਰਾਣੀ ਸੋਚਣ ਲੱਗੀ ਜੇ ਚੌਬੋਲੀ ਮਰਦ ਹੁੰਦੀ, ਮੈਂ ਇਸੇ ਨਾਲ ਵਿਆਹ ਕਰਦੀ! ਤਾਂ ਵੀ ਦੋਵਾਂ ਦਾ ਵਿਆਹ ਕਿਤੇ ਨਾ ਕਿਤੇ ਤਾਂ ਹੋਣਾ ਹੀ ਸੀ। ਤਲਵਾਰ ਦੇ ਮੁੱਠੇ ਤੇ ਹੱਥ ਫੇਰਦਾ ਜੁਆਨ ਅੱਗੇ ਬੋਲਿਆ- ਪਲੰਘ ਨੇ ਆਪਣਾ ਫ਼ਰਜ਼ ਜਾਣਕੇ ਹੁੰਗਾਰਾ ਭਰਨ ਦੀ ਕਿਰਪਾ ਕੀਤੀ ਸੀ। ਹੁਣ ਅਗਲਾ ਕੋਈ ਜਣਾ ਹਾਮੀ ਭਰੇ ਤਾਂ ਮੈਂ ਅਗਲੀ ਕਹਾਣੀ ਸ਼ੁਰੂ ਕਰਾਂ।
ਚੌਬੋਲੀ ਨੇ ਗਲ ਵਿੱਚ ਨੌ-ਲੱਖਾ ਹਾਰ ਪਹਿਨਿਆਂ ਹੋਇਆ ਸੀ, ਉਸ ਨੇ ਹਾਮੀ ਭਰੀ। ਇਹੋ ਜਿਹੀਆਂ ਕਹਾਣੀਆਂ ਸੁਣਨ ਵਾਲੇ ਬਹੁਤ, ਹੁੰਗਾਰਾ ਭਰਨ ਵਾਲੇ ਬਹੁਤ। ਚੌਬੋਲੀ ਨੂੰ ਮੂੰਹਫਟ ਹਾਰ ਤੇ ਗ਼ੁੱਸਾ ਆਇਆ, ਬੋਲ ਤਾਂ ਸਕਦੀ ਨਹੀਂ, ਗ਼ੁੱਸਾ ਖਾ ਕੇ ਤੋੜਿਆ, ਜ਼ਮੀਨ ਉੱਪਰ ਵਗਾਹ ਮਾਰਿਆ। ਜਿਸਮ ਦੇ ਗਹਿਣੇ ਵੀ ਦੁਸ਼ਮਣ ਹੋ ਗਏ!
ਫ਼ਰਸ਼ ਉੱਤੇ ਡਿੱਗਿਆ ਪਿਆ ਹਾਰ ਬੋਲਿਆ- ਤੋੜ ਕੇ ਸੁੱਟ ਦਿੱਤਾ ਤੁਹਾਡੀ ਮਰਜ਼ੀ ਮਾਲਕਣ, ਤੁਹਾਡਾ ਗਲ਼ ਹੀ ਸੁੰਨਾ ਲੱਗੇਗਾ। ਤੁਹਾਡੇ ਨਸੀਬਾਂ ਵਿੱਚ ਮੇਰੇ ਵਰਗੇ ਹਾਰ ਬਥੇਰੇ ਪਰ ਮੈਨੂੰ ਤੁਹਾਡੇ ਵਰਗਾ ਗਲ਼, ਤੁਹਾਡੇ ਵਰਗਾ ਦਿਲ ਨਹੀਂ ਮਿਲਣਾ। ਹੁਣ ਤਾਂ ਇੱਕ ਵਾਰ ਹੁੰਗਾਰਾ ਭਰਨ ਦਾ ਬਚਨ ਦੇ ਚੁੱਕਾ ਤਾਂ ਦੇ ਚੁੱਕਾ। ਨਿਭਾਵਾਂਗਾ। ਮੈਂ ਹੁਣ ਇਨਕਾਰ ਕਰਾਂ ਤੁਹਾਨੂੰ ਵੀ ਚੰਗਾ ਨੀ ਲੱਗਣਾ। ਚੌਬੋਲੀ ਦੇ ਗਲ ਨਾਲ ਲਿਪਟਣ ਸਦਕਾ ਸੱਚ ਤੋਂ ਮੂੰਹ ਮੋੜਾਂ, ਇਸ ਨਾਲ ਮੇਰਾ ਤਾਂ ਕੀ ਵਿਗੜਨੈ? ਤੁਹਾਡੀ ਮਰਿਆਦਾ ਨੂੰ ਸੱਟ ਲੱਗੇਗੀ।
ਹੁੰਗਾਰਾ ਭਰਨ ਲਈ ਹਾਂ ਹੋਈ ਤਾਂ ਨਵੀਂ ਕਹਾਣੀ ਚੱਲ ਪਈ। ਖ਼ੂਬਸੂਰਤ ਮੁੰਡਾ ਉਤਸ਼ਾਹ ਭਰੀ ਆਵਾਜ਼ ਨਾਲ ਕਹਾਣੀ ਕਹਿਣ ਲੱਗਾ-
ਕਿਸੇ ਪਿੰਡ ਵਿੱਚ ਇੱਕ ਸ਼ਾਹੂਕਾਰ, ਕਰੋੜਪਤੀ ਸੇਠ ਰਿਹਾ ਕਰਦਾ ਸੀ। ਰਾਜਿਆਂ ਵਾਂਗ ਧੂਮਧਾਮ ਨਾਲ ਵਿਆਹ ਕਰਕੇ ਘਰ ਆਇਆ ਤਾਂ ਅਗਲੇ ਹੀ ਦਿਨ ਅਦੁੱਤੀ ਰੂਪਵਾਨ ਦੁਲਹਨ ਨੂੰ ਸੁਹਣਾ ਸਮਾਚਾਰ ਸੁਣਾਇਆ ਕਿ ਸ਼ੁਭ ਮਹੂਰਤ ਆਇਆ ਹੈ ਜਿਸ ਕਰਕੇ ਵਪਾਰ ਖ਼ਾਤਰ ਪਰਦੇਸ ਜਾਣਾ ਪਏਗਾ। ਇਹੋ ਜਿਹਾ ਮਹੂਰਤ ਦੁਬਾਰਾ ਸੱਤ ਸਾਲ ਬਾਅਦ ਆਏਗਾ। ਘਰ ਵਿੱਚ ਤੇਰਾ ਆਉਣਾ ਇਸ ਤਰ੍ਹਾਂ ਹੈ ਜਿਵੇਂ ਲੱਛਮੀ ਆਪ ਚੱਲਕੇ ਇੱਥੇ ਪੁੱਜੀ ਹੋਵੇ ਤੇਰੇ ਰੂਪ ਵਿੱਚ। ਪਤੀ ਮੂੰਹੋਂ ਇਹ ਸ਼ੁਭ ਸਮਾਚਾਰ ਸੁਣਕੇ ਦੁਲਹਨ ਦੇ ਸੁਫ਼ਨਿਆਂ ਦੇ ਹਾਥੀ ਧੜੰਮ ਧੜੰਮ ਡਿੱਗਣ ਲੱਗੇ ਤਾਂ ਸਭ ਡਿੱਗਦੇ ਹੀ ਗਏ। ਆਸ-ਗਗਨ ਦੇ ਸਾਰੇ ਤਾਰੇ ਇੱਕ ਪਲ ਵਿੱਚ ਟੁੱਟ ਕੇ ਬਿਖਰ ਗਏ। ਅਨਜਾਣ ਬਣਕੇ ਪੁੱਛਣ ਲੱਗੀ- ਕਿਉਂ? ਪਰਦੇਸ ਕਿਉਂ ਚੱਲੇ?
ਸੇਠ ਦੀ ਆਵਾਜ਼ ਕਾਫ਼ੀ ਬੁਲੰਦ ਸੀ। ਤੈਨੂੰ ਏਨਾ ਵੀ ਨੀ ਪਤਾ ਕਿ ਲੋਕ ਪਰਦੇਸ ਇਉਂ ਜਾਂਦੇ ਨੇ? ਧਨ ਕਮਾਉਣ ਵਾਸਤੇ!
ਹੈਰਾਨ ਹੋ ਕੇ ਦੁਲਹਨ ਬੋਲੀ- ਪਰ ਮੈਂ ਤਾਂ ਸੁਣਿਐਂ ਧਨ ਤੁਹਾਡੇ ਕੋਲ ਇੰਨਾ ਹੈ ਕਿ ਸੱਤ ਪੀੜ੍ਹੀਆਂ ਬੈਠੀਆਂ ਖਾਈ ਜਾਣ ਤਾਂ ਵੀ ਨਾ ਮੁੱਕੇ? ਜੀਵਨ ਦੇ ਸੂਰਜ ਵਰਗੇ ਪਲਾਂ ਨੂੰ ਛੱਡ ਕੇ ਚਾਂਦੀ ਦੇ ਕਿਣਕੇ ਲੱਭਣ ਵਾਸਤੇ ਦਰ ਦਰ ਭਟਕਦੇ ਰਹੋਗੇ? ਇਹ ਗੱਲ ਮੇਰੀ ਸਮਝ ਤੋਂ ਤਾਂ ਕੋਹਾਂ ਦੂਰ ਦੀ ਹੈ।
ਮੁਸਕਾਂਦਾ ਹੋਇਆ ਸੇਠ ਬੋਲਿਆ- ਧਨ ਦੀ ਚਮਕ ਸੂਰਜ ਤੋਂ ਵੱਧ ਹੁੰਦੀ ਹੈ। ਤੈਨੂ ਇਨ੍ਹਾਂ ਗੱਲਾਂ ਦੀ ਸਮਝ ਨਹੀਂ। ਤੇਰੇ ਸਮਝਣ ਵਾਸਤੇ ਇਹ ਗੱਲਾਂ ਹਨ ਵੀ ਨਹੀਂ। ਧਨ ਕਮਾਉਣ ਵਾਲੇ ਦੀ ਸਮਝ ਤੋਂ ਵੱਡੀ ਸਮਝ ਹੋਰ ਕਿਸੇ ਦੀ ਹੋ ਈ ਨਹੀਂ ਸਕਦੀ ਕਿਉਂਕਿ ਉਹ ਕਿਸੇ ਹੋਰ ਦਾ ਕਹਿਣਾ ਵੀ ਨਹੀਂ ਮੰਨਦਾ। ਸੋ ਉਹ ਸੇਠ, ਦੁਲਹਨ ਦਾ ਦਿਸਦਾ ਜੋਬਨ ਤੇ ਰੂਪ ਛੱਡ ਕੇ ਅਣਦੇਖੇ ਧਨ ਮਾਇਆ ਦੀ ਤਲਾਸ਼ ਵਿੱਚ ਸ਼ੁਭ ਮਹੂਰਤ ਅਨੁਸਾਰ ਪਰਦੇਸੀਂ ਰਵਾਨਾ ਹੋ ਗਿਆ। ਸੁੰਨੀਆਂ ਨਿਗਾਹਾਂ ਨਾਲ ਆਪਣੇ ਉੱਪਰ ਜਬਰਨ ਕਾਬੂ ਪਾਈ ਦੁਲਹਨ ਚੁੱਪਚਾਪ ਬੈਠੀ ਦੇਖਦੀ ਰਹੀ। ਤਿੰਨ ਚਾਰ ਦਿਨ ਤਾਂ ਉਸਨੂੰ ਹੋਸ਼ ਵੀ ਨਹੀਂ ਆਇਆ ਕਿ ਇਹ ਹੋ ਕੀ ਗਿਆ! ਉਹਨੂੰ ਲੱਗਿਆ ਮਜ਼ਾਕ ਮਜ਼ਾਕ ਵਿੱਚ ਸੇਠ ਐਵੇਂ ਫਜ਼ੂਲ ਗੱਲਾਂ ਕਰ ਰਿਹੈ, ਜਲਦੀ ਵਾਪਸ ਆ ਜਾਏਗਾ।
ਮਾਸੂਮ ਦੁਲਹਨ ਸੱਚ ਨੂੰ ਮਜ਼ਾਕ ਮੰਨਦੀ ਰਹੇ ਤਾਂ ਖ਼ੁਸ਼ੀ ਨਾਲ ਮੰਨੇ ਪਰ ਇਸ ਨਾਲ ਸੱਚ ਦੀ ਸਾਖ ਤਾਂ ਨਹੀਂ ਘਟਦੀ। ਕੰਗਣ ਡੋਰਾ ਬੰਨ੍ਹੀ ਬਨ੍ਹਾਈ ਸੇਠ, ਪਤਨੀ ਨੂੰ ਛੱਡ ਕੇ ਵਪਾਰ ਖ਼ਾਤਰ ਪਰਦੇਸ ਚਲਾ ਗਿਆ, ਇਹ ਗੱਲ ਸੱਚ ਸੀ ਪਰ ਦੁਲਹਨ ਆਪਣੀ ਚੜ੍ਹਦੀ ਜੁਆਨੀ ਵਿੱਚ ਇਕੱਲੀ ਰਹਿ ਗਈ, ਇਹ ਗੱਲ ਵੀ ਸੱਚ। ਚੜ੍ਹਦੀ ਉਮਰ ਅੰਨ੍ਹੀ ਤੇ ਬੋਲੀ ਹੋਇਆ ਕਰਦੀ ਐ। ਉਸਨੂੰ ਨਾ ਕਿਸੇ ਦੀ ਸਿੱਖਿਆ ਸੁਣਾਈ ਦੇਵੇ ਅਤੇ ਨਾ ਸਿਆਹ ਸਫ਼ੈਦ ਵਿੱਚ ਫਰਕ ਪਤਾ ਲੱਗੇ।
ਸੇਠ ਦੀ ਹਵੇਲੀ ਦਾ ਦੁਮੰਜਲਾ ਸੌਣ ਕਮਰਾ ਅਤੇ ਨਾਲ ਸਾਹਮਣੇ ਗਵਾਂਢੀ ਠਾਕੁਰ ਦਾ ਝਰੋਖਾ ਆਹਮੋ ਸਾਹਮਣੇ ਸਨ। ਇੱਕ ਦਿਨ ਦੁਲਹਨ ਛੱਤ ਉਪਰ ਕਮਰੇ ਦੇ ਦਰਵਾਜ਼ੇ ਉੱਤੇ ਖੜ੍ਹੀ ਸੀ ਤੇ ਠਾਕੁਰ ਝਰੋਖੇ ਵਿੱਚੋਂ ਦੀ ਦੇਖ ਰਿਹਾ ਸੀ। ਇੱਕ ਦੂਜੇ ਉੱਪਰ ਦੋਵਾਂ ਦੀ ਨਿਗਾਹ ਪੈ ਗਈ। ਅਣਜਾਣਪੁਣੇ ਵਿੱਚ ਦੁਲਹਨ ਦੇਰ ਤੱਕ ਉਧਰ ਦੇਖਦੀ ਰਹੀ। ਉਸ ਪਿੱਛੋਂ ਤਾਂ ਦੋਵੇਂ ਹਰ ਰੋਜ਼ ਨਿਸ਼ਚਿਤ ਸਮੇਂ ਉੱਤੇ ਇੱਕ ਦੂਜੇ ਨੂੰ ਦੇਖਣ ਲੱਗ ਪਏ। ਇੱਕ ਦਿਨ ਠਾਕੁਰ ਦੀ ਚੁੱਪ ਟੁੱਟੀ। ਬੋਲਿਆ- ਇਉਂ ਕਿੰਨੇ ਦਿਨ ਦੇਖਦੇ ਰਹਾਂਗੇ? ਕਿਸੇ ਤਰ੍ਹਾਂ ਮੇਰੇ ਮਹਿਲ ਵਿੱਚ ਆਉ।
ਡਰਦੀ ਡਰਦੀ ਦੁਲਹਨ ਬੋਲੀ- ਕਿਵੇਂ ਆਵਾਂ? ਖੰਭ ਹੁੰਦੇ ਉਡਕੇ ਆ ਜਾਂਦੀ। ਹੇਠਾਂ ਪਹਿਰੇਦਾਰ ਅੱਠੇ ਪਹਿਰ ਤਾਂ ਪਹਿਰਾ ਦਿੰਦੇ ਨੇ। ਲੋਕਾਂ ਦੀ ਨਜ਼ਰ ਤੋਂ ਡਰ ਲਗਦੈ। ਮੈਂ ਆ ਵੀ ਜਾਵਾਂ ਕਿਸੇ ਨੂੰ ਪਤਾ ਵੀ ਨਾ ਲੱਗੇ ਕੋਈ ਜੁਗਤ ਦੱਸੋ। ਜੁਗਤ ਬਣਾਉਣ ਵਿੱਚ ਕੀ ਦੇਰ ਲੱਗਦੀ ਹੈ? ਠਾਕੁਰ ਨੇ ਤੁਰੰਤ ਫੈਸਲਾ ਕੀਤਾ ਕਿ ਹੇਠਾਂ ਸੁਰੰਗ ਖ਼ੁਦਵਾ ਦਿਆਂਗਾ। ਸੁਰੰਗ ਵਿੱਚ ਦੀ ਆਣ ਜਾਣ ਵਿੱਚ ਕੀ ਔਖ? ਥੋੜ੍ਹਾ ਸਮਾਂ ਧੀਰਜ ਰੱਖ। ਧੀਰਜ ਤਾਂ ਰੱਖਣਾ ਹੀ ਸੀ। ਸੁਰੰਗ ਦਾ ਕੰਮ ਸ਼ੁਰੂ ਹੋ ਗਿਆ। ਕਿਸੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਪਰ ਖਾਪਰੀ ਚੋਰ ਨੂੰ ਭੇਦ ਲਗ ਗਿਆ। ਉਸਨੇ ਚੁਪਕੇ ਚੁਪਕੇ ਆਪਣੇ ਘਰ ਵੱਲੋਂ ਸੁਰੰਗ ਖੋਦਣੀ ਸ਼ੁਰੂ ਕਰ ਦਿੱਤੀ। ਸੇਠਾਣੀ ਠਾਕੁਰ ਨੂੰ ਪੂਰਾ ਹਾਰ ਸ਼ਿੰਗਾਰ ਕਰਕੇ ਮਿਲਣ ਜਾਏਗੀ, ਵਾਪਸੀ ਵੇਲੇ ਗਹਿਣੇ ਖੋਹਣ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ। ਲੋਕ ਲਾਜ ਤੋਂ ਡਰਦੀ ਕਿਸੇ ਨਾਲ ਘਟਨਾ ਦਾ ਜ਼ਿਕਰ ਵੀ ਨਹੀਂ ਕਰੇਗੀ।
ਸਮਾਜ ਦੀ ਚਾਲੂ ਮਰਿਆਦਾ ਤੋੜ ਕੇ ਇੱਕ ਦਿਨ ਸੇਠਾਣੀ ਨਵੀਂ ਸੁਰੰਗ ਵਿੱਚ ਦੀ ਠਾਕੁਰ ਦੇ ਮਹਿਲ ਵੱਲ ਤੁਰ ਪਈ। ਪੂਰਾ ਹਾਰ ਸ਼ਿੰਗਾਰ, ਅੱਖਾਂ ਵਿੱਚ ਸੁਰਮਾ। ਮੱਥੇ ਬਿੰਦੀ। ਚੀਰਨੀ ਵਿੱਚ ਮੋਤੀ, ਹੀਰਿਆਂ ਦਾ ਹਾਰ... ਅਨੰਦ ਦੀ ਕੋਈ ਹੱਦ ਨਹੀਂ। ਉਸਦੀ ਪ੍ਰੀਤ ਦਾ ਆਸਮਾਨ ਨੌ ਲੱਖ ਤਾਰਿਆਂ ਨਾਲ ਜਗਮਗਾਉਣ ਲੱਗਾ। ਦੁਲਹਨ ਵਾਸਤੇ ਇਹ ਸੁਰੰਗ ਕਿਸੇ ਸੁਰਗ ਤੋਂ ਘੱਟ ਨਹੀਂ ਸੀ। ਪ੍ਰੀਤ ਦੇ ਸੁੱਖ ਮੁਕਾਬਲੇ ਵਿਚਾਰੇ ਸੁਰਗ ਦੀ ਕੀ ਹੈਸੀਅਤ?
ਜਦੋਂ ਸੇਠਾਣੀ ਠਾਕੁਰ ਦੇ ਰੰਗ ਮਹਿਲ ਵਿੱਚ ਪਹੁੰਚੀ, ਉਸਦੀ ਇੱਕ ਬਾਂਦੀ ਪੈਰ ਘੁੱਟ ਰਹੀ ਸੀ। ਠਾਕੁਰ ਨੂੰ ਨੀਂਦ ਆ ਗਈ। ਝੂਮਦੀ ਸੁੰਦਰਤਾ ਨੂੰ ਰੰਗ ਮਹਿਲ ਦੇ ਦਰਵਾਜਿਉਂ ਅੰਦਰ ਆਉਂਦੀ ਦੇਖਕੇ ਬਾਂਦੀ ਦੇ ਹੋਠਾਂ ਤੇ ਆਪੇ ਮੁਸਕਾਨ ਆ ਗਈ। ਫਿਰ ਬਿਨਾਂ ਕਹੇ ਪੈਰ ਦਬਾਉਣ ਦਾ ਕੰਮ ਛੱਡ ਕੇ ਬਾਹਰ ਨਿਕਲ ਗਈ। ਸੇਠਾਣੀ ਪੈਂਦ ਉਤੇ ਬੈਠ ਗਈ। ਨੀਂਦ ਵਿੱਚੋਂ ਜਗਾਣਾ ਠੀਕ ਨਾ ਸਮਝਿਆ। ਚੁੱਪਚਾਪ ਪ੍ਰੀਤਮ ਦੇ ਪੈਰ ਦਬਾਉਣ ਲੱਗ ਪਈ।
ਠਾਕੁਰ ਦੀ ਨੀਂਦ ਖੁੱਲ੍ਹੀ, ਬੰਦ ਅੱਖਾਂ ਨਾਲ ਹੀ ਕਹਿ ਦਿੱਤਾ- ਬਸ ਬੇਟੀ ਬਹੁਤ ਐ। ਹੁਣ ਸੋ ਜਾ। ਬੇਟੀ ਸ਼ਬਦ ਸੁਣਦਿਆਂ ਹੀ ਸੇਠਾਣੀ ਦੇ ਤਾਂ ਹੱਥ ਰੁਕ ਗਏ...। ਠਾਕੁਰ ਨੇ ਫਿਰ ਕਿਹਾ- ਸੁਣਿਆ ਨਹੀਂ? ਬੇਟੀ ਪੈਰ ਘੁਟਦੇ ਘੁਟਦੇ ਤੈਨੂੰ ਵੀ ਨੀਂਦ ਆ ਗਈ? ਇਹ ਕਹਿਕੇ ਠਾਕੁਰ ਨੇ ਆਪਣੇ ਪੈਰ ਖਿੱਚ ਲਏ। ਗਹਿਣਿਆਂ ਦਾ ਛਣਕਾਟਾ ਸੁਣਿਆ, ਝਿਜਕ ਕੇ ਉੱਠ ਬੈਠਾ। ਦੀਵਿਆਂ ਦੇ ਚਾਨਣ ਵਿੱਚ ਮੂੰਹ ਦੇਖਿਆ। ਉਹੋ! ਇਹ ਤਾਂ ਸੇਠਾਣੀ ਹੈ। ਪਰ ਬੇਟੀ ਕਹਿ ਬੈਠਾ, ਕਾਮਨਾ ਦੀ ਸਾਰੀ ਮੈਲ ਉਤਰ ਗਈ। ਉੱਠਕੇ ਸਿਰ ਤੇ ਹੱਥ ਫੇਰਦਿਆਂ ਕਿਹਾ- ਭਗਵਾਨ ਦੀ ਇਹੋ ਇੱਛਾ ਸੀ। ਅੱਜ ਤੋਂ ਤੂੰ ਮੇਰੀ ਧਰਮ ਦੀ ਧੀ। ਲਾਡਲੀ ਧੀ।
ਗਲ ਵਿੱਚੋਂ ਹਾਰ ਉਤਾਰ ਕੇ ਬੇਟੀ ਦੇ ਸਾਹਮਣੇ ਰੱਖਦਿਆਂ ਕਿਹਾ- ਮੇਰੇ ਨਾਲੋਂ ਹਜ਼ਾਰ ਗੁਣਾ ਵੱਧ ਮਾਇਆ ਹੈ ਤੇਰੇ ਕੋਲ ਪਰ ਸਿਰ ਤੇ ਹੱਥ ਰੱਖ ਦਿੱਤਾ, ਹੁਣ ਖ਼ਾਲੀ ਥੋੜ੍ਹੀ ਜਾਣ ਦਿਆਂਗਾ? ਹੁਣ ਦੇਰ ਨਾ ਕਰ। ਜਾਹ... ਬਾਂਦੀਆਂ ਸ਼ੱਕ ਕਰਨਗੀਆਂ।
ਖੜ੍ਹੀ ਤਾਂ ਹੋ ਗਈ, ਜਿਸਮ ਵਿੱਚ ਜਿਵੇਂ ਜਾਨ ਨਹੀਂ। ਦੇਹ ਦੀ ਸਾਰੀ ਤਾਕਤ ਕਿਸੇ ਨੇ ਖਿਚ ਲਈ। ਪਲ ਵਿੱਚ ਅਸਮਾਨ ਦੇ ਸਭ ਤਾਰੇ ਖਿੱਲਰ ਗਏ। ਕੰਬਦੀਆਂ ਲੱਤਾਂ ਨਾਲ ਤੁਰਨ ਵਿੱਚ ਮੁਸ਼ਕਲ ਆਈ। ਇੱਕ ਬੋਲ ਨਾ ਬੋਲਿਆ ਗਿਆ। ਗਲ ਵਿੱਚ ਜਿਵੇਂ ਕੋਈ ਪੱਥਰ ਫਸ ਗਿਆ ਹੋਵੇ।
ਚੌਬੋਲੀ ਹੋਠਾਂ ਹੀ ਹੋਠਾਂ ਵਿੱਚ ਮੁਸਕਾਈ ਪਰ ਬੋਲੀ ਕੁਝ ਨਹੀਂ। ਸੁਹਣੇ ਜੁਆਨ ਦੇ ਮੂੰਹੋਂ ਕਹਾਣੀ ਦੇ ਜ਼ਰੀਏ ਜਿਵੇਂ ਫੁੱਲ ਕਿਰਦੇ ਹੋਣ।
ਉਧਰ ਖਾਪਰੀ ਚੋਰ ਨੂੰ ਉਸਦੇ ਸੂਹੀਆਂ ਦੇ ਸਾਰਾ ਭੇਦ ਦੱਸ ਦਿੱਤਾ ਕਿ ਅੱਜ ਦੀ ਰਾਤ ਇਹ ਯੋਜਨਾ ਹੈ। ਖਾਪਰੀ ਚੋਰ ਦੀ ਸੁਰੰਗ ਦਾ ਮੂੰਹ ਵੱਡੀ ਸੁਰੰਗ ਨਾਲ ਜੁੜ ਗਿਆ ਹੋਇਆ ਸੀ। ਵਾਪਸ ਪਰਤਦੀ ਸੇਠਾਣੀ ਨੂੰ ਚੋਰ ਅਤੇ ਸਾਥੀਆਂ ਨੇ ਘੇਰ ਲਿਆ। ਬੋਲੇ- ਚੋਰੀ ਚੋਰੀ ਸਾਰੇ ਲੁਤਫ਼ ਉਠਾ ਲਏ। ਇਹ ਗੱਲ ਕਿਹੜਾ ਕਿਸੇ ਨੂੰ ਦੱਸੇਂਗੀ? ਹੁਣ ਸਾਰੇ ਗਹਿਣੇ ਸਾਡੇ ਹਵਾਲੇ ਕਰ ਤਾਂ ਅੱਗੇ ਜਾਣ ਦਿਆਂਗੇ। ਕਿੰਨੀ ਕੁ ਦੇਰ ਖਲੋਏਂਗੀ?
ਡਰੀ ਹੋਈ ਤਾਂ ਸੀ ਪਰ ਸੇਠਾਣੀ ਹਿੰਮਤ ਕਰਕੇ ਬੋਲੀ- ਪਿਉ ਧੀ ਦੇ ਰਿਸ਼ਤੇ ਉੱਪਰ ਝੂਠੀ ਤੁਹਮਤ ਲਾਉਂਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ? ਫਿਰ ਉਸਨੇ ਪੂਰਾ ਕਿੱਸਾ ਵਿਸਥਾਰ ਨਾਲ ਦਸਦਿਆਂ ਕਿਹਾ- ਤੁਹਾਡਾ ਇਸ ਤਰ੍ਹਾਂ ਸੋਚਣਾ ਗ਼ਲਤ ਨਹੀਂ। ਘਰੋਂ ਤੁਰੀ ਤਾਂ ਬੁਰੇ ਇਰਾਦੇ ਨਾਲ ਸੀ ਪਰ ਈਸ਼ਵਰ ਨੂੰ ਕੁਝ ਹੋਰ ਮਨਜ਼ੂਰ ਸੀ।
ਚੋਰ ਨੂੰ ਸੇਠਾਣੀ ਦੀ ਗੱਲ ਉੱਪਰ ਇਤਬਾਰ ਆ ਗਿਆ। ਉਸਨੇ ਵੀ ਸੇਠਾਣੀ ਨੂੰ ਧਰਮ ਭੈਣ ਕਹਿ ਦਿੱਤਾ ਤੇ ਚੁੱਪਚਾਪ ਤੁਰਨ ਲੱਗਾ। ਉਸਦਾ ਦਿਲ ਤਾਂ ਨਹੀਂ ਕਰਦਾ ਸੀ ਇਹ ਨਾਟਕ ਕਰਨ ਨੂੰ ਪਰ ਠਾਕੁਰ ਦੀ ਪਰਜਾ ਹੋਣ ਕਰਕੇ ਲੁੱਟ ਖੋਹ ਦਾ ਕੇਸ ਮਹਿੰਗਾ ਪਏਗਾ। ਸੁਰੰਗ ਪੁੱਟਣ ਦੀ ਇਨੀ ਮਿਹਨਤ ਬੇਕਾਰ ਗਈ! ਚਲੋ ਫੇਰ ਕੀ ਕਰਨਾ ਹੋਇਆ। ਵਰਮੀ ਵਿੱਚ ਰਹਿ ਕੇ ਸੱਪ ਨੂੰ ਛੇੜਨਾ ਮੌਤ ਦੇ ਮੂੰਹ ਜਾਣ ਵਾਂਗ ਹੈ।
ਇਤਫਾਕ ਇਹ ਕਿ ਸੇਠਾਣੀ ਕਮਰੇ ਵਿੱਚ ਵਾਪਸ ਪਰਤੀ ਉਧਰ ਸੇਠ ਪਗੜੀ ਉਤਾਰਦਾ ਨਜ਼ਰ ਆਇਆ। ਭਗਵਾਨ ਦੀ ਲੀਲਾ ਦਾ ਅੰਤ ਕੌਣ ਪਾਏ? ਸੇਠ ਨੇ ਸੇਠਾਣੀ ਦੇਖੀ ਤਾਂ ਦੇਖਦਾ ਰਹਿ ਗਿਆ। ਇੰਨਾ ਹਾਰ ਸ਼ਿੰਗਾਰ ਕਰਕੇ ਕਿੱਥੇ ਗਈ ਸੀ? ਸਿਰ ਚਕਰਾਣ ਲੱਗਾ। ਤਾਂ ਵੀ ਮੁਸਕਾਣ ਦੀ ਕੋਸ਼ਿਸ਼ ਕਰਦਿਆਂ ਪੁੱਛਿਆ- ਮੇਰੇ ਆਉਣ ਦੀ ਖ਼ਬਰ ਪਹਿਲਾਂ ਹੀ ਮਿਲ ਗਈ? ਪਤੀ ਦੇ ਆਉਣ ਦੀ ਖ਼ਬਰ ਸੁਣੇ ਬਿਨਾਂ ਕੋਈ ਔਰਤ ਇਉਂ ਹਾਰ ਸ਼ਿੰਗਾਰ ਨਹੀਂ ਕਰਿਆ ਕਰਦੀ।
ਸੇਠਾਣੀ ਨੇ ਸੋਚਿਆ ਗੱਲ ਵਿਗੜ ਗਈ ਤਾਂ ਵਿਗੜ ਗਈ। ਹੁਣ ਛੁਪਾਉਣ ਦਾ ਪਾਪ ਕਿਸ ਵਾਸਤੇ ਕਰਨਾ ਹੋਇਆ? ਚਾਹੁੰਦੀ ਤਾਂ ਝੂਠ ਬੋਲ ਸਕਦੀ ਸੀ, ਬਹਾਨੇ ਬਣਾ ਸਕਦੀ ਸੀ, ਛਲ ਕਰ ਸਕਦੀ ਸੀ। ਪਤਾ ਨਹੀਂ ਕਿਉਂ ਝੂਠ ਬੋਲਣ ਦੀ ਇੱਛਾ ਹੀ ਨਹੀਂ ਹੋਈ। ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਜੋ ਹੋਇਆ ਸੋ ਦੱਸ ਦਿੱਤਾ।
ਸੇਠ ਨੇ ਵੀ ਸੋਚਿਆ ਦੁੱਧ ਵਿੱਚ ਖਟਾਸ ਪੈਂਦੀ ਪੈਂਦੀ ਬਚ ਗਈ। ਚੰਗਾ ਹੀ ਹੋਇਆ। ਭੁਲ ਸਾਰੀ ਮੇਰੀ, ਘਰ ਦੀ ਲੱਛਮੀ ਨੂੰ ਨਜ਼ਰਅੰਦਾਜ਼ ਕਰਕੇ ਪਰਦੇਸੀਂ ਮਾਇਆ ਜੋੜਨ ਚਲਾ ਗਿਆ। ਕੌਣ ਹੈ ਏਨਾ ਤਾਕਤਵਰ ਜੋ ਬਰਸਦੇ ਬੱਦਲਾਂ ਦਾ ਪਾਣੀ ਉੱਪਰ ਹੀ ਰੋਕ ਲਵੇ? ਬਰਸਦਾ ਪਾਣੀ ਧਰਤੀ ਨੂੰ ਮਿਲੇਗਾ ਹੀ ਮਿਲੇਗਾ। ਸੇਠਾਣੀ ਨੇ ਸੱਚ ਤਾਂ ਬੋਲਿਆ। ਖਿਮਾ ਕਰ ਦਿੱਤੀ।
ਕਹਾਣੀ ਸੁਣਾਉਣ ਬਾਅਦ ਸੁਹਣੇ ਜਵਾਨ ਨੇ ਹੁੰਗਾਰਾ ਭਰਦੇ ਹਾਰ ਨੂੰ ਪੁੱਛਿਆ, ਦੱਸੋ ਪਿਆਰੇ ਹਾਰ, ਇਨ੍ਹਾਂ ਵਿੱਚੋਂ ਕੌਣ ਸੱਤਿਆਵਾਨ ਹੋਇਆ, ਠਾਕੁਰ, ਚੋਰ, ਸੇਠਾਣੀ ਕਿ ਉਸਦਾ ਪਤੀ? ਹਾਰ ਬੋਲਿਆ- ਸਤਿਆਵਾਨ ਤਾਂ ਠਾਕੁਰ ਅਤੇ ਸੇਠਾਣੀ ਦਾ ਪਤੀ ਹੋਏ!
ਇਹ ਉਤਰ ਸੁਣਨਸਾਰ ਗ਼ੁੱਸੇ ਵਿੱਚ ਚੌਬੋਲੀ ਦਾ ਮੂੰਹ ਲਾਲ ਹੋ ਗਿਆ। ਬੋਲ ਕਿਤੇ ਆਪਣੇ ਆਪ ਨਾ ਨਿਕਲ ਜਾਣ, ਦੰਦ ਘੁੱਟ ਕੇ ਬੈਠੀ ਰਹੀ। ਉਧਰ ਜੁਆਨ ਹਾਰ ਦੀ ਗੱਲ ਕਟਦਾ ਹੋਇਆ ਬੋਲਿਆ- ਨਹੀਂ ਨਹੀਂ... ਸਤਿਆ ਤਾਂ ਖਾਪਰੀ ਚੋਰ ਵਿੱਚ ਸੀ। ਜਨਮਜਾਤ ਚੋਰ ਹੋਣ ਦੇ ਬਾਵਜੂਦ ਉਸ ਨੇ ਕਿੰਨਾ ਭਲਾ ਸੋਚਿਆ। ਹਾਰ ਨੂੰ ਇਹ ਗੱਲ ਜਚੀ ਨਹੀਂ ਤੇ ਆਪਣੀ ਗੱਲ ਸਹੀ ਸਿੱਧ ਕਰਨ ਵਾਸਤੇ ਦੋਵੇਂ ਜਣੇ ਦਲੀਲਾਂ ਦੇਣ ਲੱਗੇ।
ਕੰਨਾਂ ਵਿੱਚ ਝੂਠੀ ਗੱਲ ਪੈ ਜਾਏ ਤਾਂ ਚੌਬੋਲੀ ਕਹੇ ਬਿਨਾਂ ਰਹਿ ਨਹੀਂ ਸਕਦੀ। ਤੁਰੰਤ ਖੜ੍ਹੀ ਹੋ ਕੇ ਕਹਿੰਦੀ- ਦੋਵੇਂ ਜਣੇ ਕਿਉਂ ਖਾਹਮਖਾਹ ਉਲਝ ਰਹੇ ਹੋ? ਸਤ ਤਾਂ ਸੇਠਾਣੀ ਵਿੱਚ ਹੋਇਆ। ਔਰਤ ਜਾਤ ਹੋ ਕੇ ਵੀ ਪਤੀ ਅੱਗੇ ਸੱਚ ਬੋਲਿਆ। ਚਾਹੁੰਦੀ ਹਾਂ ਛਲ ਕਰਕੇ ਪਤੀ ਨੂੰ ਭਰਮਾ ਸਕਦੀ ਸੀ? ਇਸ ਤਰ੍ਹਾਂ ਦਾ ਸੱਚ ਕੋਈ ਔਰਤ ਨਹੀਂ ਬੋਲ ਸਕਦੀ ਹੁੰਦੀ। ਤੁਹਾਨੂੰ ਸੱਚ ਝੂਠ ਦਾ ਕੁਝ ਪਤਾ ਵੀ ਹੈ ਕੀ ਹੁੰਦੈ? ਤੁਹਾਡੇ ਨਾਲੋਂ ਵਧ ਸਮਝ ਤਾਂ ਪਸ਼ੂਆਂ ਕੋਲ ਹੈ!
ਚੌਬੋਲੀ ਦਾ ਇਹ ਕਹਿਣਾ ਹੋਇਆ, ਖ਼ੂਬਸੂਰਤ ਜੁਆਨ ਜੋਸ਼ ਵਿੱਚ ਬੋਲਿਆ- ਸਤਿਆਵਾਨ ਕੌਣ ਹੈ ਕੌਣ ਨਹੀਂ, ਦਫਾ ਕਰੋ... ਪਰ ਢੋਲੀਓ ਵਜਾਓ ਢੋਲ। ਚੌਬੋਲੀ ਬੋਲੀ ਦੂਜਾ ਬੋਲ। ਏਨਾ ਕਹਿਣ ਦੀ ਦੇਰ ਸੀ ਕਿ ਢੋਲਾਂ ਦੀ ਦੜੰਗ ਦੜੰਗ ਗੂੰਜਣ ਲੱਗੀ। ਚੌਬੋਲੀ ਝਿਜਕ ਕੇ ਚੁੱਪ ਚਾਪ ਪਲੰਘ ਤੇ ਜਾ ਬੈਠੀ। ਦੋ ਵਾਰੀ ਭੁੱਲ ਹੋ ਗਈ। ਹੁਣ ਖ਼ਿਆਲ ਰੱਖਾਂਗੀ, ਮਰਦੇ ਦਮ ਤੱਕ ਨਹੀਂ ਬੋਲਾਂਗੀ। ਇਹ ਦੁਸ਼ਟ ਗੱਲਾਂ ਕਰਦਾ ਈ ਏਦਾਂ ਦੀਆਂ ਹੈ ਕਿ ਮਨ ਮੋਹ ਲੈਣ, ਦਿਲ ਦੀ ਗੱਲ ਜ਼ੁਬਾਨ ਰਾਹੀਂ ਬਾਹਰ ਆ ਈ ਜਾਏ!
ਮਾਤਾ ਪਿਤਾ ਦੇ ਕੰਨਾਂ ਵਿੱਚ ਗੂੰਜ ਦੇ ਬਹਾਨੇ ਜਿਵੇਂ ਸ਼ਹਿਦ ਘੁਲ ਗਿਆ ਹੋਵੇ। ਰਾਜਾ ਰਾਣੀ ਦੀ ਖ਼ੁਸ਼ੀ ਦਾ ਪਾਰਾਵਾਰ ਈ ਕੋਈ ਨਾ। ਤਹਿਖਾਨੇ ਵਿੱਚ ਦਾਣੇ ਦਲਦੇ ਉਮਰਾਓ ਵੀ ਖ਼ੁਸ਼ੀ ਵਿੱਚ ਕੁੱਦਣ ਲੱਗੇ। ਸੂਰਜ ਦਾ ਚਾਨਣ ਲੈ ਕੇ ਕੋਈ ਪ੍ਰਗਟ ਤਾਂ ਹੋਇਆ! ਚੜ੍ਹਦਾ ਸੂਰਜ ਹਨ੍ਹੇਰੇ ਦੇ ਭਰੋਸੇ ਕਦੋਂ ਰਹਿੰਦੈ? ਇਨ੍ਹਾਂ ਸਾਰਿਆਂ ਦੀ ਮੁਕਤੀ ਦਾ ਸੂਰਜ ਚੜ੍ਹਨ ਹੀ ਵਾਲਾ ਹੈ। ਨ੍ਹੇਰੀ ਰਾਤ ਨੂੰ ਢਲਣਾ ਪੈਣਾ ਈ ਪੈਣੈ।
ਚੌਬੋਲੀ ਦੀ ਉਲਝਣ ਅਤੇ ਖਿਝ ਦਾ ਅੰਤ ਨਹੀਂ ਸੀ। ਪਲੰਘ ਤੇ ਹਾਰ ਜੇ ਕਿਤੇ ਹੁੰਗਾਰਾ ਨਾ ਭਰਦੇ, ਇਹ ਅਜਨਬੀ ਜੁਆਨ ਨਾ ਬਾਤ ਸ਼ੁਰੂ ਕਰ ਸਕਦਾ, ਨਾ ਇਸਦੇ ਮੂੰਹੋਂ ਬੋਲ ਫੁਟਦੇ। ਪਰ ਉਹ ਕੀ ਕਰਦੀ? ਕਹਾਣੀ ਸੁਣਦੇ ਸੁਣਦੇ ਉਸ ਉੱਪਰ ਕੋਈ ਜਾਦੂ ਛਾ ਜਾਂਦਾ ਤੇ ਅਣਜਾਣੇ ਮੂੰਹੋਂ ਵਾਕ ਨਿਕਲ ਤੁਰਦੇ। ਹੁਣ ਕੋਈ ਜਿੰਨੀਆਂ ਮਰਜ਼ੀ ਕਹਾਣੀਆਂ ਪਾਏ, ਉਮਰ ਭਰ ਮੂੰਹ ਨਹੀਂ ਖੋਲ੍ਹਣਾ। ਕੋਈ ਕੁਝ ਵੀ ਬਕੇ, ਬਕਦਾ ਰਹੇ, ਮੈਨੂੰ ਕੀ। ਗ਼ੁੱਸੇ ਨਾਲ ਹਾਰ ਵੱਲ ਦੇਖਦੀ ਬੋਲੀ- ਅੱਗੇ ਨੂੰ ਹੁੰਗਾਰਾ ਭਰਿਆ ਤੈਨੂੰ ਭੱਠੀ ਵਿੱਚ ਸੁਟਵਾ ਦਿਊਂ। ਸਮਝਿਆ?
ਹਾਰ ਨੇ ਕਿਹਾ- ਸ਼ਾਹਜ਼ਾਦੀ, ਮੈਨੂ ਮੇਰੇ ਸੈਂਕੜੇ ਗੁਨਾਹਾਂ ਦੀਆਂ ਸਜ਼ਾਵਾਂ ਦੇ ਦੇਹ ਪਰ ਅੱਗ ਵਿੱਚ ਨਾ ਸੁੱਟੀਂ ਕਿਉਂਕਿ ਇਸ ਨਾਲ ਮੇਰੀ ਚਮਕ ਦਮਕ ਹੋਰ ਵਧ ਜਾਏਗੀ। ਸੱਚ ਨੂੰ ਆਂਚ ਨੀ ਲਗਦਾ ਹੁੰਦਾ। ਖਿਝ ਕੇ ਚੌਬੋਲੀ ਨੇ ਝਿੜਕਿਆ- ਚੁੱਪ ਹੋ ਜਾ ਹੁਣ। ਫਾਲਤੂ ਬੜਬੜ ਦੀ ਲੋੜ ਨਹੀਂ। ਦੋਵਾਂ ਦੀ ਖਿਝ ਪਿੱਛੋਂ ਬਰਫ਼ ਵਰਗੀ ਠੰਢ ਪਈ ਮਹਿਮਾਨ ਰਾਜਕੁਮਾਰ ਦੇ ਦਿਲ ਵਿੱਚ। ਉਸਤੋਂ ਕੀ ਛਿਪਿਆ? ਮੁਸਕਾਇਆ। ਚੌਬੋਲੀ ਵੱਲ ਦੇਖਦਿਆਂ ਕਿਹਾ- ਘੁਮਿਆਰ ਦਾ ਘੁਮਿਆਰੀ ਉੱਪਰ ਜ਼ੋਰ ਨਹੀਂ ਚਲਦਾ ਤਾਂ ਗਧੇ ਦੇ ਕੰਨ ਖਿਚਣ ਲਗਦੈ। ਖ਼ੁਦ ਤੋਂ ਬੋਲੇ ਬਗ਼ੈਰ ਰਿਹਾ ਨਹੀਂ ਜਾਂਦਾ, ਦੂਜਿਆਂ ਤੇ ਵਿਅਰਥ ਗ਼ੁੱਸਾ। ਕੀ ਪਤਾ ਮੈਂ ਸੁਹਣਾ ਈ ਏਨਾ ਹੋਵਾਂ ਕਿ ਅਸੂਲ ਤੋੜਨ ਦੀ ਇੱਛਾ ਪੈਦਾ ਹੋ ਗਈ ਹੋਵੇ?
ਚੌਬੋਲੀ ਨੂੰ ਗੁੱਸਾ ਤਾਂ ਆਇਆ ਪਰ ਕੋਈ ਜਵਾਬ ਨਹੀਂ ਦਿੱਤਾ। ਨਜ਼ਰਾਂ ਝੁਕਾ ਕੇ ਆਸਣ ਤੇ ਬੈਠ ਗਈ। ਅੱਧੀ ਰਾਤ ਬੀਤ ਚੁੱਕੀ ਸੀ। ਮਿੱਠੇ ਬੋਲਾਂ ਵਿੱਚ ਜੁਆਨ ਬੋਲਿਆ- ਰੁੱਖ ਤਾਂ ਹਰੇ ਪੱਤਿਆਂ ਨਾਲ ਈ ਸੁਹਣਾ ਲਗਦੈ, ਤਲਾਬ ਪਾਣੀ ਨਾਲ ਭਰਿਆ ਹੋਵੇ ਤਾਂ ਚੰਗਾ ਲਗਦੈ ਤੇ ਬਾਤ ਉਦੋਂ ਚੰਗੀ ਲਗਦੀ ਐ ਜਦੋਂ ਕੋਈ ਹੁੰਗਾਰਾ ਭਰਨ ਵਾਸਤੇ ਹਾਮੀ ਭਰੇ। ਫੇਰ ਮੈਂ ਵੀ ਕਹਾਣੀ ਸ਼ੁਰੂ ਕਰਾਂ।
ਏਨਾ ਕਹਿਣਾ ਹੀ ਸੀ ਬਸ ਕਿ ਚੌਬੋਲੀ ਦੀ ਚੁੰਨੀ ਬੋਲ ਪਈ। ਕਹਿੰਦੀ- ਇਹੋ ਜਿਹੇ ਅਫਸਾਨਾਗੋ ਨੂੰ ਕਥਾ ਦਾ ਹੁੰਗਾਰਾ ਭਰਨ ਵਾਲਿਆਂ ਦੀ ਕਮੀ ਕਿੱਥੇ? ਮੈਂ ਨਾ ਸਹੀ ਕਿਸੇ ਹੋਰ ਨੇ ਹਾਂ ਕਰ ਦੇਣੀ ਐ। ਸ਼ੁਰੂ ਕਰੋ ਹਜ਼ੂਰ...। ਮੈਂ ਹੁੰਗਾਰਾ ਦਿਆਂਗੀ। ਇਹੋ ਜਿਹੇ ਮੌਕੇ ਬਾਰ ਬਾਰ ਥੋੜ੍ਹਾ ਆਇਆ ਕਰਦੇ ਨੇ? ਰਾਜਕੁਮਾਰੀ ਦਾ ਪ੍ਰਣ ਟੁੱਟੇ ਤਾਂ ਸਾਰੇ ਦੇਸ਼ ਵਿੱਚ ਠੰਢ ਪੈ ਜਾਏ। ਸ਼ਾਹਜ਼ਾਦੀ ਦੀ ਸ਼ਾਦੀ ਬਗ਼ੈਰ ਤਾਂ ਵੇਲ ਬੂਟੇ ਸੁੰਨੇ ਪਏ ਨੇ, ਜਿਵੇਂ ਪਤਝੜ ਵਿੱਚ ਘਿਰ ਗਏ ਹੋਣ।
ਚੁੰਨੀ ਦਾ ਏਨਾ ਆਖਣਾ ਸੀ ਕਿ ਰਾਜਕੁਮਾਰੀ ਨੇ ਗ਼ੁੱਸੇ ਵਿੱਚ ਆਪਾ ਖੋ ਦਿੱਤਾ। ਚੁੰਨੀ ਉਤਾਰੀ ਤੇ ਦੂਰ ਸੁੱਟ ਦਿੱਤੀ। ਇਉਂ ਲੱਗਿਆ ਜਿਵੇਂ ਬੱਦਲ ਚੰਦ ਤੋਂ ਪਰ੍ਹੇ ਹਟ ਗਿਆ ਹੋਵੇ। ਜਿਵੇਂ ਦੀਵੇ ਦੀ ਬੱਤੀ ਦੀ ਲੋਅ ਹੋਰ ਤੇਜ਼ ਹੋਈ ਹੋਵੇ। ਚੌਬੋਲੀ ਦੀ ਸਾਂਚੇ ਵਿੱਚ ਢਲੀ ਦੇਹ ਜੋਤੀ ਦੇ ਪੀਲੇ ਚਾਨਣ ਵਿੱਚ ਜਗਮਗਾ ਰਹੀ ਸੀ ਕਿ ਚੌਬੋਲੀ ਦੀਆਂ ਅੱਖਾਂ ਦਾ ਪ੍ਰਕਾਸ਼ ਦਮਕ ਰਿਹਾ ਸੀ, ਸੁੰਦਰ ਜੁਆਨ ਕਿਸੇ ਨਤੀਜੇ ਤੇ ਨਾ ਅੱਪੜ ਸਕਿਆ। ਇਹਨੂੰ ਕਹਿੰਦੇ ਨੇ ਰੂਪ! ਦੁਨੀਆ ਦਾ ਰੂਪ ਚੌਬੋਲੀ ਨਾਮ ਧਰਾ ਕੇ ਸੰਸਾਰ ਵਿੱਚ ਉਤਰਿਆ। ਇਹੋ ਜਿਹਾ ਰੂਪ ਇਹੋ ਜਿਹੀ ਕਰੜੀ ਪ੍ਰਤਿੱਗਿਆ ਕਰਿਆ ਹੀ ਕਰਦੈ।
ਇਹੋ ਜਿਹਾ ਰੂਪ ਆਸਾਨੀ ਨਾਲ ਹੱਥ ਆ ਜਾਏ, ਇਹ ਤਾਂ ਰੂਪ ਦੀ ਮਰਿਆਦਾ ਨੂੰ ਠੇਸ ਲੱਗਣ ਵਾਂਗ ਹੈ। ਸ਼ਾਹਜ਼ਾਦੀ ਨੂੰ ਦੇਖ ਦੇਖ ਠਕੁਰਾਣੀ ਵੀ ਮਸਤ ਹੋਣ ਲੱਗੀ, ਉਧਰੋਂ ਨਿਗਾਹਾਂ ਹਟਣ ਈ ਨਾ। ਭੇਦ ਖੁੱਲ੍ਹਿਆ, ਤਾਂ ਫਿਰ ਚੌਬੋਲੀ ਦੀ ਹਾਲਤ ਕੀ ਹੋਵੇਗੀ? ਇਸ ਸੁੰਦਰਤਾ ਦਾ ਮੌਨ ਭੰਗ ਕਰਨ ਵਾਲਾ ਕੋਈ ਮਰਦ ਹੁੰਦਾ, ਫੇਰ? ਪਰ ਨਹੀਂ। ਕਿਸੇ ਮਰਦ ਨੂੰ ਇਹ ਸਫ਼ਲਤਾ ਮਿਲਦੀ, ਰੂਪ ਦਾ ਮਹਾਤਮ ਖ਼ਤਮ ਹੋ ਜਾਂਦਾ। ਰੂਪ ਦੀ ਇਸ ਹੱਦ ਨੂੰ ਪਾਰ ਕਰਨ ਬਾਅਦ ਕਿਸੇ ਮਰਦ ਦਾ ਉਸ ਉੱਪਰ ਵਸ ਨਹੀਂ ਚਲਦਾ। ਚੌਬੋਲੀ ਨੇ ਤਾਂ ਦੁਨੀਆ ਦੀਆਂ ਕੁੱਲ ਔਰਤਾਂ ਦੀ ਮਰਿਆਦਾ ਬਚਾ ਲਈ।
ਇਸੇ ਤਰ੍ਹਾਂ ਦੀਆਂ ਭਾਵਨਾਵਾਂ ਵਿਚਕਾਰ ਘਿਰੀ ਹੋਈ ਛੋਟੀ ਠਕੁਰਾਣੀ ਨੇ ਨਵੀਂ ਕਹਾਣੀ ਸ਼ੁਰੂ ਕੀਤੀ- ਕਿਸੇ ਵੱਡੇ ਨਗਰ ਵਿੱਚ ਭਾਈਆਂ ਤੋਂ ਵਧੀਕ ਇੱਕ ਦੂਜੇ ਨੂੰ ਪਿਆਰ ਕਰਨ ਵਾਲੇ ਪੰਜ ਦੋਸਤ ਰਿਹਾ ਕਰਦੇ ਸਨ। ਇੱਕ ਤਰਖਾਣ, ਦੂਜਾ ਦਰਜੀ, ਤੀਜਾ ਸੁਨਿਆਰ, ਚੌਥਾ ਲਾਖ ਦੀਆਂ ਚੀਜ਼ਾਂ ਬਣਾਉਣ ਦਾ ਮਾਹਿਰ ਤੇ ਪੰਜਵਾਂ ਬਾਮ੍ਹਣ। ਪੰਜੇ ਜਣੇ ਆਪੋ ਆਪਣੇ ਹੁਨਰ ਵਿੱਚ ਸਰਬੋਤਮ ਤੇ ਬੇਜੋੜ। ਬਾਮ੍ਹਣ ਨੇ ਤਾਂ ਸੰਜੀਵਨੀ ਵਿੱਦਿਆ ਸਿੱਧ ਕਰ ਲਈ ਸੀ। ਪੰਜਾਂ ਵਿੱਚ ਪੂਰਾ ਪਿਆਰ, ਇੱਕ ਦੂਜੇ ਤੇ ਭਰੋਸਾ।
ਕਹਾਵਤ ਹੈ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਜਿਸਨੂੰ ਜਾਣਦੇ ਹੋਈਏ ਉਹ ਸੁੰਢ ਤੋਂ ਵੀ ਸਸਤਾ। ਨਗਰਵਾਸੀਆਂ ਨੂੰ ਉਨ੍ਹਾਂ ਦੇ ਹੁਨਰ ਦੀ ਕੋਈ ਕਦਰ ਨਾ। ਉਲਟਾ ਲੋਕ ਕਿਹਾ ਕਰਦੇ- ਇਹ ਮੂਰਖ ਨੇ, ਨਖੱਟੂ ਨੇ। ਹੁਨਰ ਵਾਲੇ ਬੰਦੇ ਤਾਂ ਦੁਨੀਆ ਵਿੱਚ ਮਿਲ ਜਾਣਗੇ, ਹੁਨਰ ਦੇ ਕਦਰਦਾਨ ਨਹੀਂ ਲਭਦੇ। ਇੱਕ ਦਿਨ ਪੰਜਾਂ ਨੂੰ ਇੱਕੋ ਗੱਲ ਸੁੱਝੀ। ਉਨ੍ਹਾਂ ਨੇ ਆਪਣਾ ਜੱਦੀ ਪਿੰਡ ਛੱਡ ਕੇ ਪਰਦੇਸ ਜਾਣ ਦੀ ਸੋਚੀ। ਜਦੋਂ ਸੋਚ ਲਿਆ ਫਿਰ ਤੁਰਨ ਵਾਸਤੇ ਇਹੋ ਜਿਹੇ ਪਾਗ਼ਲ ਕਿਹੜਾ ਦੇਰ ਕਰਦੇ ਹੁੰਦੇ ਨੇ? ਚੁੱਪਚਾਪ ਤੁਰ ਪਏ। ਪੰਜੇ ਅਜੇ ਕੁਆਰੇ, ਇਸ ਕਰਕੇ ਜਨਾਨੀਆਂ ਨੂੰ ਪੁੱਛਣ ਦੱਸਣ ਦੀ ਕੋਈ ਲੋੜ ਨਾ। ਲੋੜ ਮੂਜਬ ਆਪੋ ਆਪਣੇ ਸੰਦ, ਨਿੱਕੀ ਮੋਟੀ ਲੋੜੀਂਦੀ ਚੀਜ਼, ਥੋੜ੍ਹੇ ਥੋੜ੍ਹੇ ਪੈਸੇ ਜੇਬਾਂ ਵਿੱਚ ਪਾਕੇ ਜਿੱਧਰ ਮੂੰਹ ਨੱਕ ਦੀ ਸੇਧ ਤੁਰ ਪਏ।
ਤੁਰਦੇ ਤੁਰਦੇ ਰਸਤੇ ਵਿੱਚ ਇੱਕ ਥਾਂ ਤਲਾਬ ਆ ਗਿਆ। ਖਾਣਾ ਖਾ ਕੇ ਪੰਜਾਂ ਨੇ ਫੈਸਲਾ ਕੀਤਾ ਇੱਥੇ ਰਾਤ ਬਿਤਾਈ ਜਾਏ। ਉਹ ਜਿੱਥੇ ਕਿਤੇ ਰਾਤ ਕਟਦੇ, ਇੱਕ ਇੱਕ ਜਣਾ ਵਾਰੀ ਸਿਰ ਪਹਿਰਾ ਦਿੰਦਾ, ਬਾਕੀ ਸੌਂ ਜਾਂਦੇ। ਪਹਿਰਾ ਲਗੇ ਲਗਾਏ ਵੀ ਉਦੋਂ ਚੋਰ ਚੋਰੀ ਕਰ ਲਿਆ ਕਰਦੇ ਸਨ, ਫਿਰ ਵੀ ਆਪਣੇ ਵੱਲੋਂ ਕਾਹਨੂੰ ਕਸਰ ਛੱਡਣੀ ਹੋਈ! ਖਾਣਾ ਖਾਣ ਬਾਅਦ ਚਾਰ ਜਣੇ ਸੌਂ ਗਏ ਤੇ ਤਰਖਾਣ ਪਹਿਰਾ ਦੇਣ ਲੱਗਾ।
ਅਣਜਾਣੀ ਥਾਂ, ਸੁੰਨਾ ਜੰਗਲ, ਸਾਂ ਸਾਂ ਕਰਦੀ ਰਾਤ, ਸਮਾਂ ਕੱਟਣਾ ਔਖਾ। ਉਸਨੇ ਤਾਲਾਬ ਦੇ ਚਾਰੇ ਪਾਸੇ ਚੱਕਰ ਲਾਇਆ। ਇੱਕ ਥਾਂ ਲੱਕੜ ਦਾ ਵਧੀਆ ਜਿਹਾ ਟੋਟਾ ਪਿਆ ਦੇਖਿਆ। ਨੇੜੇ ਗਿਆ, ਕਮਾਲ, ਚੰਦਨ ਦੀ ਖ਼ੁਸ਼ਬੂ। ਹੱਥ ਨਾਲ ਰਗੜ ਕੇ ਫੇਰ ਸੁੰਘਿਆ... ਗਜ਼ਬ, ਸੱਚੀਂ ਚੰਦਨ ਦੀ ਸ਼ਾਨਦਾਰ ਗੇਲੀ। ਉਸ ਕੋਲ ਸੰਦ ਤਾਂ ਸਨ ਹੀ, ਮਨ ਪ੍ਰਚਾਵੇ ਵਾਸਤੇ, ਨੀਂਦ ਟਾਲਣ ਵਾਸਤੇ ਕਾਰੀਗਰੀ ਕਰਨ ਬੈਠ ਗਿਆ। ਆਪਣੇ ਪਹਿਰੇ ਦੇ ਸਮੇਂ ਵਿੱਚ ਉਸਨੇ ਸੁਹਣੀ ਕੁੜੀ ਦਾ ਪੁਤਲਾ ਘੜ ਦਿੱਤਾ।
ਮਿਸਤਰੀ ਪਿੱਛੋਂ ਪਹਿਰੇ ਦੀ ਵਾਰੀ ਆਈ ਦਰਜੀ ਦੀ। ਉਸਨੇ ਦੇਖਿਆ- ਦੋਸਤ ਨੇ ਪੁਤਲੀ ਤਾਂ ਘੜ ਦਿੱਤੀ ਗਜਬ ਪਰ ਬਿਨ ਕੱਪੜੇ ਸੁਹਣੀ ਨਹੀਂ ਲਗਦੀ। ਨਾਪ ਲਿਆ, ਕੱਪੜਾ ਕੱਢਿਆ, ਲਗ ਗਿਆ ਲਿਬਾਸ ਤਿਆਰ ਕਰਨ। ਆਪਣੇ ਪਹਿਰੇ ਦੀ ਅਉਧ ਵਿੱਚ ਸ਼ਾਨਦਾਰ ਲਿਬਾਸ ਪਹਿਨਾ ਕੇ ਸਜਾ ਦਿੱਤੀ। ਕਠਪੁਤਲੀ ਜਿਵੇਂ ਹੁਣੇ ਬੋਲੀ ਕਿ ਬੋਲੀ।
ਦਰਜੀ ਪਿੱਛੋਂ ਵਾਰੀ ਆਈ ਸੁਨਿਆਰ ਦੀ। ਦੇਖਿਆ, ਦੋ ਦੋਸਤਾਂ ਨੇ ਅਨੋਖੀ ਕਾਰੀਗਰੀ ਦਿਖਾ ਦਿੱਤੀ ਹੈ, ਫਿਰ ਮੈਂ ਪਿੱਛੇ ਕਿਉਂ ਰਹਾਂ? ਸਾਰਾ ਸਮਾਨ ਤਾਂ ਹੈਗਾ ਸੀ। ਲਉ ਜੀ ਆਪਣੇ ਪਹਿਰੇ ਦ ੇ ਸਮੇਂ ਵਿੱਚ ਉਸਨੇ ਗਹਿਣੇ ਤਿਆਰ ਕਰਕੇ ਪਹਿਨਾ ਦਿੱਤੇ। ਚੰਦਨ ਦੀ ਪੁਤਲੀ ਜ਼ੇਵਰਾਂ ਨਾਲ ਸਜ ਗਈ। ਕੀ ਨਿਰਾਲੀ ਸੂਰਤ! ਕਿਤੇ ਨਜ਼ਰ ਈ ਨਾ ਲੱਗ ਜਾਏ। ਅਨਜਾਣ ਬੰਦਾ ਆ ਜਾਏ, ਪਛਾਣ ਨਾ ਸਕੇ ਕੋਈ ਪੁਤਲੀ ਹੈ ਕਿ ਕੁੜੀ। ਇਕਦਮ ਦੁਲਹਨ ਵਰਗੀ ਦੁਲਹਨ।
ਸੁਨਿਆਰ ਬਾਅਦ ਪਹਿਰੇ ਬੈਠਣ ਦੀ ਵਾਰੀ ਲਾਖ ਉਸਤਾਦ ਦੀ। ਉਸਨੇ ਪੁਤਲੀ ਦੇਖੀ ਤਾਂ ਸੋਚਿਆ ਮੈਂ ਕਿਉਂ ਕਸਰ ਰੱਖਾਂ? ਉਸਨੇ ਆਪਣੇ ਪਹਿਰੇ ਵਿੱਚ ਪੁਤਲੀ ਨੂੰ ਲਾਖ ਦੇ ਗਹਿਣੇ, ਲਾਖ ਦਾ ਚੂੜਾ ਪਹਿਨਾ ਦਿੱਤਾ। ਹੁਣ ਕਿਤੇ ਬਣਾਉ ਸ਼ਿੰਗਾਰ ਪੂਰਾ ਹੋਇਆ। ਪੁਤਲੀ ਨਹੀਂ, ਲਗਦਾ ਸੀ ਇੰਦਰ ਦੇ ਅਖਾੜੇ 'ਤੋਂ ਪਰੀ ਆ ਉਤਰੀ ਹੋਵੇ।
ਚਾਰੇ ਸਾਥੀਆਂ ਪਿੱਛੋਂ ਅਖ਼ੀਰ ਵਿੱਚ ਵਾਰੀ ਆਈ ਬਾਮ੍ਹਣ ਦੀ। ਉਸ ਕੋਲ ਤਾਂ ਸੰਜੀਵਨੀ ਵਿੱਦਿਆ ਸੀ। ਸੋਚਿਆ- ਚਾਰਾਂ ਕੋਲ ਜੋ ਜੋ ਹੁਨਰ ਸੀ, ਦਿਖਾ ਦਿੱਤਾ। ਹੁਣ ਮੈਂ ਪਿੱਛੇ ਕਿਉਂ ਰਹਿਣ ਵਾਲਾ? ਪਾਣੀ ਉੱਪਰ ਮੰਤਰ ਮਾਰ ਕੇ, ਸੱਤ ਵਾਰੀ ਛਿੱਟੇ ਕਠਪੁਤਲੀ ਉੱਪਰ ਤਰੌਂਕੇ, ਉਸ ਵਿੱਚ ਜਾਨ ਪੈ ਗਈ। ਇਹੋ ਜਿਹਾ ਰੂਪ ਕਿ ਨਾ ਕਿਸੇ ਨੇ ਦੇਖਿਆ ਨਾ ਸੁਣਿਆ।
ਸਵੇਰ ਹੋਈ। ਚਾਰੇ ਜਣੇ ਉਠੇ ਤੇ ਦੇਖਿਆ, ਸ਼ਰਮ ਨਾਲ ਸਿਮਟੀ ਹੋਈ ਘੁੰਡ ਕੱਢੀ ਸਾਖਿਆਤ ਦੁਲਹਨ ਬੈਠੀ ਹੈ। ਪੰਡਤ ਦੀ ਵਿੱਦਿਆ ਦਾ ਭਲਾ ਕੀ ਮੁਕਾਬਲਾ? ਸਭ ਦੀ ਮਿਹਨਤ ਨੂੰ ਫਲ ਪੈ ਗਿਆ।
ਪਰ ਇੱਕ ਉਲਝਣ ਪੈਦਾ ਹੋ ਗਈ। ਪੰਜੇ ਆਪੋ ਵਿੱਚ ਝਗੜਨ ਲੱਗੇ ਕਿ ਦੁਲਹਨ ਹੈ ਕਿਸ ਦੀ। ਇੱਕ ਦੂਜੇ ਦੀ ਗੱਲ ਸੁਣਨ ਨੂੰ ਕੋਈ ਵੀ ਤਿਆਰ ਨਾ। ਸਾਰਿਆਂ ਨੂੰ ਆਪੋ ਆਪਣਾ ਪੱਖ ਤੇ ਹੱਕ ਸਹੀ ਲਗਦਾ ਸੀ। ਉਸਨੂੰ ਦ੍ਰੋਪਤੀ ਬਣਾਉਣ ਵਾਸਤੇ ਵੀ ਤਿਆਰ ਨਾਂ ਹੋਣ। ਦੁਲਹਨ ਕਿਸੇ ਇੱਕ ਦੀ ਹੋਵੇ। ਪਰ ਹੋਵੇ ਕਿਸਦੀ? ਫੈਸਲਾ ਨਹੀਂ।
ਮਹਿਮਾਨ ਰਾਜਕੁਮਾਰ ਨੇ ਚੁੰਨੀ ਵੱਲ ਦੇਖਦਿਆਂ ਕਿਹਾ- ਦੱਸ ਚੁੰਨਰੀ, ਇਹ ਦੁਲਹਨ ਕਿਸ ਦੀ ਹੋਈ? ਤੂੰ ਤਾਂ ਚੌਬੋਲੀ ਦੇ ਸਿਰ ਉੱਪਰ ਸਵਾਰੀ ਕਰ ਚੁੱਕੀ ਹੈਂ, ਤੂੰ ਕਿਸੇ ਤੋਂ ਘੱਟ ਥੋੜ੍ਹੀ ਹੈਂ? ਦੱਸ ਫੇਰ।
ਚੁੰਨੀ ਮਾਣ ਨਾਲ ਕਹਿਣ ਲੱਗੀ- ਇਸ ਵਿੱਚ ਏਨੀ ਲੰਮੀ ਸੋਚ ਵਿਚਾਰ ਕਰਨ ਦੀ ਕੀ ਲੋੜ? ਦੁਲਹਨ ਮਿਸਤਰੀ ਦੀ ਹੋਈ। ਉਹ ਚੰਦਨ ਦੀ ਗੋਲੀ ਚੁੱਕ ਕੇ ਨਾ ਲਿਆਉਂਦਾ, ਗੱਲ ਅੱਗੇ ਤੁਰਨੀ ਹੀ ਨਹੀਂ ਸੀ?
ਚੌਬੋਲੀ ਦਾ ਗ਼ੁੱਸਾ ਉਬਾਲਾ ਖਾ ਗਿਆ। ਕੇਹਾ ਬੇਤੁਕਾ ਜਵਾਬ! ਪੁਤਲੀ ਘੜਨ ਵਾਲਾ ਤਾਂ ਪਿਤਾ ਸਮਾਨ ਹੋਇਆ। ਇਹ ਪਾਗਲ ਉਸ ਨੂੰ ਪਤੀ ਦੱਸ ਰਹੀ ਹੈ। ਕਹਾਣੀ ਸੁਣਾਉਣ ਵਾਲੇ ਨੇ ਵੀ ਤਕਰਾਰ ਕੀਤਾ। ਉਸਨੇ ਕਿਹਾ ਦੁਲਹਨ ਤੇ ਹੱਕ ਬਾਮ੍ਹਣ ਦਾ ਹੈ। ਜੇ ਸੰਜੀਵਨੀ ਵਿੱਦਿਆ ਨਾਲ ਪੁਤਲੀ ਵਿੱਚ ਜਾਨ ਨਾ ਪਾਉਂਦਾ ਤਾਂ ਲੱਕੜ ਦੀ ਬੇਜਾਨ ਗੇਲੀ ਕਿਸ ਕੰਮ ਦੀ? ਕੌਣ ਉਸ ਉੱਤੇ ਆਪਣਾ ਹੱਕ ਮੰਨਦਾ? ਸੋ ਦੁਲਹਨ ਦਾ ਸਹੀ ਪਤੀ ਬਾਮ੍ਹਣ ਹੈ।
ਚੌਬੋਲੀ ਦੀਆਂ ਅੱਖਾਂ ਵਿੱਚ ਅੰਗਿਆਰ ਦਹਿਕ ਉੱਠੇ। ਜਾਨ ਪਾਉਣ ਵਾਲਾ ਪਰਮੇਸਰ ਕਦ ਆਪਣੀ ਨੂੰ ਬਹੂ ਬਣਾਉਂਦੈ? ਆਪਸ ਵਿੱਚ ਤਕਰਾਰ ਵਧਣ ਲੱਗਾ। ਕਥਾਕਾਰ ਕਹੇ ਦੁਲਹਨ ਬਾਮ੍ਹਣ ਦੀ, ਚੁੰਨੀ ਕਹੇ ਮਿਸਤਰੀ ਦੀ। ਚੌਬੋਲੀ ਸਾਹਮਣੇ ਅਨਿਆਂ ਕਿੰਨੀ ਕੁ ਦੇਰ ਤੱਕ ਟਿਕ ਸਕਦਾ? ਉਹ ਤਾਂ ਜੰਮੀ ਹੀ ਸੱਚ ਬੋਲਣ ਲਈ ਸੀ। ਇਹੋ ਜਿਹਾ ਵਾਹਿਆਤ ਤਕਰਾਰ ਕਿਵੇਂ ਬਰਦਾਸ਼ਤ ਹੁੰਦਾ? ਬਿਜਲੀ ਵਾਂਗ ਕੜਕਦੀ ਹੋਈ ਬੋਲੀ- ਬੱਸ ਬੱਸ, ਹੁਣ ਬੇਵਕੂਫ਼ਾਂ ਵਾਲਾ ਸ਼ੋਰ ਬੰਦ ਕਰੋ। ਬਗ਼ੈਰ ਸੋਚ ਵਿਚਾਰ ਕੀਤਿਆਂ ਕਿਉਂ ਬੇਕਾਰ ਗੱਲਾਂ ਮੂੰਹੋਂ ਕੱਢਦੇ ਹੋ? ਦੁਲਹਨ ਹੋਇਆ ਕਰਦੀ ਐ ਉਸ ਦੀ ਜਿਹੜਾ ਉਸਨੂੰ ਚੂੜਾ ਪਹਿਨਾਏ। ਚੂੜਾ ਤਿਆਰ ਕਰਕੇ ਪਹਿਨਾਇਆ ਲਾਖ ਉਸਤਾਦ ਨੇ, ਸੋ ਉਸ ਦੀ ਹੋਈ ਕਿ ਨਹੀਂ? ਤੁਹਾਨੂੰ ਇੰਨਾ ਕੁ ਵੀ ਨਹੀਂ ਪਤਾ ਕਿ ਚੂੜਾ ਦੁਲਹਾ ਪਹਿਨਾਇਆ ਕਰਦੈ?
ਦਾਸਤਾਨਗੋ ਦਾ ਚੌਬੋਲੀ ਦੀ ਅਕਲ ਨਾਲ ਕੀ ਵਾਸਤਾ? ਦੁਲਹਨ ਦਾ ਮਾਲਕ ਬਾਹਮਣ ਹੋਵੇ ਕਿ ਮਿਸਤਰੀ, ਸੁਨਿਆਰ ਹੋਵੇ ਕਿ ਦਰਜੀ, ਚੌਬੋਲੀ ਬੁਲਾਣੀ ਸੀ ਸੋ ਬੋਲ ਪਈ ਤੀਜੀ ਵਾਰ! ਉਸਨੂੰ ਮਤਲਬ ਆਪਣੇ ਕੰਮ ਨਾਲ। ਅਨੰਦ ਵਿਭੋਰ ਹੋ ਕੇ ਜ਼ੋਰ ਦੀ ਕਿਹਾ- ਲਾਓ ਡੰਕੇ ਦੀ ਚੋਟ ਵਜਾਓ ਢੋਲ, ਚੌਬੋਲੀ ਬੋਲੀ ਤੀਜਾ ਬੋਲ!
ਹੁਣ ਕਿਤੇ ਜਾ ਕੇ ਚੌਬੋਲੀ ਨੂੰ ਹੋਸ਼ ਆਈ। ਆਪਣੇ ਅਸੂਲ ਉੱਤੇ ਉਸਨੂੰ ਤਾਂ ਪੱਕੀ ਰਹਿਣਾ ਚਾਹੀਦਾ ਸੀ! ਤਿੰਨ ਵਾਰ ਬੋਲ ਪਈ। ਕੀ ਹੈ ਇਸ ਜੁਆਨ ਦੀ ਜੀਭ ਵਿੱਚ ਜਾਦੂ? ਸ਼ਾਹਜ਼ਾਦੀ ਘੁੰਮਣਘੇਰੀਆਂ ਵਿੱਚ ਪੈ ਗਈ। ਪ੍ਰਣ ਨੂੰ ਕਾਇਮ ਰੱਖਣਾ ਵੀ ਚਾਹੁੰਦੀ ਸੀ, ਤੋੜਨਾ ਵੀ। ਧਰਤੀ ਉੱਪਰ ਕੋਈ ਮਰਦ ਮਿਲਿਆ ਤਾਂ। ਐਵੇਂ ਖਾਹਮਖਾਹ ਹੰਕਾਰ ਕਰਨ ਵਿੱਚ ਕੀ ਪਿਐ? ਇੰਨੇ ਸਾਲਾਂ ਤੋਂ ਅਸੂਲ ਦਾ ਟੁੱਟਣਾ ਢਹਿਣਾ ਦੇਖ ਦੇਖ ਲਾਚਾਰ ਹੋ ਗਈ ਸੀ। ਕਦੇ ਆਪਣੇ ਆਪ ਨੂੰ ਲਾਹਨਤ ਪਾਉਂਦੀ ਕਦੇ ਖ਼ੁਦ ਨੂੰ ਸ਼ਾਬਾਸ਼ ਦਿੰਦੀ।
ਰਾਜਾ ਰਾਣੀ ਏਨੇ ਖ਼ੁਸ਼ ਜਿਵੇਂ ਉਨ੍ਹਾਂ ਨੂੰ ਚੱਕਰਵਰਤੀ ਰਾਜ ਮਿਲ ਗਿਆ ਹੋਵੇ। ਪਰ ਨੱਥ ਵਿੱਚੋਂ ਦੀ ਤੀਰ ਲੰਘਾਉਣ ਵਾਲਾ ਠਾਕੁਰ ਦੁਖੀ ਹੁੰਦਾ ਰਿਹਾ। ਨਵੀਂ ਦੁਲਹਨ ਸਾਹਮਣੇ ਡੀਂਗ ਕੀ ਮਾਰੀ ਤੇ ਕੀ ਬੀਤੀ! ਵਾਪਸ ਜਾ ਕੇ ਕੀ ਮੂੰਹ ਦਿਖਾਊਂਗਾ? ਕਿਵੇਂ ਉਸ ਨਾਲ ਅੱਖ ਮਿਲਾਊਂਗਾ? ਇੱਕ ਵਾਰ ਚੌਬੋਲੀ ਦਾ ਰੂਪ ਦੇਖਣ ਬਾਅਦ ਉਸ ਰਾਤ ਤੋਂ ਹੀ ਉਹ ਰੂਪ ਉਸਦੀਆਂ ਅੱਖਾਂ ਸਾਹਮਣੇ ਪ੍ਰਗਟ ਹੋਣ ਲੱਗਾ ਸੀ। ਚੌਬੋਲੀ ਨਾਲ ਵਿਆਹ ਨਾ ਹੋਇਆ ਜੀਵਨ ਵਿਅਰਥ। ਇਹ ਗੱਲ ਠਾਕੁਰ ਦੇ ਦਿਲ ਉੱਪਰ ਡੰਗ ਮਾਰ ਰਹੀ ਸੀ। ਨਗਰ ਦਾ ਮਾਲਕ ਹੋਣ ਤੇ ਵੀ ਕੁਝ ਨਹੀਂ ਕਰ ਸਕਿਆ। ਹੁਣ ਦਾਣਾ ਦਲਦੇ ਦਲਦੇ ਕੀ ਕਰ ਸਕਦੈ? ਕਿੱਥੇ ਵਿਆਹ ਦੇ ਸੁਫ਼ਨੇ ਕਿੱਥੇ ਚੱਕੀ ਪੀਹਣੀ! ਕਿੱਥੇ ਮਾਲਕੀ ਕਿੱਥੇ ਗੁਲਾਮੀ। ਜਿਸ ਦਿਨ ਪੂਰੀ ਮਿਕਦਾਰ ਦਾਣਾ ਨਾ ਦਲਿਆ ਜਾਂਦਾ, ਨੌਕਰਾਂ ਦੀਆਂ ਲੱਤਾਂ ਖਾਣੀਆਂ ਪੈਂਦੀਆਂ। ਕਾਹਨੂੰ ਸੇਠ ਦੀ ਦੋਹਤੀ ਨਾਲ ਵਿਆਹ ਦਾ ਹਠ ਕਰਦਾ, ਕਿਉਂ ਇਹ ਦਿਨ ਦੇਖਣੇ ਪੈਂਦੇ! ਰੱਬ ਕਰੇ ਚੌਬੋਲੀ ਚੌਥੀ ਵਾਰੀ ਨਾ ਈ ਬੋਲੇ। ਮੁੱਛਾਂ ਨੀਵੀਆਂ ਕਰਕੇ ਉੱਤਰੇ ਮੂੰਹ ਨਾਲ ਵਾਪਸ ਬੇਇਜ਼ਤ ਹੋ ਕੇ ਜਾਣ ਦੀ ਥਾਂ ਇਸ ਤਹਿਖਾਨੇ ਵਿੱਚ ਚੱਕੀ ਝੋਂਦਿਆਂ ਮਰਨਾ ਬਿਹਤਰ।
ਚੌਬੋਲੀ ਨੂੰ ਤਿੰਨ ਵਾਰ ਬੁਲਾਉਣ ਵਾਲਾ ਜੁਆਨ ਕਹਿਣ ਲੱਗਾ- ਪੰਖ ਬਿਨ ਪੰਖੀ, ਫੁੱਲਾਂ ਬਿਨ ਵੇਲਾਂ, ਦੰਦਾਂ ਬਿਨ ਮੂੰਹ ਜਿਵੇਂ ਬੇਭਾਗ ਲਗਦੈ ਉਸੇ ਤਰ੍ਹਾਂ ਬਿਨ ਹੁੰਗਾਰੇ ਦੇ ਕਹਾਣੀ ਸੁੰਨੀ! ਹੁੰਗਾਰਾ ਭਰਨ ਦੀ ਕੋਈ ਹਾਮੀ ਭਰੇ ਤਾਂ ਮੈਂ ਨਵੀਂ ਕਹਾਣੀ ਛੇੜਾਂ। ਕਿਸੇ ਨੂੰ ਡਰਨ ਦੀ ਲੋੜ ਨਹੀਂ। ਤੁਹਾਡੀ ਰਾਜਕੁਮਾਰੀ ਦਾ ਵਿਆਹ ਹੋਵੇ, ਇਸ ਤੋਂ ਵੱਧ ਖ਼ੁਸ਼ੀ ਦੀ ਗੱਲ ਹੋਰ ਕਿਹੜੀ ਹੋ ਸਕਦੀ ਹੈ?
ਇੱਕ ਵੱਡਾ ਦੀਵਾ ਲੋਅ ਹਿਲਾਂਦਾ ਹਿਲਾਂਦਾ ਬੋਲਿਆ- ਰਾਜਕੁਮਾਰੀ ਨਾਲ ਰਹਿਣਾ ਤੇ ਉਸਤੋਂ ਡਰਨਾ ਤਾਂ ਅਸੀਂ ਸੁਫ਼ਨੇ ਵਿੱਚ ਨਹੀਂ ਸੋਚਿਆ ਕਦੀ। ਰਾਜ ਕੁਮਾਰੀ ਨੇ ਸਾਡੇ ਦਿਲਾਂ ਅੰਦਰ ਸੱਚ ਦਾ ਉਜਾਲਾ ਕੀਤਾ ਹੈ। ਤੁਸੀਂ ਸ਼ੁਰੂ ਕਰੋ, ਮੈਂ ਬਾਤ ਦਾ ਹੁੰਗਾਰਾ ਦਿਆਂਗਾ। ਰਾਜਕੁਮਾਰੀ ਪਹਿਲਾਂ ਰਤਾ ਮੁਸਕਾਈ ਪਰ ਤੁਰੰਤ ਮੁਸਕਾਣ ਉੱਪਰ ਗ਼ੁੱਸੇ ਦਾ ਢੱਕਣ ਲਾ ਦਿੱਤਾ। ਦੂਜੀ ਵਾਰ ਦੀਵੇ ਵੱਲ ਦੇਖਿਆ ਵੀ ਨਹੀਂ।
ਸੁਹਣਾ ਜੁਆਨ ਬੋਲਿਆ- ਰੌਸ਼ਨੀ ਮੇਰੀ ਗੱਲ ਦਾ ਹੁੰਗਾਰਾ ਦਏ ਫੇਰ ਹੋਰ ਚਾਹੀਦਾ ਕੀ ਐ? ਰੌਸ਼ਨੀ ਦੇ ਪਰਦੇ ਅੰਦਰ ਸਿਮਟਿਆ ਬੈਠਾ ਹਨ੍ਹੇਰਾ ਬੋਲਿਆ- ਮੈਂ ਅੰਧਕਾਰ ਹਾਂ...। ਰੌਸ਼ਨੀ ਅੰਦਰ ਡਰ ਕੇ ਬੈਠਾ ਮੈਂ ਤੁਹਾਨੂੰ ਦਿਖਾਈ ਨਹੀਂ ਦਿੰਦਾ...। ਭਲਾ ਕੌਣ ਹੋਏਗਾ ਇਹੋ ਜਿਹਾ ਮੰਦਬੁੱਧੀ ਵਾਲਾ ਜਿਹੜਾ ਤੁਹਾਡੀ ਕਥਾ ਦਾ ਹੁੰਗਾਰਾ ਨਾ ਭਰੇ?
ਮਰਦਾਨੇ ਲਿਬਾਸ ਵਿੱਚ ਬੈਠੀ ਸੇਠਾਣੀ ਕਹਾਣੀ ਸ਼ੁਰੂ ਕਰਦਿਆਂ ਕਹਿੰਦੀ- ਕਿਸੇ ਪਿੰਡ ਵਿੱਚ ਰਾਜਪੂਤ ਅਤੇ ਜੱਟ ਦੋ ਘਣੇ ਦੋਸਤ ਰਿਹਾ ਕਰਦੇ। ਅੱਠੇ ਪਹਿਰ ਇਉਂ ਇਕੱਠੇ ਰਹਿੰਦੇ ਜਿਵੇਂ ਸਰੀਰ ਅਤੇ ਸਰੀਰ ਦਾ ਪਰਛਾਵਾਂ। ਇਕੱਠੇ ਪਸ਼ੂ ਚਾਰਦੇ, ਖੇਤੀ ਕਰਦੇ ਖਾਣਾ ਖਾਂਦੇ। ਘਰ ਵੀ ਇੱਕ ਦੂਜੇ ਨਾਲ ਲਗਦੇ ਬਣਾਏ। ਸਕੇ ਭਾਈਆਂ ਨਾਲੋਂ ਵਧਕੇ ਪਿਆਰ।
ਜੱਟ ਮੁਕਲਾਵਾ ਲੈਣ ਗਿਆ ਤਾਂ ਰਾਜਪੂਤ ਨੇ ਨਾਲ ਜਾਣਾ ਹੀ ਸੀ। ਸਹੁਰਿਆਂ ਨੇ ਜਵਾਈ ਦੀ ਸੇਵਾ ਤਾਂ ਕਰਨੀ ਹੀ ਸੀ, ਜਵਾਈ ਦੇ ਦੋਸਤ ਦੀ ਸੇਵਾ ਉਸ ਨਾਲੋਂ ਵੀ ਵਧਕੇ ਕੀਤੀ। ਸਹੁਰਿਆਂ ਨੂੰ ਦੋਸਤੀ ਦਾ ਪਤਾ ਸੀ। ਖਾਣ ਪੀਣ ਦੀ ਚੀਜ਼ ਜਵਾਈ ਨੂੰ ਪਿੱਛੋਂ ਦੋਸਤ ਨੂੰ ਪਹਿਲਾਂ। ਇੱਕ ਲੱਤ ਸਹਾਰੇ ਹੁਕਮ ਦੀ ਉਡੀਕ ਵਿੱਚ ਖੜ੍ਹੇ ਰਹਿੰਦੇ। ਆਪਣੀਆਂ ਅੱਖਾਂ ਨਾਲ ਦੋਸਤ ਦੀ ਏਨੀ ਇੱਜ਼ਤ ਹੁੰਦੀ ਦੇਖਕੇ ਜੱਟ ਖ਼ੁਸ਼ ਹੋ ਗਿਆ। ਰਾਜਪੂਤ ਨੇ ਤਾਂ ਖ਼ੁਸ਼ ਹੋਣਾ ਹੀ ਹੋਣਾ ਸੀ।
ਸਮਾਂ ਬੀਤਿਆ, ਰਾਜਪੂਤ ਦੇ ਮੁਕਲਾਵੇ ਦਾ ਸੁਨੇਹਾ ਆ ਗਿਆ। ਜੱਟ ਨਾਲ ਨਾ ਜਾਂਦਾ, ਇਹ ਕਿਵੇਂ ਹੋ ਸਕਦਾ ਸੀ? ਪਰ ਜੇ ਉਸਦੇ ਸਹੁਰਿਆਂ ਨੇ ਜੱਟ ਦੀ ਸੇਵਾ ਵਿੱਚ ਕੋਈ ਕਮੀ ਪੇਸ਼ੀ ਕਰ ਦਿੱਤੀ, ਫਿਰ ਬੜੀ ਸ਼ਰਮਿੰਦਗੀ ਹੋਵੇਗੀ। ਦੋਸਤ ਨੂੰ ਇਸ ਗੱਲ ਦਾ ਚਿਤ ਨਾ ਚੇਤਾ... ਪਰਵਾਹ ਨਾ ਫਿਕਰ... ਪਰ ਰਾਜਪੂਤ ਚਿੰਤਾ ਵਿੱਚ ਡੁਬਿਆ ਰਹਿੰਦਾ। ਉਸ ਦੇ ਮਨ ਵਿੱਚ ਬੇਚੈਨੀ ਚੱਕਰ ਕਟਦੀ ਰਹੀ। ਆਪਣੇ ਮੁਕਲਾਵੇ ਤੇ ਜੱਟ ਹੋਰ ਕਿਸੇ ਨੂੰ ਨਹੀਂ ਲੈ ਕੇ ਗਿਆ, ਰਾਜਪੂਤ ਨੇ ਵੀ ਇਹੋ ਕੀਤਾ, ਕਿਸੇ ਨੂੰ ਨਹੀਂ ਲੈ ਕੇ ਗਿਆ। ਰਸਤੇ ਵਿੱਚ ਸ਼ੰਕਰ ਭਗਵਾਨ ਦਾ ਮੰਦਰ ਆ ਗਿਆ। ਰਾਜਪੂਤ ਨੂੰ ਹਰ ਵਕਤ ਵਹਿਮ ਲੱਗਾ ਰਹਿੰਦਾ ਸੀ ਕਿ ਸਹੁਰੇ, ਮਿੱਤਰ ਨਾਲ ਪਤਾ ਨਹੀਂ ਕੇਹਾ ਵਰਤਾਉ ਕਰਨਗੇ। ਜੇ ਕਿਤੇ ਮਾੜੀ ਮੋਟੀ ਵੀ ਦਰਿਆਂਤ ਕੀਤੀ, ਬੁਰਾ ਹੋਵੇਗਾ। ਮੰਦਰ ਨੇੜੇ ਰਥ ਰੋਕਿਆ। ਭੋਲੇ ਮਹਾਂਦੇਵ ਦਾ ਭਗਤ ਸੀ। ਅੰਦਰ ਗਿਆ, ਸ਼ੰਕਰ ਭਗਵਾਨ ਅੱਗੇ ਹੱਥ ਜੋੜ ਕੇ ਇਸ ਗੱਲ ਦੀ ਅਰਦਾਸ ਕੀਤੀ ਕਿ ਸਹੁਰਾ ਪਰਿਵਾਰ ਮੇਰੇ ਦੋਸਤ ਦੀ ਇੱਜ਼ਤ ਕਰੇ। ਗਿਆਰਾਂ ਰੁਪਈਆਂ ਦਾ ਮੱਥਾ ਟੇਕਾਂਗਾ। ਜੇ ਆਦਰ ਨਾ ਹੋਇਆ ਫਿਰ ਇੱਥੇ ਹੀ ਆ ਕੇ ਆਤਮਹੱਤਿਆ ਕਰ ਲਵਾਂਗਾ। ਇਉਂ ਕਰਨ ਨਾਲ ਭਗਵਾਨ ਦੀ ਲਾਜ ਵੀ ਨਹੀਂ ਬਚੇਗੀ।
ਮੰਨਤ ਦੀ ਇਹ ਗੱਲ ਆਪਣੇ ਮਿੱਤਰ ਤੋਂ ਛੁਪਾ ਕੇ ਰੱਖੀ। ਦੋਵੇਂ ਸਹੁਰੇ ਘਰ ਪੁੱਜੇ। ਉਸ ਵੇਲੇ ਪਤਾ ਨਹੀਂ ਭਗਵਾਨ ਭੰਗ ਦੇ ਨਸ਼ੇ ਵਿੱਚ ਮਸਤ ਸਨ ਜਾਂ ਫਿਰ ਧਤੂਰੇ ਦੇ ਨਸ਼ੇ ਵਿੱਚ ਬੇਹੋਸ਼, ਉਨ੍ਹਾਂ ਨੇ ਆਪਣੇ ਭਗਤ ਦੀ ਮੰਨਤ ਵੱਲ ਕੋਈ ਧਿਆਨ ਨਹੀਂ ਦਿੱਤਾ। ਰਾਜਪੂਤ ਜੁਆਨ ਨੇ ਰਿਸ਼ਤੇਦਾਰਾਂ ਨੂੰ ਸਮਝਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਜਾ ਤਾਂ ਗੱਲ ਦੇ ਭੇਦ ਨੂੰ ਸਮਝ ਨਹੀਂ ਸਕੇ ਜਾਂ ਪਰਵਾਹ ਨਹੀਂ ਕੀਤੀ। ਆਮ ਕਿਸਾਨ ਦੀ ਤਰ੍ਹਾਂ ਜੱਟ ਦਾ ਆਮ ਜਿਹਾ ਆਦਰ ਭਾਉ ਕੀਤਾ। ਇਉਂ ਵਰਤਾਉ ਕੀਤਾ ਜਿਵੇਂ ਗੰਵਾਰ ਦਾ ਕਰੀਦਾ ਹੈ। ਖਾਣ ਪੀਣ, ਮਾਣ ਇੱਜ਼ਤ ਵਿਚ ਹਰ ਥਾਂ ਦਰਿਆਂਤ। ਰਾਜਪੂਤ ਦਾ ਮਨ ਪੂਰੀ ਤਰ੍ਹਾਂ ਬੁਝ ਗਿਆ। ਸਹੁਰਿਆਂ ਤੇ ਗ਼ੁੱਸਾ ਬਹੁਤ ਆਇਆ ਪਰ ਕੀ ਕਰ ਸਕਦਾ? ਸਹੁਰਿਆਂ ਤੋਂ ਵਧੀਕ ਗ਼ੁੱਸਾ ਉਸਨੂੰ ਸ਼ੰਕਰ ਭਗਵਾਨ ਉੱਪਰ ਆਇਆ।
ਸਾਲੇ ਸਾਲੀਆਂ, ਸੱਸ ਸਹੁਰੇ ਨੇ ਹੋਰ ਕੁਝ ਦਿਨ ਰਹਿਣ ਲਈ ਕਿਹਾ, ਉਹ ਨਹੀਂ ਮੰਨਿਆ। ਦੂਸਰੇ ਦਿਨ ਹੀ ਜ਼ਬਰਦਸਤੀ ਵਾਪਸ ਹੋ ਤੁਰਿਆ। ਖਿਝਿਆ ਹੋਇਆ, ਪੂਰਾ ਉਦਾਸ। ਜੱਟ ਨੇ ਪੁੱਛਿਆ- ਕੀ ਗੱਲ? ਖ਼ੈਰ ਤਾਂ ਹੈ? ਉਸਨੇ ਕੋਈ ਜਵਾਬ ਨਹੀਂ ਦਿੱਤਾ। ਦੁਲਹਨ ਨੂੰ ਰਥ ਵਿੱਚ ਬਿਠਾਇਆ, ਤਿੰਨੇ ਜਣੇ ਵਾਪਸ ਚੱਲ ਪਏ।
ਵਾਪਸੀ ਦੌਰਾਨ ਭਗਵਾਨ ਸ਼ੰਕਰ ਦੇ ਮੰਦਰ ਸਾਹਮਣੇ ਰੱਥ ਰੋਕਿਆ। ਚੁੱਪਚਾਪ ਇਕੱਲਾ ਮੰਦਰ ਅੰਦਰ ਗਿਆ। ਭੋਲੇ ਸ਼ੰਕਰ ਦੀ ਮੂਰਤੀ ਅੱਗੇ ਖਲੋਕੇ ਮਿਆਨ ਵਿੱਚੋਂ ਤਲਵਾਰ ਖਿੱਚ ਲਈ। ਬੋਲਿਆ- ਜਦੋਂ ਤੁਸੀਂ ਮੇਰੀ ਲਾਜ ਨਹੀਂ ਰੱਖੀ ਤਾਂ ਮੈਂ ਤੁਹਾਡੀ ਇੱਜ਼ਤ ਬਚਾਣ ਦਾ ਫ਼ਿਕਰ ਕਿਉਂ ਕਰਾਂ? ਰਾਜਪੂਤਣੀ ਦਾ ਦੁੱਧ ਚੁੰਘਿਆ ਹੈ, ਆਪਣੇ ਬਚਨ ਤੋਂ ਪਿੱਛੇ ਕਿਉਂ ਹਟਾਂ?
ਇਹ ਕਹਿਕੇ ਉਸਨੇ ਹੋਰ ਕਿਸੇ ਗੱਲ ਦੀ ਡੂੰਘਾਈ ਬਾਰੇ ਵਿਚਾਰ ਨਹੀਂ ਕੀਤਾ। ਆਪਣੇ ਹੱਥੀਂ ਆਪਣਾ ਗਲ ਕੱਟ ਦਿੱਤਾ। ਚਾਰੇ ਪਾਸੇ ਖ਼ੂਨ ਹੀ ਖ਼ੂਨ...।
ਦੇਰ ਤੱਕ ਨਾ ਮੁੜਿਆ ਤਾਂ ਜੱਟ ਰਥ ਵਿੱਚੋਂ ਉਤਰ ਕੇ ਆਪਣੇ ਦੋਸਤ ਦਾ ਪਤਾ ਕਰਨ ਆਪ ਮੰਦਰ ਅੰਦਰ ਚਲਾ ਗਿਆ। ਉਥੇ ਜਾ ਕੇ ਜੋ ਡਰਾਉਣੀ ਲੀਲਾ ਦੇਖੀ, ਸੁੰਨ ਹੋ ਗਿਆ। ਲਾਲੋ ਲਾਲ ਫ਼ਰਸ਼ ਦੇਖ ਕੇ ਉਸਦਾ ਰੰਗ ਇਕਦਮ ਚਿੱਟਾ ਹੋ ਗਿਆ। ਹੋਰ ਅੱਗੇ ਕੋਈ ਗੱਲ ਦਿਮਾਗ਼ ਵਿੱਚ ਆਈ ਹੀ ਨਹੀਂ। ਉਸਨੇ ਦੁੱਖ ਵਿੱਚ ਉਹੀ ਤਲਵਾਰ ਚੁੱਕੀ, ਆਪਣਾ ਗਲ ਕੱਟ ਲਿਆ। ਖ਼ੂਨ ਦਾ ਛੁਹਾਰਾ ਛੁਟ ਪਿਆ। ਦੋਸਤ ਦੀ ਲਾਸ਼ ਦੇ ਨੇੜੇ ਡਿੱਗ ਪਿਆ। ਦੋਵਾਂ ਦੇ ਦਿਲ ਤਾਂ ਇੱਕ ਸਨ ਹੀ ਅੱਜ ਦੋਵਾਂ ਦਾ ਖ਼ੂਨ ਵੀ ਇੱਕ ਦੂਜੇ ਵਿੱਚ ਅਭੇਦ ਹੋ ਗਿਆ।
ਰੱਥ ਵਿੱਚ ਦੇਰ ਤੱਕ ਬੈਠੀ ਬੈਠੀ ਦੁਲਹਨ ਅੱਕ ਗਈ। ਦੋਵੇਂ ਦੋਸਤ ਗੱਲੀਂ ਲੱਗੇ ਕਿਤੇ ਭੁੱਲ ਤਾਂ ਨਹੀਂ ਗਏ ਅਗਲਾ ਸਫ਼ਰ ਵੀ ਨਿਬੇੜਨਾ ਹੈ! ਸ਼ਰਮਾਉਂਦੀ ਘਬਰਾਉਂਦੀ ਮੰਦਰ ਵੱਲ ਚੱਲ ਪਈ।
ਭਗਵਾਨ ਕਿਸੇ ਅੱਖਾਂ ਵਾਲੇ ਨੂੰ ਇਹ ਦ੍ਰਿਸ਼ ਨਾ ਦਿਖਾਵੇ। ਅੱਖਾਂ ਦੀ ਜੋਤ ਇਹੋ ਜਿਹਾ ਖ਼ੌਫ਼ਨਾਕ ਨਜ਼ਾਰਾ ਦੇਖਣ ਵਾਸਤੇ ਨਹੀਂ ਬਣੀ ਹੁੰਦੀ। ਇਸ ਨਾਲੋਂ ਤਾਂ ਅੰਨ੍ਹਾ ਹੋ ਜਾਣਾ ਚੰਗਾ! ਸਹੁਰੇ ਘਰ ਜਾ ਕੇ ਕਿਸ ਨੂੰ ਕੀ ਖ਼ਬਰ ਦੱਸੇਗੀ? ਸ਼ੰਕਰ ਭਗਵਾਨ ਨੂੰ ਅੱਜ ਖ਼ੂਨ ਦੀ ਪਿਆਸ ਜੇ ਬਹੁਤੀ ਹੀ ਲੱਗੀ ਹੈ, ਫਿਰ ਮੈਂ ਪਿੱਛੇ ਕਿਉਂ ਰਹਾਂ? ਦੁਲਹਨ ਨੇ ਆਪਣਾ ਗਲ਼ ਕੱਟਣ ਵਾਸਤੇ ਤਲਵਾਰ ਹੱਥ ਵਿੱਚ ਫੜੀ ਹੀ ਸੀ ਕਿ ਮਾਂ ਪਾਰਵਤੀ ਨੇ ਪ੍ਰਗਟ ਹੋ ਕੇ ਹੱਥ ਫੜ ਲਿਆ। ਬੋਲੀ- ਬੇਟੀ ਅੱਜ ਭੋਲੇਨਾਥ ਨੂੰ ਖਿਮਾ ਕਰ ਦੇਹ। ਜਦੋਂ ਮੰਨਤ ਮੰਗੀ ਸੀ ਉਦੋਂ ਭਗਵਾਨ ਨਸ਼ੇ ਵਿੱਚ ਟੁੰਨ ਸਨ। ਦੋਵਾਂ ਦੇ ਸਿਰ ਆਪੋ ਆਪਣੇ ਧੜਾਂ ਨਾਲ ਚਿਪਕਾ ਦੇਹ, ਇਹ ਪਹਿਲਾਂ ਵਾਂਗ ਨੌ ਬਰ ਨੌ, ਜਿਉਂਦੇ ਜਾਗਦੇ ਹੋ ਜਾਣਗੇ।
ਦੁਲਹਨ ਉਸ ਵੇਲੇ ਦੁੱਖ ਸੰਤਾਪ ਵਿੱਚ ਪੱਥਰ ਵਰਗੀ ਹੋ ਗਈ ਹੋਈ ਸੀ। ਕੰਬਦੇ ਕੰਬਦੇ ਹੱਥਾਂ ਨਾਲ ਸਰੀਰਾਂ ਉੱਪਰ ਸਿਰ ਚਿਪਕਾ ਦਿੱਤੇ। ਘਬਰਾਹਟ ਵਿੱਚ ਗ਼ਲਤੀ ਇਹ ਹੋਈ ਕਿ ਜੱਟ ਦੇ ਧੜ ਉੱਪਰ ਪਤੀ ਦਾ ਸਿਰ ਅਤੇ ਪਤੀ ਦੇ ਧੜ ਨਾਲ ਜੱਟ ਦਾ ਸਿਰ ਲਾ ਦਿੱਤਾ। ਦੋਵੇਂ ਜਣੇ ਅੱਖਾਂ ਮਲਦੇ ਮਲਦੇ ਖੜ੍ਹੇ ਹੋ ਗਏ ਜਿਵੇਂ ਡੂੰਘੀ ਨੀਂਦ ਸੌਣ ਤੋਂ ਬਾਅਦ ਅੱਖਾਂ ਖੋਲ੍ਹੀਆਂ ਹੋਣ!
ਮਾਂ ਪਾਰਬਤੀ ਦੀ ਅਸੀਸ ਸਦਕਾ ਦੋਵੇਂ ਦੋਸਤ ਜਿਉਂਦੇ ਤਾਂ ਹੋ ਗਏ ਪਰ ਦੁਲਹਨ ਦਾ ਸੰਕਟ ਹੋਰ ਡੂੰਘਾ ਹੋ ਗਿਆ। ਉਹ ਇਨ੍ਹਾਂ ਵਿੱਚੋਂ ਕਿਸ ਨੂੰ ਆਪਣਾ ਪਤੀ ਮੰਨੇ? ਪਤੀ ਦੇ ਸਿਰ ਹੇਠ ਜੱਟ ਦਾ ਸਰੀਰ, ਜੱਟ ਦੇ ਸਿਰ ਹੇਠ ਪਤੀ ਦਾ ਸਰੀਰ!
ਕਮਉਮਰ ਰਾਜਕੁਮਾਰ ਨੇ ਦੀਵੇ ਵੱਲ ਦੇਖਦਿਆਂ ਪੁੱਛਿਆ- ਦੱਸ ਦੀਪਕ, ਦੁਲਹਨ ਦਾ ਪਤੀ ਦੋਵਾਂ ਵਿੱਚੋਂ ਕਿਹੜਾ?
ਦੀਵੇ ਵਿੱਚ ਪਾਇਆ ਘਿਉ ਵੀ ਮੁੱਕਣ ਹੀ ਵਾਲਾ ਸੀ ਕਿ ਹਵਾ ਦਾ ਤਿੱਖਾ ਬੁੱਲਾ ਆਇਆ।
ਦੀਵਾ ਬੁਝ ਗਿਆ, ਬੱਤੀ ਵਿੱਚੋਂ ਧੂੰਆਂ ਨਿਕਲਦਾ ਬੋਲਿਆ- ਸਿਰ ਮੁਕਾਬਲੇ ਧੜ ਦਾ ਵਜਨ ਦਸ ਗੁਣਾ ਜ਼ਿਆਦਾ ਹੁੰਦੈ ਇਸ ਕਰਕੇ ਰਾਜਪੂਤ ਦੀ ਧੜ ਉੱਪਰ ਜੱਟ ਦੇ ਸਿਰ ਵਾਲਾ ਬੰਦਾ ਦੁਲਹਨ ਦਾ ਅਸਲ ਪਤੀ ਹੋਇਆ। ਜਵਾਬ ਸੁਣਨਸਾਰ ਚੌਬੋਲੀ ਦੇ ਜਿਸਮ ਵਿੱਚ ਜਿਵੇਂ ਚਿੰਗਾੜੀਆਂ ਸੁਲਗਣ ਲੱਗੀਆਂ। ਝਟਪਟ ਖੜ੍ਹੀ ਹੋ ਕੇ ਬੋਲੀ- ਕਾਲੇ ਮੂੰਹ ਵਾਲੇ ਧੂੰਏਂ ਤੇਰਾ ਦਿਲ ਦਿਮਾਗ਼ ਵੀ ਕਾਲਾ। ਬਿਨਾਂ ਸੋਚੇ ਸਮਝੇ ਜੋ ਮੂੰਹ ਵਿੱਚ ਆਇਆ ਸੋ ਬਕ ਦਿੰਨੈ। ਮਨੁੱਖ ਦੀ ਪਛਾਣ ਚਿਹਰੇ ਤੋਂ ਹੋਇਆ ਕਰਦੀ ਐ। ਸਿਰ ਮੂੰਹ ਹੀ ਤਾਂ ਕਾਇਆ ਦਾ ਸਰਬੋਤਮ ਹਿੱਸਾ ਹੋਇਆ ਕਰਦੇ ਨੇ? ਜਿਸ ਧੜ ਤੇ ਰਾਜਪੂਤ ਦਾ ਸਿਰ ਹੈ, ਉਹੀ ਅਸਲ ਪਤੀ।
ਤਲਵਾਰ ਦੇ ਮੁੱਠੇ ਨੂੰ ਫੜ ਕੇ ਨੌਜੁਆਨ ਖੜ੍ਹਾ ਹੋ ਗਿਆ, ਜ਼ੋਰ ਦੀ ਬੋਲਿਆ- ਡੰਕੇ ਦੀ ਚੋਟ ਵਜਾਓ ਢੋਲ! ਚੌਬੋਲੀ ਬੋਲੀ ਚੌਥਾ ਬੋਲ!!
ਡਮ ਡਮਾਡਮ ਡਮ! ਡਮ ਡਮਾਡਮ ਡਮ!! ਢੋਲਾਂ ਨੇ ਗੁੰਜਾਰ ਪਾ ਦਿੱਤੀ। ਜੁਆਨ ਨੇ ਗਲੋਂ ਹਾਰ ਉਤਾਰਕੇ ਢੋਲੀਆਂ ਨੂੰ ਦੇ ਦਿੱਤਾ। ਖ਼ੁਸ਼ੀ ਵਿੱਚ ਪਾਗਲ ਹੋਏ ਨਚਦੇ ਗਾਉਂਦੇ ਰਾਜਾ ਰਾਣੀ ਆਪਣੀ ਸ਼ਾਹਜ਼ਾਦੀ ਦੇ ਮਹਿਲ ਵਲ ਦੌੜੇ। ਸਾਰੇ ਜਣੇ ਨੱਚਣ ਲੱਗ ਪਏ, ਉਛਲ ਕੁੱਦ। ਪੂਰਾ ਹੁੱਲੜ, ਧੂਮ ਧਾਮ, ਰੰਗੋ ਜੋਸ਼।
ਸੈਂਕੜੇ ਉਮਰਾਵਾਂ ਨੂੰ ਹਰਾ ਕੇ ਬੰਦੀ ਬਣਾਉਂਦੀ ਬਣਾਉਂਦੀ ਰਾਜਕੁਮਾਰੀ ਅੱਜ ਖ਼ੁਦ ਹਾਰ ਗਈ। ਪਰ ਇਹੋ ਹਾਰ ਉਸਦੀ ਵਿਜੈ ਸੀ। ਵੱਜਦੇ ਹੋਏ ਢੋਲ ਅੱਜ ਉਹਨੂੰ ਸੁਹਾਵਣੇ ਲੱਗਣ ਲੱਗ ਗਏ। ਉਸਦਾ ਪ੍ਰਣ ਪੂਰਾ ਹੋ ਗਿਆ।
ਚੌਬੋਲੀ ਕਿਸ ਦੀ?
ਚੌਬੋਲੀ ਦੇ ਵਿਆਹ ਵੇਲੇ ਇਹੋ ਜਿਹੀ ਕਿਹੜੀ ਅਨੋਖੀ ਗੱਲ ਕੀਤੀ ਜਾਵੇ ਕਿ ਸਾਰੀ ਦੁਨੀਆ ਪਰਲੋਂ ਤੱਕ ਯਾਦ ਰੱਖੇ ਕੋਈ ਹੋਇਆ ਸੀ ਵਿਆਹ ਗ਼ਜ਼ਬ ਦਾ? ਰਾਜਾ ਰਾਣੀ ਬੈਠ ਕੇ ਸਲਾਹ ਮਸ਼ਵਰਾ ਕਰਨ ਲੱਗੇ। ਅਚਾਨਕ ਰਾਜੇ ਨੇ ਪੁੱਛਿਆ- ਆਸਮਾਨ ਵਿੱਚ ਕਿੰਨੇ ਤਾਰੇ ਨੇ?
ਰਾਣੀ ਨੇ ਜਵਾਬ ਦਿੱਤਾ- ਨੌ ਲੱਖ!
ਖ਼ੁਸ਼ੀ ਵਿੱਚ ਮਦਹੋਸ਼ ਰਾਜਾ ਉਛਲਿਆ, ਕਿਹਾ- ਖ਼ੂਬ। ਸੁੱਝ ਗਈ ਗੱਲ। ਆਪਣੀ ਰਾਜਕੁਮਾਰੀ ਦੀ ਸ਼ਾਦੀ ਉੱਤੇ ਨੌ ਲੱਖ ਮੁਹਰਾਂ ਦੀ ਸੋਟ ਕਰਾਂਗਾ। ਦੀਵਾਨ ਕੋਲ ਇਹ ਖ਼ਬਰ ਅੱਪੜੀ ਉਹ ਦੌੜਿਆ ਦੌੜਿਆ ਰਾਜੇ ਕੋਲ ਆਇਆ, ਕਿਹਾ- ਆਪਾਂ ਕਿਹੜਾ ਨੌ ਲੱਖ ਤਾਰਿਆਂ ਨੂੰ ਖ਼ਰੀਦ ਕੇ ਕੀਮਤ ਅਦਾ ਕਰਨੀ ਹੈ? ਪਰ ਖ਼ਜ਼ਾਨੇ ਵਿੱਚ ਨੌ ਲੱਖ ਮੁਹਰਾਂ ਹੋਣ ਤਾਂ ਹੀ ਨਿਛਾਵਰ ਕਰੀਏ? ਤੁਸੀਂ ਤਾਂ ਨੌਂ ਲੱਖ ਦੀ ਗਿਣਤੀ ਪੂਰੀ ਕਰਨੀ ਹੈ, ਮੁਹਰਾਂ ਨਾ ਸਹੀ ਪੈਸੇ ਸਹੀ। ਨੌ ਲੱਖ ਪੈਸੇ ਕਿਹੜਾ ਥੋੜ੍ਹੇ ਹੋਇਆ ਕਰਦੇ ਨੇ? ਦੀਵਾਨ ਦੇ ਸਮਝਾਉਣ ਨਾਲ ਰਾਜਾ ਮੁਹਰਾਂ ਦੀ ਥਾਂ ਪੈਸਿਆਂ ਤੇ ਆ ਗਿਆ। ਧੂਮ ਧਾਮ ਨਾਲ ਵਿਆਹ ਹੋਇਆ। ਨੌ ਲੱਖ ਪੈਸੇ ਵਾਰਨੇ ਕੀਤੇ, ਸੋਟ ਕੀਤੀ।
ਸੁਹਾਗ ਦੀ ਸੁਨਹਿਰੀ ਰਾਤ ਆਈ, ਚੌਬੋਲੀ ਅੱਗੇ ਛੋਟੀ ਠਕੁਰਾਣੀ ਨੂੰ ਭੇਦ ਖੋਲ੍ਹਣਾ ਪੈਣਾ ਹੀ ਸੀ। ਸਾਰੀ ਗੱਲ ਸੱਚੋ ਸੱਚ ਦੱਸ ਦਿੱਤੀ। ਆਪਣੀ ਪ੍ਰੀਤ ਨਿਭਾਉਣ ਵਾਸਤੇ ਉਸਨੇ ਮਰਦ ਲਿਬਾਸ ਪਹਿਨਿਆਂ। ਪਤੀ ਤਾਂ ਤਹਿਖਾਨੇ ਅੰਦਰ ਬੰਦ ਦਾਣਾ ਦਲ ਰਿਹੈ।
ਧੀਰਜ ਨਾਲ ਚੌਬੋਲੀ ਨੇ ਸਾਰੀ ਬਾਤ ਸੁਣੀ, ਫਿਰ ਖ਼ੁਸ਼ੀ ਨਾਲ ਕਹਿਣ ਲੱਗੀ- ਕਮਾਲ! ਮੇਰੇ ਲਈ ਇਸ ਤੋਂ ਵੱਧ ਖ਼ੁਸ਼ੀ ਕਿਸ ਗੱਲ ਦੀ ਹੋ ਸਕਦੀ ਹੈ ਕਿ ਕੋਈ ਮਰਦ ਮੇਰੀ ਸ਼ਰਤ ਤੇ ਪੂਰਾ ਨਹੀਂ ਉਤਰਿਆ। ਇਸ ਪਿੱਛੋਂ ਦੋਵਾਂ ਵਿੱਚ ਦੇਰ ਤੱਕ ਗੱਲਬਾਤ ਹੁੰਦੀ ਰਹੀ। ਅਚਾਨਕ ਚੌਬੋਲੀ ਕੁਝ ਸੋਚ ਕੇ ਉਲਝਣ ਵਿੱਚ ਪੈ ਗਈ। ਸਹੇਲੀ ਦੇ ਗਲ ਬਾਹਾਂ ਪਾ ਕੇ ਬੋਲੀ- ਤੇਰੀਆਂ ਚਾਰੇ ਕਹਾਣੀਆਂ ਦਾ ਸੱਚ ਤੱਤ ਦੱਸਣ ਲਈ ਮੈਨੂੰ ਬੋਲਣਾ ਪਿਆ ਪਰ ਆਪਣੀ ਕਹਾਣੀ ਵਿੱਚ ਤਾਂ ਮੈਂ ਆਪ ਉਲਝ ਗਈ? ਦੱਸ ਮੈਂ ਕਿਸਦੀ ਹੋਈ? ਤੇਰੀ ਕਿ ਠਾਕੁਰ ਦੀ? ਅਸੂਲਨ ਤਾਂ ਤੂੰ ਜਿੱਤੀ, ਤੇਰੇ ਨਾਲ ਮੈਂ ਅਗਨੀ ਦੁਆਲ਼ੇ ਫੇਰੇ ਲਏ?
ਸੇਠ ਦੀ ਦੋਹਤੀ ਨੇ ਮੁਸਕਾਂਦਿਆਂ ਜਵਾਬ ਦਿੱਤਾ- ਹੁਣੇ ਤਾਂ ਕੱਚਾ ਸੂਤ ਉਲਝਿਐ! ਇਸ ਨੂੰ ਸੁਲਝਾਵੇਂ ਤਾਂ ਮੰਨਾ। ਏਡੀ ਵੱਡੀ ਉਲਝਣ ਵਿੱਚੋਂ ਨਿਕਲ ਕੇ ਵਿਖਾ ਕਿਵੇਂ ਨਿਕਲੇਂਗੀ। ਚੌਬੋਲੀ ਨੇ ਕਿਹਾ- ਇਸ ਗੱਲ ਦਾ ਸਿੱਧਾ ਉਤਰ ਦੇਣਾ ਪਵੇ ਤਾਂ ਕੋਈ ਮੁਸ਼ਕਿਲ ਨਹੀਂ। ਪਰ ਉਹ ਜਵਾਬ ਮੇਰੇ ਲਈ ਬਹੁਤ ਮਹਿੰਗਾ ਪਏਗਾ। ਰਾਜਪੂਤਾਂ ਵਿੱਚ ਤਲਵਾਰ ਦੁਆਲ਼ੇ ਫੇਰੇ ਲੈ ਕੇ ਵੀ ਪਤੀ ਨਾਲ ਵਿਆਹ ਜਾਇਜ਼ ਹੈ। ਤੇਰੇ ਹੱਥ ਵਿੱਚ ਠਾਕੁਰ ਦੀ ਤਲਵਾਰ ਸੀ ਇਸ ਮਰਿਆਦਾ ਅਨੁਸਾਰ ਠਾਕੁਰ ਨੂੰ ਪਤੀ ਦ ੇ ਰੂਪ ਵਿੱਚ ਅੰਗੀਕਾਰ ਕਰਨਾ ਪਏਗਾ। ਇਹ ਗੱਲ ਤੂੰ ਜਾਣਦੀ ਹੀ ਹੈਂ ਪਰ ਆਪਣੇ ਮੂੰਹ ਨਾਲ ਤੂੰ ਠਾਕੁਰ ਦਾ ਜਿਹੜਾ ਚਿਹਰਾ ਮੁਹਰਾ, ਸੁਭਾਉ ਵਰਤਾਵਾ ਦਿਖਾਇਆ ਹੈ ਉਹ ਸੁਣਕੇ ਵਿਆਹ ਦੀ ਕੋਈ ਖ਼ੁਸ਼ੀ ਨਹੀਂ ਹੋਈ। ਇਹੋ ਜਿਹੇ ਪਾਗਲ ਨਾਲ ਜੀਵਨ ਕਿਵੇਂ ਕਟੇਗਾ? ਮੇਰੀ ਕਿਸਮਤ ਵਿੱਚ ਇਹੋ ਕੁਝ ਲਿਖਿਆ ਸੀ? ਇਹੋ ਜਿਹਾ ਪਾਗਲ ਠਾਕੁਰ ਜੇ ਮੇਰਾ ਪਤੀ ਹੋਣਾ ਲਿਖਿਆ ਸੀ ਫਿਰ ਹੁਣ ਤੱਕ ਮੈਂ ਸ਼ਾਨਦਾਰ ਰਾਜਿਆਂ ਮਹਾਰਾਜਿਆਂ ਨੂੰ ਬੰਦੀ ਬਣਾ ਕੇ ਦਾਣਾ ਕਿਉਂ ਦਲਵਾਇਆ? ਇਸ ਗੱਲ ਦਾ ਤੂਫ਼ਾਨ ਬਾਰ ਬਾਰ ਉਠ ਰਿਹਾ ਹੈ ਤੇ ਉਠਦਾ ਰਿਹਾ ਕਰੇਗਾ।
ਛੋਟੀ ਠਕੁਰਾਣੀ ਨੇ ਕਿਹਾ- ਤੂੰ ਤਾਂ ਮੈਥੋਂ ਕਿਤੇ ਵਧ ਸਮਝਦਾਰ ਹੈਂ। ਤੁਹਾਨੂੰ ਸਿੱਖਿਆ ਦੇਣ ਦੀ ਮੇਰੀ ਕੀ ਔਕਾਤ? ਹੁਣ ਜੋ ਗੱਲ ਮੈਨੂੰ ਸੁੱਝੀ ਉਹ ਦਸ ਦਿੰਨੀ ਆਂ। ਔਰਤਾਂ ਵਾਸਤੇ ਮਰਦਾਂ ਦੇ ਚਿਹਰੇ ਮੁਹਰੇ ਰੰਗ ਰੂਪ ਤੋਂ ਬਿਨਾਂ ਉਨ੍ਹਾਂ ਵਿੱਚ ਖ਼ਾਸ ਵਿਸ਼ੇਸ਼ਤਾ ਨਹੀਂ ਹੁੰਦੀ। ਸਾਰੇ ਵੱਡੇ ਮਨੁੱਖ ਇੱਕੋ ਜਿਹ ੇ ਚਰਿਤ੍ਰ ਵਿੱਚ ਢਲੇ ਹੋਏ ਹੁੰਦੇ ਨੇ। ਔਰਤਾਂ ਨਾਲ ਮਨਮਾਨੀ ਕਰਨ ਵਾਸਤੇ ਮਰਦਾਂ ਦੀ ਪਟਾਰੀ ਵਿੱਚ ਵੱਖ ਵੱਖ ਜੁਗਤਾਂ ਹੋਇਆ ਕਰਦੀਆਂ ਨੇ। ਕੋਈ ਨੱਥ ਵਿੱਚੋਂ ਦੀ ਸੌ ਤੀਰ ਕੱਢਣ ਦਾ ਅਸੂਲ ਨਿਭਾਉਂਦਾ ਹੈ ਕੋਈ ਔਰਤ ਨੂੰ ਗਹਿਣਿਆਂ ਦੀ ਕੈਦ ਵਿੱਚ ਬੰਦ ਕਰਦਾ ਹੈ। ਉਸਨੂੰ ਵਰਗਲਾਉਣ ਲਈ ਬੇਅੰਤ ਕੀਮਤੀ ਲਿਬਾਸ ਪਹਿਨਾਉਂਦਾ ਹੈ। ਨੱਕ ਲਈ ਨੱਥ ਘੜਾਵੇ ਚਾਹੇ ਨੱਥ ਵਿਚਦੀ ਤੀਰ ਲੰਘਾਏ, ਇੱਕੋ ਗੱਲ ਹੈ। ਮੇਰਾ ਪ੍ਰਣ ਪੂਰਾ ਕਰਕੇ ਠਾਕੁਰ ਦਾ ਅਸੂਲ ਤੁੜਵਾ ਦਿਆਂ ਫਿਰ ਪਤਨੀ ਤੋਂ ਹਊਏ ਵਾਂਗ ਡਰਦਾ ਡਰਦਾ ਉਹ ਖ਼ੁਦ ਬਚਦਾ ਫਿਰਦਾ ਰਹੇਗਾ। ਮਰਦ ਨੂੰ ਹਰਾ ਕੇ ਔਰਤ ਆਪਣਾ ਪ੍ਰਣ ਪੂਰਾ ਕਰੇ, ਇਸ ਯੁੱਗ ਵਿੱਚ ਇਹ ਮਾਮੂਲੀ ਵਿਜੇ ਨਹੀਂ। ਆਪਣੇ ਥੋਥੇ ਗੁਮਾਨ ਵਿੱਚ ਵਿਚਾਰੀ ਵੱਡੀ ਠਕੁਰਾਣੀ ਦੀ ਸੁਨਹਿਰੀ ਦੇਹ ਪਿੰਜਰ ਹੋ ਗਈ। ਮੈਂ ਗ਼ੁੱਸੇ ਵਿੱਚ ਪ੍ਰਣ ਕੀਤਾ ਤਾਂ ਠਾਕੁਰ ਨੇ ਤਾਕਤਵਰ ਹੋਣ ਕਰਕੇ ਮੇਰੇ ਨਾਲ ਜਬਰਨ ਵਿਆਹ ਕਰਵਾ ਲਿਆ। ਪੁਰਸ ਦਾ ਵਸ ਚੱਲੇ ਔਰਤ ਪ੍ਰਾਪਤ ਕਰਨ ਵਾਸਤੇ ਯੁੱਧ ਕਰਨ ਲਈ ਤਿਆਰ ਹੋ ਜਾਂਦੈ। ਰਾਜਕੁਮਾਰੀ ਚੌਬੋਲੀ ਦੇ ਰੂਪ ਵਾਸਤੇ ਤਾਂ ਮਰਦ ਨੀਵੀਂ ਤੋਂ ਨੀਵੀਂ ਹਰਕਤ ਕਰਨ ਨੂੰ ਵੀ ਫਖਰ ਸਮਝਦਾ ਹੈ।
ਇਨ੍ਹਾਂ ਡੂੰਘੀਆਂ ਗੁੱਝੀਆਂ ਗੱਲਾਂ ਦਾ ਚੌਬੋਲੀ ਦੀਆਂ ਸਹੇਲੀਆਂ ਨੂੰ ਕੋਈ ਪਤਾ ਨਹੀਂ ਸੀ। ਜਿਸ ਧੂਮ ਧਾਮ ਨਾਲ ਚੌਬੋਲੀ ਦਾ ਵਿਆਹ ਹੋਇਆ ਉਸੇ ਧੂਮ ਧਾਮ ਨਾਲ ਵਿਦਾਈ ਦੀ ਰਸਮ ਹੋਈ। ਦਾਣਾ ਦਲਦੇ ਉਮਰਾਵਾਂ ਨੂੰ ਵੀ ਸੁਗਾਤਾਂ ਦੇ ਕੇ ਰਿਹਾ ਕੀਤਾ। ਨੱਥ ਵਿੱਚੋਂ ਤੀਰ ਕੱਢਣ ਵਾਲੇ ਠਾਕੁਰ ਨੂੰ ਮੰਗ ਕੇ ਚੌਬੋਲੀ ਨੇ ਆਪਣੇ ਨਾਲ ਲੈ ਲਿਆ, ਰਥ ਵਿੱਚ ਆਪਣੇ ਨਾਲ ਬਿਠਾਇਆ। ਠਾਕੁਰ ਤਾਂ ਚੌਬੋਲੀ ਦਾ ਮੂੰਹ ਦੇਖ ਦੇਖ ਬੇਹੋਸ਼ ਹੋਈ ਜਾਵੇ, ਅੱਖਾਂ ਪਰ੍ਹੇ ਕਰੇ ਈ ਨਾ!
ਹੁਣ ਲੰਮੇ ਸਮੇਂ ਤੱਕ ਭੇਦ ਛੁਪਾਈ ਰੱਖਣ ਵਿੱਚ ਕੀ ਤੁਕ? ਇਹ ਸੋਚ ਕੇ ਦੋਹਤੀ ਆਪਣਾ ਲਿਬਾਸ ਬਦਲਣ ਲਈ ਰੱਥੋਂ ਹੇਠ ਉਤਰ ਗਈ। ਹਾਰ ਸ਼ਿੰਗਾਰ ਕੀਤਾ। ਵਾਪਸ ਰਥ ਵਿੱਚ ਆ ਕੇ ਬੈਠੀ। ਠਾਕੁਰ ਉੱਪਰ ਤਾਂ ਜਿਵੇਂ ਬਿਜਲੀ ਡਿੱਗੀ ਹੋਵੇ! ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ।
ਪਤੀ ਨੂੰ ਢਾਰਸ ਦਿੰਦਿਆਂ ਠਕੁਰਾਣੀ ਨੇ ਕਿਹਾ- ਵਧੀਕ ਡਰਨ ਦੀ ਲੋੜ ਨਹੀਂ। ਜੇ ਸਾਹ ਰੁਕ ਗਏ ਤਾਂ ਤਿੰਨ ਔਰਤਾਂ ਵਿਧਵਾ ਹੋ ਜਾਣਗੀਆਂ। ਚੌਬੋਲੀ ਤੁਹਾਡੀ ਹੀ ਹੈ। ਤੁਹਾਡੀ ਤਲਵਾਰ ਆਪਣੇ ਹੱਥ ਵਿੱਚ ਲੈ ਕੇ ਮੈਂ ਫੇਰੇ ਲਏ।
ਠਾਕੁਰ ਦੇ ਮੂੰਹ ਵਿੱਚੋਂ ਤਿੰਨ ਚਾਰ ਲਾਰਾਂ ਡਿੱਗ ਪਈਆਂ। ਬਾਕੀ ਦੇ ਪਾਣੀ ਨੂੰ ਮੁਸ਼ਕਲ ਨਾਲ ਗਲੇ ਅੰਦਰ ਉਤਾਰਦੇ ਹਕਲਾਉਂਦੇ ਬੋਲਿਆ- ਕੀ ਕਿਹਾ? ਚੌਬੋਲੀ ਮੇਰੀ? ਚੌਬੋਲੀ ਮੇਰੀ?
ਤਾਂ ਸੇਠ ਦੀ ਦੋਹਤੀ ਨੇ ਠਾਕੁਰ ਨੂੰ ਕਿਹਾ- ਕੇਵਲ ਇੱਕ ਰੁਕਾਵਟ ਹੈ। ਮੇਰਾ ਪ੍ਰਣ ਪੂਰਾ ਕੀਤੇ ਬਗ਼ੈਰ ਚੌਬੋਲੀ ਵੱਲ ਦੇਖਣ ਵੀ ਨਹੀਂ ਦਿਆਂਗੀ।
ਦਾਣਾ ਦਲਦਿਆਂ ਦਲਦਿਆਂ ਠਾਕੁਰ ਪਿਛਲੀਆਂ ਸਾਰੀਆਂ ਗੱਲਾਂ ਭੁੱਲ ਗਿਆ ਸੀ। ਉਤੇਜਤ ਹੋ ਕੇ ਬੋਲਿਆ- ਕਿਹੜਾ ਪ੍ਰਣ? ਕਿਹੋ ਜਿਹਾ ਪ੍ਰਣ? ਮੈਂ ਚੌਬੋਲੀ ਵਾਸਤੇ ਹਰ ਸ਼ਰਤ ਮੰਨਣ ਲਈ ਤਿਆਰ ਹਾਂ।
ਤਦ ਸੇਠ ਦੀ ਦੋਹਤੀ ਨੇ ਸਾਰੀ ਗੱਲ ਯਾਦ ਕਰਵਾਈ। ਠਾਕੁਰ ਤੁਰਤ ਮੰਨ ਗਿਆ। ਖ਼ੁਸ਼ੀ ਖ਼ੁਸ਼ੀ ਮੁੱਠੀਆਂ ਭਰ ਭਰ ਛੋਲੇ ਚੱਬੇ, ਉਸਦੇ ਪੈਰਾਂ ਦਾ ਧੋਣ ਚਰਣਾਮ੍ਰਤ ਵਾਂਗ ਗਟਾਗਟ ਪੀ ਗਿਆ। ਪਿੱਠ ਤੇ ਬਿਠਾ ਕੇ ਪਲੰਘ ਦੇ ਆਲ਼ੇ ਦੁਆਲ਼ੇ ਸੱਤ ਵਾਰ ਪਰਿਕਰਮਾ ਕੀਤੀ। ਅਖ਼ੀਰ ਵਿੱਚ ਹੱਥ ਬੰਨ੍ਹ ਕੇ ਕੇਵਲ ਇਹ ਨਿਮਰ ਜਾਚਨਾ ਕੀਤੀ ਕਿ ਇਲਾਕੇ ਵਿੱਚ ਕਿਸੇ ਹੋਰ ਨੂੰ ਇਹ ਭੇਦ ਨਾ ਦੱਸਿਉ। ਪਰਜਾ ਉੱਪਰ ਰੋਅਬ ਪਾਣ ਵਾਸਤੇ ਇਹ ਮਾਮਲਾ ਬਾਹਰ ਨਹੀਂ ਆਉਣਾ ਚਾਹੀਦਾ ਤਾਂ ਠੀਕ ਰਹੇਗਾ।
ਸੇਠ ਦੀ ਦੋਹਤੀ ਨੇ ਨੱਥ ਵਿੱਚੋਂ ਦੀ ਸੌ ਤੀਰ ਕੱਢਣ ਦਾ ਅਸੂਲ ਬੰਦ ਕਰਵਾ ਦਿੱਤਾ। ਵੱਡੀ ਠਕੁਰਾਣੀ ਇਸ ਗੱਲ ਨਾਲ ਬੇਹੱਦ ਖ਼ੁਸ਼ ਹੋਈ। ਦਿਨ ਦੁੱਗਣੀ ਅਤੇ ਰਾਤ ਚੌਗਣੀ ਰਿਸ਼ਟ ਪੁਸ਼ਟ ਹੋਣ ਲੱਗ ਪਈ।
ਰਾਜਕੁਮਾਰੀ ਚੌਬੋਲੀ ਤੋਂ ਬਿਨਾਂ ਮਾਪਿਆਂ ਦੀ ਹੋਰ ਔਲਾਦ ਨਹੀਂ ਸੀ। ਧੀ ਨੂੰ ਰਾਜਭਾਗ ਸੰਭਾਲਕੇ, ਬਿਰਧ ਉਮਰ ਵਿੱਚ ਅਗਲੇ ਜਨਮ ਵਿਚ ਰਾਜਭਾਗ ਦਾ ਮਾਲਕ ਬਣਨ ਵਾਸਤੇ ਰਾਜਾ ਅੱਠੇ ਪਹਿਰ ਭਗਵਾਨ ਦੇ ਨਾਮ ਦਾ ਸਿਮਰਨ ਕਰਨ ਲੱਗਾ। ਬੇਸਮਝ ਠਾਕੁਰ ਦੀ ਤਾਂ ਕੁੱਬੇ ਨੂੰ ਲੱਤ ਰਾਸ ਆਈ ਵਾਲੀ ਹਾਲਤ ਹੋਈ। ਜੇਲ੍ਹ ਭੁਗਤਦਾ ਭੁਗਤਦਾ, ਦਾਣੇ ਦਲਦਾ ਦਲਦਾ ਰਾਜਭਾਗ ਦਾ ਮਾਲਕ ਬਣ ਬੈਠਾ। ਸਾਰੀ ਉਮਰ ਅਨੰਦ ਦੀ ਬੰਸਰੀ ਵਜਾਈ। ਪਰਮੇਸਰ ਸਭ ਦਾ ਭਲਾ ਕਰੇ।
(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)