Chees (Punjabi Story) : Aneman Singh
ਚੀਸ (ਕਹਾਣੀ) : ਅਨੇਮਨ ਸਿੰਘ
ਸਾਰਾ ਪਰਿਵਾਰ ਆਲੇ-ਦੁਆਲੇ ਦੇ ਏਰੀਏ ਨੂੰ ਘੁੰਮ-ਫਿਰ ਕੇ ਦੇਖਣ ਤੁਰ ਗਿਆ ਹੈ। ਮੈਂ ਨਹੀਂ ਗਈ ਉਨ੍ਹਾਂ ਨਾਲ। ਮੈਂ ਤਾਂ ਬਾਹਰ ਹੀ ਮੈਟ ’ਤੇ ਬੈਠ ਗਈ ਹਾਂ। ਉਨ੍ਹਾਂ ਨੂੰ ਤਾਂ ਇੰਝ ਹੋਣਾ ਕਿ ਮੈਨੂੰ ਤੁਰਨ ’ਚ ਦਿੱਕਤ ਆਉਂਦੀ ਹੋਣੀ ਹੈ। ਪਰ ਮੇਰੇ ਮਨ ’ਚ ਵੱਖਰੀ ਤਰ੍ਹਾਂ ਦਾ ਸਕੂਨ ਹੈ। ਮੇਰੀ ਪੋਤ ਨੂੰਹ ਨੇ ਤਾਂ ਕਿਹਾ ਵੀ ਸੀ, ‘‘ਬੇਬੇ ਜੀ, ਤੁਹਾਨੂੰ ਇਕੱਲਿਆਂ ਛੱਡ ਕੇ ਕਿਵੇਂ ਤੁਰ ਜਾਈਏ... ਸਾਨੂੰ ਚਿੰਤਾ ਰਹਿਣੀ ਏ ਤੁਹਾਡੀ।’’ ਮੈਂ ਕਹਿ ਦਿੱਤਾ ਸੀ ਕਿ ਧੀਏ ਇੱਥੇ ਆ ਕੇ ਤਾਂ ਮੇਰੇ ਸਾਹ ਵੀ ਮੁੱਕ ਜਾਣ ਤਾਂ ਕੋਈ ਸੰਸਾ ਨਹੀਂ। ਲੰਘੀ ਉਮਰ ਦੀ ਇਹੋ ਤਾਂ ਇੱਛਾ ਸੀ, ਮੇਰੇ ਮਨ ’ਚ।
ਜਦੋਂ ਦੀ ਦਰ ਖੁੱਲ੍ਹਣ ਦੀ ਖੁਸ਼ਖ਼ਬਰੀ ਸੁਣੀ ਸੀ, ਮੇਰੇ ਮਨ ’ਚ ਉਦੋਂ ਤੋਂ ਅੱਚਵੀ ਜਿਹੀ ਉੱਠਣ ਲੱਗੀ ਸੀ। ... ਮੈਂ ਮੇਰੇ ਪੋਤੇ ਜੀਤ ਨੂੰ ਆਖ ਦਿੱਤਾ ਸੀ ਕਿ ਸਾਰੇ ਟੱਬਰ ਨੂੰ ਨਾਲ ਲਿਜਾ ਕੇ ਨਨਕਾਣਾ ਸਾਹਿਬ ਮੱਥਾ ਟਿਕਾ ਕੇ ਲਿਆ। ਮੇਰਾ ਬੜਾ ਮਨ ਕਰਦਾ ਏ ਕਿ ਮਰਨ ਤੋਂ ਪਹਿਲਾਂ ਇਕ ਵਾਰ ਜ਼ਰੂਰ ਉੱਥੇ ਜਾ ਮੱਥਾ ਟੇਕ ਆਵਾਂ। ਉਸ ਭਲੇ ਪੁਰਸ਼ ਦੀ ਰੂਹ ਨੂੰ ਵੀ ਸ਼ਾਂਤੀ ਮਿਲ ਜਾਣੀ ਸੀ, ਮੇਰੇ ਆਉਣ ਨਾਲ।
ਜੀਤ ਫੋਨ ’ਤੇ ਕਹਿੰਦਾ, ‘‘ਕੋਈ ਨਹੀਂ ਬੇਬੇ ਜੀ ਰਤਾ ਠਹਿਰ ਜਾਓ। ਥੋੜ੍ਹੀ ਭੀੜ ਘੱਟ ਜਾਣ ਦਿਓ, ਮਹੀਨੇ ਕੁ ਬਾਅਦ ਚਲੇ ਚਲਾਂਗੇ।’’
ਜੀਤ ਦੇ ਉੱਤਰ ਨੇ ਮੈਨੂੰ ਸਕੂਨ ਦਿੱਤਾ ਸੀ। ਕਾਲਜੇ ’ਚ ਠੰਢ ਪਈ ਸੀ। ਮਹਿਸੂਸ ਹੋਇਆ ਸੀ ਕਿ ਮੇਰਾ ਵਰ੍ਹਿਆਂ ਤੋਂ ਕਦੇ-ਕਦੇ ਅਚਾਨਕ ਚੜ੍ਹ ਜਾਂਦਾ ਤਾਪ ਜਿਵੇਂ ਲੱਥਣ ਲੱਗ ਪਿਆ ਹੋਵੇ। ਭਾਵੇਂ ਹੁਣ ਪੋਤੇ-ਪੜਪੋਤਿਆਂ ਵਾਲੀ ਹੋ ਗਈ ਆਂ। ਪਰ ਫਿਰ ਵੀ ਜਿਵੇਂ ਜ਼ਿੰਦਗੀ ਕਿਸੇ ਸਰਾਲ ਵਾਂਗ ਰੀਂਗਦੀ ਹੋਈ ਹੀ ਬੀਤੀ ਏ ਮੇਰੀ।
ਦੋਵੇਂ ਪੁੱਤਰਾਂ ਤੇ ਮੰਗਲ ਦੇ ਚਿਹਰੇ ਮੇਰੀਆਂ ਅੱਖਾਂ ਸਾਹਮਣੇ ਆ ਗਏ ਨੇ। ਕਿਵੇਂ ਚੰਦਰੇ ਇਕ-ਇਕ ਕਰ ਕੇ ਮੈਨੂੰ ਇਕੱਲਿਆਂ ਛੱਡ ਤੁਰ ਗਏ। ਜੇ ਜੀਤ ਤੇ ਕਿੰਦਰ ਨਾ ਹੁੰਦੇ ਤਾਂ ਮੈਂ ਵੀ ਤੁਰ ਜਾਣਾ ਸੀ, ਸ਼ਾਇਦ। ਪਹਿਲਾਂ ਦਲੀਪ ਦੀ ਐਕਸੀਡੈਂਟ ’ਚ ਮੌਤ ਹੋ ਗਈ। ਉਹਦੀ ਘਰਵਾਲੀ ਜੀਤ ਨੂੰ ਛੱਡ ਕੇ ਪੇਕੇ ਤੁਰ ਗਈ। ਫਿਰ ਛੋਟੇ ਪੁੱਤਰ ਸੋਹਣ ਤੇ ਨੂੰਹ ਦੀ ਵੀ ਐਕਸੀਡੈਂਟ ’ਚ ਮੌਤ ਹੋਈ ਸੀ।
ਪਹਿਲਾਂ ਪਤੀ, ਤੇ ਫਿਰ ਦੋਵੇਂ ਪੁੱਤਰਾਂ ਦੀ ਮੌਤ ਨਾਲ ਹਿੱਲ ਤਾਂ ਬੜੀ ਗਈ ਸਾਂ। ਆਪਣੇ ਪੋਤੇ ਜੀਤ ਤੇ ਕਿੰਦਰ ਨੂੰ ਦੇਖ ਜ਼ਿੰਦਗੀ ਜਿਊਂਦੀ ਆਈ। ਇਹ ਵੀ ਤਾਂ ਉਨ੍ਹਾਂ ਦੀ ਹੀ ਅੰਸ਼ ਸੀ। ਜਿਸਮ ’ਚ ਅਜਿਹੀ ਤਾਕਤ ਪੈਦਾ ਕਰ ਲਈ ਕਿ ਇੰਨੇ ਦੁੱਖ ਝੱਲ ਕੇ ਵੀ ਨਾ ਡੋਲੀ। ਕੋਈ ਗਿਲਾ ਨਹੀਂ ਰਿਹਾ ਰੱਬ ਨਾਲ। ਜਦੋਂ ਗਿਲਾ ਕਰਨਾ ਚਾਹੀਦਾ ਸੀ, ਉਦੋਂ ਨਾ ਕੀਤਾ। ਅੰਦਰੇ-ਅੰਦਰ ਪੀ ਗਈ ਸਾਂ ਸਾਰਾ ਜ਼ਹਿਰ।
ਬਾਲ ਉਮਰ ਤੋਂ ਹੀ ਜ਼ਹਿਰ ਪੀਂਦੀ ਆਈ ਸਾਂ ਮੈਂ। ਕਿੰਨੇ ਸਾਰੇ ਦੁੱਖ ਇਕੱਠੇ ਮੇਰੀ ਝੋਲੀ ’ਚ ਪੈ ਗਏ ਸਨ। ...ਤੇ ਜਿਵੇਂ ਮੈਂ ਇਨ੍ਹਾਂ ਦੁੱਖਾਂ ਦੀ ਆਦੀ ਹੀ ਹੋ ਗਈ ਹੋਵਾਂ। ਮੇਰਾ ਮਨ ਵੀ ਜਿਵੇਂ ਪੱਥਰ ਬਣਦਾ ਗਿਆ ਸੀ। ਪਰ ਰੱਬ ਨੇ ਜੀਤ ਤੇ ਉਹਦੀ ਘਰਵਾਲੀ ਦੇ ਰੂਪ ’ਚ ਮੈਨੂੰ ਢੇਰ ਸਾਰਾ ਪਿਆਰ ਪ੍ਰਸ਼ਾਦ ਰੂਪ ’ਚ ਬਖ਼ਸ਼ ਦਿੱਤਾ। ਮੈਨੂੰ ਇੱਥੇ ਲਿਆ ਕੇ ਇਨ੍ਹਾਂ ਮੇਰੀ ਬਾਕੀ ਬਚੀ ਇੱਛਾ ਵੀ ਪੂਰੀ ਕਰ ਦਿੱਤੀ। ਹੁਣ ਮੈਂ ਚੈਨ ਨਾਲ ਮਰ ਸਕਾਂਗੀ। ਲੱਗਦੈ ਜਿਵੇਂ ਉਹਦੀ ਰੂਹ ਨੂੰ ਮੇਰੇ ਆਉਣ ਨਾਲ ਸ਼ਾਂਤੀ ਮਿਲ ਗਈ ਹੋਵੇ। ਉਸ ਸ਼ਖ਼ਸ ਦਾ ਖ਼ੂਨ ਨਾਲ ਲੱਥਪਥ ਜਿਸਮ ਮੇਰੀਆਂ ਅੱਖਾਂ ਮੂਹਰੇ ਆ ਗਿਆ। ਨਾ ਚਾਹੁੰਦਿਆਂ ਵੀ ਅੱਖਾਂ ਦੇ ਕੋਇਆਂ ’ਚ ਅੱਥਰੂ ਟੱਪਕ ਕੇ ਬਾਹਰ ਵਹਿਣ ਲੱਗੇ ਹਨ।
‘‘ਮਾਂ ਜੀ, ਲਓ ਪ੍ਰਸਾਦ...।’’ ਕਿਸੇ ਦੇ ਬੋਲਾਂ ਨੇ ਮੇਰੀ ਸੁਰਤੀ ਤੋੜ ਦਿੱਤੀ ਹੈ। ਮੈਂ ਐਨਕ ਲਾਹ ਅੱਥਰੂ ਪੂੰਝ ਕੇ ਉਤਾਂਹ ਨਜ਼ਰਾਂ ਕਰ ਦੇਖਿਆ ਹੈ। ਇਕ ਸਰਦਾਰ ਮੇਰੇ ਵੱਲ ਪ੍ਰਸਾਦ ਵਾਲਾ ਹੱਥ ਵਧਾਈ ਖੜਾ ਸੀ। ਮੈਂ ਬਿਨਾਂ ਕੁਝ ਬੋਲੇ ਉਹਦੇ ਕੋਲੋਂ ਕੜਾਹ-ਪ੍ਰਸ਼ਾਦ ਲੈ ਲਿਆ ਹੈ। ਉਹ ਮੁਸਕਰਾ ਕੇ ਅੱਗੇ ਚਲਾ ਗਿਆ ਹੈ। ਉਸਦੀ ਨੀਲੀ ਪੋਚਵੀਂ ਪੱਗ ਬੰਨ੍ਹੀ ਦੇਖ ਕੇ ਮੇਰੀਆਂ ਅੱਖਾਂ ਮੂਹਰੇ ਦਾਰਜੀ ਦਾ ਚਿਹਰਾ ਆ ਮੰਡਰਾਉਣ ਲੱਗਾ।
ਮੇਰੇ ਦਾਰਜੀ ਸ. ਸਵਰਨ ਸਿੰਘ ਵੀ ਜ਼ਿਆਦਾ ਨੀਲੀ ਪੱਗ ਹੀ ਬੰਨ੍ਹਦੇ ਸਨ। ਕੱਟੜ ਅਕਾਲੀ ਸਨ। ਸੁਭਾਅ ਪੂਰਾ ਰੌਣਕੀ ਸੀ। ਸਾਰੇ ਟੱਬਰ ਨੂੰ ਹਮੇਸ਼ਾ ਖ਼ੁਸ਼ ਰੱਖਦੇ ਸਨ ਦਾਰਜੀ। ਹੱਸਣ-ਖੇਡਣ ਵਾਲਾ ਟੱਬਰ ਸੀ ਸਾਡਾ। ਗੁਆਂਢ ਵੀ ਵਧੀਆ। ਸਭ ਕੋਈ ਆਪਣਾ-ਆਪਣਾ ਸੀ। ਮੇਰੀਆਂ ਭੈਣਾਂ ਰੱਜੋ, ਸੁੱਖੋ, ਬੱਬੋ, ਮੰਗੀ ਵੀਰ ਤੇ ਭੂਆ ਜੱਸੋ, ਜੀਤੋ, ਸਾਰੇ ਰਲ ਮਿਲ ਹਾਸੇ-ਠੱਠੇ ਕਰਦੇ ਸਾਂ। ਦੀਪਾਂ ਚਾਚੀ ਨਾਲ ਤ੍ਰਿੰਜਣ ’ਚ ਬੈਠ ਚਰਖਾ ਕੱਤਦੀਆਂ ਜਾਂ ਫਿਰ ਫੁੱਲ-ਬੂਟੀਆਂ ਚਾਦਰਾਂ ’ਤੇ ਕੱਢਣੀਆਂ। ਸਾਡੇ ਘਰ ਦਰੀਆਂ ਬੁਣਨ ਵੇਲੇ ਚਾਚੀ ਨਾਲ ਚੋਹਲ ਕਰਨੇ। ਅੱਜ ਵੀ ਸਾਰਾ ਕੁਝ ਚੇਤੇ ’ਚ ਵੱਸਿਆ ਹੈ।
ਫਿਰ ਅਜਿਹੀ ਤੱਤੀ ਵਾ ਚੱਲੀ ਕਿ ਸਾਰਾ ਕੁਝ ਪਲਾਂ ’ਚ ਓਪਰਾ ਜਾਪਣ ਲੱਗ ਪਿਆ ਸੀ। ਕੌਣ ਆਪਣਾ ਏ ਤੇ ਕੌਣ ਪਰਾਇਆ ਏ? ਸਮਝ ਆਉਣੋਂ ਹੱਟ ਗਿਆ। ਫਿਰ ਇਹ ਵਾ ਇਕਦਮ ਜਿਵੇਂ ਸਾਰਾ ਪਿਆਰ ਆਪਣੇ ਨਾਲ ਉਡਾ ਕੇ ਲੈ ਗਈ। ਤੇ ਇਹਦੇ ਪਿੱਛੇ ਜੋ ਕੁਝ ਬਚਿਆ ਸੀ, ਉਹਨੂੰ ਯਾਦ ਕਰਨ ਨੂੰ ਵੀ ਚਿੱਤ ਨਹੀਂ ਕਰਦਾ।
‘‘ਹੇ! ਬਾਬਾ ਨਾਨਕ ਮਿਹਰ ਕਰ। ਮੇਰੇ ਸੱਚੇ ਪਾਤਸ਼ਾਹ! ...ਸਾਰਿਆਂ ’ਤੇ ਮਿਹਰ ਕਰ। ਜਿਵੇਂ ਇਹ ਰਾਹ ਖੁੱਲ੍ਹੇ ਨੇ। ਸਾਰਿਆਂ ਦਿਲਾਂ ਦੇ ਵੀ ਬੰਦ ਦਰ ਉਵੇਂ ਖੁੱਲ੍ਹ ਜਾਣ।’’ ਬੀਤਿਆ ਸਭ ਕੁਝ ਜ਼ਿਹਨ ’ਚ ਆਉਣ ’ਤੇ ਮੇਰੇ ਮੂੰਹੋਂ ਅਚਾਨਕ ਸ਼ਬਦ ਨਿਕਲ ਗਏ।
ਕਿੰਨਾ ਚਾਅ ਹੁੰਦਾ ਸੀ ਸਾਨੂੰ। ਆਏ ਦਸਵੀਂ, ਮੱਸਿਆ ਅਤੇ ਗੁਰਪੁਰਬ ਸਮੇਂ ਨਨਕਾਣੇ ਜਾਣ ਦਾ। ਜੀਆਂ ਨਾਲ ਭਰੇ ਗੱਡੇ ਨੂੰ ਬਲਦ ਆਪੇ ਹੀ ਨਨਕਾਣੇ ਵੱਲ ਤੋਰ ਖਿੱਚਦੇ ਚਲੇ ਜਾਂਦੇ। ਉੱਥੇ ਜਾ ਦਾਰਜੀ ਹੁਰੀਂ ਅਖੰਡ ਪਾਠ ਦੌਰਾਨ ਧੂਫ਼-ਬੱਤੀ ਕਰਦੇ। ਬੀਜੀ ਪੰਜ ਬਾਣੀਆਂ ਦਾ ਪਾਠ ਕਰਨ ਬਹਿ ਜਾਂਦੇ। ਦੀਪਾਂ ਚਾਚੀ ਤੇ ਦੋਵੇਂ ਭੂਆ ਹੁਰੀਂ ਜੂਠੇ ਭਾਂਡੇ ਤੇ ਲੰਗਰ ਆਦਿ ਦੀ ਸੇਵਾ ਕਰਦੀਆਂ। ਮੈਂ ਤਾਂ ਸੰਗਤ ਲਈ ਵਿਛੀਆਂ ਦਰੀਆਂ ਨੂੰ ਹੀ ਆਪਣੀ ਚੁੰਨੀ ਨਾਲ ਬੀਜੀ ਵਾਂਗ ਸਾਫ਼ ਕਰਦੀ ਰਹਿੰਦੀ ਸਾਂ। ਗੁਰਦੁਆਰੇ ’ਚ ਸੇਵਾ ਕਰਨ ਦਾ ਵੱਖਰਾ ਹੀ ਸਕੂਨ ਮਿਲਦਾ ਸੀ।
ਸਾਰਾ ਪਰਿਵਾਰ ਖੇਤ ਕਪਾਹ ਚੁਗਣ ਜਾਂਦੇ। ਚਾਚਾ ਰੂਪ ਜੋ ਸਾਡੇ ਖੇਤਾਂ ਦਾ ਸਾਰਾ ਕੰਮ-ਕਾਰ ਸੰਭਾਲਦਾ ਸੀ, ਉਹ ਤੇ ਉਹਦੀ ਘਰਵਾਲੀ ਦੀਪਾਂ ਚਾਚੀ ਸਾਡੀ ਹਵੇਲੀ ਦੇ ਕਮਰੇ ’ਚ ਹੀ ਰਹਿੰਦੇ ਸਨ। ਚਾਚੇ ਰੂਪ ਦੇ ਮਾਂ-ਪਿਓ ਮਰੇ ਹੋਏ ਸਨ। ਦਾਰਜੀ ਨੇ ਹੀ ਉਹਨੂੰ ਆਪਣੇ ਕੋਲ ਰੱਖਿਆ ਹੋਇਆ ਸੀ। ਅਸੀਂ ਦੁਪਹਿਰ ਦੀ ਰੋਟੀ ਤੇ ਚਾਹ ਇਕੱਠੇ ਪੀਂਦੇ। ਦੀਪਾਂ ਚਾਚੀ ਸਰ੍ਹੋਂ ਦਾ ਸਾਗ ਬਣਾਉਂਦੀ ਤਾਂ ਸਾਰੇ ਉਂਗਲਾਂ ਚੱਟ-ਚੱਟ ਮੁਕਾ ਦਿੰਦੇ। ਭੂਆ ਤੇ ਭਾਬੀ ਤਨੂਰ ’ਤੇ ਰੋਟੀਆਂ ਲਾਹੁੰਦੀਆਂ ਤਾਂ ਜਿਵੇਂ ਸਾਰੇ ਖਾਣ ਨੂੰ ਟੁੱਟ ਕੇ ਹੀ ਪੈ ਜਾਂਦੇ। ਪਰ ਇਸ ਤਰ੍ਹਾਂ ਤੇ ਸੋਚਿਆ ਵੀ ਨਹੀਂ ਸੀ ਕਿ ਇੰਝ ਖਿੰਡ-ਪੁੰਡ ਜਾਵੇਗਾ ਸਾਰਾ ਕੁਝ। ...ਉਹ ਹਸੂੰ-ਹਸੂੰ ਕਰਕੇ ਬੋਲਣ ਵਾਲੀ ਤੇ ਹਰ ਕੰਮ ਖਿੜੇ ਮੱਥੇ ਕਰਨ ਵਾਲੀ ਦੀਪਾਂ ਚਾਚੀ ਦੀ ਦੇਹ ਚੀਥੜੇ ਚੀਥੜੇ ਹੋਈ, ਮੇਰੇ ਕੋਲੋਂ ਦੇਖੀ ਨਹੀਂ ਸੀ ਗਈ ਉਦੋਂ। ਸਾਰੇ ਪਾਸੇ ਵੱਢ ਟੁੱਕ ਸੀ। ਭੱਜ-ਦੌੜ ਸੀ।
ਕਿੰਨਾ ਵਹਿਸ਼ਤੀ ਯੁੱਗ ਸੀ। ਜਿੱਥੇ ਨਾ ਕੋਈ ਆਪਣੇ ਦੀ ਸਮਝ ਆਉਂਦੀ ਸੀ ਤੇ ਨਾ ਹੀ ਬੇਗਾਨੇ ਦੀ। ਸਮੇਂ ਦੇ ਨਾਲ ਜਿਵੇਂ ਹਿਰਦਿਆਂ ’ਤੇ ਉਕਰੇ ਜ਼ਖ਼ਮ ਸੁੱਕਣੇ ਪੈ ਗਏ... ਉਵੇਂ ਕਈ ਗੱਲਾਂ ਕੱਜੀਆਂ ਵੀ ਚੰਗੀਆਂ ਲੱਗਦੀਆਂ ਨੇ। ਮੈਂ ਬੜਾ ਕੁਝ ਮਨ ਦੀ ਗੁੱਠੇ ਕੱਜ ਲਿਆ ਸੀ। ਭਾਵੇਂ ਕਈ ਰਾਤਾਂ ਜਾਗਦਿਆਂ ਔਸੀਆਂ ਪਾਉਂਦੀ ਰਹੀ। ਫਿਰ ਵੀ ਸਾਰੇ ਕਾਸੇ ਦੀ ਗੰਢ ਮਾਰ ਉਹਨੂੰ ਸੰਭਾਲਣ ਵੱਲ ਧਿਆਨ ਦਿੱਤਾ।
‘‘ਬੇੇਬੇ ਜੀ..., ਥੋੜ੍ਹਾ ਅੱਗੇ ਹੋ ਕੇ ਬੈਠ ਜਾਓ। ...ਮੈਂ ਸਾਫ਼ ਕਰ ਦਿਆਂ ਮੈਟ।’’ ਇਕ ਦਸਾਂ-ਗਿਆਰ੍ਹਾਂ ਸਾਲਾਂ ਦੀ ਸੁਨੱਖੀ ਕੁੜੀ ਨੇ ਮੇਰੇ ਕੋਲ ਹੋ ਕੇ ਕਿਹਾ ਸੀ। ਮੈਂ ਤਾਂ ਹੋਰ ਹੀ ਖ਼ਿਆਲਾਂ ’ਚ ਉਲਝੀ ਹੋਈ ਸਾਂ। ਉਹਦੇ ਵੱਲ ਮੁਸਕਰਾ ਕੇ ਮੈਂ ਪਰ੍ਹਾਂ ਸਰਕ ਕੇ ਬੈਠ ਗਈ। ਉਹ ਆਪਣੀ ਚੁੰਨੀ ਨਾਲ ਮੈਟ ਸਾਫ਼ ਕਰਦੀ ‘ਸਤਿਨਾਮ-ਵਾਹਿਗੁਰੂ... ਸਤਿਨਾਮ-ਵਾਹਿਗੁਰੂ’ ਕਰਦੀ ਅੱਗੇ ਵੱਲ ਵਧ ਗਈ।
ਉਸ ਵੱਲ ਦੇਖਦਿਆਂ ਮੈਨੂੰ ਆਪਣਾ ਬਚਪਨ ਫਿਰ ਯਾਦ ਆ ਗਿਆ ਹੈ। ਮੈਂ ਵੀ ਦਾਰਜੀ-ਬੀਜੀ ਹੁਰਾਂ ਨਾਲ ਜਦੋਂ ਗੁਰਦੁਆਰੇ ਜਾਂਦੀ ਸਾਂ ਤਾਂ ਆਪਣੀਆਂ ਭੈਣਾਂ ਨਾਲ ਇਵੇਂ ਹੀ ਸੇਵਾ ਕਰਦੀ ਹੁੰਦੀ ਸਾਂ। ਉਦੋਂ ਵੀ ਮੈਂ ਇੰਨੀ ਕੁ ਉਮਰ ਦੀ ਸਾਂ ਜਦੋਂ ਇਸੇ ਸਥਾਨ ਤੋਂ ਜਵਾਲਾ ਸਿੰਘ ਮੇਰਾ ਤੇ ਮਿਹਰ ਦਾ ਹੱਥ ਫੜ੍ਹ ਸਾਨੂੰ ਆਪਣੇ ਨਾਲ ਅੰਮ੍ਰਿਤਸਰ ਸ਼ਰਣਾਰਥੀ ਕੈਂਪ ’ਚ ਲੈ ਆਇਆ ਸੀ। ਉਹ ਦਾਰਜੀ ਦਾ ਦੋਸਤ ਸੀ। ਅਸੀਂ ਕੁਝ ਦਿਨ ਅੰਮ੍ਰਿਤਸਰ ਕੈਂਪ ’ਚ ਰਹੇ। ਜਦੋਂ ਦੰਗੇ ਸ਼ਾਂਤ ਹੋਏ ਤਾਂ ਉਹਦੇ ਨਾਲ ਹੀ ਬੀਰੇਵਾਲੇ ਆ ਗਏ ਸਾਂ। ਫਿਰ ਉਹਨੇ ਮੈਨੂੰ ਦਸਾਂ-ਗਿਆਰ੍ਹਾਂ ਸਾਲ ਦੀ ਨੂੰ ਹੀ ਆਪਣੇ ਵੱਡੇ ਮੁੰਡੇ ਮੰਗਲ ਨਾਲ ਵਿਆਹ ਕੇ ਨੂੰਹ ਬਣਾ ਲਿਆ ਸੀ। ਤੇ ਮਿਹਰ ਨੂੰ ਉਹਨੇ ਖੇਤੀ ਕਰਨ ਲਾ ਲਿਆ ਸੀ।
ਦੋਹਾਂ-ਤਿੰਨਾਂ ਸਾਲਾਂ ’ਚ ਹੀ ਮੈਂ ਬਚਪਨੇ ਤੋਂ ਗੁਜ਼ਰ ਕੇ ਇਕਦਮ ਹੇਠ-ਉੱਤੇ ਦੋ ਨਿਆਣਿਆਂ ਦੀ ਮਾਂ ਬਣ ਗਈ ਸਾਂ। ਤੇ ਅੰਦਰ ਪਏ ਜ਼ਖ਼ਮ ਜਿਵੇਂ ਸੁੱਕ ਕੇ ਕਿਤੇ ਦਫ਼ਨ ਹੋ ਗਏ। ਮੁੜ ਮੈਂ ਇਨ੍ਹਾਂ ਦੀ ਭਾਫ਼ ਨਹੀਂ ਕੱਢੀ। ਪਰ ਵੇਲੇ-ਕੁਵੇਲੇ ਜਦੋਂ ਵੀ ਕਦੇ ਇਕੱਲੀ ਹੁੰਦੀ ਸਾਂ ਤਾਂ ਮੇਰੀਆਂ ਨਜ਼ਰਾਂ ਅੱਗੇ ਸਾਰੇ ਦ੍ਰਿਸ਼ ਉਵੇਂ ਫਿਰ ਪਲਾਂ ’ਚ ਘੁੰਮਣ ਲੱਗ ਜਾਂਦੇ।
ਆਪਣੇ ਦੋਵਾਂ ਪੁੱਤਰਾਂ ਦੀ ਸੰਭਾਲ, ਮੰਗਲ ਦੇ ਸਾਥ ਅਤੇ ਘਰ ਦੇ ਕੰਮਾਂ-ਕਾਰਾਂ ਦੇ ਰੁਝੇਵੇਂ ’ਚ ਵੀ ਕਈ ਵਾਰ ਇਕੱਲੇ ਹੁੰਦਿਆਂ ਇਹ ਰਿਸਦੇ ਫੱਟ ਮੇਰੇ ਸਾਹਮਣੇ ਆ ਕਮਜ਼ੋਰ ਕਰਦੇ ਰਹਿੰਦੇ ਸਨ। ਅੰਦਰੋਂ ਅੱਚਵੀ ਜਿਹੀ ਉੱਠਦੀ। ਉਸ ਭਲੇ ਪੁਰਸ਼ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਆ ਘੁੰਮਣ ਲੱਗਦਾ। ਕਦੇ ਮਨ ਕਰਦਾ ਕਿ ਕਿਸੇ ਕੋਲ ਸਾਰਾ ਕੁਝ ਬੀਤਿਆ ਦੱਸ ਹੌਲਾ ਕਰ ਲਵਾਂ ਕਾਲਜੇ ਨੂੰ। ਪਰ ਫਿਰ ਦੂਜੇ ਹੀ ਪਲ ਵੱਸੇ-ਵਸਾਏ ਘਰ-ਪਰਿਵਾਰ ਦੇ ਉੱਜੜਨ ਦੀ ਸੰਸਾ ਮਨ ’ਚ ਘਰ ਕਰ ਜਾਂਦੀ। ਮੇਰੇ ਸਹੁਰੇ ਜਵਾਲਾ ਸਿੰਘ ਨੂੰ, ਜਿਹਨੂੰ ਮੈਂ ਵਿਆਹ ਤੋਂ ਬਾਅਦ ਦਾਰਜੀ ਕਹਿਣ ਲੱਗ ਪਈ ਸਾਂ... ਵੱਲੋਂ ਮਿਲਿਆ ਪਿਆਰ ਪਲਾਂ ’ਚ ਹੀ ਛੂ-ਮੰਤਰ ਹੋਇਆ ਦਿਸਦਾ। ਲੱਗਦਾ ਸਾਰੇ ਜਣੇ ਮੇਰੇ ਨਾਲ ਨਫ਼ਰਤ ਕਰਨ ਲੱਗ ਪੈਣਗੇ। ਤੇ ਮੈਂ ਅਜਿਹਾ ਸੋਚ ਸਬਰ ਦਾ ਘੁੱਟ ਭਰ ਲੈਂਦੀ।
ਮੈਂ ਆਪਣੇ ਪੋਤੇ ਜੀਤ ਨਾਲ ਪਰਚੀ ਰਹਿੰਦੀ ਸਾਂ। ...ਉਹ ਮੈਨੂੰ ਰੌਲੇ ਦੀਆਂ ਬਾਤਾਂ ਸੁਣਾਉਣ ਲਈ ਕਹਿੰਦੇ ਰਹਿੰਦੇ। ਇਨ੍ਹਾਂ ਵਿਚਾਰੇ ਬਾਲਾਂ ਨੂੰ ਕੀ ਪਤਾ ਸੀ ਰੌਲੇ ਬਾਰੇ। ਪਰ ਜਦੋਂ ਦੀ ਟੀ.ਵੀ. ’ਤੇ ਇਹ ਖ਼ਬਰ ਸੁਣੀ ਤਾਂ ਮੇਰੇ ਅੰਦਰ ਦੱਬਿਆ ਪਿਛਲਾ ਕਿੰਨਾ ਕੁਝ ਫਿਰ ਉੱਛਲਣ ਲੱਗ ਪਿਆ। ਮੇਰਾ ਮਨ ਕਰਦਾ ਕਿ ਮੇਰੇ ਖੰਭ ਹੋਣ ਤੇ ਮੈਂ ਉੱਡ ਕੇ ਨਨਕਾਣੇ ਪਹੁੰਚ ਜਾਵਾਂ। ਤੇ ਉਨ੍ਹਾਂ ਥਾਵਾਂ ਨੂੰ ਜਾ ਦੇਖਾਂ ਜਿੱਥੇ ਸਾਡਾ ਸਾਰਾ ਪਰਿਵਾਰ ਅਕਸਰ ਇਕੱਠੇ ਆਇਆ ਕਰਦਾ ਸੀ। ਕਦੇ ਟੀ.ਵੀ. ’ਤੇ ਬੱਚੇ ਕੋਈ ਫਿਲਮ ਵਗੈਰਾ ਦੇਖ ਲੈਂਦੇ ਤਾਂ ਮੈਨੂੰ ਕਹਿਣ ਲੱਗਦੇ, ‘‘ਬੇਬੇ, ਸੱਚੀਂ ਏਨਾ ਦਰਦਮਈ ਵਾਪਰਿਆ ਸੀ।’’
ਮੈਂ ਹਾਂ ਆਖ ਕੇ ਹੀ ਸਾਰ ਜਾਂਦੀ। ਮਨ ’ਚ ਕੁਝ ਉੱਬਲਦਾ, ‘‘ਨਹੀਂ ਪੁੱਤ... ਇਸ ਤੋਂ ਵੀ ਬੜਾ ਦੁੱਖਦਾਈ... ਮਾੜਾ ਵਾਪਰਿਆ...।’’
ਮੈਨੂੰ ਅੱਜ ਵੀ ਯਾਦ ਹੈ ਦਾਰਜੀ ਉਸ ਦਿਨ ਸ਼ੇਖਪੁਰੇ ਗਏ ਹੋਏ ਸਨ। ਜੀਤੋ ਭੂਆ ਦੇ ਵਿਆਹ ਦੇ ਸਾਮਾਨ ਦੀ ਖਰੀਦਦਾਰੀ ਕਰਨ। ਜਦੋਂ ਬਾਅਦ ’ਚ ਅੱਗ ਭੜਕ ਗਈ। ਮੁਸਲਮਾਨ ਤੇ ਹਿੰਦੂ-ਸਿੱਖ ਇਕ-ਦੂਜੇ ਦੇ ਦੁਸ਼ਮਣ ਬਣ ਗਏ। ਵੇਖਦਿਆਂ-ਵੇਖਦਿਆਂ ਹੀ ਇਹ ਅੱਗ ਸਾਡੇ ਪਿੰਡ ਕਰਮਪੁਰੇ ’ਚ ਵੀ ਤੇਜ਼ੀ ਨਾਲ ਬਲ ਤੁਰੀ ਸੀ। ਸਾਡੇ ਨਾਲ ਦੇ ਮੁਹੱਲੇ ’ਚ ਰਹਿੰਦੇ ਅਹਿਮਦ ਜਿਹਨੂੰ ਅਸੀਂ ਚਾਚਾ ਜਾਨ ਆਖਿਆ ਕਰਦੇ ਸਾਂ, ਨੇ ਆਪਣੇ ਨਾਲ ਹੋਰ ਮੁਸਲਿਮ ਬੰਦਿਆਂ ਨੂੰ ਰਲਾ ਲਿਆ। ਉਹ ਸਾਰੇ ਸਾਡੀ ਹਿਫ਼ਾਜ਼ਤ ਲਈ ਡੱਟ ਗਏ। ਬੀਜੀ ਨੂੰ ਕਹਿਣ ਲੱਗੇ, ‘‘ਭਰਜਾਈ ਡਰੋ ਨਾ ਤੁਸੀਂ... ਇੱਧਰ ਕਿਸੇ ਦੀ ਹਿੰਮਤ ਨਹੀਂ ਜੇ ਆਉਣ ਦੀ। ਤੁਸੀਂ ਚਿੰਤਾ ਨਾ ਕਰੋ।’’
ਉਹ ਬੀਜੀ ਨੂੰ ਤਸੱਲੀਆਂ ਦੇ ਰਿਹਾ ਸੀ। ਪਰ ਨਹੀਂ ਹਿੰਸਕ ਤੂਫ਼ਾਨ ਨੇ ਉਹਦੀ ਇਕ ਨਾ ਚੱਲਣ ਦਿੱਤੀ ਸੀ। ਤੇ ਪਤਾ ਲੱਗਾ ਸੀ ਕਿ ਧਾਰੀਵਾਲ ਪਿੰਡ ਦੀ ਹੱਦ ’ਤੇ ਉਹਨੇ ਸ਼ਰਾਰਤੀਆਂ ਨੂੰ ਆਉਂਦਿਆਂ ਰੋਕਣ ਲਈ ਜੋ ਜੱਥਾ ਬਣਾਇਆ ਸੀ, ਉਹ ਅਹਿਮਦ ਦਾ ਹੀ ਵੱਡਾ ਵੈਰੀ ਬਣ ਗਿਆ। ਅਖੇ- ‘‘ਤੂੰ ਸਿੱਖਾਂ ਨੂੰ ਆਪਣੇ ਘਰ ਸ਼ਰਣ ਦੇ ਕੇ ਆਪਣੇ ਫ਼ਿਰਕੇ ਨਾਲ ਹੀ ਗੱਦਾਰੀ ਕਰਦਾ ਏਂ।’’
ਅਫ਼ਵਾਹਾਂ ਦਾ ਪੂਰਾ ਜ਼ੋਰ ਸੀ। ਕਿੱਧਰੇ ਕੋਈ ਆ ਕੇ ਦੱਸਦਾ ਕਿ ਕਾਮੋ ਕੀ ਮੰਡੀ ’ਚ ਕਈ ਸਿੱਖਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਕੋਈ ਕਹਿੰਦਾ ਫਲਾਣੀ ਥਾਂ ਦਸ ਸਿੱਖਾਂ ਨੂੰ ਮਾਰ ਦਿੱਤਾ ਤੇ ਕੋਈ ਕਹਿੰਦਾ ਫਲਾਣੇ ਕੂਚੇ ਪੰਜ ਹਿੰਦੂਆਂ ਨੂੰ ਮਾਰ ਦਿੱਤਾ। ਤੇ ਕੋਈ ਕਹਿੰਦਾ ਸਿੱਖਾਂ ਨੇ ਮੁਹੱਲਾ ਗੋਬਿੰਦਪੁਰਾ ’ਚ ਸੱਤ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਏ। ਇਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਰਹੇ ਸਨ। ਲਹੂ ਜ਼ਿਆਦਾ ਗਰਮਾ ਗਿਆ ਲੱਗਦਾ ਸੀ। ਕਿਤੇ ਕੋਈ ਭਾਈਚਾਰਕ ਸਾਂਝ ਦਿਸਦੀ ਨਹੀਂ ਆ ਰਹੀ ਸੀ। ਪਰ ਅਜਿਹੇ ਮਾਹੌਲ ’ਚ ਅਹਿਮਦ ਚਾਚੇ ਦੀ ਵਹੁਟੀ ਹਮੀਰਾਂ ਦੇ ਬੋਲ ਰੂਹ ਨੂੰ ਸਕੂਨ ਦੇਣ ਵਾਲੇ ਨਿਕਲੇ ਸਨ, ‘‘ਭੈਣਾਂ, ਤੂੰ ਕਿਉਂ ਘਬਰਾਉਂਦੀ ਏਂ! ਅਸੀਂ ਸਾਰੇ ਤੇਰੇ ਨਾਲ ਆਂ।’’
ਸ਼ਾਮ ਬੀਤ ਗਈ। ਚਾਚਾ ਰੂਪ ਤੇ ਹਜ਼ੂਰਾ ਬਾਹਰ ਨਿਕਲ ਗਏ ਸਨ, ਦਾਰਜੀ ਦਾ ਪਤਾ ਲਾਉਣ ਲਈ। ਪਰ ਅਗਲੀ ਰਾਤ ਮੁੜਿਆ ਕੇਵਲ ਹਜ਼ੂਰਾ ਚਾਚਾ ਹੀ ਸੀ। ਉਹਦੇ ਲੀੜੇ ਰੱਤ ਨਾਲ ਭਿੱਜੇ ਹੋਏ ਸਨ। ਉਹ ਘਰ ’ਚ ਵੜਦੇ ਹੀ ਬੀਜੀ ਨੂੰ ਕਹਿਣ ਲੱਗਾ, ‘‘ਬੜੀ ਮੁਸ਼ਕਿਲ ਨਾਲ ਜਾਨ ਬਚਾ ਕੇ ਆਇਆਂ ਭਰਜਾਈ। ਰੂਪ ਨੂੰ ਲਾਹੌਰ ਕੋਲ ਦੰਗਈਆਂ ਨੇ ਕਿਰਪਾਨਾਂ ਨਾਲ ਵੱਢ ਦਿੱਤਾ। ਮੇਰੇ ਪਿੱਛੇ ਵੀ ਪਏ ਸੀ। ਮੈਂ ਲੁਕ ਕੇ ਆਪਣੀ ਜਾਨ ਬਚਾਈ ਮਸਾਂ। ਤੂੰ ਦੀਪਾਂ ਭਾਬੀ ਨੂੰ ਅਜੇ ਕੁਝ ਨਾ ਦੱਸੀਂ। ...ਮੈਂ ਵਿਹਨਾ ਜਾ ਕੇ ਕੀ ਮਾਹੌਲ ਏ।’’
ਅਗਲੀ ਸ਼ਾਮ ਕਿਸੇ ਨੇ ਆ ਕੇ ਦੱਸਿਆ ਕਿ ਪਿੰਡ ਖਿਲਚੀਆਂ ਵਿਖੇ ਹਿੰਦੂਆਂ ਸਿੱਖਾਂ ਨੇ ’ਕੱਠੇ ਹੋ ਕੇ ਕਾਫ਼ਲੇ ’ਚ ਅੰਮ੍ਰਿਤਸਰ ਵੱਲ ਜਾਣ ਦਾ ਫ਼ੈਸਲਾ ਕੀਤਾ ਏ। ‘‘ਇੱਧਰ ਹਾਲਾਤ ਠੀਕ ਨਹੀਂ ਏ। ਤੁਸੀਂ ਵੀ ਆਪਣਾ ਜ਼ਰੂਰੀ ਸਾਮਾਨ ਬੰਨ੍ਹ ਲਓ। ਮੈਂ ਆਉਣਾ ਹਨੇਰੇ ਪਏ।’’
ਸਰਦਾਰਾਂ ਦੇ ਮੁਹੱਲੇ ’ਚ ਕੁਝ ਘਰਾਂ ਦੇ ਹਿੰਦੂਆਂ-ਸਿੱਖਾਂ ਨੂੰ ਮੋਹਤਬਰਾਂ ਨਾਲ ਲੈ ਕੇ ਅੰਮ੍ਰਿਤਸਰ ਵੱਲ ਰਵਾਨਾ ਹੋਣਾ ਸੀ। ਦੀਪਾਂ ਚਾਚੀ ਦਾ ਦੁਪਹਿਰ ਤੋਂ ਪਤਾ ਨਹੀਂ ਸੀ ਚੱਲ ਰਿਹਾ। ਘਰ-ਬਾਰ ਸਾਰੇ ਖਾਲੀ ਹੋ ਰਹੇ ਸਨ। ਅਸੀਂ ਵੀ ਚੱਲਣ ਦੀ ਤਿਆਰੀ ਕਰਨ ਲੱਗੇ। ਮੈਂ ਅੰਦਰਲੇ ਪਸਾਰ ਵਾਲੇ ਕਮਰੇ ’ਚ ਨਿੱਕੀ ਟਰੰਕੀ ਲੈਣ ਗਈ ਤਾਂ ਉੱਥੇ ਦੀਪਾਂ ਚਾਚੀ ਤੜਫ਼ ਰਹੀ ਸੀ। ਮੈਂ ਹੱਥ ਨਾਲ ਉਹਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਉਹਦੇ ਸਾਹ ਜਿਵੇਂ ਮੁੱਕ ਚੁੱਕੇ ਸਨ। ਇਸ ਤੋਂ ਪਹਿਲਾਂ ਕਿ ਮੇਰਾ ਬਾਲ ਮਨ ਜ਼ਿਆਦਾ ਸੋਚਦਾ, ਹਜ਼ੂਰਾ ਚਾਚਾ ਮੇਰੀ ਬਾਂਹ ਫੜ ਕੇ ਬਾਹਰ ਵੱਲ ਲੈ ਗਿਆ, ‘‘ਨ੍ਹੀਂ ਕੁੜੀਏ, ਤੂੰ ਇੱਥੇ ਕੀ ਕਰਨ ਡਹੀ ਏਂ?’’
ਅੱਗ ਸਾਡੇ ਮੁਹੱਲੇ ਤੱਕ ਆ ਗਈ ਸੀ। ਬੀਜੀ ਨੇ ਸਾਰਾ ਜ਼ਰੂਰੀ ਸਾਮਾਨ ਚੁੱਕ ਲਿਆ। ਸੋਨਾ ਜ਼ੇਵਰਾਤ ਵਗੈਰਾ ਆਪਣੇ ਨੇਫੇ ’ਚ ਗੁਥਲੀ ਬਣਾ ਤੁੰਨ ਲਏ। ਸਾਰੇ ਜਣੇ ਬਾਹਰ ਕਾਫ਼ਲੇ ’ਚ ਜਾਣ ਲੱਗੇ ਸਾਂ। ਬਾਹਰ ਵਿਹੜੇ ’ਚ ਲੋਕਾਂ ਦਾ ਹਜੂਮ ਖੜ੍ਹਾ ਸੀ। ਔਰਤਾਂ, ਬੱਚੇ, ਬੁੱਢੇ ਤੇ ਜਵਾਨ। ਕਿਸੇ ਦੇ ਹੱਥ ’ਚ ਸੋਟੀਆਂ ਸਨ, ਕਿਸੇ ਦੇ ਹੱਥ ਕਿਰਪਾਨਾਂ ਤੇ ਭਾਲੇ ਵਗੈਰਾ। ਉੱਥੋਂ ਦਲ ਰਵਾਨਾ ਹੋ ਗਿਆ। ਮੂਹਰੇ ਜਵਾਨ ਬੰਦੇ ਸਨ ਤੇ ਵਿਚਾਲੇ ਔਰਤਾਂ, ਕੁੜੀਆਂ ਤੇ ਬੱਚੇ। ਉਸ ਤੋਂ ਪਿੱਛੇ ਬਜ਼ੁਰਗ ਤੇ ਬਿਲਕੁਲ ਮਗਰੇ ਫਿਰ ਜਵਾਨ ਬੰਦੇ ਤੁਰਦੇ ਜਾ ਰਹੇ ਸਾਂ। ਜ਼ਰੂਰਤ ਦਾ ਮਾੜਾ-ਮੋਟਾ ਸਾਮਾਨ ਤਕਰੀਬਨ ਸਾਰਿਆਂ ਦੇ ਕੋਲ ਹੀ ਸੀ।
ਅਜੇ ਕੁਝ ਚਿਰ ਦਾ ਹੀ ਪੈਂਡਾ ਤੈਅ ਕੀਤਾ ਸੀ ਕਿ ਅਚਾਨਕ ‘ਯਾ ਅੱਲ੍ਹਾ... ਯਾ ਅੱਲ੍ਹਾ’ ਦੀਆਂ ਆਵਾਜ਼ਾਂ ਨੇੜੇ ਆਉਣ ਲੱਗੀਆਂ। ਅੱਧੇ ਘੰਟੇ ’ਚ ਹੀ ਹਜੂਮ ਆਇਆ ਤੇ ਕਿੰਨੀਆਂ ਲਾਸ਼ਾਂ ਧਰਤੀ ’ਤੇ ਵਿਛਾ ਕੇ ਅੱਗੇ ਲੰਘ ਗਿਆ। ਜੋ ਬਚੇ, ਜਿੱਧਰ ਰਸਤਾ ਮਿਲਿਆ ਉੱਧਰ ਨੂੰ ਭੱਜ ਤੁਰੇ। ਸਾਨੂੰ ਬੀਜੀ ਤੇ ਭੂਆ ਹੁਰਾਂ ਫੜਿਆ ਹੋਇਆ ਸੀ। ਭੂਆ ਜੀਤੋ ਤੇ ਜੱਸੋ ਦੇ ਨਾਲ ਮੇਰੀ ਵੱਡੀ ਭੈਣ ਰੱਜੋ ਵੀ ਗਾਇਬ ਸੀ। ਕਿੰਨਾ ਚਿਰ ਲੱਭਿਆ। ਉਨ੍ਹਾਂ ਦੀ ਰਾਹ ਉਡੀਕਦੇ ਰਹੇ। ਰੋਂਦਾ-ਵਿਲਕਦਾ, ਪੰਦਰ੍ਹਾਂ ਕੁ ਜਣਿਆ ਦਾ ਸਾਡਾ ਜੱਥਾ ‘ਸਤਿਨਾਮ ਵਾਹਿਗੁਰੂ....ਸਤਿਨਾਮ ਵਾਹਿਗੁਰੂ...’ ਦਾ ਜਾਪ ਕਰਦਾ ਅਗਲੇ ਪੰਧ ਲਈ ਰਵਾਨਾ ਹੋ ਗਿਆ।
‘‘ਸਤਿਨਾਮ ਵਾਹਿਗੁਰੂ... ਸਤਿਨਾਮ ਵਾਹਿਗੁਰੂ...’’ ਦੀਆਂ ਆਵਾਜ਼ਾਂ ਨੇ ਮੈਨੂੰ ਸੋਚਾਂ ’ਚੋਂ ਬਾਹਰ ਕੱਢ ਦਿੱਤਾ ਹੈ। ਮੇਰੇ ਕੋਲ ਦੀ ਤਿੰਨ ਚਾਰ ਬੁੱਢੀਆਂ ਸਿਰਾਂ ’ਤੇ ਪੀਲੇ ਪਟਕੇ ਬੰਨ੍ਹੀ ਹੱਥ ਜੋੜਦੀਆਂ ‘ਸਤਿਨਾਮ ਵਾਹਿਗੁਰੂ... ਸਤਿਨਾਮ ਵਾਹਿਗੁਰੂ’ ਕਰਦੀਆਂ ਲੰਘ ਗਈਆਂ ਹਨ। ਦੂਰ ਤੱਕ ਨਜ਼ਰ ਘੁਮਾਉਂਦੀ ਹਾਂ। ਜੀਤ ਹੁਰਾਂ ’ਚੋ ਕੋਈ ਦਿਖਾਈ ਨਹੀਂ ਦੇ ਰਿਹਾ। ਖ਼ਬਰੇ ਕਿੱਧਰ ਤੁਰ ਗਏ ਨੇ। ਗੁਰਦੁਆਰੇ ਦੇ ਸਪੀਕਰ ’ਚੋਂ ਕਿਸੇ ਭਾਈ ਦੀ ਆਵਾਜ਼ ਕੰਨਾਂ ’ਚ ਆਉਣ ਲੱਗੀ ਏ, ‘‘ਭਾਈ ਗੁਰੂ ਨਾਨਕ ਦੀ ਪਿਆਰੀ ਸੰਗਤ... ਤੁਸੀਂ ਵਡਭਾਗੇ ਹੋ ਜੋ ਇਸ ਦਰ ਦੇ ਦਰਸ਼ਨ ਕਰਨ ਦਾ ਭਾਗ ਪ੍ਰਾਪਤ ਕਰ ਰਹੇ ਹੋ। ਇਸ ਸਥਾਨ ਦੇ ਵਿੱਛੜਨ ਸਮੇਂ ਤੋਂ ਲੈ ਕੇ ਅੱਜ ਤੱਕ ਕਰੋੜਾਂ ਅਰਦਾਸਾਂ ਹੋਈਆਂ... ਜਿਨ੍ਹਾਂ ਦੇ ਸਦਕਾ ਅਸੀਂ ਇਸ ਵਿੱਛੜੇ ਗੁਰੂਧਾਮ ਦੇ ਦਰਸ਼ਨ ਕਰਨ ’ਚ ਸਫ਼ਲ ਹੋ ਰਹੇ ਹਾਂ। ਜਿਊਂਦੇ ਰਹਿਣ ਦੋਵਾਂ ਮੁਲਕਾਂ ਦੇ ਵਾਸੀ... ਤੇ ਸਰਕਾਰਾਂ... ਜਿਨ੍ਹਾਂ ਇਸ ਪਵਿੱਤਰ ਅਸਥਾਨ ਦੇ ਦਰ ਖੋਲ੍ਹਣ ’ਚ ਆਪਣੀ ਭੂਮਿਕਾ ਨਿਭਾਈ...।’’
ਉਹ ਲਗਾਤਾਰ ਬੋਲੀ ਜਾ ਰਿਹਾ ਹੈ। ਪਰ ਮੈਂ ਫਿਰ ਆਪਣੇ ਬਚਪਨ ’ਚ ਪਰਤਦੀ ਜਾ ਰਹੀ ਸਾਂ। ਉਸ ਦਿਨ ਵੀ ਮੈਂ ਤੇ ਮਿਹਰ, ਹਜ਼ੂਰੇ ਚਾਚੇ ਨਾਲ ਬਚਦੇ-ਬਚਾਉਂਦੇ ਨਨਕਾਣੇ ਵੱਲ ਨੂੰ ਤੁਰੇ ਆਏ ਸਾਂ। ਹਰ ਪਾਸੇ ਲਾਸ਼ਾਂ ਦੇ ਢੇਰ ਤੇ ਡੁੱਲ੍ਹੇ ਖ਼ੂਨ ਦੇ ਛੱਪੜ ਹੀ ਦਿਖਾਈ ਦੇ ਰਹੇ ਸਨ।
ਅੰਮ੍ਰਿਤਸਰ ਕੈਂਪ ’ਚ ਆਉਣ ਤੋਂ ਪਹਿਲੀਆਂ ਤਿੰਨ ਰਾਤਾਂ ਨੂੰ ਮੈਂ ਅੱਜ ਤੱਕ ਨਹੀਂ ਭੁੱਲ ਸਕੀ। ਪਹਿਲੀ ਰਾਤ ’ਚ ਦੰਗਈਆਂ ਵੱਲੋਂ ਕੀਤੇ ਹਮਲੇ ’ਚ ਸਾਡੇ ਕਈ ਜਣੇ ਵਿੱਛੜ ਗਏ... ਜਾਂ ਕਹਿ ਲਓ ਮਰ ਮੁੱਕ ਗਏ। ਦੂਜੇ ਦਿਨ ਮੈਂ, ਮਿਹਰ ਤੇ ਚਾਚਾ ਹਜ਼ੂਰਾ ਹੀ ਬਾਕੇ ਬਚੇ ਸਾਂ। ਦੂਜੇ ਦਿਨ ਸੁਵੱਖਤੇ ਅਸੀਂ ਕਿਵੇਂ ਦੁਬਕੇ ਬੈਠੇ ਸਾਂ ਗੰਨੇ ਦੇ ਖੇਤ ’ਚ। ਕੋਈ ਮੁਸਲਮਾਨ ਪਰਿਵਾਰ ਕੱਸੀ ਕੋਲੋਂ ਦੀ ਵੱਟੋ-ਵੱਟ ਤੁਰਿਆ ਆ ਰਿਹਾ ਸੀ। ਚਾਚੇ ਹਜ਼ੂਰੇ ਤੇ ਇਕ ਹੋਰ ਜਣੇ ਨੇ ਮੁਸਲਮਾਨ ਦੀ ਕੰਡ ਪਿੱਛੋਂ ਸਿਰ ’ਤੇ ਡਾਂਗ ਦਾ ਵਾਰ ਕਰਕੇ ਡੇਗ ਦਿੱਤਾ ਤੇ ਬਾਅਦ ’ਚ ਠੁੱਡੇ ਮਾਰ-ਮਾਰ ਮੁਕਾ ਦਿੱਤਾ। ਉਹਦੀ ਘਰਵਾਲੀ ਕੋਲ ਖੜ੍ਹੀ ਕੁਰਲਾਉਂਦੀ ਰਹੀ। ਫਿਰ ਕਿੰਨਾ ਚਿਰ ਉਹਦੀ ਦੂਜੇ ਪਾਸੇ ਵਾਲੇ ਗੰਨੇ ਦੇ ਖੇਤ ’ਚੋਂ ਕੁਰਲਾਉਣ ਦੀ ਆਵਾਜ਼ ਆਉਂਦੀ ਰਹੀ। ਇਹ ਆਵਾਜ਼ ਉਦੋਂ ਸ਼ਾਂਤ ਹੋਈ ਜਦੋਂ ਚਾਚਾ ਹਜ਼ੂਰਾ ਆਪਣੀ ਧੋਤੀ ਦਾ ਲੜ ਬੰਨ੍ਹਦਾ ਖੇਤ ’ਚੋਂ ਬਾਹਰ ਨਿਕਲਿਆ ਸੀ।
ਇਸ ਤੋਂ ਬਾਅਦ ਤਾਂ ਮੈਨੂੰ ਤੇ ਮਿਹਰ ਨੂੰ ਚਾਚੇ ਤੋਂ ਡਰ ਜਿਹਾ ਲੱਗਣ ਲੱਗ ਪਿਆ। ਅਗਲੀਆਂ ਦੋ ਰਾਤਾਂ ਚਾਚਾ ਹਜ਼ੂਰਾ ਮੈਨੂੰ ਕਈ ਵਾਰ ਆਪਣੀ ਧੋਤੀ ਦੇ ਲੜ ਬੰਨ੍ਹਦਾ ਦਿੱਸਿਆ ਸੀ। ਨਨਕਾਣਾ ਸਾਹਿਬ ਤੋਂ ਅੱਧਾ ਕੁ ਮੀਲ ਪਿਛਾਂਹ ਛਿਪਦੇ ਵੱਲ ਦੇ ਖੇਤਾਂ ’ਚ ਕਾਫ਼ੀ ਲੋਕ ਇੱਧਰ-ਉੱਧਰ ਦੁਬਕੇ ਬੈਠੇ ਸਨ। ਥਕਾਵਟ ਕਾਰਨ ਮੈਂ ਗਹਿਰੀ ਨੀਂਦ ’ਚ ਸਾਂ, ਜਦੋਂ ਚਾਚੇ ਹਜ਼ੂਰੇ ਦਾ ਹੱਥ ਮੇਰੀ ਸਲਵਾਰ ਦੇ ਨਾਲੇ ਤੱਕ ਪਹੁੰਚ ਗਿਆ ਮੈਨੂੰ ਮਹਿਸੂਸ ਹੋਇਆ। ਅਚਾਨਕ ਤ੍ਰਭਕ ਕੇ ਉੱਠੀ ਸਾਂ। ਇਸ ਤੋਂ ਪਹਿਲਾਂ ਕਿ ਮੈਂ ਚੀਕਦੀ। ਉਹਨੇ ਮੇਰਾ ਮੂੰਹ ਆਪਣੇ ਭਾਰੀ ਹੱਥਾਂ ਨਾਲ ਘੁੱਟ ਲਿਆ, ‘‘ਜੇ ਬੋਲੀ ਨਾ ਤਾਂ ਤੈਨੂੰ ਵੀ ਤੇਰੀ ਦੀਪਾਂ ਚਾਚੀ ਤੇ ਰੂਪ ਵਾਂਗ ਮਾਰ ਮੁਕਾ ਦੇਣੈ ਇੱਥੇ ਹੀ, ਸਮਝੀ!’’
ਉਹ ਹੈਵਾਨ ਹੋਇਆ ਮੇਰੇ ਨਾਲ ਹੈਵਾਨੀਅਤ ਦਾ ਖੇਡ ਖੇਡਦਾ ਰਿਹਾ। ਤੀਜੀ ਰਾਤ ਮੇਰੀਆਂ ਸਿਸਕੀਆਂ ਪਤਾ ਨਹੀਂ ਕਿਵੇਂ ਕੋਲੋਂ ਲੰਘਦੇ ਕਿਸੇ ਸੱਜਣ ਦੇ ਕੰਨੀਂ ਪੈ ਗਈਆਂ। ਜਦੋਂ ਉਹ ਖੇਤ ’ਚ ਵੜਿਆ ਤਾਂ ਚਾਚਾ ਟੁੱਟ ਕੇ ਪੈ ਗਿਆ ਉਸ ’ਤੇ। ਮੈਂ ਤਾਂ ਨੀਮ-ਬੇਹੋਸ਼ੀ ’ਚ ਹੀ ਸਾਂ। ਦੋਵੇਂ ਇੱਕ ਦੂਜੇ ਨਾਲ ਗੁੱਥਮ ਗੁੱਥਾ ਹੋ ਰਹੇ ਸਨ। ਫਿਰ ਕਿਰਪਾਨ ਦੇ ਇਕ ਵਾਰ ਨਾਲ ਚਾਚਾ ਹਜ਼ੂਰਾ ਧਰਤੀ ’ਤੇ ਡਿੱਗ ਪਿਆ। ਇਸ ਤੋਂ ਪਹਿਲਾਂ ਕਿ ਉਹ ਸੱਜਣ ਮੇਰਾ ਹੱਥ ਫੜਣ ਲੱਗਦਾ, ਮੈਨੂੰ ਬਾਹਰ ਲੈ ਜਾਣ ਲਈ। ਹਜ਼ੂਰੇ ਨੇ ਆਪਣੇ ਨੇਫੇ ’ਚੋਂ ਛੁਰਾ ਕੱਢ ਉਹਦੇ ਢਿੱਡ ’ਚ ਖੁਭੋ ਦਿੱਤਾ। ਉਹ ਵੀ ਹੇਠਾਂ ਡਿੱਗ ਪਿਆ। ਕੁਝ ਦੇਰ ਦੋਵੇਂ ਤੜਫ਼ਦੇ ਰਹੇ। ਹਜ਼ੂਰੇ ਦੀਆਂ ਅੱਖਾਂ ਖੁੱਲ੍ਹੀਆਂ ਸਨ, ਪਰ ਜਿਸਮ ’ਚ ਕੋਈ ਹਰਕਤ ਨਹੀਂ ਸੀ। ਮੈਂ ਖ਼ੁਦ ਨੂੰ ਸੰਭਾਲ ਉਸ ਮੁਸਲਿਮ ਕੋਲ ਹੋ ਕੇ ਦੇਖਿਆ, ਉਹ ਤੜਫ਼ ਰਿਹਾ ਸੀ। ਮੈਂ ਚੀਕ ਕੇ ਰੌਲਾ ਪਾਉਣ ਦੀ ਬੜੀ ਕੋਸ਼ਿਸ਼ ਕੀਤੀ ਸੀ। ਪਰ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ... ਮੇਰੀ ਜ਼ੁਬਾਨ ’ਚੋਂ ਉਦੋਂ ਕੋਈ ਆਵਾਜ਼ ਹੀ ਨਾ ਨਿਕਲੀ। ਤੜਫ਼ਦਿਆਂ ਹੀ ਉਹਦਾ ਹੱਥ ਮੇਰੇ ਵੱਲ ਵਧਿਆ। ਮੈਂ ਕੋਲ ਹੋਈ ਤਾਂ ਉਹਨੇ ਆਪਣਾ ਹੱਥ ਮੇਰੇ ਸਿਰ ’ਤੇ ਰੱਖ ਦਿੱਤਾ। ਮੈਂ ਦੇਖਿਆ ਉਹ ਬਿਲਕੁਲ ਸ਼ਾਂਤ ਹੋ ਗਿਆ ਸੀ।
ਅਗਲੀ ਸਵੇਰ ‘ਸਤਿਨਾਮ ਵਾਹਿਗੁਰੂ... ਸਤਿਨਾਮ ਵਾਹਿਗੁਰੂ...’ ਕਰਦਾ ਇਕ ਟੋਲਾ ਕੋਲ ਦੀ ਲੰਘਣ ਲੱਗਾ ਤਾਂ ਮੈਨੂੰ ਲਹੂ ਨਾਲ ਲਿੱਬੜੇ ਦੇਖ ਮੇਰੇ ਕੋਲ ਰੁਕ ਗਿਆ। ਮੇਰੇ ਮੂੰਹੋਂ ਤਾਂ ਕੁਝ ਨਹੀਂ ਨਿਕਲ ਰਿਹਾ ਸੀ। ਉਨ੍ਹਾਂ ਦੋ ਲਾਸ਼ਾਂ ਪਈਆਂ ਦੇਖੀਆਂ। ਜਥੇ ਦਾ ਮੋਹਰੀ ਗੁਰਸਿੱਖ ਬੋਲਿਆ, ‘‘ਏਸ ਮੁਸਲੇ ਨੇ ਸਾਡੀ ਧੀ ਦੀ ਪੱਤ ਲੁੱਟੀ ਹੋਊ... ਏਸ ਸਿੱਖ ਨੇ ਉਹਦਾ ਬਦਲਾ ਲਿਆ ਤੇ ਮਰਦਾ-ਮਰਦਾ ਉਹ ਇਹਦੇ ਕਿਰਪਾਨ ਮਾਰ ਗਿਆ।’’
ਮੈਂ ਬੋਲ ਕੇ ਦੱਸਣ ਦਾ ਬੜਾ ਯਤਨ ਕੀਤਾ। ਹੱਥਾਂ ਦੇ ਇਸ਼ਾਰਿਆਂ ਨਾਲ ਉਨ੍ਹਾਂ ਨੂੰ ਸਮਝਾਉਣਾ ਚਾਹਿਆ, ਪਰ ਉਹ ਨਹੀਂ ਸਮਝ ਰਹੇ ਸਨ। ਉਨ੍ਹਾਂ ਭਾਣੇ ਤਾਂ ਮੈਂ ਸਦਮੇ ਕਾਰਨ ਇੰਝ ਕਰ ਰਹੀ ਸਾਂ।
‘‘ਧੀਏ... ਜੋ ਹੋ ਗਿਆ ਭੁੱਲ ਜਾ... ਬੱਸ ਇਸ ਗੱਲ ਨੂੰ ਇੱਥੇ ਹੀ ਛੱਡ ਜਾ...।’’ ਆਖ ਇਕ ਅੰਮ੍ਰਿਤਧਾਰੀ ਤੀਵੀਂ ਨੇ ‘ਸਤਿਨਾਮ ਵਾਹਿਗੁਰੂ... ਸਤਿਨਾਮ ਵਾਹਿਗੁਰੂ’ ਆਖ ਮੇਰੀ ਉਂਗਲ ਫੜ ਆਪਣੇ ਨਾਲ ਤੋਰ ਲਿਆ। ਤੇ ਅਸੀਂ ਨਨਕਾਣੇ ਆ ਗਏ ਸਾਂ। ਇੱਥੋਂ ਹੀ ਦਾਰਜੀ ਦੇ ਦੋਸਤ ਜੋ ਮੇਰੇ ਬਾਅਦ ’ਚ ਸਹੁਰੇ ਬਣ ਗਏ ਸਨ, ਮੈਨੂੰ ਤੇ ਮੇਰੇ ਵੀਰ ਮਿਹਰ ਨੂੰ ਆਪਣੇ ਨਾਲ ਲੈ ਆਏ ਸਨ।
‘ਸਤਿਨਾਮ ਵਾਹਿਗੁਰੂ... ਸਤਿਨਾਮ ਵਾਹਿਗੁਰੂ...’’ ਦੇ ਜਾਪ ਦੀਆਂ ਆਵਾਜ਼ਾਂ ਸਪੀਕਰ ’ਚੋਂ ਆਉਣ ਲੱਗੀਆਂ ਹਨ। ਮੈਂ ਬੀਤੇ ’ਚੋਂ ਨਿਕਲ ਇੱਧਰ-ਉੱਧਰ ਦੇਖਿਆ ਹੈ। ਇੰਨੇ ਦਿਨਾਂ ਦੀ ਖ਼ੂਨੀ ਖੇਡ ਨੇ ਪਤਾ ਨਹੀਂ ਮੇਰੇ ਵਰਗੀਆਂ ਕਿੰਨੀਆਂ ਆਤਮਾਵਾਂ ਦੀ ਇੱਜ਼ਤ ਨੂੰ ਤਾਰ-ਤਾਰ ਕੀਤਾ ਸੀ। ਕਿੰਨੀਆਂ ਧੀਆਂ ਭੈਣਾਂ ਕੁਰਲਾਉਂਦੀਆਂ ਆਪਣੇ ਸਵਾਸ ਤਿਆਗ ਗਈਆਂ ਹੋਣਗੀਆਂ। ਕਿੰਨੀਆਂ ਨੇਕ ਰੂਹਾਂ ਵੀ ਅਜਿਹੀ ਹਨੇਰੀ ’ਚ ਰੁੜ੍ਹ ਗਈਆਂ। ...ਤੇ ਕਿੰਨੀਆਂ ਜਾਨਾਂ ਇਸ ਸਾਰੇ ਮੰਜ਼ਰ ਨੂੰ ਕੌੜਾ ਘੁੱਟ ਸਮਝ ਕੇ ਆਪਣੇ ਅੰਦਰ ਦਫ਼ਨ ਕਰਦੀਆਂ ਹੋਈਆਂ ਜ਼ਿੰਦਗੀ ਜਿਊਣ ਲਈ ਮਜਬੂਰ ਸਨ। ਮਨ ’ਚ ਉਸ ਭਲੇ ਪੁਰਸ਼ ਦਾ ਚਿਹਰਾ ਆਉਂਦਿਆਂ ਹੀ ਮੈਂ ਇਕ ਵਾਰ ਫਿਰ ਗੁਰੂਘਰ ਦੀ ਚਿੱਟੀ ਸੰਗਮਰਮਰੀ ਇਮਾਰਤ ਵੱਲ ਦੇਖਿਆ ਹੈ। ਆਪਮੁਹਾਰੇ ਮੇਰੇ ਮੂੰਹੋਂ ਨਿਕਲਿਆ, ‘‘ਹੇ ਬਾਬਾ ਨਾਨਕ! ਉਸ ਭਲੀ ਰੂਹ ਨੂੰ ਆਪਣੇ ਚਰਨਾਂ ’ਚ ਵਾਸ ਦੇਈਂ।’’ ਕਹਿੰਦੇ ਪੂਰੀ ਤਰ੍ਹਾਂ ਝੁਕ ਕੇ ਨਤਮਸਤਕ ਹੋ ਗਈ ਹਾਂ।
‘‘ਚਲੋ ਬੀਜੀ, ਲੰਗਰ ਛਕਣ ਚੱਲੀਏ।’’ ਕਿੰਦਰ ਨੇ ਮੇਰੇ ਵੱਲ ਆਪਣਾ ਹੱਥ ਵਧਾਉਂਦਿਆਂ ਕਿਹਾ ਹੈ। ਮੈਨੂੰ ਲੱਗਾ ਜਿਵੇਂ ਉਸ ਨੇਕ ਰੂਹ ਨੇ ਮੇਰੇ ਵੱਲ ਹੱਥ ਵਧਾਇਆ ਹੈ। ਖ਼ੁਦ ਨੂੰ ਹੌਲਾ ਮਹਿਸੂਸ ਕਰਦਿਆਂ ਮੈਂ ਆਪਣਾ ਹੱਥ ਕਿੰਦਰ ਵੱਲ ਵਧਾ, ਉੱਠ ਕੇ ਉਹਦੇ ਨਾਲ-ਨਾਲ ਤੁਰ ਪਈ ਹਾਂ।