Punjabi Stories/Kahanian
ਚਰਨਜੀਤ ਸਿੰਘ ਪੰਨੂ
Charanjit Singh Pannu
Punjabi Kavita
  

Chhatri Charanjit Singh Pannu

ਛਤਰੀ ਚਰਨਜੀਤ ਸਿੰਘ ਪੰਨੂ

ਟੈਲੀਫੋਨ ਦੀ ਘੰਟੀ ਵੱਜੀ। ਮੇਰਾ ਦਿਲ ਕੰਬ ਉੱਠਿਆ। ਫੜਨ ਲਈ ਅੱਗੇ ਵਧੀ ਪਰ ਭੂਆ ਜੀ ਨੇ ਉਠ ਕੇ ਚੋਗਾ ਫੜ੍ਹ ਲਿਆ। ਦਿਲ ਦੀ ਧੜਕਣ ਤੇਜ ਹੋਣ ਲੱਗੀ। ਪਤਾ ਨਹੀਂ ਕੌਣ ਹੋਵੇ ਗਾ। ਸਵੇਰ ਦੇ ਕਈ ਫੋਨ ਆ ਚੁੱਕੇ ਨੇ। ਜਦ ਕੋਈ ਚੁੱਕਦਾ ਹੈ ਤਾਂ ਅੱਗੋਂ ਆਵਾਜ਼ ਸੁਣ ਕੇ ਬੰਦ ਹੋ ਜਾਦਾ ਹੈ। ਨੰਬਰ ਦੀ ਥਾਂ 'ਆਊਟ ਆਫ਼ ਏਰੀਆ' ਆ ਰਿਹਾ ਹੈ। ਸ਼ਨਾਖ਼ਤੀ ਨੰਬਰ ਵੀ ਕੋਈ ਨਹੀਂ ਆਉਂਦਾ। ਅਜੇਹੇ ਸ਼ੱਕੀ ਨੰਬਰ ਬੜੇ ਖਤਰਨਾਕ ਸਮਝੇ ਜਾਂਦੇ ਨੇ ਤੇ ਆਮ ਕਰਕੇ ਅਪਰਾਧੀ ਬਿਰਤੀ ਦੇ ਬੇਈਮਾਨ ਜਾਂ ਕੰਪਨੀਆਂ ਦੀ ਮਸ਼ਹੂਰੀ ਵਾਲੇ ਦਲਾਲ ਹੀ ਇਹ ਉਪਯੋਗ ਕਰਕੇ ਲੋਕਾਂ ਨੂੰ ਤੰਗ ਕਰਦੇ ਰਹਿੰਦੇ ਨੇ।
'ਕੁੜੇ ਵੇਖ! ਕਿਤੇ ਤੇਰਾ ਤਾਂ ਨਹੀਂ ਕੋਈ ... ਕੋਈ ਰਾਤ ਵਾਲਾ ਛੂੰਅਅਅ...।' ਭੂਆ ਜੀ ਭਾਖਿਆ ਕਰਦੇ ਫੁਸਫਸਾਉਂਦੇ ਬੁੱਲ੍ਹੀਆਂ 'ਚੋਂ ਅੱਧਾ ਕੁ ਹੱਸਦੇ ਨੇ। ਉਹ ਤੜਕੇ ਹੀ ਨਹਾ ਧੋ ਕੇ ਪਾਠ-ਪੂਜਾ ਤੋਂ ਵਿਹਲੀ ਹੋ ਤਰੋ ਤਾਜ਼ਾ ਹੋਏ ਟਹਿਕ ਰਹੇ ਨੇ।
ਮੰਮੀ ਪਾਪਾ ਦਾ ਵੀ ਫੋਨ ਨਿਸ਼ਚਿਤ ਹੈ। ਉਹ ਵੀ ਕਹਿੰਦੇ ਸਨ, 'ਤੂੰ ਜਾ ਕੇ ਪੈਰ ਜਮਾਅ ਲੈ ਤੇ ਫੇਰ ਦੂਸਰੀ ਭੈਣ ਤੇ ਭਰਾ ਦਾ ਵੀ ਇੰਤਜ਼ਾਮ ਕਰੀਂ, ਅਸੀਂ ਤੇਰੇ ਮਗਰ ਆਏ ਖੜੇ।' ਸੁੱਖ-ਸਾਂਦ ਪੁੱਛਣ ਵਿੱਚ ਉਹ ਕਦੇ ਮਹੀਨਾ ਨਹੀਂ ਲੰਘਣ ਦਿੰਦੇ। ਇਸ ਵਾਰੀਂ ਤਾਂ ਪੰਜ ਹਫਤੇ ਨਿਕਲ ਗਏ ਨੇ ਰੱਬ ਖੈਰ ਕਰੇ। ਟੀ. ਵੀ. ਦਾ ਬਟਨ ਨੱਪਦੀ ਹਾਂ। 'ਅੰਮ੍ਰਿਤਸਰ ਹਵਾਈ ਅੱਡੇ ਤੋਂ ਟੋਰਾਂਟੋ ਦੀ ਉਡਾਣ ਭਰਦੇ ਸਮੇਂ ਇੱਕ ਬਜ਼ੁਰਗ ਜੋੜੇ ਕੋਲੋਂ ਚਾਰ ਕਿਲੋ ਹੀਰੋਇਨ ਪਕੜੀ ਗਈ।' ਪੰਜਾਬੀ ਚੈਨਲ ਤੋਂ ਖ਼ਬਰਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਸੋਚਦੀ ਹਾਂ ਮੰਮੀ ਨੂੰ ਕਹਿ ਦਿਆਂ ਕਿ ਜੇ ਕਿਤੇ ਤੁਹਾਡਾ ਵੀਜ਼ਾ ਲੱਗ ਜਾਏ ਤਾਂ ਤੁਸੀਂ ਕਿਸੇ ਦੇ ਪੈਕਟ ਲਿਆਉਣ ਦੀ ਹਾਮੀ ਨਾ ਭਰਿਉ ਭਾਵੇਂ ਕਿੰਨਾ ਵੀ ਨੇੜਲਾ ਵਾਕਫ਼ਕਾਰ ਹੋਵੇ।
ਦਰਵਾਜੇ ਦੇ ਸ਼ੀਸ਼ੇ ਵਿੱਚਦੀ ਬਾਹਰ ਅੰਕਲ ਜੀ ਜੁੱਤੀ ਝਾੜਦੇ ਅੰਦਰ ਵੜਨ ਲੱਗੇ ਦਿੱਸਦੇ ਹਨ। ਉਹ ਸੈਰ ਕਰਕੇ ਬਾਹਰੋਂ ਵਾਪਿਸ ਆ ਗਏ ਨੇ। ਸਿਮਰਨਾ ਉਨ੍ਹਾਂ ਹੈਂਗਰ ਦੀ ਕੁੰਡੀ ਨਾਲ ਟੰਗ ਦਿੱਤਾ। ਉਨ੍ਹਾਂ ਦਾ ਚਿਹਰਾ ਕੁਝ ਘਬਰਾਇਆ ਹੋਇਆ ਤੇ ਅੱਖਾਂ ਡਰੀਆਂ ਡਰੀਆਂ ਨੀਵੀਂਆਂ ਪਈਆਂ ਹਨ।
ਘੰਟੀ ਵੱਜਣ ਤੇ ਅੰਕਲ ਜੀ ਨੇ ਰਸੀਵਰ ਚੁੱਕ ਲਿਆ।
'ਹੈਲੋ! ਯੈਸ਼. ਯਾ? ..ਹਾਂ ਬੇਟੇ! ਹੈਲੋ.. ਹੈਲੋ..।... ਪਤਾ ਨਹੀਂ ਕੌਣ ਹੈ, ਆਵਾਜ਼ ਕੁਝ ਜਾਣੀ ਪਛਾਣੀ ਹੈ ਪਰ ਬੰਦ ਕਰ ਗਿਆ।' ਅੰਕਲ ਜੀ ਚੋਗੇ ਨੂੰ ਵਿੰਗਾ ਟੇਢਾ ਕਰਦੇ ਜਾਚਦੇ ਹਨ ਜਿਵੇਂ ਇਸ ਵਿੱਚੋਂ ਫੋਨ ਵਾਲੇ ਦਾ ਮੜੰਗਾ ਲੱਭਣ ਦੀ ਕੋਸ਼ਿਸ਼ ਕਰਦੇ ਹੋਣ।
ਉਨ੍ਹਾਂ ਦੇ ਹੱਥ ਖੂਨ ਸਿੰਮਿਆ ਫੰਭਾ ਵੇਖ ਕੇ ਮਾਸੀ ਜੀ ਚਿੰਤਾਤੁਰ ਹੋ ਗਏ। 'ਕਿੰਨੀ ਵੇਰਾਂ ਕਿਹਾ, ਹਨੇਰੇ ਸਵੇਰੇ ਬਾਹਰ ਨਾ ਜਾਇਆ ਕਰੋ। ਪਾਰਕਾਂ ਵਿੱਚ ਵੀ ਇਹ ਗੋਰੀਆਂ ਪਾਲਤੂ ਬਿੱਲੀਆਂ ਕੁੱਤੇ ਨਾਲ ਲਈ ਫਿਰਦੀਆਂ ਨੇ ਜੋ ਆਏ ਗਏ ਨੂੰ ਸ਼ਹਿ ਮਾਰ ਕੇ ਚੂੰਡ ਲੈਂਦੇ ਨੇ ਤੇ ਦੰਦੀ ਵੱਢ ਕੇ ਉਨ੍ਹਾਂ ਦੀ ਕੰਧੇੜੀ ਜਾ ਚੜ੍ਹਦੇ ਨੇ। ਇਹ ਅਮਰੀਕੀ ਆਪ ਤਾਂ ਹਲਕੇ ਹੋਏ ਜਣੇ ਖਣੇ ਨੂੰ ਵੱਢਦੇ ਫਿਰਦੇ ਨੇ, ਹੋਰਾਂ ਨੂੰ ਵੀ ਹਲਕੇ ਕਰਨ ਗੇ।' ਮਾਸੀ ਜੀ ਦੇ ਫਿਕਰਾਂ ਭਿੱਜੇ ਬੋਲ ਟੈਲੀ ਤੇ ਚਲਦੇ ਗੁਰਬਾਣੀ ਪ੍ਰੋਗਰਾਮ ਵਿੱਚ ਗੁੰਮ ਹੋ ਗਏ।
'ਜਰੂਰ ਇਹਨਾਂ ਕੋਈ ਛੇੜਖ਼ਾਨੀ ਕੀਤੀ ਹੋਊ। ਇਹਨਾਂ ਦੀ ਸ਼ਰਾਰਤੀ ਕਰਤੂਤ ਦਾ ਪ੍ਰਤੀਕਰਮ ਹੈ ਇਹ, ਨਹੀਂ ਤੇ ਇਹ ਪਾਲਤੂ ਕਿਸੇ ਨੂੰ ਕੁਝ ਨਹੀਂ ਕਹਿੰਦੇ।' ਭੂਆ ਜੀ ਉਨ੍ਹਾਂ ਦਾ ਹੱਥ ਫੜ੍ਹ ਦੇਖਦੇ ਹਨ। 'ਨਹੁੰਦਰਾਂ ਨੇ ਕਿ ਚੱਕ-ਦੰਦੀ ਐ?' ਅੰਤਰਜਾਮੀਆਂ ਜਿਹੀਆਂ ਟਿੱਪਣੀਆਂ ਸੁਣ ਕੇ ਅੰਕਲ ਜੀ ਦੇ ਪੈਰ ਥਿੜਕਣ ਲੱਗੇ। ਭੂਆ ਜੀ ਦੀ ਚਕਚੂੰਧਰ ਮੇਰੇ ਸੰਘ ਵਿੱਚ ਅਟਕ ਗਈ। ਮੇਰੇ ਹੱਸਦੀ ਦੇ ਬੁੱਲ੍ਹ ਜੁੜਨ ਲੱਗੇ। ਮੇਰੀ ਸਹੇਲੀ ਬਣ ਗਈ ਹੈ 'ਦੋਸਤ ਭੂਆ'। ਕਈ ਵੇਰਾਂ ਆਪਣੇ ਗੁਪਤ ਪੋਤੜੇ ਫੋਲਦੀ ਕਵੱਲੇ ਰੋਮਾਂਟਿਕ ਵਹਿਣਾਂ ਵਿੱਚ ਹੜ੍ਹਦੀ ਬੜੇ ਠਰਕ ਭੋਰਨ ਲਗਦੀ ਹੈ। ਕਾਲਜ ਦੇ ਮੁੰਡਿਆਂ ਕੁੜੀਆਂ ਦੀਆਂ ਇਸ਼ਕ ਕਹਾਣੀਆਂ ਪੁੱਛਦੀ, ਸ਼ਰਾਰਤੀ ਭਵਾਂ ਫੈਲਾਉਂਦੀ, ਸ਼ਰਮਾਕਲ ਜਿਹੀਆਂ ਹਰਕਤਾਂ ਕਰਨ ਲਗਦੀ ਹੈ... ਵਿਚਾਰੀ ਭੂਆ।
'ਲਿਆਈਂ ਨੀਂ ਕੁੜੇ ਲਾਲ ਮਿਰਚਾਂ ਪੀਠੀਆਂ ਹੋਈਆਂ ਕਿਤੇ ਜੇ ਹੈਨਿ ਤਾਂ, ਧੂੜ ਉੱਤੇ। ਇਹ ਤਾਂ ਜ਼ਹਿਰ ਹੁੰਦਾ ਨਿਰਾ ਪੁਰਾ, ਜੇ ਚੜ੍ਹ ਗਿਆ ਤਾਂ ਕਿੰਨੇ ਸੂਏ ਲਵੌਣੇ ਪੈਣੇ ਨੇ ਢਿੱਡ ਵਿੱਚ।' ਮਾਸੀ ਜੀ ਦੀ ਚੁੜ ਚੁੜ ਮੇਰੇ ਸਿਰ ਹਥੌੜੇ ਵਾਂਗ ਵੱਜੀ। ਭੂਆ ਜੀ ਨੇ ਉੱਧਰ ਟੇਢੇ ਹੋ ਕੇ ਵੇਖਿਆ।
'ਮਾੜੇ ਮੋਟੇ ਜ਼ਖਮ ਆਪੇ ਹੀ ਅੰਗੂਰ ਭਰ ਜਾਂਦੇ ਨੇ। ਐਵੇਂ ਸਹੁਰੀ ਦੀ ਨੇ ਰਾਈ ਦਾ ਪਹਾੜ ਬਣਾ ਧਰਿਆ ... ਇਹ ਅਨਪੜ੍ਹ ਖ਼ਾਤੂਨ ਐਵੇਂ ਸੁੱਕੇ ਸੰਘ ਅੜਾਈ ਜਾਦੀ ਐ ਵਿਹਲੀ ਬੈਠੀ। ਸੂਲ ਦੀ ਸੂਲੀ ਬਣਾ ਦਿੱਤੀ ਇਸ ਨੇ। ਮੈਨੂੰ ਕੋਈ ਫੱਟ ਨਹੀਂ ਵੱਜਾ। ਜਾਣਾ ਹੋਊ ਤੇ ਚਲੇ ਜਾਊਂ ਮੈਂ ਆਪੇ ਡਾਕਟਰ ਕੋਲ। ਜਾਓ ਆਪਣਾ ਆਪਣਾ ਕੰਮ ਕਰੋ।'
ਅੰਕਲ ਜੀ ਬੁੜ ਬੁੜ ਕਰਦੇ ਊਂਧੀ ਜਿਹੀ ਪਾ ਕੇ ਪਰੇ ਚਲੇ ਗਏ। ਮੈਨੂੰ ਉਨ੍ਹਾਂ ਦੀ ਹਾਲਤ ਤੇ ਹਾਸਾ ਆਇਆ। ਕਿੰਨੇ ਚੰਗੇ ਨੇ ਅੰਕਲ ਜੀ। ਅਜੇ ਕੱਲ੍ਹ ਹੀ ਕਹਿੰਦੇ ਸਨ 'ਤੂੰ ਪੁੱਤਰ ਜੀ, ਮੇਰੇ ਨਾਲ ਲਾ ਕੇ ਰੱਖ, ਮੈਂ ਤੇਰਾ ਪੜ੍ਹਾਈ ਦਾ ਸਾਰਾ ਖਰਚਾ ਚੁੱਕ ਲਊਂ।' ਜਿਵੇਂ ਉਨ੍ਹਾਂ ਦਾ ਮਤਲਬ 'ਮੇਰੇ ਨਾਲ ਰਹੇਂ ਗੀ ਤੇ ਐਸ਼ ਕਰੇਂ ਗੀ' ਵਰਗਾ ਕੁਝ ਹੋਵੇ।
ਉਹ ਪਿਛਲੇ ਪੰਦਰਾਂ ਸਾਲਾ ਤੋਂ ਅਮਰੀਕਾ ਵਿਖੇ ਰਹਿੰਦੇ ਹਨ। ਇਸ ਵੇਲੇ ਇਹਨਾਂ ਕੋਲ ਪੰਦਰਾਂ ਟਰੱਕਾਂ ਦੀ ਮਲਕੀਅਤ ਵਿੱਚੋਂ ਸਿਰਫ਼ ਇੱਕ ਬਾਕੀ ਸਾਲਮ ਬਚਿਆ ਹੈ। ਉਨ੍ਹਾਂ ਰਾਤ ਦਿਨ ਇੱਕ ਕਰਕੇ ਦੱਬ ਕੇ ਮਿਹਨਤ ਕੀਤੀ। ਕੈਨੇਡਾ ਤੇ ਮੈਕਸੀਕੋ ਦਾ ਬਾਡਰ ਵਾਹਿਆ। ਚੰਗੀ ਕਮਾਈ ਕੀਤੀ ਤੇ ਚੰਗਾ ਨਾਮਨਾ ਖੱਟਿਆ। ਆਮਦਨ ਵਿੱਚੋਂ ਕਈ ਸਾਲ ਪਿੱਛੇ ਪਿੰਡ ਦੇ ਸਕੂਲ ਤੇ ਧਾਰਮਿਕ ਸਥਾਨਾਂ ਨੂੰ ਦਿਲ ਖੋਲ੍ਹ ਕੇ ਦਾਨ ਦਿੰਦੇ ਰਹੇ ਤੇ ਕਈ ਗਰੀਬ ਲੜਕੀਆਂ ਦੀ ਸ਼ਾਦੀ ਮੌਕੇ ਖਰਚਾ ਦੇ ਕੇ ਲੋਕਾਂ ਦੀ ਬੱਲੇ ਬੱਲੇ ਖੱਟੀ। ਕੌਡੇ ਸ਼ਾਹ ਦੇ ਮੇਲੇ ਤੇ ਇਹਨਾਂ ਦੀ ਕਲਗੀ ਸਭ ਤੋਂ ਉੱਚੀ ਰਹਿੰਦੀ ਤੇ ਵਧ ਚੜ੍ਹ ਕੇ ਨੋਟਾਂ ਦਾ ਮੀਂਹ ਵਰ੍ਹਾਉਂਦੇ ਸੋਭਾ ਕਮਾਉਂਦੇ ਰਹੇ। ਸਵੇਰੇ ਸ਼ਾਮ ਪੰਜ ਬਾਣੀਆਂ ਦਾ ਪਾਠ ਕਰਦੇ ਅੰਕਲ ਜੀ ਅੰਤਰਰਾਸ਼ਟਰੀ ਪੱਧਰ ਦੇ ਦਾਨੀ ਅਤੇ ਨਿੱਤਨੇਮੀ ਵਿਅਕਤੀਆਂ ਦੀ ਸੂਚੀ ਵਿੱਚ ਸ਼ੁਮਾਰ ਹੁੰਦੇ ਹਨ।
'ਖੰਡਾ' ਉਨ੍ਹਾਂ ਦੇ ਟਰੱਕਾਂ ਦੇ ਅੱਗੇ ਤੇ ਪਿੱਛੇ ਉੱਕਰਿਆ ਉਨ੍ਹਾਂ ਦੀ ਕੰਪਨੀ ਦੀ ਨਿਵੇਕਲੀ ਪਹਿਚਾਣ ਸੀ ਪਰ ਜਦੋਂ ਦੀ ਇੱਕ ਟਰੱਕ ਵਿੱਚੋਂ ਅਫ਼ੀਮ ਡੋਡੇ ਤੇ ਛੇ ਕਿੱਲੋ ਹੈਰੋਇਨ ਪਕੜੀ ਗਈ, ਉਨ੍ਹਾਂ ਇਹ ਪਹਿਚਾਣ-ਪੱਟੀ ਹਟਵਾ ਦਿੱਤੀ ਹੈ। 'ਮੀਸਣਾ ਜਿਹਾ ਆਪਣਾ ਹੀ ਦੇਸੀ ਡਰਾਈਵਰ ਏਨਾ ਬੇਈਮਾਨ ਨਿਕਲਿਆ ਕਿ ਐਵੇਂ ਲੋਭ ਲਾਲਚ ਥੱਲੇ ਆ ਕੇ ਕਿਸੇ ਦਾ ਮਾਲ ਲੱਦ ਬੈਠਾ ਜੋ ਬਾਦ ਵਿੱਚ ਬੜੀ ਖਤਰਨਾਕ ਡਰੱਗ ਦੇ ਰੂਪ ਵਿੱਚ ਕੈਨੇਡਾ ਬਾਰਡਰ ਤੇ ਫੜਿਆ ਗਿਆ। ਡਰਾਈਵਰ ਨੇ ਸਾਰਾ ਜਿੰਮਾ ਡੇਵਿਡ ਤੇ ਥੋਪ ਦਿੱਤਾ। ਅਚਾਨਕ ਤਲਾਸ਼ੀ ਹੋ ਗਈ। ਡੈਵਿਡ ਦੇ ਕਬਜ਼ੇ ਵਿੱਚੋਂ ਵੀ ਡੇਢ ਮਿਲੀਅਨ ਨਕਦੀ ਰਾਸ਼ੀ ਤੇ ਨਸ਼ੀਲੇ ਕੈਪਸੂਲ ਮਿਲਨ ਤੇ ਨਸ਼ੀਲੇ ਪਦਾਰਥਕ ਧੰਦੇ ਦਾ ਪੁਲਸ ਮੁਕੱਦਮਾ ਪੱਕਾ ਹੋ ਗਿਆ। ਟਰੱਕ ਜ਼ਬਤ ਹੋਏ, ਕੰਪਨੀ ਬਲੈਕ-ਲਿਸਟ ਹੋ ਗਈ ਤੇ ਕਚਹਿਰੀਆਂ ਦੇ ਰਸਤੇ ਪੈ ਕੇ ਤੱਪੜ ਰੋਲ ਗਈ। ਬਿਗਾਨੇ ਦੇਸ਼ ਦੇ ਕਨੂੰਨ ਮੂਹਰੇ ਸਿਫਾਰਿਸ਼ ਤੇ ਧੌਂਸ ਨਹੀਂ ਚੱਲਦੀ। ਜੁਰਮ ਕਰੋ ਗੇ ਸਜ਼ਾ ਤਾਂ ਹੋਵੇ ਗੀ, ਜਰੂਰ ਹੋਵੇ ਗੀ ਭਾਵੇਂ ਕੋਈ ਕਿੰਨਾ ਵੀ ਵੱਡਾ ਅਸਰ ਰਸੂਖ ਵਾਲਾ ਵਿਅਕਤੀ ਕਿਉਂ ਨਾ ਹੋਵੇ। ਘਰ ਦਾ ਬੰਨ੍ਹ ਕਮਾਊ ਪੁੱਤਰ ਦਵਿੰਦਰ ਸਿੰਘ 'ਡੇਵਿਡ'ਅੰਦਰ ਹੋ ਗਿਆ ਜਿਸ ਨੂੰ ਦਸ ਸਾਲ ਕੈਦ ਤੇ ਦੋ ਲੱਖ ਜੁਰਮਾਨਾ ਹੋ ਗਿਆ। ਦੇਣਦਾਰੀਆਂ ਕਿਸ਼ਤਾਂ ਸੂੰਦੀਆਂ ਸੂੰਦੀਆਂ ਆਖਰ ਟੁੱਟ ਗਈਆਂ। ਬੈਂਕਾਂ ਦੇ ਕਰਜ਼ੇ ਦਾ ਖਾਤਾ ਆਫਰ ਗਿਆ। ਕੁਝ ਬੈਂਕ ਕੁਰਕੀ ਕਰ ਕੇ ਲੈ ਗਏ ਕੁਝ ਹੋਰ ਜਾਇਦਾਦ ਵੇਚ ਕੇ ਕਰਜ਼ੇ ਦਾ ਬੋਝਾ ਹਲਕਾ ਕੀਤਾ। 'ਮੰਦੇ ਕੰਮੀਂ ਨਾਨਕਾ ਜਦ ਕਦ ਮੰਦਾ ਹੋਇ।' ਸਮਾਜਿਕ ਨਮੋਸ਼ੀ ਤੇ ਆਰਥਿਕ ਸੱਟਾਂ ਨਾਲ ਡੇਵਿਡ ਦੇ 'ਅੰਕਲ ਜੀ' ਦਾ ਲੱਕ ਟੁੱਟ ਗਿਆ। ਮਾਈਗਰੇਨ ਦੇ ਮਰੀਜ਼ ਬਣ ਗਏ। ਜਿੰਨੀ ਛੇਤੀ ਅਸਮਾਨੀ ਚੜ੍ਹੇ ਉਸ ਤੋਂ ਜਿਆਦਾ ਰਫ਼ਤਾਰ ਨਾਲ ਮੂਧੇ ਮੂੰਹ ਧਰਤੀ ਤੇ ਆਣਿ ਡਿੱਗੇ। ਬੰਦਾ ਜੋੜੇ ਪਲੀ ਪਲੀ ਰੱਬ ਰੁੜ੍ਹਾਏ ਕੁੱਪਾ। ਖੂਹ ਦੀ ਮਿੱਟੀ ਖੂਹ ਨੂੰ ਲੱਗ ਗਈ।' ਜਿਵੇਂ ਭੂਆ ਜੀ ਦੱਸਿਆ ਕਰਦੇ ਹਨ।
ਅਜੇਹੀਆਂ ਸੋਚਾਂ ਦਿਲ ਦਿਮਾਗ ਤੇ ਬਰੂਦ ਵਾਂਗ ਮਾਰੂ ਅਸਰ ਕਰਦੀਆਂ ਹਨ, ਖਾਸ ਕਰਕੇ ਉਸ ਮਿਹਰਬਾਨ ਸੁਹਿਰਦ ਵਿਅਕਤੀ ਬਾਰੇ ਜਿਸ ਨੇ ਤੁਹਾਨੂੰ ਸਹਾਰਾ ਦਿੱਤਾ ਹੋਵੇ। ਦਿਮਾਗ਼ ਫਟਣ ਫਟਣ ਕਰਦਾ ਹੈ। ਮੇਰਾ ਸਿਰ ਟੱਸ ਟੱਸ ਕਰ ਰਿਹਾ ਹੈ ਜਿਵੇਂ ਕਿਸੇ ਅਮਲ ਦੀ ਟੋਟ ਆਈ ਹੋਵੇ। ਗੁਸਲਖ਼ਾਨੇ ਵਿੱਚ ਵੜਦੀ ਹਾਂ। ਪਰਸ ਵਿੱਚੋਂ ਸਿਗਰਟ ਦਾ ਟੋਟਾ ਹੱਥ ਆਉਂਦਾ ਹੈ। ਕੱਢ ਕੇ ਲਗਾਉਣ ਲਗਦੀ ਹਾਂ। ਇਹੀ ਇਲਾਜ ਹੈ ਇਸ ਮਰਜ਼ ਦਾ, ਨਕਾਰਾਤਮਿਕ ਮਾਰੂ ਸੋਚਾਂ ਦਾ, ਸਿਰ ਦਰਦ ਦਾ... ਜਿਵੇਂ ਲੋਕ ਕਹਿੰਦੇ ਨੇ।
'ਸੂਟਾ ਲਾਓ ਸਵਰਗ ਨੂੰ ਜਾਓ। ਸ਼ਰੀਕ ਵੇਖਦੇ ਰਹਿਣ, ਸੜਦੇ ਰਹਿਣ, ਨਫ਼ਰਤ ਕਰਦੇ ਰਹਿਣ... ਯਾਰਾਂ ਦੀ ਸਿਹਤ ਤੇ ਕੀ ਫਰਕ!' ਅੰਦਰਲੇ ਸ਼ੈਤਾਨ ਦੀ ਆਵਾਜ਼ ਹੈ।
'ਨਹੀਂ ਨਹੀਂ! ਕਦੇ ਨਹੀਂ... ਬਿੱਲਕੁੱਲ ਨਹੀਂ। ਪਤਾ ਨਹੀਂ ਕਿਸ ਹਰਾਮ ਦੀ ਕਮਜਾਤ ਨੇ ਤੁੰਨ ਦਿੱਤੀ ਇਹ ਸਿਗਰਟ ਮੇਰੇ ਪਰਸ ਵਿੱਚ। ਮੈਂ ਇਹ ਔਖੀ ਘੜੀ ਨਹੀਂ ਛੂਹੀ ਤੇ ਹੁਣ ਕਿਉਂ ਡਿੱਗਾਂ ਇਸ ਗੰਦੀ ਛਪੜੀ ਵਿੱਚ। ਹੁਣ ਤਾਂ ਮੇਰੀ ਮੰਜ਼ਿਲ ਅੰਤਿਮ ਪੜਾਅ ਤੇ ਹੈ, ਮੈਂ ਉਸ ਨੂੰ ਵੀ ਇਹਨਾਂ ਅਲਾਮਤਾਂ ਤੋਂ ਦੂਰ ਹਟਾ ਦੇਣਾ।' ਤਰੋੜ ਮਰੋੜ ਕੇ ਟਾਇਲੈੱਟ ਸੀਟ ਵਿੱਚ ਸੁੱਟ ਕੇ ਝਰਲਾ ਛੱਡ ਦਿੰਦੀ ਹਾਂ।
ਮੈਂ ਸੋਚਾਂ ਦੇ ਕੰਧੇੜੀ ਚੜ੍ਹ ਕੇ ਪਿਛਲ-ਪੈਰੀਂ ਆਪਣੇ ਪੰਜਾਬ ਮੁੜ ਪੈਂਦੀ ਹਾਂ। ਪਾਪਾ ਜੀ ਏਜੰਟ ਨੂੰ ਪੰਜ ਲੱਖ ਦਾ ਲਿਫਾਫਾ ਫੜਾਉਂਦੇ ਉਸ ਦਾ ਧੰਨਵਾਦ ਕਰ ਰਹੇ ਹਨ, ਜਿਸ ਨੇ ਮੈਨੂੰ ਪੜ੍ਹਾਈ ਵਾਸਤੇ ਆਸਟਰੇਲੀਆ ਭੇਜਣ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਸਨ। ਅਗਲੇ ਹੀ ਦਿਨ ਏਜੰਟ ਭੱਜਾ ਭੱਜਾ ਆਇਆ ਸੀ ਕਿ ਜੇ ਪੰਜ ਲੱਖ ਹੋਰ ਦੇ ਦਿਓ ਤਾਂ ਅਮਰੀਕਾ ਦਾ ਦਾਅ ਲੱਗ ਸਕਦਾ ਹੈ। ਪਿਤਾ ਜੀ ਪਹਿਲਾਂ ਹੀ ਅਮਰੀਕਾ ਭੇਜਣ ਵਾਸਤੇ ਬਜ਼ਿਦ ਸਨ। ਬੜੀਆਂ ਸਿਫਾਰਸ਼ਾਂ ਤੇ ਅਹਿਸਾਨਾਂ ਦੇ ਦਬਦਬਾ ਥੱਲੇ ਦੋ ਲੱਖ ਹੋਰ ਵਿੱਚ ਸੌਦਾ ਤਹਿ ਹੋ ਗਿਆ। ਰੇਖ ਵਿੱਚ ਮੇਖ ਮਾਰ ਕੇ ਏਜੰਟ ਨੇ ਅਮਰੀਕਾ ਜਾਣ ਵਾਲੀ ਇਕ ਸੰਗੀਤ ਮੰਡਲੀ ਵਿੱਚ ਦਾਖਲਾ ਦੁਆ ਕੇ ਪਾਰ ਲੰਘਾ ਦਿੱਤਾ ਸੀ। ਡੈਡੀ ਹੋਰ ਵੀ ਖੁਸ਼ ਹੋਏ ਸਨ ਕਿ ਇੱਥੇ ਉਨ੍ਹਾਂ ਦੇ ਪੁਰਾਣੇ ਪੱਗ-ਵੱਟ ਭਰਾ ਮਹਿੰਗਾ ਸਿੰਘ ਜੋ ਮਿਲਟਰੀ ਵਿੱਚ ਉਨ੍ਹਾਂ ਦੇ ਨੇੜਲੇ ਸਾਥੀ ਸਨ ਤੇ ਉਨ੍ਹਾਂ ਦੀ ਸਾਡੇ ਕੁਨਬੇ ਨਾਲ ਦਾਲ-ਰੋਟੀ ਦੀ ਪੁਰਾਣੀ ਪਰਵਾਰਿਕ ਸਾਂਝ ਸੀ, ਇੱਕ ਦੂਜੇ ਤੋਂ ਜਾਨ ਦਿੰਦੇ ਸਨ, ਉਹ ਵੀ ਇੱਥੇ ਰਹਿੰਦੇ ਹਨ। ਉਨ੍ਹਾਂ ਨੇ ਅੱਗੋਂ ਝੱਲਣ ਤੇ ਸਾਂਭਣ ਸੰਭਾਲਣ ਵਾਸਤੇ ਬੜੀ ਖੁਸ਼ੀ ਖੁਸ਼ੀ ਖਿੜੇ ਮੱਥੇ ਹਾਂ ਕਰ ਦਿੱਤੀ ਸੀ।
'ਬੜਾ ਚੰਗਾ ਹੋਇਆ ਭਾਊ, ਇਸ ਨਾਲ ਤਾਂ ਪੁਰਾਣੀ ਸਾਂਝ ਮੁੜ ਜੀਊਂਦੀ ਹੋ ਜਾਊ। ਤੇਰੀ ਕੀ ਤੇ ਮੇਰੀ ਕੀ? ਇਹ ਵੀ ਤਾਂ ਮੇਰੀ ਹੀ ਧੀ ਹੈ। ਧੰਨ ਭਾਗ। ਛੇਤੀ ਭੇਜ ਦੇਹ। ਕੋਈ ਚੰਗਾ ਜਿਹਾ ਵਰ ਮਿਲ ਜਾਊ ਆਪੇ।' ਟੈਲੀਫੋਨ ਤੇ ਹੀ ਸਾਰੀ ਪੱਕ-ਥੱਥ ਹੋ ਗਈ ਸੀ। ਕਬੂਤਰ ਫੜਨ ਵਿੱਚ ਮਾਹਿਰ ਅੰਕਲ ਜੀ ਨੇ ਅਗਲੇ ਹੀ ਦਿਨ ਵਕੀਲ ਨੂੰ ਮਿਲ ਕੇ ਪਨਾਹ ਲਈ ਦਰਖਾਸਤ ਦੁਆ ਦਿੱਤੀ ਤੇ ਜਲਦੀ ਹੀ ਕਾਲਜ ਦਾਖਲਾ ਮਿਲ ਗਿਆ। ਭਜਨ ਮੰਡਲੀ ਵਾਲੇ ਭੇਟਾਂ ਗਾਉਣ ਲਈ ਮਨਪ੍ਰੀਤ ਨੂੰ ਟੋਲਦੇ ਰੌਲਾ ਪਾਉਂਦੇ ਰਹੇ ਪਰ ਉਨ੍ਹਾਂ ਦੇ ਮੱਥੇ ਫਿਰ ਮੈਂ ਨਹੀਂ ਲੱਗੀ, 'ਚਿੜੀ ਖੰਭ ਛੁਡਾ ਗਈ ਧੇਲੇ ਦਾ ਗੁੜ ਖਾ ਗਈ'।
ਥੋੜੇ ਦਿਨਾਂ ਵਿੱਚ ਅੰਕਲ ਜੀ ਆਪ ਜਾ ਕੇ ਮੈਨੂੰ ਹੋਸਟਲ ਵਿੱਚ ਪਹੁੰਚਾ ਆਏ। ਕਾਲਜ ਘਰੋਂ ਦੂਰ ਸੀ। 'ਬਾਹਰ ਰਹਿ ਕੇ ਪੰਜਾਬੀ ਕੁੜੀਆਂ ਕੀ ਕੀ ਨਰਕ ਭੋਗਦੀਆ ਨੇ।' ਕਹਿ ਕੇ ਉਨ੍ਹਾ ਬੁੱਲ੍ਹ ਝਪੀਟ ਲਏ। ਅੰਕਲ ਜੀ ਬੜੇ ਪਰਉਪਕਾਰੀ ਹਨ। ਜੋ ਵੀ ਗੋਲਾ ਬੀਬਾ ਕਬੂਤਰ ਭਾਰਤ ਤੋਂ ਖਾਸ ਕਰਕੇ ਪੰਜਾਬੋਂ ਉੱਡਦਾ ਹੈ, ਇਹਨਾਂ ਦੀ ਛਤਰੀ ਸੁਰਖਿਅਤ ਸਮਝ ਕੇ ਇਹਨਾਂ ਕੋਲ ਆਣ ਉੱਤਰਦਾ ਹੈ। ਇਹਨਾਂ ਦੇ ਖੇਤ, ਕਾਰਖਾਨੇ ਅਤੇ ਟਰੱਕ ਉਨ੍ਹਾਂ ਨੂੰ ਸਮਾਉਣ ਲਈ ਕਾਫੀ ਸਨ ਜਿੱਥੇ ਖਾਣਾ ਦਾਣਾ ਵੀ ਮਿਲਦਾ ਤੇ ਰੁਜ਼ਗਾਰ ਵੀ ਸੌਖਾ ਮਿਲ ਜਾਂਦਾ ਸੀ। ਇਹਨਾਂ ਨੂੰ ਸਸਤੇ ਤੇ ਲੋੜਵੰਦ ਕਾਮੇ ਮਿਲ ਜਾਂਦੇ ਸਨ। ਇਹਨਾਂ ਦੇ ਉਦਮ ਸਦਕਾ ਭਾਰਤ ਤੋਂ ਆਉਂਦੇ ਅਮੀਰ ਵਜੀਰ ਤੇ ਅਫਸਰ ਵੀ ਇੱਥੇ ਹੀ ਉਤਾਰਾ ਕਰਦੇ, ਇਹਨਾਂ ਕੋਲ ਹੀ ਤਫ਼ਰੀਹ ਕਰਦੇ ਸਨ। ਅੰਕਲ ਜੀ ਆਪਣੇ ਅਸਰ ਰਸੂਖ ਨਾਲ ਮਹਿਮਾਨ ਦੇ ਬਹਾਨੇ ਇਕੱਠ ਕਰਕੇ ਫੰਡ-ਰੇਜ਼ਿੰਗ ਦੇ ਚੋਖੇ ਡਾਲਰ ਇਕੱਠੇ ਕਰ ਲੈਂਦੇ। ਇਹਨਾਂ ਨੂੰ ਮਹਿਮਾਨ-ਨਿਵਾਜ਼ੀ ਦਾ ਚੋਖਾ ਠਰਕ ਹੈ। ਠਹਿਰਾਉ ਸਮੇਂ ਰੱਜ ਕੇ ਸੇਵਾ ਕਰਦੇ ਤੇ ਤੁਰਨ ਲੱਗੇ ਦੰਦ-ਘਸਾਈ ਅਤੇ ਰਸਤੇ ਦਾ ਭਾੜਾ ਕਿਰਾਇਆ ਵੀ ਮੁੱਠੀ ਵਿੱਚ ਦੇ ਦਿੰਦੇ। ਸ਼ਾਇਦ ਏਸੇ ਕਰਕੇ ਹੀ ਇਹਨਾਂ ਦਾ ਨਾਮ 'ਅੰਕਲ ਜੀ' ਪੈ ਗਿਆ।
ਕਾਲਜ ਦੇ ਪਹਿਲੇ ਦਿਨ ਨਵੇਂ ਮਹਿਮਾਨ ਵਿਦਿਆਰਥੀਆਂ ਦੀ ਪਹਿਲੀ ਮੁਲਾਕਾਤ ਮਿਲਨੀ ਹੋਈ। ਕਾਲਜ ਦੀ ਵਿਦੇਸ਼ੀ ਵਿਦਿਆਰਥੀ ਕਮੇਟੀ ਵੱਲੋਂ ਨਵੇਂ ਆਏ ਸਿਖਿਆਰਥੀਆਂ ਦੀ ਆਮਦ ਵਿੱਚ 'ਜੀ ਆਇਆਂ' ਜਾਣਕਾਰੀ ਤੇ ਉਨ੍ਹਾਂ ਦੇ ਦੁਵੱਲੀ ਸਾਂਝ ਪਵਾਉਣ ਦਾ ਇਕ ਉਪਰਾਲਾ, ਸਮਾਰੋਹ ਆਯੋਜਨ ਕੀਤਾ ਗਿਆ। ਦੋ ਚਾਰ ਦਿਨ ਦੀ ਇੰਤਜ਼ਾਰ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਪੜ੍ਹਾਕੂ, ਸਾਰੇ ਸਹਿਪਾਠੀ ਪੂਰੇ ਇਕੱਠੇ ਹੋ ਗਏ। ਰੈਗਿੰਗ ਤੋਂ ਮੈਂ ਬਹੁਤ ਚਾਲੂ ਸਾਂ, ਤੇ ਇਸ ਬਿਗਾਨੇ ਦੇਸ਼ ਵਿੱਚ ਪਤਾ ਨਹੀਂ ਕਿਵੇਂ ਸਿੱਝਣਾ ਪਊ, ਮੇਰਾ ਮਨ ਕੁਤਰਾ ਕੁਤਰਾ ਹੋ ਰਿਹਾ ਸੀ। ਪਾਕ, ਚੀਨ, ਫਿਜ਼ੀ, ਮਲੇਸ਼ੀਆ, ਈਰਾਨ, ਇਰਾਕ, ਅਫ਼ਗਾਨ, ਵੀਤਨਾਮ ਤੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿਦਿਆਰਥੀ ਕਲਾਸ ਵਿੱਚ ਤਰ੍ਹਾਂ ਤਰ੍ਹਾਂ ਦੇ ਕੌਤਕ, ਨਿਵੇਕਲੀਆਂ ਅਦਾਵਾਂ, ਲਿਬਾਸ, ਨਵੇਂ ਨਵੇਂ ਫੈਸ਼ਨ, ਨਵੇਂ ਨਵੇਂ ਸੂਟ ਪਾਈ ਹੁਸਨਾਂ ਦੇ ਜਲੌ ਦਿਖਾਉਂਦੇ ਕੌਲ-ਇਕਰਾਰ ਕਰਦੇ ਇਕ ਦੂਸਰੇ ਦਾ ਘਰ ਟਿਕਾਣਾ ਫੋਨ ਨੰਬਰ, ਈ-ਮੇਲ ਪੁੱਛਦੇ ਡਾਇਰੀਆਂ ਨੂੰ ਸ਼ਿੰਗਾਰ ਰਹੇ ਸਨ।
ਹਰੇ ਹਰੇ ਪਹਾੜਾਂ ਦੀ ਢਲਾਣ ਵਿੱਚ ਵਾਕਿਆ ਇਕ ਵੱਡਾ ਸਾਰਾ ਛੰਭ ਪਿਕਨਿਕ ਮੁਕਾਮ ਸੀ। ਪਹਾੜਾਂ ਤੋਂ ਡਿੱਗਦਾ ਸੰਗੀਤ ਉਪਜਾਉਂਦਾ ਚਾਂਦੀ ਰੰਗੇ ਪਾਣੀ ਦਾ ਝਰਨਾ, ਕਲੋਲਾਂ ਕਰਦੇ ਸਾਰਸ ਜੋੜੇ, ਕੂੰਜਾਂ ਮੁਰਗਾਬੀਆਂ ਦੀਆਂ ਡਾਰਾਂ, ਕੁਦਰਤੀ ਹੁਸਨਾਂ ਭਰਪੂਰ ਟਹਿਕਦੀ ਬਨਸਪਤੀ, ਛੋਟੇ ਵੱਡੇ ਪੰਛੀਆਂ ਦਾ ਸਹਿਗਾਣ, ਫੁੱਲਾਂ ਨਾਲ ਲੱਦੇ ਬਗੀਚਿਆਂ ਵਿੱਚ ਟਹਿਲਦੇ ਤਿਤਲੀਆਂ ਤੇ ਭੋਰਿਆਂ ਦੀ ਰੋਮਾਂਟਿਕ ਲੁਕਣ-ਮੀਟੀ ਠਰੀਆਂ ਹਵਾਵਾਂ ਨੂੰ ਕੋਸੇ ਮਸਤਾਨੇ ਰੰਗ ਚੜ੍ਹਾ ਰਹੀਆਂ ਸਨ। ਤ੍ਰੇਲ ਭਿੱਜੇ ਫੁੱਲਾਂ ਉੱਤੇ ਮੰਡਲਾਉਂਦੀਆਂ ਭਿੰਨ-ਭਿਣਾਉਂਦੀਆਂ ਸ਼ਹਿਦ ਮੱਖੀਆਂ, ਬੱਦਲਾਂ ਰੱਤੀ ਸੁਹਾਵਣੀ ਰੰਗੀਨੀ ਰੁੱਤ ਦਾ ਅਲੌਕਿਕ ਨਜ਼ਾਰਾ, ਸਾਰਾ ਚੌਗਿਰਦਾ ਹੀ ਸੈਕਸੀ ਰੰਗਾਂ ਵਿੱਚ ਰੰਗਿਆ ਜਾ ਰਿਹਾ ਸੀ। ਪਾਰਕ ਵਿੱਚ ਡੱਠੇ ਬੈਂਚਾਂ ਉੱਤੇ ਠੰਢਾ ਗਰਮ ਖਾਣ-ਪੀਣ ਦਾ ਸਮਾਨ ਤੇ ਨਾਸ਼ਤਾ ਤਿਆਰ ਸਜ ਗਿਆ ਸੀ। ਵੀਹ ਡਾਲਰ ਪ੍ਰਤੀ ਘੰਟੇ ਵਿੱਚ ਲਿਆਂਦਾ ਰਸੋਈਆ ਅੰਗੀਠੀ ਦੀਆਂ ਸਲਾਖਾਂ ਬਾਰ ਬੀ ਕਿਊ ਤੇ ਮਾਸ ਦੇ ਟੋਟੇ ਭੁੰਨੀਂ ਜਾ ਰਿਹਾ ਸੀ।
ਸਾਰਿਆਂ ਨੇ ਵਾਰੀ ਵਾਰੀ ਆਪਣੀ ਸ਼ਖਸੀਅਤ ਦਾ ਮੁਜ਼ਾਹਰਾ ਕੀਤਾ। ਹਰ ਕੋਈ ਮੋਢੇ ਉੱਚੇ ਕਰ ਹੁੱਬ ਹੁੱਬ ਆਪਣੀ ਪੈਂਠ ਬਣਾਉਣ ਦੀ ਤਾਕ ਵਿੱਚ ਵਧਾ ਚੜ੍ਹਾ ਕੇ ਸੁਣਾ ਰਿਹਾ ਸੀ। ਮੇਰਾ ਨੰਬਰ ਆਉਣ ਤੇ ਮੈਂ 'ਮਨਪ੍ਰੀਤ ਕੌਰ ਇੰਡੀਆ' ਕਹਿ ਕੇ ਬੈਠ ਗਈ। 'ਆਸਿਫ ਉਡਾਰੂ' ਨਾਮ ਦੇ ਇੱਕ ਮੁੰਡੇ ਨੇ ਉੱਠ ਕੇ ਹਵਾ ਵਿੱਚ ਬਾਂਹਾਂ ਉਲਾਰਦੇ 'ਚੱਕ ਲੈ ਇੰਡੀਆ' ਜੈਕਾਰਾ ਛੱਡ ਕੇ ਤਾੜੀਆਂ ਦਾ ਆਗਾਜ਼ ਕਰਾ ਦਿੱਤਾ। ਮੈਂ ਸੋਚ ਹੀ ਰਹੀ ਸੀ ਕਿ ਇਸ ਅਨਾੜੀ ਨੂੰ ਸਮਝਾਵਾਂ ਕਿ ਇਹ 'ਚੱਕ ਲੈ ਇੰਡੀਆ' ਨਹੀਂ ਸਗੋਂ 'ਚੱਕ ਦੇਹ ਇੰਡੀਆ' ਹੈ ਕਿ ਸਫ਼ੈਦ ਪੱਟੀਆਂ ਵਿੱਚ ਢੱਕੀਆਂ ਕਾਲੇ ਬੁਰਕੇ ਵਾਲੀਆ ਦੋ ਕੁੜੀਆਂ 'ਐਰਿਕਾ ਈਰਾਨੀ' ਤੇ 'ਨਦੀਮਾ ਅਫ਼ਗ਼ਾਨ' ਦੀਆਂ ਸੰਜੀਦਾ ਸ਼ਰਮਾਕਲ ਭੂਮਿਕਾਵਾਂ ਨੇ ਮੇਰਾ ਮਨੋਵੇਗ ਮੋੜ ਦਿੱਤਾ। ਉਨ੍ਹਾਂ ਨੂੰ ਵੇਖ ਸੁਣ ਕੇ ਸਾਰੀ ਸਭਾ ਵਿੱਚ ਅਚੰਭਾ ਜਿਹਾ ਛਾ ਗਿਆ।
'ਆਹਾ! ਕਹੇ ਸੁੰਦਰ ਪੰਛੀਆਂ ਦੀ ਆਵਾਜ਼ ਹੈ ਇਹ ... ਇੱਕ ਘੁੱਗੀ ਤੇ ਇੱਕ ਬੁਲਬੁਲ।' ਟਿੱਪਣੀ ਨੇ ਹਾਸੇ ਤੇ ਤਾੜੀਆਂ ਦੀ ਫੁਹਾਰ ਖਿੰਡਾ ਦਿੱਤੀ। ਇਕ ਮਨਚਲਾ ਜਿਹਾ ਸ਼ਰਾਰਤੀ ਮਾਈਕ ਫੜ੍ਹ ਕੇ ਉੱਠ ਖਲੋਇਆ। ਉਸ ਦੀਆਂ ਅੱਖਾਂ 'ਚੋਂ ਸ਼ਰਾਰਤ ਟਪਕ ਰਹੀ ਸੀ। 'ਤੁਹਾਨੂੰ ਥੋੜੀ ਦੇਰ ਬਾਦ ਇਕ ਬਹੁਤ ਹੀ ਰੋਮਾਂਟਿਕ 'ਬੇਖ਼ਬਰੀ ਅਚੰਭਾ' ਦਿਖਾਇਆ ਜਾਏ ਗਾ।' ਸਾਰੇ ਉਤਸੁਕਤਾ ਨਾਲ ਬਿਟਰ ਬਿਟਰ ਝਾਕਣ ਲੱਗੇ। ਮੈਂ ਸੋਚਿਆ ਜਰੂਰ ਕੋਈ ਰੈਗਿੰਗ ਸ਼ੋਅ ਹੋਣ ਜਾ ਰਿਹਾ ਹੈ, ਪਤਾ ਨਹੀ ਕਿਸ ਤੇ ਨੌਂਗਾ ਡਿੱਗੇ ਗਾ। ਮੈਂ ਡਰਦੀ ਡਰਦੀ ਕਿਸੇ ਵੀ ਭਿਆਨਕ ਪਲ ਦੀ ਇੰਤਜ਼ਾਰ ਕਰਨ ਲੱਗੀ।
'ਸਾਡੇ ਦਰਮਿਆਨ ਦੋ ਨਵੀਆਂ ਬਹੂਆਂ ਆਈਆ ਨੇ, ਇਹਨਾਂ ਦੀ ਘੁੰਡ-ਚੁਕਾਈ ਦੀ ਰਸਮ ਵੀ ਹੁਣੇ ਕੀਤੀ ਜਾਏ ਗੀ।... ਤੇ ਫਿਰ ਉਸ ਤੋਂ ਬਾਦ ਉਹ ਇਸ ਨਵੇਂ ਪਹਿਰਾਵੇ, ਨਵੇਂ ਮਹੌਲ ਵਿੱਚ ਇਹਨਾਂ ਦੇ ਨਾਲ ਮੁਕਾਬਲਾ ਕਰਨ ਗੀਆਂ।' ਨੇੜੇ ਹੀ ਢਾਬ ਕੰਢੇ ਰੇਤ ਤੇ ਲੇਟਾਂ ਮਾਰਦੀਆਂ ਅਧਨੰਗੀਆਂ ਜੋੜੀਆਂ ਵੱਲ ਉਸ ਨੇ ਬਾਂਹ ਉਲਾਰੀ।
'ਲੈ ਲਾ ਪੈ ਗਿਆ ਸਿਆਪਾ, ਨਵੀਂ ਭਸੂੜੀ!' ਮੇਰੇ ਮੂੰਹੋਂ ਆਪ ਮੁਹਾਰੇ ਕਿਰ ਗਿਆ। ਹੁਣੇ ਇਹ ਜਸ਼ਨ ਮੁਤੱਸਬੀ ਦੰਗਿਆਂ ਦੀ ਸ਼ਕਲ ਅਖਤਿਆਰ ਕਰ ਲਏ ਗਾ। ਜਿੰਦਾਬਾਦ ਮੁਰਦਾਬਾਦ ਨਾਹਰੇ ਲੱਗਣ ਗੇ। ਕਿਸੇ ਦੇ ਧਰਮ ਸਭਿਅਤਾ ਨੂੰ ਖ਼ਤਰੇ ਦੀ ਘੰਟੀ ਵੱਜ ਜਾਏ ਗੀ। ਗੱਡੀਆਂ ਬੱਸਾਂ ਰੇਲਾਂ ਬਸਤੀਆਂ ਦੀ ਸਾੜ ਫੂਕ ਹੋਵੇ ਗੀ। ਧਮਾਕੇ ਹੋਣ ਗੇ। ਪੁਲਸ ਮੁਕਾਬਲੇ ਹੋਣ ਗੇ ਝੂਠੇ ਜਾਂ ਸੱਚੇ।' ਸਭਿਅਤਾ ਤੇ ਧਾਰਮਿਕ ਜਨੂਨ ਵਿੱਚ ਸੜਦੀ ਪਿਸਦੀ ਲੋਕਾਈ ਮੇਰੇ ਜਿਹਨ 'ਚੋਂ ਉੱਭਰ ਆਈ।
ਸੰਜੀਦਾ ਜਿਹੀ ਘੁਸਰ-ਮੁਸਰ ਵੇਖ ਕੇ ਪ੍ਰੋਫੈਸਰ ਇਨਚਾਰਜ ਵਿਚਕਾਰ ਆ ਖੜ੍ਹੀ ਹੋਈ। ਗੁੰਦੇ ਕੱਸੇ ਬਦਨ ਵਾਲੀ ਸਾਢੇ ਚਾਰ ਫੁੱਟੀ ਚੀਨਣ ਨੇ ਰਸ-ਭਿੰਨੀ ਬੋਲੀ ਵਿੱਚ ਇਸ ਵਿਸ਼ੇ ਦਾ ਵਿਰੋਧ ਪ੍ਰਗਟਾਉਂਦੇ ਸੰਗੀਨ ਹੋ ਰਹੇ ਮਹੌਲ ਵਿੱਚ ਨਰਮਾਈ ਵਰਤਾ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ।
'ਮੈਂ ਸਭ ਦੇਸੀ ਵਿਦੇਸ਼ੀ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੀ ਧੰਨਵਾਦ ਕਰਦੀ ਹਾਂ। ਨਾਲ ਹੀ ਇਕ ਪਹਿਲੀ ਗੁੜ੍ਹਤੀ ਦੇਣੀ ਚਾਹਾਂ ਗੀ ਕਿ ਅੱਜ ਤੋਂ ਬਾਦ ਕੋਈ ਵੀ ਵਿਅਕਤੀ ਆਪਣੇ ਨਾਮ ਦੇ ਪਿੱਛੇ ਦੇਸ਼ ਕੌਮ ਜਾਂ ਕੋਈ ਹੋਰ ਉਪਨਾਮ ਜਿਸ ਤੋਂ ਨਸਲ ਮਜ਼ਹਬ ਦੇਸ਼ ਦੀ ਪਹਿਚਾਣ ਹੋ ਸਕੇ ਲਗਾਉਣ ਤੋਂ ਸੰਕੋਚ ਕਰਨਾ ਹੈ। ਮੈਂ ਤੁਹਾਡੇ ਸਹਿਪਾਠੀਆਂ ਦੇ ਦਰਮਿਆਨ ਹੋਰ ਰੋੜਾ ਤਾਂ ਨਹੀਂ ਬਣਨਾ ਪਰ ਇੱਕ ਨੇਕ ਮਸ਼ਵਰਾ ਜਰੂਰ ਦੇਣਾ ਹੈ...। ਦੋਸਤੋ! ਤੁਸੀਂ ਜਾਣਦੇ ਹੀ ਹੋ ਕਿ ਉਹਲੇ ਵਾਲੇ ਗੁਪਤ ਖਜਾਨੇ ਵੱਲ ਸਭ ਦਾ ਖਾਸ ਕਰਕੇ ਮਾੜੀ ਨੀਯਤ ਵਾਲੇ ਚੋਰਾਂ ਦਾ ਧਿਆਨ ਕੇਂਦਰਤ ਹੋਣਾ ਸੁਭਾਵਿਕ ਹੈ। ਮੈਂ ਕਿਸੇ ਦੇ ਜਾਤੀ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹਾਂ ਗੀ, ਪਰ ਕਿਸੇ ਹੁੱਲੜ ਹਜੂਮ ਨੂੰ ਬੇਲੋੜੀ ਗੁਸਤਾਖ਼ੀ ਦੀ ਜੁਰਅਤ ਨਾ ਕਰਨੀ ਪਵੇ, ਤੁਸੀਂ ਆਪ ਹੀ ਆਪਣਾ ਬੁਰਾ ਭਲਾ ਸੋਚਣਾ ਹੈ।'
'ਅਕਲਮੰਦ ਨੂੰ ਸੰਕੇਤਕ ਇਸ਼ਾਰੇ' ਸਮਝ ਕੇ ਦੋਵਾਂ ਮੁਟਿਆਰਾਂ ਨੇ ਝਬਦੇ ਹੀ ਬੁਰਕੇ ਲਾਹ ਮਾਰੇ। ਗੋਰੇ ਨਿਛੋਹ ਚੰਦ ਜਿਹੇ ਮੁਖੜੇ, ਹਿਰਨੀਆਂ ਜਿਹੇ ਮਿਰਗ ਨੈਣ, ਦਰਸ਼ਕਾਂ ਨੂੰ ਜਿਵੇਂ ਕਤਲ ਹੀ ਕਰ ਗਏ ਹੋਣ, ਹਨੇਰੇ ਵਿੱਚ ਜਿਵੇਂ ਬੱਤੀਆਂ ਜਗ ਪਈਆਂ, ਤਾੜੀਆਂ ਨਾਲ ਸਾਰਾ ਚੌਗਿਰਦਾ ਗੂੰਜ ਉੱਠਿਆ।
ਦੂਸਰੀ ਬਗੀਚੀ ਵਿੱਚ ਬਾਰਾਂ ਨੰਬਰ ਬੈਚ ਦੇ ਸੀਨੀਅਰ ਵਿਦਿਆਰਥੀ ਆਪਣੀ ਮਸਤੀ ਵਿੱਚ ਝੂਮ ਰਹੇ ਸਨ। ਕੋਈ ਕਿਸੇ ਦੇ ਕੇਸਾਂ ਵਿੱਚ ਫੁੱਲ ਟੰਗ ਰਿਹਾ ਸੀ, ਕੋਈ ਕਿਸੇ ਦੇ ਚੀਰ ਵਿੱਚ ਬੁੱਲ੍ਹੀਆਂ ਟਿਕਾਈ ਚੁੰਮੀਆਂ ਬੀਜ ਰਿਹਾ ਸੀ। ਉਨ੍ਹਾਂ ਨੂੰ ਵੇਖ ਕੇ ਮੈਂ ਹੋਰ ਵੀ ਦੰਗ ਰਹਿ ਗਈ। ਪਤਾ ਨਹੀਂ ਇਹ ਪੜ੍ਹਾਕੂ ਪੜ੍ਹਾਕੀਆਂ ਸਨ ਜਾਂ ਕਿਸੇ ਸਿਵੇ ਦੀਆਂ ਭੂਤਨੀਆਂ। ਅਧਨੰਗੀਆਂ, ਟਾਪਸ, ਜਾਂਘੀਏ, ਚੱਡੀਆਂ, ਬਨੈਣਾਂ ਵਿੱਚ ਆਪਣਾ ਪੂਰਾ ਜਲੂਸ ਕੱਢਦੀਆਂ ਵਿਓਂ ਦ੍ਰਿਸ਼ਟੀਮਾਨ ਕਰ ਰਹੀਆਂ ਸਨ। ਸਿਗਰਟਾਂ ਦੇ ਸੂਟ੍ਹੇ ਭਰਦੀਆਂ ਆਪਣੇ ਮਨਪਸੰਦ ਸਾਥੀਆਂ ਨਾਲ ਜੋੜੀਆਂ ਬਣਾਈ ਬਾਂਹਾਂ 'ਚ ਬਾਂਹਾਂ ਪਾਈ ਮਟਰ-ਗਸ਼ਤੀ ਕਰ ਰਹੀਆਂ ਸਨ। ਵਾਈਨ ਬੀਅਰ ਦੀਆਂ ਖਾਲੀ ਬੋਤਲਾਂ ਖਿੱਲਰੀਆਂ ਪਈਆ ਮੁਸ਼ਕ ਖਿਲਾਰ ਰਹੀਆਂ ਸਨ। ਮੁੰਡੇ ਕੁੜੀਆਂ ਦੇ ਪਹਿਰਾਵੇ ਤੇ ਚਾਲ ਢਾਲ ਵਿੱਚ ਕੋਈ ਫਰਕ ਨਹੀਂ। ਨਾਲ ਹੀ ਇਸ ਰੋਮਾਂਟਿਕ ਚੌਗਿਰਦੇ ਤੋਂ ਬੇਖ਼ਬਰ ਕੁਝ ਮੋਟੇ ਪਤਲੇ ਔਰਤਾਂ ਮਰਦ ਨੰਗੇ ਪੱਟ ਡੌਲ਼ੇ ਲਿਸ਼ਕਾਉਂਦੇ ਸਿਹਤ ਦੇ ਵਣਜਾਰੇ ਵੀ ਯੋਗਾ ਕਰਦੇ, ਡੰਡ ਬੈਠਕਾਂ ਮਾਰਦੇ, ਜੋਗਿੰਗ ਕਰਦੇ ਟਪੂਸੀਆਂ ਮਾਰ ਰਹੇ ਸਨ।
ਕਿਸੇ ਗਰੀਬ ਦੇਸ਼ ਦੇ ਵਿਅਕਤੀ ਵਾਸਤੇ ਅਮਰੀਕਾ ਦੀ ਧਰਤੀ ਤੇ ਪੈਰ ਰੱਖਣਾ ਹੀ ਗਨੀਮਤ ਸਮਝੀ ਜਾਦੀ ਹੈ ਪਰ ਇਹ ਭਰਮਾਊ ਤੇ ਵਰਗਲਾਊ ਦ੍ਰਿਸ਼ ਵੇਖ ਕੇ ਤਾਂ ਕਿਸੇ ਵੱਡੇ ਤੋਂ ਵੱਡੇ ਫੰਨੇ ਖ਼ਾਂ ਧਨਾਢ ਦਾ ਵੀ ਮਨ ਪਸੀਜ ਕੇ ਡੋਲ ਜਾਂਦਾ ਹੈ ਤੇ ਇੱਥੇ ਅਟਕਣ ਲਈ ਬੇਈਮਾਨ ਹੋ ਜਾਂਦਾ ਹੈ। ਕਹਿੰਦੇ ਕਹਾਉਂਦੇ ਅਮੀਰ ਵਜੀਰ ਮੁਰੱਬਿਆਂ ਵਾਲੇ ਇੱਥੇ ਆ ਕੇ ਕਿਉਂ ਮੰਜੀ ਡਾਹ ਬੈਠਦੇ ਹਨ, ਮੈਨੂੰ ਹੁਣੇ ਸੋਝੀ ਹੋਈ ਹੈ, ਭਾਵੇਂ ਮੈਨੂੰ ਇਹ ਵੀ ਪਤਾ ਹੈ ਕਿ 'ਸਭ ਜੋ ਚਮਕਦਾ ਹੈ ਉਹ ਸੋਨਾ ਨਹੀਂ ਹੁੰਦਾ'।
ਉਸ ਸਾਰੀ ਰਾਤ ਮੈਨੂੰ ਅਜੇਹੇ ਅਣਹੋਏ ਭਿਆਨਕ ਸੁਪਨੇ ਆਉਂਦੇ ਰਹੇ। ਇੱਕ ਵੱਡਾ ਸਾਰਾ ਫਰ੍ਹਾਂ ਦਾ ਦਰਖਤ, ਉਸ ਨੂੰ ਕਾਹਲੀ ਕਾਹਲੀ ਕੱਟਦੇ ਤੇ ਮੋਛੇ ਬਣਾਉਂਦੇ ਲੱਕੜਹਾਰੇ ... ਬਚਿਆ ਰੁੰਡ-ਮਰੁੰਡ ਮੁੱਢ, ਪਾਸੇ ਖੜ੍ਹੇ ਸਾਰੇ ਵਿਦਿਆਰਥੀ ਹੱਥਾਂ ਵਿੱਚ ਆਪਣੇ ਆਪਣੇ ਫੁੱਲ ਗੁਲਦਸਤੇ ਲਈ ਖੜ੍ਹੇ ਹਨ। ਪ੍ਰੋਫੈਸਰ ਦਾ ਬਣਾਇਆ ਹਵਨ-ਕੁੰਡ, ਫੂਕਾਂ ਮਾਰਦਾ ਅਧਿਆਪਕ ... ਚੁਫੇਰੇ 'ਸੰਗੀਤ ਦੌੜ੍ਹ' ਪਰਕਰਮਾ ਕਰਨ ਦੀ ਹਦਾਇਤ ਕਰਦਾ ਹੈ। ਚੱਲ ਰਹੇ ਸੰਗੀਤ ਦੀ ਧੁਨ ਬੰਦ ਹੋਣ ਤੇ ਉਥੇ ਹੀ ਖਲੋ ਜਾਣਾ ਹੈ ਤੇ ਆਪਣਾ ਪੌਦਾ ਜੜ ਦੇਣਾ ਹੈ। ਡਰਿਲ, ਚਾਕੂ, ਕਰਦ ਨਾਲ ਖੱਪਾ ਮਾਰ ਕੇ ਆਪਣੇ ਆਪਣੇ ਪੌਦੇ ਵਿੱਚ ਟਿਕਾ ਦਿੰਦੇ ਹਨ। ਕਚਨਾਰ ਦੀਆਂ ਕਲਮਾਂ, ਦਾਖਾਂ ਦੀਆਂ, ਚੰਬਾ, ਗੁਲਾਬ ਦੀਆਂ ਤੇ ਹੋਰ ਵੱਖੋ ਵੱਖ ਆਪਣੀ ਮਰਜ਼ੀ ਦੀਆ ਕਲਮਾਂ, ਨਰਸਰੀ ਵਿੱਚੋਂ ਲਿਆਂਦੀਆਂ ਹਨ। 'ਲੋੜੇ ਦਾਖ ਬਿਜਉਰੀਆਂ ਕਿੱਕਰ ਬੀਜੇ ਜੱਟ' ਆਪ ਮੁਹਾਰੇ ਮੇਰੇ ਮੂੰਹੋਂ ਨਿਕਲ ਜਾਂਦਾ ਹੈ। ਪ੍ਰੋਫੈਸਰ ਦੱਸਦਾ ਹੈ ਕਿ ਹੁਣ ਇਸ ਪਿਓਂਦ ਵਿੱਚੋਂ ਸਰਵ-ਸਾਂਝੀ ਪਨੀਰੀ ਤਿਆਰ ਹੋਣ ਜਾ ਰਹੀ ਹੈ ਜਿਸ ਵਿੱਚੋਂ ਤੁਹਾਡਾ ਆਪਣਾ-ਪਨ ਗਾਇਬ ਹੋ ਜਾਏ ਗਾ ਤੇ ਜਦ ਇਹ ਕਰੂੰਬਲਾਂ ਫੁੱਟੀਆਂ ਤੁਸੀਂ ਆਪਣਾ ਪੌਦਾ ਪਹਿਚਾਣ ਨਹੀਂ ਸਕੋ ਗੇ।
ਇਕ ਗਾੜਾ ਧੂੰਆਂ ਉੱਠਦਾ ਹੈ ਤੇ ਫਿਰ ਗਾਇਬ ਹੋ ਜਾਂਦਾ ਹੈ। ਸਾਰੇ ਪੌਦੇ ਕਲਮਾਂ ਗਾਇਬ ਹਨ ਤੇ ਇਕ ਨਵੀਂ ਸਵੇਰ ਜਿਹਾ ਛੋਟਾ ਜਿਹਾ ਬੂਟਾ ਪਿਆਰ ਦੀਆਂ ਮੁਸਕਾਨਾਂ ਵੰਡਦਾ ਖਿੜ ਰਿਹਾ ਹੈ। ਇੱਕੋ ਪੌਦੇ ਵਿੱਚੋਂ ਅੱਡੋ-ਅੱਡ ਟਾਹਣੀਆਂ ਤੇ ਭਿੰਨ ਭਿੰਨ ਰੰਗਾਂ ਕਿਸਮਾਂ ਦੇ ਫੁੱਲ ਨਿਕਲਦੇ ਹਨ। ਧੂੰਏਂ ਵਿੱਚੋਂ ਇੱਕ ਸ਼ਕਲ ਉੱਭਰਦੀ ਹੈ... ਮੇਰੀ ਜਾਣੀ ਪਛਾਣੀ ਸੂਰਤ। ਉਸ ਦੇ ਨਾਲ ਕਾਲ-ਕਲੂਟਾ ਛੋਟਾ ਬਲੂੰਗਾ ਰੋਣ ਦੀ ਆਵਾਜ਼ ਕੱਢਦਾ ਉਜਾਗਰ ਹੁੰਦਾ ਹੈ। ਉਹ ਪੌਦੇ ਨੂੰ ਫੁਹਾਰੇ ਨਾਲ ਪਾਣੀ ਦੇਣ ਲਗਦੀ ਹੈ। ਇਕ ਟਾਹਣੀ ਵੱਡਾ ਸਾਰਾ ਬੋਹੜ ਬਣ ਉੱਭਰਦੀ ਹੈ। ਸਾਰੇ ਦਰਸ਼ਕ ਤਾੜੀਆਂ ਮਾਰਦੇ ਪਰਾਧਿਆਪਕ ਦੀ ਜਾਦੂਗਰੀ ਤੇ ਵਾਹ ਵਾਹ ਕਰ ਉੱਠਦੇ ਹਨ। ਮੀਂਹ ਵਰ੍ਹਨ ਲਗਦਾ ਹੈ। ਉਹ ਬੋਹੜ ਦੀ ਓਟ ਵੱਲ ਰੁਖ ਕਰਦੇ ਹਨ। ਪੱਤਿਆਂ ਵਿਚੋਂ ਖੂਨ ਰੰਗੇ ਬੁੱਲ੍ਹਾਂ ਵਾਲਾ ਬਣ-ਮਾਣਸ ਆਪਣੇ ਲੰਮੀਆਂ ਲੰਮੀਆਂ ਨਹੁੰਦਰਾਂ ਵਾਲੇ ਹੱਥ ਆਸਵੰਦਾਂ ਦੇ ਗਲੇ ਵੱਲ ਤਾਣਦਾ ਹੈ। ਸਾਰੇ ਡਰ ਕੇ ਛੂਟ ਵੱਟਦੇ ਖਿੱਲਰ ਪੁੱਲਰ ਜਾਂਦੇ ਨੇ। ਬਿੱਲੀ, ਉਸ ਦੇ ਬਲੂੰਗੇ ਦੀ ਨਹਿਸ਼ ਰੋਂਦੀ ਕੁਰਲਾਟ ਅਤੇ ਦਰਿੰਦੇ ਦੀ ਝਪਟ ਸਾਰੀ ਰਾਤ ਮੈਨੂੰ ਤਰ੍ਹਾਂ ਤਰ੍ਹਾਂ ਦੇ ਵਹਿਮ ਭਰਮਾਂ ਵਿੱਚ ਭਟਕਾਉਂਦੀ ਰਹੀ। ਬਿੱਲੀ ਕੁੱਤੇ ਦਾ ਰੋਣਾ ਭਿਆਨਕ ਬਦਸਗਨੀ ਸਮਝੀ ਜਾਦੀ ਹੈ ਤੇ ਨਾਲ ਇਹ ਜਾਨਵਰ ਦੇ ਪੰਜੇ! ਉਸ ਤੋਂ ਵੀ ਹੋਰ ਜਿਆਦਾ ਮਾਰੂ ਘਾਤਕ! ਕੇਹਾ ਭੈੜਾ ਸੁਪਨਾ ਹੈ ਇਹ! 'ਰੱਬ ਸੁੱਖ ਰੱਖੇ।' ਮੈਂ ਅੰਤਰ-ਧਿਆਨ ਹੋ ਕੇ ਅਰਦਾਸ ਕਰਦੀ ਰਹੀ।
ਅਗਲੇ ਹੀ ਦਿਨ ਹਸਪਤਾਲ ਛੂਛਕੜਾ ਲੈ ਕੇ ਗਈ ਟੋਲੀ ਦੇ ਨਾਲ ਮੈਂ ਵੀ ਜਾਣ ਬੁੱਝ ਕੇ ਹਾਂ ਕਰ ਦਿੱਤੀ। ਮੈਂ ਕਿਹਾ ਚਲੋ ਗਿਆਨ ਵਿੱਚ ਵਾਧਾ ਹੋਵੇਗਾ ਜਾਂ ਮੁਫ਼ਤ ਦੀ ਸੈਰ ਹੀ ਹੋ ਜਾਏ ਗੀ। 'ਇਹ ਜਨਣ-ਘਰ ਹਰੇਕ ਵਾਸਤੇ ਖੁੱਲ੍ਹਾ ਹੈ ਅਤੇ ਇੱਥੇ ਮਾਂ ਬਾਪ ਦੀ ਉਮਰ ਜਾਂ ਹੋਰ ਅਤਾ ਪਤਾ ਨਹੀਂ ਪੁੱਛਿਆ ਜਾਦਾ।' ਗੇਟ ਦੇ ਬਾਹਰ ਲਿਖੀ ਤਕਤੀ ਆਉਣ ਵਾਲਿਆਂ ਦਾ ਸਵਾਗਤ ਕਰ ਰਹੀ ਸੀ। ਜਣੇਪਾ-ਘਰ ਵਿੱਚ ਸੀਨੀਅਰ ਕਲਾਸ ਦੀ ਬੀਲੈਜ਼ੀ ਨੇ ਬੇਟੀ ਨੂੰ ਜਨਮ ਦਿੱਤਾ ਸੀ। ਉਸ ਦਾ ਪ੍ਰੇਮੀ ਸੋਮਾਲੀਆ ਦਾ ਦੁਧਾਮੀ, ਇਸ ਦੀ ਅਗਵਾਈ ਕਰ ਰਿਹਾ ਸੀ। ਸ਼ੀਸ਼ੇ ਦੇ ਵਲਗਣ ਅੰਦਰ ਪੰਘੂੜੇ ਵਿੱਚ ਪਿਆ ਇਕ ਗੂੜ੍ਹਾ ਸ਼ਾਮ ਰੰਗਾ ਬੱਚਾ ਅੰਗੂਠਾ ਚੁੰਘ ਰਿਹਾ ਸੀ। ਬੈੱਡ ਤੇ ਪਿਆ ਇਕ ਹੋਰ ਹੱਡੀਆਂ ਦਾ ਮੁੱਠੀ ਭਰ ਢਾਂਚਾ, ਅੱਖਾਂ ਅੰਦਰ ਧਸੀਆਂ ਹੋਈਆ ਬੇਪਛਾਣ ਚਿਹਰਾ, ਪੀਲਾ ਭੂਕ ਰੰਗ! ਜੀਊਂਦੀ ਜਾਗਦੀ ਇਕ ਲਾਸ਼ ਵੇਖ ਕੇ ਮੇਰੇ ਹੱਥੋਂ ਫੁੱਲ-ਗੁੱਛਾ ਮਸੀਂ ਡਿੱਗਦਾ ਡਿਗਦਾ ਬਚਿਆ।
'ਤੂੰ ਭੀਲਣੀ? ... ਨੀਂ ਮਾਂ ਦੀਏ ਮੋਰਨੀਏ ਧੀਏ? ਤੇਰੀ ਇਹ ਹਾਲਤ?..।' ਸੱਚੀਂ ਮੁੱਚੀਂ ਮੇਰੀਆਂ ਚੀਕਾਂ ਨਿਕਲ ਗਈਆਂ। ਉਹ ਡਡਿਆ ਕੇ ਮੇਰੇ ਗਲ ਲੱਗ ਗਈ।
'ਦੱਸੀਂ ਨਾ ਕਿਸੇ ਨੂੰ ਮੇਰੀ ਬੀਬੀ ਭੈਣ। ਮੈਂ ਬੀਲੈਜ਼ੀ ਆਂ, ਭੀਲਣੀ ਨਹੀਂ। ਦੱਸੀਂ ਨਾ ਮੇਰੇ ਬਾਬਲ ਰਾਜੇ ਨੂੰ, ਰੋਊ ਗਾ ਦੁਹੱਥੜਾਂ ਮਾਰ ਕੇ। ਪੜਦਾ ਪਾਈ ਰੱਖੀਂ ਮੇਰੀਆਂ ਕਰੂਰ ਨੇਕ-ਨਾਮੀਆਂ ਤੇ।' ਆਪਣੇ ਵੈਣਾਂ ਵਰਗੇ ਬੋਲਾਂ ਨਾਲ ਉਹ ਪਾਣੀ ਪਾਣੀ ਹੋ ਗਈ।
'ਤੇਰੀਆਂ ਪਿੰਨੀਆਂ ਤੇ ਪੰਜੀਰੀ ਭੇਜੀ ਹੈ ਤੇਰੀ ਮੰਮੀ ਨੇ।' ਮੈਂ ਚੰਗੀ ਸ਼ੁੱਭ ਖ਼ਬਰ ਦੇ ਕੇ ਝੂਠਾ ਜਿਹਾ ਹੱਸੀ।
'ਮਰਗੀ ਹੈ ਪੰਜੀਰੀ ਖਾਣ ਵਾਲੀ... ਕਹਿ ਦੇਈਂ ਮੇਰੀ ਮਾਂ ਨੂੰ, ਜਿਹਨੂੰ ਡਉਂ ਚੜ੍ਹਿਆ ਰਹਿੰਦਾ ਸੀ ਹਰ ਵੇਲੇ ਮੈਨੂੰ ਬਾਹਰ ਬਿਦੇਸ਼ ਕੱਢਣ ਦਾ।' ਉਸ ਦੀਆਂ ਕਮਜ਼ੋਰ ਅੱਖਾਂ ਵਿੱਚ ਲਾਲੀ ਉੱਭਰ ਆਈ।
ਦੁਧਾਮੀ ਨੇ ਭਰਵੱਟਿਆਂ ਵਿੱਚ ਲੁੱਚੀ ਸ਼ਰਾਰਤ ਭਰ ਕੇ ਵਰਾਛਾਂ ਵਿੰਗੀਆਂ ਜਿਹੀਆਂ ਮਰੋੜਦੇ ਮੈਨੂੰ ਅਕਾਂਖਿਆ ਤੇ ਭੀਲੋ ਨੂੰ ਫੜ੍ਹ ਕੇ ਪਿੱਛੇ ਲਿਟਾ ਦਿੱਤਾ। ਬਘਿਆੜ ਵਰਗੀਆਂ ਮਾਰੂ ਉਸ ਦੀਆਂ ਭੁੱਖੀਆਂ ਨਜ਼ਰਾਂ ਮੇਰੇ ਧੁਰ ਅੰਦਰ ਤੱਕ ਜ਼ਖਮ ਕਰ ਗਈਆਂ। ਮੇਰਾ ਜੀ ਕੀਤਾ ਇਸ ਵਹਿਸ਼ੀ ਦੀਆ ਅੱਖਾਂ ਨੋਚ ਦਿਆਂ ਜਿਸ ਨੇ ਉਸ ਵਿਚਾਰੀ ਗਊ ਦਾ ਖੂਨ ਚੂਸਿਆ ਹੈ, ਮਾਸ ਚੂੰਡਿਆ ਹੈ। ਉਸ ਦੀ ਅਜੀਬ ਸ਼ਰਾਰਤੀ ਜਿਹੀ ਵੱਢ-ਖਾਣੀ ਝਾਕਣੀ ਮੇਰੇ ਅੰਦਰ ਹਲਚਲ ਮਚਾ ਗਈ। ਮੈਂ ਸੁਪਨਿਆਂ ਵਿੱਚ ਯਕੀਨ ਨਹੀਂ ਰੱਖਦੀ, ਇਹ ਹਵਾਈ ਘੋੜੇ ਹੁੰਦੇ ਹਨ ਪਰ ਇਹਨਾਂ ਘਟਨਾਵਾਂ ਦੇ ਪਰਸਪਰ ਸੁਮੇਲ ਨੇ ਮੇਰੀ ਸੋਚ ਬਦਲ ਦਿੱਤੀ। ਇਹੀ ਤਾਂ ਹੈ। ਸੁਪਨੇ ਵੀ ਸੱਚ ਹੋ ਜਾਦੇ ਨੇ ਮੈਨੂੰ ਯਕੀਨ ਹੋ ਗਿਆ ਸੀ।
ਕਾਲਜ ਦੀ ਮੇਰੀ ਆਦਰਸ਼, ਸੁਚੱਜੀ ਸਚਿਆਰੀ ਹੂੰਦਲਹੇੜ, ਰੱਜ ਕੇ ਹੁਸ਼ਿਆਰ ਤੇ ਹੋਣਹਾਰ, ਸੰਗ ਸ਼ਰਮ ਦੀ ਮੂਰਤ ਭੀਲੋ ਬਾਂਹਾਂ ਉੱਚੀਆਂ ਕਰ ਕਰ ਗੀਤ ਗਾਉਂਦੀ, ਲੜਕੀਆਂ ਦੇ ਵਿਦੇਸ਼ੀ ਰੁਝਾਨ ਦੇ ਖ਼ਿਲਾਫ਼ ਪਰਚਾਰ ਕਰਦੀ ਰਹਿੰਦੀ ਸੀ। ਪਿਛਲੇ ਸਾਲ ਉਹ ਆਪ ਅਚਾਨਕ ਉਡਾਰੀ ਮਾਰ ਗਈ। ਉਸ ਦੇ ਦਮਗਜੇ ਅਮਰੀਕਾ ਦੀ ਚਮਕ ਦਮਕ ਅੱਗੇ ਹੌਂਸਲਾ ਹਾਰ ਕੇ ਹਥਿਆਰ ਸੁੱਟ ਗਏ। ਉਸ ਦੇ ਗੀਤਾਂ ਦੇ ਬੋਲ ਬੜੀ ਦੇਰ ਤੱਕ ਗੂੰਜਦੇ ਕਾਲਜ ਦੀਆਂ ਫਿਜ਼ਾਵਾਂ ਦਾ ਸੀਨਾ ਵਿੰਨ੍ਹਦੇ ਰਹੇ।
ਬਾਦ ਵਿੱਚ ਉਸੇ ਦੀ ਪ੍ਰੇਰਨਾ ਸਦਕਾ ਹੀ ਮੇਰੇ ਪਾਪਾ ਨੇ ਮੈਨੂੰ ਅਮਰੀਕਾ ਭੇਜਣਾ ਮਨਜ਼ੂਰ ਕੀਤਾ ਸੀ। ਉਹ ਦੱਸੇ ਹੋਏ ਟੈਲੀਫੋਨ ਤੇ ਮੈਨੂੰ ਨਹੀਂ ਮਿਲ ਸਕੀ। ਉਸ ਦੀ ਮੰਮੀ ਬਦਾਮ ਕਾਜੂ ਤੇ ਨਿਕਸੁਕ ਦੀ ਪੰਜੀਰੀ ਅਤੇ ਸ਼ੱਕਰ ਦਾ ਇੱਕ ਡੱਬਾ ਫੜਾ ਗਈ ਸੀ ਅਖੇ ਦੋਵੇਂ ਭੈਣਾਂ ਰਲ ਕੇ ਖਾ ਲਿਉ। ਮੇਰੇ ਮਨ ਵਿੱਚ ਉਸ ਨੂੰ ਮਿਲਨ ਦੀ ਅਭਿਲਾਖਾ ਪ੍ਰਚੰਡ ਹੁੰਦੀ ਰਹੀ। ਕਾਸ਼ ਮੈਨੂੰ ਉਹ ਹੀ ਮਿਲ ਜਾਏ ਤੇ ਮੇਰਾ ਮਾਰਗ ਦਰਸ਼ਨ ਕਰੇ। ਮੈਂ ਆਸੇ ਪਾਸੇ ਨਜ਼ਰਾਂ ਦੁੜਾਉਂਦੀ ਅਜਨਬੀਆਂ ਦੀ ਰੰਗ-ਬਰੰਗੀ ਭੀੜ ਵਿੱਚੋਂ ਉਸ ਨੂੰ ਤਲਾਸ਼ਦੀ ਰਹੀ ਤੇ ਅਖੀਰ ਆਪਣੇ ਉਸ ਚਿਤਵੇ ਹੋਏ ਖ਼ਾਕੇ ਦੀ ਵੀਰਾਨ ਦੁਰਦਸ਼ਾ ਵੇਖ ਕੇ ਮੇਰਾ ਅੰਦਰ ਵਲੂੰਧਰਿਆ ਗਿਆ। ਹੋਰ ਸਾਥੀ ਵੀ ਉਸ ਦੀ ਹਾਲਤ ਵੇਖ ਕੇ ਤਰਾਹ ਤਰਾਹ ਕਰ ਉੱਠੇ।
'ਅਪਰੈਲ ਦੋ ਹਜਾਰ ਸੱਤ ਦੀ ਬਲੈਕਬਰਗ ਵਰਜੀਨੀਆ ਯੂਨੀਵਰਸਿਟੀ ਦੀ ਖੂਨੀ ਘਟਨਾ ਸਮੇਂ ਜਦੋਂ ਆਪਣੀ ਪ੍ਰੇਮਕਾ ਦਾ ਠੁਕਰਾਇਆ ਅਸਫਲ ਪ੍ਰੇਮੀ 'ਚੋ ਸਿਊੰਗ ਹੂ' ਦਿਮਾਗ਼ੀ ਤਵਾਜ਼ਨ ਖੋਹ ਬੈਠਾ ਤੇ ਬੰਦੂਕ ਦਾ ਛਾਣਾ ਵਰ੍ਹਾ ਕੇ ਆਪਣੀ ਪ੍ਰੇਮਕਾ ਸਮੇਤ ਦੋ ਪ੍ਰੋਫੈਸਰਾਂ ਅਤੇ ਬੱਤੀ ਵਿਦਿਆਰਥੀਆਂ ਦਾ ਖੂਨ ਡੋਲ੍ਹ ਕੇ ਆਤਮਘਾਤ ਕਰ ਗਿਆ ਸੀ, ਇਹ ਉੱਥੇ ਪੜ੍ਹਦੇ ਸਨ। ਭਗਦੜ ਵਿੱਚ ਬੁਜ਼ੈਲੀ ਨੇ ਦੁਧਾਮੀ ਕੋਲੋਂ ਲਿਫਟ ਮੰਗੀ ਤੇ ਉਹ ਉਸ ਨੂੰ ਬਿਠਾ ਕੇ ਲੈ ਗਿਆ। ਪਸਤੌਲ ਦੀ ਨੋਕ ਤੇ ਉਧਾਲ਼ ਕੇ ਕਿਤੇ ਦੂਰ ਕਿੰਨਾ ਚਿਰ ਇਹ ਦੋਵੇਂ ਯੂਨੀਵਰਸਿਟੀ ਤੋਂ ਗਾਇਬ ਰਹੇ। ਕਾਨੂੰਨ ਵੀ ਨਕਾਰਾ ਹੋ ਗਿਆ ਕਿਉਂਕਿ ਵਾਪਸ ਮੁੜਨ ਤੇ ਲੜਕੀ ਨੇ ਬਿਆਨ ਦਿੱਤਾ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਗਈ ਸੀ।'
'ਹੋਰ ਕੀ ਕਰਦੀ ਵਿਚਾਰੀ ਸਭ ਕੁਝ ਲੁਟਾ ਕੇ!' ਰੌਂਗਟੇ ਖੜ੍ਹੇ ਕਰਨ ਵਾਲੀਆਂ ਗੱਲਾਂ ਸੁਣ ਕੇ ਨਾਲ ਬੈਠੀ ਮਿਸਟੀ ਨੇ ਵੀ ਕਰੁਨਮਈ ਹੁੰਗਾਰਾ ਭਰਿਆ।
ਚੌਕਾਂ ਚੌਰਾਹਿਆਂ ਵਿੱਚ ਕਈ ਜੋੜੀਆਂ ਬਣਾਈ ਕੁੜੀਆਂ ਮੁੰਡੇ ਸ਼ਰ੍ਹੇਆਮ ਕੀ ਕਰਦੇ, ਕਿਵੇਂ ਕਰਦੇ, ਮੈਂ ਵੇਖ ਵੇਖ ਕੇ ਸ਼ੀ ਸ਼ੀ ਕਰਦੀ ਮਰ ਮਰ ਡੁੱਬਦੀ ਜਾਂਦੀ। ਬੇ-ਬਹਾਰੀਆਂ ਬੱਗੀਆਂ, ਪੱਪੀਆਂ, ਗਲਵਕੜੀਆਂ ਬੜੇ ਵਾਧੂ ਜਿਹੇ ਹੋ ਗਏ ਜਾਪਦੇ ਸਨ। ਕੋਈ ਸਬਰ ਸੰਕੋਚ ਬਿਲਕੁਲ ਹੀ ਨਹੀਂ। ਜਦ ਕੋਈ ਕੁੜੀ ਸਿਗਰਟ ਪੀਂਦੀ, ਸਮੈਕ ਦੇ ਸੂਟ੍ਹੇ ਲਗਾਉਂਦੀ, ਸ਼ਰਾਬ ਪੀਂਦੀ, ਡਰਗਜ਼ ਦੇ ਅਸਰ ਥੱਲੇ ਅੱਖਾਂ ਚੜ੍ਹਾਈ ਮਸਤੀ ਫਿਰਦੀ, ਹਿੱਪੀ ਕਲਚਰ ਅੱਗੇ ਮੇਰਾ ਕੋਈ ਜੋਰ ਨਾ ਚਲਦਾ। ਆਪਣੇ ਕਾਲਜ ਵਿੱਚ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਹੋਣ ਦੇ ਨਾਤੇ ਮੈਂ ਵਿਦੇਸ਼ੀ ਹੋੜ, ਦਾਜ-ਦਹੇਜ, ਭਰੂਣ ਹੱਤਿਆ ਤੇ ਵਿਦਿਆਰਥੀਆਂ ਵਿੱਚ ਨਸ਼ਾ-ਬਿਰਤੀ ਦਾ ਡਟ ਕੇ ਵਿਰੋਧ ਕੀਤਾ ਸੀ। ਵਿਦਿਆਰਥੀਆਂ ਵਿੱਚ ਇਖਲਾਕ ਤੇ ਸੰਜਮ ਦੇ ਹੱਕ ਵਿੱਚ ਮੋਰਚਾ ਲਗਾ ਕੇ ਪੂਰਾ ਪਹਿਰਾ ਦਿੱਤਾ ਸੀ ਪਰ ਇੱਥੇ ਬਿੱਛੂਆਂ ਦੀ ਕਤਾਰ ਵਿੱਚ ਸੱਭੇ ਹੀ ਨੇਤਾ ਹਨ। ਬਘਿਆੜ ਦੇ ਮੂੰਹ ਆਈ ਭੇਡ ਮੈਂ ਨਿਆਸਰੀ ਜਿਹੀ ਬੇਵਸ ਹੋ ਗਈ ਸਾਂ ਇੱਥੇ ਇਸ ਭੀੜ ਵਿੱਚ। ਮੈਂ ਕਹਿੰਦੀ ਕਿੱਥੇ ਫਸਾ ਦਿੱਤਾ ਅੰਕਲ ਜੀ ਨੇ ਮੈਨੂੰ? ਹੇ ਰੱਬਾ! ਮੈਨੂੰ ਬਚਾਈਂ ਰੱਖੀਂ ਇਹਨਾਂ ਭੈੜੀਆਂ ਅਲਾਮਤਾਂ ਤੋਂ।
ਮੇਰਾ ਮਨ ਏਨਾ ਉਚਾਟ ਹੋ ਗਿਆ ਕਿ ਮੇਰਾ ਜੀ ਕੀਤਾ ਕਿ ਇਸ ਲੱਗ-ਲਿਬੇੜ ਨੂੰ ਲੱਤ ਮਾਰ ਕੇ ਆਪਣੇ ਸੋਨ-ਸੁਨਹਿਰੇ ਅਣਲੱਗ ਸਭਿਆਚਾਰ ਵਿੱਚ ਦੌੜ ਜਾਵਾਂ। ਆਪਣੇ ਮਿੱਠੇ ਕੌੜੇ ਤਜਰਬੇ ਸਾਂਝੇ ਕਰਨ ਲਈ ਘਰ ਵੀਡੀਓ ਕਾਨਫ੍ਰੰਸ ਮਿਲਾਉਂਦੀ ਹਾਂ। ਮੇਰੀ ਸ਼ਕਾਇਤ ਸੁਣ ਕੇ ਬੀ ਜੀ ਦੇ ਮੱਥੇ ਤੇ ਤੀਊੜੀਆਂ ਉੱਭਰ ਆਈਆਂ ਹਨ। ਉਹ ਤੈਸ਼ ਜਿਹੇ ਵਿੱਚ ਆ ਗਏ ਦਿੱਸਦੇ ਹਨ। ਭੋਲੀ, ਮੀਨਾ ਤੇ ਰਿੰਕੂ ਹੱਸ ਰਹੇ ਹਨ।
'ਸ਼ੁਕਰ ਕਰ ਬੇਟੀ ਤੂੰ ਟਿਕਾਣੇ ਪਹੁੰਚ ਗਈ। ਅਸੀਂ ਗੰਗਾ ਨਹਾਤਾ। ਔਹ ਵੇਖ ਤਿੱਮੋ-ਪੁਰੀਆਂ ਦੀ ਕੁੜੀ ਪਤਾ ਨਹੀਂ ਵਿਚਾਰੀ, ਕਿਹੜੇ ਖੂਹ-ਖਾਤੇ ਧੱਕਾ ਦੇ ਤਾ ਖੇਹ ਹੋਣਿਆਂ ਨੇ। ਪੰਦਰਾਂ ਲੱਖ ਵੀ ਦੇ ਗਵਾਇਆ। ਕੁੜੀ ਵਿਚਾਰੀ ਛੇ ਮਹੀਨੇ ਹੋਗੇ ਰਾਹਾਂ ਜੰਗਲਾਂ 'ਚ ਧੱਕੇ ਖਾਦੀ, ਕਿਸੇ ਸਿਰੇ ਬੰਨੇ ਨਹੀਂ ਲੱਗੀ। ਕਹਿੰਦੇ ਮਰੀਕਾ ਬਾਡਰ ਤੇ ਪਹੁੰਚੀ ਹੋਈ ਹੈ, ਜਦੋਂ ਕਿਤੇ ਦਾਅ ਲੱਗੂ ਰਾਤ ਬਰਾਤੇ ਪਾਰ ਕਰਾਉਣ ਗੇ। ਘਰੋਂ ਘਰ ਗਵਾਇਆ, ਬਾਹਰੋਂ ਭੜਵਾ ਅਖਵਾਇਆ। ਢੱਕੀ ਹੀ ਰਿੱਝਣ ਦੇ... ਪੀ ਜਾ। ਕਿਤੇ ਧੂੰਆਂ ਨਾ ਕੱਢੀਂ ਮੇਰੀ ਰਾਣੀ ਧੀ। ਆਪਣੇ ਅੰਕਲ ਜੀ ਨੂੰ ਦੱਸ, ਜੇ ਕੋਈ ਦੁੱਖ ਤਕਲੀਫ਼ ਹੈ ਤਾਂ। ਉਹ ਦੇਵਤਾ ਹੈ ਤੇਰੇ ਸਾਰੇ ਦੁੱਖਾਂ ਦਾ ਅੰਮ੍ਰਿਤਧਾਰਾ... ਛਤਰੀ ਹੈ ਤੇਰੀ, ਧੁੱਪ ਲੂ ਤੋਂ ਬਚਣ ਲਈ ਛਤਰੀ ਦੀ ਛਾਂ ਹੀ ਕੰਮ ਆਉਂਦੀ ਹੈ।' ਅੰਕਲ ਜੀ ਨਾਲ ਆਪਣਾ ਡਰ ਪ੍ਰਗਟਾਉਂਦੀ ਹਾਂ। ਉਨ੍ਹਾਂ 'ਹਿਨਾ ਰੰਗ ਦੇਤੀ ਹੈ ਪੱਥਰ ਪੇ ਘਿਸ ਜਾਣੇ ਕੇ ਬਾਦ, ਇਨਸਾਨ ਬਣਤਾ ਹੈ ਠੋਕਰਾਂ ਖਾਣੇ ਕੇ ਬਾਦ।... ਕਮਲ ਫੁੱਲ ਜਿਹਾ ਚਰਿੱਤਰ ਉਸਾਰੋ, ਜੋ ਚਿੱਕੜ ਵਿੱਚ ਉੱਗ ਕੇ ਵੀ ਆਪ ਹੱਸਦਾ ਲੋਕਾਂ ਨੂੰ ਹਸਾਉਂਦਾ ਹੈ।' ਪ੍ਰਵਚਨ ਸੁਣਾ ਕੇ ਮੇਰਾ ਮੂੰਹ ਬੰਦ ਕਰ ਦਿੱਤਾ ਸੀ।
ਕਲਾਸਾਂ ਪੂਰੇ ਜੋਰ ਸ਼ੋਰ ਨਾਲ ਸ਼ੁਰੂ ਹੋ ਗਈਆ। ਪ੍ਰਾਧਿਆਪਕ ਆਪਣਾ ਸਿਲੇਬਸ ਮੁਕੰਮਲ ਕਰਨ ਲਈ ਸ਼ਤਾਬਦੀ ਰੇਲ ਗੱਡੀ ਜਿਹੀ ਰਫ਼ਤਾਰ ਤੇ ਚੱਲ ਕੇ ਆਪਣੇ ਘੰਟੇ ਪੂਰੇ ਕਰਦੇ ਜਾ ਰਹੇ ਸਨ। ਨਿਯਮ ਏਨੇ ਸਖ਼ਤ ਕਿ ਕੋਈ ਉੱਠ ਕੇ ਸਵਾਲ ਪੁੱਛਣ ਦੀ ਜੁਰਅਤ ਵੀ ਨਹੀਂ ਸੀ ਕਰਦਾ ਕਿ ਕਿਤੇ ਜ਼ਾਬਤੇ ਦੀ ਉਲੰਘਣਾ ਸਮਝ ਕੇ ਕਾਲਜ ਤੋਂ ਹੀ ਨਾ ਛੁੱਟੀ ਹੋ ਜਾਏ ਜਿਸ ਦਾ ਮਤਲਬ ਦੇਸ਼-ਨਿਕਾਲਾ ਵੀ ਤਾਂ ਹੋ ਸਕਦਾ ਸੀ। ਕਈ ਵੇਰਾਂ ਵੇਰਾਂ ਮੇਰਾ ਧਿਆਨ 'ਆਸਿਫ ਵੱਲ ਚਲੇ ਜਾਦਾ। ਉਹ ਤਿਰਛੀ ਨਜ਼ਰੇ ਮੇਰੇ ਵੱਲ ਵੇਖ ਰਿਹਾ ਹੁੰਦਾ ਪਰ ਮੇਰੇ ਵੇਖਣ ਤੇ ਬੜੀ ਹੁਸ਼ਿਆਰੀ ਨਾਲ ਪ੍ਰੋਫੈਸਰ ਵੱਲ ਨੀਝ ਲਗਾਈ ਲੈਕਚਰ ਵਿੱਚ ਖੁਭਿਆ ਇਕਾਗਰਤਾ ਜ਼ਾਹਿਰ ਕਰਦਾ। ਚਲੋ ਇਸ ਕੋਲੋਂ ਸਮਝ ਲਵਾਂ ਗੇ, ਹੁਸ਼ਿਆਰ ਮੁੰਡਾ ਜਾਪਦਾ ਹੈ। ਮੈਂ ਅਵੇਸਲੀ ਜਿਹੀ ਹੋ ਜਾਂਦੀ।
ਭੀਲਣੀ ਕੋਲ ਜਾ ਕੇ ਦੁੱਖ ਸੁੱਖ ਫੋਲਣ ਦਾ ਵੀ ਮੇਰਾ ਮਨ ਡਾਢਾ ਵਿਆਕਲ ਹੋ ਰਿਹਾ ਸੀ। ਮੇਰੀ ਇਹ ਮੁਸ਼ਕਲ ਵੀ 'ਆਸਿਫ ਹੀ ਹੱਲ ਕਰ ਸਕਦਾ ਹੈ। ਮੇਰਾ ਮਨ ਉਸ ਦੀ ਤਲਬ ਲਈ ਕਾਹਲਾ ਪੈਣ ਲਗਦਾ। ਕੇਹਾ ਨੌਂ-ਜਵਾਨ ਛੋਕਰਾ ਹੈ ਇਹ! ਜੋ ਇਕ ਚਿਣਗ-ਚੁਆਤੀ ਜਿਹੀ ਲਗਾ ਕੇ ਫਿਰ ਜਿਵੇਂ ਸੱਪ ਹੀ ਸੁੰਘ ਗਿਆ... ਅੱਖਾਂ ਹੀ ਨਹੀਂ ਮਿਲਾਉਂਦਾ ਮੇਰੇ ਨਾਲ।
ਕਾਲਜ ਵਿੱਚ ਅਕਾਦਮਿਕ ਪੜ੍ਹਾਈ ਤੋਂ ਬਿਨਾ ਹੋਰ ਵਧੇਰੇ ਅਨੋਖੀਆਂ ਕਲਾਕ੍ਰਿਤਾਂ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਸੰਗੀਤ, ਡਾਂਸ, ਜੁੱਡੋ-ਕਰਾਟੇ, ਸੋਕਰ, ਤੰਬੋਲਾ, ਇਨ-ਡੋਰ ਖੇਡਾਂ ਸਾਰਾ ਸਮਾਂ ਕਿਧਰੇ ਨਾ ਕਿਧਰੇ ਉਲਝਾਈ ਰੱਖਦੀਆਂ ਹਨ। ਸ਼ਰਾਰਤਾਂ ਕਰਨ ਤਾਂ ਕੀ, ਇੱਥੇ ਸਿਰ ਖੁਰਕਣ ਨੂੰ ਵੀ ਵਿਹਲ ਨਹੀਂ ਪਰ ਉਸ ਵਾਸਤੇ ਜੋ ਇਹ ਸਿੱਖਣਾ ਚਾਹੁੰਦਾ ਹੈ। ਜੋ ਇਸ ਵਿੱਚ ਦਿਲਚਸਪੀ ਨਹੀਂ ਰੱਖਦੇ ਉਨ੍ਹਾਂ ਲਈ ਤਾਂ ਪੌਂ-ਬਾਰਾਂ ਹੀ ਹਨ, ਜਿੱਥੇ ਮਰਜ਼ੀ ਜਾਓ, ਆਵਾਰਾ-ਗਰਦੀ ਕਰੋ। ਕਾਲਜ ਪਹਿਰਾਵੇ ਵਾਸਤੇ ਵੀ ਡਰੈੱਸ ਦੀ ਇਕ ਮਾਣ ਮਰਯਾਦਾ ਹੈ ਜਿਸ ਰਾਹੀਂ ਭੜਕੀਲੇ ਲਿਬਾਸ ਵਿਵਰਜਿਤ ਹਨ। ਹਫਤੇ ਦੇ ਇੱਕ ਨਿਰਧਾਰਤ ਦਿਨ ਨੂੰ ਖੁੱਲ੍ਹ ਹੁੰਦੀ ਹੈ ਜੋ ਮਰਜ਼ੀ ਪਾਓ, ਅਪਣਾਓ ਜਾਂ ਨਾ ਪਾਓ, ਤੁਹਾਡੀ ਮਰਜ਼ੀ।
ਘਰੇਲੂ ਇਮਤਿਹਾਨ ਮੁਕੰਮਲ ਕਰਨ ਦਾ ਜਸ਼ਨ ਸਾਰੀ ਕਲਾਸ ਨੇ ਰਲ ਕੇ ਮਨਾਉਣ ਦਾ ਫੈਸਲਾ ਹੋ ਗਿਆ। ਟੈਸਟ ਵਿੱਚੋਂ ਪਾਸ ਹੋ ਕੇ ਸਾਰੇ ਸਿਖਿਆਰਥੀਆਂ ਨੇ ਯੂਥ ਫੈਸਟੀਵਲ ਮਨਾਇਆ। ਇਸ ਸਾਰੇ ਪ੍ਰੋਗਰਾਮ ਦਾ ਖਰਚਾ 'ਆਸਿਫ' ਵੱਲੋਂ ਸਪਾਂਸਰ ਸੀ ਤੇ ਉਸੇ ਨੇ ਹੀ ਸਾਰਿਆਂ ਨੂੰ ਦਾਅਵਤ ਦਿੱਤੀ ਸੀ।
ਸਾਰੇ ਉਸ ਨੂੰ ਗਲੇ ਲੱਗਦੇ ਵਧਾਈ ਦਿੰਦੇ ਧੰਨਵਾਦ ਕਰ ਰਹੇ ਸਨ। ਹਾਲ ਵਿੱਚ ਭੜਕੀਲੀਆਂ ਰੌਸ਼ਨੀਆਂ ਦਾ ਸਮੁੰਦਰ ਡਲ੍ਹਕ ਰਿਹਾ ਸੀ। ਸਾਹਮਣੇ ਕੰਧ ਤੇ ਵੱਡੀ ਸਾਰੀ ਸਕਰੀਨ ਉੱਪਰ ਰੰਗਾ-ਰੰਗ ਪ੍ਰੋਗਰਾਮ ਚੱਲ ਰਹੇ ਸਨ। ਰੰਗ-ਬਰੰਗੀਆਂ ਚਾਨਣੀਆਂ ਵਿੱਚ ਲਬਰੇਜ਼ ਉਤਸੁਕ ਚਿਹਰੇ ਕੁਝ ਕਰ ਕਤਰਨ ਦੀ ਤਾਕ ਵਿੱਚ ਉਤਾਵਲੇ ਬਾਵਰੇ ਹੋ ਰਹੇ ਸਨ। ਵਾਈਨ ਵਿਸਕੀ ਦੀ ਰਲਵੀਂ ਗੰਧ ਮੇਰੇ ਨਾਸਾਂ ਨੂੰ ਚੜ੍ਹਦੀ ਜਾਦੂ ਕਰ ਰਹੀ ਸੀ। ਕੀ ਇਹ ਕੋਈ ਵਿਆਹ ਦਾ ਜਸ਼ਨ ਸੀ ਜਾਂ ਪੜ੍ਹਾਕੂਆਂ ਦੀ ਮਿਲਨੀ? ਮੈਂ ਚਕਾਚੌਂਧ ਹੋ ਰਹੀ ਸਾਂ।
ਰੌਸ਼ਨੀਆਂ ਦੇ ਉਹਲੇ ਹਨੇਰਾ ਸੀ ਤੇ ਹਨੇਰੇ ਵਿੱਚ ਮੈਂ ਖੜ੍ਹੀ ਸਾਂ ਇਕੱਲੀ ਆਪਣੇ ਆਪ ਨੂੰ ਝੂਰਦੀ ਪਛਤਾਉਂਦੀ। ਨਾਸ਼ਤਾ ਕਰਕੇ ਸਾਰੇ ਸਾਥੀ ਡਾਂਸਿੰਗ ਫਰਸ਼ ਵੱਲ ਜਾ ਚੁੱਕੇ ਸਨ। ਮੇਰੀਆਂ ਨਜ਼ਰਾਂ ਸਾਰੇ ਹਮਜੋਲੀਆਂ ਦੀਆਂ ਹਰਕਤਾਂ ਪੜ੍ਹ ਰਹੀਆਂ ਸਨ। ਕਾਰਲੀ, ਸੈਮ, ਪੈਨਵੀ ਆਦਿ ਸਾਰੇ ਕਲਬੂਤਾਂ ਤੋਂ ਤਿਲਕਦੀਆਂ ਮੇਰੀਆਂ ਨਜ਼ਰਾਂ ਐਰਿਕਾ ਤੇ ਨਦੀਮਾ ਤੇ ਜਾ ਅਟਕੀਆਂ। ਉਹ ਵੀ ਸਲਵਾਰ ਕਮੀਜ਼ ਬੁਰਕੇ ਦੀ ਬਿਜਾਏ ਸ਼ਾਰਟਸ ਵਿੱਚ ਖੜੀਆਂ ਜਿਵੇਂ ਵਾਰਮ ਅਪ ਹੋ ਰਹੀਆਂ ਸਨ। ਮੈਂ ਉਨ੍ਹਾਂ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ। ਡਾਂਸ ਖੂਬ ਮਘ ਚੁੱਕਿਆ ਸੀ। ਜੋਬਨ ਭਰਪੂਰ ਅੱਡੀਆਂ ਨਾਲ ਧਰਤੀ ਹਿੱਲਦੀ ਕੰਬਦੀ ਜਾ ਰਹੀ ਸੀ। ਮੈਂ ਇਕੱਲੀ ਦੁਚਿੱਤੀ ਘੜਮੱਸ 'ਚ ਪਾਸੇ ਖੜ੍ਹੀ ਇਹ ਸਭ ਕੁਝ ਵੇਖ ਕੇ ਆਪਣੇ ਆਪ ਵਿੱਚ ਗਰਕ ਹੁੰਦੀ ਜਾ ਰਹੀ ਸੀ।
'ਹੈਲੋ! ਡਾਰਲ, ਹਾਊ ਡੂ ਯੂ ਡੂ?' ਆਸਿਫ ਹੱਥ ਵਿੱਚ ਕੜਾ ਉਭਾਰਦਾ ਮੇਰੇ ਸਾਹਮਣੇ ਖੜ੍ਹਾ ਮੈਨੂੰ ਝੰਜੋੜ ਰਿਹਾ ਸੀ।
'ਥੈਂਕ ਯੂ, ਆ..ਈ ਐੱਮ ਫਾਈਨ।' ਸਲੀਕੇ ਦੇ ਜੁਆਬ ਵਿੱਚ ਮੈਂ ਮੁਸਕਾਨ ਭਰੀ।
'ਏਹੋ ਜਿਹੇ ਕੁੰਭ ਵਿੱਚ ਨੱਚਣਾ ਪੁੰਨ ਹੋਤਾ ਹੈ। ਸੌ ਜਨਮਾਂ ਕੇ ਫਲ ਮਿਲਦੇ ਨੇ ਇੱਥੇ ਡੈਂਸ ਕਰਨ ਨਾਲ।' ਉਸ ਨੇ ਦ੍ਰਿੜ ਆਤਮਵਿਸ਼ਵਾਸ ਨਾਲ ਉਰਦੂ ਪੰਜਾਬੀ ਮਿਲਗੋਭਾ ਬੋਲਣ ਦਾ ਡਰਾਮਾ ਕਰਦੇ ਮੈਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ। ਮੈਂ ਉਸ ਦੀਆਂ ਅੱਖਾਂ ਵਿੱਚੋਂ ਕਿਆਸੇ ਹੋਏ ਖਤਰਨਾਕ ਸੁਨੇਹੇ ਪੜ੍ਹੇ ਪਰ ਮੈਂ ਬੁੱਲ੍ਹਾਂ ਤੇ ਝੂਠੀ ਜਿਹੀ ਮੁਸਕਾਨ ਧਰਦੇ ਸਿਰ ਫੇਰ ਦਿੱਤਾ।
'ਮੈਂ ਸ਼ੇਰ ਬੱਚੀ ਆਂ ਮੈਂ ਸ਼ੇਰ, ਸੀਰਮੇ ਪੀ ਜਾਊਂ। ਇਹਨਾਂ ਰੂੜ੍ਹੀਆਂ ਵੱਲ ਮੈਂ ਨੀਂ ਝਾਕਦੀ। ਮੈਂ ਨਹੀਂ ਵੜਦੀ ਇਸ ਕੰਜਰਖ਼ਾਨੇ ਵਿੱਚ। ਮੈਂ ਨਹੀਂ ਇਸ ਬਜ਼ਾਰ ਦੀ ਮੂਲ਼ੀ। ਹੱਥ ਨਾ ਲਾਵੀਂ ਮੈਨੂੰ। ਇਹ ਕੋਈ ਚੰਗਾ ਚੱਜ-ਆਚਾਰ ਨਹੀਂ।' ਮੈਂ ਅੱਖਾਂ ਵਿੱਚ ਬਦਰੰਗਾ ਜਿਹਾ ਰੋਹ ਭਰ ਲਿਆ।
'ਵੇਖ ਲਈਆਂ ਨੇ ਮੈਂ ਤੇਰੀਆਂ ਸ਼ੇਰ ਬੱਚੀਆਂ ਕੱਲ੍ਹ ਸੜਕਾਂ ਤੇ ਲੇਟਦੀਆਂ ਨੰਗ-ਧੜੰਗੀਆਂ, ਝਾਟੇ ਖਿਲਾਰਦੀਆਂ। ਕੁੱਲ ਦੁਨੀਆ ਉਨ੍ਹਾਂ ਦਾ ਤਮਾਸ਼ਾ ਵੇਖਦੀ ਸੜਕਾਂ ਤੇ ਖਲੋ ਕੇ।' ਉਹ ਮੱਥੇ ਤੀਊੜੀਆਂ ਭਰਦਾ ਠਹਾਕਾ ਮਾਰਦਾ ਹੱਸਿਆ।
.ਲੈਹਣੇ ਦੇ ਦੇਣੇ ਪੈ ਗਏ। ਮਾਰਫ਼ੀਏ ਦੇ ਟੀਕੇ ਜਿਹੀ ਉਸ ਦੀ ਚੋਭ ਮੈਨੂੰ ਪੈਰ ਦੀ ਚੀਚੀ ਤੱਕ ਝਰਨਾਹਟ ਫੇਰ ਗਈ। ਉਸ ਦਾ ਤਕੜੀ ਗਾਲ ਜਿੱਡਾ ਮਿਹਣਾ ਮੇਰੀਆਂ ਅੱਖਾਂ ਦੀ ਰੜਕ ਬਣ ਗਿਆ। ਮੇਰੇ ਆਤਮਕ ਬਲ ਤੇ ਮਾਣ ਮਰਯਾਦਾ ਰੇਤ ਦੀਆਂ ਕੰਧਾਂ ਵਾਂਗ ਥਿੜਕ ਗਈ।
ਮੈਂ ਪਲ ਦੀ ਪਲ ਸੋਚੀਂ ਪੈ ਗਈ। ਪਿਛਲੇ ਹਫਤੇ ਟੀ. ਵੀ. ਤੇ ਖ਼ਬਰਾਂ ਵਿੱਚ ਪਟਿਆਲੇ ਹੋਟਲ ਦਾ ਸੀਨ ਜਿਸ ਵਿੱਚ ਕਾਲਜ ਦੇ ਨੌਜਵਾਨ ਕੁੜੀਆਂ ਮੁੰਡਿਆਂ ਦਾ ਇਕ ਟੋਲਾ ਸ਼ਰਾਬ ਦੇ ਨਸ਼ੇ ਵਿੱਚ ਮਦਹੋਸ਼ ਖਰਮਸਤੀ ਕਰ ਰਿਹਾ ਸੀ। ਅਧ-ਨੰਗੀਆਂ ਅਮੀਰਜ਼ਾਦੀਆਂ ਆਪਣੇ ਕੱਪੜੇ ਪਾੜਦੀਆਂ, ਹਾਕਰਾਂ ਮਾਰਦੀਆਂ, ਬੱਕਰੇ ਬੁਲਾਉਂਦੀਆਂ, ਪੁਲਸੀਆਂ ਨੂੰ ਵੰਗਾਰਦੀਆਂ ਉਨ੍ਹਾਂ ਦੇ ਗਲ ਪੈ ਰਹੀਆਂ ਸਨ। ਇਹ ਸਥਾਨੀਕਰਨ ਦਾ ਵਿਸ਼ਵੀਕਰਨ ਹੋ ਚੁੱਕਾ ਹੈ ਅਤੇ ਵਿਸ਼ਵੀਕਰਨ ਦਾ ਸਥਾਨੀਕਰਨ। ਕੋਈ ਫਰਕ ਨਹੀਂ, ਕੋਈ ਪਾੜਾ ਹੀ ਨਹੀਂ ਰਿਹਾ, ਤਾਂ ਫਿਰ ਮੈਨੂੰ ਕੋਈ ਕੀ ਕਹੂ? ਮੇਰੀ ਹਉਮੈ ਨੇ ਕਰਵਟ ਲਈ।
'ਕਮ ਆਨ, ਮੈਨੂੰ ਪਤੈ ਤੇਰਾ ਭਾਰਤੀ ਕਲਚਰ ਇਹ ਇਜਾਜ਼ਤ ਨਹੀਂ ਦਿੰਦਾ ਪਰ ਤੂੰ ਹੁਣ ਅਮਰੀਕਾ ਵਿੱਚ ਹੈਂ ਤੇ ਜਿੱਥੇ ਜਾਈਏ ਉੱਥੇ ਦਾ ਵੇਸ, ਭਾਸ਼ਾ ਤੇ ਬੋਲੀ ਜਾਨਣੀ ਬੋਲਣੀ ਜਰੂਰੀ ਹੁੰਦੀ ਹੈ, ਨਹੀਂ ਤੇ ਇਹ ਲੋਕ ਤੁਹਾਨੂੰ ਅਨਾੜੀ ਜਾਂਗਲੀ ਕਹਿਣ ਗੇ। ਜਾਂ ਇਹ ਕਹਿਣ ਗੇ ਕਿ ਤੇਰੇ ਵਿੱਚ ਕੋਈ ਕਮੀ ਹੈ ਜੋ ਤੇਰਾ ਕੋਈ ਬੁਆਏ ਫ੍ਰੈਂਡ ਨਹੀਂ। ਕੀ ਤੂੰ ਏਨੀ ਆਕਰਸ਼ਿਕ ਜਾਂ ਸਮਰੱਥ ਨਹੀਂ ਕਿ ਕਿਸੇ ਨਾਲ ਦੋਸਤੀ ਪਾ ਸਕੇਂ? ਜਾਂ ਤੂੰ ਏਨੀ ਹੀ ਗਈ ਗੁਜਰੀ ਹੈਂ ਕਿ ਕੋਈ ਤੇਰੇ ਨਾਲ ਦੋਸਤੀ ਕਰਨਾ ਪਸੰਦ ਨਹੀਂ ਕਰਦਾ? ਵੇਖ! ਲੋਕ ਕਿੱਦਾਂ ਫਨ ਕਰ ਰਹੇ ਹਨ ਤੇ ਤੂੰ ਇਕੱਲੀ! ਛੱਡ ਦੇਹ ਇਹ ਸਨਾਤਨ ਕੱਟੜਤਾ ਤੇ ਕਠੋਰਤਾ ਵਾਲਾ ਪੁਰਾਣਾ ਦ੍ਰਿਸ਼ਟੀਕੋਣ। ਲੱਚਕਤਾ ਤੇ ਨਰਮਾਈ ਅਜ ਕਲ ਸਮੇਂ ਦੀ ਲੋੜ ਹਨ।'
ਮੈਂ ਹਾਰ ਚੁੱਕੀ ਸਾਂ। ਮੈਂ ਆਪਣਾ ਆਪ ਕਿਸਮਤ ਦੇ ਅਰਪਣ ਕਰ ਦਿੱਤਾ। ਉਸ ਨੇ ਮੇਰੀ ਬਾਂਹ ਫੜ ਕੇ ਨਾਲ ਲਾ ਲਈ ਤੇ ਡਾਂਸਿੰਗ ਫਰਸ਼ ਉੱਪਰ ਹਜੂਮ ਵਿੱਚ ਸ਼ਾਮਲ ਹੋ ਗਏ। 'ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ, ਡਾਕਾ ਤਾਂ ਨਹੀਂ ਮਾਰਿਆ।' ਸੰਗੀਤ ਨਾਲ ਪੈਰ ਆਪੇ ਟਪਕਣ ਲੱਗ ਗਏ। ਉਹ ਮੇਰੀਆਂ ਅੱਖਾਂ ਵਿੱਚ ਉੱਤਰ ਗਿਆ।
ਮੈਂ ਨੱਚਦੀ ਨੱਚਦੀ ਪਸੀਨੋਂ-ਪਸੀਨੀ ਹੋਈ ਹਫ ਗਈ। ਏਨੀ ਨੱਚੀ ਕਿ ਮਾਣੋ-ਚਾਹਲ ਦੇ ਮੇਲੇ ਵਾਲੇ ਤੀਆਂ ਸਾਵੇਂ ਵੀ ਪਿੱਛੇ ਰਹਿ ਗਏ। ਨਾਲ ਦੇ ਸਾਥੀ ਥੱਕ ਟੁੱਟ ਕੇ ਹਟਦੇ ਰਹੇ ਪਰ ਮੈਂ ਨਹੀਂ ਹਟੀ। ਉੱਖਲੀ 'ਚ ਸਿਰ ਦਿੱਤਾ ਤਾਂ ਦੋ ਸੱਟਾਂ ਵੱਧ ਕੀ ਤੇ ਘੱਟ ਕੀ। 'ਆਸਿਫ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਮੈਂ ਉਸ ਨੂੰ ਵੀ ਨਜ਼ਰ-ਅੰਦਾਜ਼ ਕਰ ਦਿੱਤਾ। 'ਲਾਹ ਲੈਣ ਦੇਹ ਅੱਜ ਮੈਨੂੰ ਡੰਝਾਂ, ਅਮਰੀਕਾ ਵਾਲੀਆਂ ਤੇ ਪੰਜਾਬ ਵਾਲੀਆਂ ਸਾਰੀਆਂ।'
ਉਹ ਮੈਨੂੰ ਕਲਾਵੇ ਵਿੱਚ ਲੈ ਕੇ ਕਾਊਂਟਰ ਵੱਲ ਹੋ ਤੁਰਿਆ। ਉਸ ਦੀ ਬਗਲ ਵਿੱਚੋਂ ਤਿੱਖੀ ਨੋਕ ਮੇਰੀ ਵੱਖੀ ਚੋਭ ਗਈ ਤੇ ਮੇਰੀ ਚੀਕ ਨਿਕਲ ਗਈ। ਮੈਂ ਪਲ ਦੀ ਪਲ ਸਮਝੀ ਕਿ ਇਹ ਗਾਤਰਾ ਹੈ। ਮਨ ਵਿੱਚ ਕੁਝ ਕੁਝ ਧਰਵਾਸ ਬੰਨ੍ਹਿਆ ਕਿ ਸ਼ੁਕਰ ਹੈ ਗੁਰੂ ਦਾ ਪਿਆਰਾ ਸਿੱਖ ਮਿਲਿਆ ਹੈ, ਮੇਰੀ ਇੱਜ਼ਤ ਪਤ ਲਾਜ ਰੱਖੇ ਗਾ। ਅਗਲੇ ਹੀ ਪਲ ਮੇਰੀਆਂ ਧਾਰਨਾਵਾਂ ਨੇ ਦਮ ਤੋੜ ਦਿੱਤਾ ਜਦ ਉਸ ਨੇ ਸਿਗਰਟ ਸੁਲਗਾਈ ਤੇ ਧੂੰਏਂ ਦਾ ਫੁਰਕੜਾ ਮੇਰੇ ਮੂੰਹ ਤੇ ਦੇ ਮਾਰਿਆ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਜਾਪੀ।
'ਗਲ ਗਾਤਰਾ, ਹੱਥ ਕੜਾ ਤੇ ਇਹ ਸਿਗਰਟ! ਇਹ ਕੀ ਮੇਲ? ਇਹ ਕੀ ਛਲਾਵਾ?' ਮੈਂ ਮੱਥੇ ਤੀਊੜੀਆਂ ਪਾ ਕੇ ਉਸ ਨੂੰ ਪਿੱਛੇ ਝਟਕ ਦਿੱਤਾ।
'ਆਹ ਵੇਖ ਲੈ ਇੱਧਰ! ਮੋਟੀ ਭਾਰੀ ਅਫ਼ਰੀਕਣ ਸਮੈਕ ਦੇ ਸੂਟ੍ਹੇ ਭਰਦੀ, ਔਹ ਗਿਲਾਸ ਉਲਾਰਦਾ ਗੋਰਾ ਉਸ ਦਾ ਪਹਿਲਾ ਖ਼ਸਮ, ਨਾਲ ਖੜਾ ਕਾਲਾ ਹਬਸ਼ੀ ਗੁੰਦੀਆਂ ਮੀਂਡੀਆਂ ਵਾਲਾ ਉਸ ਦਾ ਅਣਵਿਆਹਿਆ ਜਵਾਈ, ਲਾਗੇ ਖੜੀ ਸੁੰਦਰ ਚਿੱਟੀ ਗੋਰੀ ਡੋਨਟ ਚੂੰਡਦੀ ਉਸ ਦੀ ਲੜਕੀ ਤੇ ਇਹ ਜਪਾਨੀ ਫੀਨ੍ਹਾ ਉਸ ਦਾ ਦੂਜਾ ਖਸਮ! ਸਾਰੇ ਮਿਲਗੋਭਾ ਨਸਲ ਜਾਤੀ ਦਾ ਵੰਸ਼! ਇਹ ਸਾਰਾ ਉਸੇ ਦਾ ਹੀ ਕੋੜਮਾ ਹੈ ਤੇ ਵੇਖ ਜੇ ਏਸੇ ਰਫ਼ਤਾਰ ਨਾਲ ਇਹ ਸਬੰਧ ਮਿਲਦੇ ਰਹੇ ਤਾਂ ਸਾਰੀ ਦੁਨੀਆ ਇਕਸਾਰ ਹੋ ਜਾਣੀ ਤੇ ਤੇਰੇ ਵਰਗੀਆਂ ਪਿਛਲੱਗ ਵੇਖਦੀਆਂ ਝੂਰਦੀਆਂ ਰਹਿ ਜਾਣੀਆਂ ਨੇ।' ਉਸ ਨੇ ਖਿੱਚ ਕੇ ਮੇਰੇ ਹੱਥ ਗਿਲਾਸੀ ਫੜਾ ਕੇ ਮਜ਼ਮੂਨ ਨੂੰ ਉਲਟਾ-ਪੁਲਟਾ ਕਰ ਦਿੱਤਾ।
'ਗੁਰਬਖਸ ਸਿੰਘ ਪ੍ਰੀਤ ਲੜੀ ਦਾ ਸਿਧਾਂਤ ਇਹ ਲੋਕ ਅਪਨਾ ਰਹੇ ਨੇ ਜਾਂ ਉਸ ਨੇ ਹੀ ਇਹਨਾਂ ਲੋਕਾਂ ਵੱਲ ਵੇਖ ਕੇ ਆਪਣਾ ਸਿਧਾਂਤਿਕ ਸੁਪਨਾ ਸਿਰਜਿਆ ਸੀ ਕਿ ਸੈਕਸ ਵੀ ਰੋਟੀ ਪਾਣੀ ਦੀ ਤਲਬ ਵਾਂਗ ਇਕ ਭੁੱਖ ਹੈ ਤੇ ਆਪਣੀ ਧੀ/ਪਿਓ, ਭੈਣ/ਭਰਾ ਨੂੰ ਛੱਡ ਕੇ ਇਹ ਮਿਟਾਉਣ ਦੀ ਖੁੱਲ ਹੋਣੀ ਚਾਹੀਦੀ ਹੈ। ਪਰ ਹੁਣ ਤਾਂ ਲੋਕ ਧੀ ਭੈਣ ਦੀ ਹੱਦ ਗੁਰਬਖਸ-ਕਾਰ ਤੋਂ ਵੀ ਅੱਗੇ ਲੰਘ ਗਏ ਨੇ। ਧੀਆਂ ਭੈਣਾਂ ਨਾਲ ਵੀ ਬਲਾਤਕਾਰ ਦੀਆਂ ਖ਼ਬਰਾਂ ਆਮ ਸੁਣਨ ਨੂੰ ਮਿਲਦੀਆਂ ਹਨ।' ਪ੍ਰੀਤ ਨਗਰ ਵੱਲ ਦੀ ਮੇਰੀ ਸੋਚ-ਉਡਾਰੀ ਸੰਗੀਤ ਦੇ ਸ਼ੋਰ-ਸ਼ਰਾਬੇ ਵਿੱਚ ਓਝਲ ਹੋ ਗਈ। ਹੁਣ ਤੱਕ ਮੇਰੀਆਂ ਅੱਖਾਂ ਦੀਆਂ ਪੁਤਲੀਆਂ ਤੇ ਦਿਮਾਗ਼ ਦੇ ਖਾਨੇ ਇਸ ਨਜ਼ਰੀਏ ਤੱਕ ਢਲ ਗਏ ਕਿ ਮੈਨੂੰ ਬੀਚ ਤੇ ਲੇਟਦੀ ਨਗਨਤਾ ਤੇ ਇਸ ਹਾਲ ਦਾ ਸਚਿੱਤਰ ਪ੍ਰਦਰਸ਼ਨ ਅਸ਼ਲੀਲ ਨਹੀਂ ਜਾਪਦਾ ਸਗੋਂ ਸੁੰਦਰਤਾ ਦੀ ਵਿਸ਼ਾਲ ਨੁਮਾਇਸ਼ ਦਿਸ ਰਹੀ ਸੀ। ਦੁਧਾਮੀ ਨਾਲ ਤਾਂ ਮੈਨੂੰ ਖੁੰਧਕ ਹੈ ਭੀਲੋ ਕਰਕੇ, ਪਰ ਕਾਲੇ ਕਾਲੇ ਸਡੌਲ ਕੱਸੇ ਤੇ ਮੋਟੇ ਮੋਟੇ ਨੈਣ-ਨਕਸ਼ਾ ਵਾਲੇ ਕਾਲੇ ਜਿਸਮ ਵੀ ਹੁਣ ਮੈਨੂੰ ਸੁੰਦਰ ਦਿਸਣ ਲੱਗੇ ਹਨ।
'ਫੜ੍ਹ! ਸੰਜੀਵਨੀ ਬੂਟੀ ਹੈ ਇਹ... ਕਈ ਬਿਮਾਰੀਆਂ ਦਾ ਇਲਾਜ। ਲੱਕੜ ਪੱਥਰ ਹਜ਼ਮ ਕਰਨ ਲਈ ਵਡਮੁੱਲਾ ਚੂਰਨ। ਇਸ ਤੋਂ ਬਗੈਰ ਅਮਰੀਕਾ ਦੀ ਰੋਟੀ ਹਜ਼ਮ ਨਹੀਂ ਹੁੰਦੀ।' ਉਸ ਦੀ ਚਟਪਟੀ ਉਤੇਜਨਾ ਨਾਲ ਬੁੱਲ੍ਹਾਂ ਨੂੰ ਲੱਗੀ ਗਲਾਸੀ ਮੈਂ ਥੂ ਥੂ ਕਰਦੀ ਇਕੇ ਸਾਹੇ ਖਾਲੀ ਕਰ ਦਿੱਤੀ।
'ਲੈ ਫੜ੍ਹ! ਤੇ ਭਰ ਦੇਹ ਇਕ ਪੈੱਗ ਹੋਰ।... ਯਾਰਾਂ ਦੀ ਜ਼ਹਿਰ ਪੀਵਾਂ ਗੀ ਮੈਂ ਅੰਮ੍ਰਿਤ ਜਾਣ ਕੇ ਮੇਰੇ ਹਿੱਸੇ ਪਿਆਲਾ ਇਹ ਆਣਿ ਦਿਓ ਦੋਸਤੋ।' ਕੌੜਾ ਘੁੱਟ ਕਰ ਕੇ ਮੈਂ ਖਿੜਖਿੜਾ ਕੇ ਹੱਸੀ।
ਭੀਲੋ ਜਿਸ ਦੀ ਮੈਂ ਅੰਦਰੇ ਹੀ ਦੋਬਾਰਾ ਮਿਲਨ ਦੀ ਤਾਂਘ ਕਰ ਰਹੀ ਸੀ, ਦੀ ਖ਼ਬਰ ਵੀ ਆਸਿਫ ਨੇ ਮੈਨੂੰ ਸੁਣਾ ਦਿੱਤੀ। 'ਬੁਲੈਜ਼ੀ ਜਿਸ ਨੇ ਅੱਜ ਦੀ ਪਾਰਟੀ ਵਿੱਚ ਆਉਣ ਦਾ ਮੇਜ਼ਬਾਨ ਨਾਲ ਇਕਰਾਰ ਕੀਤਾ ਸੀ, ਨੇ ਆਪਣੇ ਪ੍ਰੇਮੀ ਨੂੰ ਗੋਲੀ ਮਾਰ ਕੇ ਬੱਚੀ ਨੂੰ ਬੁੱਕਲ ਵਿੱਚ ਲੈ ਕੇ ਗੋਲਡਨ ਗੇਟ ਬਰਿੱਜ ਤੋਂ ਛਾਲ ਮਾਰ ਕੇ ਸਮੁੰਦਰ ਦੀਆ ਲਹਿਰਾਂ ਨਾਲ ਸਦੀਵੀ ਦੋਸਤੀ ਪਾ ਲਈ ਹੈ।'
'ਚੰਗਾ ਕੀਤਾ! ਤੂੰ ਆਪਣਾ ਧਰਮ ਕਮਾ ਗਈ।' ਮੈਂ ਖੜ੍ਹੀ ਹਟਕੋਰੇ ਭਰਨ ਲੱਗੀ।
'ਫਾਰਗੈੱਟ! ਮਰਨ ਵਾਲੇ ਦੇ ਨਾਲ ਨਹੀਂ ਮਰਿਆ ਜਾਂਦਾ। ਕਿਸੇ ਦੇ ਮਰਨ ਨਾਲ ਧਰਤੀ ਉੱਤੋਂ ਕੁਝ ਨਹੀਂ ਘਟਦਾ। ਵੇਖ ਇਹ ਸਭ ਉਤਸਵ! ਇਵੇਂ ਹੀ ਚਲਦੇ ਰਹਿਣੇ ਨੇ। ਉਹ ਬੜੀ ਮਾਰ-ਖੰਡੀ ਕੁੜੀ ਸੀ ਪਰ ਪਤਾ ਨਹੀਂ ਹਰਾਮੀ ਨੇ ਉਸ ਦੇ ਸਿਰ ਕੀ ਧੂੜ ਦਿੱਤਾ। ਸ਼ਰੀਫ਼ ਲੜਕੀ ਗਲਤ ਅਪਰਾਧੀ ਗੈਂਗ ਦੇ ਟੇਟੇ ਚੜ੍ਹ ਗਈ ਤੇ ਆਪਣੀ ਸੁੰਦਰ ਕਾਇਆਂ ਦਾ ਅੰਤ ਕਰ ਗਈ। ਵੇਖ ਇਹ 'ਕੜਾ'! ਉਸੇ ਨੇ ਹੀ ਪ੍ਰੇਮ ਨਿਸ਼ਾਨੀ ਦਿੱਤੀ ਸੀ ਮੈਨੂੰ। ਮੈਂ ਸੁੱਟ ਦੇਣਾ ਹੁਣ ਇਹ ਕੜਾ।' ਉਸ ਨੇ ਕੜੇ ਨੂੰ ਹੱਥ ਪਾਇਆ।
'ਇਹ ਕੜਾ ਮੈਂ ਤੈਨੂੰ ਸੁੱਟਣ ਨਹੀਂ ਦੇਣਾ, ਇਸ ਤੋਂ ਅੱਗੇ ਵੀ ਵਧਾਉਣਾ ਹੈ। ਮੈਂ ਇਸ ਦੀ ਬੇਹੁਰਮਤੀ ਨਹੀਂ ਵੇਖ ਸਕਦੀ।' ਮਨ ਹੀ ਮਨ ਵਿੱਚ ਵੜੇ ਪਕਾਉਂਦੀ, ਉਸ ਦਾ ਮਸੂਮ ਚਿਹਰਾ ਨਿਹਾਰਦੀ, ਮੈਂ ਉਸ ਦਾ ਹੱਥ ਫੜ੍ਹ ਲਿਆ।
'ਮੈਨੂੰ ਪਗੜੀ ਵੀ ਬਨ੍ਹਾਈ ਸੀ ਉਸ ਨੇ। ਆਪਣਾ ਬਣਾਉਣ ਲਈ ਪਰੇਰਨਾ ਕਰਦੀ ਰਹੀ ਪਰ ਆਪ ਝੱਲੀ ਜਿਹੀ ਕਾਲਿਆਂ ਦੇ ਚੁੰਗਲ ਵਿੱਚ ਫਸ ਕੇ ਬੁਜ਼ਦਿਲਾਂ ਦੇ ਰਸਤੇ ਪੈ ਗਈ। ਮੈਨੂੰ ਉਸ ਦੇ ਮਰਨ ਦਾ ਬਹੁਤ ਦੁੱਖ ਹੈ ਤੇ ਨਾਲ ਹੋਰ ਵੱਡਾ ਅਫਸੋਸ ਕਿ ਮੇਰਾ ਇੱਕ ਪਸਤੌਲ ਵੀ ਨਾਲ ਹੀ ਲੈ ਗਈ।' ਉਸ ਨੇ ਹਉਕੇ ਭਰਦੇ ਇਕ ਡਬਲ ਹਾੜਾ ਆਪਣੇ ਅੰਦਰ ਸੁੱਟਿਆ ਤੇ ਮੈਨੂੰ ਧੀਰਜ ਬਨ੍ਹਾਉਂਦੇ ਹੋਰ ਗਿਲਾਸੀ ਮੇਰੇ ਮੂੰਹ ਨੂੰ ਛੁਹਾ ਦਿੱਤੀ।
'ਚੰਗਾ ਕੀਤਾ ਉਸ ਸ਼ੀਹਣੀ ਨੇ, ਜਿਸ ਨੇ ਇਕ ਧੱਕੜ-ਸ਼ਾਹ ਰਾਖਸ਼ ਨੂੰ ਜੋ ਹਰ ਵੇਲੇ ਆਦਮ ਬੋ ਆਦਮ ਬੋ ਕਰਦਾ ਮੌਤ ਦੇ ਪੈਗ਼ਾਮ ਵੰਡਦਾ ਫਿਰਦਾ ਸੀ, ਖਤਮ ਕਰ ਦਿੱਤਾ। ਨਹੀਂ ਤੇ ਪਤਾ ਨਹੀਂ ਉਹ ਕਿੰਨਾ ਕੁ ਆਤੰਕ ਫੈਲਾ ਕੇ ਕਿੰਨੀਆਂ ਜਾਨਾਂ ਦਾ ਖੌ ਬਣਦਾ।' ਉਸ ਨੇ ਮਸ੍ਹੋਸਿਆ ਜਜ਼ਬਾਤੀ ਜਿਹਾ ਚਿਹਰਾ ਬਣਾ ਲਿਆ।
'ਧੰਨਵਾਦ ਤੇਰਾ, ਤੂੰ ਆਪਣਾ ਕੰਮ ਆਪ ਕਰ ਗਈ, ਨਹੀਂ ਤੇ ਇਹ ਕੰਮ ਮੈਨੂੰ ਕਰਨਾ ਪੈਣਾ ਸੀ।' ਮੈਂ ਕਚੀਚੀ ਵੱਟੀ। ਅੰਦਰੋਂ ਮੈਂ ਵੀ ਅਜੇਹੇ ਜੰਗਲੀ ਨਿਜ਼ਾਮ ਤੋਂ ਪੂਰੀ ਤਰ੍ਹਾਂ ਡਹਿਲ ਗਈ ਸੀ ਜਿੱਥੇ ਕਿਸੇ ਨੂੰ ਹਥਿਆਰ ਲੈਣ ਦੀ ਕੋਈ ਬੰਦਿਸ਼ ਨਹੀਂ ਤੇ ਜਿਸ ਵੱਲ ਜਿਹੜਾ ਮਰਜ਼ੀ ਜਦ ਮਰਜ਼ੀ ਬੰਦੂਕ ਦੀ ਨਾਲੀ ਸਿੱਧੀ ਕਰ ਦੇਵੇ। ਮੇਰੇ ਸਾਹਮਣੇ ਦੁਧਾਮੀ ਦਾ ਲੰਬੇ ਲੰਬੇ ਦੰਦ ਕੱਢਦਾ ਜਿੰਨ ਦਣਦਣਾਉਂਦਾ ਮੇਰੀਆਂ ਸੋਚਾਂ 'ਚ ਖੱਲੜ ਮਚਾਉਣ ਲੱਗਾ।
'ਤੂੰ ਵੀ ਤਿਆਰ ਰਹਿ, ਤੇਰੇ ਨਾਲ ਪਤਾ ਨਹੀਂ ਕੀ ਬੀਤਣੀ ਹੈ ਤੇ ਤੈਨੂੰ ਕਿਸ ਰਸਤੇ ਤੁਰਨਾ ਪੈਣਾ ਹੈ। ਹੁਣ ਤੱਕ ਪੰਜ ਭਾਰਤੀ ਵਿਦਿਆਰਥਣਾਂ ਗੋਲੀ ਦਾ ਸ਼ਿਕਾਰ ਹੋ ਚੁੱਕੀਆਂ ਨੇ ਤੇ ਛੇਵਾਂ ਨੰਬਰ ਸ਼ਾਇਦ ਤੇਰਾ ਹੋਵੇ।' ਆਕਾਸ਼ਵਾਣੀ ਦੇ ਬੋਲ ਮੇਰੇ ਜ਼ਿਹਨ ਵਿੱਚ ਧਮਾਲਾਂ ਖੜਕਾਉਂਦੇ ਰਿੱਝਣ ਲੱਗੇ।
ਟੈਲੀਫੋਨ ਦੀ ਫਿਰ ਘੰਟੀ ਵੱਜੀ ਹੈ। ਮੈਂ ਝਕਦੀ ਹਾਂ। ਟੈਲੀਫੋਨ ਵਿੱਚੋਂ ਮੈਨੂੰ ਉਸੇ ਕਾਲੇ ਜਮਦੂਤ ਦਾ ਚਿਹਰਾ ਸਾਹਮਣੇ ਦਿਸਣ ਲਗਦਾ ਹੈ। ਮਾਸੀ ਜੀ ਦੀ ਬਿੜਕ ਆਈ ਹੈ, 'ਵੇਖ ਨੀ ਕੌਣ ਹੈ ਵਿਚਾਰਾ ਜੋ ਬਾਰ ਬਾਰ ਟਰਾਈ ਕਰ ਰਿਹਾ ਹੈ।' ਟੈਲੀਫੋਨ ਫਿਰ ਬੰਦ ਹੋ ਗਿਆ ਹੈ, ਕਿਸੇ ਚੁੱਕਿਆ ਹੀ ਨਹੀਂ।
'ਆਸਿਫ ਦੇ ਗਲ ਦਾ ਪਟਾ ਹਰ ਰੋਜ਼ ਆਪਣਾ ਡੀਲ-ਡੌਲ ਤੇ ਮੂੰਹ-ਮੁਹਾਂਦਰਾ ਬਦਲਦਾ ਰਹਿੰਦਾ। ਕਦੇ ਇਹ ਗਾਤਰਾ ਬਣ ਜਾਂਦਾ, ਕਦੇ ਗੱਨ, ਕਦੇ ਸਲੀਬ ਤੇ ਕਦੇ ਇਹ ਸੱਪ ਬਣ ਫੂੰਕਾਰਾਂ ਮਾਰਦਾ ਛਲੇਡੇ ਵਾਂਗ ਮੈਨੂੰ ਉਲਝਾਉਣ ਲਗਦਾ। ਮੈਂ ਬੜੀ ਸ਼ਸ਼ੋਪੰਜ ਵਿੱਚ ਪੈ ਗਈ। ਮੈਨੂੰ ਉਸ ਦੀ ਤਲਬ ਭਾਰੂ ਹੋ ਗਈ। ਸੁੱਤੇ ਜਾਗਦੇ ਉਸ ਨੂੰ ਉਡੀਕਦੀ ਰਹਿੰਦੀ। ਉਸ ਦੀ ਖਾਲੀ ਕੁਰਸੀ ਮੈਨੂੰ ਤੀਰਾਂ ਵਾਂਗ ਚੁਭਦੀ ਮਹਿਸੂਸ ਹੋਣ ਲਗਦੀ। ਉਹ ਕਈ ਕਈ ਦਿਨ ਕਾਲਜ ਤੋਂ ਗਾਇਬ ਰਹਿੰਦਾ। ਅਚਨਚੇਤ ਉੱਡਦੀ ਫੇਰੀ ਉਹ ਕਲਾਸ ਵਿੱਚ ਆਉਂਦਾ, ਦਾਦਾ ਗਿਰੀ ਜਿਹਾ ਵਿਵਹਾਰ ਕਰਦਾ ਤੇ ਹਾਜਰੀ ਲਗਾ ਕੇ ਮੁਸ਼ਟੰਡਿਆਂ ਵਾਂਗ ਚਲਦਾ ਬਣਦਾ। ਜਦ ਉਹ ਆਉਂਦਾ ਸ਼ਹਿਦ ਉੱਤੇ ਮੱਖੀਆਂ ਵਾਂਗ ਉਸ ਦੁਆਲੇ ਝੁਰਮਟ ਲੱਗ ਜਾਦਾ। ਅਛੋਪਲ਼ੇ ਜਿਹੇ ਉਸ ਦੇ ਪਿੱਛੇ ਇਕ ਦੋ ਹੋਰ ਕੁੜੀਆਂ ਜੂਲੀਅਨ, ਐਰਿਕਾ ਤੇ ਮੁੰਡੇ ਬਾਹਰ ਖਿਸਕ ਗਏ। ਨਫ਼ਰਤ ਤੇ ਸਾੜੇ ਨਾਲ ਮੇਰਾ ਵਜੂਦ ਮੱਚ ਉੱਠਿਆ।
ਪ੍ਰੋਫੈਸਰ ਉਸ ਦਾ ਪਿੱਛਾ ਵੇਖਦਾ, ਮੂੰਹ ਵਿੱਚ ਬੁੜਬੁੜ ਕਰਨ ਲੱਗਾ। 'ਅੱਛਾ ਕੰਮ ਕਰਦਾ ਹੈ ਇਹ ਦੋ-ਸਾਲਾ। ਆਪਣੇ ਆਪ ਨੂੰ ਉਡਾਰੂ ਲਿਖਦਾ ਹੈ... ਅਸਮਾਨਾਂ ਵਿੱਚ ਉੱਡਣ ਵਾਲਾ। ਤਕੜਾ ਧੰਧਾ ਕਰਦਾ ਡਾਲਰ ਕਮਾਉਂਦਾ ਹੈ, ਇਹਨੂੰ ਪੜ੍ਹਾਈ ਦਾ ਕੀ?' ਛਿਲਤਰ ਜਿਹੀ ਮਾਰ ਗਿਆ।
ਉਸ ਦੇ ਬਦਲਦੇ ਲੱਛਣ ਅਤੇ ਪ੍ਰੋਫੈਸਰ ਦੀ ਕਾਟਵੀਂ ਨਸ਼ਤਰ ਕੁਤਰੂੰ ਕੁਤਰੂੰ ਕਰਦੀ ਮੇਰਾ ਸੀਨਾ ਛਲਨੀ ਕਰ ਗਈ। ਮੈਂ ਉਸ ਦੇ ਪਿੱਛੇ ਬਾਹਰ ਨਿਕਲ ਤੁਰੀ। ਉਸ ਦਿਨ ਹੋਰਾਂ ਨੂੰ ਪੁੜੀਆਂ ਕੈਪਸੂਲ ਵੰਡਦਾ ਮੈਨੂੰ ਵੇਖ ਕੇ ਉਹ ਬਹੁਤ ਘਬਰਾਇਆ ਤੇ ਬੌਂਦਲਿਆ ਜਿਹਾ ਮੈਥੋਂ ਪਾਸਾ ਵੱਟਣ ਲੱਗਾ।
'ਮੈਨੂੰ ਦੱਸੋ ਪਲੀਜ਼! ਤੁਹਾਡਾ ਕਿਹੜਾ ਠਿਕਾਣਾ ਹੈ? ਤੁਸੀਂ ਕਿਹੜੀ ਨੌਕਰੀ ਕਰ ਲਈ ਹੈ? ਤੁਹਾਡੇ ਤੇ ਕੀ ਮੁਸੀਬਤ ਆਣਿ ਪਈ ਹੈ? ਮੈਂ ਤੁਹਾਡੀ ਕੀ ਤੇ ਕਿਵੇਂ ਮਦਦ ਕਰ ਸਕਦੀ ਹਾਂ?' ਮੇਰੀ ਪੁਕਾਰ ਤੇ ਉਹ ਪਲ ਦੀ ਪਲ ਰੁਕਿਆ।
'ਗੋ ਗੋ... ਜਾਓ। ਮਿਹਰਬਾਨੀ ਕਰਕੇ ਵਾਪਿਸ ਜਾਉ ਕਲਾਸ ਵਿੱਚ।' ਕੰਨ ਵਿੱਚੋਂ ਆਈ-ਪੌਡ ਬੁੱਜੇ ਕੱਢ ਕੇ ਉਹ ਮੈਨੂੰ ਘੁਰਕੀਆਂ ਦੇਣ ਲੱਗਾ। ਜਿਵੇਂ ਚੋਰ ਸੰਨ੍ਹ ਤੋਂ ਫੜ੍ਹਿਆ ਗਿਆ ਹੋਵੇ, ਉਹ ਝੂਠੇ ਜਿਹੇ ਡਰਾਮੇ ਕਰਦਾ ਮੈਥੋਂ ਕੰਨੀਂ ਕਤਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
'ਮੈਨੂੰ ਛੱਡ ਦਿਓ ਮੇਰੇ ਹਾਲ ਤੇ ਰਹਿਮ ਕਰੋ। ਮੇਰੀ ਸੀ. ਆਈ. ਡੀ. ਕਰਨ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਬਚੇ ਰਹੋ... ਜੇ.. ਜੇ... ਜਿੰਨਾਂ ਚਿਰ ਬਚੇ ਰਹਿ ਸਕਦੇ ਹੋ। ਇਹ ਰਸਤਾ ਬੜਾ ਕਸੂਤਾ ਹੈ ਜਿਸ ਰਸਤੇ ਤੇ ਪਿਆ ਕਦੇ ਕੋਈ ਘੱਟ ਹੀ ਪਿੱਛੇ ਮੁੜਿਆ ਹੈ... ਮੇਰੇ ਪਿੱਛੇ ਨਾ ਆਉ।' ਢਾਕਾਂ ਤੇ ਹੱਥ ਰੱਖੀ ਖੜ੍ਹ ਗਿਆ।
'ਸੈਕਸ ਬੜੀ ਕੁੱਤੀ ਬਲਾ ਹੈ ਬਾਬਿਓ, ਜੇ ਅੰਦਰ ਸੁੱਤੀ ਰਹੇ ਤਾਂ ਮੀਸਣੀ, ਜੇ ਜਾਗ ਪਵੇ ਤਾਂ ਫਿਰ ਨਟ-ਖਟ, ਕੁਪੱਤੀ, ਹਰਾਂਬੜ, ਜੋ ਮਰਜ਼ੀ ਨਾਮ ਦੇ ਲਓ। ਫਿਰ ਇਹ ਕੋਈ ਵੀ ਕਾਰਾ ਕਰ ਸਕਦੀ ਹੈ। ਕੋਈ ਮੇਚ ਬੰਨਾਂ ਨਹੀਂ ਇਸ ਕਾਮ ਬਿਰਤੀ ਦਾ। ਜਵਾਨੀ ਤੇ ਇਸ਼ਕ ਦਾ ਕੋਈ ਸਾਨੀ ਨਹੀਂ। ਹੁਸਨ ਅੱਗ ਹੈ ਜਦ ਇਸ਼ਕ ਦੀ ਫੂਕ ਵੱਜ ਜਾਏ ਇਹ ਭੜਾਕਾ ਬਣ ਉੱਠਦੀ ਹੈ।'
ਤੁਹਾਨੂੰ ਯਾਦ ਹੈ ਤੁਸੀਂ ਆਪ ਹੀ ਪ੍ਰਵਚਨ ਕੀਤਾ ਸੀ ਇਕ ਦਿਨ! ਤੇ ਹੁਣ ਇਸ਼ਕ ਜਗਾ ਕੇ ਚੋਰੀਆਂ ਕਮਾ ਰਹੇ ਹੋ। ਮੈਂ ਇੱਕ ਮਿੰਟ ਵੀ ਨਹੀਂ ਬਚ ਸਕਦੀ ਹੁਣ। ਦੌੜਨਾ ਚਾਹੁੰਦੇ ਹੋ! ਯਾਦ ਰੱਖੋ ਮੈਂ ਤੁਹਾਨੂੰ ਦੌੜਨ ਨਹੀਂ ਦੇਣਾ। ਤੁਹਾਡੇ ਨਾਲ ਚੱਲੂੰ ਗੀ। ਜਿੱਥੇ ਚੱਲੇਂ ਗਾ ਜਾਊਂ ਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈਂ।
ਮੇਰੇ ਰਿਹਾੜ ਕਰਨ ਤੇ ਉਹ ਨਕਲੀ ਜਿਹਾ ਮੁਸਕਰਾਇਆ। ਉਸ ਦੀਆਂ ਅੱਖਾਂ ਤਰਲ ਹੋ ਗਈਆਂ।
'ਤੇ ਚਲ ਫਿਰ! ਕਰ ਹਿੰਮਤ।' ਉਸ ਨੇ ਬੇਧਿਆਨੇ ਅੱਖੜ-ਪੁਣੇ ਵਿੱਚ ਮੈਨੂੰ ਹੁੰਗਾਰਾ ਭਰਿਆ। ਮੈਂ ਅੰਨ੍ਹੇ-ਵਾਹ ਉਸ ਦੇ ਪਿੱਛੇ ਹੋ ਤੁਰੀ।
ਦੱਬ੍ਹ ਕਾਹੀ ਸਰਕੜੇ ਦੀ ਦਲਦਲ ਵਿੱਚੋਂ ਗੁਜ਼ਰਦਾ ਉਸ ਦਾ ਕਾਲਾ ਹਮਰ ਹਰਿਆਉਲੀ ਪਹਾੜੀ ਦੇ ਪੈਰਾਂ ਵਿੱਚ ਖਿੱਲਰੀ ਇੱਕ ਕੋਠੀ ਸਾਹਮਣੇ ਜਾ ਰੁਕਿਆ। ਪਹਾੜੀ ਵੱਲ ਜੁੜਵੇਂ ਵਲਗਣ ਵਿੱਚ ਘੋੜਿਆਂ ਦਾ ਅਸਤਬਲ! ਲਿੱਦ ਦੀ ਗੋਡੇ ਗੋਡੇ ਬਦਬੂ ਮੇਰੇ ਸਿਰ ਨੂੰ ਚੜ੍ਹਨ ਲੱਗੀ। ਗੇਟ ਤੇ ਖੜੇ ਮੜਾਸੇ ਬੰਨ੍ਹੀਂ ਦੋ ਵਿਅਕਤੀ ਬਾਹਰ ਝਾਕੇ ਤੇ ਮੁੜ ਅੰਦਰ ਵੜ ਗਏ। ਪੂਰੀ ਰੀਝ ਲਾ ਕੇ ਸਜਾਏ ਇਸ ਮਕਾਨ ਵਿੱਚ ਰੇਸ਼ਮੀ ਤੇ ਸ਼ਨੀਲ ਦੇ ਵਿਛਾਏ ਵਿਛਾਉਣੇ ਤੇ ਉਹ ਪਸੱਕਾ ਮਾਰ ਕੇ ਵਿਛ ਗਿਆ ਤੇ ਮੈਨੂੰ ਵੀ ਹੱਮੇ ਜਿਹੇ ਅਦਬ ਨਾਲ ਸੋਫੇ ਵੱਲ ਇਸ਼ਾਰਾ ਕੀਤਾ। ਪਗੜੀ, ਪਸਤੌਲ, ਗੱਨ ਤੇ ਕਿੰਨੇ ਸਾਰੇ ਕਾਰਤੂਸ! ਵੇਖ ਕੇ ਖਾੜਕੂਵਾਦ ਸਮੇਂ ਹਰੀ-ਕੇ-ਮੰਡ ਦੀਆਂ ਸੁਣੀਆਂ ਕਹਾਣੀਆਂ ਦੇ ਸੀਨ ਮੇਰੇ ਸਾਹਮਣੇ ਸਪਸ਼ਟ ਉਜਾਗਰ ਹੋ ਗਏ।
'ਅੱਛਾ! ਤੇ ਇਹ ਹੈ ਤੇਰੀ ਉਕਾਤ, ਤੇਰੀ ਕਰਤੂਤ, ਤੇਰਾ ਅਸਲੀ ਰੂਪ!'
'ਮੈਂ ਇੱਥੇ ਪਾਰਟ-ਟਾਈਮ ਕੰਮ ਕਰਦਾ ਹਾਂ, ਇਸ ਕੋਠੀ ਦੀ ਸਾਂਭ ਸੰਭਾਲ ਤੇ ਸਫਾਈ ਕਰਨਾ ਮੇਰਾ ਜੁੰਮਾਂ ਹੈ।' ਉਸ ਨੇ ਆਪਣੇ ਆਪ ਹੀ ਮੇਰੇ ਅਣਪੁੱਛੇ ਸਵਾਲਾਂ ਦਾ ਜਵਾਬ ਦੇ ਦਿੱਤਾ ਭਾਵੇਂ ਤਬੇਲੇ ਦੀ ਸਫਾਈ ਵਾਲਾ ਉਹ ਉਹਲਾ ਰੱਖ ਗਿਆ। ਮੈਨੂੰ ਦਾਲ ਵਿੱਚ ਕੁਝ ਕਾਲਾ ਕਾਲਾ ਹੀ ਨਹੀਂ ਕੋੜਕੂ ਵੀ ਸਾਫ ਦੰਦਾਂ ਥੱਲੇ ਆਉਂਦਾ ਪ੍ਰਤੱਖ ਜ਼ਾਹਿਰ ਹੋ ਗਿਆ ਪਰ ਮੈਂ ਜਰਾ ਜਿੰਨਾ ਵੀ ਡਰ ਘਬਰਾਹਟ ਦਾ ਅਹਿਸਾਸ ਮੱਥੇ ਤੇ ਨਹੀਂ ਆਉਣ ਦਿੱਤਾ। ਫਸੀ ਨੂੰ ਫੁੜਕਣ ਕੀ? ਵੇਖੀ ਜਾਏ ਗੀ।
'ਅੱਜ ਤੈਨੂੰ ਅਜ਼ਮਾਉਣ ਲਈ ਤੇਰੇ ਜਿੰਮੇ ਇਕ ਛੋਟਾ ਜਿਹਾ ਮਮੂਲੀ ਕੰਮ ਲਗਾਉਣਾ ਹੈ। ਮੈਨੂੰ ਪਤੈ ਤੂੰ ਬਹੁਤ ਬਹਾਦਰ ਕੁੜੀ ਹੈਂ। ਜੇ ਪਾਸ ਹੋ ਗਈ ਤਾਂ ਵਿਆਹ ਕਰਾ ਲੈਣਾ ਮੈਂ ਤੇਰੇ ਨਾਲ ਫਿਰ।' ਪਸਤੌਲ ਦੀ ਚੱਕ ਥਲ ਕਰਦੇ ਉਸ ਨੇ ਮੇਰੀ ਬਹਾਦਰੀ ਨੂੰ ਵੰਗਾਰ ਪਾਈ, ਜਿਵੇਂ ਕੋਈ ਸਵੰਬਰ ਰਚਣ ਲੱਗਾ ਹੋਵੇ।
'ਦੱਸੋ! ਮੈਨੂੰ ਸੇਵਾ ਦੱਸੋ। ਮੈਂ ਜਰੂਰ ਕਰਾਂ ਗੀ ਜੇ ਠੀਕ ਲੱਗਾ ਤਾਂ,.. ਪਰ ਵਿਆਹ ਦੀ ਲੋਰੀ ਜਰੂਰੀ ਨਹੀਂ।' ਮੇਰੀ ਰੁੱਖੀ ਜਿਹੀ ਰਜ਼ਾਮੰਦੀ ਤੇ ਉਹ ਉਤਸ਼ਾਹਿਤ ਹੋ ਗਿਆ।
'ਇਹ ਇਕ ਪੈਕਟ ਮੇਰੀ ਭੈਣ ਦਾ ਹੈ ਜੋ ਪਿਛਲੇ ਹਫਤੇ ਆਈ ਸੀ ਤੇ ਇੱਥੇ ਭੁੱਲ ਗਈ, ਉਸ ਨੂੰ ਪਹੁੰਚਾਉਣਾ ਹੈ। ਇਸ ਵਾਸਤੇ ਤੈਨੂੰ ਇਕ ਦਿਨ ਟਰਾਲੇ ਵਿੱਚ ਸਫ਼ਰ ਕਰਨਾ ਪਊ।'
'ਚਲੋ ਕੋਸ਼ਿਸ਼ ਕਰਦੇ ਹਾਂ। ਜੇ ਅੰਕਲ ਜੀ ਦਾ ਕੋਈ ਟਰੱਕ ਜਾਂ ਦੋਸਤ ਮਿੱਤਰ ਜਾਣ ਵਾਲਾ ਹੋਊ ਤਾਂ ਉਨ੍ਹਾਂ ਨੂੰ ਸਿਫਾਰਿਸ਼ ਪਾ ਦਿਆਂ ਗੀ।' ਮੈਂ ਚਾਰ ਪੰਜ ਕਿੱਲੋ ਭਾਰਾ ਪੈਕਟ ਹੱਥਾਂ ਤੇ ਧਰ ਕੇ ਤੋਲਿਆ।
'ਨਹੀਂ ਕਿਸੇ ਵਿਚੋਲੇ ਰਾਹੀਂ ਨਹੀਂ, ਇਹ ਐਮਰਜੈਂਸੀ ਹੰਗਾਮੀ ਗੁਪਤ ਮਾਮਲਾ ਹੈ। ਆਪਣੇ ਹੱਥੀਂ ਆਪਣਾ, ਆਪੇ ਹੀ ਕਾਜ ਸਵਾਰੀਏ।'
'ਟਰੱਕ ਵਿੱਚ ਚੜ੍ਹਨ ਸੜਨ ਤੋਂ ਬਿਨਾ ਕੋਈ ਹੋਰ ਉਪਰਾਲਾ ਕਰ ਵੇਖਦੇ ਹਾਂ। ਵੇਖੀਏ! ਹੁਣੇ ਹੀ ਹਵਾਈ ਅੱਡੇ ਤੇ ਕੋਈ ਵਾਕਫ਼ ਸਵਾਰੀ ਮਿਲ ਗਈ ਤੇ ਤਰਲਾ ਮਾਰ ਵੇਖਾਂ ਗੇ। ਇਹ ਕੀ ਔਖਾ ਕੰਮ ਹੈ।' ਮੈਂ ਸੁਤੇ-ਸਿੱਧ ਹਾਂ ਕਰ ਦਿੱਤੀ।
ਹਵਾਈ ਅੱਡੇ ਤੇ ਇੱਕ ਬਾਬਾ ਜੀ ਨਾਲ ਜਾ ਫਤਿਹ ਬੁਲਾਈ। ਦੋ ਚਾਰ ਅਗਲੀਆਂ ਪਿਛਲੀਆਂ ਮਾਰੀਆਂ। ਉਹ ਬੜੇ ਮਿਲਾਪੜੇ ਅਹਿਸਾਨ-ਮੰਦ ਸੀਰਤ ਦੇ ਮਾਲਕ ਜਾਪਦੇ ਵਿਕਟੋਰੀਆ ਜਾ ਰਹੇ ਸਨ। ਮੇਰੇ ਨਾਨਕਿਆਂ ਦੀ ਸਾਂਝ ਨਿਕਲ ਆਈ। ਉਹ ਜਲਦੀ ਹੀ ਪਸੀਜ ਗਏ। ਮੇਰੀ ਬੇਨਤੀ ਸਹਿਜ-ਸੁਭਾ ਹੀ ਮੰਨ ਗਏ। ਵਾਪਿਸ ਮੁੜ ਕੇ ਆਪਣੇ ਕੰਪਿਊਟਰ ਤੇ ਬੈਠਾ ਆਸਿਫ ਬੜੀ ਬੇਸਬਰੀ ਉਤਸੁਕਤਾ ਨਾਲ ਉੱਡਦੇ ਜਹਾਜ਼ ਦੀ ਨਿਸ਼ਾਨਦੇਹੀ ਕਰਦਾ ਰਿਹਾ। ਪੰਜ ਘੰਟਿਆਂ ਵਿੱਚ ਉਹ ਸਮਾਨ ਉਸ ਦੀ 'ਭੈਣ' ਦੇ ਹੱਥ ਪਹੁੰਚ ਗਿਆ। ਤਸਦੀਕ ਕਰ ਕੇ ਉਹ ਬਹੁਤ ਸਰਸ਼ਾਰ ਹੋਇਆ ਖੁਸ਼ੀ ਨਾਲ ਟੱਪ ਉੱਠਿਆ।
ਅਲਮਾਰੀ ਵਿੱਚੋਂ ਕੱਢ ਕੇ ਇੱਕ ਪਰਸ ਹੋਰ ਮੇਰੇ ਹਵਾਲੇ ਕਰ ਦਿੱਤਾ। 'ਲੈ ਇਹ ਤੇਰਾ ਇਨਾਮ। ਪਤਾ ਨਹੀਂ ਇਸ ਭੁਗਤਾਨ ਵਾਸਤੇ ਸਾਨੂੰ ਕਿੰਨੀਆਂ ਰਾਤਾਂ ਝਾਕ ਕੇ ਟਰੱਕਾਂ ਟਰਾਲਿਆਂ ਦੇ ਡਾਲਿਆਂ ਵਿੱਚ ਸੜਨਾ ਪੈਣਾ ਸੀ ਜਾਂ ਕਿੰਨੀਆਂ ਬੇੜੀਆਂ ਪਾਰ ਕਰਨੀਆਂ ਪੈਣੀਆਂ ਸਨ। ਬੜੀ ਕੰਮ ਦੀ ਚੀਜ਼ ਹੈਂ ਤੂੰ।' ਉਸ ਨੇ ਮੇਰੇ ਮੱਥੇ ਤੇ ਹਲਕਾ ਜਿਹਾ ਚੁੰਮਣ ਦੇ ਦਿੱਤਾ। 'ਕਿੱਥੋਂ ਚੋਰੀ ਡਾਕੇ ਮਾਰ ਕੇ ਮੈਨੂੰ ਇਸ ਦਾ ਭਾਈਵਾਲ ਬਣਾ ਧਰਿਆ ਇਸ ਨੇ?... ਚਲ ਹੋਊ! ਤੇਰਾ ਅੰਬ ਖਾਣ ਦਾ ਮਤਲਬ ਹੈ ਨਾ ਕਿ ਪੱਤੇ ਗਿਣਨ ਦਾ?' ਅਣ-ਕਹੇ ਸੁਆਲ ਜੁਆਬ ਮੇਰੇ ਅੰਦਰ ਹੀ ਘਾਂਊਂ-ਮਾਂਊਂ ਹੋ ਗਏ।
'ਦਿਨ ਹੋਣ ਪੱਧਰੇ ਤਾਂ ਭੁੱਜੇ ਉੱਗਣ ਮੋਠ।' ਇਹ ਸੋਭਾ ਤਾ ਮੱਲੋ-ਮੱਲੀ ਹੀ ਮੇਰੀ ਝੋਲੀ ਆਣ ਪਈ। ਵੈਸੇ ਇਸ ਵੱਡੀ ਜੂਏ ਵਾਲੀ ਖੇਡ ਵਿੱਚ ਮੇਰਾ ਯੋਗਦਾਨ ਤਾਂ ਕੁਝ ਵੀ ਨਹੀਂ ਸੀ। ਚੂੜੀਆਂ ਤੇ ਨੈਕਲਸ ਪਰਸ ਵਿੱਚ ਫਨੀਅਰ ਵਾਂਗੂ ਫੁੰਕਾਰ ਰਹੇ ਸਨ। ਪਹਿਲੀ ਫੇਰੀ ਵਿੱਚ ਏਨਾ ਕੁਛ! ਨਾਲੇ ਇੱਕੋ ਮੁੱਠੇ ਨਕਦ ਇੱਕ ਹਜਾਰ ਡਾਲਰ! ਯਾਨੀ ਕਿ ਪੰਜਾਹ ਹਜਾਰ ਰੁਪੈ! ਮੈਂ ਫੁੱਲ ਫੁੱਲ ਪਹਾੜ ਹੁੰਦੀ ਜਾ ਰਹੀ ਸਾਂ।
ਮੈਂ ਆਪਣੇ ਆਪ ਧਰਤੀ ਤੋਂ ਪੰਜ ਫੁੱਟ ਉੱਪਰ ਵਧੀ ਵਧੀ ਮਹਿਸੂਸ ਕਰਦੀ ਹਾਂ। 'ਚੋਖੀ ਕਮਾਈ ਦਾ ਸਾਧਨ ਹੈ ਇੱਥੇ ਇਹਦੇ ਕੋਲ।' ਏਨੀ ਥੋੜੀ ਦੇਰ ਤੇ ਛੋਟੀ ਉਮਰੇ ਹੀ ਮੈਂ ਅਮੀਰੀ ਦੀਆਂ ਕਿੰਨੀਆਂ ਪੌੜੀਆਂ ਚੜ੍ਹ ਗਈ ਹਾਂ। ਆਪਣੇ ਘਰ ਪੈਸੇ ਭੇਜਾਂ ਗੀ ਢੇਰ ਸਾਰੇ। ਘਰਦਿਆਂ ਨੂੰ ਦੱਸਾਂ ਗੀ? ਮੈਂ ਪੜ੍ਹਾਈ ਦੇ ਨਾਲ ਨਾਲ ਨੌਕਰੀ ਵੀ ਕਰਦੀ ਹਾਂ। ਗੁੱਡ ਗੁੱਡ! ਮੈਂ ਇਸ ਤਰਾਂ ਪਿੱਛੇ ਡਾਲਰ ਭੇਜਾਂ ਗੀ। ਮੈਂ ਕਿਹੜੀ ਮੁੰਡਿਆਂ ਨਾਲੋਂ ਘੱਟ ਹਾਂ! ਕਹਾਂ ਗੀ ਮੈਂ ਕਾਲਜ ਵਿੱਚ ਬਹੁਤ ਮਹਾਨ ਕਾਰਨਾਮਾ ਕੀਤਾ ਹੈ ਜਿਸ ਦੇ ਇਵਜ਼ ਵਜੋਂ ਮੈਨੂੰ ਢੇਰ ਸਾਰੇ ਇਨਾਮ ਤੇ ਮਾਨਤਾ ਮਿਲੀ ਹੈ। ਮੰਮੀ ਡੈਡੀ ਆਪਣੀ ਕਮਾਊ ਬੇਟੀ ਤੇ ਬਹੁਤ ਖੁਸ਼ ਹੋਣਗੇ।' ਮੈਂ ਇੱਥੇ ਹੀ ਭਵਿੱਖਤ ਸੁਪਨੇ ਸਿਰਜ ਲਏ, ਭਾਵੇਂ ਮੈਨੂੰ ਪਤਾ ਸੀ ਕਿ ਇਹ 'ਚਾਰ ਦਿਨਾਂ ਦੀ ਚਾਂਦਨੀ ਫਿਰ ਅੰਧੇਰੀ ਰਾਤ' ਹੀ ਤਾਂ ਹੁੰਦੀ ਹੈ ਅਜੇਹੀ ਹਰਾਮ ਦੀ ਕਾਲੀ ਕਮਾਈ।
ਇਕ ਹਫਤੇ ਦੀਆਂ ਛੁੱਟੀਆਂ ਹਨ। ਅੰਕਲ ਜੀ ਵੀ ਮੇਰੀ ਇਸ ਫੇਰੀ ਸਮੇਂ ਬਹੁਤ ਦਿਆਲੂ ਹੋ ਗਏ ਜਾਪਦੇ ਨੇ ਜਿਵੇਂ ਉਨ੍ਹਾਂ ਨੂੰ ਕੋਈ ਗਿੱਦੜ-ਸਿੰਗੀ ਮਿਲ ਗਈ ਹੋਵੇ। 'ਇਹ ਨਕਲੀ ਗਹਿਣੇ ਤੇਰੀ ਸੁਹਣੀ ਮਨਮੋਹਣੀ ਸੂਰਤ ਨਾਲ ਮੇਲ ਨਹੀਂ ਖਾਦੇ। ਮੈਂ ਤੈਨੂੰ ਸੋਨੇ ਬਰਾਬਰ ਤੋਲ ਦੇਊਂ, ਸਾਡੇ ਦਿਨ ਫਿਰਨ ਵਾਲੇ ਨੇ। ਬੱਸ ਕੁਝ ਦਿਨਾਂ ਦੀ ਹੀ ਸਾੜ੍ਹਸਤੀ ਦਾ ਪਹਿਰਾ ਬਾਕੀ ਹੈ। ਪੰਡਿਤ ਨੇ ਇੱਕ ਹਫਤੇ ਦੀ ਮੁਹਲਤ ਦਿੱਤੀ ਹੈ ਕਿ ਇਸ ਹਫਤੇ ਸਾਰੇ ਕਾਰਜ ਸਿੱਧ ਹੋ ਜਾਣੇ ਨੇ। ਮੈਂ ਤੇਰੇ ਮੰਮੀ ਪਾਪਾ ਨੂੰ ਵੀ ਬੁਲਾ ਲੈਣਾ ਹੈ। ਉਹ ਵੀ ਜਲਦੀ ਤੇਰੇ ਕੋਲ ਪਹੁੰਚ ਜਾਣੇ ਨੇ। ਤੂੰ ਮੇਰਾ ਖਿਆਲ ਰੱਖਿਆ ਕਰ।' ਉਹ ਫਲਾਉਣੀਆਂ ਦਿੰਦੇ ਨੇ।
'ਚੰਗਾ ਹੋਊ, ਤੁਹਾਡੇ ਪੈਕਟ ਵੀ ਲੈ ਆਉਣ ਗੇ!' ਅਛੋਪਲ਼ੇ ਹੀ ਮੇਰੇ ਮੂੰਹੋਂ ਨਿਕਲ ਜਾਦਾ ਹੈ। 'ਨਾਲੇ ਇਹ ਗਹਿਣੇ ਨਕਲੀ ਨਹੀਂ ਅੰਕਲ ਜੀ, ਇਹ ਅਸਲੀ ਹੈ ਸ਼ੁੱਧ ਸੋਨਾ! ਮੇਰੀ ਆਪਣੀ ਕੀਤੀ ਹੋਈ ਨੇਕ ਮਿਹਨਤੀ ਕਮਾਈ।' ਮੋਢੇ ਉੱਚੇ ਕਰਕੇ ਕਹਿੰਦੀ ਕਹਿੰਦੀ ਮੇਰੇ ਬੁੱਲ੍ਹਾਂ ਅੰਦਰ ਹੀ ਜਜ਼ਬ ਹੋ ਗਿਆ।
'ਹਾਂ ਪੁੱਤ ਮੇਰੀ ਦਵਾਈ ਮੁੱਕੀ ਹੋਈ ਹੈ। ਮੈਂ ਸੋਚਦਾ ਹਾਂ ਕਿਸੇ ਨਜ਼ਦੀਕੀ ਭੈਣ ਭਾਈ ਦੇ ਹੱਥ ਹੀ ਮੰਗਵਾਵਾਂ ਗਾ।' ਅੰਕਲ ਜੀ ਬੁੜਬੁੜਾਉਂਦੇ ਸਿਰ ਹਿਲਾਉਂਦੇ ਹਨ, ਜਿਵੇਂ ਕਹਿ ਰਹੇ ਹੋਣ, 'ਡੁੱਬਦੇ ਨੂੰ ਤਿਣਕੇ ਦਾ ਸਹਾਰਾ।'
ਅੱਜ ਕਲ੍ਹ ਗੇਰੂਏ ਰੰਗ ਦੇ ਹਲਵਾ ਕੱਦੂ ਦੀ ਤਾਂ ਜਿਵੇਂ ਸ਼ਾਮਤ ਹੀ ਆ ਗਈ। ਹਰ ਚੌਂਕ, ਹਰ ਬਜ਼ਾਰ ਵਿੱਚ ਢੇਰਾਂ ਦੇ ਢੇਰ ਪਏ ਗਰਮ ਪਕੌੜਿਆਂ ਵਾਂਗ ਵਿਕ ਰਹੇ ਸਨ। ਕੋਈ ਵੀ ਅਜੇਹਾ ਘਰ ਨਹੀਂ ਜਿਸ ਨੇ ਇਹ ਨਾ ਖ਼ਰੀਦਿਆ ਹੋਵੇ। ਪਿਛਲੀ ਸ਼ਾਮ ਭਾਬੀ ਜੀ ਇੱਕ ਵੱਡਾ ਸਾਰਾ ਹਲਵਾ ਘਰ ਲੈ ਆਈ। ਭੂਆ ਜੀ ਨੇ ਅੰਦਰੋਂ ਇਸ ਦਾ ਸਾਰਾ ਗੁੱਦਾ ਕੱਢ ਕੇ ਸਬਜ਼ੀ ਬਣਾ ਕੇ ਫਰਿੱਜ ਵਿੱਚ ਟਿਕਾ ਦਿੱਤੀ ਤੇ ਇਸ ਦੇ ਖੋਲ ਦੀਆਂ ਅੱਖਾਂ ਨੱਕ ਬੁੱਲ੍ਹ ਕੰਨ ਬਣਾਏ ਤੇ ਡਰਾਉਣਾ ਬਣਾ ਕੇ ਘਰ ਮੂਹਰੇ ਨਜ਼ਰਵੱਟੂ ਲਟਕਾ ਦਿੱਤਾ।
ਇਕੱਤੀ ਅਕਤੂਬਰ ਸ਼ਾਮ ਦਾ ਸਮਾ ਹੋਲੋਵੀਨ ਦਾ ਦਿਨ ਸੀ। ਘਰ ਦੇ ਚਾਰ-ਚੁਫੇਰੇ ਰੰਗ-ਬਰੰਗੀਆਂ ਬਲਬਾਂ ਬੱਤੀਆਂ ਦੀਆਂ ਲੜੀਆਂ ਰੋਸ਼ਨੀ ਖਿੰਡਾ ਰਹੀਆਂ ਸਨ। ਇਹ ਭੂਤਾਂ, ਪ੍ਰੇਤਾਂ, ਦੁਸ਼ਟ ਗਰੈਹਾਂ ਜਾਂ ਭੈੜੀਆਂ ਰੂਹਾਂ ਨੂੰ ਤ੍ਰਿਪਤ ਕਰਨ ਦਾ ਇੱਕ ਸਬੱਬ ਮੰਨਿਆਂ ਜਾਦਾ ਹੈ ਜੋ ਸਾਲ ਭਰ ਵਿੱਚ ਇੱਕ ਦਿਨ ਹੀ ਆਉਂਦਾ ਹੈ। ਸਾਰੇ ਘਰਾਂ ਦੇ ਬਾਹਰ ਲੋਕਾਂ ਨੇ ਨਵੀਂ ਨਵੀਂ ਕਿਸਮ ਦੇ ਕਾਰਟੂਨ, ਡਰਾਉਣੇ ਬਣਾ ਕੇ ਟੰਗੇ ਹੋਏ ਸਨ। ਭੂਆ ਜੀ ਇਸ ਸਭ ਪ੍ਰੋਗਰਾਮ ਦੀ 'ਬੇਬੇ' ਬਣੀ ਫਿਰਦੀ ਸੀ। ਇਸ ਸਾਲ ਕਾਰੋਬਾਰ ਤੇ ਪਏ ਡਾਕਿਆਂ, ਛਾਪਿਆਂ, ਚੱਟੀਆਂ ਤੇ ਘਾਟਿਆਂ ਕਰਕੇ ਅਜੇਹੇ ਟੂਣੇ-ਟਪਾਣੇ ਤੇ ਉਪਾਅ ਜਰਾ ਜਿਆਦਾ ਹੀ ਉੱਘੜ ਆਏ। ਕਾਲੇ ਗਾਊਨ ਵਾਲਾ ਆਦਮ-ਕੱਦ 'ਡਰਾਉਣਾ' ਗੇਟ ਤੇ ਗੱਡਿਆ ਦੰਦ ਕੱਢੀ ਖੜ੍ਹਾ ਹੱਸ ਰਿਹਾ ਸੀ। ਉਸ ਦੇ ਅੰਦਰ ਜਗਦੀਆਂ ਬੁਝਦੀਆਂ ਸਵੈ -ਚਲਤ ਬੱਤੀਆਂ ਉਸ ਦੇ ਲੰਬੇ ਦੰਦ ਚਮਕਾ ਰਹੀਆਂ ਸਨ। ਭੂਆ ਜੀ ਨੇ ਹੀ ਸਟੀਲ ਦੇ ਢਾਂਚੇ ਉੱਤੇ ਕਾਲਾ ਗਾਊਨ ਪਾ ਕੇ ਹਬਸ਼ੀ ਰੋਬਟ ਬਣਾ ਧਰਿਆ ਜਿਸ ਤੋਂ ਮੈਂ ਪਹਿਲਾਂ ਹੀ ਕੋਹਾਂ ਦੂਰ ਡਰਦੀ ਸਾਂ।
ਭਾਲੂ, ਲੂੰਬੜੀ, ਪਾਈਲਟ, ਅੱਗ-ਬੁਝਾਊ ਅਫਸਰ ਆਦਿ ਵੰਨ-ਸੁਵੰਨੇ ਭਿਆਨਕ, ਡਰਾਉਣੇ, ਹਸਾਉਣੇ ਨਕਲਚੀ ਮਖੌਟੇ ਪਹਿਨੀ ਮੁੰਡੇ, ਕੁੜੀਆਂ, ਬੱਚੇ, ਬੁੱਢੇ ਬੂਹੇ ਤੇ ਦਸਤਕ ਦੇ ਰਹੇ ਸਨ।
' ਹੈਪੀ ਹੋਲੋਵੀਨ! ....। ਟਰਿੱਕ ਆਰ ਟਰੀਟ?' ਗਾਜ਼ਾ ਕਰਨ ਵਰਗੇ ਝਲੂੰਗੇ ਵਿੱਚੋਂ ਰੀਕਾਰਡ ਕੀਤਾ ਹੋਇਆ ਅਲਖ ਜਗਾਉਂਦਾ ਸਵਾਲ ਸੁਣਦਾ ਹੈ।
'ਟਰੀਟ!' ਲੀਜ਼ਾ ਤੇ ਮਾਰਟਿਨ ਇਕੱਠੇ ਬੋਲ ਪਏ।
ਭਾਬੀ ਅਤੇ ਭੂਆ ਜੀ ਦੇ ਪੜ੍ਹਾਏ ਸਿਖਾਏ ਹੱਸਦੇ ਹੱਸਦੇ ਫੌਜੀ ਦੀ ਵਰਦੀ ਵਿੱਚ ਮਾਰਟਿਨ ਤੇ ਨਰਸ ਦੇ ਪਹਿਰਾਵੇ ਵਿੱਚ ਲੀਜ਼ਾ ਟਾਫੀਆਂ ਦੀਆਂ ਟੋਕਰੀਆਂ ਫੜ੍ਹੀ ਉਨ੍ਹਾਂ ਨੂੰ ਅੱਗੇ ਹੋ ਹੋ ਵੰਡ ਰਹੇ ਹਨ। ਮੰਗਣ ਵਾਲੇ ਟਾਫੀਆਂ ਦੇ ਇੱਕ ਗੁੱਡੀ-ਬੈਗ ਨਾਲ ਹੀ ਸੰਤੁਸ਼ਟ ਅਸੀਸਾਂ ਦਿੰਦੇ ਜਾ ਰਹੇ ਹਨ। ਭੂਤ! ਦੀ ਅਗਵਾਈ ਵਾਲਾ ਵੱਡਾ ਟੋਲਾ ਬੈਗ ਲੈ ਕੇ ਵੀ ਅੜ ਗਿਆ। ਬੱਚੇ ਛਿੱਥੇ ਜਿਹੇ ਪਿੱਛੇ ਮੁੜ ਸ਼ਕਾਇਤ ਕਰਦੇ ਹਨ। ਮੈਂ ਅੱਗੇ ਜਾਂਦੀ ਹਾਂ। ਉਹ ਸਾਰੇ ਚਾਮ੍ਹਲੇ ਫਿਰਦੇ ਹਨ।
'ਟਰਿੱਕ ਆਰ ਟਰੀਟ?' ਕਾਲੇ ਚੋਲੇ ਦੇ ਯੰਤਰ ਵਿੱਚੋਂ ਭੂਤਰਿਆ ਹੋਇਆ ਸਵਾਲੀਆ ਇਸ਼ਾਰਾ ਉੱਭਰਦਾ ਹੈ।
'ਟਰਿੱਕ!' ਮੈਥੋਂ ਕਹਿ ਹੋ ਜਾਂਦਾ ਹੈ ਭਾਵੇਂ ਮੈਨੂੰ ਇਸ ਦਾ ਕੋਈ ਮਤਲਬ ਪਤਾ ਨਹੀਂ... ਸ਼ਾਇਦ 'ਕਰਾਮਾਤ ਦਿਖਾਓ ਜਾਂ ਸਿਰ ਨਿਵਾਓ' ਜਿਹਾ ਕੁਝ ਹੋਵੇ। ਉਹ ਮਦਾਰੀ ਦੀ ਪਟਾਰੀ ਵਾਂਗ ਭੁੰਜੇ ਵਿਸ਼ ਜਾਦੇ ਹਨ। ਸਾਰੇ ਬਾਣਿਆਂ ਵਿੱਚੋਂ ਪਹਿਲਾਂ ਹੀ ਭਰੀਆਂ ਵਚਿੱਤਰ ਸੰਗੀਤਕ ਆਵਾਜ਼ਾਂ ਨਿਕਲਦੀਆਂ ਹਨ।
ਇਕ ਵਿਅਕਤੀ ਥੱਲੇ ਲਿਟ ਕੇ ਚੁਪਾਇਆ ਬਣ ਕੇ ਟਪੂਸੀਆਂ ਮਾਰਨ ਲੱਗ ਜਾਂਦਾ ਹੈ। 'ਪੂਚ...ਪੂਛ ਕੂਰ..ਕੂਰ... ਡੈਂਸ ।' ਦੀ ਆਵਾਜ਼ ਨਾਲ ਕਾਲਾ ਨਕਲਚੀ ਡਾਂਸ ਕਰਦਾ ਹੈ। ਸਾਰੇ ਹੋ ਹੱਲਾ ਕਰਦੇ ਹੱਸਦੇ ਹਨ। ਭੂਤ ਦੇ ਮਾਸਕ ਵਾਲਾ ਆਕਾਰ ਉੱਚੇ ਉੱਚੇ ਦੰਦ ਦਿਖਾਉਂਦਾ ਸਲੂਟ ਮਾਰਦਾ, ਹੱਥਾਂ ਪੈਰਾਂ ਦੇ ਘੁੰਗਰੂ ਛਣਕਾਉਂਦਾ ਮੇਰੇ ਮੂਹਰੇ ਠੂਠਾ ਕਰਦਾ ਹੈ। ਮੈਂ ਮੁੱਠ ਭਰ ਕੈਂਡੀਆਂ ਕਾਸੇ 'ਚ ਪਾ ਦਿੰਦੀ ਹਾਂ। ਰਾਵਣ ਵਾਂਗ ਅੱਗੇ ਹੋ ਕੇ ਮੈਨੂੰ ਹਰਨ ਕਰਨ ਦਾ ਡਰਾਮਾ ਕਰਦਾ ਗਲਵਕੜੀ ਪਾਉਂਦਾ ਕੰਨ ਵਿੱਚ 'ਕੱਲ੍ਹ ਤਿਆਰ ਰਹਿਣਾ, ਕਿਸੇ ਮੁਹਿੰਮ ਤੇ ਜਾਣਾ ਹੈ' ਹੁਕਮ ਚਾੜ੍ਹ ਦਿੰਦਾ ਹੈ। ਦੂਸਰੇ ਹੀ ਪਲ ਉਹ ਭੂਤ ਦਾ ਮਖੌਟਾ ਲਾਹ ਕੇ ਥੱਲਿਓਂ ਪਾਈਲਟ ਬਣ 'ਛੂੰਅਅਅ ਅਅ' ਮਿੱਗ ਜਹਾਜ਼ ਦੀ ਆਵਾਜ਼ ਮਚਾਉਂਦਾ ਦੋਹੇਂ ਹੱਥ ਬਾਂਹਾਂ ਜੋੜ ਕੇ ਚੜ੍ਹਦੇ ਜਹਾਜ਼ ਵਾਂਗ ਉੱਪਰ ਨੂੰ ਉੱਛਲਦਾ ਹੈ। ਸਾਥੀ ਤਾੜੀਆਂ ਮਾਰ ਚੜਗਿੱਲ੍ਹੀ ਮਚਾਉਂਦੇ ਜੋਰ ਜੋਰ ਦੀ ਹੱਸਦੇ ਹਨ। 'ਚੰਗਾ ਟਰਿੱਕ ਹੈ ਇਹ!' ਮੈਂ ਅੰਦਰੇ ਹੀ ਅੰਦਰ ਖੁਸ਼ੀ ਨਾਲ ਪਗਲੀ ਖੀਵੀ ਹੋ ਰਹੀ ਸਾਂ। ਉਸ ਦੇ ਅੰਦਾਜ਼ ਅਤੇ ਟਰਿੱਕ ਵੇਖ ਸੁਣ ਕੇ ਭੂਆ ਜੀ ਡੌਰ-ਭੌਰੀ ਜਿਹੀ ਹੋਈ ਉਸ ਵਿੱਚ ਹੀ ਖੁਭ ਜਾਂਦੀ ਹੈ। ਉਸ ਦੇ ਜਾਂਦੇ ਦਾ ਪਿੱਛਾ ਨਾਪਦੀ ਰਹੀ। ਮੈਂ ਡਰਦੀ ਸਾਂ, ਮੇਰੇ ਸੁਪਨਿਆਂ ਦਾ ਸੌਦਾਗਰ ਆਏ ਗਾ... ਜਰੂਰ ਆਏ ਗਾ। ਮੈਨੂੰ ਛੇੜੇ ਗਾ ਝੱਲਾ ਜਿਹਾ, ਕੋਈ ਅੱਗਾ ਪਿੱਛਾ ਨਹੀਂ ਵੇਖਦਾ। ਅੰਕਲ ਜੀ ਉਹਨਾਂ ਨੂੰ ਵੇਖ ਕੇ ਖਪੇ ਹੋਣ ਗੇ।
'ਥੈਂਕ ਗੋਡ! ਨੇੜੇ ਹੀ ਛੁਟਕਾਰਾ ਹੋ ਗਿਆ। ਅੰਕਲ ਜੀ ਦੀ ਨਜ਼ਰੀਂ ਨਹੀਂ ਚੜ੍ਹਿਆ।' ਮੈਂ ਖੁਸ਼ ਹਾਂ ਪਰ ਅੰਦਰ ਹੀ ਅੰਦਰ ਮੱਚ ਉੱਠਦੀ ਹਾਂ। ਮੈਨੂੰ ਯਕੀਨ ਹੈ ਉਹ ਫੇਰ ਗੇੜਾ ਮਾਰੇ ਗਾ। ਹਾਏ! ਜੇ ਉਹ ਕਾਲਾ ਵੀ ਨਾਲ ਆ ਗਿਆ ਤਾਂ? ਉਸ ਦੀ ਬਦ-ਰੂਹ ਵੀ ਤਾਂ ਇਧਰ ਹੀ ਉਡਦੀ ਫਿਰਦੀ ਹੈ ਦੁਧਾਮੀ ਦੀ... ਹਰਾਮੀ ਦੀ, ਇਹਨਾਂ ਦੇ ਪਿੱਛੇ ਨਾਲ ਨਾਲ।
ਪਿੱਛੇ ਮੁੜਦੀ ਹਾਂ। ਅੰਕਲ ਜੀ ਖੜ੍ਹੇ ਮੁੱਛਾਂ ਨੂੰ ਮਰੋੜਾ ਦੇ ਰਹੇ ਹਨ ਜਿਵੇਂ ਸਾਰਾ ਮਜਮਾ ਵੇਖ ਰਹੇ ਹੋਣ। ਵਿਸਕੀ ਬੋਤਲ, ਸਲਾਦ, ਗਿਲਾਸ ਤੇ ਸੋਢਾ ਦਿਖਾ ਕੇ ਅੰਕਲ ਜੀ ਨੂੰ ਪਿਛਲੀ ਬੈਕ-ਯਾਰਡ ਬਗੀਚੀ ਵੱਲ ਇਸ਼ਾਰਾ ਕਰਦੀ ਹਾਂ। ਪਹਿਲਾਂ ਇਹ ਡਿਊਟੀ ਭੂਆ ਜੀ ਕਰਿਆ ਕਰਦੇ ਸਨ। ਮੇਰੇ ਮੇਜ਼ ਕੁਰਸੀ ਟਿਕਾਉਣ ਤੱਕ ਉਨ੍ਹਾਂ ਦੀਆਂ ਨਜ਼ਰਾਂ ਮੈਨੂੰ ਨਿਹਾਰ ਰਹੀਆਂ ਹਨ। ਅੰਕਲ ਜੀ ਬੁੱਲ੍ਹਾਂ ਤੇ ਜ਼ਬਾਨ ਫੇਰਦੇ 'ਥੈਂਕ ਜੂ' ਕਹਿੰਦੇ ਮੇਰਾ ਸਿਰ ਬਗਲ 'ਚ ਲੈ ਲੈਂਦੇ ਹਨ। ਉਨ੍ਹਾਂ ਦੀਆਂ ਕੱਛਾਂ ਦੀ ਬਦਬੂ ਮੇਰੀਆਂ ਨਾਸਾਂ ਨੂੰ ਚੜ੍ਹਦੀ ਹੈ।
'ਆਸਿਫ ਦੇ ਇਸ ਤਰ੍ਹਾਂ ਘਰ ਆ ਕੇ ਮੁੜ ਜਾਣ ਤੇ ਮੈਨੂੰ ਚਿਤਮਣੀ ਜਿਹੀ ਲੱਗ ਗਈ। ਆਪਣੇ ਆਪ ਨੂੰ ਕੋਸਦੀ ਹਾਂ। ਕਿੰਨਾ ਚੰਗਾ ਹੁੰਦਾ ਜੇ ਮੈਂ ਉਹਨੂੰ ਅੰਕਲ ਜੀ ਨਾਲ ਮੁਲਾਕਾਤ ਕਰਾ ਦਿੰਦੀ ਜਾਂ ਭੂਆ ਜੀ ਨਾਲ਼. ਖੌਰੇ ਇਹੀ ਇਸ ਦਾ ਗਵਾਚਾ 'ਚੰਦ' ਹੋਵੇ। ਆਸਿਫ ਦਾ ਭੋਲਾ ਅੱਥਰਾ ਚਿਹਰਾ ਦੇਰ ਰਾਤ ਤੱਕ ਮੇਰੇ ਸਾਹਮਣੇ ਮੇਰੀ ਮਾਨਸਿਕਤਾ ਨੂੰ ਟੁੰਬਦਾ ਘੂਰਦਾ ਛੇਦ ਕਰਦਾ ਰਿਹਾ। ਪਲ ਭਰ ਵੀ ਮੈਨੂੰ ਨੀਂਦ ਚੈਨ ਨਾ ਆਇਆ। ਬੇਚੈਨੀ ਨਾਲ ਮੇਰਾ ਬਦਨ ਤਪਣ ਲਗਦਾ ਹੈ। ਉਠ ਕੇ ਬਾਹਰ ਦੀ ਤਾਕੀ ਖੋਲ੍ਹਦੀ ਹਾਂ। ਬਾਹਰ ਕਿਣ-ਮਿਣ ਹੋ ਰਹੀ ਸੀ। ਨਹਾਉਣ ਵਾਲੇ ਪੂਲ ਵਿੱਚ ਛਾਲ ਮਾਰਨ ਨੂੰ ਦਿਲ ਕਰਦਾ ਸੀ। ਠੰਢੀ ਹਵਾ ਦਾ ਬੁੱਲਾ ਕੁਝ ਰਾਹਤ ਪ੍ਰਦਾਨ ਕਰਦਾ ਹੈ। ਕਿੱਲੀ ਤੇ ਟੰਗੀ ਛਤਰੀ ਫੜ੍ਹ ਕੇ ਵਰ੍ਹਦੇ ਮੀਂਹ ਵਿੱਚ ਸੈਰ ਨੂੰ ਮਨ ਲਲਚਾ ਜਾਂਦਾ ਹੈ। ਹਾਏ! ਔਹ ਦੁਧਾਮੀ ਵੀ ਨਾਲ ਹੀ ਫਿਰਦਾ ਹੈ। ਮੈਨੂੰ ਖਿਝ ਚੜ੍ਹ ਜਾਦੀ ਹੈ। ਜੀ ਕਰਦਾ ਹੈ ਕੱਚਾ ਹੀ ਖਾ ਜਾਵਾਂ ਅਜੇਹੇ ਦੁਸ਼ਟ ਨੂੰ। ਆ ਤੇਰੇ ਡੇਲੇ ਕੱਢਾਂ...।
ਮੇਰੇ ਮੋਢੇ ਸਿਰ ਮੂੰਹ ਤੇ ਕਿਸੇ ਦਾ ਪੋਲਾ ਜਿਹਾ ਹੱਥ ਫਿਰਨ ਲੱਗਾ ਮੈਂ ਇਕ ਦਮ ਝਟਕ ਦਿੱਤਾ। ਪਲ-ਝਪਟ ਵਿੱਚ ਮੈਂ ਆਪਣਾ ਬਦਨ ਸ਼ੈਤਾਨ ਦੁਧਾਮੀ ਦੇ ਪੰਜਿਆਂ ਜਿਹੀ ਪੀਡੀ ਜਕੜ ਵਿੱਚ ਮਹਿਸੂਸ ਕੀਤਾ। ਮੇਰੀ ਅੱਧੀ ਕੁ ਚੀਖ਼ ਕਿਸੇ ਮਜ਼ਬੂਤ ਪੰਜੇ ਨੇ ਘੁੱਟ ਲਈ। ਆਪਣੇ ਆਪ ਨੂੰ ਛੁਡਾਉਣ ਦੀ ਵਾਹ ਲਾਈ ਪਰ ਨਿਸਫਲ ਹੋ ਕੇ ਅਖੀਰਲਾ ਵਿਕਲਪ 'ਦੰਦਾਂ ਵਾਲਾ ਹਥਿਆਰ' ਜੋ ਸਕੂਲ ਦੀ ਕਰਾਟੇ ਵਾਲੀ ਟੀਚਰ ਨੇ ਸਿਖਾਇਆ ਸੀ ਵਰਤ ਲਿਆ।
ਟੈਲੀਫੋਨ ਦੀ ਘੰਟੀ ਫੇਰ ਖੜਕੀ ਹੈ। 'ਹੈਲੋ ਹੈਲੋ....ਕੌਣ ਐਂ ਤੂੰ? ਬੋਲਦਾ ਕਿਉਂ ਨਹੀਂ? ਰੈਸਕਲ਼. ਨਾਨਸੈਂਸ।' ਭੂਆ ਜੀ ਦੇ ਤਲਖ਼ ਦਬਕੇ ਨਾਲ ਮੇਰੇ ਲੂੰਕੰਡੇ ਖੜੇ ਹੋ ਜਾਂਦੇ ਨੇ।
'ਸਬਰ ਕਰ ਧੀਏ! ... ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਆਵਣ ਗੇ।' ਮੇਰੀਆਂ ਪ੍ਰਤੱਖ ਪਰੇਸ਼ਾਨੀਆਂ ਤੇ ਗਮਗੀਨੀਆਂ ਦੀ ਜਾਣੀ-ਜਾਣ ਭੂਆ ਟੈਲੀਫੋਨ ਛੱਡ ਕੇ ਮੈਨੂੰ ਗਲਵੱਕੜੀ ਭਰ ਲੈਂਦੀ ਹੈ। ਪਿੱਠ ਤੇ ਫਿਰਦੇ ਭੂਆ ਜੀ ਦੇ ਹੱਥ ਮੈਨੂੰ ਰੁਮਾਂਚਕਾਰੀ ਹੁਲਾਰਾ ਦਿੰਦੇ ਹਨ। ਮੇਰੀ ਮਨੋਬਿਰਤੀ ਬਾਹਰ ਗੇਟ ਵੱਲੋਂ ਆਸਿਫ ਦੀ ਵੌੜ ਅਤੇ ਉਸ ਦੀ ਵਿਸਮਾਦੀ ਸਪਰਸ਼ ਦਾ ਅਹਿਸਾਸ ਮਾਨਣ ਲਗਦੀ ਹੈ ... ਦਰਵਾਜੇ ਦੀ ਘੰਟੀ ਵੱਜਦੀ ਹੈ। ਭੂਆ ਜੀ ਦੁਪੱਟਾ ਕਲੁੰਜਦੇ ਦਰਵਾਜ਼ਾ ਖੋਲ੍ਹਦੇ ਹਨ।
'ਆਓ ਬੇਟੇ! ਆਓ। ਧੰਨਭਾਗ ਮੇਰੇ! ..ਵੇ ਪੁੱਤ! ਤੂੰ ਪਹਿਲਾਂ ਆਪਣਾ ਨਾਮ ਪਤਾ ਟਿਕਾਣਾ ਦੱਸ। ਮੈਨੂੰ ਤਾਂ ਸਾਰੀ ਰਾਤ ਤੇਰੀ ਸੂਰਤ ਸੀਰਤ, ਤੇਰੇ ਝੁੰਗਲਮਾਟੇ, ਤੇਰੀ ਛੂੰਅਅਅ ... ਨੇ ਸੌਣ ਨਹੀ ਦਿੱਤਾ। ਤੇਰੀ ਆਵਾਜ਼, ਤੇਰਾ ਅੰਦਾਜ਼, ਤੇਰੀ ਕਿਲਕਾਰੀ ਨਿਰੀ ਪੁਰੀ ਮੇਰੇ 'ਚੰਦ' ਨਾਲ ਮੇਲ ਖਾਂਦੀ ਹੈ।' ਉਹ ਉੱਠ ਕੇ ਭੂਆ ਦੇ ਗਲ ਚੰਬੜ ਜਾਂਦਾ ਹੈ। ਪਲ ਦੀ ਪਲ ਮੈਨੂੰ ਸਾੜਾ ਹੋਣ ਲਗਦਾ ਹੈ ਕਿ ਇਸ ਭੂਆ-ਸੜੂਆ ਦੀ ਬੰਦੀ ਬਣਾ ਦਿਆਂ ਪਰ ਭੂਆ ਉਸ ਨੂੰ ਬਾਂਹਾਂ 'ਚ ਘੁੱਟਦੀ ਚਿਲਾਉਣ ਲੱਗੀ ਹੈ 'ਆਓ ਨੀ ਵੇਖੋ ਮੇਰਾ ਪਾਈਲਟ ਆ ਗਿਆ। ਮੇਰਾ ਚੰਦ ਮੈਨੂੰ ਮਿਲ ਗਿਆ।' ਹੰਝੂਆਂ ਦੀਆਂ ਦੋ ਨਦੀਆਂ ਇਕੱਠੀਆਂ ਵਹਿ ਤੁਰਦੀਆਂ ਹਨ। ਮੈਂ ਵੇਖ ਰਹੀ ਹਾਂ ਅਨੂਠਾ ਅਲੌਕਿਕ ਨਜ਼ਾਰਾ ਜਿਵੇਂ ਇੱਛਰਾਂ ਨੂੰ ਪੂਰਨ ਮਿਲ ਗਿਆ ਹੋਵੇ।
'ਕੁੜੇ ਕੀ ਹੋ ਗਿਆ ਤੁਹਾਨੂੰ? ਗੁੰਮ-ਸੜੁੰਮ ਬੂਥੇ ਲਟਕਾਈ ਫਿਰਦੀਆਂ ਨੇ, ਮੇਰੀ ਕੋਈ ਸੁਣਦਾ ਹੀ ਨਹੀਂ।' ਮਾਸੀ ਜੀ ਨੇ ਅਡੋਲ ਪਾਣੀਆਂ ਵਿੱਚ ਢੀਮ ਮਾਰ ਕੇ ਮੇਰਾ ਸਵਾਦੀ ਇਲਹਾਮ ਥੰਮ੍ਹ ਦਿੱਤਾ। ਅੰਕਲ ਜੀ ਆਪਣੀ ਬਹੁਤੀ ਪ੍ਰਵਾਹ ਨਹੀਂ ਕਰਦੇ ਪਰ ਮਾਸੀ ਜੀ ਦੇ ਬਾਰ ਬਾਰ ਪੁੱਛੋ-ੜਿੱਕੇ ਨੇ ਇਹ ਬਾਤ ਦਾ ਬਤੰਗੜ ਬਣਾ ਧਰਿਆ। ਡਾਕਟਰਾਂ ਕੋਲ ਜਾਣ ਦੀ ਲੋੜ ਵੀ ਨਹੀਂ ਤੇ ਉਨ੍ਹਾਂ ਦਾ ਬੀਮਾ ਵੀ ਹੈ ਨਹੀਂ ਸੀ। ਪਿਛਲੇ ਮਹੀਨੇ ਦੀ ਬੰਦ ਕਰਵਾ ਦਿੱਤਾ ਸੀ ਅਖੇ ਹੁਣ ਪੈਂਠ ਸਾਲ ਦੇ ਹੋ ਗਏ ਨੇ ਸਰਕਾਰ ਤੋਂ ਮੁਫ਼ਤ ਇਲਾਜ ਹੋਊ।
ਮਾਸੀ ਜੀ ਹੋਰ ਉਦਾਸ ਹੋ ਗਏ ਨੇ। ਉਨ੍ਹਾਂ ਨੂੰ ਆਪਣਾ ਦੁੱਖ ਭੁੱਲ ਚੁੱਕਾ ਹੈ। 'ਡੇਬੀ ਦੇ ਬਾਪੂ ਜੀ! ਵੇਖੀਂ ਉਹ ਕੁੱਤਾ ਕਿਤੇ ਮਰ ਤੇ ਨਹੀਂ ਗਿਆ ...? ਜਾਹ ਕੁੜੇ ਇਹਨਾਂ ਦੇ ਨਾਲ, ਉਸ ਦੀ ਖੋਜ ਕੱਢੋ। ਕਹਿੰਦੇ ਨੇ ... ਜੇ ਚਾਰੇ ਬੰਨੇ ਹੋਰ ਇਲਾਜ ਨਿਹਫਲ ਹੋ ਜਾਏ ਤਾਂ ਉਸੇ ਕੁੱਤੇ ਦੇ ਚੱਟਣ ਨਾਲ ਅਜੇਹੇ ਜ਼ਖਮ ਠੀਕ ਹੋ ਜਾਦੇ ਨੇ।' ਮਾਸੀ ਜੀ ਦੇ ਚਿੰਤਾ ਭਰੇ ਬੋਲ ਸੁਣ ਕੇ ਭੂਆ ਜੀ ਗੁੱਝਾ ਕਿਹਾ ਮੁਸਕਰਾਉਂਦੀ ਹੈ ਤੇ ਨਾਲ ਮੇਰਾ ਵੀ ਹਾਸਾ ਨਿਕਲ ਗਿਆ।
'ਜਾਓ ਉਸ ਪਾਲਤੂ ਅੱਗੇ ਦੋਬਾਰਾ ਹੱਥ ਕਰੋ ਤੇ ਕਹੋ, ਆ ਜਾ ਕੂਰ ਕੂਰ! ਆ ਜਾਹ। ਮੇਰੇ ਜ਼ਖਮ ਨੂੰ ਆਪਣੀਆਂ ਕੋਮਲ ਜਿਹੀਆਂ ਬੁੱਲ੍ਹੀਆਂ ਛੁਹਾ ਜਾਹ ... ਜ਼ਬਾਨ ਲਗਾ ਜਾਹ, ਪੋਲੀ ਜਿਹੀ ਦੰਦੀ ਵੱਢ ਜਾਹ, ਨਹੁੰਦਰਾਂ ਨਾਲ ਜਲੂਣ ਕਰ ਜਾਹ।' ਭੂਆ ਜੀ ਹੱਥ ਤੇ ਹੱਥ ਮਾਰਦੀ ਮੁਸ਼ਕੜੀਆਂ ਵਿੱਚ ਹੱਸਦੀ ਲੋਟ-ਪੋਟ ਹੋ ਰਹੀ ਹੈ।
ਅੰਕਲ ਜੀ ਮੇਰੇ ਵੱਲ ਤੱਕਦੇ ਹਨ। ਉਨ੍ਹਾਂ ਦੀ ਗੁੰਗੀ ਗੁਣਗੁਣਾਉਂਦੀ ਰਮਜ਼ 'ਤੁਮ ਹੀ ਨੇ ਦਰਦ ਦੀਆ ਹੈ, ਤੂੰ ਹੀ ਦਵਾ ਦੇਣਾ।' ਮੇਰੇ ਕੰਨਾਂ ਤੱਕ ਸੰਚਾਰ ਕਰਦੀ ਖਰਖਰੀ ਮਚਾਉਂਦੀ ਹੈ।
'ਉਹ ਦੇਵਤਾ ਹੈ ਤੇਰੇ ਸਾਰੇ ਦੁੱਖਾਂ ਦਾ ਅੰਮ੍ਰਿਤਧਾਰਾ... ਛਤਰੀ ਹੈ ਤੇਰੀ, ਧੁੱਪ ਲੂ ਤੋਂ ਬਚਣ ਲਈ ਛਤਰੀ ਹੀ ਕੰਮ ਆਉਂਦੀ ਹੈ।' ਮੰਮੀ ਜੀ ਮੇਰੇ ਸਾਹਮਣੇ ਆ ਖੜ੍ਹਦੀ ਹੈ।
ਮੈਂ ਦਵਾਈਆਂ ਵਾਲਾ ਡੱਬਾ ਖੋਲ੍ਹਦੀ ਅੰਕਲ ਜੀ ਦਾ ਹੱਥ ਫੜ੍ਹ ਬੈਠਦੀ ਹਾਂ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)