Chhoti Sardarni (Punjabi Story) : Veena Verma
ਛੋਟੀ ਸਰਦਾਰਨੀ (ਕਹਾਣੀ) : ਵੀਨਾ ਵਰਮਾ
"ਤੂੰ ਮੇਰੀ ਕਹਾਣੀ ਕਦੋਂ ਲਿਖੇਂਗੀ ਆਸ਼ਾ?"
ਉਹ ਕਈ ਵਾਰ ਮੈਨੂੰ ਪੁਛਦੀ, ਪਰ ਮੈਂ ਹਰ ਵਾਰ
ਟਾਲ ਜਾਂਦੀ। ਕਈ ਵਾਰੀ ਉਹ ਮੂੰਹ ਸੁਜਾ ਕੇ
ਚਲੀ ਜਾਂਦੀ। ਤੇ ਫੇਰ ਜਦੋਂ ਅਗਲੀ ਵਾਰ ਮਿਲਦੀ
ਤਾਂ ਉਹ ਸ਼ਿਕਵਾ ਕਰਦੀ। ਅਜਿਹਾ ਕਿੰਨੀ ਹੀ ਵਾਰੀ
ਹੋਇਆ ਸੀ। ਇਕ ਵਾਰ ਤਾਂ ਉਸ ਨੇ ਕਹਿ ਹੀ
ਦਿਤਾ ਸੀ, "ਲਿਖਣੀ ਹੈ ਤਾਂ ਲਿਖ ਦੇ, ਮੈਂ ਜ਼ਿਆਦਾ
ਵਾਰੀ ਤਾਂ ਕਹਿਣਾ ਨਹੀਂ।" ਮੈਨੂੰ ਲਗਦਾ ਜਿਵੇਂ
ਉਹ ਕਹਿੰਦੀ ਹੋਵੇ, ਮੇਰਾ ਸਵੈਟਰ ਬੁਣ ਦੇ ਜਾਂ
ਝੱਗਾ ਸੀਂ ਦੇ। ਮੈਨੂੰ ਪਤੈ ਤੂੰ ਸਵੈਟਰ ਬੁਣਨ
ਜਾਣਦੀ ਹੈਂ ਜਾਂ ਝੱਗੇ ਸੀਣੇ। ਸੀਣਾ ਹੈ ਤਾਂ ਸੀ ਦੇ,
ਨਹੀਂ ਤਾਂ ਕਿਸੇ ਹੋਰ ਤੋਂ ਸਿਲਵਾ ਲਵਾਂ।
ਮੇਰੇ ਆਪਣੇ ਇਸ ਖਿਆਲ ਉਤੇ ਮੈਨੂੰ
ਹਾਸਾ ਆਉਂਦਾ ਪਰ ਅੱਜ ਗੱਲ ਮੈਂ ਹਾਸੇ ਵਿਚ
ਟਾਲ ਨਹੀਂ ਸਕੀ ਸੀ। ਅੱਜ ਉਸ ਦੇ ਲੜਕੇ ਦਾ
ਜਨਮ ਦਿਨ ਸੀ। ਜਦੋਂ ਮੈਂ ਉਸ ਨੂੰ ਵਧਾਈਆਂ
ਦਿਤੀਆਂ, ਉਸ ਨੇ ਭਰੀ ਮਹਿਫਿਲ ਵਿਚ ਫਿਰ
ਇਹ ਸਵਾਲ ਫੇਰ ਦੁਹਰਾਇਆ, "ਮੇਰੀ ਕਹਾਣੀ
ਕਦੋਂ ਲਿਖੇਂਗੀ?"
ਮੈਨੂੰ ਜਵਾਬ ਨਾ ਸੁਝਿਆ। ਦੋ ਪਲ ਸੋਚਣ
ਤੋਂ ਬਾਅਦ ਮੈਂ ਕਿਹਾ, "ਰੂਪੀ, ਅਸਲ ਵਿਚ ਮੈਨੂੰ
ਤੇਰੀ ਪੂਰੀ ਕਹਾਣੀ ਦਾ ਪਤਾ ਨਹੀਂ। ਸ਼ੁਰੂ ਤਾਂ ਕਰ
ਲਵਾਂਗੀ ਪਰ ਖਤਮ ਕਿਥੇ ਕਰਾਂ! ਨਾਲੇ ਮੈਨੂੰ...।"
"ਮੇਰੇ ਵਰਗੀਆਂ ਕਹਾਣੀਆਂ ਕਦੇ ਖਤਮ
ਨਹੀਂ ਹੁੰਦੀਆਂ, ਆਸ਼ਾ। ਸ਼ੁਰੂ ਹੁੰਦੀਆਂ ਨੇ ਤਾਂ
ਚਲਦੀਆਂ ਹੀ ਰਹਿੰਦੀਆਂ ਨੇ। ਬੇਅੰਤ ਹੁੰਦੀਆਂ
ਨੇ। ਕੋਈ ਅੰਤ ਨਹੀਂ ਹੁੰਦਾ ਇਨ੍ਹਾਂ ਕਹਾਣੀਆਂ
ਦਾ!" ਉਹ ਆਪਣੀਆਂ ਕਟੋਰਿਆਂ ਵਰਗੀਆਂ ਅੱਖਾਂ
ਬੰਦ ਕਰਦੀ ਬੋਲੀ।
"ਫੇਰ ਵੀ ਜਦੋਂ ਤਕ ਪੂਰੀ ਗੱਲ ਦਾ ਪਤਾ
ਨਾ ਹੋਵੇ...ਮੈਨੂੰ ਡਰ ਲਗਦੈ, ਮੈਂ ਕੋਈ ਝੂਠ ਸੱਚ
ਨਾ ਮਾਰ ਬੈਠਾਂ। ਪਿਛੋਂ ਤੈਨੂੰ ਬੁਰਾ ਲੱਗੇ," ਮੈਂ
ਜਵਾਬ ਦਿੱਤਾ।
"ਬੁਰਾ ਲੱਗਣ ਨੂੰ ਕਿਹੜਾ ਮੈਂ ਸਤੀ
ਸਵਿਤਰੀ ਹਾਂ। ਜੋ ਮੇਰੇ ਹੱਡਾਂ ਨੇ ਹੰਢਾਇਆ ਹੈ,
ਉਹ ਲਿਖ! ਮੇਰਾ ਸੱਚ!"
"ਪਰ ਤੇਰਾ ਸੱਚ ਮੈਨੂੰ ਪੂਰਾ ਪਤਾ ਨਹੀਂ
ਹਾਲੇ," ਮੈਂ ਕਿਹਾ।
"ਚੰਗਾ ਫੇਰ! ਤੂੰ ਜਾਈਂ ਨਾ। ਅੱਜ ਰਾਤ
ਮੇਰੇ ਕੋਲ ਹੀ ਰਹੀਂ। ਮੈਂ ਤੈਨੂੰ ਆਪਣਾ ਸੱਚ
ਦਸਾਂਗੀ," ਉਹ ਹੁਕਮ ਜਿਹਾ ਦੇ ਕੇ ਪਾਰਟੀ ਵਿਚ
ਬਿਜ਼ੀ ਹੋ ਗਈ।
ਅੱਧੀ ਰਾਤ ਤਕ ਜਨਮ-ਦਿਨ ਦੀ ਪਾਰਟੀ
ਚਲਦੀ ਰਹੀ। ਬਾਰਾਂ ਵਜੇ ਤੋਂ ਬਾਅਦ ਉਹ ਵਿਹਲੀ
ਹੋ ਕੇ ਸੋਫੇ ਉਤੇ ਹੀ ਪਸਰ ਗਈ। ਆਪਣੇ ਲੰਮੇ
ਕਾਲੇ ਵਾਲ ਖੋਲ੍ਹ ਕੇ ਉਸ ਨੇ ਖਿਲਾਰ ਲਏ। ਮੈਂ
ਵੇਖਿਆ, ਲਾਲ ਰੰਗ ਦਾ ਸੂਟ ਉਸ ਦੇ ਰੰਗ ਨਾਲ
ਮਿਲ ਗਿਆ ਸੀ। ਗਲ ਵਿਚ ਪਾਈ ਝੂਠੇ ਮੋਤੀਆਂ
ਦੀ ਮਾਲਾ ਸਿਰਫ ਉਸ ਦੀ ਲੰਬੀ ਗੋਰੀ ਗਰਦਨ
ਉਤੇ ਲਿਪਟੀ ਹੋਣ ਕਰਕੇ ਹੀ ਸੁਚੀ ਲਗ ਰਹੀ
ਸੀ। ਲੰਮੇ-ਲੰਮੇ ਹੱਥ ਪੈਰ ਅਤੇ ਲੰਮਾ ਕੱਦ, ਜਿਵੇਂ
ਮੇਰੇ ਸਾਹਮਣੇ ਇੰਦਰ ਦੇ ਅਖਾੜੇ ਦੀ ਕੋਈ
ਅਪਸਰਾ ਬੈਠੀ ਸੀ। ਕਿੰਨੀ ਸੋਹਣੀ ਹੈ ਉਹ! ਪਤਾ
ਨਹੀਂ ਕਿਉਂ ਉਸ ਨੂੰ ਵੇਖ ਕੇ ਮੈਨੂੰ ਤਾਜ ਮਹੱਲ
ਯਾਦ ਆ ਗਿਆ। ਸ਼ਾਇਦ ਤਾਜ ਮਹੱਲ ਜਿੰਨੀ
ਸੁਹਣੀ ਲੱਗੀ ਸੀ ਉਹ ਮੈਨੂੰ ਅਤੇ ਓਨੀ ਹੀ
ਉਦਾਸ। ਜੇ ਮੈਂ ਮਰਦ ਹੁੰਦੀ ਤੇ ਰੂਪੀ ਨਾਲ ਜਰੂਰ
ਇਸ਼ਕ ਕਰਦੀ, ਮੈਂ ਸੋਚਿਆ।
"ਕਿਥੇ ਗੁਆਚ ਗਈ ਹੈਂ?" ਉਸ ਨੇ ਮੇਰੀ
ਧਿਆਨ-ਮਾਲਾ ਤੋੜੀ।
"ਮੈਂ ਤੇਰੇ ਹੁਸਨ ਦਾ ਜਲਵਾ ਦੇਖ ਰਹੀ
ਹਾਂ! ਕਿੰਨੀ ਸੋਹਣੀ ਹੈਂ ਤੂੰ। ਜੀਅ ਕਰਦੈ ਦੇਖੀ
ਜਾਵਾਂ!"
ਮੇਰਾ ਜਵਾਬ ਸੁਣ ਕੇ ਉਹ ਖਿੜਖਿੜਾ ਕੇ
ਹੱਸੀ ਅਤੇ ਉਸ ਦੇ ਦੰਦ ਮੋਤੀਆਂ ਵਾਂਗ ਚਮਕੇ।
"ਮੇਰੀ ਕਹਾਣੀ ਵੀ ਸੁਣੇਂਗੀ ਕਿ ਮੈਨੂੰ ਦੇਖੀ ਹੀ
ਜਾਵੇਂਗੀ?" ਉਹ ਮੁਸਕਰਾਈ।
"ਹਾਂ ਦੱਸ," ਮੈਂ ਮੇਜ ਤੇ ਪੈਰ ਰਖਦੀ ਹੋਈ
ਨੇ ਪੁਛਿਆ।
"ਆਸ਼ਾ ਮੈਨੂੰ ਪਤਾ ਨਹੀਂ ਕਿ ਮੈਂ ਆਪਣੀ
ਕਹਾਣੀ ਕਿਥੋਂ ਸ਼ੁਰੂ ਕਰਾਂ। ਨਾ ਹੀ ਜਿੰਦਗੀ ਦਾ
ਪਹਿਲਾ ਚੈਪਟਰ ਯਾਦ ਹੈ ਅਤੇ ਨਾ ਹੀ ਪਹਿਲਾ
ਪਾਤਰ। ਬਸ ਇੰਨਾ ਯਾਦ ਹੈ ਕਿ ਮੈਂ ਇਕ ਟੁੱਟੇ
ਹੋਏ ਘਰ ਦੀ ਪੈਦਾਇਸ਼ ਸੀ।" ਉਹ ਥੋੜਾ ਜਿਹਾ
ਰੁਕੀ ਤੇ ਮੇਰੇ ਵਲ ਦੇਖਿਆ।
"ਟੁੱਟੇ ਹੋਏ ਘਰ ਦੀ," ਮੈਂ ਪੁਛਿਆ।
"ਹਾਂ! ਮੇਰੇ ਮਾਂ-ਬਾਪ ਦੀ ਆਪਸ ਵਿਚ
ਬਣਦੀ ਨਹੀਂ ਸੀ। ਮੈਂ ਦੱਸ ਕੁ ਸਾਲ ਦੀ ਸੀ ਜਦੋਂ
ਅਸੀਂ ਇੰਡੀਆ ਤੋਂ ਇੰਗਲੈਂਡ ਆ ਗਏ। ਮੇਰੀ
ਥੋੜੀ-ਬਹੁਤ ਪੜਾਈ ਇੰਡੀਆ ਵਿਚ ਹੋਈ ਤੇ
ਬਾਕੀ ਇੰਗਲੈਂਡ ਵਿਚ। ਮੇਰੇ ਮੰਮੀ ਡੈਡੀ
ਫੈਕਟਰੀਆਂ ਵਿਚ ਕੰਮ ਕਰਦੇ ਸਨ। ਡੈਡੀ ਜਿੰਨਾ
ਪੇ-ਪੈਕਟ ਲੈ ਕੇ ਆਉਂਦਾ, ਸ਼ਰਾਬ ਅਤੇ ਗੋਰੀਆਂ
ਉਤੇ ਖਰਚ ਕਰ ਦਿੰਦਾ ਤੇ ਮੰਮ ਨਾਲੇ ਡੈਡ ਦੀਆਂ
ਗਾਲਾਂ ਖਾਂਦੀ, ਨਾਲੇ ਘਰ ਦਾ ਖਰਚ ਚਲਾਉਂਦੀ।
ਕਿਸੇ ਨਾ ਕਿਸੇ ਬਹਾਨੇ ਡੈਡ ਮੰਮ ਨੂੰ ਰੋਜ ਹੀ
ਕੁਟਦਾ ਸੀ। ਪਰ ਮੰਮ ਡੈਡ ਨੂੰ ਛਡਣ ਲਈ
ਤਿਆਰ ਨਹੀਂ ਸੀ। ਮੈਂ ਕਈ ਵਾਰੀ ਮੰਮ ਨੂੰ ਕਹਿ
ਦਿੰਦੀ, ਚਲ ਆਪਾਂ ਇੰਡੀਆ ਚਲੀਏ। ਪਰ ਡੈਡ
ਤੇ ਮੰਮ ਨੂੰ ਪੌਂਡਾਂ ਤੋਂ ਵਧ ਹੁਣ ਕੋਈ ਚੀਜ਼ ਪਿਆਰੀ
ਨਹੀਂ ਸੀ। ਇੰਡੀਆ ਜਾਣਾ ਤਾਂ ਦੂਰ ਉਹ ਇੰਡੀਆ
ਦਾ ਨਾਂ ਤਕ ਸੁਣਨ ਨੂੰ ਤਿਆਰ ਨਹੀਂ ਸੀ। ਪਰ ਮੈਂ
ਇਕ ਦਿਨ ਲਈ ਵੀ ਇੰਡੀਆ ਨੂੰ ਨਹੀਂ ਭੁਲੀ ਸੀ।
ਆਪਣੇ ਦੋਸਤਾਂ-ਸਹੇਲੀਆਂ ਨੂੰ, ਆਪਣੇ
ਰਿਸ਼ਤੇਦਾਰਾਂ ਨੂੰ ਤੇ ਆਪਣੇ ਪੰਜਾਬ ਨੂੰ। ਇਹੋ ਜਿਹੀ
ਕੋਈ ਰਾਤ ਨਹੀਂ ਸੀ ਕਿ ਮੈਨੂੰ ਇੰਡੀਆ ਦਾ ਸੁਪਨਾ
ਨਾ ਆਇਆ ਹੋਵੇ। ਇਹੋ ਜਿਹੇ ਮਹੌਲ ਵਿਚ ਮੈਂ
ਜ਼ਿਆਦਾ ਪੜ੍ਹ ਲਿਖ ਨਾ ਸਕੀ।
ਸਕੂਲ ਤੋਂ ਬਾਅਦ ਮੈਨੂੰ ਏਅਰਪੋਰਟ ਉਤੇ
ਕੰਮ ਮਿਲ ਗਿਆ। ਜਿਵੇਂ ਘਰ ਦੀ ਘੁਟਨ ਵਿਚੋਂ
ਨਿਕਲ ਕੇ ਮੈਂ ਰੰਗ-ਬਿਰੰਗੇ ਮੇਲੇ ਵਿਚ ਆ ਗਈ।
ਰੋਜ ਹੀ ਹਜਾਰਾਂ ਮੁਸਾਫਿਰ ਜਹਾਜਾਂ ਉਤੇ ਚੜ੍ਹਦੇਉਤਰਦੇ,
ਜਿਵੇਂ ਰੋਜ ਨਵੇਂ ਪੰਛੀ ਆਉਂਦੇ ਤੇ
ਉਡਾਰੀ ਮਾਰ ਜਾਂਦੇ। ਮੈਂ ਲੋਕਾਂ ਨੂੰ ਆਉਂਦੇ-ਜਾਂਦੇ
ਵੇਖਦੀ, ਆਪਸ ਵਿਚ ਗਲੇ ਮਿਲਦਿਆਂ ਤਕਦੀ,
ਤਾਂ ਜਿਵੇਂ ਮੇਰੇ ਅੰਦਰ ਬਹੁਤ ਕੁਝ ਟੁੱਟ ਜਾਂਦਾ।
ਲੋਕ ਕਿੰਨੇ ਖੁਸ਼ ਨੇ। ਕਿਵੇਂ ਆਪਸ ਵਿਚ ਪਿਆਰ
ਕਰਦੇ ਨੇ ਇਕ ਦੂਜੇ ਨੂੰ। ਜਦੋਂ ਕੋਈ ਆਦਮੀ
ਤੀਵੀਂ ਅਲਗ ਹੋ ਰਹੇ ਹੁੰਦੇ ਤਾਂ ਇਕ ਦੂਜੇ ਦੀਆਂ
ਬਾਹਾਂ ਵਿਚ ਸਮਾ ਜਾਂਦੇ। ਔਰਤ ਰੋਂਦੀ ਤੇ ਮਰਦ
ਵੀ ਉਸ ਨੂੰ ਛਾਤੀ ਨਾਲ ਲਾ ਕੇ ਅੱਖਾਂ ਭਰ ਲੈਂਦਾ।
ਮੈਨੂੰ ਲਗਦਾ, ਲੋਕ ਆਪਣੀਆਂ ਪਤਨੀਆਂ ਤੇ
ਬਚਿਆਂ ਨੂੰ ਕਿੰਨਾ ਪਿਆਰ ਕਰਦੇ ਨੇ। ਪਰ ਇਕ
ਸਾਡਾ ਘਰ ਹੈ ਜਿਥੇ ਸਾਰਾ ਦਿਨ ਕਲੇਸ਼ ਹੁੰਦਾ ਤੇ
ਭੰਗ ਭੁਜਦੀ ਏ। ਮੈਨੂੰ ਪੈਸੇ ਸੁਹਣੇ ਮਿਲਦੇ ਸੀ,
ਪਰ ਜਿਸ ਦਿਨ ਤਨਖਾਹ ਮਿਲਣੀ, ਮੈਂ ਉਦਾਸ ਹੋ
ਜਾਣਾ। ਤਨਖਾਹ ਮੰਮ ਨੂੰ ਦੇਵਾਂਗੀ। ਡੈਡ ਸ਼ਰਾਬ
ਵਾਸਤੇ ਪੈਸੇ ਮੰਗੇਗਾ। ਮੰਮ ਕਹੇਗੀ ਕੁੜੀ ਦੇ
ਪੈਸੇ ਨੇ, ਸ਼ਰਾਬਾਂ ਉਤੇ ਨਾ ਰੋੜ। ਦੋਵੇਂ ਜੂਤਪਤਾਣ
ਹੋਣਗੇ। ਜਿਵੇਂ ਪੈਸਾ ਸਾਡੀ ਘਰ ਦੀ
ਲੜਾਈ ਦੀ ਅੱਗ ਵਿਚ ਪੈਟਰੋਲ ਦਾ ਕੰਮ ਕਰਦਾ
ਸੀ। ਤੂੰ ਸੁਣ ਰਹੀ ਏਂ ਨਾ ਧਿਆਨ ਨਾਲ?" ਉਹ
ਗੱਲ ਕਰਦੀ ਵਿਚੋਂ ਰੁਕੀ।
"ਬੋਲੀ ਚਲ, ਰੁਕ ਨਾ! ਕਹਾਣੀ ਦੀ ਤੰਦ
ਨਾ ਤੋੜੀਂ, ਮੈਂ ਸੁਣ ਰਹੀ ਹਾਂ," ਮੈਂ ਇਕੋ ਸਾਹੇ
ਕਹਿ ਗਈ, ਉਹ ਅੱਗੇ ਦੱਸਣ ਲਗੀ,
"ਹਾਂ, ਮੈਂ ਕਹਿ ਰਹੀ ਸੀ ਕਿ ਇਨ੍ਹਾਂ ਹੀ
ਉਦਾਸੀਆਂ ਵਿਚ ਦੋ-ਤਿੰਨ ਸਾਲ ਲੰਘ ਗਏ। ਇਕ
ਦਿਨ ਇੰਡੀਆ ਜਾਣ ਵਾਲੀ ਏਅਰ ਇੰਡੀਆ ਦੀ
ਫਲਾਈਟ ਲੇਟ ਸੀ। ਮੁਸਾਫਿਰ ਬੈਠੇ ਚਾਹ-ਪਾਣੀ
ਪੀ ਰਹੇ ਸਨ ਤੇ ਅਸੀਂ ਸਾਰਾ ਸਟਾਫ ਉਨ੍ਹਾਂ ਦੀ
ਸੇਵਾ ਵਿਚ ਲਗੇ ਹੋਏ ਸੀ। ਇਨ੍ਹਾਂ ਹੀ ਮੁਸਾਫਿਰਾਂ
ਵਿਚ ਮੈਨੂੰ ਮਿਲਿਆ ਸੀ ਨਰਿੰਦਰ। ਮੈਨੂੰ ਥੱਕੀਟੁੱਟੀ
ਨੂੰ ਇਕ ਕੁਰਸੀ ਉਤੇ ਬੈਠੀ ਵੇਖ ਕੇ ਉਹ
ਮੇਰੇ ਨਾਲ ਵਾਲੀ ਕੁਰਸੀ ਉਤੇ ਆ ਕੇ ਬੈਠ ਗਿਆ।
ਮੈਂ ਸਰਸਰੀ ਨਜ਼ਰ ਨਾਲ ਉਸ ਵਲ ਦੇਖਿਆ ਪਰ
ਦੇਖਦੀ ਹੀ ਰਹਿ ਗਈ। ਜਿਵੇਂ ਉਸ ਨੇ ਮੈਨੂੰ
ਹਿਪਨੋਟਾਈਜ ਕਰ ਲਿਆ ਸੀ। ਸੁਹਣੇ ਬੰਦੇ ਤਾਂ
ਏਅਰਪੋਰਟ 'ਤੇ ਰੋਜ ਹੀ ਦੇਖਦੀ ਸੀ ਪਰ ਨਰਿੰਦਰ
ਲਈ ਤਾਂ ਜਿਵੇਂ ਸੁਹਣਾ ਲਫਜ਼ ਵੀ ਛੋਟਾ ਸੀ।
ਗੋਰਾ ਚਿੱਟਾ, ਮੂੰਹ ਦਗ-ਦਗ ਕਰਦਾ, ਘੁੰਗਰਾਲੇ
ਵਾਲ, ਗੁਲਾਬੀ ਬੁਲ੍ਹ ਤੇ ਦਰਵੇਸ਼ਾਂ ਵਰਗੀਆਂ ਅੱਖਾਂ।
ਜਿਵੇਂ ਉਸ ਦੀਆਂ ਅੱਖਾਂ ਵਿਚੋਂ ਕੋਈ ਸੇਕ ਆ
ਰਿਹਾ ਸੀ। ਮੈਨੂੰ ਆਪਣਾ ਵਜੂਦ ਪਿਘਲਦਾ
ਜਾਪਿਆ। ਮੈਂ ਉਸ ਦੀਆਂ ਅੱਖਾਂ ਵਿਚ ਗੁਆਚ
ਗਈ। ਉਹ ਮੁਸਕਰਾਇਆ, ਮੈਂ ਆਪੇ ਵਿਚ ਮੁੜੀ।
ਥੋੜ੍ਹਾ ਸੰਭਲੀ ਕਿ ਉਠ ਕੇ ਚਲੀ ਜਾਵਾਂ ਪਰ ਮੇਰੇ
ਪੈਰਾਂ ਵਿਚ ਜਾਨ ਨਹੀਂ ਸੀ।
"ਕੀ ਨਾਂ ਹੈ ਤੇਰਾ?" ਉਸ ਨੇ ਹੌਲੀ ਜਿਹੀ
ਪੁਛਿਆ। ਬਹੁਤ ਨਿਘੀ ਆਵਾਜ ਸੀ ਉਸ ਦੀ।
"ਰੁਪਿੰਦਰ!" ਮੈਂ ਜਵਾਬ ਦਿਤਾ।
"ਬਹੁਤ ਪਿਆਰਾ ਨਾਂ ਹੈ। ਬਹੁਤ ਸੁਹਣਾ
ਪਰ ਏਨਾ ਸੁਹਣਾ ਨਹੀਂ ਜਿੰਨੀ ਸੁਹਣੀ ਤੂੰ ਆਪ
ਹੈਂ। ਤੇਰਾ ਨਾਂ ਤਾਂ ਤਸਵੀਰ ਹੋਣਾ ਚਾਹੀਦਾ ਹੈ ਜਾਂ
ਬਹਾਰ। ਤਸਵੀਰ ਜਿੰਨੀ ਸੁਹਣੀ ਹੈਂ ਤੂੰ।" ਜਦੋਂ
ਉਹ ਗੱਲ ਕਰਦਾ ਤਾਂ ਉਸ ਦੀਆਂ ਅੱਖਾਂ ਜਾਦੂ
ਧੂੜਦੀਆਂ।
"ਤੂੰ ਕਿਥੇ ਚਲਿਆ ਹੈਂ?" ਮੇਰਾ ਇੰਨੇ
ਸੁਹਣੇ ਮਰਦ ਦੇ ਮੂੰਹੋਂ ਤਾਰੀਫ ਸੁਣ ਦਿਲ
ਉਛਲਿਆ ਪਰ ਮੈਂ ਉਸ ਨੂੰ ਜਾਹਰ ਨਾ ਹੋਣ ਦਿੱਤਾ।
"ਇੰਡੀਆ! ਪੰਜਾਬ। ਅੰਮ੍ਰਿਤਸਰ ਕੋਲ ਪਿੰਡ
ਹੈ ਮੇਰਾ। ਮੇਰੇ ਮਾਂ-ਬਾਪ ਉਥੇ ਹੀ ਨੇ। ਘਰਬਾਰ,
ਜ਼ਮੀਨ-ਜਾਇਦਾਦ, ਪੂਰਾ ਪਿੰਡ ਹੀ ਸਾਡਾ
ਆਪਣਾ ਹੈ। ਮੈਂ ਇਕੱਲਾ ਪੁਤਰ ਹਾਂ ਮਾਂ-ਬਾਪ
ਦਾ। ਬਸ ਹਰ ਸਾਲ ਦੇ ਚਾਰ ਚੱਕਰ ਇੰਡੀਆ ਦੇ
ਲੱਗ ਹੀ ਜਾਂਦੇ ਨੇ," ਉਹ ਦੱਸ ਰਿਹਾ ਸੀ।
"ਅੰਮ੍ਰਿਤਸਰ? ਜਿਥੇ ਹਰਿਮੰਦਰ ਸਾਹਿਬ
ਹੈ?" ਮੈਂ ਕਿਹਾ।
"ਹਾਂ, ਸਾਡੇ ਪਿੰਡ ਤੋਂ ਦੱਸ ਕੁ ਮੀਲ ਦਾ
ਰਾਹ ਹੈ ਅੰਮ੍ਰਿਤਸਰ ਦਾ। ਤੂੰ ਗਈ ਹੈਂ ਕਦੇ
ਹਰਿਮੰਦਰ ਸਾਹਿਬ?"
"ਨਹੀਂ, ਪਰ ਸਾਡੇ ਘਰ ਹਰਿਮੰਦਿਰ
ਸਾਹਿਬ ਦੀ ਬਹੁਤ ਵਡੀ ਤਸਵੀਰ ਲਗੀ ਹੋਈ ਏ।
ਮੇਰਾ ਬੜਾ ਜੀਅ ਕਰਦੈ ਮੈਂ ਕਦੇ ਹਰਿਮੰਦਿਰ
ਸਾਹਿਬ ਜਾਵਾਂ...ਪੰਜਾਬ। ਜਿਥੇ ਮੇਰਾ ਘਰ ਹੈ,
ਮੇਰੇ ਬਾਪ-ਦਾਦਿਆਂ ਦਾ ਘਰ!" ਮੈਂ ਉਦਾਸ
ਆਵਾਜ਼ ਵਿਚ ਕਿਹਾ।
"ਚਲ ਅੱਜ ਹੀ ਲੈ ਚਲਦਾ ਹਾਂ," ਉਸ ਨੇ
ਮਜਾਕ ਵਿਚ ਕਿਹਾ ਤੇ ਮੈਂ ਸ਼ਰਮਾ ਕੇ ਨੀਵੀਂ ਪਾ
ਲਈ।
"ਮੇਰਾ ਨਾਂ ਨਰਿੰਦਰ ਹੈ। ਸੱਤ ਤਾਰੀਖ ਨੂੰ
ਵਾਪਸ ਆਵਾਂਗਾ। ਤੂੰ ਮੈਨੂੰ ਮਿਲੇਂਗੀ ਏਅਰਪੋਰਟ
ਉਤੇ?" ਉਸ ਨੇ ਫਿਰ ਮਿਲਣ ਦਾ ਵਾਅਦਾ
ਮੰਗਿਆ।
"ਪਤਾ ਨਹੀਂ," ਮੈਂ ਉਥੋਂ ਉਠ ਕੇ ਖੜੀ ਹੋ
ਗਈ।
ਨਰਿੰਦਰ ਚਲਾ ਗਿਆ। ਮੇਰੇ ਲਈ ਸੱਤ
ਤਾਰੀਖ ਦੂਰ ਹੋ ਗਈ। ਭਾਵੇਂ ਕੋਈ ਗੱਲ ਨਹੀਂ ਸੀ
ਪਰ ਜਿਵੇਂ ਸੂਈ ਦੀਆਂ ਘੜੀਆਂ ਮੇਰੇ ਲਈ ਰੁਕ
ਗਈਆਂ। ਕੀ ਮੰਤਰ ਫੂਕ ਗਿਆ ਸੀ ਉਹ ਮੇਰੇ
ਉਤੇ। ਜਦੋਂ ਵੀ ਏਅਰ ਇੰਡੀਆ ਦੀ ਫਲਾਈਟ
ਆਉਂਦੀ, ਮੈਂ ਚਾਰੇ ਪਾਸੇ ਅੱਖਾਂ ਘੁਮਾਉਂਦੀ।
ਸ਼ਾਇਦ ਉਹ ਪਹਿਲਾਂ ਆ ਜਾਵੇ! ਕਿਤੇ ਉਹ ਲੰਘ
ਨਾ ਜਾਵੇ। ਅਜੀਬ ਜਿਹੀ ਤਰਥੱਲੀ ਮੇਰੇ ਅੰਦਰ
ਮਚ ਗਈ ਸੀ। ਹੌਲੀ-ਹੌਲੀ ਕਰਕੇ ਤਿੰਨ ਹਫਤੇ
ਲੰਘ ਗਏ ਤੇ ਸੱਤ ਤਾਰੀਖ ਆ ਗਈ। ਮੈਂ ਜਾਣਬੁਝ
ਕੇ ਕਿਸੇ ਦੁਕਾਨ ਵਿਚ ਜਾ ਕੇ ਖੜੀ ਹੋ ਗਈ
ਕਿ ਦੇਖਾਂ ਤਾਂ ਸਹੀ, ਉਹ ਮੈਨੂੰ ਲਭਦਾ ਹੈ ਕਿ
ਨਹੀਂ, ਜਾਂ ਭੁਲ ਹੀ ਗਿਆ ਹੈ। ਸਾਰੇ ਮੁਸਾਫਿਰ
ਲੰਘ ਗਏ। ਨਰਿੰਦਰ ਅਖੀਰ ਵਿਚ ਬਾਹਰ
ਆਇਆ। ਉਸ ਨੇ ਚਾਰੇ ਪਾਸੇ ਨਜ਼ਰਾਂ
ਘੁਮਾਈਆਂ। ਉਹ ਮੈਨੂੰ ਤਲਾਸ਼ ਰਿਹਾ ਸੀ। ਦਸਪੰਦਰਾਂ
ਮਿੰਟ ਇਧਰ-ਉਧਰ ਘੁੰਮਦਾ ਰਿਹਾ ਤੇ
ਮੈਂ ਮਜੇ ਲੈਂਦੀ ਰਹੀ। ਆਪਣੇ ਕੋਟ ਦੀ ਜੇਬ ਵਿਚੋਂ
ਰੁਮਾਲ ਕਢ ਕੇ ਉਸ ਨੇ ਆਪਣਾ ਮੱਥਾ ਪੂੰਝਿਆ,
ਜਿਥੇ ਸ਼ਾਇਦ ਪ੍ਰੇਸ਼ਾਨੀ ਕਾਰਨ ਪਸੀਨਾ ਆ ਗਿਆ
ਸੀ। ਅਖੀਰ ਉਹ ਬੈਗ ਚੁਕ ਕੇ ਹਾਰੇ ਹੋਏ ਖਿਡਾਰੀ
ਵਾਂਗ ਗਰਦਨ ਸੁਟ ਕੇ ਤੁਰ ਪਿਆ। ਮੈਂ ਦੁਕਾਨ
ਵਿਚੋਂ ਬਾਹਰ ਆ ਗਈ।
"ਨਰਿੰਦਰ!" ਮੈਂ ਪਿਛੋਂ ਆਵਾਜ਼ ਦਿਤੀ। ਉਹ
ਰੁਕ ਗਿਆ। ਜਿਵੇਂ ਹਜਾਰਾਂ ਗੁਲਾਬ ਉਸ ਦੇ ਚਿਹਰੇ
ਉਤੇ ਇਕੋ ਵੇਲੇ ਖਿੜ ਪਏ ਸੀ।
"ਮੈਨੂੰ ਪਤਾ ਸੀ ਤੂੰ ਜ਼ਰੂਰ ਆਵੇਂਗੀ।" ਉਸ
ਨੇ ਮੈਨੂੰ ਜਫੀ ਪਾ ਲਈ। ਜਿੰਦਗੀ ਵਿਚ ਪਹਿਲੀ
ਵਾਰ ਮੈਨੂੰ ਕਿਸੇ ਮਰਦ ਨੇ ਆਪਣੇ ਕਲਾਵੇ ਵਿਚ
ਲਿਆ ਸੀ। ਉਸ ਦੇ ਸਰੀਰ ਵਿਚੋਂ ਭੁਬਲ ਵਰਗਾ
ਸੇਕ ਆ ਰਿਹਾ ਸੀ। ਮੈਨੂੰ ਲਗਿਆ ਮੈਂ ਪਿਘਲ
ਰਹੀ ਹਾਂ। ਖਾਮੋਸ਼ ਜਿਹੀ ਉਸ ਦੇ ਨਾਲ ਲੱਗੀ
ਰਹੀ।
"ਚਲ ਸਾਹਮਣੇ ਬੈਠ ਕੇ ਚਾਹ ਪੀਂਦੇ ਹਾਂ।"
ਉਹ ਰੇਸਤਰਾਂ ਵਲ ਨੂੰ ਤੁਰ ਪਿਆ। ਮੈਂ ਜਿਵੇਂ
ਬੋਲੀ ਤੇ ਗੂੰਗੀ ਹੋ ਗਈ ਸੀ। ਉਸ ਦੀਆਂ ਗੱਲਾਂ
ਦਾ ਹਾਂ-ਹੂੰ ਵਿਚ ਜਵਾਬ ਦੇ ਰਹੀ ਸੀ। ਉਹ ਮੇਰੇ
ਲਈ ਇੰਡੀਆ ਤੋਂ ਸੋਨੇ ਦੀ ਚੇਨੀ ਲੈ ਕੇ ਆਇਆ
ਸੀ ਜਿਸ ਦੇ ਲਾਕੇਟ ਵਿਚ ਹਰਿਮੰਦਿਰ ਸਾਹਿਬ
ਦੀ ਤਸਵੀਰ ਸੀ। ਉਸ ਨੇ ਆਪਣੇ ਹੱਥਾਂ ਨਾਲ
ਮੇਰੇ ਗਲ ਵਿਚ ਉਹ ਚੇਨੀ ਪਾ ਦਿਤੀ। ਅਸੀਂ ਕਾਫੀ
ਦੇਰ ਉਥੇ ਬੈਠੇ ਰਹੇ ਤੇ ਉਹ ਫੇਰ ਵੀਕ-ਐਂਡ
ਉਤੇ ਮਿਲਣ ਦਾ ਵਾਅਦਾ ਕਰ ਕੇ ਚਲਾ ਗਿਆ।
ਮੈਂ ਹੁਣ ਆਮ ਦੁਨੀਆਂ ਵਿਚੋਂ ਨਿਕਲ ਕੇ
ਕਿਸੇ ਹੋਰ ਦੁਨੀਆਂ ਵਿਚ ਵਿਚਰ ਰਹੀ ਸੀ।
ਨਰਿੰਦਰ ਦੇ ਖਿਆਲ ਦਾ ਨਸ਼ਾ ਹਰ ਵੇਲੇ ਮੇਰੇ
ਦਿਮਾਗ ਉਤੇ ਸੀ। ਉਠਦੇ-ਬਹਿੰਦੇ ਉਸ ਦਾ ਹੀ
ਖਿਆਲ ਸੀ। ਘਰ ਦਾ ਕਲੇਸ਼, ਮਾਂ-ਬਾਪ ਦੀ
ਚਿੜ-ਚਿੜ ਤੇ ਕੰਮ ਦਾ ਪਰੈਸ਼ਰ, ਮੈਂ ਸਭ ਕੁਝ
ਭੁਲ ਗਈ। ਸਨਿਚਰਵਾਰ ਵਾਲੇ ਦਿਨ ਮੈਂ ਆਪਣਾ
ਸਭ ਤੋਂ ਸੁਹਣਾ ਪੰਜਾਬੀ ਸੂਟ ਕਢ ਕੇ ਪਾਇਆ
ਤੇ ਨਰਿੰਦਰ ਨੂੰ ਮਿਲਣ ਚਲੀ ਗਈ। ਉਹ ਮੇਰੀ
ਇੰਤਜਾਰ ਕਰ ਰਿਹਾ ਸੀ। ਸਫੇਦ ਰੰਗ ਦੀ
ਮਰਸੇਡੀਜ਼ ਵਿਚ ਉਹ ਕੋਈ ਰਾਜਕੁਮਾਰ ਲੱਗ
ਰਿਹਾ ਸੀ। ਮੈਨੂੰ ਆਪਣੀ ਕਿਸਮਤ ਉਤੇ ਰਸ਼ਕ
ਹੋਇਆ।
ਅਸੀਂ ਬਹੁਤ ਦੇਰ ਤਕ ਆਪਸ ਵਿਚ ਗੱਲਾਂ
ਕਰਦੇ ਰਹੇ, ਇਕ ਦੂਜੇ ਬਾਰੇ। ਇਕ-ਦੂਜੇ ਦੀਆਂ
ਹੌਬੀਆਂ ਪੁਛਦੇ ਰਹੇ ਤੇ ਹਾਸਾ ਮਜਾਕ ਕਰਦੇ
ਰਹੇ। ਮੈਂ ਉਸ ਨੂੰ ਆਪਣੀ ਜਿੰਦਗੀ ਬਾਰੇ ਦਸਿਆ
ਕਿ ਮੈਂ ਕਿੰਨੀ ਇਕੱਲੀ ਹਾਂ। ਮੇਰੇ ਮਾਂ-ਬਾਪ ਆਪਸ
ਵਿਚ ਇਕ ਦੂਜੇ ਦੇ ਦੁਸ਼ਮਣ ਨੇ।
"ਦੁਸ਼ਮਣੀ ਦੀ ਗੱਲ ਨਹੀਂ ਹੁੰਦੀ, ਰੂਪ,
ਦਰਅਸਲ ਸਮਝਣ ਦੀ ਗੱਲ ਹੁੰਦੀ ਹੈ,
ਅੰਡਰਸਟੈਂਡਿੰਗ ਦੀ। ਜੇ ਆਦਮੀ ਤੀਵੀਂ ਦਾ ਮੇਲ
ਸਹੀ ਨਾ ਹੋਵੇ ਤਾਂ ਅੰਡਰਸਟੈਡਿੰਗ ਹੋ ਹੀ ਨਹੀਂ
ਸਕਦੀ। ਇਹ ਬੇਮੇਲ ਜਿਹੇ ਵਿਆਹ ਘੜੀਸਾਘੜੀਸੀ
ਦਾ ਹੀ ਕੰਮ ਹੁੰਦੇ ਨੇ, ਕੋਈ ਸੁਆਦ
ਵਾਲੀ ਗੱਲ ਨਹੀਂ ਹੁੰਦੀ। ਤੂੰ ਸੁਣਿਆ ਨਹੀਂ
'ਜੋੜੀਆਂ ਜਗ ਥੋੜੀਆਂ ਨਰੜ ਬਥੇਰੇ'। ਇਥੇ
ਜ਼ਿਆਦਾ ਨਰੜ ਹੀ ਨੇ ਤੇ ਇਸ ਦਾ ਖਮਿਆਜਾ
ਬੱਚੇ ਭੁਗਤਦੇ ਨੇ।" ਉਹ ਕਿਤੇ ਦੂਰ ਗੁਆਚ ਗਿਆ
ਸੀ।
"ਕਿਉਂ ਨਰਿੰਦਰ, ਕੀ ਤੇਰੇ ਮਾਂ-ਬਾਪ
ਵੀ?" ਮੈਂ ਹੈਰਾਨ ਹੋਈ।
"ਨਹੀਂ! ਮੇਰੇ ਮਾਂ-ਬਾਪ ਤਾਂ ਇੰਡੀਆ ਵਿਚ
ਰਾਜਿਆਂ ਵਾਂਗ ਰਹਿੰਦੇ ਨੇ। ਉਹ ਤਾਂ ਪੁਰਾਣੇ ਬੰਦੇ
ਨੇ, ਜਦੋਂ ਵਿਆਹ ਲਾਟਰੀ ਵਾਂਗ ਲਗਦਾ ਹੁੰਦਾ
ਸੀ," ਉਸ ਨੇ ਵਾਈਨ ਦਾ ਗਲਾਸ ਮੂੰਹ ਨੂੰ
ਲਾਉਂਦਿਆਂ ਕਿਹਾ।
"ਫੇਰ ਤੂੰ ਉਦਾਸ ਕਿਉਂ ਹੋ ਗਿਆ?"
"ਮੈਂ ਦਰਅਸਲ ਆਪਣੀ ਗੱਲ ਕਰ ਰਿਹਾ
ਸੀ। ਮੇਰੀ ਤੇ ਮੇਰੀ ਬੀਵੀ ਦੀ ਕਦੇ ਨਹੀਂ ਬਣੀ।
ਚੰਗੀ ਸੁਹਣੀ ਕੁੜੀ ਹੈ ਉਹ, ਬਹੁਤ ਅਮੀਰ ਘਰ
ਦੀ। ਪੱਕੀ ਮੇਡ ਇਨ ਇੰਗਲੈਂਡ। ਮਜਾਲ ਹੈ, ਉਹਦੇ
ਪੁਛੇ ਬਗੈਰ ਘਰ ਵਿਚ ਪੱਤਾ ਵੀ ਹਿਲ ਜਾਵੇ। ਮੈਨੂੰ
ਪਤਾ ਹੈ, ਉਹ ਮੈਨੂੰ ਬਹੁਤ ਚਾਹੁੰਦੀ ਹੈ, ਪਰ ਮੇਰੇ
ਧੁਰ ਅੰਦਰ ਨਹੀਂ ਲਹਿ ਸਕੀ। ਮੈਂ ਕਦੇ ਸ਼ਿੱਦਤ
ਨਾਲ ਉਸ ਨੂੰ ਪਿਆਰ ਨਹੀਂ ਕੀਤਾ। ਸਿਰਫ
ਬੱਚਿਆਂ ਕਰਕੇ ਸਾਡੀ ਮੈਰਿਜ ਚਲ ਰਹੀ ਹੈ,"
ਉਹ ਬੋਲਦਾ-ਬੋਲਦਾ ਰੁਕ ਗਿਆ।
"ਤੇਰੇ ਬੱਚੇ ਵੀ ਨੇ ਨਰਿੰਦਰ? ਤੂੰ ਤਾਂ ਵੇਖਣ
ਨੂੰ ਕੁਆਰਾ ਲਗਦਾ ਹੈਂ!" ਮੈਂ ਹੈਰਾਨ ਸੀ।
"ਨਹੀਂ ਰੂਪ ਮੇਰਾ ਵਡਾ ਲੜਕਾ ਪੰਦਰਾਂ ਸਾਲ
ਦਾ ਹੈ ਤੇ ਲੜਕੀ ਦਸ ਸਾਲ ਦੀ। ਮੈਂ ਵੀ ਵਿਆਹ
ਕਰਵਾ ਕੇ ਇੰਗਲੈਂਡ ਆਇਆ ਸੀ। ਰਿਸ਼ਤੇਦਾਰੀ
ਵਿਚੋਂ ਹੀ ਮੇਰਾ ਵਿਆਹ ਹੋ ਗਿਆ ਸੀ। ਸੋਚਿਆ
ਸੀ, ਪੜ੍ਹੀ ਲਿਖੀ ਸੁਹਣੀ ਕੁੜੀ ਹੈ ਬਲਜੀਤ, ਮੇਰੀ
ਤੇ ਮੇਰੇ ਖਾਨਦਾਨ ਦੀ ਕਦਰ ਕਰੇਗੀ ਪਰ ਉਹ
ਮੈਨੂੰ ਘਰ ਦੇ ਇਕ ਸਾਮਾਨ ਤੋਂ ਵੱਧ ਕੁਝ ਨਹੀਂ
ਸਮਝਦੀ। ਜਿਵੇਂ ਮੈਂ ਉਸ ਦਾ ਨੌਕਰ ਹੋਵਾਂ। ਮੈਂ
ਆਪਣੇ ਘਰ ਪੂਰੀ ਸਰਦਾਰੀ ਕੀਤੀ ਹੈ ਪਰ
ਇੰਗਲੈਂਡ ਆ ਕੇ ਲਗਦਾ ਹੈ ਜਿਵੇਂ ਕੋਈ ਭਈਆ
ਹੋਵਾਂ। ਸਾਲਾ ਡਾਰਲਿੰਗ-ਡਾਰਲਿੰਗ, ਪਲੀਜ਼-
ਪਲੀਜ਼ ਕਰਦਿਆਂ ਮੂੰਹ ਦੁਖਣ ਲੱਗ ਜਾਂਦਾ ਹੈ।
ਉਹ ਸਮਝਦੀ ਹੈ, ਮੈਂ ਉਸ ਦਾ ਗੁਲਾਮ ਹਾਂ ਪਰ
ਦਿਲੋਂ ਮੈਂ ਉਸ ਦੀ ਧੇਲੇ ਦੀ ਕਦਰ ਨਹੀਂ ਕਰਦਾ।
ਲੋਕ ਜਾਨਵਰਾਂ ਨੂੰ ਵਸ ਵਿਚ ਕਰ ਲੈਂਦੇ ਨੇ, ਉਹ
ਤੀਵੀਂ ਕੀ ਹੋਈ ਜਿਸ ਨੇ ਆਦਮੀ ਨੂੰ ਨਾ ਜਿਤਿਆ।
ਬਸ ਇਕ ਖਾਲੀਪਣ ਜਿਹਾ ਲੈ ਕੇ ਜੀ ਰਿਹਾ ਹਾਂ।
ਬੇਅਰਥ ਜਿੰਦਗੀ!" ਫੇਰ ਉਹ ਬਹੁਤ ਦੇਰ ਤਕ
ਚੁਪ ਰਿਹਾ। "ਕੀ ਗੱਲ ਹੈ, ਮੇਰੇ ਵਿਆਹ ਦੀ
ਗੱਲ ਸੁਣ ਕੇ ਤੇਰਾ ਮੂਡ ਖਰਾਬ ਹੋ ਗਿਆ? ਪਰ
ਇਹ ਵੀ ਕੀ ਵਿਆਹ ਹੋਇਆ ਜੋ ਸਿਰਫ ਇਕੱਠੇ
ਰਹਿਣ ਲਈ ਹੈ। ਉਹ ਹੋਰ ਰੂਮ ਵਿਚ ਸੌਂਦੀ ਹੈ
ਤੇ ਮੈਂ ਹੋਰ ਵਿਚ। ਸਾਡੀ ਕੋਈ ਦਿਲੀ ਸਾਂਝ ਨਹੀਂ।"
ਉਹ ਮੈਨੂੰ ਆਪਣੀਆਂ ਮਜਬੂਰੀਆਂ ਦਸ ਰਿਹਾ
ਸੀ।
"ਨਹੀਂ! ਮੈਂ ਸੋਚਦੀ ਹਾਂ ਕਿ ਇਥੇ ਹਰ ਘਰ
ਵਿਚ ਉਹੀ ਹਾਲ ਹੈ। ਅਧੂਰੀਆਂ ਜਿਹੀਆਂ
ਜੰਦਗੀਆਂ ਜੀ ਰਹੇ ਨੇ ਲੋਕ।" ਮੈਨੂੰ ਮੇਰਾ ਘਰ
ਯਾਦ ਆ ਗਿਆ।
"ਹਾਂ ਅਧੂਰੀਆਂ ਹੀ ਸਮਝ ਲੈ। ਪਰ ਜੇ
ਕੋਈ ਚੰਗਾ ਸਾਥੀ ਮਿਲ ਜਾਵੇ ਤਾਂ ਪੂਰੀਆਂ ਵੀ ਹੋ
ਜਾਂਦੀਆਂ ਨੇ।" ਉਸ ਦੀਆਂ ਅਖਾਂ ਵਿਚ ਮੈਂ ਪਹਿਲੀ
ਵਾਰੀ ਉਦਾਸੀ ਦੀ ਝਲਕ ਦੇਖੀ।
"ਕੀ ਮਤਲਬ?"
"ਮਤਲਬ ਬੱਚਿਆਂ ਕਰਕੇ ਆਪਣੀ ਔਰਤ
ਨੂੰ ਤਾਂ ਮੈਂ ਛਡ ਨਹੀਂ ਸਕਦਾ। ਮੇਰੇ ਸਵਾਰਥ ਕਰਕੇ
ਉਨ੍ਹਾਂ ਮਾਸੂਮਾਂ ਦੀ ਜਿੰਦਗੀ ਕਿਉਂ ਤਬਾਹ ਹੋਵੇ।
ਟੁੱਟੇ ਹੋਏ ਘਰਾਂ ਦੇ ਬੱਚੇ ਕਿਹੋ ਜਿਹੇ ਹੁੰਦੇ ਨੇ,
ਤੈਥੋਂ ਵੱਧ ਕੋਣ ਸਮਝ ਸਕਦਾ ਹੈ ਪਰ ਹਾਂ, ਜੇ
ਇਸ ਸਭ ਦੇ ਬਾਵਜੂਦ ਕੋਈ ਮੈਨੂੰ ਸਵੀਕਾਰ ਕਰ
ਲਵੇ, ਤਾਂ ਮੈਂ ਜਿੰਦਗੀ ਭਰ ਸਾਥ ਨਿਭਾਉਣ ਦਾ
ਵਾਅਦਾ ਕਰਦਾਂ," ਉਸ ਨੇ ਮੇਰਾ ਹੱਥ ਫੜਦਿਆਂ
ਕਿਹਾ।
"ਜਿੰਦਗੀ ਭਰ ਸਾਥ ਨਿਭਾਉਣ ਦਾ ਵਾਅਦਾ
ਕਿਵੇਂ? ਜਦੋਂ ਤੂੰ ਪਹਿਲਾਂ ਹੀ ਵਿਆਹਿਆ ਹੋਇਆ
ਏਂ। ਤੇਰੀ ਤੀਵੀਂ ਤੈਨੂੰ ਛਡੇਗੀ? ਵਿਆਹ ਤੋਂ ਬਗੈਰ
ਜਿੰਦਗੀ ਭਰ ਦਾ ਸਾਥ ਕਿਵੇਂ ਨਿਭ ਸਕਦਾ ਹੈ?"
ਗੱਲ ਮੇਰੇ ਗਲੇ ਤੋਂ ਥਲੇ ਨਹੀਂ ਉਤਰ ਰਹੀ ਸੀ।
"ਰਾਧਾ ਤੇ ਕ੍ਰਿਸ਼ਨ ਦਾ ਕਿਹੜਾ ਵਿਆਹ
ਹੋਇਆ ਸੀ? ਹਰ ਮੰਦਰ ਵਿਚ ਉਨ੍ਹਾਂ ਦੀ ਪੂਜਾ
ਹੁੰਦੀ ਹੈ। ਪਿਆਰ ਤਾਂ ਬਹੁਤ ਉਚਾ ਜਜ਼ਬਾ ਹੈ,
ਰੂਪ, ਇਹਦਾ ਵਿਆਹ ਨਾਲ ਕੋਈ ਤੁਅੱਲਕ ਨਹੀਂ।
ਵਿਆਹ ਨਾਲ ਪਿਆਰ ਨਹੀਂ ਖਰੀਦੇ ਜਾਂਦੇ। ਵਿਆਹ
ਤੋਂ ਬਹੁਤ ਉਤਾਂਹ ਦੀ ਚੀਜ਼ ਹੈ ਇਹ!" ਉਹ
ਫਿਲਾਸਫਰਾਂ ਵਾਂਗ ਬੋਲਿਆ।
"ਫੇਰ ਰਾਧਾ ਕੀ ਕ੍ਰਿਸ਼ਨ ਦੀ ਰਖੇਲ ਸੀ?"
ਮੈਨੂੰ ਕ੍ਰਿਸ਼ਨ ਤੇ ਰਾਧਾ ਦੀ ਕਹਾਣੀ ਵਿਚ
ਦਿਲਚਸਪੀ ਜਾਗ ਪਈ।
"ਨਹੀਂ ਰਾਧਾ ਕ੍ਰਿਸ਼ਨ ਦੀ ਪ੍ਰੇਮਿਕਾ ਸੀ, ਉਸ
ਦਾ ਇਸ਼ਕ। ਕ੍ਰਿਸ਼ਨ ਦੀਆਂ, ਕਹਿੰਦੇ ਨੇ, ਤਿੰਨ ਸੌ
ਸੱਠ ਰਾਣੀਆਂ ਸੀ, ਪਰ ਰਾਧਾ ਦੀ ਗੱਲ ਹੀ ਹੋਰ
ਸੀ। ਦਿਲ ਦੀ ਕਹਾਣੀ ਹੈ।" ਨਰਿੰਦਰ ਨੇ ਮਸਤੀ
ਵਿਚ ਅਖਾਂ ਬੰਦ ਕਰਦਿਆਂ ਕਿਹਾ।
"ਕ੍ਰਿਸ਼ਨ ਵੀ ਤੇਰੇ ਵਰਗਾ ਸੁਹਣਾ ਹੋਣਾ ਏਂ
ਤੇ ਸ਼ਰਾਰਤੀ, ਜਿਸ 'ਤੇ ਹਰ ਕੁੜੀ ਆਸ਼ਕ ਹੋ
ਜਾਂਦੀ ਸੀ," ਮੈਂ ਹੱਸ ਕੇ ਕਿਹਾ।
"ਨਹੀਂ, ਮੈਂ ਕਿਥੇ ਸੁਹਣਾ ਹਾਂ, ਤੇ ਨਾ ਹੀ
ਮੇਰੇ ਕੋਲ ਟਾਈਮ ਹੈ ਕ੍ਰਿਸ਼ਨ ਵਾਂਗ ਪਤਨੀਆਂ ਦੀ
ਫੌਜ ਰਖਣ ਦਾ। ਪਰ ਪਤਾ ਨਹੀਂ ਕਿਉਂ, ਤੈਨੂੰ ਵੇਖ
ਕੇ ਮੈਨੂੰ ਲੱਗਿਆ ਕਿ ਆਪਣੀ ਜੋੜੀ ਕਿੰਨੀ ਸੁਹਣੀ
ਬਣਦੀ ਏ, ਰਾਧਾ ਤੇ ਕ੍ਰਿਸ਼ਨ ਵਾਂਗ। ਕਿੰਨੀ ਸੁਹਣੀ
ਹੈਂ ਤੂੰ, ਕਿਸੇ ਦਾ ਵੀ ਈਮਾਨ ਡੋਲ ਸਕਦੈ।"
ਜਦੋਂ ਉਸ ਨੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ
ਕਿਹਾ ਤਾਂ ਮੈਨੂੰ ਲਗਿਆ, ਉਹ ਝੂਠ ਨਹੀਂ ਬੋਲਦਾ।
ਮੈਨੂੰ ਰਾਹ ਜਾਂਦੀ ਨੂੰ ਦੇਖ ਕੇ ਕਈ ਵਾਰੀ ਲੋਕ
ਖੜ੍ਹੇ ਹੋ ਜਾਂਦੇ ਨੇ, ਇਹ ਮੈਂ ਕਈ ਵਾਰੀ ਖੁਦ
ਦੇਖਿਆ ਸੀ।
"ਮੇਰੀ ਰਾਧਾ ਬਣੇਂਗੀ?" ਉਸ ਦੀ ਆਵਾਜ਼
ਵਿਚ ਤਰਲਾ ਸੀ।
"ਪਤਾ ਨਹੀਂ!" ਆਖ ਕੇ ਮੈਂ ਘਰ ਵਾਪਸ
ਆ ਗਈ। ਕਈ ਦਿਨ ਮੁੜ ਕੇ ਨਰਿੰਦਰ ਨੂੰ ਨਾ
ਮਿਲੀ ਪਰ ਉਸ ਨੂੰ ਭੁਲੀ ਵੀ ਨਾ। ਮੈਂ ਕਦੇ ਮੰਦਰ
ਨਹੀਂ ਗਈ ਸੀ ਪਰ ਪਤਾ ਨਹੀਂ ਕਿਉਂ ਮੈਂ ਇਕ
ਦਿਨ ਸ਼ਾਮ ਨੂੰ ਮੰਦਰ ਚਲੀ ਗਈ। ਰਾਧਾ ਤੇ ਕ੍ਰਿਸ਼ਨ
ਦੀਆਂ ਮੂਰਤੀਆਂ ਵੇਖ ਕੇ ਮੇਰਾ ਦਿਲ ਜੋਰ ਦੀ
ਧੜਕਿਆ। ਮੈਨੂੰ ਲਗਿਆ, ਰਾਧਾ ਤੇ ਕ੍ਰਿਸ਼ਨ ਦੀ
ਥਾਂ ਉਤੇ ਮੈਂ ਤੇ ਨਰਿੰਦਰ ਖੜੇ ਸੀ। ਮੈਂ ਸਿਰ
ਝੁਕਾਉਣਾ ਭੁਲ ਗਈ। ਪੁਜਾਰੀ ਕੋਲ ਜਾ ਕੇ ਰਾਧਾ
ਤੇ ਕ੍ਰਿਸ਼ਨ ਦੀ ਕਹਾਣੀ ਪੁਛੀ। ਉਹੀ ਸੀ, ਜੋ
ਨਰਿੰਦਰ ਨੇ ਦੱਸੀ ਸੀ। ਮੇਰੇ ਦਿਲ ਵਿਚ ਨਰਿੰਦਰ
ਦੇ ਪਿਆਰ ਦਾ ਜੋ ਦਰਿਆ ਹੌਲੀ-ਹੌਲੀ ਵਗ ਰਿਹਾ
ਸੀ, ਜਿਵੇਂ ਅਚਾਨਕ ਉਸ ਵਿਚ ਤੁਫਾਨ ਆ ਗਿਆ।
ਘਰ ਆ ਕੇ ਮੈਂ ਸਾਰੀ ਰਾਤ ਨਰਿੰਦਰ ਬਾਰੇ ਸੋਚਦੀ
ਰਹੀ। ਉਸ ਨੂੰ ਭੁਲਣਾ ਸ਼ਾਇਦ ਮੇਰੇ ਲਈ
ਮੁਸ਼ਕਲ ਹੋ ਗਿਆ ਸੀ। ਮੈਨੂੰ ਦੁਨੀਆਂ ਦੇ ਕਈ
ਵਡੇ ਬੰਦੇ ਯਾਦ ਆਏ, ਜਿਨ੍ਹਾਂ ਨੇ ਦੋ-ਦੋ ਵਿਆਹ
ਕਰਵਾਏ ਸੀ, ਕਈ ਵਿਆਹੇ ਬੰਦੇ ਜਿਨ੍ਹਾਂ ਉਤੇ
ਕੁਆਰੀਆਂ ਕੁੜੀਆਂ ਮਰਦੀਆਂ ਨੇ।
ਪਰ ਮੇਰਾ ਦਿਮਾਗ ਮੇਰੇ ਦਿਲ ਦਾ ਸਾਥ
ਨਹੀਂ ਦੇ ਰਿਹਾ ਸੀ। 'ਇਹ ਗਲਤ ਹੈ, ਇਹ ਸਹੀ
ਹੈ,' ਦੇ ਚਕਰ ਵਿਚ ਹਫਤਾ ਲੰਘ ਗਿਆ। ਇਕ
ਦਿਨ ਜਦੋਂ ਸ਼ਾਮ ਨੂੰ ਕੰਮ ਛਡਿਆ ਤਾਂ ਨਰਿੰਦਰ
ਕਾਰ ਲਈ ਅਗੇ ਖੜਾ ਸੀ। ਦਾੜ੍ਹੀ ਵਧੀ ਹੋਈ,
ਸਿਰ ਦੇ ਵਾਲ ਖਿੰਡੇ ਹੋਏ ਤੇ ਦਰਵੇਸ਼ੀ ਅੱਖਾਂ ਵਿਚ
ਅੰਤਾਂ ਦੀ ਉਦਾਸੀ। ਉਸ ਨੂੰ ਵੇਖ ਕੇ ਮੇਰੇ ਅੰਦਰ
ਖੁਸ਼ੀ ਦੀ ਲਹਿਰ ਜਿਹੀ ਉਠੀ ਪਰ ਮੈਂ ਜਾਹਿਰ ਨਾ
ਹੋਣ ਦਿਤੀ।
"ਤੈਨੂੰ ਇਕ ਵਾਰ ਵੀ ਮੇਰਾ ਖਿਆਲ ਨਹੀਂ
ਆਇਆ? ਕਿੰਨੀ ਨਿਰਮੋਹੀ ਹੈਂ ਤੂੰ!" ਉਸ ਨੇ
ਅੱਖਾਂ ਭਰ ਕੇ ਕਿਹਾ।
ਮੈਂ ਕੁਝ ਨਾ ਬੋਲੀ। ਉਸ ਦੀਆਂ ਅੱਖਾਂ ਵਿਚ
ਅਥਰੂ ਦੇਖ ਕੇ ਮੇਰੇ ਅੰਦਰੋਂ ਰੁਗ ਭਰਿਆ ਗਿਆ
ਪਰ ਇੰਤਹਾ ਖੁਸ਼ੀ ਵੀ ਹੋਈ ਕਿ ਨਰਿੰਦਰ ਮੈਨੂੰ
ਕਿੰਨਾ ਪਿਆਰ ਕਰਦਾ ਹੈ।
"ਮੈਨੂੰ ਭੁਲਿਆ ਨਹੀਂ ਤੂੰ?" ਮੈਂ ਜਿਵੇਂ ਉਸ
ਦੇ ਅੰਦਰ ਝਾਕਣਾ ਚਾਹੁੰਦੀ ਸੀ।
"ਤੂੰ ਭੁਲਣ ਵਾਲੀ ਚੀਜ਼ ਹੈਂ?" ਉਸ ਨੇ
ਅਗੋਂ ਸਵਾਲ ਕੀਤਾ। ਉਸ ਦਿਨ ਪਹਿਲੀ ਵਾਰ
ਅਸੀਂ ਇਕੱਠਿਆਂ ਨੇ ਰਾਤ ਗੁਜਾਰੀ। ਕਿੰਨਾ ਨਿਘ
ਸੀ ਉਸ ਦੀ ਛੋਹ ਵਿਚ ਤੇ ਕਿੰਨੀ ਰਿਲੈਕਸ ਹੁੰਦੀ
ਸੀ ਮੈਂ ਜਦੋਂ ਉਹਦੇ ਮੋਢੇ 'ਤੇ ਸਿਰ ਰਖਦੀ ਸੀ।
ਫੇਰ ਤਾਂ ਜਿਵੇਂ ਰੋਜ ਦਾ ਹੀ ਕੰਮ ਹੋ ਗਿਆ।
ਉਹ ਬਿਜਨਸ ਦੇ ਬਹਾਨੇ ਤੇ ਮੈਂ ਕੰਮ ਦੇ ਬਹਾਨੇ
ਅਕਸਰ ਰਾਤਾਂ ਬਾਹਰ ਗੁਜਾਰਦੇ। ਜਦੋਂ ਸਵੇਰੇ
ਅਲੱਗ ਹੁੰਦੇ ਤਾਂ ਜਿਵੇਂ ਜਿਸਮ ਵਿਚੋਂ ਰੂਹ ਕਢਣ
ਵਾਲੀ ਗੱਲ ਹੁੰਦੀ।
"ਤੂੰ ਆਪਣਾ ਅਡ ਫਲੈਟ ਲੈ-ਲੈ।" ਇਕ
ਦਿਨ ਨਰਿੰਦਰ ਨੇ ਮੇਰੇ ਦਿਲ ਦੀ ਕਹੀ, "ਪੈਸੇ
ਮੈਂ ਆਪੇ ਦੇਵਾਂਗਾ, ਤੂੰ ਆਪਣੀ ਪਸੰਦ ਦਾ ਘਰ
ਦੇਖ ਲੈ।"
ਮੈਂ ਇਕ ਬੈਡਰੂਮ ਦਾ ਛੋਟਾ ਜਿਹਾ ਫਲੈਟ
ਦੇਖ ਲਿਆ। ਨਰਿੰਦਰ ਨੇ ਤੇ ਮੈਂ ਮਿਲ ਕੇ ਖਰਚਾ
ਕੀਤਾ। ਤੇ ਮਹੀਨੇ ਵਿਚ ਹੀ ਮੈਂ ਲੈਂਡਲੇਡੀ ਬਣ
ਗਈ। ਨਰਿੰਦਰ ਨੇ ਘਰ ਸਾਮਾਨ ਨਾਲ ਭਰ ਦਿਤਾ।
ਹੁਣ ਮੇਰੇ ਘਰ ਵਿਚ ਐਸ਼-ਆਰਾਮ ਦੀ ਹਰ ਚੀਜ਼
ਮੌਜੂਦ ਸੀ। ਮਾਂ-ਬਾਪ ਨੂੰ ਪਤਾ ਲੱਗਿਆ ਤਾਂ ਬਹੁਤ
ਕਲੇਸ਼ ਹੋਇਆ। ਮੈਂ ਪੱਜ ਪਾਇਆ ਕਿ ਤੁਹਾਡੀ
ਲੜਾਈ ਕਰਕੇ ਹੀ ਘਰ ਛਡ ਰਹੀ ਹਾਂ। ਨਰਿੰਦਰ
ਦੇ ਪਿਆਰ ਵਿਚ ਮੈਨੂੰ ਦੁਨੀਆਂ ਦਾ ਹਰ ਰਿਸ਼ਤਾ
ਬੌਣਾ ਜਾਪਦਾ ਸੀ। ਉਹ ਹਰ ਰੋਜ਼ ਸ਼ਾਮ ਨੂੰ ਘਰ
ਜਾਣ ਤੋਂ ਪਹਿਲਾਂ ਦੋ-ਚਾਰ ਘੰਟੇ ਮੇਰੇ ਕੋਲ
ਗੁਜਾਰਦਾ। ਮੈਂ ਉਸ ਲਈ ਖਾਣਾ ਤਿਆਰ ਕਰਦੀ,
ਉਸ ਦੇ ਕਪੜੇ ਧੋਂਦੀ, ਪ੍ਰੈਸ ਕਰਦੀ ਤੇ ਪੂਰੀ
ਔਰਤ ਬਣ ਕੇ ਉਸ ਦੀ ਸੇਵਾ ਕਰਦੀ। ਮੈਂ ਨਹੀਂ
ਚਾਹੁੰਦੀ ਸੀ ਜਿਨ੍ਹਾਂ ਕਮੀਆਂ ਕਰਕੇ ਉਹ ਬਲਜੀਤ
ਤੋਂ ਦੂਰ ਹੋਇਆ, ਉਹ ਮੇਰੇ ਵਿਚ ਹੋਣ। ਜਦੋਂ
ਉਹ ਅਧੀ ਕੁ ਰਾਤ ਨੂੰ ਮੈਨੂੰ ਛਡ ਕੇ ਜਾਂਦਾ ਤਾਂ
ਕਈ ਵਾਰ ਮੈਂ ਰੋ ਪੈਂਦੀ।
"ਰੋਂਦੀ ਕਿਉਂ ਹੈਂ? ਜਿੰਨਾ ਪਿਆਰ ਸੀ ਤੈਨੂੰ
ਦੇ ਚਲਿਆ ਹਾਂ। ਉਸ ਵਾਸਤੇ ਕੀ ਬਚਿਆ ਹੈ?"
ਉਹ ਮੈਨੂੰ ਤਸੱਲੀ ਦਿੰਦਾ।
"ਤੂੰ ਮੇਰਾ ਹੋਵੇਂਗਾ ਕਦੇ ਪੁਰੇ ਦਾ ਪੂਰਾ?"
ਮੈਂ ਸ਼ਿਕਵਾ ਕਰਦੀ।
"ਮੈਂ ਤੈਨੂੰ ਪਹਿਲੇ ਦਿਨ ਹੀ ਕਹਿ ਦਿਤਾ ਸੀ
ਕਿ ਮੈਂ ਉਸ ਤੀਵੀਂ ਨੂੰ ਨਹੀਂ ਛਡ ਸਕਦਾ," ਜਦੋਂ
ਉਹ ਮੇਰੀ ਗੋਦ ਵਿਚ ਸਿਰ ਰਖ ਕੇ ਕਹਿੰਦਾ ਤਾਂ
ਮੈਂ ਬਰਫ ਹੋ ਜਾਂਦੀ।
"ਫੇਰ ਘਰ ਤਾਂ ਤੇਰਾ ਉਹੀ ਹੈ ਨਰਿੰਦਰ,
ਤੇ ਟੱਬਰ ਵੀ ਤੇਰਾ ਉਹੀ। ਮੈਂ ਤਾਂ ਐਵੇਂ ਉਧਾਰ
ਮੰਗਿਆ ਹੋਇਆ ਰਿਸ਼ਤਾ ਹਾਂ।" ਮੈਂ ਕਦੇ-ਕਦੇ
ਬਹੁਤ ਉਦਾਸ ਹੋ ਜਾਂਦੀ।
"ਮੇਰਾ ਇਕ ਦੋਸਤ ਕਹਿੰਦਾ ਹੁੰਦੈ ਕਿ ਮੰਗੀ
ਹੋਈ ਸਿਗਰਟ, ਮੰਗੀ ਹੋਈ ਅਖਬਾਰ ਤੇ ਮੰਗੀ
ਹੋਈ ਤੀਵੀਂ ਦਾ ਮਜ਼ਾ ਹੀ ਹੋਰ ਹੁੰਦਾ ਹੈ। ਮੈਂ ਕਦੇ
ਅਖਬਾਰ ਤੇ ਸਿਗਰਟ ਤਾਂ ਕਦੇ ਮੰਗੇ ਨਹੀਂ ਪਰ
ਤੀਵੀਂ...।" ਜਦੋਂ ਉਹ ਸ਼ਰਾਰਤ ਨਾਲ ਆਖਦਾ
ਤਾਂ ਮੈਂ ਉਸ ਦੇ ਕੰਨ ਫੜ ਕੇ ਖਿਚ ਦਿੰਦੀ।
"ਤਾਂ ਫੇਰ ਮੰਗੀ ਹੋਈ ਚੀਜ਼ ਕਿੰਨੇ ਕੁ ਦਿਨ
ਚਲਦੀ ਹੈ? ਆਖਰ ਤੇਰੀ ਮਾਲਕਣ ਤੈਨੂੰ ਇਕ
ਦਿਨ ਮੇਰੇ ਤੋਂ ਖੋਹ ਕੇ ਲੈ ਹੀ ਜਾਵੇਗੀ," ਕੋਈ
ਡਰ ਮੇਰੇ ਅੰਦਰੋਂ ਉਠਦਾ।
"ਉਹ ਮੇਰੀ ਮਜਬੂਰੀ ਹੈ ਰੂਪ, ਤੂੰ ਮੇਰਾ
ਇਸ਼ਕ। ਮਜਬੂਰੀ ਇਸ਼ਕ ਨੂੰ ਕਦੇ ਜਿਤ ਨਹੀਂ
ਸਕੀ।" ਉਹ ਮੇਰਾ ਦਿਲ ਧਰਾਉਂਦਾ ਤੇ ਮੈਂ
ਮਜਬੂਰੀ ਤੇ ਇਸ਼ਕ ਦੀ ਇਸ ਕਸ਼ਮਕਸ਼ ਵਿਚ
ਸਭ ਕੁਝ ਭੁਲ ਜਾਂਦੀ। ਯਾਦ ਰਹਿ ਜਾਂਦਾ ਸਿਰਫ
ਨਰਿੰਦਰ ਦਾ ਪਿਆਰ ਤੇ ਸਾਥ, ਜਿਸ ਦੇ ਆਸਰੇ
ਸੱਤ ਸਮੁੰਦਰ ਤਰਨ ਨੂੰ ਮੈਂ ਤਿਆਰ ਸੀ। ਉਹ
ਫੇਰ ਕਿੰਨੀ-ਕਿੰਨੀ ਦੇਰ ਮੇਰੇ ਲੰਬੇ ਵਾਲਾਂ ਨਾਲ
ਖੇਡਦਾ ਰਹਿੰਦਾ ਜਾਂ ਮੇਰੇ ਪੈਰ ਆਪਣੀ ਗੋਦ ਵਿਚ
ਰੱਖ ਕੇ ਬੈਠ ਜਾਂਦਾ। ਔਰਤ ਦਾ ਚਾਹੁਣ ਵਾਲਾ ਜੇ
ਉਸ ਦੇ ਕਦਮਾਂ ਵਿਚ ਬੈਠਾ ਹੋਵੇ ਤਾਂ ਉਹ ਆਪਣੇ
ਆਪ ਨੂੰ ਨੂਰਜਹਾਂ ਸਮਝਦੀ ਹੈ ਤੇ ਇਸ ਹਕੂਮਤ
ਦਾ ਨਸ਼ਾ ਕਿਸੇ ਤਖਤ-ਏ-ਤਾਊਸ ਤੋਂ ਘੱਟ ਨਹੀਂ
ਹੁੰਦਾ। ਇਸੇ ਨਸ਼ੇ ਵਿਚ ਮੈਨੂੰ ਪਾਪ ਪੁੰਨ ਸਭ ਭੁਲ
ਗਏ।
ਗਰਮੀਆਂ ਦੀਆਂ ਛੁਟੀਆਂ ਸਨ। ਨਰਿੰਦਰ
ਦੋ ਹਫਤੇ ਤੋਂ ਕਿਸੇ ਬਿਜਨੈਸ ਟੂਰ 'ਤੇ ਗਿਆ
ਹੋਇਆ ਸੀ। ਅਚਾਨਕ ਮੇਰਾ ਦਿਲ ਘਬਰਾਇਆ
ਤੇ ਮੈਨੂੰ ਪਤਾ ਲੱਗਾ ਕਿ ਮੈਂ ਮਾਂ ਬਣਨ ਵਾਲੀ ਹਾਂ।
ਮੈਂ ਅਵਾਕ ਰਹਿ ਗਈ, ਸਮਝ ਨਾ ਆਈ, ਖੁਸ਼
ਹੋਵਾਂ ਕਿ ਉਦਾਸ, ਹੱਸਾਂ ਕਿ ਰੋਵਾਂ। ਝਟਪਟ
ਨਰਿੰਦਰ ਦੇ ਦਫਤਰ ਵਿਚ ਫੋਨ ਘੁਮਾਇਆ ਪਰ
ਹਾਲੇ ਉਹ ਵਾਪਸ ਨਹੀਂ ਸੀ ਆਇਆ। ਕਈ ਦਿਨ
ਲੰਘ ਗਏ। ਅਜ਼ੀਬ ਜਿਹਾ ਅਹਿਸਾਸ ਸੀ ਜੋ ਬਿਆਨ
ਨਹੀਂ ਕੀਤਾ ਜਾ ਸਕਦਾ, ਸਿਰਫ ਮਹਿਸੂਸ ਕੀਤਾ
ਜਾ ਸਕਦਾ ਸੀ। ਨਰਿੰਦਰ ਨੂੰ ਪਤਾ ਲਗੇਗਾ ਤਾਂ
ਖੁਸ਼ੀ ਵਿਚ ਪਾਗਲ ਹੋ ਜਾਵੇਗਾ। ਮੈਂ ਛੇਤੀ ਤੋਂ ਛੇਤੀ
ਉਸ ਨੂੰ ਇਹ ਖੁਸ਼ਖਬਰੀ ਦੇਣਾ ਚਾਹੁੰਦੀ ਸੀ ਪਰ
ਉਸ ਦਾ ਕੋਈ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ
ਉਹ ਕਿਥੇ ਗਿਆ ਹੈ। ਜਦੋਂ ਵੀ ਫੋਨ ਕਰਦੀ ਅਗੋਂ
ਜਵਾਬ ਮਿਲਦਾ, "ਜ਼ਰੂਰੀ ਕੰਮ ਉਤੇ ਬਾਹਰ ਗਏ
ਹੋਏ ਨੇ।"
ਅਚਾਨਕ ਇਕ ਦਿਨ ਸਵੇਰੇ ਉਸ ਦਾ ਫੋਨ
ਆਇਆ। ਉਹ ਏਅਰਪੋਰਟ ਤੋਂ ਬੋਲ ਰਿਹਾ ਸੀ।
ਮੈਂ ਫਟਾਫਟ ਉਸ ਨੂੰ ਖੁਸ਼ਖਬਰੀ ਸੁਣਾਈ। ਦੋ
ਪਲ ਲਈ ਉਹ ਕੁਝ ਨਾ ਬੋਲਿਆ। ਫੇਰ ਉਸ ਨੇ
ਹੌਲੀ ਜਿਹੀ ਕਿਹਾ, "ਅਜ ਦਿਨੇ ਆਪਣੀ ਡਾਕਟਰ
ਕੋਲ ਜਾਈਂ ਉਹ ਸਭ ਠੀਕ ਕਰ ਦੇਵੇਗੀ।"
"ਕੀ ਠੀਕ ਕਰ ਦੇਵੇਗੀ?" ਮੈਨੂੰ ਸਮਝ
ਨਾ ਆਈ।
"ਇਸ ਹਫਤੇ ਜਾ ਕੇ ਅਬੌਰਸ਼ਨ ਕਰਵਾ
ਆ, ਅਗੇ ਹੀ ਬਹੁਤ ਦੇਰ ਹੋ ਚੁਕੀ ਹੈ। ਹੋਰ ਲੇਟ
ਕਰਨਾ ਠੀਕ ਨਹੀਂ ਹੈ।" ਉਸ ਨੇ ਜਿਵੇਂ ਹੁਕਮ
ਦਿਤਾ।
"ਅਬੌਰਸ਼ਨ? ਪਰ ਕਿਉਂ? ਮੈਂ ਬੌਖਲਾਈ।
"ਕਿਉਂ ਦਾ ਕੀ ਮਤਲਬ? ਮੈਂ ਫਾਰਸੀ ਬੋਲ
ਰਿਹਾ ਹਾਂ ਜੋ ਤੈਨੂੰ ਸਮਝ ਨਹੀਂ ਆ ਰਹੀ।"
ਨਰਿੰਦਰ ਮੈਨੂੰ ਪਹਿਲੀ ਵਾਰ ਉਚੀ ਆਵਾਜ ਵਿਚ
ਬੋਲਿਆ।
"ਪਰ ਮੈਂ ਇਸ ਬੱਚੇ ਨੂੰ ਜਨਮ ਦੇਣਾ
ਚਾਹੁੰਦੀ ਹਾਂ, ਨਿੰਦੀ। ਇਹ ਤੇਰੇ-ਮੇਰੇ ਪਿਆਰ
ਦਾ ਸਬੂਤ ਹੈ, ਸੱਚੇ ਪਿਆਰ ਦਾ ਸਬੂਤ," ਮੈਂ
ਆਪਣੀ ਵਕਾਲਤ ਕੀਤੀ।
"ਓ ਸ਼ਟ-ਅੱਪ। ਮੈਂ ਪਹਿਲਾਂ ਹੀ ਬਹੁਤ ਦੁਖੀ
ਹਾਂ। ਡੋਂਟ ਗਿਵ ਮੀ ਦਿਸ ਬੁਲਸ਼ਿਟ। ਇਕ ਔਰਤ
ਮੈਨੂੰ ਪਹਿਲਾਂ ਹੀ ਬਚਿਆਂ ਦੇ ਨਾਂ ਤੇ ਬਥੇਰਾ ਰਗੜ
ਰਹੀ ਹੈ। ਹੁਣ ਆਹ ਦੂਜੀ ਆਹ ਗਈ।" ਉਹ
ਆਪੇ ਤੋਂ ਬਾਹਰ ਹੋ ਗਿਆ।
"ਪਰ ਨਿੰਦੀ...!" ਮੈਂ ਬੋਲ ਹੀ ਰਹੀ ਸੀ
ਕਿ ਉਹ ਵਿਚੋਂ ਹੀ ਦਹਾੜਿਆ, "ਫਜੂਲ ਦੀ
ਬਕਵਾਸ ਸੁਣਨ ਵਾਸਤੇ ਮੇਰੇ ਕੋਲ ਟਾਈਮ ਨਹੀਂ।
ਮੇਰੇ ਬਿਜਨੈਸ ਦੀਆਂ ਹੋਰ ਬਥੇਰੀਆਂ
ਅਪਾਇੰਟਮੈਂਟਾਂ ਨੇ। ਤੂੰ ਚੁਪ ਕਰਕੇ ਡਾਕਟਰ ਦੇ
ਜਾਹ। ਜਿੰਨੇ ਪੈਸੇ ਲਗਣਗੇ, ਮੈਂ ਆਪੇ ਦੇਵਾਂਗਾ।"
"ਗੱਲ ਸੁਣ ਨਰਿੰਦਰ! ਮੈਂ ਮਾਂ ਬਣਨਾ
ਚਾਹੁੰਦੀ ਹਾਂ। ਤੇਰੇ ਬੱਚੇ ਦੀ ਮਾਂ। ਜਦੋਂ ਤੂੰ ਮੇਰੇ
ਕੋਲ ਨਹੀਂ ਹੋਵੇਂਗਾ ਤਾਂ ਤੇਰੀ ਨਿਸ਼ਾਨੀ ਤੇਰੀ ਕਮੀ
ਮਹਿਸੂਸ ਨਹੀਂ ਹੋਣ ਦੇਵੇਗੀ। ਬੇਵਜ੍ਹਾ ਗੁੱਸੇ ਨਾ
ਹੋ।"
"ਉਲੂ ਦੀ ਪੱਠੀ, ਮਾਂ ਬਣਨਾ ਚਾਹੁੰਦੀ ਹੈ!
ਹਜਾਰਾਂ ਔਰਤਾਂ ਰੋਜ਼ ਮਾਂ ਬਣਦੀਆਂ ਨੇ। ਕੋਈ
ਨਵਾਂ ਕੰਮ ਹੈ? ਤੇਰੇ ਮਾਂ ਬਣਨ ਨਾਲ ਤੇਰੇ ਤਗਮੇ
ਲੱਗ ਜਾਣਗੇ? ਬੇਵਕੂਫ ਨਾ ਬਣ, ਅਕਲ ਤੋਂ ਕੰਮ
ਲੈ। ਮੈਨੂੰ ਤੇਰਾ ਸਹਾਰਾ ਚਾਹੀਦਾ ਹੈ। ਤੇਰੇ ਕੋਲ
ਆ ਕੇ ਮੈਂ ਜਿੰਦਗੀ ਦੇ ਗਮ ਭੁਲ ਜਾਂਦਾ ਹਾਂ।
ਫਜੂਲ ਦੀਆਂ ਸਿਰਦਰਦੀਆਂ ਨਾ ਦੇ ਮੈਨੂੰ। ਨਾਲੇ
ਤੂੰ ਕੁਆਰੀ ਹੈਂ। ਨਾਜਾਇਜ਼ ਬੱਚੇ ਨੂੰ ਸਮਾਜ ਕਦੇ
ਸਵੀਕਾਰ ਨਹੀਂ ਕਰਦਾ। ਸਭ ਹਰਾਮ ਦਾ ਕਹਿਣਗੇ
ਉਸ ਨੂੰ। ਤੂੰ ਕਿਤੇ ਮੂੰਹ ਦਿਖਾਉਣ ਜੋਗੀ ਨਹੀਂ
ਰਹੇਂਗੀ," ਉਹ ਲਗਾਤਾਰ ਬੋਲੀ ਜਾ ਰਿਹਾ ਸੀ।
"ਹਰਾਮ ਦਾ ਕਿਉਂ ਹੈ? ਤੁੰ ਬਾਪ ਹੈਂ ਮੇਰੇ
ਬੱਚੇ ਦਾ। ਆਪਣਾ ਵਿਆਹ ਨਹੀਂ ਹੋਇਆ ਤਾਂ ਕੀ
ਹੈ ਪਰ ਰੱਬ ਨੂੰ ਪਤਾ ਹੈ ਕਿ ਮੈਂ ਤੇਰੀ ਔਰਤ
ਹਾਂ," ਮੈਂ ਆਤਮ ਵਿਸ਼ਵਾਸ ਨਾਲ ਕਿਹਾ।
"ਰਬਿਸ਼! ਕਾਨੂੰਨਨ ਮੈਂ ਤੇਰੇ ਬੱਚੇ ਦਾ ਬਾਪ
ਨਹੀਂ, ਤੇ ਨਾ ਹੀ ਤੂੰ ਮੇਰੀ ਔਰਤ। ਮੈਨੂੰ ਈਮੋਸ਼ਨਲੀ
ਬਲੈਕਮੇਲ ਕਰਨ ਦੀ ਕੋਸ਼ਿਸ਼ ਨਾ ਕਰ। ਨਾ ਹ
ਮੈਂ ਕਿਸੇ ਕੋਟ ਕਚਹਿਰੀ ਵਿਚ ਜਾ ਕੇ ਕਹਿਣਾ ਹੈ
ਕਿ ਤੇਰੇ ਬੱਚੇ ਦਾ ਬਾਪ ਹਾਂ। ਤੈਨੂੰ ਘਰ ਲੈ ਦਿਤਾ,
ਸੈਟਲ ਕਰ ਦਿਤਾ, ਬਸ। ਇਸ ਤੋਂ ਵੱਧ ਮੇਰੇ ਤੋਂ
ਉਮੀਦ ਨਾ ਰਖੀਂ। ਤੇਰੇ ਮਾਂ ਬਣਨ ਦੇ ਸ਼ੋਂਕ ਵਿਚ
ਮੈਂ ਆਪਣਾ ਘਰ ਪੱਟ ਲਵਾਂ? ਲਖਾਂ ਦਾ ਬਿਜਨਸ
ਡੋਬ ਲਵਾਂ? ਮੇਰੇ ਬੱਚਿਆਂ ਉਤੇ ਇਸ ਚੀਜ਼ ਦਾ
ਕੀ ਅਸਰ ਪਵੇਗਾ, ਸੋਚਿਐ?" ਉਹ ਹੋਰ ਭੜਕ
ਗਿਆ।
"ਤੂੰ ਜ਼ਰਾ ਸੋਚ ਕੇ ਦੱਸ।" ਮੈਂ ਕਿਹਾ।
"ਫਾਲਤੂ ਗੱਲਾਂ ਸੋਚਣ ਵਾਸਤੇ ਮੇਰੇ ਕੋਲ
ਟਾਈਮ ਨਹੀਂ। ਨਾਲੇ ਮੈਂ ਆਪਣੇ ਬੱਚਿਆਂ ਨੂੰ
ਛੁੱਟੀਆਂ ਵਿਚ ਅਮਰੀਕਾ ਲੈ ਕੇ ਚਲਿਆਂ ਹਾਂ।
ਮੈਨੂੰ ਫੋਨ ਨਾ ਕਰੀਂ," ਆਖ ਕੇ ਉਸ ਨੇ ਫੋਨ ਰਖ
ਦਿਤਾ।
ਉਹ ਹੋ ਗਿਆ ਜਿਸ ਦੀ ਮੈਨੂੰ ਸੁਫਨੇ ਵਿਚ
ਵੀ ਉਮੀਦ ਨਹੀਂ ਸੀ। ਮੈਂ ਸੁੰਨ ਹੋ ਗਈ। ਵਿਸ਼ਵਾਸ
ਨਹੀਂ ਆ ਰਿਹਾ ਸੀ ਕਿ ਨਰਿੰਦਰ ਵਰਗਾ ਬੰਦਾ ਵੀ
ਇਸ ਤਰ੍ਹਾਂ ਪਿਠ ਦਿਖਾ ਦੇਵੇਗਾ। ਆਪਣੇ-ਆਪ
ਉਤੇ ਤਰਸ ਜਿਹਾ ਆਇਆ ਮੈਨੂੰ। ਕੀ ਕਰ ਬੈਠੀ।
ਘਰੋਂ ਬਾਗੀ ਹੋ ਕੇ ਨਿਕਲੀ ਸੀ। ਪਿਆਰ ਵਿਚ
ਪਾਗਲ ਹੋਈ ਨੇ ਸਮਾਜ ਦੀ ਵੀ ਪਰਵਾਹ ਨਾ
ਕੀਤੀ ਤੇ ਆਪਣੀ ਸੋਨੇ ਵਰਗੀ ਜਵਾਨੀ ਨਰਿੰਦਰ
ਅੱਗੇ ਪਾ ਦਿਤੀ। ਉਹ ਹਰਾਮ ਦਾ ਮਾਲ ਸਮਝ ਕੇ
ਵਰਤਦਾ ਰਿਹਾ ਤੇ ਮੌਕਾ ਪੈਣ 'ਤੇ ਚੋਰਾਂ ਵਾਂਗ
ਮੂੰਹ ਛੁਪਾ ਕੇ ਭਜ ਗਿਆ। ਮੈਂ ਨਾ ਰੋ ਰਹੀ ਸੀ
ਨਾ ਹੱਸ ਰਹੀ ਸੀ। ਫਲੈਟ ਵਿਚ ਮੈਂ ਇਕੱਲੀ ਬੈਠੀ
ਸੀ। ਉਸ ਫਲੈਟ ਵਿਚ ਜਿਥੇ ਮੇਰੀਆਂ ਤੇ ਨਰਿੰਦਰ
ਦੀਆਂ ਫੋਟੋਆਂ ਥਾਂ-ਥਾਂ ਲਗੀਆਂ ਹੋਈਆਂ ਸਨ,
ਰਾਧਾ ਤੇ ਕ੍ਰਿਸ਼ਨ ਵਾਂਗ। ਇਹ ਫਲੈਟ ਮੈਨੂੰ ਮੰਦਰ
ਵਾਂਗ ਲਗਦਾ ਸੀ ਤੇ ਅੱਜ ਜਿਵੇਂ ਇਸੇ ਫਲੈਟ
ਵਿਚ ਮੈਂ ਆਪਣੇ ਆਪ ਨੂੰ ਕਿਸੇ ਕੋਠੇ ਉਤੇ
ਮਹਿਸੂਸ ਕਰ ਰਹੀ ਸੀ, ਕਿਸੇ ਵੇਸਵਾ ਵਾਂਗ,
ਜਿਸ ਦਾ ਗਾਹਕ ਉਸ ਦਾ ਮੁੱਲ ਚੁਕਾ ਕੇ ਉਸ
ਨਾਲ ਸੌਂਦਾ ਤਾਂ ਹੈ ਪਰ ਉਸ ਦੇ ਬੱਚੇ ਨੂੰ ਆਪਣਾ
ਨਾਂ ਦੇਣਾ ਉਹ ਆਪਣੀ ਸ਼ਾਨ ਦੇ ਖਿਲਾਫ ਸਮਝਦਾ
ਹੈ। ਤਾਂ ਮੇਰਾ ਬੱਚਾ ਹਰਾਮ ਦਾ ਹੈ ਕਿਉਂਕਿ ਮੇਰਾ
ਰਿਸ਼ਤਾ ਹਰਾਮ ਦਾ ਸੀ। ਮੈਨੂੰ ਆਪਣੇ ਆਪ 'ਤੇ
ਕਚਿਆਣ ਜਿਹੀ ਆਈ। ਮੈਂ ਆਪਣੇ ਅੰਦਰੋਂ
ਹਵਾੜ ਜਿਹੀ ਆਉਂਦੀ ਮਹਿਸੂਸ ਕੀਤੀ, ਜਿਵੇਂ
ਮੈਂ ਕੋਈ ਗੰਦੀ ਨਾਲੀ ਸੀ, ਜਿਸ ਵਿਚ ਕੋਈ ਰਾਹੀ
ਮੂਤ ਕੇ ਚਲਾ ਗਿਆ ਸੀ। ਆਪਣੇ ਆਪ ਤੋਂ ਨਫਰਤ
ਹੋ ਗਈ। ਜੀਅ ਕੀਤਾ ਕਿਸੇ ਗੱਡੀ ਥੱਲੇ ਜਾ ਕੇ
ਸਿਰ ਦੇ ਦੇਵਾਂ ਤੇ ਚਿਠੀ ਲਿਖ ਕੇ ਰਖ ਜਾਵਾਂ ਕਿ
ਨਰਿੰਦਰ ਨੇ ਮੇਰੀ ਜਿੰਦਗੀ ਤਬਾਹ ਕੀਤੀ ਹੈ।
ਪਰ ਮਰਨਾ ਏਨਾ ਆਸਾਨ ਕਿਥੇ ਸੀ!
ਸੋਚਦੀ ਹੋਈ ਮੈਂ ਕਾਰਪੈਟ ਉਤੇ ਹੀ ਲੇਟ ਗਈ
ਕਿ ਕੀ ਕਰਾਂ। ਅਚਾਨਕ ਦਿਮਾਗ ਨੇ ਕਿਹਾ, ਏਨੀ
ਚਿੰਤਾ ਦੀ ਕਿਹੜੀ ਗੱਲ ਹੈ। ਜੇ ਨਰਿੰਦਰ ਹੀ ਭਜ
ਗਿਆ ਤਾਂ ਤੈਨੂੰ ਇਹ ਫਾਹਾ ਗਲ ਪਾਉਣ ਦੀ ਕੀ
ਲੋੜ ਹੈ? ਕੱਲ੍ਹ ਨੂੰ ਡਾਕਟਰ ਦੇ ਜਾ ਕੇ ਕਹਾਣੀ
ਖਤਮ ਕਰ ਦੇ। ਜਿਵੇਂ ਮੇਰੇ ਸਿਰ ਤੋਂ ਕੋਈ ਬੋਝ
ਉਤਰ ਗਿਆ। ਸੋਚਿਆ, ਮੁੜ ਨਰਿੰਦਰ ਦੀ ਸ਼ਕਲ
ਨਹੀਂ ਦੇਖਾਂਗੀ। ਆਪਣੇ ਮਾਂ-ਬਾਪ ਕੋਲ ਵਾਪਸ
ਚਲੀ ਜਾਵਾਂਗੀ। ਇਹ ਫਲੈਟ ਵੀ ਛੱਡ ਜਾਵਾਂਗੀ,
ਕੰਜਰੀ ਦਾ ਕੋਠਾ। ਮੈਂ ਨਰਿੰਦਰ ਨੂੰ ਗਾਲ੍ਹ ਕੱਢੀ।
ਦੂਜੇ ਦਿਨ ਡਾਕਟਰ ਦੇ ਗਈ। ਬਜੁਰਗ
ਡਾਕਟਰਨੀ ਨੇ ਮੇਰੇ ਸਿਰ 'ਤੇ ਹੱਥ ਰਖਿਆ,
"ਫਿਕਰ ਦੀ ਕੋਈ ਗੱਲ ਨਹੀਂ ਦਸ ਮਿੰਟ
ਲਗਣਗੇ।" ਮੈਂ ਅਗਲੇ ਹਫਤੇ ਦੀ ਅਪਾਇੰਟਮੈਂਟ
ਲੈ ਕੇ ਵਾਪਸ ਆ ਗਈ। ਸਿਰਫ ਇਕ ਹਫਤੇ ਦੀ
ਮੁਸੀਬਤ ਸੀ। ਫੇਰ ਮੈਂ ਫਰੀ ਹੋ ਜਾਵਾਂਗੀ। ਫਲੈਟ
ਛਡਣ ਲਈ ਮੈਂ ਆਪਣਾ ਸਾਮਾਨ, ਜੋ ਘਰੋਂ ਲੈ ਕੇ
ਆਈ ਸੀ, ਇਕੱਠਾ ਕਰਨਾ ਸ਼ੁਰੂ ਕੀਤਾ। ਅਲਮਾਰੀ
'ਤੇ ਪਿਆ ਭਾਰੀ ਅਟੈਚੀਕੇਸ ਚੁਕਣ ਲਈ ਮੈਂ
ਕੁਰਸੀ ਤੇ ਚੜ੍ਹ ਗਈ। ਅਟੈਚੀ ਭਾਰਾ ਹੋਣ ਕਰਕੇ
ਮੇਰਾ ਕਾਫੀ ਜੋਰ ਲੱਗ ਰਿਹਾ ਸੀ।
"ਕਿਤੇ ਬੱਚੇ ਨੂੰ ਨੁਕਸਾਨ ਨਾ ਪਹੁੰਚੇ,"
ਜਵੇਂ ਮੇਰੇ ਅੰਦਰੋਂ ਕੋਈ ਬੋਲਿਆ।
"ਫੇਰ ਕੀ ਹੈ? ਤੂੰ ਰਖਣਾ ਤਾਂ ਹੈ ਨਹੀਂ।
ਚੰਗਾ ਸਗੋਂ ਖਹਿੜਾ ਛੁਟੇਗਾ," ਦਿਮਾਗ ਨੇ ਕਿਹਾ।
"ਨਹੀਂ ਉਹ ਹੋਰ ਗੱਲ ਹੈ। ਪਰ ਇਦਾਂ ਉਸ
ਨੂੰ ਤਕਲੀਫ ਹੋਵੇਗੀ," ਮੇਰੇ ਅੰਦਰਲੀ ਔਰਤ ਨੇ
ਕਿਹਾ, ਤੇ ਮੈਂ ਅਟੈਚੀ ਉਥੇ ਹੀ ਰਖ ਦਿਤਾ। ਪਤਾ
ਨਹੀਂ ਕਿਉਂ ਇਸ ਅੰਦਰਲੀ ਮੁਸੀਬਤ ਨਾਲ ਮੈਨੂੰ
ਅਚਾਨਕ ਹੀ ਹਮਦਰਦੀ ਜਾਗ ਪਈ ਸੀ। ਕੰਮ ਤੋਂ
ਮੈਂ ਦੋ ਹਫਤੇ ਦੀਆਂ ਛੁਟੀਆਂ ਲੈ ਲਈਆਂ। ਰੱਜ
ਕੇ ਖਾਧਾ ਕਿਤੇ ਬੱਚਾ ਭੁਖਾ ਨਾ ਹੋਵੇ। ਰੱਜ ਕੇ
ਆਰਾਮ ਕੀਤਾ ਕਿ ਜਿੰਨੀ ਦੇਰ ਮੇਰੀ ਕੁਖ ਵਿਚ
ਹੈ, ਉਨੀ ਦੇਰ ਤਾਂ ਆਰਾਮ ਨਾਲ ਰਹੇ। ਫੇਰ ਤਾਂ...।
ਮੇਰਾ ਜੀਅ ਭਰ ਆਇਆ। ਜਿਵੇਂ ਮੇਰੇ ਅੰਦਰ
ਕੋਈ ਖਿਡੌਣਾ ਬਣਨਾ ਸ਼ੁਰੂ ਹੋ ਗਿਆ ਸੀ। ਉਠਦੇ
ਬਹਿੰਦੇ, ਸੌਂਦੇ, ਜਾਗਦੇ ਹਰ ਵੇਲੇ ਸੂਰਤ ਉਸ
ਵਲ ਰਹਿੰਦੀ। ਕਿਤੇ ਕੋਈ ਅੰਗ ਨਾ ਡਿਗ ਪਵੇ
ਇਸ ਖਿਡੌਣੇ ਦਾ। ਮੈਂ ਧਰਤੀ ਵਾਂਗ ਹਰੀ ਹੋ ਗਈ
ਸੀ। ਸ਼ੀਸ਼ੇ ਵਿਚ ਆਪਣਾ ਰੂਪ ਨਾ ਪਛਾਣ ਸਕੀ।
ਕਿੰਨੀ ਸੁਹਣੀ ਲਗਦੀ ਸੀ ਆਪਣੇ ਆਪ ਨੂੰ।
"ਤੂੰ ਮਾਂ ਬਣਨ ਵਾਲੀ ਹੈਂ, ਰੂਪ। ਹੁਣ ਤੂੰ
ਰਚਣਹਾਰੀ ਹੈਂ। ਦੁਨੀਆਂ ਦਾ ਸਭ ਤੋਂ ਵਡਾ ਰੁਤਬਾ
ਤੈਨੂੰ ਮਿਲ ਰਿਹਾ ਹੈ। ਤੇਰੇ ਹੁਸਨ ਦਾ ਕੋਈ
ਮੁਕਾਬਲਾ ਨਹੀਂ ਕਰ ਸਕਦਾ," ਸ਼ੀਸ਼ੇ ਵਿਚੋਂ ਮੇਰੇ
ਪਰਛਾਵੇਂ ਨੇ ਕਿਹਾ।
"ਪਰ ਇਹ ਬੱਚਾ ਨਾਜਾਇਜ਼ ਹੈ। ਸਮਾਜ
ਕਿਸੇ ਨਾਜਾਇਜ਼ ਰਿਸ਼ਤੇ ਨੂੰ ਸਵੀਕਾਰ ਨਹੀਂ ਕਰਦਾ।
ਇਥੇ ਕਾਨੂੰਨ ਦੇ ਪਹਿਰੇ ਨੇ," ਮੈਂ ਪਰਛਾਵੇਂ ਨੂੰ
ਜਵਾਬ ਦਿਤਾ।
ਰਿਸ਼ਤਾ ਕੋਈ ਵੀ ਨਾਜਾਇਜ਼ ਨਹੀਂ ਹੁੰਦਾ,
ਰੁਪਿੰਦਰ। ਮਤਲਬ ਤਾਂ ਹੈ ਤੁਸੀਂ ਕਿਸੇ ਰਿਸ਼ਤੇ ਨੂੰ
ਕਿੰਨੀ ਈਮਾਨਦਾਰੀ ਨਾਲ ਜੀਂਦੇ ਹੋ।" ਪਰਛਾਵੇਂ
ਨੇ ਅਗੋਂ ਬਹਿਸ ਕੀਤੀ।
"ਪਰ...ਪਰ ਮੈਂ ਇਕੱਲੀ...ਸਮਾਜ਼..
ਬੱਚਾ... ਮਾਂ...ਬਾਪ...ਰਿਸ਼ਤੇ...! ਨਹੀਂ, ਨਹੀਂ ਮੈਂ
ਇਹ ਭਾਰ ਇਕੱਲੇ ਨਹੀਂ ਚੁਕ ਸਕਦੀ। ਬੱਚੇ ਦੇ
ਬਾਪ ਦਾ ਹੋਣਾ ਬਹੁਤ ਜ਼ਰੂਰੀ ਹੈ। ਸਮਾਜ ਬੱਚੇ ਦੇ
ਬਾਪ ਦਾ ਨਾਂ ਪੁਛਦਾ ਹੈ। ਮੇਰੇ ਬੱਚੇ ਦੇ ਤਾਂ ਮੱਥੇ
ਉਤੇ ਲਿਖਿਆ ਹੋਵੇਗਾ ਕਿ ਮੇਰਾ ਬਾਪ ਚੋਰ ਹੈ।
ਨਹੀਂ, ਮੈਂ ਆਪਣੇ ਸਵਾਰਥ ਲਈ ਬੱਚੇ ਨੂੰ ਏਡੀ
ਸਜਾ ਕਿਉਂ ਦੇਵਾਂ!" ਮੈਂ ਸ਼ੀਸ਼ੇ ਵਲੋਂ ਮੂੰਹ ਦੂਜੇ
ਪਾਸੇ ਕਰ ਲਿਆ। ਗਰਭਵਤੀ ਔਰਤ ਵਾਸਤੇ ਇਸ
ਵੇਲੇ ਉਸ ਬੱਚੇ ਦਾ ਬਾਪ ਉਸ ਕੋਲ ਹੋਣਾ ਕਿੰਨਾ
ਜਰੂਰੀ ਹੈ, ਮੈਨੂੰ ਅਹਿਸਾਸ ਹੋਇਆ। ਸਿਰਫ
ਔਰਤ ਨੂੰ ਈਮੋਸ਼ਨਲੀ ਹੀ ਨਹੀਂ, ਸਗੋਂ ਬੱਚੇ ਨੂੰ
ਵੀ ਜਿਵੇਂ ਅੰਦਰੋਂ ਪਤਾ ਹੁੰਦਾ ਹੈ ਕਿ ਮੇਰਾ ਬਾਪ
ਕੌਣ ਹੈ। ਸ਼ਾਇਦ ਨਰਿੰਦਰ ਦਾ ਫੋਨ ਆ ਹੀ ਜਾਵੇ
ਕਿ ਬੱਚੇ ਨੂੰ ਰਖ ਲੈ ਤੇ ਆਪਣੇ ਇਸ ਖਿਆਲ 'ਤੇ
ਮੈਂ ਰੋ ਪਈ। ਨਾ ਨਰਿੰਦਰ ਦਾ ਫੋਨ ਆਇਆ ਤੇ
ਨਾ ਮੈਂ ਫੈਸਲਾ ਬਦਲ ਸਕੀ।
ਡਾਕਟਰ ਕੋਲ ਜਾਣ ਤੋਂ ਇਕ ਰਾਤ ਪਹਿਲਾਂ
ਮੈਂ ਗੁਰਦੁਆਰੇ ਗਈ। ਆਪਣੇ ਪਾਪਾਂ ਦੀ ਭੁਲ
ਬਖਸ਼ਾਣ ਤੇ ਹਿੰਮਤ ਮੰਗਣ। ਗੁਰਦੁਆਰੇ ਵਿਚ
ਢਾਡੀ ਜਥਾ 'ਸਾਹਿਬਜਾਦਿਆਂ ਦੀ ਸ਼ਹੀਦੀ ਦਾ
ਸਾਕਾ' ਗਾ ਰਿਹਾ ਸੀ, ਜਿਨ੍ਹਾਂ ਨੂੰ ਨੀਂਹਾਂ ਵਿਚ
ਚਿਣਿਆ ਗਿਆ। ਸਾਕਾ ਸੁਣਦੇ ਵੇਲੇ ਮੈਂ ਬਹੁਤ
ਰੋਈ। ਧੰਨ ਗੁਰੂ ਤੇ ਧੰਨ ਤੇਰੇ ਬੱਚੇ। ਬੱਚਿਆਂ ਦਾ
ਕੀ ਦੋਸ਼ ਸੀ। ਮੇਰਾ ਬੱਚਾ ਵੀ ਕੱਲ੍ਹ ਨੂੰ ਬੇਇਨਸਾਫੀ
ਦੀਆਂ ਨੀਂਹਾਂ ਵਿਚ ਦੱਬ ਦਿੱਤਾ ਜਾਏਗਾ ਤੇ ਮੈਂ
ਖਾਲੀ ਹੋ ਜਾਵਾਂਗੀ। ਜ਼ਮੀਨ ਵਿਚੋਂ ਜੇ ਪੌਦਾ ਵੀ
ਪੁਟੀਏ ਤੇ ਮਿਟੀ ਜੜਾਂ ਨਾਲ ਨਿਕਲ ਜਾਂਦੀ ਹੈ।
ਫੇਰ ਮੈਂ ਤਾਂ ਔਰਤ ਸਾਂ। ਮੇਰੀ ਤੇ ਕੁਖ ਪੱਟੀ
ਜਾਣੀ ਸੀ। ਆਂਦਰਾਂ ਨਿਕਲ ਜਾਣਗੀਆਂ ਮੇਰੀਆਂ।
ਰੋਂਦੀ-ਰੋਂਦੀ ਮੈਂ ਘਰ ਆ ਗਈ। ਘਰ ਆ ਕੇ
ਦੂਜੇ ਦਿਨ ਡਾਕਟਰ ਦੇ ਜਾਣ ਦੀ ਤਿਆਰੀ ਕੀਤੀ।
ਰਾਤ ਦੇ ਚੌਥੇ ਦਾ ਪਹਿਰ ਮੈਂ ਅੱਧ ਸੁਤੀ,
ਅੱਧ ਜਾਗਦੀ ਸੀ। ਜਿਵੇਂ ਮੇਰੇ ਅੰਦਰੋਂ ਆਵਾਜ
ਆਈ, "ਮਾਂ...!" ਬੇਸੁਰਤੀ ਜਿਹੀ 'ਚ ਮੈਂ 'ਮਾਂ'
ਲਫਜ਼ ਫੇਰ ਸੁਣਿਆ, ਜਿਵੇਂ ਮੇਰੇ ਨੰਗੇ ਢਿੱਡ ਨਾਲ
ਨਿਕਾ ਜਿਹਾ ਕੋਈ ਬਲੂੰਗੜਾ ਚੰਮੜਿਆ ਹੋਇਆ
ਸੀ। ਉਸ ਦੇ ਨਿੱਕੇ-ਨਿਕੇ ਹੱਥ ਪੈਰ ਮੈਂ ਆਪਣੇ
ਢਿਡ ਉਤੇ ਮਹਿਸੂਸ ਕੀਤੇ। ਆਪਣੇ ਆਪ ਹੀ
ਮੇਰਾ ਹੱਥ ਮੇਰੇ ਢਿਡ ਉਤੇ ਚਲਾ ਗਿਆ। ਆਪਣੇ
ਅੰਦਰੋਂ ਮੈਂ ਕੋਈ ਜਿਉਂਦੀ ਜਾਗਦੀ ਚੀਜ਼ ਮਹਿਸੂਸ
ਕੀਤੀ ਜੋ ਹਿਲ ਰਹੀ ਸੀ। ਹਨੇਰੇ ਵਿਚ ਮੈਂ ਆਪਣੇ
ਅੰਦਰ ਝਾਤ ਮਾਰੀ। ਜਿਵੇਂ ਦੋ ਛੋਟੀਆਂ-ਛੋਟੀਆਂ
ਅੱਖਾਂ ਮੇਰੇ ਵਲ ਤੱਕ ਰਹੀਆਂ ਸਨ। "ਮਾਂ" ਉਨ੍ਹਾਂ
ਅੱਖਾਂ ਨੇ ਪੁਕਾਰਿਆ। ਮੈਨੂੰ ਠੰਡੀਆਂ ਤਰੇਲੀਆਂ
ਆ ਗਈਆਂ। ਮੈਂ ਆਪਣੇ ਢਿੱਡ ਨੂੰ ਘੁੱਟ ਕੇ ਜੱਫੀ
ਪਾ ਲਈ।
"ਮੇਰੇ ਬੱਚੇ! ਮੈਂ ਤੈਨੂੰ ਜਨਮ ਦੇਵਾਂਗੀ। ਮਾਫ
ਕਰ ਦੇ, ਮੈਂ ਆਪਣੇ ਸਵਾਰਥ ਲਈ ਤੇਰਾ ਕਤਲ
ਕਰਨ ਦੀ ਸੋਚੀ। ਤੇਰਾ ਬਾਪ ਚੋਰ ਹੈ, ਬੱਚੇ, ਪਰ
ਤੇਰੀ ਮਾਂ...ਤੇਰੀ ਮਾਂ ਤਾਂ ਤੇਰੀ ਮਾਂ ਹੈ!" ਮੇਰਾ
ਸਿਰਹਾਣਾ ਹੰਝੂਆਂ ਨਾਲ ਭਿਜ ਗਿਆ ਸੀ। ਅਜੀਬ
ਜਿਹੀ ਸ਼ਾਂਤੀ ਮਿਲੀ ਮੈਨੂੰ, ਅਜੀਬ ਜਿਹੀ ਹਿੰਮਤ
ਆ ਗਈ ਮੇਰੇ ਵਿਚ। ਤੇ ਮੈਂ ਉਦੋਂ ਹੀ ਉਠ ਕੇ
ਆਪਣਾ ਸਾਮਾਨ ਇਕੱਠਾ ਕੀਤਾ। ਸਵੇਰੇ ਹੀ
ਡਾਕਟਰ ਨੂੰ ਫੋਨ ਕਰ ਦਿਤਾ ਕਿ ਮੈਂ ਵਿਚਾਰ ਬਦਲ
ਲਿਆ ਹੈ। ਮੁੜ ਕੇ ਕਦੀ ਪਛਤਾਈ ਨਹੀਂ ਤੇ ਨਾ
ਹੀ ਜਿੰਦਗੀ ਨਾਲ ਸ਼ਿਕਵਾ ਕੀਤਾ ਕਿ ਕੀ ਹੋ ਰਿਹਾ
ਹੈ।
ਉਹ ਫਲੈਟ ਛਡ ਕੇ ਮੈਂ ਕਿਰਾਏ ਦੇ ਕਮਰੇ
ਵਿਚ ਚਲੀ ਗਈ। ਕੰਮ ਉਤੇ ਜਾਣਾ ਸ਼ੁਰੂ ਕਰ
ਦਿਤਾ। ਥੋੜ੍ਹੇ ਦਿਨਾਂ ਬਾਅਦ ਹੀ ਮੇਰਾ ਭੇਦ ਖੁਲਣਾ
ਸ਼ੁਰੂ ਹੋ ਗਿਆ। ਆਖਰ ਕਦੋਂ ਤਕ ਅੱਗ ਨੂੰ ਮੈਂ
ਆਪਣੀ ਝੋਲੀ ਵਿਚ ਛੁਪਾ ਕੇ ਰਖ ਸਕਦੀ ਸੀ।
ਲੋਕਾਂ ਨੇ ਕੰਜਰੀ-ਕੁੱਤੀ ਕਿਹਾ। ਕੰਮ ਵਾਲਿਆਂ
ਨੇ ਆਵਾਜੇ ਕੱਸੇ। ਮਾਂ ਨੂੰ ਪਤਾ ਲੱਗਿਆ ਤੇ ਉਸ
ਨੇ ਬਥੇਰਾ ਸਿਰ ਪਿਟਿਆ। ਪਰ ਮੇਰੇ ਕੰਨਾਂ ਨੇ ਜੋ
ਅੰਦਰੋਂ ਇਕ ਵਾਰ ਮਾਂ ਲਫਜ਼ ਸੁਣਿਆ ਸੀ, ਜਿਵੇਂ
ਉਸ ਤੋਂ ਬਾਅਦ ਮੇਰੇ ਲਈ ਦੁਨੀਆਂ ਦੀ ਹਰ
ਆਵਾਜ਼ ਛੋਟੀ ਹੋ ਗਈ ਸੀ। ਮੈਂ ਉਸ ਆਵਾਜ਼ ਨੂੰ
ਸ਼ਰੇਆਮ ਸੁਣਨਾ ਚਾਹੁੰਦੀ ਸੀ। ਬਾਕੀ ਮਹੀਨੇ
ਲੋਕਾਂ ਦੇ ਤਾਅਨੇ ਮਿਹਨੇ ਸੁਣ ਕੇ ਤੇ ਗਾਲਾਂ ਖਾ
ਕੇ ਕਢੇ। ਮੈਂ ਦੁਨੀਆਂ ਦੀਆਂ ਉਨ੍ਹਾਂ ਔਰਤਾਂ ਬਾਰੇ
ਕਿਤਾਬਾਂ ਪੜ੍ਹੀਆਂ, ਜਿਨ੍ਹਾਂ ਨੇ ਇਕੱਲੀਆਂ ਨੇ ਬੱਚੇ
ਪੈਦਾ ਕੀਤੇ ਸੀ। ਸ਼ੰਕੁਤਲਾ ਤੇ ਸੀਤਾ ਵਰਗੀਆਂ,
ਜਿਨ੍ਹਾਂ ਦੇ ਆਦਮੀ ਉਨ੍ਹਾਂ ਨੂੰ ਅੱਧਵਾਟੇ ਛਡ ਗਏ
ਸਨ।
ਫੇਰ ਅਮਨਦੀਪ ਜੰਮਿਆ, ਜਿਵੇਂ ਮੇਰੀ ਸਾਰੀ
ਤਪੱਸਿਆ ਸਫਲ ਹੋ ਗਈ। ਨਾ ਦੁਨੀਆਂ ਨਾਲ
ਕੋਈ ਗਿਲਾ ਰਿਹਾ ਤੇ ਨਾ ਨਰਿੰਦਰ ਦੀ ਬੇਵਫਾਈ
ਯਾਦ ਰਹੀ। ਅਮਨਦੀਪ ਨੂੰ ਵੇਖ ਕੇ ਜਿਵੇਂ ਮੇਰੀ
ਸਾਰੇ ਸੰਘਰਸ਼ ਦੀ ਥਕਾਵਟ ਲਹਿ ਗਈ ਸੀ। ਔਰਤ
ਜਦੋਂ ਮਾਂ ਬਣ ਜਾਂਦੀ ਹੈ ਤਾਂ ਉਸ ਲਈ ਦੁਨੀਆਂ ਦੇ
ਬਾਕੀ ਰਿਸ਼ਤੇ ਛੋਟੇ ਹੋ ਜਾਂਦੇ ਹਨ।
ਨਰਿੰਦਰ ਭਾਵੇਂ ਮੇਰੇ ਤੋਂ ਪਿਠ ਮੋੜ ਗਿਆ
ਸੀ, ਪਰ ਬੱਚੇ ਦੀ ਖਬਰ ਜਿਵੇਂ ਉਸ ਨੂੰ ਹਵਾ
ਵਾਂਗ ਮਿਲੀ। ਇਕ ਦਿਨ ਉਹ ਆ ਗਿਆ। "ਤੈਨੂੰ
ਕਿੰਨਾ ਸਮਝਾਇਆ ਸੀ, ਇਸ ਮੁਸੀਬਤ ਵਿਚ
ਨਾ ਪੈ। ਹੁਣ ਕਿੰਨੀ ਔਖੀ ਹੈਂ," ਉਸ ਨੇ
ਹਮਦਰਦੀ ਜਤਾਈ। ਮੈਂ ਉਸ ਦੀ ਗੱਲ ਦਾ ਕੋਈ
ਜਵਾਬ ਨਾ ਦਿੱਤਾ।
"ਚਲ ਜੋ ਹੋ ਗਿਆ ਸੋ ਹੋ ਗਿਆ। ਆਪਣੇ
ਫਲੈਟ ਵਾਪਸ ਚਲ। ਮੇਰਾ ਬੱਚਾ ਕਿਰਾਏ ਦੇ
ਕਮਰਿਆ ਵਿਚ ਰੁਲੇ, ਮੇਰੇ ਤੋਂ ਬਰਦਾਸ਼ਤ ਨਹੀਂ
ਹੁੰਦਾ। ਅਸੀਂ ਸਰਦਾਰ ਹਾਂ ਪਿੰਡ ਦੇ। ਰਾਜਿਆਂ
ਵਰਗੇ ਹਾਂ। ਇਹੋ ਜਿਹੀ ਜਿੰਦਗੀ ਤਾਂ ਸਾਡੇ ਨੌਕਰ
ਵੀ ਨਹੀਂ ਜੀਂਦੇ," ਉਸ ਦੇ ਅੰਦਰਲਾ ਬਾਪ ਹੰਕਾਰ
ਬਣ ਕੇ ਬੋਲਿਆ।
"ਨਰਿੰਦਰ! ਇਹ ਉਹੀ ਬੱਚਾ ਹੈ ਜਿਸ ਦੇ
ਪੈਦਾ ਹੋਣ ਦੀ ਖਬਰ ਸੁਣ ਕੇ ਤੂੰ ਫੋਨ ਤਕ ਕਰਨਾ
ਛਡ ਦਿਤਾ ਸੀ ਤੇ ਜਿਸ ਦੀ ਮਾਂ ਨੂੰ ਤੂੰ ਰਾਹਾਂ ਵਿਚ
ਛਡ ਕੇ ਚਲਾ ਗਿਆ ਸੀ। ਨਾਲੇ ਮੇਰੀ ਇਕ ਗੱਲ
ਸੁਣ ਲਉ ਧਿਆਨ ਨਾਲ, ਸਰਦਾਰ ਜੀ, ਮੇਰਾ
ਬੱਚਾ ਕਿਸੇ ਰਾਜੇ ਮਹਾਰਾਜੇ ਦਾ ਬੱਚਾ ਨਹੀਂ, ਉਹ
ਇਕ ਇਕੱਲੀ ਮਜਦੂਰ ਮਾਂ ਦਾ ਬੱਚਾ ਹੈ। ਮੈਂ
ਨਹੀਂ ਚਾਹੁੰਦੀ ਉਸ ਦੇ ਮਨ ਵਿਚ ਕੋਈ ਭੁਲੇਖਾ
ਪਵੇ। ਇਸ ਲਈ ਤੂੰ ਅੱਜ ਤੋਂ ਬਾਅਦ ਇਥੇ ਨਾ
ਆਈਂ," ਮੈਂ ਉਸ ਨੂੰ ਬਾਹਰ ਕੱਢ ਕੇ ਦਰਵਾਜਾ
ਬੰਦ ਕਰ ਲਿਆ।
ਨਰਿੰਦਰ ਕਈ ਮਹੀਨੇ ਨਾ ਆਇਆ।
ਅਮਨ ਹੁਣ ਵਧਣਾ ਸ਼ੁਰੂ ਹੋ ਗਿਆ ਸੀ। ਸ਼ਾਮੀ
ਕੰਮ ਤੋਂ ਥੱਕੀ ਹਾਰੀ ਆਉਂਦੀ ਤਾਂ ਉਸ
ਨੂੰ ਵੇਖ ਕੇ ਜਿਵੇਂ ਮੇਰੇ ਵਿਚ ਨਵੀਂ ਜਾਨ
ਪੈ ਜਾਂਦੀ। ਥੋੜੇ ਪੈਸੇ ਫੜ-ਫੜਾ ਕੇ ਮੈਂ
ਆਪਣਾ ਘਰ ਲੈ ਲਿਆ। ਪਰ ਨਰਿੰਦਰ
ਨੇ ਮੇਰਾ ਖੁਰਾ-ਖੋਜ ਕੱਢ ਲਿਆ ਤੇ
ਆ ਕੇ ਇਕ ਦਿਨ ਮੇਰੇ ਪੈਰ ਫੜ ਲਏ,
"ਰੱਬ ਦੇ ਵਾਸਤੇ ਮੇਰੇ ਗੁਨਾਹਾਂ ਦੀ
ਸਜਾ ਮੇਰੇ ਬੱਚੇ ਨੂੰ ਨਾ ਦੇ। ਉਸ ਨੂੰ
ਬਾਪ ਦੇ ਪਿਆਰ ਦੀ ਲੋੜ ਹੈ।"
ਉਹ ਕਦੇ-ਕਦੇ ਅਮਨ ਨੂੰ
ਮਿਲਣ ਆ ਜਾਂਦਾ ਤੇ ਮੈਂ ਦੇਖਿਆ ਕਿ
ਜੇ ਕਦੇ ਨਰਿੰਦਰ ਨਾ ਆਉਂਦਾ ਤਾਂ
ਅਮਨ ਆਨੀ-ਬਹਾਨੀਂ ਰੋਂਦਾ। ਬੁਖਾਰ
ਚੜ੍ਹਾ ਲੈਂਦਾ। ਮੈਂ ਬੱਚੇ ਲਈ ਏਨੀ
ਬਦਨਾਮੀ ਝੱਲੀ ਸੀ ਤੇ ਜਿੰਦਗੀ ਦਾਅ
ਉਤੇ ਲਾ ਦਿਤੀ ਸੀ, ਉਸ ਦੀ ਉਦਾਸੀ
ਮੇਰੇ ਤੋਂ ਸਹਾਰੀ ਨਾ ਗਈ। ਮੈਂ ਨਰਿੰਦਰ
ਨੂੰ ਘਰ ਆਉਣ-ਜਾਣ ਦੀ ਖੁਲ ਦੇ ਦਿਤੀ। ਘਰ
ਵਿਚ ਆਉਣ ਦੀ ਜਦੋਂ ਇਜਾਜ਼ਤ ਮਿਲ ਗਈ ਤਾਂ
ਇਕ ਦਿਨ ਨਰਿੰਦਰ ਨੇ ਮੇਰੇ ਨਾਲ ਹਮਬਿਸਤਰੀ
ਕਰਨ ਦੀ ਕੋਸ਼ਿਸ਼ ਕੀਤੀ।
"ਤਮੀਜ਼ ਨਾਲ ਰਹਿ। ਜੇ ਬੱਚੇ ਕਰਕੇ ਮੈਂ
ਤੈਨੂੰ ਇਸ ਘਰ ਵਿਚ ਆਉਣ-ਜਾਣ ਲਈ ਕਹਿ
ਦਿਤਾ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਮੈਂ
ਫਿਰ ਇਤਿਹਾਸ ਨੂੰ ਦੁਹਰਾਉਣ ਲੱਗੀ ਹਾਂ। ਇਹ
ਨਾ ਸਮਝੀਂ ਕਿ ਮੈਂ ਕਮਜੋਰ ਹੋ ਗਈ ਹਾਂ ਤੇ ਮੈਨੂੰ
ਤੇਰੇ ਸਹਾਰੇ ਦੀ ਲੋੜ ਹੈ। ਮੈਂ ਆਪਣੇ ਬੱਚੇ ਨੂੰ
ਉਦਾਸ ਨਹੀਂ ਦੇਖ ਸਕਦੀ ਤੇ ਤੇਰਾ ਉਹਦੇ ਨਾਲ
ਖੂਨ ਦਾ ਰਿਸ਼ਤਾ ਹੈ। ਤੇਰੇ ਬਗੈਰ ਉਹ ਰੋਂਦਾ ਮੇਰੇ
ਤੋਂ ਵੇਖਿਆ ਨਹੀਂ ਜਾਂਦਾ," ਮੈਂ ਅੱਗ ਵਾਂਗ ਮੱਚੀ।
"ਮੇਰੀ ਗਲਤੀ ਮਾਫ ਕਰ ਦੇ," ਉਸ ਨੇ
ਅਖਾਂ ਭਰੀਆਂ।
"ਫਜੂਲ ਮੈਨੂੰ ਡਿਸਟਰਬ ਨਾ ਕਰ। ਤੂੰ ਮੈਨੂੰ
ਕੰਜਰੀ ਸਮਝ ਰਖਿਐ? ਜੇ ਤੇਰੇ ਤੋਂ ਨਿਭਣੀਆਂ
ਨਹੀਂ ਸੀ ਤਾਂ ਲਾਈਆਂ ਕਿਉਂ? ਨਾਲੇ ਅਜ ਤੋਂ
ਬਾਅਦ ਮੈਨੂੰ ਹੱਥ ਲਾਇਆ ਤਾਂ ਮੈਂ ਹੱਥ ਤੋੜ
ਦੇਵਾਂਗੀ। ਬੱਚੇ ਨੂੰ ਮਿਲ ਤੇ ਜਾਹ," ਆਖ ਕੇ ਮੈਂ
ਉਸ ਨੂੰ ਬਾਹਰ ਦਾ ਬੂਹਾ ਦਿਖਾਇਆ।
ਉਹ ਹਮੇਸ਼ਾਂ ਲਈ ਚੁਪ ਹੋ ਗਿਆ। ਬੱਚਾ
ਉਸ ਦੀ ਵੀ ਕਮਜੋਰੀ ਸੀ। ਉਹ ਚੁਪ-ਚਾਪ
ਆਉਂਦਾ, ਬੱਚੇ ਨਾਲ ਖੇਡਦਾ ਤੇ ਚਲੇ ਜਾਂਦਾ।
ਹੁੰਦੀ-ਹੁੰਦੀ ਗੱਲ ਨਰਿੰਦਰ ਦੀ ਪਤਨੀ ਤਕ
ਪਹੁੰਚ ਗਈ। ਉਹ ਸਾਹੋ-ਸਾਹੀ ਹੋਈ ਮੇਰੇ ਘਰ
ਆਈ। ਆਉਂਦੇ ਸਾਰ ਪਹਿਲਾਂ ਤਿੰਨ-ਚਾਰ ਥੱਪੜ
ਮੇਰੇ ਮੂੰਹ ਉਤੇ ਮਾਰੇ, ਫੇਰ ਮੇਰੇ ਵਾਲ ਪੁੱਟੇ।
"ਕੰਜਰੀਏ, ਤੈਨੂੰ ਮੇਰਾ ਘਰ ਹੀ ਲਭਿਆ ਸੀ
ਪੱਟਣ ਨੂੰ। ਥੋੜ੍ਹੀ ਖਲਕਤ ਤੁਰੀ ਫਿਰਦੀ ਹੈ। ਕਿਸੇ
ਹੋਰ ਦੇ ਘਰ ਵਿਚ ਡਾਕਾ ਮਾਰਦੀ। ਇਕ ਆਹ
ਕੀੜਾ ਜੰਮ ਸੁਟਿਆ, ਹਿੱਸਾ ਮੰਗਣ ਨੂੰ," ਉਹ
ਅਮਨ ਵਲ ਵਧੀ।
"ਭੈਣ ਜੀ," ਮੈਂ ਭੱਜ ਕੇ ਅਗੇ ਆ ਗਈ।
"ਮੈਨੂੰ ਜੋ ਮਰਜੀ ਕਹੋ, ਮੈਂ ਤੁਹਾਡੀ ਚੋਰ ਹਾਂ।
ਪਰ ਬੱਚਾ...!"
"ਚੁਪ ਕਰ। ਜਿਆਦਾ ਚੰਗੀ ਬਣਨ ਦੀ
ਕੋਸ਼ਿਸ਼ ਨਾ ਕਰ ਮੇਰੇ ਸਾਹਮਣੇ। ਮੈਂ ਜਾਣਦੀ ਹਾਂ
ਤੇਰੇ ਵਰਗੀਆਂ ਨੂੰ। ਦੂਜੀਆਂ ਦੇ ਆਦਮੀ ਸਾਂਭਣਾ
ਤੁਹਾਡੇ ਪੁਠੇ ਹੱਥ ਦਾ ਕੰਮ ਹੁੰਦਾ ਹੈ ਪਰ ਮੈਂ ਵੀ
ਕੋਈ ਗਏ-ਗੁਜਰੇ ਘਰ ਦੀ ਨਹੀਂ ਹਾਂ, ਬੜੀ
ਮਜਬੂਤ ਚੀਜ਼ ਹਾਂ। ਤੇਰੇ ਵਰਗੀਆਂ ਕਈ ਆਈਆਂ
ਤੇ ਗਈਆਂ ਪਰ ਨਰਿੰਦਰ ਨੂੰ ਮੇਰੇ ਤੋਂ ਕੋਈ ਨਹੀਂ
ਖੋਹ ਸਕੀ। ਮੈਂ ਉਨ੍ਹਾਂ ਔਰਤਾਂ ਵਿਚੋਂ ਨਹੀਂ
ਜਿਹੜੀਆਂ ਘਬਰਾ ਕੇ ਦੂਜੇ ਦਿਨ ਤਲਾਕ ਦੇ
ਦਿੰਦੀਆਂ ਨੇ। ਮੈਂ ਸਮਝ ਲਊਂ, ਮੇਰਾ ਆਦਮੀ ਦੋ
ਘੰਟੇ ਕੰਜਰੀ ਦੇ ਕੋਠੇ ਉਤੇ ਜਾਂਦਾ ਹੈ। ਅਖੀਰ
ਰਾਤ ਨੂੰ ਤਾਂ ਮੇਰੇ ਕੋਲ ਘਰ ਹੀ ਆਉਂਦਾ ਹੈ ਨਾ।
ਤੇਰੇ ਵਰਗੀਆਂ ਜੇ ਦਸ ਵੀ ਆ ਜਾਣ ਤਾਂ ਮੇਰਾ
ਕੁਝ ਨਹੀਂ ਵਿਗਾੜ ਸਕਦੀਆਂ। ਬਿਗਾਨੀ ਅੱਗ
ਉਤੇ ਕਿੰਨੇ ਕੁ ਦਿਨ ਹੱਡ ਸੇਕੇਂਗੀ। ਆਖਰ
ਆਦਮੀ ਤਾਂ ਮੇਰਾ ਹੀ ਰਹੇਗਾ," ਉਹ ਅੱਗ ਥੁਕਦੀ
ਤੇ ਅੰਗਿਆਰ ਹਗਦੀ ਵਾਪਸ ਚਲੀ ਗਈ।
ਮੈਨੂੰ ਉਸ ਉਤੇ ਤਰਸ ਆਇਆ। ਧੋਖਾ
ਉਸ ਨਾਲ ਵੀ ਹੋਇਆ ਸੀ। ਮੈਂ ਸੋਚਿਆ ਸੀ ਕਿ
ਬਲਜੀਤ ਕੋਈ ਬਦਸੂਰਤ ਜਿਹੀ ਔਰਤ ਹੋਵੇਗੀ।
ਉਹ ਤਾਂ ਕਾਫੀ ਸੁਹਣੀ-ਸੁਨੱਖੀ, ਭਰੇ-ਪੂਰੇ
ਜਿਸਮ ਦੀ ਮਾਲਕ ਸੀ। ਮੈਂ ਸੋਚ ਰਹੀ ਸੀ,
ਅਨਜਾਣੇ ਵਿਚ ਹੀ ਕਿਸੇ ਵਿਆਹੇ ਹੋਏ ਬੰਦੇ ਨਾਲ
ਪਿਆਰ ਪਾ ਕੇ ਮੈਂ ਕਿੰਨਾ ਗਲਤ ਕੰਮ ਕੀਤਾ ਸੀ
ਪਰ ਮੇਰਾ ਕਸੂਰ ਕੀ ਸੀ? ਇਹ ਤਾਂ ਨਰਿੰਦਰ ਹੀ
ਸੀ ਜੋ ਬਲਜੀਤ ਦਾ ਨਕਸ਼ਾ ਹੀ ਹੋਰ ਖਿਚਦਾ ਰਿਹਾ
ਮੇਰੇ ਸਾਹਮਣੇ।
ਬਲਜੀਤ ਨੇ ਸਾਰੇ ਸ਼ਹਿਰ ਵਿਚ ਢਿੰਡੋਰਾ
ਪਿੱਟ ਦਿਤਾ ਕਿ ਮੈਂ ਉਸ ਦੇ ਆਦਮੀ ਨੂੰ ਲੁਟ ਕੇ
ਖਾ ਰਹੀ ਹਾਂ। ਇਕ ਦਿਨ ਨਰਿੰਦਰ ਕਿਤੇ ਬਾਹਰ
ਗਿਆ ਹੋਇਆ ਸੀ ਤਾਂ ਉਸ ਦਾ ਲੜਕਾ ਪਿਛੋਂ
ਆਇਆ। ਮੈਂ ਬੂਹਾ ਖੋਲ੍ਹਿਆ।
"ਆਂਟੀ! ਮੇਰਾ ਡੈਡ ਅਜ ਬਾਹਰ ਗਿਆ
ਹੋਇਆ ਹੈ। ਜੇ ਤੇਰਾ ਨਹੀਂ ਸਰਦਾ ਤਾਂ ਮੈਂ ਆਵਾਂ
ਅੱਜ ਰਾਤ ਤੇਰੇ ਕੋਲ," ਉਹ ਹਸਿਆ।
ਮੈਂ ਕੀ ਕਹਿੰਦੀ। ਪਰ ਉਸ ਦਿਨ ਤੋਂ ਮੈਨੂੰ
ਬਲਜੀਤ ਨਾਲ ਨਫਰਤ ਹੋ ਗਈ।
ਮੇਰੇ ਲਈ ਤਾਂ ਪੈਸਾ ਪਹਿਲਾਂ ਹੀ ਕੁਝ
ਮਾਇਨੇ ਨਹੀਂ ਰਖਦਾ ਸੀ, ਹੁਣ ਤਾਂ
ਪੈਸੇ ਵਾਲਿਆਂ ਦੇ ਚਿਹਰੇ ਬੁਰੀ ਤਰ੍ਹਾਂ
ਨੰਗੇ ਹੋ ਗਏ ਸੀ ਮੇਰੇ ਸਾਹਮਣੇ।
ਮੈਂ ਬਹੁਤ ਮਿਹਨਤ ਕਰਨੀ ਸ਼ੁਰੂ ਕਰ
ਦਿਤੀ। ਮੈਂ ਚਾਹੁੰਦੀ ਸਾਂ ਮੇਰਾ ਬੱਚਾ
ਬਹੁਤ ਅੱਛੀ ਐਜੂਕੇਸ਼ਨ ਲਵੇ।
ਵਧੀਆ ਸਕੂਲ ਵਿਚ ਪੜ੍ਹੇ ਤੇ ਦੁਨੀਆਂ
ਦਾ ਬਿਹਤਰੀਨ ਬੰਦਾ ਬਣੇ। ਮੈਨੂੰ ਹਰ
ਬੰਦੇ ਨੇ ਨਫਰਤ ਕੀਤੀ ਹੈ, ਆਸ਼ਾ।
ਹਰ ਬੰਦੇ ਨੇ ਮੈਨੂੰ ਗਲਤ ਸਮਝਿਆ।
ਸ਼ਾਇਦ ਮੇਰਾ ਬੱਚਾ ਵੀ ਵਡਾ ਹੋ ਕੇ
ਮੈਨੂੰ ਨਫਰਤ ਕਰੇ, ਪਰ ਮੈਂ ਆਪਣੇ
ਖੂਨ ਦੀਆਂ ਘੁੱਟਾਂ ਨਾਲ ਇਸ ਨੂੰ ਪਾਲ
ਰਹੀ ਹਾਂ। ਇਹਦੇ ਵਿਚ ਸਭ ਕੁਝ
ਇਹਦੇ ਬਾਪ ਵਾਲਾ ਹੈ। ਉਹੀ ਅੱਖਾਂ,
ਉਹੀ ਬੁਲ੍ਹ ਤੇ ਉਹੀ ਮੁਸਕਾਨ। ਜਦੋਂ
ਇਹ ਘੰਟਾ-ਘੰਟਾ ਮੇਰੇ ਵਾਲਾਂ ਨਾਲ
ਖੇਡਦਾ ਹੈ ਜਾਂ ਮੇਰੇ ਪੈਰ ਫੜ ਕੇ ਬੈਠ ਜਾਂਦਾ ਹੈ
ਤਾਂ ਜਿਵੇਂ ਨਰਿੰਦਰ ਫੇਰ ਮੇਰੇ ਸਾਹਮਣੇ ਬੈਠਾ
ਹੁੰਦਾ ਹੈ। ਨਰਿੰਦਰ ਨੂੰ ਤਾਂ ਮੈਂ ਮਾਫ ਨਹੀਂ ਕਰ
ਸਕਦੀ। ਮਾਫ ਕਰਨ ਨੂੰ ਕਿਹੜਾ ਮੈਂ ਉਸ ਨੂੰ
ਨਫਰਤ ਕਰਨੀ ਹਾਂ। ਨਫਰਤ ਵੀ ਉਸ ਨੂੰ ਕੀਤੀ
ਜਾਂਦੀ ਹੈ ਜਿਸ ਦੀ ਕੋਈ ਕੀਮਤ ਤੁਹਾਡੀਆਂ ਨਜ਼ਰਾਂ
ਵਿਚ ਹੋਵੇ। ਜਿਹੜਾ ਬੰਦਾ ਨਜ਼ਰਾਂ ਵਿਚੋਂ ਗਿਰ ਜਾਵੇ,
ਉਹ ਨਫਰਤ ਦੇ ਵੀ ਕਾਬਲ ਨਹੀਂ ਰਹਿੰਦਾ।
ਹੁਣ ਤਾਂ ਮੈਂ ਤੇ ਮੇਰਾ ਬੱਚਾ, ਬੱਸ ਇਹੀ
ਮੇਰੀ ਜਿੰਦਗੀ ਹੈ। ਜੇ ਇਹ ਨਾ ਹੁੰਦਾ ਤਾਂ ਪਤਾ
ਨਹੀਂ ਮੈਂ ਅੱਜ ਕਿਥੇ ਹੁੰਦੀ।
ਉਸ ਨੇ ਜਿਵੇਂ ਕਹਾਣੀ ਦਾ ਅਖੀਰ ਕੀਤਾ।
"ਰੁਪਿੰਦਰ ਬੱਚਾ ਤਾਂ ਤੇਰਾ ਬਹੁਤ ਖੂਬਸੂਰਤ
ਹੈ। ਖਾਸ ਕਰਕੇ ਜਦੋਂ ਮੈਂ ਉਸ ਦੇ ਕੇਸ ਰੱਖੇ
ਵੇਖਦੀ ਹਾਂ ਤਾਂ ਪਤਾ ਲਗਦਾ ਹੈ ਕਿ ਤੇਰਾ ਸਿੱਖ
ਧਰਮ ਵਿਚ ਕਿੰਨਾ ਵਿਸ਼ਵਾਸ ਹੈ। ਪਰ ਤੈਨੂੰ ਇਹ
ਖਿਆਲ ਕਿਵੇਂ ਆਇਆ ਕਿ ਤੇਰਾ ਬੱਚਾ ਪੱਗ
ਬੰਨ੍ਹੇ?" ਮੈਂ ਪੁਛਿਆ।
"ਆਸ਼ਾ ਇਕ ਵਾਰ ਜਦੋਂ ਅਮਨ ਪੰਜ ਕੁ
ਸਾਲ ਦਾ ਸੀ ਤਾਂ ਸਕੂਲੋਂ ਆਇਆ। ਰਾਤ ਨੂੰ ਮੈਂ
ਜਦੋਂ ਉਸ ਨੂੰ ਸੁਲਾਉਣ ਲਈ ਕਹਾਣੀ ਸੁਣਾਉਣ
ਲੱਗੀ ਤਾਂ ਉਹ ਬੋਲਿਆ, "ਮੰਮ! ਟੈਲ ਮੀ
ਸਮਥਿੰਗ ਅਬਾਊਟ ਗੋਲਡਨ ਟੈਂਪਲ?" ਜਦੋਂ ਉਸ
ਨੇ ਆਪਣੀਆਂ ਨਿਕੀਆਂ-ਨਿਕੀਆਂ ਬਾਹਾਂ ਮੇਰੀ
ਗਰਦਨ ਦੁਆਲੇ ਲਪੇਟੀਆਂ ਤਾਂ ਮੈਨੂੰ ਲੱਗਿਆ
ਜਿਵੇਂ ਮੇਰਾ ਕੋਈ ਕਣ ਪਹਿਲੀ ਵਾਰੀ ਉਸ ਵਿਚ
ਜਾਗਿਆ ਹੋਵੇ। ਮੈਨੂੰ ਉਹ ਬੜਾ ਪਿਆਰਾ ਲੱਗਿਆ
ਤੇ ਮੈਂ ਦੂਜੇ ਦਿਨ ਹੀ ਇੰਡੀਆ ਜਾਣ ਲਈ ਸੀਟਾਂ
ਬੁਕ ਕਰਵਾ ਲਈਆਂ। ਨਰਿੰਦਰ ਨੂੰ ਪਤਾ ਲੱਗਿਆ
ਤਾਂ ਉਹ ਬਹੁਤ ਬੋਲਿਆ, "ਬੱਚੇ ਨੂੰ ਕਿਥੇ ਲੈ ਕੇ
ਜਾਵੇਂਗੀ ਏਨੀ ਗਰਮੀ ਵਿਚ? ਬੀਮਾਰ ਹੋ
ਜਾਵੇਗਾ।" ਪਰ ਮੇਰੀ ਜਿਦ ਅੱਗੇ ਉਸ ਦੀ ਇਕ
ਨਾ ਚੱਲੀ। ਹਾਰ ਕੇ ਉਹ ਵੀ ਨਾਲ ਹੀ ਤੁਰ ਪਿਆ।
ਉਹ ਮੈਨੂੰ ਆਪਣੇ ਪਿੰਡ ਲੈ ਗਿਆ। ਮੇਰੇ
ਅੰਦਰ ਰੋਸ਼ਨੀ ਦੀ ਕੋਈ ਲੀਕ ਜਿਹੀ ਉਠੀ। ਸ਼ਾਇਦ
ਉਹ ਮੈਨੂੰ ਆਪਣੇ ਮਾਂ-ਬਾਪ ਦੇ ਘਰ ਲੈ ਕੇ
ਜਾਵੇਗਾ। ਸ਼ਾਇਦ ਉਹ ਇਸ ਰਿਸ਼ਤੇ ਨੂੰ ਉਥੇ ਜਾ
ਕੇ ਕੋਈ ਨਾਂ ਦੇਵੇਗਾ। ਪਰ ਉਹ ਮੈਨੂੰ ਖੂਹ ਵਾਲੇ
ਘਰ ਵਿਚ ਲੈ ਗਿਆ। ਖੇਤਾਂ ਵਿਚ ਖੂਹ ਦੇ ਲਾਗੇ
ਇਕ ਕੱਚਾ ਜਿਹਾ ਘਰ ਸੀ ਤੇ ਉਥੇ ਮਹਿਮਾਨਾਂ ਦੇ
ਠਹਿਰਨ ਲਈ ਸ਼ਾਇਦ ਗੈਸਟ ਹਾਊਸ ਬਣਿਆ
ਹੋਇਆ ਸੀ। ਮੈਨੂੰ ਫੇਰ ਆਪਣੀ ਔਕਾਤ ਦਾ
ਅਹਿਸਾਸ ਹੋਇਆ, ਤੇ ਦਿਲ ਵਿਚ ਜਿਹੜੀ ਰੋਸ਼ਨੀ
ਦੀ ਲੀਕ ਉਠੀ ਸੀ, ਉਹ ਫੇਰ ਨਫਰਤ ਵਿਚ ਬਦਲ
ਗਈ। ਨਾ ਉਸ ਦੇ ਘਰੋਂ ਕੋਈ ਮੈਨੂੰ ਮਿਲਣ
ਆਇਆ ਤੇ ਨਾ ਉਹ ਮੈਨੂੰ ਘਰ ਲੈ ਕੇ ਗਿਆ।
ਸ਼ਾਇਦ ਲੋਕ ਕਹਿੰਦੇ ਹੋਣਗੇ, ਵਲੈਤੋਂ ਕੋਈ ਕੰਜਰੀ
ਆਈ ਹੋਈ ਹੈ। ਅਸੀਂ ਸਾਰਾ ਪੰਜਾਬ ਘੁੰਮੇ।
ਹਰਿਮੰਦਿਰ ਸਾਹਿਬ ਵੀ ਗਏ। ਆਉਣ ਤੋਂ ਇਕ
ਦਿਨ ਪਹਿਲਾਂ ਮੈਂ ਅਮਨ ਨੂੰ ਲੈ ਕੇ ਪਿੰਡ ਦੇ
ਗੁਰਦੁਆਰੇ ਵਿਚ ਮੱਥਾ ਟੇਕਣ ਗਈ। ਮੇਰੇ ਨਾਲ
ਘਰ ਦੀ ਸਫਾਈ ਕਰਨ ਵਾਲੀ ਜਮਾਂਦਾਰਨੀ ਵੀ
ਸੀ ਜੋ ਅਮਨ ਨੂੰ ਹਰ ਵੇਲੇ ਗੋਦੀ ਚੁਕ ਕੇ ਮੇਰੇ
ਨਾਲ ਚਲਦੀ ਸੀ। "ਆਹ ਕਾਕਾ ਜੀ ਕੌਣ ਨੇ
ਭਾਈ?" ਗ੍ਰੰਥੀ ਨੇ ਨੌਕਰਾਣੀ ਨੂੰ ਪੁਛਿਆ।
"ਵਲੈਤੋਂ 'ਛੋਟੀ ਸਰਦਾਰਨੀ' ਜੀ ਆਏ ਨੇ, ਭਾਈ
ਜੀ। ਆਹ ਕਾਕਾ ਉਨ੍ਹਾਂ ਦਾ ਹੀ ਹੈ," ਆਖ ਕੇ
ਉਸ ਨੇ ਬਾਬਾ ਜੀ ਅਗੇ ਮੱਥਾ ਟੇਕਿਆ। ਮੇਰੀਆਂ
ਭੁਬਾਂ ਨਿਕਲ ਗਈਆਂ। ਮੈਂ ਜਮਾਂਦਾਰਨੀ ਦੇ ਗਲ
ਲਗ ਕੇ ਫੁਟ-ਫੁਟ ਰੋ ਪਈ। ਜਿਵੇਂ ਸਾਲਾਂ ਦੀ
ਬੱਧੀ ਵੇਦਨਾ ਹੰਝੂਆਂ ਦੇ ਹੜ ਵਿਚ ਵਹਿ ਤੁਰੀ
ਸੀ। ਅਮਨ ਦੇ ਪੈਦਾ ਹੋਣ ਤੋਂ ਬਾਅਦ ਅੱਜ ਮੈਂ
ਪਹਿਲੀ ਵਾਰ ਰੋਈ ਸੀ।
ਜਮਾਂਦਾਰਨੀ ਬੋਲੀ, "ਬੱਸ ਕਰੋ,
ਸਰਦਾਰਨੀ ਜੀ, ਸਾਨੂੰ ਕਿਹੜਾ ਪਤਾ ਨਹੀਂ। ਸਭ
ਸਮਝਦੇ ਆਂ, ਪਰ ਕਹਿ ਨਹੀਂ ਸਕਦੇ। ਅਖੇ ਵੱਡੇ
ਬੰਦਿਆਂ ਦੀਆਂ ਵੱਡੀਆਂ ਗੱਲਾਂ। ਅਸੀਂ ਕਮੀਨ
ਹੋਏ ਪਰ ਪਤਾ ਸਭ ਕਾਸੇ ਦਾ ਐ। ਜੱਟ ਹੱਥ
ਆਈ ਤੀਵੀਂ ਤੇ ਜ਼ਮੀਨ ਕਦੇ ਨਹੀਂ ਛਡਦਾ। ਮੌਕਾ
ਮਿਲੇ ਤਾਂ ਦੂਜੇ ਦੀ ਵੀ ਸਾਂਭ ਲੈਂਦੈ। ਭਲਾ ਦਾਈਆਂ
ਤੋਂ ਢਿਡ ਲੁਕੇ ਨੇ। ਮੈਂ ਕਿਉਂ ਝੂਠ ਬੋਲਾਂ, ਮਹਾਰਾਜ
ਦੇ ਘਰ ਵਿਚ ਖੜੀ ਆਂ।" ਪਤਾ ਨਹੀਂ, ਉਹ ਕੀਕੀ
ਬੋਲਦੀ ਰਹੀ ਪਰ ਮੇਰੇ ਕੰਨਾਂ ਵਿਚ 'ਛੋਟੀ
ਸਰਦਾਰਨੀ' ਲਫਜ਼ ਹੀ ਗੂੰਜ ਰਹੇ ਸਨ। ਜਿਵੇਂ
ਜਿੰਦਗੀ ਦੇ ਸਾਰੇ ਉਲਾਂਭੇ ਲਹਿ ਗਏ ਸੀ। ਤੇ
ਉਸ ਵੇਲੇ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ
ਆਪਣੇ ਪੁਤਰ ਨੂੰ ਸਿੰਘ ਸਜਾਵਾਂਗੀ।
"ਰੱਬ ਦੇ ਘਰ ਵਿਚ ਪਹਿਲੀ ਵਾਰ ਕਿਸੇ ਨੇ
ਮੈਨੂੰ ਪਹਿਚਾਣਿਆ ਸੀ!"