Chiri Ate Kaan : Baal Kahani
ਚਿੜੀ ਅਤੇ ਕਾਂ : ਬਾਲ ਕਹਾਣੀ
ਇੱਕ ਵਾਰੀ, ਇੱਕ ਚਿੜੀ ਅਤੇ ਕਾਂ ਇੱਕੋ ਦਰਖਤ ਤੇ ਰਹਿੰਦੇ ਸਨ। ਉਨ੍ਹਾਂ ਵਿੱਚ ਦੋਸਤੀ ਹੋ ਗਈ। ਉਹ ਦੋਵੇਂ ਮਿਲ ਕੇ ਦਾਣਾ ਚੁਗਦੇ। ਜਿੱਥੇ ਚਿੜੀ ਨੂੰ ਦਾਣੇ ਲੱਭ ਜਾਂਦੇ ਉਹ ਕਾਂ ਨੂੰ ਚੀਂ-ਚੀਂ ਕਰ ਕੇ ਬੁਲਾ ਲੈਂਦੀ। ਦਾਣਾ ਚੁਗਣ ਲਈ ਉਹਨਾਂ ਨੂੰ ਬਹੁਤੀ ਵਾਰ ਦੂਰ-ਦੂਰ ਜਾਣਾ ਪੈਂਦਾ ਸੀ।
ਦੋਵਾਂ ਨੇ ਸਲਾਹ ਬਣਾਈ ਕਿ ਉਹ ਨੇੜੇ ਜਿਹੇ ਇੱਕ ਖੇਤ ਵਿੱਚ ਦਾਣੇ ਬੀਜਣ। ਦਾਣਿਆਂ ਤੋਂ ਬੂਟੇ ਉੱਗ ਜਾਣਗੇ, ਫਿਰ ਬੂਟਿਆਂ ਉੱਪਰ ਬਹੁਤ ਸਾਰੇ ਦਾਣੇ ਲੱਗਣਗੇ। ਚਿੜੀ ਅਤੇ ਕਾਂ ਨੂੰ ਦਾਣੇ ਲੱਭਣ ਦੂਰ ਨਹੀਂ ਜਾਣਾ ਪਵੇਗਾ।
ਕਾਂ ਨੂੰ ਮੱਕੀ ਦੇ ਦਾਣੇ ਚੰਗੇ ਲੱਗਦੇ ਸਨ ਤੇ ਚਿੜੀ ਨੂੰ ਵੀ ਮੱਕੀ ਦੇ ਪੀਲੇ-ਪੀਲੇ ਦਾਣੇ ਬੜੇ ਪਸੰਦ ਸਨ। ਦੋਹਾਂ ਨੇ ਖੇਤ ਵਿੱਚ ਮੱਕੀ ਬੀਜਣ ਦਾ ਫੈਸਲਾ ਕੀਤਾ।
ਚਿੜੀ ਬੜੀ ਮਿਹਨਤੀ ਸੀ ਪਰ ਕਾਂ ਚਿੜੀ ਵਾਂਗ ਮਿਹਨਤੀ ਨਹੀਂ ਸੀ। ਉਸ ਨੂੰ ਕੰਮ ਕਰਨਾ ਚੰਗਾ ਨਹੀਂ ਸੀ ਲੱਗਦਾ। ਉਹ ਹਰ ਵੇਲੇ ਇੱਧਰ ਉੱਧਰ ਠੁਮਕ-ਠੁਮਕ ਕਰਦਾ ਘੁੰਮਦਾ ਫਿਰਦਾ ਰਹਿੰਦਾ। ਕਾਂ-ਕਾਂ ਦੇ ਗੀਤ ਗਾਉਂਦਾ ਕਦੇ ਇੱਕ ਟਾਹਣੀ ਉੱਪਰ ਤੇ ਕਦੇ ਉੱਡ ਕੇ ਦੂਸਰੀ ਟਾਹਣੀ ਉੱਪਰ ਜਾ ਬਹਿੰਦਾ।
ਇੱਕ ਦਿਨ ਬੜਾ ਮੀਂਹ ਪਿਆ। ਚਿੜੀ ਕਾਂ ਕੋਲ ਗਈ ਤੇ ਕਹਿਣ ਲੱਗੀ, "ਕਾਵਾਂ-ਕਾਵਾਂ, ਮੀਹਂ ਪੈਣ ਨਾਲ ਮਿੱਟੀ ਨਰਮ ਹੋ ਗਈ ਹੈ, ਚੱਲ ਆਪਾਂ ਵੀ ਆਪਣਾ ਖੇਤ ਵਾਹ ਆਈਏ।"
ਪਰ ਕਾਂ ਤਾਂ ਮੀਂਹ ਪੈਣ ਤੋਂ ਬਾਅਦ ਬੜਾ ਖੁਸ਼ ਸੀ, ਉਹ ਤਾਂ ਉੱਡਣਾ ਚਾਹੁੰਦਾ ਸੀ। ਦੂਸਰੇ ਕਾਵਾਂ ਨਾਲ ਮਿਲ ਕੇ ਕਾਂ-ਕਾਂ ਦੇ ਗੀਤ ਗਾਉਣਾ ਚਾਹੁੰਦਾ ਸੀ। ਪਰ ਉਹ ਚਿੜੀ ਨੂੰ ਨਾਂਹ ਨਹੀ ਸੀ ਕਰ ਸਕਦਾ। ਇਸ ਲਈ ਉਸ ਨੇ ਕਿਹਾ - "ਮੈਂ ਤਾਂ ਹਾਲੇ ਨਹਾਉਣਾ ਹੈ। ਮੇਰੀ ਚੁੰਝ ਬੜੀ ਗੰਦੀ ਹੈ। ਤੂੰ ਚੱਲ ਤੇ ਮੈਂ ਬੱਸ ਆਇਆ।"
"ਚੱਲ ਚਿੜੀਏ ਮੈਂ ਆਉਣਾ ਐਂ, ਪੈਰੀਂ ਮੋਜੇ ਪਾਉਣਾ ਐਂ
ਠੁਮਕ-ਠੁਮਕ ਕਰਦਾ, ਆਉਣਾ ਐਂ।"
ਚਿੜੀ ਇਹ ਸੁਣ ਕੇ ਆਪਣੇ ਖੇਤਾਂ ਵੱਲ ਉੱਡ ਪਈ।
ਉਸ ਨੇ ਥੋੜੀ ਦੇਰ ਤਾਂ ਕਾਂ ਦੀ ਉੜੀਕ ਕੀਤੀ ਪਰ ਕਾਂ ਨਾ ਆਇਆ ਤਾਂ ਉਸ ਨੇ ਆਪਣੀ ਚੁੰਝ ਨਾਲ ਮਿੱਟੀ ਪੁੱਟ ਕੇ ਹੌਲੀ-ਹੌਲੀ ਖੇਤ ਤਿਆਰ ਕਰ ਲਿਆ। ਕੁਝ ਦਿਨਾਂ ਬਾਅਦ ਫਿਰ ਮੀਂਹ ਪੈ ਗਿਆ। ਚਿੜੀ ਨੇ ਫਿਰ ਕਾਂ ਨੂੰ ਕਿਹਾ- "ਕਾਵਾਂ-ਕਾਵਾਂ ਆ ਆਪਾਂ ਮੱਕੀ ਬੀਜ ਦੇਈਏ। ਹੁਣ ਦਾਣੇ ਬੀਜਣ ਦਾ ਵੇਲਾ ਹੈ।"
ਕਾਂ ਨੇ ਫਿਰ ਕਿਹਾ –
"ਚੱਲ ਚਿੜੀਏ ਮੈਂ ਆਉਣਾ ਐਂ, ਪੈਰੀਂ ਮੋਜੇ ਪਾਉਣਾ ਐਂ
ਠੁਮਕ-ਠੁਮਕ ਕਰਦਾ, ਆਉਣਾ ਐਂ।"
ਚਿੜੀ ਨੇ ਇੱਕਲੇ ਹੀ ਖੇਤ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੀ ਨਿੱਕੀ ਜਿਹੀ ਚੁੰਝ ਨਾਲ ਇੱਕ-ਇੱਕ ਕਰ ਕੇ ਮੱਕੀ ਦੇ ਦਾਣੇ ਮਿੱਟੀ ਵਿੱਚ ਬੀਜ ਦਿੱਤੇ। ਫਿਰ ਮੀਂਹ ਪਿਆ ਤਾਂ ਖੇਤਾਂ ਨੂੰ ਪਾਣੀ ਮਿਲ ਗਿਆ। ਧੁੱਪ ਚਮਕੀ ਤਾਂ ਸਾਰੇ ਖੇਤਾਂ ਵਿੱਚ ਨਿੱਕੇ ਨਿੱਕੇ ਬੂਟੇ ਉੱਗ ਆਏ। ਚਿੜੀ ਕਦੇ ਆਪਣੇ ਖੇਤ ਦੀ ਸਫਾਈ ਕਰਦੀ, ਕਦੇ ਬੂਟਿਆਂ ਨੂੰ ਪਾਣੀ ਦਿੰਦੀ। ਪਰ ਕਾਂ ਕਦੇ ਵੀ ਖੇਤ ਵਿੱਚ ਨਾਂ ਆਉਂਦਾ।
ਥੋੜੇ ਦਿਨਾਂ ਬਾਅਦ ਬੂਟਿਆਂ ਉੱਪਰ ਛੱਲੀਆਂ ਲੱਗ ਗਈਆਂ। ਛੱਲੀਆਂ ਉੱਪਰ ਪੀਲੇ-ਪਾਲੇ ਦਾਣੇ ਲੱਗ ਗਏ। ਹੁਣ ਦਾਣੇ ਪੱਕ ਗਏ ਅਤੇ ਛੱਲੀਆਂ ਤੋੜਣ ਦਾ ਵੇਲਾ ਆ ਗਿਆ। ਚਿੜੀ ਕਾਂ ਕੋਲ ਗਈ ਅਤੇ ਉਸ ਨੂੰ ਕਿਹਾ – "ਆ ਕਾਵਾਂ ਆਪਾਂ ਫਸਲ ਇਕੱਠੀ ਕਰ ਲਈਏ।" ਪਰ ਕਾਂ ਨੇ ਫਿਰ ਕਿਹਾ -
"ਚੱਲ ਚਿੜੀਏ ਮੈਂ ਆਉਣਾ ਐਂ, ਪੈਰੀਂ ਮੋਜੇ ਪਾਉਣਾ ਐਂ
ਠੁਮਕ-ਠੁਮਕ ਕਰਦਾ, ਆਉਣਾ ਐਂ।"
ਚਿੜੀ ਖੇਤ ਜਾ ਪਹੁੰਚੀ ਪਰ ਕਾਂ ਨਾ ਆਇਆ। ਚਿੜੀ ਨੇ ਇਕੱਲਿਆਂ ਹੀ ਬੜੀ ਮਿਹਨਤ ਨਾਲ ਫਸਲ ਕੱਟੀ। ਫਿਰ ਇੱਕ-ਇੱਕ ਕਰ ਕੇ ਦਾਣੇ ਛੱਲੀਆਂ ਤੋਂ ਵੱਖ ਕੀਤੇ। ਖੇਤ ਵਿੱਚ ਦੋ ਢੇਰੀਆਂ ਲੱਗ ਗਈਆਂ। ਇੱਕ ਛੋਟੀ ਢੇਰੀ ਦਾਣਿਆਂ ਦੀ ਤੇ ਦੂਸਰੀ ਵੱਡੀ ਢੇਰੀ ਮੱਕੀ ਦੇ ਗੁੱਲਾਂ ਦੀ। ਚਿੜੀ ਨੇ ਇਹ ਕੰਮ ਮੁਕਾਇਆ ਹੀ ਸੀ ਕਿ ਕਾਂ ਵੀ ਉੱਥੇ ਪਹੁੰਚ ਗਿਆ।
ਕਾਂ ਬੜਾ ਚਲਾਕ ਸੀ। ਉਸ ਨੇ ਕਿਹਾ – "ਚਿੜੀਏ-ਚਿੜੀਏ ਆਪਣੀ ਫਸਲ ਤਾਂ ਚੰਗੀ ਹੋ ਗਈ ਹੈ। ਤੂੰ ਕੰਮ ਵੀ ਮੇਰੇ ਨਾਲੋਂ ਜਿਆਦਾ ਕੀਤਾ ਹੈ। ਇੰਜ ਕਰ, ਇਹ ਵੱਡੀ ਢੇਰੀ ਤੂੰ ਰੱਖ ਲੈ ਤੇ ਇਹ ਦਾਣਿਆਂ ਦੀ ਛੋਟੀ ਢੇਰੀ ਮੈਂ ਰੱਖ ਲੈਂਦਾ ਹਾਂ" ਉਹ ਦਾਣਿਆਂ ਦੀ ਛੋਟੀ ਜਿਹੀ ਢੇਰੀ ਉੱਪਰ ਜਾ ਕੇ ਬੈਠ ਗਿਆ। ਚਿੜੀ ਨੇ ਕਿਹਾ ਕਿ ਆਪਾਂ ਦੋਵੇਂ ਢੇਰੀਆਂ ਇੱਕੋ ਜਿਹੀਆਂ ਵੰਡ ਲੈਂਦੇ ਹਾਂ। ਪਰ ਕਾਂ ਨੇ ਇੱਕ ਨਾ ਮੰਨੀ। ਉਹ ਤਾਂ ਲੜਣ ਲਈ ਤਿਆਰ ਹੋ ਗਿਆ। ਚਿੜੀ ਵਿਚਾਰੀ ਇੱਕ ਪਾਸੇ ਹੋ ਕੇ ਬੈਠ ਗਈ। ਉਦੋਂ ਹੀ ਜ਼ੋਰਦਾਰ ਮੀਂਹ ਪੈਣ ਲੱਗ ਗਿਆ। ਥੋੜੀ ਦੇਰ ਬਾਅਦ ਗੜੇ ਵੀ ਪੈਣ ਲੱਗ ਪਏ। ਚਿੜੀ ਭੱਜ ਕੇ ਗੁੱਲਾਂ ਦੇ ਢੇਰ ਵਿੱਚ ਲੁਕ ਕੇ ਬੈਠ ਗਈ ਪਰ ਕਾਂ ਉਸੇ ਤਰ੍ਹਾਂ ਦਾਣਿਆਂ ਉੱਪਰ ਆਕੜ ਕੇ ਬੈਠਾ ਰਿਹਾ।
ਜਦੋਂ ਮੀਂਹ ਰੁਕਿਆ ਤਾਂ ਚਿੜੀ ਨੇ ਦੇਖਿਆ ਕਿ ਕਾਂ ਤਾਂ ਮਰਿਆ ਪਿਆ ਹੈ। ਉਹ ਗੜੇ ਵੱਜਣ ਨਾਲ ਹੀ ਮਰ ਗਿਆ ਤੇ ਚਿੜੀ ਜੋ ਗੁੱਲਾਂ ਦੇ ਢੇਰ ਵਿੱਚ ਲੁਕ ਕੇ ਬੈਠ ਗਈ ਸੀ, ਬਚ ਗਈ। ਇਸ ਤਰ੍ਹਾਂ ਚਿੜੀ ਦੀ ਮਿਹਨਤ ਦਾ ਫਲ ਉਸ ਨੂੰ ਮਿਲ ਗਿਆ।