Chitkabre Ghore Da Sawar (Punjabi Story) : Bachint Kaur

ਚਿਤਕਬਰੇ ਘੋੜੇ ਦਾ ਸਵਾਰ (ਕਹਾਣੀ) : ਬਚਿੰਤ ਕੌਰ

ਹੁਣ ਉਸਦੇ ਸਾਹਮਣੇ ਉਤਰ ਦਿਸ਼ਾ ਸੀ ਤੇ ਦੂਰ, ਸਮੁੰਦਰ ਵਿਚ ਲਟਕਦੇ ਸੂਰਜ ਦਾ ਲਾਲ ਗੋਲਾ, ਜੋ ਪਲੋ-ਪਲੀ ਸਮੁੰਦਰ ਦੇ ਡੂੰਘੇ ਪਾਣੀਆਂ ਵਿਚ ਉਤਰਦਾ ਜਾ ਰਿਹਾ ਸੀ। ਦਿਨ- ਰਾਤ ਦੇ ਚਿਤਕਬਰੇ ਘੋੜੇ ਦਾ ਇਹ ਸਵਾਰ ਅਣਜਾਣੇ ਹੀ ਪੂਰਬ ਦਿਸ਼ਾ ਨੂੰ ਕਦੋਂ ਦਾ ਕਿਧਰੇ, ਪਿਛੇ ਛਡ ਆਇਆ ਸੀ।
ਮੈਂ ਕਿਥੇ ਆ ਗਿਆ ਹਾਂ?
ਕਿਥੋਂ ਤੁਰਿਆ ਸੀ ਮੈਂ?
ਕਿਸ ਵਣਜ ਦਾ ਸੌਦਾਗਰ ਹਾਂ?
ਚਾਣਚੱਕ ਸੋਚਾਂ ਦਾ ਇਕ ਗੋਲਾ ਕਿੰਨੇ ਹੀ ਪ੍ਰਸ਼ਨ ਚਿੰਨ ਬਣ ਕੇ ਉਸ ਦੇ ਮੱਥੇ ਵਿਚ ਸੱਜੇ ਪਾਸੇ ਇਉਂ ਉਤਰ ਆਇਆ ਜਿਵੇਂ ਕਿਸੇ ਨੇ ਉਸ ਦੇ ਮੱਥੇ ਵਿਚ ਇੱਟ ਮਾਰ ਦਿੱਤੀ ਹੋਵੇ।
ਘੋੜਾ ਪਿਛਲੇ ਪੈਰਾਂ ਨਾਲ ਦੁਲੱਤੀ ਮਾਰਦਾ ਹਿਣ- ਹਿਣਾਇਆ ਜਿਵੇਂ ਸਵਾਰ ਦੇ ਸਾਰੇ ਪ੍ਰਸ਼ਨਾਂ ਦਾ ਉੱਤਰ ਉਹ ਆਪ ਹੀ ਹੋਵੇ।
ਘੋੜ- ਸਵਾਰ ਨੇ ਘੋੜੇ ਦੀਆਂ ਵਾਗਾਂ ਸੰਭਾਲਦਿਆਂ ਆਪਣੇ ਮੱਥੇ ਉਤੇ ਟੱਸ ਟੱਸ ਕਰਦੀ ਸੱਟ ਉਪਰੋਂ ਘਬਰਾਹਟ ਦੀਆਂ ਬੂੰਦਾਂ ਪੂੰਝਣ ਲਈ ਆਪਣੀ ਕਾਲੀ ਟੋਪੀ ਸਿਰ ਤੋਂ ਉਤਾਰੀ ਜੋ ਚੁਬਾਰੇ ਦੇ ਛੱਜੇ ਵਾਂਗ ਉਸ ਦੇ ਮੱਥੇ ਦੇ ਬਾਹਰ ਤਕ ਵਧੀ ਹੋਈ ਸੀ। ਤੇ ਉਸ ਨੂੰ ਦੇਖਦਿਆਂ ਹੀ ਰਕਾਬਾਂ ਵਿਚ ਪਏ ਉਸ ਦੇ ਦੋਵੇਂ ਪੈਰ ਥਰ ਥਰ ਕੰਬਣ ਲਗ ਪਏ। ਚਾਂਦੀ ਰੰਗੀਆਂ ਤਾਰਾਂ!
ਇਹ ਕਦੋਂ ਤੋਂ?
ਘੋੜ- ਸਵਾਰ ਦੇ ਚੌਹੀਂ ਪਾਸੀਂ ਫੈਲਦਾ ਉਤਰ ਦਿਸ਼ਾ ਦਾ ਸੁਰਮਈ ਨ੍ਹੇਰਾ ਜਿਵੇਂ ਹੋਰ ਗਾੜ੍ਹਾ ਹੋ ਗਿਆ ਸੀ। ਘੋੜਸਵਾਰ ਨੇ ਆਪਣੇ ਹੱਥਾਂ ਵਿਚ ਫੜੀਆਂ ਸਮੇਂ ਦੇ ਘੋੜੇ ਦੀਆਂ ਲਗਾਮਾਂ ਨੂੰ ਮਾੜਾ ਜਿਹਾ ਢਿੱਲਾ ਛਡਿਆ। ਝੱਟ ਉਸ ਦੇ ਮੱਥੇ ਵਿਚੋਂ ਉਠਦੀ ਬਿਜਲੀ ਦੇ ਕਰੰਟ ਵਰਗੀ ਇਕ ਚਿੰਗਾਰੀ ਜਿਹੀ ਉਸ ਦੇ ਸੀਨੇ ਵਿਚੋਂ ਆਰ ਪਾਰ ਹੋ ਕੇ ਰਹਿ ਗਈ। ਤੇ ਹੁਣ ਘੋੜ- ਸਵਾਰ ਥਾਉਂ ਦੀ ਥਾਉਂ ਠਠੰਬਰ ਜਿਹਾ ਗਿਆ ਸੀ।
“ਸੰਝਾ ਵੇਲਾ!”
ਸੱਤਰਾਂ ਪੰਝਤਰਾਂ ਵਰ੍ਹਿਆਂ ਦਾ ਇਕ ਲੰਬਾ ਸਫ਼ਰ ਉਹ ਕਦੋਂ ਦਾ ਤੈਅ ਕਰ ਚੁਕਿਆ ਸੀ। ਤੇ ਘੋੜਾ ਆਪਣੇ ਸਵਾਰ ਨੂੰ ਆਪਣੀ ਪਿੱਠ ਉਤੇ ਲੱਦੀ ਅਜੇ ਵੀ ਨਿਰੰਤਰ ਇਕੋ ਚਾਲ ਤੁਰਿਆ ਆ ਰਿਹਾ ਸੀ। ਪਰ ਘੋੜ- ਸਵਾਰ ਨੂੰ ਲਗਦਾ ਕਿ ਉਸ ਦਾ ਇਹ ਚਿਤਕਬਰਾ ਘੋੜਾ ਬੜੇ ਹੀ ਅੜਬ ਸੁਭਾ ਦਾ ਤੇ ਬੜਾ ਹੀ ਅੱਥਰਿਆ ਹੋਇਆ ਹੈ। ਜੋ ਕਦੇ ਕਦੇ ਤਾਂ ਬੁਰੀ ਤਰ੍ਹਾਂ ਅੜ ਕੇ ਖੜੋ ਜਾਂਦਾ ਹੈ ਤੇ ਕਿਤੇ ਕਿਤੇ ਆਪਣੀ ਹੀ ਖ਼ਰਮਸਤੀ ਵਿਚ ਧਰਤੀ ਪੁਟਣ ਲਗਦਾ ਹੈ।
ਆਪਣੇ ਮੱਥੇ ਦੀ ਸੱਟ ਨੂੰ ਖੱਬੇ ਹੱਥ ਦੀਆਂ ਪੰਜੇ ਉਂਗਲਾਂ ਨਾਲ ਘੋਖਦਿਆਂ ਘੋੜ- ਸਵਾਰ ਨੇ ਘੋੜੇ ਦੀਆਂ ਵਾਗਾਂ ਜ਼ੋਰ ਨਾਲ ਖਿੱਚੀਆਂ ਤੇ ਰਕਾਬ ਵਿਚ ਜਕੜਿਆ ਆਪਣਾ ਸੱਜਾ ਪੈਰ ਪੂਰੇ ਜ਼ੋਰ ਨਾਲ ਘੋੜੇ ਦੀ ਵੱਖੀ ਵਿਚ ਖਭੋ ਦਿਤਾ।
ਘੋੜਾ ਆਪਣੇ ਸਵਾਰ ਦੀ ਇਸ ਬੇ- ਰੁਖੀ ਨੂੰ ਮੁਢੋਂ ਹੀ ਜਾਣਦਾ ਸੀ ਤੇ ਉਸ ਦੀ ਉਮਰ ਦੇ ਲੰਮੇ ਬੇ- ਅਰਥ ਜੀਵਨ ਦੀ ‘ਵਾਟ’ ਤੋਂ ਚੱਪਾ ਚੱਪਾ ਵਾਕਿਫ਼ ਸੀ।
ਘੋੜਾ ਹਿਣ- ਹਿਣਾਇਆ ਜਿਵੇਂ ਉਹ ਇਕ ਵਿਅੰਗਭਰੀ ਹਾਸੀ ਹਸਿਆ ਹੋਵੇ। ਤੇ ਫੇਰ ਉਹ ਸਵਾਰ ਦੀ ਬੇਬਸੀ ਦੇਖ ਆਪਣੇ ਖੁਰਾਂ ਨਾਲ ਉਸ ਦੇ ਸਫਰ ਦੀ ਮਿੱਟੀ ਮਿੱਧਦਾ ਵਾਹੋ ਦਾਹੀ ਆਪਣੀ ਚਾਲੇ ਤੁਰਨ ਲਗਿਆ।
ਦਿਨ ਤੇ ਰਾਤ ਦਾ ਇਹ ਚਿੱਟਾ ਕਾਲਾ ਘੋੜਾ, ਮਨੁੱਖ ਦੀ ਏਸ ਫਿ਼ਤਰਤ ਨੂੰ ਭਲੀ ਭਾਂਤਿ ਸਮਝਦਾ ਸੀ ਕਿ ਜੋ ਮਨੁੱਖ ਆਪ ਕੁਝ ਨਹੀਂ ਕਰਦਾ ਉਹ ਦੂਜਿਆਂ ਦੀ ਵੱਖੀ ਵਿਚ ਹੁੱਜਾਂ ਖਭੋਣ ਲਗਦਾ ਹੈ। ਏਸ ਸਵਾਰ ਨੇ ਤਾਂ ਅਜੇ ਤੱਕ ਵੀ ਆਪਣੇ ਜੀਵਨ ਦਾ ਕੋਈ ਟੀਚਾ ਜਾਂ ਆਪਣੀ ਕੋਈ ਮੰਜਿ਼ਲ ਮਿੱਥੀ ਹੀ ਨਹੀਂ ਸੀ ਫੇਰ ਮੰਜਿ਼ਲ ਦਾ ਕੋਈ ਥਾਉਂ ਪਤਾ ਕਿਵੇਂ ਪਤਾ ਲਗੇ।
ਰਸਤਾ ਧੁੰਧਲਾ ਤੇ ਸਫ਼ਰ ਹੋਰ ਵੀ ਕਠਨ ਹੁੰਦਾ ਜਾ ਰਿਹਾ ਸੀ। ਅਣਜਾਣੇ ਬੇ- ਥੌਹੇ ਰਾਹਾਂ ਉਤੇ ਤੁਰਦੇ ਘੋੜ ਸਵਾਰ ਦਾ ਮੱਥਾ ਸੋਚਾਂ ਦੀਆਂ ਤਿੱਖੀਆਂ ਤਾਰਾਂ ਨੇ ਬੁਰੀ ਤਰ੍ਹਾਂ ਪੋਟਾ ਪੋਟਾ ਵਿੰਨ੍ਹ ਰਖਿਆ ਸੀ। ਉਸ ਨੂੰ ਤਾਂ ਕੁਝ ਵੀ ਪਤਾ ਨਹੀਂ ਸੀ ਕਿ ਵਕਤ ਦਾ ਇਹ ਚਿਤਕਬਰਾ ਘੋੜਾ ਉਸ ਨੂੰ ਕਿਧਰ ਲਈ ਤੁਰਿਆ ਜਾ ਰਿਹਾ ਹੈ।
“ਕਿਥੋਂ ਤੁਰਿਆ ਸੀ ਮੈਂ?”
ਉਸ ਦੀਆਂ ਸੋਚਾਂ ਦੀਆਂ ਉਲਝੀਆਂ ਤੰਦਾਂ ਦਾ ਇਕ ਸਿਰਾ ਸੁਤੇ ਸਿਧ ਦੂਰ ਪਿਛੇ, ਪੂਰਬ ਦਿਸ਼ਾ ਵਿਚ ਉਸ ਦੇ ਪਿਛੋਕੜ ਨਾਲ ਅਚਾਨਕ ਹੀ ਆ ਜੁੜਿਆ ਸੀ।
ਉਸ ਦਾ ਘਰ?
ਉਸ ਦੇ ਬੀਵੀ ਬੱਚੇ?
ਉਹ ਤੇ ਹੁਣ ਉਨ੍ਹਾਂ ਦਾ ਆਪਣਾ ਆਪਣਾ ਸੰਸਾਰ।
ਉਸ ਦੇ ਮਾਪੇ, ਉਸ ਦਾ ਮੁੱਢ?
ਉਹ ਤਾਂ ਕਦੋਂ ਦੇ ਖ਼ਾਕ ਦੀ ਢੇਰੀ ਹੋ ਚੁਕੇ ਸਨ।
ਘੋੜ ਸਵਾਰ ਦੇ ਸੀਨੇ ਵਿਚ ਯਾਦਾਂ ਦੀ ਇਕ ਚਿਖਾ ਜਿਹੀ ਮੱਘ ਉਠੀ। ਥੇ ਇਕ ਮੱਘਦ ਮੱਘਦਾ ਸੇਕ ਉਸ ਦੇ ਦਿਲ ਵਿਚੋਂ ਉਠ ਉਠ ਕੇ ੳੋਸ ਦੇ ਮੱਥੇ ਨੂੰ ਲੂਹਣ ਲਗਿਆ। ਡੰਗਰਾਂ ਦੀ ਇਕ ਕੱਚੀ ਜਿਹੀ ਨ੍ਹੇਰੀ ਕੋਠਰੀ…। ਕੋਠੜੀ ਵਿਚ ਲੰਬੀ ਜਿਹੀ ਪਸ਼ੂਆਂ ਨੂੰ ਕੱਖ ਪਾਉਣ ਵਾਲੀ ਖੁਰਲੀ…। ਖੁਰਲੀ ਕੋਲ ਡਹਿਆ ਮਾਂ ਦਾ ਮੰਜਾ… ਉਤੋਂ ਮਾਘ ਮਹੀਨੇ ਦੀ ਠੁਰ ਠੁਰ ਕਰਦੀ ਕੱਕਰ ਮਾਰੀ ਰਾਤ।
ਜੰਮਣ ਘੜੀ?
ਸੁਭਾ ਸਵੇਰੇ ਤੜਕੇ ਦੇ ਪਹੁ- ਫੁਟਾਲੇ ਜਿਹੇ ਸਮੇਂ ਜਦੋਂ ਘਰਾਂ ਵਿਚੋਂ ਪਾਲ੍ਹੀ ਇਕ ਇਕ ਕਰਕੇ ਸਾਰਾ ਡੰਗਟ- ਵੱਛਾ ਆਪਣੇ ‘ਚੌਣੇ’ ਨਾਲ ਰਲਾਉਂਦੇ ਹਨ।
ਚੌਣਾ! ਹਾਂ ਚੌਣਾ ਇਹ ਦੁਨੀਆਂ। ਚਾਰ ਖੁੰਟੀ ਇਕ ਵਡਾ ਚੌਣਾ।
“ਚੌਣਾ” ਉਸ ਦੀ ਮਾਂ ਜਦੋਂ ਨਿਕੇ ਨਿਕੇ ਛੀਆਂ ਸੱਤਾਂ ਭੈਣ- ਭਾਈਆਂ ਨਾਲ ਸਿਰ ਖਪਾਉਂਦੀ ਬਹੁਤੀ ਹੀ ਤੱਪ ਜਾਂਦੀ ਤਾਂ ਉਹ ਅੱਕ ਕੇ ਆਪਣੇ ਮੱਥੇ ਉਤੇ ਹੱਥ ਮਾਰਦੀ, ਖਿਝ ਕੇ ਸਾਰਿਆਂ ਨੂੰ ਝਿੜਕਦੀ ਇਹੀ ਬੋਲ ਬੋਲਦੀ:
“ਏਸ ਚੌਣੇ ਨੇ ਖਾ ਲੀ।”
“ਚੌਣਾ”, ਉਸ ਦੀ ਜਨਣੀ ਦੇ ਅਣਗਿਣਤ ਵਾਰੀ ਕਹੇ ਇਹ ਬੋਲ ਅਚੇਤ ਹੀ ਉਸ ਦੇ ਮਨ ਵਿਚੋਂ ਉਭਰ ਕੇ ਉਸ ਦੇ ਕੰਨਾਂ ਵਿਚ ਗੂੰਜ ਉਠੇ। ਫੇਰ ਇਕ ਪਿਛੋਂ ਦੂਜੀ, ਦੂਜੀ ਪਿਛੋਂ ਤੀਜੀ ਯਾਦ ਦੀ ਤੰਦ ਫੜਦਾ ਉਹ ਪਿਛੇ, ਕਿੰਨੀ ਦੂਰ ਤਕ ਪੂਰਬ ਦਿਸ਼ਾ ਦੇ ਚੜ੍ਹਦੇ ਸੂਰਜ ਦੀਆਂ ਕਿਰਨਾਂ ਦਾ ਨਿਘ ਮਾਣਦਾ ਮਾਣਦਾ ਅਚਾਨਕ ਹੀ ਆਪਣੇ ਫੌਜੀ ਦੀ ਵਡੀ ਸਾਰੀ ਜੇਬ ਵਿਚਲੀ ਨਿਕੀ ਜਿਹੀ ਲਾਲ ਡਾਇਰੀ ਦਾ ਅਨਭੋਲ ਹੀ ਇਕ ਪੰਨਾ ਫੋਲ ਬੈਠਾ।
ਪਹਿਲੀ, 1914 ਦੀ ਲਗੀ ਵਡੀ ‘ਲਾਮ’ ਦਿਨ ਸੋਮਵਾਰ, ਮਾਘ ਮਹੀਨੇ ਦੀ ਸਤੋਂ। ਹਾਂ ਇਸੇ ਦਿਨ ਉਸ ਦੇ ਪਿਉ ਦੇ ਵਿਹੜੇ ਇਕ ਚੰਬਾ ਖਿੜਿਆ ਸੀ। ਪਰ ਚੰਬੇ ਦੀ ਖ਼ੁਸ਼ਬੋ ਨੂੰ ਉਸ ਨੇ ਇਕ ‘ਪਾਤੀ’ (ਚਿੱਠੀ) ਰਾਹੀਂ ਹੀ ਮਾਣਿਆ ਸੀ। ਕਿਉਂਕਿ ਉਹ ਆਪ ਤਾਂ ਸੰਸਾਰ ਭਰ ਵਿਚ ਛਿੜੀ ਪਹਿਲੀ ਵਡੀ ‘ਲਾਮ’ ਸਮੇਂ ਦੇਸ ਦੀ ਸਰਹੱਦ ਉਤੇ ਇਕ ਜਵਾਨ ਸਿਪਾਹੀ ਦੀ ਡਿਊਟੀ ਦੇ ਰਿਹਾ ਸੀ।
ਘੋੜ- ਸਵਾਰ ਨੇ ਭੁਲੀਆਂ ਵਿਸਰੀਆਂ ਯਾਦਾਂ ਦੀ ਇਕ ਧੁੰਧ ਜਿਹੀ ਵਿਚੋਂ ਆਪਣੇ ਜੀਵਨ ਇਤਿਹਾਸ ਦੇ ਕਈ ਪੰਨੇ ਪਿਛਾਂਹ ਨੂੰ ਪਲਟੇ।
ਓਥੋਂ, ਪੂਰਬ ਦਿਸ਼ਾ ਪੂਰਬ ਦਿਸ਼ਾ ਤੋਂ ਏਥੇ ਉਤਰ ਦਿਸ਼ਾ ਤਕ, ਜੀਵਨ ਪੈਂਡੇ ਦੇ ਭੱਖੜੇ ਭਰੇ ਰਾਹਾਂ ਦਾ ਰੇਤਾ ਫੱਕਦਾ ਉਹ ਕਦੋਂ ਏਸ ਉਤਰੀ ਤੱਟ ਉਤੇ ਆ ਪਹੁੰਚਿਆ ਸੀ… ਉਸ ਨੂੰ ਪਤਾ ਨਹੀਂ ਸੀ ਲਗਿਆ।
ਜੀਵਨ ਸਮੁੰਦਰ ਦਾ ਉਤਰੀ ਤੱਟ।
ਘੋੜ- ਸਵਾਰ ਬੌਂਦਲ ਜਿਹਾ ਗਿਆ ਸੀ। ਚਾਰੋਂ ਤਰਫ਼ ਖ਼ਾਲੀ ਖ਼ਲਾ ਵਿਚ ਝਾਕਦਿਆਂ ਉਸ ਨੇ ਆਪਣੀ ਕਾਲੀ ਟੋਪੀ ਨੂੰ ਖਬੇ ਹੱਥ ਨਾਲ ਸਿਰ ਤੋਂ ਉਤਾਰਦਿਆਂ ਉਸ ਨੂੰ ਨੀਝ ਲਾ ਕੇ ਤਕਿਆ।
ਕਾਲੀ ਟੋਪੀ ਤਾਂ ਸਾਰੀ ਦੀ ਸਾਰੀ ਹੁਣ ਬਰਫ਼ ਰੰਗੀ ਹੋਈ ਪਈ ਸੀ। ਦੇਖਦਿਆਂ ਸਾਰ ਘੋੜ- ਸਵਾਰ ਦੇ ਜਿਸਮ ਵਿਚੋਂ ਜਿਵੇਂ ਸੱਤਿਆ ਇਕੋ ਵਾਰੀ ਸੂਤੀ ਗਈ। ਉਸ ਦੀਆਂ ਨਾੜਾਂ ਦਾ ਲਹੂ ਥਾਉਂ ਦੀ ਥਾਉਂ ਜੰਮ ਕੇ ਰਹਿ ਗਿਆ।
ਚਿਤ- ਕਬਰਾ ਘੋੜਾ ਆਪਣੇ ਦੋਵੇਂ ਨਥਨਿਆਂ ਨੂੰ ਫੁੰਕਾਰਦਾ ਇਕ ਵਾਰੀ ਫੇਰ ਹਿਣ-ਹਿਣਾਇਆ।
ਭਸ ਹੱਡ ਮਾਸ ਵਿਚੋਂ ਹੱਡ ਮਾਸ ਦੇ ਪੁਤਲਿਆਂ ਦੀ ਫ਼ਸਲ ਉਗਾਉਣਾ ਹੀ ਮਨੁੱਖ ਦਾ ਇਕ ਮਾਤਰ ਕਰਮ ਹੈ। ਜਾਂ ਫਿਰ ਮਹਿਲ ਮਾੜੀਆਂ ਦੀ ਅਕਾਂਖਿਆ?
ਹੁਣ ਤੀਸਰਾ ਪ੍ਰਸ਼ਨ ਉਸ ਦੇ ਜਿ਼ਹਨ ਵਿਚੋਂ ਅੱਗ ਦੇ ਭਬੂਕੇ ਵਾਂਗ ਉਠਿਆ। “ਕਿਸ ਵਣਜ ਦਾ ਸੌਦਾਗਰ ਹਾਂ ਮੈਂ?” ਪਰ ਸਭ ਕੁਝ ਬੁਝਿਆ ਬੁਝਿਆ।
ਘੋੜ- ਸਵਾਰ ਤਾਂ ਅਣਭੋਲ ਹੀ ਆਪਣੀ ਮੰਜ਼ਲ ਤੋਂ ਬੇ- ਖ਼ਬਰ ਜਿ਼ੰਦਗੀ ਦੇ ਉਘੜੇ ਦੁਘੜੇ ਰਾਹਾਂ ਵਿਚ ਭਟਕ ਗਿਆ ਸੀ। ਅਣਗਿਣਤ ਰੁਤਾਂ ਦੇ ਗੇੜਿਆਂ ਦੀ ਧੁੱਪ, ਛਾਂ ਤੇ ਅੰਨ੍ਹੀਆਂ ਹਨੇਰੀਆਂ ਝੱਲਦਾ ਉਹ ਜੀਵਨ ਦੇ ਅਸਲੀ ਵਣਜ ਤੋਂ ਮੁਢੋਂ ਹੀ ਭਟਕ ਗਿਆ ਸੀ।
ਸਾਹਮਣੇ ਸਮੁੰਦਰ ਵਿਚ ਲਹਿੰਦੀ ਸੂਰਜ ਦੀ ਟਿੱਕੀ ਹੁਣ ਆਪਣੇ ਆਪ ਵਿਚ ਸੁੰਗੜਦੀ ਹੋਈ ਮੱਕੀ ਦੀ ਰੋਟੀ ਜਿੰਨੀ ਰਹਿ ਗਈ ਸੀ। ਤੇ ਘੋੜ- ਸਵਾਰ ਜੀਵਨ- ਜੰਗਲ ਦੀਆਂ ਨਿਕੀਆਂ, ਵਡੀਆਂ ਤਿਖੇ ਮੂੰਹਾਂ ਵਾਲੀਆਂ ਕੰਡਿਆਲੀਆਂ ਝਾੜੀਆਂ ਵਿਚ ਬੁਰੀ ਤਰ੍ਹਾਂ ਆ ਫਸਿਆ ਸੀ। ਉਤੋਂ ਆਕਾਸ਼ ਵਿਚ ਫੈਲੀ ਇਕ ਗਰਦ।
ਅਚਾਨਕ ਘਸਮੈਲੇ ਅੰਬਰ ਵਿਚ ਵਾਹੋ- ਦਾਹੀ ਉਡਦੇ ਬੱਦਲਾਂ ਦਾ ਸੀਨਾ ਫਾੜ ਜੋਰਾਂ ਦੀ ਇਕ ਬਿਜਲੀ ਕੜਕੀ। ਘੋੜ- ਸਵਾਰ ਭੈਅ ਨਾਲ ਕੰਬਿਆ ਤੇ ਉਸ ਨੇ ਇਕ ਸਹਿਮ ਤੇ ਬੱ- ਬਸੀ ਜਿਹੀ ਵਿਚ ਵਕਤ ਦੇ ਚਿਤਕਬਰੇ ਘੋੜੇ ਦੇ ਸਮੁਚੇ ਪਿੰਡੇ ਨੂੰ ਛੇਤੀ ਨਾਲ ਆਪਣੇ ਕਲਾਵਿਆਂ ਵਿਚ ਭਰਨ ਦਾ ਇਕ ਤਰਲਾ ਜਿਹਾ ਲਿਆ।
ਇਕ ਅਣਗੌਲਿਆ, ਅਣ- ਪਛਾਤਾ ਜਿਹਾ ‘ਸੱਚ’, ‘ਸੱਚ’ ਜੋ ਜੰਮਣ ਘੜੀ ਤੋਂ ਵੀ ਪਹਿਲਾਂ ਉਸ ਦੇ ਮੱਥੇ ਉਤੇ ਉਕਰ ਦਿਤਾ ਗਿਆ ਸੀ। ਹੁਣ ਘੋੜ- ਸਵਾਰ ਦੇ ਸਾਹਮਣੇ ਆ ਸਾਕਾਰ ਹੋਇਆ ਸੀ। ਉਸ ਨੇ ਮੰਜ਼ਲ ਨੂੰ ਸਮਝਿਆ ਵਿਚਾਰਿਆ ਤੇ ਰਸਤਾ ਭਾਲਣ ਦੀ ਕੋਸਿ਼ਸ਼ ਕੀਤੀ ਪਰ ਹੁਣ ਉਸ ਦੇ ਆਪਣੇ ਵਸ ਕੁਝ ਵੀ ਨਹੀਂ ਸੀ।
ਕਦੇ ਵਕਤ ਬੰਦੇ ਦੇ ਹੱਥਾਂ ਵਿਚ ਹੁੰਦਾ ਹੈ।
ਕਦੇ ਬੰਦਾ ‘ਵਕਤ’ ਦੇ ਹੱਥਾਂ ਵਿਚ।
ਚਿਤਕਬਰਾ ਘੋੜਾ, ਪਿਛਲੇ ਪੈਰੀਂ ਦੁਲੱਤੀ ਮਾਰਦਾ ਹੁਣ ਸਿਧਾ ਸਤੀਰ ਖੜਾ ਹੋ ਗਿਆ ਸੀ। ਤੇ ਉਸ ਨੇ ਆਪਣੇ ਖੁਰਾਂ ਨਾਲ ਮਿੱਟੀ ਪੁਟਦਿਆਂ ਆਪਣੀ ਪਿੱਠ ਉਤੇ ਲੱਦੇ ਭਾਰ ਨੂੰ ਇਕੋ ਝਟਕੇ ਨਾਲ ਦੇ ਭੁੰਜੇ ਪਟਕਾ ਮਾਰਿਆ ਸੀ।
ਸਾਹਮਣੇ ਸਮੁੰਦਰ ਦੀ ਸਤਹ ਉਤੇ ਲਟਕਦੀ ਸੂਰਜ ਦੀ ਟਿੱਕੀ ਆਪੇ ਵਿਚ ਸਿਮਟਦੀ ਕਿਸੇ ਸੱਜਰੀ ਸਵੇਰ ਖ਼ਾਤਰ ਪਤਾ ਨਹੀਂ ਕਦੋਂ ਦੀ ਡੂੰਘੇ ਪਾਣੀਆਂ ਵਿਚ ਲਹਿ ਗਈ ਸੀ।

  • ਮੁੱਖ ਪੰਨਾ : ਕਹਾਣੀਆਂ, ਬਚਿੰਤ ਕੌਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ