Chitta Gulab (Story in Punjabi) : Mazhar ul Islam
ਚਿੱਟਾ ਗੁਲਾਬ (ਕਹਾਣੀ) : ਮਜ਼ਹਰ ਉਲ ਇਸਲਾਮ
ਪਤਾ ਨਹੀਂ ਇਹ ਪ੍ਰੇਮ ਦੀ ਕਹਾਣੀ ਹੈ-ਹਨੇਰੇ ਦੀ... ਪ੍ਰਕਾਸ਼, ਸਚਾਈ ਜਾਂ ਚਿੱਟੇ ਗੁਲਾਬ ਦੀ... ਰੁੱਸੀ ਹੋਈ ਪ੍ਰੇਮਿਕਾ ਦੀ ਜਾਂ ਉਨ੍ਹਾਂ ਲੋਕਾਂ ਦੀ ਜਿਹੜੀ ਪ੍ਰੇਮ ਦੀਆਂ ਕਹਾਣੀਆਂ 'ਤੇ ਵਿਸ਼ਵਾਸ ਨਹੀਂ ਰੱਖਦੇ । ਉਹ ਸਮਝਦੇ ਹਨ, ਸੱਚਾ ਪ੍ਰੇਮ ਹੁਣ ਮੁੱਕ ਚੁੱਕਾ ਹੈ । ਬਾਹਿਰਹਾਲ, ਜੇਕਰ ਇਹ ਪ੍ਰੇਮ ਦੀ ਕਹਾਣੀ ਹੈ ਤਾਂ ਫਿਰ ਇਹ ਪ੍ਰੇਮ ਦੀ ਅੰਤਿਮ ਕਹਾਣੀ ਹੈ ਤੇ ਉਹਦਾ ਨਾਂਅ ਚਿੱਟਾ ਗੁਲਾਬ ਦੀ ਥਾਂ ਪ੍ਰੇਮ ਦੀ ਅੰਤਿਮ ਕਹਾਣੀ ਵੀ ਹੋ ਸਕਦਾ ਹੈ ।
ਉਹ ਇਕ ਘੁੱਪ-ਹਨੇਰੀ, ਬਹੁਤ ਠੰਢੀ ਤੇ ਸੁੰਨਸਾਨ ਰਾਤ ਸੀ, ਹਨੇਰੇ 'ਚ ਭੈਅ-ਘੁਲਿਆ ਹੋਇਆ ਸੀ । ਚੰਨ ਰੁੱਸੇ ਹੋਏ ਪ੍ਰੇਮੀ ਵਾਂਗ ਬੱਦਲਾਂ ਦੇ ਪਿੱਛੇ ਲੁਕਿਆ ਹੋਇਆ ਸੀ । ਅਜਿਹੇ ਸਮੇਂ 'ਚ ਉਹਦੇ ਕਦਮਾਂ ਦੇ ਚਾਪ ਕਿਸੇ ਟਿੱਡੀ ਵਾਂਗ ਚੁੱਪ ਦੀ ਚਾਦਰ 'ਚ ਵੜ ਗਿਆ ਸੀ ਤੇ ਹੌਲੇ-ਹੌਲੇ ਉਹਨੂੰ ਰੁਤਰ ਰਹੀ ਸੀ ।
ਜਦੋਂ ਉਹ ਢਲਵਾਨ ਤੋਂ ਹੇਠਾਂ ਉੱਤਰ ਰਿਹਾ ਸੀ ਤਾਂ ਹਨੇਰੇ ਨੇ ਉਹਨੂੰ ਜ਼ੋਰ ਨਾਲ ਧੱਕਾ ਦਿੱਤਾ । ਉਹ ਲੜਖੜਾ ਕੇ ਮੂਧੇ ਮੂੰਹ ਡਿਗਿਆ ਤੇ ਫਿਰ ਰਿੜ੍ਹਦਾ ਹੋਇਆ ਢਲਵਾਨ ਤੋਂ ਹੇਠਾਂ ਡਿਗਣ ਲੱਗਾ । ਕੁਝ ਖਿਨਾਂ ਬਾਅਦ ਉਹ ਕਿਸੇ ਚੀਜ਼ ਨਾਲ ਟਕਰਾਇਆ ਤੇ ਰੁਕ ਗਿਆ । ਇਹ ਕੁਝ ਪਲ ਉਹਨੂੰ ਕਈ ਲੰਬੇ ਸਾਲ ਵਾਂਗ ਜਾਪੇ । ਉਹਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹ ਕਈ ਸਾਲਾਂ ਤੋਂ ਢਲਵਾਨ ਤੋਂ ਰੁੜ੍ਹਦਾ ਹੋਇਆ ਹੇਠਾਂ ਆ ਰਿਹਾ ਸੀ । ਕੁਝ ਦੇਰ ਤੱਕ ਉਹ ਚੁੱਪਚਾਪ ਲੰਬਾ ਪਿਆ ਰਿਹਾ, ਪਰ ਫਿਰ ਪੂਰੇ ਸਰੀਰ ਦੀ ਪੀੜ ਨੂੰ ਸਮੇਟ ਕੇ ਉਠ ਬੈਠਾ ਤੇ ਹਨੇਰੇ 'ਚ ਅੱਖਾਂ ਪਾੜ-ਪਾੜ ਕੇ ਇਹ ਵੇਖਣ ਦਾ ਯਤਨ ਕਰਨ ਲੱਗਾ ਕਿ ਉਹ ਕਿਸ ਚੀਜ਼ ਨਾਲ ਟਕਰਾਇਆ ਸੀ । ਕਿਹੜੀ ਚੀਜ਼ ਨੇ ਉਹਨੂੰ ਅਥਾਹ ਡੰੂਘਾਈਆਂ 'ਚ ਡੁਬਣ ਤੋਂ ਬਚਾ ਲਿਆ ਸੀ । ਤਦ ਕਿਸੇ ਔਰਤ ਦੀ ਮੌਜੂਦਗੀ ਨੂੰ ਮਹਿਸੂਸ ਕਰਕੇ ਉਹਨੂੰ ਹੈਰਾਨੀ ਨਾਲ ਪੁੱਛਿਆ, 'ਇੰਨੇ ਹਨੇਰੇ 'ਚ ਤੂੰ ਇਥੇ ਕੀ ਕਰ ਰਹੀ ਏਂ?'
ਉਹ ਚੁੱਪ ਰਹੀ ।
ਉਹ ਸੰਭਲ ਕੇ ਬੈਠ ਗਿਆ ਤੇ ਪੂਰੀਆਂ ਅੱਖਾਂ ਖੋਲ੍ਹ ਕੇ ਉਹਨੂੰ ਪਛਾਨਣ ਦਾ ਯਤਨ ਕਰਦੇ ਹੋਏ ਬੋਲਿਆ, 'ਬੜਾ ਡੂੰਘਾ ਹਨੇਰਾ ਏ । ਅਸੀਂ ਇਕ-ਦੂਜੇ ਨੂੰ ਵੇਖ ਵੀ ਨਹੀਂ ਸਕਦੇ । ਏਨਾ ਹਨੇਰਾ ਤਾਂ ਅੰਨਿਆਂ ਦੀ ਅੱਖਾਂ 'ਚ ਵੀ ਨਹੀਂ ਹੁੰਦਾ ਹੋਵੇਗਾ, 'ਕੀ ਤੂੰ ਅੰਨ੍ਹਾ ਏਂ?'
ਉਹ ਭੁੱਖੀ ਜਿਹੀ ਆਵਾਜ਼ 'ਚ ਬੋਲਿਆ, 'ਮੈਂ ਅੰਨ੍ਹਾ ਨਹੀਂ । ਮੇਰੀਆਂ ਅੱਖਾਂ ਖੁੱਲ੍ਹੀਆਂ ਨੇ । ਮੈਂ ਵੇਖ ਸਕਦਾ ਹਾਂ, ਪਰ ਹਨੇਰਾ ਇੰਨਾ ਏ ਕਿ ਮੈਥੋਂ ਕੁਝ ਵੇਖਿਆ ਨਹੀਂ ਜਾਂਦਾ, ਇਥੇ ਤੱਕ ਕਿ ਆਪਣਾ ਆਪ ਵੀ ।
'ਤਾਂ ਫਿਰ ਇਸ ਹਨੇਰੇ 'ਚ ਕੀ ਕਰ ਰਿਹਾ ਏਂ?' ਉਹਦੀ ਆਵਾਜ਼ 'ਚ ਗੁੱਸਾ ਸੀ ।
'ਉਹਨੂੰ ਢੂੰਡ ਰਿਹਾ ਹਾਂ ।'
'ਕਿਹਨੂੰ?'
'ਕਿਹਨੂੰ?'
'ਉਹਨੂੰ?'
'ਉਹਨੂੰ ਕਿਹਨੂੰ?'
'ਆਪਣੀ ਜ਼ਿੰਦਗੀ ਨੂੰ ?'
'ਆਪਣੀ ਜ਼ਿੰਦਗੀ ਨੂੰ ?'
'ਪਰ ਤੂੰ ਤਾਂ ਸਾਹ ਲੈ ਰਿਹਾ ਏਂ?'
'ਕੇਵਲ ਸਾਹ ਲੈਣਾ ਹੀ ਜ਼ਿੰਦਗੀ ਨਹੀਂ ਹੁੰਦੀ ।'
'ਤਾਂ ਫਿਰ ਜ਼ਿੰਦਗੀ ਕੀ ਏ?'
'ਪ੍ਰੇਮ ਏ । ਦੋਸਤੀ ਏ । ਪਿਆਰ ਏ ।'
'ਹੌਲੀ ਜਿਹੀ ਹਾਸੇ ਦੀ ਆਵਾਜ਼ ਉਭਰੀ ਤੇ ਹਨੇਰੇ 'ਚ ਜਮ ਗਈ ਜਿਵੇਂ ਰੁੱਖਾਂ ਦੇ ਝੁੰਡ ਤੋਂ ਕੋਈ ਪੰਛੀ ਫੜਫੜਾ ਕੇ ਉਡਦਾ ਹੈ ਤਾਂ ਉਹਦੇ ਖੰਭਾਂ ਦੀ ਗੂੰਜ ਚੁੱਪਚਾਪ ਵਾਤਾਵਰਨ 'ਤੇ ਡੂੰਘਾ ਨਿਸ਼ਾਨ ਪਾ ਦਿੰਦੀ ਹੈ ।
'ਤਾਂ ਤੂੰ ਆਪਣੇ ਪ੍ਰੇਮ ਨੂੰ ਢੂੰਡ ਰਿਹਾ ਏਂ?'
'ਉਹ ਮੇਰੀ ਜ਼ਿੰਦਗੀ ਏ । ਮੇਰਾ ਜੀਵਨ ਏ । ਮੈਂ ਉਹਨੂੰ ਢੂੰਡਦਾ ਫਿਰ ਰਿਹਾ ਹਾਂ । ਮੈਂ ਉਹਦੇ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ ।'
'ਕਿਹੋ ਜਿਹੀ ਸੀ ਉਹ?'
'ਇਕ ਚਮਕੀਲੀ ਸਵੇਰ ਵਰਗੀ । ਉਹਦੀ ਅੱਖਾਂ 'ਚ ਖੁੱਲ੍ਹਾ ਨੀਲਾ ਬੇਦਾਗ਼ ਆਕਾਸ਼ ਸੀ । ਉਹ ਮੇਰੇ ਮਨ 'ਚ ਚਿੱਟੇ ਗੁਲਾਬ ਵਰਗੀ ਖਿੜੀ ਸੀ । ਮੇਰੇ ਪਿਆਰ ਦਾ ਵਿਹੜਾ ਉਹਦੇ ਸੁਨਹਿਰੀ ਵਾਲਾਂ ਦੀ ਕਿਰਨਾਂ ਨਾਲ ਭਰਿਆ ਸੀ । ਉਹਦੀਆਂ ਝਾਂਜਰਾਂ ਦੀ ਆਵਾਜ਼ ਮੇਰੇ ਦਿਲ ਦੀਆਂ ਧੜਕਨਾਂ 'ਚ ਸਵੈਟਰ ਪਾ ਕੇ ਫਿਰਦੀ ਸੀ । ਉਹਦੀ ਮੁਸਕਰਾਹਟ ਖੁੱਲ੍ਹੇ ਵਾਤਾਵਰਨ 'ਚ ਉਚਾਈ 'ਤੇ ਉੱਡਣ ਵਾਲੇ ਪੰਛੀ ਦੀ ਚੁੱਪਚਾਪ ਉਡਾਣ ਵਰਗੀ ਸੀ । ਉਸ ਤੋਂ ਅਜਿਹੀ ਮਹਿਕ ਆਉਂਦੀ ਸੀ, ਜਿਹੜੀ ਮਾਸੂਮ, ਸੁੰਦਰ ਤੇ ਉਜਲੇ ਬੱਚਿਆਂ ਦੇ ਫਰਾਕਾਂ ਤੇ ਗੱਲਾਂ 'ਚੋਂ ਆਉਂਦੀ ਹੈ । ਉਹ ਮੇਰੇ ਗਲੇ ਦੀ ਰਗ ਸੀ । ਮੇਰਾ ਚਾਨਣ ਸੀ, ਮੇਰੀ ਚਿੱਟੀ ਸੋਟੀ ਸੀ । ਮੇਰੀ ਰੂਹ ਦੀ ਝੁੱਗੀ ਸੀ । ਮੇਰੀ ਸੋਚ ਸੀ, ਮੇਰੀ ਆਜ਼ਾਦੀ ਦੀ ਤਾਰੀਫ਼ ਸੀ ।
ਮਾਮੂਲੀ ਜਿਹੇ ਹਾਸੇ ਨੇ ਫਿਰ ਹਨੇਰੇ ਦੇ ਦੁਆਲੇ 'ਚੋਂ ਝਾਕਿਆ...ਤਾਂ ਉਹ ਬੋਲਿਆ, 'ਸ਼ਾਇਦ ਤੈਨੂੰ ਮੇਰੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਆ ਰਿਹਾ । ਉਹ ਚੁੱਪ ਰਹੀ ।'
ਉਹਨੇ ਗਹੁ ਨਾਲ ਉਸ ਵੱਲ ਵੇਖਿਆ, ਪਰ ਹਨੇਰਾ ਹੋਰ ਗਹਿਰਾ ਹੋ ਗਿਆ ਤੇ ਕੁਝ ਸੁਣਾਈ ਨਹੀਂ ਦਿੰਦਾ ਸੀ ਕਿ ਉਹ ਕਿੱਥੇ ਤੇ ਕਿਸ ਪਾਸੇ ਬੈਠੀ ਹੈ । ਉਹ ਅੱਖਾਂ ਮਲਦੇ ਹੋਏ ਬੋਲਿਆ, 'ਤੈਨੂੰ ਮੇਰੀਆਂ ਗੱਲਾਂ ਦਾ ਯਕੀਨ ਨਹੀਂ ਆ ਰਿਹਾ ਪਰ ਉਹ ਸੱਚਮੁੱਚ ਅਜਿਹੀ ਹੀ ਸੀ, ਕੱਚ ਦੀ ਗੁੱਡੀ । ਕੋਮਲ, ਸਾਫ਼, ਰੋਸ਼ਨ ਤੇ ਚਮਕਦਾਰ, ਉਹਦੇ ਅੰਦਰ ਤੱਕ ਝਾਕ ਕੇ ਵੇਖਿਆ ਜਾ ਸਕਦਾ ਸੀ ।
'ਹੂੰ ।' ਹਨੇਰੇ 'ਚ ਆਵਾਜ਼ ਦਾ ਨਿੱਕਾ ਜਿਹਾ ਟੋਟਾ ਉਭਰਿਆ ।
ਉਹ ਬੋਲਿਆ, 'ਉਹਦੀਆਂ ਗੱਲ਼ਾਂ ਵੀ ਇਸ ਪ੍ਰਕਾਰ ਸਾਫ਼, ਚਮਕੀਲੀਆਂ ਤੇ ਨਫੀਸ ਸਨ, ਜਿਹੜੀ ਥੋੜ੍ਹੀ ਜਿਹੀ ਬੇਪ੍ਰਵਾਹੀ ਨਾਲ ਵੀ ਮੈਲੀ ਹੋ ਜਾਂਦੀਆਂ ਸਨ ।
'ਤਾਂ ਤੂੰ ਫਿਰ ਤੋਂ ਉਹਨੂੰ ਗੁਆ ਦਿੱਤਾ?'
'ਆਪਣੀ ਕਮੀਨਗੀ, ਥੋੜ੍ਹਦਿਲੀ ਅਤੇ ਅੰਨ੍ਹੇਪਨ ਤੋਂ ਉਹਦੀ ਆਵਾਜ਼ ਥਿੜਕ ਗਈ । ਕੁਝ ਦੇਰ ਤੱਕ ਉਹ ਆਪਣੇ-ਆਪ 'ਚ ਬੋਲਣ ਦੀ ਸ਼ਕਤੀ ਇਕੱਠੀ ਕਰਦਾ ਰਿਹਾ ਤੇ ਫਿਰ ਬੋਲਿਆ, 'ਇਕ ਦਿਨ ਮੈਂ ਉਹਦੀ ਮੁਸਕਰਾਹਟ ਰੱਦੀ ਕਾਗਜ਼ ਵਾਂਗ ਪਾੜ ਕੇ ਸੁੱਟ ਦਿੱਤੀ । ਉਹਦੀਆਂ ਅੱਖਾਂ ਦੇ ਨੀਲੇ ਆਕਾਸ਼ 'ਤੇ ਕਾਲੀ ਸਿਆਹ ਉਦਾਸੀ ਦੀ ਦਵਾਤ ਉਲਟ ਦਿੱਤੀ । ਉਹ ਕੱਚ ਦੀ ਗੁੱਡੀ ਮੇਰੇ ਹੀ ਹੱਥਾਂ 'ਚ ਟੁੱਟ ਗਈ । ਮੈਂ ਆਪਣੀਆਂ ਨਜ਼ਰਾਂ 'ਚ ਗੁਨਾਹਗਾਰ ਹੋ ਗਿਆ । ਮੈਂ ਉਹਨੂੰ ਮਨਾਉਣ ਦਾ ਯਤਨ ਕੀਤਾ । ਉਹਦੇ ਪ੍ਰੇਮ ਨੇ ਮੈਨੂੰ ਪਾਗਲ ਕਰ ਦਿੱਤਾ, ਪਰ ਉਹ ਰੁੱਸੀ ਹੀ ਰਹੀ ।
ਹਨੇਰੇ ਦਾ ਪੱਲਾ ਸਰਕਾਅ ਕੇ ਉਹਨੇ ਪੁੱਛਿਆ, 'ਫਿਰ ਕੀ ਹੋਇਆ?'
ਉਹਨੇ ਮੇਰੇ ਪਿਆਰ ਦੇ ਵਿਹੜੇ ਤੋਂ ਆਪਣੇ ਸੁਨਹਿਰੀ ਵਾਲਾਂ ਦੀਆਂ ਕਿਰਨਾਂ ਸਾਂਭ ਲਈਆਂ । ਮੇਰੇ ਮਨ 'ਚ ਖੁੱਲ੍ਹਾ ਚਿੱਟਾ ਗੁਲਾਬ ਮੁਰਝਾਅ ਗਿਆ । ਉਹਦੀਆਂ ਝਾਂਜਰਾਂ ਦੀ ਆਵਾਜ਼ ਜਿਸ ਨੂੰ ਕੇਵਲ ਮੈਂ ਹੀ ਸੁਣ ਸਕਦਾ ਸੀ, ਮੈਥੋਂ ਰੁੱਸ ਗਈ ।
'ਜੇਕਰ ਹੁਣ ਕਦੇ ਉਹ ਫਿਰ ਤੈਨੂੰ ਮਿਲ ਜਾਵੇ ਤਾਂ ਕੀ ਫਿਰ ਉਹਨੂੰ ਗੁਆ ਤਾਂ ਨਹੀਂ ਦੇਵੋਗੇ?'
'ਨਹੀਂ, ਕਦੇ ਨਹੀਂ ।' ਉਹ ਬੇਚੈਨੀ ਨਾਲ ਬੋਲਿਆ, 'ਮੈਂ ਉਹਦੀ ਸੁਰੱਖਿਆ ਕਰਾਂਗਾ । ਮੈਂ ਉਹਦੇ ਪਿਆਰ ਨੂੰ ਤਰਸ ਗਿਆ ਹਾਂ, ਮੈਂ ਉਹਨੂੰ ਬੇਪਨਾਹ ਪਿਆਰ ਦੇ ਦਿਆਂਗਾ । ਇਹ ਕਹਿੰਦੇ ਹੋਏ ਉਹ ਉਸ ਵੱਲ ਝੁਕਿਆ ।
ਹਨੇਰੇ 'ਚ ਅਟਰੀ ਹੋਈ ਉਹਦੀ ਆਵਾਜ਼ ਪਿਛੇ ਹਟੀ, ਦੂਰ ਰਵ੍ਹੋ, ਮੈਂ ਤੈਨੂੰ ਨਹੀਂ ਜਾਣਦੀ ।
'ਮੈਨੂੰ ਪਛਾਨਣ ਦੀ ਕੋਸ਼ਿਸ਼ ਕਰੋ । ਮੈਂ ਉਹੀ ਹਾਂ, ਮੈਂ ਤੇਰੇ ਪੈਰਾਂ 'ਚ ਪਈ ਹੋਈ ਝਾਂਜਰਾਂ ਦੀ ਚਾਪ ਸੁਣ ਸਕਦਾ ਹਾਂ । ਤੂੰ ਉਹੀ ਹੈਂ ।'
'ਮੇਰੇ ਵੱਲ ਨਾ ਵਧੋ । ਪਿੱਛੇ ਹੱਟ ਜਾਓ । ਜਿਹਦੀਆਂ ਗੱਲਾਂ ਤੁਸੀਂ ਕਰ ਰਹੇ ਸੀ, ਉਹ ਤਾਂ ਟੁੱਟ ਗਈ ਸੀ ।'
'ਰੱਬ ਨੇ ਫਿਰ ਤੈਨੂੰ ਮੇਰੇ ਲਈ ਜੋੜ ਦਿੱਤਾ ਏ ।...' ਉਹਨੇ ਉਸ ਵੱਲ ਹੱਥ ਵਧਾਇਆ ।
ਉਹ ਘਬਰਾਈ ਹੋਈ ਆਵਾਜ਼ 'ਚ ਬੋਲੀ, 'ਮੇਰੇ ਵੱਲ ਹੱਥ ਨਾ ਵਧਾਓ... ਮੈਨੂੰ ਛੂਹਣਾ ਨਹੀਂ ।'
ਉਹ ਬੇਵੱਸ ਹੋ ਚੁੱਕਿਆ ਸੀ । ਆਪਣੇ ਹੋਸ਼ ਹਵਾਸ ਗੁਆ ਚੁੱਕਿਆ ਸੀ । ਉਹਦੀ ਗੱਲ ਦੀ ਪ੍ਰਵਾਹ ਕੀਤੇ ਬਿਨਾਂ ਉਹਨੇ ਤੇਜ਼ੀ ਨਾਲ ਹੱਥ ਅੱਗੇ ਵਧਾ ਕੇ ਉਹਨੂੰ ਛੂਹਿਆ ।
ਕੱਚ ਦੇ ਟੁੱਟਣ ਦੀ ਆਵਾਜ਼ ਪੂਰੇ ਵਾਤਾਵਰਨ 'ਚ ਗੂੰਜ ਉਠੀ । ਜਾਪਿਆ, ਜਿਵੇਂ ਸਾਰਾ ਅਕਾਸ਼ ਟੁਕੜੇ-ਟੁਕੜੇ ਹੋ ਕੇ ਹੇਠਾਂ ਡਿੱਗ ਪਿਆ ਹੈ ।
ਉਹਦੀ ਆਵਾਜ਼ ਗਲੇ 'ਚ ਡੁੱਬ ਗਈ । ਉਹ ਕਿਸੇ ਦੀਵਾਨੇ ਵਾਂਗ ਛੇਤੀ-ਛੇਤੀ ਕੱਚ ਦੇ ਟੋਟਿਆਂ ਨੂੰ ਚੁਗਣ ਲੱਗਾ । ਹਨੇਰਾ ਉਹਦੇ ਹੱਥਾਂ 'ਚ ਰਿਸਦਾ ਹੋਇਆ ਲਹੂ ਪੀਣ ਲੱਗਾ ।
ਸਵੇਰੇ ਲੋਕਾਂ ਨੇ ਤੱਕਿਆ ਕਿ ਉਥੇ ਪਥਰੀਲੀ ਜ਼ਮੀਨ 'ਤੇ ਇਕ ਵਿਅਕਤੀ ਮੁਰਦਾ ਪਿਆ ਸੀ ਤੇ ਉਹਦੀ ਹਥੇਲੀ 'ਤੇ ਜੰਮੇ ਹੋਏ ਖ਼ੂਨ 'ਚੋਂ ਇਕ ਚਿੱਟਾ ਗੁਲਾਬ ਉੱਗ ਆਇਆ ਸੀ ।
(ਅਨੁਵਾਦ: ਸੁਰਜੀਤ)