Choohe Di Saudebazi : Rajasthani Lok Kahani
ਚੂਹੇ ਦੀ ਸੌਦੇਬਾਜ਼ੀ : ਰਾਜਸਥਾਨੀ ਲੋਕ ਕਥਾ
ਚੂਹਿਆਂ ਦੀ ਟੋਲੀ ਲਕੀਰ ਵਾਹ ਕੇ ਕਬੱਡੀ ਖੇਡ ਰਹੀ ਸੀ। ਇੱਕ ਚੂਹੇ ਦੀ ਪੂਛ ਬਹੁਤੀ ਲੰਮੀ। ਹਰ ਕੋਈ ਉਸ ਨੂੰ ਫਟਾਫਟ ਫੜ ਲੈਂਦਾ, ਇਉਂ ਉਹ ਵਾਰ-ਵਾਰ ਬਾਜ਼ੀ ਹਾਰਦਾ। ਉਸ ਦੇ ਸਾਥੀ ਅੱਕ ਗਏ, ਕਹਿਣ ਲੱਗੇ, “ਤੂੰ ਪਹਿਲਾਂ ਆਪਣੀ ਪੂਛ ਕਟਵਾ ਕੇ ਆ, ਫੇਰ ਖਿਲਾਵਾਂਗੇ। ਨਹੀਂ ਫੇਰ ਆਪਣੇ ਘਰ ਜਾਹ।” ਚੂਹੇ ਨੂੰ ਗੱਲ ਬੜੀ ਬੁਰੀ ਲੱਗੀ। ਦੌੜ ਲਾਈ ਅਤੇ ਤਰਖਾਣ ਦੇ ਘਰ ਗਿਆ, ਜਾ ਕੇ ਕਿਹਾ, “ਰਾਮ ਰਾਮ ਖਾਤੀ ਭਾਈ। ਮੇਰੀ ਪੂਛ ਬਹੁਤ ਲੰਮੀ ਹੈ, ਇਹਨੂੰ ਕੁਝ ਕੱਟ ਈ ਦੇਹ।”
ਤਰਖਾਣ ਨੇ ਪੂਰੀ ਗੱਲ ਧਿਆਨ ਨਾਲ ਸੁਣੀ ਵੀ ਨਹੀਂ, ਬਹੋਲਾ ਚੁੱਕਿਆ, ਟੱਕ ਕਰ ਕੇ ਉਸ ਦੀ ਪੂਛ ਵੱਢ ਦਿੱਤੀ। ਭੱਜਾ-ਭੱਜਾ ਸਾਥੀਆਂ ਕੋਲ ਗਿਆ। ਸਭ ਨੇ ਦੇਖਿਆ, ਉਸ ਦੀ ਪੂਛ ਦੇ ਜ਼ਖਮ ਵਿਚੋਂ ਖੂਨ ਵਗ ਰਿਹਾ ਸੀ। ਬੋਲੇ, “ਚੂਹੇ ਭਾਈ! ਇਹ ਤਾਂ ਬੁਰਾ ਹੋਇਆ। ਜਾਹ ਭੱਜ ਕੇ ਫੇਰ ਮਿਸਤਰੀ ਕੋਲ ਜਾਹ, ਮਰ ਜਾਏਂਗਾ ਨਹੀਂ ਤਾਂ, ਪੂਛ ਜੁੜਵਾ ਲਿਆ।”
ਚੂਹਾ ਤਰਖਾਣ ਦੇ ਘਰ ਗਿਆ, ਕਹਿੰਦਾ, “ਖਾਤੀ ਓ ਖਾਤੀ, ਖੂਨ ਬਹੁਤ ਜ਼ਿਆਦਾ ਵਗਣ ਲੱਗੈ, ਮੇਰੀ ਪੂਛ ਜੋੜ ਈ ਦੇਹ।” ਕੰਮ ਕਰਦਾ ਕਰਦਾ ਬੇਧਿਆਨਾ ਤਰਖਾਣ ਕਹਿੰਦਾ, “ਮੈਂ ਤੇਰੀ ਪੂਛ ਕੋਈ ਸੰਭਾਲ ਕੇ ਰੱਖੀ ਹੋਈ ਹੈ? ਕੱਟ ਕੇ ਉਥੇ ਕਚਰੇ ਵਿਚ ਵਗਾਹ ਦਿੱਤੀ ਸੀ, ਕਾਂ ਆਇਆ ਤੇ ਚੁੱਕ ਕੇ ਲੈ ਗਿਆ।”
ਚੂਹਾ ਹਠ ਕਰਨ ਲੱਗਾ, “ਜਿਥੋਂ ਮਰਜ਼ੀ ਲਿਆ ਕੇ ਦੇਹ, ਜਿਵੇਂ ਮਰਜ਼ੀ ਕਰ, ਪੂਛ ਤਾਂ ਮੈਨੂੰ ਚਾਹੀਦੀ ਓ ਚਾਹੀਦੀ ਹੈ। ਤੈਂ ਧਿਆਨ ਕਿਉਂ ਨੀ ਰੱਖਿਆ?”
ਖਾਤੀ ਕੀ ਪਰਵਾਹ ਕਰਦਾ? ਕਿਹਾ, “ਪੂਛ ਪਾਛ ਤਾਂ ਹੁਣ ਹੈ ਨ੍ਹੀਂ ਮੇਰੇ ਕੋਲ, ਕੋਈ ਲੱਕੜ ਤਿੰਬੜ ਲਿਜਾਣੀ ਐ ਤਾਂ ਲੈ ਜਾ, ਬਥੇਰੀਆਂ ਪਈਆਂ ਨੇ। ਨਹੀਂ ਫੇਰ ਤੇਰੀ ਮਰਜ਼ੀ।”
ਚੂਹਾ ਹੋਰ ਕੀ ਕਰਦਾ? ਇੱਕ ਲੱਕੜ ਚੁੱਕ ਕੇ ਤੁਰ ਪਿਆ।
ਜਾਂਦੇ-ਜਾਂਦੇ ਦੇਖਿਆ, ਇੱਕ ਬੁੱਢੀ ਆਪਣੇ ਸਿਰ ਦੇ ਵਾਲ ਪੁਟ-ਪੁਟ ਕੇ ਚੁਲ੍ਹੇ ਵਿਚ ਬਾਲਦੀ ਤੇ ਰੋਟੀ ਪਕਾ ਰਹੀ। ਚੂਹੇ ਨੇ ਕਿਹਾ, “ਓ ਕਮਲੀ ਮਾਂ, ਤੂੰ ਕਿਉਂ ਕੇਸ ਪੁੱਟੀ ਜਾਨੀ ਐਂ? ਲੈ ਇਹ ਲੱਕੜ ਦਿੰਨਾ ਤੈਨੂੰ। ਚੁਲ੍ਹੇ ਵਿਚ ਡਾਹ ਤੇ ਆਰਾਮ ਨਾਲ ਰੋਟੀਆਂ ਪਕਾ।” ਖੁਸ਼ ਹੋ ਕੇ ਬੁੱਢੀ ਨੇ ਲੱਕੜ ਚੁੱਲ੍ਹੇ ਵਿਚ ਦੇ ਦਿੱਤੀ ਤੇ ਰੋਟੀਆਂ ਪਕਾਈਆਂ। ਲੱਕੜ ਜਲ ਗਈ। ਚੂਹਾ ਬੋਲਿਆ, “ਮਾਂ ਹੁਣ ਰੋਟੀਆਂ ਪੱਕ ਗਈਆਂ, ਮੇਰੀ ਲੱਕੜ ਮੈਨੂੰ ਵਾਪਸ ਦੇਹ।” ਬੁੱਢੀ ਨੇ ਕਿਹਾ, “ਲੱਕੜ ਤਾਂ ਤੇਰੀ ਜਲ ਗਈ, ਉਸੇ ਨਾਲ ਤਾਂ ਰੋਟੀਆਂ ਪਕਾਈਆਂ ਨੇ! ਹੁਣ ਤਾਂ ਰਾਖ ਬਾਕੀ ਹੈ, ਰਾਖ ਲੈ ਜਾ।” ਚੂਹੇ ਨੇ ਜ਼ਿੱਦ ਕੀਤੀ, “ਨਾ ਨਾ, ਮੈਨੂੰ ਤਾਂ ਲੱਕੜ ਚਾਹੀਦੀ ਐ। ਲੱਕੜ ਦੇਹ ਮੇਰੀ।”
ਮਾਈ ਨੇ ਕਿਹਾ, “ਲੱਕੜ ਲੁੱਕੜ ਤਾਂ ਨਹੀਂ ਰਹੀ ਹੁਣ, ਲਿਜਾਣੀ ਐ ਇੱਕ ਰੋਟੀ ਬੇਸ਼ੱਕ ਲੈ ਜਾਹ।” ਚੂਹੇ ਨੇ ਮੋਟੀ ਜਿਹੀ ਰੋਟੀ ਚੁੱਕ ਲਈ ਤੇ ਬੁੱਢੀ ਨੂੰ ਰਾਮ-ਰਾਮ ਕਹਿ ਕੇ ਤੁਰ ਪਿਆ।
ਜਾਂਦੇ-ਜਾਂਦੇ ਰਸਤੇ ਵਿਚ ਘੁਮਿਆਰ ਦੇਖਿਆ, ਵਿਚਾਰਾ ਮਿੱਟੀ ਖਾ ਰਿਹਾ ਸੀ। ਮਿੱਟੀ ਦੀ ਰੋਟੀ, ਮਿੱਟੀ ਦੀ ਚਟਣੀ।
ਚੂਹੇ ਨੇ ਕਿਹਾ, “ਘੁਮਿਆਰ ਭਾਈ, ਘੁਮਿਆਰ ਭਾਈ! ਮਿੱਟੀ ਕਿਉਂ ਖਾ ਰਿਹੈਂ?”
ਘੁਮਿਆਰ ਨੇ ਕਿਹਾ, “ਭੁੱਖ ਲੱਗੀ ਹੈ, ਹੋਰ ਕੀ ਕਰਾਂ? ਰੋਟੀ ਹੈ ਨਹੀਂ।”
ਚੂਹੇ ਨੇ ਕਿਹਾ, “ਆਹ ਦੇਖ ਮੇਰੇ ਕੋਲ ਹੈਗੀ ਰੋਟੀ। ਲੈ ਖਾ ਲੈ।”
ਘੁਮਿਆਰ ਬੜਾ ਖੁਸ਼ ਹੋਇਆ। ਵੱਡੀਆਂ-ਵੱਡੀਆਂ ਬੁਰਕੀਆਂ ਤੋੜ-ਤੋੜ ਸਾਰੀ ਰੋਟੀ ਚਟਮ ਕਰ ਗਿਆ, ਫਿਰ ਕੁਰਲੀ ਕੀਤੀ।
ਚੂਹਾ ਬੋਲਿਆ, “ਘੁਮਿਆਰ ਭਾਈ ਤੇਰੀ ਭੁੱਖ ਮਿਟ ਗਈ, ਪਰ ਮੈਨੂੰ ਭੁੱਖ ਲੱਗੀ ਹੈ। ਮੈਂ ਵੀ ਖਾਣੀ ਐ ਰੋਟੀ। ਮੈਨੂੰ ਮੇਰੀ ਰੋਟੀ ਮੋੜ ਦੇ।”
ਘੁਮਿਆਰ ਨੇ ਕਿਹਾ, “ਵਾਹ ਬਈ ਵਾਹ, ਰੋਟੀ ਤਾਂ ਗਈ ਪੇਟ ਵਿਚ, ਹੋ ਗਈ ਹਜਮ, ਹੁਣ ਕਿੱਥੇ ਰੋਟੀ?” ਪਰ ਚੂਹਾ ਜ਼ਿੱਦੀ ਸੀ ਬੜਾ, ਕਹਿਣ ਲੱਗਾ, “ਜੋ ਮਰਜ਼ੀ ਹੋਵੇ, ਰੋਟੀ ਤਾਂ ਮੈਂ ਵਾਪਸ ਲੈਣੀ ਹੀ ਲੈਣੀ ਹੈ।”
ਘੁਮਿਆਰ ਨੇ ਬੇਵਸੀ ਪ੍ਰਗਟ ਕਰਦਿਆਂ ਨਿਮਰਤਾ ਨਾਲ ਕਿਹਾ, “ਦੇਖ ਰੋਟੀ ਰੂਟੀ ਤਾਂ ਤੈਨੂੰ ਹੁਣ ਮਿਲਣੀ ਨ੍ਹੀਂ, ਹਾਂ ਇਉਂ ਕਰ, ਆਹ ਤੌਲਾ ਪਿਆ ਹੈ ਇੱਕ। ਇਹ ਲੈ ਜਾ।” ਚੂਹੇ ਨੇ ਟੁਣਕਾ-ਟੁਣਕਾ ਕੇ ਤੌਲਾ ਦੇਖਿਆ, ਲੱਗਾ ਕਿ ਪੱਕਾ ਹੈ, ਲੈ ਗਿਆ।
ਜਾਂਦੇ-ਜਾਂਦੇ ਪਿੰਡ ਦੀ ਗਰੀਬ ਔਰਤ ਦੇਖੀ ਜਿਸ ਕੋਲ ਬਸ ਇੱਕ ਉੱਖਲੀ ਸੀ। ਉੱਖਲੀ ਵਿਚ ਦੁਧ ਜਮਾਉਂਦੀ, ਉੱਖਲੀ ਵਿਚ ਦਹੀਂ ਰਿੜਕਦੀ।
ਚੂਹੇ ਨੇ ਕਿਹਾ, “ਕਮਲੀ ਮਾਂ, ਇਹ ਕੀ ਕਰ ਰਹੀ ਹੈ? ਤੂੰ ਸਾਰੇ ਕੰਮ ਉੱਖਲੀ ਵਿਚ ਕਿਉਂ ਕਰਦੀ ਹੈਂ? ਆਹ ਦੇਖ ਮੇਰੇ ਕੋਲ ਤੌਲਾ। ਇਸ ਵਿਚ ਦੁੱਧ ਜਮਾ ਤੇ ਰਿੜਕ।”
ਮਾਈ ਨੇ ਤੌਲੇ ਵਿਚ ਦਹੀਂ ਰਿੜਕਣੀ ਸ਼ੁਰੂ ਕੀਤੀ, ਚਰੜ ਮਰੜ, ਚਰੜ ਮਰੜ! ਚੂਹੇ ਨੂੰ ਕੀ ਪਤਾ ਸੀ, ਤੌਲਾ ਕੱਚਾ ਸੀ। ਫੁੱਟ ਗਿਆ। ਬੁੱਢੀ ਦੁਖੀ ਹੋਈ ਕਿ ਨੁਕਸਾਨ ਹੋ ਗਿਆ ਪਰ ਚੂਹਾ ਬੋਲਿਆ, “ਮਾਈ ਮਾਈ, ਮੇਰਾ ਤੌਲਾ ਹੁਣ ਮੈਨੂੰ ਵਾਪਸ ਕਰ, ਮੈਂ ਜਾਣਾ ਹੈ ਅੱਗੇ।”
ਬੁੱਢੀ ਨੇ ਖਿਝ ਕੇ ਕਿਹਾ, “ਤੈਨੂੰ ਦਿਸਦਾ ਨ੍ਹੀਂ ਤੌਲਾ ਫੁੱਟ ਗਿਐ? ਮੈਂ ਤੈਨੂੰ ਕਿਥੋਂ ਦੇਵਾਂ ਹੁਣ ਤੌਲਾ?”
ਚੂਹਾ ਲੱਗਾ ਜ਼ਿੱਦ ਕਰਨ। ਅੱਕ ਕੇ ਮਾਈ ਨੇ ਕਿਹਾ, “ਤੌਲਾ ਤਾਂ ਹੁਣ ਜੁੜਨਾ ਨ੍ਹੀਂ ਮੁੜ ਕੇ। ਹਾਂ ਮੇਰੇ ਵਾੜੇ ਵਿਚ ਗੁਹਾਰਾ ਹੈ, ਉਥੋਂ ਪਾਥੀ ਲੈ ਜਾਹ ਜੇ ਲਿਜਾਣੀ ਐ, ਨਹੀਂ ਚੁੱਪ ਕਰਕੇ ਦਫਾ ਹੋ।” ਚੂਹੇ ਨੇ ਵੱਡੀ ਸਾਰੀ ਪਾਥੀ ਛਾਂਟੀ, ਮਾਈ ਨੂੰ ਰਾਮ-ਰਾਮ ਕਹਿ ਕੇ ਅੱਗੇ ਤੁਰ ਪਿਆ।
ਚਲੋ-ਚਾਲ ਚਲੋ-ਚਾਲ ਤੁਰਿਆ ਜਾ ਰਿਹਾ ਸੀ, ਰਸਤੇ ਵਿਚ ਮੋਚੀ ਦੇਖਿਆ, ਜੋ ਚੂਹਿਆਂ ਦੀਆਂ ਪੂਛਾਂ ਦਾ ਝੋਲਾ ਭਰੀ ਬਾਜ਼ਾਰ ਵਿਚ ਵੇਚਣ ਜਾ ਰਿਹਾ ਸੀ। ਚੂਹੇ ਨੇ ਕਿਹਾ, “ਖਟੀਕ ਭਾਈ ਖਟੀਕ ਭਾਈ! ਕਿੱਥੇ ਜਾ ਰਿਹੈਂ?” ਮੋਚੀ ਨੇ ਕਿਹਾ, “ਇਹ ਚੂਹਿਆਂ ਦੀਆਂ ਪੂਛਾਂ ਦਾ ਝੋਲਾ ਬਾਜ਼ਾਰ ਵਿਚ ਵੇਚਣ ਚੱਲਿਆਂ।”
ਚੂਹੇ ਨੇ ਫਿਰ ਸਵਾਲ ਕੀਤਾ, “ਇਹ ਦੱਸ ਕਿੰਨਾ ਮੁੱਲ ਹੈ ਸਾਰੀਆਂ ਪੂਛਾਂ ਦਾ?” ਮੋਚੀ ਨੇ ਕਿਹਾ, “ਤੈਥੋਂ ਕੋਈ ਵੱਧ ਥੋੜ੍ਹਾ ਲੈਣੇ ਨੇ ਪੈਸੇ। ਬਸ, ਇੱਕ ਰੁਪਿਆ।” ਚੂਹੇ ਨੇ ਕਿਹਾ, “ਰੁਪਿਆ ਤਾਂ ਹੈ ਨ੍ਹੀਂ ਮੇਰੇ ਕੋਲ, ਆਹ ਦੇਖ ਕਿੱਡੀ ਵੱਡੀ ਪਾਥੀ। ਪਾਥੀ ਲੈ ਲੈ, ਪੂਛਾਂ ਮੈਨੂੰ ਦੇ ਦੇ। ਦੱਸ, ਮਨਜ਼ੂਰ ਹੈ ਸੌਦਾ?”
ਮੋਚੀ ਨੂੰ ਸੌਦਾ ਠੀਕ ਲੱਗਾ, ਉਸ ਨੇ ਹੋਰ ਕੀ ਕਹਿਣਾ ਸੀ, ਹਾਂ ਕਰ ਦਿੱਤੀ। ਚੂਹੇ ਨੇ ਪਾਥੀ ਦਿੱਤੀ ਅਤੇ ਪੂਛਾਂ ਦਾ ਥੈਲਾ ਸੰਭਾਲ ਲਿਆ। ਮੋਚੀ ਨੂੰ ਕਿਹਾ ਰਾਮ-ਰਾਮ, ਤੇ ਆ ਗਿਆ ਆਪਣੀ ਬਸਤੀ ਵੱਲ। ਮਿਸਤਰੀ ਦਾ ਘਰ ਬਾਹਰਲੇ ਪਾਸੇ ਹੋਣ ਕਰ ਕੇ ਪਹਿਲਾਂ ਉਥੇ ਹੀ ਗਿਆ। ਥੈਲਾ ਮਿਸਤਰੀ ਸਾਹਮਣੇ ਰੱਖ ਕੇ ਕਹਿੰਦਾ, “ਲੈ ਹੁਣ ਆਹ ਫੜ ਪੂਛਾਂ ਹੀ ਪੂਛਾਂ। ਵਧੀਆ ਜਿਹੀ ਛਾਂਟ ਕੇ ਮੇਰੇ ਨਾਲ ਜੋੜ ਦੇ। ਨਾ ਬਹੁਤ ਲੰਮੀ ਹੋਵੇ, ਨਾ ਬਹੁਤੀ ਛੋਟੀ।”
ਮਿਸਤਰੀ ਨੇ ਸਾਰੇ ਢੇਰ ‘ਤੇ ਨਿਗ੍ਹਾ ਮਾਰੀ, ਦਰਮਿਆਨੀ ਜਿਹੀ ਤੰਦਰੁਸਤ ਪੂਛ ਛਾਂਟੀ ਅਤੇ ਚੂਹੇ ਦੀ ਕਟੀ ਪੂਛ ਨਾਲ ਲਾ ਕੇ ਜੋੜ ਦਿੱਤੀ। ਪੂਛ ਜੁੜਵਾ ਕੇ ਚੂਹੇ ਨੇ ਕਿਹਾ, “ਭਾਈ ਮਿਸਤਰੀ, ਬਚੀਆਂ ਹੋਈਆਂ ਪੂਛਾਂ ਹੁਣ ਸੰਭਾਲ ਕੇ ਰੱਖੀਂ। ਕਿਤੇ ਕੂੜੇ ਕਚਰੇ ਉਤੇ ਸੁੱਟ ਦਿੱਤੀਆਂ, ਕਾਂ ਲੈ ਜਾਣਗੇ। ਚੂਹੇ ਤੇਰੇ ਕੋਲ ਆਇਆ ਕਰਨਗੇ, ਮੇਚੇ ਅਨੁਸਾਰ ਉਨ੍ਹਾਂ ਦੇ ਪੂਛਾਂ ਜੜ ਦਿਆ ਕਰੀਂ। ਹੋਰ ਤੈਨੂੰ ਕੀ ਸਮਝਾਵਾਂ, ਤੂੰ ਆਪ ਬਥੇਰਾ ਸਿਆਣੈਂ।” ਮਿਸਤਰੀ ਨੂੰ ਰਾਮ-ਰਾਮ ਕਰ ਕੇ ਫਿਰ ਉਹ ਆਪਣੀ ਖੁੱਡ ਵੱਲ ਨੂੰ ਤੁਰ ਪਿਆ।
ਦੂਜੇ ਦਿਨ ਸਾਥੀਆਂ ਨਾਲ ਕਬੱਡੀ ਖੇਡਣ ਮੈਦਾਨ ਵਿਚ ਗਿਆ, ਨਵੀਂ ਪੂਛ ਦਿਖਾਈ ਜੋ ਇਕਦਮ ਸਹੀ ਤੇ ਫਿਟ ਸੀ। ਨਾ ਵਧ ਲੰਮੀ, ਨਾ ਵੱਧ ਛੋਟੀ। ਫੇਰ ਉਹ ਕਦੀ ਬਾਜ਼ੀ ਨਹੀਂ ਹਾਰਿਆ। ਹਰ ਟੀਮ ਉਸ ਨੂੰ ਆਪਣੇ ਵਲ ਕਰਨ ਵਾਸਤੇ ਮਨਾਉਣ ਲੱਗਦੀ। ਉਸ ਨੇ ਸਾਥੀਆਂ ਨੂੰ ਖਬਰ ਵੀ ਦੱਸ ਦਿੱਤੀ ਕਿ ਕਿਸੇ ਚੂਹੇ ਨੂੰ ਪੂਛ ਕਾਰਨ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ ਤਾਂ ਮਿਸਤਰੀ ਕੋਲ ਜਾ ਕੇ ਮੇਰਾ ਨਾਮ ਲੈ ਦਇਉ। ਤੁਹਾਡੇ ਮੇਚ ਦੀ ਪੂਛ ਮਿੰਟ ਵਿਚ ਫਿੱਟ ਕਰ ਦਏਗਾ।…ਰਾਮ ਰਾਮ!
(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)