A Retrieved Reformation (Story in Punjabi) : O Henry

ਚੋਰ (ਕਹਾਣੀ) : ਓ ਹੈਨਰੀ

ਜੇਲ੍ਹ ਅੰਦਰ ਜੁੱਤੀਆਂ ਬਣਾਉਣ ਵਾਲੇ ਕਾਰਖਾਨੇ ਵਿਚ ਜਿਥੇ ਜਿਮੀ ਬੜੀ ਮਿਹਨਤ ਨਾਲ ਜੁੱਤੀਆਂ ਦੀ ਸਿਲਾਈ ਕਰ ਰਿਹਾ ਸੀ, ਇਕ ਸੰਤਰੀ ਆਇਆ ਅਤੇ ਉਸ ਨੂੰ ਦਫ਼ਤਰ ਲੈ ਗਿਆ। ਉਥੇ ਜੇਲ੍ਹ ਦੇ ਵਾਰਡਨ ਨੇ ਜਿਮੀ ਦੇ ਹੱਥਾਂ ਵਿਚ ਮਾਫੀਨਾਮਾ ਪਕੜਾ ਦਿੱਤਾ, ਜਿਸ ਉਤੇ ਉਸੇ ਦਿਨ ਗਵਰਨਰ ਨੇ ਦਸਤਖਤ ਕੀਤੇ ਸਨ। ਬਿਨਾਂ ਕੁਝ ਉਤਸ਼ਾਹ ਦਿਖਾਏ ਜਿਮੀ ਨੇ ਮਾਫੀਨਾਮਾ ਆਪਣੇ ਹੱਥ ਵਿਚ ਫੜ ਲਿਆ। ਚਾਰ ਸਾਲ ਦੀ ਸਜ਼ਾ ਵਿਚੋਂ ਉਸ ਨੇ ਲਗਭਗ ਦਸ ਮਹੀਨੇ ਕੱਟ ਲਏ ਸਨ ਅਤੇ ਉਸ ਨੂੰ ਆਸ ਸੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਤਿੰਨ ਮਹੀਨੇ ਜੇਲ੍ਹ ਵਿਚ ਰਹੇਗਾ। ਜਿਮੀ ਵਰਗੇ ਆਦਮੀਆਂ ਨੂੰ ਜੇਲ੍ਹ ਦੀ ਚਾਰ-ਦੀਵਾਰੀ ਵਿਚ ਪਹੁੰਚ ਕੇ ਹਜ਼ਾਮਤ ਆਦਿ ਕਰਾਉਣਾ ਬੇਅਰਥ ਮਲੂਮ ਹੁੰਦਾ ਹੈ, ਇਸ ਲਈ ਉਸ ਦੇ ਵਾਲ ਵਧੇ ਹੋਏ ਸਨ।
'ਦੇਖ ਜਿਮੀ' ਵਾਰਡਨ ਨੇ ਉਸ ਨੂੰ ਆਖਿਆ, 'ਤੈਨੂੰ ਕੱਲ੍ਹ ਸਵੇਰੇ ਛੱਡ ਦਿੱਤਾ ਜਾਵੇਗਾ, ਤਦ ਤੱਕ ਆਪਣਾ ਹੁਲੀਆ ਠੀਕ ਕਰ ਲੈ ਤੇ ਆਦਮੀ ਦੀ ਸ਼ਕਲ ਵਿਚ ਆ ਜਾ। ਤੂੰ ਦਿਲੋਂ ਬੁਰਾ ਨਹੀਂ। ਸੇਫ਼ ਤੋੜਨਾ ਛੱਡ ਦੇਹ ਤੇ ਚੰਗਾ ਆਦਮੀ ਬਣ ਕੇ ਰਹਿ।'
'ਮੈਂ?' ਜਿਮੀ ਨੇ ਹੈਰਾਨੀ ਦਿਖਾਉਂਦਿਆਂ ਹੋਇਆਂ ਆਖਿਆ, 'ਮੈਂ ਆਪਣੇ ਜੀਵਨ ਵਿਚ ਕਦੇ ਸੇਫ਼ ਨਹੀਂ ਤੋੜੀ।'
ਵਾਰਡਨ ਹੱਸਿਆ, 'ਓਹ, ਬਿਲਕੁਲ ਨਹੀਂ, ਬਿਲਕੁਲ ਨਹੀਂ, ਤਾਂ ਫਿਰ ਸਪਰਿੰਗ ਫੀਲਡ ਦੀ ਚੋਰੀ ਦੇ ਮਾਮਲੇ ਵਿਚ ਤੈਨੂੰ ਸਜ਼ਾ ਕਿਉਂ ਹੋਈ? ਕੀ ਇਸ ਲਈ ਕਿ ਉੱਚ ਸਮਾਜ ਦੇ ਕਿਸੇ ਵਿਅਕਤੀ ਨੂੰ ਬਦਨਾਮੀ ਤੋਂ ਬਚਾਉਣ ਲਈ ਤੂੰ ਆਪਣੇ ਆਪ ਨੂੰ ਦੂਜੀ ਜਗ੍ਹਾ 'ਤੇ ਹੋਣ ਦੀ ਦਲੀਲ ਨੂੰ ਸਿੱਧ ਨਹੀਂ ਕਰ ਸਕਿਆ ਜਾਂ ਜੂਰੀ ਦਾ ਕੋਈ ਮੈਂਬਰ ਤੇਰੇ ਨਾਲ ਖਾਰ ਖਾਈ ਬੈਠਾ ਸੀ। ਤੇਰੇ ਜਿਹੇ ਨਿਰਦੋਸ਼ ਆਦਮੀ ਇੰਜ ਹੀ ਫਸਦੇ ਨੇ, ਹੈ ਨਾ?'
ਜਿਮੀ ਨੇ ਉਸੇ ਉਦਾਸੀ ਵਿਚ ਆਖਿਆ, 'ਸਪਰਿੰਗ ਫੀਲਡ? ਉਥੇ ਤਾਂ ਮੈਂ ਆਪਣੇ ਜੀਵਨ ਵਿਚ ਕਦੇ ਗਿਆ ਈ ਨਹੀਂ।'
ਵਾਰਡਨ ਨੇ ਮੁਸਕਰਾ ਕੇ ਕਿਹਾ, 'ਸੰਤਰੀ, ਵਾਪਸ ਲੈ ਜਾ ਇਸ ਨੂੰ, ਤੇ ਦੇਖ, ਇਸ ਨੂੰ ਬਾਹਰ ਜਾਣ ਵਾਲੇ ਕੱਪੜੇ ਪਹਿਨਾ ਦੇ। ਸਵੇਰੇ ਸੱਤ ਵਜੇ ਇਸ ਨੂੰ ਕੋਠੜੀ ਵਿਚੋਂ ਕੱਢ ਕੇ ਦਫਤਰ ਵਿਚ ਹਾਜ਼ਰ ਕਰਨਾ। ਜਿਮੀ, ਜੇਕਰ ਤੂੰ ਮੇਰੀ ਸਲਾਹ ਮੰਨ ਕੇ ਚੱਲੇਂਗਾ ਤਾਂ ਫਾਇਦੇ ਵਿਚ ਰਹੇਂਗਾ।'
ਅਗਲੇ ਦਿਨ ਸਵੇਰੇ ਸੱਤ ਵਜੇ ਜਿਮੀ ਵਾਰਡਨ ਦੇ ਦਫਤਰ ਵਿਚ ਖੜੋਤਾ ਸੀ। ਉਸ ਨੇ ਇਕ ਢਿੱਲਾ ਜਿਹਾ ਭੱਦਾ ਸੂਟ ਪਹਿਨਿਆ ਹੋਇਆ ਸੀ। ਉਸ ਦੇ ਪੈਰਾਂ ਵਿਚ ਸਖਤ ਚਮੜੇ ਦੇ ਬੂਟ ਸਨ, ਜਿਹੜੇ ਸਰਕਾਰ ਆਪਣੇ ਜ਼ਬਰਦਸਤੀ ਦੇ ਮਹਿਮਾਨਾਂ ਨੂੰ ਉਨ੍ਹਾਂ ਦੇ ਵਿਦਾਇਗੀ ਸਮੇਂ ਦਿੰਦੀ ਹੈ।
ਕਲਰਕ ਨੇ ਜਿਮੀ ਨੂੰ ਰੇਲ ਦਾ ਟਿਕਟ ਅਤੇ ਪੰਜ ਡਾਲਰ ਦਾ ਨੋਟ ਦਿੱਤਾ। ਸਰਕਾਰ ਨੂੰ ਆਸ ਸੀ ਕਿ ਉਹ ਇਨ੍ਹਾਂ ਪੰਜਾਂ ਡਾਲਰਾਂ ਦੀ ਸਹਾਇਤਾ ਨਾਲ ਇਕ ਚੰਗੇ ਨਾਗਰਿਕ ਦੇ ਰੂਪ ਵਿਚ ਫਿਰ ਤੋਂ ਆਪਣਾ ਜੀਵਨ ਸ਼ੁਰੂ ਕਰ ਸਕੇਗਾ। ਵਾਰਡਨ ਨੇ ਜਿਮੀ ਨੂੰ ਇਕ ਸਿਗਾਰ ਉਪਹਾਰ ਦੇ ਰੂਪ ਵਿਚ ਦਿੱਤਾ ਤੇ ਉਸ ਨਾਲ ਹੱਥ ਮਿਲਾਇਆ। ਜਿਮੀ ੯੭੬੨ ਦੇ ਨਾਂਅ ਅੱਗੇ ਰਜਿਸਟਰਾਂ ਵਿਚ ਲਿਖ ਦਿੱਤਾ ਗਿਆ,
'ਗਵਰਨਰ ਨੇ ਮੁਆਫ਼ ਕਰ ਦਿੱਤਾ', ਤੇ ਜਿਮੀ ਨੇ ਬਾਹਰ ਸੂਰਜ ਦੇ ਮੁਕਤ ਪ੍ਰਕਾਸ਼ ਵਿਚ ਕਦਮ ਰੱਖੇ।
ਚਿੜੀਆਂ ਦੇ ਮਧੁਰ ਸੰਗੀਤ ਨਾਲ ਧਿਆਨ ਦਿੱਤੇ ਬਿਨਾਂ, ਝੂਲਦੇ ਹੋਏ ਹਰੇ ਬ੍ਰਿਛਾਂ ਨੂੰ ਨਾ ਵੇਖਦੇ ਹੋਏ ਤੇ ਫੁੱਲਾਂ ਦੀ ਸੁਗੰਧ ਨੂੰ ਬਿਨਾਂ ਸੁੰਘੇ, ਜਿਮੀ ਸਿੱਧਾ ਇਕ ਹੋਟਲ ਵਿਚ ਗਿਆ। ਉਥੇ ਉਸ ਨੇ ਤੰਦੂਰੀ ਮੁਰਗੇ ਅਤੇ ਇਕ ਬੋਤਲ ਸਫੈਦ ਸ਼ਰਾਬ ਨਾਲ ਮੁਕਤੀ ਦੇ ਆਨੰਦ ਨੂੰ ਮਾਣਿਆ। ਇਸ ਪਿੱਛੋਂ ਇਕ ਸਿਗਾਰ ਪੀਤਾ, ਵਾਰਡਨ ਵਾਲੇ ਸਿਗਾਰ ਨਾਲੋਂ ਇਕ ਦਰਜਾ ਉੱਚਾ ਸਿਗਾਰ। ਉਥੋਂ ਸਿੱਧਾ ਸਟੇਸ਼ਨ ਵੱਲ ਤੁਰ ਪਿਆ। ਉਸ ਨੇ ਫਾਟਕ ਕੋਲ ਬੈਠੇ ਇਕ ਮੰਗਤੇ ਵੱਲ ਕੁਝ ਸਿੱਕੇ ਸੁੱਟੇ ਤੇ ਰੇਲ ਦੇ ਡੱਬੇ ਵਿਚ ਜਾ ਬੈਠਾ।
ਤਿੰਨ ਘੰਟੇ ਪਿੱਛੋਂ ਰਾਜ ਦੀ ਸਰਹੱਦ ਨਾਲ ਲਗਦੇ ਇਕ ਛੋਟੇ ਜਿਹੇ ਸ਼ਹਿਰ ਵਿਚ ਪਹੁੰਚ ਗਿਆ। ਸਟੇਸ਼ਨ ਤੋਂ ਉਹ ਆਪਣੇ ਮਿੱਤਰ ਮਾਈਕ ਡੋਨਲ ਦੇ ਕੈਫੇ ਵਿਚ ਗਿਆ। ਮਾਈਕ ਬਾਰ ਦੇ ਪਿਛਲੇ ਹਿੱਸੇ ਵਿਚ ਬੈਠਾ ਸੀ। ਜਿਮੀ ਦੇ ਪਹੁੰਚਦਿਆਂ ਹੀ ਉਸ ਨੇ ਇਸ ਨਾਲ ਹੱਥ ਮਿਲਾਇਆ।
'ਜਿਮੀ, ਦੁੱਖ ਹੈ, ਅਸੀਂ ਤੈਨੂੰ ਪਹਿਲਾਂ ਨਾ ਛੁਡਾ ਸਕੇ। ਸਪਰਿੰਗ ਫੀਲਡ ਵਾਲਿਆਂ ਦੇ ਵਿਰੋਧ ਪੱਤਰ ਨਾਲ ਸਾਡੇ ਰਸਤੇ ਵਿਚ ਕਾਫ਼ੀ ਅੜਚਨਾਂ ਆ ਗਈਆਂ ਸਨ ਤੇ ਗਵਰਨਰ ਵੀ ਭੜਕ ਉਠਿਆ ਸੀ। ਤੇਰੀ ਤਬੀਅਤ ਤਾਂ ਠੀਕ ਏ?'
'ਹਾਂ ਠੀਕ ਏ', ਜਿਮੀ ਨੇ ਕਿਹਾ, 'ਮੇਰੀ ਚਾਬੀ?'
ਮਾਈਕ ਕੋਲੋਂ ਚਾਬੀ ਲੈ ਕੇ ਉਹ ਪੌੜੀਆਂ ਚੜ੍ਹ ਗਿਆ। ਪਿਛਲੇ ਹਿੱਸੇ ਵਿਚ ਬਣੇ ਹੋਏ ਆਪਣੇ ਕਮਰੇ ਦਾ ਜੰਦਰਾ ਖੋਲ੍ਹਿਆ, ਉਹ ਅੰਦਰ ਗਿਆ, ਸਭ ਕੁਝ ਉਸੇ ਤਰ੍ਹਾਂ ਹੀ ਮਿਲਿਆ, ਜਿਵੇਂ ਉਹ ਛੱਡ ਕੇ ਗਿਆ ਸੀ। ਬੈਨ ਪ੍ਰਾਈਜ਼ ਦੇ ਕਾਲਰ ਦਾ ਬਟਨ ਅਜੇ ਤੱਕ ਫਰਸ਼ ਉਤੇ ਪਿਆ ਹੋਇਆ ਸੀ। ਜਦ ਉਹ ਪੁਲਿਸ ਜਾਸੂਸ, ਜਿਮੀ ਨੂੰ ਗ੍ਰਿਫ਼ਤਾਰ ਕਰਨ ਲਈ ਆਇਆ ਸੀ, ਤਾਂ ਇਹ ਬਟਨ ਹੱਥੋ ਪਾਈ ਸਮੇਂ ਟੁੱਟ ਗਿਆ ਸੀ।
ਪਲੰਘ ਨੂੰ ਕੰਧ ਨਾਲੋਂ ਖਿੱਚ ਕੇ ਜਿਮੀ ਨੇ ਸਿੱਧਾ ਕੀਤਾ, ਫਿਰ ਇਕ ਸੂਟਕੇਸ ਬਾਹਰ ਕੱਢਿਆ, ਜਿਸ ਉੱਪਰ ਧੂੜ ਜੰਮੀ ਹੋਈ ਸੀ, ਸੂਟਕੇਸ ਨੂੰ ਖੋਲ੍ਹ ਕੇ ਉਸ ਵਿਚ ਰੱਖੇ ਹੋਏ ਔਜ਼ਾਰਾਂ ਨੂੰ ਪ੍ਰਸੰਨਤਾ-ਪੂਰਵਕ ਵੇਖਣ ਲੱਗਾ। ਇਹ ਪੂਰਬੀ ਅਮਰੀਕਾ ਵਿਚ ਸੇਫ਼ ਤੋੜਨ ਅਤੇ ਸੰਨ੍ਹ ਲਗਾਉਣ ਵਾਲੇ ਸਭ ਤੋਂ ਵਧੀਆ ਔਜ਼ਾਰ ਸਨ। ਵਿਸ਼ੇਸ਼ ਪ੍ਰਕਾਰ ਦੇ ਫੌਲਾਦੀ ਲੋਹੇ ਦੇ ਬਣਾਏ ਗਏ ਔਜ਼ਾਰਾਂ ਦਾ ਪੂਰਾ ਸੈੱਟ, ਜਿਸ ਵਿਚ ਜਿਮੀ ਦੁਆਰਾ ਬਣਾਏ ਗਏ ਅਜੀਬ ਕਿਸਮ ਦੇ ਔਜ਼ਾਰ ਵੀ ਸਨ, ਜਿਨ੍ਹਾਂ ਉਤੇ ਉਸ ਨੂੰ ਬੜਾ ਮਾਣ ਸੀ। ਇਨ੍ਹਾਂ ਨੂੰ ਸ਼ਹਿਰ ਵਿਚ ਗੁਪਤ ਰੂਪ ਨਾਲ ਬਣਾਉਣ ਲਈ ਉਸ ਨੂੰ ਨੌਂ ਸੌ ਡਾਲਰ ਤੋਂ ਵੀ ਵੱਧ ਦੇਣੇ ਪਏ ਸਨ।
ਅੱਧੇ ਘੰਟੇ ਪਿੱਛੋਂ ਜਿੰਮੀ ਥੱਲੇ ਉਤਰਿਆ ਅਤੇ ਕੈਫੇ ਵਿਚੋਂ ਹੋ ਕੇ ਬਾਹਰ ਨਿਕਲ ਆਇਆ। ਹੁਣ ਉਸ ਨੇ ਬਹੁਤ ਵਧੀਆ ਕੱਪੜੇ ਪਹਿਨੇ ਹੋਏ ਸਨ। ਉਹੀ ਸੂਟਕੇਸ ਉਸ ਦੇ ਹੱਥ ਵਿਚ ਸੀ।
'ਕਿਸੇ ਸ਼ਿਕਾਰ ਦੀ ਭਾਲ ਵਿਚ...?' ਮਾਈਕ ਨੇ ਮਿੱਤਰ ਭਾਵ ਨਾਲ ਪੁੱਛਿਆ।
'ਮੈਂ?' ਜਿਮੀ ਨੇ ਜਿਵੇਂ ਉਸ ਦੀ ਗੱਲ ਨਾ ਸਮਝਦਿਆਂ ਹੋਇਆਂ ਕਿਹਾ, 'ਮੈਂ ਕੁਝ ਸਮਝਿਆ ਨਹੀਂ। ਮੈਂ ਤਾਂ ਨਿਊਯਾਰਕ ਅਮੂਲਗੇਟਿਡ ਸ਼ਾਰਟ ਸਨੈਪ ਬਿਸਕੁਟ ਕ੍ਰੈਕਰ ਐਂਡ ਫ੍ਰੈਜ਼ਲਡ ਵਹੀਟ ਕੰਪਨੀ ਦਾ ਏਜੰਟ ਹਾਂ।'
ਇਹ ਸੁਣ ਕੇ ਮਾਈਕ ਨੂੰ ਏਨੀ ਖੁਸ਼ੀ ਹੋਈ ਕਿ ਜਿਮੀ ਨੂੰ ਉਥੇ ਬੈਠ ਕੇ ਸੋਡਾ ਅਤੇ ਦੁੱਧ ਪੀਣਾ ਪਿਆ।
ਜਿਮੀ ੯੭੬੨ ਦੀ ਰਿਹਾਈ ਦੇ ਇਕ ਹਫ਼ਤੇ ਪਿਛੋਂ ਰਿਕਮਾਂਡ ਇੰਡੀਆਨਾ ਵਿਚ ਬਹੁਤ ਸਫਾਈ ਨਾਲ ਤਿਜੌਰੀ ਟੁੱਟਣ ਦੀ ਘਟਨਾ ਹੋਈ। ਇਹ ਕਿਸੇ ਉਸਤਾਦ ਦਾ ਕੰਮ ਸੀ, ਜਿਸ ਨੂੰ ਫੜਨ ਲਈ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਉਥੋਂ ਕੇਵਲ ਅੱਠ ਸੌ ਡਾਲਰ ਗਾਇਬ ਸਨ। ਦੋ ਹਫ਼ਤਿਆਂ ਪਿਛੋਂ ਲੋਗਨਸਪੋਰਟ ਵਿਚ ਇਕ ਪੇਟੈਂਟ, ਚੋਰਾਂ ਕੋਲੋਂ ਨਾ ਟੁੱਟਣ ਵਾਲੀ ਨਵੀਂ ਕਿਸਮ ਦੀ ਮਜ਼ਬੂਤ ਸੇਫ਼ ਬਿਨਾਂ ਕੋਈ ਰੁਕਾਵਟ ਦੇ ਖਾਲੀ ਹੋ ਗਈ। ਪੰਦਰਾਂ ਸੌ ਡਾਲਰ ਗਏ, ਸਾਰੀ ਨਕਦੀ। ਸਕਿਉਰਿਟੀ ਬਾਂਡਾਂ ਅਤੇ ਚਾਂਦੀ ਨੂੰ ਹੱਥ ਨਹੀਂ ਲਗਾਇਆ ਗਿਆ। ਇਸ ਦੂਜੀ ਘਟਨਾ ਨਾਲ ਪੁਲਿਸ ਦੇ ਕੰਨ ਖੜ੍ਹੇ ਹੋ ਗਏ। ਫਿਰ ਥੋੜ੍ਹੇ ਦਿਨਾਂ ਪਿੱਛੋਂ ਜੈਫਰਸਨ ਸਿਟੀ ਵਿਚ ਪੁਰਾਣੀ ਕਿਸਮ ਦੀ ਇਕ ਬੈਂਕ ਸੇਫ਼ 'ਤੇ ਪੰਜ ਹਜ਼ਾਰ ਡਾਲਰ ਗਾਇਬ ਹੋ ਗਏ। ਹੁਣ ਤਾਂ ਗੱਲ ਬਹੁਤ ਵਧ ਗਈ ਸੀ ਅਤੇ ਬ੍ਰੈਨ ਪ੍ਰਾਈਜ਼ ਵਰਗੇ ਪ੍ਰਸਿੱਧ ਜਾਸੂਸਾਂ ਨੂੰ ਇਸ ਮਾਮਲੇ ਵਿਚ ਦਖਲ ਦੇਣਾ ਪਿਆ ਸੀ। ਜਾਂਚ ਕਰਨ ਪਿਛੋਂ ਚੋਰੀ ਦਾ ਢੰਗ ਸਭ ਜਗ੍ਹਾ ਇਕੋ ਜਿਹਾ ਹੀ ਪਾਇਆ ਗਿਆ। ਬ੍ਰੈਨ ਪ੍ਰਾਈਜ਼ ਨੇ ਸਾਰੀਆਂ ਘਟਨਾ ਵਾਲੀਆਂ ਥਾਵਾਂ ਦਾ ਦੌਰਾ ਕੀਤਾ ਅਤੇ ਜਾਂਚ ਕੀਤੀ। ਲੋਕਾਂ ਨੇ ਇਸ ਨੂੰ ਕਹਿੰਦਿਆਂ ਹੋਇਆਂ ਸੁਣਿਆ, 'ਇਹ ਤਾਂ ਜਿਮੀ ਦਾ ਹੀ ਕੰਮ ਏ। ਇਹ ਇੰਜ ਸਪੱਸ਼ਟ ਸੀ, ਜਿਵੇਂ ਉਸ ਨੇ ਹਰ ਥਾਂ 'ਤੇ ਆਪਣੇ ਹਸਤਾਖਰ ਕਰ ਦਿੱਤੇ ਹੋਣ। ਉਸ ਨੇ ਆਪਣਾ ਕੰਮ ਹੁਣ ਫਿਰ ਚਾਲੂ ਕਰ ਦਿੱਤਾ ਹੈ। ਅੱਖਰਾਂ ਨੂੰ ਜੋੜ ਕੇ ਜੰਦਰੇ ਖੋਲ੍ਹਣਾ ਅਤੇ ਮਜ਼ਬੂਤ ਜੰਦਰਿਆਂ ਨੂੰ ਸਫਾਈ ਨਾਲ ਤੋੜਨਾ, ਜਿਮੀ ਦਾ ਹੀ ਕੰਮ ਹੈ। ਇਹ ਉਨ੍ਹਾਂ ਔਜ਼ਾਰਾਂ ਦਾ ਕੰਮ ਹੈ, ਜਿਹੜੇ ਕੇਵਲ ਜਿਮੀ ਦੇ ਕੋਲ ਹਨ। ਮੇਰਾ ਵਿਚਾਰ ਏ ਜਿਮੀ ਨੂੰ ਫੜਨਾ ਜ਼ਰੂਰੀ ਏ। ਇਸ ਵਾਰ ਉਸ ਨੂੰ ਪੂਰੀ ਸਜ਼ਾ ਭੁਗਤਣੀ ਪਵੇਗੀ। ਇਸ ਵਾਰ ਉਸ ਨੂੰ ਮਾਫ਼ੀ ਨਹੀਂ ਮਿਲੇਗੀ।'
ਅਚਾਨਕ ਔਰਤਾਂ ਦਾ ਉੱਚੀ-ਉੱਚੀ ਸ਼ੋਰ ਹੋਇਆ । ਸਾਰਿਆਂ ਤੋਂ ਨਿਗਾਹ ਬਚਾ ਕੇ 9 ਸਾਲਾਂ ਦੀ 'ਮੇ' ਨੇ 'ਅਗਾਥਾ' ਨੂੰ ਤਹਿਖਾਨੇ ਵਿਚ ਬੰਦ ਕਰ ਦਿੱਤਾ । ਦਰਵਾਜ਼ਾ ਬੰਦ ਕਰਕੇ ਚਿਟਕਣੀ ਲਗਾ ਦਿੱਤੀ, ਜਿਵੇਂ ਆਪਣੇ ਨਾਨਾ ਨੂੰ ਕਰਦਿਆਂ ਵੇਖਿਆਸੀ । ਮਿਸਟਰ ਅਦਮਸ ਨੇ ਜਲਦੀ ਨਾਲ ਦਰਵਾਜ਼ੇ ਦੇ ਹੈਂਡਲ ਨੂੰ ਇਧਰ-ਉਧਰ ਘੁਮਾਇਆ । ਕੁਝ ਦੇਰ ਪਿੱਛੋਂ ਦੁਖੀ ਆਵਾਜ਼ ਵਿਚ ਬੋਲੇ, 'ਦਰਵਾਜ਼ਾ ਨਹੀਂ ਖੁੱਲ੍ਹ ਸਕਦਾ । ਘੜੀ ਵਿਚ ਚਾਬੀ ਨਹੀਂ ਭਰੀ ਗਈ ਤੇ ਖੁੱਲ੍ਹਣ ਦਾ ਸਮਾਂ ਵੀ ਨਿਸਚਿਤ ਨਹੀਂ ਕੀਤਾ ਗਿਆ ।'
ਅਗਾਥਾ ਦੀ ਮਾਂਨੇ ਸੁਣਕੇ ਚੀਕ ਮਾਰੀ ।
'ਚੁੱਪ ।'
ਮਿਸਟਰ ਅਦਮਸ ਨੇ ਆਪਣੇ ਕੰਬਦੇ ਹੱਥ ਉੱਪਰ ਕਰਕੇ ਆਖਿਆ । ਸਾਰੇ ਥੋੜ੍ਹੀ ਦੇਰ ਚੁੱਪ ਰਹੇ । ਫਿਰ ਉਨ੍ਹਾਂ ਪੂਰਾ ਜ਼ੋਰ ਲਗਾ ਕੇ ਅਗਾਥਾ ਨੂੰ ਬੁਲਾਇਆ,
'ਅਗਾਥਾ, ਮੇਰੀ ਆਵਾਜ਼ ਸੁਣਾਈ ਦੇਂਦੀ ਏ?'
ਤਹਿਖਾਨੇ ਦੇ ਅੰਦਰ ਅਗਾਥਾ ਦੀਆਂ ਚੀਕਾਂ ਅਤੇ ਹੱਥ-ਪੈਰ ਮਾਰਨ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ । ਉਹ ਤਹਿਖਾਨੇ ਦੇ ਅੰਧਕਾਰ ਤੋਂ ਘਬਰਾ ਗਈ ਸੀ ।
'ਮੇਰੀ ਪਿਆਰੀ ਬੱਚੀ', ਅਗਾਥਾ ਦੀ ਮਾਂ ਰੋਂਦੀ ਹੋਈ ਬੋਲੀ,
'ਉਹ ਤਾਂ ਡਰ ਨਾਲ ਹੀ ਮਰ ਜਾਵੇਗੀ । ਦਰਵਾਜ਼ਾ ਖੋਲ੍ਹੋ । ਕੀ ਦਰਵਾਜ਼ਾ ਨਹੀਂ ਤੋੜ ਸਕਦੇ? ਕੀ ਏਨੇ ਆਦਮੀਆਂ ਵਿਚੋਂ ਕੋਈ ਕੁਝ ਨਹੀਂਕਰ ਸਕਦਾ?' 'ਦਰਵਾਜ਼ਾ ਖੋਲ੍ਹਣ ਵਾਲੇ ਕਾਰੀਗਰ 'ਲਿਟਲ ਰਾਕ' ਰਹਿੰਦੇ ਹਨ', ਮਿਸਟਰ ਅਦਮਸ ਨੇ ਕੰਬਦੀ ਆਵਾਜ਼ ਵਿਚ ਆਖਿਆ,
'ਹੇ ਭਗਵਾਨ! ਸਪੈਨਸਰ, ਤੂੰ ਦੱਸ ਹੁਣ ਕੀ ਕੀਤਾ ਜਾਵੇ? ਇਸ ਹਾਲਤ ਵਿਚ ਬੱਚੀ ਦੇਰ ਤੱਕ ਜ਼ਿੰਦਾ ਨਹੀਂ ਰਹਿ ਸਕਦੀ । ਅੰਦਰ ਹਵਾ ਤੱਕ ਨਹੀਂ ਤੇ ਏਨੀ ਦੇਰ ਵਿਚ ਤਾਂ ਉਹ ਡਰ ਨਾਲ ਬੇਹੋਸ਼ ਹੋ ਜਾਵੇਗੀ ।' ਅਗਾਥਾ ਦੀ ਮਾਂ ਬੇਵੱਸ ਹੋ ਕੇ ਤਹਿਖਾਨੇ ਦੇ ਦਰਵਾਜ਼ੇ ਨੂੰ ਦੋਵਾਂ ਹੱਥਾਂ ਨਾਲ ਕੁੱਟਣ ਲੱਗੀ । ਕਿਸੇ ਨੇ ਦਰਵਾਜ਼ੇ ਨੂੰ ਬਾਰੂਦ ਨਾਲ ਉਡਾ ਦੇਣਦਾ ਸੁਝਾਅ ਦਿੱਤਾ । ਅਨਾਬੇਲ ਨੇ ਜਿਮੀ ਵੱਲ ਵੇਖਿਆ । ਉਸ ਦੀਆਂ ਵੱਡੀਆਂ-ਵੱਡੀਆਂਅੱਖਾਂ ਵਿਚ ਦਰਦ ਸੀ । ਪ੍ਰੰਤੂ ਅਜੇ ਉਨ੍ਹਾਂ ਨੂੰ ਨਿਰਾਸ਼ਾ ਨਹੀਂ ਆਈ ਸੀ । ਔਰਤ ਨੂੰ ਆਪਣੇ ਪ੍ਰੇਮ ਦੀ ਸ਼ਕਤੀ ਦੇ ਸਾਹਮਣੇ ਕੋਈ ਕੰਮ ਨਾਮੁਮਕਿਨ ਨਹੀਂ ਲਗਦਾ ।
'ਕੀ ਤੂੰ ਵੀ ਕੁਝ ਨਹੀਂ ਕਰ ਸਕਦਾ, ਰਾਲਫ਼? ਕੁਝ ਤਾਂ ਕਰ ।'
ਸਪੈਨਸਰ ਨੇ ਆਪਣੇ ਹੋਠਾਂ ਉੱਪਰ ਇਕ ਅਜੀਬ ਜਿਹੀ ਮੁਸਕਰਾਹਟ ਲਿਆ ਕੇ ਅਨਾਬੇਲ ਵੱਲ ਪਿਆਰ ਨਾਲ ਤੱਕਿਆ ਤੇ ਆਖਿਆ, 'ਅਨਾ, ਉਹ ਗੁਲਾਬ ਦਾ ਫੁੱਲ, ਜਿਹੜਾ ਤੂੰ ਲਗਾਇਆ ਹੋਇਆ ਏ, ਦੇ ਦੇ ।'
ਉਸ ਦੀ ਗੱਲ ਦਾ ਵਿਸ਼ਵਾਸ ਨਾ ਕਰਦਿਆਂ ਹੋਇਆਂ ਵੀ ਅਨਾ ਨੇ ਆਪਣੇ ਵਾਲਾਂ ਵਿਚ ਲੱਗੇ ਫੁੱਲ ਨੂੰ ਕੱਢ ਕੇ ਉਸ ਨੂੰ ਦੇ ਦਿੱਤਾ । ਜਿਮੀ ਨੇ ਉਸ ਨੂੰ ਆਪਣੀ ਜੇਬ੍ਹ ਵਿਚ ਰੱਖ ਲਿਆ ਅਤੇ ਕੋਟ ਲਾਹ ਕੇ ਸੁੱਟ ਦਿੱਤਾ ਤੇ ਕਮੀਜ਼ ਦੀਆਂ ਬਾਹਾਂ ਉੱਪਰ ਚੜ੍ਹਾ ਲਈਆਂ । ਇਸ ਪਿੱਛੋਂ ਸਪੈਨਸਰ ਮਰ ਗਿਆ ਅਤੇ ਉਸ ਦੀ ਥਾਂ ਜਿਮੀ ਨੇ ਲੈ ਲਈ । 'ਸਭ ਦਰਵਾਜ਼ੇ ਕੋਲੋਂ ਪਰੇ ਹਟ ਜਾਓ', ਉਸ ਨੇ ਉੱਚੀ ਆਵਾਜ਼ ਵਿਚ ਆਖਿਆ । ਜਦ ਸਾਰੇ ਪਿੱਛੇ ਹਟ ਗਏ ਤਾਂ ਉਸ ਨੇ ਆਪਣਾ ਸੂਟਕੇਸ ਮੇਜ਼ ਉੱਪਰ ਰੱਖਿਆ ਤੇ ਖੋਲ੍ਹ ਦਿੱਤਾ । ਇਸ ਪਿਛੋਂ ਉਹ ਦੂਜੇ ਲੋਕਾਂ ਦੀ ਹਾਜ਼ਰੀ ਤੋਂ ਬੇਖਬਰ ਹੋ ਗਿਆ । ਹੌਲੀ-ਹੌਲੀ ਸੀਟੀ ਵਜਾਉਂਦਾ ਹੋਇਆ ਉਹ ਤੇਜ਼ੀ ਨਾਲ ਅਜੀਬ ਜਿਹੇ ਦਿਖਾਈ ਦੇਣਵਾਲੇ ਚਮਕੀਲੇ ਔਜ਼ਾਰ ਤਰਤੀਬਵਾਰ ਮੇਜ਼ ਉਤੇ ਰੱਖਣ ਲੱਗਾ । ਦਸ ਮਿੰਟਾਂ ਅੰਦਰ ਅੰਦਰ ਤੇਜ਼ੀ ਦਾ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਕੇ ਜਿਮੀ ਨੇ ਚਿਟਕਣੀਆਂ ਪਿੱਛੇ ਹਟਾ ਦਿੱਤੀਆਂ ।
ਦਰਵਾਜ਼ਾ ਖੁੱਲ੍ਹ ਗਿਆ । ਬੇਹੋਸ਼ ਅਗਾਥਾ ਬਿਲਕੁਲ ਠੀਕ ਸੀ । ਉਸ ਦੀ ਮਾਂ ਨੇ ਉਸ ਨੂੰ ਆਪਣੀਆਂ ਬਾਹਾਂ ਵਿਚ ਚੁੱਕ ਲਿਆ । ਜਿਮੀ ਨੇ ਆਪਣਾ ਕੋਟ ਪਹਿਨ ਲਿਆ ਤੇ ਕਾਉਂਟਰ ਕੋਲੋਂ ਦੀ ਹੁੰਦਾ ਹੋਇਆ ਬਾਹਰ ਵੱਲ ਤੁਰ ਗਿਆ । ਜਾਂਦਿਆਂ-ਜਾਂਦਿਆਂ ਉਸ ਨੂੰ ਇੰਜ ਲੱਗਿਆ ਜਿਵੇਂ ਕੋਈ ਜਾਣੀ-ਪਛਾਣੀ ਆਵਾਜ਼ ਨੇ ਪਿੱਛੋਂ ਬੁਲਾਇਆ ਹੋਵੇ,
'ਰਾਲਫ਼, ਪਰ ਉਹ ਰੁਕਿਆ ਨਹੀਂ ।' ਦਰਵਾਜ਼ੇ ਵਿਚ ਇਕ ਮੋਟਾ ਜਿਹਾ ਆਦਮੀ ਉਸ ਦਾ ਰਾਹ ਰੋਕੀ ਖੜੋਤਾ ਸੀ ।
'ਹੈਲੋ ਬੈਨ', ਜਿਮੀ ਨੇ ਆਖਿਆ, ਉਸ ਦੇ ਚਿਹਰੇ ਤੋਂ ਅਜੀਬ ਜਿਹੀ ਮੁਸਕਰਾਹਟ ਅਜੇ ਤੱਕ ਖਤਮ ਨਹੀਂ ਸੀ ਹੋਈ,
'ਆਖਰ ਤੂੰ ਇਥੇ ਵੀ ਪਹੁੰਚ ਹੀ ਗਿਆ! ਅੱਛਾ, ਆ ਹੁਣ ਚੱਲੀਏ । ਮੇਰੇ ਲਈ ਹੁਣ ਕੋਈ ਫਰਕ ਨਹੀਂ ਪੈਂਦਾ ।'
ਪਰ ਬੈਨ ਦਾ ਵਤੀਰਾ ਕੁਝ ਹੋਰ ਹੀ ਢੰਗ ਦਾ ਸੀ । 'ਮਿਸਟਰ ਸਪੈਨਸਰ, ਲਗਦਾ ਏ ਤੁਹਾਨੂੰ ਕੁਝ ਗਲਤ-ਫਹਿਮੀ ਹੋ ਗਈ ਹੈ', ਉਸ ਨੇ ਆਖਿਆ,
'ਇਹ ਨਾ ਸੋਚੋ ਕਿ ਮੈਂ ਤੁਹਾਨੂੰ ਪਛਾਣ ਗਿਆ ਹਾਂ, ਤੁਹਾਡੀ ਬੱਘੀ ਬਾਹਰ ਤੁਹਾਡਾ ਇੰਤਜ਼ਾਰ ਕਰ ਰਹੀ ਹੈ ।' ਤੇ ਬ੍ਰੈਨ ਪ੍ਰਾਈਜ਼ ਇਕੱਲਾ ਹੀ ਸੜਕ ਉੱਪਰ ਚਲ ਪਿਆ ।
ਅਨੁਵਾਦ: ਦਿਲਜੀਤ ਸਿੰਘ ਬੇਦੀ

  • ਮੁੱਖ ਪੰਨਾ : ਓ ਹੈਨਰੀ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ