Computer Culture (Punjabi Story) : Ravinder Ravi

ਕੰਪਿਊਟਰ ਕਲਚਰ (ਕਹਾਣੀ) : ਰਵਿੰਦਰ ਰਵੀ

ਕੰਪਿਊਟਰ ਦੀਆਂ ਕੀਜ਼ ਦੀ ਟਿਕ ਟਿਕ ਤੇ ਕੰਪਿਊਟਰ ਦੇ ਮਾਨੀਟਰ ’ਚੋਂ ਆਉਂਦੀ ‘ਟੂੰ-ਟੂੰ’ ਦੀ ਆਵਾਜ਼ ਮੈਂ ਏਥੇ ਲਿਵਿੰਗ ਰੂਮ ਵਿਚ ਬੈਠਾ ਹੀ ਸੁਣ ਸਕਦਾ ਹਾਂ !
ਟਿਕ ਟਿਕ ਟੂੰ ਟੂੰ
ਟਿਕ ਟਿਕ ਟੂੰ ਟੂੰ
ਟਿਕ ਟਿਕ ਟੂੰ ਟੂੰ
ਮੇਰੇ ਦੋਵੇਂ ਪੁੱਤਰ ਆਪੋ ਆਪਣੇ ਕਮਰਿਆਂ ਵਿਚ ਕੰਪਿਊਟਰ ’ਤੇ ਕੰਮ ਕਰ ਰਹੇ ਸਨ। ਪਤਨੀ, ਮੇਰੀ, ਸ਼ਾਇਦ, ਆਪਣੇ ਬੈੱਡ ਰੂਮ ਵਿਚ ਬੈਠੀ ਆਪਣੇ ਕਰਮਾਂ ਨੂੰ ਰੋ ਰਹੀ ਹੋਵੇਗੀ। ਸਵੇਰ ਤੋਂ ਹੀ ਮੇਰੇ ਕੰਨਾਂ ਨੂੰ ਇਹ ‘ਟਿਕ ਟਿਕ ਟੂੰ ਟੂੰ’ ਚੰਬੜੀ ਹੋਈ ਹੈ। ਬੜਾ ਕੁਝ ਸੋਚਿਆ, ਬੜਾ ਕੁਝ ਕਰਨ ਦਾ ਯਤਨ ਕੀਤਾ, ਪਰ ਸਭ ਕੁਝ ਇਸ ‘ਟਿਕ ਟਿਕ, ਟੂੰ ਟੂੰ’ ਦੇ ਹੇਠਾਂ ਹੀ ਦਬ ਕੇ ਰਹਿ ਗਿਆ।
‘ਟੂੰ ਟੂੰ, ਟੂੰ ਟੂੰ’
ਮੇਰੇ ਕੰਨਾਂ ਵਿਚ ਕੈਨੇਡਾ ਦਾ ਮੋਟਾ ਬਰਸਾਤੀ ਮੱਛਰ ਭੀਂ ਭੀਂ ਕਰ ਰਿਹਾ ਹੈ। ਸਾਰੀ ਦੇਹ, ਦਿਲ, ਦਿਮਾਗ਼, ਮਨ ਤੇ ਜਿੱਧਰ ਵੇਖਦਾ ਹਾਂ ਨਜ਼ਰ ਉੱਤੇ ਮੋਟੇ ਮੋਟੇ ਧੱਫ਼ੜ ਉੱਭਰ ਆਏ ਹਨ। ਇਹ ਕੌਣ ਹੈ ? ਕਿਹਾ ਗ਼ੈਬੀ ਹੱਥ ਹੈ, ਜਿਸ ਨੇ ਇਨ੍ਹਾਂ ਧੱਫ਼ੜਾਂ ਨੂੰ ਖਰੂਹ ਸੁੱਟਿਆ ਹੈ ? ਤਿੱਖੇ ਤਿੱਖੇ ਲੰਮੇਂ-ਲੰਮੇਂ ਨਹੁੰਆਂ ਨਾਲ ! ਧੱਫ਼ੜਾਂ ’ਚੋਂ ਖ਼ੂਨ ਰਿਸ ਰਿਹਾ ਹੈ। ਕੰਨਾਂ ਵਿਚਲੀ ਭੀਂ ਭੀਂ ਹੋਰ ਵੀ ਉੱਚੀ ਹੋ ਗਈ ਹੈ। ਇਸ ਵਿਚ ਏਥੋਂ ਦੀਆਂ ਮੋਟੀਆਂ ਹਰੀਆਂ ਮੱਖੀਆਂ ਅਤੇ ਡੂੰਮਣੇ ਦੀ ਆਵਾਜ਼ ਵੀ ਸ਼ਾਮਿਲ ਹੋ ਗਈ ਹੈ। ਚਾਰੇ ਪਾਸਿਉਂ ਕੇਵਲ ਡੰਗ ਹੀ ਡੰਗ ਵੱਜ ਰਹੇ ਹਨ। ਹੱਥਾਂ ਨਾਲ ਮੈਂ ਇਨ੍ਹਾਂ ਮੱਖੀਆਂ, ਮੱਛਰਾਂ ਨੂੰ ਵਾਰ ਵਾਰ ਵਗਾਹ ਕੇ ਪਰਾਂਹ ਸੁੱਟ ਰਿਹਾ ਹਾਂ। ਇਨ੍ਹਾਂ ਦੀ ‘ਭੀਂ ਭੀਂ’, ‘ਭਿਨ ਭਿਨਾਹਟ’ ਦਾ ਸ਼ੋਰ ਹੋਰ ਵੀ ਉੱਚਾ ਹੋ ਰਿਹਾ ਹੈ। ਜਾਪਦਾ ਹੈ ਜਿਵੇਂ ਇਨ੍ਹਾਂ ਮੱਖੀਆਂ ਮੱਛਰਾਂ ਦਾ ਹੁਣ ਕੇਵਲ ਡੰਗਾਂ ਵਿਚ ਕਾਇਆ ਕਲਪ ਹੋ ਗਿਆ ਹੋਵੇ, ਉਨ੍ਹਾਂ ਦਾ ਸਮੁੱਚਾ ਵਜੂਦ ਹੀ ਡੰਗ ਬਣ ਗਿਆ ਹੋਵੇ। ਮੇਰੀਆਂ ਅੱਖਾਂ ਸੌਂਹੇਂ ਮੇਰੀ ਨਜ਼ਰ ਪੁੜ ਪੁੜ ਵਿੱਝੀ ਲਗਾਤਾਰ ਸੁੱਜ ਰਹੀ ਹੈ। ਧੁੰਦਲਾ ਧੁੰਦਲਾ ਦਿਖਾਈ ਦੇ ਰਿਹਾ ਹੈ।
ਇਕ ਵਜੂਦ ਜਿਹਾ ਕਿਸੇ ਜਾਨਦਾਰ ਚੀਜ਼ ਦਾ। ਸੀਰੇ ਤੇ ਗੁੜ ਨਾਲ ਲਿੱਬੜਿਆ, ਜਿਵੇਂ ਕਿਸੇ ਨੇ ਕਾਢਿਆਂ ਦੇ ਭੌਣ ਉੱਤੇ ਸੁੱਟ ਦਿੱਤਾ ਹੋਵੇ। ਕਾਢੇ ਹੀ ਕਾਢੇ, ਬੇਸ਼ੁਮਾਰ ਕਾਢੇ। ਏਧਰੋਂ, ਓਧਰੋਂ ਲਗਾਤਾਰ ਦੰਦੀਆਂ ਵੱਢ ਰਹੇ ਬੇਸ਼ੁਮਾਰ ਕਾਢੇ। ਇਹ ਕੌਣ ਹੈ, ਜੋ ਸੀਰੇ ਨਾਲ ਲਿਬੜਿਆ, ਬੇਬਸ ਪਿਆ ਤੜਪ ਰਿਹਾ ਹੈ। ਮੈਂ ਹੱਥ ਨਾਲ ਕਾਢੇ ਪਰਾਂਹ ਹਟਾਉਂਦਾ ਹਾਂ। ਇਕ ਛੋਟਾ ਜਿਹਾ ਵਜੂਦ ਹੈ। ਜਿਵੇਂ ਮੇਰਾ ਆਪਣਾ ਮਿਨੀਏਚਰ ਹੋਵੇ। ਜਿਵੇਂ ਮੈਂ ਹੀ ਸੁੰਗੜ ਕੇ ਉਸ ਵਜੂਦ ਵਿਚ ਸਮਾ ਗਿਆ ਹੋਵਾਂ। ਮੈਂ ਕਾਢੇ ਪਰ੍ਹਾਂ ਹਟਾਉਂਦਾ ਹਾਂ ਤਾਂ ਕਿ ਧਿਆਨ ਨਾਲ ਵੇਖ ਸਕਾਂ ਕਿ ਇਹ ਮੈਂ ਹੀ ਹਾਂ ਜਾਂ ਕੋਈ ਹੋਰ ? ਕਿੰਨਾ ਬੇਪਛਾਣ ਹੋ ਗਿਆ ਹਾਂ ਮੈਂ। ਕੀ ਇਹ ਮੈਂ ਹੀ ਹਾਂ ? ਨਹੀਂ, ਤਾਂ ! ਇਹ ਤਾਂ ਕਿਸੇ ਦਾ ਦਿਮਾਗ਼, ਕਿਸੇ ਦਾ ਜ਼ਿਹਨ ਜਾਪਦਾ ਹੈ। ਜਿਵੇਂ ਖੋਪਰੀ ਵਿੱਚੋਂ ਕੱਢ ਕੇ ਕਿਸੇ ਨੇ ਕਾਢਿਆਂ ਦੇ ਭੌਣ ਉੱਤੇ ਸੁੱਟ ਦਿੱਤਾ ਹੋਵੇ। ਛਲਣੀ ਛਲਣੀ, ਛਾਣਨੀ ਛਾਣਨੀ। ਪੁੜ ਪੁੜ ਵਿੱਝਾ। ਮੈਂ ਕੋਸ਼ਿਸ਼ ਕਰਦਾ ਹਾਂ, ਹੱਥ ਪੈਰ ਮਾਰਦਾ ਹਾਂ। ਕਾਢੇ ਪਰ੍ਹਾਂ ਹਟਾਉਂਦਾ ਹਾਂ। ਕਾਢਿਆਂ ਦਾ ਸਾਰਾ ਭੌਣ ਹੀ ਜਿਵੇਂ ਮੇਰੇ ਹੱਥਾਂ ਉੱਤੇ ਚੜ੍ਹ ਆਇਆ ਹੋਵੇ, ਸਾਰੀ ਦੇਹ ਉੱਤੇ, ਸਗਲੇ ਵਜੂਦ ਵਿਚ ਰੀਂਗ ਰਿਹਾ ਹੋਵੇ। ਮੈਂ ਹੱਥ ਪੈਰ ਮਾਰਦਾ ਹਾਂ, ਉਨ੍ਹਾਂ ਕਾਢਿਆਂ ਨੂੰ ਝਾੜਦਾ ਹਾਂ।
“ਇਹ ਕੀ ਕਰਨ ਡਹੇ ਹੋ ? ਐਵੇਂ ਪਾਗ਼ਲਾਂ ਵਾਂਗ ਹਵਾ ਵਿਚ ਹੱਥ ਪੈਰ ਮਾਰੀ ਜਾਂਦੇ ਹੋ ? ਕੱਲੇ ਬੈਠੇ ਹੋ, ਦਿਲ ਨਹੀਂ ਲੱਗਦਾ ਤਾਂ ਵੀਡੀਓ ਉੱਤੇ ਕੋਈ ਹਿੰਦੀ ਪੰਜਾਬੀ ਦੀ ਫ਼ਿਲਮ ਲਾ ਲਵੋ। ਬੱਚੇ ਦੇਖਣਗੇ, ਤਾਂ ਕੀ ਕਹਿਣਗੇ ? ਕੀ ਹੋ ਗਿਆ ਹੈ ਉਨ੍ਹਾਂ ਦੇ ਡੈਡੀ ਨੂੰ ? ਪਾਗ਼ਲਾਂ ਵਾਂਗ ਹਵਾ ਵਿਚ ਹੱਥ ਪੈਰ ਮਾਰ ਰਿਹਾ ਹੈ।”
ਮੇਰੀ ਪਤਨੀ ਮੈਨੂੰ ਫੜ ਕੇ ਸੋਫ਼ੇ ਉੱਤੇ ਬਿਠਾਉਂਦੀ ਹੋਈ ਅਤੇ ਇੰਜ ਹੀ ਲਗਾਤਾਰ ਬਿਨਾਂ ਹੁੰਗਾਰੇ ਦੀ ਆਸ ਤੇ ਉਡੀਕ ਦੇ, ਬੋਲਦੀ-ਬੋਲਦੀ ਮੁੜ ਆਪਣੇ ਬੈੱਡ-ਰੂਮ ਵਿਚ ਚਲੀ ਜਾਂਦੀ ਹੈ।
ਮੇਰੇ ਲਈ ਤਾਂ ਹਿੰਦੋਸਤਾਨ ਮਰ ਗਿਆ ਹੈ। ਮੈਂ ਲਾਵਾਰਸ ਹੋ ਗਿਆ ਹਾਂ। 30 ਤਾਰੀਖ਼ ਨੂੰ ਮੈਂ ਭਾਰਤ ਜਾਣਾ ਸੀ ਤੇ 15 ਤਾਰੀਖ਼ ਨੂੰ ਦਿਲ ਦੇ ਦੌਰੇ ਨਾਲ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ ? ਪਿਤਾ ਜੀ ਨਾਲ ਹੀ ਮੇਰੀ ਬੌਧਕ ਸਾਂਝ ਸੀ। ਉਹ ਆਪ ਇਕ ਪ੍ਰਸਿੱਧ ਵਿਦਿਆਵੇਤਾ ਅਤੇ ਚੰਗੇ ਲੇਖਕ ਸਨ। ਮੇਰੀਆਂ ਬਹੁਤੀਆਂ ਗੱਲਾਂ ਨਾਲ ਅਸਹਿਮਤ ਹੁੰਦੇ ਹੋਏ ਵੀ, ਉਹ ਮੈਨੂੰ ਚੰਗੀ ਤਰ੍ਹਾਂ ਸਮਝਦੇ ਤੇ ਮੇਰੀ ਕਦਰ ਕਰਦੇ ਸਨ। ਮੌਤ ਸੀ ਕਿ ਪੰਦਰਾਂ ਦਿਨ ਹੋਰ ਇੰਤਜ਼ਾਰ ਨਾ ਕਰ ਸਕੀ। ਮੈਨੂੰ ਇੰਜ ਜਾਪ ਰਿਹਾ ਸੀ ਜਿਵੇਂ ਮੇਰੇ ਦਿਮਾਗ਼ੀ ਟੈਲੀਫ਼ੋਨ ਦੀ ਲਾਈਨ ਦਾ ਇਕ ਸਿਰਾ ਕੱਟ ਗਿਆ ਹੋਵੇ। ਮੈਂ ਬੋਲ ਤਾਂ ਸਕਦਾ ਹੋਵਾਂ, ਪਰ ਦੂਜੇ ਪਾਸੇ ਕੋਈ ਸੁਣ, ਸਮਝ ਨਾ ਰਿਹਾ ਹੋਵੇ। ਮੈਂ ਬੋਲ ਤਾਂ ਸਕਦਾ ਹੋਵਾਂ, ਪਰ ਦੂਜੇ ਪਾਸਿਓਂ ਕੋਈ ਆਵਾਜ਼ ਕੋਈ ਹੁੰਗਾਰਾ ਸਦਾ-ਸਦਾ ਲਈ ਮੇਰੇ ਨਾਲੋਂ ਕੱਟ ਗਿਆ ਹੋਵੇ। ਮੇਰਾ ਹਿੰਦੋਸਤਾਨ ਮਰ ਗਿਆ ਹੋਵੇ। ਮੈਂ ਵਨ-ਵੇ ਟੈਲੀਫ਼ੋਨ ਲਾਈਨ ਬਣ ਕੇ ਰਹਿ ਗਿਆ ਹੋਵਾਂ।
ਟਿਕ ਟਿਕ ਟੂੰ ਟੂੰ
ਟਿਕ ਟਿਕ ਟੂੰ ਟੂੰ
ਕੰਪਿਊਟਰ ਦੀ ਆਵਾਜ਼ ਲਗਾਤਾਰ ਸੁਣਾਈ ਦੇ ਰਹੀ ਸੀ। ਬੱਚੇ ਵੱਡੇ ਹੋ ਰਹੇ ਸਨ। ਟੈਲੀਵੀਯਨ ਤੇ ਜੋ ਪ੍ਰੋਗਰਾਮ ਮੈਂ ਵੇਖਦਾ ਸਾਂ, ਉਨ੍ਹਾਂ ਨੂੰ ਪਸੰਦ ਨਹੀਂ ਸਨ। ਜੋ ਉਹ ਵੇਖਣਾ ਚਾਹੁੰਦੇ ਸਨ, ਉਦੋਂ ਮੈਂ ਕੋਈ ਹੋਰ ਚੈਨਲ ਲਾਉਣਾ ਹੁੰਦਾ ਸੀ। ਵੱਡਾ ਪੁੱਤਰ ਜੋ 16 ਸਾਲ ਦਾ ਸੀ, ਕਹਿਣ ਲੱਗਾ, “ਡੈਡ ! ਸਾਰਿਆਂ ਕੋਲ ਏਥੇ ਇਕ ਤੋਂ ਵਧੇਰੇ ਟੀ. ਵੀ. ਸੈੱਟ ਹਨ। ਤੁਸੀਂ ਵੀ ਹੋਰ ਬਾਈ ਕਰੋ। ਆਈ ਡੋਂਟ ਵਾਂਟ ਟੂ ਬਾਦਰ ਯੂ ਡੈਡ, ਬਟ ਆਈ ਵਾਂਟ ਮਾਈ ਫਰੀਡਮ।”
ਸ਼ਖ਼ਸੀ ਆਜ਼ਾਦੀ ਦਾ ਸਵਾਲ ਸੀ। ਘਰ ਵਿਚ ਪਹਿਲਾਂ ਇਕ ਟੀ. ਵੀ. ਹੋਰ ਆਇਆ ਤੇ ਫੇਰ ਛੋਟਾ ਜੋ 14 ਸਾਲ ਦਾ ਸੀ, ਉਸ ਦੀ ਆਜ਼ਾਦੀ ਦਾ ਸਵਾਲ ਪੈਦਾ ਹੋ ਗਿਆ। ਸਵਾਲ ਹੀ ਸਵਾਲ ਸਨ ਤੇ ਜਵਾਬ ਕੇਵਲ ਇਕ ਸੀ। ਘਰ ਵਿਚ ਤੀਜਾ ਟੀ. ਵੀ. ਆ ਗਿਆ। ਪਹਿਲਾਂ ਇਕ ਤੇ ਫਿਰ ਦੂਜਾ ਕੰਪਿਊਟਰ ਆ ਗਿਆ। ਦੋਹਾਂ ਪੁੱਤਰਾਂ ਨੇ ਆਪੋ ਆਪਣੀ ਪਸੰਦ ਦੇ ਕੰਪਿਊਟਰ ਪ੍ਰੋਗਰਾਮ ਲੈ ਲਏ, ਕੰਪਿਊਟਰ ਖੇਡਾਂ ਤੇ ਹੋਰ ਸੌਫਟ ਵੇਅਰ ਲੈ ਲਿਆ। ਘਰ ਵਿਚ ਚਾਰ ਜੀ ਸਾਂ ਅਸੀਂ। ਚਾਰੇ ਜਣੇ ਆਪੋ ਆਪਣੀ ਆਜ਼ਾਦੀ ਲੈ ਕੇ ਆਪੋ ਆਪਣੇ ਅੰਦਰ ਵੜ ਗਏ। ਕੱਲੇ-ਕੱਲੇ ਕਮਰੇ ਵਿਚ ਵੰਡ ਹੋ ਗਏ। ਇੱਕੋ ਘਰ ਦੇ ਚਾਰ ਕਮਰੇ, ਚਾਰ ਵੱਖਰੇ-ਵੱਖਰੇ, ਉੱਚੀਆਂ ਦੀਵਾਰਾਂ ਤੇ ਰੌਸ਼ਨਦਾਨਾਂ ਤੇ ਖਿੜਕੀਆਂ ਤੋਂ ਵਾਂਜੇ ਬੰਦ ਗੁੰਬਦ-ਨੁਮਾ ਘਰ ਬਣ ਗਏ। ਇਸ ਗੁੰਬਦ ਅੰਦਰ ਬਾਹਰਲੀ ਆਵਾਜ਼ ਦਾ ਕੀ ਕੰਮ ? ਅੰਦਰ ਆਪਣੀ ਆਵਾਜ਼ ਤੇ ਉਸੇ ਆਵਾਜ਼ ਦੀਆਂ ਪ੍ਰਤੀ-ਧੁਨੀਆਂ ਸੁਣਦੀਆਂ ਹਨ। ਹੋਰ ਕੁਝ ਨਹੀਂ। ਖਾਣਾ ਤਾਂ ਡੰਗਰ ਵੀ ਖਾਂਦੇ ਹਨ। ਅਸੀਂ ਵੀ ਇਕੱਠੇ ਹੀ ਖਾਂਦੇ ਸਾਂ। ਇੱਕੋ ਡਾਈਨਿੰਗ ਟੇਬਲ ਉੱਤੇ ਬਹੁਤ ਘੱਟ ਵਾਰੀ ਸਾਂਝਾ, ਪਰ ਬਹੁਤੀ ਵਾਰੀ ਆਪਣੀ ਆਪਣੀ ਪਸੰਦ ਦਾ ਵੱਖੋ ਵੱਖਰਾ ਖਾਣਾ। ਇਕ ਮੇਜ਼ ਦੁਆਲੇ ਚੌਂਹ ਕੁਰਸੀਆਂ ਵਿਚ ਜਿਵੇਂ ਅਸੀਂ ਇਕੱਠੇ ਨਹੀਂ ਸਗੋਂ ਚਾਰ ਵੱਖੋ ਵੱਖਰੇ ਰੈਸਤੋਰਾਂ ਵਿਚ ਬੈਠੇ ਹੋਈਏ !
ਟਿਕ ਟਿਕ ਟੂੰ ਟੂੰ
ਟਿਕ ਟਿਕ ਟੂੰ ਟੂੰ
ਕੰਪਿਊਟਰ ਦੀ ਆਵਾਜ਼ ਲਗਾਤਾਰ ਆ ਰਹੀ ਸੀ। ਪਤਨੀ ਮੇਰੀ ਸ਼ਾਹੀ ਅਨਪੜ੍ਹ ਹੈ। ਚਿੱਠੀ ਲਿਖ ਲੈਣਾ ਜਾਂ ਚਿੱਠੀ ਦੇ ਅੱਖਰ ਉਠਾਲ ਲੈਣਾ ਵੀ ਕੋਈ ਪੜ੍ਹਾਈ ਹੈ ? ਉਹ ਪਹਿਲਾਂ ਪਹਿਲ ਬੜੀ ਕਲਪੀ। ਇਹ ਵੀ ਕੋਈ ਜ਼ਿੰਦਗੀ ਹੈ ? ਘਰ ਦੇ ਢਾਈ ਟੋਟਰੂ ਤੇ ਹਰ ਇਕ ਦਾ ਆਪੋ ਆਪਣਾ ਰਾਹ। ਮੈਂ ਉਸ ਨੂੰ ਕਹਿਣਾ ਚਾਹਿਆ ਸੀ ਕਿ ‘ਅਸਲ ਵਿਚ ਇਹ ਹੀ ਏਥੋਂ ਦੀ ਜ਼ਿੰਦਗੀ ਹੈ।’ ਪਰ ਕਹਿ ਨਹੀਂ ਪਾਇਆ ਸਾਂ।
ਜਦੋਂ ਤੋਂ ਕੰਪਿਊਟਰ ਤੇ ਟੀ. ਵੀ. ਆਏ ਸਨ, ਉਦੋਂ ਤੋਂ ਮੇਰੀ ਪਤਨੀ ਨੇ ਅਸਮਾਨ ਸਿਰ ’ਤੇ ਚੁੱਕਿਆ ਹੋਇਆ ਸੀ ? “ਇਹ ਤੁਸੀਂ ਕੀ ਕਰ ਰਹੇ ਹੋ ? ਇੰਜ ਤਾਂ ਘਰ ਖੇਰੂੰ-ਖੇਰੂੰ ਹੋ ਜਾਵੇਗਾ ?” ਮੈਂ ਕਿਹਾ, “ਤੂੰ ਹੀ ਤਾਂ ਕਿਹਾ ਸੀ। ਦੋ ਹੀ ਤਾਂ ਪੁੱਤਰ ਹਨ ਮੇਰੇ। ਲਾਡਲੇ ਰਾਜੇ ਬੇਟੇ ? ਇਨ੍ਹਾਂ ਨਾਲੋਂ ਸਾਨੂੰ ਹੋਰ ਕੀ ਚੰਗਾ ਹੈ। ਲੈ ਦਿਓ, ਜੋ ਕਹਿੰਦੇ ਨੇ।”
“ਮੈਨੂੰ ਸਿਰ ਸੜੀ ਨੂੰ ਕੀ ਪਤਾ ਸੀ ਕਿ ਇਹ ਕੀ ਮੰਗਦੇ ਹਨ ?”
“ਇਹ ਆਜ਼ਾਦੀ ਮੰਗਦੇ ਸਨ ! ਤੂੰ ਕਿਹਾ ਤੇ ਮੈਂ ਲੈ ਦਿੱਤੀ। ਤੂੰ ਵੀ ਆਜ਼ਾਦ ਹੋ ਜਾ।”
“ਮੈਂ ਹੁਣ ਧੌਲੇ ਝਾਟੇ ਆਟਾ ਖ਼ਰਾਬ ਕਿਉਂ ਕਰਾਂ ? ਅੱਧੀਆਂ ਲੱਤਾਂ ਤਾਂ ਮੇਰੀਆਂ ਸਿਵਿਆਂ ਵਿਚ ਹਨ। ਸੋਚਿਆ ਸੀ, ਮੁੰਡੇ ਤਕੜੇ ਹੋਣਗੇ, ਇਨ੍ਹਾਂ ਦੇ ਵਿਆਹ ਕਰਾਂਗੇ, ਇਨ੍ਹਾਂ ਦੇ ਪੁੱਤਰ ਹੋਣਗੇ ... ਖਿਡਾਵਾਂ ...।”
ਮੈਂ ਵਿੱਚੋਂ ਹੀ ਟੁਕ ਕੇ ਕਿਹਾ, “ਨਹੀਂ, ਇਨ੍ਹਾਂ ਦੇ ਸਿਰਫ਼, ਕੰਪਿਊਟਰ ਹੋਣਗੇ।”
ਉਹ ਬੋਲੀ, “ਨਾ ਸਤਾਓ ਮੈਨੂੰ, ਮੈਂ ਤਾਂ ਅੱਗੇ ਹੀ ਬਥੇਰੀ ਦੁਖੀ ਹਾਂ। ਅੱਗੇ ਤਾਂ ਸਕੂਲੋਂ ਆ ਕੇ ਇਹ ਮੁੰਡੇ ਝਟ ਬਿੰਦ ਸਾਡੇ ਕੋਲ ਬਹਿ ਲੈਂਦੇ ਸਨ। ਕੋਈ ਸ਼ੋ ਇਕੱਠੇ ਵੇਖ ਲੈਂਦੇ ਸਾਂ। ਕਦੇ ਹਿੰਦੀ ਫ਼ਿਲਮ ਲਾ ਲਈਦੀ ਸੀ। ਹੁਣ ਤਾਂ ਇਹ ਖਾ ਪੀ ਕੇ ਸਿੱਧੇ ਆਪੋ ਆਪਣੇ ਕਮਰਿਆਂ ਵਲ ਨਸਦੇ ਹਨ। ਪਤਾ ਨਹੀਂ ਇਨ੍ਹਾਂ ਨੂੰ ਕੀ ਹੋ ਗਿਆ ਹੈ ?”
ਮੈਂ ਕਿਹਾ, “ਇਨ੍ਹਾਂ ਨੂੰ ਕੰਪਿਊਟਰ ਹੋ ਗਿਆ ਹੈ।”
ਮੇਰੀ ਗੱਲ ਨੂੰ ਅਣਸੁਣੀ ਕਰਕੇ ਬੁੜ ਬੁੜ ਕਰਦੀ ਉਹ ਆਪਣੇ ਕਮਰੇ ਵਲ ਚਲੀ ਗਈ। ਉਹ ਦੋ ਜਹਾਨਾਂ ਵਿਚਕਾਰ ਲਟਕ ਰਹੀ ਕਿਸੇ ਦੀ ਵੀ ਨਹੀਂ ਬਣ ਪਾ ਰਹੀ ਸੀ। ਨਾ ਮੇਰੀ, ਨਾ ਆਪਣੇ ਪੁੱਤਰਾਂ ਦੀ। ਮੈਨੂੰ ਗੁਆ ਕੇ, ਉਸ ਨੇ ਪੁੱਤਰਾਂ ਨਾਲ ਸਬਰ ਕਰ ਲਿਆ ਸੀ। ਅਖੇ ਹੁਣ ਤੁਹਾਨੂੰ ਛੁੱਟੀ ਹੈ। ਮੌਜਾਂ ਕਰੋ। ਮੇਰੇ ਬੱਚੇ ਹੀ, ਮੇਰੀ ਬਾਕੀ ਜ਼ਿੰਦਗੀ ਹਨ। ਤੇ ਉਸ ਦੀ ਇਹ ਬਾਕੀ ਜ਼ਿੰਦਗੀ ਵੀ ਹੁਣ ਉਸ ਤੋਂ ਖੁਸ ਗਈ ਸੀ। ਉਹ ਖ਼ਲਾਅ ਵਿਚ ਲਟਕ ਰਹੀ ਸੀ। ਮੈਨੂੰ ਇਹ ਹੀ ਡਰ ਲੱਗਾ ਰਹਿੰਦਾ ਸੀ ਕਿ ਕਿਧਰੇ ਉਹ ਪਾਗ਼ਲ ਹੀ ਨਾ ਹੋ ਜਾਏ। ਆਪਣੇ ਕਮਰੇ ਵਿਚ ਬੰਦ ਰਹਿੰਦੀ। ਬੁੜ-ਬੁੜ ਕਰਦੀ ਰਹਿੰਦੀ। ਕਦੇ ਰੋਂਦੀ, ਕਦੇ ਹੱਸਦੀ, ਕਦੇ ਲੰਮੇਂ ਲੰਮੇਂ ਹੌਕੇ ਲੈਂਦੀ, ਕੁਝ ਨਾ ਬੋਲਦੀ। ਢਿੱਡ ਫੜ ਕੇ ਬੈਠੀ ਜਾਂ ਲੰਮੀਂ ਪਈ ਰਹਿੰਦੀ। ਮੈਂ ਸਪਤਾਹ-ਅੰਤ ਉੱਤੇ ਬਾਹਰ ਨਿਕਲ ਜਾਂਦਾ ਤੇ ਸ਼ੁੱਕਰਵਾਰ ਦਾ ਗਿਆ, ਐਤਵਾਰ ਨੂੰ ਹੀ ਪਰਤਦਾ। ਪਹਿਲਾਂ ਪਹਿਲਾਂ ਮੇਰੀ ਗ਼ੈਰ ਹਾਜ਼ਰੀ ਮੇਰੀ ਪਤਨੀ ਨੂੰ ਖਟਕਦੀ ਸੀ। ਪਰ ਫਿਰ ਜਦੋਂ ਪੁੱਤਰਾਂ ਨੇ ਕਿਹਾ, “ਮਾਮ ! ਡੋਂਟ ਮੇਕ ਏ ਫਸ ਫਾਰ ਨਥਿੰਗ ! ਇਫ਼ ਡੈਡ ਹੈਜ਼ ਟੂ ਗੋ, ਹੀ ਹੈਜ਼ ਟੂ ਗੋ ! ਅਸੀਂ ਕੌਣ ਹੁੰਦੇ ਹਾਂ, ਉਸ ਨੂੰ ਰੋਕਣ ਵਾਲੇ। ਇਟ ਇਜ਼ ਨਾਟ ਫੇਅਰ। ਆਫ਼ਟਰ ਆਲ ਇਟ ਇਜ਼ ਹਿਜ਼ ਓਨ ਲਾਈਫ਼। ਲੈਟ ਹਿਮ ਲਿਵ; ਦ ਵੇ ਹੀ ਵਾਂਟਸ।”
ਤਾਂ ਉਸ ਨੇ ਇਤਰਾਜ਼ ਕਰਨਾ ਬੰਦ ਕਰ ਦਿੱਤਾ। ਮੇਰੀ ਇਹ ਗ਼ੈਰ-ਹਾਜ਼ਰੀ ਵੀ ਜਿਵੇਂ ਏਸ ਦੁਨੀਆਂ ਤੋਂ ਵਿਦੇਸ਼ ਯਾਤਰਾ ਵਰਗੀ ਹੀ ਹੁੰਦੀ ਸੀ। ਮੇਰੀ ਦੁਨੀਆਂ, ਮੇਰੇ ਸੁਫ਼ਨਿਆਂ ਦੀ ਦੁਨੀਆਂ !
ਟਿਕ ਟਿਕ ਟੂੰ ਟੂੰ
ਟਿਕ ਟਿਕ ਟੂੰ ਟੂੰ
ਕੰਪਿਊਟਰ ਦੀ ‘ਟਿਕ ਟਿਕ ਟੂੰ ਟੂੰ’ ਲਗਾਤਾਰ ਸੁਣਾਈ ਦੇ ਰਹੀ ਸੀ। ਇਸ ਵਿੱਚੋਂ ਬਰਸਾਤੀ ਮੱਛਰਾਂ ਦੀ ‘ਭੀਂ ਭੀਂ’ ਦੀ ਆਵਾਜ਼ ਉੱਭਰ ਰਹੀ ਸੀ। ਡੂੰਮਣੇ ਦੀਆਂ ਮੱਖੀਆਂ ਨੇ ਮੈਨੂੰ ਚੁਫੇਰਿਓਂ ਘੇਰ ਲਿਆ ਸੀ। ਡੰਗ ਤੇ ਡੰਗ ਵੱਜ ਰਹੇ ਸਨ। ਮੇਰੀ ਨਜ਼ਰ ਸੁੱਜ ਗਈ ਸੀ। ਮੈਨੂੰ ਬਹੁਤ ਧੰੁਦਲਾ ਧੁੰਦਲਾ ਦਿਖਾਈ ਦਿੰਦਾ ਸੀ।
ਇਹ ਤਾਂ ਉਹ ਹੀ ਕਾਢਿਆਂ ਦਾ ਭੌਣ ਸੀ। ਇਸ ਉੱਤੇ ਸੀਰੇ ਨਾਲ ਲਿਬੜਿਆ ਪੁੜ ਪੁੜ ਵੱਢਿਆ, ਟੁੱਕਿਆ, ਡੰਗਿਆ, ਵਿੱਝਿਆ ਇਹ ਕੌਣ ਪਿਆ ਹੈ ? ਮੈਂ ਹੱਥਾਂ ਨਾਲ ਨਜ਼ਰ ਤੋਂ ਡੂੰਮਣੇ ਦੀਆਂ ਮੱਖੀਆਂ ਪਰ੍ਹਾਂ ਕਰਦਾ ਹਾਂ। ਮੱਖੀਆਂ ਮੇਰੇ ਹੱਥਾਂ ਤੋਂ ਮੇਰੇ ਦਿਲ, ਦਿਮਾਗ਼, ਮਨ ਤੇ ਸਗਲੇ ਜੁੱਸੇ ਉੱਤੇ ਫੈਲ ਜਾਂਦੀਆਂ ਹਨ। ਮੈਨੂੰ ਧੁੰਦਲਾ ਧੰੁਦਲਾ ਨਜ਼ਰ ਆ ਰਿਹਾ ਹੈ। ਕਾਢਿਆਂ ਦੇ ਭੌਣ ਉੱਤੇ ਬੈਠੀ ਇਹ ਤਾਂ ਮੇਰੀ ਉਹ ਹੀ ਗੋਰੀ ਪ੍ਰੇਮਿਕਾ ਹੈ, ਉਸ ਦਾ ਮਿਨੀਏਚਰ ਹੈ, ਜਿਸ ਨਾਲ ਮੈਂ ਆਪਣਾ ਟੱਬਰ ਏਧਰ ਮੰਗਵਾਉਣ ਤੋਂ ਪਹਿਲਾਂ ਦੋ ਵਰ੍ਹੇ ਇਸੇ ਘਰ ਵਿਚ ਇਕੱਠਿਆਂ ਰਿਹਾ ਸਾਂ। ਉਹ ਏਥੇ ਕਿਉਂ ਆਣ ਬੈਠੀ ਹੈ ? ਉਸ ਦਾ ਕੀ ਕਸੂਰ ਹੈ ? ਮੈਂ ਹੱਥਾਂ ਨਾਲ ਕਾਢੇ ਪਰ੍ਹਾਂ ਕਰਦਾ ਹਾਂ। ਕਾਢੇ ਮੇਰੇ ਸਰੀਰ ਤੇ ਰੀਂਗਦੇ ਹਨ। ਉਹ ਰੋ ਰਹੀ ਹੈ ਸ਼ਾਇਦ। ਮਨ ਦਾ ਦਰਦ, ਦਿਲ ਦਾ ਦਰਦ, ਸਰੀਰ ਦੇ ਦਰਦ ਤੋਂ ਕਿਤੇ ਵਧ, ਭਿਆਨਕ ਤੇ ਅਸਹਿ ਹੁੰਦਾ ਹੈ। ਇਸੇ ਗੋਰੀ ਦੇ ਬਾਰੇ ਵਿਚ ਮੇਰੇ ਪਿਤਾ ਨੇ ਮੈਨੂੰ ਫ਼ੋਨ ਤੇ ਕਿਹਾ ਸੀ, ਖ਼ਤਾਂ ਵਿਚ ਲਿਖਿਆ ਸੀ। ਤੇਰੀਆਂ ਅਜੋਕੀਆਂ ਕਵਿਤਾਵਾਂ, ਤੇਰੀਆਂ ਕਹਾਣੀਆਂ ਵਿਚਲੇ ਏਸ ਖ਼ੂਬਸੂਰਤ ਵਜੂਦ ਨੂੰ, ਹਸਤੀ ਨੂੰ ਪ੍ਰੇਰਣਾ ਨੂੰ ਤੇ ਉਸ ਦੇ ਸੇਕ ਨੂੰ ਨਿੱਘ ਨੂੰ, ਤੇਰੇ ਨਾਲ ਉਸ ਦੀ ਅਟੈਚਮੈਂਟ ਨੂੰ ਮੈਂ ਏਥੇ ਏਡੀ ਦੂਰ ਬੈਠਾ ਵੀ ਇੰਨ-ਬਿੰਨ ਮਹਿਸੂਸ ਕਰ ਰਿਹਾ ਹਾਂ। ਤੇਰੇ ਵਾਂਗ ਤੇਰੀਆਂ ਅੱਖਾਂ ਨਾਲ ਹੀ ਵੇਖ ਰਿਹਾ ਹਾਂ।
ਅੱਜ ਤਕ ਮੇਰਾ ਤੇ ਤੇਰਾ, ਪਿਓ ਪੁੱਤਰ ਦਾ ਇਹ ਹੀ ਸਮਝੌਤਾ ਰਿਹਾ ਹੈ ਕਿ ਤੂੰ ਸਾਨੂੰ ਕਹਿ ਲੈਣ ਦਿਆ ਕਰ, ਜੋ ਕੰਮ ਸਾਨੂੰ ਪਸੰਦ ਨਹੀਂ ਉਹ ਕਰਨ ਤੋਂ ਵਰਜ ਲੈਣ ਦਿਆਂ ਕਰਪਰ ਕਰ ਤੂੰ ਆਪਣੀ ਮਰਜ਼ੀ। ਇਸ ਤਰ੍ਹਾਂ ਅਸੀਂ ਬਤੌਰ ਮਾਪਿਆਂ ਦੇ ਆਪਣਾ ਫ਼ਰਜ਼ ਨਿਭਾ ਸਕਾਂਗੇ ਤੇ ਤੂੰ ਆਪਣੀ ਮਰਜ਼ੀ ਕਰ ਸਕੇਂਗਾ। ਇਸ ਸਮਝੌਤੇ ਵਿਚ ਕੋਈ ਵੀ ਘਾਟੇ ਵਿਚ ਨਹੀਂ ਹੈ।
ਤੇ ਫਿਰ ਆਪਣੀ ਗੱਲ ਜਾਰੀ ਰਖਦਿਆਂ ਮੇਰੇ ਪਿਤਾ ਜੀ ਨੇ, ਜੋ ਇਕੋ ਇਕ ਸਨ ਸਾਡੇ ਸਾਰੇ ਪਰਵਾਰ ਵਿਚ, ਮੈਨੂੰ ਸਮਝ ਸਲਾਹ ਸਕਣ ਵਾਲੇ, ਇਕ ਦਿਨ ਬਹੁਤ ਵੱਡੀ ਮੰਗ ਕਰ ਲਈ ਇਹ ਕਹਿ ਕੇ : ਮੈਂ ਅੱਜ ਤਕ ਤੇਰੇ ਕੋਲੋਂ ਕੁਝ ਨਹੀਂ ਮੰਗਿਆ। ਹੁਣ ਮੌਤ ਕੰਢੇ ਹਾਂ। ਤੇਰੀ ਪਤਨੀ, ਤੇਰੇ ਬੱਚਿਆਂ ਦਾ ਦੁਖ ਮੇਰੇ ਕੋਲੋਂ ਵੇਖਿਆ ਨਹੀਂ ਜਾਂਦਾ ! ਤੇਰੀ ਪਤਨੀ ਏਨੀ ਸਮਝਦਾਰ ਨਹੀਂ, ਪਰ ਉਹ ਸਭ ਕੁਝ ਸਮਝ ਗਈ ਹੈ। ਤੂੰ ਇਨ੍ਹਾਂ ਨੂੰ ਆਪਣੇ ਕੋਲ ਮੰਗਵਾ ਲੈ। ਤੂੰ ਜਿੱਥੇ ਮਰਜ਼ੀ ਜਾਵੀਂ, ਜੋ ਮਰਜ਼ੀ ਕਰੀਂ ?
ਮੇਰੇ ਬਾਪ ਨੇ ਜ਼ਿੰਦਗੀ ’ਚ ਮੇਰੇ ਕੋਲੋਂ ਇਕ ਹੀ ਚੀਜ਼ ਮੰਗੀ ਸੀ। ਮੈਂ ਇਨਕਾਰ ਕਿਵੇਂ ਕਰ ਸਕਦਾ ਸਾਂ!
ਟਿਕ ਟਿਕ ਟੂੰ ਟੂੰ
ਟਿਕ ਟਿਕ ਟੂੰ ਟੂੰ
‘ਟੂੰ ਟੂੰ’ ਦੀ ਆਵਾਜ਼ ਮੇਰੇ ਕੰਨਾਂ ਵਿਚ ਗੂੰਜ ਰਹੀ ਸੀ। ਮੇਰੀਆਂ ਸੁੱਜੀਆਂ ਹੋਈਆਂ ਨਜ਼ਰਾਂ ਕਾਢਿਆਂ ਦੇ ਭੌਣ ’ਤੇ ਲੱਗੀਆਂ ਹੋਈਆਂ ਸਨ। ਮੇਰੇ ਹੱਥ ਭੌਣ ਉੱਤੇ ਕਾਢਿਆਂ ਹੇਠ ਦੱਬੇ ਵਜੂਦ ਨੂੰ ਬਾਹਰ ਕੱਢਣ ਦਾ ਯਤਨ ਕਰ ਰਹੇ ਸਨ। ਇਹ ਤਾਂ ਨੰਗਾ ਜ਼ਿਹਨ, ਦਿਮਾਗ਼ ਜਿਹਾ ਜਾਪਦਾ ਸੀ। ਖੋਪਰੀ ’ਚੋਂ ਕੱਢਿਆ ਹੋਇਆ। ਪੁੜ ਪੁੜ ਵਿਝਿਆ, ਡੰਗਿਆ ਹੋਇਆ। ਛਾਣਨੀ ! ਮੇਰਾ ਹੀ ਦਿਮਾਗ਼ ਸ਼ਾਇਦ। ਹਿੰਦੋਸਤਾਨ ਮਰ ਗਿਆ ਸੀ। ਸਿਰਕਟੇ ਮੁਰਗੇ ਵਾਂਗ ਮੈਂ ਏਧਰ ਓਧਰ ਉੱਡ, ਡਿਗ ਰਿਹਾ ਸਾਂ।
ਟਿਕ ਟਿਕ ਟੂੰ ਟੂੰ
ਟਿਕ ਟਿਕ ਟੂੰ ਟੂੰ
ਕੰਪਿਊਟਰ ਦੀ ਮੈਮਰੀ (ਯਾਦਦਾਸ਼ਤ) ਵਿਚ ਜੋ ਕੁਝ ਪਾ ਦੇਈਏ, ਇਹ ਉਹ ਕੁਝ ਹੀ ਵਿਖਾ ਸਕਦਾ ਹੈ। ਇਸ ਨੂੰ ਜਿਵੇਂ ਪ੍ਰੋਗਰਾਮ ਕਰ ਦੇਈਏ, ਇਹ ਉਸੇ ਅਨੁਸਾਰ ਅਮਲ ਕਰਦਾ ਹੈ। ਇਸ ਦੀ ਆਪਣੀ ਕੋਈ ਆਵਾਜ਼, ਆਜ਼ਾਦ ਹਸਤੀ ਨਹੀਂ ਹੁੰਦੀ। ਮੈਮਰੀ ਹੀ ਇਸ ਨੂੰ ਕੰਟਰੋਲ ਕਰਦੀ ਹੈ। ਪਰ ਫਿਰ ਵੀ ਅੱਜ ਦੀ ਇਸ ਕੰਪਿਊਟਰ, ਇਸ ਸਿੱਲੀਕੋਨ ਮਾਈਕਰੋਚਿਪਸ ਸਭਿਅਤਾ ਵਿਚ ਜਾਪਦਾ ਹੈ, ਜਿਵੇਂ, ਸਭ ਕੁਝ ਕੰਪਿਊਟਰ ਦੇ ਕੰਟਰੋਲ ਹੇਠ ਹੀ ਹੋਵੇ। ਕੰਪਿਊਟਰ ਬਿਨਾਂ ਕੁਝ ਨਹੀਂ ਹੋ ਸਕਦਾ ! ਵਿਮਾਨ ਨਹੀਂ ਉੱਡ ਸਕਦੇ। ਦਫ਼ਤਰ ਨਹੀਂ ਚੱਲ ਸਕਦੇ। ਸਰਕਾਰ ਨਹੀਂ ਚੱਲ ਸਕਦੀ !
ਟਿਕ ਟਿਕ ਟੂੰ ਟੂੰ
ਟਿਕ ਟਿਕ ਟੂੰ ਟੂੰ ਪਤਾ ਨਹੀਂ ਇਹ ਬੇਸ਼ੁਮਾਰ, ਮੱਖੀਆਂ, ਮੱਛਰ ਤੇ ਕਾਢੇ ਅੱਜ ਕਿਵੇਂ ਤੇ ਕਿੱਥੋਂ ਆ ਗਏ ਹਨ ! ਮੈਂ ਸਿਰ ਤੋਂ ਪੈਰਾਂ ਤਕ, ਛਣਨੀ ਛਣਨੀ, ਇਨ੍ਹਾਂ ਵਿਚਕਾਰ ਗਰਕਦਾ ਜਾ ਰਿਹਾ ਹਾਂ।
ਟਿਕ ਟਿਕ ਟੂੰ ਟੂੰ
ਟਿਕ ਟਿਕ ਟੂੰ ਟੂੰ
ਟਿਕ ਟਿਕ ਟੂੰ ਟੂੰ
ਗੂੰਜ ਰਹੀ ਸੀ। ਮੇਰੀਆਂ ਸੁੱਜੀਆਂ ਹੋਈਆਂ ਨਜ਼ਰਾਂ ਕਾਢਿਆਂ ਦੇ ਭੌਣ ’ਤੇ ਲੱਗੀਆਂ ਹੋਈਆਂ ਸਨ। ਮੇਰੇ ਹੱਥ ਭੌਣ ਉੱਤੇ ਕਾਢਿਆਂ ਹੇਠ ਦੱਬੇ ਵਜੂਦ ਨੂੰ ਬਾਹਰ ਕੱਢਣ ਦਾ ਯਤਨ ਕਰ ਰਹੇ ਸਨ। ਇਹ ਤਾਂ ਨੰਗਾ ਜ਼ਿਹਨ ਸੀ, ਦਿਮਾਗ਼ ਸੀ, ਖੋਪਰੀ ’ਚੋਂ ਕੱਢਿਆ ਹੋਇਆ, ਪੁੜ ਪੁੜ ਵਿੱਝਿਆ, ਡੰਗਿਆ ਹੋਇਆ। ਮੇਰਾ ਹੀ ਦਿਮਾਗ਼ ਸ਼ਾਇਦ ਮੇਰਾ ਹੀ ਮਗਜ਼ !
ਟਿਕ ਟਿਕ ਟੂੰ ਟੂੰ
ਟਿਕ ਟਿਕ ਟੂੰ ਟੂੰ
ਟਿਕ ਟਿਕ ਟੂੰ ਟੂੰ
ਟਿਕ ਟਿਕ ਟੂੰ ਟੂੰ
ਹਿੰਦੋਸਤਾਨ ਮਰ ਗਿਆ ਸੀ। ਕੰਪਿਊਟਰ ਦੀ ਮੈਮਰੀ ਵਿਚ ਜੋ ਕੁਝ ਪਾ ਦੇਈਏ ਉਹ, ਉਹ ਕੁਝ ਹੀ ਵਿਖਾਉਂਦਾ ਹੈ, ਕਰਦਾ ਹੈ। ਉਸ ਨੂੰ ਜਿਵੇਂ ਪ੍ਰੋਗਰਾਮ ਕਰੀਏ, ਉਹ ਉਸੇ ਅਨੁਸਾਰ ਅਮਲ ਵਿਚ ਆਉਂਦਾ ਹੈ। ਉਸ ਦੀ ਆਪਣੀ ਕੋਈ ਆਵਾਜ਼, ਕੋਈ ਹੋਂਦ ਨਹੀਂ ਹੁੰਦੀ। ਪਰ ਫਿਰ ਵੀ ਅੱਜ ਦੀ ਇਸ ਕੰਪਿਊਟਰ ਸਭਿਅਤਾ ਵਿਚ ਸਭ ਕੁਝ ਉਹ ਹੀ ਕੰਟਰੋਲ ਕਰਦਾ ਹੈ।
ਟਿਕ ਟਿਕ ਟੂੰ ਟੂੰ
ਟਿਕ ਟਿਕ ਟੂੰ ਟੂੰ
ਟਿਕ ਟਿਕ ਟੂੰ ਟੂੰ।

  • ਮੁੱਖ ਪੰਨਾ : ਕਹਾਣੀਆਂ, ਰਵਿੰਦਰ ਰਵੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ