Corone Di Dehshat (Punjabi Story) : Rewail Singh Italy

ਕਰੋਨੇ ਦੀ ਦਹਿਸ਼ਤ (ਕਹਾਣੀ) : ਰਵੇਲ ਸਿੰਘ ਇਟਲੀ

ਕਰੋਨੇ ਬਾਰੇ ਲੋਕਾਂ ਦੀਆਂ ਕਈ ਤਰ੍ਹਾਂ ਦੀ ਝੂਠੀਆਂ ਸੱਚੀਆਂ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਵਾਂ ਜਾਂ ਕਹਾਣੀਆਂ ਵਰਗੀਆਂ ਗੱਲਾਂ ਵੇਖਣ ਸੁਣਨ ਨੂੰ ਮਿਲਦੀਆਂ ਹਨ।ਪਰ ਬਦਕਿਸਮਤੀ ਨਾਲ ਜੇ ਕੋਈ ਇਸ ਦੇ ਜਬਾੜਿਆਂ ਹੇਠ ਆ ਕੇ ਚੰਗੀ ਕਿਸਮਤ ਨੂੰ ਬਚ ਘਰ ਆਇਆ ਹੋਵੇ ਤਾਂ ਉਹ ਹੀ ਜਾਣਦਾ ਹੈ ਕਿ ਕਰੋਨਾ ਜੋ ਕੋਵਿਡ ਉੱਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕਿਸ ਆਫਤ ਜਾਂ ਕਿਆਮਤ ਵਰਗੀ ਮਹਾਮਾਰੀ ਦਾ ਨਾਮ ਹੈ। ਪਿੰਡਾਂ ਦੇ ਲੋਕ ਵੀ ਹੁਣ ਮੂੰਹਾਂ ਤੇ ਮਾਸਕ ਲਗਾਈ ਇਕ ਦੂਜੇ ਕੋਲੋਂ ਦੂਰੋਂ ਹੀ ਫਤਿਹ ਬੁਲਾ ਕੇ ਇਕ ਦੂਜੇ ਦਾ ਹਾਲ ਪੁੱਛਦੇ ਦੂਰੀ ਬਣਾ ਕੇ ਹੀ ਲੰਘਦੇ ਹਨ। ਪਤਾ ਨਹੀਂ ਕਦੋਂ ਇਹ ਮਹਾਂਮਾਰੀ ਵਰਤਮਾਨ ਤੋਂ ਭਵਿੱਖ ਦੇ ਭਿਆਨਕ ਇਤਹਾਸ ਵਿੱਚ ਬਦਲ ਜਾਵੇ।ਪਰ ਕਈ ਲੋਕ ਅਜੇ ਵੀ ਸੰਸਾਰ ਭਰ ਤੇ ਤਬਾਹੀ ਮਚਾ ਰਹੀ ਇਸ ਮਹਾਂਮਾਰੀ ਦੀ ਪ੍ਰਵਾਹ ਨਹੀਂ ਕਰਦੇ ਤੇ ਅਜੇ ਵੀ ਨਿੱਕੀ ਮੋਟੀ ਗੱਲੇ ਲੜਾਈ ਝਗੜਾ ਕਰਨ ਦੀ ਆਦਤ ਨਹੀਂ ਛੱਡਦੇ।

ਇਸੇ ਤਰ੍ਹਾਂ ਦਾ ਹੀ ਇਕ ਝਗੜਾ ਕਿਸੇ ਛੋਟੀ ਮੋਟੀ ਗੱਲੋਂ ਕਿਸੇ ਪਿੰਡ ਵਿੱਚ ਕਰਮੇ ਤੇ ਧਰਮੇ ਨਾਂਵਾਂ ਦੇ ਦੋ ਬੰਦਿਆਂ ਵਿੱਚ ਹੋ ਗਿਆ,ਜੋ ਗੱਲਾਂ ਗੱਲਾਂ ਵਿੱਚ ਉੱਚੀ ਉੱਚੀ ਗਾਲ ਮੁਆਲੀ ਤੱਕ ਪਹੁੰਚ ਗਿਆ,ਤੇ ਹੌਲੀ ਹੌਲੀ ਵਧਦਾ ਫਿਰ ਲੜਾਈ ਝਗੜੇ ਤੋਂ ਹੱਥੋ ਪਾਈ ਤੱਕ ਨੌਬਤ ਵੀ ਆ ਗਈ।ਭਲੇ ਨੂੰ ਦੋਵੇਂ ਹੀ ਖਾਲੀ ਹੱਥੀਂ ਸਨ ,ਭਾਵ ਉਨ੍ਹਾਂ ਕੋਲ ਕੋਈ ਹੱਥਿਆਰ ਨਹੀਂ ਸੀ। ਗਲੀ ਗੁਆਂਢ ਉਨ੍ਹਾਂ ਨੂੰ ਛਡਾਉਣ ਲਈ ਕਰੋਨੇ ਦੇ ਡਰੋਂ ਅੱਗੇ ਨਹੀਂ ਸਨ ਆ ਰਹੇ।ਪਰ ਦੋਵੇਂ ਹੀ ਇੱਕ ਦੂਜੇ ਤੋਂ ਪਿੱਛੇ ਹਟਣ ਦਾ ਨਾਂ ਨਹੀਂ ਸਨ ਲੈ ਰਹੇ।ਕਿਉਂ ਕਿ ਇਸ ਕੰਮ ਵਿੱਚ ਉਹ ਦੋਵੇਂ ਹੀ ਇੱਕ ਦੂਜੇ ਤੋਂ ਕਿਸੇ ਪੱਖੋਂ ਘੱਟ ਨਹੀਂ ਸਨ ਤੇ ਵੇਖੇ ਵੇਖਦੇ ਦੋਵੇਂ ਹੀ ਆਪਸ ਵਿੱਚ ਗੁੱਥਮ- ਗੁੱਥਾ ਹੋ ਗਏ, ਕਰਮਾ ਕੁਝ ਸੱਟਾਂ ਫੇਟਾਂ ਲੱਗਣ ਕਰਕੇ ਮਾੜਾ ਤਾਂ ਸੀ, ਪਰ ਸਿਰੜੀ ਬੜਾ ਸੀ।

ਲੋਕ ਦੂਰੋਂ ਲੰਘਦੇ ਤਮਾਸ਼ਾ ਵੇਖ ਰਹੇ ਸਨ,ਪਰ ਸਮੇਂ ਦੇ ਡਰੋਂ ਨੇੜੇ ਆ ਕੇ ਛੁਡਾਉਣ ਦਾ ਹੀਆ ਕਿਸੇ ਵਿੱਚ ਨਹੀਂ ਸੀ ਪੈ ਰਿਹਾ,ਜਦੋਂ ਧਰਮੇ ਨੇ ਕਰਮੇ ਦੇ ਘਸੁੰਨ ਕੱਢ ਮਰਿਆ ਤਾਂ ਕਰਮੇ ਦੀ ਹੋਰ ਕੋਈ ਪੇਸ਼ ਤਾਂ ਨਾ ਗਈ ਉਸ ਨੇ ਧਰਮੇ ਦੀ ਬਾਂਹ ਤੇ ਦੰਦੀ ਵੱਡ ਦਿੱਤੀ। ਧਰਮਾ ਚੀਕਾਂ ਮਾਰਦਾ ਘਰ ਨੂੰ ਦੌੜ ਤਾਂ ਗਿਆ।ਪਰ ਉਸ ਦੀ ਬਾਂਹ ਤੇ ਵੱਢੀ ਦੰਦੀ ਕਰਕੇ ਉਸਦੀ ਦੀ ਬਾਂਹ ਚੋਂ ਖੂਨ ਵਗਣ ਲਗ ਪਿਆ। ਹੁਣ ਉਣ ਉਸ ਨੂੰ ਕਰਮੇ ਦੀ ਦੰਦੀ ਦੇ ਵੱਢਣ ਤੋਂ ਬਹੁਤਾ ਡਰ ਕਰੋਨਾ ਤੋਂ ਵੀ ਲਗ ਰਿਹਾ ਸੀ ਕਿ ਕਿਤੇ ਕਰਮੇ ਨੂੰ ਕਰੋਨਾ ਹੀ ਨਾ ਹੋਇਆ ਹੋਇਆ ਹੋਵੇ। ਇਸੇ ਡਰੋਂ ਉਸ ਨੇ ਪਿੰਡ ਦੇ ਸਰਪੰਚ ਕੋਲ ਜਾਣ ਦੀ ਬਜਾਏ ਪਹਿਲਾਂ ਪੱਟੀ ਕਰਾਉਣ ਲਈ ਪਿੰਡ ਵਾਲੇ ਕੰਮ- ਚਲਾਊ ਡਾਕਟਰ ਕੋਲ ਹੀ ਗਿਆ।

ਸਾਹੋ ਸਾਹੀ ਹੋਇਆ ਧਰਮਾ ਡਾਕਟਰ ਕੋਲ ਗਿਆ ਤੇ ਕਹਿਣ ਲੱਗਾ ਡਾਕਟਰ ਸਾਹਬ ਮੇਰੇ ਸੱਟ ਲੱਗ ਗਈ ਹੈ, ਜ਼ਰਾ ਪੱਟੀ ਕਰ ਦਿਓ ਡਾਕਟਰ ਮੂੰਹ ਤੇ ਮਾਸਕ ਲਾਈ ਬੈਠਾ ਜੋ ਖੌਰੇ ਪਹਿਲਾਂ ਹੀ ਕਿਸੇ ਮਰੀਜ਼ ਦੀ ਉਡੀਕ ਕਰ ਰਿਹਾ ਸੀ।ਉਸ ਨੇ ਧਰਮੇਂ ਨੂੰ ਦੂਰੋਂ ਵੇਖ ਕੇ ਪੁੱਛਿਆ ਕਿ ਇਹ ਸੱਟ ਤੇਰੇ ਕਿਵੇਂ ਲੱਗੀ ਧਰਮਾ ਲੜਾਕਾ ਹੋਣ ਦੇ ਨਾਲ ਨਾਲ ਸਿਧਾ ਸਾਧਾ ਬੰਦਾ ਤਾਂ ਹੈ ਈ ਸੀ ਉਹ ਅਸਲ ਗੱਲ ਕਹਿਣ ਤੋਂ ਨਾ ਰਹਿ ਸਕਿਆ ਕਹਿੰਦਾ ਮੈਨੂੰ ਕਰਮੇ ਨੇ ਦੰਦੀ ਵੱਢੀ ਹੈ।ਡਾਕਟਰ ਇਹ ਸੁਣਕੇ ਬੌਂਦਲ ਜਿਹਾ ਗਿਆ ਤੇ ਉਸ ਨੂੰ ਇਹ ਸਮਝ ਹੀ ਨਾ ਆਈ ਕਿ ਦੰਦੀ ਕਿਸੇ ਕਰਮੇ ਨੇ ਵੱਢੀ ਹੈ ਜਾਂ ਕਰੋਨਾ ਨੇ ਵੱਢੀ ਹੈ।ਉਹ ਤਾਂ ਵਿਚਾਰਾ ਪਹਿਲਾਂ ਆਪ ਹੀ ਕਰੋਨਾ ਦੀ ਦਹਿਸ਼ਤ ਤੋਂ ਬੁਰੀ ਤਰ੍ਹਾਂ ਭੈ ਭੀਤ ਹੋਇਆ ਹੋਇਆ ਸੀ।ਕਹਿਣ ਲੱਗਾ ਤੂੰ ਇੱਥੋਂ ਫਟਾ- ਫਟ ਚਲਾ ਜਾਹ, ਮੈਂ ਤੈਨੂੰ ਪੱਟੀ ਪੁੱਟੀ ਨਹੀਂ ਕਰਨੀ ਤੂੰ ਘਰ ਜਾ ਤੇ ਹਲਦੀ ਤੇ ਸਰ੍ਹੋਂ ਦਾ ਤੇਲ ਮਿਲਾ ਕੇ ਆਪ ਹੀ ਬਾਂਹ ਤੇ ਪੱਟੀ ਬਨ੍ਹ ਲੈ, ਆਪੇ ਆਰਾਮ ਆ ਜਾਏਗਾ। ਨਾਲੇ ਇੱਕ ਗੱਲ ਹੋਰ ਅੱਗੋਂ ਜੇ ਮੇਰੀ ਦੁਕਾਨ ਤੇ ਆਉਣਾ ਹੋਵੇ ਤਾਂ ਮਾਸਕ ਲਗਾਏ ਬਿਨਾਂ ਨਾ ਆਵੀਂ।

ਹੁਣ ਧਰਮਾ ਜਦੋਂ ਡਾਕਟਰ ਤੋਂ ਬਿਨਾਂ ਪੱਟੀ ਕਰਾਏ, ਕਰਮੇ ਨੂੰ ਅਤੇ ਕਦੇ ਕਰੋਨੇ ਨੂੰ ਬੋਲ ਕੁਬੋਲ ਬੋਲਦਾ ਘਰ ਨੂੰ ਆ ਰਿਹਾ ਸੀ , ਕੋਲੋਂ ਲੰਘਦੇ ਲੋਕ ਉਸ ਦੀ ਬਾਂਹ ਵਿੱਚੋਂ ਵਹਿੰਦੇ ਲਹੂ ਨੂੰ ਵੇਖਦੇ ਆਪਣੇ ਮਾਸਕਾਂ ਨਾਲ ਢੱਕੇ ਮੂੰਹ ਹੋਣ ਦੇ ਬਾਵਜੂਦ ਵੀ ਧਰਮੇ ਵੱਲ ਘੂਰ ਘੂਰ ਕੇ ਵੇਖਦੇ ਕਰੋਨੇ ਦੇ ਡਰੋਂ ਦੂਰੋਂ ਹੀ ਉਸ ਵੱਲ ਘੂਰ ਕੇ ਵੇਖਦ ਵਲਾ ਪਾ ਕੇ ਲੰਘ ਰਹੇ ਸਨ।

  • ਮੁੱਖ ਪੰਨਾ : ਕਹਾਣੀਆਂ, ਰਵੇਲ ਸਿੰਘ ਇਟਲੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ