Cyclo Machine (Punjabi Story) : Gurcharan Singh Sehnsra

ਸਾਈਕਲੋ ਮਸ਼ੀਨ (ਕਹਾਣੀ) : ਗੁਰਚਰਨ ਸਿੰਘ ਸਹਿੰਸਰਾ

ਸੰਨ 1941 ਸੀ। ਕਣਕਾਂ ਸਿੱਟੇ ਕੱਢ ਲਏ ਸਨ ਤੇ ਲੋਕ ਕਮਾਦ ਪੀੜੀ ਜਾ ਰਹੇ ਸਨ। ਚੂਹੜਕਾਣੇ ਦੇ ਪਿੰਡਾਂ ਵਿੱਚ ਇਹ ਗੱਲ ਆਮ ਧੁਮ ਗਈ ਸੀ, ਕੋਟ ਵਾਲੇ ਬੰਤਾ ਸਿੰਘ ਦਾ ਜਗੀਰਾ ਸਰਕਾਰ ਦੇ ਖਿਲਾਫ ਕਾਗਜ਼ ਛਾਪਦਾ ਤੇ ਸਾਰੇ ਦੇਸ਼ ਵਿੱਚ ਵੰਡਦਾ ਆ। ਇਹ ਗੱਲ ਸਾਡੇ ਤਾਈਂ ਵੀ ਲਾਹੌਰ ਅਪੜ ਗਈ।

ਇਹ ਸਾਡੀ ਹੀ ਗੱਲ ਸੀ, ਜਿਸ ਨੂੰ ਸੁਣ ਕੇ ਸਾਡੀ ਖਾਨਿਉਂ ਗਈ। ਚੰਗਾ ਹੋਇਆ, ਇਕ ਇਹ ਵਿਰਕ ਇਲਾਕਾ ਸੀ, ਜਿਸ ਕਰਕੇ ਲੋਕਾਂ ਵਿਚ ਗਈ ਹੋਈ ਗੱਲ ਅਜੇ ਸਰਕਾਰੇ ਨਹੀਂ ਸੀ ਪਹੁੰਚੀ। ਪਰ ਅਸਾਂ ਫੈਸਲਾ ਕੀਤਾ, ਕਿ ਉਥੋਂ ਆਪਣਾ ਅੱਡਾ ਚੁਕ ਲਿਆ ਜਾਏ ਤੇ ਗੁਰਦਾਸਪੁਰ ਦੇ ਆਪਣੇ ਇਕ ਅੱਡੇ ਨੂੰ ਇਸ ਕੰਮ ਲਈ ਵਰਤਿਆ ਜਾਏ।

ਹੁਣ ਸਾਈਕਲੋ ਮਸ਼ੀਨ, ਜੋ ਕਾਫੀ ਵੱਡੀ ’ਤੇ ਸੁੱਚਜੀ ਸੀ, ਕਾਗਜ਼ ਤੇ ਛਪਾਈ ਦਾ ਸਾਮਾਨ ਕੋਟ ਸੋਂਧੇ ਤੋਂ ਚੁਕ ਕੇ ਗੁਰਦਾਸਪੁਰ ਦੇ ਪਿੰਡ ਨਾਨੂੰ ਨੰਗਲ ਪੁਚਾਉਣਾ ਸੀ, ਉਹਨਾਂ ਦਿਨਾਂ ਵਿਚ ਸਾਈਕਲੋ ਮਸ਼ੀਨ ਤੇ ਉਸ ਦੇ ਸਾਮਾਨ ਨੂੰ ਉਸੇ ਤਰ੍ਹਾਂ ਲੁਕੋ ਕੇ ਰੱਖਣਾ ਤੇ ਲੈ ਜਾਣਾ ਪੈਂਦਾ ਸੀ, ਜਿਸ ਤਰ੍ਹਾਂ ਘਰ ਦੀ ਕੱਢੀ ਸ਼ਰਾਬ ਨੂੰ।

ਅੰਮ੍ਰਿਤਸਰ ਪੁਲਸ ਨੂੰ ਸਾਡੀ ਬਹੁਤ ਜਾਣ ਪਛਾਣ ਸੀ। ਇਸ ਤੋਂ ਬਚ ਕੇ ਨਿਕਲਣ ਲਈ ਜ਼ਰੂਰੀ ਸੀ ਕਿ ਤਰਕਾਲਾਂ ਅੰਮ੍ਰਿਤਸਰ ਤੇ ਲਾਹੌਰ ਦੇ ਰਾਹ ਵਿਚ ਪੈਣ, ਹਨੇਰਾ ਹੁੰਦਿਆਂ ਹੀ ਅੰਮ੍ਰਿਤਸਰ ਲੰਘ ਜਾਈਏ ਤੇ ਰਾਤੋ ਰਾਤ ਸਾਮਾਨ ਨਾਨੂੰ ਨੰਗਲ ਪੁਚਾ ਕੇ ਦਿਨ ਚੜ੍ਹਦੇ ਤੋਂ ਪਹਿਲਾਂ ਉਥੋਂ ਨਿਕਲ ਆਈਏ। ਇਸ ਕੰਮ ਲਈ ਜਾਗੀਰ ਸਿੰਘ ਨੇ ਸ਼ੇਖੂਪੁਰੇ ਤੋਂ 70 ਰੁਪੈ ਦੇਣੇ ਕਰਕੇ ਇਕ ਕਾਰ ਭਾੜੇ ਕੀਤੀ। ਕੋਟ ਸੋਂਧੇ ਲਿਜਾ ਕੇ ਉਸ ਵਿਚ ਸਾਮਾਨ ਲਦਿਆ ਤੇ ਲਾਹੌਰ ਨੂੰ ਤੁਰ ਆਇਆ। ਮੈਂ ਕਾਰ ਨੂੰ ਲਾਹੌਰੋਂ ਮਿਲਣਾ ਸੀ, ਕਿਉਂਕਿ ਮੈਂ ਹੀ ਅਗਲੇ ਅੱਡੇ ਨੂੰ ਜਾਣਦਾ ਸਾਂ ਤੇ ਮੇਰਾ ਹੀ ਅਗਾਂਹ ਇੰਤਜ਼ਾਮ ਸੀ।

ਮੈਂ ਨਿਯਤ ਥਾਂ ਭਾਰਤ ਨਗਰ ਲਾਗੇ ਅੰਮ੍ਰਿਤਸਰ ਵਾਲੀ ਸੜਕ ਉਤੇ ਸਮੇਂ ਸਿਰ ਪੁਜ ਗਿਆ। ਅਜੇ ਖਲੋਤੇ ਨੂੰ ਦਸ ਮਿੰਟ ਹੀ ਹੋਏ ਸਨ ਕਿ ਕਾਰ ਆਈ। ਮੈਂ ਅਗਲੀ ਸੀਟ ਤੇ ਜਗੀਰ ਸਿੰਘ ਨਾਲ ਹੋ ਕੇ ਬੈਠ ਗਿਆ। ਪਿਛਲੀ ਸੀਟ ਮਸ਼ੀਨ, ਸਿਆਹੀ ਦੀਆਂ ਡੱਬੀਆਂ ਤੇ ਕਾਗਜ਼ਾਂ ਦੇ ਰਿਮਾਂ ਨਾਲ ਛਤ ਤਕ ਭਰੀ ਹੋਈ ਸੀ। ਕਾਰ ਦੇ ਪਿਛਲੇ ਪਾਸੇ ਲੱਗੇ ਹੋਏ ਜੰਗਲੇ ਉਤੇ ਵੀ ਕਪੜੇ ਵਿਚ ਵਲ੍ਹੇਟਿਆ ਕਾਗਜ਼ਾਂ ਦੇ ਰਿਮਾਂ ਦਾ ਕੁਸ਼ਕ ਲੱਗਾ ਪਿਆ ਸੀ। (ਉਦੋਂ ਅਜੇ ਕਾਰਾਂ ਦੀਆਂ ਡਿੱਗੀਆਂ ਨਹੀਂ ਸੀ ਹੁੰਦੀਆਂ) ਸਾਮਾਨ ਕੋਈ ਗੱਡੇ ਦੀ ਲੱਦ ਸੀ।

ਰਾਹ ਵਿਚ ਡਰਾਈਵਰ ਨੇ, ਜਿਸ ਨੂੰ ਜਗੀਰ ਸਿੰਘ ਖ਼ਾਨ ਆਖ ਕੇ ਬੁਲਾਉਂਦਾ ਸੀ, ਮੇਰਾ ਨਾਂ ਪੁਛਿਆ। ਮੈਂ ਦੀਨਾ ਨਾਥ ਦਸਿਆ। ਉਸ ਨੇ ਇਸ ਤਰ੍ਹਾਂ ਸਿਰ ਝਟਕਿਆ, ਜਿਵੇਂ ਤਸੱਲੀ ਨਾ ਹੋਈ ਹੋਵੇ। ਮੇਰੇ ਸਿਰ ਤੇ ਟਸਰੀ ਰੰਗ ਦੀ ਤੁਰਲੇਦਾਰ ਪੱਗ ਸੀ, ਗਲ ਹਲਕੇ ਖਾਕੀ ਰੰਗ ਦਾ ਟਵਿਲ ਦਾ ਕੁੜਤਾ ਤੇ ਤੇੜ ਇਟਾਲੀਅਨ ਦੀ ਸਲੇਟੀ ਚਾਦਰ। ਵੇਖਣ ਨੂੰ ਮੁਸਲਮਾਨ ਪਹਿਲਵਾਨ ਜਾਪਦਾ ਸਾਂ। ਕੁਝ ਦੂਰ ਜਾ ਕੇ ਉਸ ਨੇ ਫੇਰ ਕਿਹਾ।

‘ਭਲਵਾਨ!’ ਦੀਨਾ ਨਾਥ ਤਾਂ ਨਹੀਂ ਕੋਈ ਹੋਰ ਏਂ। ਉਸ ਨੂੰ ਸ਼ੱਕ ਪੈ ਗਿਆ ਸੀ।

‘ਨਹੀਂ ਮੈਂ ਦੀਨਾ ਨਾਥ ਹੀ ਆਂ’ ਉਸ ਨੂੰ ਯਕੀਨ ਦਿਵਾਉਣ ਲਈ ਮੈਂ ਉਸ ਵੱਲ ਅੱਖਾਂ ਸਿਧੀਆਂ ਕਰ ਕੇ ਦ੍ਰਿੜਤਾ ਨਾਲ ਉੱਤਰ ਦਿੱਤਾ। ਪਰ ਐਉਂ ਜਾਪਿਆ, ਜਿਵੇਂ ਉਸ ਨੂੰ ਯਕੀਨ ਨਾ ਆਇਆ ਹੋਵੇ।

ਏਨੇ ਚਿਰ ਨੂੰ ਜੱਲੋ ਦਾ ਮੋੜ (ਡੁਗਰਾਏ) ਆ ਗਿਆ, ਜੋ ਕਾਫੀ ਰੌਣਕ ਵਾਲਾ ਅੱਡਾ ਬਣ ਚੁਕਾ ਸੀ ਰੰਗਾ ਰੰਗ ਦੀਆਂ ਦੁਕਾਨਾਂ ਪੈ ਗਈਆਂ ਹੋਈਆਂ ਸਨ। ਦੂਰ ਲਹਿੰਦੇ ਵਿਚ ਛਿਪ ਰਹੇ ਸੂਰਜ ਨੇ ਧੁਪ ਸਮੇਟ ਕੇ ਆਸਮਾਨ ਵਿਚ ਲਾਲੀ ਫੇਰ ਦਿੱਤੀ ਸੀ। ਖ਼ਾਨ ਨੇ ਏਥੇ ਕਾਰ ਰੋਕ ਲਈ। ਉਹ ਕਾਰੋਂ ਉਤਰਿਆ ਤੇ ਢਿੱਲੀ ਚਾਦਰ ਨੂੰ ਦੁੰਹ ਹੱਥਾਂ ਨਾਲ ਉਤਾਂਹ ਚੁਕਦਾ ਤੇ ਡਬਾਂ ਕੁਲੰਜਦਾ ਹੋਇਆ ਦੁਕਾਨਾਂ ਵੱਲ ਚਲਾ ਗਿਆ। ਇਕ ਨਿੱਕੀ ਜਿਹੀ ਬਾਲਟੀ ਪਾਣੀ ਦੀ ਲਿਆ ਕੇ ਮੋਟਰ ਵਿਚ ਪਾਈ ਤੇ ਫੇਰ ਤੁਰ ਗਿਆ। ਕੁਝ ਚਿਰ ਬਾਅਦ ਉਹ ਇਕ ਹੱਥ ਵਿਚ ਸ਼ਰਾਬ ਦੀ ਬੋਤਲ ਤੇ ਦੂਸਰੇ ਹੱਥ ਕਾਗਜ਼ ਵਿਚ ਲਪੇਟੇ ਹੋਏ ਪਕੌੜੇ ਲੈ ਕੇ ਆ ਗਿਆ। ਉਸ ਨੇ ਆਪਣੀ ਸੀਟ ਹੇਠੋਂ ਇਕ ਗਲਾਸੀ ਕੱਢੀ ਤੇ ਸੀਟ ਉਤੇ ਬੈਠ ਕੇ ਬੋਤਲ ਖੋਲ੍ਹ ਲਈ। ਪਹਿਲੀ ਗਲਾਸੀ ਭਰਕੇ ਉਸ ਨੇ ਮੈਨੂੰ ਪੇਸ਼ ਕੀਤੀ। ਮੈਂ ਤਾਂ ਜੰਮ ਸਿਰ ਕਦੇ ਨਹੀਂ ਸੀ ਪੀਤੀ, ਇਸ ਲਈ ਉਸ ਦੇ ਬਾਰ ਬਾਰ ਜ਼ੋਰ ਲਾਉਣ ਉਤੇ ਵੀ ਗਲਾਸੀ ਨ ਫੜੀ। ਫੇਰ ਉਹ ਜਾਗੀਰ ਸਿੰਘ ਵੱਲ ਹੋਇਆ, ਉਸ ਨੇ ਮੈਥੋਂ ਡਰਦਿਆਂ ਨ ਪੀਤੀ। ਅਸਾਂ ਉਸ ਦਾ ਦਿਲ ਰੱਖਣ ਖਾਤਰ ਦੋ ਦੋ ਪਕੌੜੇ ਚੁੱਕ ਕੇ ਖਾ ਲਏ। ਆਖ਼ਰ ਉਸ ਇਕੱਲੇ ਨੇ ਹੀ ਝੁਨ ਝੁਨੀਆਂ ਲੈ ਲੈ ਤਿੰਨ ਗਲਾਸੀਆਂ ਚਾੜ੍ਹ ਲਈਆਂ ਤੇ ਪਕੌੜੇ ਛਕ ਲਏ। ਬਾਕੀ ਬੋਤਲ ਬੰਦ ਕਰਕੇ ਸੀਟ ਹੇਠਾਂ ਰੱਖ ਲਈ ਤੇ ਕਾਰ ਚਲਾ ਦਿੱਤੀ।

ਸੂਰਜ ਚਲਾ ਗਿਆ ਸੀ। ਉਸ ਦੇ ਉਹਲੇ ਹੋਣ ਨਾਲ ਆਸਮਾਨ ਵਿਚ ਫੈਲੀ ਲਾਲੀ ਚਮਕ ਰਹੀ ਸੀ। ਅਗਾਂਹ ਰਾਹ ਵਿਚ ਉਸ ਨੇ ਗਿਲਾ ਕਰਦਿਆਂ ਦੋ ਤਿੰਨ ਵਾਰਾਂ ਆਪਣਾ ਸ਼ੱਕ ਫੇਰ ਪ੍ਰਗਟ ਕੀਤਾ। ‘ਤੁਸਾਂ ਨਾਂ ਵੀ ਠੀਕ ਨਹੀਂ ਦੱਸਦੇ, ਪੀਦੇਂ ਵੀ ਨਹੀਂ, ਗੱਲ ਕੀ ਆ?’

ਸਾਡੇ ਉੱਤਰ ਤੇ ਤਸੱਲੀਆਂ ਉਸ ਦਾ ਢਿੱਡ ਨਾ ਭਰ ਸਕੇ। ਉਸ ਦਾ ਚਿਹਰਾ ਡਰ ਤੇ ਸ਼ੱਕ ਪ੍ਰਗਟ ਕਰ ਰਿਹਾ ਸੀ। ਨਸ਼ਾ ਵੀ ਚੜ੍ਹਿਆ ਜਾਪਦਾ ਸੀ।

ਆਟਾਰੀਓਂ ਪੰਜ ਮੀਲ ਪਰਾਂ ਘਰੇਂਡੇ ਆ ਕੇ ਉਸ ਨੇ ਕਾਰ ਥਾਣੇ ਦਾ ਬੂਹਾ ਲੰਘ ਕੇ ਖੜੀ ਕਰ ਦਿੱਤੀ।

‘ਤੁਰ ਹਨੇਰਾ ਹੁੰਦਾ ਆ’, ਜਾਗੀਰ ਸਿੰਘ ਉਸ ਨੂੰ ਘੁਰਕਿਆ।

‘ਠਹਿਰ ਜਾਓ ਜੀ!’ ਉਹ ਵੀ ਅੱਗੋਂ ਉਸੇ ਜ਼ੋਰ ਨਾਲ ਬੋਲਿਆ ਤੇ ਕਾਰੋਂ ਉਤਰਕੇ ਚਾਦਰ ਕੱਸਦਾ ਝੂਮਦਾ ਹੋਇਆ ਥਾਣੇ ਨੂੰ ਤੁਰ ਗਿਆ। ਜਾਗੀਰ ਸਿੰਘ ਨੇ ਉਸ ਨੂੰ ਪਿੱਛੋਂ ਵਾਜ ਮਾਰੀ। ਉਸ ਨੇ ਪਿਛਾਂ ਭੌਂ ਕੇ ਵੇਖਿਆ ‘ਮੈਂ ਹੁਣੇ ਪਤਾ ਕਰ ਲੈਂਦਾ ਹਾਂ’ ਕਹਿ ਕੇ ਫੇਰ ਤੁਰ ਪਿਆ।

ਸਾਨੂੰ ਹੋਣੀ ਆ ਗਈ ਜਾਪੀ। ਅਸੀਂ ਵੀ ਕਾਰੋਂ ਉਤਰ ਪਏ।

ਘੁਸਮੁਸਾ ਹੋ ਚੁਕਾ ਸੀ। ਥਾਣੇ ਦੇ ਸਾਹਮਣੀਆਂ ਦੁਕਾਨਾਂ ਤੇ ਦੀਵੇ ਜਗ ਗਏ ਸਨ।

‘ਤੁਸੀਂ ਨਿਕਲ ਜਾਉ। ਤੁਹਾਡੇ ਉਤੇ ਸਾਰਾ ਕੰਮ ਹੈ। ਮੈਂ ਚਾਰਾ ਕਰਦਾ ਹਾਂ। ਉਸ ਨੂੰ ਮੋੜ ਲਿਆਵਾਂ ਫਸ ਗਿਆ ਤਾਂ ਆਪੇ ਸਹਾਂਗਾ।’ ਜਗੀਰ ਸਿੰਘ ਮੈਨੂੰ ਆਖ ਕੇ ਆਪ ਖ਼ਾਨ ਦੇ ਮਗਰ ਚਲਿਆ ਗਿਆ।

ਉਹ, ‘ਖ਼ਾਨ ? ਸੁਣ ਤਾਂ ਸਹੀ, ਸੁਣ ਤਾਂ ਸਹੀ’, ਆਖਦਾ ਉਸ ਦੇ ਪਿਛੇ ਦੌੜ ਰਿਹਾ ਸੀ।

ਨਾਂਹ ਨੁਕਰ ਕਰਨ ਤੇ ਇਕੱਠੇ ਹੀ ਫਸ ਕੇ ਵਰਿਆਮਗੀ ਦਿਖਾਉਣ ਦਾ ਸਮਾਂ ਨਹੀਂ ਸੀ, ਤੇ ਨਾ ਹੀ ਲੋੜ। ਮੈਂ ਉਥੋਂ ਹਟ ਕੇ ਸੜਕ ਦੇ ਬਾਹਰਲੇ ਕੰਢੇ ਤੇ ਖੜੀਆਂ ਦੋ ਵੱਡੀਆਂ ਵੱਡੀਆਂ ਟਾਹਲੀਆਂ ਲਾਗੇ ਜਾ ਕੇ ਨਾਲਾ ਖੋਲ੍ਹ ਕੇ ਖਲੋ ਗਿਆ, ਤਾਂ ਜੋ ਜਾਪੇ ਕਿ ‘ਪੇਸ਼ਾਬ ਕਰਨ ਲੱਗਾ ਹਾਂ ਤੇ ਲੋੜ ਪਈ ਤਾਂ ਉਥੋਂ ਹੀ ਖਿਸਕ ਜਾਉਂ।’

ਜਗੀਰ ਸਿੰਘ ਨੇ ਬੜੀ ਹਿੰਮਤ ਕੀਤੀ। ਉਹ ਖ਼ਾਨ ਦੇ ਮਗਰੇ ਹੀ ਥਾਣੇ ਜਾ ਵੜਿਆ ਤੇ ਵਿਹੜੇ ਵਿਚ ਗਏ ਨੂੰ ਹੀ ਬਾਂਹੋ ਜਾ ਫੜਿਆ। ਸਾਡੇ ਅਜੇ ਦਿਨ ਬਾਕੀ ਰਹਿੰਦੇ ਸਨ। ਥਾਣਾ ਸੁੰਞਾਂ ਸੀ। ਖੋ-ਪੀਆ ਹੋ ਚੁਕਾ ਸੀ। ਸਭ ਥਾਣੇ ਵਾਲੇ ਰੋਟੀ ਖਾਣ ਟਿਬ੍ਹੇ ਹੋਏ ਸਨ। ਸੰਤਰੀ ਤਕ ਓਥੇ ਨਹੀਂ ਸੀ। ਸ਼ਾਇਦ ਇਹ ਸੁੰਞ ਵੇਖ ਕੇ ਹੀ ਖ਼ਾਨ ਢਿੱਲਾ ਪੈ ਗਿਆ ਹੋਵੇ।

‘ਖ਼ਾਨ ! ਬੰਦਾ ਬਣ! ਵੇਖ ਕੀ ਕਰਨ ਲੱਗਾ ਏਂ?’

‘ਭੈੜਿਆ ਸ਼ਰਮ ਕਰ ! ਕੀ ਮੂੰਹ ਵਿਖਾਏਂਗਾ?’ ਆਖਦਾ ਆਖਦਾ ਜਗੀਰ ਸਿੰਘ ਖ਼ਾਨ ਦੇ ਲੱਕ ਨੂੰ ਬਾਂਹ ਪਾਈ ਉਸ ਨੂੰ ਧੂਹੀ ਲਈ ਆ ਰਿਹਾ ਸੀ। ਮੈਂ ਵੀ ਨਾਲਾ ਬੰਨ੍ਹਦਾ ਹੋਇਆ ਲਾਗੇ ਆ ਖਲੋਤਾ।

ਉਸ ਨੇ ਆ ਕੇ ਆਪਣੇ ਪੈਸੇ ਮੰਗਣੇ ਸ਼ੁਰੂ ਕੀਤੇ। ਦਿਲੋਂ ਨ ਚਾਹੁੰਦਿਆਂ ਹੋਇਆਂ ਵੀ ਪੰਜਾਂ ਪੰਜਾਂ ਦੇ ਸਤ ਨੋਟ ਉਸ ਦੇ ਹੱਥ ਉਤੇ ਰੱਖ ਦਿੱਤੇ। ਉਸ ਨੇ ਭਵਾਂ ਕੇ ਕਾਰ ਵਿਚ ਮਾਰੇ ਤੇ ਆਖਣ ਲੱਗਾ।

‘ਸਾਰੇ ਲੈਣੇ ਆ! ਨਹੀਂ ਤਾਂ?’ ਉਹ ਥਾਣੇ ਵੱਲ ਨੂੰ ਝਾਕਿਆ।

ਮੈਂ ਝੱਟ ਬਾਕੀ ਦੇ ਵੀ ਕੱਢ ਕੇ ਕੁਲ 14 ਨੋਟ ਉਸ ਦੇ ਮੱਥੇ ਮਾਰੇ।

ਉਸ ਨੇ ਗਿਣੇ, ਤਸੱਲੀ ਕੀਤੀ ਤੇ ਕਾਰ ਵਿਚ ਬੈਠ ਕੇ ਗੱਡੀ ਤੋਰ ਲਈ।

‘ਤੁਸੀਂ ਚੱਲੇ ਕਿਥੇ ਓ? ਮੈਨੂੰ ਦੱਸੋ ਤਾਂ ਸਹੀ?’

‘ਦਸਦੇ ਦੁਸਦੇ ਕੁਝ ਨਹੀਂ! ਐਵੇਂ ਲਈ ਜਾਂਦੇ ਓ?’

ਇਸ ਤਰ੍ਹਾਂ ਉਹ ਸਾਨੂੰ ਅੰਮ੍ਰਿਤਸਰ ਨੂੰ ਲਈ ਜਾਂਦਾ ਰਾਹ ਵਿਚ ਚੁੰਨ੍ਹਦਾ ਜਾ ਰਿਹਾ ਸੀ।

‘ਤੈਨੂੰ ਦਸਿਆ ਤਾਂ ਹੈ ਗੁਰਦਾਸਪੁਰ ਤੋਂ ਅੱਗੇ ਇਕ ਪਿੰਡ ਜਾਣਾ ਹੈ।’ ਜਗੀਰ ਸਿੰਘ ਉਸ ਨੂੰ ਬਾਰ ਬਾਰ ਦੱਸ ਰਿਹਾ ਸੀ।

‘ਤੁਸਾਂ ਕਿਤੇ ਡਾਕਾ ਤਾਂ ਨਹੀਂ ਮਾਰਨਾ?’

‘ਡਾਕਾ ਕਾਹਦਾ?’ ਆਹ ਸਾਮਾਨ ਛੱਡਣ ਜਾਣਾ ਹੈ। ਇਹ ਕੋਈ ਡਾਕੇ ਵਾਲਾ ਸਾਮਾਨ ਏਂ?’ ਇਸ ਤਰ੍ਹਾਂ ਉਸ ਦਾ ਸ਼ੱਕ ਕਰਨ ਦੇ ਯਤਨਾਂ ਵਿਚ ਉਸ ਦੇ ਉੱਤਰ ਦਿੰਦਿਆਂ ਦਿਵਾਉਂਦਿਆਂ ਅੰਮ੍ਰਿਤਸਰ ਆ ਗਿਆ। ਰਾਤ ਪੈ ਗਈ ਸੀ।

ਸਾਡੇ ਰੋਕਦਿਆਂ ਰੋਕਦਿਆਂ ਉਹ ਕਾਰ ਨੂੰ ਰੀਗੋ ਬਰਿਜ ਟਪਾ ਕੇ ਲੋਹਗੜ੍ਹ ਵੱਲ ਲੈ ਤੁਰਿਆ ਤੇ ਦਰਵਾਜ਼ੇ ਦੇ ਬਾਹਰਲੇ ਚੌਂਕ ਵਿਚ ਲਿਜਾ ਕੇ ਇਕ ਬੰਨੇ ਜਾ ਖੜੀ ਕੀਤੀ। ਚੌਂਕ ਵਿਚ ਕਾਫ਼ੀ ਆਵਾਜਾਈ ਸੀ। ਟਰੈਫਿਕ ਦਾ ਸਪਾਹੀ ਅਜੇ ਖੜਾ ਸੀ। ਖ਼ਾਨ ਕਾਰੋਂ ਉੱਤਰਿਆ ਤੇ ਚਾਦਰ ਕੱਸਦਾ ਹੋਇਆ ਕਹਿਣ ਲੱਗਾ।

‘ਮੈਂ ਰਾਤ ਨਹੀਂ ਜਾਣਾ। ਐਥੇ ਮੇਰਾ ਆਪਣਾ ਘਰ ਹੈ। ਓਥੇ ਚਲੋ ਰਾਤ ਸੌਂ ਰਹੀਏ। ਸਵੇਰੇ ਚੱਲਾਂਗੇ।’

ਅਸਾਂ ਸਵੇਰੇ ਨਹੀਂ ਸੀ ਜਾਣਾ।

ਅਸਾਂ ਉਸ ਨੂੰ ਬੜਾ ਸਮਝਾਇਆ, ਮਿੰਨਤਾ ਕੀਤੀਆਂ, 25 ਰੁਪੈ ਹੋਰ ਪੇਸ਼ ਕੀਤੇ ਪਰ ਉਹ ਨਾ ਮੰਨਿਆ।

‘ਹੁਣ ਕੀ ਕਰੀਏ?’ ਬੜੇ ਭਾਅ ਦੀ ਬਣੀ!

‘ਤੂੰ ਸਾਡਾ ਸਾਮਾਨ ਲਾਹਦੇ, ਅਸੀਂ ਆਪੇ ਚਲੇ ਜਾਵਾਂਗੇ’, ਉਸ ਤੋਂ ਖਹਿੜਾ ਛੁਡਾਉਣ ਦਾ ਸਾਡੇ ਕੋਲ ਇਸ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ ਰਹਿ ਗਿਆ।

ਉਹ ਬਹੁਤ ਖੁਸ਼ ਹੋਇਆ। ਅਸਾਂ ਸਾਮਾਨ ਲਾਹ ਕੇ ਰੱਖ ਲਿਆ। ਉਸ ਦੀ ਸਾਥੋਂ ਖਲਾਸੀ ਹੋਏ ਤੇ ਸਾਡੀ ਉਸ ਤੋਂ।

ਉਹ ਕਾਰ ਲੈ ਗਿਆ।

* * * * *

‘ਹੁਣ ?’

ਇਹ ਬਹੁਤ ਵੱਡਾ ਸਵਾਲ ਸੀ।

ਜਿਸ ਗੱਲੋਂ ਡਰਦੇ ਸਾਂ, ਉਹੋ ਹੋਈ। ਜਿਥੇ ਖ਼ਤਰਾ ਸੀ, ਓਥੇ ਹੀ ਆ ਕੇ ਫਸੇ। ਅੰਮ੍ਰਿਤਸਰ ਪੰਜਾਬ ਦਾ ਸਿਆਸੀ ਕੇਂਦਰ ਹੋਣ ਕਰਕੇ ਸੀ. ਆਈ. ਡੀ. ਦੇ ਭੂੰਡਾਂ ਦੀ ਖੱਖਰ ਬਣਿਆ ਰਹਿੰਦਾ ਸੀ ਏਥੋਂ ਦੇ ਸਾਡੇ ਸਾਰੇ ਅੱਡੇ ਰਾਤ ਦਿਨ ਪੁਲਸ ਦੀਆਂ ਨਜ਼ਰਾਂ ਵਿਚ ਰਹਿੰਦੇ ਸਨ। ਓਥੇ ਜਾਣਾ ਸ਼ਰਤੀਆ ਫੜੇ ਜਾਣਾ ਸੀ। ਰਾਤ ਨੂੰ ਏਹੋ ਜਿਹਾ ਸਾਮਾਨ ਤਾਂਗੇ ਵਿਚ ਲੱਦ ਕੇ ਸ਼ਹਿਰੋਂ ਬਾਹਰ ਕਿਸੇ ਪਿੰਡ ਵਿਚ ਲਿਜਾਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਸੀ।

‘ਫੇਰ ?’

‘ਕੀ ਕੀਤਾ ਜਾਏ?’

‘ਕੁਝ ਨਹੀਂ ਸੀ ਸੁਝਦਾ। ਸਿਨੇਮਾ ਦੀ ਫ਼ਿਲਮ ਵਾਂਗ ਸ਼ਹਿਰ ਦੇ ਸਾਰੇ ਅੱਡੇ ਤੇ ਭਰੋਸੇ ਯੋਗ ਵਾਕਫੀਆਂ ਧਿਆਨ ਵਿਚ ਦੀ ਲੰਘਦੀਆਂ ਜਾ ਰਹੀਆਂ ਸਨ, ਪਰ ਮਨ ਕਿਸੇ ਉਤੇ ਵੀ ਨਹੀਂ ਸੀ ਜਚਦਾ।

‘ਐਥੋਂ ਤਾਂ ਚਲੀਏ।’ ਅਖ਼ੀਰ ਮੈਨੂੰ ਇਹੋ ਫੁਰੀ।

ਚੰਗਾ ਹੋਇਆ, ਸਿਪਾਹੀ ਤੁਰ ਗਿਆ ਸੀ। ਅਸਾਂ ਦੋ ਤਾਂਗੇ ਲਏ, ਸਾਮਾਨ ਲਦਿਆ। ਅਗਲੇ ਤਾਂਗੇ ਵਿਚ ਮੈਂ ਬੈਠ ਗਿਆ, ਪਿਛਲੇ ਵਿਚ ਜਗੀਰ ਸਿੰਘ।

‘ਕਿਥੇ ਜਾਣਾ?’ ਤਾਂਗੇ ਵਾਲੇ ਪੁਛਿਆ।

‘ਕਿਥੇ ਦਸੀਏ?’ ਦਿਲ ਵਿਚ ਹੀ ਸਵਾਲ ਉਠਿਆ, ਪਰ ਉੱਚੀ।

‘ਮਾਡਲ ਟਾਊਨ!’ ਜੀ ਭਿਆਣੇ ਮੂੰਹੋਂ ਨਿਕਲ ਗਿਆ।

ਤਾਂਗੇ ਟੁਰ ਪਏ। ‘ਮਾਡਲ ਟਾਊਨ ਸਾਡਾ ਕੌਣ ਸੀ?’ ਸਿਰਫ਼ ਸੋਚਣ ਦਾ ਸਮਾਂ ਕੱਢਣ ਲਈ ਇਹ ਪੱਜ ਲਾਇਆ ਗਿਆ। ਦਸਾਂ ਮਿੰਟਾਂ ਵਿਚ ਹੀ ਰੀਗੋ ਬਰਿਜ ਟੱਪ ਕੇ ਮਾਡਲ ਟਾਊਨ ਆ ਗਿਆ। ਰਾਹ ਵਿਚ ਸਿਰ ਮਾਰਿਆ, ਪਰ ਕੋਈ ਟਿਕਾਣਾ ਨ ਸੁਝਾ।

‘ਬਾਬੂ ਜੀ, ਕਿਥੇ ਕੁ?’ ਤਾਂਗੇ ਵਾਲੇ ਦੀ ਪੁੱਛ ਨੇ ਮੇਰੀ ਸੋਚ ਲੜੀ ਤੋੜ ਦਿੱਤੀ।

‘ਤੁਸੀਂ ਏਥੇ ਡਕੋ, ਮੈਂ ਘਰ ਲੱਭ ਆਵਾਂ। ਦੋ ਸਾਲ ਹੋਏ, ਇਕ ਰਾਤ ਮੈਂ ਆਇਆ ਸਾਂ। ਪਤਾ ਨਹੀਂ ਘਰ ਕਿਹੜੀ ਗਲੀ ਹੈ।’ ਇਹ ਵੀ ਬਹਾਨਾ ਹੀ ਸੀ। ਮੈਂ ਉਤਰ ਕੇ ਇਕ ਵਿਚ ਵੜ ਗਿਆ। ਘਰ ਤਾਂ ਕੋਈ ਨਹੀਂ ਸੀ, ਗਲੀ ਪਾਰ ਕਰ ਕੇ ਅਗਾਂਹ ਇਕ ਸਖਣੇ ਮੈਦਾਨ ਵਿਚ ਜਾ ਖਲੋਤਾ। ਸੋਚਾਂ ਦੇ ਘੋੜੇ ਫੇਰ ਛੱਡੇ, ਪਰ ਕੋਈ ਦਾਈ ਨ ਪੁਗੀ। ਮਨ ਵਿਚ ਬੜੀਆਂ ਕੰਘੀਆਂ ਮਾਰੀਆਂ ਪਰ ਅਕਾਰਥ। ਅਖੀਰ ਨਿਰਾਸ਼ਾ ਦੀ ਜੁਲੀ ਪਾਟ ਕੇ ਆਸ ਦੀ ਕਿਰਨ ਨਜ਼ਰ ਪਈ। ਉਸ ਦੀ ਲੋ ਤੇ ਹੀ ਡੋਰਾਂ ਸੁਟ ਦਿੱਤੀਆਂ। ਤਾਂਗੇ ਵਾਲਿਆਂ ਤੋਂ ਸਾਮਾਨ ਇਹ ਕਹਿ ਕੇ ਉਤਰਵਾ ਲਿਆ, ਕਿ ਮਕਾਨ ਜੇ ਨਹੀਂ ਲੱਭਾ। ਤੁਸੀਂ ਸਾਮਾਨ ਲਾਹ ਦਿਓ। ਅਸੀਂ ਘਰ ਲੱਭ ਕੇ ਆਪੇ ਲੈੈ ਜਾਵਾਂਗੇ। ਤਾਂਗੇ ਵਾਲਿਆਂ ਨੂੰ

ਹੋਰ ਕੀ ਚਾਹੀਦਾ ਸੀ। ਉਹ ਸਾਮਾਨ ਲਾਹ ਕੇ ਤੇ ਪੈਸੇ ਲੈ ਕੇ ਚਲਦੇ ਬਣੇ।

ਮਤਾਂ ਖ਼ਾਨ ਭੈੜਾ ਪੈ ਜਾਏੇ ਤੇ ਪੁਲਸ ਨੂੰ ਜਾ ਦੱਸੇ, ਲੁਹਗੜੋਂ ਫੋਰਨ ਚਲੇ ਆਉਣਾ ਜ਼ਰੂਰੀ ਸੀ। ਮਤਾਂ ਪੁਲਸ ਤਾਂਗਿਆਂ ਦੇ ਅੱਡੇ ਵਿਚੋਂ ਤਾਂਗੇ ਵਾਲਿਆਂ ਦਾ ਪਤਾ ਕੱਢ ਲਵੇ ਤੇ ਸਾਡਾ ਅੱਡਾ ਆ ਲੱਭੇ, ਇਸ ਲਈ ਪਿਛਲੀ ਘੜੀਸ ਤੋੜਨ ਵਾਸਤੇ ਅਤੀ ਯੋਗ ਸੀ, ਕਿ ਇਹ ਤਾਂਗੇ ਛੱਡ ਦਿੱਤੇ ਜਾਣ ਤੇ ਅਗਾਂਹ ਜਾਣ ਲਈ ਹੋਰ ਤਾਂਗੇ ਲਏ ਜਾਣ। ਲੁਹਗੜ੍ਹ ਸਾਨੂੰ ਸਾਮਾਨ ਲੱਦਦੀਆਂ ਕਈਆਂ ਨੇ ਵੇਖਿਆ ਸੀ ਤੇ ਓਥੇ ਖੜੇ ਬਾਕੀ ਦੇ ਤਾਂਗੇ ਵਾਲਿਆਂ ਨੂੰ ਇਹਨਾਂ ਤਾਂਗਿਆ ਦਾ ਪਤਾ ਸੀ।

ਜਗੀਰ ਸਿੰਘ ਜਾ ਕੇ ਹੋਰ ਤਾਂਗੇ ਲੈ ਆਇਆ। ਅਸੀਂ ਸਾਮਾਨ ਲੱਦ ਕੇ ਖਾਲਸਾ ਕਾਲਜ ਲਾਗੇ ਉਰੇ ਹੀ ਇਕ ਆਬਾਦੀ ਅੱਗੇ ਆ ਖਲੋਤੇ। ਬਚਾਅ ਦੇ ਤੌਰ ਤੇ ਤਾਂਗੇ ਵਾਲਿਆਂ ਤੋਂ ਘਰ ਲੁਕਾਉਣ ਲਈ ਸਾਮਾਨ ਸੜਕ ਦੇ ਕੰਢੇ ਉਤੇ ਉਤਰਵਾ ਕੇ ਤਾਂਗੇ ਭੇਜ ਦਿੱਤੇ।

ਦਸ ਵੱਜ ਗਏ ਸਨ, ਸੜਕ ਉਤੇ ਹੁਣ ਸਾਥੋਂ ਸਿਵਾ ਹੋਰ ਕੋਈ ਨਹੀਂ ਸੀ। ਏਥੇ ਲਾਗੇ ਸਾਡੇ ਇਕ ਜਾਣ ਪਛਾਣ ਵਾਲੇ ਡਾਕਟਰ ਗੁਰਬਖਸ਼ ਸਿੰਘ ਸੰਤ ਦਾ ਘਰ ਸੀ, ਜਿਥੋ ਅਸੀਂ ਕਦੇ ਕਦਾਈਂ ਚਾਹ ਪਾਣੀ ਜਾ ਛਕਦੇ ਹੁੰਦੇ ਸਾਂ। ਇਸ ਨੂੰ ਹੀ ਮੈਂ ਆਸ ਦਾ ਤੀਲ੍ਹਾ ਬਣਾਇਆ।

ਜਾਗੀਰ ਸਿੰਘ ਨੂੰ ਸਾਮਾਨ ਕੋਲ ਛੱਡ ਕੇ ਮੈਂ ਉਸ ਦੇ ਘਰ ਗਿਆ। ਉਹ ਮੇਰੀ ਅਰਜ਼ ਸੁਣਦਿਆਂ ਹੀ ਡੌਰ ਭੌਰਾ ਹੋ ਗਿਆ ਤੇ ਲੱਗਾ ਗੱਡੇ ਨਾਲ ਕੱਟਾ ਬਨ੍ਹਣ। ਪਰ ਉਸ ਦੇ ਘਰੋਂ ਬੀਬੀ ਸੰਤ ਕੌਰ ਬੜੀ ਦਲੇਰ ਨਿਕਲੀ। ਉਸ ਨੇ ਬੜਾ ਜੁਰਕਾ ਕੀਤਾ ਤੇ ਸਾਡਾ ਅੱਧਾ ਕੰਮ ਹੋ ਗਿਆ। ਉਹਨਾਂ ਕਾਗਜ਼ ਰੱਖਣਾ ਮਨਜ਼ੂਰ ਕਰ ਲਿਆ। ਚਲੋ ਕਾਗਜ਼ ਹੀ ਸਹੀ। ਉਹ ਦੋਵੋਂ ਜੀ ਆਏ ਤੇ ਕਾਗਜ਼ਾਂ ਦੇ ਰਿਮ ਚੁੱਕ ਚੁੱਕ ਲੈ ਜਾਣ ਲੱਗ ਪਏ।

‘ਮਸ਼ੀਨ?’

ਹੁਣ ਦਿਮਾਗ ਕੰਮ ਕਰਨ ਲੱਗ ਪਿਆ ਸੀ। ਚੇਤਾ ਆ ਗਿਆ। ਨਾਲ ਹੀ ਆਬਾਦੀ ਵਿਚ ਮੇਰੇ ਛੋਟੇ ਭਰਾ ਕਿਰਪਾਲ ਸਿੰਘ ਦਾ ਦੋਸਤ ਰਹਿੰਦਾ ਸੀ ਦਿਆਲ ਸਿੰਘ। ਭਰਾ ਨੇ ਮੈਨੂੰ ਆਖਿਆ ਹੋਇਆ ਸੀ, ਕਿ ਰਾਤ ਬਰਾਤੇ ਲੋੜ ਪਵੇ ਤਾਂ ਉਥੇ ਚਲਿਆ ਜਾਇਆ ਕਰਾਂ।

ਮੈਂ ਗਿਆ ਤੇ ਉਸ ਨੂੰ ਸਦ ਕੇ ਨਾਲ ਲੈ ਆਂਦਾ। ਮਸ਼ੀਨ ਵਿਖਾਉਂਦਿਆਂ ਹੋਇਆ ਮੈਂ ਉਸ ਨੂੰ ਆਖਿਆ, ਕਿ ‘ਇਹ ਅੱਜ ਰਾਤ ਤੇ ਕਲ੍ਹ ਦਾ ਦਿਨ ਰੱਖਣੀ, ਕੱਲ ਰਾਤ ਨੂੰ ਲੈ ਜਾਵਾਂਗੇ।’ ਉਸ ਦਾ ਮਸ਼ੀਨ ਵੇਖ ਕੇ ਤਰਾਹ ਨਿਕਲ ਗਿਆ ਤੇ ਉਸ ਨੇ ਕੰਨਾਂ ਤੇ ਹੱਥ ਰੱਖ ਲਏ।

‘ਭਰਾ ਜੀ! ਹੁਣ ਤਾਂ ਭਾਵੇਂ ਕੁਝ ਵੀ ਹੋਵੇ, ਇਹ ਤੁਹਾਡੇ ਹੀ ਰੱਖਣੀ ਹੈ, ਹੋਰ ਕੋਈ ਚਾਰਾ ਨਹੀਂ।’ ਮੈਂ ਚੰਗਾ ਖੜਕ ਕੇ ਤਰਲਾ ਮਾਰਿਆ।

‘ਚੰਗਾ ਲੈ ਆਓ, ਪਰ ਕਲ੍ਹ ਜ਼ਰੂਰ ਲੈ ਜਾਇਆ ਜੇ।’ ਉਹ ਨਿਮੋਝੂਣਾ ਜਿਆ ਹੋ ਕੇ ਮੰਨ ਗਿਆ। ਅਸੀਂ ਮਸ਼ੀਨ ਤੇ ਸਿਆਹੀ ਦੀਆਂ ਡੱਬੀਆਂ ਚੁਕ ਕੇ ਉਸ ਦੇ ਘਰ ਲੈ ਗਏ ਉਸ ਨੇ ਰਜ਼ਾਈਆਂ ਵਾਲਾ ਟਰੰਕ ਖ਼ਾਲੀ ਕਰਕੇ ਮਸ਼ੀਨ ਰਖਵਾਈ ਤੇ ਉਤੇ ਰਜ਼ਾਈਆਂ ਪਾ ਕੇ ਸੰਦੂਕ ਨੂੰ ਜੰਦਰਾ ਮਾਰ ਦਿੱਤਾ।

ਘੜੀ ਯਾਰਾਂ ਤੋਂ ਟਪ ਗਈ ਸੀ। ਜਾਗੀਰ ਸਿੰਘ ਤਾਂ ਸ਼ੇਖੂਪੁਰਿਓਂ ਕਿਸੇ ਆਪਣੇ ਜਾਣਕਾਰ ਪਾਸੋਂ ਮੋਟਰ ਲੈ ਆਉਣ ਲਈ ਬਾਰਾਂ ਵਜੇ ਦੀ ਗੱਡੀ ਚੜ੍ਹਨ ਸਟੇਸ਼ਨ ਨੂੰ ਚਲਾ ਗਿਆ। ਮੈਨੂੰ ਉਹਨਾਂ ਇਕ ਨਵੇਕਲੇ ਕਮਰੇ ਵਿਚ ਬਿਸਤਰਾ ਕਰ ਦਿੱਤਾ। ਨਾਲ ਦੇ ਕਮਰੇ ਵਿਚੋਂ ਇਕ ਬੁਢੜੀ ਜਿਹੀ ਆਵਾਜ਼ ਔਂਤਰਿਆ ਸੌਂਤਰਿਆ ਕਰ ਰਹੀ ਸੀ। ਸ਼ਾਇਦ ਸਾਨੂੰ ਹੀ ਟਕਰੀ ਹੋਈ ਸੀ। ਸਰਦਾਰ ਉਸ ਨੂੰ ਚੁੱਪ ਕਰਾਉਣ ਦੇ ਜਤਨ ਕਰ ਰਿਹਾ ਸੀ। ਮੈਂ ਉਹਨਾਂ ਨੂੰ ਬੋਲਦਿਆਂ ਨੂੰ ਛੱਡ ਕੇ ਥਕੇਵੇਂ ਤੇ ਫ਼ਿਕਰਾਂ ਦਾ ਮਾਰਿਆ ਭੁਖਾ ਭਾਣਾ ਹੀ ਸੌਂ ਗਿਆ।

ਉਹਨਾਂ ਮੂੰਹ ਹਨੇਰੇ ਹੀ ਮੈਨੂੰ ਜਗਾ ਦਿੱਤਾ। ਹੱਥ ਮੂੰਹ ਧੁਆਇਆ ਤੇ ਇਕ ਥਾਲ ਵਿਚ ਤਿੰਨ ਵੱਡੇ ਪਰਾਉਂਠੇ, ਇਕ ਕੌਲੀ ਦਹੀਂ ਦੀ ਤੇ ਦੂਸਰੀ ਮੱਖਣ ਦੀ ਮੇਰੇ ਅਗੇ ਲਿਆ ਰੱਖੇ। ਖਾਂਦਿਆਂ ਖਾਂਦਿਆਂ ਇਕ ਗਲਾਸ ਚਾਹ ਦਾ ਵੀ ਆ ਗਿਆ।

‘ਛਕੋ ਤੇ ਦਿਨ ਕਿਧਰੇ ਹੋਰ ਥੇ ਕੱਢ ਆਓ। ਸਾਡੇ ਪਰਾਹੁਣੇ ਆਉਣ ਵਾਲੇ ਹਨ।’ ਸਰਦਾਰ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ।

ਇਸ ਉਚੇਰੀ ਤੇ ਸਲੱਗੀ ਸੇਵਾ ਨੇ ਸਵੇਰੇ ਹੀ ਉਠਾ ਕੇ ਘਰੋਂ ਤਰਾਹ ਦਿੱਤੇ ਜਾਣ ਦਾ ਮੇਰੇ ਦਿਲ ਵਿਚ ਆਇਆ ਰੰਜ ਗਵਾ ਦਿੱਤਾ।

ਚਾਹ ਪਰਾਉਂਠੇ ਛੱਕ ਕੇ ਮੈਂ ਘਰੋਂ ਨਿਕਲਿਆ ਤੇ ਤੜਕੇ ਦੀ ਗੱਡੀ ਚੜ੍ਹ ਕੇ ਤਰਨਤਾਰਨ ਰਾਗੀ ਖੜਕ ਸਿੰਘ ਦੇ ਘਰ ਚਲਾ ਗਿਆ। ਦਿਨ ਉੱਥੇ ਕੱਟਿਆ। ਸ਼ਾਮ ਨੂੰ ਅੰਮ੍ਰਿਤਸਰ ਜਾਣ ਲਈ ਨਿਕਲ ਤੁਰਿਆ।

ਤਰਨ ਤਾਰਨ ਬਾਬਾ ਅਟਲ ਦੇ ਬੁੰਗਿਉਂ ਇਕ ਨਵੇਕਲੀ ਜਹੀ ਗਲੀ ਨਿਕਲ ਕੇ ਬਾਹਰਲੀ ਵੱਡੀ ਸੜਕ ਨੂੰ ਜਾਂਦੀ ਹੈ। ਮੈਂ ਉਸ ਗਲੀ ਪੈ ਗਿਆ। ਗਲੀ ਵਿਚ ਇਕ ਮੋੜ ਮੁੜਦਿਆਂ ਹੀ ਅਗੋਂ ਪੁਲਸ ਦਾ ਇਕ ਥਾਨੇਦਾਰ ਮਥੇ ਵੱਜਾ, ਜੋ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀ।

ਉਹ ਅੰਮ੍ਰਿਤਸਰ ਸਾਡੇ ਉਤੇ ਨਿਗਰਾਨੀ ਰੱਖਣ ਵਾਲੇ ਸੀ.ਆਈ.ਡੀ. ਦੇ ਸਿਪਾਹੀਆਂ ਦਾ ਇਨਚਾਰਜ ਹਵਾਲਦਾਰ ਰਿਹਾ ਸੀ। ਬੰਦਾ ਚੰਗਾ ਸੀ। ਸਾਡੀਆਂ ਆਏ ਦਿਨ ਹੁੰਦੀਆਂ ਰਹਿੰਦੀਆਂ ਤਲਾਸ਼ੀਆਂ ਉਤੇ ਉਹ ਵੱਡੇ ਅਫਸਰਾਂ ਨਾਲ ਆਉਂਦਾ ਰਿਹਾ ਸੀ। ਉਹ ਵਾਹ ਲਗਦੀ ਹੋਣ ਵਾਲੀ ਤਲਾਸ਼ੀ ਦੀ ਖਬਰ ਸਾਨੂੰ ਪਹਿਲਾਂ ਹੀ ਪੁਚਾ ਦਿਆ ਕਰਦਾ ਸੀ। ਕਈ ਵਾਰ ਅਫਸਰਾਂ ਦੇ ਕਬਜ਼ੇ ਵਿਚ ਕੀਤੇ ਹੋਏ ਸਾਡੇ ਜ਼ਰੂਰੀ, ਪਰ ਸਰਕਾਰ ਲਈ ਖਤਰਨਾਕ ਕਾਗਜ਼, ਉਹ ਫਰਿਸਤ ਵਿਚ ਦਾਖਲ ਨਹੀਂ ਸੀ ਕਰਦਾ ਹੁੰਦਾ ਤੇ ਅਫ਼ਸਰਾਂ ਦੀ ਅੱਖ ਬਚਾ ਕੇ ਉਥੇ ਹੀ ਛੱਡ ਜਾਂ ਮਗਰੋਂ ਕੋਤਵਾਲੀਓਂ ਲਿਆ ਕੇ ਦੇ ਜਾਂਦਾ ਸੀ।

ਗਲੀ ਵਿਚ ਅਸੀਂ ਦੋਵੇਂ ਹੀ ਸਾਂ। ਮੇਰੇ ਮੁੰਨਿਆਂ ਦੁੱਨਿਆਂ ਹੋਣ ਦਾ ਬਾਵਜੂਦ ਉਸਨੇ ਮੈਨੂੰ ਪਛਾਣ ਲਿਆ। ਮੈਂ ਵੀ ਤਾੜ ਗਿਆ। ਪਰ ਭਜਣ ਦੀ ਕੋਈ ਸਬੀਲ ਨਹੀਂ ਸੀ। ਮੈਂ ਮਨ ਵਿਚ ਬਹੁਤ ਡਰਿਆ, ਪਰ ਘਬਰਾਇਆ ਨਹੀਂ ਤੇ ਅਣਜਾਣ ਜਿਹਾ ਹੋ ਕੇ ਕੋਲ ਦੀ ਲੰਘ ਚਲਿਆ। ਉਹ ਮੁਸਕਰਾਇਆ ਤੇ ਉਸ ਨੇ ਲੰਘੇ ਜਾਂਦੇ ਦਾ ਮੇਰਾ ਆਪਣੇ ਵਲ ਦਾ ਹੱਥ ਫੜ ਲਿਆ ਤੇ ਸਤਿ ਸ੍ਰੀ ਅਕਾਲ ਬੁਲਾ ਮਾਰੀ। ਮੈਨੂੰ ਵੀ ਸਤਿ ਸ੍ਰੀ ਅਕਾਲ ਬੁਲਾਉਣੀ ਤੇ ਖਿੜੇ ਮੱਥੇ ਹੋਣਾ ਪਿਆ। ਅਸਾਂ ਆਪਸ ਵਿਚ ਰਾਜੀ ਖੁਸ਼ੀ ਪੁਛੀ। ਉਸ ਨੇ ਮੇਰਾ ਹੱਥ ਹੋਰ ਵੀ ਘੁੱਟ ਕੇ ਫੜ ਲਿਆ ਤੇ ਇਸੇ ਤਰ੍ਹਾਂ ਹੀ ਮੇਰੇ ਨਾਲ ਨਾਲ ਸਟੇਸ਼ਨ ਨੂੰ ਤੁਰ ਪਿਆ। ਮੈਂ ਵੀ ਹੱਥ ਛਡਾਉਣ ਦੀ ਕੋਸ਼ਿਸ਼ ਨਾ ਕੀਤੀ, ਮੈਨੂੰ ਉਹਦੀ ਪੁਰਾਣੀ ਹਮਦਰਦੀ ਉੱਤੇ ਭਰੋਸਾ ਸੀ।

ਅਸੀਂ ਅੰਮ੍ਰਿਤਸਰ ਵਾਲੀ ਸੜਕ ਤੇ ਆ ਗਏ। ਉਸਨੇ ਇਕ ਤਾਂਗਾ ਸਦਿਆ।

‘ਚੰਗਾ! ਸਤਿ ਸ੍ਰੀ ਅਕਾਲ’ ਕਹਿਕੇ ਮੈਂ ਤੁਰਨ ਦੇ ਬਹਾਨੇ ਉਸ ਤੋਂ ਛੁਟੀ ਲੈਣ ਤੇ ਹੱਥ ਛੁਡਾਉਣ ਦੀ ਕੋਸ਼ਿਸ਼ ਕੀਤੀ।

‘ਬੜਾ ਫਿਰ ਲਿਆ, ਆਓ ਹੁਣ ਆਰਾਮ ਕਰੋ।’ ਆਖ ਕੇ ਉਸ ਨੇ ਮੈਨੂੰ ਖਿਚ ਕੇ ਤਾਂਗੇ ਵਿਚ ਬਿਠਾ ਕੇ ਤਾਂਗਾ ਥਾਣੇ ਵਲ ਤੁਰਵਾ ਲਿਆ। ਭੀੜ ਇਕੱਠੀ ਹੋ ਜਾਣ ਦੇ ਡਰ ਤੋਂ ਮੈਂ ਬਘਿਆੜ ਫੜੀ ਭੇਡ ਵਾਂਗ ਚੁਪ ਹੀ ਰਿਹਾ।

ਮੈਨੂੰ ਆਪਣਾ ਅਖ਼ੀਰ ਦਿਸ ਪਿਆ। ਪਰ ਆਸ ਨ ਟੁੱਟੀ। ਮੈਂ ਉਸ ਦੀ ਹਮਦਰਦੀ ਨੂੰ ਟੁੰਬਣ ਦਾ ਚਾਰਾ ਸ਼ੁਰੂ ਕਰ ਦਿੱਤਾ। ਉਸ ਨੂੰ ਸਾਫ਼ ਆਖਿਆ।

‘ਵੇਖ! ਇਹ ਵੇਲਾ ਮੇਰੀ ਗਰਿਫਤਾਰੀ ਦਾ ਨਹੀਂ। ਸਾਡਾ ਸਾਰਾ ਕੰਮ ਚੌੜ ਹੋ ਜਾਏਗਾ। ਆਪਣੀਆਂ ਪਿਛਲੀਆਂ ਕੀਤੀਆਂ ਨੂੰ ਨ ਰੋਹੜ ਕੇ ਕਲੰਕ ਦਾ ਟਿਕਾ ਮੱਥੇ ਨ ਲੈ! ਤੂੰ ਚਾਹੁੰਦਾ ਏਂ ਸਾਡਾ ਕੰਮ ਬੰਦ ਹੋ ਜਾਏ?’ ਮੈਂ ਉਸ ਨੂੰ ਨਹੋਰੇ ਦੇਣੇ ਆਰੰਭ ਦਿੱਤੇ।

ਉਹ ਸੁਣ ਸੁਣ ਮੁਸਕਰਾਈ ਗਿਆ। ਉਸ ਨੇ ਜੇਬ ਵਿਚੋਂ ਇਕ ਕਾਗਜ਼ ਕੱਢਿਆ ਤੇ ਖੋਹਲ ਕੇ ਮੇਰੇ ਅੱਗੇ ਰੱਖ ਦਿੱਤਾ। ਇਹ ਮੇਰੀ ਗਰਿਫਤਾਰੀ ਦਾ ਇਨਾਮੀ ਇਸ਼ਤਿਹਾਰ ਸੀ, ਜਿਸ ਵਿਚ ਜੀਉਂਦਾ ਫੜਕੇ ਜਾਂ ਮਾਰ ਕੇ ਲੈ ਆਉਣ ਵਾਲੇ ਨੂੰ ਪੰਜ ਹਜਾਰ ਰੁਪਇਆ ਦਿੱਤਾ ਜਾਣਾ ਛਪਿਆ ਹੋਇਆ ਸੀ ਤੇ ਵਿਚਕਾਰ ਮੇਰੀ ਕੇਸਾਂ ਦਾਹੜੀ ਵਾਲੀ ਫੋਟੇ ਸੀ।

‘ਮੈਂ ਕਿੰਨਾ ਖੁਸ਼ ਕਿਸਮਤ ਹਾਂ’, ਉਹ ਕੰਨਾਂ ਤਾਈਂ ਖੁਸ਼ ਹੋ ਕੇ ਹੱਸਿਆ।

ਮੇਰਾ ਰੰਗ ਫੱਕ ਹੋ ਗਿਆ। ਆਸਾਂ ਤੇ ਪਾਣੀ ਫਿਰਦਾ ਜਾਪਿਆ ਪਰ ਮੈਂ ਮਿੰਨਤਾਂ ਤਰਲੇ ਕਰੀ ਗਿਆ। ਮੇਰੇ ਹਾੜੇ ਸੁਣ ਸੁਣ ਮੁਸਕਰਾਹਟ ਤੇ ਗੰਭੀਰਤਾ ਵਾਰੋ ਵਾਰੀ ਉਸ ਦੇ ਮੂੰਹ ਤੇ ਆਉਣ ਜਾਣ ਲੱਗੀ ਪਈਆਂ। ਉਹ ਸੋਚੀਂ ਪੈ ਗਿਆ। ਜਿਵੇਂ ਆਖ਼ਰੀ ਫੈਸਲੇ ਵਾਸਤੇ ਮਨ ਤੇ ਦਿਲ ਨਾਲ ਘੁਲ ਰਿਹਾ ਹੋਵੇ। ਮਿੰਨਤਾਂ ਕਰਦਿਆਂ ਕਰਦਿਆਂ ਥਾਣਾ ਆ ਗਿਆ।

‘ਤੁਸੀਂ ਲੋਕ ਗੱਲ ਕਰ ਦਿੰਦੇ ਓ। ਜੇ ਸਰਕਾਰੇ ਪਤਾ ਲੱਗ ਗਿਆ ਤਾਂ ਮੈਂ ਕਿਥੇ ਜਾਊਂ? ਉਹ ਨਰਮ ਹੋਇਆ ਜਾਪਿਆ।

‘ਕਦੇ ਨ ਦੱਸਾਂਗਾ। ਵੇਖ ਲਈ।’ ਆਸਾਂ ਪੂਰੀਆਂ ਹੁੰਦੀਆਂ ਜਾਪਣ ਦੀ ਖੁਸ਼ੀ ਵਿਚ ਮੇਰੀਆਂ ਅੱਖਾਂ ਭਰ ਆਈਆਂ ਤੇ ਮੈਂ ਉਸ ਨੂੰ ਇਹ ਗੱਲ ਲੁਕਾਈ ਰੱਖਣ ਦਾ ਯਕੀਨ ਦਿਵਾਇਆ।

‘ਵੇਖਿਓ?’ ਉਸ ਨੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਕੁਝ ਤਸੱਲੀ ਲੱਭਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਪੁਛਿਆ।

‘ਨਹੀਂ ਕਦੇ ਨਹੀਂ’ ਮੈਂ ਵੀ ਅੱਖਾਂ ਸਿੱਧੀਆਂ ਹੀ ਰੱਖ ਕੇ ਛਾਤੀ ਠੋਕ ਕੇ ਜਵਾਬ ਦਿੱਤਾ। ਮੈਂ ਅੱਖਾਂ ਤੋਂ ਚਿਹਰੇ ਤੋਂ ਆਪਣੀ ਸਿਦਕ ਦਿਲੀ ਨੂੰ ਪੂਰੀ ਤਰ੍ਹਾਂ ਪਰਗਟਾਉਣ ਦੀ ਕੋਸ਼ਿਸ਼ ਕੀਤੀ। ਥਾਣੇ ਦੇ ਬੂਹੇ ਅੱਗੇ ਜਾ ਕੇ ਉਸ ਨੇ ਮੇਰਾ ਹੱਥ ਛੱਡ ਦਿੱਤਾ ਤੇ ਹੇਠਾਂ ਉਤਰਕੇ ਤਾਂਗੇ ਵਾਲੇ ਨੂੰ ਮੈਨੂੰ ਸਟੇਸ਼ਨ ਉੱਤੇ ਛੱਡ ਆਉਣ ਵਾਸਤੇ ਕਿਹਾ ਤੇ ਆਪ ਥਾਣੇ ਜਾ ਵੜਿਆ। ਹੁਣ ਉਸ ਕਿਰਤੀ ਭਗਤ ਥਾਨੇਦਾਰ ਨੇ ਨਾਂ ਦੱਸ ਦੇਣ ਦੀ ਆਗਿਆ ਦੇ ਦਿੱਤੀ ਹੈ। ਉਹ ਸੀ, ਊਧਮ ਸਿੰਘ ਬੱਲ ਕਲਾਂ, ਜੋ ਹੁਣ ਪਿਨਸ਼ਨੀਆ ਹੈ।

‘ਕਿੰਨੀ ਕੁਰਬਾਨੀ? ਮੈਨੂੰ ਛੱਡ ਕੇ ਉਸ ਨੇ ਐਨਾ ਰੁਪਇਆ ਤੇ ਸਰਕਾਰੇ ਦਰਬਾਰੇ ਵੱਧਣ ਵਾਲਾ ਸਾਰਾ ਮਾਣ ਛੱਡ ਦਿੱਤਾ।’ ਮੈਂ ਉਸ ਦੇ ਅਸ਼ਕੇ ਜਾ ਰਿਹਾ ਸਾਂ ਤੇ ਬਹੁਤ ਖੁਸ਼ ਸਾਂ। ਮੈਂ ਅੰਮ੍ਰਿਤਸਰ ਪੁਜ ਗਿਆ। ਅੱਧੇ ਘੰਟੇ ਬਾਅਦ ਜਾਗੀਰ ਸਿੰਘ ਵੀ ਲਾਰੀ ਲੈ ਆਇਆ। ਜਿਸ ਵਿਚ ਡਰਾਈਵਰ ਨਾਲ ਦੋ ਕਲੀਨਰ ਸਨ। ਇਹ ਆਪਣੇ ਹੀ ਬੰਦੇ ਸਨ।

ਗੁਰਦਾਸਪੁਰੋਂ ਅਗਾਂਹ ਲੰਘ ਕੇ ਪਨਿਆੜ ਲਾਗਿਓਂ ਸੱਜੇ ਪਾਸੇ ਨਾਨੂੰ ਨੰਗਲ ਨੂੰ ਰਾਹ ਜਾਂਦਾ ਸੀ। ਸੜਕੋਂ ਉਤਰ ਕੇ ਇਕ ਪਿੰਡ ਵਿਚ ਦੀ ਲੰਘ ਕੇ ਜਾਣਾ ਪੈਂਦਾ ਸੀ। ਨਾਨੂੰ ਨੰਗਲ ਮਾਧੋਪੁਰ ਵਾਲੀ ਨਹਿਰ ਉਤੇ ਹੈ। ਜਦ ਅਸੀਂ ਸੜਕੋਂ ਉਤਰ ਕੇ ਇਸ ਰਾਹ ਵਾਲੇ ਪਿੰਡ ਵਿਚ ਆਏ ਤਾਂ ਅੱਗੇ ਇਕ ਚੌਗਾਨ ਵਿਚ ਵੇਲਣਾ ਵਗ ਰਿਹਾ ਸੀ। ਸਾਹਮਣੇ ਇਕ ਅੰਦਰ ਗੁੜ ਦੀ ਪੱਤ ਚੜ੍ਹੀ ਹੋਈ ਸੀ। ਜਿਥੋਂ ਅਸਾਂ ਨਾਨੂੰ ਨੰਗਲ ਨੂੰ ਜਾਣ ਵਾਲੀ ਗਲੀਏ ਪੈਣਾ ਸੀ। ਇਸ ਚੌਗਾਨ ਵਿਚੋਂ ਤਿੰਨ ਚਾਰ ਗਲੀਆਂ ਨਿਕਲਦੀਆਂ ਸਨ। ਅਸੀਂ ਏਥੋਂ ਗਲੀ ਭੁਲ ਗਏ। ਇਸ ਰਾਹ ਬਾਹਰ ਜਾ ਕੇ ਕਮਾਦਾਂ ਤੇ ਵੱਢਾਂ ਵਿੱਚ ਖਪਤ ਹੋ ਗਿਆ। ਅਸੀਂ ਫੇਰ ਮੁੜ ਕੇ ਵੇਲਣੇ ਤੇ ਆ ਗਏ ਤੇ ਵੇਲਣੇ ਵਾਲਿਆਂ ਤੋਂ ਪਿੰਡ ਦਾ ਨਾਂ ਦਸਣ ਦੇ ਮਾਰਿਆਂ ਨਹਿਰ ਦੇ ਪੁਲ ਦਾ ਰਾਹ ਪੁਛਿਆ।

ਡਰਾਈਵਰ ਤੇ ਦੁੰਹ ਕਲੀਨਰਾਂ ਸਣੇ ਅਸਾਂ ਪੰਜਾਂ ਨੇ ਹੀ ਧੋਬੀ ਦੇ ਧੋਤੇ ਮਾਇਆ ਲਗੇ ਕਪੜੇ ਪਾਏ ਹੋਏ ਸਨ। ਵੇਲਣੇ ਵਾਲਿਆਂ ਨੇ ਸਾਨੂੰ ਸ਼ਰਾਬ ਫੜਨ ਵਾਲੇ ਦਾਰੋਗੇ ਦੀ ਪਾਰਟੀ ਸਮਝਿਆ। ਉਹ ਸਾਰੇ ਹੀ ਸਾਡੇ ਕੋਲ ਆ ਇਕੱਠੇ ਹੋਏ। ਉਹਨਾਂ ਵਿਚੋਂ ਇਕ ਚਿਟ ਪੋਸ਼ੀਆ ਬੰਦਾ ਲਾਰੀ ਵਿਚ ਬੈਠ ਗਿਆ, ਕਿ ‘ਚਲੋ, ਮੈਂ ਰਾਹ ਦੱਸ ਆਵਾਂ।’ ਅਸੀਂ ਚੁਪ ਕਰ ਰਹੇ। ਉਹ ਸਾਨੂੰ ਸਿੱਧੇ ਰਾਹ ਲੈ ਗਿਆ, ਪਰ ਲਾਰੀ ਵਿਚੋਂ ਨ ਉਤਰਿਆ। ਝੱਟ ਹੀ ਨਾਨੂੰ ਨੰਗਲ ਆ ਗਿਆ। ਪਿੰਡ ਦੇ ਬਾਹਰਲੇ ਘਰਾਂ ਲਾਗੇ ਲਾਰੀ ਖੜੀ ਕਰਕੇ ਮੈਂ ਹਰਨਾਮ ਸਿੰਘ ਨੂੰ ਲੈਣ ਚਲਾ ਗਿਆ। ਜਿਸਦੇ ਅਸਾਂ ਇਹ ਮਸ਼ੀਨ ਤੇ ਸਾਮਾਨ ਹਵਾਲੇ ਕਰਨਾ ਸੀ। ਘੜੀ ਡੇੜ੍ਹ ਵਜਾ ਰਹੀ ਸੀ। ਘਰ ਦਾ ਬਾਹਰਲਾ ਬੂਹਾ ਬੰਦ ਸੀ। ਵਾਜਾਂ ਮਾਰ ਮਾਰ ਹਰਨਾਮ ਸਿੰਘ ਨੂੰ ਜਗਾਇਆ ਤੇ ਨਾਲ ਲੈ ਆਂਦਾ। ਮੋਟਰ ਪਾਸ ਆਦਮੀਆਂ ਦੇ ਉੱਚੀ ਉੱਚੀ ਬੋਲਣ ਦੀ ਆਵਾਜ਼ ਆ ਰਹੀ ਸੀ। ਹਰਨਾਮ ਸਿੰਘ ਉਹਨਾਂ ਵਿਚੋਂ ਸਾਡੇ ਨਾਲ ਆਏ ਬੰਦੇ ਦੀ ਆਵਾਜ਼ ਪਛਾਣ ਕੇ ਉਥੇ ਹੀ ਪਿਛਾਂਹ ਗੱਡਿਆ ਗਿਆ ਤੇ ਭੈ ਭੀਤ ਹੋ ਕੇ ਕਹਿਣ ਲੱਗਾ।

‘ਬਹੁਤ ਮਾੜਾ ਹੋਇਆ।’ ਉਥੇ ਤਾਂ ਸਾਡੇ ਪਿੰਡ ਦੇ ਪੁਲਸੀ ਟਾਊਟ ਬੋਲ ਰਿਹਾ ਹੈ। ਉਸ ਦੇ ਹੁੰਦਿਆਂ ਅਸੀਂ ਸਾਮਾਨ ਨਹੀਂ ਲੈ ਸਕਦੇ ਤੇ ਨ ਮੈਂ ਉਸਦੇ ਸਾਹਮਣੇ ਤੁਹਾਡੇ ਕੋਲ ਜਾਣਾ ਹੈ। ਤੁਸੀਂ ਅੱਜ ਮੁੜ ਜਾਓ ਤੇ ਕੱਲ੍ਹ ਫੇਰ ਆਇਆ ਜੇ।’

ਕੱਲ੍ਹ ਨੂੰ ਕੀ ਕਰਦੇ? ਅਸੀਂ ਤਾਂ ਅੱਗੇ ਹੀ ਬੜੇ ਯੁੱਧਾਂ ਨਾਲ ਆਏ ਸਾਂ। ਵਾਪਸ ਜਾਣ ਤੇ ਮੁੜਕੇ ਆਉਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।

ਅੰਤ ਹਰਨਾਮ ਸਿੰਘ ਨੇ ਜੁਗਤ ਕੱਢੀ ਕਿ ਅਸੀਂ ਨਹਿਰੇ ਪੈ ਕੇ ਇਸ ਦੇ ਅਗਲੇ ਪੁਲ ਉਤੇ ਖਤਾਨਾਂ ਵਿਚ ਸਾਮਾਨ ਲਾਹ ਦੇਈਏ। ਉਹ ਬੰਦੇ ਲੈ ਕੇ ਆਏਗਾ ਤੇ ਸਾਮਾਨ ਸੰਭਾਲ ਲਏਗਾ।

ਉਹ ਘਰ ਨੂੰ ਮੁੜ ਗਿਆ ਤੇ ਮੈਂ ਮੋਟਰ ਕੋਲ ਆ ਗਿਆ। ਉਥੇ ਅੱਗੇ ਪਿੰਡ ਦੀ ਵਾਅਰ ਨੇ ਮੋਟਰ ਤੇ ਜਾਗੀਰ ਸਿੰਘ ਹੋਰਾਂ ਨੂੰ ਘੇਰਿਆ ਹੋਇਆ ਸੀ। ਆਪਸ ਵਿਚ ਖ਼ੂਬ ਗਰਮਾਂ ਗਰਮ ਵਾਰਤਾਲਾਪ ਹੋ ਰਿਹਾ ਸੀ।

‘ਆਓ ਚਲੀਏ, ਉਹ ਬੰਦਾ ਨਹੀਂ ਮਿਲਿਆ।’ ਕਹਿ ਕੇ ਮੈਂ ਲਾਰੀ ਵਿਚ ਬੈਠ ਗਿਆ। ਲਾਰੀ ਸਟਾਰਟ ਕਰਕੇ ਬਾਕੀ ਦੇ ਵੀ ਝਟਾਪਟ ਵਿਚ ਬੈਠ ਗਏ।

ਸਾਨੂੰ ਪਿੰਡ ਵਿਚ ਵੜਨੋਂ ਰੋਕਣ ਲਈ ਪਿੰਡ ਦੇ ਬੰਦੇ ਲਾਰੀ ਅੱਗੇ ਹੋ ਖਲੋਤੇ ਸਨ। ਉਹਨਾਂ ਦਾ ਰਵੱਈਆ ਬੜਾ ਗੁਸਾਇਲ ਸੀ। ਪਰ ਅਸਾਂ ਪਿੰਡ ਵਿਚ ਨਹੀਂ ਸੀ ਜਾਣਾ। ਪਿੰਡ ਵਾਲਿਆਂ ਨੂੰ ਉਸਕਾਉਣ ਦਾ ਮੌਕਾ ਨ ਦੇਣ ਦੀ ਖਾਤਰ ਡਰਾਇਵਰ ਨੇ ਲਾਰੀ ਅਗਾਂਹ ਨੂੰ ਚਲਾ ਕੇ ਮੋੜਨ ਦੀ ਥਾਂ ਪਿਛਾਂ ਨੂੰ ਚਲਾ ਕੇ ਹੀ ਮੋੜ ਲਈ। ਅਸੀਂ ਆਏ ਹੋਏ ਰਾਸਤੇ ਹੀ ਮੁੜ ਪਏ। ਮੋਟਰ ਮੁੜਦਿਆਂ ਹੀ ਉਹ ਚਿਟ ਪੋਸ਼ੀਆ ਭੱਜ ਕੇ ਲਾਰੀ ਵਿਚ ਫੇਰ ਚੜ੍ਹ ਗਿਆ ਜਿਹੜਾ ਪਿਛਲੇ ਪਿੱਛੋਂ ਸਾਡੇ ਨਾਲ ਚੜ੍ਹ ਆਇਆ ਸੀ। ਮੈਂ ਆਪਣੇ ਨਾਲਦਿਆਂ ਨੂੰ ਉਹਦੇ ਬਾਰੇ ਕੰਨ ਵਿਚ ਦੱਸ ਦਿੱਤਾ, ਉਹਨਾਂ ਨੇ ਇਕ ਦੂਜੇ ਵੱਲ ਵੇਖਿਆ ਅੱਖਾਂ ਦੀਆਂ ਦਿਲਾਂ ਨੇ ਬੁਝ ਲਈਆਂ। ਜਾਗੀਰ ਸਿੰਘ ਨੇ ਉਸ ਨੂੰ ਚੰਗਾ ਧਮਕਾ ਕੇ ਉਤਰ ਜਾਣ ਵਾਸਤੇ ਆਖਿਆ। ਪਰ ਉਹ ਚਿੱਚੜ ਬਣ ਗਿਆ ਤੇ ਟੱਸ ਤੋਂ ਮੱਸ ਨਾ ਹੋਇਆ। ਅਸੀਂ ਉਸ ਨੂੰ ਹੁਣ ਇਹ ਨਹੀਂ ਸੀ ਪਤਾ ਲੱਗਣ ਦੇਣਾ ਚਾਹੁੰਦੇ, ਕਿ ਕਿਧਰ ਗਏ ਸਾਂ।

‘ਜ਼ਰਾ ਕਿੱਲੀ ਦੱਬ’, ਜਾਗੀਰ ਸਿੰਘ ਨੇ ਡਰਾਈਵਰ ਨੂੰ ਆਖਿਆ। ਡਰਾਈਵਰ ਨੇ ਗੱਡੀ ਤੇਜ਼ ਕਰ ਦਿੱਤੀ। ਜਾਗੀਰ ਸਿੰਘ ਤੇ ਦੋਵੇਂ ਕਲੀਨਰ ਉਠੇ ਤੇ ਚੀਕਦੇ ਚਾਕਦੇ ਟਾਊਟ ਨੂੰ ਗਿਚੀਉਂ ਤੇ ਲੱਤਾਂ ਤੋਂ ਫੜਕੇ ਬਧੋਬਧੀ ਲਾਰੀ ਵਿਚੋਂ ਹੇਠਾਂ ਸੁੱਟ ਦਿੱਤਾ।

ਬਲਾਅ ਮਗਰੋਂ ਲਥੀ, ਅਸੀਂ ਆਪਣੀ ਇਸ ਫ਼ਚਿਹ ਉਤੇ ਬੜੀ ਚੜਗਿੱਲੀ ਮਾਰੀ।

ਅਗਲੇ ਪੁੱਲ ਤੇ ਜਾ ਕੇ ਅਸਾਂ ਸਾਮਾਨ ਲਾਹ ਲਾਹ ਨਹਿਰ ਦੇ ਖ਼ਤਾਨਾਂ ਵਿਚ ਰੱਖਣਾ ਸ਼ੁਰੂ ਕੀਤਾ। ਅਜੇ ਅਸੀਂ ਆਖ਼ਰੀ ਰਿਮ ਉਤਾਰ ਹੀ ਰਹੇ ਸਾਂ ਕਿ ਹਰਨਾਮ ਸਿੰਘ ਦੋ ਘੋੜੇ ਤੇ ਆਦਮੀ ਲੈ ਕੇ ਆ ਗਿਆ। ਕੁਝ ਸਾਮਾਨ ਘੋੜਿਆਂ ਤੇ ਲੱਦ ਲਿਆ। ਬਾਕੀ ਫੇਰ ਲਿਜਾਣ ਲਈ ਨਾਲ ਲਗਦੇ ਇਕ ਕਮਾਦ ਦੇ ਖੇਤ ਵਿਚ ਜਾ ਲੁਕਾਇਆ।

ਪਹੁ ਫ਼ੁਟ ਪਈ ਸੀ। ਲਾਗਲੇ ਪਿੰਡੋਂ ਕੁਕੜਾਂ ਦੀਆਂ ਬਾਂਗਾ ਤੇ ਘਰਾਂ ਤੋਂ ਨਿਕਲ ਰਹੀਆਂ ਹੰਡਾਲੀਆਂ ਦੀਆਂ ਟੱਲੀਆਂ ਸੁਣੀਦੀਆਂ ਸਨ। ਅਸੀਂ ਵਾਪਸ ਤੁਰ ਪਏ ਤੇ ਸੁੱਖੀ ਸਾਂਦੀ ਦੱਸ ਵੱਜਦੇ ਨੂੰ ਲਾਹੌਰ ਪਹੁੰਚ ਗਏ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਚਰਨ ਸਿੰਘ ਸਹਿੰਸਰਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •