Dada Sibba (Punjabi Essay) : Mohinder Singh Randhawa

ਡਾਡਾ ਸਿੱਬਾ (ਲੇਖ) : ਮਹਿੰਦਰ ਸਿੰਘ ਰੰਧਾਵਾ

ਟਣ, ਟਣ, ਟਣ, ਟੱਲੀਆਂ ਦੀ ਆਵਾਜ਼ ਆਈ ਤੇ ਮੇਰੀ ਅੱਖ ਖੁੱਲ੍ਹ ਗਈ। ਹਾਲੇ ਮੂੰਹ ਝਾਖਰਾ ਸੀ, ਤੇ ਹਾਲੀ ਜੱਟ ਬਲਦਾਂ ਦੀਆਂ ਜੋਗਾਂ ਨੂੰ ਹੱਕੀ ਖੇਤਾਂ ਵਲ ਜਾ ਰਹੇ ਹਨ। ਸਵੇਰ ਦਾ ਤਾਰਾ ਸਾਹਮਣੇ ਪਹਾੜ ਦੀ ਜੋਤ ’ਤੇ ਚਮਕ ਰਿਹਾ ਸੀ, ਤੇ ਉਹਦੇ ਆਲੇ ਦੁਆਲੇ ਨਿੰਮੀ ਨਿੰਮੀ ਰੋਸ਼ਨੀ ਦਾ ਦਾਇਰਾ ਸੀ, ਜੋ ਇੰਜ ਲਗਦਾ ਸੀ ਜਿਵੇਂ ਪਰਵਾਰ ਲਗਾ ਹੋਵੇ। ਮੈਂ ਉਠ ਕੇ ਦਰਿਆ ਦੇ ਢਾਹੇ ਉਤੇ ਗਿਆ। ਬਰਫ਼ਾਨੀ ਪਹਾੜਾਂ ਵਲੋਂ ਠੰਢੀ ਹਵਾ ਰੁਮਕ ਰਹੀ ਸੀ, ਜਿਸ ਨੇ ਕਾਂਬਾ ਛੇੜ ਦਿਤਾ। ਕੂੰਜਾਂ ਦੀ ਇਕ ਡਾਰ ਮੈਦਾਨਾਂ ਵਲ ਉੱਡੀ ਜਾ ਰਹੀ ਸੀ, ਤੇ ਉਨ੍ਹਾਂ ਦੀ ਆਵਾਜ਼ ਆਈ, ਜਿਵੇਂ ਔਰਗਨ ਵਜੋਂ ਰਿਹਾ ਹੋਵੇ। ਕਿੰਨੀ ਸ਼ੁਭ ਹੈ ਸਾਰਸਾਂ ਦੀ ਆਵਾਜ਼। ਇਹ ਹੈ ਸੱਚੇ ਪ੍ਰੇਮੀਆਂ ਦੀ ਆਵਾਜ਼ ਜੋ ਉਮਰ ਭਰ ਇਕੱਠੇ ਰਹਿੰਦੇ ਹਨ ਤੇ ਕਦੇ ਵੀ ਇਕ ਦੂਜੇ ਤੋਂ ਵੱਖ ਨਹੀਂ ਹੁੰਦੇ। ਹੁੰਗਾਰੇ ਦੀ ਰੁੱਤ ਸੀ। ਹਵਾ ਗਾਰਨਿਆਂ ਦਿਆਂ ਫੁੱਲਾਂ ਦੀ ਮਹਿਕ ਨਾਲ ਭਰਪੂਰ ਸੀ। ਹੌਲੀ ਹੌਲੀ ਸੂਰਜ ਨਿਕਲਿਆ ਤੇ ਉਹਦੀਆਂ ਕਿਰਨਾਂ ਨੇ ਪਿੱਪਲਾਂ ਦੀਆਂ ਕੋਂਪਲਾਂ ਉਤੇ ਸੋਨੇ ਦੀ ਝਾਲ ਫੇਰ ਦਿਤੀ। ਘਾਹ 'ਤੇ ਤੇਲ ਦੇ ਮੋਤੀ ਸੂਰਜ ਦੀ ਰੌਸ਼ਨੀ ਵਿਚ ਡੁਲ੍ਹ ਡੁੱਲ੍ਹ ਪੈਂਦੇ ਸੀ। ਬਿਆਸ ਬੜੀ ਸ਼ਾਂਤੀ ਨਾਲ ਚਿੱਟੇ ਪੱਥਰਾਂ ਵਿਚ ਘਿਰਿਆ, ਮੈਦਾਨਾਂ ਵਲ ਜਾ ਰਿਹਾ ਸੀ ਤੇ ਕੰਢੇ ਉਤੇ ਟਟੀਰੀਆਂ ਤੇ ਚਹੇ ਕਲੋਲਾਂ ਕਰ ਰਹੇ ਸਨ।

ਸਵੇਰ ਦਾ ਨਜ਼ਾਰਾ ਮਾਣ ਕੇ ਮੈਂ ਆਪਣੇ ਸਾਥੀਆਂ ਨੂੰ ਜਗਾਇਆ। ਇਕਬਾਲ ਨੇ ਝਟ ਪਟ ਸਾਮਾਨ ਬੰਨ੍ਹ, ਚਾਹ ਤੇ ਉਬਲੇ ਹੋਏ ਆਂਡੇ ਸਾਰਿਆਂ ਨੂੰ ਵੰਡੇ। ਰਸੀਲ ਸਿੰਘ ਨੇ ਕਾਰ ਵਿਚ ਫੁਰਤੀ ਨਾਲ ਸਾਮਾਨ ਲੱਦਿਆ ਤੇ ਅਸੀਂ ਤਿਆਰ ਹੋ ਕੇ ਅਗਲੀ ਮੰਜ਼ਲ ਦਾ ਖ਼ਿਆਲ ਕਰਦੇ ਹੋਏ ਦਰਿਆ ਵਲ ਤੁਰ ਵਏ। ਜਦ ਉਤਰਾਈ ਖ਼ਤਮ ਹੋਈ ਤਾਂ ਕਾਰ ਵਿਚ ਚੜ੍ਹ ਗਏ।

ਜਦੋਂ ਅਸੀਂ ਬੇੜੀਆਂ ਦੇ ਪੁਲ ਉਪਰੋਂ ਦਰਿਆ ਪਾਰ ਕਰ ਰਹੇ ਸਾਂ ਤਾਂ ਦੋ ਵਜ਼ੀਰਾਂ ਨਾਲ ਟਾਕਰਾ ਹੋਇਆ। ਇਕ ਦੇ ਮੱਥੇ ਉਤੇ ਲਾਲ ਟਿੱਕਾ ਸੀ ਜਿਸ ਵਿਚ ਚੌਲਾਂ ਦੇ ਚਿੱਟੇ ਦਾਣੇ ਜੁੜੇ ਹੋਏ ਸਨ। ਦੂਜੇ ਦੇ ਮੱਥੇ ਦਾ ਟਿੱਕਾ ਹੋਰ ਵੀ ਖ਼ੂਬਸੂਰਤੀ ਨਾਲ ਸਜਿਆ ਹੋਇਆ ਸੀ। ਵਜ਼ਾਰਤਾਂ ਦੇ ਡਾਵਾਂ ਡੋਲ ਹੋਣ ਕਰ ਕੇ ਇਨ੍ਹਾਂ ਦੇ ਦਿਲਾਂ ਵਿਚ ਜਵਾਲਾ ਮੁਖੀ ਦੀ ਦੇਵੀ ਦੀ ਸ਼ਰਧਾ ਹੋਰ ਵੀ ਵਧ ਗਈ ਸੀ, ਜਿਹੜੀ ਆਖ਼ਰਕਾਰ ਕੰਮ ਨਹੀਂ ਆਈ। ਇਨ੍ਹਾਂ ਦੋਹਾਂ ਪੁਰਸ਼ਾਂ ਨੂੰ ਨਜੂਮੀਆਂ ਵਿਚ ਵੀ ਖ਼ਾਸ ਸ਼ਰਧਾ ਸੀ ਤੇ ਕੋਈ ਵੀ ਕੰਮ ਨਜੂਮੀਆਂ ਤੋਂ ਪੁੱਛੇ ਬਿਨਾਂ ਨਹੀਂ ਸਨ ਕਰਦੇ। ਇਸ ਵਿਚ ਇਨ੍ਹਾਂ ਵਿਚਾਰਿਆਂ ਦਾ ਕਸੂਰ ਕੀ ਸੀ ? ਕੋਈ ਵੀ ਇਨਸਾਨ ਜਦੋਂ ਦੋ-ਚਿੱਤੀ ਵਿਚ ਪਿਆ ਹੋਵੇ ਤਾਂ ਆਸਰਾ ਟੋਲਦਾ ਹੈ, ਤੇ ਢਾਰਸ ਬੰਨ੍ਹਣ ਲਈ ਨਜੂਮੀਆਂ ਤੋਂ ਪੁੱਛਾਂ ਪੁੱਛਦਾ ਹੈ। ਸਿਆਣੇ ਨਜੂਮੀ ਵੀ ਉਹੋ ਹਨ ਜੋ ਦਿਲ ਨੂੰ ਖ਼ੁਸ਼ ਕਰਨ ਵਾਲਾ ਹੀ ਨਜੂਮ ਦੱਸਣ।

ਸਾਡੀ ਕਾਰ ਹੁਣ ਗੋਲ ਗੀਟਿਆਂ ਤੇ ਪੱਥਰਾਂ ਉਤੇ ਠੱਕ ਠੱਕ ਕਰਦੀ ਹੋਈ ਲੰਘ ਰਹੀ ਸੀ, ਜਿਹੜੇ ਦਰਿਆ ਤੇ ਨਦੀ ਨਾਲਿਆਂ ਦੇ ਪਾਟ ਉਤੇ ਬਿਖਰੇ ਹੋਏ ਹਨ। ਬਾਰਾਂ ਮੀਲ ਲੰਮੀ ਡਾਡਾ ਸਿੱਬਾ ਦੀ ਸੜਕ ਦੇ ਦੋਵੇਂ ਪਾਸੇ ਹਰੜ ਤੇ ਅੰਬਾਂ ਦੇ ਘਣੇ ਦਰੱਖ਼ਤ ਹਨ। ਇਨ੍ਹਾਂ ਤੋਂ ਇਲਾਵਾ ਚੌੜੇ ਚੌੜੇ ਪੱਤਿਆਂ ਵਾਲੇ ਬਹੇੜੇ ਤੇ ਅਰਜਨ ਦੇ ਬ੍ਰਿਛ ਮੁਸਾਫ਼ਰਾਂ ਨੂੰ ਆਪਣੀ ਛਾਂ ਨਾਲ ਜੀ ਆਇਆ ਕਹਿ ਰਹੇ ਸਨ। ਆਖ਼ਰ ਅਸੀਂ ਡਾਡਾ ਖੱਡ ਨਾਂ ਦੇ ਇਕ ਪਹਾੜੀ ਨਾਲੇ ਉਤੇ ਪੁੱਜੇ। ਇਹ ਖੱਡ ਬਹੁਤ ਚੌੜੀ ਹੈ। ਇਹਦਾ ਪਾਟ ਗੋਲ ਗੀਟਿਆਂ ਨਾਲ ਭਰਿਆ ਪਿਆ ਹੈ। ਅਸੀਂ ਕੁਝ ਚਿਰ ਇਕ ਅੰਬ ਦੇ ਬੂਟੇ ਹੇਠ ਸੁਸਤਾਏ ਜਿਥੋਂ ਡਾਡਾ ਸਿੱਬਾ ਦੇ ਪੁਰਾਣੇ ਮਹੱਲਾਂ ਦਾ ਸੁੰਦਰ ਨਜ਼ਾਰਾ ਮਾਣਿਆ ਜਾ ਸਕਦਾ ਸੀ। ਬਾਰਾਂਦਰੀ ਤੇ ਰਾਜੇ ਦਾ ਮਹੱਲ, ਜਿਹੜਾ ਡਾਡਾ ਨਾਂ ਦੇ ਪਿੰਡ ਉਤੇ ਪਹਾੜ ਦੀ ਕੁਖ ਵਿਚ ਬਣੇ ਹੋਏ ਹਨ, ਬਹੁਤ ਦਿਲਕਸ਼ ਪ੍ਰਤੀਤ ਹੁੰਦੇ ਹਨ।ਖੱਡ ਪਾਰ ਕਰਨ ਤੋਂ ਬਾਅਦ ਅਸੀਂ ਇਕ ਅਤਿ ਰਮਣੀਕ ਜੰਗਲ ਵਿੱਚੋਂ ਗੁਜ਼ਰੇ, ਜਿਸ ਵਿਚ ਅਮਲਤਾਸ, ਬਹੇੜਾ ਤੇ ਬਾਂਸ ਦੇ ਦਰੱਖ਼ਤਾਂ ਦੇ ਝੁੰਡਾਂ ਦੇ ਝੁੰਡ ਹਨ। ਕੋਮਲ ਬਾਂਸਾ ਨਾਲ ਢੱਕੀਆਂ ਪਹਾੜੀਆਂ ਪਿਆਰੀਆਂ ਲਗਦੀਆਂ ਹਨ। ਬਾਰਾਂਦਰੀ ਜਿਹੜੀ ਕਿਸੇ ਵੇਲੇ ਰਾਜਿਆਂ ਦਾ ਨਿਵਾਸ ਅਸਥਾਨ ਸੀ, ਹੁਣ ਢਹਿ ਢੂਹ ਗਈ ਹੈ। ਅੱਜ ਕਲ੍ਹ ਇਸ ਦੇ ਛੱਤ ਨਹੀਂ ਹੈ ਤੇ ਕੰਧਾਂ ਦੇ ਚਿੱਤਰ, ਜਿਹੜੇ ਕਿਸੇ ਜ਼ਮਾਨੇ ਵਿਚ ਬੜੇ ਸੁੰਦਰ ਹੋਣਗੇ, ਹੁਣ ਜ਼ਿਆਦਾ ਤਰ ਮਿਟ ਚੁਕੇ ਹਨ। ਬਾਰਾਂਦਰੀ ਦੀਆਂ ਢੁਠਵਾਹਣਾਂ ਨੂੰ ਵੇਖ ਕੇ ਅਸੀਂ ਰਾਜੇ ਦੀ ਇਕ ਬੁੱਢੀ ਰਿਸ਼ਤੇਦਾਰ ਰਾਣੀ ਅਬਰੋਲ ਨੂੰ ਮਿਲੇ। ਇਹਦੇ ਘਰ ਦੇ ਬਰਾਮਦੇ ਵਿਚ ਕਾਂਗੜੇ ਦੇ ਕਈ ਪੁਰਾਣੇ ਚਿੱਤਰ ਕੰਧ ਨਾਲ ਲਗੇ ਹੋਏ ਹਨ ਜਿਹੜੇ ਬਹੁਤ ਨਿੰਮ੍ਹੇ ਹੋ ਚੁਕੇ ਹਨ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕਾਂਗੜੇ ਤੇ ਚਿੱਤਰਾਂ ਦੇ ਰੰਗ ਉਦੋਂ ਤਕ ਹੀ ਰਹਿ ਸਕਦੇ ਹਨ ਜਦੋਂ ਤਕ ਇਹ ਬਸਤਿਆਂ ਵਿਚ ਬੱਝੇ ਰਹਿਣ।

ਮੈਂ ਰਾਣੀ ਤੋਂ ਪੁੱਛਿਆ ਕਿ ਮੈਥੋਂ ਪਹਿਲਾਂ ਵੀ ਕਿਸੇ ਸੱਜਣ ਨੇ ਉਨ੍ਹਾਂ ਦੇ ਚਿੱਤਰਾਂ ਦੇ ਦਰਸ਼ਨ ਕੀਤੇ ਹਨ ? ਰਾਣੀ ਬੋਲੀ ਕਿ ਦੋ ਸਾਲ ਹੋਏ ਇਕ ਸਿੱਖ ਅਫ਼ਸਰ ਆਇਆ ਸੀ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਤੇ ਵਾਹਿਗੁਰੂ ਜੀ ਕੀ ਫ਼ਤਿਹ ਵਾਲੇ ਸਾਰੇ ਚਿੱਤਰ, ਜਿਨ੍ਹਾਂ 'ਤੇ ਬੀਬੀਆਂ ਦਾੜ੍ਹੀਆਂ ਤੇ ਸਿੱਧੇ ਦਸਤਾਰੇ ਵਿਖਾਏ ਗਏ ਸਨ, ਉਸ ਨੂੰ ਬਹੁਤ ਪਸੰਦ ਆਏ ਸਨ। ਕਿਉਂਕਿ ਉਹ ਸਮੇਂ ਦਾ ਹਾਕਮ ਸੀ, ਤੇ ਵਡੇ ਜ਼ਿਮੀਦਾਰ ਹਾਕਮ-ਇਲਾਕਾ ਨੂੰ ਹਮੇਸ਼ਾ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਸੀ, ਹੋ ਸਕਦਾ ਹੈ ਰਾਣੀ ਨੇ ਇਹ ਚਿੱਤਰ ਆਪਣੀ ਮਰਜ਼ੀ ਨਾਲ ਹੀ ਉਸ ਨੂੰ ਭੇਟ ਕਰ ਦਿਤੇ ਹੋਣ।

ਭਾਰਤ ਦੇਸ਼ ਖੁਸ਼ਾਮਦ ਲਈ ਮਸ਼ਹੂਰ ਹੈ ਤੇ ਵਡਿਆਈ ਤੇ ਖ਼ੁਸ਼ਾਮਦ ਮੁਗ਼ਲ ਰਾਜ ਤੋਂ ਹੀ ਪ੍ਰਚਲੱਤ ਹੈ। ਮੁਗ਼ਲਾਂ ਦਾ ਪ੍ਰਸਿੱਧ ਅਖਾਣ ਹੈ ਕਿ “ਜਦ ਬਾਦਸ਼ਾਹ ਦਿਨ ਨੂੰ ਕਹੇ ਰਾਤ ਹੈ ਤਾਂ ਉਨ੍ਹਾਂ ਦਾ ਫ਼ਰਜ਼ ਹੈ ਕਿ ਕਹਿਣ ਬਾਦਸ਼ਾਹ ਸਲਾਮਤ ਤਾਰੇ ਬੜੀ ਤੇਜ਼ੀ ਨਾਲ ਚਮਕ ਰਹੇ ਹਨ।” ਇਸ ਤੋਂ ਮੈਨੂੰ ਰਾਇ ਬਰੇਲੀ ਦੀ ਇਕ ਹੋਰ ਘਟਨਾ ਵੀ ਚੇਤੇ ਆਉਂਦੀ ਹੈ। ਮੈਂ 1940 ਵਿਚ ਰਾਇ ਬਰੇਲੀ ਵਿਖੇ ਡਿਪਟੀ ਕਮਿਸ਼ਨਰ ਸੀ ਤੇ ਮੈਥੋਂ ਪਹਿਲਾਂ ਪਹਿਲਾਂ ਡਾਕਟਰ ਐਸ. ਐਸ. ਨਹਿਰੂ ਜਿਨ੍ਹਾਂ ਨੂੰ ਪੌਦਿਆਂ ਤੇ ਬਿਜਲੀ ਨਾਲ ਤਜਰਬੇ ਕਰਨ ਦਾ ਬੜਾ ਸ਼ੌਕ ਸੀ, ਇਸ ਜ਼ਿਲੇ ਦੇ ਡਿਪਟੀ ਕਮਿਸ਼ਨਰ ਸਨ। ਜਦ ਕੋਈ ਢਿੱਡ ਪੀੜ ਦੀ ਸ਼ਿਕਾਇਤ ਲੈ ਕੇ ਉਨ੍ਹਾਂ ਨੂੰ ਮਿਲਦਾ, ਉਹ ਪਾਣੀ ਦੀ ਬੋਤਲ ਦੇਂਦੇ ਜਿਸ ਵਿਚ ਬਿਜਲੀ ਲਾਈ ਹੋਈ ਸੀ। ਬਹੁਤ ਸਾਰੇ ਮਰੀਜ਼ ਉਨ੍ਹਾਂ ਦੀ ਜ਼ਿਲਾ ਕਚਹਿਰੀ ਦੇ ਨੌਕਰ ਹੀ ਸਨ ਤੇ ਹਮੇਸ਼ਾ ਇਹੀ ਰਿਪੋਰਟ ਦੇਂਦੇ ਕਿ ਬਿਜਲੀ ਦੇ ਪਾਣੀ ਨੇ ਉਨ੍ਹਾਂ ਨੂੰ ਬੜਾ ਫ਼ਾਇਦਾ ਕੀਤਾ ਹੈ। ਇਕ ਵਾਰੀ ਡਾ: ਨਹਿਰੂ ਚਰ੍ਹੀ ਉਤੇ ਬਿਜਲੀ ਦੇ ਪਾਣੀ ਦਾ ਤਜਰਬਾ ਕਰ ਰਹੇ ਸਨ। ਚਰ੍ਹੀ ਛੇ ਇੰਚ ਹੀ ਉੱਚੀ ਹੋਈ ਸੀ ਕਿ ਉਨ੍ਹਾਂ ਨੂੰ ਚੌਦਾਂ ਦਿਨਾਂ ਲਈ ਕਿਧਰੇ ਜਾਣਾ ਪਿਆ।ਜਾਣ ਲਗੇ ਤਹਿਸੀਲਦਾਰ ਬਾਬਰ ਮਿਰਜ਼ਾ ਨੂੰ ਕਹਿ ਗਏ ਕਿ ਚਰ੍ਹੀ ਦੇ ਪੌਦਿਆਂ ਦਾ ਧਿਆਨ ਰਖੇ ਤੇ ਰੋਜ਼ ਬਿਜਲੀ ਵਾਲਾ ਪਾਣੀ ਪਾਉਂਦਾ ਰਹੇ। ਦਸਵੇਂ ਦਿਨ ਮਾਲੀ ਦੀ ਅਨਗਿਹਲੀ ਵਿਚ ਇਕ ਗਾਂ ਚਰ੍ਹੀ ਦਾ ਸਫ਼ਾਇਆ ਕਰ ਗਈ। ਜਦ ਤਹਿਸੀਲਦਾਰ ਨੇ ਸ਼ਾਮ ਨੂੰ ਵੇਖਿਆ ਤਾਂ ਬੜਾ ਪਰੇਸ਼ਾਨ ਹੋਇਆ। ਇਹ ਤਹਿਸੀਲਦਾਰ ਚੰਗਾ ਪ੍ਰਬੰਧਕ ਸੀ, ਅਗਲੀ ਸਵੇਰ ਹੀ ਖੇਤਾਂ ਤੋਂ ਚਾਰ ਚਾਰ ਫੁਟ ਉੱਚੀ ਚਰ੍ਹੀ ਲੈ ਆਇਆ ਤੇ ਚਰੇ ਹੋਏ ਖੇਤ ਵਿਚ ਗਡ ਦਿਤੀ। ਜਦ ਡਾਕਟਰ ਨਹਿਰੂ ਵਾਪਸ ਆਏ ਤਾਂ ਵੇਖਿਆ ਕਿ ਚਰ੍ਹੀ ਬੜੀ ਉੱਚੀ ਹੋ ਗਈ। ਉਨ੍ਹਾਂ ਤਹਿਸੀਲਦਾਰ ਤੋਂ ਕਾਰਣ ਪੁੱਛਿਆ। ਇਹ ਬੋਲਿਆ, “ਕੁਝ ਬਿਜਲੀ ਕੇ ਪਾਣੀ ਨੇ ਕਾਮ ਕੀਆ, ਕੁਝ ਹਜ਼ੂਰ ਕੇ ਇਕਬਾਲ ਨੇ ਜ਼ੋਰ ਕੀਆ, ਜਿਸ ਸੇ ਚਰ੍ਹੀ ਇਸ ਕਦਰ ਬੜ੍ਹ ਗਈ।” ਉਸ ਤੋਂ ਜ਼ਾਹਰ ਹੁੰਦਾ ਹੈ ਕਿ ਹਜ਼ੂਰ ਦਾ ਇਕਬਾਲ ਇਸ ਦੇਸ਼ ਵਿਚ ਬੜੇ ਕ੍ਰਿਸ਼ਮੇ ਕਰ ਸਕਦਾ ਹੈ। ਸੁਤੰਤਰ ਭਾਰਤ ਵਿਚ ਵੀ ਹਜ਼ੂਰ ਦਾ ਇਕਬਾਲ ਅਤੇ ਤਕ ਕੰਮ ਕਰਦਾ ਹੈ। ਜਦ ਗਵਰਨਰ ਜਾਂ ਕੋਈ ਕਮਿਸ਼ਨਰ ਕਿਸੇ ਪਿੰਡ ਦਾ ਦੌਰਾ ਕਰਦੇ ਹਨ ਤਾਂ ਸਫ਼ਾਈਆਂ ਕਰਾ ਕਰਾ ਕੇ ਲੋਕਾਂ ਦੇ ਜੀਵਨ ਦਾ ਝੂਠਾ ਨਕਸ਼ਾ ਪੇਸ਼ ਕੀਤਾ ਜਾਂਦਾ ਹੈ।

ਰਾਣੀ ਤੋਂ ਛੁੱਟੀ ਲੈ ਕੇ ਅਸੀਂ ਡਾਡਾ ਸਿੱਬਾ ਦੇ ਨੌਜਵਾਨ ਰਾਜੇ ਨੂੰ ਮਿਲੇ, ਜਿਹੜਾ ਨਵੇਂ ਢੰਗ ਦੇ ਬਣੇ ਇਕ ਘਰ ਵਿਚ ਰਹਿੰਦਾ ਸੀ। ਸਿੱਬਾ ਦੀ ਰਿਆਸਤ ਗੁਲੇਰ ਰਿਆਸਤ ਦਾ ਇਕ ਹਿੱਸਾ ਸੀ। 1460 ਵਿਚ ਰਾਜਾ ਗੁਲੇਰ ਦੇ ਨਿੱਕੇ ਭਰਾ ਸਬਰਨ ਚੰਦ ਨੇ ਖ਼ੁਦਮੁਖ਼ਤਿਆਰ ਰਿਆਸਤ ਕਾਇਮ ਕਰ ਲਈ ਤਾਂ ਆਪਣੀ ਰਾਜਧਾਨੀ ਕਾਇਮ ਕੀਤੀ, ਜਿਸ ਨੂੰ ਉਸ ਦੇ ਨਾਂ ਦੇ ਪਿਛੇ ਸਿੱਬਾ ਕਿਹਾ ਜਾਂਦਾ ਹੈ। ਇਹ ਥਾਂ ਬਿਆਸ ਦੇ ਖੱਬੇ ਕੰਢੇ ਉਤੇ ਹੈ। ਜਹਾਂਗੀਰ 1622 ਵਿਚ ਕਾਂਗੜਾ ਜਾਂਦੇ ਹੋਏ ਇਥੋਂ ਲੰਘਿਆ ਸੀ। 1808 ਵਿਚ ਗੁਲੇਰ ਦੇ ਰਾਜਾ ਰੂਪ ਸਿੰਘ ਨੇ ਸਿੱਬਾ ਨੂੰ ਫਿਰ ਆਪਣੀ ਰਿਆਸਤ ਵਿਚ ਮਿਲਾ ਲਿਆ ਤੇ 1809 ਵਿਚ ਗੁਲੇਰ ਤੇ ਹੋਰ ਪਹਾੜੀ ਰਿਆਸਤਾਂ ਮਹਾਰਾਜਾ ਰਣਜੀਤ ਸਿੰਘ ਦੇ ਕਾਬੂ ਆ ਗਈਆਂ। ਸਿੱਬਾ ਇਸ ਕਾਰਨ ਬਰਬਾਦ ਹੋਣੋਂ ਬਚ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰ ਰਾਜਾ ਧਿਆਨ ਸਿੰਘ ਨੇ ਸਿੱਬਾ ਦੀਆਂ ਦੋ ਰਾਜਕੁਮਾਰੀਆਂ ਨਾਲ ਵਿਆਹ ਕੀਤਾ ਹੋਇਆ ਸੀ। ਜਿਥੇ ਦਾ ਰਾਜਾ ਗੋਬਿੰਦ ਸਿੰਘ 1845 ਵਿਚ ਸੁਰਗਵਾਸ ਹੋਇਆ। ਉਸ ਤੋਂ ਬਾਅਦ ਰਾਜਾਰਾਮ ਸਿੰਘ ਗੱਦੀ ਉਤੇ ਬੈਠਾ ਤੇ ਸਿੱਖਾਂ ਦੀ ਦੂਜੀ ਲੜਾਈ ਸਮੇਂ ਉਸ ਨੇ ਇਨ੍ਹਾਂ ਨੂੰ ਇਥੋਂ ਬਾਹਰ ਕਢ ਦਿਤਾ। 1865 ਵਿਚ ਰਾਮ ਸਿੰਘ ਨੇ ਡਾਡਾ ਵਿਚ ਇਕ ਮੰਦਰ ਬਣਵਾਇਆ। ਇਸ ਮੰਦਰ ਵਿਚ ਹੁਸ਼ਿਆਪੁਰ ਦੇ ਹਰਿਆਣਾ ਨਾਂ ਦੇ ਕਸਬੇ ਦੇ ਕਲਾਕਾਰਾਂ ਦੇ ਬਣਾਏ ਕੁਝ ਕੰਧ ਚਿੱਤਰ ਹਨ। ਇਸ ਮੰਦਰ ਵਿਚ ਕ੍ਰਿਸ਼ਨ ਮਹਾਰਾਜ, ਸ਼ਿਵ ਤੇ ਦੁਰਗਾ ਦੀ ਉਪਾਸ਼ਨਾ ਹੁੰਦੀ ਹੈ। ਕੰਧ-ਚਿੱਤਰਾਂ ਦੇ ਰੰਗ ਅਜੇ ਤਕ ਸੱਜਰੇ ਹਨ। ਇਨ੍ਹਾਂ ਵਿਚੋਂ ਕਈ ਦਿਲਚਸਪ ਵੀ ਸਨ। ਇਨ੍ਹਾਂ ਚਿੱਤਰਾਂ ਵਿਚੋਂ ਇਕ ਚਿੱਤਰ ਵਿਚ ਇਸਤ੍ਰੀਆਂ ਦੀਆਂ ਮੂਰਤਾਂ ਨੂੰ ਜੋੜ ਕੇ ਇਕ ਹਾਥੀ ਬਣਾਇਆ ਗਿਆ ਹੈ, ਜਿਸ ਉਤੇ ਕ੍ਰਿਸ਼ਨ ਮਹਾਰਾਜ ਰਾਧਾ ਦੇ ਨਾਲ ਸਵਾਰੀ ਕਰ ਰਹੇ ਹਨ। ਇਕ ਹੋਰ ਚਿੱਤਰ ਵਿਚ ਕ੍ਰਿਸ਼ਨ ਕਾਲੀਆ ਨਾਗ ਨੂੰ ਮਾਰ ਰਿਹਾ ਹੈ।ਤੇ ਹੋਰ ਵਿਚ ਸ੍ਰੀ ਰਾਮ ਚੰਦਰ ਸ਼ਿਵ ਦੇ ਧਨੁਸ਼ ਨੂੰ ਤੋੜ ਰਹੇ ਵਿਖਾਏ ਗਏ ਹਨ।ਇਕ ਕੰਧ-ਚਿੱਤਰ ਰਾਜਾ ਰਾਮ ਸਿੰਘ ਦਾ ਵੀ ਹੈ। ਰਾਜਾ ਰਾਮ ਸਿੰਘ 1974 ਵਿਚ ਮਰਿਆ, ਪਰ ਉਸ ਨੂੰ ਅਜੇ ਤਕ ਇਸ ਮੰਦਰ ਵਿਚ ਯਾਦ ਕੀਤਾ ਜਾਂਦਾ ਹੈ। ਸਿੱਬਾ ਦਾ ਕਿਲਾ ਜਿਹੜਾ ਅੱਜ ਕਲ੍ਹ ਖ਼ਾਲੀ ਪਿਆ ਹੋਇਆ ਹੈ, ਇਕ ਖੰਡਰ ਜਿਹਾ ਬਣਦਾ ਜਾ ਰਿਹਾ ਹੈ।

ਅਸੀਂ ਡਾਡਾ ਸਿੱਬਾ ਦੇ ਮੰਦਰ ਦੇ ਕੰਧ-ਚਿੱਤਰ ਵੇਖ ਕੇ ਪ੍ਰਕਰਮਾਂ ਵਿਚ ਬੈਠੇ ਹੀ ਸਾਂ ਕਿ ਇਕ ਸਜ-ਵਿਆਹੀ ਪਹਾੜਨ ਨੱਕ ਵਿਚ ਨੱਥ ਪਾਈ ਸਿਰ ਉਤੇ ਲਾਲ ਦੁਪੱਟਾ ਤੇ ਘੁੰਡ ਲਮਕਾਈ ਮੰਦਰ ਵਲ ਆਈ। ਉਸੇ ਦੇ ਪਿਛੇ ਉਸ ਦਾ ਪਤੀ, ਕੋਈ ਵੀਹ ਕੁ ਸਾਲ ਦਾ ਮੁੰਡਾ, ਕਾਲੀ ਛਤਰੀ ਹੱਥ ਵਿਚ ਲਈ, ਬੂਟੇਦਾਰ ਰੇਸ਼ਮ ਦਾ ਕੋਟ ਪਹਿਨੀ ਆ ਰਿਹਾ ਸੀ। ਹਰੀ ਕ੍ਰਿਸ਼ਨ ਗੋਰਖੇ ਨੇ, ਜਿਹੜਾ ਕਿ ਇਸ ਸਫ਼ਰ ਦਾ ਸਾਡਾ ਸਾਥੀ ਸੀ, ਇਸ ਜੋੜੇ ਦੀ ਫੋਟੋ ਖਿਚਣੀ ਚਾਹੀ। ਹੁਣ ਵੇਖੋ ਗੋਰਖੇ ਨੇ ਕਿਸ ਚਤੁਰਾਈ ਨਾਲ ਉਸ ਦਾ ਫ਼ੋਟੋ ਖਿਚਿਆ। ਪਹਿਲਾਂ ਤਾਂ ਦੋਹਾਂ ਨੂੰ ਬਰਾਬਰ ਨਾਲ ਖੜਾ ਕਰ ਲਿਆ, ਤੇ ਇਕ ਫ਼ੋਟੋ ਲਈ। ਉਹ ਦੋਨੋਂ ਬੜੇ ਖ਼ੁਸ਼ ਹੋਏ ਕਿ ਮੁਫ਼ਤ ਵਿਚ ਫ਼ੋਟੋ ਬਣ ਰਹੀ ਹੈ।

ਫੇਰ ਉਸ ਦੀ ਤੀਵੀਂ ਦਾ ਘੁੰਡ ਚੁਕਾਇਆ ਤੇ ਫ਼ੋਟੋ ਖਿਚੀ। ਫੇਰ ਪਤੀ ਪ੍ਰੇਮਸ਼ਰ ਨੂੰ ਕੁਛ ਫ਼ਾਸਲੇ 'ਤੇ ਕਰ ਦਿਤਾ, ਤੇ ਫ਼ੋਟੋ ਖਿੱਚੀ। ਪਤੀ ਜੀ ਇਹ ਹੀ ਸਮਝ ਰਹੇ ਸਨ ਕਿ ਉਨ੍ਹਾਂ ਦੀ ਵੀ ਨਾਲ ਹੀ ਫ਼ੋਟੋ ਆ ਰਹੀ ਹੈ। ਜਦੋਂ ਉਪਰੋਂ ਥੱਲੀ ਤਿੰਨ ਚਾਰ ਫ਼ੋਟੋ ਖਿੱਚੀਆਂ ਤਾਂ ਔਰਤ ਦੀ ਸੰਙ ਲੱਥ ਗਈ, ਤੇ ਉਸ ਨੇ ਬੜੇ ਸੁਹਣੇ ਤੇ ਜਾਨਦਾਰ ਫ਼ੋਟੋ ਖਿਚਾਏ।

ਪਹਾੜਨਾਂ ਦੀ ਕਾਮਯਾਬ ਫ਼ੋਟੋਗਰਾਫ਼ੀ ਜੇ ਕਿਸੇ ਨੇ ਕੀਤੀ ਹੈ ਤਾਂ ਹਰੀ ਕ੍ਰਿਸ਼ਨ ਗੋਰਖੇ ਨੇ। ਲੰਮਾ ਲੰਝਾ ਤੇ ਬਾਂਕਾ ਜਵਾਨ, ਹਸੂੰ ਹਸੂੰ ਕਰਦਾ ਚਿਹਰਾ, ਤਿੱਖੇ ਨਕਸ਼ ਤੇ ਜਿਥੇ ਜਾਵੇ ਖ਼ੁਸ਼ੀ ਪੈਦਾ ਕਰੇ। ਮਿਲਣਸਾਰੀ ਕਰਕੇ ਲੋਕਾਂ ਵਿਚ ਝੱਟ ਹੀ ਘੁਲ ਮਿਲ ਜਾਂਦਾ ਹੈ। ਗੋਰਖੇ ਦੀਆਂ ਖਿੱਚੀਆਂ ਤਸਵੀਰਾਂ ਵਿਚ ਪਹਾੜਨਾਂ ਦਾ ਭੋਲਾਪਣ ਤੇ ਸੁਹੱਪਣ ਡੁੱਲ੍ਹ ਡੁੱਲ੍ਹ ਪੈਂਦਾ ਹੈ।

ਫ਼ੋਟੋਗਰਾਫ਼ੀ ਨੂੰ ਕਈ ਲੋਕ ਕਲਾ ਨਹੀਂ ਸਮਝਦੇ, ਪਰ ਜਦ ਗੋਰਖੇ ਦੇ ਹੱਥ ਕੈਮਰਾ ਆ ਜਾਂਦਾ ਹੈ, ਤਾਂ ਮਾਲੂਮ ਹੁੰਦਾ ਹੈ ਜਿਵੇਂ ਕਿਸੇ ਪ੍ਰਸਿੱਧ ਕਲਾਕਾਰ ਦੇ ਹੱਥ ਬੁਰਸ਼ ਹੋਏ। ਏਸ ਨੇ ਇਨਸਾਨੀ ਜ਼ਜ਼ਬਿਆਂ ਨੂੰ ਇਸ ਚਤਰਾਈ ਨਾਲ ਆਪਣੀਆਂ ਤਸਵੀਰਾਂ ਵਿਚ ਭਰਿਆ ਹੈ ਜੋ ਜਿਊਂਦੀਆਂ ਜਾਗਦੀਆਂ ਤੇ ਮੂੰਹੋਂ ਬੋਲਦੀਆਂ ਜਾਪਦੀਆਂ ਹਨ। ਠੀਕ ਹੀ ਇਹ ਫ਼ੋਟੋਗਰਾਫ਼ੀ ਦਾ ਅਸਲੀ ਕਲਾਕਾਰ ਹੈ ।

ਸ਼ਾਮ ਦਾ ਵੇਲਾ ਹੋ ਗਿਆ ਤੇ ਭੁੱਖ ਵੀ ਕਰਾਰੀ ਲਗੀ। ਹੋਰ ਤਾਂ ਖਾਣ ਨੂੰ ਕੁਝ ਨਾ ਲਭਿਆ, ਇਕ ਹਲਵਾਈ ਦੀ ਦੁਕਾਨ ਤੋਂ ਚਾਹ ਦਾ ਗਲਾਸ ਤੇ ਤੱਤੀਆਂ ਤੱਤੀਆਂ ਜਲੇਬੀਆਂ ਜ਼ਰੂਰ ਮਿਲ ਗਈਆਂ।ਮੈਂ ਜਲੇਬੀ ਨੂੰ ਮਠਿਆਈ ਦੀ ਰਾਣੀ ਸਮਝਦਾ ਹਾਂ। ਰਸ ਦੀ ਭਰੀ ਹੋਈ, ਜੀਭ ਉਤੇ ਰਖਦਿਆਂ ਹੀ ਸੁਰਗ ਦਾ ਝੂਟਾ ਦਿੰਦੀ ਹੈ।

1930 ਵਿਚ ਮੈਂ ਪਿੰਡ ਵਿਚ ਟਾਹਲੀਆਂ ਦੀ ਝਿੜੀ ਵਿਚ ਕੁਰਸੀ ਡਾਹ ਕੇ ਪੜ੍ਹਿਆ ਕਰਦਾ ਸਾਂ। ਇਕ ਦਿਨ ਗੁਆਂਢੀ ਪਿੰਡ ਬੇਰਛੇ ਦਾ ਇਕ ਰਉਲ ਮੁਸਲਮਾਨ ਆਜੜੀ ਕੋਲ ਹੀ ਮੱਝਾਂ ਚਰਾ ਰਿਹਾ ਸੀ। ਮੈਨੂੰ ਵੇਖ ਕੇ ਨੇੜੇ ਆ ਗਿਆ ਤਾਂ ਉਹ ਕਹਿਣ ਲਗਾ, “ਸਰਦਾਰ ਜੀ, ਤੁਸੀਂ ਸੋਲ੍ਹਾਂ ਜਮਾਤਾਂ ਤਾਂ ਕਰ ਲਈਆਂ, ਹੁਣ ਹੋਰ ਵੀ ਪੜ੍ਹੀ ਜਾਣਾ ਹੈ।”

ਮੈਂ ਉੱਤਰ ਦਿੱਤਾ, “ਫੱਜੂ ਅੱਜ ਕਲ੍ਹ ਨੌਕਰੀ ਬੜੀ ਮੁਸ਼ਕਲ ਮਿਲਦੀ ਹੈ।”

“ਸਰਦਾਰਾ ਗੱਪੀਆਂ ਵਲ ਵੇਖ ਉਨ੍ਹਾਂ ਦੇ ਦੋ ਪਟਵਾਰੀ ਤੇ ਇਕ ਕਾਨੂੰਗੋ ਹੈ, ਕੀ ਤੂੰ ਕਾਨੂੰਗੋ ਨਹੀਂ ਬਣ ਸਕਦਾ ? ਹੋਰ ਨਹੀਂ ਤਾਂ ਮੁੱਛਲਾਂ ਦੇ ਮੁੰਡੇ ਵਾਂਗ ਬੰਕਾਂ ਦਾ ਇਨਸਪੈਕਟਰ ਹੀ ਬਣ ਜਾ।”

ਮੈਂ ਕਿਹਾ, “ਅੱਛਾ ਸੋਚਾਂਗੇ।”

“ਸਰਦਾਰਾ ਅਸਲ ਗੱਲ ਤਾਂ ਇਹ ਹੈ ਤੇਰੇ ਚਾਚੇ ਨੂੰ ਚਾਹੀਦਾ ਹੈ ਕਿ ਰੁਪਈਆਂ ਦੀ ਟੋਕਰੀ ਭਰ ਕੇ ਕਿਸੇ ਵਡੇ ਅਫ਼ਸਰ ਨੂੰ ਦੇ ਆਵੇ। ਅੱਜ ਕਲ੍ਹ ਵਸੀਲੇ ਤੋਂ ਬਿਨਾ ਕੋਈ ਨਹੀਂ ਪੁੱਛਦਾ।”

ਮੈਂ ਗੱਲ ਟਾਲ ਕੇ ਕਿਹਾ, “ਫੱਜੂ ਏਦਾਂ ਦੀ ਹਿੰਮਤ ਤਾਂ ਮੇਰੀ ਖ਼ਾਤਰ ਤੂੰ ਹੀ ਕਰ ਚਾਚਾ ਤਾਂ ਬੜਾ ਕੰਜੂਸ ਹੈ।

“ਸਰਦਾਰਾ, ਅਸੀਂ ਤਾਂ ਗ਼ਰੀਬ ਆਦਮੀ ਹੋਏ, ਇਹ ਤਾਂ ਅਮੀਰਾਂ ਦੀ ਖੇਡ ਹੈ। ਅਮੀਰ ਤਾਂ ਜ਼ਰੂਰ ਰੋਜ਼ ਜਲੇਬੀਆਂ ਹੀ ਖਾਂਦੇ ਹੋਣਗੇ ?”

ਵਿਸਾਖੀ ਦੇ ਮੇਲੇ ਸਾਡੇ ਗੁਰੁਆਰੇ ਗਰਨਾ ਸਾਹਿਬ ਸਾਹਮਣੇ ਦਸੂਹੇ ਦੇ ਹਲਵਾਈ ਮਿਠਾਈ ਦੀਆਂ ਦੁਕਾਨਾਂ ਸਜਾਉਂਦੇ ਤੇ ਲੱਡੂਆਂ ਦੇ ਜਲੇਬੀਆਂ ਦੇ ਉਸਾਰੇ ਹੋਏ ਥਾਲ ਵੇਖ ਕੇ ਜੱਟ ਖੂਬ ਡੁਲ੍ਹਦੇ। ਲੱਡੂ ਜਲੇਬੀ ਤੋਂ ਬਿਨਾਂ ਇਨ੍ਹਾਂ ਨੂੰ ਹੋਰ ਕਿਸੇ ਮਿਠਾਈ ਦਾ ਨਾਂ ਵੀ ਪਤਾ ਨਹੀਂ ਹੁੰਦਾ। ਫੱਜੂ ਨੇ ਵੀ ਜਲੇਬੀਆਂ ਦੇ ਥਾਲ ਇਸ ਮੇਲੇ ਵਿਚ ਹੀ ਵੇਖੇ ਸਨ, ਤੇ ਉਹਦੇ ਭਾਣੇ ਜਲੇਬੀਆਂ ਖਾਣਾ ਹੀ ਦੁਨੀਆਂ ਵਿਚ ਸਭ ਤੋਂ ਵਡਾ ਸਵਾਦ ਸੀ। ਏਸ ਵਿਚ ਮੇਰੀ ਫੱਜੂ ਨਾਲ ਪੂਰੀ ਸੰਮਤੀ ਹੈ, ਭਾਵੇਂ ਨੌਕਰੀਆਂ ਬਾਰੇ ਉਹ ਠੀਕ ਸਲਾਹ ਨਹੀਂ ਸੀ ਦੇ ਸਕਦਾ।

('ਪੱਤੇ ਪੱਤੇ ਗੋਬਿੰਦ ਬੈਠਾ' ਵਿੱਚੋਂ)

  • ਮੁੱਖ ਪੰਨਾ : ਮਹਿੰਦਰ ਸਿੰਘ ਰੰਧਾਵਾ : ਪੰਜਾਬੀ ਲੇਖ ਤੇ ਹੋਰ ਰਚਨਾਵਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ