Daddu Ate Kaan : Tibetan Lok Katha
ਡੱਡੂ ਅਤੇ ਕਾਂ : ਤਿੱਬਤੀ ਲੋਕ ਕਥਾ
ਇੱਕ ਵਾਰ ਇੱਕ ਕਾਂ ਨੇ ਇੱਕ ਚੰਗਾ ਪਲ਼ਿਆ ਹੋਇਆ ਡੱਡੂ ਫੜ ਲਿਆ, ਅਤੇ ਜਦੋਂ ਉਹ ਆਰਾਮ ਨਾਲ ਖਾਣ ਲਈ ਆਪਣੀ ਚੁੰਜ ਵਿੱਚ ਲੈ ਕੇ ਗੁਆਂਢ ਦੇ ਇੱਕ ਘਰ ਦੀ ਛੱਤ 'ਤੇ ਬੈਠਣ ਲੱਗਿਆ, ਤਾਂ ਡੱਡੂ ਨੇ ਹਲਕੀ ਜਿਹੀ ਹੀ ਹੀ ਦੀ ਆਵਾਜ਼ ਕੱਢੀ।
"ਡੱਡੂ ਭਰਾਵਾ, ਹੱਸਣ ਵਾਲੀ ਭਲਾ ਕਿਹੜੀ ਗੱਲ ਹੈ?" ਕਾਂ ਨੇ ਪੁੱਛਿਆ।
"ਕੁਝ ਨਹੀਂ, ਭਰਾਵਾ," ਡੱਡੂ ਨੇ ਕਿਹਾ। "ਮੇਰੀ ਪਰਵਾਹ ਨਾ ਕਰ। ਮੈਂ ਤਾਂ ਮਨ ਅੰਦਰ ਸੋਚ ਰਿਹਾ ਸੀ ਕਿ ਖ਼ੁਸ਼ਕਿਸਮਤੀ ਨਾਲ਼ ਮੇਰਾ ਬਾਪ ਇਸੇ ਛੱਤ 'ਤੇ ਰਹਿੰਦਾ ਹੈ, ਅਤੇ ਉਹ ਬਹੁਤ ਜ਼ਾਲਮ ਤੇ ਤਾਕਤਵਰ ਹੈ,... ਜੇ ਕੋਈ ਮੈਨੂੰ ਹਾਨੀ ਪਹੁੰਚਾਏਗਾ, ਉਹ ਜ਼ਰੂਰ ਮੇਰੀ ਮੌਤ ਦਾ ਬਦਲਾ ਲਵੇਗਾ।"
ਕਾਂ ਨੂੰ ਇਹ ਗੱਲ ਬੁਰੀ ਲੱਗੀ, ਪਰ ਇਹ ਸੋਚ ਕੇ ਕਿ ਸਾਵਧਾਨੀ ਚੰਗੀ ਹੁੰਦੀ ਹੈ ਉਹ ਛੱਤ ਦੇ ਦੂਸਰੇ ਕੋਨੇ ਲੱਗੇ ਟੀਨ ਦੇ ਪਰਨਾਲੇ ਦੇ ਹੱਟਵੇਂ ਸਿਰੇ ਤੇ ਜਾ ਬੈਠਿਆ। ਉਹ ਝੱਟ ਕੁ ਰੁਕਿਆ ਤੇ ਡੱਡੂ ਨੂੰ ਨਿਗਲਣ ਲਈ ਅਜੇ ਤਿਆਰ ਹੀ ਹੋਇਆ ਸੀ ਕਿ ਡੱਡੂ ਨੇ ਵਾਰ ਫੇਰ ਹੀ ਹੀ ਦੀ ਆਵਾਜ਼ ਕੱਢੀ।
"ਭਰਾਵਾ, ਹੁਣ ਤੂੰ ਕਿਉਂ ਹੱਸ ਰਿਹਾ ਹੈਂ?" ਕਾਂ ਨੇ ਪੁੱਛਿਆ।
"ਭਰਾ ਮੇਰੇ ਪਰੇਸ਼ਾਨ ਨਾ ਹੋ। ਕੁਝ ਖ਼ਾਸ ਨਹੀਂ, ਐਵੇਂ ਨਿੱਕੀ ਜਿਹੀ ਗੱਲ ਹੈ," ਡੱਡੂ ਨੇ ਜਵਾਬ ਦਿੱਤਾ। "ਮੇਰਾ ਚਾਚਾ, ਜੋ ਮੇਰੇ ਪਿਤਾ ਨਾਲੋਂ ਵੀ ਮਜ਼ਬੂਤ ਅਤੇ ਕਠੋਰ ਹੈ, ਐਹ ਗਟਰ ਵਿੱਚ ਰਹਿੰਦਾ ਹੈ। ਤੇ ਜੇ ਕੋਈ ਮੈਨੂੰ ਹਾਨੀ ਪਹੁੰਚਾਏਗਾ, ਤਾਂ ਉਸ ਦੀ ਖੈਰ ਨਹੀਂ। "
ਕਾਂ ਇਹ ਸੁਣ ਕੇ ਥੋੜਾ ਘਬਰਾ ਗਿਆ, ਤੇ ਉਸਨੇ ਸੋਚਿਆ ਕਿ ਕੁੱਲ ਮਿਲਾ ਕੇ ਇਹ ਛੱਤ ਹੀ ਮਨਹੂਸ ਹੈ। ਫੇਰ ਆਪਣੀ ਚੁੰਜ ਵਿੱਚ ਡੱਡੂ ਚੁੱਕ ਕੇ ਉਹ ਹੇਠਾਂ ਜ਼ਮੀਨ `ਤੇ ਇੱਕ ਖੂਹ ਦੇ ਨੇੜੇ ਜਾ ਬੈਠਿਆ। ਉਹ ਡੱਡੂ ਨੂੰ ਖਾਣ ਹੀ ਲੱਗਿਆ ਸੀ ਕਿ ਡੱਡੂ ਬੋਲ ਪਿਆ:
"ਭਰਾਵਾ, ਬੁਰਾ ਨਾ ਮਨਾਈਂ, ਤੇਰੀ ਚੁੰਜ ਖੁੰਢੀ ਹੋਈ ਜਾਪਦੀ ਹੈ। ਤੈਨੂੰ ਨਹੀਂ ਲੱਗਦਾ, ਬਈ ਮੈਨੂੰ ਖਾਣ ਤੋਂ ਪਹਿਲਾਂ ਇਸ ਨੂੰ ਥੋੜਾ ਤਿੱਖਾ ਕਰ ਲੈਣਾ ਚੰਗਾ ਰਹੇਗਾ। ਔਸ ਪੱਥਰ `ਤੇ ਘਸਾਉਣ ਨਾਲ਼ ਇਹ ਬੜੀ ਸੁਹਣੀ ਤਿੱਖੀ ਹੋ ਜਾਏਗੀ।"
ਕਾਂ ਨੇ ਸੋਚਿਆ ਕਿ ਵਿਚਾਰ ਤਾਂ ਮਾੜਾ ਨਹੀਂ। ਉਹ ਦੋ ਤਿੰਨ ਟਪੂਸੀਆਂ ਮਾਰ ਕੇ ਪੱਥਰ ਕੋਲ਼ ਗਿਆ, ਤੇ ਆਪਣੀ ਚੁੰਜ ਤਿੱਖੀ ਕਰਨ ਲੱਗਾ। ਡੱਡੂ ਨੇ ਮੌਕਾ ਤਾੜ ਕੇ ਖੂਹ ਵਿੱਚ ਛਾਲ ਮਾਰ ਦਿੱਤੀ।
ਚੁੰਜ ਤਿੱਖੀ ਕਰਨ ਤੋਂ ਬਾਅਦ ਕਾਂ ਵਾਪਸ ਪਰਤਿਆ, ਪਰ ਡੱਡੂ ਹੁਣ ਉਥੇ ਨਹੀਂ ਸੀ ਜਿਥੇ ਉਸਨੂੰ ਰੱਖ ਕੇ ਗਿਆ ਸੀ। ਉਹ ਟਪੂਸੀ ਮਾਰ ਕੇ ਖੂਹ ਵੱਲ ਹੋਇਆ ਅਤੇ ਝਾਤੀਆਂ ਮਾਰਨ ਲੱਗਾ। ਅੰਤ ਜਦੋਂ ਪਾਣੀ ਵਿੱਚ ਡੱਡੂ ਉਸਦੀ ਨਜ਼ਰ ਪਿਆ ਅਤੇ ਉਸਨੂੰ ਬਾਹਰ ਆਉਣ ਲਈ ਕਹਿਣ ਲੱਗਾ:
"ਐ ਮੇਰੇ ਪਿਆਰੇ ਡੱਡੂ, ਮੈਂ ਤਾਂ ਡਰ ਹੀ ਗਿਆ ਸੀ ਕਿ ਤੂੰ ਕਿਥੇ ਗਿਆ। ਮੇਰੀ ਚੁੰਜ ਹੁਣ ਬੜੀ ਸੁਹਣੀ ਤਿੱਖੀ ਹੋ ਗਈ ਹੈ, ਇਸ ਲਈ ਬਾਹਰ ਆਜਾ ਤੇ ਮੇਰਾ ਖਾਜਾ ਬਣ ਜਾ।"
"ਭਰਾਵਾ, ਮੈਨੂੰ ਬਹੁਤ ਅਫ਼ਸੋਸ ਹੈ," ਡੱਡੂ ਨੇ ਜਵਾਬ ਦਿੱਤਾ,"ਅਸਲ `ਚ ਗੱਲ ਇਹ ਹੈ ਕਿ ਮੈਂ ਹੁਣ ਇਸ ਖੂਹ ਦੀ ਕੰਧ ਨਹੀਂ ਚੜ੍ਹ ਸਕਦਾ। ਬਾਹਰ ਨਿੱਕਲ ਸਕਣਾ ਮੇਰੇ ਵਸ ਤੋਂ ਬਾਹਰ ਹੈ। ਸਭ ਤੋਂ ਵਧੀਆ ਗੱਲ ਇਹੀ ਹੋਵੇਗੀ ਕਿ ਮੈਨੂੰ ਖਾਣ ਲਈ ਹੁਣ ਤੂੰ ਇੱਥੇ ਹੇਠਾਂ ਮੇਰੇ ਕੋਲ਼ ਆ ਜਾ।"
ਤੇ ਇਹ ਕਹਿੰਦੇ ਹੋਏ ਉਸ ਨੇ ਖੂਹ ਦੇ ਪੱਤਣ ਵੱਲ ਇੱਕ ਟੁਭੀ ਮਾਰੀ।
ਅਨੁਵਾਦ: ਚਰਨ ਗਿੱਲ