Daddu Czar-Zadi : Russian Fairy Tale
ਡੱਡੂ ਜ਼ਾਰ-ਜ਼ਾਦੀ : ਰੂਸੀ ਪਰੀ-ਕਹਾਣੀ
ਬੜੇ ਚਿਰਾਂ ਦੀ ਗੱਲ ਏ, ਇਕ ਜ਼ਾਰ ਹੁੰਦਾ ਸੀ, ਜਿਸਦੇ ਤਿੰਨ ਪੁੱਤਰ ਸਨ। ਜਦੋਂ ਉਹਦੇ ਪੁੱਤਰ ਵਡੇ ਹੋ ਗਏ, ਤਾਂ ਇਕ ਦਿਨ ਜ਼ਾਰ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਆਖਿਆ :
"ਮੇਰੇ ਪਿਆਰੇ ਬੱਚਿਓ, ਅਜੇ ਜਦੋਂ ਮੈਂ ਬੁੱਢਾ ਨਹੀਂ ਹੋਇਆ, ਮੈਂ ਚਾਹੁੰਨਾਂ, ਤੁਸੀਂ ਵਿਆਹੇ ਜਾਵੋ ਤੇ ਮੈਂ ਤੁਹਾਡੇ ਬੱਚੇ ਤੇ ਆਪਣੇ ਪੋਤਰੇ-ਪੋਤਰੀਆਂ ਵੇਖ ਖ਼ੁਸ਼ੀ ਮਨਾ ਸਕਾਂ।"
ਤੇ ਉਹਦੇ ਪੁੱਤਰਾਂ ਨੇ ਜਵਾਬ ਦਿਤਾ :
"ਜੇ ਤੁਹਾਡੀ ਇਹ ਇੱਛਾ ਏ, ਪਿਤਾ ਜੀ, ਤਾਂ ਸਾਨੂੰ ਅਸੀਸ ਦਿਓ। ਦੱਸੋ ਅਸੀਂ ਕਿਦੇ ਨਾਲ ਵਿਆਹ ਕਰੀਏ?"
"ਤਾਂ ਫੇਰ, ਮੇਰੇ ਬੱਚਿਓ, ਤੁਸੀਂ ਤਿੰਨੇ ਇਕ-ਇਕ ਤੀਰ ਫੜ ਲਵੋ ਤੇ ਬਾਹਰ ਖੁਲ੍ਹੇ ਮੈਦਾਨ 'ਚ ਚਲੇ ਜਾਵੋ। ਤੀਰਾਂ ਨੂੰ ਚਲਾ ਦੇਵੋ, ਤੇ ਜਿੱਥੇ ਜਿੱਥੇ ਵੀ ਉਹ ਡਿੱਗਣਗੇ, ਓਥੇ ਓਥੇ ਹੀ ਤੁਹਾਨੂੰ ਤੁਹਾਡੇ ਭਾਗਾਂ ਲਿਖੀਆਂ ਵਹੁੱਟੀਆਂ ਮਿਲ ਜਾਣਗੀਆਂ।"
ਪੁੱਤਰਾਂ ਨੇ ਪਿਉ ਸਾਹਮਣੇ ਸੀਸ ਨਿਵਾਇਆ, ਤੇ ਤਿੰਨਾਂ ਨੇ ਹੀ ਇਕ-ਇਕ ਤੀਰ ਫੜ ਲਿਆ ਤੇ ਬਾਹਰ ਖੁਲ੍ਹੇ ਮੈਦਾਨ ਵਿਚ ਨਿਕਲ ਆਏ। ਉਥੇ ਉਹਨਾਂ ਆਪੋ ਆਪਣੀਆਂ ਕਮਾਣਾਂ ਖਿੱਚੀਆਂ ਤੇ ਤੀਰ ਛੱਡ ਦਿਤੇ।
ਸਭ ਤੋਂ ਵਡੇ ਪੁੱਤਰ ਦਾ ਤੀਰ ਇਕ ਜਾਗੀਰਦਾਰ ਦੇ ਵਿਹੜੇ ਵਿਚ ਡਿੱਗਾ ਤੇ ਉਹਨੂੰ ਜਾਗਰਦਾਰ ਦੀ ਧੀ ਨੇ ਚੁੱਕ ਲਿਆ। ਵਿਚਲੇ ਪੁੱਤਰ ਦਾ ਤੀਰ ਇਕ ਬਖ਼ਤਾਵਰ ਵਪਾਰੀ ਦੇ ਵਿਹੜੇ ਵਿਚ ਡਿੱਗਾ, ਤੇ ਉਹਨੂੰ ਵਪਾਰੀ ਦੀ ਧੀ ਨੇ ਚੁੱਕ ਲਿਆ। ਤੇ ਸਭ ਤੋਂ ਛੋਟੇ ਪੁੱਤਰ ਜ਼ਾਰਜ਼ਾਦੇ ਈਵਾਨ ਨਾਲ ਇਹ ਹੋਈ
ਕਿ ਉਹਦਾ ਤੀਰ ਉਪਰ ਵਲ ਨੂੰ ਚਲਾ ਗਿਆ ਤੇ ਉਹਨੂੰ ਪਤਾ ਨਾ ਲਗਾ, ਉਹ ਕਿੱਧਰ ਉਡ ਗਿਆ। ਉਹ ਉਹਦੀ ਭਾਲ ਵਿਚ ਨਿਕਲ ਪਿਆ ਤੇ ਟੁਰਦਾ ਗਿਆ, ਟੁਰਦਾ ਗਿਆ, ਤੇ ਇਕ ਦਲਦਲ ਕੋਲ ਜਾ ਅੱਪੜਿਆ ਤੇ ਓਥੇ ਉਹਨੇ ਵੇਖਿਆ, ਇਕ ਡੱਡੀ ਉਹਦਾ ਤੀਰ ਮੂੰਹ ਵਿਚ ਪਾਈ ਬੈਠੀ ਸੀ।
ਜ਼ਾਰਜ਼ਾਦੇ ਈਵਾਨ ਨੇ ਡੱਡੀ ਨੂੰ ਆਖਿਆ :
"ਡੱਡੀਏ, ਡੱਡੀਏ, ਮੇਰਾ ਤੀਰ ਮੈਨੂੰ ਵਾਪਸ ਦੇ ਦੇ।"
ਪਰ ਡੱਡੀ ਨੇ ਜਵਾਬ ਦਿਤਾ :
"ਦੇਵਾਂ ਤਾਂ ਜੇ ਤੂੰ ਮੇਰੇ ਨਾਲ ਵਿਆਹ ਕਰਾਏ!"
"ਕੀ ਕਹਿ ਰਹੀ ਏਂ, ਡੰਡੀ ਨਾਲ ਵਿਆਹ ਕਿਵੇਂ ਕਰਾ ਲਾਂ!"
"ਤੈਨੂੰ ਕਰਾਣਾ ਪਏਗਾ, ਮੈਂ ਤੇਰੇ ਭਾਗੀਂ ਲਿਖੀ ਵਹੁਟੀ ਜੁ ਹੋਈ।"
ਈਵਾਨ ਉਦਾਸ ਤੇ ਨਿਮੋਝੂਣਾ ਹੋ ਗਿਆ। ਪਰ ਉਹ ਕਰਦਾ ਤਾਂ ਕੀ ਕਰਦਾ। ਉਹਨੇ ਡੱਡੀ ਨੂੰ ਚੁੱਕ ਲਿਆ ਤੇ ਘਰ ਲੈ ਆਇਆ। ਤੇ ਜ਼ਾਰ ਨੇ ਤਿੰਨ ਵਿਆਹਾਂ ਦੇ ਜਸ਼ਨ ਕੀਤੇ: ਉਹਦਾ ਸਭ ਤੋਂ ਵਡਾ ਪੁੱਤਰ ਜਾਗੀਰਦਾਰ ਦੀ ਧੀ ਨਾਲ ਵਿਆਹਿਆ ਗਿਆ, ਉਹਦਾ ਵਿਚਲਾ ਪੁੱਤਰ -ਵਪਾਰੀ ਦੀ ਧੀ ਨਾਲ, ਤੇ ਵਿਚਾਰਾ ਈਵਾਨ-ਡੰਡੀ ਨਾਲ।
ਕੁਝ ਚਿਰ ਲੰਘ ਗਿਆ ਤੇ ਜ਼ਾਰ ਨੇ ਆਪਣੇ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ।
"ਮੈਂ ਵੇਖਣਾ ਚਾਹੁੰਨਾਂ, ਤੁਹਾਡੇ 'ਚੋਂ ਕਿਦ੍ਹੀ ਵਹੁਟੀ ਨੂੰ ਸਿਲਾਈ ਸਭ ਤੋਂ ਚੰਗੀ ਆਉਂਦੀ ਏ," ਉਹਨੇ ਆਖਿਆ। ਸਾਰੀਆਂ ਕੱਲ੍ਹ ਸਵੇਰ ਹੋਣ ਤਕ ਮੇਰੇ ਲਈ ਇਕ-ਇਕ ਕਮੀਜ਼ ਬਣਾਣ।
ਪੁਤਰਾਂ ਨੇ ਪਿਓ ਸਾਹਮਣੇ ਸੀਸ ਨਿਵਾਇਆ ਤੇ ਚਲੇ ਗਏ।
ਈਵਾਨ ਘਰ ਆਇਆ, ਬਹਿ ਗਿਆ ਤੇ ਉਹਨੇ ਸਿਰ ਨੀਵਾਂ ਪਾ ਲਿਆ। ਤੇ ਡੰਡੀ ਟਪੋਸੀ ਮਾਰ ਫ਼ਰਸ਼ ਉਤੇ ਤੇ ਫੇਰ ਉਹਦੇ ਕੋਲ ਆ ਪੁੱਜੀ ਤੇ ਪੁੱਛਣ ਲਗੀ :
"ਈਵਾਨ, ਸੋਚੀਂ ਕਿਉਂ ਡੁੱਬਾ ਹੋਇਐ? ਕਾਹਦੀ ਚਿੰਤਾ ਲਗੀ ਹੋਈ ਆ?"
"ਪਿਤਾ ਜੀ ਦਾ ਹੁਕਮ ਏ, ਤੂੰ ਕੱਲ੍ਹ ਸਵੇਰ ਤਕ ਉਹਨਾਂ ਲਈ ਇਕ ਕਮੀਜ਼ ਬਣਾਵੇਂ।"
ਡੱਡੀ ਨੇ ਕਿਹਾ:
"ਈਵਾਨ, ਦਿਲ ਨਾ ਦੁਖਾ, ਸਗੋਂ ਜਾ ਕੇ ਸੌਂ ਜਾ, ਏਸ ਲਈ ਕਿ ਸਵੇਰ ਸ਼ਾਮ ਨਾਲੋਂ ਸਿਆਣੀ ਹੁੰਦੀ ਏ।"
ਈਵਾਨ ਸੌਂ ਗਿਆ ਤੇ ਡੱਡੀ ਟਪੋਸੀਆਂ ਮਾਰਦੀ ਬਾਹਰ ਡਿਉਢੀ ਵਿਚ ਆ ਗਈ, ਉਹਨੇ ਆਪਣੀ ਡੱਡੂਆਂ ਵਾਲੀ ਖੱਲ ਲਾਹ ਸੁੱਟੀ ਤੇ ਚਤਰ-ਸੁਜਾਨ ਵਸਿਲੀਸਾ ਬਣ ਗਈ, ਇਹ ਐਸੀ ਮੁਟਿਆਰ, ਨਾ ਸੁਹਣੀ ਹੋਰ ਕੋਈ ਜਿਹਦੇ ਹਾਰ।
ਉਹਨੇ ਤਾੜੀ ਮਾਰੀ ਤੇ ਬੋਲੀ:
"ਆਓ, ਮੇਰੀਓ ਗੋਲੀਓ ਤੇ ਬਾਂਦੀਓ, ਛੇਤੀ ਕਰੋ ਤੇ ਕੰਮ ਵਿਚ ਜੁੱਟ ਜਾਓ। ਕਲ੍ਹ ਸਵੇਰ ਤਕ ਮੈਨੂੰ ਇਕ ਕਮੀਜ਼ ਬਣਾ ਦਿਓ, ਓਹੋ ਜਿਹੀ ਜਿਹੋ ਜਿਹੀ ਮੇਰੇ ਪਿਤਾ ਜੀ ਪਾਂਦੇ ਹੁੰਦੇ ਸਨ।"
ਸਵੇਰੇ ਈਵਾਨ ਜਾਗਿਆ ਤੇ ਡੱਡੀ ਫੇਰ ਫ਼ਰਸ਼ ਉਤੇ ਪੋਸੀਆਂ ਮਾਰ ਰਹੀ ਸੀ, ਪਰ ਕਮੀਜ਼ ਪੂਰੀ ਦੀ ਪੂਰੀ ਤਿਆਰ ਸੀ ਤੇ ਇਕ ਸੁੰਦਰ ਤੌਲੀਏ ਵਿਚ ਲਪੇਟੀ ਮੇਜ਼ ਉਤੇ ਰਖੀ ਪਈ ਸੀ। ਈਵਾਨ ਦੀ
ਖੁਸ਼ੀ ਦੀ ਹੱਦ ਨਾ ਰਹੀ। ਉਹਨੇ ਕਮੀਜ਼ ਚੁਕ ਲਈ ਤੇ ਉਹਨੂੰ ਲੈ ਕੇ ਆਪਣੇ ਪਿਓ ਕੋਲ ਪਹੁੰਚਿਆ ਜਿਹੜਾ ਆਪਣੇ ਦੋਵਾਂ ਵਡੇ ਪੁੱਤਰਾਂ ਦੀਆਂ ਸੁਗਾਤਾਂ ਲੈਣ ਵਿਚ ਰੁੱਝਾ ਹੋਇਆ ਸੀ। ਸਭ ਤੋਂ ਵਡੇ ਪੁੱਤਰ ਨੇ ਆਪਣੀ ਕਮੀਜ਼ ਪੇਸ਼ ਕੀਤੀ, ਤੇ ਜ਼ਾਰ ਨੇ ਫੜੀ ਤੇ ਆਖਿਆ:
"ਇਹ ਕਮੀਜ਼ ਤਾਂ ਕਿਸੇ ਗਰੀਬ ਕਿਸਾਨ ਦੇ ਪਾਣ ਲਈ ਠੀਕ ਰਹੇਗੀ।"
ਵਿਚਲੇ ਪੁੱਤਰ ਨੇ ਆਪਣੀ ਕਮੀਜ਼ ਪੇਸ਼ ਕੀਤੀ, ਤੇ ਜ਼ਾਰ ਨੇ ਕਿਹਾ :
"ਇਹ ਕਮੀਜ਼ ਤਾਂ ਗ਼ੁਸਲਖਾਨੇ ਜਾਣ ਵੇਲੇ ਪਾਣ ਲਈ ਠੀਕ ਰਹੇਗੀ।"
ਫੇਰ ਈਵਾਨ ਨੇ ਆਪਣੀ ਕਮੀਜ਼ ਪੇਸ਼ ਕੀਤੀ। ਸਾਰੀ ਦੀ ਸਾਰੀ ਉਤੇ ਤਿੱਲੇ ਨਾਲ ਬੜੀ ਸੁਹਣੀ, ਹਰੀ-ਸੁਰੰਗੀ ਕਢਾਈ ਹੋਈ ਪਈ ਸੀ, ਤੇ ਜ਼ਾਰ ਨੇ ਨਜ਼ਰ ਭਰਕੇ ਉਹਦੇ ਵਲ ਵੇਖਿਆ ਤੇ ਕਿਹਾ :
"ਇਹ ਹੋਈ ਨਾ ਕਮੀਜ਼ ਦਿਨ-ਦਿਹਾਰ ਨੂੰ ਪਾਣ ਲਈ!"
ਦੋਵੇਂ ਵਡੇ ਭਰਾ ਘਰ ਚਲੇ ਗਏ ਤੇ ਆਪੋ ਵਿਚ ਗੱਲਾਂ ਕਰਨ ਲਗੇ ਤੇ ਕਹਿਣ ਲਗੇ:
ਲਗਦੈ, ਅਸੀਂ ਈਵਾਨ ਦੀ ਵਹੁਟੀ ਦਾ ਮਖੌਲ ਐਵੇਂ ਹੀ ਉਡਾਂਦੇ ਰਹੇ ਹਾਂ। ਉਹ ਡੱਡੀ ਨਹੀਂ, ਕੋਈ ਜਾਦੂਗਰਨੀ ਏ।"
ਤੇ ਜ਼ਾਰ ਨੇ ਇਕ ਵਾਰੀ ਫੇਰ ਆਪਣੇ ਪੁੱਤਰਾਂ ਨੂੰ ਬੁਲਾਇਆ।
"ਤੁਹਾਡੀਆਂ ਵਹੁਟੀਆਂ ਕਲ੍ਹ ਸਵੇਰ ਤਕ ਮੇਰੇ ਲਈ ਕੁਝ ਰੋਟੀ ਪਕਾਣ," ਉਹਨੇ ਆਖਿਆ। "ਮੈਂ ਵੇਖਣਾ ਚਾਹੁੰਨਾਂ, ਉਹਨਾਂ 'ਚੋਂ ਰਸੋਈ ਦਾ ਕੰਮ ਸਭ ਤੋਂ ਚੰਗਾ ਕਿਹਨੂੰ ਆਉਂਦੈ।"
ਈਵਾਨ ਸੋਚੀਂ ਡੁਬ ਗਿਆ ਤੇ ਘਰ ਜਾ ਪਹੁੰਚਿਆ। ਤੇ ਡੱਡੀ ਨੇ ਉਹਨੂੰ ਪੁਛਿਆ:
ਈਵਾਨ, ਏਨਾ ਉਦਾਸ ਕਿਉਂ ਏਂ?"
ਈਵਾਨ ਨੇ ਕਿਹਾ:
"ਤੂੰ ਕਲ੍ਹ ਸਵੇਰ ਤਕ ਪਿਤਾ ਜੀ ਲਈ ਕੁਝ ਰੋਟੀ ਪਕਾਣੀ ਏਂ।"
ਈਵਾਨ, ਦਿਲ ਨਾ ਦੁਖਾ, ਸਗੋਂ ਜਾ ਕੇ ਸੌਂ ਜਾ। ਸਵੇਰ ਸ਼ਾਮ ਨਾਲੋਂ ਸਿਆਣੀ ਹੁੰਦੀ ਏ।
ਤੇ ਉਹਦੀਆਂ ਦੋ ਜੇਠਾਣੀਆਂ ਨੇ, ਜਿਹੜੀਆਂ ਪਹਿਲੋਂ ਡੰਡੀ ਦਾ ਮਖੌਲ ਉਡਾਂਦੀਆਂ ਹੁੰਦੀਆਂ ਸਨ, ਹੁਣ ਪਿਛਵਾੜੇ ਰਹਿਣ ਵਾਲੀ ਇਕ ਬੁੱਢੀ ਨੂੰ ਇਹ ਵੇਖਣ ਲਈ ਘੱਲਿਆ ਕਿ ਡੱਡੀ ਆਪਣੀ ਰੋਟੀ ਕਿਵੇਂ ਪਕਾਂਦੀ ਏ।
ਪਰ ਡੱਡੀ ਹੁਸ਼ਿਆਰ ਸੀ ਤੇ ਉਹਨੇ ਬੁੱਝ ਲਿਆ, ਉਹਦੀਆਂ ਜੇਠਾਣੀਆਂ ਨੂੰ ਕੀ ਸੁੱਝੀ ਸੀ। ਉਹਨੇ ਕੁਝ ਆਟਾ ਗੁੰਨਿਆ, ਚੁੱਲ੍ਹੇ ਨੂੰ ਉਤੋਂ ਭੰਨਿਆ ਤੇ ਆਟੇ ਨੂੰ ਮੋਰੀ ਵਿਚੋਂ ਹੇਠਾਂ ਸੁਟ ਦਿਤਾ। ਬੁੱਢੀ ਭੱਜੀ-ਭੱਜੀ ਉਹਦੀਆਂ ਦੋਵਾਂ ਜੇਠਾਣੀਆਂ ਕੋਲ ਗਈ ਤੇ ਉਹਨੇ ਉਹਨਾਂ ਨੂੰ ਸਾਰਾ ਕੁਝ ਦਸਿਆ, ਤੇ ਉਹਨਾਂ ਵੀ ਓਸੇ ਤਰ੍ਹਾਂ ਹੀ ਕੀਤਾ, ਜਿਵੇਂ ਡੱਡੀ ਨੇ ਕੀਤਾ ਸੀ।
ਤੇ ਡੱਡੀ ਟਪੋਸੀਆਂ ਮਾਰਦੀ ਬਾਹਰ ਡਿਉੜੀ ਵਿਚ ਆ ਗਈ, ਚਤਰ-ਸੁਜਾਨ ਵਸਿਲੀਸਾ ਬਣ ਗਈ ਤੇ ਉਹਨੇ ਤਾੜੀ ਵਜਾਈ।
"ਆਓ, ਮੇਰੀਓ ਗੋਲੀਓ ਤੇ ਬਾਂਦੀਓ, ਛੇਤੀ ਕਰੋ ਤੇ ਕੰਮ ਵਿਚ ਲਗ ਜਾਓ!" ਉਹ ਉਚੀ ਸਾਰੀ ਬੋਲੀ। "ਕਲ੍ਹ ਸਵੇਰ ਤਕ ਮੈਨੂੰ ਕੁਝ ਪੋਲੀ-ਪੋਲੀ ਚਿੱਟੀ ਰੋਟੀ ਪਕਾ ਦਿਓ, ਓਹੋ ਜਿਹੀ, ਜਿਹੋ ਜਿਹੀ ਮੈਂ ਆਪਣੇ ਪਿਤਾ ਜੀ ਦੇ ਘਰ ਖਾਂਦੀ ਹੁੰਦੀ ਸਾਂ।"
ਸਵੇਰੇ ਈਵਾਨ ਜਾਗਿਆ, ਤੇ ਰੋਟੀ ਪੂਰੀ ਤਿਆਰ ਪਈ ਹੋਈ ਸੀ, ਮੇਜ਼ ਉਤੇ ਰਖੀ ਤੇ ਸੁਹਣੀ ਤਰ੍ਹਾਂ ਸਜਾਈ ਹੋਈ, ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਨਾਲ। ਉਹਦੇ ਪਾਸਿਆਂ ਉਤੇ ਛਾਪਿਆਂ ਵਾਲੇ ਬੁੱਤ ਤੇ ਉਪਰ ਕੰਧਾਂ ਤੇ ਫਾਟਕਾਂ ਵਾਲੇ ਸ਼ਹਿਰ ਬਣੇ ਹੋਏ ਸਨ।
ਈਵਾਨ ਦੀ ਖੁਸ਼ੀ ਦੀ ਹੱਦ ਨਾ ਰਹੀ। ਉਹਨੇ ਰੋਟੀ ਨੂੰ ਇਕ ਤੌਲੀਏ ਵਿਚ ਲਪੇਟ ਲਿਆ ਤੇ ਆਪਣੇ ਦਾ ਪਿਉ ਕੋਲ ਲੈ ਗਿਆ। ਉਹ ਉਸ ਵੇਲੇ ਆਪਣੇ ਵਡੇ ਪੁੱਤਰਾਂ ਦੀਆਂ ਲਿਆਂਦੀਆਂ ਰੋਟੀਆਂ ਲੈ ਹੀ ਰਿਹਾ ਸੀ। ਉਹਨਾਂ ਦੀਆਂ ਵਹੁਟੀਆਂ ਨੇ ਆਟੇ ਨੂੰ ਤੰਦੂਰ ਵਿਚ ਉਵੇਂ ਹੀ ਸੁਟ ਦਿਤਾ ਸੀ, ਜਿਵੇਂ ਬੁੱਢੀ ਨੇ ਸੁੱਟਣ ਲਈ ਉਹਨਾਂ ਨੂੰ ਦਸਿਆ ਸੀ, ਤੇ ਜਦੋਂ ਰੋਟੀਆਂ ਨਿਕਲੀਆਂ ਸਨ, ਉਹ ਸੜੀਆਂ ਹੋਈਆਂ ਸਨ ਤੇ ਗੰਦੀਆਂ-ਮੰਦੀਆਂ।
ਜ਼ਾਰ ਨੇ ਆਪਣੇ ਸਭ ਤੋਂ ਵਡੇ ਪੁੱਤਰ ਤੋਂ ਰੋਟੀ ਲਈ, ਉਹਦੇ ਵਲ ਵੇਖਿਆ ਤੇ ਨੌਕਰਾਂ ਦੇ ਕਮਰੇ ਨੂੰ ਘਲ ਦਿਤੀ। ਉਹਨੇ ਆਪਣੇ ਵਿਚਲੇ ਪੁੱਤਰ ਕੋਲੋਂ ਰੋਟੀ ਲਈ, ਤੇ ਉਹ ਵੀ ਓਥੇ ਹੀ ਘਲ ਦਿਤੀ। ਪਰ ਜਦੋਂ ਈਵਾਨ ਨੇ ਉਹਨੂੰ ਆਪਣੀ ਰੋਟੀ ਫੜਾਈ, ਜ਼ਾਰ ਨੇ ਆਖਿਆ:
"ਇਹ ਹੋਈ ਨਾ ਰੋਟੀ ਸਿਰਫ਼ ਦਿਨ-ਦਿਹਾਰ ਨੂੰ ਖਾਣ ਵਾਲੀ!"
ਤੇ ਜ਼ਾਰ ਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਹੁਕਮ ਦਿੱਤਾ ਕਿ ਉਹ ਕਲ੍ਹ ਆਪਣੀਆਂ ਵਹੁਟੀਆਂ ਸਮੇਤ ਆਉਣ ਤੇ ਉਹਦੇ ਨਾਲ ਜ਼ਿਆਫ਼ਤ ਖਾਣ।
ਇਕ ਵਾਰੀ ਫੇਰ ਈਵਾਨ ਉਦਾਸ ਤੇ ਦਿਲਗੀਰ ਹੋ ਕੇ ਘਰ ਪਹੁੰਚਿਆ ਤੇ ਉਹਨੇ ਆਪਣਾ ਸਿਰ ਦੀ ਬਹੁਤ ਹੀ ਨੀਵਾਂ ਪਾ ਲਿਆ। ਡੱਡੀ ਫਰਸ਼ ਉਤੇ ਟਪੋਸੀਆਂ ਮਾਰਦੀ ਉਸ ਕੋਲ ਆਈ, ਤੇ ਬੋਲੀ:
"ਟਰ-ਟਰ, ਟਰ-ਟਰ, ਈਵਾਨ, ਏਨਾ ਉਦਾਸ ਕਿਉਂ ਏ? ਪਿਤਾ ਜੀ ਨੇ ਕੋਈ ਮਾੜੀ ਗਲ ਕਹਿ ਕੇ ਤੈਨੂੰ ਦੁਖਾ ਦਿਤੈ?
"ਹਾਇ, ਡੱਡੀਏ, ਨੀ ਡੱਡੀਏ," ਈਵਾਨ ਕੂਕਿਆ। "ਮੈਂ ਉਦਾਸ ਨਾ ਹੋਵਾਂ ਤਾਂ ਕੀ ਹੋਵਾਂ? ਜ਼ਾਰ ਨੇ ਮੈਨੂੰ ਹੁਕਮ ਦਿਤੈ, ਉਹਦੀ ਜ਼ਿਆਫ਼ਤ 'ਚ ਤੈਨੂੰ ਨਾਲ ਲਿਆਵਾਂ ਤੇ ਤੈਨੂੰ ਮੈਂ ਲੋਕਾਂ ਸਾਹਮਣੇ ਕਿਵੇਂ ਲਿਜਾ ਸਕਨਾਂ!"
ਜਵਾਬ ਵਿਚ ਡੱਡੀ ਨੇ ਕਿਹਾ: "ਈਵਾਨ, ਦਿਲ ਨਾ ਦੁਖਾ, ਪਰ ਤੂੰ ਜ਼ਿਆਫ਼ਤ 'ਤੇ 'ਕੱਲਾ ਜਾਵੀਂ ਤੇ ਮੈਂ ਤੇਰੇ ਪਿਛੇ ਆਵਾਂਗੀ। ਜਦੋਂ ਤੈਨੂੰ ਦਗੜ-ਦਗੜ ਤੇ ਗੜਕ ਸੁਣਾਈ ਦੇਵੇ, ਤਾਂ ਡਰੀਂ ਨਾ,ਪਰ ਜੇ ਤੈਨੂੰ ਪੁੱਛਣ ਇਹ ਕੀ ਏ, ਤਾਂ ਕਹੀਂ: 'ਇਹ ਮੇਰੀ ਡੱਡੀ ਆਪਣੀ ਸੰਦੂਕੜੀ 'ਚ ਆ ਰਹੀ ਏ।' "
ਤੇ ਈਵਾਨ ਜ਼ਿਆਫ਼ਤ ਵਿਚ ਇਕੱਲਾ ਗਿਆ ਤੇ ਉਹਦੇ ਵਡੇ ਭਰਾ ਆਪਣੀਆਂ ਵਹੁਟੀਆਂ ਨਾਲ ਆਏ। ਉਹਨਾਂ ਦੀਆਂ ਵਹੁਟੀਆਂ ਨੇ ਆਪਣੇ ਸਭ ਤੋਂ ਸੁਹਣੇ ਕਪੜੇ ਪਾਏ ਹੋਏ ਸਨ, ਅੱਖਾਂ ਵਿਚ ਸੁਰਮਾ ਤੇ ਗਲ੍ਹਾਂ ਉਤੇ ਸੁਰਖ਼ੀ ਲਾਈ ਹੋਈ ਸੀ। ਉਹ ਉਥੇ ਖੜੇ ਸਨ, ਤੇ ਈਵਾਨ ਦਾ ਮਖੌਲ ਉਡਾ ਰਹੇ ਸਨ:
"ਆਪਣੀ ਵਹੁਟੀ ਨੂੰ ਕਿਉਂ ਨਹੀਂ ਲੈ ਕੇ ਆਇਆ?" ਉਹਨਾਂ ਪੁਛਿਆ। "ਉਹਨੂੰ ਤਾਂ ਤੂੰ ਰੁਮਾਲ 'ਚ ਵੀ ਪਾ ਕੇ ਲਿਆ ਸਕਦਾ ਸੈਂ। ਏਡੀ ਰੂਪਮੱਤੀ ਕਿਥੋਂ ਲੱਭੀ ਆ? ਉਹਦੇ ਲਈ ਸਾਰੀਆਂ, ਦਲਦਲਾਂ ਫੋਲ ਮਾਰੀਆਂ ਹੋਣਗੀਆਂ ਨੀ।"
ਤੇ ਫੇਰ ਜ਼ਾਰ, ਉਹਦੇ ਪੁੱਤਰ ਤੇ ਉਹਦੀਆਂ ਨੂੰਹਾਂ ਤੇ ਸਾਰੇ ਹੀ ਮਹਿਮਾਨ ਸ਼ਾਹ ਬਲੂਤ ਦੀ ਲੱਕੜ ਦੇ ਮੇਜ਼ਾਂ ਦੁਆਲੇ ਜਿਨ੍ਹਾਂ ਉਤੇ ਕੱਢੇ ਹੋਏ ਮੇਜ਼ਪੋਸ਼ ਵਿਛੇ ਹੋਏ ਸਨ, ਜ਼ਿਆਫ਼ਤ ਖਾਣ ਬੈਠ ਗਏ। ਚਾਣਚਕ
ਹੀ ਕੰਨ-ਪਾੜਵੀਂ ਦਗੜ-ਦਗੜ ਤੇ ਗੜਕ ਸੁਣਾਈ ਦਿਤੀ, ਤੇ ਸਾਰਾ ਮਹਿਲ ਹਿੱਲ ਗਿਆ ਤੇ ਕੰਬ ਉਠਿਆ। ਮਹਿਮਾਨ ਡਰ ਗਏ ਤੇ ਆਪਣੀਆਂ ਥਾਵਾਂ ਤੋਂ ਕੁਦ ਖਲੋਤੇ। ਪਰ ਈਵਾਨ ਨੇ ਕਿਹਾ:
"ਡਰੋ ਨਾ, ਭਲੇ ਲੋਕੋ। ਇਹ ਤਾਂ ਮੇਰੀ ਡੱਡੀ ਆ ਰਹੀ ਏ, ਆਪਣੀ ਸੰਦੂਕੜੀ 'ਚ ਬੈਠੀ।
ਤੇ ਜ਼ਾਰ ਦੇ ਮਹਿਲ ਦੀ ਡਿਉੜੀ ਸਾਹਮਣੇ ਉਡਦੀ ਆਉਂਦੀ ਇਕ ਸੁਨਹਿਰੀ ਬੱਘੀ ਆਣ ਖਲੋਤੀ। ਉਹਦੇ ਅਗੇ ਛੇ ਚਿੱਟੇ ਘੋੜੇ ਜੁਪੇ ਹੋਏ ਸਨ। ਤੇ ਉਹਦੇ ਵਿਚੋਂ ਚਤਰ-ਸੁਜਾਨ ਵਸਿਲੀਸਾ ਉਤਰੀ। ਉਹਦੇ ਅਸਮਾਨੀ ਰੇਸ਼ਮ ਦੇ ਗਾਉਨ ਉਤੇ ਤਾਰੇ ਜੜੇ ਹੋਏ ਸਨ ਤੇ ਉਹਨੇ ਸਿਰ ਉਤੇ ਏਕਮ ਦਾ ਡਲ੍ਹਕਦਾ ਚੰਨ ਰਖਿਆ ਹੋਇਆ ਸੀ, ਤੇ ਉਹ ਏਨੀ ਸੁਹਣੀ ਲਗਦੀ ਸੀ ਕਿ ਕੀ ਕਿਸੇ ਸੋਚੀ, ਕੀ ਕਿਸੇ ਜਾਣੀ, ਪਵੇ ਸਿਰਫ਼ ਕਹਾਣੀ। ਉਹਨੇ ਈਵਾਨ ਦਾ ਹੱਥ ਫੜ ਲਿਆ ਤੇ ਉਹਨੂੰ ਸ਼ਾਹ ਬਲੂਤ ਦੇ ਮੇਜ਼ਾਂ ਵਲ ਲੈ ਗਈ, ਜਿਨ੍ਹਾਂ ਉਤੇ ਕੱਢੇ ਹੋਏ ਮੇਜ਼ਪੋਸ਼ ਵਿਛੇ ਹੋਏ ਸਨ।
ਮਹਿਮਾਨ ਖਾਣ ਪੀਣ ਤੇ ਮੌਜ ਉਡਾਣ ਲਗ ਪਏ। ਚਤਰ-ਸੁਜਾਨ ਵਸਿਲੀਸਾ ਨੇ ਆਪਣੇ ਗਲਾਸ ਪੀਤੇ ਤੇ ਆਖਰੀ-ਤੁਪਕੇ ਆਪਣੀ ਖੱਬੀ ਬਾਂਹ ਵਿਚ ਪਾ ਦਿਤੇ। ਉਹਨੇ ਰਾਜ ਹੰਸ ਦਾ ਕੁਝ ਮਾਸ ਖਾਧਾ ਤੇ ਹੱਡੀਆਂ ਆਪਣੀ ਸੱਜੀ ਬਾਂਹ ਵਿਚ ਸੁਟ ਲਈਆਂ।
ਤੇ ਵਡੇ ਭਰਾਵਾਂ ਦੀਆਂ ਵਹੁਟੀਆਂ ਤਕਦੀਆਂ ਰਹੀਆਂ ਤੇ ਜੋ ਕੁਝ ਉਹ ਕਰਦੀ ਗਈ, ਉਹੋ ਕੁਝ ਉਹ ਵੀ ਕਰਦੀਆਂ ਗਈਆਂ।
ਉਹਨਾਂ ਨੇ ਖਾਧਾ ਤੇ ਪੀਤਾ ਤੇ ਫੇਰ ਨੱਚਣ ਦਾ ਵਕਤ ਆ ਗਿਆ। ਚਤਰ-ਸੁਜਾਨ ਵਸਿਲੀਸਾ ਨੇ ਈਵਾਨ ਦਾ ਹੱਥ ਫੜ ਲਿਆ ਤੇ ਨੱਚਣ ਲਗ ਪਈ। ਉਹ ਨੱਚਣ ਲਗੀ ਤੇ ਵਲ ਖਾਂਦੀ ਤੇ ਘੁਮੇਟਣੀ ਉਤੇ ਘੁਮੇਟਣੀ ਖਾਈ ਜਾਂਦੀ, ਤੇ ਹਰ ਕੋਈ ਵੇਖਦਾ ਤੇ ਦੰਗ ਰਹੀ ਜਾਂਦਾ। ਉਹਨੇ ਆਪਣੀ ਖੱਬੀ ਬਾਂਹ ਲਹਿਰਾਈ ਤੇ ਇਕ ਝੀਲ ਬਣ ਗਈ; ਉਹਨੇ ਆਪਣੀ ਸੱਜੀ ਬਾਂਹ ਲਹਿਰਾਈ ਤੇ ਚਿੱਟੇ-ਚਿੱਟੇ ਰਾਜ ਹੰਸ ਝੀਲ ਵਿਚ ਤਰਨ ਲਗ ਪਏ। ਜ਼ਾਰ ਤੇ ਉਹਦੇ ਮਹਿਮਾਨ ਅਸ਼-ਅਸ਼ ਕਰ ਉਠੇ।
ਫੇਰ ਦੋ ਵਡੇ ਭਰਾਵਾਂ ਦੀਆਂ ਵਹੁਟੀਆਂ ਨੱਚਣ ਲਗੀਆਂ। ਉਹਨਾਂ ਆਪਣੀਆਂ ਖੱਬੀਆਂ ਬਾਹਵਾਂ ਲਹਿਰਾਈਆਂ, ਤੇ ਮਹਿਮਾਨਾਂ ਉਤੇ ਸ਼ਰਾਬ ਦੀਆਂ ਛਿੱਟਾਂ ਪਾ ਦਿਤੀਆਂ; ਉਹਨਾਂ ਆਪਣੀਆਂ ਸੱਜੀਆਂ ਬਾਹਵਾਂ ਲਹਿਰਾਈਆਂ, ਤੇ ਸਭਨਾਂ ਪਾਸੇ ਹੱਡੀਆਂ ਉਡ ਪਈਆਂ। ਤੇ ਇਕ ਹੱਡੀ ਜਾ ਕੇ ਜ਼ਾਰ ਦੀ ਅੱਖ ਵਿਚ ਲਗੀ। ਤੇ ਜ਼ਾਰ ਨੂੰ ਬਹੁਤ ਹੀ ਗ਼ੁਸਾ ਚੜ੍ਹ ਗਿਆ ਤੇ ਉਹਨੇ ਆਪਣੀਆਂ ਦੋਵਾਂ ਨੂੰਹਾਂ ਨੂੰ ਉਥੋਂ ਕੱਢ ਦਿੱਤਾ।
ਏਨੇ ਵਿਚ, ਈਵਾਨ ਅਛੋਪਲੇ ਹੀ ਬਾਹਰ ਨਿਕਲ ਆਇਆ, ਘਰ ਨੂੰ ਭਜਿਆ ਤੇ ਜਦੋਂ ਉਹਨੂੰ ਡੱਡੂ ਵਾਲੀ ਖਲ ਲੱਭੀ, ਉਹਨੇ ਚੁਕ ਕੇ ਤੰਦੂਰ ਵਿਚ ਸੁਟ ਦਿਤੀ ਤੇ ਸਾੜ ਛੱਡੀ।
ਤੇ ਫੇਰ ਚਤਰ-ਸੁਜਾਨ ਵਸਿਲੀਸਾ ਘਰ ਪਰਤੀ, ਤੇ ਉਹਨੂੰ ਇਕਦਮ ਹੀ ਦਿਸ ਪਿਆ ਕਿ ਉਹਦੀ ਡੱਡੂ ਵਾਲੀ ਖਲ ਨਹੀਂ ਸੀ ਰਹੀ। ਉਹ ਉਦਾਸ ਤੇ ਨਿਮੋਝੂਣੀ ਹੋ ਕੇ ਇਕ ਬੈਂਚ ਉਤੇ ਬਹਿ ਗਈ ਤੇ ਈਵਾਨ ਨੂੰ ਕਹਿਣ ਲੱਗੀ:
"ਹਾਇ, ਈਵਾਨ, ਕੀ ਕਰ ਛਡਿਆ ਈ! ਜੇ ਤੂੰ ਤਿੰਨ ਦਿਨ ਹੋਰ ਉਡੀਕ ਲਿਆ ਹੁੰਦਾ ਤੇ ਮੈਂ ਹਮੇਸ਼ਾਂ-ਹਮੇਸ਼ਾਂ ਲਈ ਤੇਰੀ ਹੋ ਜਾਂਦੀ। ਪਰ ਹੁਣ ਅਲਵਿਦਾ। ਮੈਨੂੰ ਤਿੰਨ-ਨਾਵੇ ਦੇਸ਼ਾਂ ਤੋਂ ਪਾਰ ਤਿੰਨ-ਦਸਵੀਂ ਜ਼ਾਰਸ਼ਾਹੀ ਵਿਚ ਲੱਭੀਂ, ਜਿਥੇ ਅਮਰ ਕੋਸ਼ਚੇਈ ਰਹਿੰਦਾ ਏ।
ਤੇ ਚਤਰ-ਸੁਜਾਨ ਵਸਿਲੀਸਾ ਸਲੇਟੀ ਰੰਗ ਦੀ ਇਕ ਕੋਇਲ ਬਣ ਗਈ ਤੇ ਬਾਰੀ ਵਿਚੋਂ ਬਾਹਰ ਉਡ
ਗਈ। ਈਵਾਨ ਕਿੰਨਾ ਹੀ ਚਿਰ ਡੁਸਕਦਾ ਤੇ ਰੋਂਦਾ ਰਿਹਾ ਤੇ ਫੇਰ ਉਹਨੇ ਚੌਹਾਂ ਪਾਸੇ ਸੀਸ ਨਿਵਾਇਆ ਤੇ ਆਪਣੀ ਵਹੁਟੀ, ਚਤਰ-ਸੁਜਾਨ ਵਸਿਲੀਸਾ, ਨੂੰ ਲੱਭਣ ਲਈ ਤੁਰ ਪਿਆ। ਕਿੱਧਰ ਨੂੰ? ਇਸਦਾ ਉਹਨੂੰ ਆਪ ਵੀ ਪਤਾ ਨਹੀਂ ਸੀ। ਉਸ ਬਹੁਤਾ ਪੈਂਡਾ ਮਾਰਿਆ ਕਿ ਥੋੜ੍ਹਾ, ਉਹ ਬਹੁਤ ਸਮਾਂ ਚਲਿਆ ਕਿ ਖੋੜ੍ਹਾ, ਕਿਸੇ ਨੂੰ ਵੀ ਨਹੀਂ ਪਤਾ, ਪਰ ਉਹਦੇ ਬੂਟ ਘਸ ਗਏ ਸਨ, ਉਹਦਾ ਜਾਮਾ ਘਸ ਤੇ ਪਾਟ ਗਿਆ ਸੀ ਤੇ ਉਹਦੀ ਟੋਪੀ ਮੀਂਹ ਨਾਲ ਫਿੱਸ ਗਈ ਸੀ। ਕੁਝ ਚਿਰ ਪਿਛੋਂ ਉਹਨੂੰ ਮਧਰੇ ਕੱਦ ਦਾ ਇਕ ਬੁੱਢਾ ਮਿਲਿਆ, ਜਿਹੜਾ ਏਡਾ ਬੁੱਢਾ ਸੀ, ਜਿੱਡਾ ਬੁੱਢਾ ਕੋਈ ਹੋ ਸਕਦਾ ਏ।
"ਨਮਸਤੇ, ਭਲੇ ਨੌਜਵਾਨ," ਉਹਨੇ ਆਖਿਆ। "ਕੀ ਢੂੰਡਦਾ ਫਿਰਨੈਂ ਤੇ ਕਿੱਧਰ ਜਾਣਾ ਈਂ?"
ਈਵਾਨ ਨੇ ਉਹਨੂੰ ਆਪਣੀ ਬਿਪਤਾ ਦੱਸੀ ਤੇ ਮਧਰੇ ਕੱਦ ਦੇ ਬੁੱਢੇ ਨੇ, ਜਿਹੜਾ ਏਡਾ ਬੁੱਢਾ ਸੀ, ਜਿੱਡਾ ਬੁੱਢਾ ਕੋਈ ਹੋ ਸਕਦਾ ਏ, ਆਖਿਆ:
"ਤੋਬਾ, ਈਵਾਨ, ਡੱਡੂ ਵਾਲੀ ਖਲ ਕਿਉਂ ਸਾੜੀ ਸਾਈ? ਤੇਰਾ ਕੰਮ ਨਹੀਂ ਸੀ ਉਹਨੂੰ ਪਾਣਾ ਜਾਂ ਸਾੜਨਾ। ਚਤਰ-ਸੁਜਾਨ ਵਸਿਲੀਸਾ ਜੰਮਦੀ ਹੀ ਆਪਣੇ ਪਿਓ ਨਾਲੋਂ ਚਤਰ ਤੇ ਸਿਆਣੀ ਸੀ ਤੇ ਇਹ ਵੇਖ ਕੇ ਉਹਦਾ ਪਿਓ ਇੰਜ ਲੋਹਾ ਲਾਖਾ ਹੋ ਗਿਆ ਕਿ ਉਹਨੇ ਤਿੰਨ ਵਰ੍ਹਿਆਂ ਲਈ ਉਹਨੂੰ ਡੱਡੂ ਬਣਾ ਦਿਤਾ। ਉਫ਼, ਠੀਕ ਏ, ਹੁਣ ਕੋਈ ਚਾਰਾ ਨਹੀਂ। ਐਹ ਧਾਗੇ ਦਾ ਇਕ ਗੋਲਾ ਈ। ਜਿੱਧਰ ਨੂੰ ਵੀ ਇਹ ਰਿੜਦਾ ਜਾਵੇ, ਡਰੀਂ ਨਾ ਤੇ ਇਹਦੇ ਪਿਛੇ-ਪਿਛੇ ਤੁਰਦਾ ਜਾਵੀਂ।"
ਈਵਾਨ ਨੇ ਮਧਰੇ ਕੱਦ ਦੇ ਬੁੱਢੇ ਦਾ, ਜਿਹੜਾ ਏਡਾ ਬੁੱਢਾ ਸੀ ਜਿੱਡਾ ਬੁੱਢਾ ਕੋਈ ਹੋ ਸਕਦਾ ਏ, ਸ਼ੁਕਰੀਆ ਅਦਾ ਕੀਤਾ ਤੇ ਧਾਗੇ ਦੇ ਗੋਲੇ ਮਗਰ ਤੁਰ ਪਿਆ, ਤੇ ਗੋਲਾ ਜਿੱਧਰ ਨੂੰ ਵੀ ਰਿੜਦਾ ਗਿਆ, ਉਹ ਉਹਦੇ ਪਿੱਛੇ-ਪਿੱਛੇ ਤੁਰਦਾ ਗਿਆ। ਇਕ ਖੁਲ੍ਹੇ ਮੈਦਾਨ ਵਿਚ ਉਹਨੂੰ ਇਕ ਰਿੱਛ ਮਿਲਿਆ। ਈਵਾਨ ਨੇ ਨਿਸ਼ਾਨਾ ਬੰਨ੍ਹਿਆ ਤੇ ਉਹਨੂੰ ਮਾਰਨ ਹੀ ਲਗਾ ਸੀ ਕਿ ਰਿੱਛ ਮਨੁੱਖਾਂ ਵਰਗੀ ਆਵਾਜ਼ ਵਿਚ ਬੋਲ ਪਿਆ ਤੇ ਕਹਿਣ ਲਗਾ:
"ਈਵਾਨ, ਮੈਨੂੰ ਮਾਰ ਨਾ, ਕੀ, ਪਤਾ, ਕਿਸੇ ਦਿਨ ਤੈਨੂੰ ਮੇਰੀ ਲੋੜ ਪੈ ਜਾਏ।"
ਈਵਾਨ ਨੂੰ ਰਿੱਛ ਉਤੇ ਤਰਸ ਆ ਗਿਆ ਤੇ ਉਹਨੇ ਉਹਨੂੰ ਨਾ ਮਾਰਿਆ ਤੇ ਅਗੇ ਤੁਰ ਪਿਆ। ਉਹਨੇ ਤਕਿਆ ਤੇ ਉਹ ਕੀ ਵੇਖਦਾ ਏ! - ਉਹਦੇ ਸਿਰ ਉਤੇ ਇਕ ਮੁਰਗ਼ਾਬੀ ਉਡਦੀ ਜਾ ਰਹੀ ਸੀ। ਈਵਾਨ ਨੇ ਨਿਸ਼ਾਨਾ ਬੰਨ੍ਹਿਆ, ਤੇ ਮੁਰਗ਼ਾਬੀ ਉਹਨੂੰ ਮਨੁੱਖਾਂ ਵਰਗੀ ਆਵਾਜ਼ ਵਿਚ ਕਹਿਣ ਲਗੀ:
"ਈਵਾਨ, ਮੈਨੂੰ ਮਾਰ ਨਾ, ਕੀ ਪਤਾ, ਕਿਸੇ ਦਿਨ ਤੈਨੂੰ ਮੇਰੀ ਲੋੜ ਪੈ ਜਾਏ।"
ਤੇ ਈਵਾਨ ਨੇ ਮੁਰਗ਼ਾਬੀ ਨੂੰ ਨਾ ਮਾਰਿਆ ਤੇ ਅਗੇ ਤੁਰਦਾ ਗਿਆ। ਓਸੇ ਹੀ ਪਲ ਇਕ ਖ਼ਰਗੋਸ਼ ਭਜਦਾ ਆਇਆ। ਈਵਾਨ ਨੇ ਛੇਤੀ ਨਾਲ ਨਿਸ਼ਾਨਾ ਬੰਨ੍ਹਿਆ, ਪਰ ਖ਼ਰਗੋਸ਼ ਮਨੁੱਖਾਂ ਵਰਗੀ ਆਵਾਜ਼ ਵਿਚ ਬੋਲ ਪਿਆ:
"ਈਵਾਨ, ਮੈਨੂੰ ਮਾਰ ਨਾ, ਕੀ ਪਤਾ ਕਿਸੇ ਦਿਨ ਤੈਨੂੰ ਮੇਰੀ ਲੋੜ ਪੈ ਜਾਏ।"
ਤੇ ਈਵਾਨ ਨੇ ਖ਼ਰਗੋਸ਼ ਨੂੰ ਨਾ ਮਾਰਿਆ ਤੇ ਅਗੇ ਤੁਰ ਪਿਆ। ਉਹ ਨੀਲੇ ਸਮੁੰਦਰ ਕੋਲ ਪਹੁੰਚਿਆ ਤੇ ਉਹਨੂੰ ਰੇਤਲੇ ਕੰਢੇ ਉਤੇ ਪਈ ਤੇ ਔਖੇ ਸਾਹ ਲੈਂਦੀ ਇਕ ਪਾਈਕ-ਮੱਛੀ ਦਿੱਸੀ:
"ਈਵਾਨ, ਮੇਰੇ ਤੇ ਤਰਸ ਕਰ," ਪਾਈਕ-ਮੱਛੀ ਨੇ ਕਿਹਾ। "ਮੈਨੂੰ ਵਾਪਸ, ਨੀਲੇ, ਸਮੁੰਦਰ 'ਚ ਸੁਟ ਦੇ।"
ਤੇ ਈਵਾਨ ਨੇ ਪਾਈਕ-ਮੱਛੀ ਨੂੰ ਵਾਪਸ ਸਮੁੰਦਰ ਵਿਚ ਸੁਟ ਦਿਤਾ ਤੇ ਕੰਢੇ ਦੇ ਨਾਲ-ਨਾਲ ਤੁਰਦਾ ਗਿਆ। ਉਹਨੂੰ ਬਹੁਤਾ ਸਮਾਂ ਲਗਾ ਜਾਂ ਥੋੜ੍ਹਾ, ਇਹ ਕਿਸੇ ਨੂੰ ਵੀ ਪਤਾ ਨਹੀਂ, ਪਰ ਹੌਲੀ-ਹੌਲੀ ਧਾਗੇ ਦਾ ਗੋਲਾ ਰਿੜਦਾ-ਰਿੜਦਾ ਇਕ ਜੰਗਲ ਤਕ ਆ ਪਹੁੰਚਿਆ, ਤੇ ਉਸ ਜੰਗਲ ਵਿਚ ਇਕ ਝੁੱਗੀ ਸੀ। ਉਹ ਚੂਚੇ ਦੇ ਪੈਰਾਂ ਉਤੇ ਖਲੋਤੀ ਸੀ ਤੇ ਭੁਆਂਟਣੀਆਂ ਖਾਂਦੀ ਜਾ ਰਹੀ ਸੀ।
"ਝੁੱਗੀਏ, ਝੁੱਗੀਏ, ਖਲੋ ਜਾ, ਜਿਵੇਂ ਤੂੰ ਕਦੀ ਖਲੋਤੀ ਹੁੰਦੀ ਸੈਂ, ਤੇਰਾ ਅੱਗਾ ਮੇਰੇ ਵਲ ਹੋਵੇ ਤੇ ਪਿੱਛਾ ਜੰਗਲ ਵਲ," ਈਵਾਨ ਬੋਲਿਆ।
ਝੁੱਗੀ ਨੇ ਆਪਣਾ ਅੱਗਾ ਉਹਦੇ ਵਲ ਤੇ ਪਿੱਛਾ ਜੰਗਲ ਵਲ ਕਰ ਲਿਆ, ਤੇ ਈਵਾਨ ਅੰਦਰ ਚਲਾ ਗਿਆ, ਤੇ ਚੁਲ੍ਹੇਂ ਦੀ ਵਧਾਵੀਂ ਇੱਟ ਉਤੇ ਪਈ ਸੀ ਲੰਮੀ, ਬਾਬਾ-ਯਾਗਾ ਜਾਦੂਗਰਨੀ, ਦੰਦ ਲੰਮੇ ਫੱਟੇ ਉਤੇ ਧਰਣੀ, ਹਡਿਆਲੀ ਲੱਤੋਂ, ਨਕ ਲੰਮਾ ਜਿਵੇਂ ਉਗਿਆ ਛੱਤੋਂ।
"ਭਲੇ ਨੌਜਵਾਨ, ਕਿਸ ਕੰਮ ਆਇਐਂਂ?" ਬਾਬਾ-ਯਾਗਾ ਨੇ ਪੁਛਿਆ। "ਕੰਮ ਲਈ ਆਇਐਂਂ, ਦਮ ਲਈ ਆਇਐ?"
ਈਵਾਨ ਨੇ ਆਖਿਆ:
"ਬੁੱਢੀਏ ਚੁੜੇਲੇ, ਪਹਿਲੋਂ ਮੈਨੂੰ ਦੇ ਕੁਝ ਖਾਣ ਤੇ ਪੀਣ ਨੂੰ, ਫੇਰ ਮੈਨੂੰ ਭਾਫ਼ ਨਾਲ ਨੁਹਾ ਤੇ ਫੇਰ ਪੁਛ ਆਪਣੇ ਸਵਾਲ।"
ਤੇ ਬਾਬਾ-ਯਾਗਾ ਨੇ ਉਹਨੂੰ ਭਾਫ਼ ਨਾਲ ਨੁਹਾਇਆ, ਉਹਨੂੰ ਖਾਣ ਤੇ ਪੀਣ ਨੂੰ ਦਿਤਾ ਤੇ ਬਿਸਤਰੇ ਵਿਚ ਲਿਟਾ ਦਿਤਾ, ਤੇ ਫੇਰ ਈਵਾਨ ਨੇ ਉਹਨੂੰ ਦਸਿਆ, ਕਿ ਆਪਣੀ ਵਹੁਟੀ ਚਤਰ-ਸੁਜਾਨ ਵਸਿਲੀਸਾ ਨੂੰ ਲਭ ਰਿਹਾ ਸੀ।
ਮੈਨੂੰ ਪਤੈ,ਉਹ ਕਿਥੇ," ਬਾਬਾ-ਯਾਗਾ ਨੇ ਆਖਿਆ। "ਉਹ ਅਮਰ ਕੋਸ਼ਚੇਈ ਦੀ ਜਕੜ 'ਚ ਏ। ਉਹਨੂੰ ਛੁਡਾ ਲਿਆਣਾ ਔਖਾ ਹੋਏਗਾ, ਏਸ ਲਈ ਕਿ ਕੋਸ਼ਚੇਈ ਨੂੰ ਹਰਾਣਾ ਔਖਾ ਏ। ਉਹਦੀ ਜਾਨ ਇਕ ਸੂਈ ਦੀ ਨੋਕ 'ਚ ਏ, ਸੂਈ ਇਕ ਆਂਡੇ 'ਚ ਏ, ਆਂਡਾ ਇਕ ਮੁਰਗ਼ਾਬੀ ਦੇ ਢਿੱਡ 'ਚ ਏ, ਮੁਰਗ਼ਾਬੀ ਇਕ ਖਰਗੋਸ਼ ਦੇ ਢਿੱਡ 'ਚ ਏ, ਖਰਗੋਸ਼ ਇਕ ਪੱਥਰ ਦੇ ਸੰਦੂਕ 'ਚ, ਤੇ ਸੰਦੂਕ ਸ਼ਾਹ ਬਲੂਤ ਦੇ ਇਕ ਉਚੇ ਸਾਰੇ ਦਰਖ਼ਤ ਦੀ ਟੀਸੀ ਉਤੇ ਏ, ਤੇ ਅਮਰ ਕੋਸ਼ਚੇਈ ਉਹਦੀ ਰਾਖੀ ਇੰਜ ਕਰਦੈ, ਜਿਵੇਂ ਆਪਣੀ ਅੱਖ ਦੀ ਪੁਤਲੀ ਦੀ ਕਰੀਦੀ ਏ।"
ਈਵਾਨ ਨੇ ਰਾਤ ਬਾਬਾ-ਯਾਗਾ ਦੀ ਝੁੱਗੀ ਵਿਚ ਬਿਤਾਈ, ਤੇ ਸਵੇਰੇ ਬਾਬਾ-ਯਾਗਾ ਨੇ ਉਹਨੂੰ ਦਸਿਆ ਸ਼ਾਹ ਬਲੂਤ ਦਾ ਉੱਚਾ ਦਰਖ਼ਤ ਕਿਹੜੀ ਥਾਂ ਸੀ। ਉਹਨੂੰ ਤੁਰਦਿਆਂ-ਤੁਰਦਿਆਂ ਬਹੁਤਾ ਸਮਾਂ ਲਗਾ ਜਾਂ ਥੋੜਾ, ਇਹ ਕਿਸੇ ਨੂੰ ਨਹੀਂ ਪਤਾ, ਪਰ ਹੌਲੀ-ਹੌਲੀ ਉਹ ਸ਼ਾਹ ਬਲੂਤ ਦੇ ਉਚੇ ਦਰਖ਼ਤ ਕੋਲ ਪੁਜ ਗਿਆ। ਇਹ ਓਥੇ ਖੜਾ ਸੀ, ਸਰਸਰਾਂਦਾ ਤੇ ਝੂਲਦਾ, ਤੇ ਪੱਥਰ ਦਾ ਸੰਦੂਕ ਉਹਦੀ ਟੀਸੀ ਉਤੇ ਸੀ ਤੇ ਉਹਦੇ ਤਕ ਰਸਾਈ ਔਖੀ ਸੀ।
ਅਚਣਚੇਤ ਹੀ ਕੀ ਹੋਇਆ! ਰਿਛ ਭੱਜਾ-ਭੱਜਾ ਆਇਆ ਤੇ ਉਹਨੇ ਸ਼ਾਹ ਬਲੂਤ ਦੇ ਦਰਖ਼ਤ ਨੂੰ ਤੋੜ ਜੜਾਂ ਤੋਂ ਪੁਟ ਛਡਿਆ। ਸੰਦੂਕ ਹੇਠਾਂ ਆ ਪਿਆ ਤੇ ਟੁੱਟ ਕੇ ਖੁਲ੍ਹ ਗਿਆ। ਸੰਦੂਕ ਵਿਚੋਂ ਇਕ ਖ਼ਰਗੋਸ਼ ਨੇ ਛਾਲ ਮਾਰੀ ਤੇ ਏਨਾ ਤੇਜ਼ ਨਠ ਉਠਿਆ, ਜਿੰਨਾ ਤੇਜ਼ ਉਹ ਨਠ ਸਕਦਾ ਸੀ। ਪਰ ਇਕ ਹੋਰ ਖ਼ਰਗੋਸ਼ ਆ ਨਿਕਲਿਆ ਤੇ ਉਹ ਪਹਿਲੇ ਖ਼ਰਗੋਸ਼ ਦਾ ਪਿੱਛਾ ਕਰਨ ਲਗਾ। ਉਹਨੇ ਪਹਿਲੇ ਖ਼ਰਗੋਸ਼
ਨੂੰ ਫੜ ਲਿਆ ਤੇ ਉਹਦੀ ਬੋਟੀ-ਬੋਟੀ ਕਰ ਛੱਡੀ। ਖ਼ਰਗੋਸ਼ ਦੇ ਢਿੱਡ ਵਿਚੋਂ ਇਕ ਮੁਰਗ਼ਾਬੀ ਉਡ ਨਿਕਲੀ ਤੇ ਉਹ ਉਡਦੀ-ਉਡਦੀ ਤੋੜ ਅਸਮਾਨ ਤਕ ਜਾ ਪੁੱਜੀ। ਪਰ ਇਕੋ ਪਲ ਵਿਚ ਹੀ ਇਕ ਹੋਰ ਮੁਰਗਾਬੀ ਉਹਦੇ ਉਤੇ ਟੁੱਟ ਪਈ ਤੇ ਉਹਨੇ ਉਹਦੇ ਉਤੇ ਏਡੇ ਜ਼ੋਰ ਦਾ ਵਾਰ ਕੀਤਾ ਕਿ ਪਹਿਲੀ ਮੁਰਗ਼ਾਬੀ ਨੇ ਆਂਡਾ ਸੁਟ ਦਿਤਾ, ਤੇ ਆਂਡਾ ਹੇਠਾਂ ਨੀਲੇ ਸਮੁੰਦਰ ਵਿਚ ਜਾ ਪਿਆ।
ਇਹ ਵੇਖ ਈਵਾਨ ਦੇ ਅੱਥਰੂ ਵਗਣ ਲਗ ਪਏ, ਏਸ ਲਈ ਕਿ ਉਹ ਨੀਲੇ ਸਮੁੰਦਰ ਵਿਚੋਂ ਆਂਡਾ ਕਿਵੇਂ ਲਭ ਸਕਦਾ ਸੀ! ਪਰ ਇਕਦਮ ਹੀ ਪਾਈਕ-ਮੱਛੀ ਤੁਰਦੀ-ਤੁਰਦੀ ਕੰਢੇ ਵਲ ਆਈ ਤੇ ਉਹਦੇ ਮੂੰਹ ਵਿਚ ਆਂਡਾ ਸੀ। ਈਵਾਨ ਨੇ ਆਂਡਾ ਤੋੜ ਦਿਤਾ, ਸੂਈ ਕਢ ਲਈ ਤੇ ਉਹਦੀ ਨੋਕ ਤੋੜਨ ਲਗਾ। ਜਿੰਨਾ ਜ਼ਿਆਦਾ ਉਹ ਸੂਈ ਦੀ ਨੋਕ ਨੂੰ ਲਿਫ਼ਾਂਦਾ, ਅਮਰ ਕੋਸ਼ਚੇਈ ਓਨੇ ਜ਼ਿਆਦਾ ਹੀ ਪਾਸੇ ਮਾਰਦਾ ਤੇ ਕੁੜੱਲ ਖਾਂਦਾ। ਪਰ ਉਹ ਕੁਝ ਕਰ ਨਾ ਸਕਿਆ। ਇਸ ਲਈ ਕਿ ਈਵਾਨ ਨੇ ਸੂਈ ਦਾ ਸਿਰਾ ਤੋੜ ਦਿਤਾ ਸੀ ਤੇ ਕੋਸ਼ਚੇਈ ਮਰ ਕੇ ਡਿਗ ਪਿਆ।
ਫੇਰ ਈਵਾਨ ਕੋਸ਼ਚੇਈ ਦੇ ਚਿੱਟੇ ਪੱਥਰ ਵਾਲੇ ਮਹਿਲੀਂ ਗਿਆ। ਤੇ ਚਤਰ-ਸੁਜਾਨ ਵਸਿਲੀਸਾ ਭੱਜੀ ਭੱਜੀ ਉਹਨੂੰ ਅਗੋਂ ਲੈਣ ਆਈ ਤੇ ਉਹਨੇ ਉਹਦੇ ਸ਼ਹਿਦ-ਮਿਠੇ ਬੁਲ੍ਹਾਂ ਨੂੰ ਚੁੰਮ ਲਿਆ। ਤੇ ਈਵਾਨ ਤੇ ਚਤਰ-ਸੁਜਾਨ ਵਸਿਲੀਸਾ ਵਾਪਸ ਆਪਣੇ ਘਰ ਆ ਗਏ, ਤੇ ਉਹਨਾਂ ਰਲ ਕੇ, ਖੁਸ਼ੀ-ਖੁਸ਼ਾਈਂ, ਲੰਮੀ ਉਮਰ ਭੋਗੀ, ਓਦੋਂ ਤਕ ਜਦੋਂ ਤਕ ਉਹ ਅਸਲੋਂ ਹੀ ਬੁੱਢੇ ਨਾ ਹੋ ਗਏ।