Dade (Punjabi Story) : Amar Singh
ਦਾਦੇ (ਕਹਾਣੀ) : ਅਮਰ ਸਿੰਘ
ਸਭ ਦੇ ਖੀਸੇ ਟੋਹ ਕੇ ਮੱਖਣ ਬਾਹਰ ਨਿਕਲ਼ਿਆ । ਉਸਨੇ ਆਪਣੇ ਪਿਛੇ ਲੋਹੇ ਦੇ ਫਲੈਕਸੀਬਲ ਦਰਵਾਜ਼ੇ ਦੇ ਬੰਦ ਹੋਣ ਦੀ ਅਵਾਜ਼ ਸੁਣੀ । ਸੁਲੇਖ ਇਸ ਵੇਲੇ ਫ਼ੈਕਟਰੀ ਦੇ ਦਰਵਾਜ਼ੇ ਤੋਂ ਕੁਝ ਦੂਰ ਖੜਾ ਸੀ । ਮੱਖਣ ਨੇ ਛੇਤੀ ਨਾਲ ਸੜਕ ਪਾਰ ਕਰਨ ਦਾ ਇਰਾਦਾ ਕੀਤਾ । ਸੜਕ ਉੱਤੇ ਇਕ ਟੈਕਸੀ ਤੇਜ਼ੀ ਨਾਲ ਭੱਜੀ ਆ ਰਹੀ ਸੀ । ਉਹ ਫੁਟ-ਪਾਥ ਦੇ ਕੰਢੇ ਤੇ ਰੁਕ ਗਿਆ । ਸੁਲੇਖ ਨੇ ਉਹਦੇ ਮੋਢੇ ਤੇ ਹੱਥ ਰੱਖ ਦਿੱਤਾ । ਟੈਕਸੀ ਲੰਘ ਗਈ । ਮੱਖਣ ਦਾ ਦਿਲ ਕੀਤਾ ਕਿ ਸੁਲੇਖ ਦੇ ਹੱਥ ਨੂੰ ਆਪਣੇ ਮੋਢੇ ਤੋਂ ਛੰਡ ਸੁੱਟੇ । ਉਸਦੇ ਦਿਲ ਵਿੱਚ ਇਸ ਹੱਥ ਲਈ ਨਫ਼ਰਤ ਪੈਦਾ ਹੋ ਗਈ ਸੀ । ਸੜਕ ਟਪਦੇ ਹੋਏ ਉਸਨੇ ਸੁਲੇਖ ਦੇ ਮੂੰਹ ਵਲ ਦੇਖਿਆ । ਤੇ ਜਦੋਂ ਉਸਦੀਆਂ ਨਜ਼ਰਾਂ ਸੁਲੇਖ ਦੀਆਂ ਨਜ਼ਰਾਂ ਨਾਲ ਮਿਲੀਆਂ ਤਾਂ ਉਹ ਉਸਦਾ ਹੱਥ ਰੁਖਾਈ ਨਾਲ ਆਪਣੇ ਮੋਢੇ ਤੋਂ ਛੰਡ ਸੁਟਣ ਦੀ ਹਿੰਮਤ ਨਾ ਕਰ ਸਕਿਆ ਅਤੇ ਉਸਨੇ ਪੋਲੀ ਜਿਹੀ ਉਸਦਾ ਹੱਥ ਆਪਣੇ ਹੱਥ ਵਿੱਚ ਲੈ
ਲਿਆ ਤੇ ਫਿਰ ਉਸਨੂੰ ਹੌਲੀ ਹੌਲੀ ਛੱਡ ਦਿੱਤਾ।
"ਮੱਖਣ ਦਾਦਾ ! ਅਜ ਤੂੰ ਰੋਟੀ ਸਾਡੇ ਘਰੋਂ ਖਾਈਂ ।"
ਮੱਖਣ ਨੇ ਡੂੰਘੀ ਨੀਝ ਨਾਲ ਸੁਲੇਖ ਵਲ ਵੇਖਿਆ । ਉਸ ਦੀਆਂ ਅੱਖਾਂ ਵਿੱਚ ਕੁਝ ਇਹੋ ਜਿਹਾ ਪਰਭਾਵ ਪੈਦਾ ਹੋ ਗਿਆ ਜਿਵੇਂ ਹਿਰਨ ਸ਼ਿਕਾਰੀ ਦੀ ਬਿੜਕ ਸੁਣਕੇ ਚੁਕੰਨਾ ਹੋ ਜਾਂਦਾ ਹੈ। ਉਸ ਦੇ ਬੁਲ੍ਹਾਂ ਤੇ ਹਲਕੀ ਜਿਹੀ ਮੁਸਕਾਨ ਪੈਦਾ ਹੋ ਗਈ।
"ਕਿaਂ ਪੁੱਤਰ ! ਸਾਨੂੰ ਫਸਾਣਾ ਚਾਹੁੰਦਾ ਏਂ ?" ਉਸਦੀ ਮੁਸਕਾਨ ਨੇ ਜਿਵੇਂ ਕਿਹਾ।
"ਨਹੀਂ ਸੁਲੇਖ ਦਾਦਾ," ਉਸਨੇ ਸੁਲੇਖ ਸ਼ਬਦ ਉੱਤੇ ਜ਼ੋਰ ਦੇ ਕੇ ਕਿਹਾ, "ਮੈਂ ਅਜ ਰੋਟੀ ਸਰਦਾਰ ਸਾਹਿਬ ਦੇ ਘਰ ਖਾਣੀ ਹੈ।"
ਸੁਲੇਖ ਨੇ ਮੱਖਣ ਦੇ ਮੂੰਹੋਂ ਨਿਕਲੇ 'ਦਾਦਾ' ਸ਼ਬਦ ਵਿਚ ਹਲਕੀ ਜਿਹੀ ਚੋਭ ਅਨੁਭਵ ਕੀਤੀ । ਮੱਖਣ ਨੂੰ ਕਲਕੱਤੇ ਆਇਆਂ ਹਾਲੀ ਪੰਜਵਾਂ ਦਿਨ ਹੀ ਸੀ ।ਉਸਦੀਆਂ ਮੁੱਛਾਂ ਦਾੜ੍ਹੀ ਦੇਖ ਕੇ ਸੁਲੇਖ ਨੇ ਉਸਨੂੰ 'ਦਾਦਾ' ਕਹਿ ਕੇ ਸੰਬੋਧਨ ਕੀਤਾ ਸੀ।ਤੇ ਨੌਜਵਾਨ ਮੱਖਣ ਸਿੰਘ ਨੂੰ ਇਸ ਵਿਚੋਂ ਬੁਢਾਪੇ ਦੀ ਬੋ ਆਈ ਸੀ। ਉਸਨੇ ਪੁਛਿਆ ਸੀ ਕਿ ਉਹ ਬੁੱਢਾ ਮਾਲੂਮ ਹੁੰਦਾ ਸੀ ਜੋ ਸੁਲੇਖ ਉਸਨੂੰ 'ਦਾਦਾ' ਕਹਿ ਰਿਹਾ ਹੈ ?
ਸੁਲੇਖ ਨੇ ਉਸਨੂੰ ਦੱਸਿਆ ਕਿ ਬੰਗਾਲ ਵਿਚ ਵੱਡੇ ਭਰਾ ਨੂੰ ਦਾਦਾ ਕਹਿੰਦੇ ਹਨ । ਤੇ ਉਸਨੂੰ ਬੁੱਢਾ ਨਹੀਂ ਬਣਾਇਆ । ਸਗੋਂ ਆਪਣੇ ਤੋਂ ਵੱਡਾ ਹੋਣ ਦੇ ਨਾਤੇ ਉਸਨੂੰ 'ਵੱਡਾ ਭਰਾ' ਕਿਹਾ ਹੈ।ਫੇਰ ਉਨ੍ਹਾਂ ਨੇ ਇਕ ਦੂਸਰੇ ਨੂੰ ਆਪਣੀ ਆਪਣੀ ਉਮਰ ਦੱਸੀ । ਮੱਖਣ ਦੀ ਉਮਰ ਬਾਈ ਵਰ੍ਹੇ ਨਿਕਲੀ ਤੇ ਸੁਲੇਖ ਦੀ ਅਠਾਈ ਵਰ੍ਹੇ । ਇਸ ਤੇ ਇਹ ਦੋਵੇਂ ਖੂਥ ਹੱਸੇ ਤੇ ਫ਼ੈਸਲਾ ਇਹ ਹੋਇਆ ਕਿ ਮੱਖਣ ਸੁਲੇਖ ਨੂੰ ਉਮਰ ਦੇ ਲਿਹਾਜ਼ ਨਾਲ ਦਾਦਾ ਕਿਹਾ ਕਰੇ ਤੇ ਸੁਲੇਖ ਉਸਨੂੰ ਦਾੜ੍ਹੀ ਮੁੱਛਾਂ ਦੇ ਲਿਹਾਜ਼ ਨਾਲ ਦਾਦਾ ਕਹਿ ਕੇ ਬੁਲਾਇਆ ਕਰੇ ।
ਸ਼ਾਮ ਨੂੰ ਪੰਜਾਬੀ ਦਾਦਾ ਨੇ ਬੰਗਾਲੀ ਦਾਦਾ ਤੋਂ ਕਿਸੇ ਸਸਤੇ ਜਿਹੇ ਢਾਬੇ ਦਾ ਨਾਮ ਪੁਛਿਆ, ਜਿਥੇ ਉਹ ਰੋਟੀ ਖਾ ਲਿਆ ਕਰੇ ਸੁਲੇਖ ਨੇ ਉਸਨੂੰ ਨਾਲ ਲਿਜਾ ਕੇ ਇਕ ਸਸਤਾ ਜਿਹਾ ਢਾਬਾ ਦਿਖਾ ਦਿੱਤਾ । ਢਾਬਾ ਸੁਲੇਖ ਦੇ ਰਾਹ ਵਿੱਚ ਆਉਂਦਾ ਸੀ । ਇਸ ਲਈ ਉਹ ਸ਼ਾਮ ਨੂੰ ਇਕੱਠੇ ਹੀ ਉਧਰ ਜਾਂਦੇ ਤੇ ਇਸ ਲਈ ਦੋਹਾਂ ਦਾਦਿਆਂ ਵਿਚ ਚੰਗੀ ਦੋਸਤੀ ਹੋ ਗਈ ਸੀ ।
ਪਰ ਅਜ, ਜਦੋਂ ਸੁਲੇਖ ਨੂੰ ਮੱਖਣ ਦੇ 'ਦਾਦਾ' ਸ਼ਥਦ ਵਿੱਚੋਂ ਕੁਝ ਚੋਭ ਮਹਿਸੂਸ ਹੋਈ ਤਾਂ ਉਸਨੇ ਪੁਛਿਆ:
"ਦਾਦਾ, ਅਜ ਤੂੰ ਕੁਝ ਨਰਾਜ਼ ਮਲੂਮ ਹੁੰਦਾ ਹੈਂ ।"
"ਨਹੀਂ ਦਾਦਾ, ਨਰਾਜ਼ਗੀ ਕਾਹਦੀ ?" ਮੱਖਣ ਨੇ ਜਵਾਬ ਦਿੱਤਾ, "ਸਰਦਾਰ ਸਾਹਿਬ ਨੇ ਘਰ ਇਕ ਕੰਮ ਦਸਿਆ ਸੀ ਤੇ ਅਜ ਮੈਂ ਰੋਟੀ ਵੀ ਉਥੇ ਹੀ ਖਾਵਾਂਗਾ ।"
ਇਸ ਵਾਰੀ ਸੁਲੇਖ ਨੂੰ ਚੋਭ ਬਿਲਕੁਲ ਸਪੱਸ਼ਟ ਮਹਿਸੂਸ ਹੋਈ ।
"ਅੱਛਾ !" ਉਸ ਬੁਝੇ ਜਿਹੇ ਲਹਿਜੇ ਵਿਚ ਜਾਣ ਕੇ ਛੁੱਟੀ ਮੰਗੀ।
"ਹੱਛਾ !" ਮੱਖਣ ਨੇ ਜੁਆਬ ਵਿਚ ਕਿਹਾ ਤੇ ਦੂਜੇ ਪਾਸੇ ਮੁੜ ਗਿਆ।
"ਸਚ ਮੁਚ ਇਹ ਬੰਗਾਲੀ ਬੜੇ ਖ਼ਤਰਨਾਕ ਨੇ" ਮੱਖਣਨੇ ਤੁਰਦੇ ਤੁਰਦੇ ਸੋਚਿਆ।...ਸਰਦਾਰਾਂ ਨੇ ਬਿਲਕੁਲ ਠੀਕ ਕਿਹਾ ਸੀ।
ਅਜੇ ਕਲ੍ਹ ਦੀ ਹੀ ਗੱਲ ਸੀ, ਉਹ ਫ਼ੈਕਟਰੀ ਤੋਂ ਬਾਹਰ ਨਿਕਲਿਆ ਸੀ ਤੇ ਸੁਲੇਖ ਨੇ ਆਪਣੀ ਆਦਤ ਅਨੁਸਾਰ ਉਸਦੇ ਮੋਢੇ ਤੇ ਹੱਥ ਰਖਿਆ ਸੀ ਤਾਂ ਉਸਨੂੰ ਬਿਲਕੁਲ ਖਿਝ ਨਹੀਂ ਸੀ ਆਈ । ਉਹ ਦੋਵੇਂ ਗੱਲਾਂ ਕਰਦੇ ਢਾਬੇ ਵਲ ਤੁਰ ਪਏ ਸਨ। ਸੁਲੇਖ ਉਸਨੂੰ ਕਲਕੱਤੇ ਦੀ ਵਾਕਫ਼ੀ ਕਰਾ ਰਿਹਾ ਸੀ । ਇਹ ਫਲਾਣੀ ਥਾਂ ਹੈ । ਇਸ ਬਜ਼ਾਰ ਦਾ ਇਹ ਨਾਂ ਹੈ, ਇਹ ਜੋ ਵੱਡੀ ਸਾਰੀ ਇਮਾਰਤ ਹੈ, ਇਹ ਕਲਕੱਤੇ ਦੀ ਸਭ ਤੋਂ ਉਚੀ ਬਿਲਡਿੰਗ ਹੈ।
ਅਚਾਨਕ, ਉਨ੍ਹਾਂ ਦੇ ਪਿਛੋਂ ਇਕ ਕਾਰ ਆਈ ਤੇ ਉਨ੍ਹਾਂ ਦੇ ਨੇੜੇ ਆ ਕੇ ਰੁਕ ਗਈ।
ਮੱਖਣ ਨੇ ਮੁੜ ਕੇ ਦੇਖਿਆ ਦੋਵੇਂ ਸਰਦਾਰ ਕਾਰ ਵਿੱਚ ਬੈਠੇ ਸਨ ਤੇ ਨਰਿੰਦਰ ਉਸ ਨੂੰ ਬੁਲਾ ਰਿਹਾ ਸੀ । ਦਲੀਪ ਤੇ ਨਿਰੰਦਰ ਬਚਪਨ ਵਿੱਚ ਉਸਦੇ ਨਾਲ ਖੇਡਦੇ ਰਹੇ ਸਨ । ਉਦੋਂ ਉਹ ਉਨ੍ਹਾਂ ਨੂੰ ਦੀਪੂ ਤੇ ਨਿੱਨੀ ਕਿਹਾ ਕਰਦਾ ਸੀ । ਪਰ ਜਦੋਂ ਉਹ ਕਲਕੱਤੇ ਆਇਆ ਸੀ ਤਾਂ ਉਨ੍ਹਾਂ ਦੀ ਸ਼ਾਨ ਤੇ ਸਜ ਧਜ ਦੇਖ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਨਾਂ ਲੈ ਕੇ ਸੰਬੋਧਨ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਿਆ । ਹੁਣ ਉਹ ਉਨ੍ਹਾਂ ਨੂੰ ਵੱਡਾ-ਛੋਟਾ ਸਰਦਾਰ ਤੇ ਛੋਟਾ-ਛੋਟਾ ਸਰਦਾਰ ਕਿਹਾ ਕਰਦਾ ਸੀ । ਜਿਵੇਂ ਕਿ ਦਫ਼ਤਰ ਤੇ ਫ਼ੈਕਟਰੀ ਦੇ ਸਾਰੇ ਲੋਕ ਕਹਿੰਦੇ ਸਨ।
"ਗੱਡੀ 'ਚ ਬੈਠ ! ਤੇਰੇ ਨਾਲ ਕੁਝ ਗੱਲਾਂ ਕਰਨੀਆਂ ਹਨ ।" ਨਰਿੰਦਰ ਨੇ ਡਰਾਈਵਰ ਦੀ ਵੱਖੀ ਵੱਲ ਇਸ਼ਾਰਾ ਕਰਦੇ ਹੋਏ ਉਸਨੂੰ ਬੈਠਣ ਲਈ ਕਿਹਾ।
ਮੱਖਣ ਸੁਲੇਖ ਤੋਂ ਆਗਿਆ ਲੈ ਕੇ ਗੱਡੀ ਵਿਚ ਬੈਠ ਗਿਆ । ਰਾਹ ਵਿੱਚ ਉਨ੍ਹਾਂ ਨੇ ਕੋਈ ਗੱਲ ਬਾਤ ਨਾ ਕੀਤੀ । ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਦੋਵੇਂ ਸਰਦਾਰ ਕੁਝ ਸੋਚ ਰਹੇ ਸਨ । ਇਕ ਅੱਧ ਵਾਰ ਉਨ੍ਹਾਂ ਅੰਗਰੇਜ਼ੀ ਵਿੱਚ ਕੋਈ ਗੱਲ ਕੀਤੀ, ਜਿਸ ਨੂੰ ਮੱਖਣ ਬਿਲਕੁਲ ਨਾ ਸਮਝ ਸਕਿਆ।
ਘਰ ਪਹੁੰਚ ਕੇ ਦੋਹਾਂ ਛੋਟੇ ਸਰਦਾਰਾਂ ਨੇ ਮਖਣ ਨੂੰ ਆਪਣੇ ਸਾਹਮਣੇ ਕੁਰਸੀ ਤੇ ਬਿਠਾ ਲਿਆ ਤੇ ਇਧਰ ਉਧਰ ਦੀਆਂ ਗੱਲਾਂ ਆਰੰਭ ਦਿੱਤੀਆਂ। ਫੇਰ ਛੋਟੇ ਸਰਦਾਰ ਨੇ ਕਹਿਣਾ ਸ਼ੁਰੂ ਕੀਤਾ:
"ਹਾਂ ਬਈ, ਮੱਖਣ ਸਿੰਹਾਂ ! ਇਕ ਜ਼ਰੂਰੀ ਗੱਲ, ਜੋ ਤੇਰੇ ਨਾਲ ਕਰਨੀ ਸੀ, ਉਹ ਇਹ ਹੈ ਕਿ ਅਸੀਂ ਬੰਬਈ ਪਿਤਾ ਜੀ ਨੂੰ ਤੇਰੇ ਆਉਣ ਦੀ ਖ਼ਬਰ ਦਿੱਤੀ ਸੀ। ਉਨ੍ਹਾਂ ਦੀ ਚਿੱਠੀ ਆਈ ਕਿ ਤੇਰੇ ਰਹਿਣ ਤੇ ਖਾਣ ਪੀਣ ਦਾ ਕੀ ਬੰਦੋਬਸਤ ਕੀਤਾ ਹੈ ? ਅਸੀਂ ਉਨ੍ਹਾਂ ਨੂੰ ਸਭ ਕੁਝ ਦਸਿਆ ਤਾਂ ਸਾਨੂੰ ਬੜੀ ਝਾੜ ਪਾਈ ਕਿ ਮੱਖਣ ਸਿੰਘ ਉਨ੍ਹਾਂ ਦੇ ਮਿੱਤਰ ਦਾ ਪੁੱਤਰ ਹੈ । ਉਸਨੂੰ ਆਪਣੇ ਘਰ ਦਾ ਬੰਦਾ ਸਮਝੋ, ਘਰ ਵਿਚ ਰੱਖੋ ਅਤੇ ਰੋਟੀ ਵੀ ਖੁਆਓ । ਉਹ ਨਵਾਂ ਨਵਾਂ ਕਲਕੱਤੇ ਆਇਆ ਹੈ, ਸੋ ਹਰ ਤਰ੍ਹਾਂ ਦਾ ਖ਼ਿਆਲ ਰੱਖੋ । ਪਰ ਦੇਖੇਂ ਨਾ ! ਸਾਥੋਂ ਗ਼ਲਤੀ ਹੋ ਗਈ ਸੀ। ਸੋ ਆਸ ਹੈ ਤੂੰ ਖ਼ਿਆਲ ਨਹੀਂ ਕਰੇਂਗਾ । ਹਾਂ ਤੇ ਅਜ ਤੋਂ ਰੋਟੀ ਇਥੇ ਖਾਇਆ ਕਰ ।"
'ਆਜ ਸੇ ਸਰਦਾਰ ਕਾ ਭੀ ਖਾਨਾ ਬਨੇਗਾ ।' ਉਸਨੇ ਮੱਖਣ ਸਿੰਘ ਵਲ ਇਸ਼ਾਰਾ ਕਰ ਕੇ ਨੌਕਰ ਨੂੰ ਸਮਝਾਇਆ।
'ਬਾਕੀ ਰਹੀ ਇੱਥੇ ਰਹਿਣ ਦੀ ਗੱਲ', ਉਸਨੇ ਫਿਰ ਮੱਖਣ ਨੂੰ ਸੰਬੋਧਨ ਕਰ ਕੇ ਕਹਿਣਾ ਸ਼ੁਰੂ ਕੀਤਾ, 'ਸੋ ਤੂੰ ਦੇਖ ਹੀ ਰਿਹਾ ਹੈਂ ਕਿ ਥਾਂ ਥੋਹੜੀ ਹੈ । ਘਰ ਦੇ ਬੰਦੇ ਹੀ ਕਾਫ਼ੀ ਨੇ ਤੇ ਪ੍ਰਾਹੁਣੇ ਵੀ ਆਉਂਦੇ ਜਾਂਦੇ ਰਹਿੰਦੇ ਨੇ । ਸੋ ਹਾਲੀ ਤੂੰ ਓਥੇ ਚੌਕੀਦਾਰ ਦੇ ਨਾਲ ਵਾਲੀ ਕੋ......ਹਾਂ ਕੁਆਰਟਰ ਵਿਚ ਰਹੁ, ਫੇਰ ਤੇਰਾ ਇਥੇ ਆਉਣ ਦਾ ਇੰਤਜ਼ਾਮ ਕਰ ਦਿਆਂਗੇ ਸਮਝ ਗਿਆ ਨਾ ਤੂੰ।'
ਮੱਖਣ ਨੇ ਸਿਰ ਹਿਲਾਇਆ । ਉਸ ਦੇ ਦਿਲ ਵਿੱਚ ਦੀਪ ਤੇ ਨਿੰਨੀ ਵਿਰੁੱਧ ਥੋਹੜਾ ਜਿਹਾ ਗਿਲਾ ਪੈਦਾ ਹੋ ਗਿਆ ਸੀ, ਦੂਰ ਹੋ ਗਿਆ । ਇਕ ਤਾਂ ਨਿੰਨੀ ਨੇ ਆਪ ਉਸਨੂੰ ਮੱਖਣ ਸਿੰਹਾਂ ਆਖ ਕੇ ਸੰਬੋਧਨ ਕੀਤਾ ਸੀ, ਜਿਸ ਵਿੱਚ ਉਸ ਨੂੰ ਆਪਣੇ ਤੇ ਉਨ੍ਹਾਂ ਦੇ ਆਯੂ ਵਿਚ ਵੱਡੇ ਹੋ ਜਾਣ ਦਾ ਇਹਸਾਸ ਸੀ । ਤੇ ਬਚਪਨ ਵਾਲੀ ਖੁਲ੍ਹ ਵਰਤਣੀ ਮੁਨਾਸਬ ਨਹੀਂ ਸੀ ਜਾਪੀ। ਦੂਜੇ ਚੋਖਾ ਚਿਰ ਇਕ ਦੂਜੇ ਤੋਂ ਦੂਰ ਰਹਿਣ ਨਾਲ ਵੀ ਤਕਲਫ਼ ਪੈਦਾ ਹੋ ਜਾਣਾ ਜ਼ਰੂਰੀ ਸੀ । ਉਸ ਨੇ ਸੋਚਿਆ ਕਿ ਜਦੋਂ ਉਹ ਉਥੇ ਜਾ ਕੇ ਰਹੇਗਾ ਤਾਂ ਹੌਲੀ ਹੌਲੀ ਇਹ ਤਕੱਲਫ਼ ਵੀ ਦੂਰ ਹੋ ਜਾਏਗਾ। ਇਹ ਸੋਚ ਕੇ ਉਹ ਸੰਤੁਸ਼ਟ ਹੋ ਗਿਆ ਸੀ।
'ਹਾਂ ਬਈ !' ਐਤਕੀ ਵੱਡੇ ਸਰਦਾਰ ਨੇ ਕਹਿਣਾ ਸ਼ੁਰੂ ਕੀਤਾ, ਤੂੰ ਇਥੇ ਨਵਾਂ ਨਵਾਂ ਆਇਆ ਏਂ, ਜ਼ਰਾ ਹੁਸ਼ਿਆਰ ਰਹੀਂ ਤੇ ਬੰਗਾਲੀਆਂ ਤੋਂ ਖ਼ਾਸ ਕਰਕੇ ਬਚ ਕੇ ਰਹੀਂ, ਇਹ ਬੜੇ ਖ਼ਤਰਨਾਕ ਲੋਕ ਨੇ । ਜੇ ਕਿਤੇ ਕੋਈ ਲੜਾਈ ਲੜਦਾ ਹੋਵੇ ਤਾਂ ਬਿਲਕੁਲ ਦਖ਼ਲ ਨਹੀਂ ਦੇਣਾ, ਨਾ ਛੁਡਾਣ ਦਾ ਜਤਨ ਕਰਨਾ, ਨਹੀਂ ਤਾਂ ਇਹ ਬੰਗਾਲੀ ਉਸਦਾ ਪਿੱਛਾ ਛੱਡ ਕੇ ਤੇਰੇ ਮਗਰ ਹੋ ਜਾਣਗੇ । ਤੇ ਜ਼ਰਾ ਕੋਈ ਗੱਲ ਹੋਈ ਨਹੀਂ ਤੇ ਇਹ ਸਭ ਬੰਗਾਲੀ ਭੂੰਡਾਂ ਵਾਂਗ ਕੱਠੇ ਹੋਏ ਨਹੀਂ।
"ਹੱਛਾ" ਮੱਖਣ ਹੈਰਾਨ ਹੋ ਰਿਹਾ ਸੀ।
"ਹਾਂ, ਹੋਰ ਸੁਣ !" ਉਸ ਨੇ ਟੁੱਟੀ ਲੜੀ ਨੂੰ ਜੋੜਦਿਆਂ ਆਰੰਭ ਕੀਤਾ, ਬਸ ਵਿੱਚ ਜਾਂ ਟਰਾਮ ਵਿੱਚ ਜੇ ਥਾਂ ਔਰਤਾਂ ਲਈ ਰੀਜ਼ਰਵ ਹੋਵੇ ਉਸਤੇ ਭੁਲਕੇ ਵੀ ਨਾ ਬੈਠ ਜਾਵੀਂ ਕਿਤੇ । ਭਾਵੇਂ ਉਥੇ ਕੋਈ ਔਰਤ ਬੈਠੀ ਹੋਵੇ ਜਾਂ ਨਾ, ਭਾਵੇਂ ਸਾਰੀ ਗੱਡੀ ਵਿਚ ਕੋਈ ਜ਼ਨਾਨੀਂ ਨਾ ਹੋਵੇ । ਨਹੀਂ ਤਾਂ ਇਹ ਲੋਕ ਤੈਨੂੰ ਚੰਬੜ ਹੀ ਜਾਣਗੇ । ਇਹ ਇਸ ਲਈ ਕਹਿ ਰਿਹਾ ਹਾਂ ਕਿ ਸਾਡੇ ਪਾਸੇ ਜ਼ਨਾਨੀਆਂ ਦੀਆਂ ਸੀਟਾਂ ਵੱਖਰੀਆਂ ਨਹੀਂ ਹੁੰਦੀਆਂ ।"
"ਇਹ ਤਾਂ ਬੜੀ ਅਜੀਬ ਗੱਲ ਏ ਕਿ ਥਾਂ ਖ਼ਾਲੀ ਹੋਵੇ ਫੇਰ ਵੀ ਉਸਤੇ ਬੈਠਿਆ ਨ ਜਾਵੇ।" ਮੱਖਣ ਦੇ ਲਹਿਜੇ ਵਿਚ ਹੈਰਾਨੀ ਦੇ ਨਾਲ ਨਾਲ ਡਰ ਵੀ ਰਲਿਆ ਹੋਇਆ ਸੀ।
"ਇਕ ਗੱਲ ਤੈਨੂੰ ਹੋਰ ਦੱਸ ਦਈਏ," ਵੱਡਾ ਛੋਟਾ ਸਰਦਾਰ ਬੋਲਿਆ, "ਸਾਡੇ ਪਾਸੇ ਆਮ ਰਿਵਾਜ ਏ ਕਿ ਮਰਦ ਔਰਤਾਂ ਲਈ ਸੀਟ ਖ਼ਾਲੀ ਕਰ ਦਿੰਦੇ ਨੇ । ਇਥੇ ਇਹ ਕੰਮ ਭੁਲ ਕੇ ਵੀ ਨਾ ਕਰ ਬੈਠੀਂ। ਤੇ ਇਹ ਹਰਾਮਜ਼ਾਦੇ ਤੇਰੇ ਮਗਰ ਪੈ ਜਾਣਗੇ ਕਿ ਤੂੰ ਸੀਟ ਦਿੱਤੀ ਤੇ ਕਿਉਂ । ਉਸ ਨੂੰ ਬੁਲਾਇਆ ਈ ਕਿਉਂ।"
ਹੁਣ ਮੱਖਣ ਬਹੁਤ ਡਰ ਗਿਆ ਸੀ।
"ਹਾਂ !" ਵੱਡੇ ਛੋਟੇ ਸਰਦਾਰ ਨੇ ਲੜੀ ਜੋੜੀ, ਅਜ ਤੂੰ ਉਸ ਬੰਗਾਲੀ ਨਾਲ ਜਾ ਰਿਹਾ ਸੈਂ, ਜ਼ਰਾ ਹੁਸ਼ਿਆਰ ਰਹੀਂ । ਤੂੰ ਆਪਣਾ ਬੰਦਾ ਹੈਂ, ਇਸ ਲਈ ਕਿਹ ਰਹੇ ਹਾਂ ਨਹੀਂ ਤਾਂ ਸਾਨੂੰ ਕੀ ਗ਼ਰਜ਼ ਹੋਰ ਸਿਰ-ਖਪਾਈ ਕਰੀਏ । ਜੋ ਕਿਸੇ ਦੇ ਜੀ ਆਵੇ, ਕਰੇ । ਐਸਾ ਨਾ ਹੋਏ ਕਿਸੇ ਮੁਸੀਬਤ ਵਿਚ ਫਸ ਜਾਏਂ ।
"ਪਰ ਸੁਲੇਖ ਤਾਂ ਬੁਰਾ ਆਦਮੀ ਨਹੀਂ ਮਲੂਮ ਹੁੰਦਾ ।" ਮੱਖਣ ਬੋਲਿਆ, "ਉਹ ਰੋਜ਼ ਮੇਰੇ ਨਾਲ ਢਾਬੇ ਤਕ ਜਾਂਦਾ ਏ ਤੇ ਮੈਨੂੰ ਕਲਕੱਤੇ ਦੀ ਸੈਰ ਕਰਾਂਦਾ ਏ ।"
"ਓਹੋ ! ਤੈਨੂੰ ਨਹੀਂ ਪਤਾ" ਛੋਟਾ ਸਰਦਾਰ ਬੋਲਿਆ, "ਇਹ ਬੰਗਾਲੀ ਭੁੱਖੇ ਨੰਗੇ ਲੋਕ ਨੇ । ਹੱਡ ਹਰਾਮ, ਮਿਹਨਤ ਕਰਦਿਆਂ ਇਨ੍ਹਾਂ ਨੂੰ ਮੌਤ ਪੌ'ਦੀ ਏ । ਕੰਮ ਕਰ ਨਹੀਂ ਸਕਦੇ । ਇਸ ਲਈ ਆਮਦਨੀ ਥੋਹੜੀ ਹੁੰਦੀ ਹੈ। ਖ਼ਰਚਾ ਪੂਰਾ ਕਰਨ ਲਈ ਇਹ ਤਰ੍ਹਾਂ ਤਰ੍ਹਾਂ ਦੀ ਚਾਰ ਸੌ ਵੀਹ ਕਰਦੇ ਨੇ।ਸੁਲੇਖ ਦੀਓ ਲੈ ਲੈ, ਇਹ ਜੋ ਤੇਰੇ ਨਾਲ ਯਰਾਨਾ ਵਧਾ ਰਿਹਾ ਏ, ਹੌਲੀ ਹੌਲੀ ਤੈਨੂੰ ਆਪਣੇ ਘਰ ਲੈ ਜਾਏਗਾ, ਉੱਥੇ ਕਿਸੇ ਆਪਣੇ ਚਾਚੇ, ਮਾਮੇ ਜਾਂ ਮਾਸੀ ਦੀ ਧੀ ਨਾਲ ਤੇਰੀ ਵਾਕਫ਼ੀ ਕਰਾ ਦੇਵੇਗਾ । ਉਹ ਕੁੜੀ ਤੈਨੂੰ ਫਸਾ ਲਏਗੀ । ਫੇਰ ਇਹ ਲੋਕ ਇਹ ਇਲਜ਼ਾਮ ਲਾ ਕੇ ਕਿ ਤੂੰ ਕੁੜੀ ਨੂੰ ਖ਼ਰਾਬ ਕਰਨ ਦਾ ਜਤਨ ਕੀਤਾ ਏ, ਤੇਰੇ ਉੱਤੇ ਮੁਕੱਦਮਾ ਚਲਾਣ ਦੀ ਧਮਕੀ ਦੇ ਕੇ ਕੁਝ ਨਾ ਕੁਝ ਤੈਥੋਂ ਬਟੋਰ ਲੈਣਗੇ।"
ਮੱਖਣ ਬੜਾ ਹੀ ਡਰ ਗਿਆ ਸੀ । ਉਸ ਦੇ ਦਿਲ ਅੰਦਰ ਬੰਗਾਲੀਆਂ ਲਈ ਘਿਰਣਾ ਪੈਦਾ ਹੋ ਗਈ ਸੀ। ਉਹ ਬੋਲਿਆ,"ਸੁਲੇਖ ਅਜ ਮੈਨੂੰ ਆਪਣੇ ਘਰ ਲੈ ਜਾਣ ਲਈ ਕਹਿ ਰਿਹਾ ਸੀ।"
"ਦੇਖਿਆ !" ਛੋਟੇ ਨੇ ਵੱਡੇ ਵਲ ਦੇਖ ਕੇ ਕਿਹਾ, "ਹੋਈ ਨਾ ਉਹੋ ਗੱਲ।"
ਨੌਕਰ ਨੇ ਰੋਟੀ ਤਿਆਰ ਹੋਣ ਦੀ ਇਤਲਾਹ ਦਿੱਤੀ। ਉਹ ਦੋਵੇਂ ਉਠ ਕੇ ਡਾਈਨਿੰਗ ਰੂਮ ਵਿੱਚ ਚਲੇ ਗਏ । ਮੱਖਣ ਵੀ ਉਨ੍ਹਾਂ ਦੇ ਨਾਲ ਹੀ ਚਲਾ ਗਿਆ। ਉਸ ਦਿਨ ਉਸ ਨੂੰ ਸੱਚੀ ਮੁੱਚੀ ਖਾਣ ਦਾ ਸੁਆਦ ਆ ਗਿਆ। ਕਈ ਤਰ੍ਹਾਂ ਦੇ ਖਾਣੇ ਬਣੇ ਹੋਏ ਸਨ । ਪਹਿਲਾਂ ਤਾਂ ਉਹ ਘਬਰਾਇਆ ਕਿ ਕਿਹੜੀ ਚੀਜ਼ ਪਹਿਲਾਂ ਖਾਏ ਤੇ ਕਿਹੜੀ ਪਿਛੋਂ । ਫੇਰ ਉਸ ਨੇ ਉਸੇ ਤਰ੍ਹਾਂ ਖਾਣਾ ਸ਼ੁਰੂ ਕਰ ਦਿੱਤਾ, ਜਿਸ ਤਰ੍ਹਾਂ ਦੋਵੇਂ ਸਰਦਾਰ ਖਾ ਰਹੇ ਸਨ ।
ਜਦੋਂ ਰੋਟੀ ਖਾ ਚੁਕੇ ਤਾਂ ਨਿਰੰਦਰ ਨੇ ਕਿਹਾ, "ਅਸੀਂ ਰੋਟੀ ਜ਼ਰਾ ਚਿਰਾਕੀ ਖਾਂਦੇ ਹੁੰਦੇ ਆਂ । ਤੈਨੂੰ ਜੇ ਭੁੱਖ ਲਗੇ ਤਾਂ ਸਾਡੀ ਉਡੀਕ ਕਰਨ ਦੀ ਲੋੜ ਨਹੀਂ। ਜਿਸ ਵੇਲੇ ਜੀ ਚਾਹੇ, ਨਿਝਕ ਨੌਕਰ ਕੋਲੋਂ ਮੰਗ ਲਈਂ, ਤੇਰਾ ਆਪਣਾ ਈ ਘਰ ਏ ।"
ਜਦੋਂ ਮੱਖਣ ਨੇ ਹਾਂ ਵਿੱਚ ਸਿਰ ਹਿਲਾਇਆ ਤਾਂ ਉਹ ਬੋਲਿਆ, "ਚੰਗਾ ਹੁਣ ਤੂੰ ਜਾ ਫੇਰ, ਤੈਨੂੰ ਨੀਂਦ ਆਈ ਹੋਵੇਗੀ ।"
ਮੱਖਣ ਤੁਰਨ ਲਗਾ ਤਾਂ ਉਸ ਨੇ ਪਿਛੋਂ ਆਵਾਜ਼ ਦੇ ਕੇ ਕਿਹਾ, "ਤੇ ਹਾਂ ਫ਼ੈਕਟਰੀ ਵਿਚ ਵੀ ਇਨ੍ਹਾਂ ਬੰਗਾਲੀਆਂ ਦਾ ਖ਼ਿਆਲ ਰਖਿਆ ਕਰ । ਇਹ ਹਰਾਮ ਖ਼ੋਰ, ਕੰਮ ਕੁਝ ਨਹੀਂ ਕਰਦੇ ਤੇ ਗੱਲਾਂ ਕਰਦੇ ਨੇ। ਸ਼ਰਾਰਤਾਂ ਕਰਨ ਤੇ ਗਲਾਂ ਬਣਾਣ ਵਿਚ ਬਹੁਤ ਤਾਕ ਨੇ ।"
ਬੰਗਾਲੀਆਂ ਦੀ ਹਰਾਮਜ਼ਦਗੀ ਦਾ ਸਬੂਤ ਉਸ ਨੂੰ ਅਗਲੇ ਦਿਨ ਹੀ ਮਿਲ ਗਿਆ ਸੀ । ਲੰਚ ਟਾਈਮ ਵਿਚ ਉਹ ਦਫ਼ਤਰ ਦੇ ਲਾਗੇ ਭੌਂ ਰਿਹਾ ਸੀ ਤਾਂ ਉਸਨੇ ਦੇਖਿਆ ਇਕ ਬੰਗਾਲੀ ਛੋਟੇ ਸਰਦਾਰ ਨਾਲ ਬਹੁਤ ਗਰਮ ਸਰਦ ਹੋ ਰਿਹਾ ਸੀ ਤੇ ਬੰਗਾਲੀ ਪੈਕਰਾਂ ਵਿਚ ਉਸ ਲਈ ਖ਼ਾਸ ਹਮਦਰਦੀ ਦਾ ਜਜ਼ਬਾ ਸੀ। ਪਰ ਉਸਦੇ ਆਪਣੇ ਦਿਲ ਵਿਚ ਬੰਗਾਲੀਆਂ ਲਈ ਘਿਰਨਾ ਤੇ ਹਿਕਾਰਤ ਪੈਦਾ ਹੋ ਰਹੀ ਸੀ।
ਸੋ ਅਜ ਛੁਟੀ ਤੋਂ ਪਿਛੋਂ, ਜਦੋਂ ਸੁਲੇਖ ਨੇ ਉਸਨੂੰ ਰੋਟੀ ਦਾ ਸੱਦਾ ਦਿਤਾ ਤਾਂ ਉਸਦੇ ਕੰਨ ਇਕ ਦਮ ਖੜੇ ਹੋ ਗਏ ਤੇ ਉਹ ਉਸ ਨੂੰ ਛੱਡਕੇ ਸਰਦਾਰਾਂ ਦੇ ਘਰ ਚਲਾ ਗਿਆ।
ਉਹ ਪਰਦਾ ਚੁਕ ਕੇ ਅੰਦਰ ਜਾਣ ਹੀ ਲਗਾ ਸੀ ਕਿ ਉਸਦੇ ਕੰਨਾਂ ਵਿੱਚ ਛੋਟੇ ਸਰਦਾਰ ਦੀ ਅਵਾਜ਼ ਪਈ। ਉਹ ਨੇਪਾਲੀ ਨੌਕਰ ਨੂੰ ਡਾਂਟ ਰਿਹਾ ਸੀ ਕਿ ਉਸ ਨੇ ਮੱਖਣ ਨੂੰ ਕਲ੍ਹ ਉਨ੍ਹਾਂ ਦੇ ਨਾਲ ਹੀ ਖਾਣ ਲਈ ਕਿਉੁਂ ਬਿਠਾ ਦਿੱਤਾ ਸੀ।
"ਹਮ ਨਹੀੰ ਜਾਨਤਾ ਸਾਹਿਬ" ਨੇਪਾਲੀ ਨੌਕਰ ਨੇ ਆਪਣੀ ਸਫ਼ਾਈ ਪੇਸ਼ ਕੀਤੀ, "ਤੁਮ ਬੋਲਾ ਸਰਦਾਰ ਭੀ ਖਾਏਗਾ, ਹਮ ਨੇ ਸਮਝਾ, ਵੁਹ ਤੁਮਾਰਾ ਕੋਈ ਨਾਤੇਦਾਰ ਸਰਦਾਰ ਹੈ ।"
"ਅੱਛਾ ਬਹੁਤੀ ਬਕ ਬਕ ਨਾ ਕਰ" ਸਰਦਾਰ ਦੀ ਆਵਾਜ਼ ਆਈ, "ਅਗੋਂ ਤੋਂ ਉਸ ਨੂੰ ਸਾਡੇ ਵਾਲੀ ਰੋਟੀ ਨਹੀਂ ਦੇਣੀ । ਨੌਕਰ ਲੋਗ ਵਾਲੀ ਰੋਟੀ ਦੇਣੀ ਹੈ ਸਮਝਾ ।"
ਨੌਕਰ "ਜੀ" ਕਹਿ ਕੇ ਚਲਾ ਗਿਆ ।
ਮੱਖਣ ਦੇ ਦਿਲ ਤੇ ਦਾਤੀ ਫਿਰ ਗਈ। ਉਹ ਸਮਝ ਗਿਆ ਕਿ ਉਹ ਉਸ ਨੂੰ ਕਿੰਨਾ ਕੁ ਆਪਣਾ ਸਮਝਦੇ ਸਨ । ਉਸ ਨੂੰ ਦੀਪੂ ਤੇ ਨਿੰਨੀ ਤੇ ਬੜਾ ਗੁੱਸਾ ਆਇਆ। ਪਰ ਫੇਰ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਸੋਚਿਆ, ਕਿ ਉਹ ਉਨ੍ਹਾਂ ਦਾ ਨੌਕਰ ਹੀ ਤਾਂ ਹੈ। ਜੇ ਉਨ੍ਹਾ ਉਸ ਨੂੰ ਨੌਕਰਾਂ ਵਾਲੀ ਰੋਟੀ ਦੇਣ ਲਈ ਕਿਹਾ ਤਾਂ ਕੀ ਅਜੀਬ ਗੱਲ ਹੋਈ । ਤੇ ਉਸ ਨੇ ਫ਼ੈਸਲਾ ਕਰ ਲਿਆ, ਉਹ ਉਨ੍ਹਾਂ ਕੋਲ ਨੌਕਰ ਬਣ ਕੇ ਹੀ ਰਹੇਗਾ, ਆ੫ਣਾ ਬਣਕੇ ਨਹੀਂ। ਉਸਨੇ ਹੌਲੀ ਜਿਹੀ ਪਰਦਾ ਚੁਕਿਆ ਤੇ ਅੰਦਰ ਚਲਾ ਗਿਆ ।
"ਆ ਬਈ ਮੱਖਣ ਸਿੰਹਾਂ" ਛੋਟੇ ਸਰਦਾਰ ਨੇ ਬੁਲ੍ਹਾਂ ਤੇ ਮੁਸਕਣੀ ਲਿਆ ਕੇ ਕਿਹਾ ਮੱਖਣ ਨੂੰ ਇਹ ਮੁਸਕਣੀ ਬਿਲਕੁਲ ਬਣਾਉਟੀ ਜਾਪੀ । ਉਸ ਬਿਲਕੁਲ ਕਿਸੇ ਜਜ਼ਬੇ ਤੋਂ ਖ਼ਾਲੀ ਆਵਾਜ਼ ਵਿਚ ਕਿਹਾ, "ਜੀ ਆਇਆ ਹਾਂ ।"
"ਚੰਗਾ ਫਿਰ ਤੂੰ ਰੋਟੀ ਖਾ ਲੈ।" ਵੱਡੇ ਸਰਦਾਰ ਨੇ ਕਿਹਾ।
"ਤੇ ਤੁਸੀਂ ?" ਮੱਖਣ ਨੇ ਚੰਗੇ ਭਲੇ ਜਾਣਦੇ ਬੁਝਦੇ ਅਣਜਾਣ ਬਣ ਕੇ ਪੁਛਿਆ ।
"ਸਾਨੂੰ ਕੁਝ ਚਿਰ ਲਗੂ ਕੁਝ ਪ੍ਰਾਹੁਣੇ ਆਉਣ ਵਾਲੇ ਨੇ । ਤੈਨੂੰ ਭੁੱਖ ਲਗੀ ਹੋਏਗੀ ਤੂੰ ਰੋਟੀ ਖਾ ਲੈ । ਨਾਲੇ ਤੈਨੂੰ ਇਕ ਕੰਮ ਵੀ ਭੇਜਣਾ ਹੈ।"
ਮੱਖਣ ਚੁੱਪ-ਚਾਪ ਚਲਾ ਗਿਆ । ਨੌਕਰ ਨੇ ਉਸਨੂੰ ਨੌਕਰਾਂ ਵਾਲੀ ਰੋਟੀ ਦੇ ਦਿੱਤੀ। ਉਹ ਰੋਟੀ ਖਾ ਕੇ ਬਾਹਰ ਜਾਣ ਹੀ ਲਗਾ ਸੀ ਕਿ ਸਰਦਾਰ ਨੇ ਉਸ ਨੂੰ ਵਾਜ ਮਾਰੀ ਤੇ ਉਸ ਨੂੰ ਨਿਊ ਮਾਰਕੀਟ ਦਾ ਪਤਾ ਦਸ ਕੇ ਉਥੋਂ ਫਲ ਖ਼ਰੀਦ ਲਿਆਉਣ ਲਈ ਕਿਹਾ।ਤੇ ਉਸ ਨੂੰ ਸਮਝਾ ਦਿੱਤਾ ਕਿ ਫਲ ਇਸ ਤਰ੍ਹਾਂ ਛੋਪਲੀ ਜਿਹੀ ਰਸੋਈਏ ਨੂੰ ਦੇ ਦੇਵੇ ਕਿਸੇ ਨੂੰ ਪਤਾ ਤੀਕ ਨਾ ਲਗ ਸਕੇ।
ਮੱਖਣ ਨੇ ਦਸਾਂ ਰੁਪਈਆਂ ਦਾ ਨੋਟ ਫੜ ਲਿਆ ਤੇ ਚਲਾ ਗਿਆ ਚੁੱਪ ਕਰ ਕੇ । ਫਲ ਲਿਆ ਕੇ ਉਸਨੇ ਛੋਪਲੀ ਜਿਹੀ ਰਸੋਈਏ ਨੂੰ ਪਹੁੰਚਾ ਦਿੱਤੇ।
ਇਸ ਵੇਲੇ ਡਰਾਇੰਗ ਰੂਮ ਵਿੱਚ ਬੜੀ ਰੌਣਕ ਲਗੀ ਹੋਈ ਸੀ । ਬਹੁਤ ਸਾਰੇ ਲੋਕ ਆਏ ਹੋਏ ਸਨ । ਇਨ੍ਹਾਂ ਵਿਚ ਛੀ ਸਤ ਬੰਗਾਲੀ ਵੀ ਸਨ, ਜੋ ਕਪੜਿਆਂ ਤੇ ਸ਼ਕਲ ਸੂਰਤਾਂ ਤੋਂ ਸਰਦਾਰਾਂ ਵਾਂਗ ਹੀ ਅਮੀਰ ਆਦਮੀ ਮਲੂਮ ਹੁੰਦੇ ਸਨ। ਇਨ੍ਹਾਂ ਵਿਚ ਇਕ ਗੋਰੇ ਗੋਲ ਮੋਲ ਚਿਹਰੇ ਤੇ ਐਨਕ ਵਾਲੇ ਬੰਗਾਲੀ ਨਾਲ ਸਾਰੇ ਲੋਕ ਬੜੇ ਸਤਿਕਾਰ ਨਾਲ ਪੇਸ਼ ਆ ਰਹੇ ਸਨ। ਮੱਖਣ ਨੇ ਬਹਾਦੁਰ ਨੂੰ ਪੁਛਿਆ ਕਿ ਉਹ ਕੌਣ ਸੀ ?
"ਬੰਗਾਲੀ ਲੋਗ ਕਾ ਬੜਾ ਲੀਡਰ ।"
ਕੁਆਰਟਰ ਵਲ ਜਾਂਦੇ ਜਾਂਦੇ ਮੱਖਣ ਸੋਚ ਰਿਹਾ ਸੀ ਕਿ ਸਰਦਾਰਾਂ ਨੇ ਤੇ ਉਸ ਨੂੰ ਬੰਗਾਲੀਆਂ ਨਾਲ ਮੇਲ ਜੋਲ ਰਖਣਾ ਮਨ੍ਹਾ ਕੀਤਾ ਸੀ । ਪਰ ਆਪ ਉਨ੍ਹਾਂ ਹੀ ਖ਼ਤਰਨਾਕ ਲੋਕਾਂ ਦੀਆਂ ਦਾਅਵਤਾਂ ਕਰਦੇ ਹਨ ।
ਦੂਸਰੇ ਦਿਨ ਫੈਕਟਰੀ ਵਿਚ ਛੁੱਟੀ ਹੋਈ ਤੇ ਮੱਖਣ ਆਪਣੀ ਆਖ਼ਰੀ ਡਿਊਟੀ ਦੇ ਕੇ ਭਾਵ ਸਭ ਦੇ ਖੀਸੇ ਟੋਹ ਕੇ ਬਾਹਰ ਨਿਕਲਿਆ ਤਾਂ ਸੁਲੇਖ ਉਸਦੀ ਉਡੀਕ ਕਰ ਰਿਹਾ ਸੀ।ਪਰ ਅਜ ਉਸ ਨੇ ਉਸ ਦੇ ਮੋਢੇ ਤੇ ਹੱਥ ਨਾ ਰਖਿਆ।
"ਤੂੰ ਤਾਂ ਸਰਦਾਰਾਂ ਦੇ ਘਰ ਜਾ ਰਿਹਾ ਹੋਏਂਗਾ ।" ਸੁਲੇਖ ਨੇ ਪੁੱਛਿਆ, "ਮੇਰੇ ਨਾਲ ਤਾਂ ਨਹੀਂ ਚਲੇਂਗਾ ?"
ਮੱਖਣ ਨੇ ਇਕ ਵਾਰੀ ਸੁਲੇਖ ਵਲ ਦੇਖਿਆ । ਕੁਝ ਚਿਰ ਚੁੱਪ ਰਿਹਾ ਤੇ ਫਿਰ ਬੋਲਿਆ । "ਨਹੀਂ ਦਾਦਾ ! ਮੈਂ ਤੇਰੇ ਨਾਲ ਹੀ ਚਲਾਂਗਾ । ਰੋਟੀ ਕੁਝ ਚਿਰ ਪਿਛੋਂ ਖਾ ਲਵਾਂਗਾ ।"
"ਚਾਹ ਪੀਏਂਗਾ ?" ਸੁਲੇਖ ਨੇ ਪੁਛਿਆ ।
ਮੱਖਣ ਨੇ ਸਿਰ ਹਿਲਾਇਆ ਤੇ ਦੋਵੇਂ ਲਾਗਲੇ "ਮਿਸ਼ਟਾਨ ਭੰਡਾਰ" ਵਿਚ ਚਲੇ ਗਏ । ਨੌਕਰ ਨੇ ਮਿੱਟੀ ਦੇ ਭਾਂਡੇ ਵਿੱਚ ਚਾਹ ਲਿਆ ਕੇ ਮੇਜ਼ ਤੇ ਰੱਖ ਦਿੱਤੀ ।
"ਮੱਖਣ ਦਾਦਾ !" ਸੁਲੇਖ ਨੇ ਚਾਹ ਦਾ ਘੁਟ ਭਰਕੇ ਕਿਹਾ। "ਮੈਨੂੰ ਸਰਦਾਰਾਂ ਨੇ ਅਜ ਦਸਿਆ ਹੈ ਕਿ ਤੂੰ ਬੜਾ ਖ਼ਤਰਨਾਕ ਆਦਮੀ ਹੈਂ।"
"ਹਾਇੰe...ਇ" ਚਾਹ ਦਾ ਭਾਂਡਾ ਮੱਖਣ ਦੇ ਬੁਲ੍ਹਾਂ ਤੋਂ ਉਰੇ ਹੀ ਰੁਕ ਗਿਆ ।
"ਵੈਸੇ ਬੰਗਾਲ ਵਿੱਚ ਆਮ ਤੌਰ ਤੇ ਪੰਜਾਬੀਆਂ ਨੂੰ ਖਤਰਨਾਕ ਸਮਝਿਆ ਜਾਂਦਾ ਹੈ।ਪਰ ਮੈਨੂੰ ਤੇ ਕੁਝ ਪੰਜਾਬੀ ਮਿਲੇ, ਜੋ ਬਿਲਕੁਲ ਸ਼ਰੀਫ਼ ਆਦਮੀ ਸਨ। ਮੈਨੂੰ ਤੇ ਤੂੰ ਵੀ ਭਲਾ-ਮਾਣਸ ਹੀ ਮਲੂਮ ਹੁੰਦਾ ਏਂ ।" ਸੁਲੇਖ ਨੇ ਬੜੇ ਅਰਾਮ ਨਾਲ ਚਾਹ ਪੀਂਦੇ ਪੀਂਦੇ ਕਿਹਾ ।
"ਪਰ ਸਰਦਾਰਾਂ ਨੇ ਇਹ ਨਹੀਂ ਦਸਿਆ ਕਿ ਮੈਂ ਖ਼ਤਰਨਾਕ ਕਿਵੇਂ ਹਾਂ ?"
"ਸਰਦਾਰ ਕਹਿੰਦੇ ਸਨ ਕਿ ਪੰਜਾਬ ਵਿੱਚ ਇਕ ਖ਼ਾਸ ਇਲਾਕਾ ਹੈ, ਜਿਥੋਂ ਦੇ ਲੋਕ ਬਦਮਾਸ਼, ਡਾਕੂ ਤੇ ਉਧਾਲੀਏ ਹੁੰਦੇ ਹਨ, ਤੇ ਮੱਖਣ ਵੀ ਉਸੇ ਇਲਾਕੇ ਦਾ ਹੈ ।"
"ਪਰ ਮੈਂ ਤਾਂ ਉਸ ਕਸਬੇ ਦਾ ਹਾਂ ਜਿਥੋਂ ਦੇ ਸਰਦਾਰ ਆਪ ਨੇ ।"
"ਹੱਛਾ" ਸੁਲੇਖ ਦੇ ਬੁਲ੍ਹਾਂ ਤੇ ਇਕ ਅਰਥ-ਭਰੀ ਮੁਸਕਰਾਹਟ ਸੀ ਤੇ ਮੱਖਣ ਦੇ ਦਿਲ ਵਿਚ ਬੇ-ਅੰਤ ਗੁੱਸਾ ਸੀ । ਉਸ ਨੇ ਉਹ ਸਾਰੀਆਂ ਗੱਲਾਂ ਸੁਲੇਖ ਨੂੰ ਸੁਣਾ ਦਿੱਤੀਂਆਂ ਜੋ ਸਰਦਰਾਂ ਨੇ ਉਸਦੇ ਵਿਰੁਧ ਕੀਤੀਆਂ ਸਨ। ਸੁਲੇਖ ਜ਼ੋਰ ਦੀ ਖਿੜ ਖਿੜਾ ਕੇ ਹਸ ਪਿਆ ।
"ਅਰੇ ਪੰਜਾਬੀ ਦਾਦਾ ! ਤੇਰੇ ਕੋਲ ਹੈ ਕੀ ਜੋ ਮੈਂ ਮੁਛਣ ਦਾ ਜਤਨ ਕਰਾਂਗਾ ? ਤੂੰ ਵੀ ਤਾਂ ਆਪਣੇ ਵਰਗਾ ਭੁੱਖਾ ਨੰਗਾ ਮਜ਼ਦੂਰ ਹੀ ਹੈਂ ! ਤੂੰ ਬੜਾ ਭੋਲਾ ਹੈਂ।"
"ਤੁਸੀਂ ਬੰਗਾਲੀ ਲੋਕ ਤਾਂ ਬੜੇ ਚਲਾਕ ਹੁੰਦੇ ਹੋ ਨਾ ?" ਮੱਖਣ ਦੇ ਬੋਲਾਂ ਵਿੱਚ ਅਪਣਤ ਭਰੀ ਮਖੌਲ ਸੀ । ਸੁਲੇਖ ਹੱਸਣ ਲਗ ਪਿਆ।
"ਦਾਦਾ !" ਮੱਖਣ ਨੇ ਗੰਭੀਰ ਹੋ ਕੇ ਪੁਛਿਆ, "ਉਸ ਦਿਨ ਉਹ ਬੰਗਾਲੀ ਸਰਦਾਰਾਂ ਨਾਲ ਕਿਉਂ ਝਗੜ ਰਿਹਾ ਸੀ ?"
"ਕੌਣ ਉਹ ਚੈਟਰਜੀ ! ਉਸ ਨੇ ਪੈਕਰਾਂ ਦੀ ਯੂਨੀਅਨ ਬਣਾਨ ਦਾ ਜਤਨ ਕੀਤਾ ਸੀ । ਸਰਦਾਰਾਂ ਨੇ ਉਹਨੂੰ ਕੱਢ ਦਿੱਤਾ ਤੇ ਉਹ ਆਪਣਾ ਬੋਨਸ ਮੰਗ ਰਿਹਾ ਸੀ ।"
ਫਿਰ ਉਹ ਕਾਫ਼ੀ ਚਿਰ ਯੂਨੀਅਨ, ਉਸ ਦੇ ਕੰਮ ਤੇ ਫਾਇਦੇ ਬਾਰੇ ਗੱਲਾਂ ਕਰਦੇ ਰਹੇ ।
ਕੁਝ ਦਿਨਾਂ ਪਿਛੋਂ ਜਦ ਸਰਦਾਰ ਆਪਣੀ ਕਾਰ ਡਰਾਈਵ ਕਰਦੇ ਹੋਏ ਕਲੱਬ ਵਲ ਨੂੰ ਜਾ ਰਹੇ ਸਨ ਤਾਂ ਉਨ੍ਹਾਂ ਦੇਖਿਆ ਪਂਜਾਬੀ ਦਾਦਾ ਤੇ ਬੰਗਾਲੀ ਦਾਦਾ ਬਾਂਹ ਵਿਚ ਬਾਂਹ ਪਾਈ ਚੀਤ ਪੁਰ ਰੋਡ ਤੇ ਤੁਰੀ ਜਾ ਰਹੇ ਸਨ। ਸਰਦਾਰ ਨੇ ਮੱਖਣ ਨੂੰ ਚੇਤਾਵਨੀ ਦੇਣ ਵਾਸਤੇ ਕਾਰ ਉਨ੍ਹਾਂ ਦੇ ਲਾਗੇ ਲਿਆ ਕੇ ਰਫ਼ਤਾਰ ਹੌਲੀ ਕਰ ਲਈ । ਉਨ੍ਹਾਂ ਦੇ ਕੰਨਾਂ ਵਿੱਚ ਅਵਾਜ਼ ਆਈ ।
"ਪਰ ਪੰਜਾਬੀ ਸਾਡਾ ਸਾਥ ਨਹੀਂ ਦੇਦੇ ?" ਇਹ ਬੰਗਾਲੀ ਦਾਦੇ ਦੀ ਆਵਾਜ਼ ਸੀ ।
"ਪੰਜਾਬੀਆਂ ਦੀ ਤੂੰ ਫ਼ਿਕਰ ਨਾ ਕਰ ।" ਪੰਜਾਬੀ ਦਾਦਾ ਬੋਲਿਆ, "ਉਨ੍ਹਾਂ ਨੂੰ ਮੈਂ ਆਪੇ ਸੰਭਾਲਾਂਗਾ ।"
ਦੂਸਰੇ ਪਲ ਦੋਵਾਂ ਦਾਦਿਆ ਨੇ ਦੇਖਿਆ ਕਿ ਸਰਦਾਰਾਂ ਦੀ ਕਾਰ ਝੁੰਜਲਾਈ ਹੋਈ ਤੇਜ਼ੀ ਨਾਲ ਸੈਂਟਰਲ ਐਵੇਨਯੂ ਨੂੰ ਮੁੜ ਗਈ ਸੀ।