Daint Ate Sundari (Story in Punjabi) : Tessa Krailing

ਦੈਂਤ ਅਤੇ ਸੁੰਦਰੀ (ਕਹਾਣੀ) : ਟੈਸਾ ਕ੍ਰੈਲਿੰਗ

ਇੱਕ ਅਮੀਰ ਵਪਾਰੀ ਸੀ। ਉਸ ਦੀਆਂ ਤਿੰਨ ਲੜਕੀਆਂ ਸਨ। ਉਹ ਸਾਰੀਆਂ ਦੇਖਣ ਵਿੱਚ ਸੁੰਦਰ ਸਨ ਪਰ ਸਾਰੀਆਂ ਤੋਂ ਛੋਟੀ ਲਾਜਵਾਬ ਸੀ। ਉਸ ਦੇ ਵਾਲ ਸੋਨੇ ਰੰਗੇ ਅਤੇ ਲੰਬੇ ਸਨ ਅਤੇ ਉਸ ਦੀਆਂ ਅੱਖਾਂ ਦਾ ਰੰਗ ਆਕਾਸ਼ ਦੀ ਤਰ੍ਹਾਂ ਬਦਲਦਾ ਸੀ। ਜਦੋਂ ਉਹ ਖੁਸ਼ ਹੁੰਦੀ ਤਦ ਉਸ ਦੀਆਂ ਅੱਖਾਂ ਨੀਲੀਆਂ ਹੁੰਦੀਆਂ ਅਤੇ ਜਦੋਂ ਉਹ ਉਦਾਸ ਹੁੰਦੀ ਤਾਂ ਉਸ ਦੀਆਂ ਅੱਖਾਂ ਗਿੱਲੀਆਂ ਅਤੇ ਸਲੇਟੀ ਹੋ ਜਾਂਦੀਆਂ ਸਨ। ਉਸ ਦੇ ਪਿਤਾ ਉਸ ਨੂੰ ‘ਬੇਟੀ ਨਿੱਕੀ ਸੁੰਦਰੀ’ ਕਹਿ ਕੇ ਬੁਲਾਉਂਦੇ। ਜਦ ਉਹ ਵੱਡੀ ਹੋਈ ਤਾਂ ਪਿਤਾ ਦਾ ਦਿੱਤਾ ਹੋਇਆ ਨਾਂ ਹੀ ਉਸ ਦੇ ਨਾਲ ਲੱਗ ਗਿਆ ਅਤੇ ਲੋਕ ਉਸ ਨੂੰੂ ‘ਸੁੰਦਰੀ’ ਨਾਂ ਨਾਲ ਹੀ ਬੁਲਾਉਣ ਲੱਗੇ। ‘‘ਇਹ ਠੀਕ ਨਹੀਂ ਹੈ,’’ ਉਸ ਦੀਆਂ ਵੱਡੀਆਂ ਭੈਣਾਂ ਨੇ ਕਿਹਾ, ‘‘ਅਸੀਂ ਦੋਵੇਂ ਵੀ ਤਾਂ ਉਸ ਵਰਗੀਆਂ ਹੀ ਸੁੰਦਰ ਹਾਂ। ਤੁਸੀਂ ਸਾਨੂੰ ਵੀ ‘ਸੁੰਦਰੀ’ ਕਹਿ ਕੇ ਕਿਉਂ ਨਹੀਂ ਬੁਲਾਉਂਦੇ?’’
‘‘ਉਸ ਨਾਲ ਕੁਝ ਉਲਝਣ ਹੋ ਸਕਦੀ ਹੈ,’’ ਪਿਤਾ ਨੇ ਕਿਹਾ, ‘‘ਦੇਖੋ, ਮੈਂ ਉਸ ਨੂੰ ‘ਸੁੰਦਰੀ’ ਸਿਰਫ਼ ਉਸ ਦੀ ਸੁੰਦਰਤਾ ਲਈ ਨਹੀਂ ਸਗੋਂ ਉਸ ਦੇ ਸੁੰਦਰ ਸੁਭਾਅ ਕਾਰਨ ਬੁਲਾਉਂਦਾ ਹਾਂ। ਉਹ ਹਰੇਕ ਨਾਲ ਚੰਗਾ ਵਰਤਾਅ ਕਰਦੀ ਹੈ, ਨੌਕਰਾਂ ਦੇ ਨਾਲ ਵੀ।’’
‘‘ਇਹ ਬਕਵਾਸ ਹੈ।’’ ਭੈਣਾਂ ਨੇ ਕਿਹਾ। ਦੋਵੇਂ ਭੈਣਾਂ ਸਭ ਨਾਲ ਕੁਰੱਖਤ ਵਰਤਾਅ ਕਰਦੀਆਂ ਸਨ। ਖ਼ਾਸ ਤੌਰ ’ਤੇ ਨੌਕਰਾਂ ਨਾਲ।
ਇਸ ਤੋਂ ਬਾਅਦ ਦੋਵੇਂ ਭੈਣਾਂ ਸੁੰਦਰੀ ਨਾਲ ਹੋਰ ਵੀ ਈਰਖਾ ਕਰਨ ਲੱਗੀਆਂ। ਉਹ ਸੁੰਦਰੀ ਦੇ ਸੁਨਹਿਰੇ ਅਤੇ ਲੰਬੇ ਵਾਲਾਂ ਅਤੇ ਉਸ ਦੀਆਂ ਨੀਲੀ ਸਲੇਟੀ ਅੱਖਾਂ ਤੋਂ ਸੜਣ ਲੱਗੀਆਂ। ਉਹ ਉਹਦੇ ਤੋਂ ਇਸ ਲਈ ਵੀ ਸੜਦੀਆਂ ਸਨ ਕਿਉਂਕਿ ਸੁੰਦਰੀ ਦੇ ਬਹੁਤ ਸਾਰੇ ਮਿੱਤਰ ਅਤੇ ਪ੍ਰਸ਼ੰਸਕ ਸਨ। ਇਸ ਗੱਲ ਦਾ ਉਨ੍ਹਾਂ ਨੂੰ ਸਭ ਨਾਲੋਂ ਵੱਧ ਸਾੜਾ ਸੀ ਕਿ ਉਨ੍ਹਾਂ ਦੇ ਪਿਤਾ ਸੁੰਦਰੀ ਨੂੰ ਬਹੁਤ ਪਿਆਰ ਕਰਦੇ ਸਨ।
ਇੱਕ ਦਿਨ ਵਪਾਰੀ ਇੱਕ ਬੁਰੀ ਖ਼ਬਰ ਲੈ ਕੇ ਘਰ ਮੁੜਿਆ।
‘‘ਸਮੁੰਦਰ ਵਿੱਚ ਭਿਆਨਕ ਤੂਫ਼ਾਨ ਆਇਆ,’’ ਉਸ ਨੇ ਆਪਣੀਆਂ ਲੜਕੀਆਂ ਨੂੰ ਦੱਸਿਆ, ‘‘ਉਸ ਤੂਫ਼ਾਨ ਵਿੱਚ ਮੇਰੇ ਸਾਰੇ ਜਹਾਜ਼ ਡੁੱਬ ਗਏ ਹਨ। ਮੇਰਾ ਸਾਰਾ ਕੁਝ ਲੁੱਟਿਆ ਗਿਆ ਹੈ।’’
‘‘ਸਾਰਾ ਕੁਝ?’’ ਸਭ ਨਾਲੋਂ ਵੱਡੀ ਲੜਕੀ ਨੂੰ ਯਕੀਨ ਨਹੀਂ ਹੋਇਆ। ਉਸ ਨੇ ਪੁੱਛਿਆ, ‘‘ਤੁਹਾਡਾ ਮਤਲਬ ਹੈ ਕਿ ਹੁਣ ਅਸੀਂ ਗਰੀਬ ਹੋ ਗਏ ਹਾਂ।’’
‘‘ਅਸੀਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਹਾਂ,’’ ਪਿਤਾ ਨੇ ਕਿਹਾ, ‘‘ਸਾਡੀ ਔਕਾਤ ਹੁਣ ਸ਼ਹਿਰ ਵਿੱਚ ਰਹਿਣ ਦੀ ਨਹੀਂ ਰਹੀ। ਸਾਨੂੰੂ ਇਸ ਵੱਡੇ ਮਕਾਨ ਨੂੰ ਵੇਚ ਕੇ ਕਿਸੇ ਪਿੰਡ ਵਿੱਚ ਝੌਂਪੜੀ ਬਣਾ ਕੇ ਰਹਿਣਾ ਹੋਵੇਗਾ।’’ ‘‘ਪਰ ਆਖ਼ਿਰ ਅਸੀਂ ਪਿੰਡ ਵਿੱਚ ਕੀ ਕਰਾਂਗੇ?’’ ਦੂਜੀ ਲੜਕੀ ਨੇ ਕਿਹਾ। ‘‘ਉੱਥੇ ਨਾ ਤਾਂ ਦੁਕਾਨਾਂ ਹੋਣਗੀਆਂ, ਨਾ ਪਾਰਟੀਆਂ ਅਤੇ ਨਾ ਹੀ ਮਜ਼ਾ। ਅਸੀਂ ਉੱਥੇ ਅੱਕ ਕੇ ਮਰ ਜਾਵਾਂਗੇ।’’
‘‘ਨਹੀਂ ਇਹੋ ਜਿਹਾ ਨਹੀਂ ਹੋਵੇਗਾ,’’ ਸੁੰਦਰੀ ਨੇ ਕਿਹਾ ਅਤੇ ਉਸ ਨੇ ਧਰਵਾਸਾ ਦਿੰਦੇ ਹੋਏ ਪਿਤਾ ਦੀ ਪਿੱਠ ’ਤੇ ਹੱਥ ਫੇਰਿਆ।
‘‘ਅਸੀਂ ਉੱਥੇ ਖਾਣਾ ਪਕਾਉਣ, ਸਫ਼ਾਈ ਕਰਨ ਅਤੇ ਬਾਗ਼-ਬਗੀਚੇ ਵਿੱਚ ਐਨੇ ਰੁੱਝੇ ਹੋਵਾਂਗੇ ਕਿ ਸਾਨੂੰ ਅੱਕਣ ਦਾ ਸਮਾਂ ਹੀ ਨਹੀਂ ਮਿਲੇਗਾ।’’ ‘‘ਤੂੰ ਆਪਣੀ ਗੱਲ ਕਰ ਸੁੰਦਰੀ।’’ ਦੋਹਾਂ ਭੈਣਾਂ ਨੇ ਡਾਂਟਦੇ ਹੋਏ ਕਿਹਾ, ‘‘ਅਸੀਂ ਨਹੀਂ ਚਾਹੁੰਦੇ ਕਿ ਸਾਡੇ ਹੱਥ ਗੰਦੇ ਹੋਣ ਅਤੇ ਨਹੁੰ ਬਰਬਾਦ ਹੋਣ। ਤੇਰੇ ਸੁਝਾਅ ਲਈ ਬਹੁਤ-ਬਹੁਤ ਸ਼ੁਕਰੀਆ।’’
ਦੋਹਾਂ ਭੈਣਾਂ ਨੇ ਕੋਈ ਕੰਮ ਨਾ ਕੀਤਾ। ਨਵੇਂ ਘਰ ਤਕ ਸਾਮਾਨ ਢੋਣ ਦੇ ਕੰਮ ਵਿੱਚ ਉਨ੍ਹਾਂ ਨੇ ਸੁੰਦਰੀ ਦੀ ਕੋਈ ਸਹਾਇਤਾ ਨਹੀਂ ਕੀਤੀ। ਦੋਵੇਂ ਭੈਣਾਂ ਦੁਪਹਿਰ ਤੀਕ ਪਲੰਘ ’ਤੇ ਲੰਮੀਆਂ ਪੈ ਕੇ ਉਬਾਸੀਆਂ ਲੈਂਦੀਆਂ ਅਤੇ ਪਿੰਡ ਦੀ ਨੀਰਸ ਜ਼ਿੰਦਗੀ ਦਾ ਰੋਣਾ ਰੋਂਦੀਆਂ ਰਹਿੰਦੀਆਂ।
ਪਰ ਸੁੰਦਰੀ ਨੂੰ ਆਪਣੀ ਨਵੀਂ ਜ਼ਿੰਦਗੀ ਵਿੱਚ ਬੜਾ ਮਜ਼ਾ ਆ ਰਿਹਾ ਸੀ। ਉਹ ਫਰਨੀਚਰ ਨੂੰ ਸਾਫ਼ ਕਰ ਉਸ ਨੂੰ ਪਾਲਿਸ਼ ਲਗਾ ਕੇ ਚਮਕਾਉਂਦੀ। ਉਹ ਪੂਰੇ ਪਰਿਵਾਰ ਲਈ ਸੁਆਦੀ ਖਾਣਾ ਤਿਆਰ ਕਰਦੀ। ਉਸ ਨੂੰ ਸਭ ਨਾਲੋਂ ਵੱਧ ਮਜ਼ਾ ਬਾਗ਼ ਵਿੱਚ ਕੰਮ ਕਰਨ ਵਿੱਚ ਆਉਂਦਾ ਸੀ। ਉਹ ਬਾਗ਼ ਵਿੱਚ ਨਵੇਂ ਪੌਦੇ ਲਗਾਉਂਦੀ, ਘਾਹ ਕੱਢਦੀ ਅਤੇ ਗੁਲਾਬ ਦੇ ਫੁੱਲਾਂ ਦੀ ਦੇਖਭਾਲ ਕਰਦੀ। ਇਨ੍ਹਾਂ ਕੰਮਾਂ ਵਿੱਚ ਉਸ ਨੂੰ ਬਹੁਤ ਖੁਸ਼ੀ ਮਿਲਦੀ। ਇਸ ਆਨੰਦ ਦੇ ਕਾਰਨ ਉਸ ਦੀਆਂ ਅੱਖਾਂ ਨੀਲੀਆਂ ਅਤੇ ਗੂੜ੍ਹੀਆਂ ਨੀਲੀਆਂ ਹੋ ਗਈਆਂ। ਅਖੀਰ ਵਿੱਚ ਉਸ ਦੇ ਸੁੰਦਰ ਚਿਹਰੇ ’ਤੇ ਨੀਲਮ ਜਿਹੀਆਂ ਅੱਖਾਂ ਇਕਦਮ ਚਮਕਣ ਲੱਗੀਆਂ। ਠੀਕ ਇੱਕ ਸਾਲ ਬਾਅਦ ਵਪਾਰੀ ਇੱਕ ਚੰਗੀ ਖ਼ਬਰ ਲੈ ਕੇ ਘਰ ਮੁੜਿਆ। ‘‘ਇੱਕ ਜਹਾਜ਼ ਜਿਸਨੂੰ ਮੈਂ ਸਮਝ ਰਿਹਾ ਸੀ ਕਿ ਡੁੱਬ ਗਿਆ ਹੈ ਹੁਣ ਸਹੀ- ਸਲਾਮਤ ਵਾਪਸ ਆ ਗਿਆ ਹੈ,’’ ਉਸ ਨੇ ਆਪਣੀਆਂ ਲੜਕੀਆਂ ਨੂੰ ਕਿਹਾ, ‘‘ਕੱਲ੍ਹ ਮੈਂ ਬੰਦਰਗਾਹ ’ਤੇ ਜਾ ਕੇ ਮਾਲ ਵੇਚਣ ਦੀ ਕੋਸ਼ਿਸ਼ ਕਰੂੰਗਾ।’’
ਦੋਹਾਂ ਵੱਡੀਆਂ ਭੈਣਾਂ ਨੇ ਪਿਤਾ ਦੇ ਗਲ਼ ਦੁਆਲੇ ਬਾਹਾਂ ਵਲ ਕੇ ਉਸ ਨੂੰ ਚੁੰਮਿਆ।
‘‘ਪਿਤਾ ਜੀ, ਪਿਆਰੇ ਪਿਤਾ ਜੀ, ਉਸ ਤੋਂ ਬਾਅਦ ਤੁਸੀਂ ਸਾਡੇ ਲਈ ਕੁਝ ਉਪਹਾਰ ਜ਼ਰੂਰ ਲਿਆਉਣਾ।’’ ਉਨ੍ਹਾਂ ਨੇ ਪ੍ਰਾਰਥਨਾ ਕੀਤੀ। ‘‘ਗਹਿਣੇ ਅਤੇ ਨਵੇਂ ਕੱਪੜੇ ਅਤੇ ਪਸ਼ਮੀਨੇ ਦਾ ਇੱਕ ਕੀਮਤੀ ਦੁਸ਼ਾਲਾ।’’
‘‘ਮੈਂ ਪੂਰੀ ਕੋਸ਼ਿਸ਼ ਕਰੂੰਗਾ,’’ਵਪਾਰੀ ਨੇ ਵਾਅਦਾ ਕੀਤਾ, ‘‘ਅੱਛਾ ਸੁੰਦਰੀ, ਤੇਰੇ ਲਈ ਕੀ ਲਿਆਂਵਾ?’’
ਸੁੰਦਰੀ ਨੇ ਬੜਾ ਸੋਚਿਆ। ਅੰਤ ਵਿੱਚ ਉਸ ਨੇ ਕਿਹਾ, ‘‘ਪਿਤਾ ਜੀ, ਦੁਨੀਆਂ ਵਿੱਚ ਇੱਕ ਚੀਜ਼ ਮੈਨੂੰ ਬੜੀ ਪਸੰਦ ਹੈ। ਜੇਕਰ ਮੇਰੇ ਲਈ ਇੱਕ ਸੁੰਦਰ, ਚਿੱਟਾ, ਭਿੱਜੀ ਖੁਸ਼ਬੋ ਵਾਲਾ ਗੁਲਾਬ ਲਿਆ ਸਕੋ ਤਾਂ ਬੜਾ ਚੰਗਾ ਹੋਵੇਗਾ।’’
ਦੋਵੇਂ ਭੈਣਾਂ ਇੱਕ-ਦੂਜੇ ਵੱਲ ਦੇਖ ਕੇ ਮੁਸਕਰਾਈਆਂ।
‘‘ਇਕ ਗੁਲਾਬ ਤਾਂ ਖਾਸ ਮਹਿੰਗਾ ਨਹੀਂ ਹੋਵੇਗਾ।’’ ਸ਼ਾਇਦ ਇਸੇ ਕਰਕੇ ਸੁੰਦਰੀ ਨੇ ਗੁਲਾਬ ਦੀ ਇੱਛਾ ਪ੍ਰਗਟਾਈ ਸੀ। ਉਸ ਨੂੰ ਡਰ ਸੀ ਕਿ ਜੇ ਕਿਤੇ ਪਿਤਾ ਜੀ ਆਪਣੇ ਮਾਲ ਨੂੰ ਮਨਮਰਜ਼ੀ ਦੇ ਭਾਅ ’ਤੇ ਨਾ ਵੇਚ ਸਕੇ ਅਤੇ ਉਨ੍ਹਾਂ ਨੂੰ ਆਸ ਨਾਲੋਂ ਘੱਟ ਪੈਸੇ ਮਿਲੇ ਤਾਂ। ਉਸ ਦਾ ਇਹ ਡਰ ਸਹੀ ਨਿਕਲਿਆ। ਮਾਲ ਬਹੁਤ ਘੱਟ ਕੀਮਤ ’ਤੇ ਵਿਕਿਆ ਅਤੇ ਸਾਰੀ ਰਕਮ ਕਰਜ਼ਾ ਮੋੜਨ ਵਿੱਚ ਚਲੀ ਗਈ।
ਵਪਾਰੀ ਜਦ ਬੰਦਰਗਾਹ ਤੋਂ ਵਾਪਸ ਘਰ ਨੂੰ ਤੁਰਿਆ ਤਾਂ ਉਸ ਕੋਲ ਇੱਕ ਧੇਲਾ ਵੀ ਨਹੀਂ ਬਚਿਆ ਸੀ। ਉਹ ਸੋਚ ਰਿਹਾ ਸੀ ਕਿ ਇਹ ਖ਼ਬਰ ਉਹ ਆਪਣੀਆਂ ਲੜਕੀਆਂ ਨੂੰ ਕਿਸ ਤਰ੍ਹਾਂ ਦੱਸੇਗਾ।
ਉਹ ਅਜੇ ਥੋੜ੍ਹੀ ਦੂਰ ਹੀ ਗਿਆ ਸੀ ਕਿ ਬਰਫ਼ ਡਿੱਗਣ ਲੱਗੀ। ਥੋੜ੍ਹੇ ਚਿਰ ਵਿੱਚ ਹੀ ਸਾਰੀ ਜ਼ਮੀਨ ’ਤੇ ਬਰਫ਼ ਦੀ ਚਿੱਟੀ ਚਾਦਰ ਵਿਛ ਗਈ ਅਤੇ ਸੜਕ ਦਿਸਣੀ ਬੰਦ ਹੋ ਗਈ। ਫਿਰ ਜ਼ੋਰ ਦੀ ਹਵਾ ਵਗੀ ਅਤੇ ਉਹ ਇੱਕ ਭਿਅੰਕਰ ਘੁੰਮਣਘੇਰੀ ਵਿੱਚ ਫਸ ਕੇ ਉਧਰ ਭਟਕਣ ਲੱਗਿਆ।
ਕੁਝ ਘੰਟਿਆਂ ਬਾਅਦ ਵਪਾਰੀ ਨੇ ਆਪਣੇ ਆਪ ਨੂੰ ਇੱਕ ਜੰਗਲ ਵਿੱਚ ਪਾਇਆ। ਉਹ ਗੁਆਚ ਗਿਆ ਸੀ। ਉਹ ਇਧਰ-ਉਧਰ ਕੋਈ ਸੁਰੱਖਿਅਤ ਥਾਂ ਲੱਭਣ ਲੱਗਿਆ ਪਰ ਉਥੇ ਦੂਰ-ਦੂਰ ਤੀਕ ਕੋਈ ਵੀ ਮਕਾਨ ਨਹੀਂ ਸੀ। ਉਸ ਨੂੰ ਲੱਗਿਆ ਕਿ ਕੁਝ ਹੀ ਪਲਾਂ ਵਿੱਚ ਉਸ ਦਾ ਸਰੀਰ ਠੰਢ ਨਾਲ ਜਕੜਿਆ ਜਾਏਗਾ ਜਾਂ ਫਿਰ ਬਘਿਆੜ ਉਸ ਨੂੰ ਖਾ ਜਾਣਗੇ।
‘‘ਕੋਈ ਹੈ? ਮਿਹਰਬਾਨੀ ਕਰਕੇ ਮੈਨੂੰ ਬਚਾਓ।’’ ਉਹ ਮਦਦ ਲਈ ਚੀਕਿਆ। ਉਂਜ ਉਸ ਬੀਆਬਾਨ ਇਲਾਕੇ ਵਿੱਚ ਉਸ ਨੂੰ ਮਦਦ ਦੀ ਕੋਈ ਆਸ ਨਹੀਂ ਸੀ। ਉਸ ਦੀ ਇੱਕ ਪੁਕਾਰ ਤੋਂ ਬਾਅਦ ਰਹੱਸਮਈ ਢੰਗ ਨਾਲ ਜੰਗਲ ਦੇ ਥਾਂ ’ਤੇ ਸੰਘਣੇ ਰੁੱਖਾਂ ਦੀਆਂ ਦੋ ਕਤਾਰਾਂ ਖੜ੍ਹੀਆਂ ਹੋ ਗਈਆਂ। ਰੁੱਖਾਂ ਦੇ ਅੰਤ ਵਿੱਚ ਇੱਕ ਸੁੰਦਰ, ਵੱਡਾ ਸਾਰਾ ਮਹੱਲ ਖੜ੍ਹਾ ਸੀ। ਮਹੱਲ ਦੀਆਂ ਤਾਕੀਆਂ ’ਚੋਂ ਤੇਜ਼ ਪ੍ਰਕਾਸ਼ ਆ ਰਿਹਾ ਸੀ।
ਇਹ ਦੇਖ ਕੇ ਵਪਾਰੀ ਨੂੰ ਆਪਣੀਆਂ ਅੱਖਾਂ ’ਤੇ ਯਕੀਨ ਨਹੀਂ ਹੋਇਆ। ਉਹ ਕਾਹਲੀ ਨਾਲ ਮਹੱਲ ਦੇ ਅੰਦਰ ਵੜਿਆ ਕਿਉਂਕਿ ਉੁਸ ਨੂੰ ਡਰ ਸੀ ਕਿ ਅੰਦਰ ਵੜਨ ਤੋਂ ਪਹਿਲਾਂ ਹੀ ਕਿਤੇ ਮਹੱਲ ਗਾਇਬ ਨਾ ਹੋ ਜਾਏ। ਉਸ ਨੇ ਆਪਣੇ ਘੋੜੇ ਨੂੰ ਅਸਤਬਲ ਵਿੱਚ ਬੰਨ੍ਹਿਆ ਅਤੇ ਫਿਰ ਉਹ ਪੌੜੀਆਂ ਚੜ੍ਹ ਕੇ ਮਹੱਲ ਦੇ ਮਜ਼ਬੂਤ ਦਰਵਾਜ਼ੇ ਕੋਲ ਪੁੱਜਿਆ। ਉਹ ਦਰਵਾਜ਼ਾ ਖੜਕਾਉਣ ਹੀ ਵਾਲਾ ਸੀ ਕਿ ਅਚਾਨਕ ਜਾਦੂਈ ਤਰੀਕੇ ਨਾਲ ਦਰਵਾਜ਼ਾ ਆਪਣੇ ਆਪ ਖੁੱਲ੍ਹ ਗਿਆ। ਵਪਾਰੀ ਨੇ ਅੰਦਰ ਝਾਕ ਕੇ ਆਖਿਆ,‘‘ਹੈਲੋ, ਅੰਦਰ ਕੋਈ ਹੈ?’’
ਕਿਸੇ ਦੀ ਆਵਾਜ਼ ਨਹੀਂ ਆਈ। ਉਹ ਬੜੀ ਸਾਵਧਾਨੀ ਨਾਲ ਇੱਕ ਵੱਡੇ ਹਾਲ ਵਿੱਚ ਵੜਿਆ ਅਤੇ ਫਿਰ ਉਥੇ ਬਲਦੀ ਅੱਗ ਸਾਹਮਣੇ ਠੰਢੇ ਸਰੀਰ ਨੂੰ ਗਰਮਾਉਣ ਲੱਗਿਆ। ਕੋਲ ਹੀ ਇੱਕ ਮੇਜ਼ ’ਤੇ ਸੁਆਦੀ ਖਾਣਾ ਰੱਖਿਆ ਸੀ। ਜਿਹਦੀ ਖੁਸ਼ਬੋ ਚਹੁੰ ਪਾਸੇ ਫੈਲ ਰਹੀ ਸੀ। ਆਸੇ-ਪਾਸੇ ਕੋਈ ਨਹੀਂ ਸੀ। ਮੇਜ਼ ’ਤੇ ਪਿਆ ਖਾਣਾ ਸਿਰਫ਼ ਇੱਕੋ ਆਦਮੀ ਲਈ ਸੀ।
ਉਹ ਘਬਰਾਉਂਦਾ ਹੋਇਆ ਮੇਜ਼ ਕੋਲ ਗਿਆ, ‘‘ਕੀ ਇਹ ਮੇਰੇ ਲਈ ਹੈ?’’ ਉਸ ਨੇ ਪੁੱਛਿਆ।
ਉਸ ਨੂੰ ਕੋਈ ਮੋੜਵਾਂ ਉਤਰ ਨਹੀਂ ਮਿਲਿਆ। ਹੁਣ ਤਕ ਵਪਾਰੀ ਦੀ ਭੁੱਖ ਏਨੀ ਵਧ ਗਈ ਸੀ ਕਿ ਉਹ ਖਾਣ ਦੇ ਲਾਲਚ ਨੂੰ ਰੋਕ ਨਹੀਂ ਸਕਿਆ। ਉਸ ਨੇ ਢਿੱਡ ਭਰ ਕੇ ਖਾਣਾ ਖਾਧਾ ਅਤੇ ਪਾਣੀ ਪੀਤਾ। ਖਾਣ ਮਗਰੋਂ ਉਸ ਨੂੰ ਬੜੀ ਥਕਾਵਟ ਮਹਿਸੂਸ ਹੋਣ ਲੱਗੀ ਅਤੇ ਉਹ ਸੌਣ ਲਈ ਥਾਂ ਲੱਭਣ ਲੱਗਿਆ।
ਘਾਬਰੇ ਹੋਏ ਨੇ ਸਾਵਧਾਨੀ ਨਾਲ ਪੌੜੀਆਂ ਚੜੀਆਂ। ਪਹਿਲਾ ਦਰਵਾਜ਼ਾ ਖੋਲ੍ਹਦੇ ਸਾਰ ਹੀ ਉਹ ਇੱਕ ਬੜੇ ਆਲੀਸ਼ਾਨ ਕਮਰੇ ਵਿੱਚ ਦਾਖਲ ਹੋਇਆ। ਉਸ ਨੂੰ ਅੰਦਰ ਇੱਕ ਸੁੰਦਰ ਪਲੰਘ ਦਿਖਾਈ ਦਿੱਤਾ ਜਿਸ ’ਤੇ ਬੜੇ ਹੀ ਮੁਲਾਇਮ ਸਿਰਹਾਣੇ ਅਤੇ ਇੱਕ ਰਜ਼ਾਈ ਰੱਖੀ ਸੀ। ‘‘ਕੀ ਇਹ ਸਾਰੇ ਮੇਰੇ ਲਈ ਹਨ?’’ ਉਸ ਨੇ ਪੁੱਛਿਆ।
ਅਗਲੇ ਦਿਨ ਸਵੇਰੇ ਜਦ ਉਹ ਉਠਿਆ ਤਦ ਤਕ ਤਿੱਖੀ ਧੁੱਪ ਫੈਲ ਚੁੱਕੀ ਸੀ। ਅਚਾਨਕ ਉਸ ਦੇ ਪਲੰਘ ਕੋਲ ਰੱਖੇ ਮੇਜ਼ ’ਤੇ ਇੱਕ ਕੱਪ ਵਿੱਚ ਗਰਮ ਚਾਕਲੇਟ ਕਿਤੋਂ ਆ ਗਈ। ਉਸ ਨੇ ਚਾਕਲੇਟ ਪੀਤੀ ਅਤੇ ਫਿਰ ਪੌੜੀਆਂ ਰਾਹੀਂ ਥੱਲੇ ਆਇਆ। ਵੱਡੇ ਹਾਲ ਵਿੱਚ ਆਉਣ ਤੋਂ ਬਾਅਦ ਉਹ ਰੁਕਿਆ ਅਤੇ ਉਸ ਨੇ ਚਾਰੇ ਪਾਸੇ ਦੇਖਿਆ।
‘‘ਹੈਲੋ,’’ ਉਸ ਨੇ ਕਿਹਾ, ‘‘ਕੋਈ ਹੈ?’’
ਕਿਸੇ ਨੇ ਕੋਈ ਜਵਾਬ ਨਾ ਦਿੱਤਾ।
ਫਿਰ ਵਪਾਰੀ ਨੇ ਮਹੱਲ ਦਾ ਭਾਰੀ ਦਰਵਾਜ਼ਾ ਖੋਲ੍ਹਿਆ। ‘‘ਮੈਂ ਇੰਨੇ ਆਦਰ-ਸਤਿਕਾਰ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ, ’’ ਉਸ ਨੇ ਆਪਣੇ ਅਗਿਆਤ ਮੇਜ਼ਬਾਨ ਨੂੰ ਕਿਹਾ,‘‘ਪਰ ਹੁਣ ਮੈਨੂੰ ਆਪਣੀਆਂ ਲੜਕੀਆਂ ਕੋਲ ਵਾਪਸ ਜਾਣਾ ਚਾਹੀਦਾ ਹੈ।’’
ਮਹੱਲ ਦਾ ਦਰਵਾਜ਼ਾ ਆਪਣੇ ਆਪ ਹੌਲੀ ਜਿਹੀ ਉਸ ਦੇ ਪਿੱਛੇ ਬੰਦ ਹੋ ਗਿਆ। ਕੱਲ੍ਹ ਪਈ ਬਰਫ਼ ਹੈਰਾਨੀਜਨਕ ਢੰਗ ਨਾਲ ਪਿਘਲ ਗਈ ਅਤੇ ਉਸ ਦੀ ਥਾਂ ’ਤੇ ਗੁਲਾਬ ਦਾ ਖ਼ੂਬਸੂਰਤ ਬਾਗ਼ ਆ ਗਿਆ। ‘ਚਲੋ, ਮੈਂ ਅੱਜ ਸੁੰਦਰੀ ਲਈ ਉਸ ਦੀ ਮੰਗੀ ਚੀਜ਼ ਤਾਂ ਲਿਜਾ ਸਕਦਾ ਹਾਂ।’ ਉਸ ਨੇ ਸੋਚਿਆ।
‘ਜੋ ਕੋਈ ਵੀ ਇੱਥੇ ਰਹਿੰਦਾ ਹੈ ਉਸ ਨੂੰ ਏਨੇ ਸਾਰੇ ਗੁਲਾਬ ਦੇ ਫੁੱਲਾਂ ’ਚੋਂ ਇੱਕ ਗੁਲਾਬ ਦੇ ਫੁੱਲ ਦਾ ਘੱਟ ਹੋਣਾ ਨਹੀਂ ਰੜਕੇਗਾ।’
ਪਰ ਜਿਉਂ ਹੀ ਉਸ ਨੇ ਇੱਕ ਸੁੰਦਰ ਚਿੱਟਾ, ਖੁਸ਼ਬੂਦਾਰ ਫੁੱਲ ਤੋੜਿਆ, ਇੱਕ ਦਿਲ-ਕੰਬਾਊ ਆਵਾਜ਼ ਗੂੰਜੀ। ਅਗਲੇ ਹੀ ਪਲ ਉਸ ਦੇ ਸਾਹਮਣੇ ਦੇ ਰਾਹ ’ਤੇ ਇੱਕ ਦੈਂਤ ਆ ਕੇ ਖੜ੍ਹ ਗਿਆ। ਦੈਂਤ ਦਾ ਚਿਹਰਾ ਏਨਾ ਭਿਆਨਕ ਸੀ ਕਿ ਉਸ ਨੂੰ ਦੇਖਦੇ ਸਾਰ ਹੀ ਵਪਾਰੀ ਨੇ ਘਬਰਾ ਕੇ ਆਪਣੀਆਂ ਅੱਖਾਂ ਮੀਚ ਲਈਆਂ।
‘‘ਨਮਕ-ਹਰਾਮ, ਬੇਸ਼ਰਮ,’’ ਦੈਂਤ ਗੜਕਿਆ,‘‘ ਮੇਰੀ ਮਿਹਰਬਾਨੀ ਦਾ ਹਿਸਾਬ ਤੂੰ ਇਸ ਤਰ੍ਹਾਂ ਚੁਕਾਇਆ, ਮੇਰੇ ਫੁੱਲ ਦੀ ਚੋਰੀ ਕਰਕੇ? ਤੈਨੂੰ ਇਸ ਲਈ ਤਿਲ-ਤਿਲ ਕਰਕੇ ਮਰਨਾ ਹੋਵੇਗਾ।’’
‘‘ਮੈਂ...ਮੈਂ ਮਾਫੀ ਚਾਹੁੰਦਾ ਹਾਂ,’’ ਵਪਾਰੀ ਨੇ ਹਕਲਾਉਂਦੇ ਹੋਏ ਕਿਹਾ, ‘‘ਨੁਕਸਾਨ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਸੀ। ਮੇਰੀ ਸਭ ਨਾਲੋਂ ਛੋਟੀ ਲੜਕੀ, ਮੇਰੀ ਪਿਆਰੀ ਸੁੰਦਰੀ ਨੂੰ ਦੁਨੀਆਂ ਵਿੱਚ ਗੁਲਾਬ ਦੇ ਫੁੱਲਾਂ ਨਾਲ ਸਭ ਨਾਲੋਂ ਵੱਧ ਪਿਆਰ ਹੈ। ਇਸ ਲਈ ਮੈਂ ਉਸ ਲਈ ਇੱਕ ਗੁਲਾਬ ਦਾ ਫੁੱਲ ਲੈ ਕੇ ਜਾਣ ਦੀ ਸੋਚੀ। ਕ੍ਰੈਿਪਾ ਕਰਕੇ ਮੈਨੂੰ ਮਾਫ ਕਰ ਦਿਉ। ਇਹ ਸੁਣ ਕੇ ਦੈਂਤ ਚੁੱਪ ਹੋ ਗਿਆ। ਉਹ ਕਾਫ਼ੀ ਦੇਰ ਤੱਕ ਗੰਭੀਰਤਾ ਨਾਲ ਸੋਚਦਾ ਰਿਹਾ।
ਕੁਝ ਦੇਰ ਪਿੱਛੋਂ ਸਾਵਧਾਨੀ ਵਰਤਦੇ ਹੋਏ ਵਪਾਰੀ ਨੇ ਆਪਣੀਆਂ ਅੱਖਾਂ ਖੋਲ੍ਹੀਆਂ। ਹਿੰਮਤ ਕਰਕੇ ਜਦੋਂ ਉਸ ਨੇ ਸੰਭਲ ਕੇ ਦੈਂਤ ਵੱਲ ਦੇਖਿਆ ਤਾਂ ਪਾਇਆ ਕਿ ਬਦਸੂਰਤ ਹੋਣ ਦੇ ਬਾਵਜੂਦ ਉਹ ਆਦਮੀ ਵਾਂਗੂੰ ਸਿੱਧਾ ਖੜ੍ਹਾ ਸੀ ਅਤੇ ਉਸ ਦੀ ਬੋਲੀ ਵੀ ਕਿਸੇ ਆਦਮੀ ਦੀ ਭਾਰੀ ਆਵਾਜ਼ ਜਿਹੀ ਸੀ। ‘‘ਦੇਖੋ ਵਪਾਰੀ, ਮੈਂ ਤੇਰੇ ਨਾਲ ਇੱਕ ਸੌਦਾ ਕਰ ਸਕਦਾ ਹਾਂ’’, ਉਸ ਨੇ ਕਿਹਾ, ‘‘ਤੁੰ ਚਾਹੇ ਤਾਂ ਇਸ ਗੁਲਾਬ ਨੂੰ ਆਪਣੀ ਛੋਟੀ ਲੜਕੀ ਲਈ ਲੈ ਜਾ। ਉਸ ਨੂੰ ਕਹਿਣਾ ਕਿ ਜੇਕਰ ਉਹ ਮੇਰੇ ਨਾਲ, ਖ਼ੁਦ ਆਪਣੀ ਮਰਜ਼ੀ ਨਾਲ ਰਹਿਣ ਆਵੇਗੀ ਤਾਂ ਮੈਂ ਤੈਨੂੰ ਛੱਡ ਦਿਆਂਗਾ, ਨਹੀਂ ਤਾਂ ਤੈਨੂੰ ਮਰਨਾ ਪਵੇਗਾ।’’
ਵਪਾਰੀ ਥੋੜ੍ਹਾ ਝਿਜਕਿਆ। ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਸਭ ਤੋਂ ਪਿਆਰੀ ਲੜਕੀ ਕਿਸੇ ਬਦਸੂਰਤ ਪਸ਼ੂ ਦਾ ਸ਼ਿਕਾਰ ਬਣੇ ਪਰ ਇਸ ਸੌਦੇ ਨੂੰ ਕਬੂਲਣ ਦਾ ਬਹਾਨਾ ਬਣਾ ਕੇ ਉਹ ਘੱਟ ਤੋਂ ਘੱਟ ਇੱਕ ਵਾਰ, ਘਰ ਜਾ ਕੇ ਆਪਣੀਆਂ ਲੜਕੀਆਂ ਨਾਲ ਤਾਂ ਮਿਲ ਲਵੇਗਾ।
‘‘ਅੱਛਾ’’, ਦੈਂਤ ਨੇ ਪੁੱਛਿਆ, ‘‘ਦੱਸ, ਕੀ ਤੈਨੂੰ ਇਹ ਸ਼ਰਤ ਕਬੂਲ ਹੈ?’’
‘‘ਮੇਰੇ ਕੋਲ ਇਸ ਨੂੰ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਕੀ ਹੈ?’’ਵਪਾਰੀ ਨੇ ਪਤਲੀ-ਜਿਹੀ ਆਵਾਜ਼ ਵਿੱਚ ਕਿਹਾ।
‘‘ਅੱਛਾ, ਤਾਂ ਹੁਣ ਤੂੰ ਜਾਹ,’’ ਦੈਂਤ ਨੇ ਕਿਹਾ।
‘‘ਪਰ ਕੱਲ੍ਹ ਇਸੇ ਸਮੇਂ ਤੱਕ ਤੂੰ ਆਪਣੀ ਛੋਟੀ ਲੜਕੀ ਨੂੰ ਨਾਲ ਲੈ ਕੇ ਆ ਜਾਈਂ, ਨਹੀਂ ਤਾਂ ਤੇਰੀ ਖ਼ੈਰ ਨਹੀਂ।’’
ਪ੍ਰੇਸ਼ਾਨ ਅਤੇ ਦੁਖੀ ਵਪਾਰੀ ਨੇ ਦੈਂਤ ਤੋਂ ਵਿਦਾ ਲਈ ਅਤੇ ਆਪਣੇ ਘਰ ਵੱਲ ਤੁਰ ਪਿਆ।
ਤਿੰਨੋਂ ਲੜਕੀਆਂ ਆਪਣੇ ਪਿਤਾ ਨੂੰ ਦੇਖ ਕੇ ਬੜੀਆਂ ਖੁਸ਼ ਹੋਈਆਂ ਪਰ ਜਦੋਂ ਦੋਵੇਂ ਵੱਡੀਆਂ ਲੜਕੀਆਂ ਨੂੰ ਇਹ ਪਤਾ ਲੱਗਿਆ ਕਿ ਉਸ ਦੇ ਪਿਤਾ ਖਾਲੀ ਹੱਥ ਆਏ ਹਨ ਤਾਂ ਦੋਵੇਂ ਗੁੱਸੇ ਵਿੱਚ ਖੂਬ ਚਿੱਲਾਈਆਂ ਅਤੇ ਜਦ ਪਿਤਾ ਨੇ ਸੁੰਦਰੀ ਨੂੰ ਗੁਲਾਬ ਦਿੱਤਾ ਅਤੇ ਉਸ ਨੂੰ ਫੁੱਲ ਦੀ ਕੀਮਤ ਬਾਰੇ ਦੱਸਿਆ ਤਾਂ ਦੋਵੇਂ ਵੱਡੀਆਂ ਲੜਕੀਆਂ ਹੋਰ ਜ਼ੋਰ ਨਾਲ ਚਿੱਲਾਈਆਂ।
‘‘ਇਸ ਵਿੱਚ ਪੂਰੀ ਤਰ੍ਹਾਂ ਸੁੰਦਰੀ ਦੀ ਗ਼ਲ਼ਤੀ ਹੈ,’’ਉਨ੍ਹਾਂ ਨੇ ਗਰਜਦੇ ਹੋਏ ਕਿਹਾ,‘‘ਜੇਕਰ ਉਸ ਨੇ ਇਸ ਫਾਲਤੂ ਗੁਲਾਬ ਦੀ ਮੰਗ ਨਾ ਕੀਤੀ ਹੁੰਦੀ ਤਾਂ ਅਜਿਹਾ ਕਦੀ ਨਾ ਹੁੰਦਾ।’
ਸੁੰਦਰੀ ਦੀਆਂ ਨੀਲੀਆਂ ਅੱਖਾਂ ਮੁਰਝਾ ਕੇ ਇਕਦਮ ਗੂੜ੍ਹੀਆਂ ਸਲੇਟੀ ਹੋ ਗਈਆਂ। ‘‘ਇਹਦੇ ਵਿੱਚ ਮੇਰੀ ਹੀ ਗ਼ਲ਼ਤੀ ਹੈ ਅਤੇ ਉਸ ਗ਼ਲ਼ਤੀ ਦੀ ਸਜ਼ਾ ਮੈਨੰੂ ਹੀ ਮਿਲਣੀ ਚਾਹੀਦੀ ਹੈ।’’ ‘‘ਮੇਰੀ ਪਿਆਰੀ ਬੱਚੀ, ਤੈਨੂੰ ਨਹੀਂ ਪਤਾ ਕਿ ਤੂੰ ਕੀ ਕਹਿ ਰਹੀ ਹੈਂ।’’ ਵਪਾਰੀ ਨੇ ਵਿਰੋਧ ਕਰਦੇ ਹੋਏ ਕਿਹਾ, ‘‘ਉਹ ਦੈਂਤ ਸ਼ਾਇਦ ਦੁਨੀਆਂ ਦਾ ਸਭ ਨਾਲੋਂ ਬਦਸੂਰਤ ਅਤੇ ਭਿਆਨਕ ਜੀਵ ਹੋਵੇਗਾ। ਮੈਂ ਕਦੀ ਵੀ ਤੈਨੂੰ ਉਸ ਕੋਲ ਜਾ ਕੇ ਨਹੀਂ ਰਹਿਣ ਦਿਆਂਗਾ।’’
‘‘ਜੇਕਰ ਉਸ ਨੂੰ ਗੁਲਾਬ ਦੇ ਫੁੱਲਾਂ ਨਾਲ ਪਿਆਰ ਹੈ ਤਾਂ ਉਹ ਏਨਾ ਖ਼ਰਾਬ ਨਹੀਂ ਹੋ ਸਕਦਾ,’’ ਸੁੰਦਰੀ ਨੇ ਆਪਣੀ ਹਿੰਮਤ ਇਕੱਠੀ ਕਰਦੇ ਹੋਏ ਕਿਹਾ,‘‘ਪਿਤਾ ਜੀ,ਹੁਣ ਮੈਨੂੰ ਰੋਕਣ ਦਾ ਕੋਈ ਲਾਭ ਨਹੀਂ ਹੋਵੇਗਾ। ਕੱਲ੍ਹ ਤੁਸੀਂ ਮੈਨੂੰ ਉਸ ਦੈਂਤ ਦੇ ਮਹਿਲ ਵਿੱਚ ਲੈ ਜਾਣਾ।’’
ਅੰਤ ਵਿੱਚ ਹਾਰ ਕੇ ਵਪਾਰੀ ਇਸ ਗੱਲ ਲਈ ਤਿਆਰ ਹੋ ਗਿਆ। ਉਸ ਨੂੰ ਜਾਪਿਆ ਕਿ ਦੈਂਤ ਨੂੰ ਦੇਖਦਿਆਂ ਹੀ ਸੁੰਦਰੀ ਦਾ ਇਰਾਦਾ ਬਦਲ ਜਾਵੇਗਾ।
ਅਗਲੇ ਦਿਨ ਉਸ ਨੇ ਆਪਣੀਆਂ ਦੋਵੇਂ ਵੱਡੀਆਂ ਲੜਕੀਆਂ ਤੋਂ ਵਿਦਾ ਲਈ ਪਰ ਉਹ ਦੋਵੇਂ ਉਪਹਾਰ ਨਾ ਮਿਲਣ ਕਾਰਨ ਏਨੀਆਂ ਦੁਖੀ ਸਨ ਕਿ ਉਨ੍ਹਾਂ ਨੇ ਜਾਣ ਸਮੇਂ ਪਿਤਾ ਨੂੰ ਚੁੰਮਿਆ ਤੱਕ ਨਹੀਂ।
ਜਦ ਸੁੰਦਰੀ ਆਪਣੇ ਪਿਤਾ ਨਾਲ ਮਹਿਲ ਵਿੱਚ ਪੁੱਜੀ ਤਾਂ ਸਾਰਾ ਕੁਝ ਪਹਿਲਾਂ ਵਾਂਗ ਹੀ ਹੋਇਆ। ਪਹਿਲਾਂ ਦਰਵਾਜ਼ਾ ਖੁੱਲ੍ਹਿਆ, ਫਿਰ ਅਲਾਵ ਵਿੱਚ ਅੱਗ ਜਲੀ ਅਤੇ ਬਾਅਦ ਵਿੱਚ ਮੇਜ਼ ’ਤੇ ਸੁਆਦੀ ਖਾਣਾ ਲੱਗ ਗਿਆ ਪਰ ਇਸ ਵਾਰ ਮੇਜ਼ ’ਤੇ ਇੱਕ ਦੀ ਬਜਾਏ ਦੋ ਜਣਿਆਂ ਲਈ ਖਾਣਾ ਸਜਿਆ ਸੀ।
‘‘ਲੱਗਦਾ ਹੈ, ਇਹ ਦੈਂਤ ਨਰਮ ਦਿਲ ਹੈ,’’ ਸੁੰਦਰੀ ਨੇ ਕਿਹਾ,‘‘ਨਹੀਂ ਤਾਂ ਏਨੀ ਤਕਲੀਫ਼ ਕਰਨ ਦੀ ਉਸ ਨੂੰ ਕੀ ਲੋੜ ਸੀ?’’
ਵਪਾਰੀ ਨੇ ਸਿਰਫ਼ ਸਿਰ ਹਿਲਾਇਆ ਤੇ ਕਿਹਾ,‘‘ਮੈਥੋਂ ਨਾ ਪੁੱਛ। ਇਹ ਸਾਰਾ ਕੁਝ ਰਹੱਸਮਈ ਹੈ।’’
ਜਿਉਂ ਹੀ ਉਨ੍ਹਾਂ ਦੋਹਾਂ ਨੇ ਖਾਣਾ ਸਮਾਪਤ ਕੀਤਾ, ਇੱਕ ਜ਼ੋਰਦਾਰ ਆਵਾਜ਼ ਆਈ ਅਤੇ ਸਾਹਮਣੇ ਦੈਂਤ ਪ੍ਰਗਟ ਹੋਇਆ। ਸੁੰਦਰੀ ਦਾ ਕਲੇਜਾ ਤੇਜ਼ੀ ਨਾਲ ਧੜਕਣ ਲੱਗਿਆ। ਉਸ ਨੇ ਬੜੀ ਹਿੰਮਤ ਨਾਲ ਉਸ ਵੱਲ ਦੇਖਿਆ, ਪਰ ਇੱਕ ਝਲਕ ਦੇਖਣ ਤੋਂ ਬਾਅਦ ਉਸ ਨੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ। ਉਸ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਦੇਖਣ ਵਿੱਚ ਏਨਾ ਬਦਸੂਰਤ ਅਤੇ ਭਿਆਨਕ ਹੋਵੇਗਾ।
ਦੈਂਤ ਨੇ ਉਸ ਨੂੰ ਸੰਭਲ ਕੇ ਦੇਖਿਆ। ਅੰਤ ਵਿੱਚ ਉਸ ਨੇ ਪੁੱਛਿਆ, ‘‘ਕੀ ਤੂੰ ਇੱਥੇ ਆਪਣੀ ਮਰਜ਼ੀ ਨਾਲ ਆਈ ਏਂ?’’
‘‘ਹਾਂ, ਜਨਾਬ।’’ ਸੁੰਦਰੀ ਨੇ ਥੱਲੇ ਰੱਖੀ ਥਾਲੀ ਨੂੰ ਦੇਖਦੇ ਹੋਏ ਕਿਹਾ।
ਤਦ ਦੈਂਤ ਨੇ ਇੱਕ ਲੰਮਾ ਸਾਹ ਲਿਆ।
‘‘ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਵਪਾਰੀ ਸ੍ਰੀਮਾਨ, ਹੁਣ ਤੁਹਾਡੀ ਜਾਨ ਬਖ਼ਸ਼ੀ ਜਾਂਦੀ ਹੈ। ਤੁਸੀਂ ਸਵੇਰੇ ਇੱਥੋਂ ਚਲੇ ਜਾਣਾ ਅਤੇ ਫਿਰ ਕਦੇ ਵੀ ਵਾਪਸ ਨਾ ਆਉਣਾ। ਏਨਾ ਕਹਿ ਕੇ ਦੈਂਤ ਜਿੰਨੀ ਤੇਜ਼ੀ ਨਾਲ ਆਇਆ ਸੀ ਓਨੀ ਹੀ ਛੇਤੀ ਉਥੋਂ ਗਾਇਬ ਹੋ ਗਿਆ।
‘‘ਦੇਖ ਸੁੰਦਰੀ’’ ਵਪਾਰੀ ਨੇ ਆਪਣੀ ਲੜਕੀ ਨੂੰ ਕਿਹਾ, ‘‘ਹੁਣ ਤੂੰ ਸਮਝ ਗਈ ਹੋਵੇਂਗੀ ਕਿ ਮੈਂ ਤੈਨੂੰ ਇਸ ਵਿਸ਼ਾਲ ਜੀਵ ਨਾਲ ਇਕੱਲੀ ਛੱਡ ਕੇ ਕਿਉਂ ਨਹੀਂ ਜਾ ਸਕਦਾ?’’
ਸੁੰਦਰ ਦਾ ਦਿਲ ਡਰ ਨਾਲ ਕੰਬ ਰਿਹਾ ਸੀ।
ਖੌਫ਼ਨਾਕ ਦੈਂਤ ਨਾਲ ਰਹਿਣ ਦੇ ਵਿਚਾਰ ਨਾਲ ਹੀ ਉਸ ਦਾ ਦਿਲ ਦਹਿਲ ਰਿਹਾ ਸੀ। ਪਰ ਜੇ ਉਹ ਆਪਣਾ ਮਨ ਬਦਲਦੀ ਤਾਂ ਉਸ ਦੇ ਪਿਤਾ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ।
‘‘ਇਹ ਸੱਚ ਹੈ ਕਿ ਦੈਂਤ ਦੇਖਣ ਵਿੱਚ ਬੜਾ ਹੀ ਭੱਦਾ ਹੈ’’, ਉਸ ਨੇ ਮੰਨਿਆ, ‘‘ਪਰ ਮੈਨੂੰ ਨਹੀਂ ਲੱਗਦਾ ਕਿ ਉਹ ਇਹੋ ਜਿਹਾ ਕੁਝ ਬੁਰਾ ਚਾਹੁੰਦਾ ਹੈ। ਇਸ ਤਰ੍ਹਾਂ ਮੈਂ ਅਤੇ ਤੁਸੀਂ ਦੋਵੇਂ ਜ਼ਿੰਦਾ ਤਾਂ ਬਚ ਸਕਦੇ ਹਾਂ। ਕ੍ਰਿਪਾ ਕਰਕੇ ਤੁਸੀਂ ਸਵੇਰੇ ਹੀ ਚਲੇ ਜਾਣਾ।’’
ਪੂਰੀ ਰਾਤ ਸੁੰਦਰੀ ਆਪਣੇ ਪਿਤਾ ਨੂੰ ਸਮਝਾਉਂਦੀ ਰਹੀ ਕਿ ਉਹ ਉਸ ਨੂੰ ਮਹਿਲ ਵਿੱਚ ਛੱਡ ਕੇ ਅਗਲੇ ਦਿਨ ਘਰ ਪਰਤ ਜਾਣ। ਸਵੇਰ ਹੋਣ ਤੋਂ ਪਹਿਲਾਂ ਪਿਤਾ ਨੇ ਉਸ ਦੀ ਗੱਲ ਮੰਨ ਲਈ। ਰੋਂਦੇ ਹੋਏ ਪਿਤਾ ਨੇ ਆਪਣੀ ਪਿਆਰੀ ਸੁੰਦਰੀ ਨੂੰ ਚੁੰਮਿਆ ਅਤੇ ਫਿਰ ਉਸ ਤੋਂ ਵਿਦਾ ਲੈ ਕੇ ਉਹ ਘੋੜੇ ’ਤੇ ਸਵਾਰ ਹੋ ਕੇ ਘਰ ਵੱਲ ਰਵਾਨਾ ਹੋ ਗਿਆ।
ਅਗਲੀ ਸਵੇਰ ਸੁੰਦਰੀ ਨੇ ਹਿੰਮਤ ਇਕੱਠੀ ਕੀਤੀ ਅਤੇ ਉਹ ਮਹਿਲ ਦੇ ਆਲੇ-ਦੁਆਲੇ ਘੁੰਮਣ ਲਈ ਨਿਕਲੀ। ਉਸ ਨੂੰ ਬੜੀ ਹੈਰਾਨੀ ਹੋਈ ਜਦ ਉਸ ਨੇ ਇੱਕ ਕਮਰੇ ਸਾਹਮਣੇ ‘ ਸੁੰਦਰੀ ਦਾ ਕਮਰਾ’ ਲਿਖਿਆ ਦੇਖਿਆ। ਕਮਰੇ ਅੰਦਰ ਇੱਕ ਕਿਤਾਬਘਰ, ਇੱਕ ਵਾਧ-ਯੰਤਰ ਅਤੇ ਇੱਕ ਅਲਮਾਰੀ ਵਿੱਚ ਉਸ ਦੇ ਨਾਪ ਦੇ ਬੇਹੱਦ ਖ਼ੂਬਸੂਰਤ ਕੱਪੜੇ ਰੱਖੇ ਹੋਏ ਸਨ।
ਉਸ ਨੇ ਸੋਚਿਆ ਕਿ ਦੈਂਤ ਚਾਹੇ ਦੇਖਣ ਵਿੱਚ ਭਿਆਨਕ ਕਿਉਂ ਨਾ ਹੋਵੇ ਪਰ ਦਿਆਲੂ ਹੈ। ਉਹ ਸ਼ੀਸ਼ੇ ਸਾਹਮਣੇ ਆਪਣੇ ਵਾਲ ਸੰਵਾਰਨ ਲਈ ਬਹਿ ਗਈ। ਕਾਸ਼! ਉਹ ਆਪਣੇ ਪਿਤਾ ਨੂੰ ਦੇਖ ਸਕਦੀ ਅਤੇ ਉਸ ਨੂੰ ਇਹ ਪਤਾ ਲੱਗ ਜਾਂਦਾ ਕਿ ਉਹ ਬਿਲਕੁਲ ਸਹੀ-ਸਲਾਮਤ ਹੈ।
ਵੈਸੇ ਉਸ ਨੇ ਇਹ ਗੱਲ ਜ਼ੋਰ ਨਾਲ ਨਹੀਂ ਕਹੀ ਪਰ ਅਚਾਨਕ ਸ਼ੀਸ਼ੇ ਵਿੱਚੋਂ ਉਸ ਦਾ ਅਕਸ ਗਾਇਬ ਹੋ ਗਿਆ ਅਤੇ ਉਸ ਵਿੱਚ ਸੁੰਦਰੀ ਨੂੰ ਆਪਣੀਆਂ ਦੋਵੇਂ ਭੈਣਾਂ ਦਿਖਾਈ ਦਿੱਤੀਆਂ। ਉਹ ਉਸ ਦੇ ਪਿਤਾ ਦੇ ਘਰ ਆਉਣ ’ਤੇ ਸਵਾਗਤ ਕਰ ਰਹੀਆਂ ਸਨ। ਸੁੰਦਰੀ ਬਾਰੇ ਦੁੱਖ ਵਾਲਾ ਸਮਾਚਾਰ ਸੁਣ ਕੇ ਉਨ੍ਹਾਂ ਨੂੰ ਧੱਕਾ ਲੱਗਿਆ ਹੋਵੇ, ਇਹੋ ਜਿਹਾ ਕੁਝ ਨਹੀਂ ਸੀ। ਦੋਵੇਂ ਭੈਣਾਂ ਸਮਾਚਾਰ ਸੁਣ ਕੇ ਖੁਸ਼ ਸਨ ਅਤੇ ਚੋਰੀ-ਚੋਰੀ ਹੱਸ ਰਹੀਆਂ ਸਨ। ਅਗਲੇ ਹੀ ਪਲ ਇਹ ਦ੍ਰਿਸ਼ ਗਾਇਬ ਹੋ ਗਿਆ ਅਤੇ ਸੁੰਦਰੀ ਨੂੰ ਸ਼ੀਸ਼ੇ ਵਿੱਚ ਆਪਣਾ ਚਿਹਰਾ ਦਿੱਸਣ ਲੱਗਿਆ।
ਇਹ ਕੋਈ ਜਾਦੂ ਹੀ ਹੋਵੇਗਾ, ਉਸ ਨੇ ਹਲਕਾ ਜਿਹਾ ਕੰਬਦੇ ਹੋਏ ਸੋਚਿਆ। ਮਹਿਲ ਦੀ ਹਰੇਕ ਚੀਜ਼ ਅਜੀਬੋ-ਗਰੀਬ ਸੀ, ਜਿਵੇਂ ਕਿਸੇ ਨੇ ਕੋਈ ਜਾਦੂ-ਮੰਤਰ ਫੂਕ ਦਿੱਤਾ ਹੋਵੇ। ਦਿਨ ਭਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਨੂੰ ਸਮਝਣਾ ਬੜਾ ਮੁਸ਼ਕਿਲ ਸੀ। ਉਸ ਨੂੰ ਇਹ ਵੀ ਲੱਗ ਰਿਹਾ ਸੀ ਕਿ ਦੈਂਤ ਉਸ ਦੀ ਜ਼ਿੰਦਗੀ ਨੂੰ ਖੁਸ਼ਹਾਲ ਅਤੇ ਸੁਖੀ ਬਣਾਉਣਾ ਚਾਹੁੰਦਾ ਸੀ।
ਸੁੰਦਰੀ ਨੇ ਪੂਰੀ ਸਵੇਰ ਆਪਣੇ ਕਮਰੇ ਵਿੱਚ ਬਿਤਾਈ। ਉਸਨੇ ਕਿਤਾਬਾਂ ਪੜ੍ਹੀਆਂ ਅਤੇ ਵਾਧ-ਯੰਤਰ ਵਜਾਇਆ। ਦੁਪਹਿਰ ਵੇਲੇ ਉਹ ਬਾਗ਼ ਵਿੱਚ ਗਈ। ਉਸ ਨੂੰ ਬਾਗ਼ ਵਿੱਚ ਦੈਂਤ ਨਾਲ ਦੁਬਾਰਾ ਮਿਲਣ ਦਾ ਡਰ ਸੀ। ਉਸ ਨੂੰ ਬਾਗ਼ ਵਿੱਚ ਇੱਕ ਟੋਕਰੀ ਦਿਸੀ ਜਿਸ ਵਿੱਚ ਦਸਤਾਨੇ ਅਤੇ ਪੌਦਿਆਂ ਦੀ ਛਗਾਂਈ ਕਰਨ ਵਾਲੀ ਕੈਂਚੀ ਰੱਖੀ ਸੀ। ਸੁੰਦਰੀ ਨੇ ਦਸਤਾਨੇ ਪਾ ਕੇ ਗੁਲਾਬ ਦੇ ਪੌਦਿਆਂ ਦੀ ਛਗਾਂਈ ਕੀਤੀ।
ਰਾਤ ਦੇ ਖਾਣੇ ਤੱਕ ਸੁੰਦਰੀ ਇਸ ਸੁਖਦਾਈ ਕੰਮ ਵਿੱਚ ਰੁਝੀ ਰਹੀ। ਥੱਕਣ ਦੇ ਬਾਵਜੂਦ ਉਸ ਨੂੰ ਭੁੱਖ ਲੱਗੀ ਅਤੇ ਉਹ ਅੰਦਰ ਦੇ ਵੱਡੇ ਹਾਲ ਵਿੱਚ ਚਲੀ ਗਈ। ਉੱਥੇ ਮੇਜ਼ ’ਤੇ ਖਾਣਾ ਪਿਆ ਸੀ। ਜਿਉਂ ਹੀ ਸੁੰਦਰੀ ਨੇ ਖਾਣਾ ਸ਼ੁਰੂ ਕੀਤਾ, ਇੱਕ ਧਮਾਕੇ ਦੀ ਆਵਾਜ਼ ਨਾਲ ਦੈਂਤ ਅੰਦਰ ਆਇਆ।
‘‘ਕੀ ਮੈਂ ਇੱਥੇ ਬੈਠ ਕੇ ਤੇਰੇ ਨਾਲ ਕੁਝ ਗੱਲਾਂ ਕਰ ਸਕਦਾ ਹਾਂ?’’ ਉਸ ਨੇ ਪੁੱਛਿਆ।
‘‘ਨਹੀਂ’’, ਸੁੰਦਰੀ ਨੇ ਜਵਾਬ ਦਿੱਤਾ। ਉਹ ਲਗਾਤਾਰ ਆਪਣੀ ਥਾਲੀ ਵੱਲ ਦੇਖਦੀ ਰਹੀ।
‘‘ਕੀ ਤੈਨੂੰ ਸੂਪ ਚੰਗਾ ਲੱਗਿਆ?’’ਉਸ ਨੇ ਪੁੱਛਿਆ।
‘‘ਹਾਂ, ਸੂਪ ਬੜਾ ਹੀ ਸੁਆਦ ਸੀ,’’ ਸੁੰਦਰੀ ਨੇ ਕਿਹਾ।
ਦੈਂਤ ਨੇ ਲੰਬਾ ਹਉਕਾ ਲਿਆ।
‘‘ਤੂੰ ਮੇਰੇ ਵੱਲ ਕਿਉਂ ਨਹੀਂ ਦੇਖਦੀ? ਕੀ ਇਸ ਲਈ ਕਿ ਮੈਂ ਬਹੁਤ ਬਦਸੂਰਤ ਹਾਂ?’’
ਸੁੰਦਰੀ ਨੇ ਬੜੀ ਹਿੰਮਤ ਕਰਕੇ ਦੈਂਤ ਦੇ ਚਿਹਰੇ ਵੱਲ ਸਿੱਧਾ ਦੇਖਿਆ।
‘‘ਇਹ ਸੱਚ ਹੈ ਕਿ ਤੁਹਾਡਾ ਚਿਹਰਾ ਦੇਖਣ ਵਿੱਚ ਬੜਾ ਭੱਦਾ ਹੈ।’’ ਉਸ ਨੇ ਸਫ਼ਾਈ ਦਿੰਦਿਆਂ ਕਿਹਾ,‘‘ਪਰ ਤੁਹਾਡੀਆਂ ਭੂਰੀਆਂ ਅੱਖਾਂ ਬਹੁਤ ਪਿਆਰੀਆਂ ਹਨ। ਮੈਨੂੰ ਲੱਗਦਾ ਹੈ ਕਿ ਤੁਹਾਡਾ ਦਿਲ ਵੀ ਬਹੁਤ ਨਰਮ ਹੈ।’’
ਦੈਂਤ ਨੇ ਆਪਣਾ ਸਿਰ ਹਿਲਾਇਆ।
‘‘ਮੈਂ ਇੱਕ ਖ਼ੂਬਸੂਰਤ ਰਾਜਕੁਮਾਰ ਹੁੰਦਾ ਤਾਂ ਸ਼ਾਇਦ ਤੂੰ ਮੇਰੇ ਨਾਲ ਪਿਆਰ ਕਰਨ ਲੱਗਦੀ।’’
ਸੁੰਦਰੀ ਨੂੰ ਉਸ ’ਤੇ ਤਰਸ ਆਉਣ ਲੱਗਿਆ ਅਤੇ ਉਸ ਨੇ ਕਾਹਲੀ ਨਾਲ ਕਿਹਾ,‘‘ਮੇਰੀ ਰਾਇ ਵਿੱਚ ਦਿਲ ਚੰਗਾ ਹੋਣਾ ਸੁੰਦਰ ਚਿਹਰੇ ਨਾਲੋਂ ਕਿਤੇ ਵੱਧ ਚੰਗਾ ਹੈ।’’
‘‘ਕੀ ਤੂੰ ਸੱਚਮੁੱਚ ਅਜਿਹਾ ਸੋਚਦੀ ਏਂ?’’ ਦੈਂਤ ਨੂੰ ਕੁਝ ਉਮੀਦ ਬੱਝਦੀ ਮਹਿਸੂਸ ਹੋਈ।
‘‘ਤਾਂ ਫਿਰ ਕੀ ਤੂੰ ਮੇਰੇ ਨਾਲ ਸ਼ਾਦੀ ਕਰੇਂਗੀ?’’
‘‘ਨਹੀਂ।’’ ਸੁੰਦਰੀ ਇਕਦਮ ਸਹਿਮ ਗਈ,‘‘ਨਹੀਂ, ਮੈਂ ਤੁਹਾਡੇ ਨਾਲ ਸ਼ਾਦੀ ਨਹੀਂ ਕਰ ਸਕਦੀ।’’
‘‘ਤਾਂ ਫਿਰ ਮੈਂ ਤੇਰੇ ਤੋਂ ਰਾਤ ਲਈ ਵਿਦਾ ਲਊਂਗਾ।’’ ਦੈਂਤ ਨੇ ਦੁਖੀ ਹੋ ਕੇ ਕਿਹਾ ਅਤੇ ਉਥੋਂ ਗਾਇਬ ਹੋ ਗਿਆ।
ਥੋੜ੍ਹੇ ਦਿਨ ਤਾਂ ਹੌਲੀ-ਹੌਲੀ ਲੰਘੇ ਪਰ ਕੁਝ ਸਮੇਂ ਬਾਅਦ ਸੁੰਦਰੀ ਨੂੰ ਮਹੱਲ ਵਿੱਚ ਰਹਿਣ ਵਿੱਚ ਆਨੰਦ ਆਉਣ ਲੱਗਿਆ। ਉਸ ਨੂੰ ਕਿਤਾਬਾਂ ਪੜ੍ਹਨੀਆਂ, ਵਾਧ-ਯੰਤਰ ਵਜਾਉਣਾ ਅਤੇ ਗੁਲਾਬ ਦੇ ਪੌਦਿਆਂ ਦੀ ਦੇਖਭਾਲ ਕਰਨਾ ਚੰਗਾ ਲੱਗਣ ਲੱਗਿਆ ਪਰ ਸਭ ਨਾਲੋਂ ਵੱਧ ਮਜ਼ਾ ਉਸ ਨੂੰ ਸ਼ਾਮ ਸਮੇਂ ਦੈਂਤ ਨਾਲ ਗੱਲਾਂ ਕਰਨ ਵਿੱਚ ਆਉਂਦਾ ਸੀ।
ਦੋਵੇਂ ਵੱਖੋ-ਵੱਖ ਵਿਸ਼ਿਆਂ ’ਤੇ ਚਰਚਾ ਕਰਦੇ। ਸੰਗੀਤ, ਸਾਹਿਤ, ਬਾਗ਼ਬਾਨੀ ਆਦਿ ਬਾਰੇ ਗੱਲਾਂ ਕਰਦੇ। ਸਮਾਂ ਗੁਜ਼ਰਨ ਦੇ ਨਾਲ-ਨਾਲ ਉਹ ਦੈਂਤ ਨਾਲ ਪਿਆਰ ਕਰਨ ਲੱਗੀ। ਜਦ ਉਹ ਹਰੇਕ ਸ਼ਾਮ ਸੁੰਦਰੀ ਸਾਹਮਣੇ ਸ਼ਾਦੀ ਦਾ ਪ੍ਰਸਤਾਵ ਰੱਖਦਾ ਤਾਂ ਉਹ ਉਸ ਨੂੰ ਠੁਕਰਾਅ ਦਿੰਦੀ। ਉਹ ਉਸ ਨੂੰ ਇੱਕ ਮਿੱਤਰ ਦੇ ਰੂਪ ਵਿੱਚ ਚਾਹੁੰਦੀ ਸੀ, ਪਤੀ ਦੇ ਰੂਪ ਵਿੱਚ ਨਹੀਂ।
ਇੱਕ ਸ਼ਾਮ ਦੈਂਤ ਨੇ ਕਿਹਾ,‘‘ਮੈਂ ਦੇਖਿਆ ਹੈ ਕਿ ਤੇਰੀਆਂ ਅੱਖਾਂ ਆਸਮਾਨ ਵਾਂਗ ਰੰਗ ਬਦਲਦੀਆਂ ਹਨ। ਵੈਸੇ ਤਾਂ ਉਹ ਖੁਸ਼ੀ ਨਾਲ ਨੀਲੀਆਂ ਹੁੰਦੀਆਂ ਹਨ,ਅੱਜ ਤੇਰੀਆਂ ਅੱਖਾਂ ਕਿਸੇ ਦੁੱਖ ਨਾਲ ਸਲੇਟੀ ਹਨ। ਮੈਨੂੰ ਦੱਸ ਸੁੰਦਰੀ, ਤੈਨੂੰ ਕਿਹੜਾ ਦੁੱਖ ਹੈ?’’ ‘‘ਅੱਜ ਮੈਂ ਜਾਦੂਈ ਸ਼ੀਸ਼ੇ ਵਿੱਚ ਆਪਣੇ ਪਿਤਾ ਨੂੰ ਦੇਖਿਆ,’’ ਉਸ ਨੇ ਦੈਂਤ ਨੂੰ ਦੱਸਿਆ, ‘‘ਉਹ ਮੇਰੇ ਬਾਰੇ ਏਨੇ ਫਿਕਰਮੰਦ ਹਨ ਕਿ ਉਨ੍ਹਾਂ ਦੀ ਸਿਹਤ ਬਹੁਤ ਖ਼ਰਾਬ ਹੋ ਗਈ ਹੈ ਅਤੇ ਉਹ ਬੀਮਾਰ ਹਨ।’’
ਦੈਂਤ ਨੇ ਮੂੰਹ ਬਣਾਇਆ ਅਤੇ ਆਪਣਾ ਸਿਰ ਹਿਲਾਇਆ। ‘‘ਜੇਕਰ ਤੂੰ ਮੈਨੂੰ ਛੱਡ ਕੇ ਚਲੀ ਜਾਏਂਗੀ ਤਾਂ ਕਦੀ ਮੁੜ ਕੇ ਨਹੀਂ ਆਏਂਗੀ।’’ ‘‘ਕ੍ਰਿਪਾ ਕਰਕੇ ਮੈਨੂੰ ਇੱਕ ਵਾਰ ਘਰ ਜਾਣ ਦਿਉ,’’ ਸੁੰਦਰੀ ਨੇ ਪ੍ਰਾਥਨਾ ਕੀਤੀ, ‘‘ਮੈਂ ਜ਼ਰੂਰ ਵਾਪਸ ਆਊਂਗੀ। ਮੈਂ ਵਾਅਦਾ ਕਰਦੀ ਹਾਂ।’’
ਦੈਂਤ ਅਜੇ ਵੀ ਦੁਖੀ ਜਾਪ ਰਿਹਾ ਸੀ। ਅੰਤ ਵਿੱਚ ਉਸ ਨੇ ਕਿਹਾ, ‘‘ਠੀਕ ਹੈ, ਤੂੰ ਕੱਲ੍ਹ ਚਲੀ ਤਾਂ ਜਾਵੀਂ ਪਰ ਸਿਰਫ਼ ਸੱਤ ਦਿਨਾਂ ਲਈ। ਇਹ ਸੋਨੇ ਦੀ ਮੁੰਦਰੀ ਆਪਣੇ ਨਾਲ ਲੈਂਦੀ ਜਾਹ। ਜਦ ਸੱਤ ਦਿਨ ਪੂਰੇ ਹੋ ਗਏ ਤਾਂ ਇਸ ਨੂੰ ਪਲੰਘ ਨੇੜਲੇ ਮੇਜ਼ ’ਤੇ ਰੱਖ ਦੇਵੀਂ। ਇਸ ਨਾਲ ਤੂੰ ਆਪਣੇ ਆਪ ਇੱਥੇ ਅਗਲੀ ਸਵੇਰ ਵਾਪਸ ਆ ਜਾਵੇਂਗੀ। ਜੇ ਤੂੰ ਆਪਣਾ ਵਾਅਦਾ ਤੋੜਿਆ ਤਾਂ ਮੈਂ ਤੇਰੇ ਗ਼ਮ ਵਿੱਚ ਮਰ ਜਾਵਾਂਗਾ।’’
ਸੁੰਦਰੀ ਨੇ ਮੁੰਦਰੀ ਲਈ ਅਤੇ ਦੈਂਤ ਨੂੰ ਚੁੰਮ ਕੇ ਉਸ ਤੋਂ ਵਿਦਾ ਲਈ।
ਅਗਲੀ ਸਵੇਰ ਜਦ ਉਹ ਉੱਠੀ ਤਾਂ ਉਸ ਨੇ ਆਪਣੇ ਆਪ ਨੂੰ ਆਪਣੇ ਘਰ ਵਿੱਚ ਖ਼ੁਦ ਦੇ ਪਲੰਘ ’ਤੇ ਲੰਮਾ ਪਿਆ ਦੇਖਿਆ। ਉਹ ਆਪਣੇ ਪਿਤਾ ਨੂੰ ਪੁਕਾਰਦੀ, ਦੌੜਦੀ ਹੋਈ ਉਸ ਦੇ ਕਮਰੇ ਵਿੱਚ ਗਈ।
ਜਿਉਂ ਹੀ ਪਿਤਾ ਨੇ ਸੁੰਦਰੀ ਨੂੰ ਦੇਖਿਆ ਉਹ ਬੀਮਾਰੀ ਦੇ ਬਾਵਜੂਦ ਪਲੰਘ ਤੋਂ ਉਠ ਖੜ੍ਹਾ ਹੋਇਆ ਅਤੇ ਖੁਸ਼ੀ ਨਾਲ ਚਿਲਾਉਣ ਲੱਗਿਆ। ਉਸ ਦੀਆਂ ਦੋਵੇਂ ਭੈਣਾਂ ਵੀ ਦੌੜ ਕੇ ਆਈਆਂ। ਸੁੰਦਰੀ ਨੂੰ ਦੇਖ ਕੇ ਭੈਣਾਂ ਖੁਸ਼ ਨਹੀਂ ਹੋਈਆਂ।
‘‘ਤੂੰ ਇਥੇ ਕਿੰਨੇ ਦਿਨ ਰਹਿਣ ਲਈ ਆਈ ਏਂ?’’ ਉਨ੍ਹਾਂ ਨੇ ਪੁੱਛਿਆ, ‘‘ਅਤੇ ਹਾਂ, ਤੂੰ ਰਾਤ ਦੀ ਪੁਸ਼ਾਕ ਕਿਉਂ ਪਾਈ ਹੋਈ ਹੈ?’’
ਸੁੰਦਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕਿਸੇ ਜਾਦੂ ਕਾਰਨ ਏਨੀ ਛੇਤੀ ਘਰ ਪਹੁੰਚ ਗਈ। ਸੁੰਦਰੀ ਨੇ ਉਨ੍ਹਾਂ ਨੂੰ ਦੈਂਤ ਨਾਲ ਕੀਤਾ ਵਾਅਦਾ ਵੀ ਦੱਸਿਆ।
‘‘ਉਸ ਨੇ ਮੈਨੂੰ ਸੱਤ ਦਿਨ ਲਈ ਘਰ ਆਉਣ ਦੀ ਆਗਿਆ ਦਿੱਤੀ ਹੈ’’,ਉਸ ਨੇ ਕਿਹਾ,‘‘ਜੇਕਰ ਤੁਸੀਂ ਮੈਨੂੰ ਆਪਣੇ ਕੁਝ ਕੱਪੜੇ ਪਾਉਣ ਲਈ ਦੇ ਦਿਓ ਤਾਂ ਤੁਹਾਡਾ ਬੜਾ ਅਹਿਸਾਨ ਹੋਵੇਗਾ।’’
ਦੋਵੇਂ ਭੈਣਾਂ ਨੇ ਕੱਪੜੇ ਦੇਣ ਤੋਂ ਨਾਂਹ ਕਰ ਦਿੱਤੀ। ਇਸ ਨਾਲ ਕੋਈ ਫਰਕ ਨਹੀਂ ਪਿਆ। ਜਿਉਂ ਹੀ ਸੁੰਦਰੀ ਆਪਣੇ ਕਮਰੇ ਵਿੱਚ ਗਈ ਉਥੇ ਰਹੱਸਮਈ ਤਰੀਕੇ ਨਾਲ ਇੱਕ ਸੰਦੂਕ ਆ ਗਿਆ ਜਿਸ ਵਿੱਚ ਉਸ ਦੇ ਮਨਪਸੰਦ ਕੱਪੜੇ ਸਨ। ਸੱਚਮੁੱਚ ਦੈਂਤ ਬੜਾ ਦਿਆਲੂ ਹੈ, ਉਸ ਨੇ ਸੋਚਿਆ।
ਛੇ ਦਿਨਾਂ ਵਿੱਚ ਉਸ ਦੇ ਪਿਤਾ ਦੀ ਸਿਹਤ ਬਿਲਕੁਲ ਠੀਕ ਹੋ ਗਈ ਪਰ ਉਸ ਦੀਆਂ ਦੋਵੇਂ ਭੈਣਾਂ ਸੁੰਦਰੀ ਦੀ ਚੰਗੀ ਕਿਸਮਤ ਅਤੇ ਕੀਮਤੀ ਕੱਪੜਿਆਂ ਤੋਂ ਬਹੁਤ ਸੜਨ ਲੱਗੀਆਂ ਸਨ ਅਤੇ ਉਹ ਉਸ ਨੂੰ ਨੀਵਾਂ ਦਿਖਾਉਣ ਲਈ ਇੱਕ ਸਾਜ਼ਿਸ਼ ਘੜਨ ਲੱਗੀਆਂ।
‘‘ਜੇ ਉਸ ਨੂੰ ਮਹੱਲ ਵਿੱਚ ਪੁੱਜਣ ਵਿੱਚ ਦੇਰ ਹੋਈ ਤਾਂ ਦੈਂਤ ਸੁੰਦਰੀ ’ਤੇ ਬਹੁਤ ਗੁੱਸੇ ਹੋਵੇਗਾ।’’ ਉਨ੍ਹਾਂ ਨੇ ਸੋਚਿਆ,‘‘ਜੇ ਸਾਡੀ ਕਿਸਮਤ ਚੰਗੀ ਹੋਈ ਤਾਂ ਸ਼ਾਇਦ ਉਹ ਸੁੰਦਰੀ ਨੂੰ ਮਾਰ ਹੀ ਸੁੱਟੇ। ਅਸੀਂ ਉਸ ਨੂੰ ਇਥੇ ਵੱਧ ਤੋਂ ਵੱਧ ਦਿਨਾਂ ਤਕ ਰੋਕਣ ਦੀ ਕੋਸ਼ਿਸ਼ ਕਰਾਂਗੀਆਂ।’’
ਅਤੇ ਫਿਰ ਦੋਹਾਂ ਭੈਣਾਂ ਨੇ ਸੁੰਦਰੀ ਨਾਲ ਪਿਆਰ ਦਾ ਨਾਟਕ ਕਰਨਾ ਸ਼ੁਰੂ ਕਰ ਦਿੱਤਾ, ਜਿਸ ’ਤੇ ਸੁੰਦਰੀ ਨੂੰ ਪਹਿਲਾਂ ਤਾਂ ਯਕੀਨ ਵੀ ਨਹੀਂ ਹੋਇਆ।
‘‘ਸਾਡੀ ਪਿਆਰੀ, ਦੁਲਾਰੀ, ਛੋਟੀ ਭੈਣ, ਤੂੰ ਸਾਡੇ ਨਾਲ ਕੁਝ ਦਿਨ ਹੋਰ ਰਹਿ,’’ ਉਨ੍ਹਾਂ ਨੇ ਸੁੰਦਰੀ ਨੂੰ ਬੇਨਤੀ ਕੀਤੀ,‘‘ਤੇਰੇ ਬਿਨਾਂ ਸਾਡੀ ਜ਼ਿੰਦਗੀ ਬਿਲਕੁਲ ਸੁੰਨੀ ਹੋ ਗਈ ਹੈ।’’
ਸੁੰਦਰੀ ਇਸ ਨਾਲ ਸੋਚਾਂ ਵਿੱਚ ਪੈ ਗਈ। ਇੱਕ ਪਾਸੇ ਉਹ ਆਪਣੇ ਪਿਤਾ ਦੇ ਘਰ ਵਿੱਚ ਰਹਿਣਾ ਚਾਹੁੰਦੀ ਸੀ ਪਰ ਦੂਜੇ ਪਾਸੇ ਉਹ ਮਹੱਲ ਵਿੱਚ ਵਾਪਸ ਜਾਣਾ ਚਾਹੁੰਦੀ ਸੀ। ਉਸ ਨੂੰ ਹੈਰਾਨੀ ਹੋਈ ਜਦ ਉਸ ਨੂੰ ਦੈਂਤ ਨਾਲ ਬਿਤਾਏ ਸੁਖਦ ਪਲ ਯਾਦ ਆਉਣ ਲੱਗੇ। ਖਾਣੇ ਦੇ ਬਾਅਦ ਹੀ ਗਪਸ਼ਪ ਅਤੇ ਉਸ ਦਾ ਦਿਆਲੂਪੁਣਾ।
‘‘ਮੈਂ ਕੱਲ੍ਹ ਵਾਪਸ ਜਾਣਾ ਹ,ੈ’’ ਉਸ ਨੇ ਕਿਹਾ,‘‘ਮੈਂ ਦੈਂਤ ਨਾਲ ਇਸ ਦਾ ਵਾਅਦਾ ਕੀਤਾ ਹੈ।’’
ਇਹ ਸੁਣਦਿਆਂ ਹੀ ਦੋਹਾਂ ਭੈਣਾਂ ਨੇ ਉੱਚੀ-ਉੱਚੀ ਰੋਣ ਦਾ ਨਾਟਕ ਕੀਤਾ।
‘‘ਪਿਤਾ ਜੀ ਨੂੰ ਤੇਰੀ ਬੜੀ ਯਾਦ ਆਉਂਦੀ ਹੈ ਅਤੇ ਸਾਨੂੰ ਦੋਹਾਂ ਨੂੰ ਵੀ। ਕ੍ਰਿਪਾ ਕਰਕੇ ਸਾਨੂੰ ਛੱਡ ਕੇ ਨਾ ਜਾਹ।’’
ਸੁੰਦਰੀ ਨੇ ਇੱਕ ਠੰਢਾ ਸਾਹ ਲਿਆ।
‘‘ਕੁਝ ਦਿਨ ਹੋਰ ਰਹਿਣ ਨਾਲ ਲੱਗਦਾ ਹੈ ਕੋਈ ਖਾਸ ਨੁਕਸਾਨ ਨਹੀਂ ਹੋਵੇਗਾ।’’ ‘‘ਸੱਚਮੁੱਚ ਕੋਈ ਨੁਕਸਾਨ ਨਹੀਂ ਹੋਵੇਗਾ।’’ ਉਸ ਦੀਆਂ ਦੋਹਾਂ ਭੈਣਾਂ ਨੇ ਇਹ ਕਹਿ ਕੇ ਆਪਣਾ ਕਰੂਰ ਹਾਸਾ ਹੱਥ ਦੇ ਪੱਖੇ ਪਿੱਛੇ ਲੁਕਾ ਲਿਆ।
ਦਸਵੀਂ ਰਾਤ ਸੁੰਦਰੀ ਨੂੰ ਇੱਕ ਸੁਪਨਾ ਆਇਆ ਜਿਵੇਂ ਉਹ ਮਹੱਲ ਵਿੱਚ ਗੁਲਾਬ ਦੇ ਬਾਗ਼ ਵਿੱਚ ਪਹੁੰਚ ਗਈ ਹੋਵੇ। ਉਥੇ ਉਸ ਦੇ ਪੈਰਾਂ ਕੋਲ ਦੈਂਤ ਪਿਆ ਹੋਇਆ ਸੀ। ਇਉਂ ਲੱਗਦਾ ਸੀ ਜਿਵੇਂ ਉਹ ਆਪਣੇ ਆਖਰੀ ਸਾਹ ਲੈ ਰਿਹਾ ਹੋਵੇ। ਸੁਪਨੇ ਨੇ ਸੁੰਦਰੀ ਨੂੰ ਝੰਜੋੜ ਦਿੱਤਾ। ਉਹ ਫਟਾਫਟ ਉੱਠ ਕੇ ਬੈਠ ਗਈ। ਉਸਦਾ ਦਿਲ ਤੇਜ਼ ਧੜਕਣ ਲੱਗਾ।
‘‘ਸ਼ੁਕਰ ਹੈ ਕਿ ਇਹ ਸਿਰਫ ਇੱਕ ਸੁਪਨਾ ਹੀ ਸੀ।’’ ਉਹ ਖੁਸ਼ੀ ਨਾਲ ਚਿਲਾਈ।
‘‘ਮੈਂ ਕੱਲ੍ਹ ਜ਼ਰੂਰ ਵਾਪਸ ਚਲੀ ਜਾਵਾਂਗੀ।’’
ਉਸ ਨੇ ਆਪਣੀ ਮੁੰਦਰੀ ਲਾਹ ਕੇ ਪਲੰਘ ਕੋਲ ਪਏ ਮੇਜ਼ ’ਤੇ ਰੱਖ ਦਿੱਤੀ ਅਤੇ ਆਪਣੀਆਂ ਅੱਖਾਂ ਮੀਚ ਲਈਆਂ। ਕੁਝ ਹੀ ਮਿੰਟਾਂ ਵਿੱਚ ਉਹ ਡੂੰਘੀ ਨੀਂਦ ਸੌਂ ਗਈ।
ਅਗਲੇ ਦਿਨ ਜਦ ਉਹਦੀ ਅੱਖ ਖੁੱਲ੍ਹੀ ਤਾਂ ਉਸ ਨੇ ਆਪਣੇ ਆਪ ਨੂੰ ਮਹੱਲ ਦੇ ਆਪਣੇ ਕਮਰੇ ਵਿੱਚ ਵਾਪਸ ਦੇਖਿਆ। ਉਸ ਦੇ ਕੋਲ ਹੀ ਉਸ ਦੇ ਕੱਪੜਿਆਂ ਦਾ ਸੰਦੂਕ ਪਿਆ ਸੀ। ਉਹ ਪਲੰਘ ਤੋਂ ਉਤਰੀ ਅਤੇ ਆਪਣੇ ਕੱਪੜੇ ਪਾ ਕੇ ਸ਼ਾਮ ਹੋਣ ਦੀ ਉਡੀਕ ਕਰਨ ਲੱਗੀ। ਉਹ ਛੇਤੀ ਤੋਂ ਛੇਤੀ ਦੈਂਤ ਨੂੰ ਮਿਲਣਾ ਚਾਹੁੰਦੀ ਸੀ ਅਤੇ ਉਸ ਦੀ ਸਿਹਤ ਬਾਰੇ ਜਾਣਨਾ ਚਾਹੁੰਦੀ ਸੀ।
ਜਦੋਂ ਸ਼ਾਮ ਨੂੰ ਉਹ ਖਾਣਾ ਖਾਣ ਬੈਠੀ ਤਾਂ ਵੀ ਦੈਂਤ ਨਾ ਆਇਆ। ਸੁੰਦਰੀ ਨੂੰ ਇਸ ਵਿੱਚ ਕੁਝ ਖ਼ਤਰੇ ਦਾ ਸੰਕੇਤ ਦਿਸਿਆ ਅਤੇ ਉਹ ਪੂਰੇ ਮਹੱਲ ਵਿੱਚ ਦੈਂਤ ਨੂੰ ਹਾਕਾਂ ਮਾਰਦੀ ਹੋਈ ਦੌੜੀ। ਉਸ ਤੋਂ ਬਾਅਦ ਵੀ ਦੈਂਤ ਦਾ ਕੋਈ ਪਤਾ ਨਾ ਲੱਗਿਆ। ਅੰਤ ਵਿੱਚ ਸੁੰਦਰੀ ਇੱਕ ਮਸ਼ਾਲ ਲੈ ਕੇ ਗੁਲਾਬ ਦੇ ਬਾਗ਼ ਵਿੱਚ ਗਈ। ਜਿਵੇਂ ਉਸ ਨੇ ਸੁਪਨੇ ਵਿੱਚ ਦੇਖਿਆ ਸੀ, ਦੈਂਤ ਉÎੱਥੇ ਬੀਮਾਰ ਪਿਆ ਸੀ ਅਤੇ ਮਰਨ ਦੀ ਹਾਲਤ ਵਿੱਚ ਸੀ।
ਉਸ ਦੇ ਕੋਲ ਜਾ ਕੇ ਸੁੰਦਰੀ ਗੋਡਿਆਂ ਭਾਰ ਬੈਠ ਗਈ।
‘‘ਮੇਰੇ ਪਿਆਰੇ, ਕ੍ਰਿਪਾ ਕਰਕੇ ਆਪਣੇ ਪ੍ਰਾਣ ਨਾ ਛੱਡੋ। ਮੈਂ ਆਪਣਾ ਵਾਅਦਾ ਤੋੜਨ ਲਈ ਮੁਆਫ਼ੀ ਚਾਹੁੰਦੀ ਹਾਂ। ਜੇ ਮੈਨੂੰ ਇਹ ਪਤਾ ਹੁੰਦਾ ਕਿ ਮੇਰੇ ਨਾ ਹੋਣ ਨਾਲ ਏਨਾ ਅਨਰਥ ਹੋਵੇਗਾ ਤਾਂ ਮੈਂ ਤੁਰੰਤ ਵਾਪਸ ਆ ਜਾਂਦੀ। ਮੈਂ ਸੱਚ ਆਖ ਰਹੀ ਹਾਂ।’’
ਕਮਜ਼ੋਰੀ ਦੀ ਹਾਲਤ ਵਿੱਚ ਦੈਂਤ ਨੇ ਆਪਣੀਆਂ ਭਾਰੀਆਂ ਅੱਖਾਂ ਨੂੰ ਖੋਲ੍ਹਿਆ ਅਤੇ ਸੁੰਦਰੀ ਵੱਲ ਦੇਖਿਆ।
‘‘ਮੈਨੂੰ ਲੱਗਿਆ ਕਿ ਹੁਣ ਤੂੰ ਕਦੀ ਵਾਪਸ ਨਹੀਂ ਆਵੇਗੀ ਅਤੇ ਮੈਨੂੰ ਮੁੜ ਤੋਂ ਇਕੱਲਾ ਰਹਿਣਾ ਪਵੇਗਾ ਜਿਵੇਂ ਤੇਰੇ ਆਉਣ ਤੋਂ ਪਹਿਲਾਂ ਰਹਿੰਦਾ ਸੀ। ਮੇਰੇ ਤੋਂ ਇਹ ਸਹਿਣ ਨਹੀਂ ਹੋਇਆ। ਮੈਨੂੰ ਤੇਰੀ ਬੜੀ ਯਾਦ ਨੇ ਬੜਾ ਸਤਾਇਆ।’’
‘‘ਅਤੇ ਮੈਨੂੰ ਵੀ ਤੁਹਾਡੀ ਬਹੁਤ ਯਾਦ ਆਉਂਦੀ ਰਹੀ।’’ ਸੁੰਦਰੀ ਨੇ ਰੋਂਦੇ-ਰੋਂਦੇ ਕਿਹਾ,‘‘ਮੈਨੂੰ ਮੁਆਫ਼ ਕਰ ਦਿਓ, ਮੈਂ ਨਾਦਾਨੀ ਵਿੱਚ ਬਹੁਤ ਵੱਡੀ ਗ਼ਲ਼ਤੀ ਕੀਤੀ ਹੈ। ਹੁਣ ਮੈਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਦੇਖਣ ਵਿੱਚ ਕਿਹੋ ਜਿਹੇ ਲੱਗਦੇ ਹੋ। ਮੈਨੂੰ ਤੁਹਾਡੀਆਂ ਭੂਰੀਆਂ ਅੱਖਾਂ ਅਤੇ ਦਿਆਲੂ ਦਿਲ ਨਾਲ ਪਿਆਰ ਹੈ ਅਤੇ ਮੈਂ ਤੁਹਾਡੇ ਨਾਲ ਸ਼ਾਦੀ ਕਰਕੇ ਸਾਰੀ ਜ਼ਿੰਦਗੀ ਤੁਹਾਡੇ ਨਾਲ ਬਿਤਾਉਣਾ ਚਾਹੁੰਦੀ ਹਾਂ।’’
ਸੁੰਦਰੀ ਦੇ ਏਨਾ ਕਹਿਣ ਸਾਰ ਹੀ ਚਹੁੰ ਪਾਸੇ ਸ਼ਹਿਨਾਈਆਂ ਦਾ ਸੰਗੀਤ ਗੂੰਜਣ ਲੱਗਿਆ ਅਤੇ ਆਕਾਸ਼ ਆਤਿਸ਼ਬਾਜ਼ੀਆਂ ਦੇ ਸਿਤਾਰਿਆਂ ਨਾਲ ਚਮਕਣ ਲੱਗਿਆ। ਹੈਰਾਨ ਹੋ ਕੇ ਸੁੰਦਰੀ ਉਤਾਂਹ ਦੇਖਣ ਲੱਗੀ। ਜਦ ਉਸ ਨੇ ਆਪਣੀਆਂ ਅੱਖਾਂ ਮੁੜ ਧਰਤੀ ’ਤੇ ਮਾਰੀਆਂ ਤਾਂ ਉਸ ਨੇ ਉਥੋਂ ਦੈਂਤ ਨੂੰ ਗਾਇਬ ਦੇਖਿਆ। ਉਸ ਦੀ ਥਾਂ ਇੱਕ ਸੋਹਣਾ-ਸੁਨੱਖਾ ਨੌਜਵਾਨ ਸੀ। ਆਪਣੇ ਬਹੁ-ਕੀਮਤੀ ਕੱਪੜਿਆਂ ਵਿੱਚ ਉਹ ਰਾਜ ਕੁਮਾਰ ਲੱਗ ਰਿਹਾ ਸੀ। ‘‘ਤੁਸੀਂ ਕੌਣ ਹੋ?’’ ਸੁੰਦਰੀ ਨੇ ਹਕਲਾਉਂਦੇ ਹੋਏ ਪੁੱਛਿਆ, ‘‘ਅਤੇ ਮੇਰਾ ਪਿਆਰਾ ਦੈਂਤ ਕਿੱਥੇ ਹੈ?’’
ਹੁਣ ਰਾਜ ਕੁਮਾਰ ਉੱਠ ਕੇ ਖੜ੍ਹੋ ਗਿਆ। ‘‘ਮੈਂ ਹੀ ਤੇਰਾ ਦੈਂਤ ਹਾਂ,’’ ਉਸ ਨੇ ਕਿਹਾ, ‘‘ਪਰ ਹੁਣ ਤੂੰ ਮੈਨੂੰ ਅਸਲੀ ਰੂਪ ਵਿੱਚ ਦੇਖ ਰਹੀ ਹੈ। ਕੀ ਤੂੰ ਹੁਣ ਵੀ ਮੇਰੇ ਨਾਲ ਪਿਆਰ ਕਰਦੀ ਏਂ?’’
ਸੁੰਦਰੀ ਹੱਕੀ-ਬੱਕੀ ਰਹਿ ਗਈ। ਉਸ ਨੇ ਹੌਲੀ ਜਿਹੇ ਕਿਹਾ, ‘‘ਮੇਰੀ ਸਮਝ ਵਿੱਚ ਕੁਝ ਨਹੀਂ ਆ ਰਿਹਾ।’’
‘‘ਇੱਕ ਦੁਸ਼ਟ ਜਾਦੂਗਰਨੀ ਨੇ ਮੇਰੇ ’ਤੇ ਜਾਦੂ ਕੀਤਾ ਸੀ। ਉਹ ਤਦੇ ਖਤਮ ਹੋਣਾ ਸੀ ਜਦੋਂ ਕੋਈ ਸੁੰਦਰ ਲੜਕੀ ਮੇਰੇ ਨਾਲ ਮਰਜ਼ੀ ਨਾਲ ਸ਼ਾਦੀ ਕਰਨ ਲਈ ਤਿਆਰ ਹੁੰਦੀ।’’ ਰਾਜ ਕੁਮਾਰ ਨੇ ਸੁੰਦਰੀ ਨੂੰ ਉੱਠਣ ਵਿੱਚ ਮਦਦ ਕੀਤੀ।
‘‘ਤੂੰ ਅਜੇ ਵੀ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਸੁੰਦਰੀ। ਕੀ ਤੂੰ ਮੈਨੂੰ ਹੁਣ ਵੀ ਪਿਆਰ ਕਰਦੀ ਏਂ?’’
ਸੁੰਦਰੀ ਨੇ ਰਾਜ ਕੁਮਾਰ ਦੇ ਚਿਹਰੇ ਨੂੰ ਤੱਕਿਆ। ਵੈਸੇ ਉਹ ਬਹੁਤ ਸੋਹਣਾ ਸੀ, ਉਸ ਦੀਆਂ ਅੱਖਾਂ ਬਿਲਕੁਲ ਦੈਂਤ ਵਾਂਗ ਭੂਰੀਆਂ ਸਨ ਅਤੇ ਉਨ੍ਹਾਂ ਵਿੱਚ ਦਇਆ ਝਲਕ ਰਹੀ ਸੀ।
‘‘ਹਾਂ, ਬਿਲਕੁਲ,’’ ਸੁੰਦਰੀ ਨੇ ਸ਼ਰਮਾਉਂਦੇ ਹੋਏ ਕਿਹਾ, ‘‘ਤੁਸੀਂ ਚਾਹੇ ਦੇਖਣ ਵਿੱਚ ਵੱਖਰੇ ਹੋ,ਪਰ ਮੈਂ ਮੰਨਦੀ ਹਾਂ ਕਿ ਤੁਸੀਂ ਓਹੀ ਇਨਸਾਨ ਹੋ ਜਿਸ ਨਾਲ ਮੈਂ ਪਿਆਰ ਕੀਤਾ ਸੀ।’’
ਰਾਜ ਕੁਮਾਰ ਨੇ ਸੁੰਦਰੀ ਦਾ ਹੱਥ ਚੁੰਮਿਆ।
‘‘ਚਲੋ, ਫਿਰ ਅਸੀਂ ਦੋਵੇਂ ਚੱਲ ਕੇ ਸ਼ਾਦੀ ਕਰੀਏ।’’ ਅਤੇ ਉਸ ਦਿਨ ਤੋਂ ਸੁੰਦਰੀ ਦੀਆਂ ਅੱਖਾਂ ਦਾ ਰੰਗ ਸਦਾ ਲਈ ਨੀਲਾ ਬਣਿਆ ਰਿਹਾ।
ਰਾਜ ਕੁਮਾਰ ਇਸ ਗੱਲ ਲਈ ਰਾਜ਼ੀ ਹੋ ਗਿਆ ਕਿ ਸੁੰਦਰੀ ਦੇ ਪਿਤਾ ਅਤੇ ਉਸ ਦੀਆਂ ਦੋਵੇਂ ਭੈਣਾਂ ਵੀ ਮਹੱਲ ਵਿੱਚ ਆ ਕੇ ਰਹਿਣ। ਇੱਕ ਦਿਨ ਦੋਹਾਂ ਭੈਣਾਂ ਨੂੰ ਓਹੀ ਜਾਦੂਗਰਨੀ ਮਿਲੀ ਜਿਸ ਨੇ ਰਾਜ ਕੁਮਾਰ ’ਤੇ ਜਾਦੂ ਕੀਤਾ ਸੀ। ਦੋਹਾਂ ਭੈਣਾਂ ਨੇ ਉਸ ਦੇ ਨਾਲ ਬੇਹੂਦਾ ਵਰਤਾਅ ਕੀਤਾ।
‘‘ਕਮੀਨੀ ਲੜਕੀਓ,’’ ਜਾਦੂਗਰਨੀ ਗਰਜੀ, ‘‘ਤੁਹਾਡੇ ਦਿਲ ਤਾਂ ਪੱਥਰ ਦੇ ਹੀ ਹਨ, ਤੁਹਾਡਾ ਬਾਕੀ ਸਰੀਰ ਵੀ ਪੱਥਰ ਦਾ ਬਣ ਜਾਏ।’’ ਅਤੇ ਆਪਣੀ ਜਾਦੂ ਦੀ ਸੋਟੀ ਘੁੰਮਾ ਕੇ ਉਸ ਨੇ ਦੋਹਾਂ ਭੈਣਾਂ ਨੂੰ ਦੋ ਵੱਡੀਆਂ ਪੱਥਰ ਦੀਆਂ ਮੂਰਤੀਆਂ ਵਿੱਚ ਬਦਲ ਦਿੱਤਾ। ਉਹ ਮੂਰਤੀਆਂ ਅਜੇ ਵੀ ਮਹੱਲ ਦੇ ਦਰਵਾਜ਼ੇ ਦੇ ਦੋਵੇਂ ਪਾਸੇ ਖੜ੍ਹੀਆਂ ਹਨ ਅਤੇ ਅਣਚਾਹੇ ਮਹਿਮਾਨਾਂ ਨੂੰ ਮਹੱਲ ਵਿੱਚ ਆਉਣ ਤੋਂ ਰੋਕਦੀਆਂ ਹਨ।
ਸੁੰਦਰੀ ਅਤੇ ਰਾਜ ਕੁਮਾਰ ਨੇ ਉਸ ਦੇ ਬਾਅਦ ਹਮੇਸ਼ਾਂ ਦੇ ਲਈ ਖੁਸ਼ੀ-ਖੁਸ਼ੀ ਜ਼ਿੰਦਗੀ ਬਿਤਾਈ ਕਿਉਂਕਿ ਉਨ੍ਹਾਂ ਦੋਹਾਂ ਦੇ ਦਿਲਾਂ ਵਿੱਚ ਇੱਕ-ਦੂਜੇ ਲਈ ਸੱਚਾ ਪਿਆਰ ਸੀ।
(ਅਨੁਵਾਦ: ਨਿਰਮਲ ਪ੍ਰੇਮੀ)

  • ਮੁੱਖ ਪੰਨਾ : ਪੰਜਾਬੀ ਕਹਾਣੀਆਂ