Dampati (Story in Punjabi) : Sumitranandan Pant

ਦੰਪਤੀ (ਕਹਾਣੀ) : ਸੁਮਿਤ੍ਰਾਨੰਦਨ ਪੰਤ

ਪਾਰਵਤੀ ਦਾ ਵਿਆਹ ਛੋਟੀ ਉਮਰ 'ਚ ਹੀ ਹੋ ਗਿਆ ਸੀ । ਉਹ ਇੱਕ ਪਿੰਡ ਦੀ ਕੁੜੀ ਸੀ । ਪਿਤਾ ਜੀ ਖੇਤੀਬਾੜੀ ਕਰਦੇ ਸਨ, ਜਾਤ ਦੇ ਬ੍ਰਾਹਮਣ । ਆਪ ਕਿਰਸਾਨੀ ਨਾ ਕਰ ਸਕਣ ਦੀ ਵਜ੍ਹਾ ਨਾਲ ਆਪਣੀ ਥੋੜੀ ਜਿਹੀ ਜ਼ਮੀਨ ਵਾਸਤੇ ਬੰਦੇ ਰੱਖੇ ਹੋਏ ਸਨ । ਜਿਹੜੀ ਥੋੜੀ- ਬਹੁਤੀ ਪੈਦਾਵਾਰ ਹੁੰਦੀ, ਉਸ ਨਾਲ ਕਿਸੇ ਤਰ੍ਹਾਂ ਨਿਰਬਾਹ ਕਰ ਲੈਂਦੇ । ਟੱਬਰ ਵੀ ਕੋਈ ਛੋਟਾ ਨਹੀਂ ਸੀ - ਮਾਂ ਅਜੇ ਜਿਉਂਦੀ ਸੀ, ਇੱਕ ਵਿਧਵਾ ਭਰਜਾਈ ਸੀ, ਜਿਸਦੇ ਦੋ ਬੱਚੇ ਸਨ । ਉਨ੍ਹਾਂ ਦੇ ਪਾਲਣ-ਪੋਸ਼ਣ ਦਾ ਭਾਰ ਵੀ ਪਾਰਵਤੀ ਦੇ ਪਿਤਾ ਉੱਤੇ ਹੀ ਸੀ । ਪਾਰਵਤੀ ਤੋਂ ਵੱਡੇ ਚਾਰ ਭੈਣ-ਭਰਾ ਸਨ । ਬੱਸ ਰੱਬ ਆਸਰੇ ਕਿਸੇ ਤਰ੍ਹਾਂ ਦਿਨ ਚੰਗੇ ਕੱਟੀ ਜਾਂਦੇ ਸਨ । ਜ਼ਿਆਦਾ ਸਮਾਂ ਭਜਨ-ਕੀਰਤਨ 'ਤੇ ਰਮਾਇਣ ਦੇ ਪਾਠ ਵਿੱਚ ਹੀ ਵਤੀਤ ਹੁੰਦਾ ਸੀ । ਪਿੰਡ 'ਚ ਚੰਗਾ ਮਾਣ ਸੀ । ਆਪਣੇ ਨੇਕ-ਸੁਭਾਅ ਕਰਕੇ ਨਿੱਕੇ-ਵੱਡੇ ਸਾਰਿਆਂ ਵਿੱਚ ਮਸ਼ਹੂਰ ਸਨ । ਪੁੰਨ-ਦਾਨ 'ਚ ਜਿਹੜਾ ਪੈਸਾ-ਧੇਲਾ ਮਿਲਦਾ ਸੀ, ਉਸੇ ਨਾਲ ਪਾਰਵਤੀ ਦੇ ਭਰਾ ਇੰਟਰ ਤਕ ਪੜ੍ਹੇ ਸਨ । ਇੱਕ ਪਿੰਡ ਦੇ ਬ੍ਰਾਂਚ ਆਫ਼ਿਸ ਵਿੱਚ ਪੋਸਟਮਾਸਟਰ ਸੀ, ਦੂਜਾ ਡਿਸਟ੍ਰਿਕਟ ਬੋਰਡ 'ਚ ਕਲਰਕ । ਦੋਵੇਂ ਆਪਣੇ ਵਹੁਟੀ-ਬੱਚਿਆਂ ਦੀ ਜਿੰਮੇਵਾਰੀ ਆਪ ਚੁੱਕ ਸਕਦੇ ਸਨ । ਪਾਰਵਤੀ ਦੀਆਂ ਵੱਡੀਆਂ ਭੈਣਾਂ ਦਾ ਵਿਆਹ ਵੀ ਚੰਗੇ ਘਰਾਂ 'ਚ ਹੋ ਗਿਆ ਸੀ, ਦੋਨੋ ਖੁਸ਼ਹਾਲ ਸਨ । ਬੱਸ ਇਹੀ ਸੰਤੋਸ਼ ਗਰੀਬ ਅਤੇ ਨੇਕ ਪਿਉ ਦੀ ਮਾਨਸਿਕ ਜਾਇਦਾਦ ਸੀ ।

ਪਾਰਵਤੀ ਦਾ ਰਿਸ਼ਤਾ ਵੀ ਸ਼ਹਿਰ ਵਿੱਚ ਹੀ ਹੋ ਗਿਆ, ਉਸਦੇ ਪਿਉ ਦੀ ਚੰਗਿਆਈ ਦਾ ਪਰਭਾਵ ਸੀ । ਨਿਸ਼ਚਿੰਤ ਹੋਕੇ ਹੁਣ ਪਿਤਾ ਜੀ ਪੂਰੇ ਸਮਰਪਣ ਨਾਲ ਦਿੱਲ ਲਾਕੇ ਪੂਜਾ-ਪਾਠ 'ਚ ਜੁੜ ਗਏ । ਪਾਰਵਤੀ ਦਾ ਘਰਵਾਲਾ ਪੁਰਾਣਾ ਮਿਡਲ ਪਾਸ ਸੀ, ਡਾਕਖਾਨੇ 'ਚ ਕਲਰਕ ਲੱਗਿਆ ਹੋਇਆ ਸੀ । ਪਤਲਾ-ਸੁੱਕਾ ਸਹੀ, ਪਰ ਸਿਹਤ ਉਸਦੀ ਚੰਗੀ ਸੀ । ਪਾਰਵਤੀ ਦੀ ਤਕਦੀਰ ਨਾਲ ਹੀ ਇਹੋ ਜਿਹਾ ਸਾਊ ਖਸਮ ਮਿਲਿਆ ਸੀ ਉਸਨੂੰ । ਪਾਰਵਤੀ ਨੂੰ ਛੱਡਕੇ ਉਸਦੀ ਕੋਈ ਹੋਰ ਰੁਚੀ, ਕਿਸੇ ਹੋਰ ਵਿੱਚ ਕੋਈ ਦਿਲਚਸਪੀ ਨਹੀਂ ਸੀ - ਪੋਸਟ ਆਫ਼ਿਸ ਤੋਂ ਸਿੱਧਾ ਘਰ ਪਰਤਦਾ 'ਤੇ ਬੱਸ ਪਾਰਵਤੀ ਦੇ ਸੰਗ ਦਾ ਅਨੰਦ ਮਾਣਦਾ ।

ਪਾਰਵਤੀ ਦਾ ਰੰਗ ਸਾਉਲਾ ਸੀ । ਨੱਕ ਲੰਬੀ, ਲੰਬਾ ਜਿਹਾ ਚਿਹਰਾ, ਪਿਆਰ 'ਤੇ ਦਇਆ ਨਾਲ ਛਲਕਦੀਆਂ ਅੱਖਾਂ, ਮੁਸਕਰਾਹਟ ਵਿੱਚ ਲਾਜ, ਕੋਈ ਮੁਰਾਦ ਅਤੇ ਥੋੜਾ ਕਿਸੇ ਜਿੱਤ ਦਾ ਨਸ਼ਾ ਜਿਹਾ । ਜਵਾਨ ਸੀ, ਸੁਹਣੀ ਨਾ ਹੋਣ ਦੇ ਬਾਵਜੂਦ ਮਾੜੀ ਨਹੀਂ ਸੀ ਲੱਗਦੀ । ਵਿਆਹ ਤੋਂ ਮਗਰੋਂ ਚੌਦ੍ਹਾਂ ਵਰ੍ਹਿਆਂ ਦੀ ਹੋਈ ਤਾਂ ਆਪਣੇ ਸਹੁਰੇ ਆਈ ਸੀ, ਉਦੋਂ ਹੀ ਉਸਦਾ ਗੌਣਾ ਵੀ ਹੋਇਆ ਸੀ । ਉਸਦੇ ਸਵਾਮੀ ਨੂੰ ਸੁਹੱਪਣ ਦੀ ਰਤਾ ਵੀ ਪਰਵਾਹ ਨਹੀਂ ਸੀ, ਉਸਨੂੰ ਉਹ ਵੀ ਕੋਈ ਹੂਰਪਰੀ ਹੀ ਜਾਪਦੀ ਸੀ । ਜਿਸ ਤਰ੍ਹਾਂ ਇੱਕ ਆਮ ਪਿੰਡ 'ਚ ਸਧਾਰਣ ਜਿਹੇ ਪਿਉ ਦੇ ਘਰ ਪਲੀ ਪਾਰਵਤੀ ਦੇ ਮਨ ਵਿੱਚ ਪਤੀ ਦੇ ਘਰ ਬਾਰੇ ਕੋਈ ਖਾਸ ਸੁਫ਼ਨੇ ਜਾਂ ਉਮੀਦਾਂ ਨਹੀਂ ਸਨ, ਉਸੇ ਤਰ੍ਹਾਂ ਉਸਦੇ ਘਰਵਾਲੇ ਲਈ ਖੂਬਸੂਰਤੀ 'ਤੇ ਗੁਣਾਂ ਤੋਂ ਵੱਧਕੇ ਬੱਸ ਉਸਦੀ ਆਪਣੀ ਇੱਕ ਧਰਮਪਤਨੀ ਹੋਣ ਦੀ ਖੁਸ਼ੀ ਸੀ । ਸਾਰ ਇਹ ਕਿ ਦੋਨਾਂ ਵਾਸਤੇ ਬਿਨਾ ਕਿਸੇ ਖ਼ਾਸ ਇੱਛਾਵਾਂ ਦੇ, ਵਿਆਹੇ ਜਾਣ ਦਾ ਅਗਿਆਤ ਅਤੇ ਗੁਝਿਆ ਸੁੱਖ ਹੀ ਸਭ-ਕੁੱਝ ਸੀ । ਹੋ ਸਕਦਾ ਹੈ ਇਹ ਦੋਨਾਂ ਦੀ ਸਧਾਰਣ ਪਰਵਰਿਸ਼ ਦਾ ਨਤੀਜਾ ਹੋਵੇ, ਜਾਂ ਫਿਰ ਨਵੀਂ-ਨਵੀਂ ਜਵਾਨੀ ਦਾ । ਕੋਈ ਦੂਜਾ, ਕੋਈ ਪਰਾਇਆ, ਆਪਣਾ ਬਣ ਗਿਆ - ਕਿੰਨਾ ਮਿੱਠਾ ਭੇਤ ਹੈ । ਦੂਰੀ ਨਜ਼ਦੀਕੀ ਬਣ ਗਈ, ਸਗੋਂ ਦੂਰ-ਨੇੜੇ ਦਾ ਕੋਈ ਭੇਤ ਹੀ ਨਹੀਂ ਰਹਿ ਗਿਆ, ਕਲਪਨਾ ਨੇ ਸੱਚਾਈ ਦਾ ਆਸਨ ਲੈ ਲਿਆ, ਆਪਣੇ ਨਾਲ... ਇੱਕੋ ਆਸਨ । ਉਸਨੂੰ ਚਾਰੋਂ ਪਾਸਿਓਂ ਘੇਰਕੇ, ਇੱਕ ਕਲਪਨਾ ਹੀ ਰੱਖਕੇ ਉਸਦੀ ਰੱਖਿਆ ਕਰਨੀ ਚਾਹੀਦੀ ਹੈ । ਵਹੁਟੀ ਲਈ ਅਸਪਸ਼ਟ ਭਾਵਾਂ ਦਾ ਕੁੱਝ ਇਹੋ ਅਰਥ ਸੀ । ਸੁਭਾਅ ਤੋਂ ਵੀ ਉਹ ਇਸਤਰੀ-ਪ੍ਰੇਮੀ ਸੀ । ਉਹ ਤੀਵੀਂ ਬੜੇ ਭਾਗਾਂ ਵਾਲੀ ਹੁੰਦੀ ਹੈ ਜਿਸਨੂੰ ਇਹੋ ਜਿਹਾ ਇਸਤਰੀ-ਪ੍ਰੇਮੀ ਘਰਵਾਲਾ ਮਿਲਦਾ ਹੈ, ਨਹੀਂ ਤਾਂ ਬੰਦੇ ਬਾਹਰ ਦੀ ਦੁਨੀਆ 'ਚ ਹੀ ਮਗਨ ਰਹਿੰਦੇ ਹਨ । ਪਿੰਡ 'ਚ ਰਹਿਣ ਵਾਲੀ ਪਾਰਵਤੀ ਦੇ ਤਾਂ ਭਾਗ ਹੋਰ ਵੀ ਚੰਗੇ ਸਨ ਜਿਸਨੂੰ ਸ਼ਹਿਰ ਵਿੱਚ ਵੀ ਇਹੋ ਜਿਹਾ ਇਸਤਰੀ-ਪ੍ਰੇਮੀ ਲੱਭਾ । ਦੁਨੀਆ ਦਾ ਸਾਰਾ ਸਰਮਾਇਆ ਪਾਰਵਤੀ ਨੂੰ ਆਪਣੀ ਮੁੱਠੀ ਵਿੱਚ ਮਿਲ ਗਿਆ । ਆਪਣੇ ਪਤੀਦੇਵ ਦਾ ਸਮੱਗਰ ਲਾਡ-ਪਿਆਰ ਅਤੇ ਇਕਾਗਰਤਾ ਆਪਣੇ 'ਤੇ ਜਾਣਕੇ ਪਾਰਵਤੀ ਇੱਕ ਜੇਤੂ ਵਾੰਗ ਆਤਮ-ਸੰਮਾਨ, ਅਨੰਦ ਅਤੇ ਗਰਵ ਨਾਲ ਜੀਵਨ ਵਤੀਤ ਕਰਨ ਲੱਗੀ । ਪਿੰਡ ਦੀ ਕੁੜੀ ਹੋਣ ਕਰਕੇ ਉਹ ਬਿਨਾ ਕਿਸੇ ਦਲਿੱਦਰ ਦੇ ਗੱਲਾਂ-ਗੱਲਾਂ 'ਚ ਹੀ ਘਰ ਦਾ ਸਾਰਾ ਕੰਮ ਨਬੇੜ ਦੇਂਦੀ । ਹੈਗੀ ਵੀ ਉਹ ਨਰੋਈ ਅਤੇ ਤਕੜੀ ਸੀ । ਆਪ ਹੀ ਰੋਟੀ ਬਣਾਉਂਦੀ, ਬੜੇ ਚਾਅ ਨਾਲ ਆਪਣੇ ਘਰਵਾਲੇ ਨੂੰ ਖੁਆਉਂਦੀ । ਕਦੇ-ਕਦੇ ਤਾਂ ਢਿਡ੍ਹ ਭਰ ਜਾਣ ਮਗਰੋਂ ਉਸਨੂੰ ਵਹੁਟੀ ਦੀ ਹੋਰ ਖਾਣ ਦੀ ਜ਼ਿਦ ਅੱਗੇ ਨਾ ਕਰਨੀ ਪੈਂਦੀ । ਜਦੋਂ ਕਦੀ ਇੰਜ ਹੁੰਦਾ, ਦੋਨਾਂ ਵਿੱਚ ਇੱਕ ਹਲਕੀ-ਫੁਲਕੀ ਤਕਰਾਰ ਹੋ ਜਾਂਦੀ, ਜਿਹੜੀ ਝੱਟ ਨਜ਼ਰ ਮਿਲਦੀਆਂ ਹੀ ਮੁੱਕ ਵੀ ਜਾਂਦੀ । ਪਾਰਵਤੀ ਦੇ ਪ੍ਰੇਮ ਵਿੱਚ ਇੱਕ ਹਾਣੀ ਹੋਣ ਤੋਂ ਵੱਧ ਆਪਣੇ ਘਰਵਾਲੇ ਲਈ ਸਤਿਕਾਰ ਦਾ ਭਾਅ ਹੁੰਦਾ ਸੀ । ਇਸੇ ਲਈ ਆਮ ਨਵੇਂ ਜੋੜਿਆਂ ਤੋਂ ਵੱਖ, ਇੰਨਾ ਵਿਚਾਲੇ ਕਦੇ ਇੱਕ-ਦੂਜੇ ਨੂੰ ਖਿਝਾਣ ਦੀ, ਤੰਗ ਕਰਨ ਦੀ ਜਾਂ ਲੜਨ ਦੀ ਨੌਬਤ ਨਹੀਂ ਸੀ ਆਉਂਦੀ । ਪਾਰਵਤੀ ਆਪਣੇ ਘਰਵਾਲੇ ਦੇ ਤਾਣਿਆਂ ਨੂੰ, ਖ਼ਰਵੀਆਂ ਗੱਲਾਂ ਨੂੰ ਵੀ ਹੱਸਕੇ ਟਾਲ ਛੱਡਦੀ ਸੀ ।

ਕੱਪੜੇ-ਲੱਤੇ ਦਾ ਉਸਨੂੰ ਕੋਈ ਬਹੁਤਾ ਸ਼ੌਂਕ ਸੀ ਨਹੀਂ । ਸ਼ਿੰਗਾਰ ਵੱਲ ਵੀ ਉਸਦਾ ਕਦੇ ਧਿਆਨ ਹੀ ਨਾ ਜਾਂਦਾ । ਸਦਾ ਸਾਦੇ ਜਿਹੇ ਕੱਪੜਿਆਂ ਵਿੱਚ ਦਿੱਸਦੀ । ਕਦੇ ਦੂਜੀਆਂ ਜਨਾਨੀਆਂ ਨਾਲ ਉਸਨੇ ਆਪਣੀ ਤੁਲਨਾ ਨਹੀਂ ਸੀ ਕੀਤੀ । ਖੂਬਸੂਰਤੀ, ਸਜਾਵਟ ਅਤੇ ਸ਼ਿੰਗਾਰ ਤੋਂ ਪਰਾਂ ਜਿਸ ਰੂਪ ਵਿੱਚ ਉਸਦੇ ਸਵਾਮੀ ਨੇ ਉਸਨੂੰ ਅਪਨਾ ਲਿਆ ਸੀ, ਉਸੇ ਨਾਲ ਪਾਰਵਤੀ ਦੀ ਤ੍ਰਿਪਤੀ ਹੋ ਜਾਂਦੀ ਸੀ । ਪਤੀ ਦੇ ਇੰਨੇ ਲਾਡ-ਪਿਆਰ ਕਰਕੇ ਉਸਦੀ ਸ਼ਿੰਗਾਰ 'ਤੇ ਭੋਗ ਦੀ ਸਾਰੀ ਲਾਲਸਾ ਹੀ ਖ਼ਤਮ ਹੋ ਗਈ ਸੀ । ਘਰ ਦੇ ਖਰਚੇ 'ਚੋਂ ਜੋ ਕੁੱਝ ਬੱਚ ਜਾਂਦਾ, ਪਾਰਵਤੀ ਉਸਦੇ ਗਹਿਣੇ ਬਣਵਾ ਲੈਂਦੀ ਸੀ । ਉਹ ਗਹਿਣੇ ਘਰਵਾਲੇ ਨੂੰ ਰਿਝਾਉਣ ਲਈ ਨਹੀਂ ਸੀ ਲੈਂਦੀ, ਸਗੋਂ ਉਸਦਾ ਮੰਨਣਾ ਸੀ ਕਿ ਇਹ ਉਹ ਦੌਲਤ ਹੈ ਜਿਸ ਨਾਲ ਲਕਸ਼ਮੀ ਟਿਕੀ ਰਹਿੰਦੀ ਹੈ । ਕਦੇ ਦਿਨ-ਤਿਓਹਾਰ ਤੇ ਜਾਂ ਆਂਢ-ਗਵਾਂਢ 'ਚ ਕੋਈ ਖੁਸ਼ੀ-ਵਿਆਹ ਦੇ ਮੌਕੇ 'ਤੇ ਉਹ ਜ਼ਰੂਰ ਆਪਣੇ ਗਹਿਣੇ ਪਾ ਲੈਂਦੀ ਸੀ । ਵੈਸੇ ਤਾਂ ਉਸਦਾ ਘਰਵਾਲਾ ਆਪ ਹੀ ਉਸਨੂੰ ਜ਼ਿਆਦਾ ਚਿਰ ਬਾਹਰ ਨਹੀਂ ਸੀ ਰਹਿਣ ਦਿੰਦਾ, ਪਾਰਵਤੀ ਦਾ ਆਪਣਾ ਦਿੱਲ ਵੀ ਕਿਤੇ ਨਹੀਂ ਲੱਗਦਾ ਸੀ । ਅੰਦਰੋਂ-ਅੰਦਰ ਉਸਨੂੰ ਇਹ ਪਤਾ ਸੀ ਕਿ ਹਰ ਉਹ ਚੀਜ਼ ਜਿਸ ਨਾਲ ਬਾਹਰ ਕਿਸੇ ਤੀਵੀਂ ਦਾ ਮੁਲੰਕਣ ਕੀਤਾ ਜਾਂਦਾ ਹੈ, ਉਹ ਉਸ ਕੋਲ ਨਹੀਂ ਸੀ । ਇਹ ਤਾਂ ਸਿਰਫ਼ ਉਸਦੇ ਸਵਾਮੀ ਕੋਲ ਕੋਈ ਐਸੀ ਦਿਵਦ੍ਰਿਸ਼ਟੀ ਹੈ ਜਿਸਨੇ ਆਤਮਾ ਦੇ ਥੱਲੇ ਲੁੱਕਿਆ ਉਸਦਾ ਗਰਬ ਪਛਾਣ ਲਿਆ ਅਤੇ ਉਸਤੇ ਨਿਛਾਵਰ ਹੋ ਗਿਆ । ਇਸੇ ਲਈ ਆਪਣੀਆਂ ਸਖੀ- ਸਹੇਲੀਆਂ ਨੂੰ ਵੀ ਛੱਡਕੇ ਆਪਣੇ ਘਰਵਾਲੇ ਦੇ ਆਲੇ-ਦੁਆਲੇ ਹੀ ਫਿਰਦੀ ਰਹਿੰਦੀ ।

ਇਸ ਦੰਪਤੀ ਦੇ ਵਿਚਾਲੇ ਕੋਈ ਜ਼ਿਆਦਾ ਗੱਲ-ਬਾਤ ਜਾਂ ਪਿਆਰ-ਮੁਹੱਬਤ ਦਾ ਇਜ਼ਹਾਰ ਨਹੀਂ ਸੀ ਹੁੰਦਾ, ਬੱਸ ਦੋਨੋਂ ਇੱਕ-ਦੂਜੇ ਦੀ ਨਿਕਟਤਾ ਦੇ ਤਿਹਾਏ ਰਹਿੰਦੇ ਸਨ । ਇੱਕ-ਦੂਜੇ ਦੀਆਂ ਅੱਖਾਂ ਵਿੱਚ ਆਪਣੇ-ਆਪ ਨੂੰ ਵੇਖ ਕੇ, ਸੰਪਰਕ 'ਚ ਮਹਿਸੂਸ ਕਰਕੇ ਬੇਅੰਤ ਅਨੰਦ ਮਾਣਦੇ ਸਨ । ਦੂਰ ਵੀ ਰਹਿਣ ਤਾਂ ਇੱਕ-ਦੂਜੇ ਨਾਲ ਜੁੜੇ ਰਹਿੰਦੇ । ਉਹ ਭਾਵੇਂ ਕਿਸੇ ਉੱਚੇ ਦਰਜੇ ਦਾ ਅਨੰਤ ਬਣ ਜਾਣ ਦਾ ਸੁੱਖ ਅਤੇ ਉਤਸ਼ਾਹ ਨਾ ਹੋਵੇ, ਉਹ ਸੀਮਿਤ ਬਣਨ ਦਾ ਅਨੰਦ ਸੀ, ਸਮੂਚੀ ਖੁਸ਼ੀ ਸੀ, ਹੱਡ-ਮਾਸ ਦਾ ਸੁੱਖ ਸੀ! ਇੱਕ ਦਾ ਮਨ ਦੂਜੇ ਦੀ ਕਾਇਆ ਬਣ ਜਾਂਦਾ, ਦੋਨੋ ਦੂਜੇ ਦੀ ਮਹਿਕ ਨਾਲ ਭਰੇ ਰਹਿੰਦੇ, ਇਸੇ ਲਈ ਦੂਰ ਰਹਿਕੇ ਵੀ ਉਨ੍ਹਾਂ ਦੇ ਜਿਸਮ ਮਿਲੇ ਰਹਿੰਦੇ ਸਨ ।

ਦੋਨਾਂ ਦਾ ਵਾਰਤਾਲਾਪ ਬੜਾ ਸਰਲ 'ਤੇ ਆਮ ਹੁੰਦਾ ਸੀ । ਨਾ ਉਸ ਵਿੱਚ ਕੋਈ ਸੰਸਕ੍ਰਿਤੀ, ਨਾ ਕਲਾ ਅਤੇ ਨਾ ਕੋਈ ਵਿਲੱਖਣ ਭਾਵ! ਸੱਚ ਨੂੰ ਦੋਵੇਂ ਆਪਣੇ ਅੰਦਰ, ਗਹਿਰੇ ਅੰਦਰ, ਲੁਕੋ ਕੇ ਰੱਖਦੇ ਅਤੇ ਇਸ ਦੁਤਰਫ਼ੇ ਲੁਕਾਅ ਨੂੰ ਹੰਢਾਈ ਜਾਂਦੇ । ਉਹ ਮਿਆਂ-ਬੀਵੀ ਹਨ, ਹਰ ਤਰ੍ਹਾਂ ਨਾਲ ਇੱਕੋ, ਇੱਕ ਦਾ ਦੂਜੇ 'ਤੇ ਕੋਈ ਹੱਕ ਹੋਣ ਤੋਂ ਸੁਤੰਤਰ, ਅਤੇ ਪਿਆਰ? ਓਹੋ! ਇਨਾ ਗੱਲਾਂ ਨੂੰ ਕਹਿਣ ਦੀ ਵੀ ਕੋਈ ਲੋੜ ਹੈ? ਇੰਨਾ ਨੂੰ ਚੇਤੇ ਵੀ ਕਿਓਂ ਕੀਤਾ ਜਾਏ? ਜੀਵਨ ਦਾ ਸਾਰ ਗੁਝਿਆ ਹੀ ਰਵੇ । ਕੀ ਦਿਲ ਵਿੱਚ ਧੜਕਣ ਨਹੀਂ ਹੁੰਦੀ? ਪਰ ਕੌਣ ਉਸ ਵੱਲ ਸਦਾ ਧਿਆਨ ਦੇਂਦਾ ਹੈ? ਉਹ ਤਾਂ ਜੀਵਨ ਦਾ ਰਹਿਸ ਹੈ; ਲੁਕਵਾਂ, ਬਿਲਕੁਲ ਗੁਪਤ । ਉਸਨੂੰ ਤੁਸੀ ਜਿੰਨਾ ਵਿਸਾਰ ਸਕੋ ਉਨ੍ਹਾਂ ਹੀ ਸੁੱਖ ਹੈ, ਅਨੰਦ ਹੈ, ਆਜ਼ਾਦੀ ਹੈ । ਚੇਤੇ ਕਰੋ ਤਾਂ ਮਨ ਜਿਵੇਂ ਡੁੱਬਣ ਲੱਗਦਾ ਹੈ, ਦਿਲ ਉੱਤੇ ਭਾਰ ਪੈ ਜਾਂਦਾ ਹੈ, ਹਿਚਕ, ਅਨਿਸ਼ਚਿਤਤਾ, ਡਰ... ਖਵਰੇ ਕਿਓਂ । ਨਹੀਂ, ਉਹ ਇੱਕ ਕਿੱਥੇ ਨੇ, ਉਹ ਤਾਂ ਦੋ ਹਨ, ਪਰਾਏ, ਵੱਖ-ਵੱਖ, ਉਨ੍ਹਾਂ ਨੂੰ ਆਪਸ 'ਚ ਬੋਲਣਾ ਚਾਹਿਦਾ ਹੈ, ਗੱਲ-ਬਾਤ ਕਰਨੀ ਚਾਹਿਦੀ ਹੈ, ਸਵਾਂਗ ਕਰਨਾ ਚਾਹਿਦਾ ਹੈ, ਆਦਰ-ਸਤਿਕਾਰ ਰੱਖਣਾ ਚਾਹਿਦਾ ਹੈ... ਤਾਕਿ ਕੁੱਝ ਵਿਹਾਰ ਤਾਂ ਹੋਵੇ । ਇੱਕ ਹੋਣਾ ਤਾਂ ਚੁੱਪੀ ਹੈ... ਉਹ ਤਾਂ ਦੋ ਜਣੇ ਹਨ!

ਅਤੇ ਇੰਨਾਂ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ, ਉਨ੍ਹਾਂ 'ਚ ਅਵਾਜ਼ ਹੁੰਦੀ, ਥੋੜੇ ਸ਼ਬਦ ਹੁੰਦੇ, ਮਨ ਦੀ ਗਰਮੀ ਜਾਂ ਠੰਡ ਹੁੰਦੀ । ਕੋਈ ਪ੍ਰੇਮ ਦਾ ਇਜ਼ਹਾਰ ਨਹੀਂ, ਕੋਈ ਭਾਵ ਨਹੀਂ, ਕੋਈ ਸਜਾਵਟ ਨਹੀਂ... ਅਰਥ ਵੀ ਕੀ ਹੋਣਾ ਸੀ? ਉਹ ਗੱਲਾਂ ਵਸਤੁਆਂ ਹੁੰਦੀਆਂ, ਆਟਾ-ਦਾਲ ਹੁੰਦੀਆਂ, ਘਰਬਾਰ, ਭਾਂਡੇ-ਸਬਜ਼ੀਆਂ ਹੁੰਦੀਆਂ । ਉਨ੍ਹਾਂ ਦੀਆਂ ਗੱਲਾਂ ਕੰਮ ਹੁੰਦੇ... ਅੱਖਾਂ ਦਾ ਮਿਲਣਾ, ਝਪਕਣਾ, ਹੱਥਾਂ ਦਾ ਉੱਠਣਾ-ਡਿੱਗਣਾ, ਇੱਕ-ਦੂਜੇ ਦੀ ਸੇਵਾ ਆਦਿ । ਫਿਰ ਵੀ, ਇੰਨਾ ਜੜ ਕਿਰਿਆਵਾਂ ਨਾਲ ਵੀ ਉਨ੍ਹਾਂ ਦੇ ਅੰਦਰ ਕੋਈ ਰਸ ਛਲਕਦਾ ਸੀ, ਪਸਪਰਦਾ... ਕੀ ਲਿਖਾਂ? ਕੁੱਝ ਵੀ ਪਰਗਟ ਨਹੀਂ ਹੈ, ਸਾਰਾ ਕੁੱਝ ਲੁੱਕਿਆ-ਛੁੱਪਿਆ, ਆਮ, ਰੋਜ਼ ਦਾ । ਕਲਾ ਦੇ ਵਾਸਤੇ ਤਾਂ ਉਹਨਾਂ ਦੇ ਜੀਵਨ 'ਚ ਕੋਈ ਥ੍ਹਾਂ ਹੀ ਨਹੀਂ! ਕਲਾ ਨੂੰ ਲੁਕੋਕੇ ਰੱਖਣਾ ਕਲਾ ਹੈ ਜਾਂ ਨਹੀਂ, ਆਪਣੇ-ਆਪ ਨੂੰ ਛੁਪਾਣਾ ਜ਼ਰੂਰ ਉਨ੍ਹਾਂ ਦੀ ਜ਼ਿੰਦਗੀ ਸੀ । ਇੰਨਾ ਦੋਨਾਂ ਨੇ ਇੱਕ ਕਲਰਕ ਵਾਸਤੇ ਗ੍ਰਿਹਸਥੀ ਦਾ, ਪਿੰਡ ਦੀ ਕਿਸੇ ਸਾਉਲੀ ਅਨਪੜ੍ਹ ਕੁੜੀ 'ਤੇ ਸ਼ਹਿਰ ਦੇ ਨਾਮ ਮਾਤਰ ਨੂੰ ਪੜ੍ਹੇ-ਲਿਖੇ, ਕਮਜ਼ੋਰ ਜਿਹੇ ਘਰਵਾਲੇ ਦਾ, ਬਿਲਕੁਲ ਆਮ ਜੀਵਨ- ਵਾਰਤਕ ਇਸ ਤਰ੍ਹਾਂ ਅਪਨਾ ਲਿਆ ਸੀ ਕਿ ਉਹ ਵੀ ਜਿਵੇਂ ਕਵਿਤਾ ਬਣ ਗਿਆ ਸੀ, ਉਨ੍ਹਾਂ ਦੀ ਜੀਵਨ-ਤਾਨ ਨਾਲ ਰਲ ਗਿਆ ਸੀ । ਕਿੰਨਾ ਸਰਲ 'ਤੇ ਸਧਾਰਣ ਉਨ੍ਹਾਂ ਦਾ ਇਹ ਕਾਵਿ ਸੀ! ਉਹ ਦੋਨੋਂ ਮਾਸ ਦੇ ਟੁਕੜੇ ਸਨ, ਲੋਥੜੇ ਸਨ । ਆਤਮਾ ਅਤੇ ਦਿਲ ਵੀ ਖਵਰੇ ਮਾਸ ਬਣਕੇ ਮੂਕ, ਵਿਚਾਰਹੀਣ, 'ਤੇ ਬੁੱਧੀਹੀਣ ਹੋ ਗਏ ਸਨ ਜਾਂ ਉਨ੍ਹਾਂ ਤੋਂ ਉਤਾਂਹ ਹੋ ਗਏ ਸਨ । ਉਹ ਜਿਵੇਂ ਆਪਣੀ ਚੇਤਨਾ ਹੀ ਗਵਾ ਬੈਠੇ ਸਨ, ਇਥੋਂ ਤਕ ਕਿ ਆਪਣੀ ਹੋਂਦ ਦਾ ਗਿਆਨ ਵੀ । ਦੋ ਮਾਸ ਦੇ ਟੁਕੜੇ ਮਿਲਜੁਲ ਕੇ ਆਪਣੇ ਆਪ ਨੂੰ ਭੁੱਲ ਗਏ ਸਨ, ਘੁਲਣ-ਮਿਲਣ ਦੀ ਕੋਈ ਰੀਤ ਬਣ ਗਏ ਸਨ । ਦੂਜੇ ਨੂੰ ਇੰਨਾ ਪਛਾਣਦੇ ਸਨ ਕਿ ਆਪ ਹੀ ਕਿਤੇ ਗੁਆਚ ਗਏ ਸਨ ।

ਇਹ ਸਭ ਤਾਂ ਮੈਂ ਜਿਉਂ ਦਾ ਤਿਉਂ ਲਿੱਖ ਦਿੱਤਾ ਹੈ, ਪਰ ਇਸ ਦੌਰਾਨ ਸਮਾਂ 'ਤੇ ਸ੍ਰਿਸ਼ਟੀ ਦਾ ਚੱਕਰ ਵੀ ਆਪਣੇ ਕੰਮ ਕਰਦੇ ਰਹੇ ਨਾ! ਮਨੁੱਖਾ ਸੁਭਾਅ, ਆਦਤਾਂ, ਵਿਆਹ ਅਤੇ ਸ਼ਰੀਰਿਕ ਸੰਬੰਧ, ਇੰਨਾ ਸਾਰਿਆਂ ਨੇ ਰਲਕੇ, ਪੁਰਾਣੇ ਵਾਕਫ਼ਕਾਰਾਂ ਵਾੰਗ ਆਕੇ, ਪਾਰਵਤੀ ਦੇ ਸੰਸਾਰ ਨੂੰ ਬਦਲਣ 'ਤੇ ਉਸਨੂੰ ਵੱਡਾ ਕਰਨ 'ਚ ਬੜਾ ਸਹਿਯੋਗ ਦਿੱਤਾ । ਇਤਿਹਾਸ, ਸ਼ਾਸਤਰ ਅਤੇ ਚਰਿੱਤਰ ਦਾ ਵਾਸਤਾ ਦੇਣਾ ਫ਼ਜ਼ੂਲ ਹੈ । ਜਨ-ਸੰਖਿਆ, ਪਰਿਵਾਰ-ਨਿਯੋਜਨ ਅਤੇ ਕੁਦਰਤੀ ਜਾਂ ਬਨਾਵਟੀ ਤਰਕੀਬਾਂ, ਸਭ ਆਉਣ ਵਾਲੇ ਕੱਲ ਦੀਆਂ ਗੱਲਾਂ ਹਨ । ਇਸ ਦੰਪਤੀ ਲਈ ਸੱਚ ਤੋਂ ਵੀ ਵਧੇਰੇ ਮੰਨੀ 'ਤੇ ਸਮਝੀ ਹੋਈ ਗੱਲ ਇਹ ਸੀ ਕਿ ਦੋਨੋਂ ਹੁਣ ਅਧੇੜ ਹੋ ਗਏ ਸਨ, ਪਾਰਵਤੀ ਕਈ ਮੁੰਡੇ-ਕੁੜੀਆਂ ਦੀ ਮਾਂ ਬਣ ਚੁੱਕੀ ਸੀ । ਇਸ 'ਚ ਕਿਹੜੀ ਨਵੀਂ ਗੱਲ ਸੀ - ਇਦਾਂ ਹੀ ਹੁੰਦਾ ਆਇਆ ਹੈ, ਹੋ ਰਿਹਾ ਹੈ, 'ਤੇ ਹੁੰਦਾ ਵੀ ਰਵੇਗਾ । ਰੱਬ ਨਾ ਕਰੇ ਕਦੇ ਕੋਈ ਮਾਂ ਕਿਸੇ ਹੋਰ ਚੀਜ਼ ਨੂੰ ਜਨਮ ਦੇਵੇ । ਆਪਣੇ ਮਾਲੀ ਹਾਲਾਤ ਦੇ ਮੁਤਾਬਿਕ ਇੰਨਾ ਦੀ ਜ਼ਿੰਦਗੀ 'ਚ ਵੀ ਕਈ ਅਵਸਰ ਆਏ - ਗ੍ਰਿਹਸਥੀ ਵਿੱਚ ਰੋਣਾ ਆਇਆ, ਹਾਸਾ ਆਇਆ, ਚਹਿਚਹਾਉਣਾ ਆਇਆ, ਪੁਚਕਾਰ-ਫਟਕਾਰ, ਦੁੱਖ ਸੁੱਖ ਸਾਰਾ ਕੁੱਝ! ਨਵੇਂ ਰੰਗ-ਰੂਪ, ਨਵੀਆਂ ਇੱਛਾਵਾਂ, ਉਮੀਦਾਂ । ਨਵੇਂ ਕਲਹਿ-ਕਲੇਸ਼, ਨਵੀਆਂ ਚਿੰਤਾਵਾਂ... ਬੜਾ ਬਦਲਾਅ ਆ ਗਿਆ । ਮੁੱਢ ਦੀ ਛੋਟੀ ਜਿਹੀ ਗ੍ਰਿਹਸਥੀ ਪੁਰਾਣੀ ਹੋਈ ਜਾਂ ਨਵੀਂ, ਅੱਗੇ ਵਧੀ ਜਾਂ ਪਿੱਛੇ, ਇਸ ਸਭ ਨਾਲ ਕੀ ਫ਼ਰਕ ਪੈਂਦਾ ਹੈ? ਜਿਵੇਂ ਹੁੰਦਾ ਹੈ, ਉਵੇਂ ਹੀ ਹੋਇਆ! ਦੋਨਾਂ ਦੀ ਜਿਸਮਾਨੀ, ਦਿਮਾਗੀ ਅਤੇ ਆਰਥਿਕ ਦਸ਼ਾ ਸੁਧਰੀ ਜਾਂ ਮਾੜੀ ਹੋਈ, ਰੰਗ-ਰੂਪ ਨਿਖਰ ਕੇ ਕਿੱਥੇ ਚਲਾ ਗਿਆ, ਜਾਂ ਉਸਨੂੰ ਹੋਇਆ ਕੀ, ਕਿੰਨੇ ਰੋਗ ਆਏ, ਸੋਗ ਆਏ, ਕਿੰਨੀਆਂ ਖੁਸ਼ੀਆਂ ਜਾਂ ਹੋਰ ਵਾਧੇ ਆਏ, ਕਿੰਨੇ ਸਿਆਲ ਆਏ ਕਿੰਨੇ ਬਸੰਤ ਆਏ... ਕਿਸ ਪੱਖ ਉੱਤੇ ਜ਼ੋਰ ਦਿੱਤਾ ਜਾਏ, ਕਿਸ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਏ? ਕੀ ਕਹੀਏ 'ਤੇ ਕੀ ਛੁਪਾਇਆ ਜਾਏ? ਇਹ ਥੋੜੀ ਇਸ ਦੰਪਤੀ ਦੀ ਕਹਾਣੀ ਹੈ! ਇਹ ਤਾਂ ਕੋਈ ਦੂਜੀ ਹੀ ਕਥਾ ਹੈ, ਜਿਸਦੇ ਲਈ ਤੁਸੀ ਇਤਿਹਾਸ ਪੜ੍ਹੋ, ਫ਼ਲਸਫ਼ਾ ਪੜ੍ਹੋ, ਗਿਆਨ-ਵਿਗਿਆਨ ਪੜ੍ਹੋ । ਤਾਤਪਰਜ ਇਹ ਕਿ ਸਮੇਂ-ਸਮੇਂ 'ਤੇ ਉਹ ਸਭ ਕੁੱਝ ਹੁੰਦਾ ਰਿਹਾ ।

ਲੇਕਨ ਪਾਰਵਤੀ ਦੇ ਇੱਕ ਪੁੱਤਰ-ਸੋਗ ਦਾ ਚਰਚਾ ਤਾਂ ਕਰਨਾ ਪਵੇਗਾ । ਵੀਹ-ਬਾਈ ਵਰ੍ਹਿਆਂ ਦੇ ਮੁੰਡੇ ਦਾ ਦਿਮਾਗ ਖ਼ਰਾਬ ਹੋ ਗਿਆ ਅਤੇ ਆਖ਼ਿਰ ਟੀਬੀ ਦਾ ਸ਼ਿਕਾਰ ਹੋਕੇ ਪਰਲੋਕ ਸਿਧਾਰ ਗਿਆ । ਪਾਰਵਤੀ ਨੇ ਉੰਨੀ ਤਾਂ ਬਿਮਾਰ ਦੀ ਸੇਵਾ ਨਹੀਂ ਕੀਤੀ ਜਿੰਨੇ ਉਸਦੇ ਲਈ ਅੱਥਰੂ ਵਗਾਏ । ਇੱਕ ਪਾਗਲ ਨੂੰ ਪਹਿਲਾਂ ਤਾ ਮਨੁੱਖ ਹੀ ਨਹੀਂ ਸਮਝਿਆ ਜਾਂਦਾ! ਉਸ ਵੱਲ ਵੈਸੇ ਹੀ ਕੋਈ ਜ਼ਿਆਦਾ ਧਿਆਨ ਨਹੀਂ ਦੇਂਦਾ । ਉਹ ਤਾਂ ਸਮਝੋ ਕਿਸੇ ਦੇਵੀ ਦਾ ਪਰਕੋਪ ਹੈ, ਲਾਇਲਾਜ... ਉਸਤੇ ਕਿਸੇ ਦਾ ਕੋਈ ਵੱਸ ਥੋੜੀ ਹੁੰਦਾ ਹੈ । ਫਿਰ ਟੀਬੀ ਦਾ ਰੋਗ ਵੀ ਤਾਂ ਕਾਲ ਦਾ ਬੁਲਾਵਾ ਹੀ ਹੈ, ਮਰੀਜ਼ ਨੂੰ ਪਹਿਲਾਂ ਹੀ ਮਰਿਆ ਹੋਇਆ ਸਮਝ ਲੈਂਦੇ ਹਨ । ਵੈਦ-ਹਕੀਮ ਅਵੱਲ ਤਾਂ ਬਾਹਰਲੇ ਮੁਲਕ ਦੀਆਂ ਦਵਾਈਆਂ ਲਈ ਹਾਮੀ ਨਹੀਂ ਭਰਦੇ, ਦੂਜਾ, ਡਾਕਖਾਨੇ ਦੇ ਇੱਕ ਆਮ ਬਾਬੂ ਦੇ ਮੁੰਡੇ ਲਈ ਇੰਨੀਆਂ ਮਹਿੰਗੀਆਂ ਦਵਾਈਆਂ ਖਰੀਦੀਆਂ ਕਿੱਦਾਂ ਜਾਂਦੀਆਂ । ਕਿਸੇ ਸੈਨੇਟੋਰੀਅਮ 'ਤੇ ਸਾਫ਼-ਸੁੱਥਰੇ ਵਾਤਾਵਰਣ ਦਾ ਤਾਂ ਸੁਫ਼ਨਾ ਤਕ ਵੇਖਣਾ ਵੀ ਸੰਭਵ ਨਹੀਂ ਸੀ । ਉੱਤੋਂ ਰੱਬ ਦੀ ਮਾਰ, ਮੁੰਡਾ ਪਾਗਲ ਵੀ ਸੀ । ਬਈ ਸੱਚੀ ਗੱਲ ਤਾਂ ਇਹ ਹੈ ਕਿ ਮੌਤ ਦੀ ਚਾਪਲੂਸੀ ਕਰਕੇ ਵੀ ਕੀ ਹਾਸਿਲ ਹੋਣਾ ਹੈ! ਸਾਰਿਆਂ ਨੂੰ ਅੰਦਰੋਂ ਸਹੀ ਗੱਲ ਦਾ ਚਾਨਣ ਹੁੰਦਾ ਹੀ ਹੈ । ਕੀਤਾ ਵੀ ਕੀ ਜਾਏ, ਹਰ ਪਾਸੇ ਲਾਚਾਰੀ ਸੀ! ਰੋਣ-ਪਿੱਟਣ 'ਚ ਮਾਂ ਦੇ ਦਿੱਲ ਨੇ ਕੋਈ ਥੋੜ੍ਹ ਨਾ ਰੱਖੀ । ਹੌਲੀ ਵਕ਼ਤ ਨੇ ਵਿਚਾਰੀ ਮਾਂ ਦੇ ਫੱਟ ਕਿਸ ਤਰ੍ਹਾਂ ਭਰ ਦਿੱਤੇ, ਕਿਸੇ ਨੂੰ ਨਹੀਂ ਪਤਾ । ਬਾਹਰੋਂ ਤਾਂ ਇਹ ਦੋਵੇਂ 'ਗੂੰਗੇ' ਹੁਣ ਠੀਕ ਜਾਪਦੇ ਸਨ, ਪਰ ਮਨ ਵਿੱਚ ਹਾਲੇ ਵੀ ਜੇ ਕੋਈ ਕਸਕ 'ਤੇ ਟੀਸ ਹੋਵੇ ਤਾਂ ਕਿਸੇ ਨੂੰ ਨਹੀਂ ਸੀ ਪਤਾ । ਵਿਆਹ ਮਗਰੋਂ ਬੱਚਾ ਜਣਦਿਆਂ ਪਾਰਵਤੀ ਦੀ ਇੱਕ ਕੁੜੀ ਵੀ ਨਹੀਓਂ ਰਹੀ । ਮਰਨਾ-ਜੀਣਾ ਕਿਸੇ ਦੇ ਹੱਥ 'ਚ ਥੋੜੀ ਹੈ! ਹੁਣ ਦੋ ਮੁੰਡੇ ਅਤੇ ਇੱਕ ਕੁੜੀ ਰਹਿ ਗਏ ਹਨ ।

ਵੱਡਾ ਮੁੰਡਾ ਤਾਂ ਸਕੂਲ ਤੋਂ ਬਾਅਦ ਪਿਉ ਵਾਲੀ ਜਗਹ ਲੱਗ ਗਿਆ, ਪਿਉ ਦੀ ਹੁਣ ਪੈਨਸ਼ਨ ਸ਼ੁਰੂ ਹੋ ਚੁਕੀ ਹੈ । ਮੁੰਡੇ ਦਾ ਵਿਆਹ ਚੰਗੇ ਘਰ 'ਚ ਹੋ ਗਿਆ, ਪਰ ਵਹੁਟੀ ਉਸਦੀ ਢਿੱਲੀ-ਮੱਠੀ ਰਹਿੰਦੀ ਹੈ । ਸੁਣਿਐ ਦੋ-ਤਿੰਨ ਨਿਆਣੇ ਵੀ ਹੋ ਗਏ ਹਨ । ਖਵਰੇ ਇੱਕ ਗ਼ਰੀਬ ਵਾਸਤੇ ਜਨਾਨੀ ਹੀ ਪਰਚਾਵਾ ਰਹਿ ਜਾਂਦੀ ਹੈ । ਜੋ ਵੀ ਹੈ, ਪੁੱਤਰ ਨੇ ਵੀ ਜਨਾਨੀ ਵਾਸਤੇ ਨਿਰਾ-ਪੂਰਾ ਪਿਉ ਵਾਲਾ ਸੁਭਾਅ ਵਿਰਸੇ 'ਚ ਲਿਆ ਹੈ । ਦੂਜੀ ਕੁੜੀ ਦਾ ਵਿਆਹ ਵੀ ਪਾਰਵਤੀ ਕਰ ਬੈਠੀ ਹੈ, ਬੱਸ ਇੱਕ ਛੋਟਾ ਮੁੰਡਾ ਹੈ, ਜਿਹੜਾ ਹਾਲੇ ਪੜ੍ਹਦਾ ਅਤੇ ਮਾਂ ਦੇ ਕੋਲ ਹੀ ਰਹਿੰਦਾ ਹੈ ।

ਪਾਰਵਤੀ ਦੇ ਸਵਾਮੀ ਦੇ ਬੁਢਾਪੇ ਬਾਰੇ ਮੈਂ ਬਹੁਤ ਕੁੱਝ ਨਹੀਂ ਲਿੱਖ ਸਕਦਾ । ਕਲਾ ਅਤੇ ਰਚਨਾਤਮਕਤਾ ਨੂੰ ਉਸਦੇ ਨਾਲ ਹਮਦਰਦੀ ਹੋਣੀ ਔਖੀ ਹੈ, ਹਾਂ, ਨੁਕਤਾਚੀਨੀ ਮੈਂ ਕਰ ਸਕਦਾ ਹਾਂ! ਸੰਤਾਨ ਵੱਲ ਉਸਦੇ ਮਨ 'ਚ ਰੱਤੀ ਭਰ ਪਿਆਰ ਨਹੀਂ ਹੈ । ਜਨਾਨੀ ਦੇ ਪ੍ਰੇਮ ਤੋਂ ਬਾਅਦ ਉਸਦੇ ਮਨ ਵਿੱਚ ਬੱਸ ਪੈਸੇ ਜੋੜਨ ਦੀ ਇੱਕ ਇੱਛਾ ਹੈ; ਉਮਰ ਦੇ ਨਾਲ-ਨਾਲ ਇਹ ਬਿਮਾਰੀ ਵੱਧ ਹੀ ਰਹੀ ਹੈ । ਅੰਗੂਠੇ ਨੂੰ ਹੱਥ ਦੀ ਪਹਿਲੀ ਉਂਗਲ ਨਾਲ ਰਗੜਕੇ ਇਸ਼ਾਰਿਆਂ ਨਾਲ ਹੀ ਸਭ ਨੂੰ ਇਹ ਦੱਸਦਾ ਰਹਿੰਦਾ ਹੈ ਕਿ ਪੈਸੇ ਬਗੈਰ ਕੁੱਝ ਨਹੀਂ ਹੁੰਦਾ… ਪੈਸਿਆਂ ਦੀ ਬੜੀ ਘਾਟ ਹੈ । ਜੋ ਵੀ ਮਿਲੇ ਉਸਤੋਂ ਬੱਸ ਉਸਦੀ ਮਾਲੀ-ਹਾਲਤ ਪੁੱਛਦਾ ਹੈ । ਆਪਣੀ ਥੋੜੀ ਜਿਹੀ ਤਨਖਾਹ ਨਾਲ ਥੋੜਾ-ਬਹੁਤ ਪੈਸਾ ਜ਼ਰੂਰ ਕੱਠਾ ਕਰ ਲਿਆ ਸੀ ਉਸਨੇ…

ਦੂਜਿਆਂ ਅੱਗੇ ਪਾਰਵਤੀ ਦਾ ਘਰਵਾਲਾ ਆਪਣੇ ਆਪ ਨੂੰ ਹਮੇਸ਼ਾ ਬਿਮਾਰ, ਕਮਜ਼ੋਰ, ਨਿਕੰਮਾ 'ਤੇ ਦਇਆ ਦਾ ਪਾਤਰ ਬਣਾਕੇ ਦੱਸਦਾ ਹੈ । ਇਸ ਤਰ੍ਹਾਂ ਜਿਵੇਂ ਉਹ ਕੋਈ ਭੋਲਾ-ਭਾਲਾ, ਅਨਜਾਣ, ਇਸ ਗੁੰਝਲਦਾਰ ਦੁਨੀਆ 'ਚ ਰਹਿਣ ਦੇ ਬਿਲਕੁਲ ਲਾਇਕ ਨਾ ਹੋਵੇ । ਇਸ ਤਰ੍ਹਾਂ ਦੂਜਿਆਂ ਦੀ ਹਮਦਰਦੀ ਹਾਸਿਲ ਕਰਨ ਦਾ ਵੀ ਬੜਾ ਸ਼ੌਂਕ ਹੈ ਉਸਨੂੰ ।

ਚੰਗਾ-ਭਲਾ ਹੁੰਦਿਆਂ ਵੀ ਮਰੀਜ਼ ਬਣਿਆ ਰਹਿੰਦਾ ਹੈ । ਉਠਦਿਆਂ-ਬਹਿੰਦਿਆਂ ਹਾਏ-ਹਾਏ, ਅੱਖਾਂ 'ਚ ਫ਼ਰਿਆਦ, ਮੂੰਹ ਸੰਗੋਡਕੇ ਝੁਰੜੀਆਂ ਦੇ ਜਾਲ ਵਿੱਚ ਲੁਕੋ ਲੈਣਾ, ਇਹ ਸਾਰਾ ਕੁੱਝ ਉਸਦੇ ਬੁਢਾਪੇ ਦੀ ਅਦਾਕਾਰੀ ਹੈ । ਪਾਰਵਤੀ ਨੂੰ ਵੀ ਹੁਣ ਇਹ ਸਵਾਂਗ ਬਥੇਰਾ ਵੇਖਣਾ 'ਤੇ ਝੇਲਣਾ ਪੈਂਦਾ ਹੈ । ਇਸਦੇ ਸਦਕਾ ਹੀ ਉਹ ਪਾਰਵਤੀ ਤੋਂ ਆਪਣੇ ਸਾਰੇ ਛੋਟੇ-ਮੋਟੇ ਕੰਮ ਵੀ ਕਰਵਾ ਲੈਂਦਾ ਹੈ । ਸ਼ਾਇਦ ਉਸਦੇ ਜਵਾਨੀ ਦੇ ਗੂੰਗੇ ਪ੍ਰੇਮ ਨੂੰ ਇਹੋ ਅਪੰਗ ਬੰਦਸ਼ ਮਿਲੀ ਹੋਵੇ ।

ਪਿਆਰ ਵਾੰਗ ਪਾਰਵਤੀ ਨੇ ਉਸਦੇ ਪੈਸੇ ਜੋੜਨ ਦੀ ਆਦਤ ਨੂੰ ਵੀ ਅਪਨਾ ਲਿਆ ਸੀ । ਪਤੀ ਦੇ ਪਿਆਰ ਉੱਤੇ ਉਹ ਵੈਸੇ ਹੀ ਵਾਰੀ ਜਾਂਦੀ ਸੀ, ਉਸਦੀਆਂ ਕਮਜ਼ੋਰੀਆਂ ਅਤੇ ਜ਼ਿਆਦਤੀਆਂ ਦੇ ਪ੍ਰਤੀ ਅਨਜਾਣ ਸੀ । ਪਰ ਹੋ ਸਕਦਾ ਹੈ, ਇਹ ਉਸਦੇ ਵਿਹਾਰ ਦਾ ਬੱਸ ਵਖਾਵਾ ਹੋਵੇ, ਅੰਦਰੋਂ ਉਹ ਵੀ ਅੱਕੀ 'ਤੇ ਖਿੱਝੀ ਪਈ ਹੋਵੇ! ਪਰ ਆਪਣੇ ਸਵਾਮੀ ਦੇ ਪਿਆਰ ਦੇ ਪਰਦਰਸ਼ਨ ਨਾਲ ਉਹ ਕਦੇ ਵੀ ਨਹੀਂ ਸੀ ਤ੍ਰਿਪਤ ਹੁੰਦੀ । ਕਦੀ ਉਸਦਾ ਘਰਵਾਲਾ ਉਸਨੂੰ ਨਾਂ ਲੈਕੇ ਬੁਲਾਉਂਦਾ 'ਤੇ ਕਦੇ ਮੁੰਡੇ-ਕੁੜੀ ਨੂੰ ਅਵਾਜ਼ ਮਾਰਕੇ ਉਸਨੂੰ ਸੱਦਦਾ । ਕਦੇ ਉਹਦੇ ਆਲੇ-ਦੁਆਲੇ ਜਨਾਨੀਆਂ ਦੀ ਪਰਵਾਹ ਨਾ ਕਰਕੇ ਉਸਦੇ ਲਾਗੇ ਜਾ ਖੜਦਾ, ਜਾਂ ਘਰ ਦੇ ਕੰਮ-ਕਾਜ ਕਰਦੀ ਪਾਰਵਤੀ ਦਾ ਪਿੱਛੋਂ ਆਕੇ ਪੱਲਾ ਫੜ ਲੈਂਦਾ, ਜਿਹੜੀ ਕਿ ਬੁਢਾਪੇ 'ਚ ਪੈਨਸ਼ਨ ਲੱਗਣ ਮਗਰੋਂ ਉਸਦੀ ਆਦਤ ਹੋ ਗਈ ਸੀ । ਉਦੋਂ ਪਾਰਵਤੀ ਲਾਜ-ਸ਼ਰਮ, ਝਿਝਕ ਅਤੇ ਖਿੱਝ ਦਾ ਵਖਾਵਾ ਕਰਦੀ, ਇਸ ਅਨੁਰਾਗ ਦਾ ਉਪਯੋਗ ਕਰਦਿਆਂ ਵੀ ਵੇਖੀ ਗਈ ਹੈ । ਮਿਹਣਾ ਜਿਹਾ ਮਾਰਦੀ ਉਹ ਕਹਿੰਦੀ, 'ਮੇਰੇ ਆਲੇ-ਦੁਆਲੇ ਕਿਉਂ ਪਏ ਫਿਰਦੇ ਹੋ? ਕੋਈ ਅਖਬਾਰ ਕਿਉਂ ਨਹੀਂ ਫੜ ਲੈਂਦੇ?' ਜਾਂ ਆਪਣੇ ਮੁੰਡੇ ਨੂੰ ਬੁਲਾਉਂਦੀ - 'ਗਿਰਿੰਦਰ, ਜ਼ਰਾ ਇੰਨਾ ਨੂੰ ਕਹਿ ਕੋਈ ਅਖਬਾਰ ਪੜ੍ਹ ਲੈਣ, ਥੋੜਾ ਘੁੱਮ-ਫਿਰ ਲੈਣ, ਮਾੜਾ ਜਿਹਾ ਧੁੱਪ ਦੇ ਮੱਥੇ ਲੱਗਣ, ਬੋਲ ਦੇ ਕਾਕਾ!'

ਥੋੜਾ ਚਿਰ ਪਹਿਲੇ ਹੀ ਪਾਰਵਤੀ ਦਾ ਘਰਵਾਲਾ ਬਿਮਾਰ ਪੈ ਗਿਆ ਸੀ, ਬਿਮਾਰੀ ਨੇ ਵੀ ਬੜਾ ਗੰਭੀਰ ਰੂਪ ਧਰ ਲਿਆ । ਪਾਰਵਤੀ ਨੇ ਜਿਹੜੀ ਲਗਨ 'ਤੇ ਹਿੰਮਤ ਨਾਲ ਦਿਨ-ਰਾਤ ਅਥੱਕ ਮੇਹਨਤ ਕਰਕੇ ਉਸਦੀ ਸੇਵਾ ਕੀਤੀ ਉਹ ਸ਼ਬਦਾਂ 'ਚ ਦੱਸੀ ਨਹੀਂ ਜਾ ਸਕਦੀ । ਬੱਸ ਸਮਝੋ, ਉਹ ਮੌਤ ਦੇ ਮੂੰਹੋਂ ਉਸਨੂੰ ਵਾਪਸ ਖਿੱਚ ਲਿਆਈ ਸੀ । ਆਂਢ-ਗੁਆਂਢ ਦੇ ਪੜ੍ਹੇ-ਲਿੱਖੇ ਲੋਕਾਂ ਦਾ ਕਹਿਣਾ ਹੈ, ਆਪਣੇ ਸਮਾਜ ਵਿੱਚ ਜਨਾਨੀ ਦੀ ਅਧੀਨਗੀ ਹੀ ਪਾਰਵਤੀ ਦੇ ਇਸ ਜਬਰਦਸਤ ਜਤਨ ਦੇ ਪਿੱਛੇ ਦੀ ਅਸਲ ਵਜ੍ਹਾ ਸੀ । ਪੁੱਤਰ ਵੇਲੇ ਉਸਦੀ ਇਹ ਸੇਵਾ ਕਿੱਥੇ ਚਲੀ ਗਈ ਸੀ? ਮਤਲਬ ਇਹ ਕਿ ਪਾਰਵਤੀ ਦੀ ਸੇਵਾ ਨੂੰ ਕੋਈ ਜ਼ਿਆਦਾ ਮਹੱਤਵ ਨਹੀਂ ਦੇਂਦੇ; ਪੜ੍ਹਿਆਂ-ਲਿਖਿਆਂ ਨੂੰ ਸੰਸਾ ਜੋ ਵਧੇਰੇ ਹੁੰਦੀ ਹੈ । ਪੁਰਾਣੇ ਲੋਕ ਤਾਂ ਇਸਨੂੰ ਪਾਰਵਤੀ ਦੀ ਸਵਾਮੀ-ਭਕਤੀ ਮੰਨਕੇ ਉਸਨੂੰ ਸਵਿਤ੍ਰੀ ਦਾ ਦਰਜਾ ਦੇਂਦੇ ਹਨ । ਵੈਸੇ ਪਾਰਵਤੀ ਨੂੰ ਆਪ ਇਸਦਾ ਕੋਈ ਕਾਰਣ ਨਹੀਂ ਪਤਾ । ਹੱਕੀ-ਬੱਕੀ ਉਹ ਵੀ ਹੈ ਕਿ ਘਰਵਾਲੇ ਨੂੰ ਇਸ ਹਾਲ 'ਚ ਵੇਖਕੇ ਕਿਥੋਂ ਉਸਦੇ ਥੱਕੇ ਪਏ, ਬੁੱਢੇ ਸ਼ਰੀਰ ਵਿੱਚ ਇੰਨੀ ਤਾਕਤ ਆ ਗਈ, ਪੁਰਾਣੇ ਹੱਡਾਂ 'ਚ ਇੰਨੀ ਜਾਨ ਆ ਗਈ ਕਿ ਉਹ ਖਾਣਾ, ਪੀਣਾ ਅਤੇ ਸੌਣਾ ਸਭ ਵਿਸਰ ਗਈ । ਜੋ ਕੁੱਝ ਵੀ ਹੈ, ਬੱਸ ਘਰਵਾਲੇ ਨੂੰ ਜੀਵਨਦਾਨ ਮਿਲ ਗਿਆ; ਰੱਬ ਬੜਾ ਦਇਆਵਾਨ ਹੈ!

ਬਿਮਾਰੀ ਦੇ ਮਗਰੋਂ, ਅਤੇ ਕੁੱਝ ਬੁਢਾਪੇ ਕਰਕੇ ਪਾਰਵਤੀ ਦੇ ਘਰਵਾਲੇ ਦੀ ਯਾਦਾਸ਼ਤ ਬੜੀ ਕਮਜ਼ੋਰ ਹੋ ਗਈ ਹੈ । ਕਦੀ-ਕਦੀ ਤਾਂ ਬੜੀ ਗੁੰਝਲ 'ਚ ਪਿਆ ਰਹਿੰਦਾ ਹੈ, ਸੁਫ਼ਨੇ ਨੂੰ ਵੀ ਸੱਚ ਮੰਨ ਲੈਂਦਾ ਹੈ । ਅੱਖਾਂ ਵਿੱਚ ਇੱਕ ਨਿਤਾਣੀ ਜਿਹੀ ਚਮਕ ਆ ਗਈ ਹੈ । ਦਿਮਾਗ 'ਤੇ ਵੀ ਹੁਣ ਉੰਨਾ ਵੱਸ ਨਹੀਂ ਰਿਹਾ । ਹੁਣ ਤਾਂ ਪਾਰਵਤੀ ਦੇ ਬਗ਼ੈਰ ਬਿਲਕੁਲ ਰਹਿ ਹੀ ਨਹੀਂ ਸਕਦਾ - ਉਹੀ ਹੁਣ ਵਹੁਟੀ ਹੈ, ਮਾਂ ਹੈ ਅਤੇ ਮਿੱਤਰ ਵੀ । ਪਾਰਵਤੀ ਦਾ ਘਰਵਾਲਾ ਪੇਂਡੂਆਂ ਵਾੰਗ ਬੜਾ ਖੁੱਲ੍ਹਾ ਹਾਸਾ ਹੱਸਦਾ ਹੈ, ਹੱਸਦੇ-ਹੱਸਦੇ ਹੱਥ ਉੱਤੇ ਹੱਥ ਵੀ ਮਾਰਦਾ ਹੈ । ਹੱਸਣਾ ਉਸਦਾ ਅਜੇ ਵੀ ਉਹੋ ਜਿਹਾ ਹੀ ਹੈ । ਤਬੀਅਤ ਵੀ ਉਸਦੀ ਥੋੜੀ ਹੱਸਮੁੱਖ ਹੈ, ਜਿਸਦਾ ਥੋੜਾ ਸਵਾਦ ਹੁਣ ਪਾਰਵਤੀ ਨੂੰ ਅਕਸਰ ਮਿਲਦਾ ਰਹਿੰਦਾ ਹੈ । ਬਾਕੀ ਉਸਦਾ ਆਪਣਾ ਜੀਵਨ ਹੀ ਅਜੇ ਤੱਕ ਦੋਨਾਂ ਦੇ ਜੀਵਨ ਦਾ ਤੱਤ ਸੀ । ਪੈਨਸ਼ਨ ਤੋਂ ਬਾਅਦ ਉਨ੍ਹਾਂ ਦੀ ਪਹਿਲੋਂ ਹੀ ਮਾੜੀ ਮਾਲੀ ਹਾਲਤ 'ਚ ਹੋਰ ਤੰਗਹਾਲੀ ਆ ਗਈ ਸੀ, ਜਿਸ ਕਾਰਣ ਘਰ-ਗ੍ਰਿਹਥੀ ਦੇ ਇੰਤਜ਼ਾਮ ਦਾ ਭਾਰ ਉਸ ਉੱਤੇ ਹੋਰ ਵੀ ਵੱਧ ਗਿਆ ਹੈ । ਉਹ ਆਪ ਹੀ ਪਾਣੀ ਭਰਦੀ ਹੈ ਅਤੇ ਭਾਂਡੇ ਵੀ ਮਾਂਜਦੀ ਹੈ । ਉੱਤੋਂ ਉਸਦੇ ਸਰ ਉੱਤੇ ਇੱਕ ਗੋਲਾ ਜਿਹਾ ਵੀ ਨਿਕਲ ਆਇਆ ਹੈ । ਮੈਂ ਤਾਂਵੀ ਉਸਨੂੰ ਕਦੇ ਖਿਝਿਆਂ, ਉਦਾਸ ਜਾਂ ਉਕਤਾਇਆ ਨਹੀਂ ਵੇਖਿਆ । ਆਪਣੇ ਸਾਰੇ ਦੁੱਖ ਦਰਦ ਨੂੰ ਨਜ਼ਰਅੰਦਾਜ਼ ਕਰਨ ਵਾਲੀ ਉਸਦੀ ਇਹ ਮਰਦਾਂ ਵਰਗੀ ਆਦਤ ਬੜੀ ਸ਼ਲਾਘਾ ਕਰਨ ਜੋਗ ਹੈ । ਘਰਵਾਲੇ ਨੂੰ ਉਹ ਸਦਾ ਖਿੜੇ-ਮੱਥੇ ਹੀ ਮਿਲਦੀ ਹੈ । ਜੇ ਉਹ ਪਿੱਠਭੂਮੀ ਹੈ ਤਾਂ ਘਰਵਾਲਾ ਤਸਵੀਰ, ਇਹ ਰੰਗ-ਰੂਪ ਹੈ ਤੇ ਸਵਾਮੀ ਮੂਰਤੀ! ਪਾਰਵਤੀ ਘਰ ਦਾ ਪਿੰਜਰ ਹੈ, ਪਤੀ ਮਾਸ-ਪਿੰਡ, ਇਹ ਨੀਂਦਰ ਹੈ, ਪਤੀ ਸੁਫ਼ਨਾ, ਇਹ ਚੇਤਨਾ ਹੈ ਤਾਂ ਘਰਵਾਲਾ ਅਹਿਸਾਸ!

ਉਸ ਦਿਨ ਸਵਾਮੀ ਦੇ ਕੋਲ ਇੱਕ ਮੱਗਾ ਪਾਣੀ ਦਾ ਰੱਖਕੇ ਪਾਰਵਤੀ ਨੇ ਪਿਆਰ ਨਾਲ ਹੁਕਮ ਦਿੱਤਾ, "ਲੋ ਫੜੋ, ਮੂੰਹ-ਹੱਥ ਧੋ ਲਵੋ । ਇੱਕ-ਦੋ ਮੱਗੇ ਸ਼ਰੀਰ ਤੇ ਵੀ ਸੁੱਟ ਲੋ, ਬ੍ਰਾਹਮਣ ਦਾ ਚੋਲਾ ਹੈ । ਕਿਸੇ ਨੇ ਕਿਹਾ ਹੈ - ਧਨ ਦੀ ਸ਼ੁੱਧੀ ਦਾਨ ਨਾਲ ਅਤੇ ਦੇਹ ਦੀ ਸ਼ੁੱਧੀ ਇਸ਼ਨਾਨ ਨਾਲ । "

ਘਰਵਾਲਾ ਜਿਵੇਂ ਨੀਂਦ ਤੋਂ ਉਠਿਆ, "ਹੈਂ, ਕੀ ਕਿਹਾ? ਧਨ ਦੀ ਸ਼ੁੱਧੀ ਇਸ਼ਨਾਨ...?"

ਪਾਰਵਤੀ ਨੇ ਪਿਆਰ ਨਾਲ ਦੁਹਰਾਉਂਦਿਆਂ, ਸਮਝਾਇਆ, "ਹਾਂ, ਹਾਂ...ਧਨ ਦੀ ਸ਼ੁੱਧੀ ਇਸ਼ਨਾਨ ਨਾਲ । "

ਘਰਵਾਲੇ ਨੇ ਫਿਰ ਉਸ ਵਾਕ ਨੂੰ ਦੁਹਰਾਇਆ; ਹੈਰਾਨ ਹੋਕੇ, ਮੁਗਧ ਹੋਕੇ ਸਿਰ ਹਿਲਾ-ਹਿਲਾਕੇ ਪਾਰਵਤੀ ਦੀ ਲਿਆਕਤ ਦੀ ਵਡਿਆਈ ਕਰਨ ਲੱਗਾ, "ਵਾਹ! ਤੂੰ ਤਾਂ ਬੜੀ ਸਿਆਣੀ ਹੈਂ..."

ਪਾਰਵਤੀ ਨੇ ਆਤਮ-ਪ੍ਰਸ਼ੰਸਾ ਤੋਂ ਬੱਚਣ ਲਈ ਪ੍ਰੇਮਮਈ ਲਾਪਰਵਾਹੀ ਨਾਲ ਜਵਾਬ ਦਿੱਤਾ, "ਓਹੋ! ਮੇਰੇ ਤੋਂ ਕਿਤੇ ਵੱਧ ਸਿਆਣੀਆਂ ਜਨਾਨੀਆਂ ਪਈਆਂ ਹਨ । "

ਪਤੀ ਨੇ ਅਚੰਭਿਤ ਹੋਕੇ ਅੱਖਾਂ ਅੱਡਦੇ ਹੋਏ ਕਿਹਾ, "ਅੱਛਾ! ਮੈਂ ਤਾਂ ਪਿੰਡ 'ਤੇ ਸ਼ਹਿਰ ਵਿੱਚ ਤੇਰੇ ਜਿੰਨੀ ਹੁਸ਼ਿਆਰ ਕੋਈ ਵੇਖੀ ਨਹੀਂ । "

ਪਾਰਵਤੀ ਨੇ ਅੰਦਰੋਂ ਖੁਸ਼ ਹੁੰਦਿਆਂ ਵਿਰੋਧ ਕੀਤਾ, "ਤੁਸੀ ਹੋਰ ਕਿਸੇ ਨੂੰ ਕਦੇ ਵੇਖਿਆ ਵੀ ਹੈ?"

ਹੋ ਸਕਦਾ ਹੈ ਸਵਾਮੀ ਨੇ ਇਹ ਨਾਟਕੀ ਗੱਲ ਮਖ਼ੌਲ 'ਚ ਘੜੀ ਹੋਵੇ, ਜਿਸ ਨਾਲ ਪਾਰਵਤੀ ਨੂੰ ਮਾੜਾ ਜਿਹਾ ਆਤਮ-ਸੰਤੋਸ਼ ਮਿਲ ਸਕੇ ।

ਅਨੁਵਾਦ: ਮੋਹਨਜੀਤ ਕੁਕਰੇਜਾ (ਐਮਕੇ)

  • ਮੁੱਖ ਪੰਨਾ : ਪੰਜਾਬੀ ਕਹਾਣੀਆਂ