Dar : Gurjant Takipur

ਡਰ (ਕਹਾਣੀ) : ਗੁਰਜੰਟ ਤਕੀਪੁਰ

"ਸਿਮਰ ਚੱਲੀਏ?" "ਹੋ ਗਿਆ ਟੈਮ।" ਟਾਇਮ ਪੀਸ ਵੱਲ ਵੇਖਦੀ ਹੋਈ ਸਿਮਰ ਬੋਲੀ। "ਹੋਰ ਸਵਾ ਛੇ ਹੋ ਗਏ, ਨਾਲੇ ਮੈਨੂੰ ਕੰਮ ਵੀ ਐ ਅੱਜ ਬਜ਼ਾਰ ਚ ਉੱਥੇ ਵੀ ਟੈਮ ਲੱਗ ਜਾਣੇ।" ਪ੍ਰੀਤ ਨੇ ਸਮਾਨ ਸਮੇਟਦੀ ਹੋਈ ਨੇ ਕਿਹਾ। "ਚੰਗਾ ਫਿਰ ਮੈਂ ਡਾਕਟਰ ਸਾਹਿਬ ਨੂੰ ਦੱਸ ਆਵਾਂ।" ਪਰੀਤ ਅੰਦਰ ਡਾਕਟਰ ਸਾਹਿਬ ਨੂੰ ਦੱਸਣ ਚਲੀ ਗਈ, ਪਿੱਛੋਂ ਸਿਮਰ ਆਪਣਾ ਤੇ ਪਰੀਤ ਦਾ ਸਮਾਨ ਸਮੇਟ ਕੇ ਹਸਪਤਾਲ ਦੇ ਮੇਨ ਗੇਟ ਤੇ ਉਸ ਦਾ ਇੰਤਜ਼ਾਰ ਕਰਨ ਲੱਗੀ ਇਕ ਦੋ ਮਿੰਟ ਬਾਅਦ ਪਰੀਤ ਵੀ ਬਾਹਰ ਆ ਗਈ ਤੇ ਹੁਣ ਦੋਵੇਂ ਸ਼ਹਿਰ ਦੀ ਮੇਨ ਸੜਕ ਤੋਂ ਬਜ਼ਾਰ ਵੱਲ ਨੂੰ ਤੁਰ ਪਈਆਂ।

ਪਰੀਤ ਤੇ ਸਿਮਰ ਦੋਵੇਂ ਇੱਕੋ ਹੀ ਪਿੰਡ ਦੀਆਂ ਨੇ ਦੋਵੇਂ ਬਚਪਨ ਤੋਂ ਇਕੱਠੀਆਂ ਹੀ ਪੜੀਆਂ ਤੇ ਅਗਾਂਹ ਵੀ ਇਕੱਠੀਆਂ ਨੇ ਨਰਸਿੰਗ ਕੀਤੀ ਤੇ ਹੁਣ ਸ਼ਹਿਰ ਦੇ ਇਕ ਵੱਡੇ ਪ੍ਰਾਈਵੇਟ ਹਸਪਤਾਲ ਚ ਕੰਮ ਕਰ ਰਹੀਆਂ ਹਨ ਸਵੇਰੇ ਆਉਂਦੀਆਂ ਨੇ ਮੂੰਹ ਹਨੇਰਾ ਹੋਣ ਤੇ ਪਰਤ ਜਾਂਦੀਆਂਂ ਨੇ ਸ਼ਹਿਰ ਬਹੁਤਾ ਦੂਰ ਨਹੀਂ ਬਸ ਪਿੰਡ ਤੋਂ 15 ਕੁ ਮੀਲ ਦੀ ਵਿੱਥ ਤੇ ਪੈਂਦਾ ਅਜਕਲ ਸਿਆਲੀ ਦਿਨ ਹੋਣ ਕਰਕੇ ਦਿਨ ਛੇਤੀ ਛਿਪ ਜਾਂਦਾ ਤੇ ਇਹ ਵੀ ਸੋਚਦੀਆਂ ਕਿ ਛੇਤੀ ਵਾਪਸ ਮੁੜਿਆ ਜਾਵੇ।
ਅੱਜ ਪਰੀਤ ਨੂੰ ਬਜ਼ਾਰ ਕੁਝ ਕੰਮ ਸੀ ਇਸ ਲਈ ਕੁਝ ਸਮਾਂ ਹਸਪਤਾਲ ਚੋਂ ਪਹਿਲਾਂ ਆ ਗਈਆਂ।

"ਠੰਡ ਕਿੰਨੀ ਐ ਅੱਜ," "ਹੋਰ, ਮੈਂ ਤਾਂ ਕੋਟੀ ਵੀ ਨੀ ਪਾਉਂਦੀ ਸੀ ਕਿ ਚੱਲ ਧੁੱਪ ਨਿਕਲ ਆਈ ਅੱਜ, ਪਰ ਮੰਮੀ ਕਹਿੰਦੀ ਪਾ ਜਾ ਤਿਰਕਾਲਾਂ ਨੂੰ ਠੰਡ ਹੋ ਜਾਂਦੀ ਏ" ਨਹੀਂ ਤੇ ਮੈਂ ਤੇ ਮਰਨਾ ਸੀ ਠੰਡ ਚ, ਸਿਮਰ ਛਾਲ ਦੀ ਬੁੱਕਲ ਮਾਰਦੀ ਹੋਈ ਬੋਲੀ। "ਪਰ ਤੈਨੂੰ ਲੱਗਣੀ ਨੀ ਚਾਹੀਦੀ," "ਕਿਉਂ ਮੈਂ ਪੱਥਰ ਦੀ ਬਣੀ ਆਂ, "ਪੱਥਰ ਦੀ ਗੱਲ ਨੀ ਜਿੰਨਾਂ ਤੇਰੇ ਗੁੱਸੇ ਮੈਨੂੰ ਤਾਂ ਲੱਗਦੈ ਸੂਰਜ ਵੀ ਗਰਮੀਂ ਤੇਰੇ ਤੋਂ ਈਂ ਮੰਗਦਾ ਹੋਣੈ" "ਰਹਿਣ ਦੇ ਏਨੀ ਵੀ ਗੁੱਸੇ ਵਾਲੀ ਨੀ ਮੈਂ।"

"ਤੂੰ ਦੱਸਿਆ ਨੀ ਕੀ ਲੈਣਾ ਏ ਤੂੰ ਅੱਧਾ ਬਜ਼ਾਰ ਆਪਾਂ ਪਿੱਛੇ ਛੱਡ ਆਈਆਂ" "ਕੁਝ ਨੀ ਪਰਸ ਵੇਖਣਾ ਇਕ" ਪਰਸ! ਸਿਮਰ ਹੈਰਾਨ ਹੁੰਦੀ ਹੋਈ ਬੋਲੀ "ਹਾਲੇ ਦੋ ਮਹੀਨੇ ਪਹਿਲਾਂ ਤਾਂ ਤੂੰ ਆਹ ਲਿਆ ਸੀ, "ਹੁਣ ਕੀ ਕਰਨਾ ਤੂੰ ਪਰਸ ਦਾ" "ਵਿਆਹ ਐ ਮਾਸੀ ਦੀ ਦੀ ਕੁੜੀ ਦਾ ਅਗਲੇ ਮਹੀਨੇ ਨਾ ਉੱਥੇ ਹੁਣ ਮੈਂ ਆ ਲੈਕੇ ਜਾਵਾਂਗੀ" "ਕਿਉੰ ਇਹਨੂੰ ਕੀ ਏ" "ਅੱਛਾ ਆਪਣੇ ਦਿਨ ਭੁੱਲਗੀ ਇਕ ਸੂਟ ਪਿੱਛੇ ਪੂਰੇ ਬਜ਼ਾਰ ਦੀ ਭਕਾਈ ਕਰਾਈ ਸੀ ਉਦੋਂ ਤਾਂ ਮੈਡਮ ਸਾਹਬ ਦੇ ਡਿਜ਼ਾਈਨ ਈ ਨੀ ਸੀ ਪਸੰਦ ਆਉਂਦੇ" ਦੋਵੇਂ ਹੱਸ ਪਈਆਂ।

"ਕਿਹੜੀ ਗਲੀ ਸੀ" ਪਰੀਤ ਦੁਕਾਨਾਂ ਦੇ ਲੱਗੇ ਬੋਰਡ ਪੜ੍ਹਦੀ ਹੋਈ ਬੋਲੀ, ਕਿਉਂਕਿ ਘਰ ਨਾਲ ਰਹਿੰਦੀ ਸੰਦੀਪ ਨੇ ਇਕ ਦੁਕਾਨ ਬਾਰੇ ਦੱਸਿਆ ਸੀ ਜਿੱਥੋਂ ਉਹਨੇਂ ਕਿਹਾ ਸੀ ਇਕੱਲੇ ਪਰਸ ਹੀ ਮਿਲਦੇ ਨੇ ਤੇ ਵਧੀਆ ਰੇਟ ਤੇ ਮਿਲ ਜਾਂਦੇ ਨੇ ਪਰੀਤ ਉਹ ਗਲੀ ਹੀ ਲੱਭ ਰਹੀ ਸੀ ਜਿੱਥੋਂ ਉਹ ਦੁਕਾਨ ਥੋੜ੍ਹੀ ਦੂਰੀ ਤੇ ਸੀ। "ਲੱਭਗੀ ਲੱਭਗੀ ਆਜਾ ਆਹਾ ਹੀ ਐ" ਦੋਵੇਂ ਇਕ ਗਲੀ ਵੱਲ ਨੂੰ ਮੁੜ ਗਈਆਂ ਗਲੀ ਜ਼ਿਆਦਾ ਖੁੱਲੀ ਨਹੀਂ ਸੀ ਤੇ ਆਉਣ ਜਾਣ ਵਾਲਿਆਂ ਦੀ ਜ਼ਿਆਦਾ ਭੀੜ ਵੀ ਨਹੀਂ ਸੀ ਤੇ ਉਹ ਆਪ ਦੋਵੇਂ ਪਹਿਲੀ ਵਾਰ ਏਸ ਗਲੀ ਵੱਲ ਆਈਆਂ ਸਨ ਮਨਾਂ ਅੰਦਰ ਕਾਹਲ ਸੀ ਕੀ ਪਰਸ ਲੈ ਕੇ ਛੇਤੀ ਪਿੰਡ ਪਰਤ ਜਾਈਏ।

"ਪਰੀਤ ਮੈਨੂੰ ਡਰ ਲੱਗ ਰਿਹੈ" ਡਰ! "ਡਰ ਕਾਹਦਾ ਆਪਾਂ ਕਿਸੇ ਜੰਗਲ ਚੋਂ ਲੰਘ ਰਹੀਆਂ ਜੋ ਤੈਨੂੰ ਡਰ ਲੱਗ ਰਿਹੈ ਆਪਾਂ ਬਜ਼ਾਰ ਚੋਂ ਲੰਘ ਰਹੀਆਂ ਲੋਕ ਲਗੇ ਫਿਰਦੇ ਨੇ ਆਪਾਂ ਨੂੰ ਕਾਹਦਾ ਡਰ" "ਸਾਹਮਣੇ ਵੇਖ" ਪਰੀਤ ਨੇ ਸਾਹਮਣੇ ਨਜ਼ਰ ਮਾਰੀ ਤਾਂ ਕੋਈ ਤਿੰਨ ਚਾਰ ਦੇ ਕਰੀਬ ਮੁੰਡੇ ਸਾਹਮਣੇ ਤੋਂ ਉਹਨਾਂ ਵੱਲ ਨੂੰ ਆ ਰਹੇ ਸਨ, "ਇਹਦੇ ਚ ਡਰਨ ਵਾਲੀ ਕੀ ਗੱਲ ਐ ਬੰਦੇ ਹੀ ਨੇ ਆਪਾਂ ਨੂੰ ਕੀ ਖਾਣ ਲੱਗੇ ਨੇ ਗਲੀ ਏ ਆਪਾਂ ਓਧਰ ਨੂੰ ਜਾ ਰਹੀਆਂ ਉਹ ਏਧਰ ਨੂੰ ਆ ਰਹੇ ਨੇ" ਪਰ ਸਿਮਰ ਦੇ ਚਿਹਰੇ ਤੇ ਡਰ ਦੇ ਹਾਵ ਭਾਵ ਹਾਲੇ ਵੀ ਬਣੇ ਰਹੇ ਉਹ ਏਸ ਲਈ ਕਿ ਕੁਝ ਦਿਲ ਪਹਿਲਾਂ ਹੀ ਉਹਨੇ ਦੇਸ ਚ ਵਾਪਰੀ ਇਕ ਵੱਡੀ ਘਟਨਾ ਬਾਰੇ ਪੜਿਆ ਹੋਇਆ ਸੀ, ਪਰ ਸ਼ਾਇਦ ਪਰੀਤ ਦੇ ਚੇਤੇ ਚੋਂ ਉਹ ਗੱਲ ਨਿਕਲ ਗਈ ਸੀ।

ਹੁਣ ਸਿਮਰ ਨੇ ਪਰੀਤ ਦੀ ਬਾਂਹ ਫੜ ਲਈ ਤੇ ਉਹਨੂੰ ਓਥੇ ਹੀ ਰੋਕ ਲਿਆ ਤੇ ਫਿਰ ਉਹਨੂੰ ਕਿਹਾ "ਤੂੰ ਹੈਦਰਾਬਾਦ ਵਾਲੀ ਖ਼ਬਰ ਪੜੀ ਸੀ" ਪਰੀਤ ਨੇ ਥੋੜ੍ਹਾ ਰੁਕ ਕੇ ਕਿਹਾ "ਹਾਂ" ਤੇ ਸਿਮਰ ਵੱਲ ਵੇਖਣ ਲੱਗੀ ਹੁਣ ਦੋਹਾਂ ਦੇ ਮਨ ਕਿਸੇ ਡੂੰਘੇ ਡਰ ਦੀ ਸੋਚੀਂ ਪੈ ਗਏ ਉਹ ਮੁੰਡੇ ਹਾਲੇ ਵੀ ਉਹਨਾਂ ਤੋਂ ਕਾਫ਼ੀ ਦੂਰੀ ਤੇ ਆ ਰਹੇ ਸਨ ਉਹਨਾਂ ਦੀਆਂ ਗੱਲਾਂ ਵਿਚਲਾ ਉੱਚਾ ਹਾਸਾ ਇਹਨਾਂ ਦਾ ਸਹਿਮ ਹੋਰ ਵੀ ਵਧਾ ਰਿਹਾ ਸੀ, ਦੋਵਾਂ ਨੇ ਇਕ ਦਮ ਪਿੱਛੇ ਮੁੜ ਕੇ ਵੇਖਿਆ ਕੋਈ ਨਹੀਂ ਸੀ ਸੁੰਨਸਾਨ ਗਲੀ ਤੇ ਅਖੀਰ ਤੇ ਖੰਭੇ ਤੇ ਲੱਗੀ ਇਕ ਲਾਇਟ ਜਗ ਰਹੀ ਸੀ ਪਰੀਤ ਨੇ ਵੇਖਿਆ ਹੱਥ ਤੇ ਬੰਨੀ ਘੜੀ ਸਾਢੇ ਸੱਤ ਵਜਾ ਰਹੀ ਸੀ।

ਹੁਣ ਦੋਵਾਂ ਨੇ ਇਕ ਇਕ ਦੂਜੀ ਨੂੰ ਬੜੀ ਗੌਰ ਨਾਲ ਵੇਖਿਆ ਤੇ ਮਨ ਅੰਦਰ ਹੀ ਪਿੱਛੇ ਮੁੜਨ ਬਾਰੇ ਸੋਚਣ ਲੱਗੀਆਂ, ਦੋਵੇਂ ਉਸੇ ਵੇਲੇ ਵਾਪਸ ਪਰਤ ਆਈਆਂ ਤੇ ਕਾਹਲੀ ਨਾਲ ਕੋਈ ਪੈਂਤੀ ਚਾਲੀ ਕਦਮ ਚਲ ਕੇ ਬਜ਼ਾਰ ਦੇ ਭੀੜ ਭਰੇ ਇਲਾਕੇ ਵੱਲ ਹੋ ਤੁਰੀਆਂ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਜੰਟ ਤਕੀਪੁਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ