Dar : K.L. Garg
ਡਰ : ਕੇ.ਐਲ. ਗਰਗ
ਬਾਬੂ ਸਰੂਪ ਚੰਦ ਗੁਰੂ ਨੇ ਬੱਸ ਵਿੱਚ ਵੜਦਿਆਂ ਹੀ ਚਾਰ-ਚੁਫ਼ੇਰੇ ਨਜ਼ਰ ਘੁਮਾਈ। ਕਿਸੇ ਆਰਾਮਦਾਇਕ ਸੀਟ ਦੀ ਭਾਲ ਕੀਤੀ। ਉਹ ਅਕਸਰ ਹੀ ਬੱਸ ਦੀਆਂ ਵਿਚਕਾਰਲੀਆਂ ਸੀਟਾਂ ’ਤੇ ਬਹਿ ਕੇ ਖ਼ੁਸ਼ ਹੁੰਦਾ ਸੀ। ਇਸ ਗੱਲ ਵਿੱਚ ਵੀ ਉਹਦਾ ਇੱਕ ਖ਼ਾਸ ਮਕਸਦ ਹੁੰਦਾ ਸੀ। ਉਹ ਹੁੱਬ ਕੇ ਆਪਣੇ ਯਾਰਾਂ ਦੋਸਤਾਂ ਨੂੰ ਆਖਿਆ ਕਰਦਾ ਸੀ: ‘‘ਗੁਰੂ ਆਪਾਂ ਤਾਂ ਬੱਸ ਦੇ ਵਿਚਕਾਰ ਈ ਬੈਠਿਆ ਕਰਦੇ ਆਂ। ਹੁਣ ਤੁਸੀਂ ਪੁੱਛੋ ਕਿਉਂ ਭਲਾਂ? ਉਹ ਗੁਰੂ ਇਸ ਲਈ ਕਿ ਬੱਸ ਦਾ ਐਕਸੀਡੈਂਟ ਭਾਵੇਂ ਮੂਹਰਿਉਂ ਹੋਵੇ ਜਾਂ ਪਿੱਛਿਉਂ, ਵਿਚਕਾਰਲੀਆਂ ਸਵਾਰੀਆਂ ਸੱਟ ਫੇਟ ਤੋਂ ਬਚੀਆਂ ਰਹਿੰਦੀਆਂ। ਜੇ ਸੱਟ ਲੱਗੇ ਵੀ ਤਾਂ ਬੰਦਾ ਮਰਨੋਂ ਤਾਂ ਬਚ ਹੀ ਜਾਂਦੈ। ਬਹੁਤਾ ਕੜਾਕਾ ਅਗਲੀਆਂ ਪਿਛਲੀਆਂ ਸਵਾਰੀਆਂ ਦਾ ਈ ਪੈਂਦਾ ਐ।’’
‘‘ਪਰ ਜੇ ਗੁਰੂ ਬੱਸ ਮੂਧੀ ਹੋ ਜਾਏ ਫੇਰ ਤਾਂ ਕੀ ਅਗਲੇ ਪਿਛਲੇ ਤੇ ਕੀ ਵਿਚਕਾਰਲੇ?’’ ਉਸ ਦਾ ਕੋਈ ਸਾਥੀ ਕਹਿ ਦਿੰਦਾ ਤਾਂ ਸਰੂਪ ਚੰਦ ਗੁਰੂ ਤਾੜੀ ਮਾਰ ਕੇ ਅੱਖਾਂ ਥਾਣੀਂ ਹੱਸਦਾ ਹੋਇਆ ਆਖਦਾ: ‘‘ਬੱਸਾਂ ਕਿਹੜਾ ਰੋਜ਼ ਈ ਮੂਧੀਆਂ ਹੁੰਦੀਆਂ? ਆਮ ਐਕਸੀਡੈਂਟ ਤਾਂ ਅੱਗੋਂ ਪਿੱਛੋਂ ਈ ਹੁੰਦੇ ਐ। ਨਾਲੇ ਆਪਣੇ ਵਰਗੀ ਭਾਰੀ ਸਵਾਰੀ ਦੇ ਬੈਠਿਆਂ ਬੱਸ ਮੂਧੀ ਕਿਵੇਂ ਹੋ ਜਾਊ?’’ ਆਖ ਉਹ ਫੇਰ ਅਗਲੇ ਦੇ ਮੋਢੇ ’ਤੇ ਹੱਥ ਮਾਰ ਕੇ ਹੱਸ ਪੈਂਦਾ।
ਨਾਂ ਤਾਂ ਉਸ ਦਾ ਸਰੂਪ ਚੰਦ ਹੀ ਸੀ ਪਰ ਸਾਰੇ ਦਫ਼ਤਰ ਵਾਲੇ ਉਸ ਨੂੰ ਗੁਰੂ ਕਹਿ ਕੇ ਹੀ ਸੱਦਦੇ। ਗੁਰੂ ਉਹਦਾ ਤਕੀਆ ਕਲਾਮ ਹੀ ਬਣਿਆ ਹੋਇਆ ਸੀ। ਉਹ ਜਦ ਵੀ ਗੱਲ ਕਰਦਾ ਗੁਰੂ ਸ਼ਬਦ ਜ਼ਰੂਰ ਵਰਤੋਂ ਵਿੱਚ ਲਿਆਉਂਦਾ: ‘‘ਗੁਰੂ, ਹਰ ਸਾਲ ਇੱਕੋ ਜਿਹਾ ਇੰਕਰੀਮੈਂਟ ਲੱਗਣ ਨਾਲ ਤਾਂ ਬੰਦਾ ਬੋਰ ਜਿਹਾ ਹੋ ਜਾਂਦੈ।’’
‘‘ਗੁਰੂ, ਅਫ਼ਸਰ ਦੇ ਅਗਾੜੀ ਤਾਂ ਕੀ ਪਿਛਾੜੀ ਵੀ ਨ੍ਹੀਂ ਖੜ੍ਹਨਾ ਚਾਹੀਦਾ। ਅਫ਼ਸਰ ਦੀ ਦੁਲੱਤੀ ਪੈਂਦਿਆਂ ਹੀ ਬੰਦਾ ਮੋਗਿਉਂ ਅਬੋਹਰ ਫਾਜ਼ਿਲਕਾ ਜਾ ਡਿੱਗਦੈ।’’
‘‘ਗੁਰੂ ਦਫ਼ਤਰਾਂ ਦੇ ਕੰਮ ਸਿੱਧੀ ਉਂਗਲੀ ਨਾਲ ਥੋੜ੍ਹੇ ਨਿਕਲਦੇ ਹੁੰਦੇ ਐ। ਸਿੱਧੀ ਉਂਗਲ ਨਾ ਤਾਂ ਪੀਪੀ ’ਚੋਂ ਘਿਉ ਨੀ ਨਿਕਲਦਾ ਹੁੰਦਾ। ਉਂਗਲ ਥੋੜ੍ਹੀ ਘਣੀ ਟੇਢੀ ਤਾਂ ਕਰਨੀ ਈ ਪੈਂਦੀ ਐ।’’
‘‘ਗੁਰੂ, ਬਾਬੂਆਂ ਲਈ ਤਬਾਦਲਾ ਸਭ ਤੋਂ ਵੱਡੀ ਸਜ਼ਾ ਹੁੰਦੀ ਐ। ਚੰਗੀਆਂ ਭਲੀਆਂ ਜੰਮੀਆਂ ਲੱਤਾਂ ਚੂਲਾਂ ਨਿਕਲੇ ਪਾਵਿਆਂ ਵਾਂਗ ਢੀਚੂੰ-ਢੀਚੂੰ ਕਰਨ ਲੱਗਦੀਆਂ ਨੇ।’’
ਵਾਰ-ਵਾਰ ਗੁਰੂ ਆਖੀ ਜਾਣ ਕਰਕੇ ਉਹ ਬਾਬੂ ਸਰੂਪ ਚੰਦ ਤੋਂ ਗੁਰੂ ਹੀ ਬਣ ਗਿਆ ਸੀ।
ਵਿਚਕਾਰ ਜਿਹੇ ਇੱਕ ਸੀਟ ਉਸ ਨੂੰ ਖਾਲੀ ਪਈ ਦਿਸੀ। ਭਾਵੇਂ ਹਾਲੇ ਸਵਾਰੀਆਂ ਆਉਣੀਆਂ ਸ਼ੁਰੂ ਹੀ ਹੋਈਆਂ ਸਨ ਪਰ ਫਿਰ ਵੀ ਬੱਸ ਦਬਾਸੱਟ ਹੀ ਕਾਫ਼ੀ ਭਰ ਗਈ ਸੀ। ਸੀਟ ਦੀ ਤਸੱਲੀ ਹੋ ਜਾਣ ’ਤੇ ਉਸ ਨੇ ਸਾਮਾਨ ਰੱਖਣ ਵਾਲੀ ਥਾਂ ਵੱਲ ਨਿਗ੍ਹਾ ਘੁਮਾਈ। ਉਸ ਦਾ ਮਨ ਸੀ ਕਿ ਉਹ ਆਪਣਾ ਬੈਗ ਦੂਜੇ ਲੋਕਾਂ ਦੇ ਸਾਮਾਨ ਵਿਚਕਾਰ ਜਿਹੇ ਹੀ ਕਿਤੇ ਰੱਖ ਕੇ ਇਤਮਿਨਾਨ ਨਾਲ ਬਹਿ ਜਾਵੇਗਾ ਪਰ ਬੱਸ ਦੀਆਂ ਉਪਰਲੀਆਂ ਸਾਮਾਨ ਰੱਖਣ ਵਾਲੀਆਂ ਥਾਵਾਂ ਵੀ ਹਾਲੇ ਖਾਲੀ-ਖਾਲੀ ਹੀ ਪਈਆਂ ਸਨ। ਉਸ ਮੋਢਿਉਂ ਬੈਗ ਉਤਾਰ ਕੇ ਇੱਕ ਖਾਲੀ ਥਾਂ ’ਤੇ, ਆਪਣੇ ਸਿਰ ਉਪਰ ਬਣੀ ਜਗ੍ਹਾ ’ਤੇ ਹੀ ਟਿਕਾ ਦਿੱਤਾ ਤੇ ਆਪ ਸੀਟ ਮੱਲ ਕੇ ਬਹਿ ਗਿਆ ਸੀ। ਬੈਠਦਿਆਂ ਹੀ, ਉਸ ਨੇ ਦੋ-ਤਿੰਨ ਵਾਰ ਆਪਣੇ ਬੈਗ ਵੱਲ ਨਜ਼ਰ ਦੌੜਾਈ। ਪਲ ਦੀ ਪਲ ਉਸ ਨੂੰ ਲੱਗਿਆ ਜਿਵੇਂ ਉਸ ਦਾ ਬੈਗ ਤਲਾਬ ’ਚ ਇੱਕ ਟੰਗ ’ਤੇ ਖਲੋਤੇ ਬਗਲੇ ਜਿਹਾ ਹੋਵੇ। ‘‘ਬਗਲਾ ਭਗਤ’’ ਉਹ ਮੂੰਹ ’ਚ ਕਹਿ ਕੇ ਹੀ ਮੁਸਕਰਾ ਪਿਆ ਸੀ। ਹੁਣ ਪਤਾ ਨਹੀਂ ‘ਬਗਲਾ ਭਗਤ’ ਉਸ ਨੇ ਆਪਣੇ ਬੈਗ ਨੂੰ ਆਖਿਆ ਸੀ ਜਾਂ ਖ਼ੁਦ ਨੂੰ। ਗੁਰੂ ਦੀਆਂ ਗੁਰੂ ਜਾਣੇ।
ਗੁਰੂ ਨੇ ਫਿਰ ਇੱਕ-ਦੋ ਵਾਰ ਆਪਣੇ ਬੈਗ ਵੱਲ ਦੇਖਿਆ। ਵਾਰ-ਵਾਰ ਬੈਗ ਵੱਲ ਦੇਖਦਿਆਂ, ਇੱਕ ਸਹਿਮ ਜਿਹਾ, ਉਸ ’ਤੇ ਤਾਰੀ ਹੋਣ ਲੱਗਾ ਸੀ। ਇੱਕ ਵਾਰ ਤਾਂ ਉਸ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਵੀ ਲੱਗਿਆ ਸੀ। ਉਸ ਉੱਡਦੀ-ਉੱਡਦੀ ਨਜ਼ਰ ਬੱਸ ਦੀਆਂ ਸਾਰੀਆਂ ਸਵਾਰੀਆਂ ’ਤੇ ਸੁੱਟੀ। ਸਭ ਕੁਝ ਠੀਕ-ਠਾਕ ਲੱਗਣ ’ਤੇ ਉਸ ਨੂੰ ਤਸੱਲੀ ਜਿਹੀ ਹੋ ਗਈ ਸੀ। ਸਤੰਬਰ ਦਾ ਮਹੀਨਾ ਹੋਣ ਕਾਰਨ ਗਰਮੀ ਦੀ ਸ਼ਿੱਦਤ ਹੁਣ ਬਹੁਤੀ ਤੰਗ ਨਹੀਂ ਸੀ ਕਰਦੀ। ਮੁੜ੍ਹਕਾ ਨਾ ਆਉਣ ਦੀ ਸੂਰਤ ਵਿੱਚ ਵੀ ਉਸ ਨੇ ਦਬਾਸੱਟ ਰੁਮਾਲ ਜੇਬ ’ਚੋਂ ਕੱਢ ਕੇ ਮੱਥੇ ’ਤੇ ਫੇਰਿਆ। ਇੱਕ ਵਾਰ ਉਸ ਨੇ ਫਿਰ ਆਪਣੇ ਬੈਗ ਵੱਲ ਦੇਖਿਆ। ਬੈਗ ਤਾਂ ਕੱਲਮ-ਕੱਲਾ ਥਾਏਂ ਦੀ ਥਾਏਂ ਪਿਆ ਸੀ। ਹਾਲੇ ਕਿਸੇ ਵੀ ਹੋਰ ਸਵਾਰੀ ਨੇ ਆਪਣਾ ਸਾਮਾਨ ਬੈਗ ਕੋਲ ਨਹੀਂ ਟਿਕਾਇਆ ਸੀ।
ਬੱਸ ਫਟਾਫਟ ਭਰ ਗਈ ਸੀ। ਗੁਰੂ ਦੇ ਅਗਲੀਆਂ ਪਿਛਲੀਆਂ ਸੀਟਾਂ ’ਤੇ ਵੀ ਕੁਝ ਸਵਾਰੀਆਂ ਆ ਕੇ ਬਹਿ ਗਈਆਂ ਸਨ। ਕੰਡਕਟਰ ਦੇ ਸੀਟੀ ਮਾਰਦਿਆਂ ਹੀ ਇੱਕ ਹੋਰ ਸਵਾਰੀ ਛੇਤੀ ਦੇਣੇ ਬੱਸ ਵਿੱਚ ਵੜਦੇ ਗੁਰੂ ਦੇ ਮੂਹਰੇ ਪਈ ਇੱਕ ਖਾਲੀ ਸੀਟ ਵੱਲ ਅਹੁਲੀ ਸੀ। ਪੁਲੀਸ ਵਰਦੀ ’ਚ ਇੱਕ ਮੋਟਾ ਜਿਹਾ ਆਦਮੀ ਹੈਂਡ ਬੈਗ ਕੱਛ ’ਚ ਘੁੱਟੀ ਗੁਰੂ ਦੀ ਅਗਲੀ ਸੀਟ ’ਚ ਆ ਫਸਿਆ ਸੀ। ਉਸ ਦੇ ਮੋਢੇ ਲੱਗੇ ਬੈਜਾਂ ਤੋਂ ਉਹ ਕੋਈ ਛੋਟਾ-ਮੋਟਾ ਥਾਣੇਦਾਰ ਲੱਗਦਾ ਸੀ। ਉਸ ਨੇ ਸੀਟ ਮੱਲਦਿਆਂ ਹੀ ਉਪਰ ਪਏ ਗੁਰੂ ਦੇ ਬੈਗ ਵੱਲ ਨਜ਼ਰ ਸੁੱਟੀ। ਫਿਰ ਪਿਛਾਂਹ ਮੁੜ ਕੇ ਗੁਰੂ ਵੱਲ ਦੇਖਿਆ। ਭੋਰਾ ਕੁ ਮੁਸਕਰਾਇਆ ਤੇ ਮੁੜ ਉਸ ਆਪਣਾ ਹੈਂਡ ਬੈਗ ਆਪਣੀ ਸੱਜੀ ਵੱਖੀ ਨਾਲ ਘੁੱਟ ਲਿਆ। ਪੁਲੀਸ ਵਾਲੇ ਨੂੰ ਦੇਖਦਿਆਂ ਹੀ ਗੁਰੂ ਦਾ ਚਿਹਰਾ ਪੀਲਾ ਫੱਕ ਹੋ ਗਿਆ ਸੀ। ਬਹੁਤੀ ਗਰਮੀ ਨਾ ਹੋਣ ਦੇ ਬਾਵਜੂਦ ਉਸ ਦੇ ਨੱਕ ਅਤੇ ਮੱਥੇ ’ਤੇ ਮੁੜ੍ਹਕਾ ਸਿੰਮ ਆਇਆ ਸੀ। ਉਸ ਦਬਾਸੱਟ ਪੈਂਟ ਦੀ ਜੇਬ ’ਚੋਂ ਰੁਮਾਲ ਕੱਢ ਕੇ ਆਪਣਾ ਚਿਹਰਾ ਪੂੰਝਿਆ। ਪਤਾ ਨਹੀਂ ਕਿਵੇਂ ਝਟਪਟ ਹੀ ਉਸ ਦੇ ਮੂੰਹੋਂ ਹੌਲੀ ਦੇਣੇ ਨਿਕਲ ਗਿਆ ਸੀ: ‘‘ਮਾਰੇ ਗਏ ਗੁਰੂ।’’
ਨਾਲ ਦੀ ਸਵਾਰੀ ਨੇ ਝੱਟ ਹੀ ਪੁੱਛ ਲਿਆ: ‘‘ਬਾਊ ਜੀ, ਤੁਸੀਂ ਕੁਸ਼ ਆਖਿਆ?’’
‘‘ਨਹੀਂ ਜੀ, ਨਹੀਂ ਜੀ, ਕੁਸ਼ ਨੀ, ਕੁਸ਼ ਨੀ,’’ ਬਾਬੂ ਸਰੂਪ ਚੰਦ ਗੁਰੂ ਨੇ ਝੂਠੇ ਜਿਹੇ ਪੈਂਦੇ ਆਖਿਆ।
ਪੁਲੀਸ ਵਾਲੇ ਨੇ ਇੱਕ ਵਾਰ ਫਿਰ ਉੱਪਰ ਪਏ ਬੈਗ ਵੱਲ ਝਾਤੀ ਮਾਰੀ। ਉਸ ਨੂੰ ਝਾਤੀ ਮਾਰਦਿਆਂ ਦੇਖ ਕੇ, ਗੁਰੂ ਦਾ ਤਾਂ ਮਾਨੋ ਦਿਲ ਹੀ ਉਹਦੇ ਹੱਥਾਂ ’ਚ ਆ ਡਿੱਗਿਆ ਹੋਵੇ। ਪਲ ਦੀ ਪਲ, ਉਸ ਨੂੰ ਲੱਗਿਆ ਜਿਵੇਂ ਉਹਦਾ ਦਿਲ ਤੇਜ਼ੀ ਨਾਲ ਡੁੱਬ ਰਿਹਾ ਹੋਵੇ। ਉਸ ਦੀਆਂ ਅੱਖਾਂ ਭਾਰੀ-ਭਾਰੀ ਹੋਣ ਲੱਗੀਆਂ ਸਨ।
ਪੁਲੀਸ ਵਾਲਾ ਆਪਣੀ ਸੀਟ ’ਚ ਚੰਗੀ ਤਰ੍ਹਾਂ ਸੈਟਲ ਹੋ ਕੇ, ਕੱਛ ’ਚ ਦਿੱਤੇ ਆਪਣੇ ਬੈਗ ਨੂੰ ਪਲੋਸਣ ਜਿਹਾ ਲੱਗਿਆ ਸੀ। ਉਸ ਆਪਣੇ ਸਾਈਜ਼ ਮੁਤਾਬਕ ਜਗ੍ਹਾ ਬਣਾਉਣ ਲਈ ਦੋ-ਤਿੰਨ ਪਾਸੇ ਇੱਧਰ ਉਧਰ ਮਾਰੇ। ਨਾਲ ਦੀਆਂ ਸਵਾਰੀਆਂ ਨੂੰ ਭੋਰਾ-ਭੋਰਾ ਸਰਕਾ ਕੇ ਉਹ ਮੋਕਲਾ ਹੋ ਕੇ ਬਹਿ ਗਿਆ।
ਹੁਣ ਗੁਰੂ ਦੀ ਨਜ਼ਰ ਪੂਰੀ ਤਰ੍ਹਾਂ ਪੁਲੀਸ ਵਾਲੇ ਦੀਆਂ ਹਰਕਤਾਂ ’ਤੇ ਟਿਕੀ ਹੋਈ ਸੀ। ਉਹ ਭੋਰਾ ਕੁ ਹਿਲਜੁਲ ਵੀ ਕਰਦਾ ਤਾਂ ਗੁਰੂ ਇੱਕ ਦਮ ਚੌਕੰਨਾ ਹੋ ਜਾਂਦਾ।
ਪੁਲੀਸ ਵਾਲੇ ਨੇ ਆਪਣਾ ਬੈਗ ਖੋਲ੍ਹ ਕੇ ਕੁਝ ਕਾਗਜ਼ ਕੱਢ ਕੇ ਪੜ੍ਹੇ। ਕਾਗ਼ਜ਼ ਪੜ੍ਹ ਕੇ ਉਸ ਫਿਰ ਉਪਰ ਪਏ ਗੁਰੂ ਦੇ ਬੈਗ ਵੱਲ ਦੇਖਿਆ। ਫਿਰ ਪਿਛਾਂਹ ਮੁੜ ਕੇ ਗੁਰੂ ਵੱਲ ਝਾਤੀ ਮਾਰੀ। ਉਹਦੇ ਚਿਹਰੇ ’ਤੇ ਉਹੀ ਮੁਸਕਰਾਹਟ ਇੱਕ ਵਾਰ ਫਿਰ ਖੇਡ ਰਹੀ ਸੀ। ਗੁਰੂ ਵਿੱਚ ਕੱਟੋ ਤਾਂ ਖ਼ੂਨ ਨਹੀਂ ਸੀ।
‘‘ਇਹ ਤਾਂ ਕੋਈ ਸੀ.ਆਈ.ਡੀ. ਦਾ ਬੰਦਾ ਜਾਪਦੈ। ਜਿਵੇਂ ਮੇਰਾ ਈ ਪਿੱਛਾ ਕਰ ਰਿਹਾ ਹੋਵੇ। ਮੇਰੇ ਵੱਲ ਦੇਖ-ਦੇਖ ਮੁਸਕਰਾਈ ਕਾਹਤੋਂ ਜਾਂਦੈ? …ਕਿਵੇਂ ਬੱਕਰੇ ਨੂੰ ਵੱਢਣ ਵਾਲੇ ਕਸਾਈ ਵਾਂਗ ਝਾਕਦੈ। ਗੁਰੂ ਅੱਜ ਤਾਂ ਤੇਰੀ ਖ਼ੈਰ ਨ੍ਹੀਂ। ਕਿੱਥੇ ਪੰਗਾ ਲੈ ਲਿਆ ਤੂੰ?’’ ਗੁਰੂ ਬੈਠੇ-ਬੈਠੇ ਕਿੰਨੀਆਂ ਹੀ ਗੱਲਾਂ ਮਨ ਹੀ ਮਨ ਸੋਚ ਗਿਆ ਸੀ।
ਤਦ ਹੀ ਉਸ ਨੂੰ ਆਪਣੇ ਪਿੱਛੇ ਬੈਠੀਆਂ ਸਵਾਰੀਆਂ ਦੀ ਗੱਲਬਾਤ ਸੁਣਾਈ ਦਿੱਤੀ। ਉਸ ਪਿੱਛੇ ਮੁੜ ਕੇ ਦੇਖਿਆ ਤਾਂ ਤਿੰਨ ਨੌਜਵਾਨ ਜਿਹੇ ਗੱਭਰੂ ਬੈਠੇ ਹੋਏ ਸਨ।
‘‘ਚੰਡੀਗੜ੍ਹ ਵਿ੍ਹਸਕੀ ਸਸਤੀ ਐ। ਸਾਡੇ ਠੇਕੇ ਵਾਲਿਆਂ ਨੇ ਤਾਂ ਲੁੱਟ ਮਚਾਈ ਹੋਈ ਐ।’’ ਇੱਕ ਨੇ ਕਿਹਾ।
‘‘ਅੱਧੋ ਅੱਧ ਦਾ ਫ਼ਰਕ ਐ ਯਾਰ।’’ ਦੂਸਰੇ ਨੇ ਕਿਹਾ। ‘‘ਮੁਹਾਲੀ ਤੇ ਆਲੇ-ਦੁਆਲੇ ਦੇ ਲੋਕ ਵਿ੍ਹਸਕੀ ਪੀਣ ਲਈ ਚੰਡੀਗੜ੍ਹ ਆ ਜਾਂਦੇ ਐ। ਲੈ ਮੁਹਾਲੀ ਤੇ ਚੰਡੀਗੜ੍ਹ ਦਾ ਕਿੰਨਾ ਕੁ ਫ਼ਰਕ ਐ ਭਲਾਂ?’’ ਤੀਜੇ ਨੇ ਕਿਹਾ ਦਿੱਤਾ ਸੀ।
ਉਨ੍ਹਾਂ ਦੀਆਂ ਗੱਲਾਂ ਗੁਰੂ ਦੇ ਕੰਨੀਂ ਪੈਂਦਿਆਂ ਹੀ, ਉਸ ਝੱਟ ਪਿਛਾਂਹ ਮੁੜ ਕੇ ਉਨ੍ਹਾਂ ਵੱਲ ਦੇਖਿਆ। ਉਸ ਨੂੰ ਆਪਣੇ ਵੱਲ ਦੇਖਦਿਆਂ ਦੇਖ ਕੇ ਤਿੰਨੇ ਗੱਭਰੂ ਮੁਸਕਰਾ ਪਏ ਸਨ। ਜਿਵੇਂ ਕਹਿ ਰਹੇ ਹੋਣ: ‘‘ਅਸੀਂ ਜਾਣਦੇ ਆਂ ਬਾਊ ਤੇਰੀਆਂ ਕਾਰਸਤਾਨੀਆਂ ਨੂੰ। ਤੇਰੇ ਵਰਗੇ ਬੰਦੇ ਈ ਜੇਬਕਤਰੇ ਹੁੰਦੇ ਐ।’’
ਉਨ੍ਹਾਂ ਦੇ ਮਨ ’ਚ ਭਾਵੇਂ ਕੁਝ ਵੀ ਨਾ ਹੋਵੇ ਪਰ ਗੁਰੂ ਨੂੰ ਤਾਂ ਇਸ ਪਲ ਇਉਂ ਲੱਗਦਾ ਸੀ ਜਿਵੇਂ ਸਾਰੀ ਦੁਨੀਆਂ ਹੀ ਉਸ ਵੱਲ ਦੇਖ-ਦੇਖ ਉਸ ਦੀਆਂ ਗੱਲਾਂ ਕਰ ਰਹੀ ਹੋਵੇ। ਉਸ ਦੀ ਕਿਸੇ ਚੋਰੀ ਨੂੰ ਫੜਨ ਦਾ ਯਤਨ ਕਰ ਰਹੀ ਹੋਵੇ। ਪਲ ਦੀ ਪਲ ਗੁਰੂ ਫਿਰ ਇੱਕ ਵਾਰ ਅੰਤਾਂ ਦੀ ਬੇਚੈਨੀ ਮਹਿਸੂਸ ਕਰਨ ਲੱਗਾ ਸੀ।
ਪਿਛਲੀਆਂ ਸਵਾਰੀਆਂ ਵੱਲ ਝਾਤੀ ਮਾਰਨ ਤੋਂ ਬਾਅਦ ਉਸ ਨੇ ਇੱਕ ਵਾਰ ਫਿਰ ਅਡੋਲ ਪਏ ਆਪਣੇ ਬੈਗ ਵੱਲ ਦੇਖਿਆ। ਪਲ ਦੀ ਪਲ ਉਸ ਨੂੰ ਜਾਪਿਆ ਜਿਵੇਂ ਦੋ ਕਾਲੇ ਨਾਗ, ਉਸ ਦੇ ਬੈਗ ਦੀਆਂ ਜਿੱਪ ਤੋੜ ਕੇ ਸਿਰੀਆਂ ਕੱਢੀ ਹਵਾ ’ਚ ਫਨ ਲਹਿਰਾ ਰਹੇ ਹੋਣ। ਉਹਨੂੰ ਤਾਂ ਉਨ੍ਹਾਂ ਦੇ ਫੁੰਕਾਰਿਆਂ ਦੀ ਆਵਾਜ਼ ਵੀ ਸੁਣਨ ਲੱਗ ਪਈ ਸੀ। ਉਸ ਦਾ ਚਿੱਤ ਇੱਕ ਵਾਰ ਫਿਰ ਘਿਰਨ ਲੱਗ ਪਿਆ ਸੀ। ਉਦੋਂ ਹੀ ਬੱਸ ਕਿਸੇ ਸਟਾਪ ’ਤੇ ਰੁਕੀ ਸੀ। ਉਸ ਨੇ ਦਬਾਸੱਟ ਹੇਠਾਂ ਜਾ ਕੇ ਬਿਸਲੇਰੀ ਦੀ ਇੱਕ ਬੋਤਲ ਲੈ ਆਂਦੀ। ਘੁੱਟ-ਘੁੱਟ ਕਰ ਕੇ ਪਾਣੀ ਪੀਣ ਲੱਗਿਆ। ਠੰਢੇ ਪਾਣੀ ਦੀਆਂ ਦੋ-ਚਾਰ ਘੁੱਟਾਂ ਅੰਦਰ ਜਾਂਦਿਆਂ ਹੀ ਉਸ ਨੇ ਕੁਝ ਰਾਹਤ ਮਹਿਸੂਸ ਕੀਤੀ। ਉਸ ਦਾ ਦਿਲ ਤੇ ਮਨ ਕੁਝ-ਕੁਝ ਟਿਕਾਣੇ ਲੱਗਦਾ ਲੱਗਣ ਲੱਗਿਆ। ਦੋ-ਚਾਰ ਮਿੰਟਾਂ ’ਚ ਹੀ ਉਸ ਅੱਧੀਉਂ ਵੱਧ ਬੋਤਲ ਖਾਲੀ ਕਰ ਦਿੱਤੀ ਸੀ।
ਬੱਸ ਮੁੜ ਚੱਲ ਪਈ ਸੀ। ਪੁਲੀਸ ਵਾਲੇ ਨੇ ਬੈਗ ’ਚੋਂ ਚਿਪਸ ਦਾ ਇੱਕ ਪੈਕਟ ਕੱਢਿਆ ਤੇ ਚਿਪਸ ਖਾਣ ਲੱਗਿਆ। ਚਿਪਸ ਚੱਬਣ ਦੀ ਆਵਾਜ਼ ਗੁਰੂ ਨੂੰ ਸਾਫ਼ ਸੁਣਾਈ ਦਿੰਦੀ ਸੀ। ਪਲ ਦੀ ਪਲ ਤਾਂ ਉਸ ਨੂੰ ਜਾਪਿਆ ਸੀ ਜਿਵੇਂ ਪੁਲੀਸ ਵਾਲਾ ਚਿਪਸ ਦੀ ਥਾਂ ਉਸ ਨੂੰ ਹੀ ਆਪਣੇ ਜਬਾੜਿਆਂ ਵਿੱਚ ਚੱਬ ਰਿਹਾ ਸੀ। ਚਿਪਸ ਪੁਲੀਸ ਵਾਲਾ ਖਾ ਰਿਹਾ ਸੀ, ਔਖ ਗੁਰੂ ਮਹਿਸੂਸ ਕਰ ਰਿਹਾ ਸੀ। ਜਿੰਨੀ ਦੇਰ ਪੁਲੀਸ ਵਾਲਾ ਚਿਪਸ ਖਾਂਦਾ ਰਿਹਾ, ਗੁਰੂ ਆਪਣੀ ਸੀਟ ਵਿੱਚ ਉਸਲਵੱਟੇ ਲੈਂਦਾ ਰਿਹਾ। ਪਾਸੇ ਜਿਹੇ ਮਾਰਦਾ ਰਿਹਾ।
ਇੱਕ ਵਾਰ ਤਾਂ ਨਾਲ ਬੈਠੀ ਸਵਾਰੀ ਨੇ ਕਹਿ ਵੀ ਦਿੱਤਾ ਸੀ: ‘‘ਬਾਊ ਜੀ, ਤੁਹਾਥੋਂ ਟਿਕ ਕੇ ਨਹੀਂ ਬੈਠਿਆ ਜਾਂਦਾ?’’
ਗੁਰੂ ਬੋਲਿਆ ਤਾਂ ਕੁਝ ਨਹੀਂ ਸੀ। ਬੱਸ ਐਵੇਂ ਕੌੜ-ਕੌੜ ਜਿਹਾ ਝਾਕਦਾ ਹੋਇਆ, ਚੁੱਪ ਵੱਟ ਗਿਆ ਸੀ।
ਚਿਪਸ ਵਾਲਾ ਪੈਕੇਟ ਮੁਕਾ ਕੇ ਪੁਲੀਸ ਵਾਲਾ ਸੌਣ ਦੀ ਤਿਆਰੀ ਕਰਨ ਲੱਗਾ ਸੀ। ਚੱਲਦੀ ਬੱਸ ’ਚ ਉਸ ਦੀ ਗਰਦਨ ਨੇ ਇਧਰ-ਉਧਰ ਝਟਕੇ ਜਿਹੇ ਮਾਰੇ ਸਨ। ਉਸ ਨੂੰ ਸੁੱਤਾ ਜਾਣ, ਗੁਰੂ ਨੇ ਸੁੱਖ ਦਾ ਸਾਹ ਲਿਆ ਸੀ। ‘‘ਜਾਨ ਬਚੀ ਸੋ ਲਾਖੋਂ ਪਾਏ, ਲੌਟ ਕੇ ਬੁੱਧੂ ਘਰ ਕੋ ਆਏ।’’ ਉਸ ਮਨ ਹੀ ਮਨ ਆਖਿਆ ਸੀ। ਪੁਲੀਸ ਵਾਲੇ ਦੇ ਸੌਣ ਤੋਂ ਬਾਅਦ ਗੁਰੂ ਨੇ ਪਾਣੀ ਦੀ ਬਾਕੀ ਬਚੀ ਬੋਤਲ ਵੀ ਡਕਾਰ ਲਈ ਸੀ। ਪਾਣੀ ਪੀ ਕੇ ਉਸ ਵੱਡਾ ਸਾਰਾ ਡਕਾਰ ਮਾਰਿਆ ਸੀ। ਆਪਣੇ ਬੈਗ ਵੱਲ ਮੁੜ ਦੇਖਿਆ ਸੀ।
ਇਉਂ ਕਰਦਿਆਂ ਲੁਧਿਆਣੇ ਦਾ ਬੱਸ ਸਟਾਪ ਆ ਗਿਆ ਸੀ। ਪੁਲੀਸ ਵਾਲਾ ਆਪਣਾ ਬੈਗ ਕੱਛ ’ਚ ਦੇ ਕੇ ਉਤਰਨ ਦੀ ਤਿਆਰੀ ਕਰਨ ਲੱਗਾ ਸੀ। ਜਾਂਦਿਆਂ-ਜਾਂਦਿਆਂ ਵੀ ਉਸ ਗੁਰੂ ਦੇ ਬੈਗ ਅਤੇ ਗੁਰੂ ਵੱਲ ਤਿਰਛੀ ਨਜ਼ਰ ਨਾਲ ਦੇਖਿਆ ਸੀ। ਉਹੀਓ ਜ਼ਾਲਿਮ ਮੁਸਕਰਾਹਟ ਸੁੱਟੀ ਸੀ। ਪਲ ਦੀ ਪਲ ਗੁਰੂ ਨੂੰ ਲੱਗਿਆ ਸੀ ਜਿਵੇਂ ਉਹ ਉਸ ਨੂੰ ਕਹਿ ਰਿਹਾ ਹੋਵੇ, ‘‘ਇਸ ਵਾਰ ਤਾਂ ਛੱਡ ‘ਤਾ ਮੁੜ ਕੇ ਨਾ ਕਰੀਂ ਇਹੋ ਜਿਹਾ ਕੰਮ, ਫਿਰ ਨ੍ਹੀਂ ਛੱਡਣਾ ਮੈਂ।’’
ਇੱਕ ਵਾਰ ਫਿਰ ਗੁਰੂ ਦਾ ਦਿਲ ਧੜਕਿਆ ਸੀ। ਬੇਚੈਨੀ ਜਿਹੀ ਹੋਈ ਸੀ ਪਰ ਝੱਟ ਹੀ ਪੁਲੀਸ ਵਾਲਾ ਬੱਸ ਤੋਂ ਹੇਠਾਂ ਜਾ ਚੁੱਕਿਆ ਸੀ। ਬੱਸ ਵੀ ਲਗਪਗ ਖਾਲੀ ਹੋ ਚੁੱਕੀ ਸੀ। ਨਵੀਆਂ ਸਵਾਰੀਆਂ ਨੇ ਆ ਕੇ ਆਪਣਾ ਸਾਮਾਨ ਉਪਰਲੀਆਂ ਸੀਟਾਂ ’ਤੇ ਟਿਕਾਉਣਾ ਸ਼ੁਰੂ ਕਰ ਦਿੱਤਾ ਸੀ। ਕੁਝ ਬੈਗ ਤੇ ਅਟੈਚੀ ਗੁਰੂ ਦੇ ਬੈਗ ਦੇ ਆਲੇ-ਦੁਆਲੇ ਆ ਟਿਕੇ ਸਨ। ਗੁਰੂ ਦਾ ਬੈਗ ਹੁਣ ਕੱਲਮ-ਕੱਲਾ ਨਹੀਂ ਦਿਸ ਰਿਹਾ ਸੀ। ਆਪਣੇ ਬੈਗ ਨੂੰ ਬਾਕੀਆਂ ਵਿੱਚ ਰਲਿਆ ਦੇਖ ਗੁਰੂ ਨੂੰ ਕੁਝ-ਕੁਝ ਤਸੱਲੀ ਜਿਹੀ ਹੋਈ ਸੀ। ਕੁਝ-ਕੁਝ ਸੁੱਖ ਦਾ ਸਾਹ ਆਇਆ ਸੀ।
ਇੱਕ ਪੜਾਅ ’ਤੇ ਇੱਕ-ਦੋ ਸਿਪਾਹੀ ਬੱਸ ਦੀ ਚੈਕਿੰਗ ਕਰਨ ਲਈ ਚੜ੍ਹੇ ਵੀ ਪਰ ਉਹ ਐਵੇਂ ਤਰਦੀ-ਤਰਦੀ ਨਜ਼ਰ ਮਾਰ ਕੇ ਹੇਠਾਂ ਉਤਰ ਗਏ ਸਨ। ਅੱਜ ਗੁਰੂ ਦਾ ਮਨ ਤਾਂ ਪਾਣੀਓਂ ਪਤਲਾ ਹੋਇਆ ਪਿਆ ਸੀ। ਕਿਸੇ ਸਿਪਾਹੀ ਨੂੰ ਦੇਖ ਕੇ ਵੀ ਉਸ ਦਾ ਦਿਲ ਘਿਰਨ ਲੱਗ ਪੈਂਦਾ ਸੀ।
ਥੋੜ੍ਹਾ ਨਿਸ਼ਚਤ ਹੋ ਕੇ ਉਹ ਅੱਖਾਂ ਮੀਟ ਸੋਚਣ ਲੱਗਾ: ‘‘ਐਵੇਂ ਪੰਗਾ ਲੈਣ ਦੀ ਕੀ ਲੋੜ ਸੀ? ਜਿੰਨਾ ਕੁ ਫ਼ਾਇਦਾ ਹੋਣਾ ਸੀ, ਉਹਤੋਂ ਵੱਧ ਤਾਂ ਖ਼ੂਨ ਸੁੱਕ ਗਿਆ। ਲੱਤਾਂ ’ਚ ਤਾਂ ਜਿਵੇਂ ਜਾਨ ਈ ਨਾ ਰਹੀ ਹੋਵੇ।’’
ਉਸ ਨੂੰ ਬੈਠੇ-ਬੈਠੇ ਦਫ਼ਤਰ ਦੇ ਬਾਬੂਆਂ ਦੀ ਗੱਲ ਚੇਤੇ ਆਉਣ ਲੱਗੀ। ਭੈਂਗੇ ਮੱਦੀ ਨੇ ਆਖਿਆ ਸੀ: ‘‘ਗੁਰੂ, ਚੰਡੀਗੜ੍ਹ ਵਿਸਕੀ ਸਸਤੀ ਐ। ਜਾਣਾ ਤਾਂ ਹੈ ਹੀ ਤੂੰ। ਇੱਕ-ਦੋ ਬੋਤਲਾਂ ਖਿੱਚ ਲਿਆਈਂ।’’
ਬਾਬੂ ਘੋਗੜ ਨੇ ਵੀ ਇੱਕ ਮੁਹਾਵਰਾ ਸੁਣਾ ਦਿੱਤਾ ਸੀ: ‘‘ਆਮ ਕੇ ਆਮ, ਗੁਠਲੀਓਂ ਕੇ ਦਾਮ।’’
ਮਹਿਕਮੇ ਦੇ ਕਿਸੇ ਮੁਲਾਜ਼ਮ ਨੇ ਹਾਈ ਕੋਰਟ ’ਚ ਕੋਈ ਅਪੀਲ ਪਾਈ ਸੀ। ਕੋਰਟ ਨੇ ਗੁਰੂ ਕੇ ਦਫ਼ਤਰ ਦਾ ਕੋਈ ਰਿਕਾਰਡ ਮੰਗਵਾ ਲਿਆ ਸੀ। ਦਫ਼ਤਰ ਵੱਲੋਂ ਰਿਕਾਰਡ ਲੈ ਜਾਣ ਦੀ ਡਿਊਟੀ ਗੁਰੂ ਦੀ ਲੱਗੀ ਸੀ। ਜਾਣ ਵੇਲੇ ਸਾਰੇ ਬਾਬੂਆਂ ਨੇ ਗੁਰੂ ਨੂੰ ਏਦਾਂ ਦੀਆਂ ਸਲਾਹਾਂ ਦਿੱਤੀਆਂ ਸਨ। ਕੋਰਟ ਤੋਂ ਵਿਹਲਾ ਹੋ ਕੇ, ਗੁਰੂ ਨੇ ਦੋ ਬੋਤਲਾਂ ਮਹਿੰਗੀ ਵਿ੍ਹਸਕੀ ਦੀਆਂ ਲੈ ਕੇ ਬੈਗ ’ਚ ਤੁੰਨ ਲਈਆਂ ਸਨ। ਬਦਕਿਸਮਤੀ ਨਾਲ ਗੁਰੂ ਦੀ ਇਹ ਪਹਿਲੀ ਹੀ ਚੋਰੀ ਸੀ।
ਅੱਲਾ ਅੱਲਾ ਕਰਕੇ, ਗੁਰੂ ਆਪਣੇ ਟਿਕਾਣੇ ਪੁੱਜਿਆ ਸੀ। ਘਰ ਪਹੁੰਚ ਕੇ ਉਸ ਲੰਮਾ ਸਾਹ, ਹਉਕੇ ਵਾਂਗ, ਖਿੱਚਿਆ ਸੀ। ਪਾਣੀ-ਧਾਣੀ ਪੀ ਕੇ ਪਤਨੀ ਨੂੰ ਸਾਰੀ ਗੱਲ ਦੱਸੀ ਤਾਂ ਉਹ ਝੱਟ ਹੀ ਕਹਿਣ ਲੱਗੀ: ‘‘ਸ਼ੁਕਰ ਐ ਜੀ, ਅੱਜ ਬਚ ਗਏ। ਫੜੇ ਜਾਂਦੇ ਤਾਂ ਬਹੁਤ ਬੇਇੱਜ਼ਤੀ ਹੋਣੀ ਸੀ। ਬੰਦੇ ਦੀ ਇੱਜ਼ਤ ਤਾਂ ਲੱਖੀਂ ਨਾ ਕਰੋੜੀਂ। ਅਖ਼ਬਾਰਾਂ ’ਚ ਕਿੰਨੀਆਂ ਤਾਂ ਖ਼ਬਰਾਂ ਛਪਦੀਆਂ ਨੇ ਰੋਜ਼। ਆਪਣੇ ਵਰਗਿਆਂ ਕੋਲ ਆਹ ਭੋਰਾ ਫੋਕੀ ਕੁ ਇੱਜ਼ਤ ਈ ਐ, ਜੇ ਉਹ ਵੀ ਨਾ ਬਚੇ ਤਾਂ ਆਪਾਂ ਤਾਂ ਕਿਸੇ ਕੰਮ ਦੇ ਨਹੀਂ ਰਹਿੰਦੇ।’’
ਪਤਨੀ ਦੀਆਂ ਗੱਲਾਂ ਤਾਂ ਸੱਚੀਆਂ ਸਨ ਪਰ ਹਜ਼ਾਰ ਰੁਪਏ ਬਚ ਰਹਿਣ ਦੀ ਗੁਰੂ ਨੂੰ ਡਾਹਢੀ ਖ਼ੁਸ਼ੀ ਸੀ। ‘‘ਲੈ ਹਜ਼ਾਰ ਬਚ ਗਿਆ। ਹਜ਼ਾਰ ਕਿਤੇ ਐਵੇਂ ਹੁੰਦੈ?’’ ਉਸ ਆਖਿਆ ਸੀ। ‘‘ਪੈਸਾ ਤਾਂ ਕੰਜਰਾਂ ਦੇ ਘਰ ਵੀ ਬਥੇਰਾ ਹੁੰਦੈ! ਪਰ ਇੱਜ਼ਤ ਵੀ ਕੋਈ ਚੀਜ਼ ਹੁੰਦੀ ਐ ਜੀ। ਇੱਕ ਵਾਰ ਗੁਆਚੀ ਇੱਜ਼ਤ ਮੁੜ ਕਦੀ ਹੱਥ ਨੀਂ ਆਉਂਦੀ।’’ ਪਤਨੀ ਨੇ ਫਿਰ ਕਹਿ ਦਿੱਤਾ ਸੀ। ਪਤਨੀ ਦੀ ਗੱਲ ਵੀ ਸਹੀ ਸੀ ਪਰ ਹਜ਼ਾਰ ਰੁਪਏ ਬਚ ਰਹਿਣ ਦੀ ਹੁਣ ਉਸ ਨੂੰ ਡਾਹਢੀ ਖ਼ੁਸ਼ੀ ਸੀ। ਉਸ ਖ਼ੁਸ਼ੀ-ਖ਼ੁਸ਼ੀ ਉੱਠ ਕੇ ਵੱਡੇ ਸ਼ੀਸ਼ੇ ਵਿੱਚ ਆਪਣੀ ਸ਼ਕਲ ਨਿਹਾਰੀ। ਇੱਕ ਵਾਰ ਤਾਂ ਉਸ ਤੋਂ ਆਪਣੀ ਸ਼ਕਲ ਹੀ ਪਛਾਣੀ ਨਹੀਂ ਗਈ। ਉਸ ਨੇ ਆਪਣੇ ਗੁੱਟ ’ਤੇ ਚੂੰਢੀ ਭਰ ਕੇ ਦੇਖੀ। ਉਸ ਨੂੰ ਕੁਝ ਵੀ ਮਹਿਸੂਸ ਨਹੀਂ ਹੋਇਆ।
‘‘ਇਹ ਮੈਂ ਹੀ ਆਂ? ਇਹ ਤਾਂ ਕੋਈ ਹੋਰ ਲੱਗਦੈ? ਮੇਰੀ ਸ਼ਕਲ ਏਨੀ ਵਿਗੜੀ ਹੋਈ ਤਾਂ ਨਹੀਂ ਸੀ? ਚੰਡੀਗੜ੍ਹ ਜਾਣ ਤੋਂ ਪਹਿਲਾਂ ਚੰਗੀ-ਭਲੀ ਤਾਂ ਸੀ ਮੇਰੀ ਸ਼ਕਲ?’’ ਗੁਰੂ ਸੋਚਣ ਲੱਗਾ ਸੀ। ਉਸ ਨੂੰ ਕੁਝ ਸਮਝ ਨਹੀਂ ਸੀ ਪੈ ਰਹੀ। ਹਜ਼ਾਰ ਰੁਪਏ ਬਚਣ ਦੀ ਖ਼ੁਸ਼ੀ ਦੇ ਬਾਵਜੂਦ, ਗੁਰੂ ਨੂੰ ਆਪਣੀ ਹੀ ਸ਼ਕਲ ਪਛਾਣਨੀ ਔਖੀ ਹੋਈ ਪਈ ਸੀ।