Daria Vehnda Riha : Italian Lok Kahani
ਦਰਿਆ ਵਹਿੰਦਾ ਰਿਹਾ : ਇਤਾਲਵੀ ਲੋਕ ਕਹਾਣੀ
ਉਹ ਇੱਕ ਅਤਿ ਸੁੰਦਰ ਦਰਿਆ ਸੀ ਜਿਹੜਾ ਹਜ਼ਾਰਾਂ ਮੀਲਾਂ ਵਿੱਚ ਵਹਿ ਰਿਹਾ ਸੀ, ਕਈ ਦੇਸ਼ਾਂ ਵਿੱਚੋਂ ਦੀ, ਪੂਰੇ ਦੇ ਪੂਰੇ ਮਹਾਂਦੀਪ ਵਿੱਚੋਂ ਦੀ। ਉਹ ਮੰਬੇ ਕੋਲੋਂ ਇੱਕ ਮੀਲ ਤੋਂ ਵੀ ਵੱਧ ਚੁੜੇਰਾ ਸੀ। ਉਸ ਦੇ ਅੱਧ ਵਿੱਚ ਘਾਹ ਵਾਲੇ ਛੋਟੇ-ਛੋਟੇ ਜਜ਼ੀਰੇ ਸਨ ਤੇ ਦੂਜੇ ਬੰਨੇ ਜੰਗਲ ਹੀ ਜੰਗਲ।
ਇੱਕ ਦਿਨ ਪੱਛਮ ਵਿੱਚ ਕਈ ਮਹੀਨਿਆਂ ਤੋਂ ਘੁੰਮ ਰਿਹਾ ਇੱਕ ਫਿਰਤੂ ਨੀਲਾ ਕਬੀਲਾ ਇਸ ਦਰਿਆ ’ਤੇ ਆ ਉਤਰਿਆ। ਉਹ ਕਿਸੇ ਉਪਜਾਊ ਧਰਤੀ ਨੂੰ ਵਸਣ ਵਾਸਤੇ ਲੱਭ ਰਹੇ ਸਨ।
ਨੀਲੇ ਕਬੀਲੇ ਦਾ ਸਰਦਾਰ ਨੀਲੇ ਚੋਗੇ ਤੇ ਲਾਲ ਰੰਗ ਦੀ ਟੋਪੀ ਨਾਲ ਅਤਿ ਸੁੰਦਰ ਤੇ ਬਹਾਦਰ ਵਿਖਾਈ ਦੇ ਰਿਹਾ ਸੀ। ਉਸ ਨੇ ਦਰਿਆ ਦੇ ਕਲਕਲ ਕਰਦੇ ਪਾਣੀ ਵੱਲ ਇਸ਼ਾਰਾ ਕਰਕੇ ਆਖਿਆ, ‘‘ਵੇਖੋ ਮਿੱਤਰੋ! ਇੱਕ ਦਰਿਆ, ਅਨੋਖਾ ਦਰਿਆ, ਸਮੁੰਦਰ ਜਿੰਨਾ ਚੌੜਾ। ਹੁਣ ਤੋਂ ਇਹ ਸਾਡਾ ਹੈ। ਮੈਂ ਇਸ ਨੂੰ ਨੀਲੇ ਸਾਗਰ ਦਾ ਨਾਂ ਦਿੰਦਾ ਹਾਂ। ਤੰਬੂ ਗੱਡ ਦਿਓ! ਅੱਗਾਂ ਬਾਲੋ ਤੇ ਜਸ਼ਨ ਮਨਾਓ।’’ ਉਸ ਦੇ ਬੋਲਾਂ ਵਿੱਚੋਂ ਖ਼ੁਸ਼ੀ ਝਲਕ ਰਹੀ ਸੀ।
ਉਸੇ ਵੇਲੇ ਇੱਕ ਹੋਰ ਫਿਰਤੂ ਕਬੀਲਾ- ਹਰਾ ਕਬੀਲਾ- ਦਰਿਆ ਦੇ ਦੂਜੇ ਕੰਢੇ ’ਤੇ ਆ ਉਤਰਿਆ। ਉਹ ਵੀ ਵਸਣ ਲਈ ਕਿਸੇ ਸੁਹਾਵਣੀ ਧਰਤੀ ਦੀ ਭਾਲ ਵਿੱਚ ਸਨ। ਉਨ੍ਹਾਂ ਨੂੰ ਵੀ ਇਹ ਥਾਂ ਪਸੰਦ ਆ ਗਈ।
ਹਰੇ ਕਬੀਲੇ ਦਾ ਸਰਦਾਰ ਹਰੇ ਚੋਗੇ ਤੇ ਹਰੀ ਟੋਪੀ ਨਾਲ ਅਤਿ ਸੁੰਦਰ ਤੇ ਬਹਾਦਰ ਵਿਖਾਈ ਦੇ ਰਿਹਾ ਸੀ। ਉਸ ਨੇ ਦਰਿਆ ਦੇ ਵਹਿੰਦੇ ਪਾਣੀ ਵੱਲ ਇਸ਼ਾਰਾ ਕਰਕੇ ਆਖਿਆ, ‘‘ਵੇਖੋ ਦੋਸਤੋ! ਇੱਕ ਦਰਿਆ! ਹੁਣ ਤੋਂ ਹੀ ਇਹ ਸਾਡਾ ਦਰਿਆ ਹੈ। ਮੈਂ ਇਸ ਨੂੰ ਹਰਾ ਦਰਿਆ ਆਖਾਂਗਾ। ਤੁਸੀਂ ਤੰਬੂ ਗੱਡ ਦਿਓ। ਅੱਗਾਂ ਜਲਾ ਦਿਓ ਤੇ ਖ਼ੂਬ ਜਸ਼ਨ ਮਨਾਓ।’’
ਦੋਵੇਂ ਕਬੀਲੇ ਇੱਕ ਦੂਜੇ ਨੂੰ ਆਹਮੋ ਸਾਹਮਣੇ ਦੇਖ ਕੇ ਹੈਰਾਨ ਹੋ ਗਏ। ਦੋਵੇਂ ਸਰਦਾਰ ਆਪਸ ਵਿੱਚ ਮਿਲੇ ਤੇ ਗੱਲਬਾਤ ਕੀਤੀ। ਜਿਉਂ-ਜਿਉਂ ਉਹ ਗੱਲਾਂ ਕਰਨ ਤਿਉਂ ਤਿਉਂ ਵਧੇਰੇ ਗੁੱਸੇ ਹੁੰਦੇ ਜਾਣ। ਹਰ ਕੋਈ ਉਸ ਦਰਿਆ ਉੱਤੇ ਆਪਣਾ ਹੱਕ ਜਤਾਉਂਦਾ ਸੀ। ਜਦੋਂ ਉਹ ਆਪਣਾ ਹੱਕ ਸਾਬਿਤ ਕਰਨ ਲਈ ਦਲੀਲਾਂ ਦੇਣ ਲੱਗੇ ਤਾਂ ਉਨ੍ਹਾਂ ਦੀਆਂ ਗੁੱਸੇ ਭਰੀਆਂ ਆਵਾਜ਼ਾਂ ਬਹੁਤ ਉੱਚੀਆਂ ਹੋ ਗਈਆਂ। ਅੰਤ ਨੀਲਾ ਸਰਦਾਰ ਆਪਣੀ ਕਿਸ਼ਤੀ ਵਿੱਚ ਖੜ੍ਹਾ ਹੋ ਗਿਆ। ਕਿਸ਼ਤੀ ਡੋਲ ਗਈ। ਨੀਲਾ ਸਰਦਾਰ ਮੁੱਕਾ ਵੱਟਦਾ ਹੋਇਆ ਹਰੇ ਸਰਦਾਰ ਨੂੰ ਬੋਲਿਆ:
‘‘ਇਹ ਦਰਿਆ ਮੇਰਾ ਹੈ। ਇਹ ਨੀਲਾ ਦਰਿਆ ਹੈ।’’
‘‘ਨਹੀਂ, ਇਹ ਮੇਰਾ ਹੈ!’’ ਹਰੇ ਸਰਦਾਰ ਨੇ ਪਰਤਵਾਂ ਜਵਾਬ ਦਿੱਤਾ, ‘‘ਇਹ ਹਰਾ ਦਰਿਆ ਹੈ।’’
‘‘ਮੈਂ ਤੁਹਾਡੇ ਲੋਕਾਂ ਨਾਲ ਜੰਗ ਕਰਨ ਦਾ ਐਲਾਨ ਕਰਦਾ ਹਾਂ।’’ ਨੀਲੇ ਸਰਦਾਰ ਨੇ ਗਰਜ ਕੇ ਆਖਿਆ, ‘‘ਜੰਗ ਹੀ ਅੰਤਮ ਫ਼ੈਸਲਾ ਕਰੇਗੀ।’’
‘‘ਅਸੀਂ ਵੀ ਲੜਨ ਲਈ ਤਿਆਰ ਹਾਂ।’’ ਹਰੇ ਸਰਦਾਰ ਨੇ ਆਪਣਾ ਫ਼ੈਸਲਾ ਦੇ ਦਿੱਤਾ।
ਦੋਵੇਂ ਸਰਦਾਰ ਆਪੋ ਆਪਣੇ ਪਾਸੇ ਪਰਤ ਗਏ ਤੇ ਆਪਣੇ ਸਾਥੀਆਂ ਨਾਲ ਮਸ਼ਵਰਾ ਕਰਕੇ ਲੜਾਈ ਲੜਨ ਦਾ ਫ਼ੈਸਲਾ ਪੱਕਾ ਕਰ ਲਿਆ।
‘‘ਸਾਨੂੰ ਦਰਿਆ ਦੇ ਚੜ੍ਹਦੇ ਵੱਲ ਵਧਣਾ ਚਾਹੀਦਾ ਹੈ। ਜਦੋਂ ਤੀਕਰ ਸਾਨੂੰ ਪਾਰ ਕਰਨ ਲਈ ਤੰਗ ਥਾਂ ਨਹੀਂ ਲੱਭ ਪੈਂਦੀ,’’ ਨੀਲੇ ਸਰਦਾਰ ਨੇ ਫ਼ੈਸਲਾ ਸੁਣਾਇਆ, ‘‘ਉਦੋਂ ਅਸੀਂ ਇੱਕ ਦੂਜੇ ਨਾਲ ਨਿਪਟ ਲਵਾਂਗੇ ਤੇ ਹਰੇ ਸਰਦਾਰ ਨੂੰ ਦੱਸ ਦਿਆਂਗੇ ਕਿ ਇਸ ਦਰਿਆ ਦਾ ਮਾਲਕ ਕੌਣ ਹੈ।’’
ਦੂਜੇ ਬੰਨੇ ਹਰੇ ਸਰਦਾਰ ਨੇ ਵੀ ਅਜਿਹਾ ਹੀ ਫ਼ੈਸਲਾ ਕਰ ਲਿਆ। ਦੋਵੇਂ ਕਬੀਲੇ ਦਰਿਆ ਦੇ ਚੜ੍ਹਦੇ ਪਾਸੇ ਨੂੰ ਦੋਵੇਂ ਕਿਨਾਰਿਆਂ ’ਤੇ ਇੱਕ ਦੂਜੇ ਦੇ ਆਹਮੋ ਸਾਹਮਣੇ ਛੇਤੀ ਛੇਤੀ ਵਧਣ ਲੱਗ ਪਏ। ਸਫ਼ਰ ਦਾ ਪਹਿਲਾ ਹਿੱਸਾ ਮੈਦਾਨੀ ਹੋਣ ਕਰਕੇ ਉਨ੍ਹਾਂ ਲਈ ਸੁਖਾਵਾਂ ਸੀ ਤੇ ਇਹ ਛੇਤੀ ਦੇਣੀ ਮੁੱਕ ਗਿਆ। ਇਸ ਸਮੇਂ ਇਹ ਸ਼ਾਨਦਾਰ ਦਰਿਆ ਉਨ੍ਹਾਂ ਵਿਚਕਾਰ ਬੜੀ ਸ਼ਾਨ ਨਾਲ ਵਹਿੰਦਾ ਰਿਹਾ। ਹੁਣ ਪਹਾੜੀਆਂ ਆਉਣੀਆਂ ਸ਼ੁਰੂ ਹੋ ਗਈਆਂ- ਉੱਚੀਆਂ ਤੇ ਨੰਗੀਆਂ, ਉਹ ਪਹਾੜੀਆਂ ਜਿੱਥੇ ਨਾ ਜਾਨਵਰ ਸਨ, ਨਾ ਕੁਝ ਖਾਣ ਲਈ ਸੀ ਤੇ ਨਾ ਪੀਣ ਲਈ। ਦੋਵੇਂ ਕਬੀਲਿਆਂ ਦੇ ਬੰਦਿਆਂ ਨੂੰ ਔਕੜਾਂ ਆਉਣ ਲੱਗੀਆਂ। ਜਿਉਂ-ਜਿਉਂ ਉਪਰ ਵਧਦੇ ਰਹੇ, ਤਿਉਂ ਤਿਉਂ ਦਰਿਆ ਦਾ ਪਾਟ ਤੰਗ ਹੁੰਦਾ ਗਿਆ। ਏਧਰ ਰਾਹ ਪਥਰੀਲਾ ਤੇ ਢਲਵਾਂ, ਹੁਣ ਦਰਿਆ ਦਾ ਪਾਣੀ ਚਟਾਨਾਂ ਵਿਚਦੀ ਝੱਗ ਸੁੱਟਦਾ ਤੇ ਉਬਾਲੇ ਖਾਂਦਾ ਵਹਿ ਰਿਹਾ ਸੀ।
ਅੰਤ ਵਿੱਚ ਦੋਵੇਂ ਕਬੀਲੇ ਸਫ਼ਰ ਦੀਆਂ ਔਕੜਾਂ ਸਹਾਰਦੇ ਹੋਏ ਦਰਿਆ ਦੇ ਮੰਬੇ ’ਤੇ ਪੁੱਜ ਗਏ ਤੇ ਚਸ਼ਮੇ ਦੇ ਆਹਮੋ ਸਾਹਮਣੇ ਹੋ ਕੇ ਖੜੋ ਗਏ। ਦੋਵਾਂ ਕਬੀਲਿਆਂ ਦੇ ਸਰਦਾਰ ਲੜਨ ਵਾਸਤੇ ਅੱਗੇ ਵਧੇ।
‘‘ਇਹ ਦਰਿਆ ਮੇਰਾ ਹੈ।’’ ਨੀਲਾ ਸਰਦਾਰ ਬੋਲਿਆ, ‘‘ਵੇਖੋ, ਮੈਂ ਆਪਣਾ ਪੈਰ ਇਸ ਦੇ ਪਾਣੀ ਵਿੱਚ ਪਾ ਦਿੱਤਾ ਹੈ।’’ ‘‘ਨਹੀਂ! ਇਹ ਸਾਡਾ ਹੈ।’’ ਹਰੇ ਸਰਦਾਰ ਨੇ ਮੂੰਹ ਮੋੜਵਾਂ ਉੱਤਰ ਦਿੱਤਾ, ‘‘ਵੇਖੋ, ਮੈਂ ਵੀ ਇਸ ਦੇ ਪਾਣੀ ਨੂੰ ਛੂਹ ਦਿੱਤਾ ਹੈ।’’
ਦੋਵੇਂ ਕਬੀਲਿਆਂ ਦੇ ਪੁਰਸ਼ਾਂ ਨੇ ਆਪਣੀਆਂ ਆਪਣੀਆਂ ਤਲਵਾਰਾਂ ਮਿਆਨਾਂ ਵਿੱਚੋਂ ਸੂਤ ਲਈਆਂ ਤੇ ਲੜਨ ਲਈ ਅੱਗੇ ਵਧੇ, ਪਰ ਅਚਾਨਕ ਹੀ ਦਰਿਆ ਵਿੱਚੋਂ ਥਰਥਰਾਉਂਦੀ ਹੋਈ ਆਵਾਜ਼ ਆਈ ਤੇ ਲੜਾਈ ਰੁਕ ਗਈ: ‘‘ਇਸ ਮੂਰਖਤਾ ਤੋਂ ਬਾਜ਼ ਆ ਜਾਓ,’’ ਦਰਿਆ ਬੋਲਿਆ, ‘‘ਤੁਸੀਂ ਜਿੰਨਾ ਮਰਜ਼ੀ ਲੜ ਲਵੋ, ਤੁਹਾਡੇ ਵਿੱਚੋਂ ਕੋਈ ਵੀ ਮੈਨੂੰ ਆਪਣਾ ਨਹੀਂ ਬਣਾ ਸਕਦਾ। ਮੈਂ ਸਾਰੇ ਸੰਸਾਰ ਦੀ ਮਲਕੀਅਤ ਹਾਂ, ਮੈਂ ਸਾਰਿਆਂ ਦਾ ਹਾਂ, ਪਰ ਕੋਈ ਮੈਨੂੰ ਫੜ ਨਹੀਂ ਸਕਦਾ। ਸਾਲ ਦੇ ਸਾਲ, ਸਦੀਆਂ ਦੀਆਂ ਸਦੀਆਂ ਮੈਂ ਆਪਣੇ ਪਹਾੜੀ ਝੂਲੇ ਵਿੱਚੋਂ ਵਗਦਾ ਹਾਂ ਤੇ ਸਮੁੰਦਰ ਵਿੱਚ ਜਾ ਪੁੱਜਦਾ ਹਾਂ। ਮੇਰਾ ਕਿਤੇ ਅੰਤ ਨਹੀਂ। ਮੈਂ ਬੁੱਢਾ ਹਾਂ, ਪਰ ਤੁਸੀਂ ਚਸ਼ਮਿਆਂ ਤੋਂ ਮੇਰਾ ਪਾਣੀ ਪੀ ਸਕਦੇ ਹੋ ਜਿਹੜਾ ਸਦਾ ਤਾਜ਼ਾ ਹੁੰਦਾ ਹੈ। ਇਸ ਤਰ੍ਹਾਂ ਮੈਂ ਸਦਾ ਜਵਾਨ ਰਹਿੰਦਾ ਹਾਂ। ਭਲਾ ਕਿਸ ਤਰ੍ਹਾਂ ਤੁਹਾਡੇ ਵਿੱਚੋਂ ਕੋਈ ਹਰਾ ਜਾਂ ਨੀਲਾ ਸਰਦਾਰ ਮੈਨੂੰ ਚੁੱਕ ਕੇ ਕਿਤੇ ਹੋਰ ਥਾਂ ਲੈ ਜਾਣ ਦੀ ਆਸ ਰੱਖ ਸਕਦਾ ਹੈ? ਮੈਂ ਹੁਣ ਤੁਹਾਥੋਂ ਇਹ ਮੂਰਖਤਾ ਹੋਰ ਸੁਣਨਾ ਨਹੀਂ ਚਾਹੁੰਦਾ। ਤੁਸੀਂ ਮੈਨੂੰ ਸਾਂਝਾ ਸਮਝੋ ਤੇ ਅਮਨ ਨਾਲ ਰਹੋ।’’
ਇਸ ਆਵਾਜ਼ ਨੇ ਦੋਵਾਂ ਕਬੀਲਿਆਂ ਦਾ ਗੁੱਸਾ ਠੰਢਾ ਕਰ ਦਿੱਤਾ। ਉਨ੍ਹਾਂ ਨੇ ਇੱਕ ਦੂਜੇ ਨੂੰ ਗਲਵੱਕੜੀਆਂ ਵਿੱਚ ਲੈ ਲਿਆ। ਦੋਵਾਂ ਸਰਦਾਰਾਂ ਨੇ ਖ਼ੁਸ਼ੀ ਦੇ ਜਾਮ ਪੀਤੇ ਤੇ ਇਸ ਸ਼ਾਨਦਾਰ ਦਰਿਆ ’ਤੇ ਅਮਨ ਚੈਨ ਨਾਲ ਵੱਸਣ ਲੱਗ ਪਏ। …ਤੇ ਦਰਿਆ ਵਹਿੰਦਾ ਰਿਹਾ, ਵਹਿੰਦਾ ਰਿਹਾ।
(ਸੁਖਦੇਵ ਮਾਦਪੁਰੀ)