Deepu Di Wapsi (Baal Novel) : Omkar Sood Bahona
ਦੀਪੂ ਦੀ ਵਾਪਸੀ (ਬਾਲ-ਨਾਵਲ) : ਓਮਕਾਰ ਸੂਦ ਬਹੋਨਾ
ਕਾਂਡ-੧ ਦੀਪੂ ਦੀ ਵਾਪਸੀ (ਬਾਲ-ਨਾਵਲ)
ਦਪਿੰਦਰ ਸਕੂਲੋਂ ਆ ਕੇ ਸਾਰਾ ਦਿਨ ਚਿੜੀਆਂ ਫੜ੍ਹਦਾ ਰਹਿੰਦਾ ਸੀ । ਉਸ ਦਾ ਚਿੜੀਆਂ ਫੜ੍ਹਨ ਦਾ ਢੰਗ ਬੜਾ
ਅਨੋਖਾ ਸੀ । ਉਹ ਇੱਕ ਫੁੱਟ ਕੁ ਲੰਮਾ ਕਾਨਾ ਟੋਕਰੀ ਦੇ ਇੱਕ ਸਿਰੇ ਹੇਠ ਲਗਾ ਕੇ ਟੋਕਰੀ ਕੋਡੀ ਜਿਹੀ ਕਰਕੇ ਖੜ੍ਹੀ ਕਰ
ਲੈਂਦਾ । ਫਿਰ ਕਾਨੇ ਨਾਲ ਇੱਕ ਲੰਬੀ ਰੱਸੀ ਬੰਨ੍ਹ ਕੇ ਦੂਰ ਮੰਜੇ ਉਹਲੇ ਲੁਕ ਕੇ ਬੈਠ ਜਾਂਦਾ । ਟੋਕਰੇ ਹੇਠਾਂ ਕਣਕ ਦੇ
ਦਾਣੇ ਖਿਲਾਰ ਲੈਂਦਾ । ਜਦੋਂ ਕੋਈ ਚਿੜੀ ਜਾਂ ਚਿੜਾ ਟੋਕਰੀ ਥੱਲੇ ਦਾਣੇ ਚੁਗਣ ਲਈ ਆ ਕੇ ਬੈਠਦਾ ਤਾਂ ਦੀਪੂ ਤੜੱਕ
ਰੱਸੀ ਖਿੱਚ ਦਿੰਦਾ । ਇਸ ਤਰ੍ਹਾਂ ਕਾਨੇ ਦੇ ਆਸਰੇ 'ਤੇ ਖੜ੍ਹੀ ਟੋਕਰੀ ਥੱਲੇ ਡਿੱਗ ਪੈਂਦੀ ਤੇ 'ਪੰਛੀ' ਟੋਕਰੀ ਥੱਲੇ ਆ
ਜਾਂਦਾ । ਫਿਰ ਉਹ ਟੋਕਰੀ ਉੱਤੇ ਇੱਕ ਚਾਦਰ ਵਿਛਾ ਕੇ ਟੋਕਰੀ ਚਾਰੇ ਪਾਸਿਓਂ ਚੰਗੀ ਤਰ੍ਹਾਂ ਨੱਪ ਲੈਂਦਾ ਤੇ ਫਿਰ
ਟੋਕਰੀ ਇੱਕ ਪਾਸਿਓਂ ਥੋੜ੍ਹੀ ਜਿਹੀ ਉਤਾਂਹ ਚੁੱਕ ਕੇ ਟੋਕਰੀ ਵਿੱਚ ਬਾਂਹ ਪਾ ਕੇ ਚਿੜੀ ਜਾਂ ਚਿੜਾ ਫੜ੍ਹ
ਲੈਂਦਾ………ਤੇ ਇਸ ਤਰ੍ਹਾਂ ਚਿੜੀਆ ਫੜ੍ਹ-ਫੜ੍ਹ ਕੇ ਪਿੰਜਰੇ ਵਿੱਚ ਬੰਦ ਕਰੀ ਜਾਂਦਾ । ਉਹ ਕਦੇ ਕਿਸੇ ਚਿੜੀ ਨੂੰ
ਕਾਲਾ ਜਾਂ ਨੀਲਾ ਰੰਗ ਚਾੜ੍ਹ ਦਿੰਦਾ । ਕਦੇ ਕਿਸੇ ਚਿੜੀ ਜਾਂ ਚਿੜੇ ਦਾ ਪੂੰਝਾ ਪੁੱਟ ਸੁਟਦਾ । ਕਦੇ ਕਿਸੇ ਪੰਛੀ ਦੇ ਪਰ
ਕੱਟ ਦਿੰਦਾ । ਕਦੇ ਕਿਸੇ ਚਿੜੀ ਜਾਂ ਚਿੜੇ ਦੀ ਲੱਤ ਨੂੰ ਰੱਸੀ ਬੰਨ੍ਹ ਕੇ ਉਡਾਉਣ ਲੱਗ ਜਾਂਦਾ । ਇਸ ਤਰ੍ਹਾਂ ਬੇਵੱਸ ਤੇ
ਲਾਚਾਰ ਪੰਛੀ ਹਰ ਰੋਜ਼ ਦੀਪੂ ਦੇ ਜ਼ੁਲਮ ਸਹਿੰਦੇ । ਅਨਭੋਲ ਪੰਛੀ ਦੂਜੇ ਦਿਨ ਫਿਰ ਉਸਦੇ ਟੋਕਰੀ-ਜਾਲ ਵਿੱਚ ਫਸ
ਜਾਂਦੇ । ਉਹ ਫਿਰ ਚਿੜੀਆਂ ਨਾਲ ਉਹੀ ਭੈੜਾ ਸਲੂਕ ਕਰਦਾ । ਕਈ ਵਾਰ ਤਾਂ ਉਸ ਦੇ ਜ਼ੁਲਮਾਂ ਦਾ ਸ਼ਿਕਾਰ ਵਿਚਾਰੀਆਂ
ਭੋਲੀਆਂ ਚਿੜੀਆਂ ਦਮ ਹੀ ਤੋੜ ਦਿੰਦੀਆਂ ਸਨ ।
ਇਹ ਕਹਾਣੀ ੧੯੭੨-੭੩ ਦੇ ਵਰ੍ਹਿਆਂ ਦੀ ਹੈ । ਉਦੋਂ ਨਾ ਮੋਬਾਈਲ ਸਨ,ਨਾ ਟੈਲੀਵਿਜ਼ਨ ਦਾ ਜਮਾਨਾਂ ਸੀ । ਬੱਚੇ
ਦਾਦੀਆਂ-ਨਾਨੀਆਂ ਤੋਂ ਰਾਤੀਂ ਸੌਣ ਤੋਂ ਪਹਿਲਾਂ ਬਾਤਾਂ-ਕਹਾਣੀਆਂ ਸੁਣ ਕੇ ਆਪਣਾ ਮਨੋਰੰਜਨ ਕਰਿਆ
ਕਰਦੇ ਸਨ । ਉਦੋਂ ਦਪਿੰਦਰ ਉਰਫ਼ ਦੀਪੂ ਦੀ ਉਮਰ ਮਸੀਂ ਚੌਦਾਂ-ਪੰਦਰਾਂ ਵਰ੍ਹਿਆਂ ਦੀ ਹੋਵੇਗੀ । ਉਹ ਬਾਤਾਂ-
ਕਹਾਣੀਆਂ ਦਾ ਘੱਟ ਹੀ ਸ਼ੌਕ ਰੱਖਦਾ ਸੀ । ਬੇਹੂਦਾ ਤੇ ਫਾਲਤੂ ਦੀਆਂ ਸ਼ਰਾਰਤਾਂ ਦਾ ਜਿਆਦਾ ਸ਼ੌਕੀਨ ਸੀ । ਉਹ
ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ । ਸਕੂਲੋਂ ਘਰ ਆ ਕੇ ਉਹ ਪੜ੍ਹਾਈ ਉੱਕਾ
ਹੀ ਨਾ ਕਰਦਾ । ਹੌਮ-ਵਰਕ ਨਾ ਕਰਨ ਕਰਕੇ ਉਸਦੇ ਸਕੂਲੋਂ ਹਰ ਰੋਜ਼ ਮਾਰ ਪੈਂਦੀ ਸੀ । ਮਾਸਟਰ ਜੀ ਡੰਡਿਆਂ ਨਾਲ ਉਸ ਦੀ
ਖੂਬ ਮੁਰੰਮਤ ਕਰਦੇ ਪਰ ਢੀਠ ਤੇ ਜਿੱਦੀ ਮੁੰਡਾ "ਦੋ ਪਈਆਂ ਵਿੱਸਰ ਗਈਆਂ-ਸਦਕੇ ਮੇਰੀ ਢੂਈ ਦੇ" ਕਹਾਵਤ
ਮੁਤਾਬਕ ਝੱਟ ਹੀ ਕੁੱਟ ਭੁੱਲ ਜਾਂਦਾ ਤੇ ਫਿਰ ਮਨ ਆਈਆ 'ਤੇ ਉੱਤਰ ਆਉਂਦਾ । ਉਹਦਾ ਪਿਓ ਸੱਜਣ ਸਿੰਘ
ਸੱਚਮੁੱਚ ਹੀ ਇੱਕ ਸੱਜਣ ਪੁਰਸ਼ ਸੀ । ਸੁਭਾਅ ਦਾ ਬੀਬਾ ਆਦਮੀਂ ਸੀ । ਉਹ ਸਾਰਾ ਦਿਨ ਖੇਤਾਂ ਵਿੱਚ ਮਿਹਨਤ ਮਜ਼ਦੂਰੀ
ਕਰਦਾ । ਖੇਤੀ ਦੇ ਧੰਦੇ ਵਿੱਚੋਂ ਆਪਣੇ ਪਰੀਵਾਰ ਦਾ ਪਾਲਣ-ਪੋਸਣ ਕਰ ਰਿਹਾ ਸੀ । ਉਸ ਨੂੰ ਦੀਪੂ 'ਤੇ ਕੁਝ ਉਮੀਦ
ਸੀ ਕਿ ਸ਼ਾਇਦ ਭਵਿੱਖ ਵਿੱਚ ਪੜ੍ਹ ਲਿਖ ਕੇ ਕੁਝ ਬਣ ਜਾਵੇ! ਘਰ ਦੀ ਗਰੀਬੀ ਦੂਰ ਹੋ ਜਾਵੇ!!ਪਰ ਦੀਪੂ ਬਾਪ ਨੂੰ
ਆਪਣੀਆਂ ਉਮੀਦਾਂ 'ਤੇ ਪਾਣੀ ਹੀ ਫੇਰਦਾ ਨਜ਼ਰ ਆ ਰਿਹਾ ਸੀ!!!............ਉਹਦੀ ਅਨਪੜ੍ਹ ਮਾਂ ਘਰ ਦੇ ਪਸ਼ੂ-ਡੰਗਰ
ਸੰਭਾਲਦੀ ਜਾਂ ਆਪਣੇ ਪਤੀ ਸੱਜਣ ਸਿੰਘ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਉਂਦੀ ਸੀ । ਉਸ ਦੀ ਇੱਕ ਛੋਟੀ ਭੈਣ ਸੀ
ਨਿੰਦਰ ਕੌਰ ਉਰਫ਼ ਨਿੰਦੀ,ਜੋ ਦੀਪੂ ਦੇ ਸਕੂਲ ਵਿੱਚ ਹੀ ਪੰਜਵੀਂ ਜਮਾਤ ਵਿੱਚ ਪੜ੍ਹਦੀ ਸੀ । ਨਿੰਦੀ ਪੜ੍ਹਨ ਵਿੱਚ
ਹੁਸ਼ਿਆਰ ਤੇ ਘਰ ਦੇ ਹਾਲਾਤਾਂ ਤੋਂ ਜਾਣੂ ਇੱਕ ਚੰਗੀ ਤੇ ਸਮਝਦਾਰ ਕੁੜੀ ਸੀ ।
ਦੀਪੂ ਸਭ ਕਾਸੇ ਤੋਂ ਬੇਪ੍ਰਵਾਹ ਆਪਣੀ ਅਵਾਰਾ ਦੁਨੀਆ ਵਿੱਚ ਮਸਤ ਰਹਿੰਦਾ ਸੀ । ਉਹ ਸਕੂਲ ਨੂੰ ਆਉਣ-
ਜਾਣ ਦੀ ਜ਼ਿੰਮੇਵਾਰੀ ਵਾਂਗ ਭੁਗਤਾ ਰਿਹਾ ਸੀ । ਪੜ੍ਹਾਈ ਨਾਲ ਉਸਨੂੰ ਕੋਈ ਮਤਲਬ ਨਹੀਂ ਸੀ । ਚਿੜੀਆਂ
ਫੜਨੀਆਂ,ਬੰਟੇ ਖੇਡਣੇ,ਅਵਾਰਾ ਦੋਸਤਾਂ ਨਾਲ ਅਵਾਰਾਗਰਦੀ ਕਰਨੀ ਉਸ ਦੀ ਜ਼ਿੰਦਗੀ ਦਾ ਮਕਸਦ ਸੀ । ਘਰੋਂ ਬਣਿਆਂ-
ਬਣਾਇਆ ਲੰਗਰ ਛਕ ਲੈਣਾ ਤੇ ਭੁੱਖ ਲੱਗੀ ਤੋਂ ਫਿਰ ਛਾਬੇ ਚੋਂ ਰੋਟੀਆਂ ਭਾਲਣੀਆ ਉਸ ਦੀ ਜ਼ਿੰਦਗੀ ਦਾ ਮਕਸਦ
ਰਹਿ ਗਿਆ ਸੀ । ਛਾਬੇ ਵਿੱਚ ਰੋਟੀਆਂ ਤੇ ਚਾਟੀ ਵਿੱਚ ਲੱਸੀ ਕਿਵੇਂ ਆਉਂਦੀ ਹੈ ? ਇਸ ਨਾਲ ਉਸ ਨੂੰ ਕੋਈ ਮਤਲਬ
ਨਹੀਂ ਸੀ । ਉਸ ਦੇ ਦੋ ਪੱਕੇ ਮਿੱਤਰ ਸਨ ਹਰਪਾਲ ਤੇ ਨਿਰਮਲ । ਹਰਪਾਲ ਚੰਗਾ ਪਰ ਨਿਰਮਲ ਬੇਹੱਦ ਨਿਲਾਇਕ ਤੇ
ਨਿਕੰਮਾ । ਹਰਪਾਲ ਨੂੰ ਸਾਰੇ ਪਾਲਾ ਕਹਿ ਕੇ ਬੁਲਾਉਂਦੇ ਸਨ । ਉਹ ਜਦੋਂ ਕਦੇ ਦੀਪੂ ਦੇ ਘਰ ਆਉਂਦਾ ਤਾਂ
ਦੀਪੂ ਨੂੰ ਪੁੱਠੇ ਕੰਮਾਂ ਵਿੱਚ ਲੱਗਿਆ ਵੇਖ ਕੇ ਸਮਝਾਉਂਦਾ, "ਦੀਪੂ ਮੇਰੇ ਯਾਰ,ਕਦੇ ਪੜ੍ਹਾਈ ਵੀ ਕਰ ਲਿਆ
ਕਰ!ਸਾਰਾ ਦਿਨ ਚਿੜੀਆਂ ਹੀ ਫੜ੍ਹਦਾ ਰੰਿਹੰਦਾ ਏਂ । ਜੇ ਥੋੜ੍ਹਾ ਵੀ ਮਨ ਲਗਾ ਕੇ ਪੜ੍ਹ ਲਿਆ ਕਰੇਂ ਤਾਂ ਸਕੂਲੋਂ
ਹਰ ਰੋਜ਼ ਪਸ਼ੂਆਂ ਵਾਂਗ ਕੁੱਟ ਤਾਂ ਨਾ ਖਾਵੇਂ ?" ………ਪਰ ਦੀਪੂ ਪਾਲੇ ਦੀ ਗੱਲ ਨੂੰ ਭੋਰਾ ਨਾ ਗੌਲ਼ਦਾ ਸਗੋਂ
ਉਸਦੀ ਕਹੀ ਹੋਈ ਕੀਮਤੀ ਗੱਲ ਨੂੰ ਹੱਸ ਕੇ ਮਜ਼ਾਕ ਵਿੱਚ ਟਾਲ ਦਿੰਦਾ । ਮਾੜੀਆਂ ਦਲੀਲਾਂ ਦੇ ਕੇ ਪਾਲੇ ਨੂੰ ਵੀ
ਆਪਣੇ ਨਾਲ ਹੀ ਗਲਤ ਕੰਮਾਂ ਵਿੱਚ ਲਾਉਣ ਦੀ ਕੋਸ਼ਿਸ਼ ਕਰਦਾ ਪਰ ਪਾਲਾ ਸਿਆਣਾ ਤੇ ਮਿਹਨਤੀ ਮੁੰਡਾ ਸੀ । ਉਹ
ਚੰਗੀ-ਮਾੜੀ ਸੋਚ ਦੀ ਪਰਖ ਰੱਖਦਾ ਸੀ । ਜਿੱਥੋਂ ਕਿਤੇ ਚੰਗੀ ਗੱਲ ਸਿੱਖਣ ਲਈ ਮਿਲਦੀ ਹਮੇਸ਼ਾ ਪੱਲੇ ਬੰਨ੍ਹ
ਲੈਂਦਾ । ਮਾੜੀ ਸੋਚ ਤੇ ਬੁਰੀ ਸੰਗਤ ਤੋਂ ਹਮੇਸ਼ਾ ਪਾਸਾ ਵੱਟ ਲੈਂਦਾ ਸੀ । ਉਹ ਸਕੂਲੋਂ ਆ ਕੇ ਹਲਕਾ ਭੋਜਨ
ਕਰਦਾ । ਫਿਰ ਥੌੜ੍ਹਾ ਚਿਰ ਅਰਾਮ ਕਰਦਾ । ਫਿਰ ਸਕੂਲੋਂ ਮਿਲਿਆ ਕੰਮ ਨਬੇੜ ਲੈਂਦਾ । ਸਬਕ ਯਾਦ ਕਰ ਲੈਂਦਾ ਤੇ ਬਾਕੀ
ਬਚਿਆ ਵਕਤ ਮਾਂ-ਪਿਓ ਨਾਲ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦਾ । ਉਹ ਡਾਕ ਰਾਹੀਂ ਘਰ ਆਏ ਬਾਲ-ਸਾਹਿਤਕ
ਰਸਾਲੇ ਪੜ੍ਹਦਾ । ਉਸ ਦੇ ਪੜ੍ਹੇ-ਲਿਖੇ ਮਾਮਾ ਜੀ ਨੇ ਕੁਝ ਬਾਲ-ਸਾਹਿਤ ਦੇ ਰਸਾਲੇ ਉਸ ਦੇ ਜਨਮ ਦਿਨ ਮੌਕੇ ਉਸਦੇ
ਨਾਂ ਜਾਰੀ ਕਰਵਾਏ ਸਨ । ਉਂਜ ਵੀ ਉਸਦੇ ਮਾਮਾ ਜੀ ਜਦੋਂ ਆਉਂਦੇ ਸਨ ਤਾਂ ਕੁਝ ਚੰਗੀਆਂ ਕਿਤਾਬਾਂ ਪਾਲੇ
ਵਾਸਤੇ ਲੈ ਆਉਂਦੇ ਸਨ । ਉਸ ਨੇ ਆਪਣੇ ਘਰ ਇੱਕ ਅਲਮਾਰੀ ਵਿੱਚ ਸਭ ਕਿਤਾਬਾਂ-ਰਸਾਲੇ ਸਾਂਭ ਰੱਖੇ
ਸਨ । ਆਪਣੀਆਂ ਸਕੂਲੀ ਕਿਤਾਬਾਂ ਤੋਂ ਇਲਾਵਾ ਉਸਦਾ ਜਦੋਂ ਮਨ ਕਰਦਾ ਆਪਣੀ ਇਸ ਛੋਟੀ ਜਿਹੀ ਲਾਇਬਰੇਰੀ ਵਿੱਚੋਂ
ਕਿਤਾਬ ਲੈ ਕੇ ਪੜ੍ਹ ਲੈਂਦਾ ਸੀ । ਇਉਂ ਉਹ ਸਕੂਲ ਦੀ ਪੜਾਈ ਤੋਂ ਇਲਾਵਾ ਵੀ ਆਪਣੀ ਮਾਨਸਿਕ ਤ੍ਰਿਪਤੀ ਕਰਕੇ
ਆਪਣੇ ਗਿਆਨ ਵਿੱਚ ਵਾਧਾ ਕਰਦਾ ਸੀ । ਇੱਕ ਦਿਨ ਦੀਪੂ ਰੋਜ਼ ਵਾਂਗ ਚਿੜੀਆਂ ਫੜ੍ਹ ਰਿਹਾ ਸੀ । ਪਾਲਾ
ਆਇਆ,ਬੋਲਿਆ, "ਦੀਪੂ ਕੱਲ੍ਹ ਨੂੰ ਅੰਗਰੇਜੀ ਦਾ ਟੈਸਟ ਐ!ਚਿੜੀਆਂ ਦਾ ਛੱਡ ਖਹਿੜਾ ਤੇ ਅੰਗਰੇਜੀ ਦਾ ਲੇਖ
ਯਾਦ ਕਰ ਲੈ!!ਕੁੱਟੋਂ ਬਚ ਜਾਵੇਂਗਾ!!!"
"ਮੈਂ ਤਾਂ ਲੇਖ ਯਾਦ ਕਰ ਵੀ ਲਿਆ!ਕੱਲ੍ਹ ਨੂੰ ਟੈਸਟ ਵਿੱਚੋਂ ਤੈਥੋਂ ਵੱਧ ਨੰਬਰ ਲੈਣੇ ਆਂ!"ਦੀਪੂ ਛਾਤੀ ਫੁਲਾ
ਕੇ ਬੋਲਿਆ ਸੀ । ਪਾਲਾ ਖੁਸ਼ ਹੁੰਦਿਆਂ 'ਅੱਛਾ ਜੀ' ਕਹਿ ਕੇ ਆਪਣੇ ਘਰ ਵਾਪਸ ਪਰਤ ਗਿਆ ਸੀ । ਉਸ ਨੇ ਅਜੇ ਟੈਸਟ ਦੀ
ਤਿਆਰੀ ਕਰਨੀ ਸੀ । ਪਾਲੇ ਨੇ ਵੀ ਘਰ ਜਾ ਕੇ ਟੈਸਟ ਦੀ ਤਿਆਰੀ ਕਰ ਲਈ ਤੇ ਬੇਫਿਕਰ ਹੋ ਗਿਆ ਸੀ । ਦੂਜੇ ਦਿਨ ਸਕੂਲ ਵਿੱਚ
ਅੰਗਰੇਜੀ ਵਾਲੇ ਮਾਸਟਰ ਜੀ ਨੇ ਸਭ ਬੱਚੇ ਖੁੱਲ੍ਹੇ-ਖੁੱਲ੍ਹੇ ਕਰ ਕੇ ਬਿਠਾ ਦਿੱਤੇ ਤੇ ਅੰਗਰੇਜ਼ੀ ਦਾ ਲੇਖ 'ਮਾਈ ਬਿਸਟ
ਫਰੈਂਡ' ਲਿਖਣ ਲਈ ਦੇ ਦਿੱਤਾ । ਸਾਰੇ ਬੱਚੇ ਲੇਖ ਲਿਖਣ ਲੱਗ ਪਏ । ਦੀਪੂ ਵੀ ਆਪਣੀ ਕਾਪੀ ਦੇ ਉਪਰ ਰੱਖੇ ਪੇਜ ਉੱਤੇ ਕੁਝ
ਊਲ-ਜ਼ਲੂਲ ਲਿਖ ਕੇ ਟਾਇਮ ਪਾਸ ਕਰਦਾ ਰਿਹਾ । ਘੰਟੀ ਵੱਜੀ ਤਾਂ ਸਾਰੇ ਬੱਚਿਆਂ ਨੇ ਲੇਖ ਲਿਖੇ ਵਾਲਾ ਪੇਪਰ ਮਾਸਟਰ ਜੀ
ਨੂੰ ਪਕੜਾ ਦਿੱਤਾ । ਦੀਪੂ ਵੀ ਆਪਣਾ ਲਿਖਿਆ ਪੇਪਰ ਮਾਸਟਰ ਜੀ ਨੂੰ ਫੜਾ ਆਇਆ । ਛੁੱਟੀ ਹੋਈ ਤੋਂ ਘਰ
ਆਉਂਦਿਆਂ ਰਸਤੇ ਵਿੱਚ ਦੀਪੂ ,ਪਾਲੇ ਨੂੰ ਹੰਕਾਰ ਜਿਹੇ ਨਾਲ ਹੁੱਬ ਕੇ ਬੋਲਿਆ, "ਅੱਜ ਦੇ ਟੈਸਟ ਵਿੱਚੋਂ ਤੇਰੇ
ਨਾਲੋਂ ਵੱਧ ਨੰਬਰ ਮੇਰੇ ਆਉਣਗੇ!"
"ਬਹੁਤ ਚੰਗੀ ਗੱਲ ਹੈ । ਸ਼ੁਕਰ ਹੈ ਤੂੰ ਵੀ ਪੜ੍ਹਾਈ ਵੱਲ ਧਿਆਨ ਦਿੱਤੈ ?!" ਪਾਲਾ ਖੁਸ਼ ਹੁੰਦਿਆਂ ਬੋਲਿਆ ਸੀ ਪਰ
ਦੀਪੂ ਆਪਣੀ ਕਹੀ ਗੱਲ ਬਾਰੇ ਸੋਚਦਿਆਂ ਗੰਭੀਰ ਹੋ ਗਿਆ ਸੀ । ਇਸੇ ਗੰਭੀਰਤਾ ਵਿੱਚ ਤੁਰਦਿਆਂ ਪਤਾ ਨਹੀਂ ਕਦੋਂ
ਉਸਦੀ ਘਰ ਦੀ ਗਲੀ ਦਾ ਮੋੜ ਆ ਗਿਆ । ਉਹ ਆਪਣੇ ਘਰ ਵੱਲ ਮੁੜ ਪਿਆ । ਉਸਦਾ ਦੋਸਤ ਪਾਲਾ ਕਦੋਂ ਉਸ ਨੂੰ
'ਬਾਏ'ਕਹਿ ਕੇ ਉਹਦੇ ਨਾਲੋਂ ਨਿਖੜ ਕੇ ਆਪਣੇ ਘਰ ਚਲਿਆ ਗਿਆ,ਉਸ ਨੂੰ ਕੁਝ ਨਹੀਂ ਪਤਾ ਸੀ । ਅਗਲੇ ਦਿਨ
ਮਾਸਟਰ ਜੀ ਨੇ ਸਭ ਬੱਚਿਆਂ ਨੂੰ ਪੇਪਰ ਵੰਡ ਦਿੱਤੇ ਪਰ ਦੀਪੂ ਨੂੰ ਪੇਪਰ ਦੀ ਥਾਂ ਕਾਪੀ ਤੇ ਪੈੱਨ ਸਮੇਤ ਆਪਣੇ
ਕੋਲ ਬੁਲਾ ਲਿਆ । ਉਨ੍ਹਾਂ ਨੇ ਦੀਪੂ ਨੂੰ ਪਿਆਰ ਨਾਲ ਪੁੱਛਿਆ ਕਿ ਪੇਪਰ ਤੂੰ ਖੁਦ ਯਾਦ ਕਰਕੇ ਲਿਖਿਆ ਹੈ ਕਿ
ਨਕਲ ਮਾਰੀ ਹੈ ?ਤਾਂ ਦੀਪੂ ਨੇ ਕੰਬਦੀ ਜਬਾਨ ਨਾਲ ਆਖਿਆ ਕਿ ਮੈਂ ਲੇਖ ਯਾਦ ਕਰਕੇ ਲਿਖਿਆ ਹੈ । ਮਾਸਟਰ ਜੀ ਦੀ
ਪੁੱਛ ਤੋਂ ਉਹ ਅੰਦਰੋ-ਅੰਦਰੀ ਡਰਿਆ ਪਿਆ ਸੀ । ਉਹ ਆਪਣੇ ਆਪ ਨੂੰ ਬੁਰੀ ਤਰ੍ਹਾਂ ਫਸਿਆ ਮਹਿਸੂਸ ਕਰ
ਰਿਹਾ ਸੀ । ਮਾਸਟਰ ਜੀ ਨੇ ਫਿਰ ਸੱਚੋ-ਸੱਚ ਦੱਸ ਦੇਣ ਲਈ ਆਖਿਆ ਪਰ ਦੀਪੂ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਰਿਹਾ
ਸੀ । ਅਖੀਰ ਮਾਸਟਰ ਜੀ ਨੇ ਉਸਨੂੰ ਆਪਣੀ ਕੁਰਸੀ ਦੇ ਕੋਲ ਬਿਠਾ ਲਿਆ ਤੇ ਉਹ ਲੇਖ ਦੁਬਾਰਾ ਲਿਖਣ ਲਈ ਕਿਹਾ । ਦੀਪੂ
ਲੇਖ ਕਿਵੇਂ ਲਿਖਦਾ ?ਕੱਲ੍ਹ ਤਾਂ ਉਹ ਘਰੋਂ ਗਾਈਡ 'ਚੋਂ ਵੇਖ ਕੇ ਇੱਕ ਕਾਪੀ ਦੇ ਵਰਕੇ ਉੱਤੇ ਲਿਖ ਕੇ ਲੈ ਆਇਆ
ਸੀ ਤੇ ਮਾਸਟਰ ਜੀ ਨੂੰ ਰੋਲ ਨੰਬਰ ਲਿਖ ਕੇ ਉਹੀ ਵਰਕਾ ਫੜਾ ਦਿੱਤਾ ਸੀ ਤੇ ਆਪਣਾ ਲਿਖਿਆ ਊਲ-ਜਲੂਲ ਪਾੜ ਕੇ
ਉਸਨੇ ਪਰ੍ਹਾਂ ਸੁੱਟ ਦਿੱਤਾ ਸੀ । ਉਸ ਨੂੰ ਪੂਰੀ ਉਮੀਦ ਸੀ ਕਿ ਲੇਖ ਗਾਈਡ ਵਿੱਚੋਂ ਵੇਖ ਕੇ ਲਿਖਿਆ ਹੈ,ਫੁੱਲ ਵਟਾ
ਫੁੱਲ ਨੰਬਰ ਆ ਜਾਣਗੇ! ਪਰ ਅੱਜ ਉਹ ਕੀ ਕਰਦਾ ?ਉਸਦੀ ਚੋਰੀ ਪਕੜੀ ਗਈ ਸੀ । ਉਹ ਚਿੜੀਆਂ ਵਾਂਗ ਆਪਣੇ ਹੀ
ਬਣਾਏ ਜ਼ਾਲ ਵਿੱਚ ਫਸ ਗਿਆ ਸੀ!ਹੁਣ ਉਹ ਡੁੰਨ-ਵੱਟਾ ਬਣਿਆਂ ਮਾਸਟਰ ਜੀ ਦੀ ਕੁਰਸੀ ਦੇ ਕੋਲ ਬੈਠਾ ਸੀ । ਉਸਨੂੰ
ਤਾਂ ਲੇਖ ਦਾ ਨਾਂ ਵੀ ਚੰਗੀ ਤਰ੍ਹਾਂ ਯਾਦ ਨਹੀਂ ਸੀ । ਉਹ ਕਿੰਨਾ ਹੀ ਚਿਰ ਚੁੱਪ-ਚਾਪ ਬੈਠਾ ਰਿਹਾ । ਅਚਾਨਕ ਇੱਕ
ਕਰਾਰੀ ਜਿਹੀ ਪਟਾਕੇਦਾਰ ਧੌਲ ਉਸਦੀ ਗਿੱਚੀ ਵਿੱਚ ਆਣ ਵੱਜੀ । ਮਾਸਟਰ ਜੀ ਦੇ ਅਚਾਨਕ ਪਏ ਥਪੇੜੇ ਨਾਲ ਉਹ ਪਰ੍ਹਾਂ
ਗੇਂਦਿਆਂ ਵਾਲੀ ਕਿਆਰੀ ਵਿੱਚ ਜਾ ਡਿੱਗਿਆ ਸੀ । ਉਸਦੀ ਸੁਰਤੀ ਬੌਂਦਲ ਜਿਹੀ ਗਈ ਸੀ । ਉਹ ਆਪਣੇ ਆਪ ਨੂੰ
ਸੰਭਾਲਦਾ ਅਜੇ ਉੱਠ ਹੀ ਰਿਹਾ ਸੀ ਕਿ ਇੱਕ ਹੋਰ ਥਪੇੜਾ ਉਸਦੀ ਗੱਲ੍ਹ 'ਤੇ ਆਣ ਠੁਕਿਆ । ਫਿਰ ਮਾਸਟਰ ਜੀ ਨੇ
ਉਸਨੂੰ ਕੰਨੋਂ ਫੜ੍ਹਕੇ ਖੜ੍ਹਾ ਕਰਦਿਆਂ ਉਸਦਾ ਕੱਲ੍ਹ ਵਾਲਾ ਪੇਪਰ ਸਾਰੀ ਕਲਾਸ ਨੂੰ ਦਿਖਾਇਆ ਜੋ ਹੂਬ-
ਹੂ ਗਾਈਡ ਵਿੱਚੋਂ ਕਾਪੀ ਕੀਤਾ ਹੋਇਆ ਸੀ । ਇੱਥੋਂ ਤੱਕ ਕਿ ਲੇਖ ਦੇ ਪਿੱਛੇ ਲਿਖੇ ਔਖੇ ਸ਼ਬਦਾਂ ਦੇ ਅਰਥ ਵੀ
ਦੀਪੂ ਨੇ ਉਸੇ ਤਰ੍ਹਾਂ ਲਿਖ ਦਿੱਤੇ ਸਨ ਜਿਸ ਤਰ੍ਹਾਂ ਗਾਈਡ ਵਾਲੇ ਲੇਖ ਦੇ ਪਿੱਛੇ ਲਿਖੇ ਸਨ । ਸੱਚ ਹੀ ਕਹਿੰਦੇ ਹਨ ਕਿ ਨਕਲ
ਲਈ ਵੀ ਅਕਲ ਦੀ ਜ਼ਰੂਰਤ ਹੁੰਦੀ ਹੈ! ਮਾਸਟਰ ਜੀ ਨੇ ਦੀਪੂ ਨੂੰ ਖੜ੍ਹਾ ਕਰ ਲਿਆ ਤੇ ਬੋਲੇ, "ਦੀਪੂ ਚੱਲ ਲੱਤਾਂ ਵਿੱਚ ਦੀ
ਕੰਨ ਪਕੜ ਕੇ ਮੁਰਗਾ ਬਣ ਜਾ,ਤੇ ਮੁਰਗਾ ਬਣਿਆ-ਬਣਾਇਆ ਹੀ ਸਾਰੀਆਂ ਜਮਾਤਾਂ ਵਿੱਚ ਚੱਕਰ ਲਗਾ ਕੇ ਆ!"ਦੀਪੂ
ਠਠੰਬਰ ਗਿਆ । ਉਸਦੀ ਅਕਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ । ਇਹ ਅੱਜ ਕਿਸ ਤਰ੍ਹਾਂ ਦੀ ਅਨੋਖੀ ਸਜਾ ਮਿਲ ਰਹੀ ਹੈ ?!
ਇਹ ਤਾਂ ਡੰਡਿਆਂ ਤੋਂ ਵੀ ਭੈੜੀ ਸਜਾ ਮਾਸਟਰ ਜੀ ਦੇ ਰਹੇ ਹਨ । ਸਭ ਕਲਾਸਾਂ ਵਿੱਚ ਤਾਂ ਹੋਰਨਾਂ ਬੱਚਿਆਂ ਦੇ ਨਾਲ-ਨਾਲ
ਛੋਟੀ ਭੈਣ ਨਿੰਦੀ ਵੀ ਉਸਨੂੰ ਮੁਰਗਾ ਬਣਕੇ ਚੱਕਰ ਕੱਟਦਿਆਂ ਦੇਖੇਗੀ! ਉਹ ਦੁਖੀ ਹੋਵੇਗੀ, ਨਾਲੇ ਸਾਰੀ ਕਰਤੂਤ
ਘਰ ਵੀ ਦੱਸੂਗੀ! ਰੱਬਾ ਇਹ ਕੀ ਲੋਹੜਾ ਪੈ ਰਿਹਾ ਹੈ ਅੱਜ ?ਬਹੁੜੀ ਰੱਬ ਜੀ, ਅੱਜ ਬਚਾ ਲਵੋ! ਅੱਜ ਬਚਾ ਲਵੋ!! ਸੋਚਦਿਆਂ
ਉਹ ਆਪਣੇ ਕੰਨਾ 'ਚੋਂ ਨਿਕਲਦਾ ਚਪੇੜਾਂ ਦਾ ਸੇਕ ਤੇ ਸ਼ਾਂ-ਸ਼ਾਂ ਸਾਰੀ ਭੁੱਲ ਗਿਆ । ਉਹ ਦੋਨੋਂ ਹੱਥ ਜੋੜ ਕੇ
ਮਾਸਟਰ ਜੀ ਦੇ ਪੈਰੀਂ ਡਿੱਗਦਿਆਂ ਬੋਲਿਆ, "ਮਾਸਟਰ ਜੀ,ਅੱਜ ਮਾਫ ਕਰ ਦਿਓ! ਅੱਗੇ ਤੋਂ ਕਦੇ ਅਜਿਹੀ ਗਲਤੀ ਨਹੀਂ
ਕਰਾਂਗਾਂ!!ਇਸ ਤਰ੍ਹਾਂ ਤਾਂ ਮੇਰੀ ਸਾਰੇ ਸਕੂਲ ਵਿੱਚ ਭਾਰੀ ਬੇਇੱਜ਼ਤੀ ਹੋ ਜਾਵੇਗੀ । ਅੱਗੇ ਤੋਂ ਅਜਿਹੀ ਹਰਕਤ ਕਰਾਂ ਤਾਂ
ਜੋ ਮਰਜ਼ੀ ਸਜ਼ਾ ਦੇ ਦਿਓ ਜੀ!ਅੱਜ ਮਾਫ਼ੀ ਦੇ ਦਿਓ………!" ਅੰਤ ਸਾਰੀ ਕਲਾਸ ਦੇ ਕਹਿਣ ਤੇ ਮਾਸਟਰ ਜੀ ਨੇ ਦੀਪੂ ਨੂੰ
ਮੁਆਫ਼ ਕਰ ਦਿੱਤਾ ਕਿਉਂਕਿ ਉਸਨੇ ਅੱਗੇ ਤੋਂ ਨਕਲ ਨਾ ਕਰਨ ਅਤੇ ਮਿਹਨਤ ਨਾਲ ਪੜ੍ਹਨ ਦੀ ਕਸਮ ਜੁ ਖਾ ਲਈ ਸੀ ।
ਕਾਂਡ-੨ ਦੀਪੂ ਦੀ ਵਾਪਸੀ (ਬਾਲ-ਨਾਵਲ)
'ਪੰਚਾਂ ਦਾ ਕਿਹਾ ਸਿਰ ਮੱਥੇ-ਪਰਨਾਲਾ ਉੱਥੇ ਦਾ ਉੱਥੇ' ਦੇ ਅਖਾਣ ਮੁਤਾਬਕ ਦੀਪੂ ਦੀਆਂ ਭੈੜੀਆਂ
ਆਦਤਾਂ ਉੱਕਾ ਹੀ ਨਾ ਬਦਲੀਆਂ । ਭਾਵੇਂ ਅੱਜ ਉਹ ਮਾਸਟਰ ਜੀ ਤੋਂ ਮਾਫ਼ੀ ਮੰਗ ਕੇ ਸਾਰੀ ਕਲਾਸ ਅੱਗੇ ਵਾਅਦਾ
ਕਰਕੇ ਆਇਆ ਸੀ ਕਿ ਅੱਗੇ ਤੋਂ ਸਭ ਬੁਰੀਆਂ ਆਦਤਾਂ ਤਿਆਗ ਦੇਵੇਗਾ ਪਰ ਘਰੇ ਆਉਂਦਿਆਂ ਹੀ ਉਹ ਬਸਤਾ
ਕਿੱਲੀ ਨਾਲ ਟੰਗ ਕੇ ਆਪਣੇ ਨਿੱਤ ਦੇ ਆਹਰੇ ਜਾ ਲੱਗਾ ਸੀ । ਦੀਪੂ ਦਾ ਸਭ ਤੋਂ ਨਿਕੰਮਾ ਦੋਸਤ ਨਿਰਮਲ ਸੀ,ਜੋ ਉਲਟੇ-
ਸਿੱਧੇ ਕੰਮ ਕਰਨ ਅਕਸਰ ਹੀ ਉਸ ਕੋਲ ਆਉਂਦਾ ਰਹਿੰਦਾ ਸੀ । ਅੱਜ ਵੀ ਦੀਪੂ ਆਪਣੇ ਚਿੜੀਆਂ ਫੜ੍ਹਨ ਦੇ ਧੰਦੇ
ਲੱਗਿਆ ਹੋਇਆ ਸੀ ਜਦੋਂ ਨਿਰਮਲ ਆ ਧਮਕਿਆ । ਉਹ ਆਉਂਦਿਆਂ ਹੀ ਬੋਲਿਆ, "ਦੀਪੂ ! ਅੱਜ ਤੇਰੇ ਵਾਸਤੇ ਇੱਕ
ਤੋਹਫ਼ਾ ਲੈ ਕੇ ਆਇਆ ਹਾਂ, ਲੈ ਫੜ੍ਹ ਪੀ!" ਤੇ ਨਿਰਮਲ ਨੇ ਬੀੜੀਆਂ ਦਾ ਇੱਕ ਬੰਡਲ ਤੇ ਮਾਚਸ ਦੀਪੂ ਦੇ ਅੱਗੇ ਕਰ
ਦਿੱਤੀ ।
"ਹੈਂ!............ਇਹ ਕੀ ? ਬੀੜੀਆਂ ?!..........ਨਾ ਓ ਭਰਾਵਾ,ਮੈਂ ਨਹੀਂ ਪੀਂਦਾ!" ਦੀਪੂ ਬੀੜੀਆਂ ਦੇ ਬੰਡਲ ਵੱਲ
ਵੇਖਦਿਆਂ ਹੈਰਾਨੀ ਨਾਲ ਬੋਲਿਆ । ਉਹ ਇੰਜ ਡੌਰ-ਭੌਰ ਨਿਰਮਲ ਵੱਲੀਂ ਵੇਖ ਰਿਹਾ ਸੀ ਜਿਵੇਂ ਉਸ ਨੂੰ ਨਿਰਮਲ ਕੋਲੋਂ
ਡਰ ਲੱਗ ਰਿਹਾ ਹੋਵੇ ।
"ਪੀ ਕੇ ਤਾਂ ਵੇਖ!" ਜਦੋਂ ਰੇਲ ਦੇ ਇੰਜਣ ਵਾਂਗ ਧੂਆਂ ਛੱਡੇਂਗਾ ਤਾਂ ਵੇਖੀਂ ਕਿੰਨਾ ਮਜ਼ਾ ਆਉਂਦੈ, ਲੈ
ਫੜ੍ਹ!" ਤੇ ਨਿਰਮਲ ਨੇ ਮੱਲੋ-ਜ਼ੋਰੀ ਇੱਕ ਬੀੜੀ ਸੁਲਘਾ ਕੇ ਦੀਪੂ ਦੇ ਹੱਥ ਵਿੱਚ ਫੜਾ ਦਿੱਤੀ । ਦੀਪੂ ਨੇ ਇੱਕ ਜ਼ੋਰ ਦੀ
ਸੂਟਾ ਖਿੱਚਿਆ ਤਾਂ ਉਸ ਨੂੰ ਹੱਥੂ ਛਿੜ ਪਿਆ । ਜ਼ੋਰ-ਜ਼ੋਰ ਦੀ ਖੰਘਦਿਆਂ ਉਹਦੀਆਂ ਅੱਖਾਂ ਵਿੱਚੋਂ ਪਾਣੀ
ਟਪਕਣ ਲੱਗ ਪਿਆ । ਬੀੜੀ ਉਹਦੇ ਹੱਥੋਂ ਨਿਰਮਲ ਨੇ ਫੜ੍ਹ ਲਈ । ਜਦੋਂ ਉਸਨੂੰ ਕੁਝ ਚੈਨ ਜਿਹਾ ਆਇਆ ਤਾਂ ਨਿਰਮਲ
ਨੇ ਬੀੜੀ ਫਿਰ ਉਸਦੇ ਹੱਥ ਵਿੱਚ ਪਕੜਾ ਦਿੱਤੀ । ਇੰਜ ਉਹਨੂੰ ਇੱਕ ਨਵਾਂ ਜਿੰਨ ਚਮੇੜ ਨਿਰਮਲ ਅੰਦਰੇ-ਅੰਦਰ ਖੁਸ਼
ਹੋ ਰਿਹਾ ਸੀ ।
"ਚੱਲ ਆ ਚੱਲੀਏ ਬਾਹਰ ਨੂੰ ,ਘੁੰਮ ਫਿਰ ਆਵਾਂਗੇ! ਨਾਲੇ ਤੈਨੂੰ ਇੱਕ ਮਸ਼ਕੂਲਾ ਦਿਖਾਵਾਂਗਾ !" ਨਿਰਮਲ ਨੇ
ਕਿਹਾ ਤਾਂ ਦੀਪੂ ਝੱਟ ਉੱਠ ਕੇ ਉਹਦੇ ਨਾਲ ਤੁਰ ਪਿਆ । ਉਹ ਪਿੰਡ ਦੇ ਬਾਹਰਵਾਰ ਸਕੂਲ ਕੋਲ ਜਾ ਪਹੁੰਚੇ । ਸਿਖਰ-
ਦੁਪਹਿਰ,ਸਕੂਲ ਕੋਲ ਸੁੰਨ-ਮਸਾਨ ਸੀ । ਬੱਸ ਕਦੇ ਕੋਈ ਸਕੂਲ ਨਾਲ ਦੀ ਸੜਕ ਉੱਤੋਂ ਸਕੂਟਰ ਜਾਂ ਸਾਈਕਲ ਸਵਾਰ
ਲੰਘਦਾ ਨਜ਼ਰੀਂ ਪੈਂਦਾ ਸੀ । ਅਜਿਹੇ ਚੁੱਪ ਵਾਤਾਵਰਨ ਵਿੱਚ ਨਿਰਮਲ ਨੇ ਆਪਣੀ ਜੇਬ ਵਿੱਚੋਂ ਸੌਦੇ ਪਾਉਣ ਵਾਲਾ
ਇੱਕ ਖਾਕੀ ਰੰਗ ਦਾ ਲਿਫ਼ਾਫਾ ਕੱਢਿਆ । ਲਿਫ਼ਾਫੇ ਦੀ ਤਹਿ ਲੱਗੀ ਹੋਈ ਸੀ । ਉਸ ਨੇ ਲਿਫ਼ਾਫਾ ਖੋਲ੍ਹਿਆ । ਚੁੱਪ
ਵਾਤਾਵਰਨ ਵਿੱਚ ਲਿਫ਼ਾਫੇ ਦੇ ਖੁੱਲਣ ਨਾਲ 'ਕਰਰ-ਕਰਰ' ਦੀ ਅਵਾਜ਼ ਪੈਦਾ ਹੋਈ । ਨਿਰਮਲ ਲਿਫ਼ਾਫਾ ਲੈ ਕੇ ਸਕੂਲ ਅੰਦਰਲੀਆਂ
ਟਾਹਲੀਆਂ ਵੱਲ ਨੂੰ ਹੋ ਤੁਰਿਆ । ਉਸ ਨੇ ਮਿੰਟਾਂ ਵਿੱਚ ਲਿਫ਼ਾਫਾ ਟਾਹਲੀਆਂ ਦੇ ਸੁੱਕੇ ਪੱਤਿਆਂ ਨਾਲ ਭਰ ਲਿਆ । ਫਿਰ
ਉਹ ਸਕੂਲ ਦੀ ਮਧਰੀ ਜਿਹੀ ਕੰਧ ਟੱਪ ਕੇ ਲਿਫ਼ਾਫਾ ਬਾਹਰ ਸੜਕ ਦੇ ਐਨ੍ਹ ਵਿਚਕਾਰ ਟਿਕਾਅ ਆਇਆ । ਫਿਰ ਦੀਪੂ ਨੂੰ
ਸੰਬੋਧਿਨ ਹੁੰਦਿਆਂ ਬੋਲਿਆ, "ਵੇਖੀਂ,ਦੀਪੂ ਹੁਣੇ ਹੀ ਮਸ਼ਕੂਲਾ ਹੋਊਗਾ!"
ਉਹ ਦੋਨੋਂ ਸਕੂਲ ਦੇ ਅੰਦਰ ਕੰਧ ਉਹਲੇ ਛੁਪ ਕੇ ਖੜ੍ਹੇ ਹੋ ਗਏ । ਕੰਧ ਕੋਈ ਪੰਜ ਕੁ ਫੁੱਟ ਉੱਚੀ ਸੀ । ਉਹ
ਕਦੇ ਕੰਧ ਉਹਲੇ ਬੈਠ ਜਾਂਦੇ ਤੇ ਕਦੇ ਖੜ੍ਹੇ ਹੋ ਕੇ ਕੰਧ ਉੱਤੋਂ ਦੀ ਬਾਹਰ ਸੜਕ ਵੱਲ ਝਾਤੀ ਮਾਰ
ਲੈਂਦੇ । ਅਚਾਨਕ ਇੱਕ ਬਜ਼ੁਰਗ ਜਿਹਾ ਬੰਦਾ ਸਾਈਕਲ ਚਲਾਉਂਦਾ ਸ਼ਹਿਰ ਵੱਲੀਓਂ ਆਉਂਦਾ ਨਜ਼ਰੀ ਪਿਆ । ਉਹ
ਦੋਨੋਂ ਦੁਬਕ ਕੇ ਕੰਧ ਉਹਲੇ ਬੈਠ ਗਏ । ਉਸ ਬਜ਼ੁਰਗ ਨੇ ਸੜਕ 'ਤੇ ਪਿਆ ਲਿਫ਼ਾਫਾ ਵੇਖ ਕੇ ਸਾਈਕਲ ਰੋਕ
ਲਿਆ । ਸਾਈਕਲ ਸਟੈਂਡ ਉੱਤੇ ਲਗਾ ਕੇ ਉਸ ਨੇ ਲਿਫ਼ਾਫਾ ਚੁੱਕ ਲਿਆ । ਖੋਲ੍ਹ ਕੇ ਵੇਖਿਆ ਤਾਂ ਵਿੱਚ ਗਲੇ-ਸੜੇ ਪੱਤੇ
ਵੇਖ ਕੇ ਸ਼ਰਮਿੰਦਾ ਜਿਹਾ ਹੋ ਗਿਆ । ਉਸ ਨੇ ਲਿਫ਼ਾਫਾ ਥਾਏਂ ਸੁੱਟ ਕੇ ਆਸੇ-ਪਾਸੇ ਵੇਖਿਆ,ਤੇ ਫਿਰ ਸਾਈਕਲ
'ਤੇ ਚੜ੍ਹ ਗਿਆ । ਪਿੱਛੋਂ ਨਿਰਮਲ ਤੇ ਦੀਪੂ ਨੇ ਜ਼ੋਰ ਜ਼ੋਰ ਦੀ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ । ਫਿਰ ਬਾਬੇ
ਨੂੰ ਅਵਾਜ਼ ਮਾਰ ਕੇ ਬੋਲੇ, "ਬਾਬਾ ਚਾਹ-ਪੱਤੀ ਆ ਸਵਾ ਕਿੱਲੋ ,ਲੈਜਾ,ਲੈ ਜਾਹ………!" ਪਰ ਬਾਬਾ ਸ਼ਰਮਿੰਦਾ
ਹੁੰਦਾ ਰੁਕਿਆ ਨਹੀਂ ,ਸਗੋਂ ਸਾਈਕਲ ਭਜਾ ਕੇ ਅੱਖੌਂ ਓਝਲ ਹੋ ਗਿਆ ।
ਇਸ ਤਰ੍ਹਾਂ ਉਹ ਕਿੰਨਾ ਹੀ ਚਿਰ ਅਣਜਾਣ ਯਾਤਰੀਆਂ ਨਾਲ ਖਿਲਵਾੜ ਕਰਦੇ ਰਹੇ । ਜੋ ਵਿਚਾਰੇ ਅਣਭੋਲ ਯਾਤਰੀ ਉਨ੍ਹਾਂ
ਦੇ ਮਜ਼ਾਕ ਦਾ ਪਾਤਰ ਬਣਦੇ ਸਭ ਲੋਕ ਅਗਲੇ ਪਿੰਡਾਂ ਦੇ ਹੁੰਦੇ । ਜੇ ਕੋਈ ਉਨ੍ਹਾਂ ਦੇ ਆਪਣੇ ਪਿੰਡ ਦਾ ਆਦਮੀ
ਆ ਜਾਂਦਾ ਤਾਂ ਉਹ ਚੁੱਪ-ਚਪੀਤੇ ਕੰਧ ਓਹਲੇ ਬੈਠੇ ਰਹਿੰਦੇ ਸਨ । ਪਿੰਡ ਦਾ ਬੰਦਾ ਲਿਫ਼ਾਫਾ ਵੇਖ ਕੇ ਆਸਾ-
ਪਾਸਾ ਵੇਂਹਦਾ ਤੇ ਸ਼ਰਮਿੰਦਗੀ ਜਿਹੀ ਮਹਿਸੂਸ ਕਰਦਾ ਚੁੱਪ-ਚੁਪੀਤਾ ਪਿੰਡ ਵੱਲੀਂ ਨੂੰ ਤੁਰ ਜਾਂਦਾ ਸੀ । ਜਦੋਂ ਕੋਈ
ਬਾਹਰਲੇ ਪਿੰਡ ਦਾ ਬੰਦਾ ਆਉਂਦਾ ਤਾਂ ਉਹ ਦੋਨੋਂ ਤਾੜੀਆਂ ਮਾਰ ਕੇ ਅਗਲੇ ਨੂੰ ਠਿੱਠ ਕਰ ਦਿੰਦੇ
ਸਨ । ਅਚਾਨਕ ਦੀਪੂ ਨੇ ਵੇਖਿਆ, ਸਾਈਕਲ 'ਤੇ ਪੱਠਿਆਂ ਦੀ ਪੰਡ ਲੱਦੀ ਉਸ ਦਾ ਪਿਓ ਸੱਜਣ ਸਿੰਘ ਆ ਰਿਹਾ ਸੀ । ਦੀਪੂ
ਨੇ ਸੋਚਿਆ-ਅੱਜ ਬਾਪੂ ਦੀ ਬੇਇੱਜਤੀ ਹੋਵੇਗੀ ! ਕਿਉਂ ਨਾ ਪੱਤਿਆਂ ਦਾ ਭਰਿਆ ਲਿਫ਼ਾਫਾ ਚੁੱਕ ਕੇ ਸੜਕ ਤੋਂ
ਪਾਸੇ ਕਰ ਆਵਾਂ !! ਉਹ ਕੰਧ ਟੱਪ ਕੇ ਸੜਕ ਵੱਲ ਜਾਣ ਲਈ ਖੜ੍ਹਾ ਹੋ ਗਿਆ ਪਰ ਬਾਪੂ ਤਾਂ ਬਹੁਤ ਨਜ਼ਦੀਕ ਆ
ਚੁੱਕਿਆ ਸੀ!!! ਨਿਰਮਲ ਨੇ ਉਸ ਨੂੰ ਖਿੱਚ ਕੇ ਥੱਲੇ ਬਿਠਾ ਲਿਆ । ਬੋਲਿਆ, "ਕਿਉਂ ਜੁੱਤੀਆਂ ਖਾਣ ਨੂੰ ਰਾਹ ਬਣਾ
ਰਿਹੈਂ!ਬੈਠਾ ਰਹੁ ਚੁੱਪ ਕਰਕੇ,ਕੁਝ ਨਹੀਂ ਹੁੰਦਾ ਥੋਡੇ ਬੁੜ੍ਹੇ ਨੂੰ………ਆਪੇ ਵੇਖ ਕੇ ਲਿਫ਼ਾਫਾ ਛੱਡ
ਜਾਏਗਾ!"
ਸੱਜਣ ਸਿੰਘ ਨੇ ਸੜਕ 'ਤੇ ਭਰਿਆ-ਭਰਾਤਾ ਲਿਫ਼ਾਫਾ ਪਿਆ ਵੇਖਿਆ ਤਾਂ ਉਸ ਨੇ ਕਾਹਲੀ ਨਾਲ ਸਾਈਕਲ ਰੋਕ ਕੇ
ਲਿਫ਼ਾਫਾ ਚੁੱਕ ਲਿਆ । ਲਿਫ਼ਾਫਾ ਖੋਲ੍ਹਿਆ,ਗਲੇ-ਸੜੇ ਪੱਤਿਆਂ ਦਾ ਭਰਿਆ ਵੇਖ ਪਰ੍ਹੇ ਵਗਾਹ ਮਾਰਿਆ ਤੇ ਆਸਾ-
ਪਾਸਾ ਵੇਖਦਾ ਸਾਈਕਲ 'ਤੇ ਚੜ੍ਹ ਕੇ ਘਰ ਦੇ ਰਸਤੇ ਹੋ ਤੁਰਿਆ । ਨਿਰਮਲ ਤੇ ਦੀਪੂ ਕੰਧ ਉਹਲਿਓਂ ਸਿਰ ਕੱਢ-ਕੱਢ ਕੇ
ਜਾ ਰਹੇ ਸੱਜਣ ਸਿੰਘ ਨੂੰ ਵੇਖਦੇ ਰਹੇ । ਨਿਰਮਲ ਜ਼ੋਰ ਜ਼ੋਰ ਦੀ ਹੱਸ-ਹੱਸ ਕੇ ਲੋਟ-ਪੋਟ ਹੁੰਦਿਆਂ ਬੋਲਿਆ, "ਪਤੰਦਰਾ,ਅੱਜ
ਤਾਂ ਥੋਡਾ ਬੁੜ੍ਹਾ ਵੀ ਫਸ ਗਿਆ!ਲੈ ਜਾਂਦਾ ਤਾਂ ਮਹੀਨੇ ਭਰ ਦੀ ਚਾਹ-ਪੱਤੀ ਦਾ ਪ੍ਰਬੰਧ ਹੋ ਜਾਣਾ ਸੀ । ਨਿਰਮਲ ਦੀ
ਗੱਲ ਸੁਣ ਕੇ ਦੀਪੂ ਨੂੰ ਗੁੱਸਾ ਤਾਂ ਆਇਆ ਪਰ ਉਹ ਗੁੱਸਾ ਅੰਦਰੇ ਅੰਦਰ ਪੀ ਗਿਆ । ਉਹ ਵੀ ਇਸ ਕਰਤੂਤ ਵਿੱਚ
ਬਰਾਬਰ ਦਾ ਹਿੱਸੇਦਾਰ ਸੀ । ਇਸ ਲਈ ਨਿਰਮਲ ਦਾ ਆਪਣੇ ਪਿਓ ਲਈ ਮਜ਼ਾਕ ਸੁਣ ਕੇ ਬੇਸ਼ਰਮਾਂ ਵਾਂਗ ਕੱਚੀ ਜਿਹੀ ਹਾਸੀ
ਹੱਸਦਾ ਰਿਹਾ ਪਰ ਨਿਰਮਲ ਮੂਹਰੇ ਬੋਲਿਆ ਕੁਝ ਵੀ ਨਾ,ਸਗੋਂ ਗੱਲ ਦਾ ਰੁਖ ਹੋਰ ਪਾਸੇ ਕਰ ਕੇ ਗੱਲ ਆਈ-ਗਈ ਕਰ
ਗਿਆ ।
ਸ਼ਾਮ ਦੇ ਚਾਰ ਵੱਜ ਰਹੇ ਸਨ । ਸ਼ਰਾਰਤ ਬਹੁਤ ਹੋ ਗਈ ਸੀ । ਉਹ ਹੁਣ ਆਪਣੇ-ਆਪ ਨੂੰ ਥੱਕੇ-ਥੱਕੇ ਮਹਿਸੂਸ ਕਰ ਰਹੇ
ਸਨ । ਢਿੱਡ ਭੁੱਖ ਮਹਿਸੂਸ ਕਰਨ ਲੱਗ ਪਿਆ ਸੀ । ਘਰ ਦੀ ਰਸੋਈ 'ਚ ਪਈਆਂ ਰੋਟੀਆਂ ਤੇ ਮੱਖਣ ਦੀ ਯਾਦ ਆਉਣ ਲੱਗ ਪਈ
ਸੀ । ਚਾਟੀ ਦੀ ਲੱਸੀ ਯਾਦ ਕਰਕੇ ਜੀਭ ਬੁੱਲ੍ਹਾਂ ਦੀ ਚਟਾਈ ਕਰ ਰਹੀ ਸੀ । ਥੱਕੇ ਹਾਰੇ ਉਹ ਦੋਨੋਂ ਘਰ ਵੱਲ ਨੂੰ ਹੋ
ਤੁਰੇ । ਛੱਪੜ ਵਿੱਚ ਡੀਟੀਆਂ ਮਾਰਦੇ, ਕੁੱਤੇ ਕੁਟਦੇ ਉਹ ਘਰ ਦੀ ਵੀਹੀ ਕੋਲ ਪਹੁੰਚ ਗਏ । ਵੀਹੀ 'ਚ ਵੜਦਿਆਂ ਹੀ ਸਭ
ਤੋਂ ਪਹਿਲਾਂ ਚਿੰਤੀ ਬੁੜ੍ਹੀ ਦਾ ਘਰ ਆਉਂਦਾ ਸੀ । ਚਿੰਤੀ ਬੁੜ੍ਹੀ ਆਪਣੇ ਕੱਚੇ ਪਰ ਖੁਲ੍ਹਮ-ਖੁਲ੍ਹੇ ਘਰ ਵਿੱਚ
ਬੈਠੀ ਸੂਤ ਅਟੇਰ ਰਹੀ ਸੀ । ਉਹਦਾ ਮੁੰਡਾ ਸਾਧੂ ਸਿੰਘ ਬਾਹਰ ਖੇਤਾਂ ਵਿੱਚ ਬੱਕਰੀਆਂ ਚਾਰਨ ਗਿਆ ਹੋਇਆ
ਸੀ । ਚਿੰਤੀ ਇਕੱਲੀ ਹੀ ਘਰੇ ਸੀ । ਦੀਪੂ ਨੂੰ ਫਿਰ ਮਜ਼ਾਕ ਸੁੱਝਿਆ । ਉਹ ਚਿੰਤੀ ਨੂੰ ਸੰਬੋਧਨ ਹੋ ਕੇ ਬੋਲਿਆ,
"ਤਾਈ,ਸਾਧੇ ਨੂੰ ਤਾਂ ਬੇਲਦਾਰ ਸਣੇ ਬੱਕਰੀਆਂ ਫੜ੍ਹਕੇ ਲੈ ਗਏ । ਉਹ ਸੂਏ ਤੋਂ ਸਰਕਾਰੀ ਕਿੱਕਰਾਂ ਵੱਢ-ਵੱਢ ਕੇ
ਬੱਕਰੀਆਂ ਨੂੰ ਖਵਾਉਂਦਾ ਉਨ੍ਹਾਂ ਰੰਗੇ ਹੱਥੀਂ ਫੜ੍ਹ ਲਿਆ । " ਨਾਲ ਹੀ ਉਸਨੇ ਅੱਖ ਜਿਹੀ ਦੱਬ ਕੇ ਨਿਰਮਲ ਵੱਲੀਂ
ਵੇਖਦਿਆਂ ਮਸ਼ਕਰੀ ਕੀਤੀ ।
"ਹਾਏ ਮੈਂ ਮਰਜਾਂ!" ਸੁਣਕੇ ਚਿੰਤੀ ਦੀ ਖਾਨਿਓਂ ਗਈ । ਉਹ ਸੂਤ ਅਟੇਰਨਾ ਛੱਡ ਕੇ ਖੜ੍ਹੀ ਹੋ ਗਈ । ਦੀਪੂ ਨੂੰ
ਤਰਲੇ ਜਿਹੇ ਨਾਲ ਬੋਲੀ, "ਵੇ ਦੀਪੂਆ,ਜਾਹ ਵੇ ਘੱਲ ਆਪਣੇ ਬਾਪੂ ਨੂੰ ,ਵੇ ਪਤਾ ਕਰਕੇ ਆਵੇ………! ਤਾਈ
ਚਿੰਤੀ ਇੱਕ ਵੇਦਨਾ ਭਰੇ ਤਰਲੇ ਨਾਲ ਦੀਪੂ ਨੂੰ ਬੋਲੀ । ਉਹਨੂੰ ਸੱਜਣ ਸਿਹੁੰ ਦਾ ਰੱਬ ਵਰਗਾ ਆਸਰਾ ਸੀ । ਕਿਸੇ ਵੀ
ਦੁੱਖ ਦੀ ਘੜੀ ਉਹ ਸੱਜਣ ਸਿੰਘ ਨੂੰ ਮਦਦ ਲਈ ਅਵਾਜ਼ ਮਾਰਦੀ ਸੀ । ਸੱਜਣ ਸਿੰਘ ਇੱਕ ਦਾਨਾ ਆਦਮੀ ਸੀ । ਆਪਣੇ
ਕੰਮ ਛੱਡ ਕੇ ਵੀ ਦੂਜਿਆਂ ਦੇ ਕਰ ਆਉਂਦਾ ਸੀ । "ਹੁਣੇ ਹੀ ਘੱਲਦਾਂ" ਕਹਿ ਕੇ ਦੀਪਾ ਤੇ ਨਿਰਮਲ ਦੋਨੋਂ
ਮੁਸਕੜੀਏਂ ਹੱਸਦੇ ਆਪੋ-ਆਪਣੇ ਘਰੀਂ ਚਲੇ ਗਏ । ਤਾਈ ਵਿਚਾਰੀ ਮੱਛੀ ਵਾਂਗ ਤੜਫ਼ਦੀ ਕਦੇ ਅੰਦਰ,ਕਦੇ ਬਾਹਰ
ਚੱਕਰ ਲਾਉਂਦੀ ਰਹੀ । ਕਦੇ ਗਲੀ ਦੇ ਮੋੜ ਤੱਕ ਜਾ ਆਉਂਦੀ । ਉਥੇ ਖੜ੍ਹਕੇ ਆਪਣੀਆਂ ਬੁੱਢੀਆਂ ਅੱਖਾਂ 'ਤੇ ਹੱਥ
ਧਰ ਧਰ ਆਪਣੇ ਪੁੱਤਰ ਸਾਧੂ ਸਿੰਘ ਦਾ ਰਾਹ ਵੇਖਦੀ ਰਹੀ । ਸਾਧੂ ਉਹਦਾ ਇੱਕੋ ਇੱਕ ਪੁੱਤਰ ਸੀ । ਹੋਰ ਉਹਦਾ
ਕੋਈ ਵੀ ਨਹੀਂ ਸੀ । ਸਾਧੂ ਦੀ ਉਮਰ ਚਾਲੀ-ਬਿਆਲੀ ਸਾਲਾਂ ਦੇ ਕਰੀਬ ਹੋਵੇਗੀ । ਉਹ ਛੜਾ ਹੀ ਸੀ । ਆਪਣੀ ਬੁੱਢੀ ਮਾਂ
ਚਿੰਤੀ ਦਾ ਉਹ ਠੁੰਮ੍ਹਣਾ ਸੀ । ਹੁਣ ਸੂਏ ਤੋਂ ਕਿੱਕਰਾਂ ਵੱਢ-ਵੱਢ ਕੇ ਬੱਕਰੀਆਂ ਨੂੰ ਪਾਉਂਦਾ ਸਣੇ
ਬੱਕਰੀਆਂ ਬੇਲਦਾਰਾਂ ਨੇ ਫੜ੍ਹ ਲਿਆ ਸੀ । ਚਿੰਤੀ ਲਈ ਇਹ ਬਹੁਤ ਬੁਰੀ ਖਬਰ ਸੀ । ਹੁਣ ਕੀ ਹੋ ਸਕਦਾ ਸੀ! ਭਾਣਾ ਵਰਤ
ਚੁੱਕਿਆ ਸੀ । ਭਾਰੀ ਜ਼ੁਰਮਾਨਾ ਸਰਕਾਰ ਵੱਲੋਂ ਵਸੂਲਿਆ ਜਾਵੇਗਾ । ਇਹ ਸਾਧੂ ਜਾਂ ਚਿੰਤੀ ਬੁੜੀ ਦੇ ਵੱਸੋਂ ਬਾਹਰੀ
ਗੱਲ ਸੀ । ਨਹਿਰੀ ਬੇਲਦਾਰ ਸਰਕਾਰੀ ਮੁਲਜ਼ਮ ਹੁੰਦੇ ਹਨ । ਇਹ ਸੂਇਆਂ-ਨਹਿਰ ਅਤੇ ਉਨ੍ਹਾਂ ਕੰਢੇ ਖੜ੍ਹੀਆਂ ਕਿੱਕਰਾਂ-
ਟਾਹਲੀਆਂ ਜਾਂ ਹੋਰ ਕਿਸੇ ਵੀ ਕਿਸਮ ਦੇ ਦਰਖ਼ਤਾਂ ਦੀ ਨਿਗਰਾਨੀ ਰੱਖਦੇ ਹਨ । ਸੂਏ 'ਚ ਨਹਾਉਂਦੇ ਪਸ਼ੂ-ਡੰਗਰ ਜੇ ਪਕੜ
ਲੈਣ ਤਾਂ ਚਲਾਣ ਕੱਟ ਕੇ ਜ਼ੁਰਮਾਨਾਂ ਕਰ ਦਿੰਦੇ ਜਾਂ ਮਾਲ-ਡੰਗਰ ਆਪਣੇ ਨਾਲ ਹਿੱਕ ਕੇ ਆਪਣੇ ਦਫ਼ਤਰ ਲੈ ਜਾਂਦੇ
ਹਨ । ਅੱਜ ਸਾਧੂ ਸਿੰਘ ਉਨ੍ਹਾਂ ਦੇ ਲਪੇਟੇ ਵਿੱਚ ਆ ਗਿਆ ਸੀ । ………ਸੋਚੀਂ ਡੁੱਬੀ ਚਿੰਤੀ ਨੇ ਅਚਾਨਕ ਆਪਣੀਆਂ
ਬੁੱਢੀਆਂ ਅੱਖਾਂ 'ਤੇ ਹੱਥ ਰੱਖ ਕੇ ਗਲ਼ੀ ਦੇ ਮੋੜ ਵੱਲੀਂ ਵੇਖਿਆ!ਸਾਧੂ ਬੱਕਰੀਆਂ ਹਿੱਕੀ ਘਰ ਵੱਲੀਂ ਹੀ ਆ ਰਿਹਾ
ਸੀ । ਪੁੱਤ ਨੂੰ ਵੇਖ ਚਿੰਤੀ ਦਾ ਸਾਹ ਵਿੱਚ ਸਾਹ ਆਇਆ । ਸਾਧੂ ਦੇ ਘਰੇ ਵੜਦਿਆਂ ਹੀ ਚਿੰਤੀ ਬੋਲੀ, "ਕੀ ਗੱਲ ਪੁੱਤ
ਅੱਜ ਬੇਲਦਾਰਾਂ ਨੇ ਫੜ੍ਹ ਲਿਆ ਸੀ ?"
"ਨਹੀਂ ਮਾਂ,ਮੈਂ ਤਾਂ ਅੱਜ ਸੂਏ ਵੱਲੀਂ ਗਿਆ ਹੀ ਨਹੀਂ!ਮੈਂ ਤਾਂ ਇੱਧਰ ਬਾਬਾ ਬੁੱਧਦਾਸ ਦੀ ਕੁਟੀਆ ਵੱਲ
ਬੱਕਰੀਆਂ ਛੱਡੀਆਂ ਸਨ । ਇੱਧਰ ਕੌਰੂ ਕੇ ਖੇਤ ਖਾਲੀ ਪਏ ਸੀ । ਘਾਹ-ਬੂਟ ਵੀ ਵਾਹਵਾ ਸੀ,ਬੱਕਰੀਆਂ ਖਾ ਖਾ ਕੇ
ਡੱਕੀਆਂ ਪਈਆਂ । ਕੀ ਗੱਲ! ਤੈਨੂੰ ਕੀਹਨੇ ਦੱਸਿਆ ਕਿ ਮੈਨੂੰ ਬੇਲਦਾਰਾਂ ਨੇ………?"
ਸਾਧੂ ਦੀ ਗੱਲ ਅੱਧ ਵਿਚਕਾਰੋਂ ਹੀ ਕੱਟਦਿਆਂ ਚਿੰਤੀ ਬੋਲੀ, "ਆਹ ਇੱਕੋ ਹੀ ਆ ਇਲਤੀ, ਕੋਹੜਿਆ ਵਿਆ ਆਪਣੀ ਗਲੀ
'ਚ ਸੱਜਣ ਸਿੰਹੁ ਦਾ ਮੁੰਡਾ,ਤੁਰਿਆ ਜਾਂਦਾ ਮੈਨੂੰ ਭਕਾ ਗਿਆ!"
"ਮੈਂ ਹੁਣੇ ਹੀ ਪੁੱਛਦਾਂ,ਜਾਨਾ ਮੈਂ ਬੱਕਰੀਆਂ ਬੰਨ੍ਹ ਕੇ ਸੱਜਣ ਸਿੰਹੁ ਦੇ ਘਰੇ । ਪਵਾਉਨੈ ਜੁੱਤੀਆਂ ਦੀਪੂ
ਦੇ ਉਹਦੇ ਪਿਓ ਸੱਜਣ ਸਿਹੁੰ ਤੋਂ!"ਸਾਧੂ ਬੱਕਰੀਆ ਬੰਨ੍ਹਦਾ ਬੋਲਿਆ ਪਰ ਚਿੰਤੀ ਨੇ ਕਿਹਾ, "ਛੱਡ ਪਰ੍ਹਾਂ ਜਾਣ
ਦੇ ਪੁੱਤ,ਪਾਣੀ-ਧਾਣੀ ਪੀ ਕੇ ਦੋ ਪਲ ਅਰਾਮ ਕਰ ਲੈ,ਫਿਰ ਦੋਧੀ ਨੇ ਆ ਜਾਣਾ! ਤੈਂ ਬੱਕਰੀਆਂ ਦਾ ਦੁੱਧ ਵੀ
ਚੋਣੈ!"ਮਾਂ ਦਾ ਆਖਿਆ ਮੰਨ ਕੇ ਸਾਧੂ ਪਾਣੀ ਪੀ ਕੇ ਅਰਾਮ ਕਰਨ ਲਈ ਟੁੱਟੀ ਜਿਹੀ ਵਾਣ ਦੀ ਮੰਜੀ 'ਤੇ ਟੇਢਾ ਹੋ
ਗਿਆ ।
ਕਾਂਡ-੩ ਦੀਪੂ ਦੀ ਵਾਪਸੀ (ਬਾਲ-ਨਾਵਲ)
ਗੁਰਦੁਆਰੇ ਦੇ ਗਰੰਥੀ ਨੇ ਜਪੁਜੀ ਸਾਹਿਬ ਦਾ ਪਾਠ ਖਤਮ ਕਰਕੇ ਅਰਦਾਸ ਕੀਤੀ ਤੇ ਫਤਹਿ ਬੁਲਾਈ ਹੀ ਸੀ,ਜਦੋਂ ਦੀਪੂ
ਦੀ ਅੱਖ ਖੁੱਲ੍ਹ ਗਈ । ਉਹ ਮੰਜੇ ਤੋਂ ਉੱਠਿਆ ਨਹੀਂ ਸਗੋਂ ਉਵੇਂ ਹੀ ਛੱਤ ਵੱਲ ਝਾਕਦਾ ਮੱਟਰ ਹੋਇਆ ਪਿਆ
ਰਿਹਾ । ਸਕੂਲ ਜਾਣ ਦੀ ਚਿੰਤਾ ਉਹਨੂੰ ਵੱਢ-ਵੱਢ ਖਾ ਰਹੀ ਸੀ । ਅੱਜ ਫਿਰ ਅੰਗਰੇਜ਼ੀ ਦਾ ਟੈਸਟ ਸੀ । ਹਿਸਾਬ ਵਾਲੇ ਮਾਸਟਰ ਜੀ
ਨੇ ਵੀ ਸਵਾਲ ਕਢਵਾ ਕੇ ਵੇਖਣੇ ਸਨ । ਦੀਪੂ ਨੂੰ ਕੁਝ ਵੀ ਯਾਦ ਨਹੀਂ ਸੀ । ਉਹਨੇ ਤਾਂ ਕਿਸੇ ਵੀ ਵਿਸ਼ੇ ਦਾ ਹੋਮਵਰਕ ਵੀ
ਨਹੀਂ ਕੀਤਾ ਸੀ । ਉਸ ਦੀਆ ਅੱਖਾਂ ਮੂਹਰੇ ਤਾਂ ਅੰਗਰੇਜ਼ੀ ਵਾਲੇ ਮਾਸਟਰ ਜੀ ਘੁੰਮ ਰਹੇ ਸਨ । ਉਹ ਸੋਚ ਰਿਹਾ ਸੀ-
'ਅੱਜ ਤਾਂ ਜ਼ਰੂਰ ਹੀ ਕੁਟਾਪਾ ਚੜੂ! ਤੇ ਨਾਲੇ ਮੁਰਗਾ ਬਣਕੇ ਸਾਰੇ ਸਕੂਲ ਦਾ ਚੱਕਰ ਲਾਉਣਾ ਪਊ!! ਜੇ ਕੱਲ੍ਹ
ਸਕੂਲੋਂ ਆ ਕੇ ਪੜ੍ਹਾਈ ਕਰ ਲੈਂਦਾ ਤਾਂ ਚੰਗਾ ਨਾ ਰਹਿੰਦਾ ? ਐਵੇਂ ਸਾਰਾ ਦਿਨ ਉਲਟੇ-ਪੁਲਟੇ ਕੰਮਾਂ ਵਿੱਚ
ਗੰਵਾ ਦਿੱਤਾ!!!'……ਫਿਰ ਉਸਨੂੰ ਨਿਰਮਲ ਦਾ ਖਿਆਲ ਆਇਆ ਜੋ ਦੋ ਸਾਲਾਂ ਤੋਂ ਪੜ੍ਹਾਈ ਛੱਡ ਕੇ ਘਰੇ
ਬੈਠਾ ਸੀ । -'ਬੇਵਕੂਫ ਕਿਸੇ ਥਾਂ ਦਾ !' ਫਿਰ ਉਹ ਸੋਚਣ ਲੱਗਾ…… 'ਆਪ ਤਾਂ ਡੁੱਬਿਐ, ਮੈਨੂੰ ਵੀ ਡੋਬਣਾ
ਚਾਹੁੰਦੈ!! ਕੱਲ੍ਹ ਬੀੜੀਆਂ ਦੀ ਸੌਗ਼ਾਤ ਲੈ ਕੇ ਆਇਆ ਸੀ ਮੇਰੇ ਵਾਸਤੇ !'ਦੀਪੂ ਆਪ ਮੁਹਾਰਾ ਜ਼ਰਾ ਕੁ
ਹੱਸਿਆ ਤੇ ਫਿਰ ਪਾਸਾ ਪਰਤ ਕੇ ਕੰਧ ਵੱਲੀਂ ਮੂੰਹ ਕਰਕੇ ਲੇਟ ਗਿਆ । ਉਪਰਲੀ ਚਾਦਰ ਖਿੱਚ ਕੇ ਉੱਪਰ ਮੂੰਹ ਤੱਕ
ਕਰ ਲਈ । ਥੋੜ੍ਹਾ ਜਿਹਾ ਮੂੰਹ ਨੰਗਾ ਰੱਖ ਕੇ ਕੰਧ 'ਤੇ ਨਿਗਾਹ ਗੱਡੀ ਆਉਣ ਵਾਲੀ ਮੁਸੀਬਤ ਤੋਂ ਛੁਟਕਾਰਾ
ਪਾਉਣ ਬਾਰੇ ਸੋਚਣ ਲੱਗਿਆ । ਉਹ ਕਿੰਨਾ ਹੀ ਚਿਰ ਉਲਟਾ-ਸਿੱਧਾ ਸੋਚਦਾ ਰਿਹਾ । ਫਿਰ ਅਚਾਨਕ ਉੱਠ ਕੇ ਦਰਵਾਜੇ
ਵਿੱਚੋਂ ਦੀ ਬਾਹਰ ਝਾਕਿਆ । ਦਿਨ ਕਾਫੀ ਚੜ੍ਹ ਆਇਆ ਸੀ । ਮਾਂ ਰਸੋਈ ਵਿੱਚ ਕੰਮ-ਧੰਦਾ ਕਰ ਰਹੀ ਸੀ । ਬਾਪੂ ਖੇਤ
ਨੂੰ ਚਲਾ ਗਿਆ ਸੀ । ਚਿੜੀਆ ਬਰਾਂਡੇ ਵਿੱਚ ਚੀਕ-ਚਿਹਾੜਾ ਪਾ ਰਹੀਆਂ ਸਨ ਤੇ ਉਨ੍ਹਾਂ ਦਾ ਪਾਲਤੂ ਕੁੱਤਾ ਬੋਰੀ
'ਤੇ ਬੈਠਾ ਆਪਣੀ ਪਿਛਲੀ ਲੱਤ ਨਾਲ ਕੰਨ ਖੁਰਕ ਰਿਹਾ ਸੀ । ਕੁੱਤਾ ਅਚਾਨਕ ਭੌਂਕਿਆ । ਕੁੱਤੇ ਦੀ ਭੌਂਕ ਸੁਣਕੇ
ਰਸੋਈ ਵੱਲੋਂ ਉਹਦੀ ਭੈਣ ਬਾਹਰ ਵੱਲ ਨੂੰ ਆਈ । ਬਾਹਰ ਕੋਈ ਨਹੀਂ ਸੀ । ਉਹ ਵਾਪਸ ਪਰਤਣ ਲੱਗੀ, ਫਿਰ ਕੁਝ ਸੋਚ ਕੇ
ਦੀਪੂ ਦੇ ਕਮਰੇ ਵੱਲ ਨੂੰ ਤੁਰ ਆਈ । ਦੀਪੂ ਛਾਲ ਮਾਰ ਕੇ ਮੰਜੇ 'ਤੇ ਚੜ੍ਹ ਗਿਆ ਤੇ ਅੱਖਾਂ ਬੰਦ ਕਰਕੇ ਸੌਣ
ਦਾ ਨਾਟਕ ਕਰਨ ਲੱਗਾ । ਏਨੀ ਦੇਰ ਨੂੰ ਉਹਦੀ ਛੋਟੀ ਭੈਣ ਨਿੰਦੀ ਅੰਦਰ ਆਣ ਵੜੀ । ਉਹ ਦੀਪੂ ਨੂੰ ਸੰਬੋਧਿਨ ਹੋ
ਕੇ ਬੋਲੀ, "ਦੀਪੂ, ਉੱਠ ਪੈ ਵੀਰੇ,ਦਿਨ ਵੇਖ ਕਿੰਨਾ ਚੜ੍ਹ ਆਇਆ!" ਪਰ ਦੀਪੂ ਉਵੇਂ ਹੀ ਚੁੱਪ-ਚਾਪ ਘੇਸਲ ਮਾਰੀ
ਪਿਆ ਰਿਹਾ । ਨਿੰਦੀ ਅੱਗੇ ਹੋ ਕੇ ਹੌਲੀ ਕੁ ਦੇਣੇ ਉਹਨੂੰ ਡੌਲਿਓਂ ਫੜ੍ਹ ਕੇ ਉਠਾਉਂਦਿਆਂ ਬੋਲੀ, "ਉੱਠ ਪੈ
ਦੀਪੂ!"
ਦੀਪੂ ਅੱਖਾਂ ਮਲਦਾ-ਮਲਦਾ ਨਿੰਦੀ ਵੱਲੀਂ ਝਾਕਿਆ,ਫਿਰ ਮਿੰਟ ਕੁ ਰੁਕ ਕੇ ਬੋਲਿਆ, "ਅੱਜ ਮੈਂ ਨਹੀਂ ਸਕੂਲ
ਜਾਣਾ……ਅੱਜ……!"
"ਪਤੈ ਮੈਨੂੰ ,ਸਭ ਪਤਾ ਐ ! ਅੱਜ ਪੰਦਰਾਂ ਅਗਸਤ ਐ,ਤੇ ਛੁੱਟੀ ਐ !"ਨਿੰਦੀ ਉਸਦੀ ਗੱਲ ਅੱਧ ਵਿਚਕਾਰੋਂ ਹੀ
ਕਟਦਿਆਂ ਬੋਲੀ ।
"ਹੈਂ !............ਅੱਜ ?" ਦੀਪੂ ਇੱਕਦਮ ਉੱਠ ਕੇ ਖੜ੍ਹਾ ਹੋ ਗਿਆ । ਅੱਜ ਪੰਦਰਾਂ ਅਗਸਤ ਦੀ ਛੁੱਟੀ ਦਾ ਉਸਨੂੰ
ਪਤਾ ਹੀ ਨਹੀਂ ਸੀ । ਉਹ ਤਾਂ ਨਿੰਦੀ ਕੋਲੇ ਬਹਾਨਾ ਲਾਉਣ ਲੱਗਿਆ ਸੀ ਕਿ ਅੱਜ ਮੇਰਾ ਸਿਰ ਦੁਖਦੈ ! ਚਲੋ ਅੱਜ ਸਕੂਲ ਜਾਣ
ਦੀ ਮੁਸੀਬਤ ਤੋਂ ਤਾਂ ਛੁਟਕਾਰਾ ਮਿਲਿਆ । ਹੁਣ ਉਸਦੇ ਸ਼ਰੀਰ ਅਤੇ ਲੱਤਾਂ ਵਿੱਚ ਤਾਕਤ ਆ ਗਈ ਸੀ । ਮੰਜੇ ਤੋਂ ਥੱਲੇ
ਖੜ੍ਹਾ ਉਹ ਆਪਣੀ ਕਮੀਜ਼ ਦੇ ਬਟਣ ਬੰਦ ਕਰਦਿਆਂ ਸੋਚ ਰਿਹਾ ਸੀ ਕਿ ਉਹ ਕਿੰਨਾ ਨਿਕੰਮਾ ਮੁੰਡਾ ਹੈ!
ਉਸਨੂੰ ਇਹ ਵੀ ਨਹੀਂ ਪਤਾ ਕਿ ਅੱਜ ਕੀ ਦਿਨ ਹੈ ?ਕੀ ਤਰੀਕ ਹੈ ?ਨਿੰਦੀ ਉਸ ਤੋਂ ਅੱਧੀ ਉਮਰ ਦੀ ਹੈ ,ਫਿਰ ਵੀ
ਉਸਨੂੰ ਸਭ ਯਾਦ ਹੈ! ਮੈ ਕਿੰਨਾ ਉਲਟੇ ਕੰਮਾਂ ਵਿੱਚ ਗਰਕ ਚੁੱਕਿਆ ਹਾਂ! ਸ਼ਰਾਰਤਾਂ ਦੁਨੀਆਂ ਭਰ ਦੀਆਂ
ਸਿਖਦਾ ਰਹਿੰਦਾ ਹਾਂ ਪਰ ਅਕਲ ਦੇ ਨਾਂ ਤੇ ਇੱਕਦਮ ਜ਼ੀਰੋ ਆਦਮੀ ਹਾਂ! ਉਹ ਜ਼ਿੰਦਗੀ ਦੀ ਗੁਣਾ-ਘਟਾਓ ਦੀਆਾਂ
ਸੋਚਾਂ ਸੋਚਦਾ-ਸੋਚਦਾ ਨਲਕੇ 'ਤੇ ਆਣ ਖੜ੍ਹਾ ਹੋਇਆ । ਉਸ ਨੇ ਨਲਕੇ ਦੀ ਹੱਥੀ ਦਬਾਅ ਕੇ ਪਾਣੀ ਦੀ ਮੁੱਠ ਭਰਕੇ
ਅੱਖਾਂ 'ਤੇ ਛੱਟਾ ਮਾਰਿਆ । ਫਿਰ ਪਰ੍ਹਾਂ ਪਿਆ ਪਿੱਤਲ ਦਾ ਇੱਕ ਖਾਲੀ ਗਿਲਾਸ ਚੁੱਕ ਕੇ ਪਾਣੀ ਦਾ ਭਰ ਲਿਆ ਤੇ ਨਲਕੇ
ਤੋਂ ਥੋੜ੍ਹਾ ਹਟਵਾਂ ਬਹਿ ਕੇ ਚੂਲੀ ਭਰਕੇ ਪਾਣੀ ਮੂੰਹ 'ਚ ਪਾ ਕੇ ਦੰਦਾਂ ਨੂੰ ਉਂਗਲੀ ਨਾਲ ਮਲਿਆ । ਮੂੰਹ
ਵਿੱਚਲੇ ਪਾਣੀ ਦਾ ਕੁਰਲਾ ਦੂਰ ਮਾਰਿਆ ਤੇ ਫਿਰ ਬਚਦੇ ਪਾਣੀ ਨਾਲ ਮੂੰਹ ਧੋ ਕੇ ਰਸੋਈ ਵਿੱਚ ਆਣ ਖੜ੍ਹਾ
ਹੋਇਆ । ਮਾਂ ਤੋਂ ਚਾਹ ਦਾ ਗਿਲਾਸ ਫੜ੍ਹ ਕੇ ਬਰਾਂਡੇ 'ਚ ਡੱਠੇ ਮੰਜੇ 'ਤੇ ਆ ਬੈਠਾ । ਚਾਹ ਪੀਂਦਿਆਂ ਵੀ ਉਹ
ਆਪਣੇ ਬਾਰੇ ਹੀ ਸੋਚ ਰਿਹਾ ਸੀ ਕਿ ਉਹ ਹੁਣ ਸਭ ਬੁਰੇ ਕੰਮ ਤਿਆਗ ਕੇ ਖੂਬ ਮਨ ਲਗਾ ਕੇ ਪੜ੍ਹਾਈ
ਕਰੇਗਾ । ਚਿੜੀਆਂ ਫੜਨੀਆਂ ਉੱਕਾ ਹੀ ਛੱਡ ਦੇਵੇਗਾ । ਹਰ ਬੁਰੀ ਆਦਤ ਤਿਆਗ ਦੇਵੇਗਾ । ਫਿਰ ਉਹ ਪਾਲੇ ਬਾਰੇ
ਸੋਚਣ ਲੱਗਿਆ ਕਿ ਆਪਣੇ ਮਾਂ-ਪਿਓ ਦਾ ਕਿੰਨਾ ਲਾਇਕ ਤੇ ਸਾਊ ਪੁੱਤ ਹੈ! ਮਜ਼ਾਲ ਹੈ ਕਦੇ ਵੀ ਮਾਂ-ਪਿਓ ਦੇ
ਕਹਿਣੇ ਤੋਂ ਬਾਹਰ ਕੋਈ ਕੰਮ ਕਰਦਾ ਹੋਵੇ! ਉਹ ਪੜ੍ਹਨ ਵਿੱਚ ਲੋਹੜੇ ਦਾ ਹੁਸ਼ਿਆਰ ਹੈ । ਹਮੇਸ਼ਾ ਕਲਾਸ ਵਿੱਚੋਂ
ਅੱਵਲ ਆਉਂਦਾ ਹੈ । ਮਾਂ-ਪਿਓ ਨਾਲ ਘਰ ਦੇ ਕੰਮ ਵੀ ਕਰਵਾਉਂਦਾ ਹੈ ਤੇ ਪੜ੍ਹਾਈ ਵੀ ਕਰ ਲੈਂਦਾ ਹੈ । ਪਤਾ
ਨਹੀਂ ਕਿਹੜੇ ਵੇਲੇ ਪੜ੍ਹਦਾ ਹੋਊਗਾ ? ਪੜ੍ਹਨ ਦਾ ਕੀ ਹੈ! ਆਦਮੀ ਥੋੜ੍ਹਾ ਚਿਰ ਵੀ ਪੜ੍ਹ ਲਵੇ ਸਭ ਕੁਝ ਯਾਦ ਹੋ
ਜਾਂਦਾ ਹੈ! ਪਰ ਕੋਈ ਮਨ ਲਗਾ ਕੇ ਪੜ੍ਹੇ ਤਾਹੀਓਂ ਯਾਦ ਹੁੰਦਾ ਹੈ!ਜੇ ਮੇਰੇ ਵਾਂਗ ਮਨ ਵਿੱਚ ਸ਼ਰਾਰਤਾਂ,ਇਲਤਾਂ
ਦਾ ਫਤੂਰ ਭਰਿਆ ਹੋਵੇ ਤਾਂ ਪੜ੍ਹਾਈ ਕਿੱਥੋਂ ਮਨ ਵਿੱਚ ਸਮਾਅ ਸਕਦੀ ਹੈ! ਉਹਨੇ ਸੋਚਿਆ ਕਿ ਉਹ ਹੁਣ
ਇਕਾਗਰ ਚਿੱਤ ਹੋ ਕੇ ਪੜ੍ਹਿਆ ਕਰੇਗਾ । ਪਾਲੇ ਨਾਲ ਪੱਕੀ ਦੋਸਤੀ ਕਰ ਲਵੇਗਾ । ਆਪਣਾ ਬਸਤਾ ਚੁੱਕ ਕੇ ਹੁਣੇ ਹੀ ਉਹ
ਪਾਲੇ ਕੇ ਘਰੇ ਚਲਿਆ ਜਾਵੇਗਾ । ਉਹ ਤੇ ਪਾਲਾ ਇਕੱਠੇ ਬੈਠ ਕੇ ਪੜ੍ਹਿਆ ਕਰਨਗੇ ।
ਅਚਾਨਕ 'ਧੜੰਮ' ਦਾ ਖੜਾਕ ਹੋਇਆ ਤੇ ਉਹਦੇ ਹੱਥ 'ਚ ਫੜ੍ਹਿਆ ਚਾਹ ਦਾ ਗਿਲਾਸ ਸਾਰੇ ਦਾ ਸਾਰਾ ਉਹਦੀ
ਬੁੱਕਲ ਵਿੱਚ ਡੁੱਲ੍ਹ ਗਿਆ । ਚਾਹ ਜਿਆਦਾ ਤੱਤੀ ਨਹੀਂ ਸੀ । ਇਸ ਕਰਕੇ ਉਹ ਜਲਿਆ ਤਾਂ ਨਹੀਂ ਪਰ ਉਹਦੇ ਕੱਪੜੇ ਜ਼ਰੂਰ
ਖਰਾਬ ਹੋ ਗਏ ਸਨ । ਕੋਲ ਕੋਈ ਨਹੀਂ ਸੀ । ਉਹ ਅਜੇ ਉੱਠ ਕੇ ਕਿਸੇ ਪੁਰਾਣੇ ਕੱਪੜੇ ਨਾਲ ਆਪਣਾ ਝੱਗਾ ਸਾਫ ਕਰ ਹੀ
ਰਿਹਾ ਸੀ, ਜਦੋਂ ਨੂੰ ਨਿੰਦੀ ਉਹਦੇ ਕੋਲ ਆ ਗਈ । ਹੱਥ 'ਚ ਕਾਪੀ ਫੜ੍ਹੀ ਉਹ ਕੋਈ ਹਿਸਾਬ ਦਾ ਸਵਾਲ ਸਮਝਣ ਆਈ
ਸੀ । ਦੀਪੂ ਨੂੰ ਕੱਪੜੇ ਪੂੰਝਦਾ ਵੇਖ ਕੇ ਬੋਲੀ, "ਕੀ ਹੋਇਆ ਵੀਰੇ ?"
"ਕੁਛ ਨਹੀਂ, ਆਹ ਚਾਹ 'ਜੀ ਡੁੱਲ੍ਹ ਗਈ ਮਾੜੀ ਜਿਹੀ!"ਕਹਿ ਕੇ ਦੀਪੂ ਕੱਚੀ ਜਿਹੀ ਹਾਸੀ ਹੱਸਿਆ । ਨਿੰਦੀ ਡੌਰ-ਭੌਰ
ਦੇਖਦੀ-ਦੇਖਦੀ ਬੋਲੀ, "ਜ਼ਿਆਦਾ ਤੱਤੀ ਤਾਂ ਨਹੀਂ ਸੀ ?"
"ਨਹੀਂ !" ਕਹਿ ਕੇ ਦੀਪੂ ਫਿਰ ਮੰਜੇ 'ਤੇ ਬੈਠ ਗਿਆ । ਨਿੰਦੀ ਹਿਸਾਬ ਦੀ ਕਿਤਾਬ ਅਤੇ ਇੱਕ ਰਫ਼ ਕਾਪੀ ਪੈੱਨ ਸਮੇਤ
ਉਹਨੂੰ ਫੜਾਉਂਦਿਆਂ ਬੋਲੀ, "ਵੀਰੇ,ਆਹ ਸਵਾਲ ਸਮਝਾਈਂ ਕੇਰਾਂ ?"
ਦੀਪੂ ਕਾਪੀ ਤੇ ਪੈੱਨ ਫੜ੍ਹ ਕੇ ਸਵਾਲ ਦੀ ਰਕਮ ਪੜ੍ਹਨ ਲੱਗ ਪਿਆ । ਸਵਾਲ ਲਾਭ-ਹਾਨੀ ਦਾ ਸੀ । ਉਹ ਰਕਮ ਪੜ੍ਹਦਾ
ਰਿਹਾ,ਪੜ੍ਹਦਾ ਰਿਹਾ,ਪਰ ਉਸ ਨੂੰ ਕੁਝ ਵੀ ਸਮਝ ਨਾ ਪਿਆ । ਅਖੀਰ "ਦੁਪਹਿਰੇ ਸਮਝਾਊਂਗਾ!"ਕਹਿ ਕੇ ਚੁੱਪਚਾਪ
ਘਰੋਂ ਬਾਹਰ ਵੱਲ ਨੂੰ ਨਿਕਲ ਤੁਰਿਆ । ਨਿੰਦੀ ਉਹਦੇ ਮੂੰਹ ਵੱਲ ਵੇਖਦੀ ਹੀ ਰਹਿ ਗਈ । ਬਾਹਰ ਨਿਕਲਦਿਆਂ ਹੀ
ਉਹਨੂੰ ਨਿਰਮਲ ਟੱਕਰ ਪਿਆ । ਜਿਵੇਂ ਚੋਰ ਨੂੰ ਕੋਈ ਚੋਰ ਟੱਕਰਦਾ ਹੈ! ਉਹ ਤੇ ਨਿਰਮਲ ਬਾਂਹ 'ਚ ਬਾਂਹ ਪਾਈ ਸੂਏ
ਵੱਲ ਨੂੰ ਤੁਰੇ ਜਾ ਰਹੇ ਸਨ ।
ਕਾਂਡ-੪ ਦੀਪੂ ਦੀ ਵਾਪਸੀ (ਬਾਲ-ਨਾਵਲ)
ਸਾਧੂ ਸਿੰਘ ਨੇ ਬੱਕਰੀਆਂ ਖੋਹਲੀਆਂ ਤੇ ਚਾਰਨ ਵਾਸਤੇ ਬਾਹਰ ਨੂੰ ਨਿਕਲ ਤੁਰਿਆ । ਚਿੰਤੀ ਬੁੜ੍ਹੀ ਨੇ ਰੋਟੀ ਵਾਲੀ
ਪੋਟਲੀ ਦੇ ਨਾਲ ਹੀ ਚਮਚਾ ਕੁ ਚਾਹ ਪੱਤੀ ਤੇ ਇੱਕ ਗੁੜ ਦੀ ਡਲੀ ਕਾਗਜ਼ ਵਿੱਚ ਲਪੇਟ ਕੇ ਉਸਦੇ ਮੈਲੇ ਜਿਹੇ ਝੋਲੇ 'ਚ ਪਾ ਕੇ
ਝੋਲਾ ਸਾਧੂ ਨੂੰ ਫੜਾ ਦਿੱਤਾ । ਉਹਨੇ ਝੋਲਾ ਮੋਢੇ ਨਾਲ ਲਟਕਾ ਲਿਆ ਤੇ ਹੱਥ 'ਚ ਢਾਂਗਾ ਫੜ੍ਹੀ ਬੱਕਰੀਆਂ ਦੇ
ਪਿੱਛੇ-ਪਿੱਛੇ ਹੋ ਤੁਰਿਆ । ਪਿੰਡੋਂ ਬਾਹਰ ਵਾਲੇ ਪੁਲ ਤੋਂ ਬੱਕਰੀਆਂ ਉਹਨੇ ਸੂਏ ਦੀ ਪਟੜੀ 'ਤੇ ਚਾੜ੍ਹ
ਲਈਆਂ । ਬੱਕਰੀਆਂ ਸੂਏ 'ਤੇ ਉੱਗੀਆਂ ਕਿੱਕਰਾਂ ਦੇ ਪੱਤਿਆਂ ਅਤੇ ਘਾਹ ਡੱਕੇ ਨੂੰ ਮੂੰਹ ਮਾਰਦੀਆਂ ਹੌਲੀ-
ਹੌਲੀ ਤੁਰਨ ਲੱਗੀਆਂ । ਸਾਧੂ ਕਦੇ ਬਹਿ ਜਾਂਦਾ ਤੇ ਕਦੇ ਕੋਈ ਕੁਰਾਹੇ ਪਈ ਬੱਕਰੀ ਨੂੰ ਦਬਕਾ ਮਾਰ ਕੇ ਮੋੜਨ ਲਈ
ਉੱਠ ਖਲੋਂਦਾ । ਇਉਂ ਦਿਨ ਦੇ ਨੌਂ ਵੱਜ ਗਏ । ਫਿਰ ਉਹ ਉੱਠਿਆ ਤੇ ਢਾਂਗੇ ਨਾਲ ਕਿੱਕਰਾਂ ਦੀਆਂ ਛੋਟੀਆਂ-
ਛੋਟੀਆਂ ਟਹਿਣੀਆਂ ਥੱਲੇ ਸੁੱਟ ਕੇ ਬੱਕਰੀਆਂ ਨੂੰ ਖਵਾਉਣ ਲੱਗ ਪਿਆ । ਅਚਾਨਕ ਪਟੜੀਏ-ਪਟੜੀ ਤੁਰੇ ਆਉਂਦੇ
ਦੋ ਮੁੰਡਿਆਂ 'ਤੇ ਉਸ ਦੀ ਨਿਗਾਹ ਪਈ । ਕੋਲ ਆਉਂਦਿਆਂ ਹੀ ਉਸ ਨੇ ਦੋਵੇਂ ਮੁੰਡੇ ਸਿਆਣ ਲਏ । ਇਹ ਦੋਨੋਂ
ਨਿਰਮਲ ਤੇ ਦੀਪੂ ਹੀ ਸਨ । ਸਾਧੂ ਉਨ੍ਹਾਂ ਨੂੰ ਵੇਖ ਕੇ ਬੋਲਿਆ, "ਉਏ ਕਿੱਧਰ ਤੁਰੇ ਫਿਰਦੇ ਐਂ ਉਏ ?
ਕੰਜਰੋ,ਕੱਲ੍ਹ ਮੇਰੀ ਮਾਈ ਨੂੰ ਕੀ ਉਲਟ-ਪੁਲਟ ਬੋਲ ਕੇ ਆਏ ਸੀ ਤੁਸੀਂ ?ਆਜੋ ਕੇਰਾਂ ਮੇਰੇ ਕੋਲ ,ਬਣਾਉਂਦਾ
ਹਾਂ ਥੋਨੂੰ ਮੋਰ !"
ਸੁਣ ਕੇ ਨਿਰਮਲ ਤੇ ਦੀਪੂ ਥਾਏਂ ਹੀ ਠਠੰਬਰ ਕੇ ਰੁਕ ਗਏ । ਮੁੰਡਿਆਂ ਨੂੰ ਡਰੇ ਖੜ੍ਹੇ ਵੇਖ ਕੇ ਸਾਧੂ ਜਰਾ
ਨਰਮ ਸੁਰ ਵਿੱਚ ਬੋਲਿਆ, "ਆਜੋ-ਆਜੋ ,ਕੁਸ ਨਹੀਂ ਕਹਿੰਦਾ, ਡਰੋ ਨਾ! ਊਂ ਥੋਨੂੰ ਸਮਝਾਉਂਦਾ ਹਾਂ
ਮੁੰਡਿਓ ਬਈ ਐਂ ਨਹੀਂ ਕਰੀਦਾ ਹੁੰਦਾ!ਮੇਰੀ ਮਾਈ ਦਾ ਤਾਂ ਤੁਸੀਂ ਸਹੁਰਿਓ ਸਾਹ ਹੀ ਸੁਕਾ ਦਿੱਤਾ
ਸੀ । ਆਜੋ,ਬਹਿ ਜੋ! ਕੋਈ ਸੁਣਾਓ ਗੱਲ-ਬਾਤ । ਉਏ ਦੀਪੂ, ਅੱਜ ਤੂੰ ਸਕੂਲ ਨਹੀਂ ਗਿਆ ਪੁੱਤਰਾ ?"
"ਅੱਜ ਛੁੱਟੀ ਆ ਪੰਦਰਾਂ-ਅਗਸਤ ਦੀ । " ਕਹਿ ਕੇ ਦੀਪੂ , ਸਾਧੂ ਸਿੰਘ ਦੇ ਨਜ਼ਦੀਕ ਹੀ ਬੈਠ ਗਿਆ । ਕੋਲ ਹੀ ਨਿਰਮਲ ਬੈਠ
ਗਿਆ । ਸਾਧੂ ਫਿਰ ਬੋਲਿਆ, "ਚੰਗਾ ਐ ਬਈ ਮੁੰਡਿਓ !ਪੜ੍ਹਾਈ ਤਾਂ ਬਹੁਤ ਚੰਗੀ ਚੀਜ਼ ਐ । ਜਿਹੜੇ ਪੜ੍ਹ ਲੈਂਦੇ
ਆ,ਉਨ੍ਹਾਂ ਦੇ ਦਿਮਾਗ ਰੌਸ਼ਨ ਹੋ ਜਾਂਦੇ ਆ । ਸਿਓਨਾ ਬਣ ਜਾਂਦੇ ਆ ਉਹ ਬੰਦੇ ਤਾਂ! ਸਾਡੇ ਵਰਗੇ ਡੰਗਰ-ਢੋਰ
ਕਾਹਦੇ ਜੋਗੇ ਆ । ਨਾ ਜੱਗ ਦਾ ਪਤਾ,ਨਾ ਜਹਾਨ ਦੀ ਸਾਰ!"
"ਬਾਈ ਤੂੰ ਕਾਹਤੋਂ ਨਹੀਂ ਸੀ ਪੜ੍ਹਿਆ ? ਉਦੋਂ ਥੋਡੇ ਵੇਲੇ ਸਕੂਲ ਨਹੀਂ ਸੀ ਹੁੰਦੇ ਭਲਾ ?"ਦੀਪੂ ,ਸਾਧੂ
ਸਿੰਘ ਦੀ ਗੱਲ ਕੱਟਦਿਆਂ ਬੋਲਿਆ ਸੀ । ਅੱਗੋਂ ਸਾਧੂ ਨੇ ਘੰਗੂਰਾ ਮਾਰ ਕੇ ਗਲ਼ਾ ਸਾਫ ਕੀਤਾ ਤੇ ਸੂਏ ਦੇ ਪਾਣੀ
'ਚ ਥੁੱਕ ਕੇ ਬੋਲਿਆ, "ਮੱਖਣੋ ,ਬੱਸ ਕੁਝ ਨਾ ਪੁੱਛੋ,ਸਭ ਕੁਝ ਹੁੰਦਾ ਸੀ ਉਦੋਂ ਵੀ………ਆਹ ਆਪਣਾ ਸਕੂਲ
ਉਦੋਂ ਵੀ ਚੌਥੀ ਤੱਕ ਹੁੰਦਾ ਸੀ । ਉਦੂੰ ਮਗਰੋਂ ਸ਼ਹਿਰ ਪੜ੍ਹਨ ਜਾਈਦਾ ਸੀ । ਮੈਂ ਤਾਂ ਬੱਸ ਦੋ ਕੁ ਮਹੀਨੇ
ਗਿਆ ਸੀ ਪੜ੍ਹਨ! ਸਾਨੂੰ ਉਦੋਂ ,ਕੀ ਨਾਂ ਉਹਦਾ……ਹਾਂ,ਬਿਸ਼ਨ ਸਿਹੁੰ ਮਾਸਟਰ ਪੜਾਉਂਦਾ ਹੁੰਦਾ
ਸੀ । ਕੁੱਟਦਾ ਬਹੁਤ ਸੀ ਉਹ ਜ਼ਾਲਮ ਮਾਸਟਰ । ਮੈਨੂੰ ਇੱਕ ਦਿਨ ਕਿਸੇ ਨਿੱਕੀ ਜਿਹੀ ਗੱਲੋਂ ਬਹੁਤ ਕੁੱਟਿਆ । ਮੇਰਾ ਤਕੜਾ
ਝਾਂਬਾ ਲਾਹਿਆ ਉਹਨੇ ……ਮੇਰੇ ਅੰਦਰ ਬੱਸ ਉਹਦੀ ਕੁੱਟ ਦਾ ਡਰ ਹੀ ਬੈਠ ਗਿਆ । ਬੱਸ ਮੈਂ ਨਹੀਂ ਉਸ ਦਿਨ
ਤੋਂ ਬਾਅਦ ਸਕੂਲ ਵੜਿਆ । ਮੇਰੇ ਬਾਪੂ ਨੇ ਬਥੇਰਾ ਜ਼ੋਰ ਲਾਇਆ ਬਈ ਮੈਂ ਪੜ੍ਹ-ਲਿਖ ਜਾਵਾਂ! ਪਰ ਸਕੂਲੋਂ ਪਏ
ਬੇ-ਮਤਲਬ ਕੁਟਾਪੇ ਨੇ ਮੇਰੀ ਵਿੱਦਿਆ ਹੀ ਖੋਹ ਲਈ । ਜੇ ਕਿਤੇ ਮੈਂ ਉਦੋਂ ਬਾਪੂ ਦੀ ਗੱਲ ਮੰਨ ਕੇ ਪੜ੍ਹ ਲੈਂਦਾ
ਤਾਂ ਅੱਜ ਪਛਤਾਵਾ ਨਾ ਹੁੰਦਾ । ਮੈਂ ਇੱਥੇ ਬੱਕਰੀਆਂ ਨਾ ਚਾਰਦਾ ਫਿਰਦਾ । ਹੁਣ ਨੂੰ ਕਿਸੇ ਸਰਕਾਰੀ ਅਹੁਦੇ 'ਤੇ
ਲੱਗਿਆ ਹੁੰਦਾ । ਪਰ ਹਾਏ ਉਏ ਜ਼ਾਲਮ ਮਾਸਟਰ ਬਿਸ਼ਨ ਸਿੰਹਾਂ ਤੇਰਾ ਅੜਬ ਸੁਭਾਅ ਕਈਆਂ ਦੀ ਵਿੱਦਿਆ ਖਾ
ਗਿਆ! ਔਹ ਆਪਣੇ ਪਿੰਡ ਵਾਲਾ ਸਰਦਾਰ ਦਰਬਾਰਾ ਸਿੰਘ ਹੌਲਦਾਰ ਤੇ ਮਾਸਟਰ ਬਲਵਿੰਦਰ ਸਿੰਘ,ਸਭ ਉਦੋਂ ਮੇਰੇ
ਨਾਲ ਹੀ ਸਕੂਲ ਦਾਖਲ ਹੋਏ ਸੀ । ਵਿੱਦਿਆ ਪਾ ਕੇ ਕੀ ਤੋਂ ਕੀ ਬਣ ਗਏ । ਕਈ ਮੁੰਡੇ ਤਾਂ ਮੇਰੇ ਨਾਲ ਦੇ ਫ਼ੌਜ ਵਿੱਚ
ਭਰਤੀ ਹੋ ਗਏ ਸੀ । ਔਹ ਮੱਘਰ ਕਾ ਬਿੱਲੂ ਤੇ ਬਖਤੌਰੇ ਕਾ ਤਿਰਲੋਕਾ ਕਨੇਡਾ ਬੈਠੇ ਆ । ਇਹ ਸਭ ਵਿਦਿਆ ਦੀ ਦੇਵੀ
ਦਾ ਹੀ ਚਮਤਕਾਰ ਐ । ਉਨ੍ਹਾਂ ਨੇ ਭਾਈ ਮੁੰਡਿਓ,ਕੁੱਟਾਂ ਖਾ ਕੇ ਵੀ ਵਿੱਦਿਆ ਗ੍ਰਹਿਣ ਕੀਤੀ,ਹੁਣ ਸਭ ਸੁਖ ਭੋਗਦੇ
ਆ,ਤੇ ਮੇਰੇ ਵਰਗੇ ਬਦਕਿਸਮਤ 'ਸਾਧੂ ਬੱਕਰੀਆਂ ਵਾਲੇ' ਦੇ ਨਾਂ ਨਾਲ ਮਸ਼ਹੂਰ ਹੋਏ ਹਨੇਰੇ ਦੀ ਦਲਦਲ ਵਿੱਚ ਖੁੱਭੇ
ਪਸ਼ੂ ਜੀਵਨ ਜੀ ਰਹੇ ਨੇ…… । " ਗੱਲ ਅੱਧ ਵਿਚਕਾਰ ਹੀ ਛੱਡ ਕੇ ਸਾਧੂ ਬੱਕਰੀ ਵੱਲ ਨੂੰ ਭੱਜਿਆ,ਜੋ ਨਾਲ ਦੇ ਕਿਸੇ ਖੇਤ
ਵਿੱਚ ਜਾ ਵੜੀ ਸੀ । ਨਿਰਮਲ ਭੱਜੇ ਜਾਂਦੇ ਸਾਧੂ ਨੂੰ ਵੇਖ ਕੇ ਹੱਸਿਆ ਪਰ ਦੀਪੂ ਉਵੇਂ ਹੀ ਗੰਭੀਰ ਬਣਿਆ ਬੈਠਾ
ਰਿਹਾ ਸੀ । ਉਹ ਸੋਚ ਰਿਹਾ ਸੀ ਕਿ ਸਾਧੂ ਸਿੰਘ ਸੌ ਪ੍ਰਤੀਸ਼ਤ ਸੱਚ ਬੋਲ ਰਿਹਾ ਹੈ । ਵਿੱਦਿਆ ਬਿਨਾਂ ਤਾਂ ਆਦਮੀ
ਅੰਨ੍ਹਾ ਐ,ਪਸ਼ੂ ਸਮਾਨ ਐ,ਬਿਲਕੁਲ ਢੋਰ ਹੈ ।
"ਚੱਲ ਚੱਲੀਏ,ਸਾਧੂ ਤਾਂ ਅੱਜ ਗਿਆਨੀ-ਧਿਆਨੀ ਬਣਿਆ ਬੈਠਾ ਹੈ । ਕਿਤੇ ਆਪਾਂ ਨੂੰ ਜਿਆਦਾ ਮੱਤ ਨਾ ਦੇ
ਦੇਵੇ!" ਨਿਰਮਲ ਖੜ੍ਹਾ ਹੁੰਦਿਆਂ ਬੋਲਿਆ ਪਰ ਦੀਪੂ ਉੱਠਿਆ ਨਹੀਂ,ਸਗੋਂ ਉਵੇਂ ਹੀ ਬੈਠਾ ਰਿਹਾ ਸਾਧੂ
ਦੀਆਂ ਗੱਲਾਂ ਦਾ ਕੀਲਿਆ ਸੋਚ-ਮਘਨ!ਉਹ ਨਿਰਮਲ ਨੂੰ ਬੈਠਣ ਦਾ ਇਸ਼ਾਰਾ ਕਰਕੇ ਮੁੜ ਸੋਚੀਂ ਡੁੱਬ ਗਿਆ
ਸੀ । ਉਹਨੂੰ ਕੱਲ੍ਹ ਨੂੰ ਹੋਣ ਵਾਲੇ ਟੈਸਟ ਦਾ ਖਿਆਲ ਆਇਆ ਤਾਂ ਉਹ ਡਾਢਾ ਉਦਾਸ ਹੋ ਗਿਆ । -ਸਾਧੂ ਬੱਕਰੀ
ਮੋੜ ਕੇ ਫਿਰ ਆਪਣੀ ਥਾਏਂ ਆਣ ਬੈਠਿਆ ਉਹ ਮੋਢੇ ਟੰਗੀ ਰੋਟੀ ਵਾਲਾ ਝੋਲਾ ਠੀਕ ਕਰਦਿਆਂ ਬੋਲਿਆ, "ਤੂੰ
ਕੈਵ੍ਹੀਂ 'ਚ ਪੜ੍ਹਦੈਂ ਦੀਪੂ ?"
"ਮੈਂ ਸੱਤਵੀਂ 'ਚ ਪੜ੍ਹਦਾਂ ਬਾਈ!" ਕਹਿ ਕੇ ਦੀਪੂ ਨੇ ਨੀਵੀਂ ਪਾ ਲਈ । ਉਹਨੂੰ ਸੱਤਵੀਂ ਕਹਿੰਦਿਆਂ ਸ਼ਰਮ
ਮਹਿਸੂਸ ਹੋਈ , ਕਿਉਂਕਿ ਸਵਾਲ ਤਾਂ ਉਹ ਅੱਜ ਪੰਜਵੀਂ ਦਾ ਵੀ ਨਹੀਂ ਸੀ ਕੱਢ ਸਕਿਆ!
"ਚੰਗਾ ਸ਼ੇਰਾ ,ਪੜ੍ਹਿਆ ਕਰ ਮਨ ਲਗਾ ਕੇ………ਤੇ ਨਿਰਮਲਾ ਤੂੰ ਨਹੀਂ ਪੜ੍ਹਦਾ ਉਏ ?ਮੇਰੀ ਮੰਨਦੈਂ ਤਾਂ
ਤੂੰ ਵੀ ਦਾਖਲ ਹੋ ਜਾਹ ਸਕੂਲ । ਤੇਰੀ ਉਮਰ ਪੜ੍ਹਨ ਦੀ ਹੈ । ਸੁਖ ਪਾਵੇਂਗਾ!" ਨਿਰਮਲ ਨੂੰ ਸਾਧੇ ਨੇ ਕੀਮਤੀ ਸਲਾਹ
ਦਿੱਤੀ । ਅੱਗੋਂ "ਚੰਗਾ ਵੇਖਾਂਗੇ" ਕਹਿ ਕੇ ਨਿਰਮਲ ਨੇ ਸਾਧੂ ਦੀ ਕੀਮਤੀ ਗੱਲ ਮਿੱਟੀ ਵਿੱਚ ਰੋਲ ਦਿੱਤੀ ਸੀ । ਸਾਧੂ
ਉਹਨੂੰ ਵਿਹੁ ਵਰਗਾ ਲੱਗਿਆ ਸੀ । ਦੀਪੂ ਥਾਂਏ ਹੀ ਬੈਠਾ ਰਿਹਾ ਪਰ ਨਿਰਮਲ ਉੱਠ ਕੇ ਨਾਲ ਦੇ ਖੇਤ ਵਿੱਚ ਤੂਤ ਦੇ
ਰੁੱਖ 'ਤੇ ਜਾ ਚੜ੍ਹਿਆ ਸੀ । ਤੂਤ 'ਤੇ ਘੁੱਗੀ ਦੇ ਆਹਲਣੇ 'ਚ ਪਏ ਘੁੱਗੀ ਦੇ ਆਂਡੇ ਵੇਖ ਨਿਰਮਲ ਨੇ ਦੀਪੂ ਨੂੰ
ਅਵਾਜ਼ ਮਾਰੀ ਪਰ ਦੀਪੂ ਨਾ ਹਿੱਲਿਆ । ਉਹ ਨਿਲਮਲ ਦੀ ਅਵਾਜ਼ ਨੂੰ ਅਣਸੁਣੀ ਕਰਕੇ ਉਵੇਂ ਹੀ ਬੈਠਾ ਰਿਹਾ ਸੋਚ-
ਮਘਨ । ਉਸ ਨੂੰ ਸਾਧੂ ਦੀਆਂ ਗੱਲਾਂ ਬੜੀਆਂ ਚੰਗੀਆਂ ਲੱਗ ਰਹੀਆਂ ਸਨ । ਸਾਧੂ ਕਹਿ ਰਿਹਾ ਸੀ, "ਨਿਰਮਲ ਭਟਕ
ਚੁੱਕਿਆ ਹੈ । ਪੜ੍ਹਾਈ ਦਾ ਨਾਂ ਲਏ ਤੋਂ ਵੇਖ ਕਿੱਧਰ ਨੂੰ ਪਾਸਾ ਵੱਟ ਕੇ ਤੁਰ ਗਿਆ ਹੈ । ਔਹ ਤੂਤ 'ਤੇ ਜਾ
ਚੜਿਆ!"ਤੂਤ ਦਾ ਦਰਖ਼ਤ ਕੋਈ ਜਿਆਦਾ ਦੂਰ ਨਹੀਂ ਸੀ । ਕੋਲ ਹੀ ਪਟੜੀ ਤੋਂ ਉੱਤਰਦਿਆਂ ਤੂਤ ਖੜ੍ਹਾ ਸੀ,ਜਿਸ 'ਤੇ
ਨਿਰਮਲ ਚੜ੍ਹਿਆ ਸੀ । ਨੇੜੇ ਹੋਣ ਕਰਕੇ ਉਸ ਨੇ ਆਪਣੇ ਬਾਰੇ ਕਹੀ ਸਾਧੂ ਦੀ ਗੱਲ ਸੁਣ ਲਈ ਸੀ । ਆਪਣੇ ਬਾਰੇ 'ਭਟਕ
ਚੁੱਕਿਆ' ਸ਼ਬਦ ਸੁਣ ਕੇ ਉਹਨੂੰ ਸਾਧੂ 'ਤੇ ਗੁੱਸਾ ਚੜ੍ਹ ਗਿਆ ਸੀ । ਉਹ ਛਾਲ ਮਾਰ ਕੇ ਤੂਤ ਤੋਂ ਥੱਲੇ
ਉੱਤਰ ਆਇਆ । ਦੀਪੂ ਨੂੰ ਬੋਲਿਆ, "ਚੱਲ ਦੀਪੂ ਯਾਰ,ਚੱਲੀਏ!ਇਹ ਸਾਧੂ ਤਾਂ ਪੁੱਠੀ ਮੱਤ ਹੀ ਦਊ ਤੈਨੂੰ!
ਚੱਲ ਉੱਠ …!"
"ਸ਼ੇਰਾ ਪੁੱਠੀ ਮੱਤ ਨਹੀਂ ਦਿੰਦਾ,ਪੜ੍ਹ ਲਓਗੇ ਤਾਂ ਚੰਗੇ ਰਹੋਗੇ । ਨਹੀਂ ਤਾਂ ਮੇਰੇ ਵਾਂਗੂੰ ਬੱਕਰੀਆਂ ਮਗਰ
ਭੱਜੇ ਫਿਰੋਂਗੇ ਸਾਰੀ ਉਮਰ…!"ਗੱਲ ਅਜੇ ਸਾਧੂ ਦੇ ਬੁੱਲ੍ਹਾਂ 'ਤੇ ਹੀ ਕੰਬ ਰਹੀ ਸੀ ,ਜਦੋਂ ਨੂੰ ਨਿਰਮਲ ਨੇ ਹੱਥ 'ਚ
ਫੜ੍ਹੇ ਘੁੱਗੀ ਦੇ ਦੋ ਆਂਡੇ ਸਾਧੇ ਦੇ ਮੂੰਹ 'ਤੇ ਵਗਾਹ ਕੇ ਮਾਰੇ!ਅਚਾਨਕ ਹੋਏ ਵਾਰ ਨਾਲ ਸਾਧੂ ਘਬਰਾ
ਗਿਆ ਸੀ । ਆਂਡਿਆਂ ਦੀ ਚਿੱਪਚਿਪੀ ਜ਼ਰਦੀ ਸਾਧੂ ਦੀ ਕਰੜ-ਬਰੜੀ ਦਾਹੜੀ ਵਿੱਚੋਂ ਥੱਲੇ ਟਪਕ ਰਹੀ ਸੀ । ਸਾਧੂ ਨਿਰਮਲ ਨੂੰ
ਫੜ੍ਹਨ ਲਈ ਅਹੁਲਿਆ ਪਰ ਓਨੇ ਚਿਰ ਨੂੰ ਨਿਰਮਲ ਦੂਰ ਭੱਜਿਆ ਜਾ ਰਿਹਾ ਸੀ । ਸਾਹੋ-ਸਾਹੀ ਹੋਇਆ ਸਾਧੂ ਥੱਕ ਕੇ
ਰੁਕ ਗਿਆ ਸੀ । ਉਹ ਥਾਏਂ ਹੀ ਖੜ੍ਹਾ ਨਿਰਮਲ ਨੂੰ ਬੁਰਾ ਭਲਾ ਕਹਿ ਰਿਹਾ ਸੀ । ਫਿਰ ਉਹ ਸੂਏ ਦੇ ਵਗਦੇ ਪਾਣੀ
ਵਿੱਚੋਂ ਮੂੰਹ ਧੋਣ ਲੱਗ ਪਿਆ । ਏਨੇ ਚਿਰ ਨੂੰ ਅੱਖ ਬਚਾ ਕੇ ਦੀਪੂ ਵੀ ਉੱਥੋਂ ਖਿਸਕ ਆਇਆ । ਦੀਪੂ ਤੇ
ਨਿਰਮਲ ਸਕੂਲ ਵਿੱਚ ਫਿਰ ਆਣ ਇਕੱਠੇ ਹੋਏ । ਦੀਪੂ ਅਜੇ ਵੀ ਗੰਭੀਰ ਮੂੜ ਵਿੱਚ ਸੀ ਪਰ ਨਿਰਮਲ ਆਪਣੀ ਕਰਤੂਤ ਕਰਕੇ
ਬੇਸ਼ਰਮਾਂ ਵਾਂਗ ਮੁਸ਼ਕਰਾ ਰਿਹਾ ਸੀ । ਉਹ ਮੁਸ਼ਕੜੀਏਂ ਹੱਸਦਾ ਹੋਇਆ ਬੋਲਿਆ, "ਕਿਉਂ ਕੀ ਕਹਿੰਦਾ ਸੀ ਹੁਣ
ਸਾਧੂ ਸਿੰਘ ਬੱਕਰੀ ਟੀਚਰ! ਐਵੇਂ ਅਵਾ-ਤਵਾ ਬਕੀ ਜਾਂਦਾ ਸੀ । " ਕਹਿ ਕੇ ਨਿਰਮਲ ਤਾੜੀ ਜਿਹੀ ਮਾਰ ਕੇ ਹੱਸ ਪਿਆ ਪਰ
ਦੀਪੂ ਜਰਾ ਗੰਭੀਰ ਮੁਦਰਾ ਵਿੱਚ ਬੋਲਿਆ, "ਯਾਰ ਕੁਝ ਵੀ ਹੈ,ਪਰ ਤੂੰ ਇਹ ਚੰਗਾ ਨਹੀਂ ਕੀਤਾ!ਵਿਚਾਰਾ ਸਾਧੂ
ਤਾਂ ਆਪਾਂ ਨੂੰ ਭੋਰਾ ਮੱਤ ਹੀ ਦੇ ਰਿਹਾ ਸੀ । " ਦੀਪੂ ਦੀ ਗੱਲ ਅਣਗੌਲ਼ੀ ਕਰਦਿਆਂ ਨਿਰਮਲ ਨੇ ਜੇਬ ਵਿੱਚੋਂ ਬੀੜੀਆਂ
ਦਾ ਬੰਡਲ ਤੇ ਮਾਚਸ ਕੱਢੀ 'ਤੇ ਇੱਕ ਬੀੜੀ ਸੁਲਘਾ ਕੇ ਦੀਪੂ ਨੂੰ ਫੜਾ ਦਿੱਤੀ ਤੇ ਇੱਕ ਬੀੜੀ ਆਪ ਸੁਲਘਾ ਕੇ ਜੋਰ
ਦੀ ਸੂਟਾ ਖਿਚਿਆ । ਦੀਪੂ ਵੀ ਨਿਰਮਲ ਦੀ ਹੀ ਰੀਸ ਨਾਲ ਸੂਟੇ ਮਾਰ-ਮਾਰ ਕੇ ਨੱਕ ਅਤੇ ਬੁੱਲ੍ਹਾਂ ਵਿੱਚੋਂ ਧੂੰਏਂ ਦੇ
ਬੱਦਲ ਉਡਾਉਣ ਲੱਗ ਪਿਆ । ਨਿਰਮਲ ਦੀਪੂ ਵੱਲ ਵੇਖ ਕੇ ਮਨ ਹੀ ਮਨ ਹੱਸਿਆ ਤੇ ਫਿਰ ਹੱਥਲੀ ਮੁੱਕਣ 'ਤੇ ਆਈ ਬੀੜੀ
ਸਕੂਲ ਦੀ ਕੰਧ ਨਾਲ ਮਲਦਿਆਂ ਨੇਫੇ 'ਚੋਂ ਇੱਕ ਖ਼ਾਕੀ ਲਿਫ਼ਾਫਾ ਕੱਢਦਿਆਂ ਬੋਲਿਆ, "ਚੱਲ ਦੀਪੂ, ਫੇਰ ਵੇਖਦੇ ਹਾਂ
ਕੱਲ੍ਹ ਵਾਲਾ ਮਸ਼ਕੂਲਾ!" ਤੇ ਨਿਰਮਲ ਦੀਪੂ ਨੂੰ ਨਾਲ ਲਾ ਕੇ ਟਾਹਲੀਆਂ ਦੇ ਸੁੱਕੇ ਪੱਤੇ ਲਿਫ਼ਾਫੇ ਵਿੱਚ ਭਰਨ ਲੱਗ
ਪਿਆ । ਸੁਬਹ ਦਾ ਸੂਰਜ ਦੁਪਹਿਰ ਬਣਕੇ ਉੱਪਰ ਉੱਠ ਆਇਆ ਸੀ । ਫਿਰ ਕੋਈ ਵਿਚਾਰਾ ਰਾਹੀ ਮੂਰਖਾਂ ਦੇ ਮਜ਼ਾਕ
ਦਾ ਪਾਤਰ ਬਣਨ ਵਾਲਾ ਸੀ ।
ਕਾਂਡ-੫ ਦੀਪੂ ਦੀ ਵਾਪਸੀ (ਬਾਲ-ਨਾਵਲ)
ਨਿੰਦੀ ਭੱਜੀ-ਭੱਜੀ ਆਈ । ਦੀਪੂ ਦੇ ਮੂੰਹ ਤੋਂ ਚਾਦਰ ਖਿੱਚ ਕੇ ਲਾਹੁੰਦਿਆਂ ਬੋਲੀ, "ਵੇਖ ਵੀਰੇ,ਮੈਂ ਕੱਲ੍ਹ ਵਾਲਾ
ਸਵਾਲ ਹੱਲ ਕਰ ਵੀ ਲਿਆ! ਵੇਖ,ਮੈਂ ਆਪੇ ਕੱਢਿਆ!"
ਅਜੇ ਸਵੇਰਾ-ਸਵੇਰਾ ਹੀ ਸੀ । ਦੀਪੂ ਸੁੱਤਾ ਪਿਆ ਸੀ ਪਰ ਨਿੰਦੀ ਅੱਜ ਚਾਰ ਵਜੇ ਹੀ ਉੱਠ ਗਈ ਸੀ । ਉਹ ਉੱਠਦਿਆਂ ਹੀ
ਕੱਲ੍ਹ ਵਾਲੇ ਸਵਾਲ ਮਗਰ ਹੱਥ ਧੋ ਕੇ ਪੈ ਗਈ ਸੀ । ਕੱਲ੍ਹ ਸਵੇਰੇ ਵੀ ਤੇ ਦੁਪਹਿਰੇ ਵੀ,ਦੀਪੂ ਜ਼ੋਰ ਲਗਾ ਕੇ ਥੱਕ ਗਿਆ ਸੀ
ਪਰ ਉਹ ਸਵਾਲ ਨਹੀਂ ਕੱਢ ਸਕਿਆ ਸੀ । ਨਿੰਦੀ ਦੀ ਮਿਹਨਤ ਰੰਗ ਲਿਆਈ ਸੀ । ਜਿਸਨੇ ਫਸਿਆ ਹੋਇਆ ਸਵਾਲ ਵੀ ਕੱਢ ਕੇ
ਅਹੁ ਮਾਰਿਆ ਸੀ । ਉਹ ਖੁਸ਼ੀ 'ਚ ਫੁੱਲੀ ਨਹੀਂ ਸਮਾਅ ਰਹੀ ਸੀ । ਦੀਪੂ ਹੈਰਾਨ ਹੋਇਆ ਅੱਧ ਖੁੱਲੀਆਂ ਜਿਹੀਆਂ
ਅੱਖਾਂ ਨਾਲ ਨਿੰਦੀ ਵੱਲ ਝਾਕਿਆ । ਉਹ ਕਾਪੀ 'ਤੇ ਕੱਢਿਆ ਸਵਾਲ ਲਈ ਕਿਸੇ ਜੇਤੂ ਵਾਂਗ ਮੁਸਕਰਾ ਰਹੀ ਸੀ । ਉਧਰ ਦੀਪੂ
ਦਾ ਸਕੂਲ ਜਾਣ ਨੂੰ ਅੱਜ ਦਿਲ ਨਹੀਂ ਕਰ ਰਿਹਾ ਸੀ,ਕਿਉਂਕਿ ਅੰਗਰੇਜ਼ੀ ਵਾਲੇ ਮਾਸਟਰ ਜੀ ਨੇ ਟੈਸਟ ਜੁ ਲੈਣਾ ਸੀ । ਉਹ
ਨਿੰਦੀ ਵੱਲ ਵੇਖਦਾ-ਵੇਖਦਾ ਫਿਰ ਘੇਸਲ ਮਾਰ ਕੇ ਪੈ ਗਿਆ । ਹਲਕੀ ਹੂੰਗਰ ਜਿਹੀ ਮਾਰ ਕੇ ਨਿੰਦੀ ਵੱਲ ਝਾਕਦਾ-ਝਾਕਦਾ
ਉਹ ਬੀਮਾਰਾਂ ਵਰਗੀ ਅਵਾਜ਼ ਵਿੱਚ ਬੋਲਿਆ, "ਅੱਜ ਮੇਰਾ ਤਾਂ ਸਿਰ ਦੁਖਦੈ! ਬੁਖਾਰ ਚੜੂ ……ਮੈਂ ਨਹੀਂ ਅੱਜ
ਸਕੂਲ ਜਾਣਾ!" ਦੀਪੂ ਦਾ ਝੂਠਾ ਬਹਾਨਾ ਸੁਣਕੇ ਨਿੰਦੀ ਵਿਚਾਰੀ ਨਿਰਾਸ਼ ਜਿਹੀ ਹੋ ਕੇ ਵਾਪਸ ਚਲੀ ਗਈ । ਉਹ ਦੀਪੂ
ਦੀਆਂ ਬਹਾਨੇਬਾਜ਼ੀਆਂ ਤੋਂ ਭਲੀ-ਭਾਂਤ ਜਾਣੂ ਹੋ ਚੁੱਕੀ ਸੀ । ਉਹ ਸਮਝ ਗਈ ਕਿ ਵੀਰਾ ਸਕੂਲ ਤੋਂ ਛੁੱਟੀ ਕਰਨ
ਵਾਸਤੇ ਬੀਮਾਰੀ ਦਾ ਬਹਾਨਾ ਬਣਾ ਰਿਹਾ ਹੈ । ਉਹ ਚਾਹੁੰਦੀ ਸੀ ਕਿ ਵੀਰਾ ਪੜ੍ਹੇ,ਇੱਕ ਚੰਗਾ ਤੇ ਨੇਕ ਇਨਸਾਨ
ਬਣੇ ਪਰ ਦੀਪੂ ਖੁਦ ਇਸ ਸਭ ਕਾਸੇ ਦੇ ਉਲਟ ਸੋਚਦਾ ਸੀ । ਨਿੰਦੀ ਬੇਹੱਦ ਉਦਾਸ ਸੀ । ਉਹ ਆਪਣੇ ਵੀਰੇ ਨੂੰ ਡਰਦੀ
ਮਾਰੀ ਕੁਝ ਕਹਿੰਦੀ ਵੀ ਨਹੀਂ ਸੀ । ਉਹ ਦੀਪੂ ਦੀ ਖਾਹਮ-ਖਾਹ ਦੀ ਕੁੱਟ ਤੋਂ ਡਰਦੀ ਸੀ । ਬਰਾਂਡੇ 'ਚ ਆ ਕੇ ਨਿੰਦੀ ਨੇ
ਪਰਛੱਤੀ 'ਤੇ ਪਏ ਕਲੌਕ 'ਤੇ ਟਾਈਮ ਦੇਖਿਆ,ਸਵੇਰ ਦੇ ਸਾਢੇ ਪੰਜ ਵੱਜ ਗਏ ਸਨ । ਉਹ ਬਾਹਰ ਸੈਰ ਕਰਨ ਲਈ ਚਲੀ
ਗਈ । ਸਵਾ ਛੇ ਵਜੇ ਮੁੜੀ ਤੇ ਆ ਕੇ ਨਹਾਤੀ । ਫਿਰ ਨਾਸ਼ਤਾ ਕਰ ਕੇ ਸਕੂਲ ਜਾਣ ਲਈ ਤਿਆਰ ਹੋ ਗਈ । ਸਕੂਲ ਜਾਣ ਤੋਂ
ਪਹਿਲਾਂ ਉਹ ਇੱਕ ਵਾਰ ਫਿਰ ਦੀਪੂ ਨੂੰ ਜਗਾਉਣ ਲਈ ਗਈ ਪਰ ਉਹ ਦਲਿੱਦਰੀ ਨਾ ਉੱਠਿਆ । ਸਿਰ ਦੁਖਦੇ ਦਾ ਬਹਾਨਾ
ਮਾਰ ਕੇ ਪਿਆ ਰਿਹਾ । ਅਖੀਰ ਨਿੰਦੀ ਇਕੱਲੀ ਹੀ ਸਕੂਲ ਚਲੀ ਗਈ ਸੀ । -ਦੀਪੂ ਦਾ ਬਾਪੂ ਸੱਜਣ ਸਿੰਘ ਕਦੋਂ ਦਾ ਖੇਤ ਨੂੰ
ਚਲਿਆ ਗਿਆ ਸੀ । ਉਹਦੀ ਬੇਬੇ ਚਉਕੇ 'ਚੋਂ ਵਿਹਲੀ ਹੋ ਕੇ ਉਸਦੇ ਕਮਰੇ 'ਚ ਆਈ । ਦੀਪੂ ਨੂੰ ਸੁੱਤਾ ਪਿਆ ਵੇਖ
ਕੇ ਬੋਲੀ, "ਵੇ ਤੈਂ ਅੱਜ ਸਕੂਲ ਨੀ ਜਾਣਾ ?ਵੇਖ ਕਿੱਡਾ ਦਿਨ ਚੜ੍ਹ ਆਇਐ!"
"ਨਹੀਂ ਬੇਬੇ,ਅੱਜ ਮੇਰਾ ਸਿਰ ਦੁਖਦੈ! ਮੈਥੋਂ ਨਹੀਂ ਸਕੂਲ ਜਾਇਆ ਜਾਣਾ!!" ਦੀਪੂ ਚਾਦਰ ਦੀ ਲਪੇਟ ਵਿੱਚੋਂ ਹੀ
ਕੁੱਕੜ ਵਾਂਗੂੰ ਬੋਲਿਆ । ਉਹਦੀ ਬੇਬੇ ਨੇ ਮੱਥੇ 'ਤੇ ਹੱਥ ਰੱਖਕੇ ਵੇਖਿਆ । ਬੁਖਾਰ ਤਾਂ ਨਹੀਂ ਲਗਦਾ ਸੀ । ਊਂ
ਉਹ ਸਮਝ ਗਈ ਕਿ ਦੀਪੂ ਸਿਰ ਦੁਖਦੇ ਦਾ ਬਹਾਨਾ ਕਰ ਰਿਹਾ ਹੈ । ਉਹ ਬੋਲੀ, "ਉੱਠ,ਅਜੇ ਤਾਂ ਸਕੂਲ ਦਾ ਟਾਈਮ
ਹੈਗਾ ਏ । ਪੜ੍ਹਾਈ ਕਰੇਂਗਾ ਤਾਂ ਵੱਡਾ ਆਦਮੀ ਬਣੇਂਗਾ!ਨਿੰਦੀ ਤਾਂ ਕਦੋਂ ਦੀ ਸਕੂਲ ਚਲੀ ਗਈ ਹੈ ! ਕੋਹੜਿਆ
ਵਿਆ,ਤੂੰ ਵੀ ਟਾਇਮ ਸਿਰ ਉੱਠ ਕੇ ਸੈਰ ਕਰ ਆਇਆ ਕਰ! ਬਾਰਾਂ ਵਜੇ ਤਾਈਂ ਮੰਜੇ ਤੋਂ ਨਹੀਂ ਉੱਠਣਾ ਤੇ
ਤੇਰਾ ਸਿਰ ਨਾ ਦੁਖੂ ਤਾਂ ਹੋਰ ਕੀ ਦੁਖੂ ?ਉੱਠ ਪੌ ,ਦਲਿੱਦਰੀ ਨਾ ਹੋਵੇ ਕਿਸੇ ਥਾਂ ਦਾ……ਤੈਨੂੰ ਛਿੱਤਰਾਂ ਦੀ
ਕਮੀਂ ਆ ਬੱਸ ਹੋਰ ਕੁਝ ਨਹੀਂ……!" ਪਰ ਦੀਪੂ ਦੀ ਸਿਹਤ 'ਤੇ ਮਾਂ ਦੇ ਪਿਆਰ ਅਤੇ ਗੁੱਸੇ ਦਾ ਕੋਈ ਅਸਰ ਨਾ
ਹੋਇਆ । ਉਹ ਢੀਠਾਂ ਵਾਂਗ ਉਵੇਂ ਹੀ ਪਿਆ ਰਿਹਾ । ਉਸਦੀ ਮਾਂ ਉਹਨੂੰ ਉੱਠਦਾ ਨਾ ਵੇਖ ਕੇ ਚਾਹ ਦਾ
ਗਿਲਾਸ ਭਰਕੇ ਉਹਦੇ ਸਿਰਹਾਣੇ ਰੱਖ ਗਈ । ਮਾਂ ਦੇ ਜਾਣ ਤੋਂ ਬਾਅਦ ਉਹ ਉੱਠ ਕੇ ਚਾਹ ਪੀਂਣ ਲੱਗ ਪਿਆ । ਚਾਹ ਪੀ
ਕੇ ਫਿਰ ਲੰਮਾਂ ਪੈ ਗਿਆ । ਪਿਆ-ਪਿਆ ਛੱਤ ਵੱਲ ਘੂਰਦਾ ਰਿਹਾ । ਘੰਟੇ ਕੁ ਬਾਅਦ ਉੱਠਿਆ । ਧੁੱਪ ਚੰਗੀ ਤੇਜ਼
ਚੜ੍ਹ ਆਈ ਸੀ । ਉੱਠਕੇ ਉਹ ਸਿੱਧਾ ਨਲਕੇ 'ਤੇ ਗਿਆ । ਅੱਖਾਂ 'ਤੇ ਪਾਣੀ ਦੇ ਛਿੱਟੇ ਮਾਰੇ । ਵਿਹੜੇ 'ਚ ਤਾਰ ਨਾਲ
ਲਟਕਦੇ ਸਾਫੇ ਨਾਲ ਮੂੰਹ ਪੂੰਝਿਆ । ਬਰਾਂਡੇ 'ਚ ਪਏ ਮੰਜੇ ਦੇ ਸਿਰਹਾਣੇ ਵਾਲੇ ਪਾਸੇ ਲੱਤਾਂ ਲਮਕਾ ਕੇ ਬੈਠ
ਗਿਆ । ਉਹਦੀ ਮਾਂ ਬਰਾਂਡੇ 'ਚ ਝਾੜੂ ਫੇਰਨ ਲੱਗ ਪਈ । ਦੀਪੂ ਉਵੇਂ ਹੀ ਮਨੂਆਂ ਬਣਿਆ ਬੈਠਾ ਸੀ । ਮਾਂ ਝਾੜੂ
ਦੇ ਤੀਲ੍ਹੇ ਕੰਧ ਨਾਲ ਮਾਰ ਕੇ ਝਾੜੂ ਨੂੰ ਠੋਕਦਿਆਂ ਬੋਲੀ, "ਕਿਉਂ ਹਟਿਆ ਸਿਰ!" ਦੀਪੂ ਨੇ ਮਤੀਰੇ ਵਾਂਗ ਥੱਲੇ-
ਉੱਪਰ ਨੂੰ ਸਿਰ ਹਿਲਾਇਆ,ਜਿਸ ਦਾ ਭਾਵ ਸੀ ਕਿ-ਹਾਂ,ਸਿਰ ਹਟ ਗਿਆ ਹੈ ।
"ਹੁਣ ਤਾਂ ਹਟਣਾ ਹੀ ਸੀ । ਟਾਇਮ ਜੁ ਨਿਕਲ ਗਿਆ ਸਕੂਲ ਜਾਣ ਦਾ!" ਮਾਂ ਵਿਅੰਗ ਨਾਲ ਬੋਲੀ । ਉਹ ਕੱਚਾ ਜਿਹਾ ਹੋ
ਗਿਆ । ਨੀਵੀਂ ਪਾ ਕੇ ਪੈਰ ਦੇ ਅੰਗੂਠੇ ਨਾਲ ਧਰਤੀ 'ਤੇ ਘਚੋਲੇ ਜਿਹੇ ਮਾਰਦਾ ਰਿਹਾ । ਉਹਦੀ ਬੇਬੇ ਕੰਮ
ਨਿਪਟਾਉਂਦੀ ਰਹੀ । ਸਮਾਂ ਤੁਰਦਾ ਰਿਹਾ । ਦੁਪਹਿਰ ਹੋ ਗਈ । ਉਹਦਾ ਬਾਪੂ ਖੇਤੋਂ ਮੁੜ ਆਇਆ । ਉਹਨੇ ਸਾਈਕਲ
'ਤੇ ਭਾਰੀ ਪੱਠਿਆਂ ਦੀ ਪੰਡ ਰੱਖੀ ਸੀ । ਉਹ ਸਵੇਰ ਦਾ ਗਿਆ ਹੁਣ ਮੁੜਿਆ ਸੀ । ਪਹਿਲਾਂ ਉਹਨੇ ਖੇਤਾਂ 'ਚ ਪਾਣੀ
ਛੱਡਿਆ ਸੀ ਤੇ ਫਿਰ ਪੱਠੇ ਵੱਢ ਕੇ ਹੁਣ ਮੁੜਿਆ ਸੀ । ਦੀਪੂ ਨੂੰ ਘਰੇ ਬੈਠਾ ਵੇਖ ਕੇ ਬੋਲਿਆ, "ਓ ਤੂੰ ਅੱਜ
ਸਕੂਲ ਨਹੀਂ ਗਿਆ ਉਏ ?" ਬਾਪੂ ਦੀ ਅਵਾਜ਼ ਸੁਣਕੇ ਵੀ ਦੀਪੂ ਚੁੱਪ ਰਿਹਾ । ਉਹਨੂੰ ਕੋਈ ਤਸੱਲੀ-ਬਖਸ਼ ਜਵਾਬ
ਨਹੀਂ ਅਹੁੜ ਰਿਹਾ ਸੀ । ਸੱਜਣ ਸਿਹੁੰ ਨੇ ਫਿਰ ਆਪਣਾ ਸਵਾਲ ਦੁਹਰਾਇਆ ਤਾਂ ਐਤਕੀਂ ਉੱਤਰ ਦੀਪੂ ਦੀ ਬੇਬੇ ਨੇ
ਦਿੱਤਾ । ਬੋਲੀ, "ਸਿਰ ਦੁਖਦਾ ਸੀ ਨਵਾਬਜ਼ਾਦੇ ਦਾ,ਤਾਂ ਨਹੀਂ ਗਿਆ ਸਕੂਲ!"ਸੱਜਣ ਸਿੰਘ ਨੇ ਟੇਢੀ ਜਿਹੀ ਅੱਖ ਨਾਲ ਦੀਪੂ
ਵੱਲੀਂ ਵੇਖਿਆ ਤੇ ਫਿਰ ਬਿਨਾਂ ਕੁਝ ਬੋਲੇ ਹੀ ਦੁਖੀ ਜਿਹੇ ਮਨ ਨਾਲ ਵਿਹੜੇ 'ਚ ਡੱਠੀ ਮੰਜੀ 'ਤੇ ਆਣ ਬੈਠਾ ਸੀ । ਉਹ
ਪਾਣੀ ਪੀ ਕੇ ਮੰਜੀ 'ਤੇ ਲੰਮਾਂ ਪੈ ਗਿਆ । ਪੰਜ-ਸੱਤ ਮਿੰਟ ਪਿਆ ਕੁਝ ਸੋਚਦਾ ਰਿਹਾ!ਸ਼ਾਇਦ ਦੀਪੇ ਬਾਰੇ ਹੀ ਕੁਝ
ਸੋਚਦਾ ਹੋਵੇਗਾ । ਫਿਰ ਉਹ ਆਪਣੇ-ਆਪ ਨੂੰ ਝੰਜੋੜਕੇ ਝਟਕੇ ਨਾਲ ਉੱਠਿਆ । ਜਿਵੇਂ ਮਨ ਹੀ ਮਨ ਕਹਿ ਰਿਹਾ ਸੀ,
'ਉੱਠ ਭਾਈ ਸੱਜਣ ਸਿਹਾਂ! ਐਂ ਪਏ ਤੋਂ ਨਹੀਂ ਸਰਨਾ । ਢੇਰ ਸਾਰਾ ਕੰਮ ਅਜੇ ਬਾਕੀ ਪਿਆ ਹੈ । ਦੀਪੂ ਤੋਂ ਨਾ
ਕੋਈ ਉਮੀਦ ਰੱਖ!ਬੁਢਾਪੇ 'ਚ ਵੀ ਆਪਣੇ ਬਲ ਬੂਤੇ 'ਤੇ ਜ਼ਿੰਦਗੀ ਜਿਉਣੀ ਸਿੱਖ ਲੈ………!' ਪਰ ਫਿਰ ਵੀ ਉਹਨੇ
ਮੋਹ-ਵੱਸ ਦੀਪੂ ਨੂੰ ਅਵਾਜ਼ ਮਾਰੀ, "ਚੱਲ ਪੁੱਤ ਦੀਪੂ, ਮਸ਼ੀਨ ਨੂੰ ਰੁੱਗ ਲਾ, ਪੱਠੇ ਹੀ ਕੁਤਰ ਲਈਏ ਪਿਓ-ਪੁੱਤ
ਰਲਕੇ!" ਪਰ ਦੀਪੂ ਉੱਥੇ ਹੋਵੇ ਤਾਂ ਬੋਲੇ!ਉਹ ਤਾਂ ਪਿਓ ਤੋਂ ਅੱਖ ਬਚਾ ਕੇ ਕਦੋਂ ਦਾ ਘਰੋਂ ਖਿਸਕ ਗਿਆ ਸੀ । ਸੱਜਣ
ਸਿੰਘ ਪੰਜ ਕੁ ਮਿੰਟ ਬੈਠਾ ਦੀਪੂ ਨੂੰ ਉਡੀਕਦਾ ਰਿਹਾ । ਨਾ ਆਉਂਦਾ ਵੇਖ ਕੇ ਸਮਝ ਗਿਆ ਕਿ ਉਹ ਤਾਂ
ਅਵਾਰਾ-ਗਰਦੀ 'ਤੇ ਨਿਕਲ ਚੁੱਕਿਆ ਹੈ । ਉਸਦੀ ਉਡੀਕ ਕਰਨੀ ਬੇਕਾਰ ਹੈ । ਅਖੀਰ ਉੱਠ ਕੇ ਉਹ ਆਪ ਹੀ ਮਸ਼ੀਨ ਨੂੰ
ਰੁੱਗ ਲਾ-ਲਾ ਕੇ ਪੱਠੇ ਕੁਤਰਨ ਲੱਗ ਪਿਆ । ਅਜੇ ਦੋ-ਤਿੰਨ ਹੀ ਰੁੱਗ ਕੁਤਰੇ ਹੋਣਗੇ ਜਦੋਂ ਨਿੰਦੀ ਸਕੂਲੋਂ ਆ
ਗਈ । ਉਹ ਆਉਂਦਿਆਂ ਹੀ ਅੰਦਰ ਬਸਤਾ ਰੱਖ ਕੇ ਕੁਤਰਾ-ਮਸ਼ੀਨ ਨੂੰ ਪੱਠਿਆਂ ਦੇ ਰੁੱਗ ਲਾਉਣ ਲੱਗ ਪਈ । "ਰਹਿਣ
ਦੇ ਪੁੱਤ ਮੈਂ ਕੁਤਰ ਲਊਂ ਪੱਠੇ!ਤੂੰ ਰੋਟੀ-ਟੁੱਕ ਖਾਹ,ਫਿਰ ਪੜ੍ਹਾਈ ਵੀ ਕਰਨੀ ਆ……!" ਪਰ ਨਿੰਦੀ 'ਕੋਈ ਨਾ
ਬਾਪੂ' ਕਹਿ ਕੇ ਰੁੱਗ ਲਾਉਂਦੀ ਰਹੀ । ਬਾਪੂ ਮਸ਼ੀਨ ਗੇੜਦਾ ਰਿਹਾ । ਉਹ ਸੋਚ ਰਿਹਾ ਸੀ ਕਿ ਲੋਕ ਕੁੜੀਆਂ ਨੂੰ ਕਿਉਂ
ਪਸੰਦ ਨਹੀਂ ਕਰਦੇ । ਇਨ੍ਹਾਂ ਦੇ ਜੰਮਣ ਤੇ ਕਿਉਂ ਗਮਗ਼ੀਨ ਹੋ ਜਾਂਦੇ ਨੇ……ਜਦੋਂ ਕਿ ਇਹ ਤਾਂ ਅਸਲੀ ਰੱਬ ਦਾ ਰੂਪ
ਹੁੰਦੀਆਂ ਹਨ । ਸਦਾ ਮਾਂ-ਪਿਓ ਦਾ ਭਲਾ ਚਾਹੁੰਦੀਆਂ ਹਨ । ਨਿੰਦੀ ਦਾ ਸਾਊਪੁਣਾ ਸੱਜਣ ਸਿੰਘ ਤੋਂ ਪੂਰੀ
ਔਰਤ ਜਾਤ ਦੀ ਪ੍ਰਸੰਸਾ ਕਰਵਾ ਗਿਆ । ਉਸ ਦੇ ਦਿਲ ਵਿੱਚ ਪੂਰੀ ਦੁਨੀਆਂ ਭਰ ਦੀਆਂ ਕੁੜੀਆਂ ਲਈ ਸ਼ਰਧਾ ਭਰ ਗਈ
ਸੀ ।
ਨਿੰਦੀ ਵਾਕਈ ਸਾਊ ਕੁੜੀ ਸੀ । ਪੜ੍ਹਨ ਵਿੱਚ ਵੀ ਹੁਸ਼ਿਆਰ ਸੀ । ਉਹ ਛੋਟਿਆਂ ਨੂੰ ਪਿਆਰ ਤੇ ਵੱਡਿਆਂ ਦਾ ਸਤਕਾਰ
ਕਰਨਾ ਜਾਣਦੀ ਸੀ । ਉਹ ਆਲਤੂ-ਫਾਲਤੂ ਸ਼ਰਾਰਤਾਂ ਨਹੀਂ ਸੀ ਕਰਦੀ । ਕਿਸੇ ਨਾਲ ਵਾਧੂ ਅਵਾ-ਤਵਾ ਨਹੀਂ ਸੀ
ਬੋਲਦੀ । ਉਹਦੇ ਬੋਲਾਂ ਵਿੱਚ ਮਿਠਾਸ ਸੀ । ਇਸੇ ਲਈ ਉਹ ਮਾਪਿਆਂ,ਅਧਿਆਪਕਾਂ ਤੇ ਹੋਰ ਸਾਰਿਆਂ ਦੀ ਨਜ਼ਰ ਵਿੱਚ ਇੱਕ
ਚੰਗੀ ਕੁੜੀ ਸੀ । ਸਭ ਉਸਨੂੰ ਪਿਆਰ ਕਰਦੇ ਸਨ । ………ਪਰ ਦੀਪੇ ਤੇ ਨਿਰਮਲ ਵਰਗੇ ਮੁੰਡੇ ,ਜਿੰਨਾ ਲਈ ਸਭ ਦੇ ਦਿਲ
ਵਿੱਚ ਨਫ਼ਤਰ ਸੀ,ਕਿਵੇਂ ਜ਼ਿੰਦਗੀ ਦੇ ਹੀਰੋ ਬਣ ਸਕਦੇ ਸਨ । ਉਨ੍ਹਾਂ ਦੇ ਕਾਰਨਾਮਿਆਂ ਦੀ ਬਦੌਲਤ ਪੂਰੀ 'ਮੁੰਡਾ ਜਾਤ'
ਬਦਨਾਮ ਹੋ ਰਹੀ ਸੀ । ਪਤਾ ਨਹੀਂ ਕਦੋਂ ਅਜਿਹੇ ਨਲਾਇਕ ਮੁੰਡੇ ਮਾਪਿਆਂ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ
ਆਫ਼ਤ ਖੜ੍ਹੀ ਕਰਨ ਵਾਲੇ ਕਾਰਨਾਮੇ ਕਰ ਦੇਣ! .............ਸੱਜਣ ਸਿੰਘ ਇਸੇ ਹੀ ਉਧੇੜ-ਬੁਣ ਵਿੱਚ ਫਸਿਆ ਪੱਠੇ
ਕੁਤਰਦਾ ਰਿਹਾ । ਜਦੋਂ ਪੱਠੇ ਕੁਤਰੇ ਗਏ ਤਾਂ ਉਹ ਟੋਕਰੇ ਭਰ-ਭਰ ਕੇ ਪਸ਼ੂਆਂ ਦੀਆਂ ਖੁਰਲੀਆਂ ਵਿੱਚ ਪਾਉਣ ਲੱਗ
ਪਿਆ । ਨਿੰਦੀ ਰੋਟੀ ਖਾ ਕੇ ਮਾਂ ਨਾਲ ਘਰ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗ ਪਈ ਸੀ । ਸਮਾਂ ਆਪਣੀ ਤੋਰੇ ਤੁਰੀ ਜਾ
ਰਿਹਾ ਸੀ । ਦੁਪਹਿਰ ਢਲਣੀ ਸ਼ੁਰੂ ਹੋ ਗਈ ਸੀ । ਦੀਪੂ ਅਜੇ ਤੱਕ ਨਹੀਂ ਬਹੁੜਿਆ ਸੀ । ਨਿੰਦੀ ਆਪਣਾ ਬਸਤਾ ਲੈ ਕੇ ਪੜ੍ਹਨ
ਲੱਗ ਗਈ ਸੀ ।
ਕਾਂਡ-੬ ਦੀਪੂ ਦੀ ਵਾਪਸੀ (ਬਾਲ-ਨਾਵਲ)
ਦਿਨ ਕਾਫੀ ਚੜ੍ਹ ਆਇਆ ਸੀ ਪਰ ਦੀਪੂ ਅਜੇ ਵੀ ਮੰਜੇ 'ਤੇ ਪਿਆ ਸਕੂਲੋਂ ਛੁੱਟੀ ਕਰਨ ਦਾ ਬਹਾਨਾ ਸੋਚ ਰਿਹਾ
ਸੀ । ਸੱਜਣ ਸਿੰਘ ਕਮਰੇ 'ਚ ਦਾਖਲ ਹੋਇਆ । ਬਿਜਲੀ ਚਲੀ ਜਾਣ ਕਰਕੇ ਪੱਖਾ ਬੰਦ ਪਿਆ ਸੀ । ਦੀਪੂ ਪਸੀਨੇ ਨਾਲ ਭਿੱਜਿਆ ਪਿਆ
ਸੀ । ਸੱਜਣ ਸਿਹੁੰ ਨੇ ਦੀਪੂ ਨੂੰ ਇੱਕੋ ਹੀ ਝਟਕੇ ਨਾਲ ਡੌਲਿਓਂ ਫੜ੍ਹ ਕੇ ਮੰਜੇ ਤੋਂ ਥੱਲੇ ਖੜ੍ਹਾ ਕਰ ਦਿੱਤਾ । ਉਹ
ਆਪਣੀ ਕੜਕਵੀਂ ਅਵਾਜ ਵਿੱਚ ਬੋਲਿਆ, "ਕੀ ਗੱਲ ,ਅੱਜ ਵੀ ਤੇਰਾ ਸਿਰ ਦੁਖਦੈ ?ਘਰੇ ਰਹਿ ਕੇ ਵਿਹਲੀਆਂ ਖਾਣ ਦਾ
ਤੈਨੂੰ ਚਸਕਾ ਪੈ ਗਿਆ ਹੈ!ਔਹ ਕੁੜੀ ਤੈਥੋਂ ਅੱਧੀ ਐ ?! ਪੜ੍ਹਾਈ ਦੇ ਨਾਲ ਹਰ ਕੰਮ 'ਚ ਊਰੀ ਵਾਂਗ
ਘੁੰਮ ਜਾਂਦੀ ਐ । ਤੇਰੀਆਂ ਹੁਜਤਾਂ ਹੀ ਨਹੀਂ ਮਾਨ । ਅਖੇ ਮਨ ਹਰਾਮੀ,ਹੁੱਜ਼ਤਾਂ ਦਾ ਢੇਰ, ਤੇਰੀਆਂ ਇਹ
ਚਤਰਾਈਆਂ ਰੋਜ਼-ਰੋਜ਼ ਨਹੀਂ ਚੱਲਣੀਆਂ! ਚੱਲ ਨ੍ਹਾ-ਧੋ ਕੇ ਤਿਆਰ ਹੋ ਜਹਾ ਤੇ ਬੰਦਾ ਬਣਕੇ ਸਕੂਲ ਤੁਰਜਾ । ਨਿੱਤ
ਬਹਾਨੇ ਲਾ ਕੇ ਕਿੰਨੇ ਦਿਨ ਬਚਿਆ ਰਹੇਂਗਾ ਸਕੂਲ ਜਾਣ ਤੋਂ……ਸੁਣਦਾ ਐਂ ਮੈਂ ਕੀ ਆਖਨਾ ਪਿਆ
ਤੈਨੂੰ ?!" ਸੱਜਣ ਸਿੰਘ ਦੀ ਅਵਾਜ਼ ਵਿੱਚ ਗੁੱਸਾ ਵਿਹੁ ਬਣਿਆ ਪਿਆ ਸੀ । ਦੀਪੂ ਬੁਰੀ ਤਰ੍ਹਾਂ ਡਰ ਗਿਆ ਸੀ । ਉਸ ਨੇ
ਸੋਚਿਆ ਜੇ ਅੱਜ ਜਰਾ ਕੁ ਵੀ ਜਵਾਬ-ਤਲਬੀ ਕੀਤੀ ਤਾਂ ਬਾਪੂ ਦਾ ਛਿੱਤਰ-ਪਤਾਣ ਹੋਣ ਨੂੰ ਦੇਰ ਨਹੀਂ ਲੱਗਣੀ । ਉਹ ਡਰਿਆ-
ਡਰਿਆ ਜਿਹਾ ਬਾਹਰ ਵਿਹੜੇ ਵੱਲ ਨੂੰ ਤੁਰ ਆਇਆ । ਨਲਕੇ ਤੇ ਆ ਕੇ ਅਣਮੰਨੇ ਜਿਹੇ ਮਨ ਨਾਲ ਮੂੰਹ ਧੋਣ ਲੱਗ
ਪਿਆ । ਨਹਾਤਾ ਨਹੀਂ,ਬੱਸ ਮਾੜਾ ਜਿਹਾ ਮੂੰਹ ਧੋ ਕੇ ਤੇ ਸਿਰ ਉੱਤੇ ਵਿੰਗੀ-ਟੇਢੀ ਜਿਹੀ ਪੱਗ ਵਲੇਟ ਕੇ ਰਸੋਈ 'ਚ
ਆਣ ਖੜ੍ਹਾ ਤੇ ਮਾਂ ਤੋਂ ਚਾਹ ਦਾ ਗਿਲਾਸ ਫੜ੍ਹ ਕੇ ਮੰਜੇ 'ਤੇ ਬਹਿ ਕੇ ਪੀਣ ਲੱਗ ਪਿਆ । ਉਸਨੇ ਤਿਰਛੀ ਨਜ਼ਰ ਨਾਲ
ਬਾਪੂ ਵੱਲੀਂ ਵੇਖਿਆ । ਬਾਪੂ ਖੁਰਲੀਆਂ 'ਚ ਪਸ਼ੂਆਂ ਦੇ ਪੱਠੇ ਲੋਟ ਕਰ ਰਿਹਾ ਸੀ । ਦੀਪੂ ਅੱਜ ਬਾਪੂ ਦੇ ਗੁੱਸੇ ਨੂੰ
ਤਾੜ ਗਿਆ ਸੀ । ਉਸਨੇ ਸਮਝਿਆ-ਬਾਪੂ ਅੱਜ ਬੁਰੀ ਤਰ੍ਹਾਂ ਕੁੱਟੂਗਾ,ਇਸ ਲਈ ਕੋਈ ਝੂਠਾ ਬਹਾਨਾ ਬਣਾ ਕੇ ਘਰੇ
ਰਹਿਣਾ ਠੀਕ ਨਹੀਂ ਹੈ । ਉਹ ਚਾਹ ਪੀ ਕੇ ਬਸਤਾ ਚੁੱਕ ਸਕੂਲ ਨੂੰ ਤੁਰ ਪਿਆ । ਸਕੂਲ ਜਾਣ ਦੀ ਚਿੰਤਾ ਨੇ ਉਸਦੀ
ਭੁੱਖ ਹੀ ਮਾਰ ਦਿੱਤੀ ਸੀ । ਨਾ ਉਸਨੇ ਰੋਟੀ ਖਾਧੀ ਤੇ ਹੀ ਪੋਣੇ 'ਚ ਲਪੇਟ ਕੇ ਅੰਬ ਦੇ ਅਚਾਰ ਨਾਲ ਰੋਜ਼ ਵਾਂਗ ਦੋ
ਪਰੌਠੇ ਬਸਤੇ ਵਿੱਚ ਪਾਏ । ਸਕੂਲ ਪਹੁੰਚ ਕੇ ਮਾਸਟਰਾਂ ਦੀ ਕੁੱਟ ਤੋਂ ਬਚਣ ਦੀ ਕੋਈ ਨਵੀਂ ਤਰਕੀਬ ਸੋਚਦਾ
ਰਿਹਾ । ਉਸਨੂੰ ਆਖਰ ਬੀਮਾਰੀ ਦਾ ਬਹਾਨਾ ਮਿਲ ਗਿਆ । ਅੱਜ ਜਦੋਂ ਵੀ ਕੋਈ ਸੰਕਟ ਦਾ ਵੇਲਾ ਆਇਆ ਤਾਂ-
'ਮਾਸਟਰ ਜੀ,ਮੈਂ ਕੱਲ ਬੀਮਾਰ ਹੋ ਗਿਆ ਸੀ!' ਕਹਿ ਕੇ ਹਰ ਬੁਲਾ ਨੂੰ ਟਾਲਦਾ ਰਿਹਾ । ਅੱਜ ਦਾ ਦਿਨ ਕਿਵੇਂ ਨਾ ਕਿਵੇਂ
ਕੁੱਟ ਤੋਂ ਬਚਿਆ ਰਿਹਾ । ਦੁਪਹਿਰੇ ਛੁੱਟੀ ਹੋਈ ਤਾਂ ਬਸਤਾ ਚੁੱਕ ਕੇ ਘਰ ਆ ਗਿਆ । ਘਰ ਆ ਕੇ ਅਗਲੇ ਦਿਨ ਵਾਸਤੇ
ਕੋਈ ਉਪਾਅ ਸੋਚਣ ਲੱਗ ਪਿਆ । ਉਸਨੇ ਮਨ ਵਿੱਚ ਕਈ ਵਿਚਾਰ ਬਣਾਏ ਕਿ ਕੱਲ੍ਹ ਨੂੰ ਕਿਵੇਂ ਸਕੂਲੋਂ ਛੁੱਟੀ ਕੀਤੀ
ਜਾਵੇ!ਹਰ ਵਿਚਾਰ 'ਤੇ ਬਾਪੂ ਦਾ ਗੁਸੈਲ ਤੇ ਰੋਹ ਭਰਿਆ ਚਿਹਰਾ ਉਹਦੇ ਅੱਗੇ ਆਣ ਖੜ੍ਹਦਾ । ਬਾਪੂ ਦੇ ਪੈਰੀਂ
ਪਾਈ ਸੁੱਕੇ ਕੁਰਮ ਦੀ ਮਜ਼ਬੂਤ ਜੁੱਤੀ ਉਸਨੂੰ ਨਜ਼ਰੀ ਆਉਣ ਲੱਗ ਜਾਂਦੀ । ਕੋਈ ਬਣਿਆ-ਬਣਾਇਆ ਬਹਾਨਾ
ਆਪਣੇ ਆਪ ਹੀ ਰੱਦ ਹੋ ਜਾਂਦਾ । ਫਿਰ ਆਖਰ ਨੂੰ ਢੇਰ ਸਾਰੀਆਂ ਸੋਚ ਵਿਚਾਰਾਂ ਤੋਂ ਬਾਅਦ ਉਸਨੇ 'ਚਾਰ ਸੌ
ਬੀਸੀ' ਦੀ ਇੱਕ ਨਵੀਂ ਸਕੀਮ ਸੋਚ ਹੀ ਲਈ । ਮਾਨੋ ਅਗਲੇ ਦਿਨ ਵਾਸਤੇ ਉਹ ਚਿੰਤਾ ਮੁਕਤ ਹੋ ਗਿਆ । ਉਸ ਦਿਨ ਉਹ
ਰਾਤ ਨੂੰ ਬੇ-ਫਿਕਰ ਹੋ ਕੇ ਸੰਵਿਆਂ ।
ਅਗਲੇ ਦਿਨ ਉਹ ਸਵੇਰੇ ਹੀ ਉੱਠ ਪਿਆ । ਬਿਨਾਂ ਕਿਸੇ ਦੇ ਕਹੇ ਨਹਾ ਧੋ ਕੇ ਸਕੂਲ ਜਾਣ ਲਈ ਤਿਆਰ ਹੋ ਗਿਆ । ਬੇਬੇ-
ਬਾਪੂ ਨੇ ਸੋਚਿਆ ਕਿ ਮੁੰਡਾ ਸੁਧਰ ਗਿਆ ਹੈ । ਉਹ ਖੁਸ਼ ਸਨ । ਛੋਟੀ ਭੈਣ ਨਿੰਦੀ ਵੀ ਅੱਜ ਵੀਰੇ ਨੂੰ ਦੇਖ-ਦੇਖ
ਹੈਰਾਨ ਹੋ ਰਹੀ ਸੀ । ਉਹ ਹੈਰਾਨ ਵੀ ਸੀ ਤੇ ਖੁਸ਼ ਵੀ ਕਿ ਵੀਰੇ ਦੇ ਵਤੀਰੇ ਵਿੱਚ ਤਬਦੀਲੀ ਆਈ ਹੈ । ਹੁਣ ਉਹ ਪੜ੍ਹਾਈ
ਵਿੱਚ ਜ਼ਰੂਰ ਮੱਲਾਂ ਮਾਰੇਗਾ! ਸਕੂਲ ਟਾਇਮ ਤੋਂ ਦਸ ਮਿੰਟ ਪਹਿਲਾਂ ਹੀ ਦੀਪੂ ਬਸਤਾ ਚੁੱਕ ਕੇ ਸਕੂਲ ਤੁਰ
ਗਿਆ । ਬਾਪੂ ਵੀ ਆਪਣੇ ਕੰਮ ਧੰਦੇ ਕਰਨ ਘਰੋਂ ਬਾਹਰ ਨਿਕਲ ਗਿਆ । ਬੇਬੇ ਘਰ ਦੇ ਕੰਮਾਂ ਵਿੱਚ ਲੀਨ ਹੋ
ਗਈ । ਉਧਰ ਦੀਪੂ ਘਰੋਂ ਨਿਕਲ ਕੇ ਸਕੂਲ ਜਾਣ ਦੀ ਬਜਾਏ ਪਿੰਡੋਂ ਬਾਹਰ ਬਣੀ 'ਬਲਦੇਵ ਸੰਤਾਂ ਦੀ ਕੁਟੀਆ' ਵਿੱਚ
ਪਹੁੰਚ ਗਿਆ । ਸੰਤ ਤਾਂ ਕਈ ਸਾਲ ਪਹਿਲਾਂ ਹੀ ਪੰਜ ਤੱਤਾਂ ਵਿੱਚ ਵਲੀਨ ਹੋ ਗਏ ਸਨ ਪਰ ਉਨ੍ਹਾਂ ਵੱਲੋਂ ਆਪਣੇ ਜੀਵਨ
ਕਾਲ ਵਿੱਚ ਬਣਾਈ 'ਕੁਟੀਆ' ਹੁਣ ਉਨ੍ਹਾਂ ਦੇ ਨਾਮ 'ਬਲਦੇਵ ਸੰਤਾਂ ਦੀ ਕੁਟੀਆ' ਦੇ ਨਾਂ ਨਾਲ ਜਾਣੀ ਜਾਂਦੀ ਸੀ । ਕਰੀਬ
ਅੱਧੇ ਕਿੱਲੇ ਜਿੰਨੀ ਜ਼ਮੀਨ ਦੀ ਥਾਂ 'ਤੇ ਬਣੀ ਇਸ ਪਵਿੱਤਰ ਥਾਂ ਦੇ ਚਾਰੇ ਪਾਸੇ ਬੇਰੀਆਂ, ਨੜੇ, ਤੇ ਬਾਂਸ ਉੱਗੇ
ਹੋਏ ਸਨ । ਕੁਟੀਆ ਦੇ ਚਾਰੇ ਪਾਸੇ ਇਹ ਹਰਿਆਲੀ ਵਾੜ ਸੰਤਾਂ ਨੇ ਆਪਣੇ ਜੀਵਨ ਕਾਲ ਵਿੱਚ ਖੁਦ ਆਪਣੇ ਹੱਥੀਂ
ਕਰਵਾਈ ਸੀ । ਇੱਥੇ ਹਰ ਸੰਗਰਾਂਦ ਵਾਲੇ ਦਿਨ ਮੇਲਾ ਲੱਗਦਾ ਸੀ । ਊਂ ਵੀ ਇੱਥੇ ਆਸ ਪਾਸ ਦੇ ਪਿੰਡਾਂ ਦੇ ਲੋਕ
ਸੰਤਾਂ ਕੋਲ ਚੰਗੇ ਵਿਚਾਰ ਸੁਣਨ ਅਤੇ ਸੰਤਾਂ ਤੋਂ ਕਈ ਬੀਮਾਰੀਆਂ ਦੀ ਦਵਾਈ-ਬੂਟੀ ਲੈਣ ਆਉਂਦੇ ਜਾਂਦੇ
ਰਹਿੰਦੇ ਸਨ । ਇੱਥੇ ਇੱਕ ਕਮਰੇ ਵਿੱਚ ਸੰਤ ਜੀ , ਸ਼੍ਰੀ ਗੁਰੁ ਗਰੰਥ ਸਾਹਿਬ ਦਾ ਪਾਠ ਕਰਦੇ ਸਨ । ਪਾਠ ਪੂਰਾ ਕਰਕੇ
ਸੰਗਰਾਂਦ ਨੂੰ ਭੋਗ ਪੈਂਦਾ ਤੇ ਫਿਰ ਦੁਬਾਰਾ ਪੂਰਾ ਮਹੀਨਾ ਸੰਤ ਜੀ ਰੋਜ਼ ਥੋਹੜਾ-ਥੋਹੜਾ ਪਾਠ
ਕਰਦੇ । ਇਉਂ ਫਿਰ ਸੰਗਰਾਂਦ ਤੱਕ ਪਾਠ ਚਲਦਾ ਰਹਿੰਦਾ ਸੀ……! ਇਸ ਪਵਿੱਤਰ ਜਗ੍ਹਾ ਆ ਕੇ ਦੀਪੂ ਨੇ ਆਪਣਾ
ਬਸਤਾ ਇੱਕ ਬੇਰੀ ਦੇ ਤਣੇ ਨਾਲ ਰੱਖ ਕੇ ਉੱਪਰ ਸੁੱਕੇ ਪੱਤੇ ਵਿਛਾ ਦਿੱਤੇ । ਆਪ ਵੀ ਉਹ ਸਾਰਾ ਦਿਨ ਬੇਰੀਆਂ ਦੇ
ਝੁੰਡ ਵਿੱਚ ਲੁਕ ਕੇ ਬੈਠਾ ਰਿਹਾ । ਟਾਂਵੇ-ਟਾਂਵੇ ਆਪਣੇ ਆਪ ਪੱਕ ਕੇ ਡਿੱਗੇ ਬੇਰ ਲੱਭ-ਲੱਭ ਕੇ ਖਾਂਦਾ ਰਿਹਾ । ਵਕਤ
ਗੁਜ਼ਰਦਾ ਰਿਹਾ । ਅਖੀਰ ਦੁਪਹਿਰ ਵੇਲੇ ਸਕੂਲ ਦੀ ਛੁੱਟੀ ਦੇ ਟਾਇਮ ਬਸਤਾ ਚੁੱਕ ਕੇ ਘਰ ਆ ਗਿਆ । ਮਾਪਿਆਂ ਨੇ
ਸਮਝਿਆ ਮੁੰਡਾ ਸਕੂਲੋਂ ਪੜ੍ਹ ਕੇ ਆਇਆ ਹੈ । ਘਰ ਆਏ ਨੂੰ ਮਾਂ ਨੇ ਆਦਰ ਨਾਲ ਚਾਹ ਰੋਟੀ ਦਿੱਤੀ । ਪਿਆਰ
ਕੀਤਾ । ਸਿਰ ਪਲੋਸਿਆ । ਖਾ ਪੀ ਕੇ ਦੀਪੂ ਫਿਰ ਘਰੋਂ ਬਾਹਰ ਨਿਕਲ ਗਿਆ ਤੇ ਜਾ ਲੱਗਿਆ ਨਿਰਮਲ ਨਾਲ ਖੇਡਣ! ਇੱਥੇ ਖੇਡਣ
ਦਾ ਭਾਵ ਇੱਲਤਾਂ ਹੀ ਕਹੀਆਂ ਜਾ ਸਕਦੀਆਂ ਹਨ ਕਿਉਂਕਿ ਨਿਰਮਲ ਤੇ ਦੀਪੂ ਦੀਆਂ ਖੇਡਾਂ ਬੇਹੂਦੀਆਂ ਇੱਲਤਾਂ
ਤੋਂ ਸਿਵਾ ਹੋਰ ਕੁਝ ਵੀ ਨਹੀਂ ਹੁੰਦੀਆਂ!
ਇਉਂ ਪੰਜ-ਸੱਤ ਦਿਨ ਦੀਪੂ ਦਾ ਸਕੂਲ ਦੀ ਬਜਾਏ ਕੁਟੀਆ ਵਿੱਚ ਜਾਣ ਦਾ ਢੌਂਗ ਚਲਦਾ ਰਿਹਾ । ਅਖੀਰ ਕਦ ਤੱਕ ਚੱਲਦੀ
ਇਹ ਨਾਟਕਬਾਜ਼ੀ ? ਇੱਕ ਦਿਨ ਕਿਸੇ ਪਿੰਡ ਦੇ ਬੰਦੇ ਨੇ ਦੀਪੂ ਨੂੰ ਕੁਟੀਆ ਦੀਆਂ ਝਾੜੀਆਂ ਵਿੱਚ ਲੁਕਿਆ ਬੈਠਾ
ਵੇਖ ਲਿਆ । ਖਬਰ ਸੱਜਣ ਸਿੰਘ ਤੱਕ ਪਹੁੰਚ ਗਈ । ਸੱਜਣ ਸਿੰਘ ਨੇ ਲੁਕੇ ਬੈਠੇ ਦੀਪੂ ਨੂੰ ਜਾ ਫੜ੍ਹਿਆ ਤੇ ਕੁਟਦਾ-
ਕੁਟਦਾ ਹੀ ਘਰ ਤੱਕ ਲੈ ਕੇ ਆਇਆ । ਦੀਪੂ ਰੋ ਰਿਹਾ ਸੀ ਪਰ ਗੁੱਸੇ 'ਚ ਭਰੇ-ਪੀਤੇ ਪਿਓ ਨੇ ਉਸਦਾ ਰੋਣ ਨਹੀਂ
ਵੇਖਿਆ । ਸਗੋਂ ਰੋਂਦਾ-ਰੋਂਦਾ ਹੀ ਘਰੇ ਮਾਂ ਮੂਹਰੇ ਲਿਆ ਸੁੱਟਿਆ । ਫਿਰ ਵੀ ਮਾਂ ਆਖਰ ਮਾਂ ਹੁੰਦੀ ਹੈ । ਉਸ
ਤੋਂ ਦੀਪੂ ਦਾ ਰੋਣਾ ਵੇਖਿਆ ਨਾ ਗਿਆ । ਝੱਟ ਮਾਂ ਨੇ ਗੋਦ 'ਚ ਲੈ ਕੇ ਲਾਡ ਕੀਤਾ । ਖੂਬ ਦੁਲਾਰਿਆ । ਮਿੰਨਤਾਂ ਕਰ-
ਕਰ ਰੋਟੀ ਖਵਾਈ, ਚਾਹ ਪਿਆਈ । ਪਰ ਉਸ ਕੋਹੜੀ ਨੇ ਨਾ ਪਿਓ ਦੀ ਕੁੱਟ ਨੂੰ ਮੰਨਿਆ ਤੇ ਨਾ ਮਾਂ ਦੇ ਲਾਡਾਂ ਦੀ
ਕਦਰ ਕੀਤੀ । ਸ਼ਾਮ ਹੁੰਦਿਆਂ ਹੀ ਉਹ ਘਰੋਂ ਅਵਾਰਾ ਗਰਦੀ 'ਤੇ ਨਿਕਲ ਤੁਰਿਆ ।
ਰਾਤੀਂ ਨਿੱਕੀ ਭੈਣ ਨਿੰਦੀ ਸਮਝਾਉਣ ਲੱਗ ਪਈ । ਦੀਪੂ ਨੂੰ ਪੜ੍ਹਾਈ ਦੇ ਫਾਇਦੇ ਦੱਸੇ ਪਰ ਅੱਖੜ ਸੋਚ ਵਾਲੇ
ਦੀਪੂ ਨੇ ਘੁਰਕ ਕੇ ਉਹ ਵੀ ਚੁੱਪ ਕਰਵਾ ਦਿੱਤੀ । ਵਿਚਾਰੀ ਨਿੰਦੀ ਡਰਦੀ ਮਾਰੀ ਕੁਝ ਨਾ ਬੋਲ ਸਕੀ । ਬੋਲਦੀ ਕਿਵੇਂ ? ਪਤਾ ਸੀ
ਡਾਢਾ ਵੀਰ ਚਪੇੜ ਕੱਢ ਕੇ ਮਾਰੇਗਾ । ਇਸ ਲਈ ਵੀਰ ਲਈ ਦਿਲ ਵਿੱਚ ਆਈਆਂ ਚੰਗੀਆਂ ਗੱਲਾਂ ਬੁੱਲ੍ਹਾਂ 'ਚੋਂ ਨਿਕਲ ਨਾ
ਸਕੀਆਂ । ਉਹ ਗਈ ਰਾਤ ਤੱਕ ਆਪਣੇ ਦੀਪੂ ਵੀਰ ਬਾਰੇ ਸੋਚਦੀ ਰਹੀ ਤੇ ਅਖੀਰ ਸੌਂ ਗਈ । ਦੂਜੇ ਦਿਨ ਸੱਜਣ ਸਿੰਘ ਨੇ
ਦੀਪੂ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਸਾਡਾ ਇਕਲੌਤਾ ਪੁੱਤ ਏਂ । ਤੇਰੇ 'ਤੇ ਹੀ ਸਾਡੀਆਂ ਸਭ ਆਸਾਂ-
ਉਮੀਦਾਂ ਜੀਵਤ ਹਨ । ਤੂੰ ਹੀ ਪੜ੍ਹ ਲਿਖ ਕੇ ਘਰ ਦੀ ਗਰੀਬੀ ਦੂਰ ਕਰਨੀ ਹੈ । ਇਸ ਲਈ ਦਿਲ ਲਗਾ ਕੇ ਪੜ੍ਹਿਆ ਕਰ । ਸਕੂਲ
ਜਾਇਆ ਕਰ । ਰਹੀ ਗੱਲ ਮਾਸਟਰਾਂ ਦੀ ਕੁੱਟ ਦੀ ,ਜੇ ਤੂੰ ਮਨ-ਚਿੱਤ ਲਗਾ ਕੇ ਪੜ੍ਹਾਈ ਕਰੇਂਗਾ , ਸਕੂਲ ਦਾ ਸਾਰਾ ਕੰਮ
ਨਿਯਮਤ ਢੰਗ ਨਾਲ ਕਰੇਂਗਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਮਾਸਟਰ ਕੁੱਟ ਜਾਣ । ਸਕੂਲੋਂ ਕੁੱਟ ਹਮੇਸ਼ਾ
ਉਨ੍ਹਾਂ ਬੱਚਿਆਂ ਦੇ ਹੀ ਪੈਂਦੀ ਹੈ ਜੋ ਪੜ੍ਹਾਈ ਨਹੀਂ ਸਗੋਂ ਇੱਲਤਾਂ ਕਰਦੇ ਰਹਿੰਦੇ ਹਨ । ਚੰਗੇ ਤੇ ਹੁਸ਼ਿਆਰ
ਬੱਚੇ ਮਾਸਟਰਾਂ ਨੂੰ ਪਿਆਰੇ ਲੱਗਦੇ ਹਨ । ਜੇ ਕਦੇ ਮਾਸਟਰ ਜੀ ਕੁੱਟਦੇ ਵੀ ਹਨ ਤਾਂ ਬੱਚਿਆਂ ਦੇ ਭਲੇ ਵਾਸਤੇ! ਦੀਪੂ
ਪਿਓ ਦੀਆਂ ਗੱਲਾਂ ਚੁੱਪ-ਚਾਪ ਬੈਠਾ ਸੁਣਦਾ ਰਿਹਾ ਪਰ ਪਿਓ ਦੀਆਂ ਕੀਮਤੀ ਗੱਲਾਂ ਦਾ ਅਸਰ ਉੱਕਾ ਨਾ
ਕਬੂਲਿਆ । ਉਸ ਵਕਤ ਉਹਨੂੰ ਪਿਓ 'ਤੇ ਗੁੱਸਾ ਆ ਰਿਹਾ ਸੀ ਪਰ ਉਹ ਗੁੱਸਾ ਅੰਦਰੇ-ਅੰਦਰ ਪੀਈ ਜਾ ਰਿਹਾ ਸੀ । ਪਿਓ
ਨੇ ਸਮਝਾ-ਬੁਝਾ ਕੇ ਉਹਨੂੰ ਬਾਹੋਂ ਫੜ੍ਹ ਕੇ ਉਠਾਇਆ । ਉਹ ਅਣਮੰਨੇ ਜਿਹੇ ਮਨ ਨਾਲ ਮੂੰਹ ਹੱਥ ਧੋ
ਕੇ ਤਿਆਰ ਹੋ ਗਿਆ ਤੇ ਬਸਤਾ ਚੁੱਕ ਕੇ ਸਕੂਲ ਨੂੰ ਤੁਰ ਪਿਆ । ਸੋਚੀਂ ਡੁੱਬਿਆ ਉਹ ਪਤਾ ਨਹੀਂ ਕਿਹੜੇ ਵੇਲੇ
ਸਕੂਲ ਪਹੁੰਚ ਗਿਆ । ਸਕੂਲ ਅਜੇ ਲੱਗਿਆ ਨਹੀਂ ਸੀ । ਦੀਪੂ ਕਲਾਸ ਵਿੱਚ ਬਸਤਾ ਰੱਖ ਕੇ ਸਕੂਲੋਂ ਬਾਹਰ ਆ ਗਿਆ । ਉਹ
ਬਾਹਰ ਸੜਕ 'ਤੇ ਖੜ੍ਹਾ ਵੀ ਕਈ ਕੁਝ ਸੋਚਦਾ ਰਿਹਾ । ਸੋਚੀਂ ਡੁੱਬਿਆ ਹੀ ਉਹ ਆਪ ਮੁਹਾਰਾ ਸੜਕੇ-ਸੜਕ ਤੁਰ
ਪਿਆ । ਜਾਣਾਂ ਕਿੱਥੇ ਹੈ ? ਮੰਜ਼ਿਲ ਦਾ ਉਸ ਨੂੰ ਕੁਝ ਵੀ ਪਤਾ ਨਹੀਂ ਸੀ । ਸਕੂਲ ਤੋਂ ਸੌ ਕੁ ਗਜ ਦੂਰ ਆ ਕੇ
ਉਸਨੇ ਇੱਕ ਵਾਰ ਪਿਛਾਂਹ ਵੱਲ ਨਿਗਾਹ ਮਾਰੀ । ਫਿਰ ਛਾਂ ਵੇਖ ਕੇ ਉਹ ਸੜਕ ਕਿਨਾਰੇ ਇੱਕ ਰੁੱਖ ਥੱਲੇ ਖੜ੍ਹਾ ਹੋ
ਗਿਆ । ਉਸ ਦੇ ਮਸਤਕ ਵਿੱਚ ਉਲਟੀਆਂ ਸਿੱਧੀਆਂ ਸੋਚਾਂ ਨੇ ਤਰਥੱਲ ਮਚਾਇਆ ਹੋਇਆ ਸੀ । 'ਪੜ੍ਹਾਈ!' ਉਸ ਨੇ
ਸੋਚਿਆ ਕਿ ਕਿੰਨਾ ਬੁਰਾ ਜਿਹਾ ਲਫ਼ਜ਼ ਹੈ । ਜੇਲ੍ਹ ਵਾਂਗ ਸਾਰਾ ਦਿਨ ਸਕੂਲ ਵਿੱਚ ਤੜੇ ਰਹੋ! ਇਹ ਸਭ ਫ਼ਜ਼ੂਲ ਹੈ । ਦੁਨੀਆਂ
ਨੂੰ ਕੀ ਲੋੜ ਹੈ ਪੜ੍ਹਾਈ ਦੀ ,ਬਿਨ ਪੜ੍ਹਿਆਂ ਵੀ ਤਾਂ ਜ਼ਿੰਦਗੀ ਜੀਵੀ ਜਾ ਸਕਦੀ ਹੈ ! ਜੋ ਨਹੀਂ ਪੜ੍ਹਦੇ ਕੀ ਉਹ ਮਰ
ਜਾਂਦੇ ਹਨ ? ਉਹ ਵੀ ਜ਼ਿੰਦਗੀ ਜੀ ਰਹੇ ਹਨ! ਬੇਫ਼ਿaਮਪ;ਕਰ,ਬੇਖੌਫ਼ ਹੋ ਕੇ………ਜ਼ਿੰਦਗੀ ਆਜ਼ਾਦ ਜੀਵੀ ਜਾਵੇ ਤਾਂ ਸਭ ਤੋਂ
ਬਿਹਤਰ ਹੈ! ਆਜਾਦੀ ਤਾਂ ਮਜ਼ਾ ਹੀ ਕੁਝ ਹੋਰ ਹੁੰਦਾ ਹੈ………!
ਇਹੋ ਜਿਹੀਆਂ ਬੌਣੀਆਂ ਤੇ ਵਿਕਲਾਂਗ ਸੋਚਾਂ ਸੋਚਦਾ ਅਚਾਨਕ ਦੀਪੂ ਭੱਜ ਕੇ ਸੜਕ ਤੋਂ ਲੰਘ ਰਹੀ ਇੱਕ ਟਰਾਲੀ ਪਿੱਛੇ
ਲਮਕ ਗਿਆ ਤੇ ਹੌਲੀ-ਹੌਲੀ ਟਰਾਲੀ ਦੇ ਵਿਚਕਾਰ ਜਾ ਕੇ ਬੈਠ ਗਿਆ । ਟਰਾਲੀ ਵਿੱਚ ਦੋ ਤੇਲ ਵਾਲੇ ਖਾਲੀ ਡਰੰਮ ਰੱਖੇ ਹੋਏ
ਸਨ । ਟਰੈਕਟਰ-ਟਰਾਲੀ ਵਾਲੇ ਸ਼ਾਇਦ ਡੀਜ਼ਲ ਲੈਣ ਵਾਸਤੇ ਸ਼ਹਿਰ ਨੂੰ ਜਾ ਰਹੇ ਸਨ । ਟਰਾਲੀ ਦੀ 'ਖੜ੍ਹ-ਖੜ੍ਹ' ਤੇ ਟਰੈਕਟਰ ਦੀ 'ਪਿੱਟ-
ਪਿੱਟ' ਦੀ ਅਵਾਜ਼ ਦੇ ਨਾਲ ਦੀਪੂ ਦੀਆਂ ਬੇ-ਲਗਾਮ ਸੋਚਾਂ ਵੀ ਜਾਰੀ ਸਨ । ਦੀਪੂ ਸੋਚੀਂ ਡੁੱਬਿਆ,ਰੇਤ ਦੇ ਘਰ ਉਸਾਰਦਾ
ਪਤਾ ਨਹੀਂ ਕਦੋਂ ਸ਼ਹਿਰ ਅੱਪੜ ਗਿਆ ।
ਕਾਂਡ-੭ ਦੀਪੂ ਦੀ ਵਾਪਸੀ (ਬਾਲ-ਨਾਵਲ)
ਦੀਪੂ ਸ਼ਹਿਰ ਪਹੁੰਚ ਡੌਰ-ਭੌਰ ਜਿਹਾ ਬਾਜ਼ਾਰ ਵਿੱਚ ਘੁੰਮਦਾ ਫਿਰਦਾ ਰਿਹਾ । ਘੁੰਮਦਿਆਂ ਘੁੰਮਦਿਆਂ ਤਿੰਨ-
ਚਾਰ ਘੰਟੇ ਬੀਤ ਗਏ । ਉਸ ਦੀਆਂ ਲੱਤਾਂ ਥੱਕ ਗਈਆਂ ਸਨ । ਭੁੱਖ ਨੇ ਜ਼ੋਟ ਫੜ੍ਹ ਲਿਆ ਸੀ । ਗਰਮੀ ਨਾਲ ਪਿੰਡੇ ਉੱਤੇ
ਸੂਈਆਂ ਚੁਭ ਰਹੀਆਂ ਸਨ । ਇੱਕ ਥਾਂ ਸੜਕ ਦੇ ਕਿਨਾਰੇ ਲੱਗੇ ਨਲਕੇ ਤੋਂ ਉਸ ਨੇ ਪਾਣੀ ਪੀਤਾ । ਆਹਾ! ਅੰਦਰ ਠੰਡ
ਵਰਤ ਗਈ । ਉਸ ਨੇ ਠੰਡੇ ਮਨ ਨਾਲ ਸੋਚਿਆ ਕਿ ਵਾਪਸ ਘਰ ਨੂੰ ਚਲਿਆ ਜਾਵਾਂ! ਪਰ ਫਿਰ ਸਕੂਲ ਇੱਕ ਹਊਆ ਬਣਕੇ
ਉਸ ਦੀਆਂ ਅੱਖਾਂ ਸਾਹਵੇਂ ਖੜ੍ਹਾ ਹੋ ਗਿਆ । ਉਸਨੇ ਨਾਂਹ ਵਿੱਚ ਸਿਰ ਹਿਲਾ ਕੇ ਆਪਣੀ ਸੋਚ ਨੂੰ ਆਪੇ ਹੀ
ਗਲਤ-ਮਲਤ ਕਰ ਦਿੱਤਾ । ਹੁਣ ਉਸਨੇ ਆਪਣਾ ਧਿਆਨ ਬਾਜ਼ਾਰ ਵਿੱਚ ਚੱਲ ਰਹੇ ਵਾਹਨਾਂ ਉੱਤੇ ਕੇਂਦਰਿਤ ਕਰ
ਲਿਆ । ਮੋਟਰਾਂ-ਕਾਰਾਂ-ਸਕੂਟਰਾਂ ਦਾ ਅਜੀਬ ਸ਼ੋਰ ਸੀ । ਉਸਦੀ ਸੋਚ ਵੀ ਵਾਹਨਾਂ ਦੇ ਸ਼ੋਰ ਵਿੱਚ ਦਫ਼ਨ ਹੋ ਗਈ । ਹਲਵਾਈਆਂ
ਦੀਆਂ ਸਜੀਆਂ ਦੁਕਾਨਾਂ ਵੇਖ ਕੇ ਉਸਦੀ ਭੁੱਖ ਚਮਕ ਗਈ । ਕੜਾਹੀਆਂ ਵਿੱਚ ਤਲੇ ਜਾ ਰਹੇ ਸਮੋਸਿਆਂ ਦੀ ਮਹਿਕ
ਉਸਦੇ ਦਿਮਾਗ ਨੂੰ ਚੜ੍ਹ ਰਹੀ ਸੀ । ਉਸਨੇ ਜੇਬ ਵਿੱਚ ਹੱਥ ਮਾਰਿਆ । ਜੇਬ ਖਾਲੀ ਸੀ । ਖਾਲੀ ਜੇਬ ਵੇਖ ਕੇ ਉਹ ਉਦਾਸ
ਜਿਹਾ ਹੋ ਗਿਆ । ਘਰ ਵਾਪਸ ਮੁੜਨ ਦੀ ਇੱਛਾ ਫਿਰ ਪ੍ਰਬਲ ਹੋ ਗਈ । ਅਚਾਨਕ ਇੱਕ ਪਾਸੇ ਭੀੜ ਜਿਹੀ ਵੇਖ ਉਹ ਉਧਰ
ਨੂੰ ਹੋ ਤੁਰਿਆ । ਉਸਨੇ ਕੋਲ ਜਾ ਕੇ ਵੇਖਿਆ,ਮਦਾਰੀ ਖੇਡਾ ਪਾ ਰਿਹਾ ਸੀ । ਮਦਾਰੀ ਦਾ ਖੇਲ ਵੇਖਣ ਲਈ ਉਹ
ਉਤਸੁਕ ਹੋਣ ਲੱਗ ਪਿਆ । ਉਹ ਭੀੜ ਲੰਘ ਕੇ ਮੂਹਰੇ ਜਾਣ ਦੀ ਕੋਸ਼ਿਸ਼ ਕਰਨ ਲੱਗਾ । ਆਖਰ ਉਹ ਭੀੜ ਵਿੱਚੋਂ ਦੀ ਲੰਘ
ਕੇ ਮੂਹਰੇ ਜਾ ਖੜ੍ਹਾ ਹੋਇਆ । ਇਹ ਸੱਪ ਤੇ ਨਿਉਲੇ ਦੀ ਲੜਾਈ ਸੀ । ਸੱਪ ਤੇ ਨਿਉਲੇ ਦਾ ਤਮਾਸ਼ਾ ਵੇਖ ਕੇ
ਉਸਨੂੰ ਮਜ਼ਾ ਆ ਰਿਹਾ ਸੀ । ਉਹ ਅਗਲੇ-ਪਿਛਲੇ ਸਭ ਖਿਆਲਾਂ ਤੋਂ ਬੇਖਬਰ ਹੋ ਕੇ ਤਮਾਸ਼ਾ ਵੇਖਣ ਲੱਗ ਪਿਆ ।
ਅਚਾਨਕ ਉਸ ਦੀ ਨਿਗਾਹ ਇੱਕ ਬਾਬੂ ਦੀ ਪੈਂਟ ਦੀ ਪਿਛਲੀ ਜੇਬ 'ਤੇ ਪਈ । ਉਸਦਾ ਬਟੂਆ ਥੋੜ੍ਹਾ ਜਿਹਾ ਬਾਹਰ ਨੂੰ
ਨਿਕਲਿਆ ਹੋਇਆ ਸੀ । ਬਟੂਆ ਵੇਖ ਦੋਪੂ ਦੀਆਂ ਅੱਖਾਂ ਵਿੱਚ ਚਮਕ ਪੈਦਾ ਹੋ ਗਈ । ਉਹ ਬਾਬੂ ਦੇ ਨੇੜੇ ਨੂੰ
ਸਰਕ ਗਿਆ । ਉਹ ਬਾਬੂ ਪਤਲਾ ਜਿਹਾ, ਅੱਖਾਂ 'ਤੇ ਚਸ਼ਮਾਂ ਲੱਗਿਆ ਹੋਇਆ ਸੱਪ ਤੇ ਨਿਉਲੇ ਦੀ ਲੜਾਈ ਵੇਖਣ ਵਿੱਚ
ਮਗ਼ਨ ਸੀ । ਦੀਪੂ ਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ । ਧੜਕਦੇ ਦਿਲ ਨਾਲ ਉਸ ਨੇ ਬਟੂਏ ਨੂੰ ਹੱਥ ਪਾ ਲਿਆ । ਉਸਦਾ
ਹੱਥ ਕੰਬ ਰਿਹਾ ਸੀ ਪਰ ਫਿਰ ਵੀ ਬਟੂਆ ਬੜੀ ਆਸਾਨੀ ਨਾਲ ਉਸਦੇ ਹੱਥਾਂ ਵਿੱਚ ਆ ਗਿਆ । ਬਾਬੂ ਨੇ ਪਿੱਛਾ
ਖੁਰਕਣ ਲਈ ਮਾੜੀ ਜਿਹੀ ਹਿੱਲਜ਼ੁਲ ਕੀਤੀ ਪਰ ਫਿਰ ਤਮਾਸ਼ਾ ਵੇਖਣ ਵਿੱਚ ਮਸਤ ਹੋ ਗਿਆ । ਦੀਪੂ ਨੇ ਫੁਰਤੀ ਨਾਲ ਬਟੂਆ
ਆਪਣੇ ਪਜਾਮੇ ਦੇ ਨੇਫ਼ੇ ਵਿੱਚ ਅੜੁੰਗ ਲਿਆ । ਹੁਣ ਦੀਪੂ ਨੂੰ ਤਮਾਸ਼ੇ ਵਿੱਚ ਕੋਈ ਦਿਲਚਸਪੀ ਨਹੀਂ ਰਹੀ ਸੀ । ਉਹ
ਭੀੜ ਵਿੱਚੋਂ ਵਾਪਸ ਨਿਕਲਣ ਦੀ ਕੋਸ਼ਿਸ਼ ਕਰਨ ਲੱਗਿਆ । ਜਲਦੀ ਹੀ ਹਜ਼ੂਮ ਵਿੱਚੋਂ ਨਿਕਲ ਕੇ ਉਹ ਵਾਪਸ ਮੁੜ ਪਿਆ । ਇੱਕ
ਦੀਵਾਰ ਦੇ ਉਹਲੇ ਖੜ੍ਹ ਕੇ ਉਸਨੇ ਉਹ ਬਟੂਆ ਖੋਲ੍ਹਿਆ । ਪੰਜਾਹ-ਪੰਜਾਹ ਦੇ ਚਾਰ ਨੋਟ ਤੇ ਦਸਾਂ-ਦਸਾਂ ਦੇ ਚਾਰ
ਨੋਟ ਉਸਦੇ ਹੱਥਾਂ ਵਿੱਚ ਆ ਗਏ । ਕੁਲ ਦੋ ਸੌ ਚਾਲੀ ਰੁਪਈਏ ਕੱਢ ਕੇ ਉਸਨੇ ਮੁੱਠੀ ਵਿੱਚ ਘੁੱਟ ਲਏ । ਉਸਨੇ
ਬਟੂਆ ਦੁਬਾਰਾ ਫਰੋਲਿਆ । ਬੱਸ ਇੱਕ ਬਾਬੂ ਦੀ ਆਪਣੀ ਫੋਟੋ ਤੋਂ ਸਿਵਾ ਹੋਰ ਕੁਝ ਨਹੀਂ ਸੀ । ਉਹ ਬਾਬੂ ਦੀ
ਟੌਹਰੀ ਫੋਟੋ ਵੇਖ ਕੇ ਆਪਮੁਹਾਰਾ ਹੱਸਿਆ । ਉਸਨੂੰ ਬਾਬੂ ਫੋਟੋ ਤੋਂ ਕੋਈ ਕਾਰਟੂਨ ਜਿਹਾ ਹੀ
ਜਾਪਿਆ । ਉਸਨੇ ਸਣੇ ਫੋਟੋ ਬਟੂਆ ਪਰ੍ਹੇ ਵਗਾਹ ਕੇ ਮਾਰਿਆ । ਉਹ ਆਪ ਬਾਜ਼ਾਰ ਵੱਲ ਨੂੰ ਤੁਰ ਪਿਆ ਜਿੱਥੇ
ਕੁਝ ਦੇਰ ਪਹਿਲਾਂ ਉਸਨੇ ਮਠਿਆਈਆਂ ਅਤੇ ਸਮੋਸੇ ਬਣਦੇ ਵੇਖੇ ਸਨ । ਇੱਕ ਦਸਾਂ ਦਾ ਨੋਟ ਹੱਥਾਂ ਵਿੱਚ ਰੱਖ ਕੇ
ਬਾਕੀ ਰੁਪਈਏ ਉਸਨੇ ਜੇਬ ਵਿੱਚ ਪਾ ਲਏ । ਹੁਣ ਉਹ ਗਰੀਬ ਨਹੀਂ ਸੀ, ਨਿਤਾਣਾ ਨਹੀਂ ਸੀ । ਹੁਣ ਉਹ ਆਪਣੇ ਆਪ
ਨੂੰ ਕੋਈ 'ਰਾਜਾ-ਮਹਾਰਾਜਾ' ਮਹਿਸੂਸ ਕਰ ਰਿਹਾ ਸੀ । ਉਹ ਇੱਕ ਹਲਵਾਈ ਦੀ ਦੁਕਾਨ ਵਿੱਚ ਜਾ ਵੜਿਆ । ਉਸਨੇ
ਉੱਥੋਂ ਚਾਹ ਪੀਤੀ ,ਸਮੋਸੇ ਖਾਧੇ ,ਤੇ ਫਿਰ ਮਠਿਆਈ ਵੀ ਖਾਧੀ । ਖਾ ਕੇ ਤਸੱਲੀ ਹੋਣ ਤੋਂ ਬਾਅਦ ਉਹ ਫਿਰ
ਫਾਟਕਾਂ ਕੋਲ ਆ ਗਿਆ । ਹੁਣ ਉੱਥੇ ਭੀੜ ਨਹੀਂ ਸੀ । ਤਮਾਸ਼ੇ ਵਾਲਾ ਭਾਈ ਵੀ ਕਿਤੇ ਹੋਰ ਤਮਾਸ਼ਾ ਪਾਉਣ ਚਲਿਆ
ਗਿਆ ਸੀ । ਉਹ ਬਟੂਏ ਵਾਲਾ 'ਬਾਬੂ' ਵੀ ਉੱਥੇ ਨਹੀਂ ਸੀ । ਉਹ ਉਸ ਚਸ਼ਮੇ ਵਾਲੇ ਪਤਲੂ ਜਿਹੇ ਬਾਬੂ 'ਤੇ ਆਪ
ਮੁਹਾਰਾ ਹੱਸਿਆ । ਉਸ ਦੀਆਂ ਖਿਆਲੀ ਨਜ਼ਰਾਂ ਨੇ ਬਾਬੂ ਨੂੰ ਬਟੂਏ ਦੀ ਤਲਾਸ਼ ਵਿੱਚ ਦੁਹਾਈ
ਪਾਉਂਦਾ,ਰੋਂਦਾ ਕੁਰਲਾਉਂਦਾ ਤੱਕਿਆ । ਰੋ-ਰੋ ਕੇ ਉਹ ਬਟੂਏ ਦੀ ਭਾਲ ਕਰ ਰਿਹਾ ਸੀ ।
ਇਊਂ ਹੀ ਊਟ-ਪਟਾਂਗ ਗੱਲਾਂ ਸੋਚਦਾ ਦੀਪੂ ਰੇਲ ਦੀ ਲਾਈਨ ਦੇ ਨਾਲ-ਨਾਲ ਤੁਰਦਾ ਗਿਆ । ਕੋਲੋਂ ਦੀ ਰੇਲ ਗੱਡੀ
ਲੰਘੀ । ਉਸਦਾ ਰੇਲ ਗੱਡੀ ਵਿੱਚ ਬੈਠਣ ਲਈ ਦਿਲ ਕੀਤਾ । ਰੇਲ ਗੱਡੀ ਵਿੱਚ ਬੈਠ ਕੇ ਉਸਨੂੰ ਬੜਾ ਮਜ਼ਾ ਆਉਂਦਾ ਸੀ । ਉਹ
ਜਦੋਂ ਮਾਂ ਨਾਲ ਨਾਨਕੀਂ ਜਾਂਦਾ ਹੁੰਦਾ ਤਾਂ ਰੇਲ ਗੱਡੀ ਵਿੱਚ ਹੀ ਜਾਂਦਾ । ਇਉਂ ਉਹ ਸੋਚੀਂ ਡੁੱਬਿਆ ਤੁਰਿਆ
ਗਿਆ । ਤੁਰਦਿਆਂ ਤੁਰਦਿਆਂ ਪਲੇਟਫ਼ਾਰਮ ਆ ਗਿਆ । ਉੱਥੇ ਵੀ ਬਹੁਤ ਭੀੜ ਭੜੱਕਾ ਸੀ । ਅਜੀਬ ਤਰ੍ਹਾਂ ਦੇ ਲੋਕ ਸਟੇਸ਼ਨ
'ਤੇ ਇੱਧਰ-ਉੱਧਰ ਆ ਜਾ ਰਹੇ ਸਨ । ਕੁਲੀ ਸਟੇਸ਼ਨ 'ਤੇ ਕੰਮ ਤਲਾਸ਼ਦੇ ਗੇੜੇ ਕੱਢ ਰਹੇ ਸਨ । ਸਟੇਸ਼ਨ 'ਤੇ ਦੀਪੂ ਇੱਕ
'ਅਲੋਕਾਰ ਨਜ਼ਾਰਾ' ਆਪਣੀਆਂ ਅੱਖਾਂ ਨਾਲ ਤੱਕ ਰਿਹਾ ਸੀ । ਪਰ੍ਹਾਂ ਇੱਕ ਟੂਟੀ ਤੋਂ ਲੋਕ ਪਾਣੀ ਪੀ ਰਹੇ ਸਨ । ਉਹ ਵੀ ਟੂਟੀ
ਕੋਲ ਪਹੁੰਚ ਗਿਆ । ਉਸਨੂੰ ਜ਼ਰੂਰਤ ਨਹੀਂ ਸੀ ਪਰ ਫਿਰ ਵੀ ਉਸਨੇ ਪਾਣੀ ਪੀਤਾ । ਮੂੰਹ 'ਤੇ ਪਾਣੀ ਦੇ ਛਿੱਟੇ
ਮਾਰੇ । ਹੱਥ ਧੋਤੇ ਤੇ ਗਿੱਲੇ ਹੱਥ ਉਸਨੇ ਆਪਣੇ ਝੱਗੇ ਨਾਲ ਪੂਝ ਲਏ । ਫਿਰ ਅਚਾਨਕ ਰੇਲ ਗੱਡੀ ਸਟੇਸ਼ਨ 'ਤੇ ਆ ਕੇ
ਰੁਕੀ । ਲੋਕ ਭੱਜ-ਭੱਜ ਕੇ ਰੇਲ ਵਿੱਚ ਚੜ੍ਹਨ ਲੱਗੇ । ਦੀਪੂ ਖੜ੍ਹਾ ਲੋਕਾਂ ਦਾ ਇਹ ਘਮਸਾਨ ਵੇਖਦਾ ਰਿਹਾ ਤੇ ਫਿਰ ਅਚਾਨਕ
ਬਿਨਾਂ ਸੋਚੇ ਸਮਝੇ ਭੱਜ ਕੇ ਆਪ ਵੀ ਇੱਕ ਡੱਬੇ ਵਿੱਚ ਵੜ ਗਿਆ । ਗੱਡੀ ਚੱਲ ਪਈ । ਉਸਨੂੰ ਨਹੀਂ ਪਤਾ ਸੀ ਕਿ ਗੱਡੀ ਕਿੱਧਰ
ਨੂੰ ਜਾ ਰਹੀ ਹੈ । ਬੱਸ ਉਹ ਤਾਂ ਗੱਡੀ ਦੀ ਤਾਕੀ ਵਿੱਚ ਖੜ੍ਹਾ ਹੋ ਕੇ ਬਾਹਰ ਦੇ ਨਜ਼ਾਰੇ ਵੇਖ ਰਿਹਾ ਸੀ । ਗੱਡੀ ਅੱਗੇ ਵੱਲ
ਨੂੰ ਭੱਜੀ ਜਾ ਰਹੀ ਸੀ ਤੇ ਬਾਹਰ ਰੁੱਖ ਤੇ ਇਮਾਰਤਾਂ ਪਿੱਛੇ ਵੱਲ ਭੱਜਦੀਆਂ ਪ੍ਰਤੀਤ ਹੋ ਰਹੀਆਂ ਸਨ । ਥੋਹੜੀ ਦੇਰ
ਬਾਅਦ ਉਹ ਗੱਡੀ ਦੇ ਬਾਥਰੂਮ ਵਿੱਚ ਵੜ ਗਿਆ । ਉਸਨੇ ਜੇਬ ਵਿੱਚੋਂ ਰੁਪਈਏ ਕੱਢੇ,ਇੱਕ ਦਸਾਂ ਦਾ ਨੋਟ ਬਾਹਰ ਰੱਖ
ਕੇ ਬਾਕੀ ਬਚਦੇ ਦੋ ਸੌ ਵੀਹ ਰੁਪਈਏ ਉਹਨੇ ਪੂਣੀ ਜਿਹੀ ਬਣਾ ਕੇ ਆਪਣੀ ਨਿੱਕਰ ਦੇ ਨਾਲੇ ਵਾਲੀ ਸਿਉਣ ਵਿੱਚ ਫਸਾ
ਲਏ । ਨਾਲਾ ਬੰਨ੍ਹ ਕੇ ਪਜਾਮਾਂ ਸੂਤ ਕਰਦਾ ਉਹ ਬੇਫਿਕਰ ਹੋ ਕੇ ਇੱਕ ਖਾਲੀ ਪਈ ਸੀਟ 'ਤੇ ਆਣ ਬੈਠਾ । ਸਵਾਰੀਆਂ
ਗੱਲਾਂ ਕਰ ਰਹੀਆਂ ਸਨ । ਉਹ ਵੀ ਚੁੱਪਚਾਪ ਬਹਿ ਕੇ ਗੱਲਾਂ ਸੁਣਨ ਵਿੱਚ ਮਗ਼ਨ ਹੋ ਗਿਆ । ਗੱਡੀ ਧੂੜਾਂ ਪੁੱਟਦੀ ਭੱਜੀ ਜਾ ਰਹੀ
ਸੀ । ਉਹ ਉਸ ਸ਼ਹਿਰ ਦੀ ਜੂਹ ਕਦੋਂ ਦੀ ਪਿੱਛੇ ਛੱਡ ਆਈ ਸੀ ।
ਕਾਂਡ-੮ ਦੀਪੂ ਦੀ ਵਾਪਸੀ (ਬਾਲ-ਨਾਵਲ)
ਅਚਾਨਕ ਇੱਕ ਝਟਕੇ ਨਾਲ ਗੱਡੀ ਰੁਕੀ । ਪੂਰੀਆਂ ,ਛੋਲੇ ,ਠੰਡੀਆਂ ਬੋਤਲਾਂ ਆਦਿ ਵੇਚਣ ਵਾਲਿਆਂ ਦਾ ਸ਼ੋਰ ਚਾਰੇ ਪਾਸੇ
ਪੈਦਾ ਹੋ ਗਿਆ । ਸੋਚ ਮਗ਼ਨ ਦੀਪੂ ਦੀ ਸੋਚ ਲੜੀ ਟੁੱਟ ਗਈ । ਉਹ ਗੱਡੀ 'ਚੋਂ ਬਾਹਰ ਝਾਕਿਆ । ਕਿਸੇ ਵੱਡੇ ਸ਼ਹਿਰ ਦਾ
ਰੇਲਵੇ ਸਟੇਸ਼ਨ ਲਗਦਾ ਸੀ । ਉਹ ਉੱਠਿਆ ਤੇ ਗੱਡੀ ਤੋਂ ਥੱਲੇ ਉੱਤਰ ਆਇਆ । ਸਟੇਸ਼ਨ 'ਤੇ ਮੁਸਾਫਰਾਂ ਦੀ ਰੌਣਕ
ਉਸ ਨੂੰ ਚੰਗੀ-ਚੰਗੀ ਲੱਗ ਰਹੀ ਸੀ । ਉਹ ਵੀ ਉਸ ਰੌਣਕ ਦੇ ਵਿੱਚ ਗੁਆਚ ਗਿਆ । ਸਭ ਤੋਂ ਪਹਿਲਾਂ ਉਸਨੇ ਇੱਕ ਟੂਟੀ
ਤੋਂ ਠੰਢਾ ਪਾਣੀ ਪੀਤਾ । ਫਿਰ ਉਹ ਕੁਝ ਸੋਚਦਾ ਸੋਚਦਾ ਸੀਮਿੰਟ ਦੀ ਬਣੀ ਇੱਕ ਸੀਟ ਉੱਤੇ ਬੈਠ ਗਿਆ । ਬੈਠਾ
ਉਹ ਮੇਲੇ 'ਚ ਗਵਾਚੇ ਬੱਚੇ ਵਾਂਗ ਡੌਰ-ਭੌਰ ਜਿਹਾ ਇੱਧਰ-ਉੱਧਰ ਵੇਖ ਰਿਹਾ ਸੀ । ਉਸ ਨੂੰ ਸਮਝ ਨਹੀਂ ਆ ਰਿਹਾ ਕਿ
ਕਿੱਧਰ ਜਾਵੇ,ਕੀ ਕਰੇ ?ਉਸਦੀ ਮਾਨਸਿਕਤਾ ਡਾਵਾਂਡੋਲ ਹੋ ਰਹੀ ਸੀ । ਬੇਲਗਾਮ ਸੋਚਾਂ ਪਕੜ ਵਿੱਚ ਨਹੀਂ ਆ ਰਹੀਆਂ
ਸਨ । ਥੱਕਾਨ ਨਾਲ ਸ਼ਰੀਰ ਡਾਵਾਂਡੋਲ ਹੋਈ ਜਾ ਰਿਹਾ ਸੀ । ਸਮਾਂ ਆਪਣੀ ਰਫ਼ਤਾਰ ਨਾਲ ਅੱਗੇ ਸਰਕ ਰਿਹਾ ਸੀ । ਦੀਪੂ ਕਿੱਥੇ
ਪਹੁੰਚ ਗਿਆ ਸੀ ਉਸਨੂੰ ਖੁਦ ਨੂੰ ਪਤਾ ਨਹੀਂ ਸੀ!ਉਸਨੇ ਉੱਠ ਕੇ ਸਟੇਸ਼ਨ ਦਾ ਮੁਅਇਨਾ ਕਰਨ ਦਾ ਮਨ
ਬਣਾਇਆ । ਉਹ ਪਾਗਲਾਂ ਵਾਂਗ ਇੱਧਰ-ਉੱਧਰ ਘੁੰਮਿਆਂ ਤਾਂ ਉਸਨੇ ਕਿਤੇ ਸਟੇਸ਼ਨ ਦਾ ਨਾਂ ਲਿਖਿਆ ਪੜ੍ਹ
ਲਿਆ । ਹੁਣ ਉਸਨੂੰ ਪਤਾ ਲੱਗ ਗਿਆ ਸੀ ਕਿ ਇਹ ਵੱਡਾ ਸ਼ਹਿਰ-'ਲੁਧਿਆਣਾ' ਹੈ । ਉਹ ਪਹਿਲਾਂ ਕਦੇ ਇਸ ਸ਼ਹਿਰ ਨਹੀਂ
ਆਇਆ ਸੀ । ਉਸਨੇ ਹੋਰ ਲੋਕਾਂ ਕੋਲੋਂ ਇਸ ਸ਼ਹਿਰ ਦੀਆਂ ਗੱਲਾਂ ਕਈ ਵਾਰ ਸੁਣੀਆਂ ਸਨ । ਕਈ ਦੁਕਾਨਦਾਰ ਇੱਥੋਂ
ਸਮਾਨ ਖਰੀਦ ਕੇ ਲੈ ਜਾਂਦੇ ਸਨ । ਇੱਥੋਂ ਹਰ ਚੀਜ਼ ਮਿਲਦੀ ਸੀ । ਉਸਦਾ ਸ਼ਹਿਰ ਘੁੰਮਣ ਦਾ ਮਨ ਕਰ ਆਇਆ । ਉਹ
ਘੁੰਮ-ਫਿਰ ਕੇ ਇਹ ਸਾਰਾ ਸ਼ਹਿਰ ਵੇਖਣਾ ਚਾਹੁੰਦਾ ਸੀ ਪਰ ਇਸ ਵਕਤ ਉਹ ਬੁਰੀ ਤਰ੍ਹਾਂ ਥੱਕਿਆ ਹੋਇਆ
ਸੀ । ਉਸਨੂੰ ਭੁੱਖ ਬੜੇ ਜ਼ੋਰ ਦੀ ਲੱਗੀ ਹੋਈ ਸੀ । ਉਸਨੇ ਸ਼ਹਿਰ ਘੁੰਮਣ ਦਾ ਖਿਆਲ ਕੱਲ੍ਹ 'ਤੇ ਛੱਡ ਦਿੱਤਾ । ਉਹ ਕੁਝ
ਖਾਣ ਦੀ ਤਲਾਸ਼ ਵਿੱਚ ਇੱਧਰ-ਉੱਧਰ ਵੇਖਣ ਲੱਗਿਆ । ਛੇਤੀ ਹੀ ਉਹ ਇੱਕ ਪਕੌੜਿਆਂ ਵਾਲੀ ਰੇਹੜੀ ਕੋਲ ਜਾ ਖੜ੍ਹਾ
ਹੋਇਆ । ਉਸਨੇ ਦੋ ਰੁਪਏ ਦੇ ਪਕੌੜੇ ਲੈ ਕੇ ਖਾਧੇ,ਭੁੱਖ ਕੁਝ ਸ਼ਾਂਤ ਹੋ ਗਈ । ਸ਼ਰੀਰ ਵਿੱਚ ਕੁਝ ਫੁਰਤੀ ਵਾਪਸ
ਪਰਤ ਆਈ ਸੀ । ਉਹ ਪਲੇਟਫਾਰਮ ਦੇ ਚੱਕਰ ਕੱਢਣ ਲੱਗ ਪਿਆ । ਪੌੜੀਆਂ ਚੜ੍ਹ-ਚੜ੍ਹ ਕੇ ਇੱਕ ਪਲੇਟਫਾਰਮ ਤੋਂ ਦੂਜੇ
ਪਲੇਟਫਾਰਮ ਤੱਕ ਬੇਮਹਾਰਾ ਹੀ ਘੁੰਮਦਾ ਰਿਹਾ । ਇਸ ਤਰ੍ਹਾਂ ਦੋ-ਢਾਈ ਘੰਟੇ ਘੁੰਮਦਿਆਂ-ਘੁੰਮਦਿਆਂ ਉਹ
ਬੁਰੀ ਤਰ੍ਹਾਂ ਥੱਕ ਗਿਆ । ਅਖੀਰ ਸਟੇਸ਼ਨ 'ਤੇ ਬਣੇ ਇੱਕ ਟੀ-ਸਟਾਲ ਤੋਂ ਚਾਹ ਦਾ ਇੱਕ ਕੱਪ ਲੈ ਕੇ ਉਹ ਮੁਸਾਫਰ ਸੀਟ 'ਤੇ
ਟਿਕ ਕੇ ਬੈਠ ਕੇ ਚਾਹ ਪੀਣ ਲੱਗ ਪਿਆ । ਨਿੱਕਾ ਜਿਹਾ ਗਿਲਾਸ ਸੀ । ਚਾਰ-ਪੰਜ ਸੜ੍ਹਕਿਆਂ ਵਿੱਚ ਹੀ ਚਾਹ ਖਤਮ ਹੋ
ਗਈ । ਉਸਨੇ ਖਾਲੀ ਗਿਲਾਸ ਤੇ ਬਣਦੇ ਚਾਹ ਦੇ ਪੈਸੇ ਟੀ—ਸਟਾਲ ਵਾਲੇ ਨੂੰ ਦੇ ਦਿੱਤੇ ਤੇ ਮੁੜ ਆ ਕੇ ਆਪਣੀ ਸੀਟ
'ਤੇ ਬੈਠ ਗਿਆ । ਥੱਕਾਨ ਉਸ ਨੂੰ ਪਰੇਸ਼ਾਨ ਕਰ ਰਹੀ ਸੀ । ਲੱਤਾਂ ਵਿੱਚੋਂ ਹਲਕੀ-ਹਲਕੀ ਪੀੜ ਨਿਕਲਦੀ ਉਹ ਮਹਿਸੂਸ ਕਰ
ਰਿਹਾ ਸੀ । ਉਸ ਨੇ ਅੱਖਾਂ ਬੰਦ ਕਰਕੇ ਇੱਕ ਅੰਗੜਾਈ ਜਿਹੀ ਲੈ ਕੇ ਆਪਣੇ ਸ਼ਰੀਰ ਨੂੰ ਸਿੱਧਾ ਕੀਤਾ । ਮੁਸਾਫਰ ਸੀਟ
ਨਾਲ ਢੋ ਲਾ ਕੇ ਉਹ ਕਿੰਨਾ ਹੀ ਚਿਰ ਉਵੇਂ ਹੀ ਬੈਠਾ ਰਿਹਾ । ਬੈਠਿਆਂ ਉਸਦੀ ਅੱਖ ਲੱਗ ਸੀ । '-ਉਹ ਨਿਰਮਲ ਨਾਲ
ਘੁੰਮਦਿਆਂ-ਘੁੰਮਦਿਆਂ ਸਕੂਲ ਵੱਲੀਂ ਨਿਕਲ ਤੁਰਿਆ । ਉਨ੍ਹਾਂ ਨੇ ਖਾਲੀ ਲਿਫ਼ਾਫਾ ਪੱਤਿਆਂ ਨਾਲ ਭਰ ਕੇ ਸੜਕ
'ਤੇ ਰੱਖਿਆ ਹੋਇਆ ਸੀ । ਅਚਾਨਕ ਅੰਗਰੇਜੀ ਵਾਲੇ ਮਾਸਟਰ ਜੀ ਸਾਈਕਲ 'ਤੇ ਚੜ੍ਹੇ ਸੜਕੇ-ਸੜਕ ਆਉਂਦੇ ਹਨ ।
ਲਿਫ਼ਾਫਾ ਚੁੱਕ ਕੇ ਖੋਲ੍ਹਦੇ ਹਨ । ਵਿੱਚ ਗਲੇ-ਸੜੇ ਪੱਤੇ ? ਉਹ ਲਿਫ਼ਾਫਾ ਸੁੱਟ ਕੇ ਛੇਤੀ-ਛੇਤੀ ਸਾਈਕਲ 'ਤੇ ਚੜ੍ਹ
ਜਾਂਦੇ ਹਨ । ਦੀਪੂ ਉਨ੍ਹਾਂ ਨੂੰ ਵੇਖ ਕੇ ਕੰਧ ਉਹਲੇ ਛੁਪ ਜਾਂਦਾ ਹੈ ਪਰ ਨਿਰਮਲ ਸ਼ੋਰ ਮਚਾਉਂਦਾ ਹੈ, ਜ਼ੋਰ-
ਜ਼ੋਰ ਦੀ ਕਹਿੰਦਾ ਹੈ-ਮਾਸਟਰ ਜੀ, ਲੈ ਜਾਵੋ ਚਾਹ-ਪੱਤੀ, ਬੜੀ ਅੱਛੀ!!! ਪਰ ਅੰਗਰੇਜ਼ੀ ਵਾਲੇ ਮਾਸਟਰ ਜੀ ਪਿੱਛੇ ਮੁੜਕੇ
ਨਹੀਂ ਵੇਖਦੇ । ਦੀਪੂ ਕੰਧ ਉਹਲੇ ਬੈਠਾ-ਬੈਠਾ ਹੱਸ ਰਿਹਾ ਹੈ । ਨਿਰਮਲ ਲਿਫ਼ਾਫਾ ਸੂਤ ਕਰਕੇ ਫਿਰ ਸੜਕ 'ਤੇ ਰੱਖ
ਆਉਂਦਾ ਹੈ । ਛੁਪ ਕੇ ਬੈਠ ਜਾਂਦਾ ਹੈ । ਫਿਰ ਸੱਜਣ ਸਿਹੰ ਸਾਈਕਲ 'ਤੇ ਗਵਾਰੇ ਦੀ ਪੰਡ ਲੱਦੀ ਆ ਰਿਹਾ ਹੈ । ਲਿਫ਼ਾਫਾ
ਚੁੱਕ ਕੇ ਵੇਖਦਾ ਹੈ, ਹੈਂ! ਪੱਤੇ ?ਉਹ ਲਿਫ਼ਾਫਾ ਸੁੱਟ ਕੇ ਅੱਗੇ-ਪਿੱਛੇ ਝਾਕਦਾ ਹੈ । ਅਚਾਨਕ ਦੀਪੂ ਨੂੰ ਵੇਖ
ਕੇ ਦਬਕਾ ਮਾਰਦਾ ਹੈ-ਖੜ੍ਹ ਜੋ ਥੋਡੀ ਐਸੀ-ਤੈਸੀ …ਕੰਜਰੋ…! ਤੇ ਨਾਲ ਹੀ ਸੱਜੇ ਪੈਰ ਦੀ ਚੰਮ ਦੀ ਜੁੱਤੀ ਪੈਰੋਂ
ਲਾਹ ਕੇ ਚਲਾਵੀਂ ਮਾਰਦਾ ਹੈ । ਦੀਪੂ ਭੱਜਣ ਲਗਦਾ ਹੈ…… । '
ਅਚਾਨਕ ਮੁਸਾਫਰ ਸੀਟ 'ਤੇ ਬੈਠਾ-ਬੈਠਾ ਸੁੱਤਾ ਉਹ ਇੱਕ ਪਾਸੇ ਨੂੰ ਲੁੜਕ ਗਿਆ । ਉਸਨੇ ਤ੍ਰਬਕ ਕੇ ਅੱਖਾਂ
ਖੋਲੀਆਂ । ਉਸਦੀ ਉਨੀਂਦੀ ਚੇਤਨਾ ਵਾਪਸ ਆ ਗਈ । ਮਾਨੋ ਉਹਦੀ ਸੁਰਤ ਟਿਕਾਣੇ ਆ ਗਈ । ਪਲੇਟਫਾਰਮ 'ਤੇ
ਮੁਸਾਫਰ ਆਪੋ-ਆਪਣੀ ਧੁਨ ਵਿੱਚ ਮਸਤ ਸਨ । ਉਸ ਵੱਲ ਟੀ-ਸਟਾਲ ਵਾਲੇ ਤੋਂ ਛੁੱਟ ਹੋਰ ਕਿਸੇ ਨੇ ਨਹੀਂ ਵੇਖਿਆ
ਸੀ । ਸਟਾਲ ਵਾਲਾ ਉਸਦੀ ਸੁੱਤ-ਉਸਦੀ ਹਾਲਤ ਵੇਖ ਕੇ ਮੁਸਕਰਾ ਰਿਹਾ ਸੀ । ਉਹ ਬੋਲਿਆ, " ਕੀ ਗੱਲ ਮੁੰਡਿਆ, ਸੁੱਤਾ-
ਸੁੱਤਾ ਹੱਸੀ ਜਾਂਦਾ ਸੀ!" ਸੁਣਕੇ ਦੀਪੂ ਸ਼ਰਮਿੰਦਾ ਜਿਹਾ ਹੋ ਗਿਆ । ਮਾੜੀ ਜਿਹੀ ਖਸਿਆਨੀ ਜਿਹੀ ਹਾਸੀ ਹੱਸਿਆ ਪਰ
ਬੋਲਿਆ ਕੁਝ ਨਹੀਂ । ਚਾਹ ਵਾਲਾ ਕੁਝ ਚਿਰ ਮੁਰਕਰਾ ਕੇ ਫਿਰ ਆਪਣੇ ਚਾਹ ਬਣਾਉਣ ਦੇ ਧੰਦੇ ਲੱਗ ਗਿਆ । ਦੀਪੂ ਨੇ
ਇੱਕ ਕੱਪ ਚਾਹ ਹੋਰ ਬਣਵਾ ਲਈ । ਉਸਨੇ ਜਲਦੀ-ਜਲਦੀ ਚਾਹ ਪੀਤੀ ਤੇ ਫਿਰ ਉੱਠ ਕੇ ਪਰ੍ਹਾਂ ਨੂੰ ਤੁਰ ਪਿਆ । ਉਸ ਨੂੰ
ਚਾਹ ਵਾਲੇ ਭਾਈ ਦੀਆਂ ਨਜ਼ਰਾਂ ਪਿੱਛਾ ਕਰਦੀਆਂ ਮਹਿਸੂਸ ਹੋ ਰਹੀਆਂ ਸਨ । ਉਸਨੂੰ ਮਹਿਸੂਸ ਹੋਇਆ ਜਿਵੇਂ
ਚਾਹ ਵਾਲੇ ਭਾਈ ਨੂੰ ਉਸਦੀ ਘਰੋਂ ਭੱਜ ਕੇ ਆਉਣ ਵਾਲੀ ਘਟਨਾ ਪਤਾ ਲੱਗ ਗਈ ਹੈ । ਉਹ ਤੇਜ-ਤੇਜ ਤੁਰਨ
ਲੱਗਾ । ਪੌੜੀਆਂ ਚੜ੍ਹ ਕੇ ਦੂਜੇ ਪਲੇਟਫਾਰਮ 'ਤੇ ਉੱਤਰ ਗਿਆ । ਉੱਥੇ ਉਹ ਮੁਸਾਫਰ ਸੀਟ 'ਤੇ ਬੈਠ
ਗਿਆ । ਅਚਾਨਕ ਉਸਦੀ ਨਿਗਾਹ ਬੀੜੀਆਂ-ਸਿਗਰਟਾਂ ਵਾਲੀ ਦੁਕਾਨ 'ਤੇ ਪਈ । ਉਸਨੇ ਉੱਠ ਕੇ ਇੱਕ ਬੰਡਲ ਤੇ ਮਾਚਸ
ਖਰੀਦ ਲਈ । ਸਟੇਸ਼ਨ 'ਤੇ ਲੋਕਾਂ ਦੀ ਭੀੜ ਵਿੱਚ ਉਸਦਾ ਬੀੜੀ ਸੁਲਘਾਉਣ ਦਾ ਹੌਸਲਾ ਨਾ ਪਿਆ । ਉਹ ਮਾਚਸ-ਬੰਡਲ ਜੇਬ
ਵਿੱਚ ਪਾ ਕੇ ਇੱਕ ਪਾਸੇ ਨੂੰ ਤੁਰ ਪਿਆ । ਤੁਰਿਆ ਗਿਆ,ਤੁਰਿਆ ਗਿਆ । ਪਲੇਟਫਾਰਮ ਉੱਤਰ ਕੇ ਲਾਈਨ ਦੇ ਨਾਲ-
ਨਾਲ ਤੁਰਨ ਲੱਗਾ । ਅੱਗੇ ਜਾ ਕੇ ਜਗ੍ਹਾ ਬਿਲਕੁਲ ਖਾਲੀ ਆ ਗਈ ਸੀ । ਉਸਨੇ ਆਸਾ-ਪਾਸਾ ਵੇਖਿਆ । ਕੋਈ ਬੰਦਾ-
ਬੁੜ੍ਹੀ ਆਸੇ-ਪਾਸੇ ਨਹੀਂ ਸੀ । ਉਸਨੇ ਬੀੜੀ ਸੁਲਘਾ ਲਈ । ਫਿਰ ਲੱਗਾ ਸੂਟੇ ਖਿੱਚਣ……! ਅਚਾਨਕ ਉਸਨੂੰ ਚੱਕਰ
ਜਿਹਾ ਚੜ੍ਹ ਆਇਆ । ਉਹ ਬੀੜੀ ਸੁੱਟਕੇ ਸਿਰ ਹੱਥਾਂ ਵਿੱਚ ਘੁੱਟ ਕੇ ਥੱਲੇ ਬੈਠ ਗਿਆ । ਉਹ ਕਿੰਨੀ ਹੀ ਦੇਰ ਬੈਠਾ
ਰਿਹਾ । ਫਿਰ ਰੇਲ ਦੀ ਲਾਈਨ ਤੋਂ ਦਸ ਕੁ ਫੁੱਟ ਹਟਵਾਂ ਉਹ ਥੱਲੇ ਹੀ ਟੇਢਾ ਹੋ ਗਿਆ । ਸਿਰ ਬਾਹਵਾਂ 'ਚ ਦੇਈ ਉਸਨੂੰ
ਪਤਾ ਹੀ ਨਾ ਲੱਗਿਆ ਕਦੋਂ ਉਸਦੀ ਅੱਖ ਲੱਗ ਗਈ । ਉਹ ਏਨੀ ਗੂਹੜੀ ਨੀਂਦਰ ਸੁੱਤਾ ਕਿ ਉਸਨੂੰ ਰੇਲਵੇ ਲਾਈਨ
ਤੋਂ ਗੁਜ਼ਰਦੀਆਂ ਰੇਲਾਂ ਦਾ ਖੜਾਕ ਸੁਣ ਕੇ ਵੀ ਜਾਗ ਨਾ ਆਈ । ਉਹ ਸਭ ਕਾਸੇ ਤੋਂ ਬੇ-ਫਿਕਰ , ਨਿਸ਼ਚਿੰਤ ਘੂਕ
ਸੁੱਤਾ ਪਿਆ ਸੀ ।
ਕਾਂਡ-੯ ਦੀਪੂ ਦੀ ਵਾਪਸੀ (ਬਾਲ-ਨਾਵਲ)
ਜਦੋਂ ਉਸਦੀ ਅੱਖ ਖੁਲ੍ਹੀ ਚਾਰ-ਚੁਫੇਰੇ ਘੁੱਪ ਹਨੇਰਾ ਸੀ । ਕਾਲੀ ਰਾਤ ਸਾਂ-ਸਾਂ ਕਰ ਰਹੀ ਸੀ । ਕੁਝ ਪਲ ਤਾਂ ਉਸਨੂੰ
ਪਤਾ ਹੀ ਨਾ ਲੱਗਿਆ ਕਿ ਉਹ ਕਿੱਥੇ ਹੈ ? ਉਸਨੇ ਆਪਣੇ ਦਿਮਾਗ 'ਤੇ ਕੁਝ ਜ਼ੋਰ ਪਾ ਕੇ ਸੋਚਿਆ , ਹੌਲੀ-ਹੌਲੀ
ਉਸਦੀ ਚੇਤਨਾ ਜਾਗ ਪਈ । ਉਸਦੇ ਦਿਮਾਗ ਦੇ ਚਲ-ਚਿੱਤਰ 'ਤੇ ਕਿਸੇ ਫਿਲਮ ਦੇ ਸੀਨ ਵਾਂਗ ਕਹਾਣੀ ਅੰਕਿਤ ਸੀ । ਉਸਨੂੰ
ਸਵੇਰ ਤੋਂ ਸ਼ਾਮ ਤੱਕ ਸਾਰੀ ਘਟਨਾ ਚੇਤੇ ਆ ਗਈ । ਉਹ ਬੇਹੱਦ ਉਦਾਸ ਹੋ ਗਿਆ । ਉਸਨੂੰ ਆਪਣੇ ਘਰੋਂ ਭੱਜ
ਆਉਣ ਦਾ ਪਛਤਾਵਾ ਹੋ ਰਿਹਾ ਸੀ । ਘਰ ਦੀ ਯਾਦ ਸਤਾਉਣ ਲੱਗੀ । ਉਸਨੂੰ ਆਪਣੇ ਮਾਂ-ਪਿਓ ਤੇ ਨਿੱਕੀ ਭੈਣ ਦੀ
ਯਾਦ ਆਈ । ਉਹ ਅੱਜ ਕਿੱਥੇ ਪਿਆ ਸੀ ? ਰੇਲ ਦੀਆਂ ਲਾਈਨਾ ਦੇ ਕੋਲ ਕਿਸੇ ਉਜਾੜ ਬੀਆਬਾਨ ਵਿੱਚ ਘਾਹ-ਫੂਸ ਦੇ
ਬਿਸਤਰੇ ਉੱਤੇ !!!ਉਸਨੂੰ ਘਰ ਦਾ ਮੰਜਾ-ਬਿਸਤਰਾ ਚੇਤੇ ਆ ਰਿਹਾ ਸੀ । ਬੇਬੇ ਦੇ ਹੱਥਾਂ ਦੀਆਂ ਪੱਕੀਆਂ
ਰੋਟੀਆਂ ਦੀ ਯਾਦ ਆਉਂਦਿਆਂ ਹੀ ਉਸਦੀ ਭੁੱਖ ਚਮਕ ਪਈ ਸੀ । ਘਰ ਦੀ ਬੂਰੀ ਮਹਿੰ ਦਾ ਗਾਹੜਾ-ਗਾਹੜਾ ਦੁੱਧ
ਉਸ ਦੀਆਂ ਅੱਖਾਂ ਮੂਹਰ ਦੀ ਗੁਜ਼ਰ ਗਿਆ । ਚਾਟੀ ਦੀ ਲੱਸੀ ਤੇ ਰੋਟੀਆਂ ਤੇ ਰੱਖ-ਰੱਖ ਕੇ ਖਾਧੇ ਤਾਜ਼ਾ ਮਖਣ ਨੂੰ
ਉਸਦੀ ਜੀਭ ਪੁਕਾਰ ਰਹੀ ਸੀ । ਇਉਂ ਘਰ ਦੀਆਂ ਗੱਲਾਂ ਚੇਤੇ ਕਰਦਾ-ਕਰਦਾ ਉਹ ਆਪਣੇ-ਆਪ ਵਿੱਚ ਗੁਆਚ
ਗਿਆ । ਅਚਾਨਕ ਉਸਨੂੰ ਥੋੜ੍ਹੀ ਹਟਵੀਂ ਘਾਹ ਦੇ ਪੱਤਿਆਂ ਵਿੱਚ 'ਸਰਰ-ਸਰਰ' ਦੀ ਅਵਾਜ਼ ਸੁਣਾਈ ਦਿੱਤੀ । ਉਹ ਡਰਕੇ
ਖੜ੍ਹਾ ਹੋ ਗਿਆ । ਉਸ ਦੇ ਜ਼ਿਹਨ ਵਿੱਚ ਅਚਾਨਕ ਸੱਪ ਦਾ ਡਰ ਪੈਦਾ ਹੋ ਗਿਆ । ਉਸਨੇ ਸੋਚਿਆ-ਜੇ ਸੱਪ ਹੋਇਆ ? ਲੜ
ਗਿਆ ਤਾਂ ਫਿਰ ਕੀ ਹੋਊ ? ਮਰੇ ਦੀ ਕਿਸੇ ਨੂੰ ਖਬਰ ਵੀ ਨਹੀਂ ਹੋਣੀ !! ਲਾਸ਼ ਨੂੰ ਕਾਂ-ਕੁੱਤੇ ਖਾਣਗੇ , ਜਾਂ ਪੁਲਿਸ
ਵਾਲੇ ਲਾਵਾਰਸ ਸਮਝ ਕੇ ਫੂਕ ਦੇਣਗੇ ! ਡਰ ਨਾਲ ਉਸਦੀਆਂ ਲੱਤਾਂ ਥਰ-ਥਰ ਕੰਬਣ ਲੱਗ ਪਈਆਂ । ਉਸਦਾ ਦਿਲ ਰੇਲ ਦੇ
ਇੰਜਣ ਵਾਂਗ ਧੱਕ-ਧੱਕ ਵੱਜ ਰਿਹਾ ਸੀ । ਉਹ ਡਰਕੇ ਰੌਸ਼ਨੀ ਵਾਲੇ ਪਾਸੇ ਨੂੰ ਹੋ ਤੁਰਿਆ । ਉਸਨੇ ਸੋਚਿਆ,
ਪਲੇਟਫਾਰਮ ਜਗਦੇ ਲਾਟੂਆਂ ਵਾਲੇ ਪਾਸੇ ਹੀ ਹੋ ਸਕਦਾ ਹੈ! ਉਸਦਾ ਲੱਖਣ ਠੀਕ ਹੀ ਸੀ । ਥੋੜ੍ਹੀ ਦੂਰ ਆ ਕੇ
ਉਸਨੂੰ ਪੱਕਾ ਯਕੀਨ ਹੋ ਗਿਆ ਕਿ ਸਟੇਸ਼ਨ ਇੱਧਰ ਹੀ ਹੈ । ਉਹ ਹੋਰ ਤੇਜ ਕਦਮੀਂ ਤੁਰਨ ਲੱਗਿਆ । ਅਚਾਨਕ ਉਸਨੂੰ
ਠੇਡਾ ਲੱਗਿਆ । ਉਹ ਮੂਧੇ ਮੂੰਹ ਥੱਲੇ ਡਿੱਗ ਪਿਆ । ਡਰ ਜਾਣ ਕਰਕੇ ਉਹ ਫੁਰਤੀ ਨਾਲ ਉੱਠ ਕੇ ਦੌੜਿਆ!ਉਸਦੀ
ਇੱਕ ਕੂਹਣੀ ਤੇ ਗੋਡਾ ਛਿੱਲੇ ਗਏ ਸਨ । ਹੁਣ ਉਹ ਤੇਜੀ ਨਾਲ ਪਰ ਸੰਭਲ-ਸੰਭਲ ਕੇ ਲਾਈਟਾਂ ਵੱਲ ਵੱਧ ਰਿਹਾ ਸੀ । ਉਸਦੇ
ਆਸੇ-ਪਾਸੇ ਗੂਹੜਾ ਹਨੇਰਾ ਸੀ । ਬੱਸ ਹੁਣ ਕੁਝ ਕੁ ਹੀ ਦੂਰੀ 'ਤੇ ਪਲੇਟਫਾਰਮ ਦੀਆਂ ਜਗਦੀਆਂ ਬੱਤੀਆਂ ਉਸਨੂੰ
ਦਿਖਾਈ ਦੇ ਰਹੀਆਂ ਸਨ । ਉਸਦੇ ਕੋਲ ਦੀ ਇੱਕ ਰੇਲ ਗੱਡੀ ਨਿਕਲ ਗਈ । ਗੱਡੀ ਦੇ ਖੜਕੇ ਵਿੱਚ ਉਸਦਾ ਡਰ ਹੋਰ ਵਧ ਗਿਆ
ਸੀ । ਉਸਦੇ ਸਾਹ ਤੇਜ-ਤੇਜ ਅੰਦਰ-ਬਾਹਰ ਹੋ ਰਹੇ ਸਨ । ਉਹ ਤੇਜੀ ਵਿੱਚ ਸੀ ਪਰ ਹੁਣ ਡਿੱਗਣ ਡਰੋਂ ਹਨੇਰੇ ਵਿੱਚ ਵੀ ਅੱਖਾਂ
ਫਾੜ-ਫਾੜ ਕੇ ਧਰਤੀ ਵੱਲ ਵੇਖਦਾ ਕਦਮ ਅੱਗੇ ਰੱਖ ਰਿਹਾ ਸੀ । ਸਟੇਸ਼ਨ 'ਤੇ ਪਹੁੰਚਕੇ ਉਸਨੂੰ ਰਾਹਤ ਮਹਿਸੂਸ
ਹੋਈ । ਉਸਦੇ ਅੰਦਰ ਬੈਠਿਆ ਡਰ ਕੁਝ ਘਟ ਗਿਆ ਸੀ । ਉਹ ਇੱਕ ਮੁਸਾਫ਼ਰ ਸੀਟ 'ਤੇ ਆਣ ਬੈਠਾ । ਡਰ ਅਤੇ ਭੁੱਖ ਕਾਰਨ
ਉਸਦਾ ਸਿਰ ਦਰਦ ਕਰਨ ਲੱਗ ਪਿਆ ਸੀ । ਉਸਦੀ ਕੂਹਣੀ ਅਤੇ ਗੋਡਾ ਵੀ ਦਰਦ ਨਾਲ ਸੜੂੰ-ਸੜੂੰ ਕਰ ਰਹੇ ਸਨ । ਸਭ ਤੋਂ
ਪਹਿਲਾਂ ਬਿਜਲੀ ਦੇ ਚਾਨਣ ਵਿੱਚ ਉਸਨੇ ਗੋਡੇ ਅਤੇ ਕੂਹਣੀ ਨੂੰ ਵੇਖਿਆ । ਖੂਨ ਰਿਸ-ਰਿਸ ਕੇ ਜੰਮ ਚੁੱਕਿਆ ਸੀ ਪਰ ਪੀੜ
ਅਜੇ ਬਰਕਰਾਰ ਸੀ । ਉਸਦੇ ਪਿੰਡੇ ਉੱਤੇ ਪਸੀਨੇ ਨਾਲ ਜੰਮੀ ਮਿੱਟੀ ਕਰਕੇ ਖੁਰਕ ਆ ਰਹੀ ਸੀ । ਉਹ ਵਾਰ-ਵਾਰ ਪਿੰਡਾ
ਖੁਰਕ ਰਿਹਾ ਸੀ । ਉਸਦੀ ਗਰਦਨ ਤੋਂ ਮੈਲ ਬੱਤੀਆਂ ਬਣ-ਬਣ ਉੱਤਰ ਰਹੀ ਸੀ । ਸਿਰ ਵਿੱਚ ਰੇਤ 'ਸਰਕ-ਸਰਕ'ਕਰ ਰਹੀ ਸੀ । ਚਿਹਰੇ
ਉੱਤੇ ਜੰਮੀ ਮੈਲ ਕਰਕੇ ਉਹ ਸ਼ਕਲੋਂ ਬੇ-ਸ਼ਕਲ ਹੋ ਗਿਆ ਸੀ । -ਉਸਨੂੰ ਘਰਦੇ ਨਲਕੇ ਦਾ ਪਾਣੀ ਚੇਤੇ ਆ ਗਿਆ
,ਜਿੱਥੇ ਉਹ ਗਰਮੀਆਂ ਦੇ ਦਿਨੀਂ ਹਰ ਰੋਜ਼ ਖੁੱਲ੍ਹੇ ਪਾਣੀ ਨਾਲ ਨਹਾਉਂਦਾ ਹੁੰਦਾ ਸੀ । ……ਤੇਜ ਹੋ ਗਈ ਸਿਰ ਪੀੜ
ਨੇ ਉਸਦੀਆਂ ਸਭ ਸੋਚਾਂ ਗਲਤ-ਮਲਤ ਕਰ ਦਿੱਤੀਆਂ । ਸਿਰ ਦਾ ਧਿਆਨ ਆਉਂਦੇ ਹੀ ਉਸਨੇ ਆਪਣਾ ਸਿਰ ਹੱਥਾਂ ਵਿੱਚ
ਘੁੱਟ ਲਿਆ । ਹੁਣ ਸਿਰ ਪੀੜ ਦਾ ਅਹਿਸਾਸ ਉਸਨੂੰ ਬੜੀ ਸ਼ਿੱਦਤ ਨਾਲ ਹੋ ਰਿਹਾ ਸੀ । ਅੱਗੇ ਤਾਂ ਉਹ ਐਵੇਂ ਹੀ
ਸਕੂਲੋਂ ਛੁੱਟੀ ਕਰਨ ਦਾ ਮਾਰਾ ਸਿਰ ਪੀੜ ਦਾ ਬਹਾਨਾ ਲਾਉਂਦਾ ਹੁੰਦਾ ਸੀ । ਇੱਥੋਂ ਕਿਤੋਂ ਸਿਰ ਪੀੜ ਦੀ ਗੋਲੀ
ਮਿਲਣੀ ਤਾਂ ਮੁਸ਼ਕਲ ਹੀ ਸੀ ,ਹੁਣ ਤਾਂ ਕੇਵਲ ਚਾਹ ਨਾਲ ਹੀ ਕੰਮ ਸਾਰਿਆ ਜਾ ਸਕਦਾ ਸੀ । ਉਹ ਚਾਹ ਦੀ ਤਲਾਸ਼ ਵਿੱਚ
ਇੱਧਰ-ਉੱਧਰ ਝਾਕਿਆ । ਟੀ-ਸਟਾਲ ਥੋੜ੍ਹੀ ਹੀ ਦੂਰੀ 'ਤੇ ਸੀ । ਉਹ ਉੱਠ ਕੇ ਸਟਾਲ ਵੱਲੀਂ ਜਾਣ ਲੱਗਿਆ ਤਾਂ ਉਸਨੂੰ
ਉੱਥੇ ਖੜ੍ਹੇ ਦੋ ਪੁਲਿਸ ਵਾਲੇ ਦਿਖਾਈ ਦਿੱਤੇ । ਪੁਲਿਸ ਵੇਖ ਕੇ ਉਹ ਸਹਿਮ ਗਿਆ -ਕਿਤੇ ਫੜ੍ਹਕੇ ਅੰਦਰ ਹੀ ਨਾ ਕਰ
ਦੇਣ ? ਉਹਦੇ ਕੋਲ ਤਾਂ ਟਿਕਟ ਵੀ ਨਹੀਂ ਸੀ । ਨਾਲੇ ਉਹ ਅੱਜ ਸਵੇਰੇ ਦਾ ਸਟੇਸ਼ਨ 'ਤੇ ਅਵਾਰਾ ਹੀ ਤਾਂ ਘੁੰਮ ਰਿਹਾ ਸੀ !
ਹੁਣ ਤਾਂ ਸਟੇਸ਼ਨ 'ਤੇ ਭੀੜ-ਭੜੱਕਾ ਵੀ ਜਿਆਦਾ ਹੈ ਨਹੀਂ !!ਬੱਸ ਗਿਣਤੀ ਦੇ ਹੀ ਮੁਸਾਫ਼ਰ ਸਨ । ਕੁਝ ਮੁਸਾਫ਼ਰ ਸੁੱਤੇ
ਪਏ ਸਨ ਤੇ ਕੁਝ ਜਾਗ ਰਹੇ ਸਨ । ਟਾਵੇਂ-ਟਾਵੇਂ ਬੰਦਿਆਂ ਵਿੱਚ ਉਸਨੇ ਝੱਟ ਹੀ ਫੜ੍ਹਿਆ ਜਾਣਾ ਹੈ । ਆਪਣੇ ਅੰਦਰ
ਦੀਆਂ ਡਰ ਭਰੀਆਂ ਗੱਲਾਂ ਸੋਚ ਕੇ ਉਹ ਡਰਦਾ ਮਾਰਾ ਮੁਸਾਫ਼ਰ ਸੀਟ 'ਤੇ ਲੰਮਾਂ ਪੈ ਗਿਆ । ਉਹ ਕਿੰਨੀ ਹੀ ਦੇਰ
ਪਿਆ ਰਿਹਾ । ਪਿਆਂ-ਪਿਆਂ ਹੀ ਉਸਨੇ ਚੋਰ ਅੱਖ ਨਾਲ ਵੇਖਿਆ, ਪੁਲਿਸ ਵਾਲੇ ਸਟਾਲ 'ਤੇ ਚਾਹ ਵਗੈਰਾ ਪੀ ਰਹੇ ਸਨ ਤੇ
ਨਾਲ ਹੀ ਇੱਕ ਸਵਾਰੀ ਤੋਂ ਕੁਝ ਪੁੱਛਗਿੱਛ ਕਰ ਰਹੇ ਸਨ । ਸ਼ਾਇਦ ਕੋਈ ਬੇ-ਟਿਕਟਾ ਫਸ ਗਿਆ ਸੀ । ਪੁਲਿਸ ਵਾਲੇ ਚਾਹ ਪੀ ਕੇ
ਬੇ-ਟਿਕਟੀ ਸਵਾਰੀ ਨੂੰ ਲੈ ਕੇ ਚਲੇ ਗਏ । ਹੁਣ ਇਹ ਪੁਲਿਸ ਵਾਲੇ ਇਹਦੇ ਨਾਲ ਕੀ ਸਲੂਕ ਕਰਨਗੇ ? ਕੁੱਟਣਗੇ ? ਜੇਲ੍ਹ ਵਿੱਚ
ਸੁੱਟ ਦੇਣਗੇ ?ਦੀਪੂ ਉਨ੍ਹਾਂ ਬਾਰੇ ਸੋਚਦਾ-ਸੋਚਦਾ ਸਟਾਲ ਵੱਲੀਂ ਹੋ ਤੁਰਿਆ । ਵਿਚਾਰਾ ਦੀਪੂ ਕੀ ਜਾਣਦਾ ਸੀ ਕਿ ਉਸ
ਬੇ-ਟਿਕਟ ਸਵਾਰੀ ਨੂੰ ਉਨ੍ਹਾਂ ਕੁਝ ਨਹੀਂ ਕਹਿਣਾ ,ਬੱਸ ਸੌ ,ਦੋ ਸੌ ਰੁਪਈਏ ਰਿਸ਼ਵਤ ਲੈ ਕੇ ਛੱਡ ਦੇਣਗੇ ।
ਦੀਪੂ ਨੇ ਚਾਹ ਵਾਲੇ ਨੂੰ ਇੱਕ ਕੱਪ ਚਾਹ ਬਣਾਉਣ ਲਈ ਕਿਹਾ ਤੇ ਖੁਦ ਸਟਾਲ ਦੇ ਨੇੜੇ ਹੀ ਇੱਕ ਮੁਸਾਫ਼ਰ ਸੀਟ
ਉੱਤੇ ਬੈਠ ਗਿਆ । ਚਾਹ ਨਾਲ ਉਸਨੇ ਦੋ ਮੱਠੀਆਂ ਲੈ ਲਈਆਂ । ਚਾਹ ਛੇਤੀ ਹੀ ਖਤਮ ਹੋ ਗਈ ਪਰ ਉਸਦੀ ਤ੍ਰਿਪਤੀ
ਨਾ ਹੋਈ । ਨਿੱਕਾ ਜਿਹਾ ਤਾਂ ਕੱਪ ਸੀ । ਘਰੇ ਤਾਂ ਉਹ ਵੱਡੇ ਸਾਰੇ ਦੁੱਧ ਦੇ ਗਿਲਾਸ ਵਿੱਚ ਪੱਤੀ ਪਾ ਕੇ ਰੱਜ਼ਵੀਂ ਸਵਾਦੀ
ਚਾਹ ਪੀਂਦਾ ਹੁੰਦਾ ਸੀ । ਪਰ ਇੱਥੇ ਸਟੇਸ਼ਨ ਉੱਤੇ ਥੋੜ੍ਹੀ ਜਿਹੀ , ਉਹ ਵੀ ਕਾਲ-ਕਲੂਟੀ ਭੈੜੀ ਜਿਹੀ ਚਾਹ ਦੇ ਢੇਰ
ਸਾਰੇ ਪੈਸੇ ਝਾੜ ਲੈਂਦੇ ਹਨ । ਜਦੋਂ ਬੰਦਾ ਮਜ਼ਬੂਰ ਹੋਵੇ ਤਾਂ ਕਰ ਵੀ ਕੀ ਸਕਦਾ ਹੈ । ਦੀਪੂ ਨੇ ਤਾਂ ਇਹ ਮਜ਼ਬੂਰੀ
ਵੀ ਆਪੂੰ ਸਹੇੜੀ ਸੀ । ਆਪੇ ਫਾਥੜੀ ਨੂੰ ਕੌਣ ਬਚਾਅ ਸਕਦਾ ਸੀ ? ਉਸਨੇ ਚਾਹ ਵਾਲੇ ਨੂੰ ਇੱਕ ਕੱਪ ਹੋਰ
ਬਣਾਉਣ ਲਈ ਆਖ ਦਿੱਤਾ । ਚਾਹ ਵਾਲੇ ਨੇ ਸ਼ੱਕੀ ਜਿਹੀਆਂ ਨਜ਼ਰਾਂ ਨਾਲ ਦੀਪੂ ਵੱਲੀਂ ਵੇਖਿਆ । ਉਸਦੀ ਅਜੀਬ ਜਿਹੀ ਝਾਤੀ
ਕਰਕੇ ਦੀਪੂ ਡਰ ਜਿਹਾ ਗਿਆ । ਉਸਨੂੰ ਲੱਗਿਆ ਕਿ ਚੋਰੀ ਫੜ੍ਹੀ ਗਈ ਹੈ ,ਪਰ ਚਾਹ ਵਾਲਾ ਉਹਨੂੰ ਚਾਹ ਫੜਾ ਕੇ
ਮੁੜ ਆਪਣੇ ਕੰਮ ਵਿੱਚ ਮਗ਼ਨ ਹੋ ਗਿਆ । ਫਿਰ ਵੀ ਦੀਪੂ ਨੇ ਬੇਚੈਨੀ ਜਿਹੀ ਵਿੱਚ ਚਾਹ ਪੀਤੀ ਤੇ ਫਿਰ ਚਾਹ ਦੇ ਪੈਸੇ
ਦੇ ਕੇ ਉੱਥੋਂ ਹਟਵੀ ਆਪਣੀ ਪਹਿਲਾਂ ਵਾਲੀ ਸੀਟ 'ਤੇ ਜਾ ਬੈਠਾ । ਉੱਥੇ ਉਹ ਬਾਹਵਾਂ 'ਚ ਸਿਰ ਘੁੱਟ ਕੇ ਲੰਮਾ ਪੈ
ਗਿਆ । ਹੁਣ ਨੀਂਦ ਉਸ ਤੋਂ ਕੋਹਾਂ ਦੂਰ ਸੀ । ਚੰਗੀਆਂ-ਮੰਦੀਆਂ ਸੋਚਾਂ ਉਸਦੇ ਆਲੇ-ਦੁਆਲੇ ਗਿਰਝਾਂ ਵਾਂਗ
ਚੱਕਰ ਕੱਟ ਰਹੀਆਂ ਸਨ ।
-ਉਸਦੀ ਜ਼ਿੰਦਗੀ ਤਬਾਹੀ ਕੰਢੇ ਖੜ੍ਹੀ ਸੀ । ਪੜ੍ਹਨ ਤੋਂ ਉਹ ਬਾਗੀ ਹੋ ਗਿਆ ਸੀ । ਜ਼ਿੰਦਗੀ 'ਚ ਚੰਗੇ ਕੰਮਾਂ ਤੋਂ
ਉਸਨੂੰ ਨਫ਼ਰਤ ਹੋ ਗਈ ਸੀ । ਇਸ ਸਭ ਕਾਸੇ ਦਾ ਜ਼ਿੰਮੇਵਾਰ ਉਸਨੂੰ ਨਿਰਮਲ ਹੀ ਜਾਪਿਆ । ਨਿਰਮਲ ਨੇ ਉਸਦੀ
ਜ਼ਿੰਦਗੀ ਦਾ ਰੁਖ ਪੁੱਠੇ ਪਾਸੇ ਮੋੜ ਦਿੱਤਾ ਸੀ । ਉਸਨੇ ਮਨ ਹੀ ਮਨ ਨਿਰਮਲ ਦਾ ਸਾਥ ਛੱਡ ਦੇਣ ਦਾ ਫੈਸਲਾ
ਕੀਤਾ । ਹੁਣ ਉਹ ਕਦੇ ਵੀ ਉਸ ਨਾਲ ਨਹੀਂ ਖੇਡੇਗਾ । ਨਾ ਹੀ ਇੱਲਤਾਂ ਕਰਨ ਸੂਏ 'ਤੇ ਜਾਵੇਗਾ । ਉਸਨੂੰ ਘਰ ਆਏ
ਨੂੰ ਕਹਿ ਦੇਵੇਗਾ- 'ਕਿ ਬੱਸ ਬਈ ਨਿਰਮਲਾ! ਤੇਰੀ-ਮੇਰੀ ਉਜੱਡ ਦੋਸਤੀ ਖ਼ਤਮ !' ਨਿਰਮਲ ਦਾ ਭੇਂਟ ਕੀਤਾ ਤੋਹਫ਼ਾ ਉਸਦੀ
ਜੇਬ ਵਿੱਚ ਪਿਆ ਸੀ । ਉਸਨੇ ਹੱਥ ਨਾਲ ਜੇਬ ਟੋਹੀ । ਬੰਡਲ-ਮਾਚਸ ਜੇਬ ਵਿੱਚ ਪਏ ਸਨ । ਉਸਨੂੰ ਗੁੱਸਾ ਆ ਗਿਆ । ਉਹ
ਤੇਜੀ ਨਾਲ ਉੱਠਿਆ ,ਜੇਬ ਵਿੱਚੋਂ ਬੰਡਲ ਤੇ ਤੀਲ੍ਹਾਂ ਦੀ ਡੱਬੀ ਕੱਢ ਕੇ ਪਲੇਟਫਾਰਮ ਦੇ ਇੱਕ ਪਾਸੇ ਲਾਈਨਾ ਵਿੱਚ
ਵਗਾਹ ਕੇ ਮਾਰੀ । ਦੋਵੇਂ ਚੀਜ਼ਾਂ ਸੁੱਟ ਕੇ ਉਹ ਆਪ-ਮੁਹਾਰਾ ਹੱਸਿਆ । ਫਿਰ ਮੁੜਕੇ ਉਸੇ ਸੀਟ 'ਤੇ ਆਣ
ਬੈਠਾ । ਉਸਨੂੰ ਜਾਪਿਆ ਜਿਵੇਂ ਉਸ ਵਿੱਚ ਫੁਰਤੀ ਆ ਗਈ ਹੈ । ਚੇਤਨ ਦਿਮਾਗ ਨਾਲ ਉਸਨੇ ਘਰ ਮੁੜ ਜਾਣ ਦਾ
ਫੈਸਲਾ ਕਰ ਲਿਆ । ਉਹ ਉੱਠ ਕੇ ਚਾਹ ਵਾਲੇ ਸਟਾਲ 'ਤੇ ਆ ਗਿਆ । ਉਸਨੂੰ ਚਾਹ ਦਾ ਕੱਪ ਬਣਾਉਣ ਲਈ
ਕਿਹਾ । ਉਸਦਾ ਸਿਰ ਹੁਣ ਜਿਆਦਾ ਦਰਦ ਨਹੀਂ ਕਰ ਰਿਹਾ ਸੀ । ਉਹ ਚਾਹ ਦਾ ਕੱਪ ਫੜ੍ਹਕੇ ਖੜ੍ਹਾ-ਖੜ੍ਹਾ ਹੀ ਚਾਹ ਪੀਣ
ਲੱਗ ਪਿਆ । ਉਸਨੂੰ ਹੁਣ ਡਰਕੇ ਜਾਂ ਲੁਕ ਕੇ ਬੈਠਣ ਦੀ ਕੀ ਲੋੜ ਸੀ ?ਹੁਣ ਉਹ ਚਾਹ ਵਾਲੇ ਤੋਂ ਵੀ ਨਹੀਂ ਸੀ
ਡਰਦਾ । ਉਸਦੇ ਬਾਰੇ ਉਹਨੇ ਜੋ ਸੋਚਣਾ ਹੈ ਸੋਚੇ ! ਉਸਨੂੰ ਕੋਈ ਪ੍ਰਵਾਹ ਨਹੀਂ ਹੈ । ਉਸਦਾ ਆਤਮ ਵਿਸ਼ਵਾਸ
ਜਾਗ ਉੱਠਿਆ ਸੀ । ਉਹ ਹੁਣ ਘਰੋਂ ਭੱਜਿਆ ਨਹੀਂ ਸੀ, ਸਗੋਂ ਉਹ ਤਾਂ ਘਰ ਜਾਣ ਵਾਸਤੇ ਰੇਲ ਗੱਡੀ ਦੀ ਉਡੀਕ ਕਰ ਰਿਹਾ
ਸੀ । ਉਸਨੇ ਪੂਰਨ ਆਤਮ-ਵਿਸ਼ਵਾਸ ਨਾਲ ਚਾਹ ਵਾਲੇ ਤੋਂ ਪੁੱਛਿਆ ਕਿ ਮੋਗੇ ਨੂੰ ਗੱਡੀ ਕਿੰਨੇ ਵਜੇ ਜਾਂਦੀ ਹੈ ?
ਟੀ-ਸਟਾਲ ਵਾਲੇ ਦੇ ਦੱਸਣ ਮੁਤਾਬਕ ਸਵੇਰੇ ਸਾਜਰੇ ਹੀ ਇੱਕ ਗੱਡੀ ਲੁਧਿਆਣਾ ਤੋਂ ਫਿਰੋਜ਼ਪੁਰ ਵਾਇਆ ਮੋਗਾ ਜਾਂਦੀ
ਹੈ । ਦੀਪੂ ਨੇ ਚਾਹ ਪੀਂਦਿਆਂ ਹੀ ਪਲੇਟਫਾਰਮ 'ਤੇ ਲੱਗੇ ਵੱਡੇ ਸਾਰੇ ਕਲੌਕ 'ਤੇ ਨਿਗਾਹ ਮਾਰੀ –ਸਾਢੇ ਬਾਰਾਂ ਵੱਜ
ਰਹੇ ਸਨ । ਗੱਡੀ ਜਾਣ ਵਿੱਚ ਅਜੇ ਪੰਜ-ਛੇ ਘੰਟੇ ਬਾਕੀ ਸਨ । ਉਹ ਸਬਰ ਨਾਲ ਸਵੇਰਾ ਹੋਣ ਦੀ ਉਡੀਕ ਕਰਨ ਲੱਗ ਪਿਆ ।
ਕਾਂਡ-੧੦ ਦੀਪੂ ਦੀ ਵਾਪਸੀ (ਬਾਲ-ਨਾਵਲ)
ਦੀਪੂ ਸਵੇਰੇ ਚਾਰ ਵਜੇ ਹੀ ਪਲੇਟਫਾਰਮ ਛੱਡ ਕੇ ਬਾਹਰ ਟਿਕਟ ਘਰ ਵਿੱਚ ਆ ਗਿਆ । ਉਸ ਨੂੰ ਸਾਰੀ ਰਾਤ ਚੈਨ ਨਹੀਂ
ਆਈ ਸੀ । ਉਹ ਵਾਪਸ ਘਰ ਜਾਣ ਲਈ ਤਰਲੋ-ਮੱਛੀ ਹੋ ਰਿਹਾ ਸੀ । ਟਿਕਟ ਖਿੜਕੀ ਖੁੱਲ੍ਹਦਿਆਂ ਹੀ ਉਸਨੇ ਮੋਗੇ ਦੀ ਇੱਕ ਟਿਕਟ
ਖਰੀਦ ਲਈ । ਨਾਲ ਹੀ ਉਸਨੇ ਟਿਕਟ ਬਾਬੂ ਤੋਂ ਪੁੱਛ ਲਿਆ ਕਿ ਗੱਡੀ ਕਿੰਨੇ ਨੰਬਰ ਪਲੇਟਫਾਰਮ ਤੋਂ ਚੱਲੇਗੀ ?ਟਿਕਟ ਬਾਬੂ
ਨੇ ਦੋ ਨੰਬਰ ਪਲੇਟਫਾਰਮ ਕਿਹਾ ਤਾਂ ਉਹ ਝੱਟ ਦੇਣੇ ਦੋ ਨੰਬਰ ਪਲੇਟਫਾਰਮ 'ਤੇ ਆਣ ਖੜ੍ਹਾ ਹੋਇਆ । ਹੁਣ ਉਹ
ਉੱਥੇ ਖੜ੍ਹਾ ਬੜੀ ਹੀ ਬੇ-ਸਬਰੀ ਦੇ ਨਾਲ ਰੇਲ ਗੱਡੀ ਦਾ ਇੰਤਜ਼ਾਰ ਕਰ ਰਿਹਾ ਸੀ । ਹੁਣ ਉਸਨੂੰ ਕਿਸੇ ਲੰਡੀ-ਛੰਡੀ
ਪੁਲਿਸ ਵਾਲੇ ਦਾ ਡਰ ਨਹੀਂ ਸੀ । ਉਹ ਆਪਣੀ ਮਰਜ਼ੀ ਨਾਲ ਆਪਣੇ ਘਰ ਨੂੰ ਜਾ ਰਿਹਾ ਸੀ । ਹੁਣ ਕੋਈ ਪੁੱਛੇਗਾ ਤਾਂ
ਅਕੜੇਵੇਂ ਨਾਲ ਕਹਿ ਦੇਵੇਗਾ ਕਿ ਕਿਸੇ ਘਰ ਦੇ ਜ਼ਰੂਰੀ ਕੰਮ ਲੁਧਿਆਣੇ ਆਇਆ ਸੀ ! ਹੁਣ ਵਾਪਸ ਜਾ ਰਿਹਾਂ ਹਾਂ ।
ਆਹ ਵੇਖੋ ਟਿਕਟ ਮੇਰੀ ਜੇਬ ਵਿੱਚ ਹੈ! ਕੋਈ ਸ਼ੱਕ ? ਉਹਨੂੰ ਘਰ ਦੀ ਯਾਦ ਬੁਰੀ ਤਰ੍ਹਾਂ ਸਤਾਅ ਰਹੀ ਸੀ । ਉਹ ਜਿੰਨੀ
ਜਲਦੀ ਹੋ ਸਕੇ ਪਲਾਂ-ਛਿਣਾਂ ਵਿੱਚ ਹੀ ਉੱਡ ਕੇ ਆਪਣੇ ਸਵਰਗ ਵਰਗੇ ਘਰ ਵਿੱਚ ਵਾਪਸ ਪਹੁੰਚ ਜਾਣਾ ਲੋਚਦਾ
ਸੀ । ਆਲੂਆਂ ਵਾਲੇ ਮੁਸ਼ਕੇ ਸਮੋਸੇ-ਪਕੌੜੇ ਖਾਕੇ ਅਤੇ ਪਸ਼ੂਆਂ ਦੇ ਮੂਤ ਵਰਗੀ ਸਟੇਸ਼ਨ ਦੀ ਕਲੂਟੀ ਚਾਹ ਪੀ-ਪੀ
ਕੇ ਉਸਦਾ ਮਨ ਉਕਤਾ ਗਿਆ ਸੀ । ਇੰਤਜਾਰ ਦੀਆਂ ਘੜੀਆਂ ਲੰਬੀਆਂ ਹੁੰਦੀਆਂ ਹਨ । ਗੱਡੀ ਆਉਣ ਵਿੱਚ ਹੀ
ਨਹੀਂ ਸੀ ਆ ਰਹੀ । ਸਟੇਸ਼ਨ 'ਤੇ ਸਵਾਰੀਆਂ ਦੀ ਰੌਣਕ ਵਧਣੀ ਸ਼ੁਰੂ ਹੋ ਗਈ ਸੀ । ਉਸਨੂੰ ਹੁਣ ਕਿਸੇ ਤੋਂ ਵੀ ਡਰ ਨਹੀਂ
ਸੀ । ਉਹ ਕਿਹੜਾ ਹੁਣ ਘਰੋਂ ਭੱਜ ਕੇ ਜਾ ਰਿਹਾ ਸੀ ਸਗੋਂ ਉਹ ਤਾਂ ਹੁਣ ਕਿਸੇ ਛੁੱਟੀ ਕੱਟਣ ਜਾ ਰਹੇ ਫ਼ੌਜੀ ਵਾਂਗ
ਆਪਣੇ ਘਰ ਜਾ ਰਿਹਾ ਸੀ । ਟਿਕਟ ਉਸਦੇ ਕੋਲ ਹੈ ਸੀ । ਹੁਣ ਕਿਸੇ ਟੀਟੀ-ਫੀਟੀ ਦਾ ਉਸਨੂੰ ਕੋਈ ਡਰ-ਡੁੱਕਰ ਨਹੀਂ ਸੀ । ਉਹ
ਆਪਣੇ ਆਪ ਨੂੰ ਹੱਬੀ ਖਾਨ ਸਮਝ ਰਿਹਾ ਸੀ । ਅਜਿਹੀਆਂ ਸੋਚਾਂ ਸੋਚਦਿਆਂ ਉਹ ਸਟੇਸ਼ਨ ਉੱਤੇ ਆਕੜ-ਆਕੜ
ਕੇ ਤੁਰਨ ਲੱਗ ਪਿਆ । ਅਚਾਨਕ ਉਸਦੀ ਨਿਗਾਹ ਆਪਣੇ ਪਹਿਨੇ ਹੋਏ ਕੱਪੜਿਆਂ ਉੱਤੇ ਜਾ ਪਈ । ਕੱਪੜੇ ਮੈਲ ਨਾਲ
ਆਕੜੇ ਪਏ ਸਨ । ਉਸਦੇ ਪਿੰਡੇ ਉੱਤੇ ਵੀ ਗਿੱਠ-ਗਿੱਠ ਮੈਲ ਜੰਮੀ ਹੋਈ ਸੀ । ਉਸਦੇ ਪੈਰਾਂ ਉੱਤੇ ਜੰਮੀ ਮੈਲ
ਇਉਂ ਪ੍ਰਤੀਤ ਹੋ ਰਹੀ ਸੀ ,ਜਿਵੇਂ ਪੈਰਾਂ 'ਤੇ ਕਾਲੀਆਂ ਜੁਰਾਬਾਂ ਪਹਿਨ ਰੱਖੀਆਂ ਹੋਣ! ਪਿੰਡਾ ਖੁਰਕ ਨਾਲ ਬੇ-ਚੈਨ
ਹੋਇਆ ਪਿਆ ਸੀ । ਉਸਨੇ ਆਪਣੀ ਇਹ ਅੱਤ ਭੈੜੀ ,ਤਰਸਯੋਗ ਹਾਲਤ ਵੇਖ ਕੇ ਸੋਚਿਆ- ਉਹ ਸਭ ਤੋਂ ਪਹਿਲਾਂ ਘਰ
ਜਾ ਕੇ ਨਹਾਵੇਗਾ । ਫਿਰ!.........ਫਿਰ ਆਪਣੇ ਮਾਤਾ-ਪਿਤਾ ਤੋਂ ਆਪਣੀ ਇਸ ਕਠੋਰ ਗਲਤੀ ਦੀ ਮਾਫ਼ੀ ਮੰਗੇਗਾ । ਅੱਗੇ
ਤੋਂ ਅਜਿਹੀ ਭੁੱਲ ਕਦੇ ਨਹੀਂ ਕਰੇਗਾ । ਭਵਿੱਖ ਵਿੱਚ ਮਨ ਲਗਾ ਕੇ ਪੜ੍ਹਾਈ ਕਰੇਗਾ । ਅਵਾਰਾ-ਗਰਦੀ ਬਿਲਕੁੱਲ ਹੀ ਛੱਡ
ਦੇਵੇਗਾ । ਨਿਰਮਲ ਨਾਲ ਆਪਣੀ ਦੋਸਤੀ ਦਾ ਸਦਾ-ਸਦਾ ਲਈ ਭੋਗ ਪਾ ਦੇਵੇਗਾ । ਨਿਰਮਲ ਉਸਨੂੰ ਕੋਈ ਡਾਕੂ ਲੱਗ ਰਿਹਾ
ਸੀ । ਝੂਠਾ ਤੇ ਘਿਨਾਉਣਾ ਆਦਮੀ! ਉਸਨੇ ਮਨ ਹੀ ਮਨ ਨਿਰਮਲ ਦਾ ਭਵਿੱਖ ਚਿਤਵਿਆ :ਕਿ ਨਿਰਮਲ ਵੱਡਾ ਹੋ ਕੇ ਬਹੁਤ
ਹੀ ਭੈੜਾ ਇਨਸਾਨ ਬਣੇਗਾ । ਸ਼ਾਇਦ ਉਗਰਵਾਦੀ ,ਕੱਟੜ ਅੱਤਵਾਦੀ ,ਮਾਸੂਮ ਲੋਕਾਂ ਦਾ ਕਤਲੇਆਮ ਕਰਿਆ ਕਰੇਗਾ ।
ਉਸ ਝੂਠੇ ਦਾ ਨਾ ਕੋਈ ਦੀਨ ,ਨਾ ਧਰਮ ਹੋਵੇਗਾ! ਬੱਸ ਉਹ ਤਾਂ ਮਨੁੱਖਤਾ ਦਾ ਵੈਰੀ ਬਣੇਗਾ । ਉਸਨੇ ਸਿਰ ਨੂੰ
ਝਟਕਾ ਦੇ ਕੇ ਮਾਨੋ ਨਿਰਮਲ ਨੂੰ ਆਪਣੀ ਚੇਤਨਾ ਵਿੱਚੋਂ ਮਨਫ਼ੀ ਕਰ ਦਿੱਤਾ । ਇਸ ਵਕਤ ਦੀਪੂ ਦੀ ਮਾਨਸਿਕ ਹਾਲਤ
ਐਸੀ ਬਣੀ ਹੋਈ ਸੀ ਕਿ ਉਸਦਾ ਦਿਮਾਗ਼ ਨਿਰਮਲ ਦੇ ਖਿਆਲਾਂ ਨੂੰ ਵੀ ਸਹਿਨ ਨਹੀਂ ਕਰ ਰਿਹਾ ਸੀ ।
ਉਸਨੂੰ ਗੱਡੀ ਦੀ ਕੂਕ ਸੁਣਾਈ ਦਿੱਤੀ । ਮੋਗੇ ਜਾਣ ਵਾਲੀ ਗੱਡੀ ਆ ਰਹੀ ਸੀ । ਉਹ ਗੱਡੀ ਚੜ੍ਹਨ ਲਈ ਤਿਆਰ ਹੋ
ਗਿਆ । ਉਸਨੇ ਮਨ ਹੀ ਮਨ ਲੁਧਿਆਣੇ ਦੇ ਰੇਲਵੇ ਸਟੇਸ਼ਨ ਨੂੰ ਨਮਸ਼ਕਾਰ ਕੀਤੀ । ਹਲਕਾ ਜਿਹਾ ਸਿਰ ਝੁਕਾ ਕੇ ਧਰਤੀ ਵੱਲ
ਨਿਵਾਇਆ- ਕਿ ਹੇ ਲੁਧਿਆਣੇ ਦੀ ਧਰਤੀਏ! ਤੈਨੂੰ ਮੇਰਾ ਸਲਾਮ ਹੈ । ਤੇਰੀ ਜੂਹ ਵਿਚ ਆ ਕੇ ਮੈਂ ਅਮਾਨਸ ਤੋਂ
ਮਾਨਸ ਬਣਕੇ ਜਾ ਰਿਹਾ ਹਾਂ । ਮੈਂ ਹਮੇਸ਼ਾ ਤੇਰਾ ਰਿਣੀ ਰਹਾਂਗਾ!!!.........ਤੇ ਫਿਰ ਅੱਖ ਦੇ ਫੋਰ ਵਿੱਚ ਉਹ ਗੱਡੀ ਦੇ
ਡੱਬੇ ਦੇ ਵਿੱਚ ਜਾ ਵੜਿਆ ਸੀ । ਉਹ ਇੱਕ ਸਿੰਗਲ ਸੀਟ 'ਤੇ ਤਣ ਕੇ ਬੈਠ ਗਿਆ । ਉਸਨੇ ਅੱਖਾਂ ਮੀਚ ਕੇ ਦੁਬਾਰਾ ਫਿਰ
ਮਨ ਹੀ ਮਨ ਵਾਹਿਗੁਰੂ ਨੂੰ ਧਿਆਇਆ । ਉਹਦਾ ਬਾਪੂ ਵੀ ਹਰ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਵੇਂ ਹੀ
ਵਾਹਿਗੁਰੂ ਨੂੰ ਨਮਸ਼ਕਾਰਿਆ ਕਰਦਾ ਹੈ । ਇਉਂ ਕਰਕੇ ਉਸਨੇ ਆਪਣੇ ਬਾਪੂ ਨੂੰ ਆਪਣੇ ਇਰਦ-ਗਿਰਦ
ਮਹਿਸੂਸ ਕੀਤਾ । ਬਾਪੂ ਦੀ ਹੋਂਦ ਦਾ ਅਹਿਸਾਸ ਕਰਕੇ ਉਸਨੂੰ ਇੱਕ ਅਜੀਬ ਕਿਸਮ ਦਾ ਸਕੂਨ ਮਹਿਸੂਸ
ਹੋਇਆ । ਉਹਨੇ ਅੱਖਾਂ ਖੋਹਲੀਆਂ । ਗੱਡੀ ਚੱਲ ਪਈ ਸੀ । ਉਹ ਸੂਤ ਹੋ ਕੇ ਬੈਠ ਗਿਆ । ਉਸਨੂੰ ਅਜੀਬ ਕਿਸਮ ਦੇ ਸ਼ੋਰ
ਦਾ ਅਹਿਸਾਸ ਹੋਇਆ । ਉਸਨੇ ਧੌਣ ਪਿੱਛੇ ਮੋੜ ਕੇ ਦੇਖਿਆ,ਡੱਬੇ ਵਿੱਚ ਸੱਚਮੁੱਚ ਹੀ ਰੌਲਾ ਜਿਹਾ ਮੱਚ ਗਿਆ
ਸੀ । ਉਹ ਖੜ੍ਹਾ ਹੋ ਕੇ ਉੱਤਸੁਕਤਾ ਨਾਲ ਵੇਖਣ ਲੱਗਿਆ । ਉਸਨੂੰ ਪਤਾ ਚੱਲਿਆ ਕਿ ਇੱਕ ਜੇਬਕਤਰੇ ਨੂੰ
ਸਵਾਰੀਆਂ ਨੇ ਕਿਸੇ ਬਜ਼ੁਰਗ ਸਵਾਰੀ ਦਾ ਬਟੂਆ ਕੱਢਦਿਆਂ ਰੰਗੇ ਹੱਥੀਂ ਫੜ੍ਹ ਲਿਆ ਸੀ । ਪਲਾਂ ਵਿੱਚ ਹੀ ਉਸ
ਜੇਬਕਤਰੇ ਦੀ ਮਾਰਕੁਟਾਈ ਸ਼ੁਰੂ ਹੋ ਗਈ ਸੀ । ਦੀਪੂ ਨੇ ਵੇਖਿਆ ਇਹ ਕੋਈ ਚੌਵੀ-ਪੱਚੀ ਸਾਲਾਂ ਦਾ ਸੂਟਿਡ-ਬੂਟਿਡ
ਨੌਜਵਾਨ ਸੀ । ਐਕਟਰਾਂ ਵਾਂਗ ਵਾਲ ਵਾਹੇ ਹੋਏ ਸਨ । ਸਵਾਰੀਆਂ ਨੇ ਮਿੰਟਾਂ ਵਿੱਚ ਹੀ ਉਸਦਾ ਹੁਲੀਆ ਵਿਗਾੜ ਕੇ
ਰੱਖ ਦਿੱਤਾ ਸੀ । ਉਹ ਲੋਕਾਂ ਦੀਆਂ ਮਿਨਤਾਂ ਕਰ ਰਿਹਾ ਸੀ । ਛੱਡ ਦੇਣ ਲਈ ਤਰਲੇ ਪਾ ਰਿਹਾ ਸੀ ਪਰ ਕਿਸੇ ਨੇ ਉਸਦੀ ਇੱਕ ਨਾ
ਸੁਣੀ । ਜਿਹੜੀ ਸਵਾਰੀ ਉੱਠਦੀ ਦੋ-ਚਾਰ ਥੱਪੜ ਮਾਰ ਕੇ ਉਸਦਾ ਹੁਲੀਆ 'ਟੈਟ' ਕਰ ਦਿੰਦੀ । ਉਸਦੇ ਮੂੰਹ 'ਤੇ ਥੁੱਕ
ਦੇ ਲੇਬੇ ਕਈ ਪੇਂਡੂ ਸਵਾਰੀਆਂ ਨੇ ਸੁੱਟ ਦਿੱਤੇ ਸਨ । "ਇਸ ਨੂੰ ਪੁਲਿਸ ਹਵਾਲੇ ਕਰੋ!" ਵਿੱਚੋਂ ਹੀ ਕਿਸੇ ਸਵਾਰੀ ਨੇ
ਕਿਹਾ । ਤਾਂ "ਨਹੀਂ-ਨਹੀਂ !" ਇੱਕ ਹੋਰ ਸਵਾਰੀ ਬੋਲੀ, "ਪੁਲਿਸ ਨਾਲ ਤਾਂ ਇਹ ਮਿਲੇ ਹੋਏ ਹੁੰਦੇ ਹਨ । ਪੁਲਿਸ ਨੇ ਤਾਂ
ਇਸਨੂੰ ਤੁਰੰਤ ਹੀ ਛੱਡ ਦੇਣਾ ਹੈ । "…………ਕਿਸੇ ਹੋਰ ਸਵਾਰੀ ਨੇ ਹੋਰ -ਤੇ ਕਿਸੇ ਹੋਰ ਸਵਾਰੀ ਨੇ ਹੋਰ ਮਸ਼ਵਰਾ
ਦਿੱਤਾ । ਸਭ ਸਵਾਰੀਆਂ ਆਪੋ-ਆਪਣੀ ਸਲਾਹ ਦੇ ਰਹੀਆਂ ਸਨ । ਇੱਕ ਕਤਰੀ ਦਾਹੜੀ ਤੇ ਪੋਚਵੀਂ ਪੱਗ ਵਾਲਾ ਪੈਂਤੀਆਂ
ਕੁ ਸਾਲਾਂ ਦਾ ਇੱਕ ਨੌਜਵਾਨ ਬੋਲਿਆ, "ਇਉਂ ਕਰੋ! ਅਗਲੇ ਸਟੇਸ਼ਨ 'ਤੇ ਗੱਡੀ ਰੁਕੂਗੀ । ਇਸਨੂੰ ਅਲਫ਼ ਨੰਗਾ ਕਰਕੇ
ਥੱਲੇ ਲਾਹ ਦਿਓ !!!" ਸੁਣਕੇ ਡੱਬੇ ਵਿੱਚ ਹਾਸਾ ਮੱਚ ਗਿਆ ਤੇ ਨਾਲ ਹੀ ਬਹੁਤ ਸਾਰੇ ਮੁੰਡੇ ਤੇ ਅਧਖੜ ਉਮਰ ਦੇ
ਬੰਦੇ "ਹਾਂ-ਹਾਂ!" ਕਰ ਉੱਠੇ । ਮਾਨੋ ਸਭ ਨੇ "ਹਾਂ!" ਕਹਿ ਕੇ ਸਹਿਮਤੀ ਦੇ ਦਿੱਤੀ ਸੀ । ਭੀੜ ਦਾ ਫੈਸਲਾ ਸੁਣਕੇ
ਜੇਬਕਤਰੇ ਦੀ ਅਕਲ ਟਿਕਾਣੇ ਆ ਗਈ । ਉਹ ਇਸ ਕਠੋਰ ਫੈਸਲੇ ਦੇ ਵਿਰੋਧ ਵਿੱਚ ਚੀਕ ਪੁਕਾਰ ਕਰਨ ਲੱਗਿਆ । ਉਹ ਮਿਨਤਾਂ
ਤਰਲੇ ਤੇ ਬਹੁੜੀਆਂ ਪਾ ਰਿਹਾ ਸੀ । ਆਪਣੇ-ਆਪ ਹੀ ਧਰਤੀ 'ਤੇ ਨੱਕ ਰਗੜਣ ਲੱਗ ਪਿਆ । ਮਾਫੀ ਲਈ ਗੁਹਾਰ ਲਗਾ ਰਿਹਾ ਸੀ
, ਪਰ ਨਗਾਰਖਾਨੇ ਵਿੱਚ ਤੂਤੀ ਦੀ ਅਵਾਜ਼ ਕੌਣ ਸੁਣਦਾ ਹੈ । ਉਹ ਹੁਣ ਲੋਕਾਂ ਦਾ ਮੁਜ਼ਰਮ ਸੀ । ਉਸਨੂੰ ਛਡਾਉਣ
ਵਾਲਾ ਕੋਈ ਨਹੀਂ ਸੀ । ਜੇ ਉਹ ਗੱਡੀਓਂ ਬਾਹਰ ਸਟੇਸ਼ਨ ਉੱਤੇ ਹੁੰਦਾ ਤਾਂ ਸ਼ਾਇਦ ਉਸਦੀ ਸਹਾਇਤਾ ਲਈ ਪੁਲਿਸ
ਵਾਲੇ ਕਿਸੇ ਪਾਸਿਓਂ ਬਹੁੜ ਹੀ ਪੈਂਦੇ । ਲੋਕਾਂ ਤੋਂ ਉਸਦੀ ਜਾਨ-ਖੁਲਾਸੀ ਹੋ ਜਾਂਦੀ । ਪਰ ਇੱਥੇ ਤਾਂ ਇੱਕ ਗੱਡੀ ਦਾ
ਡੱਬਾ ਤੇ ਜੇਬਕਤਰਿਆਂ ਤੋਂ ਦੁਖੀ ਬਹੁਤ ਸਾਰੇ ਲੋਕ ਸਨ । ਅੱਜ ਫੈਸਲਾ ਉਨ੍ਹਾਂ ਦੇ ਹੱਥ-ਵੱਸ ਸੀ । ਜੇਬਕਤਰੇ ਦੇ ਭਾਰੀ
ਵਿਰੋਧ ਦੇ ਬਾਵਜੂਦ ਲੋਕਾਂ ਨੇ ਪਲਾਂ ਵਿੱਚ ਹੀ ਉਸਦੀ ਪੈਂਟ-ਸ਼ਰਟ ਤੇ ਟਾਈ-ਬੂਟ ਉਤਾਰ ਦਿੱਤੇ । ਬੱਸ ਇੱਕ ਕੱਛਾ ਬਾਕੀ
ਸੀ । ਉਹ ਵੀ ਮੌਕੇ 'ਤੇ ਲਾਹ ਕੇ ਉਸਨੂੰ ਗੱਡੀ ਤੋਂ ਧੱਕਾ ਦੇ ਦੇਣਾ ਸੀ । ਜੇਬਕਤਰਾ ਬੁਰੀ ਤਰ੍ਹਾਂ ਕੰਬ ਰਿਹਾ
ਸੀ । ਉਸਦੇ ਨੱਕ ਅਤੇ ਮੂੰਹ ਵਿੱਚੋਂ ਖੂਨ ਸਿਮ ਰਿਹਾ ਸੀ । ਉਸਦੇ ਮਿਨਤਾਂ ਤਰਲੇ ਜਾਰੀ ਸਨ । ਉਹ ਅਜੇ ਵੀ ਰੋ-ਰੋ ਕੇ
ਬਹੁੜੀਆਂ ਪਾ ਰਿਹਾ ਸੀ । ਸ਼ਾਇਦ ਸੁਣਵਾਈ ਹੋ ਹੀ ਜਾਵੇ !ਉਹ ਬੋਲਿਆ, "ਭਰਾਵੋ! ਮੈਨੂੰ ਇਹ ਸਜਾ ਨਾ ਦਿਓ!
ਬੇਸ਼ੱਕ ਪੁਲਿਸ ਹਵਾਲੇ ਕਰ ਦਿਓ!! ਮੇਰੀ ਬਹੁੜੀ ਉਏ ਲੋਕੋ!!!ਮੈਨੂੰ ਛੱਡ ਦਿਓ……ਅੱਜ ਮਾਫੀ ਦੇ
ਦਿਓ……ਮਾਫੀ,ਮਾਫੀ,ਮਾਫੀ……!" ਪਰ ਉਸਦੀ ਕਿਸੇ ਨੇ ਨਾ ਸੁਣੀ ਸਗੋਂ ਲੋਕ ਕਹਿੰਦੇ , 'ਪਤਾ ਨਹੀਂ ਤੂੰ
ਕਿੰਨੇ ਗਰੀਬਾਂ ਦੀਆਂ ਜੇਬਾਂ ਕੱਟੀਆਂ ਹੋਣਗੀਆਂ । ਪਤਾ ਨਹੀਂ ਵਿਚਾਰੇ ਲੋਕ ਕਿਵੇਂ ਪੈਸੇ ਹੁਧਾਰ-ਸੁਧਾਰ ਫੜ੍ਹ
ਕੇ ਖ਼ੁਸ਼ੀ-ਗਮੀਂ ਤੇ ਜਾਣ ਲਈ ਸਫਰ ਕਰਦੇ ਹਨ । ਤੇਰੇ ਵਰਗੇ ਕੰਜ਼ਰ ਜੇਬਕਤਰੇ ਮਿੰਟਾਂ ਵਿੱਚ ਹੀ ਜੇਬ ਕਤਰ ਕੇ ਰਫ਼ੂ ਚੱਕਰ ਹੋ
ਜਾਂਦੇ ਹਨ । ਵਿਚਾਰਾ ਮੁਸਾਫ਼ਰ ਨਾ ਇੱਧਰ ਜੋਗਾ ਰਹਿੰਦਾ ਨਾ ਉੱਧਰ ਜੋਗਾ । ਜੇ ਬੰਦਾ ਹੋਵੇਂਗਾ ਤਾਂ ਅੱਗੇ ਤੋਂ
ਇਹ ਧੰਦਾ ਹਮੇਸ਼ਾ ਲਈ ਤਿਆਗ ਕੇ ਕਿਸੇ ਇੱਜ਼ਤ ਵਾਲੇ ਧੰਦੇ ਜਾ ਲੱਗੇਂਗਾ । ਕੰਜ਼ਰਾ ਹੱਟਾ-ਕੱਟਾ ਪਿਆ
ਏਂ । ਮਿਹਨਤ ਨਾਲ ਕਮਾਈ ਕਰ ਸਕਦੈਂ! ਕੁਲੀ ਪੁਣਾ ਕਰ ਲੈ,ਦਿਹਾੜੀ-ਦੱਪਾ ਕਰ ਲੈ! ਹੋਰ ਵੀਹ ਕੰਮ ਐ ਕਰਨ
ਨੂੰ………!' ਮੁਕਦੀ ਗੱਲ ਕਿ ਕਿਸੇ ਵੀ ਸਵਾਰੀ ਨੂੰ ਉਸ ਉੱਤੇ ਰਹਿਮ ਨਾ ਆਇਆ । ਉਹ ਬਹੁੜੀਆਂ-ਤਰਲੇ ਪਾ-
ਪਾ ਹੰਭ ਗਿਆ । ਅਖੀਰ ਜਗਰਾਉਂ ਤੋਂ ਪਹਿਲਾਂ ਗੱਡੀ ਹੌਲੀ ਹੋ ਗਈ । ਪਲੇਟਫਾਰਮ ਤੋਂ ਸੌ ਕੁ ਗਜ਼ ਉਰੇ ਤਾਂ ਗੱਡੀ
ਬਿਲਕੁਲ ਹੀ ਹੌਲੀ ਰਫ਼ਤਾਰ ਨਾਲ ਚੱਲਣ ਲੱਗੀ । ਦੋ-ਤਿੰਨ ਨੌਜਵਾਨਾਂ ਨੇ ਉਸਦਾ ਕੱਛਾ ਲਾਹ ਕੇ ਗੱਡੀਓਂ ਥੱਲੇ ਉਤਾਰ
ਦਿੱਤਾ । ਗੱਡੀ ਤੋਂ ਥੱਲੇ ਉਹ ਅਲਫ਼ ਨੰਗਾ ਦਿਨ ਦੇ ਚਿੱਟੇ ਚਾਨਣ ਵਿੱਚ ਸ਼ਰਮ ਨਾਲ ਗਰਕਦਾ ਜਾ ਰਿਹਾ ਸੀ । ਉਸ ਜੇਬਕਤਰੇ ਦੀ
ਮਿੱਟੀ ਪਲੀਤ ਹੋ ਚੁੱਕੀ ਸੀ । ਡਾਢਿਆਂ ਲੋਕਾਂ ਨੇ ਭਾਣਾ ਵਰਤਾ ਦਿੱਤਾ ਸੀ । ਲੋਕਾਂ ਦਾ ਇਹ ਫੈਸਲਾ ਸਹੀ ਸੀ ਜਾਂ ਗਲਤ ਸੀ
,ਕੋਈ ਕੁਝ ਨਹੀਂ ਕਹਿ ਸਕਦਾ । ਇਹਦੇ ਬਾਰੇ ਸਭਦੀ ਆਪਣੀ-ਆਪਣੀ ਰਾਇ ਹੋ ਸਕਦੀ ਹੈ ।
ਜੇਬਕਤਰੇ ਦੀ ਇਹ ਭਿਆਨਕ ਦੁਰਦਸ਼ਾ ਵੇਖ ਕੇ ਦੀਪੂ ਧੁਰ ਅੰਦਰ ਤੱਕ ਕੰਬ ਗਿਆ । ਉਸਨੂੰ ਆਪਣੀ ਕੱਲ੍ਹ ਵਾਲੀ
ਘਟਨਾ ਚੇਤੇ ਆ ਗਈ । ਜਦੋਂ ਉਸਨੇ ਕੱਲ੍ਹ ਤਮਾਸ਼ਾ ਵੇਖਦਿਆਂ ਕਿਸੇ ਬਾਊ ਦਾ ਬਟੂਆ ਜੇਬ ਵਿੱਚੋਂ ਖਿੱਚਿਆ
ਸੀ । -'ਜੇ ਫੜ੍ਹਿਆ ਜਾਂਦਾ!' ਸੋਚ ਕੇ ਉਹ ਅੰਦਰ ਹੀ ਅੰਦਰ ਦਹਿਲ ਗਿਆ । ਉਸਨੇ ਜੇਬਕਤਰੇ ਵਾਂਗ ਆਪਣੀ ਹਾਲਤ ਨੂੰ
ਚਿਤਵਿਆ । 'ਨਾ-ਨਾ!' ਉਸਨੇ ਸਿਰ ਮਾਰ ਕੇ ਕੱਲ੍ਹ ਵਾਲੀ ਘਟਨਾ ਤੋਂ ਤੋਬਾ ਕੀਤੀ । 'ਮੈਂ ਨਹੀਂ ਕਦੇ ਜ਼ਿੰਦਗੀ 'ਚ ਇਹੋ
ਜਿਹਾ ਕੰਮ ਕਰਦਾ!' ਸੋਚਦਿਆਂ ਉਸਨੇ ਆਪਣੀ ਜੇਬ ਵਿੱਚ ਹੱਥ ਮਾਰਿਆ । ਕੱਲ੍ਹ ਵਾਲੇ ਰੁਪਈਏ ਅਜੇ ਵੀ ਉਸਦੀ ਜੇਬ
ਵਿੱਚ ਪਏ ਸਨ । ਉਸਨੇ ਸੋਚਿਆ-ਜੋ ਪੈਸੇ ਬਚ ਗਏ ,ਉਹ ਕੋਲ ਨਹੀਂ ਰੱਖਣੇ । ਜੇ ਅਣਕੇ-ਪਟੱਕੇ ਉਹ ਬਾਬੂ ਮਿਲ ਗਿਆ
ਤਾਂ ਉਸਨੂੰ ਵਾਪਸ ਕਰ ਦਿਆਂਗਾ । ਜੇ ਨਾ ਵੀ ਮਿਲਿਆ ਤਾਂ ਉਸ ਬਾਬੂ ਵੱਲੋਂ ਗੁਰਦੁਆਰੇ ਮੱਥਾ ਟੇਕ ਆਊਂ!
ਚਲੋ ਉਸਦੇ ਪੈਸੇ ਗੁਰੁ ਘਰ ਵਿੱਚ ਦਾਨ ਹੋ ਜਾਣਗੇ!
ਇਊਂ ਦੀਪੂ ਦੀਆਂ ਸੋਚਾਂ ਅਜੇ ਜਾਰੀ ਹੀ ਸਨ ਕਿ ਜਦੋਂ ਉਸਦਾ ਆਪਣਾ ਸ਼ਹਿਰ ਆ ਗਿਆ । ਗੱਡੀ ਇੱਕ ਝਟਕੇ ਨਾਲ
ਸਟੇਸ਼ਨ 'ਤੇ ਰੁਕੀ । ਦੀਪੂ ਦੀ ਸੋਚ ਲੜੀ ਟੁੱਟ ਗਈ । ਉਹ ਫੁਰਤੀ ਨਾਲ ਉੱਠਿਆ ਤੇ ਗੱਡੀਓਂ ਉੱਤਰਕੇ ਸਟੇਸ਼ਨ ਤੋਂ ਬਾਹਰ
ਆ ਗਿਆ । 'ਘਰ' ਉਹਦੇ ਲਈ ਚੁੰਭਕੀ ਖਿੱਚ ਬਣਿਆ ਹੋਇਆ ਸੀ । ਉਹ ਜਲਦੀ ਤੋਂ ਜਲਦੀ ਘਰ ਪਹੁੰਚਣਾ ਚਾਹੁੰਦਾ
ਸੀ । ਉਸਦੇ ਕਦਮ ਕਾਹਲੀ-ਕਾਹਲੀ ਟੈਂਪੂਆਂ ਦੇ ਅੱਡੇ ਵੱਲ ਸਰਕ ਰਹੇ ਸਨ । ਉੱਥੋਂ ਉਸਨੇ ਪਿੰਡ ਲਈ ਟੈਂਪੂ ਪਕੜਨਾ
ਸੀ ।
ਕਾਂਡ-੧੧ ਦੀਪੂ ਦੀ ਵਾਪਸੀ (ਬਾਲ-ਨਾਵਲ)
ਇੱਧਰ ਸੂਰਜ ਅਸਤ ਹੋ ਚੁੱਕਿਆ ਸੀ । ਟਾਵਾਂ-ਟਾਵਾਂ ਤਾਰਾ ਵੀ ਅਸਮਾਨ ਵਿੱਚ ਨਿਕਲ ਆਇਆ ਸੀ । ਹਨੇਰਾ ਪਲ ਪ੍ਰਤੀ ਪਲ
ਗਹਿਰਾ ਹੁੰਦਾ ਜਾ ਰਿਹਾ ਸੀ । ਇਸ ਹਨੇਰੇ ਦੇ ਗਹਿਰੇਪਨ ਦੇ ਨਾਲ ਹੀ ਨਿੰਦੀ ਦਾ ਫ਼ਿaਮਪ;ਕਰ ਵੀ ਵਧਦਾ ਹੀ ਜਾ ਰਿਹਾ ਸੀ । ਪਹਿਲਾਂ
ਤਾਂ ਉਸਨੇ ਸੋਚਿਆ ਕਿ ਵੀਰਾ ਸਕੂਲ ਜਾਣ ਤੋਂ ਡਰਦਾ ਕਿਤੇ ਲੁਕ-ਛਿਪ ਗਿਆ ਹੋਣਾ ਹੈ । ਸ਼ਾਮ ਹੁੰਦੇ ਹੀ ਘਰੇ ਪਰਤ
ਆਏਗਾ ਪਰ ਹੁਣ ਨਿੰਦੀ ਦੀ ਆਸ ਬੇ-ਉਮੀਦੀ ਵਿੱਚ ਬਦਲਦੀ ਜਾ ਰਹੀ ਸੀ । ਹੁਣ ਤਾਂ ਰਾਤ ਵੀ ਬਹੁਤ ਹੋ ਚੁੱਕੀ ਸੀ ਪਰ
ਦੀਪੂ ਦਾ ਕੋਈ ਥਹੁ ਪਤਾ ਨਹੀਂ ਸੀ । ਦੁਪਹਿਰੇ ਜਦੋਂ ਸਭ ਬੱਚੇ ਸਕੂਲੋਂ ਪੜ੍ਹ ਕੇ ਘਰੀਂ ਪਰਤ ਆਏ ਪਰ ਦੀਪੂ ਨਾ
ਪਹੁੰਚਿਆ ਤਾਂ ਸੱਜਣ ਸਿੰਘ ਨੇ ਵੀ ਕਿਹਾ ਸੀ, "ਆ ਜਾਵੇਗਾ ਸ਼ਾਮ ਤੱਕ!" ਪਰ ਹੁਣ ਉਹ ਵੀ ਫਿਕਰਮੰਦ ਹੋਇਆ
ਫਿਰਦਾ ਸੀ । ਮਾਂ ਕਾਲਜ਼ਾ ਘੁੱਟੀ ਕਦੇ ਅੰਦਰ, ਕਦੇ ਬਾਹਰ ਤੇ ਕਦੇ ਕੋਠੇ ਚੜ੍ਹ ਕੇ ਦੀਪੂ ਪੁੱਤ ਦਾ ਰਾਹ ਤੱਕ ਰਹੀ
ਸੀ । ਮਾਂ ਦੀ ਹਾਲਤ ਬੁਖਾਰ ਚੜ੍ਹੇ ਵਰਗੀ ਹੋਈ ਪਈ ਸੀ । ਫਿਕਰਾਂ ਮਾਰੀ ਮਾਂ ਨੂੰ ਆਪਣਾ ਸ਼ਰੀਰ ਕਦੇ ਫਿਕਰ ਨਾਲ
ਕੰਬਦਾ ਤੇ ਕਦੇ ਤਪਦਾ ਮਹਿਸੂਸ ਹੋਣ ਲੱਗਦਾ ਸੀ । ਬੁੱਲ੍ਹਾਂ 'ਚੋਂ ਅਵਾਜ਼ ਵੀ ਬੜੀ ਧੀਮੀ ਗਤੀ ਨਾਲ ਬਾਹਰ ਆ ਰਹੀ
ਸੀ । ਗ਼ਲਾ ਘੁੱਟਿਆ-ਘੁੱਟਿਆ ਮਹਿਸੂਸ ਹੋ ਰਿਹਾ ਸੀ । ਉਸਦੇ ਦਿਲ ਦੀ ਧੜਕਣ ਵਧ-ਘਟ ਰਹੀ ਸੀ । ਇਕਲੌਤੇ ਪੁੱਤ ਦੀ
ਗੁਮਸ਼ੁਦਗੀ ਨਾਲ ਉਹ ਸੁੰਗੜਕੇ ਅੱਧੀ ਰਹਿ ਗਈ ਸੀ । ਘਰ ਦੇ ਸਭ ਜੀਆਂ ਸਮੇਤ ਸੱਜਣ ਸਿੰਘ ਵੀ ਬੇਹੱਦ ਫ਼ਿaਮਪ;ਕਰਮੰਦ
ਸੀ । ਉਹ ਦੀਪੂ ਦੇ ਸਭ ਦੋਸਤਾਂ-ਮਿੱਤਰਾਂ ਦੇ ਘਰੀਂ ਚੱਕਰ ਲਗਾ ਆਇਆ ਸੀ । ਉੁਸ ਨੂੰ ਉਮੀਦ ਸੀ ਕਿ ਦੀਪੂ ਨਿਰਮਲ
ਦੇ ਘਰ ਹੀ ਹੋਵੇਗਾ ਪਰ ਉਹ ਉੱਥੋਂ ਵੀ ਨਿਰਾਸ਼ ਹੀ ਪਰਤਿਆ ਸੀ । ਹੁਣ ਉਸਨੂੰ ਹੋਰ ਕੋਈ ਵੀ ਥਾਂ ਟਿਕਾਣਾ ਨਜ਼ਰੀਂ
ਨਹੀਂ ਆ ਰਿਹਾ ਸੀ ਜਿੱਥੋਂ ਦੀਪੂ ਦਾ ਪਤਾ ਟਿਕਾਣਾ ਮਿਲ ਸਕਣ ਦੀ ਉਮੀਦ ਕੀਤੀ ਜਾ ਸਕਦੀ ਸੀ । ਦੀਪੂ ਦੀ ਤਲਾਸ਼ ਨੇ
ਉਸਨੂੰ ਥਕਾ ਦਿੱਤਾ ਸੀ । ਉਹ ਥੱਕਾਨ ਵਿੱਚੋਂ ਹੀ ਸੋਚ ਰਿਹਾ ਸੀ ਕਿ ਕੱਲ੍ਹ ਕਿਉਂ ਦੀਪੂ ਨੂੰ ਕੁਟਾਪਾ
ਚਾੜ੍ਹਿਆ ? ਦੀਪੂ ਦੇ ਘਰ ਨਾ ਆਉਣ ਦਾ ਕਾਰਨ ਉਹ ਉਸਦੀ ਕੱਲ੍ਹ ਵਾਲੀ ਮਾਰ-ਕੁਟਾਈ ਨੂੰ ਹੀ ਸਮਝ ਰਿਹਾ
ਸੀ । ਸਕੂਲ ਤਾਂ ਪਹਿਲਾਂ ਹੀ ਉਸ ਵਾਸਤੇ ਇੱਕ ਹਊਆ ਬਣਿਆ ਹੋਇਆ ਸੀ । ਹੁਣ ਤਾਂ ਘਰ ਵੀ ਦੀਪੂ ਨੂੰ
ਕਸਾਈਖਾਨਾ ਨਜ਼ਰ ਆਉਣ ਲੱਗ ਪਿਆ ਸੀ । ਸੱਜਣ ਸਿਹੁੰ ਪਿੰਡ ਦੇ ਗੁਰਦੁਆਰੇ ਦੇ ਸਪੀਕਰ ਵਿੱਚ ਦੀਪੂ ਦੇ ਲਾ-ਪਤਾ
ਹੋਣ ਦਾ ਹੋਕਾ ਦਿਵਾ ਆਇਆ ਸੀ । ਅਜੇ ਤੱਕ ਹੋਕੇ ਦਾ ਕੋਈ ਅਸਰ ਨਜ਼ਰੀ ਨਹੀਂ ਆ ਰਿਹਾ ਸੀ । ਕਿਧਰੋਂ ਵੀ ਕੋਈ ਖਬਰ
ਸੋ ਨਹੀਂ ਆਈ ਸੀ ।
ਨਿੰਦੀ ਨੂੰ ਪਿਓ 'ਤੇ ਗੁੱਸਾ ਆ ਰਿਹਾ ਸੀ ਪਰ ਸਿਆਣੀ ਤੇ ਸੂਝਵਾਨ ਨਿੰਦੀ ਪਿਓ ਮੂਹਰੇ ਕੁਝ ਨਾ ਬੋਲੀ । ਸੱਹਣ
ਸਿਹੁੰ ਦੀ ਬੀਬੀ ਦਾਹੜੀ ਤੱਕ ਕੇ ਉਸਨੂੰ ਤਰਸ ਵੀ ਆ ਰਿਹਾ ਸੀ । ਉਸ ਨੇ ਧੁਰ ਅੰਦਰੋਂ ਸੋਚਿਆ ਕਿ ਬਾਪੂ
ਵਿਚਾਰੇ ਦਾ ਕੀ ਦੋਸ਼ ? ਉਹ ਤਾਂ ਵੀਰੇ ਦੇ ਭਲੇ ਵਾਸਤੇ ਹੀ ਉਸਨੂੰ ਸਕੂਲ ਤੋਰ ਰਿਹਾ ਸੀ । ਉਸ ਨਿਰਮੋਹੇ ਨੇ ਪਿਓ
ਬਾਰੇ ਕੀ ਸੋਚਿਆ ? ਚਲੋ ਕੁਝ ਵੀ ਹੈ ,ਹੁਣ ਇੱੱਕ ਵਾਰੀ ਦੀਪੂ ਵੀਰਾ ਆ ਜਾਵੇ ਸਹੀ! ਮੈਂ ਬਾਪੂ ਨੂੰ ਕਹਿ ਕੇ
ਉਸਦੀ ਸਕੂਲ ਵਿੱਚੋਂ ਛੁੱਟੀ ਕਰਵਾ ਦਿਆਂਗੀ । ਨਹੀਂ ਪੜ੍ਹਦਾ ਨਾ ਪੜ੍ਹੇ ! ਖਸਮਾਂ ਨੂੰ ਖਾਵੇ ਪੜ੍ਹਾਈ! ਆਪੇ
ਖੇਤੀ ਕਰਦਾ ਰਹੂ! ਜਿਵੇਂ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰ ਲਵੇਗਾ! ਕੀ ਪਤਾ ਬਹੁਟੀ ਹੀ ਪੜ੍ਹੀ-ਲਿਖੀ ਮਿਲ ਜਾਵੇ! ਉਹ
ਨੌਕਰੀ ਕਰਦੀ ਰਵ੍ਹੇਗੀ ,ਇਹ ਖੇਤੀ ਕਰਿਆ ਕਰੂ ! ਆਪੇ ਆਪਣੇ ਜੁਆਕ ਪਾਲ ਲੈਣਗੇ! ਜ਼ਿੰਦਗੀ ਗੁਜ਼ਰ ਜਾਵੇਗੀ । ਬਾਲ-
ਬੱਚੇ ਪੜ੍ਹ ਲਿਖ ਜਾਣਗੇ! ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਹੋ ਜਾਵੇਗੀ…………! ਇਉਂ ਨਿੰਦੀ ਦੀਪੂ ਬਾਰੇ ਕਈ
ਕੁਝ ਸੋਚੀ ਜਾ ਰਹੀ ਸੀ । ਉਸਦਾ ਇੱਕੋ ਇੱਕ ਅੰਮੀ ਜਾਇਆ ਵੀਰਾ ਘਰ ਨਹੀਂ ਸੀ ਆਇਆ । ਉਸ ਨੂੰ ਭੈਣ ਕਹਿ ਕੇ
ਕੌਣ ਬੁਲਾਇਆ ਕਰੇਗਾ ? ਕੌਣ ਉਸਨੂੰ ਝਿੜਕੇਗਾ ? ਕੌਣ ਉਸਦੇ ਥੱਪੜ ਮਾਰਿਆ ਕਰੇਗਾ ? ਉਹ ਕਿਸਦੇ
ਰੱਖੜੀ ਬੰਨ੍ਹੇਗੀ ? ਕੋਣ ਉਸਨੂੰ……ਕੌਣ ਉਸਨੂੰ……? ਨਿੰਦੀ ਸੋਚਾਂ ਦੀਆਂ ਤੰਦਾਂ ਵਿੱਚ ਗੁੰਮ ਹੋਈ
ਪਈ ਸੀ । ਰਾਤ ਬੀਤਦੀ ਜਾ ਰਹੀ ਸੀ । ਇੱਕ ਅਣਜਾਣਾ ਜਿਹਾ ਭੈਅ ਉਸਦੇ ਅੰਦਰ ਘਰ ਕਰੀ ਬੈਠਾ ਸੀ । ਕੋਈ ਬੇਚੈਨੀ ਜਿਹੀ
ਉਸਦੇ ਮਨ ਮਸਤਕ ਨੂੰ ਖੇਰੂੰ-ਖੇਰੂੰ ਕਰੀ ਜਾ ਰਹੀ ਸੀ । ਉਸਨੂੰ ਕਦੇ ਨੀਂਦ ਦੀ ਝਪਕੀ ਆ ਜਾਂਦੀ ਤੇ ਕਦੇ ਉਹ
ਅੱਭੜਵਾਹੇ ਹੀ ਜਾਗ ਜਾਂਦੀ ਸੀ । ਉਹ ਅੱਧ ਸੁੱਤੀ ਜਿਹੀ ਵੀਰ ਨੂੰ ਕਿਸੇ ਮੁਸੀਬਤ ਵਿੱਚ ਫਸਿਆ ਤੱਕਦੀ ਤਾਂ ਡਰ ਕੇ ਉੱਠ
ਜਾਂਦੀ ਸੀ । ਕਦੇ ਮਨ ਹੀ ਮਨ ਵੇਖਦੀ ਕਿ ਉਸਦੇ ਦੀਪੂ ਵੀਰ ਨੂੰ ਤਿੰਨ-ਚਾਰ ਮੋਟੇ-ਮੋਟੇ ਆਦਮੀ ਜੀਪ ਵਿੱਚ ਸੁੱਟ ਕੇ ਲੈ
ਗਏ ਹਨ । ਉਹ ਦੀਪੂ ਨੂੰ ਬੁਰੀ ਤਰ੍ਹਾਂ ਕੁੱਟ-ਮਾਰ ਰਹੇ ਹਨ । ਦੀਪੂ ਦੀ ਮਦਦ ਕਰਨ ਵਾਸਤੇ ਉਹ ਹੰਭਲਾ ਮਾਰਦੀ । ਉਹ
ਹਨੇਰੇ ਵਿੱਚ ਹੀ ਆਪਣੀਆਂ ਅੱਖਾਂ ਪੂਰੀ ਤਰ੍ਹਾਂ ਖੋਲ੍ਹ ਲੈਂਦੀ ,ਜਿਵੇ ਉਹ ਸਭ ਬੁਰੇ ਆਦਮੀ ਉਸ ਤੋਂ ਡਰ ਕੇ ਭੱਜ
ਜਾਣਗੇ । ਉਹ ਸੋਚਦੀ ਮੇਰੇ ਹੁੰਦਿਆਂ ਕੋਈ ਮੇਰੇ ਵੀਰ ਦਾ ਕੁਝ ਨਹੀਂ ਵਿਗਾੜ ਸਕਦਾ! ਉਸਦੇ ਅੰਦਰ ਇੱਕ ਦਲੇਰੀ
ਭਰਿਆ ਜਜ਼ਬਾ ਜਾਗ ਉੱਠਦਾ । ਉਹ ਬੇਫਿਕਰ ਹੋ ਕੇ ਸੌਂ ਜਾਂਦੀ । ਉਸਨੂੰ ਗਹਿਰੀ ਝਪਕੀ ਆ ਜਾਂਦੀ । ਉਹ ਕੁਝ ਚਿਰ
ਸੁੱਤੀ ਪਈ ਰਹਿੰਦੀ ਪਰ ਉਹ ਸੁਪਨੇ ਜਿਹੇ ਵਿੱਚ ਫਿਰ ਕੁਝ ਮਾੜਾ ਹੁੰਦਾ ਵੇਖ ਲੈਂਦੀ । ਤੁਰੰਤ ਹੀ ਜਾਗ
ਜਾਂਦੀ । ਉਸਦੇ ਚਹੁੰ ਪਾਸੀਂ ਡਰ ਹੀ ਡਰ ਵਰਤਮਾਨ ਹੋ ਜਾਂਦਾ ਸੀ । ਉਸਦਾ ਕੋਮਲ ਹਿਰਦਾ ਤੇ ਬਾਲ ਮਨ ਫਿਰ ਕਿਸੇ ਵਗਦੇ
ਦਰਿਆ ਦੇ ਪਾਣੀ ਦੀਆਂ ਛੱਲਾਂ ਵਾਂਗ ਉੱਪਰ-ਥੱਲੇ ਹੋਣਾ ਸ਼ੁਰੂ ਹੋ ਜਾਂਦਾ । ਉਸਦੀ ਅੰਦਰਲੀ ਕਲਪਨਾ ਫਿਰ ਚੰਨ
ਵਾਂਗ ਵਧਣ-ਘਟਣ ਲੱਗ ਪੈਂਦੀ ਸੀ । ਰਾਤ ਬਹੁਤ ਲੰਬੀ ਹੋ ਗਈ ਸੀ ,ਮੁੱਕਣ ਵਿੱਚ ਹੀ ਨਹੀਂ ਸੀ ਆ ਰਹੀ ।
ਨਿੰਦੀ ਦੀ ਮਾਂ ਨਿੰਦੀ ਤੋਂ ਵੀ ਵੱਧ ਪਰੇਸ਼ਾਨ ਸੀ । ਉਹ ਵੀ ਸਾਰੀ ਰਾਤ ਉੱਠ-ਉੱਠ ਕੇ ਬਿੜਕਾਂ ਲੈਂਦੀ ਰਹੀ । ਵਿਹੜੇ
'ਚ ਬੰਨ੍ਹੇ ਪਸ਼ੂਆਂ ਦੀ ਦੀ ਹਿਲਜੁਲ ਹੁਣ ਆਮ ਵਾਂਗ ਨਹੀਂ ਸੀ ਲੱਗਦੀ । ਉਹ ਪਸ਼ੂਆਂ ਦਾ ਖੜਕਾ ਸੁਣ ਕੇ ਤਰਬਕ ਕੇ
ਉੱਠ ਬਹਿੰਦੀ । ਉਸਨੂੰ ਲਗਦਾ ਜਿਵੇਂ ਦੀਪੂ ਘਰ ਵਾਪਸ ਆ ਗਿਆ ਹੈ । ਕਾਲੀ ਰਾਤ ਦੇ ਹਨੇਰੇ ਵਿੱਚ ਜਗ ਰਹੇ ਬਲਬ ਦੀ
ਮੱਧਮ ਜਿਹੀ ਰੌਸ਼ਨੀ ਵਿੱਚ ਉੱਠ ਕੇ ਉਹ ਇੱਧਰ-ਉੱਧਰ ਵੇਖਦੀ । ਚੁੱਪ ਟਿਕੀ ਰਾਤ ਦਾ ਸੱਨਾਟਾ ਉਹਨੂੰ ਖਾਣ ਲਈ
ਪੈਂਦਾ । ਇੱਕ ਅਣਜਾਣਾ ਜਿਹਾ ਡਰ ਉਹਦੇ ਮਨ ਦੀ ਕਿਸੇ ਨੁੱਕਰੋਂ ਉਭਰ ਕੇ ਉਸਦੀ ਵੇਦਨਾ ਨੂੰ ਹੋਰ ਵੀ ਤੇਜ ਕਰ
ਜਾਂਦਾ । ਉਹ ਫਿਰ ਨਿਰਾਸ਼ ਹੋ ਕੇ ਲੇਟ ਜਾਂਦੀ । ਨੀਂਦ ਉਸਤੋਂ ਵੀ ਕੋਹਾਂ ਦੂਰ ਸੀ । ਪਰ੍ਹਾਂ ਬਰਾਂਡੇ ਵਿੱਚ ਸੱਜਣ ਸਿੰਘ ਮੰਜੇ
'ਤੇ ਪਿਆ ਪਾਸੇ ਮਾਰ ਰਿਹਾ ਸੀ । ਜਦੋਂ ਬੇਚੈਨੀ ਬੇਚੈਨ ਕਰਦੀ ਤਾਂ ਵਾਹਿਗੁਰੂ ਕਹਿ ਕੇ ਉੱਠ ਕੇ ਬੈਠ ਜਾਂਦਾ । ਬਹਿ
ਕੇ ਇੱਧਰ-ਉੱਧਰ ਵੇਖਦਾ । ਪਰੀਵਾਰ ਦੇ ਬਾਕੀ ਮੈਂਬਰਾਂ ਦੀ ਹਿਲਜ਼ੁੱਲ ਉਸਨੂੰ ਹੋਰ ਵੀ ਤਲਖੀ ਲਗਾ ਦੇਂਦੀ । ਉਸਦੀ
ਕੋਈ ਪੇਸ਼ ਨਹੀਂ ਜਾ ਰਹੀ ਸੀ । ਉਹ ਬੇਵਾਹ ਹੋਇਆ ਪਿਆ ਸੀ । ਉਹ ਫਿਰ ਪੈ ਜਾਂਦਾ,ਸੌਣ ਦੀ ਕੋਸ਼ਿਸ਼ ਕਰਦਾ । ਨੀਂਦ ਤਾਂ
ਜਿਵੇਂ ਅੱਜ ਨਾਤਾ ਹੀ ਤੋੜ ਗਈ ਸੀ । ਇਉਂ ਘਰ ਦੇ ਇਸ ਦੁਖਦਾਈ ਮਾਹੌਲ ਵਿੱਚ ਹੀ ਰਾਤ ਬੀਤ ਗਈ । ਸਵੇਰਾ
ਹੋਇਆ । ਸਾਰਾ ਪਰੀਵਾਰ ਹਰ ਰੋਜ਼ ਨਾਲੋਂ ਪਹਿਲਾਂ ਹੀ ਉੱਠ ਬੈਠਾ । ਫਿਕਰ,ਸੋਚਾਂ ਤੇ ਦੁੱਖ ਸਭ ਦੇ ਚਿਹਰਿਆਂ 'ਤੇ
ਵਰਤਮਾਨ ਸੀ । ਨਿੰਦੀ ਸਵੇਰੇ ਸਾਝਰੇ ਹੀ ਉੱਠ ਕੇ ਮਾਂ ਨਾਲ ਕੰਮ ਧੰਦਿਆਂ ਵਿੱਚ ਹੱਥ ਵਟਾਉਣ ਲੱਗ ਪਈ । ਉਨੀਂਦੀ
ਹੋਣ ਕਰਕੇ ਉਸ ਦੀਆਂ ਅੱਖਾਂ ਸੁੱਜੀਆਂ ਜਿਹੀਆਂ ਪਰਤੀਤ ਹੋ ਰਹੀਆਂ ਸਨ । ਮਾਂ ਉਸਦਾ ਚਿਹਰਾ ਵੇਖ ਕੇ ਉਸਦੀ
ਅੰਦਰਲੀ ਵੇਦਨਾ ਨੂੰ ਸਮਝ ਗਈ । ਉਹ ਜਾਣ ਗਈ ਕਿ ਉਹ ਵੀ ਸਾਰੀ ਰਾਤ ਜਾਗਦੀ ਰਹੀ ਹੈ । ਮਾਂ ਨੇ ਚਾਹ ਬਣਾਈ ,ਨਿੰਦੀ
ਨੂੰ ਦਿੱਤੀ ਨਾਲੇ ਆਪ ਪੀਤੀ । ਸੱਜਣ ਸਿਹੁੰ ਚਾਹ ਪੀ ਕੇ ਸਵੇਰੇ ਸਾਝਰੇ ਹੀ ਪੱਠੇ ਲੈਣ ਖੇਤਾਂ ਨੂੰ ਤੁਰ ਗਿਆ । ਉਹ
ਸਾਈਕਲ 'ਤੇ ਗਿਆ ਸੀ ,ਝਬਦੇ ਹੀ ਮੁੜ ਆਇਆ । ਪੱਠੇ ਕੁਤਰਨ ਲਈ ਨਿੰਦੀ ਤੇ ਨਿੰਦੀ ਦੀ ਮਾਂ ਨੂੰ ਕਹਿ ਕੇ ਆਪ
ਉਹ ਦੀਪੂ ਦੀ ਤਲਾਸ਼ ਵਿੱਚ ਨਿਕਲ ਗਿਆ । ਨਾਲ ਲਗਦੇ ਦੋ-ਤਿੰਨ ਪਿੰਡਾਂ ਵਿੱਚ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਰਹਿੰਦੇ
ਸਨ । ਉਸਨੇ ਸੋਚਿਆ ਸ਼ਾਇਦ ਕਿਸੇ ਰਿਸ਼ਤੇਦਾਰ ਦੇ ਘਰ ਚਲਿਆ ਗਿਆ ਹੋਵੇ ? ਇਸ ਲਈ ਉਹ ਦੀਪੂ ਦੀ ਤਲਾਸ਼ ਵਿੱਚ
ਉਹਨੀ ਪਿੰਡੀਂ ਗੇੜਾ ਲਾਉਣ ਨਿਕਲ ਗਿਆ । ਸੱਜਣ ਸਿਹੁੰ ਦੇ ਜਾਣ ਤੋਂ ਬਾਅਦ ਮਾਂ-ਧੀ ਪੱਠੇ ਕੁਤਰਨ ਲੱਗ
ਪਈਆਂ । ਮਾਂ ਮਸ਼ੀਨ ਗੇੜ ਰਹੀ ਸੀ ਤੇ ਨਿੰਦੀ ਛੋਟੇ-ਛੋਟੇ ਹੱਥਾਂ ਨਾਲ ਰੁੱਗ ਲਾ ਰਹੀ ਸੀ । ਦੋਵੇ ਮਾਵਾਂ-ਧੀਆਂ
ਔਖੀਆਂ ਹੋ ਕੇ ਪੱਠੇ ਕੁਤਰ ਰਹੀਆਂ ਸਨ । ਸਿਰ ਤੇ ਆਣ ਪਈ ਅਣਜਾਣੀ ਮੁਸੀਬਤ ਦਾ ਰਲ ਕੇ ਟਾਕਰਾ ਕਰਨਾ ਪੈਣਾ ਹੀ
ਸੀ । ਅੱਧੇ ਕੁ ਪੱਠੇ ਕੁਤਰਕੇ ਉਨ੍ਹਾਂ ਨੇ ਮੱਝਾਂ ਦੀਆਂ ਖੁਰਲੀਆਂ ਵਿੱਚ ਸੁੱਟ ਦਿੱਤੇ । ਡੰਗਰ ਚਾਰਾ ਖਾਣ ਲੱਗ
ਪਏ । ਥੋੜ੍ਹਾ ਦਮ ਮਾਰ ਕੇ ਉਹ ਬਾਕੀ ਬਚਦੇ ਪੱਠੇ ਫਿਰ ਕੁਤਰਨ ਲੱਗ ਪਈਆਂ । ਇਉਂ ਉਹ ਹੌਲੀ-ਹੌਲੀ ਪੱਠੇ ਕੁਤਰਨ
ਦਾ ਕੰਮ ਮੁਕਾ ਕੇ ਫਿਰ ਘਰ ਦੇ ਬਾਕੀ ਬਚਦੇ ਕੰਮ ਵੀ ਜਲਦੀ ਨਿਪਟਾ ਕੇ ਦੀਪੂ ਦੀ ਤਲਾਸ਼ ਵਿੱਚ ਜੁੱਟ ਜਾਣਾ
ਚਾਹੁੰਦੀਆਂ ਸਨ । ਕੰਮ ਦਰਮਿਆਨ ਕੋਈ ਆਂਢੀ-ਗੁਆਂਢੀ ਆ ਜਾਂਦਾ । ਆਉਣ ਵਾਲਾ ਦੀਪੂ ਬਾਰੇ ਹੀ ਪੁੱਛਦਾ
ਸੀ । ਸਭ ਦੇ ਆਪੋ-ਆਪਣੇ ਮਸ਼ਵਰੇ ਸਨ । ਕੋਈ ਦੀਪੂ ਨੂੰ ਚੰਗਾ ਕਹਿੰਦਾ,ਕੋਈ ਬੁਰਾ ਆਖਦਾ । ਹਰ ਕੋਈ ਆਪਣੀ
ਮੱਤ ਅਨੁਸਾਰ ਵਾਪਰੀ ਘਟਨਾ ਦੀ ਆਲੋਚਨਾ ਕਰ ਰਿਹਾ ਸੀ । ਕੋਈ ਸਿਆਣਾ ਆਦਮੀ ਪਰੀਵਾਰ ਦੇ ਦੁੱਖ ਨੂੰ ਸਮਝਕੇ
ਹੌਂਸਲਾ ਦਿੰਦਿਆਂ ਪਰੀਵਾਰ ਨੂੰ ਢਾਰਸ ਦੇ ਜਾਂਦਾ ਸੀ । ਕੋਈ ਮਨਚੱਲਾ ਕਰੁਨਾਮਈ ਗੱਲਾਂ ਆਖ ਕੇ ਦੁੱਖ ਨੂੰ
ਹੋਰ ਵੀ ਲੰਬਾ-ਚੌੜਾ ਕਰ ਜਾਂਦਾ ਸੀ । ਸਾਰੇ ਕੰਮ ਆਪਣੀ ਰਫ਼ਤਾਰ ਨਾਲ ਹੋਈ ਜਾ ਰਹੇ ਸਨ ਪਰ ਫਿਰ ਵੀ ਦੁਖੀ ਪਰੀਵਾਰ
ਨੂੰ ਇਉਂ ਭਾਸਦਾ ਸੀ ਜਿਵੇਂ ਸਮਾਂ ਠਹਿਰ ਗਿਆ ਹੈ । ਦੁੱਖ ਦੀਆਂ ਘੜੀਆਂ ਬੀਤਣ ਵਿੱਚ ਹੀ ਨਹੀਂ ਸੀ ਆ
ਰਹੀਆਂ ।
ਅਚਾਨਕ ਰੁੱਗ ਲਾਉਂਦਿਆਂ ਨਿੰਦੀ ਦੀ ਨਜ਼ਰ ਬਾਹਰ ਵਾਲੇ ਗੇਟ 'ਤੇ ਪਈ । ਕੋਈ ਮੈਲੇ-ਕੁਚੈਲੇ ਕੱਪੜਿਆਂ ਵਾਲਾ
ਮੁੰਡਾ ਅੰਦਰ ਤੁਰਿਆ ਆਉਂਦਾ ਉਸ ਦੀ ਨਜ਼ਰੀਂ ਪਿਆ । ਉਹਨੂੰ ਕਿਸੇ ਭਿਖਾਰੀ ਦਾ ਝਉਲਾ ਪਿਆ ਪਰ ਫਿਰ
ਗਹੁ ਨਾਲ ਵੇਖਿਆਂ ਉਹ ਝੱਟ , "ਮਾਂ ਵੀਰਾ ਆ ਗਿਆ!" ਕਹਿੰਦੀ ਦੀਪੂ ਵੀਰ ਦੇ ਗਲ਼ ਜਾ ਲੱਗੀ । ਦੀਪੂ ਦੇ ਕੱਪੜਿਆਂ ਦੀ
ਮੈਲ ਦੇ ਵਿੱਚੋਂ ਆ ਰਹੀ ਅਜੀਬ ਤਰ੍ਹਾਂ ਦੀ ਬਦਬੂ ਦੀ ਉਸ ਨੂੰ ਕੋਈ ਪਰਵਾਹ ਨਹੀਂ ਸੀ । ਉਸਦੀਆਂ ਅੱਖਾਂ ਵਿੱਚ
ਖੁਸ਼ੀ ਦੇ ਹੰਝੂ ਭਰ ਆਏ ਸਨ । ਉਹਦੇ ਮਨ ਦੇ ਧੁਰ ਅੰਦਰ ਤੱਕ ਦੁੱਖ ਅਤੇ ਵੇਦਨਾ ਦਾ ਭਰਿਆ ਪਿਆਲਾ ਛਲਕ
ਪਿਆ ਸੀ । ਉਸਨੇ ਵੀਰੇ ਨੂੰ ਹੋਰ ਕੁਝ ਵੀ ਨਹੀਂ ਪੁੱਛਿਆ । ਬੱਸ ਉਹ ਸਹੀ-ਸਲਾਮਤ ਘਰੇ ਆ ਗਿਆ ਸੀ । ਉਸਨੂੰ
ਹੁਣ ਕੋਈ ਸ਼ਿਕਵਾ-ਸ਼ਿਕਾਇਤ ਨਹੀਂ ਰਹੀ ਸੀ । ਭੈਣ ਨੇ ਆਪਣੇ ਵੀਰ ਦੇ ਮੈਲੇ ਹੱਥਾਂ ਨੂੰ ਕਈ ਵਾਰ ਪਿਆਰ ਨਾਲ
ਘੁੱਟਿਆ । ਉਸਨੂੰ ਤਸੱਲੀ ਹੋ ਗਈ ਕਿ ਵੀਰਾ ਹਰ ਤਰ੍ਹਾਂ ਸਹੀ-ਸਲਾਮਤ ਹੈ । ਮਾਂ ਵੀ ਤੇਜੀ ਨਾਲ ਨਿੰਦੀ ਦੇ ਮਗਰੇ ਹੀ
ਦੀਪੂ ਕੋਲ ਪਹੁੰਚ ਗਈ । ਮਾਂ ਦੇ ਗਲ਼ ਲੱਗ ਕੇ ਦੀਪੂ ਦੀਆਂ ਭੁੱਬਾਂ ਨਿਕਲ ਗਈਆਂ । ਉਹ ਹਟਕੋਰੇ ਭਰ-ਭਰ ਕੇ ਰੋਣ ਲੱਗ
ਪਿਆ । ਉਸ ਨੇ ਆਪਣਾ ਆਪ ਮਾਂ ਦੀ ਪਵਿੱਤਰ ਗੋਦ ਵਿੱਚ ਢੇਰੀ ਕਰ ਦਿੱਤਾ । ਰੋਂਦੀ ਮਾਂ ਦੀਆਂ ਉਂਗਲਾਂ ਉਸਦੇ
ਵਾਲਾਂ ਵਿੱਚ ਕੰਘੀ ਕਰ ਰਹੀਆਂ ਸਨ । ਮਾਂ ਦੀਆਂ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਗੜੁੱਚ ਸਨ ।
"ਕਿੱਥੇ ਚਲਾ ਗਿਆ ਸੀ ਮੇਰਾ ਪੁੱਤ ?" ਮਾਂ ਨੇ ਇੱਕ ਦਿਨ ਪਹਿਲਾਂ ਵਿਛੜੇ ਪੁੱਤ ਨੂੰ ਗਲ ਨਾਲ ਲਗਾਉਂਦਿਆਂ
ਪੁੱਛਿਆ । ਮਾਂ ਦੇ ਬੁੱਲ੍ਹਾਂ ਵਿੱਚੋਂ ਅੰਤਾਂ ਦਾ ਪਿਆਰ ਛਲਕ ਰਿਹਾ ਸੀ । ਅੱਖਾਂ ਵਿੱਚੋਂ ਹੰਝੂ ਮਮਤਾ ਬਣਕੇ
ਹੇਠਾਂ ਨੂੰ ਸਰਕ ਰਹੇ ਸਨ । ਦੀਪੇ ਦੀ ਵੀ ਘਿੱਗੀ ਬੱਝੀ ਹੋਈ ਸੀ । ਉਸ ਕੋਲੋਂ ਮੂੰਹੋਂ ਕੁਝ ਵੀ ਬੋਲਿਆ ਨਹੀਂ ਜਾ
ਰਿਹਾ ਸੀ । ਘਬਰਾਹਟ ਅਤੇ ਪਛਤਾਵੇ ਦਾ ਅਸਰ ਦੀਪੂ ਦੇ ਚਿਹਰੇ ਉੱਤੇ ਪਰਤੱਖ ਦਿਖਾਈ ਦੇ ਰਿਹਾ ਸੀ । ਨਿੰਦੀ ਭੱਜ ਕੇ
ਪਾਣੀ ਦਾ ਗਿਲਾਸ ਭਰ ਲਿਆਈ । ਦੀਪੂ ਨੇ ਭੈਣ ਦੇ ਹੱਥੋਂ ਦੋ ਕੁ ਘੁੱਟਾਂ ਪਾਣੀ ਪੀਤਾ । ਮਾਂ ਨੇ ਆਪਣੀ ਚੁੰਨੀ ਦੇ
ਲੜ ਨਾਲ ਦੀਪੂ ਦੀਆਂ ਅੱਖਾਂ ਪੂੰਝੀਆਂ ਤੇ ਫਿਰ ਉਸਨੂੰ ਗਲਵੱਕੜੀ ਵਿੱਚ ਲੈ ਕੇ ਬਰਾਂਡੇ ਵਿੱਚ ਮੰਜੇ ਉੱਤੇ
ਬਿਠਾ ਲਿਆ । ਹੁਣ ਦੀਪੂ ਦੇ ਹਟਕੋਰੇ ਲਗਭਗ ਬੰਦ ਹੋ ਗਏ ਸਨ । ਕੁਝ ਹੀ ਪਲਾਂ ਤੱਕ ਉਸ ਨੇ ਆਪਣਾ ਆਪਾ ਸੰਭਾਲ
ਲਿਆ ਸੀ । ਉਹ ਉੱਠ ਕੇ ਮਾਂ ਦੇ ਪੈਰਾਂ ਉੱਤੇ ਡਿੱਗਦਿਆਂ ਬੋਲਿਆ, "ਮੈਨੂੰ ਮਾਫ਼……ਕਰਦੇ
ਮਾਂ!.......ਮੈਂ ਘਰੋਂ ਜਾ ਕੇ ਬਹੁਤ ਬਹੁਤ ਵੱਡੀ ਭੁੱਲ ਕਰ ਬੈਠਾ ਸਾਂ । ……… ਰਾਤ ਭਰ ,ਤਨ-ਮਨ 'ਤੇ ਵਿਛੋੜੇ ਦੀ
ਪੀੜ ਸਹੀ ਹੈ । ………ਹੁਣ ਮੈਂ ਕਦੇ ਵੀ ਘਰੋਂ ਨਹੀਂ ਜਾਵਾਂਗਾ ,ਕਦੇ ਵੀ ਨਹੀਂ । ਤੇਰਾ ਆਗਿਆਕਾਰੀ ਪੁੱਤਰ
ਬਣਾਂਗਾ ਮਾਂ । ਮੈਂ ਸਾਰੀਆਂ ਬੁਰੀਆਂ ਆਦਤਾਂ ਤਿਆਗ ਕੇ ਡਟ ਕੇ ਪੜ੍ਹਾਈ ਕਰਾਂਗਾ!.............ਖੂਬ
ਪੜ੍ਹਾਂਗਾ ਮਾਂ!!!" ਮਾਂ ਕੁਝ ਵੀ ਨਾ ਬੋਲੀ । ਬੱਸ ਆਪਣੇ ਸਭ ਬੁਰੇ ਰਸਤਿਓਂ ਮੁੜ ਆਏ ਪੁੱਤ ਦਾ ਸਿਰ ਆਪਣੇ
ਪਵਿੱਤਰ ਹੱਥਾਂ ਨਾਲ ਸਹਿਲਾਉਂਦੀ ਰਹੀ,ਪਲੋਸਦੀ ਰਹੀ । ਫਿਰ ਦੀਪੂ ਨਿੰਦੀ ਵੱਲ ਵੇਖ ਕੇ ਬੋਲਿਆ, "ਤੂੰ ਵੀ ਮਾਫ਼ ਕਰੀ
ਭੈਣੇ ! ਤੇਰੀਆਂ ਕੀਮਤੀ ਗੱਲਾਂ ਦੀ ਮੈਂ ਕਦੇ ਕਦਰ ਨਹੀਂ ਪਾਈ ਸੀ । ਹਮੇਸ਼ਾ ਡਾਂਟ ਕੇ ਚੁੱਪ ਕਰਾਉਂਦਾ ਰਿਹਾ
ਹਾਂ,……ਬੱਸ ਸਾਰੇ ਜਾਣੇ ਮੇਰੀ ਇੱਕੋ ਹੀ ਗਲਤੀ ਮਾਫ਼ ਕਰ ਦਿਉ ,ਅੱਗੇ ਤੋਂ ਮੇਰੀ ਗਲਤੀਆਂ ਤੋਂ ਤੋਬਾ!!!"
"ਵੀਰ………ਤੂੰ ਮਾਂ ਦਾ ਹਾਲ ਵੇਖਿਆ ? ਸਾਰੀ ਰਾਤ ਨਹੀਂ ਸੁੱਤੀ । ਤੇਰੇ ਬਾਰੇ ਆਉਂਦੇ ਬੁਰੇ-ਬੁਰੇ
ਖਿਆਲਾਂ ਨੇ ਮਾਂ ਦਾ ਮਰਨ ਵਾਲਾ ਹਾਲ ਕਰ ਦਿੱਤਾ ਹੈ । ਬਾਪੂ ਤੈਨੂੰ ਕੱਲ੍ਹ ਰਾਤੀਂ ਕਈ ਥਾਈਂ ਟੋਲਦਾ ਤੁਰਿਆ
ਫਿਰਦਾ ਰਿਹਾ ਸੀ । ਸਾਰੀ ਰਾਤ ਮੈਂ ਵੇਖਦੀ ਰਹੀ ਹਾਂ ਬੇਚੈਨੀ ਵਿੱਚ ਪਾਸੇ ਮਾਰਦੇ ਨੂੰ……….ਭੋਰਾ ਨਹੀਂ
ਸੁੱਤਾ……………ਮੈਨੂੰ ਤੇਰੇ ਬਾਰੇ ਰਾਤ ਭਰ ਬੁਰੇ-ਬੁਰੇ ਖਿਆਲਾਂ ਨੇ ਘੇਰੀ ਰੱਖਿਆ!" ਕਹਿ ਕੇ ਨਿੰਦੀ
ਅੱਖਾਂ ਵਿੱਚੋਂ ਆਪ-ਮੁਹਾਰੇ ਵਹਿ ਆਏ ਹੰਝੂ ਪੂਝਣ ਲੱਗ ਪਈ ਸੀ । ਦੀਪੂ ਨੇ ਉੱਠ ਕੇ ਭੈਣ ਨੂੰ ਕਲਾਵੇ ਵਿੱਚ
ਲੈ ਕੇ ਚੁੱਪ ਕਰਾਇਆ । ਅਜਿਹੇ ਜਜ਼ਬਾਤੀ ਮਾਹੌਲ ਵਿੱਚ ਗਲੀ-ਗੁਆਂਢ ਦੇ ਹੋਰ ਵੀ ਕਈ ਲੋਕ ਇਕੱਠੇ ਹੋ ਗਏ ਸਨ । ਸਭ
ਦੀਆਂ ਅੱਖਾਂ ਨਮ ਸਨ ।
ਫਿਰ ਦੀਪੂ ਆਸੇ-ਪਾਸੇ ਬਾਪੂ ਨੂੰ ਨਾ ਵੇਖ ਕੇ ਬੋਲਿਆ, "ਤੇ ਹੁਣ ਬਾਪੂ ਕਿੱਥੇ ਗਿਆ ਐ ?" ਤਾਂ ਮਾਂ ਤੇ
ਨਿੰਦੀ ਇਕੱਠੀਆਂ ਹੀ ਬੋਲੀਆਂ, "ਤੜਕੇ ਦਾ ਹੀ ਪੱਠੇ ਸੁੱਟ ਕੇ ਤੈਨੂੰ ਲੱਭਣ ਨਿਕਲ ਗਿਆ ਸੀ । ਕਹਿੰਦਾ ਸੀਗਾ
ਆਸੇ-ਪਾਸੇ ਵਾਲੇ ਪਿੰਡਾਂ ਵਿੱਚ ਵੇਖ ਕੇ ਆਊਂਗਾ । ਸਭ ਪਿੰਡੀਂ ਗੁਰਦੁਆਰਿਆਂ ਦੇ ਸਪੀਕਰਾਂ ਵਿੱਚ ਤੇਰੇ
ਗੁੰਮ ਹੋਣ ਦਾ ਹੋਕਾ ਵੀ ਦਿਵਾ ਕੇ ਆਊਂਗਾ!" ਸੁਣ ਕੇ ਦੀਪੂ ਚੁੱਪ ਕਰ ਗਿਆ । ਸ਼ਰਮ ਨਾਲ ਉਸ ਦਾ ਸਿਰ ਨਿਉਂ
ਗਿਆ ਸੀ । ਹੁਣ ਉਹ ਚੁੱਪ ਬੈਠਾ ਪੈਰ ਦੇ ਅੰਗੂਠੇ ਨਾਲ ਧਰਤੀ ਖੁਰਚ ਰਿਹਾ ਸੀ । ਕੱਠੇ ਹੋਏ ਗੁਆਂਢੀ ਮਾਂ ਕੋਲੋਂ
ਉਸਦਾ ਹਾਲ-ਚਾਲ ਪੁੱਛ ਰਹੇ ਸਨ । ਮਾਂ ਲੋਕਾਂ ਦੇ 'ਕਿਉਂ ? ਕਿਵੇਂ ? ਕਿੱਥੇ ?' ਵਰਗੇ ਸਰਸਰੀ ਸਵਾਲਾਂ ਦੇ ਉੱਤਰ ਦੇ
ਰਹੀ ਸੀ । ਲੋਕਾਂ ਦਾ ਆਉਣਾ-ਜਾਣਾ ਲੱਗਿਆ ਹੋਇਆ ਸੀ । ਸਭ ਉਸਦਾ ਹੁਲੀਆ ਵੇਖ ਕੇ ਹੈਰਾਨ ਹੋ ਰਹੇ ਸਨ । ਉਹਦੇ
ਵਾਲਾਂ ਦੀਆਂ ਗੰਢਾਂ ਬੱਝੀਆਂ ਹੋਈਆਂ ਸਨ । ਉਘੜ-ਦੁਘੜੀ ਬੰਨ੍ਹੀ ਪੱਗ ਮੈਲ ਨਾਲ ਬਦਰੰਗ ਹੋਈ ਪਈ
ਸੀ । ਉਹਦੇ ਕੱਪੜੇ ਮੈਲ ਨਾਲ ਆਕੜੇ ਪਏ ਸਨ । ਉਹਦੇ ਨੇੜਿਉਂ ਅਜੀਬ ਤਰ੍ਹਾਂ ਦੀ ਬਾਸ ਆ ਰਹੀ ਸੀ । ਉਹ ਇਕਦਮ
ਭਿਖਾਰੀ ਲੱਗ ਰਿਹਾ ਸੀ । ਉਸਦੀ ਹਾਲਤ ਦਾ ਆਭਾਸ ਕਰਕੇ ਨਿੰਦੀ ਨੇ ਪਾਣੀ ਭਰਕੇ ਗੁਸਲਖਾਨੇ ਵਿੱਚ ਰੱਖ
ਆਂਦਾ । ਉਸਨੂੰ ਨਹਾਉਣ ਵਾਸਤੇ ਕਹਿ ਕੇ ਆਪ ਉਸਦੇ ਧੋਤੇ ਕੱਪੜੇ ਟਰੰਕ ਵਿੱਚੋਂ ਲੈਣ ਅੰਦਰ ਚਲੀ ਗਈ । ਉਹ
ਖੂਬ ਸਾਬਣ ਮਲ-ਮਲ ਕੇ ਨਹਾਤਾ । ਮਾਨੋ ਤਨ-ਮਨ ਦੀ ਸਾਰੀ ਗੰਦਗੀ ਉਸ ਨੇ ਖੁਰਚ-ਖੁਰਚ ਉਤਾਰ ਕੇ ਨਾਲੀ ਵਿੱਚ ਵਹਾ
ਦਿੱਤੀ ਸੀ । ਕੁਝ ਹੀ ਮਿੰਟਾਂ ਵਿੱਚ ਉਹ ਨਹਾ-ਧੋ ਕੇ,ਸਾਫ-ਸੁਥਰੇ ਕੱਪੜੇ ਪਾ ਕੇ ਇੱਕ ਭਿਖਾਰੀ ਤੋਂ 'ਪਾੜ੍ਹਾ-
ਮੁੰਡਾ' ਬਣ ਗਿਆ ਸੀ । ਉਸਨੇ ਮਾਂ ਦੇ ਹੱਥਾਂ ਦੀ ਬਣੀ ਰੋਟੀ ਖਾਧੀ, ਚਾਹ ਪੀਤੀ । ਮਾਂ ਦੇ ਪਵਿੱਤਰ ਹੱਥਾਂ ਦੇ ਬਣੇ
ਸਵਾਦੀ ਖਾਣੇ ਨੇ ਕੱਲ੍ਹ ਦੇ ਸ਼ਹਿਰੋਂ ਅਤੇ ਸਟੇਸ਼ਨ ਤੋਂ ਖਾਧੀਆਂ 'ਅਲਾਅ-ਬਲਾਅ' ਚੀਜਾਂ ਦੀ ਬਾਸ ਢਿੱਡ ਵਿੱਚ ਹੇਠਾਂ
ਹੀ ਕਿਤੇ ਨੱਪ ਦਿੱਤੀ ਸੀ । ਉਸ ਨੂੰ ਆ ਰਹੇ ਸੜੇ-ਸੜੇ ਡੱਕਾਰ ਹੁਣ ਬੰਦ ਹੋ ਗਏ ਸਨ । ਉਹ ਟਹਿਰਕੇ ਵਿੱਚ ਹੋ ਗਿਆ
ਸੀ । ਥੱਕਾਨ ਅਤੇ ਉਦਾਸੀ ਕਿਧਰੇ ਗਾਇਬ ਹੋ ਗਈ ਸੀ । ਉਹ ਆਪਣੀ ਭੈਣ ਨੂੰ ਸੰਬੋਧਿਨ ਹੋ ਕੇ ਬੋਲਿਆ, "ਨਿੰਦੀ,
ਚੱਲ ਭੈਣੇ ਰੁੱਗ ਲਾ, ਆਪਾਂ ਪੱਠੇ ਕੁਤਰ ਲਈਏ!" ਇਸ ਤੋਂ ਪਹਿਲਾਂ ਕਿ ਉਹ ਮਸ਼ੀਨ ਗੇੜਦਾ ਨਿੰਦੀ ਨੇ ਉਸਦੇ
ਬਾਹਵਾਂ-ਲੱਤਾਂ 'ਤੇ ਰਗੜਾਂ ਦੇ ਨਿਸ਼ਾਨ ਵੇਖੇ । ਪਹਿਲਾਂ ਉਸਨੇ ਦੀਪੂ ਦੇ ਜਖਮਾਂ 'ਤੇ ਮਰਹਮ ਲਗਾਈ । ਉਸਨੂੰ
ਮਸ਼ੀਨ 'ਤੇ ਲੱਗਣ ਤੋਂ ਮਨ੍ਹਾਂ ਕਰ ਦਿੱਤਾ ਪਰ ਜਬਰਦਸਤੀ ਉਹ ਮਸ਼ੀਨ ਗੇੜਨ ਲੱਗ ਪਿਆ । ਮਾਂ ਅਤੇ ਨਿੰਦੀ ਖੁਸ਼ੀ ਨਾਲ
ਪਾਗਲ ਹੋਈਆ ਫਿਰ ਰਹੀਆਂ ਸਨ । ਖੁਸ਼ੀ ਵਿੱਚ ਉਨ੍ਹਾਂ ਦੇ ਪੈਰ ਧਰਤੀ 'ਤੇ ਖੌਰੂ ਪਾਉਂਦੇ ਫਿਰ ਰਹੇ ਸਨ । ਧਰਤੀ ਦਾ
ਤਲ ਉਨ੍ਹਾਂ ਦੀ ਤੋਰ ਨਾਲ ਧੁਰ ਅੰਦਰ ਤੱਕ ਹਿਲਦਾ ਪ੍ਰਤੀਤ ਹੁੰਦਾ ਸੀ । ਏਨੀ ਦੇਰ 'ਚ ਉਸਦਾ ਬਾਪੂ ਵੀ ਆ
ਗਿਆ । ਉਸਦਾ ਚਿਹਰਾ ਉੱਡਿਆ ਹੋਇਆ ਸੀ । ਉਹ ਕਹਿਣ ਹੀ ਵਾਲਾ ਸੀ ਕਿ ਦੀਪੂ ਤਾਂ ਅੱਜ ਵੀ ਨਹੀਂ ਕਿਤੋਂ
ਮਿਲਿਆ!.............ਉਸਦੀ ਨਿਗਾਹ ਮਸ਼ੀਨ ਗੇੜਦੇ ਦੀਪੂ 'ਤੇ ਜਾ ਪਈ । ਉਸਦੇ ਉਦਾਸ ਮੁੱਖੜੇ 'ਤੇ ਖੁਸ਼ੀ ਦੀ ਇੱਕ
ਲੀਕ ਫਿਰ ਗਈ । ਉਹ ਸਾਈਕਲ ਖੜ੍ਹਾ ਕਰਕੇ ਉਧਰ ਨੂੰ ਅਹੁਲਿਆ । ਦੀਪੂ ਪਹਿਲਾਂ ਹੀ ਮਸ਼ੀਨ ਛੱਡ ਕੇ ਪਿਉ ਦੇ ਪੈਰੀਂ
ਆ ਡਿੱਗਿਆ । ਰੋ-ਰੋ ਕੇ ਮਾਫ਼ੀਆਂ ਮੰਗ ਰਿਹਾ ਸੀ । ਸੱਜਣ ਸਿੰਘ ਬਹੁਤ ਹੀ ਕਰੁਨਾ ਭਰੀ ਭੜਰਾਈ ਅਵਾਜ ਵਿੱਚ ਬੋਲਿਆ,
"ਪੁੱਤ ਜੇ ਤੂੰ ਨਹੀਂ ਪੜ੍ਹਨਾ ਚਾਹੁੰਦਾ ਤੇ ਨਾ……………ਪੜ੍ਹ ਪੁੱਤ!...........ਪਰ ਸਾਨੂੰ ਛੱਡ ਕੇ ਕਿਤੇ
ਨਾ ਜਾਵੀ । ਤੇਰੇ ਬਿਨਾਂ ਸਾਡਾ ਕੌਣ ਹੈ ਜੱਗ 'ਤੇ ?" ਬਾਪੂ ਨੇ ਆਪਣੀਆਂ ਅੱਖਾਂ ਪੂੰਝੀਆਂ । ਦੀਪੂ ਦਾ ਵੀ ਰੋਣ
ਨਿਕਲ ਗਿਆ । ਉਸ ਨੂੰ ਬਾਪੂ ਦੀ ਕੰਬਦੀ ਦਾਹੜੀ ਤੇ ਵਿੱਚ ਟਪਕਦੇ ਹੰਝੂ ਕੁਝ ਕਹਿੰਦੇ ਪ੍ਰਤੀਤ ਹੋ ਰਹੇ ਸਨ । ਉਸ
ਨੇ ਬਾਪੂ ਨੂੰ ਅੱਜ ਪਹਿਲੀ ਵਾਰ ਐਨਾ ਜ਼ਜਬਾਤੀ ਅਤੇ ਉਦਾਸ ਵੇਖਿਆ ਸੀ । ਅੱਜ ਪੁੱਤਰ ਵਿਯੋਗ ਵਿੱਚ ਬਾਪੂ ਦੀ ਨਿਕਲੀ
ਭੁੱਬ ਨੇ ਦੀਪੂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ । ਦੀਪੂ ਦੇ ਵੀ ਜ਼ਜਬਾਤ ਕਾਬੂ ਵਿੱਚ ਨਹੀਂ ਰਹੇ
ਸਨ । ਉਹ ਡਡਿਆ ਕੇ ਬੋਲਿਆ, "ਨਹੀਂ ਬਾਪੂ!.........ਮੈਂ ਹੁਣ ਤੇਰਾ ਸਾਊ ਪੁੱਤ ਬਣੂੰਗਾ!! ਅੱਜ ਤੋਂ ਮੈਂ ਸਭ
ਬੁਰੇ ਕੰਮ ਤਿਆਗ ਦਿੱਤੇ ਹਨ । ਮੈਂ ਖੂਬ ਪੜ੍ਹਾਂਗਾ !ਦਿਲ ਲਗਾ ਕੇ,ਮਨ ਲਗਾ ਕੇ ਖੂਬ ਪੜ੍ਹਾਈ ਕਰਾਂਗਾ । ਬਾਪੂ
ਹੁਣ ਮੈਂ ਪੜ੍ਹਾਈ ਵਿੱਚ ਆਪਣੀ ਪੂਰੀ ਵਾਹ ਲਗਾ ਦੇਵਾਂਗਾ! ਤੇਰੀਆਂ ਸਭ ਬੁਲਾਵਾਂ ਮੈਂ ਆਪਣੀ ਵਿੱਦਿਆ ਦੀ
ਰੌਸ਼ਨੀ ਨਾਲ ਮਿਟਾ ਕੇ ਦਮ ਲਵਾਂਗਾ । ਤੂੰ ਹੁਣ ਚਿੰਤਾ-ਮੁਕਤ ਹੋਜਾ ਬਾਪੂ………ਵੇਖੀਂ ਆਪਣੇ ਪੁੱਤਰ ਦੇ
ਕਮਾਲ ਹੁਣ!!!" ਦੀਪੂ ਪੂਰੇ ਭਰੋਸੇ ਨਾਲ ਬੋਲਿਆ । ਇੱਕੋ ਠੋਕਰ ਨੇ ਉਸ ਵਿੱਚ ਅੰਤਾਂ ਦਾ ਵਿਸ਼ਵਾਸ ਪੈਦਾ ਕਰ ਦਿੱਤਾ
ਸੀ । ਉਹ ਦੁਨੀਆਂ ਦੀ ਹਰ ਔਕੜ ਨਾਲ ਟੱਕਰ ਲੈਣ ਦੇ ਰੌਂ ਵਿੱਚ ਖੜ੍ਹਾ ਹੋ ਗਿਆ ਸੀ । ਉਹਦਾ ਵਿਸ਼ਵਾਸ ਵੇਖ ਕੇ ਹਰ
ਅਸਫਲਤਾ ਦੀਪੂ ਕੋਲੋਂ ਕੰਬਦੀ ਪ੍ਰਤੀਤ ਹੋ ਰਹੀ ਸੀ । ਦੀਪੂ ਦੀਆਂ ਵਿਸ਼ਵਾਸ ਭਰਪੂਰ ਗੱਲਾਂ ਸੁਣ ਕੇ ਸੱਜਣ ਸਿਹੁੰ ਦੇ
ਅੰਦਰਲਾ ਭੈਅ, ਭੈਅਭੀਤ ਹੋ ਰਿਹਾ ਸੀ । ਉਸਨੂੰ ਜਾਪਿਆ ਹੁਣ ਉਹਦੇ ਇਕੱਲੇ ਦੀਪੂ ਵਿੱਚ ਲੱਖਾਂ ਦੀਪੂਆਂ ਦਾ
ਵਿਸ਼ਵਾਸ ਪੈਦਾ ਹੋ ਗਿਆ ਹੈ । ਉਸ ਵਿੱਚ ਗੁਰੁ ਗੋਬਿੰਦ ਸਿੰਘਤਾ ਆਣ ਕੇ ਵੱਸ ਗਈ ਹੈ । ਉਸਨੇ ਦੀਪੂ ਨੂੰ
ਘੁੱਟ ਕੇ ਆਪਣੀ ਛਾਤੀ ਨਾਲ ਲਗਾ ਲਿਆ । ਉਸਨੂੰ ਦੀਪੂ ਦੇ ਕਮਾਊ ਪੁੱਤ ਹੋਣ ਦਾ ਫਕਰ ਹੁਣ ਤੋਂ ਹੀ ਹੋਣ ਲੱਗ
ਪਿਆ ਸੀ । ਉਸ ਨੂੰ ਆਪਣੀ ਵਧ ਰਹੀ ਉਮਰ ਦੇ ਨਾਲ-ਨਾਲ ਵਧ ਰਹੇ ਬੁਢਾਪੇ ਦੀ ਚਿੰਤਾ ਖਤਮ ਹੁੰਦੀ ਜਾਪ ਰਹੀ
ਸੀ । ਉਹ ਸਵੈ-ਵਿਸ਼ਵਾਸ ਨਾਲ ਓਤਪੋਤ ਹੋ ਗਿਆ । ਉਸ ਨੇ ਕੋਲ ਖੜ੍ਹੀ ਨਿੰਦੀ ਨੂੰ ਵੀ ਆਪਣੇ ਕਲਾਵੇ ਵਿੱਚ ਲੈ
ਲਿਆ । ਉਸ ਨੂੰ ਜਾਪਿਆ ਸਾਰੀ ਦੁਨੀਆਂ ਤੋਂ ਵੱਧ ਦੌਲਤ ਉਹਦੇ ਕੋਲ ,ਆਪਣੇ ਦੋਨੋਂ ਬੱਚਿਆਂ-ਨਿੰਦੀ ਅਤੇ
ਦੀਪੂ ਦੇ ਰੂਪ ਵਿੱਚ ਹੈ!………ਉਹ ਦੋਵਾਂ ਬੱਚਿਆਂ ਨੂੰ ਕਲਾਵੇ ਵਿੱਚ ਲੈ ਕੇ ਅੰਦਰ ਬਰਾਂਡੇ ਵਿੱਚ ਆ ਖੜ੍ਹਾ
ਹੋਇਆ । ਉੱਥੇ ਦੋਵਾਂ ਬਾਲਾ ਦੀ ਮਾਂ ਉਨ੍ਹਾਂ ਤਿੰਨਾਂ ਨੂੰ ਵੇਖ ਕੇ ਮੁਸਕਰਾ ਰਹੀ ਸੀ ।
ਅੰਤਿਕਾ-ਇੱਕ ਹਫ਼ਤੇ ਬਾਅਦ………
ਦੀਪੂ ਸਕੂਲੋਂ ਆ ਕੇ ਆਪਣੇ ਬਾਪੂ ਨਾਲ ਪੱਠੇ ਕੁਤਰਾਅ ਰਿਹਾ ਸੀ, ਜਦੋਂ ਆਪਣੇ ਢਿੱਲੇ ਜਿਹੇ ਜੂੜੇ 'ਤੇ ਸੂਤ
ਲਪੇਟਦਾ ਨਿਰਮਲ ਆ ਧਮਕਿਆ । ਦਰਵਾਜੇ 'ਚੋਂ ਝਾਤੀ ਮਾਰਦਿਆਂ ਉਸਨੇ ਅੰਦਰੋਂ ਦੀਪੂ ਦੀ ਬਿੜਕ ਲਈ । ਦੀਪੂ ਤੇ
ਬਾਪੂ ਇਕੱਠੇ ਵੇਖ ਕੇ ਉਸਦੀ ਸਿੱਧਾ ਹੀ ਅੰਦਰ ਲੰਘ ਆਉਣ ਦੀ ਹਿੰਮਤ ਨਾ ਪਈ । ਉਸਨੇ ਦੀਪੂ ਨੂੰ ਬਾਹਰੋਂ
ਹੀ ਅਵਾਜ਼ ਮਾਰਨੀ ਠੀਕ ਸਮਝੀ । ਉਹ ਉੱਚੀ ਅਵਾਜ਼ ਵਿੱਚੋਂ ਲੰਮੀ ਹੇਕ ਕੱਢਦਿਆਂ ਬੋਲਿਆ, "ਦੀਪੂ
ਉਏ……ਏ……ਏ……!"
"ਇੱਥੇ ਕੋਈ ਦੀਪੂ-ਸ਼ੀਪੂ ਨਹੀਂ ਰਹਿੰਦਾ,………ਮੈਂ ਤਾਂ ਸਰਦਾਰ ਦਪਿੰਦਰ ਸਿੰਘ ਹਾਂ, ਪਾਲੇ ਦਾ ਪੱਕਾ
ਮਿੱਤਰ! ਤੂੰ ਭੱਜ ਜਾਹ ਇੱਥੋਂ, ਮੁੜ ਸਾਡੇ ਗੇਟ ਮੂਹਰੇ ਨਾ ਖੜ੍ਹੀਂ ਆ ਕੇ ………ਕੁਟੂੰਗਾ ਫੜ੍ਹਕੇ!"
ਕਹਿੰਦਿਆਂ ਦੀਪੂ ਨੇ ਪੱਠਿਆਂ ਦਾ ਰੁੱਗ ਚੁੱਕ ਕੇ ਮਸ਼ੀਨ ਵਿੱਚ ਜ਼ੋਰ ਦੀ ਧੱਕਿਆ । ਬਾਪੂ ਮਸ਼ੀਨ ਰੋਕ ਕੇ ਅਵਾਕ
ਦੀਪੂ ਦੇ ਮੂੰਹ ਵੱਲ ਤੱਕ ਰਿਹਾ ਸੀ । ਦੀਪੂ ਅਜੇ ਵੀ ਗੇਟ ਵੱਲੀਂ ਵਾਪਸ ਜਾ ਰਹੇ ਨਿਰਮਲ ਵੱਲੀਂ ਗੁੱਸੇ ਨਾਲ ਦੇਖੀ ਜਾ ਰਿਹਾ
ਸੀ…………!
ਇੱਕ ਹੋਰ ਅੰਤਿਕਾ-ਕਈ ਵਰ੍ਹੇ ਬੀਤ ਗਏ ਸਨ………
ਇਨ੍ਹਾਂ ਵਰ੍ਹਿਆਂ ਦੌਰਾਨ ਦੀਪੂ ਪੜ੍ਹ-ਲਿਖ ਕੇ ਇੱਕ ਪੁਲੀਸ ਅਫ਼ਸਰ ਬਣ ਗਿਆ । ਨਿੰਦੀ ਸਕੂਲ ਵਿੱਚ ਅਧਿਆਪਕਾ ਲੱਗ ਗਈ । ਪਾਲਾ ਪ੍ਰੋਫੈਸਰ ਅਤੇ ਇੱਕ ਵਿਦਵਾਨ ਲੇਖਕ ਬਣ ਗਿਆ । ਸਭ ਵਿਆਹੇ-ਵਰੇ ਗਏ । ਬਾਲ-ਬੱਚੇਦਾਰ ਹੋ ਗਏ । ………ਪਰ ਨਿਰਮਲ ਨਿਕੰਮੇ ਦਾ ਨਿਕੰਮਾ ਹੀ ਰਿਹਾ । ਉਹ ਨਸ਼ੱਈ ਅਤੇ ਚੋਰ ਉਚੱਕਾ ਬਣਨ ਤੋਂ ਬਾਅਦ ਅੱਜ ਵੀ ਜੇਲ ਦੀਆਂ ਸੀਖਾਂ ਪਿੱਛੇ ਬੰਦ ਹੈ । ਦੀਪੂ ਦੇ ਮਾਂ-ਪਿਓ ਬਜ਼ੁਰਗ ਹਨ, ਪਰ ਅਜੇ ਵੀ ਜ਼ਿੰਦਾ ਹਨ, ਤੰਦਰੁਸਤ ਹਨ । ਦੀਪੂ ਦੇ ਬਾਲਾਂ ਨਾਲ ਮਸਤੀ ਕਰਦੇ ,ਦੀਪੂ ਦੇ ਘਰ ਦੀ ਰੌਣਕ ਬਣੇ ਹੋਏ ਹਨ ।