Deewan Ji : K.L. Garg

ਦੀਵਾਨ ਜੀ : ਕੇ.ਐਲ. ਗਰਗ

ਸਾਡੇ ਘਰ ਵਿੱਚ ਪੂਰੀ ਭੁੱਖ-ਨੰਗ ਖੇਡਦੀ ਸੀ। ਚੂਹੇ ਤੇ ਕਾਕਰੋਚ ਛਾਲਾਂ ਮਾਰਦੇ ਸ਼ਰੇਆਮ ਘੁੰਮਦੇ-ਫਿਰਦੇ ਸਨ। ਖਾਲੀ ਭਾਂਡੇ ‘ਮਾਲ ਲਿਆਓ, ਮਾਲ ਲਿਆਓ’ ਕੂਕਦੇ ਸਨ। ਭੱਜੇ-ਫਿਰਦੇ ਚੂਹਿਆਂ ਨੂੰ ਦੇਖ ਮੇਰਾ ਵੱਡਾ ਭਰਾ ਮੰਗੂ ਹੱਸ ਕੇ ਆਖਿਆ ਕਰਦਾ ਸੀ, ‘‘ਦੇਖ ਕਿਵੇਂ ਕਮਲੇ ਹੋਏ ਫਿਰਦੇ ਐ। ਇੱਥੇ ਤਾਂ ਖਾਣ ਨੂੰ ਦਿਨੇਂ ਕੁਝ ਨ੍ਹੀਂ ਲੱਭਦਾ ਤੇ ਇਹ ਰਾਤ ਨੂੰ ਕਰੋਲੇ ਦਿੰਦੇ ਫਿਰਦੇ ਨੇ। ਬੇਵਕੂਫ਼ ਕਿਸੇ ਥਾਂ ਦੇ।’’ ਉਸ ਦਾ ਡਾਇਲਾਗ ਸੁਣ ਕੇ ਅਸੀਂ ਪੰਜੇ ਭਰਾ ਤਾੜੀਆਂ ਮਾਰ-ਮਾਰ ਹੱਸਣ ਲੱਗਦੇ।
ਇਹੋ ਜਿਹੇ ਵੇਲਿਆਂ ਵਿੱਚ ਵੀ ਸਾਡੇ ਬਾਪ ਨੇ ਇੱਕ ਦਿਨ ਸਾਨੂੰ ਆ ਕੇ ਇੱਕ ਗੱਲ ਸੁਣਾਈ, ਜਿਸ ਨੂੰ ਸੁਣਦਿਆਂ ਹੀ ਮਾਣ ਨਾਲ ਸਾਡੇ ਸਿਰ ਆਕੜ ਕੇ ਸਿੱਧੇ ਤਣ ਗਏ। ਸਾਡੇ ਬਾਪ ਨੇ ਮਿਰਚਾਂ ਨਾਲ ਦੋ-ਦੋ ਮੰਨੀਆਂ ਛਕਦਿਆਂ ਸਾਨੂੰ ਦੱਸਿਆ: ‘‘ਆਪਾਂ ਖਾਨਦਾਨੀ ਬੰਦੇ ਆਂ। ਫੜ ਕੇ ਲਿਆਂਦੇ ਤਿੱਤਰ ਬਟੇਰ ਨ੍ਹੀਂ। ਜੱਦੀ-ਪੁਸ਼ਤੀ ਰਈਸ ਆਂ ਆਪਾਂ। ਆਪਣੇ ਪੜਦਾਦੇ ਦਾ ਪੜਦਾਦਾ ਮਲੌਦ ਦੇ ਰਾਜੇ ਦਾ ਦੀਵਾਨ ਹੁੰਦਾ ਸੀ। ਉਹ ਰਾਜੇ ਦੇ ਇੰਨਾ ਨੇੜੇ ਸੀ ਕਿ ਰਾਣੀ ਦੇ ਫੁੱਲ ਵੀ ਉਹ ਹਰਿਦੁਆਰ ਆਪ ਤਾਰ ਕੇ ਆਇਆ ਸੀ।’’
ਸੁਣਦਿਆਂ ਹੀ ਸਾਡੇ ਚਿਹਰਿਆਂ ’ਤੇ ਰੌਣਕ ਤੇ ਸਰੀਰ ’ਚ ਅਜੀਬ ਕਿਸਮ ਦੀ ਆਕੜ ਆਉਣੀ ਸ਼ੁਰੂ ਹੋ ਗਈ ਸੀ। ਵੱਡੇ ਭਰਾ ਮੰਗੂ ਨੇ ਝੱਟ ਹੀ ਸਾਡੇ ਬਾਪ ਤੋਂ ਪੁੱਛ ਲਿਆ ਸੀ: ‘‘ਬਾਪੂ, ਇਹ ਦੀਵਾਨ ਕੀ ਹੁੰਦਾ ਹੈ?’’
ਸੁਣਦਿਆਂ ਹੀ ਸਾਡਾ ਬਾਪੂ ਅੱਖਾਂ ਤਰੇਰ ਕੇ ਕਹਿਣ ਲੱਗਾ: ‘‘ਸਮਝ ਲਓ ਜਿਵੇਂ ਕਿਸੇ ਰਾਜੇ ਦਾ ਖ਼ਜ਼ਾਨਾ ਵਜ਼ੀਰ ਹੁੰਦਾ ਹੈ। ਰਾਜਾ ਵੀ ਸਾਡੇ ਪੜਦਾਦੇ ਦੇ ਪੜਦਾਦੇ ਤੋਂ ਪੈਸੇ ਮੰਗ ਕੇ ਖਰਚਦਾ ਹੋਣਾ। ਖ਼ਜ਼ਾਨਾ ਵਜ਼ੀਰ ਕੋਲ ਹੀ ਸਾਰੇ ਰਾਜ ਦੀ ਤਾਕਤ ਹੁੰਦੀ ਐ।’’
‘‘ਫਿਰ ਤਾਂ ਆਪਣਾ ਪੜਦਾਦਾ ਰਾਜੇ ਤੋਂ ਵੀ ਉਪਰ ਹੋਇਆ ਕਿ?’’ ਮੰਗੂ ਨੇ ਆਖ ਦਿੱਤਾ ਸੀ।
‘‘ਹੋਰ ਕਿਤੇ ਐਵੇਂ ਹੀ?’’ ਸਾਡਾ ਬਾਪ ਬੋਲਿਆ ਸੀ।
‘‘ਕੀ ਪਿੱਦੀ ਕੀ ਪਿੱਦੀ ਦਾ ਸ਼ੋਰਬਾ,’’ ਆਖ ਮੇਰੀ ਮਾਂ ਪੋਲਾ ਜਿਹਾ ਹੱਸੀ ਸੀ।
‘‘ਦਿਨ ਤਾਂ ਮੰਗੂ ਦੀ ਬੇਬੇ ਉਪਰ ਥੱਲੇ ਹੁੰਦੇ ਈ ਰਹਿੰਦੇ ਆ। ਚੱਕਰ ਚੂੰਡੇ ਵਿੱਚ ਬੈਠਾ ਬੰਦਾ ਕਦੇ ਉਤਾਂਹ ਜਾਂਦਾ ਤੇ ਕਦੇ ਹੇਠਾਂ ਆਉਂਦਾ ਹੈ। ਪਰ ਬੰਦੇ ਨੂੰ ਆਪਣਾ ਪਿੱਛਾ ਨ੍ਹੀਂ ਭੁੱਲਣਾ ਚਾਹੀਦਾ। ਕੋਈ ਨ੍ਹੀਂ ਕਦੇ ਮੇਰੇ ਬੱਚੇ ਵੀ ਉਤਾਂਹ ਜਾਣਗੇ ਹੀ…।’’
ਬੇਬੇ ਬਗੈਰ ਕੁਝ ਬੋਲਿਆਂ ਉੱਠ ਕੇ ਢਿੱਲੀ ਮੰਜੀ ’ਤੇ ਜਾ ਪਈ ਸੀ। ਬਾਪੂ ਦੀ ਇਸ ਖ਼ਬਰ ਨੇ ਸਾਨੂੰ ਜ਼ਰੂਰ ਪਲ ਦੀ ਪਲ ਧਰਵਾਸ ਦਿੱਤੀ ਸੀ। ਉਸ ਦਿਨ ਸਾਨੂੰ ਸਾਡਾ ਬਾਪੂ ਪਿਆਰਾ ਪਿਆਰਾ ਲੱਗਣ ਲੱਗ ਪਿਆ ਸੀ, ਇੱਕ ਅਜਿਹੀ ਸ਼ੈਅ ਜਿਸ ’ਤੇ ਮਾਣ ਕੀਤਾ ਜਾ ਸਕੇ। ਸਾਨੂੰ ਆਪਣਾ ਆਪ ਇਕਦਮ ਵੱਡਾ ਵੱਡਾ ਲੱਗਣ ਲੱਗ ਪਿਆ ਸੀ।
ਉਸ ਦਿਨ ਤੋਂ ਬਾਅਦ ਅਸੀਂ ਕੋਈ ਵੀ ਮੌਕਾ ਅਜਿਹਾ ਨਹੀਂ ਸੀ ਛੱਡਣਾ ਚਾਹੁੰਦੇ, ਜਿਸ ਤੋਂ ਜ਼ਾਹਿਰ ਹੋਵੇ ਕਿ ਸਾਡੇ ਬਜ਼ੁਰਗ ਮਲੌਦ ਦੇ ਰਾਜੇ ਦੇ ਦੀਵਾਨ ਸਨ। ਸਭ ਤੋਂ ਪਹਿਲਾਂ ਕੰਮ ਅਸੀਂ ਸਾਰੇ ਭਰਾਵਾਂ ਨੇ ਇਹ ਕੀਤਾ ਕਿ ਜਿੱਥੇ ਪਹਿਲਾਂ ਅਸੀਂ ਕੁੱਬ ਕੱਢ ਕੇ ਤੁਰਦੇ ਹੁੰਦੇ ਸਾਂ, ਹੁਣ ਸਿਰ ਚੁੱਕ ਕੇ ਤੁਰਨ ਲੱਗੇ ਸਾਂ। ਹੁਣ ਅਸੀਂ ਆਕੜ ਆਕੜ ਕੇ, ਤੇਜ਼-ਤੇਜ਼ ਚੱਲਣ ਲੱਗੇ ਸਾਂ। ਜੇ ਕੋਈ ਸਾਨੂੰ ਤੁੱਛ ਸਮਝਣ ਲੱਗਦਾ ਸੀ ਤਾਂ ਅਸੀਂ ਝੱਟ ਅੱਖਾਂ ਕੱਢ ਕੇ ਹੂਰਾ ਉਗਰਦੇ ਹੋਏ ਅਗਲੇ ਦੇ ਗਲ ਪੈਣ ਤਕ ਜਾਂਦੇ ਸਾਂ:
‘‘ਐਵੇਂ ਨਾ ਸਮਝੀਂ ਸਾਨੂੰ। ਸਾਡੇ ਪੜਦਾਦੇ ਦਾ ਪੜਦਾਦਾ ਮਲੌਦ ਦੇ ਰਾਜੇ ਦਾ ਦੀਵਾਨ ਸੀ। ਐਵੇਂ ਦੁੱਕੀ-ਤਿੱਕੀ ਬੰਦਾ ਸਮਝਦਾ ਹੋਵੇਂ। ਮਾਰ ਕੇ ਘਸੁੰਨ ਬੱਤੀ ਦੇ ਬੱਤੀ ਦੰਦ ਕੱਢ ਦੂੰ।’’
ਅਸੀਂ ਆਪਣੀ ਇਸੇ ਆਕੜ ਕਾਰਨ ਕਈ ਮੁੰਡਿਆਂ ਤੋਂ ਕੁੱਟ ਵੀ ਖਾ ਚੁੱਕੇ ਸਾਂ। ਕੁੱਟ ਖਾਂਦੇ ਵੀ ਅਸੀਂ ਕਹਿਣੋਂ ਬਾਜ਼ ਨਹੀਂ ਸੀ ਆਉਂਦੇ, ‘‘ਦੇਖਾਂਗਾ ਤੈਨੂੰ ਕਦੇ। ਜੇ ਬੂਥਾ ਨਾ ਭੰਨਿਆ ਤਾਂ ਮੈਨੂੰ ਵੀ ਦੀਵਾਨ ਨਾ ਆਖੀਂ। ਕੋਈ ਨਾ ਕਦੇ ਸਾਡਾ ਮੌਕਾ ਵੀ ਆਵੇਗਾ ਹੀ ਆਵੇਗਾ।’’
‘‘ਜਾਹ ਚਲਾ ਜਾਹ ਐਵੇਂ ਨਾ ਮੈਥੋਂ ਮੂੰਹ ਭੰਨਾ ਲਵੀਂ, ਵੱਡਾ ਦੀਵਾਨ ਬਣਿਆ ਫਿਰਦਾ…।’’ ਅਗਲਾ ਮੁੱਕਾ ਦਿਖਾਉਂਦਿਆਂ ਕਹਿੰਦਾ। ਉਸ ਤੋਂ ਬਾਅਦ ਤਾਂ ਮੁੰਡਿਆਂ ਨੇ ਜਿਵੇਂ ਸਾਡੀ ਛੇੜ ਹੀ ਪਾ ਲਈ ਹੋਵੇ। ਸਾਨੂੰ ਦੇਖਦਿਆਂ ਹੀ ਕਹਿਣ ਲੱਗਦੇ, ‘‘ਦੀਵਾਨ ਉਏ, ਦੀਵਾਨ ਉਏ, ਪੀ ਪੀ ਫੁਰਲੇ। ਹੂ-ਹੂ ਹੁੱਰੇ।’’ ਇੰਨਾ ਕੁਝ ਸੁਣ ਕੇ ਵੀ ਸਾਨੂੰ ਭੋਰਾ ਗੁੱਸਾ ਨਹੀਂ ਸੀ ਆਉਂਦਾ। ਅਸੀਂ ਇਹ ਸੋਚ ਕੇ ਖ਼ੁਸ਼ ਹੋ ਲੈਂਦੇ ਸਾਂ ਕਿ ਚਲੋ ਕਿਸੇ ਨੇ ਦੀਵਾਨ ਕਹਿਣਾ ਤਾਂ ਸ਼ੁਰੂ ਕੀਤਾ। ਅੱਜ ਝੂਠ-ਮੂਠ ਕਹਿੰਦੇ ਹਨ, ਕੱਲ੍ਹ ਨੂੰ ਸੱਚਮੁੱਚ ਵੀ ਆਖਣ ਲੱਗ ਪੈਣਗੇ।
ਅਸੀਂ ਇਨ੍ਹਾਂ ਗੱਲਾਂ ਦੀ ਕੀ ਪ੍ਰਵਾਹ ਕਰਦੇ ਸਾਂ। ਸਾਨੂੰ ਤਾਂ ਦੀਵਾਨ ਹੋਣ ਦਾ ਨਸ਼ਾ ਚੜ੍ਹਿਆ ਹੋਇਆ ਸੀ। ਪਹਿਲਾ ਕੰਮ ਇਹ ਕੀਤਾ ਕਿ ਅਸੀਂ ਸਾਰੇ ਭਰਾਵਾਂ ਨੇ ਆਪਣੇ ਨਾਵਾਂ ਨਾਲ ਦੀਵਾਨ ਲਿਖਣਾ-ਬੋਲਣਾ ਸ਼ੁਰੂ ਕਰ ਦਿੱਤਾ ਸੀ। ਮੰਗੂ ਦੀਵਾਨ, ਮਿੱਠੂ ਦੀਵਾਨ, ਮੁਰਲੀ ਦੀਵਾਨ, ਮਾਊਂ ਦੀਵਾਨ ਤੇ ਮੀਚੂ ਦੀਵਾਨ। ਜਦੋਂ ਵੀ ਕੋਈ ਸਾਡਾ ਨਾਂ ਪੁੱਛਦਾ ਅਸੀਂ ਅੱਖਾਂ ਚੌੜੀਆਂ ਕਰਕੇ ਕਹਿ ਦਿੰਦੇ, ‘ਮਿੱਠੂ ਦੀਵਾਨ’। ਮਿੱਠੂ ਨਾਲੋਂ ਅਸੀਂ ਦੀਵਾਨ ’ਤੇ ਜ਼ਿਆਦਾ ਜ਼ੋਰ ਲਗਾਉਂਦੇ। ਸਾਡਾ ਅਜਿਹਾ ਹੋਛਾਪਣ ਦੇਖ ਕੇ ਸਾਡੇ ਸਾਥੀ ਸਾਨੂੰ ਨਫ਼ਰਤ ਦੀ ਨਿਗ੍ਹਾ ਨਾਲ ਵੀ ਦੇਖਣ ਲੱਗ ਪਏ ਸਨ। ਉਂਜ ਵੀ ਜਦੋਂ ਕੋਈ ਛੋਟਾ ਬੰਦਾ ਵੱਡਾ ਬਣ ਜਾਵੇ ਤਾਂ ਲੋਕ ਕਾਵਾਂ ਵਾਂਗ ਉਸ ਦਾ ਪਿੱਛਾ ਫਰੋਲਦੇ ਰਹਿੰਦੇ ਹਨ। ਕੋਈ ਬੇਸ਼ੱਕ ਕੁਝ ਵੀ ਆਖਦਾ, ਪਰ ਉਨ੍ਹਾਂ ਨੂੰ ਇਉਂ ਸੜਦਿਆਂ ਭੁੱਜਦਿਆਂ ਦੇਖ ਕੇ ਸਾਡੇ ਮਨ ਨੂੰ ਬੜੀ ਸ਼ਾਂਤੀ ਮਿਲਦੀ।
ਅਸੀਂ ਹੁਣ ‘ਦੀਵਾਨ’ ਨਾਂ ਨੂੰ ਚਮਕਾਉਣ ਦਾ ਕੋਈ ਵੇਲਾ ਵੀ ਹੱਥੋਂ ਖੁੰਝਣ ਨਹੀਂ ਸਾਂ ਦਿੰਦੇ। ਇੱਕ ਹੋਰ ਮੌਕਾ ਵੀ ਜਲਦੀ ਹੀ ਸਾਡੇ ਹੱਥ ਆ ਗਿਆ ਸੀ। ਘਰ ਦੀ ਮਾੜੀ ਹਾਲਤ ਕਰਕੇ ਅਸੀਂ ਸਾਰੇ ਭਰਾ ਪੂਰੀ ਫੀਸ ਮੁਆਫ਼ ਕਰਵਾਉਂਦੇ ਸਾਂ। ਭਾਵੇਂ ਵੱਡੇ ਭਰਾ ਦੇ ਪੜ੍ਹਨ ਕਾਰਨ ਸਾਡੀ ਛੋਟਿਆਂ ਦੀ ਫੀਸ ਆਪਣੇ ਆਪ ਹੀ ਅੱਧੀ ਹੋ ਜਾਂਦੀ ਸੀ, ਪਰ ਅਸੀਂ ਤਾਂ ਅੱਧੀ ਦੇਣ ਦੇ ਵੀ ਸਮਰੱਥ ਨਹੀਂ ਸਾਂ। ਅਸੀਂ ਹਰ ਵਰ੍ਹੇ ਕਲਾਸਾਂ ਸ਼ੁਰੂ ਹੋਣ ਤਾਂ ਪਹਿਲਾਂ ਫੀਸ ਮੁਆਫ਼ੀ ਲਈ ਅਰਜ਼ੀਆਂ ਦਿੰਦੇ ਸਾਂ। ਕਲਾਸ ਇੰਚਾਰਜ ਮਾਸਟਰ ਮੇਜ਼ ’ਤੇ ਡੰਡਾ ਮਾਰ ਕੇ ਪੁੱਛਦਾ, ‘‘ਜਿਹੜੇ ਗ਼ਰੀਬ ਐ ਉਹ ਖੜ੍ਹੇ ਹੋ ਜਾਉ।’’
ਅਸੀਂ ਸ਼ਰਮ ਦੇ ਮਾਰੇ ਮਸਾਂ ਖੜ੍ਹੇ ਹੁੰਦੇ। ਗ਼ਰੀਬ ਕਹਾਉਂਦਿਆਂ ਸਾਨੂੰ ਬਹੁਤ ਸ਼ਰਮ ਮਹਿਸੂਸ ਹੁੰਦੀ ਸੀ। ਅਸੀਂ ਮਸਾਂ ਹੀ ਖੜ੍ਹੇ ਹੁੰਦੇ। ਅਸੀਂ ਤਾਂ ਦੀਵਾਨ ਸਾਂ, ਗ਼ਰੀਬ ਥੋੜ੍ਹੇ ਸਾਂ।
‘‘ਲੱਤਾਂ ਟੁੱਟੀਆਂ ਹੋਈਆਂ, ਖੜ੍ਹਿਆ ਵੀ ਨ੍ਹੀਂ ਜਾਂਦਾ ਥੋਡੇ ਕੋਲੋਂ।’’ ਮਾਸਟਰ ਮੇਜ਼ ’ਤੇ ਡੰਡਾ ਮਾਰ ਕੇ ਮੁੜ ਚੀਕਦਾ। ਅਸੀਂ ਆਲੇ-ਦੁਆਲੇ ਬੈਠੇ ਮੁੰਡਿਆਂ ਵੱਲ ਦੇਖ ਕੇ ਸ਼ਰਮ ਨਾਲ ਭਿੱਜੇ ਹੋਏ ਖੜ੍ਹੋ ਜਾਂਦੇ। ਉਹ ਫਾਰਮ ਵੰਡ ਕੇ ਝੱਟ ਬਾਹਰ ਨਿਕਲ ਜਾਂਦਾ। ਫੀਸ ਮੁਆਫ਼ੀ ਦੇ ਫਾਰਮ ਦਿੰਦਿਆਂ ਵੀ ਉਹ ਇਉਂ ਵਿਹਾਰ ਕਰਦਾ ਜਿਵੇਂ ਫਾਰਮਾਂ ਦੀ ਥਾਂ ਸਾਨੂੰ ਭੀਖ ਦੇ ਰਿਹਾ ਹੋਵੇ।
‘‘ਇਹ ਫਾਰਮ ਭਰ ਕੇ ਜਮ੍ਹਾਂ ਕਰਵਾ ਦੇਉ। ਜਲਦੀ ਤੋਂ ਪਹਿਲਾਂ। ਸਮਝੇ?’’ ਉਹ ਤਾਨਾਸ਼ਾਹਾਂ ਵਾਂਗ ਆਖਦਾ।
ਫਾਰਮਾਂ ਵਿੱਚ ਟੱਬਰਾਂ ਦਾ ਵੇਰਵਾ ਦੇਣਾ ਹੁੰਦਾ ਸੀ। ਭੈਣ-ਭਰਾਵਾਂ ਦਾ ਜ਼ਿਕਰ ਕਰਨਾ ਹੁੰਦਾ ਸੀ। ਬਾਪ ਦੇ ਕੰਮ ਅਤੇ ਕਮਾਈ ਦੀ ਸਾਧਨ ਦੱਸਣੇ ਹੁੰਦੇ ਸਨ। ਸਮਝੋ ਫੀਸ ਮੁਆਫ਼ੀ ਵਾਲੇ ਮੁੰਡੇ ਦੀ ਪੂਰੀ ਕੁੰਡਲੀ ਬਿਆਨ ਕਰਨੀ ਹੁੰਦੀ ਸੀ।
ਪਹਿਲਾਂ ਅਸੀਂ ਸਿੱਧੀ ਅਰਜ਼ੀ ਲਿਖਦੇ ਸਾਂ, ਜਿਸ ਵਿੱਚ ਕੁਝ ਇਸ ਤਰ੍ਹਾਂ ਦੀ ਇਬਾਰਤ ਲਿਖਦੇ ਸੀ: ਮੇਰਾ ਬਾਪ ਇੱਕ ਗ਼ਰੀਬ ਆਦਮੀ ਹੈ। ਉਸ ਦੀ ਆਮਦਨੀ ਬਹੁਤ ਮਾਮੂਲੀ ਹੈ। ਅਸੀਂ ਟੱਬਰ ਦੇ ਨੌਂ ਜੀਅ ਹਾਂ। ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਅਸੀਂ ਸਕੂਲ ਦੀ ਫੀਸ ਨਹੀਂ ਦੇ ਸਕਦੇ। ਕਿਰਪਾ ਕਰਕੇ ਸਾਡੀ ਪੂਰੀ ਫੀਸ ਮੁਆਫ਼ ਕਰ ਦਿੱਤੀ ਜਾਵੇ ਆਦਿ-ਆਦਿ।
ਇਸ ਵਾਰ ਅਸੀਂ ਕੁਝ ਇਸ ਅੰਦਾਜ਼ ਵਿੱਚ ਆਪਣੀ ਅਰਜ਼ੀ ਲਿਖੀ:
ਸਾਡੇ ਪੜਦਾਦੇ ਦਾ ਪੜਦਾਦਾ ਰਾਜੇ ਦਾ ਖ਼ਜ਼ਾਨਾ ਵਜ਼ੀਰ ਹੁੰਦਾ ਸੀ, ਪਰ ਹੁਣ ਅਸੀਂ ਗ਼ਰੀਬ ਹੋ ਗਏ ਹਾਂ। ਬਾਪ ਦੀ ਆਮਦਨ ਥੋੜ੍ਹੀ ਹੈ। ਟੱਬਰ ਵੱਡਾ ਹੈ। ਅਸੀਂ ਫੀਸ ਨਹੀਂ ਦੇ ਸਕਦੇ। ਸਾਡੀ ਪੂਰੀ ਫੀਸ ਮੁਆਫ਼ ਕੀਤੀ ਜਾਵੇ।
ਆਪ ਜੀ ਦਾ ਆਗਿਆਕਾਰੀ,
ਦੀਵਾਨ ਮਿੱਠੂ ਮੱਲ।
ਮਾਸਟਰ ਅਰਜ਼ੀ ਪੜ੍ਹਦਿਆਂ ਹੀ ਲੋਹਾ-ਲਾਖਾ ਹੋ ਗਿਆ। ਕਹਿਣ ਲੱਗਾ:
‘‘ਕੀ ਨਾਂ ਸੀ ਓਏ ਤੇਰੇ ਪੜਦਾਦੇ ਦਾ?’’
‘‘ਪਤਾ ਨ੍ਹੀਂ ਜੀ।’’ ਅਸੀਂ ਹਕਲਾਉਂਦੇ ਹੋਏ ਆਖਿਆ।
‘‘ਪੜਦਾਦੇ ਦਾ ਨਾਂ ਤਕ ਤਾਂ ਥੋਨੂੰ ਪਤਾ ਨ੍ਹੀਂ। ਕਾਹਦਾ ਵਜ਼ੀਰ ਹੋਇਆ ਉਹ? ਝੂਠੇ ਕਿਸੇ ਥਾਂ ਦੇ।’’ ਉਹ ਗਰਜਿਆ।
ਸੁਣ ਕੇ ਅਸੀਂ ਤਾਂ ਜ਼ਮੀਨ ਵਿੱਚ ਹੀ ਗੱਡੇ ਗਏ ਸਾਂ। ਸੱਚਮੁੱਚ ਸਾਡਾ ਤਾਂ ਖੜ੍ਹਿਆਂ ਦਾ ਹੀ ਰੋਣ ਨਿਕਲ ਗਿਆ ਸੀ।
ਸਾਡੇ ਪੰਜਾਬੀ ਟੀਚਰ ਨੇ ਵੀ ਸਾਡੀ ਫੀਸ ਮੁਆਫ਼ੀ ਦੀ ਅਰਜ਼ੀ ਪੜ੍ਹ ਲਈ ਸੀ। ਉਹ ਗੁਰਮੁਖ ਬੰਦਾ ਸੀ। ਕਹਿਣ ਲੱਗਾ: ‘‘ਮੁੰਡੇ ਦੇ ਵਿਚਾਰ ਬਿਲਕੁਲ ਮੌਲਿਕ ਹਨ। ਇਹ ਵੱਡਾ ਹੋ ਕੇ ਲੇਖਕ ਬਣੇਗਾ। ਸ਼ਾਬਾਸ਼ ਬਈ ਮੁੰਡਿਆ।’’
ਪੰਜਾਬੀ ਟੀਚਰ ਦੀ ਸ਼ਾਬਾਸ਼ ਮਿਲਦਿਆਂ ਹੀ ਅਸੀਂ ਜਮਾਤ ਵਿੱਚ ਚੌੜੇ ਹੋ ਕੇ ਖਲੋ ਗਏ ਸਾਂ। ਜੇਤੂ ਮੁਸਕਾਨ ਜਮਾਤ ਦੇ ਮੁੰਡਿਆਂ ਵੱਲ ਸੁੱਟੀ ਸੀ। ਮਾਸਟਰ ਟੇਢੀ ਜਿਹੀ ਨਜ਼ਰ ਨਾਲ ਸਾਡੇ ਵੱਲ ਝਾਕਿਆ ਸੀ। ਉਸ ਦਾ ਚਿੱਟਾ ਡੇਲਾ ਛਿੱਲੇ ਹੋਏ ਆਂਡੇ ਜਿਹਾ ਲੱਗ ਰਿਹਾ ਸੀ। ਡੇਲਾ ਦੇਖਦਿਆਂ ਹੀ ਅਸੀਂ ਰੋਂਦੇ-ਰੋਂਦੇ ਹੱਸਣ ਲੱਗ ਪਏ ਸਾਂ। ਉਸ ਤੋਂ ਬਾਅਦ ਤਾਂ ਸਾਥੀ ਮੁੰਡਿਆਂ ’ਤੇ ਜਿਵੇਂ ਸਾਡਾ ਰੋਅਬ ਹੀ ਪੈ ਗਿਆ ਹੋਵੇ। ਸਾਰੇ ਮੈਨੂੰ ‘ਦੀਵਾਨ ਮਿੱਠੂ ਮੱਲ’ ਆਖ ਕੇ ਬੁਲਾਉਣ ਲੱਗ ਪਏ ਸਨ। ਦੀਵਾਨ ਸੁਣਦਿਆਂ ਹੀ ਸਾਡਾ ਮਨ ਮੀਂਹ ’ਚ ਧੋਤੇ ਬੂਟੇ ਜਿਹਾ ਹੋ ਜਾਂਦਾ।
ਸਾਡਾ ਘਰ ਦਲਿਤਾਂ ਦੀ ਬਸਤੀ ਲੰਘ ਕੇ ਆਉਂਦਾ ਸੀ। ਉਸ ਬਸਤੀ ਵਿੱਚ ਅਖੌਤੀ ਨੀਵੀਆਂ ਜਾਤਾਂ ਦੇ ਲੋਕ ਰਹਿੰਦੇ ਸਨ। ਮੇਰਾ ਬਾਪ ਉੱਥੋਂ ਲੰਘਦਾ ਤਾਂ ਕੋਈ ਨਾ ਕੋਈ ਲੋੜਵੰਦ ਟੱਕਰ ਹੀ ਪੈਂਦਾ।
‘‘ਲਾਲਾ ਜੀ, ਦਿਓ ਇੱਕ ਆਨਾ ਦੁਆਨੀ, ਚਾਹ ਦਾ ਕੱਪ ਪੀ ਲਈਏ।’’
‘‘ਸੇਠਾ ਦੇ ਇੱਕ ਚੁਆਨੀ ਆਟਾ ਲਿਆਈਏ।’’
ਸਾਡਾ ਬਾਪ ਆਪਣਾ ਹੱਥ ਤੰਗ ਹੋਣ ਦੇ ਬਾਵਜੂਦ ਉਨ੍ਹਾਂ ਦੇ ਹੱਥ ’ਤੇ ਆਨਾ ਦੁਆਨੀ ਧਰ ਹੀ ਦਿੰਦਾ।
‘‘ਜਿਉਂਦਾ ਵਸਦਾ ਰਹੁ ਸੇਠਾ। ਰੱਬ ਲਹਿਰਾਂ-ਬਹਿਰਾਂ ਕਰੇ। ਭਾਗ ਲਾਵੇ ਤੇਰੇ ਘਰ ਨੂੰ।’’ ਅਗਲਾ ਆਖਦਾ।
‘‘ਸੇਠਾ ਨ੍ਹੀਂ, ਦੀਵਾਨ ਜੀ ਕਹੋ, ਦੀਵਾਨ ਜੀ।’’ ਮੇਰਾ ਬਾਪ ਹੌਲੀ ਦੇਣੇ ਕਹਿ ਦਿੰਦਾ।
‘‘ਹਾਂ, ਹਾਂ, ਦੀਵਾਨ ਜੀ, ਰੱਬ ਤੈਨੂੰ ਚੜ੍ਹਦੀ ਕਲਾ ’ਚ ਰੱਖੇ। ਤੇਰਾ ਬੰਸ ਵਧੇ। ਤੇਰਾ ਟੱਬਰ ਧਰ ਧਰ ਭੁੱਲੇ। ਵਾਹ ਦੀਵਾਨ ਵਾਹ।’’
ਹੌਲੀ-ਹੌਲੀ ਸਾਰੀ ਬਸਤੀ ਹੀ ਆਨੇ-ਦੁਆਨੀ ਚੁਆਨੀ ਦੀ ਝਾਕ ’ਚ ਮੇਰੇ ਬਾਪ ਨੂੰ ਦੀਵਾਨ ਜੀ ਕਹਿ ਕੇ ਬੁਲਾਉਣ ਲੱਗ ਪਈ ਸੀ। ਬਸਤੀ ਥਾਣੀਂ ਲੰਘ ਕੇ ਮੇਰਾ ਬਾਪ ਘਰ ਆਉਂਦਾ ਤਾਂ ਉਸ ਦੇ ਚਿਹਰੇ ’ਤੇ ਨੂਰ ਹੁੰਦਾ ਸੀ।
ਸਾਡੇ ਘਰ ਗੰਗਾ ਰਾਮ ਮਿਹਤਰ ਪਖਾਨਾ ਸਾਫ਼ ਕਰਨ ਆਉਂਦਾ ਜਿਸ ਨੂੰ ਅਸੀਂ ਕਮਾਉਣ ਆਇਆ ਆਖਿਆ ਕਰਦੇ ਸਾਂ।
ਸਾਡਾ ਬਾਪ ਸਾਡੀ ਮਾਂ ਤੋਂ ਚੋਰੀਉਂ ਉਸ ਦੇ ਹੱਥ ’ਤੇ ਵੀ ਟਕਾ ਪੈਸਾ ਧਰ ਦਿੰਦਾ ਸੀ। ਉਹ ਇੰਨੇ ਨਾਲ ਹੀ ਬਾਗੋ-ਬਾਗ ਹੋ ਜਾਂਦਾ ਤੇ ਅਸੀਸਾਂ ਦੀ ਝੜੀ ਲਾ ਦਿੰਦਾ।
‘‘ਦੀਵਾਨ ਦੀਆਂ ਵੇਲਾਂ ਵਧਦੀਆਂ ਰਹਿਣ। ਦੀਵਾਨ ਦੇ ਮਹਿਲ-ਮੁਨਾਰੇ ਉੱਚੇ ਹੋਣ। ਦੀਵਾਨ ਦਾ ਕੁਨਬਾ ਵਧੇ।’’
ਸਾਡੀ ਮਾਂ ਨੂੰ ਪਤਾ ਲੱਗਦਾ ਤਾਂ ਉਹ ਮੂੰਹ ਜਿਹਾ ਮਰੋੜ ਕੇ ਵਿਅੰਗ ਕਰਦੀ। ਮਾਂ ਦੇ ਵਿਅੰਗ ਨੂੰ ਸਾਡਾ ਬਾਪ ਅਣਸੁਣਿਆ ਕਰ ਦਿੰਦਾ।
ਇੱਕ ਦਿਨ ਮੈਂ ਆਪਣੇ ਬਾਪ ਨੂੰ ਪੁੱਛਿਆ ਸੀ: ‘‘ਬਾਪੂ, ਲੋਕ ਆਪਣੇ ਦੀਵਾਨ ਆਖੇ ਜਾਣ ’ਤੇ ਇੰਨਾ ਸੜਦੇ ਕਿਉਂ ਨੇ?’’ ਤਾਂ ਮੇਰੇ ਬਾਪ ਨੇ ਬਹੁਤ ਸੋਹਣਾ ਜਵਾਬ ਦਿੱਤਾ ਸੀ, ‘‘ਪੁੱਤ, ਜਦੋਂ ਛੋਟਾ ਬੰਦਾ ਵੱਡਾ ਬਣ ਜਾਵੇ ਨਾ ਤਾਂ ਲੋਕ ਈਰਖਾ, ਦਵੈਤ, ਨਫ਼ਰਤ ਕਰਦੇ ਹੀ ਹੁੰਦੇ ਨੇ। ਸੜਨ ਵੀ ਲੱਗਦੇ ਨੇ। ਲੋਕ ਹੋਰਾਂ ਨੂੰ, ਹਮੇਸ਼ਾਂ ਆਪਣੇ ਨਾਲੋਂ ਛੋਟਾ ਹੀ ਦੇਖਣਾ ਚਾਹੁੰਦੇ ਨੇ। ਇਹ ਜੱਗ ਦੀ ਰੀਤ ਈ ਐ, ਪਰ ਹਾਥੀ ਨੂੰ ਆਪਣੀ ਮਸਤ ਚਾਲੇ ਚੱਲਦਾ ਈ ਰਹਿਣਾ ਚਾਹੀਦਾ। ਕੁੱਤੇ ਤਾਂ ਭੌਂਕਦੇ ਈ ਰਹਿੰਦੇ ਐ।’’ ਤੇ ਮੇਰਾ ਬਾਪ ਕਿੰਨੀ ਦੇਰ ਮੇਰੀ ਪਿੱਠ ’ਤੇ ਪਿਆਰ ਨਾਲ ਹੱਥ ਫੇਰਦਾ ਰਿਹਾ ਸੀ।
ਭਲੇ ਵੇਲਿਆਂ ’ਚ ਮੇਰਾ ਬਾਪ ਦੁਸਹਿਰੇ ਵਾਲੇ ਦਿਨ ਹਰ ਵਰ੍ਹੇ ਮੈਨੂੰ ਚਮੜੇ ਦੇ ਨਵੇਂ ਬੂਟ ਲੈ ਕੇ ਦਿੰਦਾ ਹੁੰਦਾ ਸੀ। ਉਦੋਂ ਫਲੈਕਸ ਕੰਪਨੀ ਦੇ ਬੂਟ ਵਧੀਆ ਤੇ ਮਸ਼ਹੂਰ ਹੁੰਦੇ ਸਨ। ਮਾੜੇ ਦਿਨ ਆ ਜਾਣ ’ਤੇ ਅਸੀਂ ਕੱਪੜੇ ਦੇ ਬੂਟ ਜਾਂ ਰਬੜ ਦੀਆਂ ਚੱਪਲਾਂ ਪਹਿਨਣ ਲੱਗੇ ਸਾਂ। ਦੁਸਹਿਰੇ ਦੇ ਉਹ ਦਿਨ ਮੈਨੂੰ ਬਹੁਤ ਯਾਦ ਆਉਂਦੇ ਸਨ। ਨਵੇਂ ਬੂਟ ਪਹਿਨਣ ਲੱਗਿਆਂ ਅੱਡੀਆਂ ’ਤੇ ਖ਼ੂਬ ਲੱਗਦੇ ਸਨ ਤੇ ਅੱਡੀਆਂ ’ਤੇ ਛਾਲੇ ਵੀ ਹੋ ਜਾਂਦੇ ਸਨ। ਦਰਦ ਤੋਂ ਬਚਣ ਲਈ ਮੈਂ ਅੱਡੀਆਂ ’ਤੇ ਰੂੰ ਜਾਂ ਕੱਪੜੇ ਦਾ ਰੁੱਗ ਬਣਾ ਕੇ ਰੱਖ ਲੈਂਦਾ, ਪਰ ਬੂਟ ਫਿਰ ਵੀ ਲੱਗੀ ਜਾਂਦੇ। ਤੁਰਨਾ ਮੁਹਾਲ ਹੋ ਜਾਂਦਾ। ਨਵੇਂ ਬੂਟ ਪਹਿਨ ਕੇ ਮੈਂ ਇਉਂ ਤੁਰਦਾ ਜਿਵੇਂ ਲੰਗੜਾ ਕਾਂ ਇੱਕ ਥਾਪੀ ਤੋਂ ਦੂਸਰੀ ’ਤੇ ਗੋਹੇ ਵਿਚਲੇ ਦਾਣੇ ਚੁਗਣ ਲਈ ਫੁਦਕਦਾ ਫਿਰਦਾ ਹੋਵੇ।
ਐਤਕੀਂ ਦੁਸਹਿਰੇ ਨੂੰ ਮੇਰੇ ਬਾਪ ਦੇ ਮਨ ’ਚ ਪਤਾ ਨਹੀਂ ਕਿਵੇਂ ਆਈ ਕਿ ਮੈਨੂੰ ਕਹਿਣ ਲੱਗਾ, ‘‘ਮਿੱਠੂ ਚੱਲ ਨਵੇਂ ਬੂਟ ਲੈ ਕੇ ਆਈਏ।’’
ਮੈਂ ਸੁਣ ਕੇ ਹੈਰਾਨ-ਪ੍ਰੇਸ਼ਾਨ ਹੋ ਗਿਆ, ਪਰ ਨਵੇਂ ਬੂਟਾਂ ਦੇ ਚਾਅ ਨੇ ਮੇਰੀ ਹੈਰਾਨੀ ਤੇ ਪ੍ਰੇਸ਼ਾਨੀ ਪਲ ਦੀ ਪਲ ਦੱਬ ਲਈ ਸੀ। ਅਸੀਂ ਬੂਟ ਮੇਰੇ ਬਾਪ ਦੇ ਪੁਰਾਣੇ ਮਿੱਤਰ ਰਾਮ ਪ੍ਰਤਾਪ ਤੋਂ ਖ਼ਰੀਦਿਆ ਕਰਦੇ ਸਾਂ।
‘‘ਬੂਟ ਦੇ ਬਈ ਮੁੰਡੇ ਨੂੰ।’’ ਮੇਰੇ ਬਾਪ ਨੇ ਆਖਿਆ।
‘‘ਦੇਖ ਬਈ ਦੀਵਾਨ, ਯਾਰੀ ਨਾਲ ਯਾਰੀ ਰਹੀ। ਵਪਾਰ ਵਪਾਰ ਨਾਲ ਐ। ਪੈਸੇ ਨਗਦ ਲੱਗਣਗੇ। ਮੈਂ ਉਧਾਰ ਨਹੀਂ ਕਰਨਾ।’’ ਰਾਮ ਪ੍ਰਤਾਪ ਨੇ ਕੋਰਿਆਂ ਵਾਂਗ ਆਖਿਆ।
‘‘ਓ ਭਾਈ ਦਿਨ ਤਾਂ ਉਤੇ-ਥੱਲੇ ਹੁੰਦੇ ਈ ਰਹਿੰਦੇ ਆ। ਜੁਆਕਾਂ ਦੇ ਚਾਅ ਤਾਂ ਨ੍ਹੀਂ ਮਾਰਨੇ। ਤੂੰ ਬੂਟ ਤਾਂ ਦਿਖਾ। ਪੈਸੇ ਵੀ ਦੇ ਦਿਆਂਗੇ।’’
‘‘ਠੀਕ ਐ। ਊਂ ਤਾਂ ਦੁਕਾਨ ਈ ਥੋਡੀ ਆ।’’ ਸ਼ਾਇਦ ਉਸ ਨੂੰ ਬਾਪੂ ਦੇ ਹੌਸਲੇ ਤੋਂ ਪੈਸੇ ਨਕਦ ਮਿਲਣ ਦੀ ਆਸ ਹੋ ਗਈ ਸੀ।
ਰਾਮ ਪ੍ਰਤਾਪ ਡੱਬਿਆਂ ’ਚੋਂ ਬੂਟ ਕੱਢ ਦਿਖਾਉਣ ਲੱਗਾ। ਮੈਂ ਪੈਰਾਂ ’ਚ ਪਹਿਨ-ਪਹਿਨ ਦੇਖਣ ਲੱਗਾ। ਇੱਕ ਜੋੜਾ ਮੈਨੂੰ ਵਧੀਆ ਲੱਗਾ, ਮੇਰੇ ਮੇਚ ਵੀ ਸੀ। ਪਹਿਨ ਕੇ ਮੈਂ ਆਪਣੇ ਬਾਪ ਵੱਲ ਬੜੀ ਹੀ ਮਾਸੂਮੀਅਤ ਨਾਲ ਦੇਖਿਆ। ਮੇਰੇ ਬਾਪ ਨੇ ਅੱਖ ਮਾਰ ਕੇ ਮੈਨੂੰ ਤਿੱਤਰ ਹੋ ਜਾਣ ਦਾ ਇਸ਼ਾਰਾ ਕੀਤਾ। ਮੈਂ ਬੂਟ ਪਹਿਨ ਕੇ ਦੁਕਾਨ ਦੇ ਬੂਹੇ ਤਕ ਗਿਆ ਤੇ ਛਲਾਂਗ ਮਾਰ ਕੇ ਥੜ੍ਹਾ ਉੱਤਰ ਗਿਆ।
‘‘ਇਹ ਕੀ… ਇਹ ਕੀ… ਕੀ ਕਰਦੈਂ ਯਾਰ?’’ ਆਖ ਰਾਮ ਪ੍ਰਤਾਪ ਮੇਰੇ ਮਗਰ ਨੱਸਿਆ। ਬੂਟ ਨਵੇਂ ਹੋਣ ਕਾਰਨ ਮੈਥੋਂ ਭੱਜਿਆ ਨਾ ਗਿਆ। ਉਸ ਝੱਟ ਮੈਨੂੰ ਗਰਦਨੋਂ ਫੜ ਲਿਆ। ਫੜ ਕੇ ਮੇਰੇ ਬਾਪ ਕੋਲ ਲੈ ਆਇਆ। ਸਭ ਤੋਂ ਪਹਿਲਾਂ ਕੰਮ ਉਸ ਨੇ ਮੇਰੇ ਪੈਰੋਂ ਬੂਟ ਲੁਹਾਉਣ ਦਾ ਕੀਤਾ।
‘‘ਇਹ ਤਾਂ ਨਿਰਾ ਧੋਖਾ ਐ ਬਈ ਦੀਵਾਨ। ਮੈਂ ਤਾਂ ਤੈਨੂੰ ਸ਼ਰੀਫ ਆਦਮੀ ਸਮਝਦਾ ਸੀ। ਇਹ ਤਾਂ ਹੱਥ ’ਤੇ ਹੱਥ ਮਾਰਨ ਵਾਲੀ ਗੱਲ ਹੋਈ। ਮੈਂ ਤੈਨੂੰ ਪਹਿਲਾਂ ਕਿਹਾ ਸੀ ਬਈ ਪੈਸੇ ਨਗਦ ਲੱਗਣਗੇ। ਮੈਂ ਵੀ ਜੁਆਕ ਪਾਲਣੇ ਨੇ ਯਾਰ।’’ ਰਾਮ ਪ੍ਰਤਾਪ ਗੁੱਸੇ ਨਾਲ ਉੱਬਲ ਰਿਹਾ ਸੀ।
‘‘ਕੋਈ ਨਾ ਯਾਰ। ਟੈਮ ਤਾਂ ਉੱਤੇ ਥੱਲੇ ਹੁੰਦਾ ਈ ਰਹਿੰਦੈ। ਪੈਸਾ ਤਾਂ ਹੱਥ ਦੀ ਮੈਲ ਹੁੰਦਾ। ਅਸੀਂ ਵੀ ਖਾਨਦਾਨੀ ਰਈਸ ਆਂ। ਸਮੇਂ ਦਾ ਖੂਹ ਗਿੜਦਾ ਕੀਹਨੇ ਦੇਖਿਐ।’’ ਮੇਰਾ ਬਾਪ ਚਿੱਪ-ਚਿੱਪ ਕਰਨ ਲੱਗ ਪਿਆ ਸੀ।
‘‘ਥੋਡੇ ਪੜਦਾਦੇ ਦਾ ਪੜਦਾਦਾ ਮਲੌਦ ਦੇ ਰਾਜੇ ਦਾ ਖ਼ਜ਼ਾਨਾ ਵਜ਼ੀਰ ਸੀ। ਪਰ ਹੁਣ? ਅੱਜ ’ਚ ਜਿਉਣਾ ਸਿੱਖ ਦੀਵਾਨ, ਸੌਖਾ ਰਹੇਂਗਾ।’’ ਮੇਰੇ ਵਿੱਚ ਕੱਟੋ ਤਾਂ ਖ਼ੂਨ ਨਹੀਂ ਸੀ।
‘‘ਚੱਲ ਪੁੱਤ ਮਿੱਠੂ… ਕੋਈ ਨਾ, ਫੇਰ ਕਿਤੇ ਸਹੀ। ਆਪਣਾ ਟੈਮ ਵੀ ਆਉਣ ਵਾਲਾ ਈ ਐ।’’ ਆਖ ਮੇਰਾ ਬਾਪ ਮੇਰੀ ਉਂਗਲ ਫੜ ਰਾਮ ਪ੍ਰਤਾਪ ਦੀ ਹੱਟੀਓਂ ਬਾਹਰ ਆ ਗਿਆ ਸੀ।
ਉਸੇ ਦਿਨ ਮੇਰੇ ਬਾਪ ਨੇ ਆਪਣੀ ਨਮੋਸ਼ੀ ਧੋਣ ਲਈ ਮੈਨੂੰ ਮੁੱਛਲ ਹਲਵਾਈ ਤੋਂ ਆਨੇ ਦੀਆਂ ਜਲੇਬੀਆਂ ਲੈ ਕੇ ਦਿੱਤੀਆਂ ਸਨ। ਪੈਰਾਂ ’ਚ ਪਾਏ ਬੂਟਾਂ ਦੇ ਲੱਥ ਜਾਣ ਨਾਲ ਮੈਨੂੰ ਬਹੁਤ ਗਲਾਜਤ ਮਹਿਸੂਸ ਹੋਈ ਸੀ। ਜਲੇਬੀਆਂ ਮੇਰੇ ਸੰਘ ਹੇਠੋਂ ਨਹੀਂ ਸਨ ਲੱਥ ਰਹੀਆਂ।
ਮੇਰਾ ਬਾਪ ਬਥੇਰੇ ਕੰਮ ਕਰਨ ਦੀ ਕੋਸ਼ਿਸ਼ ਕਰਦਾ, ਪਰ ਕਿਸੇ ਕੰਮ ਨੂੰ ਵੀ ਹੱਥ ਨਹੀਂ ਸੀ ਪੈ ਰਿਹਾ।
‘‘ਟੈਮ ਈ ਖਰਾਬ ਚੱਲ ਰਿਹੈ। ਕਿਸੇ ਦੇ ਕੀ ਵੱਸ ਐ?’’ ਮੇਰਾ ਬਾਪ, ਤਿਲਮਿਲਾ ਕੇ ਬੁੜਬੜਾਉਂਦਾ।
ਛੇ ਮਹੀਨੇ ਤੋਂ ਮਕਾਨ ਦਾ ਕਿਰਾਇਆ ਵੀ ਨਹੀਂ ਸੀ ਦਿੱਤਾ ਗਿਆ। ਮਾਲਕ ਮਕਾਨ ਹਰ ਰੋਜ਼ ਆ ਕੇ ਕਿਰਾਇਆ ਦੇ ਦੇਣ ਦੀ ਤਾਕੀਦ ਕਰਦਾ। ਹੌਲੀ-ਹੌਲੀ ਉਹ ਧਮਕੀਆਂ ’ਤੇ ਉੱਤਰ ਆਇਆ ਸੀ। ਇੱਕ ਦਿਨ ਤਾਂ ਉਸ ਨੇ ਹੱਦ ਹੀ ਕਰ ਦਿੱਤੀ। ਦੋ-ਚਾਰ ਗੁੰਡੇ ਲਿਆ ਕੇ ਸਾਡਾ ਸਾਮਾਨ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ ਸੀ।
‘‘ਉਏ ਕੀ ਕਰਦੇ ਓ? ਕੀ ਕਰਦੇ ਓ ਉਏ?’’ ਬਾਪੂ ਵਾਰ-ਵਾਰ ਆਖੀ ਜਾ ਰਿਹਾ ਸੀ। ਮਾਂ ਨੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ ਸੀ। ਅਸੀਂ ਜੁਆਕ ਵੀ ਚੀਕ-ਚਿਹਾੜਾ ਪਾਉਣ ਲੱਗ ਪਏ ਸਾਂ। ਸਾਮਾਨ ਹੈ ਵੀ ਕਿੰਨਾ ਕੁ ਸੀ? ਸਾਡਾ ਸਾਮਾਨ ਬਾਹਰ ਸੁੱਟ ਕੇ ਘਰ ਨੂੰ ਤਾਲਾ ਲਗਾ ਕੇ ਉਹ ਰਫੂਚੱਕਰ ਹੋ ਗਏ ਸਨ। ਮੇਰਾ ਬਾਪੂ ਬਥੇਰਾ ਰੌਲਾ ਪਾਉਂਦਾ ਰਿਹਾ। ਆਪਣੇ ਦੀਵਾਨ ਹੋਣ ਦੀ ਦੁਹਾਈ ਦਿੰਦਾ ਰਿਹਾ, ਪਰ ਕਿਸੇ ਨੇ ਇੱਕ ਨਹੀਂ ਸੁਣੀ।
‘‘ਦੀਵਾਨ ਬਣਿਆ ਫਿਰਦਾ ਵੱਡਾ। ਪੱਲੇ ਨ੍ਹੀਂ ਧੇਲਾ ਕਰਦੀ ਐ ਮੇਲਾ-ਮੇਲਾ। ਭਲੇ ਮਾਣਸਾਂ ਵਾਂਗ ਸੁਣਦਾ ਈ ਨ੍ਹੀਂ ਸੀ।’’ ਮਾਲਕ ਮਕਾਨ ਬੋਲਿਆ ਸੀ। ਆਂਢੀਆਂ-ਗੁਆਂਢੀਆਂ ਨੇ ਵੀ ਬਥੇਰਾ ਜ਼ੋਰ ਲਾਇਆ ਸੀ, ਪਰ ਉਸ ਤਾਂ ਇੱਕੋ ਨੰਨ੍ਹਾ ਫੜਿਆ ਹੋਇਆ ਸੀ: ‘‘ਮੈਂ ਤਾਂ ਕਿਰਾਇਆ ਲੈਣਾ। ਤੁਸੀਂ ਦੇ ਦਿਓ।’’ ਕਿਰਾਇਆ ਆਪ ਦੇਣ ਦੀ ਸੁਣ ਕੇ ਉਹ ਵੀ ਪੈਰ ਮਲਣ ਲੱਗ ਪਏ ਸਨ।
‘‘ਕੋਈ ਵੇਲਾ ਸੀ ਜਦੋਂ ਸਾਰੇ ਮਲੌਦ ਨੂੰ ਪੈਸਾ ਵੰਡੀਦਾ ਸੀ। ਰਾਜਾ ਵੀ ਬਜ਼ੁਰਗ ਤੋਂ ਪੈਸਾ ਮੰਗ ਕੇ ਖ਼ਰਚਦਾ ਸੀ। ਪੁਰਾਣੇ ਦੀਵਾਨ ਆਂ ਅਸੀਂ। ਇਹ ਸਮਝਦੇ ਕੀ ਐ। ਕੋਈ ਨ੍ਹੀਂ ਉੱਤੇ ਆ ਲੈਣ ਦੇ, ਫੇਰ ਦਿਖਾੳਨੂੰ ਇਨ੍ਹਾਂ ਸਾਰਿਆਂ ਨੂੰ ਭੰਬੂਤਾਰੇ।’’
‘‘ਹੁਣ ਦੀਵਾਨ ਦੀਵਾਨ ਦਾ ਈ ਪਾਠ ਪੜ੍ਹੀ ਜਾਵੇਂਗਾ ਮਿੱਠੂ ਦੇ ਬਾਪੂ ਕਿ ਜੁਆਕਾਂ ਦੇ ਸਿਰ ਢਕਣ ਦਾ ਵੀ ਕੋਈ ਵਸੀਲਾ ਲੱਭੇਂਗਾ। ਭੁੱਖ ਨਾਲ ਨਿਆਣੇ ਬਿਲੂੰ ਬਿਲੂੰ ਕਰੀ ਜਾਂਦੇ ਆ। ਤੂੰ ਹਾਲੇ ਵੀ ਦੀਵਾਨ ਦਾ ਮੁਕਟ ਸਜਾਈ ਬੈਠਾ ਹੈਂ।’’ ਮਾਂ ਨੇ ਰੋਂਦਿਆਂ-ਰੋਂਦਿਆਂ ਆਖਿਆ ਸੀ, ‘‘ਜੁਆਕਾਂ ਨੂੰ ਤੇਰੇ ਦੀਵਾਨ ਦੀ ਨ੍ਹੀਂ, ਰੋਟੀ, ਕੱਪੜੇ ਅਤੇ ਸਿਰ ’ਤੇ ਛੱਤ ਦੀ ਲੋੜ ਐ। ਸਮਝਿਆ?’’ ਮਾਂ ਰੋਂਦੂ ਜਿਹੀ ਸੁਰ ’ਚ ਫੇਰ ਬੋਲੀ ਸੀ।
‘‘ਮਿੱਠੂ ਦੀ ਮਾਂ, ਵੱਡੇਪਣ ਦੀ ਪਾਲਕੀ ਨਾ ਬਣਾਉਣੀ ਸੌਖੀ ਐ ਤੇ ਨਾ ਹੀ ਢੋਣੀ। ਵੱਡੇਪਣ ਦਾ ਭਾਰ ਚੁੱਕਣਾ ਬਹੁਤ ਔਖੈ। ਵੱਡੇ ਹੋਣ ਲਈ ਜਿਗਰਾ ਵੀ ਵੱਡਾ ਹੋਣਾ ਚਾਹੀਦੈ। ਹੈਗਾ ਮੇਰੇ ਕੋਲ ਜਿਗਰਾ… ਤੂੰ ਦੇਖੀਂ ਸਹੀ, ਮੇਰਾ ਹੱਥ ਪੈ ਲੈਣ ਦੇ ਕੇਰਾਂ ਸਿੰਗਾਂ ਨੂੰ…।’’ ਆਖ ਮੇਰਾ ਬਾਪ, ਖਿਲਰਿਆ ਪਿਆ ਸਾਮਾਨ ਸਮੇਟਣ ਲੱਗ ਪਿਆ ਸੀ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ