Dehra Gopipur (Punjabi Essay) : Mohinder Singh Randhawa
ਡੇਹਰਾ ਗੋਪੀਪੁਰ (ਲੇਖ) : ਮਹਿੰਦਰ ਸਿੰਘ ਰੰਧਾਵਾ
ਡੇਹਰਾ ਗੋਪੀਪੁਰ ਇਲਾਕੇ ਦੀ ਤਹਿਸੀਲ ਹੈ। ਇਥੋਂ ਦਾ ਬਾਜ਼ਾਰ ਬੇਤਰਤੀਬਾ ਜਿਹਾ ਖਿੰਡਰਿਆ ਪੁੰਡਰਿਆ ਹੈ। ਵੱਡੀਆਂ ਇਮਾਰਤਾਂ, ਤਹਿਸੀਲ, ਥਾਣਾ ਤੇ ਸਕੂਲ ਹਨ। ਦਰਿਆ ਦੇ ਢਾਹੇ ਉਤੇ ਡਾਕ ਬੰਗਲਾ ਬਣਿਆ ਹੈ। ਜਦੋਂ ਅਸੀਂ ਬੰਗਲੇ ਵਿਚ ਪਹੁੰਚੇ ਤਾਂ ਵੇਖਿਆ ਕਿ ਇਕ ਪੰਜਾਬ ਸਰਕਾਰ ਦਾ ਐਗਜ਼ੈਕਟਿਵ ਇੰਜੀਨੀਅਰ ਬੰਗਲਾ ਮੱਲ ਕੇ ਬੈਠਾ ਹੈ। ਜਦੋਂ ਉਸ ਨੇ ਬੰਗਲਾ ਖ਼ਾਲੀ ਕਰਨ ਦੀ ਕੋਈ ਨੀਅਤ ਜ਼ਾਹਰ ਨਾ ਕੀਤੀ ਤਾਂ ਮੈਂ ਉਸ ਦੇ ਵੱਲ ਗਿਆ ਤੇ ਉਸ ਦੇ ਚੀਫ਼ ਇੰਜੀਨੀਅਰ ਦੀਆਂ ਚਿੱਠੀਆਂ ਵਿਖਾਈਆਂ। ਉਹ ਇਸ ਇਸ਼ਾਰੇ ਨੂੰ ਵੀ ਨਾ ਸਮਝ ਸਕਿਆ। ਅਸੀਂ ਹੁਣ ਸਮਝਿਆ ਕਿ ਅਫ਼ਸਰੀ ਸ਼ਾਨ ਇਸੇ ਦਾ ਨਾਂ ਹੈ, ਆਪਣੇ ਆਪ ਨੂੰ ਫੰਨੇ ਖਾਂ ਸਮਝਣਾ ਤੇ ਦੂਜਿਆਂ ਨੂੰ ਇੰਜ ਜਿਵੇਂ ਕੋਈ ਚੀਜ਼ ਹੀ ਨਾ ਹੋਣ। ਇਹ ਅਫ਼ਸਰੀ ਸ਼ਾਨ ਦਾ ਲਿਸ਼ਕਾਰਾ ਵੇਖ ਕੇ ਸਾਡੀਆਂ ਅੱਖਾਂ ਚੁੰਧਿਆ ਗਈਆਂ। ਏਨੇ ਚਿਰ ਨੂੰ ਇਕ ਨਾਇਬ ਤਹਿਸੀਲਦਾਰ, ਜਿਹੜਾ ਮੈਨੂੰ ਜਾਣਦਾ ਸੀ ਓਥੇ ਆ ਗਿਆ। ਮੈਂ ਉਸ ਨੂੰ ਦਸਿਆ ਕਿ ਉਹ ਇੰਜੀਨੀਅਰ ਨੂੰ ਸਮਝਾਵੇ ਕਿ ਇੰਗਲੈਂਡ ਦੇ ਪ੍ਰਸਿੱਧ ਲਿਖਾਰੀ ਡਬਲਯੂ. ਜੀ. ਆਰਚਰ ਜੋ ਪੰਜਾਬ ਸਰਕਾਰ ਦੇ ਮਹਿਮਾਨ ਹਨ, ਤੇ ਭਾਰਤ ਦੇ ਪ੍ਰਸਿੱਧ ਨਾਵਲਕਾਰ ਡਾ: ਮੁਲਕਰਾਜ ਆਨੰਦ ਮੇਰੇ ਨਾਲ ਹਨ ਤੇ ਉਸ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਦਾ ਸਤਿਕਾਰ ਕਰੇ। ਏਨਾ ਕੁਝ ਕਰਨ 'ਤੇ ਇੰਜੀਨੀਅਰ ਨੇ ਬੜੀ ਮੁਸ਼ਕਲ ਨਾਲ ਬੰਗਲਾ ਖ਼ਾਲੀ ਕੀਤਾ। ਇਸ ਅਫ਼ਸਰ ਦੀ ਖ਼ੁਦਗਰਜ਼ੀ ਸਾਫ਼ ਜਾਹਰ ਕਰਦੀ ਹੈ ਕਿ ਇਹ ਲੋਕ ਆਮ ਜਨਤਾ ਦਾ ਕੀ ਸੁਆਰਨਗੇ ਜਿਹੜੇ ਸਾਡੇ ਨਾਲ ਹੀ ਅਜਿਹਾ ਸਲੂਕ ਕਰਦੇ ਹਨ। ਵਹੁਟੀਆਂ ਨੂੰ ਸਜਾ ਕੇ ਡਾਕ ਬੰਗਲਿਆਂ ਵਿਚ ਐਸ਼ਾਂ ਕਰਦੇ ਫਿਰਦੇ ਹਨ।ਨਾ ਆਲੇ ਦੁਆਲੇ ਵਿਚ ਦਿਲਚਸਪੀ ਤੇ ਨਾ ਲੋਕਾਂ ਨਾਲ ਪਿਆਰ। ਇਹੋ ਜਿਹੀ ਅਫ਼ਸਰ ਸ਼੍ਰੇਣੀ ਹੀ ਪਰਜਾ ਤੇ ਸਰਕਾਰ ਵਿਚ ਘਿਰਣਾ ਦਾ ਕਾਰਨ ਬਣਦੀ ਹੈ।
ਸਾਮਾਨ ਟਿਕਾ ਕੇ, ਤੇ ਆਪਣੇ ਸਾਥੀਆਂ ਨੂੰ ਕਮਰਿਆਂ ਵਿਚ ਆਰਾਮ ਕਰਦੇ ਛੱਡ ਕੇ ਮੈਂ ਬਾਹਰ ਆ ਗਿਆ। ਕੀ ਵੇਖਦਾ ਹਾਂ ਕਿ ਸੜਕ ਉਤੇ ਧੂੜ ਵਿਖਾਈ ਦੇਂਦੀ ਹੈ।ਏਨੇ ਚਿਰ ਨੂੰ ਇਕ ਸਟੇਸ਼ਨ ਵੈਗਨ ਆ ਪੁੱਜੀ, ਤੇ ਵਿਚੋਂ ਇਕ ਪੰਜਾਬ ਦਾ ਵੱਡਾ ਅਫ਼ਸਰ ਨਿਕਲਿਆ, ਜੋ ਮੇਰਾ ਜਾਣੂ ਹੀ ਸੀ। ਇਹ ਅਫ਼ਸਰ ਲੰਮਾ ਬਹੁਤ ਸੀ, ਪਰ ਚੌੜਾ ਥੋੜਾ। ਤਬੀਅਤ ਏਨੀ ਖੁਸ਼ਕ, ਕਿ ਵੇਖਦਿਆਂ ਸਾਰ ਹੀ ਭੁਖ ਮਾਰੀ ਜਾਂਦੀ।ਮੇਰੀ ਰੂਹ ਦੀ ਕਵਿਤਾ ਤਾਂ ਇਹਨੂੰ ਵੇਖਦਿਆਂ ਸਾਰ ਹੀ ਉਡ ਗਈ। ਪਤਾ ਲਗਾ ਕਿ ਆਪ ਸਿਰਫ਼ ਚਾਹ ਪੀਣ ਖ਼ਾਤਰ ਹੀ ਅੱਧਾ ਘੰਟਾ ਠਹਿਰਣਗੇ ਤੇ ਰਾਤ ਦਾ ਮੁਕਾਮ ਦਰਿਆ ਦੇ ਪਾਰ ਭਰਵਾਈਂ ਦੇ ਬੰਗਲੇ ਵਿਚ ਕਰਨਗੇ। ਅਸੀਂ ਦੋਵੇਂ ਬਰਾਂਡੇ ਵਿਚ ਕੁਰਸੀਆਂ 'ਤੇ ਬੈਠ ਗਏ ਓਸ ਮੈਥੋਂ ਪੁਛਿਆ, “ਤੁਸੀਂ ਏਥੇ ਕੀ ਕਰਨ ਆਏ ਹੋ?"
“ਛੁੱਟੀ ਲੈ ਕੇ ਕਾਂਗੜਾ ਚਿੱਤਰਾਂ ਦੀ ਖੋਜ ਵਿਚ ਆਇਆ ਹਾਂ। ਹੁਣੇ ਹੁਣੇ ਨਦੌਣ ਤੋਂ ਆਏ ਹਾਂ ਜਿਥੇ ਰਾਜਾ ਨਦੌਣ ਤੇ ਮੀਆਂ ਦੇਵੀ ਚੰਦ ਦੇ ਚਿੱਤਰ ਸੰਗ੍ਰਹਿ ਵੇਖੇ।”
“ਇਹ ਕਾਂਗੜਾ ਚਿੱਤਰ ਕੀ ਹਨ, ਜਿਨ੍ਹਾਂ ਦੀ ਖੋਜ ਵਿਚ ਤੁਸਾਂ ਏਨੀ ਤਕਲੀਫ਼ ਕੀਤੀ ਹੈ ? ਮੈਂ ਤੁਹਾਡੀ ਥਾਂ ਹੁੰਦਾ ਤਾਂ ਛੁਟੀ ਬੰਬਈ ਵਰਗੇ ਸ਼ਹਿਰ ਵਿਚ ਕਟਦਾ ਜਿਥੇ ਬੜੇ ਬੜੇ ਹੋਟਲ, ਥੀਏਟਰ, ਤੇ ਸਿਨੇਮਾ ਘਰ ਹਨ।ਏਥੇ ਉਜਾੜ ’ਚੋਂ ਕੀ ਲੈਣਾ ਸੀ ?"
ਮੈਂ ਅੰਦਰ ਗਿਆ ਤੇ ਆਪਣੀ ਕਾਂਗੜਾ ਦੀ ਕਿਤਾਬ ਚੁਕ ਲਿਆਇਆ, ਜਿਸ ਵਿਚ ਕਾਂਗੜਾ ਕਲਾ ਦੀਆਂ ਚਾਲ੍ਹੀ ਚੋਣਵੀਆਂ ਤਸਵੀਰਾਂ ਰੰਗਾਂ ਵਿਚ ਛਪੀਆਂ ਸਨ। ਕਲਾ ਪ੍ਰੇਮੀਆਂ ਵਿਚ ਇਸ ਪੁਸਤਕ ਦੀ ਬੜੀ ਪ੍ਰਸੰਸਾ ਹੋਈ ਸੀ। ਇਹ ਕਿਤਾਬ ਮੈਂ ਅਫ਼ਸਰ ਨੂੰ ਦਿਤੀ। ਓਸ ਹੱਥ ਵਿਚ ਲੈ ਕੇ ਜਲਦੀ ਜਲਦੀ ਇਉਂ ਵਰਕੇ ਪਲਟੇ, ਜਿਵੇਂ ਕੋਈ ਤਾਸ਼ ਦੇ ਪੱਤੇ ਉਲਟ ਰਿਹਾ ਹੋਵੇ। ਪੰਜਾਂ ਕੁ ਮਿੰਟਾ ਪਿਛੋਂ ਉਸ ਨੇ ਇਹ ਕਿਤਾਬ ਮੋੜ ਦਿਤੀ। ਇਹ ਕਿਤਾਬ ਮੇਰੀ ਪੰਜਾਂ ਸਾਲਾਂ ਦੀ ਖੋਜ ਤੇ ਮਿਹਨਤ ਦਾ ਸਿੱਟਾ ਸੀ, ਤੇ ਇਸ ਵਿਚ ਨਾਇਕਾ ਭੇਦ ਦੇ ਬਾਰਾਂ ਮਾਸਾਂ ਦੇ ਏਨੇ ਸੁਹਣੇ ਚਿੱਤਰ ਸਨ, ਜਿਨ੍ਹਾਂ ਨੂੰ ਲੱਭ ਕੇ ਮੈਂ ਬੜਾ ਆਨੰਦ ਪ੍ਰਾਪਤ ਕੀਤਾ ਸੀ। ਇਨ੍ਹਾਂ ਵਿਚੋਂ ਕੁਝ ਤਾਂ ਏਨੇ ਸੁੰਦਰ ਸਨ, ਕਿ ਉਨ੍ਹਾਂ ਦਾ ਖ਼ਿਆਲ ਕਰਦੇ ਹੋਏ, ਮੈਂ ਖ਼ੁਸ਼ੀ ਵਿਚ ਉਨੀਂਦੀਆਂ ਰਾਤਾਂ ਵੀ ਕਟੀਆਂ ਸਨ। ਇਹ ਚਿੱਤਰ ਬਾਰ ਬਾਰ ਮੇਰਿਆਂ ਸੁਫ਼ਨਿਆਂ ਵਿਚ ਆਉਂਦੇ ਤੇ ਮੈਨੂੰ ਬੜੀ ਖ਼ੁਸ਼ੀ ਦੇਂਦੇ। ਦੇਂਦੇ ਵੀ ਕਿਉਂ ਨਾ, ਬਣਾਉਣ ਵਾਲੇ ਕਲਾਕਾਰਾਂ ਨੇ ਆਪਣੇ ਦਿਲ ਦੇ ਸੱਚੇ ਜਜ਼ਬਿਆਂ ਤੇ ਉਬਾਲਾਂ ਨੂੰ ਇਨ੍ਹਾਂ ਵਿਚ ਉਲੀਕਿਆ ਹੈ। ਟਾਲਸਟਾਇ ਨੇ ਕਿਹਾ ਹੈ ਕਿ ਸੱਚੀ ਕਲਾ ਉਹ ਜੋ ਲਿਖਣ ਵਾਲੇ ਜਾਂ ਉਲੀਕਣ ਵਾਲੇ ਦਾ ਦਿਲੀ ਜਜ਼ਬਿਆਂ ਦਾ ਨਕਸ਼ਾ ਹੋਵੇ, ਤੇ ਉਹਨੂੰ ਵੇਖਣ ਵਾਲਾ ਉਨ੍ਹਾਂ ਦੇ ਜਜ਼ਬਿਆਂ ਨੂੰ ਮਹਿਸੂਸ ਕਰੇ ਜਿਨ੍ਹਾਂ ਨਾਲ ਕਲਾਕਾਰ ਨੇ ਉਨ੍ਹਾਂ ਨੂੰ ਉਲੀਕਿਆ ਹੈ। ਕਾਂਗੜਾ ਚਿੱਤਰ ਨੂੰ ਵੇਖ ਕੇ, ਅਸੀਂ ਇਸਤ੍ਰੀ ਦਾ ਪਿਆਰ ਭਰਿਆ ਦਿਲ, ਤੇ ਉਸ ਦੇ ਸਚੇ ਪ੍ਰੇਮ ਨੂੰ ਇੰਨ ਬਿੰਨ ਮਹਿਸੂਸ ਕਰਦੇ ਹਾਂ। ਕਾਂਗੜਾ ਕਲਾ ਠੀਕ ਹੀ ਸੱਚੀ ਤੇ ਮਹਾਨ ਕਲਾ ਹੈ।
ਪਰ ਕੀ ਗੱਲ ਹੈ ਜੋ ਇਨ੍ਹਾਂ ਚਿੱਤਰਾਂ ਨੇ ਮੇਰੇ ਦੋਸਤ ਉਤੇ ਜ਼ਰਾ ਵੀ ਅਸਰ ਨਾ ਕੀਤਾ। ਇਨ੍ਹਾਂ ਚਿੱਤਰਾਂ ਦਾ ਇਸ ਨੂੰ ਵਿਖਾਣਾ, ਏਵੇਂ ਹੀ ਹੋਇਆ ਜਿਵੇਂ ਮੱਝ ਦੇ ਸਾਹਮਣੇ ਬੀਨ ਦਾ ਸੰਗੀਤ। ਅਸਲੀ ਗੱਲ ਇਹ ਹੈ ਕਿ ਕਲਾ ਨੂੰ ਉਹ ਇਨਸਾਨ ਹੀ ਮਾਣ ਸਕਦਾ ਹੈ ਜਿਸ ਦਾ ਹਿਰਦਾ ਕੋਮਲ ਹੋਵੇ। ਇਕ ਮਹਾਨ ਚਿੱਤਰ ਰਾਗ ਹੈ, ਤੇ ਸਾਡੀ ਰੂਹ ਹੈ ਸਾਰੰਗੀ। ਜਦ ਸੁੰਦਰਤਾ ਤੇ ਰੂਹ ਦਾ ਮੇਲ ਹੋ ਜਾਂਦਾ ਹੈ ਤਾਂ ਸੰਗੀਤ ਨਿਕਲਦਾ ਹੈ। ਇਹ ਹੈ ਕਲਾ ਦੀ ਪਰਖ।
ਇਸ ਤੋਂ ਮੈਨੂੰ ਇਕ ਚੀਨ ਦੀ ਕਹਾਣੀ ਯਾਦ ਆਉਂਦੀ ਹੈ। ਲੁੰਗਮੈਨ ਦੀ ਵਾਦੀ ਵਿਚ ਇਕ ਬੜਾ ਭਾਰੀ ਬ੍ਰਿਛ ਸੀ, ਜੋ ਇੰਜ ਲਗਦਾ ਸੀ ਜਿਵੇਂ ਜੰਗਲ ਦਾ ਬਾਦਸ਼ਾਹ ਹੋਵੇ। ਉਹਦਾ ਸਿਰ ਤਾਰਿਆਂ ਨਾਲ ਗੱਲਾਂ ਕਰਦਾ ਸੀ, ਤੇ ਉਹਦੀਆਂ ਜੜ੍ਹਾਂ ਪਾਤਾਲ ਵਿਚ ਪੁਜੀਆਂ ਸਨ। ਇਸ ਬ੍ਰਿਛ ਨੂੰ ਕਟ ਕੇ ਇਕ ਜਾਦੂਗਰ ਨੇ ਹਾਰਪ (ਤੁਣਤੁਣੀ) ਬਣਾਇਆ, ਤੇ ਚੀਨ ਦੇ ਬਾਦਸ਼ਾਹ ਨੂੰ ਭੇਟ ਕੀਤਾ। ਜਾਦੂਗਰ ਨੇ ਕਿਹਾ ਕਿ ਇਸ ਹਾਰਪ ਨੂੰ ਉਹੀ ਵਜਾ ਸਕਦਾ ਹੈ, ਜੋ ਸਭ ਤੋਂ ਵੱਡਾ ਸੰਗੀਤਕਾਰ ਹੋਵੇ। ਬੜੇ ਬੜੇ ਰਾਗੀ ਤੇ ਵਜੰਤਰੀ ਆਏ, ਪਰ ਹਾਰਪ ਵਿਚੋਂ ਕੁਰੱਖਤ ਧੁਨਾਂ ਹੀ ਨਿਕਲਣ। ਜਦ ਸਭ ਹਾਰ ਚੁਕੇ ਤਾਂ ਪੀਵੂ, ਜੋ ਸਭ ਤੋਂ ਵੱਡਾ ਸੰਗੀਤਕਾਰ ਆਇਆ। ਉਸ ਹਾਰਪ ਨੂੰ ਬੜੇ ਪਿਆਰ ਤੇ ਸਨਮਾਨ ਨਾਲ ਚੁਕਿਆ ਤੇ ਇਸ ਤਰ੍ਹਾਂ ਪਿਆਰ ਕੀਤਾ ਜਿਵੇਂ ਕੋਈ ਸ਼ਾਹ-ਸਵਾਰ ਇੱਕ ਜੰਗਲੀ ਘੋੜੇ ਨੂੰ ਪੁਚਕਾਰਦਾ ਹੈ। ਉਸ ਨੇ ਮੌਸਮ ਤੇ ਉਚੇ ਪਹਾੜਾਂ 'ਤੇ ਵਗਦੇ ਪਾਣੀਆਂ ਤੇ ਗੀਤ ਗਾਏ ਗਏ ਤੇ ਬ੍ਰਿਛ ਨੂੰ ਪੁਰਾਣੀਆਂ ਯਾਦਾਂ ਚੇਤੇ ਆ ਗਈਆਂ। ਹਾਰਪ ਦੀ ਧੁਨ ਏਨੀ ਸੁਰੀਲੀ ਸੀ ਕਿ ਵੇਖਦਿਆਂ ਵੇਖਦਿਆਂ ਮੌਸਮ ਨੇ ਕਈ ਰੰਗ ਬਦਲੇ। ਇਕ ਵਾਰੀ ਫੇਰ ਪੁਰੇ ਦੀ 'ਵਾ ਬ੍ਰਿਛ ਦੀਆਂ ਟਾਹਣੀਆਂ ਵਿਚ ਵੀ ਵਗ ਪਈ। ਪਾਣੀ ਦੇ ਝਰਨੇ, ਫੁਲਾਂ ਤੇ ਕਲੀਆਂ ਨਾਲ ਗੱਲਾਂ ਕਰਨ ਲਗ ਪਏ। ਫੇਰ ਬਰਸਾਤ ਦੀ ਧੀਮੀ ਆਵਾਜ਼ ਆਈ ਤੇ ਨਾਲ ਹੀ ਬੀਂਡਿਆਂ ਦਾ ਰਾਗ, ਕੋਇਲ ਦਾ ਅਲਾਪ, ਤੇ ਮੀਂਹ ਦੀ ਕਿਣ ਮਿਣ। ਸੁਣੋ! ਹੁਣ ਸ਼ੇਰ ਦੀ ਗਰਜ ਆਈ, ਜਿਹੜੀ ਪਹਾੜਾਂ ਵਿਚ ਗੂੰਜੀ। ਫੇਰ ਪੱਤਝੜ ਦਾ ਮੌਸਮ ਆਇਆ ਤੇ ਚੰਨ ਰੁੰਡ ਮੁੰਡ ਹੋਏ ਦਰਖਤਾਂ ਦੇ ਵਿਚੋਂ ਝਾਕਿਆ। ਫੇਰ ਸਿਆਲ ਆਇਆ ਤੇ ਖੰਭ ਮਾਰਦੀਆਂ ਕੂੰਜਾਂ ਦੀ ਆਵਾਜ਼ ਆਈ, ਤੇ ਗੜੇ ਗੜ ਗੜ ਕਰਦੇ ਗੋਲੀਆਂ ਵਾਂਗ ਦਰੱਖਤ ਦੇ ਟਾਹਣਿਆਂ ਉਤੇ ਵੱਜੇ।
ਪੀਵੂ ਨੇ ਫੇਰ ਸੁਰ ਬਦਲੀ, ਤੇ ਪਿਆਰ ਦਾ ਗੀਤ ਗਾਇਆ ਤੇ ਬ੍ਰਿਛ ਖ਼ੁਸ਼ੀ ਨਾਲ ਝੂੰਮਿਆ।ਉਪਰੋਂ ਦੀ ਇਕ ਚਮਕਦੀ ਹੋਈ ਬਦਲੀ ਲੰਘੀ, ਜਿਵੇਂ ਆਪਣੇ ਹੁਸਨ ਦੇ ਘੁਮੰਡ ਵਿਚ ਇਕ ਯੁਵਤੀ ਝੂੰਮਦੀ ਝਾਮਦੀ ਜਾ ਰਹੀ ਹੋਵੇ। ਬਦਲੀ ਨੇ ਪਹਾੜ ਉਤੇ ਲੰਮਾ ਕਾਲਾ ਜਿਹਾ ਪਰਛਾਵਾਂ ਸੁਟਿਆ, ਤੇ ਪੀਵੂ ਨੇ ਫੇਰ ਰਾਗ ਬਦਲਿਆ। ਹੁਣ ਉਸ ਨੇ ਯੁੱਧ ਦੀ ਵਾਰ ਗਾਈ, ਤਾਂ ਘੋੜਿਆਂ ਦਿਆਂ ਪੌੜਾਂ ਦੀ ਆਵਾਜ਼ ਆਈ, ਤੇ ਤਲਵਾਰਾਂ ਨੇਜ਼ਿਆਂ ਦੀ ਕਾੜ ਕਾੜ ਸੁਣੀ। ਪਹਾੜ ਵਿਚ ਬਿਜਲੀ ਜ਼ੋਰ ਨਾਲ ਕੜਕੀ, ਤੇ ਬਰਫ਼ ਦਾ ਪਹਾੜ ਸਰਕਿਆ। ਸਹਿਨਸ਼ਾਹ ਨੇ ਪੀਵੂ ਤੋਂ ਉਸ ਦੀ ਕਾਮਯਾਬੀ ਦਾ ਰਾਜ ਪੁਛਿਆ। ਇਹੀ ਕਿਹਾ, “ਜਹਾਂ ਪਨਾਹ, ਬਾਕੀ ਸੰਗੀਤਕਾਰ ਇਸ ਕਰਕੇ ਫੇਲ ਹੋਏ ਕਿਉਂਕਿ ਉਹ ਆਪਣਾ ਰਾਗ ਅਲਾਪਦੇ ਸਨ। ਮੈਂ ਮਸਤੀ ਵਿਚ ਸੀ, ਮੈਂ ਹਾਰਪ ਨੂੰ ਆਪਣਾ ਰਾਗ ਹੀ ਚੁਣਨ ਦੀ ਖੁਲ੍ਹ ਦਿੱਤੀ, ਤੇ ਮੈਨੂੰ ਨਹੀਂ ਪਤਾ ਕਿ ਪੀਵੂ ਹਾਰਪ ਹੈ ਕਿ ਹਾਰਪ ਪੀਵੂ।”
ਸੱਚੀ ਤੇ ਉੱਚੀ ਕਲਾ ਪੀਵੂ ਹੈ, ਤੇ ਅਸੀਂ ਹਾਂ ਲੁੰਗਮਿਨ ਦਾ ਹਾਰਪ। ਜਦ ਸੁੰਦਰਤਾ ਦਾ ਜਾਦੂ ਸਾਡੇ ਦਿਲ ਦੀਆਂ ਛੁਪੀਆਂ ਤਾਰਾਂ ਨੂੰ ਛੋਂਹਦਾ ਹੈ ਤਾਂ ਸਾਡੀ ਰੂਹ ਖ਼ੁਸ਼ੀ ਵਿਚ ਸਾਰੰਗੀ ਵਾਂਗ ਸੰਗੀਤ ਕਢਦੀ ਹੈ ਤੇ ਅਸੀਂ ਪ੍ਰਸੰਨਤਾ ਤੇ ਖ਼ੁਸ਼ੀ ਨਾਲ ਦਸਵੇਂ ਦੁਆਰ ਪੁਜ ਜਾਂਦੇ ਹਾਂ। ਮਨ, ਮਨ ਦੇ ਨਾਲ ਗੱਲਾਂ ਕਰਦਾ ਹੈ, ਤੇ ਦਿਲ, ਦਿਲ ਦੇ ਨਾਲ ਮਿਲਦਾ ਹੈ। ਭੁਲੀਆਂ ਹੋਈਆਂ ਯਾਦਾਂ ਫਿਰ ਤਾਜ਼ੀਆਂ ਹੋ ਜਾਂਦੀਆਂ ਹਨ, ਉਮੇਦਾਂ ਤੇ ਉਮੰਗਾਂ ਉਭਰ ਪੈਂਦੀਆਂ ਹਨ। ਸਾਡਾ ਮਨ ਉਹ ਕਾਗ਼ਜ਼ ਹੈ ਜਿਸ ਉਪਰ ਕਲਾਕਾਰ ਆਪਣੇ ਰੰਗ ਲਾਉਂਦਾ ਹੈ ਤੇ ਉਹਦੇ ਰੰਗ ਹਨ ਸਾਡੀਆਂ ਉਮੰਗਾ ਤੇ ਵਲਵਲੇ। ਇਸ ਤਰ੍ਹਾਂ ਇਕ ਮਹਾਨ ਚਿੱਤਰ ਸਾਡਾ ਆਪਣਾ ਆਪ ਹੈ, ਜਿਵੇਂ ਅਸੀਂ ਇਸ ਦਾ ਇਕ ਅੰਗ ਹੋਈਏ।
ਇਕ ਮਹਾਨ ਚਿੱਤਰ ਨੂੰ ਸਮਝਣਾ ਹੋਵੇ ਤਾਂ ਉਸੇ ਭਾਵ ਨਾਲ ਵੇਖਣਾ ਚਾਹੀਦਾ ਹੈ, ਜਿਵੇਂ ਅਸੀਂ ਇਕ ਮਹਾਂਪੁਰਸ਼ ਨੂੰ ਮਿਲਦੇ ਹਾਂ। ਸਾਡੇ ਦਿਲ ਵਿਚ ਪਿਆਰ ਤੇ ਨਿੰਮ੍ਰਤਾ ਹੋਣੀ ਚਾਹੀਦੀ ਹੈ। ਕਾਂਗੜਾ ਕਲਾ ਦੇ ਚਿੱਤਰ ਤਾਂ ਖ਼ਾਸ ਤੌਰ ’ਤੇ ਇਕ ਸ਼ਰਮੀਲੀ ਸੁੰਦਰੀ ਵਾਂਗ ਹਨ, ਜੇ ਸਮਝ ਸ਼ਰਾਫ਼ਤ, ਤੇ ਪਿਆਰ ਦੇ ਜਜ਼ਬੇ ਨਾਲ ਇਨ੍ਹਾਂ ਵੱਲ ਤਕੋ, ਤੇ ਇਹ ਬਹੁਤ ਖ਼ੁਸ਼ੀ ਦਿੰਦੇ ਹਨ। ਅਸਲ ਵਿਚ ਚਿੱਤਰ ਦੀ ਨਿਸ਼ਾਨੀ ਇਹ ਹੈ ਕਿ ਚੰਗੀ ਇਸਤ੍ਰੀ ਵਾਂਗ ਅਸੀਂ ਦਿਨ ਪਰ ਦਿਨ ਇਸ ਦੀ ਵੱਧ ਤੋਂ ਵੱਧ ਕਦਰ ਕਰਦੇ ਹਾਂ, ਤੇ ਇਸ ਨੂੰ ਵੇਖਦੇ ਅਕਦੇ ਨਹੀਂ। ਏਸੇ ਤਰ੍ਹਾਂ ਕਾਂਗੜਾ ਚਿੱਤਰਾਂ ਨੂੰ ਬਾਰ ਬਾਰ ਵੇਖਣ ਨੂੰ ਜੀ ਕਰਦਾ ਹੈ, ਤੇ ਜਦ ਵੇਖੋ ਨਵੀਂ ਛੁਪੀ ਹੋਈ ਸੁੰਦਰਤਾ ਹੀ ਇਨ੍ਹਾਂ ਵਿਚ ਲੱਭਦੀ ਹੈ।
ਕਾਂਗੜਾ ਚਿੱਤਰਾਂ ਦੀ ਸੁੰਦਰਤਾ ਬਾਰੇ ਅਫ਼ਸਰ ਦੀ ਬੇਸਮਝੀ ਵੱਲ ਬਹੁਤਾ ਧਿਆਨ ਨਾ ਦੇਂਦਾ ਹੋਇਆ ਮੈਂ ਦਰਿਆ ਦੇ ਢਾਹੇ ਉਤੇ ਉਗੇ ਹਰੇ ਘਾਹ 'ਤੇ ਜਾ ਬੈਠਾ। ਸੰਝ ਦਾ ਵੇਲਾ ਹੋ ਗਿਆ ਸੀ ਤੇ ਨਿੰਮ੍ਹੀ ਨਿੰਮੀ ਪੌਣ ਰੁਮਕ ਰਹੀ ਸੀ।
ਮੈਂ ਦਰਿਆ ਦੇ ਢਾਹੇ 'ਤੇ ਘਾਹ ਉਤੇ ਬੈਠਾ ਸੂਰਜ ਦੇ ਲਟ ਲਟ ਕਰਦੇ ਜੋਬਨ ਨੂੰ ਮਾਣ ਰਿਹਾ ਸੀ।ਵੇਖਦਿਆਂ ਵੇਖਦਿਆਂ ਹੀ ਹਨੇਰੇ ਨੇ ਪਹਾੜਾਂ ਨੂੰ ਆਪਣੀਂ ਕਾਲੀ ਬੁੱਕਲ ਵਿਚ ਲਪੇਟ ਲਿਆ, ਤੇ ਚਾਰੇ ਪਾਸੇ ਚੁੱਪ ਦਾ ਰਾਜ ਹੋ ਗਿਆ। ਹੌਲੀ ਹੌਲੀ ਪਹਾੜਾਂ ਦੀ ਧਾਰ ਦੇ ਪਿਛੋਂ ਲੋਅ ਹੋਈ, ਤੇ ਇਕ ਉਚੀ ਟੀਸੀ 'ਤੇ ਚੰਦ ਦੀ ਫਾੜੀ ਦਿੱਸੀ। ਅਸਮਾਨ ਤਾਰਿਆਂ ਨਾਲ ਭਰਿਆ ਹੋਇਆ ਸੀ, ਤੇ ਤਾਰਿਆਂ ਵਿਚ ਚੰਨ ਇੰਜ ਲਗੇ ਜਿਵੇਂ ਗੋਪੀਆਂ ਵਿਚ ਕਾਨ੍ਹ।
ਇਕ ਪਾਸਿਓਂ ਵੰਝਲੀ ਦੀ ਆਵਾਜ਼ ਆਈ। ਏਨੀ ਮਨਮੋਹਣੀ ਕਿ ਦਿਲ ਦੀਆਂ ਤੈਹਾਂ ਤਕ ਪੁੱਜ ਗਈ। ਟਿਕੀ ਹੋਈ ਰਾਤ ਤੇ ਪਹਾੜਾਂ ਦੀ ਸ਼ਾਂਤ ਵਿਚ ਕਿੰਨੀ ਪਿਆਰੀ ਲਗਦੀ ਹੈ ਵੰਝਲੀ ਦੀ ਆਵਾਜ਼ ? ਇਹਦੇ ਵਿਚ ਜ਼ਰੂਰ ਕੋਈ ਜਾਦੂ ਹੈ।ਜੇ ਜਾਦੂ ਨਾ ਹੁੰਦਾ ਤਾਂ ਇਸ ਨੂੰ ਸੁਣ ਕੇ ਗੋਪੀਆਂ ਦੀ ਸੁਧ ਬੁਧ ਕਿਉਂ ਭੁੱਲ ਜਾਂਦੀ ? ਇਹ ਹੈ ਰੱਬ ਦੀ ਆਵਾਜ਼, ਜਿਸ ਨੂੰ ਸੁਣ ਕੇ ਉਹਦੇ ਬੰਦੇ ਉਸ ਲੁਕੀ ਹੋਈ ਤਾਕਤ ਦਾ ਅਨੁਭਵ ਕਰਦੇ ਹਨ। ਜੋ ਸਰਬ ਵਿਆਪਕ ਹੈ ਤੇ ਜਲਾਂ, ਥਲਾਂ, ਜੰਗਲਾਂ, ਪਹਾੜਾਂ ਤੇ ਬਨਸਪਤੀ ਵਿਚ ਰਵ ਰਹੀ ਹੈ। ਵੰਝਲੀ ਦੀ ਧੁਨ ਨੇ ਖ਼ੂਬ ਸਮਾਂ ਬੰਨ੍ਹਿਆ। ਹੁਣ ਵੀ ਜਦ ਮੈਂ ਡੇਹਰਾ ਗੋਪੀਪੁਰ ਦਾ ਖ਼ਿਆਲ ਕਰਦਾ ਹਾਂ, ਤਾਂ ਦਰਿਆ ਦੀਆਂ ਲਹਿਰਾਂ ਜਿਹੜੀਆਂ ਚੰਨ ਦੀ ਚਾਨਣੀ ਵਿਚ ਝਿਲਮਿਲ ਕਰ ਰਹੀਆਂ ਸਨ ਮੇਰੀਆਂ ਅੱਖਾਂ ਸਾਹਮਣੇ ਆ ਜਾਂਦੀਆਂ ਹਨ, ਤੇ ਕੰਨਾਂ ਵਿਚ ਸੁਣਾਈ ਦਿੰਦੀ ਹੈ ਵੰਝਲੀ ਦੀ ਜਾਦੂ ਭਰੀ ਆਵਾਜ਼। ਵੰਝਲੀ ਦੀ ਇਸ ਸੁਰੀਲੀ ਆਵਾਜ਼ ਨੂੰ ਮਾਣਦਾ ਮੈਂ ਬੰਗਲੇ ਵਿਚ ਆ ਕੇ ਖਾਣਾ ਖਾ ਕੇ ਚਾਰਪਾਈ ’ਤੇ ਲੇਟ ਗਿਆ। ਵੰਝਲੀ ਦੀ ਆਵਾਜ਼ ਮੈਨੂੰ ਹਾਲੀਂ ਵੀ ਸੁਣਾਈ ਦੇ ਰਹੀ ਸੀ, ਤੇ ਇਹਨੂੰ ਸੁਣਦਿਆਂ ਮੈਂ ਝਟ ਹੀ ਗੂੜ੍ਹੀ ਨੀਂਦ ਸੌਂ ਗਿਆ।
('ਪੱਤੇ ਪੱਤੇ ਗੋਬਿੰਦ ਬੈਠਾ' ਵਿੱਚੋਂ)