Desi Ghio Da Teen... (Punjabi Story) : Navtej Singh

ਦੇਸੀ ਘਿਓ ਦਾ ਟੀਨ… (ਕਹਾਣੀ) : ਨਵਤੇਜ ਸਿੰਘ

ਕੁਮਾਰ ਥੱਕਿਆ ਹੋਇਆ ਸੀ, ਤੇ ਇਥੇ ਸਿਰਫ਼ ਆਰਾਮ ਕਰਨ ਆਇਆ ਸੀ। ਇਹ ਪਹਾੜਾਂ ਵਿਚ ਘਿਰਿਆ ਸੁਹਣਾ ਜਿਹਾ ਸ਼ਹਿਰ, ਸਿਆਲ ਦਾ ਸ਼ੁਰੂ ਤੇ ਇਹਦੇ ਰੁੱਖਾਂ ਉਤੇ ਪਤਝੜ ਦਾ ਸੂਹਾ-ਸੁਨਹਿਰਾ ਜਲੌ...

ਕੁਮਾਰ ਨਾਸ਼ਤਾ ਕਰ ਕੇ ਰੋਜ਼ ਹੀ ਦਸ ਕੁ ਵਜੇ ਆਪਣੇ ਹੋਟਲੋਂ ਨਿਕਲ ਜਾਂਦਾ, ਤੇ ਇਸ ਸ਼ਹਿਰ ਦੇ ਕਿਸੇ ਰਮਣੀਕ ਬਾਗ਼ ਦੀ ਦੁਰੇਡੀ ਨੁਕਰੇ ਲੇਟਿਆ-ਬੈਠਿਆ ਰਹਿੰਦਾ, ਕਦੇ ਆਪਣੇ ਥੈਲੇ ਵਿਚੋਂ ਕੋਈ ਕਿਤਾਬ ਕੱਢ ਕੇ ਪੜ੍ਹਦਾ, ਕਦੇ ਕਿਸੇ ਸੇਬ ਜਾਂ ਨਾਖ਼ ਨੂੰ ਮੂੰਹ ਮਾਰਦਾ, ਤੇ ਸ਼ਾਮ ਦੇ ਪਹਿਲੇ ਪਰਛਾਵੇਂ ਢਲਣ ਤਕ ਉਹ ਇੰਜ ਹੀ ਆਰਾਮ ਦੇ ਚਸ਼ਮੇ ਨੂੰ ਡੀਕ ਲਾ ਕੇ ਪੀਂਦਾ ਰਹਿੰਦਾ। ਇਕ ਅਰਸੇ ਪਿਛੋਂ ਉਹਦੀ ਇਸ ਤਕ ਪਹੁੰਚ ਹੋਈ ਸੀ, ਤੇ ਉਹ ਇਹਦੇ ਲਈ ਕਿੱਡਾ ਤਿਹਾਇਆ ਹੋਇਆ ਸੀ!

ਕੁਮਾਰ ਦੇ ਘਰ ਲਾਇਬ੍ਰੇਰੀ ਦੀਆਂ ਸ਼ੈਲਫ਼ਾਂ ਨਵੀਆਂ, ਪੜ੍ਹਨ-ਯੋਗ ਕਿਤਾਬਾਂ ਨਾਲ ਆਫਰੀਆਂ ਰਹਿੰਦੀਆਂ ਸਨ, ਪਰ ਉਹਨੂੰ ਆਪਣੇ ਨਿਤ ਦੇ ਧੰਦਿਆਂ ਤੋਂ ਇਨ੍ਹਾਂ ਲਈ ਵਿਹਲ ਨਹੀਂ ਸੀ ਮਿਲਦੀ। ਜੇ ਉਹ ਪੜ੍ਹਦਾ ਵੀ ਤਾਂ ਉਹੀ ਕਿਤਾਬਾਂ ਜਿਹੜੀਆਂ ਉਹਨੇ ਸੋਧਣੀਆਂ ਜਾਂ ਰੀਵਿਊ ਕਰਨੀਆਂ ਮੰਨੀਆਂ ਹੁੰਦੀਆਂ ਸਨ, ਜਾਂ ਜਿਹੜੇ ਖਰੜੇ ਉਸ ਕੋਲ ਕਿਸੇ ਨਾ ਕਿਸੇ ਵਿਭਾਗ ਵਲੋਂ ਰਾਏ ਮੰਗਣ ਲਈ ਭੇਜੇ ਗਏ ਹੁੰਦੇ ਸਨ—ਬਸ ਇਹ ਹੀ ਬੱਧੀ ਰੁੱਧੀ ਪੜ੍ਹਾਈ।

ਤੇ ਅਜ ਕਲ ਉਹ ਏਥੇ, ਇਸ ਪਤਝੜ-ਮੱਤੇ ਬਾਗ਼ ਵਿਚ, ਆਪਣੀ ਮਨਮਰਜ਼ੀ ਦੀ ਪੜ੍ਹਾਈ ਦੀ ਡੰਝ ਲਾਹ ਰਿਹਾ ਸੀ। ਨਾਲੇ ਇਥੇ ਕਿਸੇ ਗੋਸ਼ਟੀ, ਕਿਸੇ ਕਾਨਫ਼ਰੰਸ, ਕਿਸੇ ਕਮੇਟੀ-ਮੀਟਿੰਗ ਉਤੇ ਉਹਨੂੰ ਨਹੀਂ ਸੀ ਜਾਣਾ ਪੈਂਦਾ (ਹਾਂ, ਇਥੇ ਵੀ ਰਾਤ ਨੂੰ ਕਈ ਵਾਰ ਉਹ ਸੁਫ਼ਨਿਆਂ ਵਿਚ ਕਿਸੇ ਨਾ ਕਿਸੇ ਮੀਟਿੰਗ ਵਿਚ ਬੈਠਾ ਹੁੰਦਾ ਸੀ)। ਉਹਦੀ ਜ਼ਿੰਦਗੀ ਵਿਚ ਸਭ ਤੋਂ ਵੱਧ ਉਹਨੂੰ ਨਿੱਤ ਦੀਆਂ ਮੀਟਿੰਗਾਂ ਅਕਾਂਦੀਆਂ ਸਨ, ਤੇ ਉਹਨੂੰ ਕਈ ਵਾਰ ਆਪਣੀ ਹਾਲਤ ਮਾਇਕੋਵਸਕੀ ਦੀ ਮੀਟਿੰਗਾਂ ਬਾਰੇ ਵਿਅੰਗਮਈ ਕਵਿਤਾ ਵਿਚਲੇ ਬੰਦੇ ਵਰਗੀ ਜਾਪਣ ਲਗ ਪੈਂਦੀ ਸੀ, ਜਿਸ ਦਾ ਧੜ ਇਕ ਮੀਟਿੰਗ ਵਿਚ ਬੈਠਾ ਹੋਇਆ ਹੈ, ਤੇ ਲੱਤਾਂ ਦੂਜੀ ਕਿਸੇ ਮੀਟਿੰਗ ਵਿਚ!

ਕੁਮਾਰ ਬਾਗ਼ ਵਿਚ ਲੇਟਿਆਂ ਕਦੇ ਕਦੇ ਸੋਚਦਾ—ਅਜੀਬ ਹੈ, ਜਦੋਂ ਉਹਨੂੰ ਕੋਈ ਜਾਣਦਾ ਨਹੀਂ ਸੀ, ਤਾਂ ਉਹਨੂੰ ਕਿੰਨੀ ਤਾਂਘ ਹੁੰਦੀ ਸੀ ਕਿ ਲੋਕ ਉਹਨੂੰ ਜਾਣਨ, ਉਹਦੀ ਪ੍ਰਤਿਭਾ ਦੀ ਕਦਰ ਪਾਣ; ਤੇ ਹੁਣ ਜਦੋਂ ਉਹ ਆਪਣੀ ਬੋਲੀ ਦਾ ਦੇਸ-ਪ੍ਰਸਿੱਧ ਵਿਦਵਾਨ ਤੇ ਸਨਮਾਨਿਆ ਪ੍ਰੋਫ਼ੈਸਰ ਸੀ, ਤਾਂ ਮਸ਼ਹੂਰੀ ਤੋਂ ਭੱਜ ਕੇ ਗੁਮਨਾਮੀ ਵਿਚ ਬਿਤਾਏ ਦਿਨ ਉਹਨੂੰ ਪੂਰਨ ਸਵਰਗ ਜਾਪ ਰਹੇ ਸਨ! ਉਹਨੇ ਪੱਕੀ ਧਾਰ ਲਈ ਸੀ ਕਿ ਹਰ ਵਰ੍ਹੇ ਉਹ ਇਸ ਤਰ੍ਹਾਂ ਦੀ ਛੁੱਟੀ ਮਨਾਣਾ ਆਪਣਾ ਨੇਮ ਬਣਾ ਲਏਗਾ।

ਅੱਜ ਜਦੋਂ ਕੁਮਾਰ ਆਪਣੇ ਹੋਟਲ ਪਰਤਿਆ ਤਾਂ ਕਮਰੇ ਦੀ ਚਾਬੀ ਫੜਨ ਲੱਗਿਆਂ ਡਿਊਟੀ ਵਾਲੇ ਨੇ ਉਹਨੂੰ ਫੁੱਲਾਂ ਦਾ ਗੁਲਦਸਤਾ ਤੇ ਇਕ ਚਿਠੀ ਵੀ ਨਾਲ ਦਿੱਤੀ। ਕੁਮਾਰ ਇਕਦਮ ਠਿਠਕ ਗਿਆ—ਇਥੇ ਕੌਣ ਉਹਦਾ ਜਾਣੂ ਆ ਨਾਜ਼ਲ ਹੋਇਆ, ਤੇ ਉਹ ਵੀ ਗੁਲਦਸਤੇ ਸਣੇ!

ਕੁਮਾਰ ਬੇਦਿਲਾ ਜਿਹਾ ਆਪਣੇ ਕਮਰੇ ਵੱਲ ਜਾਂਦੀਆਂ ਪੌੜੀਆਂ ਚੜ੍ਹ ਗਿਆ। ਕਮਰੇ ਵਿਚ ਜਾ ਕੇ ਉਹਨੇ ਫੁੱਲਾਂ ਦਾ ਗੁਲਦਸਤਾ ਆਪਣੇ ਕਿਤਾਬਾਂ ਵਾਲੇ ਥੈਲੇ ਦੇ ਉਤੇ ਰਖਿਆ, ਤੇ ਕੁਰਸੀ ਉਤੇ ਬਹਿ ਕੇ ਚਿੱਠੀ ਦੇਖਣ ਲੱਗਾ।

ਸਥਾਨਕ ਕਾਲਿਜ ਦੀ ਸਾਹਿਤ ਸਭਾ ਦੇ ਪ੍ਰਧਾਨ ਤੇ ਸਕੱਤਰ ਵਲੋਂ ਸਾਂਝੀ ਚਿੱਠੀ ਸੀ: ਉਹ ਬਹੁਤ ਹੀ ਖ਼ੁਸ਼ ਹੋਏ ਸਨ ਕਿ ਇਸ ਪਸਿੱਤੇ ਸ਼ਹਿਰ ਵਿਚ ਏਡੇ ਉਚ ਕੋਟੀ ਦੇ ਵਿਦਵਾਨ ਨੇ ਚਰਨ ਪਾਏ ਸਨ, ਇਤਿਆਦਿ, ਤੇ ਉਨ੍ਹਾਂ ਉਹਨੂੰ ਆਪਣੀ ਅਗਲੀ ਮੀਟਿੰਗ ਨੂੰ ਸੁਸ਼ੋਭਿਤ ਕਰਨ ਲਈ ਬੁਲਾਇਆ ਸੀ, ਜਿਸ ਵਿਚ ਉਹ ਉਹਦਾ ਉਚਿਤ ਸੁਆਗਤ ਕਰਨ ਦਾ ਮਾਣ ਤੇ ਖੁਸ਼ੀ ਲੈਣਾ ਚਾਹੁੰਦੇ ਸਨ।

ਫੁੱਲਾਂ ਦੇ ਗੁਲਦਸਤੇ ਵੱਲ ਵੇਖ ਕੇ ਕੁਮਾਰ ਨਿੰਮ੍ਹਾ ਜਿਹਾ ਮੁਸਕਰਾਇਆ—ਚਲੋ ਸ਼ੁਕਰ ਹੈ, ਕਿਸੇ ਪੁਰਸਕਾਰ ਲਈ ਆਪਣੇ ਨਾਂ ਦੀ ਸਿਫ਼ਾਰਸ਼ ਕਰਵਾਣ ਆਈ ਕਵਿਤਰੀ ਦਾ ਗੁਲਦਸਤਾ ਤਾਂ ਨਹੀਂ ਸੀ ਇਹ!

ਇਕ ਵਾਰ ਅਜਿਹਾ ਹਾਦਸਾ ਵੀ ਉਸ ਨਾਲ ਹੋ ਚੁਕਿਆ ਸੀ; ਤੇ ਮਸਾਂ ਉਹਨੇ ਉਸ ਗੁਲਦਸਤੇ ਵਾਲੀ ਤੇ ਮੰਤ੍ਰੀਆਂ ਤੇ ਹੋਰ ਮਹਾਂ-ਪੁਰਸ਼ਾਂ ਦੀਆਂ ਚਿੱਠੀਆਂ ਵਾਲੀ ਕਵਿਤ੍ਰੀ ਕੋਲੋਂ ਆਪਣਾ ਖਹਿੜਾ ਛੁਡਾਇਆ ਸੀ।

ਉਹ ਇਸ ਗੁਲਦਸਤੇ, ਇਸ ਚਿੱਠੀ ਤੇ ਇਸ ਸੁਆਗਤੀ ਸਾਹਿਤ-ਸਭਾਈ ਮੀਟਿੰਗ ਤੋਂ ਵੀ ਕਿਸੇ ਤਰ੍ਹਾਂ ਖਹਿੜਾ ਛੁਡਾਣਾ ਚਾਂਹਦਾ ਸੀ। ਉਹ ਆਪਣੀ ਛੁੱਟੀ ਦੇ ਬਾਕੀ ਦਿਨ ਵੀ ਪਹਿਲੇ ਦਿਨਾਂ ਵਾਂਗ ਆਰਾਮ ਦੇ ਚਸ਼ਮੇ ਕੋਲ, ਗੁਮਨਾਮੀ ਦੀ ਬੁੱਕਲ ਵਿਚ ਬਿਤਾਣਾ ਚਾਹੁੰਦਾ ਸੀ।

“ਸਾਹਬ, ਤੁਹਾਡੇ ਲਈ ਟੈਲੀਫ਼ੋਨ ਹੈ,” ਬਹਿਰੇ ਨੇ ਸੁਨੇਹਾ ਦਿੱਤਾ।

ਉਹਨੇ ਚੁਣ ਕੇ ਬੇ-ਟੈਲੀਫ਼ੋਨ ਕਮਰਾ ਲਿਆ ਸੀ (…ਪਤਾ ਨਹੀਂ ਕਿਥੇ ਉਹਨੇ ਇਹ ਸਤਰਾਂ ਪੜ੍ਹੀਆਂ ਸਨ, ‘ਇਹ ਆਤਮਾ ਦੀ ਆਵਾਜ਼ ਸੁਣਨ ਦਾ ਨਹੀਂ, ਟੈਲੀਫ਼ੋਨ ਦੀ ਆਵਾਜ਼ ਸੁਣਨ ਦਾ ਯੁਗ ਹੈ...) ਤੇ ਫੇਰ ਵੀ ਟੈਲੀਫ਼ੋਨ ਆਣ ਧਮਕਿਆ ਸੀ।

ਟੈਲੀਫ਼ੋਨ ਵਿਚ ਇਨਬਿਨ ਚਿੱਠੀ ਵਿਚਲੇ ਲਫ਼ਜ਼ ਫੇਰ ਦੁਹਰਾਏ ਗਏ, ਤੇ ਸਾਹਿਤ-ਸਭਾ ਦੀ ਮੀਟਿੰਗ ਸੁਸ਼ੋਭਿਤ ਕਰਨ ਦਾ ਪੱਕਾ ਇਕਰਾਰ ਕੁਮਾਰ ਕੋਲੋਂ ਲੈ ਲਿਆ ਗਿਆ।

ਅਗਲੀ ਸ਼ਾਮ ਨੂੰ ਪ੍ਰਿੰਸੀਪਲ ਸਾਹਿਬ ਦੀ ਕਾਰ ਕੁਮਾਰ ਦੇ ਹੋਟਲ ਵਿਚ ਮੁਕੱਰਰ ਵਕਤ ਉਤੇ ਪੁੱਜ ਗਈ। ਸਾਹਿਤ-ਸਭਾ ਦੇ ਪ੍ਰਧਾਨ ਤੇ ਸਕੱਤਰ ਤੇ ਇਕ ਫੁੱਲਾਂ ਦਾ ਗੁਲਦਸਤਾ ਕਾਰ ਵਿਚੋਂ ਉਤਰਿਆ।

ਕੁਮਾਰ ਨਾਲ ਪ੍ਰਧਾਨ ਤੇ ਸਕੱਤਰ ਜਦੋਂ ਗੱਲਾਂ ਕਰਨ ਲੱਗੇ ਤਾਂ ਕੁਮਾਰ ਉਤੋਂ ਹੂੰ-ਹਾਂ ਕਰਦਾ ਰਿਹਾ, ਪਰ ਅੰਦਰੋਂ ਇਹੀ ਸੋਚਦਾ ਰਿਹਾ—ਚਿੱਠੀ ਵਿਚ ਜੋ ਫ਼ਿਕਰੇ ਸਨ, ਟੈਲੀਫੋਨ ਵਿਚ ਵੀ ਓਹੀ, ਤੇ ਹੁਣ ਮਿਲਣ ਵੇਲੇ ਵੀ ਇਨਬਿਨ ਓਹੀ, ਤੇ ਚਿੱਠੀ ਨਾਲ ਪੁੱਜਾ ਗੁਲਦਸਤਾ ਤੇ ਹੁਣ ਆਪ ਲਿਆਂਦਾ ਦੋਵੇਂ ਇਨਬਿਨ ਇਕੋ ਜਿਹੇ, ਜਿਵੇਂ ਬਾਗ਼ ਵਿਚ ਨਾ ਉੱਗੇ ਹੋਣ, ਕਿਸੇ ਸੱਚੇ ਵਿਚ ਢਲੇ ਹੋਣ...

ਕਾਰ ਪੁਰਾਣੇ ਵਕਤਾਂ ਦੀ ਪਰ ਬੜੇ ਸ਼ਹਾਨਾ ਮੇਚ ਦੀ ਸੀ, ਬਹਿਣ ਲਈ ਬੜੀ ਮ੍ਹੋਕਲੀ ਤੇ ਸੁਖਾਵੀਂ। ਜਦੋਂ ਚੱਲੀ ਤਾਂ ਚੱਲਣ ਵਿਚ ਵੀ ਬੜੀ ਚੰਗੀ ਸੀ। ਬੜੀ ਸੰਭਾਲ ਨਾਲ ਰੱਖੀ ਗਈ ਜਾਪਦੀ ਸੀ।

“ਸਾਡੇ ਮਹਾਰਾਜ ਸਾਡੇ ਪ੍ਰਿੰਸੀਪਲ ਸਾਹਿਬ ਉਤੇ ਬੜੇ ਮਿਹਰਬਾਨ ਸਨ। ਸਾਡੇ ਪ੍ਰਿੰਸੀਪਲ ਸਾਹਿਬ ਮਹੱਲਾਂ ਵਿਚ ਮਹਾਰਾਣੀ ਜੀ ਨੂੰ ਪੜ੍ਹਾਣ ਜਾਂਦੇ ਹੁੰਦੇ ਸਨ, ਤੇ ਜਦੋਂ ਰਿਆਸਤਾਂ ਖ਼ਤਮ ਹੋਈਆਂ ਤਾਂ ਮਹਾਰਾਜ ਨੇ ਇਹ ਕਾਰ ਸਾਡੇ ਪ੍ਰਿੰਸੀਪਲ ਸਾਹਿਬ ਨੂੰ ਆਪਣੇ ਵੱਲੋਂ ਦਿੱਤੀ ਸੀ।”

“ਸਾਡੇ ਪ੍ਰਿੰਸੀਪਲ ਸਾਹਿਬ ਇਸ ਕਾਰ ਨੂੰ ਜਾਨ ਤੋਂ ਵੀ ਵੱਧ ਅਜ਼ੀਜ਼ ਰਖਦੇ ਨੇ। ਬਸ, ਜਦੋਂ ਕਦੇ-ਕਦਾਈਂ ਤੁਹਾਡੇ ਵਰਗੀ ਕੋਈ ਵੱਡੀ ਹਸਤੀ ਸਾਡੇ ਕਾਲਿਜ ਵਿਚ ਚਰਨ ਪਾਉਂਦੀ ਏ, ਤਾਂ ਹੀ ਕਿਤੇ ਉਹ ਇੰਜ ਇਹਨੂੰ ਵਰਤਣ ਲਈ ਦੇਣਾ ਮਨਜ਼ੂਰ ਕਰਦੇ ਨੇ।”

“ਅੱਜ ਤਾਂ ਪ੍ਰਿੰਸੀਪਲ ਸਾਹਿਬ ਬਹੁਤ ਖ਼ੁਸ਼ ਨੇ। ਸਾਨੂੰ ਕਿਹਾ ਨੇ ਕਿ ਮੀਟਿੰਗ ਉਨ੍ਹਾਂ ਦੇ ਆਪਣੇ ਬੰਗਲੇ ਵਿਚ ਰੱਖੀ ਜਾਏ, ਤੇ ਉਹ ਸਭਨਾਂ ਮੈਂਬਰਾਂ ਨੂੰ ਤੁਹਾਡੇ ਸੁਆਗਤ ਵਿਚ ਚਾਹ ਵੀ ਪਿਆ ਰਹੇ ਨੇ।”

“ਆਮ ਤੌਰ ਉਤੇ ਸਾਡੀ ਮੀਟਿੰਗ ਵਿਚ ਸਿਰਫ਼ ਸਾਡੇ ਕੁਝ ਮੈਂਬਰ ਹੀ ਆਉਂਦੇ ਹੁੰਦੇ ਨੇ, ਪਰ ਅੱਜ ਪ੍ਰਿੰਸੀਪਲ ਸਾਹਿਬ ਨੇ ਕੁਝ ਪਤਵੰਤਿਆਂ ਨੂੰ ਵੀ ਬੁਲਾਇਆ ਹੋਇਆ ਏ, ਤਾਂ ਜੋ ਤੁਸੀਂ ਉਨ੍ਹਾਂ ਨੂੰ—ਨਹੀਂ, ਉਹ ਸਭ ਤੁਹਾਨੂੰ ਮਿਲ ਸਕਣ।”

ਕੁਮਾਰ ਬੇਚਿਤਾ ਜਿਹਾ ਇਹ ਸਭ ਸੁਣਦਾ ਰਿਹਾ, ਤੇ ਉਹ ਇਸ ਕਾਰ ਵਿਚ ਅੱਜ ਤਕ ਚੜ੍ਹੀਆਂ ਪਤਵੰਤੀਆਂ ਸੁਆਰੀਆਂ ਬਾਰੇ ਸੋਚਦਾ ਰਿਹਾ, ਮਹਾਰਾਜੇ ਵੇਲੇ ਤੇ ਉਸ ਤੋਂ ਪਿਛੋਂ ਪ੍ਰਿੰਸੀਪਲ ਦੇ ਵੇਲੇ—ਕਿਸੇ ਕਹਾਣੀਕਾਰ ਲਈ ਚੰਗਾ ਵਿਸ਼ਾ ਸੀ…

ਪ੍ਰਿੰਸੀਪਲ ਸਾਹਿਬ ਦੇ ਡਰਾਇੰਗ ਰੂਮ ਵਿਚ ਅੱਛਾ ਖਾਸਾ ਇਕੱਠ ਸੀ। ਸਭ ਦੀ ਜਾਣ-ਪਛਾਣ ਕਰਵਾਈ ਗਈ।

ਜਾਣ ਪਛਾਣ ਪਿਛੋਂ ਕੁਮਾਰ ਨੂੰ ਇਹ ਸਾਹਿਤ ਸਭਾ ਨਾਲੋਂ ਕਿਤੇ ਵੱਧ ਠੇਕੇਦਾਰ-ਸਭਾ ਜਾਪੀ; ਤੇ ਹੌਲੀ ਹੌਲੀ ਇਹ ਸਾਹਿਤਕ ਮੀਟਿੰਗ ਨਾਲੋਂ ਕਿਤੇ ਵੱਧ ਚਾਹ ਪਾਰਟੀ ਬਣਦੀ ਗਈ। ਪਹਿਲਾਂ ਕਿਤੇ ਕੁਮਾਰ ਨੂੰ ਝਾਉਲਾ ਜਿਹਾ ਪਿਆ—ਸ਼ਾਇਦ ਉਸਨੇ ਪ੍ਰਿੰਸੀਪਲ ਸਾਹਿਬ ਨੂੰ ਪਹਿਲਾਂ ਕਿਤੇ ਵੇਖਿਆ ਹੋਇਆ ਸੀ। ਪਰ ਕਿਥੇ? ਉਹਨੂੰ ਉੱਕਾ ਅਹੁੜ ਨਹੀਂ ਸੀ ਰਿਹਾ। ਇਹ ਲੱਭਣਾ ਏਨਾ ਜ਼ਰੂਰੀ ਵੀ ਤੇ ਨਹੀਂ ਸੀ, ਪਰ ਇਹ ਸਵਾਲ ਜਿਵੇਂ ਉਹਦੇ ਦਿਮਾਗ਼ ਵਿਚ ਅੜ ਹੀ ਗਿਆ ਹੋਵੇ...ਇਨ੍ਹਾਂ ਨੂੰ ਵੇਖਿਆ ਕਿਤੇ ਨਹੀਂ ਹੋਣਾ—ਚਿੱਠੀ ਵਿਚ, ਟੈਲੀਫ਼ੋਨ ਤੇ ਮਿਲਣ ਉਤੇ ਪ੍ਰਧਾਨ, ਸਕੱਤਰ ਵਲੋਂ ਬੋਲੇ ਇਕੋ ਜਿਹੇ ਫ਼ਿਕਰਿਆਂ ਤੇ ਵੱਖ-ਵੱਖ ਵੇਲੇ ਮਿਲੇ ਇਨ-ਬਿਨ ਇਕੋ ਜਿਹੇ ਦੋ ਗੁਲਦਸਤਿਆਂ ਵਾਂਗ ਸੱਚੇ-ਢਲੇ ਪ੍ਰਿੰਸੀਪਲ ਉਹਨੇ ਹੋਰ ਅਨੇਕਾਂ ਵੇਖੇ ਹੋਏ ਸਨ। ਸ਼ਾਇਦ ਇਸੇ ਲਈ ਹੀ ਉਹਨੂੰ ਜਾਪ ਰਿਹਾ ਸੀ ਕਿ ਪ੍ਰਿੰਸੀਪਲ ਸਾਹਿਬ ਨੂੰ ਉਹਨੇ ਪਹਿਲਾਂ ਕਿਤੇ ਵੇਖਿਆ ਹੋਇਆ ਸੀ।

ਪ੍ਰਿੰਸੀਪਲ ਸਾਹਿਬ ਸੁਆਗਤੀ ਵਿਆਖਿਆਨ ਦੇ ਰਹੇ ਸਨ, “ਕੁਮਾਰ ਸਾਹਿਬ ਸਾਡੀ ਮਾਤ-ਬੋਲੀ ਦੀ ਸ਼ਾਨ ਹਨ। ਇਨ੍ਹਾਂ ਨੇ ਸਾਡੀ ਮਾਤ-ਬੋਲੀ ਦੀ ਮਾਣਤਾ ਤੇ ਪ੍ਰਸਿੱਧੀ ਸਾਰੇ ਵਿਸ਼ਵ ਵਿਚ ਪੁਚਾ ਦਿੱਤੀ ਹੈ। ਸਾਨੂੰ ਸਭ ਨੂੰ ਆਪਣੀ ਮਾਤ-ਬੋਲੀ ਨਾਲ ਪਿਆਰ ਕਰਨਾ ਚਾਹੀਦਾ ਹੈ। ਜਿਵੇਂ ਅੰਗ੍ਰੇਜ਼ੀ ਦੇ ਕਿਸੇ ਪੋਇਟ ਨੇ ਕਿਹਾ ਹੈ...”

ਪ੍ਰਿੰਸੀਪਲ ਸਾਹਿਬ ਦਾ ਛੇ ਕੁ ਵਰ੍ਹਿਆਂ ਦਾ ਪੋਤਰਾ ਵਿਚ ਵਿਚ ਕਿੰਨੀ ਵਾਰ ਆ ਕੇ ਕੁਮਾਰ ਨਾਲ ਅੰਗ੍ਰੇਜ਼ੀ ਵਿਚ ਗੱਲਾਂ ਛੇੜ ਲੈਂਦਾ ਸੀ। ਉਹ ਆਪੇ ਹੀ ਉਹਨੂੰ ਦੱਸਦਾ ਕਿ ਉਹ ਕਾਨਵੈਂਟ ਵਿਚ ਪੜ੍ਹਦਾ ਹੈ; ਉਹ ਪਾਣੀ ਨਹੀਂ ਪੀਂਦਾ, ਕੋਕਾ ਕੋਲਾ ਪੀਂਦਾ ਹੈ; ਉਹਦੀ ਪਾਕਿਟ ਵਿਚ ਚਿਊਇੰਗ ਗੱਮ ਹੈ।

ਫੇਰ ਕੁਮਾਰ ਦੇ ਸੁਆਗਤ ਵਿਚ ਇਕ ਠੇਕੇਦਾਰ ਸਾਹਿਬ ਬੋਲੇ, “ਮੁਆਫ਼ ਕਰਨਾ, ਮੈਨੂੰ ਆਪਣੀ ਬੋਲੀ ਵਿਚ ਚੰਗੀ ਤਰ੍ਹਾਂ ਬੋਲਣਾ ਨਹੀਂ ਆਉਂਦਾ, ਮੈਂ ਅੰਗ੍ਰੇਜ਼ੀ ਵਿਚ ਬੋਲਾਂਗਾ” ਤੇ ਅੱਗੋਂ ਕਾਂਟਾ ਮੋੜ ਕੇ ਉਹ ਅੰਗ੍ਰੇਜ਼ੀ ਵਿਚ ਕਹਿਣ ਲੱਗੇ, “ਮੈਨੂੰ ਦੱਸਿਆ ਗਿਆ ਹੈ ਕਿ ਕੁਮਾਰ ਸਾਹਿਬ ਸਾਡੀ ਮਾਤ-ਬੋਲੀ ਦੇ ਬੜੇ ਗਰੇਟ ਸਕਾਲਰ ਹਨ। ਮੈਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਈ ਹੈ ਕਿ ਉਹ ਸਾਡੇ ਪ੍ਰਿੰਸੀਪਲ ਸਾਹਿਬ ਦੇ ਵੀ ਬੜੇ ਦੋਸਤ ਹਨ। ਸਕਾਲਰਾਂ ਦੀ ਸਕਾਲਰਾਂ ਨਾਲ ਹੀ ਤਾਂ ਦੋਸਤੀ ਹੁੰਦੀ ਹੈ। ਸਾਡੇ ਵਰਗੇ ਹਮਾਤੜਾਂ ਨੇ ਤਾਂ ਪੈਸੇ ਨਾਲ ਹੀ ਦੋਸਤੀ ਪਾਈ ਹੈ। ਪਰ ਦੋਸਤੋ, ਵਿਦਵਾਨ ਹੋਣਾ ਬੜੀ ਚੀਜ਼ ਹੈ। ਜਿਹੜੀ ਕੌਮ ਵਿਦਵਾਨਾਂ ਦੀ ਕਦਰ ਨਹੀਂ ਕਰਦੀ, ਉਹ...ਉਹ,” ਤੇ ਠੇਕੇਦਾਰ ਸਾਹਿਬ ਟਟੋਲ ਰਹੇ ਸਨ ਕਿ ਅਗੋਂ ਕੀ ਕਹਿਣ ਕਿ ਉਸ ਕੌਮ ਨੂੰ ਕੀ ਹੋ ਜਾਂਦਾ ਹੈ...

ਫੇਰ ਕੁਝ ਸਥਾਨਕ ਕਵੀਆਂ ਨੇ ਆਪਣੀਆਂ ਕਵਿਤਾਵਾਂ ਗੰਵੀਆਂ। ਉਨ੍ਹਾਂ ਵਿਚੋਂ ਕੁਝ ਨੇ ਆਪਣੀਆਂ ਕਿਤਾਬਾਂ ਕੁਮਾਰ ਨੂੰ ਭੇਟ ਕੀਤੀਆਂ, ਤੇ ਮੰਗ ਕੀਤੀ ਕਿ ਇਨ੍ਹਾਂ ਬਾਰੇ ਉਹ ਆਪਣੀ ਵਡਮੁੱਲੀ ਰਾਏ ਉਨ੍ਹਾਂ ਨੂੰ ਜ਼ਰੂਰ ਭੇਜਣ।

ਫੇਰ ਪ੍ਰਿੰਸੀਪਲ ਸਾਹਿਬ ਨੇ ਕੁਮਾਰ ਦੀ ਉਚੇਚੀ ਖ਼ਾਤਰਦਾਰੀ ਸ਼ੁਰੂ ਕੀਤੀ, “ਇਹ ਪਿੰਨੀਆਂ ਜ਼ਰੂਰ ਖਾਓ। ਏਥੇ ਸਭ ਕੁਝ ਖ਼ਾਲਸ ਦੇਸੀ ਘਿਓ ਦਾ ਬਣਿਆ ਹੋਇਆ ਏ। ਮੈਂ ਸਾਰੀ ਉਮਰ ਆਪਣੇ ਘਰ ਵਲੈਤੀ ਘਿਓ ਨਹੀਂ ਵਾੜਿਆ,” ਤੇ ਪ੍ਰਿੰਸੀਪਲ ਸਾਹਿਬ ਇਕ ਖ਼ਾਸ ਤਰ੍ਹਾਂ ਖੀਂ-ਖੀਂ ਕਰਦੇ ਹੱਸ ਪਏ।

ਕੁਮਾਰ ਨੇ ਆਪਣੇ ਸਾਹਮਣੇ ਪਈ ਪਲੇਟ ਵਿਚੋਂ ਇਕ ਟੁਕੜਾ ਚੁੱਕਿਆ, ਪਰ ਹੱਥ ਵਿਚ ਹੀ ਫੜੀ ਰਖਿਆ…ਇਸ ਤਰ੍ਹਾਂ ਦੀ ਖੀਂ-ਖੀਂ ਬਹੁਤ ਚਿਰ ਪਹਿਲਾਂ ਅੱਗੇ ਵੀ ਉਹਨੇ ਇਕ ਵਾਰ ਕਿਤੇ ਸੁਣੀ ਸੀ, ਤੇ ਦੇਸੀ ਘਿਓ...

ਪ੍ਰਿੰਸੀਪਲ ਸਾਹਿਬ ਚੰਗੇ ਮੇਜ਼ਬਾਨ ਵਾਂਗ ਪਲੇਟਾਂ ਦੇ ਨਾਲ-ਨਾਲ ਗੱਲਬਾਤ ਵੀ ਤੋਰੀ ਜਾ ਰਹੇ ਸਨ, “ਹੁਣ ਤਾਂ ਕੁਝ ਵੀ ਸੁੱਚਾ ਨਹੀਂ ਰਿਹਾ, ਨਾ ਸੁੱਚਾ ਘਿਓ, ਨਾ ਸੁੱਚਾ ਵਿਹਾਰ ਤੇ ਵਤੀਰਾ ਪਤਾ ਨਹੀਂ ਜ਼ਮਾਨੇ ਨੂੰ ਕੀ ਫਿਟਕ ਪੈ ਗਈ ਏ। ਇਹ ਵਧਦੇ ਭ੍ਰਿਸ਼ਟਾਚਾਰ ਨੂੰ ਹੀ ਲਓ…।” ...ਕੁਮਾਰ ਨੇ ਓਦੋਂ ਬੀ.ਏ. ਦਾ ਇਮਤਿਹਾਨ ਪਾਸ ਹੀ ਕੀਤਾ ਸੀ। ਉਨ੍ਹਾਂ ਦੇ ਘਰ ਵਿਚ ਬੜੀ ਗ਼ਰੀਬੀ ਸੀ। ਲਾਇਕ ਹੋਣ ਦੇ ਬਾਵਜੂਦ ਅੱਗੇ ਪੜ੍ਹਣ ਦੀ ਕੋਈ ਪਾਇਆਂ ਨਹੀਂ ਸੀ—ਤੇ ਉਹ ਇਸੇ ਰਿਆਸਤ ਵਿਚ ਇਕ ਥਾਂ-ਸਕੂਲ ਮਾਸਟਰ ਦੀ ਨੌਕਰੀ ਲਈ ਆਇਆ ਸੀ...

ਹੁਣ ਮੇਜ਼ ਉੱਤੇ ਗੱਲ ਗਰੀਬੀ ਬਾਰੇ ਚੱਲ ਰਹੀ ਸੀ। ਪ੍ਰਿੰਸੀਪਲ ਸਾਹਿਬ ਆਖ ਰਹੇ ਸਨ, “ਗ਼ਰੀਬੀ—ਹਰ ਕੋਈ ਗ਼ਰੀਬੀ ਦਾ ਬੜਾ ਢੰਡੋਰ ਪਿੱਟਦਾ ਏ। ਪਰ ਦੀਵਾਲੀ ਹੁਣੇ ਲੰਘੀ ਏ। ਲੱਖਾਂ-ਕਰੋੜਾਂ ਰੁਪਿਆਂ ਦੇ ਪਟਾਕੇ ਹੀ ਸਾਡੇ ਲੋਕਾਂ ਨੇ ਸਾੜ ਦਿੱਤੇ ਨੇ। ਇਹ ਗ਼ਰੀਬ ਨੇ? ਮਜ਼ਦੂਰ ਵੀ ਰੋਜ਼ ਸ਼ਰਾਬ ਪੀਂਦੇ ਨੇ ਤੇ ਜੱਟਾਂ ਦੀ ਤਾਂ ਪੁੱਛੋ ਹੀ ਨਾ—ਗ਼ਰੀਬੀ ਦਾ ਤਾਂ ਐਵੇਂ ਢੋਂਗ ਰਚਿਆ ਜਾਂਦਾ ਏ...”

...ਤੇ ਫੇਰ ਕੁਮਾਰ ਇਸੇ ਰਿਆਸਤ ਦੇ ਇਕ ਅਫ਼ਸਰ ਕੋਲ ਗਿਆ ਸੀ। ਇਸ ਬਾਰੇ ਮਸ਼ਹੂਰ ਸੀ ਕਿ ਉਹ ਆਪਣੀ ਬਰਾਦਰੀ ਦੇ ਲੋਕਾਂ ਨੂੰ ਜ਼ਰੂਰ ਨੌਕਰੀ ਦੁਆ ਦੇਂਦਾ ਹੈ। “ਏਡੀ ਵੱਡੀ ਪਦਵੀ ਉਤੇ ਹੋ ਕੇ ਵੀ ਉਹ ਆਪਣੀ ਬਰਾਦਰੀ ਨੂੰ ਨਹੀਂ ਭੁੱਲਿਆ, ਬੜਾ ਸਤਿਜੁਗੀ ਬੰਦਾ ਏ” ਉਹ ਅਫ਼ਸਰ ਕੁਮਾਰ ਨੂੰ ਇਸ ਰਿਆਸਤ ਵਿਚ ਮਾਸਟਰ ਲੁਆ ਸਕਦਾ ਸੀ। ਕੁਮਾਰ ਨੂੰ ਬਰਾਦਰੀ ਦਾ ਵਾਸਤਾ ਪਾਣਾ ਬਹੁਤ ਕਮੀਨੀ ਗੱਲ ਲੱਗਦੀ ਸੀ, ਪਰ ਲੋੜ ਨੇ ਇਹ ਕਮੀਨਗੀ ਵੀ ਉਸ ਅਫ਼ਸਰ ਸਾਹਮਣੇ ਓਦੋਂ ਉਹਦੇ ਕੋਲੋਂ ਕਰਵਾ ਲਈ ਸੀ। ਤੇ ਅਫ਼ਸਰ ਨੇ ਉਹਨੂੰ ਕਿਹਾ ਸੀ, “ਨੌਕਰੀ ਇਕ ਏ; ਤੇ ਮੇਰੀ ਬਰਾਦਰੀ ’ਚੋਂ ਹੀ ਦੋ ਉਮੀਦਵਾਰ ਨੇ। ਬਰਖ਼ੁਰਦਾਰ, ਨੌਕਰੀ ਦਾ ਫ਼ਿਕਰ ਨਾ ਕਰ। ਇਹ ਅਵੱਸ਼ ਮੇਰੀ ਬਰਾਦਰੀ ਵਾਲੇ ਨੂੰ ਹੀ ਮਿਲੇਗੀ। ਹਾਂ, ਜਿਹੜਾ ਤੁਹਾਡੇ ਦੋਵਾਂ ਵਿਚੋਂ ਦੇਸੀ ਘਿਓ ਦਾ ਇਕ ਟੀਨ ਲਿਆ ਦਏਗਾ…”, ਤੇ ਅਫ਼ਸਰ ਖੀਂ-ਖੀਂ- ਕਰ ਕੇ ਹੱਸਿਆ ਸੀ...

ਕੁਮਾਰ ਨੇ ਪਲੇਟ ਵਿਚੋਂ ਚੁੱਕਿਆ ਟੁਕੜਾ ਆਪਣੇ ਮੂੰਹ ਵਿਚ ਪਾਇਆ, ਦੇਸੀ ਘਿਓ ਦੀ ਹਵਾੜ ਉਸ ਵਿਚੋਂ ਆਈ — ਇਹ ਹਵਾੜ ਕੁਮਾਰ ਨੂੰ ਉੱਕਾ ਚੰਗੀ ਨਹੀਂ ਸੀ ਲਗਦੀ। ਪ੍ਰਿੰਸੀਪਲ ਸਾਹਿਬ ਕਹਿ ਰਹੇ ਸਨ, “ਮਹਾਰਾਜ ਜਦੋਂ ਗੱਦੀ ਨਸ਼ੀਨੀ ਬਾਅਦ ਪਹਿਲੀ ਵਾਰ — ਨਗਰ ਆਏ, ਤਾਂ ਮੈਂ ਉਥੇ ਹੀ ਪੋਸਟਿਡ ਸਾਂ।”

ਇਹ ਤੇ ਉਹੀ ਨਗਰ ਸੀ, ਜਿਥੇ ਕੁਮਾਰ ਮਾਸਟਰੀ ਦੀ ਨੌਕਰੀ ਲੈਣ ਗਿਆ ਸੀ! ਕੁਮਾਰ ਨੇ ਹੁਣ ਡੂੰਘੀ ਨਜ਼ਰ ਨਾਲ ਪ੍ਰਿੰਸੀਪਲ ਸਾਹਿਬ ਦੇ ਚਿਹਰੇ ਨੂੰ ਘੋਖਿਆ। ਗਾਂਧੀ ਟੋਪੀ, ਰੰਗੇ ਵਾਲ, ਐਣਕ, ਤੇ ਝੁਰੜੀਆਂ ਦੇ ਥੱਲਿਓਂ ਵੀ ਕੁਮਾਰ ਨੂੰ ਉਸ ਅਫ਼ਸਰ ਦੀ ਰਿਆਸਤੀ ਪਗੜੀ, ਕੁਦਰਤੀ ਕਾਲੇ ਵਾਲ, ਬੇ-ਐਣਕ ਹਿਰਸੀ ਅੱਖਾਂ ਤੇ ਬਿਨ-ਝੁਰੜੀ ਕਠੋਰ ਨਕਸ਼ ਦਿਸ ਪਏ; ਦੇਸੀ ਘਿਓ ਦੀ ਗੱਲ ਕਰਦਿਆਂ ਖੀਂ-ਖੀਂ ਹਾਸੀ ਵੀ ਇਨ ਬਿਨ ਓਹੀ ਸੀ।

ਪ੍ਰਿੰਸੀਪਲ ਸਾਹਿਬ, ਕੁਮਾਰ ਦੀ ਇਸ ਤਕਣੀ ਨਾਲ ਬਿੰਦ ਦੀ ਬਿੰਦ ਠਠੰਬਰੇ ਤੇ ਫੇਰ ਬੋਲੇ, “ਤੁਸੀਂ ਤਾਂ ਕੁਝ ਖਾਂਦੇ ਹੀ ਨਹੀਂ। ਅੱਛਾ, ਇਹ ਪਕੌੜੇ ਹੀ ਲਓ। ਬਿਲਕੁਲ ਗਲਾ ਨਹੀਂ ਖ਼ਰਾਬ ਕਰਨਗੇ। ਇਹ ਵੀ ਦੇਸੀ ਘਿਓ ਦੇ ਬਣੇ ਹੋਏ ਨੇ। ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਸੀ, ਮੈਂ ਸਾਰੀ ਉਮਰ ਆਪਣੇ ਘਰ ਵਲੈਤੀ ਘਿਓ ਨਹੀਂ ਵਾੜਿਆ,” ਤੇ ਫੇਰ ਉਸੇ ਤਰ੍ਹਾਂ ਖੀਂ-ਖੀਂ ਕਰਦੇ ਪ੍ਰਿੰਸੀਪਲ ਸਾਹਿਬ ਹੱਸ ਪਏ।

ਇਹ ਹੀ ਉਹ ਅਫ਼ਸਰ ਸਨ ਜਿਨ੍ਹਾਂ ਨੇ ਕੁਮਾਰ ਨੂੰ ਓਦੋਂ ਮਾਸਟਰ ਦੀ ਨੌਕਰੀ ਨਹੀਂ ਸੀ ਦਿੱਤੀ, ਕਿਉਂਕਿ ਉਨ੍ਹਾਂ ਦੇ ਹਮ-ਬਰਾਦਰੀ ਦੂਜੇ ਉਮੀਦਵਾਰ ਨੇ ਦੇਸੀ ਘਿਓ ਦਾ ਟੀਨ ਉਨ੍ਹਾਂ ਦੇ ਘਰ ਪੁਚਾ ਦਿੱਤਾ ਸੀ।

[1966]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •