Dhaka Fall (Punjabi Story) : Charanjit Singh Pannu
ਢਾਕਾ ਫਾਲ (ਕਹਾਣੀ) : ਚਰਨਜੀਤ ਸਿੰਘ ਪੰਨੂ
1971 ਦੀ ਭਾਰਤ ਪਾਕ ਜੰਗ ਵੀ ਇੱਕ ਅਭੁੱਲ ਦੁਖਾਂਤ ਸੀ। ਇਸ ਸਮੇਂ ਪੂਰਬੀ ਭਾਰਤ ਯਾਨੀ ਕਿ ਈਸਟ ਪਾਕਿਸਤਾਨ {ਬੰਗਾਲ} ਸਮੇਤ ਭਾਰਤ ਦੀਆਂ ਪਾਕਿਸਤਾਨ ਨਾਲ ਲਗਦੀਆਂ ਸਾਰੀਆਂ ਸਰਹੱਦਾਂ ਤੇ ਬਹੁਤ ਭਿਅੰਕਰ ਯੁੱਧ ਹੋਇਆ। ਪਾਕਿਸਤਾਨ ਹੇਠਲੇ ਚੜ੍ਹਦੇ ਪਾਕਿਸਤਾਨ ਯਾਨੀ ਕਿ ਪੂਰਬੀ ਬੰਗਾਲ ਦੇ ਲੋਕਾਂ ਨੇ ਆਪਣੀ ਸੁਤੰਤਰਤਾ ਦਾ ਬਿਗਲ ਵਜਾ ਦਿੱਤਾ। ਮਾਰਚ 1971 ਵਿਚ ਯਾਈਆ ਖ਼ਾਨ ਦੀਆਂ ਫ਼ੌਜਾਂ ਨੇ ਜੁਲਫਕਾਰ ਅਲੀ ਭੁੱਟੋ ਦੀ ਸਲਾਹ ਤੇ ਢਾਕਾ ਯੂਨੀਵਰਸਿਟੀ ਤੇ ਹਮਲਾ ਕਰ ਕੇ ਕਤਲੇਆਮ ਕੀਤਾ ਕਿਉਂਕਿ ਇੱਥੋਂ ਦੇ ਹੀ ਜੁਝਾਰੂ ਪ੍ਰੋਫੈਸਰ ਤੇ ਵਿਦਿਆਰਥੀਆਂ ਨੇ ਆਪਣੀ ਗ਼ੁਲਾਮੀ ਤੋਂ ਛੁਟਕਾਰਾ ਕਰਨ ਦਾ ਅਹਿਦ ਲਿਆ ਸੀ। ਇਸ ਐਕਸ਼ਨ ਵਿਚ ਜਵਾਨ ਔਰਤਾਂ ਵਿਦਿਆਰਥੀਆਂ ਨਾਲ ਘੋਰ ਤਸ਼ੱਦਦ ਕੀਤਾ ਗਿਆ ਕਿ ਸੰਸਾਰ ਭਰ ਵਿਚ ਹਾਹਾਕਾਰ ਮੱਚ ਗਈ। ਗਵਾਂਢੀ ਮੁਲਕ ਹੋਣ ਦੇ ਨਾਤੇ ਭਾਰਤ ਨੂੰ ਵੀ ਇਸ ਅੱਗ ਦਾ ਸੇਕ ਲੱਗਣਾ ਜ਼ਰੂਰੀ ਸੀ। ਇਸ ਸੇਕ ਦੀ ਪੇਸ਼-ਬੰਦੀ ਵਜੋਂ ਇਸ ਸੰਘਰਸ਼ ਵਿਚ ਭਾਰਤ ਨੇ ਉੱਥੋਂ ਦੇ ਵਿਰੋਧੀ ਨੇਤਾ ਮੁਜੀਬੁਲ-ਰਹਿਮਾਨ ਦਾ ਸਮਰਥਨ ਹੀ ਨਹੀਂ ਕੀਤਾ ਸਗੋਂ ਫ਼ੌਜੀ ਮਦਦ ਭੇਜਣ ਦੀ ਵੀ ਪੇਸ਼ਕਸ਼ ਕੀਤੀ ਜੋ ਉਨ੍ਹਾਂ ਖਿੜੇ ਮੱਥੇ ਪ੍ਰਵਾਨ ਕਰ ਲਈ। ਆਜ਼ਾਦੀ ਦੀ ਇਸ ਘਰੇਲੂ ਜੰਗ ਵਿਚ ਕੁੱਲ ਦੋ ਲੱਖ ਤੋਂ ਤਿੰਨ ਲੱਖ ਮਨੁੱਖੀ ਜਾਨਾਂ ਦਾ ਲਹੂ ਰੁੜ੍ਹਿਆ। ਆਖ਼ਰਕਾਰ ਢਾਕਾ ਸਥਿਤ ਜਨਰਲ ਨਿਆਜ਼ੀ ਦੀ ਕਮਾਨ ਹੇਠਲੀ ਪਾਕਿਸਤਾਨੀ ਫ਼ੌਜ ਨੂੰ ਹਥਿਆਰ ਸੁੱਟਣੇ ਪਏ। ਭਾਰਤ ਦੇ ਮੇਜਰ ਜਨਰਲ ਜਗਜੀਤ ਸਿੰਘ ਅਰੋੜਾ ਅਧੀਨ ਫ਼ੌਜੀ ਕਮਾਨ ਨੇ 16 ਦਸੰਬਰ 1971 ਨੂੰ ਇੱਕ ਲੱਖ ਪਾਕਿਸਤਾਨੀ ਫ਼ੌਜੀਆਂ ਕੋਲੋਂ ਆਤਮ-ਸਮਰਪਣ ਕਰਵਾ ਕੇ ਪਾਕਿਸਤਾਨ ਦਾ ਇਹ ਪੂਰਬੀ ਟੁਕੜਾ ਢਾਕਾ ਆਜ਼ਾਦ ਕਰਵਾ ਦਿੱਤਾ ਜਿਸ ਨੇ ਬਾਦ ਵਿਚ ਅੰਤਰਰਾਸ਼ਟਰੀ ਪੱਧਰ ਤੇ ਸੋਨਾਰ-ਬਾਂਗਲਾ ਤੇ ਫਿਰ 'ਬੰਗਲਾ ਦੇਸ’ ਵਜੋਂ ਮਾਨਤਾ ਪ੍ਰਾਪਤ ਕੀਤੀ। ਇਸ ਸਮੇਂ ਭਾਰਤ ਦੇ ਈਸਟ ਤੇ ਵੈਸਟਰਨ ਸੈਕਟਰ ਵਿਚ ਪਾਕਿਸਤਾਨੀ ਤੇ ਹਿੰਦੁਸਤਾਨੀ ਫ਼ੌਜਾਂ ਵਿਚਕਾਰ ਵੀ ਤੇਰਾਂ ਦਿਨ ਖ਼ੂਬ ਗਹਿਗੱਚ ਭੀਸ਼ਨ ਯੁੱਧ ਛਿੜਿਆ ਰਿਹਾ। ਇਸ ਸਮੇਂ ਅਖੀਰਲੇ ਦਿਨ ਮੈਂ ਵੀ ਇਸ ਮੁਹਾਜ਼ ਵਿਚ ਸ਼ਾਮਲ ਭੁਰੇ-ਆਸਲ ਡਰੇਨ ਤੇ ਭਾਰਤੀ ਫ਼ੌਜੀਆਂ ਦੇ ਕਾਬੂ ਆ ਗਿਆ।
ਢਾਕਾ ਵਿਖੇ ਭਾਰਤੀ ਫ਼ੌਜਾਂ ਦੇ ਦਖ਼ਲ, ਸ਼ਮੂਲੀਅਤ ਅਤੇ ਪੇਸ਼-ਬੰਦੀ ਰੋਕਣ ਲਈ ਪਾਕਿਸਤਾਨ ਨੇ ਭਾਰਤ ਦੀ ਪੱਛਮੀ ਸਰਹੱਦ ਉੱਤੇ ਵੀ ਲੜਾਈ ਛੇੜ ਦਿੱਤੀ ਸੀ। ਜੰਮੂ ਕਸ਼ਮੀਰ, ਪੰਜਾਬ, ਰਾਜਸਥਾਨ ਆਦਿ ਸਾਰੇ ਖੇਤਰਾਂ ਵਿਚ ਪ੍ਰਚੰਡ ਯੁੱਧ ਛਿੜ ਚੁੱਕਾ ਸੀ। ਬਹੁਤ ਥਾਈਂ ਭਾਰਤੀ ਫ਼ੌਜ ਪਾਕਿਸਤਾਨੀ ਹਿੱਸੇ ਵੱਲ ਅੱਗੇ ਵਧ ਗਈ ਸੀ ਤੇ ਕਈ ਥਾਈਂ ਪਾਕਿਸਤਾਨੀ ਫ਼ੌਜ ਭਾਰਤ ਵੱਲ ਵਧ ਆਈ ਸੀ। ਖੇਮਕਰਨ ਸੈਕਟਰ ਬਹੁਤ ਸੰਵੇਦਨਸ਼ੀਲ ਮੁਹਾਜ਼ ਸੀ ਜਿਸ ਤੇ ਰਾਤ ਦਿਨ ਦੋਹਾਂ ਫ਼ੌਜਾਂ ਦਾ ਬਹੁਤ ਜ਼ੋਰ ਲੱਗ ਰਿਹਾ ਸੀ। ਮੇਰੇ ਛੋਟੇ ਭਰਾ ਨਰਿੰਦਰ ਸਿੰਘ ਜੋ ਭਾਰਤੀ ਫ਼ੌਜ ਦੀ ਤੋਪਖ਼ਾਨੇ ਯੂਨਿਟ ਵਿਚ ਖੇਮਕਰਨ ਸੈਕਟਰ ਦੀ ਲੜਾਈ ਵਿਚ ਸ਼ਾਮਲ ਸੀ, ਦਾ ਕਈ ਦਿਨ ਕੋਈ ਸੁੱਖ ਸੁਨੇਹਾ ਥਹੁ ਪਤਾ ਨਾ ਲੱਗਾ। ਕਾੜ੍ਹ ਕਾੜ੍ਹ ਗੋਲ਼ੀਆਂ ਬੰਬਾਂ ਦੀਆਂ ਆਵਾਜ਼ਾਂ ਸਾਰੇ ਸੰਬੰਧਿਤ ਰਿਸ਼ਤਿਆਂ/ਦਿਲਾਂ ਤੇ ਚੋਟਾਂ ਲਗਾਉਂਦੀਆਂ ਰਹੀਆਂ। ਮੇਰੀ ਮਾਤਾ ਦੇ ਬਾਰ ਬਾਰ ਕਹਿਣ ਤੇ ਮੈਂ ਉਸ ਦੀ ਖੋਜ ਕਰਨ ਦਾ ਤਹੱਈਆ ਕੀਤਾ।
16 ਦਸੰਬਰ 1971 ਦਾ ਭਿਆਨਕ ਦਿਨ ਮੇਰੀਆਂ ਯਾਦਾਂ ਦੀ ਪਟਾਰੀ ਦਾ ਅਭੁੱਲ ਖ਼ਤਰਨਾਕ ਪਰ ਸ਼ੁੱਭ ਸੁਭਾਗਾ ਦਿਨ ਵੀ ਹੈ। ਬੜੀ ਮੁਸ਼ਕਲ ਰੇਲ ਗੱਡੀ ਰਾਹੀਂ ਪੱਟੀ ਰੇਲਵੇ ਸਟੇਸ਼ਨ ਤੱਕ ਪਹੁੰਚਾ। ਖੇਮਕਰਨ ਵਾਲੀ ਇਸ ਰੇਲ ਗੱਡੀ ਨੇ ਅੱਗੇ ਖੇਮਕਰਨ ਤੱਕ ਜਾਣ ਤੋਂ ਨਾਂਹ ਕਰ ਦਿੱਤੀ। ਪੱਟੀ ਸ਼ਹਿਰ ਅਤੇ ਆਸੇ ਪਾਸੇ ਦਾ ਸਾਰਾ ਚੌਗਿਰਦਾ ਫ਼ੌਜੀ ਛਾਉਣੀ ਨਜ਼ਰ ਆ ਰਿਹਾ ਸੀ। ਬਾਜ਼ਾਰਾਂ ਵਿਚ ਸੁੰਞ-ਮਸਾਣ ਮੱਚੀ ਪਈ ਸੀ। ਮਿਲਟਰੀ ਦੀਆਂ ਛੋਟੀਆਂ ਵੱਡੀਆਂ ਗੱਡੀਆਂ ਟਰੱਕ ਹਰਲ ਹਰਲ ਕਰਦੇ ਫਿਰ ਰਹੇ ਸਨ। ਪੱਟੀ ਤੋਂ ਅੱਗੇ ਖੇਮਕਰਨ ਤੱਕ ਜਾਣ ਲਈ ਕੋਈ ਸਾਧਨ ਨਹੀਂ ਸੀ। ਬੱਸਾਂ ਗੱਡੀਆਂ ਸਭ ਬੰਦ ਸਨ। ਸਰਹੱਦੀ ਇਲਾਕੇ ਦੇ ਪਿੰਡ ਖ਼ਾਲੀ ਕਰਵਾ ਲਏ ਗਏ ਸਨ। ਪੱਟੀ, ਅਮਰਕੋਟ, ਭਿੱਖੀਵਿੰਡ, ਖਾਲੜਾ ਵਿਖੇ ਸਿੱਖਾਂ/ਨਿਹੰਗਾਂ ਦੇ ਭੇਸ ਵਿਚ ਕਈ ਪਾਕਿਸਤਾਨੀ ਜਾਸੂਸ ਫੜੇ ਗਏ ਸਨ। ਏਸੇ ਖੇਮਕਰਨ ਸੈਕਟਰ ਵਿਚ 1965 ਦੀ ਭਾਰਤ-ਪਾਕ ਜੰਗ ਸਮੇਂ ਪਾਕਿਸਤਾਨੀ ਫ਼ੌਜ ਦਸ ਕਿੱਲੋਮੀਟਰ ਤੱਕ ਅੱਗੇ ਵਧ ਆਈ ਸੀ। ਇਸ ਸਮੇਂ ਉਨ੍ਹਾਂ ਦੀ ਪੇਸ਼-ਕਦਮੀ ਰੋਕਣ ਵਾਸਤੇ ਆਂਸਲ ਉਤਾੜ ਦੇ ਜੰਗੀ ਮੈਦਾਨ ਵਿਚ ਅਬਦੁਲ ਹਮੀਦ ਨਾਮੀ ਹੌਲਦਾਰ ਨੇ ਆਪਣੇ ਭਾਰਤ ਦੇਸ਼ ਦੀ ਆਨ ਤੇ ਸ਼ਾਨ ਵਾਸਤੇ ਆਪਣੀ ਜਿ਼ੰਦਗੀ ਦੀ ਬਾਜ਼ੀ ਲਗਾ ਕੇ ਪਾਕਿਸਤਾਨ ਦੇ ਤਿੰਨਾਂ ਟੈਂਕਾਂ ਨੂੰ ਨਿਸ਼ਾਨਾ ਲਾ ਕੇ ਫੁੰਡਿਆ ਭਾਵੇਂ ਉਹ ਵੀ ਉਨ੍ਹਾਂ ਦੇ ਬੰਬਾਰਾਂ ਦਾ ਨਿਸ਼ਾਨਾ ਬਣ ਕੇ ਆਪਣੀ ਜਾਨ ਤੋਂ ਹੱਥ ਧੋ ਬੈਠਾ। ਬੇਮਿਸਾਲ ਕੁਰਬਾਨੀ ਤੇ ਦੇਸ਼ ਭਗਤੀ ਜਜ਼ਬੇ ਕਾਰਨ ਪਰਨਾਈ ਸ਼ਹੀਦੀ ਕਾਰਨ ਉਸ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੀ ਸਮਾਧ ਤੇ ਹਰ ਸਾਲ ਮੇਲਾ ਲੱਗਦਾ ਹੈ ਤੇ ਲੋਕ ਇਸ ਕੌਮੀ ਸ਼ਹੀਦ ਦੀ ਵੀਰਗਤੀ ਨੂੰ ਯਾਦ ਕਰਦੇ ਸ਼ਰਧਾਂਜਲੀ ਭੇਟ ਕਰਦੇ ਹਨ। ਅਬਦੁਲ ਹਮੀਦ ਦੇ ਨਾਮ ਤੇ ਇੱਥੇ ਇੱਕ ਸੈਨਿਕ ਸਕੂਲ ਖੋਲ੍ਹਣ ਦੀ ਮੰਗ ਵੀ ਜ਼ੋਰ ਫੜਦੀ ਜਾ ਰਹੀ ਹੈ ਤਾਂ ਜੋ ਆਉਣ ਵਾਲੀ ਨਵੀਂ ਪੀੜ੍ਹੀ ਉਸ ਦੀ ਕੁਰਬਾਨੀ ਨੂੰ ਯਾਦ ਰੱਖਦੀ ਰਹੇ ਅਤੇ ਇਹ ਸਰਕਾਰ ਦੇ ਗੰਭੀਰ ਧਿਆਨ ਗੋਚਰੇ ਹੈ।
ਭੁਰੇ ਆਂਸਲ ਸਾਰਾ ਪਿੰਡ ਖ਼ਾਲੀ ਵੇਖ ਕੇ ਮੈਨੂੰ ਪਾਕਿਸਤਾਨ ਦਾ ਇੱਛੋਗਿੱਲ ਨਹਿਰ ਕੰਢੇ ਵਸਿਆ ਘੁੱਗ ਵੱਸਦਾ ਕਸਬਾ ਡੋਗਰਾਈ ਯਾਦ ਆਇਆ ਜਿੱਥੇ 1965 ਦੀ ਜੰਗ ਸਮੇਂ ਭਾਰਤੀ ਫ਼ੌਜਾਂ ਨੇ ਕਬਜ਼ਾ ਕਰ ਲਿਆ ਸੀ। ਉੱਥੋਂ ਲਾਹੌਰ ਕੇਵਲ 5-6 ਮੀਲ ਦੀ ਵਿੱਥ ਤੇ ਰਹਿ ਜਾਂਦਾ ਹੈ। ਇਹ ਨਹਿਰ ਭਾਰਤੀ ਫ਼ੌਜਾਂ ਦੇ ਵਧਦੇ ਕਦਮਾਂ ਵਿਚ ਰੁਕਾਵਟ ਬਣ ਗਈ, ਨਹੀਂ ਤੇ ਇੱਕ ਘੰਟੇ ਵਿਚ ਇਨ੍ਹਾਂ ਦੇ ਲਾਹੌਰ ਉੱਪੜਨ ਦੀਆਂ ਪੇਸ਼ੀਨਗੋਈਆਂ ਆ ਗਈਆਂ ਸਨ। ਉਸ ਵੇਲੇ ਭਾਰਤੀ ਜ਼ਮੀਨੀ ਫ਼ੌਜਾਂ ਦਾ ਧਿਆਨ ਉਖਾੜਨ ਤੇ ਹੌਸਲੇ ਪਸਤ ਕਰਨ ਹਿਤ ਪਾਕਿਸਤਾਨੀ ਜਹਾਜ਼ਾਂ ਦੀ ਧਾੜ ਨੇ ਅੰਮ੍ਰਿਤਸਰ ਸ਼ਹਿਰ ਤੇ ਲਗਾਤਾਰ ਹਮਲੇ ਤੇਜ਼ ਕਰ ਦਿੱਤੇ ਸਨ। ਇੱਥੇ ਰਡਾਰ ਤੇ ਬੈਠੇ ਸੂਬੇਦਾਰ ਜੋਗਿੰਦਰ ਸਿੰਘ ਦੀ ਐਂਟੀ-ਏਅਰਕਰਾਫਟ ਤੋਪ ਦੀ ਸ਼ਿਸਤ ਨੇ ਲਗਾਤਾਰ ਪੰਜ ਛੇ ਜਹਾਜ਼ ਫੁੰਡ ਕੇ ਢਪੱਈ ਤੇ ਭਰਾੜੀਵਾਲ ਪਿੰਡਾਂ ਦੇ ਖੇਤਾਂ ਵਿਚ ਸੁੱਟ ਕੇ ਦੁਸ਼ਮਣਾਂ ਦਾ ਮੂੰਹ ਮੋੜ ਦਿੱਤਾ। ਉਹ ਆਪ ਹਵਾਈ ਹਮਲੇ ਦੀ ਭੇਟ ਚੜ੍ਹ ਕੇ ਆਪਣੀਆਂ ਲੱਤਾਂ ਨਕਾਰਾ ਕਰਵਾ ਬੈਠਾ ਪਰ ਉਸ ਨੇ ਹੌਸਲਾ ਨਹੀਂ ਹਾਰਿਆ। ਉਸ ਨੂੰ ਭਾਰਤ ਦੇ ਰਾਸ਼ਟਰਪਤੀ ਨੇ ਉੱਚਤਮ ਬਹਾਦਰੀ ਸਨਮਾਨ ਦੇ ਕੇ ਨਿਵਾਜਿਆ।
ਜੰਗਬੰਦੀ ਤੇ ਤੀਸਰੇ ਦਿਨ ਉਸ ਡੋਗਰਾਈ ਕਸਬੇ ਵਿਚ ਮੈਨੂੰ ਆਪਣੇ ਚਾਚੇ ਰਤਨ ਸਿੰਘ ਨਾਲ ਜਾਣ ਦਾ ਮੌਕਾ ਮਿਲਿਆ। ਉਹ ਸਕਿੰਨਰਜ਼-ਹਾਰਸ ਟੈਂਕ ਰਸਾਲੇ ਵਿਚ ਸੂਬੇਦਾਰ ਸੀ ਜਿਸ ਨੇ ਇਸ ਕਸਬੇ ਵਿਚ ਪਹਿਲਾਂ ਟੈਂਕ ਵਾੜ ਕੇ ਕਬਜ਼ਾ ਕੀਤਾ ਸੀ। ਵੱਡੀਆਂ ਵੱਡੀਆਂ ਹਵੇਲੀਆਂ ਸੁੰਞ-ਮਸਾਣ ਰੂਪ ਧਾਰੀ ਆਪਣੀ ਖੋਹੀ ਗਈ ਰੌਣਕ ਤੇ ਬੁਰੀ ਕਿਸਮਤ ਨੂੰ ਹੰਝੂ ਕੇਰ ਰਹੀਆਂ ਸਨ ਤੇ ਭਾਂ ਭਾਂ ਕਰਦੀਆਂ ਖ਼ਾਲੀ ਗਲੀਆਂ ਵਿਚ ਫਿਰਦੇ ਕੁੱਤੇ ਬਿੱਲੀਆਂ ਆਪਣੇ ਮਾਲਕਾਂ ਨੂੰ ਲੱਭਦੀਆਂ ਵਿਲਕ ਰਹੀਆਂ ਸਨ। ਸਹਿਮੇ ਹੋਏ ਭੁੱਖੇ-ਭਾਣੇ ਬਿੱਲੀਆਂ ਕੁੱਤੇ ਆਏ ਗਏ ਦੇ ਹੱਥਾਂ ਵੱਲ ਟੁੱਕ ਦੀ ਝਾਕ ਕਰਦੇ ਪੂਛਾਂ ਹਿਲਾ ਰਹੇ ਸਨ। ਪਿੰਡ ਸਾਰਾ ਕੱਚਾ ਸੀ ਪਰ ਕਿਧਰੇ ਕਿਧਰੇ ਪੋਟਿਆਂ ਤੇ ਗਿਣਨ ਜੋਗੇ ਪੱਕੇ ਮਕਾਨ ਹਵੇਲੀਆਂ ਚੁਬਾਰੇ ਵੀ ਸਨ। ਕਿੱਲਿਆਂ ਨਾਲ ਬੱਧੇ ਡੰਗਰ ਰਹਿਮ ਦੀ ਦੁਆ ਕਰ ਰਹੇ ਸਨ ਜਿਨ੍ਹਾਂ ਨੂੰ ਫ਼ੌਜੀ ਸਿਪਾਹੀਆਂ ਨੇ ਖੋਲ੍ਹ ਕੇ ਆਜ਼ਾਦ ਕਰ ਦਿੱਤਾ ਸੀ। ਕਿਧਰੇ ਕਿਧਰੇ ਕੁੱਝ ਬਜ਼ੁਰਗ ਬੁੱਢੇ ਬੁੱਢੀਆਂ ਮੰਜੇ ਤੇ ਪਈਆਂ ਹੂੰਗੇ ਮਾਰ ਰਹੀਆਂ ਸਨ। ਉਨ੍ਹਾਂ ਨੂੰ ਭਾਰਤੀ ਫ਼ੌਜ ਦੇ ਡਾਕਟਰਾਂ ਨੇ ਦਵਾ ਦਾਰੂ ਦਾ ਇੰਤਜ਼ਾਮ ਕੀਤਾ ਤੇ ਭੁੱਖਿਆਂ ਨੂੰ ਫ਼ੌਜੀ ਲੰਗਰ ਛਕਾਇਆ। ਇੱਕ ਵੱਡੀ ਹਵੇਲੀ ਕਣਕ ਦੀਆਂ ਧਾਕਾਂ ਨਾਲ ਭਰੀ ਪਈ ਸੀ। ਸ਼ੀਸ਼ੇ ਵਾਲੀ ਇੱਕ ਸੁੰਦਰ ਨਿਵੇਕਲੀ ਨਵੀਂ ਮਧਾਣੀ ਮੇਰੇ ਨਜ਼ਰੀਂ ਪੈ ਗਈ। ਇਸ ਦੀ ਸੁਆਣੀ ਦੁੱਧ ਰਿੜਕਣ ਸਮੇਂ ਇਸ ਸ਼ੀਸ਼ੇ ਵਿਚੋਂ ਆਪਣਾ ਸੁੰਦਰ ਮੁਖੜਾ ਵੇਖਦੀ ਕਿੰਨੇ ਸੁਪਨੇ ਸਿਰਜਦੀ ਹੋਵੇਗੀ। ਪਿੱਤਲ ਦੀ ਇੱਕ ਭਾਰੀ ਸੁੰਦਰ ਚੌਰਸ ਸੁਰਮੇਦਾਨੀ ਜਿਸ ਦਾ ਭਾਰ ਇੱਕ ਪਾਈਆ ਤੋਂ ਵਧੇਰੇ ਸੀ, ਮੈਂ ਚਾਚੇ ਨੂੰ ਵਿਖਾ ਕੇ ਨੇਂਘ ਵਿਚ ਅੜੁੰਗ ਲਈ। ਲੱਕੜ ਦਾ ਇੱਕ ਸੁੰਦਰ ਸੰਦੂਕ, ਦਸ ਕੁ ਬੋਰੀਆਂ ਕਣਕ ਤੇ ਇੱਕ ਜਨਰੇਟਰ ਜੋ ਮਿਲਟਰੀ ਦੇ ਟਰੱਕ ਵਿਚ ਆ ਸਕੀਆਂ ਲੱਦ ਕੇ ਚਾਚਾ ਮੈਨੂੰ ਅੰਮ੍ਰਿਤਸਰ ਛੱਡ ਗਿਆ। ਵਾਹਗੇ ਬਾਰਡਰ ਨੇੜਲੇ ਹੋਰ ਲੋਕਾਂ ਨੇ ਵੀ ਉੱਧਰ ਫ਼ੌਜ ਨੂੰ ਲੰਗਰ ਪਾਣੀ ਦੀ ਸੇਵਾ ਬਹਾਨੇ ਚੰਗੀ ਮਾਰ ਧਾੜ ਤੇ ਲੁੱਟ ਮਚਾਈ। ਜੋ ਛੱਲੀ ਪੂਣੀ ਕਿਸੇ ਦੇ ਹੱਥ ਲੱਗੀ ਟਰੈਕਟਰ ਭਰ ਕੇ ਲੈ ਆਏ ਤੇ ਸਾਰੇ ਪਿੰਡ ਖ਼ਾਲੀ ਸ਼ਮਸ਼ਾਨ ਕਰ ਦਿੱਤੇ। ਦੋ ਚਾਰ ਦਿਨਾਂ ਵਿਚ ਹੀ ਚੋਰਾਂ ਨੂੰ ਮੋਰ ਪੈ ਗਏ। ਜਿੱਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਪੁਲਸ ਨੇ ਪਿੰਡਾਂ ਵਿਚ ਛਾਪੇ ਮਾਰ ਕੇ ਅਜੇਹੇ ਲੁੱਟ ਦੇ ਮਾਲ ਟਰਾਲੀਆਂ ਭਰ ਕੇ ਥਾਣੇ ਕਚਹਿਰੀਆਂ ਪਹੁੰਚਾਉਣ ਦਾ ਢੰਡੋਰਾ ਪਿੱਟ ਦਿੱਤਾ।
ਖੇਮਕਰਨ ਸੈਕਟਰ ਦੇ ਭੁਰੇ-ਆਸਲ ਤੱਕ ਇੱਧਰਲੇ ਆਪਣੇ ਪਿੰਡਾਂ ਨਾਲ ਵੀ ਇਵੇਂ ਹੀ ਬੀਤੀ। ਉੱਧਰਲੇ ਲੋਕ ਪਾਕਿਸਤਾਨੀ ਮਿਲਟਰੀ ਦੀ ਸ਼ਹਿ ਤੇ ਪਿੰਡਾਂ ਸ਼ਹਿਰਾਂ ਦੇ ਮਕਾਨਾਂ ਦੇ ਬੂਹੇ, ਬਾਰੀਆਂ, ਇੱਟਾਂ ਅਲਮਾਰੀਆਂ ਤੇ ਘਰਾਂ ਦੀਆਂ ਸਾਰੀਆਂ ਭਾਜੜਾਂ ਢੋ ਕੇ ਲੈ ਗਏ ਸਨ। ਜੰਗਬੰਦੀ ਤੋਂ ਬਾਦ ਸਰਹੱਦ ਤੇ ਸਥਿਤ ਖੇਮਕਰਨ ਤੇ ਅਮਰਕੋਟ ਕਸਬੇ ਵੀ ਮੈਨੂੰ ਵੇਖਣ ਦਾ ਮੌਕਾ ਮਿਲਿਆ ਜਿੱਥੇ ਖ਼ਾਲੀ ਕੱਚੀਆਂ ਕੰਧਾਂ ਹੀ ਖੜੀਆਂ ਰਹਿ ਗਈਆਂ ਸਨ। ਬਹੁਤ ਦੇਰ ਬਾਦ ਬੜੀ ਮੁਸ਼ਕਲ ਨਾਲ ਇਨ੍ਹਾਂ ਲੋਕਾਂ ਨੇ ਮੁੜ ਆਪਣੀ ਜੀਵਨ ਸ਼ੈਲੀ ਪਟੜੀ ਤੇ ਸਿੱਧੀ ਕੀਤੀ ਸੀ ਕਿ ਹੁਣ ਫਿਰ ਜੰਗ ਦੇ ਬੱਦਲਾਂ ਨੇ ਨਵਾਂ ਉਜਾੜਾ ਧਰ ਦਿੱਤਾ। ਸਾਰੇ ਲੋਕਾਂ ਨੂੰ ਪਿੱਛੇ ਪੱਟੀ, ਝਬਾਲ ਵਿਖੇ ਲਗਾਏ ਕੈਂਪਾਂ ਵਿਚ ਜਾਣ ਦੇ ਹੁਕਮ ਦੇ ਦਿੱਤੇ ਗਏ। ਕੁੱਝ ਲੋਕ ਕੈਂਪਾਂ ਵਿਚ ਚਲੇ ਗਏ ਤੇ ਕੁੱਝ ਆਪਣੇ ਰਿਸ਼ਤੇਦਾਰਾਂ ਕੋਲ ਜਾ ਕੇ ਪਨਾਹਗੀਰ ਬਣ ਗਏ। ਇਨ੍ਹਾਂ ਲੋਕਾਂ ਦੀ ਜਿ਼ੰਦਗੀ ਨਦੀ ਕੰਢੇ ਰੁੱਖੜੇ ਨਾਲੋਂ ਵੀ ਬਦਤਰ ਹੈ। ਪਤਾ ਨਹੀਂ ਕਿਹੜੇ ਵੇਲੇ ਮਾੜੇ ਗਵਾਂਢੀ ਦੇ ਮਨ ਬਦਨੀਤੀ ਆ ਜਾਏ ਤੇ ਤੋਪਾਂ ਦੇ ਮੂੰਹ ਖੋਲ੍ਹ ਦੇਵੇ ਤੇ ਉਨ੍ਹਾਂ ਨੂੰ ਭਰੇ-ਭਰਾਏ ਘਰ ਘਾਟ ਛੱਡ ਕੇ ਪਿੱਛੇ ਸੁਰੱਖਿਅਤ ਥਾਵਾਂ ਵੱਲ ਸਿਰ ਲੁਕਾਉਣਾ ਪਵੇ।
ਭਾਰਤ ਸਰਕਾਰ ਵੱਲੋਂ 1965 ਦੀ ਲੜਾਈ ਤੋਂ ਸਬਕ ਲੈ ਕੇ ਭੂਰੇ-ਆਸਲ ਵਾਲੀ ਰੋਹੀ ਸਾਫ਼ ਅਤੇ ਹੋਰ ਚੌੜੀ ਕਰ ਕੇ ਇਸ ਨੂੰ ਡਿਫੈਂਸ ਲਾਈਨ ਦੇ ਤੌਰ ਤੇ ਤਿਆਰ ਕੀਤਾ ਗਿਆ ਸੀ। ਪਿੰਡ ਵਾਲੇ ਪਾਸੇ ਬਹੁਤ ਉੱਚੀ ਪੱਧਰ ਮਿੱਟੀ ਦੀ ਦੀਵਾਰ/ਢੇਰ ਸੀ। ਇਸ ਉੱਤੇ ਇਸ ਮੁਹਾਜ਼ ਦੇ ਫ਼ੌਜੀਆਂ ਦਾ ਕਮਾਂਡ ਕੈਂਪ ਸੀ। ਇੱਕ ਐਂਬੂਲੈਂਸ ਖੜ੍ਹੀ ਵਾਰਮ-ਅਪ ਹੋ ਰਹੀ ਸੀ, ਜ਼ਾਹਿਰ ਹੈ ਕਿ ਇਹ ਜ਼ਖਮੀ ਫ਼ੌਜੀਆਂ ਦੀ ਢੋਆ-ਢੁਆਈ ਲਈ ਤਿਆਰ ਬਰ ਤਿਆਰ ਖੜ੍ਹੀ ਸੀ। ਪਿੰਡ ਦੀਆਂ ਖ਼ਾਲੀ ਗਲੀਆਂ ਫਿਰਨੀ ਟੱਪਦਾ ਮੈਂ ਬਾਹਰਵਾਰ ਡਰੇਨ ਤੱਕ ਪਹੁੰਚ ਗਿਆ। ਮਾਰਸ਼ਲ ਲਾਅ ਵਰਗੀ ਸਥਿਤੀ ਸੀ। ਕੋਈ ਸਿਵਲੀਅਨ ਨਜ਼ਰੀਂ ਨਹੀਂ ਪਿਆ। ਕੰਧਾਂ ਓਹਲੇ ਜਾਂ ਮੋਰਚਿਆਂ ਵਿਚ ਦੜੇ ਹੋਏ ਫ਼ੌਜੀ ਕਦੇ ਕਦਾਈਂ ਸਿਰ ਬਾਹਰ ਕੱਢ ਕੇ ਸੂਰਜ ਦੇ ਦਰਸ਼ਨ ਕਰ ਲੈਂਦੇ ਸਨ। ਇੱਕ ਟੈਂਕ ਨੇੜੇ ਜਾ ਕੇ ਆਪਣੇ ਭਰਾ ਦੇ ਥਾਂ ਟਿਕਾਣੇ ਬਾਰੇ ਪੁੱਛਿਆ। ਉਹ ਬੜੇ ਹੈਰਾਨ ਹੋਏ ਕਿ ਮੈਂ ਇੱਕ ਓਪਰਾ ਆਦਮੀ ਉਨ੍ਹਾਂ ਤੱਕ ਕਿਵੇਂ ਪਹੁੰਚ ਗਿਆ। ਉਹ ਵੀ ਪੰਜਾਬੀ ਗੱਭਰੂ ਸਨ। ਮੈਨੂੰ ਉਨ੍ਹਾਂ ਸਲਾਹ ਦਿੱਤੀ, 'ਏਦਾਂ ਨਹੀਂ ਪੁੱਛਣਾ, ਨਾ ਹੀ ਏਦਾਂ ਤੁਹਾਨੂੰ ਕੋਈ ਦੱਸੇਗਾ। ਸਗੋਂ ਤੁਹਾਨੂੰ ਫੜ ਕੇ ਅੰਦਰ ਕਰ ਦੇਣਗੇ ਜਾਂ ਗੋਲੀ ਮਾਰ ਦੇਣਗੇ। ਤੁਸੀਂ ਔਹ ਸਾਹਮਣੇ ਉੱਪਰ ਚਲੇ ਜਾਓ। ਉੱਥੇ ਇੰਚਾਰਜ ਮੇਜਰ ਸਾਹਿਬ ਨੂੰ ਪੁੱਛ ਵੇਖੋ, ਸ਼ਾਇਦ ਤੁਹਾਡੇ ਪੱਲੇ ਕੁੱਝ ਪੈ ਜਾਏ ਤੇ ਉਹ ਤੁਹਾਡੀ ਮਦਦ ਕਰ ਦੇਣ।’ ਦਿਨ ਥੱਲੇ ਜਾ ਰਿਹਾ ਸੀ। ਮੈਂ ਉਨ੍ਹਾਂ ਦੀ ਦੱਸੀ ਥਾਂ ਤੇ ਜ਼ਹਿਰ ਮੋਹਰਾ ਰੰਗ ਦੇ ਜਾਲ ਨਾਲ ਢਕੀ ਕਿੱਕਰ ਥੱਲੇ ਉਨ੍ਹਾਂ ਕੋਲ ਪਹੁੰਚ ਕੇ ਆਪਣੀ ਜਾਣਕਾਰੀ ਦਿੱਤੀ। ਮੇਜਰ ਇੰਚਾਰਜ ਵੀ ਬੜੀ ਹੈਰਾਨੀ ਨਾਲ ਉੱਠ ਖੜ੍ਹਾ ਹੋਇਆ। ਉਨ੍ਹਾਂ ਕੋਲ ਲੱਗਾ ਰੇਡੀਉ ਨਾਲੋ ਨਾਲ ਢਾਕੇ ਦੀਆਂ ਗਰਮਾ ਗਰਮ ਖ਼ਬਰਾਂ ਦੱਸ ਰਿਹਾ ਸੀ। ਉਹ ਮੈਨੂੰ ਵੇਖ ਕੇ ਚੁਕੰਨਾ ਹੋਇਆ। ਮੇਰੀ ਬੇਨਤੀ ਸੁਣ ਕੇ ਉਹ ਕੁੱਝ ਖ਼ੁਸ਼ ਵੀ ਹੋਇਆ ਤੇ ਮੈਨੂੰ ਦੱਸਿਆ ਕਿ ਮੇਰਾ ਵੀਰ ਇਸ ਸਾਹਮਣੇ ਟਾਹਲੀ ਥੱਲੇ ਤੋਪ ਤੇ ਠੀਕ ਠਾਕ ਆਪਣੀ ਡਿਊਟੀ ਨਿਭਾ ਰਿਹਾ। ਉਸ ਨੇ ਦੱਸਿਆ ਕਿ ਮੇਰਾ ਉੱਥੇ ਇਸ ਵੇਲੇ ਜਾਣਾ ਠੀਕ ਨਹੀਂ ਕਿਉਂਕਿ ਇਹੀ ਛੇਕੜਲਾ ਸਮਾਂ ਹੈ ਜਦ ਦੁਸ਼ਮਣ ਫਾਇਰ ਖੋਲ੍ਹਦੇ ਵਾਰ ਕਰਦੇ ਹਨ। ਮੇਰੇ ਤਰਲੇ ਜਿਹੇ ਤੇ ਉਹ ਮੰਨ ਗਿਆ ਕਿ ਮੇਰੇ ਨਾਲ ਕੋਈ ਸਿਪਾਹੀ ਭੇਜ ਦੇਵੇਗਾ। ਉਸ ਦੇ ਦੋਸਤਾਨਾ ਸਲੀਕੇ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਠੀਕ ਉਸੇ ਵੇਲੇ ਰੇਡੀਉ ਨੇ ਖ਼ਬਰ ਦਿੱਤੀ 'ਢਾਕਾ ਫਾਲ ਹੋ ਗਿਆ ਹੈ। ਦੁਸ਼ਮਣ ਦੀਆਂ ਫ਼ੌਜਾਂ ਨੇ ਹਥਿਆਰ ਸੁੱਟ ਦਿੱਤੇ ਹਨ।’ ਉਹ ਉੱਛਲ ਕੁੱਦ ਕੇ ਖ਼ੁਸ਼ੀਆਂ ਮਨਾਉਣ ਲੱਗੇ।
'ਢਾਕਾ ਫਾਲ ਹੋ ਗਿਆ!' ਮੈਂ ਵੀ ਉਨ੍ਹਾਂ ਦੀ ਖ਼ੁਸ਼ੀ ਵਿਚ ਸ਼ਾਮਲ ਹੋ ਗਿਆ। ਮੇਰੀ ਖ਼ੁਸ਼ੀ ਵੇਖ ਕੇ ਪਤਾ ਨਹੀਂ ਉਸ ਨੂੰ ਕੀ ਸੱਪ ਸੁੰਘ ਗਿਆ, ਉਸ ਨੇ ਇਕਦਮ ਆਪਣੇ ਤੇਵਰ ਬਦਲ ਲਏ। 'ਹੈਂਡਜ਼ ਅੱਪ! ਯੂ ਆਰ ਅਰੈੱਸਟਡ।’ ਉਸ ਨੇ ਮੇਰੇ ਵੱਲ ਅੱਖਾਂ ਚੌੜੀਆਂ ਕੀਤੀਆਂ। 'ਤੁਸੀਂ ਅੱਗੇ ਨਹੀਂ ਜਾ ਸਕਦੇ... ਯੂ ਆਰ ਅਰੈੱਸਟਡ।' ਮੇਰੇ ਪੈਰਾਂ ਹੇਠ ਧਰਤੀ ਘੁੰਮਣ ਲੱਗੀ। ਮੈਂ ਹੱਥ ਖੜ੍ਹੇ ਕਰ ਦਿੱਤੇ। ਉਸ ਨੇ ਇਕਦਮ ਫ਼ੋਨ ਡੱਬੀ ਫੜ ਕੇ ਉਸ ਦੀ ਫਿਰਕੀ ਜਿਹੀ ਘੁਮਾਉਣੀ ਸ਼ੁਰੂ ਕਰ ਦਿੱਤੀ। 'ਪੈ ਗਈ ਸ਼ਾਮਤ!’ ਮੇਰੇ ਹੱਥ ਪੈਰ ਕੰਬਣ ਲੱਗੇ। ਕੁੱਝ ਮਿੰਟਾਂ ਵਿਚ ਹੀ ਉਸ ਦਾ ਕਿਸੇ ਵੱਡੇ ਅਧਿਕਾਰੀ ਨਾਲ ਸੰਪਰਕ ਹੋ ਗਿਆ ਜਿਸ ਨੇ ਉਨ੍ਹਾਂ ਨੂੰ ਮੇਰੀ ਜਾਣ ਪਛਾਣ ਯਕੀਨਨ ਬਣਾਉਣ ਦੀ ਸਲਾਹ ਦਿੱਤੀ। ਧੰਨਵਾਦ ਪ੍ਰਮਾਤਮਾ ਦਾ! ਪਤਾ ਨਹੀਂ ਮੈਨੂੰ ਕਿਵੇਂ ਸ਼ਕਤੀ ਮਿਲੀ ਕਿ ਮੈਂ ਜਲਦੀ ਹੀ ਉਸ ਨੂੰ ਆਪਣੇ ਪਹਿਚਾਣ-ਪੱਤਰ ਦਿਖਾ ਕੇ ਵਿਸ਼ਵਾਸ ਕਰਾ ਕੇ ਉਸ ਦਾ ਵਤੀਰਾ ਬਦਲਣ ਵਿਚ ਕਾਮਯਾਬ ਹੋ ਸਕਿਆ। ਉਸ ਨੇ ਬੜੇ ਤਹੱਮਲ ਨਾਲ ਕਿਹਾ, 'ਸੂਰਜ ਥੱਲੇ ਜਾਣ ਨਾਲ ਬੜਾ ਖ਼ਤਰਨਾਕ ਸਮਾਂ ਹੋਣ ਵਾਲਾ ਹੈ, ਪਤਾ ਨਹੀਂ ਕਿਹੜੇ ਵੇਲੇ ਬਾਰਡਰ ਪਾਰੋਂ ਫਾਇਰ ਖੁੱਲ੍ਹ ਜਾਏ। ਇਹ ਬਹੁਤ ਨਾਜ਼ਕ ਟਾਈਮ ਹੈ। ਹੁਣ ਕਿਉਂਕਿ ਪਾਕਿਸਤਾਨ ਦਾ ਪੂਰਬੀ ਹਿੱਸਾ ਮੁਕੰਮਲ ਤੌਰ ਤੇ ਟੁੱਟ ਗਿਆ ਹੈ, ਇਸ ਲਈ ਹੋ ਸਕਦਾ ਚਿੜ੍ਹ ਕੇ ਉਹ ਸਾਨੂੰ ਤੋੜਨ ਲਈ ਇੱਧਰ ਜ਼ੋਰ ਲਗਾਉਣ। ਜਾਓ! ਜਲਦੀ ਮੁੜ ਆਇਓ।’ ਉਸ ਨੇ ਇੱਕ ਸਿਪਾਹੀ ਮੇਰੇ ਨਾਲ ਭੇਜ ਦਿੱਤਾ। ਟਾਹਲੀ ਥੱਲੇ ਹਰੇ ਸੰਘਣੇ ਜਾਲ ਵਿਚ ਛੁਪਾਈ ਨਵੀਂ ਘੁੰਡ ਕੱਢੀ ਵਹੁਟੀ ਵਾਂਗ ਤੋਪ ਆਪਣੇ ਕਰਮਕਾਂਡ ਲਈ ਤਿਆਰੀਆਂ ਕੱਸ ਰਹੀ ਸੀ। 27 ਮੀਲ ਤੱਕ ਮਾਰ ਕਰਨ ਵਾਲੀ ਇਹ ਪੰਝੀ ਪੌਂਡਰ ਫ਼ੀਲਡ ਗੰਨ ਆਪਣੇ ਮਾਲਕਾਂ ਦੇ ਇਸ਼ਾਰੇ ਦੀ ਉਡੀਕ ਕਰ ਰਹੀ ਸੀ। ਅੱਗ ਉਗਲਨ ਵਾਲੇ ਵੇਖਣ ਨੂੰ ਸੁੰਦਰ ਪਰ ਅੰਦਰੋਂ ਜ਼ਾਲਮ ਇਸ ਪੁਰਜ਼ੇ ਦੀ ਮੈਂ ਨੇੜੇ ਹੋ ਕੇ ਨਬਜ਼ ਟੋਹਣੀ ਚਾਹੁੰਦਾ ਸੀ। ਮੈਂ ਇਸ ਨਾਲ ਗੱਲ ਕਰ ਕੇ ਜਾਣਨਾ ਚਾਹੁੰਦਾ ਸੀ ਕਿ ਇਸ ਨੇ ਕਿੰਨੇ ਦੁਸ਼ਮਣ ਮਾਰੇ ਹਨ ਤੇ ਕਿੰਨਿਆਂ ਦੀ ਰੱਤ ਅੱਜ ਪੀਣੀ ਹੈ। ਵਾਇਰਲੈੱਸ ਬਾਰ ਬਾਰ ਚੁਕੰਨੇ ਰਹਿਣ ਲਈ ਚੇਤਾਵਨੀ ਸੰਦੇਸ਼ ਦੇ ਰਹੀ ਸੀ। 'ਹੁਸਿ਼ਆਰ ਹੋ ਜਾਓ.. 165 ਵੈਸਟ ਤੇ ਟਾਰਗੈਟ ਕਰਨ ਵਾਸਤੇ ਕਮਰਕੱਸੇ ਕਰ ਲਓ।’ ਹਫੜਾ-ਦਫੜੀ ਵਿਚ ਮੈਂ ਮਾਤਾ ਦੇ ਪੱਕੇ ਪਰੌਂਠੇ ਅਤੇ ਖੋਏ-ਅਲਸੀ ਦੀਆ ਪਿੰਨੀਆਂ ਨਰਿੰਦਰ ਨੂੰ ਫੜਾਈਆਂ। ਉਹ ਹੱਥ ਮਿਲਾਉਂਦਾ ਮੈਨੂੰ ਫਤਿਹ ਬੁਲਾਉਂਦਾ ਤੋਪ ਵੱਲ ਵਧ ਗਿਆ। ਨਰਿੰਦਰ ਨੂੰ ਠੀਕ-ਠਾਕ ਚੜ੍ਹਦੀ ਕਲਾ ਵਿਚ ਵੇਖ ਕੇ ਮੈਂ ਵਾਪਸ ਮੁੜ ਆਇਆ। ਵਾਪਸੀ ਤੇ ਮੇਜਰ ਸਾਹਿਬ ਬਹੁਤ ਦਿਆਲਤਾ ਨਾਲ ਪੇਸ਼ ਆਏ।
'ਮੈਂ ਖਿਮਾ ਦਾ ਜਾਚਕ ਹਾਂ। ਸਾਰੇ ਫ਼ੌਜੀਆਂ ਦੀਆਂ ਹੀ ਮਾਵਾਂ, ਭੈਣਾਂ, ਪਤਨੀਆਂ, ਬੱਚੇ ਤੇ ਰਿਸ਼ਤੇਦਾਰ ਹਨ ਪਰ ਇਸ ਮੂਹਰਲੇ ਮੁਹਾਜ਼ ਤੇ ਆ ਕੇ ਸਾਰਿਆਂ ਨੂੰ ਹਿੱਕ ਤੇ ਪੱਥਰ ਧਰਨਾ ਪੈਂਦਾ ਹੈ। ਇਸ ਵੇਲੇ ਦੇਸ਼ ਦੀ ਸੁਰੱਖਿਆ, ਦੇਸ਼-ਭਗਤੀ ਤੇ ਵਫ਼ਾਦਾਰੀ ਸਭ ਤੋਂ ਉੱਪਰ ਹੈ। ਇੱਥੇ ਦੇਸ਼ ਖ਼ਾਤਰ ਜਿਊਣਾ, ਦੇਸ਼ ਖ਼ਾਤਰ ਮਰਨਾ ਤੇ ਦੇਸ਼ ਖ਼ਾਤਰ ਲਹੂ ਡੋਲ੍ਹਣਾ ਹੀ ਸਾਡੇ ਸਾਰੇ ਰਿਸ਼ਤੇ ਹਨ। ਤੁਹਾਡੇ ਆਉਣ ਦਾ ਸਵਾਗਤ। ਹੁਣ ਵਾਪਸ ਜਾਣਾ ਦਾ ਕੀ ਸਾਧਨ ਹੈ ਤੁਹਾਡੇ ਕੋਲ? ਅਸੀਂ ਤੁਹਾਨੂੰ ਸੁਲ੍ਹਾ ਵੀ ਨਹੀਂ ਮਾਰ ਸਕਦੇ। ਮੁਆਫ਼ ਕਰਨਾ ਸਰ! ਕਿੱਥੇ ਠਹਿਰੋਗੇ? ਕੀਹਦੇ ਕੋਲ? ਕਿਉਂਕਿ ਅੰਮ੍ਰਿਤਸਰ ਤਾਂ ਤੁਸੀਂ ਹੁਣ ਨਹੀਂ ਪਹੁੰਚ ਸਕਦੇ ਨਾ ਹੀ ਕੋਈ ਬੱਸ ਗੱਡੀ ਮਿਲ਼ਨੀ ਹੈ, ਤੁਹਾਨੂੰ ਇਸ ਵੇਲੇ। ਕੋਈ ਸਿਵਲੀਅਨ ਸੂਰਜ ਛਿਪੇ ਬਾਹਰ ਨਹੀਂ ਨਿਕਲ ਸਕਦਾ। ਅਸੀਂ ਉਨ੍ਹਾਂ ਨੂੰ ਉਧਰੋਂ ਹੂੰਝਾ ਫੇਰ ਦਿੱਤਾ ਹੈ ਤੇ ਇੱਧਰ ਵੀ ਭਾਂਜ ਦੇਣੀ ਹੈ। ਹੁਣ ਪਤਾ ਨਹੀਂ ਉਨ੍ਹਾਂ ਦੀ ਜ਼ਮੀਨੀ ਫ਼ੌਜ ਕਦੋਂ ਤੋਪ ਦੇ ਗੋਲੇ ਖੋਲ੍ਹ ਦੇਵੇ ਜਾਂ ਹਵਾਈ ਧਾੜ ਕਿੱਥੇ ਮੌਤ ਦਾ ਛਾਣਾ ਬਰਸਾ ਜਾਏ। ਸਾਰਾ ਇਲਾਕਾ ਮਿਲਟਰੀ ਦੇ ਕਬਜ਼ੇ ਵਿਚ ਹੈ। ਇੱਥੇ ਘਰਾਂ ਵਿਚ ਵੀ ਲੋਕਾਂ ਨੂੰ ਖ਼ੰਦਕਾਂ ਖੋਦਣ ਤੇ ਹਵਾਈ ਹਮਲੇ ਵੇਲੇ ਅੰਦਰ ਵੜਨ ਦੀ ਚੇਤਾਵਨੀ ਦਿੱਤੀ ਹੋਈ ਹੈ। ਤੁਸੀਂ ਬਹੁਤ ਰਿਸਕ ਲਿਆ।'
ਉਸ ਦੀ ਚੇਤਾਵਨੀ ਭਰੀ ਹਮਦਰਦੀ ਸੁਣ ਕੇ ਮੇਰਾ ਮਨ ਗੰਭੀਰ ਸੰਕਟ ਵਿਚ ਫਸ ਗਿਆ। ਮੈਨੂੰ ਫ਼ਿਕਰਾਂ ਵਿਚ ਡੁੱਬਾਂ ਵੇਖ ਕੇ, ਮੇਰੀ ਸਿਕਿਉਰਿਟੀ ਵਾਸਤੇ ਉਸ ਨੇ ਮੇਰੇ ਨਾਲ ਉਸੇ ਸਿਪਾਹੀ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਪਿੱਛੇ ਸੜਕ ਤੇ ਜਾ ਕੇ ਕੋਈ ਪੱਟੀ ਤੱਕ ਜਾਣ ਵਾਲੀ ਮਿਲਟਰੀ ਦੀ ਗੱਡੀ ਤੇ ਮੈਨੂੰ ਚੜ੍ਹਾ ਆਵੇ।
'ਕਾਸ਼ ਮੇਰੀ ਮਾਂ ਵੀ ਜੀਂਦੀ ਹੁੰਦੀ.. ਮੇਰਾ ਵੀ ਕੋਈ ਭਰਾ ਹੁੰਦਾ।’ ਹੰਝੂਆਂ ਭਿੱਜੀਆਂ ਉਸ ਦੀਆਂ ਚਾਹਤਾ ਮੇਰੇ ਮੌਰਾਂ ਤੇ ਵੱਜੀਆਂ।
ਸੂਰਜ ਦੀਆਂ ਕਿਰਨਾਂ ਨੀਵੀਂਆਂ ਹੋਣ ਦੇ ਨਾਲ ਨਾਲ ਮੇਰਾ ਮਨ ਵੀ ਡੁੱਬਦਾ ਜਾ ਰਿਹਾ ਸੀ। ਜੇ ਕਿਧਰੇ ਹੁਣੇ ਫਾਇਰ ਖੁੱਲ੍ਹ ਗਿਆ, ਚੀਥੜੇ ਉੱਡ ਜਾਣੇ ਨੇ ਤੇ ਫਿਰ ਕੋਈ ਬਹਾਨਾ ਵੀ ਨਹੀਂ ਚੱਲਣਾ ਕਿ ਇੱਥੇ ਕਿਵੇਂ ਆਇਆ ਸੀ, ਇਸ ਜੰਗੀ ਮੈਦਾਨ ਵਿਚ। ਖ਼ੈਰ ਕੁੱਝ ਉਸ ਮਦਦਗਾਰ ਦੀ ਫ਼ੌਜੀ ਵਰਦੀ ਤੇ ਕੁੱਝ ਮੇਰੇ ਸਰਕਾਰੀ ਕਾਰਡ ਕਰ ਕੇ ਮੈਨੂੰ ਪੱਟੀ ਤੱਕ ਦਾ ਸਹਾਰਾ ਮਿਲ ਗਿਆ। ਫ਼ੌਜੀ ਡਿਊਟੀ ਤੇ ਲੱਗੇ ਇਸ ਪ੍ਰਾਈਵੇਟ ਟਰੱਕ ਨੇ ਮੈਨੂੰ ਪੱਟੀ ਤੋਂ ਬਾਹਰ ਇੱਕ ਪੈਟਰੋਲ ਪੰਪ ਤੇ ਉਤਾਰ ਦਿੱਤਾ, ਕਿਉਂਕਿ ਉਨ੍ਹਾਂ ਦੇ ਟਰੱਕ ਦਾ ਪਰਮਿਟ ਵੀ ਇਸ ਪੰਪ ਤੱਕ ਹੀ ਸੀ ਤੇ ਰਾਹਦਾਰੀ ਤੋਂ ਆਸੇ ਪਾਸੇ ਉਹ ਟਰੱਕ ਲਿਜਾ ਹੀ ਨਹੀਂ ਸਨ ਸਕਦੇ।
ਮੈਂ ਉਨ੍ਹਾਂ ਦਾ ਧੰਨਵਾਦ ਕਰ ਕੇ ਪੱਟੀ ਦੀਆਂ ਥਰ ਥਰ ਡਰਦੀਆਂ ਮੱਧਮ ਜਿਹੀਆਂ ਬੱਤੀਆਂ ਦੀ ਸੇਧੇ ਰੇਲਵੇ ਸਟੇਸ਼ਨ ਤੇ ਅੱਪੜ ਗਿਆ। ਪਲੈਟਫਾਰਮ ਤੇ ਭਿਆਨਕ ਕਿਸਮ ਦਾ ਸੰਨਾਟਾ ਤੇ ਚੁੱਪੀ ਦਾ ਰਾਜ ਪਸਰ ਰਿਹਾ ਸੀ। ਕੋਈ ਬੰਦਾ ਪਰਿੰਦਾ ਮੈਨੂੰ ਸਹਾਰਾ ਦੇਣ ਲਈ ਨਜ਼ਰ ਨਾ ਆਇਆ। ਨੇੜਲੇ ਪਿੰਡ ਬੁਰਜਾਂ ਦਾ ਦਰਸ਼ਨ ਸਿੰਘ ਸ਼ਾਹ ਜਿਸ ਦੀ ਇੱਥੇ ਨੇੜੇ ਹੀ ਮੰਡੀ ਵਿਚ ਆੜ੍ਹਤ ਸੀ, ਮੇਰਾ ਵਾਕਫ਼ਕਾਰ ਸੀ ਪਰ ਉਹ ਖੇਤਰ ਵੀ ਆਵਾਰਾ ਫਿਰਦੇ ਕੁੱਤਿਆਂ ਨੇ ਘੇਰਿਆ ਹੋਇਆ ਸੀ। ਬਲੈਕ-ਆਊਟ ਨੇ ਸਾਰਾ ਪੱਛਮੀ ਖੇਤਰ ਮੱਲ ਲਿਆ। ਵੇਖਦੇ ਵੇਖਦੇ ਖੇਮਕਰਨ ਵੱਲ ਧੜਾ-ਧੜ ਗੋਲਾਬਾਰੀ ਨਾਲ ਪੱਛਮ ਦੀ ਹਿੱਕ ਚਮਕਣੀ ਸ਼ੁਰੂ ਹੋ ਗਈ ਸੀ। ਹਰੇਕ ਬੰਬ ਨਾਲ ਪੱਟੀ ਤੱਕ ਦੇ ਬਾਜ਼ਾਰ ਹਿੱਲ ਰਹੇ ਸਨ। ਧਮਾਕਿਆਂ ਨਾਲ ਹੁੰਦੀ ਜ਼ੋਰਦਾਰ ਰੌਸ਼ਨੀ ਨਾਲ ਪੱਟੀ ਦੀਆਂ ਹਨੇਰੀਆਂ ਗਲੀਆਂ ਚਮਕਣ ਲੱਗ ਜਾਂਦੀਆਂ। ਰੇਲਵੇ ਸਟੇਸ਼ਨ ਲਾਗੇ ਇੱਕ ਸਰਾਂ ਦੀ ਮੈਨੂੰ ਪਹਿਲਾਂ ਜਰਾ ਜਿੰਨੀ ਤੱਕ ਸੀ। ਸਿਆਲ ਦੀ ਠੰਢ ਹੱਡਾਂ ਨੂੰ ਚੁਭਣ ਲੱਗ ਪਈ ਸੀ। ਸਰਾਂ ਦਾ ਦਰਵਾਜ਼ਾ ਜਾ ਖੜਕਾਇਆ। ਅਜੇਹੀ ਬੇਵਸਾਹੀ ਦਹਿਸ਼ਤ ਵਿਚ ਬਾਰ-ਬਾਰ ਕਈ ਆਵਾਜ਼ਾਂ ਮਾਰਨ ਤੇ ਦਰਵਾਜ਼ਾ ਥੋੜ੍ਹਾ ਜਿਹਾ ਖੁੱਲ੍ਹਾ। ਡਰਿਆ ਹੋਇਆ ਚੌਕੀਦਾਰ ਅੱਖਾਂ ਅੱਡੀ ਖੜ੍ਹਾ ਸੀ। ਮੈਂ ਉਸ ਦੇ ਸੁਆਲ ਤੋਂ ਪਹਿਲਾਂ ਹੀ ਦੱਸ ਦਿੱਤਾ ਪਈ ਮੈਂ ਰਾਤ ਕੱਟਣੀ ਹੈ। ਮੇਰਾ ਪਿੰਡ ਸਖੀਰਾ ਹੈ। ਮੈਂ ਅੰਮ੍ਰਿਤਸਰ ਜਾਣਾ ਹੈ।
'ਸਰ ਥਾਣੇ ਜਾਓ! ਉਨ੍ਹਾਂ ਤੋਂ ਬਗੈਰ ਅਸੀਂ ਕਿਸੇ ਨੂੰ ਪਨਾਹ ਨਹੀਂ ਦੇ ਸਕਦੇ।’ ਉਹ ਧੈੜ ਕਰਦਾ ਦਰਵਾਜ਼ਾ ਪੀਚਦਾ ਮੈਂ ਗੋਡਾ ਦੇ ਕੇ ਰੋਕ ਦਿੱਤਾ।
'ਮੇਰੇ ਵੀਰ! ਮੈਂ ਸਰਕਾਰੀ ਆਦਮੀ ਹਾਂ... ਤੂੰ ਮੇਰਾ ਸ਼ਨਾਖ਼ਤੀ ਕਾਰਡ ਵੇਖ ਲੈ।' ਮੇਰੀ ਹਲੀਮੀ ਜਾਂ ਰੋਹਬ ਤਾੜ ਕੇ ਉਸ ਨੇ ਚੁੱਪ ਚਾਪ ਹਾਂ ਕਰ ਦਿੱਤੀ। ਅੰਦਰ ਜਾ ਕੇ ਪਹਿਲਾਂ ਮੇਰਾ ਸਾਰਾ ਹੁਲੀਆ ਤੇ ਜਾਣਕਾਰੀ ਲਿਖਵਾਈ, ਮੇਰਾ ਸ਼ਨਾਖਤੀ-ਕਾਰਡ ਦਾ ਨੰਬਰ ਰਜਿਸਟਰ ਵਿਚ ਦਰਜ ਕੀਤਾ ਤੇ ਮੈਨੂੰ ਇੱਕ ਹਨੇਰੇ ਕਮਰੇ ਅੰਦਰ ਛੱਡ ਦਿੱਤਾ। ਉੱਥੇ ਪਹਿਲਾਂ ਹੀ ਪੰਜ ਦਸ ਵਿਅਕਤੀ ਫਸੇ ਤੂੜੇ ਪਏ ਸਨ। ਮੈਂ ਸਮਝ ਗਿਆ, ਇਹ ਉਹ ਬਜ਼ੁਰਗ ਸਨ, ਜੋ ਬਾਰਡਰ ਦੇ ਪਿੰਡਾਂ ਵਿਚੋਂ ਦਿਨੇ ਆਪਣੇ ਪਿੰਡ ਚਲੇ ਜਾਂਦੇ ਹਨ ਤੇ ਰਾਤ ਨੂੰ ਮੁੜ ਇੱਥੇ ਸਰਾਂ ਵਿਚ ਆ ਕੇ ਰਾਤ ਬਸੇਰਾ ਕਰ ਲੈਂਦੇ ਸਨ। ਇਨ੍ਹਾਂ ਕੋਲ ਇੱਥੇ ਠਹਿਰਨ ਦਾ ਥਾਣੇ ਅਤੇ ਡੀ. ਸੀ. ਵੱਲੋਂ ਪਰਮਿਟ ਜਾਰੀ ਕੀਤਾ ਗਿਆ ਸੀ। ਇਨ੍ਹਾਂ ਦੇ ਬਾਲ ਬੱਚੇ ਤੇ ਕੀਮਤੀ ਮਾਲ ਅਸਬਾਬ ਸਰਹੱਦ ਤੋਂ ਬਹੁਤ ਪਿੱਛੇ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤੇ ਗਏ ਸਨ। ਮਾਲ ਡੰਗਰ ਬੁੱਢੇ ਬੁੱਢੀਆਂ ਤੇ ਸਸਤਾ ਸਾਮਾਨ ਪਿੱਛੇ ਰਹਿ ਗਿਆ ਸੀ। ਥੱਲੇ ਖੋਰੀ ਤੇ ਉੱਤੇ ਚਾਦਰਾਂ ਖੇਸ ਵਿਛਾਈ ਇਹ ਲੋਕ ਆਪਣੇ ਦੁੱਖਾਂ ਮਾਰੇ ਪਲ ਸਰਾਂ ਵਿਚ ਗੁਜ਼ਾਰ ਰਹੇ ਸਨ। ਮੇਰੇ ਕੋਲ ਕੋਈ ਚਾਦਰ ਬਿਸਤਰ ਨਾ ਵੇਖ ਕੇ ਇੱਕ ਮਾਈ ਨੇ ਆਪ ਹੀ ਆਵਾਜ਼ ਮਾਰ ਲਈ। ਉਸ ਨੇ ਗਠੜੀ ਖੋਲ੍ਹੀ ਤੇ ਇੱਕ ਖੇਸ ਮੇਰੇ ਵੱਲ ਵਧਾ ਦਿੱਤਾ।
'ਲੈ ਬਾਊ! ਆ ਜਾ ਮੇਰਾ ਪੁੱਤ! ਖੋਰੇ ਕਿਹੜੀ ਬਿਪਤਾ ਦਾ ਮਾਰਿਆ ਵਿਚਾਰਾ।' ਮੈਂ ਕਸੀਸ ਵੱਟ ਕੇ ਮਾਤਾ ਦਾ ਧੰਨਵਾਦ ਕੀਤਾ।
ਬਹੁਤ ਲੰਬਾ ਪੈਦਲ ਚੱਕ ਚੱਲ ਕੇ ਮੇਰੇ ਹੱਡ ਪੈਰ ਦੁੱਖ ਰਹੇ ਸਨ। ਖਰ ਖਰ ਕਰਦੀ ਖੋਰੀ, ਪਰਾਲੀ ਤੇ ਆਸੇ ਪਾਸੇ ਕਦੇ ਘੁਰਾੜਿਆਂ ਦੀ ਆਵਾਜ਼ ਤੇ ਕਦੇ ਕਿਸੇ ਪੱਦ ਫੂਸੀ ਦੀ ਟੂੰ ਟਾਂ ਮੇਰੇ ਲਈ ਨਵਾਂ ਤਜਰਬਾ ਸੀ। ਮਨ ਵਿਚ ਖ਼ੁਸ਼ੀ ਸੀ ਕਿ ਜਿਸ ਮੰਤਵ ਲਈ ਮੈਂ ਘਰੋਂ ਤੁਰਿਆ ਸਾਂ ਉਹ ਪੂਰਾ ਹੋ ਗਿਆ ਸੀ। ਮੇਰਾ ਵੀਰ ਤੰਦਰੁਸਤ ਚੜ੍ਹਦੀ ਕਲਾ ਵਿਚ ਸੀ। ਮੈਂ ਉਸ ਨੂੰ ਮਿਲ ਆਇਆ ਸਾਂ ਭਾਵੇਂ ਇੱਥੇ ਇੱਕ ਪਲ ਦਾ ਵੀ ਜ਼ਿੰਦਗੀ ਦਾ ਵਿਸਾਹ ਨਹੀਂ ਪਤਾ ਨਹੀਂ ਕਦ ਕੀ ਹੋ ਜਾਣਾ ਹੈ। ਹੁਣ ਇਹ ਬੰਬ ਵੀ ਤਾਂ ਉੱਥੇ ਹੀ ਵਰ੍ਹ ਰਹੇ ਨੇ ਤੇ ਰੱਬ ਹੀ ਜਾਣਦਾ ਕਿਹੜੇ ਮਾਵਾਂ ਦੇ ਪੁੱਤ ਇਹਨਾਂ ਦਾ ਬਾਲਣ ਬਣ ਰਹੇ ਹੋਣਗੇ।
ਅੱਖਾਂ ਪਾਟ ਰਹੀਆਂ ਸਨ, ਪਰ ਨੀਂਦ ਕਿਧਰੇ ਉੱਡ ਪੁੱਤ ਗਈ ਜਾਪਦੀ ਸੀ। ਅਚਾਨਕ... 'ਪੰਨੂ?' ਮੇਰਾ ਕੰਨਾਂ ਵਿਚ ਖੁਰਦਰੀ ਜਿਹੀ ਦਬਕਾਵੀਂ ਆਵਾਜ਼ ਸੁਪਨੇ ਵਾਂਗ ਮੈਨੂੰ ਜਾਪੀ। ਚੌਕੀਦਾਰ ਨਾਲ ਕੋਈ ਗੱਲਬਾਤ ਕਰ ਰਿਹਾ ਸੀ। ਮੈਂ ਅੱਭੜਵਾਹੇ ਸਿਰ ਉਤਾਂਹ ਚੁੱਕਿਆ। ਚੌਕੀਦਾਰ ਹੱਥ 'ਚ ਲਾਲਟੈਣ ਫੜੀ ਖੜ੍ਹਾ ਸੀ। ਉਸ ਨਾਲ ਪੁਲਸੀਏ ਵੇਖ ਕੇ ਮੇਰਾ ਤ੍ਰਾਹ ਨਿਕਲ ਗਿਆ।
'ਕੌਣ ਐ ਭਈ ਪੰਨੂ?'
'... ਜੀ ਜੀ ਮੈਂ... ।' ਮੈਂ ਉੱਠ ਕੇ ਅੱਗੇ ਆਇਆ।
'ਕੀ ਐ ਤੇਰੇ ਕੋਲ? ਕਿੱਥੋਂ ਆਇਆਂ?'
'ਸਖੀਰਾ ਪਿੰਡ ਹੈ ਮੇਰਾ। ਮੇਰੇ ਕੋਲ ਨਜਾਇਜ਼ ਸਮਾਨ ਕੁੱਝ ਨਹੀਂ, ਮੈਂ ਰਾਹ ’ਚੋਂ ਖੁੰਝਿਆ ਲੇਟ ਹੋਇਆ ਮੁਸਾਫ਼ਰ ਹਾਂ।'
'ਸਰਪੰਚ ਕੌਣ ਹੈ ਸਖੀਰੇ ਦਾ? ਕੀਹਨੂੰ ਜਾਣਦੈਂ ਉੱਥੇ? ਹੋਰ ਨਾਂ ਦੱਸ ਕੋਈ।’ ਉਸ ਦੇ ਤੇਜ਼ ਦਬਕੇ ਨੇ ਸੁੱਤੇ ਹੋਏ ਹੋਰ ਮੁਸਾਫ਼ਰ ਵੀ ਜਗਾ ਦਿੱਤੇ। ਮੈਂ ਫਟਾਫਟ ਪਿੰਡ ਦੋ ਚਾਰ ਮੇਰੇ ਜਾਣਕਾਰ ਮਸ਼ਹੂਰ ਨਾਂ ਲੈ ਦਿੱਤੇ।
'ਬਾਹਰ ਨਿਕਲ! ਤੈਨੂੰ ਥਾਣੇ ਬੁਲਾਇਆ ਸਾਹਿਬ ਨੇ।' ਸ਼ਾਇਦ ਸਿਪਾਹੀ ਦੀ ਅਜੇ ਤਸੱਲੀ ਨਹੀਂ ਹੋਈ।
'ਚਲੋ, ਉੱਥੇ ਪੈਣ ਬਹਿਣ ਨੂੰ ਕੋਈ ਟਾਟ ਬੈਂਚ ਤਾਂ ਮਿਲ ਜਾਊ? ਨਾਲੇ ਹਵਾਲਾਤ ਦਾ ਨਜ਼ਾਰਾ ਤਜਰਬਾ ਵੀ ਦਿੱਖ ਜਾਊ।’ ਮੈਂ ਬੜੀ ਮੁਸ਼ਕਲ ਕਹਿ ਸਕਿਆ।
ਉਸ ਨੇ ਆਪਣੀਆਂ ਬਾਂਹਾਂ ਚੌੜੀਆਂ ਕਰ ਕੇ ਮੇਰੇ ਚਾਰ ਚੁਫੇਰੇ ਅੱਗੇ ਪਿੱਛੇ ਫੇਰੀਆਂ, ਮੇਰਾ ਸਿਰ ਟੋਹਿਆ, ਜੇਬਾਂ ਦੀ ਫੋਲਾ-ਫਾਲੀ ਕੀਤੀ ਤੇ ਨਿਸ਼ਚਿਤ ਕੀਤਾ ਕੀ ਕਿਤੇ ਬੰਬ ਬਰੂਦ ਨਾ ਬੰਨ੍ਹਿਆ ਹੋਵੇ। ਸ਼ਰੀਫ਼ ਚੋਰ ਵਾਂਗ ਮੈਂ ਹਨੇਰੀਆਂ ਗਲੀਆਂ ਵਿਚ ਉਨ੍ਹਾਂ ਦੋਹਾਂ ਦੇ ਵਿਚਕਾਰ ਤੁਰਦਾ ਥਾਣੇ ਪਹੁੰਚ ਗਿਆ। ਰਸਤੇ ਵਿਚ ਹੀ ਵੱਡੇ ਸਾਹਿਬ ਮੂਹਰੇ ਬੋਲਣ ਵਾਲੀ ਮੁਹਾਰਨੀ ਮੈਂ ਸਾਰੀ ਪਹਿਲਾਂ ਹੀ ਕੰਠ ਕਰ ਲਈ। ਐੱਸ. ਐੱਚ. ਓ. ਨੇ ਮੇਰੇ ਵੱਲ ਵੇਖਦੇ ਮੇਜ਼ ਤੇ ਪਿਆ ਰਿਵਾਲਵਰ ਉਠਾ ਲਿਆ। ਉਸ ਦੇ ਮੂੰਹੋਂ ਮਸਾਲੇਦਾਰ ਦਾਰੂ 'ਕੁਈਨ’ ਦੀ ਮਹਿਕ ਆ ਰਹੀ ਸੀ, ਪਰ ਉਹ ਸ਼ਰਾਬੀ ਨਹੀਂ ਜਾਪਦਾ ਸੀ। ਉਸ ਦੇ ਬੋਲਣ ਤੋਂ ਪਹਿਲਾਂ ਹੀ ਮੈਂ ਭਾਰਤ ਸਰਕਾਰ ਦਾ ਆਪਣਾ ਆਈ. ਡੀ. ਕਾਰਡ ਉਸ ਦੇ ਸਾਹਮਣੇ ਕਰ ਦਿੱਤਾ ਤੇ ਦੱਸਿਆ ਕਿ ਮੈਂ ਅੱਗੇ ਭੂਰੇ-ਆਸਲ ਡਰੇਨ ਤੇ ਆਪਣੇ ਭਾਈ ਨੂੰ ਮਿਲ਼ਨ ਗਿਆ ਸੀ। ਪਿੱਛੇ ਮੁੜਨ ਲਈ ਕੋਈ ਸਾਧਨ ਨਹੀਂ ਮਿਲਿਆ ਜਿਸ ਕਾਰਨ ਮੈਨੂੰ ਸਰਾਂ ਦਾ ਦਰਵਾਜ਼ਾ ਖੜਕਾਉਣਾ ਪਿਆ। ਸੁਣ ਕੇ ਉਹ ਹੈਰਾਨ ਜਿਹਾ ਹੋ ਗਿਆ, 'ਉਨ੍ਹਾਂ ਜੰਗ ਵਾਲਿਆਂ ਤਾਂ ਮਰਨਾ ਹੀ ਹੈ, ਤੂੰ ਐਵੇਂ ਜਾਣ ਬੁੱਝ ਕੇ ਆਪਣੇ ਆਪ ਨੂੰ ਮੌਤ ਦੇ ਮੂੰਹ ਕਿਉਂ ਪਾਇਆ।’ ਮੈਂ ਆਪਣੀ ਮਜਬੂਰੀ ਦੱਸੀ। ਉਸ ਨੇ ਰਿਵਾਲਵਰ ਥੱਲੇ ਰੱਖ ਦਿੱਤਾ। ਉਸ ਨੇ ਬੜੇ ਆਦਰ ਸਤਿਕਾਰ ਸਹਿਤ ਮੇਰੇ ਨਾਲ ਹਮਦਰਦੀ ਜਤਾਈ ਤੇ ਮੈਨੂੰ ਹੋਰ ਬੇਆਰਾਮ ਕਰਨ ਲਈ ਮੁਆਫ਼ੀ ਮੰਗੀ। ਉਸ ਨੇ ਦੱਸਿਆ ਕਿ ਇੱਥੇ ਇੱਕ ਦੋ ਦਿਨਾਂ ਵਿਚ ਹੀ ਸਿੱਖਾਂ ਖ਼ਾਸ ਕਰ ਕੇ ਨਿਹੰਗਾਂ ਦੇ ਭੇਸ ਵਿਚ ਕਈ ਪਾਕਿਸਤਾਨੀ ਘੁਸਪੈਠੀਏ ਸੂਹੀਏ ਫੜੇ ਗਏ ਹਨ। ਇੱਕ ਪਾਕਿਸਤਾਨੀ ਮੇਜਰ ਪੈਟਰੋਲ ਪੰਪ ਤੋਂ ਤੇਲ ਪਵਾਉਂਦਾ ਕਾਬੂ ਕੀਤਾ ਗਿਆ ਸੀ। ਇਸ ਕਰ ਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਹਰੇਕ ਅਜਨਬੀ ਦੀ ਪੂਰੀ ਪੁੱਛ ਪੜਤਾਲ ਕੀਤੀ ਜਾਵੇ। ਉਸ ਨੇ ਮੈਨੂੰ ਪੁੱਛਿਆ ਕਿ ਮੈਂ ਹੁਣ ਕਿੱਥੇ ਜਾਣਾ ਚਾਹੁੰਦਾ ਹਾਂ। ਇਸ ਵੇਲੇ ਰਾਤ ਦੇ ਦੋ ਵੱਜ ਚੁੱਕੇ ਸਨ। ਮੈਂ ਮਸਖ਼ਰੇ ਜਿਹੇ ਅੰਦਾਜ਼ ਵਿਚ ਕਿਹਾ,
'ਸਵੇਰੇ ਗੱਡੀ ਤਾਂ ਸ਼ਾਇਦ 9 ਵਜੇ ਤੋਂ ਪਹਿਲਾਂ ਕੋਈ ਨਹੀਂ ਜਾਣੀ, ਮੈਂ ਤਾਂ ਰਾਤ ਹੀ ਕੱਟਣੀ ਹੈ, ਭਾਵੇਂ ਇੱਥੇ ਹੀ ਤੁਹਾਡੇ ਬੈਂਚ ਤੇ ਟੇਢਾ ਤੋਂ ਜਾਵਾਂ।’
ਉਸ ਨੇ ਸਹਿਮਤੀ ਵਿਚ ਸਿਰ ਹਿਲਾਇਆ ਤੇ ਮੁਨਸ਼ੀ ਨੂੰ ਮੇਰੇ ਨਾਲ ਭੇਜ ਦਿੱਤਾ। 'ਜੇ ਹਾੜੇ ਹੋੜੇ ਦੇ ਸ਼ੌਕੀਨ ਹੋ ਤਾਂ ਉਹ ਵੀ ਹਾਜ਼ਰ ਹੈ। ਇਸ ਨੂੰ ਕਿਹੋ ਤੁਹਾਨੂੰ ਪਾ ਦਏਗਾ।’
'ਨਹੀਂ ਜਨਾਬ! ਇਤਨਾ ਹੀ ਬਹੁਤ ਹੈ... ਤੁਹਾਡੀ ਮਿਹਰਬਾਨੀ।’ ਕਹਿ ਕੇ ਮੈਂ ਥਾਣੇਦਾਰ ਦਾ ਧੰਨਵਾਦ ਕੀਤਾ। ਮੁਨਸ਼ੀ ਨੇ ਥਾਣੇਦਾਰ ਦੇ ਕਵਾਟਰ ਦਾ ਦਰਵਾਜ਼ਾ ਖੋਲ੍ਹ ਦਿੱਤਾ। ਮੈਂ ਝਟਪਟ ਟੇਢਾ ਹੋ ਗਿਆ ਪਰ ਨੀਂਦ ਕਿੱਥੇ। ਜੰਗੀ ਮੁਹਾਜ਼ ਤੇ ਧਮਾਕਾ ਕਰਦੇ ਗੋਲਿਆਂ ਦੀ ਧੜਾਧੜ, ਮਸ਼ੀਨ-ਗੰਨਾਂ ਦੀ ਤਿੜ ਤਿੜ ਤੇ ਉਨ੍ਹਾਂ ਅੱਗੇ ਸੜਦੇ ਮਰਦੇ ਮਾਵਾਂ ਦੇ ਪੁੱਤਰ ਮੈਨੂੰ ਜਾਗਦੇ ਸੁਪਨਿਆਂ ਵਿਚ ਡਰਾਉਣ ਲੱਗੇ। ਥਾਣੇਦਾਰ ਦਾ ਗਦੇਲਾ ਮੈਨੂੰ ਥੱਲਿਓਂ ਚੂੰਢੀਆਂ ਭਰਨ ਲੱਗਾ। ਮੈਂ ਡੌਰ-ਭੌਰਾ ਮੰਜੇ ਤੋਂ ਉੱਠਿਆ। ਮੇਜ਼ ਥੱਲੇ ਪਈ ਥਾਣੇਦਾਰ ਦੀ ਦੂਧੀਆ ਚਿੱਟੀ ਨਿੱਤਰੀ ਦਾਰੂ ਮੈਨੂੰ ਸੈਨਤਾਂ ਮਰ ਰਹੀ ਸੀ ਜੋ ਉਸ ਨੇ ਆਪ ਪੇਸ਼ਕਸ਼ ਵੀ ਕੀਤੀ ਸੀ। ਮੈਂ ਝਟਪਟ ਪੌਣੀ ਗਲਾਸੀ ਭਰ ਲਈ ਤੇ ਬਾਕੀ ਪਾਣੀ ਪਾ ਕੇ ਇਕੇ ਸਾਹੇ ਅੰਦਰ ਸੁੱਟ ਲਈ। ਉੱਤਮ ਦਰਜੇ ਦੀ ਦੇਸੀ ਦਾਰੂ ਮੇਰੀਆਂ ਆਂਦਰਾਂ ਵਿਚ ਝਰਨਾਹਟ ਫੇਰ ਗਈ ਤੇ ਜਲਦੀ ਹੀ ਇਸ ਨੇ ਮੈਨੂੰ ਧਰਤੀ ਦੀਆਂ ਦੁਸ਼ਵਾਰੀਆਂ ਤੋਂ ਦੂਰ ਮਦਹੋਸ਼ੀ ਦੀ ਆਗੋਸ਼ ਵਿਚ ਓਝਲ ਕਰ ਦਿੱਤਾ। ਮੈਨੂੰ ਆਸਾ ਪਾਸਾ ਸਭ ਭੁੱਲ ਗਿਆ ਤੇ ਰੱਜ ਕੇ ਨੀਂਦ ਆਈ।
ਸਵੇਰੇ ਸੱਤ ਵਜੇ ਇੱਕ ਅਰਦਲੀ ਚਾਹ ਦਾ ਗਿਲਾਸ ਲੈ ਕੇ ਖੜ੍ਹਾ ਮੈਨੂੰ ਗੁੱਡ ਮਾਰਨਿੰਗ ਕਹਿ ਰਿਹਾ ਸੀ।
ਮੁਨਸ਼ੀ ਨੇ ਦੱਸਿਆ ਕਿ ਸਾਰੀ ਰਾਤ ਬੜੀ ਗੜਗੜਾਹਟ ਮੱਚਦੀ ਰਹੀ ਹੈ। ਤੋਪਾਂ ਆਪਣਾ ਕੰਮ ਕਰਦੀਆਂ ਰਹੀਆਂ ਹਨ। ਆਪਣੇ ਫ਼ੌਜੀਆਂ ਨੇ ਖੇਮਕਰਨ ਤੋਂ ਪਾਰ ਉੱਧਰ ਦਸ ਮੀਲ ਅੰਦਰ ਸ਼ਾਹਦਰੇ ਸਮੇਤ ਪਾਕਿਸਤਾਨ ਦੇ 12 ਪਿੰਡ ਹਥਿਆ ਲਏ ਹਨ। ਉਸ ਦੀ ਇਸ ਖ਼ਬਰ ਨਾਲ ਵੀ ਮੇਰੇ ਦਿਲ ਦੀ ਭਟਕਣ ਨਹੀਂ ਹਟੀ। ਪਤਾ ਨਹੀਂ ਕਿੰਨੇ ਮਨੁੱਖਾਂ ਦੀਆਂ ਲੋਥਾਂ ਉੱਪਰੋਂ ਲੰਘ ਕੇ ਗਏ ਹੋਣਗੇ ਇਹ ਅੱਗੇ। ਮੈਂ ਥਾਣੇਦਾਰ ਦਾ ਧੰਨਵਾਦ ਕੀਤਾ ਤੇ ਫਤਿਹ ਬੁਲਾ ਕੇ ਚਲਦਾ ਬਣਿਆ।
ਅੰਮ੍ਰਿਤਸਰ ਪਹੁੰਚਣ ਤੱਕ ਪਤਾ ਲੱਗਾ ਕਿ ਲੜਾਈ ਬੰਦੀ ਹੋ ਗਈ ਹੈ ਤੇ ਦੋਹਾਂ ਦੇਸ਼ਾਂ ਵਿਚਕਾਰ ਲੜਾਈ ਬੰਦੀ ਬਾਰੇ ਸੰਧੀ ਹੋ ਗਈ ਹੈ। ਅਖੀਰਲੀ ਘੜੀ ਜਦ ਪਾਕਿਸਤਾਨ ਦਾ ਮਾਰਸ਼ਲ ਅਧਿਕਾਰੀ ਯਾਹੀਆ ਖਾਂ ਜੰਗ ਬੰਦੀ ਦੀ ਘੋਸ਼ਣਾ ਕਰ ਰਿਹਾ ਸੀ, ਠੀਕ ਉਸੇ ਵੇਲੇ ਪਾਕਿਸਤਾਨੀ ਜਹਾਜ਼ਾਂ ਦੀ ਧਾੜ ਨੇ ਅੰਮ੍ਰਿਤਸਰ ਵਿਖੇ ਬੰਬ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਇੱਥੋਂ ਦੇ ਗਨਰਾਂ ਨੇ ਹਮਲਾਵਰ ਜਹਾਜ਼ਾਂ ਵਿਚੋਂ ਇੱਕ ਨੂੰ ਢਾਹ ਮਾਰਿਆ। ਬਾਕੀ ਜਹਾਜ਼ ਜਾਂਦੇ ਜਾਂਦੇ ਛਿਹਰਟਾ ਦੇ ਰੌਣਕੀਲੇ ਬਾਜ਼ਾਰ ਵਿਚ ਬਰੱਸਟ ਮਾਰ ਗਏ ਜਿਸ ਨਾਲ ਸੌ ਡੇਢ ਸੌ ਦੇ ਕਰੀਬ ਬੇਕਸੂਰ ਲੋਕ ਜ਼ਖਮੀ ਹੋ ਗਏ ਤੇ ਵੀਹ ਦੇ ਕਰੀਬ ਮੌਤ ਦੀ ਭੇਟ ਚੜ੍ਹ ਗਏ। ਇਸ ਜੰਗਬੰਦੀ ਵੇਲੇ ਵੀ ਮੇਰੇ ਵਾਕਫ਼ਕਾਰ ਦੋਸਤ ਮਿਲਟਰੀ ਅਫ਼ਸਰ ਸਿਆਲਕੋਟ ਸੈਕਟਰ ਦੇ ਬਰਕੀ ਇਲਾਕੇ ਦੇ ਨੈਣਾ-ਕੋਟ ਵਿਖੇ ਅੱਗੇ ਵਧੇ ਸਨ ਤੇ ਉਹ ਬਹੁਤ ਦੇਰ ਉੱਥੇ ਟਿਕੇ ਰਹੇ ਸਨ। ਮੈਨੂੰ ਵੀ ਸੈਰ-ਸਪਾਟਾ ਦੇ ਸ਼ੌਕ ਕਾਰਨ ਇੱਕ ਰਾਤ ਨੈਣਾ-ਕੋਟ ਕਸਬੇ ਦੇ ਖੇਤਾਂ ਵਿਚ ਕਿਸੇ ਖੂਹ ਤੇ ਰਾਤ ਬਿਤਾਉਣ ਦਾ ਮੌਕਾ ਮਿਲਿਆ ਸੀ। ਜੰਗ ਦੇ ਇਸ ਘਿਣਾਉਣੇ ਅੰਤ ਨੇ ਜਨਰਲ ਯਾਹੀਆ ਖਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ। ਉਹ ਮਾਨਸਿਕ ਤੌਰ ਤੇ ਆਪਣੇ ਦੇਸ਼ ਦੇ ਲੋਕਾਂ ਅਤੇ ਫ਼ੌਜ ਵਿਚ ਏਨਾ ਹੀਣਾ ਤੇ ਕਮਜ਼ੋਰ ਹੋ ਗਿਆ ਕਿ ਉਸ ਨੂੰ ਮਜਬੂਰੀ ਵੱਸ ਜੁਲਫਕਾਰ ਅਲੀ ਭੁੱਟੋ ਨੂੰ ਵਾਗਡੋਰ ਸੰਭਾਲਣੀ ਪਈ। ਇਸ ਗਹਿਰੇ ਸਦਮੇ ਕਾਰਨ ਜਲਦੀ ਹੀ ਉਸ ਦੀ ਮੌਤ ਹੋ ਗਈ।
ਅਜੇਹੇ ਖ਼ਤਰਨਾਕ ਸਮੇਂ ਘਰੋਂ ਬਾਹਰ ਪੈਰ ਪੁੱਟਣਾ ਅੱਗ ਦੇ ਸਮੁੰਦਰ ਵਿਚ ਠਿੱਲ੍ਹਣ ਵਾਲੀ ਖੇਡ ਸੀ ਪਰ ਅੰਦਰ ਤਾੜੇ ਵੀ ਤੁਸੀਂ ਕਿੰਨਾ ਚਿਰ ਰਹਿ ਸਕਦੇ ਹੋ। ਨਾਲੇ ਜਹਾਜ਼ਾਂ ਦੀ ਲੜਾਈ ਵਿਚ ਹੁਣ ਘਰ ਕਿਹੜੇ ਖ਼ਤਰੇ ਤੋਂ ਖ਼ਾਲੀ/ਮਹਿਫ਼ੂਜ਼ ਹਨ। ਇਹ ਮਨਹੂਸ ਦਿਨ ਜਿਸ ਕੁਲਹਿਣੀ ਘੜੀ ਮੈਂ ਘਰੋਂ ਚੱਲਿਆ ਤੇ ਜਿਸ ਮੈਨੂੰ ਸਾਰਾ ਦਿਨ ਅਵਾਜ਼ਾਰ ਕੀਤਾ ਮੈਨੂੰ ਕਦੇ ਵੀ ਨਹੀਂ ਭੁੱਲ ਸਕਦੀ। ਵਾਪਸੀ ਤੇ ਘਰ ਦੀ ਸਰਦਲ ਟੱਪਦਿਆਂ ਮੈਨੂੰ ਜਾਪਿਆਂ ਜਿਵੇਂ ਅੱਜ ਮੇਰਾ ਪੁਨਰ-ਜਨਮ ਹੋਇਆ ਹੋਵੇ।
ਜੰਗ ਦੇ ਮੁਹਾਜ਼ ਤੋਂ ਏਨਾ ਮਾਅਰਕਾ ਮਾਰ ਕੇ ਸਾਬਤ ਸਬੂਤਾ ਘਰ ਵਾਪਸ ਮੁੜਨ ਤੇ ਮੈਂ ਸਾਰੀ ਹੱਡ ਬੀਤੀ ਮਾਤਾ ਨੂੰ ਸੁਣਾਈ। ਮਾਤਾ ਭਾਵੁਕ ਹੁੰਦੀ ਮੇਰੇ ਨਾਲ ਚਿੰਬੜੀ ਹੰਝੂਆਂ ਦੇ ਹੜ੍ਹ ਬਰਸਾ ਰਹੀ ਸੀ, 'ਮਾਂ ਮਰਜੈ ਸੁੱਖੀ ਸਾਂਦੀ! ਆ ਗਿਆ ਮੇਰਾ ਜੇਠਾ ਪੁੱਤਰ! ਮਮਤਾ ਨੇ ਮੇਰੀ ਅੱਖੀਂ ਘੱਟਾ ਪਾ ਦਿੱਤਾ। ਮੈਂ ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰ ਬੈਠੀ... ਇੱਕ ਨੂੰ ਲੱਭਦੀ ਦੂਸਰਾ ਵੀ ਗੁਆਉਣ ਲੱਗੀ ਸਾਂ।’
(ਚੇਤੇ ਦੀ ਚਿੰਗਾਰੀ-1 ਸਿਮ੍ਰਿਤੀਆਂ ਦੇ ਝਰੋਖੇ ’ਚੋਂ)