Dhoban Nu Kapre Ditte (Punjabi Story) : Charan Singh Shaheed
ਧੋਬਣ ਨੂੰ ਕਪੜੇ ਦਿੱਤੇ (ਕਹਾਣੀ) : ਚਰਨ ਸਿੰਘ ਸ਼ਹੀਦ
"ਹੱਛਾ, ਰੱਬ ਤੁਹਾਡਾ ਭਲਾ ਕਰੇ, ਬਾਬੇ ਵਰਿਆਮੇ ਦੇ ਸ਼ਰਧਾਲੂਓ ! ਹੋਰ ਤੁਹਾਨੂੰ ਕੀਹ ਆਖਾਂ ? ਤੁਸੀਂ 'ਬਾਬਾ ਵਰਿਆਮਾ'' ਕਹਿ ਕਹਿ ਕੇ ਇਸਦਾ ਮਜਾਜ ਐਸਾ ਵਿਗੜਿਆ ਹੈ ਕਿ ਹੁਣ ਇਹ ਕਿਸੇ ਨਾਲ ਗੱਲ ਕਰਨੀ ਭੀ ਸ਼ਾਨ ਦੇ ਵਿਰੁੱਧ ਸਮਝਦਾ ਏ, ਪਰ ਏਸਦੀਆਂ ਅਕਲਾਂ ਜ਼ਰਾ ਮੇਰੇ ਪਾਸੋਂ ਪੁੱਛੋ ।”
ਮੈਂ ਇਸਨੂੰ ਹਜ਼ਾਰ ਵਾਰੀ ਕਿਹਾ ਹੋਇਆ ਏ ਕਿ ਘਰ ਦੇ ਕਿਸੇ ਕੰਮ ਵਿਚ ਦਖ਼ਲ ਨਾਂ ਦਿਆ ਕਰ, ਕਿਉਂਕਿ ਜੇ ਇਹ ਕਿਸੇ ਕੰਮ ਨੂੰ ਹੱਥ ਲਾ ਬੈਠੇ ਤਾਂ ਸਵਾਰਨ ਦੀ ਥਾਂ ਵਿਗਾੜ ਦੇਂਦਾ ਏ, ਅਜੇ ਪਰਸੋਂ ਦੀ ਗੱਲ ਏ ਕਿ ਮੇਰਾ ਜੀ ਜ਼ਰਾ ਸੁਖਾਲਾ ਨਹੀਂ ਸੀ, ਪਿੰਡਾ ਜ਼ਰਾ ਨਿੱਘਾ ਸੀ, ਮੈਂ ਰਜਾਈ ਲੈਕੇ ਲੇਟ ਗਈ, ਉਸੇ ਵੇਲੇ ਕਰਮ ਨਿਸ਼ਾਂ ਧੋਬਣ ਆ ਗਈ, 'ਅਖੇ, ਬੇਬੇ ਜੀ, ਕੱਪੜੇ ਦਿਓ ।'
‘ਨੀ ਮਰ ਪਰੇ, ਜਾਹ ਦਫ਼ਾ ਹੋ ਵੇਂਹਦੀ ਨਹੀਂ, ਮੈਂ ਬੀਮਾਰ ਪਈ ਆਂ ਏਸ ਵੇਲੇ ਕੱਪੜੇ ਦਿੱਤੇ ਜਾਂਦੇ ਨੇ ?'
‘ਬੇਬੇ ਜੀ, ਜੇ ਅੱਜ ਦੇ ਦਿਓ ਤਾਂ ਅੱਜ ਖੁੰਬੇ ਚੜ ਜਾਣਗੇ, ਨਹੀਂ ਤਾਂ ਫੇਰ ਪਏ ਆਖੋਗੇ, ਕਿ ਦੇਰ ਲਾ ਦਿੱਤੀ ......।'
'ਫੇਰ ਤੇ ਫੇਰ ਈ ਸਹੀ, ਜਾਹ ਮਗ਼ਜ਼ ਨਾ ਖਾਹ, ਮੈਥੋਂ ਤਾਂ ਏਸ ਵੇਲੇ ਉਠਿਆ ਨਹੀਂ ਜਾਂਦਾ.......'
ਸ਼ਾਮਤ ਦੀ ਮਾਰ ਇਹ ਗੱਲ ਉਸਨੇ ਸੁਣ ਲਈ ਜਿਸ ਨੂੰ ਤੁਸੀਂ ਬੜੀ ਇਜ਼ਤ ਨਾਲ ‘ਬਾਬਾ ਵਰਿਆਮਾ' ਆਖਦੇ ਹੋ, ਬੋਰੀ ਤੇ ਲੰਮਾ ਪਿਆ ਝੱਟ ਉਠ ਖਲੋਤਾ ਤੇ ਸਾਡੇ ਕੋਲ ਆ ਗਿਆ :-
‘ਕਰਮ ਨਿੰਸ਼ਾਂ, ਕਪੜੇ ਲੈਣ ਆਈ ਹੈ, ? ਗੱਲ ਕੀ ਹੈ ?'
'ਮੈਂ ਈ ਕਪੜੇ ਦੇ ਦੇਨਾਂ ਆਂ ?'
ਮੈਂ ਬਤੇਰਾ ਸਿਰ ਮਾਰ ਰਹੀ ‘ਤੂੰ ਬੈਠਾ ਰਹੁ ਅਰਮਾਨ ਨਾਲ,' ਪਰ ਉਹ ਕਦ ਕਿਸੇ ਦੀ ਸੁਣਦਾ ਸੀ? ਕਹਿਣ ਲੱਗਾ 'ਤੂੰ ਵੇਂਹਦੀ ਤਾਂ ਰਹੁ, ਕਪੜੇ ਕਿਦਾਂ ਦਈ ਦੇ ਨੇ ? ਕੋਈ ਧੋਬੀ ਨੂੰ ਕਪੜੇ ਦੇਣ ਦੀ ਜਾਚ ਮੈਂਥੋਂ ਸਿਖੋ......?'
ਬੱਸ ਫੇਰ ਕੀ ਸੀ ? ਲੱਗ ਪਿਆ ਸਾਰੇ ਆਲੇ ਬਾਰੀਆਂ ਬੂਹੇ ਝੀਥਾਂ ਕਿੱਲੀਆਂ ਤੇ ਖੂੰਜਾਂ ਖੁੱਡਾਂ ਫੋਲਣ । ਓਏ ਨਿਹਾਲੂ, ਓਏ ਕੁਸਾਲੂ, ਨੀ ਹੀਰੋ, ਨੀ ਵਜੀਰੋ, ਨੀ ਅਮੀਰੋ, ਵਾਜਾਂ ਨਾਲ ਕੰਧਾਂ ਕੰਬਣ ਲੱਗੀਆਂ । ਲਿਆਓ, ਆਪੋ ਆਪਣੇ ਮੈਲੇ ਕੱਪੜੇ.......ਲਿਆਓ ਛੇਤੀ, ਧੋਬਣ ਵਿਚਾਰੀ ਦਾ ਵਕਤ ਹਰਜ਼ ਹੋ ਰਿਹਾ ਹੈ......’
ਪਲੋ ਪਲੀ ਵਿਹੜੇ ਵਿਚ ਕੱਪੜਿਆਂ ਦਾ ਢੇਰ ਲੱਗ ਗਿਆ। ਮੈਂ ਦੇਖਿਆ ਕਿ ਬਹੁਤ ਸਾਰੇ ਕੱਪੜੇ ਫ਼ਜ਼ੂਲ ਦਿੱਤੇ ਜਾ ਰਹੇ ਹਨ ਤੇ ਕਈ ਦੇਣ ਵਾਲੇ ਦਿੱਤੇ ਹੀ ਨਹੀਂ ਜਾ ਰਹੇ, ਪਰ ਕੀ ਕਰਦੀ ? ਉਸਨੂੰ ਛੇੜਕੇ ਗੱਲ ਪੁਆ ਲੈਂਦੀ ? ਮੈਂ ਰਜ਼ਾਈ ਵਿਚ ਮੂੰਹ ਈ ਢੱਕ ਲਿਆ ਕਿ ਨਾ ਅੱਖੀਂ ਦੇਖਾਂ ਤੇ ਨਾਂ ਦੁੱਖ ਹੋਵੇ।
ਪਲ ਮਗਰੋਂ ਉਹਨੇ ਇਕ ਕਮੀਜ਼ ਫੜਕੇ ਕਿਹਾ, ‘ਓਏ ਕਿਸ ਬਦਮਾਸ਼ ਬੇਈਮਾਨ ਨੇ ਏਸ ਕਮੀਜ਼ ਨਾਲ ਬੂਟ ਪੂੰਝਿਆ ਹੈ ?'
ਨਿਹਾਲੂ ਝੱਟ ਬੋਲਿਆ, 'ਤੁਸੀਂ ਈ ਤਾਂ ਕੱਲ੍ਹ ਏਸ ਨਾਲ ਬੂਟ ਪੂੰਝ ਰਹੇ ਸੌ ?'
ਏਹ ਸੁਣ ਕੇ ਉਸ ਨੇ ਡੰਡਾ ਫੜ ਲਿਆ ਤੇ ਨਿਹਾਲੂ ਦੇ ਮਗਰ ਭੱਜਾ, ਪਰ ਉਹ ਸ਼ਤਾਨ ਦਾ ਚਾਚਾ ਝੱਟ ਦੋ ਛਾਲਾਂ ਮਾਰ ਕੇ ਘਰੋਂ ਬਾਹਰ ਹੋ ਗਿਆ।
ਤੁਹਾਡਾ ਬਾਬਾ ਫੇਰ ਕਪੜੇ ਲਿਖਣ ਬੈਠਾ ਤੇ ਕਹਿਣ ਲੱਗਾ 'ਸਾਰੇ ਕੁੜੀਆਂ ਮੁੰਡਿਆਂ ਦੇ ਕਪੜੇ ਛਾਂਟ ਲਓ, ਮੈਂ ਸਭ ਦੇ ਕਪੜੇ ਵੱਖੋ ਵੱਖ ਲਿਖੂੰ, ਤਾਂ ਜੋ ਪਿੱਛੋਂ ਝਗੜੇ ਨਾ ਪੈਣ ... ... ।’
ਪਹਿਲੀ ਕਮੀਜ਼ ਉਤੇ ਈ ਝਗੜਾ ਪੈ ਗਿਆ । ਧੋਬਣ ਕਹੇ 'ਲਿਖੋ ਜੀ, ਵੀਰੋ ਦੀ ਇਕ ਕਮੀਜ਼ ... ...।'
'ਵੀਰੋ ਦੀ, ਮੱਤ ਮਾਰੀ ਹੋਈ ਊ ਧੋਬਣੇ ? ਅੰਨ੍ਹੀ ਏਂ, ਦਿਸਦਾ ਨਹੀਂ ਊ ? ਇਹ ਕਮੀਜ਼ ਤਾਂ ਹੀਰੋ ਦੀ ਏ ।”
'ਨਹੀਂ । ਬਾਬਾ ਜੀ, ਮੈਂ ਭਲਾ ਕਮੀਜ਼ ਨਹੀਂ ਪਛਾਣਦੀ ? ਕਈ ਵਰ੍ਹੇ ਕਪੜੇ ਧੋਂਦਿਆਂ ਹੋ ਗਏ-ਇਹ ਕਮੀਜ਼ ਵੀਰੋ ਦੀ ਈ ਹੈ... ...।"
'ਕਿਉਂ ਬੜ ਬੜ ਕਰਨੀ ਏਂ ? ਮੇਰੀਆਂ ਕੁੜੀਆਂ ਦੀਆਂ ਕਮੀਜ਼ਾਂ ਦਾ ਮੈਨੂੰ ਪਤਾ ਨਹੀਂ ? ਤੈਨੂੰ ਬਹੁਤ ਪਤਾ ਏ ? ਤੂੰ ਤਾਂ ਧੋਬਣ ਨਾਲੋਂ ਭੰਗਣ ਹੁੰਦੀਓਂ ਤਾਂ ਠੀਕ ਸੀ .....।"
"ਦੇਖੋ ਬਾਬਾ ਜੀ, ਗਾਲਾਂ ਨਾ ਕੱਢੋ, ਤੇ ਬੀਬੀ ਵੀਰੋ ਨੂੰ ਸੱਦਕੇ ਪੁੱਛ ਲਓ . ..।"
'ਮੈਂ ਵੀਰੋ ਨੂੰ ਸੱਦ ਲੈਨਾ ਹਾਂ, ਪਰ ਜੇ ਇਹ ਕਮੀਜ਼ ਹੀਰੋ ਦੀ ਹੋਈ ਤਾਂ ਫੇਰ ? ਝਾਟਾ ਮੁੰਨ ਦੇਉਂ ਤੇ ਮੂੰਹ ਕਾਲਾ ਕਰ ਦੇਊਂ ਤੇ ਜੇ ਇਹ ਕਮੀਜ਼ ਹੀਰੋ ਦੀ ਨਾ ਹੋਵੇ ਤਾਂ ਮੇਰਾ ਨੱਕ ਵੱਢ ਸੁੱਟੀ .... ਹੀਰੋ........ਹੀਰੋ, ਆਈਂ, ਕੁੜੀਏ ! ਦੇਖ ਖਾਂ ਇਹ ਕਮੀਜ਼ ਤੇਰੀ ਈ ਹੈ ਨਾ ?''
"ਹੇਖਾਂ, ਇਹ ਪਾਟੀ ਪੁਰਾਣੀ ਕਮੀਜ਼ ਮੇਰੀ ਹੈ ? ਏਹ ਤਾਂ ਵੀਰੋ ਦੀ ਹੈ......’” ਸੁਣਦਿਆਂ ਹੀ ਧੋਬਣ ਹੱਸਣ ਲੱਗ ਪਈ ਤੇ ਆਪ ਸ਼ਰਮਿੰਦੇ ਹੋ ਗਏ......ਮਸਾਂ ਮਸਾਂ ਰੱਬ ਰੱਬ ਕਰਕੇ ਦੋ ਤਿੰਨਾਂ ਘੰਟਿਆਂ ਵਿੱਚ ਕਪੜੇ ਦਿੱਤੇ ਗਏ।ਜੋੜ ਕੀਤਾ ਤਾਂ ਧੋਬਣ ਆਖੇ ਉਨੱਤਰ ਤੇ ਇਹ ਕਹਿਣ, ਅਕੱਤਰ, ਬੜਾ ਝਗੜਾ ਹੋਇਆ, ਦਸ ਵਾਰੀ ਗਿਣਤੀ ਹੋਈ, ਅਖ਼ੀਰ ਪਤਾ ਲੱਗਿਆ ਕਿ ਆਪ ਜਰਾਬਾਂ ਦੇ ਦੋ ਜੋੜਿਆਂ ਨੂੰ ਚਾਰ ਗਿਣਦੇ ਸਨ ।
ਖ਼ੈਰ, ਧੋਬਣ ਚਲੀ ਗਈ ਤਾਂ ਆਪ ਮੇਰੇ ਪਾਸ ਆ ਕੇ ਕਹਿਣ ਲਗੇ, 'ਦੇਖ ਕਪੜੇ ਐਸ ਤਰ੍ਹਾਂ ਦੇਈ ਦੇ ਨੇ, ਨਾ ਧੋਬਣ ਕੋਈ ਕਪੜਾ ਚੁਰਾ ਸਕੇਗੀ ਤੇ ਨਾ ਹੀ ਧੋਤੇ ਹੋਏ ਕਪੜਿਆਂ ਵਿਚ ਕੋਈ ਗੜ ਬੜ ਪਵੇਗੀ, ਨਾ ਹੀ ਮੁੰਡੇ ਕੁੜੀਆਂ ਆਪੋ ਵਿਚ ਲੜਨਗੇ ... ...।'
ਮੈਂ ਪੁੱਛਿਆ ‘ਸਾਰੇ ਮੈਲੇ ਕਪੜੇ ਦੇ ਦਿੱਤੇ ਜੇ ?'
‘ਹੋਰ ਕੀ ? ਚਾਰੇ ਬੋਰੀਆਂ ਵੀ ਧੋਣੀਆਂ ਦੇ ਦਿੱਤੀਆਂ।'
‘ਹੈਂ, ਬੋਰੀਆਂ ਕੀ ਕਰਨ ਨੂੰ ਦੇਣੀਆਂ ਸਾਜੇ ? ਆਪਣੀ ਪੱਗ ਦੇ ਦਿੱਤੀ ਜੇ ?'
'ਹੈਂ ! ਇਹ ਤਾਂ ਮੇਰੇ ਸਿਰ ਤੇ ਹੀ ਬੱਝੀ ਰਹਿ ਗਈ ।'
‘ਤੇ ਪਜਾਮਿਆਂ ਵਿਚੋਂ ਨਾਲੇ ਕੱਢ ਲਏ ਜੇ ?'
'ਓਹੋ ਉਹ ਚਚ ਚਚ ਤਾਂ ਚੇਤਾ ਈ ਨਹੀਂ ਰਿਹਾ...।'
‘ਤੇ ਸਾਰੇ ਖੀਸੇ ਦੇਖ ਲਏ ਸਨ ?'
‘ਨਹੀਂ, ਖੀਸਿਆਂ ਵਿਚ ਕੀ ਪਿਆ ਸੀ ?'
'ਮੇਰੀ ਕਮੀਜ਼ ਦੇ ਖੀਸੇ ਵਿਚ ਦਸਾਂ ਦਾ ਨੋਟ ਸੀ, ਹਾਇ .... ਹਾਂ ਸੱਚ, ਅਪਣੀ ਕਮੀਜ਼ ਨਾਲੋਂ ਸੋਨੇ ਦੇ ਬਟਨ ਤੇ ਅਸ਼ਟਡ ਤਾਂ ਲਾਹ ਲਏ ਨੇ ਨਾ ?
‘ਨਹੀਂ, ਕੋਈ ਨਹੀਂ ਲਾਹੇ, ਮੈਨੂੰ ਕੀ ਪਤਾ ਸੀ ... ... ?'
'ਹਾਇ ਰੱਬਾ ਤਾਂ ਸੌ ਰੁਪਏ ਦਾ ਨੁਕਸਾਨ ਹੋ ਗਿਆ... ...।'
ਇਹ ਸੁਣ ਕੇ ਆਪ ਗਲੋਂ ਨੰਗੇ, ਸਿਰ ਤੇ ਪੱਗ ਤੇ ਤੇੜ ਕੱਛਾ ਪਾਈ ਘਰੋਂ ਨਿਕਲ ਕੇ ਭੱਜ ਉਠੇ, 'ਲੋਕੋ ! ਤੁਸਾਂ ਏਧਰ ਕੋਈ ਧੋਬਣ ਜਾਂਦੀ ਦੇਖੀ ਹੈ ? ਹਾਇ ਸਾਨੂੰ ਲੁੱਟ ਪੁੱਟ ਕੇ ਲੈ ਗਈ .... ...।’
"ਲਓ, ਏਹੋ ਜਿਹਾ ਜੇ ਤੁਹਾਡਾ ਬਾਬਾ ਵਰਿਆਮਾ !"