Dhoia Hoia Booha (Punjabi Story) : Kartar Singh Duggal
ਢੋਇਆ ਹੋਇਆ ਬੂਹਾ (ਕਹਾਣੀ) : ਕਰਤਾਰ ਸਿੰਘ ਦੁੱਗਲ
ਮੁੜ-ਮੁੜ ਉਹ ਕਹਿ ਰਿਹਾ ਸੀ-ਮੈਂ ਕੱਲ੍ਹ ਨਹੀਂ ਤੇ ਪਰਸੋਂ ਮੁੜ ਆਵਾਂਗਾ । ਦਿੱਲੀ ਕਿਹੜੀ ਦੂਰ ਹੈ ? ਮੈਂ ਥੋਹ ਕੜਿੱਲੇ ਹੀ ਤੇ ਮਾਰਨ ਜਾ ਰਿਹਾ ਹਾਂ । ਹਰ ਵਾਰ ਉਹ ਇਹ ਕਹਿੰਦਾ ਤੇ ਉਹ ਅੱਗੋਂ ਹੱਸ ਛੱਡਦੀ, ਫਿੱਕੀ ਜਿਹੀ ਹਾਸੀ।
ਉਹਦੇ ਸੁਫ਼ਨਿਆਂ ਦਾ ਦੇਸ ਪਾਕਿਸਤਾਨ ਬਣ ਰਿਹਾ ਸੀ। ਦੁਰਦਾਨਾ ਨੂੰ ਇਹ ਸੋਚ ਕੇ ਨਸ਼ਾ ਜਿਹਾ ਚੜ੍ਹ ਜਾਂਦਾ। ਕਾਇਦੇ-ਆਜ਼ਮ ਦੀ ਦੀਵਾਨੀ, ਕਈ ਵਰ੍ਹਿਆਂ ਦੀ ਜਦੋ-ਜਹਿਦ ਤੋਂ ਬਾਅਦ ਉਨ੍ਹਾਂ ਨੂੰ ਕਾਮਯਾਬੀ ਹੋਈ ਸੀ। ਕਾਲਜ ਦੇ ਜ਼ਮਾਨੇ ਤੋਂ ਉਹ ਮੁਸਲਿਮ ਲੀਗ ਦੀ ਵਾਲੰਟੀਅਰ ਭਰਤੀ ਹੋ ਗਈ ਸੀ। ਦਿਨ-ਰਾਤ ਪਾਕਿਸਤਾਨ ਲਈ ਪ੍ਰਾਪੇਗੰਡਾ ਕਰਨਾ, ਦਿਨ-ਰਾਤ ਪਾਕਿਸਤਾਨ ਲਈ ਚੰਦਾ ਇੱਕਠਾ ਕਰਨਾ, ਦਿਨ-ਰਾਤ ਪਾਕਿਸਤਾਨ ਲਈ ਕੁਰਬਾਨੀਆਂ ਦੇਣ ਲਈ ਲੋਕਾਂ ਨੂੰ ਤਿਆਰ ਕਰਨਾ। ਹਰ ਜਲਸੇ ਵਿਚ ਦੁਰਦਾਨਾ ਸ਼ਾਮਲ ਹੁੰਦੀ, ਪਾਕਿਸਤਾਨ ਲਈ ਹਰ ਮੁਜ਼ਾਹਿਰੇ ਵਿਚ ਉਹ ਹਿੱਸਾ ਲੈਂਦੀ। 'ਪਾਕਿਸਤਾਨ ਜ਼ਿੰਦਾਬਾਦ' 'ਕਾਇਦੇਆਜ਼ਮ ਜ਼ਿੰਦਾਬਾਦ' ਦੇ ਨਾਅਰੇ ਲਾ ਲਾ ਕੇ ਉਹਦਾ ਸੰਘ ਬਹਿ ਜਾਂਦਾ ਅਤੇ ਕਿਤਨੇ ਕਿਤਨੇ ਵੇਲੇ ਫਿਰ ਲੂਣ ਤੇ ਕੋਸੇ ਪਾਣੀ ਦੇ ਗ਼ਰਾਰੇ ਕਰਦੀ ਰਹਿੰਦੀ, ਨਾਲ ਦੇ ਫ਼ਲੈਟ ਵਿਚ ਰਹਿ ਰਹੇ ਡਾ. ਅਸ਼ੋਕ ਤੋਂ ਗੋਲੀਆਂ ਲੈ ਕੇ ਖਾਂਦੀ ਰਹਿੰਦੀ। ਸਾਰਾ ਸਾਰਾ ਦਿਨ ਗਲੀਆਂ ਮੁਹੱਲਿਆਂ ਵਿਚ ਫਿਰ ਫਿਰ ਕੇ ਮੁਸਲਮ ਲੀਗ ਦੇ ਪੈਗ਼ਾਮ ਨੂੰ ਘਰ-ਘਰ ਪਹੁੰਚਾਂਦੀ। ਜਦੋਂ ਥੱਕੀ ਹਾਰੀ ਘਰ ਮੁੜਦੀ ਤਾਂ ਆਪਣੇ ਗੁਆਂਢੀ ਡਾ. ਦੀ ਇਕ ਖ਼ੁਰਾਕ ਤੇ ਉਹ ਚੰਗੀ ਭਲੀ ਹੋ ਜਾਂਦੀ। ਖ਼ੁਸ਼-ਖ਼ੁਸ਼, ਚਹਿਕ ਰਹੀ, ਹਰ ਵੇਲੇ ਕਿਸੇ ਨਾ-ਕਿਸੇ ਗ਼ਜ਼ਲ ਦਾ ਸ਼ਿਅਰ ਗੁਣ-ਗੁਣਾ ਰਹੀ। ਜਾਂ ਫਿਰ ਜਦੋਂ ਉਸ ਨੂੰ ਵਕਤ ਮਿਲਦਾ ਸਜਣ ਲੱਗ ਪੈਂਦੀ। ਸਜਣ ਦੀ ਸ਼ੌਕੀਨ, ਘੰਟਿਆਂ-ਬੱਧੀ ਸ਼ਿੰਗਾਰ ਮੇਜ਼ ਦੇ ਸਾਹਮਣੇ ਬੈਠੀ ਰਹਿੰਦੀ।
ਸੋਹਣੀ ਵੀ ਕਿਤਨੀ ਸੀ ਦੁਰਦਾਨਾ। ਉਹਦੇ ਹੁਸਨ ਵੱਲ ਵੇਖਿਆ ਨਾ ਜਾਂਦਾ। ਜਦੋਂ ਦੀ ਇੱਕ ਬੱਚੀ ਦੀ ਮਾਂ ਬਣੀ ਸੀ, ਹੋਰ ਸੋਹਣੀ ਲੱਗਣ ਲੱਗ ਪਈ ਸੀ।
"ਸਾਡੀ ਧੀ ਦੀ ਸ਼ਕਲ ਉਚੜੀ-ਪੁਚੜੀ ਡਾ. ਅਸ਼ੋਕ ਤੇ ਹੈ।" ਇਕ ਦਿਨ ਆਪਣੀ ਬੱਚੀ ਨੂੰ ਕੁੱਛੜ ਲਈ ਉਸ ਨੂੰ ਪਿਆਰ ਕਰ ਰਹੇ, ਦੁਰਦਾਨਾ ਦੇ ਖਾਵੰਦ ਲਤੀਫ਼ ਨੇ ਉਹਨੂੰ ਕਿਹਾ। "ਕੀ ਮਤਲਬ?" ਦੁਰਦਾਨਾ ਦਾ ਤ੍ਰਾਹ ਨਿਕਲ ਗਿਆ।
"ਓਸ ਵਰਗੀ ਸੋਹਲ-ਅੰਗੀ, ਗੋਰੀ-ਗੋਰੀ, ਪਾਨ ਵਰਗਾ ਮੂੰਹ, ਬਿੱਲੀਆਂ ਅੱਖੀਆਂ।"
"ਆਹੋ, ਆਹੋ, ਮੈਂ ਤੇ ਕਦੀ ਖਿਆਲ ਹੀ ਨਹੀਂ ਕੀਤਾ।" ਦੁਰਦਾਨਾ ਨੇ ਆਪਣੀ ਬੱਚੀ ਦੇ ਚਿਹਰੇ ਵੱਲ ਵੇਖਦੇ ਹੋਏ ਕਿਹਾ।
"ਜੇ ਤੈਨੂੰ ਇਸ ਬੱਚੀ ਦੀ ਆਸ ਸਾਡੇ ਇਸ ਫਲੈਟ ਵਿਚ ਆਉਣ ਤੋਂ ਕਈ ਮਹੀਨੇ ਪਹਿਲੇ ਪਿੰਡੀ ਵਿਚ ਨਾ ਲੱਗੀ ਹੁੰਦੀ..."
"ਤਾਂ ਤੁਹਾਨੂੰ ਮੇਰੇ ਚਲਨ 'ਤੇ ਸ਼ੱਕ ਹੋਣ ਲੱਗ ਪੈਂਦਾ।" ਦੁਰਦਾਨਾ ਨੇ ਆਪਣੇ ਖ਼ਾਵੰਦ ਦਾ ਫ਼ਿਕਰਾ ਪੂਰਾ ਕੀਤਾ ਅਤੇ ਫੇਰ ਦੋਵੇਂ ਹੱਸਣ ਲੱਗ ਪਏ। ਹੱਸਦੇ-ਹੱਸਦੇ ਆਪਣੀ ਬੱਚੀ ਨੂੰ ਪਿਆਰ ਕਰਦੇ ਰਹੇ।
ਡਾ. ਅਸ਼ੋਕ ਨਾਲ ਸੱਚਮੁੱਚ ਦੁਰਦਾਨਾ ਦਾ ਬੜਾ ਜੋੜ ਸੀ। ਆਮ ਔਰਤਾਂ ਵਾਂਗ ਉਸ ਨੂੰ 'ਭਾਈ ਸਾਹਿਬ' 'ਭਾਈ ਸਾਹਿਬ' ਨਹੀਂ ਕਹਿੰਦੀ ਸੀ ਪਰ ਆਪਣੇ ਗੁਆਂਢੀ ਨੂੰ ਦਿਲੋਂ ਚਾਹੁੰਦੀ ਸੀ ਤੇ ਡਾ. ਅਸ਼ੋਕ ਵੀ ਦੁਰਦਾਨਾ ਦਾ ਮੁਤਵਾਲਾ ਸੀ। ਉਹਦੀ ਹਰ ਲੋੜ ਦਾ, ਹਰ ਫ਼ਰਮਾਇਸ਼ ਦਾ ਖ਼ਿਆਲ ਰੱਖਦਾ। ਦੁਨੀਆਂ ਭਰ ਦੀਆਂ ਟਾਨਿਕਾਂ ਲਿਆ ਲਿਆਕੇ ਉਹਨੂੰ ਅਤੇ ਉਹਦੀ ਬੱਚੀ ਨੂੰ ਖੁਆਂਦਾ ਰਹਿੰਦਾ। ਜਿਤਨੀ ਵਾਰ ਵਿਦੇਸ਼ ਜਾਂਦਾ, ਦੁਰਦਾਨਾ ਤੇ ਉਹਦੇ ਘਰ ਵਾਲੇ ਲਈ ਢੇਰਾਂ ਸੁਗਾਤਾਂ ਲੈ ਕੇ ਆਉਂਦਾ। ਉਨ੍ਹਾਂ ਦੀ ਬੱਚੀ ਤਾਂ ਰਹਿੰਦੀ ਹੀ ਡਾ. ਅਸ਼ੋਕ ਦੇ ਫ਼ਲੈਟ ਵਿਚ ਸੀ। ਛੜਾ-ਛਾਂਡ ਨੌਜੁਆਨ, ਜਦੋਂ ਉਹਨੂੰ ਵਿਹਲ ਹੁੰਦੀ ਬੇਬੀ ਨੂੰ ਬੁਲਾ ਕੇ ਉਸ ਨਾਲ ਖੇਡਣ ਲੱਗ ਪੈਂਦਾ।
ਅੱਜ ਕੱਲ੍ਹ ਦੁਰਦਾਨਾ ਪਾਕਿਸਤਾਨ ਦੇ ਕਾਇਮ ਹੋਣ ਦੇ ਜਸ਼ਨਾਂ ਦੀ ਤਿਆਰੀ ਵਿਚ ਜੁੱਟੀ ਹੋਈ ਸੀ। ਜਲਸੇ-ਜਲੂਸ, ਗਲੀ-ਮੁਹੱਲਿਆਂ ਦੀ ਆਰਾਇਸ਼, ਨਾਚ-ਗਾਣਿਆਂ ਦੀਆਂ ਮਹਿਫ਼ਲਾਂ। ਇਹ ਫੈਸਲਾ ਹੋਇਆ ਸੀ, ਸਭ ਮਸੀਤਾਂ ਨੂੰ ਰੰਗਦਾਰ ਬਿਜਲੀ ਦੇ ਲਾਟੂਆਂ ਨਾਲ ਸਜਾਇਆ ਜਾਏ, ਤੇ ਮਸੀਤਾਂ ਢੇਰ ਸਾਰੀਆਂ ਸਨ ਤੇ ਰੰਗਦਾਰ ਲਾਟੂ ਪੂਰੇ ਨਹੀਂ ਪੈ ਰਹੇ ਸਨ। ਹਿੰਦੂ ਦੁਕਾਨਦਾਰਾਂ ਨੇ ਬਲਬਾਂ ਦੇ ਬੰਬ ਬਣਾ ਕੇ ਫ਼ਿਰਕੂ ਫ਼ਸਾਦਾਂ ਦੇ ਦੌਰਾਨ, ਬਲਬ ਮੁਕਾ ਛੱਡੇ ਸਨ ਤੇ ਦੁਰਦਾਨਾ ਕਹਿੰਦੀ, ਢਾਕੇ ਤੋਂ ਉਹ ਲੋਕ ਬਲਬ ਮੰਗਵਾ ਰਹੇ ਸਨ। ਰੰਗਦਾਰ ਬਲਬਾਂ ਦਾ ਹਵਾਈ ਜਹਾਜ਼ ਭਰ ਕੇ ਪੂਰਬੀ ਬੰਗਾਲ ਤੋਂ ਆ ਰਿਹਾ ਸੀ। 'ਇਸੇ ਲਈ ਤੇ ਅਸੀਂ ਪਾਕਿਸਤਾਨ ਬਣਾਇਆ ਏ ਤਾਂ ਜੋ ਹਿੰਦੂ ਦੀ ਅਜਾਰੇਦਾਰੀ ਖ਼ਤਮ ਕੀਤੀ ਜਾਏ,' ਮੁੜ ਮੁੜ ਦੁਰਦਾਨਾ ਕਹਿੰਦੀ ਅਤੇ ਕਈ ਵਾਰ ਇੰਜ ਹਿੰਦੂ ਕੌਮ ਦੇ ਖ਼ਿਲਾਫ਼ ਬੋਲ ਰਹੀ ਜਦੋਂ ਉਹ ਡਾ. ਅਸ਼ੋਕ ਦੇ ਮੂੰਹ ਵੱਲ ਵੇਖਦੀ, ਉਹਦੀ ਜ਼ਬਾਨ ਲੜਖੜਾ ਜਾਂਦੀ। ਅਸ਼ੋਕ ਵੀ 'ਤੇ ਹਿੰਦੂ ਸੀ। ਅਸ਼ੋਕ ਦੀ ਗੱਲ ਹੋਰ ਸੀ। ਅਸ਼ੋਕ ਤੇ ਉਸ ਤਰ੍ਹਾਂ ਦੇ ਲੋਕਾਂ ਵਿਚੋਂ ਸੀ ਜਿਨ੍ਹਾਂ 'ਤੇ ਕੋਈ ਜਾਨ ਵੀ ਦੇ ਸਕਦਾ ਹੈ। ਅਸ਼ੋਕ ਵਰਗੇ ਗੁਆਂਢੀ ਵਿਰਲੇ ਹੀ ਕੋਈ ਹੁੰਦੇ ਨੇ। ਦੋ ਫ਼ਲੈਟ ਸਨ ਪਰ ਜਿਵੇਂ ਘਰ ਇੱਕੋ ਹੀ ਹੋਵੇ। ਕਈ ਕਈ ਵੇਲੇ ਇਕੋ ਹੀ ਥਾਂ ਪੱਕਦਾ। ਇਕੋ ਮੇਜ਼ 'ਤੇ ਬੈਠ ਕੇ ਉਹ ਖਾਂਦੇ ਪੀਂਦੇ। ਦੁਰਦਾਨਾ ਦੀ ਬੇਬੀ ਡਾ. ਚਾਚਾ ਦੀ ਦੀਵਾਨੀ ਸੀ। ਫ਼ਲੈਟ ਵੀ ਦੋ ਨਾਂ-ਮਾਤਰ ਹੀ ਸਨ, ਅਸਲ ਵਿਚ ਘਰ ਇੱਕੋ ਸੀ। ਕਿਰਾਇਆ ਵਧੇਰੇ ਲੈਣ ਲਈ ਮਾਲਕ-ਮਕਾਨ ਨੇ ਦੋ ਹਿੱਸਿਆਂ ਵਿਚ ਉਸ ਨੂੰ ਵੰਡ ਛੱਡਿਆ ਸੀ।
ਤੇ ਡਾ. ਅਸ਼ੋਕ ਨੂੰ ਉਹ ਦਿਨ ਕਦੀ ਨਹੀਂ ਵਿਸਰ ਸਕਦਾ ਸੀ: ਸਾਰਾ ਦਿਨ ਉਹ ਲੋਕ ਬੈਠੇ ਪਾਕਿਸਤਾਨ ਬਾਰੇ ਬਹਿਸ ਕਰਦੇ ਕਰਦੇ ਝੱਗੋਝੱਗ ਹੋ ਰਹੇ ਸਨ। ਦੁਰਦਾਨਾ ਕਹਿੰਦੀ, 'ਪਾਕਿਸਤਾਨ ਬਣ ਕੇ ਰਹੇਗਾ, ਭਾਵੇਂ ਲਹੂ ਦੀਆਂ ਨਦੀਆਂ ਵਹਾਣੀਆਂ ਪੈਣ। ਪਾਕਿਸਤਾਨ ਵਿਚ ਵਸ ਰਹੇ ਹਰ ਹਿੰਦੂ ਦੀ ਲਾਸ਼ ਨੂੰ ਰੋਂਦ ਕੇ ਭਾਵੇਂ ਸਾਨੂੰ ਲੰਘਣਾ ਪਏ, ਅਸੀਂ ਆਪਣੀ ਮੰਜ਼ਲ 'ਤੇ ਪੁੱਜ ਕੇ ਰਹਾਂਗੇ।' ਇੰਜ ਬਹਿਸ ਕਦੀ-ਕਦੀ ਬਦਮਗਜ਼ ਦੀ ਹੱਦ ਤੀਕ ਵੀ ਅਪੜ ਜਾਂਦੀ। ਇੰਜ ਜਦੋਂ ਦੁਰਦਾਨਾ ਲੱਖ-ਲੱਖ ਸਲ੍ਹਵਾਤਾਂ ਸੁਣਾ ਰਹੀ ਸੀ, ਹਿੰਦੂ-ਸਿੱਖ ਲੀਡਰਾਂ ਨੂੰ ਜਿਹੜੇ ਪਾਕਿਸਤਾਨ ਦੇ ਬਣਾਏ ਜਾਣ ਦੇ ਖ਼ਿਲਾਫ ਸਨ, ਰੇਡੀਓ 'ਤੇ ਖ਼ਬਰ ਆਈ ਕਿ ਪੋਠੋਹਾਰ ਵਿਚ ਫ਼ਿਰਕੂ ਫ਼ਸਾਦ ਭੜਕ ਉਠੇ ਸਨ ਅਤੇ ਅਸ਼ੋਕ ਹੋਰਾਂ ਦਾ ਪਿੰਡ ਉਨ੍ਹਾਂ ਪਿੰਡ ਵਿਚੋਂ ਸੀ ਜਿਹੜੇ ਫ਼ਸਾਦੀਆਂ ਨੇ ਸਾੜ ਕੇ ਸੁਆਹ ਕਰ ਦਿੱਤੇ ਸਨ।
ਦੁਰਦਾਨਾ ਨੇ ਸੁਣਿਆ ਤੇ ਉਹਦੇ ਸੋਤਰ ਸੁੱਕ ਗਏ। ਵੱਢੋ ਤਾਂ ਜਿਵੇਂ ਲਹੂ ਦੀ ਬੂੰਦ ਨਾ ਹੋਵੇ। ਉਹਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਕੀ ਕਰੇ, ਕੀ ਨਾ ਕਰੇ। ਫੇਰ ਉਸ ਟੈਲੀਫੋਨ ਫੜਿਆ ਤੇ ਹੇਠ ਉਤੇ, ਹਰ ਆਪਣੇ ਜਾਣ-ਪਛਾਣ ਵਾਲੇ ਨੂੰ ਟੈਲੀਫੋਨ ਕਰਨੇ ਸ਼ੁਰੂ ਕਰ ਦਿੱਤੇ ਤੇ ਜਦੋਂ ਤੀਕ ਉਹਨੂੰ ਇਹ ਖ਼ਬਰ ਨਾ ਮਿਲ ਚੁੱਕੀ ਕਿ ਅਸ਼ੋਕ ਦੇ ਮਾਪੇ ਰਾਜੀ-ਖ਼ੁਸ਼ੀ ਰਾਵਲਪਿੰਡੀ ਸ਼ਹਿਰ ਪੁੱਜ ਗਏ ਸਨ, ਉਸ ਸਾਹ ਨਹੀਂ ਲਿਆ। ਮੁੜਮੁੜ ਕਹਿੰਦੀ, ਮੈਂ ਆਪ ਚਲੀ ਜਾਵਾਂਗੀ। ਮੈਂ ਉਨ੍ਹਾਂ ਨੂੰ ਕਦੀ ਵੇਖਿਆ ਨਹੀਂ ਪਰ ਮੈਂ ਉਨ੍ਹਾਂ ਨੂੰ ਟੋਲ ਲਵਾਂਗੀ। ਉਨ੍ਹਾਂ ਦਾ ਘਰ ਦਾ ਲੁੱਟਿਆ ਸਾਰਾ ਮਾਲ ਵਾਪਸ ਕਰਾਵਾਂਗੀ।
ਦੁਰਦਾਨਾ ਦਾ ਖ਼ਾਵੰਦ ਹੈਰਾਨ ਹੁੰਦਾ, ਇਕ ਪਾਸੇ ਤਾਂ ਉਹ ਪਾਕਿਸਤਾਨ ਬਣਾਉਣ ਲਈ ਲੱਖਾਂ ਹਿੰਦੂਆਂ ਦਾ ਲਹੂ ਵਹਾਉਣ ਲਈ ਤਿਆਰ ਸੀ, ਦੂਜੇ ਪਾਸੇ ਇਕ ਹਿੰਦੂ ਨੂੰ ਕੰਡੇ ਦੀ ਚੋਭ ਉਸ ਨੂੰ ਇੰਜ ਪ੍ਰੇਸ਼ਾਨ ਕਰ ਰਹੀ ਸੀ।
ਤੇ ਹੁਣ ਜਦੋਂ ਦਾ ਅਗਸਤ ਚੜ੍ਹਿਆ ਸੀ, ਅਸ਼ੋਕ ਦਿੱਲੀ ਜਾਣ ਲਈ ਤਿਆਰ ਹੋ ਰਿਹਾ ਸੀ। ਸਰਕਾਰੀ ਮੁਲਾਜ਼ਮ, ਉਸ ਆਰਜ਼ੀ ਤੌਰ 'ਤੇ ਹਿੰਦੁਸਤਾਨ ਦੀ ਨੌਕਰੀ ਲਈ ਆਪਣੀ ਮਰਜ਼ੀ ਜ਼ਾਹਿਰ ਕੀਤੀ ਸੀ। ਤਿੰਨ ਮਹੀਨੇ ਵਿਚ ਉਹ ਆਪਣਾ ਫੈਸਲਾ ਬਦਲ ਸਕਦਾ ਸੀ। ਜੇ ਹਾਲਾਤ ਸਾਜ਼ਗਾਰ ਹੋਏ ਤਾਂ ਉਹ ਤਿੰਨ ਮਹੀਨਿਆਂ ਤੋਂ ਬਾਅਦ ਪਾਕਿਸਤਾਨ ਸਰਕਾਰ ਦੀ ਨੌਕਰੀ ਪ੍ਰਵਾਨ ਕਰ ਲਵੇਗਾ ਅਤੇ ਅਸ਼ੋਕ ਨੂੰ ਰਤੀ ਭਰ ਵੀ ਸ਼ੱਕ ਨਹੀਂ ਸੀ ਕਿ ਉਹ ਤਿੰਨ ਮਹੀਨਿਆਂ ਬਾਅਦ ਲਾਹੌਰ ਮੁੜ ਆਵੇਗਾ। ਤਿੰਨ ਮਹੀਨੇ ਕਿਉਂ, ਉਹ ਤੇ ਅਗਲੇ ਦਿਨ ਵਾਪਸ ਆ ਜਾਵੇਗਾ। ਦਿੱਲੀ ਦੇ ਹਸਪਤਾਲ ਵਿਚ ਚਾਰਜ ਲੈ ਕੇ ਉਹ ਛੁੱਟੀ ਦੀ ਅਰਜ਼ੀ ਪਾ ਦੇਵੇਗਾ। ਤੇ ਛੁੱਟੀ ਦੇ ਦਿਨ ਲਾਹੌਰ ਗੁਜ਼ਾਰੇਗਾ। ਹੁਣ ਜਦੋਂ ਉਹਦੇ ਜਾਣ ਦਾ ਦਿਨ ਨੇੜੇ ਆ ਗਿਆ ਸੀ, ਉਹ ਦੁਰਦਾਨਾ ਦੀ ਬੇਬੀ ਨੂੰ ਕੁੱਛੜ ਚੁੱਕੀ ਮੁੜ-ਮੁੜ ਕਹਿੰਦਾ, 'ਮੈਂ ਕੱਲ੍ਹ ਨਹੀਂ ਤੇ ਪਰਸੋਂ ਮੁੜ ਆਵਾਂਗਾ। ਦਿੱਲੀ ਕਿਹੜੀ ਦੂਰ ਹੈ। ਮੈਂ ਥੋਹ ਕੜਿੱਲੇ ਹੀ ਤੇ ਮਾਰਨ ਜਾ ਰਿਹਾ ਹਾਂ।' ਹਰ ਵਾਰ ਉਹ ਇੰਜ ਕਹਿੰਦਾ, ਡਾ. ਅਸ਼ੋਕ ਆਪਣੇ ਦਿਲ ਨੂੰ ਧਰਵਾਸ ਦਿੰਦਾ ਸੀ। ਦੁਰਦਾਨਾ ਦੇ ਹਿੱਸੇ ਹੋਏ ਚਿਹਰੇ ਨੂੰ ਤਸੱਲੀ ਦਿੰਦਾ ਸੀ। ਹਰ ਵਾਰ ਉਹ ਇੰਜ ਕਹਿੰਦਾ, ਉਹ ਅੱਗੋਂ ਹੱਸ ਛੱਡਦੀ, ਇਕ ਫਿੱਕੀ ਜਿਹੀ ਹਾਸੀ।
ਤੇ ਫੇਰ ਦੁਰਦਾਨਾ, ਉਹਦਾ ਖ਼ਾਵੰਦ ਲਤੀਫ਼ ਸ਼ਾਮੀ ਡਾ. ਅਸ਼ੋਕ ਨੂੰ ਗੱਡੀ 'ਤੇ ਚੜ੍ਹਾਣ ਗਏ। ਉਸ ਆਪਣੇ ਨਾਲ ਕੁਝ ਵੀ ਨਹੀਂ ਲਿਆ। ਅਟੈਚੀ ਕੇਸ ਵਿਚ ਇਕ ਜੋੜਾ ਫ਼ਾਲਤੂ ਰੱਖ ਲਿਆ ਤੇ ਬਸ। ਅਗਲੇ ਰੋਜ਼ ਤੇ ਉਸ ਮੁੜ ਆਉਣਾ ਸੀ। ਤੁਰਨ ਵੇਲੇ ਉਸ ਆਪਣੇ ਫ਼ਲੈਟ ਦਾ ਬੂਹਾ ਕੇਵਲ ਢੋ ਦਿੱਤਾ। ਉਸ ਨੂੰ ਕੁੰਡੀ ਤੱਕ ਨਹੀਂ ਲਾਈ। ਉਂਜ ਵੀ ਉਹਦਾ ਘਰ ਦੁਰਦਾਨਾ ਦੇ ਹਵਾਲੇ ਰਹਿੰਦਾ ਸੀ। ਉਹੀ ਉਹਦੀ ਸਫ਼ਾਈ ਕਰਾਉਂਦੀ, ਉਹੀ ਝਾੜ-ਪੂੰਝ ਕਰਾਉਂਦੀ। ਉਹੀ ਨੌਕਰ ਨੂੰ ਰਿੰਨ੍ਹਣ ਪਕਾਣ ਲਈ ਹਦਾਇਤ ਕਰਦੀ। ਗੱਡੀ ਤੁਰਨ ਤੋਂ ਪਹਿਲੇ ਦੁਰਦਾਨਾ ਨੇ ਆਪਣੇ ਹੱਥੀਂ ਅਸ਼ੋਕ ਦੀ ਸੀਟ 'ਤੇ ਬਿਸਤਰ ਵਿਛਾਇਆ। ਅਸ਼ੋਕ ਦੇ ਕੁੱਛੜ ਤੇ ਬੇਬੀ ਸੀ । ਮਜਾਲ ਹੈ ਅਸ਼ੋਕ ਚਾਚਾ ਤੋਂ ਇਕ ਛਿਨ ਲਈ ਅਲੱਗ ਹੋ ਜਾਏ। ਅਸ਼ੋਕ ਚਾਚਾ ਸਾਹਮਣੇ ਹੋਏ ਤਾਂ ਬੇਬੀ ਉਹਦੀ ਗੋਦੀ ਵਿਚ ਜ਼ਰੂਰ ਹੁੰਦੀ।
ਤੇ ਫੇਰ ਗੱਡੀ ਦੇ ਤੁਰਨ ਦਾ ਵਕਤ ਹੋ ਗਿਆ। ਪਲੇਟਫਾਰਮ ਦੀ ਘੰਟੀ ਵੱਜੀ। ਸਿਗਨਲ ਡਾਊਨ ਹੋ ਗਿਆ। ਗਾਰਡ ਨੇ ਹਰੀ ਝੰਡੀ ਦਿਖਾ ਦਿੱਤੀ। ਗਾਰਡ ਮੁੜ-ਮੁੜ ਸੀਟੀ ਵਜਾ ਰਿਹਾ ਸੀ। ਦੁਰਦਾਨਾ ਦਾ ਦਿਲ ਜਿਵੇਂ ਡੁੱਬਦਾ ਜਾ ਰਿਹਾ ਹੋਵੇ। ਉਹਦਾ ਮੂੰਹ ਪੀਲਾ ਭੂਕ ਹੋ ਗਿਆ ਸੀ ਤੇ ਫੇਰ ਗੱਡੀ ਤੁਰ ਪਈ। ਅਸ਼ੋਕ ਸਭ ਨੂੰ ਮਿਲ ਚੁੱਕਾ ਸੀ, ਦੁਰਦਾਨਾ ਦੇ ਕੋਲ ਜਾ ਕੇ ਉਹਨੂੰ ਹੌਸਲਾ ਦੇਣ ਲਈ ਉਸ ਫੇਰ ਕਿਹਾ, 'ਮੈਂ ਕੱਲ੍ਹ ਨਹੀਂ ਤੇ ਪਰਸੋਂ ਮੁੜ ਆਵਾਂਗਾ।'
"ਨਹੀਂ, ਨਹੀਂ, ਨਹੀਂ ਅਸ਼ੋਕ ਤੂੰ ਨਹੀਂ ਆਵੇਂਗਾ। ਤੂੰ ਲਾਹੌਰ ਕਦੀ ਨਹੀਂ ਆਵੇਂਗਾ, ਜਦੋਂ ਤੀਕ ਮੈਂ ਤੈਨੂੰ ਚਿੱਠੀ ਨਾ ਲਿਖਾਂ।" ਤੇ ਦੁਰਦਾਨਾ ਛਲ-ਛਲ ਅੱਥਰੂ ਰੋ ਰਹੀ ਉਹਦੇ ਮੋਢੇ 'ਤੇ ਢੇਰੀ ਹੋ ਗਈ। ਦੁਰਦਾਨਾ ਦੇ ਖ਼ਾਵੰਦ ਲਤੀਫ਼ ਨੂੰ ਕੁਝ ਸਮਝ ਨਹੀਂ ਆਈ, ਦੁਰਦਾਨਾ ਇੰਜ ਕਿਉਂ ਫਿਸ ਪਈ ਸੀ। ਅੱਗੇ ਪਿੱਛੇ ਖਲੋਤੇ ਬਾਕੀ ਲੋਕ ਹੈਰਾਨ ਸਨ ਤੇ ਫੇਰ ਜਿਤਨਾ ਚਿਰ ਗੱਡੀ ਅੱਖੀਉਂ ਓਹਲੇ ਨਹੀਂ ਹੋ ਗਈ, ਇਕ ਝਲਾਰ ਵਾਂਗ ਦੁਰਦਾਨਾ ਦੇ ਅੱਥਰੂ ਕਿਰਦੇ ਰਹੇ। ਹਟਕੋਰੇ ਭਰ ਰਹੀ ਉਹਦਾ ਬੁਰਾ ਹਾਲ ਹੋ ਰਿਹਾ ਸੀ ਅਤੇ ਉਹ ਪਲੇਟਫਾਰਮ ਤੋਂ ਬਾਹਰ ਆਪਣੀ ਮੋਟਰ ਵਿਚ ਆ ਬੈਠੇ।
ਜਦੋਂ ਮੋਟਰ ਤੁਰੀ, ਉਹਦੇ ਖਾਵੰਦ ਨੇ ਦੁਰਦਾਨਾ ਤੋਂ ਪੁੱਛਿਆ, "ਤੂੰ ਇੰਜ ਕਿਉਂ ਪ੍ਰੇਸ਼ਾਨ ਹੋ ਰਹੀ ਏਂ? ਆਖ਼ਰ ਕੱਲ੍ਹ ਨਹੀਂ ਤੇ ਪਰਸੋਂ ਅਸ਼ੋਕਨੇ ਮੁੜ ਆਉਣਾ ਏ।"
"ਨਹੀਂ, ਨਹੀਂ ਉਹ ਨਹੀਂ ਆ ਸਕੇਗਾ," ਦੁਰਦਾਨਾ ਨੇ ਆਪਣੇ ਖਾਵੰਦ ਦੇ ਚਿਹਰੇ ਵੱਲ ਵੇਖਦੇ ਹੋਏ ਕਿਹਾ, "ਉਹ ਨਹੀਂ ਆ ਸਕੇਗਾ, ਨਹੀਂ ਆ ਸਕੇਗਾ, ਪਤਾ ਨਹੀਂ ਕਿਤਨਾ ਚਿਰ ਹੋਰ..."
ਲਤੀਫ਼ ਉਹਦੇ ਮੂੰਹ ਵੱਲ ਵੇਖਦਾ ਰਹਿ ਗਿਆ। ਉਸ ਨੂੰ ਕੁਝ ਸਮਝ ਨਹੀਂ ਆ ਰਹੀ ਸੀ। ਮੋਟਰ ਵਿਚ ਸਾਰਾ ਸਮਾਂ, ਘਰ ਪੁੱਜ ਕੇ ਉਹ ਰਾਤ ਤ੍ਰੀਮਤ-ਖ਼ਾਵੰਦ ਨੇ ਅੱਖ ਨਾਲ ਅੱਖ ਨਹੀਂ ਮਿਲਾਈ। ਕੋਈ ਗੱਲ ਨਹੀਂ ਕੀਤੀ।
ਤੇ ਫੇਰ ਅਗਲੀ ਸਵੇਰ ਅਜੇ ਮੂੰਹ-ਝਾਖੜਾ ਹੀ ਸੀ ਕਿ ਆਂਢ-ਗੁਆਂਢ ਵਿਚ ਗੋਲੀਆਂ ਚੱਲਣ ਲੱਗ ਪਈਆਂ। ਚੀਕਾਂ ਤੇ ਫ਼ਰਿਆਦਾਂ, ਅੱਗ ਦੇ ਭਾਂਬੜ, ਫਾਇਰ-ਬ੍ਰਿਗੇਡ ਦੀਆਂ ਟੱਲੀਆਂ, ਪਰਲੋ ਦਾ ਸਮਾਂ ਬਣ ਗਿਆ ਤੇ ਇਹ ਕਤਲੋ-ਗਾਰਤ ਲਾਹੌਰ ਵਿਚ ਤੇ ਉਧਰ ਦਿੱਲੀ ਵਿਚ ਕਈ ਦਿਨ ਹੁੰਦਾ ਰਿਹਾ।
ਅਸ਼ੋਕ ਦਾ ਬੂਹਾ ਉਂਜ ਦਾ ਉਂਜ, ਢੋਇਆ ਸੀ। ਤੇ ਪਾਕਿਸਤਾਨ ਦੀ ਦੀਵਾਨੀ ਦੁਰਦਾਨਾ ਦਾ ਦਿਲ ਕਹਿੰਦਾ, ਇਹ ਬੂਹਾ ਢੋਇਆ ਰਹੇਗਾ, ਪਤਾ ਨਹੀਂ ਕਿਤਨਾ ਚਿਰ ਹੋਰ । ਤੇ ਫੇਰ ਵਰ੍ਹੇ ਬੀਤਣ ਲੱਗ ਪਏ।