Dib Drishti (Punjabi Story) : Charan Singh Shaheed
ਦਿੱਬ ਦ੍ਰਿਸ਼ਟੀ (ਕਹਾਣੀ) : ਚਰਨ ਸਿੰਘ ਸ਼ਹੀਦ
ਇਕ ਦਿਨ ਬਾਬੇ ਨੇ ਸਾਰੇ ਪਿੰਡ ਦੀਆਂ ਮੰਜੀਆਂ ਅਕਠੀਆਂ ਕਰ ਆਂਦੀਆਂ ਤੇ ਆਪਣੇ ਕੋਠੇ ਉਤੇ ਚੜ੍ਹਾ ਕੇ ਇਕ ਉਤੇ ਦੂਜੀ, ਦੂਜੀ ਉਤੇ ਤੀਜੀ, ਅਤੇ ਅਈਦਾਂ ਹੀ ਈਂਗੜੀ ਪੜੀਂਗੜੀ ਕਈ ਮੰਜੀਆਂ ਧਰ ਲਈਆਂ ਤੇ ਆਪ ਸਭ ਦੇ ਉਪਰ ਚੜ੍ਹ ਕੇ ਖਲੋ ਗਿਆ ਸਾਰੇ ਲੋਕੀਂ ਹੈਰਾਨੀ ਨਾਲ ਉਂਗਲਾਂ ਦੀ ਥਾਂ ਬੁੱਲ੍ਹ ਟੁੱਕਣ ਲੱਗ ਪਏ, ਪਈ ਬਾਬਾ ਕੀ ਕਲਾ ਵਰਤਾਉਣ ਲੱਗਾ ਹੈ ?
ਬੇਬੇ ਕਹਿੰਦੀ ਫਿਰੇ ਅਖੇ ਅਸਮਾਨ ਨੂੰ ਟਾਕੀ ਲਾਉਣ ਲੱਗਾ ਏ । ਕਈ ਦਿਨਾਂ ਤੋਂ ਕੱਛਾਂ ਮਾਰਦਾ ਫਿਰਦਾ ਸੀ ਕਿ ਅਸੀਂ ਫੀਮ ਦਾ ਅਮਲ ਲਾ ਲੈਣਾ ਏਂ, ਇਹ ਬੜਾ ਬਾਦਸ਼ਾਹੀ ਅਮਲ ਏ ਤੇ ਅੱਜ ਮਸਾਂ ਕੁ ਜਹੇ ਕੋਈ ਖ਼ਸਖ਼ਸ ਦੇ ਦਾਣੇ ਜਿੰਨੀ ਫੀਮ ਖਾ ਬੈਠਾ ਏ ਤੇ ਕਿਸੇ ਦੀ ਸੁਣਦਾ ਹੀ ਨਹੀਂ, ਕਹਿੰਦਾ ਏ ਮੈਂ ਰੱਬ ਨਾਲ ਗੱਲਾਂ ਕਰਨੀਆਂ ਨੇ ।
ਬਾਬਾ ਸਭ ਤੋਂ ਉਪਰਲੀ ਮੰਜੀ ਤੇ ਖਲੋ ਕੇ ਲੱਗਾ ਏਲਾਨ ਕਰਨ "ਓਏ ਮੇਰਿਆ ਰੱਬਾ ! ਮਾਸਾ ਕੁ ਬਹੁੜ ਪਓ। ਮੈਂ ਸਹੁੰ ਬਾਪੂ ਦੀ ਤੇਰੇ ਨਾਲ ਦੋ ਗੱਲਾਂ ਨਹੀਂ ਕਰਦਾ, ਇਕੋ ਹੀ ਕਰੂੰ । ਹੁਣ ਤੇ ਮੈਂ ਲਾਗੇ ਆ ਗਿਆ ਵਾਂ । ਸੁਣੀਂਦਾ ਏ ਤੂੰ ਬੜਾ ਸਾਊ ਏਂ ? ਗੰਨਾ ਮੰਗੀਏ ਤਾਂ ਗੁੜ ਦੀ ਪੰਡ ਦੇ ਦੇਨਾ ਏਂ । ਜੇ ਤੇਰੀ ਬੇਬੇ ਗੰਗੋ ਤੈਨੂੰ ਮੇਰੇ ਨਾਲ ਹੱਥ ਮਿਲਾਉਣ ਦੀ ਇਜਾਜ਼ਤ ਨਹੀਂ ਦੇਂਦੀ ਤਾਂ ਮੈਂ ਆਪਣੀ ਗੰਗੋ ਦੀ ਸੁਪਾਰਸ਼ ਪੁਆ ਲਿਆਵਾਂ ? ਉਹਨੂੰ ਸੂਬੇਦਾਰਨੀਆਂ ਤੀਕ ਸੱਦੇ ਭੇਜ ਕੇ ਪ੍ਰੀਤੀ ਭੋਜਨਾ ਤੇ ਬੁਲਾਉਂਦੀਆਂ ਨੇ। ਜੇ ਤੂੰ ਮੂਸੇ ਨੂੰ ਕੋਹਤੂਰ ਤੇ ਦਰਸ਼ਨ ਦਿੱਤੇ ਸਨ ਤਾਂ ਅੱਜ ਬਾਬੇ ਵਰਿਆਮੇ ਨੂੰ ਮੰਜੀਆਂ ਦੇ ਮੁਨਾਰੇ ਉਤੇ ਦਰਸ਼ਨ ਦੇਣੋਂ ਕਿਉਂ ਸੰਗਦਾ ਏਂ?"
ਪਹਿਲੇ ਤਾਂ ਲੋਕਾਂ ਦੇ ਹੱਸ ਹੱਸ ਕੇ ਢਿੱਡੀਂ ਪੀੜਾਂ ਪੈ ਗਈਆਂ, ਪਰ ਜਦ ਸਚ ਮੁਚ ਰੱਬ ਖ਼ੁਦ ਸਾਮਰ ਤੱਖ ਪ੍ਰਗਟ ਹੋ ਪਿਆ ਤਾਂ ਉਹਦੇ ਨੂਰ ਨਾਲ ਸਭ ਦੀਆਂ ਅੱਖਾਂ ਮੀਟੀਆਂ ਗਈਆਂ।
ਰੱਬ ਨੇ ਬਾਬੇ ਨੂੰ ਕਿਹਾ ਮੰਗ ਲੈ ਜੋ ਕੁਝ ਮੰਗਣਾ ਈਂ।ਬਾਬੇ ਮੰਗਿਆ "ਮੈਨੂੰ ਉਹ ਦਿੱਬ ਦ੍ਰਿਸ਼ਟੀ ਬਖ਼ਸ਼ੋ, ਜਿਸ ਨਾਲ ਦਿਸ ਪਵੇ ਪਈ ਪਿਛਲੇ ਜਨਮ ਕੋਈ ਕੀ ਸੀ ?"
ਰੱਬ ਜੀ ਤਾਂ 'ਤਥਾ ਅਸਤੂ' ਆਖਕੇ ਪੱਤਰਾਵਾਚ ਗਏ ਤੇ ਬਾਬੇ ਹੁਰਾਂ ਨੇ ਚਾਂਈਂ ਚਾਂਈਂ ਮੰਜੀਆਂ ਦੇ ਉਤੋਂ ਹੀ ਛਾਲ ਮਾਰ ਦਿੱਤੀ ਬੜੀਂਆਂ ਸੱਟਾਂ ਲੱਗੀਆਂ । ਉਤੋਂ ਬੇਬੇ ਗੰਗੋ ਨੇ ਤੌੜੀ ਲਾਈ, ਗੱਲ ਕੀ ਬਾਬੇ ਨੂੰ ਰੱਬ ਦੇ ਦਰਸ਼ਨ ਬੜੇ ਮਹਿੰਗੇ ਪਏ ।ਦਿਲ ਫੇਰ ਵੀ ਖ਼ੁਸ਼ ਸੀ ਕਿ ਐਸੀ ਤਾਕਤ ਮਿਲ ਗਈ ਹੈ ਜੋ ਅਮ੍ਰੀਕਾ ਦੇ ਪ੍ਰਧਾਨ ਤੇ ਬਰਤਾਨੀਆਂ ਦੇ ਸ਼ਹਿਨਸ਼ਾਹ ਪਾਸ ਵੀ ਨਹੀਂ ।
ਰਾਤੀਂ ਤਾਂ ਆਪ ਕੰਨ ਵਲ੍ਹੇਟ ਕੇ ਸੌਂ ਗਏ, ਪਰ ਸਵੇਰੇ ਉਠਦਿਆਂ ਹੀ ਜਦ ਬੇਬੇ ਗੰਗੋ ਵਲ ਗਹੁ ਨਾਲ ਵੇਖਿਆ ਤਾਂ ਉਹਦਾ ਪਹਿਲਾ ਜਨਮ ਦਿਸ ਪਿਆ। ਉਹ ਪਹਿਲੇ ਜਨਮ ਵਿਚ ਭੜਭੂੰਜਣ ਸੀ ਤੇ ਐਸੀ ਬੇ-ਸ਼ਕਲ ਕਿ ਬਾਬੇ ਨੂੰ ਉਤਾੜ ਅਉਣ ਨੂੰ ਕਰੇ । ਨਿੱਕੇ ਮੁੰਡੇ ਵਲ ਵੇਖਿਆ ਤਾਂ ਉਹ ਬਾਬੇ ਦਾ ਪਿਛਲੇ ਜਨਮ ਦਾ ਹੈੱਡ ਮਾਸਟਰ ਨਿਕਲ ਆਇਆ ਜਾਂ ਬਾਬੇ ਨੇ ਆਪਣੇ ਵਲ ਨਜ਼ਰ ਮਾਰੀ ਤਾਂ ਮਲੂਮ ਹੋਇਆ ਕਿ ਹਜ਼ੂਰ ਪਿਛਲੇ ਜਨਮ ਵਿਚ ਨਰਮਤ ਰਿਸ਼ੀ ਹੁੰਦੇ ਸਨ । ਪਰ ਇੰਦਰ ਨੇ ਆਪਣੀ ਵਾਦੀ ਅਨੁਸਾਰ ਆਪ ਦਾ ਤਪ ਤੇਜ ਨਸ਼ਟ ਕਰਵਾਇਆ ਤੇ ਆਪ ਪਾਪੀ ਬਣ ਕੇ ਏਸ ਜਨਮ ਵਿਚ ਗੰਗੋ ਦੇ ਘਰ ਵਾਲੇ ਆ ਬਣੇ। ਗੰਗੋ ਵਲ ਵੇਖ ਕੇ ਬਦੋ ਬਦੀ ਬਾਬੇ ਦੇ ਮੂਹੋਂ ਨਿਕਲ ਗਿਆ 'ਏਖਾਂ, ਪਿਛਲੇ ਜਨਮ ਦੀ ਭੜਭੂੰਜਣ ਮੈਨੂੰ ਕਿਦਾਂ ਘੂਰਦੀ ਰਹਿੰਦੀ ਏ ? ......' ਬੱਸ ਜੀ, ਫੇਰ ਤਾਂ ਰੱਬ ਦੇ ਤੇ ਬੰਦਾ ਸਹੇ, ਬਾਬੇ ਨੇ ਚੀਕਾਂ ਮਾਰ ਕੇ ਆਪਣੇ ਛੋਟੇ ਮੁੰਡੇ ਨੂੰ ਬੁਲਾਇਆ ਤੇ ਕਿਹਾ 'ਹੈੱਡਮਾਸਟਰ ਜੀ ! ਮੈਨੂੰ ਬਚਾਓ ?' ਹੁਣ ਤਾਂ ਗੰਗੋ ਨੂੰ ਯਕੀਨ ਹੋ ਗਿਆ ਕਿ ਬਾਬਾ ਪਾਗਲ ਹੋ ਗਿਆ ਏ, ਪਰ ਬਾਬੇ ਨੂੰ ਹੋ ਗਈ ਸੀ ਦਿੱਬ ਦ੍ਰਿਸ਼ਟੀ।
ਰੌਲਾ ਰੱਪਾ ਸੁਣ ਕੇ ਪਿੰਡ ਦੇ ਜ਼ਨਾਨੀਆਂ ਮੁੰਡੇ ਸਭ ਅਕੱਠੇ ਹੋ ਗਏ । ਜਿਹੜਾ ਆਵੇ ਬਾਬਾ ਉਹਨੂੰ ਦੱਸ ਦੇਵੇ ਕਿ ਉਹ ਪਿਛਲੇ ਜਨਮ ਵਿਚ ਕੌਣ ਹੁੰਦਾ ਸੀ ? ਚੌਧਰੀ ਨੱਥਾ ਸਿੰਘ ਦੀ ਵਹੁਟੀ ਪਿਛਲੇ ਜਨਮ ਵਿਚ ਲੰਬੜਦਾੜ ਦੀ ਵਹੁਟੀ ਨਿਕਲੀ ।ਉਹ ਓਥੇ ਹੀ ਲੰਬੜਦਾੜ ਨੂੰ ਗਾਲ੍ਹਾਂ ਕੱਢਣ ਲੱਗ ਪਈ ਤੇ ਨੱਥਾ ਸਿਹੁੰ ਵਹੁਟੀ ਨੂੰ ਧਿੱਕੇ ਦੇਣ ਲੱਗ ਪਿਆ ਕਿ ਮੈਂ ਤੈਨੂੰ ਘਰ ਨਹੀਂ ਵਸਾਉਣਾ। ਲੰਬੜਦਾੜ ਦੀ ਵਹੁਟੀ ਪਿਛਲੇ ਜਨਮ ਵਿਚ ਉਹਦੀ ਨਾਨੀ ਸੀ, ਉਹ ਵੀ ਕੰਨਾਂ ਨੂੰ ਖਿੱਚਣ ਲੱਗ ਪਿਆ ਕਿ ਮੁੜਕੇ ਕਦੀ ਉਸ ਵਲ ਅੱਖ ਚੁੱਕ ਕੇ ਨਹੀਂ ਵੇਖਾਂਗਾ।
ਰਹੀਮੇ ਨੂੰ ਬਾਬੇ ਨੇ ਦੱਸਿਆ ਕਿ ਤੂੰ ਪਿਛਲੇ ਜਨਮ ਕੁੱਤਾ ਸੈਂ ਤੇ ਫੌਜਾ ਸਿੰਘ ਖੋਤਾ ਸੀ, ਉਹ ਦੋਵੇਂ ਇਕ ਦੂਏ ਨੂੰ ਛੇੜਦੇ ਛੇੜਦੇ ਲੜ ਪਏ ਤੇ ਡਾਂਗਾਂ ਮਾਰ ਮਾਰ ਕੇ ਸਿਰ ਪਾੜ ਲਏ ।
ਭਾਨੇ ਸ਼ਾਹ ਨੂੰ ਬਾਬੇ ਨੇ ਦੱਸਿਆ ਕਿ ਤੇਰੀ ਵਹੁਟੀ ਰਾਣੀ ਹੁੰਦੀ ਸੀ ਤੇ ਤੂੰ ਉਸ ਦਾ ਰਸੋਈਆ ਸੈਂ। ਤੇਰੀਆਂ ਚਾਰੇ ਭੈਣਾਂ ਪਿਛਲੇ ਜਨਮ ਵਿਚ ਤੇਰੀਆਂ ਮਤੇਈਆਂ ਮਾਵਾਂ ਸਨ। ਭਾਨਾ ਵੀ ਕੰਨਾ ਵਿਚ ਉਂਗਲਾਂ ਤੁੰਨਦਾ ਰਾਮ ਰਾਮ ਕਰਦਾ ਨੱਠ ਗਿਆ । ਘਰ ਗਿਆ ਤਾਂ ਵਹੁਟੀ ਵਿਟਰ ਬੈਠੀ ਕਿ ਰੋਟੀ ਤੂੰ ਪਕਾ, ਉਹ ਅੱਗੇ ਈ ਕਰੜੀ ਸੀ, ਸੋ ਉਹਨਾਂ ਦੇ ਘਰ ਲੜਾਈ ਹੋ ਪਈ।
ਗੱਲ ਕੀ ਥੋੜ੍ਹੇ ਜਹੇ ਚਿਰ ਵਿਚ ਓਥੇ ਕੁਰਲਾਟ ਪੈ ਗਈ।ਹਰ ਘਰ ਵਿਚ ਲੜਾਈ ਤੇ ਗਲੀਆਂ ਵਿਚ ਡਾਂਗਾਂ ਸੋਟੇ ਚੱਲਣ ਲੱਗ ਪਏ।
ਮੁੰਡੇ ਕੁੜੀਂਆਂ ਦੀ ਕੋਈ ਸਾਰ ਨਾ ਲਵੇ। ਸਭ ਉੱਚੀ ਉੱਚੀ ਰੋਣ, ਮਾਵਾਂ ਨੂੰ ਬੁਲਾਉਣ । ਅੱਗੋਂ ਪੁੱਠਾ ਜਵਾਬ ਮਿਲੇ-'ਚਲ ਵੇ ਚਲ, ਮੈਂ ਤੇਰੀ ਮਾਂ ਨਹੀਂ, ਪਿਛਲੇ ਜਨਮ ਵਿਚ ਤੂੰ ਮੇਰਾ ਵੈਰੀ ਹੁੰਦਾ ਸੈਂ ।'
ਕੋਈ ਕਹੇ 'ਮੈਂ ਸਾਲੀ ਹਾਂ, ਜਾ ਕੇ ਮਾਂ ਨੂੰ ਲੱਭ ।' ਕੁੜੀਆਂ ਨੂੰ ਉੱਤਰ ਮਿਲਣ 'ਜਾਹ ਨੀ ਸੌਂਕੜੇ, ਜਾਹ ਨੀ ਸੱਸੇ ਮੱਕਾਰੇ, ਚੱਲ ਖਚਰੀਏ ਨਨਾਣੇ !' ਪਿਓ ਪੁੱਤਾਂ ਨੂੰ ਬੁਲਾਉਣ 'ਆਓ ਦਾਦਾ ਜੀ, ਚਾਚਾ ਜੀ, ਸਹੁਰਾ ਜੀ !' ਐਸਾ ਰਾਮ ਰੌਲਾ ਪਿਆ ਕਿ ਕੁੱਤੇ ਵੀ ਹਰਾਨ ਹੋ ਕੇ ਚੀਕਾਂ ਮਾਰਨ ਤੇ ਭੌਂਕਣ ਲੱਗੇ । ਓਸ ਰਾਤ ਕਿਸੇ ਦੇ ਘਰ ਚੁਲ੍ਹੇ 'ਚ ਅੱਗ ਨਾ ਬਲੀ ।
ਇਕ ਖੋਤੇ ਨੂੰ ਬਾਬੇ ਨੇ ਵੇਖ ਕਿਹਾ, ਏਹ ਪਿਛਲੇ ਜਨਮ ਵਿਚ ਸਾਡੇ ਪਿੰਡ ਦਾ ਜ਼ੈਲਦਾਰ ਸੀ, ਇਕ ਕੁੱਤੇ ਨੂੰ ਆਖਿਆ ਕਿ ਇਹ ਸਾਡਾ ਪ੍ਰੋਹਤ ਸੀ। ਇਕ ਬਿੱਲੇ ਨੂੰ ਵੇਖਿਆ ਤਾਂ ਕਹਿਣ ਲੱਗਾ ਇਹ ਪਿਛਲੇ ਜਨਮ ਵਿਚ ਵਡੇ ਪਿੰਡ ਦਾ ਠਾਣੇਦਾਰ ਸੀ।ਇਕ ਕੀੜੀ ਨੂੰ ਵੇਖ ਕੇ ਬੋਲਿਆ ਕਿ ਇਹ ਨਿਹਾਲੋ ਮਿਸ਼ਰਾਣੀ ਹੈ ਜੋ ਪਿਛਲੇ ਸਾਲ ਪਲੇਗ਼ ਨਾਲ ਮਰ ਗਈ ਸੀ।
ਅਖ਼ੀਰ ਲੋਕਾਂ ਨੇ ਸੋਚਿਆ ਕਿ ਬਾਬੇ ਨੇ ਤਾਂ ਪਿਛਲੇ ਜਨਮਾਂ ਦੇ ਹਾਲ ਦੱਸ ਦੱਸ ਕੇ ਬੜੀ ਗੜ ਬੜ ਪਾ ਦਿੱਤੀ ਏ।ਹੋਵੇ ਨਾ ਤਾਂ ਇਸਨੂੰ ਅਗਲੇ ਜਹਾਨ ਪੁਚਾਈਏ, ਵਰਨਾ ਇਹ ਖ਼ਬਰੇ ਕੀ ਕੀ ਸਿਆਪੇ ਖੜੇ ਕਰੇਗਾ ? ਇਹ ਇਰਾਦਾ ਕਰ ਕੇ ਉਹ ਬਾਬੇ ਨੂੰ ਕੁੱਟਣ ਆ ਪਏ ਬਾਬੇ ਨੇ ਕਰੋੜਾਂ ਮਿੰਨਤਾਂ ਕਰਕੇ ਜਾਨ ਬਚਾਈ ਤੇ ਕਸਮਾ ਖਾਧੀਆਂ ਕਿ ਮੈਂ ਜੋ ਕੁਝ ਦੱਸਿਆ ਹੈ, ਸਭ ਝੂਠ ਹੈ । ਅੱਗੋਂ ਕਦੀ ਕਿਸੇ ਦਾ ਪਿਛਲਾ ਜਨਮ ਨਹੀਂ ਦੱਸਾਂਗਾ… ...ਸੋ ਹੁਣ ਵੀ ਬਾਬਾ ਪਿਛਲੇ ਜਨਮ ਜਾਣਦਾ ਸਭ ਦੇ ਹੈ, ਪਰ ਦਸਦਾ ਕਿਸੇ ਨੂੰ ਨਹੀਂ.. ...ਕਹਿੰਦਾ ਹੈ ਕਿ ਰੱਬ ਨੇ ਬੜੀ ਅਕਲ ਕੀਂਤੀ ਏ ਜੋ ਕਿਸੇ ਨੂੰ ਪਿਛਲੇ ਜਨਮ ਦਾ ਗਿਆਨ ਨਹੀਂ ਹੋਣ ਦੇਂਦਾ, ਨਹੀਂ ਤਾਂ ਇਹ ਦੁਨੀਆਂ ਜੋ ਹੈ ਸਿਆਪਾ ਘਰ ਹੀ ਬਣ ਜਾਵੇ।