Diharidar (Dogri Story in Punjabi) : Krishan Sharma

ਦਿਹਾੜੀਦਾਰ (ਡੋਗਰੀ ਕਹਾਣੀ) : ਕ੍ਰਿਸ਼ਨ ਸ਼ਰਮਾ

ਦਿਹਾੜੀਦਾਰ (ਡੋਗਰੀ ਕਹਾਣੀ) ਕ੍ਰਿਸ਼ਨ ਸ਼ਰਮਾ
ਅਨੁਵਾਦ: ਚੰਦਨ ਨੇਗੀ

ਬਾਰਸ਼ ਬੰਦ ਹੁੰਦੇ ਹੀ ਮੈਂ ਬਾਂਹ ਉੱਤੇ ਘੜੀ ਬੰਨ੍ਹੀ ਤੇ ਡਿਓਢੀ ਲੰਘ ਕੇ ਬਾਹਰ ਗਲੀ ਵਿੱਚ ਚਲਾ ਗਿਆ। ਅਚਾਨਕ ਬਾਰਸ਼ ਕਾਰਨ ਮੈਂ ਵੀਹ ਮਿੰਟ ਲੇਟ ਹੋ ਗਿਆ ਸਾਂ।
ਜਲਦੀ ਕਾਰਨ ਪਰੇਡ ਤੀਕ ਪਹੁੰਚਣ ਲਈ ਅੱਜ ਵੀ ਮੈਂ ਗਲਤ ਰਸਤੇ ਟੁਰ ਪਿਆ ਸਾਂ, ਮੈਨੂੰ ਇਹ ਖ਼ਿਆਲ ਹੀ ਨਹੀਂ ਸੀ ਰਿਹਾ। ਗਲਤੀ ਦਾ ਪਤਾ ਉਸ ਵੇਲੇ ਲੱਗਾ ਜਦੋਂ ਇੱਕ ਵੱਡੇ ਪੱਥਰ ਨਾਲ ਮੇਰਾ ਠੁੱਡਾ ਲੱਗਾ। ਚੱਪਲ ਪਿੱਛੇ ਰਹਿ ਗਈ ਸੀ ਤੇ ਪੈਰ ਅੱਗੇ ਜਾ ਕੇ ਪੱਥਰ ਨੂੰ ਜ਼ੋਰ ਨਾਲ ਵੱਜਾ ਸੀ।
ਇਹ ਗਲੀ ਤਾਂ ਹੈ ਹੀ ਨਹੀਂ, ਪੂਰੇ ਦਾ ਪੂਰਾ ਨਾਲਾ ਏ ਜਿਸ ਨੂੰ ਵਰ੍ਹੇ ਵਿੱਚ ਦੋ-ਤਿੰਨ ਵਾਰੀ ਛੱਤਿਆ ਜਾਂਦਾ ਹੈ- ਪਰ ਹਾਲਤ ਫਿਰ ਉਸੇ ਤਰ੍ਹਾਂ ਰਹਿੰਦੀ ਹੈ। ਗਲੀ ਲੰਘਦੇ ਪੰਦਰਾਂ ਮਿੰਟ ਤਾਂ ਉਂਜ ਹੀ ਬਰਬਾਦ ਹੋ ਜਾਂਦੇ ਨੇ। ਦੋ ਕਦਮ ਪੁੱਟਣ ਤੋਂ ਬਾਅਦ ਪੰਜ ਮਿੰਟ ਕੰਧ ਨਾਲ ਜੁੜ ਕੇ ਖਲੋਣਾ ਪੈਂਦਾ ਹੈ ਕਿ ਦੂਜੇ ਪਾਸੇ ਤੋਂ ਆਉਣ ਵਾਲੇ ਲੰਘ ਜਾਣ। ਅੱਜ-ਕੱਲ੍ਹ ਵੀ ਮਿਊਂਸਪਲ ਕਮੇਟੀ ਇਸ ਗਲੀ ਦੀ ਮੁਰੰਮਤ ਕਰ ਰਹੀ ਹੈ। ਅਜੇ ਅੱਧਾ ਹੀ ਕੰਮ ਸੰਭਲਿਆ ਹੈ ਕਿ ਬਾਰਸ਼ ਜ਼ੋਰ-ਸ਼ੋਰ ਨਾਲ ਆ ਗਈ ਹੈ। ਪਹਿਲਾਂ ਹੀ ਸਿਆਪਾ ਪਿਆ ਹੋਇਆ ਸੀ, ਹੁਣ ਬਾਰਸ਼ ਨਾਲ ਚੰਗੀ ਤਰ੍ਹਾਂ ਨਰਕ ਬਣ ਗਈ ਇਹ ਗਲੀ। ਟੁਰਦੇ-ਟੁਰਦੇ ਥੋੜ੍ਹੀ ਜਿਹੀ ਅਸਾਵਧਾਨੀ ਹੋਈ ਨਹੀਂ ਕਿ ਸਿੱਧੇ ਨਾਲੇ ਵਿੱਚ। ਪੂਰੇ ਰਸਤੇ ʼਚ ਚਾਰ-ਛੇ ਥਾਵਾਂ ਉੱਤੇ ਤਾਂ ਛੜੱਪਾ ਮਾਰ ਕੇ ਲੰਘਣ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ।
ਅਜੀਤ ਤੇ ਵਿਜੈ ਹਾਲੀ ਤੀਕ ਬੱਸ-ਸਟਾਪ ʼਤੇ ਹੀ ਪਹੁੰਚੇ ਹੋਣਗੇ, ਮੈਨੂੰ ਉਮੀਦ ਨਹੀਂ ਸੀ ਪਰ ਬਾਰਸ਼ ਕਾਰਨ ਸ਼ਾਇਦ ਉਨ੍ਹਾਂ ਨੂੰ ਵੀ ਘਰੋਂ ਨਿਕਲਦੇ ਦੇਰ ਹੋ ਗਈ ਸੀ। ਦੋਵੇਂ ਜਣੇ ਸ਼ਰਾਬ ਵਾਲੀ ਹੱਟੀ ਦੇ ਥੜ੍ਹੇ ਕੋਲ ਖਲੋਤੇ ਜਿਵੇਂ ਮੈਨੂੰ ਹੀ ਉਡੀਕ ਰਹੇ ਸਨ।
ਮੇਰੇ ਉੱਤੇ ਨਜ਼ਰ ਪੈਂਦੇ ਹੀ ਅਜੀਤ ਨੇ ਆਪਣੀ ਬਾਂਹ ਖੁਰਕਦੇ ਹੋਏ ਕਿਹਾ, ʼʼਪੁਰੀ, ਜ਼ਰਾ ਜਲਦੀ ਘਰੋਂ ਨਿਕਲਿਆ ਕਰ ਯਾਰ। ਤੇਰੀ ਉਡੀਕ ਵਿੱਚ ਅਸਾਂ ਅੱਠ ਤੇ ਅੱਠ ਪੈਂਤੀ ਵਾਲੀਆਂ ਬੱਸਾਂ ਛੱਡ ਦਿੱਤੀਆਂ ਨੇ। ਸਾਰਾ ਰੌਣਕ-ਮੇਲਾ ਤਾਂ ਉਨ੍ਹਾਂ ਦੋ ਵਿੱਚ ਹੀ ਚਲਾ ਜਾਂਦਾ ਏ।"
"ਮੈਨੂੰ ਤਾਂ ਉਮੀਦ ਸੀ ਕਿ ਤੁਸੀਂ ਦੋਵੇਂ ਜਾ ਚੁੱਕੇ ਹੋਵੋਗੇ। ਇੱਕ ਤਾਂ ਬਾਰਸ਼ ਸਾਹ ਨਹੀਂ ਲੈਣ ਦੇਂਦੀ ਤੇ ਅੱਜ-ਕੱਲ੍ਹ ਮੈਂ ਛੱਤਰੀ ਨਹੀਂ ਲੈਂਦਾ, ਅੱਗੇ ਦੋ ਛੱਤਰੀਆਂ ਬੱਸ ਵਿੱਚ ਗੁਆਚ ਗਈਆਂ ਹਨ। ਦੋਵਾਂ ਦੀ ਸੂਹ ਵੀ ਨਹੀਂ ਮਿਲੀ ਕਿ ਕਿੱਥੇ ਗਈਆਂ?" ਮੈਂ ਅਜੀਤ ਨੂੰ ਜੁਆਬ ਦਿੱਤਾ ਪਰ ਉਸ ਦਾ ਧਿਆਨ ਕਿਧਰੇ ਹੋਰ ਸੀ।
ਬਾਰਸ਼ ਕਾਰਨ ਇੱਧਰ-ਉੱਧਰ ਛੁਪੇ, ਡੱਕੇ ਹੋਏ ਲੋਕ ਆਪੋ-ਆਪਣੀ ਥਾਂ ਤੋਂ ਨਿਕਲ ਬੱਸ ਸਟਾਪ ਉੱਤੇ ਆ ਜਮ੍ਹਾਂ ਹੋਏ। ਬਹੁਤ ਲੋਕ ਸਾਡੇ ਵਾਂਗ ਨੌਕਰੀ-ਪੇਸ਼ਾ ਸਨ।
ਸੜਕ ਉੱਤੇ ਜਮ੍ਹਾਂ ਹੋਏ ਪਾਣੀ ਉੱਤੇ ਦੋ ਲੰਮੀਆਂ-ਚੌੜੀਆਂ ਲਾਈਨਾਂ ਬਣਾਉਂਦੀ ਇੱਕ ਵੱਡੀ ਮੈਟਾਡੋਰ ਤੇਜ਼ੀ ਨਾਲ ਲੰਘ ਗਈ। ਇਨ੍ਹਾਂ ਲਕੀਰਾਂ ਨੂੰ ਸਥਿਰ ਨਜ਼ਰਾਂ ਨਾਲ ਦੇਖਦੇ ਹੋਏ ਵਿਜੈ ਨੇ ਮੇਰਾ ਹੱਥ ਹਿਲਾਉਂਦੇ ਹੋਏ ਪੁੱਛਿਆ- ʼʼਹੱਛਾ! ਤੂੰ ਮੇਰੇ ਇੰਕ੍ਰੀਮੈਂਟ ਕੇਸ ਬਾਰੇ ਚਿਰੰਜੀ ਲਾਲ ਨਾਲ ਗੱਲ ਕੀਤੀ ਸੀ?ʼʼ
ʼʼਓ ਯਾਰ, ਕੱਲ੍ਹ ਤਰਕਾਲਾਂ ਵੇਲੇ ਮੈਂ ਉਸ ਦੇ ਘਰ ਗਿਆ ਸਾਂ ਪਰ ਉਹ ਕਿਸੀ ਮਾਤਮਦਾਰੀ ਕਾਰਨ ਰਜੌਰੀ ਗਿਆ ਹੋਇਆ ਏ। ਅੱਜ ਫੇਰ ਪਤਾ ਕਰਾਂਗਾ। ਉਮੀਦ ਏ ਕਿ ਕੰਮ ਬਣ ਹੀ ਜਾਏਗਾ।" ਮੈਂ ਆਖਿਆ।
ਕਾਫ਼ੀ ਚਿਰ ਤੋਂ ਚੁੱਪ-ਚਾਪ ਖਲੋਤੇ ਅਜੀਤ ਨੇ ਗੱਲ ਦਾ ਸਿਰ ਪਕੜਿਆ ਤੇ ਆਪਣੀ ਰਾਇ ਦੇਂਦੇ ਬੋਲਿਆ, ʼʼਮੋਇਆ ਚਿਰੰਜੀ ਲਾਲ! ਛੱਡ ਪਰ੍ਹੇ ਉਸ ਨੂੰ, ਇੰਜ ਕਰਦੇ ਆਂ, ਬਰੀਤਾ ਤੇ ਪਹਿਲਾਂ ਹੀ ਚਾਰ ਦਿਨਾਂ ਦੀ ਛੁੱਟੀ ʼਤੇ ਵੇ। ਪੁੱਛਣ-ਗਿੱਛਣ ਵਾਲਾ ਤਾਂ ਕੋਈ ਹੈ ਨਹੀਂ। ਅੱਜ ਸਾਰੇ ਛੁੱਟੀ ਕਰੋ ਤੇ ਚਲੋ ਐਜੂਕੇਸ਼ਨ ਦੇ ਦਫ਼ਤਰ। ਮੇਰਾ ਇੱਕ ਖ਼ਾਸ ਆਦਮੀ ਉੱਥੇ ਲੱਗਾ ਹੋਇਆ ਹੈ। ਦਸ ਮਿੰਟਾਂ ਵਿੱਚ ਵਿਜੈ ਬਾਬੂ ਦਾ ਕੰਮ ਹੋ ਜਾਵੇਗਾ। ਇਸ ਦੇ ਇਵਜ਼ ਵਿੱਚ ਤੂੰ ਕੇ.ਸੀ. ਸਿਨੇਮਾ ਹਾਲ ਵਿੱਚ ਲੱਗੀ ਹੋਈ ਅੰਗਰੇਜ਼ੀ ਫ਼ਿਲਮ ਦੀਆਂ ਤਿੰਨ ਟਿਕਟਾਂ ਖਰੀਦ....ਤੇ ਅੱਜ ਪਿਕਚਰ ਵੇਖੀਏ। ʼʼਮਨਜ਼ੂਰ ਗੱਲ ਤਾਂ ਤੇਰੀ ਠੀਕ ਏ...ਐਜੂਕੇਸ਼ਨ ਦੇ ਦਫ਼ਤਰ ਵਿੱਚ ਅਸੀਂ ਆਪਣੇ ਬੀ.ਐੱਡ. ਕਰਨ ਦੀ ਵੀ ਗੱਲਬਾਤ ਕਰ ਲਵਾਂਗੇ।" ਅਜੀਤ ਦੀ ਗੱਲ ਦੇ ਜੁਆਬ ਵਿੱਚ ਮੈਂ ਵੀ ਆਪਣੀ ਰਾਇ ਦਿੱਤੀ।
ਪਰ ਮੇਰੀ ਗੱਲ ਨੂੰ ਵਿੱਚੋਂ ਹੀ ਟੋਕਦੇ ਵਿਜੈ ਨੇ ਗਰਦਨ ਹਿਲਾਈ, ʼʼਨਹੀਂ...ਨਹੀਂ! ਤੁਸੀਂ ਚੰਗੀ ਗੱਲ ਕਰ ਰਹੇ ਹੋ, ਯਾਰੋ? ਸਕੂਲ ਬਿਲਕੁਲ ਖ਼ਾਲੀ ਛੱਡ ਸਕਦੇ ਹਾਂ? ਬਰੀਤੇ ਤੀਕ ਤਾਂ ਜ਼ਰੂਰ ਹੀ ਗੱਲ ਪਹੁੰਚ ਜਾਣੀ ਏ...ਐਵੇਂ ਕੋਈ ਸਿਆਪਾ ਪਾ ਦੇਵੇਗਾ। ਅੱਗੇ ਹੀ ਉਹ ਵਿਗੜਿਆ ਰਹਿੰਦਾ ਏ ਸਾਡੇ ਨਾਲ। ਚੁੱਪ ਕਰਕੇ ਬੱਸ ਫੜੋ ਤੇ ਸੂਕਲ ਚਲੋ। ਛੁੱਟੀ ਜਲਦੀ ਕਰਕੇ ਵਾਪਸ ਆ ਜਾਵਾਂਗੇ।" ਵਿਜੈ ਨੇ ਆਪਣਾ ਅਖ਼ਰੀਲਾ ਫ਼ੈਸਲਾ ਸੁਣਾ ਦਿੱਤਾ।
ਵਿਜੈ ਦੀ ਇੰਕ੍ਰੀਮੈਂਟ ਰੁਕੀ ਹੋਈ ਸੀ ਤੇ ਹੈੱਡ ਮਾਸਟਰ ਬੀ.ਆਰ. ਗੰਡੋਤਰਾ ਦੀ ਪੂਰੀ-ਪੂਰੀ ਕੋਸ਼ਿਸ਼ ਏ ਕਿ ਇੰਕ੍ਰੀਮੈਂਟ ਰੁਕੀ ਰਹੇ।
ਨੌਂ ਪੰਜ ਵਾਲੀ ਬੱਸ ਆਈ ਤਾਂ ਹੌਲੀ-ਹੌਲੀ ਟੁਰਦੇ ਅਸੀਂ ਵਿਚਕਾਰਲੀ ਸੀਟ ਉੱਤੇ ਜਾ ਬੈਠੇ। ਬੈਠਦੇ ਹੀ ਕੁਝ ਯਾਦ ਕਰਕੇ ਅਜੀਤ ਨੇ ਮੈਨੂੰ ਆਖਿਆ, ʼʼਯਾਰ ਪੁਰੀ, ਅਗਲੇ ਸਾਲ ਵੀ ਪਤਾ ਨਹੀਂ ਸਾਡਾ ਨੰਬਰ ਬੀ.ਐੱਡ. ਵਾਸਤੇ ਆਉਂਦਾ ਹੈ ਜਾਂ ਨਹੀਂ? ਯਾਰਾ! ਬਰੀਤੇ ਨਾਲ ਵੀ ਗੱਲ ਕਰਨੀ ਸੀ।" ਕਹਿੰਦਾ ਹੋਇਆ ਉਹ ਬਾਰੀ ਵਿੱਚੋਂ ਬਾਹਰ ਵੱਲ ਝਾਕਣ ਲੱਗ ਪਿਆ ਤੇ ਮੈਂ ਜੁਆਬ ਦੇਣ ਦੀ ਥਾਂ ਚੁੱਪ ਹੀ ਰਿਹਾ। ਉਂਜ ਮੈਂ ਦਿਲ ਵਿੱਚ ਸੋਚ ਰਿਹਾ ਸਾਂ ਕਿ ʼਨੰਬਰ ਆ ਜਾਏਗਾ ਤਾਂ ਵੀ ਠੀਕ, ਜੇ ਨਹੀਂ ਤਾਂ ਨਾ ਸਹੀ।ʼ
ਬੀ.ਐੱਡ. ਦਾ ਜ਼ਿਕਰ ਸੁਣ ਕੇ ਵਿਜੈ ਅਕਸਰ ਉਦਾਸ ਹੋ ਜਾਂਦਾ ਹੈ ਕਿਉਂਕਿ ਵਿਜੈ ਦੇ ਬੀ.ਏ. ਫਾਈਨਲ ਦੇ ਦੋ ਵਿਸ਼ਿਆਂ ਦੇ ਪਰਚੇ ਪਾਸ ਕਰਨੇ ਰਹਿੰਦੇ ਨੇ। ਦੋ-ਤਿੰਨ ਵਾਰੀ ਉਹ ਇਮਤਿਹਾਨ ਦੇ ਚੁੱਕਾ ਹੈ ਪਰ ਅਜੇ ਤੋੜੀਂ ਪਾਸ ਨਹੀਂ ਹੋ ਸਕਿਆ। ਉਹ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਨੂੰ ਜਲਦੀ ਡਿਗਰੀ ਮਿਲ ਜਾਏ ਤਾਂ ਕਿ ਉਹ ਵੀ ਅੱਗੇ ਬੀ.ਐੱਡ. ਕਰ ਸਕੇ।
ਮੈਂ ਅਕਸਰ ਸੋਚਦਾ ਹਾਂ ਕਿ ਬੀ.ਐੱਡ. ਕਰਨ ਨਾਲ ਵੀ ਕੀ ਹੋ ਜਾਣਾ ਹੈ? ਅਸਲ ਵਿੱਚ ਮੈਂ ਆਪਣੇ ਪੇਸ਼ੇ ਨਾਲ ਬੇਨਿਸਾਫ਼ੀ ਕਰ ਰਿਹਾ ਹਾਂ। ਸਕੂਲ-ਮਾਸਟਰੀ ਮੈਨੂੰ ਬਿਲਕੁਲ ਪਸੰਦ ਨਹੀਂ ਪਰ ਮਜਬੂਰਨ ਨਿਭਾਈ ਵੀ ਜਾ ਰਿਹਾ ਹਾਂ। ਮੈਂ ਇਹ ਦੇਖਿਆ ਤੇ ਮਹਿਸੂਸ ਕੀਤਾ ਏ ਕਿ ਜ਼ਿਆਦਾ ਕਰਕੇ ਮੇਰੇ ਪੇਸ਼ੇ ਵਿੱਚ ਉਹ ਲੋਕ ਹਨ ਜਿਹੜੇ ਬਾਕੀ ਹਰ ਥਾਂ ਕੋਸ਼ਿਸ਼ ਕਰਨ ਦੇ ਬਾਵਜੂਦ ਕੋਈ ਹੋਰ ਨੌਕਰੀ ਹਾਸਲ ਨਹੀਂ ਕਰ ਸਕਦੇ ਹਨ। ਜਦੋਂ ਦੀਆਂ ਐਨ.ਸੀ.ਈ.ਆਰ.ਟੀ. ਪੈਟਰਨ ਦੀਆਂ ਕਿਤਾਬਾਂ ਪੜ੍ਹਾਉਣੀਆਂ ਪੈ ਰਹੀਆਂ ਹਨ, ਉਦੋਂ ਦੀ ਮੇਰੇ ਵਾਸਤੇ ਬਹੁਤੀ ਮੁਸੀਬਤ ਬਣ ਗਈ ਏ। ਇਸ ਕੋਰਸ ਦੀਆਂ ਕਿਤਾਬਾਂ ਮੇਰੀ ਆਪਣੀ ਸਮਝ ਤੋਂ ਬਾਹਰ ਹਨ। ਮੇਰੇ ਪੱਲੇ ਵੀ ਕੁਝ ਨਹੀਂ ਪੈਂਦਾ ਤਾਂ ਮੈਂ ਬੱਚਿਆਂ ਨੂੰ ਚੰਗੀ ਤਰ੍ਹਾਂ ਕਿਵੇਂ ਪੜ੍ਹਾ ਸਕਦਾ ਹਾਂ? ਸਾਡਾ ਤਿੰਨਾਂ ਦਾ ਇਹੋ ਹੀ ਹਾਲ ਏ।
ਅਜੀਤ ਅਕਸਰ ਕਹਿੰਦਾ ਹੈ, ʼʼਮਸਤ ਰਿਹਾ ਕਰੋ ਯਾਰੋ...ਮੌਜਾਂ ਮਾਣੋ। ਸਾਨੂੰ ਸਾਡੇ ਮਾਸਟਰਾਂ ਨੇ ਕਿੰਨਾ ਕੁ ਚੰਗਾ ਤੇ ਠੀਕ ਪੜ੍ਹਾਇਆ ਸੀ ਜਿਹੜਾ ਅਸੀਂ ਪੜ੍ਹਾਉਣ ਦਾ ਯਤਨ ਕਰੀਏ....ਬਸ, ਮੇਰੇ ਵਾਲਾ ਗੁਰ ਅਪਣਾਉ। ਆਪ ਮਸਤ ਰਹੋ ਤੇ ਬੱਚਿਆਂ ਨੂੰ ਕਸ ਕੇ ਰੱਖੋ। ਕੀ ਮਜਾਲ ਕੁਸਕ ਵੀ ਜਾਣ..." ਅਜੀਤ ਦਾ ਇਹ ਗੁਰ ਮੈਂ ਆਪ ਅਮਲ ਕਰਦੇ ਮਹਿਸੂਸਿਆ ਕਿ ਦਿਨ ਕੱਟਣ ਲਈ ਇਸ ਤੋਂ ਬਿਨਾਂ ਕੋਈ ਹੋਈ ਚਾਰਾ ਵੀ ਨਹੀਂ।
ਸਕੂਲ ਵਿੱਚ ਜਾਨਵਰ ਕਿਸਮ ਦੇ ਮੁੰਡੇ ਕੁਝ ਜ਼ਿਆਦਾ ਹੀ ਹਨ। ਮਾਰ-ਮਾਰ ਕੇ ਵੀ ਇਨ੍ਹਾਂ ਨੂੰ ਕੋਈ ਸੁਧਾਰ ਨਹੀਂ ਸਕਦਾ.... ਆਦਮੀ ਆਪ ਹੀ ਥੱਕ-ਟੁੱਟ ਕੇ ਹਾਰ ਜਾਂਦਾ ਹੈ। ਜਦ ਕਦੀ ਵੀ ਮੁੰਡਿਆਂ ਨੂੰ ਮਾਰ ਕੇ ਵਿਹਲਾ ਹੋ ਕੇ ਬੈਠਦਾ ਹਾਂ ਤਾਂ ਮਨ ਵਿੱਚ ਇਹੋ ਹੀ ਖਿਆਲ ਆਉਂਦਾ ਹੈ ਕਿ ਇਸ ਨਾਲੋਂ ਪੁਲੀਸ ਵਿੱਚ ਭਰਤੀ ਹੋ ਜਾਂਦਾ ਤਾਂ ਚੰਗਾ ਸੀ।
ਅੰਦਰੋਂ-ਅੰਦਰੀ ਮੈਂ ਖਾਸਾ ਤੰਗ ਹਾਂ ਤੇ ਚਾਹੁੰਦਾ ਹਾਂ ਕਿ ਅਗਲੀ ਵਾਰੀ ਮੇਰਾ ਬੀ.ਐੱਡ. ਦਾ ਨੰਬਰ ਆ ਜਾਏ ਤਾਂ ਇੱਕ ਵਰ੍ਹੇ ਤਾਂ ਇਸ ਮਾਹੌਲ ਤੋਂ ਆਰਾਮ ਮਿਲੇਗਾ। ਕੰਡਕਟਰ ਨੇ ਬੱਸ ਦੇ ਅਗਲੇ ਪਾਸੇ ਤੋਂ ਕਿਰਾਇਆ ਲੈਣਾ ਸ਼ੁਰੂ ਕਰ ਦਿੱਤਾ ਸੀ। ਅਸੀਂ ਤਿੰਨੋਂ ਇੱਕ-ਦੂਜੇ ਤੋਂ ਮੂੰਹ ਛੁਪਾਉਣ ਲੱਗ ਪਏ ਸਾਂ। ਮੈਂ ਬਾਰੀ ਤੋਂ ਬਾਹਰ ਵੇਖਣ ਲੱਗਾ। ਅਜੀਤ, ਡਰਾਈਵਰ ਦੀ ਸੀਟ ਪਿੱਛੇ ਲਿਖਿਆ ਸ਼ਿਅਰ ਪੜ੍ਹਨ ਲੱਗਾ, ਵਿਜੈ ਨੂੰ ਹੋਰ ਕੁਝ ਨਹੀਂ ਸੁੱਝਿਆ ਤਾਂ ਹੌਲੀ ਜਿਹੀ ਜੇਬ ਵਿੱਚੋਂ ਸਿਗਰਟ ਕੱਢ ਕੇ ਸੁਲਗਾਉਣ ਵਿੱਚ ਰੁੱਝ ਗਿਆ।
ਉਸ ਕੋਲੋਂ ਇੱਕ ਸਿਗਰਟ ਮੈਂ ਵੀ ਲੈ ਲਈ ਤੇ ਉਸ ਨੂੰ ਸੁਲਗਾਉਂਦੇ ਹੋਏ ਚੋਰ-ਨਜ਼ਰਾਂ ਨਾਲ ਕੰਡਕਟਰ ਨੂੰ ਹੌਲੀ-ਹੌਲੀ ਆਪਣੇ ਵੱਲ ਆਉਂਦਾ ਵੇਖਦਾ ਰਿਹਾ।
ਕੱਲ੍ਹ ਮੈਂ ਤੇ ਵਿਜੈ ਇੱਕ-ਇੱਕ ਪਾਸੇ ਦਾ ਕਿਰਾਇਆ ਦੇ ਚੁੱਕੇ ਸਾਂ। ਇਸ ਕਾਰਨ ਕੰਡਕਟਰ ਦੇ ਬਿਲਕੁਲ ਨੇੜੇ ਆਉਣ ʼਤੇ ਹੌਲੀ ਜਿਹੀ ਸਾਡੇ ਵੱਲ ਇਸ਼ਾਰਾ ਕਰਨ ਤੋਂ ਬਾਅਦ ਵੀ ਮੈਂ ਤੇ ਵਿਜੈ ਨੇ ਕੋਈ ਹਰਕਤ ਨਾ ਕੀਤੀ ਤਾਂ ਅਜੀਤ ਨੇ ਲਾਚਾਰ ਹੋ ਕੇ ਦਸ ਦਾ ਨੋਟ ਕੱਢਿਆ- ʼʼਲੈ ਭਾਈ, ਮਿਸ਼ਰੀਵਾਲਾ.... ਤਿੰਨ ਸੁਆਰੀਆਂ..."
ਉਸ ਦੀ ਆਵਾਜ਼ ਦਾ ਸੁਰ ਖਿਝ ਭਰਿਆ ਘੱਟ ਪਰ ਆਸ ਨਾਲੋਂ ਕੁਝ ਜ਼ਿਆਦਾ ਹੀ ਉੱਚਾ ਸੀ, ਜਿਵੇਂ ਉਹ ਸਾਰੀ ਬੱਸ ਦੇ ਮੁਸਾਫ਼ਰਾਂ ਨੂੰ ਸੁਣਾ ਰਿਹਾ ਹੋਵੇ ਕਿ ਉਸ ਨੇ ਕਿਰਾਇਆ ਦਿੱਤਾ ਹੈ।
ʼਮੁੱਠੀʼ ਪੁੱਜਣ ਤੀਕ ਡਰਾਈਵਰ ਨੇ ਬੱਸ ਤੇਜ਼ ਚਲਾਈ। ʼਨਹਿਰʼ, ʼਪਲੋਹੜਾʼ ਕਿਸ ਵੇਲੇ ਲੰਘ ਗਏ, ਪਤਾ ਹੀ ਨਾ ਲੱਗਾ।
ਸਾਹਮਣੇ ਬੈਠੀਆਂ ਦੋ ਜ਼ਨਾਨੀਆਂ ਵਿੱਚੋਂ ਇੱਕ ਦੀ ਗੋਦੀ ਦਾ ਬੱਚਾ ਖੌਰੇ ਕਿਉਂ ਠੁਣਕਣ ਲੱਗਾ ਸੀ- "ਊਂ..ਊਂ...ਊਂ..." ਜ਼ਨਾਨੀ ਨੇ ਬੜੀ ਲਾਪਰਵਾਹੀ ਨਾਲ ਦੁੱਧ ਦੀ ਬੋਤਲ ਕੱਢੀ ਤੇ ਬੱਚੇ ਦੇ ਮੂੰਹ ਵਿੱਚ ਤੁੰਨ ਕੇ ਫਿਰ ਦੂਜੀ ਜ਼ਨਾਨੀ ਨਾਲ ਗੱਲਾਂ ਕਰਨ ਲੱਗ ਪਈ।
ਕੁਝ ਚਿਰ ਬਾਅਦ ਬੱਚੇ ਨੇ ਮੂੰਹ ਫੇਰ ਲਿਆ ਤਾਂ ਉਸ ਦੀ ਮਾਂ ਨੇ ਦੂਜੀ ਜ਼ਨਾਨੀ ਨਾਲ ਗੱਲਬਾਤ ਜਾਰੀ ਰੱਖਦੇ ਹੋਏ ਬੋਤਲ ਨੂੰ ਫਿਰ ਪਰਸ ਵਿੱਚ ਰੱਖ ਲਿਆ। ਇਹ ਸਭ ਕੁਝ ਉਸ ਨੇ ਬੜੇ ਸਹਿਜ ਨਾਲ ਕੀਤਾ। ਫਰੰਟ ਸੀਟ ਉੱਤੇ ਬੈਠੇ ਹੋਏ ਇੱਕ ਬਜ਼ੁਰਗ ਨੇ ਆਪਣੇ ਸਿਰ ਤੋਂ ਸਾਫਾ ਇੱਕ ਪਲ ਲਈ ਉਤਾਰ ਕੇ ਸਿਰ ਉਤੇ ਉਂਗਲਾਂ ਫੇਰੀਆਂ ਤੇ ਸਿਰ ਉਤੇ ਸਹਿਜ ਨਾਲ ਹੀ ਸਾਫਾ ਰੱਖ ਲਿਆ।
ਸਾਫੇ ਵਾਲੇ ਬਜ਼ੁਰਗ ਦੀ ਘਰ ਵਾਲੀ ਵੀ ਉਸ ਦੇ ਨਾਲ ਹੀ ਬਾਰੀ ਵਾਲੇ ਪਾਸੇ ਬੈਠੀ ਹੋਈ ਸੀ। ਦੋਵਾਂ ਨੂੰ ਚਿਰ ਤਕ ਧਿਆਨ ਨਾਲ ਵੇਖਦੇ-ਵੇਖਦੇ ਕਿਸੇ ਕਿਤਾਬ ਵਿੱਚ ਪੜ੍ਹੀਆਂ ਕੁਝ ਪੰਕਤੀਆਂ ਯਾਦ ਆਈਆਂ ਕਿ ਬਹੁਤ ਅਰਸਾ ਇਕੱਠੇ ਰਹਿਣ ਨਾਲ ਪਤੀ-ਪਤਨੀ ਦੀਆਂ ਸੋਚਾਂ ਤੇ ਵਿਚਾਰ ਹੀ ਨਹੀਂ, ਸਗੋਂ ਸ਼ਕਲਾਂ ਵੀ ਮਿਲਣ ਲੱਗ ਪੈਂਦੀਆਂ ਹਨ ਤੇ ਜਿਉਂ-ਜਿਉਂ ਵਕਤ ਗੁਜ਼ਰਦਾ ਹੈ, ਉਹ ਪਤੀ-ਪਤਨੀ ਘੱਟ ਤੇ ਭੈਣ-ਭਰਾ ਜ਼ਿਆਦਾ ਦਿਸਣ ਲੱਗ ਪੈਂਦੇ ਹਨ।
ਆਪ-ਮੁਹਾਰੇ ʼਆਂ...ਆਂ.. ਆਂ..ʼ ਕਰਦੇ ਉਸ ਛੋਟੇ ਬੱਚੇ ਦੀ ਨਜ਼ਰ ਸਾਡੇ ਉਤੇ ਪਈ ਤਾਂ ਵਿਜੈ ਨੇ ਮੱਥੇ ਤਿਊੜੀ ਪਾ ਕੇ ਹਵਾ ਵਿੱਚ ਮੁੱਕੇ ਮਾਰ-ਮਾਰ ਉਸ ਨੂੰ ਫਿਰ ਰੁਆਉਣ ਦਾ ਯਤਨ ਕੀਤਾ। ਬਜਾਏ ਰੋਣ ਜਾਂ ਡਰਨ ਦੇ ਉਹ ਬੱਚਾ ਖਿੜ-ਖਿੜ ਕਰਕੇ ਹੱਸਣ ਲੱਗ ਪਿਆ ਤੇ ਵਿਜੈ ਵਾਲੇ ਪਾਸੇ ਨਿੱਕੀਆਂ-ਨਿੱਕੀਆਂ ਬਾਹਵਾਂ ਉਲਾਰ ਦਿੱਤੀਆਂ।
ਅਜੀਤ ਇਨ੍ਹਾਂ ਸਭ ਗੱਲਾਂ ਤੋਂ ਬੇਨਿਆਜ਼ ਹੋ ਕੇ ਬੱਸ ਦੀ ਛੱਤ ਉਤੇ ਟਿਕਟਿਕੀ ਲਗਾਈ ਵੇਖ ਰਿਹਾ ਸੀ। "ਇੱਕ ਮਿੰਟ ਲਈ ਦੇਖਣਾ..." ਕਹਿੰਦੇ ਹੋਏ ਪਿਛਲੀ ਸੁਆਰੀ ਦੇ ਹੱਥ ਵਿੱਚ ਫੜਿਆ ਫਿਲਮੀ ਰਸਾਲਾ ਮੰਗਿਆ ਤੇ ਇੱਕ ਸਫ਼ੇ ਉਤੇ ਛਪਿਆ ਪੂਰੇ ਮਹੀਨੇ ਦਾ ਰਾਸ਼ੀ-ਫਲ ਪੜ੍ਹ ਲਿਆ।
ਕੰਡਕਟਰ ਨੂੰ ਸੈਨਤ ਮਾਰਦੇ ਵਿਜੈ ਨੇ ਕਿਹਾ, "ਅਗਲੀ ਦੇਹਰੀ ਕੋਲ ਸਾਨੂੰ ਉਤਾਰ ਛੱਡਣਾ।"
ਕੰਡਕਟਰ ਨੇ ਇੱਕ ਨਜ਼ਰ ਸਾਡੇ ਵੱਲ ਤੇ ਇੱਕ ਨਜ਼ਰ ਬਾਹਰ ਬੱਸ ਪਿੱਛੇ ਦੌੜਦੀਆਂ ਚੀਜ਼ਾਂ ਵੱਲ ਤੱਕਿਆ, ਮੂੰਹ ਬਾਹਰ ਕੱਢ ਕੇ ਨੱਕ ਸੁਣਕਿਆ, ਗਲ ਵਿੱਚ ਪਏ ਪਰਨੇ ਨਾਲ ਹੱਥ ਪੂੰਝੇ ਤੇ ਸੀਟੀ ਵਜਾਈ।
ਫ਼ਿਲਮੀ ਰਸਾਲਾ ਵਾਪਸ ਕਰਦਾ ਅਜੀਤ ਹੁਣ ਨਹਿਰ ਵਿੱਚ ਨਹਾਉਂਦੇ ਬੱਚਿਆਂ ਵੱਲ ਵੇਖਣ ਲੱਗ ਪਿਆ। ਮੈਂ ਉਸ ਦਾ ਮੋਢਾ ਹਿਲਾਇਆ। ਬੱਸ ਦੀ ਚਾਲ ਮੱਧਮ ਹੋ ਗਈ ਤੇ ਅਗਲੇ ਪਲ ਬੱਸ ਦੇਹਰੀ ਕੋਲ ਖੜੋਤੀ ਹੋਈ ਸੀ।
ਬੱਸ ਵਿੱਚੋਂ ਉਤਰਦੇ ਹੀ ਸੜਕ ਉੱਤੇ ਉਡਦੀ ਧੂੜ ਜ਼ਰਾ ਸਾਫ਼ ਹੋਈ ਤਾਂ ਸਾਨੂੰ ਇੱਕ ਆਵਾਜ਼ ਸੁਣਾਈ ਦਿੱਤੀ- "ਆਓ ਨਵੀਂ ਪੀੜ੍ਹੀ ਦੇ ਨਿਰਮਾਤਿਓ....ਸੁਣਾਓ, ਕੀ ਹਾਲ ਏ?"
ਸਾਨੂੰ ਇਸ ਖਾਸ ਸੰਬੋਧਨ ਨਾਲ ਬੁਲਾਉਣ ਵਾਲਾ ਚੂੰਨੀ ਲਾਲ ਸੀ। ਬਹੁਤ ਚਿਰ ਪਹਿਲਾਂ ਦਾ ਉਹ ਸਾਡਾ ਕਾਲਜ ਦਾ ਜਮਾਤੀ ਸੀ। ਉਸ ਦੀ ਪੜ੍ਹਾਈ ਜਦੋਂ ਅੱਧ-ਵਿਚਾਲਿਓਂ ਹੀ ਛੁੱਟ ਗਈ ਤੇ ਕਿਧਰੇ ਵੀ ਕੰਮ-ਕਾਜ ਨਹੀਂ ਮਿਲਿਆ ਤਾਂ ਆਪਣੇ ਹੀ ਪਿੰਡ ਦੀ ਵੱਡੀ ਸੜਕ ਉਤੇ ਸੂਏ ਦੇ ਕੰਢੇ ਉਸ ਨੇ ਚਾਹ, ਸਿਗਰਟ ਤੇ ਸੋਢੇ ਦੀ ਦੁਕਾਨ ਪਾ ਲਈ। ਕੰਮ ਬੜਾ ਚੰਗਾ ਚੱਲ ਰਿਹਾ ਹੈ। ਇਸੇ ਕਾਰਨ ਚੂੰਨੀ ਲਾਲ ਬਹੁਤ ਸੁਖੀ ਏ। ਆਉਂਦੇ-ਜਾਂਦੇ ਅਸੀਂ ਉਸ ਦੀ ਦੁਕਾਨ ਉੱਤੇ ਬੈਠੇ ਰਹਿੰਦੇ ਸਾਂ।
ਚੂੰਨੀ ਦੀ ਹੱਟੀ ਦੇ ਬਾਹਰ ਪਏ ਹੋਏ ਬੈਂਚ ਉੱਤੇ ਅਸੀਂ ਤਿੰਨ ਜਣੇ ਬੈਠ ਗਏ। ਤਿੱਖੀ ਤੇਜ਼ ਧੁੱਪ, ਤੇਜ਼-ਤਰਾਰ ਸੂਰਜ ਸੰਘਣੇ ਬੱਦਲਾਂ ਪਿੱਛੋਂ ਨਿਕਲ ਆਇਆ ਤੇ ਬੜੀ ਤੇਜ਼ੀ ਨਾਲ ਸਾਰੇ ਬੱਦਲ ਇਕੱਠੇ ਹੋ ਕੇ ਇੱਕ ਪਾਸੇ ਵੱਲ ਨੱਸਣ ਲੱਗ ਪਏ।
ਸੂਏ ਵਿੱਚ ਪਾਣੀ ਠੰਢਾ ਕਰਨ ਲਈ ਰੱਖੇ ਹੋਏ ਘੜੇ ਵਿੱਚੋਂ ਚੂੰਨੀ ਦਾ ਨੌਕਰ ਸਾਡੇ ਲਈ ਪਾਣੀ ਲੈ ਆਇਆ। ਚੂੰਨੀ ਸਮੇਤ ਅਸਾਂ ਸਾਰਿਆਂ ਨੇ ਇੱਕ-ਇੱਕ ਬੀੜੀ ਹੋਰ ਸੁਲਗਾਈ। ਕੁਝ ਚਿਰ ਚੁੱਪ ਰਹਿ ਕੇ ਚੂੰਨੀ ਆਖਣ ਲੱਗਾ, "ਹੱਛਾ ਨਿਰਮਾਤਿਓ, ਗੱਲ ਇਹ ਹੈ ਕਿ ਪਰਸੋਂ ਸਾਡੇ ਪਿੰਡ ਵਿੱਚ ਇੱਕ ਮੁੰਡੇ ਦਾ ਵਿਆਹ ਸੀ। ਇੱਕ ਪੂਰੀ ਬੋਤਲ ਥ੍ਰੀ-ਐਕਸ ਦੀ ਬਚੀ ਹੋਈ ਮੇਰੇ ਕੋਲ ਪਈ ਹੋਈ ਹੈ...ਕੁਝ ਚਿਰ ਬਾਅਦ ਛੁੱਟੀ ਕਰਕੇ ਇੱਥੇ ਮੇਰੀ ਹੱਟੀ ਹੀ ਆ ਜਾਣਾ...ਤਾਂ ਜੋ ਦੋ-ਦੋ ਲਾਰਜ ਸਕੇਲ ʼਤੇ ਹੋ ਜਾਣ...ਕੀ ਖਿਆਲ ਏ ਤੁਹਾਡਾ...?"
ਉਸ ਦੀ ਗੱਲ ਸੁਣ ਕੇ ਸਾਡੇ ਸਾਰਿਆਂ ਦੇ ਚਿਹਰੇ ਚਮਕ ਪਏ ਸਨ। ਇਸ ਤੋਂ ਪਹਿਲਾਂ ਕਿ ਕੋਈ ਕੁਝ ਕਹਿੰਦਾ, ਚੂੰਨੀ ਫਿਰ ਬੋਲਿਆ, "ਘੱਟ ਤੋਂ ਘੱਟ ਦੋ-ਤਿੰਨ ਘੰਟਿਆਂ ਦਾ ਵਕਤ ਲੈ ਕੇ ਆਉਣਾ... ਪਿਛਲੇ ਸ਼ਨੀਵਾਰ ਵਾਂਗ ਜਲਦੀ ਗੱਡੀ ਫੜ ਕੇ ਵਾਪਸ ਜਾਣ ਲਈ ਰੌਲਾ ਨਾ ਪਾ ਦੇਣਾ...ਨਾਲੇ ਕਿਸੇ ਮੁੰਡੇ ਕੋਲੋਂ ਕੁੱਕੜ-ਚੂਚੇ ਦਾ ਇੰਤਜ਼ਾਮ ਕਰਕੇ ਮੈਨੂੰ ਭੇਜ ਦਿਉ ਤਾਂ ਕਿ ਤੁਹਾਡੇ ਆਉਣ ਤਕ ਭੁੰਨ-ਭੁੰਨ ਕੇ ਰੱਖ ਦਿਆਂ।"
"ਉਹ ਤਾਂ ਸਭ ਠੀਕ ਏ ਪਰ ਯਾਰਾ ਤੈਨੂੰ ਆਖਿਆ ਸੀ ਸਾਡੇ ਲਈ ਇੱਥੇ ਕੋਈ ਕਮਰਾ ਲੱਭ ਦੇ... ਇਮਤਿਹਾਨ ਨੇੜੇ ਆ ਰਹੇ ਨੇ ਤੇ ਦੋ ਮਹੀਨੇ ਟਿਊਸ਼ਨਾਂ ਪੜ੍ਹਾ ਕੇ ਕੁਝ ਪੈਸੇ ਵੀ ਬਣ ਜਾਣਗੇ...ਕੀਤਾ ਈ ਕੋਈ ਕਮਰੇ ਦਾ ਇੰਤਜ਼ਾਮ....?" ਵਿਜੈ ਨੇ ਚੂੰਨੀ ਦੇ ਮੋਢੇ ਉਤੇ ਹੱਥ ਰੱਖ ਕੇ ਪੁੱਛਿਆ।
ਚੂੰਨੀ ਨੇ ਪਹਿਲਾਂ ਜ਼ੋਰ ਦੀ ਗੜਾਕਾ ਮਾਰਿਆ ਤੇ ਕਿਹਾ, "ਮੇਰੇ ਹੁੰਦੇ ਕਮਰੇ ਦੀ ਚਿੰਤਾ ਨਹੀਂ ਕਰਨੀ...ਗੱਲ ਹੀ ਕੋਈ ਨਹੀਂ। ਪ੍ਰਬੰਧ ਹੋ ਜਾਵੇਗਾ।"
ਪੌਣੇ ਯਾਰਾਂ ਵੱਜ ਗਏ, ਅਸੀਂ ਵੱਡੀ ਸੜਕ ਤੋਂ ਛੋਟੀ ਸੜਕ ਉਤੇ ਟੁਰਨ ਲੱਗ ਪਏ ਜਿਹੜੀ ਸਿੱਧੀ ਸਕੂਲ ਨਾਲ ਜਾ ਮਿਲਦੀ ਹੈ।
ਬਹੁਤ ਸਾਰੇ ਬੱਚੇ ਸਕੂਲ ਤੋਂ ਦੌੜ ਰਹੇ ਸਨ, ਨੱਕ ਪੂੰਝਦੇ, ਕਮੀਜ਼ ਦੇ ਕਫਾਂ ਨੂੰ ਦੰਦਾਂ ਨਾਲ ਰਗੜਦੇ, ਕਈ ਪੈਰੋਂ ਨੰਗੇ ਤੇ ਕਈ ਪੁਰਾਣੇ ਤੱਪੜ ਘਸੀਟਦੇ, ਬਸਤਿਆਂ ਵਿੱਚੋਂ ਜਮੈਟਰੀ, ਬਕਸਿਆਂ ਦੀ ʼਖੜ-ਖੜʼ ਦੀ ਆਵਾਜ਼ ਸੁਣਾਈ ਦੇ ਰਹੀ ਸੀ।
ਕਈ ਸ਼ੈਤਾਨ ਮੁੰਡੇ ਅਜੇ ਵੀ ਸੂਏ ਦੇ ਕੰਢੇ ਰੇਹੜੀ-ਛਾਬੇ ਕੋਲ ਵਕਤ ਜ਼ਾਇਆ ਕਰਨ ਲਈ ਖਲੋਤੇ ਰਹੇ। ਸਾਡੇ ਵੱਲ ਨਜ਼ਰ ਪੈਂਦੇ ਹੀ ਉਹ ਤਿੱਖੇ ਕਦਮਾਂ ਨਾਲ ਸਕੂਲ ਵੱਲ ਟੁਰ ਪਏ। ਇਨ੍ਹਾਂ ਦੇ ਪਿੱਛੇ-ਪਿੱਛੇ ਪੁੱਠੇ-ਸਿੱਧੇ ਕਦਮ ਪੁੱਟਦੇ ਅਸੀਂ ਵੀ ਟੁਰਦੇ ਗਏ।
ਮੈਂ ਮਹਿਸੂਸ ਕਰ ਰਿਹਾ ਸਾਂ ਕਿ ਸਾਡੇ ਹੱਥਾਂ ਵਿੱਚ ਸਿਰਫ਼ ਇੱਕ-ਇੱਕ ਛੜੀ ਦਾ ਘਾਟਾ ਏ ਨਹੀਂ ਤਾਂ ਅਸੀਂ ਪੂਰੇ ਦੇ ਪੂਰੇ ਚਰਵਾਹੇ ਹਾਂ ਜਿਨ੍ਹਾਂ ਦੇ ਅੱਗੇ-ਅੱਗੇ ਭੇਡਾਂ-ਬੱਕਰੀਆਂ ਦਾ ਇੱਜੜ ਟੁਰ ਰਿਹਾ ਹੈ।
ਟੁਰਦੇ-ਟੁਰਦੇ ਕੁਝ ਆਖਣ ਲਈ ਮੈਂ ਆਪਣੇ ਸਾਥੀਆਂ ਵੱਲ ਮੂੰਹ ਫੇਰਿਆ ਪਰ ਉਹ ਦੋਵੇਂ ਤਾਂ ਥੋੜ੍ਹਾ ਪਿੱਛੇ ਰਹਿ ਗਏ ਸਨ।
ਵਿਜੈ ਰਸਤੇ ਤੋਂ ਥੋੜ੍ਹਾ ਇੱਕ ਪਾਸੇ ਪਿਸ਼ਾਬ ਕਰਦਾ ਕੁਝ ਗੁਣਗੁਣਾ ਰਿਹਾ ਸੀ। ਉਸ ਤੋਂ ਥੋੜ੍ਹਾ ਹੋਰ ਪਿੱਛੇ ਅਜੀਤ ਇੱਕ ਟਾਹਣੀ ਦੀ ਸੋਟੀ ਬਣਾ ਰਿਹਾ ਸੀ। ਦੋ ਸੋਟੀਆਂ ਉਸ ਨੇ ਪਹਿਲਾਂ ਹੀ ਬਣਾ ਕੇ ਕੱਛ ਹੇਠਾਂ ਦੱਬੀਆਂ ਹੋਈਆਂ ਸਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਚੰਦਨ ਨੇਗੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ