< ਦਿਲ 'ਤੇ ਉੱਕਰਿਆ ਨਾਸੂਰ (ਕਹਾਣੀ) : ਰਾਬਿੰਦਰ ਸਿੰਘ ਰੱਬੀ (ਪੰਜਾਬੀ ਕਹਾਣੀ)

Dil Te Ukkria Nasoor (Punjabi Story) : Rabinder Singh Rabbi

ਦਿਲ 'ਤੇ ਉੱਕਰਿਆ ਨਾਸੂਰ (ਕਹਾਣੀ) : ਰਾਬਿੰਦਰ ਸਿੰਘ ਰੱਬੀ

ਤਿੱਪ ......ਤਿੱਪ.....ਤਿੱਪ......ਤਿੱਪ । ਮੈਨੂੰ ਆਪਣੇ ਦਿਲ 'ਤੇ ਉੱਕਰ ਆਏ ਫੋੜੇ 'ਚੋਂ ਪੀਕ ਕਿਰਦੀ ਮਹਿਸੂਸ ਹੁੰਦੀ ਏ। ਅਜੀਬ ਮੁਸੀਬਤ ਏ। ਸਾਹ ਲੈਣ 'ਚ ਔਖ, ਬੋਲਣ 'ਚ ਔਖ, ਤੁਰਨ- ਫਿਰਨ 'ਚ ਔਖ। ਬੱਸ, ਔਖ ਹੀ ਔਖ। ਰਸ਼ਿਮ ਪ੍ਰੈਟੀ ਨੁੰ ਨਾਲ ਲੈ ਕੇ ਫਿਲਮ ਦੇਖਣ ਗਈ ਏ। ਉਂਝ ਵੀ ਪ੍ਰੈਟੀ ਉਹਦਾ ਬੜਾ ਹੇਜ ਕਰਦੈ। ਮੇਰੇ ਕੋਲ ਤਾਂ ਐਵੇਂ ਘੁਟਿਆ – ਘੁਟਿਆ ਰਹੂ ..... । ਰੋਟੀ ਪਕਾ ਕੇ ਰੱਖਣ ਤੋਂ ਭਾਵ ਹੈ ਕਿ ਅੱਜ ਉਹ ਦੇਰ ਨਾਲ ਮੁੜਨਗੇ। ਮੈਂ ਹੌਲੀ ਜਿਹੀ ਉੱਠਕੇ ਤਾਕੀ ਖੋਲ੍ਹਦਾ ਹਾਂ। ਠੰਢੀ –ਠੰਢੀ ਹਵਾ ਦਾ ਤਰੌਂਕਾ ਮੇਰੇ ਧੁਰ ਅੰਦਰ ਤੀਕ ਲਹਿ ਜਾਂਦਾ ਏ। ਤਾਕੀ ਕੋਲ ਖੜਾ ਹੀ ਮੈਂ ਚਾਰ –ਪੰਜ ਲੰਬੇ ਸਾਹ ਲੈ ਕੇ , ਕੁਰਸੀ ਤਾਕੀ ਦੇ ਨੇੜੇ ਕਰ , ਨਿੱਠ ਕਰ ਬਹਿ ਜਾਂਦਾ ਹਾਂ ਅਤੇ ਲਾਲ ਮਿਸਤਰੀ ਦੀ 'ਤ੍ਰਿਹਾਏ ਪੱਤਣ' ਪੜ੍ਹਨ ਲੱਗਦਾ ਹਾਂ । ਸ਼ਾਇਰ ਵੀ ਕਿਤਾਬਾਂ ਦਾ ਨਾਂ ਕੀ ਸੋਚ ਕੇ ਰੱਖਦੇ ਨੇ -ਤ੍ਰਿਹਾਏ ਪੱਤਣ। ਪੱਤਣਾਂ ਦਾ ਤ੍ਰਿਹਾਇਆ ਜਾਣਾ ਅਤੇ ਉਨ੍ਹਾਂ ਦੀਆਂ ਗੂੰਗੀਆਂ ਲੇਰਾਂ ਮੈਨੂੰ ਆਪਣੀਆਂ ਭਾਸਦੀਆਂ ਨੇ। ਮੇਰੀ ਜ਼ਿੰਦਗੀ ਵੀ ਪੱਤਣਾਂ ਦੀ ਤਰ੍ਹਾਂ ਹੀ ਤ੍ਰਿਹਾਈ ਏ , ਪਿਆਸੀ । ਬੁਝੀ –ਬੁਝੀ ਜਿਹੀ। ਸਭ ਕੁੱਝ ਹੁੰਦੇ -ਸੁੰਦੇ ਜਿਵੇਂ ਕੁੱਝ ਵੀ ਨਾ ਹੋਣ ਦਾ ਅਹਿਸਾਸ ਮੇਰੇ ਅੰਦਰਲੇ ਨੁੰ ਖਲਦਾ ਜਾ ਰਿਹਾ ਏ।

.....ਦੁਪਹਿਰੇ ਤਾਂ ਭਾਵੇਂ ਹੁੰਮ ਜਿਹਾ ਸੀ ਪਰ ਹੁਣ ਕੁੱਝ ਹਵਾ ਰੁਮਕਣ ਲੱਗੀ ਏ। ਸਾਉਣ 'ਚ ਮੌਸਮ ਦਾ ਕੋਈ ਵਸਾਹ ਨਹੀਂ। ਰਸ਼ਿਮ ਨੂੰ ਬਥੇਰਾ ਕਿਹਾ ਕਿ ਡਾਰਲਿੰਗ ਅੱਜ ਨਹੀਂ ਜਾਂਦੇ। ਮੌਸਮ ਦੀ ਕੋਈ ਠੌਰ ਨਹੀਂ ਪਰ ਉਸ ਇੱਕੋ ਨੰਨ੍ਹਾ ਫੜੀ ਰੱਖਿਆ.....ਫਿਲਮ ਬੜੀ ਸੁਹਣੀ ਏਂ.....ਤਿੰਨ ਟਿਕਟਾਂ ਵੀ ਬੁੱਕ ਨੇ.....ਪੈਸੇ ਖਰਾਬ ਜਾਣਗੇ.....ਚਲੋ, ਜੇ ਤੁਸੀਂ ਨਹੀਂ ਜਾਣਾ ਤਾਂ ਅਸੀਂ ਬਲੇਸ਼ਵਰ ਨਾਲ ਚਲੇ ਜਾਂਦੇ ਹਾਂ। ਤਿੱਪ ... ਤੁਪਕਾ ਫਿਰ ਡਿੱਗਾ ਏ। ਮੈਂ ਜਿੰਨਾ ਇਨ੍ਹਾਂ ਸੰਬੰਧਾਂ ਬਾਰੇ ਸੋਚਦਾਂ, ਮੇਰੀ ਪੀੜ ਉੱਨੀ ਹੀ ਵਧਦੀ ਜਾਂਦੀ ਏ। ਮੇਰੇ ਦਿਲ 'ਤੇ ਉੱਗਿਆ ਫੋੜਾ ਬਦੋਬਦੀ ਰਿਸਣ ਲੱਗਦਾ ਏ ਤਿੱਪ..... ਤਿੱਪ.... ਤਿੱਪ।

ਪਹਿਲਾਂ ਇਹ ਸਭ ਇੰਝ ਨਹੀਂ ਸੀ। ਦਿਲ 'ਚੋਂ ਅਵਾਜ਼ ਪਹਿਲਾਂ ਵੀ ਆਉਂਦੀ ਸੀ ਪਰ ਉਹ ਤਿੱਪ –ਤਿੱਪ ਦੀ ਨਹੀਂ, ਟਿੱਕ –ਟਿੱਕ ਦੀ ਹੋਇਆ ਕਰਦੀ ਸੀ। ਰਸ਼ਿਮ ਨਾਲ ਜਾਂ ਉਸ ਬਾਰੇ ਗੱਲ ਕਰਦਿਆਂ ਮੇਰੇ ਦਿਲ ਦੀ ਗਤੀ ਤੇਜ ਹੋ ਜਾਂਦੀ ਛੱਕ...ਛੱਕ...ਛੱਕ....ਛੱਕ ਅਤੇ ਫਿਰ ਇੰਜਣ ਦੀ ਕੂਕ ਵਾਂਗ ਹੀ ਦਿਲ 'ਚੋਂ ਅਵਾਜ਼ ਆਉਂਦੀ ਟਿੱਕ ...ਟਿੱਕ...ਟਿੱਕ....ਟਿੱਕ । ਇਸਦੇ ਨਾਲ ਹੀ ਮੇਰੇ ਮੱਥੇ 'ਤੇ ਪਸੀਨਾ ਆ ਜਾਂਦਾ ਤੇ ਜ਼ੁਬਾਨ ਥਥਲਾਉਣ ਲੱਗਦੀ।

ਉਸ ਸਮੇਂ ਇਹ ਮੇਰੀ ਕਲਾਸ ਮੇਟ ਸੀ। ਦੂਰੋਂ ਆਉਣ ਕਾਰਨ ਇਹ ਪੀਰੀਅਡ 'ਚ ਦੇਰ ਨਾਲ ਪੁੱਜਦੀ। ਕਾਹਲੀ –ਕਾਹਲੀ, ਹਫੀ –ਹਫੀ। ਇਹਦੇ ਆਉਣ ਨਾਲ ਸਾਡਾ ਟੋਲਾ ਕੰਨ ਚੁੱਕ ਲੈਂਦਾ। ਉਨ੍ਹਾਂ ਨੁੰ ਮੇਰੀ ਕਮਜ਼ੋਰੀ ਪਤਾ ਸੀ।
-ਬਾਈ ! ਆਗੀ ਤੇਰੀ ਹੂਰ।
ਲੰਗੋਟੀਆ ਯਾਰ ਸੁੱਖਾ ਮੇਰੇ ਹੁੱਝ ਮਾਰਦਾ।

ਮੈਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਮੈਨੂੰ ਉਹਦੇ ਨਾਲ ਨਰੜ ਦਿੱਤਾ ਗਿਆ ਜਾਂ ਕਦੋਂ ਮੈਂ ਉਹਦੇ ਨਾਲ ਜੁੜ ਗਿਆ। ਹਾਂ, ਤੇ ਇੱਕ ਦਿਨ ਮੈਂ , ਸੁੱਖਾ ਤੇ ਵਿਕਾਸ ਕਨਟੀਨ 'ਚ ਬੈਠੇ ਚਾਹ ਪੀ ਰਹੇ ਸਾਂ। ਉਦੋਂ ਹੀ ਇਹ ਆ ਗਈ, ਨੀਵੀਂ ਜਿਹੀ ਪਾਈ। ਇਹਨੇ ਕਵਿਤਾ ਛਪਵਾਉਣੀ ਸੀ ਕਾਲਜ ਮੈਗਜ਼ੀਨ 'ਚ ਅਤੇ ਮੈਂ ਸਟੂਡੈਂਟ ਐਡੀਟਰ ਸਾਂ। ਇਸ ਲਈ ਕਵਿਤਾ ਫੜਾਉਣ ਸਮੇਂ ਇਹਦੇ ਮੂੰਹੋਂ ਨਿਕਲ ਗਿਆ ( ਹੋ ਸਕਦੈ ਕਿ ਉਹਨੇ ਜਾਣ –ਬੁੱਝ ਕੇ ਹੀ ਕਿਹਾ ਹੋਵੇ ) ।
- ਗਲਤੀਆਂ ਤੁਸੀਂ ਆਪੇ ਕੱਢ ਕੇ ਛਾਪ ਦਿਓ। ਇੰਨਾਂ ਕੁ ਤਾਂ ਸਾਡਾ ਵੀ ਹੱਕ ਬਣਦੈ ਤੁਹਾਡੇ 'ਤੇ।
ਪਤਾ ਨਹੀਂ ਉਹਨੇ ਇਹ ਲਫਜ਼ ਕਿਸ ਲਿਹਾਜ਼ ਨਾਲ ਕਹੇ ਪਰ ਵਿਕਾਸ ਤੇ ਸੁੱਖੇ ਦੀਆਂ ਅੱਖਾਂ ਖੁਸ਼ੀ 'ਚ ਟੱਡੀਆਂ ਗਈਆਂ।
- ਕੀ ਕਹਿਗੀ ਬਾਬਿਓ ...... ?
ਉਹ ਲੱਗ ਪੱਗ ਚੀਕ ਕੇ ਬੋਲੇ ਸਨ।

ਬੱਸ ! ਉਸੇ ਦਿਨ ਤੋਂ ਉਨ੍ਹਾਂ ਗੱਲ ਧੁਮਾਂ ਦਿੱਤੀ। ਮੈਂ ਬਥੇਰੇ ' ਬਹਾਨੇ ' ਲਾਏ ਕਿ ਉਸਦਾ ਇਹ ਮਤਲਬ ਨਹੀਂ ਸੀ ( ਪਰ ਜੀਅ ਮੇਰਾ ਇਹ ਹੀ ਕਰਦਾ ਸੀ ਕਿ ਉਸਦਾ ਇਹੋ ਮਤਲਬ ਹੋਵੇ ) ਖੈਰ ! ਕੁਮੈਂਟ ਪਾਸ ਹੋਣ ਲੱਗੇ ਅਤੇ ਉਸਨੂੰ ਵੀ ਪਤਾ ਲੱਗ ਗਿਆ। ਕਵਿਤਾ ਦਾ ਸ਼ੌਂਕ ਹੋਣ ਕਾਰਨ ਅਸੀਂ ਦੋਵੇਂ ਇੱਕ ਦੂਜੇ ਦੇ ਨੇੜੇ ਆਉਂਦੇ ਗਏ ।
ਬੀ ਏ ਕਰਕੇ ਮੈਨੂੰ ਗੋਇਲ ਐਂਡ ਗੋਇਲ ਕੰਪਨੀ 'ਚ ਲੱਗਣਾ ਪਿਆ ਅਤੇ ਇਹ ਯੂਨੀਵਰਸਿਟੀ ਪੜ੍ਹਨ ਲੱਗੀ। ਅਸੀਂ ਅਕਸਰ ਮਿਲਦੇ ਰਹਿੰਦੇ ਅਤੇ ਇੱਕ ਦਿਨ ਸਦਾ ਲਈ ਮਿਲਣ ਦਾ ਐਲਾਨ ਕਰ ਦਿੱਤਾ।
- ਪੁੱਤ , ਤੇਰੀ ਨਹੀਂ ਨਿਭਣੀ ਉਹਦੇ ਨਾਲ ...... ਹਾਂ, ਉਹ ਖੁੱਲ੍ਹੇ ਸੁਭਾਓ ਦੀ ਕੁੜੀ ਏ ਤੇ ਤੂੰ ... ਮੇਰੀ ਗੱਲ ਪੱਲੇ ਬੰਨ੍ਹ ਲੈ।
ਮਾਂ ਨੇ ਕਿਹਾ ਸੀ।
- ਮੇਸ਼ੀ ! ਤੂੰ ਉਹਦੇ ਨਾਲ ਖੁਸ਼ ਨਹੀਂ ਰਹਿਣਾ। ਬੱਸ, ਇਹ ਸੋਚ ਲਈਂ ਪਹਿਲਾਂ।
ਪਿਤਾ ਜੀ ਨੇ ਵੀ ਸਮਝਾਇਆ ਸੀ। ਮੈਂ ਉਹ ਗੱਲ ਕੰਨ ਦੇ ਖਾਨੇ 'ਚ ਪਾ ਕੇ ਕਦੇ ਨਾ ਗੌਲੀ। ਸਮਾਂ ਹੀ ਨਹੀਂ ਮਿਲਿਆ। ਉਂਝ ਮੇਰੇ ਅਟੱਲ ਫੈਸਲੇ ਨੂੰ ਦੇਖ ਕੇ ਮਾਂ ਤੇ ਪਿਤਾ ਜੀ ਮੇਰੀ ਸ਼ਾਦੀ ਲਈ ਮੰਦਿਰ 'ਚ ਭੋਗ ਵੀ ਸੁੱਖ ਆਏ ਸਨ। ਸ਼ਾਦੀ ਹੋ ਗਈ ਸੀ।

ਮੈਂ ਅੰਦਰ 'ਚੋਂ ਮੁੜ ਕੇ ਬਾਹਰ ਵੱਲ ਝਾਤੀ ਮਾਰਦਾ ਹਾਂ। ਅੰਬਰ ਵੱਲ ਬਾਹਾਂ ਪਸਾਰੀ ਖੜੇ ਸਫੈਦੇ ਜਿਵੇਂ ਅਕਾਸ਼ 'ਤੇ ਬੈਠੇ ਆਪਣੇ ਮਹਿਬੂਬ ਨੂੰ ਮਿਲਣ ਲਈ ਵਿਆਕੁਲ ਹੋਣ । ਜਿਵੇਂ ਪੱਤਣ ਆਪਣੀ ਪਿਆਸ ਬੁਝਾਉਣੀ ਲੋਚਦੇ ਹੋਣ। ਜਿਵੇਂ ਮੈਂ .... ਘੁੰਮ – ਫਿਰ ਕੇ ਗੱਲ ਮੈਂ ਤੇ ਆ ਕੇ ਰੁੱਕ ਜਾਂਦੀ ਏ ਅਤੇ ਮੈਂ ਕਿਤਾਬ 'ਚੋਂ ਬ੍ਰਿਹੋਂ ਰੰਗਿਆ ਗੀਤ ਛੇੜ ਬੈਠਦਾ ਹਾਂ।

ਯਾਦ ਆਉਂਦਾ ਏ ਸ਼ਿਮਲਾ, ਸੰਜੋਲੀ ਤੇ ਕੁਫਰੀ 'ਚ ਮਨਾਇਆ ਹਨੀਮੂਨ। ਪਤਾ ਹੀ ਨਾ ਲੱਗਾ , ਅਸੀਂ ਕਿੱਥੇ - ਕਿੱਥੇ ਘੁੰਮੇ। ਦਿਆਰ ਦੇ ਲੰਬੇ -ਲੰਬੇ ਦਰੱਖਤਾਂ ਹੇਠ ਪਤਾ ਨਹੀਂ ਕਿੰਨਾਂ ਸਮਾਂ ਬੇ ਸੁੱਧ ਪਏ ਰਹਿੰਦੇ। ਬਰਫ ਦੀਆਂ ਢਲਾਣਾਂ ਤੋਂ ਫਿਸਲਦੇ। ਪੰਜ ਸਾਲ ਤਾਂ ਪੰਜ ਦਿਨਾਂ ਦੀ ਗੱਲ ਲੱਗਦੀ ਏ। ਕੰਪਨੀ ਵੱਲੋਂ ਮੈਂ ਟੂਰ ਪ੍ਰੋਗਰਾਮ ਬਣਾ ਲੈਣਾ। ਨਾਲੇ ਪੁੰਨ , ਨਾਲੇ ਫਲੀਆਂ। ਕਿੱਥੇ- ਕਿੱਥੇ ਨਹੀਂ ਅਸੀਂ ਘੁੰਮੇ, ਮਸੂਰੀ, ਨੈਨੀਤਾਲ, ਮਨਾਲੀ , ਰੋਹਤਾਂਗ। ਅਸੀਂ ਦੋਵੇਂ ਬੜੇ ਖੁਸ਼ ਸਾਂ ਸ਼ਾਇਦ ...
ਬੱਚਾ ਸਾਡੇ ਕੋਲ ਕੋਈ ਨਹੀਂ ਸੀ , ਰਸ਼ਿਮ ਕਦੇ ਕਦਾਈਂ ਬੱਚੇ ਲਈ ਜ਼ਰੂਰ ਉਦਾਸ ਹੋ ਜਾਇਆ ਕਰਦੀ ਸੀ। ਮੈਂ ਵੀ ਕਦੇ -ਕਦੇ ਬੱਚੇ ਬਾਰੇ ਚਿੰਤਤ ਹੋਣਾ ਪਰ ਇਹ ਉਦਾਸੀ ਜ਼ਿਆਦਾ ਸਮੇਂ ਤੱਕ ਨਹੀਂ ਸੀ ਰਹਿੰਦੀ।
- ਕ੍ਰਿਸ਼ਨ ਭਗਵਾਨ ਸਭ ਠੀਕ ਕਰਨਗੇ ।
ਮਾਂ ਕਦੇ - ਕਦਾਈਂ ਆ ਕੇ ਦਿਲਾਸਾ ਦਿੰਦੀ।
ਫਿਰ ਇੱਕ ਦਿਨ ਰਸ਼ਿਮ ਦੌੜੀ-ਦੌੜੀ ਆਈ, ਬਲੇਸ਼ਵਰ ਨਾਲ ( ਨਾਂ ਇਹਨੇ ਮਗਰੋਂ ਦੱਸਿਆ ) । ਚੰਗਾ ਏ ਸੁਭਾਓ ਦਾ ਖੁੱਲ੍ਹਾ – ਡੁੱਲ੍ਹਾ। ਇਹ ਇੱਕੋ ਸਾਹੇ ਉਹਦੀਆਂ ਤਰੀਫਾਂ ਦੇ ਪੁਲ਼ ਬੰਨ੍ਹਣ ਲੱਗੀ।
- ਇਹ ਮੇਰਾ ਕਲਾਸ ਮੇਟ ਐ। ਬਹੁਤਾ ਸੁਹਣਾ ਗਾਉਂਦੈ। ਰੁਮਾਂਟਿਕ ਕਵਿਤਾਵਾਂ ਵੀ ਲਿਖਦੈ ( ਮੇਰਾ ਲਿਖਣਾ ਤਾਂ ਕਦੋਂ ਦਾ ਬੰਦ ਹੋ ਚੁੱਕੈ ) । ਮੇਰੀਆਂ ਕਈ ਕਵਿਤਾਵਾਂ ਤੇ ਗੀਤ ਇਹਨੇ ਗਾਏ ਐ। ਬੈਸਟ ਸਿੰਗਰ ਏ। ਕੁੜੀਆਂ ਇਹਦੇ ਅੱਗੇ - ਪਿੱਛੇ ਬੜੀਆਂ ਘੁੰਮਦੀਆਂ ਸੀ ( ਬਲੇਸ਼ਵਰ ਐਵੇਂ ਜਿਹੇ ਹੱਸਿਆ ਸੀ ) ।
ਉਹਨੇ ਇਹ ਸਭ ਬੜੇ ਮਾਣ ਜਿਹੇ 'ਚ ਦੱਸਿਆ । ਬਲੇਸ਼ਵਰ ਦੀਆਂ ਸਿਫਤਾਂ ਸੁਣਾਉਂਦੀ ਨੇ ਉਸ ਦੀਆਂ ਸਾਰੀਆਂ ਖੂਬੀਆਂ ਯਾਦ ਰੱਖੀਆਂ। ਭੁੱਲੀ ਤਾਂ ਬੱਸ ਇੰਨਾ ਕਿ ਮੇਰੇ ਸਾਹਮਣੇ ਵੀ ਉਸਨੇ ਬਲੇਸ਼ਵਰ ਦਾ ਹੱਥ ਫੜੀ ਰੱਖਿਆ।
.... ਤਿੱਪ ..... ਤਿੱਪ .....ਤਿੱਪ ਉਸ ਦਿਨ ਮੈਨੂੰ ਪਹਿਲੀ ਵਾਰ ਇੰਝ ਲੱਗਾ ਸੀ ਜਿਵੇਂ ਮੇਰੇ ਅੰਦਰ ਕੁੱਝ ਰਿਸਿਆ ਹੋਵੇ । ਮੈਂ ਬੜੀ ਮੁਸ਼ਕਿਲ ਨਾਲ ਮੁਸਕਾਨ ਦਾ ਮੁਖੌਟਾ ਪਾਇਆ ਅਤੇ 'ਮੀਟਿੰਗ ਏ , ਜਲਦੀ ਜਾਣਾ, ਤੁਸੀਂ ਬੈਠੋ ' ਆਖ ਭਾਰੇ ਕਦਮੀਂ ਦਫਤਰ ਆ ਗਿਆ ਪਰ ਧਿਆਨ ਮੇਰਾ ਸਾਰਾ ਦਿਨ ਉੱਥੇ ਹੀ ਅਟਕਿਆ ਰਿਹਾ।

ਜੇ ਦੇਖਿਆ ਜਾਵੇ ਤਾਂ ਹੱਥ ਫੜਨ ਨਾਲ ਕੋਈ ਤੂਫਾਨ ਤਾਂ ਨਹੀਂ ਆ ਗਿਆ। ਅਸੀਂ ਵੀ ਦਫਤਰਾਂ 'ਚ ਸੌ ਤਰ੍ਹਾਂ ਦੇ ਮਖੌਲ ਕਰਦੇ ਹਾਂ ਪਰ ਕਿਸੇ ਦਾ ਨੂਣ ਨਹੀਂ ਟਿਰਕਦਾ। ਫੇਰ ਭਲਾ ਮੈਨੂੰ ਹੀ ਕੀ ਆਖਰ ਆ ਗਈ। ਮੈਂ ਇਹ ਸਮਝਦਾ ਹਾਂ ਪਰ ਇਹ ਦਿਲ ਰਿਸਣ ਦੀ ਪ੍ਰਕ੍ਰਿਆ ਤਾਂ ਉਸ ਦਿਨ ਤੋਂ ਹੀ ਸ਼ੁਰੂ ਹੋਈ ਸੀ। ਹਾਂ, ਇਹ ਜ਼ਰੂਰ ਹੈ ਕਿ ਉਸ ਦਿਨ ਇਹ ਘੱਟ ਸੀ।
ਮੈਂ ਸੋਚਦਾ ਹਾਂ।
-ਜੇ ਸ੍ਰੀ ਰਾਮ ਨੇ ਸੀਤਾ ਮਾਤਾ ਦੀ ਪ੍ਰੀਖਿਆ ਲਈ ਸੀ, ਤਾਂ ਮੈਂ ਭਲਾਂ ਕੀਹਦੇ ਪਾਣੀਹਾਰ .....।
ਮੈਂ ਸੋਚਦਾ ਹਾਂ।
- ਦਿਮਾਗ 'ਚ ਵੜਿਆ ਕੀੜਾ ਆਖਦੇ ਨੇ ਦਿਮਾਗ ਹੀ ਕੁਤਰ ਦਿੰਦਾ ਏ।

ਕੁੱਝ ਕਣੀਆਂ ਡਿੱਗੀਆਂ ਨੇ। ਬਾਹਰ ਪੱਤਿਆਂ 'ਤੇ ਕਣੀਆਂ ਦੀ ਖੜ – ਖੜ ਦਾ ਸ਼ੋਰ ਤਾਂ ਮੈਂ ਸੁਣ ਨਾ ਸਕਿਆ ਪਰ ਮਿੱਟੀ ਦੀ ਸੌਂਧੀ –ਸੌਂਧੀ ਮਹਿਕ ਮੇਰੇ ਧੁਰ ਅੰਦਰ ਤੀਕ ਫਿਰ ਗਈ। ਉਨ੍ਹਾਂ ' ਪੱਤਣ ' ਸ਼ਬਦ ਗਿੱਲਾ ਕਰ ਦਿੱਤਾ ਏ । ਮੈਨੂੰ ਲੱਗਾ ਕਿ ਉਹ ਸ਼ਾਇਦ ਪੱਤਣ ਦੀ ਪਿਆਸ ਬੁਝਾ ਰਹੀਆਂ ਹੋਣ। ਮੈਂ ਕਿਤਾਬ ਚੁੱਕ ਕੁਰਸੀ ਪਿੱਛੇ ਹਟਾ ਲੈਂਦਾ ਹਾਂ। ਦਸ ਤੋਂ ਜ਼ਿਆਦਾ ਸਮਾਂ ਹੋ ਗਿਆ ਏ। ਹੁਣ ਤਾਂ ਉਹਨਾਂ ਨੂੰ ਆ ਜਾਣਾ ਚਾਹੀਦਾ ਸੀ। ਹੁਣ ਭਲਾਂ ਉਹ ਮੀਂਹ 'ਚ ਕਿੱਥੇ ਖੜੇ ਹੋਣਗੇ। ਬਿਜਲੀ ਦੀ ਲਿਸ਼ਕੋਰ ਕਿੰਨਾ ਸਮਾਂ ਮੇਰੀਆਂ ਅੱਖਾਂ ਸਾਹਮਣੇ ਭੰਬੂ - ਤਾਰੇ ਨੱਚਣ ਲਾ ਦਿੰਦੀ ਏ। ਮੀਂਹ ਦਾ ਝਾਂਜਾ ਕਦੇ ਤੇਜ਼ ਹੋ ਜਾਂਦਾ ਏ , ਕਦੇ ਹੌਲੀ। ਕਹਿੰਦੇ ਨੇ ਨਾ ਕਿ ਸਾਉਣ ਤਾਂ ਜੇ ਦਿਨ 'ਚ ਸੌ ਵਾਰੀ ਛਰਾਟਾ ਆਏ। ਬੱਸ, ਉਹੀ ਗੱਲ ਹੋ ਰਹੀ ਏ।

ਤੜ .... ਤੜ ...ਤੜ.... ੜ ...ੜ....ੜ...ੜ.....ੜ ਬਿਜਲੀ ਦੀ ਲਿਸ਼ਕੋਰ ਤੇ ਗਰਜ ਅੱਖਾਂ ਅਤੇ ਕੰਨਾਂ ਰਾਹੀਂ ਦਿਮਾਗ 'ਚ ਜਾ ਵੱਜਦੀ ਏ। ਪੰਡਿਤ ਜੀ ਉਸ ਦਿਨ ਆਖ ਰਹੇ ਸਨ ਕਿ ਬਿਜਲੀ ਬੜੀ ਗੁੱਸੇਖੋਰ ਏ। ਇਸ ਤੋਂ ਤਾਂ ਬਚਣਾ ਚਾਹੀਦੈ। ਮਾਮੇ -ਭਾਣਜੇ 'ਤੇ ਬੜੀ ਡਿੱਗਦੀ ਏ। ਦੇਵਕੀ ਦੀ ਕੁੜੀ ਏ ਨਾ। ਕੰਸ ਦਾ ਤਾਂ ਚਲੋ ਮੰਨ ਲਿਆ ਕਿ ਕਸੂਰ ਸੀ ਪਰ ਬਿਜਲੀ ਭਾਣਜੇ 'ਤੇ ਕਿਉਂ ਡਿੱਗਦੀ ਏ।
ਮੈਂ ਸੋਚਦਾ ਹਾਂ।
ਪ੍ਰੈਟੀ ਪਤਾ ਨਹੀਂ ਇਹੋ ਜਿਹੇ ਮੌਸਮ 'ਚ ਕਿੱਥੇ ਹੋਊ ? ਬਲੇਸ਼ਵਰ ਵੀ ਨਾਲ ਹੀ ਹੋਣਾ ਏਂ। ਕਿਤੇ ਉਨ੍ਹਾਂ ਦੋਵਾਂ 'ਤੇ ਬਿਜਲੀ ..... । ਮੈਂ ਆਪਣੇ ਵਿਅੰਗ 'ਤੇ ਮਨ ਹੀ ਮਨ ਮੁਸਕਰਾਉਂਦਾ ਹਾਂ ਪਰ ਫਿਰ ਪ੍ਰੈਟੀ ਦੀ ਹੋਣੀ ਮਹਿਸੂਸ ਕਰ ਗੰਭੀਰਤਾ ਦਾ ਮੁਖੌਟਾ ਪਹਿਨ ਲੈਂਦਾ ਹਾਂ।

ਬਿਜਲੀ ਫਿਰ ਲਿਸ਼ਕੀ ਏ। ਮੈਂ ਬਰਾਮਦੇ 'ਤੇ ਚਲਾਵੀਂ ਜਿਹੀ ਨਿਗ੍ਹਾ ਮਾਰਦਾ ਹਾਂ। ' ਐਕਸ਼ਨ ' ਦੇ ਬੂਟਾਂ 'ਤੇ ਮੇਰੀ ਨਜ਼ਰ ਰੁੱਕ ਜਾਂਦੀ ਏ ਤਿੱਪ .... ਤਿੱਪ.... ਤਿੱਪ .....ਤਿੱਪ । ' ਬਲੇਸ਼ਵਰ ਗਿਆ ਸੀ ਚੰਡੀਗੜ੍ਹ ਖੇਡਣ। ਜਾਂਦਾ –ਜਾਂਦਾ ਕਹਿੰਦਾ ਮਿਲਦਾ ਜਾਵਾਂ। ਪੈਰ 'ਤੇ ਸੱਟ ਲੱਗੀ ਏ ' ਵਿਚਾਰੇ ' ਦੇ । ਬੂਟ ਰੱਖ ਗਿਆ। ਤੁਹਾਡੀਆਂ ਚਮੜੇ ਦੀਆਂ ਚੱਪਲਾਂ ਪਾ ਗਿਆ । ਬੂਟ ਤੁਸੀਂ ਪਾਈ ਜਾਇਓ। ਉਹਨੇ ਕਿਹੜਾ ਪੁੱਛਣੈ, ਇੱਡਾ ਵੱਡਾ ਕਾਰੋਬਾਰ ਏ ਉਹਨਾਂ ਦਾ । '

ਇਹ ਸਭ ਰਸ਼ਿਮ ਮੇਰੇ ਪੁੱਛਣ 'ਤੇ ਦੱਸਦੀ ਏ ਅਤੇ ਮੇਰੀ ਕਮਜ਼ੋਰੀ ਨੂੰ ਵੀ ਗਲੇਫੇ 'ਚ ਲੈਣ ਦਾ ਜਤਨ ਕਰਦੀ ਏ। ਮੈਂ ਚੁੱਪ ਹੋ ਜਾਂਦਾ ਹਾਂ। ਚੁੱਪ ਹੀ ਤਾਂ ਰਹਿੰਦਾ ਹਾਂ ਮੈਂ। ਉਸ ਦਿਨ ਵੀ ਮੈਂ ਚੁੱਪ ਹੀ ਸਾਂ, ਜਿਸ ਦਿਨ ਇਹ ਮੈਨੂੰ ਪੁੱਛੇ ਬਗੈਰ ( ਨਹੀਂ , ਮੈਨੂੰ ਦੱਸੇ ਬਗੈਰ ) ਸਿਨਮੇ ਗਏ ਸਨ। ਕੁਦਰਤੀਂ ਦਫਤਰੋਂ ਦੋਸਤਾਂ ਦਾ ਵੀ ਪ੍ਰੋਗਰਾਮ ਬਣ ਗਿਆ। ਇੰਟਰਵਲ ਸਮੇਂ ਮੇਰੇ ਕੰਨਾਂ 'ਚ ਜਾਣੀ – ਪਹਿਚਾਣੀ ਹਾਸੀ ਪਈ ਅਤੇ ਨਾਲ ਹੀ ਨਜ਼ਰ ਆਈ , ਜਾਣੀ –ਪਹਿਚਾਣੀ ਪਿੱਠ। ਮੈਨੂੰ ਸਿਨਮਾ ਘੁੰਮਦਾ ਜਾਪਿਆ। ਮੈਨੂੰ ਲੱਗਾ ਜਿਵੇਂ ਮੇਰੇ ਦੋਸਤ ਮੇਰੇ 'ਤੇ ਹੱਸ ਰਹੇ ਹੋਣ, ਦਰਸ਼ਕ ਮੈਨੂੰ ਬੁਰੀ ਤਰ੍ਹਾਂ ਘੂਰ ਰਹੇ ਹੋਣ। ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਅਤੇ ਮੈਂ ਦੋਸਤਾਂ ਨੂੰ ਕੁੱਝ ਕਹੇ ਬਗੈਰ ਘਰ ਆ ਗਿਆ ਪਰ ਘਰ ਆਉਂਦਿਆਂ ਹੀ ਉਸਨੇ ਮੈਨੂੰ ਦੱਸ ਦਿੱਤਾ ਕਿ ਅਸੀਂ ਫਿਲਮ ਦੇਖੀ ਏ (ਸ਼ਾਇਦ ਉਸ ਨੇ ਮੈਨੂੰ ਦੇਖ ਲਿਆ ਹੋਣਾ ਏਂ ) ।
ਇਹ ਨਹੀਂ ਕਿ ਉਹ ਮੈਨੂੰ ਗੌਲਦੇ ਨਹੀਂ। ਰਸ਼ਿਮ ਕਦੇ - ਕਦਾਈਂ ਬੜੇ ਮੋਹ ਨਾਲ਼ ਪੁੱਛਦੀ ਏ -
- ਕੀ ਗੱਲ ? ਅੱਜ ਕੱਲ੍ਹ ਤੁਸੀਂ ਉਦਾਸ ਜਿਹੇ ਰਹਿੰਦੇ ਹੋ ? ਹੱਸਦੇ - ਖੇਡਦੇ ਨਹੀਂ। ਇਹ ਭਲਾਂ ਉਮਰ ਏ ਕੋਈ ਗੁੰਮ – ਸੁੰਮ ਰਹਿਣ ਦੀ। ਆਖਰ ਗੱਲ ਕੀ ਏ ?
- ਕੁੱਝ ਨਹੀਂ। ਬੱਸ, ਮਨ ਜਿਹਾ ਉਚਾਟ ਰਹਿੰਦਾ ਏ। ਤੂੰ ਘਾਬਰ ਨਾ। ਮੈਂ ਕਪੂਰ ਤੋਂ ਦਵਾਈ ਲੈ ਆਵਾਂਗਾ ਅੱਜ।
ਮੈਂ ਮੁਸਕਰਾਉਣ ਦਾ ਜਤਨ ਕਰਦਾ ਹੋਇਆ ਉਸ ਨੂੰ ਟਾਲਣ ਦਾ ਜਤਨ ਕਰਦਾ ਹਾਂ।
ਮੈਨੂੰ ਬੜਾ ਦੁੱਖ ਹੁੰਦਾ ਏ ਕਿ ਉਹ ਇੰਨੀ ਜਲਦੀ ਟਲ਼ ਜਾਂਦੀ ਏ।

ਬਲੇਸ਼ਵਰ ਦਾ ਆਉਣਾ – ਜਾਣਾ ਵਧਦਾ ਜਾ ਰਿਹਾ ਏ। ਪ੍ਰੈਟੀ ਦੇ ਜਨਮ 'ਤੇ ਉਸ ਨੇ ਬੜੀਆਂ ਖੁਸ਼ ਮਨਾਈਆਂ ਸਨ। ਹੁਣ ਵੀ ਉਹ ਉਸਦਾ ਜਨਮ ਦਿਨ ਬੜੀ ਧੂਮ- ਧਾਮ ਨਾਲ਼ ਮਨਾਉਣ ਲਈ ਆਖ ਰਿਹਾ ਏ। ਪ੍ਰੈਟੀ ਉਹਦਾ ਚਹੇਤਾ ਏ ਅਤੇ ਉਹ ਪ੍ਰੈਟੀ ਦਾ। ਉਸਦੇ 'ਚ ਪ੍ਰੈਟੀ ਵਾਲੀਆਂ ਆਦਤਾਂ ਨੇ ਅਤੇ ਪ੍ਰੈਟੀ 'ਚ ਉਸ ਵਾਲੀਆਂ।
ਤਿੰਨਾਂ ਦੀ ਕਾਫੀ ਬਣਦੀ ਏ।
- ਹੋਰ ਮਹਿਤਾ ਜੀ । ਕਿਵੇਂ ਚੱਲ ਰਿਹਾ ਅੱਜ – ਕੱਲ੍ਹ?

ਬੱਸ ! ਇੰਨੀ ਕੁ ਹੀ ਦੋਸਤੀ ਹੈ ਸਾਡੀ। ਦੋਸਤੀ ਵੀ ਕਾਹਦੀ, ਉਹ ਮੈਨੂੰ ਜ਼ਿਆਦਾ ਹੀ ਖੁੱਲ੍ਹੇ ਸੁਭਾਓ ਦਾ ਲੱਗਦਾ ਏ ਤੇ ਮੈਂ ਉਸਨੂੰ ਰੁੱਖੇ ਸੁਭਾਓ ਦਾ ਲੱਗਦਾ ਹੋਵਾਂਗਾ। ਉਹ ਤਿੰਨੇ ਠਾਹਕੇ ਮਾਰਕੇ ਹੱਸਦੇ ਰਹਿੰਦੇ ਨੇ। ਰੰਮੀ ਖੇਡਦੇ ਨੇ। ਇੰਤਕਾਸ਼ੀ ਖੇਡਦੇ ਨੇ। ਅੱਗੇ ਮੈਨੂੰ ਵੀ ਬੁਲਾਉਂਦੇ ਸੀ ਪਰ ਮੈਂ ਕਦੇ ਨਹੀਂ ਗਿਆ। ਮਨ ਹੀ ਨਹੀਂ ਮੰਨਦਾ। ਫਿਰ ਉਨ੍ਹਾਂ ਮੈਨੂੰ ਬੁਲਾਉਣਾ ਛੱਡ ਦਿੱਤਾ। ਮੈਂ ਤਾਂ ਪੜ੍ਹਦਾ ਰਹਿਨੈਂ। ਪੜ੍ਹਦਾ ਵੀ ਕਾਹਨੂੰ, ਜਦੋਂ ਉਹ ਆ ਜਾਂਦਾ, ਮੈਥੋਂ ਇੱਕ ਸਤਰ ਵੀ ਨਹੀਂ ਪੜ੍ਹੀ ਜਾਂਦੀ। ਬੱਸ ਠਾਹਕੇ, ਬਲੇਸ਼ਵਰ, ਰਸ਼ਿਮ, ਪ੍ਰੈਟੀ। ਬਲੇਸ਼ਵਰ, ਠਾਹਕੇ, ਪ੍ਰੈਟੀ, ਰਸ਼ਿਮ । ਸਭ ਕੁੱਝ ਰਲ ਗੱਡ ਹੁੰਦਾ ਜਾਂਦਾ ਏ। ਪ੍ਰੈਟੀ ਵੀ ਹਮੇਸ਼ਾ ਉਸਨੂੰ ਚਿੰਬੜਿਆ ਰਹਿੰਦਾ ਏ ਜਿਵੇਂ ਉਹ ਉਹਦਾ ......
ਗੇਟ ਮੂਹਰੇ ਕਾਰ ਰੁਕੀ ਏ। ਫਾਟਕ ਦੀ ਚੀਂ-ਚੀਂ ਤੋਂ ਬਾਅਦ ਪ੍ਰੈਟੀ ਭਿੱਜਿਆ ਹੋਇਆ ਅੰਦਰ ਵੜਦਾ ਏ। ਕੁੱਝ ਸਮੇਂ ਬਾਅਦ ਰਸ਼ਿਮ ਵੀ ਭਿੱਜਦੀ ਆ ਰਹੀ ਏ। ਗੇਟ ਤੋਂ ਬਰਾਮਦੇ ਤੱਕ ਦਾ ਮੀਂਹ ਉਨ੍ਹਾਂ ਨੂੰ ਭਿਓਣ ਲਈ ਕਾਫੀ ਏ।
- ਕੱਲ੍ਹ ਜਨਮ ਦਿਨ ਏ ਬਲੂ ਦਾ ( ਉਹ ਬਲੇਸ਼ਵਰ ਨੂੰ ਪਿਆਰ ਨਾਲ ਬਲੂ ਵੀ ਕਹਿੰਦੀ ਏ )। ਆਪਾਂ ਜ਼ਰੂਰ ਚੱਲਣੈਂ ।
ਰਸ਼ਿਮ ਦਰਵਾਜੇ ' ਚ ਖੜੀ ਹੀ ਚੁੰਨੀ ਨਿਚੋੜਦੀ ਹੋਈ ਜਿਵੇਂ ਮੈਨੂੰ ਹੁਕਮ ਦੇ ਰਹੀ ਏ।

ਮੈਂ ਨਹੀਂ ਜਾਣਾ। ਮੈਂ ਉਹਦਾ ਜ਼ਰ ਖਰੀਦ ਗੁਲਾਮ ਨਹੀਂ ਹਾਂ। ਉਸ ਤੋਂ ਇੰਨਾ ਨਹੀਂ ਸਰਿਆ ਕਿ ਘਰ ਆ ਕੇ ਕਹਿ ਜਾਵੇ। ਜੇ ਉਹਦੇ ਵਿੱਚ ਆਕੜ ਹੈ, ਤਾਂ ਮੇਰੀ ਧੌਣ ਦਾ ਮਣਕਾ ਵੀ ਟੁੱਟਾ ਨਹੀਂ ਹੋਇਆ। ਇਹ ਮੈਂ ਮਨ ਹੀ ਮਨ ਕਹਿ ਰਿਹਾ ਹਾਂ। ਜਾਣਦਾ ਹਾਂ ਕਿ ਜੇ ਮੈਂ ਨਾ ਵੀ ਗਿਆ , ਤਾਂ ਰਸ਼ਿਮ ਨੇ ਜਾਣਾ ਹੀ ਹੈ। ਮੈਂ ਆਪਣੇ ਦਿਲ 'ਤੇ ਹੱਥ ਰੱਖ ਲੈਂਦਾ ਹਾਂ। ਇੰਝ ਲੱਗਦਾ ਏ ਜਿਵੇਂ ਮੇਰਾ ਫੋੜਾ ਫੁੱਟਕੇ ਬਾਹਰ ਆ ਜਾਵੇਗਾ ਅਤੇ ਪੀਕ ਦਾ ਦਰਿਆ ਸਾਰੇ ਘਰ 'ਚ ਦੁਰਗੰਧ ਫੈਲਾ ਦੇਵੇਗਾ। ਧਰਤ ਪਾਟ ਜਾਵੇਗੀ। ਅੰਬਰ ਬਿਖਰ ਜਾਵੇਗਾ ਪਰ ਕੁੱਝ ਵੀ ਨਹੀਂ ਹੁੰਦਾ। ਮੈਂ ਕਸੀਸ ਜਿਹੀ ਵੱਟ ਪਿਆਰ ਨਾਲ਼ ਕਹਿੰਦਾ ਹਾਂ -
- ਰੇਸ਼ੀ ! ਕੱਲ੍ਹ ਨੂੰ ਜਾਣ ਲਈ ਮੇਰਾ ਪਿੰਕ ਸੂਟ ਪ੍ਰੈੱਸ ਕਰ ਦੇਵੀਂ। ਮੈਨੂੰ ਨੀਂਦ ਆ ਰਹੀ ਏ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ