Do Bhaina : Rajasthani Lok Kahani
ਦੋ ਭੈਣਾਂ : ਰਾਜਸਥਾਨੀ ਲੋਕ ਕਥਾ
ਇਕ ਪਿੰਡ ਵਿਚ ਦੋ ਭੈਣਾਂ ਰਹਿੰਦੀਆਂ ਸਨ। ਛੋਟੀ ਸੀ ਹਲਦੀ ਦੀ ਗੱਠੀ ਅਤੇ ਵੱਡੀ ਸੁੰਢ ਦੀ ਗੱਠੀ। ਹਲਦੀ ਠੰਢੇ ਸੁਭਾਅ ਦੀ, ਸ਼ਾਂਤ, ਨਿਮਰ, ਸਮਝਦਾਰ, ਬੋਲਾਂ ਦੀ ਮਿੱਠੀ, ਸਭ ਕੰਮਾਂ ਵਿਚ ਮਾਹਿਰ। ਸਾਰੀ ਉਮਰ ਉਸ ਨੇ ਕਿਸੇ ਦੀ ਗੱਲ ਦਾ ਪੁੱਠਾ ਜਵਾਬ ਨਹੀਂ ਦਿੱਤਾ। ਸੁੰਢ ਦੀ ਗੱਠੀ ਗਰਮ ਮਿਜ਼ਾਜ, ਤੇਜ਼ ਤਰਾਰ, ਬੋਲਣ ਨੂੰ ਕੌੜੀ, ਆਕੜ ਖਾਂ ਤੇ ਸਿਰੇ ਦੀ ਕੰਮਚੋਰ। ਰੋਜ਼ ਕਲੇਸ਼ ਕਰਦੀ। ਸਾਰਾ ਪਿੰਡ ਉਸ ਦੇ ਸੁਭਾਅ ਤੋਂ ਦੁਖੀ। ਘਰ ਅਤੇ ਪਿੰਡ ਵਾਲਿਆਂ ਵਾਸਤੇ ਹਲਦੀ ਸੀ ਜ਼ਖਮ ਉਪਰ ਮੱਲ੍ਹਮ ਵਾਂਗ, ਜਲੇ ਅੰਗ ਉਤੇ ਠੰਢੀ ਰੂੰ ਵਾਂਗ, ਪਰ ਸੁੰਢ ਸੀ ਜ਼ਖਮ ਉਪਰ ਲੂਣ ਵਾਂਗ, ਜਲੇ ਉਪਰ ਮਿਰਚ ਵਾਂਗ।
ਇਕ ਦਿਨ ਹਲਦੀ ਨਾਨਕੇ ਮਿਲਣ ਵਾਸਤੇ ਗਈ। ਸਾਰੀਆਂ ਸਹੇਲੀਆਂ ਉਸ ਨੂੰ ਪਿੰਡ ਦੀ ਜੂਹ ਤੱਕ ਛੱਡਣ ਆਈਆਂ, ਵਿਦਾ ਕਰਨ ਵੇਲੇ ਸਾਰੀਆਂ ਉਦਾਸ, ਅੱਖਾਂ ਵਿਚ ਹੰਝੂ ਛਲਕ ਆਏ, ਛੋਟੀਆਂ ਸਹੇਲੀਆਂ ਤਾਂ ਡੁਸਕਣ ਲੱਗੀਆਂ। ਅੱਖਾਂ ਪੂੰਝਦੀਆਂ ਕਹਿੰਦੀਆਂ, “ਭੈਣ ਛੇਤੀ ਮੁੜ ਆਈਂ।”
ਪਿੰਡ ਦੀ ਜੂਹ ਟੱਪੀ ਹੀ ਸੀ ਕਿ ਟਿੱਬੇ ਦਾ ਖੱਡਾ ਰਸਤੇ ਵਿਚ ਆ ਗਿਆ। ਖੱਡੇ ਨੇ ਕਿਹਾ, “ਹਲਦੀ ਬਾਈ, ਹਲਦੀ ਬਾਈ! ਮੈਂ ਕੂੜੇ ਨਾਲ ਭਰ ਗਿਆ ਹਾਂ। ਰਤਾ ਕੁ ਝਾੜੂ ਲਾ ਜਾਹ।” ਹਲਦੀ ਨੇ ਨਿਮਰਤਾ ਨਾਲ ਕਿਹਾ, “ਲੈ ਵੀਰ, ਤੈਂ ਕਿਹੜਾ ਕਦੀ ਕੋਈ ਕੰਮ ਕਿਹਾ, ਨਾਲੇ ਝਾੜੂ ਲਾਉਣ ਵਿਚ ਮੇਰੇ ਕਿਹੜਾ ਹੱਥ ਘਸ ਜਾਣਗੇ?” ਇਹ ਕਹਿ ਕੇ ਹਲਦੀ ਨੇ ਸਰੜਕ ਸਰੜਕ ਸਾਰਾ ਕੂੜਾ ਇੱਕਠਾ ਕਰ ਕੇ ਬਾਹਰ ਸੁੱਟ ਦਿੱਤਾ। ਫਿਰ ਖੱਡ ਨੂੰ ਸਲਾਮ ਕਰ ਕੇ ਅੱਗੇ ਤੁਰ ਪਈ।
ਥੋੜ੍ਹੀ ਦੂਰ ਹੀ ਗਈ ਸੀ ਕਿ ਰਸਤੇ ਵਿਚ ਚੁੱਲ੍ਹਾ ਮਿਲ ਗਿਆ। ਉਸ ਨੇ ਕਿਹਾ, “ਹਲਦੀ ਬਾਈ, ਹਲਦੀ ਬਾਈ! ਮੈਂ ਰਾਖ ਨਾਲ ਭਰਿਆ ਪਿਆ ਹਾਂ। ਮੇਰੇ ਅੰਦਰੋਂ ਰਾਖ ਈ ਬਾਹਰ ਕੱਢ ਜਾਹ।” ਹਲਦੀ ਨੇ ਖੁਸ਼ੀ ਖੁਸ਼ੀ ਨਿਮਰਤਾ ਨਾਲ ਕਿਹਾ, “ਲੈ ਵੀਰ ਤੂੰ ਕਦ ਕਦ ਆਖੇਂਗਾ? ਰਾਖ ਕੱਢਣ ਨਾਲ ਮੇਰਾ ਕਿਹੜਾ ਰੰਗ ਕਾਲਾ ਹੋ ਜਾਏਗਾ?” ਇਹ ਕਹਿ ਕੇ ਉਸ ਨੇ ਆਪਣੀ ਚੁੰਨੀ ਦੇ ਪੱਲੇ ਵਿਚ ਰਾਖ ਕੱਢੀ ਤੇ ਦੂਰ ਸੁੱਟ ਆਈ। ਫੂਕਾਂ ਮਾਰ ਮਾਰ ਕੇ ਚੁੱਲ੍ਹਾ ਏਨਾ ਸਾਫ ਕਰ ਦਿੱਤਾ ਜਿਵੇਂ ਸ਼ੀਸ਼ਾ ਦਾ ਹੋਵੇ। ਚੁੱਲ੍ਹੇ ਨੂੰ ਸਲਾਮ ਕਰ ਕੇ ਫਿਰ ਅੱਗੇ ਚੱਲ ਪਈ।
ਰਸਤੇ ਵਿਚ ਬਿੱਲੀ ਮਿਲੀ। ਬਿੱਲੀ ਨੇ ਕਿਹਾ, “ਹਲਦੀ ਬਾਈ, ਹਲਦੀ ਬਾਈ! ਜੂੰਆਂ ਕੱਢ ਕੇ ਮੇਰਾ ਸਿਰ ਗੁੰਦ ਦੇਹ।” ਹਲਦੀ ਨੇ ਕਿਹਾ, “ਲੈ ਭੈਣ, ਤੂੰ ਕਦ ਕਦ ਕਹੇਂਗੀ। ਜੂੰਆਂ ਕਢਦਿਆਂ ਮੇਰੇ ਕਿਹੜਾ ਨਹੁੰ ਘਸ ਜਾਣਗੇ?” ਜੂੰਆਂ ਕੱਢ ਕੇ, ਕੰਘੀ ਕਰ ਕੇ ਹਲਦੀ ਨੇ ਬਿੱਲੀ ਦਾ ਸਿਰ ਗੁੰਦ ਦਿੱਤਾ ਤੇ ਸਲਾਮ ਕਰ ਕੇ ਅੱਗੇ ਤੁਰ ਪਈ। ਰਸਤੇ ਵਿਚ ਬੇਰੀ ਆਈ। ਬੇਰੀ ਨੇ ਕਿਹਾ, “ਹਲਦੀ ਬਾਈ, ਹਲਦੀ ਬਾਈ! ਮੇਰੇ ਕੰਡੇ ਚੁਗ ਦੇਹ।” ਹਲਦੀ ਨੇ ਕਿਹਾ, “ਲੈ ਭੈਣ, ਤੂੰ ਕਿਹੜਾ ਰੋਜ਼ ਰੋਜ਼ ਸਵਾਲ ਪਾਉਣੇ ਨੇ। ਕੰਡੇ ਚੁਗਣ ਵਿਚ ਮੇਰੀਆਂ ਕੋਈ ਉਂਗਲਾਂ ਟੁੱਟਦੀਆਂ ਨੇ?” ਇਹ ਕਹਿ ਕੇ ਉਸ ਨੇ ਬੇਰੀ ਹੇਠੋਂ ਕੰਡੇ ਚੁਗੇ ਤੇ ਦੂਰ ਸੁੱਟ ਆਈ। ਫਿਰ ਬੇਰੀ ਨੂੰ ਸਲਾਮ ਕਰ ਕੇ ਅੱਗੇ ਤੁਰ ਪਈ।
ਰਸਤੇ ਵਿਚ ਸਮੁੰਦਰ ਮਿਲਿਆ। ਉਸ ਨੇ ਕਿਹਾ, “ਹਲਦੀ ਬਾਈ, ਹਲਦੀ ਬਾਈ! ਦੇਖ ਮੇਰੇ ਕਿਨਾਰਿਆਂ ਤੇ ਕਿੰਨਾ ਕੂੜਾ ਕਰਕਟ ਇੱਕਠਾ ਹੋ ਗਿਆ। ਸਾਫ ਈ ਕਰ ਦੇਹ।” ਹਲਦੀ ਨੇ ਪ੍ਰਸੰਨਤਾ ਨਾਲ ਕਿਹਾ, “ਲੈ ਵੀਰ ਤੂੰ ਕਦ ਕਦ ਕੰਮ ਕਹੇਂਗਾ? ਕੂੜਾ ਚਿੱਕੜ ਬਾਹਰ ਸੁੱਟਣ ਨਾਲ ਮੇਰੇ ਕਿਹੜਾ ਹੱਥ ਮੈਲੇ ਹੁੰਦੇ ਨੇ।” ਮਹਿੰਦੀ ਰੰਗੇ ਹੱਥਾਂ ਨਾਲ ਉਸ ਨੇ ਚਿੱਕੜ ਕੂੜਾ ਸਾਫ ਕਰ ਦਿੱਤਾ। ਸਮੁੰਦਰ ਨੂੰ ਸਲਾਮ ਕਰ ਕੇ ਅੱਗੇ ਤੁਰੀ। ਰਸਤੇ ਵਿਚ ਊਠ ਮਿਲ ਗਿਆ। ਊਠ ਨੇ ਕਿਹਾ, “ਹਲਦੀ ਬਾਈ, ਹਲਦੀ ਬਾਈ! ਮੇਰੀ ਛਾਤੀ ਨੂੰ ਚਿੱਚੜੀਆਂ ਲੱਗ ਗਈਆਂ, ਬੜਾ ਤੰਗ ਕਰਦੀਆਂ ਨੇ। ਖੇਚਲ ਤਾਂ ਹੈ ਪਰ ਕੱਢ ਦੇਹ।” ਹਲਦੀ ਨੇ ਕਿਹਾ, “ਕੱਢ ਦਿੰਨੀ ਆਂ, ਕੱਢ ਦਿੰਨੀ ਆਂ ਵੀਰ।” ਉਹਨੇ ਚਿੱਚੜੀਆਂ ਚੁਗ ਦਿੱਤੀਆਂ ਤੇ ਦੂਰ ਸੁੱਟ ਆਈ। ਊਠ ਨੂੰ ਸਲਾਮ ਕਰ ਕੇ ਅੱਗੇ ਤੁਰ ਪਈ।
ਨਾਨਕਿਆਂ ਤੋਂ ਬੜਾ ਪਿਆਰ ਮਿਲਿਆ। ਭੱਜੀ ਭੱਜੀ ਸਾਰਿਆਂ ਦੇ ਕੰਮ ਕਰਦੀ ਫਿਰਦੀ। ਸਾਰੇ ਪਿੰਡ ਨਾਲ ਮਿੱਠਾ ਬੋਲਦੀ, ਬਦਲੇ ਵਿਚ ਅਸੀਸਾਂ ਮਿਲਦੀਆਂ। ਪਿੰਡ ਵਾਲਿਆਂ ਦੇ ਦਿਲ ਅੰਦਰ ਉਤਰ ਗਈ। ‘ਹਲਦੀ ਬਾਈ, ਹਲਦੀ ਬਾਈ’ ਕਹਿੰਦਿਆਂ ਦੀ ਜੀਭ ਸੁਕਦੀ। ਨਵੀਆਂ ਸਹੇਲੀਆਂ ਬਣ ਗਈਆਂ, ਮਿਲ-ਜੁਲ ਕੇ ਖੇਡਦੀ ਕੁੱਦਦੀ, ਖਾਂਦੀ, ਪੀਂਦੀ, ਗੀਤ ਗਾਉਂਦੀ, ਮੌਜ ਕਰਦੀ। ਸਾਰਾ ਪਿੰਡ ‘ਸ਼ਾਬਾਸ਼! ਸ਼ਾਬਾਸ਼!!’ ਕਹਿੰਦਾ।
ਇਕ ਦਿਨ ਘਰ ਵਾਪਸੀ ਦਾ ਫੈਸਲਾ ਹੋ ਗਿਆ। ਵਿਦਾ ਕਰਨ ਵਿਚ ਪਿੰਡ ਨੂੰ ਮੁਸ਼ਕਿਲ ਆਈ। ਵਿਦਾ ਤਾਂ ਕਰਨੀ ਹੀ ਸੀ, ਬੜਾ ਲਾਡ ਕੀਤਾ, ਭਾਂਤ ਭਾਂਤ ਦੀਆਂ ਖਾਣ ਦੀਆਂ ਚੀਜ਼ਾਂ ਬੰਨ੍ਹ ਦਿੱਤੀਆਂ। ਸੁਹਣੇ ਕੱਪੜੇ ਦਿੱਤੇ, ਚੂੜੀਆਂ ਦਿੱਤੀਆਂ। ਪਿੰਡ ਆਪਣੀ ਜੂਹ ਤੱਕ ਛੱਡਣ ਆਇਆ। ਸਾਰੇ ਉਦਾਸ ਹੋਏ। ਬਰਾਬਰ ਉਮਰ ਦੀਆਂ ਸਹੇਲੀਆਂ ਅੱਖਾਂ ਭਰ ਆਈਆਂ, ਛੋਟੀਆਂ ਡੁਸਕਣ ਲੱਗੀਆਂ। ਸਾਰੀਆਂ ਨੇ ਉਦਾਸ ਬੋਲਾਂ ਨਾਲ ਕਿਹਾ, “ਭੈਣ ਛੇਤੀ ਵਾਪਸ ਆਈਂ। ਤੇਰੇ ਬਿਨ ਸਾਡਾ ਜੀ ਨਹੀਂ ਲੱਗਣਾ।”
ਸਿਰ ‘ਤੇ ਪੀਪਾ, ਮੋਢੇ ਨਾਲ ਝੋਲਾ ਲਟਕਾਈ ਹਲਦੀ ਨਾਨਕਿਓਂ ਵਾਪਸ ਤੁਰ ਪਈ। ਇਕ ਕਦਮ ਅੱਗੇ ਪੁਟਦੀ, ਫਿਰ ਪਿਛੇ ਦੇਖਦੀ, ਹੰਝੂ ਵਗਦੇ। ਜਾਂਦੀ ਨੂੰ ਦੇਖ ਸਾਰੇ ਕਹਿੰਦੇ, “ਇਹੋ ਜਿਹੀ ਸਾਊ ਸਮਝਦਾਰ ਕੁੜੀ, ਨਾ ਦੇਖੀ ਨਾ ਸੁਣੀ। ਪਿਛਲੇ ਜਨਮ ਜਿਸ ਨੇ ਤਪੱਸਿਆ ਕੀਤੀ ਹੋਏਗੀ, ਉਸ ਜੁਆਨ ਦੀ ਕਿਸਮਤ ਵਿਚ ਆਏਗਾ ਹਲਦੀ ਦਾ ਹੱਥ।”
ਊਠ ਲਾਗਿਓਂ ਲੰਘੀ ਤਾਂ ਊਠ ਨੇ ਕਿਹਾ, “ਹਲਦੀ ਬਾਈ, ਹਲਦੀ ਬਾਈ! ਦੂਰ ਦੂਰ ਦੀ ਟਲੀ ਟਲੀ ਕਿਉਂ ਜਾ ਰਹੀ ਹੈਂ? ਬੋਝ ਵੀ ਬਹੁਤ ਹੈ ਤੇਰੇ ਕੋਲ ਤਾਂ। ਮੇਰੇ ਹੁੰਦੇ ਸੁੰਦੇ ਤੈਨੂੰ ਪੈਦਲ ਜਾਣ ਦੀ ਕੀ ਲੋੜ? ਇਕ ਵਾਰ ਮੇਰੀ ਪਿੱਠ ‘ਤੇ ਬੈਠ ਸਹੀ, ਦੇਖਦੇ ਦੇਖਦੇ ਤੈਨੂੰ ਪਿੰਡ ਪੁਚਾ ਦਿਊਂਗਾ।” ਹਲਦੀ ਨੂੰ ਹੋਰ ਕੀ ਚਾਹੀਦਾ ਸੀ! ਛਾਲ ਮਾਰ ਕੇ ਊਠ ‘ਤੇ ਸਵਾਰ ਹੋ ਗਈ। ਊਠ ਦੀ ਚਾਲ ਏਨੀ ਸਮਤੋਲ ਕਿ ਹੱਥ ਵਿਚ ਪੰਘਰੇ ਘਿਉ ਦਾ ਭਰਿਆ ਛੰਨਾ ਲੈ ਕੇ ਬੈਠ ਜਾਉ, ਛਲਕ ਕੇ ਇਕ ਬੂੰਦ ਹੇਠ ਨਾ ਡਿੱਗੇ।
ਸਮੁੰਦਰ ਨੇੜਿਓਂ ਲੰਘਣ ਲੱਗੀ ਤਾਂ ਸਮੁੰਦਰ ਨੇ ਕਿਹਾ, “ਹਲਦੀ ਬਾਈ, ਹਲਦੀ ਬਾਈ! ਦੂਰ ਦੂਰ ਟਲੀ ਟਲੀ ਕਿਉਂ ਜਾ ਰਹੀ ਹੈਂ? ਥੋੜ੍ਹੇ ਕੁ ਮੋਤੀ ਤਾਂ ਲੈ ਜਾਹ, ਬਥੇਰੇ ਨੇ ਮੇਰੇ ਕੋਲ, ਤੂੰ ਕਿਹੜਾ ਰੋਜ਼ ਰੋਜ਼ ਆਉਣੈ।” ਨਾਂਹ ਨਾਂਹ ਕਰਦੀ ਹਲਦੀ ਨੂੰ ਸਮੁੰਦਰ ਨੇ ਝੋਲੀ ਭਰ ਕੇ ਮੋਤੀ ਦਿੱਤੇ। ਚੁੰਨੀ ਦੇ ਪੱਲੇ ਬੰਨ੍ਹੇ, ਝੋਲੇ ਵਿਚ ਪਾਏ, ਜੇਬਾਂ ਭਰ ਲਈਆਂ, ਪੀਪਾ ਭਰ ਗਿਆ। ਸਮੁੰਦਰ ਨੂੰ ਸਲਾਮ ਕਰ ਕੇ ਅੱਗੇ ਤੁਰੀ।
ਬੇਰੀ ਕੋਲੋਂ ਦੀ ਲੰਘਣ ਲੱਗੀ ਤਾਂ ਬੇਰੀ ਨੇ ਕਿਹਾ, “ਕਿਉਂ ਹਲਦੀ ਬਾਈ, ਦੂਰ ਕਿਸ ਗੱਲੋਂ? ਦੇਖ ਤਾਂ ਸਹੀ ਮੇਰੇ ਬੇਰ ਪੱਕ ਗਏ। ਜੀ ਭਰ ਕੇ ਖਾਹ, ਬਚਦੇ ਨਾਲ ਲੈ ਜਾਹ।” ਹਲਦੀ ਨੇ ਬੇਰੀ ਦੀ ਛਾਂ ਹੇਠ ਊਠ ਬਿਠਾ ਦਿੱਤਾ। ਬੇਰ ਖਾਧੇ, ਨਾਲ ਲਿਜਾਣ ਵਾਸਤੇ ਬੰਨ੍ਹ ਲਏ। ਬਚਦੇ ਊਠ ਨੂੰ ਖੁਆ ਦਿੱਤੇ। ਜੱਫੀ ਪਾ ਕੇ ਬੇਰੀ ਤੋਂ ਵਿਦਾਇਗੀ ਮੰਗੀ।
ਚੁੱਲ੍ਹੇ ਕੋਲੋਂ ਦੀ ਲੰਘਣ ਲੱਗੀ ਤਾਂ ਚੁੱਲ੍ਹੇ ਨੇ ਕਿਹਾ, “ਹਲਦੀ ਬਾਈ, ਮੇਰੇ ਕੋਲ ਇਹ ਸੋਨੇ ਦੀ ਕੜਾਹੀ ਫਾਲਤੂ ਪਈ ਹੈ। ਮੈਂ ਕੀ ਕਰਨੀ ਹੋਈ? ਤੂੰ ਲੈ ਜਾਹ।” ਹਲਦੀ ਨੇ ਕੜਾਹੀ ਚੁੱਕੀ, ਸ਼ੁਕਰਾਨਾ ਕੀਤਾ ਤੇ ਅੱਗੇ ਤੁਰ ਪਈ।
ਸਾਹਮਣੇ ਪਿੰਡ ਦਿਸਿਆ, ਹਲਦੀ ਨੇ ਊਠ ਭਜਾ ਲਿਆ। ਖੱਡੇ ਲਾਗਿਓਂ ਲੰਘਣ ਲੱਗੀ ਤਾਂ ਖੱਡੇ ਨੇ ਕਿਹਾ, “ਦੂਰ ਦੂਰ ਦੀ ਕਿਉਂ ਜਾ ਰਹੀ ਹੈਂ ਹਲਦੀ ਭੈਣ, ਕੋਈ ਗਹਿਣਾ ਗੱਟਾ ਤਾਂ ਲੈ ਜਾਹ, ਬਥੇਰੇ ਪਏ ਨੇ; ਆਪ ਪਹਿਨੀ, ਸਹੇਲੀਆਂ ਵਿਚ ਵੰਡੀਂ।” ਖੱਡੇ ਤੋਂ ਗਹਿਣੇ ਲੈ ਕੇ ਅੱਗੇ ਚੱਲੀ।
ਬਿੱਲੀ ਮਿਲ ਗਈ। ਬਿੱਲੀ ਨੇ ਕਿਹਾ, “ਹਲਦੀ ਭੈਣ, ਮੇਰੇ ਕੋਲ ਟੋਕਰੀਆਂ ਮੇਵਿਆਂ ਦੀਆਂ ਭਰੀਆਂ ਪਈਆਂ ਨੇ। ਆਪ ਖਾਹ ਤੇ ਸਹੇਲੀਆਂ ਨੂੰ ਖੁਆ।”
ਪਿੰਡ ਪੁੱਜ ਕੇ ਊਠ ਬੁੱਕਿਆ। ਰੌਲਾ ਪੈ ਗਿਆ, ‘ਹਲਦੀ ਆ ਗਈ, ਹਲਦੀ ਆ ਗਈ।’ ਸਾਰਾ ਪਿੰਡ ਮਿਲਣ ਆਇਆ। ਊਠ ਬਿਠਾ ਕੇ ਉਤਰੀ ਤੇ ਸਭ ਨੂੰ ਮਿਲੀ। ਲੰਮੇ ਕਾਲ ਪਿਛੋਂ ਮੀਂਹ ਪੈਣ ‘ਤੇ ਜਿਵੇਂ ਲੋਕ ਖੁਸ਼ ਹੁੰਦੇ ਹਨ, ਹਲਦੀ ਨੂੰ ਮਿਲ ਕੇ ਉਸ ਤਰ੍ਹਾਂ ਖੁਸ਼ ਹੋਏ।
ਹਲਦੀ ਬਾਈ ਇਕੱਲੇ ਇੱਕਲੇ ਘਰ ਜਾ ਜਾ ਚੀਜ਼ਾਂ ਵੰਡ ਆਈ। ਹੀਰੇ ਮੋਤੀ ਵੰਡੇ, ਬੇਰ ਵੰਡੇ, ਮੇਵੇ ਵੰਡੇ, ਘਿਉਰ ਵੰਡੇ, ਫਿਰ ਕਿਤੇ ਕੰਮ ਮੁਕਾ ਕੇ ਆਪਣੇ ਘਰ ਵੱਲ ਚੱਲੀ। ਪਿੰਡ ਨੇ ਕਿਹਾ, “ਹਲਦੀ ਬਾਈ ਜਿਹੀ ਧੀ ਨਾ ਹੋਈ, ਨਾ ਹੋਏਗੀ।”
ਹਲਦੀ ਨੂੰ ਇੰਨਾ ਲਾਡ ਪਿਆਰ, ਇੰਨਾ ਮਾਣ ਸਨਮਾਨ ਮਿਲਦਾ ਦੇਖ ਕੇ ਸੁੰਢ ਦੀ ਗੱਠੀ ਦਾ ਗੁੱਸਾ ਅਸਮਾਨੇ ਚੜ੍ਹ ਗਿਆ। ਤੌਲੇ ਵਾਂਗ ਮੂੰਹ ਫੁਲਾ ਲਿਆ। ਅੱਖਾਂ ਦੀਆਂ ਪੁਤਲੀਆਂ ਵਿਚੋਂ ਚੰਗਿਆੜੀਆਂ ਨਿਕਲਣ ਲੱਗੀਆਂ। ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਹਲਦੀ ਤੋਂ ਕੋਈ ਚੀਜ਼ ਨਹੀਂ ਲਈ, ਨਾ ਹੀਰੇ ਮੋਤੀ, ਨਾ ਬੇਰ, ਨਾ ਮੇਵੇ, ਨਾ ਘਿਉਰ, ਨਾ ਗਹਿਣਾ ਗੱਟਾ। ਕੱਛ ਵਿਚ ਦੋ ਚਾਰ ਕੱਪੜੇ ਲਏ, ਪੈਰ ਪਟਕ ਕੇ ਮਾਂ ਨੂੰ ਕਹਿੰਦੀ, “ਮੈਂ ਚੱਲੀ ਆਂ ਨਾਨਕੇ। ਹਲਦੀ ਫਲਦੀ ਤੋਂ ਵਧੀਕ ਸਮਾਨ ਨਾ ਲੈ ਕੇ ਆਵਾਂ, ਮੇਰਾ ਨਾਮ ਬਦਲ ਦੇਈਂ ਬੇਸ਼ਕ।”
ਕਿਸੇ ਨੂੰ ਪਤਾ ਵੀ ਨਾ ਲੱਗਾ ਸੁੰਢ ਕਦੋਂ ਨਾਨਕੇ ਗਈ, ਪਰ ਜਦੋਂ ਪਤਾ ਲੱਗਾ, ਪਿੰਡ ਬੜਾ ਖੁਸ਼ ਹੋਇਆ; ਜਿਵੇਂ ਸਰਾਪ ਉਤਰ ਗਿਆ ਹੋਵੇ। ਲੋਕ ਕਹਿੰਦੇ, “ਜੇ ਨਾ ਈ ਮੁੜੇ ਤਾਂ ਚੰਗੈ। ਜਿਸ ਦੀ ਘਰ ਵਿਚ ਕਦਰ ਨਹੀਂ, ਉਹ ਬਾਹਰ ਕੀ ਖੱਟੀ ਖੱਟੇਗੀ?” ਪਿੰਡੋਂ ਬਾਹਰ ਨਿਕਲੀ ਹੀ ਸੀ ਕਿ ਟਿੱਬੇ ਦਾ ਖੱਡਾ ਮਿਲਿਆ, ਕਹਿੰਦਾ, “ਸੁੰਢ ਭੈਣ, ਮੇਰੇ ਅੰਦਰ ਕੂੜਾ ਭਰ ਗਿਐ, ਸਾਫ ਈ ਕਰ ਦੇਹ।”
ਸੁੰਢ ਗੁੱਸੇ ਨਾਲ ਬੋਲੀ, “ਮੈਨੂੰ ਕੋਈ ਹਲਦੀ ਫਲਦੀ ਨਾ ਸਮਝ। ਮੈਂ ਹਾਂ ਸੇਠਜ਼ਾਦੀ ਸੁੰਢ, ਮਰੀਜ਼ਾਂ ਦੇ ਦੁੱਖ ਦੂਰ ਕਰਨ ਵਾਲੀ, ਮਹਿਲਾਂ ਵਿਚ ਸੌਣ ਵਾਲੀ, ਭੰਗਣ ਨਹੀਂ ਕਿ ਤੇਰਾ ਕਚਰਾ ਢੋਂਦੀ ਫਿਰਾਂ। ਹਿੰਮਤ ਹੈ ਤਾਂ ਨੌਕਰ ਰੱਖ, ਨਹੀਂ ਤਾਂ ਫਿਰ ਕਿਸਮਤ ਨੂੰ ਰੋ।”
ਅੱਗੇ ਗਈ ਚੁੱਲ੍ਹਾ ਮਿਲਿਆ, ਕਿਹਾ, “ਸੁੰਢ ਭੈਣ ਮੇਰੀ ਰਾਖ ਈ ਕੱਢ ਜਾਹ।” ਸੁੰਢ ਗੁੱਸੇ ਵਿਚ ਬੋਲੀ, “ਮੈਂ ਕੋਈ ਹਲਦੀ ਫਲਦੀ ਨਹੀਂ ਤੇਰੀ ਵਗਾਰ ਕਰਾਂ। ਮੈਂ ਹਾਂ ਸੇਠਜ਼ਾਦੀ ਸੁੰਢ, ਕੰਮ ਆਉਣ ਵਾਲੀ ਦਵਾਈ, ਮਹਿਲਾਂ ਵਿਚ ਸੌਣ ਵਾਲੀ। ਪੈਸੇ ਨੇ ਤਾਂ ਨੌਕਰ ਰੱਖ, ਨਹੀਂ ਕਰਮਾਂ ਨੂੰ ਰੋ।”
ਅੱਗੇ ਗਈ ਤਾਂ ਬਿੱਲੀ ਮਿਲੀ, ਉਹਨੇ ਕਿਹਾ, “ਸੁੰਢ ਭੈਣ ਮੇਰੀਆਂ ਜੂੰਆਂ ਕੱਢ ਕੇ ਸਿਰ ਗੁੰਦ ਦੇਹ।” ਗੁੱਸੇ ਵਿਚ ਸੁੰਢ ਬੋਲੀ, “ਮੈਨੂੰ ਹਲਦੀ ਫਲਦੀ ਨਾ ਸਮਝ, ਮੈਂ ਕੋਈ ਨੈਣ ਤਾਂ ਨ੍ਹੀਂ ਤੇਰਾ ਸਿਰ ਗੁੰਦਾਂ। ਤਾਕਤ ਹੈ ਤਾਂ ਨੌਕਰ ਰੱਖ, ਨਹੀਂ ਰੋ ਕਰਮਾਂ ਨੂੰ।”
ਚਲੋ ਚਲ, ਚਲੋ ਚਲ ਬੇਰੀ ਮਿਲੀ, ਉਸ ਨੇ ਕਿਹਾ, “ਸੁੰਢ ਭੈਣ ਮੇਰੇ ਕੰਡੇ ਈ ਚੁਗ ਜਾਹ।” ਸੁੰਢ ਗੁੱਸੇ ਵਿਚ ਬੋਲੀ, “ਉਹ ਕੋਈ ਹਲਦੀ ਫਲਦੀ ਹੋਏਗੀ ਕੰਡੇ ਚੁਗਣ ਵਾਲੀ। ਮੈਂ ਹਾਂ ਦੁੱਖ ਦੂਰ ਕਰਨ ਵਾਲੀ ਦਵਾਈ, ਮਹਿਲਾਂ ਵਿਚ ਸੌਣ ਵਾਲੀ, ਕੰਮੀ ਨਹੀਂ ਕਿ ਕੰਡੇ ਬੁਹਾਰਾਂ। ਨੌਕਰ ਰੱਖ, ਨਹੀਂ ਰੋ।”
ਅੱਗੇ ਗਈ ਸਮੁੰਦਰ ਮਿਲਿਆ, “ਸੁੰਢ ਭੈਣ, ਕਿਨਾਰਿਆਂ ਤੋਂ ਮੇਰਾ ਚਿੱਕੜ ਸਾਫ ਕਰ ਦੇਹ।” ਸੁੰਢ ਬੋਲੀ, “ਕਿਉਂ? ਸ਼ੂਦਰ ਹਾਂ ਮੈਂ ਚਿੱਕੜ ਸਾਫ ਕਰਾਂ? ਜੇਬ ਵਿਚ ਪੈਸੇ ਨੇ ਤਾਂ ਨੌਕਰ ਰੱਖ, ਨਹੀਂ ਫਿਰ ਰੋ ਕਰਮਾਂ ਨੂੰ।”
ਤੁਰਦੇ ਤੁਰਦੇ ਊਠ ਮਿਲਿਆ ਕਿਹਾ, “ਸੁੰਢ ਬੀਬੀ, ਮੇਰੀਆਂ ਚਿੱਚੜੀਆਂ ਚੁਗ ਜਾਹ, ਤੰਗ ਕਰਦੀਆਂ ਨੇ।” ਗੁਸੈਲੀ ਸੁੰਢ ਬੋਲੀ, “ਤੇਰੀ ਔਕਾਤ ਕੀ ਹੈ? ਚਿੱਚੜੀਆਂ ਲੱਗੀਆਂ ਨੇ ਤਾਂ ਤੇਰੇ ਕਰਮ ਫੁੱਟੇ ਹੋਏ ਨੇ, ਮੈਂ ਕੀ ਕਰਾਂ? ਹਿੰਮਤ ਹੈ ਤਾਂ ਨੌਕਰ ਰੱਖ ਲੈ, ਨਹੀਂ ਤਾਂ ਰੋ ਕਿਸਮਤ ਨੂੰ।”
ਜਿਹੋ ਜਿਹੇ ਲੱਛਣ ਸਨ, ਨਾਨਕੇ ਕਿਸੇ ਨੇ ਉਸ ਨਾਲ ਚੱਜ ਦੀ ਗੱਲ ਵੀ ਨਹੀਂ ਕੀਤੀ। ਬੋਲਦੀ ਤਾਂ ਜ਼ਹਿਰ ਉਗਲਦੀ। ਜਿਸ ਨੂੰ ਜੀ ਕਰਦਾ, ਫਿਟਕਾਰਦੀ, ਦੁਰਕਾਰਦੀ। ਛੋਟੇ ਵੱਡੇ ਦੀ ਕੋਈ ਇੱਜਤ ਨਹੀਂ। ਦਿਨ ਭਰ ਲੜਦੀ। ਉਲਾਂਭੇ ਆਉਣ ਲੱਗੇ ਤਾਂ ਨਾਨਕਿਆਂ ਨੇ ਜਬਰਨ ਵਾਪਸ ਤੋਰ ਦਿੱਤੀ। ਕੋਈ ਸੁਗਾਤ ਨਾ ਦਿੱਤੀ, ਖਾਲੀ ਹੱਥ ਆਈ, ਖਾਲੀ ਵਾਪਸ ਚੱਲੀ। ਕਿਸੇ ਦੀ ਜੁੱਤੀ ਵੀ ਉਸ ਨੂੰ ਮਿਲਣ ਨਾ ਆਈ। ਜਿਸ ਨੂੰ ਪਤਾ ਲਗਦਾ ਕਿ ਚਲੀ ਗਈ, ਖੁਸ਼ ਹੋ ਕੇ ਕਹਿੰਦਾ, “ਪਾਪ ਲੱਥਾ, ਸ਼ੁਕਰ ਹੈ। ਮਾਂ ਨੇ ਇਹਨੂੰ ਜੰਮ ਕੇ ਕਸ਼ਟ ਈ ਕੱਟਿਆ। ਪੱਥਰ ਜੰਮ ਦਿੰਦੀ, ਕੰਧ ਵਿਚ ਚਿਣ ਲੈਂਦੇ।”
ਕਾਠੀ ਸਜੀ ਸਜਾਈ, ਰਸਤੇ ਵਿਚ ਉਹੀ ਊਠ ਮਿਲਿਆ। ਲੰਮੇ ਲੰਮੇ ਕਦਮ ਭਰਦੀ ਊਠ ਨੇੜੇ ਗਈ, ਊਠ ਨੇ ਜ਼ੋਰ ਦੀ ਲੱਤ ਮਾਰੀ। ਸੁੰਢ ਲੋਟਣੀਆਂ ਖਾ ਗਈ। ਕੱਪੜੇ ਝਾੜ ਕੇ ਖੜ੍ਹੀ ਹੋਈ। ਊਠ ਨੇ ਕਿਹਾ, “ਚਿੱਚੜੀਆਂ ਚੁਗਣ ਵੇਲੇ ਤੈਨੂੰ ਮੌਤ ਪੈਂਦੀ ਸੀ, ਹੁਣ ਝੂਟੇ ਲੈਣੇ ਨੇ ਪਹਿਲਾਂ ਮੂੰਹ ਤਾਂ ਧੋ ਕੇ ਆ।”
ਸਮੁੰਦਰ ਲਾਗਿਓਂ ਲੰਘੀ, ਦੇਖਿਆ, ਕਿਨਾਰਿਆਂ ਤੇ ਹੀਰੇ ਮੋਤੀ ਤਾਰਿਆਂ ਵਾਂਗ ਲਿਸ਼ਕ ਰਹੇ ਹਨ। ਦਿਲ ਲਲਚਾ ਗਿਆ। ਲੰਮੀਆਂ ਲੰਮੀਆਂ ਪੁਲਾਘਾਂ ਭਰਦੀ ਆਈ, ਹੀਰੇ ਮੋਤੀ ਚੁਗਣ ਲੱਗੀ, ਉਠੀ ਜ਼ਬਰਦਸਤ ਛੱਲ, ਹੀਰੇ ਮੋਤੀ ਤਾਂ ਹੱਥੋਂ ਛੁੱਟੇ ਹੀ, ਲੱਗੀ ਡੁਬਕੀਆਂ ਖਾਣ। ਸਮੁੰਦਰ ਨੇ ਕਿਹਾ, “ਚਿੱਕੜ ਸਾਫ ਕਰਨ ਵੇਲੇ ਤੈਨੂੰ ਮੌਤ ਪੈਂਦੀ ਸੀ, ਹੁਣ ਹੀਰੇ ਮੋਤੀ ਲੈਣ ਲਈ ਮੂੰਹ ਧੋ ਲਿਆ?”
ਬੇਰੀ ਕੋਲੋਂ ਲੰਘੀ, ਦੇਖਿਆ, ਲਾਲ ਸੂਹੇ ਬੇਰ ਪੱਕੇ ਹੋਏ, ਟਾਹਣੀਆਂ ਝੁਕੀਆਂ ਹੋਈਆਂ। ਲਾਲਚ ਆ ਗਿਆ। ਲੰਮੀਆਂ ਡਿੰਘਾਂ ਭਰਦੀ ਬੇਰੀ ਕੋਲ ਗਈ, ਬੇਰ ਤੋੜਨ ਲੱਗੀ ਤਾਂ ਟਾਹਣੀ ਹੋਰ ਉਚੀ ਹੋ ਗਈ। ਸੁੰਢ ਦੀ ਚੁੰਨੀ ਕੰਡਿਆਂ ਨੇ ਪਾੜ ਦਿੱਤੀ, ਹੱਥ ਛਿੱਲੇ ਗਏ, ਥਾਂ ਥਾਂ ਕੰਡੇ ਚੁਭੇ। ਬੇਰੀ ਨੇ ਕਿਹਾ, “ਕੰਡੇ ਚੁਗਣ ਵੇਲੇ ਤੈਨੂੰ ਮੌਤ ਪੈਂਦੀ ਸੀ, ਹੁਣ ਮਿੱਠੇ ਬੇਰ ਖਾਣ ਵਾਸਤੇ ਮੂੰਹ ਧੋ ਆਈ।”
ਬਿੱਲੀ ਕੋਲੋਂ ਲੰਘੀ, ਦੇਖਿਆ, ਉਸ ਕੋਲ ਪਰਾਤ ਮੇਵਿਆਂ ਦੀ ਭਰੀ ਪਈ ਹੈ। ਲੰਮੇ ਲੰਮੇ ਕਦਮੀਂ ਤੁਰ ਕੇ ਆਈ, ਹੱਥ ਮੇਵਿਆਂ ਨੂੰ ਪਾਇਆ ਹੀ ਸੀ ਕਿ ਬਿੱਲੀ ਨੇ ਨਹੁੰਦਰਾਂ ਨਾਲ ਮੂੰਹ ਨੋਚ ਲਿਆ। ਘੱਗਰੀ ਪਾੜ ਦਿੱਤੀ। ਬਿੱਲੀ ਨੇ ਕਿਹਾ, “ਸਿਰ ਗੁੰਦਣ ਵੇਲੇ ਤੈਨੂੰ ਮੌਤ ਪੈਂਦੀ ਸੀ, ਹੁਣ ਮੇਵੇ ਖਾਣ ਲਈ ਮੂੰਹ ਧੋ ਕੇ ਆ ਗਈ?”
ਚੁੱਲ੍ਹੇ ਕੋਲ ਦੀ ਲੰਘੀ ਤਾਂ ਦੇਖਿਆ ਸੋਨੇ ਦੀ ਕੜਾਹੀ ਵਿਚ ਘਿਉਰ ਤਲੇ ਜਾ ਰਹੇ ਸਨ। ਜੀਭ ‘ਤੇ ਪਾਣੀ ਆ ਗਿਆ। ਘਿਉਰ ਕੱਢਣ ਲੱਗੀ ਤਾਂ ਘਿਉ ਖੌਲ ਪਿਆ, ਹੱਥ ਜਲ ਗਏ, ਕੱਪੜੇ ਥਿੰਧੇ ਹੋ ਗਏ। ਬਾਹਾਂ ‘ਤੇ ਛਾਲੇ ਪੈ ਗਏ। ਚੁੱਲ੍ਹਾ ਬੋਲਿਆ, “ਰਾਖ ਸਾਫ ਕਰਨ ਵੇਲੇ ਤੈਨੂੰ ਮੌਤ ਪੈਂਦੀ ਸੀ, ਹੁਣ ਘਿਉਰ ਖਾਣ ਵੇਲੇ ਮੂੰਹ ਧੋ ਕੇ ਆ ਗਈ?”
ਖੱਡੇ ਕੋਲੋਂ ਦੀ ਲੰਘਣ ਲੱਗੀ, ਦੇਖਿਆ ਸੋਨੇ ਦੇ ਗਹਿਣੇ ਜਗਮਗਾ ਰਹੇ ਹਨ। ਮਨ ਲਲਚਾਇਆ। ਲੰਮੀਆਂ ਲੰਮੀਆਂ ਡਿੰਘਾਂ ਭਰਦੀ ਹੋਈ ਗਈ ਤੇ ਗਹਿਣਿਆਂ ਨੂੰ ਹੱਥ ਪਾਇਆ, ਛੁਹਣ ਦੀ ਦੇਰ ਹੀ ਸੀ ਕਿ ਜ਼ਬਰਦਸਤ ਵਰੋਲਾ ਉਠਿਆ। ਸੁੰਢ ਦੇ ਕੱਪੜੇ, ਮੂੰਹ ਤੇ ਸਿਰ ਰੇਤ ਨਾਲ ਭਰ ਗਏ। ਭੂਤਨੀ ਲੱਗਣ ਲੱਗੀ।
ਅੱਖਾਂ ਮਲਦੀ, ਰੋਂਦੀ ਕੁਰਲਾਂਦੀ ਘਰ ਪਹੁੰਚੀ। ਨਾ ਕਿਸੇ ਨਾਲ ਬਾਤ ਕੀਤੀ, ਨਾ ਕਿਸੇ ਨਾਲ ਚੀਤ। ਚੁਪ ਚਾਪ ਚੁੰਨੀ ਨਾਲ ਮੂੰਹ ਸਿਰ ਵਲ੍ਹੇਟ ਕੇ ਪੈ ਗਈ। ਘਰਦਿਆਂ ਨੇ ਬਥੇਰੀ ਪੁੱਛਗਿਛ ਕੀਤੀ, ਮੂੰਹ ਵਿਚੋਂ ਇਕ ਬੋਲ ਨਹੀਂ ਨਿਕਲਿਆ। ਰਾਤ ਭਰ ਡੁਸਕਦੀ ਰਹੀ, ਰੋਂਦੀ ਰਹੀ। ਲੋਕ ਆ ਆ ਕੇ ਪੁਛਦੇ, “ਕੀ ਲਿਆਈ ਹੈਂ ਕੁੜੀਏ?” ਸੁੰਢ ਉਨ੍ਹਾਂ ਨੂੰ ਖੂਬ ਗਾਲ੍ਹਾਂ ਕੱਢਦੀ, ਲੋਕ ਖੂਬ ਹੱਸਦੇ, ਖਿੱਲੀ ਉਡਾਉਂਦੇ।
ਏਨੀ ਮੇਰੀ ਬਾਤ। ਉਤੋਂ ਪੈ ਗਈ ਰਾਤ।
(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)