Do Dost : Alif Laila
ਦੋ ਦੋਸਤ : ਅਲਿਫ਼ ਲੈਲਾ
ਬਗ਼ਦਾਦ ਸ਼ਹਿਰ ਵਿਚ ਇਕ ਸੌਦਾਗਰ ਰਹਿੰਦਾ ਸੀ । ਉਸਦਾ ਇੱਕੋ ਇਕ ਲੜਕਾ ਸੀ ਜਿਸ ਦਾ ਨਾਂ ਅਬੂਹਸਨ ਸੀ। ਉਹ ਚਾਹੁੰਦਾ ਸੀ ਕਿ ਉਹਦਾ ਲੜਕਾ ਵੱਡਾ ਹੋ ਕੇ ਬੜਾ ਗੁਣੀ ਅਤੇ ਅਕਲਮੰਦ ਨਿਕਲੇ । ਇਸ ਲਈ ਉਹ ਆਪਣੇ ਲੜਕੇ ਨੂੰ ਸਦਾ ਕੋਈ ਨਾ ਕੋਈ ਸਿਖਿਆ ਦਿੰਦਾ ਰਹਿੰਦਾ ਸੀ । ਉਹ ਕਈ ਵਾਰ ਉਹਨੂੰ ਆਪਣੇ ਸਾਹਮਣੇ ਖੜਾ ਕਰ ਕੇ ਉਹਨੂੰ ਪਰਖਣ ਲਈ ਉਸ ਪਾਸੋਂ ਸਵਾਲ ਪੁੱਛਦਾ ਰਹਿੰਦਾ ਸੀ । ਇਸ ਸਮੇਂ ਆਪਣੇ ਪਿੱਛੇ ਹਮੇਸ਼ਾ ਡੰਡਾ ਤਿਆਰ ਰਖਦਾ ਸੀ। ਜੇ ਕਦੀ ਉਹਦਾ ਲੜਕਾ ਕਿਸੇ ਸਵਾਲ ਦਾ ਜਵਾਬ ਭੁਲ ਜਾਂਦਾ ਤਾਂ ਉਹਨੂੰ ਖ਼ੂਬ ਖੜਕਦੀਆਂ !
ਅਬੂਹਸਨ ਅਜੇ ਛੋਟਾ ਹੀ ਸੀ ਕਿ ਉਹਦਾ ਪਿਤਾ ਗੁਜ਼ਰ ਗਿਆ । ਫੇਰ ਵੀ ਉਹਨੂੰ ਕਿਸੇ ਕਿਸਮ ਦਾ ਫ਼ਿਕਰ ਫ਼ਾਕਾ ਨਹੀਂ ਸੀ ਕਿਉਂਕਿ ਉਹਦਾ ਪਿਤਾ ਬੜਾ ਅਮੀਰ ਸੀ ਅਤੇ ਉਹਦੇ ਲਈ ਕਾਫ਼ੀ ਦੌਲਤ ਪਿਛੇ ਛੱਡ ਗਿਆ ਸੀ । ਅਬੂਹਸਨ ਨੇ ਆਪਣੇ ਪੈਸੇ ਦੇ ਦੋ ਹਿੱਸੇ ਕੀਤੇ । ਇਕ ਹਿੱਸਾ ਤਾਂ ਉਹਨੇ ਇਕ ਪਾਸੇ ਬਚਾ ਕੇ ਰਖ ਲਿਆ ਅਤੇ ਦੂਜਾ ਹਿੱਸਾ ਖਾਣ ਖਰਚਣ ਲਈ ਅਲੱਗ ਕਰ ਲਿਆ।
ਉਸ ਪਾਸ ਖੁਲ੍ਹਾ ਪੈਸਾ ਵੇਖ ਕੇ ਉਹਦੇ ਕਈ ਐਰਾ ਵਗੈਰਾ ਮਿੱਤਰ ਬਣ ਗਏ । ਇਹ ਸਭ ਉਹਨੂੰ ਜੋਕਾਂ ਵਾਂਙ ਚੰਬੜੇ ਰਹੇ ਜਦ ਤਕ ਕਿ ਉਹਦਾ ਅੱਧਾ ਧਨ ਖ਼ਤਮ ਨ ਹੋ ਗਿਆ । ਜਦੋਂ ਖ਼ਰਚਣ ਲਈ ਕੁਝ ਨਾ ਰਿਹਾ ਤਾਂ ਅਬੁਹਸਨ ਨੇ ਆਪਣੇ ਮਿੱਤਰਾਂ ਪਾਸ ਇਸ ਦਾ ਜ਼ਿਕਰ ਕੀਤਾ। ਉਹ ਪਹਿਲਾਂ ਤਾਂ ਉਹਦੀ ਇੱਜ਼ਤ ਕਰਦੇ ਸਨ, ਪਰ ਇਹ ਗਲ ਸੁਣ ਕੇ ਉਹਦਾ ਮਖੌਲ ਉਡਾਉਣ ਲਗ ਪਏ । ਅਸਲ ਵਿਚ ਉਹਨਾਂ ਦੀ ਮਿੱਤਰਤਾ ਪੈਸੇ ਨਾਲ ਸੀ, ਅਹਸਨ ਨਾਲ ਨਹੀਂ। ਇਹ ਵੇਖ ਕੇ ਅਬੂ ਨੂੰ ਇਤਨਾ ਦੁਖ ਹੋਇਆ ਕਿ ਉਹਨੇ ਆਪਣੇ ਪੁਰਾਣੇ ਮਿੱਤਰਾਂ ਦਾ ਸਦਾ ਲਈ ਸਾਥ ਛੱਡ ਦਿੱਤਾ ।
ਆਪਣੇ ਮਤਲਬੀ ਮਿੱਤਰਾਂ ਤੋਂ ਛੁਟਕਾਰਾ ਪਾ ਕੇ ਉਹ ਬਾਕੀ ਪੈਸੇ ਨੂੰ ਬੜੀ ਜੁਗਤ ਅਤੇ ਸੰਜਮ ਨਾਲ ਵਰਤਣ ਲਗਾ । ਉਹਨੇ ਪਰਣ ਕਰ ਲਿਆ ਕਿ ਅੱਗੇ ਤੋਂ ਉਹ
ਨਾਵਾਕਫ਼ਾਂ ਤੋਂ ਸਿਵਾ ਹੋਰ ਕਿਸੇ ਨਾਲ ਗਲ ਤਕ ਵੀ ਨਹੀਂ ਕਰੇਗਾ ਅਤੇ ਹਰ ਰੋਜ਼ ਇਕ ਨਵਾਂ ਮਿੱਤਰ ਬਣਾਏਗਾ ।
ਸੋ ਉਹ ਹਰ ਰੋਜ਼ ਸ਼ਹਿਰ ਦੇ ਵੱਡੇ ਪੁਲ ਤੇ ਜਾ ਕੇ ਬੈਠ ਜਾਂਦਾ ਸੀ ਕਿਉਂਕਿ ਏਥੇ ਲੋਕਾਂ ਦਾ ਆਮ ਲਾਂਘਾ ਸੀ । ਜਿਹੜਾ ਵੀ ਕੋਈ ਅਜਨਬੀ ਉਹਨੂੰ ਮਿਲਦਾ, ਉਹ ਇਕ ਰਾਤ ਲਈ ਉਹਨੂੰ ਮਹਿਮਾਨ ਬਣਾ ਕੇ ਆਪਣੇ ਘਰ ਲੈ ਆਉਂਦਾ ਸੀ ਅਤੇ ਅਗਲੇ ਭਲਕ ਸਵੇਰੇ ਸਵੇਰੇ ਉਹਨੂੰ ਘਰੋਂ ਤੋਰ ਦਿੰਦਾ ਸੀ ਅਤੇ ਫੇਰ ਅਬੂਹਸਨ ਉਹਦੇ ਨਾਲ ਕਦੀ ਕਲਾਮ ਤਕ ਵੀ ਨਹੀਂ ਸੀ ਕਰਦਾ।
ਉਹ ਪੂਰਾ ਇਕ ਸਾਲ ਇਸੇ ਤਰ੍ਹਾਂ ਹੀ ਕਰਦਾ ਰਿਹਾ ।
ਇਕ ਦਿਨ ਜਦ ਉਹ ਹਰ ਰੋਜ਼ ਵਾਂਝ ਪੁਲ ਤੇ ਬੈਠਾ ਕਿਸੇ ਨਵੇਂ ਮਹਿਮਾਨ ਨੂੰ ਉਡੀਕ ਰਿਹਾ ਸੀ, ਤਾਂ ਖ਼ਲੀਫ਼ਾ ਹਾਰੂੰ-ਉਲ-ਰਸ਼ੀਦ ਆਪਣੇ ਅਹਿਲਕਾਰਾਂ ਸਮੇਤ ਉੱਥੋਂ ਲੰਘਿਆ । ਅਬੂਹਸਨ ਖ਼ਲੀਫ਼ੇ ਨੂੰ ਬਿਲਕੁਲ ਨਾ ਪਛਣ ਸਕਿਆ ਕਿਉਂਕਿ ਉਹ ਇਕ ਆਮ ਆਦਮੀ ਦਾ ਭੇਸ ਵਟਾ ਕੇ ਬਗ਼ਦਾਦ ਦੇ ਗਲੀ ਕੂਚਿਆਂ ਦੀ ਗਸ਼ਤ ਕਰ ਰਿਹਾ ਸੀ। ਅਬੂ ਨੇ ਉਹਦਾ ਹਥ ਫੜ ਕੇ ਕਿਹਾ, 'ਜਨਾਬ, ਜੇ ਖੇਚਲ ਨ ਸਮਝੋ ਤਾਂ ਅਜ ਰਾਤ ਮੇਰੇ ਘਰ ਚਰਨ ਪਾਓ ਤੇ ਮੈਨੂੰ ਸੇਵਾ ਦਾ ਮਾਣ ਬਖ਼ਸ਼ੋ ।
ਖ਼ਲੀਫ਼ਾ ਉਹਦੇ ਨਾਲ ਤੁਰ ਪਿਆ। ਉਹ ਅਬੂ ਹਸਨ ਦਾ ਸੁਹਣਾ ਅਤੇ ਸਜਿਆ ਹੋਇਆ ਘਰ ਵੇਖ ਕੇ ਬਹੁਤ ਖ਼ੁਸ਼ ਹੋਇਆ । ਕੰਧਾਂ ਤੇ ਬੜੇ ਸੁਹਣੇ ਸੁਹਣੇ ਰੰਗੀਨ ਚਿਤਰ ਬਣੇ ਹੋਏ ਸਨ ਅਤੇ ਵਿਹੜੇ ਵਿਚ ਸੁਨਹਿਰੀ ਰੰਗੇ ਪਾਣੀ ਦਾ ਇਕ ਫੁਹਾਰਾ ਚੱਲ ਰਿਹਾ ਸੀ ।
ਖ਼਼ਲੀਫ਼ੇ ਨੇ ਕਿਹਾ, “ਮੈਂ ਤੇਰੀ ਆਓਭਗਤ ਵੇਖ ਕੇ ਬਹੁਤ ਖੁਸ਼ ਹੋਇਆ ਆਂ ਤੇ ਤੈਨੂੰ ਇਸਦਾ ਇਨਾਮ ਦੇਣਾ ਚਾਹੁੰਦਾ ਆਂ । ਕੀ ਤੂੰ ਮੈਨੂੰ ਆਪਣੇ ਜੀਵਨ ਬਾਰੇ ਹੋਰ ਕੁਝ ਦਸ ਸਕਦਾ ਏਂ ?
ਅਬੂਹਸਨ ਨੇ ਕਿਹਾ 'ਹਜ਼ੂਰ, ਇਹ ਸਾਡੀ ਆਖ਼ਰੀ ਮੁਲਾਕਾਤ ਦੇ । ਮੈਂ ਤੁਹਾਨੂੰ ਫੇਰ ਨਹੀਂ ਮਿਲ ਸਕਣਾ ।''
ਖ਼ਲੀਫ਼ੇ ਨੇ ਹੈਰਾਨ ਹੋ ਕੇ ਪੁੱਛਿਆ, 'ਕਿਉਂ ?'
ਇਸ ਤੇ ਅਬੂਹਸਨ ਨੇ ਉਹਦੇ ਨਾਲ ਜੋ ਕੁਝ ਉਹਦੇ ਫ਼ਰੇਬੀ ਮਿੱਤਰਾਂ ਨੇ ਕਰ ਗੁਜ਼ਾਰੀ ਸੀ ਸਭ ਕਹਿ ਸੁਣਾਈ । ਕਹਾਣੀ ਸੁਣ ਕੇ ਖ਼ਲੀਫ਼ੇ ਨੇ ਕਿਹਾ, “ਤੇਰਾ ਰੋਸ ਬਿਲਕੁਲ ਠੀਕ ਏ।''
ਜਦ ਖ਼਼ਲੀਫ਼ਾ ਵਿਦਾ ਹੋਣ ਲਗਾ ਤਾਂ ਉਹਨੇ ਅਬੂ ਕੋਲੋਂ ਪੁੱਛਿਆ ਕਿ ਉਹਦੀ ਕੋਈ ਇੱਛਾ ਤਾਂ ਨਹੀਂ ਜਿਹੜੀ ਉਹ ਪੂਰੀ ਕਰਨਾ ਚਾਹੁੰਦਾ ਹੋਵੇ । ਅਬੂ ਨੇ ਕਿਹਾ, 'ਹਜ਼ੂਰ, ਸਾਡੇ ਮੁਹੱਲੇ ਵਿਚ ਕੁਝ ਸੜੀਅਲ ਜਿਹੇ ਮੁਲਾਣੇ ਰਹਿੰਦੇ ਨੇ । ਜਦੋਂ ਵੀ ਸਾਡੇ ਘਰ ਰੰਗ ਰਾਗ ਤੇ ਰੌਣਕ ਲਗਦੀ ਏ, ਉਹ ਬੜਾ ਤਪਦੇ ਨੇ ਤੇ ਕਾਜ਼ੀ ਦੇ ਕੰਨ ਭਰ ਕੇ ਉਹਨੂੰ ਮੇਰੇ ਮਗਰ ਪਾ ਦਿੰਦੇ ਨੇ । ਜੇ ਮੇਰੇ ਵੱਸ ਹੋਵੇ ਤਾਂ ਇਹਨਾਂ ਪਾਜੀਆਂ ਦਾ ਸ਼ਿਕੰਜਾ ਖਿਚ ਦੇਵਾਂ ।
ਖ਼ਲੀਫ਼ੇ ਨੇ ਕਿਹਾ, “ਤੂੰ ਫ਼ਿਕਰ ਨਾ ਕਰ । ਬੁਰੇ ਦੇ ਸਿਰ ਸਦਾ ਸਵਾਹ ਪੈਂਦੀ ਏ ।”
ਗੱਲਾਂ ਕਰਦਿਆਂ ਜਦੋਂ ਅਬੂ ਦਾ ਧਿਆਨ ਜ਼ਰਾ ਹੋਰ ਪਾਸੇ ਹੋਇਆ, ਤਾਂ ਖ਼ਲੀਫ਼ੇ ਨੇ ਉਹਦੇ ਪਿਆਲੇ ਵਿਚ ਕੁਝ ਘੋਲ ਦਿੱਤਾ। ਇਸ ਨੂੰ ਪੀਂਦਿਆਂ ਸਾਰ ਉਹਨੂੰ ਘੂਕੀ ਚੜ ਗਈ । ਜਦੋਂ ਅਬੂ ਬਿਲਕੁਲ ਬੇਸੁਰਤ ਹੋ ਗਿਆ ਤਾਂ ਖ਼ਲੀਫ਼ੇ ਦੇ ਹੁਕਮ ਨਾਲ ਅਬੂਹਸਨ ਨੂੰ ਸ਼ਾਹੀ ਮਹੱਲ ਵਿਚ ਲੈਜਾ ਕੇ ਪਲੰਘ ਉੱਤੇ ਲਿਟਾ ਦਿੱਤਾ ਗਿਆ !
ਇਸ ਤੋਂ ਪਿੱਛੋਂ ਖ਼ਲੀਫ਼ੇ ਨੇ ਆਪਣੇ ਸਾਰੇ ਨੌਕਰਾਂ ਨੂੰ ਇਕੱਠਾ ਕਰ ਕੇ ਹੁਕਮ ਦਿੱਤਾ ਕਿ ਜਦੋਂ ਅਬੂਹਸਨ ਦੀ ਅੱਖ ਖੁੱਲ੍ਹੇ ਤਾਂ ਉਸ ਨੂੰ ਹਰ ਮੁਮਕਿਨ ਤਰੀਕੇ ਨਾਲ ਯਕੀਨ ਦਿਵਾਇਆ ਜਾਏ ਕਿ ਉਹ ਖ਼ਲੀਫ਼ਾ ਹੈ ਅਤੇ ਉਹਦੇ ਹੁਕਮ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਏ । ਇਹ ਕਹਿ ਕੇ ਖ਼ਲੀਫ਼ਾ ਆਪ ਮਹੱਲ ਦੇ ਇਕ ਚੋਰ ਕਮਰੇ ਵਿਚ ਲੁਕ ਗਿਆ ।
ਜਦੋਂ ਸਵੇਰ ਸਾਰ ਅਬੂ ਦੀ ਨੀਂਦ ਖੁਲ੍ਹੀ ਤਾਂ ਉਹਨੇ ਆਪਣੇ ਆਪ ਨੂੰ ਇਕ ਆਲੀਸ਼ਾਨ ਮਹੱਲ ਵਿਚ ਵੇਖ ਕੇ ਅਤੇ ਟਹਿਲੀਏ ਅੱਗੇ ਪਿੱਛੇ ਫਿਰਦੇ ਵੇਖ ਕੇ ਬੜਾ ਅਚੰਭਾ ਹੋਇਆ ।
ਇਕ ਟਹਿਲੀਏ ਨੇ ਕਿਹਾ, 'ਸਾਡੀ ਜਿੰਦ ਜਾਨ ਦੇ ਮਾਲਿਕ, ਸ਼ਹਿਨਸ਼ਾਹ ਸਲਾਮਤ, ਇਸ ਵੇਲੇ ਸਵੇਰ ਦੀ ਨਮਾਜ਼ ਦਾ ਵੇਲਾ ਏ ਤੇ ਤੁਹਾਡਾ ਹੁਕਮ ਏ ਕਿ ਤੁਹਾਨੂੰ ਨੇਮ ਨਾਲ ਇਸ ਵੇਲੇ ਜਗਾ ਦਿਤਾ ਜਾਏ ।’
ਅਬੂ ਆਪਣੇ ਧਿਆਨ ਵਿਚ ਮਸਤ ਸੀ । ਉਹ ਕਦੀ ਰੇਸ਼ਮੀ ਪੜਦਿਆਂ ਵਲ ਅਤੇ ਕਦੀ ਸੁਨਹਿਰੀ ਕੰਧਾਂ ਵਲ ਵੇਖ ਰਿਹਾ ਸੀ । ਆਖ਼ਰ ਉਹਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਜ਼ਰੂਰ ਕੋਈ ਸੁਫ਼ਨਿਆਂ ਦੀ ਦੁਨੀਆਂ ਹੈ । ਉਹਨੇ ਇਸ ਗਲ ਨੂੰ ਹੋਰ ਪੱਕਿਆਂ ਕਰਨ ਲਈ ਇਕ ਨੌਕਰ ਨੂੰ ਆਵਾਜ਼ ਦਿਤੀ ਅਤੇ ਪੁੱਛਿਆ, 'ਸੱਚ ਸੱਚ ਦਸ ਕਿ ਮੈਂ ਕਿੱਥੇ ਆਂ ਤੇ ਕੌਣ ਆਂ।'
ਨੌਕਰ ਨੇ ਉੱਤਰ ਦਿੱਤਾ, 'ਹਜ਼ੂਰ, ਤੁਸੀਂ ਇਸ ਦੇਸ ਦੇ ਖ਼਼ਲੀਫ਼ਾ ਓ !'' ਅਬੂਹਸਨ ਨੇ ਕਰੋਧ ਵਿਚ ਆ ਕੇ ਕਿਹਾ, “ਮੈਂ ? ਖ਼ਲੀਫ਼ਾ ? ਤੂੰ ਸਰਾਸਰ ਝੂਠ ਬਕ ਰਿਹਾ ਏ! ਮੈਂ ਤਾਂ ਅਬੂਹਸਨ ਆਂ।''
ਪਰ ਜਦੋਂ ਬਾਕੀ ਨੌਕਰਾਂ ਨੇ ਵੀ ਇਹੋ ਗੱਲ ਹੀ ਦੁਹਰਾਈ ਤਾਂ ਉਹ ਸਚਮੁਚ ਆਪਣੇ ਆਪ ਨੂੰ ਖ਼ਲੀਫ਼ਾ ਹੀ ਸਮਝਣ ਲਗ ਪਿਆ । ਜਦ ਨੌਕਰ ਉਹਨੂੰ ਕਪੜੇ ਪਵਾਉਣ ਲਈ ਆਏ ਤਾਂ ਉਹ ਦਿਲ ਹੀ ਦਿਲ ਵਿਚ ਹੈਰਾਨ ਸੀ ਕਿ ਰਾਤੋਂ ਰਾਤ ਵਿਚ ਉਹ ਖ਼ਲੀਫ਼ਾ ਕਿਵੇਂ ਬਣ ਗਿਆ ਹੈ । ਇਕ ਨੌਕਰ ਹੀਰਿਆਂ ਨਾਲ ਜੜੀ ਕੀਮਖ਼ਾਬ ਦੀ ਜੁੱਤੀ ਲੈ ਆਇਆ ਜਿਹੜੀ ਅਬੂਹਸਨ ਨੇ ਡਰਦਿਆਂ ਡਰਦਿਆਂ ਪਾਈ । ਦੂਜਾ ਸੋਨੇ ਦੀ ਚਿਰਮਚੀ ਵਿਚ ਉਹਦੇ ਹਥ ਧਵਾਉਣ ਲਗ ਪਿਆ ਅਤੇ ਤੀਜਾ ਉਹਦੇ ਪਹਿਨਣ ਲਈ ਇਕ ਸ਼ਾਨਦਾਰ ਸੁਨਹਿਰੀ ਚੋਗਾ ਲੈ ਆਇਆ ।
ਜਿਸ ਵੇਲੇ ਉਹ ਬਿਲਕੁਲ ਤਿਆਰ ਹੋ ਗਿਆ ਤਾਂ ਇਕ ਨੌਕਰ ਨੇ ਆ ਕੇ ਪੁੱਛਿਆ, "ਸ਼ਹਿਰ ਦੇ ਪ੍ਰਬੰਧ ਬਾਰੇ ਜੇ ਕੋਈ ਹੁਕਮ ਹੋਵੇ ਤਾਂ ਹੋਰ ਦਸਣ ਦੀ ਕਿਰਪਾ ਕਰਨਾ ਤਾਂ ਜੋ ਉਸ ਤੇ ਫੌਰਨ ਅਮਲ ਕੀਤਾ ਜਾਏ।''
ਅਬੂ ਨੇ ਸੋਚਿਆ ਕਿ ਹੁਣ ਉਹਨਾਂ ਦੁਸ਼ਟ ਮੁਲਾਣਿਆਂ ਨੂੰ ਸਿੱਧਾ ਕਰਨ ਦਾ ਚੰਗਾ ਮੌਕਾ ਏ । ਇਸ ਲਈ ਉਹਨੇ ਫ਼ੌਰਨ ਹੁਕਮ ਦਿੱਤਾ ਕਿ ਉਹਦੇ ਘਰ ਵਾਲੀ ਮਸੀਤ ਦੇ ਮੁਲਾਣਿਆਂ ਨੂੰ ਹਜ਼ਾਰ ਹਜ਼ਾਰ ਛਿੱਤਰ ਮਾਰੇ ਜਾਣ ਅਤੇ ਫਿਰ ਉਹਨਾਂ ਦਾ ਮੂੰਹ ਕਾਲਾ ਕਰ ਕੇ ਅਤੇ ਖੋਤਿਆਂ ਤੇ ਪੁੱਠੇ ਬਿਠਾ ਕੇ ਸਾਰੇ ਸ਼ਹਿਰ ਵਿਚ ਫੇਰਿਆ ਜਾਏ ਅਤੇ ਨਾਲ ਨਾਲ ਇਹ ਵੀ ਐਲਾਨ ਕੀਤਾ ਜਾਏ ਕਿ ਅੱਗੇ ਤੋਂ ਜੋ ਵੀ ਕੋਈ ਆਪਣੇ ਗਵਾਂਢੀਆਂ ਨਾਲ ਬਦਸਲੂਕੀ ਕਰੇਗਾ ਉਹਦੀ ਇਹੋ ਜਿਹੀ ਦੁਰਦਸ਼ਾ ਹੋਏ ।
ਨੌਕਰ ਨੇ ਕਿਹਾ, “ਹੁਕਮ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਏਗੀ । ਕੋਈ ਹੋਰ ਹੁਕਮ, ਹਜ਼ੂਰ !”
“ਹਾਂ, ਅਬੂਹਸਨ ਨੇ ਕਿਹਾ, “ਮਸੀਤ ਦੇ ਨਾਲ ਈ ਇਕ ਭੀੜੀ ਜਿਹੀ ਗਲੀ ਵਿਚ ਅਬੂਹਸਨ ਦਾ ਘਰ ਪੁੱਛ ਕੇ ਉਹਦੀ ਮਾਂ ਨੂੰ ਇਕ ਸੌ ਮੁਹਰਾਂ ਦੇ ਆਉ ।"
ਜਦੋਂ ਨੌਕਰ ਚਲਾ ਗਿਆ ਤਾਂ ਅਬੂਹਸਨ ਨੇ ਖਾਣਾ ਤਿਆਰ ਕਰਨ ਲਈ ਹੁਕਮ ਦਿੱਤਾ। ਉਹਨੂੰ ਉਸੇ ਵੇਲੇ ਇਕ ਜਗਮਗ ਕਰ ਰਹੇ ਕਮਰੇ ਵਿਚ ਲਿਆਂਦਾ ਗਿਆ ਜਿੱਥੇ ਅਨੇਕਾਂ ਕਿਸਮ ਦੇ ਖਾਣੇ ਮੇਜ਼ ਤੇ ਸਜੇ ਪਏ ਸਨ । ਉਹਨੇ ਸੋਚਿਆ, 'ਰਾਤ ਵਾਲਾ ਮਹਿਮਾਨ ਜ਼ਰੂਰ ਕੋਈ ਜਿੰਨਾਂ ਦਾ ਰਾਜਾ ਹੋਣਾ ਏ ਜਿਨ੍ਹੇ ਉਹਨੂੰ ਇਨਾਮ ਦੇਣ ਲਈ ਆਪਣੇ ਨਾਲ ਈ ਪਰੀਆਂ ਦੇ ਦੇਸ਼ ਵਿਚ ਲੈ ਆਂਦਾ ਏ । ਇੱਥੇ ਹਰ ਇਕ ਚੀਜ਼ ਅਜੀਬ ਤੋਂ ਅਜੀਬ ਨਜ਼ਰ ਆ ਰਹੀ ਏ ।'' ਹਾਲੀ ਉਹ ਇਹ ਸੋਚ ਹੀ ਰਿਹਾ ਸੀ ਕਿ ਇਕ ਨੌਕਰਾਣੀ ਨੇ ਉਹਦੇ ਲਈ ਸ਼ਰਾਬ ਦਾ ਪਿਆਲਾ ਭਰਿਆ ਅਤੇ ਪਤਾ ਨਹੀਂ ਉਹਦੇ ਵਿਚ ਹੋਰ ਕੀ ਪਾ ਦਿੱਤਾ ਕਿ ਜਿਸਨੂੰ ਪੀਦਿਆਂ ਹੀ ਅਬੂ ਨੂੰ ਨੀਂਦ ਆ ਗਈ ।
ਖ਼ਲੀਫ਼ਾ ਹਾਰੂੰਉਲਰਸ਼ੀਦ ਆਪਣੀ ਲੁਕਵੀਂ ਥਾਂ ਤੋਂ ਬਾਹਰ ਆਇਆ ਅਤੇ ਉਹਨੇ ਹੁਕਮ ਦਿੱਤਾ ਕਿ ਅਬੂਹਸਨ ਨੂੰ ਚੁਕਵਾ ਕੇ ਉਹਦੇ ਘਰ ਪਹੁੰਚਾ ਦਿੱਤਾ ਜਾਵੇ ।
ਅਬੂਹਸਨ ਨੂੰ ਮੂੰਹ ਹਨੇਰੇ ਹੀ ਜਾਗ ਆ ਗਈ । ਉਹਨੇ ਨੌਕਰਾਂ ਨੂੰ ਹਾਜ਼ਰ ਹੋਣ ਲਈ ਹੁਕਮ ਦਿੱਤਾ । ਸਭ ਥਾਂ ਬਿਲਕੁਲ ਚੁਪ ਚਾਪ ਸੀ । ਉਹਨੂੰ ਅੱਗੋਂ ਕੋਈ ਉੱਤਰ ਨ ਮਿਲਿਆ । ਆਖ਼ਰ ਜਦ ਉਹ ਉੱਚੀ ਉੱਚੀ ਟਾਹਰਾਂ ਮਾਰਨ ਲੱਗਾ, ਤਾਂ ਉਹਦੀ ਮਾਂ ਭੱਜੀ ਭੱਜੀ ਉਹਦੇ ਪਾਸ ਆਈ ।
ਅਬੂ ਅਜੇ ਤਕ ਆਪਣੇ ਆਪ ਨੂੰ ਖ਼ਲੀਫ਼ਾ ਹੀ ਸਮਝ ਰਿਹਾ ਸੀ । ਇਸ ਲਈ ਅਬੂ ਨੇ ਕਿਹਾ, “ਬੁਢੀਏ ! ਤੂੰ ਕੌਣ ਏਂ ਤੇ ਏਥੇ ਕਿਸ ਤਰ੍ਹਾਂ ਆਈ ਏਂ ?”
ਉਹਦੀ ਮਾਂ ਨੇ ਹੈਰਾਨ ਹੋ ਕੇ ਉੱਤਰ ਦਿੱਤਾ, “ਮੈਂ ਆਂ ਤੇਰੀ ਮਾਂ, ਬੇਟਾ !''
ਅਬੂ ਨੇ ਗੁੱਸੇ ਵਿਚ ਕੜਕ ਕੇ ਕਿਹਾ, “ਤੇਰੀ ਅਕਲ ਟਿਕਾਣੇ ਏ ਕਿ ਨਹੀਂ, ਤੈਨੂੰ ਪਤਾ ਨਹੀਂ ਮੈਂ ਖ਼ਲੀਫ਼ਾ ਆਂ, ਸਾਰੇ ਦੇਸ਼ ਦਾ ਰਾਜਾ ।”
ਉਹਦੀ ਮਾਂ ਨੇ ਘਬਰਾ ਕੇ ਉਤਰ ਦਿਤਾ, “ਚੁਪ ਕਰ, ਬੇਟਾ ! ਇਹੋ ਜਿਹੀਆਂ ਡੀਂਗਾਂ ਨਹੀਂ ਮਾਰੀ ਦੀਆਂ । ਜੇ ਕਿਸੇ ਨੇ ਇਹ ਗੱਲ ਸੁਣ ਲਈ ਤਾਂ ਕਿਤੇ ਅਸੀਂ ਦੋਵੇਂ ਹੀ ਨਾ ਬੱਝ ਜਾਈਏ । ਹਾਲੀ ਕੱਲ੍ਹ ਈ ਖ਼ਲੀਫ਼ਾ ਨੇ ਤੇਰੇ ਦੁਸ਼ਮਣਾਂ ਨੂੰ ਦੇਸ ਬਾਹਰ ਕੱਢ ਦਿੱਤਾ ਏ ਤੇ ਮੈਨੂੰ ਇਕ ਸੌ ਮੁਹਰਾਂ ਇਨਾਮ ਦਿੱਤੀਆਂ ਨੇ ।
ਇਹ ਸੁਣ ਕੇ ਅਬੂ ਹੋਰ ਵੀ ਉੱਚੀ ਕੜਕ ਕੇ ਬੋਲਿਆ, "ਮੈਂ ਈ ਤਾਂ ਕਲ ਤੈਨੂੰ ਸੌ ਮੁਹਰਾਂ ਭੇਜੀਆਂ ਸਨ।”
ਇਹ ਕਹਿ ਕੇ ਉਹਨੇ ਇਕ ਸੋਟੀ ਫੜੀ ਅਤੇ ਆਪਣੀ ਮਾਂ ਨੂੰ ਖੂਬ ਮਾਰਿਆ ਕਿਉਂਕਿ ਉਹ ਇਹ ਗੱਲ ਮੰਨਦੀ ਨਹੀਂ ਸੀ ਕਿ ਉਹ ਖ਼ਲੀਫ਼ਾ ਹੈ । ਰੌਲਾ ਗੌਲਾ ਪੈਣ ਕਰਕੇ ਗਵਾਂਢੀ ਭੱਜੇ ਆਏ ਅਤੇ ਉਹਦੀ ਮਾਂ ਨੂੰ ਉਹਦੇ ਹਥੋਂ ਛੁਡਾਇਆ !
ਸਾਰਿਆਂ ਨੇ ਸਮਝਿਆ ਕਿ ਅਬੂ ਜ਼ਰੂਰ ਪਾਗਲ ਹੋ ਗਿਆ ਹੈ । ਉਹਨਾਂ ਨੇ ਉਹਦੇ ਹਥ ਜਕੜ ਕੇ ਬੰਨ੍ਹ ਦਿੱਤੇ ਅਤੇ ਗਲ ਵਿਚ ਇਕ ਮੋਟੀ ਸਾਰੀ ਜੰਜੀਰ ਪਾ ਕੇ ਇਕ ਹਨੇਰੀ ਕੋਠੜੀ ਦੇ ਬੂਹੇ ਨਾਲ ਬੰਨ੍ਹ ਦਿਤਾ ਅਤੇ ਉਹਦੀ ਖੂਬ ਮੁਰੰਮਤ ਕੀਤੀ । ਫੇਰ ਉਹਨਾਂ ਖਾਣ ਲਈ ਉਹਨੂੰ ਇਕ ਬੜੀ ਬਕਬਕੀ ਜਿਹੀ ਦਵਾਈ ਦੇ ਦਿੱਤੀ।
ਜਦੋਂ ਇਸ ਤਰ੍ਹਾਂ ਬੁਰੇ ਹਾਲ ਬੌਂਕੇ ਦਿਹਾੜੇ ਦਸ ਕੁ ਦਿਨ ਲੰਘ ਗਏ ਤਾਂ ਉਹਦੀ ਮਾਂ ਉਹਨੂੰ ਮਿਲਣ ਲਈ ਆਈ । ਉਹਨੇ ਬਾਰੀ ਵਿਚੋਂ ਝਾਤੀ ਮਾਰ ਕੇ ਵੇਖਿਆ ਕਿ ਅਬੂ ਨਿਮੋਝੂਣਾ ਜਿਹਾ ਹੋ ਕੇ ਚੁਪ ਚਾਪ ਬੈਠਾ ਹੈ । ਮਾਂ ਵਲ ਵੇਖ ਕੇ ਉਹ ਕਹਿਣ ਲੱਗਾ, “ਮਾਂ. ਮੈਨੂੰ ਬੜਾ ਅਫਸੋਸ ਏ ਕਿ ਮੈਂ ਤੇਰੇ ਤੇ ਹੱਥ ਚੁਕਿਆ ਤੇ ਹੋਰ ਬੜੀਆਂ ਮੂਰਖਾਂ ਵਾਲੀਆਂ ਗੱਲਾਂ ਕੀਤੀਆਂ । ਤੂੰ ਮੇਰੀ ਭੁਲ ਬਖ਼ਸ਼ ਦੇ।” ਮਾਂ ਨੂੰ ਅਬੂ ਤੋਂ ਬੜਾ ਤਰਸ ਆਇਆ ਅਤੇ ਉਹ ਅਬੂ ਨੂੰ ਉਸ ਕਾਲ ਕੋਠੜੀ ਵਿਚੋਂ ਕੱਢ ਕੇ ਘਰ ਲੈ ਗਈ ।
ਹੁਣ ਸਭ ਨੂੰ ਪਤਾ ਲਗ ਗਿਆ ਕਿ ਅਬੂ ਦਾ ਸ਼ੁਦਾ ਦੂਰ ਹੋ ਗਿਆ ਹੈ । ਪਹਿਲਾਂ ਤਾਂ ਵਿਚਾਰਾ ਕਈ ਦਿਨ ਸ਼ਰਮ ਦੇ ਮਾਰੇ ਘਰ ਹੀ ਬੈਠਾ ਰਿਹਾ । ਪਰ ਇਕੱਲਾ ਚੁਪ ਬਹਿ ਬਹਿ ਕੇ ਉਹ ਤੰਗ ਆ ਗਿਆ ਅਤੇ ਪਹਿਲਾਂ ਵਾਂਙ ਹੀ ਪੁਲ ਤੇ ਜਾਣ ਲਗ ਪਿਆ । ਇਕ ਦਿਨ ਜਦ ਉਹ ਹਰ ਰੋਜ਼ ਵਾਂਝ ਉਥੇ ਬੈਠਾ ਆਉਂਦੇ ਜਾਂਦੇ ਲੋਕਾਂ ਨੂੰ ਵੇਖ ਰਿਹਾ ਸੀ ਤਾਂ ਖ਼਼ਲੀਫ਼ਾ ਫੇਰ ਇਕ ਸੌਦਾਗਰ ਦੇ ਭੇਸ ਵਿਚ ਉੱਥੋਂ ਲੰਘਿਆ !
ਅਬੂਹਸਨ ਨੇ ਉਹਨੂੰ ਵੇਖਦਿਆਂ ਹੀ ਪਛਾਣ ਲਿਆ ਅਤੇ ਕਹਿਣ ਲੱਗਾ,
“ਓ ਦਗੇਬਾਜ਼ ਜਿੰਨ ! ਤੂੰ ਈ ਮੈਨੂੰ ਖਲੀਫ਼ਾ ਹੋਣ ਦਾ ਭੁਲੇਖਾ ਪਾ ਕੇ ਲੋਕਾਂ ਸਾਹਮਣੇ ਖੜਨ ਜੋਗਾ ਨਹੀਂ ਛੱਡਿਆ । ਕੀ ਤੂੰ ਮੈਨੂੰ ਫੇਰ ਫਸਾਉਣ ਆਇਆ ਏਂ?''
ਖ਼ਲੀਫ਼ੇ ਨੇ ਹੱਸ ਕੇ ਕਿਹਾ, “ਕਿਉਂ, ਬਈ ! ਦਸ ਖਾਂ ਮੈਂ ਤੇਰਾ ਕੀ ਵਿਗਾੜਿਆ ਏ ? ਤੂੰ ਚਾਹੁੰਦਾ ਸੈਂ ਕਿ ਤੇਰੇ ਦੁਸ਼ਮਣਾਂ ਨੂੰ ਸਜ਼ਾ ਮਿਲੇ । ਕੀ ਤੇਰੀ ਮਨਸ਼ਾ ਪੂਰੀ ਨਹੀਂ ਹੋਈ ?”
ਅਬੂਹਸਨ ਨੇ ਕਿਹਾ, “ਉਹਨਾਂ ਨੂੰ ਸਜ਼ਾ ਤਾਂ ਜ਼ਰੂਰ ਮਿਲ ਗਈ ਏ ਪਰ ਮੈਂ ਵੀ ਤਾਂ ਨਾਲ ਈ ਮੁਫ਼ਤ ਦਾ ਰਗੜਿਆ ਗਿਆ ਆਂ ਨਾ । ਪਰ ਮੈਂ ਤੈਨੂੰ ਕੀ ਦੋਸ਼ ਦੇਵਾਂ ! ਮੈਨੂੰ ਤਾਂ ਆਪਣੀ ਈ ਮੂਰਖਤਾ ਦੀ ਸਜ਼ਾ ਮਿਲੀ ਏ ।''
ਗੱਲਾਂ ਬਾਤਾਂ ਕਰਦਿਆਂ ਅਬੂ ਦਾ ਗੁੱਸਾ ਠੰਡਾ ਹੋ ਗਿਆ ਅਤੇ ਉਹ ਦੋਨੋਂ ਆਪਸ ਵਿਚ ਪੱਕੇ ਮਿੱਤਰ ਬਣ ਗਏ । ਖ਼ਲੀਫ਼ਾ ਅਬੂਹਸਨ ਨੂੰ ਮਹੱਲ ਵਿਚ ਰਹਿਣ ਲਈ ਨਾਲ ਲੈ ਗਿਆ ਅਤੇ ਕੁਝ ਚਿਰ ਪਿੱਛੋਂ ਬੇਗਮ ਜ਼ਬੈਦਾ ਦੀ ਇਕ ਗੋਲੀ ਨਾਲ, ਜਿਸ ਦਾ ਨਾਂ ਨਜ਼ਾਤਲ ਫ਼ੁਆਦ ਸੀ, ਵਿਆਹ ਕਰ ਦਿੱਤਾ। ਉਹ ਬੜੀ ਸੁੰਦਰ ਅਤੇ ਨੇਕਦਿਲ ਔਰਤ ਸੀ ! ਇਸ ਲਈ ਉਹ ਦੋਵੇਂ ਕਾਫ਼ੀ ਸਮਾਂ ਖੁਸ਼ੀ ਖੁਸ਼ੀ ਰਹਿੰਦੇ ਰਹੇ । ਪਰ ਹੈ ਸਨ ਨੂੰ ਬੜੇ ਫ਼ਜ਼ੂਲ ਖ਼ਰਚ, ਇਸ ਲਈ ਉਹਨਾਂ ਦਾ ਸਾਰਾ ਰੁਪਿਆ ਪੈਸਾ ਜਲਦੀ ਹੀ ਖ਼ਤਮ ਹੋ ਗਿਆ ।
ਅਬੂਹਸਨ ਹੈਰਾਨ ਸੀ ਕਿ ਉਹ ਪੈਸੇ ਦਾ ਹੁਣ ਕਿੱਥੋਂ ਪਰਬੰਧ ਕਰੇ ! ਅਚਾਨਕ ਉਹਨੂੰ ਖ਼ਿਆਲ ਆਇਆ ਕਿ ਜਿਵੇਂ ਖ਼ਲੀਫਾ ਨੇ ਉਹਨੂੰ ਬੁੱਧੂ ਬਣਾਇਆ ਸੀ ਕਿਉਂ ਨ ਉਹ ਵੀ ਉਸਤੋਂ ਆਪਣਾ ਬਦਲਾ ਲਵੇ !”
ਉਹਨੂੰ ਉਸੇ ਵੇਲੇ ਇਕ ਵਿਉਂਤ ਸੁਝੀ। ਉਹ ਆਪਣੀ ਵਹੁਟੀ ਨੂੰ ਕਹਿਣ ਲੱਗਾ, “ਅਸੀਂ ਦੋਵੇਂ ਝੂਠੀ ਮੂਠੀ ਮਰਨ ਦਾ ਬਹਾਨਾ ਕਰੀਏ । ਮੈਂ ਲੇਟ ਜਾਵਾਂਗਾ ਤੇ ਤੂੰ ਮੇਰੇ ਤੇ ਕੱਫ਼ਣ ਪਾ ਦਈਂ ਤੇ ਰੋਂਦੀ ਪਿੱਟਦੀ ਬੇਗਮ ਜ਼ਬੈਦਾ ਪਾਸ ਜਾ ਕੇ ਉਹਨੂੰ ਮੇਰੀ ਮੌਤ ਦੀ ਖ਼ਬਰ ਸੁਣਾ ਦਈਂ। ਉਹ ਤੈਨੂੰ ਮੇਰੇ ਦੱਬਣ ਲਈ ਦੋ ਸੌ ਮੁਹਰਾਂ ਦਵੇਗੀ । ਤੇ ਫੇਰ ਤੇਰੀ ਵਾਰੀ ਆਏਗੀ । ਤੇ ਮਰਨ ਦਾ ਬਹਾਨਾ ਕਰੀਂ ਤੇ ਮੈਂ ਖ਼ਲੀਫ਼ਾ ਨੂੰ ਰੋਂਦਾ ਪਿੱਟਦਾ ਇਹ ਖ਼ਬਰ ਜਾ ਸੁਣਾਵਾਂਗਾ ਤੇ ਉਹ ਵੀ ਮੈਨੂੰ ਦੋ ਸੌ ਮੁਹਰਾਂ ਦੇ ਦਵੇਗਾ।''
ਸੋ ਦੋਹਾਂ ਨੇ ਇਸੇ ਤਰ੍ਹਾਂ ਹੀ ਕੀਤਾ। ਪਹਿਲੋਂ ਨਜ਼ਾਤੁਲ ਫੁਆਦ ਰੋਂਦੀ ਕੁਰਲਾਉਂਦੀ ਬੇਗਮ ਪਾਸ ਗਈ । ਬੇਗਮ ਨੇ ਅਬੂ ਦੀ ਮੌਤ ਤੇ ਬੜਾ ਦੁਖ ਪਰਗਟ ਕੀਤਾ ਅਤੇ ਖ਼ਰਚ ਲਈ ਦੋ ਸੌ ਮੁਹਰਾਂ ਦਿੱਤੀਆਂ । ਫੇਰ ਅਬੂ ਦੀ ਵਾਰੀ ਆਈ । ਉਹ ਖਲੀਫ਼ੇ ਪਾਸ ਗਿਆ ਅਤੇ ਬੜੀ ਬੁਰੀ ਸ਼ਕਲ ਬਣਾ ਕੇ ਆਪਣੀ ਵਹੁਟੀ ਦੇ ਮਰਨ ਦੀ ਖ਼ਬਰ ਜਾ ਸੁਣਾਈ । ਬੇਗ਼ਮ ਵਾਂਝ ਖਲੀਫੇ ਨੇ ਵੀ ਉਹਦੀ ਵਹੁਟੀ ਦੀ ਮੌਤ ਤੇ ਦਿਲੀ ਹਮਦਰਦੀ ਦਿਖਾਈ ਅਤੇ ਉਹਦੀ ਅੰਤਿਮ ਕਿਰਿਆ ਲਈ ਦੋ ਸੌ ਮੁਹਰਾਂ ਦਿੱਤੀਆਂ ।
ਅਬੂਹਸਨ ਅਤੇ ਉਹਦੀ ਵਹੁਟੀ ਆਪਣੀ ਸਫਲਤਾ ਤੇ ਬਹੁਤ ਹੀ ਖ਼ੁਸ਼ ਹੋਏ ਅਤੇ ਮੁਹਰਾਂ ਦਾ ਢੇਰ ਸਾਹਮਣੇ ਰਖ ਕੇ ਬੜਾ ਚਿਰ ਹਸ ਹਸ ਦੂਹਰੇ ਹੁੰਦੇ ਰਹੇ ।
ਉਧਰ ਜਦ ਖਲੀਫ਼ਾ ਜ਼ਬੈਦਾ ਨਾਲ ਉਹਦੀ ਸਭ ਤੋਂ ਪਿਆਰੀ ਗੋਲੀ ਦੀ ਮੌਤ ਤੇ ਅਫ਼ਸੋਸ ਕਰਨ ਗਿਆ ਤਾਂ ਅਗੋਂ ਜ਼ਬੈਦਾ ਬੜੇ ਦੁਖੀ ਹਿਰਦੇ ਨਾਲ ਖਲੀਫ਼ਾ ਨੂੰ ਅਬੂ ਦੇ ਮਰਨ ਦੀ ਖ਼ਬਰ ਸੁਣਾਉਣ ਲਗ ਪਈ ।
ਇਹ ਸੁਣ ਕੇ ਖਲੀਫ਼ੇ ਦਾ ਹਾਸਾ ਨਿਕਲ ਗਿਆ ਅਤੇ ਉਹ ਕਹਿਣ ਲੱਗਾ, 'ਤੈਨੂੰ ਜ਼ਰੂਰ ਟਪਲਾ ਲੱਗਾ ਏ ! ਉਹ ਤਾਂ ਅਬੂ ਦੀ ਵਹੁਟੀ ਮਰੀ ਏ ਨਾ ਕਿ ਅਬੂ !'
ਰਾਣੀ ਕਹਿਣ ਲੱਗੀ, ''ਤੁਸੀਂ ਵੀ ਹੱਦ ਕਰਦੇ ਓ ! ਕਿਤੇ ਭੁਲੇਖੇ 'ਚ ਨਾ ਰਹਿਣਾ । ਉਹ ਤਾਂ ਅਬੂ ਮਰਿਆ ਏ । ਨਜ਼ਾਤੁਲ ਫ਼ੁਆਦ ਤਾਂ ਹੁਣ ਇਥੋਂ ਹੋ ਕੇ ਗਈ ਏ । ਵਿਚਾਰੀ ਦਾ ਰੋ ਰੋ ਕੇ ਕੀ ਹਾਲ ਹੋਇਆ ਏ !”
ਇਸ ਤਰਾਂ ਕਿਤਨਾ ਚਿਰ ਦੋਹਾਂ ਵਿਚ ਬੜੀ ਦੇਰ ਤਕ ਤਕਰਾਰ ਹੁੰਦੀ ਰਹੀ ! ਖ਼ਲੀਫ਼ਾ ਕਹੇ ਨਜ਼ਾਤੁਲ ਫ਼ੁਆਦ ਮਰੀ ਹੈ, ਰਾਣੀ ਕਹੇ ਅਬੂ ਮਰਿਆ ਹੈ । ਆਖ਼਼ਰ ਫੈਸਲਾ ਇਹ ਹੋਇਆ ਕਿ ਇਸ ਗੱਲ ਦੀ ਤਸਦੀਕ ਕਰਨ ਲਈ ਖ਼ਲੀਫਾ ਦੇ ਪੁਰਾਣੇ ਨੌਕਰ ਮਸਰੂਰ ਨੂੰ ਭੇਜਿਆ ਜਾਏ !
ਅਬੂਹਸਨ ਅਗੇ ਹੀ ਤਾੜ ਵਿਚ ਸੀ ਕਿ ਖ਼ਲੀਫ਼ਾ ਵਲੋਂ ਕੋਈ ਨਾ ਕੋਈ ਜ਼ਰੂਰ ਉਹਨਾਂ ਵਲ ਆਏਗਾ । ਇਸ ਲਈ ਜਦ ਉਹਨੇ ਦੂਰੋਂ ਮਸਰੂਰ ਨੂੰ ਆਉਂਦਿਆਂ ਵੇਖਿਆ ਤਾਂ ਉਹਨੇ ਨਜ਼ਾਤੁਲ ਫ਼ੁਆਦ ਨੂੰ ਕਿਹਾ, “ਮਸਰੂਰ ਸਾਡੇ ਘਰ ਵੱਲ ਆ ਰਿਹਾ ਏ । ਮੇਰਾ ਖ਼ਿ਼ਆਲ ਏ ਕਿ ਖਲੀਫ਼ਾ ਨੇ ਉਹਨੂੰ ਇਹ ਵੇਖਣ ਲਈ ਭੇਜਿਆ ਏ ਕਿ ਸਾਡੇ ਦੋਹਾਂ ਵਿਚੋਂ ਕੌਣ ਮਰਿਆ ਏ । ਤੂੰ ਝਟ ਪਟ ਕੱਫਣ ਤਾਣ ਕੇ ਲੇਟ ਜਾ ਤੇ ਹਿੱਲੀਂ ਬਿਲਕੁਲ ਨਾ !”
ਨਜ਼ਾਤੁਲ ਫ਼ੁਆਦ ਹਾਲੀਂ ਲੇਟੀ ਹੀ ਸੀ ਕਿ ਮਸਰੂਰ ਨੇ ਆ ਬੂਹਾ ਖੜਕਾਇਆ । ਅਬੂਹਸਨ ਬੁਰਾ ਜਿਹਾ ਮੂੰਹ ਬਣਾ ਕੇ ਬੂਹਾ ਖੋਲ੍ਹਣ ਗਿਆ । ਨਜ਼ਾਲਤੁਲ ਫ਼ੁਆਦ ਤੇ ਕੱਫ਼ਣ ਪਿਆ ਹੋਇਆਂ ਵੇਖ ਕੇ ਉਹ ਮੁੜਦੇ ਪੈਰੀਂ ਚਲਾ ਗਿਆ ਅਤੇ ਜੋ ਕੁਝ ਉੱਥੇ ਵੇਖਿਆ ਸੀ ਉਹਨੇ ਖ਼਼ਲੀਫ਼ੇ ਨੂੰ ਜਾ ਦੱਸਿਆ।
ਜਦੋਂ ਰਾਣੀ ਨੇ ਮਸਰੂਰ ਦਾ ਬਿਆਨ ਸੁਣਿਆ ਤਾਂ ਉਹਨੂੰ ਬੜਾ ਗੁੱਸਾ ਆਇਆ । ਉਹਨੇ ਸਮਝਿਆ ਕਿ ਉਹਨੇ ਜਾਣ ਬੁਝ ਕੇ ਖ਼ਲੀਫੇ ਦਾ ਪੱਖ ਕੀਤਾ ਹੈ । ਇਸ ਲਈ ਉਹਨੇ ਆਪਣੀ ਇਕ ਬੁੱਢੀ ਨੌਕਰਾਣੀ ਨੂੰ, ਜਿਹੜੀ ਬੜੀ ਸਿਆਣੀ ਅਤੇ ਸੱਚੀ ਸੀ, ਇਸ ਗੱਲ ਦੇ ਝੂਠ ਸੱਚ ਦਾ ਪਤਾ ਲਾਉਣ ਲਈ ਭੇਜਿਆ ।
ਬੁੱਢੀ ਨੌਕਰਾਣੀ ਬੜੀ ਕਾਹਲੀ ਕਾਹਲੀ ਅਬੂ ਦੇ ਘਰ ਵਲ ਗਈ ! ਅਬੂ ਪਹਿਲਾਂ ਹੀ ਉਡੀਕ ਵਿਚ ਸੀ ਕਿ ਹੁਣ ਰਾਣੀ ਦੀ ਵਾਰੀ ਹੈ ਅਤੇ ਉਹ ਜ਼ਰੂਰ ਕਿਸੇ ਨਾ ਕਿਸੇ ਨੂੰ ਉਹਦੇ ਵੱਲ ਭੇਜੇਗੀ । ਸੋ ਜਦੋਂ ਉਹਨੇ ਬਾਰੀ ਵਿਚੋਂ ਬੁੱਢੀ ਨੂੰ ਆਉਂਦਿਆਂ ਵੇਖਿਆ ਉਹ ਅਪਣੀ ਵਹੁਟੀ ਨੂੰ ਸਮਝਾ ਬੁਝਾ ਕੇ ਕੱਫ਼ਣ ਤਾਣ ਕੇ ਲੰਮਾ ਪੈ ਗਿਆ ਅਤੇ ਨਜ਼ਾਤੁਲ ਫ਼ੁਆਦ ਜਾਰੋ ਜ਼ਾਰ ਰੋਦਿਆਂ ਕਹਿਣ ਲੱਗੀ, 'ਹਾਏ ਵੇ ਕਿੱਥੇ ਚਲਾ ਗਿਆ ਏਂ, ਮੇਰੇ ਸਾਈਆਂ, ਮੈਨੂੰ ਕੱਲੀ ਨੂੰ ਛੱਡ ਕੇ ! ਹਾਏ ਵੇ ਰੱਬਾ, ਜੇ ਮੈਨੂੰ ਇਹ ਦਿਨ ਵਖਾਉਣਾ ਸੀ, ਤਾਂ ਮੈਂ ਜੰਮਦੀ ਈ ਕਿਉਂ ਨਾ ਮਰ ਗਈ !'
ਬੁੱਢੀ ਨੇ ਨਜ਼ਾਤੁਲ ਫ਼ੁਆਦ ਦਾ ਇਹ ਹਾਲ ਵੇਖ ਕੇ ਸਾਰਾ ਹਾਲ ਰਾਣੀ ਨੂੰ ਜਾ ਸੁਣਾਇਆ । ਹੁਣ ਰਾਣੀ ਨੂੰ ਪੂਰਾ ਯਕੀਨ ਹੋ ਗਿਆ ਕਿ ਮਸਰੂਰ ਨੇ ਖ਼ਲੀਫ਼ੇ ਨੂੰ ਖ਼ੁਸ਼ ਕਰਨ ਲਈ ਸਰਾ ਸਰ ਝੂਠ ਬੋਲਿਆ ਹੈ ! ਜਦ ਰਾਣੀ ਨੇ ਮਸਰੂਰ ਨੂੰ ਬੁਲਾ ਕੇ ਝਾੜ ਪਾਈ ਤਾਂ ਮਸਰੂਰ ਨੇ ਕਿਹਾ, 'ਬੇਗ਼ਮ ਸਾਹਿਬਾ! ਮੈਂ ਜੋ ਕੁਝ ਅੱਖੀਂ ਵੇਖਿਆ ਏ ਕਹਿ ਸੁਣਾਇਆ ਏ । ਇਹ ਬੁਢੜੀ ਬਖੇੜਾ ਪਾਉਣ ਲਈ ਝੂਠੀਆਂ ਸੱਚੀਆਂ ਬਣਾ ਬਣਾ ਕੇ ਸੁਣਾ ਰਹੀ ਏ ।’
ਬੁੱਢੀ ਨੌਕਰਾਣੀ ਆਪਣੇ ਤੇ ਲੱਗੀ ਇਸ ਤੁਹਮਤ ਤੇ ਗੁੱਸੇ ਨਾਲ ਭੜਕ ਉੱਠੀ ਅਤੇ ਕਹਿਣ ਲੱਗੀ, “ਬਖੇੜਾ ਤਾਂ ਤੂੰ ਪਾ ਰਿਹਾ ਏਂ ਤੇ ਸਾਰੀ ਗੱਲ ਮੇਰੇ ਸਿਰ ਮੜ੍ਹ ਰਿਹਾ ਏਂ। ਕੁਝ ਸ਼ਰਮ ਕਰ । ਸਭ ਨੇ ਰੱਬ ਅੱਗੇ ਜਵਾਬ ਦੇਣਾ ਏਂ।”
ਜਦੋਂ ਇਹ ਝਗੜਾ ਵਧਦਾ ਗਿਆ ਤਾਂ ਖ਼ਲੀਫ਼ਾ ਹੈਰਾਨ ਸੀ ਕਿ ਅਸਲ ਵਿਚ ਗੱਲ ਕੀ ਹੈ । ਆਖ਼ਰ ਸੋਚ ਸੋਚ ਕੇ ਉਹਨੇ ਇਹ ਫ਼ੈਸਲਾ ਕੀਤਾ ਕਿ ਚਾਰੇ ਜਣੇ ਇਕੱਠੇ ਆਪਣੀ ਅਖੀਂ ਵੇਖ ਕੇ ਇਹ ਸਾਰਾ ਝਗੜਾ ਨਜਿੱਠ ਆਉਣ।
ਸੋ ਇਸ ਫ਼ੈਸਲੇ ਅਨੁਸਾਰ ਚਾਰੇ ਜਣੇ ਅਬੂ ਦੇ ਘਰ ਵਲ ਤੁਰ ਪਏ ।ਜਦੋਂ ਅਬੂ ਨੇ ਚੌਹਾਂ ਨੂੰ ਆਪਣੇ ਘਰ ਵਲ ਆਉਂਦਿਆਂ ਵੇਖਿਆ ਤਾਂ ਉਹਨੇ ਇਹ ਖ਼ਬਰ ਆਪਣੀ ਵਹੁਟੀ ਨੂੰ ਜਾ ਦਸੀ ।
ਉਹਦੀ ਵਹੁਟੀ ਦਾ ਰੰਗ ਫੱਕ ਹੋ ਗਿਆ । ਉਹ ਕਹਿਣ ਲਗੀ, “ਦਸ ਹੁਣ ਕੀ ਕਰੀਏ ! ਹੁਣ ਅਸੀਂ ਜ਼ਰੂਰ ਫਸ ਜਾਵਾਂਗੇ ।”
ਅਬੂਹਸਨ ਨੇ ਕਿਹਾ, ''ਤੂੰ ਰਤੀ ਫ਼ਿਕਰ ਨਾ ਕਰ । ਤੂੰ ਵੀ ਜਲਦੀ ਨਾਲ ਆਪਣੇ ਤੇ ਕਫ਼ਣ ਪਾ ਲੈ ਤੇ ਮੈਂ ਵੀ ਪਾ ਲੈਂਦਾ ਆਂ । ਫੇਰ ਵੇਖੀਂ ਕੀ ਮੌਜ ਮੇਲਾ ਬਣਦਾ ਏ !”
ਇਸ ਤਰ੍ਹਾਂ ਉਹ ਦੋਵੇਂ ਚੁਪ ਚਾਪ ਕੱਫ਼ਣ ਤਾਣ ਕੇ ਲੇਟ ਗਏ । ਜਦੋਂ ਚਾਰੇ ਜਣੇ ਖ਼ਲੀਫ਼ਾ, ਰਾਣੀ, ਮਸਰੂਰ ਅਤੇ ਬੁੱਢੀ ਉੱਥੇ ਪਹੁੰਚੇ, ਤਾਂ ਉਹਨਾਂ ਦੋਹਾਂ ਨੂੰ ਮਰਿਆ ਪਿਆਂ ਵੇਖ ਕੇ ਹੋਰ ਵੀ ਹੈਰਾਨ ਹੋਏ ।
ਰਾਣੀ ਕਹਿਣ ਲੱਗੀ, “ਵੇਖੋ, ਦੋਵੇਂ ਹੀ ਮਰੇ ਪਏ ਨੇ । ਅਬੂ ਤਾਂ ਮਰ ਈ ਗਿਆ ਸੀ । ਪਰ ਵਿਚਾਰੀ ਨਜ਼ਾਤਲ ਫ਼ੁਆਦ ਵੀ ਆਪਣੇ ਪਤੀ ਦੀ ਮੌਤ ਦੇ ਦੁਖ ਨੂੰ ਨਾ ਸਹਾਰਦੀ ਹੋਈ ਨਾਲ ਈ ਚਲ ਬਸੀ ਏ !”
ਖ਼ਲੀਫ਼ੇ ਨੇ ਕਿਹਾ, “ਤੂੰ ਫੇਰ ਮੂਰਖਾਂ ਵਾਲੀਆਂ ਗੱਲਾਂ ਕਰਦੀ ਏਂ ! ਮੈਂ ਤੈਨੂੰ ਦੱਸਿਆ ਨਹੀਂ ਕਿ ਅਬੂਹਸਨ ਨੇ ਆਪ ਆ ਕੇ ਮੈਨੂੰ ਆਪਣੀ ਵਹੁਟੀ ਦੇ ਮਰਨ ਦੀ ਇਤਲਾਹ ਦਿੱਤੀ ਏ । ਪਰ ਤੂੰ ਆਪਣੀ ਗੱਲ ਈ ਦੱਬੀ ਜਾਨੀ ਏਂ ! ”
ਉਧਰ ਜ਼ਬੈਦਾ ਵੀ ਆਪਣੀ ਗੱਲ ਤੇ ਅੜੀ ਰਹੀ ਅਤੇ ਝਗੜਾ ਫੇਰ ਵਧ ਗਿਆ । ਆਖ਼ਰ ਤੰਗ ਆ ਕੇ ਉਹਨੇ ਉੱਚੀ ਸਾਰੀ ਕਿਹਾ, “ਜਿਹੜਾ ਵੀ ਕੋਈ ਮੈਨੂੰ ਇਹ ਸੱਚ ਸੱਚ ਦੱਸੇ ਕਿ ਦੋਹਾਂ ਵਿਚੋਂ ਪਹਿਲਾਂ ਕੌਣ ਮਰਿਆ ਏ, ਮੈਂ ਉਹਨੂੰ ਇਕ ਹਜ਼ਾਰ ਮੁਹਰਾਂ ਇਨਾਮ ਦਵਾਂਗਾ !"
ਜਿਉਂ ਹੀ ਅਬੂ ਨੇ ਇਹ ਗੱਲ ਸੁਣੀ ਉਹ ਭੁੜਕ ਕੇ ਉਠ ਬੈਠਾ ਅਤੇ ਕਹਿਣ ਲੱਗਾ, ''ਪਹਿਲਾਂ ਮੈਂ ਮਰਿਆ ਸਾਂ, ਹਜ਼ੂਰ । ਹੋਰ ਗੱਲਾਂ ਅਸੀਂ ਫੇਰ ਕਰਾਂਗੇ, ਪਹਿਲਾਂ ਆਪਣੇ ਇਕਰਾਰ ਬਮੂਜਬ ਮੈਨੂੰ ਇਕ ਹਜ਼ਾਰ ਮੁਹਰਾਂ ਦੇ ਲਓ ।”
ਅਬੂ ਨੂੰ ਉਠਿਆਂ ਵੇਖ ਕੇ ਨਜ਼ਾਤੁਲ ਫੁਆਦ ਵੀ ਉਠ ਪਈ ਅਤੇ ਕਹਿਣ ਲੱਗੀ, “ਮੈਂ ਵੀ ਜੀਉਂਦੀ ਆਂ । ਅਸੀਂ ਦੋਵਾਂ ਨੇ ਮਰਨ ਦਾ ਬਹਾਨਾ ਕੀਤਾ ਸੀ । ਬੇਗਮ ਨੂੰ ਤਾਂ ਇਸ ਚਲਾਕੀ ਤੇ ਬੜਾ ਗੁੱਸਾ ਚੜ੍ਹਿਆ ਖ਼ਲੀਫ਼ਾ ਬਹੁਤ ਹੀ ਹੱਸਿਆ ਅਤੇ ਹੱਸਦਿਆਂ ਹੱਸਦਿਆਂ ਇਹ ਵੀ ਕਹੀ ਗਿਆ, ਅਬੂੁ, ਤੂੰ ਬਹੁਤ ਅਜੀਬ ਆਦਮੀ ਏਂ !''
ਬੇਗਮ ਨੇ ਕਿਹਾ, ''ਤੂੰ ਪੈਸੇ ਲਈ ਜੂ ਐਨਾ ਢੋਂਗ ਰਚਾਇਆ ਏ, ਸਿੱਧੇ ਮੂੰਹੋਂ ਮੰਗ ਲੈਂਦਾ, ਅਸੀਂ ਤੈਨੂੰ ਕੋਈ ਨਾਂਹ ਥੋੜ੍ਹੀ ਕਰਨੀ ਸੀ ?''
ਨਜ਼ਾਤੁਲ ਫੁਆਦ ਕਹਿਣ ਲੱਗੀ, "ਸਾਨੂੰ ਪੈਸਾ ਮੰਗਦਿਆਂ ਸ਼ਰਮ ਆਉਂਦੀ ਸੀ ।”
ਅਬੂਹਸਨ ਕਹਿਣ ਲੱਗਾ, 'ਮੈਂ ਆਪਣਾ ਸਾਰਾ ਪੈਸਾ ਖ਼ਤਮ ਕਰ ਚੁੱਕਾ ਸਾਂ । ਮੈਂ ਖ਼ਲੀਫ਼ੇ ਕੋਲੋਂ ਕਿਸ ਮੂੰਹ ਨਾਲ ਮੰਗ ਸਕਦਾ ਸਾਂ। ਜਦੋਂ ਮੈਂ ਕਵਾਰਾ ਸਾਂ ਤਾਂ ਮੇਰੇ ਗੁਜ਼ਾਰੇ ਲਈ ਕਾਫ਼ੀ ਕੁਝ ਸੀ, ਪਰ ਵਿਆਹ ਤੋਂ ਪਿੱਛੋਂ ਮੇਰਾ ਖ਼ਰਚ ਬਹੁਤ ਵੱਧ ਗਿਆ ਏ । ਜਿੰਨਾ ਵੀ ਪੈਸਾ ਮੇਰੇ ਪਾਸ ਹੋਵੇ ਪਾਣੀ ਵਾਂਗ ਵਗ ਜਾਂਦਾ ਏ ! ਇਸ ਲਈ, ਹਜ਼ੂਰ, ਪਹਿਲੋਂ ਇਨਾਮ ਵਾਲੀਆਂ ਹਜ਼ਾਰ ਮੁਹਰਾਂ ਦੇ ਲਓ ।’
ਇਹ ਸੁਣ ਕੇ ਖ਼਼ਲੀਫ਼ਾ ਅਤੇ ਰਾਣੀ ਦੋਵੇਂ ਖਿੜ ਖਿੜਾ ਕੇ ਹੱਸ ਪਏ ਅਤੇ ਮਹੱਲ ਵਿਚ ਪਹੁੰਚਦਿਆਂ ਹੀ ਇਕ ਹਜ਼ਾਰ ਮੁਹਰਾਂ ਭੇਜ ਦਿੱਤੀਆਂ ਅਤੇ ਅਬੂ ਦੇ ਨਾਂ ਇਕ ਵੱਡੀ ਸਾਰੀ ਜਗੀਰ ਲਾ ਦਿੱਤੀ ਤਾਂ ਜੋ ਉਹਦਾ ਗੁਜ਼ਾਰਾ ਚੱਲ ਸਕੇ !