Do Yadgari Aansu (Punjabi Story) : Gurbakhsh Singh Preetlari
ਦੋ ਯਾਦਗਾਰੀ ਆਂਸੂ (ਕਹਾਣੀ) : ਗੁਰਬਖ਼ਸ਼ ਸਿੰਘ ਪ੍ਰੀਤਲੜੀ
ਅਸੀਂ ਇਕ ਦੁਕਾਨ ਤੋਂ ਕੁਝ ਖਰੀਦ ਰਹੇ ਸਾਂ — ਮੈਂ ਤੇ ਮੇਰਾ ਮਿੱਤਰ — ਅੰਮ੍ਰਿਤਸਰ ਸ਼ਹਿਰ ਦਾ ਇਕ ਮਿੱਤਰ। ਸਾਡੇ ਸਾਹਮਣੇ ਜ਼ਰਾ ਕੁ ਦੁਰਾਡੇ ਇਕ ਸਾਈਕਲ-ਸਵਾਰ ਕਿਸੇ ਛਿੱਲੜ-ਮਿੱਲੜ ਤੋਂ ਤਿਲ੍ਹਕ ਕੇ ਡਿੱਗ ਪਿਆ, ਉਹਦੇ ਪਿੱਛੇ ਬੱਧੀਆਂ ਕਿਤਾਬਾਂ ਖਿੱਲਰ ਗਈਆਂ। ਦੋ ਨੌਜਵਾਨ ਮੁੰਡੇ ਖਿੜ ਖਿੜਾ ਕੇ ਹੱਸਣ ਲੱਗ ਪਏ। ਡਿੱਗਣ ਵਾਲਾ ਉਠਿਆ ਤੇ ਖਿੱਲਰੀਆਂ ਕਿਤਾਬਾਂ ਇਕੱਠੀਆਂ ਕਰਨ ਲੱਗ ਪਿਆ। ਹੱਸਣ ਵਾਲੇ ਮੁੰਡਿਆਂ ਨੇ ਕੋਈ ਮਦਦ ਨਾ ਕੀਤੀ ਤੇ ਨਾ ਕਿਸੇ ਹੋਰ ਨੇ ਹੀ ਹੱਥ ਵਟਾਇਆ। ਕਿਤਾਬਾਂ ਚੋਖੀਆਂ ਸਨ — ਰਾਹੀ ਕਦਮ ਬਚਾਅ ਕੇ ਜਾਂ ਬੇ-ਧਿਆਨੇ ਹੀ ਉਤੋਂ ਦੀ ਲੰਘ ਗਏ।
ਏਨੇ ਨੂੰ ਇਕ ਸਾਈਕਲ-ਸਵਾਰ ਉਧਰੋਂ ਲੰਘਿਆ। ਵੇਖ ਕੇ ਫੌਰਨ ਖੜੋ ਗਿਆ ਤੇ ਉਸ ਨੇ ਬਾਕੀ ਕਿਤਾਬਾਂ ਇਕੱਠੀਆਂ ਕਰ ਦਿੱਤੀਆਂ, ਸਾਈਕਲ ਦਾ ਹੈਂਡਲ ਡਿੰਗਾ ਹੋ ਗਿਆ ਸੀ, ਸਿੱਧਾ ਕੀਤਾ ਤੇ ਕਿਤਾਬਾਂ ਸਾਈਕਲ ਪਿੱਛੇ ਬੰਨ੍ਹਾ ਕੇ ਉਹਨੂੰ ਇਕ ਪਾਸੇ ਤੋਰਿਆ ਤੇ ਆਪ ਦੂਜੇ ਪਾਸੇ ਚਲਾ ਗਿਆ।
ਮੇਰੇ ਮਿੱਤਰ ਨੇ ਆਖਿਆ ਕਿ ਮੈਂ ਇਸ ਨੌਜਵਾਨ ਨੂੰ ਚੰਗੀ ਤਰ੍ਹਾਂ ਵੇਖ ਲਵਾਂ। ਉਹਦੀ ਇਕ ਕਹਾਣੀ ਹੈ, ਜਿਹੜੀ ਉਹ ਮੈਨੂੰ ਜਾ ਕੇ ਸੁਣਾਨਗੇ।
ਇਹ ਸਿੱਖ ਲੜਕਾ ਉਨ੍ਹਾਂ ਦੱਸਿਆ, ਕਿ ਫ਼ਸਾਦਾਂ ਦੇ ਬਾਅਦ ਬਿਲਕੁਲ ਹੀ ਬਦਲ ਗਿਆ ਹੈ, ਪਹਿਲੋਂ ਇਹ ਖ਼ਾਸਾ ਸ਼ਰਾਰਤੀ ਸਮਝਿਆ ਜਾਂਦਾ ਸੀ।
੧੯੪੭ ਦੇ ਸ਼ੁਰੂ ਅਗਸਤ ਵਿਚ ਏਥੇ ਬੜਾ ਰੌਲਾ-ਗੌਲਾ ਸੀ, ਤੇ ਧੁਮਾਇਆ ਜਾਂਦਾ ਸੀ ਕਿ ਸ਼ੇਖੂਪੁਰੇ ਤੇ ਇਕ-ਦੋ ਹੋਰ ਥਾਈਂ ਮੁਸਲਮਾਨਾਂ ਨੇ ਸਿੱਖ ਲੜਕੀਆਂ ਦਾ ਜਲੂਸ ਬਾਜ਼ਾਰਾਂ ਵਿਚ ਕੱਢਿਆ ਸੀ। ਪਰ ਕਿਸੇ ਨੇ ਸੱਚ ਝੂਠ ਪਰਖਣ ਦੀ ਖੇਚਲ ਨਾ ਕੀਤੀ ਤੇ ਦਿਲ ਭੜਕਦੇ ਗਏ।
ਸਿੱਖ ਮੰਡਿਆਂ ਦੀ ਇਕ ਜੁੰਡਲੀ ਨੇ ਇਰਾਦਾ ਕੀਤਾ ਕਿ ਉਹ ਕਿਸੇ ਬੋਰਡਿੰਗ ਹਾਊਸ ਵਿਚੋਂ ਮੁਸਲਮਾਨ ਕੁੜੀਆਂ ਨੂੰ ਕੱਢ ਕੇ ਲਿਆਉਣਗੇ ਤੇ ਉਨ੍ਹਾਂ ਦਾ ਜਲੂਸ ਕੱਢਣਗੇ। ਉਨ੍ਹਾਂ ਇਕ ਥਾਂ ਤਾੜ ਲਈ ਜਿਥੋਂ ਭਾਵੇਂ ਬਹੁਤੀਆਂ ਕੁੜੀਆਂ ਚਲੀਆਂ ਗਈਆਂ ਸਨ, ਪਰ ਅਜੇ ਵੀ ਪੰਜ-ਛੇ ਬਾਕੀ ਸਨ, ਜਿਨ੍ਹਾਂ ਦੇ ਮਾਪੇ ਪਹੁੰਚ ਨਹੀਂ ਸਨ ਸਕੇ — ਉਹ ਆਪ ਕਿਧਰੇ ਫਸ ਗਏ ਹੋਣਗੇ।
ਰਾਤ ਨੂੰ ਪਹਿਰੇਦਾਰ ਨੂੰ ਹਰਾ ਕੇ ਮੁੰਡੇ ਅੰਦਰ ਵੜ ਗਏ। ਸਲਾਹ ਉਨ੍ਹਾਂ ਇਹ ਬਣਾਈ ਕਿ ਉਹ ਇਕ ਇਕ ਕੁੜੀ ਦਾ ਚਾਰਜ ਲੈ ਕੇ ਆਪਣੇ ਰਾਹ ਚਲੇ ਜਾਣਗੇ, ਤਾਂ ਕਿ ਰਸਤੇ ਵਿਚ ਬਹੁਤੀਆਂ ਵੇਖ ਕੇ ਕੋਈ ਰੁਕਾਵਟ ਨਾ ਪੈ ਜਾਵੇ।
ਇਹ ਨੌਜਵਾਨ ਜਦੋਂ ਕੁੜੀ ਦੇ ਕਮਰੇ ਵਿਚ ਗਿਆ ਤਾਂ ਉਹਦਾ ਸਹਿਮਿਆ ਹੋਇਆ ਬੇਬਸ ਚਿਹਰਾ ਵੇਖ ਕੇ ਇਹਦੇ ਉਤੇ ਅਜੀਬ ਹੀ ਅਸਰ ਹੋਇਆ।
"ਮੈਂ ਕਦੇ ਜ਼ਿੰਦਗੀ ਭਰ ਇਹੋ ਜਿਹੀ ਸੂਰਤ ਨਹੀਂ ਸੀ ਵੇਖੀ," ਉਹ ਦੱਸਦਾ ਸੀ, "ਉਹਦੀਆਂ ਅੱਖਾਂ ਪੁੱਛਦੀਆਂ ਸਨ: ਹੁਣ ਤੁਸੀਂ ਮੇਰੇ ਨਾਲ ਕੀ ਕਰੋਗੇ — ਮਾਰ ਦਿਓਗੇ? … ਉਸ ਐਡੀ ਡਰੀ ਹੋਈ ਇਨਸਾਨੀ ਸੂਰਤ ਵਿਚ ਆਪਣੇ ਬਚਾਅ ਲਈ ਤਰਲਾ ਕਰਨ ਦਾ ਹੀਆ ਵੀ ਨਹੀਂ ਸੀ। ਸਿਰਫ਼ ਐਨਾ ਪੁੱਛਣਾ ਚਾਹੁੰਦੀ ਸੀ, ਮੈਂ ਉਹਦੇ ਨਾਲ ਕੀ ਕਰਾਂਗਾ?"
"ਤੁਸੀਂ ਠੀਕ ਬੜੇ ਖ਼ਤਰੇ ਵਿਚ ਹੋ, ਪਰ ਜੇ ਤੁਸੀਂ ਮੇਰੇ ਉਤੇ ਭਰੋਸਾ ਕਰ ਸਕੋ ਤਾਂ ਹੋ ਸਕਦਾ ਹੈ, ਤੁਸੀਂ ਏਸ ਖ਼ਤਰੇ ਵਿਚੋਂ ਨਿਕਲ ਵੀ ਜਾਓ," ਉਸ ਨੇ ਲੜਕੀ ਨੂੰ ਆਖਿਆ।
ਲੜਕੀ ਬੋਲ ਨਾ ਸਕੀ, ਪਰ ਉਸ ਨੇ ਅੱਖਾਂ ਨਾਲ ਹੀ ਫੇਰ ਪੁੱਛਿਆ — ਕਿ ਕੀ ਉਹ ਕੋਈ ਆਸ ਕਰ ਸਕਦੀ ਹੈ?
"ਇਕ ਮਿੰਟ ਜ਼ਾਇਆ ਨਹੀਂ ਕੀਤਾ ਜਾ ਸਕਦਾ," ਪਰ ਮੁੰਡੇ ਦਾ ਲਹਿਜਾ ਕੁਝ ਮਿੱਤਰਾਨਾ ਸੀ, "ਤੁਸੀਂ ਛੇਤੀ ਨਾਲ ਆਪਣੇ ਉਹ ਕੱਪੜੇ ਕੱਢ ਲਵੋ ਜਿਹੜੇ ਹਿੰਦੂਆਂ ਸਿੱਖਾਂ ਨਾਲ ਮਿਲਦੇ-ਜੁਲਦੇ ਹੋਣ।"
ਲੜਕੀ ਨੇ ਟਰੰਕ ਫੋਲਿਆ! ਇਕ ਵਾਰ ਉਤਾਂਹ ਤੱਕਿਆ।
"ਹੋਰ ਕੁਝ ਨਾ ਸੋਚੋ — ਛੇਤੀ ਕਰੋ — ਜਿੰਨੇ ਕੁ ਖ਼ਤਰੇ ਵਿਚ ਤੁਸੀਂ ਹੋ, ਉਹ ਤੁਹਾਡੇ ਕਿਸੇ ਵੀ ਫ਼ੈਸਲੇ ਨਾਲ ਵਧ ਨਹੀਂ ਸਕਦਾ — ਘਟ ਗਿਆ ਤਾਂ ਸ਼ਾਇਦ ਮੈਂ ਤੁਹਾਡੇ ਨਾਲੋਂ ਘਟ ਖੁਸ਼ ਨਹੀਂ ਹੋਵਾਂਗਾ।"
ਲੜਕੀ ਨੇ ਇਕ ਛੋਟੇ ਜਿਹੇ ਅਟੈਚੀ ਵਿਚ ਕੁਝ ਕਪੜੇ ਤੇ ਕੁਝ ਚੀਜ਼ਾਂ ਪਾ ਲਈਆਂ। ਤਜਵੀਜ਼ ਅਨੁਸਾਰ ਇਕ ਲੜਕੀ ਤੇ ਲੜਕਾ ਉਸ ਮੁਹੱਲੇ ਵਿਚੋਂ ਨਿਕਲ ਗਏ। ਉਨ੍ਹਾਂ ਦੇ ਮਦਦਗਾਰ ਹੋਰ ਵੀ ਕੁਝ ਵਿੱਥ ਉਤੇ ਖੜ੍ਹੇ ਸਨ, ਤੇ ਹਥਿਆਰ ਸਾਰਿਆਂ ਕੋਲ ਸਨ।
ਇਨ੍ਹਾਂ ਸਾਰਿਆਂ ਨੇ ਸਵੇਰੇ ਇਕ ਥਾਂ ਇੱਕਠੇ ਹੋ ਸਾਂਝੀ ਸਲਾਹ ਬਣਾਈ ਸੀ, ਪਰ ਇਸ ਲੜਕੇ ਨੇ ਆਪਣੇ ਵਾਲੀ ਲੜਕੀ ਬਾਬਤ ਦੱਸਿਆ ਕਿ ਉਹ ਕਿਸੇ ਤਰ੍ਹਾਂ ਉਹਦੇ ਕੋਲੋਂ ਖੋਹੀ ਗਈ ਸੀ।
ਕਹਾਣੀ ਕੁਝ ਕੱਚੀ ਜਾਪਦੀ ਸੀ, ਪਰ ਇਹ ਲੜਕਾ ਲੀਡਰ ਸੀ ਤੇ ਸੱਚ ਬੋਲਣ ਦੀ ਸ਼ੁਹਰਤ ਰੱਖਦਾ ਸੀ।
ਇਹ ਲੜਕਾ ਉਹਨੂੰ ਦਰਬਾਰ ਸਾਹਿਬ ਲੈ ਆਇਆ ਸੀ, ਤੇ ਉਹਦਾ ਭਰੋਸਾ ਪੱਕਾ ਕਰਨ ਲਈ ਇਸ ਨੇ ਓਥੇ ਕਸਮ ਖਾਧੀ ਸੀ ਕਿ ਇਹ ਉਹਦਾ ਭਰਾ ਬਣੇਗਾ ਤੇ ਉਹਦੇ ਮਾਪਿਆਂ ਤਕ ਪਹੁੰਚਾਏਗਾ। ਆਪਣੀ ਭੈਣ ਨਾਲ ਉਸ ਇਹ ਸਾਜ਼ਸ਼ ਕੀਤੀ ਕਿ ਮੁਸਲਮਾਨ ਲੜਕੀ ਉਹਦੀ ਹਿੰਦੂ ਸਹੇਲੀ ਸੀ ਤੇ ਉਹਦੇ ਮਾਪੇ ਲਾਹੌਰ ਉੱਜੜ ਕੇ ਕਿਤੇ ਨਿੱਖੜ ਗਏ ਸਨ। ਮਾਪਿਆਂ ਨੇ ਕੁੜੀ ਨੂੰ ਆਦਰ ਦਿੱਤਾ ਤੇ ਉਹ ਮੁੰਡਾ ਰੋਜ਼ ਲਾਹੌਰੋਂ ਆਈਆਂ, ਅੰਮ੍ਰਿਤਸਰੋਂ ਮੁਸਲਮਾਨ ਕੱਢਣ ਵਾਲੀਆਂ ਲਾਰੀਆਂ 'ਤੇ ਜਾ ਕੇ ਸੁਨੇਹੇ ਘੱਲਦਾ, ਪਰ ਦੋ ਹਫ਼ਤੇ ਤਕ ਕੋਈ ਸੁਨੇਹਾ ਮੁੜ ਕੇ ਨਾ ਆਇਆ। ਇਕ ਦਿਨ ਉਹ, ਉਹਦੀ ਭੈਣ ਤੇ ਮੁਸਲਮਾਨ ਲੜਕੀ ਤਿੰਨੋਂ ਖ਼ਾਲਸਾ ਕਾਲਜ ਦੇ ਕੋਲ ਜਾ ਖਲੋਤੇ। ਮੁਸਲਮਾਨ ਕੁੜੀ ਦੇ ਹੱਥ ਵਿਚ ਇਕ ਚਿੱਠੀ ਸੀ, ਉਹ ਚਿੱਠੀ ਉਸ ਨੇ ਇਕ ਟਰੱਕ ਦੇ ਮੁਸਲਮਾਨ ਇਨਚਾਰਜ ਨੂੰ ਦੇ ਦਿੱਤੀ। ਉਹਦੇ ਵਿਚ ਮਾਤਾ-ਪਿਤਾ ਦਾ ਪਤਾ ਲਿਖਿਆ ਹੋਇਆ ਸੀ ਤੇ ਆਖਿਆ ਸੀ ਕਿ ਉਨ੍ਹਾਂ ਨੂੰ ਉਹ ਇਕ ਦਿਨ ਢੂੰਡ ਕੇ ਲੈ ਆਵੇ।
ਮੁਸਲਮਾਨ ਇਨਚਾਰਜ ਨੇ ਆਖਿਆ, ਕਿ ਉਹ ਉਹਦੇ ਨਾਲ ਚੱਲੇ, ਪਰ ਲੜਕੀ ਨੇ ਉਹਨੂੰ ਯਕੀਨ ਦੁਆਇਆ ਕਿ ਉਹ ਇਥੇ ਬੜੇ ਚੰਗੇ ਹੱਥਾਂ ਵਿਚ ਸੀ ਤੇ ਉਹ ਬਿਨਾਂ ਆਪਣੇ ਮਾਪਿਆਂ ਦੇ ਪਾਕਿਸਤਾਨ ਜਾਣ ਵਿਚ ਏਦੂੰ ਵਧ ਖ਼ਤਰਾ ਵੇਖਦੀ ਸੀ। ਫ਼ੈਸਲਾ ਹੋਇਆ ਕਿ ਮਾਤਾ ਜਾਂ ਪਿਤਾ ਨੇ ਆਉਣਾ ਹੋਵੇਗਾ ਉਸ ਤੋਂ ਇਕ ਦਿਨ ਪਹਿਲਾਂ ਪਤਾ ਦੇ ਦਿੱਤਾ ਜਾਵੇਗਾ ਤੇ ਦੂਜੇ ਦਿਨ ਉਹ ਲੜਕੀ ਉਥੇ ਲਿਆਂਦੀ ਜਾਵੇਗੀ।
ਅੱਗੇ ਜਿੰਨੇ ਸੁਨੇਹੇ ਉਹ ਲੜਕਾ ਦੇਂਦਾ ਸੀ, ਉਨ੍ਹਾਂ 'ਤੇ ਕੋਈ ਅਮਲ ਨਹੀਂ ਸੀ ਕੀਤਾ ਜਾਂਦਾ। ਹੁਣ ਲੜਕੀ ਦੇ ਰਵੱਈਏ ਨੇ ਮੁਸਲਮਾਨ ਇਨਚਾਰਜ ਉਤੇ ਬੜਾ ਅਸਰ ਕੀਤਾ। ਇਕ ਦਿਨ ਚਾਈਂ ਚਾਈਂ ਉਸ ਸਿੱਖ ਮੁੰਡੇ ਨੇ ਆਪਣੀ ਮੁਸਲਮਾਨ ਭੈਣ ਨੂੰ ਆ ਕੇ ਦੱਸਿਆ ਕਿ ਕਲ੍ਹ ਉਹਦੇ ਅੱਬਾ ਜੀ ਆਉਣਗੇ। ਉਸ ਸ਼ਾਮ ਦੋਵੇਂ ਭੈਣ-ਭਰਾ ਬੜਾ ਚਿਰ ਦਰਬਾਰ ਸਾਹਿਬ ਦੇ ਪੌੜਾਂ ਉਤੇ ਬੈਠੇ ਰਹੇ। ਖ਼ੁਸ਼ੀ ਸੀ ਮਿਲਾਪ ਦੀ, ਇਕ ਚੰਗਾ ਕੰਮ ਨੇਪਰੇ ਚਾੜ੍ਹਣ ਦੀ, ਪਰ ਉਦਾਸੀ ਸੀ ਜ਼ਿੰਦਗੀ ਨੂੰ ਪਲਟਾ ਦੇਣ ਵਾਲੀ ਦੋਸਤੀ ਦੇ ਬੇ-ਹੁੰਗਾਰਾ ਹੋ ਜਾਣ ਦੀ। ਸ਼ਾਇਦ ਫੇਰ ਕਦੇ ਮੇਲ ਹੋਣਾ ਹੀ ਨਹੀਂ — ਆਹ ਲਾਹੌਰ — ਆਹ ਅੰਮ੍ਰਿਤਸਰ, ਜੌੜੇ ਸ਼ਹਿਰਾਂ ਵਿਚ ਪ੍ਰਦੇਸਾਂ ਦੀ ਵਿੱਥ ਪੈ ਜਾਵੇਗੀ।
ਖ਼ਾਲਸਾ ਕਾਲਜ ਦੇ ਕੋਲ ਟਰੱਕ ਆ ਖਲੋਤਾ। ਉਹਦੇ ਵਿਚੋਂ ਇਕ ਬੜੇ ਸੰਜੀਦਾ ਮੁਸਲਮਾਨ ਨੇ ਉਤਰ ਕੇ ਆਪਣੀ ਧੀ ਨੂੰ ਗਲ਼ ਨਾਲ ਲਾ ਲਿਆ। ਕੁੜੀ ਨੇ ਕਾਹਲੀ ਨਾਲ ਆਪਣੇ ਸਿੱਖ ਭਰਾ ਵਲ ਉਹਦਾ ਧਿਆਨ ਕਰਾਇਆ। ਉਹਨੇ ਉਹਨੂੰ ਵੀ ਗਲ਼ ਨਾਲ ਲਾਇਆ, ਉਹਦੀ ਭੈਣ ਨੂੰ ਵੀ ਪਿਆਰ ਦਿੱਤਾ — ਉਸ ਮੁਸਲਮਾਨ ਨੂੰ ਸਭ ਕੁਝ ਭੁੱਲ ਗਿਆ ਮਾਲੂਮ ਹੁੰਦਾ ਸੀ: ਉਹ ਕੈਂਪਾਂ ਵਿਚ ਰੁਲ ਰਿਹਾ ਸੀ, ਉਹਦੇ ਇਕ ਲੜਕੇ ਨੂੰ ਗੋਲੀ ਵੀ ਲੱਗੀ ਸੀ, ਪਰ — ਉਹਦੀ ਲੜਕੀ ਨੂੰ ਕਿਸੇ ਨੇ ਪਨਾਹ ਦਿੱਤੀ ਤੇ ਉਹਦੇ ਤੱਕ ਪਹੁੰਚਾਅ ਦਿੱਤਾ ਸੀ — ਉਹ ਉਹਦੇ ਸਾਹਮਣੇ ਖਲੋਤੀ ਸੀ — ਜੋ ਕੁਝ ਉਹਦੇ ਨਾਲ ਹੋਇਆ ਉਹ ਕਦੇ ਪੂਰਾ ਵੀ ਹੋ ਸਕਦਾ ਹੈ — ਜਿਹੜੀ ਘਾਟ ਪੂਰੀ ਨਹੀਂ ਸੀ ਹੋਣੀ ਉਹ ਇਕ ਸਿੱਖ ਨੇ ਸੌ ਝੂਠ ਬੋਲ ਕੇ ਉਹਦੀ ਸਾਂਭ ਰੱਖੀ — ਉਹਦਾ ਰੋਮ ਰੋਮ ਸ਼ੁਕਰਗੁਜ਼ਾਰ ਸੀ। ਜਦੋਂ ਸਾਰਿਆਂ ਗਲ਼ ਬਾਹਵਾਂ ਪਾ ਦਿੱਤੀਆਂ। ਸਿੱਖ ਲੜਕੇ ਉਤੇ ਇਸ ਗੱਲ ਦਾ ਇਹੋ ਜਿਹਾ ਅਸਰ ਹੋਇਆ, ਕਿ ਉਹਦੀਆਂ ਅੱਖਾਂ ਵਿਚੋਂ ਦੋ ਵੱਡੇ ਵੱਡੇ ਅੱਥਰੂ ਤ੍ਰਿਪ ਕੇ ਕੁੜੀ ਦੇ ਦੁਪੱਟੇ ਉਤੇ ਡਿੱਗੇ, ਜਿਨ੍ਹਾਂ ਨੂੰ ਵੇਖ ਕੇ ਕੁੜੀ ਦੇ ਅੱਬਾ ਨੇ ਆਖਿਆ:
"ਸਰਦਾਰ ਸਾਹਿਬ! ਇਹ ਦੁਪੱਟਾ ਮੈਂ ਘਰ ਜਾ ਕੇ ਮੁਤਬੱਰਕ ਯਾਦ ਵਜੋਂ ਸਾਂਭਾਂਗਾ — ਕੌਮਾਂ ਦੀ ਹਨੇਰੀ ਰਾਤ ਵਿਚ ਦੋ ਚਮਕਦੇ ਤਾਰੇ — ਤੁਹਾਡੇ ਆਂਸੂ, ਉਹਦੇ ਉਤੇ ਡਿੱਗੇ ਹਨ — ਦੋਹਾਂ ਨੇ ਦੁਪੱਟੇ ਦੀ ਨੀਲਿੱਤਣ ਵਿਚ ਦੋ ਚਿੱਟੇ ਘੇਰੇ ਪਾ ਲਏ ਹਨ, ਮੈਂ ਇਨ੍ਹਾਂ ਨੂੰ ਚੁੰਮਿਆ ਕਰਾਂਗਾ ਤੇ ਅੱਲਾਹ-ਤਾਅਲਾ ਅੱਗੇ ਦੁਆ ਕਰਾਂਗਾ ਸਾਡੀ ਹਨੇਰੀ ਰਾਤ ਦਾ ਹਨੇਰ ਉਹ ਖ਼ਤਮ ਕਰੇ।"