Dosti Da Tiuhar : Roosi Baal Kahani
ਦੋਸਤੀ ਦਾ ਤਿਉਹਾਰ : ਰੂਸੀ ਬਾਲ ਕਹਾਣੀ
ਚੂਹਿਆਂ ‘ਤੇ ਵੱਡੀ ਮੁਸੀਬਤ ਆ ਪਈ । ਹਜ਼ਾਰਾਂ-ਲੱਖਾਂ ਚੂਹੇ ਮਰ ਗਏ । ਵੈਦ ਚੂਹਿਆਂ ਨੇ ਜ਼ਖਮੀਆਂ ਦੀ ਸੰਭਾਲ ਅਤੇ ਉਨ੍ਹਾਂ ਦੀ ਸੇਵਾ ਕੀਤੀ । ਚੂਹਿਆਂ ਦੇ ਸ਼ਹਿਰ ਵਿਚ ਅਜਿਹੀ ਭਿਆਨਕ ਆਫ਼ਤ ਪਹਿਲਾਂ ਕਦੇ ਨਹੀਂ ਆਈ ਸੀ । ਇਸ ਆਫ਼ਤ ਤੋਂ ਬਚਣ ਲਈ ਕੀ ਉਪਾਅ ਕੀਤਾ ਜਾਵੇ? ਇਸ ਲਈ ਚੂਹਿਆਂ ਨੇ ਇੱਕ ਸਭਾ ਬੁਲਾਈ । ਸਭਾ ਵਿਚ ਕਈ ਘੰਟੇ ਗੱਲਬਾਤ ਹੁੰਦੀ ਰਹੀ । ਅੰਤ ‘ਚ ਇੱਕ ਸਮਝਦਾਰ ਬੁੱਢੇ ਚੂਹੇ ਨੇ ਕਿਹਾ, ‘ਸਾਨੂੰ ਹਾਥੀਆਂ ਦੇ ਰਾਜੇ ਕੋਲ ਜਾ ਕੇ ਇਸ ਘਟਨਾ ਬਾਰੇ ਦੱਸਣਾ ਚਾਹੀਦਾ ਹੈ । ਉਹੀ ਸ਼ਹਿਰ ਦੇ ਰਸਤੇ ਆਪਣੇ ਝੁੰਡ ਦਾ ਆਉਣਾ-ਜਾਣਾ ਬੰਦ ਕਰਵਾ ਸਕਦਾ ਹੈ’ । ਬੁੱਢੇ ਚੂਹੇ ਦੀ ਗੱਲ ਮੰਨ ਲਈ ਗਈ । ਹਾਥੀ ਰਾਜਾ ਕੋਲ ਜਾਣ ਲਈ ਤਿੰਨ ਚੂਹੇ ਚੁਣੇ ਗਏ । ਤਿੰਨੇ ਚੂਹੇ ਹਾਥੀ ਰਾਜਾ ਕੋਲ ਗਏ ਤੇ ਉਸ ਨੂੰ ਪ੍ਰਣਾਮ ਕਰਕੇ ਬੋਲੇ, ‘ਮਹਾਰਾਜ! ਤੁਸੀਂ ਤਾਕਤਵਰ ਵੀ ਹੋ ਤੇ ਵੱਡੇ ਵੀ ਜਦੋਂ ਤੁਸੀਂ ਅਤੇ ਤੁਹਾਡੇ ਸਾਥੀ ਹਾਥੀ ਇਸ ਸ਼ਹਿਰ ਵਿਚੋਂ ਲੰਘਦੇ ਹਨ ਤਾਂ ਸਾਡਾ ਬਹੁਤ ਨੁਕਸਾਨ ਹੋ ਜਾਂਦਾ ਹੈ । ਅਸੀਂ ਬਹੁਤ ਹੀ ਬੇਵੱਸ ਅਤੇ ਛੋਟੇ ਹਾਂ । ਤੁਹਾਡੇ ਪੈਰਾਂ ਥੱਲੇ ਆ ਜਾਣ ਨਾਲ ਹਜ਼ਾਰਾਂ ਚੂਹੇ ਕੁਚਲੇ ਗਏ ਤੇ ਲੱਖਾਂ ਜ਼ਖਮੀ ਹੋ ਗਏ ਹਨ, ਜੇ ਤੁਸੀਂ ਫਿਰ ਸਾਡੇ ਸ਼ਹਿਰ ਰਾਹੀਂ ਹੋ ਕੇ ਜਾਓਗੇ ਤਾਂ ਸਾਡੇ ‘ਚੋਂ ਕੋਈ ਵੀ ਜਿੰਦਾ ਨਹੀਂ ਬਚੇਗਾ । ਇਸ ਲਈ ਅਸੀਂ ਤੁਹਾਨੂੰ ਇਹ ਕਹਿਣ ਆਏ ਹਾਂ ਕਿ ਮਹਾਰਾਜ, ਜਦੋਂ ਤੁਸੀਂ ਜੰਗਲ ਵਿਚ ਵਾਪਸ ਜਾਓ ਤਾਂ ਕਿਰਪਾ ਕਰਕੇ ਕਿਸੇ ਦੂਜੇ ਰਸਤੇ ਚਲੇ ਜਾਓ । ਤੁਹਾਡੀ ਇਸ ਕਿਰਪਾ ਨੂੰ ਅਸੀਂ ਕਦੇ ਨਹੀਂ ਭੁੱਲਾਂਗੇ ਤੇ ਸਦਾ ਤੁਹਾਡੇ ਦੋਸਤ ਬਣੇ ਰਹਾਂਗੇ । ਦੇਖਣ ਨੂੰ ਤਾਂ ਅਸੀਂ ਬਹੁਤ ਛੋਟੇ ਹਾਂ, ਫਿਰ ਵੀ ਕਦੇ ਨਾ ਕਦੇ ਤੁਹਾਡੇ ਕੰਮ ਆ ਸਕਦੇ ਹਾਂ ।'
ਹਾਥੀ ਰਾਜੇ ਨੇ ਚੂਹਿਆਂ ਦੀ ਗੱਲ ‘ਤੇ ਗੌਰ ਕੀਤੀ ਤੇ ਕਿਹਾ, ‘ਤੁਸੀਂ ਠੀਕ ਕਹਿੰਦੇ ਹੋ, ਜਾਓ ਫਿਕਰ ਨਾ ਕਰੋ, ਹੁਣ ਅਸੀਂ ਤੁਹਾਡੇ ਸ਼ਹਿਰ ਰਾਹੀਂ ਨਹੀਂ ਜਾਵਾਂਗੇ ।'
ਕਈ ਸਾਲਾਂ ਬਾਅਦ ਇੱਕ ਰਾਜੇ ਨੂੰ ਆਪਣੀ ਫੌਜ ਲਈ ਹਾਥੀਆਂ ਦੀ ਲੋੜ ਪਈ । ਉਸ ਨੇ ਵੱਧ ਤੋਂ ਵੱਧ ਹਾਥੀ ਫੜਨ ਲਈ ਕਈ ਆਦਮੀ ਜੰਗਲ ਵਿਚ ਭੇਜੇ । ਰਾਜੇ ਦੇ ਆਦਮੀ ਉਸੇ ਜੰਗਲ ਵਿਚ ਆਏ, ਜਿੱਥੇ ਹਾਥੀ ਰਾਜਾ ਅਤੇ ਉਸ ਦੇ ਸਾਥੀ ਰਹਿੰਦੇ ਸਨ । ਉਨ੍ਹਾਂ ਨੇ ਜੰਗਲ ‘ਚ ਕਈ ਵੱਡੇ-ਵੱਡੇ ਟੋਏ ਪੁੱਟੇ ਤੇ ਉਨ੍ਹਾਂ ਨੂੰ ਦਰੱਖਤਾਂ ਦੀਆਂ ਟਹਿਣੀਆਂ ਤੇ ਪੱਤਿਆਂ ਨਾਲ ਢੱਕ ਦਿੱਤਾ । ਹਾਥੀ ਰਾਜਾ ਤੇ ਉਸ ਦੇ ਬਹੁਤ ਸਾਰੇ ਸਾਥੀ ਉਨ੍ਹਾਂ ਟੋਇਆਂ ਵਿਚ ਡਿੱਗ ਪਏ ਅਤੇ ਫਸ ਗਏ । ਉਨ੍ਹਾਂ ਨੇ ਬਾਹਰ ਨਿੱਕਲਣ ਦੀ ਬੜੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ । ਥੋੜ੍ਹੀ ਦੇਰ ਬਾਅਦ ਰਾਜੇ ਦੇ ਆਦਮੀ ਕਈ ਪਾਲਤੂ ਹਾਥੀਆਂ ਨੂੰ ਲੈ ਕੇ ਆਏ । ਪਾਲਤੂ ਹਾਥੀਆਂ ਨੇ ਵੱਡੇ-ਵੱਡੇ ਮਜ਼ਬੂਤ ਰੱਸਿਆਂ ਦੀ ਮੱਦਦ ਨਾਲ ਜੰਗਲੀ ਹਾਥੀਆਂ ਨੂੰ ਟੋਇਆਂ ‘ਚੋਂ ਕੱਢਿਆ ਫਿਰ ਰਾਜੇ ਦੇ ਆਦਮੀਆਂ ਨੇ ਉਨ੍ਹਾਂ ਨੂੰ ਰੱਸਿਆਂ ਨਾਲ ਬੰਨ੍ਹ ਦਿੱਤਾ । ਇਸ ਤੋਂ ਬਾਅਦ ਉਹ ਸਾਰਾ ਹਾਲ ਰਾਜੇ ਨੂੰ ਦੱਸਣ ਲਈ ਰਾਜ ਮਹਿਲ ਵਾਪਸ ਚਲੇ ਗਏ । ਉਹ ਜਾਂਦੇ ਹੋਏ ਆਪਣੇ ਨਾਲ ਪਾਲਤੂ ਹਾਥੀਆਂ ਨੂੰ ਵੀ ਲੈ ਗਏ । ਰੁੱਖਾਂ ਨਾਲ ਬੱਝੇ ਜੰਗਲੀ ਹਾਥੀ ਪ੍ਰੇਸ਼ਾਨ ਅਤੇ ਘਬਰਾਏ ਹੋਏ ਸਨ । ਆਪਣੇ ਝੁੰਡ ਦੇ ਏਨੇ ਹਾਥੀਆਂ ਨੂੰ ਫਸੇ ਦੇਖ ਕੇ ਰਾਜਾ ਬਹੁਤ ਦੁਖੀ ਹੋਇਆ । ਉਸ ਨੇ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਬਹੁਤ ਸੋਚਿਆ, ਉਦੋਂ ਹੀ ਉਸ ਨੂੰ ਉਸ ਉੱਜੜੇ ਹੋਏ ਸ਼ਹਿਰ ਦੇ ਚੂਹਿਆਂ ਦਾ ਖਿਆਲ ਆਇਆ । ਝੁੰਡ ਦੇ ਕੁਝ ਹਾਥੀ ਟੋਏ ਵਿਚ ਫਸਣ ਤੋਂ ਬਚ ਗਏ ਸਨ । ਉਨ੍ਹਾਂ ਵਿਚ ਹਾਥੀ ਰਾਜੇ ਦੀ ਰਾਣੀ ਵੀ ਸੀ । ਹਾਥੀ ਰਾਜੇ ਨੇ ਆਪਣੀ ਰਾਣੀ ਨੂੰ ਤੁਰੰਤ ਚੂਹਿਆਂ ਦੇ ਸ਼ਹਿਰ ਜਾਣ ਅਤੇ ਉਨ੍ਹਾਂ ਨੂੰ ਸਾਰੀ ਗੱਲ ਦੱਸਣ ਲਈ ਕਿਹਾ।
ਰਾਣੀ ਤੁਰੰਤ ਚੂਹਿਆਂ ਦੇ ਸ਼ਹਿਰ ਵੱਲ ਤੁਰ ਪਈ । ਸ਼ਹਿਰ ਵਿਚ ਪਹੁੰਚ ਕੇ ਉਸ ਨੇ ਚੂਹਿਆਂ ਨੂੰ ਹਾਥੀਆਂ ਦੇ ਫੜੇ ਜਾਣ ਦੀ ਖਬਰ ਸੁਣਾਈ । ਹਾਥੀਆਂ ਦੀ ਮੁਸੀਬਤ ਬਾਰੇ ਸੁਣ ਕੇ ਚੂਹੇ ਬਹੁਤ ਦੁਖੀ ਹੋਏ । ਹਜ਼ਾਰਾਂ ਚੂਹੇ ਲਾਈਨਾਂ ਬਣਾ ਕੇ ਬੱਝੇ ਹੋਏ ਹਾਥੀਆਂ ਨੂੰ ਛੁਡਾਉਣ ਤੁਰ ਪਏ । ਜੰਗਲ ਪਹੁੰਚਦਿਆਂ ਹੀ ਹਰ ਹਾਥੀ ਦੀ ਰੱਸੀ ‘ਤੇ ਸੈਂਕੜੇ ਚੂਹੇ ਇਕੱਠੇ ਟੁੱਟ ਕੇ ਪੈ ਗਏ । ਉਨ੍ਹਾਂ ਨੇ ਆਪਣੇ ਤਿੱਖੇ ਦੰਦਾਂ ਨਾਲ ਸਾਰੀਆਂ ਰੱਸੀਆਂ ਵੱਢ ਦਿੱਤੀਆਂ । ਹਾਥੀ ਆਜ਼ਾਦ ਹੋ ਗਏ ਹੁਣ ਹਾਥੀ ਅਤੇ ਚੂਹੇ ਦੋਵੇਂ ਹੀ ਬਹੁਤ ਖੁਸ਼ ਸਨ । ਚੂਹੇ ਖੁਸ਼ ਸਨ ਕਿ ਉਹ ਆਪਣੇ ਦੋਸਤਾਂ ਦੇ ਕੰਮ ਆਏ ਚੂਹਿਆਂ ਨੇ ਕਿਹਾ, ‘ਅੱਜ ਤੱਕ ਅਸੀਂ ਜਿੰਨੇ ਤਿਉਹਾਰ ਮਨਾਏ ਹਨ, ਉਨ੍ਹਾਂ ਦੇ ਮੁਕਾਬਲੇ ਅੱਜ ਸਭ ਤੋਂ ਜ਼ਿਆਦਾ ਮਜ਼ਾ ਆਇਆ ਹੈ, ਕਿਉਂਕਿ ਅੱਜ ਦੋਸਤੀ ਦਾ ਤਿਉਹਾਰ ਹੈ’ । ਉਸ ਦਿਨ ਤੋਂ ਚੂਹਿਆਂ ਅਤੇ ਹਾਥੀਆਂ ਦੀ ਦੋਸਤੀ ਹੋਰ ਡੂੰਘੀ ਹੋ ਗਈ ਤੇ ਉਹ ਮਿਲ-ਜੁਲ ਕੇ ਅਨੰਦ ਨਾਲ ਰਹਿਣ ਲੱਗੇ।