Dubidha : Rajasthani Lok Kahani

ਦੁਬਿਧਾ : ਰਾਜਸਥਾਨੀ ਲੋਕ ਕਥਾ

ਇੱਕ ਸੀ ਮਾਇਆਪਤੀ ਸੇਠ। ਉਸਦੇ ਇਕਲੌਤੀ ਬੇਟੀ ਦੀ ਬਰਾਤ ਵਿਆਹ ਦੇ ਠਾਠ ਬਾਠ ਨਾਲ ਵਾਪਸ ਪਰਤ ਰਹੀ ਸੀ। ਰਸਤੇ ਵਿੱਚ ਛੱਲੋਛੱਲ ਲਹਿਰਾਉਂਦਾ ਸਰੋਵਰ, ਸਰੋਵਰ ਕਿਨਾਰੇ ਸੰਘਣੀ ਛਾਂ ਵਾਲੇ ਹਰੇ ਕਚੂਰ ਰੁੱਖਾਂ ਦਾ ਘੇਰਾ। ਨਿਰਮਲ ਜਲ। ਸੂਰਜ ਸਿਰ ਉੱਪਰ ਚੜ੍ਹ ਆਇਆ ਸੀ। ਜੇਠ ਦੀ ਲੂ ਸਾਂ... ਸਾਂ... ਕਰਦੀ ਵਗਦੀ ਸੀ। ਫ਼ੈਸਲਾ ਹੋਇਆ ਇੱਥੇ ਕੁਝ ਆਰਾਮ ਕਰਕੇ, ਖਾ ਪੀ ਕੇ ਫੇਰ ਅੱਗੇ ਚੱਲਾਂਗੇ। ਲਾੜੇ ਦੇ ਬਾਪੂ ਨੇ ਇਹ ਗੱਲ ਕਹੀ, ਖ਼ੁਸ਼ੀ ਖ਼ੁਸ਼ੀ ਸਾਰੇ ਮੰਨ ਗਏ। ਦੁਲਹਨ ਨਾਲ ਪੰਜ ਦਾਸੀਆਂ ਸਨ। ਰੱਥੋਂ ਉਤਰ ਕੇ ਸਾਰੀਆਂ ਰੁੱਖ ਹੇਠ ਆ ਬੈਠੀਆਂ। ਨੇੜੇ ਬਬੂਲ ਦਾ ਜੰਗਲੀ ਰੁੱਖ, ਪੀਲੇ ਫੁੱਲਾਂ ਨਾਲ ਲੱਦਿਆ ਹੋਇਆ। ਚਾਂਦੀ ਵਰਗੇ ਸਫ਼ੈਦ ਬੰਬਲ। ਬਾਕੀ ਬਰਾਤੀ ਬਬੂਲ ਹੇਠ ਬੈਠ ਗਏ। ਜਲ ਪਾਨ ਪੀਣ ਖਾਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ।

ਲਾੜੀ ਬਰਾਤੀਆਂ ਵੱਲ ਪਿੱਠ ਕਰਕੇ ਬੈਠ ਗਈ, ਘੁੰਡ ਦਾ ਪੱਲਾ ਉੱਪਰ ਚੁੱਕ ਲਿਆ। ਉੱਪਰ ਦੇਖਿਆ ਜੰਡੀ ਉੱਪਰ ਹਰੀਆਂ ਹਰੀਆਂ ਸੰਗਲੀਆਂ ਦੇ ਗੁੱਠੇ ਲਟਕ ਰਹੇ। ਦੇਖਦਿਆਂ ਅੱਖਾਂ ਦੀਆਂ ਪੁਤਲੀਆਂ ਨੂੰ ਠੰਢ ਪੈ ਗਈ। ਕੁਦਰਤ ਦੀ ਕਰਨੀ, ਉਸ ਜੰਡੀ ਉੱਪਰ ਭੂਤ ਦਾ ਵਾਸਾ ਸੀ। ਅਤਰ ਫੁਲੇਲ ਨਾਲ ਮਹਿਕਦੀ ਲਾੜੀ ਦਾ ਮੂੰਹ ਦੇਖਣ ਸਾਰ ਭੂਤ ਦੀਆਂ ਅੱਖਾਂ ਚੁੰਧਿਆ ਗਈਆਂ। ਔਰਤ ਦਾ ਇਹ ਰੂਪ, ਇਹ ਜਵਾਨੀ ਵੀ ਹੋਇਆ ਕਰਦੀ ਹੈ ਕਿਤੇ? ਗੁਲਾਬ ਦੇ ਫੁੱਲਾਂ ਵਰਗੀ ਕੋਮਲਤਾ, ਖ਼ੁਸ਼ਬੂ ਤੇ ਰਸ ਜਿਵੇਂ ਔਰਤ ਦੇ ਜਾਮੇ ਵਿੱਚ ਢਲ ਆਇਆ ਹੋਵੇ। ਦੇਖਕੇ ਯਕੀਨ ਨਹੀਂ ਆਉਂਦਾ! ਬੱਦਲਾਂ ਦਾ ਠਿਕਾਣਾ ਛੱਡ ਕੇ ਬਿਜਲੀ ਕਿਤੇ ਧਰਤੀ ਉੱਪਰ ਤਾਂ ਨੀ ਉਤਰ ਆਈ? ਅੱਖਾਂ ਦੀ ਗਹਿਰਾਈ ਨਾਪੀ ਨਹੀਂ ਜਾ ਸਕਦੀ। ਸਾਰੀ ਕੁਦਰਤ ਦੀ ਸੁੰਦਰਤਾ ਇੱਕ ਜਿਸਮ ਵਿੱਚ ਇਕੱਠੀ ਹੋ ਗਈ। ਹਜ਼ਾਰਾਂ ਔਰਤਾਂ ਦਾ ਰੂਪ ਰੰਗ ਦੇਖਿਆ, ਇਸ ਚਿਹਰੇ ਦੀ ਰੰਗਤ ਨਿਆਰੀ। ਜੰਡੀ ਦੀ ਛਾਂ ਤੱਕ ਦਮਕ ਉੱਠੀ! ਭੂਤ ਨਿਹਾਲ ਹੋ ਗਿਆ। ਕਰ ਲਵਾਂ ਦੁਲਹਨ ਨੂੰ ਵਸ ਵਿੱਚ ਜਿਵੇਂ ਭੂਤ ਕਰਿਆ ਕਰਦੇ ਨੇ? ਨਹੀਂ... ਨਹੀਂ... ਉਸ ਤਰ੍ਹਾਂ ਨਹੀਂ, ਉਸ ਤਰ੍ਹਾਂ ਤਾਂ ਇਹ ਤਕਲੀਫ਼ ਵਿੱਚ ਘਿਰ ਜਾਏਗੀ, ਬਰਾਤ ਵਿੱਚ ਬਦਨਾਮੀ ਹੋਵੇਗੀ। ਫੇਰ? ਨਾ ਵਸ ਵਿੱਚ ਕਰੀ ਜਾਂਦੀ ਹੈ ਨਾ ਛੱਡੀ ਜਾਂਦੀ ਹੈ ਇਹੋ ਜਿਹੀ ਦੁਬਿਧਾ ਵਿੱਚ ਅੱਗੇ ਨਹੀਂ ਸੀ ਕਦੀ ਫਸਿਆ! ਫਿਰ ਦੂਲੇ ਦੇ ਸਿਰ ਚੜ੍ਹ ਜਾਵਾਂ? ਪਰ ਦੂਲੇ ਅੰਦਰ ਪਸਰ ਗਿਆ ਫਿਰ ਵੀ ਦੁੱਖ ਤਾਂ ਦੁਲਹਨ ਭੋਗੇਗੀ! ਇਹੋ ਜਿਹੀ ਸੁੰਦਰਤਾ ਨੂੰ ਦੁੱਖ ਪੁੱਜਿਆ, ਨਾ ਬੱਦਲ ਬਰਸੇਗਾ, ਨਾ ਬਿਜਲੀਆਂ ਚਮਕਣਗੀਆਂ, ਨਾ ਸੂਰਜ ਚੜ੍ਹੇਗਾ ਨਾ ਚੰਦ। ਸਭ ਕੁਝ ਉਥਲ ਪੁਥਲ ਹੋ ਜਾਏਗਾ। ਦਿਲ ਵਿੱਚ ਇਹੋ ਜਿਹੀ ਦਇਆ ਮਇਆ ਪਹਿਲਾਂ ਤਾਂ ਨਹੀਂ ਪੈਦਾ ਹੋਈ ਕਦੀ। ਇਸ ਰੂਪ ਨੂੰ ਕਸ਼ਟ ਦੇਣ ਦੀ ਥਾਂ ਤਾਂ ਚੰਗਾ ਹੋਏ ਖ਼ੁਦ ਕਸ਼ਟ ਉਠਾ ਲਉ। ਇਹੋ ਜਿਹੀ ਤਕਲੀਫ਼ ਵੀ ਕਿਸਨੂੰ ਨਸੀਬ ਹੁੰਦੀ ਹੈ? ਏਸ ਦੁੱਖ ਦੀ ਛੂਹ ਨਾਲ ਭੂਤ ਦੀ ਜੂਨ ਸੰਵਰ ਜਾਏਗੀ।

ਬਰਾਤ ਨੇ ਆਖ਼ਰ ਤੁਰਨਾ ਹੀ ਸੀ। ਦੁਲਹਨ ਉੱਠ ਕੇ ਰਥ ਵੱਲ ਚੱਲੀ ਤਾਂ ਭੂਤ ਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ। ਉਸ ਦੀਆਂ ਅੱਖਾਂ ਤਾਂ ਰਾਤ ਨੂੰ ਵੀ ਐਨ ਸਾਫ਼ ਦੇਖ ਲਿਆ ਕਰਦੀਆਂ ਸਨ, ਜਵਾਬ ਕਿਵੇਂ ਦੇ ਗਈਆਂ? ਅਸਮਾਨੀ ਚਮਕਦੇ ਸੂਰਜ ਉੱਪਰ ਕਾਲਖ ਕਿਵੇਂ ਫਿਰ ਗਈ?

ਛਮ ਛਮ ਕਰਦੀ ਦੁਲਹਨ ਰਥ ਵਿੱਚ ਸਵਾਰ ਹੋ ਗਈ। ਦੂਲਾ ਪਹਿਲੋਂ ਹੀ ਉਥੇ ਮੌਜੂਦ ਸੀ। ਕਿੱਡੀ ਵੱਡੀ ਕਿਸਮਤ ਦਾ ਧਨੀ ਹੈ ਦੂਲਾ, ਕਿੰਨਾ ਸੁਖੀ। ਭੂਤ ਦੇ ਰੋਮ ਰੋਮ ਵਿੱਚ ਕੰਡੇ ਚੁਭਣ ਲੱਗੇ। ਦਿਲ ਵਿੱਚ ਅੱਗ ਭੜਕ ਪਈ। ਵਿਛੋੜੇ ਦੀ ਅੱਗ ਵਿੱਚ ਨਾ ਜੀਆ ਜਾਵੇ ਨਾ ਮਰਿਆ। ਜਿਉਂਦਿਆਂ ਅੱਗ ਕਿਵੇਂ ਬਰਦਾਸ਼ਤ ਹੋਵੇ? ਤੇ ਮਰਕੇ ਇਹ ਜਲਣ ਵੀ ਕਿੱਥੇ? ਭੂਤ ਦੇ ਮਨ ਵਿੱਚ ਇਹੋ ਜਿਹੀ ਉਲਝਣ ਪਹਿਲਾਂ ਕਦੀ ਨਹੀਂ ਪੈਦਾ ਹੋਈ! ਰਥ ਅੱਖੋਂ ਪਰੋਖੇ ਹੋਣ ਸਾਰ ਉਹ ਬੇਹੋਸ਼ ਹੋ ਗਿਆ।

ਰਥ ਵਿੱਚ ਬੈਠੇ ਦੂਲੇ ਦੀ ਉਲਝਣ ਵੀ ਕੋਈ ਘੱਟ ਨਹੀਂ ਸੀ। ਪਹਿਰ ਹੋ ਗਿਆ ਸਿਰ ਖਪਾਈ ਕਰਦੇ ਨੂੰ, ਵਿਆਹ ਖਰਚੇ ਦੇ ਹਿਸਾਬ ਦਾ ਮਿਲਾਨ ਨਹੀਂ ਹੋ ਰਿਹਾ! ਪਿਤਾ ਨਰਾਜ ਹੋਏਗਾ। ਖ਼ਰਚ ਹੋ ਵੀ ਕੁਝ ਵੱਧ ਹੀ ਗਿਆ। ਇਹੋ ਜਿਹੀ ਗ਼ਲਤੀ ਪਿਤਾ ਆਸਾਨੀ ਨਾਲ ਮਾਫ਼ ਨਹੀਂ ਕਰਿਆ ਕਰਦਾ। ਹਿਸਾਬ ਤੇ ਵਪਾਰ ਦਾ ਸੁੱਖ ਸਭ ਤੋਂ ਵੱਡਾ ਸੁੱਖ ਹੈ, ਬਾਕੀ ਫਾਲਤੂ ਆਡੰਬਰ। ਖ਼ੁਦ ਭਗਵਾਨ ਪੂਰਾ ਹਿਸਾਬੀ ਹੈ। ਹਰੇਕ ਦੇ ਸਾਹਾਂ ਦਾ ਹਿਸਾਬ ਰੱਖਦੈ, ਬਾਰਸ਼ ਦੀ ਬੂੰਦ ਬੂੰਦ ਦਾ, ਹਵਾ ਦੀ ਲਹਿਰ ਲਹਿਰ ਦਾ, ਧਰਤੀ ਦੇ ਕਣ ਕਣ ਦਾ, ਪੂਰਾ ਹਿਸਾਬ। ਕੁਦਰਤ ਦੇ ਹਿਸਾਬ ਵਿੱਚ ਭੁੱਲ ਨਹੀਂ ਸਕਦੀ, ਫੇਰ ਬਾਣੀਏ ਦੀ ਵਹੀ ਵਿੱਚ ਭੁੱਲ ਕਿਵੇਂ ਖਪ ਸਕਦੀ ਹੈ?

ਮੱਥੇ ਉੱਪਰ ਤਿਊੜੀਆਂ ਪਾਈ ਦੂਲਾ ਰਕਮਾ ਜੋੜ ਘਟਾਉਣ ਲੱਗਿਆ ਹੋਇਆ ਸੀ ਕਿ ਰਥ ਦਾ ਪਰਦਾ ਸਰਕਾ ਕੇ ਲਾੜੀ ਨੇ ਬਾਹਰ ਨਿਗ੍ਹਾ ਮਾਰੀ। ਚਮਕਦੀ ਤੇਜ਼ ਧੁੱਪ। ਕਰੀਰ ਦੀਆਂ ਹਰੀਆਂ ਕਚੂਰ ਝਾੜੀਆਂ ਉੱਪਰ ਲਾਲ ਬਿੰਬ ਪੀਂਝੂ ਟਿਮ ਟਿਮ ਕਰਦੇ ਲਟਕ ਰਹੇ। ਕਿੰਨੇ ਸੁਹਾਵਣੇ, ਕਿੰਨੇ ਸੁੰਦਰ! ਇੱਕ ਇੱਕ ਪੀਂਝੂ ਦੀ ਮੁਸਕਾਨ ਚੜ੍ਹਦੀ ਤੋਂ ਚੜ੍ਹਦੀ! ਦੂਲੇ ਦੀ ਬਾਂਹ ਫੜਕੇ ਮਾਸੂਮ ਬਾਲੜੀ ਵਾਂਗ ਉਸਨੇ ਕਿਹਾ- ਹਿਸਾਬ ਤੋਂ ਧਿਆਨ ਹਟਾ ਕੇ ਬਾਹਰ ਦੇਖੋ ਤਾਂ ਸਹੀ! ਕਿਹੇ ਮਨਮੋਂਹਣੇ ਪੀਂਝੂ ਹਨ! ਹੇਠ ਉਤਰ ਕੇ ਦੋ ਚਾਰ ਉਂਜਲੀਆਂ ਲਿਆ ਦਿਉ ਨਾ! ਦੇਖੋ ਕਿੰਨੀ ਅੱਗ ਬਰਸ ਰਹੀ ਹੈ, ਇਹ ਕੁਮਲਾਏ ਨਹੀਂ! ਧੁੱਪ ਤੇਜ਼ ਹੁੰਦੀ ਹੈ, ਇਹ ਹੋਰ ਸੂਹੇ ਹੋਈ ਜਾਂਦੇ ਨੇ। ਜਿਹੜਾ ਮਰਜ਼ੀ ਰੰਗ ਹੋਵੇ, ਧੁੱਪ ਵਿੱਚ ਉੱਡ ਜਾਂਦੈ ਜਾਂ ਫਿੱਕਾ ਪੈ ਜਾਂਦੈ!

ਦੂਲਾ ਆਦਮੀਆਂ ਵਰਗਾ ਆਦਮੀ ਸੀ। ਨਾ ਜ਼ਿਆਦਾ ਸੁਹਣਾ ਨਾ ਵਧੀਕ ਕੁਸੁਹਣਾ। ਭਰ ਜਵਾਨੀ ਵਿੱਚ ਵਿਆਹ ਹੋਇਆ ਪਰ ਵਿਆਹ ਦਾ ਕੋਈ ਚਾਉ ਨਹੀਂ। ਪੰਜ ਸਾਲ ਹੋਰ ਵਿਆਹ ਨਾ ਹੁੰਦਾ ਤਾਂ ਵੀ ਠੀਕ, ਹੋ ਗਿਆ ਤਾਂ ਵੀ ਸਹੀ। ਕਦੇ ਨਾ ਕਦੇ ਤਾਂ ਹੋਣਾ ਹੀ ਸੀ। ਵੱਡਾ ਝੰਜਟ ਨਿਬੜ ਗਿਆ। ਗਲੇ ਪਾਏ ਨੌ ਲੱਖੇ ਹਾਰ ਉੱਪਰ ਹੱਥ ਫੇਰਦਾ ਹੋਇਆ ਕਹਿੰਦਾ- ਪੀਂਝੂ ਪੇਂਡੂ ਖਾਇਆ ਕਰਦੇ ਨੇ। ਤੈਨੂੰ ਕਿਵੇਂ ਇੱਛਾ ਹੋ ਗਈ? ਕਹੇਂ ਤਾਂ ਪਟਾਰੀ ਵਿੱਚੋਂ ਨਾਰੀਅਲ ਕੱਢ ਕੇ ਦਿਆਂ? ਜਿੰਨੇ ਮਰਜ਼ੀ ਖਾਉ।

ਲਾੜੀ ਪੂਰੀ ਪੇਂਡੂ ਨਿਕਲੀ। ਜ਼ਿੱਦ ਕਰਕੇ ਕਹਿੰਦੀ- ਨਹੀਂ, ਮੈਂ ਤਾਂ ਪੀਂਝੂ ਖਾਣੇ ਨੇ। ਲਿਆ ਕੇ ਦਿਉ, ਅਹਿਸਾਨ ਮੰਨੂੰਗੀ। ਜੇ ਤੁਸੀਂ ਖੇਚਲ ਨਹੀਂ ਕਰਨੀ, ਮੈਨੂੰ ਆਗਿਆ ਦਿਉ ਮੈਂ ਆਪੇ ਤੋੜ ਲਿਆਨੀ ਆਂ। ਦੂਲੇ ਨੇ ਫਿਰ ਉਹੋ ਗੱਲ ਕੀਤੀ- ਕੰਡਿਆਂ ਵਿੱਚ ਕੌਣ ਉਲਝੇ? ਜਾਂਗਲੀ ਲੋਕ ਤੋੜਦੇ ਨੇ, ਜਾਂਗਲੀ ਖਾਂਦੇ ਨੇ! ਮਖਾਣੇ ਖਾਹ, ਮਿਸਰੀ ਖਾਹ। ਪੀਂਝੂਆਂ ਨਮੋਲੀਆਂ ਦੀ ਘਰ ਵਿੱਚ ਗੱਲ ਨਾ ਕਰੀਂ, ਲੋਕ ਹੱਸਣਗੇ।

-ਹੱਸਣ। ਇਹ ਕਹਿਕੇ ਦੁਲਹਨ ਨੇ ਰਥ ਵਿੱਚੋਂ ਹੇਠ ਛਾਲ ਮਾਰੀ। ਤਿਤਲੀ ਵਾਂਗ ਕਰੀਰ ਦੁਆਲੇ ਉਡਦੀ ਫਿਰੇ। ਥੋੜ੍ਹੀ ਦੇਰ ਬਾਅਦ ਪੱਲੇ ਵਿੱਚ ਲਾਲ ਸੁਰਖ ਪੀਂਝੂ ਭਰਕੇ ਵਾਪਸ ਆਈ। ਸੁਰਾਹੀ ਦੇ ਪਾਣੀ ਨਾਲ ਧੋਏ, ਠੰਢੇ ਕੀਤੇ। ਬੁੱਲ੍ਹਾਂ ਅਤੇ ਪੀਂਝੂਆਂ ਦਾ ਰੰਗ ਇੱਕੋ ਜਿਹਾ! ਪਰ ਦੂਲੇ ਨੂੰ ਨਾ ਪੀਂਝੂਆਂ ਦਾ ਰੰਗ ਚੰਗਾ ਲੱਗਾ ਨਾ ਬੁੱਲ੍ਹਾਂ ਦਾ। ਉਹ ਤਾਂ ਹਿਸਾਬ ਕਿਤਾਬ ਵਿੱਚ ਡੁੱਬਿਆ ਹੋਇਆ ਸੀ। ਲਾੜੀ ਨੇ ਬਹੁਤ ਵਾਰ ਕਿਹਾ ਪਰ ਉਸਨੇ ਪੀਂਝੂਆਂ ਨੂੰ ਹੱਥ ਵੀ ਨਾ ਲਾਇਆ।

ਲਾੜੀ ਬੋਲੀ- ਤੁਹਾਡੀ ਮਰਜ਼ੀ। ਆਪੋ ਆਪਣੀ ਪਸੰਦ। ਇੱਕ ਵਾਰ ਤਾਂ ਮਨ ਆਈ ਸੀ ਕਿ ਪੀਂਝੂਆਂ ਬਦਲੇ ਇਹ ਨੌ ਲੱਖਾ ਹਾਰ ਕਰੀਰ ਉੱਪਰ ਟੰਗ ਦਿਆਂ ਤਾਂ ਵੀ ਮਹਿੰਗੇ ਨਹੀਂ। ਪੀਂਝੂ ਖਾਂਦੀ ਦੁਲਹਨ ਨੂੰ ਲਾੜਾ ਕਹਿੰਦਾ- ਇਹੋ ਜਿਹੀਆਂ ਮੂਰਖ ਗੱਲਾਂ ਨਾ ਕਰਿਆ ਕਰ। ਬਾਪੂ ਬਹੁਤ ਗ਼ੁੱਸੇ ਹੋਣਗੇ। ਰੂਪ ਦੀ ਥਾਂ ਉਨ੍ਹਾਂ ਨੂੰ ਗੁਣ ਪਸੰਦ ਨੇ।

ਮੁਸਕਰਾਉਂਦਿਆਂ ਲਾੜੀ ਕਹਿਣ ਲੱਗੀ- ਹੁਣ ਪਤਾ ਲੱਗਾ, ਉਨ੍ਹਾਂ ਦੇ ਡਰ ਸਦਕਾ ਹਿਸਾਬ ਵਿੱਚ ਉਲਝੇ ਹੋ ਪਰ ਹਰ ਚੀਜ਼ ਆਪੋ ਆਪਣੀ ਥਾਂ ਚੰਗੀ ਲਗਦੀ ਹੈ। ਵਿਆਹ ਵਿੱਚ ਹਿਸਾਬ ਨਾਲ ਕੀ ਮੱਥਾ ਮਾਰਨਾ? ਇਹ ਕੋਈ ਗੱਲ ਹੋਈ?

ਇੱਕ ਵਾਰ ਲਾੜਾ ਵੀ ਉਲਝਣ ਵਿੱਚ ਪੈ ਗਿਆ। ਲਾੜੀ ਦੀ ਗੱਲ ਵੀ ਗ਼ਲਤ ਤਾਂ ਨਹੀਂ। ਪਰ ਬਾਣੀਏ ਪੁੱਤ ਲਈ ਹਿਸਾਬ ਪਰਮ ਧਰਮ ਹੈ। ਹਿਸਾਬ ਨਹੀਂ ਤਾਂ ਵਪਾਰ ਨਹੀਂ। ਰਾਜਪੂਤ ਦਾ ਹੁਨਰ ਤਲਵਾਰ, ਬਾਣੀਏ ਦਾ ਹੁਨਰ ਫੱਟੀ, ਸਲੇਟਾਂ, ਵਹੀ ਦੇ ਵਰਕੇ ਬਾਣੀਏ ਦਾ ਰਣ ਖੇਤਰ, ਉਹੀ ਉਸਦੀ ਢਾਲ। ਉਸਨੂੰ ਇਹੋ ਗੁੜ੍ਹਤੀ ਮਿਲੀ, ਇਹੋ ਸੰਸਕਾਰ ਮਿਲੇ। ਬਾਕੀ ਗੱਲਾਂ ਦੀ ਭਿਣਕ ਵੀ ਨਹੀਂ ਸੁਣੀ ਉਸਦੇ ਕੰਨਾਂ ਨੇ। ਉਸ ਦੇ ਮੂੰਹੋਂ ਆਪ ਮੁਹਾਰੇ ਕਿਹਾ ਗਿਆ- ਵਿਆਹ ਹੋਣਾ ਸੀ ਸੋ ਹੋ ਗਿਆ ਪਰ ਹਿਸਾਬ ਨਹੀਂ ਨਾ ਹੋਇਆ ਅਜੇ। ਵਿਆਹ ਦਾ ਲੇਖਾ ਜੋਖਾ ਕਰਕੇ ਤੀਜ ਦੇ ਦਿਨ ਮੈਂ ਪਰਦੇਸ ਜਾਣਾ ਹੈ। ਇਸ ਵਰਗਾ ਸ਼ੁਭ ਮਹੂਰਤ ਇਸ ਤੋਂ ਸੱਤ ਸਾਲ ਬਾਅਦ ਆਏਗਾ ਫੇਰ। ਬੜਾ ਵਪਾਰ ਫਲੇਗਾ!

ਪੇਂਡੂ ਦੁਲਹਨ ਸ਼ੁਭ ਮਹੂਰਤ ਦੀ ਖ਼ੁਸ਼ਖ਼ਬਰੀ ਸੁਣਕੇ ਰਤਾ ਖ਼ੁਸ਼ ਨਹੀਂ ਹੋਈ। ਪਰਦੇਸ ਦੀ ਗੱਲ ਸੁਣਨਸਾਰ ਪੀਂਝੂ ਬੇਸੁਆਦੇ ਹੋ ਗਏ। ਦਿਲ ਬੈਠਣ ਲੱਗਾ। ਇਹ ਕੀ ਸੁਣਿਆ? ਕੰਨਾਂ ਉੱਪਰ ਭਰੋਸਾ ਨਾ ਹੋਇਆ। ਪੁੱਛਿਆ- ਵਪਾਰ ਵਾਸਤੇ ਪਰਦੇਸ ਜਾਓਗੇ? ਮੈਂ ਸੁਣਿਆ ਸੀ ਤੁਹਾਡੀ ਹਵੇਲੀ ਵਿਚ ਧਨ ਦੇ ਭੰਡਾਰ ਭਰੇ ਪਏ ਨੇ?

ਦੂਲੇ ਨੇ ਕਿਹਾ- ਇਸ ਵਿੱਚ ਕੀ ਸ਼ੱਕ? ਖ਼ੁਦ ਦੇਖ ਲਈਂ। ਤਹਿਖਾਨੇ ਸੋਨੇ ਚਾਂਦੀ ਨਾਲ ਭਰੇ ਪਏ ਨੇ, ਫੇਰ ਵੀ ਦੌਲਤ ਤਾਂ ਦਿਨ ਦੁੱਗਣੀ ਰਾਤ ਚੌਗਣੀ ਵਧਦੀ ਹੀ ਚੰਗੀ ਲਗਦੀ ਐ। ਆਪਣੇ ਹੱਥੀਂ ਅਜੇ ਤਾਂ ਧਨ ਵਿੱਚ ਬੜਾ ਵਾਧਾ ਕਰਨਾ ਹੈ। ਅਜਿਹਾ ਨਾਮੀ ਮਹੂਰਤ ਕਿਵੇਂ ਛੱਡਿਆ ਜਾ ਸਕਦੈ ਭਲਾ?

ਗੱਲ ਵਧਾਉਣ ਵਿੱਚ ਕੋਈ ਤੁਕ ਨਹੀਂ ਸੀ। ਚੁੱਪ ਕਰ ਗਈ। ਇੱਕ ਇੱਕ ਕਰਕੇ ਸਾਰੇ ਪੀਂਝੂ ਬਾਹਰ ਸੁੱਟ ਦਿੱਤੇ। ਇਹ ਦੂਲੇ ਦੀ ਮਨਪਸੰਦ ਗੱਲ ਹੋਈ। ਮੁਸਕਰਾਉਂਦਿਆਂ ਕਿਹਾ- ਮੈਂ ਤਾਂ ਪਹਿਲਾਂ ਹੀ ਦੱਸਿਆ ਸੀ ਪੀਂਝੂ ਮੂਰਖਾਂ ਦਾ ਖਾਜਾ ਹੈ, ਸਾਨੂੰ ਵੱਡੇ ਬੰਦਿਆਂ ਨੂੰ ਸ਼ੋਭਾ ਨਹੀਂ ਦਿੰਦੇ। ਨਹੀਂ ਖਾਧੇ ਗਏ, ਸੁੱਟਣੇ ਪਏ ਨਾ ਫੇਰ? ਤਿਖੀ ਧੁੱਪ ਫੱਕੀ ਸੋ ਖਾਹਮਖਾਹ!

ਅੱਗ ਦਾ ਸੇਕ ਦੇਖਣ ਵਾਸਤੇ ਦੂਲੇ ਨੇ ਰਥ ਦਾ ਪਰਦਾ ਸਰਕਾਇਆ। ਨਿਗ੍ਹਾ ਝੁਲਸਣ ਵਾਲੀ ਧੁੱਪ! ਫੁੱਲਾਂ ਨਾਲ ਲੱਦੇ ਕੇਸੂ ਇਉਂ ਲੱਗ ਰਹੇ ਸਨ ਜਿਵੇਂ ਲਾਂਬੂ ਉਠ ਰਹੇ ਹੋਣ! ਦੂਲੇ ਨੇ ਫਿਰ ਮਜ਼ਾਕ ਕੀਤਾ- ਹੁਣ ਕੇਸੂਆਂ ਵਾਸਤੇ ਜ਼ਿੱਦ ਕਰੇਂਗੀ? ਇਨ੍ਹਾਂ ਵਿੱਚ ਕੋਈ ਗੁਣ ਹੁੰਦਾ ਤਾਂ ਗਡਰੀਏ ਛੱਡਦੇ ਹੁਣ ਤੱਕ?

ਦੁਲਹਨ ਨੇ ਜਵਾਬ ਨਹੀਂ ਦਿੱਤਾ। ਚੁੱਪ ਚਾਪ ਬੈਠੀ ਪੇਕਿਆਂ ਬਾਰੇ ਸੋਚਣ ਲੱਗੀ- ਇਸ ਪਤੀ ਵਾਸਤੇ ਘਰ ਦਾ ਵਿਹੜਾ ਛੱਡਿਆ? ਮਾਪਿਆਂ ਦਾ ਵਿਛੋੜਾ! ਸਹੇਲੀਆਂ ਦਾ ਝੁੰਡ, ਭਾਈ ਭਤੀਜੇ, ਸਰੋਵਰ ਦਾ ਕਿਨਾਰਾ, ਗੁੱਡੀਆਂ ਪਟੋਲੇ, ਲੁਕਣ ਮੀਟੀ, ਤਮਾਮ ਰੰਗ ਛੱਡ ਕੇ ਇਸ ਪਤੀ ਦਾ ਹੱਥ ਫੜਿਆ। ਮਾਂ ਦੀ ਗੋਦ ਤਜ ਕੇ ਪਰਾਏ ਘਰ ਦੀ ਓਟ ਤੱਕੀ। ਅਰ ਇਹ ਤੀਜ ਦੇ ਦਿਨ ਦੀ ਸ਼ੁਭ ਘੜੀ ਨੂੰ ਪਰਦੇਸ ਜਾਣਗੇ! ਜੋੜਿਆ ਹੋਇਆ ਇਹ ਧਨ ਫੇਰ ਕਿਸ ਵਾਸਤੇ? ਜੀਵਨ ਦੇ ਅਸਲ ਸੁਖ ਬਦਲੇ ਤਿੰਨ ਲੋਕਾਂ ਦਾ ਰਾਜ ਵੀ ਕਿਸ ਕੰਮ? ਦੌਲਤ ਤੋਂ ਜਿਉਂਦੇ ਜੀ ਕੰਮ ਨੀ ਲੈਣਾ, ਮਰਨ ਪਿੱਛੋਂ ਨਾਲ ਨੀ ਜਾਣੀ। ਕਿਹੜੇ ਸੁੱਖ ਦੇ ਲਾਲਚਵਸ ਇਸ ਨਾਲ ਆਈ? ਕਿਸ ਅਣਦੇਖੀ ਖ਼ੁਸ਼ੀ ਅਤੇ ਸੰਤੋਖ ਦੀ ਢਾਰਸ ਤੇ ਪਰਾਈ ਥਾਂ ਰਹਿਣਾ ਕਬੂਲ ਕੀਤਾ? ਨਫ਼ਾ, ਵਪਾਰ, ਲੇਖਾ ਜੋਖਾ ਰੁਪਈਆ, ਜਾਇਦਾਦ ਕਿਸ ਦਿਨ ਵਾਸਤੇ? ਦੁਨੀਆ ਦੀ ਸਾਰੀ ਦੌਲਤ ਦੇ ਕੇ ਕਹੋ ਬੀਤਿਆ ਪਲ ਮੋੜ ਲਿਆਉ, ਨਹੀਂ ਪਰਤੇਗਾ। ਇਸ ਤੋਂ ਬਿਨਾਂ ਸਮਝਣ ਵਾਸਤੇ ਹੋਰ ਹੈ ਈ ਕੀ? ਕੰਚਨ ਵੱਡਾ ਕਿ ਕਾਇਆ, ਪ੍ਰਾਣ ਵੱਡਾ ਕਿ ਮਾਇਆ? ਇਸ ਸਵਾਲ ਦੇ ਜਵਾਬ ਵਿੱਚ ਸੰਸਾਰ ਦੇ ਸਾਰੇ ਜਵਾਬ ਸਮਾਏ ਹੋਏ ਨੇ।

ਦੂਲਾ ਆਪਣੇ ਹਿਸਾਬ ਵਿੱਚ ਫਸਿਆ ਹੋਇਆ, ਲਾੜੀ ਆਪਣੀ ਸੋਚ ਵਿੱਚ ਡੁੱਬੀ ਬੈਠੀ, ਬਲਦ ਆਪਣੀ ਚਾਲ ਵਿੱਚ ਮਗਨ। ਜੋ ਚੱਲ ਪਿਆ, ਮੰਜ਼ਲ ਤੇ ਪੁੱਜੇਗਾ ਹੀ। ਆਖ਼ਰ ਸੇਠ ਦੀ ਹਵੇਲੀ ਸਾਹਮਣੇ ਆ ਕੇ ਬਰਾਤ ਰੁਕੀ। ਵਾਜਿਆਂ ਗਾਜਿਆਂ ਨਾਲ ਵਧਾ ਕੇ ਦੁਲਹਨ ਅੰਦਰ ਲਿਜਾਈ ਗਈ। ਜਿਸਨੇ ਦੇਖੀ, ਦੇਖਦਾ ਰਹਿ ਗਿਆ। ਰੂਪ ਹੋਵੇ ਤਾਂ ਇਹੋ ਜਿਹਾ, ਰੰਗ ਹੋਵੇ ਤਾਂ ਇਹੋ ਜਿਹਾ।

ਸ਼ਾਮ ਨੂੰ ਹਵੇਲੀ ਵਿੱਚ ਘਿਉ ਦੇ ਦੀਵੇ ਬਲੇ। ਕੁਝ ਰਾਤ ਢਲੀ। ਦੂਲਾ ਹਵੇਲੀ ਵਿੱਚ ਆਇਆ, ਆਉਂਦਿਆਂ ਹੀ ਨਸੀਹਤਾਂ ਦੀ ਝੜੀ ਲਾ ਦਿੱਤੀ- ਘਰ ਦੀ ਇੱਜ਼ਤ ਦਾ ਪੂਰਾ ਖ਼ਿਆਲ ਰੱਖਣੈ। ਸੱਸ ਸਹੁਰੇ ਦੀ ਸੇਵਾ ਕਰਨੀ। ਆਪਣੀ ਇੱਜ਼ਤ ਆਪਣੇ ਹੱਥ। ਦੋ ਦਿਨਾਂ ਵਾਸਤੇ ਮੇਲ ਮਿਲਾਪ ਵਰਜ ਰਖੀਏ ਤਾਂ ਚੰਗਾ ਰਹੇ ਨਹੀਂ ਤਾਂ ਪੰਜ ਸਾਲ ਕਸ਼ਟਦਾਈ ਲੰਘਣਗੇ। ਸਾਲ ਬੀਤਦੇ ਕੀ ਦੇਰ ਲਗਦੀ ਹੈ? ਦਿਨ ਚੜ੍ਹਿਆ, ਰਾਤ ਪਈ, ਰਾਤ ਪਈ ਦਿਨ ਚੜ੍ਹਿਆ, ਦੇਖਦੇ ਦੇਖਦੇ ਪੰਜ ਸਾਲ ਬੀਤ ਜਾਣਗੇ! ਨਾਲੇ ਕਮੀ ਕਿਸ ਚੀਜ਼ ਦੀ? ਇਹੀ ਹਵੇਲੀ, ਇਹੀ ਦੀਵੇ, ਇਹੀ ਰਾਤਾਂ, ਇਹੋ ਸਵੇਰੇ। ਬਿਲਕੁਲ ਫ਼ਿਕਰ ਨਾ ਕਰੀਂ। ਪਲਕਾਂ ਦੇ ਫੋਰ ਵਿੱਚ ਪੰਜ ਸਾਲ ਅਹੁ ਗਏ, ਅਹੁ ਗਏ।

ਅਨਮੋਲ ਸਿੱਖਿਆਦਾਇਕ ਗੱਲਾਂ ਸੁਣਦੀ ਰਹੀ ਚੁੱਪਚਾਪ। ਕੁਝ ਕਹਿਣਾ, ਸੁਣਨਾ, ਕਰਨਾ, ਕਿਹੜਾ ਉਸਦੇ ਵਸ ਵਿੱਚ ਸੀ? ਮਾਪਿਆਂ ਨੇ ਦੌਲਤ ਦੇਖਕੇ ਉਸਨੂੰ ਪਰਦੇਸ ਦਿਖਾ ਦਿੱਤਾ ਫੇਰ ਕਰਦੀ ਕੀ? ਜੋ ਪਤੀ ਦੀ ਮਰਜੀ, ਸੋ ਉਸਦੀ ਮਰਜੀ। ਜੋ ਪਿਤਾ ਦੀ ਮਰਜ਼ੀ ਸੋ ਪੁੱਤ ਦੀ ਪਰਜੀ। ਜੋ ਲੱਛਮੀ ਦੀ ਮਰਜੀ, ਸੋ ਪਿਤਾ ਦੀ ਮਰਜੀ। ਜੋ ਲੋਭ ਦੀ ਮਰਜ਼ੀ ਉਹ ਲੱਛਮੀ ਦੀ ਮਰਜੀ। ਸਿੱਖਿਆਵਾਂ ਸੁਣਦਿਆਂ ਰਾਤ ਢਲ ਗਈ। ਰਾਤ ਦੇ ਨਾਲ ਨਾਲ ਨੌ ਲੱਖ ਤਾਰੇ ਵੀ ਢਲ ਗਏ। ਜਗਮਗਾਉਂਦਾ ਸੂਰਜ ਚੜ੍ਹਿਆ, ਬਹੂ ਦੇ ਦਿਲ ਅੰਦਰ ਹਨ੍ਹੇਰਾ ਛਾ ਗਿਆ।

ਉਧਰ ਜੰਡੀ ਦੇ ਭੂਤ ਦਾ ਹੋਸ਼ ਵਾਪਸ ਪਰਤਿਆ, ਅੱਖਾਂ ਖੋਲ੍ਹੀਆਂ। ਚਾਰੇ ਪਾਸੇ ਦੇਖਿਆ। ਸੁੰਨਾ ਜੰਗਲ, ਸੁੰਨਾ ਰਸਤਾ। ਸੰਘਣੀ ਜੰਡੀ, ਸੰਘਣੀ ਛਾਂ, ਝੂਲਦੀਆਂ ਸੰਗਲੀਆਂ। ਦੁਲਹਨ ਕਿੱਥੇ? ਉਸਦੀਆਂ ਮਸਤ ਅੱਖਾਂ ਕਿੱਥੇ? ਸੁਹਣਾ ਮੁੱਖੜਾ, ਗੁਲਾਬੀ ਹੋਂਠ, ਇਤਰ ਫੁਲੇਲ ਦੀ ਮਹਿਕ? ਕੋਈ ਸੁਫ਼ਨਾ ਦੇਖਿਆ ਸੀ? ਬੇਹੋਸ਼ੀ ਵਿੱਚੋਂ ਬਾਹਰ ਨਿਕਲਕੇ ਉਸਨੂੰ ਇਉਂ ਲੱਗਿਆ ਜਿਵੇਂ ਉਸਦੇ ਕਪਟੀ ਮਨ ਨੂੰ ਕੋਈ ਕੱਚੇ ਦੁੱਧ ਨਾਲ ਧੋ ਗਿਆ ਹੋਵੇ! ਇਸ ਤਰ੍ਹਾਂ ਦਾ ਸੂਰਜ ਪਹਿਲਾਂ ਨਹੀਂ ਚੜ੍ਹਿਆ ਕਦੀ, ਗੋਲ ਗੁਲਾਬੀ ਆਭਾਮੰਡਲ, ਪੂਰੀ ਦੁਨੀਆ ਵਿੱਚ ਰੌਸ਼ਨੀ ਹੀ ਰੌਸ਼ਨੀ, ਮਿੱਠੀ ਮਿੱਠੀ ਰੁਮਕਦੀ ਪੌਣ, ਹਵਾ ਦੇ ਝੂਲੇ ਉੱਪਰ ਝੂਲਦੀ ਅਨੰਤ ਹਰਿਆਲੀ। ਭਿੰਨ ਭਿੰਨ ਰੂਪ ਧਾਰ ਕੇ ਉਸਦਾ ਮਨ ਕੁਦਰਤ ਦੇ ਕਣ ਕਣ ਵਿੱਚ ਸਮਾ ਗਿਆ। ਕੁਦਰਤ ਤੋਂ ਵੱਖਰਾ ਨਾ ਰਹਿ ਕੇ ਉਹ ਕੁਦਰਤ ਵਿੱਚ ਘੁਲ ਮਿਲ ਕੇ ਇਕ ਹੋ ਗਿਆ।

ਅਨੰਦ, ਵਿਸਮਾਦ ਵਿੱਚ ਦੇਖਦੇ ਦੇਖਦੇ ਕਦੋਂ ਦਿਨ ਬੀਤਿਆ, ਪਤਾ ਵੀ ਨਾ ਲੱਗਾ। ਅੱਜ ਤੋਂ ਪਹਿਲਾਂ ਸੂਰਜ ਇਉਂ ਨਹੀਂ ਸੀ ਡੁੱਬਿਆ। ਪੱਛਮ ਵਿੱਚ ਗੁਲਾਲ ਹੀ ਗੁਲਾਲ ਛਿੜਕਿਆ ਗਿਆ। ਧਰਤੀ ਉੱਪਰ ਨਾ ਚੁੰਧਿਆਉਣ ਵਾਲੀ ਰੌਸ਼ਨੀ, ਨਾ ਅਸਮਾਨੇ ਚੰਦ ਨਾ ਸੂਰਜ, ਨਾ ਇੱਕ ਵੀ ਤਾਰਾ। ਨਾ ਪੂਰਾ ਹਨ੍ਹੇਰਾ। ਕੁਦਰਤ ਨੇ ਜਿਵੇਂ ਪਤਲੇ ਦੁਪੱਟੇ ਦਾ ਘੁੰਡ ਕੱਢਿਆ ਹੋਵੇ। ਚਿਹਰਾ ਵੀ ਦਿਸਦੈ, ਘੁੰਡ ਵੀ। ਲਉ, ਹੁਣ ਥੋੜ੍ਹੀ ਦੇਰ ਬਾਅਦ ਕੁਦਰਤ ਨੇ ਚੁੰਨੀ ਬਦਲ ਲਈ, ਨੌ ਲੱਖ ਤਾਰਿਆਂ ਨਾਲ ਜੜੀ ਹੋਈ ਸੁਰਮਈ ਚੁੰਨੀ। ਧੁੰਦਲੀ ਧੁੰਦਲੀ ਸ਼ਕਲ ਵੀ ਦਿਸ ਰਹੀ ਹੈ, ਧੁੰਦਲੇ ਰੁੱਖ, ਧੁੰਦਲੀ ਹਰਿਆਲੀ, ਜਿਵੇਂ ਸੁਫ਼ਨਿਆਂ ਦਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੋਵੇ। ਪਹਿਲਾਂ ਤਾਂ ਕੁਦਰਤ ਏਨੀ ਸੁਹਣੀ ਹੁੰਦੀ ਨਹੀਂ ਸੀ। ਕੀ ਇਹ ਦੁਲਹਨ ਦੇ ਰੂਪ ਦਾ ਚਮਤਕਾਰ ਹੈ?

ਉਧਰ ਪਤੀ ਦੁਲਹਨ ਵੱਲੋਂ ਮੂੰਹ ਮੋੜ ਦੇ ਪਰਦੇਸ ਵਾਸਤੇ ਤੁਰ ਪਿਆ। ਲੱਕ ਨਾਲ ਬੰਨ੍ਹੀ ਹੀਰੇ ਮੋਤੀਆਂ ਦੀ ਨੌਲੀ, ਮੋਢੇ ਨਾਲ ਝੂਲਦਾ ਗੜਵਾ। ਸਾਹਮਣੇ ਆਕਾਸ਼ ਵਿੱਚ ਦਮਕਦਾ ਵਪਾਰ ਦਾ ਅਖੰਡ ਸੂਰਜ। ਸੁੱਖ ਅਤੇ ਮਨਾਫ਼ੇ ਦੀ ਕੀ ਹੱਦ! ਵਿਆਹ ਪਿੱਛੋਂ ਸ਼ੁਭ ਮਹੂਰਤ ਉਡੀਕਦਿਆਂ ਦੋ ਦਿਨ ਫ਼ਜ਼ੂਲ ਗੁਆਏ। ਇਹ ਕਸਰ ਕਿਵੇਂ ਪੂਰੀ ਹੋਏ?

ਜਾਂਦਾ ਜਾਂਦਾ ਉਸੇ ਜੰਡੀ ਕੋਲ ਦੀ ਲੰਘਿਆ। ਭੂਤ ਨੇ ਤੁਰੰਤ ਪਛਾਣ ਲਿਆ। ਆਦਮੀ ਦਾ ਰੂਪ ਧਾਰਕੇ ਉਸ ਕੋਲ ਗਿਆ, ਰਾਮ ਰਾਮ ਕਹੀ। ਪੁੱਛਿਆ- ਭਾਈ ਅਜੇ ਤਾਂ ਤੇਰੇ ਵਿਆਹ ਦੇ ਕੰਗਣ ਡੋਰੇ ਨਹੀਂ ਖੁੱਲ੍ਹੇ, ਏਨੀ ਜਲਦੀ ਕਿੱਧਰ ਚੱਲੇ?

ਸੇਠਜ਼ਾਦੇ ਨੇ ਕਿਹਾ- ਕੰਗਣ ਡੋਰੇ ਪਰਦੇਸ ਵਿੱਚ ਨੀ ਖੁੱਲ੍ਹ ਸਕਦੇ?

ਭੂਤ ਕਾਫ਼ੀ ਦੂਰ ਤੱਕ ਉਸ ਨਾਲ ਤੁਰੀ ਗਿਆ। ਗੱਲਾਂ ਗੱਲਾਂ ਵਿੱਚ ਸਭ ਜਾਣ ਗਿਆ ਕਿ ਪੰਜ ਸਾਲ ਪਰਦੇਸ ਵਿੱਚ ਵਪਾਰ ਕਰੇਗਾ। ਇਹ ਮਹੂਰਤ ਰਹਿ ਜਾਂਦਾ ਫੇਰ ਸੱਤ ਸਾਲ ਬਾਅਦ ਆਉਣਾ ਸੀ। ਜੁਆਨ ਦੀ ਚਾਲ ਢਾਲ, ਬੋਲੀ, ਸੁਭਾਅ ਲੋੜ ਅਨੁਸਾਰ ਜਾਣਕੇ ਉਹ ਦੂਸਰੇ ਰਸਤੇ ਮੁੜ ਗਿਆ। ਸੋਚਣ ਲੱਗਾ, ਸੇਠ ਦੇ ਮੁੰਡੇ ਦਾ ਰੂਪ ਧਾਰਕੇ ਉਸਦੀ ਹਵੇਲੀ ਪੁੱਜ ਜਾਏ ਤਾਂ ਪੰਜ ਸਾਲ ਕੋਈ ਪੁੱਛਣ ਵਾਲਾ ਨਹੀਂ। ਇਹ ਤਾਂ ਕਮਾਲ ਹੋ ਗਈ ਬਸ। ਅੱਗੇ ਦੀ ਅੱਗੇ ਦੇਖੀ ਜਾਊ। ਕੁਦਰਤ ਨੇ ਉਸਦੀ ਬੇਨਤੀ ਸੁਣੀ ਤਾਂ ਸਹੀ! ਫੇਰ ਤਾਂ ਉਹ ਇੱਕ ਪਲ ਲਈ ਵੀ ਨਾ ਰੁਕਿਆ। ਸੇਠ ਦੇ ਬੇਟੇ ਦਾ ਹੂ-ਬ- ਹੂ ਰੂਪ ਧਾਰਿਆ ਤੇ ਚੱਲ ਪਿਆ ਪਿੰਡ ਵੱਲ। ਖ਼ੁਸ਼ੀ ਦਾ ਅੰਤ ਨਾ ਪਾਰਾਵਾਰ।

ਅਜੇ ਸੂਰਜ ਅਸਤ ਹੋਣ ਵਿੱਚ ਥੋੜ੍ਹਾ ਕੁ ਸਮਾਂ ਰਹਿੰਦਾ ਸੀ ਪਰ ਅਸਮਾਨ ਵਿੱਚ ਹਨ੍ਹੇਰਾ ਛਾ ਗਿਆ। ਉਤਰ ਵੱਲੋਂ ਕਾਲੀ ਬੋਲੀ ਨ੍ਹੇਰੀ ਆਉਂਦੀ ਦੇਖੀ। ਨ੍ਹੇਰੀ ਉੱਪਰ ਤੋਂ ਉੱਪਰ ਚੜ੍ਹਦੀ ਆਵੇ! ਪਲ ਪਲ ਨ੍ਹੇਰਾ ਡੂੰਘਾ ਹੁੰਦਾ ਜਾਵੇ। ਸੂਰਜ ਦੇ ਹੁੰਦੇ ਸੁੰਦੇ ਨ੍ਹੇਰਾ। ਹੱਥ ਨੂੰ ਹੱਥ ਨਾ ਦਿਸੇ। ਧਰਤੀ ਉੱਪਰ ਪਸਰੀ ਹੋਈ ਪੈਰਾਂ ਹੇਠਲੀ ਮਿੱਟੀ ਨੂੰ ਸੂਰਜ ਢਕ ਲੈਣ ਦਾ ਮੌਕਾ ਜਿਵੇਂ ਮਸਾਂ ਮਿਲਿਆ ਹੋਵੇ। ਰੇਤਾ ਅਸਮਾਨੀ ਚੜ੍ਹ ਗਿਆ... ਸਾਂ ਸਾਂ... ਸੀਂ... ਸੀਂ... ਦਾ ਬੇਅੰਤ ਸ਼ੋਰ। ਪਹਾੜਾਂ ਨੂੰ ਧੱਕ ਰਹੀ ਹਵਾ! ਥੋਥੀ ਆਕੜ ਵਾਲੇ ਜੰਗਲੀ ਦਰਖਤ ਚਰੜ ਚਰੜ ਉਖੜਨ, ਡਿੱਗਣ ਲੱਗੇ। ਨਰਮਾਈ ਵਾਲੀਆਂ ਝਾੜੀਆਂ ਇੱਧਰ ਉੱਧਰ ਝੂਮਣ ਲੱਗੀਆਂ ਪਰ ਉਨ੍ਹਾਂ ਦਾ ਵਿਗੜਿਆ ਕੁਝ ਨਾ। ਪੈਰਾਂ ਹੇਠ ਦਰੜੀ ਜਾਂਦੀ ਹਰਿਆਲੀ ਦਾ ਤਾਂ ਵਾਲ ਵੀ ਵਿੰਗਾ ਨਾ ਹੋਇਆ। ਹਾਲ ਚਾਲ ਪੁਛਦੀ, ਸਿਰ ਪਲੋਸਦੀ, ਥਪਕੀਆਂ ਦਿੰਦੀ ਨ੍ਹੇਰੀ ਘਾਹ ਉਪਰਦੀ ਲੰਘ ਗਈ। ਸਾਰੀ ਬਨਸਪਤੀ ਜਿਵੇਂ ਝੂਲਾ ਝੂਲਣ ਲੱਗੀ। ਪੱਤੇ ਪੱਤੇ ਨੂੰ, ਕਰੂੰਬਲ ਕਰੂੰਬਲ ਨੂੰ ਹੁਲਾਰਾ ਦਿੱਤਾ। ਵੱਡੇ ਪੰਛੀ ਝਪੱਟੇ ਖਾਣ ਲੱਗੇ, ਛੋਟੀਆਂ ਚਿੜੀਆਂ ਟਾਹਣੀਆਂ ਨਾਲ ਚਿਪਕ ਕੇ ਬੈਠ ਗਈਆਂ। ਉਡਣਾ ਮੁਸ਼ਕਲ ਹੋ ਗਿਆ। ਪੂਰੇ ਆਕਾਸ਼ ਵਿੱਚ ਨ੍ਹੇਰੀ ਦਾ ਡੰਕਾ ਵੱਜਿਆ। ਧਰਤੀ ਦਾ ਰੇਤ ਸੂਰਜ ਦੇ ਤਪ ਤੇਜ਼ ਨੂੰ ਨਿਗਲ ਗਿਆ। ਗਜਬ ਹੈ ਨ੍ਹੇਰੀ ਦਾ ਇਹ ਨਾਚ! ਕਮਾਲ ਹੈ ਰੇਤ ਦਾ ਇਹ ਖੇਲ੍ਹ! ਪੂਰੀ ਕੁਦਰਤ ਗਰਦ ਗੁਬਾਰ ਵਿੱਚ ਢਕੀ ਗਈ। ਸਾਰਾ ਬ੍ਰਹਿਮੰਡ ਇਕਸਾਰ ਹੋ ਗਿਆ। ਨਾ ਆਕਾਸ਼ ਦਿਸੇ, ਨਾ ਸੂਰਜ, ਨਾ ਪਹਾੜ, ਨਾ ਬਿਰਖ ਬੂਟੇ ਨਾ ਧਰਤੀ। ਨਿਰਾਕਾਰ। ਅਗੋਚਰ। ਕੁਦਰਤ ਦੀ ਇਸ ਮਾਮੂਲੀ ਉਬਾਸੀ ਅੱਗੇ ਨਾ ਆਦਮੀ ਦੇ ਗਿਆਨ ਦੀ ਔਕਾਤ, ਨਾ ਉਸਦੇ ਆਪੇ ਦੀ ਕੋਈ ਹਸਤੀ, ਨਾ ਮਾਣ ਨਾ ਹੰਕਾਰ ਦਾ ਕੋਈ ਮਹਾਤਮ!

ਸਹਿਜੇ ਸਹਿਜੇ ਚਾਨਣ ਪਰਤਣ ਲੱਗਿਆ, ਹੱਥ ਨੂੰ ਹੱਥ ਦਿਸਣ ਲੱਗਾ। ਪਹਾੜ ਦੀ ਥਾਂ ਪਹਾੜ, ਸੋਨੇ ਦੇ ਥਾਲ ਵਰਗਾ ਸੂਰਜ, ਰੁੱਖਾਂ ਦੀ ਥਾਂ ਰੁੱਖ, ਝਾੜੀਆਂ ਦੀ ਥਾਂ ਝਾੜੀਆਂ, ਹਵਾ ਦੀ ਥਾਂ ਹਵਾ। ਇਹ ਕੀ ਟੂਣਾ ਹੋਇਆ? ਵੱਡੀਆਂ ਵੱਡੀਆਂ ਬੂੰਦਾਂ ਦੀ ਝੜੀ ਲੱਗ ਗਈ, ਕਣੀ ਨਾਲ ਕਣੀ ਟਕਰਾਉਣ ਲੱਗੀ। ਕੁਦਰਤ ਨਹਾਉਣ ਲੱਗੀ। ਪਾਣੀ ਓ ਪਾਣੀ। ਨਹਾਈ ਹੋਈ ਕੁਦਰਤ ਨੂੰ ਦੇਖਕੇ ਸੂਰਜ ਦਾ ਚਾਨਣ ਧੰਨ ਹੋ ਗਿਆ।

ਭੂਤ ਸੋਚਣ ਲੱਗਾ, ਥੋੜ੍ਹੀ ਦੇਰ ਅੰਦਰ ਕੀ ਤਮਾਸ਼ਾ ਵਾਪਰਿਆ? ਕੁਦਰਤ ਦਾ ਇਹ ਕਾਰੋਬਾਰ ਦੇਖਕੇ ਯਕੀਨ ਨਹੀਂ ਆਉਂਦਾ। ਇਹ ਕੀ ਹੋਇਆ? ਕਿਤੇ ਉਸਦੇ ਦਿਲ ਅੰਦਰਲੀ ਨ੍ਹੇਰੀ ਤਾਂ ਪ੍ਰਗਟ ਨਹੀਂ ਹੋਈ? ਕੁਦਰਤ ਦਾ ਇਹ ਖੇਲ ਕਿਤੇ ਉਸਦੇ ਦਿਲ ਅੰਦਰ ਤਾਂ ਦੁਬਕਿਆ ਹੋਇਆ ਨਹੀਂ ਸੀ? ਤਾਂ ਹੀ ਤਾਂ ਫੁੱਲ ਵਾਂਗਰ ਇਕਦਮ ਹਲਕਾ ਹੋ ਗਿਆ। ਭਰਮ ਦੀ ਇਸ ਲਹਿਰ ਵਿੱਚ ਤੇਜ਼ ਕਦਮੀ ਤੁਰਨ ਲੱਗਾ। ਜਾਂਦੇ ਜਾਂਦੇ ਜੁਗਤਾਂ ਲੜਾਉਣ ਲੱਗਾ।

ਸਿੱਧਾ ਘਰ ਜਾਣ ਦੀ ਥਾਂ ਪਹਿਲਾਂ ਸੇਠ ਦੀ ਦੁਕਾਨ ਉੱਤੇ ਗਿਆ। ਹਿਸਾਬ ਵਿੱਚ ਡੁੱਬੇ ਸੇਠ ਨੂੰ ਆਪਣੀਆਂ ਅੱਖਾਂ ਉੱਪਰ ਭਰੋਸਾ ਨਾ ਹੋਇਆ। ਪਰਦੇਸੀਂ ਵਪਾਰ ਵਾਸਤੇ ਗਿਆ ਬੇਟਾ ਆਇਆ ਤਾਂ ਕਿਉਂ ਆਇਆ! ਅੱਜ ਤੋਂ ਪਹਿਲਾਂ ਤਾਂ ਉਸਨੇ ਕਦੀ ਇਉਂ ਆਖਾ ਨਹੀਂ ਮੋੜਿਆ ਸੀ। ਵਿਆਹ ਪਿੱਛੋਂ ਮੁੰਡਾ ਕਿਸੇ ਕੰਮ ਦਾ ਨਹੀਂ ਰਹਿੰਦਾ। ਸੇਠਾਣੀ ਨੇ ਪਤਾ ਨਹੀਂ ਕਿਸ ਜਨਮ ਦਾ ਬਦਲਾ ਲਿਆ। ਹੁਣ ਹੋ ਗਿਆ ਵਣਜ ਬਸ। ਜਾਂ ਵਣਜ ਕਰਲੋ ਜਾਂ ਜਨਾਨੀ ਦੀ ਚਾਕਰੀ, ਇੱਕ ਕੰਮ ਹੋਣੈ।

ਪਿਤਾ ਦੇ ਹੋਠਾਂ ਉੱਪਰ ਆਈ ਗੱਲ, ਬਿਨਾਂ ਸੁਣੇ ਬੇਟਾ ਸਮਝ ਗਿਆ। ਹੱਥ ਬੰਨ੍ਹ ਕੇ ਬੇਅੰਤ ਨਿਮਰਤਾ ਨਾਲ ਕਿਹਾ- ਪਹਿਲਾਂ ਮੇਰੀ ਗੱਲ ਤਾਂ ਸੁਣ ਲਉ।

ਵਿੱਚੋਂ ਹੀ ਟੋਕਦਿਆਂ ਪਿਤਾ ਨੇ ਕਿਹਾ- ਕੌਣ ਤੇਰੇ ਨਾਲ ਮੱਥਾ ਮਾਰੇ? ਬਹੂ ਦੇ ਚੱਕਰ ਵਿੱਚ ਪਰਦੇਸ ਜਾਣਾ ਹੀ ਨਹੀਂ ਸੀ ਫੇਰ ਤਿੰਨ ਦਿਨ ਬਰਬਾਦ ਕਿਉਂ ਕੀਤੇ? ਬੇਟੇ ਦੇ ਹੱਥ ਅਜੇ ਜੁੜੇ ਹੋਏ ਸਨ। ਭਰੇ ਗਲੇ ਨਾਲ ਬੋਲਿਆ- ਧੰਦੇ ਦਾ ਸਲਾਹ ਮਸ਼ਵਰਾ ਕਰਨ ਵਾਸਤੇ ਹੀ ਆਇਆ ਹਾਂ। ਤੁਹਾਡੀ ਮਨਜ਼ੂਰੀ ਨਹੀਂ ਹੋਏਗੀ ਤਾਂ ਘਰ ਜਾਣ ਦੀ ਥਾਂ ਸਿੱਧਾ ਵਾਪਸ ਚਲਾ ਜਾਊਂਗਾ। ਰਸਤੇ ਵਿੱਚ ਸਮਾਧੀ ਲਾਏ ਹੋਏ ਇੱਕ ਮਹਾਤਮਾ ਦੇ ਦਰਸ਼ ਹੋਏ। ਪੂਰੇ ਸਰੀਰ ਦੁਆਲ਼ੇ ਸਿਊਕ ਦੀ ਵਰਮੀ ਲਿਪਟੀ ਹੋਈ ਸੀ। ਸਹਿਜੇ ਸਹਿਜੇ ਇੱਕ ਲਕੜੀ ਨਾਲ ਮੈਂ ਮਿੱਟੀ ਝਾੜੀ, ਇਸ਼ਨਾਨ ਕਰਾਇਆ, ਪਾਣੀ ਪਿਲਾਇਆ, ਖਾਣਾ ਖੁਆਇਆ ਤਾਂ ਪ੍ਰਸੰਨ ਹੋ ਕੇ ਮਹਾਤਮਾ ਨੇ ਵਰਦਾਨ ਦਿੱਤਾ ਕਿ ਘਰ ਜਾਹ, ਹਰ ਸਵੇਰ ਮੰਜੇ ਤੋਂ ਉਤਰਨ ਸਾਰ ਤੈਨੂੰ ਪੰਜ ਮੁਹਰਾਂ ਮਿਲਿਆ ਕਰਨਗੀਆਂ ਪਰ ਪਰਦੇਸ ਵਿੱਚ ਜਾਂ ਘਰੋਂ ਬਾਹਰ ਇਹ ਵਰਦਾਨ ਨਹੀਂ ਚਲਦਾ। ਹੁਣ ਜੋ ਤੁਹਾਡਾ ਹੁਕਮ ਸੋ ਸਿਰ ਮੱਥੇ।

ਇਹੋ ਜਿਹੇ ਵਰਦਾਨ ਤੋਂ ਬਾਅਦ ਜੋ ਹੋਣਾ ਸੀ ਉਹੀ ਹੋਇਆ। ਸੇਠ ਖ਼ੁਸ਼ੀ ਖ਼ੁਸ਼ੀ ਮੰਨ ਗਿਆ। ਸੇਠਾਣੀ ਦੀ ਖ਼ੁਸ਼ੀ ਦਾ ਤਾਂ ਕਹਿਣਾ ਹੀ ਕਿਆ! ਇਕਲੌਤਾ ਬੇਟਾ ਅੱਖਾਂ ਸਾਹਮਣੇ ਰਹੇਗਾ। ਨਾਲ ੇ ਕਮਾਈ ਦੀ ਕਮਾਈ! ਪਿਤਾ ਦੇ ਕੰਮ ਵਿੱਚ ਹੱਥ ਵਟਾਵੇਗਾ ਉਸਦਾ ਲਾਭ ਵੱਖਰਾ। ਬਹੂ ਨੂੰ ਖ਼ੁਸ਼ੀ ਨਾਲ ਮਾਣ ਵੀ ਹੋਇਆ, ਹੈਰਾਨੀ ਵੀ ਕਿ ਮੇਰੇ ਵਰਗੇ ਰੂਪ ਨੂੰ ਛੱਡ ਕੇ ਕੋਈ ਪਰਦੇਸ ਵੀ ਜਾ ਸਕਦੈ? ਦੇਖੋ ਤੀਜੇ ਦਿਨ ਪਰਤ ਆਇਆ!

ਦੁਕਾਨ ਦਾ ਹਿਸਾਬ ਕਿਤਾਬ ਕਰਕੇ, ਖਾਣਾ ਖਾ ਕੇ ਪਤੀ, ਗਈ ਰਾਤ ਚੁਬਾਰੇ ਦੀਆਂ ਪੌੜੀਆਂ ਚੜ੍ਹਿਆ। ਚਾਰੇ ਕੋਨਿਆਂ ਵਿੱਚ ਬਲਦੇ ਦੀਵੇ। ਫੁੱਲਾਂ ਦੀ ਸੇਜ। ਇਸ ਉਡੀਕ ਤੋਂ ਵਧੀਕ ਮੰਗਲਮਈ ਕੀ ਹੋਵੇਗਾ? ਝਾਂਜਰਾਂ ਛਣਕੀਆਂ। ਇਸ ਸੰਗੀਤ ਤੋਂ ਪਾਰ ਕੋਈ ਨਾਦ ਨਹੀਂ। ਸੋਲਾਂ ਸ਼ਿੰਗਾਰ ਵਿੱਚ ਸਜੀ ਬਹੂ। ਇਸ ਨਜ਼ਰ ਤੋਂ ਵਧਕੇ ਕੋਈ ਜੋਤ ਨਹੀਂ। ਪੂਰੀ ਹਵੇਲੀ ਖ਼ੁਸ਼ਬੂਆਂ ਵਿੱਚ ਲਿਪਟੀ ਹੋਈ। ਇਨ੍ਹਾਂ ਸੁਗੰਧੀਆਂ ਤੋਂ ਵਧੀਕ ਕੋਈ ਖ਼ੁਸ਼ਬੂ ਨਹੀਂ। ਇਹ ਉਹੋ ਸੁਗੰਧੀ ਹੈ ਜਿਸ ਨੇ ਜੰਡੀ ਹੇਠ ਬੇਹੋਸ਼ ਕਰ ਦਿੱਤਾ ਸੀ। ਅੱਜ ਚੁਬਾਰੇ ਵਿੱਚ ਨਜ਼ਰਾਂ ਦਾ ਰੂ-ਬ-ਰੂ ਮਿਲਣ। ਇਨੀ ਜਲਦੀ ਦਿਲ ਦੀ ਇੱਛਾ ਪੂਰੀ ਹੋਏਗੀ, ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਸੀ।

ਬੇਝਿਜਕ ਬਹੂ ਨਾਲ ਬੈਠ ਗਈ। ਘੁੰਡ ਕੀ ਚੁੱਕਿਆ ਜਿਵੇਂ ਤਿੰਨ ਲੋਕ ਦਾ ਦ੍ਰਿਸ਼ ਟਿਮਟਿਮਾਉਂਦਾ ਹੋਵੇ। ਇਸ ਰੂਪ ਦੀ ਤਾਂ ਛਾਂ ਵੀ ਰੌਸ਼ਨ ਹੁੰਦੀ ਹੈ। ਬਹੂ ਨੇ ਮੁਸਕਰਾਉਂਦਿਆਂ ਕਿਹਾ- ਮੈਂ ਜਾਣਦੀ ਸਾਂ ਕਿ ਰਸਤੇ ਵਿੱਚੋਂ ਪਰਤ ਆਉਗੇ। ਇਹ ਤਾਰਿਆਂ ਜੜੀ ਰਾਤ ਇਸ ਮੌਕੇ ਅੱਗੇ ਤੁਰਨ ਨਹੀਂ ਦਿਆ ਕਰਦੀ। ਮੇਰਾ ਦਿਲ ਤੋੜ ਕੇ ਗਏ ਹੀ ਕਿਉਂ? ਮੇਰੀ ਮੰਨਤ ਸੱਚ ਹੋਈ।

ਭੂਤ ਦੇ ਦਿਲ ਵਿੱਚ ਵਰੋਲਾ ਜਿਹਾ ਉਠਿਆ। ਇਸ ਨਿਰਮਲ ਦੁੱਧ ਵਿੱਚ ਚਿੱਕੜ ਕਿਵੇਂ ਰਲਾਵਾਂ? ਇਸ ਨੂੰ ਛਲਣ ਤੋਂ ਵੱਡਾ ਕੋਈ ਪਾਪ ਨਹੀਂ। ਅਸਲੀ ਪਤੀ ਸਮਝ ਕੇ ਇਹ ਤਾਂ ਖ਼ੁਸ਼ ਹੋ ਰਹੀ ਹੈ! ਪਰ ਇਸ ਤੋਂ ਨੀਵਾਂ ਝੂਠ ਹੋਰ ਕੀ ਹੋਇਗਾ? ਇਹ ਤਾਂ ਝੂਠ ਦੀ ਵੀ ਬਦਨਾਮੀ ਹੈ। ਇਸ ਮਾਸੂਮ ਪ੍ਰੀਤ ਦੀ ਹੱਤਿਆ ਕਿਵੇਂ ਕਰਾਂ? ਪ੍ਰੇਮ ਨਾਲ ਕੀ ਭੂਤਾਂ ਦਾ ਦਿਲ ਵੀ ਧੋਇਆ ਜਾਂਦਾ ਹੈ? ਕੋਈ ਬਰਾਬਰੀ ਦਾ ਹੋਵੇ ਤਾਂ ਛਲਬਲ ਵੀ ਦਿਖਾਇਆ ਜਾਵੇ। ਨੀਂਦ ਵਿੱਚ ਸੋਏ ਬੰਦੇ ਦਾ ਗਲ ਕੱਟਣ ਨਾਲ ਤਲਵਾਰ ਦਾ ਮਾਣ ਵੀ ਘਟਦਾ ਹੈ। ਰਤਾ ਪਰ੍ਹੇ ਸਰਕਦਾ ਭੂਤ ਬੋਲਿਆ- ਕੀ ਪਤਾ ਮੰਨਤ ਸੱਚ ਹੋਈ ਕਿ ਨਾ? ਪਹਿਲਾਂ ਪੂਰੀ ਤਰ੍ਹਾਂ ਪੜਤਾਲ ਤਾਂ ਕਰ ਲੈ। ਕੋਈ ਹੋਰ ਜਣਾ ਤੇਰੇ ਪਤੀ ਦਾ ਰੂਪ ਧਾਰ ਕੇ ਤਾਂ ਨਹੀਂ ਕਿਧਰੇ ਆ ਗਿਆ?

ਬਹੂ ਚੌਂਕੀ। ਕਲੇਜੇ ਵਿੱਚ ਦਰਦ ਦੀ ਲਹਿਰ ਜਿਹੀ ਉਠੀ। ਨਜ਼ਰਾਂ ਗੱਡ ਕੇ ਦੇਖਿਆ। ਹੂ- ਬਹੂ ਉਹੀ ਚਿਹਰਾ, ਉਹੀ ਰੰਗ, ਉਹੀ ਕੱਦ ਕਾਠ, ਉਹੀ ਨਜ਼ਰ, ਉਹੀ ਬੋਲੀ।

-ਸੁਫ਼ਨੇ ਵਿੱਚ ਵੀ ਪਰਾਏ ਮਰਦ ਦਾ ਪਰਛਾਵਾਂ ਮੇਰੇ ਉੱਪਰ ਨਹੀਂ ਪੈ ਸਕਦਾ! ਜਾਗਦੀਆਂ ਅੱਖਾਂ ਨਾਲ ਕਿਵੇਂ ਸੰਭਵ ਹੈ? ਕੋਈ ਦੂਜਾ ਮਰਦ ਹੁੰਦਾ, ਮੇਰੇ ਸਤ ਦੇ ਬਲ ਸਦਕਾ ਕਦ ਦਾ ਭਸਮ ਹੋ ਗਿਆ ਹੁੰਦਾ! ਇੰਨੀ ਦੇਰ ਥੋੜ੍ਹੀ ਲਗਦੀ?

ਇਹ ਬੋਲ ਭੂਤ ਨੂੰ ਚੁਭੇ, ਕਹਿਣਾ ਚਾਹੁੰਦਾ ਸੀ ਕਿ ਫਿਰ ਤਾਂ ਤੇਰਾ ਸਤ ਖੋਟਾ ਹੈ, ਕਿਹਾ ਨਹੀਂ। ਭੂਤ ਭਸਮ ਹੋ ਜਾਣਾ ਚਾਹੀਦਾ ਸੀ ਜੇ ਸਤ ਖਰਾ ਹੁੰਦਾ! ਪਰ ਅਗਲੇ ਪਲ ਉਸਨੇ ਗੱਲ ਨੂੰ ਦੂਜੇ ਸਿਰੇ ਵੱਲੋਂ ਦੇਖਿਆ ਤਾਂ ਉਸਦੀ ਖਿਝ ਹਟ ਗਈ। ਸਗੋਂ ਖ਼ੁਸ਼ ਹੋਇਆ। ਸਿਰਫ਼ ਚਿਹਰੇ ਮੁਹਰੇ ਤੋਂ ਕੀ ਹੁੰਦਾ ਹੈ! ਜੇ ਉਹ ਸੱਚਾ ਪਤੀ ਹੁੰਦਾ ਤਾਂ ਰੂਪ ਦੀ ਇਹ ਦੌਲਤ ਛੱਡ ਕੇ ਚਲਾ ਜਾਂਦਾ? ਕੀ ਵਿਛੋੜੇ ਦੀ ਅੱਗ ਵਿੱਚ ਸਾੜਨ ਲਈ ਮੁੰਡੇ ਨੇ ਇਸ ਨਾਲ ਵਿਆਹ ਕੀਤਾ? ਇਸ ਰੂਪ ਨੂੰ ਛੱਡ ਕੇ ਤਾਂ ਕੋਈ ਅੰਨ੍ਹਾ ਵੀ ਨਾ ਜਾਏ! ਫੇਰੇ ਨਹੀਂ ਲਏ ਨਾ ਸਹੀ, ਕੀ ਮੇਰਾ ਪਿਆਰ ਸੱਚਾ ਨਹੀਂ? ਮੈਂ ਭੂਤ ਹੋ ਕੇ ਸੱਚੀ ਪ੍ਰੀਤ ਨਿਭਾ ਰਿਹਾ ਹਾਂ, ਕਪਟ ਕਰਦਿਆਂ ਦਰਦ ਹੁੰਦਾ ਹੈ। ਬੇਸ਼ਕ ਭੂਤ ਹਾਂ ਪਰ ਮੈਂ ਇਸ ਨਾਲ ਛਲ ਨਹੀਂ ਕਰ ਸਕਦਾ। ਇਹ ਪ੍ਰੇਮ ਦੀ ਮਰਿਆਦਾ ਨਹੀਂ। ਸੱਚ ਦੱਸਣ ਬਗ਼ੈਰ ਮੈਂ ਇੱਥੇ ਸਾਹ ਵੀ ਨਹੀਂ ਲੈ ਸਕਦਾ। ਨੇੜੇ ਆ ਕੇ ਕਿਹਾ- ਦੂਸਰਾ ਆਦਮੀ ਹੁੰਦਿਆਂ ਵੀ ਤੇਰਾ ਸਤ ਖਰਾ ਹੈ ਕਿਉਂਕਿ ਮੇਰਾ ਪਿਆਰ ਸੱਚਾ ਹੈ। ਮੇਰੀ ਪ੍ਰੀਤ ਮੀਂਹ ਦੀ ਝੜੀ ਵਾਂਗ ਪਵਿੱਤਰ ਹੈ। ਅਗਨੀ ਦੁਆਲ਼ੇ ਫੇਰੇ ਲੈਣ ਵਾਲੇ ਦਾ ਪਿਆਰ ਝੂਠਾ ਹੈ। ਤਾਂ ਹੀ ਤੈਨੂੰ ਨਜ਼ਰਅੰਦਾਜ਼ ਕਰਕੇ ਪਰਦੇਸ ਚਲਾ ਗਿਆ।

ਪਰ ਬਹੂ ਸੱਚ ਝੂਠ ਦੀ ਪਛਾਣ ਕਿਵੇਂ ਕਰੇ? ਭੂਤ ਦੀਆਂ ਗੱਲਾਂ ਦੁਲਹਨ ਦੇ ਪੱਲੇ ਬਿਲਕੁਲ ਨਹੀਂ ਪਈਆਂ। ਉਹੀ ਹੂ-ਬ-ਹੂ ਨੈਣ ਨਕਸ਼, ਮਾਂ ਪਿਉ ਜਿਸ ਨੂੰ ਆਪਣਾ ਬੇਟਾ ਮੰਨ ਰਹੇ ਨੇ, ਮੈਂ ਉਸਨੂੰ ਪਤੀ ਕਿਉਂ ਨਾ ਮੰਨਾ? ਮੈਨੂੰ ਕੀ ਝਿਜਕ? ਦੁਬਿਧਾ ਹੈ ਕਾਸ ਦੀ? ਚਿਹਰਾ, ਰੰਗ ਰੂਪ, ਇਹੋ ਹੈ ਰਿਸ਼ਤਿਆਂ ਦੀ ਪਛਾਣ, ਫਿਰ ਉਲਝਣ ਕਿਸ ਗੱਲ ਦੀ?

ਇਸ ਪਿੱਛੋਂ ਸਿਲਸਿਲੇਵਾਰ ਭੂਤ ਨੇ ਸਾਰੀ ਗੱਲ ਸੁਣਾਈ ਕਿ ਜੰਡੀ ਹੇਠ ਉਸਦਾ ਰੂਪ ਦੇਖ ਕੇ ਕੀ ਹਾਲਤ ਹੋਈ। ਦੁਲਹਨ ਜਦੋਂ ਰਵਾਨਾ ਹੋ ਗਈ, ਉਹ ਕਿਵੇਂ ਮੂਰਛਿਤ ਹੋਇਆ। ਹੋਸ਼ ਕਦ ਵਾਪਸ ਆਈ। ਜਦੋਂ ਸੇਠ ਦਾ ਬੇਟਾ ਪਰਦੇਸ ਜਾ ਰਿਹਾ ਸੀ, ਰਸਤੇ ਵਿੱਚ ਕੀ ਕੀ ਗੱਲਾਂ ਹੋਈਆਂ। ਫਿਰ ਕਿਵੇਂ ਉਸਦਾ ਰੂਪ ਧਾਰ ਕੇ ਇੱਥੇ ਆਉਣ ਦਾ ਫੈਸਲਾ ਲਿਆ। ਰਸਤੇ ਵਿੱਚ ਆਈ ਨ੍ਹੇਰੀ ਅਤ ੇ ਬਰਸਾਤ ਦੀ ਘਟਨਾ ਸੁਣਾਈ। ਕੁਝ ਛੁਪਾ ਕੇ ਨਹੀਂ ਰੱਖਿਆ। ਕਠਪੁਤਲੀ ਵਾਂਗ ਅਹਿਲ ਦੁਲਹਨ ਚੁਪਚਾਪ ਸੁਣਦੀ ਰਹੀ। ਵਿਧਾਤਾ ਨੇ ਉਸਨੂੰ ਕੀ ਇਹ ਬਿਰਤਾਂਤ ਸੁਣਨ ਵਾਸਤੇ ਕੰਨ ਦਿੱਤੇ ਸਨ?

ਹੱਥ ਵਿੱਚ ਕਲਾਈ ਫੜ ਕੇ ਸਹਿਲਾਉਂਦਿਆਂ ਉਸਨੇ ਗੱਲ ਜਾਰੀ ਰੱਖੀ- ਮਾਂ ਪਿਉ ਨੂੰ ਤਾਂ ਰੋਜ਼ਾਨਾ ਪੰਜ ਮੁਹਰਾਂ ਤੇ ਦੁਕਾਨ ਦੀ ਕਮਾਈ ਨਾਲ ਮਤਲਬ ਹੈ। ਉਨ੍ਹਾਂ ਨੇ ਅਸਲੀਅਤ ਤੋਂ ਕੀ ਲੈਣਾ ਦੇਣਾ? ਆਂਢੀ ਗੁਆਂਢੀ, ਰਿਸ਼ਤੇਦਾਰ, ਭਾਈਚਾਰਾ, ਸਾਰੇ ਮੈਥੋਂ ਖ਼ੁਸ਼ ਹੋ ਜਾਣਗੇ। ਤੈਨੂੰ ਖ਼ੁਦ ਨਾ ਦਸਦਾ, ਪੰਜ ਸਾਲ ਤੱਕ ਤੈਨੂੰ ਪਤਾ ਨਾ ਲਗਦਾ, ਸੁਫ਼ਨੇ ਵਿੱਚ ਵੀ ਨਹੀਂ ਪਤਾ ਲੱਗਣਾ ਸੀ ਸੱਚ ਕੀ ਹੈ। ਤੂੰ ਮੈਨੂੰ ਆਪਣਾ ਪਤੀ ਹੀ ਸਮਝਦੀ। ਮੇਰਾ ਮਨ ਨਹੀਂ ਮੰਨਿਆ। ਆਪਣੇ ਦਿਲ ਦਾ ਸੱਚ ਮੈਂ ਕਿਉਂ ਛੁਪਾਉਂਦਾ? ਮੈਂ ਕਈ ਔਰਤਾਂ ਨੂੰ ਕਸਰ ਕੀਤੀ ਹੈ, ਉਨ੍ਹਾਂ ਨੂੰ ਤਕਲੀਫ਼ ਦਿੱਤੀ, ਮੈਨੂੰ ਕੋਈ ਫ਼ਰਕ ਨਹੀਂ ਪਿਆ, ਕਿਸੇ ਤੇ ਰਹਿਮ ਕਰਮ ਨਹੀਂ ਕੀਤਾ। ਇਹ ਦੱਸਣ ਬਾਅਦ ਵੀ ਤੇਰੀ ਮਰਜ਼ੀ ਨਹੀਂ ਤਾਂ ਵਾਪਸ ਪਰਤ ਜਾਨਾ, ਇਧਰ ਕਦੀ ਮੂੰਹ ਨੀ ਕਰਾਂਗਾ। ਜਦੋਂ ਤੱਕ ਜਿਉਂਦਾ ਰਿਹਾ ਤੇਰਾ ਅਹਿਸਾਨ ਮੰਨੂੰਗਾ ਕਿ ਤੇਰੇ ਕਾਰਨ ਮੇਰੇ ਅੰਦਰਲਾ ਜ਼ਹਿਰ ਸ਼ਰਬਤ ਵਿੱਚ ਬਦਲ ਗਿਆ। ਔਰਤ ਦੇ ਰੂਪ ਅਤੇ ਮਰਦ ਦੇ ਪਿਆਰ ਦਾ ਸ਼੍ਰੋਮਣੀ ਨਤੀਜਾ ਇਹੋ ਹੈ।

ਰੂਪ ਦੀ ਪੁਤਲੀ ਦੇ ਬੁੱਲ੍ਹ ਖੁੱਲ੍ਹੇ- ਪਤਾ ਨਹੀਂ ਲਗਦਾ ਭੇਦ ਖੁੱਲ੍ਹ ਗਿਆ ਚੰਗਾ ਹੋਇਆ ਕਿ ਨਾ ਖੁੱਲ੍ਹਦਾ ਤਾਂ ਚੰਗਾ ਹੁੰਦਾ। ਕਦੇ ਕੋਈ ਗੱਲ ਠੀਕ ਲਗਦੀ ਹੈ ਕਦੀ ਕੋਈ। ਕਿਹੀ ਉਲਝੀ ਹੋਈ ਬੁਝਾਰਤ ਹੈ!

ਭੂਤ ਤੁਰੰਤ ਜਵਾਬ ਨਾ ਦੇ ਸਕਿਆ। ਮੱਥੇ ਉੱਪਰ ਤਿਊੜੀਆਂ ਉਭਰ ਆਈਆਂ। ਅਗਲੇ ਪਲ ਮਨਚਾਹਿਆ ਜਵਾਬ ਮਿਲ ਗਿਆ। ਦੁਲਹਨ ਦੀਆਂ ਅੱਖਾਂ ਵਿੱਚ ਦੇਖਦਿਆਂ ਕਿਹਾ- ਵਿਚਾਰੀ ਬਾਂਝ ਨੂੰ ਜੱਚਾ ਦੇ ਦਰਦ ਦਾ ਕੀ ਪਤਾ? ਇਸ ਦਰਦ ਵਿੱਚ ਹੀ ਪਰਮ ਆਨੰਦ ਹੈ। ਸੱਚ ਅਤੇ ਪ੍ਰਸੂਤ ਦਾ ਦਰਦ ਇੱਕੋ ਜਿਹਾ ਹੁੰਦੈ। ਇਸ ਸੱਚ ਨੂੰ ਛੁਪਾਉਣ ਵਿੱਚ ਨਾ ਦੁਖ ਹੁੰਦਾ ਨਾ ਸੁਖ, ਸੱਚ ਤੇ ਆਨੰਦ ਦੀ ਨਕਲ ਹੁੰਦਾ। ਮੈਂ ਕਿੰਨੀਆਂ ਔਰਤਾਂ ਦੀ ਰੂਹ ਵਿੱਚ ਉਤਰਿਆ ਹਾਂ ਤਦ ਮੈਨੂੰ ਸੱਚ ਦੇ ਭਰਮ ਦਾ ਪਤਾ ਲੱਗਾ। ਇਹੋ ਜਿਹੀਆਂ ਸਤੀਆਂ ਸਵਿੱਤਰੀਆਂ ਨੂੰ ਜਾਣਦਾ ਹਾਂ ਜੋ ਅੰਗ-ਰਲੀਆਂ ਵੇਲੇ ਪਤੀ ਦੇ ਚਿਹਰੇ ਵਿੱਚੋਂ ਕਿਸੇ ਹੋਰ ਦਾ ਚਿਹਰਾ ਦੇਖਦੀਆਂ ਹਨ। ਕਹਿਣ ਨੂੰ ਤਾਂ ਪਰਾਏ ਮਰਦ ਦੀ ਛਾਂ ਤੱਕ ਨਹੀਂ ਆਪਣੇ ਉੱਪਰ ਪੈਣ ਦਿੰਦੀਆਂ ਪਰ ਪਤੀ ਦੇ ਹੁੰਦਿਆਂ ਪਰਾਏ ਮਰਦ ਦੇ ਖ਼ਿਆਲ ਵਿੱਚ ਕਿੰਨਾ ਕੁ ਸਦਾਚਾਰ ਹੈ, ਜਿੰਨਾ ਮੈਂ ਜਾਣਦਾਂ, ਵਿਧਾਤਾ ਵੀ ਨਹੀਂ ਜਾਣਦਾ। ਮੈਂ ਬੜੇ ਭੇਦ ਦੇਖੇ ਹਨ, ਡਰ ਕੇਵਲ ਬਦਨਾਮੀ ਦਾ ਹੁੰਦੈ। ਕਿਸੇ ਨੂੰ ਪਤਾ ਨਾ ਲੱਗੇ ਤਾਂ ਖ਼ੁਦ ਭਗਵਾਨ ਵੀ ਪਾਪ ਕਰਨੋ ਨਾ ਹਟੇ। ਹੁਣ ਤੇਰੀ ਮਰਜ਼ੀ ਤੂੰ ਜਾਣੇ। ਮੈਂ ਤਾਂ ਭੂਤ ਹੋ ਕੇ ਵੀ ਕੁਝ ਨਹੀਂ ਛਿਪਾਇਆ।

ਇਹੋ ਜਿਹੀ ਉਲਝਣ ਅੱਜ ਤੱਕ ਕਿਸੇ ਔਰਤ ਨੂੰ ਸੁਲਝਾਉਣੀ ਨਹੀਂ ਪਈ ਹੋਣੀ। ਆਪਣੀ ਮੌਜ ਵਿੱਚ ਵਹਿ ਜਾਣ ਦੀ ਗਤੀ ਹੀ ਨਿਰਾਲੀ ਹੁੰਦੀ ਹੈ। ਪਰਾਈ ਔਰਤ ਅਤੇ ਪਰਾਏ ਮਰਦ ਵਾਸਤੇ ਮਨ ਲੋਚਦਾ ਹੈ ਪਰ ਲੋਕ ਲਾਜ ਦੇ ਭੈ ਕਾਰਨ ਢੱਕਣ ਚੁੱਕਣਾ ਨਹੀਂ ਸ਼ੋਭਦਾ। ਪਰ ਢੱਕਣ ਹੇਠ ਜੋ ਰਿਝਦਾ ਹੈ ਸੋ ਰਿਝਦਾ ਹੈ। ਸੋਚ ਵਿਚਾਰ ਕੇ ਇਹੋ ਜਿਹੀਆਂ ਗੱਲਾਂ ਦਾ ਉੱਤਰ ਨਹੀਂ ਦਿੱਤਾ ਜਾ ਸਕਦਾ। ਦੁਲਹਨ ਇਉਂ ਬੁੱਲ੍ਹ ਸਿਉਂਕੇ ਬੈਠੀ ਰਹੀ ਜਿਵੇਂ ਬੋਲਣਾ ਨਾ ਜਾਣਦੀ ਹੋਵੇ।

ਬਾਹਰੋਂ ਖ਼ਾਮੋਸ਼ ਸੀ, ਅੰਦਰ ਬੱਦਲ ਗੱਜ ਰਹੇ ਸਨ। ਉਸਦੀਆਂ ਰਗਾਂ ਵਿੱਚੋਂ ਕੋਈ ਅਗਿਆਤ ਫੁਹਾਰਾ ਫੁੱਟਿਆ। ਜਨਮ ਵੇਲੇ ਥਾਲ ਵਜਾ ਕੇ ਖ਼ੁਸ਼ੀ ਨਹੀਂ ਕੀਤੀ ਸੀ, ਛੱਜ ਖੜਕਾ ਕੇ ਖ਼ਬਰ ਦਿੱਤੀ ਗਈ ਕਿ ਬੇਟਾ ਨਹੀਂ, ਧੀ ਜੰਮੀ ਹੈ। ਘਰ ਵਾਲਿਆਂ ਨੂੰ ਖ਼ੁਸ਼ੀ ਨਹੀਂ ਹੋਈ। ਬੇਟਾ ਹੁੰਦਾ ਬੜੀ ਖ਼ੁਸ਼ੀ ਹੁੰਦੀ। ਮਾਂ ਪਿਉ ਦੀਆਂ ਨਜ਼ਰਾਂ ਵਿੱਚ ਕੂੜੇ ਦਾ ਢੇਰ ਵਧਦਿਆਂ ਦੇਰ ਲੱਗੇ, ਕੁੜੀ ਵਧਦੀ ਦੇਰ ਨੀ ਕਰਦੀ। ਗਿਆਰ੍ਹਵਾਂ ਸਾਲ ਅਜੇ ਲੱਗਾ ਹੀ ਸੀ ਕਿ ਮਾਪਿਆਂ ਨੂੰ ਚਿੰਤਾ ਹੋਣ ਲੱਗੀ। ਵਿਹੜੇ ਤੋਂ ਵੀ ਵੱਡੀ, ਅਸਮਾਨ ਤੋਂ ਵੀ ਵੱਡੀ ਲੱਗੇ। ਰਿਸ਼ਤਿਆਂ ਦੀਆਂ ਦੱਸਾਂ ਪੈਣ ਲੱਗੀਆਂ। ਰੰਗ ਰੂਪ ਦੀ ਚਰਚਾ ਨਗਰ ਖੇੜਿਆਂ ਦੀਆਂ ਹਵਾਵਾਂ ਵਿੱਚ ਘੁਲ ਗਈ। ਸੋਲਾਂ ਸਾਲ ਤੱਕ ਕੌਣ ਉਡੀਕੇ! ਮਾਂ ਦੀ ਕੁੱਖ ਵਿੱਚ ਪਤਾ ਨਹੀਂ ਕਿਵੇਂ ਸਮਾ ਗਈ ਸੀ, ਵਿਹੜੇ ਵਿੱਚ ਨਹੀਂ ਸਮਾ ਸਕਦੀ। ਇੱਕ ਦਿਨ ਹਵੇਲੀ ਵਿੱਚ ਨਾਰੀਅਲ ਆਇਆ। ਜਿਸ ਪਰਿਵਾਰ ਵੱਲੋਂ ਆਇਆ ਉਸਦਾ ਵਿਸਥਾਰ ਜਾਣਕੇ ਖ਼ੁਸ਼ੀ ਨਾਲ ਮਾਪਿਆਂ ਨੇ ਨਾਰੀਅਲ ਮਨਜ਼ੂਰ ਕਰ ਲਿਆ। ਕੁੜੀ ਇਸ ਹਵੇਲੀ ਵਿੱਚ ਨਾ ਹੁੰਦੀ ਕਿਸੇ ਹੋਰ ਦੇ ਘਰ ਹੁੰਦੀ, ਫਿਰ ਵੀ ਜਾਣਾ ਪੈਣਾ ਈ ਸੀ। ਮਾਂ ਪਿਤਾ ਚੁਣਦੇ, ਉਹ ਮੰਨਦੀ। ਪਤਾ ਲੱਗਾ ਮੁੰਡਾ ਵਣਜ ਵਪਾਰ ਦਾ ਧਨੀ ਹੈ।

ਇਸ ਮੁੰਡੇ ਵਾਸਤੇ ਕਸੋਰੇ ਦੇ ਥੱਲੇ ਅਤੇ ਕੁੜੀ ਦੇ ਚਿਹਰੇ ਵਿੱਚ ਕੋਈ ਫ਼ਰਕ ਨਾ। ਥਰਕਦੀ ਜਵਾਨੀ ਤੇ ਉਡਦੀ ਧੂੜ ਇੱਕੋ ਜਿਹੀ। ਨਾ ਰਥ ਵਿੱਚ ਬੈਠੀ ਕੁੜੀ ਦੇ ਦਿਲ ਦੀ ਸਮਝਿਆ, ਨਾ ਸਮਝਿਆ ਹਵੇਲੀ ਵਿੱਚ ਜਾ ਕੇ। ਸੁੰਨੀ ਹਵੇਲੀ ਅਤੇ ਇਕੱਲੀ ਬਹੂ ਛੱਡ ਕੇ ਚਲਾ ਗਿਆ ਵਪਾਰ ਕਰਨ ਪਰਦੇਸ। ਪਿੱਛੇ ਮੁੜ ਕੇ ਨਹੀਂ ਦੇਖਿਆ। ਪਤਾ ਹੀ ਨਹੀਂ ਵਿਛੋੜਾ ਕੀ ਹੁੰਦਾ ਹੈ, ਵਿਛੋੜੇ ਦੀ ਅਗਨੀ ਕੀ ਹੁੰਦੀ ਹੈ। ਇਹ ਗੱਲਾਂ ਤਾਂ ਬਿਨ ਦੱਸਿਆਂ ਪਤਾ ਹੋਇਆ ਕਰਦੀਆਂ ਨੇ! ਅੱਜ ਭੂਤ ਦੀ ਪ੍ਰੀਤ ਦਾ ਚਾਨਣ ਹੋਇਆ ਤਾਂ ਸੂਰਜ ਵੀ ਫਿੱਕਾ ਪੈ ਗਿਆ। ਸੱਤ ਫੇਰਿਆਂ ਦਾ ਭਰਤਾਰ ਮਰਜ਼ੀ ਖ਼ਿਲਾਫ਼ ਪਰਦੇਸ ਚਲਾ ਗਿਆ। ਪਿੱਛੇ ਮੁੜ ਕੇ ਨਹੀਂ ਦੇਖਿਆ। ਉਦੋਂ ਵੀ ਵਸ ਨਾ ਚੱਲਿਆ। ਜੇ ਇਹ ਅਜਨਬੀ ਬਿਨ ਦੱਸੇ ਆ ਗਿਆ ਤਾਂ ਵੀ ਕੀ ਵਸ। ਹਰ ਪਾਸੇ ਬੇਬਸੀ। ਜਾਣ ਵਾਲੇ ਨੂੰ ਰੋਕ ਨਾ ਸਕੀ, ਆਣ ਵਾਲੇ ਨੂੰ ਰੋਕ ਨਾ ਸਕੀ। ਪਤੀ ਹੋ ਕੇ ਮੰਝਧਾਰ ਵਿੱਚ ਛੱਡ ਗਿਆ, ਭੂਤ ਹੋ ਕੇ ਕੋਈ ਮੰਝਧਾਰ ਵਿੱਚੋਂ ਬਾਹਰ ਕੱਢਣ ਆ ਗਿਐ! ਇਨਕਾਰ ਕਰੇ ਤਾਂ ਕਿਵੇਂ ਕਰੇ? ਸੁਫ਼ਨਿਆਂ ਤੇ ਵਸ ਚੱਲਦਾ ਹੁੰਦਾ ਤਾਂ ਪ੍ਰੀਤ ਉਪਰ ਵਸ ਚਲ ਸਕਦਾ! ਪੱਥਰ ਦੀ ਮੂਰਤੀ ਵਾਂਗ ਭੂਤ ਦੀ ਗੋਦ ਵਿੱਚ ਲੁੜ੍ਹਕ ਗਈ।

ਇਸ ਤਰ੍ਹਾਂ ਦੀ ਬੇਹੋਸ਼ੀ ਰੋਮ ਰੋਮ ਦੀ ਚੇਤਨਾ ਨਾਲੋਂ ਕਿਤੇ ਵਧੀਕ ਜਾਗ੍ਰਿਤ ਹੁੰਦੀ ਹੈ। ਪਤਾ ਨਹੀਂ ਕੀ ਕੀ ਦਿਲ ਵਿੱਚ ਵਾਪਰਦਾ ਹੈ। ਇਹ ਕਿਤੇ ਉਸਦੇ ਦਿਲ ਅੰਦਰਲਾ ਭੂਤ ਤਾਂ ਨਹੀਂ ਜੋ ਸਾਕਾਰ ਪ੍ਰਗਟ ਹੋ ਗਿਆ? ਕਿਤੇ ਇਹ ਉਸ ਦੇ ਦਿਲ ਅੰਦਰਲੀ ਹੀ ਖ਼ਾਮੋਸ਼ੀ ਤਾਂ ਨਹੀਂ ਕਿਤੇ ਜੋ ਭੂਤ ਦੀ ਆਵਾਜ਼ ਬਣਕੇ ਕੰਨਾਂ ਤੱਕ ਪੁੱਜੀ? ਫਿਰ ਆਪਣੀ ਖ਼ਾਮੋਸ਼ੀ ਤੋਂ ਕੀ ਝਿਜਕ? ਜਿੱਥੇ ਬੋਲ ਰੁਕ ਜਾਏ ਉੱਥੇ ਖ਼ਾਮੋਸ਼ੀ ਮਦਦ ਕਰਦੀ ਹੈ। ਫਿਰ ਕੁਝ ਵੀ ਕਹਿਣਾ ਸੁਣਨਾ ਬਾਕੀ ਨਹੀਂ ਰਹਿੰਦਾ। ਖ਼ੁਦ ਇੱਕ ਦੂਜੇ ਦੇ ਮਨ ਦੀ ਗੱਲ ਸਮਝ ਗਏ। ਸਮਝ ਜਾਣ ਪਿੱਛੋਂ ਗੱਲਾਂ ਦਾ ਕੀ ਅੰਤ? ਦੀਵਿਆਂ ਦੀ ਲੋਅ ਵਿੱਚ ਗੱਲਾਂ ਦੀਆਂ ਤਿਤਲੀਆਂ ਇਧਰ ਉੱਧਰ ਨੱਚਣ ਲੱਗੀਆਂ। ਇੱਕੀਵੀਂ ਰਾਤ ਆਖ਼ਰ ਗੱਲਾਂ ਦੀ ਹੱਦ ਮੁੱਕੀ। ਚੁਬਾਰੇ ਦੇ ਦੀਵੇ ਬੁਝੇ ਤਾਂ ਹਨ੍ਹੇਰਾ ਰੌਸ਼ਨੀ ਦਾ ਰੂਪ ਧਾਰ ਕੇ ਛਣਨ ਛਣਨ ਕਰਨ ਲੱਗਾ। ਮੁਰਝਾਏ ਫੁੱਲਾਂ ਦੀ ਕਲੀ ਕਲੀ ਖਿੜ ਗਈ! ਹਵੇਲੀ ਦੀ ਇੱਛਾ ਸੰਪੰਨ ਹੋਈ। ਗਗਨ ਵਿਚਲੇ ਨੌ ਲੱਖ ਤਾਰਿਆਂ ਦੀ ਜੋਤ ਦੁੱਗਣੀ ਹੋ ਗਈ!

ਦੁਲਹਨ ਦੇ ਹੋਠਾਂ ਦੀ ਮੁਸਕਾਨ ਭੂਤ ਦੇ ਦਿਲ ਅੰਦਰ ਸਮਾ ਗਈ। ਦੋਵਾਂ ਦੇ ਆਤਮ ਸੰਸਾਰ ਵਿੱਚ ਰੌਸ਼ਨੀ ਦੇ ਜੁਗਨੂੰ ਟਿਮਟਿਮਾਉਣ ਲੱਗੇ।

ਉੱਧਰ ਪਰਦੇਸ ਗਿਆ ਦੁਲਹਨ ਦਾ ਪਤੀ ਸਵੇਰੇ ਸਰਘੀ ਵੇਲੇ ਜਲਦੀ ਜਾਗ ਪੈਂਦਾ। ਅੰਗੜਾਈ ਬਾਅਦ ਉਬਾਸੀ ਲੈ ਕੇ ਕਸੋਰੇ ਦਾ ਪਾਣੀ ਪੀਂਦਾ। ਚਾਰੇ ਪਾਸੇ ਦੇਖਿਆ, ਅਜੀਬ ਕਿਸਮ ਦਾ ਨ੍ਹੇਰਾ, ਚਾਨਣ ਦਾ ਨਾਮ ਨਿਸ਼ਾਨ ਨਹੀਂ। ਇੱਕੋ ਤਰ੍ਹਾਂ ਦੇ ਝਿਲਮਿਲਾਉਂਦੇ ਤਾਰੇ। ਸੋਚਦਾ, ਰਾਤਾਂ ਹੋਰ ਛੋਟੀਆਂ ਹੁੰਦੀਆਂ ਦਿਨ ਵੱਡੇ, ਕਿੰਨਾ ਚੰਗਾ ਹੁੰਦਾ। ਕੀ ਕਰਨਾ ਸੀ ਇੰਨੀਆਂ ਲੰਮੀਆਂ ਰਾਤਾਂ ਦਾ? ਸੌਂਦਿਆਂ ਸੌਂਦਿਆਂ ਅੱਧੀ ਉਮਰ ਬੇਕਾਰ! ਨੀਂਦ ਵਿੱਚ ਤਾਂ ਵਣਜ ਹੁੰਦਾ ਨਹੀਂ। ਰਾਤਾਂ ਨਾ ਹੁੰਦੀਆਂ ਤਾਂ ਦੁੱਗਣੀ ਕਮਾਈ ਹੁੰਦੀ। ਤਾਂ ਵੀ ਇੱਕੀ ਦਿਨ ਦੀ ਕਮਾਈ ਕੋਈ ਘੱਟ ਵੀ ਨਹੀਂ ਸੀ। ਬਾਪੂ ਨੇ ਬਾਰਾਂ ਮਹੀਨਿਆਂ ਵਿੱਚ ਇੰਨਾ ਨਹੀਂ ਕਮਾਇਆ ਹੋਣਾ। ਅੱਜ ਚਿੱਠੀ ਲਿਖੇਗਾ। ਬਹੁਤ ਖ਼ੁਸ਼ ਹੋਏਗਾ।

ਸ਼ੁਭ ਮਹੂਰਤ ਦੇ ਸਾਰੇ ਸ਼ਗਨ ਸਹੀ ਸਾਬਤ ਹੋਏ। ਪਹਿਲੇ ਹੀ ਦਿਨ ਦੁਕਾਨ ਦੀ ਬੋਹਣੀ ਸ਼ਾਨਦਾਰ ਰਹੀ। ਤੀਜੇ ਦਿਨ ਚਾਂਦੀ ਦੇ ਭਾਅ ਸਵਾਏ ਹੋ ਗਏ ਤੇ ਸੋਨੇ ਵਿੱਚ ਦਸ ਟਕਿਆਂ ਦੀ ਤੇਜ਼ੀ ਆਈ। ਤੇ ਅੱਜ? ਚਾਂਦੀ ਡਿਉਢੀ ਤੇ ਸੋਨਾ ਸਵਾਇਆ ਹੋ ਗਿਆ! ਬਗਦਾਦੀ ਖ਼ਲੀਫੇ ਦੇ ਆੜਤੀਏ ਨੇ ਮੂੰਹ ਮੰਗੇ ਪੈਸਿਆਂ ਨਾਲ ਸਾਰੇ ਮੋਤੀ ਖ਼ਰੀਦ ਲਏ, ਸੌਦੇਬਾਜ਼ੀ ਕੀਤੀ ਹੀ ਨਹੀਂ। ਮੋਤੀਆਂ ਨਾਲ ਜਿਹੜੀ ਵੱਟਕ ਹੋਈ ਉਸ ਨਾਲ ਚਾਂਦੀ ਦੀਆਂ ਇੱਟਾਂ ਅਤੇ ਬਾਦਸ਼ਾਹੀ ਮੁਹਰਾਂ ਖ਼ਰੀਦ ਲਈਆਂ। ਉਜੈਨ ਨਗਰੀ ਵਿੱਚ ਇਹੋ ਜਿਹੀ ਕਿਸਮਤ ਕਿਸੇ ਦੀ ਨਹੀਂ ਚਮਕੀ ਹੋਣੀ!

ਮਨ ਹੀ ਮਨ ਵਿੱਚ ਚੰਗੇ ਦਿਨਾਂ ਦਾ ਅਨੁਭਵ ਲਾਉਂਦਿਆਂ ਉਸਨੇ ਫਟਾ ਫਟ ਹੱਥ ਮੂੰਹ ਧੋਏ, ਦਾਤਣ ਕੀਤੀ, ਇਸ਼ਨਾਨ ਕੀਤਾ। ਫੇਰ ਬਾਜਰੇ ਦੀ ਬਾਸੀ ਰੋਟੀ ਚੁੱਕੀ, ਅੱਧੀ ਗੁੜ ਨਾਲ ਖਾਧੀ, ਅੱਧੀ ਮਿਰਚ ਦੇ ਆਚਾਰ ਨਾਲ। ਜਲਨ ਨਾਲ ਸੂੰ ਸਾਂ ਕਰਦਿਆਂ ਕੰਮ ਮੁਕਾਇਆ ਜਿਵੇਂ ਵਗਾਰ ਕਰ ਰਿਹਾ ਹੋਵੇ। ਸੂੰ ਸਾਂ ਕਰਦਿਆਂ ਪਗੜੀ ਲਪੇਟੀ ਤੇ ਲੱਕ ਨਾਲੋਂ ਚਾਬੀ ਖੋਲ੍ਹ ਕੇ ਧਮਾ ਧਮ ਪੌੜੀਆਂ ਉਤਰਨ ਲੱਗਾ। ਦੁਕਾਨ ਵਿੱਚ ਝਾੜੂ ਫੇਰਿਆ ਤੇ ਕੂੜਾ ਤਸਲੇ ਵਿੱਚ ਪਾਇਆ। ਸ਼ਾਮ ਦੀ ਅੱਧੀ ਬਚੀ ਅਗਰਬੱਤੀ ਬਾਲੀ ਤੇ ਪੰਜ ਸੱਤ ਵਾਰ ਕੁਝ ਗੁਣਮੁਣ ਗੁਣਮੁਣ ਕਰਕੇ ਭਗਵਾਨ ਦਾ ਨਾਮ ਲਿਆ ਹੀ ਸੀ ਕਿ ਦਰਵਾਜ਼ੇ ਉੱਪਰ ਭੀਲ ਭੀਲਣੀ ਨੇ ਮੁਸਕਰਾਉਂਦਿਆਂ ਰਾਮ ਰਾਮ ਕਿਹਾ। ਦੰਦ ਜਿਵੇਂ ਚਾਂਦੀ ਦੇ ਟੋਟੇ। ਕਣਕਵੰਨੇ ਰੰਗ ਉੱਪਰ ਮੁਸਕਾਨ ਬਸ ਬਿਜਲੀ ਵਾਂਗ ਚਮਕ ਰਹੀ, ਵੀਹ ਇੱਕੀ ਦੀ ਉਮਰ ਹੋਏਗੀ। ਅੰਗਾਂ ਵਿੱਚ ਜਵਾਨੀ ਬੰਦ ਨਹੀਂ ਹੋ ਰਹੀ ਸੀ।

ਸੇਠ ਦੇ ਬੇਟੇ ਦੀਆਂ ਅੱਖਾਂ ਅੱਗੇ ਆਪਣੀ ਪਤਨੀ ਦਾ ਚਿਹਰਾ ਘੁੰਮਿਆ। ਕਿੰਨੀ ਗੋਰੀ, ਕਿੰਨੀ ਸੁਹਣੀ! ਪਰ ਅਕਲ ਭੋਰਾ ਨਹੀਂ। ਪਰਦੇਸ ਦੇ ਸ਼ੁਭ ਮਹੂਰਤ ਦੀ ਗੱਲ ਸੁਣਕੇ ਚਿਹਰਾ ਉਤਰ ਗਿਆ ਉਸਦਾ! ਉਤਰਨਾ ਹੀ ਸੀ। ਕਮਜ਼ੋਰ ਦਿਲ ਦੀਆਂ ਔਰਤਾਂ ਇਹੋ ਜਿਹੀਆਂ ਹੀ ਹੋਇਆ ਕਰਦੀਆਂ ਨੇ। ਠੀਕ ਹੈ, ਵਿਛੋੜੇ ਦੀ ਅੱਗ ਵੀ ਹੋਇਆ ਕਰਦੀ ਹੈ, ਨਾਲ ਰਹਿਣ ਦਾ ਸੁੱਖ ਵੀ ਵੱਖਰਾ ਪਰ ਆਹ ਸਾਹਮਣੇ ਖਲੋਤੇ ਭੀਲ ਭੀਲਣੀ ਨੇ ਤਾਂ ਹੁਣ ਵੀ ਇੱਕ ਦੂਜੇ ਦਾ ਹੱਥ ਫੜ ਰੱਖਿਐ! ਲਗਦੈ ਜਿਵੇਂ ਹੋਸ਼ ਵਿੱਚ ਨਾ ਹੋਣ! ਜੰਮੇ ਵੱਖੋ ਵੱਖ, ਜਵਾਨੀ ਨੇ ਮਿਲਾ ਦਿੱਤੇ। ਘੁੰਮਣ ਵਾਸਤੇ ਲਗਦੈ ਪਹਾੜ ਵਲ ਜਾ ਰਹੇ ਨੇ। ਰੋਜ਼ ਦਿਹਾੜੀ ਨਾ ਕਰਨ ਪੇਟ ਕਿਵੇਂ ਭਰੇ? ਤਾਂ ਵੀ ਮੌਜ ਮਸਤੀ ਵੀ ਕਰਨੀ ਹੈ! ਨਾ ਸੂਰਜ ਦਾ ਲਿਹਾਜ ਕਰਨ ਨਾ ਚੰਦ ਦਾ, ਤਾਰਿਆਂ ਦੀ ਤਾਂ ਔਕਾਤ ਹੀ ਕੀ। ਇਹ ਉਮਰ ਹੈ ਈ ਇਹੋ ਜਿਹੀ। ਅਸਮਾਨ ਤਰਬੂਜ ਦੀ ਫਾਂਕ ਜਿੰਨਾ ਕੁ ਲਗਦਾ ਹੈ। ਉਹ ਆਪਣੇ ਖ਼ਿਆਲਾਂ ਵਿੱਚ ਖੋਇਆ ਹੋਇਆ ਸੀ ਕਿ ਭੀਲਣੀ ਦਾ ਬੋਲ ਸੁਣਕੇ ਚੌਂਕਿਆ। ਹੱਸ ਕੇ ਬੋਲੀ- ਕਿੱਥੇ ਖੋ ਗਿਆ ਸੀ? ਘਰ ਵਾਲੀ ਦੀ ਯਾਦ ਵਿੱਚ?

ਅਜੇ ਮੁੰਡਾ ਬੋਲਿਆ ਨਹੀਂ, ਭੀਲਣੀ ਪਹਿਲਾਂ ਬੋਲ ਪਈ- ਯਾਦ ਤਾਂ ਆਏਗੀ ਹੀ! ਅਜੇ ਤਾਂ ਕੰਗਣ ਡੋਰੇ ਵੀ ਨਵੇਂ ਦਿਸਦੇ ਨੇ! ਮੁੰਡੇ ਤੋਂ ਕੁਝ ਨਾ ਕਿਹਾ ਗਿਆ। ਇਹ ਦੇਖਕੇ ਭੀਲਣੀ ਖਿੜ ਖਿੜਾ ਕੇ ਹੱਸੀ- ਏਨੀ ਯਾਦ ਆਉਂਦੀ ਹੈ ਤਾਂ ਨਾਲ ਕਿਉਂ ਨੀ ਲਿਆਂਦੀ? ਇਕੱਲੇ ਦਾ ਕਿਵੇਂ ਦਿਲ ਲਗਦੈ? ਜਵਾਨੀ ਪਲ ਪਲ ਕਾਫੂਰ ਵਾਂਗ ਉਡਦੀ ਹੈ ਤੇ ਤੁਸੀਂ ਧੀਰਜ ਨਾਲ ਬੈਠੇ ਹੋ ਜਿਵੇਂ ਸੌ ਸਾਲ ਤੱਕ ਬੱਜਰ ਵੱਟਾ ਬਣੇ ਰਹੋਗੇ! ਅਸੀਂ ਜੰਗਲ ਵਿੱਚ ਜਾਂਦੇ ਹਾਂ ਤਾਂ ਵੀ ਨਾਲ ਨਾਲ। ਮਰਦ ਔਰਤ, ਨਾਲ ਨਾਲ ਹੀ ਚੰਗੇ ਲਗਦੇ ਨੇ... ਦੀਵੇ ਬੱਤੀ ਵਾਂਗ!

ਵਾਲ ਸੰਵਾਰਦਿਆਂ ਵਿੱਚੋਂ ਹੀ ਭੀਲ ਬੋਲਿਆ- ਇਹ ਤਾਂ ਆਪੋ ਆਪਣੀ ਪਸੰਦ ਐ। ਅਸੀਂ ਕਾਇਆ ਨੂੰ ਵੱਡੀ ਮੰਨਦੇ ਆਂ ਤੁਸੀਂ ਕੰਚਨ ਨੂੰ। ਕੰਚਨ ਵਾਲਿਆਂ ਤੱਕ ਸਾਨੂੰ ਕੰਮ ਪੈਂਦਾ ਈ ਰਹਿੰਦੈ। ਇਨ੍ਹਾਂ ਦੀ ਸ਼ਰਨ ਬਿਨ ਤਾਂ ਸਾਨੂੰ ਪਹਾੜ ਤੇ ਜੰਗਲ ਵੀ ਸ਼ਰਨ ਨਾ ਦੇਣ!

ਸੇਠ ਦੇ ਬੇਟੇ ਨੇ ਨੀਵੀਂ ਪਾ ਕੇ ਦੇਖਿਆ ਭੀਲਣੀ ਨੇ ਆਪਣੇ ਗਹਿਣੇ ਸੇਠ ਸਾਹਮਣੇ ਰੱਖ ਦਿੱਤੇ- ਹੰਸਲੀ, ਚੌਲੜਾ, ਕੰਦੋਰਾ, ਗੋਖੜੂ, ਨਾਹਰਮੁਖੀ ਕੜੇ, ਅੰਗੂਠੀ, ਬਿੱਛੂ, ਸੱਗੀ ਫੁੱਲ। ਇਹ ਸਭ ਗਹਿਣੇ ਧਰਕੇ ਮੌਜ ਮੇਲਾ ਕਰਨਗੇ! ਇੱਕ ਮੈਂ ਹਾਂ ਸੋਨਾ ਚਾਂਦੀ ਕਮਾਉਣ ਵਾਸਤੇ ਔਰਤ ਨੂੰ ਸੈਂਕੜੇ ਕੋਹ ਦੂਰ ਛੱਡ ਆਇਆਂ।

ਭੀਲਣੀ ਬੋਲੀ- ਇੱਕ ਮਹੀਨੇ ਦਾ ਰਾਸ਼ਣ ਲੈਂਣਾ ਹੈ, ਬੋਹਣੀ ਵੇਲੇ ਨਾਂਹ ਨੁੱਕਰ ਨਾ ਕਰੀਂ। ਅੱਗੇ ਚੁਮਾਸਾ ਆਏਗਾ, ਸਭ ਉਧਾਰ ਵਾਪਸ। ਖ਼ੂਬ ਕੰਮ ਕਰਾਂਗੇ। ਕੰਮ ਵੇਲੇ ਆਰਾਮ ਦਾ ਨਾਮ ਨਹੀਂ, ਮੌਜ ਮਸਤੀ ਵੇਲੇ ਕਮਾਈ ਵੱਲ ਧਿਆਨ ਨਹੀਂ। ਫਟਾ ਫਟ ਗਹਿਣੇ ਕੰਡੇ ਉੱਪਰ ਚਾੜ੍ਹ ਤੇ ਰੁਪਈਏ ਗਿਣਾ। ਦੇਰ ਹੋ ਰਹੀ ਹੈ। ਕੀਮਤੀ ਸਮਾਂ ਮੁੱਠੀ ਵਿੱਚੋਂ ਖਿਸਕਦਾ ਜਾਂਦਾ ਹੈ। ਬੀਤਿਆ ਪਲ ਹਜ਼ਾਰ ਮੋਤੀਆਂ ਬਦਲੇ ਵਾਪਸ ਨਹੀਂ ਮੁੜਦਾ।

ਸੇਠ ਦਾ ਬੇਟਾ ਉਲਝਣ ਵਿੱਚ ਪੈ ਗਿਆ। ਗੁੰਮ ਸੁੰਮ ਸੋਚਦਾ ਰਿਹਾ। ਡੂੰਘਾ ਸਾਹ ਲੈ ਕੇ ਬੋਲਿਆ- ਇਹ ਗਹਿਣੇ ਗੱਟੇ ਵਾਪਸ ਚੁੱਕੋ।

ਭੀਲ ਭੀਲਣੀ ਦੇ ਦਿਲ ਬੈਠ ਗਏ। ਘਬਰਾ ਕੇ ਕਹਿੰਦੇ- ਖਰੀ ਚਾਂਦੀ ਰੱਖ ਕੇ ਵੀ ਪੈਸੇ ਨਹੀਂ ਦੇਣੇ?

ਸੇਠ ਨੇ ਕਿਹਾ- ਉਧਾਰ ਦੀ ਮਨਾਹੀ ਨਹੀਂ। ਗਹਿਣਿਓਂ ਸੱਖਣੇ ਤੁਸੀਂ ਲੋਕ ਸੁਹਣੇ ਨੀਂ ਲਗਦੇ, ਤਾਂ ਕਿਹੈ। ਰੁਪਈਏ ਜਿੰਨੇ ਚਾਹੀਦੇ ਨੇ ਲੈ ਜਾਉ। ਜਦੋਂ ਹੱਥ ਸੌਖਾ ਹੋਇਆ ਮੋੜ ਜਾਇਓ। ਲੇਖਾ ਜੋਖਾ ਵੀ ਨੀ ਕਰਦਾ।

ਭੀਲ ਭੀਲਣੀ ਨੂੰ ਯਕੀਨ ਨਾ ਆਇਆ। ਯਕੀਨ ਕਰਨ ਵਾਲੀ ਗੱਲ ਈ ਨੀਂ ਸੀ! ਲਗਦੈ ਕੋਈ ਦੂਜੀ ਦੁਕਾਨ ਦੇਖਣੀ ਪਏਗੀ। ਗੱਲ ਸਾਫ਼ ਕਰਨੀ ਠੀਕ ਹੈ, ਫੇਰ ਝਗੜਾ ਨਾ ਹੋਵੇ। ਭੀਲਣੀ ਬੋਲੀ- ਸੇਠ ਜੀ, ਤੁਹਾਡੀ ਨੀਤ ਵਿੱਚ ਖੋਟ ਲਗਦੈ ਮੈਨੂੰ। ਸ਼ਕਲ ਦੇਖਣ ਤੋਂ ਇਲਾਵਾ ਹੋਰ ਕੋਈ ਆਸ ਕੀਤੀ ਤਾਂ ਪਿੰਨਣੀ ਦਾ ਵਾਲ ਨਹੀਂ ਦਿਖਾਊਂਗੀ, ਸਮਝਿਆ?

ਸੇਠ ਦਾ ਬੇਟਾ ਬੋਲਿਆ- ਵਾਲ ਦੇਖਣ ਦੀ ਇੱਛਾ ਵੀ ਨਹੀਂ। ਮਾਪਿਆਂ ਦਾ ਇਕਲੌਤਾ ਪੁੱਤਰ ਹਾਂ, ਦੂਰ ਦੂਰ ਤੱਕ ਕੋਈ ਭੈਣ ਨਹੀਂ। ਅੱਜ ਤੋਂ ਤੂੰ ਮੇਰੀ ਭੈਣ, ਮੈਂ ਤੇਰਾ ਭਰਾ। ਇੱਕ ਪੈਸਾ ਵਿਆਜ ਦਾ ਨੀ ਲੈਂਦਾ। ਜਦੋਂ ਹੋਈ, ਮੂਲ ਰਕਮ ਦੇ ਜਾਈਂ ਬਸ।

ਭੀਲਣੀ ਨੇ ਸੇਠ ਦੇ ਬੇਟੇ ਦੀਆਂ ਅੱਖਾਂ ਵਿੱਚ ਦੇਖਿਆ। ਅੱਖਾਂ ਹੀ ਅੱਖਾਂ ਵਿੱਚ ਸਵਾਲ ਜਵਾਬ ਹੋ ਗਏ। ਭੀਲਣੀ ਨੇ ਕਿਹਾ- ਤਾਂ ਮੇਰੇ ਭਰਾ, ਇੰਨਾ ਭਰੋਸਾ ਕਰਦੈਂ ਤਾਂ ਮੈਂ ਕਿਹੜਾ ਜਬਾਨ ਉਧਾਰ ਮੰਗੀ ਹੋਈ ਹੈ? ਇੱਕ ਮਹੀਨੇ ਦਾ ਰਾਸ਼ਣ ਦੇਣ ਦੀ ਥਾਂ ਪੰਦਰਾਂ ਦਿਨਾਂ ਦਾ ਸਾਮਾਨ ਦੇਦੇ। ਉਧਾਰ ਦੀ ਆਦਤ ਬੁਰੀ।

-ਤੁਸੀਂ ਸਲਾਹ ਕਰ ਲਉ। ਦੋ ਮਹੀਨਿਆਂ ਦਾ ਰਾਸ਼ਣ ਲੈ ਜਾਉ ਬੇਸ਼ੱਕ। ਉਨ੍ਹਾਂ ਨੇ ਪੰਦਰਾਂ ਦਿਨਾ ਦਾ ਰਾਸ਼ਣ ਮੰਗਿਆ। ਕਿਤੇ ਬਾਣੀਆਂ ਇਨ੍ਹਾਂ ਗ਼ਰੀਬਾਂ ਨੂੰ ਠੱਗ ਨਾ ਲਏ, ਆਪ ਰਾਸ਼ਣ ਤੁਲਵਾਉਣ ਵਾਸਤੇ ਉਨ੍ਹਾਂ ਨਾਲ ਗਿਆ। ਫਿਰ ਕਿਹਾ- ਸਵਾ ਸੇਰ ਘਿਉ ਵੀ ਤੋਲ ਦੇਹ। ਭੀਲ ਭੀਲਣੀ ਦੀਆਂ ਅੱਖਾਂ ਮੱਥੇ ਤੱਕ ਅੱਡੀਆਂ ਗਈਆਂ। ਭੀਲਣੀ ਬੋਲੀ- ਘੀ? ਮੁੰਡੇ ਨੇ ਕਿਹਾ- ਹਾਂ ਭਰਾ ਵੱਲੋਂ ਭੈਣ ਨੂੰ ਤੁਹਫ਼ਾ। ਭੀਲ ਭੀਲਣੀ ਦੇ ਚਿਹਰੇ ਸੰਗ ਨਾਲ ਲਾਲ ਹੋ ਗਏ। ਇਨਕਾਰ ਕਰਨ ਦਾ ਬਹਾਨਾ ਹੀ ਨਹੀਂ ਕੋਈ। ਦੋਹਾਂ ਦੀਆਂ ਅੱਖਾਂ ਭਰ ਆਈਆਂ। ਭੈਣ ਦੇ ਸਿਰ ਉੱਪਰ ਹੱਥ ਰੱਖਿਆ, ਭੀਲ ਨੇ ਮੁੰਡੇ ਦੇ ਚਰਨ ਛੂਹੇ। ਅਨੋਖੀ ਬੋਹਣੀ ਹੋਈ, ਘਾਟੇ ਦਾ ਸੌਦਾ ਕਰਕੇ ਬੇਅੰਤ ਖ਼ੁਸ਼ੀ! ਮੁੰਡੇ ਦੀਆਂ ਅੱਖਾਂ ਅੱਗੇ ਆਪਣੀ ਹਵੇਲੀ ਘੁੰਮ ਗਈ, ਚੁਬਾਰੇ ਵਿੱਚ ਜਗਦੇ ਦੀਵੇ ਦਿਖਾਈ ਦਿੱਤੇ। ਪਰ ਬਾਪੂ ਦਾ ਗ਼ੁੱਸਾ ਏਨਾ ਕਿ ਪੰਜ ਸਾਲ ਤੋਂ ਪਹਿਲਾਂ ਪਿੰਡ ਵਿੱਚ ਕਦਮ ਨਹੀਂ ਧਰ ਸਕਦਾ ਉਹ। ਜਵਾਨੀ ਆਰਾਮ ਨਾਲ ਥੋੜ੍ਹਾ ਢਲਦੀ ਹੈ? ਸਿਆਣਿਆਂ ਨੇ ਕਿਹਾ ਸੀ ਲੰਗੋਟ ਦੇ ਪੱਕੇ ਬੰਦੇ ਦੀ ਜਵਾਨੀ ਦਿਨੋ ਦਿਨ ਵਧਦੀ ਹੁੰਦੀ ਹੈ। ਬ੍ਰਹਮਚਾਰੀ ਦੀ ਜਵਾਨੀ ਢਲਣਾ ਜਾਣਦੀ ਹੀ ਨਹੀਂ। ਜਿਵੇਂ ਇੱਕੀ ਦਿਨ ਲੰਘੇ, ਉਵੇਂ ਜਿਵੇਂ ਪੰਜ ਸਾਲ ਬੀਤ ਜਾਣੇ ਨੇ! ਘਰਵਾਲੀ ਨੂੰ ਅੰਦਾਜ਼ਾ ਵੀ ਨਹੀਂ ਹੋਣਾ ਕਿੰਨੀ ਕਮਾਈ ਕਰ ਕੇ ਲਿਆਊਗਾ। ਉਸਦੀ ਪ੍ਰੀਤ ਦਾ ਸਿਮਰਨ ਕਰਦਿਆਂ ਇੱਕੀ ਦਿਨਾਂ ਵਿੱਚ ਏਨਾ ਨਫ਼ਾ ਹੋ ਗਿਆ ਤਾਂ ਪੰਜ ਸਾਲ ਦੀ ਕਮਾਈ ਤਾਂ ਤੱਕੜੀ ਵਿੱਚ ਨੀ ਤੁਲਣੀ! ਬਹੁਤੀਆਂ ਔਰਤਾਂ ਨੂੰ ਪਤੀ ਨਾਲੋਂ ਗਹਿਣੇ ਵੱਧ ਚੰਗੇ ਲੱਗਿਆ ਕਰਦੇ ਨੇ। ਪਰ ਮੇਰੀ ਘਰਵਾਲੀ ਕੁਝ ਹੋਰ ਤਰ੍ਹਾਂ ਦੀ ਹੈ। ਤਾਂ ਵੀ ਹੈ ਤਾਂ ਔਰਤ ਜਾਤ! ਲਿਸ਼ਕਦੇ ਗਹਿਣੇ ਦੇਖ ਕੇ ਖ਼ੁਸ਼ ਹੋ ਜਾਏਗੀ। ਧਨ ਤਾਂ ਲੱਛਮੀ ਨੂੰ ਵੀ ਪਿਆਰਾ ਲਗਦੈ। ਇਹੋ ਜਿਹੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰੂੰਗਾ ਕਿ ਪਲ ਵਿੱਚ ਪੰਜ ਸਾਲ ਦਾ ਵਿਛੋੜਾ ਭੁੱਲ ਜਾਏਗੀ। ਅੱਜ ਪਹਿਲੀ ਵਾਰ ਕੋਈ ਨੇਕ ਕੰਮ ਉਸਦੇ ਹੱਥੋਂ ਹੋਇਆ, ਇਸ ਦੀ ਖ਼ੁਸ਼ੀ ਘੱਟ ਨਹੀਂ ਸੀ ਕੋਈ! ਪਹਾੜਾਂ ਵਿੱਚ ਮੌਜ ਮਸਤੀ ਕਰਦੇ ਭੀਲ ਭੀਲਣੀ ਉਸਦਾ ਕਿੰਨਾ ਅਹਿਸਾਨ ਮੰਨਣਗੇ, ਉਸ ਦਾ ਫਲ ਯਕੀਨਨ ਮਿਲਣਾ ਹੀ ਮਿਲਣਾ ਹੈ!

ਵਿਆਹ ਪਿੱਛੋਂ ਘਰਵਾਲੀ ਦੇ ਪਤਲੇ ਫੁਲਕੇ ਕਿੱਥੇ, ਆਪਣੀ ਹੱਥੀਂ ਮੋਟੀਆਂ ਠੁੱਲੀਆਂ ਪਕਾਉਂਦਾ ਖਾਂਦਾ। ਸਬਜ਼ੀ ਦਾਲ ਕਦੀ ਕਦਾਈਂ ਬਣਦੀ, ਗੁੜ ਮਿਰਚ ਨਾਲ ਕੰਮ ਸਾਰਦਾ। ਮਿਰਚ ਦੇ ਆਚਾਰ ਦੀ ਸੂੰ ਸਾਂ ਦਾ ਮਜ਼ਾ ਕਿਹੜਾ ਘੱਟ ਹੈ! ਖੰਡ ਘਿਉ ਦਾ ਸੁਆਦ ਮਾੜਾ ਨਹੀਂ ਪਰ ਜੀਭ ਦਾ ਲਾਲਚ ਕੋਈ ਉਤਮ ਵੀ ਨਹੀਂ ਬਹੁਤਾ। ਕਾਮਵਾਸਨਾ ਅਤੇ ਜੀਭ ਨੂੰ ਵਸ ਵਿੱਚ ਰੱਖਣ ਦੇ ਨਵੇਂ ਨਵੇਂ ਗੁਰ ਸਿਖਦਾ ਰਹਿੰਦਾ। ਕਮਾਈ ਕਰਨ ਵਿੱਚ ਸੰਤੋਖ ਮਾੜਾ ਹੈ ਪਰ ਜੀਭ ਤੇ ਵਾਸਨਾ ਦਾ ਸੰਤੋਖ ਸਦਾ ਗੁਣਕਾਰੀ। ਇਹ ਬੇਸਮਝ ਭੀਲ ਜੋੜਾ ਪਹਾੜ ਦੀਆਂ ਗੁਫ਼ਾਵਾਂ ਵਿੱਚ ਵੀ ਖ਼ੁਸ਼! ਆਦਮੀ ਆਦਮੀ ਦੀ ਸਮਝ ਵਿੱਚ ਕਿੰਨਾ ਫਰਕ! ਇੰਨੇ ਬੇਸਮਝ ਲੋਕਾਂ ਕਰਕੇ ਹੀ ਤਾਂ ਸਿਆਣੇ ਬੇਹਿਸਾਬ ਕਮਾਈ ਕਰੀ ਜਾਂਦੇ ਨੇ!

ਭੀਲ ਭੀਲਣੀ ਬਾਰੇ ਸੋਚ ਸੋਚ ਉਸਨੂੰ ਦੇਰ ਰਾਤ ਤੱਕ ਨੀਂਦ ਨਹੀਂ ਆਈ। ਮਨ ਸੱਜੇ ਖੱਬੇ ਡੋਲਦਾ ਰਿਹਾ। ਅੱਧੀ ਰਾਤ ਨੀਂਦ ਆਈ ਪਰ ਛੇਤੀ ਪਿਆਸ ਲੱਗੀ ਤਾਂ ਉਠ ਬੈਠਾ। ਉੱਪਰ ਤਾਰੇ ਅੱਖਾਂ ਝਪਕਦੇ ਜਾਗ ਰਹੇ ਸਨ। ਦੋ ਪਿਆਲੇ ਪਾਣੀ ਪੀ ਕੇ ਫਿਰ ਲੇਟ ਗਿਆ। ਪਿਆਸ ਪਿਆਸ ਵਿੱਚ ਫਰਕ! ਗਲੇ ਦੀ ਪਿਆਸ ਪਾਣੀ ਪੀ ਕੇ ਬੁਝ ਜਾਂਦੀ ਹੈ ਪਰ ਬਾਕੀ ਪਿਆਸ? ਹਰ ਪਿਆਸ ਦਾ ਆਪਣਾ ਸੁਭਾਅ, ਆਪਣਾ ਸੁਆਦ। ਧਨ ਦੀ ਪਿਆਸ ਦਾ ਰੰਗ ਢੰਗ ਸਭ ਤੋਂ ਵੱਖਰਾ, ਜਿੰਨੀ ਬੁਝਾਉ, ਤਿੰਨੀ ਭੜਕਦੀ ਹੈ, ਖਹਿੜਾ ਹੀ ਨਹੀਂ ਛੱਡਦੀ।

ਬੁਰਾ ਫਸਿਆ! ਨੀਂਦ ਆਉਣ ਦਾ ਨਾਮ ਨਹੀਂ ਲੈਂਦੀ। ਅੱਖਾਂ ਵਿੱਚ ਕਣ ਦੀ ਥਾਂ ਜੇ ਪਹਾੜ ਰੜਕੇ, ਉਸਦਾ ਕੀ ਇਲਾਜ? ਬੇਸਿਰ ਪੈਰ ਦੀਆਂ ਗੱਲਾਂ ਦਾ ਕਿਤੇ ਕਿਨਾਰਾ ਨਹੀਂ ਹੋਇਆ ਕਰਦਾ, ਫਿਰ ਖਾਹਮਖਾਹ ਮਗਜ਼ ਮਾਰਨ ਦਾ ਕੀ ਲਾਭ? ਅੱਖਾਂ ਬੰਦ ਕਰਕੇ ਲੱਛਮੀ ਦੇ ਨਾਲ ਨਾਲ ਨੀਂਦ ਦਾ ਵੀ ਸਿਮਰਨ ਕਰਨ ਲੱਗਾ। ਥੋੜ੍ਹੀ ਦੇਰ ਬਾਅਦ ਨੀਂਦ ਆ ਗਈ।

ਸਵੇਰੇ ਦਰਵਾਜ਼ੇ ਤੇ ਖਟ ਖਟ ਹੋਈ ਤਾਂ ਅੱਖ ਖੁੱਲ੍ਹੀ। ਹੜਬੜਾ ਕੇ ਉੱਠਿਆ, ਦੱਮ ਦੱਮ ਪੌੜੀਆਂ ਉਤਰ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਮ੍ਹਣੇ ਭੀਲ ਭੀਲਣੀ ਖੜ੍ਹੇ। ਮੁਸਕਾਨ ਹੋਠਾਂ ਵਿੱਚ ਸਮਾ ਨਹੀਂ ਰਹੀ ਸੀ। ਰਾਮ ਰਾਮ ਕਹਿਕੇ ਪਿੱਤਲ ਦਾ ਪੁਰਾਣਾ ਕਲਸ ਸਾਹਮਣੇ ਕੀਤਾ। ਕਲਸ ਉੱਪਰ ਪਿੱਤਲ ਦਾ ਹੀ ਕਾਲਾ ਹੋ ਚੁੱਕਿਆ ਢੱਕਣ। ਲਾਖ ਦਾ ਟੁੱਟਿਆ ਹੋਇਆ ਜੋੜ। ਬਿਨਾਂ ਕੁਝ ਕਹੇ ਸੁਣੇ ਦੋਵੇਂ ਅੰਦਰ ਆਏ ਤੇ ਕੁੰਡਾ ਬੰਦ ਕਰ ਲਿਆ। ਵਿਹੜੇ ਵਿੱਚ ਆ ਕੇ ਭੀਲਣੀ ਨੇ ਕਲਸ ਦਾ ਢੱਕਣ ਚੁੱਕਿਆ ਤਾਂ ਦੇਖਿਆ- ਮੁਹਰਾਂ ਨਾਲ ਭਰਿਆ ਹੋਇਆ! ਜਿਹੋ ਜਿਹੀ ਚਮਕ ਭੀਲਣੀ ਦੀ ਮੁਸਕਾਨ ਦੀ ਉਹੋ ਚਮਕ ਮੁਹਰਾਂ ਦੀ। ਬੋਲੀ- ਤੁਹਾਡੀ ਕਿਸਮਤ ਵਿੱਚ ਲਿਖਿਆ ਮਿਲਿਆ ਸੋ ਤੁਸੀਂ ਸੰਭਾਲੋ।

ਸੇਠ ਦਾ ਬੇਟਾ ਸੁੰਨ ਹੋ ਗਿਆ! ਕਦੇ ਮੂੰਹ-ਬੋਲੀ ਧਰਮ ਭੈਣ ਨੂੰ ਦੇਖਦਾ, ਕਦੇ ਭੀਲ ਨੂੰ, ਕਦੇ ਕਲਸ ਨੂੰ। ਉਸਦੀਆਂ ਅੱਖਾਂ ਵਿੱਚ ਗਜਦੇ ਸਵਾਲ ਨੂੰ ਸੁਣਕੇ ਭੀਲਣੀ ਨੇ ਕਿਹਾ- ਝੌਂਪੜੀ ਦਾ ਥੰਮ ਗੱਡਣ ਵਾਸਤੇ ਜ਼ਮੀਨ ਪੁੱਟਣ ਲੱਗੇ ਇਹ ਕਲਸ ਨਿਕਲਿਆ। ਭੀਲਾਂ ਦੇ ਇੰਨੇ ਭਾਗ ਨਹੀਂ ਹੁੰਦੇ! ਇਹ ਤਾਂ ਮੇਰੇ ਵੀਰ ਦਾ ਭਾਗ ਹੈ। ਬਿਨਾਂ ਵਿਆਜ, ਬਿਨਾਂ ਲਿਖਤ ਪੜ੍ਹਤ ਸਾਡਾ ਏਨਾ ਮਾਣ ਰੱਖਿਆ ਫਿਰ ਅਸੀਂ ਪਿੱਛੇ ਕਿਉਂ ਹਟੀਏ? ਇਹੀ ਤਾਂ ਆਪਸੀ ਵਿਹਾਰ ਦੀ ਮਰਿਆਦਾ ਹੈ। ਧਨ ਦੀ ਸੰਗਤ ਨਾਲ ਕਿਤੇ ਸਾਡੀ ਨੀਤ ਨਾ ਵਿਗੜ ਜਾਏ ਇਸ ਲਈ ਪਹਿਲਾਂ ਸਾਵਧਾਨੀ ਵਰਤਣੀ ਠੀਕ ਹੈ।

ਨੀਂਦ ਦੇ ਸੂਫ਼ਨਿਆਂ ਦੀ ਚਰਚਾ ਬੜੀ ਸੁਣੀ ਪਰ ਜਾਗਦੇ ਜੀਅ ਅਜਿਹਾ ਸੁਫ਼ਨਾ ਵਾਪਰਿਆ ਪਹਿਲੀ ਦਫਾ ਦੇਖਿਆ। ਦੋ ਤਿੰਨ ਵਾਰ ਸੇਠ ਦੇ ਬੇਟੇ ਨੇ ਅੱਖਾਂ ਬੰਦ ਕਰ ਕਰ ਫਿਰ ਖੋਲ੍ਹ ਖੋਲ ੍ਹ ਦੇਖੀਆਂ... ਕਲਸ ਬਰਕਰਾਰ! ਫਿਰ ਉਸਨੇ ਕਲਸ ਚੁੱਕਿਆ, ਵਰਾਂਡੇ ਦੇ ਖਾਲੀ ਥਾਂ ਢੇਰੀ ਕਰ ਦਿੱਤਾ। ਪਹਿਲਾਂ ਮੁਹਰਾਂ ਫਿਰ ਹੇਠਾਂ ਦਬੇ ਮੋਤੀ ਆ ਡਿੱਗੇ। ਕੁਝ ਮੋਤੀ ਭੀਲ ਨੇ ਚੁੱਕ ਲਏ ਤੇ ਕਿਹਾ- ਇਹ ਚਮਕਦੇ ਪੱਥਰ ਕੀ ਨੇ?

ਸੇਠ ਦਾ ਬੇਟਾ ਇਨੇ ਜ਼ੋਰ ਦੀ ਹੱਸਿਆ ਜਿਵੇਂ ਕੋਈ ਛੋਟਾ ਮੋਟਾ ਹੜ੍ਹ ਹੀ ਆ ਗਿਆ ਹੋਵੇ। ਰਾਵਣ ਦੇ ਦਸ ਦੇ ਦਸ ਮੂੰਹ ਇਕੱਠੇ ਹੱਸ ਪੈਣ ਤਾਂ ਵੀ ਇਨੀ ਗੁੰਜਾਰ ਨਾ ਪਵੇ। ਇਹੋ ਜਿਹਾ ਹਾਸਾ ਅੱਜ ਤੱਕ ਕਿਸੇ ਆਦਮਜਾਤ ਨੂੰ ਤਾਂ ਨਸੀਬ ਨਹੀਂ ਹੋਇਆ ਜਿਸ ਵਿੱਚ ਰੋਣਾ ਵੀ ਸ਼ਾਮਲ ਹੋਵੇ। ਹੋਰ ਕੋਈ ਗੱਲ ਨਹੀਂ ਔੜੀ ਤਾਂ ਕਿਹਾ- ਚਮਕਦੇ ਕੰਕਰ? ਫੇਰ ਹੱਸਿਆ, ਹਸਦੇ ਹਸਦੇ ਕਿਹਾ- ਇਸ ਬਚਗਾਨੇ ਨਾਮ ਨਾਲ ਮੋਤੀਆਂ ਦਾ ਮੁੱਲ ਘਟਣ ਦੀ ਥਾਂ ਹਜ਼ਾਰ ਗੁਣਾ ਵਧ ਗਿਐ। ਕਾਸ਼ ਏਨੀ ਨਾ ਸਮਝੀ ਮੇਰੇ ਵਿੱਚ ਹੁੰਦੀ, ਜੀਵਨ ਬਦਲ ਜਾਂਦਾ। ਫਿਰ ਮੈਂ ਹਵੇਲੀ ਦੀ ਦਿਹਲੀ ਲੰਘ ਕੇ ਪਰਦੇਸ ਨਾ ਆਉਂਦਾ! ਹੁਣ ਪਛਤਾਵੇ ਦਾ ਕੀ ਅਰਥ? ਬਾਣੀਏ ਦੀ ਜੂਨ ਲੱਕੜਬੱਘੇ ਤੋਂ ਬਦਤਰ! ਲੱਕੜਬੱਘਾ ਮੁਰਦੇ ਖਾਂਦਾ ਹੈ, ਬਾਣੀਆ ਜਿਉਂਦੇ ਬੰਦੇ ਚਬਾ ਜਾਂਦਾ ਹੈ।

ਉਪਰਲੇ ਮਨ ਨਾਲ ਸੇਠ ਦੇ ਬੇਟੇ ਨੇ ਮੋਤੀ ਗਿਣੇ। ਇੱਕੋ ਸਾਂਚੇ ਵਿੱਚ ਢਲੇ ਗਿਆਰਾਂ ਮੋਤੀ ਆਪਣੀ ਅਥਾਹ ਮੁਸਕਾਨ ਬਿਖੇਰ ਰਹੇ! ਭੀਲ ਭੀਲਣੀ ਤਾਂ ਗਿਆਰਾਂ ਤੱਕ ਦੀ ਗਿਣਤੀ ਵੀ ਨਹੀਂ ਸਨ ਜਾਣਦੇ। ਹੱਥ ਦੀਆਂ ਉਂਗਲਾਂ ਨਾਲ ਪੰਜ ਤੱਕ ਗਿਣਦੇ। ਇਸ ਮਾਸੂਮ ਜੋੜੇ ਅੰਦਰ ਲੋਭ ਪੈਦਾ ਕਰਨ ਲਈ ਕਿਹਾ- ਚਮਕਦੇ ਕੰਕਰਾਂ ਦਾ ਮੁੱਲ ਸੁਣਕੇ ਤੁਹਾਡਾ ਸਿਰ ਚਕਰਾਣ ਲੱਗੇਗਾ। ਇੱਕ ਇੱਕ ਕੰਕਰ ਸਵਾ ਸਵਾ ਲੱਖ ਤੋਂ ਘੱਟ ਦਾ ਨਹੀਂ! ਇਹ ਮੁਹਰਾਂ ਤਾਂ ਇਨ੍ਹਾਂ ਦਾ ਪਾਸਕ ਵੀ ਨਹੀਂ! ਫਿਰ ਹੋਠਾਂ ਹੀ ਹੋਠਾਂ ਵਿੱਚ ਗੁਣਗੁਣਾਉਂਦਿਆਂ ਮੁਹਰਾਂ ਗਿਣਨ ਲੱਗਾ। ਭੀਲ ਭੀਲਣੀ ਨੇ ਮਨ ਹੀ ਮਨ ਉਸਦੀਆਂ ਬਲਾਵਾਂ ਆਪਣੇ ਸਿਰ ਲਈਆਂ... ਇਹ ਤਾਂ ਸਾਖਿਆਤ ਸਹਿਦੇਵ ਜੀ ਨੇ! ਇਨ੍ਹਾਂ ਦੇ ਗਿਆਨ ਦਾ ਕਿੱਥੇ ਅੰਤ?

ਆਖ਼ਰੀ ਮੁਹਰ ਗਿਣੀ, ਉਸਦੇ ਮੂੰਹੋਂ ਤਿੰਨ ਸੌ ਇਕਾਨਵੇਂ ਦਾ ਬੋਲ ਨਿਕਲਿਆ ਤਾਂ ਦੋਵੇਂ ਕਮਲਿਆਂ ਵਾਂਗ ਉਸਦੇ ਹੋਠਾਂ ਵੱਲ ਦੇਖਦੇ ਰਹੇ ਜਿਵੇਂ ਉਨ੍ਹਾਂ ਨੇ ਕੋਈ ਆਲੌਕਿਕ ਮੰਤਰ ਸੁਣਿਆ ਹੋਵੇ! ਸੋਨੇ ਦੀਆਂ ਮੁਹਰਾਂ ਦਾ ਨਾਮ ਤਾਂ ਉਨ੍ਹਾਂ ਨੇ ਕਈ ਵਾਰ ਸੁਣਿਆ ਸੀ, ਦਾਦੀ ਨਾਨੀ ਤੋਂ ਚਿੜੀ ਕਾਂ ਦੀ ਕਹਾਣੀ ਸੁਣਦਿਆਂ ਹੀਰੇ ਮੋਤੀਆਂ ਦੀ ਚਰਚਾ ਵੀ ਸੁਣੀ ਸੀ। ਅੱਜ ਮੁਹਰਾਂ ਤੇ ਮੋਤੀ ਦੇਖ ਕੇ ਨਾ ਉਨ੍ਹਾਂ ਨੂੰ ਹੈਰਾਨੀ ਹੋਈ ਨਾ ਖ਼ੁਸ਼ੀ। ਪਰ ਅੱਜ ਤੋਂ ਪਹਿਲਾਂ ਤਿੰਨ ਸੌ ਇਕਾਨਵੇਂ ਵਰਗੀ ਗੱਲ ਕਦੇ ਨਹੀਂ ਸੁਣੀ ਸੀ। ਭੀਲਣੀ ਨੇ ਹੈਰਾਨ ਹੋ ਕੇ ਪੁੱਛਿਆ- ਅਸਮਾਨ ਵਿੱਚ ਨੌ ਲੱਖ ਤਾਰੇ, ਤਿੰਨ ਸੌ ਇਕਾਨਵੇਂ ਤੋਂ ਵੱਧ ਹੁੰਦੇ ਨੇ ਕਿ ਘੱਟ?

ਹਸਦਾ ਹੋਇਆ ਸੇਠ ਦਾ ਬੇਟਾ ਬੋਲਿਆ- ਕਮਲੀ ਹੋ ਗਈ ਹੈਂ? ਇਹੋ ਜਿਹੀ ਗੱਲ ਤਾਂ ਬੱਚੇ ਵੀ ਨਹੀਂ ਪੁੱਛਦੇ ਹੁੰਦੇ। ਅਸਮਾਨ ਦੇ ਤਾਰਿਆਂ ਦੀ ਗਿਣਤੀ ਕੌਣ ਕਰ ਸਕਦੈ ਭਲਾ? ਇਹ ਤਾਂ ਭਗਵਾਨ ਦੇ ਵਸ ਦਾ ਕੰਮ ਵੀ ਨਹੀਂ ਹੈ। ਹਾਂ ਜੇ ਕਿਤੇ ਦੁਨੀਆ ਭਰ ਦੇ ਬਾਣੀਏ ਕੋਸ਼ਿਸ਼ ਕਰਨ ਤਾਂ ਸ਼ਾਇਦ ਕੁਝ ਅੰਦਾਜ਼ਾ ਲਾ ਸਕਣ।

ਤਾਰਿਆਂ ਦੀ ਗਿਣਤੀ ਦਾ ਹਿਸਾਬ ਜਾਂ ਆਕਾਸ਼ ਜਾਣੇ ਜਾਂ ਬ੍ਰਹਿਮੰਡ, ਇਸ ਖੱਪਖਾਨੇ ਵਿੱਚ ਕੌਣ ਸਿਰ ਖਪਾਏ। ਇਹੋ ਜਿਹੀਆਂ ਊਟ ਪਟਾਂਗ ਗੱਲਾਂ ਦਾ ਕੀ ਲਾਭ? ਪਰ ਗਿਆਰਾਂ ਮੋਤੀ ਅਤੇ ਤਿੰਨ ਸੌ ਇਕਾਨਵੇਂ ਮੁਹਰਾਂ ਕਬੂਲ ਕਰਨ ਵਿੱਚ ਵਿਵਾਦ ਛਿੜ ਗਿਆ। ਭੀਲਣੀ ਇਹ ਧਨ ਲੈਣ ਵਾਸਤੇ ਹਰਗਿਜ਼ ਰਾਜ਼ੀ ਨਹੀਂ ਹੋਈ। ਦੋਵੇਂ ਜਣੇ ਕਹਿੰਦੇ ਅਸੀਂ ਜਿਉਂਦਾ ਬਿੱਛੂ ਜਾਂ ਖੜੱਪਾ ਸੱਪ ਮਨਜ਼ੂਰ ਕਰ ਸਕਦੇ ਆਂ ਪਰ ਜੇ ਮੋਤੀਆਂ ਜਾਂ ਮੁਹਰਾਂ ਉੱਪਰ ਡੋਲ ਗਏ, ਜਿਉਂਦੇ ਜੀਅ ਤਾਂ ਦੁਰਗਤ ਹੋਣੀ ਹੀ ਹੋਣੀ ਹੈ ਮਰ ਕੇ ਵੀ ਇਸ ਪਾਪ ਦੀ ਸਜ਼ਾ ਤੋਂ ਨਹੀਂ ਬਚ ਸਕਦੇ। ਹੱਥੀਂ ਮਿਹਨਤ ਕਰਨ ਤੋਂ ਬਿਨਾਂ ਸਾਨੂੰ ਕਿਸੇ ਚੀਜ਼ ਵਿੱਚੋਂ ਅਨੰਦ ਨਹੀਂ ਆਉਂਦਾ! ਆਲਸ ਅਤੇ ਆਰਾਮ-ਤਲਬੀ ਤੋਂ ਬੁਰੀ ਮੌਤ ਵੀ ਨਹੀਂ ਹੁੰਦੀ! ਭਾਗ ਫਲਣਾ ਹੁੰਦਾ ਕਦੇ ਦਾ ਫਲ ਗਿਆ ਹੁੰਦਾ। ਇਹ ਤਾਂ ਸਾਫ਼ ਸਾਫ਼ ਭਾਈ ਦੀ ਕਿਸਮਤ ਦਾ ਚਮਤਕਾਰ ਹੈ। ਦੂਜਿਆਂ ਦੇ ਦੁੱਖ ਵਿੱਚ ਹਿੱਸਾ ਵੰਡਾ ਸਕਦੇ ਹਾਂ, ਦੂਜਿਆਂ ਦੀ ਕਿਸਮਤ ਵਿੱਚੋਂ ਹਿੱਸਾ ਕਿਵੇਂ ਵੰਡਾਈਏ? ਇਸ ਤੋਂ ਬੁਰੀ ਗੱਲ ਕੋਈ ਹੋ ਈ ਨਹੀਂ ਸਕਦੀ। ਜਾਣਦੇ ਬੁਝਦੇ ਆਦਮਜ਼ਾਤ ਨੂੰ ਕਲੰਕ ਕਿਵੇਂ ਲਾਈਏ? ਇਹ ਮਾਲ ਧਨ ਲੈ ਕੇ ਜੇ ਅਮਰ ਹੋ ਜਾਈਏ, ਫੇਰ ਗੱਲ ਹੋਰ ਹੈ! ਅਗਲਾ ਸਾਹ ਆਏਗਾ ਕਿ ਨਹੀਂ, ਕੌਣ ਜਾਣਦਾ ਹੈ? ਇਧਰ ਸੇਠ ਦਾ ਬੇਟਾ ਵੀ ਅੜ ਗਿਆ ਕਿ ਵਪਾਰ ਦੀ ਅਥਾਹ ਕਮਾਈ ਵਾਸਤੇ ਕਿਸੇ ਵਿਉਂਤ ਤਹਿਤ ਮੈਨੂੰ ਇਹ ਰਕਮ ਦਿਉਂ ਤਾਂ ਹੋਰ ਗੱਲ ਹੈ, ਹਰਾਮ ਦਾ ਧਨ ਮੈਂ ਚੁਪ ਚੁਪੀਤੇ ਕਿਵੇਂ ਲੈ ਲਵਾਂ?

ਇਸ ਅਮੁੱਕ ਬਹਿਸ ਵਿੱਚ ਭੀਲ ਭੀਲਣੀ ਦਾ ਮਨ ਉਕਤਾ ਗਿਆ। ਉਨ੍ਹਾਂ ਨੇ ਇੱਕ ਤਰੀਕਾ ਕੱਢਿਆ, ਕਿਹਾ- ਮਹੀਨੇ ਕੁ ਬਾਅਦ ਅਸੀਂ ਵਾਪਸ ਆਵਾਂਗੇ, ਉਦੋਂ ਜਿਵੇਂ ਹੋਏਗਾ ਦੇਖੀ ਜਾਏਗੀ। ਸੇਠ ਦੀ ਅਕਲ ਦੇ ਬਰਾਬਰ ਅਕਲ ਜਦੋਂ ਹੈ ਈ ਨਹੀਂ ਫਿਰ ਵਿਵਾਦ ਕੀ ਕਰਨਾ ਹੋਇਆ? ਨਾਲ ੇ ਸੁੰਨਸਾਨ ਜੰਗਲ ਅਤੇ ਪਹਾੜਾਂ ਵੱਲ ਜਾ ਰਹੇ ਹਾਂ ਫਿਰ ਇਹ ਵਾਧੂ ਭਾਰ ਦਾ ਖ਼ਤਰਾ ਕਿਉਂ ਨਾਲ ਚੁੱਕੀ ਫਿਰੀਏ? ਹੋਠਾਂ ਤੇ ਆਈਆਂ ਬਾਕੀ ਗੱਲਾਂ ਉਹ ਦੱਬ ਗਏ ਪਰ ਸੁਣਨ ਵਾਲਾ ਸਮਝ ਗਿਆ।

ਸੇਠ ਦੇ ਬੇਟੇ ਨੂੰ ਲਗਾ ਇਹ ਇਕਦਮ ਪਸ਼ੂਆਂ ਵਰਗੇ ਹਨ। ਕਮਾਈ ਕਰਨ ਦੇ ਲਿਹਾਜ਼ ਨਾਲ ਹੀ ਆਦਮੀ ਪਸ਼ੂਆਂ ਤੋਂ ਵੱਖਰਾ ਹੈ ਕਿਉਂਕਿ ਪਸ਼ੂਆਂ ਨੂੰ ਇਹ ਹੁਨਰ ਨਹੀਂ ਆਉਂਦਾ! ਸ਼ੇਰ ਵਰਗਾ ਮਹਾਂਬਲੀ ਅਖਵਾਈ ਜਾਏ ਜੰਗਲ ਦਾ ਰਾਜਾ, ਇੱਕ ਧੇਲਾ ਨਹੀਂ ਕਮਾ ਸਕਦਾ। ਫਿਰ ਵੀ ਉਸਦੇ ਦਿਲ ਅੰਦਰ ਕੋਈ ਕੰਡਾ ਚੁਭਦਾ ਰਿਹਾ। ਘਰਵਾਲੀ ਦੇ ਵਿਛੋੜੇ ਦੀ ਰਾਖ ਵਿੱਚ ਕੋਈ ਚੰਗਿਆੜੀ ਦਬੀ ਜ਼ਰੂਰ ਪਈ ਸੀ, ਬੁਝੀ ਨਹੀਂ। ਮਾਂ ਦੀ ਜ਼ਿੱਦ ਕਾਰਨ ਵਿਆਹ ਕਰਵਾਉਣਾ ਪਿਆ ਨਹੀਂ ਤਾਂ ਮੌਜ ਨਾਲ ਪੂਰੇ ਪੰਜ ਸਾਲ ਵਪਾਰ ਦਾ ਡੰਕਾ ਵਜਾਉਂਦਾ। ਨਾ ਘਰ ਵਾਲੀ ਹੁੰਦੀ ਨਾ ਉਸਦਾ ਕੋਈ ਖ਼ਿਆਲ ਆਉਂਦਾ।

ਜੋੜੀ ਤੁਰਨ ਲੱਗੀ ਹੀ ਸੀ ਕਿ ਭੀਲ ਵਾਪਸ ਮੁੜਿਆ, ਝਿਜਕਦਾ ਝਿਜਕਦਾ ਬੋਲਿਆ- ਇੱਕ ਚੀਜ਼ ਮੰਗਣੀ ਹੈ ਜੇ ਬੁਰਾ ਨਾ ਮੰਨੋ।

-ਤੇਰੀ ਗੱਲ ਦਾ ਬੁਰਾ ਮੰਨਣ ਦਾ ਸਵਾਲ ਈ ਨਹੀਂ ਭਾਈ।

-ਇਹ ਖਾਲੀ ਕਲਸ ਦੇ ਦਿਉ। ਸ਼ਹਿਦ ਇਕੱਠਾ ਕਰਾਂਗੇ।

ਮਾਮੂਲੀ ਮੰਗ ਸੁਣ ਕੇ ਉਸਦੇ ਮਨ ਵਿੱਚ ਜਿਵੇਂ ਸੁਰੰਗ ਖ਼ੁਦ ਗਈ ਹੋਵੇ! ਆਦਮੀ ਹਨ ਇਹ ਕਿ ਦੋ ਪੈਰਾਂ ਉੱਤੇ ਖਲੋਤੇ ਜਾਨਵਰ? ਧਨ ਵਾਸਤੇ ਲੋਭ ਨਹੀਂ, ਮੂਰਖਾਂ ਦੇ ਕਿਹੜਾ ਸਿੰਗ ਹੁੰਦੇ ਨੇ? ਦੋ ਸਾਲ ਦੇ ਮਾਸੂਮ ਬੱਚੇ ਤੋਂ ਵੱਧ ਮਾਸੂਮ। ਏਨੇ ਸਾਲ ਇਨ੍ਹਾਂ ਨੇ ਕੀ ਕਰਦਿਆਂ ਗੁਆਏ? ਆਦਮਜਾਤ ਦਾ ਨਾਮ ਹੀ ਡੁਬੋਇਆ! ਸੁਣਿਆ ਸੀ ਭੀਲ ਤੁਰੇ ਜਾਂਦੇ ਗੱਡੇ ਦੇ ਬਲਦ ਚੋਰੀ ਕਰ ਲੈਂਦੇ ਨੇ, ਫਿਰ ਇਹ ਏਨੇ ਗੰਵਾਰ ਕਿਉਂ ਨੇ? ਖਾਲੀ ਕਲਸ ਦਿੰਦਿਆਂ ਸ਼ਰਮ ਆਉਂਦੀ ਹੈ। ਬਾਣੀਏ ਦਾ ਬੇਟਾ ਹਾਂ ਸੋ ਠੀਕ ਪਰ ਦਿਨ ਦਿਹਾੜੇ ਜੇਬ ਕਿਵੇਂ ਕਤਰਾਂ? ਜਿੰਨੇ ਮਰਜ਼ੀ ਭੋਲੇ ਹੋਣ ਇਨ੍ਹਾਂ ਦੇ ਮਨ ਵਿੱਚ ਥੋੜ੍ਹਾ ਬਹੁਤ ਅਫ਼ਸੋਸ ਤਾਂ ਹੋਣਾ ਹੀ ਹੈ। ਸੋਚਦਾ ਰਿਹਾ। ਜਦੋਂ ਦੇਰ ਤੱਕ ਬੋਲਿਆ ਹੀ ਨਾ ਤਾਂ ਭੀਲਣੀ ਬੋਲੀ- ਚਲੋ ਨਹੀਂ ਮਰਜ਼ੀ ਤਾਂ ਨਾ ਸਹੀ। ਸਾਡੇ ਕੋਲ ਦੋ ਇਕ ਮਿੱਟੀ ਦੇ ਬਰਤਨ ਹੈਗੇ ਨੇ।

ਇਹ ਵਾਕ ਸੁਣਕੇ ਉਸ ਦੀ ਹੋਸ਼ ਪਰਤੀ, ਰੁਕ ਰੁਕ ਕੇ ਬੋਲਿਆ- ਆਪਣੀ ਭੈਣ ਨੂੰ ਖ਼ਾਲੀ ਕਲਸ ਦਿੰਦਾ ਚੰਗਾ ਨੀ ਨਾ ਲਗਦਾ। ਇਸ ਵਿੱਚ ਗਿਆਰਾਂ ਮੁਹਰਾਂ ਪਾ ਕੇ ਦਿਆਂਗਾ। ਇਨਕਾਰ ਨਾ ਕਰਿਉ। ਮੂਰਖ ਜੋੜੇ ਨੇ ਮੱਥੇ ਤੇ ਹੱਥ ਮਾਰਿਆ- ਜੇ ਸਾਡੇ ਦਿਲ ਵਿੱਚ ਖੋਟ ਹੁੰਦਾ ਫੇਰ ਮੁਹਰਾਂ ਦਾ ਭਰਿਆ ਕਲਸ ਲੈ ਕੇ ਆਉਂਦੇ ਹੀ ਕਿਸ ਲਈ? ਭਗਵਾਨ ਅੱਗੇ ਸਾਡੀ ਬੇਨਤੀ ਹੈ ਸਾਨੂੰ ਲੋਭ ਦੇ ਫ਼ਜ਼ੂਲ ਜਾਲ ਵਿੱਚ ਨਾ ਫਸਾਵੇ। ਤੁਸੀਂ ਤਾਂ ਗਿਆਨੀ ਧਿਆਨੀ ਹੋ, ਤੁਹਾਨੂੰ ਕੀ ਸਮਝਾਈਏ? ਲੋਭ ਸਾਰੇ ਪਾਪਾਂ ਦੀ ਜੜ੍ਹ ਹੈ। ਆਦਮੀ ਦੀ ਜੂਨ ਬੜੀ ਤਪੱਸਿਆ ਤੋਂ ਬਾਅਦ ਮਿਲਦੀ ਹੈ, ਇਸ ਨੂੰ ਬੇਦਾਗ, ਰੱਬ ਕੋਲ ਵਾਪਸ ਮੋੜ ਦੇਈਏ ਚੰਗਾ ਨਹੀਂ?

ਫਿਰ ਉਹੀ ਅੰਤਹੀਣ ਗੱਲਾਂ। ਧੱਕੇ ਨਾਲ ਇਕ ਮੁਹਰ ਦਿੱਤੀ, ਭੀਲਣੀ ਨੇ ਲੈ ਤਾਂ ਲਈ ਪਰ ਇਸ ਤਰ੍ਹਾਂ ਜਿਵੇਂ ਗਲ ਵਿੱਚ ਕੋਈ ਬੁਰਕੀ ਫਸ ਗਈ ਹੋਵੇ।

ਮਹੀਨਾ ਬੀਤਦਿਆਂ ਕੋਈ ਯੁਗ ਥੋੜ੍ਹਾ ਲਗਦੈ? ਪਰ ਉਹ ਇਧਰ ਆਏ ਹੀ ਨਾ। ਦੋ ਹਫ਼ਤੇ ਹੋਰ ਲੰਘ ਗਏ, ਦਰਵਾਜ਼ੇ ਤੇ ਦਸਤਕ ਨਾ ਹੋਈ, ਸੇਠ ਦੇ ਬੇਟੇ ਦਾ ਧੀਰਜ ਖ਼ਤਮ ਹੋ ਗਿਆ। ਭੈਣ ਦੇ ਨਾਮ ਤੇ ਅੰਧਾਧੁੰਦ ਵਣਜ ਵਿੱਚ ਧਨ ਖਲਾਰ ਦਿੱਤਾ। ਹੈਰਾਨੀ ਇਹ ਕਿ ਇੱਕ ਪੈਸਾ ਵੀ ਜਾਇਆ ਨਹੀਂ ਹੋਇਆ। ਇਕਰਾਰ ਮੁਤਾਬਕ ਵਿਆਜ ਵਾਪਸ ਕਰਨ ਆਉਂਦੇ ਲੋਕਾਂ ਦੀਆਂ ਕਤਾਰਾਂ ਲੱਗ ਜਾਂਦੀਆਂ। ਜਿਸ ਤੋਂ ਮੂਲ ਵਾਪਸ ਮੰਗਦਾ ਮੂਲ ਦੇ ਜਾਂਦਾ। ਐਤਕਾਂ ਦੇ ਸੌਦੇ ਜਿੰਨੀ ਆਮਦਨ ਕਦੇ ਨਹੀਂ ਸੀ ਹੋਈ। ਅਕਲ ਵੀ ਸਮੇਂ ਸਿਰ ਆਉਂਦੀ ਹੈ। ਮਨ ਦੀ ਕੌੜੀ ਮਿੱਠੀ ਚਾਸ਼ਣੀ ਦਾ ਕਿਸੇ ਨੂੰ ਪਤਾ ਨੀ ਹੁੰਦਾ। ਹੌਲ਼ੀ ਹੌਲ਼ੀ ਆਪਣੇ ਮਨ ਤੋਂ ਪਾਰ ਸੇਠ ਦੇ ਬੇਟੇ ਦੀ ਸਮਝ ਧੁੰਦਲੀ ਹੋਣ ਲੱਗੀ। ਉਹ ਆਪਣੇ ਭਾਗ ਦੀ ਕੁੰਡਲੀ ਵਿੱਚ ਜਕੜਦਾ ਚਲਾ ਗਿਆ। ਵਿਚਾਰੇ ਭੀਲਾਂ ਦੇ ਇੱਡੇ ਭਾਗ ਕਿੱਥੇ? ਭਾਗ ਸੁਭਾਗ ਤਾਂ ਬਾਣੀਏ ਦੇ ਹਿੱਸੇ ਆਏ! ਸਾਧਨ ਤਾਂ ਕੋਈ ਨਾ ਕੋਈ ਬਣਿਆ ਈ ਕਰਦੈ। ਜਿਹੜਾ ਨਮਿੱਤ ਬਣਦੈ, ਉਸਦਾ ਹਿੱਸਾ ਵੀ ਤਾਂ ਹੋਣਾ ਚਾਹੀਦੈ। ਕੋਈ ਨੀ। ਜਦੋਂ ਆਉਣਗੇ, ਬਣਦਾ ਹਿੱਸਾ ਦਿਆਂਗਾ। ਪਰ ਬੇਵਕੂਫ਼ ਆਉਣ ਤਾਂ ਸਹੀ! ਪਤਾ ਨੀ ਕਿੱਥੇ ਫਸੇ ਬੈਠੇ ਨੇ। ਸਿਆਣਿਆਂ ਦਾ ਕਿਹਾ ਗ਼ਲਤ ਨਹੀਂ ਹੁੰਦਾ ਕਿ ਕਿਸਮਤ ਲਾਠੀ ਨਾਲ ਵਾਰ ਨਹੀਂ ਕਰਦੀ, ਮੂਰਖਤਾ ਨਾਲ ਹੀ ਕਚੂਮਰ ਕੱਢ ਦਿੰਦੀ ਹੈ। ਮੂਰਖਤਾ ਨਾ ਹੁੰਦੀ, ਆਪਣੇ ਹੱਥੀਂ ਪੁੱਟੀ ਦੌਲਤ ਕੌਣ ਪਾਗਲ ਕਿਸੇ ਦੂਜੇ ਨੂੰ ਦੇ ਦਿੰਦਾ?

ਦੋ ਢਾਈ ਮਹੀਨੇ ਤਾਂ ਗਾਹੇ ਬਗਾਹੇ ਉਹ ਜੋੜੀ ਯਾਦ ਆਉਂਦੀ ਰਹੀ ਪਰ ਫਿਰ ਵਣਜ ਵਪਾਰ ਪਿੰਡਾਂ ਤੱਕ ਏਨਾ ਖਿੱਲਰਿਆ ਕਿ ਹੌਲ਼ੀ ਹੌਲ਼ੀ ਭੁੱਲਣ ਲੱਗੇ। ਨਾਲੇ ਮੂਰਖਾਂ ਨੂੰ ਯਾਦ ਕਰਨ ਨਾਲ ਆਪਣੀ ਅਕਲ ਉੱਪਰ ਵੀ ਪਰਦਾ ਪੈਣ ਲੱਗ ਜਾਂਦੈ।

ਜਿਹੜਾ ਮਾਲ ਖਰੀਦਦਾ, ਤੀਜੇ ਦਿਨ ਉਸ ਵਿੱਚ ਤੇਜ਼ੀ ਆ ਜਾਂਦੀ। ਇਲਾਕੇ ਦੇ ਨਾਮੀ ਗਰਾਮੀ ਵਪਾਰੀ ਉਸਦੀ ਦੇਖਾ ਦੇਖੀ ਖ਼ੁਦ ਵੀ ਅੰਨ੍ਹੇਵਾਹ ਮਾਲ ਖ਼ਰੀਦਣ ਲੱਗ ਜਾਂਦੇ। ਤੇਜ਼ੀ ਦਾ ਉਡਣ ਖਟੋਲਾ ਹਵਾ ਤੋਂ ਵੀ ਤੇਜ਼ ਚੱਲਣ ਲੱਗਾ, ਕਮਾਈ ਛਾਲਾਂ ਮਾਰਨ ਲੱਗੀ। ਇਲਾਕੇ ਦਾ ਨਹੀਂ, ਦੇਸ ਦਾ ਵੱਡਾ ਸੇਠ ਬਣਨਾ ਚਾਹੁੰਦਾ ਸੀ। ਜੀਅ ਕਰਦਾ ਰਾਜੇ ਰਜਵਾੜੇ ਕਦੀ ਉਧਾਰ ਮੰਗਿਆ ਕਰਨ ਤਾਂ ਗੱਲ ਬਣੇ। ਕਲਸ ਦੇ ਕ੍ਰਿਸ਼ਮਈ ਧਨ ਦੇ ਜਲਵੇ ਦਿਸਣ ਲੱਗੇ। ਨਸੀਬ ਮਾੜੇ ਹੋਣ ਤਾਂ ਆਪਣੇ ਪੈਰ ਵਿੱਚ ਆਪਣੀ ਜੁੱਤੀ ਨੀ ਬੰਦਾ ਪਹਿਨ ਸਕਦਾ! ਇੱਥੇ ਦੱਬਿਆ ਕਲਸ ਆਪੇ ਤੁਰ ਕੇ ਆ ਗਿਆ! ਦਾਣੇ ਦਾਣੇ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੁੰਦੈ। ਕਿੱਡਾ ਵੱਡਾ ਜੋਰਾਵਰ ਹੋਏ, ਵਸ ਨੀ ਚੱਲਿਆ ਕਰਦਾ। ਪਾਰਬਤੀ ਦੇ ਹਠ ਨੂੰ ਦੇਖਦਿਆਂ ਤੁਰੇ ਜਾਂਦੇ ਬਦਕਿਸਮਤ ਔਰਤ ਮਰਦ ਅੱਗੇ ਮਹਾਂਦੇਵ ਨੇ ਨੌ ਲੱਖਾ ਹਾਰ ਸੁੱਟ ਦਿੱਤਾ, ਤਾਂ ਵੀ ਉਨ੍ਹਾਂ ਨੂੰ ਨਾ ਮਿਲਿਆ। ਅੰਨ੍ਹੇ ਹੋਣ ਦਾ ਨਾਟਕ ਕਰਦੇ ਅੱਗੇ ਲੰਘ ਗਏ। ਆਖ਼ਰ ਪਰਦੇਸ ਜਾਂਦੇ ਸ਼ਾਹੂਕਾਰ ਦੇ ਹੱਥ ਉਹ ਹਾਰ ਆਇਆ। ਉਸ ਦੀ ਕਿਸਮਤ ਵਿੱਚ ਲਿਖਿਆ ਸੀ ਫਿਰ ਕੋਈ ਦੂਜਾ ਕਿਵੇਂ ਹੜੱਪ ਸਕਦਾ? ਦੇਵਾਂ ਦੇ ਦੇਵ ਦਾ ਵੀ ਵਸ ਨਹੀਂ ਚਲਦਾ। ਸਭ ਕਿਸਮਤ ਦੀ ਕਰਾਮਾਤ। ਮੂਰਖ ਘਰਵਾਲੀ ਦੇ ਕਹੇ ਕਹਾਏ ਜੇ ਪਰਦੇਸ ਵਣਜ ਕਰਨ ਨਾ ਜਾਂਦਾ, ਹੋ ਗਿਆ ਸੀ ਘਾਣ!

ਭਾਗ ਜਾਂ ਕਿਸਮਤ ਨੂੰ ਪਰਖਦੇ ਨਿਰਖਦੇ ਕਦੋਂ ਇੱਕ ਸਾਲ ਬੀਤ ਗਿਆ, ਪਤਾ ਹੀ ਨੀ ਲੱਗਾ। ਵਪਾਰ ਦੀ ਅੰਨ੍ਹੀ ਕਮਾਈ ਨਾਲ ਖੰਭ ਲੱਗ ਗਏ।

ਇੱਕ ਦਿਨ ਦੁਕਾਨ ਵਿੱਚ ਆਪਣੇ ਆਸਣ ਤੇ ਬੈਠਾ ਵਪਾਰ ਦੇ ਨਵੇਂ ਨਵੇਂ ਗੁਰ ਸੋਚ ਰਿਹਾ ਸੀ ਕਿ ਭੀਲਣੀ ਭੈਣ ਦਾ ਜਾਣਿਆਂ ਪਛਾਣਿਆਂ ਚਿਹਰਾ ਆਪਣੇ ਵੱਲ ਆਉਂਦਾ ਦੇਖਿਆ। ਮੋਢੇ ਨੇੜੇ ਭੀਲ ਨੇ ਹੱਥ ਉੱਪਰ ਉਹੀ ਕਲਸ ਚੁੱਕਿਆ ਹੋਇਆ! ਸੇਠ ਦੇ ਬੇਟੇ ਨਾਲ ਅੱਖ ਮਿਲਾਉਂਦਿਆਂ ਹੀ ਭੀਲ ਦੀ ਮੁਸਕਾਣ ਬਿਖਰ ਗਈ। ਅਜਿਹੀ ਅਛੋਹ ਮੁਸਕਾਨ, ਏਨੀ ਪਵਿੱਤਰ ਕਿ ਏਨਾ ਧਨ ਕਮਾ ਕੇ ਉਸਦੇ ਹੋਠਾਂ ਉੱਪਰ ਨਹੀਂ ਛਲਕੀ ਕਦੀ! ਇਹ ਅਮੀਰੀ, ਗ਼ਰੀਬੀ ਦੇ ਸਬਰ ਸੰਤੋਖ ਦਾ ਮੁਕਾਬਲਾ ਕਰ ਸਕਦੀ ਹੈ? ਅਨਮੋਲ ਮੋਤੀਆਂ ਵਾਂਗ ਇਹ ਕਿਵੇਂ ਮੁਸਕਾਈ ਜਾਂਦੇ ਨੇ! ਨੇੜੇ ਆਏ ਤਾਂ ਪਤਾ ਲੱਗਾ ਭੀਲਣੀ ਦੀ ਕੁੱਖ ਹਰੀ ਹੈ, ਇਸੇ ਕਰਕੇ ਖ਼ੁਸ਼ ਨੇ?

ਕਲਸ ਦਾ ਢੱਕਣ ਚੁਕਣ ਸਾਰ ਸ਼ਹਿਦ ਦੀ ਮਹਿਕ ਦੁਕਾਨ ਵਿੱਚ ਖਿੱਲਰ ਗਈ। ਬਿਨਾਂ ਇੱਕ ਅੱਖਰ ਕਹੇ ਸੁਣੇ ਭਰਾ ਸਮਝ ਗਿਆ, ਭੈਣ ਜੰਗਲ ਵਿੱਚੋਂ ਸ਼ਹਿਦ ਲੈ ਕੇ ਆਈ ਹੈ। ਪੈਸਿਆਂ ਨਾਲ ਵੀ ਮਿਲ ਸਕਦੈ ਪਰ ਇਸ ਸ਼ਹਿਦ ਦਾ ਕੋਈ ਮੁੱਲ ਨਹੀਂ! ਹੀਰੇ ਮੋਤੀਆਂ ਤੋਂ ਮਹਿੰਗਾ! ਦਿਲ ਦੀ ਮਿਠਾਸ ਘੁਲੀ ਹੋਈ। ਸੇਠ ਦੇ ਬੇਟੇ ਨੇ ਖ਼ੁਸ਼ੀ ਖ਼ੁਸ਼ੀ ਕਲਸ ਚੁੱਕਿਆ, ਭਾਰੀ ਲੱਗਿਆ, ਧੰਮ ਕਰਕੇ ਫ਼ਰਸ਼ ਤੇ ਰੱਖ ਦਿੱਤਾ।

ਭੈਣ ਮੁਸਕਾ ਕੇ ਬੋਲੀ- ਭਰਜਾਈ ਦਾ ਹਿੱਸਾ ਵੀ ਹੈ ਇਸ ਵਿੱਚ।

-ਵਾਹ ਕਮਲੀਏ, ਹਿੱਸੇ ਦੀ ਕੀ ਗੱਲ? ਸਾਰਾ ਕਲਸ ਹੀ ਭੇਜ ਦਿਉਂਗਾ ਤੇਰੀ ਭਰਜਾਈ ਕੋਲ? ਤੈਨੂੰ ਲਗਦੈ ਮੈਂ ਏਨਾ ਸਵਾਰਥੀ ਹਾਂ ਇਕੱਲਾ ਖਾ ਜਾਊਂਗਾ?

-ਨਹੀਂ ਨਹੀਂ ਗੱਲ ਹੋਰ ਐ, ਇਕੱਠਿਆਂ ਖਾਣ ਵਿੱਚ ਜੋ ਸੁਆਦ ਹੁੰਦੈ ਉਹ ਇਕੱਲੇ ਖਾਣ ਨਾਲ ਨਹੀਂ। ਜਿਵੇਂ ਵੀ ਹੋਵੇ, ਜਲਦੀ ਆਪਣੇ ਪਿੰਡ ਜਾਉ। ਇਹੋ ਅਰਦਾਸ ਕਰਨ ਵਾਸਤੇ ਚਾਉ ਨਾਲ ਇੱਥੇ ਆਈ ਹਾਂ। ਸੋਚਿਆ ਵੀਰ ਨਾਲ ਮੇਲ ਹੋ ਜਾਏਗਾ ਨਾਲੇ ਭੈਣ ਦੀ ਅਰਦਾਸ ਕਬੂਲ ਹੋ ਜਾਏਗੀ। ਦੂਰ ਦੂਰ ਆਪਣੇ ਭਾਈ ਦਾ ਜਸ ਸੁਣ ਸੁਣ ਕੇ ਮੇਰਾ ਮਾਣ ਅਸਮਾਨ ਜਿੱਡਾ ਹੋ ਗਿਆ, ਦੁਨੀਆ ਭਰ ਦੀ ਕਮਾਈ ਹੋ ਗਈ। ਇਹ ਅਨਮੋਲ ਰਾਤਾਂ ਵਿਅਰਥ ਗੁਆਉਣ ਲਈ ਨਹੀਂ ਹਨ! ਬੜੀ ਮਗਜ ਖਪਾਈ ਕੀਤੀ ਪਰ ਮੈਨੂੰ ਪਤਾ ਨਾ ਲੱਗਾ, ਤੁਹਾਡਾ ਇੱਥੇ ਦਿਲ ਕਿਵੇਂ ਲਗਦੈ? ਜਿੰਨੀ ਮਰਜ਼ੀ ਕਮਾਈ ਕਰੋ ਪਰਿਵਾਰ ਦੇ ਮਿਲਾਪ ਵਰਗੀ ਖ਼ੁਸ਼ੀ ਕਿੱਥੇ?

-ਮਿਲਾਪ ਦੀ ਖ਼ੁਸ਼ੀ ਨਹੀਂ ਮਿਲਦੀ ਨਾ ਸਹੀ, ਪੈਸੇ ਕਮਾਉਣ ਦੀ ਖ਼ੁਸ਼ੀ ਤਾਂ ਮਿਲਦੀ ਹੈ। ਇਸ ਭੇਦ ਵਿੱਚ ਸਾਰੇ ਭੇਦ ਛਿਪੇ ਹੋਏ ਨੇ। ਬਸ ਚਾਰ ਸਾਲ ਰਹਿ ਗਏ ਹੁਣ ਤਾਂ, ਚੁਟਕੀ ਜਿੰਨੇ ਸਮੇਂ ਵਿੱਚ ਲੰਘ ਜਾਣੇ ਨੇ। ਤੇਰੇ ਭਰਾ ਦਾ ਨਾਮ ਦੁਨੀਆ ਦੇ ਅਮੀਰ ਲੋਕਾਂ ਵਿੱਚ ਗਿਣਿਆ ਜਾਏਗਾ, ਸਭ ਤੋਂ ਅਮੀਰ ਲੋਕਾਂ ਵਿੱਚ! ਦੇਖਦੀ ਤਾਂ ਜਾਹ। ਅਜੇ ਤਾਂ ਪੂਰੀ ਉਮਰ ਪਈ ਹੈ। ਤੇਰੀ ਭਰਜਾਈ ਕਿਤੇ ਭੱਜੀ ਤਾਂ ਜਾਂਦੀ ਨਹੀਂ। ਮੇਰਾ ਸਾਰੇ ਪਾਸੇ ਧਿਆਨ ਹੈ। ਦੁਨੀਆਦਾਰੀ ਦਾ ਸਾਰਾ ਹਿਸਾਬ ਮੇਰੀਆਂ ਉਂਗਲਾਂ ਦੇ ਪੋਟਿਆਂ ਉੱਪਰ ਹੈ। ਕਿਤੇ ਗ਼ਲਤੀ ਨਹੀਂ ਹੁੰਦੀ ਕਿਧਰੇ। ਤੂੰ ਬਿਲਕੁਲ ਫ਼ਿਕਰ ਨਾ ਕਰ।

-ਮੇਰੇ ਫ਼ਿਕਰ ਨਾਲ ਕੀ ਹੋਣੈ? ਭਰਜਾਈ ਫ਼ਿਕਰ ਵਿੱਚ ਘੁਲੀ ਜਾਂਦੀ ਹੋਵੇਗੀ। ਉਸ ਅੰਦਰਲੇ ਵਿਛੋੜੇ ਦੀ ਅਗਨੀ ਨਾਲ ਕਦੇ ਕਦੇ ਮੇਰੀ ਨੀਂਦ ਉਡ ਜਾਂਦੀ ਹੈ। ਇਸ ਦੌਲਤ ਦੀ ਆਖ਼ਰ ਕੋਈ ਹੱਦ ਤਾਂ ਹੁੰਦੀ ਹੋਣੀ।

-ਕਮਲੀਏ ਤੂੰ ਕਦੇ ਮਾਇਆ ਦਾ ਜ਼ਾਇਕਾ ਚੱਖਿਆ ਹੋਵੇ ਤਾਂ ਜਾਣੇ! ਇਸੇ ਕਰਕੇ ਤੁਹਾਨੂੰ ਬੇਸਮਝ ਅਤੇ ਗੰਵਾਰ ਕਿਹਾ ਜਾਂਦੈ ਤੇ ਸਾਨੂੰ ਕਹਿੰਦੇ ਨੇ ਸ਼ਾਹੂਕਾਰ! ਅਸਮਾਨ ਦੀ ਕੋਈ ਹੱਦ ਹੋਵੇ ਤਾਂ ਹੋਵੇ, ਸ਼ਾਹੂਕਾਰ ਦੀ ਦੌਲਤ ਦੀ ਕੋਈ ਹੱਦ ਨਹੀਂ। ਤੈਨੂੰ ਅਜੇ ਪਤਾ ਵੀ ਕੀ ਹੈ?

-ਇਹੋ ਜਿਹੀਆਂ ਊਟ ਪਟਾਂਗ ਗੱਲਾਂ ਅਸੀਂ ਜਾਣਨੀਆਂ ਵੀ ਨਹੀਂ। ਰਾਮ ਬਚਾਏ! ਭੀਲਣੀ ਦੀ ਗੱਲ ਤਾਂ ਕਿਸੇ ਸਿਰੇ ਨਹੀਂ ਲੱਗਣੀ, ਇਹ ਸੋਚਕੇ ਭੀਲ ਨੇ ਆਪਣੇ ਲੱਕ ਦੁਆਲਿਉਂ ਨੌਲੀ ਖੋਲ੍ਹੀ ਤੇ ਭਾਨ ਬਾਹਰ ਕੱਢਣ ਲੱਗਾ। ਇਹ ਦੇਖ ਕੇ ਭੀਲਣੀ ਵੀ ਆਪਣੀ ਚੁੰਨੀ ਦੇ ਪੱਲੇ ਦੀ ਗੱਠ ਖੋਲ੍ਹਣ ਲੱਗੀ। ਸੇਠ ਦੇ ਬੇਟੇ ਨੇ ਹੜਬੜਾ ਕੇ ਕਿਹਾ- ਇਹ ਕੀ ਤਮਾਸ਼ਾ ਕਰ ਰਹੇ ਹੋ?

-ਇਹ ਤੁਹਾਡਾ ਮੂਲਧਨ! ਹੱਥ ਸੌਖਾ ਹੋਵੇ ਫਿਰ ਦੇਰ ਕਿਸ ਵਾਸਤੇ? ਤੁਸੀਂ ਤਾਂ ਲਿਖਤ ਵੀ ਨਹੀਂ ਕੀਤੀ। ਫਿਰ ਸਾਡਾ ਵੀ ਤਾਂ ਕੋਈ ਫ਼ਰਜ਼ ਬਣਦੈ। ਤੁਹਾਡੀ ਦੁਆ ਸਦਕਾ ਅਸੀਂ ਬੜੀ ਮਿਹਨਤ ਕੀਤੀ। ਕਿਸੇ ਚੀਜ਼ ਦੀ ਕਮੀ ਨਹੀਂ ਰਹੀ, ਸਿਰ ਤੱਕ ਨੀ ਕਦੀ ਦੁਖਿਆ। ਕਰਜ਼ਾ ਤਾਂ ਅਗਲੇ ਜਨਮ ਵੀ ਮੋੜਨਾ ਪੈਂਦੈ। ਤਮਾਸ਼ੇ ਦੀ ਇਸ ਵਿੱਚ ਕੀ ਗੱਲ?

ਦੁਕਾਨ ਮਾਲਕ ਉੱਪਰ ਜਿਵੇਂ ਬਿਜਲੀ ਗਿਰੀ ਹੋਵੇ। ਮੂਲ ਰਕਮ ਦੀ ਥਾਂ ਉਸਦੇ ਸਿਰ ਵਿੱਚ ਜੁੱਤੀਆਂ ਵੀ ਪੈਂਦੀਆਂ ਤਾਂ ਬੁਰਾ ਨਾ ਮੰਨਦਾ। ਕਲੇਜਾ ਜਿਵੇਂ ਤਿੱਖੀਆਂ ਸੂਲਾਂ ਨਾਲ ਵਿਨ੍ਹਿਆਂ ਗਿਆ ਹੋਵੇ! ਭਿਖਾਰੀ ਵਾਂਗ ਗਿੜਗਿੜਾਇਆ- ਜਦੋਂ ਮੈਂ ਕਲਸ ਦੀਆਂ ਮੁਹਰਾਂ, ਮੋਤੀਆਂ ਦਾ ਕਰਜ਼ਾ ਚੁਕਾਉਂਦਾ ਤਾਂ ਤੁਸੀਂ ਖ਼ੁਸ਼ੀ ਨਾਲ ਮੁਕਤ ਕਰ ਦਿੰਦੇ?

ਭੀਲਣੀ ਜਾਣ ਗਈ ਇੱਥੇ ਲੱਲੇ ਪੱਪੇ ਨਾਲ ਗੱਲ ਨੀ ਬਣਨੀ। ਖਿਝ ਕੇ ਬੋਲੀ- ਵੀਰ ਮੇਰੇ ਉਸ ਦੀ ਤਾਂ ਗੱਲ ਹੀ ਨਾ ਕਰ। ਸੁਣਕੇ ਪਾਪ ਲੱਗੇਗਾ। ਉਹ ਤੁਹਾਡੀ ਨੇਕੀ ਦਾ ਫਲ ਸੀ। ਮਜ਼ਦੂਰੀ ਕਰਦਿਆਂ ਬਥੇਰੀਆਂ ਨੀਹਾਂ ਪੁੱਟੀਆਂ, ਖੂਹ ਪੁੱਟੇ ਪਰ ਉਸ ਪਿੱਛੋਂ ਜਾਂ ਪਹਿਲਾਂ ਕਿਤੋਂ ਟਕਾ ਨਹੀਂ ਮਿਲਿਆ। ਸਾਨੂੰ ਕੋਈ ਅਕਲ ਨਹੀਂ? ਅਸੀਂ ਤੁਹਾਡੇ ਭਾਗਾਂ ਤੇ ਡਾਕਾ ਕਿਉਂ ਮਾਰੀਏ? ਈਰਖਾ ਕਿਉਂ ਕਰੀਏ? ਉਸ ਪਾਪੀ ਧਨ ਦਾ ਮੁੜਕੇ ਨਾਮ ਲਿਆ ਫਿਰ ਅਸੀਂ ਇੱਥੇ ਬੈਠਣਾ ਵੀ ਨਹੀਂ, ਦੁਕਾਨ ਤਾਂ ਕੀ ਤੁਹਾਡਾ ਨਗਰ ਤੱਕ ਤਿਆਗ ਦਿਆਂਗੇ। ਮੈਂ ਐਵੇਂ ਝਖ ਨਹੀਂ ਮਾਰਦੀ, ਇੱਕ ਵਾਰੀ ਕਹਿ ਦਿੱਤਾ, ਪੱਥਰ ਤੇ ਲਕੀਰ ਹੈ।

ਭਾਈ ਨੇ ਕਈ ਤਰੀਕਿਆਂ ਨਾਲ ਸਮਝਾਉਣੇ ਚਾਹੇ ਪਰ ਨਹੀਂ ਮੰਨੇ ਤਾਂ ਨਹੀਂ ਮੰਨੇ। ਹਾਂ ਜੱਚਾ ਦੀ ਪੰਜੀਰੀ ਵਾਸਤੇ, ਨਵੇਂ ਕੱਪੜਿਆਂ ਵਾਸਤੇ, ਭੀਲ ਦੀ ਦਸਤਾਰ ਵਾਸਤੇ ਤੇ ਖ਼ਾਲੀ ਕਲਸ ਦੇਣ ਵਾਸਤੇ ਗੱਲ ਹੋਈ ਤਾਂ ਕੋਈ ਇਤਰਾਜ ਨਾ ਕੀਤਾ, ਸੁਣਨ ਸਾਰ ਹਾਂ ਕਰ ਦਿੱਤੀ। ਭੈਣ ਦੇ ਪਿਆਰ ਨਾਲੋਂ ਕਿਹੜਾ ਧਨ ਕੀਮਤੀ? ਇਸ ਨਗੌਰੀ ਕੋਲ ਏਨਾ ਧਨ ਕਿ ਅੱਗ ਲਾਉ ਤਾਂ ਨਾ ਖ਼ਤਮ ਹੋਵੇ। ਪੈਸੇ ਦੀ ਧੁੰਦ ਵਿੱਚ ਇਸਨੂੰ ਭਰਜਾਈ ਵੀ ਨਹੀਂ ਦਿਸਦੀ। ਕਿਹੀ ਊਂਧੀ ਸਮਝ ਹੈ! ਇਸ ਵਰਗਾ ਬੁਰਾ ਦੇਸ ਨਿਕਾਲਾ ਕੀ ਹੋਏਗਾ?

ਅੰਨ੍ਹਾ ਅਤੇ ਅਨਜਾਣ ਇੱਕੋ ਜਿਹੇ ਹੋਇਆ ਕਰਦੇ ਨੇ। ਭੀਲ ਭੀਲਣੀ ਨੂੰ ਪਤਾ ਸੀ ਭਰਜਾਈ ਦੀ ਸੇਜ ਵਿਆਹ ਤੋਂ ਬਾਅਦ ਸੁੰਨੀ ਨਹੀਂ ਰਹੀ, ਹੁਣ ਵੀ ਸੁੰਨੀ ਨਹੀਂ। ਹਾਂ, ਭਰਾ ਜ਼ਰੂਰ ਰਾਤ ਨੂੰ ਪਾਸੇ ਬਦਲਦਾ ਰਹਿੰਦੈ ਪਰ ਕੋਈ ਪਰਵਾਹ ਨਹੀਂ। ਬਥੇਰੇ ਸੁਹਣੇ ਸੁਫ਼ਨੇ ਆਉਂਦੇ ਨੇ ਪਰ ਸੁਫ਼ਨਿਆਂ ਦਾ ਕੀ ਧਰਵਾਸ ਤੇ ਕੀ ਸੰਤੋਖ! ਹਾਂ ਭਰਾ ਦੀ ਮਾਇਆ ਸੁੰਨੀ ਨਹੀਂ ਰਹਿੰਦੀ। ਵੈਰਨ ਰੋਜ਼ ਵਧਦੀ ਹੈ। ਪਲ ਪਲ ਵਧਦੀ ਹੈ। ਸ਼ਾਹੂਕਾਰ ਵਾਸਤੇ ਇਹੋ ਆਨੰਦ, ਇਹੋ ਖੇਡ ਇਹੋ ਸੰਸਾਰ।

ਸ਼ਹਿਦ ਦੀ ਸੁਗਾਤ ਭਾਈ ਵਾਸਤੇ ਚੰਗੀ ਰਹੀ। ਰੋਟੀ ਖਾਣ ਦਾ ਵਧੀਆ ਇੰਤਜ਼ਾਮ ਹੋ ਗਿਆ। ਸੇਜ ਦਾ ਆਨੰਦ ਏਨਾ ਮਿੱਠਾ ਕਿੱਥੇ ਹੋਣਾ? ਦੌਲਤ ਦਾ ਸੁਆਦ ਸ਼ਹਿਦ ਤੋਂ ਵੀ ਵੱਧ ਮਿੱਠਾ। ਅੱਖਾਂ ਤੱਕ ਨੂੰ ਮਿੱਠਾ ਲਗਦਾ ਹੈ। ਧਨ ਨੂੰ ਤਾਂ ਧਨ ਦੀ ਮਾਂ ਨੇ ਵੀ ਜਨਮ ਨਹੀਂ ਦਿੱਤਾ, ਹੋਰ ਕਿਸੇ ਦੀ ਤਾਂ ਕੀ ਔਕਾਤ ਹੈ।

ਲਾਡਲੀ ਭੈਣ ਨੇ ਕਿੰਨੇ ਭਰੋਸੇ ਨਾਲ ਕਿਹਾ ਕਿ ਭਾਈ ਦੇ ਭਾਗ ਸਦਕਾ ਉਸ ਨੂੰ ਦੱਬਿਆ ਧਨ ਮਿਲਿਆ। ਭਾਗ ਬਿਨ ਪੁੱਛੇ ਫਲਿਆ ਕਰਦੈ। ਆਉਂਦੇ ਚਾਰ ਸਾਲ ਵਿੱਚ ਚਾਰ ਵਾਰ ਵੀ ਫਲ ਜਾਏ ਤਾਂ ਕੀ ਕਹਿਣੇ! ਕੀ ਪਤਾ ਅਗਲੀ ਵਾਰ ਕਲਸ ਦੀ ਥਾਂ ਵੱਡੇ ਵੱਡੇ ਘੜੇ ਲੱਭ ਜਾਣ! ਕਿਸਮਤ ਜਦੋਂ ਕ੍ਰਿਸ਼ਮਾ ਕਰੇ ਫੇਰ ਇੱਕ ਘੜਾ ਕੀ ਤੇ ਸੱਤ ਘੜੇ ਕੀ? ਹਾਂ ਮੁਹਰਾਂ ਦੇ ਸੱਤ ਘੜਿਆਂ ਦੀ ਥਾਂ ਮੋਤੀਆਂ ਦਾ ਇੱਕੋ ਮਿਲ ਜਾਏ ਫਿਰ ਦੁਨੀਆ ਦਾ ਕੋਈ ਧਨ ਕੁਬੇਰ ਉਸ ਅੱਗੇ ਨਾ ਟਿਕੇ। ਜਿਸ ਤਰ੍ਹਾਂ ਦੀ ਭੀਲਣੀ ਹੈ ਇਹੋ ਜਿਹੀ ਤਾਂ ਮਾਂ ਜਾਈ ਸਕੀ ਭੈਣ ਵੀ ਨਹੀਂ ਹੋਇਆ ਕਰਦੀ। ਲੋਭ ਤਾਂ ਦੋਵੇਂ ਵਡਭਾਗੀਆਂ ਦੇ ਨੇੜੇ ਤੇੜੇ ਨਹੀਂ। ਪਹਿਲੀ ਵਾਰ ਨਹੀਂ ਡੋਲੇ, ਅਗਲੀ ਵਾਰ ਵੀ ਨਹੀਂ ਡੋਲਣਗੇ। ਸੱਤ ਜਨਮ ਪੁੰਨ ਕਰੋ ਤਾਂ ਇਹੋ ਜਿਹੀ ਧਰਮ ਭੈਣ ਮਿਲਦੀ ਹੁੰਦੀ ਐ। ਜਾਂਦੀ ਜਾਂਦੀ ਨੇ ਨਰਾਜ਼ਗੀ ਵੀ ਦਿਖਾਈ। ਪਿਆਰ ਕਰਨ ਵਾਲਾ ਹੀ ਰੁੱਸਿਆ ਕਰਦਾ ਹੈ। ਦਿਲਾਸਾ ਦੇਣ ਲਈ ਝੂਠ ਵੀ ਬੋਲ ਦਿੰਦਾ ਬੜੀ ਖ਼ੁਸ਼ ਹੁੰਦੀ। ਨਾ, ਜੇ ਝੂਠ ਫੜਿਆ ਜਾਂਦਾ ਫੇਰ ਉਹ ਦੁਖੀ ਹੁੰਦੀ। ਚੰਗਾ ਹੋਇਆ ਝੂਠਾ ਧਰਵਾਸਾ ਨਹੀਂ ਦਿੱਤਾ। ਗ਼ਰੀਬੀ ਵਿੱਚ ਏਨਾ ਖਰਾਪਣ ਕਿਤੇ ਨਹੀਂ ਦੇਖਿਆ ਨਾ ਸੁਣਿਆ। ਕਦੀ ਕਰਮਾਂ ਨਾਲ ਸੂਰਜ ਚੜ੍ਹੇ, ਘੜਾ ਹੀ ਸੋਨੇ ਦਾ ਹੋਵੇ। ਜਿਹੜਾ ਘੜਾ ਸੋਨੇ ਦਾ ਹੋਵੇ, ਉਸ ਵਿੱਚ ਤਾਂ ਲਾਜ਼ਮੀ ਮੋਤੀ ਭਰੇ ਹੋਣਗੇ! ਇਸੇ ਨਾਲ ਘੜੇ ਦੀ ਸ਼ੋਭਾ ਹੈ! ਇਨੀ ਦੌਲਤ ਦੇਖ ਕੇ ਘਰਵਾਲੀ ਦੀਆਂ ਅੱਖਾਂ ਅੱਡੀਆਂ ਰਹਿ ਜਾਣ! ਕਿਹੀ ਭੋਲੀ ਘਰਵਾਲੀ ਮਿਲੀ। ਬਾਣੀਏ ਦੀ ਧੀ ਹੋ ਕੇ ਏਨੀ ਮਾਸੂਮ ਕਿ ਪੀਂਝੂਆਂ ਬਦਲੇ ਕਰੀਰ ਉੱਪਰ ਨੌ ਲੱਖਾ ਹਾਰ ਟੰਗ ਆਵੇ! ਚਲੋ ਪਤੀ ਦੇ ਮਨਪ੍ਰਚਾਵੇ ਦੀਆਂ ਗੱਲਾਂ ਨੇ ਇਹ, ਹਾਰ ਟੰਗ ਕੇ ਤਾਂ ਨੀ ਆਈ! ਖ਼ਾਲੀ ਗੱਲਾਂ ਕਰਨ ਨਾਲ ਤਾਂ ਇੱਕ ਪੈਸੇ ਦਾ ਨੁਕਸਾਨ ਨਹੀਂ ਹੁੰਦਾ। ਸਿਰ ਤੋਂ ਪੈਰ ਤੱਕ ਸੋਨੇ ਦੇ ਗਹਿਣਿਆਂ ਅਤੇ ਜਗਮਗਾਉਂਦੇ ਹੀਰੇ ਮੋਤੀਆਂ ਉੱਪਰੋਂ ਨਜ਼ਰ ਤਿਲ੍ਹਕ ਤਿਲ੍ਹਕ ਜਾਏਗੀ ਤਾਂ ਉਸਦੀਆਂ ਸੱਤ ਪੀੜ੍ਹੀਆਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਹਿਣਾ।

ਉਹੋ, ਇੱਕ ਗੱਲ ਦਿਮਾਗ਼ ਵਿੱਚ ਆਈ ਹੀ ਨਹੀਂ, ਜੇ ਭੀਲ ਭੀਲਣੀ ਰਾਹੀਂ ਉਸਦੀ ਕਿਸਮਤ ਵਿੱਚ ਕਲਸ ਮਿਲਣਾ ਲਿਖਿਆ ਹੈ ਤਾਂ ਮੈਨੂੰ ਆਪ ਨੂੰ ਕਿਉਂ ਨਾ ਲੱਭੇ? ਕੱਲ੍ਹ ਦਿਨ ਚੜ੍ਹਨ ਸਾਰ ਪੂਰਾ ਵਿਹੜਾ ਪੁੱਟ ਦਿਆਂਗਾ। ਮਜ਼ਦੂਰਾਂ ਦਾ ਕੀ ਇਤਬਾਰ ਕਿੰਨਾ ਹਿੱਸਾ ਮੰਗ ਲੈਣ? ਤਾਰੇ ਤਾਰੇ ਵਿੱਚ ਮੋਤੀ ਲੱਭਦਿਆਂ ਪਤਾ ਨਹੀਂ ਕਦ ਨੀਂਦ ਆਈ। ਸਵੇਰ ਦੀ ਉਡੀਕ ਵਿੱਚ ਤਿੰਨ ਚਾਰ ਵਾਰ ਚੌਂਕ ਕੇ ਉੱਠਿਆ ਪਰ ਤਾਰੇ ਦੇਖ ਕੇ ਫੇਰ ਅੱਖਾਂ ਮੁੰਦ ਲੈਂਦਾ। ਇਹ ਰਾਤ ਵਧੀਕ ਲੰਮੀ ਹੋ ਗਈ, ਖ਼ੈਰ ਸੂਰਜ ਨੇ ਤਾਂ ਆਖ਼ਰ ਚੜ੍ਹਨਾ ਸੀ। ਉਸ ਉੱਪਰ ਧਨ ਦਾ ਕੀ ਰੋਅਬ? ਲੱਗਾ ਵਿਹੜਾ ਪੁੱਟਣ, ਦਮ ਹੀ ਨਾ ਲਵੇ। ਰੇਤਲੀ ਮਿੱਟੀ ਸੀ, ਬਹੁਤਾ ਜ਼ੋਰ ਨਹੀਂ ਲੱਗਾ ਤਾਂ ਵੀ ਇੰਨੀ ਦੇਰ ਕਹੀ ਚਲਾ ਸਕਦਾ ਹੈ, ਉਸਨੂੰ ਪਤਾ ਨਹੀਂ ਸੀ। ਮਾਇਆ ਦੇ ਲੋਭ ਵਿੱਚ ਬੇਅੰਤ ਤਾਕਤ ਹੈ। ਪੰਜ ਹੱਥ ਤੋਂ ਵਧੀਕ ਧਰਤੀ ਪੁੱਟਣੀ ਤਾਂ ਬੇਕਾਰ ਹੈ। ਏਨਾ ਡੂੰਘਾ ਤਾਂ ਕੋਈ ਮੂਰਖ ਹੀ ਦੱਬੇਗਾ। ਪਰ ਮੂਰਖ ਕੋਲ ਧਨ ਆਵੇਗਾ ਕਿਉਂ? ਤਾਂਬੇ ਦਾ ਇੱਕ ਟਕਾ ਹੱਥ ਨਾ ਆਇਆ ਤਾਂ ਉਸਨੇ ਗੈਂਤੀ ਕਹੀ ਵਗਾਹ ਮਾਰੀ। ਖੱਡੇ ਪੱਟ ਤਾਂ ਦਿੱਤੇ ਪਰ ਹੁਣ ਪੱਧਰ ਕਰਨ ਦੀ ਹਿੰਮਤ ਨਾ ਰਹੀ। ਅਗਲੇ ਦਿਨ ਮਜਦੂਰ ਬੁਲਾ ਕੇ ਕੰਮ ਕਰਵਾ ਲਿਆ। ਸਹੀ ਹੈ, ਉਸਦਾ ਭਾਗ ਤਾਂ ਭੀਲ ਭੀਲਣੀ ਵਿੱਚੋਂ ਦੀ ਮਿਲੇਗਾ। ਜਦੋਂ ਵੀ ਕੁਝ ਹੋਰ ਮਿਲ ਗਿਆ ਸਿੱਧੇ ਇੱਥੀ ਆਉਣਗੇ। ਕੀ ਪਤਾ ਐਤਕੀਂ ਕਿੰਨਾ ਕੁਝ ਮਿਲ ਜਾਏ? ਸੋਨੇ ਦੀ ਮਟਕੀ ਕਿ ਤੌਲਾ? ਮੁਹਰਾਂ ਕਿ ਹੀਰੇ ਮੋਤੀ? ਵਣਜ ਦਾ ਕੰਮ ਵੀ ਸਿਖ਼ਰ ਤੇ ਚੱਲ ਰਿਹਾ ਸੀ ਫੇਰ ਵੀ ਮੂੰਹ ਹਨ੍ਹੇਰੇ ਉਡੀਕਣ ਲੱਗ ਜਾਂਦਾ, ਬੂਹਾ ਖੜਕਿਆ ਕਿ ਖੜਕਿਆ! ਰਾਹ ਦੇਖਦਿਆਂ ਦੇਖਦਿਆਂ ਸਮਾ ਵੀ ਲੰਘਣ ਨੂੰ ਕਿੰਨੀ ਕੁ ਦੇਰ ਲਗਦੀ ਹੈ?

ਤੇ ਉੱਧਰ ਉਜੈਨ ਤੋਂ ਕੋਹਾਂ ਦੂਰ ਪਿੰਡ ਵਿਚ, ਅਨਮੋਲ ਰਾਤਾਂ ਦੇ ਇੰਤਜ਼ਾਰ ਵਿੱਚ ਪਲਕ ਝਪਕਦਿਆਂ ਦਿਨ ਢਲੀ ਜਾਂਦੇ। ਵਪਾਰ ਵਧਿਆ, ਮਾਣ ਵਧਿਆ, ਘਰਵਾਲੇ ਖ਼ੁਸ਼ ਸਨ ਹੀ, ਨਗਰਵਾਸੀ ਹੋਰ ਵੀ ਖ਼ੁਸ਼ ਕਿਉਂਕਿ ਸੇਠ ਦਾ ਬੇਟਾ ਅੜਦੇ ਥੁੜਦੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਪਰ ਪਿਤਾ ਤੋਂ ਅੱਖ ਬਚਾ ਕੇ। ਸੇਠ ਨੂੰ ਉਮੀਦ ਨਹੀਂ ਸੀ ਇੰਨੀ ਜਲਦੀ ਵਣਜ ਦੇ ਗੁਰ ਸਿਖ ਜਾਏਗਾ, ਤਾਂ ਵੀ ਨਿਤਦਿਨ ਨਸੀਹਤਾਂ ਦਿੰਦਾ ਰਹਿੰਦਾ- ਵਧ ਫਰਾਖਦਿਲੀ ਦਿਖਾਉ ਤਾਂ ਅਖ਼ੀਰ ਵਿੱਚ ਤਕਲੀਫ਼ ਹੁੰਦੀ ਹੈ। ਪਤਾ ਲਗੈ ਤੂੰ ਗ਼ਰੀਬਾਂ ਉੱਪਰ ਦਇਆ ਕਰਦਾ ਰਹਿਨੈ? ਬੇਟੇ ਐਹੋ ਜੀ ਗ਼ਲਤੀ ਭੁੱਲ ਕੇ ਵੀ ਨਾ ਕਰੀਂ। ਇੱਕ ਦੀ ਮਦਦ ਕਰ ਦਏਂਗਾ, ਬਾਕੀਆਂ ਦਾ ਕੀ ਇਲਾਜ? ਭਗਵਾਨ ਦੇ ਹਜ਼ਾਰ ਹੱਥ ਇਨ੍ਹਾਂ ਦਾ ਕੁਝ ਨਹੀਂ ਸੰਵਾਰ ਸਕੇ, ਤੇਰੇ ਦੋ ਹੱਥ ਕੀ ਕਰ ਦੇਣਗੇ? ਹਾਂ ਆਪਣੀ ਪੂੰਜੀ ਜ਼ਰੂਰ ਪਤਲੀ ਪੈ ਜਾਊ। ਜੇਹਾ ਮੱਥਾ ਤੇਹਾ ਤਿਲਕ! ਹਾਂ, ਮੂੰਹ ਨਾਲ ਕਿਸੇ ਨੂੰ ਮੰਦਾ ਨਹੀਂ ਬੋਲਣਾ। ਲੜਾਈ ਝਗੜਾ ਬਾਣੀਏਂ ਨੂੰ ਵਾਰਾ ਨੀ ਖਾਂਦਾ।

ਬਾਪੂ ਦੀਆਂ ਨਸੀਹਤਾਂ ਦੇ ਬਾਵਜੂਦ ਮੁੰਡਾ ਗਾਹਕਾਂ ਦਾ ਗਲ ਨਹੀਂ ਵਢਦਾ ਸੀ। ਵਿਹਾਰ ਦਾ ਖਰਾ। ਦੁਕਾਨ ਤੇ ਆਈ ਔਰਤ ਵਲ ਨਜ਼ਰ ਉੱਚੀ ਨਾ ਕਰਦਾ। ਛੋਟੀ ਭੈਣ, ਵੱਡੀ ਮਾਂ। ਉਸਦਾ ਨਾਮ ਲੋਕਾਂ ਦੀ ਜੀਭ ਉੱਪਰ ਮਿਠਾਸ ਘੋਲ ਦਿੰਦਾ। ਉਸ ਵਿੱਚ ਇੱਕ ਖੋਟ ਜ਼ਰੂਰ ਸੀ। ਉਜੈਨ ਤੋਂ ਸੇਠ ਦੇ ਨਾਮ ਦੀ ਚਿੱਠੀ ਆਉਂਦੀ ਤਾਂ ਪਾੜ ਕੇ ਸੁੱਟ ਦਿੰਦਾ, ਵਾਪਸ ਕੋਈ ਜਵਾਬ ਨਹੀਂ। ਘਰਵਾਲੀ ਤੋਂ ਵੀ ਇਹ ਗੱਲ ਛੁਪਾ ਕੇ ਰੱਖਦਾ। ਐਵੇਂ ਯਾਦ ਕਰਾਉਣ ਦਾ ਕੀ ਮਤਲਬ?

ਸੇਠ ਦੇ ਬੇਟੇ ਦੇ ਨਾਮ ਦੀ ਮਹਿਮਾ ਸੁਣੀ ਤਾਂ ਤਿੰਨ ਗ਼ਰੀਬ ਦਲਿਤ ਗਰਭਵਤੀ ਔਰਤਾਂ ਆਈਆਂ। ਰਾਸ਼ਣ ਰਸਦਾਂ ਮੁੱਕੀਆਂ ਪਈਆਂ ਸਨ। ਸ਼ਰਮ ਦੀਆਂ ਮਾਰੀਆਂ ਬੋਲ ਨਾ ਸਕੀਆਂ, ਇੱਕ ਦੂਜੀ ਵੱਲ ਦੇਖਦੀਆਂ ਰਹੀਆਂ। ਬੁਲ੍ਹ ਫਰਕਦੇ ਪਰ ਬੋਲ ਨਹੀਂ। ਸੇਠ ਦੇ ਬੇਟੇ ਨੇ ਕਿਹਾ- ਕੁਝ ਕਹਿਣ ਦੀ ਲੋੜ ਨਹੀਂ। ਸਮਝ ਗਿਆਂ। ਜੋ ਜੋ ਲੈਣਾ ਹੈ ਲੈ ਜਾਉ, ਪੈਸੇ ਟਕੇ ਦਾ ਫ਼ਿਕਰ ਨਾ ਕਰੋ। ਤੁਹਾਡੀ ਤਾਂ ਦੁਕਾਨ ਹੈ ਇਹ। ਕਿਸੇ ਨਾਲ ਗੱਲ ਨਾ ਕਰਿਉ। ਤੁਹਾਨੂੰ ਪਤਾ ਈ ਐ ਬਾਪੂ ਸਖ਼ਤ ਸੁਭਾਅ ਦਾ ਹੈ। ਐਵੇਂ ਗ਼ੁੱਸੇ ਕਰਨ ਦਾ ਕੀ ਲਾਭ?

-ਸਾਨੂੰ ਪਤੈ। ਤਾਂ ਹੀ ਮੌਕਾ ਦੇਖਕੇ ਇਕੱਲੇ ਕੋਲ ਆਈਆਂ ਹਾਂ। ਸੇਠ ਜੀ ਦੂਜੇ ਪਿੰਡ ਵਸੂਲੀ ਕਰਨ ਗਏ ਹੋਏ ਨੇ। ਅੱਜ ਹੱਥ ਤੰਗ ਐ। ਸਮਾਂ ਠੀਕ ਆਏਗਾ, ਪਾਈ ਪਾਈ ਮੋੜ ਦਿਆਂਗੀਆਂ।

-ਇਸ ਦਾ ਫ਼ਿਕਰ ਨਾ ਕਰੋ। ਮੇਰੀਆਂ ਭੈਣਾਂ ਹੁੰਦੀਆਂ, ਮੈਂ ਖ਼ਰਚ ਨਾ ਕਰਦਾ? ਤਿੰਨ ਕਸੋਰਿਆਂ ਵਿੱਚ ਪਹਿਲਾਂ ਘਿਉ ਤੋਲਿਆ, ਫੇਰ ਜਵੈਣ, ਸੁੰਢ, ਗੂੰਦ, ਨਾਰੀਅਲ ਤੇ ਸ਼ੱਕਰ। ਬਦਾਮ ਗਰੀ ਤੋਲਣ ਲੱਗਾ ਤਾਂ ਤਿੰਨੇ ਛਟਪਟਾਈਆਂ- ਨਹੀਂ ਭਾਈ ਨਹੀਂ, ਬਦਾਮਾਂ ਦਾ ਅਸੀਂ ਕੀ ਕਰਨਾ ਹੋਇਆ। ਕਿਸਮਤ ਵਿੱਚ ਬਦਾਮ ਲਿਖੇ ਹੁੰਦੇ ਤਾਂ ਗਰੀਬਾਂ ਘਰ ਜੰਮਦੀਆਂ? ਤੁਹਾਡੀ ਦਰਿਆ ਦਿਲੀ ਸਲਾਮਤ ਰਹੇ।

ਇਸ ਮੁੰਡੇ ਉੱਤੇ ਇਨ੍ਹਾਂ ਗੱਲਾਂ ਦਾ ਕੀ ਅਸਰ? ਨਮ ਅੱਖਾਂ ਨਾਲ ਸ਼ੁਕਰਾਨਾ ਕਰਕੇ ਤੁਰ ਗਈਆਂ। ਠੰਢੇ ਕਲੇਜੇ ਨਾਲ ਅਸੀਸਾਂ ਦਿੰਦੀਆਂ ਰਹੀਆਂ- ਜਨਮ ਜਨਮ ਭਲਾ ਹੋਵੇ... ਵਪਾਰ ਖ਼ੂਬ ਵਧੇ ਫੁੱਲੇ!

ਥੋੜ੍ਹੀ ਦੇਰ ਬਾਅਦ ਕਿਸਾਨ ਆਇਆ। ਗ਼ਰੀਬੀ ਦੀ ਜਾੜ੍ਹ ਵਿੱਚ ਫਸਿਆ ਹੋਣ ਕਰਕੇ ਪਿਛਲੇ ਸਾਲ ਦਾ ਕਰਜ਼ਾ ਵੀ ਨਹੀਂ ਮੋੜਿਆ ਗਿਆ। ਮੁੰਡੇ ਨੂੰ ਇਕੱਲਾ ਦੇਖ ਕੇ ਦੁਕਾਨ ਉੱਪਰ ਚੜ੍ਹ ਆਇਆ। ਇੱਕ ਪੈਰ ਨੰਗਾ, ਦੂਜੇ ਵਿੱਚ ਫਟੀ ਹੋਈ ਜੁੱਤੀ, ਦੇਖਣ ਸਾਰ ਸਭ ਪਤਾ ਲੱਗ ਗਿਆ। ਜਿੰਨੇ ਪੈਸੇ ਮੰਗੇ, ਵਹੀ ਖੋਲ੍ਹੇ ਬਿਨ ਦੇ ਦਿੱਤੇ।

ਝਾੜੀਆਂ, ਕੰਡਿਆਂ ਦੇ ਵੀ ਕੰਨ ਹੁੰਦੇ ਨੇ। ਸੇਠ ਨੂੰ ਪਤਾ ਲੱਗ ਗਿਆ। ਸ਼ਾਮੀ ਗ਼ੁੱਸੇ ਵਿੱਚ ਹਕਲਾਂਦਿਆਂ ਖ਼ੂਬ ਬੁਰਾ ਭਲਾ ਬੋਲਿਆ- ਦੁਨੀਆ ਭਰ ਦੀ ਮੂਰਖਤਾ ਤੇਰੇ ਹੀ ਹਿੱਸੇ ਆਈ। ਦਲਿਤਾਂ ਨੂੰ ਵੀ ਬਦਾਮ? ਤੇਰਾ ਦਿਮਾਗ਼ ਠੀਕ ਤਾਂ ਹੈ? ਖਾਤੇ ਉੱਪਰ ਅੰਗੂਠਾ ਲੁਆਏ ਬਗ਼ੈਰ ਇਹ ਲੋਕ ਕਾਬੂ ਵਿੱਚ ਨਹੀਂ ਰਹਿੰਦੇ, ਜ਼ਬਾਨੀ ਵਣਜ ਕਿਵੇਂ ਚੱਲੇਗਾ? ਤੇਰੇ ਭਰੋਸੇ ਮੈਂ ਦੁਕਾਨ ਛੱਡੀ, ਵਸੂਲੀ ਵਾਸਤੇ ਜੁੱਤੀਆਂ ਰਗੜਦਾ ਫਿਰਦਾਂ ਤੇ ਤੂੰ ਸੋਟੀ ਲੈ ਕੇ ਅਕਲ ਦਾ ਪਿੱਛਾ ਕਰਦਾ ਫਿਰਦੈਂ!

ਹੁਣ ਚੁੱਪ ਰਹਿਕੇ ਗੱਲ ਸੰਵਰਨੀ ਨਹੀਂ। ਹੱਥ ਜੋੜ ਕੇ ਬੇਟਾ ਨਰਮਾਈ ਨਾਲ ਬੋਲਿਆ- ਪਿਤਾ ਜੀ ਵਪਾਰ ਦੇ ਪੁਰਾਣੇ ਤਰੀਕੇ ਨਹੀਂ ਚਲਣਗੇ ਹੁਣ। ਦੂਰ ਦੂਰ ਤੱਕ ਕੋਈ ਬਾਣੀਏ ਦਾ ਜਾਇਆ ਮੇਰਾ ਮੁਕਾਬਲਾ ਕਰਕੇ ਦਿਖਾਏ ਤਾਂ ਆਖਿਉ। ਗ਼ਰੀਬ ਦੀ ਅਸੀਸ ਵਿੱਚ ਵੱਡੀ ਤਾਕਤ ਹੈ। ਤੁਹਾਡੇ ਨਾਮ ਨੂੰ ਦਾਗ ਨਹੀਂ ਲੱਗੇਗਾ। ਬਾਕੀ ਤੁਹਾਡੀ ਮਰਜ਼ੀ।

ਨਰਮ ਹੁੰਦਿਆਂ ਸੇਠ ਨੇ ਕਿਹਾ- ਕਾਰੋਬਾਰ ਯਕੀਨਨ ਤੂੰ ਮੈਥੋਂ ਵੀ ਵਧੀਕ ਅੱਗੇ ਵਧਾਇਆ ਤੇ ਜਸ ਵੀ ਖੱਟਿਆ। ਪਰ ਸਮਾਂ ਹਮੇਸ਼ਾਂ ਇੱਕੋ ਜਿਹਾ ਨਹੀਂ ਨਾ ਰਹਿੰਦਾ। ਬਾਣੀਏ ਦੀ ਸਾਖ ਸਭ ਕੁਝ ਹੈ, ਇੱਕ ਵਾਰ ਵਿਗੜ ਗਈ ਸੋ ਵਿਗੜ ਗਈ! ਫਿਰ ਜਿਵੇਂ ਤੈਨੂੰ ਠੀਕ ਲੱਗੇ। ਇਹ ਗ਼ਰੀਬ ਗੁਰਬੇ ਜਿੰਨੇ ਸਿੱਧੇ ਸਾਦੇ ਦਿਖਾਈ ਦਿੰਦੇ ਨੇ ਉਨੇ ਹੀ ਬਦਮਾਸ਼ ਹੁੰਦੇ ਨੇ। ਇਨ੍ਹਾਂ ਦੀਆਂ ਹਰਕਤਾਂ ਮੈਂ ਜਾਣਦਾਂ, ਤੂੰ ਨਹੀਂ ਜਾਣਦਾ। ਵੱਡਿਆਂ ਦੀ ਲੀਕ ਛੱਡਣੀ ਠੀਕ ਨੀ ਹੁੰਦੀ। ਮੈਂ ਤਾਂ ਤੇਰੇ ਭਲੇ ਦੀ ਸੋਚਦਾਂ।

-ਮੇਰਾ ਤੇ ਤੁਹਾਡਾ ਭਲਾ ਵੱਖ ਵੱਖ ਥੋੜ੍ਹਾ ਹੈ ਪਿਤਾ ਜੀ? ਸਮਾਧੀ ਲੱਗੇ ਜੋਗੀ ਦੇ ਦਰਸ਼ਨ ਕਰਕੇ, ਅਸੀਸ ਲੈ ਕੇ ਮੇਰੀ ਮੱਤ ਬਦਲ ਗਈ, ਵਸ ਈ ਨੀ ਚਲਦਾ। ਉਨ੍ਹਾਂ ਵਿੱਚ ਇਹੋ ਜਿਹੀ ਕਰਾਮਾਤ ਦਾ ਕੀ ਪਤਾ ਸੀ?

-ਸਿੱਧ ਸੰਤਾਂ ਦਾ ਇਹੋ ਜਿਹਾ ਚਮਤਕਾਰ ਹੋਇਆ ਕਰਦੈ। ਹੁਣ ਮੇਰੀ ਸਮਝ ਵਿੱਚ ਸਾਰੀ ਗੱਲ ਆ ਗਈ। ਤੇਰੀ ਮਰਜ਼ੀ, ਜੋ ਚਾਹੇ ਕਰ।

ਉਸ ਨੇ ਕੀਤਾ ਵੀ ਆਪਣੀ ਮਰਜ਼ੀ ਮੁਤਾਬਿਕ। ਉਸਦੇ ਤੌਰ ਤਰੀਕੇ ਹੌਲ਼ੀ ਹੌਲ਼ੀ ਪਿਤਾ ਦੇ ਗਲ ਹੇਠ ਵੀ ਉਤਰਦੇ ਗਏ। ਸੇਠਾਣੀ ਕੋਲ ਬੇਟੇ ਦੀ ਤਾਰੀਫ਼ ਕਰਨ ਲੱਗ ਪਏ। ਦੀਵਿਆਂ ਦੇ ਚਾਨਣ ਵਿੱਚ ਨਾ ਹਵੇਲੀ ਦੇ ਅਨੰਦ ਵਿੱਚ ਕੋਈ ਘਾਟ, ਨਾ ਦੁਕਾਨ ਦੇ ਜਸ ਦਾ ਕੋਈ ਮੁਕਾਬਲਾ।

ਇਸ ਜਸ ਅਤੇ ਅਨੰਦ ਵਿੱਚ ਮਗਨ, ਦੇਖਦਿਆਂ ਦੇਖਦਿਆਂ ਤਿੰਨ ਸਾਲ ਬੀਤ ਗਏ ਜਿਵੇਂ ਕੋਈ ਮਿੱਠਾ ਸੁਫ਼ਨਾ ਦੇਖਿਆ ਹੋਵੇ। ਹਵੇਲੀ ਵਿੱਚ ਭੂਤ ਬਿਲਕੁਲ ਘੁਲ ਮਿਲ ਗਿਆ ਜਿਵੇਂ ਸੇਠ ਦਾ ਸਕਾ ਬੇਟਾ ਹੋਵੇ। ਬਹੂ ਵੀ ਹਵੇਲੀ ਦੀ ਖੁਮਾਰੀ ਵਿੱਚ ਮਗਨ। ਚੜ੍ਹਦਿਆਂ ਹੀ ਸੂਰਜ ਅਸਤ ਹੋ ਜਾਂਦਾ, ਪਲਕ ਝਪਕਦਿਆਂ ਚੁਬਾਰੇ ਵਿੱਚ ਸੂਰਜ ਚੜ੍ਹ ਆਉਂਦਾ।

ਬਹੂ ਦੇ ਪੈਰ ਭਾਰੀ ਹੋ ਗਏ। ਤੀਜਾ ਮਹੀਨਾ ਉਤਰਨ ਵਾਲਾ ਸੀ। ਆਪਣੇ ਹੱਥੀਂ ਸੇਠ ਨੇ ਸਵਾ ਮਣ ਗੁੜ ਵੰਡਿਆ। ਲੋਕਾਂ ਨੇ ਸਵਾ ਮਣ ਸੋਨੇ ਵਾਂਗ ਖ਼ੁਸ਼ੀ ਮਨਾਈ। ਉਮਰ ਵਿੱਚ ਪਹਿਲੀ ਵਾਰ ਸੇਠ ਨੇ ਉਦਾਰਤਾ ਦਿਖਾਈ ਸੀ। ਅੱਜ ਹੱਥ ਖੁੱਲ੍ਹਾ ਹੈ ਤਾਂ ਅੱਗੋਂ ਵੀ ਭਲਾ ਹੋਵੇਗਾ। ਬਹੂ ਬੇਟੇ ਨੇ ਚੁਪਕੇ ਚੁਪਕੇ ਵੱਖਰਾ ਦਾਨ ਦਿੱਤਾ। ਖ਼ੁਸ਼ੀਆਂ ਭਰੇ ਨੌ ਲੱਖ ਤਾਰਿਆਂ ਹੇਠ ਇੱਕ ਨਵਾਂ ਚੰਦਰਮਾ ਉਦਯ ਹੋਵੇਗਾ। ਕੁੱਖ ਦਾ ਚੰਦ ਅਸਮਾਨੀ ਚੰਦ ਤੋਂ ਹਮੇਸ਼ਾਂ ਸੁਹਣਾ ਹੋਇਆ ਕਰਦੈ।

ਪਤੀ ਪਤਨੀ ਦੋਵਾਂ ਦੀ ਇੱਛਾ ਸੀ ਧੀ ਦਾ ਜਨਮ ਹੋਵੇ। ਬੜੇ ਸ਼ਗਨ ਮਨਾਵਾਂਗੇ। ਬੇਟਾ ਕਿਹੜਾ ਧਰਤੀ ਉੱਪਰ ਸੁਰਗ ਲੈ ਆਉਂਦੈ? ਰਾਮ ਜਾਣੇ ਕਿਸ ਤੇ ਜਾਏਗਾ! ਜਨਮ ਦੀ ਥਾਂ ਬੱਚੇ ਦੀ ਕਲਪਨਾ ਵਿੱਚ ਵਧੀਕ ਆਨੰਦ ਹੈ। ਕੁੱਖ ਵਿੱਚ ਜਦੋਂ ਬੱਚਾ ਪਲਦੈ, ਉਦੋਂ ਮਾਪਿਆਂ ਦੇ ਦਿਲਾਂ ਅੰਦਰ ਸੁਫ਼ਨੇ ਪਲਦੇ ਨੇ।

ਦਿਨ ਸਰਪਟ ਦੌੜਨ ਲੱਗੇ। ਪੰਜ ਮਹੀਨੇ ਬੀਤੇ... ਸੱਤ ਮਹੀਨੇ ਪੂਰੇ ਹੋਏ... ਨੌਵਾਂ ਮਹੀਨਾਂ ਉਤਰਨ ਵਾਲਾ ਹੈ। ਬਹੂ ਸਾਰਾ ਦਿਨ ਚੁਬਾਰੇ ਵਿੱਚ ਸੁੱਤੀ ਪਈ ਰਹਿੰਦੀ। ਅੱਠੇ ਪਹਿਰ ਤਿੰਨ ਤਿੰਨ ਦਾਈਆਂ ਸੇਵਾ ਵਿੱਚ ਹਾਜ਼ਰ। ਪਤੀ ਦੀ ਗੋਦ ਵਿੱਚ ਸਿਰ ਰੱਖੀ ਲੇਟੀ ਲੇਟੀ ਇੱਕ ਦਿਨ ਪਤਨੀ ਬੋਲੀ- ਕਈ ਵਾਰ ਸੋਚਦੀ ਹੁੰਨੀ ਆਂ ਉਸ ਦਿਨ ਜੰਡੀ ਹੇਠ ਆਰਾਮ ਕਰਨ ਨਾ ਰੁਕਦੇ ਤਾਂ ਰਾਮ ਜਾਣੇ ਇਹ ਚਾਰ ਸਾਲ ਕਿਵੇਂ ਬੀਤਦੇ। ਮੈਨੂੰ ਤਾਂ ਲਗਦੈ ਬੀਤਦੇ ਈ ਨਾ।

ਭੂਤ ਨੇ ਕਿਹਾ- ਤੇਰੇ ਤਾਂ ਜਿਵੇਂ ਕਿਵੇਂ ਬੀਤ ਹੀ ਜਾਂਦੇ, ਮੇਰਾ ਕੀ ਹਾਲ ਹੁੰਦਾ? ਝਾੜੀ ਝਾੜੀ ਜੰਡੀ ਜੰਡੀ ਘੁੰਮਦਾ ਭੂਤ ਦੀ ਜੂਨ ਕੱਟੀ ਜਾਂਦਾ। ਉਸ ਦਿਨ ਪਤਾ ਨਹੀਂ ਕਿਵੇਂ ਸੁੱਝ ਗਈ ਕਿ ਤੇਰੇ ਅੰਦਰ ਦਾਖ਼ਲ ਹੋਣ ਦੀ ਥਾਂ ਦੇਹ ਧਾਰ ਕੇ ਤੇਰੇ ਨਾਲ ਰਿਹਾ ਕਰਾਂ। ਮੈਨੂੰ ਤਾਂ ਹੁਣ ਤੱਕ ਯਕੀਨ ਨਹੀਂ ਹੁੰਦਾ ਸੁੱਤਾ ਹਾਂ ਕਿ ਜਾਗਦਾ। ਸ਼ਾਇਦ ਸੁਫ਼ਨਾ ਹੋਵੇ!

ਸੁਫ਼ਨਾ ਸ਼ਬਦ ਸੁਣ ਕੇ ਦਿਨੇਂ ਨੀਦ ਵਿੱਚੋਂ ਜਾਗੀ। ਆਂਤੜੀਆਂ ਵਿੱਚ ਦਰਦ ਦੀ ਲਹਿਰ ਉੱਠੀ। ਡੂੰਘਾ ਹਉਕਾ ਭਰ ਕੇ ਕਹਿੰਦੀ- ਹਾਂ ਸੁਫ਼ਨਾ ਈ ਤਾਂ ਹੈ। ਬਹੁਤਾ ਬੀਤ ਗਿਆ, ਥੋੜ੍ਹਾ ਰਹਿ ਗਿਆ। ਇਹ ਸੁਫ਼ਨਾ ਟੁੱਟਣ ਨਾਲ ਮੇਰੇ ਉੱਪਰ ਮੌਤ ਤੋਂ ਬਦਤਰ ਬੀਤੇਗੀ। ਤੁਹਾਡੇ ਲਈ ਵੀ ਇਹ ਹਵੇਲੀ, ਚੁਬਾਰਾ, ਸੇਜ, ਸੁਫ਼ਨਾ ਹੋਏਗਾ। ਕਦੀ ਇਸ ਬਾਰੇ ਸੋਚਿਆ?

ਭੂਤ ਦੀਆਂ ਰਗਾਂ ਵਿੱਚ ਵੀ ਹਲਚਲ ਹੋਈ, ਦਿਲ ਕਰੜਾ ਕਰਕੇ ਬੋਲਿਆ- ਕਿੰਨੀ ਵਾਰ ਕਿਹਾ ਕੱਲ੍ਹ ਦੀ ਕੱਲ੍ਹ ਨੂੰ ਦੇਖੀ ਜਾਊਗੀ। ਵਰਤਮਾਨ ਦੇ ਮਜਬੂਤ ਕਿਲੇ ਤੋਂ ਬਾਹਰ ਦੇਖਣ ਦੀ ਕੀ ਲੋੜ?

-ਦੇਖੇ ਬਿਨਾਂ ਹਟਿਆ ਵੀ ਤਾਂ ਨਹੀਂ ਜਾਂਦਾ। ਕੱਲ੍ਹ ਨੂੰ ਵੀ ਸੂਰਜ ਨੇ ਤਾਂ ਚੜ੍ਹਨਾ ਹੀ ਹੈ। ਉਸਦੀਆਂ ਕਿਰਨਾਂ ਸਾਡੇ ਵਾਸਤੇ ਲਾਟਾਂ ਹੋਣਗੀਆਂ। ਭਸਮ ਹੋ ਜਾਵਾਂਗੇ ਪਰ ਪਿੱਛਾ ਨਹੀਂ ਛੁਟੇਗਾ।

-ਜਾਣਦਾ ਹਾਂ, ਨਜ਼ਰਾਂ ਚੁਰਾਉਂਦਾ ਭੂਤ ਬੋਲਿਆ, ਤੇਰੇ ਪਿਆਰ ਕਾਰਨ ਮੈਂ ਬੱਚੇ ਤੋਂ ਵੀ ਕਮਜ਼ੋਰ ਹੋ ਗਿਆ ਹਾਂ। ਪ੍ਰੇਤ ਦੀ ਤਾਕਤ ਅਤੇ ਖੇਡਾਂ ਪਤਾ ਨਹੀਂ ਕਿੱਧਰ ਗਈਆਂ? ਕਦੀ ਮੈਂ ਆਪਣੇ ਆਪ ਨੂੰ ਵਿਧਾਤਾ ਤੋਂ ਉੱਪਰ ਸਮਝਿਆ ਕਰਦਾ ਸਾਂ। ਤੈਨੂੰ ਅੱਜ ਇੱਕ ਭੇਤ ਦੀ ਗੱਲ ਦੱਸਦਾਂ। ਬਾਪੂ ਸਾਹਮਣੇ ਮੈਨੂੰ ਘਬਰਾਹਟ ਨਹੀਂ ਹੁੰਦੀ, ਮਾਂ ਤੋਂ ਡਰ ਲਗਦਾ ਹੈ। ਉਸ ਨਾਲੋਂ ਦੂਰੀ ਰੱਖਣੀ ਬੁਰੀ ਤਾਂ ਲਗਦੀ ਐ, ਪਰ ਹਵੇਲੀ ਵਿੱਚ ਬਹੁਤੀ ਦੇਰ ਨਹੀਂ ਰਹਿੰਦਾ। ਸੂਰਜ ਚੜ੍ਹਨੋਂ ਪਹਿਲਾਂ ਚਲਾ ਜਾਨਾ, ਰਾਤ ਪਈ ਦੁਕਾਨੋਂ ਘਰ ਪਰਤਦਾਂ। ਤੇਰੇ ਉੱਪਰ ਹੱਕ ਜਮਾਉਣ ਨਾਲ ਵੀ ਝਿਜਕ ਹੁੰਦੀ ਹੈ। ਤੇਰੇ ਪਿਆਰ ਦਾ ਕਰਜ਼ਾ ਹਜ਼ਾਰ ਸਾਲ ਨਹੀਂ ਉਤਾਰ ਸਕਦਾ। ਇੱਕ ਸਾਲ ਬਾਕੀ ਰਹਿ ਗਿਆ ਪਰ ਚਿੰਤਾ ਨਾ ਕਰ। ਸਾਡੇ ਪਿਆਰ ਦਾ ਇੱਕ ਪਲ ਜੁੱਗ ਜਿੱਡਾ ਲੰਮਾ ਹੈ।

-ਪਰ ਪਲ ਤਾਂ ਬੀਤੇਗਾ ਹੀ ਬੀਤੇਗਾ, ਇਸ ਨੇ ਰੁਕਣਾ ਥੋੜ੍ਹਾ ਹੈ।

-ਫਿਰ ਉਹੀ ਗੱਲ, ਭਵਿੱਖ ਦੇ ਪਹਾੜ ਦਾ ਬੋਝ ਅੱਜ ਦੇ ਪਲ ਉਹਲੇ ਰਹਿਣ ਦਿਉ ਤਾਂ ਹੀ ਜੀਵਨ ਦਾ ਆਨੰਦ ਰੋਮ ਰੋਮ ਵਿੱਚ ਫੈਲੇਗਾ। ਇਹ ਵਾਕ ਕਹਿਕੇ ਉਹ ਪਤਨੀ ਦੀਆਂ ਨਰਮ ਗੱਲ੍ਹਾਂ ਉੱਪਰ ਹੱਥ ਫੇਰਨ ਲੱਗਾ ਤਾਂ ਦੇਖਦੇ ਦੇਖਦੇ ਰਾਤ ਫਿਸਲ ਗਈ।

ਰਾਤ ਦਾ ਫਿਸਲਣਾ ਕੇਵਲ ਨਰਮ ਵਾਲਾਂ ਦੇ ਭਰੋਸੇ ਤੇ ਨਹੀਂ ਹੁੰਦਾ। ਵਿਲਕਦਿਆਂ ਵੀ ਰਾਤ ਢਲਦੀ ਹੈ, ਹਸਦਿਆਂ ਵੀ, ਛੇੜ ਛਾੜ ਕਰਦਿਆਂ ਵੀ ਰਾਤ ਢਲਦੀ ਹੈ, ਨਸ਼ੇ ਵਿੱਚ ਵੀ, ਨੋਕ ਝੋਕ ਕਰਦਿਆਂ ਵੀ ਢਲਦੀ ਹੈ, ਝਗੜਦਿਆਂ ਵੀ, ਲੋਭੀ ਦੀ ਵੀ ਢਲਦੀ ਹੈ ਤਿਆਗੀ ਦੀ ਵੀ ਪਰ ਢਲਣ ਅਤੇ ਫਿਸਲਣ ਵਿੱਚ ਬੜਾ ਫਰਕ ਹੈ! ਆਦਮੀ ਦੀ ਮਗਜ਼-ਖਪਾਈ ਨਾਲ ਨਾ ਹਨ੍ਹੇਰਾ ਰੁਕਦੈ ਨਾ ਚਾਨਣ। ਉਜੈਨ ਨਗਰੀ ਦੇ ਸ਼ਾਹੂਕਾਰ ਦੀਆਂ ਨਸਾਂ ਵਿੱਚ ਲੋਭ ਵੀ ਘੱਟ ਨਹੀਂ ਸੀ, ਇੰਤਜ਼ਾਰ ਵੀ ਬਥੇਰਾ ਸੀ। ਲੋਭ ਧਨ ਦੌਲਤ ਦਾ, ਇੰਤਜ਼ਾਰ ਭੀਲ ਭੀਲਣੀ ਦਾ। ਭੀਲ ਭੀਲਣੀ ਵਧੀਕ ਯਾਦ ਆਉਣ ਲੱਗੇ। ਉਨ੍ਹਾਂ ਦੀ ਉਡੀਕ ਵਿੱਚ ਚਾਰ ਸਾਲ ਬੀਤ ਗਏ। ਨਾ ਮੁਹਰਾਂ ਦਾ ਭਰਿਆ ਕਲਸ ਆਇਆ, ਨਾ ਮੋਤੀਆਂ ਦਾ ਭਰਿਆ ਘੜਾ। ਉਨ੍ਹਾਂ ਨੂੰ ਲੱਭ ਜਾਂਦਾ ਫਿਰ ਉਹ ਕਿਤੇ ਰੁਕਦੇ ਥੋੜ੍ਹਾ, ਸਿੱਧੇ ਇੱਥੇ ਆਉਂਦੇ। ਅੱਜ ਦੇਰ ਨਾਲ ਨੀਂਦ ਆਈ, ਦੇਰ ਨਾਲ ਅੱਖ ਖੁੱਲ੍ਹੀ। ਅੱਖਾਂ ਮਲਦਿਆਂ ਉਠਿਆ ਹੀ ਸੀ ਕਿ ਦਰਵਾਜ਼ੇ ਤੋਂ ਮਿੱਠੀ ਖਟਖਟ ਦੀ ਆਵਾਜ਼ ਆਈ। ਦੋ ਦੋ ਪੌੜੀਆਂ ਉਲੰਘਦਾ ਛਾਲਾਂ ਮਾਰਦਾ ਹੇਠਾਂ ਉਤਰਿਆ, ਫਟਾਫਟ ਦਰਵਾਜ਼ਾ ਖੋਲ੍ਹਿਆ। ਉਡੀਕ ਕਿਸ ਦੀ ਕਰ ਰਿਹਾ ਸੀ ਤੇ ਇਹ ਬਿਟਰ ਬਿਟਰ ਹੈਰਾਨੀ ਨਾਲ ਦੇਖ ਕੋਈ ਹੋਰ ਹੀ ਰਿਹੈ! ਉਸਦੇ ਪਿੰਡ ਦਾ ਗਡਰੀਆ। ਤਿੰਨ ਪੀੜ੍ਹੀਆਂ ਤੋਂ ਇਨ੍ਹਾਂ ਦਾ ਗਾਹਕ, ਪੱਕੀ ਆਸਾਮੀ। ਊਠ ਅਤੇ ਭੇਡਾਂ ਚਾਰਦੈ। ਅਧਖੜ ਹੋ ਗਿਐ, ਸਿਰ ਅਤੇ ਦਾਹੜੀ ਵਿੱਚ ਇੱਕ ਵਾਲ ਸਫ਼ੈਦ ਨਹੀਂ। ਘਸਮੈਲੀ ਚਿੱਟੀ ਪੱਗੜੀ। ਊਠ ਦੀ ਮੁਹਾਰ ਫੜੀ ਚਬੂਤਰੇ ਤੇ ਖਲੋਤਾ ਸੀ। ਦੂਜੇ ਹੱਥ ਵਿੱਚ ਸਿਰ ਤੋਂ ਉੱਪਰ ਤੱਕ ਪੁੱਜਦੀ ਲੰਮੀ ਲਾਠੀ ਤਾਰਾਂ ਨਾਲ ਮੜ੍ਹੀ ਹੋਈ। ਅੱਖਾਂ ਅਤੇ ਮੂੰਹ ਖੋਲ੍ਹੀ ਲਗਾਤਾਰ ਉਸ ਵੱਲ ਦੇਖੀ ਗਿਆ, ਹਟਿਆ ਹੀ ਨਹੀਂ। ਜਿਵੇਂ ਪੁਤਲੀਆਂ ਜਮ ਗਈਆਂ ਹੋਣ! ਵਿਆਹ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਆਸਾਮੀਆਂ ਦੀ ਵੰਡ ਹੋਈ, ਉਹ ਚਾਚੇ ਦੇ ਹਿੱਸੇ ਆ ਗਿਆ ਸੀ। ਇਸ ਵਾਸਤੇ ਕਾਫ਼ੀ ਰੌਲ਼ਾ ਰੱਪਾ ਵੀ ਪਿਆ ਸੀ। ਬਾਪੂ ਦਾ ਤੇਜ਼ ਸੁਭਾਅ ਹੋਣ ਕਾਰਨ ਇਸ ਦੇ ਆਖੇ ਵੰਡ ਵਿਚ ਚਾਚਾ ਵੱਲ ਆ ਗਿਆ। ਪੁਰਖਿਆਂ ਦੀ ਹਵੇਲੀ ਦੀ ਵੰਡ ਵੇਲੇ ਵੀ ਕਾਫ਼ੀ ਤਕਰਾਰ ਹੋਇਆ। ਬਾਪੂ ਅੱਗੇ ਪੰਚਾਂ ਦੀ ਇੱਕ ਨਾ ਚੱਲੀ। ਦੋਵਾਂ ਘਰਾਂ ਵਿਚਕਾਰ ਅਣਬਣ ਦੇ ਤੱਕਲੇ ਗੱਡੇ ਗਏ। ਨਾ ਚਾਚਾ ਬਰਾਤ ਚੜ੍ਹਿਆ, ਨਾ ਇਸ ਗਡਰੀਏ ਨੂੰ ਜਾਣ ਦਿੱਤਾ। ਉਸਦੀ ਮਰਜ਼ੀ ਵਿੱਚ ਚਲਦਾ ਸੀ। ਦੁਕਾਨ ਮਾਲਕ ਨੇ ਖਿਝ ਕੇ ਕਿਹਾ- ਅੱਖਾਂ ਪਾੜ ਪਾੜ ਕਿਵੇਂ ਦੇਖੀ ਜਾਨੈਂ, ਪਛਾਣਿਆਂ ਨਹੀਂ?

-ਤੁਹਾਨੂੰ ਨਾ ਪਛਾਣਾਂਗਾ ਤਾਂ ਕਿਸਨੂੰ ਪਛਾਣਾਂਗਾ? ਮੈਂ ਤਾਂ ਊਠ ਤੇ ਬੈਠ ਕੇ ਉਜੈਨ ਆਇਆਂ ਪਰ ਤੁਸੀਂ ਮੈਥੋਂ ਪਹਿਲਾਂ ਇੱਥੇ ਕਿਵੇਂ ਪੁੱਜ ਗਏ? ਹਵਾ ਵਿੱਚ ਉੱਡਕੇ ਆਏ? ਚੌਧਵੀਂ ਦੇ ਦਿਨ ਤੁਸੀਂ ਦੁਕਾਨ ਦੀਆਂ ਪੌੜੀਆਂ ਚੜ੍ਹ ਰਹੇ ਸੀ, ਮੈਂ ਤੁਹਾਨੂੰ ਰਾਮ ਰਾਮ ਬੁਲਾਈ। ਉਹੀ ਪਗੜੀ, ਸਫ਼ੈਦ ਮਗਜ਼ੀ ਦੀ ਉਹੀ ਅੰਗਰਖੀ! ਹਰੇ ਕਸੀਦੇ ਦੀਆਂ ਉਹੀ ਬਦਰੰਗ ਜੁੱਤੀਆਂ। ਅੱਜ ਇਸ ਗੱਲ ਨੂੰ ਨੌਵਾਂ ਦਿਨ ਹੈ।

ਜੁਆਨ ਨੂੰ ਤੁਰੰਤ ਗੱਲ ਸਮਝ ਆ ਗਈ, ਬੋਲਿਆ- ਅੱਛਾ ਚਾਚੇ ਨੇ ਕੋਈ ਪੱਟੀ ਪੜ੍ਹਾ ਕੇ ਭੇਜਿਆ ਲਗਦੈਂ? ਮੇਰੀ ਕਮਾਈ ਬਰਦਾਸ਼ਤ ਨਹੀਂ ਨਾ ਹੁੰਦੀ! ਭਰਮ ਵਿੱਚ ਪਾਉਣ ਦਾ ਨਾਟਕ ਸੋਚਿਆ! ਮੈਂ ਦੋਵਾਂ ਦਾ ਗੁਰੂ ਘੰਟਾਲ ਹਾਂ। ਇਹੋ ਜਿਹੇ ਬੇਵਕੂਫ਼ ਤੂੰ ਆਪਣੇ ਸ਼ਾਹੂਕਾਰ ਦੀ ਹਵੇਲੀ ਵਿੱਚ ਲੱਭੀਂ! ਮੈਂ ਚਾਰ ਸਾਲ ਤੋਂ ਪਿੰਡ ਦੇ ਰਸਤੇ ਵੱਲ ਦੇਖਿਆ ਵੀ ਨਹੀਂ, ਤੂੰ ਪੌੜੀ ਚੜ੍ਹਦੇ ਨੂੰ ਦੇਖ ਕੇ ਰਾਮ ਰਾਮ ਵੀ ਬੁਲਾ ਦਿੱਤੀ। ਝੂਠ ਬੋਲਣ ਵਾਸਤੇ ਅਕਲ ਚਾਹੀਦੀ ਐ ਥੋੜ੍ਹੀ ਬਹੁਤ। ਜਿੰਨੇ ਮਰਜ਼ੀ ਹੱਥ ਪੈਰ ਮਾਰ ਲਏ, ਚਾਚਾ ਮੇਰੇ ਜਿੰਨੀ ਕਮਾਈ ਤਿੰਨ ਪੀੜ੍ਹੀਆਂ ਨਹੀਂ ਕਰ ਸਕਦਾ, ਉਹਨੂੰ ਸਮਝਾ ਦੇ ਜਾਕੇ ਚੰਗੀ ਤਰ੍ਹਾਂ।

ਗਡਰੀਏ ਦਾ ਦਿਮਾਗ਼ ਜਵਾਬ ਦੇ ਗਿਆ। ਇਹ ਕੀ ਅੰਟ ਸ਼ੰਟ ਬੋਲ ਰਿਹੈ? ਪਾਗ਼ਲ ਤਾਂ ਨਹੀਂ ਹੋ ਗਿਆ? ਗ਼ੁੱਸਾ ਤਾਂ ਬੜਾ ਆਇਆ ਪਰ ਕਾਬੂ ਪਾ ਕੇ ਕਿਹਾ- ਮੈਨੂੰ ਤੁਹਾਡੀ ਕਮਾਈ ਨਾਲ ਕੀ ਵਾਸਤਾ! ਇੱਥੇ ਆਏ ਨੂੰ ਕਿਸੇ ਨੇ ਦੱਸ ਪਾਈ ਕਿ ਤੁਹਾਡੇ ਕੋਲ ਪੈਸੇ ਜਮ੍ਹਾ ਕਰਵਾ ਦਿਆਂ, ਜੇਬ ਵਿੱਚ ਖਤਰੈ।

-ਆਪਣੇ ਪੈਸੇ ਚਾਚੇ ਕੋਲ ਜਮ੍ਹਾ ਕਰਵਾ। ਮੇਰੀ ਕਿੱਥੇ ਏਨੀ ਹੈਸੀਅਤ! ਇਹ ਕਹਿਕੇ ਮੁੰਡੇ ਨੇ ਠਾਹ ਦਰਵਾਜ਼ਾ ਬੰਦ ਕਰਕੇ ਅੰਦਰੋਂ ਅਰਲੀ ਠੋਕ ਦਿੱਤੀ।

-ਸੁਣੋ ਤਾਂ ਸਹੀ, ਤੁਹਾਨੂੰ ਪਿੰਡ ਦੀਆਂ ਕੁਝ ਖ਼ਬਰਾਂ ਦੇਣੀਆਂ ਨੇ। ਦਰਵਾਜ਼ੇ ਬਾਹਰ ਖੜ੍ਹਾ ਖੜ੍ਹਾ ਚਿਲਾਇਆ।

-ਨਹੀਂ, ਮੇਰੇ ਕੋਲ ਸਮਾਂ ਨਹੀਂ। ਚਾਚੇ ਨੂੰ ਦੇ ਦੇਈਂ ਸੁਨੇਹੇ।

-ਕਿਸ ਦੀ ਉਡੀਕ ਸੀ ਕਿਸ ਬਲਾ ਨਾਲ ਵਾਹ ਪੈ ਗਿਆ। ਵਕਤ ਤੇ ਅਕਲ ਨਾ ਆਉਂਦੀ ਮੁਸੀਬਤ ਵਿੱਚ ਫਸਣਾ ਸੀ ਜਿਵੇਂ ਕਿਵੇਂ। ਬਥੇਰੇ ਦੇਖੇ ਇਹੋ ਜਿਹੇ ਗਡਰੀਏ। ਮਨ ਖੱਟਾ ਹੋ ਗਿਆ। ਬੇਚੈਨੀ ਨਾਲ ਹੱਥ ਮੂੰਹ ਧੋਏ। ਇਸ਼ਨਾਨ ਕਰਕੇ ਕੁਝ ਰਾਹਤ ਮਿਲੀ, ਸ਼ਹਿਦ ਤੇ ਬਜ਼ੁਰਗ ਪੁਰਾਣੇ ਹੀ ਚੰਗੇ। ਭੀਲਣੀ ਦਾ ਦਿੱਤਾ ਸ਼ਹਿਦ ਚਾਰ ਸਾਲ ਚੱਲ ਗਿਆ, ਹੁਣ ਤਾਂ ਇੱਕ ਦੋ ਦਿਨ ਦਾ ਰਹਿ ਗਿਆ ਬਸ! ਅੱਜ ਪਹਿਲਾਂ ਜਿੰਨਾ ਮਿੱਠਾ ਨਾ ਲੱਗਿਆ। ਮਨ ਵਿੱਚ ਮਿਠਾਸ ਨਾ ਹੋਵੇ ਫਿਰ ਸ਼ਹਿਦ ਵੀ ਮਿੱਠਾ ਨਹੀਂ ਲਗਦਾ! ਹਰਾਮੀ ਗਡਰੀਏ ਨੇ ਸਵੇਰ ਵੇਲੇ ਅਪਸ਼ਗਨ ਕਰ ਦਿੱਤਾ। ਅੱਜ ਨਵੇਂ ਸੌਦੇ ਦੀ ਚਰਚਾ ਈ ਨਹੀਂ ਕਰਨੀ। ਹਾਂ ਦੁਕਾਨ ਤਾਂ ਖੋਲ੍ਹਣੀ ਹੀ ਪਏਗੀ।

ਦਿਨ ਢਲੇ ਅਧਲੇਟਿਆ ਪਿਆ ਸੀ ਕਿ ਦੁਕਾਨ ਉੱਤੇ ਕਿਸੇ ਦਾ ਅਨਜਾਣ ਖੰਘੂਰਾ ਸੁਣਿਆ। ਦੇਖਿਆ ਵਿਚਕਾਰਲੇ ਮਾਮੇ ਦਾ ਲੰਗੋਟੀਆ ਯਾਰ, ਮੁੱਦਤ ਬਾਅਦ ਮਿਲਿਆ। ਉਠਿਆ, ਦੁਆ ਸਲਾਮ ਹੋਈ। ਉਹ ਮਾਈ ਦਾ ਲਾਲ ਨਾ ਮੁਸਕਾਇਆ, ਨਾ ਦੁਆ ਦਾ ਜਵਾਬ ਦਿੱਤਾ, ਗਡਰੀਏ ਵਾਂਗ ਚਿਹਰੇ ਉੱਪਰ ਅੱਖਾਂ ਗੱਡ ਦਿੱਤੀਆਂ, ਫਿਰ ਕੁਝ ਭਰੜਾਈ ਜਿਹੀ ਆਵਾਜ਼ ਵਿੱਚ ਬੋਲਿਆ- ਬਹੂ ਦੇ ਬੱਚਾ ਹੋਣ ਵਾਲੈ, ਸ਼ਾਇਦ ਹੋ ਈ ਗਿਆ ਹੋਵੇ...।

ਦੁਕਾਨਦਾਰ ਹੜਬੜਾ ਕੇ ਬੋਲਿਆ- ਕੀ ਗੱਲ ਕਰ ਰਹੇ ਹੋ? ਇਹੋ ਜਿਹੀ ਅਣਹੋਣੀ ਹੁੰਦੀ, ਘਰ ਵਾਲੇ ਮੇਰੇ ਕੋਲ ਖ਼ਬਰ ਨਾ ਭੇਜਦੇ? ਪੰਜ ਸੱਤ ਚਿੱਠੀਆਂ ਵੀ ਭੇਜੀਆਂ, ਕਿਸੇ ਦਾ ਜਵਾਬ ਨਹੀਂ। ਕੀ ਕਰਦਾ, ਫੇਰ ਮੈਂ ਵੀ ਲਿਖਣਾ ਬੰਦ ਕਰ ਦਿੱਤਾ।

ਮਾਮੇ ਦੇ ਲੰਗੋਟੀਏ ਯਾਰ ਨੇ ਝਿੜਕਦਿਆਂ ਕਿਹਾ- ਭਲੇ ਮਾਣਸ, ਸੋਚ ਤਾਂ ਸਹੀ, ਘਰ ਵਾਲੇ ਕਿਉਂ ਖ਼ਬਰ ਕਰਦੇ, ਕਿਸ ਨੂੰ ਖ਼ਬਰ ਕਰਦੇ? ਜਾਂ ਤਾਂ ਉਲਝਣ ਵਿੱਚ ਪੈ ਗਏ ਹੋਣਗੇ ਜਾਂ ਕਿਸੇ ਬਦਮਾਸ਼ ਦੀ ਕਰਤੂਤ ਜਾਣ ਕੇ ਪਰਵਾਹ ਨਹੀਂ ਕੀਤੀ ਹੋਣੀ। ਉਨ੍ਹਾਂ ਦਾ ਬੇਟਾ ਤਾਂ ਤੀਜੇ ਦਿਨ ਵਾਪਸ ਆ ਗਿਆ ਸੀ। ਕਿਸੇ ਸਾਧੂ ਦੇ ਮੰਤਰ ਸਦਕਾ ਬਾਪੂ ਨੂੰ ਹਰ ਰੋਜ਼ ਪੰਜ ਮੁਹਰਾਂ ਦੇ ਦਿੰਦੈ। ਕਾਰੋਬਾਰ ਦੀ ਫੈਲਾਵਟ ਦਾ ਤਾਂ ਅੰਤ ਨਹੀਂ। ਉਨ੍ਹਾਂ ਦੇ ਘਰ ਰਾਮ ਰਾਜੀ ਹੈ, ਸਭ ਤਰ੍ਹਾਂ ਦੇ ਠਾਠ ਬਾਠ। ਹਵੇਲੀ ਵਿੱਚ ਘਿਉ ਦੇ ਦੀਵੇ। ਤੈਨੂੰ ਦੇਖਿਆ, ਤੇਰਾ ਚਿਹਰਾ ਮੇਰੇ ਭਾਣਜੇ ਵਰਗੈ ਬਿਲਕੁਲ। ਵਾਲ ਜਿੰਨਾ ਫਰਕ ਨਹੀਂ। ਚਮਤਕਾਰ ਬਿਧ ਮਾਤਾ ਦਾ। ਮੇਰੀ ਗੱਲ ਛੱਡ, ਜੀਜਾ ਜੀ ਖ਼ੁਦ ਤੈਨੂੰ ਦੇਖ ਲੈਣ ਪਛਾਣ ਨਾ ਸਕਣ! ਜਿਵੇਂ ਕੱਟ ਕੇ ਉਸੇ ਦਾ ਚਿਹਰਾ ਤੇਰੇ ਮੋਢਿਆਂ ਉਪਰ ਚਿਪਕਾ ਦਿੱਤਾ ਹੋਵੇ। ਪਰ ਤੂੰ ਕੋਈ ਹੋਰ ਹੈਂ। ਦੁਨੀਆ ਵਿੱਚ ਚਮਤਕਾਰਾਂ ਦੀ ਕੀ ਘਾਟ ਭਲਾ?

-ਮੈਂ ਦੂਜਾ ਕਿਵੇਂ ਹੋਇਆ? ਗਡਰੀਏ ਵਾਂਗ ਤੁਹਾਡੀ ਅਕਲ ਵੀ ਗੇੜਾ ਖਾ ਗਈ ਲਗਦੀ ਹੈ। ਉਸਦੀਆਂ ਗੱਲਾਂ ਵੱਲ ਮੈਂ ਧਿਆਨ ਨਹੀਂ ਦਿੱਤਾ ਪਰ ਤੁਹਾਡੀ ਗੱਲ ਸੁਣਕੇ ਚੱਕਰ ਵਿੱਚ ਪੈ ਗਿਆ ਹਾਂ। ਕੱਲ੍ਹ ਨੂੰ ਪਿੰਡ ਜਾਣ ਦੀ ਤਿਆਰੀ ਕਰਦਾਂ।

ਮਾਮੇ ਦਾ ਦੋਸਤ ਉੱਖੜ ਗਿਆ, ਚਿਤਾਵਨੀ ਦਿੰਦਿਆਂ ਬੋਲਿਆ- ਜਾਕੇ ਕੀ ਕਰੇਂਗਾ? ਨਗਰ ਖੇੜੇ ਦੇ ਸਾਰੇ ਲੋਕ ਮੇਰੇ ਭਾਣਜੇ ਨਾਲ ਨੇ। ਇੱਕ ਨੂੰ ਬੋਲ ਮਾਰੋ, ਇੱਕੀ ਭੱਜੇ ਆਉਂਦੇ ਨੇ। ਖੁਰਕ ਉਠ ਖੜ੍ਹੀ ਹੈ ਤਾਂ ਫੇਰ ਜ਼ਰੂਰ ਜਾਹ। ਉਹ ਜੁੱਤੀਆਂ ਪੈਣਗੀਆਂ ਕਿ ਬਸ...।

-ਮੇਰੇ ਵੀ ਸੋਲਾਂ ਉਂਗਲਾਂ ਲੰਮੀ ਜੁੱਤੀ ਮੇਚ ਆਉਂਦੀ ਐ। ਸ਼ੌਕ ਹੈ ਤਾਂ ਤਮਾਸ਼ਾ ਦੇਖਣ ਤੁਸੀਂ ਵੀ ਆ ਜਾਇਉ, ਅੱਜ ਹੀ ਨਿਉਂਦਾ ਦੇ ਦਿੱਤਾ। ਮੈਂ ਮਾਮੇ ਦੀ ਲਿਹਾਜ਼ ਕਰਕੇ ਚੁੱਪ ਹਾਂ, ਤੁਸੀਂ ਮੈਨੂੰ ਕੋਈ ਦੂਜਾ ਦੱਸ ਰਹੇ ਹੋ। ਲਗਦੈ ਚਾਚੇ ਨੇ ਪੂਰਾ ਪਹਾੜਾ ਰਟਾ ਕੇ ਤੁਹਾਨੂੰ ਭੇਜਿਐ।

-ਮੈਂ ਆਪਣੇ ਭਾਣਜੇ ਤੋਂ ਇਲਾਵਾ ਕਿਸੇ ਚਾਚੇ ਨੂੰ ਨਹੀਂ ਜਾਣਦਾ, ਜੋ ਦੇਖਿਆ ਸੋ ਕਹਿ ਦਿੱਤਾ। ਮੇਰੀ ਗੱਲ ਬੁਰੀ ਲੱਗੀ, ਖਿਮਾ ਮੰਗਦਾ ਹਾਂ।

-ਬੁਰੀ ਤਾਂ ਬਹੁਤ ਲੱਗੀ ਪਰ ਇੱਥੇ ਬੈਠਾ ਸੱਚਾਈ ਨਹੀਂ ਜਾਣ ਸਕਦਾ। ਇਹ ਅਨਹੋਣੀ ਹੋਈ ਕਿਵੇਂ?

-ਮੈਨੂੰ ਤਾਂ ਕੋਈ ਅਨਹੋਣੀ ਨੀਂ ਲਗਦੀ। ਪਤੀ ਘਰ ਵਿੱਚ ਹੈ ਤਾਂ ਪਤਨੀ ਦੇ ਬੱਚਾ ਹੋਇਗਾ ਹੀ ਫੇਰ। ਅਨਹੋਣੀ ਕੀ ਹੋਗੀ?

-ਇਹ ਮੇਰੇ ਸਮਝਣ ਦੀ ਗੱਲ ਹੈ, ਸਮਝ ਲੂੰਗਾ ਆਪੇ। ਖਿਝ ਕੇ ਚੁੱਪ ਕਰ ਗਿਆ, ਭਰੇ ਮਨ ਨਾਲ ਸੋਚਣ ਲੱਗਾ, ਇੱਥੇ ਉਜੈਨ ਵਿੱਚ ਥੁੱਕ ਸੁੱਟਣ ਦਾ ਫ਼ਾਇਦਾ ਨਹੀਂ, ਇੱਕ ਸਾਲ ਪਹਿਲਾਂ ਨਗਰ ਜਾਣਾ ਪੈਣਾ ਹੈ। ਉਸਨੂੰ ਭੀਲਣੀ ਦਾ ਬੋਲ ਵੀ ਯਾਦ ਆਇਆ- ਚਾਹੇ ਕਿੰਨਾ ਧਨ ਇਕੱਠਾ ਕਰਲੋ, ਘਰ ਦੇ ਸੁੱਖ ਦਾ ਮੁਕਾਬਲਾ ਨਹੀਂ ਹੋਇਆ ਕਰਦਾ। ਇਹ ਭੈਣ ਇੱਥੇ ਹੁੰਦੀ, ਅੱਜ ਕਿੰਨੀ ਖ਼ੁਸ਼ ਹੋਣੀ ਸੀ! ਹੁਣ ਹੋਰ ਦੇਰ ਠੀਕ ਨਹੀਂ।

ਕਾਰੋਬਾਰ ਸਮੇਟਿਆ, ਮੁਨੀਮ ਨੂੰ ਲੈਣਦਾਰੀਆਂ ਸਮਝਾ ਦਿੱਤੀਆਂ, ਭੀਲ ਭੀਲਣੀ ਆਉਣ ਤਾਂ ਕੀ ਵਿਹਾਰ ਕਰਨਾ ਹੈ, ਦੱਸਿਆ ਤੇ ਚੱਲ ਪਿਆ ਪਿੰਡ ਵੱਲ ਨੂੰ। ਭਾੜੇ ਦੀ ਬੈਲਗੱਡੀ ਵਿੱਚ ਲਾਲ ਗਦੈਲੇ ਉੱਪਰ ਪਲੋਥੀ ਮਾਰ ਕੇ ਬੈਠ ਗਿਆ ਜਿਵੇਂ ਪੱਥਰ ਦੀ ਮੂਰਤੀ ਹੋਵੇ। ਕੰਨਾਂ ਵਿੱਚ ਗੱਡੀ ਦੀ ਚਰੜ ਚੂੰ... ਚਰੜ ਚੂੰ... ਗੂੰਜਦੀ ਰਹੀ। ਉਹੀ ਜੇਠ ਦਾ ਮਹੀਨਾ, ਤੇਜ ਧੁੱਪ, ਸਾਂ ਸਾਂ... ਚਲਦੀ ਲੂਅ। ਗੱਡੀ ਹੇਠ ਸੰਦੂਕੜੀ ਵਿੱਚ ਪਾਣੀ ਦੀ ਮਟਕੀ। ਘੜੀ ਦੋ ਘੜੀ ਬਾਅਦ ਗਡਰੀਆ ਆਪ ਵੀ ਪਾਣੀ ਪੀਂਦਾ, ਸੇਠ ਨੂੰ ਵੀ ਪਿਲਾਉਂਦਾ। ਪਿਆਸ ਏਨੀ ਜਿਵੇਂ ਬੁੱਝੇ ਹੀ ਨਾ। ਗੱਡੀ ਦੇ ਹਚਕੋਲਿਆਂ ਅਤੇ ਗਡਰੀਏ ਦੀ ਟਿਚ ਟਿਚ ਨੇ ਪੁਰਾਣੀਆਂ ਯਾਦਾਂ ਬੁਲਾ ਲਿਆਂਦੀਆਂ। ਨਾਲ ਬੈਠੀ ਦੁਲਹਨ ਦੀਆਂ ਬਚਗਾਨਾ ਗੱਲਾਂ ਅੱਜ ਏਨੀਆਂ ਬਚਗਾਨੀਆਂ ਨਹੀਂ ਲੱਗੀਆਂ। ਬਹੂ ਦੇ ਆਪਣੇ ਸੰਸਕਾਰ ਸਨ, ਕੁਦਰਤ ਸ਼ਾਇਦ ਉਸਨੂੰ ਮਾਪਿਆਂ ਵਾਂਗ ਪਿਆਰੀ ਲਗਦੀ ਹੋਵੇ! ਪੈਸੇ ਟਕੇ ਨਾਲ ਉਸਨੂੰ ਕੋਈ ਮਤਲਬ ਨਹੀਂ। ਉਸਦੇ ਪੇਕੇ ਪੈਸੇ ਟਕੇ ਵੱਲੋਂ ਠੀਕ ਠਾਕ ਈ ਨੇ। ਰੋਟੀ ਕੱਪੜਾ ਚਲੀ ਜਾਂਦੈ। ਬਹੂ ਦੇ ਪਿਤਾ ਨੂੰ ਪੁਰਾਣੇ ਸ਼ਾਸਤ੍ਰਾਂ ਦਾ ਗਿਆਨ ਪੰਡਤਾਂ ਜਿੰਨਾ ਹੈ। ਪਤੀ ਪਤਨੀ ਅਕਸਰ ਸੰਵਾਦ ਕਰਦੇ ਰਹਿੰਦੇ ਦੇਖੇ। ਲਗਦੈ ਬੇਟੀ ਪਿਤਾ ਤੇ ਗਈ ਹੈ। ਇਕਲੌਤੀ ਧੀ ਨੂੰ ਹਥੇਲੀ ਉੱਪਰਲੇ ਛਾਲੇ ਵਾਂਗ ਸੰਭਾਲ ਸੰਭਾਲ ਰੱਖਿਆ। ਬਾਪ ਬੇਟੀ ਵਿੱਚ ਵੀ ਵਿਚਾਰ ਵਟਾਂਦਰਾ ਹੋਇਆ ਕਰਦਾ। ਬਰਾਤ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡੀ। ਬਰਾਤੀਆਂ ਦੀ ਸੇਵਾ ਵਿੱਚੋਂ ਵਿਹਲ ਮਿਲਦੀ ਤਾਂ ਕੁੜਮ ਨੂੰ ਆਖਦਾ- ਪੈਸਾ ਓਨਾ ਕੁ ਠੀਕ ਜਿੰਨੀ ਜ਼ਰੂਰਤ ਹੋਵੇ, ਹੋਰ ਕੀ ਲੋੜ? ਪਿਤਾ ਨੂੰ ਕੁੜਮ ਦੀ ਗੱਲ ਸਹੀ ਤਾਂ ਨਹੀਂ ਲੱਗੀ ਪਰ ਚੁੱਪ ਕਰ ਗਿਆ। ਆਪੋ ਆਪਣਾ ਸੁਭਾਅ। ਕਿਤਾਬਾਂ ਦਾ ਗਿਆਨ ਦੌਲਤ ਨਾਲ ਭਲਾ ਕੀ ਮੁਕਾਬਲਾ ਕਰੇਗਾ? ਮੁੰਡੇ ਨੂੰ ਵੀ ਸਹੁਰੇ ਦੀਆਂ ਗੱਲਾਂ ਫ਼ਜ਼ੂਲ ਲੱਗੀਆਂ ਸਨ ਪਰ ਅੱਜ ਗੱਡੀ ਵਿੱਚ ਹਿਚਕੋਲੇ ਖਾਂਦੇ ਨੂੰ ਲੱਗਾ, ਕੁਝ ਤੱਤ ਸਾਰ ਹੈ। ਭੀਲ ਭੀਲਣੀ ਦਾ ਵਿਹਾਰ ਵੀ ਸਹੁਰੇ ਨਾਲ ਮਿਲਦਾ ਜੁਲਦਾ ਲੱਗਿਆ। ਤਾਂ ਹੀ ਤਾਂ ਕਲਸ ਵਿਚਲੀਆਂ ਮੁਹਰਾਂ ਨੇ ਉਹਨਾਂ ਨੂੰ ਲਲਚਾਇਆ ਨਹੀਂ। ਆਪਣੀ ਗ਼ਰੀਬੀ ਵਿੱਚ ਮਗਨ ਨੇ। ਦਿਲ ਵਿਚਲੇ ਉਲਝੇ ਸੂਤ ਨੂੰ ਸੁਲਝਾਉਣ ਦੀ ਤਾਕਤ ਉਸ ਵਿੱਚ ਨਹੀਂ ਸੀ। ਖ਼ਿਆਲਾਂ ਦੀ ਮਧਾਣੀ ਚਰੜ ਮਰੜ, ਚਰੜ ਮਰੜ ਘੁੰਮ ਰਹੀ ਸੀ। ਅੱਜ ਤੋਂ ਪਹਿਲਾਂ ਉਸਦੇ ਦਿਲ ਅੰਦਰ ਏਨੀ ਹਲ ਚਲ ਕਦੀ ਨਹੀਂ ਮੱਚੀ। ਏਧਰ ਓਧਰ ਦੇਖਿਆ, ਸ਼ਾਇਦ ਧੁੱਪ ਤੋਂ ਕਿਤੇ ਰਾਹਤ ਮਿਲੇ।

ਜਾਂਦੇ ਜਾਂਦੇ ਉਸਦੀ ਨਿਗ੍ਹਾ ਕਰੀਰਾਂ ਉੱਪਰ ਲੱਗੇ ਲਾਲ ਪੀਂਝੂਆਂ ਉੱਪਰ ਪਈ। ਬਹੂ ਜਿੰਨੀ ਬੇਚੈਨੀ ਤਾਂ ਦਿਲ ਵਿੱਚ ਨਹੀਂ ਹੋਈ ਪਰ ਅੱਜ ਉਨ੍ਹਾਂ ਦੀ ਰੰਗਤ ਬੁਰੀ ਵੀ ਨਹੀਂ ਲੱਗੀ, ਥੋੜੀ ਬਹੁਤੀ ਖ਼ੁਸ਼ੀ ਹੀ ਹੋਈ। ਬਹੂ ਤਾਂ ਇਨ੍ਹਾਂ ਨੂੰ ਦੇਖ ਕੇ ਤਿਤਲੀ ਵਾਂਗ ਕਰੀਰ ਦੁਆਲ਼ੇ ਉੱਡਣ ਲੱਗੀ ਸੀ? ਜਿਵੇਂ ਜਾਦੂ ਹੋ ਗਿਆ ਹੋਵੇ। ਉਸਦੀ ਇਹੋ ਪਸੰਦ ਹੈ ਫੇਰ ਕੀ, ਇਸ ਨਾਲ ਕਿਹੜਾ ਕੋਈ ਖ਼ਰਚ ਹੁੰਦੈ? ਉਸ ਵਾਸਤੇ ਧੁੱਪ ਵਿੱਚ ਕੁਝ ਪੈਦਲ ਚੱਲਾਂ ਤਾਂ ਆਰਾਮ ਮਿਲੇਗਾ। ਆਖ਼ਰ ਮੇਰੇ ਪਿੱਛੇ ਆਈ ਹੈ। ਬਿਨਾਂ ਛਤਰੀ ਤਾਣੇ ਉਸਨੇ ਗੱਡੀਓਂ ਹੇਠ ਛਾਲ ਮਾਰ ਦਿੱਤੀ। ਗਡਰੀਏ ਨੇ ਪਿੱਛੇ ਮੁੜ ਕੇ ਦੇਖਿਆ, ਗੱਲ ਸਮਝ ਗਿਆ। ਬੋਲਿਆ- ਪੀਂਝੂ ਹੈਣ ਤਾਂ ਅੱਵਲ ਦਰਜੇ ਦੇ। ਮੈਂ ਵੀ ਆਉਨਾ।

ਗਡਰੀਆ ਉਸ ਕੋਲ ਆ ਕੇ ਤੇਜ਼ੀ ਨਾਲ ਪੀਂਝੂ ਤੋੜਨ ਲੱਗਿਆ। ਪੱਗ ਦੇ ਪੱਲੇ ਵਿੱਚ ਇਕੱਠੇ ਕਰਕੇ ਕਹਿੰਦਾ- ਤੁਹਾਨੂੰ ਮੇਰੇ ਵਾਂਗ ਨਹੀਂ ਤੋੜਨੇ ਆਉਂਦੇ। ਵੱਡੇ ਬੰਦਿਆਂ ਦਾ ਜੰਗਲੀ ਫਲਾਂ ਨਾਲ ਕੀ ਵਾਸਤਾ?

-ਪਿਆ ਸੀ ਵਾਸਤਾ, ਓ ਪਿਆ ਸੀ ਭਾਈ! ਇਹ ਕਹਿਕੇ ਉਸ ਦਿਨ ਕੀ ਯਾਦ ਵਿੱਚ ਗੁੰਮ ਹੋ ਗਿਆ। ਆਪਣੇ ਅਤੇ ਗੱਡੀਵਾਨ ਦੇ ਤੋੜੇ ਪੀਂਝੂ ਆਪਣੇ ਕਮਰ ਕਸੇ ਦੇ ਪੱਲੇ ਨਾਲ ਬੰਨ੍ਹੇ, ਪਾਣੀ ਛਿੜਕ ਕੇ ਸੰਦੂਕੜੀ ਵਿੱਚ ਰੱਖ ਲਏ। ਫਿਰ ਗਦੈਲੇ ਤੇ ਬੈਠ ਗਿਆ ਤੇ ਮਨ ਗੱਡੀ ਤੋਂ ਤੇਜ਼ ਦੌੜਨ ਲੱਗਾ। ਯਾਦਾਂ ਦੀਆਂ ਭੰਬੀਰੀਆਂ ਘੁੰਮਣ ਲੱਗੀਆਂ।

ਤੀਸਰੇ ਦਿਨ ਸੂਰਜ ਚੜ੍ਹਿਆ, ਦੂਰੋਂ ਆਪਣੀ ਹਵੇਲੀ ਦਿਸੀ। ਪਹਿਲਾਂ ਵਾਂਗ ਆਪਣੀ ਆਪਣੀ ਨਹੀਂ ਲੱਗੀ। ਵਿਹੜੇ ਵਿੱਚ ਔਰਤਾਂ ਦੀ ਭੀੜ ਸੀ। ਸੇਠ ਸੇਠਾਣੀ ਘਬਰਾਹਟ ਵਿੱਚ ਮੰਨਤ ਤੇ ਮੰਨਤ ਮੰਗ ਰਹੇ ਸਨ। ਭੂਤ ਪਤੀ ਹਵੇਲੀ ਦੇ ਦਰਵਾਜ਼ੇ ਉੱਪਰ ਖਲੋਤਾ ਸੀ, ਉਸ ਦੇ ਚਿਹਰੇ ਉੱਪਰ ਹਵਾਈਆਂ ਉੱਡ ਰਹੀਆਂ ਸਨ... ਖੋਈਆਂ ਖੋਈਆਂ ਅੱਖਾਂ... ਅੰਦਰ ਹੀ ਅੰਦਰ ਗੁੰਮ ਸੁੰਮ। ਬਹੂ ਪ੍ਰਸੂਤ ਦਰਦ ਨਾਲ ਕਰਾਹ ਰਹੀ ਸੀ। ਬੱਚਾ ਅਟਕ ਗਿਆ ਸੀ। ਦਾਈਆਂ ਹੁਨਰ ਅਜ਼ਮਾ ਰਹੀਆਂ ਸਨ ਕਿ ਉਹ ਜਿਸ ਨੇ ਸੱਤ ਫੇਰੇ ਲਏ ਸਨ, ਧੂੜ ਵਿੱਚ ਲਥ ਪਥ ਵਿਹੜੇ ਵਿੱਚ ਆ ਖੜ੍ਹਾ ਹੋਇਆ। ਬੁੱਲ੍ਹਾਂ ਤੇ ਪਾਪੜੀਆਂ, ਰੰਗ ਵੀ ਕੁਝ ਪੱਕਾ, ਮੋਢੇ ਉੱਪਰ ਪੀਂਝੂਆਂ ਦੀ ਗੰਢ। ਮਾਂ ਬਾਪ ਦੇ ਚਰਨ ਛੂਹੇ ਤਾਂ ਦੋਵੇਂ ਚੌਂਕੇ, ਜਿਵੇਂ ਕੋਈ ਪ੍ਰੇਤ ਪ੍ਰਗਟ ਹੋ ਗਿਆ ਹੋਵੇ! ਕੇਹਾ ਕੌਤਕ, ਹੂ-ਬ-ਹੂ ਬੇਟੇ ਨਾਲ ਸ਼ਕਲ ਮਿਲਦੀ ਹੈ! ਗਰਦ ਵਿੱਚ ਲਿਬੜਿਆ ਹੋਇਐ ਫੇਰ ਕੀ, ਦੌਲਤ ਦਾ ਲੋਭੀ ਕੋਈ ਠੱਗ ਤਾਂ ਨਹੀਂ ਆ ਪੁੱਜਿਆ ਕਿਤੇ? ਵਧੀਕ ਹੈਰਾਨੀ ਗੁੰਗੇ ਕਰ ਦਿੰਦੀ ਹੈ। ਚਾਹੁੰਦੇ ਹੋਏ ਵੀ ਮਾਪੇ ਬੋਲ ਨਾ ਸਕੇ। ਸੇਠ ਸੇਠਾਣੀ ਭੌਂ ਚੱਕੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਰਹੇ। ਬੇਟੇ ਨੂੰ ਪਤਾ ਨਾ ਲੱਗੇ ਇਨ੍ਹਾਂ ਨੂੰ ਹੋ ਕੀ ਗਿਆ? ਪਛਾਣਦੇ ਕਿਉਂ ਨਹੀਂ? ਅਚਾਨਕ ਔਰਤਾਂ ਦਾ ਖੱਪਖਾਨਾ ਬੰਦ ਹੋ ਗਿਆ। ਇਹ ਕੀ? ਓ ਮਾਂ, ਇੱਕ ਔਰਤ ਦੇ ਇੱਕੋ ਜਿਹੇ ਦੋ ਪਤੀ? ਕਿਹੜਾ ਸਹੀ, ਕਿਹੜਾ ਗ਼ਲਤ? ਕਿਆ ਤਮਾਸ਼ਾ! ਗ਼ਜ਼ਬ ਦੀ ਲੀਲਾ। ਕੋਈ ਇਧਰ ਭੱਜੇ ਕੋਈ ਉੱਧਰ। ਸਭ ਦੇ ਕਲੇਜੇ ਧੱਕ ਧੱਕ ਕਰਨ ਲੱਗੇ।

ਬਹੂ ਦੀ ਕੁਰਲਾਹਟ ਤੋਂ ਸੇਠ ਦਾ ਮੁੰਡਾ ਸਾਰੀ ਗੱਲ ਸਮਝ ਗਿਆ। ਜੋ ਸੁਣਿਆ, ਗ਼ਲਤ ਨਹੀਂ ਸੁਣਿਆਂ। ਇਹ ਛਲ ਕਿਸ ਨੇ ਕੀਤਾ? ਕਿਵੇਂ ਪਛਾਣੀਏਂ! ਲੋਕ ਕਿਸਦੀ ਗੱਲ ਤੇ ਯਕੀਨ ਕਰਨਗੇ? ਜਨਮ ਦੇਣ ਵਾਲੇ ਮਾਪੇ ਤਾਂ ਸੱਚ ਪਛਾਣਦੇ ਨੇ। ਪਰ ਇਹ ਤਾਂ ਹੇਜ ਕਰਨ ਦੀ ਥਾਂ ਚੁੱਪਚਾਪ ਖਲੋਤੇ ਨੇ! ਅਚਾਨਕ ਪਰ੍ਹੇ ਹਟ ਕੇ ਖਲੋਤੇ ਬੰਦੇ ਉੱਪਰ ਉਸਦੀ ਨਿਗ੍ਹਾ ਪੈ ਗਈ। ਇਹ ਤਾਂ ਬਿਲਕੁਲ ਮੇਰੇ ਨਾਲ ਮਿਲਦਾ ਜੁਲਦਾ ਹੈ, ਵਿਧਾਤਾ ਦੀ ਕੇਹੀ ਮਾਇਆ? ਕੱਪੜਿਆਂ ਅਤੇ ਪਗੜੀ ਦਾ ਫ਼ਰਕ ਕੀ ਫ਼ਰਕ ਹੋਇਆ? ਛਲੀਏ ਦੇ ਛਲ ਨੂੰ ਕੌਣ ਰੋਕੇ? ਉਸਨੂੰ ਆਪਣੀਆਂ ਰਗਾਂ ਵਿੱਚ ਖ਼ੂਨ ਜੰਮਦਾ ਲੱਗਿਆ। ਭਲਾ ਇਹ ਕਿਵੇਂ ਹੋ ਗਿਆ? ਚਾਰ ਦਿਨ ਨਾਲ ਰਹੀ ਬਹੂ ਤਾਂ ਭਰਮ ਵਿੱਚ ਪੈ ਸਕਦੀ ਹੈ, ਮਾਪਿਆਂ ਦੀਆਂ ਅੱਖਾਂ ਉੱਪਰ ਪਰਦਾ ਕਿਵੇਂ ਪੈ ਗਿਆ? ਕੰਨਾਂ ਵਿੱਚ ਬਹੂ ਦੇ ਕਰਾਹੁਣ ਦੀ ਆਵਾਜ਼ ਪੈ ਰਹੀ ਸੀ। ਹਵਾ ਰੁਕ ਗਈ, ਸੂਰਜ ਰੁਕ ਗਿਆ। ਕਦੋਂ ਕੁਦਰਤ ਦੀਆਂ ਟਾਹਣੀਆਂ ਟੁੱਟਣ, ਕਦੋਂ ਕਰਾਹੁਣਾ ਰੁਕੇ!

ਪਿਤਾ ਨੇੜੇ ਜਾ ਕੇ ਜਾਚਕ ਦੀ ਦ੍ਰਿਸ਼ਟੀ ਨਾਲ ਬੇਟਾ ਭਰੜਾਈ ਹੋਈ ਆਵਾਜ਼ ਵਿੱਚ ਬੋਲਿਆ- ਮੈਂ ਤਾਂ ਚਾਰ ਸਾਲ ਤੋਂ ਪਰਦੇਸ ਵਿੱਚ ਹਾਂ, ਫਿਰ ਬਹੂ ਦੀ ਕੁੱਖ ਹਰੀ ਕਿਵੇਂ ਹੋ ਗਈ? ਤੁਸੀਂ ਕੁਝ ਤਾਂ ਸੋਚਦੇ!

ਮਨ ਹੀ ਮਨ ਸੇਠ ਸਾਰੀ ਗੱਲ ਸਮਝ ਗਿਆ! ਬਾਣੀਏ ਦੀ ਗਿੱਦੜ ਭਬਕੀ ਵਾਲੀ ਕੜਕਦੀ ਆਵਾਜ਼ ਵਿੱਚ ਬੋਲਿਆ- ਤੂੰ ਹੈਂ ਕੌਣ? ਮੇਰਾ ਬੇਟਾ ਤਾਂ ਤੀਜੇ ਦਿਨ ਵਾਪਸ ਆ ਗਿਆ ਸੀ? ਇੱਥੇ ਤੇਰੀ ਠੱਗੀ ਚੱਲਣੀ ਨਹੀਂ। ਤੂੰ ਏਨਾ ਸੱਚਾ ਹੈਂ ਤਾਂ ਇੱਕ ਵੀ ਚਿੱਠੀ ਕਿਉਂ ਨੀ ਲਿਖੀ? ਝੂਠ ਦੇ ਸਰਦਾਰ, ਤੇਰਾ ਖ਼ਿਆਲ ਐ ਠੱਗੀ ਮਾਰਨ ਵਾਸਤੇ ਇਹ ਥਾਂ ਠੀਕ ਰਹੇ?

ਬਾਪ ਦੇ ਮੂੰਹੋਂ ਤ੍ਰਿਸਕਾਰ ਸੁਣ ਕੇ ਬੇਟੇ ਨੂੰ ਦੁੱਖ ਅਤੇ ਹੈਰਾਨੀ ਦੋਵੇਂ ਹੋਏ। ਹੁਣ ਚੁੱਪ ਰਹੇ ਤਾਂ ਖੇਡ ਵਿਗੜ ਜਾਏਗੀ। ਬੋਲਿਆ- ਤੁਹਾਡੀ ਸਹੁੰ, ਸੱਚ ਬੋਲਦਾ ਹਾਂ, ਪੰਜ ਸੱਤ ਚਿੱਠੀਆਂ ਲਿਖੀਆਂ, ਇੱਕ ਦਾ ਵੀ ਜਵਾਬ ਨਹੀਂ ਦਿੱਤਾ ਤੁਸੀਂ। ਫੇਰ ਕਦ ਤੱਕ ਲਿਖੀ ਜਾਂਦਾ? ਤੁਹਾਡੀ ਨਸੀਹਤ ਸੀ, ਚਿੱਠੀਆਂ ਲਿਖਣੀਆਂ ਸਮੇਂ ਅਤੇ ਪੈਸੇ ਦੀ ਬਰਬਾਦੀ ਹੈ। ਚਾਰ ਸਾਲਾਂ ਵਿੱਚ ਬੇਅੰਤ ਧਨ ਕਮਾ ਕੇ ਘਰ ਆਇਆਂ ਇਸ ਵਿੱਚ ਠੱਗੀ ਕੀ? ਜ਼ਬਰਦਸਤੀ ਤੁਸੀਂ ਹੀ ਭੇਜਿਆ ਸੀ, ਹੁਣ ਦੰਦ ਪੀਹ ਰਹੇ ਹੋ।

ਸੇਠ ਹੋਰ ਭੜਕਿਆ- ਨਹੀਂ ਚਾਹੀਦੀ ਮੈਨੂੰ ਤੇਰੀ ਕਮਾਈ। ਮੈਨੂੰ ਕਮਾਈ ਦਾ ਕੀ ਰੋਅਬ ਦਿਖਾ ਰਿਹੈਂ? ਜਿਵੇਂ ਆਇਐਂ ਤਿਵੇਂ ਚਲਦਾ ਬਣ, ਨਹੀਂ ਬੁਰੀ ਕਰਾਂਗੇ।

-ਇਸ ਤੋਂ ਬੁਰੀ ਹੋਰ ਕੀ ਹੋਏਗੀ?

-ਮੇਰੇ ਬੇਟੇ ਨੇ ਤਾਂ ਮੋੜਵਾਂ ਜਵਾਬ ਨਹੀਂ ਦਿੱਤਾ ਕਦੀ, ਤੂੰ ਬੜ ਬੜ ਕਰ ਰਿਹੈਂ। ਬਾਪ ਦੇ ਮੂੰਹੋਂ ਅਜਿਹੀ ਊਟ ਪਟਾਂਗ ਗੱਲ ਸੁਣਕੇ ਉਸ ਨੂੰ ਮਾਮੇ ਦੇ ਦੋਸਤ ਦੀ ਚਿਤਾਵਨੀ ਯਾਦ ਆ ਗਈ। ਸ਼ੀਸ਼ੇ ਵਾਂਗ ਉਸਨੂੰ ਤਾਂ ਪਹਿਲਾਂ ਹੀ ਸਾਫ਼ ਦਿਸ ਰਿਹਾ ਸੀ। ਬਾਪੂ ਦੀਆਂ ਅੱਖਾਂ ਅੱਗੇ ਧੁੰਦ ਛਾ ਗਈ ਹੈ ਜਾਂ ਦਿਮਾਗ਼ ਖ਼ਰਾਬ ਹੋ ਗਿਆ ਹੈਂ। ਫਿਰ ਮਾਂ ਵੱਲ ਮੁੜਿਆ- ਕੀ ਤੂੰ ਵੀ ਆਪਣੇ ਬੇਟੇ ਨੂੰ ਨਹੀਂ ਪਛਾਣਦੀ ਮਾਂ?

ਮਾਂ ਕੀ ਜਵਾਬ ਦਿੰਦੀ? ਉਸਦੀ ਤਾਂ ਜੀਭ ਤਾਲੂ ਨਾਲ ਚੰਮੜ ਗਈ। ਮੁਤਰ ਮੁਤਰ ਪਤੀ ਦੇ ਮੂੰਹ ਵੱਲ ਦੇਖੀ ਜਾਏ। ਛਾਤੀਆਂ ਵਿੱਚ ਜਲਣ ਹੋਣ ਲੱਗੀ। ਜਿਸ ਨੂੰ ਆਪਣਾ ਦੁੱਧ ਪਿਲਾਇਆ, ਉਸਨੂੰ ਕਿਵੇਂ ਨਾ ਪਛਾਣੇ? ਮਾਂ ਨੂੰ ਚੁੱਪ ਦੇਖ ਕੇ ਉਲਝਣ ਵਿੱਚ ਪੈ ਗਿਆ। ਪੀਂਝੂਆਂ ਦੀ ਯਾਦ ਆਈ। ਕੰਬਦੇ ਹੱਥਾਂ ਨਾਲ ਪਰਨਾ ਖੋਲ੍ਹਿਆ। ਬਾਪੂ ਨੂੰ ਲਾਲ ਲਾਲ ਪੀਂਝੂ ਦਿਖਾਕੇ ਬੋਲਿਆ- ਬਹੂ ਨੂੰ ਉਸ ਦਿਨ ਵਾਲੇ ਪੀਂਝੂਆਂ ਦੀ ਗੱਲ ਤਾਂ ਪੁੱਛੋ। ਉਸ ਦਿਨ ਧੁੱਪੇ ਆਪ ਤੋੜ ਕੇ ਪੀਂਝੂ ਖਾਏ ਸਨ ਉਸਨੇ। ਅੱਜ ਮੈਂ ਤੋੜ ਕੇ ਲਿਆਇਆ ਹਾਂ। ਇੱਕ ਵਾਰ ਉਹਨੂੰ ਪੁੱਛ ਕੇ ਤਾਂ ਦੇਖੋ। ਆਗਿਆ ਹੋਵੇ ਤਾਂ ਮੈਂ ਬਾਹਰੋਂ ਹੀ ਪੁੱਛ ਲਾਂ?

ਸੇਠ ਬੁੜਬੁੜਾਇਆ- ਪਾਗ਼ਲ ਕਿਤੇ ਦਾ। ਉਸਦੀ ਜਾਨ ਨੂੰ ਬਣੀ ਹੈ ਤੈਨੂੰ ਪੀਂਝੂ ਸੁਝਦੇ ਨੇ। ਪਰੇ ਕਰ ਇਨ੍ਹਾਂ ਨੂੰ। ਮਾਇਆਪਤੀ ਸੇਠ ਦੀ ਨੂੰਹ ਮੂਰਖਾਂ ਵਾਂਗ ਆਪਣੇ ਹੱਥਾਂ ਨਾਲ ਤੋੜਕੇ ਪੀਂਝੂ ਖਾਏਗੀ, ਉਹ ਵੀ ਤਪਦੀ ਧੁੱਪ ਵਿੱਚ? ਭਲਾ ਚਾਹੁੰਨੈ ਤਾਂ ਚੁੱਪਚਾਪ ਤੁਰਦਾ ਹੋ ਨਹੀਂ ਤਾਂ ਉਹ ਜੁੱਤੀ ਬਰਸੇਗੀ ਕਿ ਕੋਈ ਗਿਣਨਵਾਲਾ ਨਹੀਂ ਹੋਇਗਾ।

ਬੇਝਿਜਕ ਮੁੰਡਾ ਬੋਲਿਆ- ਬਾਪ ਦੇ ਜੁੱਤਿਆਂ ਦੀ ਪਰਵਾਹ ਨਹੀਂ ਪਰ ਉਸ ਦਿਨ ਬਹੂ ਨੂੰ ਮੈਂ ਵੀ ਇਹੀ ਗੱਲ ਕਹੀ ਸੀ ਰਥ ਵਿੱਚ...।

ਇਹ ਢੀਠ ਤਾਂ ਪਿੱਛਾ ਹੀ ਨਹੀਂ ਛੱਡ ਰਿਹਾ? ਇਲਾਜ ਕਰਨਾ ਪਏਗਾ। ਸੇਠ ਅੱਖਾਂ ਵਿੱਚੋਂ ਅੰਗਿਆਰ ਬਰਸਾਉਂਦਾ ਬੋਲਿਆ- ਕਿਹੜੇ ਪੀਂਝੂ? ਕਿਹੜਾ ਰਥ? ਕਿਹੜੀ ਗੱਲ? ਠੱਗੀ ਮਾਰਨ ਵਾਸਤੇ ਤੈਨੂੰ ਇਹੀ ਘਰ ਲੱਭਾ? ਤੇਰੀਆਂ ਊਟ ਪਟਾਂਗ ਗੱਲਾਂ ਸੁਣਨ ਵਾਸਤੇ ਇੱਥੇ ਕਿਸੇ ਕੋਲ ਵਿਹਲ ਨਹੀਂ। ਕੋਈ ਹੋਰ ਘਰ ਦੇਖ!

-ਹੋਰ ਘਰ ਕਿਉਂ ਦੇਖਾਂ? ਤੁਹਾਡੇ ਕਹਿਣ ਸਾਰ ਆਪਣਾ ਘਰ ਛੱਡ ਦਿਆਂ, ਇਹੋ ਜਿਹਾ ਪਾਗ਼ਲ ਨਹੀਂ ਮੈਂ। ਤੁਹਾਡੇ ਤੋਂ ਹੀ ਠੋਕਰਾਂ ਖਾਧੀਆਂ ਨੇ। ਹੁਣ ਤਾਂ ਬਹੂ ਹੀ ਝਗੜਾ ਨਿਬੇੜੇਗੀ। ਮਾਂ ਬਾਪ ਦਾ ਪਾਣੀ ਤਾਂ ਦੇਖ ਲਿਆ!

ਬਹੂ ਉਸੇ ਤਰ੍ਹਾਂ ਕਰਾਹ ਰਹੀ ਸੀ। ਦੇਰ ਬਾਅਦ ਸੰਕਟ ਵਿੱਚੋਂ ਨਿਕਲੀ। ਕਦੀ ਅੱਖਾਂ ਅੱਗੇ ਹਨ੍ਹੇਰਾ ਛਾ ਜਾਂਦਾ ਕਦੇ ਬਿਜਲੀਆਂ ਲਿਸ਼ਕਣ ਲਗਦੀਆਂ...।

ਸੇਠ ਦੇ ਵਿਹੜੇ ਵਿੱਚੋਂ ਭੱਜੀਆਂ ਔਰਤਾਂ ਘਰੋਂ ਘਰੀ ਗਈਆਂ ਤਾਂ ਦੋ ਪਤੀਆਂ ਦੀ ਕਹਾਣੀ ਘਰ ਘਰ ਪੁੱਜੀ। ਏਧਰੋਂ ਓਧਰੋਂ ਆਏ ਲੋਕਾਂ ਦੀ ਭੀੜ ਸੇਠ ਦੀ ਹਵੇਲੀ ਅੱਗੇ ਜਮ੍ਹਾ ਹੋ ਗਈ। ਇਹੋ ਜਿਹੀ ਅਨੋਖੀ ਗੱਲ ਦਾ ਸੁਆਦ ਜੀਭ ਨੂੰ ਕਿਤੇ ਸਾਲਾਂ ਬਾਅਦ ਨਸੀਬ ਹੋਇਆ ਕਰਦੈ। ਹਰੇਕ ਦੀ ਜ਼ਬਾਨ ਨੂੰ ਖੰਭ ਲੱਗ ਗਏ! ਇੱਕੋ ਸ਼ਕਲ ਦੇ ਦੋ ਪਤੀ? ਇੱਕ ਤਾਂ ਚਾਰ ਸਾਲ ਪਹਿਲਾਂ ਚੁਬਾਰੇ ਚੜ੍ਹ ਗਿਆ, ਦੂਜਾ ਅੱਜ ਚੁਬਾਰੇ ਚੜ੍ਹਨ ਨੂੰ ਫਿਰਦੈ! ਬਹੂ ਪ੍ਰਸੂਤ ਦੇ ਦਰਦ ਨਾਲ ਚੀਕ ਰਹੀ ਹੈ। ਖ਼ੂਬ ਤਮਾਸ਼ਾ ਹੋਇਆ! ਦੇਖਦੇ ਆਂ ਮਾਇਆਧਾਰੀ ਸੇਠ ਹੁਣ ਕੀ ਕੀ ਕਰੇਗਾ? ਕਿਵੇਂ ਗੱਲ ਦਬਾਏਗਾ। ਇਹੋ ਜਿਹੀ ਗੱਲ ਨੂੰ ਕੌਣ ਦਬਣ ਦਿੰਦੈ? ਲੋਕ ਚੱਬੀ ਹੋਈ ਗੱਲ ਨੂੰ ਫਿਰ ਚੱਬਣ ਲਗਦੇ। ਬੜੇ ਸਾਲਾਂ ਤੋਂ ਸੇਠ ਹੋਰਨਾ ਦੀਆਂ ਪੰਚਾਇਤਾਂ ਕਰ ਰਿਹਾ ਸੀ। ਹੁਣ ਖ਼ੁਦ ਦੇ ਗਲ ਮੁਸੀਬਤ ਪਈ ਹੈ ਸਿੱਝੇ। ਰਾਮ ਤਾਂ ਨੱਕ ਦੀ ਨੋਕ ਤੇ ਬੈਠੈ ਭਾਈ, ਉਸਦੇ ਘਰ ਦੇਰ ਹੈ ਹਨੇਰ ਨਹੀਂ!

ਹਵੇਲੀ ਅੱਗੇ ਭੀੜ ਜੁੜੀ ਦੇਖਕੇ ਸੇਠ ਆਪਾ ਖੋ ਬੈਠਾ। ਥੁੱਕ ਸੁੱਟਦਿਆਂ ਕਹਿਣ ਲੱਗਾ- ਸਾਡੇ ਘਰ ਦੀ ਗੱਲ ਐ। ਨਿਬੇੜ ਲਵਾਂਗੇ। ਨਗਰ ਵਾਲੇ ਕਿਉਂ ਟੰਗ ਅੜਾ ਰਹੇ ਨੇ? ਮੈਂ ਕਹਿਨਾ ਪਿੱਛੋਂ ਆਉਣ ਵਾਲਾ ਠੱਗ ਹੈ, ਧੱਕੇ ਮਾਰਕੇ ਭਜਾ ਦਿਆਂਗਾ। ਦਿਨ ਦਿਹਾੜੇ ਬਦਮਾਸ਼ੀ ਨੀ ਚੱਲ ਸਕਦੀ! ਬੇਟਾ ਚਿਲਾਇਆ- ਤੁਸੀਂ ਕਿਹੋ ਜਿਹੀ ਗੱਲ ਕਰ ਰਹੇ ਹੋ? ਸੂਰਜ ਨੂੰ ਤਵਾ ਤੇ ਤਵੇ ਨੂੰ ਸੂਰਜ ਦੱਸ ਰਹੇ ਹੋ? ਜਿਵੇਂ ਮਰਜ਼ੀ ਪੜਤਾਲ ਕਰੋ। ਇਹ ਤਾਂ ਸਰਾਸਰ ਅਨਿਆਂ ਹੈ!

ਮਾਇਆਧਾਰੀ ਸੇਠ ਦੀ ਪੰਚਾਇਤੀ ਕਰਨ ਦਾ ਅਜਿਹਾ ਮੌਕਾ ਫਿਰ ਕਦੋਂ ਹੱਥ ਆਏਗਾ? ਲੋਕ ਅੜ ਗਏ ਕਿ ਖਰਾ ਨਿਆਂ ਹੋਵੇ... ਦੁੱਧ ਦਾ ਦੁੱਧ... ਪਾਣੀ ਦਾ ਪਾਣੀ...! ਕਸੂਰਵਾਰ ਨੂੰ ਸਜ਼ਾ ਮਿਲੇ। ਦੋ ਪਤੀਆਂ ਦੀ ਰੀਤ ਕਿਵੇਂ ਚੱਲੇਗੀ? ਅਮੀਰਾਂ ਦਾ ਤਾਂ ਕੁਝ ਨਹੀਂ, ਕੋਈ ਨਾ ਕੋਈ ਰਸਤਾ ਕੱਢ ਲੈਣਗੇ ਪਰ ਗ਼ਰੀਬਾਂ ਦਾ ਤਾਂ ਜੀਣਾ ਹਰਾਮ ਹੋ ਜਾਏਗਾ। ਨਗਰ ਤੋਂ ਵੱਖਰੇ ਕਿਵੇਂ ਚੱਲ ਸਕਦੇ ਹਾਂ? ਜਿੰਨਾ ਮਰਜ਼ੀ ਧਨ ਜਮ੍ਹਾ ਕਰੀ ਰੱਖੋ, ਅਰਥੀ ਨੂੰ ਮੋਢਾ ਦੇਣ ਵਾਸਤੇ ਦਿਹਾੜੀ ਤੇ ਬੰਦੇ ਨਹੀਂ ਮਿਲਣਗੇ!

ਮਾਮਲਾ ਪਰਤ ਦਰ ਪਰਤ ਉਲਝਦਾ ਗਿਆ। ਖ਼ਤਰਨਾਕ ਗੁੰਝਲ ਪੈ ਗਈ। ਕੀ ਕੀ ਬਰਦਾਸ਼ਤ ਕਰਨਾ ਪਏਗਾ? ਕੀ ਕੀ ਦੇਖਣਾ ਬਾਕੀ ਲਿਖਿਆ ਹੈ? ਕੋਈ ਝੁਕਣ ਨੂੰ ਤਿਆਰ ਨਹੀਂ। ਨਾ ਸੇਠ ਨਾ ਪਿੰਡ ਵਾਲੇ। ਲੋਕਾਂ ਦੇ ਮੂੰਹ, ਬਹੂ ਦੇ ਕੰਨ। ਉਸਨੂੰ ਚੁਬਾਰੇ ਵਿੱਚ ਸਭ ਖ਼ਬਰਾਂ ਮਿਲ ਗਈਆਂ। ਔਰਤ ਦੀ ਜੂਨ ਵਿੱਚ ਰਾਮ ਜਾਣੇ ਕੀ ਕੀ ਸੁਣਨਾ ਪਏ! ਕੀ ਕੀ ਭੁਗਤਣਾ ਪਏ! ਔਰਤ ਕਿਸੇ ਨਾ ਕਿਸੇ ਦੇ ਅਧੀਨ ਤਾਂ ਹੋਏਗੀ ਹੀ ਹੋਏਗੀ। ਬਚਪਨ ਵਿੱਚ ਮਾਪਿਆਂ ਅਧੀਨ, ਵਿਆਹ ਪਿੱਛੋਂ ਪਤੀ ਅਤੇ ਸਹੁਰਿਆਂ ਅਧੀਨ, ਬੁਢੇਪੇ ਵਿੱਚ ਔਲਾਦ ਅਧੀਨ। ਆਖ਼ਰ ਇੱਕ ਦਿਨ ਤਾਂ ਇਹ ਨਾਟਕ ਹੋਣਾ ਹੀ ਸੀ। ਚਾਰ ਸਾਲ ਤਾਂ ਸੁਫ਼ਨੇ ਵਾਂਗ ਬੀਤ ਗਏ! ਭਲਾ ਸੁਫ਼ਨੇ ਦਾ ਕਿੰਨਾ ਕੁ ਚਿਰ ਢਾਰਸ! ਕਿੰਨੀ ਕੁ ਉਸਦੀ ਜੜ੍ਹ ਡੂੰਘੀ!

ਖੰਡਰ ਵਿਚਲੇ ਚਮਗਿੱਦੜਾਂ ਵਾਂਗ ਲੋਕ ਇੱਧਰ ਉੱਧਰ ਮੰਡਰਾਉਣ ਲੱਗੇ। ਇਸਦਾ ਨਬੇੜਾ ਕੀਤੇ ਬਿਨਾਂ ਤਾਂ ਬੁਰਕੀ ਸੰਘ ਹੇਠ ਨਹੀਂ ਉਤਰੇਗੀ। ਵੱਡੇ ਘਰਾਣਿਆਂ ਦੇ ਰੰਗ ਢੰਗ ਵੱਖਰੇ...। ਕਿਹੋ ਕਿਹੋ ਜਿਹੇ ਅਜੂਬੇ ਹੁੰਦੇ ਨੇ!

ਚੁਬਾਰੇ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲੀ ਦਾਈ ਨੇ ਖ਼ਬਰ ਦਿੱਤੀ ਕਿ ਧੀ ਦਾ ਜਨਮ ਹੋਇਆ ਹੈ। ਮੌਤ ਦੀ ਘਾਟੀ ਟਲ ਗਈ। ਜੱਚਾ ਦੇ ਮਰਨ ਵਿੱਚ ਕੋਈ ਕਸਰ ਨਹੀਂ ਰਹੀ ਸੀ। ਬਚ ਗਈ ਤਾਂ ਚੰਗੇ ਭਾਗ। ਬੱਚੀ ਦੇ ਭਾਗਾਂ ਨੂੰ ਬਚੀ ਕਿ ਪਤੀ ਦੇ ਭਾਗਾਂ ਨੂੰ, ਬਚ ਗਈ ਬਸ। ਬਾਹਰ ਖਲੋਤੀਆਂ ਔਰਤਾਂ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ।

ਹਵੇਲੀ ਬਾਹਰ ਖਲੋਤੇ ਪ੍ਰੇਤ ਪਤੀ ਨੂੰ ਹੁਣ ਸੁਰਤ ਆਈ ਪਰ ਸੁਰਤ ਆਉਣ ਸਾਰ ਜੋ ਗੱਲ ਉਸਦੇ ਕੰਨੀਂ ਪਈ, ਕਾਲਜੇ ਵਿੱਚ ਲਾਟ ਫਿਰੀ, ਸੁੱਧ ਬੁੱਧ ਝੁਲਸੀ ਗਈ। ਆਖ਼ਰ ਇਹ ਹੋਣਾ ਹੀ ਸੀ ਪਰ ਇੱਕ ਸਾਲ ਪਹਿਲਾਂ ਇਹ ਬਿਜਲੀ ਕਿਵੇਂ ਗਿਰੀ? ਬਹੂ ਦੀ ਪ੍ਰੇਮ ਛੂਹ ਨਾਲ ਉਹ ਪ੍ਰੇਤ ਦੀਆਂ ਸ਼ਕਤੀਆਂ ਵਿਸਾਰ ਬੈਠਾ, ਆਦਮੀਆਂ ਦੇ ਛਲ ਕਪਟ ਨੇੜਿਉਂ ਦੀ ਨਹੀਂ ਲੰਘਿਆ। ਛਲ ਕਪਟ ਤੋਂ ਅਨਜਾਣ ਹੋ ਗਿਆ। ਸਭ ਤੋਂ ਵਧੀਕ ਦੁਖਦਾਈ ਇਹ ਕਿ ਬਹੂ ਦੇ ਸਫ਼ੈਦ ਲਿਬਾਸ ਉੱਪਰ ਕਾਲਖ ਦਾ ਛਿੱਟਾ ਲੱਗ ਗਿਆ। ਹੁਣ ਕੀ ਕਰੇ, ਕੀ ਨਾ ਕਰੇ। ਭੂਤ ਪ੍ਰੇਤਾਂ ਦੀ ਮਾਇਆ ਤੋਂ ਨਫ਼ਰਤ ਹੋ ਗਈ ਨਹੀਂ ਤਾਂ ਇਹੋ ਜਿਹੇ ਹਜ਼ਾਰ ਪਿੰਡ ਉਸਦਾ ਕੁਝ ਨਾ ਵਿਗਾੜ ਸਕਦੇ। ਪ੍ਰੇਮ ਦੀ ਰੌਸ਼ਨੀ ਵਿੱਚ ਨ੍ਹੇਰੇ ਦਾ ਕੋਈ ਰੇਸ਼ਾ ਬਾਕੀ ਨਹੀਂ ਬਚਿਆ। ਚਮਤਕਾਰ ਦਿਖਾ ਤਾਂ ਦਏ ਪਰ ਜੱਚਾ ਵਾਸਤੇ ਆਫ਼ਤ ਖੜ੍ਹੀ ਹੋ ਜਾਏਗੀ। ਉਹ ਤਾਂ ਮਸਾਂ ਮਰਦੀ ਮਰਦੀ ਬਚੀ। ਹੋਰ ਮੁਸ਼ਕਲ ਖੜ੍ਹੀ ਕਿਉਂ ਕੀਤੀ ਜਾਵੇ! ਉਸਦਾ ਇੰਨਾ ਮਾਦਾ ਕਿੱਥੇ? ਸਮਰੱਥ ਹੋਣ ਦੇ ਬਾਵਜੂਦ ਮਨ ਮਾਰਨਾ ਪਵੇਗਾ।

ਸਿਰ ਝੁਕਾਈ ਸੇਠ ਸੇਠਾਣੀ ਚੁੱਪ ਖੜ੍ਹੇ ਸਨ। ਪੂਰੇ ਨਗਰ ਵਿੱਚ ਹਲ ਚਲ ਹੋਣ ਲੱਗੀ। ਕੇਹੀ ਆਫ਼ਤ ਡਿੱਗੀ। ਮਾਮਲਾ ਹੱਥੋਂ ਨਿਕਲਦਾ ਜਾ ਰਿਹੈ। ਵਿਗੜੀ ਕਿਵੇਂ ਸੰਵਰੇ? ਰਾਮ ਜਾਣੇ ਕਿਸ ਨੇ ਛਲ ਕੀਤਾ! ਪਿਛਲੇ ਚਾਰ ਸਾਲ ਤੋਂ ਹਵੇਲੀ ਨੂੰ ਭਾਗ ਲੱਗੇ ਹੋਏ ਸਨ। ਪਹਿਲਾਂ ਵਾਲੇ ਪਤੀ ਨੂੰ ਕਬੂਲ ਨਾ ਕੀਤਾ ਤਾਂ ਖ਼ਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਏਗੀ। ਕਿਸੇ ਤਰ੍ਹਾਂ, ਜਿਵੇਂ ਵੀ ਹੋਵੇ, ਇਹ ਪੀਂਝੂਆਂ ਵਾਲਾ ਮੰਨ ਜਾਏ ਤਾਂ ਨੱਕ ਬਚਿਆ ਰਹੇ। ਮੂੰਹ ਮੰਗੀ ਰਕਮ ਤਾਰਨ ਨੂੰ ਤਿਆਰ। ਹੋਰ ਕੀ ਚਾਹੀਦੈ? ਪਰ ਉਹ ਤਾਂ ਪੂਰਾ ਅੜਿਆ ਹੋਇਆ ਹੈ, ਕਹਿੰਦੈ ਬਾਪੂ ਦੀ ਅਕਲ ਹਿੱਲ ਗਈ। ਉਸ ਨਾਲ ਕੀ ਗੱਲ ਕਰਨੀ?

ਬਰਾਦਰੀ ਅੜ ਗਈ ਕਿ ਪੂਰਾ ਨਿਆਂ ਹੋਵੇ। ਪਿੰਡ ਦੀ ਇੱਜ਼ਤ ਦਾ ਸਵਾਲ ਹੈ। ਚਾਰ ਸਾਲ ਲੰਘਣ ਪਿੱਛੋਂ ਬੱਚੀ ਹੋਈ ਤੇ ਨਾਲ ਦੀ ਨਾਲ ਦੂਜਾ ਪਤੀ ਆ ਧਮਕਿਆ। ਪਤਾ ਨੀ ਕੌਣ ਸੱਚਾ ਹੈ? ਇੱਕ ਤਾਂ ਝੂਠਾ ਹੈ ਈ!

ਪੂਰਾ ਪਿੰਡ ਭਿਣ ਭਿਣਾਹਟ ਨਾਲ ਭਰ ਗਿਆ ਜਿਵੇਂ ਤੰਦਈਆਂ ਦਾ ਛੱਤਾ ਹੇਠਾਂ ਡਿੱਗ ਪਿਆ ਹੋਵੇ। ਬਹੁਤੇ ਲੋਕ ਪੀਂਝੂਆਂ ਵਾਲੇ ਦੇ ਹੱਕ ਵਿੱਚ ਸਨ। ਇਹ ਝਮੇਲਾ ਕਾਇਮ ਰਹੇ ਨਹੀਂ ਤਾਂ ਸਾਰਾ ਸੁਆਦ ਮਾਰਿਆ ਜਾਏਗਾ। ਪਿੰਡ ਵੱਸਣ ਤੋਂ ਲੈ ਕੇ ਅੱਜ ਤੱਕ ਇਹੋ ਜਿਹਾ ਤਮਾਸ਼ਾ ਕਦੀ ਨਹੀਂ ਹੋਇਆ। ਕਾਫ਼ੀ ਲੋਕ ਮੰਨਦੇ ਸਨ ਕਿ ਪਿਛਲੇ ਚਾਰ ਸਾਲ ਵਿੱਚ ਜੋ ਵੀ ਸਵਾਲੀ ਆਇਆ, ਸੇਠ ਦੇ ਬੇਟੇ ਨੇ ਖ਼ਾਲੀ ਹੱਥ ਨਹੀਂ ਮੋੜਿਆ। ਨਾਂਹ ਕਰਨੀ ਤਾਂ ਮਾਈ ਦਾ ਲਾਲ ਜਾਣਦਾ ਹੀ ਨਹੀਂ। ਮੌਕਾ ਆਏ ਉਸ ਵਾਸਤੇ ਜਾਨ ਵਾਰਨ ਨੂੰ ਲੋਕ ਤਿਆਰ ਪਰ ਪਿੰਡ ਦਾ ਮਾਣ ਵੀ ਤਾਂ ਰੱਖਣਾ ਬਣਦਾ ਹੈ। ਕੁਝ ਕਹਿ ਰਹੇ ਸਨ ਕਿ ਭਾਈ ਉਸ ਕੋਲ ਪੈਸੇ ਹੈਗੇ ਸਨ ਤਾਂ ਮਦਦ ਕਰ ਦਿੰਦਾ ਸੀ। ਉਨ੍ਹਾਂ ਕੋਲ ਕੇਵਲ ਦੇਹ ਹੈ, ਦੇਹ ਦਾ ਪਸੀਨਾ ਵਹਾਉਣੋ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ। ਪਰ ਉਸਦੇ ਹਰੇਕ ਗਲਤ ਠੀਕ ਕੰਮ ਦਾ ਸਮਰਥਨ ਕਿਵੇਂ ਕਰ ਦੇਈਏ? ਥੋੜ੍ਹੇ ਕੁ ਲੋਕ ਰਹਿ ਰਹੇ ਸਨ ਕਿ ਉਜੈਨ ਵਾਲਾ ਮੁੰਡਾ ਹੀ ਸੇਠ ਦਾ ਅਸਲੀ ਬੇਟਾ ਹੈ। ਇੱਥੇ ਵਾਲਾ ਜਾਅਲੀ ਹੈ ਤਾਂ ਹੀ ਬਾਪੂ ਦੇ ਵਰਜਦਿਆਂ ਵਰਜਦਿਆਂ ਏਨੀ ਦਰਿਆ ਦਿਲੀ ਦਿਖਾਉਂਦਾ ਹੈ। ਰਾਮ ਰਾਮ, ਕੀ ਜ਼ਮਾਨਾ ਆ ਗਿਐ, ਰੱਬ ਤੇ ਵੀ ਯਕੀਨ ਕਰਨ ਨੂੰ ਦਿਲ ਨੀ ਕਰਦਾ। ਹਰਾਮੀ ਕਿੰਨਾ ਮਿੱਠਾ ਬੋਲਦੈ, ਕਿਵੇਂ ਸਿੱਧਾ ਸਾਦਾ ਬਣਦੈ ਜਿਵੇਂ ਦੁੱਧ ਨਾਲ ਨ੍ਹਾਤਾ ਹੋਵੇ। ਬਿਨਾਂ ਗਰਜ ਦੇ ਕੌਣ ਕਿਸਦਾ ਭਲਾ ਕਰਦੈ? ਆਪੋ ਆਪਣੇ ਕਾਰਨਾਂ ਕਰਕੇ ਹੌਲ਼ੀ ਹੌਲ਼ੀ ਸਾਰੇ ਜਣੇ ਪੀਂਝੂਆਂ ਵਾਲੇ ਦੇ ਹੱਕ ਵਿੱਚ ਹੋਣ ਲੱਗ ਪਏ। ਸੇਠ ਦੇ ਬੇਟੇ ਨੂੰ ਇਸ ਨਾਲ ਕਾਫ਼ੀ ਸਹਾਰਾ ਮਿਲਿਆ।

ਪਿੰਡ ਦੇ ਮੁਹਤਬਰ ਲੋਕਾਂ ਅੱਗੇ ਹੱਥ ਜੋੜ ਕੇ ਸੇਠ ਨੇ ਭਰੇ ਗਲੇ ਨਾਲ ਕਿਹਾ- ਮੇਰੀ ਪਗੜੀ ਉਛਾਲ ਕੇ ਤੁਸਾਂ ਲੋਕਾਂ ਨੂੰ ਕੀ ਮਿਲੇਗਾ? ਤੁਸੀਂ ਸਾਰੇ ਮੇਰੇ ਭਾਈ ਹੋ, ਵਕਤ ਬਵਕਤ ਇੱਕ ਦੂਜੇ ਦੇ ਕੰਮ ਆਉਂਦੇ ਹਾਂ। ਮੇਰੇ ਬੇਟੇ ਦੀਆਂ ਨੇਕੀਆਂ ਤੁਹਾਥੋਂ ਲੁਕੀਆਂ ਹੋਈਆਂ ਨਹੀਂ। ਉਸ ਦੇ ਹੱਥੋਂ ਕਿਸ ਦਾ ਭਲਾ ਨਹੀਂ ਹੋਇਆ? ਇਨੀ ਜਲਦੀ ਗੁਣ ਚੋਰ ਨਾ ਬਣੋ। ਮੇਰੀ ਪਗੜੀ ਤੁਹਾਡੇ ਚਰਨਾਂ ਵਿੱਚ ਹੈ, ਜਿਵੇਂ ਹੋਵੇ ਗੱਲ ਨਿਬੇੜੋ। ਇਹ ਪੀਂਝੂਆਂ ਵਾਲਾ ਪੂਰਾ ਠੱਗ ਹੈ, ਧੱਕੇ ਮਾਰਕੇ ਇਸ ਨੂੰ ਕੱਢੋ।

ਇਹੋ ਜਿਹੀ ਬੇਹੁਦੀ ਗੱਲ ਸੁਣਕੇ ਪੀਂਝੂਆਂ ਵਾਲੇ ਦੇ ਮੱਥੇ ਵਿੱਚ ਵਟ ਪੈ ਗਏ। ਇੰਨਾ ਗ਼ੁੱਸਾ ਚੜ੍ਹਿਆ ਕਿ ਕੁਝ ਬੋਲ ਵੀ ਨਾ ਸਕਿਆ। ਅੱਖਾਂ ਵਿੱਚ ਅੰਗਿਆਰ ਦਹਿਕਣ ਲੱਗੇ। ਪੂਰਾ ਪਿੰਡ ਉਸ ਨਾਲ ਹੈ ਫਿਰ ਬਾਪੂ ਇਕੱਲਾ ਕੀ ਕਰਲੂ? ਮਾਮੇ ਦੇ ਦੋਸਤ ਨੇ ਉਜੈਨ ਕਿਹੀ ਉਲਟੀ ਗੱਲ ਕੀਤੀ ਸੀ! ਇਸ ਪਖੰਡੀ ਵੱਲ ਤਾਂ ਚਿੜੀ ਦਾ ਕੋਈ ਬੱਚਾ ਵੀ ਨਹੀਂ!

ਵੱਡੇ ਬਜ਼ੁਰਗਾਂ ਨੇ ਥੁੱਕ ਨਿਗਲਦਿਆਂ ਕਿਹਾ- ਸੇਠ ਜੀ ਦਿਸਦੀ ਮੱਖੀ ਤਾਂ ਜਿਵੇਂ ਕਿਵੇਂ ਨਿਗਲੀ ਭੀ ਜਾਏ ਪਰ ਦਿਸਦਾ ਡੱਡੂ ਕਿਵੇਂ ਨਿਗਲ ਜਾਈਏ? ਸਮਾਂ ਪੈਣ ਤੇ ਸਿਰ ਦੇਣ ਲਈ ਤਿਆਰ ਹਾਂ ਪਰ ਪਾਣੀ ਦੀ ਗਠੜੀ ਕਿਵੇਂ ਬੰਨ੍ਹੀਏ? ਇਹ ਵਿਚਾਰਾ ਬਾਰ ਬਾਰ ਕਹਿ ਰਿਹੈ ਬਹੂ ਨੂੰ ਪੀਂਝੂਆਂ ਦੀ ਗੱਲ ਪੁੱਛੀਏ ਤਾਂ ਸਹੀ? ਇਸ ਵਿੱਚ ਹਰਜ ਵੀ ਕੀ? ਪੀਂਝੂਆਂ ਵਾਲੇ ਦੇ ਬੁੱਲ੍ਹਾਂ ਉੱਪਰ ਮੁਸਕਾਨ ਆਉਂਦੀ ਆਉਂਦੀ ਰੁਕ ਗਈ।

ਵਡੇਰਿਆਂ ਨੇ ਕਹਿ ਵੀ ਦਿੱਤਾ ਤਾਂ ਇਸ ਹਾਲਤ ਵਿੱਚ ਜੱਚਾ ਤੋਂ ਇਹ ਗੱਲ ਕਿਵੇਂ ਪੁੱਛੀਏ? ਕੌਣ ਪੁੱਛੇ? ਕੁਝ ਭਲੀਆਂ ਬਿਰਧ ਔਰਤਾਂ ਅੱਗੇ ਆਈਆਂ। ਵਖ਼ਤ ਪੈਣ ਤੇ ਬੰਦੇ ਦਾ ਬੰਦਾ ਦਾਰੂ। ਦਰਵਾਜ਼ਾ ਖੋਲ੍ਹ ਕੇ ਚੁਬਾਰੇ ਵਿੱਚ ਗਈਆਂ। ਜੱਚਾ ਅਜੇ ਵੀ ਦਰਦ ਨਾਲ ਨਿਢਾਲ ਸੀ। ਬੁੱਢੀਆਂ ਦੀ ਗੱਲ ਸੁਣਕੇ ਪ੍ਰਸੂਤ ਦਾ ਦਰਦ ਭੁੱਲ ਗਈ। ਦੂਜਾ ਦਰਦ ਵਧੀਕ ਡੂੰਘਾ ਸੀ। ਦੰਦ ਮੀਚ ਕੇ ਭਾਰੇ ਗਲੇ ਨਾਲ ਬੋਲੀ- ਕੋਈ ਮਰਦ ਪੁੱਛਦਾ ਤਾਂ ਉਸਨੂੰ ਹਾਂ ਜਾਂ ਨਾਂਹ ਵਿੱਚ ਜਵਾਬ ਦੇ ਵੀ ਦਿੰਦੀ। ਔਰਤਾਂ ਹੋ ਕੇ ਤੁਹਾਨੂੰ ਇਹ ਪੁੱਛਣ ਦੀ ਹਿੰਮਤ ਕਿਵੇਂ ਹੋਈ? ਮੈਨੂੰ ਮੇਰੇ ਹਾਲ ਉੱਪਰ ਛੱਡੋ। ਮੈਨੂੰ ਦੁਖੀ ਕਰਨ ਦਾ ਇਹ ਮੌਕਾ ਹੱਥ ਆਇਆ? ਧੰਨ ਹਨ ਤੁਹਾਡੀਆਂ ਪੱਥਰ ਦੀਆਂ ਛਾਤੀਆਂ! ਉਸਦਾ ਇੱਕ ਇੱਕ ਅੱਖਰ ਦੁਖ ਨਾਲ ਵਿੰਨ੍ਹਿਆ ਹੋਇਆ। ਫੇਰ ਉਸਨੇ ਬੁੱਲ੍ਹ ਸਿਉਂ ਲਏ।

ਮੂੰਹ ਮਰੋੜ ਕੇ ਮਾਈਆਂ ਬਾਹਰ ਆ ਗਈਆਂ- ਇਹੋ ਜਿਹੀਆਂ ਗੱਲਾਂ ਪੁੱਛੋ ਤਾਂ ਜਨਾਨੀਆਂ ਸੱਚ ਕਦੋਂ ਬੋਲਦੀਆਂ ਨੇ? ਬਿਧਮਾਤਾ ਵੀ ਉਨ੍ਹਾਂ ਦਾ ਮੂੰਹ ਨਹੀਂ ਖੁਲ੍ਹਵਾ ਸਕਦੀ, ਫਿਰ ਸਾਡੀ ਕੀ ਔਕਾਤ? ਰਾਮ ਝੂਠ ਨਾ ਬੁਲਵਾਏ ਸਾਨੂੰ ਤਾਂ ਦੁੱਧ ਵਿੱਚ ਕਾਲਖ ਨਜ਼ਰ ਆਉਂਦੀ ਹੈ। ਫੇਰ ਜਿਵੇਂ ਤੁਹਾਨੂੰ ਠੀਕ ਲੱਗੇ ਕਰੋ।

ਇਹੋ ਜਿਹੇ ਮੌਕਿਆਂ ਉੱਪਰ ਹੀ ਅਕਲ ਦੀ ਧਾਰ ਤਿੱਖੀ ਹੋਇਆ ਕਰਦੀ ਹੈ। ਵਡੇਰਿਆਂ ਨੇ ਫਿਰ ਅਕਲ ਤੋਂ ਕੰਮ ਲਿਆ- ਇਹ ਮਾਮਲਾ ਸਾਡੇ ਵਸ ਦਾ ਨਹੀਂ, ਰਾਜਾ ਜੀ ਨਿਪਟਾ ਸਕਦੇ ਨੇ। ਕਿਸੇ ਹੋਰ ਨੇ ਇਸ ਵਿੱਚ ਟੰਗ ਅੜਾਈ ਤਾਂ ਪੂਰੇ ਪਿੰਡ ਨੂੰ ਦੰਡ ਮਿਲੇਗਾ। ਆਪਣਾ ਬੁਰਾ ਭਲਾ ਆਪ ਸੋਚੋ! ਦੋਵੇਂ ਪਤੀਆਂ ਨੂੰ ਮਹਾਰਾਜੇ ਦੇ ਹਵਾਲੇ ਕਰ ਦਿੰਨੇ ਆਂ। ਫਿਰ ਮਹਾਰਾਜਾ ਜਾਣੇ ਜਾਂ ਸੇਠ ਜਾਣੇ। ਅਸੀਂ ਵੱਡੇ ਆਦਮੀਆਂ ਵਿਚਕਾਰ ਕਿਉਂ ਬੋਲੀਏ? ਨਗਰ ਖੇੜਾ ਭਗਵਾਨ ਰੂਪ ਹੁੰਦੈ, ਜੋ ਸਭ ਨੂੰ ਠੀਕ ਲੱਗੇ ਸੋ ਕਰੋ।

ਆਖ਼ਰ ਬਸਤੀ ਦੀ ਮੰਨਣੀ ਪੈਣੀ ਸੀ। ਬਸਤੀ ਆਪਣਾ ਭਗਵਾਨ ਰੂਪ ਕਿਉਂ ਛੱਡੇ? ਦੋਵੇਂ ਪਤੀਆਂ ਦੇ ਹੱਥ ਪਿਛਲੇ ਪਾਸੇ ਕਰਕੇ ਰੱਸੀਆਂ ਨਾਲ ਬੰਨ੍ਹ ਦਿੱਤੇ। ਹਵੇਲੀ ਦੇ ਦਰਵਾਜ਼ੇ ਕੋਲ ਖਲੋਤੇ ਪਤੀ ਨੂੰ ਬੰਨ੍ਹਣ ਲੱਗੇ ਤਾਂ ਹੋਸ਼ ਆਈ, ਗੱਲ ਇੱਥੇ ਤੱਕ ਪਹੁੰਚ ਗਈ ਹੈ। ਆਪਣੀਆਂ ਅੱਖਾਂ ਤੇ ਯਕੀਨ ਨਹੀਂ ਆਇਆ। ਰੱਸੀ ਨਾਲ ਬੰਨ੍ਹਣ ਵਾਲੇ ਉਹੀ ਲੋਕ ਸਨ ਜਿਨ੍ਹਾਂ ਦਾ ਭਲਾ ਕੁਝ ਜ਼ਿਆਦਾ ਹੀ ਕੀਤਾ ਸੀ। ਸਾਰਿਆਂ ਦੇ ਅੱਗੇ ਅੱਗੇ ਉਹੀ ਸੀ ਜਿਸਦਾ ਪਿਛਲਾ ਕਰਜ਼ਾ ਉਤਰਿਆ ਨਹੀਂ ਸੀ ਤਾਂ ਵੀ ਨਗੌਰੀ ਬਲਦਾਂ ਦੀ ਜੋੜੀ ਦਿਵਾਈ ਸੀ! ਦੂਜਾ ਉਹ ਜਿਸ ਤੋਂ ਵਰ੍ਹਿਆਂ ਪੁਰਾਣਾ ਕਰਜ਼ਾ ਬਿਨਾਂ ਧੇਲਾ ਲਿਆਂ ਖਾਤਾ ਸਾਫ਼ ਕਰ ਦਿੱਤਾ ਸੀ। ਤੀਸਰਾ ਉਹ ਜਿਸ ਦਾ ਗਹਿਣੇ ਰੱਖਿਆ ਖੇਤ ਬਹੂ ਦੀ ਕੁੱਖ ਹਰੀ ਹੋਣ ਦੀ ਖ਼ੁਸ਼ੀ ਵਿੱਚ ਛੱਡ ਦਿੱਤਾ ਸੀ। ਪਰ ਇਹ ਸਮਾਂ ਇਹੋ ਜਿਹੀਆਂ ਘਟੀਆਂ ਗੱਲਾਂ ਵਿਚਾਰਨ ਦਾ ਨਹੀਂ। ਉਸਨੂੰ ਪਛਤਾਵਾ ਹੋਇਆ। ਹਾਂ ਵਿਅੰਗਮਈ ਮੁਸਕਾਨ ਹੋਠਾਂ ਤੇ ਛਾ ਗਈ। ਰੱਸੀ ਬੰਨ੍ਹਣ ਵਾਲੇ ਤੋਂ ਵੀ ਮੁਸਕਾਨ ਛਿਪੀ ਨਹੀਂ, ਉਸਦੀਆਂ ਅੱਖਾਂ ਝੁਕ ਗਈਆਂ।

ਹੀਲ ਹੁੱਜਤ ਕਰਨ ਦਾ ਸਮਾਂ ਨਹੀਂ, ਚੁੱਪ ਚਾਪ ਉਨ੍ਹਾਂ ਦੇ ਪਿੱਛੇ ਪਿੱਛੇ ਤੁਰ ਪਿਆ। ਪਤਨੀ ਦੇ ਦਰਦ ਸਾਹਮਣੇ ਉਸਦਾ ਦੁੱਖ ਪਾਸਕ ਬਰਾਬਰ ਵੀ ਨਹੀਂ। ਪੌੜੀਆਂ ਉਤਰਦਿਆਂ ਕਲੇਜਾ ਮੂੰਹ ਤੱਕ ਆ ਗਿਆ, ਬੋਲਿਆ- ਇੱਕ ਵਾਰ ਬਹੂ ਦੇ ਕਮਰੇ ਵਿੱਚ ਜਾ ਕੇ ਮਾਂ ਧੀ ਦਾ ਹਾਲ ਚਾਲ ਪੁੱਛ ਆਵਾਂ?

ਪੰਚ ਨਹੀਂ ਮੰਨੇ। ਮੰਨ ਜਾਣ ਫਿਰ ਪੰਚਾਂ ਨੂੰ ਕੌਣ ਪੁੱਛੇ? ਕਹਿੰਦੇ- ਨਿਆਂ ਹੋਣ ਪਿੱਛੋਂ ਸਾਰੀ ਉਮਰ ਹਾਲ ਚਾਲ ਪੁੱਛਣ ਤੇ ਹੀ ਹੈਂ। ਏਨੀ ਕਾਹਲ ਕਿਸ ਵਾਸਤੇ? ਮਨੁੱਖਾਂ ਦੀ ਬੋਲੀ ਥੋੜ੍ਹੀ ਸਮਝਣ ਲੱਗਿਆ ਸੀ, ਜਿਵੇਂ ਚੁਪਾਸੇ ਅੱਗ ਲੱਗ ਗਈ ਹੋਵੇ। ਕਿਵੇਂ ਸਬਰ ਕੀਤਾ, ਉਹੀ ਜਾਣਦਾ ਸੀ। ਸਮਾਂ ਬੜਾ ਬਲਵਾਨ ਹੈ। ਤਾਕਤ ਹੁੰਦੇ ਹੋਏ ਵੀ ਮਨ ਮਸੋਸ ਕੇ ਰਹਿ ਗਿਆ। ਮਾਣ ਹੋਇਆ ਕਿ ਭੂਤ ਹਾਂ, ਆਦਮੀ ਨਹੀਂ। ਭੂਤ ਜ਼ਬਾਨ ਤੋਂ ਕਦੀ ਨਹੀਂ ਡਿਗਦਾ। ਆਦਮੀ ਦਾ ਤਾਂ ਇਤਬਾਰ ਹੀ ਨਹੀਂ। ਆਦਮੀ ਵਰਗਾ ਨਾਸ਼ੁਕਰਾ ਤਾਂ ਕਾਂ ਵੀ ਨਹੀਂ ਹੁੰਦਾ। ਮਨ ਹੀ ਮਨ ਸੋਚਣ ਲੱਗਾ ਅੱਗੇ ਕੀ ਕਰਨਾ ਹੈ, ਕੀ ਨਹੀਂ ਕਰਨਾ। ਆਪਣੇ ਸਵਾਰਥ ਨੂੰ ਰੋਵੇ ਕਿ ਬਹੂ ਦੀ ਇੱਜ਼ਤ ਰੱਖੇ। ਉਸਨੂੰ ਸੰਕਟ ਵਿੱਚ ਪਾਉਣ ਦੀ ਥਾਂ ਖ਼ੁਦ ਭੁਗਤੇਗਾ। ਮਹਾਂਬਲੀ ਹੁੰਦੇ ਸੁੰਦੇ ਲਾਚਾਰ ਹੋ ਗਿਆ। ਇਸੇ ਨੂੰ ਮਹਾਂਸ਼ਕਤੀ ਕਹਿੰਦੇ ਨੇ! ਪਰ ਬੰਦਿਆਂ ਵਿੱਚ ਪਰੰਪਰਾ ਹੈ ਕਿ ਜ਼ੋਰਾਵਰ ਅੱਗੇ ਕਮਜ਼ੋਰ ਝੁਕੇ।

ਲੋਕਾਂ ਦਾ ਤਮਾਸ਼ਾ ਅੱਗੇ ਵਧਿਆ। ਦੋਵੇਂ ਪਤੀ ਨਾਲ ਨਾਲ ਚੱਲ ਰਹੇ ਸਨ। ਸੇਠ ਵੀ ਪੈਰ ਘਸੀਟਦਾ ਘਸੀਟਦਾ ਪਿੱਛੇ ਪਿੱਛੇ ਤੁਰਦਾ ਆ ਰਿਹਾ ਸੀ। ਪਗੜੀ ਦੇ ਦੋ ਤਿੰਨ ਕੁੰਡਲ ਗਲ ਵਿੱਚ ਪਏ ਹੋਏ! ਪੱਤੇ ਪੱਤੇ ਨੂੰ ਝੰਜੋੜਦੀ ਹੋਈ ਤੇਜ਼ ਹਵਾ ਸਾਂ ਸਾਂ ਵਗ ਰਹੀ ਸੀ। ਜਾਂਦੇ ਜਾਂਦੇ ਉਸੇ ਜੰਡੀ ਤੇ ਭੂਤ ਦੀ ਨਿਗ੍ਹਾ ਪੈ ਗਈ। ਸਿਰ ਤੋਂ ਪੈਰ ਤੱਕ ਕੰਬ ਗਿਆ। ਪੈਰ ਜ਼ਮੀਨ ਵਿੱਚ ਗੱਡੇ ਗਏ। ਮੱਥੇ ਵਿੱਚ ਜਿਵੇਂ ਸੁਰੰਗ ਪੁੱਟੀ ਗਈ ਹੋਵੇ। ਅੱਖਾਂ ਅੱਗੇ ਯਾਦਾਂ ਦਾ ਝੱਖੜ ਝੂਲਣ ਲੱਗਾ। ਇਸੇ ਜੰਡੀ ਹੇਠ ਸੁਗੰਧੀਆਂ ਦਾ ਮੇਲਾ! ਉਹ ਚਿਹਰਾ! ਉਹ ਅੱਖਾਂ, ਉਹ ਨ੍ਹੇਰੀ, ਵੱਡੀਆਂ ਵੱਡੀਆਂ ਮੋਟੀਆਂ ਬੂੰਦਾਂ। ਬਹੂ ਦਾ ਬੇਹੋਸ਼ ਹੋ ਕੇ ਉਸਦੀਆਂ ਬਾਹਵਾਂ ਵਿੱਚ ਸਮਾ ਜਾਣਾ। ਰੱਸੀ ਦਾ ਝਟਕਾ ਲੱਗਾ, ਦੁਬਾਰਾ ਹੋਸ਼ ਆਈ। ਪੈਰ ਫਿਰ ਤੁਰਨ ਲੱਗੇ... ਸੱਜਾ ਖੱਬਾ... ਖੱਬਾ ਸੱਜਾ...। ਯਾਦਾਂ ਨਾ ਹੁੰਦੀਆਂ ਕਿੰਨਾ ਵਧੀਆ ਹੁੰਦਾ! ਇਹ ਯਾਦ ਤਾਂ ਜਾਨ ਕੱਢ ਲਏਗੀ। ਯਾਦਾਂ ਨਾਲੋਂ ਵੱਡੀ ਜਾਇਦਾਦ ਹੋਰ ਹੈ ਕਿਹੜੀ? ਪਿਆਰ ਦਾ ਪਲ, ਦੁੱਖਾਂ ਦੇ ਹਜ਼ਾਰ ਸਾਲ ਬਰਾਬਰ। ਫੇਰ ਉਸ ਦੇ ਅੰਤਰਮਨ ਵਿੱਚ ਤਾਂ ਚਾਰ ਸਾਲ ਦੀ ਅਥਾਹ ਚਾਨਣੀ ਖਿੱਲਰੀ ਪਈ ਹੈ!

ਉਜੈਨ ਵਾਲੇ ਦੇ ਮਨ ਨੂੰ ਅਟੱਲ ਸੱਚ ਦਾ ਸਹਾਰਾ ਸੀ ਪਰ ਅੱਜ ਸੱਚ ਨੂੰ ਕਿਉਂ ਆਂਚ ਆ ਰਹੀ ਹੈ? ਚੱਕਰ ਵਿੱਚ ਫਸ ਗਿਆ। ਕੇਹੀ ਲੀਲਾ! ਨਾਲ ਨਾਲ ਜਾਂਦਾ ਬੰਦਾ ਨਿਰਾ ਪੁਰਾ ਉਸੇ ਦੀ ਤਸਵੀਰ! ਜੇ ਇਸ ਨੂੰ ਪੁੱਛ ਲਿਆ ਜਾਵੇ? ਗੱਲ ਕਿਸੇ ਸਿਰੇ ਤਾਂ ਲੱਗੇ। ਬੜੀ ਮੁਸ਼ਕਲ ਨਾਲ ਰੁਕ ਰੁਕ ਕੇ ਬੋਲਿਆ- ਭਾਈ ਨਿਆਂ ਤਾਂ ਪਤਾ ਨੀ ਕੀ ਹੋਵੇ ਪਰ ਤੈਨੂੰ ਤਾਂ ਪਤਾ ਹੈ ਸੇਠ ਦਾ ਬੇਟਾ ਮੈਂ ਈ ਹਾਂ, ਸੱਤ ਫੇਰਿਆਂ ਵਾਲਾ ਅਸਲੀ ਪਤੀ? ਗੱਡੀ ਵਿੱਚ ਮੇਰੇ ਨਾਲ ਬੈਠ ਕੇ ਉਹ ਪਿੰਡ ਆਈ ਸੀ। ਪਰ ਤੂੰ ਕੌਣ ਹੈ? ਇਹ ਕੀ ਹੈ ਤੇਰਾ ਮਾਇਆ ਜਾਲ? ਬੈਠਾ ਬਿਠਾਇਆ ਮੈਂ ਕਿਸ ਝੰਜਟ ਵਿੱਚ ਫਸ ਗਿਆ? ਸੱਚ ਸੱਚ ਦੱਸ ਤੂੰ ਹੈ ਕੌਣ? ਮੈਥੋਂ ਕਿਹੜੇ ਜਨਮ ਦਾ ਬਦਲਾ ਲਿਆ...!

ਸੀ ਤਾਂ ਭੂਤ, ਨਿਆਂ ਕਰਨ ਵਾਲੇ ਪੰਚਾਂ ਦੀਆਂ ਗਰਦਣਾਂ ਮਰੋੜ ਸਕਦਾ ਸੀ। ਕਈ ਖੇਡਾਂ ਖੇਡ ਸਕਦਾ ਸੀ। ਇਨ੍ਹਾਂ ਦੇ ਸਿਰ ਚੜ੍ਹ ਜਾਂਦਾ ਛਟੀ ਦਾ ਦੁੱਧ ਯਾਦ ਆ ਜਾਏ ਇਨ੍ਹਾਂ ਨੂੰ। ਪਰ ਪ੍ਰੀਤ ਦੀ ਛਾਂ ਹੇਠ ਮਨ ਬਦਲ ਚੁੱਕਾ ਸੀ। ਝੂਠ ਬੋਲਣਾ ਚਾਹਿਆ ਤਾਂ ਬੋਲ ਨਹੀਂ ਸਕਿਆ। ਤੇ ਸੱਚ ਵੀ ਕਿਵੇਂ ਬੋਲੇ? ਪ੍ਰੀਤ ਦੀ ਲਾਜ ਵੀ ਪਾਲਣੀ ਸੀ। ਉਸਦੀ ਹਾਰ ਜਿੱਤ ਦਾ ਮਸਲਾ ਨਹੀਂ, ਪ੍ਰੇਮ ਦੀ ਹਾਰ ਜਿੱਤ ਦਾ ਸਵਾਲ ਹੈ। ਪ੍ਰੇਮ, ਸਵਾਰਥ ਦੀ ਲਪੇਟ ਵਿੱਚ ਆ ਜਾਏ ਤਾਂ ਪ੍ਰੇਮ ਹੀ ਕੀ? ਜਿਹੜੀ ਪ੍ਰੀਤ ਦੀ ਪੀਂਘ ਝੂਟਦਾ ਝੂਟਦਾ ਬੱਦਲਾਂ ਤੋਂ ਪਾਰ ਚਲਾ ਗਿਆ ਉਸਨੂੰ ਇੱਕ ਪਲ ਲਈ ਵੀ ਬਦਨਾਮ ਕਿਉਂ ਕਰੇ? ਯੁਧਿਸ਼ਟਰ ਵਾਲੀ ਮਰਿਆਦਾ ਨਿਭਾਈ- “ਮੈਂ ਔਰਤਾਂ ਦੇ ਚੰਮ ਹੇਠਲਾ ਸੂਖ਼ਮ ਜੀਵ ਹਾਂ, ਉਨ੍ਹਾਂ ਦੇ ਪ੍ਰੇਮ ਦਾ ਸੁਆਮੀ। ਵਪਾਰ ਦੇ ਲੋਭ ਦੀ ਥਾਂ ਮੈਨੂੰ ਪ੍ਰੇਮ ਦੀ ਚਾਹ ਵਧੀਕ ਹੈ। ਇਹੀ ਚਾਹ ਮੇਰੇ ਪ੍ਰਾਣ ਹਨ।”

ਸੱਤ ਫੇਰਿਆਂ ਵਾਲਾ ਖਿਝ ਕੇ ਵਿਚਾਲਿਉਂ ਬੋਲਿਆ- ਫਾਲਤੂ ਝਖ ਮਾਰਨ ਦਾ ਕੀ ਲਾਭ? ਸਾਫ਼ ਸਾਫ਼ ਦੱਸ ਪਵਿੱਤ੍ਰ ਅਗਨੀ ਦੁਆਲ਼ੇ ਤੂੰ ਸੱਤ ਫੇਰੇ ਲਏ?

ਤੁਰੰਤ ਉਸ ਤੋਂ ਜਵਾਬ ਨਹੀਂ ਦਿੱਤਾ ਗਿਆ। ਮੱਥੇ ਉੱਪਰ ਤਿਊੜੀਆਂ ਉਭਰ ਆਈਆਂ, ਹਾਰ ਮੰਨਣ ਨਾਲ ਗੱਲ ਵਿਗੜ ਜਾਣੀ ਹੈ। ਬਹੂ ਕੀ ਸੋਚੇਗੀ ਕਿਸ ਗਏ ਗੁਜ਼ਰੇ ਨਾਲ ਪ੍ਰੀਤ ਪਾਈ! ਕੜਕਦੀ ਆਵਾਜ਼ ਵਿੱਚ ਕਿਹਾ- ਸਿਰਫ਼ ਸੱਤ ਫੇਰੇ ਕੀ ਕਰਨਗੇ। ਪਵਿੱਤ੍ਰ ਅਗਨੀ ਦੀ ਧੌਂਸ ਸਾਰੀ ਉਮਰ ਨਹੀਂ ਚਲਦੀ। ਵਪਾਰ ਚੀਜ਼ਾਂ ਦਾ ਹੁੰਦੈ ਪਿਆਰ ਦਾ ਨਹੀਂ। ਤੂੰ ਤਾਂ ਪਿਆਰ ਦਾ ਵਪਾਰ ਕਰਨ ਲੱਗ ਪਿਆ, ਇਸ ਵਪਾਰ ਦੀ ਇਹੋ ਬਰਕਤ ਹੋਇਆ ਕਰਦੀ ਐ। ਲੰਮਾ ਚੌੜਾ ਸੋਚਣ ਦੀ ਲੋੜ ਨਹੀਂ।

ਵਪਾਰੀ ਪਤੀ ਦੇ ਕਾਲਜੇ ਵਿੱਚੋਂ ਜਿਵੇਂ ਕਿਸੇ ਨੇ ਲੋਹੇ ਦਾ ਸੁਰਖ ਸਰੀਆ ਲੰਘਾ ਦਿੱਤਾ ਹੋਵੇ। ਇਹ ਗੱਲ ਤਾਂ ਕਦੀ ਸੋਚੀ ਨਹੀਂ ਸੀ। ਸੋਚਣ ਦਾ ਮੌਕਾ ਮਿਲਿਆ ਹੀ ਕਦੋਂ? ਅੱਜ ਮੌਕਾ ਮਿਲਿਆ, ਇਸ ਆਫ਼ਤ ਵਿੱਚ! ਭੀਲਣੀ ਨੇ ਪਹਿਲੀ ਵਾਰ ਪਿੰਡ ਜਾਣ ਵਾਸਤੇ ਕਿਹਾ ਸੀ ਪਰ ਕਾਰੋਬਾਰ ਕਾਰਨ ਵਸ ਨੀ ਚੱਲਿਆ। ਵਪਾਰ ਦਾ ਵਲ ਨਾਗਵਲ ਤੋਂ ਘੱਟ ਨਹੀਂ ਹੁੰਦਾ। ਭੀਲਣੀ ਦੀ ਸਲਾਹ ਮੰਨ ਕੇ ਪਿੰਡ ਗੇੜਾ ਮਾਰ ਜਾਂਦਾ ਤਾਂ ਕੀ ਫ਼ਰਕ ਪੈਂਦਾ? ਪਰ ਇਹ ਕਾਂਡ ਤਾਂ ਵਿਆਹ ਦੇ ਤੀਜੇ ਦਿਨ ਹੋ ਗਿਆ ਸੀ। ਕੀ ਲੋੜ ਸੀ ਬਾਪੂ ਦੇ ਡਰ ਕਰਕੇ ਪਿੰਡ ਛੱਡਣ ਦੀ? ਪਰ ਹਵੇਲੀ ਦੀ ਮਰਿਆਦਾ ਇਹੀ ਹੈ। ਤਾਂ ਹੀ ਤਾਂ ਬਹੂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਈਸ਼ਵਰ ਦਾ ਤਾਂ ਬਸ ਨਾਉਂ ਹੀ ਹੈ। ਬਾਣੀਏ ਦਾ ਅਸਲੀ ਧਰਮ ਤੇ ਈਸ਼ਵਰ ਵਪਾਰ ਹੈ। ਵਿਆਜ ਦੇ ਮਣਕੇ ਫੇਰੋ ਤੇ ਰਾਤ ਦਿਨ ਲੱਛਮੀ ਦਾ ਸਿਮਰਨ ਕਰੋ। ਇਸ ਅਨਹੋਣੀ ਦਾ ਤਾਂ ਸੁਪਨੇ ਵਿੱਚ ਵੀ ਅੰਦਾਜ਼ਾ ਨਹੀਂ ਸੀ। ਉਸ ਦਿਨ ਤਾਂ ਹੋਸ਼ ਆ ਜਾਂਦਾ ਜਦੋਂ ਭੀਲ ਭੀਲਣੀ ਨੇ ਲਾਲਚ ਨਹੀਂ ਦਿਖਾਇਆ, ਖ਼ੁਦ ਖੋਦਿਆ ਹੋਇਆ ਧਨ ਉਸ ਨੂੰ ਦੇ ਦਿੱਤਾ। ਕੰਗਾਲ ਵਾਂਗ ਉਸ ਨੇ ਕਬੂਲ ਕਰ ਲਿਆ! ਉਸ ਬੀਤੇ ਪਲ ਨੂੰ ਬੇਅੰਤ ਰਕਮ ਖਰਚਕੇ ਮੋੜਿਆ ਨਹੀਂ ਜਾ ਸਕਦਾ। ਬਹੂ ਦੇ ਬੋਲਾਂ ਦਾ ਭੇਦ ਨਾ ਰਥ ਵਿੱਚ ਸਮਝਿਆ ਨਾ ਹਵੇਲੀ ਵਿੱਚ। ਦੀਵਿਆਂ ਦੀ ਰੌਸ਼ਨੀ ਵਿੱਚ ਵੀ ਕੁਝ ਨਾ ਸੁੱਝਿਆ। ਭੀਲਣੀ ਦੇ ਬੋਲ ਕੰਨਾਂ ਵਿੱਚ ਫਸੇ ਰਹੇ, ਅੰਦਰ ਤਾਂ ਗਏ ਹੀ ਨਹੀਂ। ਜਿਹੜਾ ਅੱਖਾਂ ਹੁੰਦਿਆਂ ਅੰਨ੍ਹਾ ਹੋਵੇ, ਕੰਨ ਹੁੰਦਿਆਂ ਬੋਲਾ ਉਸਦਾ ਇਲਾਜ ਧਨਵੰਤਰੀ ਵੈਦ ਕੋਲ ਵੀ ਨਹੀਂ ਹੁੰਦਾ। ਬਿਧਮਾਤਾ ਉਸਦੀ ਕੋਈ ਮਦਦ ਨਹੀਂ ਕਰ ਸਕਦੀ। ਦੁਸ਼ਮਣ ਨਾਲ ਵੀ ਰੱਬ ਇਉਂ ਨਾ ਕਰੇ!

ਲੋਕਾਂ ਦੀ ਭੀੜ ਤੇਜ਼ ਕਦਮੀਂ ਰਾਜ ਮਹਿਲ ਵੱਲ ਤੁਰੀ ਜਾ ਰਹੀ ਸੀ ਕਿ ਰਸਤੇ ਵਿੱਚ ਉਨ੍ਹਾਂ ਨੂੰ ਇੱਕ ਗਡਰੀਆ ਮਿਲਿਆ। ਹੱਥ ਵਿੱਚ ਲੰਮੀ ਢਾਂਗੀ, ਖਿਚੜੀ ਦਾੜ੍ਹੀ। ਖਿਚੜੀ ਵਾਲ। ਪੂਰਾ ਲੰਮਾ ਕੱਦਾਵਰ। ਰਿਛ ਵਾਂਗ ਸਰੀਰ ਉੱਪਰ ਵਾਲ। ਪਲਕਾਂ, ਸੇਹਲੀਆਂ, ਕੰਨਾਂ ਉੱਪਰ ਵੀ ਲੰਮੇ ਵਾਲ। ਪੀਲੇ ਦੰਦ। ਢਾਂਗੀ ਨਾਲ ਰਾਹ ਰੋਕਦਿਆਂ ਮੂਰਖਾਂ ਜਿਹੀ ਆਵਾਜ਼ ਨਾਲ ਪੁੱਛਿਆ- ਇੰਨੇ ਜਣੇ ਇਕੱਠੇ ਹੋ ਕੇ ਕਿੱਥੇ ਜਾ ਰਹੇ ਹੋ?

ਦੋ ਤਿੰਨ ਵਾਰ ਸਹਿਜੇ ਸਹਿਜੇ ਉਸ ਨੂੰ ਸਮਝਾਇਆ ਤਾਂ ਗੱਲ ਪੱਲੇ ਪਈ। ਦੁਨੀਆ ਵਿੱਚ ਇਹੋ ਜਿਹੀਆਂ ਗੜਬੜਾਂ ਵੀ ਹੋਇਆ ਕਰਦੀਆਂ ਹਨ ਉਸਨੂੰ ਪਤਾ ਨਹੀਂ ਸੀ। ਪਤਾ ਕਰਨ ਵਾਲੀ ਗੱਲ ਹੈ ਵੀ ਨਹੀਂ ਸੀ। ਪਰ ਇੰਨੇ ਲੋਕ ਝੂਠ ਕੀ ਬੋਲਦੇ ਹੋਣਗੇ? ਉਤਰੇ ਮਨ ਨਾਲ ਮੰਨ ਗਿਆ। ਲੋਕਾਂ ਵਿੱਚ ਹੀ ਰਹਿਣਾ ਹੈ ਆਖ਼ਰ, ਸੋ ਬਹਿਸ ਕਰਨੀ ਠੀਕ ਨਹੀਂ। ਹੱਸਦਾ ਹੋਇਆ ਬੋਲਿਆ- ਇਸ ਮਾਮੂਲੀ ਕੰਮ ਕਰਕੇ ਵਿਚਾਰੇ ਰਾਜੇ ਨੂੰ ਕਿਉਂ ਤਕਲੀਫ਼ ਦਿੰਦੇ ਹੋ? ਇਸ ਦਾ ਨਬੇੜਾ ਤਾਂ ਮੈਂ ਇੱਥੇ ਹੀ ਕਰ ਦਿੰਨਾ! ਤੁਹਾਨੂੰ ਮੇਰੀਆਂ ਅੱਖਾਂ ਦੀ ਸਹੁੰ ਲੱਗੇ ਜੇ ਇੱਕ ਕਦਮ ਅੱਗੇ ਵਧੇ। ਤਲਾਬ ਦਾ ਠੰਢਾ ਪਾਣੀ ਪੀਓ। ਥੋੜ੍ਹਾ ਆਰਾਮ ਕਰੋ। ਇੰਨੇ ਮਹਿਮਾਨ ਭਲਾ ਕਦ ਆਉਣਗੇ? ਰੋਟੀ ਖਾਏ ਬਿਨ ਨਹੀਂ ਜਾਣ ਦਿਆਂਗਾ। ਬੱਕਰੀਆਂ ਦਾ ਬਥੇਰਾ ਦੁੱਧ ਹੈ, ਜਵਾਰ ਦਾ ਆਟਾ ਪਿਐ। ਖੀਰ ਬਣਨ ਨੂੰ ਵੀ ਦੇਰ ਨਹੀਂ ਲਗਣੀ। ਪਰ ਇੱਕ ਉਲਾਂਭਾ ਤਾਂ ਤੁਹਾਨੂੰ ਝੱਲਣਾ ਈ ਪੈਣੈ ਕਿ ਤੁਸੀਂ ਆਪਣੇ ਪਿੰਡ ਨੂੰ ਨਹੀਂ ਆਸ ਪਾਸ ਦੇ ਇਲਾਕੇ ਨੂੰ ਵੀ ਕਲੰਕ ਲਾ ਦਿੱਤਾ। ਨਗਰ ਖੇੜੇ ਵਿੱਚ ਕੋਈ ਮਾਈ ਦਾ ਲਾਲ ਇਹ ਝਗੜਾ ਨਹੀਂ ਨਿਬੇੜ ਸਕਿਆ? ਖ਼ੁਰ ਰਗੜਦੇ ਰਗੜਦੇ ਤੁਰ ਪਏ ਰਾਜ ਮਹਿਲ ਵੱਲ। ਦੱਸੋ ਪਹਿਲਾਂ ਨਿਆਂ ਕਰਾਂ ਕਿ ਭੋਜਨ ਛਕਾਵਾਂ?

ਖਾਣੇ ਤੋਂ ਸਭ ਨੇ ਇਨਕਾਰ ਕਰਦਿਆਂ ਕਿਹਾ ਕਿ ਪਿੰਡੋਂ ਖਾ ਕੇ ਤੁਰੇ ਹਾਂ ਤੇ ਸਭ ਕੋਲ ਆਪੋ ਆਪਣਾ ਪੋਣੇ ਵਿੱਚ ਬੰਨ੍ਹਿਆ ਹੋਇਐ। ਚਰਵਾਹੇ ਨੇ ਕਿਹਾ- ਚਲੋ ਪਹਿਲਾਂ ਤੁਹਾਡਾ ਨਿਆਂ ਕਰ ਦਿੰਨਾ, ਨਿਆਂ ਤੋਂ ਪਹਿਲਾਂ ਤਾਂ ਰੋਟੀ ਸੁਆਦ ਵੀ ਨੀਂ ਲੱਗਣੀ। ਤੁਹਾਡੇ ਪੰਚਾਂ ਦੇ ਤਾਂ ਖੁਰਕ ਹੋ ਰਹੀ ਹੈ। ਮੇਰੀ ਗੱਲ ਨਾ ਮੰਨੀ ਤਾਂ ਪਾਪ ਲੱਗੇਗਾ। ਰੱਬ ਝੂਠ ਨਾ ਬੁਲਵਾਏ, ਅੱਜ ਤੱਕ ਬਿਨ ਭੋਜਨ ਕਰਾਏ ਕਿਸੇ ਰਾਹੀ ਨੂੰ ਜਾਣ ਨਹੀਂ ਦਿੱਤਾ।

ਲੋਕਾਂ ਨੇ ਸੋਚਿਆ ਰਾਜ ਮਹਿਲ ਅਜੇ ਦੂਰ ਹੈ। ਇਸ ਗੰਵਾਰ ਰਾਹੀਂ ਕੀ ਪਤਾ ਕੋਈ ਗੱਲ ਬਣ ਜਾਏ? ਦੇਖਣ ਵਿੱਚ ਕੀ ਹਰਜ? ਮਹਿਲ ਦਾ ਰਸਤਾ ਤਾਂ ਫਿਰ ਹੈ ਈ। ਗਡਰੀਏ ਨੇ ਦੋਵਾਂ ਜੁਆਨਾ ਵੱਲ ਧਿਆਨ ਨਾਲ ਦੇਖਿਆ, ਹੂ-ਬ-ਹੂ ਇੱਕੋ ਜਿਹੇ ਚਿਹਰੇ। ਵਾਲ ਤਕ ਦਾ ਫ਼ਰਕ ਨਹੀਂ। ਚੰਚਲ ਬਿਧਮਾਤਾ ਨੇ ਕਿਹੀ ਸ਼ਰਾਰਤ ਕੀਤੀ! ਉਨ੍ਹਾਂ ਦੀਆਂ ਰੱਸੀਆਂ ਖੋਲ੍ਹਦਾ ਹੋਇਆ ਬੋਲਿਆ- ਭਲੇ ਮਾਣਸੋ ਇਨ੍ਹਾਂ ਨੂੰ ਬੰਨ੍ਹਿਆਂ ਕਿਉਂ? ਇੰਨੇ ਲੋਕਾਂ ਵਿੱਚੋਂ ਭੱਜ ਕੇ ਜਾਂਦੇ ਕਿੱਥੇ? ਫੇਰ ਮੁਖੀਆ ਵਲ ਮੁੜ ਕੇ ਕਿਹਾ- ਇਹ ਗੂੰਗੇ ਬੋਲੇ ਤਾਂ ਨਹੀਂ? ਬੇਹੂਦਾ ਸਵਾਲ ਸੁਣਕੇ ਦੋਵੇਂ ਜਣੇ ਚੁੱਪਚਾਪ ਖੜ੍ਹੇ ਰਹੇ। ਹੱਸਣ ਨੂੰ ਦਿਲ ਕੀਤਾ ਪਰ ਹੱਸਿਆ ਨਹੀਂ ਗਿਆ।ਦੁਨੀਆ ਵਿੱਚ ਪਾਗ਼ਲਾਂ ਦੀ ਕੋਈ ਘਾਟ ਹੈ? ਜਿੱਥੇ ਜਾਉ ਮਿਲ ਜਾਣਗੇ।

ਮੁਖੀਆ ਬੋਲਿਆ- ਨਹੀਂ, ਇਹ ਤਾਂ ਫਰਾਟੇ ਬੋਲਦੇ ਨੇ।

ਗਡਰੀਆ ਹੱਸਿਆ- ਫਿਰ ਏਨੀ ਖੇਚਲ ਕਿਉਂ ਕੀਤੀ, ਉਥੀ ਪੁੱਛ ਲੈਂਦੇ? ਦੋਵਾਂ ਵਿੱਚ ਇੱਕ ਤਾਂ ਝੂਠਾ ਹੈ ਹੀ।

ਪੰਚ ਦਿਲ ਹੀ ਦਿਲ ਹੱਸੇ- ਇਹ ਤਾਂ ਨਿਰਾ ਗੋਬਰ ਗਣੇਸ਼ ਹੈ। ਗੁਹਾਰਾ ਹੈ ਬਸ। ਇਹ ਸੱਚ ਬੋਲਦੇ ਹੁੰਦੇ ਫਿਰ ਰੋਣਾ ਕਾਹਦਾ ਸੀ! ਕਰੂਗਾ ਇਹ ਨਿਆਂ! ਇਨੀ ਲਿਆਕਤ ਹੁੰਦੀ ਫਿਰ ਭੇਡਾਂ ਪਿੱਛੇ ਟਰਰ ਟਰਰ ਕਰਦਾ ਭੱਜਦਾ ਫਿਰਦਾ? ਖਾਹ ਮਖਾਹ ਸਮਾਂ ਖ਼ਰਾਬ ਕਰ ਰਿਹੈ।

ਰੱਸੀ ਇਕੱਠੀ ਕਰਦਿਆਂ ਗਡਰੀਆ ਬੋਲਿਆ- ਸਮਝ ਗਿਆ, ਸਮਝ ਗਿਆ। ਬੋਲਣਾ ਜਾਣਦੇ ਨੇ ਪਰ ਝੂਠ ਬੋਲਣਾ ਸਿਖ ਗਏ। ਕੋਈ ਨੀ, ਸੱਚ ਕਢਵਾਉਣਾ ਤਾਂ ਮੇਰੀ ਚੀਚੀ ਦਾ ਕੰਮ ਹੈ। ਗਲ ਵਿਚ ਦੀ ਢਾਂਗੀ ਅੰਦਰ ਲੰਘਾ ਕੇ ਆਂਦਰਾਂ ਵਿੱਚੋਂ ਸੱਚ ਬਾਹਰ ਕੱਢ ਲਿਆ ਕਰਦਾ ਮੈਂ, ਦੇਰ ਕਿਸ ਗੱਲ ਦੀ? ਜੰਡੀ ਦੀਆਂ ਟਾਹਣੀਆਂ, ਕਿੱਕਰਾਂ ਦੇ ਤੁੱਕੇ ਇਸ ਢਾਂਗੀ ਦੀ ਮਾਰ ਨੀ ਝੱਲ ਸਕਦੇ ਫੇਰ ਸੱਚ ਤਾਂ ਚੀਜ਼ ਹੀ ਕੀ ਹੋਈ! ਬੋਲੋ, ਪਹਿਲਾਂ ਕਿਹੜੇ ਦੇ ਹਲਕ ਵਿੱਚ ਢਾਂਗੀ ਘਸੋਵਾਂ? ਜਿਹੜਾ ਪਹਿਲਾਂ ਮੂੰਹ ਖੁੱਲ੍ਹੇਗਾ, ਉਹੀ ਸੱਚਾ!

ਨਿਆਂ ਕਰਨ ਵਾਲੇ ਗਡਰੀਏ ਦੀ ਇਹ ਗੱਲ ਪੰਚਾਂ ਨੂੰ ਬੜੀ ਬੁਰੀ ਲੱਗੀ। ਸੇਠ ਦੇ ਬੇਟੇ ਨੂੰ ਤਾਂ ਜਿਵੇਂ ਅੱਗ ਲੱਗ ਗਈ ਹੋਵੇ! ਮੂੰਹ ਤਾਂ ਨਹੀਂ ਖੋਲ੍ਹਿਆ ਪਰ ਦਿਲ ਹੀ ਦਿਲ ਗਾਲਾਂ ਖ਼ੂਬ ਦਿੱਤੀਆਂ। ਨੇੜੇ ਤੇੜੇ ਕਿਤੇ ਅੱਗ ਹੁੰਦੀ, ਗਡਰੀਏ ਦੀ ਖਿਚੜੀ ਦਾਹੜੀ ਨੂੰ ਜਲਾ ਦਿੰਦਾ। ਸਾਰਿਆਂ ਦੀ ਹੀ ਮੱਤ ਮਾਰੀ ਗਈ ਇਸ ਮੂਰਖ ਨੂੰ ਨਿਆਂ ਕਰਨ ਲਈ ਕਹਿ ਦਿੱਤਾ, ਇਸ ਨੂੰ ਅਕਲ ਹੁੰਦੀ ਤਾਂ ਕਿਸੇ ਬਾਣੀਏ ਦਾ ਮੁਨੀਮ ਨਾ ਹੁੰਦਾ? ਇਹਦੇ ਤਾਂ ਖ਼ਾਨਦਾਨ ਨੂੰ ਨਹੀਂ ਪਤਾ ਨਿਆਂ ਹੁੰਦਾ ਕੀ ਐ। ਭੂਤ ਨੂੰ ਗੱਲ ਚੰਗੀ ਲੱਗੀ। ਆਪਣੀ ਪਛਾਣ ਆਪ ਕਾਹਨੂੰ ਜ਼ਾਹਰ ਕਰਨੀ, ਇਸ ਗਡਰੀਏ ਰਾਹੀਂ ਮੇਰੀਆਂ ਕਰਾਮਾਤਾਂ ਆਪੇ ਪਤਾ ਲੱਗ ਜਾਣਗੀਆਂ। ਪੰਚਾਂ ਦਾ ਬੁਖ਼ਾਰ ਵੀ ਲੱਥ ਜਾਏਗਾ। ਭਗਤੀ ਦਾ ਸੁਆਦ ਤਾਂ ਨਹੀਂ ਪਤਾ, ਪ੍ਰੀਤ ਦੇ ਚਮਤਕਾਰ ਨੇ ਸੁਭਾਅ ਬਦਲਿਆ ਜ਼ਰੂਰ ਪਰ ਜੜ੍ਹ ਤੋਂ ਖ਼ਤਮ ਨਹੀਂ ਹੋਇਆ। ਮੇਰੇ ਕਾਰਨ ਬਹੂ ਦੀ ਇੱਜ਼ਤ ਨਾ ਘਟੇ ਤਾਂ ਹਜ਼ਾਰ ਦੇਵਤਿਆਂ ਦੀ ਤਾਕਤ ਲਾ ਦਿਆਂ। ਮਾਮੂਲੀ ਜਿਹਾ ਚਮਤਕਾਰ ਕਰ ਦਿਆਂ ਤਾਂ ਸੇਠ, ਉਸਦਾ ਬੇਟਾ ਤੇ ਪੰਚ ਚਿੱਤ ਹੋ ਜਾਣਗੇ। ਅੰਨ੍ਹੇ ਕਰ ਸਕਦਾਂ ਤਾਂ ਕਿ ਜਿਉਂਦੇ ਜੀ ਬਹੂ ਨੂੰ ਦੇਖ ਵੀ ਨਾ ਸਕਣ! ਜੋਰਾਵਰ ਦਾ ਤਿਣਕਾ ਕਮਜ਼ੋਰ ਦੀ ਲਾਠੀ ਤੋੜ ਦਿਆ ਕਰਦੈ। ਉਸਨੇ ਤੁਰੰਤ ਆਪਣਾ ਮੂੰਹ ਖੋਲ੍ਹ ਦਿੱਤਾ।

ਸੇਠ ਦੇ ਬੇਟੇ ਨੇ ਤਾਂ ਬੁੱਲ੍ਹ ਤੱਕ ਨਹੀਂ ਹਿਲਾਏ। ਗ਼ੁੱਸਾ ਇੰਨਾ ਆਇਆ ਕਿ ਮੂਰਖ ਗਡਰੀਏ ਦੀ ਚਟਣੀ ਬਣਾ ਦਏ। ਪਰ ਬੋਲਿਆ ਨਹੀਂ। ਨਿਆਂ ਇਸ ਤੋਂ ਕੀ ਹੋਵੇ, ਫਿਰ ਆਪਾਂ ਵਿੱਚ ਕਿਉਂ ਬੋਲੀਏ?

ਗਡਰੀਏ ਨੇ ਸੋਚਿਆ ਹੀ ਨਹੀਂ ਸੀ, ਨਹੀਂ ਤਾਂ ਨਿਆਂ ਆਪਣੇ ਸਿਰ ਕਿਉਂ ਲੈਂਦਾ। ਉਸਦੇ ਦਿਲ ਦੀ ਧੜਕਣ ਵਧੀ। ਜੋਸ਼ੀਲੇ ਪੰਚਾਂ ਦਾ ਦਿਲ ਵੀ ਬੈਠਣ ਲੱਗਾ ਪਰ ਜ਼ਾਹਰ ਨਹੀਂ ਹੋਣ ਦਿੱਤਾ। ਗਿਣਤੀ ਦੀ ਆਪਣੀ ਤਾਕਤ ਹੋਇਆ ਕਰਦੀ ਹੈ, ਗਡਰੀਏ ਨੇ ਕੰਬਦੇ ਹੱਥ ਨਾਲ ਉਸਨੂੰ ਥਾਪ ਦਿੰਦਿਆਂ ਕਿਹਾ- ਸ਼ਾਬਾਸ਼, ਸ਼ਾਬਾਸ਼, ਤੇਰੇ ਵਰਗੇ ਹਰੀਸ਼ ਚੰਦ੍ਰ ਨੂੰ ਇਨ੍ਹਾਂ ਮੂਰਖਾਂ ਨੇ ਤਕਲੀਫ਼ ਵਿੱਚ ਪਾਇਆ! ਅੰਨ੍ਹਾ ਅਤੇ ਅਨਜਾਣ ਇੱਕੋ ਜਿਹੇ ਹੋਇਆ ਕਰਦੇ ਨੇ, ਖ਼ਿਆਲ ਨਾ ਕਰੀਂ। ਮੈਂ ਤੇਰੀ ਸੱਤਿਆ ਦੇਖ ਲਈ ਹੈ। ਫੇਰ ਵੀ ਦੋ ਇਮਤਿਹਾਨ ਹੋਰ ਲਊਂਗਾ। ਦਿਲ ਦੀ ਤਸੱਲੀ ਵੱਡੀ ਚੀਜ਼ ਹੁੰਦੀ ਐ। ਮਾੜਾ ਜਿਹਾ ਵਹਿਮ ਵੀ ਕਿਉਂ ਰੱਖਣਾ? ਖ਼ੁਦ ਨੂੰ ਤਸੱਲੀ ਦੇਣ ਵਾਸਤੇ ਇੰਨੀ ਗੱਲ ਗਡਰੀਏ ਨੇ ਕਹੀ ਜ਼ਰੂਰ ਪਰ ਉਸਦਾ ਡਰ ਵਧਦਾ ਗਿਆ।

ਹੁਣ ਤਾਂ ਚਾਹੇ ਆਪਣੇ ਮੂੰਹ ਤੇ ਆਪ ਚਾਂਟਾ ਮਾਰਨਾ ਪਵੇ, ਮੂੰਹ ਲਾਲ ਰੱਖਣਾ ਈ ਪੈਣੈ। ਭੇਡਾਂ ਚਰਦੀਆਂ ਚਰਦੀਆਂ ਦੂਰ ਨਿਕਲ ਗਈਆਂ ਸਨ। ਪ੍ਰੇਤ ਵਲ ਇਸ਼ਾਰਾ ਕਰਕੇ ਕਹਿੰਦਾ- ਮੈਂ ਸੱਤ ਤਾੜੀਆਂ ਵਜਾਊਂਗਾ, ਸੱਤ ਤਾੜੀਆਂ ਦੇ ਅੰਦਰ ਅੰਦਰ ਜਿਹੜਾ ਸਾਰੀਆਂ ਭੇਡਾਂ ਇਸ ਜੰਡੀ ਹੇਠ ਇਕੱਠੀਆਂ ਕਰ ਦਏ ਉਹੀ ਸੱਚਾ। ਆਖ਼ਰੀ ਸ਼ਬਦ ਕਹਿੰਦੇ ਕਹਿੰਦੇ ਉਸ ਦਾ ਸਿਰ ਝੁਕ ਗਿਆ। ਇੱਧਰ ਉੱਧਰ ਦੇਖਣਾ ਬੰਦ ਹੋ ਗਿਆ। ਮਨ ਚਾਹੀਆਂ ਗੱਲਾਂ ਸੁਣਨੀਆਂ ਕਿਸ ਨੂੰ ਬੁਰੀਆਂ ਲਗਦੀਆਂ ਨੇ? ਚਾਹੇ ਭੂਤ ਪ੍ਰੇਤ ਹੀ ਹੋਵੇ! ਗਡਰੀਏ ਦੇ ਕਹਿਣ ਦੀ ਦੇਰ ਸੀ ਕਿ ਭੂਤ ਨੇ ਵਰੋਲੇ ਦਾ ਰੂਪ ਧਾਰ ਲਿਆ ਅਤੇ ਪੰਜਵੀਂ ਤਾਲੀ ਵੱਜਣ ਤੋਂ ਪਹਿਲਾਂ ਹੀ ਰਿਉੜ ਇਕੱਠਾ ਹੋ ਗਿਆ।

ਗਡਰੀਏ ਨੂੰ ਜਿਵੇਂ ਕਿਸੇ ਗੱਲ ਦਾ ਪਤਾ ਲੱਗ ਗਿਆ ਹੋਵੇ ਪਰ ਬਾਕੀ ਸਾਰੇ ਕਾਠ ਮਾਰ ਗਏ, ਲਹੂ ਜਿਵੇਂ ਰਗਾਂ ਵਿੱਚ ਜਮ ਗਿਆ ਹੋਵੇ। ਅਸਲ ਵਿੱਚ ਬਾਣੀਏ ਡੂੰਘੀ ਸਮਝ ਵਾਲੇ ਹੁੰਦੇ ਨੇ। ਸੇਠ ਵਿੱਚ ਜਿਵੇਂ ਸਹਿਦੇਵ ਜੀ ਦੀ ਆਤਮਾ ਉਤਰ ਆਈ ਹੋਵੇ। ਤਾਂ ਹੀ ਉਸਨੇ ਕਿਹਾ ਸੀ ਕਿ ਪੀਂਝੂਆਂ ਵਾਲਾ ਮੁੰਡਾ ਠੱਗ ਹੈ, ਉਸਨੂੰ ਧੱਕੇ ਮਾਰ ਕੇ ਕੱਢੋ। ਪੰਚਾਂ ਦੀ ਮੱਤ ਮਾਰੀ ਗਈ ਤਾਂ ਹੀ ਉਹ ਪੀਂਝੂਆਂ ਵਾਲੇ ਦੀ ਮਦਦ ਕਰਨ ਲੱਗੇ। ਇਹ ਭੂਤ ਹੁਣ ਕਿਸੇ ਉੱਪਰ ਕ੍ਰੋਧਵਾਨ ਹੋਵੇਗਾ, ਕੀ ਕਹਿਰ ਢਾਏਗਾ, ਵਿਧਾਤਾ ਵੀ ਨਹੀਂ ਜਾਣਦਾ। ਗਰਦਣਾਂ ਮਰੋੜ ਕੇ ਮਾਰੇਗਾ ਜਾਂ ਅੰਤੜੀਆਂ ਕੱਢ ਕੇ ਕਾਵਾਂ ਗਿਰਝਾਂ ਨੂੰ ਖੁਆਏਗਾ, ਕੀ ਪਤਾ।

ਤੀਸਰੀ ਪਰਖ ਵਾਸਤੇ ਲੋਕ ਗਡਰੀਏ ਵੱਲ ਦੇਖਣ ਲੱਗੇ। ਉਸਦੇ ਤਾਂਬੇ ਰੰਗੇ ਚਿਹਰੇ ਉੱਪਰ ਪਿਲੱਤਣ ਘੁਲਣ ਲੱਗੀ। ਆਪਣੀ ਢਾਂਗੀ ਉੱਪਰ ਹੱਥ ਫੇਰਦਿਆਂ ਧੀਮੀ ਆਵਾਜ਼ ਵਿੱਚ ਬੋਲਿਆ- ਹੁਣ ਤਾਂ ਲੱਗ ਗਿਆ ਹੋਣਾ ਪਤਾ? ਫਿਰ ਮੇਰੇ ਮੂੰਹੋਂ ਕਿਉਂ ਕਹਾਉਂਦੇ ਹੋ? ਮੈਥੋਂ ਵੱਧ ਸਿਆਣੇ ਹੋ ਤੇ ਮੂੰਹ ਵਿੱਚ ਜ਼ਬਾਨ ਵੀ ਹੈ। ਬੋਲੋ ਕੌਣ ਅਸਲੀ ਹੈ ਕੌਣ ਨਕਲੀ?

ਪਿੰਡ, ਸੇਠ ਦੀ ਹਵੇਲੀ ਵਿੱਚ ਤਾਂ ਸਾਰਿਆਂ ਦੀਆਂ ਜੀਭਾਂ ਨੂੰ ਖੰਭ ਲੱਗ ਗਏ ਸਨ ਪਰ ਹੁਣ ਇੱਥੇ ਜਿਵੇਂ ਜੀਭਾਂ ਹਨ ਹੀ ਨਹੀਂ। ਖ਼ੁਦ ਨੂੰ ਨੁਕਸਾਨ ਨਾ ਹੋਵੇ ਫੇਰ ਵਾਹੀ ਤਬਾਹੀ ਜੋ ਮਰਜ਼ੀ ਬੁਲਵਾ ਲਉ, ਸੰਕੋਚ ਨਹੀਂ। ਇੱਥੇ ਤਾਂ ਪਰਤੱਖ ਮੌਤ ਖਲੋਤੀ ਹੈ ਸਾਹਮਣੇ! ਪਰ ਸਭ ਦੀ ਕਿਸਮਤ ਚੰਗੀ ਕਿ ਹਵੇਲੀ ਦੇ ਮਾਲਕ ਨੇ ਆਪਣੀ ਲਾਜ ਰੱਖ ਲਈ।

ਭੂਤ ਨੇ ਕਿਹਾ- ਹੁਣ ਕਰੋ ਤੀਜੀ ਪਰਖ। ਗਡਰੀਏ ਨੇ ਕਿਹਾ- ਦੋ ਪਰਖਾਂ ਹੋ ਗਈਆਂ, ਕਾਫ਼ੀ ਨੇ ਇਹੀ। ਭੂਤ ਖਿੜ ਖਿੜਾ ਕੇ ਹੱਸਿਆ- ਨਹੀਂ, ਖ਼ਾਸ ਪਰਖ ਉਹੀ ਹੈ ਜਿਹੜੀ ਤੂੰ ਸੋਚੀ। ਕਸੋਰਾ ਖ਼ਾਲੀ ਕਰ। ਹੁਣ ਇੱਕ ਪਲ ਵਾਸਤੇ ਵੀ ਮੈਂ ਆਦਮੀ ਦੀ ਨੀਵੀਂ ਜੂਨ ਵਿੱਚ ਸਾਹ ਨਹੀਂ ਲੈ ਸਕਦਾ।

ਗਡਰੀਆ ਨੀਵੀਂ ਪਾ ਕੇ ਹੱਸਿਆ- ਸੋਚਿਆ ਤਾਂ ਇਹੀ ਸੀ। ਦੇਵੀ ਦੇਵਤੇ ਵੀ ਤੁਹਾਥੋਂ ਕੁਝ ਨਹੀਂ ਛਿਪਾ ਸਕਦੇ।

ਭੂਤ ਨੇ ਵਿੱਚੋਂ ਟੋਕਦਿਆਂ ਕਿਹਾ- ਕਿਹੜੀਆਂ ਦੇਵੀਆਂ, ਕਿਹੜੇ ਦੇਵਤੇ? ਸਭ ਆਦਮੀ ਦਾ ਰਚਿਆ ਹੋਇਆ ਪ੍ਰਪੰਚ! ਤੁਹਾਡੀ ਮਨੁੱਖਾਂ ਦੀ ਦੁਨੀਆ ਵਿੱਚ ਜੇ ਕੋਈ ਸੱਚ ਹੈ ਤਾਂ ਪ੍ਰੀਤ, ਸਿਰਫ਼ ਪ੍ਰੀਤ! ਚਾਰ ਸਾਲ ਇਸ ਕਾਰਨ ਪਲ ਵਿੱਚ ਬੀਤ ਗਏ। ਹੁਣ ਉਨ੍ਹਾਂ ਦਿਨਾਂ ਦੀਆਂ ਯਾਦਾਂ ਸਦਕਾ ਜੁੱਗਾਂ ਤੱਕ ਜਿਉਂਦਾ ਰਹੂੰਗਾ।

ਕਸੋਰੇ ਵਿੱਚੋਂ ਹੇਠਾਂ ਡੋਲ੍ਹਿਆ ਪਾਣੀ ਰੇਤ ਵਿੱਚ ਜਜ਼ਬ ਹੋ ਗਿਆ। ਕਸੋਰੇ ਦਾ ਖ਼ਾਲੀ ਮੂੰਹ ਭੂਤ ਵੱਲ ਕਰ ਦਿੱਤਾ ਤੇ ਉਸ ਵੱਲ ਵੇਖਣ ਲੱਗਾ। ਮੂੰਹੋਂ ਕੁਝ ਕਹਿਣ ਦੀ ਹਿੰਮਤ ਨਹੀਂ ਸੀ। ਭੂਤ ਉਸਦੇ ਦਿਲ ਦੀ ਗੱਲ ਸਮਝ ਗਿਆ। ਭੀੜ ਵੱਲ ਦੇਖਕੇ ਕਿਹਾ- ਮੇਰਾ ਵਿਰਾਟ ਰੂਪ ਦੇਖੋ ਤਾਂ ਦਹਿਲ ਪੈ ਜਾਏ, ਡਰ ਕੇ ਮਰ ਜਾਓ, ਪਰ ਇਹ ਤੁਹਾਡਾ ਭਾਗ ਕਿੱਥੇ! ਇਸ ਲਈ ਤਰਸ ਕਰ ਰਿਹਾ ਹਾਂ ਕਿ ਆਦਮੀ ਦੇ ਚੋਲੇ ਵਿੱਚ ਮੈਨੂੰ ਪ੍ਰੇਮ ਦਾ ਅਨੰਤ ਅਨੰਦ ਮਿਲਿਆ। ਇਸ ਤੋਂ ਵੱਡਾ ਸੁੱਖ ਹੋਰ ਕੋਈ ਨਹੀਂ। ਪਰ ਤੁਸੀਂ ਹੋਰ ਗੱਲਾਂ ਵਿੱਚ ਫਸ ਗਏ! ਜਦੋਂ ਤੱਕ ਆਦਮੀ ਦੀ ਦੇਹ ਵਿੱਚੋਂ ਤੁਹਾਨੂੰ ਮੌਤ ਨਹੀਂ ਕੱਢ ਕੇ ਲਿਜਾਂਦੀ, ਉਦੋਂ ਤੱਕ ਪੇਟ ਭਰ ਭਰ ਖਾਈ ਚਲੋ, ਸਾਹ ਲਈ ਜਾਵੋ। ਦੂਸਰਿਆਂ ਦੇ ਮਾਮਲਿਆਂ ਵਿੱਚ ਟੰਗ ਅੜਾਉਂਦੇ ਰਹੋ ਅਤੇ ਮੇਰੀ ਤੇਰੀ ਕਰਦੇ ਹੋਏ ਹੱਥ ਪੈਰ ਚਲਾਉਂਦੇ ਰਹੋ। ਆਦਮੀ ਦੀ ਦੇਹੀ ਵਿੱਚ ਇਹ ਮੇਰੇ ਆਖ਼ਰੀ ਬੋਲ ਨੇ। ਹੁਣ ਮੈਂ ਸੂਖ਼ਮ ਰੂਪ ਧਾਰ ਕੇ ਕਸੋਰੇ ਦੇ ਨ੍ਹੇਰੇ ਦੀ ਸ਼ਰਨ ਲੈਂਦਾ ਹਾਂ। ਫਿਰ ਗਡਰੀਏ ਵੱਲ ਦੇਖ ਕੇ ਬੋਲਿਆ- ਓ ਚਰਵਾਹੇ! ਜਦ ਮੈਂ ਅੰਦਰ ਚਲਾ ਜਾਵਾਂ, ਕਸੋਰੇ ਦਾ ਮੂੰਹ ਕਸਕੇ ਬੰਨ੍ਹ ਦੇਈਂ, ਫਿਰ ਇਸਨੂੰ ਨਦੀ ਵਿੱਚ ਠੇਲ੍ਹ ਦੇਣਾ। ਸਮੁੱਚੀ ਕੁਦਰਤ ਵਿੱਚ ਇਕ ਜਾਨ ਹੋ ਕੇ ਮੇਰਾ ਪਿਆਰ ਫੁਲਾਂ ਵਿੱਚ ਦੀ ਖਿੜੇਗਾ, ਬੱਦਲਾਂ ਬਹਾਨੇ ਬਰਸੇਗਾ, ਤਾਰਿਆਂ ਰਾਹੀਂ ਟਿਮਟਿਮਾਏਗਾ। ਚੰਦ ਸੂਰਜ ਬਣਕੇ ਬਾਰ ਬਾਰ ਉਦਯ ਹੋਵੇਗਾ, ਚਿੜੀਆਂ ਦੀ ਚਹਿਚਹਾਟ ਅਤੇ ਪਪੀਹਿਆਂ ਦੀ ਪੀਊ ਪੀਊ ਵਿੱਚ ਗੂੰਜੇਗਾ। ਸਮਝ ਸਕੋ ਤਾਂ ਸਮਝ ਜਾਇਓ ਕਿ ਸਾਰੀ ਕੁਦਰਤ ਵਿੱਚ ਕੋਈ ਵਸਤੂ ਅਮਰ ਹੈ ਤਾਂ ਉਹ ਹੈ ਪਿਆਰ, ਸਿਰਫ਼ ਪਿਆਰ, ਬਾਕੀ ਸਭ ਫ਼ਜ਼ੂਲ। ਫਿਰ ਕਸੋਰੇ ਅੰਦਰੋਂ ਉਸਦੀ ਭਾਰੀ ਆਵਾਜ਼ ਗੂੰਜੀ- ਵਧੀਕ ਲਾਲਚ ਠੀਕ ਨਹੀਂ ਹੁੰਦਾ, ਧਨ ਦਾ ਹੋਵੇ ਚਾਹੇ ਤਾਕਤ ਦਾ, ਗਿਆਨ ਦਾ ਹੋਵੇ ਚਾਹੇ ਪ੍ਰੀਤ ਦਾ, ਕਿਤੇ ਨਾ ਕਿਤੇ ਸੰਤੋਖ ਕਰਨਾ ਹੀ ਚਾਹੀਦੈ।

ਕਸੋਰੇ ਦਾ ਮੂੰਹ ਬੰਨ੍ਹ ਕੇ ਨਦੀ ਵਿੱਚ ਠੇਲ੍ਹ ਕੇ ਸਾਰੇ ਜਣੇ ਕਿੱਕਰ ਹੇਠ ਇਕੱਠੇ ਹੋ ਗਏ। ਕੇਹਾ ਜੰਜਾਲ ਪ੍ਰਗਟ ਹੋਇਆ ਸੀ? ਇਸ ਦਾ ਭੇਤ ਕੌਣ ਪਾਏਗਾ? ਕਦੋਂ ਪਾਏਗਾ? ਸਾਰਿਆਂ ਦੇ ਰੋਮ ਰੋਮ ਵਿਚਲਾ ਡਰ ਅੱਖਾਂ ਥਾਈਂ ਦਿਸ ਰਿਹਾ ਸੀ। ਸਾਰਿਆਂ ਦੇ ਦਿਲਾਂ ਅੰਦਰ ਤੂਫ਼ਾਨ ਪਰ ਜੀਭ ਖ਼ੁਸ਼ਕ। ਇਹੋ ਜਿਹੇ ਤੂਫ਼ਾਨ ਵਿੱਚੋਂ ਦੀ ਲੰਘੇ ਕਿ ਨਾ ਗਡਰੀਏ ਨੂੰ ਖੁਆਉਣਾ ਯਾਦ ਰਿਹਾ ਨਾ ਬਾਕੀਆਂ ਨੂੰ ਖਾਣਾ। ਕੰਜੂਸ ਸੇਠ ਦੇ ਦਿਲ ਅੰਦਰਲੀ ਉਥਲ ਪੁਥਲ ਦਾ ਅੰਤ ਨਹੀਂ। ਉਸਦੇ ਸੰਸਕਾਰਾਂ ਅਤੇ ਨਵੇਂ ਗਿਆਨ ਵਿਚਕਾਰ ਜ਼ਬਰਦਸਤ ਟੱਕਰ ਹੋ ਰਹੀ ਸੀ। ਕੀ ਕਰੇ, ਕੀ ਨਾ ਕਰੇ, ਪਤਾ ਨਹੀਂ। ਪਰ ਕਦ ਤੱਕ ਖਲੋਤੇ ਰਹਿੰਦੇ? ਥੋੜ੍ਹੀ ਦੇਰ ਬਾਅਦ ਸੇਠ ਦੇ ਪੈਰ ਹੌਲ਼ੀ ਹੌਲ਼ੀ ਪਿੰਡ ਵੱਲ ਨੂੰ ਤੁਰਨ ਲੱਗੇ। ਸੇਠ ਦੇ ਬੇਟੇ ਨੂੰ ਕੁਝ ਖ਼ਿਆਲ ਆਇਆ, ਗਡਰੀਏ ਕੋਲ ਗਿਆ, ਆਨੰਦ ਦੇ ਹਲੋਰੇ ਵਿੱਚ ਮੁਸਕਾਨ ਦਾ ਯਤਨ ਕੀਤਾ ਪਰ ਸਫ਼ਲ ਨਾ ਹੋਇਆ। ਮੋਤੀਆਂ ਜੜੀ ਅੰਗੂਠੀ ਉਂਗਲ ਵਿੱਚੋਂ ਉਤਾਰੀ ਤੇ ਚਰਵਾਹੇ ਵੱਲ ਵਧਾਈ। ਚਰਵਾਹਾ ਸਮਝ ਗਿਆ। ਦਾਹੜੀ ਖ਼ੁਰਕਦਾ ਪੀਲੇ ਦੰਦਾਂ ਰਾਹੀਂ ਹੱਸਿਆ ਤੇ ਬੋਲਿਆ- ਮੈਂ ਰਾਜਾ ਨਹੀਂ ਕਿ ਪੈਸੇ ਲੈ ਕੇ ਨਿਆਂ ਕਰਾਂ। ਮੈਂ ਤਾਂ ਅਟਕਿਆ ਕੰਮ ਕੱਢਣਾ ਸੀ ਕੱਢ ਦਿੱਤਾ। ਕਿਸੇ ਅਦਿੱਖ ਭੈ ਨਾਲ ਫਿਰ ਹੌਲ਼ੀ ਦੇਣੀ ਬੋਲਿਆ- ਵੈਸੇ ਵੀ, ਇਹ ਮੁੰਦਰੀ ਮੇਰੇ ਕਿਸ ਕੰਮ ਦੀ? ਨਾ ਮੇਰੇ ਮੇਚ ਆਏਗੀ ਨਾ ਮੇਰੀ ਢਾਂਗੀ ਦੇ। ਮੇਰੀਆਂ ਭੇਡਾਂ ਵੀ ਮੇਰੇ ਵਾਂਗ ਬੇਸਮਝ ਨੇ। ਘਾਹ ਖਾ ਲੈਂਦੀਆਂ ਨੇ, ਸੋਨਾ ਸੁੰਘਦੀਆਂ ਵੀ ਨਹੀਂ। ਫਾਲਤੂ ਚੀਜ਼ਾਂ ਤੁਹਾਨੂੰ ਅਮੀਰਾਂ ਨੂੰ ਈ ਸ਼ੋਭਾ ਦਿੰਦੀਆਂ ਨੇ।

ਇਹ ਬੋਲ ਸੇਠ ਦੇ ਬੇਟੇ ਨੂੰ ਚੁਭੇ। ਮੂਰਖ ਗਡਰੀਏ ਨੂੰ ਇਸ ਦੀ ਕੀਮਤ ਕੀ ਪਤਾ? ਮੁੱਲ ਦੱਸ ਦਿੱਤਾ ਝੱਟ ਹੱਥ ਪਸਾਰੇਗਾ। ਕਿਹਾ- ਤੈਨੂੰ ਯਕੀਨ ਨੀ ਆਉਣਾ, ਆਪਣੀ ਵਿਆਹੁਤਾ ਦੀ ਸਹੁੰ ਖਾ ਕੇ ਕਹਿਨਾ, ਇਸਦਾ ਮੋਤੀ ਸਵਾ ਲੱਖ ਦਾ ਹੈ। ਦਸ ਇੱਜੜਾਂ ਤੋਂ ਵੀ ਵਧੀਕ ਮਹਿੰਗਾ, ਖ਼ੁਸ਼ੀ ਨਾਲ ਦੇ ਰਿਹਾਂ। ਮਨਜ਼ੂਰ ਕਰੇਂ ਤਾਂ ਅਹਿਸਾਨ ਮੰਨਾਂਗਾ।

ਅੰਗੂਠੀ ਵਿੱਚ ਕਲਸ ਵਾਲਾ ਮੋਤੀ ਲਿਸ਼ਕ ਰਿਹਾ ਸੀ। ਮਾਂ ਪਿਉ ਮੰਗਣ, ਉਨ੍ਹਾਂ ਨੂੰ ਵੀ ਨਾ ਦਏ। ਹਾਂ ਬਹੂ ਦੀ ਗੱਲ ਹੋਰ ਹੈ। ਸੱਚ, ਉਸਨੂੰ ਤਾਂ ਗਹਿਣਿਆਂ ਦੀ ਕੋਈ ਇੱਛਾ ਹੈ ਈ ਨੀਂ। ਇੱਛਾ ਮੁਤਾਬਿਕ ਨਿਆਂ ਮਿਲਿਆ, ਮੁੰਡਾ ਬਹੁਤ ਖ਼ੁਸ਼। ਪਰ ਜਾਂਗਲੀ ਚਰਵਾਹਾ ਅੰਗੂਠੀ ਦਾ ਮੁੱਲ ਸੁਣ ਕੇ ਵੀ ਖ਼ੁਸ਼ ਨਾ ਹੋਇਆ। ਕਹਿਣ ਲੱਗਾ- ਏਨੀ ਕੀਮਤੀ ਚੀਜ਼ ਰੱਖੂੰਗਾ ਕਿੱਥੇ? ਪਗੜੀ ਵਿੱਚ ਲੁਕਾਊਂਗਾ ਤਾਂ ਸਿਰ ਚਕਰਾਏਗਾ। ਨਦੀ ਵੱਲ ਦੇਖਦਿਆਂ ਕਹਿਣ ਲੱਗਾ, ਬੋਝੇ ਵਿੱਚ ਰੱਖਾਂ ਤਾਂ ਦਿਲ ਧੜਕੇਗਾ, ਜੁੱਤੀ ਵਿੱਚ ਰੱਖਾਂ, ਚੁਭੇਗੀ, ਜੇਬ ਵਿੱਚੋਂ ਗਿਰਨ ਦਾ ਖ਼ਤਰਾ ਹੈ। ਤੂੰ ਹੀ ਦੱਸ, ਨੀਂਦ ਵੇਚ ਕੇ ਮੈਂ ਜਗਰਾਤਾ ਮੁੱਲ ਕਿਉਂ ਲਵਾਂ? ਕੀਮਤ ਨਾ ਦੱਸੀ ਹੁੰਦੀ ਫੇਰ ਕੀ ਪਤਾ ਲੈ ਈ ਲੈਂਦਾ, ਹੁਣ ਤਾਂ ਮਤਲਬ ਈ ਨੀ ਲੈ ਲਵਾਂ।

ਇਹੋ ਜਿਹੀਆਂ ਵਚਿਤ੍ਰ ਗੱਲਾਂ ਦੀ ਭਿਣਕ ਕੰਨੀ ਪਈ, ਸੇਠ ਵੀ ਨੇੜੇ ਆ ਗਿਆ। ਦੋਹਾਂ ਵੱਲ ਵਾਰੋ ਵਾਰੀ ਦੇਖਦਿਆਂ ਗਡਰੀਆ ਕਹਿੰਦਾ ਰਿਹਾ- ਮੇਰੀ ਮਾਂ ਜਿਉਂਦੀ ਹੁੰਦੀ, ਇਹ ਅੰਗੂਠੀ ਲੈ ਕੇ ਘਰ ਚਲਾ ਜਾਂਦਾ ਮੇਰੇ ਚਪੇੜ ਜੜ ਦਿੰਦੀ। ਚੋਰੀ ਚਕਾਰੀ, ਡਾਕਾ ਕਤਲ ਮਾਫ਼ ਕਰ ਦਿੰਦੀ, ਲੋਭ ਨੂੰ ਮਾਫ਼ ਨੀ ਕਰਿਆ ਕਰਦੀ ਸੀ।

ਉਜੈਨੋ ਕਮਾਈ ਕਰਕੇ ਆਏ ਜੁਆਨ ਦੀਆਂ ਰਗਾਂ ਵਿੱਚ ਨਵਾਂ ਝਰਨਾ ਫੁੱਟਣ ਲੱਗਾ। ਦੋਵਾਂ ਗੰਵਾਰਾਂ ਦੀ ਸਮਝ ਸੂਝ ਇੱਕੋ ਜਿਹੀ। ਨਾ ਭੀਲ ਨੇ ਕਲਸ਼ ਦੇ ਧਨ ਵਿੱਚ ਰੁਚੀ ਦਿਖਾਈ ਨਾ ਗਡਰੀਆ ਅੰਗੂਠੀ ਲੈਣ ਲਈ ਤਿਆਰ। ਇਨ੍ਹਾਂ ਵਾਸਤੇ ਮੋਤੀ ਅਤੇ ਕੰਕਰ ਇੱਕ ਸਮਾਨ। ਆਦਮੀਆਂ ਦੀ ਇਹ ਨਸਲ ਨਿਆਰੀ ਹੈ ਬਿਲਕੁਲ। ਸੂਰਜ ਜੇ ਲੱਭਣ ਲੱਗ ਜਾਵੇ ਤਾਂ ਲੱਖਾਂ ਕਰੋੜਾਂ ਵਿੱਚੋਂ ਇੱਕ ਅੱਧ ਕਿਧਰੇ ਮਿਲੇ ਸ਼ਾਇਦ!

ਮੂਜੀ ਸੇਠ ਵਿੱਚ ਵੀ ਬਦਲਾਉ ਆਉਣ ਲੱਗਾ। ਕਿਹਾ- ਖ਼ੁਸ਼ੀ ਨਾਲ ਦਿੱਤੀ ਸੁਗਾਤ ਨੂੰ ਨਾਂਹ ਨਹੀਂ ਕਰੀਦੀ। ਮੇਰਾ ਮਾਣ ਰੱਖਣ ਵਾਸਤੇ ਈ ਲੈ ਲੈ। ਭੂਤ ਦੀਆਂ ਬਰੀਕ ਗੱਲਾਂ ਨੇ ਮੇਰਾ ਮਨ ਬਦਲ ਦਿੱਤਾ। ਤੇਰੀ ਤਾਂ ਗੱਲ ਹੀ ਹੋਰ ਹੈ। ਹੁਣ ਮੈਂ ਵਿਆਜ ਲੈਣਾ ਬੰਦ ਕਰੂੰਗਾ। ਤੂੰ ਚਾਹੇ ਮੇਰੇ ਵੱਲੋਂ ਇਹ ੋ ਜਿਹੇ ਇੱਕੀ ਇੱਜੜ ਖ਼ਰੀਦ ਲੈ, ਮੈਂ ਖ਼ੁਸ਼ੀ ਨਾਲ ਦਿੰਨਾ। ਸਗੋਂ ਤੇਰੇ ਗੁਣ ਗਾਊਂਗਾ।

ਪੇਂਡੂ ਨੇ ਠੰਢਾ ਸਾਹ ਲਿਆ, ਕਿਹਾ- ਉਮਰ ਦਾ ਕੋਈ ਇਤਬਾਰ ਨਹੀਂ। ਫਿਰ ਆਫ਼ਤਾਂ ਇਕੱਠੀਆਂ ਕਿਉਂ ਕਰਦੇ ਫਿਰੀਏ? ਵੱਡੇ ਬੰਦਿਆਂ ਦੀ ਤਾਂ ਕਿਰਪਾ ਹੀ ਬਹੁਤ। ਬਿਨਾਂ ਸੋਚ ਵਿਚਾਰ ਦੇ ਸੇਠ ਦਾ ਬੇਟਾ ਬੋਲਿਆ- ਰਾਮ ਜਾਣੇ ਕੌਣ ਵੱਡਾ ਹੈ ਕੌਣ ਛੋਟਾ। ਛੋਟੇ ਵੱਡੇ ਦੀ ਪਛਾਣ ਔਖੀ ਹੈ ਚਰਵਾਹੇ, ਬਹੁਤ ਔਖੀ। ਜਿਵੇਂ ਤੂੰ ਇੱਜੜ ਦੀ ਰਖਵਾਲੀ ਕਰਦਾ ਹੈਂ, ਮੇਰੀ ਵੀ ਕਰੇਂ ਤਾਂ ਕਹਾਂ ਤੇਰੇ ਵਰਗਾ ਕੇਵਲ ਤੂੰ ਹੈ।

ਬੇਟੇ ਦੀ ਸੁਰ ਨਾਲ ਸੁਰ ਮਿਲਾਉਂਦਿਆਂ ਖ਼ਾਲੀ ਮੂੰਹ ਨਾਲ ਸੇਠ ਮੁਸਕਾਇਆ, ਕਿਹਾ- ਗੁਰੂ ਧਾਰਨ ਵਾਸਤੇ ਸੇਠਾਣੀ ਕਦੋਂ ਦੀ ਜ਼ਿੱਦ ਕਰਦੀ ਆ ਰਹੀ ਹੈ, ਮੈਂ ਨੀ ਮੰਨਿਆ। ਮਨਚਾਹਿਆ ਗੁਰੂ ਮਿਲਦਾ ਹੀ ਨਹੀਂ। ਪੂਰਨਮਾਸੀ ਦੇ ਦਿਨ ਪਿਉ ਪੁੱਤ ਅਸੀਂ ਦੋਵੇਂ ਆਵਾਂਗੇ, ਜਵਾਰ ਦੀ ਖੀਰ ਖਾਵਾਂਗੇ ਨਾਰੀਅਲ ਭੇਟ ਕਰਕੇ ਖੰਮ੍ਹਣੀ ਬਨ੍ਹਵਾਵਾਂਗੇ।

ਪਛਤਾਵੇ ਦੇ ਸੁਰ ਵਿੱਚ ਚਰਵਾਹਾ ਬੋਲਿਆ- ਉਹੋ, ਦੇਖੋ ਮੇਰੀ ਅਕਲ ਉੱਪਰ ਕੀ ਪੱਥਰ ਪਏ, ਮੈਂ ਖੀਰ ਖੁਆਣੀ ਭੁੱਲ ਈ ਗਿਆ! ਹੁਣ ਕਿਹੜਾ ਦੇਰ ਹੋਈ ਹੈ? ਹੱਥ ਜੋੜ ਕੇ ਸਾਰੇ ਮਹਿਮਾਨਾਂ ਅੱਗੇ ਬੇਨਤੀ ਹੈ ਮੇਰੀ ਗ਼ਲਤੀ ਦੀ ਖਿਮਾ ਕਰ ਦੇਣ। ਸੇਠ ਨੇ ਉਸਦੀ ਪਿੱਠ ਤੇ ਹੱਥ ਰੱਖਦਿਆਂ ਕਿਹਾ- ਅੱਜ ਨਹੀਂ, ਪੂਰਨਮਾਸ਼ੀ ਨੂੰ ਸਾਰਾ ਪਰਿਵਾਰ ਆਏਗਾ। ਸੇਠ ਦੀ ਖ਼ੁਸ਼ੀ ਦੇਖ ਕੇ ਚਰਵਾਹੇ ਨੇ ਜ਼ਿੱਦ ਨਹੀਂ ਕੀਤੀ, ਬਸ ਇੱਕ ਹਦਾਇਤ ਦਿੱਤੀ- ਬਹੂ ਨੂੰ ਨਾਲ ਲਿਆਉਣਾ। ਸੇਠ ਤੋਂ ਪਹਿਲਾਂ ਬੇਟਾ ਬੋਲਿਆ- ਉਹ ਤਾਂ ਆਏਗੀ ਹੀ ਆਏਗੀ।

ਰਾਜੇ ਦੇ ਦਰਬਾਰ ਵੱਲ ਜਾਂਦਿਆਂ ਪੰਚਾਂ ਦੀ ਤੋਰ ਵਿੱਚ ਜਿਹੜੀ ਤੇਜ਼ੀ ਸੀ ਉਹ ਮੱਧਮ ਪੈ ਗਈ। ਚਰਵਾਹਾ ਜਾਂਦਿਆਂ ਨੂੰ ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਟਿੱਬੇ ਉਹਲੇ ਹੋ ਗਏ। ਫਿਰ ਇਜੜ ਨੂੰ ਪਾਣੀ ਪਿਲਾਉਣ ਲਈ ਤਲਾਬ ਵੱਲ ਲੈ ਤੁਰਿਆ। ਉਸਦੇ ਹੱਥੋਂ ਅੱਜ ਕੇਹਾ ਨਿਆਂ ਹੋਇਆ ਇਸਦਾ ਉਸਨੂੰ ਵੀ ਇਲਮ ਨਹੀਂ ਸੀ। ਉਸਨੂੰ ਸ਼ੇਰਾਂ ਬਘਿਆੜਾਂ ਤੋਂ ਡਰ ਨਹੀਂ ਲੱਗਿਆ, ਅੱਜ ਭੂਤ ਨੇ ਤਾਂ ਰੌਂਗਟੇ ਖੜ੍ਹੇ ਕਰ ਦਿੱਤੇ। ਜੇ ਇਕੱਲਾ ਦੇਖ ਕੇ ਗਰਦਣ ਮਰੋੜ ਦਏ? ਬਾਰ ਬਾਰ ਪਿੱਛੇ ਦੇਖਦਾ ਦੇਖਦਾ ਆਪਣੀ ਬਸਤੀ ਵਿੱਚ ਪੁੱਜਿਆ। ਅੱਜ ਤਾਂ ਤਾਰਾਂ ਨਾਲ ਮੜ੍ਹੀ ਲਾਠੀ ਉੱਪਰ ਵੀ ਭਰੋਸਾ ਨਾ ਰਿਹਾ। ਜਿਉਂਦੇ ਜੀਅ ਅੱਗੇ ਤੋਂ ਇਨਸਾਫ਼ ਕਰਨ ਦਾ ਪੰਗਾ ਨਹੀਂ ਲੈਣਾ!

ਉਧਰ ਭੀੜ ਦੇ ਡਰ ਦੀ ਵੀ ਹੱਦ ਨਹੀਂ। ਜੁੱਤੀਆਂ ਅੰਦਰ ਪੈਰਾਂ ਦੇ ਤਲੂਏ ਪਸੀਨੇ ਨਾਲ ਭਿੱਜ ਗਏ। ਭੂਤ ਦਾ ਕੀ ਇਤਬਾਰ? ਕੀ ਪਤਾ ਕਿਸ ਤੋਂ ਕਿਹੜਾ ਬਦਲਾ ਲੈ ਲਏ? ਉਸਦੀਆਂ ਗੱਲਾਂ ਤੋਂ ਤਾਂ ਲੱਗਿਆ ਉਸ ਵਿੱਚ ਗ਼ੁੱਸਾ ਨਹੀਂ ਸੀ। ਆਦਮੀ ਆਪਣੀ ਜ਼ਬਾਨ ਤੋਂ ਡਿੱਗ ਸਕਦੈ, ਭੂਤ ਕੌਲ ਕਰਾਰ ਤੇ ਪੂਰੇ ਉਤਰਦੇ ਨੇ। ਆਪਣੇ ਘਰ ਦੇ ਕੰਮ ਨਹੀਂ ਕੀਤੇ ਜਾਂਦੇ, ਦੂਜਿਆਂ ਦੇ ਮਸਲਿਆਂ ਵਿੱਚ ਬੰਦੇ ਟੰਗ ਅੜਾਉਣ ਤੁਰ ਪੈਂਦੇ ਨੇ। ਘਰ ਖਾਂਦੇ ਪੀਂਦੇ ਬੈਠੇ ਬਿਠਾਏ ਖੁਰਕ ਹੋਣ ਲੱਗ ਪਈ। ਸੇਠ ਦੇ ਘਰ ਭੂਤ ਆਏ ਕਿ ਜਾਏ, ਉਨ੍ਹਾਂ ਨੇ ਕੀ ਲੈਣਾ ਦੇਣਾ?

ਸਭ ਦੇ ਮੂੰਹਾਂ ਵਿੱਚ ਜੀਭਾਂ ਸਨ ਪਰ ਗੱਲ ਨਹੀਂ ਹੋਈ ਕਿਸੇ ਤੋਂ। ਹਰੇਕ ਆਪਣੇ ਆਪ ਵਿੱਚ ਡੁੱਬਿਆ ਹੋਇਆ। ਬਿਨ ਬੋਲੇ ਗੱਲਾਂ ਹੋ ਰਹੀਆਂ ਸਨ। ਜਿੱਥੇ ਬੋਲ ਰੁਕਣ, ਖ਼ਾਮੋਸ਼ੀ ਅੱਗੇ ਲਗਦੀ ਹੈ। ਇਹ ਉਹ ਬੋਲੀ ਹੈ ਜਿਹੜੀ ਬਿਨਾਂ ਸਿਖਾਏ ਬੱਚਾ ਮਾਂ ਦੇ ਪੇਟ ਵਿੱਚੋਂ ਆਪੇ ਸਿਖ ਕੇ ਆਉਂਦੈ। ਇਹ ਰਗਾਂ ਵਿੱਚ ਵਗਦੇ ਲਹੂ ਦੀ ਗੱਲ ਬਾਤ ਹੁੰਦੀ ਐ। ਸੇਠ, ਉਸਦਾ ਬੇਟਾ, ਪੰਚ ਸਭ ਆਪੋ ਆਪਣੀ ਥਾਂ ਗੱਲ ਸਮਝ ਗਏ। ਖੁੱਲ੍ਹੀਆਂ ਅੱਖਾਂ ਦਾ ਸੱਚ ਸੁਫ਼ਨੇ ਵਰਗਾ ਲੱਗਿਆ, ਦਿਲ ਅੰਦਰਲਾ ਸੱਚ ਪ੍ਰਤੱਖ ਦਿਸਿਆ। ਨੀਵੀਂ ਪਾਈ ਤੁਰਦੇ ਰਹੇ, ਕਿਸੇ ਹੋਰ ਲੋਕ ਵਿੱਚ।

ਪਿੰਡ ਪੁੱਜਦਿਆਂ ਹਰੇਕ ਆਪੋ ਆਪਣੇ ਘਰ ਮੁੜਦਾ ਗਿਆ। ਕਾਂ ਕਾਂ ਕਰਦੀਆਂ ਔਰਤਾਂ ਨੂੰ ਹਵੇਲੀ ਦੀਆਂ ਪੌੜੀਆਂ ਚੜ੍ਹਦੇ ਸਿਰਫ਼ ਦੋ ਬੰਦੇ ਦਿਸੇ, ਸੇਠ ਅਤੇ ਉਸਦਾ ਬੇਟਾ। ਜਦੋਂ ਪਿੰਡੋਂ ਨਿਕਲੇ, ਰੱਸੀਆਂ ਨਾਲ ਬੰਨ੍ਹੇ ਹੋਏ ਇੱਕ ਸ਼ਕਲ ਦੇ ਦੋ ਪਤੀ ਸਨ, ਹੂ-ਬ-ਹੂ ਇੱਕੋ ਕੱਦ ਕਾਠ, ਇੱਕੋ ਚਾਲ ਢਾਲ। ਚਾਨਣੀ ਦੀ ਕਿਰਨ ਜਿੰਨਾ ਵੀ ਫ਼ਰਕ ਨਹੀਂ! ਹੁਣ ਸੇਠ ਨਾਲ ਇੱਕੋ ਬੇਟਾ, ਰਾਮ ਜਾਣੇ ਚੁਬਾਰੇ ਵਾਲਾ ਆਇਆ ਹੈ ਕਿ ਪੀਂਝੂਆਂ ਵਾਲਾ!

ਪੀਂਝੂਆਂ ਵਾਲੇ ਦਾ ਪਰਨਾ ਵਿਹੜੇ ਦੀ ਕਿੱਲੀ ਉੱਪਰ ਟੰਗਿਆ ਹੋਇਆ ਸੀ। ਬਾਪ ਬੇਟੇ ਦੇ ਰੋਮ ਰੋਮ ਵਿੱਚ ਖ਼ੁਸ਼ੀਆਂ ਝੂਟੇ ਲੈ ਰਹੀਆਂ ਸਨ। ਪਰ ਇਨ੍ਹਾਂ ਦੀ ਥੋੜ੍ਹੀ ਜਿਹੀ ਝਲਕ ਵੀ ਚਿਹਰੇ ਉੱਪਰ ਨਹੀਂ ਸੀ। ਕਿੱਲੀ ਉੱਪਰ ਟੰਗੇ ਪਰਨੇ ਵਾਲੇ ਸੇਠ ਨੇ ਇਸ਼ਾਰਾ ਕੀਤਾ ਪਰ ਬੇਟੇ ਦੀ ਨਿਗ੍ਹਾ ਉਸ ਤੋਂ ਪਹਿਲਾਂ ਵੀ ਉੱਥੇ ਹੀ ਸੀ। ਉਸਦੇ ਚਿਹਰੇ ਤੇ ਉਹ ਆਭਾ ਦਿਖਾਈ ਦਿੱਤੀ ਜਿਹੜੀ ਸੂਰਜ ਚੜ੍ਹਨੋ ਪਹਿਲਾਂ ਅਸਮਾਨ ਦੇ ਪੂਰਬੀ ਹਿੱਸੇ ਉੱਪਰ ਹੋਇਆ ਕਰਦੀ ਹੈ। ਇਸ ਆਭਾ ਦਾ ਮਹੱਤਵ ਆਦਮੀ ਕਦੋਂ ਸਿਖੇਗਾ, ਕਿਵੇਂ ਸਿਖੇਗਾ, ਸਿਖੇਗਾ ਵੀ ਕਿ ਨਹੀਂ?

ਬਿਨਾਂ ਕਿਸੇ ਦੇ ਕਹੇ ਸੁਣੇ ਬੇਟੇ ਨੇ ਪਰਨਾ ਕਿੱਲੀ ਤੋਂ ਉਤਾਰਿਆ ਤੇ ਦਰਵਾਜ਼ਾ ਖੋਲ੍ਹ ਕੇ ਬੈਠਕ ਅੰਦਰ ਚਲਾ ਗਿਆ। ਚਾਰੇ ਕੋਨਿਆਂ ਤੇ ਦੀਵਿਆਂ ਦਾ ਹਲਕਾ ਹਲਕਾ ਚਾਨਣ। ਘਿਉ ਦੀ ਸੁਗੰਧ। ਇੱਕ ਦਾਈ ਬੱਚੀ ਦੇ ਗੁਲਾਬੀ ਸਰੀਰ ਦੀ ਮਾਲਸ਼ ਕਰ ਰਹੀ ਸੀ। ਦੂਜੀ ਦਾਈ ਜੱਚਾ ਦੇ ਕੇਸਾਂ ਵਿੱਚ ਕੰਘੀ ਕਰ ਰਹੀ ਸੀ। ਦੀਵਿਆਂ ਦੀ ਰੌਸ਼ਨੀ ਵਿੱਚ ਜੱਚਾ ਦੇ ਮੁਖੜੇ ਦਾ ਨੂਰ ਲਸ਼ਕ ਰਿਹਾ ਜਿਸ ਨੂੰ ਦੇਖ ਕੇ ਸੱਤ ਫੇਰਿਆਂ ਵਾਲਾ ਵਿਆਹੁਤਾ ਪਤੀ ਧੀਰਜ ਨਾ ਰੱਖ ਸਕਿਆ। ਪਰਨੇ ਦਾ ਪੱਲਾ ਖੋਲ੍ਹ ਕੇ ਉਸਨੇ ਪੀਂਝੂ ਬਹੂ ਅੱਗੇ ਰੱਖ ਦਿੱਤੇ। ਖ਼ਾਮੋਸ਼ ਆਨੰਦ ਵਿੱਚ ਪੀਂਝੂਆਂ ਨੂੰ ਉਂਗਲਾਂ ਨਾਲ ਫਰੋਲਦਾ ਰਿਹਾ ਜਿਵੇਂ ਉਂਗਲੀਆਂ ਰਾਹੀਂ ਮਿਠਾਸ ਦਿਲ ਅੰਦਰ ਪੁਜਦੀ ਹੋਵੇ।

ਜੱਚਾ ਰਾਣੀ ਦੀਆਂ ਅਧਖੁੱਲ੍ਹੀਆਂ ਅੱਖਾਂ ਪੀਂਝੂਆਂ ਤੇ ਰੁਕੀਆਂ, ਤੁਰੰਤ ਜਾਣ ਗਈ ਇਹ ਕਿਹੜਾ ਪਤੀ ਹੈ। ਇਸ ਪਛਾਣ ਨਾਲ ਹੀ ਉਸਦੀਆਂ ਅੱਖਾਂ ਵਿੱਚੋਂ ਲਾਲ ਪੀਲੀਆਂ ਲਪਟਾਂ ਦਿਸਣ ਲੱਗੀਆਂ। ਚਾਰ ਸਾਲ ਦੀ ਨਿਰਮਲ ਸੀਤਲ ਚਾਨਣੀ ਪਲ ਵਿੱਚ ਉੱਡ ਗਈ ਤੇ ਉਹ ਜੇਠ ਦੀ ਚੰਗਿਆੜਿਆਂ ਵਾਲੀ ਧੁੱਪ ਵਿੱਚ ਝੁਲਸੀ ਜਾਣ ਲੱਗੀ। ਪੀਂਝੂਆਂ ਦੀ ਥਾਂ ਕਰੀਰ ਉੱਪਰ ਜਿਵੇਂ ਅੰਗਿਆਰ ਲਟਕੇ ਹੋਣ। ਪਰ ਪਤੀ ਆਪਣੀ ਸੁੱਧ ਬੁੱਧ ਵਿੱਚ ਨਹੀਂ ਸੀ। ਪੀਂਝੂ ਫਰੋਲਦਿਆਂ ਉਸਦੇ ਦਿਲ ਅੰਦਰ ਨਵਾਂ ਖ਼ਿਆਲ ਆਇਆ। ਦੋ ਪੀਂਝੂ ਚੁੱਕ ਕੇ ਬਹੂ ਵੱਲ ਹੱਥ ਵਧਾਇਆ। ਬਹੂ ਨੇ ਮੂੰਹ ਫੇਰ ਲਿਆ। ਹੋਂਠ ਮਿਚ ਗਏ, ਅੱਖਾਂ ਮੁੰਦਣ ਲੱਗੀਆਂ, ਜਿਵੇਂ ਤਾਕਤ ਨਾ ਰਹੀ ਹੋਵੇ। ਅੱਡੀ ਤੋਂ ਚੋਟੀ ਤੱਕ ਦਰਦ ਦੀ ਲਹਿਰ ਦੌੜਦੀ ਨਜ਼ਰ ਆਈ। ਜੁਆਨ ਨੇ ਦੋਵੇਂ ਪੀਂਝੂ ਆਪਣੇ ਮੂੰਹ ਵਿੱਚ ਪਾ ਲਏ ਤੇ ਚਾਉ ਨਾਲ ਖਾਣ ਲੱਗਾ। ਅਚਾਨਕ ਬਹੂ ਦੀ ਖ਼ਾਮੋਸ਼ੀ ਟੁੱਟੀ, ਦਿਲ ਉੱਪਰੋਂ ਜਿਵੇਂ ਕੋਈ ਚਟਾਨ ਪਰ੍ਹੇ ਹਟੀ।

ਚਰਵਾਹੇ ਦੇ ਕੀਤੇ ਖਰੇ ਨਿਆਂ ਦੀ ਰਮਾਇਣ ਦਾ ਇੱਕ ਇੱਕ ਅੱਖਰ ਅਧਮਰੀ ਜੱਚਾ ਦੇ ਕਲੇਜੇ ਵਿੱਚ ਗਰਮ ਸਲਾਖ ਵਾਂਗ ਵੱਜਾ। ਪ੍ਰਸੂਤ ਦੇ ਦਰਦ ਤੋਂ ਕਿਤੇ ਵਧੀਕ ਡੂੰਘਾ ਦਰਦ! ਪਰ ਸੀ ਤੱਕ ਨਹੀਂ ਕੀਤੀ। ਹੋਸ਼ ਹੁੰਦੇ ਸੁੰਦੇ ਹੋਸ਼ ਨਾ ਰਹੀ। ਮੋਮ ਦੀ ਪੁਤਲੀ ਵਾਂਗ ਗੁੰਮ ਸੁੰਮ ਬੈਠੀ ਸੁਣਦੀ ਰਹੀ। ਭੂਤ ਦੇ ਆਖ਼ਰੀ ਬੋਲ ਸੁਣਕੇ ਰਗ ਰਗ ਦੀ ਚੇਤਨਾ ਅੱਖਾਂ ਵਿੱਚ ਸਿਮਟ ਆਈ। ਅਗਲੇ ਪਲ ਅੱਖਾਂ ਪੂਰੀਆਂ ਖੁੱਲ੍ਹ ਗਈਆਂ, ਜਿਵੇਂ ਵਰ੍ਹਿਆਂ ਦੀ ਨੀਂਦਰੋਂ ਜਾਗੀ ਹੋਵੇ। ਮੱਥੇ ਹੇਠ ਦੋ ਸੂਰਜ ਚਮਕਣ ਲੱਗੇ। ਪਤੀ ਦੇ ਮੂੰਹੋਂ ਭੂਤ ਦੇ ਬੋਲ ਸੁਣਦੀ ਰਹੀ- ਮਨੁੱਖਾਂ ਦੀ ਦੁਨੀਆ ਵਿੱਚ ਕੋਈ ਸੱਚ ਜੇ ਹੈ ਤਾਂ ਪ੍ਰੀਤ, ਕੇਵਲ ਪ੍ਰੀਤ। ਚਾਰ ਸਾਲ ਪਲਕ ਝਪਕਦਿਆਂ ਬੀਤ ਗਏ। ਹੁਣ ਉਨ੍ਹਾਂ ਨੂੰ ਯਾਦ ਕਰਦਿਆਂ ਜੁੱਗਾਂ ਤੱਕ ਜਿਉਂਦਾ ਰਹੂੰਗਾ...। ਜ਼ਿਆਦਾ ਲਾਲਚ ਚੰਗਾ ਨੀ ਹੋਇਆ ਕਰਦਾ, ਧਨ ਦਾ ਹੋਵੇ, ਸੱਤਾ ਦਾ ਹੋਵੇ, ਗਿਆਨ ਦਾ ਜਾਂ ਪ੍ਰੇਮ ਦਾ। ਚੰਚਲ ਮਨ ਨੂੰ ਕਿਤੇ ਨਾ ਕਿਤੇ ਸੰਤੋਖ ਤਾਂ ਕਰਨਾ ਪਏਗਾ ਹੀ। ਕਿਸ ਨੂੰ ਖ਼ਬਰ ਇਸ ਮਰਮ ਦਾ ਭੇਦ ਕੌਣ ਜਾਣਦਾ ਹੈ, ਇਹ ਮਰਮ ਭੂਤ ਦੇ ਬੋਲਾਂ ਵਿੱਚ ਸੀ ਕਿ ਬਹੂ ਦੀਆਂ ਖ਼ਾਮੋਸ਼ ਰਗਾਂ ਵਿੱਚ? ਕਿਸ ਨੂੰ ਪਤਾ ਹੈ ਦੋਵਾਂ ਦੇ ਦਿਲਾਂ ਵਿੱਚ ਸੱਚ ਦੀ ਇੱਕੋ ਜੋਤ ਪ੍ਰਜਵਲਤ ਹੋਈ ਹੋਵੇ?

ਸਾਰੀ ਰਮਾਇਣ ਉਧੇੜ ਕੇ ਉਹ ਹੈਰਾਨੀ ਨਾਲ ਕਹਿਣ ਲੱਗਾ- ਪਰ ਤੂੰ ਗੁੰਮਸੁੰਮ ਕਿਉਂ ਹੋ ਗਈ? ਜਦ ਮਾਪਿਆਂ ਨੇ ਨਹੀਂ ਪਛਾਣਿਆ, ਤੂੰ ਕਿਵੇਂ ਪਛਾਣ ਸਕਦੀ? ਤੇਰਾ ਕੀ ਕਸੂਰ? ਫਿਰ ਬੱਚੀ ਨੂੰ ਦੇਖਣ ਵਾਸਤੇ ਬੇਚੈਨ ਹੋਇਆ- ਦੇਖਾਂ, ਇਸਦਾ ਮੂੰਹ ਤਾਂ ਦੇਖਾਂ। ਬੱਚੀ ਦੀ ਸ਼ਕਲ ਦੇਖਣ ਲੱਗਾ। ਮਿਚੀਆਂ ਹੋਈਆਂ ਨਿੱਕੀਆਂ ਨਿੱਕੀਆਂ ਬੰਦ ਗੁਲਾਬੀ ਮੁੱਠੀਆਂ, ਛੋਟੇ ਛੋਟੇ ਗੁਲਾਬੀ ਪੈਰ। ਬੱਚੀ ਨੂੰ ਪੁਚਕਾਰ ਕੇ ਜੱਚਾ ਨੂੰ ਕਿਹਾ- ਅੱਖਾਂ ਬਿਲਕੁਲ ਤੇਰੇ ਤੇ ਗਈਆਂ ਹਨ ਬਾਕੀ ਨੈਣ ਨਕਸ਼ ਹੂ-ਬ-ਹੂ ਮੇਰੇ ਉੱਪਰ। ਵਿਧਾਤਾ ਦੇ ਕੰਮ ਵਿੱਚ ਕੌਣ ਨੁਕਸ ਕੱਢੇ? ਜੱਚਾ ਨੇ ਮੁਸ਼ਕਲ ਨਾਲ ਇਨੀ ਕੁ ਗੱਲ ਕਹੀ- ਵਿਧਾਤਾ ਦੀ ਕਲਾ ਵਿੱਚ ਕੋਈ ਕਮੀ ਹੋਵੇ ਤਾਂ ਹੋਵੇ, ਪ੍ਰੇਮ ਕਦੀ ਭੁੱਲ ਨਹੀਂ ਕਰਦਾ।

ਇਸ ਪਿੱਛੋਂ ਪਰਿਵਾਰ ਨੇ ਜਿਵੇਂ ਕਿਹਾ, ਜੱਚਾ ਨੇ ਕੀਤਾ। ਕਿਸੇ ਗੱਲੋਂ ਇਨਕਾਰ ਨਹੀਂ ਕੀਤਾ। ਇਨਕਾਰ ਕਰਕੇ ਪ੍ਰੀਤ ਦੀ ਮਰਿਆਦਾ ਘਟਦੀ। ਸੱਸ ਨੇ ਪੰਜੀਰੀ ਬਣਾਈ, ਖਾਧੀ। ਫਿਰ ਸੱਸ ਨੇ ਘਰੋਂ ਬਾਹਰ ਵਧਾਈ, ਸੂਰਜ ਪੂਜਿਆ, ਬਾਹਮਣਾਂ ਨੂੰ ਭੋਜਨ ਕਰਾਇਆ। ਔਰਤਾਂ ਨੇ ਬੱਚਾ ਜੱਚਾ ਦੇ ਗੀਤ ਗਾਏ। ਗੁੜ ਦਾ ਮੰਗਲੀਕ ਪ੍ਰਸ਼ਾਦ ਬਣਿਆ। ਅਗਨੀ ਪੂਜਾ ਕੀਤੀ, ਪੀਲੀ ਚੁੰਨੀ ਓੜ੍ਹੀ, ਬੇਟੀ ਨੂੰ ਪੀਲੇ ਪੰਘੂੜੇ ਵਿੱਚ ਝੁਲਾਇਆ। ਸੰਧੂਰ ਦੀ ਰੰਗੋਲੀ ਬਣਾਈ, ਮਹਿੰਦੀ ਲਾਈ, ਜਿਵੇਂ ਕਿਹਾ ਤਿਵੇਂ ਸ਼ਿੰਗਾਰ ਕੀਤਾ। ਗਹਿਣੇ ਪਹਿਨੇ। ਇਹੋ ਜਿਹੀ ਸਾਊ ਬਹੂ ਕਰਮਾ ਵਾਲਿਆਂ ਨੂੰ ਮਿਲਦੀ ਹੈ।

ਪੀਲੀ ਚੁੰਨੀ ਓੜ੍ਹਕੇ ਨਾ ਚਾਹੁੰਦਿਆਂ ਦੂਜੇ ਚੁਬਾਰੇ ਦੀਆਂ ਪੌੜੀਆਂ ਚੜ੍ਹਨ ਲੱਗੀ। ਅੰਦਰ ਹੀ ਅੰਦਰ ਦਿਲ ਰੋ ਰਿਹਾ ਸੀ। ਗੋਦ ਵਿੱਚ ਬੱਚੀ। ਪੱਲੇ ਹੇਠ ਦੁੱਧ। ਅੱਖਾਂ ਸੁੰਨੀਆਂ। ਦਿਲ ਸੁੰਨਾ। ਮੱਥੇ ਅੱਗੇ ਜਿਵੇਂ ਅਣਗਿਣਤ ਮੱਛਰ ਉਡ ਰਹੇ ਹੋਣ। ਸੂਲੀ ਤੇ ਚੜ੍ਹਨਾ ਇਸ ਤੋਂ ਵੱਧ ਤਕਲੀਫ਼ਦੇਹ ਤਾਂ ਕੀ ਹੋਏਗਾ।

ਪਲੰਗ ਉੱਪਰ ਅੱਧ ਲੇਟੇ ਪਤੀ ਦੇ ਦਿਲ ਵਿੱਚ ਉਜੈਨ ਦੀ ਸਿਰਫ਼ ਇੱਕ ਗੱਲ ਟਿਮਟਿਮਾ ਰਹੀ ਸੀ। ਬਹੂ ਨੂੰ ਭੀਲ ਭੀਲਣੀ ਦਾ ਕਿੱਸਾ ਆਰਾਮ ਨਾਲ ਦੇਰ ਤੱਕ ਸੁਣਾਏਗਾ। ਦੁਨੀਆ ਵਿੱਚ ਇਹੋ ਜਿਹੇ ਕਮਲੇ ਸਿਰਫਿਰੇ ਵੀ ਹੁੰਦੇ ਨੇ! ਤੇ ਉਹ ਚਰਵਾਹਾ... ਉਹ ਕਿਹੜਾ ਘੱਟ ਪਾਗ਼ਲ ਹੈ? ਪਰ ਇਹੋ ਜਿਹਾ ਪਾਗ਼ਲਪਣ ਮਾਲਕ ਤੋਂ ਕਿੰਨੇ ਕੁ ਬੰਦਿਆਂ ਨੂੰ ਨਸੀਬ ਹੁੰਦਾ ਹੈ? ਲੱਖਾਂ ਵਿੱਚੋਂ ਇੱਕ ਅੱਧ। ਇਹ ਧਰਤੀ ਨਾ ਕੱਛੂ ਦੀ ਪਿੱਠ ਉੱਪਰ ਟਿਕੀ ਹੋਈ ਹੈ, ਨਾ ਬਲਦ ਦੇ ਸਿੰਗ ਉੱਪਰ, ਨਾ ਸੇਸਨਾਗ ਦੇ ਫਣ ਉੱਪਰ। ਇਹ ਤਾਂ ਇਹੋ ਜਿਹੇ ਪਾਗ਼ਲਾਂ ਦੇ ਭਰੋਸੇ ਨਿਸ਼ਚਿੰਤ ਸੁੱਤੀ ਪਈ ਹੈ। ਕਦੀ ਪਾਸਾ ਬਦਲਦੀ ਹੈ ਤਾਂ ਕੁਹਰਾਮ ਮਚਦਾ ਹੈ। ਉਸਦਾ ਮਨ ਮੰਨਦਾ ਸੀ ਕਿ ਭੀਲ ਭੀਲਣੀ ਤੇ ਚਰਵਾਹੇ ਦੀ ਗੱਲ ਸੁਣਕੇ ਬਹੂ ਦੇ ਮਨ ਵਿੱਚ ਪੀਂਝੂਆਂ ਵਰਗਾ ਚਾਉ ਉਮੜੇਗਾ। ਬਹੂ ਦੇ ਦਿਲ ਵਿੱਚ ਵੀ ਇਹੋ ਜਿਹੇ ਪਾਗ਼ਲਪਣ ਦਾ ਕੋਈ ਅੰਸ਼ ਹੈ।

ਇੱਕ ਇੱਕ ਪੌੜੀ ਚੜਦਿਆਂ ਬਹੂ ਦੇ ਮਨ ਵਿੱਚ ਯਾਦਾਂ ਦੇ ਕਈ ਕਈ ਦ੍ਰਿਸ਼ ਟਿਮਟਿਮਾ ਰਹੇ ਸਨ। ਇਸ ਇੱਕੋ ਹਵੇਲੀ ਵਿੱਚ ਨਾ ਜਾਣੇ ਉਸਨੂੰ ਕਿੰਨੇ ਜੀਵਨ ਜਿਉਣੇ ਪੈਣਗੇ! ਪਰ ਦੁਪੱਟਾ ਚੁੰਘਦੀ ਇਹ ਬੇਟੀ ਵੱਡੀ ਹੋ ਕੇ ਔਰਤ ਦੀ ਅਜਿਹੀ ਜ਼ਿੰਦਗੀ ਨਾ ਜੀਏ ਤਾਂ ਮਾਂ ਦਾ ਸਾਰਾ ਦੁੱਖ ਦਰਦ ਮਿਟ ਜਾਏ। ਇਸ ਤਰ੍ਹਾਂ ਤਾਂ ਪਸ਼ੂ ਵੀ ਉਨ੍ਹਾਂ ਦੀ ਮਰਜ਼ੀ ਬਗ਼ੈਰ ਨਹੀਂ ਜੋਤੇ ਜਾਂਦੇ! ਇੱਕ ਵਾਰ ਤਾਂ ਸਿਰ ਮਾਰਕੇ ਵਿਰੋਧ ਕਰਦੇ ਹੀ ਹਨ! ਪਰ ਔਰਤਾਂ ਦਾ ਮਨ ਹੁੰਦਾ ਹੀ ਕਿੱਥੇ ਹੈ? ਸ਼ਮਸ਼ਾਨ ਨਾ ਪੁੱਜੀਆਂ ਤਾਂ ਹਵੇਲੀ, ਹਵੇਲੀ ਤੋਂ ਮੁਕਤ ਹੋਈਆਂ ਤਾਂ ਸ਼ਮਸ਼ਾਨ...!!

(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ