Duddh Te Pani (Punjabi Story) : S. Saki
ਦੁੱਧ ਤੇ ਪਾਣੀ (ਕਹਾਣੀ) : ਐਸ ਸਾਕੀ
ਘੰਟੀ ਵੱਜਣ ’ਤੇ ਮੈਂ ਰਜਾਈ ’ਚੋਂ ਬਾਹਰ ਨਿਕਲ ਬੂਹਾ ਖੋਲ੍ਹਿਆ। ਰਾਵਣ ਜਿਹੀਆਂ ਭਾਰੀ ਮੁੱਛਾਂ ਵਾਲਾ ਚਿਹਰਾ ਲਈ ਇੱਕ ਬੰਦਾ ਸਾਹਮਣੇ ਖਲੋਤਾ ਦਿਸਿਆ। ਪਹਿਲਵਾਨੀ ਸਰੀਰ। ਕੱਦ ਕੋਈ ਪੰਜ ਫੁੱਟ ਦਸ ਇੰਚ। ਮੈਂ ਅੰਦਰੋਂ ਹੀ ਖੇਸ ਦੀ ਬੁੱਕਲ ਮਾਰ ਬਾਹਰ ਆਇਆ ਸੀ। ਠੰਢ ਇੰਨੀ ਸੀ ਜਿਵੇਂ ਸਰੀਰ ’ਚੋਂ ਤਿੱਖੀ ਬਰਛੀ ਆਰ-ਪਾਰ ਲੰਘ ਗਈ ਹੋਵੇ, ਪਰ ਉਸ ਨੇ ਇਕੱਲਾ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਕੁੜਤੇ ਦੇ ਤਿੰਨ ਬਟਨ ਖੁੱਲ੍ਹੇ। ਜਾਂ ਤਾਂ ਉਸ ਨੇ ਜਾਣ ਕੇ ਖੁੱਲ੍ਹੇ ਰੱਖੇ ਸਨ ਜਾਂ ਫਿਰ ਉਹ ਬਟਨ ਟੁੱਟੇ ਹੋਏ ਸਨ। ਹਨੇਰੇ ਵਿੱਚ ਕੁਝ ਠੀਕ ਤਰ੍ਹਾਂ ਦਿੱਸੇ ਨਾ। ਪਤਲੇ ਕੁੜਤੇ ਵਿੱਚੋਂ ਉਸ ਦੇ ਮੋਟੇ ਡੌਲੇ ਅਤੇ ਸਰੀਰ ਦੇ ਤਕੜੇ ਅੰਗ ਬਾਹਰ ਵੱਲ ਝਾਕਦੇ ਪ੍ਰਤੀਤ ਹੋ ਰਹੇ ਸਨ। ਉਸ ਨੇ ਸੱਜੇ ਹੱਥ ਨਾਲ ਸਾਈਕਲ ਦਾ ਮੁੱਠਾ ਫੜ ਰੱਖਿਆ ਸੀ। ਸਾਈਕਲ ਦੇ ਹੈਂਡਲ ਦੇ ਆਸੇ-ਪਾਸੇ ਅਤੇ ਪਿੱਛੇ ਕੈਰੀਅਰ ਨਾਲ ਦੁੱਧ ਦੇ ਦੋ-ਦੋ ਡਰੰਮ ਲਮਕਾ ਰੱਖੇ ਸਨ। ਸਾਈਕਲ ਨੂੰ ਖੜ੍ਹਾ ਕਰਨ ਲਈ ਸਹਾਰਾ ਦੇ ਕੇ ਉਸ ਦੀ ਕਾਠੀ ਉਸ ਨੇ ਆਪਣੀ ਢਾਕ ਨਾਲ ਲਾ ਰੱਖੀ ਸੀ। ‘‘ਬਾਊ ਜੀ, ਮੇਰਾ ਨਾਂ ਪੰਡਿਤ ਗੁਪਾਲ ਦਾਸ ਹੈ। ਤੁਸੀਂ ਪਰਸੋਂ ਹੀ ਇਸ ਨਵੇਂ ਘਰ ਵਿੱਚ ਆਏ ਹੋ ਨਾ?’’
ਉਸ ਦੀ ਇਸ ਗੱਲ ’ਤੇ ਮੈਂ ਥੋੜ੍ਹਾ ਹੈਰਾਨ ਵੀ ਹੋਇਆ ਕਿ ਇਸ ਨੂੰ ਮੇਰੇ ਪਰਸੋਂ ਨਵੇਂ ਘਰ ’ਚ ਆਉਣ ਬਾਰੇ ਕਿਵੇਂ ਪਤਾ ਲੱਗਿਆ? ਉਹਦੇ ਇਸ ਸਵਾਲ ’ਤੇ ਬਿਨਾਂ ਬੋਲਿਆਂ ਮੈਂ ਕੇਵਲ ‘ਹਾਂ’ ਵਿੱਚ ਸਿਰ ਹਿਲਾਇਆ।
‘‘ਇਸ ਕਲੋਨੀ ਵਿੱਚ ਜਿਹੜਾ ਨਵਾਂ ਬੰਦਾ ਆਉਂਦਾ ਉਹ ਦੁੱਧ ਮੇਰੇ ਕੋਲੋਂ ਹੀ ਲੈਂਦਾ ਹੈ।’’
ਉਸ ਨੇ ਅੱਗੇ ਗੱਲ ਛੇੜੀ, ‘‘ਤੁਹਾਡੇ ਗੁਆਂਢੀਆਂ ਲਈ ਵੀ ਦੁੱਧ ਮੈਂ ਹੀ ਲਿਆਉਂਦਾ ਹਾਂ। ਬਾਕੀ ਆਹ ਨਾਲ ਦੇ ਤਿੰਨ ਪਲਾਟ ਛੱਡ ਕੇ ਘਰਾਂ ਦੀ ਕਤਾਰ ਹੈ। ਸਾਰੇ ਮੇਰੇ ਹੀ ਗਾਹਕ ਹਨ। ਦੁੱਧ ਵੇਚਣਾ ਸਾਡਾ ਖਾਨਦਾਨੀ ਪੇਸ਼ਾ ਨਹੀਂ। ਮੇਰੇ ਪਿਤਾ ਤਾਂ ਬਹੁਤ ਵੱਡੇ ਵਿਦਵਾਨ ਪੰਡਿਤ ਸਨ। ਦੂਰ ਦੂਰ ਦੇ ਪਿੰਡਾਂ ਵਿੱਚ ਬਹੁਤਿਆਂ ਦੇ ਪਰੋਹਿਤ, ਪਰ ਮੈਂ ਉਸ ਘਰ ’ਚ ਪਿਤਾ ਜੀ ਜਿਹਾ ਨਹੀਂ ਜੰਮਿਆ। ਸਕੂਲ ਇੱਕ ਦਿਨ ਵੀ ਟਿਕ ਕੇ ਨਹੀਂ ਪੜ੍ਹਿਆ। ਪਿਓ ਬਥੇਰੀਆਂ ਨਸੀਹਤਾਂ ਦਿਆ ਕਰੇ, ਪਰ ਮੈਂ ਤਾਂ ਨਿਕੰਮਾ ਹੀ ਨਿਕਲਿਆ। ਬੱਸ ਸਾਰਾ ਦਿਨ ਇਧਰ-ਓਧਰ ਮੂੰਹ ਮਾਰਦਾ ਰਹਿੰਦਾ। ਫਿਰ ਇੱਕ ਦਿਨ ਪਿਓ ਮਰ ਗਿਆ। ਉਸ ਤੋਂ ਬਾਅਦ ਤਾਂ ਕੋਈ ਵੀ ਪੰਡਤਾਈ ਖ਼ਾਤਰ ਮੇਰੇ ਕੋਲ ਨਾ ਆਵੇ। ਉਂਜ, ਆਏ ਵੀ ਤਾਂ ਜੇ ਮੈਨੂੰ ਪੱਤਰਾ ਵਾਚਣਾ ਆਉਂਦਾ ਹੋਵੇ। ਮੰਤਰ ਅਤੇ ਸਲੋਕਾਂ ਦਾ ਗਿਆਨ ਹੋਵੇ। ਮੇਰੇ ਲਈ ਤਾਂ ਕਾਲਾ ਅੱਖਰ ਭੈਂਸ ਬਰਾਬਰ ਸੀ। ਸਰੀਰ ਦਾ ਮੈਂ ਸ਼ੁਰੂ ਤੋਂ ਹੀ ਖੁੱਲ੍ਹਾ ਸੀ। ਪਿਓ ਨਾਲ ਲੋਕਾਂ ਦੇ ਘਰਾਂ ’ਚ ਜਾ ਖੀਰ ਖਾ ਕੇ ਤਕੜਾ ਹੋ ਗਿਆ ਸੀ। ਪਿੰਡ ਮੇਰਾ ਇੱਕ ਰੁਲਦੂ ਬੇਲੀ ਰਹਿੰਦਾ ਸੀ। ਉਹ ਪਿੰਡੋਂ ਦੁੱਧ ਇਕੱਠਾ ਕਰਕੇ ਸ਼ਹਿਰ ਵੇਚਦਾ ਸੀ। ਮੈਨੂੰ ਵਿਹਲਾ ਘੁੰਮਦਾ ਵੇਖ ਉਸ ਨੇ ਆਪਣੇ ਲੀਹੇ ਲਾ ਲਿਆ। ਹੁਣ ਤਾਂ ਬਾਊ ਜੀ ਮੌਜਾਂ ਹੀ ਮੌਜਾਂ ਨੇ। ਸਵੇਰੇ ਚਾਰ ਵਜੇ ਉੱਠ ਮੱਝਾਂ ਵਾਲਿਆਂ ਕੋਲੋਂ ਡੋਲਾਂ ’ਚ ਦੁੱਧ ਪੁਆ ਲਈਦਾ ਹੈ। ਸ਼ਹਿਰ ਲਿਆ ਤੁਹਾਡੇ ਜਿਹੇ ਚੰਗੇ ਬੰਦਿਆਂ ਦੇ ਘਰਾਂ ’ਚ ਇੱਕ ਰੁਪਏ ਕਿਲੋ ਦੇ ਵਾਧੇ ਨਾਲ ਵੇਚ ਦੇਈਦਾ ਹੈ। ਰੋਜ਼ ਸਵੇਰੇ ਕਿੰਨੇ ਹੀ ਚਿਹਰਿਆਂ ਦੇ ਦਰਸ਼ਨ ਕਰੀਦੇ ਨੇ ਅਤੇ ਨਾਲ ਧੰਦਾ ਵੀ ਟੁਰਦਾ ਰਹਿੰਦੈ।’’
ਇੰਨੀ ਲੰਮੀ ਗੱਲ ਕਰਦਿਆਂ ਗੋਪਾਲ ਦਾਸ ਨੇ ਮੈਨੂੰ ਇੱਕ ਵਾਰ ਵੀ ਬੋਲਣ ਨਹੀਂ ਦਿੱਤਾ। ਅਸੀਂ ਨਵਾਂ ਘਰ ਬਣਾ ਇਸ ਕਾਲੋਨੀ ਵਿੱਚ ਆਏ ਸੀ। ਉਂਜ ਤਾਂ ਇੱਥੇ ਬਹੁਤ ਸਾਰੀਆਂ ਸਮੱਸਿਆਵਾਂ ਸਨ, ਪਰ ਉਨ੍ਹਾਂ ਵਿੱਚੋਂ ਬੱਚਿਆਂ ਲਈ ਨਵਾਂ ਸਕੂਲ, ਦੁੱਧ ਵਾਲਾ, ਪ੍ਰਚੂਨ ਵਾਲਾ ਸਭ ਕੁਝ ਹੀ ਮਿਲਣਾ ਔਖਾ ਸੀ। ਬੱਚਿਆਂ ਲਈ ਨਵਾਂ ਸਕੂਲ ਭਾਵੇਂ ਦੂਜੇ ਦਿਨ ਮਿਲ ਗਿਆ ਤੇ ਪ੍ਰਚੂਨ ਵਾਲੀ ਹੱਟੀ ਵੀ, ਪਰ ਦੁੱਧ ਦੀ ਸਮੱਸਿਆ ਹੱਲ ਨਾ ਕੋਈ। ਕਾਲੋਨੀ ਵਿੱਚ ਚਾਹ ਵਾਲੇ ਦੀ ਦੁਕਾਨ ਸੀ। ਉਸ ਕੋਲੋਂ ਰੋਜ਼ ਕੱਚੀ ਲੱਸੀ ਜਿਹਾ ਇੱਕ ਕਿਲੋ ਦੁੱਧ ਲਿਆ ਤਿੰਨ ਚਾਰ ਦਿਨ ਮਸਾਂ ਹੀ ਲੰਘਾਏ। ਪਰ ਅੱਜ…?
ਪਰ ਇਨਸਾਨੀ ਫ਼ਿਤਰਤ। ਜੇ ਬੰਦੇ ਨੂੰ ਕੋਈ ਸ਼ੈਅ ਆਸਾਨੀ ਨਾਲ ਮਿਲ ਜਾਵੇ ਤਾਂ ਉਹ ਉਸ ਦੀ ਕਦਰ ਨਹੀਂ ਕਰਦਾ। ਮੇਰੇ ਅੰਦਰ ਵੀ ਉਹ ਫ਼ਿਤਰਤ ਜਾਗ ਪਈ। ਮੈਂ ਉਸ ਨੂੰ ਰੋਹਬ ਮਾਰਨ ਲਈ ਪੁੱਛ ਹੀ ਲਿਆ, ‘‘ਦੁੱਧ ਦੀ ਕਿਹੀ ਹਾਲਤ ਹੋਵੇਗੀ?’’ ‘‘ਤੁਸੀਂ ਫ਼ਿਕਰ ਨਾ ਕਰੋ ਬਾਊ ਜੀ, ਦੁੱਧ ਚੋਣ ਦੇ ਨਾਲ ਹੀ ਡੋਲ ’ਚ ਪਊ ਅਤੇ ਡੋਲ ਵਿੱਚੋਂ ਸਿੱਧਾ ਤੁਹਾਡੇ ਭਾਂਡੇ ’ਚ। ਅਸੀਂ ਪੰਡਿਤ ਹਾਂ। ਕੋਈ ਮਾੜਾ ਕੰਮ ਨਹੀਂ ਕਰਦੇ।’’ ਉਸ ਨੇ ਤਪਾਕ ਨਾਲ ਜਵਾਬ ਦਿੱਤਾ।
ਕਿਸੇ ਨਾਲ ਗੱਲਾਂ ਕਰਦਿਆਂ ਸੁਣ ਪਤਨੀ ਵੀ ਬੂੁਹੇ ਕੋਲ ਆ ਗਈ। ਭਾਅ ਠੀਕ ਤੈਅ ਕਰ ਕੇ ਪਹਿਲੇ ਦਿਨ ਹੀ ਭਾਂਡੇ ਵਿੱਚ ਦੁੱਧ ਪੁਆ ਲਿਆ। ਪੰਡਿਤ ਗੋਪਾਲ ਦਾਸ ਨੇ ਡੋਲ ਦਾ ਮੂੰਹ ਬੰਦ ਕੀਤਾ। ‘ਜੈ ਰਾਮ ਜੀ ਕੀ’ ਕਹਿ ਸਾਈਕਲ ’ਤੇ ਲੱਗੇ ਹਾਰਨ ਨਾਲ ਪਾਂ-ਪਾਂ ਕਰਦਾ ਉਹ ਅੱਗੇ ਲੰਘ ਗਿਆ।
ਦੁੱਧ ਦੀ ਸਮੱਸਿਆ ਹੱਲ ਹੋਣ ’ਤੇ ਮੈਨੂੰ ਇੰਜ ਲੱਗਾ ਜਿਵੇਂ ਮੈਂ ਲੜਾਈ ਦਾ ਕੋਈ ਵੱਡਾ ਮੋਰਚਾ ਬਿਨਾਂ ਹਥਿਆਰ ਫ਼ਤਹਿ ਕਰ ਲਿਆ ਹੋਵੇ।
‘‘ਆ ਕੇ ਵੇਖੋ ਜੀ, ਦੁੱਧ ਤਾਂ ਬਹੁਤ ਸੋਹਣੈ।’’ ਰਸੋਈ ਵਿੱਚੋਂ ਪਤਨੀ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਦੁੱਧ ਪਤੀਲੇ ਵਿੱਚ ਪਾ ਰੱਖਿਆ ਸੀ। ਮੈਂ ਵੀ ਰਸੋਈ ’ਚ ਜਾ ਕੇ ਦੁੱਧ ਵਿੱਚ ਉਂਗਲ ਡੁਬੋ ਕੇ ਵੇਖੀ। ਦੁੱਧ ਦੇ ਨਿਸ਼ਾਨ ਉਂਗਲ ’ਤੇ ਪੈ ਗਏ ਸਨ। ਗਾੜ੍ਹਾ ਹੋਣ ਕਰਕੇ ਹੀ ਇੰਜ ਹੋਇਆ। ਪਤਲਾ ਹੁੰਦਾ ਤਾਂ ਉਂਗਲ ਦੁੱਧ ’ਚੋਂ ਇੰਜ ਬਾਹਰ ਆ ਜਾਂਦਾ ਜਿਵੇਂ ਲੱਸੀ ਵਿੱਚ ਡੁਬੋ ਕੇ ਵੇਖੀ ਹੋਵੇ।
ਹੁਣ ਤਾਂ ਉਹ ਹਰ ਰੋਜ਼ ਸਵੇਰੇ ਹੀ ਆ ਜਾਂਦਾ। ਸਾਈਕਲ ’ਤੇ ਲੱਗੇ ਹਾਰਨ ਨਾਲ ਪਾਂ-ਪਾਂ ਕਰਦਾ। ਬੂਹਾ ਖੁੱਲ੍ਹਦਾ। ਉਹ ਭਾਰੀ ਆਵਾਜ਼ ਨਾਲ ‘ਜੈ ਰਾਮ ਜੀ ਕੀ’ ਕਹਿੰਦਾ ਅਤੇ ਭਾਂਡੇ ਵਿੱਚ ਦੁੱਧ ਪਾ ਹਾਰਨ ਵਜਾਉਂਦਾ ਅੱਗੇ ਟੁਰ ਜਾਂਦਾ। ਫਿਰ ਇੱਕ ਦਿਨ ਪਤਨੀ ਨੇ ਮੈਨੂੰ ਰਸੋਈ ’ਚ ਸੱਦਿਆ।
‘‘ਆਹ ਦੇਖਣਾ, ਅੱਜ ਇਹ ਦੁੱਧ ਪਤਲਾ ਜਿਹਾ ਕਿਉਂ ਲੱਗਦੈ?’’ ਕੋਲ ਆਏ ਨੂੰ ਉਸ ਨੇ ਕਿਹਾ। ਮੈਂ ਮੁੜ ਮੁੜ ਦੁੱਧ ਵਿੱਚ ਉਂਗਲ ਡੁਬੋ ਕੇ ਵੇਖਾਂ। ਦੁੱਧ ਤਾਂ ਉਂਗਲ ’ਤੇ ਟਿਕੇ ਹੀ ਨਾ। ਭਾਵੇਂ ਅੱਖਾਂ ਸਾਹਮਣੇ ਪਿਆ ਦੁੱਧ ਪਤਲਾ ਲੱਗੇ, ਪਰ ਮਨ ’ਚ ਫਿਰ ਇਹੋ ਆਈ ਜਾਵੇ, ‘ਨਹੀਂ ਪੰਡਿਤ ਅਜਿਹਾ ਨਹੀਂ ਕਰ ਸਕਦਾ।’
ਅਗਲੇ ਦਿਨ ਜਦੋਂ ਗੋਪਾਲ ਦਾਸ ਸਵੇਰੇ ਆਇਆ ਤਾਂ ਮਨ ਵਿੱਚ ਆਈ ਗੱਲ ਬੁੱਲ੍ਹਾਂ ’ਤੇ ਨਾ ਆਵੇ। ਬਹੁਤ ਕੋਸ਼ਿਸ਼ ਕਰਨ ’ਤੇ ਵੀ ਮੈਂ ਉਸ ਕੋਲੋਂ ਦੁੱਧ ਦੇ ਪਤਲਾ ਹੋਣ ਬਾਰੇ ਨਾ ਪੁੱਛ ਸਕਿਆ, ਪਰ ਜਦੋਂ ਅਗਲੇ ਦਿਨ ਉਸ ਨੇ ਫਿਰ ਪਤਲਾ ਦੁੱਧ ਪਤੀਲੇ ’ਚ ਪਾਇਆ ਤਾਂ ਮੂੰਹ ’ਚੋਂ ਗੱਲ ਬਾਹਰ ਨਿਕਲ ਹੀ ਗਈ, ‘‘ਬਈ ਪੰਡਤ ਜੀ, ਦੋ ਦਿਨਾਂ ਤੋਂ ਦੁੱਧ ਕੁਝ ਪਤਲਾ ਲੱਗਦੈ।’’
‘‘ਓ ਬਾਊ ਜੀ, ਕਿਹੀ ਗੱਲ ਕਰਦੇ ਪਏ ਹੋ! ਦੁੱਧ ਸਿੱਧਾ ਚੁਆ ਕੇ ਤੁਹਾਡੇ ਤੀਕ ਲੈ ਆਈਦਾ ਹੈ। ਹਾਂ, ਇਹ ਹੋ ਸਕਦੈ ਕਿ ਤੁਹਾਡੇ ਕੋਲ ਤਾਜ਼ੀ ਸੂਈ ਮੱਝ ਦਾ ਦੁੱਧ ਆ ਗਿਆ ਹੋਵੇ। ਤੁਹਾਨੂੰ ਤਾਂ ਪਤਾ ਹੋਵੇਗਾ ਕਿ ਸੱਜਰੀ ਸੂਈ ਮੱਝ ਦਾ ਦੁੱਧ ਪਤਲਾ ਅਤੇ ਬਾਖੜੀ ਸੂਈ ਦਾ ਦਹੀਂ ਵਰਗਾ ਹੁੰਦੈ।’’ ਸੱਜਰੀ ਅਤੇ ਬਾਖੜੀ ਦੇ ਦੁੱਧ ਵਿੱਚ ਅੰਤਰ ਨਾ ਸਮਝਦਿਆਂ ਵੀ ਮੈਂ ‘ਹਾਂ’ ਵਿੱਚ ਸਿਰ ਹਿਲਾ ਦਿੱਤਾ।
ਫਿਰ ਤਿੰਨ-ਚਾਰ ਦਿਨ ਉਸ ਨੇ ਦੁੱਧ ਠੀਕ ਕਰ ਦਿੱਤਾ। ਮੈਂ ਮਨੋ-ਮਨ ਬਹੁਤ ਖ਼ੁਸ਼ ਕਿ ਇੱਕ ਵਾਰੀ ਟੋਕਣ ਨਾਲ ਹੀ ਉਹ ਸਮਝ ਗਿਆ, ਪਰ ਅਜਿਹਾ ਬਹੁਤੇ ਦਿਨ ਨਾ ਹੋਇਆ। ਮੁੜ ਉਹੀ ਪਤਲਾ ਦੁੱਧ ਤੇ ਪਤਨੀ ਰੋਜ਼ ਮੈਨੂੰ ਉਲ੍ਹਾਂਭਾ ਦੇਵੇ।
‘‘ਬਈ ਪੰਡਿਤ ਜੀ ਦੁੱਧ?’’
‘‘ਬਾਊ ਜੀ, ਦੋਵੇਂ ਪੁੱਤਰਾਂ ਦੀ ਸਹੁੰ ਚੁਕਾ ਲਵੋ ਜੇ ਦੁੱਧ ਵਿੱਚ ਮਾੜਾ ਜਿਹਾ ਵੀ ਨੁਕਸ ਹੋਵੇ। ਦੁੱਧ ਤਾਂ ਠੀਕ ਹੈ। ਤੁਹਾਡੀ ਪਤਨੀ ਨੂੰ ਹੀ ਵਹਿਮ ਹੋ ਗਿਆ ਹੋਣਾ। ਤੁਹਾਨੂੰ ਪਤਾ ਨਹੀਂ, ਇਹ ਬਿਮਾਰੀ ਔਰਤਾਂ ਨੂੰ ਛੇਤੀ ਚਿੰਬੜ ਜਾਂਦੀ ਹੈ।’’ ਮੇਰੀ ਗੱਲ ਵਿਚਕਾਰੋਂ ਕੱਟ ਉਹ ਬੋਲਿਆ। ਉਸ ਦੀ ਗੱਲ ਸੁਣ ਕੇ ਮੇਰਾ ਮਨ ਜਿਵੇਂ ਪਛਤਾਵੇ ਜਿਹੇ ਨਾਲ ਭਰ ਗਿਆ। ਮੈਂ ਸੋਚਿਆ ਕਿ ਐਵੇਂ ਬੰਦੇ ’ਤੇ ਸ਼ੱਕ ਕੀਤਾ, ਕਿਲੋ ਦੁੱਧ ਪਿੱਛੇ ਵਿਚਾਰੇ ਨੂੰ ਪੁੱਤਾਂ ਦੀ ਸਹੁੰ ਚੁੱਕਣੀ ਪਈ।
ਫਿਰ ਤਾਂ ਹਰ ਵਾਰ ਇੰਜ ਹੀ ਹੁੰਦਾ। ਮੇਰੇ ਕਿਹਾਂ ਇੱਕ-ਦੋ ਦਿਨ ਤਾਂ ਦੁੱਧ ਠੀਕ-ਠਾਕ ਆਉਂਦਾ, ਨਹੀਂ ਤਾਂ ਉਹੀ ਪਤਲਾ, ਪਾਣੀ ਮਿਲਿਆ। ਕਈ ਵਾਰੀ ਤਾਂ ਉਹ ਪਤੀਲੇ ਵਿੱਚ ਕੱਚੀ ਲੱਸੀ ਹੀ ਪਾ ਜਾਂਦਾ। ਜੇ ਕਦੇ ਪਤਨੀ ਕੁਝ ਕਹਿੰਦੀ ਤਾਂ ਉਸ ਦਾ ਅੱਗੋਂ ਉਹੀ ਉੱਤਰ, ‘‘ਬਾਊ ਜੀ, ਸਹੁੰ ਚੁਕਾ ਲਵੋ ਦੋਵੇਂ ਪੁੱਤਰਾਂ ਦੀ ਜੇ ਦੁੱਧ ਵਿੱਚ ਰੱਤੀ ਭਰ ਵੀ ਫ਼ਰਕ ਹੋਵੇ। ਪੁੱਤਰਾਂ ਨਾਲੋਂ ਦੁੱਧ ਥੋੜ੍ਹੇ ਪਿਆਰਾ ਹੁੰਦੈ। ਫਿਰ ਵਹਿਮ ਦਾ ਕੀ ਇਲਾਜ ਐ?’’
ਕਾਲੋਨੀ ਵਿੱਚ ਰਹਿੰਦਿਆਂ ਸਾਨੂੰ ਕਈ ਮਹੀਨੇ ਹੋ ਚੱਲੇ ਸਨ। ਵਕਤ ਪੈਂਦਿਆਂ ਗੁਪਤਾ ਸਾਹਿਬ, ਸਕਸੈਨਾ, ਮਿਸਟਰ ਸਿੰਘ ਕਈ ਜਣੇ ਅਸੀਂ ਇੱਕ ਜੁੰਡਲੀ ਵਿੱਚ ਜੁੜ ਗਏ। ਮਈ ਦੇ ਦਿਨ ਸਨ। ਅਸੀਂ ਸਾਰਿਆਂ ਨੇ ਮਿਲ ਕੇ ਸਲਾਹ ਬਣਾਈ ਕਿ ਸਵੇਰੇ ਸੈਰ ਲਈ ਜਾਇਆ ਕਰੀਏ! ਸਵੇਰੇ ਸਾਢੇ ਚਾਰ ਵੀ ਨਾ ਵੱਜਦੇ ਕਿ ਅਸੀਂ ਕਾਲੋਨੀ ਵਿੱਚੋਂ ਬਾਹਰ ਨਿਕਲ ਦੂਰ ਖੁੱਲ੍ਹੇ ਵਾਤਾਵਰਨ ਵਿੱਚ ਘੁੰਮਣ ਨਿਕਲ ਜਾਂਦੇ।
ਫਿਰ ਇੱਕ ਵਾਰ ਅਜੀਬ ਜਿਹੀ ਗੱਲ ਵਾਪਰੀ। ਸਾਡੇ ਘਰੋਂ ਥੋੜ੍ਹੀ ਦੂਰੀ ’ਤੇ ਰਾਮ ਮੰਦਰ ਬਣਿਆ ਹੋਇਆ ਸੀ ਜਿਹੜਾ ਕਾਲੋਨੀ ਦੇ ਲੋਕਾਂ ਨੇ ਸਾਂਝੇ ਪੈਸਿਆਂ ਨਾਲ ਸਰਕਾਰ ਵੱਲੋਂ ਮਿਲੀ ਥਾਂ ’ਤੇ ਉਸਾਰਿਆ ਸੀ। ਮੰਦਰ ਦੇ ਕਰਤਾ-ਧਰਤਾ ਨੇ ਲੋਕਾਂ ਦੇ ਪਾਣੀ ਪੀਣ ਲਈ ਉਸ ਬਾਹਰ ਇੱਕ ਟੂਟੀ ਲਗਾ ਰੱਖੀ ਸੀ। ਕੋਈ ਵੀ ਆਉਂਦਾ-ਜਾਂਦਾ ਪਿਆਸਾ ਬੰਦਾ ਉੱਥੋਂ ਪਾਣੀ ਪੀ ਲੈਂਦਾ ਸੀ। ਟੂਟੀ ਉੱਤੇ ਰਾਤ ਵੇਲੇ ਇੱਕ ਬਲਬ ਜਗਦਾ ਰਹਿੰਦਾ ਸੀ ਤਾਂ ਜੋ ਰਾਤ ਵੇਲੇ ਪਾਣੀ ਪੀਣ ਵਾਲੇ ਨੂੰ ਹਨੇਰੇ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਇੱਕ ਦਿਨ ਅਸੀਂ ਸਵੇਰੇ ਸੈਰ ਕਰਨ ਲਈ ਜਾਣ ਲੱਗੇ ਹੀ ਸੀ ਕਿ ਅਚਾਨਕ ਮੇਰੀ ਨਜ਼ਰ ਮੰਦਰ ਦੇ ਵੱਡੇ ਦਰਵਾਜ਼ੇ ਵੱਲ ਚਲੀ ਗਈ ਜਿਸ ਨੇੜੇ ਬਲਬ ਦੀ ਰੌਸ਼ਨੀ ਹੇਠਾਂ ਪਾਣੀ ਦੀ ਟੂਟੀ ਲੱਗੀ ਹੋਈ ਸੀ। ਦੂਰੋਂ ਇੰਜ ਲੱਗਿਆ ਜਿਵੇਂ ਉੱਥੇ ਕੋਈ ਬੰਦਾ ਖਲੋਤਾ ਹੋਵੇ। ਦੂਰੋਂ ਉਹ ਦੁੱਧ ਵਾਲਾ ਪੰਡਿਤ ਜਾਪਿਆ।
‘ਸਵੇਰੇ ਸਵੇਰੇ ਹੀ ਪਾਣੀ ਪੀ ਰਿਹਾ ਹੋਣੈ। ਗਰਮੀ ਜੋ ਪੈ ਰਹੀ ਹੈ।’ ਮਨ ’ਚ ਗੱਲ ਆਈ, ਪਰ ਜਦੋਂ ਨੇੜੇ ਜਾ ਕੇ ਵੇਖਿਆ ਤਾਂ ਅੱਖਾਂ ਜਿਵੇਂ ਅਸਲੀ ਆਕਾਰ ਨਾਲੋਂ ਕਿਤੇ ਵੱਧ ਚੌੜੀਆਂ ਹੋ ਗਈਆਂ। ਕੀ ਵੇਖਦਾ ਹਾਂ ਕਿ ਪੰਡਿਤ ਨੇ ਦੁੱਧ ਵਾਲੇ ਇੱਕ ਡਰੰਮ ਦਾ ਢੱਕਣ ਖੋਲ੍ਹ ਰੱਖਿਆ ਅਤੇ ਉਹ ਡਰੱਮ ਦੇ ਢੱਕਣ ਨਾਲ ਮੰਦਰ ਦੀ ਟੂਟੀ ਤੋਂ ਪਾਣੀ ਭਰ-ਭਰ ਉਸ ਵਿੱਚ ਪਾਈ ਜਾਵੇ। ਉਸ ਦੇ ਝੂਠ ਅਤੇ ਮੱਕਾਰੀ ’ਤੇ ਜਿਵੇਂ ਲਹੂ ਉੱਬਲ ਪਿਆ। ਯਕੀਨ ਹੀ ਨਾ ਆਵੇ ਕਿ ਬੰਦਾ ਆਪਣੇ ਧਰਮ ਤੋਂ ਇੰਨਾ ਵੀ ਡਿੱਗ ਸਕਦਾ ਹੈ। ਪੈਸੇ ਦੇ ਲਾਲਚ ਵਿੱਚ ਉਹ ਆਪਣੇ ਪੁੱਤਰਾਂ ਦੀਆਂ ਝੂਠੀਆਂ ਸਹੁੰਆਂ ਵੀ ਚੁੱਕ ਸਕਦਾ ਹੈ। ਉਸ ਨੂੰ ਅਜਿਹੇ ਕਰਮ ਕਰਦਿਆਂ ਵੇਖ ਕੇ ਰੋਜ਼ ਪਤੀਲੇ ਵਿੱਚ ਪਿਆ ਕੱਚੀ ਲੱਸੀ ਜਿਹਾ ਦੁੱਧ ਅੱਖਾਂ ਸਾਹਵੇਂ ਘੁੰਮ ਗਿਆ ਜਿਹੜਾ ਉਹ ਪਿਛਲੇ ਛੇ ਮਹੀਨਿਆਂ ਤੋਂ ਪਿਆਉਂਦਾ ਆ ਰਿਹਾ ਸੀ।
‘‘ਪੰਡਤ ਤੂੰ…?’’
‘‘ਜੈ ਰਾਮ ਜੀ ਕੀ, ਬਾਊ ਜੀ। ਕੀ ਹਰ ਰੋਜ਼ ਸਵੇਰੇ ਸੈਰ ਕਰਨ ਜਾਂਦੇ ਹੋ? ਜਾਣਾ ਹੀ ਚਾਹੀਦੈ। ਇੰਨੀ ਖੁੱਲ੍ਹੀ ਥਾਂ ਸ਼ਹਿਰ ’ਚ ਕਿੱਥੇ ਮਿਲਦੀ ਐ?’’
ਉਸ ਨੇ ਮੇਰੇ ਦੋ ਸ਼ਬਦਾਂ ਬਦਲੇ ਇੰਨਾ ਹੀ ਕਿਹਾ। ਮੇਰਾ ਖ਼ਿਆਲ ਸੀ ਕਿ ਉਹ ਮੈਨੂੰ ਵੇਖ ਕੇ ਸਹਿਮ ਜਾਵੇਗਾ। ਹੱਥ ਜੋੜ ਅਤੇ ਗਿੜਗਿੜਾ ਕੇ ਮੁਆਫ਼ੀ ਮੰਗੇਗਾ ਕਿ ਦੁੱਧ ਵਿੱਚ ਪਾਣੀ ਮਿਲਾਉਣ ਦੀ ਗੱਲ ਮੈਂ ਕਿਸੇ ਨੂੰ ਨਾ ਦੱਸਾਂ। ਪਰ ਅਜਿਹਾ ਤਾਂ ਕੁਝ ਵੀ ਨਹੀਂ ਹੋਇਆ। ਭਾਵੇਂ ਮੈਂ ਉਸ ਦੇ ਨੇੜੇ ਖੜ੍ਹਾ ਸੀ, ਪਰ ਉਹ ਤਾਂ ਵੀ ਪਾਣੀ ਨਾਲ ਢੱਕਣ ਭਰ ਭਰ ਡਰੰਮ ਵਿੱਚ ਪਾਈ ਜਾ ਰਿਹਾ ਸੀ।
‘‘ਪੰਡਿਤ ਇਹ ਕੀ ਕਰ ਰਿਹਾ ਹੈਂ ਤੂੰ?’’
‘‘ਦੁੱਧ ਵਿੱਚ ਪਾਣੀ ਮਿਲਾ ਰਿਹਾਂ, ਬਾਊ ਜੀ।’’
‘‘ਓਏ ਤੂੰ ਤਾਂ ਮਹਾਂ ਝੂਠਾ ਤੇ ਮੱਕਾਰ ਨਿਕਲਿਆਂ।’’ ਮੈਂ ਗੁੱਸੇ ’ਚ ਕਿਹਾ। ‘‘ਨਹੀਂ ਬਾਊ ਜੀ, ਮੈਂ ਤਾਂ ਅਜਿਹਾ ਕੁਝ ਵੀ ਨਹੀਂ ਕੀਤਾ।’’ ਉਹ ਪਾਣੀ ਨਾਲ ਹੱਥ ਧੋਂਦਾ ਹੋਇਆ ਬੋਲਿਆ।
‘‘ਤੂੰ ਮੇਰੇ ਸਾਹਮਣੇ ਦੁੱਧ ਵਾਲੇ ਡਰੰਮ ਵਿੱਚ ਪਾਣੀ ਪਾਇਆ ਅਤੇ ਕਹਿ ਰਿਹਾ ਹੈਂ ਕਿ ਮੈਂ ਤਾਂ ਕੁਝ ਵੀ ਨਹੀਂ ਕੀਤਾ!’’
ਉਹਦੀ ਗੱਲ ਸੁਣ ਕੇ ਤਾਂ ਮੈਨੂੰ ਇੰਨਾ ਤੈਸ਼ ਆ ਗਿਆ ਸੀ ਮਨ ਕਰੇ ਉਸ ਦਾ ਮੂੰਹ ਨੋਚ ਲਵਾਂ। ਕਈ ਚੰਡਾਂ ਉਹਦੇ ਮੂੰਹ ’ਤੇ ਜੜ ਦੇਵਾਂ। ਮੇਰੇ ਕੋਲੋਂ ਆਪਣਾ ਗੁੱਸਾ ਕਾਬੂ ਨਹੀਂ ਸੀ ਹੋ ਰਿਹਾ। ਪਰ ਇੱਕ ਉਹ ਸੀ ਜੋ ਪੱਕਾ ਬੇਸ਼ਰਮ ਲੱਗੇ। ਥਿੰਧਾ ਘੜਾ। ਮੇਰੀ ਗੱਲ ਦਾ ਉਸ ’ਤੇ ਕੋਈ ਅਸਰ ਨਾ ਹੋਇਆ। ਟੂਟੀ ਉੱਤੇ ਲੱਗੇ ਬਲਬ ਦੇ ਚਾਨਣ ਵਿੱਚ ਮੈਂ ਉਹਦੇ ਵੱਲ ਦੇਖਿਆ। ਮੈਨੂੰ ਇੰਜ ਲੱਗਿਆ ਜਿਵੇਂ ਰਾਵਣ ਦੀਆਂ ਭਾਰੀ ਮੁੱਛਾਂ ਹੇਠ ਦਬੇ ਉਸ ਦੇ ਦੋਵੇਂ ਬੁੱਲ੍ਹ ਮੁਸਕਰਾ ਰਹੇ ਹੋਣ।
‘‘ਓਏ ਤੂੰ ਝੂਠਾ ਇਨਸਾਨ ਹੈਂ। ਮੇਰੇ ਸਾਹਮਣੇ ਦੁੱਧ ਵਿੱਚ ਪਾਣੀ ਮਿਲਾ ਰਿਹੈਂ ਅਤੇ ਅੱਗੋਂ ਕਹਿੰਦੈਂ ਮੈਂ ਕੁਝ ਨਹੀਂ ਕੀਤਾ। ਤੂੰ ਤਾਂ ਰੱਬ ਕੋਲੋਂ ਵੀ ਨਹੀਂ ਡਰਦਾ। ਤਾਹੀਓਂ ਤਾਂ ਕਿੰਨੀ ਵਾਰੀ ਇਸ ਪਾਣੀ ਪਿੱਛੇ ਆਪਣੇ ਦੋਵੇਂ ਪੁੱਤਰਾਂ ਦੀਆਂ ਝੂਠੀਆਂ ਸਹੁੰਆਂ ਵੀ ਖਾ ਗਿਆ।’’
ਗੁੱਸੇ ’ਚ ਬੋਲਦਾ ਮੈਂ ਤਾਂ ਇਹ ਵੀ ਭੁੱਲ ਗਿਆ ਸੀ ਕਿ ਮੇਰੇ ਸਾਹਮਣੇ ਸ਼ੇਰ ਵਰਗਾ ਤਕੜਾ ਬੰਦਾ ਖੜੋਤਾ ਹੈ। ਜੇ ਇਸ ਦੇ ਜਵਾਬ ਵਿੱਚ ਉਸ ਨੇ ਮੇਰੇ…?
ਪਰ ਅਜਿਹੇ ਕੌੜੇ ਸ਼ਬਦ ਸੁਣ ਕੇ ਵੀ ਉਹ ਕੁਝ ਨਹੀਂ ਬੋਲਿਆ। ਸਾਈਕਲ ’ਤੇ ਟੰਗੇ ਦੁੱਧ ਵਾਲੇ ਡਰੰਮ ਦੇ ਮੂੰਹ ’ਤੇ ਢੱਕਣ ਫਿੱਟ ਕਰਨ ਲੱਗਿਆ। ਫਿਰ ਉਹ ਇੱਕ ਲੱਤ ਘੁਮਾ ਕੇ ਸਾਈਕਲ ਦੀ ਸੀਟ ’ਤੇ ਬਹਿ ਗਿਆ। ਉਸ ਨੇ ਅੱਗੇ ਤੁਰਨ ਤੋਂ ਪਹਿਲਾਂ ਇੱਕ ਵਾਰੀ ਮੇਰੇ ਵੱਲ ਵੇਖਿਆ। ਮੇਰੇ ਬੁੱਲ੍ਹ ਅਜੇ ਵੀ ਗੁੱਸੇ ਨਾਲ ਕੰਬ ਰਹੇ ਸਨ।
‘‘ਬਾਊ ਜੀ, ਤੁਸੀਂ ਤਾਂ ਐਵੇਂ ਗੁੱਸੇ ਨਾਲ ਲਹੂ ਸਾੜ ਰਹੇ ਹੋ। ਸੱਚ ਮੰਨੋ ਮੈਂ ਤਾਂ ਕੋਈ ਬੁਰਾ ਕੰਮ ਕਦੇ ਕੀਤਾ ਹੀ ਨਹੀਂ। ਮੈਂ ਪੰਡਿਤ ਹਾਂ ਤੇ ਰੱਬ ਕੋਲੋਂ ਵੀ ਬਹੁਤ ਡਰਦਾ ਹਾਂ। ਜਿਹੜਾ ਪਾਣੀ ਮੈਂ ਡਰੰਮ ਵਿੱਚ ਪਾਇਆ ਇਹ ਤਾਂ ਰੱਬ ਦੇ ਘਰ ਦਾ ਪਾਣੀ ਹੈ, ਸੱਚ ਮੰਨੋ ਦੁੱਧ ਜਿਹਾ ਹੀ ਹੁੰਦੈ।’’
ਉਸ ਦੀ ਇਹ ਗੱਲ ਸੁਣ ਕੇ ਮੇਰਾ ਸਰੀਰ ਜਿਵੇਂ ਤਪੇ ਤਾਂਬੇ ਜਿਹਾ ਹੋ ਗਿਆ। ‘‘ਪਰ ਉਹ ਪੁੱਤਾਂ ਦੀਆਂ ਝੂਠੀਆਂ ਸਹੁੰਆਂ?’’ ਮੈਂ ਥਰਥਰਾਉਂਦੀ ਆਵਾਜ਼ ਨਾਲ ਕਿਹਾ।
‘‘ਬਾਊ ਜੀ, ਤੁਸੀਂ ਵੀ ਭੋਲੇ ਹੋ। ਦੁੱਧ ਵਿੱਚ ਮਿਲਾਏ ਪਾਣੀ ਪਿੱਛੇ ਕਿਤੇ ਕੋਈ ਆਪਣੇ ਪੁੱਤਾਂ ਦੀਆਂ ਝੂਠੀਆਂ ਸਹੁੰਆਂ ਵੀ ਚੁੱਕਦੈ…? ਔਲਾਦ ਪਿੱਛੇ ਤਾਂ ਲੋਕੀਂ ਇਹ ਸਾਰੇ ਕੁਕਰਮ ਕਰਦੇ ਨੇ। ਪਰ ਮੈਂ…। ਤੁਹਾਨੂੰ ਬਾਊ ਜੀ ਸ਼ਾਇਦ ਪਤਾ ਨਹੀਂ ਕਿ ਮੇਰਾ ਤਾਂ ਅਜੇ ਵਿਆਹ ਵੀ ਨਹੀਂ ਹੋਇਆ। ਫਿਰ ਪੁੱਤ ਕਿੱਥੋਂ ਹੋਣਗੇ! ਜਿਹੜੇ ਅਜੇ ਤਕ ਪੈਦਾ ਹੋ ਕੇ ਇਸ ਦੁਨੀਆਂ ਵਿੱਚ ਆਏ ਹੀ ਨਹੀਂ, ਉਨ੍ਹਾਂ ਦੀਆਂ ਤਾਂ ਭਾਵੇਂ ਮੈਂ ਹਜ਼ਾਰ ਝੂਠੀਆਂ ਸਹੁੰਆਂ ਚੁੱਕਾਂ ਕੀ ਫ਼ਰਕ ਪੈਣਾ ਹੈ।’’
ਇੰਨਾ ਕਹਿ ਕੇ ਉਹ ਸਾਈਕਲ ਦਾ ਪੈਡਲ ਮਾਰਦਾ, ਉਸ ’ਤੇ ਲੱਗੇ ਹਾਰਨ ਨਾਲ ਪਾਂ-ਪਾਂ ਕਰਦਾ ਦੁੱਧ ਵੰਡਣ ਲਈ ਅੱਗੇ ਨੂੰ ਟੁਰ ਪਿਆ। ਉਸ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ।
ਅਗਲੇ ਦਿਨ ਉਹ ਫਿਰ ਸਵੇਰੇ ਸਾਡੇ ਬੂਹੇ ’ਤੇ ਖੜੋਤਾ ਸੀ, ਪਰ ਇਸ ਵਾਰੀ ਦੁੱਧ ਭਾਂਡੇ ਵਿੱਚ ਪੁਆਉਂਦਿਆਂ ਉਸ ਬਾਰੇ ਮੇਰੇ ਮਨ ’ਚ ਕੁਝ ਵੀ ਨਹੀਂ ਸੀ ਸਗੋਂ ਉਹ ਤਾਂ ਸਵੇਰ ਦੀ ਚੜ੍ਹੀ ਪਹਿਲੀ ਕਿਰਨ ਵਾਂਗ ਸਾਫ਼ ਤੇ ਨਿਰਮਲ ਸੀ।