Dukh Niwaran (Punjabi Story) : Bachint Kaur

ਦੁਖ ਨਿਵਾਰਨ (ਕਹਾਣੀ) : ਬਚਿੰਤ ਕੌਰ

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ।
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥

ਜਪੁਜੀ ਸਾਹਿਬ ਦੀ ਆਖਿਰੀ ਪਉੜੀ ਅਜੇ ਬਾਕੀ ਹੀ ਸੀ ਕਿ ਬੀ. ਐਸ. ਐਫ. ਦੇ ਰਿਟਾਇਰਡ ਫੌਜੀ ਹਜ਼ੂਰ ਸਿੰਘ ਦੇ ਬਾਈਸਾਈਕਲ ਦੇ ਪਿਛਲੇ ਪਹੀਏ ਦਾ ਠਾਹ ਕਰਕੇ ਪਟਾਕਾ ਬੋਲ ਗਿਆ। ਤੜਕਸਾਰ ਦੇ ਪਹੁਫੁਟੇ ਵਿਚ ਹੋਰ ਵੀ ਕਈ ਗੁਰੂ ਘਰ ਦੇ ਪ੍ਰੇਮੀ ਗੁਰਦੁਆਰਾ ਦੁੱਖ-ਨਿਵਾਰਨ ਸਾਹਿਬ ਜਾ ਰਹੇ ਸਨ। ਬਹੁਤ ਸਾਰੀਆਂ ਬੀਬੀਆਂ ਨੰਗੇ ਪੈਰੀਂ, ਕਈ ਲੋਕ ਸਾਈਕਲਾਂ ਉੱਤੇ, ਤੇ ਕੋਈ ਟਾਵਾਂ ਟਾਵਾਂ ਮੋਟਰ-ਸਾਈਕਲ ਉਤੇ ਵੀ ਲੰਘ ਰਿਹਾ ਸੀ।

ਫੌਜੀ ਹਜ਼ੂਰ ਸਿੰਘ ਮਸਾਂ ਅਜੇ ਬਾਰਾਂਦਰੀ ਦਾ ਫਾਟਕ ਹੀ ਲੰਘਿਆ ਸੀ ਕਿ ਉਸ ਦੇ ਪੁਰਾਣੇ ਪੰਚਰ ਹੋਏ ਸਾਈਕਲ ਨੇ ਅੱਗੇ, ਗਜ਼ ਭਰ ਵੀ ਹੋਰ ਜਾਣ ਤੋਂ ਨਾਹ ਕਰ ਦਿੱਤੀ।

ਕੁਝ ਚਿਰ ਸੋਚਣ ਪਿਛੋਂ ਹਜ਼ੂਰ ਸਿੰਘ ਪੈਂਚਰ ਹੋਏ ਸਾਈਕਲ ਨੂੰ ਆਪਣੇ ਨਾਲ ਨਾਲ ਘਸੀਟਦਾ ਹੋਇਆ ਹੌਲੀ ਹੌਲੀ ਦੁੱਖ-ਨਿਵਾਰਨ ਸਾਹਿਬ ਦੇ ਰਾਹ ਤੁਰਨ ਲੱਗਾ। ਹੋਰ ਉਹ ਕਰ ਵੀ ਕੀ ਸਕਦਾ ਸੀ। ਘਰ ਤਾਂ ਉਸ ਦਾ ਇਥੋਂ ਗੁਰਦੁਆਰੇ ਨਾਲੋਂ ਵੀ ਕਿਤੇ ਦੂਰ ਸੀ। ਤੁਰਦਾ ਤੁਰਦਾ ਥੱਕਿਆ ਹਾਰਿਆ ਜਦ ਉਹ ਗੱਡੀ ਦੀ ਲੀਹ ਕੋਲ ਪਹੁੰਚਿਆ ਤਾਂ ਅੰਬਰ ਉਤੇ ਪਸਰਦੀ ਰੌਸ਼ਨੀ ਨਾਲ ਉਸ ਦੇ ਚਿਹਰੇ ਉਤੇ ਵੀ ਆਸ਼ਾ ਦੀ ਇਕ ਕਿਰਨ ਚਮਕ ਉਠੀ, ਜਦੋਂ ਉਸ ਨੇ ਇਕ ਸਾਈਕਲ ਮਕੈਨਿਕ ਨੂੰ ਸੜਕ ਦੇ ਇਕ ਕੰਢੇ ਆਪਣੀ ਫਟੀ ਪੁਰਾਣੀ ਤਪੜੀ ਵਿਛਾਕੇ ਦੁਕਾਨ ਲਗਾਉਂਦਿਆਂ ਤੱਕਿਆ।

ਉਸ ਦੇ ਕੋਲ ਜਾਂਦਿਆਂ ਹੀ ਹਜ਼ੂਰ ਸਿੰਘ ਅਤੇ ਸਾਈਕਲ ਮਕੈਨਿਕ ਦੋਹਾਂ ਦੇ ਚਿਹਰੇ ਜਿਵੇਂ ਇਕ ਦੂਜੇ ਨੂੰ ਦੇਖ ਤਾਜ਼ੇ ਫੁਲ ਵਾਂਗ ਖਿੜ ਪਏ ਹੋਣ।

'ਆਓ ਬਾਬਾ ਜੀ।'

'ਆਹ ਜਰਾ ਪੰਚਰ ਲਾਦੇ ਕਾਕਾ। ਬਾਰਾਂਦਰੀ ਕੋਲ ਪਹੁੰਚਦਿਆਂ ਹੀ ਪਿਛਲੇ ਪਹੀਏ ਦਾ ਪਟਾਕਾ ਬੋਲ ਗਿਆ।'

ਸਾਈਕਲ ਨੂੰ ਹੱਥ ਲਾਉਣ ਤੋਂ ਪਹਿਲਾਂ ਸਾਈਕਲ ਮਕੈਨਿਕ ਨੇ ਆਪਣੇ ਸੰਦਾਂ ਨੂੰ ਇਉਂ ਨਿਮਸ਼ਕਾਰਿਆ, ਜਿਵੇਂ ਉਸ ਦਾ ਗੁਰਦੁਆਰਾ ਦੁੱਖ-ਨਿਵਾਰਨ ਇਹ ਲੋਹੇ ਦੇ ਦੋ-ਚਾਰ ਛੋਟੇ ਮੋਟੇ ਸੰਦ ਹੀ ਹੋਣ। ਫੇਰ ਉਸ ਨੇ ਸਾਈਕਲ ਨੂੰ ਜ਼ਮੀਨ ਉਤੇ ਇਉਂ ਲਿਟਾਇਆ ਜਿਵੇਂ ਉਹ ਬਲਦ ਨੂੰ ਖੁਰੀਆਂ ਲਾਉਣ ਲੱਗਾ ਹੋਵੇ। ਲੋਹੇ ਦੇ ਲੰਬੇ ਲੰਬੇ ਲੀਵਰਾਂ ਨਾਲ ਟਿਊਬ ਨੂੰ ਟਾਇਰ ਵਿਚੋਂ ਬਾਹਰ ਕੱਢਣ ਪਿਛੋਂ ਉਸ ਨੇ ਪਾਣੀ ਨਾਲ ਭਰੇ ਤਸਲੇ ਨੂੰ ਆਪਣੇ ਵੱਲ ਖਿੱਚਿਆ। ਪਰ ਪੁਰਾਣੀ ਥਾਂ ਥਾਂ ਤੋਂ ਟਾਕੀਆਂ ਲੱਗੀ ਟਿਊਬ 'ਚ ਇਹ ਕੋਈ ਛੋਟਾ ਮੋਟਾ ਪੈਂਚਰ ਨਹੀਂ ਸੀ ਹੋਇਆ ਸਗੋਂ ਇਸ ਵਾਰ ਤਾਂ ਪੂਰੀ ਦੀ ਪੂਰੀ ਟਾਕੀ ਟਿਊਬ ਨਾਲੋਂ ਲਹਿ ਗਈ ਸੀ।

ਪਰ ਸਾਈਕਲ ਮਕੈਨਿਕ ਨੇ ਬੜੀ ਹੀ ਸਮਝਦਾਰੀ ਅਤੇ ਫੁਰਤੀ ਨਾਲ ਕੰਮ ਝੱਟ-ਮੁਕੰਮਲ ਕਰ ਕੇ ਸਾਈਕਲ ਹਜ਼ੂਰ ਸਿੰਘ ਦੇ ਹੱਥ ਫੜਾ ਦਿੱਤੀ ਤੇ ਆਪ ਅਗਲੇ ਪਹੀਏ ਦਾ ਵਾਲ ਖੋਲ੍ਹ ਕੇ ਉਸ 'ਚ ਪੰਪ ਨਾਲ ਹਵਾ ਭਰਨ ਲੱਗ ਪਿਆ।

“ਕਿੰਨੇ ਪੈਸੇ ਕਾਕਾ?"

"ਸਵੇਰ ਦਾ ਵੇਲਾ ਏ ਬਾਬਾ ਜੀ, ਬੋਹਣੀ ਕਰਨੀ ਏ ਜੋ ਮਰਜ਼ੀ ਏ ਦੇ ਦਿਉ।"

ਪੈਸੇ ਦੇਣ ਲਈ ਜਦ ਹਜ਼ੂਰ ਸਿੰਘ ਨੇ ਆਪਣੀ ਪੁਰਾਣੀ ਖਾਕੀ ਫੌਜੀ ਵਰਦੀ ਦੀ ਕਮੀਜ਼ ਦੀ ਉਪਰਲੀ ਸੱਜੀ ਜੇਬ ਵਿਚ ਹੱਥ ਪਾਇਆ ਤਾਂ ਜੇਬ੍ਹ ਦਾ ਮੂੰਹ ਜਿਵੇਂ ਅੱਡਿਆ ਦਾ ਅੱਡਿਆ ਹੀ ਰਹਿ ਗਿਆ। ਜੇਬ੍ਹ ਤਾਂ ਬਿਲਕੁਲ ਖਾਲੀ ਸੀ।

ਇਸ ਪਰੇਸ਼ਾਨੀ ਨਾਲ ਕਿੰਨਾਂ ਹੀ ਕੁਝ ਜਿਵੇਂ ਇਕੋ ਵਾਰੀ ਹਜ਼ੂਰ ਸਿੰਘ ਦੇ ਚਿਹਰੇ ਉਤੋਂ ਦੀ ਵਾਪਰ ਗਿਆ।

“ਕੀ ਹੋਇਆ ਬਾਬਾ?"

“ਘਰੋਂ ਪੈਸੇ ਲਿਆਉਣੇ ਭੁੱਲ ਗਿਆ ਪੁੱਤ। ਊਂ ਬਹੁਤੇ ਪੈਸੇ ਮੈਂ ਕਰਨੇ ਵੀ ਕੀ ਹੁੰਦੇ ਨੇ ਪੈਸਾ ਦੋ ਪੈਸੇ ਮੱਥਾ ਟੇਕਣ ਲਈ ਤੇ ਆਨਾ ਦੁਆਨੀ ਹੋਰ ਘਰ ਦੇ ਮੈਨੂੰ ਰੋਜ਼ ਦੇ ਦਿੰਦੇ ਹਨ।ਸੋ ਕਿਤੇ ਸਾਈਕਲ ਵਿਚ ਫੂਕ ਫਾਕ ਹੀ ਭਰਾਉਣੀ ਪੈ ਜਾਂਦੀ ਐ ਰਾਹ ਵਿਚ। ਪਰ ਅੱਜ ਤਾਂ ਸਹੁਰੇ ਵਿਚ ਪੈਂਚਰ ਹੀ ਹੋ ਗਿਆ। ਪਤਾ ਨੀ ਕਿਵੇਂ ਅੱਜ ਨੰਦ ਕੁਰ ਵੀ ਮੈਨੂੰ ਪੈਸੇ ਦੇਣੇ ਭੁੱਲ ਗੀ।" ਇਹ ਸਭ ਕਹਿੰਦਿਆਂ ਕਹਿੰਦਿਆਂ ਹਜ਼ੂਰ ਸਿੰਘ ਦੇ ਲਾਲ ਭਖਦੇ ਚਿਹਰੇ ਉਤੇ ਪਿਲਤਣ ਦੀ ਇਕ ਪਰਤ ਜਿਹੀ ਫੈਲ ਗਈ।

"ਪਰ ਬਾਬਾ ਇਹ ਬੋਹਣੀ ਦਾ ਵੇਲਾ ਏ ਮੈਂ ਵੀ ਕੀ ਕਰਾਂ, ਪਹਿਲਾ ਗਾਹਕ ਹੀ ਪੈਸਾ ਨੀ ਦੇਊਗਾ ਤਾਂ ਸਾਰਾ ਦਿਨ ਕਿਵੇਂ ਲੰਘੂ ਮੇਰਾ।"

“ਇਹ ਤਾਂ ਕਾਕਾ ਭਰਮ ਐ ਤੇਰੇ ਮਨ ਦਾ। ਤੇਰਾ ਚਿਤ ਮੰਨਦੈ ਤਾਂ ਸਾਈਕਲ ਮੈਨੂੰ ਦੇ ਦੇ। ਮੈਂ ਤਾਂ ਰੋਜ਼ ਹੀ ਸਵੇਰੇ ਦੁੱਖ-ਨਿਵਾਰਨ ਆਉਂਦਾ ਹਾਂ ਕਲ੍ਹ ਨੂੰ ਜ਼ਰੂਰ ਤੇਰੇ ਪੈਸੇ ਦੇ ਜਾਵਾਂਗਾ।"

"ਬਾਬਾ ਬੋਹਣੀ ਦਾ ਵੇਲਾ ਏ ਮੈਂ ਮਜ਼ਬੂਰ ਹਾਂ। ਤੁਸੀਂ ਥੋੜਾ ਚਿਰ ਇਥੇ ਮੇਰੇ ਕੋਲ ਖੜ੍ਹੇ ਹੋ ਜੋ। ਕੋਈ ਥੋਡਾ ਵਾਕਫਕਾਰ ਲੰਘੂ ਉਸ ਤੋਂ ਪੈਸੇ ਉਧਾਰ ਲੈ ਕੇ ਮੈਨੂੰ ਦੇ ਦੇਣਾ। ਤੁਸੀਂ ਤਾਂ ਰੋਜ਼ ਹੀ ਗੁਰਦੁਆਰੇ ਆਉਂਦੇ ਹੋ। ਕਈ ਲੋਕ ਥੋਨੂੰ ਜਾਣਦੇ-ਪਹਿਚਾਣਦੇ ਹੋਣਗੇ।"

ਹਜ਼ੂਰ ਸਿੰਘ ਜਿਸ ਨੇ ਮਾਇਆ ਨਾਲ ਕਦੇ ਚਿੱਤ ਨਹੀਂ ਸੀ ਲਾਇਆ, ਚਾਲੀ ਸਾਲ ਤਕ ਫੌਜੀ ਨੌਕਰੀ ਕਰਦਾ ਉਹ ਸਾਰੀ ਦੀ ਸਾਰੀ ਤਨਖਾਹ ਘਰਦਿਆਂ ਦੀ ਹਥੇਲੀ 'ਤੇ ਰਖਦਾ ਆਇਆ ਸੀ। ਜਿਵੇਂ ਕਦੇ ਉਸਨੂੰ ਪੈਸਿਆਂ ਦੀ ਲੋੜ ਹੀ ਨਹੀਂ ਜਾਪੇਗੀ। ਅੱਜ ਕਿਵੇਂ ਆਨੇ-ਦੋਆਨੇ ਤੋਂ ਮੁਹਤਾਜ਼ ਹੋ ਗਿਆ ਸੀ। ਜਦ ਕਿ ਪੂਰੇ ਚਾਲ੍ਹੀ ਰੁਪਏ ਪੈਨਸ਼ਨ ਦੇ ਅਜੇ ਵੀ ਚੜ੍ਹੇ ਮਹੀਨੇ ਉਸ ਨੂੰ ਮਿਲਦੇ ਸਨ।

ਕਿੰਨਾ ਚਿਰ ਗੱਡੀ ਦੀ ਲੀਹ ਕੋਲ ਸੜਕ ਦੇ ਇਕ ਪਾਸੇ ਕੰਡਿਆਲੀ ਤਾਰ ਕੋਲ ਖੜ੍ਹਾ ਹਜ਼ੂਰ ਸਿੰਘ ਕੋਲੋਂ ਲੰਘਦਿਆਂ ਨੂੰ ਗਹੁ ਨਾਲ ਤਕਦਾ ਰਿਹਾ। ਪਰ ਰੱਬ ਦਾ ਭਾਣਾ ਕੁਝ ਐਸਾ ਕਿ ਅੱਜ ਜਿਵੇਂ ਕੋਈ ਵੀ ਉਸ ਦੀ ਜਾਣ-ਪਹਿਚਾਣ ਦਾ ਇਸ ਸ਼ਹਿਰ ਪਟਿਆਲੇ ਵਿਚ ਰਹਿੰਦਾ ਹੀ ਨਾ ਹੋਵੇ। ਸਾਢੇ ਪੰਜ, ਛੇ ਤੇ ਹੁਣ ਉਤੋਂ ਸਾਢੇ ਛੇ ਵੱਜਣ ਲੱਗੇ ਸਨ। ਦੂਰੋਂ ਦੁੱਖ-ਨਿਵਾਰਨ ਗੁਰਦੁਆਰੇ ਵਲੋਂ ਸੁਖਮਨੀ ਸਾਹਿਬ ਦੇ ਪਾਠ ਦੀਆਂ ਤੁਕਾਂ ਉਸ ਨੂੰ ਸਾਫ ਸੁਣਾਈ ਦੇ ਰਹੀਆਂ ਸਨ :

ਸਰਬ ਭੂਤ ਆਪਿ ਵਰਤਾਰਾ॥
ਸਰਬ ਨੈਨ ਆਪਿ ਪੇਖਨਹਾਰਾ॥
ਸਗਲ ਸਮਗ੍ਰੀ ਜਾਕਾ ਤਨਾ ॥
ਆਪਨ ਜਸੁ ਆਪ ਹੀ ਸੁਨਾ॥
ਆਵਨ ਜਾਨੁ ਇਕੁ ਖੇਲੁ ਬਨਾਇਆ।
ਆਗਿਆਕਾਰੀ ਕੀਨੀ ਮਾਇਆ॥

ਜਦੋਂ ਉਹ ਆਪ ਕਮਾਉਂਦਾ ਸੀ ਤਾਂ ਮਾਇਆ ਨੂੰ ਉਸ ਨੇ ਸਿਰਫ ਐਨਾ ਹੀ ਜਾਣਿਆ ਤੇ ਸਮਝਿਆ ਸੀ ਕਿ ਇਹ ਨਾ ਕਦੇ ਜੁੜੇ ਨਾ ਥੁੜ੍ਹੇ। ਇਸੇ ਲਈ ਪੈਸੇ ਜੋੜਨ ਬਾਰੇ ਤਾਂ ਉਸ ਨੂੰ ਕਦੇ ਖਿਆਲ ਹੀ ਨਹੀਂ ਸੀ ਆਇਆ। ਪਰ ਅੱਜ ਜਿਵੇਂ ਪੈਸੇ ਦੀ ਥੁੜ੍ਹ ਨੇ ਉਸ ਨੂੰ ਇਕ ਚੌਰਾਹੇ ਤੇ ਲਿਆ ਖੜਾ ਕੀਤਾ ਸੀ। ਭਾਵੇਂ ਉਸ ਦੇ ਤਿੰਨੇ ਪੁੱਤ ਵੀ ਹੁਣ ਚੰਗੀਆਂ ਨੌਕਰੀਆਂ ਉਤੇ ਲੱਗੇ ਹੋਏ ਸਨ ਤੇ ਰੱਬ ਦਾ ਦਿੱਤਾ ਘਰ ਵਿਚ ਸਭ ਕੁਝ ਸੀ। ਪਰ ਹਜ਼ੂਰ ਸਿੰਘ ਦੀ ਜੇਬ ਵਿਚ ਨਿਆਣਿਆਂ ਵਾਂਗ ਆਨੇ-ਦੋ-ਆਨੇ ਤੋਂ ਵੱਧ ਘਰਦਿਆਂ ਨੇ ਕਦੇ ਕੋਈ ਪੈਸਾ ਨਹੀਂ ਸੀ ਰਹਿਣ ਦਿੱਤਾ। ਊਂ ਇਹ ਪੈਸਿਆਂ ਵਾਲੀ ਗੱਲ ਹਜ਼ੂਰ ਸਿੰਘ ਲਈ ਕੋਈ ਬਹੁਤੀ ਮਹੱਤਤਾ ਵੀ ਨਹੀਂ ਸੀ ਰੱਖਦੀ। ਰੋਟੀ ਘਰੋਂ, ਚਾਹ ਘਰੋਂ ਤੇ ਕੱਪੜੇ ਅਜੇ ਮਿਲਟਰੀ ਦੇ ਪੁਰਾਣੇ ਹੀ ਉਸ ਕੋਲ ਗੁਜ਼ਾਰੇ ਜੋਗੇ ਕਾਫ਼ੀ ਸਨ।

ਪਰ ਫੇਰ ਵੀ ਕਦੇ-ਕਦਾਈ ਉਸ ਦਾ ਜੀਅ ਕਰਦਾ ਕਿ ਉਹ ਇਕ ਵਾਰੀ ਲਾਟਰੀ ਦਾ ਟਿਕਟ ਜ਼ਰੂਰ ਖਰੀਦੇ। ਪਰ ਇਹ ਵੀ ਕਿਵੇਂ ਹੋ ਸਕਦਾ ਸੀ। ਉਹ ਇੱਕਲਾ ਤਾਂ ਕਦੇ ਪੈਨਸ਼ਨ ਲੈਣ ਵੀ ਨਹੀਂ ਸੀ ਗਿਆ। ਕਦੇ ਉਸ ਦੀ ਪਤਨੀ ਨੰਦ ਕੁਰ ਉਸ ਦੇ ਨਾਲ ਹੁੰਦੀ ਕਦੇ ਉਸ ਦਾ ਪੁੱਤ ਨਰਿੰਜਣ ਸਿੰਘ।

ਘੰਟੇ ਭਰ ਦੀ ਸੋਚ ਨਾਲ ਜਿਵੇਂ ਉਸ ਦਾ ਮੱਥਾ ਫਟਣ ਲੱਗ ਪਿਆ ਸੀ। ਉਧਰੋਂ ਗੁਰਦੁਆਰੇ ਸੁਖਮਨੀ ਸਾਹਿਬ ਦਾ ਭੋਗ ਪੈਣ ਪਿਛੋਂ ਸ਼ਬਦ ਕੀਰਤਨ ਦੀ ਆਵਾਜ਼ ਸੁਣਾਈ ਦੇਣ ਲਗ ਪਈ ਸੀ। ਕੀ ਅੱਜ ਉਹ ਸ਼ਬਦ ਕੀਰਤਨ ਵੀ ਨਹੀਂ ਸੁਣ ਸਕੇਗਾ। ਇਕ ਵਾਰੀ ਤਾਂ ਉਸ ਦਾ ਜੀਅ ਕੀਤਾ ਕਿ ਉਹ ਸਾਈਕਲ ਉਥੇ ਹੀ ਛੱਡ ਪੈਦਲ ਗੁਰਦੁਆਰੇ ਪਹੁੰਚ ਜਾਏ। ਪਰ ਝਟ ਇਕ ਦੂਜੇ ਖਿਆਲ ਨੇ ਉਸ ਦਾ ਇਹ ਰਾਹ ਵੀ ਜਾਣੋਂ ਰੋਕ ਲਿਆ। ਪੈਦਲ ਜਾਂਦਿਆਂ ਕਿਹੜਾ ਰਸਤਾ ਛੇਤੀ ਮੁਕ ਜੂ, ਜਾਂਦਿਆਂ ਜਾਂਦਿਆਂ ਹੀ ਕਿੰਨਾ ਚਿਰ ਲਗ ਜੂ। ਉਸ ਨੇ ਆਪਣੀਆਂ ਥੱਕੀਆਂ ਹਾਰੀਆਂ ਨਿਰਬਲ ਲੱਤਾਂ ਦਾ ਖਿਆਲ ਕਰਦਿਆਂ ਆਪੇ ਸੋਚਿਆ।

ਸੋਚਾਂ ਦੀ ਇਸ ਉਧੇੜ-ਬੁਣ ਵਿਚ ਉਲਝਿਆ ਉਹ ਗੱਡੀ ਦੇ ਫਾਟਕ ਦੇ ਇਕ ਪਾਸੇ ਖੜ੍ਹਾ ਪਤਾ ਨੀ, ਕੀ ਕੀ ਸੋਚ ਰਿਹਾ ਸੀ। ਅਚਾਨਕ ਉਸ ਦੀ ਨਿਗਾਹ ਗੱਡੀ ਦੀ ਲੀਹ ਤੋਂ ਪਰ੍ਹਾਂ ਬੈਠੀ ਉਸ ਨੈਣ-ਹੀਣ ਬੁੱਢੀ ਮੰਗਤੀ ਤੇ ਜਾ ਟਿਕੀ। ਜੋ ਕੋਲੋਂ ਲੰਘਦਿਆਂ ਨੂੰ ਆਪਣੀ ਕਰੁਣਾਭਰੀ ਆਵਾਜ਼ ਵਿਚ ਅਸੀਸਾਂ ਦਿੰਦੀ ਆਪਣਾ ਪਾਟਿਆ-ਪੁਰਾਣਾ ਪੱਲਾ ਪਸਾਰ ਉਨ੍ਹਾਂ ਤੋਂ ਖੈਰ ਮੰਗ ਰਹੀ ਸੀ।

ਉਸ ਨੂੰ ਦੇਖ ਸੁਤੇ-ਸਿਧ ਹਜ਼ੂਰ ਸਿੰਘ ਦੇ ਥੱਕੇ ਹਾਰੇ ਕਦਮ ਉਧਰ ਨੂੰ ਵਧਣ ਲੱਗੇ, ਜਿਧਰ ਬੈਠੀ ਉਹ ਅੰਨ੍ਹੀ ਬੁੱਢੀ ਮੰਗਤੀ ਲੋਕਾਂ ਮੂਹਰੇ ਆਪਣੀਆਂ ਅੰਨ੍ਹੀਆਂ ਅੱਖਾਂ ਦਾ ਵਾਸਤਾ ਪਾ-ਪਾ ਭਿੱਖਿਆ ਮੰਗ ਰਹੀ ਸੀ।

ਹਜ਼ੂਰ ਸਿੰਘ ਦੇ ਪੈਰਾਂ ਦੀ ਆਹਟ ਕੋਲ੍ਹ ਆਉਂਦੀ ਸੁਣ, ਅੰਨ੍ਹੀ ਬੁੱਢੀ ਮੰਗਤੀ ਨੇ ਆਪਣੇ ਬੋਲਾਂ ਵਿਚ ਹੋਰ ਵੀ ਕਰੁਣਾ ਭਰਦਿਆਂ ਕੋਲ੍ਹ ਆਉਂਦੇ ਹਜ਼ੂਰ ਸਿੰਘ ਨੂੰ ਅਸੀਸਾਂ ਦੇ ਦੇ ਉਸ ਤੋਂ ਖੈਰ ਮੰਗਣੀ ਸ਼ੁਰੂ ਕਰ ਦਿੱਤੀ।

“ਬਾਬੂ ਜੀ ਤੁਮਾਰੇ ਖਜ਼ਾਨੇ ਭਰੇ ਰਹੇਂ। ਅੱਲਾ ਤੁਮੇਂ ਬਹੁਤ ਦੇਗਾ ਬਾਬੂ ਜੀ। ਪੈਸਾ ਦੋ ਪੈਸੇ ਇਸ ਅੰਨ੍ਹੀ ਮੁਹਤਾਜ ਕੋ ਵੀ ਦੇਤੇ ਜਾਨਾ।"

ਪਰ ਪੈਰਾਂ ਦੀ ਆਹਟ ਜਿਉਂ ਹੀ ਉਸ ਦੇ ਐਨ ਕੋਲ ਆ ਕੇ ਮੁਕ ਗਈ, ਤਾਂ ਇਕ ਅਜੀਬ ਜਿਹੇ ਡਰ, ਸਹਿਮ ਅਤੇ ਉਤਸ਼ਾਹ ਦੇ ਦੋਵੇਂ ਸਿਰ ਜਿਵੇਂ ਦੋਹਾਂ ਨੇ ਘੁਟ ਕੇ ਫੜ ਲਏ ਹੋਣ। ਪਰ ਅੱਖਾਂ ਤੋਂ ਜੋਤ-ਹੀਣ ਬੁੱਢੀ ਮੰਗਤੀ ਨੇ ਅਜੇ ਵੀ ਆਸ ਦਾ ਪੱਲਾ ਅੱਡ ਰੱਖਿਆ ਸੀ। ਜਿਸ ਵਿਚ ਪਹਿਲਾਂ ਤੋਂ ਹੀ ਕੁਝ ਸਿੱਕੇ ਪਏ ਨਜ਼ਰ ਆ ਰਹੇ ਸਨ।

ਉਹਨਾਂ ਕੁਝ ਕੁ ਸਿੱਕਿਆਂ ਨੂੰ ਦੇਖਦਿਆਂ ਹੀ ਜਿਵੇਂ ਹਜ਼ੂਰ ਸਿੰਘ ਨੇ ਆਪਣੇ ਅੰਦਰਲੇ ਸਭਿਆ ਮਨੁੱਖ ਦੀ ਇਜ਼ਤ-ਬੇਇਜ਼ਤੀ ਦੇ ਅਭਾਵ ਦਾ ਝਟ ਕਤਲ ਕਰ ਦਿੱਤਾ। ਤੇ ਫਿਰ ਉਸ ਨੇ ਹੌਲੀ ਜਿਹੇ ਦੱਬੇ ਜਿਹੇ ਸ਼ਬਦਾਂ ਵਿਚ ਬੋਲਦਿਆਂ ਕਿਹਾ :

"ਮਾਈ ਜੀ ਮੈਂ ਤੈਨੂੰ ਕੁਝ ਦੇਣ ਨਹੀਂ ਆਇਆ। ਮੈਂ...ਮੈਂ...ਮੈਂ... ਤਾਂ ਤੇਰੇ ਕੋਲੋਂ ਕੁਛ ਪੈਸੇ ਉਧਾਰ ਮੰਗਣ ਆਇਆ ਹਾਂ।"

“ਪਰ ਤੁਮ ਤੋਂ ਮੇਰੀ ਤਰਹ ਭੀਖ ਮੰਗੇ ਨਹੀਂ ਲਗਤੇ।"

“ਨਹੀਂ, ਮਾਈ ਮੈਂ ਵੀ ਇਕ ਮੰਗਤਾ ਹਾਂ।”

“ਝੂਠ!” ਦੋ ਚਾਰ ਸਿੱਕਿਆਂ ਨੂੰ ਝੋਲੀ ਵਿਚੋਂ ਛੁਪਾਉਂਦਿਆਂ ਮੰਗਤੀ ਘਬਰਾ ਜਿਹੀ ਗਈ।

"ਝੂਠ ਨਹੀਂ, ਸੱਚ ਮਾਈ ਜੀ ।"

“ਕਿਉਂ ਅੰਨ੍ਹੀ ਮੁਹਤਾਜ ਕੇ ਸਾਥ ਮਜ਼ਾਕ ਕਰਤੇ ਹੋ ਬਾਬੂ ਜੀ" ਬੁੱਢੀ ਮੰਗਤੀ ਦੇ ਬੋਲਾਂ ਵਿਚ ਇਕ ਦਰਦ ਉਭਰਿਆ।

"ਮਜ਼ਾਕ ਮੈਂ ਬਿਲਕੁਲ ਨਹੀਂ ਕਰ ਰਿਹਾ, ਮਾਈ। ਮੈਂ ਸੱਚ ਕਹਿ ਰਿਹਾ ਹਾਂ। ਰੋਜ਼ ਸਵੇਰੇ ਦੁੱਖ ਨਿਵਾਰਨ ਗੁਰਦੁਆਰੇ ਆਉਂਦਾ ਹਾਂ। ਤੇ ਇਕ ਵਾਰੀ ਮੱਥਾ ਟੇਕ ਕੇ ਅੰਦਰੋ ਅੰਦਰੀ ਮਨ ਹੀ ਮਨ ਕਿੰਨਾ ਹੀ ਕੁਝ ਉਸ ਦੇਹਲ੍ਹੀ ਤੋਂ ਮੰਗਦਾ ਹਾਂ ਜਿਸ ਉਤੇ ਮੈਂ ਇਕ ਵਾਰੀ ਮੱਥਾ ਟੇਕਦਾ ਹਾਂ। ਫਰਕ ਸਿਰਫ ਐਨਾ ਹੈ ਕਿ ਤੂੰ ਸ਼ਰੇਆਮ ਸਭ ਦੇ ਸਾਹਮਣੇ ਉਚੀ ਉਚੀ ਬੋਲ ਕੇ ਮੰਗਦੀ ਹੈਂ, ਤੇ ਮੈਂ...ਮੈਂ ਸਭ ਤੋਂ ਚੋਰੀ ਚੋਰੀ ਮੰਗਦਾ ਹਾਂ। ਇਥੇ ਗੁਰਦੁਆਰੇ ਦੇ ਰਾਹ ਵਿਚ ਤਾਂ ਮੈਨੂੰ ਗਿਣਤੀ ਦੇ ਹੀ ਮੰਗਤੇ ਬੈਠੇ ਦਿਖਾਈ ਦਿੰਦੇ ਹਨ। ਪਰ ਗੁਰਦੁਆਰੇ ਦੇ ਅੰਦਰ ਤਾਂ ਜਿਵੇਂ ਮੰਗਤਿਆਂ ਦੀਆਂ ਕਤਾਰਾਂ ਹੀ ਕਤਾਰਾਂ ਜੁੜੀਆਂ ਹੁੰਦੀਆਂ ਹਨ ਤੇ ਜਿਨ੍ਹਾਂ ਵਿਚ ਮੈਂ ਵੀ ਕਿਤੇ ਨਾ ਕਿਤੇ ਹਰ ਰੋਜ਼ ਸ਼ਾਮਲ ਹੁੰਦਾ ਹਾਂ। ਅੱਜ ਗੁਰਦੁਆਰੇ ਦੇ ਰਾਹ ਵਿਚ ਮੇਰਾ ਸਾਈਕਲ ਪੈਂਚਰ ਹੋ ਗਿਆ, ਤੇ ਮੇਰੀ ਜੇਬ ਵਿਚੋਂ ਇਕ ਪੈਸਾ ਵੀ ਨਹੀਂ ਨਿਕਲਿਆ।"

ਪਲ ਦੀ ਪਲ ਅੰਨ੍ਹੀ ਮੰਗਤੀ ਦੇ ਮੱਥੇ ਵਿਚ ਜਿਵੇਂ ਇਕ ਅੱਖ ਉੱਗ ਆਈ ਹੋਵੇ ਤੇ ਫਿਰ ਉਸ ਦੇ ਮਨ ਨੂੰ ਲਗਿਆ ਜਿਵੇਂ ਅੱਜ ਖੁਦ, 'ਖੁਦਾ' ਉਸ ਦੇ ਦਰ ਤੇ ਆ ਖੜਾ ਹੋਇਆ ਹੋਵੇ। ਉਸ ਦੀ ਪ੍ਰੀਕਸ਼ਾ ਲੈਣ ਲਈ। ਇਕ ਵਾਰੀ ਤਾਂ ਉਸ ਦਾ ਦਿਲ ਕੰਬ ਉਠਿਆ, ਕਿਉਂਕਿ ਐਸਾ ਵਾਕਿਆ ਉਸ ਦੀ ਜ਼ਿੰਦਗੀ ਵਿਚ ਅੱਗੇ ਕਦੇ ਨਹੀਂ ਸੀ ਵਾਪਰਿਆ :

“ਕਿਤਨੇ ਪੈਸੇ ਚਾਹੀਏ ਬਾਬੂ ਜੀ ?"

“ਸਿਰਫ ਇਕ ਦੁਆਨੀ, ਜੋ ਮੈਂ ਪੈਂਚਰ ਲਾਉਣ ਵਾਲੇ ਨੂੰ ਦੇਣੀ ਹੈ। ਉਹ ਬੋਹਣੀ ਦਾ ਵੇਲਾ ਹੋਣ ਕਰਕੇ ਮੇਰੇ ਨਾਲ ਉਧਾਰ ਨਹੀਂ ਕਰ ਸਕਦਾ।"

ਅੰਨ੍ਹੀ ਬੁੱਢੀ ਮੰਗਤੀ ਨੇ ਝਟ ਆਪਣੇ ਪਾਟੇ-ਪੁਰਾਣੇ ਮੈਲੇ-ਕੁਚੈਲੇ ਪੱਲੇ ਵਿਚੋਂ ਸਾਰੀ ਭਾਨ ਇੱਕਠੀ ਕਰ ਸਾਹਮਣੇ ਪਈ ਟੁੱਟੀ ਜਿਹੀ ਸਿਲਵਰ ਦੀ ਕੌਲੀ ਵਿਚ ਪਾ, ਕੌਲੀ ਹਜ਼ੂਰ ਸਿੰਘ ਦੇ ਸਾਹਮਣੇ ਕਰ ਦਿੱਤੀ।

“ਜਿਤਨੇ ਹੈਂ ਸਭ ਲੇ ਲੋ ਬਾਬੂ ਜੀ।"

"ਮੈਂ ਸਾਰੇ ਕੀ ਕਰਨੇ ਹਨ ਮਾਈ ਜੀ, ਮੈਨੂੰ ਤਾਂ ਸਿਰਫ ਇਕੋ ਦੁਆਨੀ ਦੀ ਲੋੜ ਹੈ।"

“ਲੇ ਲੋ ਲੇ ਲੋ, ਬਾਬੂ ਜੀ ਸਭ ਆਪ ਹੀ ਕੇ ਦੀਏ ਹੂਏ ਤੋ ਹੈਂ।"

"ਨਹੀਂ ਮਾਈ, ਮੈਨੂੰ ਤੂੰ ਆਪਣੇ ਹੱਥੀਂ ਇਕ ਦੁਆਨੀ ਉਧਾਰ ਦੇ ਦੋ ਜੋ ਮੈਂ ਤੈਨੂੰ ਕੱਲ੍ਹ ਨੂੰ ਜ਼ਰੂਰ ਵਾਪਸ ਕਰ ਦੇਊਂਗਾ।"

ਅੰਨ੍ਹੀ ਮੰਗਤੀ ਨੇ ਹਜ਼ੂਰ ਸਿੰਘ ਦੀ ਜ਼ਿੱਦ ਦੇਖ ਟੁੱਟੀ ਜਿਹੀ ਕੌਲੀ ਵਿਚੋਂ ਦੁਆਨੀ ਟੋਂਹਦਿਆਂ ਦੋ ਸਿੱਕੇ, ਇਕ ਇਕ ਆਨੇ ਦੇ ਚੁਕ ਕੇ ਹਜ਼ੂਰ ਸਿੰਘ ਦੀ ਹਥੇਲੀ ਉਤੇ ਰੱਖ ਦਿੱਤੇ। ਗੁਰਦੁਆਰੇ ਵਲੋਂ ਅਜੇ ਵੀ ਰਸ-ਭਿੰਨੇ ਸ਼ਬਦ ਕੀਰਤਨ ਦੀ ਆਵਾਜ਼ ਹਜ਼ੂਰ ਸਿੰਘ ਨੂੰ ਸੁਣਾਈ ਦੇ ਰਹੀ ਸੀ।

"ਤੇਰੀ ਬੜੀ ਮਿਹਰਬਾਨੀ ਮਾਈ ਜੀ, ਪੈਸਾ ਵੀ ਇਕ ਛੋਟਾ ਰੱਬ ਹੈ। ਇਹ ਗੱਲ ਮੇਰੀ ਸਮਝ ਵਿਚ ਅੱਜ ਹੀ ਆਈ ਹੈ।"

ਐਨਾ ਕਹਿੰਦਿਆਂ, ਇਕ ਇਕ ਆਨੇ ਦੇ ਦੋ ਸਿੱਕੇ ਅੰਨ੍ਹੀ ਮੰਗਤੀ ਤੋਂ ਲੈ, ਹਜ਼ੂਰ ਸਿੰਘ ਨੇ ਸਾਈਕਲ ਮਕੈਨਿਕ ਦੇ ਹੱਥ ਜਾ ਫੜਾਏ।ਤੇ ਆਪ ਛੇਤੀ ਨਾਲ ਸਾਈਕਲ ਨੂੰ ਪੈਡਲ ਮਾਰਦਾ ਆਪਣੇ ਘਰ ਵਲ ਮੁੜ ਪਿਆ।

  • ਮੁੱਖ ਪੰਨਾ : ਕਹਾਣੀਆਂ, ਬਚਿੰਤ ਕੌਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ