Dumbi (Punjabi Story) : Nazar Fatima

ਦੁੰਬੀ (ਕਹਾਣੀ) : ਨਜ਼ਰ ਫ਼ਾਤਿਮਾ

ਦੁੰਬੀ, ਹੱਥ ਵਿਚ ਲੋਟਾ ਲੈ ਕੇ ਲੱਸੀ ਲੈਣ ਲਈ ਜਾਗੀਰਦਾਰਾਂ ਦੀ ਹਵੇਲੀ ਵੱਲ ਤੁਰ ਪਈ। ਉਹਨੂੰ ਪਤਾ ਸੀ ਜਾਗੀਰਦਾਰਨੀ ਉਹਨੂੰ ਬਹੁਤ ਚੰਗਾ ਜਾਣਦੀ ਸੀ। ਉਹਨੂੰ ਸਭ ਤੋਂ ਬਹੁਤੀ ਲੱਸੀ ਦਿੰਦੀ ਸੀ, ਤੇ ਰਾਤ ਦਾ ਵਧਿਆ-ਘਟਿਆ ਸਾਲਣ ਵੀ ਉਹਦੇ ਲਈ ਰੱਖ ਛੱਡਦੀ ਸੀ। ਦੁੰਬੀ ਵੀ ਫ਼ਰਖ਼ੰਦਾ ਦੀ ਖਿਦਮਤ ਬੜੇ ਸ਼ੌਕ ਨਾਲ ਕਰਦੀ ਸੀ।
ਜਦੋਂ ਲਾਹੌਰ ਦੀ ਬੀ.ਏ. ਪਾਸ ਵਹੁਟੀ ਫ਼ਰਖੰਦਾ, ਜਾਗੀਰਦਾਰ ਦੇ ਘਰ ਆਈ ਸੀ ਤਾਂ ਸਾਰਾ ਪਿੰਡ ਉਹਦੇ ਗਰਾਰੇ, ਸੂਟ ਤੇ ਸਾੜ੍ਹੀਆਂ ਵੇਖਣ ਲਈ ਜਮ੍ਹਾਂ ਹੋ ਗਿਆ ਸੀ। ਪਰ ਦੁੰਬੀ ਤੇ ਹਰ ਵੇਲੇ, ਉਹਦੇ ਕੋਲ ਹੀ ਬੈਠੀ ਰਹਿੰਦੀ ਸੀ। ਉਹਦਾ ਨਾਂ ਤੇ ਖੌਰੇ ਕੀ ਸੀ? ਪਰ ਉਹਦੇ ਗੋਰੇ ਰੰਗ ਤੇ ਗੋਲ-ਮੋਲ ਬਦਨ ਕਰਕੇ ਸਾਰੇ ਈ ਉਹਨੂੰ ਦੁੰਬੀ ਕਹਿੰਦੇ ਸਨ। ਉਹਨਾਂ ਦਾ ਘਰ ਜਾਗੀਰਦਾਰਾਂ ਦੀ ਹਵੇਲੀ ਦੇ ਪਿਛਵਾੜੇ ਸੀ, ਜਿਥੇ ਉਹਦਾ ਪਿਓ ਸਾਰੇ ਪਿੰਡ ਦੇ ਭਾਂਡੇ ਕਲੀ ਕਰਦਾ।
ਫਿਰ ਦੁੰਬੀ ਦਾ ਵਿਆਹ ਕਮਰੂ, ਟੀਨਸ਼ਾਜ ਨਾਲ ਹੋ ਗਿਆ ਤੇ ਉਹ ਆਪਣੇ ਸੌਹਰੇ ਚਲੀ ਗਈ। ਕਮਰੂ ਬੜਾ ਕਾਰੀਗਰ ਸੀ। ਇਕ ਦਿਨ ਫ਼ਰਖੰਦਾ ਨੇ ਉਹਨੂੰ ਬੁਲਾ ਕੇ, ਤੇਲ ਦੇ ਬਹੁਤ ਸਾਰੇ ਖਾਲੀ ਪੀਪੇ ਦੇ ਦਿੱਤੇ ਤੇ ਆਖਿਆ, ''ਇਹਨਾਂ ਦੇ ਢੱਕਣ ਵਾਲੇ ਪੀਪੇ ਬਣਾ ਦੇਹ''। ਕਮਰੂ ਹਵੇਲੀ ਦੇ ਬੂਹੇ ਅੱਗੇ ਸਮਾਨ ਲੈ ਕੇ ਬਹਿ ਗਿਆ ਤੇ ਦੁਪਹਿਰ ਤੀਕਰ ਸਾਰਾ ਕੰਮ ਪੂਰਾ ਕਰ ਦਿੱਤਾ। ਫ਼ਰਖੰਦਾ ਨੇ ਹਵੇਲੀ ਦਾ ਬੂਹਾ ਥੋੜ੍ਹਾ ਜਿਹਾ ਖੋਲ੍ਹ ਕੇ ਵੇਖਿਆ ਸਾਰੇ ਪੀਪੇ ਕੁੰਡੀਆਂ ਸਮੇਤ ਤਿਆਰ ਸਨ। ਪੈਸੇ ਪੁੱਛੇ, ਕਹਿਣ ਲੱਗਾ, ''ਪੌਣੇ ਦੋ ਰੁਪਏ।'' ਫ਼ਰਖੰਦਾ ਨੂੰ ਇੰਨੇ ਸਾਰੇ ਕੰਮ ਦੇ ਸਿਰਫ ਪੌਣੇ ਦੋ ਰੁਪਏ ਦੇਣੇ ਪਸੰਦ ਨਾ ਆਏ, ਉਹਨੇ ਪੁਰਾਣੇ ਰੇਸ਼ਮੀ ਕੱਪੜਿਆਂ ਦਾ ਜੋੜਾ, ਰਾਤ ਦੀਆਂ ਰੋਟੀਆਂ ਤੇ ਬਹੁਤ ਸਾਰਾ ਸਾਗ ਇਕ ਕਾਗਜ਼ ਵਿਚ ਲਪੇਟਿਆ ਤੇ ਸਾਰਾ ਕੁੱਝ ਮਜ਼ਦੂਰੀ ਦੇ ਪੈਸਿਆਂ ਦੇ ਨਾਲ ਉਹਨੂੰ ਦੇ ਦਿੱਤਾ। ਕਮਰੂ ਬਹੁਤ ਖੁਸ਼ ਹੋਇਆ ਤੇ ਜਾਗੀਰਦਾਰਨੀ ਨੂੰ ਦੁਆਵਾਂ ਦਿੰਦਾ ਹੋਇਆ ਘਰ ਚਲਾ ਗਿਆ।

+++++
ਜਦੋਂ ਪਾਕਿਸਤਾਨ ਬਣਨ ਦੀ ਖਬਰ ਆਈ ਤੇ ਸਾਰੇ ਗ਼ਰੀਬ-ਗੁਰਬੇ ਆਪਣੀਆਂ ਗੱਠੜੀਆਂ ਸਿਰਾਂ 'ਤੇ ਧਰ ਕੇ ਪਾਕਿਸਤਾਨ ਵੱਲ ਤੁਰ ਪਏ ਤੇ ਥੋੜ੍ਹੇ ਦਿਨਾਂ ਵਿਚ ਈ, ਸਿਵਾਏ ਜਾਗੀਰਦਾਰ ਤੇ ਰਈਸਾਂ ਦੇ ਕੋਈ ਵੀ ਮੁਸਲਮਾਨ ਉਸ ਇਲਾਕੇ ਵਿਚ ਨਾ ਰਿਹਾ।
ਫ਼ਰਖ਼ੰਦਾ ਦਾ ਸ਼ੌਹਰ, ਪਾਕਿਸਤਾਨ ਨਹੀਂ ਸੀ ਆਉਣਾ ਚਾਹੁੰਦਾ। ਕਿਉਂਕਿ ਜੋ, ਉਹਨੇ ਸੁਣਿਆ ਸੀ ਕਿ ਅੰਗਰੇਜ਼ਾਂ ਦੀ ਬਖਸ਼ੀ ਜਾਗੀਰ ਦੇ ਥਾਂ ਪਾਕਿਸਤਾਨ ਵਿਚ ਨਵੀਂ ਜਾਗੀਰ ਨਹੀਂ ਮਿਲੇਗੀ। ਏਸੇ ਸ਼ਸ਼ੋਪੰਜ ਵਿਚ ਕਈ ਹਫਤੇ ਲੰਘ ਗਏ। ਇਕ ਦਿਨ ਨਾਲ ਦੇ ਪਿੰਡ ਦਾ ਮੁਸਲਮਾਨ ਰਈਸ, ਆਪਣੇ ਟੱਬਰ ਸਮੇਤ ਫ਼ਰਖ਼ੰਦਾ ਦੇ ਘਰ ਪਨਾਹ ਲੈਣ ਲਈ ਆਇਆ। ਉਹਦੀਆਂ ਔਰਤਾਂ ਨੇ ਫ਼ਰਖੰਦਾ ਨੂੰ ਦੱਸਿਆ, ਪਈ ਉਹਨਾਂ ਦੇ ਆਪਣੇ ਹਿੰਦੂ ਨੌਕਰਾਂ ਨੇ ਉਹਨਾਂ ਦਾ ਘਰ ਬਾਲ ਦਿੱਤਾ ਏ, ਉਹਨਾਂ ਕੋਲੋਂ ਸਭ ਕੁੱਝ ਖੋਹ ਕੇ ਪਿੰਡੋਂ ਕੱਢ ਦਿੱਤਾ ਏ। ਹੁਣ ਫ਼ਰਖ਼ੰਦਾ ਤੇ ਉਸਦੇ ਸ਼ੌਹਰ ਨੂੰ ਫ਼ਿਕਰ ਪਈ, ਤੇ ਉਹਨਾਂ ਪਿੰਡ ਛੱਡਣ ਦਾ ਮਨਸੂਬਾ ਸੋਚਣਾ ਸ਼ੁਰੂ ਕਰ ਦਿੱਤਾ। ਦੁਪਹਿਰ ਦਾ ਵਕਤ ਸੀ, ਜਾਗੀਰਦਾਰ ਦਾ ਹਾਲੀ, ਕਿਸ਼ਨ ਆਇਆ ਤੇ ਕਹਿਣ ਲੱਗਾ, ''ਚੌਧਰੀ ਜੀ। ਮੈਂ ਤੇ ਮੇਰੇ ਬਾਪ-ਦਾਦਿਆਂ ਨੇ ਤੁਹਾਡਾ ਨਮਕ ਖਾਧਾ ਏ, ਏਸ ਵਾਸਤੇ ਮੈਂ ਤੁਹਾਨੂੰ ਇਕ ਭੇਦ ਦੱਸਣ ਲੱਗਾ ਵਾਂ, ਪਰ ਮੇਰਾ ਨਾਂ, ਨਾ ਕਿਸੇ ਨੂੰ ਦੱਸਿਓ, ਨਹੀਂ ਤੇ ਦੂਜੇ ਹਿੰਦੂਆਂ ਨੇ ਮੈਨੂੰ ਮਾਰ ਸੁੱਟਣਾਂ ਏ। ਗੱਲ ਇਹ ਵੇ ਕਿ ਚੌਧਰੀ ਜੀ। ਪਈ ਕੱਲ੍ਹ ਸਾਡਾ ਇਕ 'ਕੱਠ ਹੋਇਆ ਸੀ, ਰੰਘੜ੍ਹਾਂ ਦੀ ਹਵੇਲੀ ਵਿਚ। ਉਥੇ ਇਹ ਫੈਸਲਾ ਹੋਇਆ ਸੀ ਕਿ ਅੱਜ ਰਾਤੀਂ ਤੁਹਾਡੀ ਹਵੇਲੀ ਵਿਚ ਅੱਗ ਲਾ ਕੇ ਸਾਰਿਆਂ ਨੂੰ ਭੁੰਨ ਛੱਡਣਾ ਏ, ਤੇ ਚੌਧਰੀ ਜੀ, ਆਪਣਾ ਬਚਾ ਕਰ ਲਓ?'' ਇਹ ਕਹਿ ਕੇ ਕਿਸ਼ਨ ਲੁਕਦਾ ਛਿਪਦਾ ਹਵੇਲੀ ਤੋਂ ਬਾਹਰ ਨਿਕਲ ਗਿਆ ਤੇ ਫ਼ਰਖੰਦਾ ਦੇ ਸ਼ੌਹਰ ਨੇ ਛੇਤੀ ਨਾਲ ਇਕ ਬੈਲਗੱਡੀ ਵਿਚ ਸਮਾਨ ਲੱਦਿਆ ਤੇ ਬਾਕੀਆਂ ਵਿਚ ਔਰਤਾਂ ਤੇ ਬੱਚਿਆਂ ਨੂੰ ਬਿਠਾ ਲਿਆ ਤੇ ਮਰਦ ਪੈਦਲ ਤੁਰਦੇ ਹੋਏ ਪਿੰਡੋਂ ਬਾਹਰ ਨਿਕਲ ਆਏ।
ਖਿਆਲ ਸੀ ਸਾਰੀ ਰਾਤ ਤੁਰਦੇ ਰਹਿਣਗੇ ਤੇ ਅਗਲੇ ਦਿਨ ਸਵੇਰ ਤੀਕਰ ਵੱਡੇ ਸ਼ਹਿਰ ਦੇ ਸਟੇਸ਼ਨ ਤੇ ਪੁੱਜ ਜਾਣਗੇ। ਪਰ ਅਜੇ ਦੋ ਮੀਲ ਗਏ ਹੋਣਗੇ ਕਿ ਕਿਸ਼ਨ ਹਾਲੀ, ਫੇਰ ਇਕ ਝਾੜੀ ਦੇ ਪਿੱਛੋਂ ਨਿਕਲਿਆ ਤੇ ਜਾਗੀਰਦਾਰ ਨੂੰ ਇਕ ਪਾਸੇ ਲਿਜਾ ਕੇ ਕਹਿਣ ਲੱਗਾ, ''ਤੁਹਾਡੇ ਦਾਦੇ ਨੇ ਸਾਨੂੰ ਪੱਲਿਓਂ ਕੋਠਾ ਪਵਾ ਕੇ ਦਿੱਤਾ ਸੀ, ਤੁਹਾਡੇ ਬਾਪ ਨੇ ਮੇਰੀਆਂ ਦੋਵੇਂ ਭੈਣਾਂ ਦੇ ਵਿਆਹ ਵਿਚ ਖਰਚ ਝੱਲਿਆ ਸੀ। ਚੌਧਰੀ ਜੀ! ਮੈਂ ਤੁਹਾਡੇ ਨਾਲ ਇਕ ਹੋਰ ਨੇਕੀ ਕਰਨਾ ਚਾਹੁੰਦਾ ਹਾਂ। ਵੱਡੇ ਸ਼ਹਿਰ ਦੇ ਸਟੇਸ਼ਨ ਤੇ ਬਿਲਕੁਲ ਨਾ ਜਾਇਓ। ਸਾਡੇ ਪਿੰਡ ਦੇ ਸਾਰੇ ਜਵਾਨ ਲਾਠੀਆਂ, ਛਵੀਆਂ ਤੇ ਬੰਦੂਕਾਂ ਲੈ ਕੇ ਸਟੇਸ਼ਨ ਦੇ ਕੋਲ ਬੈਠੇ ਹੋਏ ਨੇ। ਉਹਨਾਂ ਤੁਹਾਨੂੰ ਸਾਰਿਆਂ ਨੂੰ ਮਾਰ ਸੁੱਟਣਾ ਏ। ਪਰ ਰਾਹ ਵਿਚ ਸੱਜੇ ਹੱਥ ਮੁੜ ਕੇ ਜਿਹੜਾ ਸੈਦਾਂ ਦਾ ਕਸਬਾ ਆਉਂਦਾ ਏ, ਓਸ ਵੱਲ ਜਾਣਾ। ਇਲਾਕੇ ਦੇ ਹੋਰ ਸਾਰੇ ਮੁਸਲਮਾਨ ਵੀ ਉਥੇ ਜਮ੍ਹਾਂ ਹੋ ਗਏ ਨੇ। ਤੁਹਾਡਾ ਬਚਾ ਹੋ ਜਾਵੇਗਾ।'' ਇਹ ਕਹਿ ਕੇ ਕਿਸ਼ਨ ਹਾਲੀ, ਫੇਰ ਝਾੜੀਆਂ ਵਿਚ ਜਾ ਲੁਕਿਆ ਤੇ ਜਾਗੀਰਦਾਰ ਨੇ ਆਪਣਾ ਕਾਫ਼ਲਾ ਸੈਦਾਂ ਦੇ ਪਿੰਡ ਵੱਲ ਮੋੜ ਦਿੱਤਾ। ਉਥੇ ਜਾ ਕੇ ਪਤਾ ਲੱਗਾ ਕਿ ਬਹੁਤ ਵੱਡਾ ਕੈਂਪ ਖੁੱਲ੍ਹਾ ਹੋਇਆ ਏ ਤੇ ਸਾਰੇ ਇਲਾਕੇ ਦੇ ਬਚੇ ਖੁਚੇ ਮੁਸਲਮਾਨ ਕਾਫ਼ਲੇ ਬਣਾ ਕੇ ਉਥੇ ਆਉਂਦੇ ਪਏ ਨੇ।
ਪਾਕਿਸਤਾਨ ਜਾਣ ਦੀ ਕਈ ਵਾਰੀ ਕੋਸ਼ਿਸ਼ ਕੀਤੀ ਗਈ ਪਰ ਸਾਰੇ ਰਾਹ ਬੰਦ ਸਨ। ਰੇਲਾਂ ਦੇ ਮੁਸਫਰਾਂ ਨੂੰ ਫਸਾਦੀ ਲੋਕ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਈ ਕਤਲ ਕਰ ਛੱਡਦੇ ਸਨ, ਮੋਟਰਾਂ ਲਾਰੀਆਂ ਨੂੰ ਰਾਹ ਵਿਚ ਈ ਲੁੱਟਿਆ ਜਾਂਦਾ ਸੀ।
ਕਮਰੂ ਤੇ ਦੁੰਬੀ ਕਿਵੇਂ ਨਾ ਕਿਵੇਂ ਜਦੋਂ ਲਾਹੌਰ ਪਹੁੰਚੇ ਤਾਂ ਹਰ ਪਾਸੇ ਖਾਮੋਸ਼ੀ ਸੀ। ਹਿੰਦੂ ਜਾ ਚੁੱਕੇ ਸਨ ਤੇ ਮੁਸਲਮਾਨਾਂ ਦੇ ਕਾਫ਼ਲੇ ਅਜੇ ਨਹੀਂ ਸਨ ਪਹੁੰਚੇ। ਮਕਾਨ, ਦੁਕਾਨ ਤੇ ਕਾਰਖਾਨੇ ਸਭ ਖਾਲੀ ਪਏ ਸਨ। ਸ਼ਾਮ ਦਾ ਵਕਤ ਸੀ, ਕਮਰੂ ਪੁਰਾਣੀ ਅਨਾਰਕਲੀ ਵਿਚੋਂ ਪਿਆ ਲੰਘਦਾ ਸੀ, ਜਦੋਂ ਉਹਨੂੰ ਟੀਨ ਵਾਲੇ ਦੀ ਦੁਕਾਨ ਲੱਭੀ। ਕਮਰੂ ਕਹਿਣ ਲੱਗਾ, ''ਭਰਾ ਮੈਨੂੰ ਵੀ ਕੋਈ ਹੱਟੀ ਲੈ ਦੇ, ਟੀਨ ਦਾ ਕੰਮ ਤੇ ਮੈਨੂੰ ਵੀ ਆਉਂਦਾ ਏ।'' ਟੀਨ ਸਾਜ਼ ਪੁੱਛਣ ਲੱਗਾ, ''ਕਿ ਮੁਹਾਜ਼ਰ ਏਂ?''
ਕਮਰੂ ਕਹਿਣ ਲੱਗਾ ''ਹਾਂ''।
ਤਾਂ ਉਹ ਬੋਲਿਆ, ''ਫਿਰ ਕੰਮ ਬਣ ਜਾਏਗਾ। ਏਸ ਇਲਾਕੇ ਵਿਚ ਟੀਨ ਦਾ ਵੱਡਾ ਕਾਰਖਾਨਾ ਏ। ਮਾਲਕ ਇੰਡੀਆ ਚਲਾ ਗਿਆ ਏ। ਤੂੰ ਉਹਨੂੰ ਅਲਾਟ ਕਰਾ ਲੈ। ਮੈਂ ਤੇਰੇ ਨਾਲ ਕੰਮ ਕਰਾਂਗਾ। ''
ਉਸੇ ਰਾਤੀਂ ਉਹਨਾਂ ਨੇ ਬੂਹਾ ਖੋਲਿਆ ਤੇ ਸਾਰੇ ਸਮਾਨ ਉਤੇ ਕਬਜ਼ਾ ਕਰ ਲਿਆ। ਟੀਨ ਦੇ ਕਾਰਖਾਨੇ ਨਾਲ ਇਕ ਖਰਾਦ ਵੀ ਸੀ ਤੇ ਇਕ ਆਟਾ ਪੀਹਣ ਵਾਲੀ ਮਸ਼ੀਨ।
ਕਮਰੂ ਮਿਹਨਤੀ ਆਦਮੀ ਸੀ। ਉਹਨੇ ਸਾਰੇ ਕੰਮ ਇਕੋ ਵਾਰੀ ਚਾਲੂ ਕਰ ਦਿੱਤੇ ਤੇ ਥੋੜ੍ਹੇ ਦਿਨਾਂ ਵਿਚ, ਉਹ ਇਲਾਕਾ ਕਾਰਖਾਨੇ, ਖਰਾਦ ਤੇ ਆਟੇ ਮਸ਼ੀਨ ਦੀਆਂ ਆਵਾਜ਼ਾਂ ਨਾਲ ਗੂੰਜਣ ਲੱਗ ਪਿਆ।
ਤਿੰਨ ਮਹੀਨੇ ਹੋਰ ਲੰਘ ਗਏ, ਫਰਖੰਦਾ ਕੈਂਪ ਵਿਚ ਈ ਬੀਮਾਰ ਹੋ ਗਈ। ਬੱਚੇ ਵੀ ਪੀਲੇ ਪੈ ਗਏ, ਪਰ ਪਾਕਿਸਤਾਨ ਜਾਣ ਦਾ ਕੋਈ ਸਾਮਾਨ ਨਾ ਬਣਿਆ। ਆਖਰ ਇਕ ਦਿਨ ਜਾਗੀਰਦਾਰ ਨੇ ਖੁਸ਼ਖਬਰੀ ਸੁਣਾਈ ਕਿ ਪਾਕਿਸਤਾਨ ਤੋਂ ਇਕ ਫ਼ੌਜ ਦੀ ਪਲਟਨ ਟਰੱਕ ਲੈ ਕੇ ਆਈ ਏ ਤੇ ਇਸ ਇਲਾਕੇ ਦੇ ਮੁਸਲਮਾਨਾਂ ਨੂੰ ਹਿਫਾਜ਼ਤ ਨਾਲ ਪਾਕਿਸਤਾਨ ਲੈ ਜਾਵੇਗੀ।
ਦਸੰਬਰ ਦਾ ਮਹੀਨਾ ਸੀ, ਜਦੋਂ ਫ਼ਰਖੰਦਾ ਲਾਹੌਰ ਪਹੁੰਚੀ। ਸਾਰਾ ਸ਼ਹਿਰ ਉਹਨਾਂ ਮੁਹਾਜ਼ਰਾਂ ਦੇ ਕਬਜ਼ੇ ਵਿਚ ਆ ਚੁੱਕਾ ਸੀ ਜਿਹੜੇ ਪਾਕਿਸਤਾਨ ਬਣਦਿਆਂ ਈ ਏਧਰ ਆ ਗਏ ਸਨ। ਕਈਆਂ ਮਹੀਨਿਆਂ ਦੀ ਤਲਾਸ਼ ਤੋਂ ਬਾਅਦ ਸਿਰ ਲੁਕਾਣ ਨੂੰ ਮਕਾਨ ਤੇ ਮਿਲ ਗਿਆ, ਪਰ ਹੋਰ ਕੁੱਝ ਨਾ ਮਿਲਿਆ। ਫ਼ਰਖ਼ੰਦਾ ਦੇ ਸ਼ੌਹਰ ਨੂੰ ਆਪਣੀ ਜਾਗੀਰ ਦੀ ਬਹੁਤ ਯਾਦ ਆਉਂਦੀ ਸੀ, ਜਿਥੇ ਲੋਕ ਉਹਨੂੰ ਵੇਖ ਕੇ ਹੱਥ ਬੰਨ੍ਹ ਲੈਂਦੇ ਸਨ ਤੇ ਜਿੱਥੇ ਹਰ ਸਖਸ਼ ਉਹਨੂੰ ਮਾਈ-ਬਾਪ ਤੇ ਖੁਦਾਵੰਦ ਕਹਿ ਕੇ ਬੁਲਾਦਾਂ ਸੀ। ਉਹ ਸੋਚਦਾ ਸੀ, 'ਪਾਕਿਸਤਾਨ ਦੇ ਲੋਕ ਕੇਡੇ ਉਜੱਡ ਨੇ? ਏਥੇ ਦੇ ਗਰੀਬਾਂ ਦੇ ਦਿਮਾਗ ਵੀ ਅਸਮਾਨ 'ਤੇ ਰਹਿੰਦੇ ਨੇ।'
ਫ਼ਰਖ਼ੰਦਾ ਨੇ ਉਹਨੂੰ ਸਮਝਾਣ ਦੀ ਕੋਸ਼ਿਸ਼ ਕੀਤੀ ਕਿ 'ਪਾਕਿਸਤਾਨ ਇਕ ਆਜ਼ਾਦ ਮੁਲਕ ਏ, ਏਥੇ ਸਭ ਬਰਾਬਰ ਨੇ।' ਸਾਰੇ ਆਪੋ ਆਪਣੇ ਕੰਮ ਕਰਦੇ ਨੇ ਤੇ ਇੱਜ਼ਤ ਨਾਲ ਰਹਿੰਦੇ ਨੇ।
ਉਸ ਨੇ ਆਖਿਆ, 'ਸਾਨੂੰ ਵੀ ਹੁਣ ਜਾਗੀਰਦਾਰਾਂ ਵਾਲੀਆਂ ਆਦਤਾਂ ਛੱਡ ਕੇ ਅਵਾਮ ਵਿਚ ਸ਼ਾਮਲ ਹੋਣਾ ਚਾਹੀਦਾ ਏ ਤੇ ਮਿਹਨਤ ਨਾਲ ਆਪਣੀ ਨਵੀਂ ਜ਼ਿੰਦਗੀ ਬਨਾਣੀ ਚਾਹੀਦੀ ਏ।' ਪਰ ਜਾਗੀਰਦਾਰ ਨੇ ਆਪਣੀਆਂ ਆਦਤਾਂ ਠੀਕ ਨਾ ਕੀਤੀਆਂ ਤੇ ਘਰ ਦੀ ਹਾਲਤ ਦਿਨ-ਬਦਿਨ, ਬਦਤਰ ਹੁੰਦੀ ਗਈ।
ਫ਼ਰਖ਼ੰਦਾ ਨੂੰ ਆਪਣੇ ਮੁਸਤਕਬਿਲ ਦੀ ਫ਼ਿਕਰ ਪਈ ਤੇ ਹਰ ਪਾਸਿਓਂ ਮਾਯੂਸ ਹੋ ਕੇ ਉਹਨੇ ਆਪਣੇ ਘਰ ਦੇ ਇਕ ਕਮਰੇ ਵਿਚ ਲੜਕੀਆਂ ਦਾ ਸਕੂਲ ਖੋਲ੍ਹ ਲਿਆ। ਸ਼ਹਿਰ ਦੀ ਅਬਾਦੀ ਵੱਧ ਗਈ ਸੀ, ਸਕੂਲ ਥੋੜੇ ਸਨ। ਥੋੜ੍ਹੇ ਅਰਸੇ ਵਿਚ ਈ ਫ਼ਰਖ਼ੰਦਾ ਦੇ ਸਕੂਲ ਵਿਚ ਬਹੁਤ ਰੌਣਕ ਲੱਗ ਗਈ।
ਦਸ ਵਰ੍ਹੇ ਲੰਘ ਗਏ। ਫ਼ਰਖ਼ੰਦਾ ਦਾ ਸਕੂਲ ਹੁਣ ਹਾਈ ਹੋ ਚੁੱਕਿਆ ਸੀ ਪਰ ਉਹਦੀਆਂ ਪ੍ਰੇਸ਼ਾਨੀਆਂ ਖਤਮ ਨਹੀਂ ਸਨ ਹੋਈਆਂ। ਜਾਗੀਰਦਾਰ ਕੰਮ ਦਾ ਬੰਦਾ ਹੁੰਦਾ ਤੇ ਸਕੂਲ ਬਹੁਤ ਤਰੱਕੀ ਕਰ ਜਾਂਦਾ, ਕਿਉਂ ਜੋ ਬਹੁਤੇ ਕੰਮ ਅਜਿਹੇ ਹੁੰਦੇ ਨੇ ਜੋ ਮਰਦ ਹੀ ਕਰਨ ਤੇ ਸਕੂਲ ਕਾਮਯਾਬ ਹੁੰਦੇ ਨੇ। ਪਰ ਜਾਗੀਰਦਾਰ ਨੂੰ ਕੋਈ ਫਿਕਰ ਨਹੀਂ ਸੀ। ਉਹ ਤੇ ਇੰਨਾ ਹੀ ਕਮਾਂਦਾ ਸੀ ਕਿ ਉਹਦੇ ਨਾਲ ਆਪਣੇ ਪਾਨ ਤੇ ਸਿਗਰਟ ਚੱਲਦੇ ਜਾਣ ਤੇ ਬਾਕੀ ਵਕਤ ਆਪਣਿਆਂ ਦੋਸਤਾਂ ਵਿਚ ਬਹਿ ਕੇ ਆਪਣੇ ਮਾਜ਼ੀ ਦੇ ਝੂਠੇ ਸੱਚੇ ਕਿੱਸੇ ਸੁਣਾ ਕੇ ਰੋਹਬ ਪਾਉਂਦਾ ਰਹਿੰਦਾ ਸੀ।
ਸਕੂਲ ਲਈ ਹੋਰ ਦੋ ਕਮਰਿਆਂ ਦੀ ਲੋੜ ਸੀ। ਨਾਲੇ ਗਰਮੀਆਂ ਵਿਚ ਪੱਖਿਆਂ ਬਗੈਰ ਨਹੀਂ ਸੀ ਰਹਿ ਹੁੰਦਾ। ਫ਼ਰਖ਼ੰਦਾ ਦੀ ਆਮਦਨੀ ਖਰਚ ਬਰਾਬਰ ਰਹਿੰਦਾ ਸੀ। ਨਵੇਂ ਕਮਰੇ ਕੌਣ ਬਣਵਾਂਦਾ? ਇਕ ਦਿਨ ਪਤਾ ਲੱਗਾ ਕਿ ਸਕੂਲ ਕੋਲ ਜਿਹੜੀ ਖਾਲੀ ਜ਼ਮੀਨ ਸੀ, ਉਹ ਕਿਸੇ ਹਾਜੀ ਸਾਹਿਬ ਨੇ ਖਰੀਦ ਲਈ ਏ। ਇਕ ਉਸਤਾਦਨੀ ਕਹਿਣ ਲੱਗੀ, ''ਆਪਾ ਜੀ! ਤੁਸੀਂ ਹਾਜ਼ੀ ਸਾਹਬ ਨੂੰ ਮਿਲੋ, ਉਹ ਬੜੇ ਦਿਆਲੂ ਸੁਣੀਂਦੇ ਨੇ। ਖੌਰੇ! ਬੱਚਿਆਂ ਦੇ ਸਕੂਲ ਲਈ ਥੋੜ੍ਹੀ ਜਿਹੀ ਜ਼ਮੀਨ ਦੇ ਦੇਣ? ਤੇ ਨਾਲੇ ਉਹਨਾਂ ਦੀ ਬੇਗਮ ਨੂੰ 'ਜਲਸਾ-ਏ-ਇਨਾਮਾਤ' ਲਈ ਬੁਲਾਓ, ਸ਼ਾਇਦ ਪੱਖਿਆਂ ਲਈ ਵੀ ਕੋਈ ਇੰਤਜਾਮ ਹੋ ਜਾਵੇ? ਫ਼ਰਖ਼ੰਦਾ ਨੂੰ ਗੱਲ ਪਸੰਦ ਆਈ।
ਅਗਲੇ ਦਿਨ ਉਸ ਨੇ ਆਪਣਾ ਬੁਰਕਾ, ਇਸਤਰੀ ਕਰਕੇ ਪਹਿਨਿਆ ਤੇ ਹਾਜੀ ਸਾਹਬ ਦੀ ਕੋਠੀ ਵੱਲ ਰਵਾਨਾ ਹੋ ਗਈ। ਮੁਲਾਜ਼ਮ ਨੇ ਜਿਸ ਕਮਰੇ ਵਿਚ ਉਹਨੂੰ ਬਿਠਾਇਆ ਉਥੇ ਇਕ ਬੰਦਾ ਬੈਠਾ ਸੀ ਜੋ ਇਹਨੂੰ ਜਾਣੂੰ ਮਾਲੂਮ ਹੋਇਆ। ਗੌਰ ਨਾਲ ਤੱਕਿਆ ਤੇ 'ਕਮਰੂ' ਨਿਕਲਿਆ। ਫ਼ਰਖ਼ੰਦਾ ਖੁਸ਼ ਹੋ ਗਈ, ਜੇ ਕਮਰੂ ਵੀ ਇੱਥੇ ਕੰਮ ਕਰਦਾ ਏ ਤੇ ਹਾਜ਼ੀ ਸਾਹਿਬ ਨਾਲ ਗੱਲ ਕਰਨੀ ਬਹੁਤ ਆਸਾਨ ਹੋ ਜਾਵੇਗੀ।
''ਜੀ'', ਕਮਰੂ ਨੇ ਪੁੱਛਿਆ।
''ਮੈਂ ਹਾਜੀ ਸਾਹਿਬ ਨਾਲ ਗੱਲ ਕਰਨੀ ਏ।'' ਫ਼ਰਖ਼ੰਦਾ ਨੇ ਆਖਿਆ।
''ਜੀ ਕਰੋ ਗੱਲ'', ਕਮਰੂ ਨੇ ਆਪਣੀ ਸੁਨਿਹਰੀ ਘੜੀ ਵੱਲ ਵੇਖਦਿਆਂ ਆਖਿਆ।
ਫ਼ਰਖੰਦਾ ਨੇ ਬੁਰਕਾ ਚੁੱਕ ਦਿੱਤਾ ਤੇ ਕਹਿਣ ਲੱਗੀ, ''ਕਮਰੂ! ਮੈਂ ਹਾਜੀ ਸਾਹਿਬ ਨਾਲ ਗੱਲ ਕਰਨੀ ਏ।''
ਕਮਰੂ ਪਹਿਲੇ ਤੇ ਹੈਰਾਨ ਹੋਇਆ ਫਿਰ ਫ਼ਰਖ਼ੰਦਾ ਨੂੰ ਪਹਿਚਾਣ ਕੇ ਕਹਿਣ ਲੱਗਾ, ''ਕੀ ਹਾਲ ਏ ਆਪਾ ਜੀ?'' ਫੇਰ ਆਪਣੀ ਜੇਬ ਵਿਚੋਂ ਇਕ ਸੁਨਹਿਰੇ ਹਾਸ਼ੀਏ ਵਾਲਾ ਮੁਲਾਕਾਤੀ ਕਾਰਡ ਕੱਢ ਕੇ ਉਹਦੇ ਸਾਹਮਣੇ ਰੱਖ ਦਿੱਤਾ।
ਫ਼ਰਖੰਦਾ ਨੇ ਪੜ੍ਹਿਆ, 'ਹਾਜੀ ਸ਼ੇਖ-ਕਮਰ-ਓ-ਦੀਨ' ਠੇਕੇਦਾਰ। ਫ਼ਰਖੰਦਾ ਨੇ ਸਿਰ ਉਚਾ ਕਰ ਕੇ ਕਮਰੂ ਵੱਲ ਤੱਕਿਆ। ਉਹ ਮੁਸਕਰਾ ਕੇ ਕਹਿਣ ਲੱਗਾ, ''ਅਸੀਂ ਤੁਹਾਡੀ ਕੀ ਖਿਦਮਤ ਕਰ ਸਕਦੇ ਹਾਂ?''
ਫ਼ਰਖੰਦਾ ਨੇ ਸਾਰੀ ਸੂਰਤੇ-ਹਾਲ ਦੱਸੀ ਤੇ ਨਾਲੇ ਆਖਿਆ, ''ਅਸੀਂ ਤੁਹਾਡੀ ਬੇਗਮ ਨੂੰ ਜਲਸਾ-ਏ-ਇਨਾਮਾਤ ਤੇ ਬੁਲਾਣਾ ਚਾਹੁੰਦੇ ਹਾਂ।''
ਕਮਰੂ ਕਹਿਣ ਲੱਗਾ, ''ਆਪਾ ਜੀ! ਮੈਂ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਦੇ ਬਰਾਬਰ ਸਮਝਦਾ ਵਾਂ। ਮੈਂ ਤੁਹਾਨੂੰ ਨਾ ਸਿਰਫ ਪੰਜ ਮਰਲੇ ਜ਼ਮੀਨ ਈ ਦਿਆਂਗਾ, ਬਲਕਿ ਕਮਰੇ ਬਨਾਣ ਵਿਚ ਵੀ ਇਮਦਾਦ ਕਰਾਂਗਾਂ, ਤੇ ਨਾਲੇ ਮਿਸਿਜ਼ 'ਸ਼ੇਖ ਕਮਰੁਦੀਨ' ਵੀ ਦਾਵਤ ਤੇ ਜਲਸਾ-ਏ-ਇਨਾਮਾਤ ਵਿਚ, ਮਹਿਮਾਨ-ਏ-ਖਸੂਸੀ ਦੇ ਤੌਰ 'ਤੇ ਸ਼ਿਰਕਤ ਕਰੇਗੀ।''
ਫ਼ਰਖ਼ੰਦਾ ਘਰ ਵਾਪਸ ਪਈ ਆਉਂਦੀ ਸੀ ਤੇ ਉਹਨੂੰ ਖੌਰੇ ਸੜਕ ਦੀਆਂ ਸਾਰੀਆਂ ਚੀਜ਼ਾਂ ਕਦੀ ਖੱਬੇ ਤੇ ਕਦੀ ਸੱਜੇ ਦੌੜਦੀਆਂ ਪਈਆਂ ਲੱਗਦੀਆਂ ਸਨ। 'ਏਹ! ਮੈਨੂੰ ਕੀ ਹੋ ਗਿਆ ਏ?' ਉਹਨੇ ਆਪਣੇ ਸੀਨੇ 'ਤੇ ਹੱਥ ਧਰ ਕੇ ਆਖਿਆ। 'ਮੇਰੀਆਂ ਲੱਤਾਂ ਕਿਉਂ ਕੰਬਦੀਆਂ ਨੇ, ਮੇਰਾ ਸਿਰ ਪਿਆ ਕਿਉਂ ਚਕਰਾਂਦਾ ਏ?'
ਜਲਸਾ-ਏ-ਇਨਾਮਾਤ ਦਾ ਇੰਤਜ਼ਾਮ ਮੁਕੰਮਲ ਹੋ ਗਿਆ ਸੀ। ਇਕ ਲੰਮੀ ਕਾਰ ਬੂਹੇ ਅੱਗੇ ਆ ਕੇ ਖਲੋਤੀ ਤੇ ਮਹਿਮਾਨ-ਏ-ਖਸੂਸੀ ਬਾਹਰ ਨਿਕਲੀ। ਕੁਝ ਤੇ ਦੁੰਬੀ ਦਾ ਰੰਗ ਈ ਗੋਰਾ ਸੀ, ਉਤੋਂ ਪਾਊਡਰ, ਸੁਨਿਹਰੇ ਜ਼ੇਵਰਾਂ ਤੇ ਝਿਲਮਲ ਕਰਦੇ ਗਰਾਰਾ ਸੂਟ ਨੇ ਗਜ਼ਬ ਕਰ ਦਿੱਤਾ ਸੀ। ਉਹਦਾ ਰੂਪ ਝੱਲਿਆ ਨਹੀਂ ਸੀ ਜਾਂਦਾ....। ਫ਼ਰਖ਼ੰਦਾ ਨੇ ਅਗਾਂਹ ਵੱਧ ਕੇ ਉਹਦੇ ਗੱਲ ਵਿਚ ਗੋਟੇ ਦਾ ਹਾਰ ਪਾ ਦਿੱਤਾ। ਜਲਸੇ ਦੇ ਅਖੀਰ ਵਿਚ ਮਹਿਮਾਨ-ਏ-ਖਸੂਸੀ ਨੇ ਦੋ ਪੱਖੇ ਸਕੂਲ ਨੂੰ ਦੇਣ ਦਾ ਐਲਾਨ ਕੀਤਾ ਤੇ ਜਲਸਾ ਤਾੜੀਆਂ ਦੀ ਗੂੰਜ ਵਿਚ ਖ਼ਤਮ ਹੋ ਗਿਆ।
ਦੁੰਬੀ, ਜਦੋਂ ਚਾਹ ਪੀ ਚੁੱਕੀ, ਤਾਂ ਉਸ ਨੇ ਫ਼ਰਖੰਦਾ ਨੂੰ ਦੱਸਿਆ ਪਈ, 'ਉਹਦਾ ਲੜਕਾ 'ਕ੍ਰਸ਼ਿਚੀਅਨ ਕਾਲਜ' 'ਚ ਤੇ ਕੁੜੀਆਂ 'ਕਵੀਨ ਮੇਰੀ' 'ਚ ਪੜ੍ਹਦੀਆਂ ਨੇ। ਫੇਰ ਕਹਿਣ ਲੱਗੀ ਇਨ੍ਹਾਂ ਸਕੂਲਾਂ ਦੀ ਅੰਗਰੇਜ਼ੀ ਬਹੁਤ ਹਾਈ ਏ। ਅਸੀਂ ਚਾਹੁੰਨੇ ਆਂ, ਤੁਸੀਂ ਸਾਡੇ ਬੱਚਿਆਂ ਨੂੰ ਰੋਜ਼ਾਨਾ ਇਕ ਘੰਟਾ ਪੜ੍ਹਾ ਦਿਓ, ਪੰਜਾਹ ਰੁਪਏ ਮਹੀਨਾ ਫੀਸ ਹੋਵੇਗੀ, ਕੋਠੀ ਦੇ ਇਕ ਵੱਖਰੇ ਕਮਰੇ ਵਿਚ ਬੈਠਣ ਦਾ ਇੰਤਜ਼ਾਮ ਹੋਵੇਗਾ।
ਫ਼ਰਖ਼ੰਦਾ ਦੇ ਦਿਮਾਗ ਨੇ ਸੋਚਣਾਂ ਈ ਛੱਡ ਦਿੱਤਾ ਸੀ। ਨਹੀਂ ਤੇ ਦੁੰਬੀ ਦੇ ਬੱਚਿਆਂ ਨੂੰ ਘਰ ਜਾ ਕੇ ਪੜ੍ਹਾਣ ਦੇ ਖਿਆਲ ਨਾਲ ਈ ਉਹਨੂੰ ਗਸ਼ ਪੈ ਜਾਣੀ ਸੀ। ਉਹਨੇ ਮੁਸਕਰਾ ਕੇ ਸਿਰ ਹਿਲਾ ਦਿੱਤਾ ਤੇ ਫੇਰ ਮਹਿਮਾਨ-ਏ-ਖਸੂਸੀ, ਆਪਣੀ ਲੰਮੀ ਕਾਰ ਵਿਚ ਬਹਿ ਕੇ ਵਾਪਸ ਚਲੀ ਗਈ।
ਅਗਲੇ ਦਿਨ ਫ਼ਰਖੰਦਾ ਨੇ ਥੈਲੇ ਵਿਚ ਕੁਝ ਪੈਨਸਿਲਾਂ ਤੇ ਰਬੜ ਪਾਏ ਤੇ ਟਵੀਸ਼ਨ ਪੜ੍ਹਾਣ ਲਈ ਟੁਰ ਪਈ। ਜਦੋਂ ਉਹ ਹੱਥ ਵਿਚ ਥੈਲਾ ਫੜ ਕੇ ਹਾਜ਼ੀ ਸਾਹਿਬ ਦੇ ਲਾਅਨ ਵਿਚੋਂ ਲੰਘ ਕੇ ਕੋਠੀ ਵੱਲ ਪਈ ਤੁਰੀ ਜਾਂਦੀ ਸੀ ਤੇ ਉਹਨੂੰ ਇੰਝ ਲੱਗਾ ਕਿ, 'ਜਿਵੇਂ ਦੁੰਬੀ ਹੱਥ ਵਿਚ ਲੋਟਾ ਫੜ ਕੇ, ਜਾਗੀਰਦਾਰਾਂ ਦੇ ਘਰੋਂ ਲੱਸੀ ਲੈਣ ਪਈ ਜਾਂਦੀ ਹੋਵੇ.........!!!'

  • ਮੁੱਖ ਪੰਨਾ : ਕਹਾਣੀਆਂ, ਨਜ਼ਰ ਫ਼ਾਤਿਮਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ