Dunian Da Sabh Ton Suhna Dubbia Hoia Aadmi (Spanish Story in Punjabi) : Gabriel Garcia Marquez

ਦੁਨੀਆਂ ਦਾ ਸਭ ਤੋਂ ਸੁਹਣਾ ਡੁੱਬਿਆ ਹੋਇਆ ਆਦਮੀ (ਕਹਾਣੀ) : ਗੈਬ੍ਰੀਅਲ ਗਾਰਸੀਆ ਮਾਰਕੇਜ਼

ਸਭ ਤੋਂ ਪਹਿਲੇ ਜਿਹੜੇ ਬੱਚਿਆ ਉਸ ਫੁੱਲੇ ਹੋਏ, ਕਾਲੇ ਤੇ ਤਿਲ੍ਹਕਵੇਂ ਅਕਾਰ ਨੂੰ ਸਮੁੰਦਰ ਵਿਚੋਂ ਆਪਣੇ ਵੱਲ ਆਉਂਦਾ ਵੇਖਿਆ, ਉਨ੍ਹਾਂ ਸੋਚਿਆ ਇਹ ਜ਼ਰੂਰ ਕੋਈ ਦੁਸ਼ਮਨ ਦਾ ਜਹਾਜ਼ ਹੋਣੈਂ। ਫੇਰ ਉਨ੍ਹਾਂ ਨੂੰ ਸਾਫ਼ ਹੋਇਆ ਕਿ ਉਸ ਉੱਤੇ ਕੋਈ ਝੰਡਾ ਜਾਂ ਪਾਲ ਤਾਂ ਨਹੀਂ ਲੱਗੀ ਸੀ, ਇਸ ਲਈ ਉਨ੍ਹਾਂ ਸੋਚਿਆ ਕਿ ਇਹ ਕੋਈ ਵ੍ਹੇਲ ਮੱਛੀ ਹੋਵੇਗੀ। ਪਰ ਜਦੋਂ ਉਹ ਕਿਨਾਰੇ ‘ਤੇ ਆ ਲੱਗਾ ਤੇ ਉਨ੍ਹਾਂ ਉਸ ਉੱਤੋਂ ਸਮੁੰਦਰੀ ਘਾਅਬੂਟ ਦੇ ਗੁੱਛੇ, ਜੈਲੀ ਫ਼ਿਸ਼ ਦੀਆਂ ਹੱਥ-ਬਾਹਾਂ, ਸਮੁੰਦਰੀ ਜੀਵਾਂ ਦੀ ਰਹਿੰਦ ਖੂੰਹਦ ਅਤੇ ਪਾਣੀ ਵਿਚ ਐਵੇਂ ਤਰੀ ਫਿਰਦੀ ਜਹਾਜਾਂL ਦੀ ਟੁੱਟ ਭੱਜ ਵੱਖ ਕੀਤੀ ਤਾਂ ਜਾ ਕੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਅਸਲ ਵਿਚ ਤਾਂ ਉਹ ਇਕ ਡੁੱਬਿਆ ਹੋਇਆ ਆਦਮੀ ਸੀ।

ਸਾਰੀ ਦੋਪਹਿਰ ਬੱਚੇ ਉਸ ਨਾਲ ਖੇਡਦੇ ਰਹੇ। ਕਦੇ ਉਹ ਉਸ ਨੂੰ ਕਿਨਾਰੇ ਦੇ ਰੇਤੇ ਵਿਚ ਦੱਬ ਦੇਂਦੇ, ਕਦੇ ਕੱਢ ਲੈਂਦੇ। ਪਰ ਸਬੱਬੀ, ਕਿਸੇ ਦੀ ਨਜ਼ਰ ਪੈ ਗਈ ਤੇ ਉਸੇ ਸਾਰੇ ਪਿੰਡ ਵਿਚ ਇਹ ਪੈਰਾਂ ਥੱਲੋਂ ਜ਼ਮੀਨ ਕੱਢਣ ਵਾਲੀ ਖਬਰ ਫੈਲਾਅ ਦਿੱਤੀ। ਜਿਹੜੇ ਜਣੇ ਉਸਨੂੰ ਚੁੱਕ ਨੇੜੇ ਦੇ ਘਰ ਵਿਚ ਲੈ ਗਏ ਉਨ੍ਹਾਂ ਜਾਣਿਆ ਕਿ ਉਹ ਉਨ੍ਹਾਂ ਦੀ ਜਾਣਕਾਰੀ ਦੇ ਕਿਸੇ ਵੀ ਮਰੇ ਹੋਏ ਆਦਮੀ ਨਾਲੋਂ ਜ਼ਿਆਦਾ ਭਾਰਾ ਸੀ। ਉਹ ਤਕਰੀਬਨ ਕਿਸੇ ਘੋੜੇ ਜਿੰਨਾ ਭਾਰਾ ਸੀ, ਤੇ ਉਨ੍ਹਾਂ ਇਕ ਦੂਜੇ ਨੂੰ ਕਿਹਾ ਕਿ ਸ਼ਾਇਦ ਇਹ ਕਾਫ਼ੀ ਅਰਸੇ ਤੋਂ ਪਾਣੀਆਂ ਵਿਚ ਤਰੀ ਫਿਰਦਾ ਰਿਹਾ ਸੀ, ਏਸ ਲਈ ਪਾਣੀ ਇਸਦੇ ਹੱਡਾਂ ਵਿਚ ਵੀ ਰਚ ਗਿਆ ਸੀ। ਜਦ ਉਨ੍ਹਾਂ ਉਸਨੂੰ ਜ਼ਮੀਨ ’ਤੇ ਪਾਇਆ ਤਾਂ ਉਨ੍ਹਾਂ ਕਿਹਾ ਕਿ ਉਹ ਹੋਰ ਕਿਸੇ ਵੀ ਆਦਮੀ ਨਾਲੋਂ ਲੰਮਾ ਹੁੰਦਾ ਹੋਵੇਗਾ, ਕਿਓਂਕਿ ਉਹ ਉਸ ਘਰ ਵਿਚ ਮੁਸ਼ਕਿਲ ਨਾਲ ਹੀ ਆਇਆ। ਪਰ ਉਨ੍ਹਾਂ ਸੋਚਿਆ ਕਿ ਸ਼ਾਇਦ ਮੌਤ ਤੋਂ ਬਾਅਦ ਵੀ ਵਧਦੇ ਰਹਿੰਦੇ ਹੋਣ ਕੁਝ ਡੁੱਬਣ ਵਾਲੇ। ਉਸ ਵਿਚ ਸਮੁੰਦਰ ਦੀ ਮਹਿਕ ਰਚ-ਵਸ ਗਈ ਸੀ, ਤੇ ਸਿਰਫ਼ ਉਸਦਾ ਆਕਾਰ ਹੀ ਦੱਸ ਪਾ ਰਿਹਾ ਸੀ ਕਿ ਇਹ ਕਿਸੇ ਮਨੁੱਖ ਦੀ ਲਾਸ਼ ਸੀ, ਕਿਓਂਕਿ ਉਸਦੀ ਚਮੜੀ ’ਤੇ ਚਿੱਕੜ ਅਤੇ ਖਲੇਪੜਾਂ ਦੀ ਤਹਿ ਜੰਮ ਗਈ ਸੀ।

ਮਰਨ ਵਾਲਾ ਕੋਈ ਓਪਰਾ ਸੀ, ਇਹ ਜਾਨਣ ਵਾਸਤੇ ਉਨ੍ਹਾਂ ਨੂੰ ਉਸਦੇ ਚਿਹਰੇ ਨੂੰ ਸਾਫ਼ ਕਰਨ ਦੀ ਵੀ ਲੋੜ ਨਹੀਂ ਪਈ। ਪਿੰਡ ਵਿਚ ਤਾਂ ਲੱਕੜਾਂ ਦੇ ਬਣੇ ਸਿਰਫ਼ ਵੀਹ ਘਰ ਸਨ, ਫੂੱਲ ਵਿਹੂਣੇ ਪਥਰੀਲੇ ਵਿਹੜਿਆਂ ਵਾਲੇ। ਇਹ ਸਾਰੇ ਘਰ ਇਕ ਬੰਜਰ, ਸਮੁੰਦਰ ਵਿਚ ਅੱਗੇ ਨੂੰ ਵਧ ਆਏ ਜ਼ਮੀਨ ਦੇ ਟੋਟੇ ਦੇ ਪਿਛਲੇ ਸਿਰੇ ’ਤੇ ਖਿਲਰੇ ਹੋਏ ਸਨ। ਜ਼ਮੀਨ ਏਨੀ ਰੜੀ ਸੀ ਕਿ ਮਾਵਾਂ ਨੂੰ ਹਰ ਵੇਲੇ ਡਰ ਲੱਗਾ ਰਹਿੰਦਾ ਕਿ ਤੇਜ਼ ਹਵਾਵਾਂ ਉਨ੍ਹਾਂ ਦੇ ਬੱਚਿਆਂ ਨੂੰ ਸਮੁੰਦਰ ਵਿਚ ਉਡਾਅ ਲੈ ਜਾਣਗੀਆਂ। ਏਨੇ ਵਰਿ੍ਹਆਂ ਵਿਚ ਜਿਹੜੇ ਥੋੜ੍ਹੇ ਜਿਹੇ ਜਣੇ ਮੋਏ ਸਨ, ਉਨ੍ਹਾਂ ਨੂੰ ਬੰਨੇ ਲਾਉਣ ਲਈ ਸਫ਼ਾਚੱਟ ਚੱਟਾਨ ਦੀ ਦੰਦੀ ਤੋਂ ਸਮੁੰਦਰ ਵਿਚ ਸੁੱਟ ਦਿੱਤਾ ਜਾਂਦਾ ਸੀ। ਪਰ ਸਮੁੰਦਰ ਪਾਲਤੂ ਜਿਹਾ ਤੇ ਵੱਡੇ ਦਿਲ ਵਾਲਾ ਸੀ, ਤੇ ਇਹ ਸਾਰੇ ਮਰਦ ਤਾਂ ਸੱਤ ਕਿਸ਼ਤੀਆਂ ਵਿਚ ਹੀ ਆ ਜਾਂਦੇ ਸਨ। ਇਸ ਲਈ ਜਦੋਂ ਉਨ੍ਹਾਂ ਨੂੰ ਉਹ ਡੁੱਬਿਆ ਹੋਇਆ ਆਦਮੀ ਮਿਲਿਆ ਤਾਂ ਇਹ ਜਾਨਣ ਵਾਸਤੇ ਕਿ ਆਪ ਤਾਂ ਉਹ ਸਾਰੇ ਹੈ ਸਨ, ਉਨ੍ਹਾਂ ਬਸ ਇਕ ਦੂਜੇ ਵੱਲ ਦੇਖਣਾ ਹੀ ਸੀ।

ਉਸ ਰਾਤ ਉਹ ਸਾਰੇ ਕੰਮ ’ਤੇ ਸਮੁੰਦਰ ਨੂੰ ਨਾ ਗਏ। ਜਿੱਥੇ ਮਰਦ ਇਹ ਪਤਾ ਕਰਨ ਨਿਕਲ ਗਏ ਕਿ ਗੁਆਂਢ ਦੇ ਪਿੰਡਾਂ ਵਿਚੋਂ ਕੋਈ ਲਾਪਤਾ ਤਾਂ ਨਹੀਂ ਹੈ, ਓਥੇ ਤੀਵੀਆਂ ਮਰੇ ਹੋਏ ਆਦਮੀ ਦੀ ਸਾਂਭ ਕਰਨ ਲਈ ਓਸੇ ਘਰ ਵਿਚ ਰਹਿ ਗਈਆਂ। ਉਨ੍ਹਾਂ ਘਾਅ ਦੇ ਗੁੱਛਿਆਂ ਨਾਲ ਉਸਦੀ ਦੇਹ ਉੱਤੇ ਲੱਗੀ ਮਿੱਟੀ ਲਾਹੀ। ਪਾਣੀ ਵਿਚ ਰਹਿਣ ਕਾਰਨ ਜਿਹੜੇ ਨਿੱਕੇ ਨਿੱਕੇ ਰੋੜ-ਪੱਥਰ ਓਹਦੇ ਵਾਲਾਂ ਵਿਚ ਉਲਝ ਗਏ ਸਨ, ਉਨ੍ਹਾਂ ਉਨ੍ਹਾਂ ਨੂੰ ਵੀ ਹਟਾਇਆ। ਫੇਰ ਉਨ੍ਹਾਂ ਮੱਛੀਆਂ ਦੇ ਚਾਨੇ ਲਾਹੁਣ ਵਾਲੇ ਸੰਦਾਂ ਨਾਲ ਉਸਦੀ ਚਮੜੀ ਉਤੇ ਜੰਮੀਆਂ ਤੈਹਾਂ ਅਤੇ ਖਲੇਪੜਾਂ ਨੂੰ ਵੀ ਖੁਰਚਿਆ। ਜਦੋਂ ਉਹ ਇਹ ਸਭ ਕਰ ਰਹੀਆਂ ਸਨ ਤਾਂ ਉਨ੍ਹਾਂ ਵੇਖਿਆ ਕਿ ਉਸਦੀ ਦੇਹ ਨਾਲ ਵਲਿਆ ਘਾਹ-ਬੂਟ ਡੂੰਘੇ ਪਾਣੀਆਂ ਦਾ ਤੇ ਦੂਰ-ਦੁਰੇਡੇ ਦੇ ਸਮੁੰਦਰਾਂ ਤੋਂ ਆਇਆ ਸੀ। ਉਸਦੇ ਕੱਪੜੇ ਚੀਥੜਿਆਂ ਜਿਹੀ ਹਾਲਤ ਵਿਚ ਸਨ। ਲੱਗਦਾ ਸੀ ਜਿਵੇਂ ਉਹ ਪ੍ਰਵਾਲਾਂ ਦੀਆਂ ਭੁੱਲ-ਭੁਲੱਈਆਂ ਵਿਚੋਂ ਦੀ ਵਹਿ ਕੇ ਓਥੇ ਪੁੱਜਾ ਹੈ।

ਉਨ੍ਹਾਂ ਇਸ ਗੱਲ ਵੱਲ ਵੀ ਧਿਆਨ ਕੀਤਾ ਕਿ ਮੌਤ ਵੀ ਉਸਦਾ ਰੋਅਬ ਨਹੀਂ ਖੋਹ ਸਕੀ ਸੀ। ਸਮੁੰਦਰ ਵਿਚ ਡੁੱਬੇ ਹੋਰਾਂ ਵਾਂਗ ਉਹ ਇਕੱਲਾਕਾਰਾ ਜਿਹਾ ਨਹੀਂ ਜਾਪ ਰਿਹਾ ਸੀ। ਨਦੀਆਂ ਵਿਚ ਡੁੱਬੇ ਜਣਿਆਂ ਵਾਂਗ ਉਹ ਮਰੀਅਲ ਤੇ ਲੋੜਵੰਦ ਵੀ ਨਹੀਂ ਜਾਪ ਰਿਹਾ ਸੀ। ਪਰ ਅਸਲ ਵਿਚ ਉਹ ਕਿਸ ਕਿਸਮ ਦਾ ਆਦਮੀ ਸੀ, ਇਹ ਗੱਲ ਉਨ੍ਹਾਂ ਨੂੰ ਉਸਦੀ ਦੇਹ ਦੀ ਪੂਰੀ ਸਫ਼ਾਈ ਕਰਨ ਤੋਂ ਬਾਅਦ ਹੀ ਪਤਾ ਚੱਲੀ, ਤੇ ਫੇਰ ਇਹ ਦੇਖ ਕੇ ਤਾਂ ਉਨ੍ਹਾਂ ਦਾ ਸਾਹ ਹੀ ਰੁਕ ਗਿਆ। ਅੱਜ ਤੱਕ ਉਨ੍ਹਾਂ ਨੇ ਜਿੰਨੇ ਮਰਦ ਵੇਖੇ ਸਨ, ਨਾ ਸਿਰਫ਼ ਇਹ ਉਨ੍ਹਾਂ ਸਾਰਿਆਂ ਤੋਂ ਲੰਮਾ, ਤਕੜਾ ਤੇ ਵੱਧ ਵਰੋਸਾਇਆ ਸੀ , ਪਰ ਜਦੋਂ ਉਹ ਸਾਰੀਆਂ ਉਸਨੂੰ ਨਿਹਾਰ ਰਹੀਆਂ ਸਨ, ਤਾਂ ਉਸ ਜਿਹੇ ਦੀ ਕਲਪਨਾ ਕਰ ਸਕਣਾ ਵੀ ਉਨ੍ਹਾਂ ਲਈ ਸੰਭਵ ਨਹੀਂ ਹੋ ਰਿਹਾ ਸੀ।

ਉਹਨੂੰ ਲਿਟਾਉਣ ਲਈ ਉਨ੍ਹਾਂ ਨੂੰ ਸਾਰੇ ਪਿੰਡ ਵਿਚ ਓਨਾ ਲੰਮਾ ਮੰਜਾ ਨਹੀਂ ਮਿਲਿਆ, ਨਾ ਹੀ ਉਨ੍ਹਾਂ ਨੂੰ ਕੋਈ ਏਨਾ ਮਜ਼ਬੂਤ ਮੇਜ਼ ਹੀ ਲੱਭਾ ਜੋ ਅਖੀਰੀ ਰਸਮ ਤੋਂ ਪਹਿਲੀ ਰਾਤ ਉਸ ਦੇ ‘ਜਗਰਾਤੇ’ ਵਾਸਤੇ ਉਸਨੂੰ ਪਾਉਣ ਦੇ ਕੰਮ ਆਉਂਦੀ। ਪਿੰਡ ਦੇ ਸਭ ਤੋਂ ਲੰਮੇ ਲੋਕਾਂ ਦੀਆਂ ਦਿਨ-ਤਿਹਾਰ ਵਾਲੀਆਂ ਪਤਲੂਨਾਂ ਉਸਦੇ ਤੰਗ ਪੈ ਗਈਆਂ, ਸਭ ਤੋਂ ਮੋਟੇ ਲੋਕਾਂ ਦੀਆਂ ਗਿਰਜੇ ਵਾਲੀਆਂ ਕਮੀਜ਼ਾਂ ਉਸਦੇ ਨਹੀਂ ਆਈਆਂ, ਤੇ ਸਭ ਤੋਂ ਵੱਡੇ ਪੈਰਾਂ ਦੇ ਜੁੱਤੇ ਵੀ ਉਸਦੇ ਪੈਰਾਂ ਦੇ ਨਾਪ ਲਈ ਛੋਟੇ ਨਿਕਲੇ। ਉਸਦੇ ਵਿਸ਼ਾਲ ਆਕਾਰ ਤੇ ਰੂਪ ਤੋਂ ਮੋਹੀਆਂ ਗਈਆਂ ਪਿੰਡ ਦੀਆਂ ਔਰਤਾਂ ਕਿਸੇ ਕਿਸ਼ਤੀ ਦੀ ਕਸੂਤੀ ਪਾਲ ਤੋਂ ਉਸਦੀ ਪਤਲੂਨ ਤੇ ਕਿਸੇ ਚਾਦਰ ਨਾਲ ਉਸਦੀ ਕਮੀਜ਼ ਬਨਾਉਣ ਦਾ ਫ਼ੈਸਲਾ ਕੀਤਾ ਤਾਂ ਕਿ ਉਹ ਮਰਨ ਤੋਂ ਬਾਅਦ ਵੀ ਰੋਅਬਦਾਰ ਲੱਗਦਾ ਰਹੇ। ਜਦ ਉਹ ਘੇਰਾ ਘੱਤ ਕੇ ਤੇ ਵਿਚ ਵਿਚ ਲਾਸ਼ ਵੱਲ ਤੱਕਦੀਆਂ ਇਹ ਕੱਪੜੇ ਸੀ ਰਹੀਆਂ ਸਨ, ਤਦ ਉਨ੍ਹਾਂ ਨੂੰ ਲੱਗਾ ਜਿਵੇਂ ਇਸ ਰਾਤ ਤੋਂ ਪਹਿਲਾਂ ਹਵਾ ਕਦੇ ਏਨੀ ਟਿਕ ਕੇ ਤਿੱਖੀ ਨਹੀਂ ਹੋਈ ਸੀ, ਤੇ ਇਹ ਕੈਰੇਬੀਆਈ ਸਮੁੰਦਰ ਕਦੇ ਏਨਾ ਅਸ਼ਾਂਤ ਨਹੀਂ ਸੀ ਹੋਇਆ, ਤੇ ਉਨ੍ਹਾਂ ਮੰਨ ਲਿਆ ਕਿ ਇਨ੍ਹਾਂ ਤਬਦੀਲੀਆਂ ਦਾ ਇਸ ਮੋਏ ਹੋਏ ਆਦਮੀ ਨਾਲ ਕੋਈ ਨਾ ਕੋਈ ਵਾਸਤਾ ਹੈ ਸੀ।

ਉਨ੍ਹਾਂ ਸੋਚਿਆ ਕਿ ਜੇ ਇਹ ਸ਼ਾਨਦਾਰ ਆਦਮੀ ਉਨ੍ਹਾਂ ਦੇ ਪਿੰਡ ਵਿਚ ਰਹਿੰਦਾ ਹੁੰਦਾ ਤਾਂ ਉਸਦੇ ਸ਼ਾਨਾਂ ਮਾਰਦੇ ਘਰ ਦੇ ਦਰ ਸਭ ਤੋਂ ਚੌੜੇ ਹੁੰਦੇ, ਛੱਤ ਸਭ ਤੋਂ ਉੱਚੀ, ਫ਼ਰਸ਼ ਸਭ ਤੋਂ ਮਜ਼ਬੂਤ ਹੁੰਦਾ, ਉਸਦਾ ਪਲੰਘ ਬਹੁਤ ਹੀ ਵੱਡੀਆ ਲੱਕੜਾਂ ਤੋਂ ਲੋਹੇ ਦੀਆਂ ਚਿਟਕਣੀਆਂ ਨਾਲ ਬਣਾਇਆ ਗਿਆ ਹੁੰਦਾ ਤੇ ਉਸਦੀ ਘਰਦੀ ਸਭ ਤੋਂ ਖੁਸ਼ ਤੀਵੀਂ ਹੁੰਦੀ। ਉਨ੍ਹਾਂ ਸੋਚਿਆ ਕਿ ਉਸ ਆਦਮੀ ਦਾ ਰੋਅਬ ਦਾਅਬ ਅਜਿਹਾ ਹੁੰਦਾ ਕਿ ਉਹ ਮੱਛੀਆਂ ਨੂੰ ਉਨ੍ਹਾਂ ਦੇ ਨਾਂਵਾਂ ਨਾਲ ਪੁਕਾਰ ਪੁਕਾਰ ਹੀ ਸਮੁੰਦਰ ਤੋਂ ਲੈ ਲੈਂਦਾ ਹੁੰਦਾ। ਉਸ ਆਦਮੀ ਨੇ ਆਪਣੀ ਜ਼ਮੀਨ ਉੱਤੇ ਏਨੀ ਮਿਹਨਤ ਕੀਤੀ ਹੁੰਦੀ ਕਿ ਚੱਟਾਨਾਂ ਵਿਚੋਂ ਫੁੱਟ ਕੇ ਫੁੱਵਾਰੇ ਚੱਲ ਪੈੱਦੇ, ਉਹ ਸਫ਼ਾਚੱਟ ਚੱਟਾਨ ਦੰਦੀਆਂ ਉੱਤੇ ਫੁੱਲ ਉਗਾਅ ਲੈਂਦਾ। ਉਨ੍ਹਾਂ ਚੋਰੀ ਦੇਣੀ ਆਪਣੇ ਮਰਦਾਂ ਦੀ ਤੁਲਨਾ ਉਸ ਆਦਮੀ ਨਾਲ ਕੀਤੀ, ਤੇ ਇਸ ਨਤੀਜੇ ਤੇ ਪਹੁੰਚੀਆਂ ਕਿ ਜੋ ਕੰਮ ਉਹ ਆਦਮੀ ਇਕ ਹੀ ਰਾਤ ਵਿਚ ਕਰ ਦੇਂਦਾ, ਉਸ ਕੰਮ ਨੂੰ ਉਨ੍ਹਾਂ ਦੇ ਮਰਦ ਜ਼ਿੰਦਗੀ ਲਾ ਕੇ ਵੀ ਨਾ ਕਰ ਸਕਦੇ। ਮਨ–ਹੀ-ਮਨ ਉਨ੍ਹਾਂ ਆਪਣੇ ਮਰਦਾਂ ਨੂੰ ਧਰਤੀ ‘ਤੇ ਮੌਜੂਦ ਸਭ ਤੋਂ ਨਿਤਾਣੇ, ਨਖਿੱਧ ਤੇ ਨਿਕੰਮੇ ਜੀਅ ਮੰਨ ਕੇ ਰੱਦ ਕਰ ਦਿੱਤਾ। ਉਹ ਸਾਰੀਆਂ ਤੀਵੀਆਂ ਆਪਣੀਆਂ ਅਣੋਖੀਆਂ ਕਲਪਨਾਵਾਂ ਦੀਆਂ ਘੁਣਤਰੀ ਬੁਣਤਰਾਂ ਵਿਚ ਵਰਚ ਰਹੀਆਂ ਸਨ, ਜਦ ਉਨ੍ਹਾਂ ਵਿਚੋਂ ਸਭ ਤੋਂ ਵੱਡੀ ਉਮਰ ਦੀ ਨੇ, ਜਿਸ ਨੇ ਸਭ ਤੋਂ ਵੱਡੀ ਹੋਣ ਕਰਕੇ, ਉਸ ਡੁੱਬੇ ਹੋਏ ਆਦਮੀ ਨੂੰ ਕਾਮਵਾਸਨਾ ਨਾਲ ਘੱਟ ਤੇ ਤਰਸ-ਮੋਹ ਨਾਲ ਵਧੇਰੇ ਵੇਖਿਆ ਸੀ, ਹਉਕਾ ਭਰਿਆ ਤੇ ਕਿਹਾ—

“ ਇਸਦਾ ਚਿਹਰਾ ਤਾਂ ਏਸਟੇਬਨ (ਸੂਰਮਾ ਜੇਤੂ) ਜਿਹਾ ਹੈ।”

ਇਹ ਸੱਚ ਸੀ। ਉਨ੍ਹਾਂ ਵਿਚੋਂ ਬਹੁਤੀਆਂ ਨੂੰ ਉਸ ਦੇ ਚਿਹਰੇ ਵੱਲ ਸਿਰਫ਼ ਇਕ ਵਾਰ ਹੀ ਹੋਰ ਵੇਖਣ ਦੀ ਲੋੜ ਸੀ ਇਹ ਜਾਣਨ ਲਈ ਕਿ ਉਸਦਾ ਨਾਂ ਹੋਰ ਕੋਈ ਹੋ ਹੀ ਨਹੀਂ ਸਕਦਾ ਸੀ। ਬੇਸ਼ਕ ਉਨ੍ਹਾਂ ਵਿਚੋਂ ਵੀ ਕੁਝ ਹਠੀਲੀਆਂ, ਜੋ ਘੱਟ ਉਮਰ ਦੀਆਂ ਵੀ ਸਨ, ਨੂੰ ਕੁਝ ਘੰਟੇ ਭਰਮ ਹੀ ਰਿਹਾ। ਕਿ ਜੇ ਉਹ ਉਸ ਆਦਮੀ ਨੂੰ ਪੂਰੇ ਕੱਪੜੇ ਤੇ ਚਮੜੇ ਦੇ ਵਧੀਆ ਜੁੱਤੇ ਪੁਆ ਕੇ ਫੁੱਲਾਂ ਵਿਚ ਲਿਟਾਅ ਦੇਣ ਤਾਂ ਸ਼ਾਇਦ ਉਹ ਲਾਓਤੇਰੋ (ਬਾਂਕਾ-ਦਲੇਰ) ਨਾਂ ਨਾਲ ਜਾਣਿਆ ਜਾ ਸਕਦਾ ਹੈ। ਪਰ ਇਹ ਇਕ ਹੰਕਾਰੀ ਭਰਮ ਹੀ ਨਿਕਲਿਆ। ਤਰਪਾਲ ਛੋਟੀ ਨਿਕਲੀ, ਪਤਲੂਨ ਦੀ ਕਟਾਈ ਮਾੜੀ ਤੇ ਸਿਲਾਈ ਹੋਰ ਮਾੜੀ ਹੋਈ ਹੋਈ ਸੀ, ਉਸਦੇ ਸੀਨੇ ਵਿਚ ਲੁਕੇ ਅਰਮਾਨਾਂ ਕਰਕੇ ਉਸਦੀ ਕਮੀਜ਼ ਦੇ ਬਟਨ ਖਿੱਚੇ ਜਾ ਕੇ ਵਾਰ ਵਾਰ ਖੁੱਲ੍ਹ ਜਾਂਦੇ ਸਨ।

ਅੱਧੀ ਰਾਤ ਤੋਂ ਬਾਅਦ ਸੀਟ੍ਹੀਆਂ ਮਾਰਦੀ ਹਵਾ ਦਾ ਵੇਗ ਕੁਝ ਘਟ ਗਿਆ, ਸਮੁੰਦਰ ਫੇਰ ਤੋਂ ਆਪਣੇ ਅੱਧ-ਹਫ਼ਤੇ ਵਾਲੇ ਸੁੱਤ-ਉਨੀਂਦਰੇ ਦੀ ਹਾਲਤ ਵਿਚ ਚਲੇ ਗਿਆ। ਉਸ ਚੁੱਪੀ ਨੇ ਸਾਰੇ ਭੁਲੇਖੇ ਦੂਰ ਕਰ ਦਿੱਤੇ- ਉਹ ਏਸਟੇਬਨ ਹੀ ਸੀ। ਤੀਵੀਆਂ ਨੇ ਉਸਨੂੰ ਕੱਪੜੇ ਪੁਆਏ ਸਨ, ਵਾਲ ਸੁਆਰੇ ਸਨ, ਨਹੁੰ ਕੱਟੇ ਸਨ ਤੇ ਦਾੜ੍ਹੀ ਬਣਾਈ ਸੀ। ਜਦੋਂ ਉਨ੍ਹਾਂ ਹੀ ਤੀਵੀਆਂ ਉਸ ਨੂੰ ਜ਼ਮੀਨ ‘ਤੇ ਹੀ ਸੁੱਟਿਆ ਰੱਖਿਆ ਜਾਣਾ ਮਨਜ਼ੂਰ ਕਰਨਾ ਪਿਆ, ਤਾਂ ਤਰਸ-ਮੋਹ ਤੇ ਗਿਲੇ ਨਾਲ ਉਨ੍ਹਾਂ ਨੂੰ ਝੁਣਝੁਣੀ ਆ ਗਈੋ। ਤੇ ਤਾਂ ਕਿਤੇ ਉਹ ਇਹ ਸਮਝ ਸਕੀਆਂ ਕਿ ਜਿਹੜਾ ਵੱਡਾ ਕੱਦ-ਬੁੱਤ ਉਸਦੇ ਮਰਨ ਤੋਂ ਬਾਅਦ ਵੀ ਤਕਲੀਫ਼ ਦੇ ਰਿਹਾ ਸੀ, ਜੀਵਨ ਵਿਚ ਉਸ ਉਸਨੂੰ ਕਿੰਨਾ ਦੁਖੀ ਕੀਤਾ ਹੋਵੇਗਾ।

ਹੁਣ ਉਹ ਉਸਦੇ ਜੀਵਨ ਦੀ ਕਲਪਨਾ ਕਰ ਸਕਦੀਆਂ ਸਨ- ਆਪਣੇ ਵੱਡੇ ਕੱਦ ਕਾਠ ਕਰਕੇ ਉਹ ਦਰਵਾਜ਼ਿਆਂ ਵਿਚੋਂ ਟੇਢਾ ਹੋ ਕੇ ਲੰਘਣ ਦਾ ਸਰਾਪ ਭੋਗਦਾ ਰਿਹਾ ਹੋਵੇਗਾ, ਉਸਦਾ ਸਿਰ ਵਾਰ ਵਾਰ ਛੱਤ ਦੀਆਂ ਆਡੇ ਦਾਅ ਸ਼ਤੀਰਾਂ ਵਿਚ ਵੱਜ ਵੱਜ ਭੱਜ ਜਾਂਦਾ ਹੋਵੇਗਾ। ਕਿਸੇ ਦੇ ਘਰ ਗਿਆਂ ਉਸਨੂੰ ਕਿੰਨਾ ਕਿੰਨਾ ਚਿਰ ਖਲੋਤਾ ਰਹਿਣਾ ਪੈਂਦਾ ਹੋਵੇਗਾ। ਸੀਲ (ਸਮੁੰਦਰੀ ਜੀਵ) ਵਰਗੇ ਕੋਮਲ, ਲਾਲ ਸੂਹੇ ਉਸਦੇ ਹੱਥਾਂ ਨੂੰ ਪਤਾ ਨਹੀਂ ਲੱਗਦਾ ਹੋਣਾ ਕਿ ਉਹ ਕੀ ਕਰਨ। ਓਧਰ, ਘਰ ਦੀ ਮਾਲਕਿਣ ਆਪ ਡਰੀ ਹੋਣ ਦੇ ਬਾਵਜੂਦ, ਆਪਣੀ ਸਭ ਤੋਂ ਮਜ਼ਬੂਤ ਕੁਰਸੀ ਉਸਦੇ ਅੱਗੇ ਕਰਦੀ ਹੋਈ ਉਸਨੂੰ ਬੈਠਣ ਲਈ ਜ਼ੋਰ ਲਾਉਂਦੀ ਹੋਵੇਗੀ- “ ਬੈਠ, ਏਸਟੇਬੇਨ, ਮੇਰੀ ਖੁਸ਼ੀ ਲਈ !” ਪਰ ਉਹ ਮੁਸਕ੍ਰਾਂਦਾ ਕੰਧ ਨੂੰ ਟੇਕ ਲਾਈ ਖੜ੍ਹਾ ਰਹਿੰਦਾ ਹੋਵੇਗਾ-“ਤੁਸੀਂ ਤਕਲੀਫ਼ ਨਾ ਕਰੋ, ਜੀ! ਮੈਂ ਇਥੇ ਠੀਕ ਹਾਂ।” ਤਾਂ ਜੋ ਕੁਰਸੀ ਦੇ ਟੁੱਟ ਜਾਣ ਦੀ ਸੰਗ ਤੋਂ ਉਸ ਨੂੰ ਬਚਾਅ ਸਕੇ ਹਾਲਾਂਕਿ ਉਸਦੀਆਂ ਅੱਡੀਆਂ ਦੁਖ ਰਹੀਆਂ ਹੁੰਦੀਆਂ ਤੇ ਹਰ ਵਾਰ ਕਿਸੇ ਦੇ ਘਰ ਜਾਣ ‘ਤੇ ਇਹੋ ਸਿਲਸਿਲਾ ਦੁਹਰਾਉਣ ਦੇ ਕਾਰਨ ਉਸਦੀ ਪਿੱਠ ਵਿਚ ਵੀ ਪੀੜ ਹੋਈ ਰਹਿੰਦੀ। ਤੇ ਸ਼ਾਇਦ ਉਹ ਕਦੀ ਨਹੀਂ ਜਾਣ ਸਕਦਾ ਹੁੰਦਾ ਸੀ ਕਿ ਓਹੀ ਲੋਕ ਜਿਹੜੇ ਉਸਨੂੰ ਕਹਿੰਦੇ ਸਨ ਕਿ- “ਨਾ ਜਾ, ਏਸਟੇਬੇਨ, ਘੱਟੋਘੱਟ ਕੌਫ਼ੀ ਬਣਨ ਤੱਕ ਤਾਂ ਰੁਕ”,, ਓਹੀ ਉਸ ਦੇ ਜਾਣ ਤੋਂ ਬਾਅਦ ਕਹਿੰਦੇ, “ਸ਼ੁਕਰ ਹੈ ਉਹ ਰਾਕਸ਼ਸੀ-ਮੂਰਖ ਚਲਾ ਗਿਆ, ਉਹ ਸੁਨੱਖਾ ਮੂੜ੍ਹ ਚਲਾ ਗਿਆ।”

ਉਸ ਰੂਪਵਾਨ ਆਦਮੀ ਦੀ ਲੋਥ ਦੇ ਨਾਲ ਹੀ ਬੈਠੀਆਂ ਉਹ ਤੀਵੀਆਂ ਸਾਝਰਾ ਹੋਣ ਤੋਂ ਰਤਾ ਕੁ ਪਹਿਲਾਂ ਇਹੋ ਸਭ ਸੋਚ ਰਹੀਆਂ ਸਨ। ਫੇਰ ਉਨ੍ਹਾਂ ਉਸਦਾ ਮੂੰਹ ਰੁਮਾਲ ਨਾਲ ਢਕ ਦਿੱਤਾ ਤਾਂ ਜੋ ਰੌਸ਼ਨੀ ਨਾਲ ਉਸਨੂੰ ਕੋਈ ਤਕਲੀਫ਼ ਨਾ ਹੋਵੇ। ਓਸ ਵੇਲੇ ਉਹ ਏਨਾ ਅਣ-ਰੱਖਿਆ, ਹਮੇਸ਼ ਤੋਂ ਮੋਇਆ ਤੇ ਉਨ੍ਹਾਂ ਤੀਵੀਆਂ ਦੇ ਆਪਣੇ ਮਰਦਾਂ ਵਰਗਾ ਲੱਗ ਰਿਹਾ ਸੀ ਕਿ ਉਹ ਇਹ ਸਭ ਦੇਖ ਕੇ ਰੋ ਪਈਆਂ। ਉਹ ਇਕ ਹੌਲੀ ਉਮਰ ਦੀ ਤੀਵੀਂ ਸੀ ਜਿਸ ਨੇ ਰੋਣ ਦੀ ਸ਼ੁਰੂਆਤ ਕੀਤੀ। ਫੇਰ ਹੋਰ ਤੀਵੀਆਂ ਵੀ ਰੁਦਨ ਵਿਚ ਸ਼ਾਮਿਲ ਹੋ ਗਈਆਂ। ਉਹ ਲੰਮੇ ਲੰਮੇ ਸਾਹ ਭਰ ਰਹੀਆਂ ਸਨ ਤੇ ਵੈਣ ਪਾ ਰਹੀਆਂ ਸਨ। ਉਹ ਜਿੰਨਾ ਵੱਧ ਡੁਸਕਦੀਆਂ ਓਨੀ ਹੀ ਉਨ੍ਹਾਂ ਦੀ ਰੋਣ ਦੀ ਇੱਛਾ ਤਕੜੀ ਹੋਈ ਜਾਂਦੀ। ਦਰਅਸਲ ਉਹ ਡੁੱਬਿਆ ਹੋਇਆ ਆਦਮੀ ਹੁਣ ਪੂਰੀ ਤਰ੍ਹਾਂ ਏਸਟੇਬੇਨ ਜਾਪਣ ਲੱਗ ਪਿਆ ਸੀ। ਏਸ ਲਈ ਉਹ ਰੋਂਦੀਆਂ ਰਹੀਆਂ ਕਿਉਂਕਿ ਪੂਰੀ ਧਰਤੀ ਉੱਤੇ ਸਭ ਤੋਂ ਹੀ ਵੱਧ ਦ, ਸਭ ਤੋਂ ਹੀ ਵੱਧ ਸ਼ਾਂਤ-ਠਹਿਰਿਆ ਤੇ ਸਭ ਤੋਂ ਹੀ ਵੱਧ ਕਿਰਪਾਲੂ ਆਦਮੀ ਜਾਪ ਰਿਹਾ ਸੀ, ਵਿਚਾਰਾ ਏਸਟੇਬੇਨ। ਏਸ ਲਈ ਜਦ ਪਿੰਡ ਦੇ ਮਰਦ ਇਸ ਖਬਰ ਨੂੰ ਲੈ ਕੇ ਵਾਪਿਸ ਆਏ ਕਿ ਉਹ ਡੁੱਬਿਆ ਹੋਇਆ ਆਦਮੀ ਗੁਆਂਢ ਦੇ ਕਿਸੇ ਪਿੰਡ ਦਾ ਵਾਸੀ ਨਹੀਂ ਸੀ ਤਾਂ ਹੰਝੂਆਂ ਦੇ ਵਿਚ, ਤੀਵੀਆਂ ਦੇ ਮਨ ਨੂੰ ਇਕ ਚਾਅ ਚੜ੍ਹ ਗਿਆ। “ਸ਼ੁਕਰ ਹੈ ਪਰਮਾਤਮਾ ਦਾ,” ਉਹ ਸਾਰੀਆਂ ਲੰਮੇ ਸਾਹ ਭਰਦੀਆਂ ਬੋਲੀਆਂ,“ਇਹ ਡੁੱਬਿਆ ਹੋਇਆ ਆਦਮੀ ਸਾਡਾ ਆਪਣਾ ਹੈ।”

ਪਿੰਡ ਦੇ ਮਰਦਾਂ ਨੂੰ ਲੱਗਾ ਕਿ ਇਹ ਸਾਰਾ ਦਿਖਾਵਾ ਤੀਵੀਆਂ ਦੀ ਫੁਕਰਾਪੰਥੀ ਸੀ। ਉਹ ਰਾਤ ਬਰਾਤੇ ਪੁੱਛ ਪੜਤਾਲ ਕਰਦੇ ਫਿਰਨ ਦੇ ਔਖੇ ਕੰਮ ਦੇ ਕਰਕੇ ਥੱਕ ਗਏ ਸਨ। ਇਹ ਇਕ ਨਮੀ-ਵਿਹੂਣਾ ਦਿਨ ਸੀ ਤੇ ਹਵਾ ਬਿਲਕੁਲ ਨਹੀਂ ਚੱਲ ਰਹੀ ਸੀ। ਉਹ ਸਿਰਫ਼ ਏਨਾ ਚਾਹੁੰਦੇ ਸੀ ਕਿ ਸੂਰਜ ਦੇ ਸਿਰ ‘ਤੇ ਚੜ੍ਹ ਆਉਣ ਤੋਂ ਪਹਿਲਾਂ ਉਹ ਇਸ ਨਵੇਂ-ਆਏ ਦੀ ਲਾਸ਼ ਹਮੇਸ਼ਾ ਲਈ ਟਿਕਾਣੇ ਲਾ ਦੇਣ ਦੀ ਪਰੇਸ਼ਾਨੀ ਤੋਂ ਵਿਹਲੇ ਹੋ ਜਾਣ। ਉਨ੍ਹਾਂ ਨੇ ਵਾਧੂ ਮਸਤੂਲਾਂ ਦੇ ਅਗਲੇ ਹਿੱਸਿਆਂ ਤੇ ਬਰਛਿਆਂ ਜਿਹੇ ਬਾਂਸਾਂ ਨਾਲ ਇਕ ਕੰਮ-ਚਲਾਊ ਅਰਥੀ ਬਣਾਈ, ਜਿਸ ਨੂੰ ਉਨ੍ਹਾਂ ਪਾਲਾਂ ਦੇ ਕੱਪੜੇ ਬੰਨ੍ਹ ਦਿੱਤੇ ਤਾਂ ਜੋ ਚੱਟਾਨ ਦੀ ਦੰਦੀ ਤੱਕ ਪੁੱਜਣ ਤੀਕ ਲੋਥ ਦਾ ਭਾਰ ਜਰ ਸਕੇ। ਉਹ ਉਸ ਆਦਮੀ ਦੀ ਲੋਥ ਨੂੰ ਇਕ ਮਾਲਵਾਹਕ ਜਹਾਜ਼ ਦੇ ਲੰਗਰ ਨਾਲ ਬੰਨ੍ਹ ਦੇਣਾ ਚਾਹੁੰਦੇ ਸਨ, ਤਾਂ ਕਿ ਉਹ ਗਾੜ੍ਹੀਆਂ ਛੱਲਾਂ ਦੇ ਵਿਚ ਵੀ ਸੌਖ ਨਾਲ ਡੁੱਬ ਜਾਵੇ। ਉਸ ਡੂੰਘਿਆਈ ਵਿਚ ਜਿੱਥੇ ਮੱਛੀਆਂ ਵੀ ਅੰਨ੍ਹੀਆਂ ਹੁੰਦੀਆਂ ਹਨ ਅਤੇ ਗੋਤਾਖੋਰ ਘਰ-ਵਿਰਵੇ ਹੋ ਕੇ ਕਾਲ ਦੇ ਗਰਕ ਵਿਚ ਸਮਾਅ ਜਾਂਦੇ ਹਨ। ਉਹ ਲੋਕ ਇਹ ਨਹੀਂ ਚਾਹੁੰਦੇ ਸੀ ਕਿ ਉਸ ਆਦਮੀ ਦੀ ਲੋਥ ਨੂੰ ਵੀ ਲਹਿਰਾਂ ਦੇ ਥਪੇੜੇ ਉਵੇਂ ਹੀ ਵਾਪਿਸ ਕਿਨਾਰੇ ‘ਤੇ ਲੈ ਆਉਣ ਜਿਵੇਂ ਹੋਰ ਲੋਥਾਂ ਨਾਲ ਹੋਇਆ ਸੀ।

ਪਰ ਪਿੰਡ ਦੇ ਮਰਦ ਜਿੰਨੀ ਛੇਤੀ ਇਹ ਕੰਮ ਨਬੇੜਨਾ ਚਾਹੁੰਦੇ, ਪਿੰਡ ਦੀਆਂ ਤੀਵੀਆਂ ਸਮਾਂ ਬਰਬਾਦ ਕਰਨ ਦੇ ਓਨੇ ਹੀ ਢੰਗ ਲੱਭ ਲੈਂਦੀਆਂ। ਉਨ੍ਹਾਂ ਆਪਣੀਆਂ ਛਾਤੀਆਂ ‘ਤੇ ਸਮੁੰਦਰ ਤੋਂ ਬਚੇ ਰਹਿਣ ਦੇ ਤਾਵੀਜ਼ ਟੰਗੇ ਹੋਏ ਸਨ, ਤੇ ਘਬਰਾਈਆਂ ਹੋਈਆਂ ਕੁੱਕੜੀਆਂ ਵਾਂਗ ਏਧਰ ਓਧਰ ਚੁੰਝ ਮਾਰਦੀਆਂ ਫਿਰਦੀਆਂ ਸਨ। ਇਕ ਬੰਨੇ ਉਨ੍ਹਾਂ ਵਿਚੋਂ ਕੁਝ ਤੀਵੀਆਂ ਉਸ ਡੁੱਬੇ ਹੋਏ ਆਦਮੀ ਦੇ ਮੋਢਿਆਂ ‘ਤੇ ਚੰਗੇ ਸ਼ਗਨ ਦਾ ਧਾਰਮਕ ਚੋਗਾ ਪਾਉਣ ਵਿਚ ਰੁੱਝੀਆਂ ਦਿਸ ਰਹੀਆਂ ਸਨ, ਦੂਜੇ ਪਾਸੇ ਕੁਝ ਹੋਰ ਤੀਵੀਆਂ ਉਸਦੀ ਵੀਣੀ-ਕਲਾਈ ‘ਤੇ ਦਿਸ਼ਾ-ਦਸੇਰਾ ਜੰਤਰ ਬੰਨ੍ਹ ਰਹੀਆਂ ਸਨ। “ਨੀ, ਲਾਂਭੇ ਹੋ, ਹਟ ਪਾਸੇ, ਵੇਖ, ਤੇਰੇ ਕਰਕੇ ਮੈਂ ਡੁੱਬੇ ਦੇ ਉੱਤੇ ਡਿੱਗ ਹੀ ਪੈਣਾ ਸੀ” ਵਰਗੇ ਰੌਲੇ ਰੱਪੇ ਤੋਂ ਬਾਅਦ ਪਿੰਡ ਦਿਆਂ ਮਰਦਾਂ ਨੂੰ ਤੀਵੀਆਂ ਦੀ ਨੀਅਤ ‘ਤੇ ਸ਼ੱਕ ਹੀ ਹੋਣ ਲੱਗ ਪਿਆ। ਉਹ ਬੁੜ ਬੁੜ ਕਰਨ ਲੱਗੇ ਕਿ ਇਕ ਅਣਜਾਣ ਬੰਦੇ ਦੀ ਅਖੀਰੀ ਜਾਤਰਾ ਵਾਸਤੇ ਏਨਾ ਜ਼ਿਆਦਾ ਸਜਾਉਣ ਸੰਵਾਰਨ ਦੀ ਕੀ ਲੋੜ ਹੈ, ਕਿਓਂਕਿ ਲੋਥ ਦੇ ਨਾਲ ਤੁਸੀਂ ਕਿੰਨੀਆਂ ਵੀ ਧਾਰਮਕ ਰਸਮਾਂ ਕਿਓਂ ਨਾ ਨਿਭਾਅ ਲਓ, ਅਖੀਰ ਤਾਂ ਲੋਥ ਨੇ ਸ਼ਾਰਕ ਮੱਛੀਆਂ ਦੇ ਮੂੰਹ ਦੀ ਗਰਾਹੀ ਹੀ ਬਣਨਾ ਹੈ। ਪਰ ਤੀਵੀਆਂ ਏਧਰ ਓਧਰ ਨੱਸਦੀਆਂ ਭੱਜਦੀਆਂ ਤੇ ਖਹਿੰਦੀਆਂ ਹੋਈਆਂ ਵੀ ਓਸ ਡੁੱਬੇ ਮਰਦ ‘ਤੇ ਯਾਦ-ਨਿਸ਼ਾਨੀਆਂ ਦਾ ਨਿੱਕ ਸੁੱਕ ਬੰਨ੍ਹਦੀਆਂ ਰਹੀਆਂ। ਉਹ ਹੁਣ ਰੋ ਤਾਂ ਨਹੀਂ ਸੀ ਰਹੀਆਂ, ਪਰ ਉਭੇ ਸਾਹ ਜ਼ਰੂਰ ਲੈ ਰਹੀਆਂ ਸਨ। ਇਹ ਸਭ ਵੇਖ ਪਿੰਡ ਦੇ ਮਰਦਾਂ ਦਾ ਗੁੱਸਾ ਬੇਕਾਬੂ ਹੋ ਗਿਆ , ਕਿਓਂਕਿ ਕਿਸੇ ਡੁੱਬੇ ਹੋਏ ਵਾਧੂ ਜਿਹੇ ਆਦਮੀ ਦੀ ਵਹਿ ਕੇ ਆਈ ਠੰਡੀ ਲੋਥ ਦਾ ਏਨਾ ਬਤੰਗੜ ਪਹਿਲਾਂ ਕਦੋਂ ਬਣਿਆ ਸੀ? ਉਨ੍ਹਾਂ ਵਿਚੋਂ ਇਕ ਤੀਵੀਂ ਡੁੱਬੇ ਹੋਏ ਮਰਦ ਦੀ ਸਾਂਭ ਸੰਭਾਲ ਵਿਚ ਵਿਖਾਈ ਜਾ ਰਹੀ ਏਨੀ ਘਾਟ ਤੋਂ ਬੇਇਜ਼ਤੀ ਮਹਿਸੂਸ ਕਰ ਰਹੀ ਸੀ। ੳਦੋਂ ਓਸਨੇ ਮਰੇ ਹੋਏ ਜਣੇ ਦੇ ਚਿਹਰੇ ‘ਤੇ ਪਿਆ ਰੁਮਾਲ ਹਟਾਅ ਦਿੱਤਾ। ਉਸਦੇ ਰੋਅਬ ਦਾਅਬ ਭਰੇ ਚਿਹਰੇ ਨੂੰ ਵੇਖ ਪਿੰਡ ਦੇ ਮਰਦ ਵੀ ਹੈਰਾਨ ਰਹਿ ਗਏ।

ਇਹ ਸੱਚੀਂ ਏਸਟੇਬੈਨ ਸੀ। ਉਨ੍ਹਾਂ ਵੱਲੋਂ ਪਛਾਣੇ ਜਾਣ ਲਈ ਉਸਦਾ ਨਾਂ ਦੁਹਰਾਏ ਜਾਣ ਦੀ ਜ਼ਰੂਰਤ ਨਹੀਂ ਸੀ। ਜੇ ਉਸਦਾ ਨਾਂ ਸਰ ਵਾਲਟਰ ਰੇਲਿਘ ਦੱਸਿਆ ਗਿਆ ਹੁੰਦਾ ਤਾਂ ਵੀ ਉਸਦੇ ਅਮਰੀਕੀ ਲਹਿਜੇ ਦਾ ਉਨ੍ਹਾਂ ਉੱਤੇ ਛੱਪਾ ਪਿਆ ਹੁੰਦਾ। ਓਨ੍ਹਾਂ ਨੇ ਵੀ ਉਸਦੇ ਮੋਢੇ ‘ਤੇ ਬੈਠੇ ਤੋਤੇ ਤੇ ਓਥੇ ਹੀ ਲਟਕੀ ਆਦਮਖੋਰਾਂ ਨੂੰ ਮਾਰਨ ਵਾਲੀ ਚੌੜੀ ਨਾਲ ਦੀ ਪੁਰਾਣੀ ਬੰਦੂਕ ਨੂੰ ਵੇਖਿਆ ਹੁੰਦਾ। ਪਰ ਦੁਨੀਆ ਵਿਚ ਏਸਟੇਬੇਨ ਕੋਈ ਵਿਰਲਾ ਹੀ ਹੋ ਸਕਦਾ ਸੀ, ਤੇ ਉਹ ਇਥੇ ਪਿਆ ਸੀ...ਵ੍ਹੇੁਲ ਮੱਛੀ ਵਾਂਗ ਫੈਲਰਿਆ ਹੋਇਆ। ਉਸਦੇ ਪੈਰਾਂ ਵਿਚ ਜੁੱਤੇ ਨਹੀਂ ਸਨ, ਤੇ ਉਸਨੇ ਕਿਸੇ ਨਿਆਣੇ ਦੇ ਮਾਪ ਦੀ ਪਤਲੂਨ ਪਹਿਨੀ ਹੋਈ ਸੀ। ਉਸਦੇ ਕਾਠੇ ਨਹੁੰਆਂ ਨੂੰ ਕਿਸੇ ਚਾਕੂ ਨਾਲ ਹੀ ਕੱਟਿਆ ਜਾ ਸਕਿਆ ਸੀ। ਉਹ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ, ਇਹ ਜਾਣਨ ਵਾਸਤੇ ਉਨ੍ਹਾਂ ਸਿਰਫ਼ ਉਸਦੇ ਚਿਹਰੇ ਤੋਂ ਰੁਮਾਲ ਹੀ ਚੁੱਕਣਾ ਸੀ। ਜੇ ਉਹ ਏਨਾ ਵੱਡਾ ਜਾਂ ਭਾਰਾ ਜਾਂ ਰੂਪਵਾਨ ਸੀ ਤਾਂ ਇਹ ਉਸਦੀ ਗਲਤੀ ਨਹੀਂ ਸੀ। ਜੇ ਉਹਨ੍ਹ ਪਤਾ ਹੁੰਦਾ ਕਿ ਉਹਦੇ ਨਾਲ ਇਹ ਕੁਝ ਵਾਪਰਨਾ ਹੈ ਤਾਂ ਉਹ ਵਧੇਰੇ ਹੋਸ਼ਿਆਰ ਹੋ ਕੇ ਆਪਣੀ ਡੁੱਬਣ ਦੀ ਥਾਂ ਚੁਣਦਾ।

ਇਹ ਸਭ ਮੈਂ ਪੂਰੀ ਸੰਜੀਦਗੀ-ਗੰਭੀਰਤਾ ਨਾਲ ਕਹਿ ਰਿਹਾ ਹਾਂ। ਬਈ ਜੇ ਮੈਨੂੰ ਇਹ ਸਾਰਾ ਸੀੜ੍ਹੀ ਸਿਆਪਾ ਨਹੀਂ ਪਸੰਦ, ਤਾਂ ਅਜਿਹੇ ਵਿਚ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਵਾਸਤੇ ਮੈਂ ਤਾਂ ਕਿਸੇ ਜਹਾਜ਼ ਦਾ ਲੰਗਰ ਆਪਣੇ ਗਲ ਵਿਚ ਪਾ ਕਿਸੇ ਪਹਾੜ ਦੀ ਦੰਦੀ ਤੋਂ ਔਖਾ ਸੌਖਾ ਥੱਲੇ ਛਾਲ ਮਾਰ ਜਾਂਦਾ। ਜਿਵੇਂ ਪਿੰਡ ਦੇ ਮਰਦ ਆਖ ਹੀ ਰਹੇ ਸੀ, ਇਕ ਗਲੀ ਸੜੀ ਲਾਸ਼ ਦੀ ਵਜਹ ਕਰਕੇ ਸਾਰੇ ਪਰੇਸ਼ਾਨ ਹੋ ਰਹੇ ਸਨ ਭਾਵੇਂ ਉਸ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ।

ਪਰ ਡੁੱਬੇ ਹੋਏ ਆਦਮੀ ਦੇ ਚਾਲਚਲਣ ਵਿਚ ਏਨੀ ਸਚਿਆਈ ਸੀ ਕਿ ਸਭ ਤੋਂ ਵੱਧ ਸ਼ੱਕੀ ਮਰਦ...ਉਹ ਜਿਹੜੇ ਆਪਣੀਆਂ ਸਮੁੰਦਰੀ ਜਾਤਰਾਵਾਂ ਦੀਆਂ ਅਣਮੁੱਕਵੀਆਂ ਰਾਤਾਂ ਦੀ ਕੌੜ ਵਿਚ ਇਹ ਡਰਦੇ ਹੁੰਦੇ ਸਨ ਕਿ ਉਨ੍ਹਾਂ ਦੀ ਅਣਹੋਂਦ ਵਿਚ ਉਨ੍ਹਾਂ ਦੀਆਂ ਤੀਵੀਆਂ ਉਨ੍ਹਾਂ ਦੇ ਸੁਫ਼ਨੇ ਲੈਣੋਂ ਥੱਕ ਜਾਣਗੀਆਂ ਤੇ ਡੁੱਬੇ ਹੋਏ ਲੋਕਾਂ ਦੇ ਸੁਫ਼ਨੇ ਵੇਖਣੇ ਸ਼ੁਰੂ ਕਰ ਦੇਣਗੀਆਂ...ਉਹ, ਤੇ ਉਨ੍ਹਾਂ ਤੋਂ ਵੀ ਬੇਕਿਰਕ ਕਠੋਰ ਲੋਕ ਏਸਟੇਬੇਨ ਦੀ ਸਚਿਆਈ ਵੇਖ ਕੇ ਅੰਦਰ ਤੱਕ ਕੰਬ ਗਏ।

ਅਤੇ ਏਸ ਤਰ੍ਹਾਂ ਇਹ ਹੋਇਆ ਕਿ ੳਨ੍ਹਾਂ ਇਕ ਡੁੱਬ ਮੋਏ ਲਾਵਾਰਿਸ ਆਦਮੀ ਦੀ ਉਹ ਸ਼ਾਨਦਾਰ ਅਖੀਰੀ ਰਸਮ ਕੀਤੀ, ਕਿ ਜਿਹੜੀ ਵੀ ਉਨ੍ਹਾਂ ਦੀ ਕਲਪਨਾ ਵਿਚ ਆਈ। ਕੁਝ ਤੀਵੀਆਂ ਫੁੱਲ ਲੈਣ ਨਾਲ ਦੇ ਪਿੰਡਾਂ ਨੂੰ ਗਈਆਂ ਸਨ। ਉਹ ਆਪਣੇ ਨਾਲ ਹੋਰ ਤੀਵੀਆਂ ਵੀ ਲੈ ਆਈਆਂ ਜਿਨ੍ਹਾਂ ਨੂੰ ਡੁੱਬੇ ਆਦਮੀ ਬਾਰੇ ਦੱਸੀਆਂ ਗਈਆਂ ਗੱਲਾਂ ਦਾ ਸੱਚ ਨਹੀਂ ਆਇਆ ਸੀ। ਨਾਲ ਲਿਆਂਦੀਆਂ ਗਈਆਂ ਤੀਵੀਆਂ ਜਦੋਂ ਡੁੱਬੇ ਆਦਮੀ ਨੂੰ ਵੇਖਿਆ ਤਾਂ ਉਹ ਹੋਰ ਫੁੱਲ ਲੈਣ ਵਾਪਿਸ ਆਪਣੇ ਪਿੰਡਾਂ ਨੂੰ ਗਈਆਂ। ਉਹ ਆਪਣੇ ਨਾਲ ਹੋਰ ਵਧੇਰੇ ਤੀਵੀਆਂ ਲੈ ਆਈਆਂ। ਇਹ ਸਿਲਸਿਲਾ ਓਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ ਓਥੇ ਏਨੇ ਫੁੱਲ ਤੇ ਏਨੀਆਂ ਤੀਵੀਆਂ ਨਹੀਂ ਹੋ ਗਈਆਂ ਕਿ ਓਥੇ ਚੱਲਣ ਫਿਰਨ ਦੀ ਥਾਂ ਵੀ ਨਾ ਬਚੀ। ਅਖੀਰੀ ਵੇਲੇ ਉਨ੍ਹਾਂ ਨੂੰ ਡੂੱਬੇ ਹੋਏ ਆਦਮੀ ਨੂੰ ਇਕ ਯਤੀਮ ਵਾਂਗ ਲਹਿਰਾਂ ਦੇ ਹਵਾਲੇ ਕਰਦਿਆਂ ਤਕਲੀਫ਼ ਹੋਈ। ਇਸ ਲਈ ਆਪਣੇ ਸਭ ਤੋ ਚੰਗੇ ਲੋਕਾਂ ਵਿਚੋਂ ਉਨ੍ਹਾਂ ਨੇ ਉਸ ਆਦਮੀ ਦੇ ਮਾਂ ਪਿਓ, ਚਾਚਾ, ਚਾਚੀ, ਤੇ ਭਰਾਵਾਂ ਭੈਣਾਂ ਦੀ ਚੋਣ ਕੀਤੀ, ਜਿਸ ਨਾਲ ਉਸਦੀ ਵਜ੍ਹਾ ਕਰਕੇ ਪਿੰਡ ਦੇ ਸਾਰੇ ਲੋਕ ਆਪਸ ਵਿਚ ਰਿਸ਼ਤੇਦਾਰ ਬਣ ਗਏ।

ਕੁਝ ਕਿਸ਼ਤੀਆਂਵਾਲਿਆਂ ਦੂਰ ਕਿਤੇ ਰੋਣ ਦੀਆਂ ਅਵਾਜ਼ਾਂ ਸੁਣੀਆਂ ਤੇ ਉਹ ਸਮੁੰਦਰ ਵਿਚ ਰਾਹ ਭੁੱਲ ਗਏ। ਲੋਕਾਂ ਤਾਂ ਏਥੋਂ ਤੱਕ ਸੁਣਿਆ ਕਿ ਉਨ੍ਹਾਂ ਵਿਚੋਂ ਇਕ ਕਿਸ਼ਤੀਆਂਵਾਲੇ ਨੇ ਆਪਣੇ ਆਪ ਨੂੰ ਸਭ ਤੋਂ ਵੱਡੇ ਮਸਤੂਲ ਨਾਲ ਬੰਨ੍ਹਵਾਅ ਲਿਆ ਕਿਓਂਕਿ ਉਸਨੇ ਉਨ੍ਹਾਂ ਟੂਣੇਹਾਰਨਾਂ-ਮੋਹਿਣੀਆਂ ਬਾਰੇ ਪੁਰਾਣੀਆਂ ਕਥਾਵਾਂ ਸੁਣੀਆਂ ਹੋਈਆਂ ਸਨ ਜਿਨ੍ਹਾਂ ਦੇ ਮੰਤਰਮੁਗਧ ਕਰਦੇ ਗੌਣ ਸੁਣ ਕਿਸ਼ਤੀਆਂ ਵਾਲੇ ਰਾਹੋਂ ਭਟਕ ਕੇ ਮਾਰੇ ਜਾਂਦੇ ਸਨ।

ਲੋਕ ਉਸ ਦੀ ਅਰਥੀ ਚੁੱਕ ਵੱਡੀ-ਉਚੀ ਪਹਾੜ ਦੀ ਦੰਦੀ ਤੱਕ ਲੈ ਜਾਣ ਦਾ ਸੁਭਾਗ ਲੈਣ ਲਈ ਆਪੇ ਵਿਚ ਲੜ ਰਹੇ ਸਨ। ਓਸੇ ਸਮੇਂ ਉਨ੍ਹਾਂ ਮਰਦਾਂ ਤੇ ਤੀਵੀਆਂ ਨੂੰ ਪਹਿਲੀ ਵਾਰ ਆਪਣੀਆਂ ਗਲੀਆਂ ਦੇ ਸੁੰਨੇਪਣ, ਆਪਣੇ ਵਿਹੜਿਆਂ ਦੇ ਰੁੱਖੇਪਣ ਤੇ ਆਪਣੇ ਸੁਫ਼ਨਿਆਂ ਦੇ ਸਉੜੇਪਣ ਦਾ ਸ਼ਿੱਦਤ ਨਾਲ ਅਹਿਸਾਸ ਹੋਇਆ, ਕਿਉਂਕਿ ਉਨ੍ਹਾਂ ਸਾਮ੍ਹਣੇ ਡੁੱਬੇ ਹੋਏ ਆਦਮੀ ਦੀਆਂ ਸ਼ਾਨਾਂ ਅਤੇ ਉਸਦਾ ਸੁਹੱਪਣ ਸੀ। ਉਨ੍ਹਾਂ ਉਸਨੂੰ ਕਿਸੇ ਲੰਗਰ ਨਾਲ ਬੰਨ੍ਹੇ ਬਿਨਾ ਸਮੁੰਦਰ ਹਵਾਲੇ ਕਰ ਦਿੱਤਾ, ਤਾਂ ਜੋ ਜਦ ਉਹ ਵਾਪਿਸ ਆਉਣਾ ਚਾਹੇ ਤੇ ਜਦੋਂ ਆਉਣਾ ਚਾਹੇ, ਓਦੋਂ ਆ ਸਕੇ। ਉਹ ਸਾਰੇ ਸਦੀਆਂ ਜਿੰਨੇ ਲੰਮੇ ਪਲ ਆਪਣਾ ਸਾਹ ਰੋਕੀ ਖਲੋਤੇ ਰਹੇ, ਜਿੰਨਾ ਚਿਰ ਉਸ ਦੀ ਦੇਹ ਨੂੰ ਉਸ ਅਣਮੁੱਕ ਨਿਵਾਣ ਵਿਚ ਡਿੱਗਣ ਨੂੰ ਲੱਗਾ। ਇਹ ਜਾਨਣ ਵਾਸਤੇ ਉਨ੍ਹਾਂ ਨੂੰ ਇਕ ਦੂਜੇ ਨੂੰ ਵੇਖਣ ਦੀ ਲੋੜ ਨਹੀਂ ਪਈ ਕਿ ਹੁਣ ਉਹ ਸਾਰੇ ਓਥੇ ਹਾਜ਼ਿਰ ਨਹੀਂ ਸਨ, ਕਿ ਹੁਣ ਕਦੇ ਉਹ ਸਾਰੇ ਹਾਜ਼ਿਰ ਹੋਣਗੇ ਵੀ ਨਹੀਂ। ਪਰ ਉਹ ਇਹ ਵੀ ਜਾਣਦੇ ਸੀ ਕਿ ਉਸ ਵੇਲੇ ਤੋਂ ਬਾਅਦ ਸਾਰਾ ਕੁਝ ਹੋਰ ਤਰ੍ਹਾਂ ਦਾ ਹੋਵੇਗਾ। ਉਨ੍ਹਾਂ ਦੇ ਘਰਾਂ ਦੇ ਦਰ ਅੱਗੇ ਨਾਲੋਂ ਚੌੜੇ ਹੋਣਗੇ, ਉਨ੍ਹਾਂ ਦੀਆਂ ਛੱਤਾਂ ਵਧੇਰੇ ਉੱਚੀਆਂ ਤੇ ਉਨ੍ਹਾਂ ਦੇ ਫ਼ਰਸ਼ ਵਧੇਰੇ ਮਜ਼ਬੂਤ ਹੋਣਗੇ ਤਾਂ ਜੋ ਏਸਟੇਬੇਨ ਦੀ ਯਾਦ ਬਿਨਾ ਸ਼ਤੀਰਾਂ ਨਾਲ ਟਕਰਾਇਆਂ ਹਰ ਪਾਸੀਂ ਆ ਜਾ ਸਕੇ। ਓਦੋਂ ਭਵਿੱਖ ਵਿਚ ਕੋਈ ਫੁਸਫੁਸਾਅ ਕੇ ਇਹ ਨਹੀਂ ਆਖੇਗਾ, “ਬਈ, ਇਕ ਦਿਓ ਜਿਹਾ ਆਦਮੀ ਜਹਾਨੋਂ ਟੁਰ ਗਿਐ। ਮਾੜਾ ਹੋਇਆ। ਓਇ ਉਹ ਸੁਹਣਾ ਮੂਰਖ ਗੁਜ਼ਰ ਗਿਆ।” ਅਜਿਹਾ ਇਸ ਲਈ ਕਿਓਂਕਿ ਏਸਟੇਬੇਨ ਦੀ ਯਾਦ ਨੂੰ ਅਣਆਦਿ-ਅਣਅੰਤ ਤੱਕ ਸੁਰੱਖੀ-ਸਾਂਭੀ ਰੱਖਣ ਵਾਸਤੇ ਉਹ ਸਾਰਿਆਂ ਆਪਣੇ ਘਰਾਂ ਦੇ ਸਾਹਮਣੇ ਵਾਲੇ ਹਿੱਸਿਆਂ ਨੂੰ ਚਮਕਦਾਰ ਰੰਗਾਂ ਵਿਚ ਰੰਗ ਦੇਣਾ ਸੀ। ਜ਼ਮੀਨ ਹੇਠ ਕੋਈ ਪਾਣੀ ਦੇ ਸੋਤਿਆਂ ਦੀ ਭਾਲ ਵਿਚ ਉਹ ਸਾਰੇ ਹੱਡਭੰਨਵੀਂ ਮਿਹਨਤ ਕਰ ਪੱਥਰਾਂ ਵਿਚ ਖੁਦਾਈ ਕਰਨ ਲੱਗੇ ਤਾਂ ਜੋ ਸਫ਼ਾਚੱਟ ਚੱਟਾਨਾਂ ਉੱਤੇ ਫੁੱਲ ਉਗਾਏ ਜਾ ਸਕਣ।

ਭਵਿੱਖ ਵਿਚ ਜਦੋਂ ਖੁੱਲ੍ਹੇ ਸਾਗਰ ਤੋਂ ਆਉਂਦੀ ਬਗੀਚਿਆਂ ਦੀ ਮਹਿਕ ਨਾਲ ਬੇਚੈਨ ਹੋ ਕੇ ਸਮੁੰਦਰੀ ਜਹਾਜ਼ਾਂ ਦੇ ਜਾਤਰੀ ਸਵੇਰੇ ਜਾਗਿਆ ਕਰਨਗੇ, ਉਦੋਂ ਜਹਾਜ਼ ਦਾ ਕਪਤਾਨ ਆਪਣੀ ਵਰਦੀ ਪਹਿਨੀ ਉਨ੍ਹਾਂ ਕੋਲ ਆਏਗਾ। ਤਾਰਿਆਂ ਦੀ ਹਾਲਤ ਜਾਨਣ ਵਾਲੇ ਆਪਣੇ ਜੰਤਰ ਨਾਲ, ਉਸਨੂੰ ਧ੍ਰੁਵ ਤਾਰੇ ਦੀ ਥਾਂ ਦੀ ਦੱਸ ਪਾਉਣ ਵਾਲੇ। ਉਸਦੀ ਵਰਦੀ ‘ਤੇ ਜੰਗਾਂ ਵਿਚ ਨਾਂ ਕਮਾਉਣ ਲਈ ਮਿਲੇ ਤਗਮਿਆਂ ਦੀਆਂ ਪਾਲਾਂ ਹੋਣਗੀਆਂ। ਦੁਮੇਲ ‘ਤੇ ਨਜਰ ਆਉਂਦੇ ਗੁਲਾਬਾਂ ਦੇ ਉਸ ਸਮੁੰਦਰ ਵਿਚ ਨੂੰ ਵਧ ਆਏ ਜ਼ਮੀਨ ਦੇ ਟੋਟੇ ਵੱਲ ਨੂੰ ਇਸ਼ਾਰਾ ਕਰਦਿਆਂ ਉਹ ਚੌਦਾਂ ਭਾਸ਼ਾਵਾਂ ਵਿਚ ਕਹੇਗਾ-

“ਓਧਰ ਦੇਖੋ ਜੀ, ਜਿੱਥੇ ਹਵਾ ਏਨੀ ਸ਼ਾਂਤ ਹੈ ਕਿ ਉਹ ਕਿਆਰੀਆਂ ਵਿਚ ਸੌਣ ਚਲੇ ਗਈ ਹੈ, ਓਧਰ ਓਥੇ, ਜਿੱਥੇ ਸੂਰਜ ਏਨਾ ਚਮਕਦਾਰ ਹੈ ਕਿ ਸੂਰਜਮੁਖੀ ਦੇ ਫੁੱਲਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿੱਧਰਲੇ ਪਾਸੇ ਝੁਕਣ, ਹਾਂ ਜੀ, ਓਹੀ ਏਸਟੇਬੇਨ ਦਾ ਪਿੰਡ ਹੈ।

(ਹਿੰਦੀ ਅਨੁਵਾਦ : ਸੁਸ਼ਾਂਤ ਸੁਪ੍ਰਿਅ;
ਪੰਜਾਬੀ ਅਨੁਵਾਦ : ਪੂਨਮ ਸਿੰਘ)

  • ਮੁੱਖ ਪੰਨਾ : ਗੈਬਰੀਅਲ ਗਾਰਸੀਆ ਮਾਰਕੇਜ਼ ਦੀਆਂ ਸਪੇਨੀ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ