Father Sergius (Russian Novel in Punjabi) : Leo Tolstoy
ਪਾਦਰੀ ਸੇਰਗਈ (ਰੂਸੀ ਨਾਵਲ) : ਲਿਉ ਤਾਲਸਤਾਏ
'ਪਾਦਰੀ ਸੇਰਗਈ' ਲਿਓ ਤਾਲਸਤਾਏ ਦੇ ਛੋਟੇ ਨਾਵਲ 'ਫ਼ਾਦਰ ਸਰਗਯੂਸ' (Father Sergius) ਦਾ ਪੰਜਾਬੀ ਅਨੁਵਾਦ : ਗੁਰਬਖ਼ਸ਼ ਸਿੰਘ ਫਰੈਂਕ
1
ਸੇਂਟ ਪੀਟਰਸਬਰਗ ਵਿਚ 40 ਵਿਆਂ ਵਿਚ ਇਕ ਐਸੀ ਘਟਨਾ ਵਾਪਰੀ ਜਿਸਨੇ ਸਾਰਿਆਂ ਨੂੰ ਚਕ੍ਰਿਤ ਕਰ ਦਿਤਾ: ਇਕ ਖੂਬਸੂਰਤ, ਰਾਜਕੁਮਾਰ ਨੇ, ਜਿਹੜਾ ਸਮਰਾਟ ਦੀ ਕੁਈਰਾਜ਼ੀਰ ਰਜਮੰਟ ਦੇ ਇਕ ਦਸਤੇ ਦਾ ਕਮਾਂਡਰ ਸੀ, ਤੇ ਜਿਸਦੇ ਬਾਰੇ ਹਰ ਕੋਈ ਪੇਸ਼ਗੋਈ ਕਰਦਾ ਸੀ ਕਿ ਉਹ ਸ਼ਾਹੀ ਅਜੀਟਨ ਬਣੇਗਾ ਤੇ ਜ਼ਾਰ ਨਿਕੋਲਾਈ ਪਹਿਲੇ ਦੇ ਦਰਬਾਰ ਵਿਚ ਚੰਗਾ ਨਾਮਣਾ ਖੱਟੇਗਾ, ਤੇ ਜਿਸਦਾ ਵਿਆਹ ਮਹਾਰਾਨੀ ਦੀ ਇਕ ਖਾਸ ਚਹੇਤੀ, ਇਕ ਦਰਬਾਰੀ ਕੁਲੀਨ ਦੀ ਸੁੰਦਰ ਬੇਟੀ ਨਾਲ ਇਕ ਮਹੀਨੇ ਤੱਕ ਹੋਣ ਵਾਲਾ ਸੀ, ਅਸਤੀਫਾ ਦੇ ਦਿਤਾ, ਆਪਣੀ ਮੰਗੇਤਰ ਨਾਲ ਸਾਰੇ ਸੰਬੰਧ ਤੋੜ ਲਏ, ਆਪਣੀ ਜਿੰਨੀ ਮਾੜੀ ਮੋਟੀ ਜਾਇਦਾਦ ਸੀ, ਉਹ ਆਪਣੀ ਭੈਣ ਦੇ ਨਾਂ ਕਰ ਦਿਤੀ ਤੇ ਆਪ ਸਾਧੂ ਬਨਣ ਸਾਧ-ਮਠ ਨੂੰ ਚਲਾ ਗਿਆ।
ਇਹ ਘਟਨਾ ਉਹਨਾਂ ਲੋਕਾਂ ਲਈ ਅਸਾਧਾਰਨ ਤੇ ਨਾ ਸਮਝੀ ਜਾਣ ਵਾਲੀ ਸੀ ਜਿਹੜੇ ਇਸਦੇ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਨਹੀਂ ਸਨ ਜਾਣਦੇ: ਪਰ ਖੁਦ ਰਾਜਕੁਮਾਰ ਸਤੇਪਾਨ ਕਸਾਤਸਕੀ ਲਈ ਇਹ ਸਾਰਾ ਕੁਝ ਏਨਾਂ ਕੁਦਰਤੀ ਸੀ ਕਿ ਉਹ ਆਪਣੇ ਮਨ ਵਿਚ ਹੋਰ ਕਿਸੇ ਤਰ੍ਹਾਂ ਦਾ ਵਿਹਾਰ ਲਿਆ ਹੀ ਨਹੀਂ ਸੀ ਸਕਦਾ।
ਸਤੇਪਾਨ ਕਸਾਤਸਕੀ ਬਾਰ੍ਹਾਂ ਸਾਲਾਂ ਦਾ ਸੀ ਜਦੋਂ ਉਸਦਾ ਪਿਤਾ, ਗਾਰਦਾਂ ਦਾ ਰੀਟਾਇਰਡ ਕਰਨੈਲ ਚਲਾਣਾ ਕਰ ਗਿਆ। ਭਾਵੇਂ ਉਸਦੀ ਮਾਂ ਨੂੰ ਇਸ ਗੱਲ ਉਤੇ ਬੜਾ ਦੁੱਖ ਹੋਇਆ ਕਿ ਉਹ ਉਸ ਨੂੰ ਘਰ ਤੋਂ ਬਾਹਰ ਭੇਜ ਰਹੀ ਹੈ, ਪਰ ਉਹ ਸਵਰਗੀ ਪਤੀ ਦੀ ਅੰਤਮ ਇੱਛਾ ਦਾ ਸਤਿਕਾਰ ਨਾ ਕਰਨ ਦਾ ਹੌਸਲਾ ਨਾ ਕਰ ਸਕੀ, ਜਿਸਨੇ ਇਹ ਵਸੀਅਤ ਕੀਤੀ ਸੀ ਕਿ ਜੇ ਉਹ ਮਰ ਜਾਏ ਤਾਂ ਉਸਦੇ ਬੇਟੇ ਨੂੰ ਘਰ ਨਾ ਰਖਿਆ ਜਾਏ ਤੇ ਸੈਨਿਕ ਸਕੂਲ ਵਿਚ ਭੇਜ ਦਿਤਾ ਜਾਏ। ਸੋ ਉਸਨੂੰ ਸੈਨਿਕ ਸਕੂਲ ਵਿਚ ਭੇਜ ਦਿੱਤਾ ਗਿਆ। ਤੇ ਵਿਧਵਾ ਆਪ, ਆਪਣੀ ਧੀ ਵਾਰਵਾਰਾ ਨੂੰ ਨਾਲ ਲੈ ਕੇ ਸੇਂਟ ਪੀਟਰਸਬਰਗ ਚਲੀ ਗਈ, ਤਾਂ ਕਿ ਆਪਣੇ ਬੇਟੇ ਦੇ ਨੇੜੇ ਰਹਿ ਸਕੇ ਤੇ ਤਿਓਹਾਰਾਂ ਉਤੇ ਉਸਨੂੰ ਆਪਣੇ ਨਾਲ ਘਰ ਰਖ ਸਕੇ।
ਲੜਕਾ ਬਹੁਤ ਲਾਇਕ ਅਤੇ ਸਵੈ-ਅਭਿਮਾਨੀ ਸੀ। ਉਹ ਪੜ੍ਹਨ-ਲਿਖਣ, ਖਾਸ ਕਰਕੇ ਗਣਿਤ ਵਿਚ, ਜਿਸ ਵਿਚ ਉਸਦੀ ਖਾਸ ਰੁੱਚੀ ਸੀ, ਯੁੱਧ-ਕਲਾ ਅਤੇ ਘੋੜ ਸਵਾਰੀ ਵਿਚ ਵੀ ਦੂਸਰਿਆਂ ਤੋਂ ਅੱਵਲ ਦਰਜੇ ਉਤੇ ਰਹਿੰਦਾ ਸੀ। ਕੁਝ ਜ਼ਿਆਦਾ ਲੰਮਾ ਹੁੰਦਿਆਂ ਹੋਇਆਂ ਵੀ ਉਹ ਸੋਹਣਾ ਅਤੇ ਚੁਸਤ-ਫੁਰਤ ਸੀ। ਏਨਾ ਹੀ ਨਹੀਂ, ਜੇ ਉਹ ਜਲਦ ਭੜਕ ਨਾ ਪੈਦਾ ਹੁੰਦਾ, ਤਾਂ ਆਚਾਰ-ਵਿਹਾਰ ਦੀ ਦ੍ਰਿਸ਼ਟੀ ਤੋਂ ਵੀ ਸੈਨਿਕ ਸਕੂਲ ਦਾ ਇਕ ਆਦਰਸ਼ਕ ਕੈਡੇਟ ਬਣ ਜਾਂਦਾ। ਉਹ ਨਾ ਤਾਂ ਸ਼ਰਾਬ ਪੀਂਦਾ ਸੀ, ਨਾ ਉਸਨੂੰ ਔਰਤਾਂ ਦਾ ਚਸਕਾ ਸੀ ਅਤੇ ਝੂਠ ਬੋਲਣਾ ਤਾਂ ਜਾਣਦਾ ਹੀ ਨਹੀਂ ਸੀ। ਦੂਸਰਿਆਂ ਲਈ ਆਦਰਸ਼ਕ ਬਣਨ ਲਈ ਜੋ ਚੀਜ਼ ਉਸਦੇ ਰਸਤੇ ਵਿਚ ਰੁਕਾਵਟ ਬਣਦੀ ਸੀ, ਉਹ ਸਨ ਗੁੱਸੇ ਦੇ ਦੌਰੇ, ਜਿਨ੍ਹਾਂ ਦੇ ਦੌਰਾਨ ਉਹ ਪੂਰੀ ਤਰ੍ਹਾਂ ਆਪਣੇ ਆਪ ਤੋਂ ਬਾਹਰਾ ਹੋ ਜਾਂਦਾ ਸੀ। ਇਕ ਵਾਰੀ ਉਹ ਇਕ ਕੈਡੇਟ ਨੂੰ, ਜਿਸ ਨੇ ਉਸ ਦੇ ਖਣਿਜ-ਸੰਗ੍ਰਹਿ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿਤਾ ਸੀ, ਖਿੜਕੀ 'ਚੋਂ ਬਾਹਰ ਸੁਟਦਾ ਸੁਟਦਾ ਹੀ ਰਹਿ ਗਿਆ ਸੀ। ਇਕ ਹੋਰ ਮੌਕੇ ਉਤੇ ਉਸਨੇ ਆਪਣੇ ਆਪ ਨੂੰ ਬਿਲਕੁਲ ਤਬਾਹ ਹੀ ਕਰ ਲਿਆ ਸੀ। ਉਸਨੇ ਕਟਲਟਾਂ ਨਾਲ ਭਰੀ ਹੋਈ ਇਕ ਵੱਡੀ ਟਰੇ ਰਸੋਈ-ਘਰ ਦੇ ਪ੍ਰਬੰਧਕ ਉਪਰ ਉਲਟਾ ਦਿਤੀ ਸੀ, ਆਪਣੇ ਅਫਸਰ ਉਤੇ ਟੁੱਟ ਪਿਆ ਸੀ, ਤੇ ਕਹਿੰਦੇ ਹਨ ਇਸ ਲਈ ਉਸਦੀ ਮੁਰੰਮਤ ਕੀਤੀ ਸੀ ਕਿ ਉਹ ਆਪਣੇ ਲਫਜ਼ਾਂ ਤੋਂ ਮੁੱਕਰ ਗਿਆ ਸੀ ਅਤੇ ਉਸਨੇ ਸਾਫ ਸਾਫ ਝੂਠ ਬੋਲਿਆ ਸੀ। ਜੇਕਰ ਸਕੂਲ ਦੇ ਡਾਇਰੈਕਟਰ ਨੇ ਮਾਮਲੇ ਨੂੰ ਦਬਾ ਕੇ ਪ੍ਰਬੰਧਕ ਦੀ ਛੁੱਟੀ ਨਾ ਕਰ ਦਿੱਤਾ ਹੁੰਦੀ, ਤਾਂ ਕਸਾਤਸਕੀ ਨੂੰ ਇਕ ਸਾਧਾਰਣ ਸੈਨਿਕ ਬਣਾ ਦਿਤਾ ਗਿਆ ਹੁੰਦਾ।
ਅਠ੍ਹਾਰਾਂ ਸਾਲ ਦੀ ਉਮਰ ਵਿਚ ਉਹ ਕੁਲੀਨਤੰਤ੍ਰੀਆਂ ਦੀ ਗਾਰਡ ਰਜਮੰਟ ਦਾ ਅਫਸਰ ਬਣ ਗਿਆ। ਸਮਰਾਟ ਨਿਕੋਲਾਈ ਪਾਵਲੋਵਿਚ ਨੇ ਉਹਨੀਂ ਦਿਨੀਂ ਹੀ ਉਸ ਵਲ ਧਿਆਨ ਦਿਤਾ ਸੀ, ਜਦੋਂ ਉਹ ਸੈਨਿਕ ਸਕੂਲ ਵਿਚ ਪੜ੍ਹ ਰਿਹਾ ਸੀ ਅਤੇ ਪਿਛੋਂ ਰਜਮੰਟ ਵਿਚ ਵੀ ਕਾਸਤਸਕੀ ਉਤੇ ਖਾਸ ਨਜ਼ਰ ਰਹਿੰਦੀ ਸੀ। ਇਸ ਲਈ ਸਾਰਿਆਂ ਦਾ ਇਹ ਖਿਆਲ ਸੀ ਕਿ ਉਹ ਤਰੱਕੀ ਕਰਕੇ ਸ਼ਾਹੀ ਅਜੀਟਨ ਬਣੇਗਾ। ਕਾਸਾਤਸਕੀ ਵੀ ਦਿਲੋ ਐਸਾ ਹੀ ਚਾਹੁੰਦਾ ਸੀ, ਉਹ ਵੀ ਸਿਰਫ ਇਸ ਲਈ ਨਹੀਂ ਕਿ ਉਸਨੂੰ ਕੋਈ ਪਦ-ਲਾਲਸਾ ਸੀ, ਪਰ ਖ਼ਾਸ ਕਰਕੇ ਇਸ ਲਈ ਕਿ ਵਿਦਿਆਰਥੀ-ਜੀਵਨ ਦੇ ਦਿਨੀਂ ਹੀ ਉਸਨੂੰ ਸਮਰਾਟ ਨਿਕੋਲਾਈ ਪਹਿਲੇ ਨਾਲ ਬੇਹੱਦ ਪਿਆਰ-ਹਾਂ, ਹਾਂ ਬੇਹੱਦ ਪਿਆਰ ਹੋ ਗਿਆ ਸੀ। ਨਿਕੋਲਾਈ ਪਾਵਲੋਵਿਚ ਜਦੋਂ ਕਦੇ ਵੀ ਸੈਨਿਕ ਸਕੂਲ ਵਿਚ ਆਉਂਦਾ ਅਤੇ ਉਹ ਅਕਸਰ ਉਥੇ ਆਉਂਦਾ ਸੀ, ਤਾਂ ਸੈਨਿਕ ਵਰਦੀ ਪਾਈ, ਲੰਮੇ ਲੰਮੇ ਕਦਮ ਪੁੱਟਦੇ, ਉੱਚੇ-ਲੰਮੇ, ਚੌੜੀ ਛਾਤੀ, ਹੁੱਕਦਾਰ ਨੱਕ, ਮੁੱਛਾਂ ਅਤੇ ਛੋਟੀਆਂ ਕਲਮਾਂ ਵਾਲੇ ਅਤੇ ਜ਼ੋਰਦਾਰ ਆਵਾਜ਼ ਵਿਚ ਕੈਡੇਟਾਂ ਨੂੰ ਸੰਬੋਧਨ ਕਰਨ ਵਾਲੇ ਇਸ ਵਿਅਕਤੀ ਨੂੰ ਵੇਖਕੇ ਕਸਾਤਸਕੀ ਨੂੰ ਇਕ ਪ੍ਰੇਮੀ ਵਰਗੀ ਖੁਸ਼ੀ ਹੁੰਦੀ, ਬਿਲਕੁਲ ਵੈਸੀ ਹੀ, ਜਿਸ ਤਰ੍ਹਾਂ ਦੀ ਪਿਛੋਂ ਉਸਨੂੰ ਆਪਣੇ ਦਿਲ ਦੀ ਰਾਣੀ ਨਾਲ ਮੁਲਾਕਾਤ ਕਰਕੇ ਹੁੰਦੀ ਸੀ। ਫਰਕ ਸਿਰਫ ਏਨਾ ਸੀ ਕਿ ਨਿਕੌਲਾਈ ਪਾਵਲੋਵਿਚ ਨੂੰ ਵੇਖਕੇ ਉਸਨੂੰ ਦਿਲ ਦੀ ਰਾਣੀ ਨਾਲੋਂ ਵੀ ਜ਼ਿਆਦਾ ਖੁਸ਼ੀ ਹੁੰਦੀ ਸੀ। ਉਹ ਆਪਣੀ ਅਸੀਮ ਭਗਤੀ ਦਿਖਾਉਣਾ ਚਾਹੁੰਦਾ, ਕਿਸੇ ਤਰ੍ਹਾਂ ਦਾ ਵੀ ਬਲੀਦਾਨ ਕਰਨਾ ਚਾਹੁੰਦਾ, ਆਪਣੇ ਆਪ ਨੂੰ ਉਸ ਤੋਂ ਕੁਰਬਾਨ ਕਰ ਦੇਣਾ ਚਾਹੁੰਦਾ। ਸਮਰਾਟ ਨਿਕੋਲਾਈ ਪਾਵਲੋਵਿਚ ਇਹ ਜਾਣਦਾ ਸੀ ਤੇ ਜਾਣ ਬੁੱਝਕੇ ਉਸਦੀ ਇਸ ਭਾਵਨਾ ਦੀ ਹੌਸਲਾ ਅਫਜ਼ਾਈ ਕਰਦਾ ਸੀ। ਉਹ ਕੈਡੇਟਾਂ ਨਾਲ ਨਾਟਕ ਜੇਹਾ ਖੇਡਦਾ, ਉਹਨਾਂ ਨੂੰ ਆਪਣੇ ਆਸੇ-ਪਾਸੇ ਜਮ੍ਹਾਂ ਕਰ ਲੈਂਦਾ, ਕਦੀ ਬੱਚਿਆਂ ਦੀ ਸਰਲਤਾ ਨਾਲ, ਕਦੀ ਵੱਡੇ ਦੋਸਤਾਂ ਦੀ ਤਰ੍ਹਾਂ ਅਤੇ ਕਦੀ ਸਮਰਾਟ ਵਾਲੀ ਗੌਰਵਤਾ ਨਾਲ ਉਹਨਾਂ ਨਾਲ ਗੱਲਾਂ-ਬਾਤਾਂ ਕਰਦਾ। ਰਸੋਈ ਖਾਨੇ ਦੇ ਅਫਸਰ ਨਾਲ ਵਾਪਰੀ ਕਸਾਤਸਕੀ ਦੀ ਅਖੀਰਲੀ ਘਟਨਾ ਦੇ ਪਿਛੋਂ ਨਿਕੋਲਾਈ ਨੇ ਉਸਨੂੰ ਕੁਝ ਵੀ ਨਹੀਂ ਕਿਹਾ, ਪਰ ਜਦੋਂ ਕਸਾਤਸਕੀ ਉਸ ਦੇ ਨਜ਼ਦੀਕ ਆਇਆ, ਤਾਂ ਉਸਨੇ ਜਿਵੇਂ ਨਾਟਕ ਕਰਦਿਆਂ ਉਸਨੂੰ ਦੂਰ ਹਟਾ ਦਿਤਾ, ਮੱਥੇ ਉਤੇ ਤਿਊੜੀ ਪਾਈ, ਉਂਗਲੀ ਵਿਖਾਕੇ ਧਮਕਾਇਆ ਤੇ ਪਿਛੋਂ ਜਾਂਦੇ ਹੋਏ ਕਹਿਣ ਲੱਗਾ:
"ਇਹ ਸਮਝ ਲਓ ਕਿ ਮੈਨੂੰ ਸਭ ਕੁਝ ਪਤੈ। ਪਰ ਕੁਝ ਚੀਜ਼ਾਂ ਨੂੰ ਮੈਂ ਜਾਨਣਾ ਨਹੀਂ ਚਾਹੁੰਦਾ, ਤੇ ਉਹ ਮੇਰੇ ਇਥੇ ਹਨ।"
ਤੇ ਉਸ ਨੇ ਦਿਲ ਵਲ ਇਸ਼ਾਰਾ ਕੀਤਾ।
ਪੜ੍ਹਾਈ ਖਤਮ ਹੋਣ ਉਤੇ ਜਦੋਂ ਕੈਡੇਟ ਸਮਰਾਟ ਦੇ ਸਾਮ੍ਹਣੇ ਆਏ, ਤਾਂ ਉਸਨੇ ਇਸ ਘਟਨਾ ਦੀ ਯਾਦ ਤਕ ਨਹੀਂ ਕਰਾਈ ਤੇ ਹਮੇਸ਼ਾਂ ਦੀ ਤਰ੍ਹਾਂ ਇਹ ਕਿਹਾ ਕਿ ਕਿਸੇ ਵੀ ਚੀਜ਼ ਲਈ ਉਹ ਸਿੱਧੇ ਉਸ ਕੋਲ ਆ ਸਕਦੇ ਹਨ, ਕਿ ਸੱਚੀ ਨੀਤ ਨਾਲ ਉਸਦੀ ਤੇ ਮਾਤ-ਭੂਮੀ ਦੀ ਸੇਵਾ ਕਰਨ, ਕਿ ਉਹ ਹਮੇਸ਼ਾਂ ਉਹਨਾਂ ਦਾ ਸਭ ਤੋਂ ਵੱਡਾ ਦੋਸਤ ਰਹੇਗਾ। ਹਮੇਸ਼ਾਂ ਦੀ ਤਰ੍ਹਾਂ, ਇਹਨਾਂ ਲਫਜ਼ਾਂ ਨੇ ਸਾਰਿਆਂ ਦਿਆਂ ਦਿਲਾਂ ਨੂੰ ਟੁੰਬ ਦਿਤਾ, ਕਸਾਤਸਕੀ ਨੇ ਬੀਤੀ ਘਟਨਾ ਨੂੰ ਯਾਦ ਕਰਕੇ ਸੱਚੇ ਅੱਥਰੂ ਵਹਾਏ ਤੇ ਮਨ ਈ ਮਨ ਵਿਚ ਇਹ ਕਸਮ ਖਾਧੀ ਕਿ ਆਪਣੇ ਪਿਆਰੇ ਜ਼ਾਰ ਦੀ ਸੇਵਾ ਲਈ ਕੋਈ ਵੀ ਕਸਰ ਨਹੀਂ ਛੱਡੇਗਾ।
ਕਸਾਤਸਕੀ ਦੇ ਰਜਮੰਟ ਵਿਚ ਜਾਣ ਤੋਂ ਮਗਰੋਂ ਉਸਦੀ ਮਾਂ ਅਤੇ ਭੈਣ ਪਹਿਲਾਂ ਮਾਸਕੋ ਤੇ ਫਿਰ ਆਪਣੇ ਪਿੰਡ ਚਲੀਆਂ ਗਈਆਂ। ਕਸਾਤਸਕੀ ਨੇ ਅੱਧੀ ਜਗੀਰ ਭੈਣ ਨੂੰ ਦੇ ਦਿੱਤੀ ਤੇ ਬਾਕੀ ਅੱਧੀ ਦੀ ਆਮਦਨੀ ਤੋਂ, ਉਸ ਠਾਠਦਾਰ ਰਜਮੰਟ ਵਿਚ, ਜਿਸ ਵਿਚ ਉਹ ਨਿਯੁਕਤ ਸੀ, ਮੁਸ਼ਕਿਲ ਨਾਲ ਉਸਦਾ ਖਰਚ ਹੀ ਪੂਰਾ ਹੁੰਦਾ ਸੀ। ਬਾਹਰੀ ਤੌਰ ਉਤੇ ਤਾਂ ਕਸਾਤਸਕੀ ਇਕ ਸਾਧਾਰਣ ਨੌਜਵਾਨ ਹੀ ਲਗਦਾ ਸੀ, ਜੋ ਗਾਰਡਾਂ ਦਾ ਸ਼ਾਨਦਾਰ ਅਫਸਰ ਸੀ, ਵਧੀਆ ਕੈਰੀਅਰ ਬਣਾ ਰਿਹਾ ਸੀ। ਪਰ ਉਸਦੇ ਅੰਦਰ ਕਈ ਗੁੰਝਲਾਂ ਸਨ ਤੇ ਤਨਾਵਪੂਰਨ ਹਲ-ਚਲ ਮਚੀ ਰਹਿੰਦੀ ਸੀ। ਇਹ ਹਲ-ਚਲ ਸ਼ਾਇਦ ਬਚਪਨ ਤੋਂ ਹੀ ਉਸ ਦੀ ਆਤਮਾ ਵਿਚ ਚੱਲ ਰਹੀ ਸੀ, ਉਸਨੇ ਭਿੰਨ ਭਿੰਨ ਰੂਪ ਧਾਰਨ ਕੀਤੇ ਸਨ, ਪਰ ਉਸਦਾ ਤੱਤ ਇਕ ਹੀ ਸੀ। ਇਹ ਕਿ ਜੋ ਕੁਝ ਵੀ ਉਹ ਕਰੇ, ਉਸ ਵਿਚ ਐਸੀ ਨਿਪੁੰਨਤਾ ਤੇ ਸਫਲਤਾ ਪ੍ਰਾਪਤ ਕਰੇ ਕਿ ਦੂਸਰੇ ਦੰਗ ਰਹਿ ਜਾਣ, ਵਾਹ ਵਾਹ ਕਰ ਉਠਣ। ਗਿਆਨ-ਵਿਗਿਆਨ ਤੇ ਪੜ੍ਹਨ ਲਿਖਣ ਦੇ ਮਾਮਲੇ ਵਿਚ ਵੀ ਇਹੀ ਹਾਲ ਸੀ। ਉਹ ਇਸ ਤਰ੍ਹਾਂ ਇਹਨਾਂ ਦੇ ਪਿਛੇ ਪੈਂਦਾ ਕਿ ਜਿੰਨੀ ਦੇਰ ਉਸਦੀ ਤਾਰੀਫ ਨਾ ਹੋਣ ਲਗ ਪੈਂਦੀ ਤੇ ਜਿੰਨੀ ਦੇਰ ਉਸਨੂੰ ਮਿਸਾਲ ਵਜੋਂ ਨਾ ਪੇਸ਼ ਕੀਤਾ ਜਾਣ ਲਗ ਪੈਂਦਾ ਉਹ ਇਹਨਾਂ ਦਾ ਪਿੱਛਾ ਨਾ ਛਡਦਾ। ਇਕ ਚੀਜ਼ ਵਿਚ ਕਮਾਲ ਹਾਸਲ ਕਰਨ ਤੋਂ ਪਿਛੋਂ ਉਹ ਦੂਸਰੀ ਵੱਲ ਧਿਆਨ ਦਿੰਦਾ। ਇਸੇ ਤਰ੍ਹਾਂ ਉਸਨੇ ਪੜ੍ਹਨ ਲਿਖਣ ਵਿਚ ਪਹਿਲਾ ਦਰਜਾ ਹਾਸਲ ਕੀਤਾ ਅਤੇ ਇਸੇ ਤਰ੍ਹਾਂ ਹੀ, ਸੈਨਿਕ ਸਕੂਲ ਦੇ ਦਿਨਾਂ ਵਿਚ, ਇਕ ਵੇਰਾਂ ਫਰਾਂਸੀਸੀ ਵਿਚ ਗੱਲਾਂ ਕਰਦੇ ਸਮੇਂ ਕੁਝ ਪਰੇਸ਼ਾਨੀ ਅਨੁਭਵ ਹੋਣ ਕਰਕੇ ਉਸਨੇ ਫਰਾਂਸੀਸੀ ਵਿਚ ਵੀ ਰੂਸੀ ਭਾਸ਼ਾ ਦੀ ਤਰ੍ਹਾਂ ਅਧਿਕਾਰ ਹਾਸਲ ਕਰਕੇ ਹੀ ਚੈਨ ਲਿਆ ਸੀ। ਇਸੇ ਤਰ੍ਹਾਂ ਮਗਰੋਂ ਜਦੋਂ ਸ਼ਤਰੰਜ ਵਿਚ ਉਸਦੀ ਦਿਲਚਸਪੀ ਹੋਈ ਤਾਂ ਸਕੂਲ ਦੇ ਦਿਨਾਂ ਵਿਚ ਹੀ ਉਹ ਉਸਦਾ ਸ਼ਾਨਦਾਰ ਖਿਡਾਰੀ ਬਣ ਗਿਆ ਸੀ।
ਜ਼ਾਰ ਤੇ ਮਾਤ-ਭੂਮੀ ਦੀ ਸੇਵਾ ਕਰਨ ਦੇ ਆਮ ਜੀਵਨ-ਨਿਸ਼ਾਨੇ ਦੇ ਇਲਾਵਾ ਕੋਈ ਨਾ ਕੋਈ ਹੋਰ ਟੀਚਾ ਹਮੇਸ਼ਾ ਉਸਦੇ ਸਾਹਮਣੇ ਰਹਿੰਦਾ। ਉਹ ਟੀਚਾ ਭਾਵੇਂ ਕਿੰਨਾਂ ਵੀ ਮਾਮੂਲੀ ਕਿਉਂ ਨਾ ਹੁੰਦਾ, ਉਹ ਆਪਣੇ ਆਪ ਨੂੰ ਉਸ ਵਿਚ ਪੂਰੀ ਤਰ੍ਹਾਂ ਡੁਬੋ ਦਿੰਦਾ ਤੇ ਉਸਨੂੰ ਪੂਰਾ ਕਰਕੇ ਹੀ ਛੱਡਦਾ। ਉਸ ਟੀਚੇ ਤੇ ਪੂਰਾ ਹੁੰਦਿਆਂ ਹੀ ਕੋਈ ਨਵਾਂ ਟੀਚਾ ਉਸ ਦੇ ਸਾਮ੍ਹਣੇ ਉਤਰ ਆਉਂਦਾ ਅਤੇ ਪਹਿਲੇ ਦੀ ਜਗ੍ਹਾ ਲੈ ਲੈਂਦਾ। ਆਪਣੇ ਆਪ ਨੂੰ ਦੂਸਰਿਆਂ ਤੋਂ ਵਿਲੱਖਣ ਦਿਖਾਉਣ ਤੇ ਇਸ ਲਈ ਆਪਣੇ ਸਾਹਮਣੇ ਰਖੇ ਟੀਚੇ ਦੀ ਪੂਰਤੀ ਲਈ ਯਤਨ ਹੀ ਉਸਦੇ ਜੀਵਨ ਦਾ ਤੱਤ ਸੀ। ਅਤੇ ਅਫਸਰ ਬਣਦਿਆਂ ਹੀ ਉਸਨੇ ਆਪਣੇ ਕੰਮ ਵਿਚ ਕਮਾਲ ਹਾਸਲ ਕਰਨ ਦਾ ਟੀਚਾ ਬਣਾਇਆ ਤੇ ਜਲਦੀ ਹੀ ਆਦਰਸ਼ਕ ਅਫਸਰ ਬਣ ਗਿਆ। ਗੁੱਸੇ ਵਿਚ ਆਪਣੇ ਆਪ ਤੋਂ ਬਾਹਰ ਹੋ ਜਾਣ ਦੀ ਉਸਦੀ ਕਮਜ਼ੋਰੀ ਬਣੀ ਰਹੀ, ਜਿਹੜੀ ਇਥੇ ਵੀ ਪਹਿਲਾਂ ਵਾਂਗ ਹੀ ਉਸ ਕੋਲੋਂ ਬੇਹੂਦਾ ਹਰਕਤਾਂ ਕਰਵਾ ਦਿੰਦੀ ਅਤੇ ਉਸਦੇ ਕੰਮਾਂ ਦੀ ਸਫਲਤਾ ਵਿਚ ਰੁਕਾਵਟ ਪਾਉਂਦੀ ਸੀ ਫਿਰ ਇਕ ਦਿਨ ਸੁਸਾਇਟੀ ਮਹਿਫ਼ਲਾਂ ਵਿਚ ਗੱਲਾਂ-ਬਾਤਾਂ ਦੇ ਦੌਰਾਨ ਉਸਨੂੰ ਆਪਣੇ ਵਿਦਿਅਕ ਪਿਛੋਕੜ ਵਿਚਲੀਆਂ ਕਮੀਆਂ ਦਾ ਅਹਿਸਾਸ ਹੋਇਆ, ਕਿਤਾਬਾਂ ਲੈ ਕੇ ਬੈਠ ਗਿਆ ਅਤੇ ਜੋ ਕੁਝ ਚਾਹੁੰਦਾ ਸੀ, ਉਹ ਪ੍ਰਾਪਤ ਕਰ ਲਿਆ। ਇਸ ਤੋਂ ਮਗਰੋਂ ਉਸਨੇ ਉੱਚੇ ਸਮਾਜ ਵਿਚ ਚਮਕਣਾ ਚਾਹਿਆ, ਨੱਚਣ ਵਿਚ ਕਮਾਲ ਹਾਸਲ ਕਰ ਲਿਆ ਤੇ ਜਲਦੀ ਹੀ ਉੱਚੇ ਸਮਾਜ ਦੀਆਂ ਸਾਰੀਆਂ ਨਾਚ-ਪਾਰਟੀਆਂ ਵਿਚ ਤੇ ਕੁਝ ਖਾਸ ਮਹਿਫਲਾਂ ਵਿਚ ਵੀ ਉਸਨੂੰ ਸੱਦਾ ਦਿੱਤਾ ਜਾਣ ਲੱਗਾ। ਪਰ ਆਪਣੀ ਇਸ ਸਥਿਤੀ ਉਤੇ ਉਸਨੂੰ ਸੰਤੁਸ਼ਟਤਾ ਨਾ ਮਿਲੀ। ਉਹ ਤਾਂ ਸਾਰਿਆਂ ਤੋਂ ਅੱਗੇ ਰਹਿਣ ਦਾ ਆਦੀ ਹੋ ਚੁਕਿਆ ਸੀ ਅਤੇ ਇਸ ਮਾਮਲੇ ਵਿਚ ਇਹ ਦੂਸਰਿਆਂ ਤੋਂ ਕਿਤੇ ਪਿਛੇ ਸੀ।
ਉਨ੍ਹੀਂ ਦਿਨੀਂ ਉੱਚੇ ਸਮਾਜ ਵਿਚ ਚਾਰ ਤਰ੍ਹਾਂ ਦੇ ਲੋਕ ਸਨ। ਮੇਰੇ ਖਿਆਲ ਵਿਚ ਹਮੇਸ਼ਾ ਤੇ ਹਰ ਜਗ੍ਹਾ ਹੀ ਉਸ ਵਿਚ ਚਾਰ ਤਰ੍ਹਾਂ ਦੇ ਲੋਕ ਹੁੰਦੇ ਹਨ: (1) ਧਨੀ ਅਤੇ ਰਾਜ ਦਰਬਾਰ ਨਾਲ ਸੰਬੰਧਤ: (2) ਘੱਟ ਧਨੀ, ਪਰ ਜੋ ਜਨਮ ਅਤੇ ਪਾਲਣ-ਪੋਸਣ ਦੀ ਦ੍ਰਿਸ਼ਟੀ ਤੋਂ ਦਰਬਾਰ ਦੇ ਨਾਲ ਹੀ ਸੰਬੰਧਤ ਹੁੰਦੇ ਹਨ; (3) ਧਨੀ, ਜੋ ਦਰਬਾਰੀਆਂ- ਦੇ ਨਜ਼ਦੀਕ ਹੋਣ ਦਾ ਦਾਅਵਾ ਕਰਦੇ ਹਨ; ਅਤੇ (4) ਜੋ ਧਨੀ ਵੀ ਨਹੀਂ, ਰਾਜ ਦਰਬਾਰੀ ਵੀ ਨਹੀਂ ਪਰ ਪਹਿਲੀ ਅਤੇ ਦੂਸਰੀ ਤਰ੍ਹਾਂ ਦੇ ਲੋਕਾਂ ਦੇ ਨਜ਼ਦੀਕ ਹੋਣ ਦੀ ਕੋਸ਼ਿਸ਼ ਕਰਦੇ ਹਨ। ਕਸਾਤਸਕੀ ਪਹਿਲੀ ਤਰ੍ਹਾਂ ਦੇ ਲੋਕਾਂ ਵਿਚ ਨਹੀਂ ਸੀ। ਆਖਰੀ ਦੋ ਤਰ੍ਹਾਂ ਦੇ ਲੋਕਾਂ ਵਿਚ ਉਸਦਾ ਹਾਰਦਿਕ ਸਵਾਗਤ ਹੁੰਦਾ ਸੀ। ਉੱਚੇ ਸਮਾਜ ਵਿਚ ਆਉਣਾ-ਜਾਣਾ ਸ਼ੁਰੂ ਕਰਦੇ ਸਮੇਂ ਉਸਨੇ ਉੱਚੇ ਸਮਾਜ ਦੀ ਕਿਸੇ ਔਰਤ ਨਾਲ ਸੰਬੰਧ ਸਥਾਪਿਤ ਕਰਨ ਦਾ ਹੀ ਟੀਚਾ ਆਪਣੇ ਸਾਮ੍ਹਣੇ ਰਖਿਆ ਸੀ ਤੇ ਬਹੁਤ ਜਲਦੀ ਹੀ, ਜਿਸ ਦੀ ਕਿ ਉਸਨੂੰ ਖੁਦ ਵੀ ਆਸ ਨਹੀਂ ਸੀ। ਉਸ ਵਿਚ ਸਫਲ ਹੋ ਗਿਆ ਸੀ। ਪਰ ਜਲਦੀ ਹੀ ਉਸਨੇ ਮਹਿਸੂਸ ਕੀਤਾ ਕਿ ਜਿਸ ਸਮਾਜਕ ਹਲਕੇ ਵਿਚ ਉਸਦਾ ਉਠਣਾ-ਬੈਠਣਾ ਸੀ, ਉਹ ਨੀਵੇਂ ਹਨ, ਕਿ ਉਸ ਤੋਂ ਉੱਚੇ ਹਲਕੇ ਵੀ ਹਨ, ਕਿ ਦਰਬਾਰੀਆਂ ਦੇ ਇਹਨਾਂ ਉੱਚੇ ਹਲਕਿਆਂ ਦੇ ਦਰਵਾਜ਼ੇ ਉਸ ਲਈ ਬੇਸ਼ਕ ਖੁਲ੍ਹੇ ਤਾਂ ਸਨ, ਫਿਰ ਵੀ ਉਥੇ ਉਹ ਬਾਹਰਲਾ ਹੁੰਦਾ ਸੀ। ਉਸ ਨਾਲ ਚੰਗਾ ਵਤੀਰਾ ਕੀਤਾ ਜਾਂਦਾ ਸੀ, ਪਰ ਉਸਦੇ ਸਾਰੇ ਰੰਗ-ਢੰਗ ਇਹ ਜ਼ਾਹਿਰ ਕਰਦੇ ਸਨ ਕਿ ਉਹਨਾਂ ਦੇ ਆਪਣੇ ਹਲਕੇ ਦੇ ਲੋਕ ਅਲੱਗ ਸਨ ਅਤੇ ਉਹ ਉਹਨਾਂ ਵਿਚੋਂ ਨਹੀਂ ਹੈ। ਕਸਾਤਸਕੀ ਇਹਨਾਂ ਲੋਕਾਂ ਵਿਚ ਆਪਣੀ ਜਗ੍ਹਾ ਬਣਾਉਣੀ ਚਾਹੁੰਦਾ ਸੀ। ਇਸ ਲਈ ਜਾਂ ਤਾਂ ਦਰਬਾਰੀ ਅਫਸਰ ਬਨਣਾ ਜ਼ਰੂਰੀ ਸੀ, ਜਿਸਦੀ ਉਸਨੂੰ ਆਸ ਸੀ, ਜਾਂ ਫਿਰ ਇਸ ਹਲਕੇ ਦੀ ਕਿਸੇ ਲੜਕੀ ਨਾਲ ਵਿਆਹ ਕਰਨਾ ਜ਼ਰੂਰੀ ਸੀ। ਉਸਨੇ ਐਸਾ ਹੀ ਕਰਨ ਦਾ ਫੈਸਲਾ ਕਰ ਲਿਆ। ਇਸ ਲਈ ਉਸਨੇ ਜੋ ਲੜਕੀ ਚੁਣੀ, ਉਹ ਬਹੁਤ ਹੀ ਸੋਹਣੀ ਸੀ, ਰਾਜ ਦਰਬਾਰ ਨਾਲ ਸਬੰਧਤ ਪਰਿਵਾਰ ਦੀ ਸੀ, ਉਹ ਉਸ ਉੱਚੇ ਸਮਾਜ ਦੀ, ਜਿਸ ਵਿਚ ਉਹ ਆਪਣੇ ਲਈ ਜਗ੍ਹਾ ਬਣਾਉਣੀ ਚਾਹੁੰਦਾ ਸੀ, ਸਿਰਫ ਆਪਣੀ ਹੀ ਨਹੀਂ ਸੀ, ਬਲਕਿ ਐਸੀ ਸੀ, ਜਿਸ ਨਾਲ ਉਸ ਉੱਚੇ ਸਮਾਜ ਦੇ ਉੱਚ-ਕੋਟੀ ਤੇ ਬਹੁਤ ਹੀ ਦ੍ਰਿੜ੍ਹ ਸਥਿਤੀ ਵਾਲੇ ਲੋਕ ਮੇਲ-ਮਿਲਾਪ ਬਨਾਉਣ ਲਈ ਯਤਨ ਕਰਦੇ ਰਹਿੰਦੇ ਸਨ। ਉਹ ਕਾਂਉਂਟੈਸ ਕੋਰੋਕੋਤਵਾ ਸੀ। ਕਸਾਤਸਕੀ ਸਿਰਫ ਉਨਤੀ ਕਰਨ ਲਈ ਹੀ ਉਸ ਪ੍ਰਤਿ ਪਿਆਰ ਦਾ ਦਿਖਾਵਾ ਨਹੀਂ ਸੀ ਕਰਦਾ ਸਗੋਂ ਉਹ ਹੱਦੋਂ ਵਧ ਮਨਮੋਹਣੀ ਸੀ ਤੇ ਬਹੁਤ ਜਲਦੀ ਹੀ ਉਹ ਉਸਨੂੰ ਪਿਆਰ ਕਰਨ ਲਗਾ। ਕਾਂਊਟੈਂਸ ਕੈਰੋਤਕੋਵਾ ਨੇ ਸ਼ੁਰੂ ਵਿਚ ਤਾਂ ਕਸਾਤਸਕੀ ਵੱਲ ਬੜਾ ਰੁੱਖਾ ਜਿਹਾ ਵਤੀਰਾ ਦਿਖਾਇਆ, ਪਰ ਫਿਰ ਅਚਾਨਕ ਹੀ ਸਭ ਕੁਝ ਬਦਲ ਗਿਆ। ਉਹ ਉਸ ਵਲ ਨਰਮ ਹੋ ਗਈ ਅਤੇ ਉਸਦੀ ਮਾਂ ਤਾਂ ਖਾਸ ਕਰਕੇ ਉਸ ਨੂੰ ਬਹੁਤ ਹੀ ਉਤਸ਼ਾਹ ਨਾਲ ਆਪਣੇ ਘਰ ਸੱਦੇ ਦੇਣ ਲਗੀ।
ਕਸਾਤਸਕੀ ਨੇ ਵਿਆਹ ਦੀ ਪੇਸ਼ਕਸ਼ ਕੀਤੀ, ਜੋ ਸਵੀਕਾਰ ਕਰ ਲਈ ਗਈ। ਜਿੰਨੀ ਆਸਾਨੀ ਨਾਲ ਉਸਨੂੰ ਇਹ ਖੁਸ਼ੀ ਹਾਸਲ ਹੋ ਗਈ ਸੀ, ਇਸ ਤੋਂ ਵੀ ਵੱਧ ਮਾਂ-ਧੀ ਦੇ ਅਜੀਬ ਰੰਗ-ਢੰਗ ਤੋਂ ਉਸਨੂੰ ਹੈਰਾਨੀ ਹੋਈ। ਉਹ ਪਿਆਰ ਵਿਚ ਅੰਨ੍ਹਾ ਹੋ ਗਿਆ ਸੀ ਇਸ ਲਈ ਜਿਹੜੀ ਗੱਲ ਸਾਰਾ ਸ਼ਹਿਰ ਜਾਣਦਾ ਸੀ; ਉਸ ਵਲ ਉਸਦਾ ਧਿਆਨ ਹੀ ਨਹੀਂ ਗਿਆ ਸੀ। ਉਹ ਗੱਲ ਇਹ ਸੀ ਕਿ ਉਸ ਦੀ ਮੰਗੇਤਰ ਇਕ ਸਾਲ ਪਹਿਲਾਂ ਜ਼ਾਰ ਨਿਕੋਲਾਈ ਪਾਵਲੋਵਿਚ ਦੀ ਪ੍ਰੇਮਿਕਾ ਰਹਿ ਚੁਕੀ ਸੀ।
2
ਵਿਆਹ ਲਈ ਨਿਸ਼ਚਿਤ ਕੀਤੇ ਦਿਨ ਤੋਂ ਦੋ ਹਫਤੇ ਪਹਿਲਾਂ ਕਸਾਤਸਕੀ ਤਜ਼ਾਰਕੋਯੇ ਸੇਲੋ ਵਿਚ ਆਪਣੀ ਮੰਗੇਤਰ ਦੇ ਪੇਂਡੂ ਬੰਗਲੇ ਵਿਚ ਬੈਠਾ ਸੀ। ਮਈ ਮਹੀਨੇ ਦਾ ਗਰਮ ਦਿਨ ਸੀ। ਕੁਝ ਸਮਾਂ ਬਾਗ ਵਿਚ ਟਹਿਲਣ ਮਗਰੋਂ ਉਹ ਦੋਵੇਂ ਲਾਇਮ ਦਰਖਤਾਂ ਦੀ ਸੁਹਾਵਣੀ ਛਾਂ ਹੇਠਾਂ ਜਾ ਬੈਠੇ। ਮਲਮਲ ਦੀ ਚਿੱਟੀ ਫਰਾਕ ਵਿਚ ਮੇਰੀ ਖਾਸ ਕਰਕੇ ਬਹੁਤ ਸੋਹਣੀ ਲਗ ਰਹੀ ਸੀ। ਉਹ ਪਿਆਰ ਅਤੇ ਭੋਲੇਪਨ ਦੀ ਜਿਊਂਦੀ ਜਾਗਦੀ ਤਸਵੀਰ ਲਗ ਰਹੀ ਸੀ। ਉਥੇ ਬੈਠੀ ਉਹ ਕਦੀ ਤਾਂ ਆਪਣੀ ਨਜ਼ਰ ਝੁਕਾ ਲੈਂਦੀ ਅਤੇ ਕਦੀ ਨਜ਼ਰਾਂ ਉਠਾ ਕੇ ਉਹ ਡੀਲ-ਡੋਲ ਵਾਲੇ ਖੂਬਸੂਰਤ ਨੌਜਵਾਨ ਨੂੰ ਦੇਖਦੀ, ਜੋ ਬਹੁਤ ਹੀ ਪਿਆਰ ਅਤੇ ਨਿਮਰਤਾ ਨਾਲ ਉਸ ਨਾਲ ਗੱਲਾਂ ਕਰ ਰਿਹਾ ਸੀ। ਆਪਣੀ ਮੰਗੇਤਰ ਦੀ ਫਰਿਸ਼ਤਿਆਂ ਵਰਗੀ ਪਵਿੱਤਰਤਾ ਨੂੰ ਕਿਸੇ ਕਿਸਮ ਦੀ ਠੇਸ ਲਗਾਉਣ, ਉਸ ਉਤੇ ਕਿਸੇ ਤਰ੍ਹਾਂ ਦੀ ਵੀ ਕਾਲੀ ਛਾਇਆ ਪਾਉਣ ਤੋਂ ਡਰਦਾ ਸੀ। ਕਸਾਤਕੀ ਪੰਜਵੇਂ ਦਹਾਕੇ ਦੇ ਉਹਨਾਂ ਲੋਕਾਂ ਵਿਚੋਂ ਸੀ, ਜਿਸ ਤਰ੍ਹਾਂ ਦੇ ਹੁਣ ਨਹੀਂ ਰਹੇ, ਜਿਹੜੇ ਜਾਣ-ਬੁੱਝ ਕੇ ਲਿੰਗ-ਸੰਬੰਧਾਂ ਵਿਚ ਖੁਲ੍ਹ ਲੈਂਦੇ ਸਨ ਤੇ ਇਸ ਲਈ ਉਹ ਆਪਣੀ ਆਤਮਾ ਨੂੰ ਖੁਦ ਕੋਸਦੇ ਤਕ ਨਹੀਂ ਸਨ, ਪਰ ਔਰਤਾਂ ਤੋਂ ਫਰਿਸ਼ਤਿਆਂ ਵਰਗੀ ਪਵਿੱਤਰਤਾ ਦੀ ਉਮੀਦ ਕਰਦੇ ਸਨ ਅਤੇ ਆਪਣੇ ਸਮਾਜਿਕ ਹਲਕੇ ਦੀ ਹਰ ਲੜਕੀ ਵਿਚ ਐਸੀ ਸਵਰਗੀ ਪਵਿੱਤਰਤਾ ਦੇਖਦੇ ਹੋਏ ਉਹਨਾਂ ਨਾਲ ਇਸੇ ਤਰ੍ਹਾਂ ਪੇਸ਼ ਆਉਂਦੇ ਸਨ। ਐਸੇ ਦ੍ਰਿਸ਼ਟੀਕੋਣ ਵਿਚ ਬਹੁਤ ਕੁਝ ਸੀ, ਆਦਮੀ ਆਪਣੇ ਲਈ ਜੋ ਅਯੋਗ ਖੁਲ੍ਹ ਲੈਂਦੇ ਸਨ, ਉਸ ਵਿਚ ਬਹੁਤ ਕੁਝ ਹਾਨੀਕਾਰਕ ਵੀ ਸੀ। ਪਰ ਔਰਤਾਂ ਸੰਬੰਧੀ ਉਹਨਾਂ ਦਾ ਇਹ ਵਤੀਰਾ ਅੱਜਕਲ ਦੇ ਨੌਜਵਾਨਾਂ ਦੇ ਇਸ ਵਤੀਰੇ ਤੋਂ ਬਹੁਤ ਵੱਖਰਾ ਸੀ ਕਿ ਹਰ ਔਰਤ ਅਤੇ ਹਰ ਲੜਕੀ ਕਿਸੇ ਆਦਮੀ ਦੀ ਖੋਜ ਵਿਚ ਹੀ ਰਹਿੰਦੀ ਹੈ। ਮੇਰੇ ਖਿਆਲ ਵਿਚ ਪਹਿਲਾ ਦ੍ਰਿਸ਼ਟੀਕੋਣ ਚੰਗਾ ਸੀ। ਲੜਕੀਆਂ ਇਹ ਸਮਝਦੀਆਂ ਹੋਈਆਂ ਕਿ ਉਹਨਾਂ ਨੂੰ ਦੇਵੀਆਂ ਦੀ ਤਰ੍ਹਾਂ ਸਮਝਿਆ ਜਾਂਦਾ ਹੈ, ਸਚਮੁਚ ਹੀ ਵਧ ਤੋਂ ਵਧ ਦੇਵੀਆਂ ਬਨਣ ਦੀ ਕੋਸ਼ਿਸ਼ ਕਰਦੀਆਂ ਸਨ। ਔਰਤਾਂ ਬਾਰੇ ਕਸਾਤਸਕੀ ਦਾ ਵੀ ਐਸਾ ਹੀ ਦ੍ਰਿਸ਼ਟੀਕੋਣ ਸੀ ਤੇ ਆਪਣੇ ਮੰਗੇਤਰ ਨੂੰ ਉਹ ਇਸੇ ਰੂਪ ਵਿਚ ਦੇਖਦਾ ਸੀ। ਇਸ ਦਿਨ ਤਾਂ ਉਹ ਖਾਸ ਤੌਰ ਉਤੇ ਉਸਦੇ ਪਿਆਰ ਵਿਚ ਡੁੱਬਿਆ ਹੋਇਆ ਸੀ ਤੇ ਉਸਦੇ ਪ੍ਰਤੀ ਸਰੀਰਕ ਨੇੜਤਾ ਦੀ ਜ਼ਰਾ ਜਿੰਨੀ ਵੀ ਇੱਛਾ ਮਹਿਸੂਸ ਨਹੀਂ ਸੀ ਕਰ ਰਿਹਾ। ਇਸ ਦੇ ਉਲਟ ਉਸਦੀ ਪਹੁੰਚ ਤੋਂ ਬਾਹਰ ਹੋਣ ਦੇ ਵਿਚਾਰ ਵਿਚ ਮੁਗਧ ਹੋ ਕੇ ਉਸਨੂੰ ਦੇਖ ਰਿਹਾ ਸੀ।
ਉਹ ਉਠਿਆ ਅਤੇ ਤਲਵਾਰ ਦੇ ਮਿਆਨ ਉਤੇ ਦੋਵੇਂ ਹੱਥ ਧਰ ਕੇ ਉਸਦੇ ਸਾਹਮਣੇ ਖੜਾ ਹੋ ਗਿਆ।
"ਉਸ ਖੁਸ਼ੀ ਨੂੰ, ਜਿਹੜੀ ਇਨਸਾਨ ਨੂੰ ਮਿਲ ਸਕਦੀ ਹੈ, ਮੈਂ ਸਿਰਫ ਹੁਣੇ ਹੀ ਜਾਣਿਆ ਹੈ। ਇਹ ਸੁਖ ਤੁਸੀਂ, ਤੂੰ, " ਉਸਨੇ ਸਹਿਮੀ ਸਹਿਮੀ ਜਿਹੀ ਮੁਸਕਰਾਹਟ ਨਾਲ ਕਿਹਾ, "ਦਿਤਾ ਹੈ।" ਉਹ ਪ੍ਰਸਪਰ ਸੰਬੰਧਾਂ ਦੀ ਉਸ ਅਵਸਥਾ ਵਿਚ ਸੀ ਜਦੋਂ ਅਜੇ ‘ਤੂੰ' ਕਹਿਣ ਦੀ ਉਸਨੂੰ ਆਦਤ ਨਹੀਂ ਹੋਈ ਸੀ। ਇਖਲਾਕੀ ਦ੍ਰਿਸ਼ਟੀ ਤੋਂ ਉਸਦੀ ਤੁਲਨਾ ਅਜੇ ਆਪਣੇ ਆਪ ਨੂੰ ਨੀਵਾਂ ਸਮਝਦੇ ਹੋਏ ਕਸਾਤਸਕੀ ਇਸ ਫਰਿਸ਼ਤੇ ਨੂੰ 'ਤੂੰ' ਕਹਿੰਦੇ ਡਰ ਜਿਹਾ ਮਹਿਸੂਸ ਕਰ ਰਿਹਾ ਸੀ।
"ਮੈਂ ਆਪਣੇ ਆਪ ਨੂੰ ਪਹਿਚਾਣ ਲਿਆ ਹੈ....ਤੇਰੀ ਬਦੌਲਤ- ਇਹ ਸਮਝ ਗਿਆ ਹਾਂ ਕਿ ਜਿਸ ਤਰ੍ਹਾਂ ਦਾ ਮੈਂ ਆਪਣੇ ਆਪ ਨੂੰ ਸਮਝਦਾ ਸਾਂ, ਉਸ ਤੋਂ ਬੇਹਤਰ ਹਾਂ।"
"ਮੈਂ ਤਾਂ ਬਹੁਤ ਪਹਿਲਾਂ ਤੋਂ ਹੀ ਇਹ ਜਾਣਦੀ ਸਾਂ। ਇਸੇ ਲਈ ਤਾਂ ਮੇਰਾ ਤੁਹਾਡੇ ਨਾਲ ਪਿਆਰ ਹੋ ਗਿਆ ਸੀ।"
ਕੋਲ ਹੀ ਕਿਤੇ ਬੁਲਬੁਲ ਨੇ ਗਾਉਣਾ ਸ਼ੁਰੂ ਕਰ ਦਿਤਾ। ਹਵਾ ਦੇ ਝੋਂਕੇ ਨਾਲ ਹਰੇ ਹਰੇ ਪੱਤੇ ਸਰਸਰਾ ਉੱਠੇ।
ਕਸਾਤਸਕੀ ਨੇ ਉਸਦਾ ਹੱਥ ਆਪਣੇ ਹੱਥਾਂ ਵਿਚ ਲੈ ਕੇ ਚੁੰਮਿਆਂ ਅਤੇ ਉਸ ਦੀਆਂ ਅੱਖਾਂ ਛਲਕ ਉਠੀਆਂ। ਉਹ ਸਮਝ ਗਈ ਕਿ ਉਸਨੇ ਇਸ ਗੱਲ ਦੀ ਕ੍ਰੀਤਗਤਾ ਪ੍ਰਗਟ ਕੀਤੀ ਹੈ ਕਿ ਮੈਂ ਉਸਨੂੰ ਪਿਆਰ ਕਰਨ ਲਗੀ ਹਾਂ। ਉਹ ਕੁਝ ਕਦਮ ਇਧਰ ਉਧਰ ਟਹਿਲਿਆ, ਚੁੱਪ ਹੋ ਗਿਆ ਅਤੇ ਫਿਰ ਆਪਣੀ ਮੰਗੇਤਰ ਦੇ ਪਾਸ ਕਰਕੇ ਬੈਠ ਗਿਆ।
"ਮੈਂ ਤੁਹਾਡੀ, ਤੇਰੀ, ਖੈਰ, ਇਹ ਤਾਂ ਇਕੋ ਹੀ ਗੱਲ ਹੈ। ਮੈਂ ਆਪਣੇ ਸੁਆਰਥ ਲਈ ਹੀ ਤੇਰੇ ਨਜ਼ਦੀਕ ਆਇਆ ਸਾਂ, ਮੈਂ ਉੱਚੇ ਸਮਾਜ ਵਿਚ ਆਪਣੇ ਸੰਬੰਧ ਸਥਾਪਿਤ ਕਰਨਾ ਚਾਹੁੰਦਾ ਸਾਂ, ਪਰ ਮਗਰੋਂ... ਤੈਨੂੰ ਸਮਝਣ ਤੋਂ ਪਿਛੋਂ ਇਹ ਸਭ ਕੁਝ ਤੇਰੀ ਤੁਲਨਾ ਵਿਚ ਕਿੰਨਾ ਤੁੱਛ ਹੋ ਗਿਆ ਹੈ। ਤੂੰ ਇਸ ਗੱਲ ਉਤੇ ਮੇਰੇ ਨਾਲ ਨਾਰਾਜ਼ ਤਾਂ ਨਹੀਂ?"
ਮੇਰੀ ਨੇ ਕੋਈ ਜਵਾਬ ਨਾ ਦਿਤਾ ਅਤੇ ਆਪਣੇ ਹੱਥ ਨਾਲ ਸਿਰਫ ਉਸਦੇ ਹੱਥ ਨੂੰ ਪਲੋਸਿਆ।
ਕਸ਼ਾਤਸਕੀ ਸਮਝ ਗਿਆ ਇਸਦਾ ਮਤਲਬ ਹੈ: "ਨਹੀਂ, ਮੈਂ ਨਾਰਾਜ਼ ਨਹੀਂ ਹਾਂ।"
"ਹਾਂ ਨੂੰ ਕਿਹਾ ਸੀ ਕਿ, "ਉਹ ਉਲਝਣ ਵਿਚ ਪੈ ਗਿਆ, ਉਸਨੂੰ ਲਗਾ ਕਿ ਉਹ ਕੁਝ ਜ਼ਿਆਦਾ ਹੀ ਅਗੇ ਵਧਦਾ ਜਾ ਰਿਹਾ ਹੈ, "ਤੂੰ ਕਿਹਾ ਸੀ ਕਿ ਮੈਨੂੰ ਤੂੰ ਪਿਆਰ ਕਰਨ ਲਗ ਪਈ ਹੈ, ਮੈਂ ਯਕੀਨ ਕਰਦਾ ਹਾਂ ਕਿ ਇਹ ਠੀਕ ਹੈ, ਪਰ ਤੂੰ ਮੈਨੂੰ ਮੁਆਫ ਕਰੀਂ, ਇਸ ਤਰ੍ਹਾਂ ਲਗਦਾ ਹੈ ਕਿ ਇਸਦੇ ਇਲਾਵਾ ਕੁਝ ਹੋਰ ਵੀ ਹੈ, ਜੋ ਤੈਨੂੰ ਪ੍ਰੇਸ਼ਾਨ ਕਰਦਾ ਹੈ, ਫਿਕਰਮੰਦ ਕਰਦਾ ਹੈ, ਉਹ ਕੀ ਏ?"
"ਹਾਂ, ਜਾਂ ਤਾਂ ਹੁਣੇ ਹੀ ਜਾਂ ਫਿਰ ਕਦੇ ਵੀ ਨਹੀਂ, " ਮੇਰੀ ਨੇ ਮਨ ਹੀ ਮਨ ਵਿਚ ਸੋਚਿਆ। "ਪਤਾ ਤਾਂ ਉਸਨੂੰ ਹਰ ਹਾਲਤ ਵਿਚ ਹੀ ਲਗ ਜਾਏਗਾ। ਪਰ ਉਹ ਹੁਣ ਮੈਨੂੰ ਠੁਕਰਾ ਕੇ ਕਿਤੇ ਜਾਏਗਾ ਨਹੀਂ। ਉਫ, ਪਰ ਜੇ ਉਹ ਚਲਾ ਗਿਆ ਤਾਂ ਗਜ਼ਬ ਹੋ ਜਾਏਗਾ। "
ਉਸਨੇ ਬੜੇ ਪਿਆਰ ਨਾਲ ਉਸਦੇ ਲੰਮੇ, ਰਿਸ਼ਟ-ਪੁਸ਼ਟ ਤੇ ਪ੍ਰਭਾਵਸ਼ਾਲੀ ਵਿਅਕਤਿਤਵ ਵਲ ਨਜ਼ਰ ਮਾਰੀ। ਹੁਣ ਉਹ ਨਿਕੋਲਾਈ ਦੀ ਤੁਲਨਾ ਵਿਚ ਉਸ ਨੂੰ ਜ਼ਿਆਦਾ ਪਿਆਰ ਕਰਦੀ ਸੀ ਤੇ ਜੇ ਉਹ ਸਮਰਾਟ ਨਾ ਹੁੰਦਾ ਤਾਂ ਇਸਦੀ ਜਗ੍ਹਾ ਉਸਨੂੰ ਕਦੀ ਵੀ ਸਵੀਕਾਰ ਕਰਨ ਨੂੰ ਤਿਆਰ ਨਾ ਹੁੰਦੀ।
"ਲਓ ਸੁਣੋ ਫਿਰ। ਮੈਂ ਝੂਠ ਨਹੀਂ ਬੋਲ ਸਕਦੀ। ਮੈਨੂੰ ਸਭ ਕੁਝ ਦੱਸ ਹੀ ਦੇਣਾ ਚਾਹੀਦਾ ਹੈ। ਤੁਸੀਂ ਪੁੱਛੋਗੇ ਕਿ ਉਹ ਕੀ ਹੈ? ਉਹ ਇਹ ਹੈ ਕਿ ਮੈਂ ਪਹਿਲਾਂ ਪਿਆਰ ਕਰ ਚੁਕੀ ਹਾਂ।" ਉਸ ਨੇ ਆਪਣਾ ਹੱਥ ਇਸ ਤਰ੍ਹਾਂ ਉਸਦੇ ਹੱਥ ਉਤੇ ਰਖਿਆ ਜਿਵੇਂ ਕਿ ਮਿੰਨਤ ਕਰ ਰਹੀ ਹੋਵੇ।
ਕਸਾਤਸਕੀ ਚੁੱਪ ਰਿਹਾ।
"ਤੁਸੀਂ ਜਾਨਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ? ਸਮਰਾਟ ਨਾਲ।"
"ਉਹਨਾਂ ਨੂੰ ਤਾਂ ਅਸੀਂ ਸਾਰੇ ਪਿਆਰ ਕਰਦੇ ਹਾਂ। ਮੇਰਾ ਖਿਆਲ ਹੈ ਕਿ ਤੁਸੀਂ ਕਾਲਜ ਦੇ ਦਿਨਾਂ ਵਿਚ..."
"ਨਹੀਂ, ਉਸ ਤੋਂ ਮਗਰੋਂ। ਇਹ ਨਿਰਾ ਪਾਗਲਪਨ ਸੀ, ਪਰ ਪਿਛੋਂ ਸਭ ਖਤਮ ਹੋ ਗਿਆ। ਪਰ ਮੇਰੇ ਲਈ ਇਹ ਦਸਣਾ ਜ਼ਰੂਰੀ ਹੈ ਕਿ...."
"ਪਰ, ਇਸ ਵਿਚ ਕਿਹੜੀ ਗੱਲ ਏ?"
"ਨਹੀਂ, ਇਹ ਮਾਮੂਲੀ ਗੱਲ ਨਹੀਂ ਸੀ।" ਉਸਨੇ ਹੱਥਾਂ ਨਾਲ ਮੂੰਹ ਢੱਕ ਲਿਆ।
"ਤੁਹਾਡਾ ਮਤਲਬ ਹੈ ਕਿ ਤੁਸੀਂ ਆਪਣਾ ਆਪ ਉਸਦੇ ਹਵਾਲੇ ਕਰ ਦਿਤਾ ਸੀ?"
ਉਹ ਚੁੱਪ ਰਹੀ।
"ਪ੍ਰੇਮਿਕਾ ਦੇ ਰੂਪ ਵਿਚ?" ਉਹ ਚੁੱਪ ਰਹੀ।
ਕਸਾਤਸਕੀ ਉੱਛਲ ਕੇ ਖੜਾ ਹੋ ਗਿਆ ਅਤੇ ਇਕਦਮ ਪੀਲਾ ਅਤੇ ਕੰਬਦੇ ਹੋਠਾਂ ਨਾਲ ਉਸਦੇ ਸਾਹਮਣੇ ਖੜੋਤਾ ਰਿਹਾ। ਹੁਣ ਉਸਨੂੰ ਯਾਦ ਆਇਆ ਕਿ ਨੇਵਸਕੀ ਸੜਕ ਉਤੇ ਨਿਕੋਲਾਈ ਪਾਵਲੋਵਿਚ ਨਾਲ ਜਦੋਂ ਉਸ ਦੀ ਮੁਲਾਕਾਤ ਹੋਈ ਸੀ, ਤਾਂ ਉਸਨੇ ਕਿਸ ਤਰ੍ਹਾਂ ਸਨੇਹ ਨਾਲ ਉਸਨੂੰ ਵਧਾਈ ਦਿਤੀ ਸੀ।
"ਹੇ ਪ੍ਰਮਾਤਮਾ, ਮੈਂ ਇਹ ਕੀ ਕਰ ਦਿਤਾ, ਸਤੇਪਾਨ!" ਉਹ ਕੂਕ ਉੱਠੀ।
"ਮੈਨੂੰ ਨਹੀਂ ਛੂਹੋ, ਨਹੀਂ ਛੂਹੋ ਮੈਨੂੰ। ਓਫ, ਕਿੰਨਾ ਡੂੰਘਾ ਜ਼ਖਮ ਲਗਾਇਆ ਹੈ ਤੁਸਾਂ!"
ਉਹ ਮੁੜਿਆ ਅਤੇ ਘਰ ਵਲ ਤੁਰ ਪਿਆ। ਉਥੇ ਮੋਰੀ ਦੀ ਮਾਂ ਸਾਹਮਣੇ ਆ ਗਈ।
"ਕੀ ਗੱਲ ਏ, ਰਾਜਕੁਮਾਰ? ਮੈਂ..." ਕਸਾਤਸਕੀ ਦੇ ਚਿਹਰੇ ਵਲ ਦੇਖਕੇ ਉਹ ਚੁੱਪ ਹੋ ਗਈ। ਉਹ ਅਚਾਨਕ ਹੀ ਲਾਲ-ਪੀਲਾ ਹੋ ਉਠਿਆ ਸੀ।
"ਤੁਹਾਨੂੰ ਸਭ ਕੁਝ ਪਤਾ ਸੀ ਅਤੇ ਤੁਸੀਂ ਮੇਰੀ ਆੜ ਲੈ ਕੇ ਉਹਨਾਂ ਉਤੇ ਪੜਦਾ ਪਾਉਣਾ ਚਾਹੁੰਦੇ ਸੀ। ਜੇ ਤੁਸੀਂ ਇਕ ਔਰਤ ਨਾ ਹੁੰਦੇ ਤਾਂ..." ਆਪਣਾ ਵੱਡਾ ਸਾਰਾ ਮੁੱਕਾ ਕੱਸਕੇ ਉਹ ਚਿੱਲਾਇਆ, ਤੇਜ਼ੀ ਨਾਲ ਮੁੜਿਆ ਤੇ ਬਾਹਰ ਨੱਠ ਗਿਆ।
ਜੇ ਕੋਈ ਹੋਰ ਵਿਅਕਤੀ ਉਸਦੀ ਮੰਗੇਤਰ ਦਾ ਪ੍ਰੇਮੀ ਹੁੰਦਾ, ਤਾਂ ਉਸਨੂੰ ਉਸਨੇ ਜਾਨੋਂ ਮਾਰ ਦਿੱਤਾ ਹੁੰਦਾ। ਪਰ ਇਹ ਤਾਂ ਉਸਦਾ ਪੂਜ ਜ਼ਾਰ ਸੀ।
ਅਗਲੇ ਦਿਨ ਛੁੱਟੀ ਦੀ ਅਰਜ਼ੀ ਤੇ ਨਾਲ ਹੀ ਅਸਤੀਫਾ ਦੇ ਦਿਤਾ, ਲੋਕਾਂ ਤੋਂ ਬਚਣ ਲਈ ਬਿਮਾਰ ਹੋਣ ਦਾ ਬਹਾਨਾ ਕਰ ਲਿਆ ਤੇ ਪਿੰਡ ਚਲਾ ਗਿਆ।
ਗਰਮੀਆਂ ਉਸਨੇ ਆਪਣੇ ਪਿੰਡ ਬਿਤਾਈਆਂ ਤੇ ਉਥੇ ਜ਼ਰੂਰੀ ਕੰਮ-ਕਾਜ ਨਿਪਟਾਏ। ਗਰਮੀਆਂ ਖਤਮ ਹੋਣ ਉਤੇ ਉਹ ਸੇਂਟ ਪੀਟਰਸਬਰਗ ਵਾਪਸ ਨਹੀਂ ਗਿਆ ਸਗੋਂ ਮਨ ਵਿਚ ਜਾ ਕੇ ਸਾਧੂ ਬਣ ਗਿਆ।
ਮਾਂ ਨੇ ਉਸਨੂੰ ਖੱਤ ਲਿਖਿਆ। ਐਸਾ ਫੈਸਲਾਕੁਨ ਕਦਮ ਉਠਾਉਣ ਤੋਂ ਮਨ੍ਹਾ ਕੀਤਾ। ਉਸਨੇ ਜਵਾਬ ਦਿਤਾ ਕਿ ਪ੍ਰਮਾਤਮਾ ਦੀ ਸੇਵਾ ਬਾਕੀ ਹੋਰ ਸਭ ਚੀਜ਼ਾਂ ਤੋਂ ਉਪਰ ਹੈ ਤੇ ਉਹ ਐਸਾ ਕਰਨ ਦੀ ਲੋੜ ਮਹਿਸੂਸ ਕਰਦਾ ਹੈ। ਸਿਰਫ ਉਸਦੀ ਭੈਣ ਹੀ, ਜੋ ਭਰਾ ਦੀ ਤਰ੍ਹਾਂ ਅਭਿਮਾਨੀ ਤੇ ਮਹੱਤਤਾ ਦੀ ਇਛੁੱਕ ਸੀ, ਉਸਨੂੰ ਸਮਝਦੀ ਸੀ। ਉਹ ਸਮਝਦੀ ਸੀ ਕਿ ਉਸਦਾ ਭਰਾ ਇਸ ਲਈ ਸਾਧੂ ਹੋ ਗਿਆ ਹੈ ਕਿ ਉਹਨਾਂ ਲੋਕਾਂ ਤੋਂ ਉੱਚਾ ਹੋ ਸਕੇ, ਜੋ ਉਸਨੂੰ ਇਹ ਦਿਖਾਉਣਾ ਚਾਹੁੰਦੇ ਸਨ ਕਿ ਉਹ ਉਸ ਤੋਂ ਉੱਚੇ ਹਨ।
ਉਸਨੇ ਠੀਕ ਹੀ ਸਮਝਿਆ ਸੀ। ਸਾਧੂ ਬਣ ਕੇ ਉਸਨੇ ਇਹ ਦਿਖਾ ਦਿਤਾ ਸੀ ਕਿ ਉਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਿੰਨਾ ਤੁੱਛ ਸਮਝਦਾ ਹੈ, ਜੋ ਦੂਸਰਿਆਂ ਲਈ ਇੰਨਾ ਮਹੱਤਵ ਰਖਦੀਆਂ ਹਨ ਤੇ ਜਿਨ੍ਹਾਂ ਨੂੰ ਉਹ ਆਪਣੇ ਸੈਨਿਕ ਸੇਵਾ ਦੇ ਜ਼ਮਾਨੇ ਵਿਚ ਖੁਦ ਵੀ ਬੜਾ ਮਹੱਤਵਪੂਰਨ ਸਮਝਦਾ ਸੀ। ਹੁਣ ਉਹ ਐਸੀ ਨਵੀਂ ਉਚਾਈ ਤੇ ਜਾ ਖੜੋਤਾ ਸੀ, ਜਿਥੋਂ ਉਹ ਉਹਨਾਂ ਲੋਕਾਂ ਨੂੰ ਨੀਵੇਂ ਖੜੇ ਦੇਖ ਸਕਦਾ ਸੀ, ਜਿਨ੍ਹਾਂ ਨਾਲ ਪਹਿਲਾਂ ਉਸਨੂੰ ਈਰਖਾ ਹੁੰਦੀ ਸੀ। ਪਰ ਜਿਸ ਤਰ੍ਹਾਂ ਕਿ ਉਸਦੀ ਭੈਣ ਵਾਰਿਆ ਨੇ ਸਮਝਇਆ ਸੀ, ਸਿਰਫ ਇਹ ਹੀ ਇਕ ਭਾਵਨਾ ਉਸਨੂੰ ਪ੍ਰੇਸ਼ਾਨ ਨਹੀਂ ਕਰ ਰਹੀ ਹੈ। ਉਸ ਵਿਚ ਇਕ ਸੱਚੀ ਧਾਰਮਿਕ ਭਾਵਨਾ ਵੀ ਸੀ, ਜਿਸ ਸੰਬੰਧੀ ਵਾਰਿਆ ਅਣਜਾਣ ਸੀ। ਅਭਿਮਾਨ ਅਤੇ ਸਭ ਤੋਂ ਅੱਗੇ ਰਹਿਣ ਦੀ ਭਾਵਨਾ ਦੇ ਨਾਲ ਘੁਲ-ਮਿਲ ਕੇ ਇਹ ਧਾਰਮਿਕ ਭਾਵਨਾ ਉਸਨੂੰ ਪ੍ਰੇਰ ਰਹੀ ਸੀ। ਮੇਰੀ (ਮੰਗੇਤਰ) ਤੋਂ ਨਿਰਾਸ਼ ਹੋਣ ਉਤੇ, ਜਿਸ ਨੂੰ ਉਸਨੇ ਫਰਿਸ਼ਤਾ ਸਮਝਿਆ ਸੀ, ਉਸਦੇ ਦਿਲ ਨੂੰ ਇਤਨੀ ਗਹਿਰੀ ਠੇਸ ਲਗੀ ਸੀ ਕਿ ਉਹ ਇਕਦਮ ਇਤਨਾ ਉਪਰਾਮ ਹੋ ਗਿਆ ਸੀ ਤੇ ਇਹ ਉਪਰਾਮਤਾ ਉਸਨੂੰ ਕਿੱਥੇ ਲੈ ਗਈ? ਪ੍ਰਮਾਤਮਾ ਵਾਲੇ ਪਾਸੇ, ਬਚਪਨ ਦੀ ਉਸ ਸ਼ਰਧਾ ਵੱਲ, ਜੋ ਹਮੇਸ਼ਾ ਉਸ ਵਿਚ ਬਣੀ ਰਹੀ ਸੀ।
3
ਇੰਟਰਸੈਸ਼ਨ ਦੇ ਤਿਉਹਾਰ ਉਤੇ ਕਸਾਤਸਕੀ ਮਠ ਵਿਚ ਦਾਖਲ ਹੋਇਆ।
ਮਠ ਦਾ ਵਡਾ ਪਾਦਰੀ ਕੁਲੀਨ ਸੀ, ਵਿਦਵਾਨ, ਲੇਖਕ ਅਤੇ ਧਰਮ-ਗੁਰੂ ਸੀ। ਉਹ ਵਾਲਾਖੀਆਂ ਤੋਂ ਸ਼ੁਰੂ ਹੋਣ ਵਾਲੀ ਪਾਦਰੀਆਂ ਦੀ ਉਸ ਪੀੜ੍ਹੀ ਵਿਚੋਂ ਸੀ, ਜਿਹੜੇ ਆਪਣੇ ਚੁਣੇ ਹੋਏ ਆਗੂ ਤੇ ਗੁਰੂ ਵੱਲ ਨਿਰਵਿਵਾਦ ਆਗਿਆਕਾਰਤਾ ਕਰਕੇ ਵਿਲੱਖਣ ਸਨ। ਵੱਡਾ ਪਾਦਰੀ ਪ੍ਰਸਿਧ ਧਰਮ-ਗੁਰੂ ਅਮਵਰੋਸੀ ਦਾ ਚੇਲਾ ਸੀ, ਅਮਰਵਰੋਸੀ ਮਕਾਰੀ ਦਾ ਚੇਲਾ ਸੀ, ਜਿਹੜਾ ਅੱਗੇ ਧਰਮ-ਗੁਰੂ ਲਿਓਨਿਦ ਦਾ ਚੇਲਾ ਸੀ, ਤੇ ਉਹ ਪਾਇਸੀ ਵੇਲੀਚਕੋਵਸਕੀ ਦਾ ਚੇਲਾ ਸੀ। ਕਸਾਤਸਕੀ ਨੇ ਇਸੇ ਹੀ ਵੱਡੇ ਪਾਦਰੀ ਨੂੰ ਆਪਣਾ ਗੁਰੂ ਬਣਾ ਲਿਆ।
ਕਸਾਤਸਕੀ ਮਨ ਵਿਚ ਆ ਕੇ ਦੂਸਰੇ ਲੋਕਾਂ ਦੀ ਤੁਲਨਾ ਵਿਚ ਆਪਣੇ ਆਪ ਨੂੰ ਉੱਚਾ ਤਾਂ ਮਹਿਸੂਸ ਕਰਦਾ ਸੀ, ਪਰ ਨਾਲ ਹੀ ਪਹਿਲਾਂ ਦੇ ਸਭ ਕੰਮਾਂ ਦੀ ਤਰ੍ਹਾਂ ਉਹ ਇਥੇ ਮਠ ਵਿਚ ਵੀ ਬਾਹਰੀ ਅਤੇ ਅੰਦਰੂਨੀ ਪੂਰਣਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਹੀ ਸੁਖ ਮਹਿਸੂਸ ਕਰਦਾ ਸੀ। ਜਿਸ ਤਰ੍ਹਾਂ ਰਜਮੰਟ ਵਿਚ ਉਹ ਇਕ ਸ਼ਾਨਦਾਰ ਅਫਸਰ ਹੀ ਨਹੀਂ ਸੀ, ਸਗੋਂ ਐਸਾ ਸੀ, ਜੋ ਆਪਣੇ ਕੰਮਾਂ ਨਾਲ ਵੀ ਅੱਗੇ ਵਧਦਾ ਸੀ ਅਤੇ ਪੂਰਣਤਾ ਦੀਆਂ ਸੀਮਾਵਾਂ ਨੂੰ ਜ਼ਿਆਦਾ ਚੌੜੀਆਂ ਕਰਦਾ ਸੀ, ਇਸੇ ਤਰ੍ਹਾਂ ਸਾਧੂ ਦੇ ਰੂਪ ਵਿਚ ਵੀ ਉਸਨੇ ਪੂਰਣਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਉਹ ਹਮੇਸ਼ਾ ਖੂਬ ਮਿਹਨਤ ਕਰਦਾ, ਸੰਜਮੀ ਅਤੇ ਸ਼ਾਂਤ ਰਹਿੰਦਾ, ਤੇਲ-ਮਿਣ ਕੇ ਗੱਲ ਕਰਦਾ ਤੇ ਸਿਰਫ਼ ਕੰਮਾਂ-ਕਾਜਾਂ ਵਿਚ ਹੀ ਨਹੀਂ ਬਲਕਿ ਆਪਣੇ ਵਿਚਾਰਾਂ ਵਿਚ ਵੀ ਪਵਿੱਤਰ ਅਤੇ ਆਗਿਆਕਾਰ, ਰਹਿੰਦਾ। ਇਸ ਅਖੀਰਲੇ ਗੁਣ, ਜਾਂ ਪੂਰਣਤਾ ਨੇ ਉਸਦੇ ਜੀਵਨ ਨੂੰ ਖਾਸ ਤੌਰ ਉਤੇ ਆਸਾਨ ਬਣਾ ਦਿਤਾ। ਇਸ ਮਠ ਵਿਚ ਜਿਥੇ ਬਹੁਤ ਲੋਕ ਆਉਂਦੇ ਜਾਂਦੇ ਰਹਿੰਦੇ ਸਨ, ਸਾਧੂ ਦੇ ਰੂਪ ਵਿਚ ਉਸ ਕੋਲੋਂ ਜੋ ਮੰਗਾਂ ਕੀਤੀਆਂ ਜਾਂਦੀਆਂ ਸਨ, ਉਸਨੂੰ ਪਸੰਦ ਨਹੀਂ ਸਨ। ਇਹ ਉਸ ਲਈ ਲਾਲਸਾ ਵੀ ਪੈਦਾ ਕਰਦੀਆਂ ਸਨ, ਪਰ ਆਗਿਆਕਾਰਤਾ ਨਾਲ ਉਹਨਾਂ ਦਾ ਹਲ ਹੋ ਜਾਂਦਾ ਸੀ। ਮੇਰਾ ਕੰਮ ਵਾਦ-ਵਿਵਾਦ ਕਰਨਾ ਨਹੀਂ, ਸਗੋਂ ਜੋ ਕੰਮ ਸੌਂਪਿਆ ਗਿਆ ਹੈ, ਉਸਨੂੰ ਚੁੱਪਚਾਪ ਪੂਰਾ ਕਰਨਾ ਹੈ। ਉਹ ਕੰਮ ਚਾਹੇ ਕਿਸੇ ਸਵਰਗੀ ਦੀ ਸਮਾਧੀ ਉਤੇ ਪਹਿਰਾ ਦੇਣ ਦਾ ਹੋਵੇ, ਚਾਹੇ ਉਹ ਸਮੂਹ-ਗਾਨ ਵਿਚ ਹਿੱਸਾ ਲੈਣ ਦਾ ਤੇ ਚਾਹੇ ਹੋਸਟਲ ਦਾ ਹਿਸਾਬ-ਕਿਤਾਬ ਰਖਣ ਦਾ ਹੀ ਹੋਵੇ। ਗੁਰੂ ਦੀ ਆਗਿਆਕਾਰਤਾ ਨਾਲ ਹੀ ਕਿਸੇ ਵੀ ਤਰ੍ਹਾਂ ਦੇ ਸੰਦੇਹ ਪੈਦਾ ਹੋਣ ਦੀ ਸੰਭਾਵਨਾ ਦੂਰ ਹੋ ਜਾਂਦੀ ਸੀ। ਜੇ ਉਸ ਵਿਚ ਇਹ ਆਗਿਆਕਾਰਤਾ ਨਾ ਹੁੰਦੀ, ਤਾਂ ਉਹ ਗਿਰਜੇ ਦੀਆਂ ਲੰਮੀਆਂ ਤੇ ਇਕੋ ਹੀ ਢੰਗ ਨਾਲ ਪ੍ਰਾਥਨਾਵਾਂ, ਆਉਣ-ਜਾਣ ਵਾਲਿਆਂ ਦੀ ਹਲਚਲ ਤੇ ਧਰਮ-ਭਰਾਵਾਂ ਦੇ ਨਾਗਵਾਰ ਲਛਣਾਂ ਤੋਂ ਪ੍ਰੇਸ਼ਾਨ ਹੋ ਉਠਦਾ, ਪਰ ਉਹ ਹੁਣ ਉਹਨਾਂ ਨੂੰ ਖੁਸ਼ੀ ਨਾਲ ਸਹਿਣ ਹੀ ਨਹੀਂ ਸੀ ਕਰਦਾ, ਬਲਕਿ ਇਹਨਾਂ ਨਾਲ ਉਸਨੂੰ ਸੰਤੋਖ ਅਤੇ ਸਹਾਰਾ ਵੀ ਮਿਲਦਾ ਸੀ। "ਪਤਾ ਨਹੀਂ ਦਿਨ ਵਿਚ ਇਕ ਹੀ ਪ੍ਰਾਰਥਨਾ ਨੂੰ ਕਈ ਵੇਰਾਂ ਸੁਣਨ ਦੀ ਕੀ ਜ਼ਰੂਰਤ ਹੁੰਦੀ ਹੈ, ਪਰ ਮੈਂ ਏਨਾ ਜਾਣਦਾ ਹਾਂ ਕਿ ਐਸਾ ਕਰਨਾ ਜ਼ਰੂਰੀ ਹੈ। ਤੇ ਇਹ ਜਾਣਦਿਆਂ ਕਿ ਐਸਾ ਕਰਨਾ ਜ਼ਰੂਰੀ ਹੈ, ਮੈਨੂੰ ਉਸ ਵਿਚ ਖੁਸ਼ੀ ਮਿਲਦੀ ਹੈ।" ਗੁਰੂ ਨੇ ਉਸਨੂੰ ਕਿਹਾ ਕਿ ਜਿਸ ਤਰ੍ਹਾਂ ਜਿਊਂਦੇ ਰਹਿਣ ਲਈ ਖੁਰਾਕ ਜ਼ਰੂਰੀ ਹੈ, ਉਸੇ ਤਰ੍ਹਾਂ ਆਤਮਕ ਜੀਵਨ ਲਈ ਆਤਮਕ ਖੁਰਾਕ, ਭਾਵ ਗਿਰਜੇ ਦੀ ਪ੍ਰਾਰਥਨਾ ਦੀ ਜ਼ਰੂਰਤ ਹੁੰਦੀ ਹੈ। ਉਹ ਇਸ ਵਿਚ ਵਿਸ਼ਵਾਸ ਕਰਦਾ ਸੀ ਤੇ ਸਚਮੁਚ ਹੀ ਗਿਰਜੇ ਦੀ ਪ੍ਰਾਰਥਨਾ, ਜਿਸ ਲਈ ਸਵੇਰੇ ਸਵੇਰੇ ਬੜੀ ਮੁਸ਼ਕਿਲ ਨਾਲ ਉਠਦਾ ਸੀ, ਉਸਨੂੰ ਸ਼ਾਂਤੀ ਤੇ ਖੁਸ਼ੀ ਦੇਂਦੀ ਸੀ। ਗੁਰੂ ਵਲੋਂ ਨੀਯਤ ਕੀਤੀਆਂ ਗਈਆਂ ਚੀਜ਼ਾਂ ਨੂੰ ਬਿਨਾਂ ਕਿੰਤੂ ਉਠਾਏ ਪ੍ਰਵਾਨ ਕਰਨ ਵਿਚ, ਨਿਮਰਤਾ ਦੀ ਭਾਵਨਾ ਵਿਚ ਖਸ਼ੀ ਮਿਲਦੀ ਸੀ। ਆਪਣੀ ਇੱਛਾ-ਸ਼ਕਤੀ ਨੂੰ ਦਿਨੋਂ ਦਿਨ ਵਧੇਰੇ ਵੱਸ ਵਿਚ ਕਰਨਾ ਤੇ ਨਿਮਰਤਾ ਪ੍ਰਾਪਤ ਕਰਨਾ ਹੀ ਜ਼ਿੰਦਗੀ ਦਾ ਇਕ ਟੀਚਾ ਨਹੀਂ ਸੀ, ਸਗੋਂ ਈਸਾਈਆਂ ਵਾਲੇ ਸਾਰੇ ਗੁਣਾਂ ਨੂੰ ਪ੍ਰਾਪਤ ਕਰਨਾ ਵੀ ਜ਼ਰੂਰੀ ਹੈ। ਸ਼ੁਰੂ ਵਿਚ ਉਸਨੂੰ ਇਸ ਵਿਚ ਆਸਾਨੀ ਨਾਲ ਸਫਲਤਾ ਵੀ ਮਿਲੀ। ਆਪਣੀ ਸਾਰੀ ਜਗੀਰ ਉਸਨੇ ਆਪਣੀ ਭੈਣ ਦੇ ਨਾਂ ਕਰ ਦਿਤੀ ਤੇ ਇਸ ਲਈ ਉਸਨੂੰ ਅਫਸੋਸ ਵੀ ਨਾ ਹੋਇਆ। ਉਹ ਸੁਸਤ ਆਦਮੀ ਨਹੀਂ ਸੀ। ਆਪਣੇ ਤੋਂ ਨੀਵਿਆਂ ਸੰਬੰਧੀ ਨਿਮਰਤਾ ਰੱਖਣਾ ਉਸ ਲਈ ਨਾ ਸਿਰਫ ਸੌਖਾ ਹੀ ਸੀ, ਸਗੋਂ ਇਸ ਨਾਲ ਉਸਨੂੰ ਖੁਸ਼ੀ ਵੀ ਹੁੰਦੀ ਸੀ। ਸਰੀਰਕ 'ਗੁਨਾਹਾਂ' ਜਿਸ ਤਰ੍ਹਾਂ ਕਿ ਲਾਲਚ ਤੇ ਕਾਮਵਾਸ਼ਨਾ ਉਤੇ ਵੀ ਉਸਨੇ ਆਸਾਨੀ ਨਾਲ ਜਿੱਤ ਹਾਸਲ ਕਰ ਲਈ। ਗੁਰੂ ਨੇ ਖਾਸ ਕਰਕੇ ਇਹਨਾਂ ਗੁਨਾਹਾਂ ਦੇ ਬਾਰੇ ਚੇਤਾਵਨੀ ਦਿਤੀ ਸੀ। ਪਰ ਕਸਾਤਸਕੀ ਖੁਸ਼ ਸੀ ਕਿ ਉਹ ਇਹਨਾਂ ਸਭਨਾਂ ਤੋਂ ਮੁਕਤ ਸੀ।
ਮੰਗੇਤਰ ਸੰਬੰਧੀ ਯਾਦਾਂ ਹੀ ਉਸਨੂੰ ਤਸੀਹੇ ਦਿੰਦੀਆਂ ਸਨ। ਸਿਰਫ ਯਾਦਾਂ ਹੀ ਨਹੀਂ, ਸਗੋਂ ਇਸ ਗੱਲ ਦੀ ਸਜੀਵ ਕਲਪਨਾ ਵੀ ਕਿ ਕੀ ਹੋ ਸਕਦਾ ਸੀ। ਆਪਣੇ ਆਪ ਹੀ ਉਸਨੂੰ ਸਮਰਾਟ ਦੀ ਇਕ ਪਹਿਲਾਂ ਰਹਿ ਚੁਕੀ ਪ੍ਰੇਮਿਕਾ ਯਾਦ ਆ ਜਾਂਦੀ। ਪਿਛੋਂ ਉਸਨੇ ਵਿਆਹ ਕਰਾ ਲਿਆ ਸੀ ਤੇ ਉਹ ਇਕ ਚੰਗੀ ਪਤਨੀ ਤੇ ਮਾਂ ਬਣ ਗਈ ਸੀ। ਉਸ ਦੇ ਪਤੀ ਨੂੰ ਇਕ ਮਹੱਤਵਪੂਰਨ ਨੌਕਰੀ ਮਿਲ ਗਈ ਸੀ, ਤਾਕਤ ਅਤੇ ਅਧਿਕਾਰ ਮਿਲ ਗਏ ਸਨ ਤੇ ਉਸਦੀ ਚੰਗੀ ਤੇ ਪਸ਼ਚਾਤਾਪ ਕਰਨ ਵਾਲੀ ਪਤਨੀ ਵੀ ਸੀ।
ਚੰਗੀਆਂ ਘੜੀਆਂ ਵਿਚ ਇਹਨਾਂ ਵਿਚਾਰਾਂ ਨਾਲ ਪ੍ਰੇਸ਼ਾਨੀ ਨਹੀਂ ਹੁੰਦੀ ਸੀ, ਚੰਗੀਆਂ ਘੜੀਆਂ ਵਿਚ ਜਦੋਂ ਉਹ ਇਹਨਾਂ ਗੱਲਾਂ ਨੂੰ ਯਾਦ ਕਰਦਾ, ਤਾਂ ਉਸਨੂੰ ਖੁਸ਼ੀ ਹੁੰਦੀ ਕਿ ਉਹ ਇਹਨਾਂ ਲੋਭਾਂ ਤੋਂ ਬਚ ਗਿਆ। ਪਰ ਐਸੀਆਂ ਘੜੀਆਂ ਵੀ ਆਉਂਦੀਆਂ, ਜਦੋਂ ਕਿ ਜਿਨ੍ਹਾਂ ਚੀਜ਼ਾਂ ਦੇ ਸਹਾਰੇ ਉਹ ਜਿਊਂਦਾ ਸੀ, ਅਚਾਨਕ ਧੁੰਧਲੀਆਂ ਪੈ ਜਾਂਦੀਆਂ, ਉਹਨਾਂ ਵਿਚ ਉਸਦਾ ਵਿਸ਼ਵਾਸ ਤਾਂ ਨਾ ਖਤਮ ਹੁੰਦਾ, ਪਰ ਉਹ ਉਸ ਦੀਆਂ ਨਜ਼ਰਾਂ ਤੋਂ ਉਹਲੇ ਹੋ ਜਾਂਦੀਆਂ, ਉਹ ਉਹਨਾਂ ਨੂੰ ਆਪਣੇ ਮਨ ਵਿਚ ਯਾਦ ਵੀ ਨਾ ਕਰ ਸਕਦਾ ਅਤੇ ਫਿਰ ਯਾਦਾਂ ਤੇ ...ਕਿੰਨੀ ਭਿਆਨਕ ਗੱਲ ਸੀ ਇਹ!...ਆਪਣੇ ਜੀਵਨ ਦੇ ਇਸ ਪਰਿਵਰਤਨ ਦੇ ਪ੍ਰਤੀ ਪਛਤਾਵੇ ਦੀ ਭਾਵਨਾ ਉਸਨੂੰ ਦਬੋਚ ਲੈਂਦੀ।
ਐਸੀ ਸਥਿਤੀ ਵਿਚ ਆਗਿਆਕਾਰਤਾ, ਕਾਰਜ, ਪ੍ਰਾਰਥਨਾ ਅਤੇ ਲਗੇ ਰਹਿਣਾ ਹੀ ਉਸਨੂੰ ਬਚਾਉਂਦਾ ਹੈ। ਉਹ ਹਮੇਸ਼ਾ ਦੀ ਤਰ੍ਹਾਂ ਪ੍ਰਾਰਥਨਾ ਕਰਦਾ, ਸਿਰ ਝੁਕਾਉਂਦਾ, ਹਮੇਸ਼ਾ ਨਾਲੋਂ ਜ਼ਿਆਦਾ ਪ੍ਰਾਰਥਨਾ ਕਰਦਾ, ਪਰ ਸਿਰਫ ਸਰੀਰ ਨਾਲ ਹੀ, ਆਤਮਾ ਤੋਂ ਬਿਨਾਂ। ਇਸ ਤਰ੍ਹਾਂ ਦੀ ਇਕ ਦਿਨ ਤੇ ਕਦੀ ਦੋ ਦਿਨਾਂ ਤਕ ਜਾਰੀ ਰਹਿੰਦਾ ਅਤੇ ਫਿਰ ਖੁਦ ਹੀ ਉਹ ਠੀਕ ਹੋ ਜਾਂਦਾ। ਪਰ ਐਸੇ ਇਕ ਜਾਂ ਦੋ ਦਿਨ ਬੜੇ ਹੀ ਭਿਆਨਕ ਹੁੰਦੇ। ਕਸਾਤਸਕੀ ਨੂੰ ਲਗਦਾ ਨਾ ਤਾਂ ਉਹ ਆਪਣੇ ਵੱਸ ਵਿਚ ਹੈ, ਨਾ ਪ੍ਰਮਾਤਮਾ ਦੇ, ਸਗੋਂ ਕਿਸੇ ਹੋਰ ਦੇ ਹੀ ਵੱਸ ਵਿਚ ਹੈ। ਐਸੇ ਸਮੇਂ ਵਿਚ ਉਹ ਜੋ ਕੁਝ ਵੀ ਕਰ ਸਕਦਾ ਹੁੰਦਾ, ਕਰਦਾ; ਤੇ ਉਹ ਇਹ ਹੀ ਸੀ ਕਿ ਗੁਰੂ ਦੀ ਸਲਾਹ ਉਤੇ ਅਮਲ ਕਰਨਾ, ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ, ਇਸ ਸਮੇਂ ਕੋਈ ਵੀ ਕਦਮ ਨਾ ਚੁਕਣਾ ਅਤੇ ਇੰਤਜ਼ਾਰ ਕਰਨਾ। ਕੁਲ ਮਿਲਾਕੇ, ਇਸ ਸਾਰੇ ਸਮੇਂ ਵਿਚ ਆਪਣੀ ਇੱਛਾ ਅਨੁਸਾਰ ਨਹੀਂ, ਗੁਰੂ ਦੀ ਇੱਛਾ ਅਨੁਸਾਰ ਜਿਊਂਦਾ ਸੀ ਤੇ ਇਸ ਆਗਿਆਕਾਰਤਾ ਤੋਂ ਉਸਨੂੰ ਵਿਸ਼ੇਸ਼ ਚੈਨ ਮਿਲਦਾ ਸੀ।
ਸੇ ਇਸ ਤਰ੍ਹਾਂ ਕਸਾਤਸਕੀ ਨੇ ਉਸ ਮਠ ਵਿਚ ਸੱਤ ਸਾਲ ਬਿਤਾ ਦਿਤੇ। ਤੀਸਰੇ ਸਾਲ ਦੇ ਅਖੀਰ ਵਿਚ ਉਸਨੂੰ ਸੇਰਗਈ ਯਾਨੀ ਸਾਧੂ ਪਾਦਰੀ ਦੇ ਨਾਂ ਹੇਠ ਹੀ ਨਿਯੁਕਤ ਕੀਤਾ ਗਿਆ। ਉਸਦੇ ਆਤਮਿਕ ਜੀਵਨ ਲਈ ਇਹ ਇਕ ਮਹੱਤਵਪੂਰਣ ਘਟਨਾ ਸੀ। ਧਾਰਮਿਕ ਸੰਸਕਾਰਾਂ ਦੇ ਸਮੇਂ ਤਾਂ ਉਸਨੂੰ ਪਹਿਲਾਂ ਵੀ ਬੜੀ ਤਸੱਲੀ ਅਤੇ ਆਤਮਿਕ ਤੌਰ ਉਤੇ ਉੱਚੇ ਉੱਠਣ ਦਾ ਅਹਿਸਾਸ ਹੁੰਦਾ ਸੀ, ਪਰ ਹੁਣ ਜਦੋਂ ਉਸਨੂੰ ਖੁਦ ਪੂਜਾ ਕਰਵਾਉਣ ਦਾ ਮੌਕਾ ਮਿਲਦਾ ਤਾਂ ਉਸਦੀ ਆਤਮਾ ਖੁਸ਼ੀ ਨਾਲ ਝੂਮ ਉਠਦੀ। ਪਰ ਮਗਰੋਂ ਇਹ ਜਜ਼ਬਾ ਹੌਲੀ ਹੌਲੀ ਮਧਮ ਪੈਂਦਾ ਗਿਆ ਅਤੇ ਇਕ ਵੇਰਾਂ ਜਦੋਂ ਉਸਨੂੰ ਉਖੜੀ ਮਨੋ-ਸਥਿਤੀ ਵਿਚ, ਜਿਸਦਾ ਉਹ ਕਦੀ ਕਦੀ ਸ਼ਿਕਾਰ ਹੋ ਜਾਂਦਾ, ਪੂਜਾ ਕਰਾਉਣੀ ਪਈ ਤਾਂ ਉਸਨੇ ਮਹਿਸੂਸ ਕੀਤਾ ਕਿ ਇਸ ਖੁਸ਼ੀ ਦੇ ਜਜ਼ਬੇ ਦਾ ਵੀ ਅੰਤ ਹੋ ਜਾਏਗਾ। ਅਸਲ ਵਿਚ ਇਸ ਤਰ੍ਹਾਂ ਹੋਇਆ ਵੀ। ਇਹ ਜਜ਼ਬਾ ਮਧਮ ਪੈ ਗਿਆ, ਪਰ ਆਦਤ ਜਿਹੀ ਰਹਿ ਗਈ।
ਕੁੱਲ ਮਿਲਾਕੇ, ਮਠ ਦੇ ਸਤਵੇਂ ਸਾਲ ਵਿਚ ਉਸਨੂੰ ਬੜਾ ਅਕੇਵਾਂ ਜਿਹਾ ਮਹਿਸੂਸ ਹੋਣ ਲਗਾ। ਜੋ ਕੁਝ ਉਸਨੇ ਸਿਖਣਾ ਸੀ, ਜੋ ਕੁਝ ਉਸਨੇ ਹਾਸਲ ਕਰਨਾ ਸੀ, ਉਹ ਸਿੱਖ ਤੇ ਹਾਸਲ ਕਰ ਚੁੱਕਾ ਸੀ। ਕਰਨ ਲਈ ਕੁਝ ਵੀ ਬਾਕੀ ਨਹੀਂ ਰਹਿ ਗਿਆ ਸੀ।
ਪਰ ਦੂਸਰੇ ਪਾਸੇ ਸਿੱਥਲਤਾ ਦੀ ਇਹ ਮਨੋ-ਅਵਸਥਾ ਹੌਲੀ ਹੌਲੀ ਡੂੰਘੀ ਹੁੰਦੀ ਜਾ ਰਹੀ ਸੀ। ਏਸੇ ਸਮੇਂ ਦੇ ਦੌਰਾਨ ਉਸਨੂੰ ਆਪਣੀ ਮਾਂ ਦੀ ਮੌਤ ਤੇ ਮੇਰੀ ਦੇ ਵਿਆਹ ਦੀ ਖਬਰ ਮਿਲੀ। ਪਰ ਇਹਨਾਂ ਦੋਹਾਂ ਖਬਰਾਂ ਦਾ ਉਸਦੇ ਮਨ ਉਤੇ ਕੋਈ ਅਸਰ ਨਾ ਹੋਇਆ। ਉਸਦਾ ਸਾਰਾ ਧਿਆਨ, ਸਾਰੀ ਦਿਲਚਸਪੀ ਆਪਣੇ ਰੂਹਾਨੀ ਜੀਵਨ ਉਤੇ ਕੇਂਦਰਿਤ ਸੀ।
ਉਸਦੇ ਸਾਧੂ ਬਣਨ ਪਿਛੋਂ ਚੌਥੇ ਸਾਲ ਵਿਚ ਬਿਸ਼ਪ ਦੀ ਉਸ ਉਤੇ ਖਾਸ ਕਿਰਪਾ-ਦ੍ਰਿਸ਼ਟੀ ਹੋ ਗਈ ਤੇ ਗੁਰੂ ਨੇ ਉਸਨੂੰ ਕਿਹਾ ਕਿ ਜੇ ਉਸਨੂੰ ਕੋਈ ਉੱਚੀ ਪਦਵੀ ਦੇ ਦਿਤੀ ਜਾਏ, ਤਾਂ ਉਹ ਇਨਕਾਰ ਨਾ ਕਰੇ। ਉਸ ਸਮੇਂ ਸਾਧੂਆਂ ਦੀ ਉਸੇ ਪਦਲਾਲਸਾ ਨੇ, ਜਿਸਨੂੰ ਦੂਸਰੇ ਸਾਧੂਆਂ ਵਿਚ ਦੇਖਕੇ ਉਸਨੂੰ ਘਣਾ ਹੁੰਦੀ ਸੀ, ਉਸਦੀ ਆਤਮਾ ਵਿਚ ਸਿਰ ਚੁਕਿਆ। ਉਸਨੂੰ ਰਾਜਧਾਨੀ ਦੇ ਨੇੜੇ ਹੀ ਇਕ ਮਠ ਵਿਚ ਨਿਯੁਕਤ ਕੀਤਾ ਗਿਆ। ਉਸਨੇ ਇਨਕਾਰ ਕਰਨਾ ਚਾਹਿਆ, ਪਰ ਗੁਰੂ ਨੇ ਉਸਨੂੰ ਸਵੀਕਾਰ ਕਰਨ ਦਾ ਆਦੇਸ਼ ਦਿਤਾ। ਉਸਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਗੁਰੂ ਤੋਂ ਵਿਦਾਈ ਲੈ ਕੇ ਦੂਸਰੇ ਮਠ ਵਿਚ ਚਲਾ ਗਿਆ।
ਰਾਜਧਾਨੀ ਦੇ ਨਜ਼ਦੀਕੀ ਮਠ ਵਿਚ ਸੇਰਗਈ ਦਾ ਆਉਣਾ ਉਸਦੇ ਜੀਵਨ ਦੀ ਇਕ ਮਹੱਤਵਪੂਰਨ ਘਟਨਾ ਸੀ। ਇਥੇ ਹਰ ਤਰ੍ਹਾਂ ਦੀਆਂ ਕਈ ਲੋਭ-ਲਾਲਸਾਵਾਂ ਸਨ ਅਤੇ ਉਸਦੀ ਸਾਰੀ ਸ਼ਕਤੀ ਉਹਨਾਂ ਤੋਂ ਬਚਣ ਲਈ ਲਗੀ ਰਹਿੰਦੀ ਸੀ।
ਪਹਿਲੇ ਮਠ ਵਿੱਚ ਸੇਰਗਈ ਨੂੰ ਔਰਤਾਂ ਦੀ ਖਿੱਚ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ ਸੀ। ਪਰ ਇਥੇ ਇਹ ਖਿੱਚ ਪੂਰੇ ਜ਼ੋਰ ਨਾਲ ਸਾਮਣੇ ਆਈ, ਸਿਰਫ ਏਨਾ ਹੀ ਨਹੀਂ, ਉਸਨੇ ਇਕ ਨਿਸਚਿਤ ਰੂਪ ਤਕ ਧਾਰਨ ਕਰ ਲਿਆ। ਆਪਣੀਆਂ ਬੁਰੀਆਂ ਹਰਕਤਾਂ ਲਈ ਬਦਨਾਮ ਇਕ ਔਰਤ ਨੇ ਸੇਰਗਈ ਦਾ ਧਿਆਨ ਆਪਣੇ ਵੱਲ ਖਿਚਣਾ ਸ਼ੁਰੂ ਕਰ ਦਿਤਾ। ਉਸਨੇ ਸੇਰਗਈ ਨਾਲ ਗੱਲ-ਬਾਤ ਕੀਤੀ ਤੇ ਆਪਣੇ ਘਰ ਆਉਣ ਦਾ ਸੱਦਾ ਦਿਤਾ। ਸੇਰਗਈ ਨੇ ਦ੍ਰਿੜ੍ਹਤਾ ਨਾਲ ਇਨਕਾਰ ਕਰ ਦਿਤਾ, ਪਰ ਆਪਣੀ ਲਾਲਸਾ ਦੇ ਏਨੇ ਨਿਸ਼ਚਿਤ ਰੂਪ ਤੋਂ ਭੈ-ਭੀਤ ਹੋ ਉਠਿਆ। ਉਹ ਏਨਾ ਡਰਿਆ ਕਿ ਗੁਰੂ ਜੀ ਨੂੰ ਇਸ ਸੰਬੰਧੀ ਲਿਖ ਦਿਤਾ। ਪਰ ਉਸਨੂੰ ਇਸ ਨਾਲ ਹੀ ਸੰਤੋਖ ਨਾ ਆਇਆ ਤੇ ਆਪਣੇ ਆਪ ਨੂੰ ਹੋਰ ਨੀਵਾਂ ਕਰਨ ਲਈ ਉਸਨੇ ਆਪਣੇ ਇਕ ਜਵਾਨ ਸਹਾਇਕ ਸਾਧੂ ਨੂੰ ਬੁਲਾਇਆ, ਸ਼ਰਮ ਨਾਲ ਪਾਣੀ ਪਾਣੀ ਹੁੰਦਿਆਂ ਹੋਇਆਂ ਉਸਦੇ ਸਾਮ੍ਹਣੇ ਆਪਣੀ ਦੁਰਬਲਤਾ ਸਵੀਕਾਰ ਕੀਤੀ, ਉਸਨੂੰ ਇਹ ਪ੍ਰਾਰਥਨਾ ਕੀਤੀ ਕਿ ਉਹ ਉਸ ਉਤੇ ਕਰੜੀ ਨਜ਼ਰ ਰਖੇ ਤੇ ਉਸਨੂੰ ਪ੍ਰਾਰਥਨਾ ਤੇ ਗਿਰਜੇ ਦੇ ਕੰਮਾਂ-ਕਾਰਾਂ ਤੋਂ ਇਲਾਵਾ ਹੋਰ ਕਿਤੇ ਨਾ ਜਾਣ ਦੇਵੇ।
ਇਸ ਤੋਂ ਇਲਾਵਾ ਉਸਦੀ ਪ੍ਰੇਸ਼ਾਨੀ ਦਾ ਇਕ ਵੱਡਾ ਕਾਰਨ ਇਹ ਸੀ ਕਿ ਇਸ ਮਠ ਦਾ ਵੱਡਾ ਪਾਦਰੀ, ਜੋ ਬਹੁਤ ਦੁਨੀਆਂਦਾਰ, ਚਲਦਾ-ਪੁਰਜ਼ਾ ਤੇ ਪਦਲਾਲਸਾ ਵਾਲਾ ਬੰਦਾ ਸੀ, ਸੇਰਗਈ ਨੂੰ ਜ਼ਰਾ ਵੀ ਨਹੀਂ ਸੀ ਭਾਉਂਦਾ। ਬਹੁਤ ਕੋਸ਼ਿਸ਼ ਕਰਨ ਉਤੇ ਵੀ ਸੇਰਗਈ ਉਸਦੇ ਪ੍ਰਤੀ ਇਸ ਘ੍ਰਿਣਾ ਉਤੇ ਕਾਬੂ ਨਾ ਪਾ ਸਕਿਆ। ਉਹ ਬਰਦਾਸ਼ਤ ਕਰਦਾ ਸੀ, ਪਰ ਮਨ ਹੀ ਮਨ ਵਿਚ ਨਫ਼ਰਤ ਕਰਨ ਤੋਂ ਨਹੀਂ ਸੀ ਰਹਿ ਸਕਦਾ। ਤੇ ਇਹ ਗੁਨਾਹਭਰੀ ਭਾਵਨਾ ਇਕ ਦਿਨ ਉੱਭਰ ਕੇ ਸਾਹਮਣੇ ਆਈ।
ਨਵੇਂ ਮਠ ਵਿਚ ਆਉਣ ਤੋਂ ਇਕ ਸਾਲ ਪਿਛੋਂ ਇਹ ਘਟਨਾ ਵਾਪਰੀ। ਇੰਟਰਸੈਸ਼ਨ ਦੇ ਤਿਉਹਾਰ ਦੇ ਮੌਕੇ ਉਤੇ ਵੱਡੇ ਗਿਰਜੇ ਵਿਚ ਸ਼ਾਮ ਦੀ ਪ੍ਰਾਰਥਨਾ ਹੋ ਰਹੀ ਸੀ। ਬਹੁਤ ਭਾਰੀ ਗਿਣਤੀ ਵਿਚ ਲੋਕ ਆਏ ਹੋਏ ਸਨ। ਖੁਦ ਵੱਡਾ ਪਾਦਰੀ ਪੂਜਾ ਕਰਵਾ ਰਿਹਾ ਸੀ। ਸੇਰਗਈ ਉਸੇ ਜਗ੍ਹਾ ਖੜੋਤਾ ਹੋਇਆ ਸੀ, ਜਿਥੇ ਆਮ ਤੌਰ ਉਤੇ ਖੜੋਇਆ ਕਰਦਾ ਸੀ ਤੇ ਪ੍ਰਾਰਥਨਾ ਕਰ ਰਿਹਾ ਸੀ। ਇਹ ਕਹਿਣਾ ਠੀਕ ਹੋਵੇਗਾ ਕਿ ਉਹ ਮਾਨਸਿਕ ਸੰਘਰਸ਼ ਦੀ ਉਸ ਸਥਿਤੀ ਵਿਚ ਸੀ, ਜਿਸ ਵਿਚ ਖਾਸ ਕਰਕੇ ਵੱਡੇ ਗਿਰਜੇ ਵਿਚ ਪੂਜਾ ਦੇ ਸਮੇਂ (ਜਦੋਂ ਉਹ ਖੁਦ ਪੂਜਾ ਨਾ ਕਰਵਾ ਰਿਹਾ ਹੋਵੇ) ਹਮੇਸ਼ਾ ਹੁੰਦਾ ਸੀ। ਸੰਘਰਸ਼ ਇਹ ਸੀ ਕਿ ਉਥੇ ਆਏ ਲੋਕਾਂ, ਖਾਸ ਕਰਕੇ ਔਰਤਾਂ ਦੇ ਕਾਰਨ ਉਸਨੂੰ ਖਿੱਝ ਆ ਰਹੀ ਸੀ। ਉਹ ਕੋਸ਼ਿਸ਼ ਕਰ ਰਿਹਾ ਸੀ ਕਿ ਉਹਨਾਂ ਵੱਲ ਨਾ ਵੇਖੇ, ਗਿਰਜੇ ਵਿਚ ਜੋ ਕੁਝ ਹੋ ਰਿਹਾ ਸੀ ਉਸ ਵੱਲ ਧਿਆਨ ਨਾ ਦੇਵੇ, ਇਹ ਨਾ ਵੇਖੇ ਕਿ ਕਿਵੇਂ ਇਕ ਸਿਪਾਹੀ ਲੋਕਾਂ ਨੂੰ ਪਰੇ ਧੱਕਦਾ ਹੋਇਆ ਉਹਨਾਂ ਨੂੰ ਗਿਰਜੇ ਵਿਚ ਪੁਚਾਉਂਦਾ ਸੀ, ਕਿਸ ਤਰ੍ਹਾਂ ਔਰਤਾਂ ਸਾਧੂਆਂ ਵੱਲ ਇਸ਼ਾਰੇ ਕਰਕੇ ਉਹਨਾਂ ਨੂੰ ਇਕ ਦੂਸਰੀ ਨੂੰ ਦਿਖਾਉਂਦੀਆਂ ਸਨ- ਅਕਸਰ ਖੁਦ ਉਸ ਵੱਲ ਤੇ ਇਕ ਹੋਰ ਵੱਲ, ਜੋ ਸੋਹਣੇ ਚਿਹਰੇ ਕਰਕੇ ਮਸ਼ਹੂਰ ਸੀ, ਇਸ਼ਾਰੇ ਕੀਤੇ ਜਾਂਦੇ ਸਨ। ਉਹ ਆਪਣੀਆਂ ਨਜ਼ਰਾਂ ਸਾਮ੍ਹਣੇ ਇਕ ਪਰਦਾ ਜਿਹਾ ਪਾ ਲੈਣਾ ਚਾਹੁੰਦਾ ਸੀ, ਇਹ ਕੋਸ਼ਿਸ਼ ਵਿਚ ਸੀ ਕਿ ਦੇਵ ਮੂਰਤੀ ਵਾਲੀ ਦੀਵਾਰ ਦੇ ਕੋਲ ਜਗਦੀਆਂ ਮੋਮਬੱਤੀਆਂ ਦੀ ਲੋਅ, ਦੇਵ-ਮੂਰਤੀਆਂ ਤੇ ਪੂਜਾ ਕਰਾਉਣ ਵਾਲੇ ਪੁਜਾਰੀਆਂ ਦੇ ਇਲਾਵਾ ਹੋਰ ਕੁਝ ਨਾ ਵੇਖੇ, ਗਾਏ ਤੇ ਕਹੇ ਜਾਣ ਵਾਲੇ ਪੂਜਾ ਦੇ ਲਫ਼ਜ਼ਾਂ ਦੇ ਇਲਾਵਾ ਹੋਰ ਕੁਝ ਵੀ ਨਾ ਸੁਣੇ ਅਤੇ ਆਪਣੇ ਕਰੱਤਵਾਂ ਦੀ ਪੂਰਤੀ ਦੀ ਚੇਤਨਤਾ ਦੇ ਇਲਾਵਾ, ਜੋ ਕਈ ਵਾਰੀ ਸੁਣੀਆਂ ਪ੍ਰਾਥਨਾਵਾਂ ਨੂੰ ਸੁਣਦੇ ਹੋਏ, ਦੁਹਰਾਉਂਦੇ ਹੋਏ ਉਸਨੂੰ ਮਹਿਸੂਸ ਹੁੰਦੀ ਸੀ, ਕੋਈ ਹੋਰ ਭਾਵਨਾ ਮਨ ਵਿਚ ਨਾ ਆਉਣ ਦੇਵੇ।
ਸੇਰਗਈ ਇਸ ਤਰ੍ਹਾਂ ਖੜੋਤਾ ਹੋਇਆ ਜਿਥੇ ਜ਼ਰੂਰੀ ਹੁੰਦਾ ਸਿਰ ਝੁਕਾਉਂਦਾ ਤੇ ਸਲੀਬ ਦਾ ਨਿਸ਼ਾਨ ਬਣਾਉਂਦਾ ਤੇ ਕਦੀ ਤਾਂ ਕਠੋਰ ਨਿਖੇਧੀ ਕਰਦਾ ਹੋਇਆ ਅਤੇ ਕਦੀ ਜਾਣ ਬੁੱਝਕੇ ਆਪਣੀ ਵਿਚਾਰਾਂ ਅਤੇ ਭਾਵਨਾਵਾਂ ਨੂੰ, ਸੁੰਨ ਕਰਦਾ ਹੋਇਆ ਆਪਣੇ ਆਪ ਨਾਲ ਸੰਘਰਸ਼ ਕਰ ਰਿਹਾ ਸੀ। ਇਸ ਸਮੇਂ ਗਿਰਜੇ ਦਾ ਪ੍ਰਬੰਧਕ ਸਾਧੂ ਨਿਕੋਦੀਮ ਉਸ ਪਾਸ ਆਇਆ। ਸੇਰਗਈ ਲਈ ਉਹ ਵੀ ਖਿੱਝ ਦਾ ਇਕ ਹੋਰ ਵੱਡਾ ਕਾਰਨ ਸੀ ਤੇ ਉਹ ਅਚੇਤ ਹੀ ਵੱਡੇ ਪਾਦਰੀ ਦੀ ਚਾਪਲੂਸੀ ਤੇ ਖੁਸ਼ਾਮਦ ਦੇ ਲਈ ਉਸਦੀ ਨਿਖੇਧੀ ਕਰਦਾ ਸੀ। ਸਾਧੂ ਨਿਕੋਦੀਮ ਨੇ ਬਹੁਤ ਝੁਕ ਕੇ, ਦੂਹਰੇ ਹੁੰਦੇ ਹੋਏ ਸੇਰਗਈ ਨੂੰ ਪ੍ਰਣਾਮ ਕੀਤਾ ਤੇ ਕਿਹਾ ਕਿ ਵੱਡੇ ਪਾਦਰੀ ਨੇ ਉਸਨੂੰ ਆਪਣੇ ਪਾਸ ਵੇਦੀ ਉਤੇ ਬੁਲਾਇਆ ਹੈ। ਸੇਰਗਈ ਨੇ ਆਪਣਾ ਚੋਲਾ ਠੀਕ ਕੀਤਾ, ਟੋਪੀ ਪਾਈ ਤੇ ਬੜੀ ਸਾਵਧਾਨੀ ਨਾਲ ਭੀੜ ਵਿਚੋਂ ਦੀ ਨਿਕਲ ਗਿਆ।
"ਲੀਜ਼ਾ, ਖੱਬੇ ਪਾਸੇ ਦੇਖੋ, ਇਹ ਹੈ ਉਹ" ਉਸਨੂੰ ਕਿਸੇ ਔਰਤ ਦੀ ਆਵਾਜ਼ ਸੁਣਾਈ ਦਿਤੀ।
"ਕਿਥੇ, ਕਿਥੇ? ਉਹ ਤਾਂ ਏਨਾ ਸੋਹਣਾ ਨਹੀਂ ਹੈ।
ਉਸ ਨੂੰ ਪਤਾ ਸੀ ਕਿ ਇਹ ਸ਼ਬਦ ਉਸਦੇ ਬਾਰੇ ਹੀ ਕਹੇ ਗਏ ਹਨ। ਉਹਨਾਂ ਨੂੰ ਸੁਣਕੇ ਉਸਨੇ ਉਹਨਾਂ ਹੀ ਸ਼ਬਦਾਂ ਨੂੰ ਦ੍ਰਿੜਤਾ ਨਾਲ ਦੁਹਰਾਇਆ, ਜਿਨ੍ਹਾਂ ਨੂੰ ਉਹ ਲੋਭ-ਲਾਲਸਾ ਦੇ ਸਮੇਂ ਹਮੇਸ਼ਾ ਦੁਹਰਾਇਆ ਕਰਦਾ ਸੀ- "ਪ੍ਰਮਾਤਮਾ, ਸਾਨੂੰ ਲੋਭ-ਲਾਲਸਾਵਾਂ ਤੋਂ ਬਚਾਉ।" ਸਿਰ ਤੇ ਨਜ਼ਰਾਂ ਝੁਕਾਉਂਦੇ ਹੋਏ ਉਹ ਚਬੂਤਰੇ ਦੇ ਕੋਲੋਂ ਦੀ ਲੰਘਿਆ, ਉਸਨੇ ਪੂਰੀਆਂ ਬਾਹਾਂ ਵਾਲੇ ਚੋਲੇ ਪਾਏ ਹੋਏ ਗਵਈਆਂ ਦੇ ਆਲੇ ਦੁਆਲੇ, ਜੋ ਇਸ ਸਮੇਂ ਦੇਵ-ਮੂਰਤੀ ਵਾਲੀ ਕੰਧ ਦੇ ਕੋਲੋਂ ਦੀ ਲੰਘ ਰਹੇ ਸਨ, ਚੱਕਰ ਕੱਟਿਆ ਤੇ ਉਤਰੀ ਦਰਵਾਜ਼ੇ ਵਿਚ ਦਾਖਲ ਹੋਇਆ। ਵੇਦੀ ਤੇ ਪਹੁੰਚਕੇ ਉਸਨੇ ਪਰੰਪਰਾ ਦੇ ਅਨੁਸਾਰ ਦੇਵ-ਮੂਰਤੀ ਦੇ ਸਾਮ੍ਹਣੇ ਸਲੀਸ ਦਾ ਨਿਸ਼ਾਨ ਬਣਾਇਆ, ਬਹੁਤ ਝੁੱਕ ਕੇ ਪ੍ਰਣਾਮ ਕੀਤਾ ਤੇ ਇਸ ਪਿਛੋਂ ਸਿਰ ਉਨਹਾ ਵੰਡੇ ਪਾਦਰੀ ਤੇ ਉਸ ਦੇ ਨਾਲ ਖੜੋਤੇ ਚਮਕਦੇ-ਦਮਕਦੇ ਵਿਅਕਤੀ ਨੂੰ ਚੋਰੀ ਅੱਖੀਂ ਵੇਖਿਆ, ਪਰ ਚੁੱਪ ਰਿਹਾ।
ਵੱਡਾ ਪਦਾਰੀ ਕੰਧ ਪਾਸ ਖੜਾ ਸੀ। ਉਸਦੇ ਛੋਟੇ ਛੋਟੇ ਗੁਦਗੁਦੇ ਹੱਥ ਉਸਦੀ ਗੋਗੜ ਉਤੇ ਟਿਕੇ ਹੋਏ ਸਨ ਤੇ ਉਂਗਲੀਆਂ ਪੁਸ਼ਾਕ ਦੇ ਗੋਟੇ-ਤਿੱਲੇ ਨਾਲ ਛੇੜ-ਛਾੜ ਕਰ ਰਹੀਆਂ ਸਨ। ਉਹ ਸੁਨਹਿਰੀ ਗੋਟੇ ਤੇ ਮੋਢਿਆਂ ਉਤੇ ਫੀਤੀਆਂ ਵਾਲੀ ਜਰਨੈਲ ਦੀ ਵਰਦੀ ਪਾਈ ਵਿਅਕਤੀ ਨਾਲ ਗੱਲਾਂ ਕਰ ਰਿਹਾ ਸੀ। ਸੇਰਗਈ ਨੇ ਫੌਜੀ ਵਾਲੀ ਆਪਣੀ ਤਜਰਬਾਕਾਰ ਨਜ਼ਰ ਨਾਲ ਸਭ ਕੁਝ ਭਾਂਪ ਲਿਆ ਸੀ। ਇਹ ਜਰਨੈਲ ਕਦੀ ਉਹਨਾਂ ਦੀ ਰਜਮੰਟ ਦਾ ਕਮਾਂਡਰ ਹੁੰਦਾ ਸੀ। ਹੁਣ ਸ਼ਾਇਦ ਉਹ ਕਿਸੇ ਮਹੱਤਵਪੂਰਨ ਪਦ ਉਤੇ ਸੀ ਤੇ ਵੱਡੇ ਪਾਦਰੀ ਨੂੰ ਇਹ ਪਤਾ ਸੀ, ਜਿਸ ਤਰ੍ਹਾਂ ਕਿ ਪਾਦਰੀ ਸੇਰਗਈ ਦਾ ਇਸ ਗੱਲ ਵੱਲ ਫੌਰਨ ਧਿਆਨ ਗਿਆ ਸੀ। ਏਸੇ ਲਈ ਤਾਂ ਗੰਜੇ ਵੱਡੇ ਪਾਦਰੀ ਦਾ ਥਲਥਲ ਕਰਦਾ ਚਿਹਰਾ ਇਸ ਤਰ੍ਹਾਂ ਚਮਕ ਰਿਹਾ ਸੀ। ਸੇਰਗਾਈ ਦੇ ਦਿਲ ਨੂੰ ਇਸ ਨਾਲ ਠੇਸ ਪਹੁੰਚੀ, ਉਹ ਖਫਾ ਹੋ ਉਠਿਆ ਤੇ ਜਦੋਂ ਉਸਨੂੰ ਇਹ ਪਤਾ ਲਗਾ ਕਿ ਸਿਰਫ਼ ਜਰਨੈਲ ਦੀ ਉਤਸੁਕਤਾ ਪੂਰੀ ਕਰਨ ਲਈ, ਜਰਨੈਲ ਦੇ ਸ਼ਬਦਾਂ ਵਿਚ, ਆਪਣੇ ਪੁਰਾਣੇ ਸਾਥੀ ਨੂੰ ਵੇਖਣ ਦੀ ਉਸਦੀ ਇੱਛਾ ਪੂਰੀ ਕਰਨ ਲਈ, ਉਸਨੂੰ ਬੁਲਾਇਆ ਗਿਆ ਸੀ ਤਾਂ ਉਸਦਾ ਦੁੱਖ ਹੋਰ ਵੀ ਵਧ ਗਿਆ।
"ਫ਼ਰਿਸ਼ਤੇ ਦੇ ਰੂਪ ਵਿਚ ਤੁਹਾਨੂੰ ਵੇਖਕੇ ਬੜੀ ਖੁਸ਼ੀ ਹੋਈ, " ਜਰਨੈਲ ਨੇ ਸੇਰਗਈ ਵੱਲ ਹੱਥ ਵਧਾਉਂਦੇ ਹੋਏ ਕਿਹਾ, "ਆਸ ਕਰਦਾ ਹਾਂ ਕਿ ਆਪਣੇ ਪੁਰਾਣੇ ਸਾਥੀ ਨੂੰ ਭੁੱਲੇ ਨਹੀਂ ਹੋਵੋਗੇ।"
ਚਿੱਟੀ ਦਾੜ੍ਹੀ ਵਿਚ ਵੱਡੇ ਪਾਦਰੀ ਦਾ ਚਿਹਰਾ ਖਿੜਿਆ ਹੋਇਆ ਸੀ, ਜਿਵੇਂ ਕਿ ਜਰਨੈਲ ਦੇ ਸ਼ਬਦਾਂ ਦੀ ਤਾਈਦ ਕਰ ਰਿਹਾ ਹੋਵੇ। ਚੰਗੀ ਦੇਖ-ਭਾਲ ਕਰਕੇ ਜਰਨੈਲ ਦਾ ਚਮਕਦਾ ਚਿਹਰਾ ਅਤੇ ਉਸਦੀ ਆਤਮ-ਤੁਸ਼ਟ ਮੁਸਕਰਾਹਟ, ਉਸਦੇ ਮੂੰਹ ਵਿਚੋਂ ਸ਼ਰਾਬ ਦੀ ਅਤੇ ਕਲਮਾਂ ਵਿਚੋਂ ਸਿਗਰਟ ਦੀ ਬਦਬੂ-ਇਹਨਾਂ ਸਾਰੀਆਂ ਚੀਜ਼ਾਂ ਤੋਂ ਸੇਰਗਈ ਬੁਰੀ ਤਰ੍ਹਾਂ ਤਿਲਮਿਲਾ ਉਠਿਆ। ਉਸਨੇ ਦੁਬਾਰਾ ਵੱਡੇ ਪਾਦਰੀ ਸਾਮ੍ਹਣੇ ਸਿਰ ਝੁਕਾਇਆ ਤੇ ਕਿਹਾ:
"ਪੂਜਨੀਕ, ਤੁਸਾਂ ਮੈਨੂੰ ਯਾਦ ਫੁਰਮਾਇਆ ਸੀ?" ਉਹ ਰੁਕਿਆ ਤੇ ਉਸਦਾ ਚਿਹਰਾ ਤੇ ਅੰਦਾਜ਼ ਜਿਵੇਂ ਪੁੱਛ ਰਹੇ ਸਨ-ਕਿਸ ਲਈ?
ਵੱਡਾ ਪਾਦਰੀ ਬੋਲਿਆ:
"ਹਾਂ, ਜਰਨੈਲ ਨੂੰ ਮਿਲਣ ਲਈ।"
"ਪੂਜਨੀਕ, ਮੈਂ ਤਾਂ ਲੋਭ-ਲਾਲਸਾਵਾਂ ਤੋਂ ਬਚਣ ਲਈ ਹੀ ਦੁਨੀਆਂ ਛੱਡੀ ਸੀ, " ਉਸਨੇ ਫੱਕ ਹੋਏ ਚਿਹਰੇ ਤੇ ਕੰਬਦੇ ਹੋਠਾਂ ਨਾਲ ਕਿਹਾ, "ਤੁਸੀਂ ਗਿਰਜੇਘਰ ਵਿਚ ਤੇ ਫਿਰ ਪ੍ਰਾਰਥਨਾ ਦੇ ਸਮੇਂ ਮੈਨੂੰ ਕਿਉਂ ਇਹਨਾਂ ਵੱਲ ਧਕੇਲਦੇ ਹੋ?"
"ਹੱਛਾ, ਤਾਂ ਜਾਉ, ਜਾਉ," ਤਿਊੜੀਆਂ ਪਾਉਂਦੇ ਤੇ ਗੁੱਸੇ ਵਿਚ ਆਉਂਦੇ ਹੋਏ ਵੱਡੇ ਪਾਦਰੀ ਨੇ ਕਿਹਾ।
ਅਗਲੇ ਦਿਨ ਸੋਗਈ ਨੇ ਵੱਡੇ ਪਾਦਰੀ ਤੇ ਧਰਮ-ਭਰਾਵਾਂ ਤੋਂ ਘੁਮੰਡ ਲਈ ਮੁਆਫੀ ਮੰਗੀ ਤੇ ਨਾਲ ਹੀ ਪ੍ਰਾਰਥਨਾ ਵਿਚ ਗੁਜ਼ਾਰੀ ਗਈ ਰਾਤ ਦੇ ਪਿਛੋਂ ਇਹ ਫੈਸਲਾ ਕੀਤਾ ਕਿ ਉਸਨੂੰ ਇਹ ਮਠ ਛੱਡ ਦੇਣਾ ਚਾਹੀਦਾ ਹੈ। ਇਸ ਬਾਰੇ ਉਸਨੇ ਆਪਣੇ ਗੁਰੂ ਨੂੰ ਖ਼ਤ ਲਿਖਿਆ ਤੇ ਉਸ ਵਿਚ ਪ੍ਰਾਰਥਨਾ ਕੀਤੀ ਕਿ ਉਸਨੂੰ ਉਸੇ ਮਠ ਵਿਚ ਵਾਪਸ ਜਾਣ ਦੀ ਇਜਾਜ਼ਤ ਦਿਤੀ ਜਾਵੇ। ਉਸਨੇ ਲਿਖਿਆ ਕਿ ਗੁਰੂ ਦੀ ਸਹਾਇਤਾ ਦੇ ਬਗੈਰ ਲੋਭ-ਲਾਲਸਾਵਾਂ ਦੇ ਵਿਰੁੱਧ ਸੰਘਰਸ਼ ਕਰਨ ਵਿਚ ਆਪਣੇ ਆਪ ਨੂੰ ਕਮਜ਼ੋਰ ਤੇ ਅਸਮਰੱਥ ਸਮਝ ਰਿਹਾ ਹਾਂ। ਉਸਨੇ ਹੰਕਾਰੀ ਹੋਣ ਦੇ ਆਪਣੇ ਪਾਪ ਨੂੰ ਵੀ ਸਵੀਕਾਰ ਕੀਤਾ। ਅਗਲੀ ਡਾਕ ਵਿਚ ਗੁਰੂ ਦਾ ਖ਼ਤ ਆ ਗਿਆ, ਜਿਸ ਵਿਚ ਉਹਨਾਂ ਨੇ ਲਿਖਿਆ ਸੀ ਕਿ ਹੰਕਾਰ ਹੀ ਉਸ ਦੀਆਂ ਸਾਰੀਆਂ ਮੁਸੀਬਤਾਂ ਲਈ ਜਿੰਮੇਵਾਰ ਹੈ। ਗੁਰੂ ਨੇ ਸਪਸ਼ਟ ਕੀਤਾ ਸੀ ਕਿ ਉਹ ਸਿਰਫ ਇਸ ਲਈ ਭੜਕ ਉਠਿਆ ਸੀ ਕਿ ਉਸ ਨੇ ਪ੍ਰਮਾਤਮਾ ਦੇ ਨਾਂ ਉਤੇ ਧਾਰਮਿਕ ਪਦ ਦਾ ਤਿਆਗ ਕਰਕੇ ਨਿਮਰਤਾ ਨਹੀਂ ਵਿਖਾਈ ਸੀ, ਸਗੋਂ ਆਪਣੇ ਘੁਮੰਡ ਦਾ ਵਿਖਾਵਾ ਕਰਨ ਲਈ, ਇਹ ਵਿਖਾਉਣ ਦੀ ਖਾਤਰ ਕਿ ਵੇਖੋ ਮੈਂ ਕਿਸ ਤਰ੍ਹਾਂ ਦਾ ਹਾਂ, ਮੈਨੂੰ ਕਿਸੇ ਵੀ ਚੀਜ਼ ਦੀ ਤਮੰਨਾ ਨਹੀਂ ਹੈ। ਇਸ ਲਈ ਉਹ ਵੱਡੇ ਪਾਦਰੀ ਦੀ ਹਰਕਤ ਨੂੰ ਸਹਿਣ ਨਹੀਂ ਸੀ ਕਰ ਸਕਿਆ। ਉਸਦੇ ਮਨ ਵਿਚ ਇਹ ਖਿਆਲ ਆ ਗਿਆ ਸੀ ਕਿ ਮੈਂ ਤਾਂ ਪ੍ਰਮਾਤਮਾ ਦੇ ਨਾਂ ਉਤੇ ਸਭ ਕੁਝ ਤਿਆਗ ਦਿਤਾ ਹੈ ਤੇ ਇਹ ਇਕ ਜਾਨਵਰ ਦੀ ਤਰ੍ਹਾਂ ਮੇਰਾ ਪ੍ਰਦਰਸ਼ਨ ਕਰ ਰਹੇ ਹਨ। "ਅਗਰ ਤੂੰ ਪ੍ਰਮਾਤਮਾ ਦੇ ਨਾਂ ਉਤੇ ਉਨਤੀ ਵਲੋ ਮੂੰਹ ਮੋੜਿਆ ਹੁੰਦਾ, ਤਾਂ ਤੂੰ ਇਹ ਸਹਿਣ ਕਰ ਗਿਆ ਹੁੰਦਾ। ਅਜੇ ਤੇਰਾ ਦੁਨਿਆਵੀ ਘੁਮੰਡ ਦੂਰ ਨਹੀਂ ਹੋਇਆ। ਬੇਟਾ ਸੇਰਗਈ ਮੈਂ ਤੇਰੇ ਬਾਰੇ ਸੋਚਿਆ ਹੈ, ਤੇਰੇ ਲਈ ਪ੍ਰਾਰਥਨਾ ਕੀਤੀ ਤੇ ਪ੍ਰਮਾਤਮਾ ਨੇ ਮੈਨੂੰ ਤੇਰੇ ਲਈ ਇਹ ਰਸਤਾ ਦਸਿਆ-ਪਹਿਲੇ ਦੀ ਤਰ੍ਹਾਂ ਹੀ ਜੀਓ ਅਤੇ ਸਨਿਮਰ ਬਣੋ। ਹੁਣੇ ਹੁਣੇ ਇਹ ਪਤਾ ਲਗਾ ਹੈ ਕਿ ਪਵਿੱਤਰ ਆਤਮਾ ਤਪਸਵੀ ਇਲਾਰੀਉਨ ਆਪਣੀ ਕੋਠੜੀ ਵਿਚ ਸੁਰਗਵਾਸ ਹੋ ਗਿਆ ਹੈ। ਉਹ ਅਠ੍ਹਾਰਾਂ ਸਾਲ ਤਕ ਉਥੇ ਰਹੇ ਸਨ। ਤਾਮਬੀਨੋ ਮਨ ਦੇ ਵੱਡੇ ਪਾਦਰੀ ਨੇ ਪੁੱਛਿਆ ਹੈ ਕਿ ਕੀ ਕੋਈ ਧਰਮ ਭਰਾ ਉਥੇ ਰਹਿਣ ਦਾ ਇੱਛੁਕ ਨਹੀਂ ਹੈ? ਤੇਰਾ ਖ਼ਤ ਮੇਰੇ ਸਾਮ੍ਹਣੇ ਪਿਆ ਸੀ। ਤੂੰ ਤਾਮਬੀਨੋ ਦੇ ਵੱਡੇ ਪਾਦਰੀ ਪਾਇਸੀ ਪਾਸ ਚਲਾ ਜਾ, ਮੈਂ ਉਸਨੂੰ ਖ਼ਤ ਲਿਖ ਦੇਵਾਂਗਾ ਤੇ ਤੂੰ ਉਸਨੂੰ ਕਹੀਂ ਕਿ ਮੈਂ ਇਲਾਰੀਉਣ ਦੀ ਕੋਠੜੀ ਵਿਚ ਰਹਿਣਾ ਚਾਹੁੰਦਾ ਹਾਂ। ਇਹ ਗੱਲ ਨਹੀਂ ਹੈ ਕਿ ਤੂੰ ਇਲਾਰੀਉਨ ਦੀ ਜਗ੍ਹਾ ਲੈ ਸਕਦਾ ਹੈ, ਪਰ ਆਪਣੇ ਹੰਕਾਰ ਉਤੇ ਕਾਬੂ ਪਾਉਣ ਲਈ ਤੈਨੂੰ ਇਕਾਂਤਵਾਸ ਦੀ ਜ਼ਰੂਰਤ ਹੈ। ਪ੍ਰਮਾਤਮਾ ਤੇਰਾ ਭਲਾ ਕਰੇ।
ਸੇਰਗਈ ਨੇ ਗੁਰੂ ਦਾ ਹੁਕਮ ਮੰਨਿਆ, ਵੱਡੇ ਪਾਦਰੀ ਨੂੰ ਖ਼ਤ ਵਿਖਾਇਆ ਤੇ ਉਸਦੀ ਇਜਾਜ਼ਤ ਨਾਲ ਆਪਣੀ ਕੋਠੜੀ ਤੇ ਚੀਜ਼ਾਂ ਮਨ ਨੂੰ ਸੌਂਪ ਕੇ ਤਾਮਬੀਨੋ ਵੱਲ ਤੁਰ ਪਿਆ।
ਤਾਮਬੀਨੋ ਮਠ ਦਾ ਵੱਡਾ ਪਾਦਰੀ ਵਿਉਪਾਰੀ ਵਰਗ ਦਾ ਵਧੀਆ ਪ੍ਰਬੰਧਕ ਸੀ। ਉਹ ਸਿੱਧੇ-ਸਾਦੇ ਢੰਗ ਨਾਲ ਸੇਰਗਈ ਨੂੰ ਮਿਲਿਆ ਤੇ ਉਸਨੂੰ ਇਲਾਰੀਉਣ ਦੀ ਕੋਠੜੀ ਵਿਚ ਵਸਾ ਦਿਤਾ। ਸ਼ੁਰੂ ਵਿਚ ਉਸਨੇ ਉਸਨੂੰ ਧਰਮ-ਭਰਾ ਵੀ ਉਸਦੀ ਦੇਖ ਭਾਲ ਲਈ ਦਿਤਾ, ਪਰ ਪਿਛੋਂ ਸੇਰਗਈ ਦੀ ਇੱਛਾ ਅਨੁਸਾਰ ਉਸਨੂੰ ਇਕੱਲਿਆਂ ਛੱਡ ਦਿਤਾ ਗਿਆ। ਕੋਠੜੀ ਪਹਾੜ ਵਿਚ ਖੋਦੀ ਹੋਈ ਗੁਫਾ ਸੀ। ਇਲਾਰੀਉਨ ਨੂੰ ਉਥੇ ਹੀ ਦਫਨਾਇਆ ਗਿਆ ਸੀ। ਪਿਛਲੇ ਹਿੱਸੇ ਵਿਚ ਇਲਾਰੀਉਨ ਦੀ ਕਬਰ ਸੀ ਤੇ ਅਗਲੇ ਹਿੱਸੇ ਵਿਚ ਸੌਣ ਲਈ ਇਕ ਆਲਾ ਸੀ, ਜਿਸ ਵਿਚ ਘਾਹ-ਫੂਸ ਦਾ ਗੱਦਾ ਵਿਛਿਆ ਹੋਇਆ ਸੀ, ਛੋਟੀ ਜਿਹੀ ਮੇਜ਼ ਸੀ ਤੇ ਇਕ ਸ਼ੈਲਫ ਉਤੇ ਦੇਵ-ਮੂਰਤੀਆਂ ਤੇ ਕਿਤਾਬਾਂ ਰਖੀਆਂ ਹੋਈਆਂ ਸਨ। ਕੋਠੜੀ ਦੇ ਬਾਹਰਲੇ ਦਰਵਾਜ਼ੇ ਨੂੰ ਤਾਲਾ ਲਾਇਆ ਜਾ ਸਕਦਾ ਸੀ ਤੇ ਉਸਦੇ ਪਾਸ ਹੀ ਇਕ ਸ਼ੈਲਫ ਸੀ, ਜਿਸ ਉਤੇ ਕੋਈ ਸ਼ਾਧੂ ਦਿਨ ਵਿਚ ਇਕ ਵਾਰ ਮਠ ਤੋਂ ਭੋਜਨ ਲਿਆ ਕੇ ਰੱਖ ਦਿੰਦਾ ਸੀ।
ਇਸ ਤਰ੍ਹਾਂ ਪਾਦਰੀ ਸੇਰਗਈ ਏਕਾਂਤਵਾਸੀ ਹੋ ਗਿਆ।
4
ਸੇਰਗਈ ਦੇ ਇਕਾਂਤਵਾਸ ਦੇ ਛੇਵੇਂ ਸਾਲ ਵਿਚ ਸ਼ਰਵਟਾਇਡ ਤਿਉਹਾਰ ਦੇ ਮੌਕੇ ਉਤੇ ਨੇੜਲੇ ਸ਼ਹਿਰ ਦੇ ਕੁਝ ਧਨੀ ਲੋਕ ਮੌਜ-ਮੇਲਾ ਮਨਾਉਣ ਲਈ ਇਕੱਠੇ ਹੋਏ। ਰੂਸੀ ਪੂੜਿਆਂ ਤੇ ਸ਼ਰਾਬ ਦੀ ਦਾਅਵਤ ਤੋਂ ਪਿਛੋਂ ਸਾਰੇ ਆਦਮੀ ਤੇ ਔਰਤਾਂ ਸਲੈਜਾਂ ਵਿਚ ਸੈਰ-ਸਪਾਟੇ ਲਈ ਚੱਲ ਪਏ। ਇਹਨਾਂ ਵਿਚ ਦੋ ਵਕੀਲ ਸਨ, ਇਕ ਧਨਾਢ ਜ਼ਿਮੀਂਦਾਰ, ਇਕ ਅਫਸਰ ਤੇ ਚਾਰ ਔਰਤਾਂ ਸਨ। ਇਕ ਅਫਸਰ ਦੀ ਅਤੇ ਦੁਸਰੀ ਜ਼ਿਮੀਂਦਾਰ ਦੀ ਬੀਵੀ ਸੀ, ਤੀਸਰੀ ਜ਼ਿਮੀਂਦਾਰ ਦੀ ਕੁਆਰੀ ਭੈਣ ਤੇ ਚੌਥੀ ਇਕ ਬਹੁਤ ਹੀ ਸੋਹਣੀ ਤੇ ਧਨਾਢ ਔਰਤ ਸੀ। ਜਿਸਦਾ ਤਲਾਕ ਹੋ ਚੁਕਾ ਸੀ। ਉਹ ਬੜੀ ਅਜੀਬ ਜਿਹੀ ਔਰਤ ਸੀ ਤੇ ਆਪਣੇ ਰੰਗ-ਢੰਗ ਨਾਲ ਸ਼ਹਿਰਵਾਸੀਆਂ ਨੂੰ ਚਕ੍ਰਿਤ ਕਰਦੀ ਰਹਿੰਦੀ ਸੀ ਤੇ ਸਨਸਨੀ ਪੈਦਾ ਕਰਦੀ ਰਹਿੰਦੀ ਸੀ।
ਮੌਸਮ ਬਹੁਤ ਹੀ ਸੁਹਾਵਣਾ ਸੀ, ਸੜਕ ਸਾਫ ਸਪਾਟ ਸੀ। ਸ਼ਹਿਰ ਤੋਂ ਕੋਈ ਦਸ ਕੁ ਵਰਸਟ ਦੂਰ ਉਹਨਾਂ ਨੇ ਸਲੈੱਜਾਂ ਰੋਕੀਆਂ ਤੇ ਇਹ ਸਲਾਹ ਕਰਨ ਲਗੇ-ਅੱਗੇ ਚਲਿਆ ਜਾਏ ਜਾਂ ਵਾਪਸ।
"ਇਹ ਸੜਕ ਕਿਹੜੇ ਪਾਸੇ ਜਾਂਦੀ ਹੈ?" ਤਲਾਕ-ਸ਼ੁਦਾ ਸੁੰਦਰੀ ਮਾਕੋਵਕੀਨਾ ਨੇ ਪੁੱਛਿਆ।
"ਤਾਮਬੀਨੋ, ਇਥੋਂ ਬਾਰ੍ਹਾਂ ਵਰਸਟ ਹੈ, " ਉਸ ਦੇ ਆਸ਼ਕ ਵਕੀਲ ਨੇ ਕਿਹਾ।
"ਉਸ ਤੋਂ ਪਿਛੋਂ?"
"ਉਸ ਤੋਂ ਪਿਛੋਂ ਇਹ ਸੜਕ ਮਠ ਦੇ ਕੋਲੋਂ ਦੀ ਲੰਘਦੀ ਹੋਈ ਜਾਂਦੀ ਹੈ।"
"ਉਸੇ ਮਠ ਦੇ ਕੋਲੋਂ ਦੀ ਜਿਥੇ ਇਹ ਪਾਦਰੀ ਸੈਰਰਈ ਰਹਿੰਦਾ ਹੈ?"
"ਹਾਂ"
"ਕਸਾਤਸਕੀ? ਉਹ ਹੀ ਸੋਹਣਾ ਇਕਾਂਤਵਾਸੀ?"
"ਹਾਂ"
"ਬੀਬੀਓ ਤੇ ਸੱਜਣੋ! ਅਸੀਂ ਕਸਾਤਸਕੀ ਕੋਲ ਚਲਦੇ ਹਾਂ। ਤਾਮਬੀਨੋ ਹੀ ਕੁਝ ਖਾਵਾਂਗੇ, ਪੀਵਾਂਗੇ, ਆਰਾਮ ਕਰਾਂਗੇ।"
"ਪਰ ਫਿਰ ਰਾਤ ਹੁੰਦਿਆਂ ਤਕ ਅਸੀਂ ਘਰ ਵਾਪਸ ਨਹੀਂ ਜਾ ਸਕਾਂਗੇ।"
"ਕੋਈ ਗੱਲ ਨਹੀਂ, ਕਸਾਤਸਕੀ ਕੋਲ ਹੀ ਰਾਤ ਕੱਟਾਂਗੇ।"
"ਹਾਂ, ਉਥੇ ਮਠ ਦਾ ਇਕ ਚੰਗਾ ਹੋਸਟਲ ਵੀ ਹੈ। ਮਾਖੀਨ ਦੇ ਮੁਕੱਦਮੇ ਦੀ ਪੈਰਵੀ ਕਰਦੇ ਸਮੇਂ ਮੈਂ ਉਥੇ ਹੀ ਰਿਹਾ ਸਾਂ।"
"ਨਹੀਂ, ਮੈਂ ਤਾਂ ਕਸਾਤਸਕੀ ਕੋਲ ਹੀ ਰਾਤ ਕੱਟਾਂਗੀ।"
"ਆਪਣੀ ਸਰਬ-ਸ਼ਕਤੀਮਾਣਤਾ ਦੇ ਬਾਵਜੂਦ ਵੀ ਤੁਹਾਡੇ ਲਈ ਐਸਾ ਕਰ ਸਕਣਾ ਨਾਮੁਮਕਿਨ ਹੈ।"
"ਨਾਮੁਮਕਿਨ ਹੈ, ਤਾਂ ਸ਼ਰਤ ਹੋ ਜਾਏ।"
"ਹੋ ਜਾਏ। ਜੇ ਤੁਸੀਂ ਉਸ ਕੋਲ ਰਾਤ ਕੱਟ ਲਵੋ ਤਾਂ ਜੋ ਮੰਗੋਗੇ, ਉਹੀ ਦੇਵਾਂਗਾ।"
'ਪੱਕੀ ਗੱਲ।"
"ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਕਰੋਗੇ।"
"ਹਾਂ, ਹਾਂ। ਤਾਂ ਚਲੋ।
ਉਹਨਾਂ ਨੇ ਕੋਚਵਾਨਾਂ ਨੂੰ ਸ਼ਰਾਬ ਪਿਆਈ ਅਤੇ ਆਪਣੇ ਲਈ ਕੇਕਾਂ, ਸ਼ਰਾਬ ਦੀਆਂ ਬੋਤਲਾਂ ਅਤੇ ਟਾਫੀਆਂ ਨਾਲ ਭਰੀ ਇਕ ਟੋਕਰੀ ਨਾਲ ਲੈ ਲਈ। ਔਰਤਾਂ ਆਪਣੇ ਫਰ ਕੋਟਾਂ ਵਿਚ ਗੁੱਛਾ-ਮੁੱਛਾ ਜਿਹੀਆਂ ਹੋ ਗਈਆਂ। ਕੋਚਵਾਨ ਆਪਸ ਵਿਚ ਬਹਿਸਣ ਲਗੇ ਕਿ ਸਭ ਤੋਂ ਅੱਗੇ ਕਿਸ ਦੀ ਸਲੈੱਜ ਹੋਵੇਗੀ। ਉਹਨਾਂ ਵਿਚ ਇਕ, ਜਿਹੜਾ ਜਵਾਨ ਸੀ, ਸ਼ਾਨ ਨਾਲ ਆਪਣੀ ਸੀਟ ਉਤੇ ਇਕ ਪਾਸੇ ਮੁੜਿਆ, ਉਸਨੇ ਆਪਣਾ ਲੰਮਾ ਚਾਬੁਕ ਉਲਾਰਿਆ ਅਤੇ ਚਿੱਲਾ ਕੇ ਘੋੜੇ ਨੂੰ ਹੱਕਿਆ। ਘੋੜੇ ਦੀਆਂ ਟੱਲੀਆਂ ਟਨਟਨਾ ਉਠੀਆਂ ਅਤੇ ਸਲੈੱਜ ਦੇ ਹੇਠਲੇ ਹਿੱਸੇ ਜ਼ੋਰ ਨਾਲ ਘਸੀਟੇ ਜਾਣ ਲਗੇ
ਸਲੈੱਜਾਂ ਕੁਝ ਕੁਝ ਕੰਬ ਰਹੀਆਂ ਸਨ, ਹਿਚਕੋਲੇ ਖਾ ਰਹੀਆਂ ਸਨ। ਪਾਸੇ ਦਾ ਘੋੜਾ ਬੜੀ ਤੇਜ਼ੀ ਅਤੇ ਇਕ-ਤਾਰੇ ਆਪਣੀ ਬਨ੍ਹੀ ਹੋਈ ਪੂਛ ਨੂੰ ਸੋਹਣੇ ਸਾਜ ਤੋਂ ਉਪਰ ਚੁੱਕੀ ਫਟਾ-ਫਟ ਦੌੜੀ ਜਾ ਰਿਹਾ ਸੀ। ਸਾਫ-ਸਪਾਟ ਰਸਤਾ ਤੇਜ਼ੀ ਨਾਲ ਪਿਛੇ ਰਹਿੰਦਾ ਜਾ ਰਿਹਾ ਸੀ। ਬਾਂਕਾ ਨੌਜਵਾਨ ਲਗਾਮਾਂ ਨਾਲ ਖੇਡਾਂ ਜਿਹੀਆਂ ਕਰ ਰਿਹਾ ਸੀ। ਮਾਕੋਵਕਿਨਾ ਤੇ ਉਸਦੇ ਪਾਸੇ ਬੈਠੀ ਔਰਤ ਦੇ ਸਾਹਮਣੇ ਬੈਠਾ ਵਕੀਲ ਤੇ ਅਫਸਰ ਕੁਝ ਬਕ-ਬਕ ਕਰਦੇ ਜਾ ਰਹੇ ਸਨ। ਖੁਦ ਮਾਕੇਵਤਿਨਾ ਫ਼ਰ ਕੋਟ ਵਿਚ ਗੁੱਛਾ-ਮੁੱਛਾ ਹੋਈ, ਅਹਿੱਲ ਬੈਠੀ ਹੋਈ ਸੋਚ ਰਹੀ ਸੀ: "ਹਮੇਸ਼ਾ ਇਹੋ ਕੁਝ ਹੀ ਹੁੰਦਾ ਹੈ, ਇਸੇ ਤਰ੍ਹਾਂ ਦੀ ਗੰਦਗੀ ਨਾਲ ਵਾਹ ਪਿਆ ਰਹਿੰਦੈ। ਸ਼ਰਾਬ ਤੇ ਤੰਬਾਕੂ ਦੀ ਬਦਬੂ ਵਾਲੇ ਚਮਕਦੇ ਲਾਲ ਚਿਹਰੇ, ਉਹੀ ਇਕੋ ਤਰ੍ਹਾਂ ਦੇ ਲਫ਼ਜ਼, ਉਹੀ ਇਕੋ ਤਰ੍ਹਾਂ ਦੇ ਵਿਚਾਰ ਤੇ ਸਭ ਕੁਝ ਗੰਦਗੀ ਦੇ ਆਸ-ਪਾਸ ਹੀ ਚੱਕਰ ਕੱਟਦਾ ਰਹਿੰਦੈ। ਇਹ ਸਭ ਇਸ ਨਾਲ ਖੁਸ਼ ਹਨ; ਇਹਨਾਂ ਨੂੰ ਇਸ ਗੱਲ ਦਾ ਯਕੀਨ ਵੀ ਹੈ ਕਿ ਇਸੇ ਤਰ੍ਹਾਂ ਹੋਣਾ ਚਾਹੀਦਾ ਹੈ ਤੇ ਇਹ ਜ਼ਿੰਦਗੀ ਭਰ ਇਸੇ ਤਰ੍ਹਾਂ ਜਿਉ ਵੀ ਸਕਦੇ ਹਨ। ਪਰ ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ, ਮੈਨੂੰ ਅਕੇਵਾਂ ਮਹਿਸੂਸ ਹੁੰਦਾ ਹੈ। ਮੈਂ ਤਾਂ ਐਸਾ ਚਾਹੁੰਦੀ ਹਾਂ ਕਿ ਇਹ ਸਭ ਕੁਝ ਤਬਾਹ ਹੋ ਜਾਏ, ਉਲਟ-ਪੁਲਟ ਜਾਏ। ਬੇਸ਼ਕ ਕੁਝ ਉਸੇ ਤਰ੍ਹਾਂ ਦੀ ਚੀਜ਼ ਹੋ ਜਾਏ, ਜਿਸ ਤਰ੍ਹਾਂ ਦੀ ਕਿ ਸ਼ਾਇਦ ਸਰਾਤੋਵ ਵਿਚ ਹੋਈ ਸੀ; ਉਹ ਲੋਕ ਕਿਤੇ ਚਲ ਪਏ ਤੇ ਠੰਡ ਵਿਚ ਜੰਮ ਕੇ ਰਹਿ ਗਏ। ਐਸੀ ਹਾਲਤ ਵਿਚ ਸਾਡੇ ਲੋਕ ਕੀ ਕਰਦੇ? ਕਿਸ ਤਰ੍ਹਾਂ ਦਾ ਵਿਹਾਰ ਹੁੰਦਾ ਇਹਨਾਂ ਦਾ? ਸ਼ਾਇਦ, ਬਹੁਤ ਹੀ ਘਟੀਆ। ਹਰ ਕੋਈ ਆਪਣੀ ਹੀ ਸੋਚਦਾ। ਹਾਂ, ਖ਼ੁਦ ਮੈਂ ਵੀ ਘਟੀਆਪਣ ਹੀ ਦਿਖਾਉਂਦੀ। ਪਰ ਘੱਟੋ ਘੱਟ ਮੈਂ ਖੂਬਸੂਰਤ ਤਾਂ ਹਾਂ। ਇਹ ਏਨਾ ਤਾਂ ਜਾਣਦੇ ਹੀ ਹਨ ਅਤੇ ਉਹ ਸੰਨਿਆਸੀ? ਕੀ ਉਹ ਹੁਣ ਇਹ ਚੀਜ਼ ਨਹੀਂ ਸਮਝਦਾ? ਨਹੀਂ; ਐਸਾ ਨਹੀਂ ਹੋ ਸਕਦਾ। ਇਹੋ ਤਾਂ ਇਕ ਚੀਜ਼ ਹੈ, ਜੋ ਉਹ ਸਮਝਦੇ ਹਨ। ਪੱਤਝੜ ਦੇ ਦਿਨਾਂ ਵਿਚ ਉਸ ਕੈਡੇਟ ਦੀ ਤਰ੍ਹਾਂ। ਕੈਸਾ ਉੱਲੂ ਸੀ ਉਹ..."
"ਈਵਾਨ ਨਿਕੋਲਾਈਵਿਚ" ਉਹ ਬੋਲੀ।
"ਕੀ ਹੁਕਮ ਹੈ ਸਰਕਾਰ?"
"ਕਿੰਨੀ ਉਮਰ ਹੈ ਉਸਦੀ?"
"ਕਿਸ ਦੀ?"
"ਕਸਾਤਸਕੀ ਦੀ?"
"ਮੇਰੇ ਖਿਆਲ ਵਿਚ ਚਾਲ੍ਹੀ ਤੋਂ ਕੁਝ ਉਪਰ।"
"ਕੀ ਉਹ ਸਾਰਿਆਂ ਨਾਲ ਮੁਲਾਕਾਤ ਕਰਦਾ ਹੈ?"
"ਸਾਰਿਆਂ ਨਾਲ, ਹਰ ਸਮੇਂ ਨਹੀਂ।"
"ਮੇਰੇ ਪੈਰ ਢੱਕ ਦੇਵੋ। ਇਸ ਤਰ੍ਹਾਂ ਨਹੀਂ। ਕਿਸ ਤਰ੍ਹਾਂ ਦੇ ਅਨਾੜੀ ਹੋ ਤੁਸੀਂ। ਹੋਰ ਚੰਗੀ ਤਰ੍ਹਾਂ, ਹੋਰ ਚੰਗੀ ਤਰ੍ਹਾਂ ਢੱਕੋ, ਇਸ ਤਰ੍ਹਾਂ। ਮੇਰੇ ਪੈਰਾਂ ਨੂੰ ਦਬਾਉਣ ਦੀ ਜ਼ਰੂਰਤ ਨਹੀਂ।" ਇਸੇ ਤਰ੍ਹਾਂ ਉਹ ਉਸ ਜੰਗਲ ਵਿਚ ਪਹੁੰਚੇ, ਜਿਥੇ ਸੇਰਗਈ ਦੀ ਕੋਠੜੀ ਸੀ।
ਮਾਕੋਵਿਕਿਨਾ ਸਲੈੱਜ ਤੋਂ ਉਤਰ ਗਈ ਤੇ ਬਾਕੀ ਲੋਕਾਂ ਨੂੰ ਉਸਨੇ ਅੱਗੇ ਜਾਣ ਲਈ ਕਿਹਾ। ਉਹਨਾਂ ਨੇ ਉਸਨੂੰ ਇਸ ਤਰ੍ਹਾਂ ਕਰਨ ਤੋਂ ਮਨ੍ਹਾ ਕੀਤਾ, ਪਰ ਇਸ ਤੋਂ ਉਹ ਤਿਲਮਿਲਾ ਉਠੀ ਤੇ ਜ਼ੋਰ ਦੇਂਦਿਆਂ ਹੋਇਆ ਬੋਲੀ ਕਿ ਉਹ ਚਲੇ ਜਾਣ। ਫਿਰ ਸਲੈੱਜਾਂ ਅੱਗੇ ਵਧੀਆਂ ਤੇ ਉਹ ਆਪਣਾ ਫ਼ਰ ਦਾ ਕੋਟ ਪਾਈ ਪਗਡੰਡੀ ਉਤੇ ਤੁਰ ਪਈ। ਵਕੀਲ ਵੀ ਸਲੈੱਜ ਤੋਂ ਉਤਰ ਗਿਆ ਤੇ ਇਹ ਵੇਖਣ ਲਈ ਰੁਕ ਗਿਆ ਕਿ ਅਗੇ ਕੀ ਹੁੰਦੈ।
5
ਪਾਦਰੀ ਸੇਰਗਈ ਦੇ ਇਕਾਂਤਵਾਸ ਦਾ ਛੇਵਾਂ ਸਾਲ ਚਲ ਰਿਹਾ ਸੀ। 49 ਸਾਲ ਦੀ ਉਮਰ ਸੀ ਉਸਦੀ। ਜੀਵਨ ਉਸਦਾ ਬੜਾ ਕਠਿਨ ਸੀ। ਵਰਤਾਂ ਤੇ ਪ੍ਰਾਰਥਨਾਵਾਂ ਕਰਕੇ ਕਠਿਨ ਨਹੀਂ ਸੀ ਉਹ। ਇਹ ਤਾਂ ਕੁਝ ਮੁਸ਼ਕਿਲ ਨਹੀਂ ਸੀ, ਪਰ ਉਸਨੂੰ ਪ੍ਰੇਸ਼ਾਨ ਕਰਦਾ ਸੀ ਮਾਨਸਿਕ-ਸੰਘਰਸ਼, ਜਿਸਦੀ ਉਸਨੂੰ ਬਿਲਕੁਲ ਆਸ ਨਹੀਂ ਸੀ। ਇਸ ਸੰਘਰਸ਼ ਦੇ ਦੋ ਕਾਰਨ ਸਨ-ਸੰਦੇਹ ਤੇ ਵਾਸ਼ਨਾ। ਇਹ ਦੋਵੇਂ ਦੁਸ਼ਮਨ ਇਕੋ ਵੇਲੇ ਹੀ ਸਿਰ ਚੁਕਦੇ। ਉਸਨੂੰ ਲਗਦਾ ਕਿ ਇਹ ਦੋਵੇਂ ਦੋ ਵੱਖ ਵੱਖ ਦੁਸ਼ਮਨ ਹਨ, ਜਦ ਕਿ ਅਸਲ ਵਿਚ ਉਹ ਇਕ ਹੀ ਸਨ। ਜਿਉਂ ਹੀ ਸ਼ੰਕਾ ਮਿਟਦਾ, ਵਾਸ਼ਨਾ ਵੀ ਮਿਟ ਜਾਂਦੀ। ਪਰ ਉਹ ਸੋਚਦਾ ਕਿ ਇਹ ਦੋ ਵੱਖ ਵੱਖ ਸ਼ੈਤਾਨ ਹਨ ਅਤੇ ਉਹਨਾਂ ਨਾਲ ਵੱਖ ਵੱਖ ਹੀ ਸੰਘਰਸ਼ ਕਰਦਾ।
"ਹੇ ਪ੍ਰਮਾਤਮਾ! ਹੇ ਪ੍ਰਮਾਤਮਾ!" ਉਹ ਸੋਚਦਾ। "ਤੂੰ ਮੇਰੇ ਵਿਚ ਭਰੋਸਾ ਕਿਉਂ ਨਹੀਂ ਪੈਦਾ ਕਰਦਾ? ਜਿਥੋਂ ਤਕ ਵਾਸ਼ਨਾ ਦਾ ਸੰਬੰਧ ਹੈ, ਉਸ ਦੇ ਵਿਰੁੱਧ ਤਾਂ ਸੰਤ ਏਂਥਨੀ ਤੇ ਦੂਸਰਿਆਂ ਨੇ ਵੀ ਸੰਘਰਸ਼ ਕੀਤਾ, ਪਰ ਭਰੋਸਾ? ਉਹਨਾਂ ਵਿਚ ਭਰੋਸਾ ਸੀ, ਪਰ ਮੇਰੇ ਜੀਵਨ ਵਿਚ ਤਾਂ ਐਸੀਆਂ ਘੜੀਆਂ, ਘੰਟੇ ਅਤੇ ਦਿਨ ਵੀ ਆਉਂਦੇ ਹਨ, ਜਦੋਂ ਮੇਰੇ ਵਿਚ ਭਰੋਸਾ ਨਹੀਂ ਹੁੰਦਾ। ਜੇ ਇਹ ਸੰਸਾਰ, ਇਸਦੀ ਸੁੰਦਰਤਾ ਪਾਪ ਹੈ ਤੇ ਸਾਨੂੰ ਇਹ ਚੀਜ਼ਾਂ ਤਿਆਗ ਦੇਣੀਆਂ ਚਾਹੀਦੀਆਂ ਹਨ ਤਾਂ ਇਹ ਸੰਸਾਰ ਹੋਂਦ ਵਿਚ ਹੀ ਕਿਉਂ ਹੈ? ਤਾਂ ਤੂੰ ਇਹ ਲੋਭ-ਲਾਲਸਾ ਪੈਦਾ ਹੀ ਕਿਉਂ ਕੀਤੀ? ਤਾਂ ਕੀ ਇਹ ਲੋਭ-ਲਾਲਸਾ ਨਹੀਂ ਕਿ ਦੁਨੀਆਂ ਦੀਆਂ ਖੁਸ਼ੀਆਂ ਠੁਕਰਾ ਕੇ ਉਥੇ ਆਪਣੇ ਲਈ ਕੁਝ ਤਿਆਰ ਕਰ ਰਿਹਾ ਹਾਂ ਜਿਥੇ ਸ਼ਾਇਦ ਕੁਝ ਵੀ ਨਹੀਂ ਹੈ," ਉਸਨੇ ਆਪਣੇ ਆਪ ਨੂੰ ਕਿਹਾ ਤੇ ਕੰਬ ਉਠਿਆ। ਆਪਣੇ ਆਪ ਨਾਲ ਹੀ ਉਸਨੂੰ ਬੇਹੱਦ ਘ੍ਰਿਣਾ ਜਿਹੀ ਹੋਈ। "ਨੀਚ! ਕਮੀਨੇ! ਮਹਾਤਮਾ ਬਨਣਾ ਚਾਹੁੰਦੈ! "ਉਸਨੇ ਪ੍ਰਾਰਥਨਾ ਸ਼ੁਰੂ ਹੀ ਕੀਤੀ ਸੀ ਕਿ ਉਹ ਉਸ ਰੂਪ ਵਿਚ ਬਿਲਕੁਲ ਹੀ ਸਜੀਵ ਜਿਹਾ ਆਪਣੀਆਂ ਅੱਖਾਂ ਦੇ ਸਾਮ੍ਹਣੇ ਉਭਰਿਆ, ਜਿਸ ਤਰ੍ਹਾਂ ਦਾ ਕਿ ਉਹ ਮਠ ਵਿਚ ਲਗਦਾ ਹੁੰਦਾ ਸੀ-ਪਾਦਰੀਆਂ ਦਾ ਚੋਲਾ ਪਾਈ, ਸਿਰ ਉਤੇ ਟੋਪੀ ਰੱਖੀ, ਤੇਜਸਵੀ ਰੂਪ ਵਿਚ। ਉਸਨੇ ਆਪਣਾ ਸਿਰ ਹਿਲਾ ਕੇ ਕਿਹਾ - "ਨਹੀਂ; ਨਹੀਂ; ਇਹ ਅਸਲੀਅਤ ਨਹੀਂ ਹੈ। ਇਹ ਧੋਖਾ ਹੈ। ਮੈਂ ਦੂਸਰਿਆਂ ਨੂੰ ਧੋਖਾ ਦੇ ਸਕਦਾ ਹਾਂ, ਪਰ ਆਪਣੇ ਆਪ ਨੂੰ ਤੇ ਪ੍ਰਮਾਤਮਾ ਨੂੰ ਨਹੀਂ। ਤੇਜਸਵੀ ਨਹੀਂ, ਬਲਕਿ ਹਾਸੋਹੀਣਾ ਤੇ ਤਰਸਯੋਗ ਵਿਅਕਤੀ ਹਾਂ ਮੈਂ। ਉਸ ਨੇ ਆਪਣੇ ਚੋਲੇ ਦੇ ਪੱਲੇ ਹਟਾਏ, ਜਾਂਘੀਆ ਪਾਈ ਆਪਣੀਆਂ ਤਰਸਯੋਗ ਲੱਤਾਂ ਵੱਲ ਵੇਖਿਆ ਤੇ ਮੁਸਕਰਾ ਪਿਆ।
ਇਸ ਤੋਂ ਪਿਛੋਂ ਉਸਨੇ ਲੱਤਾਂ ਨੂੰ ਢੱਕ ਲਿਆ, ਪ੍ਰਾਰਥਨਾ ਕਰਨ, ਸਲੀਬ ਬਨਾਉਣ ਤੇ ਸੀਸ ਨਿਵਾਉਣ ਲਗਾ। "ਕੀ ਇਹ ਬਿਸਤਰਾ ਹੀ ਮੇਰੀ ਅਰਥੀ ਬਣੇਗਾ?" ਉਸ ਨੇ ਪ੍ਰਾਰਥਨਾ ਦੇ ਇਹ ਸ਼ਬਦ ਕਹੇ। ਤੇ ਕਿਸੇ ਸ਼ੈਤਾਨ ਨੇ ਜਿਵੇਂ ਉਸਦੇ ਕੰਨ ਵਿਚ ਕਿਹਾ, "ਇਕੱਲਾ ਬਿਸਤਰਾ ਵੀ ਤਾਂ ਅਰਥੀ ਹੀ ਹੈ। ਝੂਠ, ਇਹ ਝੂਠ ਹੈ।" ਉਸਨੂੰ ਆਪਣੀ ਕਲਪਨਾ ਵਿਚ ਉਸ ਵਿਧਵਾ ਦੇ ਮੋਢੇ ਦਿਖਾਈ ਦਿਤੇ, ਜਿਸ ਨਾਲ ਉਸਨੇ ਭੋਗ ਕੀਤਾ ਸੀ। ਉਸਨੇ ਆਪਣੇ ਆਪ ਨੂੰ ਝੰਝੋੜਿਆ ਤੇ ਅੱਗੇ ਪ੍ਰਾਰਥਨਾ ਕਰਨ ਲਗਾ। ਨਿਯਮਾਂ ਦਾ ਪਾਠ ਮੁਕਾ ਕੇ ਉਸਨੇ ਅੰਜੀਲ ਚੁਕੀ, ਉਸ ਨੂੰ ਖੋਲ੍ਹਿਆ ਤੇ ਅਚਾਨਕ ਉਹ ਹੀ ਸਫਾ ਖੁਲ ਗਿਆ, ਜੋ ਬਾਰ ਬਾਰ ਦੁਹਰਾਉਣ ਦੇ ਕਾਰਨ ਉਸਨੂੰ ਜ਼ਬਾਨੀ ਯਾਦ ਹੋ ਚੁਕਾ ਸੀ; "ਮੈਂ ਵਿਸ਼ਵਾਸ ਰਖਦਾ ਹਾਂ, ਪ੍ਰਮਾਤਮਾ, ਮੇਰੀ ਬੇਵਿਸ਼ਵਾਸੀ ਵਿਚ ਮਦਦ ਕਰੋ।" ਉਸਨੇ ਆਪਣੇ ਦਿਲ ਵਿਚ ਪੈਦਾ ਹੋਣ ਵਾਲੇ ਸਾਰੇ ਸ਼ੰਕਿਆਂ ਨੂੰ ਵਾਪਸ ਖਿੱਚ ਲਿਆ ਹੈ। ਜਿਸ ਤਰ੍ਹਾਂ ਸੰਤੁਲਨਹੀਣ ਡਾਂਵਾਂਡੋਲ ਚੀਜ਼ ਨੂੰ ਟਿਕਾਇਆ ਜਾਂਦਾ ਹੈ, ਉਸੇ ਤਰ੍ਹਾਂ ਝੂਲਦੀਆਂ ਟੰਗਾਂ ਵਾਲੀ ਤਿਪਾਈ ਉਤੇ ਆਪਣੇ ਵਿਸ਼ਵਾਸ ਨੂੰ ਟਿਕਾ ਕੇ ਉਹ ਸਾਵਧਾਨੀ ਨਾਲ ਪਿੱਛੇ ਹਟ ਗਿਆ ਤਾਂ ਕਿ ਕਿਤੇ ਉਹ ਠੋਕਰ ਖਾਕੇ ਡਿੱਗ ਨਾ ਜਾਏ। ਮੁੜ ਕੇ ਉਸਨੇ ਆਪਣੀਆਂ ਅੱਖਾਂ ਸਾਮ੍ਹਣੇ ਪਰਦੇ ਖਿੱਚ ਲਏ ਤੇ ਸ਼ਾਂਤ ਹੋ ਗਿਆ। ਉਸਨੇ ਆਪਣੇ ਬਚਪਨ ਦੀ ਪ੍ਰਾਰਥਨਾ ਦੁਹਰਾਈ: "ਪ੍ਰਮਾਤਮਾ, ਮੈਨੂੰ ਆਪਣੀ ਸ਼ਰਨ ਵਿਚ ਲੈ ਲਉ, ਮੈਨੂੰ ਆਪਣੀ ਸ਼ਰਨ ਵਿਚ ਲੈ ਲਉ..." ਤੇ ਇਸ ਨਾਲ ਉਸਦੇ ਮਨ ਨੂੰ ਚੈਨ ਹੀ ਨਹੀਂ ਮਿਲਿਆ, ਸਗੋਂ ਉਹ ਖੁਸ਼ੀ ਨਾਲ ਖੀਵਾ ਹੋ ਉਠਿਆ। ਉਸਨੇ ਸਲੀਬ ਦਾ ਨਿਸ਼ਾਨ ਬਣਾਇਆ ਤੇ ਗਰਮੀਆਂ ਵਾਲਾ ਚੋਲਾ ਆਪਣੇ ਸਿਰ ਹੇਠਾਂ ਰਖਕੇ ਤੰਗ ਜਿਹੀ ਬੈਂਚ ਵਾਲੇ ਆਪਣੇ ਬਿਸਤਰੇ ਉਤੇ ਲੇਟ ਗਿਆ। ਉਸਦੀ ਅੱਖ ਲਗ ਗਈ।
ਕੱਚੀ ਜਿਹੀ ਨੀਂਦ ਵਿਚ ਉਸਨੂੰ ਲੱਗਾ ਜਿਵੇਂ ਉਹ ਘੰਟੀਆਂ ਦੀ ਟਨਟਨਾਹਟ ਸੁਣ ਰਿਹਾ ਸੀ। ਇਹ ਸੁਪਨਾ ਸੀ ਜਾਂ ਅਸਲੀਅਤ, ਉਹ ਇਹ ਨਹੀਂ ਜਾਣ ਸਕਿਆ ਸੀ। ਪਰ ਇਸੇ ਵੇਲੇ ਦਰਵਾਜ਼ੇ ਉਤੇ ਦਸਤਕ ਹੋਈ ਤੇ ਉਹ ਪੂਰੀ ਤਰ੍ਹਾਂ ਜਾਗ ਪਿਆ। ਆਪਣੇ ਕੰਨਾਂ ਉਤੇ ਵਿਸ਼ਵਾਸ ਨਾ ਕਰਦਾ ਹੋਇਆ ਉਹ ਉਠਿਆ। ਦੁਬਾਰਾ ਦਸਤਕ ਹੋਈ। ਹਾਂ, ਇਹ ਤਾਂ ਨਜ਼ਦੀਕ ਹੀ; ਉਸੇ ਦੇ ਦਰਵਾਜ਼ੇ ਉਤੇ ਹੀ ਦਸਤਕ ਹੋਈ ਸੀ, ਤੇ ਕਿਸੇ ਔਰਤ ਦੀ ਆਵਾਜ਼ ਵੀ ਸੁਣਾਈ ਦਿਤੀ।
"ਹੇ ਪ੍ਰਮਾਤਮਾ! ਮਹਾਤਮਾਵਾਂ ਦੀਆਂ ਜੀਵਨੀਆਂ ਵਿਚ ਮੈਂ ਪੜ੍ਹਿਆ ਹੋਇਆ ਹੈ ਕਿ ਸ਼ੈਤਾਨ ਨਾਰੀ ਦਾ ਰੂਪ ਧਾਰ ਕੇ ਆਉਂਦਾ ਹੈ, ਤਾਂ ਕੀ ਇਹ ਸੱਚ ਹੋ ਸਕਦੈ? ਹਾਂ, ਇਹ ਆਵਾਜ਼ ਤਾਂ ਕਿਸੇ ਨਾਰੀ ਦੀ ਹੀ ਹੈ। ਕੋਮਲ, ਸਹਿਮੀ ਤੇ ਪਿਆਰੀ ਜਿਹੀ ਆਵਾਜ਼! ਥੂ!" ਉਸ ਨੇ ਥੱਕਿਆ। "ਨਹੀਂ; ਨਹੀਂ; ਮੈਨੂੰ ਇਹ ਭਰਮ ਲਗ ਰਿਹੈ, " ਉਸਨੇ ਕਿਹਾ ਤੇ ਉਸੇ ਕੋਨੇ ਵੱਲ ਚਲਾ ਗਿਆ, ਜਿਥੇ ਛੋਟੀ ਜਿਹੀ ਮੇਜ਼ ਰਖੀ ਹੋਈ ਸੀ। ਆਪਣੇ ਆਮ ਤੇ ਉਸ ਸਹੀ ਅੰਦਾਜ਼ ਵਿਚ, ਜਿਸਦਾ ਉਹ ਆਦੀ ਸੀ ਤੇ ਜਿਸ ਨਾਲ ਉਸਨੂੰ ਸੰਤੋਖ ਅਤੇ ਸੁਖ ਮਿਲਦਾ ਸੀ, ਉਹ ਗੋਡਿਆਂ ਭਾਰ ਬੈਠ ਗਿਆ। ਉਹ ਝੁਕ ਗਿਆ, ਉਸਦੇ ਵਾਲ ਚਿਹਰੇ ਉਤੇ ਆ ਪਏ ਤੇ ਉਸਨੇ ਆਪਣਾ ਮੱਥਾ, ਜਿਸ ਉਤੇ ਵਾਲ ਗਾਇਬ ਹੋ ਗਏ ਸਨ, ਠੰਡੀ ਚਟਾਈ ਉਤੇ (ਫਰਸ਼ ਉਤੇ ਬਾਹਰੋਂ ਠੰਡੀ ਹਵਾ ਆ ਰਹੀ ਸੀ) ਰਖ ਦਿਤਾ।
...ਉਹ ਉਸੇ ਭਜਨ ਦਾ ਪਾਠ ਕਰ ਰਿਹਾ ਸੀ, ਜਿਸ ਬਾਰੇ ਬੁੱਢੇ ਪਾਦਰੀ ਪੀਮਨ ਨੇ ਕਿਹਾ ਸੀ ਕਿ ਉਹ ਮੋਹ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ। ਉਹ ਉਠਿਆ, ਉਸ ਦੀਆਂ ਮਜ਼ਬੂਤ, ਪਰ ਕੰਬਦੀਆਂ ਲੱਤਾਂ ਨੇ ਉਸਦੇ ਪਤਲੇ ਹੋ ਚੁੱਕੇ ਤੇ ਹਲਕੇ-ਫੁਲਕੇ ਸਰੀਰ ਨੂੰ ਆਸਾਨੀ ਨਾਲ ਚੁੱਕ ਲਿਆ। ਉਸ ਨੇ ਚਾਹਿਆ ਕਿ ਇਸ ਭਜਨ ਦਾ ਅੱਗੇ ਪਾਠ ਕਰਦਾ ਜਾਏ, ਪਰ ਐਸਾ ਨਾ ਕਰ ਸਕਿਆ ਤੇ ਆਪ-ਮੁਹਾਰੇ ਹੀ ਕੰਨ ਲਾ ਕੇ ਉਸ ਆਵਾਜ਼ ਨੂੰ ਸੁਨਣ ਦੀ ਉਡੀਕ ਕਰਨ ਲਗਾ। ਉਹ ਉਸ ਆਵਾਜ਼ ਨੂੰ ਸੁਨਣਾ ਚਾਹੁੰਦਾ ਸੀ। ਇਕਦਮ ਖ਼ਾਮੋਸ਼ੀ ਛਾਈ ਹੋਈ ਸੀ। ਕੋਨੇ ਵਿਚ ਰੱਖੇ ਲੱਕੜ ਦੋ ਡੋਲ ਵਿਚ ਛੱਤ ਤੋਂ ਪਾਣੀ ਦੀਆਂ ਬੂੰਦਾਂ ਡਿੱਗ ਰਹੀਆਂ ਸਨ। ਬਾਹਰ ਅਹਾਤੇ ਵਿਚ ਅਨ੍ਹੇਰਾ ਸੀ, ਠੰਡੀ ਧੁੰਦ ਛਾਈ ਹੋਈ ਸੀ ਜਿਹੜੀ ਬਰਫ ਨੂੰ ਖਤਮ ਕਰੀ ਜਾ ਰਹੀ ਸੀ। ਖ਼ਾਮੋਸ਼ੀ ਸੀ, ਗਹਿਰੀ ਖਾਮੋਸ਼ੀ। ਅਚਾਨਕ ਖਿੜਕੀ ਉਤੇ ਸਰਸਰਾਹਟ ਹੋਈ ਤੇ ਉਹੀ ਕੋਮਲ ਤੇ ਸਹਿਮੀ ਜਿਹੀ ਆਵਾਜ਼, ਐਸੀ ਆਵਾਜ਼, ਜਿਹੜੀ ਇਕ ਸੋਹਣੀ ਔਰਤ ਦੀ ਹੀ ਹੋ ਸਕਦੀ ਹੈ, ਸੁਣਾਈ ਦਿਤੀ:
"ਈਸਾ ਮਸੀਹ ਦੇ ਨਾਂ ਉਤੇ ਮੈਨੂੰ ਅੰਦਰ ਆਉਣ ਦਿਉ..."
ਪਾਦਰੀ ਸੇਰਗਈ ਨੂੰ ਲਗਾ ਜਿਵੇਂ ਉਸਦਾ ਸਾਰਾ ਖੂਨ ਦਿਲ ਵਲ ਤੇਜ਼ੀ ਨਾਲ ਦੌੜਕੇ ਉਥੇ ਹੀ ਰੁੱਕ ਗਿਆ। ਉਸਦਾ ਦਮ ਘੁਟਣ ਲਗਾ: "ਪ੍ਰਮਾਤਮਾ ਪ੍ਰਗਟ ਹੋਣ ਤੇ ਉਸਦੇ ਦੁਸ਼ਮਨ ਭਸਮ ਹੋ ਜਾਣ... "
"ਮੈਂ ਸ਼ੈਤਾਨ ਨਹੀਂ ਹਾਂ..." ਇਹ ਮਹਿਸੂਸ ਹੋ ਰਿਹਾ ਸੀ ਕਿ ਇਹਨਾਂ ਲਫ਼ਜ਼ਾਂ ਨੂੰ ਕਹਿਣ ਵਾਲੇ ਹੋਂਠ ਮੁਸਕਰਾ ਰਹੇ ਹਨ। "ਮੈਂ ਸ਼ੈਤਾਨ ਨਹੀਂ, ਇਕ ਮਾਮੂਲੀ ਗੁਨਾਹਗਾਰ ਔਰਤ ਹਾਂ, ਰਸਤਾ ਭੁੱਲ ਗਈ ਹਾਂ-ਸ਼ਾਬਦਿਕ ਅਰਥਾਂ ਵਿਚ ਹੀ (ਉਹ ਹੱਸ ਪਈ) ਠੰਡੀ-ਯੁੱਖ ਹੋ ਗਈ ਹਾਂ ਤੇ ਸ਼ਰਨ ਚਾਹੁੰਦੀ ਹਾਂ।"
ਪਾਦਰੀ ਸੇਰਗਈ ਨੇ ਸ਼ੀਸ਼ੇ ਨਾਲ ਚਿਹਰਾ ਲਾ ਦਿੱਤਾ। ਸ਼ੀਸ਼ੇ ਵਿਚ ਸਿਰਫ ਦੇਵ-ਮੂਰਤੀ ਦੇ ਸਾਮ੍ਹਣੇ ਜਗ ਰਹੇ ਦੀਵੇ ਦਾ ਹੀ ਪਰਤੋਂ ਨਜ਼ਰ ਆ ਰਿਹਾ ਸੀ। ਉਸ ਨੇ ਤਲੀਆਂ ਨਾਲ ਅੱਖਾਂ ਉਤੇ ਓਟ ਕਰਕੇ ਬਾਹਰ ਵੇਖਿਆ। ਧੁੰਧ, ਅਨ੍ਹੇਰਾ, ਦਰਖਤ ਤੇ ਉਹ ਸੱਜੇ ਪਾਸੇ? ਉਹ ਹੈ। ਹਾਂ, ਉਹੀ ਹੈ, ਔਰਤ, ਲੰਮੀ, ਵੱਡੀ ਵੱਡੀ ਫਰ ਦਾ ਚਿੱਟਾ ਕੋਟ ਅਤੇ ਟੋਪੀ ਪਾਈ, ਬਹੁਤ ਹੀ ਪਿਆਰੇ, ਦਿਆਲੂ ਤੇ ਸਹਿਮੇ ਹੋਏ ਚਿਹਰੇ ਵਾਲੀ, ਉਸਦੇ ਚਿਹਰੇ ਤੇ ਬਿਲਕੁਲ ਪਾਸ ਹੈ, ਉਸ ਵਲ ਝੁਕੀ ਹੋਈ। ਉਹਨਾਂ ਦੀਆਂ ਅੱਖਾਂ ਮਿਲੀਆਂ ਤੇ ਉਹ ਇਕ ਦੂਸਰੇ ਨੂੰ ਸਮਝ ਗਏ। ਇਸ ਨਜ਼ਰ ਤੋਂ ਪਿਛੋਂ ਕੋਈ ਐਸਾ ਸ਼ੱਕ ਬਾਕੀ ਹੀ ਨਹੀਂ ਰਹਿ ਸਕਦਾ ਸੀ ਕਿ ਇਹ ਕੋਈ ਸਾਧਾਰਨ, ਦਿਆਲੂ ਸੁੰਦਰ ਤੇ ਸਹਿਮੀ ਹੋਈ ਔਰਤ ਨਹੀਂ, ਬਲਕਿ ਕੋਈ ਸ਼ੈਤਾਨ ਹੈ।
"ਕੌਣ ਹੋ ਤੁਸੀਂ? ਕੀ ਚਾਹੁੰਦੇ ਹੋ?" ਉਸਨੇ ਪੁੱਛਿਆ।
"ਓ, ਦਰਵਾਜ਼ਾ ਖੋਹਲੋ ਨਾ, " ਮਨਚਲੇ ਤੇ ਹਾਕਮਾਨਾ ਅੰਦਾਜ਼ ਵਿਚ ਉਸਨੇ ਜਵਾਬ ਦਿਤਾ। "ਮੈਂ ਠੰਡੀ-ਯੱਖ ਹੋ ਗਈ ਹਾਂ। ਕਹਿ ਤਾਂ ਰਹੀ ਹਾਂ ਕਿ ਰਸਤਾ ਭੁੱਲ ਗਈ ਹਾਂ।"
"ਪਰ ਮੈਂ ਤਾਂ ਸਾਧੂ ਹਾਂ, ਏਕਾਂਤਵਾਸੀ ਹਾਂ।"
"ਖੋਹਲ ਵੀ ਦਿਉ ਨਾ ਦਰਵਾਜ਼ਾ। ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਜਦ ਤੱਕ ਤੁਸੀਂ ਪ੍ਰਾਰਥਨਾ ਕਰਦੇ ਰਹੋਗੇ, ਮੈਂ ਤੁਹਾਡੀ ਖਿੜਕੀ ਨਾਲ ਖੜੋਤੀ ਠੰਡੀ-ਯੱਖ ਹੁੰਦੀ ਰਹਾਂ।"
"ਪਰ ਤੁਸੀਂ ਕਿਸ ਤਰ੍ਹਾਂ..."
"ਮੈਂ ਤੁਹਾਨੂੰ ਖਾ ਤਾਂ ਨਹੀਂ ਜਾਵਾਂਗੀ। ਰੱਬ ਦੇ ਵਾਸਤੇ ਮੈਨੂੰ ਅੰਦਰ ਆਉਣ ਦਿਓ। ਮੈਂ ਤਾਂ ਠੰਡ ਨਾਲ ਜਮ ਗਈ ਹਾਂ।"
ਔਰਤ ਖ਼ੁਦ ਵੀ ਭੈ-ਭੀਤ ਹੋ ਉਠੀ ਸੀ। ਉਸ ਨੇ ਲਗਭਗ ਰੋਣਹਾਕੀ ਆਵਾਜ਼ ਵਿਚ ਇਹ ਕਿਹਾ ਸੀ।
ਉਹ ਖਿੜਕੀ ਤੋਂ ਹਟ ਗਿਆ। ਉਸਨੇ ਕੰਡਿਆਂ ਦੇ ਤਾਜ ਵਾਲੀ ਈਸਾ ਮਸੀਹ ਦੀ ਮੂਰਤੀ ਵਲ ਵੇਖਿਆ। "ਹੇ ਪ੍ਰਮਾਤਮਾ ਮੇਰੀ ਸਹਾਇਤਾ ਕਰੋ. ਮੇਰੀ ਸਹਾਇਤਾ ਕਰੋ ਹੇ ਪ੍ਰਮਾਤਮਾ।" ਉਸ ਨੇ ਸਲੀਬ ਦਾ ਨਿਸ਼ਾਨ ਬਣਾਉਂਦੇ ਹੋਏ ਝੁਕ ਕੇ ਸੀਸ ਨਿਵਾਉਂਦੇ ਹੋਏ ਕਿਹਾ, ਦਰਵਾਜ਼ੇ ਵਲ ਵਧਿਆ ਤੇ ਉਹਨੂੰ ਖੋਹਲ ਕੇ ਡਿਉੜੀ ਵਿਚ ਗਿਆ। ਡਿਉੜੀ ਵਿਚ ਉਸਨੇ ਟਟੋਲ ਕੇ ਬਾਹਰ ਦੇ ਦਰਵਾਜ਼ੇ ਦੀ ਕੁੰਡੀ ਨੂੰ ਲਭਿਆ ਤੇ ਉਸਨੂੰ ਖੋਹਲਣ ਲਗਾ। ਬਾਹਰੋਂ ਉਹਨਾਂ ਕਦਮਾਂ ਦੀ ਹੀ ਆਹਟ ਸੁਣਾਈ ਦੇ ਰਹੀ ਸੀ। ਉਹ ਖਿੜਕੀ ਤੋਂ ਹਟਕੇ ਦਰਵਾਜ਼ੇ ਵਲ ਆ ਰਹੀ ਸੀ। 'ਊਈ!" ਉਹ ਅਚਾਨਕ ਚਿੱਲਾਈ। ਉਹ ਸਮਝ ਗਿਆ ਕਿ ਉਸ ਦਾ ਪੈਰ ਦਲਹੀਜ਼ ਦੇ ਪਾਸ ਪਾਣੀ ਨਾਲ ਭਰੇ ਟੋਏ ਵਿਚ ਜਾ ਪਿਆ ਸੀ। ਉਸਦੇ ਹੱਥ ਕੰਬ ਰਹੇ ਸਨ ਤੇ ਦਰਵਾਜ਼ੇ ਵਿਚ ਕੱਸਕੇ ਫਸੀ ਹੋਈ ਕੁੰਡੀ ਬਾਹਰ ਨਹੀਂ ਨਿਕਲ ਰਹੀ ਸੀ।
"ਤੁਸੀਂ ਮੈਨੂੰ ਅੰਦਰ ਤਾਂ ਆਉਣ ਦਿਓ। ਮੈਂ ਬਿਲਕੁਲ ਭਿੱਜ ਗਈ ਹਾਂ। ਮੈਂ ਜਮ ਗਈ ਹਾਂ। ਤੁਸੀਂ ਸਿਰਫ ਆਪਣੀ ਆਤਮਾ ਦੀ ਰਖਿਆ ਲਈ ਸੋਚ ਰਹੇ ਹੋ ਤੇ ਇਥੇ ਮੇਰੀ ਕੁਲਫੀ ਬਣਦੀ ਜਾ ਰਹੀ ਹੈ।"
ਸੇਰਗਈ ਨੇ ਦਰਵਾਜ਼ੇ ਨੂੰ ਆਪਣੇ ਵਲ ਖਿਚਿਆ, ਕੁੰਡੀ ਨੂੰ ਉਪਰ ਚੁੱਕਿਆ ਤੇ ਠੀਕ ਅੰਦਾਜ਼ਾ ਨਾ ਕਰਦੇ ਹੋਏ ਦਰਵਾਜ਼ੇ ਨੂੰ ਏਨੀ ਜ਼ੋਰ ਨਾਲ ਬਾਹਰ ਨੂੰ ਧੱਕ ਦਿਤਾ ਕਿ ਉਹ ਮਾਕੋਵਕਿਨਾ ਨੂੰ ਜਾ ਲਗਾ।
"ਓਹ, ਮੁਆਫ਼ ਕਰਨਾ!" ਉਸਨੇ ਅਚਾਨਕ ਔਰਤ ਨੂੰ ਸੰਬੋਧਨ ਕਰਨ ਦੇ ਆਪਣੇ ਪੁਰਾਣੇ ਤੇ ਆਦਤਨ ਅੰਦਾਜ਼ ਨਾਲ ਕਿਹਾ।
"ਮੁਆਫ ਕਰਨਾ!" ਇਹ ਸ਼ਬਦ ਸੁਣਕੇ ਉਹ ਮੁਸਕਰਾ ਪਈ। "ਨਹੀਂ ਉਹ ਏਨਾਂ ਭੈ-ਉਪਜਾਊ ਤਾਂ ਨਹੀਂ ਹੈ, " ਉਸਨੇ ਮਨ ਹੀ ਮਨ ਵਿਚ ਸੋਚਿਆ।
"ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਤੁਸੀਂ ਮੈਨੂੰ ਮੁਆਫ ਕਰ ਦਿਓ," ਪਾਦਰੀ ਸੇਰਗਈ ਦੇ ਕੋਲੋਂ ਦੀ ਲੰਘਦੀ ਹੋਈ ਉਹ ਬੋਲੀ। "ਮੈਂ ਕਦੀ ਵੀ ਐਸਾ ਕਰਨ ਦੀ ਹਿੰਮਤ ਨਾ ਕਰਦੀ। ਪਰ ਹਾਲਾਤ ਨੇ ਮਜਬੂਰ ਕਰ ਦਿਤਾ।"
"ਆਓ," ਉਸਨੂੰ ਅੱਗੇ ਵਧਣ ਦਾ ਰਸਤਾ ਵਿਖਾਉਂਦੇ ਹੋਏ ਸੇਰਗਈ ਨੇ ਕਿਹਾ। ਉਸਨੇ ਵਧੀਆ ਅਤਰ ਦੀ ਭਿੰਨੀ ਭਿੰਨੀ ਖੁਸ਼ਬੂ, ਜਿਸਨੂੰ ਉਹ ਕਦੋਂ ਦਾ ਭੁੱਲ ਚੁੱਕਾ ਸੀ, ਮਹਿਸੂਸ ਕੀਤੀ। ਉਹ ਡਿਉੜੀ ਲੰਘਕੇ ਕਮਰੇ ਵਿਚ ਪਹੁੰਚੀ। ਪਾਦਰੀ ਸੈਰਗਈ ਨੇ ਬਾਹਰ ਦਾ ਦਰਵਾਜ਼ਾ ਫਟਾਕ ਕਰਕੇ ਬੰਦ ਕਰ ਦਿਤਾ, ਪਰ ਕੁੰਡੀ ਨਾ ਅੜਾਈ ਤੇ ਡਿਉੜੀ ਲੰਘ ਕੇ ਕਮਰੇ ਵਿਚ ਆ ਪਹੁੰਚੇ।
'ਪ੍ਰਮਾਤਮਾ ਦੇ ਬੇਟੇ, ਈਸਾ ਮਸੀਹ, ਮੇਰੇ ਪਾਪੀ 'ਤੇ ਦਿਆ ਕਰੋ, ਦਿਆ ਕਰੋ ਮੇਰੇ ਪਾਪੀ 'ਤੇ, " ਉਹ ਲਗਾਤਾਰ ਮਨ ਹੀ ਮਨ ਵਿਚ ਪ੍ਰਾਰਥਨਾ ਕਰ ਰਿਹਾ ਸੀ, ਪਰ ਅਨਜਾਣੇ ਹੀ ਉਸਦੇ ਹੋਂਠ ਵੀ ਹਿਲਦੇ ਜਾ ਰਹੇ ਸਨ।
"ਤਸ਼ਰੀਫ ਰਖੋ, " ਉਹ ਬੋਲਿਆ। ਉਹ ਕਮਰੇ ਦੇ ਵਿਚਕਾਰ ਖੜੋਤੀ ਸੀ, ਉਸ ਤੋਂ ਪਾਣੀ ਦੀਆਂ ਬੂੰਦਾਂ ਫਰਸ਼ ਉਤੇ ਡਿੱਗ ਰਹੀਆਂ ਸਨ, ਉਸ ਦੀਆਂ ਅੱਖਾਂ ਮੁਸਕਰਾ ਰਹੀਆਂ ਸਨ।
'ਮੁਆਫ਼ ਕਰਨਾ, ਮੈਂ ਤੁਹਾਡੀ ਤਪੱਸਿਆ ਵਿਚ ਖਲਲ ਪਾਇਆ ਹੈ। ਪਰ ਮੇਰੀ ਹਾਲਤ ਤਾਂ ਤੁਸੀਂ ਵੇਖ ਹੀ ਰਹੇ ਹੋ। ਇਸ ਤਰ੍ਹਾਂ ਹੋਇਆ ਕਿ ਅਸੀਂ ਸ਼ਹਿਰੋਂ ਸਲੈੱਜਾਂ ਵਿਚ ਸੈਰ-ਸਪਾਟੇ ਲਈ ਇਥੇ ਆਏ ਸਾਂ ਤੇ ਫਿਰ ਮੈਂ ਸ਼ਰਤ ਲਗਾ ਬੈਠੀ ਕਿ ਵਰੋਬਿਉਵਕਾ ਤੋਂ ਇਕੱਲੀ ਹੀ ਸ਼ਹਿਰ ਵਾਪਸ ਜਾਵਾਂਗੀ, ਪਰ ਰਸਤਾ ਭੁੱਲ ਗਈ। ਜੇ ਮੈਂ ਤੁਹਾਡੀ ਕੋਠੜੀ ਤਕ ਨਾ ਆ ਪਹੁੰਚਦੀ, ਤਾਂ..." ਉਹ ਝੂਠ ਬੋਲਦੀ ਗਈ। ਪਰ ਸੇਰਗਈ ਦੇ ਚਿਹਰੇ ਨੂੰ ਵੇਖਕੇ ਉਸਨੂੰ ਘਬਰਾਹਟ ਮਹਿਸੂਸ ਹੋਈ ਤੇ ਉਹ ਆਪਣੇ ਝੂਠ ਨੂੰ ਜਾਰੀ ਨਾ ਰਖ ਸਕੀ ਤੇ ਚੁੱਪ ਹੋ ਗਈ। ਉਸਨੇ ਕਿਸੇ ਦੂਸਰੇ ਹੀ ਰੂਪ ਵਿਚ ਪਾਦਰੀ ਸੇਰਗਈ ਦੀ ਕਲਪਨਾ ਕੀਤੀ ਸੀ। ਜਿਸ ਤਰ੍ਹਾਂ ਦੀ ਉਸਨੇ ਕਲਪਨਾ ਕੀਤੀ ਸੀ, ਉਹ ਓਨਾ ਸੋਹਣਾ ਨਹੀਂ ਸੀ, ਪਰ ਉਸ ਦੀਆਂ ਨਜ਼ਰਾਂ ਵਿਚ ਉਹ ਬਹੁਤ ਹੀ ਸੋਹਣਾ ਸੀ। ਉਸਦੇ ਚਿੱਟੇ ਹੋ ਰਹੇ ਸਿਰ ਤੇ ਦਾੜੀ ਦੇ ਘੁੰਘਰਾਲੇ ਵਾਲਾਂ, ਤਿੱਖੀ, ਪਤਲੀ ਨੱਕ ਤੇ ਭਰਪੂਰ ਨਜ਼ਰ ਨਾਲ ਵੇਖਣ ਉਤੇ ਉਸ ਦੀਆਂ ਕੋਲਿਆਂ ਵਾਂਗ ਕਾਲੀਆਂ, ਚਮਕਦੀਆਂ ਅੱਖਾਂ ਨੇ ਉਸਨੂੰ ਚਕ੍ਰਿਤ ਕਰ ਦਿਤਾ।
ਉਹ ਭਾਂਪ ਗਿਆ ਕਿ ਉਹ ਸਭ ਕੁਝ ਝੂਠ ਬੋਲ ਰਹੀ ਹੈ। "ਖੈਰ, ਠੀਕ ਹੈ, "ਉਸਨੇ ਉਸ ਵਲ ਵੇਖਕੇ ਕਿਹਾ ਫਿਰ ਨਜ਼ਰ ਝੁਕਾ ਲਈ। "ਮੈਂ ਉਧਰ ਚਲਾ ਜਾਂਦਾ ਹੈ, ਤੁਸੀਂ ਇਥੇ ਆਰਾਮ ਕਰ ਲਓ।"
ਪਾਦਰੀ ਸੇਰਗਈ ਨੇ ਦੀਵਾ ਚੁੱਕਕੇ ਉਸ ਨਾਲ ਮੋਮਬੱਤੀ ਜਗਾਈ, ਮਾਕੋਵਕਿਨਾ ਨੂੰ ਪਰਨਾਮ ਕੀਤਾ ਤੇ ਪਿੱਛੇ ਵਾਲੀ ਛੋਟੀ ਜਿਹੀ ਕੋਠੜੀ ਵਿਚ ਚਲਾ ਗਿਆ। ਮਾਕੋਵਕਿਨਾ ਨੂੰ ਸੁਣਾਈ ਦਿਤਾ ਕਿ ਸੇਰਗਈ ਉਥੇ ਕਿਸੇ ਚੀਜ਼ ਨੂੰ ਧਿੱਕ ਰਿਹਾ ਸੀ। ਸ਼ਾਇਦ ਮੇਰੇ ਤੋਂ ਬਚਣ ਲਈ ਦਰਵਾਜ਼ੇ ਦੇ ਸਾਮ੍ਹਣੇ ਕੁਝ ਰਖ ਰਿਹਾ ਹੈ, "ਉਸਨੇ ਮੁਸਕਰਾਉਂਦੀ ਨੇ ਸੋਚਿਆ ਤੇ ਫ਼ਰ ਦਾ ਕੋਟ ਇਕ ਪਾਸੇ ਸੁੱਟ ਕੇ ਵਾਲਾਂ ਵਿਚ ਉਲਝ ਗਈ ਟੋਪੀ ਤੇ ਉਸ ਦੇ ਹੇਠਾਂ ਉਣੀ ਹੋਈ ਸ਼ਾਲ ਉਤਾਰਨ ਲਗੀ। ਜਦੋਂ ਉਹ ਖਿੜਕੀ ਪਾਸ ਖੜੋਤੀ ਹੋਈ ਸੀ, ਤਾਂ ਜ਼ਰਾ ਵੀ ਠੰਡੀ ਨਹੀਂ ਹੋਈ ਸੀ ਅਤੇ ਉਸਨੇ ਸਿਰਫ ਇਸ ਲਈ ਠੰਡ ਦੀ ਦੁਹਾਈ ਦਿਤੀ ਸੀ ਕਿ ਉਹ ਉਸਨੂੰ ਅੰਦਰ ਆਉਣ ਦੇਵੇ। ਪਰ ਦਰਵਾਜ਼ੇ ਕੋਲ ਉਸਦਾ ਪੈਰ ਪਾਣੀ ਵਾਲੇ ਟੋਏ ਵਿਚ ਜਾ ਪਿਆ ਸੀ, ਖੱਬਾ ਪੈਰ ਗਿੱਟਿਆਂ ਤਕ ਭਿੱਜਾ ਹੋਇਆ ਸੀ ਤੇ ਉਸ ਦੀਆਂ ਜੁੱਤੀਆਂ ਤੇ ਉਪਰ ਦੀਆਂ ਰਬੜ ਦੀਆਂ ਜੁੱਤੀਆਂ ਵਿਚ ਪਾਣੀ ਭਰਿਆ ਹੋਇਆ ਸੀ। ਉਹ ਉਸਦੇ ਬਿਸਤਰੇ, ਭਾਵ ਤੰਗ ਜਿਹੇ ਬੈਂਚ ਉਤੇ ਬੈਠ ਗਈ, ਜਿਸ ਉਤੇ ਸਿਰਫ ਘਾਹ-ਫੂਸ ਦਾ ਗੱਦਾ ਵਿਛਿਆ ਹੋਇਆ ਸੀ, ਤੇ ਜੁੱਤੀਆਂ ਲਾਹੁਣ ਲਗੀ। ਉਸਨੂੰ ਇਹ ਕੋਠੜੀ ਬਹੁਤ ਹੀ ਚੰਗੀ ਲਗੀ। ਚਾਰ ਕੁ ਮੀਟਰ ਲੰਮੀ ਅਤੇ ਤਿੰਨ ਕੁ ਮੀਟਰ ਚੌੜੀ ਇਹ ਕੋਠੜੀ ਸ਼ੀਸ਼ੇ ਦੀ ਤਰ੍ਹਾਂ ਚਮਕ ਰਹੀ ਸੀ। ਇਸ ਵਿਚ ਸਿਰਫ ਬਿਸਤਰਾ ਸੀ, ਜਿਸ ਉਤੇ ਉਹ ਬੈਠੀ ਹੋਈ ਸੀ, ਤੇ ਉਸਦੇ ਉਪਰ ਕਿਤਾਬਾਂ ਦਾ ਸ਼ੈਲਫ ਸੀ। ਕੋਨੇ ਵਿਚ ਛੋਟੀ ਜਿਹੀ ਮੇਜ਼ ਸੀ। ਦਰਵਾਜ਼ੇ ਦੇ ਕੋਲ ਠੋਕੀਆਂ ਹੋਈਆਂ ਕਿਲੀਆਂ ਉਤੇ ਜੱਤ ਦਾ ਕੋਟ ਤੇ ਚੋਲਾ ਲਟਕ ਰਿਹਾ ਸੀ। ਮੇਜ਼ ਉਤੇ ਕੰਡਿਆਂ ਦੇ ਤਾਜ ਵਾਲੀ ਈਸਾ ਮਸੀਹ ਦੀ ਮੂਰਤੀ ਸੀ ਤੇ ਉਸਦੇ ਸਾਮ੍ਹਣੇ ਦੀਵਾ ਜਗ ਰਿਹਾ ਸੀ। ਤੇਲ, ਪਸੀਨੇ ਅਤੇ ਮਿੱਟੀ ਦੀ ਅਜੀਬ ਜਿਹੀ ਵਾਸ਼ਨਾ ਆ ਰਹੀ ਸੀ। ਉਸਨੂੰ ਇਹ ਸਭ ਕੁਝ ਚੰਗਾ ਲਗ ਰਿਹਾ ਸੀ, ਇਹ ਵਾਸ਼ਨਾ ਵੀ।
ਭਿੱਜੇ ਹੋਏ ਪੈਰ, ਖ਼ਾਸ ਕਰਕੇ ਖੱਬਾ ਪੈਰ, ਉਸਨੂੰ ਫਿਕਰਮੰਦ ਕਰ ਰਹੇ ਸਨ। ਇਸ ਲਈ ਉਹ ਜਲਦੀ ਜਲਦੀ ਜੁੱਤੀਆਂ ਲਾਹੁਣ ਲਗੀ। ਉਹ ਲਗਾਤਾਰ ਮੁਸਕਰਾਉਂਦੀ ਜਾ ਰਹੀ ਸੀ। ਉਸਨੂੰ ਇਸ ਗੱਲ ਦੀ ਏਨੀ ਖੁਸ਼ੀ ਨਹੀਂ ਸੀ ਕਿ ਆਪਣੇ ਉਦੇਸ਼ ਵਿਚ ਸਫਲ ਹੋ ਗਈ ਸੀ, ਜਿੰਨੀ ਇਸ ਗੱਲ ਦੀ ਕਿ ਇਸ ਸੋਹਣੇ, ਇਸ ਅਦਭੁੱਤ ਤੇ ਅਜੀਬ ਢੰਗ ਨਾਲ ਆਕਰਸ਼ਕ ਆਦਮੀ ਦੇ ਦਿਲ ਵਿਚ ਹਲਚਲ ਪੈਦਾ ਕਰ ਦਿਤੀ ਸੀ। "ਉਸਨੇ ਦਿਲਚਸਪੀ ਜ਼ਾਹਿਰ ਨਹੀਂ ਕੀਤੀ, ਤਾਂ ਕੀ ਹੋਇਆ, ਉਸਨੇ ਆਪਣੇ ਆਪ ਨੂੰ ਕਿਹਾ।
“ਪਾਦਰੀ ਸੇਰਗਈ!
ਧਰਮ-ਪਿਤਾ ਸੇਰਗਈ! ਇਹ ਹੀ ਹੈ ਨਾ ਤੁਹਾਡਾ
ਨਾਂ?
“ਕੀ ਚਾਹੀਦਾ ਹੈ ਤੁਹਾਨੂੰ?" ਮੱਧਮ ਜਿਹੀ ਆਵਾਜ਼ ਵਿਚ ਜਵਾਬ ਮਿਲਿਆ।
‘‘ਕਿਰਪਾ ਕਰਕੇ ਮੈਨੂੰ ਮੁਆਫ ਕਰ ਦਿਓ ਕਿ ਮੈਂ ਤੁਹਾਡੀ ਤਪੱਸਿਆ ਵਿਚ ਖਲੱਲ ਪਾ ਦਿੱਤਾ ਹੈ। ਪਰ ਮੈਂ ਕੁਝ ਹੋਰ ਕਰ ਵੀ ਤਾਂ ਨਹੀਂ ਸਕਦੀ ਸੀ। ਮੈਂ ਬਿਮਾਰ ਹੋ ਜਾਂਦੀ। ਹੋ ਸਕਦਾ ਹੈ ਕਿ ਹੁਣ ਵੀ ਬਿਮਾਰ ਹੋ ਜਾਵਾਂ ਮੈਂ ਤਾਂ ਬਿਲਕੁਲ ਭਿੱਜੀ ਪਈ ਹਾਂ, ਪੈਰ ਬਰਫ਼ ਦੀ ਤਰ੍ਹਾਂ ਠੰਡੇ ਹਨ।
“ਮੈਂ ਮੁਆਫ਼ੀ ਚਾਹੁੰਦਾ ਹਾਂ,
ਮੱਧਮ ਜਿਹੀ ਆਵਾਜ਼ ਵਿੱਚ ਜਵਾਬ ਮਿਲਿਆ, "ਪਰ ਮੈਂ ਤੁਹਾਡੀ ਕੁਝ ਵੀ ਤਾਂ ਸੇਵਾ ਨਹੀਂ ਕਰ ਸਕਦਾ।
“ਮੈਂ ਤਾਂ ਕਿਸੇ ਹਾਲਤ ਵਿਚ ਤੁਹਾਨੂੰ ਪ੍ਰੇਸ਼ਾਨ ਨਾ ਕਰਦੀ। ਮੈਂ ਤਾਂ ਬਸ, ਪਹੁ ਫੁੱਟਣ ਤਕ ਹੀ ਇਥੇ ਰਹਾਂਗੀ।
ਪਾਦਰੀ ਸੇਰਗਈ ਨੇ ਕੋਈ ਜਵਾਬ ਨਾ ਦਿਤਾ। ਉਸਨੂੰ ਸੁਣਾਈ ਦਿੱਤਾ ਕਿ ਉਹ ਕੁਝ ਬੁੜਬੁੜਾ ਰਿਹਾ ਹੈ, ਸ਼ਾਇਦ ਪ੍ਰਾਰਥਨਾ ਕਰ ਰਿਹਾ ਹੈ।
"ਤੁਸੀਂ ਇਥੇ ਤਾਂ ਨਹੀਂ ਆਵੋਗੇ ਨਾ?
ਉਸਨੇ ਮੁਸਕਰਾਉਂਦਿਆਂ ਹੋਇਆ ਪੁੱਛਿਆ।
ਕਪੜੇ ਲਾਹ ਕੇ ਮੈਂ ਉਹਨਾਂ ਨੂੰ ਸੁਕਾਉਣਾ ਹੈ।
ਪਾਦਰੀ ਸੇਰਗਈ ਨੇ ਕੋਈ ਜਵਾਬ ਨਾ ਦਿਤਾ ਅਤੇ ਦੂਸਰੇ ਕਮਰੇ ਵਿਚ ਅਡੋਲ ਪ੍ਰਾਰਥਨਾ ਕਰਦਾ ਰਿਹਾ।
“ਹਾਂ, ਇਹ ਹੈ ਅਸਲੀ ਇਨਸਾਨ, br ਉਸਨੇ ਪਾਣੀ ਨਾਲ ਭਰੀ ਹੋਈ ਜੁੱਤੀ ਨੂੰ ਪੂਰੇ ਜ਼ੋਰ ਨਾਲ ਉਤਾਰਨ ਦੀ ਕੋਸ਼ਿਸ਼ ਕਰਦੇ ਹੋਏ ਸੋਚਿਆ। ਉਹ ਉਸਨੂੰ ਖਿੱਚ ਰਹੀ ਸੀ, ਪਰ ਉਹ ਉਤਰ ਨਹੀਂ ਰਹੀ ਸੀ। ਉਸਨੂੰ ਹਾਸਾ ਆ ਗਿਆ ਤੇ ਉਹ ਜਾਣਦੀ ਸੀ ਕਿ ਪਾਦਰੀ ਸੇਰਗਈ ਉਸਦਾ ਹਾਸਾ ਸੁਣ ਰਿਹਾ ਹੈ ਤੇ ਇਸ ਉਦੇਸ਼ ਨਾਲ ਕਿ ਉਸ ਉਤੇ ਉਸਦੇ ਹਾਸੇ ਦਾ ਵੈਸਾ ਹੀ ਅਸਰ ਹੋ ਰਿਹਾ ਹੈ, ਜਿਸ ਤਰ੍ਹਾਂ ਦਾ ਕਿ ਉਹ ਚਾਹੁੰਦੀ ਸੀ, ਹੋਰ ਵੀ ਜ਼ੋਰ ਨਾਲ ਹੱਸ ਪਈ। ਅਸਲ ਵਿਚ ਇਸ ਖੁਸ਼ੀ ਭਰੇ ਹਾਸੇ ਦਾ, ਸੁਭਾਵਿਕ ਤੇ ਹਾਰਦਿੱਕ ਹਾਸੇ ਦਾ ਉਸ ਉਤੇ ਵੈਸਾ ਹੀ ਅਸਰ ਹੋਇਆ, ਜਿਸ ਤਰ੍ਹਾਂ ਦਾ ਉਹ ਚਾਹੁੰਦੀ ਸੀ।
"ਹਾਂ, ਐਸੇ ਵਿਅਕਤੀ ਨਾਲ ਪਿਆਰ ਕੀਤਾ ਜਾ ਸਕਦਾ ਹੈ। ਉਸ ਦੀਆਂ ਉਹ ਅੱਖਾਂ! ਉਸਦਾ ਉਹ ਸਾਦਾ-ਸਰਲ, ਰੁਅਬਦਾਰ ਤੇ ਚਾਹੇ ਉਹ ਕਿੰਨੀਆਂ ਵੀ ਪ੍ਰਾਰਥਨਾਵਾਂ ਕਿਉਂ ਨਾ ਕਰੇ -ਕਾਮੁਕ ਚਿਹਰਾ! ਉਸ ਨੇ ਸੋਚਿਆ। ਅਸਾਂ ਔਰਤਾਂ ਦੀਆਂ ਅੱਖਾਂ ਵਿਚ ਕੋਈ ਘੱਟਾ ਨਹੀਂ ਪਾ ਸਕਦਾ। ਜਦੋਂ ਉਸਨੇ ਸ਼ੀਸ਼ੇ ਨਾਲ ਮੂੰਹ ਚਪਕਾਇਆ ਸੀ ਤੇ ਮੈਨੂੰ ਵੇਖਿਆ ਸੀ, ਉਸੇ ਵੇਲੇ ਉਹ ਸਭ ਕੁਝ ਸਮਝ ਗਿਆ ਸੀ, ਜਾਣ ਗਿਆ ਸੀ। ਉਸ ਦੀਆਂ ਅੱਖਾਂ ਚਮਕ ਉਠੀਆਂ ਸਨ ਤੇ ਉਹਨਾਂ ਉਤੇ
ਇਕ ਮੋਹਰ ਅੰਕਿਤ ਹੋ ਕੇ ਰਹਿ ਗਈ ਸੀ। ਉਸਦੇ ਦਿਲ ਵਿਚ ਪਿਅਰ ਦੀ ਲਹਿਰ ਦੌੜ ਗਈ ਸੀ, ਮੈਨੂੰ ਹਾਸਲ ਕਰਨ ਦੀ ਇੱਛਾ ਪੈਦਾ ਹੋ ਗਈ ਸੀ। ਹਾਂ, ਮੈਨੂੰ ਹਾਸਲ ਕਰਨ ਦੀ ਇੱਛਾ,
ਉਸਨੇ ਆਖਿਰ ਜੁੱਤੀ ਲਾਹ ਕੇ ਆਪਣੇ ਆਪ ਨੂੰ ਕਿਹਾ। ਹੁਣ ਉਹ ਆਪਣੀਆਂ ਜੁਰਾਬਾਂ ਲਾਹੁਣੀਆਂ ਚਾਹੁੰਦੀ ਸੀ। ਪਰ ਗੈਟਸ ਨਾਲ ਕੱਸੀਆਂ ਹੋਈਆਂ ਲੰਮੀਆਂ ਜਰਾਬਾਂ ਨੂੰ ਲਾਹੁਣ ਲਈ ਸਰਕਟ ਨੂੰ ਉਪਰ ਕਰਨਾ ਜ਼ਰੂਰੀ ਸੀ। ਉਸਨੂੰ ਇਸ ਤਰ੍ਹਾਂ ਕਰਦਿਆ ਸ਼ਰਮ ਮਹਿਸੂਸ ਹੋਈ ਤੇ ਉਹ ਕਹਿ ਉਠੀ-
ਏਧਰ ਨਾ ਆਉਣਾ।
ਕੰਧ ਦੇ ਪਿਛੋਂ ਕੋਈ ਜਵਾਬ ਨਾ ਮਿਲਿਆ। ਇਕੋ ਹੀ ਕਿਸਮ ਦੀ ਬੁੜਬੁੜ ਤੇ ਹਿਲਣ-ਜੁਲਣ ਦੀ ਆਵਾਜ਼ ਸੁਣਾਈ ਦੇ ਰਹੀ ਸੀ। "ਸ਼ਾਇਦ ਉਹ ਜ਼ਮੀਨ ਉਤੇ ਮੱਥਾ ਟੇਕ ਰਿਹਾ ਹੈ, " ਉਸਨੇ ਸੋਚਿਆ। ਪਰ ਕੁਝ ਨਹੀਂ ਹੋਵੇਗਾ ਮੱਥੇ ਰਗੜਨ ਨਾਲ, ਉਹ ਆਪਣੇ ਆਪ ਨੂੰ ਕਹਿੰਦੀ ਗਈ। "ਉਹ ਮੇਰੇ ਬਾਰੇ ਸੋਚ ਰਿਹਾ ਹੈ। ਠੀਕ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੈਂ ਉਸ ਦੇ ਬਾਰੇ। ਵੈਸੀ ਹੀ ਭਾਵਨਾ ਨਾਲ ਉਹ ਇਹਨਾਂ ਟੰਗਾਂ ਬਾਰੇ ਸੋਚ ਰਿਹਾ ਹੈ, "ਗਿੱਲੀਆਂ ਜੁਰਾਬਾਂ ਨੂੰ ਲਾਹਕੇ ਨੰਗੇ ਪੈਰਾਂ ਨੂੰ ਬਿਸਤਰੇ ਉਤੇ ਰਖਦਿਆਂ ਤੇ ਫਿਰ ਉਹਨਾਂ ਨੂੰ ਆਪਣੇ ਹੇਠਾਂ ਦਬਾਉਂਦਿਆਂ ਹੋਇਆ ਉਸਨੇ ਖੁਦ ਨੂੰ ਕਿਹਾ। ਗੋਡਿਆਂ ਦੁਆਲੇ ਬਾਹਾਂ ਵਲੀ ਤੇ ਸੋਚ ਵਿਚ ਡੁੱਬੀ ਆਪਣੇ ਸਾਮ੍ਹਣੇ ਪਾਸੇ ਦੇਖਦੀ ਹੋਈ ਕੁਝ ਦੇਰ ਤਕ ਉਹ ਇਸੇ ਤਰ੍ਹਾਂ ਬੈਠੀ ਰਹੀ। "ਹਾਂ, ਇਹ ਵਿਰਾਨਾ, ਇਹ ਖਾਮੋਸ਼ੀ। ਕਦੀ ਕਿਸੇ ਨੂੰ ਕੁਝ ਪਤਾ ਨਹੀਂ ਲਗੇਗਾ..."
ਉਹ ਉੱਠੀ, ਜਰਾਬਾਂ ਲੈ ਕੇ ਅੰਗੀਠੀ ਕੋਲ ਗਈ ਤੇ ਅੰਗੀਠੀ ਦੇ ਮੂੰਹ ਅੱਗੇ ਉਹਨਾਂ ਨੂੰ ਲਟਕਾ ਦਿੱਤਾ। ਕੁਝ ਖਾਸ ਹੀ ਕਿਸਮ ਦਾ ਸੀ ਇਹ। ਉਸਨੇ ਉਸਨੂੰ ਘੁਮਾਇਆ, ਨੰਗੇ ਪੈਰੀਂ ਹੌਲੀ ਹੌਲੀ ਕਦਮ ਪੁਟਦੀ ਹੋਈ ਬਿਸਤਰੇ ਵਲ ਗਈ ਅਤੇ ਉਹਨਾਂ ਨੂੰ ਫਿਰ ਬਿਸਤਰੇ ਉਤੇ ਟਿਕਾਅ ਕੇ ਬੈਠ ਗਈ। ਕੰਧ ਦੇ ਪਿਛੇ ਬਿਲਕੁਲ ਖਾਮੋਸ਼ੀ ਛਾ ਗਈ। ਉਸਨੇ ਗਲੇ ਵਿਚ ਲਟਕਦੀ ਹੋਈ ਛੋਟੀ ਜਿਹੀ ਘੜੀ ਵਲ ਨਜ਼ਰ ਮਾਰੀ। ਰਾਤ ਦੇ ਦੋ ਵਜੇ ਸਨ। ਲਗਭਗ ਤਿੰਨ ਵਜੇ ਸਾਡੇ ਲੋਕ ਇਥੇ ਪਹੁੰਚ ਜਾਣਗੇ। ਬਸ, ਇਕ ਹੀ ਘੰਟਾ ਬਾਕੀ ਰਹਿ ਗਿਆ ਹੈ।
"ਤਾਂ ਕੀ ਇਕੱਲੀ ਹੀ ਮੈਂ ਇਥੇ ਬੈਠੀ ਰਹਾਂਗੀ? ਇਹ ਕੀ ਬਕਵਾਸ ਹੈ! ਨਹੀਂ ਚਾਹੁੰਦੀ ਇਹ ਮੈਂ! ਹੁਣੇ ਬੁਲਾਉਂਦੀ ਹਾਂ ਉਸਨੂੰ।
ਪਾਦਰੀ ਸੈਰਗਈ! ਧਰਮ-ਪਿਤਾ ਸੇਰਗਈ! ਸੇਰਗਈ ਦਮਿਤਰੀਵਿਚ, ਰਾਜਕੁਮਾਰ ਕਸਾਤਸਕੀ!
ਉਧਰੋਂ ਕੋਈ ਜਵਾਬ ਨਾ ਮਿਲਿਆ।
"ਸੁਣੋ ਇਹ ਤਾਂ ਬੜੀ ਨਿਰਦੈਤਾ ਹੈ। ਅਗਰ ਮੈਂ ਐਸੀ ਜ਼ਰੂਰਤ ਮਹਿਸੂਸ ਨਾ ਕਰਦੀ, ਤਾਂ ਤੁਹਾਨੂੰ ਕਦੀ ਵੀ ਨਾ ਬੁਲਾਉਂਦੀ। ਮੈਂ ਬਿਮਾਰ ਹਾਂ। ਪਤਾ ਨਹੀਂ ਮੈਨੂੰ ਕੀ ਹੋ ਗਿਐ, " ਉਸ ਨੇ ਦਰਦ ਭਰੀ ਆਵਾਜ਼ ਵਿਚ ਕਿਹਾ। "ਓਹ! ਓਹ! ਬਿਸਤਰੇ ਉਤੇ ਡਿਗਦਿਆਂ, ਉਹ ਕੁਰਲਾ ਉਠੀ। ਇਹ ਅਜੀਬ ਜਿਹੀ ਗੱਲ ਹੋ ਸਕਦੀ ਹੈ, ਪਰ ਉਸਨੂੰ ਸਚਮੁਚ ਹੀ ਲਗਾ ਕਿ ਉਹ ਬਿਮਾਰ ਹੈ, ਬਹੁਤ ਬਿਮਾਰ ਹੈ, ਉਸਦੇ ਅੰਗ ਅੰਗ ਵਿਚ ਦਰਦ ਹੈ, ਜਿਵੇਂ ਕਿ ਉਹ ਤੇਜ਼ ਬੁਖਾਰ ਨਾਲ ਕੰਬ ਰਹੀ ਹੋਵੇ।
"ਸੁਣੋ ਤਾਂ ਮੇਰੀ ਮਦਦ ਕਰੋ। ਪਤਾ ਨਹੀਂ ਮੈਨੂੰ ਕੀ ਹੋ ਰਿਹੈ। ਓਹ! ਓਹ! ਉਸਨੇ ਫਰਾਕ ਦੇ ਬਟਨ ਖੋਲ੍ਹਕੇ ਛਾਤੀ ਨੰਗੀ ਕਰ ਲਈ ਤੇ ਅਰਕਾਂ ਤਕ ਆਪਣੀਆਂ ਨੰਗੀਆਂ ਬਾਹਾਂ ਫੈਲਾ ਦਿਤੀਆਂ। 'ਓਹ! ਓਹ!
ਪਾਦਰੀ ਸੇਰਗਈ ਇਸ ਸਾਰੇ ਸਮੇਂ ਦੇ ਦੌਰਾਨ ਪਿਛਲੀ ਕੋਠੜੀ ਵਿਚ ਖੜੋਤਾ ਪ੍ਰਾਰਥਨਾ ਕਰਦਾ ਰਿਹਾ ਸੀ। ਸ਼ਾਮ ਦੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਪਾਠ ਕਰਨ ਪਿਛੋਂ ਹੁਣ ਉਹ ਨੱਕ ਦੇ ਸਿਰੇ ਉਤੇ ਨਜ਼ਰ ਟਿਕਾਈ ਬੁੱਤ ਬਣਿਆ ਹੋਇਆ ਖੜੋਤਾ ਸੀ ਤੇ ਮਨ ਹੀ ਮਨ ਵਿਚ ਦੁਹਰਾ ਰਿਹਾ ਸੀ: “ਪ੍ਰਮਾਤਮਾ ਦੇ ਬੇਟੇ, ਈਸਾ ਮਸੀਹ, ਮੇਰੀ ਮਦਦ ਕਰੋ।
ਪਰ ਉਸਨੇ ਸੁਣਿਆ ਸਭ ਕੁਝ ਸੀ। ਜਦੋਂ ਇਸ ਔਰਤ ਨੇ ਆਪਣਾ ਫ਼ਰਾਕ ਉਤਾਰਿਆ ਸੀ, ਤਾਂ ਉਸਨੂੰ ਰੇਸ਼ਮੀ ਕਪੜੇ ਦੀ ਸਰਸਰਾਹਟ ਸੁਣਾਈ ਦਿਤੀ ਸੀ, ਫਰਸ਼ ਉਤੇ ਨੰਗੇ ਪੈਰਾਂ ਦੀ ਆਹਟ ਤੇ ਹੱਥਾਂ ਨੂੰ ਲੱਤਾਂ ਉਤੇ ਫੇਰਨ ਦੀ ਆਵਾਜ਼ ਵੀ ਉਸਨੂੰ ਸੁਣਾਈ ਦਿਤੀ ਸੀ। ਉਸਨੇ ਮਹਿਸੂਸ ਕੀਤਾ ਸੀ ਕਿ ਉਹ ਦੁਰਬਲ ਹੈ, ਕਿਸੇ ਵੀ ਘੜੀ ਉਸਦਾ ਪਤਨ ਹੋ ਸਕਦਾ ਹੈ ਤੇ ਇਸੇ ਲਈ ਉਹ ਲਗਾਤਾਰ ਪ੍ਰਾਰਥਨਾ ਕਰਦਾ ਜਾ ਰਿਹਾ ਸੀ। ਉਸਨੂੰ ਲੋਕ-ਕਥਾ ਦੇ ਉਸ ਨਾਇਕ ਵਰਗਾ ਅਹਿਸਾਸ ਹੋ ਰਿਹਾ ਸੀ, ਜਿਸ ਲਈ ਮੁੜ ਕੇ ਵੇਖੇ ਬਗੈਰ ਹੀ ਅੱਗੇ ਵਧਦੇ ਜਾਣਾ ਜ਼ਰੂਰੀ ਸੀ। ਸੇਰਗਈ ਵੀ ਇਹ ਸਮਝ ਰਿਹਾ ਸੀ, ਇਹ ਅਨੁਭਵ ਕਰ ਰਿਹਾ ਸੀ ਕਿ ਉਸ ਦੇ ਆਲੇ ਦੁਆਲੇ, ਉਸਦੇ ਉਪਰ ਖਤਰਾ ਮੰਡਰਾ ਰਿਹਾ ਹੈ ਉਸਦਾ ਪਤਨ ਹੋ ਸਕਦਾ ਹੈ ਤੇ ਬਚਣ ਦੀ ਸਿਰਫ ਇਕ ਹੀ ਸੂਰਤ ਹੈ-ਉਸ ਵਲ ਬਿਲਕੁਲ ਨਾ ਵੇਖਿਆ ਜਾਏ। ਪਰ ਅਚਾਨਕ ਹੀ ਉਸਨੂੰ ਵੇਖਣ ਦੀ ਇੱਛਾ ਬੜੀ ਹੀ ਤੀਬਰ ਹੋ ਉਠੀ। ਇਸੇ ਘੜੀ ਉਸ ਔਰਤ ਨੇ ਕਿਹਾ,
“ਇਹ ਤਾਂ ਬੜੀ ਨਿਰਦੈਤਾ ਹੈ। ਮੇਰੀ ਤਾਂ ਜਾਨ ਵੀ ਨਿਕਲ ਸਕਦੀ ਏ।
'ਹਾਂ, ਮੈਂ ਜਾਵਾਂਗਾ ਉਸ ਕੋਲ, ਪਰ ਉਸ ਪਾਦਰੀ ਦੀ ਤਰ੍ਹਾਂ ਹੀ ਜਿਸਨੇ ਆਪਣਾ ਇਕ ਹੱਥ ਵਿਭਚਾਰਨ ਉਤੇ ਰਖਿਆ ਸੀ ਤੇ ਦੂਸਰਾ ਅਗਨੀਕੁੰਡ ਵਿਚ ਪਾ ਦਿਤਾ ਸੀ। ਪਰ ਅਗਨੀਕੁੰਡ ਤਾਂ ਇਥੇ ਹੈ ਨਹੀਂ। ਉਸਨੇ ਏਧਰ ਉਧਰ ਨਜ਼ਰ ਫੇਰੀ ਹਾਂ, ਦੀਵਾ ਹੈ। ਉਸਨੇ ਦੀਵੇ ਦੀ ਲੋਅ ਉਤੇ ਆਪਣੀ ਉਂਗਲੀ ਧਰ ਦਿਤੀ ਅਤੇ ਨੱਕਮੂੰਹ ਸੁਕੇੜ ਕੇ ਦਰਦ ਸਹਿਣ ਲਈ ਤਿਆਰ ਹੋ ਗਿਆ। ਕਾਫੀ ਦੇਰ ਤਕ ਉਸਨੂੰ ਪੀੜ ਦਾ ਕੋਈ ਅਹਿਸਾਸ ਨਾ ਹੋਇਆ, ਪਰ ਅਚਾਨਕ ਉਹ ਇਹ ਨਾ ਤੈਅ ਕਰ ਸਕਿਆ ਕਿ ਉਸਨੂੰ ਦਰਦ ਹੋ ਰਹੀ ਹੈ ਕਿ ਨਹੀਂ ਤੇ ਜੇ ਹੋ ਰਹੀ ਹੈ, ਤਾਂ ਕਿੰਨੀ ਕੁ-ਉਸਨੇ ਬੁਰੀ ਤਰ੍ਹਾਂ ਮੂੰਹ ਬਣਾਇਆ ਤੇ ਝਟਕੇ ਨਾਲ ਆਪਣਾ ਹੱਥ ਪਿਛੇ ਹਟਾ ਲਿਆ। ਨਹੀਂ, ਮੈਂ ਐਸਾ ਨਹੀਂ ਕਰ ਸਕਦਾ।
“ਰੱਬ ਦੇ ਵਾਸਤੇ! ਉਫ, ਮੇਰੇ ਕੋਲ ਆਓ! ਮੇਰੀ ਜਾਨ ਨਿਕਲ ਰਹੀ ਹੈ, ਓਹ!
"ਤਾਂ ਕੀ ਮੇਰਾ ਪਤਨ ਹੋ ਹੀ ਜਾਏਗਾ? ਨਹੀਂ, ਐਸਾ ਨਹੀਂ ਹੋਵੇਗਾ।
‘‘ਮੈਂ ਹੁਣੇ ਆਉਂਦਾ ਹਾਂ ਤੁਹਾਡੇ ਕੋਲ, ਉਸਨੇ ਕਿਹਾ ਤੇ ਆਪਣਾ ਦਰਵਾਜ਼ਾ ਖੋਲ੍ਹਕੇ ਉਸ ਵਲ ਵੇਖੇ ਬਿਨਾਂ ਹੀ ਉਸਦੇ ਕੋਲੋਂ ਦੀ ਲੰਘਿਆ ਤੇ ਡਿਉੜੀ ਦੇ ਦਰਵਾਜ਼ੇ ਵੱਲ ਚਲਾ ਗਿਆ। ਉਥੇ, ਡਿਉੜੀ ਵਿਚ ਜਿਥੇ ਉਹ ਲੱਕੜਾਂ ਪਾੜਿਆ ਕਰਦਾ ਸੀ, ਉਸਨੇ ਅਨ੍ਹੇਰੇ ਵਿਚ ਉਸ ਮੁਢ ਨੂੰ ਟਟੋਲਿਆ ਜਿਸ ਉਤੇ ਰੱਖਕੇ ਉਹ ਬਾਲਣ ਲਈ ਲਕੜੀਆਂ ਪਾੜਦਾ ਹੁੰਦਾ ਸੀ ਤੇ ਕੰਧ ਨਾਲ ਰਖੀ ਹੋਈ ਕੁਹਾੜੀ ਨੂੰ ਵੀ ਲਭ ਲਿਆ।
“ਮੈਂ ਹੁਣੇ ਆਉਂਦਾ ਹਾਂ! ਉਸਨੇ ਦੁਹਰਾਇਆ, ਸੱਜੇ ਹੱਥ ਵਿਚ ਕੁਹਾੜੀ ਫੜੀ. ਖੱਬੇ ਹੱਥ ਦੀ ਅੰਗੂਠੇ ਦੇ ਨਾਲ ਦੀ ਉਂਗਲੀ ਮੁਢ ਉਤੇ ਰੱਖੀ ਤੇ ਕੁਹਾੜੀ ਉਪਰ ਚੁੱਕ ਕੇ ਉਂਗਲੀ ਦੀ ਦੂਸਰੀ ਗੰਢ ਦੇ ਉਤੇ ਦੇ ਮਾਰੀ। ਉਂਗਲੀ ਏਨੀ ਹੀ ਮੋਟੀ ਲਕੜੀ ਦੇ ਮੁਕਾਬਲੇ ਵਿਚ ਜ਼ਿਆਦਾ ਆਸਾਨੀ ਨਾਲ ਕੱਟੀ ਗਈ, ਉਪਰ ਉਛਲੀ, ਮੁਢ ਦੇ ਸਿਰੇ ਉਤੇ ਜ਼ਰਾ ਕੁ ਰੁਕੀ ਤੇ ਫਿਰ ਫਰਸ਼ ਉਤੇ ਜਾ ਡਿੱਗੀ।
ਉਂਗਲੀ ਦੇ ਫਰਸ਼ ਉਤੇ ਡਿੱਗਣ ਦੀ ਆਵਾਜ਼ ਉਸਨੂੰ ਦਰਦ ਮਹਿਸੂਸ ਹੋਣ ਤੋਂ ਪਹਿਲਾਂ ਸੁਣਾਈ ਦਿੱਤੀ। ਉਹ ਦਰਦ ਨਾ ਹੋਣ ਦੇ ਕਾਰਨ ਹੈਰਾਨ ਹੋ ਹੀ ਰਿਹਾ ਸੀ ਕਿ ਉਸਨੇ ਬਹੁਤ ਜ਼ੋਰ ਦੀ ਪੀੜ ਮਹਿਸੂਸ ਕੀਤੀ ਤੇ ਨਾਲ ਹੀ ਗਰਮ ਲਹੂ ਦੀ ਧਾਰ ਵਗਣੀ ਸ਼ੁਰੂ ਹੋ ਗਈ। ਉਸਨੇ ਝਟਪਟ ਚੋਲੇ ਦੀ ਕੰਨੀਂ ਜ਼ਖਮ ਉਤੇ ਲਪੇਟੀ, ਉਸਨੂੰ ਆਪਣੀ ਵੱਖੀ ਨਾਲ ਘੁੱਟ ਲਿਆ, ਦਰਵਾਜ਼ੇ ਵਲ ਮੁੜਿਆ ਤੇ ਨਜ਼ਰਾਂ ਝੁਕਾਉਂਦੇ ਹੋਏ ਉਸ ਔਰਤ ਦੇ ਸਾਮਣੇ ਖੜੇ ਹੋ ਕੇ ਹੌਲੀ ਜੇਹੀ ਪੁੱਛਿਆ:
ਕੀ ਚਾਹੀਦਾ ਹੈ ਤੁਹਾਨੂੰ?
ਉਸਨੇ ਉਸਦੇ ਪੀਲੇ ਪਏ ਚਿਹਰੇ ਤੇ ਕੰਬਦੀ ਹੋਈ ਖੱਬੀ ਗਲ੍ਹ ਵਲ ਵੇਖਿਆ ਤੇ ਅਚਾਨਕ ਉਸਨੂੰ ਸ਼ਰਮ ਮਹਿਸੂਸ ਹੋਈ। ਉਹ ਉੱਛਲ ਕੇ ਖੜੀ ਹੋ ਗਈ, ਉਸਨੇ ਆਪਣਾ ਫਰ ਕੋਟ ਚੁੱਕਿਆ, ਉਸਨੂੰ ਆਪਣੇ ਉਪਰ ਪਾ ਲਿਆ, ਉਸਨੂੰ ਆਪਣੇ ਚਾਰ ਚੁਫੇਰੇ ਲਪੇਟ ਲਿਆ।
“ਮੈਨੂੰ ਪੀੜ ਹੋ ਰਹੀ ਸੀ... ਮੈਨੂੰ ਠੰਡ ਲਗ ਗਈ ਹੈ... ਮੈਂ... ਪਾਦਰੀ ਸੇਰਗਈ ...ਮੈਂ...
ਹਲਕੀ ਹਲਕੀ ਖੁਸ਼ੀ ਨਾਲ ਚਮਕਦੀਆਂ ਹੋਈਆਂ ਆਪਣੀਆਂ ਅੱਖਾਂ ਉਪਰ ਚੱਕ ਕੇ ਉਹ ਬੋਲਿਆ:
ਉਹ ਪਾਦਰੀ ਸੇਰਗਈ ਦੀ ਗੱਲ ਸੁਣ ਰਹੀ ਸੀ ਤੇ ਉਸ ਵੱਲ ਵੇਖ ਰਹੀ ਸੀ। ਅਚਾਨਕ ਹੀ ਉਸਨੂੰ ਫਰਸ਼ ਉਤੇ ਡਿੱਗਦੀਆਂ ਬੂੰਦਾਂ ਦੀ ਆਵਾਜ਼ ਸੁਣਾਈ ਦਿਤੀ। ਉਸਨੇ ਧਿਆਨ ਨਾਲ ਦੇਖਿਆ ਤਾਂ ਚੋਲੇ ਵਿਚ ਦਿਤੇ ਹੱਥ ਵਿਚੋਂ ਵਗਦਾ ਖੂਨ ਨਜ਼ਰ ਆਇਆ।
"ਹੱਥ ਨਾਲ ਤੁਸਾਂ ਕੀ ਕਰ ਦਿਤੈ? ਉਸਨੂੰ ਉਹ ਆਵਾਜ਼ ਯਾਦ ਆਈ, ਜਿਹੜੀ ਉਸਨੇ ਸੁਣੀ ਸੀ ਉਹ ਝਟਪਟ ਦੀਵਾ ਚੁੱਕ ਕੇ ਡਿਉੜੀ ਵਲ ਨੱਠ ਉਠੀ। ਉਥੇ ਉਸਨੂੰ ਖੂਨ ਨਾਲ ਲੱਥਪਥ ਉਂਗਲੀ ਦਿਖਾਈ ਦਿਤੀ। ਉਸਦੇ ਚਿਹਰੇ ਦਾ ਰੰਗ ਤਾਂ ਸੇਰਗਈ ਦੇ ਚਿਹਰੇ ਦੇ ਰੰਗ ਨਾਲੋਂ ਵੀ ਜ਼ਿਆਦਾ ਪੀਲਾ ਪੈ ਗਿਆ ਸੀ। ਉਸਨੇ ਸੇਰਗਈ ਨੂੰ ਕੁਝ ਕਹਿਣਾ ਚਾਹਿਆ, ਪਰ ਉਹ ਹੌਲੀ ਹੌਲੀ ਆਪਣੀ ਕੋਠੜੀ ਵੱਲ ਚਲਾ ਗਿਆ ਤੇ ਉਸਨੇ ਦਰਵਾਜ਼ਾ ਬੰਦ ਕਰ ਲਿਆ।
ਮੈਨੂੰ ਮੁਆਫ ਕਰ ਦਿਓ, ਉਹ ਬੋਲੀ। ‘‘ਕਿਸ ਤਰ੍ਹਾਂ ਆਪਣੇ ਪਾਪ ਦਾ ਪਸ਼ਚਾਤਾਪ ਕਰ ਸਕਦੀ ਹਾਂ ਮੈਂ?'
"ਚਲੀ ਜਾ।
“ਲਿਆਓ, ਮੈਂ ਤੁਹਾਡੇ ਜ਼ਖਮ ਉਤੇ ਪੱਟੀ ਬੰਨ੍ਹ ਦਿਆਂ।
‘‘ਚਲੀ ਜਾ ਇਥੋਂ।
ਉਹ ਜਲਦੀ ਜਲਦੀ ਕਪੜੇ ਤੇ ਫ਼ਰ ਦਾ ਕੋਟ ਵੀ ਪਾ ਕੇ ਤਿਆਰ ਹੋ ਗਈ ਤੇ ਇੰਤਜ਼ਾਰ ਕਰਨ ਲਗੀ। ਬਾਹਰ ਘੰਟੀਆਂ ਦੀ ਆਵਾਜ਼ ਸੁਣਾਈ ਦਿਤੀ।
"ਪਾਦਰੀ ਸੇਰਗਈ। ਮੈਨੂੰ ਮੁਆਫ ਕਰ ਦਿਓ।
ਜਾਓ। ਪ੍ਰਮਾਤਮਾ ਮੁਆਫ ਕਰੇਗਾ।
“ਧਰਮ-ਪਿਤਾ ਸੇਰਗਈ, ਮੈਂ ਆਪਣਾ ਜੀਵਨ ਬਦਲ ਲਵਾਂਗੀ। ਮੈਨੂੰ ਠੁਕਰਾਓ ਨਹੀਂ।"
ਜਾਓ।
ਮੁਆਫ ਕਰੋ ਤੇ ਅਸ਼ੀਰਵਾਦ ਦਿਓ।
‘‘ਪਿਤਾ, ਪੁਤ੍ਰ ਅਤੇ ਪਵਿੱਤਰ ਆਤਮਾ ਦੇ ਨਾਂ ਉਤੇ" ਕੰਧ ਦੇ ਪਿਛੋਂ ਸੁਣਾਈ ਦਿਤਾ,"ਜਾਓ।
ਉਹ ਸਿਸਕੀਆਂ ਭਰਦੀ ਹੋਈ ਕੋਠੜੀ ਤੋਂ ਬਾਹਰ ਆਈ। ਵਕੀਲ ਉਸ ਵਲ ਵਧਿਆ ਤੇ ਬੋਲਿਆ:
"ਹਾਰ ਗਿਆ ਬਾਜ਼ੀ, ਕਮਬਖਤ ਕਿਸਮਤ ਹੀ ਐਸੀ ਹੈ। ਕਿਥੇ ਬੈਠੋਗੇ
ਤੁਸੀਂ?
“ਕਿਤੇ ਵੀ ਬੈਠ ਜਾਵਾਂਗੀ।
ਉਹ ਬੈਠ ਗਈ ਤੇ ਸਾਰਾ ਰਸਤਾ ਉਸਨੇ ਇਕ ਵੀ ਸ਼ਬਦ ਮੂੰਹੋਂ ਨਹੀਂ ਕਢਿਆ।
ਇਕ ਸਾਲ ਪਿਛੋਂ ਉਹ ਤਪਸਵੀ ਅਰਸੇਨੀ ਦੀ ਅਗਵਾਈ ਹੇਠ, ਜਿਹੜਾ ਕਦੀ ਕਦੀ ਉਸਨੂੰ ਖ਼ਤ ਲਿਖਿਆ ਕਰਦਾ ਸੀ, ਮਠ ਵਿਚ ਬੇਹੱਦ ਸੰਜਮ ਦਾ ਜੀਵਨ ਬਿਤਾਉਣ ਲਗੀ।
6
ਪਾਦਰੀ ਸੇਰਗਈ ਨੇ ਤਪੱਸਿਆ ਵਿਚ ਸੱਤ ਸਾਲ ਹੋਰ ਗੁਜ਼ਾਰ ਦਿਤੇ। ਸ਼ੁਰੂ ਵਿਚ ਤਾਂ ਉਹ ਬਹੁਤ ਸਾਰੀਆਂ ਚੀਜ਼ਾਂ-ਚਾਹ, ਚੀਨੀ, ਚਿੱਟੀ ਡਬਲ-ਰੋਟੀ, ਦੁੱਧ, ਕਪੜੇ ਤੇ ਲਕੜੀਆਂ ਆਦਿ, ਜੋ ਉਸ ਲਈ ਲਿਆਂਦੀਆਂ ਜਾਂਦੀਆਂ ਸਨ, ਲੈ ਲੈਂਦਾ ਸੀ। ਪਰ ਜਿਉਂ ਜਿਉਂ ਸਮਾਂ ਬੀਤਦਾ ਗਿਆ, ਉਹ ਆਪਣੇ ਜੀਵਨ ਨੂੰ ਜ਼ਿਆਦਾ ਕਰੜਾ ਬਣਾਉਂਦਾ ਗਿਆ, ਬਹੁਤ ਸਾਰੀਆਂ ਚੀਜ਼ਾਂ ਦਾ ਤਿਆਗ ਕਰਦਾ ਗਿਆ ਤੇ ਅਖੀਰ ਹਫਤੇ ਵਿਚ ਇਕ ਵਾਰੀ ਕਾਲੀ ਰੋਟੀ ਖਾਣ ਦੇ ਇਲਾਵਾ ਸਭ ਚੀਜ਼ਾਂ ਦਾ ਉਸਨੇ ਤਿਆਗ ਕਰ ਦਿਤਾ। ਬਾਕੀ ਸਾਰੀਆਂ ਚੀਜ਼ਾਂ ਉਹ ਆਪਣੇ ਪਾਸ ਆਉਣ ਵਾਲੇ ਗਰੀਬਾਂ ਵਿਚ ਵੰਡ ਦੇਂਦਾ।
ਪਾਦਰੀ ਸੇਰਗਈ ਆਪਣਾ ਸਾਰਾ ਸਮਾਂ ਕੋਠੜੀ ਵਿਚ ਪ੍ਰਾਰਥਨਾ ਜਾਂ ਦਰਸ਼ਕਾਂ ਨਾਲ ਗੱਲਬਾਤ ਕਰਨ ਵਿਚ ਬਿਤਾਉਂਦਾ। ਦਰਸ਼ਨਾਂ ਲਈ ਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਸੀ। ਪਾਦਰੀ ਸੇਰਗਈ ਸਾਲ ਵਿਚ ਤਿੰਨ ਕੁ ਵਾਰ ਗਿਰਜਾਘਰ ਜਾਣ ਲਈ ਜਾਂ ਫਿਰ ਜ਼ਰੂਰਤ ਹੋਣ ਉਤੇ ਲਕੜੀ-ਪਾਣੀ ਲਿਆਉਣ ਦੀ ਖ਼ਾਤਰ ਬਾਹਰ ਨਿਕਲਦਾ।
ਐਸੇ ਜੀਵਨ ਦੇ ਪੰਜ ਸਾਲਾਂ ਪਿਛੋਂ ਮਾਕੋਵਕਿਨਾ ਵਾਲੀ ਘਟਨਾ ਵਾਪਰੀ, ਜਿਸਦੀ ਜਲਦੀ ਹੀ ਸਾਰੇ ਪਾਸੇ ਖਬਰ ਫੈਲ ਗਈ। ਲੋਕਾਂ ਨੂੰ ਪਤਾ ਲਗ ਗਿਆ ਕਿ ਕਿਵੇਂ ਉਹ ਰਾਤ ਵੇਲੇ ਆਈ ਸੀ, ਇਸਦੇ ਪਿਛੋਂ ਉਸ ਵਿਚ ਕੀ ਤਬਦੀਲੀ ਹੋਈ ਤੇ ਉਹ ਮਨ ਵਿਚ ਚਲੀ ਗਈ। ਇਸ ਘਟਨਾ ਤੋਂ ਪਿਛੋਂ ਪਾਦਰੀ ਸੇਰਗਈ ਦਾ ਜੱਸ ਹੋਰ ਵੀ ਵਧਣ ਲੱਗਾ। ਦਰਸ਼ਨ ਅਭਿਲਾਸ਼ੀਆਂ ਦੀ ਗਿਣਤੀ ਵਧਦੀ ਗਈ. ਉਸਦੀ ਕੋਠੜੀ ਦੇ ਆਸ-ਪਾਸ ਸਾਧੂ ਰਹਿਣ ਲਗੇ, ਲਾਗੇ ਹੀ ਗਿਰਜਾਘਰ ਅਤੇ ਹੋਸਟਲ ਬਣ ਗਿਆ। ਜਿਸ ਤਰ੍ਹਾਂ ਕਿ ਹਮੇਸ਼ਾ ਹੁੰਦਾ ਹੈ, ਉਸਦੀ ਮਸ਼ਹੂਰੀ, ਵਧਾ ਚੜ੍ਹਾ ਕੇ ਬਿਆਨ ਕੀਤੀ ਜਾਂਦੀ, ਜਿਵੇਂ ਕਿ ਹਮੇਸ਼ਾ ਹੁੰਦਾ ਹੀ ਹੈ -ਦਿਨੋਂ ਦਿਨ ਦੂਰ ਦੂਰ ਤਕ ਫੈਲਦੀ ਗਈ; ਬਹੁਤ ਦੂਰ ਦੂਰ ਤੋਂ ਲੋਕੀਂ ਉਸ ਕੋਲ ਆਉਣ ਲੱਗੇ ਬਿਮਾਰਾਂ ਨੂੰ ਲਿਆਉਣ ਲਗੇ, ਕਿਉਂਕਿ ਇਹ ਮੰਨਿਆ ਜਾਣ ਲਗਾ ਕਿ ਉਹ ਉਹਨਾਂ ਨੂੰ ਰਾਜ਼ੀ ਕਰਨ ਦੀ ਸ਼ਕਤੀ ਰਖਦਾ ਹੈ।
ਤਪੱਸਿਆ ਦੇ ਅੱਠਵੇਂ ਸਾਲ ਉਸਨੇ ਪਹਿਲੇ ਰੋਗੀ ਨੂੰ ਰਾਜ਼ੀ ਕੀਤਾ ਸੀ। ਉਹ ਚੌਦਾਂ ਸਾਲ ਦਾ ਲੜਕਾ ਸੀ। ਜਿਸ ਨੂੰ ਉਸਦੀ ਮਾਂ ਪਾਦਰੀ ਸੇਰਗਈ, ਕੋਲ ਲਿਆਈ ਤੇ ਪ੍ਰਾਰਥਨਾ ਕੀਤੀ ਕਿ ਉਹ ਲੜਕੇ ਦੇ ਸਿਰ ਉਤੇ ਆਪਣਾ ਹੱਥ ਰਖੇ। ਪਾਦਰੀ ਸੇਰਗਈ ਨੇ ਤਾਂ ਕਦੀ ਐਸਾ ਸੋਚਿਆ ਵੀ ਨਹੀਂ ਸੀ ਕਿ ਉਹ ਰੋਗੀਆਂ ਨੂੰ ਠੀਕ ਕਰ ਸਕਦੈ। ਐਸੇ ਵਿਚਾਰ ਨੂੰ ਉਹ ਘੁੰਮਡ ਦੇ ਰੂਪ ਵਿਚ ਮਹਾਂ ਪਾਪ ਮੰਨਦਾ ਸੀ। ਪਰ ਲੜਕੇ ਦੀ ਮਾਂ ਲਗਾਤਾਰ ਬੇਨਤੀਆਂ ਕਰਦੀ ਰਹੀ, ਉਸਦੇ ਪੈਰੀਂ ਪੈਂਦੀ ਤੇ ਇਹ ਕਹਿੰਦੀ ਰਹੀ ਕਿ ਉਹ ਦੂਸਰਿਆਂ ਦੇ ਦੁੱਖ ਦੂਰ ਕਰਦਾ ਹੈ ਤਾਂ ਉਸਦੇ ਲੜਕੇ ਦੀ ਮਦਦ ਕਿਉਂ ਨਹੀਂ ਕਰਦਾ? ਉਸਨੇ ਈਸਾ ਮਸੀਹ ਦੇ ਨਾਂ ਉਤੇ ਤਰਲਾ ਮਾਰਿਆ। ਪਾਦਰੀ ਸੇਰਗਈ ਨੇ ਕਿਹਾ ਕਿ ਸਿਰਫ ਪ੍ਰਮਾਤਮਾ ਹੀ ਉਸਦੇ ਬੇਟੇ ਨੂੰ ਰਾਜ਼ੀ ਕਰ ਸਕਦਾ ਹੈ। ਉਸ ਦੇ ਜਵਾਬ ਵਿਚ ਉਸਨੇ ਕਿਹਾ ਕਿ ਉਹ ਤਾਂ ਸਿਰਫ਼ ਉਸਦੇ ਲੜਕੇ ਦੇ ਸਿਰ ਉਤੇ ਹੱਥ ਰਖਕੇ ਪ੍ਰਾਰਥਨਾ ਕਰਨ ਦੀ ਬੇਨਤੀ ਕਰਦੀ ਹੈ। ਪਾਦਰੀ ਸੇਰਗੇਈ ਨੇ ਇਨਕਾਰ ਕਰ ਦਿਤਾ ਅਤੇ ਆਪਣੀ ਕੋਠੜੀ ਵਿਚ ਚਲਾ ਗਿਆ। ਪਰ ਅਗਲੇ ਦਿਨ (ਪੱਤਝੜ ਦਾ ਮੌਸਮ ਸੀ ਅਤੇ ਰਾਤਾਂ ਠੰਢੀਆਂ ਹੋ ਚੁਕੀਆਂ ਸਨ) ਜਦੋਂ ਉਹ ਪਾਣੀ ਲਿਆਉਣ ਲਈ ਆਪਣੀ ਕੋਠੜੀ ਤੋਂ ਬਾਹਰ ਨਿਕਲਿਆ, ਤਾਂ ਪੀਲੇ ਚਿਹਰੇ ਵਾਲੇ ਚੌਦਾਂ ਸਾਲ ਦੇ ਰੋਗੀ ਬੇਟੇ ਨਾਲ ਉਸੇ ਮਾਂ ਨੂੰ ਉਥੇ ਖੜੋਤੇ ਵੇਖਿਆ: ਤੇ ਉਹ ਫਿਰ ਹੱਥ-ਪੈਰ ਜੋੜਨ ਲਗੀ। ਪਾਦਰੀ ਸੇਰਗਈ ਨੂੰ ਅਨਿਆਈਂ ਜੱਜ ਦੀ ਕਥਾ ਯਾਦ ਆ ਗਈ ਤੇ ਜੇ ਉਸਨੂੰ ਪਹਿਲਾਂ ਇਸ ਗੱਲ ਦਾ ਜ਼ਰਾ ਵੀ ਸੰਦੇਹ ਨਹੀਂ ਸੀ ਕਿ ਉਸਨੂੰ ਇਨਕਾਰ ਕਰ ਦੇਣਾ ਚਾਹੀਦੈ, ਤਾਂ ਹੁਣ ਉਹ ਸੰਦੇਹ ਵਿਚ ਪੈ ਗਿਆ। ਸੰਦੇਹ ਪੈਦਾ ਹੁੰਦਿਆਂ ਹੀ ਉਹ ਪ੍ਰਾਰਥਨਾ ਕਰਨ ਲਗ ਪਿਆ ਤੇ ਉਦੋਂ ਤਕ ਪ੍ਰਾਰਥਨਾ ਕਰਦਾ ਰਿਹਾ, ਜਦੋਂ ਤਕ ਕਿ ਉਹ ਆਪਣੀ ਆਤਮਾ ਵਿਚ ਕਿਸੇ ਨਤੀਜੇ ਤੱਕ ਨਾ ਪੁੱਜ ਗਿਆ। ਉਸਦਾ ਨਤੀਜਾ ਇਹ ਸੀ ਕਿ ਉਸਨੂੰ ਉਸ ਔਰਤ ਦੀ ਪ੍ਰਾਰਥਨਾ ਪੂਰੀ ਕਰਨੀ ਚਾਹੀਦੀ ਹੈ, ਸੰਭਵ ਹੈ ਕਿ ਉਸਦਾ ਵਿਸ਼ਵਾਸ ਉਸਦੇ ਬੇਟੇ ਦੀ ਜਾਨ ਬਚਾ ਦੇਵੇ ਤੇ ਉਸ ਹਾਲਤ ਵਿਚ ਉਹ ਪ੍ਰਮਾਤਮਾ ਦੀ ਇੱਛਾ ਦਾ ਇਕ ਤੁੱਛ ਜਿਹਾ ਸਾਧਨ ਹੀ ਹੋਵੇਗਾ।
ਪਾਦਰੀ ਸੇਰਗਈ ਬਾਹਰ ਨਿਕਲਿਆ, ਮਾਂ ਦੀ ਇੱਛਾ ਅਨੁਸਾਰ ਬਿਮਾਰ ਲੜਕੇ ਦੇ ਸਿਰ ਉਤੇ ਹੱਥ ਧਰਕੇ ਪ੍ਰਾਰਥਨਾ ਕਰਨ ਲਗਾ।
ਮਾਂ ਆਪਣੇ ਬੇਟੇ ਨੂੰ ਲੈ ਕੇ ਚਲੀ ਗਈ ਤੇ ਇਕ ਮਹੀਨੇ ਪਿਛੋਂ ਲੜਕਾ ਰਾਜ਼ੀ ਹੋ ਗਿਆ। ਗੁਰੂ ਸੇਰਗਈ,(ਜਿਵੇਂ ਕਿ ਹੁਣ ਲੋਕ ਉਸਨੂੰ ਕਹਿੰਦੇ ਸਨ) ਦੀ ਚਮਤਕਾਰੀ ਰਾਜ਼ੀ ਕਰਨ ਦੀ ਸ਼ਕਤੀ ਦੀ ਚਰਚਾ ਦੂਰ ਦੂਰ ਤਕ ਫੈਲ ਗਈ। ਇਸ ਦੇ ਪਿਛੋਂ ਤਾਂ ਇਕ ਹਫਤਾ ਵੀ ਐਸਾ ਨਾ ਲੰਘਦਾ ਜਦੋਂ ਬਿਮਾਰਾਂ ਨੂੰ ਲੈ ਕੇ ਲੋਕ ਉਸ ਕੋਲ ਨਾ ਆਉਂਦੇ। ਜੇ ਉਹ ਇਕ ਵਾਰੀ ਐਸਾ ਕਰਨ ਲਈ ਮੰਨ ਗਿਆ ਸੀ, ਤਾਂ ਹੁਣ ਦੂਸਰਿਆਂ ਨੂੰ ਵੀ ਇਨਕਾਰ ਨਹੀਂ ਕਰ ਸਕਦਾ ਸੀ। ਇਸ ਲਈ ਉਹ ਉਹਨਾਂ ਉਤੇ ਹੱਥ ਰਖਕੇ ਪ੍ਰਾਰਥਨਾ ਕਰਦਾ, ਬਹੁਤ ਸਾਰੇ ਲੋਕੀਂਂ ਰਾਜ਼ੀ ਵੀ ਹੋ ਜਾਂਦੇ ਤੇ ਇਸ ਤਰ੍ਹਾਂ ਪਾਦਰੀ ਸੇਰਗਈ ਦੀ ਪ੍ਰਸਿੱਧਤਾ ਹੋਰ ਵੀ ਅੱਗੇ ਤੋਂ ਅੱਗੇ ਵਧਦੀ ਗਈ।
ਇਸ ਤਰ੍ਹਾਂ ਸੱਤ ਸਾਲ ਮਠਾਂ ਵਿਚ ਤੇ ਤੇਰ੍ਹਾਂ ਇਕਾਂਤਵਾਸ ਵਿਚ ਬੀਤ ਗਏ। ਪਾਦਰੀ ਸੇਰਗਈ ਹੁਣ ਬਜ਼ੁਰਗ ਲਗਦਾ ਸੀ, ਉਸਦੀ ਦਾੜ੍ਹੀ ਲੰਮੀ ਤੇ ਚਿੱਟੀ ਸੀ, ਪਰ ਵਾਲ, ਜੋ ਵਿਰਲੇ ਰਹਿ ਗਏ ਸਨ, ਅਜੇ ਵੀ ਕਾਲੇ ਤੇ ਘੁੰਘਰਾਲੇ ਸਨ।
7
ਕਾਫੀ ਹਫ਼ਤਿਆਂ ਤਕ ਪਾਦਰੀ ਸੇਰਗਈ ਨੂੰ ਇਕੋ ਹੀ ਵਿਚਾਰ ਪ੍ਰੇਸ਼ਾਨ ਕਰਦਾ ਰਿਹਾ। ਜਿਸ ਸਥਿਤੀ ਵਿਚ ਉਹ ਸੀ, ਤੇ ਜਿਸ ਵਿਚ ਉਹ ਏਨਾ ਆਪਣੀ ਇੱਛਾ ਕਾਰਨ ਨਹੀਂ ਜਿੰਨਾਂ ਆਰਕੀਮੈਂਡਟ੍ਰਿਟ ਤੇ ਵੱਡੇ ਪਾਦਰੀ ਦੀ ਇੱਛਾ ਕਰਕੇ ਪਿਆ ਸੀ, ਉਸ ਸਥਿਤੀ ਨੂੰ ਸਵੀਕਾਰ ਕਰਕੇ ਉਸਨੇ ਚੰਗਾ ਕੀਤਾ ਸੀ ਜਾਂ ਨਹੀਂ? ਉਸ ਚੌਦ੍ਹਾਂ ਸਾਲਾਂ ਦੇ ਲੜਕੇ ਨੂੰ ਰਾਜ਼ੀ ਕਰਕੇ ਇਸ ਸਥਿਤੀ ਦਾ ਆਰੰਭ ਹੋਇਆ। ਉਸ ਦਿਨ ਤੋਂ ਪਾਦਰੀ ਸੇਰਗਈ ਹਰ ਮਹੀਨੇ, ਹਰ ਹਫਤੇ, ਹਰ ਦਿਨ ਇਹ ਅਨੁਭਵ ਕਰਦਾ ਸੀ ਕਿ ਉਸਦਾ ਅੰਦਰਲਾ ਜੀਵਨ ਸਮਾਪਤ ਹੁੰਦਾ ਜਾ ਰਿਹਾ ਹੈ ਤੇ ਬਾਹਰੀ ਜੀਵਨ ਉਸ ਦੀ ਜਗ੍ਹਾ ਲੈਂਦਾ ਜਾ ਰਿਹਾ ਹੈ। ਉਸਨੂੰ ਤਾਂ ਜਿਵੇਂ ਅੰਦਰੋਂ ਅੰਦਰ ਬਾਹਰ ਵਲ ਉਲਟਾਇਆ ਜਾ ਰਿਹਾ ਸੀ।
ਸੇਰਗਈ ਨੂੰ ਵੇਖਿਆ ਕਿ ਉਹ ਸ਼ਰਧਾਲੂਆਂ ਤੇ ਭੇਟਾਂ ਚੜ੍ਹਾਉਣ ਵਾਲਿਆਂ ਨੂੰ ਮਠ ਵਲ ਖਿੱਚਣ ਦਾ ਵਸੀਲਾ ਸੀ ਤੇ ਇਸੇ ਲਈ ਮਠ ਦੇ ਪ੍ਰਬੰਧਕ ਉਸਦੀ ਨਿੱਤ-ਕਿਰਿਆ ਨੂੰ ਇਸ ਤਰ੍ਹਾਂ ਨਿਯਮਬੰਦ ਕਰਨਾ ਚਾਹੁੰਦੇ ਸਨ ਕਿ ਉਹ ਉਸ ਤੋਂ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰ ਸਕਣ। ਮਸਲਨ, ਹੁਣ ਉਸਨੂੰ ਕੋਈ ਵੀ ਸ਼ਰੀਰਕ ਕੰਮ ਨਹੀਂ ਸੀ ਕਰਨ ਦਿਤਾ ਜਾਂਦਾ। ਉਸਦੀ ਜ਼ਰੂਰਤ ਦੀ ਹਰ ਚੀਜ਼ ਉਸ ਨੂੰ ਮੁਹਈਆ ਕਰ ਦਿਤੀ ਜਾਂਦੀ ਸੀ ਤੇ ਉਸ ਤੋਂ ਸਿਰਫ ਇਕ ਹੀ ਆਸ ਕੀਤੀ ਜਾਂਦੀ ਸੀ ਕਿ ਉਹ ਦਰਸ਼ਨਾਂ ਲਈ ਆਉਣ ਵਾਲਿਆਂ ਨੂੰ ਆਪਣਾ ਆਸ਼ੀਰਵਾਦ ਦੇਣ ਤੋਂ ਇਨਕਾਰ ਨਾ ਕਰੇ। ਉਸਦੀ ਸਹੂਲਤ ਲਈ ਦਿਨ ਨੀਯਤ ਕਰ ਦਿਤੇ ਗਏ, ਜਦੋਂ ਉਹ ਭਗਤਾਂ ਨੂੰ ਦਰਸ਼ਨ ਦੇਂਦਾ ਸੀ। ਆਦਮੀਆਂ ਲਈ ਇਕ ਖਾਸ ਮੁਲਾਕਾਤੀ ਕਮਰਾ ਬਣਾ ਦਿਤਾ ਗਿਆ ਤੇ ਜੰਗਲੇ ਨਾਲ ਘਿਰੀ ਇਕ ਜਗ੍ਹਾ ਵੀ ਬਣਾ ਦਿਤੀ ਗਈ, ਜਿਥੇ ਔਰਤਾਂ ਨੇ ਭੀੜ-ਭੜੱਕੇ ਨਾਲ ਉਸਨੂੰ ਧੱਕਾ ਨਾ ਵੱਜੇ ਅਤੇ ਉਹ ਭਗਤਾਂ ਨੂੰ ਅਸ਼ੀਰਵਾਦ ਦੇ ਸਕੇ। ਉਸਨੂੰ ਕਿਹਾ ਜਾਂਦਾ ਸੀ ਕਿ ਲੋਕਾਂ ਨੂੰ ਉਸਦੀ ਜ਼ਰੂਰਤ ਹੈ, ਕਿ ਈਸਾ ਮਸੀਹ ਦੇ ਪ੍ਰੇਮ ਸੰਬੰਧੀ ਨਿਯਮਾਂ ਦਾ ਪਾਲਣ ਕਰਦਿਆਂ ਉਹ ਲੋਕਾਂ ਨੂੰ ਦਰਸ਼ਨ ਦੇਣ ਤੋਂ ਇਨਕਾਰ ਨਹੀਂ ਸੀ ਕਰ ਸਕਦਾ, ਕਿ ਲੋਕਾਂ ਤੋਂ ਦੂਰ ਨੱਠਣਾ ਕਠੋਰਤਾ ਦਿਖਾਉਣਾ ਹੋਵੇਗਾ। ਇਸ ਤਰ੍ਹਾਂ ਦੀਆਂ ਗੱਲਾਂ ਸਾਮ੍ਹਣੇ ਉਸਨੂੰ ਝੁਕਣਾ ਹੀ ਪੈਂਦਾ। ਪਰ ਜਿੰਨਾ ਜ਼ਿਆਦਾ ਉਹ ਇਸ ਤਰ੍ਹਾਂ ਦੇ ਜੀਵਨ ਨੂੰ ਸਵੀਕਾਰ ਕਰਦਾ ਜਾ ਰਿਹਾ ਸੀ, ਓਨਾ ਹੀ ਜ਼ਿਆਦਾ ਉਹ ਮਹਿਸੂਸ ਕਰਦਾ ਜਾ ਰਿਹਾ ਸੀ ਕਿ ਉਸਦਾ ਆਤਮਿਕ ਸੰਸਾਰ ਬਾਹਰੀ ਦੁਨੀਆਂ ਵਿਚ ਬਦਲਦਾ ਜਾ ਰਿਹਾ ਹੈ, ਕਿ ਉਸਦੀ ਆਤਮਾ ਵਿਚੋਂ ਅੰਮ੍ਰਿਤ ਦਾ ਸੋਮਾ ਸੁਕਦਾ ਜਾ ਰਿਹਾ ਹੈ, ਕਿ ਉਹ ਜੋ ਕੁਝ ਵੀ ਕਰਦਾ ਹੈ, ਉਸਦਾ ਦਿਨੋ ਦਿਨ ਜ਼ਿਆਦਾ ਹਿੱਸਾ ਪ੍ਰਮਾਤਮਾ ਲਈ ਨਹੀਂ, ਮਨੁੱਖ ਲਈ ਹੀ ਹੁੰਦਾ ਹੈ।
ਉਹ ਲੋਕਾਂ ਨੂੰ ਉਪਦੇਸ਼ ਦੇਂਦਾ ਜਾਂ ਅਸ਼ੀਰਵਾਦ, ਰੋਗੀਆਂ ਲਈ ਪ੍ਰਾਰਥਨਾ ਕਰਦਾ, ਜਾਂ ਜੀਵਨ ਬਾਰੇ ਉਹਨਾਂ ਨੂੰ ਸਲਾਹ ਦੇਂਦਾ, ਜਾਂ ਐਸੇ ਲੋਕਾਂ ਦੀ ਕ੍ਰਿਤਗਤਾ ਦੇ ਲਫਜ਼ ਸੁਣਦਾ, ਜਿਨ੍ਹਾਂ ਨੂੰ ਉਹਨਾਂ ਦੇ ਸ਼ਬਦਾਂ ਵਿਚ, ਉਸਨੇ ਰਾਜ਼ੀ ਹੋਣ ਵਿਚ, ਜਾਂ ਸਿੱਖਿਆ ਰਾਹੀਂ ਸਹਾਇਤਾ ਦਿਤੀ ਹੁੰਦੀ, ਉਸਨੂੰ ਇਸ ਸਭ ਕੁਝ ਤੋਂ ਖੁਸ਼ੀ ਮਿਲਦੀ, ਉਹ ਆਪਣੇ ਕੰਮਾਂ-ਕਾਰਾਂ ਦੇ ਨਤੀਜਿਆਂ ਤੇ ਲੋਕਾਂ ਉਤੇ ਆਪਣੇ ਪ੍ਰਭਾਵ ਬਾਰੇ ਸੋਚੇ ਬਿਨਾਂ ਨਾ ਰਹਿ ਸਕਦਾ। ਉਸਨੂੰ ਲਗਦਾ ਕਿ ਉਹ ਇਕ ਜੋਤ ਹੈ -ਤੇ ਜਿੰਨਾ ਹੀ ਜ਼ਿਆਦਾ ਉਹ ਇਹ ਅਨੁਭਵ ਕਰਦਾ, ਓਨਾ ਹੀ ਜ਼ਿਆਦਾ ਉਸਨੂੰ ਇਹ ਅਹਿਸਾਸ ਹੁੰਦਾ ਕਿ ਉਸਦੀ ਆਤਮਾ ਵਿਚ ਜਗਣ ਵਾਲੀ ਸੱਚਾਈ ਦੀ ਈਸ਼ਵਰੀ ਜੋਤ ਧੀਮੀ ਤੇ ਮੱਧਮ ਪੈਂਦੀ ਜਾ ਰਹੀ ਹੈ। ਮੈਂ ਜੋ ਕੁਝ ਕਰਦਾ ਹਾਂ, ਉਸ ਵਿਚੋਂ ਕਿੰਨਾਂ ਪ੍ਰਮਾਤਮਾ ਲਈ ਤੇ ਕਿੰੰਨਾਂ ਇਨਸਾਨ ਲਈ ਹੁੰਦਾ ਹੈ? ਇਹ ਸਵਾਲ ਉਸਨੂੰ ਲਗਾਤਾਰ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਉਹ ਇਸਦਾ ਜਵਾਬ ਨਾ ਦੇ ਸਕਦਾ ਹੋਵੇ ਇਹ ਗੱਲ ਨਹੀਂ ਸੀ, ਪਰ ਉਹ ਆਪਣੇ ਆਪ ਨੂੰ ਇਸਦਾ ਜਵਾਬ ਦੇਣ ਦਾ ਫੈਸਲਾ ਹੀ ਨਹੀਂ ਕਰ ਸਕਿਆ। ਆਪਣੀ ਆਤਮਾ ਦੀ ਗਹਿਰਾਈ ਵਿਚ ਉਸਨੂੰ ਇਹ ਅਨੁਭਵ ਹੁੰਦਾ ਕਿ ਸ਼ੈਤਾਨ ਨੇ ਉਸਦੀਆਂ ਪ੍ਰਮਾਤਮਾ ਲਈ ਸਾਰੀਆਂ ਗਤੀ-ਵਿਧੀਆਂ ਨੂੰ ਇਨਸਾਨ ਲਈ ਗਤੀਵਿਧੀਆਂ ਵਿਚ ਬਦਲ ਦਿਤਾ ਹੈ। ਉਹ ਇਸ ਲਈ ਐਸਾ ਮਹਿਸੂਸ ਕਰਦਾ ਸੀ ਕਿ ਪਹਿਲਾਂ ਤਾਂ ਏਕਾਂਤ ਭੰਗ ਹੋਣ ਉਤੇ ਉਸਨੂੰ ਪ੍ਰੇਸ਼ਾਨੀ ਹੁੰਦੀ ਸੀ ਤੇ ਹੁਣ ਏਕਾਂਤ ਬੋਝਲ ਲਗਦੀ ਸੀ। ਦਰਸ਼ਕ ਉਸ ਲਈ ਬੋਝ ਬਣ ਜਾਂਦੇ ਸਨ, ਉਹ ਉਹਨਾਂ ਦੇ ਕਾਰਨ ਥਕ ਜਾਂਦਾ ਸੀ ਪਰ ਦਿਲ ਦੀ ਗਹਿਰਾਈ ਵਿਚ ਉਹਨਾਂ ਦੇ ਆਉਣ ਉਤੇ, ਆਪਣੇ ਆਸਪਾਸ ਆਪਣੀ ਪ੍ਰਸੰਸਾ ਸੁਣਕੇ ਖੁਸ਼ੀ ਹੁੰਦੀ ਸੀ।
ਇਕ ਐਸਾ ਵੀ ਸਮਾਂ ਆਇਆ ਸੀ, ਜਦੋਂ ਉਸਨੇ ਉਥੋਂ ਚਲੇ ਜਾਣ ਦਾ, ਕਿਤੇ ਗਾਇਬ ਹੋ ਜਾਣ ਦਾ ਫੈਸਲਾ ਕਰ ਲਿਆ ਸੀ। ਉਸਨੇ ਤਾਂ ਇਸਦੀ ਪੂਰੀ ਯੋਜਨਾ ਵੀ ਬਣਾ ਲਈ ਸੀ। ਉਸਨੇ ਆਪਣੇ ਲਈ ਪੇਂਡੂਆਂ ਵਰਗੀ ਕਮੀਜ਼, ਪਾਜਾਮਾ, ਕੋਟ ਅਤੇ ਟੋਪੀ ਵੀ ਤਿਆਰ ਕਰ ਲਈ ਸੀ। ਉਸਨੇ ਪ੍ਰਬੰਧਕਾਂ ਨੂੰ ਇਹ ਬਹਾਨਾ ਲਾ ਦਿਤਾ ਸੀ ਕਿ ਮੰਗਤਿਆਂ ਨੂੰ ਦੇਣ ਲਈ ਉਸਨੂੰ ਉਹਨਾਂ ਦੀ ਜ਼ਰੂਰਤ ਹੈ। ਉਸਨੇ ਇਹਨਾਂ ਚੀਜ਼ਾਂ ਨੂੰ ਆਪਣੀ ਕੋਠੜੀ ਵਿਚ ਰਖਿਆ ਤੇ ਇਹ ਸੋਚਦਾ ਰਿਹਾ ਕਿ ਕਿਸ ਤਰ੍ਹਾਂ ਉਹ ਉਹਨਾਂ ਨੂੰ ਪਾਕੇ ਤੇ ਵਾਲ ਕੱਟਕੇ ਚਲਦਾ ਬਣੇਗਾ। ਸ਼ੁਰੂ ਵਿਚ ਉਹ ਤਿੰਨ ਸੌ ਵਰਸਟ ਗੱਡੀ ਵਿਚ ਸਫਰ ਕਰੇਗਾ, ਫਿਰ ਉਸ ਤੋਂ ਉਤਰ ਕੇ ਪਿੰਡ ਪਿੰਡ ਘੁੰਮਦਾ ਫਿਰੇਗਾ। ਆਪਣੇ ਪਾਸ ਆਉਣ ਵਾਲੇ ਇਕ ਬੁੱਢੇ ਸੈਨਿਕ ਤੋਂ ਉਸਨੇ ਪੁੱਛਗਿਛ ਕਰ ਲਈ ਸੀ ਕਿ ਕਿਸ ਤਰ੍ਹਾਂ ਉਹ ਪਿੰਡ ਪਿੰਡ ਘੁੰਮਦਾ ਹੈ, ਭਿਖਿਆ ਤੇ ਸ਼ਰਨ ਲੈਣ ਲਈ ਉਹ ਕੀ ਕਰਦਾ ਹੈ। ਸੈਨਿਕ ਨੇ ਸਭ ਕੁਝ ਦੱਸ ਦਿਤਾ ਸੀ ਕਿ ਕਿਥੇ ਭਿਖਿਆ ਤੇ ਸ਼ਰਨ ਲੈਣਾ ਜ਼ਿਆਦਾ ਆਸਾਨ ਹੈ ਤੇ ਪਾਦਰੀ ਸੇਰਗਈ ਇਸ ਤਰ੍ਹਾਂ ਹੀ ਕਰਨਾ ਚਾਹੁੰਦਾ ਸੀ। ਇਕ ਰਾਤ ਤਾਂ ਉਸਨੇ ਪੇਂਡੂ ਪੁਸ਼ਾਕ ਪਾ ਵੀ ਲਈ ਸੀ ਅਤੇ ਚਲ ਪੈਣਾ ਚਾਹਿਆ ਸੀ, ਪਰ ਉਹ ਇਹ ਨਹੀਂ ਸੀ ਜਾਣਦਾ ਕਿ ਉਸ ਲਈ ਉਥੇ ਹੀ ਰਹਿਣਾ ਜਾਂ ਉਥੋਂ ਨੱਠ ਜਾਣਾ ਜ਼ਿਆਦਾ ਚੰਗਾ ਰਹੇਗਾ। ਸ਼ੁਰੂ ਵਿਚ ਤਾਂ ਉਹ ਫੈਸਲਾ ਨਾ ਕਰ ਸਕਿਆ, ਪਰ ਪਿਛੋਂ ਇਹ ਦੁਚਿਤੀ ਖਤਮ ਹੋ ਗਈ, ਇਥੋਂ ਦੇ ਜੀਵਨ ਦਾ ਉਹ ਆਦੀ ਹੋ ਗਿਆ ਸੀ, ਸ਼ੈਤਾਨ ਦੇ ਸਾਹਮਣੇ ਉਸਨੇ ਹਥਿਆਰ ਸੁੱਟ ਦਿਤੇ ਤੇ ਪੇਂਡੂ ਪੁਸ਼ਾਕ ਹੁਣ ਉਸਨੂੰ ਸਿਰਫ ਉਸਦੇ ਵਿਚਾਰਾਂ ਤੇ ਭਾਵਨਾਵਾਂ ਦੀ ਯਾਦ ਹੀ ਕਰਾਉਂਦੀ ਸੀ।
ਪਾਦਰੀ ਸੇਰਗਈ ਕੋਲ ਆਉਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾਂਦੀ ਸੀ ਤੇ ਆਤਮਿਕ ਦ੍ਰਿਸ਼ਟੀ ਤੋਂ ਆਪਣੇ ਆਪ ਨੂੰ ਦ੍ਰਿੜ ਬਣਾਉਣ ਤੇ ਪ੍ਰਰਾਥਨਾ ਕਰਨ ਲਈ ਉਸ ਪਾਸ ਬਹੁਤ ਹੀ ਘੱਟ ਸਮਾਂ ਰਹਿੰਦਾ ਜਾਂਦਾ ਸੀ। ਕਦੀ ਕਦੀ ਚੰਗੀਆਂ ਘੜੀਆਂ ਵਿਚ ਉਸਦੇ ਦਿਲ ਵਿਚ ਇਹ ਵਿਚਾਰ ਆਉਂਦਾ ਕਿ ਉਹ ਐਸੀ ਜਗ੍ਹਾ ਵਾਂਗ ਹੈ, ਜਿਥੇ ਕਦੀ ਕੋਈ ਚਸ਼ਮਾ ਵਹਿੰਦਾ ਹੁੰਦਾ ਸੀ। “ਅੰਮ੍ਰਿਤ ਦੀ ਪਤਲੀ ਜੇਹੀ ਧਾਰਾ ਸੀ, ਜੋ ਮੇਰੇ ਵਿਚੋਂ ਦੀ ਤੇ ਮੇਰੇ ਵਿਚੋਂ ਬਾਹਰ ਵਹਿੰਦੀ ਸੀ। ਉਹ ਸੀ ਹਕੀਕੀ ਜੀਵਨ, ਜਦੋਂ 'ਉਸ ਔਰਤ ਨੇ' (ਉਹ ਉਸ ਰਾਤ ਨੂੰ ਤੇ ਉਸਨੂੰ ਜੋ ਹੁਣ ਸਨਿਆਸਣ ਅਗਨੀਆ ਸੀ, ਹਮੇਸ਼ਾਂ ਉਤਸ਼ਾਹ ਨਾਲ ਯਾਦ ਕਰਦਾ ਸੀ) ਮੈਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਇਹ ਅੰਮ੍ਰਿਤ-ਪਾਨ ਕੀਤਾ ਸੀ। ਪਰ ਉਸ ਤੋਂ ਮਗਰੋਂ ਅੰਮ੍ਰਿਤ ਇਕੱਠਾ ਹੋਣ ਤੋਂ ਪਹਿਲਾਂ ਹੀ ਪਿਆਸਿਆਂ ਦੀ ਭੀੜ ਲਗ ਜਾਂਦੀ ਹੈ, ਉਹ ਇਕ ਦੂਸਰੇ ਨੂੰ ਧਿਕਦੇ ਹੋਏ ਆ ਭੀੜ ਪਾਉਂਦੇ ਹਨ। ਉਹਨਾਂ ਨੇ ਚਸ਼ਮੇ ਨੂੰ ਆਪਣੇ ਪੈਰਾਂ ਹੇਠਾਂ ਲਿਤਾੜ ਛਡਿਆ ਹੈ ਤੇ ਹੁਣ ਸਿਰਫ ਚਿਕੜ ਹੀ ਬਾਕੀ ਰਹਿ ਗਿਆ ਹੈ। ਆਪਣੀਆਂ ਚੰਗੀਆਂ ਅਤੇ ਵਿਰਲੀਆਂ ਘੜੀਆਂ ਵਿਚ ਉਹ ਇੰਝ ਸੋਚਦਾ, ਪਰ ਉਸਦੀ ਆਮ ਸਥਿਤੀ ਇਹ ਰਹਿੰਦੀ ਸੀ-ਥਕਾਵਟ ਤੇ ਇਸ ਥਕਾਵਟ ਕਾਰਨ ਆਪਣੇ ਪ੍ਰਤੀ ਪ੍ਰਸੰਸਾ ਦੀ ਭਾਵਨਾ।
ਬਸੰਤ ਦੇ ਦਿਨ ਸਨ, ਪੀਪੋਲੋਵੇਨੀਏ ਤਿਉਹਾਰ ਦੀ ਦਾਅਵਤ ਸੀ। ਪਾਦਰੀ ਸੇਰਗਈ ਆਪਣੀ ਗੁਫਾ ਵਾਲੇ ਗਿਰਜੇ ਵਿੱਚ ਪ੍ਰਾਰਥਨਾ ਕਰਵਾ ਰਿਹਾ ਸੀ। ਜਿੰਨੇ ਲੋਕੀਂ ਉਥੇ ਸਮਾ ਸਕਦੇ ਸਨ, ਉਨੇ ਹੀ ਹਾਜ਼ਰ ਸਨ, ਭਾਵ ਵੀਹ ਕੁ। ਉਹ ਸਾਰੇ ਭੱਦਰ-ਪੁਰਸ਼, ਵਿਉਪਾਰੀ ਭਾਵ ਧਨੀ ਲੋਕ ਸਨ। ਪਾਦਰੀ ਸੇਰਗਈ ਤਾਂ ਸਾਰਿਆਂ ਨੂੰ ਹੀ ਆਉਣ ਦਿੰਦਾ ਸੀ। ਪਰ ਉਸਦੀ ਸੇਵਾ ਵਿਚ ਖੜੋਤਾ ਸਾਧੂ ਤੇ ਮਠ ਤੋਂ ਰੋਜ਼ ਉਸਦੀ ਕੋਠੜੀ ਵਿਚ ਭੇਜਿਆ ਜਾਣ ਵਾਲਾ ਸਹਾਇਕ ਐਸੀ ਛਾਂਟੀ ਕਰ ਦਿੰਦੇ ਸਨ। ਲਗਭਗ ਅੱਸੀ ਯਾਤ੍ਰੀ, ਖਾਸ ਕਰਕੇ ਔਰਤਾਂ ਬਾਹਰ ਭੀੜ ਬਣਾ ਕੇ ਖੜੀਆਂ ਸਨ ਤੇ ਪਾਦਰੀ ਸੇਰਗਈ ਦੇ ਆਉਣ ਤੇ ਉਸਦਾ ਅਸ਼ੀਰਵਾਦ ਲੈਣ ਦੀ ਉਡੀਕ ਕਰ ਰਹੀਆਂ ਸਨ। ਪਾਦਰੀ ਸੇਰਗਈ ਨੇ ਪੂਜਾ ਸਮਾਪਤ ਕੀਤੀ ਤੇ ਜਦੋਂ ਉਹ ਭਗਵਾਨ ਦੇ ਗੀਤ ਗਾਉਂਦਾ ਹੋਇਆ ਆਪਣੇ ਪੂਰਵਗਾਮੀ ਦੀ ਕਬਰ ਕੋਲ ਆਇਆ, ਤਾਂ ਲੜਖੜਾਇਆ ਤੇ ਉਸਦੇ ਪਿਛੇ ਖੜੋਤੇ ਵਪਾਰੀ ਤੇ ਛੋਟੇ ਪਾਦਰੀ ਨੇ ਉਸਨੂੰ ਸੰਭਾਲਿਆ ਨਾ ਹੁੰਦਾ, ਤਾਂ ਉਹ ਡਿੱਗ ਪੈਂਦਾ।
"ਕੀ ਹੋਇਆ ਹੈ ਤੁਹਾਨੂੰ? ਧਰਮ-ਪਿਤਾ ਸੇਰਗਈ! ਪਿਆਰੇ ਮਹਾਰਾਜ ਸੇਰਗਈ! ਹੇ ਪ੍ਰਮਾਤਮਾ! ਔਰਤਾਂ ਚਿੱਲਾ ਉਠੀਆਂ। "ਚਾਦਰ ਨਾਲੋਂ ਚਿੱਟੇ ਹੋ ਗਏ ਹਨ।"
ਪਰ ਪਾਦਰੀ ਸੇਰਗਈ ਜਲਦੀ ਹੀ ਸੰਭਲ ਗਿਆ ਤੇ ਭਾਵੇਂ ਉਸਦਾ ਚਿਹਰਾ ਪੀਲਾ ਪੈ ਗਿਆ ਸੀ, ਫਿਰ ਵੀ ਉਸਨੇ ਛੋਟੇ ਪਾਦਰੀ ਤੇ ਵਪਾਰੀ ਨੂੰ ਪਰੇ ਹਟਾ ਦਿਤਾ ਤੇ ਉਸਤਤੀ ਦਾ ਗੀਤ ਜਾਰੀ ਰਖਿਆ। ਛੋਟੇ ਪਾਦਰੀ, ਪਾਦਰੀ ਸੇਰਾਪੀਓਨ, ਪ੍ਰਚਾਰਕਾਂ ਤੇ ਸ੍ਰੀਮਤੀ ਸੋਫੀਆ ਇਵਾਨੋਵਨਾ ਨੇ, ਜੇ ਹਮੇਸ਼ਾ ਸੇਰਗਈ ਦੀ ਕੋਠੜੀ ਦੇ ਕੋਲ ਹੀ ਰਹਿੰਦੀ ਸੀ ਤੇ ਉਸਦੀ ਸੇਵਾ ਕਰਦੀ ਸੀ, ਪਾਦਰੀ ਸੇਰਗਈ ਨੂੰ ਉਸਤਤੀ ਦਾ ਗੀਤ ਬੰਦ ਕਰਨ ਲਈ ਪ੍ਰਾਰਥਨਾ ਕੀਤੀ।
“ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆਪਣੀਆਂ ਮੁੱਛਾਂ ਹੇਠ ਜ਼ਰਾ ਕੁ ਮੁਸਕਰਾਉਂਦੇ ਹੋਏ ਪਾਦਰੀ ਸੇਰਗਈ ਨੇ ਕਿਹਾ, “ਪ੍ਰਾਰਥਨਾਵਾਂ ਵਿਚ ਵਿਘਨ ਨਹੀਂ ਪਾਓ।
ਉਸਦੇ ਮਨ ਹੀ ਮਨ ਵਿਚ ਸੋਚਿਆ, "ਹਾਂ, ਸੰਤ ਹੀ ਸਿਰਫ ਇਸ ਤਰ੍ਹਾਂ ਕਰਦੇ ਹੁੰਦੇ ਹਨ।
"ਸੰਤ! ਪ੍ਰਮਾਤਮਾ ਦਾ ਫਰਿਸ਼ਤਾ। ਉਸੇ ਸਮੇਂ ਉਸਨੂੰ ਸੋਫੀਆ ਇਵਾਨੋਵਨਾ ਤੇ ਉਸ ਵਪਾਰੀ ਦੀ ਆਵਾਜ਼ ਸੁਣਾਈ ਦਿੱਤੀ, ਜਿਸਨੇ ਉਸਨੂੰ ਸੰਭਾਲਿਆ ਸੀ। ਲੋਕਾਂ ਦੀ ਬੇਨਤੀ, ਵੱਲ ਧਿਆਨ ਨਾ ਦੇਂਦਿਆਂ ਉਸਨੇ ਪੂਜਾ ਜਾਰੀ ਰਖੀ। ਲੋਕ ਭੀੜ-ਭੜੱਕਾ ਕਰਦੇ ਤੇ ਤੰਗ ਵਰਾਂਡਿਆਂ ਨੂੰ ਲੰਘਦੇ ਹੋਏ ਫਿਰ ਛੋਟੇ ਗਿਰਜੇ ਵਾਪਸ ਗਏ ਤੇ ਉਥੇ ਪਾਦਰੀ ਸੇਰਗਈ ਨੇ ਪ੍ਰਾਰਥਨਾ ਨੂੰ ਕੁਝ ਸੰਖੇਪ ਕਰਦਿਆਂ ਹੋਇਆ ਭੋਗ ਪਾਇਆ।
ਪ੍ਰਾਰਥਨਾ ਸਮਾਪਤ ਹੋਣ ਤੋਂ ਤੁਰਤ ਪਿਛੋਂ ਪਾਦਰੀ ਸੇਰਗਈ ਨੇ ਉਥੇ ਹਾਜ਼ਰ ਲੋਕਾਂ ਨੂੰ ਅਸ਼ੀਰਵਾਦ ਦਿਤੀ ਤੇ ਗੁਫਾ ਦੇ ਦਰਵਾਜ਼ੇ ਕੋਲ ਐਲਮ ਦਰਖਤ ਦੇ ਹੇਠਾਂ ਰਖੀ ਬੈਂਚ ਵਲ ਬਾਹਰ ਚਲਾ ਗਿਆ। ਉਹ ਆਰਾਮ ਕਰਨਾ, ਤਾਜ਼ਾ ਹਵਾ ਵਿਚ ਸਾਹ ਲੈਣਾ ਚਾਹੁੰਦਾ ਸੀ। ਪਰ ਬਾਹਰ ਆਉਂਦਿਆਂ ਹੀ ਲੋਕਾਂ ਦੀ ਭੀੜ ਉਸਦਾ ਅਸ਼ੀਰਵਾਦ ਲੈਣ. ਸਲਾਹ-ਮਸ਼ਵਰਾ ਕਰਨ ਤੇ ਮਦਦ ਲੈਣ ਲਈ ਉਸ ਵਲ ਦੌੜੀ।
ਇਸ ਭੀੜ ਵਿਚ ਉਹ ਤੀਰਥਯਾਤਰੀ ਔਰਤਾਂ ਵੀ ਸਨ, ਜੋ ਹਮੇਸ਼ਾ ਇਕ ਅਸਥਾਨ ਤੋਂ ਦੂਸਰੇ ਤੀਰਥ ਅਸਥਾਨ ਤੇ ਇਕ ਗੁਰੂ ਤੋਂ ਦੂਸਰੇ ਗੁਰੂ ਕੋਲ ਜਾਂਦੀਆਂ ਰਹਿੰਦੀਆਂ ਸਨ ਤੇ ਜੋ ਹਮੇਸ਼ਾ ਹੀ ਹਰ ਸਾਧੂ ਤੇ ਹਰ ਗੁਰੂ ਨੂੰ ਵੇਖਕੇ ਟੁੰਬੀਆਂ ਜਾਂਦੀਆਂ ਸਨ, ਉਹਨਾਂ ਦੀਆਂ ਅੱਖਾਂ ਵਿਚ ਹੰਝੂ ਛਲਕ ਆਉਂਦੇ ਸਨ। ਪਾਦਰੀ ਸੇਰਗਈ ਇਹਨਾਂ ਇਕੋ ਜਿਹੀਆਂ, ਸ਼ਰਧਾਹੀਣ, ਭਾਵਨਾਹੀਣ ਤੇ ਪ੍ਰੰਪਰਾਗਤ ਔਰਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਆਦਮੀ ਤੀਰਥ ਯਾਤਰੀਆਂ ਵਿਚ ਜ਼ਿਆਦਾਤਰ ਰੀਟਾਇਰਡ ਸੈਨਕ ਸਨ ਜੋ ਜੀਵਨ ਦੀ ਆਮ ਧਾਰਾ ਤੋਂ ਵੱਖ ਹੋ ਚੁਕੇ ਸਨ, ਗਰੀਬ ਤੇ ਜ਼ਿਆਦਾਤਰ ਪਿਆਕੜ ਬੁੱਢੇ ਸਨ, ਜੋ ਸਿਰਫ ਪੇਟ ਭਰਨ ਲਈ ਇਕ ਮਠ ਤੋਂ ਦੂਸਰੇ ਮਠ ਤੱਕ ਭਟਕਦੇ ਫਿਰਦੇ ਸਨ। ਇਸ ਭੀੜ ਵਿਚ ਅਨਪੜ੍ਹ ਕਿਸਾਨ ਤੇ ਕਿਸਾਨ ਔਰਤਾਂ ਵੀ ਸਨ ਤੇ ਇਹ ਸਾਰੇ ਆਪਣੇ ਸਵਾਰਥ ਸਿਧ ਕਰਨ ਦੇ ਹਿੱਤ ਨਾਲ ਰੋਗੀ ਨੂੰ ਰਾਜ਼ੀ ਕਰਾਉਣ ਜਾਂ ਕਾਰ ਵਿਹਾਰਕ ਕੰਮਾਂ-ਬੇਟੀ ਦੀ ਸ਼ਾਦੀ ਕਰਨ, ਦੁਕਾਨ ਕਿਰਾਏ ਉਤੇ ਲੈਣ ਤੇ ਜ਼ਮੀਨ ਖਰੀਦਣ ਦੇ ਬਾਰੇ ਆਪਣੇ ਸੰਦੇਹ ਮਿਟਾਉਣ, ਹਰਾਮੀ ਬੱਚੇ ਜਾਂ ਮਾਂ ਦੀ ਲਾਪਰਵਾਹੀ ਨਾਲ ਬੱਚੇ ਦੀ ਮੌਤ ਦਾ ਪਾਪ ਆਪਣੇ ਸਿਰ ਤੋਂ ਉਤਰਵਾਉਣ ਲਈ ਹੀ ਇਥੇ ਆਏ ਸਨ। ਪਾਦਰੀ ਸੇਰਗਈ ਬਹੁਤ ਸਮੇਂ ਤੋਂ ਇਹਨਾਂ ਸਾਰੀਆਂ ਗੱਲਾਂ ਤੋਂ ਜਾਣੂ ਸੀ ਤੇ ਉਹਨਾਂ ਵਿਚ ਉਸਦੀ ਕੋਈ ਵੀ ਦਿਲਚਸਪੀ ਨਹੀਂ ਸੀ। ਉਹ ਜਾਣਦਾ ਸੀ ਕਿ ਇਹਨਾਂ ਲੋਕਾਂ ਤੋਂ ਉਸਨੂੰ ਕੋਈ ਵੀ ਨਵੀਂ ਜਾਣਕਾਰੀ ਨਹੀਂ ਮਿਲ ਸਕਦੀ, ਕਿ ਇਹ ਲੋਕ ਉਸ ਵਿਚ ਕਿਸੇ ਤਰ੍ਹਾਂ ਦੀ ਵੀ ਧਾਰਮਕ ਭਾਵਨਾ ਪੈਦਾ ਨਹੀਂ ਕਰਦੇ, ਪਰ ਭੀੜ ਦੇ ਰੂਪ ਵਿਚ ਉਹਨਾਂ ਨੂੰ ਵੇਖਣਾ ਉਸਨੂੰ ਪਸੰਦ ਸੀ। ਐਸੀ ਭੀੜ ਦੇ ਰੂਪ ਵਿਚ, ਜਿਸਨੂੰ ਉਸਦੀ ਤੇ ਉਸਦੇ ਅਸ਼ੀਰਵਾਦ ਦੀ ਜ਼ਰੂਰਤ ਸੀ, ਜੋ ਉਸਦੇ ਸ਼ਬਦਾਂ ਨੂੰ ਮਹੱਹਤਾ ਦਿੰਦੀ ਸੀ। ਇਸੇ ਲਈ ਇਸ ਭੀੜ ਤੋਂ ਉਸਨੂੰ ਥਕਾਵਟ ਨਹੀਂ ਹੁੰਦੀ ਸੀ ਤੇ ਨਾਲ ਹੀ ਖੁਸ਼ੀ ਵੀ ਮਿਲਦੀ ਸੀ। ਪਾਦਰੀ ਸੇਪੀਓਨ ਨੇ ਇਹ ਕਹਿਕੇ ਲੋਕਾਂ ਨੂੰ ਭਜਾਉਣਾ ਚਾਹਿਆ ਕਿ ਸੇਰਗਈ ਥੱਕ ਗਏ ਹਨ, ਪਰ ਸੇਰਗਈ ਨੂੰ ਅੰਜੀਲ ਦੇ ਇਹ ਸ਼ਬਦ- "ਉਹਨਾਂ ਨੂੰ (ਬਚਿਆਂ ਨੂੰ) ਮੇਰੇ ਪਾਸ ਆਉਣ ਵਿਚ ਰੁਕਾਵਟ ਨਹੀਂ ਪਾਓ" -ਯਾਦ ਆ ਗਏ ਤੇ ਇਸਦੇ ਨਾਲ ਹੀ ਉਸਨੂੰ ਸਵੈ-ਸੰਤੁਸ਼ਟਤਾ ਦਾ ਅਹਿਸਾਸ ਹੋਇਆ ਤੇ ਉਸਨੇ ਕਿਹਾ ਕਿ ਉਹਨਾਂ ਨੂੰ ਆਉਣ ਦਿਤਾ ਜਾਏ। ਪਾਦਰੀ ਸੇਰਗਈ ਉਠਿਆ, ਉਸ ਜੰਗਲੇ ਕੋਲ ਗਿਆ, ਜਿਸਦੇ ਆਲੇ ਦੁਆਲੇ ਇਹ ਲੋਕ ਜਮ੍ਹਾ ਸਨ, ਉਹਨਾਂ ਨੂੰ ਅਸ਼ੀਰਵਾਦ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਲਗਾ। ਉਸਦੀ ਆਵਾਜ਼ ਏਨੀ ਦੁਰਬਲ ਸੀ ਕਿ ਉਹ ਖੁਦ ਟੁੰਬਿਆ ਗਿਆ। ਪਰ ਬਹੁਤ ਚਾਹੁਣ ਉਤੇ ਵੀ ਉਹ ਸਾਰਿਆਂ ਦੇ ਸਵਾਲਾਂ ਦਾ ਜਵਾਬ ਨਾ ਦੇ ਸਕਿਆ, ਉਸਦੀਆਂ ਅੱਖਾਂ ਅੱਗੇ ਹਨੇਰਾ ਜਿਹਾ ਛਾ ਗਿਆ, ਉਹ ਲੜਖੜਾਇਆ ਤੇ ਸੰਭਲਣ ਲਈ ਜੰਗਲੇ ਨੂੰ ਫੜ ਲਿਆ। ਫਿਰ ਉਸਨੇ ਖੂਨ ਸਿਰ ਵਲ ਦੌੜਦਾ ਮਹਿਸੂਸ ਕੀਤਾ ਤੇ ਉਸਦਾ ਚਿਹਰਾ ਪਹਿਲਾਂ ਤਾਂ ਪੀਲਾ ਪੈ ਗਿਆ ਤੇ ਫਿਰ ਅਚਾਨਕ ਲਾਲ ਹੋ ਗਿਆ।
‘‘ਲਗਦੈ ਕਿ ਇਹ ਸਭ ਕੁਝ ਕਲ੍ਹ ਉਤੇ ਛਡਣਾ ਪਵੇਗਾ। ਅੱਜ ਮੈਂ ਹੋਰ ਕੁਝ ਵੀ ਨਹੀਂ ਕਰ ਸਕਦਾ, ਉਸਨੇ ਕਿਹਾ ਤੇ ਸਾਰਿਆਂ ਨੂੰ ਇਕੋ ਵਾਰੀ ਅਸ਼ੀਰਵਾਦ ਦੇ ਕੇ ਬੈਂਚ ਵਲ ਤੁਰ ਪਿਆ। ਵਪਾਰੀ ਨੇ ਉਸਨੂੰ ਫਿਰ ਸਹਾਰਾ ਦਿਤਾ ਤੇ ਹੱਥ ਫੜਕੇ ਬੈਂਚ ਉਤੇ ਜਾ ਬਿਠਾਇਆ।
“ਧਰਮ-ਪਿਤਾ! ਭੀੜ ਵਿਚੋਂ ਸੁਣਾਈ ਦਿਤਾ।“ਧਰਮ-ਪਿਤਾ! ਮਹਾਤਮਾ! ਸਾਨੂੰ ਛੱਡ ਨਾ ਜਾਣਾ! ਤੁਹਾਡੇ ਬਿਨਾਂ ਸਾਡਾ ਕੌਣ ਸਹਾਰਾ ਹੋਵੇਗਾ!"
ਪਾਦਰੀ ਸੇਰਗਈ ਨੂੰ ਐਲਮ ਦਰਖ਼ਤ ਦੀ ਛਾਂ ਹੇਠ ਬੈਂਚ ਉਤੇ ਬਿਠਾ ਕੇ ਵਪਾਰੀ -ਇਕ ਪੁਲੀਸ ਵਾਲੇ ਦੀ ਤਰ੍ਹਾਂ ਬੜੀ ਦ੍ਰਿੜਤਾ ਨਾਲ ਲੋਕਾਂ ਨੂੰ ਖਿੰਡਾਉਣ ਲਗਾ। ਇਹ ਸੱਚ ਹੈ ਕਿ ਉਹ ਹੌਲੀ ਹੌਲੀ ਬੋਲਦਾ ਸੀ ਤਾਂ ਕਿ ਪਾਦਰੀ ਸੇਰਗਈ ਨੂੰ ਉਸਦੇ ਬੋਲ ਸੁਣਾਈ ਨਾ ਦੇਣ ਪਰ ਗੁੱਸੇ ਨਾਲ ਤੇ ਡਾਂਟਦਿਆਂ ਹੋਇਆਂ ਉਹ ਉਹਨਾਂ ਨੂੰ ਕਹਿ ਰਿਹਾ ਸੀ।
ਦੌੜੋ, ਦੌੜੋ ਇਥੋਂ। ਅਸ਼ੀਰਵਾਦ ਮਿਲ ਗਿਆ, ਹੋਰ ਕੀ ਚਾਹੁੰਦੇ ਹੋ? ਚਲਦੇ ਬਣੋ। ਵਰਨਾ ਧੌਣ ਮਰੋੜ ਦੇਵਾਂਗਾਂ। ਚਲੋ, ਚਲੋ ਇਥੋਂ! ਏ ਬੁੱਢੀਏ, - ਕਾਲੀਆਂ ਪੱਟੀਆਂ ਵਾਲੀਏ, ਜਾ ਇਥੋਂ, ਜਾਹ। ਕਿੱਧਰ ਵਧਦੀ ਆ ਰਹੀ ਏ। ਕਹਿ ਤਾਂ ਦਿਤਾ ਹੈ ਅੱਜ ਹੋਰ ਕੁਝ ਨਹੀਂ ਹੋਵੇਗਾ। ਕੱਲ ਫਿਰ ਪ੍ਰਮਾਤਮਾ ਦੀ ਕ੍ਰਿਪਾ ਹੋਵੇਗੀ, ਅੱਜ ਉਹ ਬਿਲਕੁਲ ਥੱਕ ਗਏ ਹਨ।
"ਭਰਾਵਾ, ਬੱਸ ਇਕ ਨਜ਼ਰ ਉਸਦਾ ਪਿਆਰਾ ਚਿਹਰਾ ਦੇਖ ਲੈਣ ਦੇਣ, ਬੁੱਢੀ ਨੇ ਮਿੰਨਤ ਕੀਤੀ।
"ਹੁਣੇ ਵਿਖਾਉਂਦਾ ਹਾਂ ਤੈਨੂੰ ਉਸਦਾ ਚਿਹਰਾ! ਕਿਧਰ ਵਧਦੀ ਜਾ ਰਹੀ ਏ?"
ਪਾਦਰੀ ਸੇਰਗਈ ਨੇ ਵੇਖਿਆ ਕਿ ਵਪਾਰੀ ਕੁਝ ਜ਼ਿਆਦਾ ਹੀ ਕਰੜਾਈ ਦਿਖਾ ਰਿਹਾ ਹੈ ਤੇ ਉਸਨੇ ਕਮਜ਼ੋਰ ਜੇਹੀ ਆਵਾਜ਼ ਨਾਲ ਪ੍ਰਚਾਰਕ ਨੂੰ ਕਿਹਾ ਕਿ ਉਹ ਲੋਕਾਂ ਨੂੰ ਖਿੰਡਾਉਣ ਤੋਂ ਉਸਨੂੰ ਮਨ੍ਹਾ ਕਰ ਦੇਵੇ। ਪਾਦਰੀ ਸੇਰਗਈ ਜਾਣਦਾ ਸੀ ਕਿ ਵਪਾਰੀ ਉਹਨਾਂ ਨੂੰ ਖਿੰਡਾ ਤਾਂ ਦੇਵੇਗਾ ਕੀ ਤੇ ਉਹ ਖੁਦ ਵੀ ਇਹ ਹੀ ਚਾਹੁੰਦਾ ਸੀ ਕਿ ਇਕੱਲਾ ਰਹਿ ਜਾਏ ਤੇ ਆਪ ਆਰਾਮ ਕਰ ਸਕੇ, ਪਰ ਫਿਰ ਵੀ ਉਸਨੇ ਪ੍ਰਭਾਵ ਪੈਦਾ ਕਰਨ ਲਈ ਪ੍ਰਚਾਰਕ ਨੂੰ ਵਪਾਰੀ ਕੋਲ ਭੇਜਿਆ।
"ਠੀਕ ਹੈ, ਠੀਕ ਹੈ! ਮੈਂ ਇਹਨਾਂ ਨੂੰ ਖਿੰਡਾ ਨਹੀਂ ਰਿਹਾ, ਅਕਲ ਸਿਖਾ ਰਿਹਾ ਹਾਂ। ਇਹ ਲੋਕ ਤਾਂ ਆਦਮੀ ਦੀ ਜਾਨ ਲੈ ਕੇ ਹੀ ਸਬਰ ਕਰਦੇ ਹਨ। ਦਯਾ ਤਾਂ ਜਾਣਦੇ ਹੀ ਨਹੀਂ, ਸਿਰਫ ਆਪਣੀ ਹੀ ਚਿੰਤਾ ਕਰਦੇ ਹਨ। ਕਹਿ ਤਾਂ ਦਿਤਾ ਹੈ ਕਿ ਇਧਰ ਨਹੀਂ ਆਓ। ਜਾਓ ਵਾਪਸ। ਕੱਲ ਆਉਣਾ।
ਵਪਾਰੀ ਨੇ ਸਾਰਿਆਂ ਨੂੰ ਖਿੰਡਾ ਦਿਤਾ।
ਵਪਾਰੀ ਨੇ ਏਨਾਂ ਉਤਸ਼ਾਹ ਇਸ ਲਈ ਵੀ ਦਿਖਾਇਆ ਸੀ ਕਿ ਉਸਨੂੰ ਅਮਨ-ਅਮਾਨ ਪਸੰਦ ਸੀ, ਲੋਕਾਂ ਨੂੰ ਖਿੰਡਾਉਣਾ ਤੇ ਉਹਨਾਂ ਉਤੇ ਹੁਕਮ ਚਲਾਉਣਾ ਚੰਗਾ ਲਗਦਾ ਸੀ ਤੇ ਖ਼ਾਸ ਗੱਲ ਇਹ ਸੀ ਕਿ ਉਸਨੂੰ ਪਾਦਰੀ ਸੇਰਗਈ ਨਾਲ ਮਤਲਬ ਸੀ। ਉਹ ਰੰਡਾ ਸੀ, ਉਸਦੀ ਇਕਲੌਤੀ ਲੜਕੀ ਬਿਮਾਰ ਸੀ ਤੇ ਉਸਦਾ ਵਿਆਹ ਨਹੀਂ ਹੋ ਸਕਦਾ ਸੀ। ਉਹ ਚੌਦ੍ਹਾਂ ਸੌ ਵਰਸਟ ਤੋਂ ਆਪਣੀ ਲੜਕੀ ਨੂੰ ਇਸ ਲਈ ਲੈ ਕੇ ਇਥੇ ਆਇਆ ਸੀ ਕਿ ਪਾਦਰੀ ਸੇਰਗਈ ਉਸਨੂੰ ਰਾਜ਼ੀ ਕਰ ਦੇਵੇ। ਲੜਕੀ ਦੀ ਦੋ ਸਾਲ ਦੀ ਬਿਮਾਰੀ ਦੇ ਦੌਰਾਨ ਉਸਨੇ ਵੱਖ-ਵੱਖ ਥਾਵਾਂ ਤੋਂ ਉਸਦਾ ਇਲਾਜ ਕਰਵਾਇਆ ਸੀ। ਸ਼ੁਰੂ ਵਿਚ ਗੁਬੇਰਨੀਆਂ ਦੇ ਵਿਸ਼ਵ-ਵਿਦਿਆਲੇ ਵਾਲੇ ਇਕ ਸ਼ਹਿਰ ਦੇ ਹਸਪਤਾਲ ਵਿਚ-ਪਰ ਕੋਈ ਫਾਇਦਾ ਨਾ ਹੋਇਆ; ਇਸ ਪਿਛੋਂ ਸਮਾਰਾ ਗੁਬੇਰਨੀਆ ਦੇ ਇਕ ਪੇਂਡੂ ਪਾਸ ਉਸਨੂੰ ਲੈ ਗਿਆ- ਉਥੇ ਕੁਝ ਫਾਇਦਾ ਹੋਇਆ ਤੇ ਫਿਰ ਮਾਸਕੋ ਦੇ ਇਕ ਡਾਕਟਰ ਤੋਂ ਇਲਾਜ ਕਰਵਾਇਆ, ਜਿਸਨੇ ਖੂਬ ਪੈਸੇ ਬਟੋਰੇ ਸਨ, ਪਰ ਫਾਇਦਾ ਕੁਝ ਨਹੀਂ ਹੋਇਆ ਸੀ। ਹੁਣ ਕਿਸੇ ਨੇ ਉਸਨੂੰ ਕਿਹਾ ਸੀ ਕਿ ਪਾਦਰੀ ਸੇਰਗਈ ਲੋਕਾਂ ਨੂੰ ਸਵਾਸਥ ਦਾਨ ਕਰਦਾ ਹੈ, ਇਸ ਲਈ ਉਹ ਆਪਣੀ ਲੜਕੀ ਨੂੰ ਇੱਥੇ ਲਿਆਇਆ ਸੀ। ਖੈਰ, ਭੀੜ ਨੂੰ ਖਿੰਡਾਉਣ ਤੋਂ ਪਿਛੋਂ ਉਹ ਪਾਦਰੀ ਸੇਰਗਈ ਕੋਲ ਆਇਆ ਤੇ ਕਿਸੇ ਪ੍ਰਕਾਰ ਦੀ ਵੀ ਭੁਮਿਕਾ ਬੰਨ੍ਹਣ ਤੋਂ ਬਿਨਾਂ ਉਸਦੇ ਸਾਮ੍ਹਣੇ ਗੋਡੇ ਟੇਕ ਕੇ ਉੱਚੀ ਆਵਾਜ਼ ਵਿਚ ਕਹਿਣ ਲਗਾ-
‘‘ਹੇ ਸੰਤ ਮਹਾਰਾਜ! ਮੇਰੀ ਬਿਮਾਰ ਲੜਕੀ ਨੂੰ ਰਾਜ਼ੀ ਕਰ ਦਿਓ, ਉਸਦੀ ਪੀੜਾ ਹਰ ਲਵੋ। ਮੈਂ ਤੁਹਾਡੇ ਪਵਿੱਤਰ ਚਰਨਾਂ ਨੂੰ ਛੂੰਹਦਾ ਹਾਂ।
ਤੇ ਉਸਨੇ ਹੱਥ ਜੋੜ ਦਿਤੇ। ਇਹ ਸਭ ਕੁਝ ਉਸਨੇ ਐਸੇ ਢੰਗ ਨਾਲ ਕੀਤਾ ਤੇ ਕਿਹਾ ਜਿਵੇਂ ਇਹ ਕਾਨੂੰਨ ਤੇ ਰੀਤੀ-ਰਿਵਾਜ ਦੇ ਅਨੁਸਾਰ ਸਪਸ਼ਟ ਰੂਪ ਨਾਲ ਨਿਸ਼ਚਿਤ ਕੋਈ ਮੰਤਰ ਹੋਵੇ, ਜਿਵੇਂ ਕਿ ਸਿਰਫ ਏਸੇ ਢੰਗ ਨਾਲ, ਨਾ ਕਿ ਕਿਸੇ ਵੀ ਦੂਸਰੇ ਢੰਗ ਨਾਲ, ਉਸਨੂੰ ਆਪਣੀ ਲੜਕੀ ਨੂੰ ਰਾਜ਼ੀ ਕਰਵਾਉਣ ਦੀ ਪ੍ਰਾਰਥਨਾ ਕਰਨੀ ਚਾਹੀਦੀ ਸੀ। ਉਸਨੇ ਐਸੇ ਆਤਮ-ਵਿਸ਼ਵਾਸ ਨਾਲ ਇਹ ਕੁਝ ਕੀਤਾ ਕਿ ਪਾਦਰੀ ਸੇਰਗਈ ਤਕ ਨੂੰ ਵੀ ਐਸਾ ਲਗਾ ਕਿ ਇਹ ਇਸੇ ਢੰਗ ਨਾਲ ਕਿਹਾ ਤੇ ਕੀਤਾ ਜਾਣਾ ਚਾਹੀਦਾ ਹੈ। ਪਰ ਫਿਰ ਵੀ ਉਸਨੇ ਉਸਨੂੰ ਉਠਣ ਲਈ ਤੇ ਪੂਰੀ ਗੱਲ ਦੱਸਣ ਲਈ ਕਿਹਾ। ਵਪਾਰੀ ਨੇ ਦੱਸਿਆ ਕਿ ਉਸਦੀ ਲੜਕੀ ਬਾਈ ਸਾਲ ਦੀ ਕੁਆਰੀ ਕੁੜੀ ਹੈ, ਦੋ ਸਾਲ ਪਹਿਲਾਂ ਮਾਂ ਦੀ ਅਚਾਨਕ ਮੌਤ ਹੋ ਜਾਣ ਨਾਲ ਉਹ ਬਿਮਾਰ ਹੋ ਗਈ-ਪਿਤਾ ਦੇ ਸ਼ਬਦਾਂ ਵਿਚ, ਉਸਨੇ ਚੀਖ਼ ਮਾਰੀ ਤੇ ਉਦੋਂ ਤੋਂ ਹੀ ਬਿਮਾਰ ਹੈ। ਚੌਦਾਂ ਸੌ ਵਰਸਟ ਦੀ ਦੂਰੀ ਤੋਂ ਉਹ ਉਸਨੂੰ ਇਥੇ ਲਿਆਇਆ ਹੈ ਤੇ ਇਸ ਸਮੇਂ ਉਹ ਹੋਸਟਲ ਵਿਚ ਬੈਠੀ ਇਸ ਗੱਲ ਦੀ ਇੰਤਜ਼ਾਰ ਕਰ ਰਹੀ ਹੈ ਕਿ ਪਾਦਰੀ ਸੇਰਗਈ ਕਦੋਂ ਉਸਨੂੰ ਉਥੇ ਆਉਣ ਦਾ ਆਦੇਸ਼ ਦੇਂਦੇ ਹਨ। ਦਿਨ ਵੇਲੇ ਉਹ ਕਿਤੇ ਨਹੀਂ ਜਾਂਦੀ, ਉਜਾਲੇ ਤੋਂ ਡਰਦੀ ਹੈ ਤੇ ਸਿਰਫ਼ ਸੂਰਜ ਡੁੱਬਣ ਤੋਂ ਪਿਛੋਂ ਹੀ ਬਾਹਰ ਨਿਕਲ ਸਕਦੀ ਹੈ।
“ਤਾਂ ਕੀ ਉਹ ਬਹੁਤ ਕਮਜ਼ੋਰ ਹੈ? ਪਾਦਰੀ ਸੇਰਗਈ ਨੇ ਪੁਛਿਆ।
"ਕਮਜ਼ੋਰ ਤਾਂ ਉਹ ਖਾਸ ਨਹੀਂ ਹੈ, ਤਕੜੀ ਏ, ਪਰ ਜਿਸ ਤਰ੍ਹਾਂ ਕਿ ਡਾਕਟਰ ਨੇ ਕਿਹਾ ਸੀ, ਨਰਵਸ਼ਸ਼ੀਠੀਆ ਹੈ ਉਸਨੂੰ। ਜੇ ਤੁਸੀਂ ਉਸਨੂੰ ਲਿਆਉਣ ਦੀ ਆਗਿਆ ਦੇਵੋ, ਤਾਂ ਮੈਂ ਚੁਟਕੀ ਵਜਾਉਂਦਿਆਂ ਉਸਨੂੰ ਇਥੇ ਲੈ ਆਵਾਂ। ਹੇ ਧਰਮਾਤਮਾ! ਇਕ ਬਾਪ ਦੇ ਦਿਲ ਨੂੰ ਨਵਜੀਵਨ ਦਿਓ, ਉਸਦਾ ਬੰਸ, ਅੱਗੇ ਵਧਾਓ, ਆਪਣੀ ਪ੍ਰਾਰਥਨਾ ਨਾਲ ਮੇਰੀ ਬਿਮਾਰ ਲੜਕੀ ਦੀ ਜਾਨ ਬਚਾ ਦਿਓ।
‘ਵਪਾਰੀ ਇਕ ਵਾਰੀ ਫਿਰ ਗੋਡਿਆਂ ਦੇ ਭਾਰ ਹੋ ਗਿਆ ਤੇ ਇਕ ਪਾਸੇ ਨੂੰ ਜੁੜੇ ਹੋਏ ਹੱਥਾਂ ਉਤੇ ਸਿਰ ਧਰਕੇ ਬੁੱਤ ਜਿਹਾ ਬਣ ਗਿਆ।ਪਾਦਰੀ ਸੇਰਗਈ ਨੇ ਉਸਨੂੰ ਫਿਰ ਉੱਠਣ ਲਈ ਕਿਹਾ ਤੇ ਇਹ ਸੋਚਕੇ ਕਿ ਉਸਦੇ ਕੰਮ-ਕਾਜ ਕਿੰਨੇ ਮੁਸ਼ਕਿਲ ਹਨ, ਪਰ ਉਸਦੇ ਬਾਵਜੂਦ ਉਹ ਕਿਸੇ ਕਿਸਮ ਦਾ ਇਤਰਾਜ਼ ਕੀਤੇ ਬਿਨਾਂ ਉਹਨਾਂ ਨੂੰ ਪੂਰਾ ਕਰਦਾ ਹੈ, ਉਸਨੇ ਡੂੰਘਾ ਹਉਕਾ ਭਰਿਆ ਅਤੇ ਕੂਝ ਚੁੱਪ ਪਿਛੋਂ ਉਸਨੇ ਕਿਹਾ:
“ਠੀਕ ਹੈ, ਸ਼ਾਮ ਨੂੰ ਉਸਨੂੰ ਨੂੰ ਆਉਣਾ ਉਸ ਲਈ ਪ੍ਰਾਰਥਨਾ ਕਰਾਂਗਾ, ਪਰ ਇਸ ਵੇਲੇ ਤਾਂ ਮੈਂ ਬਹੁਤ ਥੱਕਿਆ ਹੋਇਆ ਤੇ ਉਸਨੇ ਅੱਖਾਂ ਬੰਦ ਕਰ ਲਈਆਂ।" ਫਿਰ ਮੈਂ ਬੁਲਵਾ ਭੇਜਾਂਗਾ।
ਵਪਾਰੀ ਪੱਬਾਂ ਭਾਰ ਉਥੋਂ ਚਲ ਪਿਆ,ਜਿਸ ਨਾਲ ਰੇਤ ਉਤੇ ਉਸਦੀ ਜੁੱਤੀ ਨੇ ਹੋਰ ਵੀ ਜ਼ਿਆਦਾ ਚਰਰ-ਚਰਰ ਕੀਤੀ। ਪਾਦਰੀ ਸੇਰਗਈ ਇਕੱਲਾ ਰਹਿ ਗਿਆ।
ਪਾਦਰੀ ਸੇਰਗਈ ਦਾ ਸਾਰਾ ਸਮਾਂ ਪ੍ਰਾਰਥਨਾਵਾਂ ਅਤੇ ਦਰਸ਼ਕਾਂ ਨੂੰ ਮਿਲਣ ਗਿਲਣ ਵਿਚ ਹੀ ਲੰਘਦਾ ਸੀ, ਪਰ ਅੱਜ ਦਾ ਦਿਨ ਤਾਂ ਖ਼ਾਸ ਕਰਕੇ ਮੁਸ਼ਕਿਲ ਰਿਹਾ ਸੀ। ਸਵੇਰੇ ਹੀ ਉੱਚਾ ਅਫਸਰ ਆ ਗਿਆ ਸੀ ਤੇ ਦੇਰ ਤੱਕ ਉਹ ਗੱਲਾਂ ਕਰਦਾ ਰਿਹਾ ਸੀ। ਉਸ ਤੋਂ ਪਿਛੋਂ ਇਕ ਔਰਤ ਆਪਣੇ ਲੜਕੇ ਨੂੰ ਲੈ ਕੇ ਆ ਗਈ। ਉਸਦਾ ਲੜਕਾ ਜਵਾਨ ਪ੍ਰੋਫੈਸਰ ਤੇ ਨਾਸਤਿਕ ਸੀ। ਪਰ ਮਾਂ ਪੱਕੀ ਆਸਤਿਕ ਸੀ ਤੇ ਪਾਦਰੀ ਸੇਰਗਈ ਦੀ ਵੱਡੀ ਭਗਤ ਸੀ। ਉਹ ਇਸ ਲਈ ਲੜਕੇ ਨੂੰ ਇਥੇ ਲਿਆਈ ਸੀ ਕਿ ਪਾਦਰੀ ਸੇਰਗਈ ਉਸ ਨਾਲ ਗੱਲਬਾਤ ਕਰੇ। ਗੱਲਬਾਤ ਬੜੀ ਮੁਸ਼ਕਿਲ ਰਹੀ। ਜਵਾਨ ਪ੍ਰੋਫੈਸਰ ਸ਼ਾਇਦ ਸਾਧੂ ਨਾਲ ਗੱਲਾਂ ਨਹੀਂ ਸੀ ਕਰਨੀਆਂ ਚਾਹੁੰਦਾ ਤੇ ਇਸ ਲਈ ਉਸਦੀ ਹਰ ਗੱਲ ਨਾਲ ਇਸ ਤਰ੍ਹਾਂ ਸਹਿਮਤ ਹੋ ਜਾਂਦਾ ਸੀ, ਜਿਸ ਤਰ੍ਹਾਂ ਕੋਈ ਆਪਣੇ ਤੋਂ ਕਮਜ਼ੋਰ ਦੀ ਗੱਲ ਮੰਨ ਲੈਂਦਾ ਹੈ। ਪਰ ਪਾਦਰੀ ਸੇਰਗਈ ਤਾਂ ਮਹਿਸੂਸ ਕਰ ਰਿਹਾ ਸੀ ਕਿ ਇਹ ਨੌਜਵਾਨ ਪ੍ਰਮਾਤਮਾ ਨੂੰ ਨਹੀਂ ਮੰਨਦਾ, ਪਰ ਇਸ ਦੇ ਬਾਵਜੂਦ ਉਹ ਖੁਸ਼ ਹੈ, ਸੁਖ ਤੇ ਚੈਨ ਮਹਿਸੂਸ ਕਰਦਾ ਹੈ। ਹੁਣ ਉਸ ਗੱਲਬਾਤ ਦੀ ਯਾਦ ਆਉਣ ਤੇ ਉਸਦਾ ਮਨ ਬੇਚੈਨ ਹੋ ਉਠਿਆ।
"ਮਹਾਰਾਜ, ਭੋਜਨ ਕਰ ਲਓ." ਸਹਾਇਕ ਸੰਤ ਬੋਲਿਆ।
"ਹਾਂ, ਕੁਝ ਲੈ ਆਓ।
ਸਹਾਇਕ ਸੰਤ ਗੁਫਾ ਦੇ ਦਰਵਾਜ਼ੇ ਰਾਹੀਂ ਕੋਈ ਦਸ ਕੁ ਕਦਮ ਦੀ ਦੂਰੀ
ਉਤੇ ਬਣੀ ਹੋਈ ਕੋਠੜੀ ਵਿਚ ਗਿਆ ਤੇ ਪਾਦਰੀ ਸੇਰਗਈ ਇਕੱਲਾ ਰਹਿ ਗਿਆ।
ਉਹ ਸਮਾਂ ਕਦੋਂ ਦਾ ਬੀਤ ਚੁੱਕਿਆ ਸੀ, ਜਦੋਂ ਪਾਦਰੀ ਸੇਰਗਈ ਇਕੱਲਾ ਰਹਿੰਦਾ ਸੀ, ਖੁਦ ਹੀ ਆਪਣੀ ਦੇਖ-ਭਾਲ ਕਰਦਾ ਸੀ ਤੇ ਕੇਵਲ ਡਬਲਰੋਟੀ ਤੇ ਡਬਲਰੋਟੀ ਦਾ ਪ੍ਰਸ਼ਾਦ ਹੀ ਖਾਂਦਾ ਸੀ। ਬਹੁਤ ਦੇਰ ਪਹਿਲਾਂ ਹੀ ਉਸਨੂੰ ਪ੍ਰਤੱਖ ਪ੍ਰਮਾਣਾਂ ਨਾਲ ਇਹ ਸਪਸ਼ਟ ਕਰ ਦਿਤਾ ਗਿਆ ਸੀ ਕਿ ਉਸਨੂੰ ਆਪਣੀ ਸਿਹਤ ਵਲੋਂ ਅਣਗਹਿਲੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤੇ ਉਹ ਉਸਨੂੰ ਵੈਸ਼ਨੋਂ ਪਰ ਪੌਸ਼ਟਿਕ ਖੁਰਾਕ ਖੁਆਉਂਦੇ ਸਨ। ਉਹ ਘੱਟ, ਪਰ ਪਹਿਲੇ ਤੋਂ ਕਿਤੇ ਜ਼ਿਆਦਾ ਤੇ ਅਕਸਰ ਬੜੇ ਮਜ਼ੇ ਨਾਲ ਖਾਂਦਾ, ਜਦ ਕਿ ਪਹਿਲਾਂ ਘਿਣਾ ਨਾਲ ਤੇ ਪਾਪ ਸਮਝਦੇ ਹੋਏ ਐਸਾ ਕਰਦਾ ਸੀ। ਇਸ ਸਮੇਂ ਵੀ ਇਸ ਤਰ੍ਹਾਂ ਹੀ ਹੋਇਆ। ਉਸਨੇ ਦਲੀਆ ਖਾਧਾ, ਚਾਹ ਦਾ ਪਿਆਲਾ ਪੀਤਾ ਤੇ ਅੱਧੀ ਚਿੱਟੀ ਡਬਲ ਰੋਟੀ ਖਾ ਲਈ।
ਪ੍ਰਚਾਰਕ ਚਲਾ ਗਿਆ ਤੇ ਪਾਦਰੀ ਸੇਰਗਈ ਐਲਮ ਦਰਖ਼ਤ ਦੇ ਥੱਲੇ ਇਕੱਲਾ ਹੀ ਬੈਠਾ ਰਹਿ ਗਿਆ।
ਮਈ ਮਹੀਨੇ ਦੀ ਬਹੁਤ ਹੀ ਸੁਹਾਵਣੀ ਸ਼ਾਮ ਸੀ, ਭੋਜ, ਐਸਪਨ, ਐਲਮ, ਬਰਡਚੈਰੀ ਤੇ ਬਲੂਤ ਦੇ ਦਰਖਤਾਂ ਦੀਆਂ ਕਰੂੰਬਲਾਂ ਨਿਕਲੀਆਂ ਹੀ ਸਨ। ਐਲਮ ਦੇ ਪਿਛੋਂ ਬਰਡ-ਚੈਰੀ ਦੀਆਂ ਝਾੜੀਆਂ ਖੂਬ ਜੋਬਨ ਉਤੇ ਸਨ। ਬੁਲਬੁਲਾਂ, ਇਕ ਤਾਂ ਬਿਲਕੁਲ ਕੋਲ ਹੀ ਸੀ, ਅਤੇ ਦੋ ਜਾਂ ਤਿੰਨ ਥੱਲੇ, ਨਦੀ ਦੇ ਕੋਲ ਆਪਣੇ ਗੀਤ ਗਾ ਰਹੀਆਂ ਸਨ, ਦੂਰ ਨਦੀ ਵਲੋਂ ਗਾਣੇ ਦੀ ਆਵਾਜ਼ ਆ ਰਹੀ ਸੀ, ਸ਼ਾਇਦ ਕੰਮ ਤੋਂ ਵਾਪਸ ਆਉਂਦੇ ਹੋਏ ਮਜ਼ਦੂਰ ਗਾ ਰਹੇ ਸਨ। ਸੂਰਜ ਜੰਗਲ ਪਿਛੇ ਜਾ ਚੁੱਕਾ ਸੀ ਅਤੇ ਉਸ ਦੀਆਂ ਟੇਢੀਆਂ ਕਿਰਨਾਂ ਹਰਿਆਲੀ ਉਤੇ ਵਿਛੀਆਂ ਹੋਈਆਂ ਸਨ। ਇਹ ਪਾਸਾ ਪੂਰੀ ਤਰ੍ਹਾਂ ਰੌਸ਼ਨ ਸੀ ਤੇ ਦੂਸਰਾ ਐਲਮ ਵਾਲਾ, ਅਨ੍ਹੇਰਾ ਸੀ। ਗੁਬਰੈਲੇ ਉੱਡਦੇ ਸਨ, ਖੰਭ ਫੜਫੜਾਉਂਦੇ ਸਨ ਅਤੇ ਹੇਠਾਂ ਡਿੱਗ ਪੈਂਦੇ ਸਨ।
ਸ਼ਾਮ ਦੇ ਭੋਜਨ ਤੋਂ ਪਿਛੋਂ ਪਾਦਰੀ ਸੇਰਗਈ ਮਨ ਹੀ ਮਨ ਵਿਚ ਪ੍ਰਾਰਥਨਾ ਕਰਨ ਲਗਾ, ‘‘ਪ੍ਰਮਾਤਮਾ ਦੇ ਬੇਟੇ, ਈਸਾ-ਮਸੀਹ, ਸਾਡੇ 'ਤੇ ਦਯਾ ਕਰੋ।ਇਸ ਤੋਂ ਪਿਛੋਂ ਉਹ ਭਜਨ ਗਾਉਣ ਲਗਾ ਤੇ ਇਸ ਸਮੇਂ ਇਕ ਚਿੜੀ ਝਾੜੀਆਂ ਵਿਚੋਂ ਉੱਡਕੇ ਜ਼ਮੀਨ ਉਤੇ ਆ ਬੈਠੀ, ਚਹਿਕਦੀ ਤੇ ਫੁਦਕਦੀ ਹੋਈ ਉਸਦੇ ਕੋਲ ਆਈ. ਕਿਸੇ ਕਾਰਨ ਡਰੀ ਤੇ ਉੱਡ ਗਈ। ਪਾਦਰੀ ਸੇਰਗਈ ਆਪਣੇ ਸੰਸਾਰ-ਤਿਆਗ ਦੇ ਬਾਰੇ ਪ੍ਰਾਰਥਨਾ ਕਰ ਰਿਹਾ ਸੀ ਤੇ ਇਸਨੂੰ ਜਲਦੀ ਹੀ ਖਤਮ ਕਰ ਦੇਣਾ ਚਾਹੁੰਦਾ ਸੀ ਤਾਂ ਕਿ ਬਿਮਾਰ ਲੜਕੀ ਵਾਲੇ ਵਪਾਰੀ ਨੂੰ ਬੁਲਵਾ ਭੇਜੇ। ਉਸਨੂੰ ਇਸ ਲੜਕੀ ਵਿਚ ਦਿਲਚਸਪੀ ਮਹਿਸੂਸ ਹੋ ਰਹੀ ਸੀ। ਉਸਨੂੰ ਇਸ ਲਈ ਦਿਲਚਸਪੀ ਮਹਿਸੂਸ ਹੋ ਰਹੀ ਸੀ ਕਿ ਉਹ ਧਿਆਨ ਲਾਂਭੇ ਪਾਉਣ ਵਾਲੀ, ਕੋਈ ਨਵਾਂ ਜੀਵ ਸੀ ਕਿ ਉਹ ਤੇ ਉਸਦਾ ਬਾਪ ਉਸਨੂੰ ਇਕ ਐਸਾ ਪਹੁੰਚਿਆ ਹੋਇਆ ਮਹਾਤਮਾ ਮੰਨਦੇ ਸਨ, ਜਿਸਦੀ ਪ੍ਰਾਰਥਨਾ ਪ੍ਰਮਾਤਮਾ ਦੇ ਦਰਬਾਰ ਵਿਚ ਮੰਨ ਲਈ ਜਾਂਦੀ ਹੈ। ਉਹ ਖੁਦ ਇਸ ਤੋਂ ਇਨਕਾਰ ਕਰਦਾ ਸੀ, ਪਰ
ਦਿਲ ਦੀ ਗਹਿਰਾਈ ਵਿਚ ਆਪਣੇ ਆਪ ਨੂੰ ਐਸਾ ਹੀ ਮੰਨਦਾ ਸੀ।
ਉਸਨੂੰ ਅਕਸਰ ਇਸ ਗੱਲ ਦੀ ਹੈਰਾਨੀ ਹੁੰਦੀ ਸੀ ਕਿ ਇਹ ਹੋ ਕਿਸ ਤਰ੍ਹਾਂ ਗਿਆ, ਕਿ ਉਹ ਸਤੇਪਾਨ ਕਸਾਤਸਕੀ ਐਸਾ ਅਸਾਧਾਰਨ ਮਹਾਤਮਾ ਤੇ ਚਮਤਕਾਰੀ ਵਿਅਕਤੀ ਬਣ ਗਿਆ। ਪਰ ਉਹ ਐਸਾ ਸੀ, ਇਸ ਵਿਚ ਕੋਈ ਸ਼ੰਕਾ ਨਹੀਂ ਸੀ। ਉਹਨਾਂ ਚਮਤਕਾਰਾਂ ਉਤੇ ਤਾਂ ਉਹ ਅਵਿਸ਼ਵਾਸ ਨਹੀਂ ਕਰ ਸਕਦਾ ਸੀ, ਜਿਹੜੇ ਉਸਨੇ ਖੁਦ ਦੇਖੇ ਸਨ। ਐਸਾ ਪਹਿਲਾ ਚਮਤਕਾਰ ਸੀ ਉਸ ਚੌਦ੍ਹਾਂ ਸਾਲ ਦੇ ਲੜਕੇ ਦਾ ਰਾਜ਼ੀ ਹੋਣਾ ਤੇ ਨਵੀਨਤਮ ਸੀ ਇਕ ਬੁੱਢੀ ਔਰਤ ਦੀਆਂ ਅੱਖਾਂ ਦੀ ਰੌਸ਼ਨੀ ਦਾ ਵਾਪਸ ਆਉਣਾ।
ਬਹੁਤ ਅਜੀਬ ਹੁੰਦਿਆਂ ਹੋਇਆ ਵੀ ਗੱਲ ਇਸੇ ਤਰ੍ਹਾਂ ਦੀ ਹੀ ਸੀ। ਵਪਾਰੀ ਦੀ ਲੜਕੀ ਵਿਚ ਉਸਦੀ ਦਿਲਚਸਪੀ ਇਸ ਲਈ ਸੀ ਕਿ ਉਹ ਨਵਾਂ ਜੀਵ ਸੀ ਤੇ ਉਸ ਵਿਚ ਯਕੀਨ ਰਖਦੀ ਸੀ ਤੇ ਇਸ ਲਈ ਵੀ ਕਿ ਉਸਦੇ ਦੁਆਰਾ ਸੁਆਸਥ-ਪ੍ਰਦਾਨ ਕਰਨ ਦੀ ਆਪਣੀ ਸ਼ਕਤੀ ਤੇ ਆਪਣੀ ਪ੍ਰਸਿਧੀ ਦੀ ਦੁਬਾਰਾ ਪੁਸ਼ਟੀ ਕਰ ਸਕਦਾ ਸੀ। ਹਜ਼ਾਰਾਂ ਵਰਸਟ ਦੀ ਦੂਰੀ ਤੋਂ ਲੋਕ ਆਉਂਦੇ ਹਨ, ਅਖਬਾਰਾਂ ਵਿਚ ਚਰਚਾ ਹੁੰਦੀ ਹੈ, ਸਮਰਾਟ ਨੂੰ ਪਤਾ ਹੈ, ਯੂਰਪ, ਨਾਸਤਿਕ ਯੂਰਪ ਵਿਚ ਧੁੰਮਾਂ ਮੱਚੀਆਂ ਹੋਈਆਂ ਹਨ, ਉਸਨੇ ਮਨ ਹੀ ਮਨ ਵਿਚ ਸੋਚਿਆ। ਅਚਾਨਕ ਹੀ ਉਸਨੂੰ ਆਪਣੇ ਇਸ ਹੰਕਾਰ ਉਤੇ ਸ਼ਰਮ ਆਈ ਤੇ ਉਹ ਦੁਬਾਰਾ ਪ੍ਰਾਰਥਨਾ ਕਰਨ ਲਗਾ: “ਹੇ ਪ੍ਰਮਾਤਮਾ, ਅਰਸ਼ਾਂ ਦੇ ਵਾਲੀ, ਸ਼ਾਂਤੀ ਦਾਤਾ, ਸੱਚ-ਆਤਮਾ, ਆ ਕੇ ਸਾਡੇ ਦਿਲਾਂ ਵਿਚ ਵਾਸਾ ਕਰੋ, ਸਾਨੂੰ ਪਾਪਾਂ ਤੋਂ ਮੁਕਤ ਕਰੋ, ਸਾਡੀਆਂ ਆਤਮਾਵਾਂ ਦੀ ਰਖਿਆ ਕਰੋ ਤੇ ਉਹਨਾਂ ਵਿਚ ਆਪਣੀ ਜੋਤ ਜਗਾਓ। ਝੂਠੇ ਸੰਸਾਰਕ ਹੰਕਾਰ ਦੇ ਪਾਪਾਂ ਤੋਂ ਮੇਰੀ ਆਤਮਾ ਨੂੰ ਮੁਕਤ ਕਰਾਓ, ਉਹ ਦੁਹਰਾਉਂਦਾ ਗਿਆ ਤੇ ਉਸਨੂੰ ਯਾਦ ਆਇਆ ਕਿ ਕਿੰਨ੍ਹੀ ਵਾਰੀ ਉਸਨੇ ਇਸ ਲਈ ਪ੍ਰਾਰਥਨਾ ਕੀਤੀ ਸੀ ਤੇ ਕਿੰਨੀਆਂ ਅਸਫ਼ਲ ਰਹੀਆਂ ਸਨ ਉਸਦੀ ਪ੍ਰਾਰਥਨਾਵਾਂ। ਉਸਦੀਆਂ ਪ੍ਰਾਰਥਨਾਵਾਂ ਦੂਸਰਿਆਂ ਲਈ ਚਮਤਕਾਰ ਕਰਦੀਆਂ ਸਨ, ਪਰ ਆਪਣੇ ਲਈ ਉਹ ਪ੍ਰਮਾਤਮਾ ਕੋਲੋਂ ਇਸ ਤੱਛ ਭਾਵਨਾ ਤੋਂ ਮੁਕਤੀ ਵੀ ਨਹੀਂ ਸੀ ਪ੍ਰਾਪਤ ਕਰ ਸਕਿਆ।
ਉਸਨੂੰ ਆਪਣੇ ਇਕਾਂਤਵਾਸ ਦੇ ਪਹਿਲੇ ਸਾਲ ਦੀਆਂ ਪ੍ਰਾਰਥਨਾਵਾਂ ਯਾਦ ਆ ਗਈਆਂ, ਜਦੋਂ ਉਹ ਪ੍ਰਮਾਤਮਾ ਕੋਲੋਂ ਪਵਿੱਤ੍ਰਤਾ, ਨਿਮਰਤਾ ਤੇ ਪਿਆਰ ਦਾ ਵਰਦਾਨ ਮੰਗਦਾ ਹੁੰਦਾ ਸੀ। ਉਦੋਂ ਉਸਨੂੰ ਲਗਦਾ ਸੀ ਕਿ ਪ੍ਰਮਾਤਮਾ ਉਸਦੀਆਂ ਪ੍ਰਾਰਥਨਾਵਾਂ ਸੁਣਦਾ ਵੀ ਸੀ। ਉਸਦਾ ਮਨ ਪਵਿੱਤਰ ਸੀ ਤੇ ਉਸਨੇ ਆਪਣੀ ਉਂਗਲੀ ਕੱਟ ਸੁੱਟੀ ਸੀ। ਉਸਨੇ ਆਪਣੀ ਉਂਗਲੀ ਦੀ ਬਾਕੀ ਬਚੀ ਪੋਰੀ ਉਪਰ ਚੁੱਕਕੇ ਉਸਨੂੰ ਚੁੰਮਿਆ। ਉਸਨੂੰ ਲਗਾ ਕਿ ਉਹਨੀਂ ਦਿਨੀਂ, ਜਦੋਂ ਉਹ ਆਪਣੇ ਪਾਪਾਂ ਲਈ ਨਿਰੰਤਰ ਆਪਣੇ ਆਪ ਨੂੰ ਕੋਸਿਆ ਕਰਦਾ ਸੀ, ਉਹ ਸਨਿਮਰ ਵੀ ਸੀ। ਉਸਨੂੰ ਲਗਾ ਕਿ ਉਦੋਂ ਉਸ ਵਿਚ ਪਿਆਰ ਵੀ ਸੀ, ਤੇ ਉਸਨੂੰ ਯਾਦ ਆਇਆ ਕਿ ਉਸ ਬੁੱਢੇ ਤੋਂ, ਜੋ ਉਸ ਕੋਲ
ਆਇਆ ਸੀ, ਉਸ ਪਿਆਕੜ ਸੈਨਿਕ ਤੋਂ, ਜਿਸਨੇ ਉਸ ਕੋਲੋਂ ਪੈਸੇ ਮੰਗੇ ਸੀ, ਤੇ ਉਸ ਔਰਤ ਨਾਲ ਉਸਨੇ ਕੈਸਾ ਸਨੇਹ ਭਰਿਆ ਵਰਤਾਉ ਕੀਤਾ ਸੀ। ਪਰ ਹੁਣ? ਉਸਨੇ ਆਪਣੇ ਆਪ ਨੂੰ ਪੁੱਛਿਆ ਕਿ ਕੀ ਉਹ ਹੁਣ ਕਿਸ ਨੂੰ ਪਿਆਰ ਕਰਦਾ ਹੈ, ਸੋਫੀਆ ਈਵਾਨੋਵਨਾ ਨੂੰ, ਪਾਦਰੀ ਸੇਰਾਪੀਓਨ ਨੂੰ? ਕੀ ਉਸਨੇ ਉਹਨਾਂ ਲੋਕਾਂ ਸੰਬੰਧੀ ਪ੍ਰੇਮਭਾਵਨਾ ਅਨੁਭਵ ਕੀਤੀ ਸੀ, ਜੋ ਅੱਜ ਉਸ ਕੋਲ ਆਏ ਸਨ? ਉਸ ਜਵਾਨ ਪ੍ਰੋਫੈਸਰ ਪ੍ਰਤਿ, ਜਿਸ ਨਾਲ ਉਸਨੇ ਉਪਦੇਸ਼ ਦੇਂਦਿਆਂ ਗੱਲ-ਬਾਤ ਕੀਤੀ ਸੀ ਤੇ ਅਸਲ ਵਿਚ ਜਿਸਦੇ ਸਾਹਮਣੇ ਉਸਨੇ ਆਪਣੀ ਅਕਲ ਤੇ ਇਸ ਗੱਲ ਦੀ ਪ੍ਰਦਰਸ਼ਨੀ ਕਰਨੀ ਚਾਹੀ ਸੀ ਕਿ ਉਹ ਵੀ ਕੁਝ ਘੱਟ ਪੜ੍ਹਿਆ ਲਿਖਿਆ ਨਹੀਂ ਹੈ? ਲੋਕਾਂ ਦਾ ਪਿਆਰ ਪਾ ਕੇ ਉਸਨੂੰ ਖੁਸ਼ੀ ਹੁੰਦੀ ਹੈ, ਉਸਨੂੰ ਇਸਦੀ ਜ਼ਰੂਰਤ ਮਹਿਸੂਸ ਹੁੰਦੀ ਹੈ, ਪਰ ਉਹਨਾਂ ਪ੍ਰਤਿ ਉਸਨੂੰ ਪਿਆਰ ਦਾ ਅਹਿਸਾਸ ਨਹੀਂ ਹੁੰਦਾ। ਹੁਣ ਨਾ ਤਾਂ ਉਸ ਵਿਚ ਪਿਆਰ ਸੀ, ਨਾ ਨਿਮਰਤਾ ਤੇ ਨਾ ਹੀ ਪਵਿੱਤਰਤਾ।
ਇਹ ਜਾਣ ਕੇ ਉਸਨੂੰ ਖੁਸ਼ੀ ਹੋਈ ਸੀ ਕਿ ਵਪਾਰੀ ਦੀ ਲੜਕੀ ਬਾਈ ਸਾਲ ਦੀ ਹੈ ਤੇ ਉਹ ਇਹ ਜਾਨਣ ਲਈ ਵੀ ਉਤਸੁਕ ਸੀ ਕਿ ਲੜਕੀ ਸੋਹਣੀ ਹੈ ਕਿ ਨਹੀਂ। ਉਸਨੇ ਜਦੋਂ ਇਹ ਪੁਛਿਆ ਸੀ ਕਿ ਕੀ ਉਹ ਬਹੁਤ ਕਮਜ਼ੋਰ ਹੈ, ਤਾਂ ਅਸਲ ਵਿਚ ਉਹ ਇਹ ਹੀ ਜਾਨਣਾ ਚਾਹੁੰਦਾ ਸੀ ਕਿ ਉਸ ਵਿਚ ਔਰਤਾਂ ਵਾਲੀ ਖਿੱਚ ਹੈ ਜਾਂ ਨਹੀਂ।
‘‘ਕੀ ਮੇਰਾ ਏਨਾ ਪਤਨ ਹੋ ਗਿਐ? " ਉਸਨੇ ਸੋਚਿਆ। “ਹੇ ਪ੍ਰਮਾਤਮਾ, ਮੇਰੀ ਮੱਦਦ ਕਰੋ, ਮੈਨੂੰ ਉਪਰ ਉਠਾਓ, ਹੇ ਮੇਰੇ ਪ੍ਰਮਾਤਮਾ। ਤੇ ਉਹ ਹੱਥ ਜੋੜਕੇ ਪ੍ਰਾਰਥਨਾ ਕਰਨ ਲਗਾ। ਬੁਲਬੁਲਾਂ ਆਪਣਾ ਗਾਣਾ ਗਾਈ ਜਾ ਰਹੀਆਂ ਸਨ। ਇਕ ਗੁਬਰੈਲਾ ਉੱਡਕੇ ਉਸ ਉਤੇ ਆ ਬੈਠਾ ਤੇ ਉਸਦੀ ਗਿੱਚੀ ਉਤੇ ਰੀਂਗਣ ਲਗਾ। ਉਸਨੇ ਉਸਨੂੰ ਪਰ੍ਹਾਂ ਸੁੱਟ ਮਾਰਿਆ। “ਪਰ ਕੀ ਪ੍ਰਮਾਤਮਾ ਹੈ ਵੀ? ਕੀ ਮੈਂ ਬਾਹਰੋਂ ਤਾਲਾ ਲਗੇ ਹੋਏ ਘਰ ਉਤੇ ਦਸਤਕ ਦੇ ਰਿਹਾ ਹਾਂ... ਦਰਵਾਜ਼ੇ 'ਤੇ ਲਗਾ ਹੋਇਆ ਤਾਲਾ ਤਾਂ ਕਿ ਉਸਨੂੰ ਦੇਖ ਸਕਾਂ? ਇਹ ਹੀ ਤਾਂ ਉਹ ਤਾਲਾ ਹੈ-ਬੁਲਬੁਲਾਂ, ਗੁਬਰੈਲੇ, ਪਾਕ੍ਰਿਤੀ। ਮੁਮਕਿਨ ਹੈ ਕਿ ਉਹ ਨੌਜਵਾਨ ਹੀ ਠੀਕ ਹੈ।" ਤੇ ਉਹ ਉੱਚੀ ਆਵਾਜ਼ ਵਿਚ ਪ੍ਰਾਰਥਨਾ ਕਰਨ ਲਗਾ ਤੇ ਦੇਰ ਤਕ, ਉਸ ਸਮੇਂ ਤਕ ਪ੍ਰਾਰਥਨਾ ਕਰਦਾ ਰਿਹਾ, ਜਦੋਂ ਤਕ ਕਿ ਐਸੇ ਵਿਚਾਰ ਅਲੋਪ ਨਹੀਂ ਹੋ ਗਏ ਅਤੇ ਉਸਨੂੰ ਦੁਬਾਰਾ ਮਾਨਸਿਕ ਸ਼ਾਂਤੀ ਤੇ ਵਿਸ਼ਵਾਸ ਦੀ ਤਸੱਲੀ ਨਾ ਹੋਣ ਲਗੀ। ਉਸਨੇ ਘੰਟੀ ਵਜਾਈ ਤੇ ਪ੍ਰਚਾਰਕ ਦੇ ਆਉਣ ਉਤੇ ਵਪਾਰੀ ਤੇ ਉਸਦੀ ਲੜਕੀ ਨੂੰ ਬੁਲਾ ਭੇਜਣ ਲਈ ਕਿਹਾ।
ਵਪਾਰੀ ਲੜਕੀ ਦਾ ਹੱਥ ਫੜੀ ਆਇਆ ਤੇ ਉਸਨੂੰ ਕੋਠੜੀ ਤੱਕ ਪਹੁੰਚਾ ਕੇ ਫੌਰਨ ਉਥੋਂ ਚਲਾ ਗਿਆ।
ਵਪਾਰੀ ਦੀ ਲੜਕੀ ਸੁਨਹਿਰੀ ਵਾਲਾਂ ਵਾਲੀ ਤੇ ਬੇਹੱਦ ਗੋਰੇ ਰੰਗ ਦੀ ਸੀ, ਚਿਹਰਾਂ ਉਸਦਾ ਪੀਲਾ ਸੀ, ਸਰੀਰ ਗੁਦਗੁਦਾ ਤੇ ਬੇਹੱਦ ਮਸਕੀਨ, ਬੱਚਿਆਂ ਵਰਗਾ ਸਹਿਮਿਆ ਚਿਹਰਾ, ਪਰ ਸਰੀਰਕ ਉਭਾਰ-ਨਿਖਾਰ ਔਰਤਾਂ ਵਾਲਾ ਸੀ। ਪਾਦਰੀ
ਸੇਰਗਈ ਦਰਵਾਜ਼ੇ ਕੋਲ ਬੈਂਚ ਉਤੇ ਹੀ ਬੈਠਾ ਰਿਹਾ। ਲੜਕੀ ਜਦੋਂ ਕੋਠੜੀ ਵੱਲ ਜਾਂਦੀ ਹੋਈ ਉਸ ਕੋਲ ਰੁਕੀ ਤੇ ਉਸਨੇ ਉਸਨੂੰ ਆਸ਼ੀਰਵਾਦ ਦਿਤਾ, ਤਾਂ ਜਿਸ ਢੰਗ ਨਾਲ ਉਸਨੇ ਸਰੀਰ ਦੀ ਜਾਂਚ ਕੀਤੀ ਉਸ ਨਾਲ ਉਹ ਖੁਦ ਹੀ ਕੰਬ ਗਿਆ। ਉਹ ਅਗੇ ਚਲੀ ਗਈ ਤੇ ਪਾਦਰੀ ਨੂੰ ਇਸ ਤਰ੍ਹਾਂ ਲਗਾ ਜਿਵੇਂ ਕਿਸੇ ਨੇ ਉਸਨੂੰ ਡੰਗ ਮਾਰ ਦਿਤਾ ਹੈ। ਉਸਦੇ ਚਿਹਰੇ ਤੋਂ ਉਸਨੇ ਭਾਂਪ ਲਿਆ ਸੀ ਕਿ ਉਹ ਕਾਮ-ਮੱਤੀ ਤੇ ਮੰਦਬੁਧੀ ਵਾਲੀ ਹੈ। ਪਾਦਰੀ ਸੇਰਗਈ ਉਠਿਆ ਤੇ ਕੋਠੜੀ ਵਿਚ ਗਿਆ। ਉਹ ਸਟੂਲ ਉਤੇ ਬੈਠੀ ਉਸਦੀ ਉਡੀਕ ਕਰ ਰਹੀ ਸੀ।
ਉਸਦੇ ਅੰਦਰ ਆਉਣ ਉਤੇ ਉੱਠ ਕੇ ਖੜੀ ਹੋ ਗਈ।
"ਮੈਂ ਆਪਣੇ ਪਾਪਾ ਕੋਲ ਜਾਣਾ ਚਾਹੁੰਦੀ ਹਾਂ," ਉਹ ਬੋਲੀ।
"ਡਰਨ ਦੀ ਕੋਈ ਲੋੜ ਨਹੀਂ ਹੈ," ਸੇਰਗਈ ਨੇ ਕਿਹਾ।
"ਕਿੱਥੇ ਪੀੜ ਹੁੰਦੀ ਏ ਤੈਨੂੰ?"
"ਹਰ ਜਗ੍ਹਾ ਹੀ ਪੀੜ ਹੁੰਦੀ ਏ ਮੈਨੂੰ, ਉਹ ਬੋਲੀ ਤੇ ਅਚਾਨਕ ਉਸਦੇ ਚਿਹਰੇ ਉਤੇ ਮੁਸਕਰਾਹਟ ਖਿੜ ਉਠੀ।
“ਤੂੰ ਰਾਜ਼ੀ ਹੋ ਜਾਵੇਂਗੀ, ਪਾਦਰੀ ਨੇ ਕਿਹਾ, "ਪ੍ਰਾਰਥਨਾ ਕਰੋ।
"ਪ੍ਰਾਰਥਨਾ ਕਰਨ ਨਾਲ ਕੀ ਹੋਵੇਗਾ, ਮੈਂ ਬਹੁਤ ਪ੍ਰਾਰਥਨਾ ਕਰ ਚੁਕੀ ਹਾਂ, ਕੁਝ ਲਾਭ ਨਹੀਂ ਹੋਇਆ। ਉਹ ਮੁਸਕਰਾਉਂਦੀ ਜਾ ਰਹੀ ਸੀ। "ਹਾਂ, ਤੁਸੀਂ ਪਾਰਥਨਾ ਕਰੋ ਤੇ ਆਪਣਾ ਹੱਥ ਮੇਰੇ ਉਤੇ ਰਖੋ। ਮੈਂ ਸੁਪਨੇ ਵਿਚ ਤੁਹਾਨੂੰ ਦੇਖ ਚੁਕੀ ਹਾਂ।
“ਕੀ ਵੇਖਿਆ ਸੀ ਤੂੰ ਸੁਪਨੇ ਵਿਚ?"
"ਮੈਂ ਵੇਖਿਆ ਸੀ ਕਿ ਤੁਸੀਂ ਇਸ ਤਰ੍ਹਾਂ ਆਪਣਾ ਹੱਥ ਮੇਰੀ ਛਾਤੀ ਉਤੇ ਰਖਿਆ ਸੀ, ਉਸਨੇ ਪਾਦਰੀ ਦਾ ਹੱਥ ਫੜ ਕੇ ਆਪਣੀ ਛਾਤੀ ਉਤੇ ਰਖ ਲਿਆ, "ਇਸ ਜਗ੍ਹਾ" ਪਾਦਰੀ ਨੇ ਉਸਨੂੰ ਆਪਣਾ ਸੱਜਾ ਹੱਥ ਦੇ ਦਿਤਾ।
"ਕੀ ਨਾਂ ਹੈ ਤੇਰਾ? ਉਸਨੇ ਸਿਰ ਤੋਂ ਪੈਰਾਂ ਤਕ ਕੰਬਦੇ ਹੋਏ ਪੁਛਿਆ। ਉਹ ਇਹ ਮਹਿਸੂਸ ਕਰ ਰਿਹਾ ਸੀ ਕਿ ਬਾਜ਼ੀ ਹਾਰ ਗਿਆ ਹੈ, ਕਿ ਵਾਸ਼ਨਾ ਉਸਦੇ ਵਸੋਂ ਬਾਹਰ ਹੋ ਚੁਕੀ ਹੈ।
"ਮਾਰੀਆ ਕਿਉਂ, ਕੀ ਗੱਲ ਏ?"
ਉਸਨੇ ਪਾਦਰੀ ਦਾ ਹੱਥ ਲੈ ਕੇ ਚੁੰਮਿਆ ਤੇ ਫਿਰ ਉਸਦੇ ਲੱਕ ਦੁਆਲੇ ਬਾਂਹ ਵਲਦਿਆਂ ਆਪਣੀ ਵੱਲ ਖਿਚਿਆ।
"ਇਹ ਤੂੰ ਕੀ ਕਰ ਰਹੀ ਏ?" ਪਾਦਰੀ ਸੇਰਗਈ ਨੇ ਕਿਹਾ।
“ਮਾਰੀਆ, ਤੂੰ ਸ਼ੈਤਾਨ ਏਂ।
“ਕੋਈ ਗੱਲ ਨਹੀਂ।
ਤੇ ਉਹ ਉਸਨੂੰ ਬਾਹਾਂ ਵਿਚ ਕੱਸੀ ਉਸਦੇ ਨਾਲ ਬਿਸਤਰੇ ਉਤੇ ਬੈਠ ਗਈ।
ਪਹੁ-ਫੁਟਾਲਾ ਹੁੰਦਿਆਂ ਉਹ ਬਾਹਰ ਵਿਹੜੇ ਵਿਚ ਆਇਆ।
‘‘ਕੀ ਸਚਮੁਚ ਇਹ ਸਭ ਕੁਝ ਹੋਇਆ ਸੀ? ਇਸਦਾ ਬਾਪ ਆਏਗਾ ਤੇ ਇਹ ਸਭ ਕੁਝ ਉਸਨੂੰ ਕਹਿ ਸੁਣਾਏਗੀ। ਇਹ ਸ਼ੈਤਾਨ ਹੈ। ਤਾਂ ਹੁਣ ਮੈਂ ਕੀ ਕਰਾਂ? ਇਹ ਹੈ ਉਹੀ ਕੁਹਾੜੀ, ਜਿਸ ਨਾਲ ਮੈਂ ਉਂਗਲੀ ਕੱਟੀ ਸੀ। ਉਸਨੇ ਕੁਹਾੜੀ ਫੜੀ ਤੇ ਕੋਠੜੀ ਵੱਲ ਤੁਰ ਪਿਆ।
ਸਹਾਇਕ ਸੰਤ ਝੱਟਪਟ ਉਸ ਵਲ ਆਇਆ।
‘‘ਲੱਕੜੀਆਂ ਚਾਹੀਦੀਆਂ ਹਨ ਤੁਹਾਨੂੰ? ਲਿਆਉ, ਮੈਨੂੰ ਕੁਹਾੜੀ ਦਿਓ।
ਉਸਨੇ ਕੁਹਾੜੀ ਦੇ ਦਿਤੀ। ਉਹ ਕੋਠੜੀ ਅੰਦਰ ਗਿਆ। ਲੜਕੀ ਸੌਂ ਰਹੀ ਸੀ। ਉਹ ਉਸਨੂੰ ਵੇਖਕੇ ਕੰਬ ਉਠਿਆ। ਕੋਠੜੀ ਦੇ ਸਿਰੇ ਉਤੇ ਜਾਕੇ ਉਸਨੇ ਪੇਂਡੂਆਂ ਵਾਲੇ ਕਪੜੇ ਪਾਏ, ਕੈਂਚੀ ਲੈ ਕੇ ਵਾਲ ਕੱਟੇ ਤੇ ਪਹਾੜ ਦੇ ਕੋਲੋਂ ਦੀ ਜਾਂਦੀ ਹੋਈ ਪਗਡੰਡੀ ਉਤੇ ਨਦੀ ਵਾਲੇ ਪਾਸੇ ਚਲ ਪਿਆ, ਜਿਥੇ ਉਹ ਚਾਰ ਸਾਲਾਂ ਤੋਂ ਨਹੀਂ ਸੀ ਗਿਆ।
ਨਦੀ ਦੇ ਕਿਨਾਰੇ-ਕਿਨਾਰੇ ਇਕ ਸੜਕ ਸੀ। ਉਹ ਉਸੇ ਉਪਰ ਤੁਰ ਪਿਆ ਤੇ ਦੁਪਹਿਰ ਤੱਕ ਤੁਰਦਾ ਹੀ ਗਿਆ। ਦੁਪਹਿਰੇ ਉਹ ਰਾਈ ਦੇ ਖੇਤ ਵਿਚ ਵੜਕੇ ਲੇਟ ਗਿਆ। ਸ਼ਾਮ ਹੋਣ ਤਕ ਨਦੀ ਦੇ ਕਿਨਾਰੇ ਵੱਸੇ ਹੋਏ ਇਕ ਪਿੰਡ ਤਕ ਪਹੁੰਚ ਗਿਆ। ਉਹ ਪਿੰਡ ਵਾਲੇ ਪਾਸੇ ਨਹੀਂ ਸਗੋਂ ਖੜੀ ਚਟਾਨ ਵਾਲੇ ਪਾਸੇ ਤੁਰ ਪਿਆ।
ਸਵੇਰ-ਸਾਰ ਦਾ ਵੇਲਾ ਸੀ, ਸੂਰਜ ਚੜ੍ਹਨ ਵਿਚ ਸ਼ਾਇਦ ਅੱਧੇ ਕੁ ਘੰਟੇ ਦੀ ਦੇਰ ਸੀ। ਸਭ ਕੁਝ ਧੁੰਦਲਾ-ਧੁੰਦਲਾ, ਉਦਾਸ-ਉਦਾਸ ਸੀ ਤੇ ਪੱਛਮ ਵੱਲੋਂ ਪਹੁ-ਫੁਟਾਲੇ ਤੋਂ ਪਹਿਲਾਂ ਦੀ ਠੰਡੀ ਹਵਾ ਆ ਰਹੀ ਸੀ। ‘‘ਹਾਂ, ਹੁਣ ਕਿੱਸਾ ਖਤਮ ਕਰਨਾ ਚਾਹੀਦਾ ਹੈ। ਪ੍ਰਮਾਤਮਾ ਨਹੀਂ ਹੈ, ਪਰ ਕਿਸ ਤਰ੍ਹਾਂ ਅੰਤ ਕਰਾਂ ਆਪਣਾ? ਨਦੀ ਵਿਚ ਛਾਲ ਮਾਰ ਕੇ? ਪਰ ਮੈਂ ਤਰਨਾ ਜਾਣਦਾ ਹਾਂ, ਡੁੱਬ ਨਹੀਂ ਸਕਾਂਗਾ। ਫਾਂਸੀ ਚੜ੍ਹ ਕੇ? ਹਾਂ, ਇਹ ਰਿਹਾ ਕਮਰਕੱਸਾ। ਉਸਨੂੰ ਇਹ ਏਨਾ ਸੰਭਵ ਤੇ ਮੌਤ ਏਨੀ ਨਜ਼ਦੀਕ ਲਗੀ ਕਿ ਉਹ ਭੈ-ਭੀਤ ਹੋ ਉਠਿਆ। ਪਹਿਲਾਂ ਦੀ ਤਰ੍ਹਾਂ ਨਿਰਾਸ਼ਾ ਦੀਆਂ ਘੜੀਆਂ ਵਿਚ ਉਸਨੇ ਪ੍ਰਾਰਥਨਾ ਕਰਨੀ ਚਾਹੀ। ਪਰ ਪ੍ਰਾਰਥਨਾ ਕਰੇ ਤਾਂ ਕਿਸ ਅੱਗੇ? ਪ੍ਰਮਾਤਮਾ ਤਾਂ ਰਿਹਾ ਨਹੀਂ। ਉਹ ਕੁਹਣੀ ਟਿਕਾ ਕੇ ਲੇਟਿਆ ਹੋਇਆ ਸੀ। ਅਚਾਨਕ ਉਸਨੂੰ ਇੰਨੇ ਜ਼ੋਰ ਦੀ ਨੀਂਦ ਮਹਿਸੂਸ ਹੋਈ ਕਿ ਉਹ ਸਿਰ ਨੂੰ ਹੱਥਾਂ ਉਤੇ ਟਿਕਾਈ ਨਾ ਰਖ ਸਕਿਆ, ਉਸਨੇ ਬਾਹਾਂ ਫੈਲਾਅ ਕੇ ਸਿਰ ਨੂੰ ਉਹਨਾਂ ਉਤੇ ਟਿਕਾ ਦਿੱਤਾ ਤੇ ਉਸੇ ਘੜੀ ਸੌਂ ਗਿਆ। ਪਰ ਪਲ ਭਰ ਹੀ ਉਸਨੂੰ ਊਂਘ ਆਈ, ਝਟਪਟ ਹੀ ਉਸਦੀ ਅੱਖ ਖੁਲ੍ਹ ਗਈ ਤੇ ਉਹ ਜਾਂ ਤਾਂ ਸੁਪਨੇ ਵਿਚ ਜਾਂ ਯਾਦਾਂ ਦੇ ਚਿਤ੍ਰਪਦ ਉਤੇ ਇਕ ਦ੍ਰਿਸ਼ ਵੇਖਣ ਲਗਾ।
ਉਸਨੇ ਲਗਭਗ ਬਾਲਕ ਦੇ ਰੂਪ ਵਿਚ ਆਪਣੇ ਆਪ ਨੂੰ ਮਾਂ ਦੇ ਪਿੰਡ ਵਾਲੇ ਘਰ ਵਿਚ ਵੇਖਿਆ। ਇਕ ਬੱਘੀ ਉਹਨਾਂ ਦੇ ਦਰਵਾਜ਼ੇ ਅੱਗੇ ਆ ਕੇ ਰੁਕੀ ਤੇ ਉਸ ਵਿਚੋਂ ਇਕ ਵੱਡੀ ਸਾਰੀ ਕਾਲੀ, ਬੇਲਚਾ ਦਾੜ੍ਹੀ ਵਾਲਾ ਚਾਚਾ ਨਿਕੋਲਾਈ ਸੇਰਗੇਈ ਨਿਕਲੇ। ਉਹਨਾਂ ਨਾਲ ਇਕ ਦੁਬਲੀ ਪਤਲੀ ਲੜਕੀ ਸੀ, ਵੱਡੀਆਂ-ਵੱਡੀਆਂ ਮਸਕੀਨ ਅੱਖਾਂ, ਤਰਸਯੋਗ ਤੇ ਸਹਿਮੇ ਜਿਹੇ ਚਿਹਰੇਵਾਲੀ। ਉਸਦਾ ਨਾਂ ਸੀ ਪਾਸ਼ੇਨਕਾ। ਇਸ ਪਾਸ਼ੇਨਕਾ ਨੂੰ ਲੜਕਿਆਂ ਵਿਚ ਖੇਡਣ ਲਈ ਛੱਡ ਦਿੱਤਾ ਗਿਆ। ਉਸ ਨਾਲ ਖੇਡਣ-ਕੁੱਦਣ ਤੋਂ ਬਿਨਾਂ ਤਾਂ ਛੁਟਕਾਰਾ ਨਹੀਂ ਸੀ, ਪਰ ਇਸ ਵਿਚ ਮਜ਼ਾ ਨਹੀਂ ਸੀ ਆ ਰਿਹਾ। ਬੁੱਧੂ ਸੀ ਉਹ। ਆਖਿਰ ਹੋਇਆ ਇਹ ਕਿ ਉਸਦਾ ਮਜ਼ਾਕ ਉਡਾਇਆ ਜਾਣ ਲਗਾ ਤੇ ਉਸਨੂੰ ਇਹ ਦਿਖਾਉਣ ਲਈ ਮਜਬੂਰ ਕੀਤਾ ਗਿਆ ਕਿ ਉਹ ਤਰਦੀ ਕਿਸ ਤਰ੍ਹਾਂ ਹੈ। ਉਹ ਫਰਸ਼ ਉਤੇ ਲੇਟਕੇ ਦਿਖਾਉਣ ਲਗੀ। ਸਾਰੇ ਖਿੜਖਿੜਾ ਕੇ ਹੱਸਣ ਤੇ ਉਸਦਾ ਉੱਲੂ ਬਨਾਉਣ ਲੱਗੇ। ਉਹ ਇਹ ਸਮਝ ਗਈ, ਉਸਦੇ ਚਿਹਰੇ ਉਤੇ ਲਾਲ ਲਾਲ ਧੱਬੇ ਉਭਰ ਆਏ ਤੇ ਉਸਦੀ ਸ਼ਕਲ ਏਨੀ ਤਰਸਯੋਗ, ਏਨੀ ਜ਼ਿਆਦਾ ਤਰਸਯੋਗ ਹੋ ਗਈ ਕਿ ਉਹ ਖੁਦ ਵੀ ਪਾਣੀ ਪਾਣੀ ਹੋ ਗਿਆ ਸੀ ਤੇ ਉਸਦੀ ਟੇਢੀ, ਦਿਆਲੂ ਤੇ ਨਿਮਾਣੀ ਮੁਸਕਰਾਹਟ ਕਦੀ ਵੀ ਨਹੀਂ ਸੀ ਭੁੱਲ ਸਕਿਆ। ਸੇਰਗਈ ਯਾਦ ਕਰਨ ਲਗਾ ਕਿ ਦੁਬਾਰਾ ਉਸ ਨਾਲ ਕਦੋਂ ਮੁਲਾਕਾਤ ਹੋਈ ਸੀ। ਕਈ ਸਾਲਾਂ ਪਿਛੋਂ, ਸਾਧੂ ਬਨਣ ਤੋਂ ਪਹਿਲਾਂ ਉਸ ਨਾਲ ਫਿਰ ਉਸਦੀ ਮੁਲਾਕਾਤ ਹੋਈ ਸੀ। ਉਸਨੇ ਕਿਸੇ ਜ਼ਿਮੀਂਦਾਰ ਨਾਲ ਵਿਆਹ ਕਰ ਲਿਆ ਸੀ, ਜਿਸਨੇ ਉਸਦੀ ਸਾਰੀ ਜਾਇਦਾਦ ਉਡਾ ਦਿਤੀ ਸੀ ਤੇ ਉਸਨੂੰ ਖੂਬ ਮਾਰਦਾ-ਕੁੱਟਦਾ ਸੀ। ਉਸਦੇ ਦੋ ਬੱਚੇ ਸਨ—ਲੜਕਾ ਤੇ ਲੜਕੀ। ਲੜਕਾ ਛੋਟੀ ਹੀ ਉਮਰ ਵਿਚ ਮਰ ਗਿਆ ਸੀ।
ਸੇਰਗਈ ਨੂੰ ਯਾਦ ਆਇਆ ਕਿ ਜਦੋਂ ਉਹ ਉਸਨੂੰ ਮਿਲਿਆ ਸੀ ਤਾਂ ਕਿੰਨੀ ਦੁਖੀ ਸੀ ਉਹ। ਇਸ ਤੋਂ ਪਿਛੋਂ ਮਠ ਵਿਚ ਉਸ ਨਾਲ ਮੁਲਾਕਾਤ ਹੋਈ ਸੀ। ਉਦੋਂ ਉਹ ਵਿਧਵਾ ਹੋ ਚੁੱਕੀ ਸੀ। ਉਸ ਸਮੇਂ ਵੀ ਉਹ ਉਸੇ ਤਰ੍ਹਾਂ ਦੀ ਹੀ ਸੀ. ਬੁੱਧੂ ਕਹਿਣਾ ਤਾਂ ਠੀਕ ਨਹੀਂ ਹੋਵੇਗਾ, ਪਰ ਨੀਰਸ, ਤੁੱਛ ਤੇ ਤਰਸਯੋਗ। ਆਪਣੀ ਲੜਕੀ ਤੇ ਉਸਦੇ ਮੰਗੇਤਰ ਨਾਲ ਆਈ ਸੀ ਉਹ। ਗਰੀਬ ਹੋ ਚੁਕੇ ਸਨ ਉਹ। ਪਿਛੋਂ ਉਸਨੇ ਸੁਣਿਆ ਸੀ ਕਿ ਉਹ ਕਿਸੇ ਛੋਟੇ ਜਿਹੇ ਸ਼ਹਿਰ ਵਿਚ ਰਹਿੰਦੀ ਹੈ ਤੇ ਬਹੁਤ ਗਰੀਬ ਹੈ। ‘‘ਪਰ ਉਸਦੇ ਬਾਰੇ ਕਿਉਂ ਸੋਚ ਰਿਹਾ ਹਾਂ? ਉਸਨੇ ਆਪਣੇ ਆਪ ਨੂੰ ਸਵਾਲ ਕੀਤਾ। ਫਿਰ ਵੀ ਉਸ ਬਾਰੇ ਸੋਚੇ ਬਿਨਾਂ ਨਾ ਰਹਿ ਸਕਿਆ। "ਕਿਥੇ ਹੈ ਉਹ? ਕੀ ਹਾਲ ਹੈ ਉਸਦਾ? ਕੀ ਉਹ ਉਸੇ ਤਰ੍ਹਾਂ ਦੁਖੀ ਹੈ, ਜਿਸ ਤਰ੍ਹਾਂ ਉਸ ਸਮੇਂ ਸੀ, ਜਦੋਂ ਉਸਨੇ ਫਰਸ਼ ਉਤੇ ਇਹ ਵਿਖਾਇਆ ਸੀ ਕਿ ਉਹ ਕਿਸ ਤਰ੍ਹਾਂ ਤਰਦੀ ਹੈ? ਪਰ ਮੈਂ ਕਿਉਂ ਉਸ ਬਾਰੇ ਸੋਚ ਰਿਹਾ ਹਾਂ। ਕੀ ਕਰ ਰਿਹਾ ਹਾਂ? ਬਸ, ਖੇਡ ਖਤਮ ਕਰਨੀ ਚਾਹੀਦੀ ਹੈ।
ਫਿਰ ਉਹ ਭੈ-ਭੀਤ ਹੋ ਉਠਿਆ ਤੇ ਇਸ ਵਿਚਾਰ ਨੂੰ ਭੁੱਲਣ ਲਈ ਫਿਰ ਉਹ ਪਾਸ਼ੇਨਕਾ ਬਾਰੇ ਸੋਚਣ ਲਗਾ।
ਇਸ ਤਰ੍ਹਾਂ ਕਦੀ ਉਹ ਆਪਣੇ ਅਟੱਲ ਅੰਤ ਤੇ ਕਦੀ ਪਾਸ਼ੇਨਕਾ ਦੇ ਬਾਰੇ ਸੋਚਦਾ ਹੋਇਆ ਦੇਰ ਤਕ ਲੇਟਿਆ ਰਿਹਾ। ਉਸਨੂੰ ਲਗਿਆ ਕਿ ਪਾਸ਼ੇਨਕਾ ਹੀ ਉਸਦੀ ਰਖਿਆ ਕਰ ਸਕਦੀ ਹੈ। ਆਖਰ ਉਸਦੀ ਅੱਖ ਲਗ ਗਈ। ਸੁਪਨੇ ਵਿਚ ਉਸਨੂੰ ਇਕ ਫਰਿਸ਼ਤਾ ਦਿਖਾਈ ਦਿਤਾ, ਜਿਸਨੇ ਉਸ ਕੋਲ ਆ ਕੇ ਕਿਹਾ: ਪਾਸ਼ੇਨਕਾ ਕੋਲ ਜਾਹ ਤੇ ਉਸ ਤੋਂ ਪਤਾ ਕਰ ਕਿ ਤੈਨੂੰ ਕੀ ਕਰਨਾ ਚਾਹੀਦਾ ਹੈ, ਤੇਰਾ ਪਾਪ ਕੀ ਹੈ ਤੇ ਪਾਪ ਤੋਂ ਮੁਕਤੀ ਦਾ ਸਾਧਨ ਕੀ ਹੈ।
ਜਦੋਂ ਉਹ ਉਠਿਆ, ਤਾਂ ਇਸ ਨਤੀਜੇ ਉਤੇ ਪੁੱਜਾ ਕਿ ਸੁਪਨੇ ਵਿਚ ਉਸਨੂੰ ਜੋ ਕੁਝ ਕਿਹਾ ਗਿਆ ਹੈ, ਉਹ ਹੈ ਖ਼ਾਤਮਾ ਦਾ ਆਦੇਸ਼ ਹੈ। ਉਹ ਖੁਸ਼ ਹੋਇਆ ਤੇ ਉਸਨੇ ਐਸਾ ਹੀ ਕਰਨ ਦਾ ਫੈਸਲਾ ਕੀਤਾ। ਜਿਥੇ ਉਹ ਰਹਿੰਦੀ ਸੀ ਉਸਨੂੰ ਉਸ ਸ਼ਹਿਰ ਦਾ ਪਤਾ ਸੀ-ਤਿੰਨ ਸੌ ਤੋਂ ਜ਼ਿਆਦਾ ਵਰਸਟ ਦੂਰ ਸੀ। ਸੇਰਗਈ ਉਧਰ ਹੀ ਤੁਰ ਪਿਆ।
8
ਪਾਸ਼ੇਨਕਾ ਤਾਂ ਕਦੋਂ ਦੀ ਪਾਸ਼ੇਨਕਾ ਨਹੀਂ ਸੀ ਰਹੀ, ਬੁੱਢੀ ਹੱਡੀਆਂ ਦੀ ਮੁੱਠ ਤੇ ਝੁਰੜੀਆਂ ਵਾਲੀ ਪਰਾਸਕੋਵੀਆ ਮਿਖਾਇਲੋਵਨਾ ਬਣ ਚੁੱਕੀ ਸੀ, ਇਕ ਬਦਕਿਸਮਤ ਤੇ ਪਿਆਕੜ ਸਰਕਾਰੀ ਕਰਮਚਾਰੀ ਮਾਰੀਕੀਏਵ ਦੀ ਸੱਸ ਸੀ। ਉਹ ਉਸੇ ਛੋਟੇ ਜਿਹੇ ਸ਼ਹਿਰ ਵਿਚ ਰਹਿੰਦੀ ਸੀ, ਜਿਥੇ ਉਸਦੇ ਜਵਾਈ ਦੀ ਨੌਕਰੀ ਛੁੱਟ ਗਈ ਸੀ। ਸਾਰੇ ਟੱਬਰ-ਲੜਕੀ, ਰੋਗੀ ਤੇ ਕਮਜ਼ੋਰੀ ਦੇ ਮਾਰੇ ਜਵਾਈ ਤੇ ਪੰਜ ਦੋਹਤੇ-ਦੋਹਤੀਆਂ-ਦਾ ਭਾਰ ਆਪਣੇ ਮੋਢਿਆਂ ਉਤੇ ਚੁਕਿਆ ਹੋਇਆ ਸੀ। ਇਹ ਪੰਜਾਹ ਕੋਪੇਕ ਫੀ ਘੰਟੇ ਦੇ ਹਿਸਾਬ ਨਾਲ ਵਪਾਰੀਆਂ ਦੀਆਂ ਕੁੜੀਆਂ ਨੂੰ ਸੰਗੀਤ ਸਿਖਾਉਂਦੀ ਤੇ ਇਸ ਤਰ੍ਹਾਂ ਸਭ ਦਾ ਪੇਟ ਪਾਲਦੀ ਸੀ। ਦਿਨ ਵਿਚ ਕਦੀ ਚਾਰ ਤੇ ਪੰਜ ਘੰਟੇ ਸੰਗੀਤ ਦੀ ਸਿਖਿਆ ਦਿੰਦੀ ਤੇ ਇਸ ਤਰ੍ਹਾਂ ਮਹੀਨੇ ਵਿਚ ਕੋਈ ਸੱਠ ਕੁ ਰੂਬਲ ਕਮਾ ਲੈਂਦੀ। ਜਵਾਈ ਦੀ ਦੁਬਾਰਾ ਨੌਕਰੀ ਲਗਣ ਤਕ ਇਸੇ ਆਮਦਨੀ ਉਤੇ ਗੁਜ਼ਾਰਾ ਹੁੰਦਾ ਸੀ। ਜਵਾਈ ਲਈ ਨੌਕਰੀ ਦੀ ਭਾਲ ਲਈ ਬੇਨਤੀ ਕਰਦਿਆਂ ਪਰਾਸਕੋਵੀਆ ਮਿਖਾਇਲੋਵਨਾ ਨੇ ਸਾਰਿਆਂ ਰਿਸ਼ਤੇਦਾਰਾਂ ਤੇ ਜਾਣ-ਪਛਾਣ ਦੇ ਲੋਕਾਂ ਨੂੰ ਖ਼ਤ ਲਿਖੇ ਸਨ। ਐਸਾ ਹੀ ਇਕ ਖ਼ਤ ਉਸਨੇ ਸੇਰਗਈ ਨੂੰ ਵੀ ਭੇਜਿਆ ਸੀ, ਪਰ ਇਹ ਖਤ ਮਿਲਣ ਤੋਂ ਪਹਿਲਾਂ ਹੀ ਉਹ ਮਠ ਤੋਂ ਚਲਾ ਗਿਆ ਹੋਇਆ ਸੀ।
ਸ਼ਨੀਵਾਰ ਦਾ ਦਿਨ ਸੀ ਤੇ ਪਰਾਸਕੋਵੀਆ ਮਿਖਾਇਲੋਵਨਾ ਕਿਸ਼ਮਿਸ਼ ਵਾਲੀ ਮਿੱਠੀ ਰੋਟੀ ਲਈ ਖ਼ੁਦ ਆਟਾ ਗੁੰਨ ਰਹੀ ਸੀ। ਉਸਦੇ ਮਾਪਿਆਂ ਦੇ ਘਰ ਭੂਮੀ-ਗੁਲਾਮ ਰਸੋਈਆ ਇਸ ਤਰ੍ਹਾਂ ਦੀ ਰੋਟੀ ਬਹੁਤ ਵਧੀਆ ਬਣਾਉਂਦਾ ਸੀ। ਉਹ ਐਤਵਾਰ ਵਾਲੇ ਦਿਨ ਦੋਹਤੇ-ਦੋਹਤੀਆਂ ਦੀ ਇਸੇ ਮਿੱਠੀ ਰੋਟੀ ਨਾਲ ਦਾਅਵਤ ਕਰਨਾ ਚਾਹੁੰਦੀ ਸੀ।
ਉਸਦੀ ਲੜਕੀ ਮਾਸ਼ਾ ਸਭ ਤੋਂ ਛੋਟੇ ਬੱਚੇ ਨੂੰ ਲੋਰੀ ਦੇ ਰਹੀ ਸੀ ਤੇ ਦੋ ਵੱਡੇ ਬੱਚੇ, ਲੜਕਾ ਤੇ ਲੜਕੀ, ਸਕੂਲ ਗਏ ਹੋਏ ਸਨ। ਜਵਾਈ ਰਾਤ ਭਰ ਨਹੀਂ ਸੁੱਤਾ ਸੀ ਤੇ ਹੁਣ ਉਸਦੀ ਅੱਖ ਲਗ ਗਈ ਸੀ। ਪਰਾਸਕੋਵੀਆ ਮਿਖਾਇਲੋਵਨਾ ਵੀ ਪਿਛਲੀ ਰਾਤ ਬਹੁਤ ਦੇਰ ਤੱਕ ਸੌ ਨਹੀਂ ਸੀ ਸਕੀ, ਜਵਾਈ ਦੇ ਵਿਰੁਧ ਲੜਕੀ ਦਾ ਗੁੱਸਾ ਠੰਡਾ ਕਰਨ ਵਿਚ ਲਗੀ ਰਹੀ ਸੀ।
ਉਹ ਇਹ ਸਮਝ ਚੁਕੀ ਸੀ ਕਿ ਜਵਾਈ ਕਮਜ਼ੋਰ ਆਚਰਨ ਦਾ ਬੰਦਾ ਹੈ, ਉਸ ਲਈ ਗੱਲਾਂ-ਬਾਤਾਂ ਤੇ ਜ਼ਿੰਦਗੀ ਦਾ ਆਪਣਾ ਢੰਗ ਬਦਲਣਾ ਮੁਮਕਿਨ ਨਹੀਂ, ਕਿ ਲੜਕੀ ਦੇ ਤਾਅਨੇ-ਮਿਹਣਿਆਂ ਤੋਂ ਕੋਈ ਲਾਭ ਨਹੀਂ ਹੋਵੇਗਾ। ਇਸ ਲਈ ਉਹ ਉਹਨਾਂ ਨੂੰ ਸ਼ਾਂਤ ਕਰਨ ਦਾ ਪੂਰਾ ਜ਼ੋਰ ਲਾਉਂਦੀ ਸੀ ਤਾਂਕਿ ਭਲਾ-ਬੁਰਾ ਕਹਿਣ ਤੇ ਗੁੱਸਾ ਗਿਲਾ ਕਰਨ ਦੀ ਨੌਬਤ ਨਾ ਆਏ। ਮਨੁੱਖੀ ਸੰਬੰਧਾਂ ਵਿਚਲੀ ਸਾਰੀ ਨਿਰਦੈਤਾ ਉਸ ਲਈ ਬੇਹੱਦ ਅਸਹਿ ਸੀ। ਉਸਨੂੰ ਇਹ ਬਿਲਕੁਲ ਸਪਸ਼ਟ ਸੀ ਕਿ ਬੱਕ-ਬੱਕ ਨਾਲ ਸਥਿਤੀ ਸੁਧਰਨ ਦੀ ਬਜਾਏ ਹੋਰ ਵਿਗੜੇਗੀ ਹੀ। ਉਸਨੇ ਇਸ ਮਾਮਲੇ ਉਤੇ ਸੋਚ ਵਿਚਾਰ ਵੀ ਨਹੀਂ ਕੀਤੀ ਸੀ, ਉਹ ਤਾਂ ਗੁੱਸੇ ਤੋਂ ਵੈਸੇ ਹੀ ਘਬਰਾਉਂਦੀ ਸੀ, ਜਿਸ ਤਰ੍ਹਾਂ ਕਿ ਬਦਬੂ ਤੋਂ, ਸ਼ੋਰ-ਸ਼ਰਾਬੇ ਤੋਂ ਤੇ ਮਾਰ-ਕੁਟਾਈ ਤੋਂ।
ਆਪਣੀ ਨਿਪੁੰਨਤਾ ਉਤੇ ਖ਼ੁਦ ਮੁਗਧ ਹੁੰਦੀ ਹੋਈ ਉਹ ਲੂਕੇਰਿਆ ਨੂੰ ਇਸ ਸਮਝਾ ਰਹੀ ਸੀ ਕਿ ਆਟਾ ਕਿਵੇਂ ਗੁੰੰਨ੍ਹਣਾ ਚਾਹੀਦਾ ਹੈ। ਇਸੇ ਸਮੇਂ ਉਸਦਾ ਛੇ ਸਾਲ ਦਾ ਦੋਹਤਾ. ਮੀਸ਼ਾ, ਜਿਸਨੇ ਏਪਰਨ ਤੇ ਆਪਣੀਆਂ ਟੇਢੀਆਂ-ਮੇਢੀਆਂ ਲੱਤਾਂ ਉਤੇ ਜਰਾਬਾਂ ਚੜ੍ਹਾਈਆਂ ਹੋਈਆਂ ਸਨ, ਜਿਨ੍ਹਾਂ ਨੂੰ ਥਾਂ ਥਾਂ ਰਫੂ ਕੀਤਾ ਹੋਇਆ ਸੀ, ਡਰੀ ਹੋਈ ਸੂਰਤ ਬਣਾਈ ਰਸੋਈ ਵਿਚ ਦੌੜਿਆ ਆਇਆ।
"ਨਾਨੀ,ਇਕ ਡਰਾਉਣਾ ਜਿਹਾ ਬੁੱਢਾ ਤੈਨੂੰ ਬੁਲਾ ਰਿਹੈ। ਲੂਕੇਰਿਆ ਨੇ ਬਾਹਰ ਵੇਖਿਆ-
"ਮਾਲਕਣ, ਕੋਈ ਤੀਰਥ ਯਾਤਰੀ ਹੈ।
ਪਰਾਸਕੋਵੀਆ ਮਿਖਾਇਲੋਵਨਾ ਨੇ ਆਪਣੀਆਂ ਹੱਡਲ ਅਰਕਾਂ ਨੂੰ ਆਪਸ ਵਿਚ ਰਗੜਕੇ ਆਟਾ ਉਤਾਰਿਆ, ਏਪਰਨ ਨਾਲ ਹੱਥ ਪੂੰਝੇ ਤੇ ਯਾਤਰੀ ਲਈ ਪੰਜ ਕੋਪੇਕ ਬਟੂਏ ਵਿਚੋਂ ਲਿਆਉਣ ਲਈ ਅੰਦਰ ਗਈ। ਪਰ ਫਿਰ ਉਸਨੂੰ ਯਾਦ ਆਇਆ ਕਿ ਬਟੂਏ ਵਿਚ ਤਾਂ ਦਸ ਕੋਪੇਕ ਤੋਂ ਘੱਟ ਦਾ ਸਿੱਕਾ ਨਹੀਂ ਹੈ। ਸੋ ਉਹ ਸਿਰਫ ਰੋਟੀ ਦੇਣ ਦਾ ਫੈਸਲਾ ਕਰਕੇ ਅਲਮਾਰੀ ਵਲ ਵਧੀ। ਪਰ ਉਸੇ ਵੇਲੇ ਇਹ ਖਿਆਲ ਆਉਣ ਉਤੇ ਕਿ ਉਹ ਕੰਜੂਸੀ ਕਰ ਰਹੀ ਹੈ, ਉਸਨੂੰ ਸ਼ਰਮ ਆਈ ਤੇ ਲੂਕੇਰਿਆ ਨੂੰ ਰੋਟੀ ਦਾ ਵੱਡਾ ਸਾਰਾ ਟੁਕੜਾ ਕੱਟਣ ਦਾ ਆਦੇਸ਼ ਦੇ ਕੇ ਖ਼ੁਦ ਦਸ ਕੋਪੇਕ ਦਾ ਸਿੱਕਾ ਲੈਣ ਅੰਦਰ ਚਲੀ ਗਈ। "ਤੇ ਹੁਣ ਆਪਣੀ ਕੰਜੂਸੀ ਦੀ ਸਜ਼ਾ ਭੁਗਤ," ਉਸਨੇ ਆਪਣੇ ਆਪ ਨੂੰ ਕਿਹਾ, “ਦੂਣਾ ਦੇਹ।
ਉਸਨੇ ਮੁਆਫੀ ਮੰਗਦਿਆਂ ਹੋਇਆਂ ਰੋਟੀ ਤੇ ਪੈਸੇ ਵੀ ਤੀਰਥ-ਯਾਤਰੀ ਨੂੰ ਦੇ ਦਿਤੇ। ਪਰ ਆਪਣੀ ਐਸੀ ਉਦਾਰਤਾ ਉਤੇ ਮਾਨ ਕਰਨ ਦੀ ਥਾਂ ਉਸਨੂੰ ਇਸ ਗੱਲ ਦੀ ਸ਼ਰਮ ਮਹਿਸੂਸ ਹੋਈ ਕਿ ਉਹ ਏਨਾ ਘੱਟ ਦੇ ਰਹੀ ਹੈ। ਏਨਾ ਪ੍ਰਭਾਵਸ਼ਾਲੀ ਵਿਅਕਤੀਤੱਵ ਸੀ ਤੀਰਥ-ਯਾਤਰੀ ਦਾ।
ਇਹ ਠੀਕ ਹੈ ਕਿ ਸੇਰਗਈ ਨੇ ਈਸਾ-ਮਸੀਹ ਦੇ ਨਾਂ ਉਤੇ ਭੀਖ਼ ਮੰਗਦਿਆਂ ਹੋਇਆਂ ਤਿੰਨ ਸੌ ਵਰਸਟ ਦਾ ਫ਼ਾਸਲਾ ਤੈਅ ਕੀਤਾ ਸੀ, ਉਹ ਕਮਜ਼ੋਰਰ ਹੋ ਗਿਆ ਤੇ ਮੁਰਝਾ ਜੇਹਾ ਗਿਆ ਸੀ, ਖਸਤਾਹਾਲ ਹੋ ਗਿਆ ਸੀ, ਬੇਸ਼ਕ ਉਸਦੇ ਵਾਲ ਕਟੇ ਹੋਏ ਸਨ ਉਸਨੇ ਪੇਂਡੂਆਂ ਵਾਲੀ ਟੋਪੀ ਤੇ ਜੁੱਤੀ ਪਾਈ ਹੋਈ ਸੀ, ਬੇਸ਼ਕ ਉਸਨੇ ਨਿਮਰਤਾ ਨਾਲ ਝੁਕਕੇ ਪ੍ਰਣਾਮ ਕੀਤਾ ਸੀ, ਫਿਰ ਵੀ ਉਸ ਵਿਚ ਕੁਝ ਪ੍ਰਭਾਵਸ਼ਾਲੀ ਸੀ ਜੋ ਜ਼ਬਰਦਸਤੀ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਸੀ। ਪਰ ਪਰਾਸਕੋਵੀਆ ਮਿਖਾਇਲੋਵਨਾ ਉਸਨੂੰ ਪਛਾਣ ਨਾ ਸਕੀ। ਉਹ ਪਛਾਣ ਵੀ ਕਿਵੇਂ ਸਕਦੀ ਸੀ, ਲਗਭਗ ਤੀਹ ਸਾਲ ਹੋ ਗਏ ਸਨ ਉਸਨੂੰ ਸੇਰਗਈ ਨੂੰ ਵੇਖਿਆਂ।
“ਮੁਆਫ਼ੀ ਚਾਹੁੰਦੀ ਹਾਂ, ਮਹਾਰਾਜ। ਸ਼ਾਇਦ ਤੁਸੀਂ ਭੋਜਨ ਕਰਨਾ ਚਾਹੁੰਦੇ ਹੋ?"
ਸੇਰਗਈ ਨੇ ਰੋਟੀ ਤੇ ਪੈਸੇ ਲੈ ਲਏ। ਪਰ ਉਥੋਂ ਗਿਆ ਨਾ; ਖੜੋਤਾ-ਖੜੋਤਾ ਪਰਾਸਕੋਵੀਆ ਮਿਖਾਹਿਲੋਵਨਾ ਵਲ ਵਧਦਾ ਰਿਹਾ, ਜਿਸ ਨਾਲ ਉਸਨੂੰ ਬੜੀ ਹੈਰਾਨੀ ਹੋਈ।
"ਪਾਸ਼ੇਨਕਾ, ਮੈਂ ਤਾਂ ਤੇਰੇ ਪਾਸ ਆਇਆ ਹਾਂ, ਮੈਨੂੰ ਠੁਕਰਾਉ ਨਹੀਂ।
ਸੇਰਗਈ ਦੀਆਂ ਕਾਲੀਆਂ-ਕਾਲੀਆਂ ਅੱਖਾਂ ਜਿਵੇਂ ਮੁਆਫ਼ੀ ਦੀ ਮੰਗ ਕਰਦੀਆਂ ਹੋਈਆਂ ਇਕ ਟੱਕ ਉਸ ਵਲ ਵੇਖਣ ਲਗੀਆਂ ਤੇ ਉਸ ਵਿਚ ਅੱਥਰੂ ਚਮਕ ਉਠੇ। ਤੇ ਧੌਲੀਆਂ ਹੋ ਰਹੀਆਂ ਮੁੱਛਾਂ ਹੇਠ ਉਸਦੇ ਬੁਲ੍ਹ ਤਰਸਯੋਗ ਢੰਗ ਨਾਲ ਫਰਕਣ ਲੱਗੇ।
ਪਰਾਸਕੋਵੀਆ ਮਿਖਾਇਲੋਵਨਾ ਨੇ ਆਪਣੀ ਸੁੱਕੀ ਹੋਈ ਛਾਤੀ ਥੰਮ੍ਹੀ, ਉਸਦਾ ਮੂੰਹ ਖੁਲ੍ਹ ਗਿਆ ਤੇ ਤੀਰਥ-ਯਾਤ੍ਰੀ ਦੇ ਚਿਹਰੇ ਉਤੇ ਨਜ਼ਰਾਂ ਗੱਡੀ ਉਥੇ ਦੀ ਉਥੇ ਬੁੱਤ ਬਣੀ ਖੜੀ ਰਹਿ ਗਈ।
“ਨਹੀਂ, ਐਸਾ ਨਹੀਂ ਹੋ ਸਕਦਾ! ਸਤੇਪਾਨ! ਸੇਰਗਈ! ਪਾਦਰੀ ਸੇਰਗਈ!
“ਹਾਂ, ਉਹੀ ਹਾਂ ਮੈਂ," ਸੇਰਗਈ ਨੇ ਹੌਲੀ ਜਿਹਾ ਜਵਾਬ ਦਿਤਾ, ‘‘ਪਰ ਨਾ ਤਾਂ ਸੇਰਗਈ, ਨਾ ਪਾਦਰੀ ਸੇਰਗਈ, ਮਹਾਂਪਾਪੀ ਸਤੇਪਾਨ ਕਸਾਤਸਕੀ, ਪਤਿੱਤ ਮਹਾਂਪਾਪੀ ਹਾਂ ਮੈਂ। ਮੈਨੂੰ ਸਹਾਰਾ ਦੇਹ, ਮੇਰੀ ਮਦਦ ਕਰ।
“ਇਹ ਕੀ ਕਹਿ ਰਹੇ ਹੋ ਤੁਸੀਂ? ਕਿਸ ਤਰ੍ਹਾਂ ਤੁਸੀਂ ਏਨੇ ਨਿਮਾਣੇ ਹੋ ਗਏ! ਆਉ, ਆਉ ਅੰਦਰ ਚਲੋ।
ਪਰਾਸਕੋਵੀਆ ਮਿਖਾਇਲੋਵਨਾ ਨੇ ਆਪਣਾ ਹੱਥ ਵਧਾਇਆ, ਪਰ ਸੇਰਗਈ ਨੇ ਉਸਨੂੰ ਪਕੜਿਆ ਨਾ ਤੇ ਉਸ ਦੇ ਪਿੱਛੇ ਤੁਰ ਪਿਆ।
ਪਰ ਉਹ ਉਸਨੂੰ ਰੱਖੇ ਤਾਂ ਕਿੱਥੇ? ਫ਼ਲੈਟ ਤਾਂ ਬਹੁਤ ਹੀ ਛੋਟਾ ਸੀ। ਸ਼ੁਰੂ ਵਿਚ ਇਕ ਛੋਟੀ ਜਿਹੀ ਕੋਠੜੀ ਉਸਨੂੰ ਦੇ ਦਿਤੀ ਗਈ, ਪਰ ਪਿਛੋਂ ਉਸਨੇ ਉਹ ਆਪਣੀ ਲੜਕੀ ਨੂੰ ਦੇ ਦਿਤੀ ਸੀ, ਜਿਹੜੀ ਹੁਣ ਵੀ ਉਥੇ ਬੈਠੀ ਆਪਣੇ ਬੱਚੇ ਨੂੰ ਸੁਆ ਰਹੀ ਸੀ।
“ਇਥੇ ਤਸ਼ਰੀਫ ਰਖੋ, ਮੈਂ ਹੁਣੇ ਆਉਂਦੀ ਹਾਂ, ਉਸਨੇ ਰਸੋਈਘਰ ਦੀ ਬੈਂਚ ਵੱਲ ਇਸ਼ਾਰਾ ਕਰਦੇ ਹੋਏ ਕਿਹਾ।
ਸੇਰਗਈ ਬੈਂਚ ਉਤੇ ਬੈਠ ਗਿਆ ਤੇ ਬੈਠਦਿਆਂ ਹੀ ਉਸਨੇ ਪਹਿਲੇ ਇਕ ਤੇ ਫਿਰ ਦੂਸਰੇ ਮੋਢੇ ਤੋਂ ਥੈਲਾ ਉਤਾਰਿਆ। ਸਮਝੋ ਕਿ ਹੁਣ ਇਹ ਉਸਦੀ ਆਦਤ ਹੀ ਬਣ ਗਈ ਸੀ।
"ਹੈ ਪ੍ਰਮਾਤਮਾ, ਹੇ ਪ੍ਰਮਾਤਮਾ, ਕਿਸ ਤਰ੍ਹਾਂ ਨਿਮਾਣੇ ਬਣ ਗਏ ਨੇ। ਏਨਾ ਉੱਚਾ ਨਾਂ ਤੇ ਅਚਾਨਕ ਇਹ... "
ਸੇਰਗਈ ਨੇ ਕੋਈ ਜਵਾਬ ਨਾ ਦਿਤਾ ਤੇ ਥੈਲੇ ਨੂੰ ਆਪਣੇ ਕੋਲ ਰੱਖਦਿਆਂ ਜ਼ਰਾ ਕੁ ਮੁਸਕਰਾ ਪਿਆ।
"ਮਾਸ਼ਾ, ਜਾਣਦੀ ਏ ਇਹ ਕੌਣ ਏ?"
ਪਰਾਸਕੋਵੀਆ ਮਿਖਾਇਲੋਵਨਾ ਨੇ ਆਪਣੀ ਲੜਕੀ ਨੂੰ ਕੰਨ ਵਿਚ ਦਸਿਆ ਕਿ ਸੇਰਗਈ ਕੌਣ ਸੀ। ਉਹਨਾਂ ਦੋਹਾਂ ਨੇ ਮਿਲਕੇ ਪਲੰਘ ਤੇ ਬੱਚੇ ਦਾ ਪੰਘੂੜਾ ਬਾਹਰ ਕਢਿਆ ਤੇ ਕੋਠੜੀ ਨੂੰ ਸੇਰਗਈ ਲਈ ਖਾਲੀ ਕਰ ਦਿਤਾ।
ਪਰਾਸਕੋਵੀਆ ਮਿਖਾਇਲੋਵਨਾ ਸੇਰਗਈ ਨੂੰ ਕੋਠੜੀ ਵਿਚ ਲੈ ਗਈ।
"ਇੱਥੇ ਆਰਾਮ ਫਰਮਾਉ। ਮੈਂ ਮੁਆਫ਼ੀ ਚਾਹੁੰਦੀ ਹਾਂ, ਪਰ ਮੈਨੂੰ ਹੁਣੇ ਜਾਣਾ ਪਵੇਗਾ।"
"ਕਿਥੇ?"
"ਸਬਕ ਦੇਣ। ਕਹਿੰਦਿਆਂ ਸ਼ਰਮ ਆਉਂਦੀ ਹੈ-ਮੈਂ ਸੰਗੀਤ ਸਿਖਾਉਂਦੀ ਹਾਂ।"
"ਸੰਗੀਤ ਸਿਖਾਉਣਾ ਤਾਂ ਚੰਗੀ ਗੱਲ ਏ। ਪਰ ਇੱਕ ਗੱਲ ਧਿਆਨ 'ਚ ਰਖਣਾ, ਮੈਂ ਤਾਂ ਤੁਹਾਡੇ ਪਾਸ ਕਿਸੇ ਕੰਮ ਆਇਆ ਹਾਂ। ਕਦੋਂ ਤੁਹਾਡੇ ਨਾਲ ਗੱਲ ਕਰ ਸਕਦਾ ਹਾਂ?"
"ਇਹ ਮੇਰੀ ਬੜੀ ਖੁਸ਼ਕਿਸਮਤੀ ਹੋਵੇਗੀ। ਸ਼ਾਮ ਨੂੰ ਠੀਕ ਰਹੇਗਾ?"
"ਹਾਂ, ਪਰ ਇਕ ਹੋਰ ਪ੍ਰਾਰਥਨਾ ਹੈ। ਕਿਸੇ ਨੂੰ ਇਹ ਨਾ ਦਸਣਾ ਕਿ ਮੈਂ ਕੌਣ ਹਾਂ। ਸਿਰਫ ਤੁਹਾਡੇ ਸਾਮ੍ਹਣੇ ਹੀ ਮੈਂ ਆਪਣਾ ਭੇਦ ਖੋਲ੍ਹਿਆ ਹੈ। ਕੋਈ ਵੀ ਨਹੀਂ ਜਾਣਦਾ ਕਿ ਮੈਂ ਕਿਥੇ ਚਲਾ ਗਿਆ ਹਾਂ। ਇਸ ਤਰ੍ਹਾਂ ਕਰਨਾ ਜ਼ਰੂਰੀ ਹੈ।"
"ਓਫ, ਪਰ ਮੈਂ ਤਾਂ ਲੜਕੀ ਨੂੰ ਦਸ ਦਿਤਾ ਹੈ।"
"ਤਾਂ ਉਸਨੂੰ ਕਹਿ ਦੇਵੋ ਕਿ ਉਹ ਕਿਸੇ ਨਾਲ ਇਸਦੀ ਗੱਲ ਨਾ ਕਰੇ।"
ਸੇਰਗਈ ਨੇ ਜੁੱਤੀ ਉਤਾਰੀ, ਲੇਟਿਆ ਤੇ ਉਸੇ ਘੜੀ ਡੂੰਘੀ ਨੀਂਦ ਸੌਂ ਗਿਆ। ਉਸਨੇ ਜਾਗਦਿਆਂ ਰਾਤ ਬਿਤਾਈ ਸੀ ਤੇ ਚਾਲ਼ੀ ਵਰਸਟ ਦੀ ਮੰਜ਼ਿਲ ਤੈਅ ਕੀਤੀ ਸੀ।
ਪਰਾਸਕੋਵੀਆ ਮਿਖਾਇਲੋਵਨਾ ਜਦੋਂ ਘਰ ਵਾਪਸ ਆਈ, ਸੇਰਗਈ ਆਪਣੀ ਕੋਠੜੀ ਵਿਚ ਬੈਠਾ ਉਸਦੀ ਇੰਤਜ਼ਾਰ ਕਰ ਰਿਹਾ ਸੀ। ਦੁਪਹਿਰ ਦੇ ਖਾਣੇ ਵੇਲੇ ਵੀ ਇਹ ਬਾਹਰ ਨਹੀਂ ਸੀ ਆਇਆ ਤੇ ਕੋਠੜੀ ਵਿਚ ਹੀ ਸ਼ੋਰਬਾ ਅਤੇ ਦਲੀਆ ਖਾ ਲਿਆ ਸੀ, ਜੋ ਲੂਕੇਰਿਆ ਉਸਨੂੰ ਦੇ ਗਈ ਸੀ।
“ਤੂੰ ਜਿਸ ਸਮੇਂ ਆਉਣ ਨੂੰ ਕਿਹਾ ਸੀ, ਉਸ ਤੋਂ ਪਹਿਲਾਂ ਹੀ ਕਿਉਂ ਆ ਗਈ?" ਸੇਰਗਈ ਨੇ ਪੁਛਿਆ।"ਹੁਣ ਅਸੀਂ ਗੱਲਾਂ ਕਰ ਸਕਦੇ ਹਾਂ?"
“ਪਤਾ ਨਹੀਂ ਕਿਸ ਤਰ੍ਹਾਂ ਮੈਨੂੰ ਇਹ ਖੁਸ਼ਕਿਸਮਤੀ ਪ੍ਰਾਪਤ ਹੋਈ ਹੈ, ਮੇਰੇ ਘਰ ਐਸਾ ਪ੍ਰਾਹੁਣਾ ਆਇਆ ਹੈ। ਮੈਂ ਇਕ ਸਬਕ ਛੱਡ ਦਿਤਾ। ਕਿਸੇ ਦੂਸਰੇ ਦਿਨ ਪੂਰਾ ਕਰ ਲਵਾਂਗੀ...ਮੈਂ ਤਾਂ ਤੁਹਾਡੇ ਕੋਲ ਜਾਣ ਦਾ ਸੁਪਨਾ ਹੀ ਦੇਖਦੀ ਰਹੀ, ਤੁਹਾਨੂੰ ਖਤ ਵੀ ਲਿਖਿਆ ਤੇ ਅਚਾਨਕ ਐਸੇ ਭਾਗ ਜਾਗੇ।"
“ਪਾਸ਼ੇਨਕਾ ਜੋ ਸ਼ਬਦ ਮੈਂ ਹੁਣ ਤੈਨੂੰ ਕਹਾਂਗਾ, ਕ੍ਰਿਪਾ ਕਰਕੇ ਉਹਨਾਂ ਨੂੰ ਪਵਿੱਤਰ ਇਕਬਾਲ, ਉਹਨਾਂ ਨੂੰ ਐਸੇ ਸ਼ਬਦ ਮੰਨਣਾ ਜੋ ਮੈਂ ਮਰਨ ਵੇਲੇ ਪ੍ਰਮਾਤਮਾਂ ਨੂੰ ਹਾਜ਼ਰ-ਨਾਜ਼ਰ ਸਮਝ ਕੇ ਕਹੇ ਹਨ। ਪਾਸ਼ੇਨਕਾ! ਮੈਂ ਪਵਿੱਤਰ ਆਤਮਾ ਨਹੀਂ ਹਾਂ, ਮੈਂ ਤਾਂ ਸਾਧਾਰਣ, ਬਿਲਕੁਲ ਸਾਧਾਰਣ ਵਿਅਕਤੀ ਵੀ ਨਹੀਂ ਹਾਂ। ਮੈਂ ਤਾਂ ਪਾਪੀ ਹਾਂ, ਨਰਕ ਦਾ ਕੀੜਾ, ਬਹੁਤ ਹੀ ਨੀਚ, ਕੁਰਾਹੀਆ, ਘੁਮੰਡੀ ਪਾਪੀ ਹਾਂ; ਪਤਾ ਨਹੀ ਸਾਰਿਆਂ ਤੋਂ ਹੀ ਗਿਆ ਗੁਜ਼ਰਿਆ ਹਾਂ ਜਾਂ ਨਹੀਂ ਪਰ ਬੇਹੱਦ ਬੁਰਿਆਂ ਤੋਂ ਵੀ ਬੁਰਾ ਹਾਂ।"
ਪਾਸ਼ੇਨਕਾ ਪਹਿਲਾਂ ਤਾਂ ਅੱਖਾਂ ਫਾੜ-ਫਾੜ ਕੇ ਉਸ ਵੱਲ ਦੇਖਦੀ ਰਹੀ–ਉਹ ਕੁਝ ਕੁਝ ਵਿਸ਼ਵਾਸ ਕਰ ਰਹੀ ਸੀ। ਪਰ ਪਿਛੋਂ ਜਦੋਂ ਉਸਨੂੰ ਪੂਰੀ ਤਰ੍ਹਾਂ ਯਕੀਨ ਹੋ ਗਿਆ, ਤਾਂ ਉਸਨੇ ਆਪਣਾ ਹੱਥ ਉਸਦੇ ਹੱਥ ਨਾਲ ਛੂਹਿਆ ਤੇ ਦਿਆਪੂਰਵਕ ਢੰਗ ਨਾਲ ਮੁਸਕਰਾਉਂਦਿਆਂ ਹੋਇਆ ਕਿਹਾ–
“ਸਤੇਪਾਨ, ਸ਼ਾਇਦ ਤੁਸੀਂ ਵਧਾ-ਚੜ੍ਹਾ ਕੇ ਕਹਿ ਰਹੇ ਹੋ?"
“ਨਹੀਂ ਪਾਸ਼ੇਨਕਾ। ਮੈਂ ਵਿਭਚਾਰੀ ਹਾਂ, ਹਤਿਆਰਾ, ਪਖੰਡੀ ਤੇ ਧੋਖੇਬਾਜ਼ ਹਾਂ।"
“ਹੇ ਪ੍ਰਮਾਤਮਾ! ਇਹ ਮੈਂ ਕੀ ਸੁਣ ਰਹੀ ਹਾਂ?" ਪਰਾਸਕੋਵੀਆ ਮਿਖਾਇਲੋਵਨਾ ਕਹਿ ਉਠੀ।
“ਪਰ ਜਿਉਣਾ ਤਾਂ ਹੋਵੇਗਾ ਹੀ। ਤੇ ਮੈਂ ਜਿਹੜਾ ਸਮਝਦਾ ਸਾਂ ਕਿ ਸਭ ਕੁਝ ਜਾਣਦਾ ਹਾਂ, ਜੋ ਦੂਸਰਿਆਂ ਨੂੰ ਜਿਊਣ ਦਾ ਢੰਗ ਸਿਖਾਉਂਦਾ ਹਾਂ, ਉਹ ਹੀ ਮੈਂ, ਕੁਝ ਵੀ ਤਾਂ ਨਹੀਂ ਜਾਣਦਾ ਤੇ ਤੈਨੂੰ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਮੈਨੂੰ ਇਸਦੀ ਸਿਖਿਆ ਦੇਹ।"
“ਇਹ ਕੀ ਕਹਿ ਰਿਹਾ ਹੈਂ, ਸਤੇਪਾਨ। ਮਜ਼ਾਕ ਕਰ ਰਿਹੈਂ। ਕਿਉਂ ਤੁਸੀਂ ਹਮੇਸ਼ਾ ਮੇਰਾ ਮਜ਼ਾਕ ਉਡਾਉਂਦੇ ਰਹਿੰਦੇ ਹੋ?"
“ਚਲੋ ਐਸਾ ਹੀ ਸਹੀ ਕਿ ਮੈਂ ਮਜ਼ਾਕ ਕਰ ਰਿਹਾ ਹਾਂ। ਫਿਰ ਵੀ ਤੂੰ ਦੱਸ ਕਿ ਕੈਸੀ ਗੁਜ਼ਰ ਰਹੀ ਹੈ ਤੇ ਕੈਸੀ ਗੁਜ਼ਰੀ ਹੈ ਤੇਰੀ ਜ਼ਿੰਦਗੀ?"
"ਮੇਰੀ ਜ਼ਿੰਦਗੀ? ਬਹੁਤ ਹੀ ਭਿਆਨਕ, ਬਹੁਤ ਹੀ ਬੁਰੀ ਰਹੀ ਹੈ ਮੇਰੀ ਜ਼ਿੰਦਗੀ ਤੇ ਪ੍ਰਮਾਤਮਾ ਹੁਣ ਠੀਕ ਹੀ ਮੈਨੂੰ ਇਸਦੀ ਸਜ਼ਾ ਦੇ ਰਿਹਾ ਹੈ। ਏਨੀ ਬੁਰੀ, ਏਨੀ ਜ਼ਿਆਦਾ ਬੁਰੀ ਹੈ ਮੇਰੀ ਜ਼ਿੰਦਗੀ..."
"ਤੇਰਾ ਵਿਆਹ ਕਿਵੇਂ ਹੋਇਆ? ਪਤੀ ਨਾਲ ਤੇਰਾ ਜੀਵਨ ਕਿਸ ਤਰ੍ਹਾਂ ਦਾ ਬੀਤਿਆ?"
"ਸਭ ਕੁਝ ਬਹੁਤ ਬੁਰਾ ਰਿਹਾ। ਬਹੁਤ ਹੀ ਬੁਰੇ ਢੰਗ ਨਾਲ ਪਿਆਰ ਕੀਤਾ ਤੇ ਵਿਆਹ ਕਰ ਲਿਆ। ਪਿਤਾ ਮੇਰੇ ਵਿਆਹ ਦੇ ਖਿਲਾਫ ਸਨ। ਪਰ ਮੈਂ ਕਿਸੇ ਵੀ ਚੀਜ਼ ਦੀ ਪ੍ਰਵਾਹ ਨਾ ਕੀਤੀ, ਵਿਆਹ ਰਚਾ ਲਿਆ। ਵਿਆਹ ਤੋਂ ਪਿਛੋਂ ਪਤੀ ਦੀ ਮਦਦ ਕਰਨ ਦੀ ਥਾਂ ਮੈਂ ਆਪਣੀ ਈਰਖਾ ਦੀ ਭਾਵਨਾ ਨਾਲ, ਜਿਸ ਉਤੇ ਕਾਬੂ ਨਹੀਂ ਸਾਂ ਪਾ ਸਕੀ, ਉਸਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕਰਦੀ ਰਹੀ।"
"ਮੈਂ ਸੁਣਿਆ ਸੀ ਕਿ ਉਸਨੂੰ ਪੀਣ ਦੀ ਆਦਤ ਸੀ।"
"ਹਾਂ, ਪਰ ਮੈਂ ਉਸਨੂੰ ਸ਼ਾਂਤ ਨਹੀਂ ਕਰ ਸਕਦੀ ਸੀ। ਉਸਨੂੰ ਭਲਾ-ਬੁਰਾ ਕਹਿੰਦੀ ਸਾਂ, ਪੀਣ ਦੀ ਆਦਤ ਤਾਂ ਬਿਮਾਰੀ ਹੀ ਹੈ। ਉਹ ਆਪਣੇ ਆਪ 'ਤੇ ਕਾਬੂ ਨਹੀਂ ਪਾ ਸਕਦਾ ਸੀ ਤੇ ਮੈਨੂੰ ਅੱਜ ਵੀ ਯਾਦ ਹੈ ਕਿਸ ਤਰ੍ਹਾਂ ਮੈਂ ਉਸਨੂੰ ਪੀਣ ਲਈ ਨਹੀਂ ਦਿੰਦੀ ਸੀ। ਬੜੇ ਭਿਆਨਕ ਨਾਟਕ ਹੋਇਆ ਕਰਦੇ ਸੀ ਸਾਡੇ ਇਥੇ।"
ਤੇ ਉਸਨੇ ਆਪਣੀਆਂ ਸੋਹਣੀਆਂ ਤੇ ਬਹੁਤ ਪੁਰਾਣੀਆਂ ਯਾਦਾਂ ਕਾਰਨ ਦੁਖੀ ਅੱਖਾਂ ਨਾਲ ਕਸਾਤਸਕੀ ਵੱਲ ਵੇਖਿਆ।
ਕਸਾਤਸਕੀ ਨੂੰ ਯਾਦ ਆਇਆ ਕਿਸ ਤਰ੍ਹਾਂ ਉਸਨੇ ਲੋਕਾਂ ਤੋਂ ਸੁਣਿਆ ਸੀ ਕਿ ਪਾਸ਼ੇਨਕਾ ਦਾ ਪਤੀ ਉਸਨੂੰ ਮਾਰਦਾ-ਕੁੱਟਦਾ ਹੈ। ਤੇ ਹੁਣ ਉਸਦੀ ਦੁਬਲੀ-ਪਤਲੀ, ਕੰਨਾਂ ਪਿਛੇ ਨਾੜੀਆਂ ਵਾਲੀ ਦੁਬਲੀ ਪਤਲੀ ਗਰਦਨ ਉਤੇ ਸੁਨਿਹਰੀ ਤੇ ਚਿੱਟੇ ਵਿਰਲੇ ਵਾਲਾਂ ਦੀ ਛੋਟੀ ਜਿਹੀ ਗੁੱਤ ਨੂੰ ਵੇਖਦੇ ਹੋਏ ਜਿਵੇਂ ਉਹ ਇਹ ਸਾਰਾ ਦ੍ਰਿਸ਼ ਆਪਣੀਆਂ ਅੱਖਾਂ ਸਾਹਮਣੇ ਵੇਖ ਰਿਹਾ ਹੋਵੇ।
"ਇਸਦੇ ਪਿਛੋਂ ਮੈਂ ਦੋ ਬੱਚਿਆਂ ਨਾਲ ਇਕੱਲੀ ਰਹਿ ਗਈ, ਹੱਥ-ਪੱਲੇ ਵੀ ਕੁਝ ਨਹੀਂ ਸੀ।"
"ਪਰ ਜਗੀਰ ਤਾਂ ਸੀ?"
ਉਹ ਮੇਰੇ ਪਤੀ ਵਾਸਿਯਾ ਦੇ ਹੁੰਦਿਆਂ ਹੀ ਅਸੀਂ ਵੇਚ ਦਿੱਤੀ ਸੀ ਤੇ...ਸਾਰੀ ਰਕਮ ਉੱਡ ਗਈ ਸੀ। ਕਿਸੇ ਤਰ੍ਹਾਂ ਜਿਉਣਾ ਤਾਂ ਜ਼ਰੂਰੀ ਸੀ, ਪਰ ਸਾਰੀਆਂ ਅਮੀਰਜ਼ਾਦੀਆਂ ਦੀ ਤਰ੍ਹਾਂ ਮੈਂ ਵੀ ਕੁਝ ਨਹੀਂ ਸਾਂ ਕਰ ਸਕਦੀ। ਮੇਰੀ ਹਾਲਤ ਤਾਂ ਕੁਝ ਜ਼ਿਆਦਾ ਹੀ ਖਰਾਬ ਸੀ, ਬਿਲਕੁਲ ਬੇਸਹਾਰਾ ਸਾਂ ਮੈਂ। ਸੋ ਇਸ ਤਰ੍ਹਾਂ ਜੋ ਕੁਝ ਬਚਿਆ-ਬਚਾਇਆ ਸੀ, ਉਸ ਨਾਲ ਗੁਜ਼ਾਰਾ ਕੀਤਾ-ਬੱਚੇ ਨੂੰ ਪੜ੍ਹਾਇਆ, ਖੁਦ ਵੀ ਕੁਝ ਪੜ੍ਹੀ। ਬੇਟਾ ਮੀਤਿਆ ਜਦੋਂ ਚੌਥੀ ਕਲਾਸ ਵਿਚ ਪੜ੍ਹਦਾ ਸੀ, ਬਿਮਾਰ ਹੋ ਗਿਆ ਤੇ ਪ੍ਰਮਾਤਮਾ ਨੇ ਉਸਨੂੰ ਆਪਣੇ ਪਾਸ ਬੁਲਾ ਲਿਆ। ਬੇਟੀ ਮਾਸ਼ਾ ਨੂੰ ਵਾਨਿਯਾ–ਜਵਾਈ–ਨਾਲ ਪਿਆਰ ਹੋ ਗਿਆ। ਇਹ ਭਲਾ ਆਦਮੀ ਹੈ, ਪਰ ਬਦਕਿਸਮਤ ਹੈ, ਬਿਮਾਰ ਰਹਿੰਦਾ ਹੈ।"
"ਮਾਂ," ਲੜਕੀ ਨੇ ਉਸਨੂੰ ਟੋਕਦਿਆਂ ਹੋਇਆਂ ਕਿਹਾ, "ਮੀਸ਼ਾ ਨੂੰ ਲੈ ਲਉ, ਮੈਂ ਆਪਣੇ ਟੁਕੜੇ ਟੁਕੜੇ ਤਾਂ ਨਹੀਂ ਕਰ ਸਕਦੀ!"
ਪਰਾਸਕੋਵੀਆ ਮਿਖਾਇਲੋਵਨਾ ਚੌਕੀ, ਉੱਠੀ, ਘਸੀਆਂ ਹੋਈਆਂ ਅੱਡੀਆਂ ਵਾਲੀ ਜੁੱਤੀ ਨਾਲ ਜਲਦੀ ਜਲਦੀ ਕਦਮ ਪੁੱਟਦੀ ਹੋਈ ਬਾਹਰ ਗਈ ਤੇ ਦੋ ਸਾਲ ਦੇ ਲੜਕੇ ਨੂੰ ਚੁਕੀ ਮੁੜਦੇ ਪੈਰੀਂ ਵਾਪਸ ਆ ਗਿਆ। ਲੜਕਾ ਪਿਛਲੇ ਪਾਸੇ ਝੁਕ ਗਿਆ ਤੇ ਉਸਨੇ ਆਪਣੇ ਛੋਟਿਆਂ-ਛੋਟਿਆਂ ਹੱਥਾਂ ਨਾਲ ਉਸਦੇ ਸਿਰ ਉਤੇ ਬੰਨ੍ਹੇ ਰੁਮਾਲ ਦਾ ਸਿਰਾ ਫੜ ਲਿਆ।
"ਸੋ, ਮੈਂ ਕੀ ਕਹਿ ਰਹੀ ਸਾਂ? ਹਾਂ, ਇਥੇ ਉਸਦੀ ਨੌਕਰੀ ਚੰਗੀ ਸੀ, ਅਫਸਰ ਵੀ ਬਹੁਤ ਭਲਾ ਸੀ, ਪਰ ਵਾਨਿਯਾ ਤੋਂ ਗੱਡੀ ਨਹੀਂ ਰਿੜੀ ਤੇ ਉਸਨੇ ਅਸਤੀਫਾ ਦੇ ਦਿਤਾ।"
"ਕੀ ਬਿਮਾਰੀ ਹੈ ਉਸਨੂੰ?"
"ਤੰਤੁ ਰੋਗ। ਹਾਂ, ਬੜੀ ਭਿਆਨਕ ਬਿਮਾਰੀ ਹੈ ਇਹ। ਅਸੀਂ ਇਸ ਬਾਰੇ ਸਲਾਹ ਲਈ; ਇਲਾਜ ਲਈ ਕਿਤੇ ਜਾਣ ਦੀ ਜ਼ਰੂਰਤ ਸੀ, ਪਰ ਸਾਡਾ ਹੱਥ ਤੰਗ ਸੀ। ਮੈਨੂੰ ਉਮੀਦ ਹੈ ਕਿ ਉਹ ਇਸੇ ਤਰ੍ਹਾਂ ਹੀ ਠੀਕ ਹੋ ਜਾਏਗਾ। ਦਰਦ ਤਾਂ ਉਸਨੂੰ ਖਾਸ ਨਹੀਂ ਹੁੰਦਾ, ਪਰ...
"ਲੁਕੇਰਿਆ!" ਜਵਾਈ ਦੀ ਕਮਜ਼ੋਰ ਤੇ ਗੁੱਸੇਭਰੀ ਆਵਾਜ਼ ਸੁਣਾਈ ਦਿੱਤੀ।"ਜਦੋਂ ਉਸਦੀ ਜ਼ਰੂਰਤ ਹੁੰਦੀ ਹੈ, ਤਾਂ ਹਮੇਸ਼ਾ ਕਿਤੇ ਨਾ ਕਿਤੇ ਉਸਨੂੰ ਭੇਜ ਦਿੱਤਾ ਜਾਂਦਾ ਹੈ। ਮਾਂ!"
"ਹੁਣੇ ਆਉਂਦੀ ਹਾਂ," ਪਰਾਸਕੋਵੀਆ ਮਿਖਾਇਲੋਵਨਾ ਨੇ ਆਪਣੀ ਗੱਲ ਫਿਰ ਵਿੱਚੇ ਛੱਡ ਦਿੱਤੀ। ਉਸਨੇ ਅਜੇ ਖਾਣਾ ਨਹੀਂ ਖਾਧਾ। ਸਾਡੇ ਨਾਲ ਨਹੀਂ ਖਾ ਸਕਦਾ।
ਉਹ ਬਾਹਰ ਗਈ ਉਥੇ ਉਸਨੇ ਕੁਝ ਕੰਮ ਕੀਤਾ ਤੇ ਆਪਣੇ ਸੰਵਲਾਏ ਹੱਡਲ ਹੱਥਾਂ ਨੂੰ ਪੂੰਝਦੀ ਵਾਪਸ ਆਈ।
"ਸੋ ਐਸੀ ਹੈ ਮੇਰੀ ਜ਼ਿੰਦਗੀ। ਬੱਚੇ ਲਗਾਤਾਰ ਸ਼ਿਕਵਾ-ਸ਼ਿਕਾਇਤ ਕਰਦੇ ਰਹਿੰਦੇ ਹਨ, ਅਸੰਤੁਸ਼ਟ ਰਹਿੰਦੇ ਹਨ, ਪਰ ਫਿਰ ਵੀ ਪ੍ਰਮਾਤਮਾ ਦੀ ਕਿਰਪਾ ਹੈ, ਸਭ ਚੰਗੇ ਹਨ, ਤੰਦਰੁਸਤ ਹਨ ਤੇ ਜ਼ਿੰਦਗੀ ਅਸਹਿ ਨਹੀਂ। ਪਰ ਮੇਰੇ ਬਾਰੇ ਗੱਲਾਂ ਦਾ ਕੀ ਫਾਇਦੈ?"
"ਪਰ ਘਰ ਦਾ ਖਰਚ ਕਿਸ ਤਰ੍ਹਾਂ ਚਲਦਾ ਹੈ?"
"ਮੈਂ ਕੁਝ ਕਮਾ ਲੈਂਦੀ ਹਾਂ। ਸੰਗੀਤ ਵਿਚ ਮੇਰਾ ਮਨ ਨਹੀਂ ਲਗਦਾ ਸੀ, ਪਰ ਹੁਣ ਉਹ ਮੇਰੇ ਕਿੰਨਾਂ ਕੰਮ ਆਇਐ।"
ਉਹ ਜਿਸ ਦਰਾਜ਼ਾਂ ਵਾਲੀ ਮਾਰੀ ਉਤੇ ਬੈਠੀ ਸੀ, ਉਸੇ ਉਤੇ ਆਪਣਾ ਛੋਟਾ ਜਿਹਾ ਹੱਥ ਟਿਕਾਈ ਆਪਣੀਆਂ ਪਤਲੀਆਂ ਪਤਲੀਆਂ ਉਂਗਲੀਆਂ ਨਾਲ ਜਿਵੇਂ ਉਸਨੇ ਕੋਈ ਧੁਨ ਵਜਾਈ।
"ਕੀ ਦੇਂਦੇ ਹਨ ਉਹ ਤੁਹਾਨੂੰ ਇਕ ਸਬਕ ਦਾ?"
"ਇਕ ਰੂਬਲ ਵੀ, ਪੰਜਾਹ ਕੋਪੇਕ ਵੀ, ਤੀਹ ਕੋਪੇਕ ਵੀ। ਬਹੁਤ ਹੀ ਮਿਹਰਬਾਨ ਹਨ ਉਹ ਮੇਰੇ 'ਤੇ।"
"ਉਹ ਕੁਝ ਸਿੱਖ ਵੀ ਜਾਂਦੇ ਹਨ?" ਅੱਖਾਂ ਹੀ ਅੱਖਾਂ ਵਿਚ ਕੁਝ ਮੁਸਕਰਾਉਂਦੇ ਹੋਏ ਕਸਾਤਸਕੀ ਨੇ ਪੁੱਛਿਆ।
ਪਰਾਸਕੋਵੀਆ ਮਿਖਾਇਲੋਵਨਾ ਨੂੰ ਸ਼ੁਰੂ ਤੋਂ ਹੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਗੰਭੀਰਤਾ ਨਾਲ ਪੁੱਛ ਰਿਹਾ ਹੈ। ਤੇ ਉਸਨੇ ਸੁਆਲੀਆ ਨਜ਼ਰਾਂ ਨਾਲ ਉਸ ਵਲ ਵੇਖਿਆ।
"ਹਾਂ, ਸਿੱਖ ਹੀ ਜਾਂਦੇ ਹਨ। ਇਕ ਬਹੁਤ ਹੀ ਚੰਗੀ ਲੜਕੀ ਹੈ, ਕਸਾਈ ਦੀ। ਬਹੁਤ ਹੀ ਚੰਗੀ, ਬਹੁਤ ਹੀ ਭਲੀ। ਮਗਰ ਮੈਂ ਢੰਗ ਦੀ ਔਰਤ ਹੁੰਦੀ, ਤਾਂ ਆਪਣੇ ਪਿਤਾ ਦੇ ਸੰਬੰਧਾਂ ਦੀ ਬਦੌਲਤ ਜਵਾਈ ਨੂੰ ਕੋਈ ਚੰਗੀ ਨੌਕਰੀ ਦਵਾ ਦਿੰਦੀ। ਪਰ ਮੈਂ ਤਾਂ ਕਾਸੇ ਜੋਗੀ ਨਹੀਂ ਸਾਂ ਤੇ ਇਸੇ ਲਈ ਸਾਰਿਆਂ ਨੂੰ ਇਸ ਹਾਲਤ ਤੱਕ ਪਹੁੰਚਾ ਦਿੱਤੈ।"
"ਹਾਂ, ਹਾਂ," ਕਸਾਤਸਕੀ ਨੇ ਸਿਰ ਝੁਕਾਉਂਦਿਆਂ ਹੋਇਆਂ ਕਿਹਾ। "ਪਾਸ਼ੇਨਕਾ, ਇਹ ਦੱਸੋ ਤੁਸੀਂ ਗਿਰਜੇ ਦੇ ਜੀਵਨ ਵਿਚ ਤਾਂ ਹਿੱਸਾ ਲੈਂਦੇ ਹੋ?"
"ਓਹ, ਇਸ ਬਾਰੇ ਕੁਝ ਨਾ ਪੁੱਛੋ। ਬਹੁਤ ਬੁਰਾ ਹਾਲ ਹੈ, ਬਿਲਕੁਲ ਹੀ ਭੁਲਾ ਦਿੱਤਾ ਹੈ ਉਸਨੂੰ ਮੈਂ। ਬੱਚਿਆਂ ਨਾਲ ਕਦੀ ਕਦੀ ਵਰਤ ਰਖਦੀ ਹਾਂ ਤੇ ਗਿਰਜੇ ਚਲੀ ਜਾਂਦੀ ਹਾਂ, ਵਰਨਾ ਮਹੀਨਿਆਂ ਬੱਧੀ ਉਧਰ ਮੂੰਹ ਨਹੀਂ ਕਰਦੀ। ਬੱਚਿਆਂ ਨੂੰ ਭੇਜ ਦਿੰਦੀ ਹਾਂ।
"ਖੁਦ ਕਿਉਂ ਨਹੀਂ ਜਾਂਦੀ?"
"ਸੱਚੀ ਗੱਲ ਤਾਂ ਇਹ ਹੈ... ਉਸਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ। "ਫਟੇ ਪੁਰਾਣੇ ਕਪੜਿਆਂ ਵਿਚ ਲੜਕੀ ਤੇ ਦੋਹਤੇ-ਦੋਹਤੀਆਂ ਸਾਮਣੇ ਗਿਰਜੇ ਵਿਚ ਮੈਨੂੰ ਸ਼ਰਮ ਆਉਂਦੀ ਹੈ ਤੇ ਨਵੇਂ ਕਪੜਿਆਂ ਵਿਚ ਨਹੀਂ। ਵੈਸੇ ਆਲਸ ਵੀ ਰਹਿੰਦੈ।"
"ਘਰ ਪ੍ਰਾਰਥਨਾ ਕਰਦੀ ਹੈਂ?"
"ਕਰਦੀ ਹਾਂ, ਪਰ ਐਵੇਂ ਹੀ ਮਸ਼ੀਨੀ ਜਿਹੇ ਢੰਗ ਨਾਲ। ਜਾਣਦੀ ਹਾਂ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਪਰ ਸੱਚੀ ਭਾਵਨਾ ਨਹੀਂ ਹੈ। ਬੱਸ, ਆਪਣੀਆਂ ਮੂਰਖਤਾਈਆਂ ਦੀ ਚੇਤਨਾ ਹੀ ਬਣੀ ਰਹਿੰਦੀ ਹੈ..."
"ਹਾਂ, ਹਾਂ, ਐਸਾ ਤਾਂ ਹੈ, ਐਸਾ ਤਾਂ ਹੈ, ਕਸਾਤਸਕੀ ਨੇ ਜਿਵੇਂ ਉਸਦੀ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ।
"ਆਉਂਦੀ ਹਾਂ, ਹੁਣੇ ਆਉਂਦੀ ਹਾਂ," ਉਸਨੇ ਜਵਾਈ ਦੀ ਗੱਲ ਸੁਣਕੇ ਜਵਾਬ ਦਿਤਾ ਤੇ ਸਿਰ ਉਤੇ ਆਪਣਾ ਰੁਮਾਲ ਠੀਕ ਕਰਕੇ ਬਾਹਰ ਚਲੀ ਗਈ।
ਇਸ ਵਾਰੀ ਉਹ ਦੇਰ ਤੱਕ ਨਹੀਂ ਵਾਪਸ ਆਈ। ਜਦੋਂ ਉਹ ਵਾਪਸ ਆਈ ਤਾਂ ਕਸਾਤਸਕੀ ਉਸੇ ਸਥਿਤੀ ਵਿਚ ਗੋਡਿਆਂ ਉਤੇ ਅਰਕਾਂ ਰੱਖੀ ਤੇ ਸਿਰ ਝੁਕਾਕੇ ਬੈਠਾ ਹੋਇਆ ਸੀ, ਪਰ ਥੈਲਾ ਪਿੱਠ ਉਤੇ ਸੀ।
ਜਦੋਂ ਉਹ ਟੀਨ ਦਾ ਲੈਂਪ ਲੈ ਕੇ ਅੰਦਰ ਆਈ ਤਾਂ ਕਸਾਤਸਕੀ ਨੇ ਆਪਣੀਆਂ ਸੋਹਣੀਆਂ ਤੇ ਥੱਕੀਆਂ ਹੋਈਆਂ ਅੱਖਾਂ ਉੱਚੀਆਂ ਕਰਕੇ ਉਸ ਵੱਲ ਵੇਖਿਆ ਤੇ ਬਹੁਤ ਹੀ ਡੂੰਘਾ ਸਾਹ ਲਿਆ।
"ਮੈਂ ਉਹਨਾਂ ਨੂੰ ਇਹ ਨਹੀਂ ਦੱਸਿਆ ਤੁਸੀਂ ਕੌਣ ਹੋ," ਉਸਨੇ ਝਕਦੇ ਝਕਦੇ ਕਹਿਣਾ ਸ਼ੁਰੂ ਕੀਤਾ। "ਸਿਰਫ ਏਨਾ ਹੀ ਦੱਸਿਆ ਹੈ ਕਿ ਕੁਲੀਨ ਤੀਰਥਯਾਤਰੀ ਹੈ। ਤੇ ਮੈਂ ਤੁਹਾਨੂੰ ਜਾਣਦੀ ਹਾਂ। ਚਲੋ ਚੱਲਕੇ ਚਾਹ ਪੀਉ।"
"ਨਹੀਂ..."
"ਤਾਂ ਮੈਂ ਇਥੇ ਲੈ ਆਉਂਦੀ ਹਾਂ।"
"ਨਹੀਂ, ਮੈਨੂੰ ਕੁਝ ਨਹੀਂ ਚਾਹੀਦਾ। ਪ੍ਰਮਾਤਮਾ ਤੇਰਾ ਭਲਾ ਕਰੇ, ਪਾਸ਼ੇਨਕਾ। ਮੈਂ ਚਲਦਾ ਹਾਂ। ਜੇ ਤੈਨੂੰ ਮੇਰੇ 'ਤੇ ਦਯਾ ਆਉਂਦੀ ਹੈ, ਤਾਂ ਕਿਸੇ ਨੂੰ ਵੀ ਨਹੀਂ ਦੱਸਣਾ ਕਿ ਤੇਰੇ ਨਾਲ ਮੇਰੀ ਮੁਲਾਕਾਤ ਹੋਈ ਸੀ। ਤੈਨੂੰ ਪ੍ਰਮਾਤਮਾ ਦੀ ਕਸਮ, ਕਿਸੇ ਨਾਲ ਵੀ ਇਸ ਦਾ ਜ਼ਿਕਰ ਨਹੀਂ ਕਰਨਾ। ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇਰਾ। ਮੈਂ ਤਾਂ ਤੇਰੇ ਪੈਰ ਫੜ ਲੈਂਦਾ, ਪਰ ਜਾਣਦਾ ਹਾਂ ਕਿ ਇਸ ਨਾਲ ਤੈਨੂੰ ਪ੍ਰੇਸ਼ਾਨੀ ਹੋਵੇਗੀ ਧੰਨਵਾਦ, ਈਸਾ-ਮਸੀਹ ਦੇ ਨਾਂਅ 'ਤੇ, ਮੁਆਫ਼ ਕਰ ਦੇਵੀਂ।"
"ਅਸ਼ੀਰਵਾਦ ਦਿਉ।"
"ਪ੍ਰਮਾਤਮਾ ਅਸ਼ੀਰਵਾਦ ਦੇਵੇਗਾ। ਈਸਾ-ਮਸੀਹ ਦੇ ਨਾਂਅ 'ਤੇ ਮੁਆਫ਼ ਕਰ ਦੇਵੀਂ।"
ਕਸਾਤਸਕੀ ਨੇ ਜਾਣਾ ਚਾਹਿਆ, ਪਰ ਪਰਾਸਕੋਵੀਆ ਮਿਖਾਇਲੋਵਨਾ ਨੇ ਉਸਨੂੰ ਰੋਕਿਆ, ਰੋਟੀ, ਰੱਸ ਤੇ ਮੱਖਣ ਲਿਆਕੇ ਦਿਤਾ। ਉਸਨੇ ਇਹ ਸਭ ਕੁਝ ਲੈ ਲਿਆ, ਤੇ ਚਲਾ ਗਿਆ।
ਅਨ੍ਹੇਰਾ ਹੋ ਚੁਕਿਆ ਸੀ, ਦੋ ਮਕਾਨ ਲੰਘਦਿਆਂ ਹੀ ਕਸਾਤਸਕੀ ਉਸਦੀਆਂ ਅੱਖਾਂ ਤੋਂ ਓਹਲੇ ਹੋ ਗਿਆ ਤੇ ਸਿਰਫ ਬਿਸ਼ਪ ਦੇ ਕੁੱਤੇ ਤੇ ਭੌਕਣ ਤੋਂ ਹੀ ਪਤਾ ਲਗਾ ਕਿ ਉਹ ਤੁਰੀ ਜਾ ਰਿਹਾ ਹੈ।
"ਸੋ ਇਹ ਸੀ ਮੇਰੇ ਸੁਪਨੇ ਦਾ ਮਤਲਬ। ਪਾਸ਼ੇਨਕਾ ਉਹ ਹੈ, ਜੋ ਮੈਨੂੰ ਹੋਣਾ ਚਾਹੀਦਾ ਸੀ ਤੇ ਜੋ ਮੈਂ ਨਹੀਂ ਹੋ ਸਕਿਆ। ਮੈਂ ਇਹ ਮੰਨਦਿਆਂ ਵੀ ਕਿ ਪ੍ਰਮਾਤਮਾ ਲਈ ਜਿਉ ਰਿਹਾ ਹਾਂ, ਲੋਕਾਂ ਲਈ ਜੀਵਿਆ ਤੇ ਉਹ ਇਹ ਕਲਪਨਾ ਕਰਦੀ ਹੋਈ ਕਿ ਲੋਕਾਂ ਲਈ ਜਿਉਂਦੀ ਹੈ, ਪ੍ਰਮਾਤਮਾ ਲਈ ਜਿਉ ਰਹੀ ਹੈ।
"ਹਾਂ, ਨੇਕੀ ਦਾ ਇਕ ਵੀ ਕੰਮ, ਪੁਰਸਕਾਰ ਪਾਉਣ ਦੀ ਭਾਵਨਾ ਦੇ ਬਿਨਾਂ ਕਿਸੇ ਨੂੰ ਦਿਤਾ ਗਿਆ ਪਾਣੀ ਦਾ ਇਕ ਗਲਾਸ ਵੀ ਮੇਰੇ ਦੁਆਰਾ ਲੋਕਾਂ ਲਈ ਕੀਤੇ ਗਏ ਸਾਰਿਆਂ ਨੇਕ ਕੰਮਾਂ ਨਾਲੋਂ ਮਹੱਤਵਪੂਰਨ ਹੈ। ਪਰ ਪ੍ਰਮਾਤਮਾ ਦੀ ਸੇਵਾ ਕਰਨ ਦੀ ਕੁਝ ਸੱਚੀ ਭਾਵਨਾ ਤਾਂ ਹੈ ਹੀ ਸੀ? ਉਸਨੇ ਆਪਣੇ ਆਪ ਨੂੰ ਪੁੱਛਿਆ। ਤੇ ਉਸਨੂੰ ਇਹ ਜਵਾਬ ਮਿਲਿਆ–ਹਾਂ, ਪਰ ਇਸ ਨੂੰ ਲੋਕਾਂ ਵਿਚ ਪ੍ਰਸਿੱਧੀ ਪਾਉਣ ਦੀ ਭਾਵਨਾ ਨੇ ਮਿਟਾ ਦਿਤਾ ਸੀ, ਇਸ 'ਤੇ ਆਪਣੀ ਕਾਲੀ ਛਾਇਆ ਪਾ ਦਿਤੀ ਸੀ। ਹਾਂ, ਉਹਨਾਂ ਲਈ ਪ੍ਰਮਾਤਮਾ ਨਹੀਂ ਹੈ, ਜਿਹੜੇ ਮੇਰੀ ਤਰ੍ਹਾਂ ਲੋਕਾਂ ਵਿਚ ਪ੍ਰਸਿੱਧੀ ਪਾਉਣ ਲਈ ਜਿਉਂਦੇ ਹਨ। "ਲੱਭਾਂਗਾ, ਮੈਂ ਪ੍ਰਮਾਤਮਾ ਨੂੰ ਲੱਭਾਂਗਾ।"
ਤੇ ਉਹ ਉਸੇ ਤਰ੍ਹਾਂ ਜਿਵੇਂ ਪਾਸ਼ੇਨਕਾ ਕੋਲ ਪਹੁੰਚਿਆ ਸੀ, ਪਿੰਡ ਪਿੰਡ ਭਟਕਣ ਲੱਗਾ, ਕਦੀ ਤਾਂ ਨਰ-ਨਾਰੀ ਤੀਰਥ-ਯਾਤਰੀਆਂ ਨਾਲ ਹੋ ਜਾਂਦਾ, ਤੇ ਕਦੀ ਉਹਨਾਂ ਤੋਂ ਵੱਖ ਹੋ ਜਾਂਦਾ, ਈਸਾ-ਮਸੀਹ ਦੇ ਨਾਂ ਉਤੇ ਰੋਟੀ ਮੰਗਦਾ ਤੇ ਕਿਤੇ ਰਾਤ ਬਿਤਾਉਂਦਾ। ਕਦੀ ਕਦੀ ਕੋਈ ਗੁਸੈਲ ਸਵਾਣੀ ਉਸਨੂੰ ਡਾਂਟ ਦਿੰਦੀ, ਨਸ਼ੇ ਵਿਚ ਧੁੱਤ ਕੋਈ ਕਿਸਾਨ ਬੁਰਾ ਭਲਾ ਕਹਿ ਦਿੰਦਾ, ਪਰ ਅਕਸਰ ਲੋਕ ਉਸਨੂੰ ਕੁਝ ਖਵਾਉਂਦੇ ਪਿਆਉਂਦੇ ਤੇ ਰਸਤੇ ਲਈ ਕੁਝ ਦੇ ਦਿੰਦੇ। ਕੁਲੀਨਾਂ ਵਰਗੀ ਉਸਦੀ ਸ਼ਕਲ-ਸੂਰਤ ਦੇ ਕਾਰਨ ਕੁਝ ਲੋਕਾਂ ਨੂੰ ਉਸ ਨਾਲ ਹਮਦਰਦੀ ਹੁੰਦੀ ਤੇ ਕੁਝ ਇਹ ਵੇਖਕੇ ਖੁਸ਼ ਹੁੰਦੇ ਕਿ ਕੋਈ ਰਈਸ ਵੀ ਭੀਖ ਮੰਗਣ ਵਾਲਿਆਂ ਦੀ ਭੈੜੀ ਹਾਲਤ ਤਕ ਪਹੁੰਚ ਗਿਆ ਹੈ। ਪਰ ਉਸਦੀ ਨਿਮਰਤਾ ਸਾਰਿਆਂ ਦਾ ਦਿਲ ਜਿੱਤ ਲੈਂਦੀ।
ਜਿਸ ਕਿਸੇ ਦੇ ਘਰ ਉਸਨੂੰ ਅੰਜੀਲ ਮਿਲ ਜਾਂਦੀ, ਉਹ ਅਕਸਰ ਉਸਨੂੰ ਪੜ੍ਹਕੇ ਸੁਣਾਉਂਦਾ, ਹਮੇਸ਼ਾ ਤੇ ਹਰ ਥਾਂ ਹੀ ਲੋਕ ਮੁਗਧ ਹੋ ਕੇ ਸੁਣਦੇ ਤੇ ਹੈਰਾਨ ਹੁੰਦੇ ਕਿ ਚਿਰਾਂ ਤੋਂ ਜਾਣੀ-ਪਛਾਣੀ ਅੰਜੀਲ ਉਹਨਾਂ ਨੂੰ ਕਿੰਨੀ ਨਵੀਂ ਪ੍ਰਤੀਤ ਹੁੰਦੀ ਹੈ। ਜੇ ਸਲਾਹ-ਮਸ਼ਵਰਾ ਦੇ ਕੇ ਕੁਝ ਲਿਖ-ਪੜ੍ਹ ਕੇ ਜਾਂ ਸਮਝਾ-ਬੁਝਾ ਕੇ ਲੋਕਾਂ ਦਾ ਝਗੜਾ ਨਿਪਟਾਉਣ ਜਾਂ ਐਸੀ ਹੀ ਸੇਵਾ ਕਰਨ ਦਾ ਕੋਈ ਮੌਕਾ ਮਿਲਦਾ, ਤਾਂ ਉਹ ਉਹਨਾਂ ਵਲੋਂ ਧੰਨਵਾਦ ਕੀਤੇ ਜਾਣ ਤੋਂ ਪਹਿਲਾਂ ਹੀ ਗਾਇਬ ਹੋ ਜਾਂਦਾ। ਇਸ ਤਰ੍ਹਾਂ ਹੌਲੀ-ਹੌਲੀ ਉਸਦੀ ਆਤਮਾ ਵਿਚ ਪ੍ਰਮਾਤਮਾ ਦਾ ਵਾਸਾ ਹੋਣ ਲਗਾ।
ਇਕ ਦਿਨ ਉਹ ਦੋ ਬੁੱਢੀਆਂ ਔਰਤਾਂ ਤੇ ਇਕ ਸੈਨਿਕ ਤੀਰਥ-ਯਾਤੀ ਨਾਲ ਜਾ ਰਿਹਾ ਸੀ। ਇਕ ਬੱਘੀ ਤੇ ਦੋ ਘੋੜ-ਸਵਾਰ ਉਸਦੇ ਕੋਲੋਂ ਦੀ ਲੰਘੇ। ਬੱਘੀ ਅੱਗੇ ਦੁੜਕੀ ਚਾਲ ਵਾਲਾ ਵਧੀਆ ਘੋੜਾ ਜੋੜਿਆ ਹੋਇਆ ਸੀ ਤੇ ਇਕ ਇਸਤਰੀ ਤੇ ਭੱਦਰਪੁਰਸ਼ ਉਸ ਵਿਚ ਬੈਠੇ ਸਨ। ਇਕ ਘੋੜੇ ਉਤੇ ਬੱਘੀ ਵਿਚ ਬੈਠੀ ਇਸਤ੍ਰੀ ਦਾ ਪਤੀ ਸਵਾਰ ਸੀ ਤੇ ਦੂਸਰੇ ਉਤੇ ਉਸਦੀ ਲੜਕੀ ਬੱਘੀ ਵਿਚ ਬੈਠਾ ਸੱਜਣ ਕੋਈ ਫਰਾਂਸੀਸੀ ਮਹਿਮਾਨ ਸੀ।
ਫਰਾਂਸੀਸੀ ਮਹਿਮਾਨ ਨੂੰ ਤੀਰਥ ਯਾਤਰੀ ਵਿਖਾਉਣ ਲਈ ਉਹਨਾਂ ਨੇ ਇਹਨਾਂ ਨੂੰ ਰੋਕਿਆ, ਜੋ ਰੂਸੀ ਲੋਕਾਂ ਦੇ ਅੰਧਵਿਸ਼ਵਾਸ ਅਨੁਸਾਰ ਕੰਮ ਕਰਨ ਦੀ ਬਜਾਏ ਜਗ੍ਹਾ ਜਗ੍ਹਾ ਭਟਕਦੇ ਹਨ।
ਇਹ ਰਈਸ ਲੋਕ ਇਹ ਸਮਝਦੇ ਹੋਏ ਫਰਾਂਸੀਸੀ ਵਿਚ ਗੱਲਾਂ ਕਰ ਰਹੇ ਸਨ ਕਿ ਤੀਰਥ-ਯਾਤਰੀਆਂ ਵਿਚੋਂ ਕਿਸੇ ਨੂੰ ਵੀ ਉਹਨਾਂ ਦੀਆਂ ਗੱਲਾਂ ਦੀ ਸਮਝ ਨਹੀਂ ਆ ਰਹੀ।
"ਇਹਨਾ ਨੂੰ ਪੁਛੋ", ਫਰਾਂਸੀਸੀ ਨੇ ਕਿਹਾ, "ਇਹਨਾਂ ਨੂੰ ਪੁਛੋ ਕਿ ਕੀ ਇਹਨਾਂ ਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਪ੍ਰਮਾਤਮਾ ਉਹਨਾਂ ਦੀ ਇਸ ਤੀਰਥਯਾਤਰਾ ਨਾਲ ਖੁਸ਼ ਹੁੰਦਾ ਹੈ?"
ਜਦੋਂ ਇਹਨਾਂ ਲੋਕਾਂ ਤੋਂ ਪੁੱਛਿਆ ਗਿਆ ਤਾਂ ਬੁੱਢੀ ਔਰਤ ਨੇ ਜਵਾਬ ਦਿਤਾ:
"ਜਿਸ ਤਰ੍ਹਾਂ ਪ੍ਰਮਾਤਮਾ ਚਾਹੇ। ਪੈਰ ਤਾਂ ਤੀਰਥਾਂ ਤੇ ਹੋ ਆਏ, ਦਿਲ ਦੀ ਪ੍ਰਮਾਤਮਾ ਜਾਣੇ।
"ਸੈਨਿਕ ਨੇ ਇਸ ਸਵਾਲ ਦਾ ਇਹ ਜਵਾਬ ਦਿਤਾ ਕਿ ਉਹ ਇਕੱਲਾ ਹੈ, ਟਿਕਾਣਾ ਕੋਈ ਨਹੀਂ।
ਕਸ਼ਾਤਸਕੀ ਤੋਂ ਪੁਛਿਆ ਗਿਆ ਕਿ ਉਹ ਕੌਣ ਹੈ।
"ਪ੍ਰਮਾਤਮਾ ਦਾ ਦਾਸ।"
"ਕੀ ਕਿਹਾ ਹੈ ਉਸਨੇ? ਜਵਾਬ ਨਹੀਂ ਦਿਤਾ?"
"ਉਸਨੇ ਕਿਹਾ ਹੈ ਕਿ ਪ੍ਰਭੂ ਦਾ ਦਾਸ ਹਾਂ।"
"ਇਹ ਜ਼ਰੂਰ ਕਿਸੇ ਪਾਦਰੀ ਦਾ ਲੜਕਾ ਹੈ, ਉੱਚੀ ਕੁਲ ਦਾ ਹੈ। ਤੁਹਾਡੇ ਪਾਸ ਕੁਝ ਭਾਨ ਹੈ?"
"ਫਰਾਂਸੀਸੀ ਨੇ ਭਾਨ ਕੱਢਿਆ ਤੇ ਹਰ ਇਕ ਨੂੰ ਵੀਹ ਵੀਹ ਕੋਪੇਕ ਦੇ ਦਿਤੇ।
"ਇਹਨਾਂ ਨੂੰ ਕਹਿ ਦੇਵੋ ਕਿ ਮੋਮਬਤੀਆਂ ਲਈ ਨਹੀਂ, ਬਲਕਿ ਇਸ ਲਈ ਪੈਸੇ ਦਿੱਤੇ ਹਨ ਕਿ ਇਹ ਲੋਕ ਚਾਹ ਪੀਣ।"
"ਤੁਹਾਡੇ ਲਈ ਚਾਹ, ਦਾਦਾ ਚਾਹ। ਉਸਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਤੇ ਦਸਤਾਨਾ ਪਾਏ ਹੱਥਾਂ ਨਾਲ ਕਸਾਤਸਕੀ ਦਾ ਮੋਢਾ ਥਪਕਿਆ।
"ਈਸਾ ਮਸੀਹ ਤੁਹਾਡੀ ਰਖਿਆ ਕਰੇ," ਕਸਾਤਸਕੀ ਨੇ ਟੋਪੀ ਹੱਥ ਵਿਚ ਫੜੀ ਆਪਣਾ ਗੰਜਾ ਸਿਰ ਝੁਕਾਕੇ ਕਿਹਾ।
ਕਸਾਤਸਕੀ ਨੂੰ ਇਸ ਮੁਲਾਕਾਤ ਨਾਲ ਇਸ ਲਈ ਪ੍ਰਸੰਨਤਾ ਹੋਈ ਕਿ ਉਹ ਆਪਣੇ ਬਾਰੇ ਵਿਚ ਲੋਕਾਂ ਦੀ ਰਾਏ ਦੀ ਪ੍ਰਵਾਹ ਨਾ ਕਰਦੇ ਹੋਏ ਬਹੁਤ ਹੀ ਸਾਧਾਰਨ, ਬਹੁਤ ਹੀ ਮਾਮੂਲੀ ਕੰਮ ਕਰਨ ਵਿਚ ਸਫਲ ਹੋਇਆ ਸੀ। ਉਸਨੇ ਬੜੀ ਹੀ ਨਿਮਰਤਾ ਨਾਲ ਵੀਹ ਕੋਪੇਕ ਲੈ ਕੇ ਆਪਣੇ ਸਾਥੀ, ਅੰਨ੍ਹੇ ਫਕੀਰ ਨੂੰ ਦੇ ਦਿੱਤੇ ਸਨ। ਜਨਤਕ-ਰਾਏ ਨੂੰ ਜਿੰਨੀ ਵੀ ਉਹ ਘੱਟ ਮਹੱਤਤਾ ਦਿੰਦਾ ਸੀ, ਓਨਾ ਹੀ ਜ਼ਿਆਦਾ ਉਸਨੂੰ ਪ੍ਰਮਾਤਮਾ ਦਾ ਅਹਿਸਾਸ ਹੁੰਦਾ ਸੀ
ਕਸ਼ਾਤਸਕੀ ਨੇ ਇਸੇ ਤਰ੍ਹਾਂ ਅੱਠ ਮਹੀਨੇ ਗੁਜ਼ਾਰ ਦਿਤੇ। ਨੌਵੇਂ ਮਹੀਨੇ ਗੁਬੇਰਨੀਆਂ ਦੇ ਇਕ ਸ਼ਹਿਰ ਵਿਚ ਹੋਰ ਤੀਰਥ-ਯਾਤ੍ਰੀਆਂ ਨਾਲ ਉਸ ਰੈਣ-ਬਸੇਰੇ ਵਿਚ ਪੁਲੀਸ ਵਾਲੇ ਨੇ ਉਸਨੂੰ ਵੀ ਰੋਕ ਲਿਆ, ਜਿਥੇ ਉਸਨੇ ਰਾਤ ਕੱਟੀ ਸੀ। ਕਿਉਂਕਿ ਉਸ ਕੋਲ ਪਾਸਪੋਰਟ ਨਹੀਂ ਸੀ, ਉਸਨੂੰ ਥਾਣੇ ਲਿਜਾਇਆ ਗਿਆ। ਉਥੇ ਉਸਨੂੰ ਇਹ ਪੁੱਛਿਆ ਗਿਆ ਕਿ ਉਸਦਾ ਪਾਸਪੋਰਟ ਕਿਥੇ ਹੈ। ਤੇ ਉਹ ਕੌਣ ਹੈ? ਉਸਨੇ ਜਵਾਬ ਦਿਤਾ ਕਿ ਉਸਦੇ ਕੋਲ ਪਾਸਪੋਰਟ ਨਹੀਂ ਹੈ ਤੇ ਉਹ ਪ੍ਰਮਾਤਮਾ ਦਾ ਦਾਸ ਹੈ। ਆਵਾਰਾ ਲੋਕਾਂ ਵਿਚ ਸ਼ਾਮਲ ਕਰਕੇ ਉਸ ਉਤੇ ਮੁਕੱਦਮਾ ਚਲਾਇਆ ਗਿਆ ਤੇ ਸਾਇਬੇਰੀਆ ਵਿਚ ਜਲਾਵਤਨ ਕਰ ਦਿਤਾ ਗਿਆ।
ਸਾਇਬੇਰੀਆ ਵਿਚ ਉਹ ਇਕ ਅਮੀਰ ਕਿਸਾਨ ਕੋਲ ਰਹਿਣ ਲਗਾ ਤੇ ਹੁਣ ਵੀ ਉਥੇ ਹੀ ਰਹਿੰਦਾ ਹੈ। ਉਹ ਮਾਲਕ ਦੇ ਖੇਤ ਵਿਚ ਕੰਮ ਕਰਦਾ ਹੈ, ਬੱਚਿਆਂ ਨੂੰ ਪੜ੍ਹਾਉਂਦਾ ਹੈ ਤੇ ਬਿਮਾਰਾਂ ਦੀ ਸੇਵਾ ਕਰਦਾ ਹੈ।
9
"ਸੋ ਤੁਹਾਡਾ ਕਹਿਣਾ ਇਹ ਹੈ ਕਿ ਆਦਮੀ ਆਪਣੇ ਆਪ ਨਹੀਂ ਸਮਝ ਸਕਦਾ ਕਿ ਕੀ ਚੰਗਾ ਹੈ, ਕੀ ਮਾੜਾ; ਕਿ ਸਾਰੀ ਗੱਲ ਮਾਹੌਲ ਦੀ ਹੈ, ਕਿ ਮਾਹੌਲ ਹੀ ਬੰਦੇ ਨੂੰ ਚੰਗਾ ਜਾਂ ਮਾੜਾ ਬਣਾਉਂਦਾ ਹੈ। ਪਰ ਮੈਂ ਖਿਆਲ ਕਰਦਾ ਹਾਂ ਕਿ ਸਾਰੀ ਗੱਲ ਸਬੱਬ ਦੀ ਹੈ। ਤੇ ਮੈਂ ਤੁਹਾਨੂੰ ਆਪਣੇ ਬਾਰੇ ਇਹ ਦੱਸ ਸਕਦਾ ਹਾਂ।"
ਸਾਡੇ ਸਤਿਕਾਰਯੋਗ ਈਵਾਨ ਵਾਸੀਲੀਏਵਿਚ ਨੇ ਗੱਲਬਾਤ ਦੇ ਅਖੀਰ ਵਿਚ ਜਿਹੜੀ ਸਾਡੇ ਵਿਚਕਾਰ ਚਲ ਰਹੀ ਸੀ ਕਿ ਕਿਹਾ ਨਿੱਜੀ ਸੰਪੂਰਨਤਾ ਲਈ ਸਭ ਤੋਂ ਪਹਿਲਾਂ ਉਸ ਮਾਹੌਲ ਨੂੰ ਬਦਲਣ ਦੀ ਲੋੜ ਹੁੰਦੀ ਹੈ, ਜਿਸ ਵਿਚ ਲੋਕ ਰਹਿ ਰਹੇ ਹੁੰਦੇ ਹਨ। ਅਸਲ ਵਿਚ ਇਹ ਗੱਲ ਕਿਸੇ ਨੂੰ ਨਹੀਂ ਸੀ ਕਹੀ ਕਿ ਬੰਦਾ ਆਪੇ ਨਹੀਂ ਸਮਝ ਸਕਦਾ ਕਿ ਕੀ ਚੰਗਾ ਹੈ ਤੇ ਕੀ ਮਾੜਾ, ਪਰ ਈਵਾਨ ਵਾਸੀਲੀਏਵਿਚ ਦਾ ਢੰਗ ਹੀ ਐਸਾ ਸੀ ਕਿ ਉਹ ਬਹਿਸ ਨਾਲ ਉਸਦੇ ਮਨ ਵਿਚ ਪੈਦਾ ਹੋਏ ਖਿਆਲਾਂ ਦਾ ਜਵਾਬ ਦੇਣ ਲਗ ਪੈਂਦਾ ਸੀ ਤੇ ਇਹਨਾਂ ਖਿਆਲਾਂ ਦੇ ਸੰਬੰਧ ਵਿਚ ਆਪਣੇ ਜੀਵਨ ਵਿਚੋਂ ਘਟਨਾਵਾਂ ਦਸਣੀਆਂ ਸ਼ੁਰੂ ਕਰ ਦਿੰਦਾ ਸੀ। ਅਕਸਰ ਉਹ ਕਹਾਣੀ ਵਿਚ ਏਨਾਂ ਖੁਭ ਜਾਂਦਾ ਹੈ ਕਿ ਉਹ ਕਹਾਣੀ ਸੁਨਾਉਣ ਦੇ ਕਾਰਨ ਨੂੰ ਭੁੱਲ ਜਾਂਦਾ, ਖਾਸ ਕਰਕੇ ਇਸਲਈ ਕਿ ਉਹ ਹਮੇਸ਼ਾਂ ਹੀ ਏਨੇ ਜੋਸ਼ ਤੇ ਸੁਹਿਰਦਤਾ ਨਾਲ ਕਹਾਣੀ ਸੁਣਾਉਂਦਾ।
ਐਤਕੀਂ ਵੀ ਉਸਨੇ ਇਸੇ ਤਰ੍ਹਾਂ ਹੀ ਕੀਤਾ।
"ਆਪਣੇ ਬਾਰੇ ਮੈਂ ਤੁਹਾਨੂੰ ਦੱਸਦਾ ਹਾਂ। ਮੇਰੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਨਾਲ ਢਲੀ ਏ, ਨਾ ਕਿ ਹੋਰ ਕਿਸੇ ਤਰ੍ਹਾਂ ਨਾਲ-ਮਾਹੌਲ ਕਾਰਨ ਨਹੀਂ ਸਗੋਂ ਬਿਲਕੁਲ ਕਿਸੇ ਹੋਰ ਕਾਰਨ।"
"ਕਿਸ ਚੀਜ਼ ਦੇ ਕਾਰਨ?" ਅਸੀਂ ਪੁੱਛਿਆ।
"ਇਹ ਇਕ ਲੰਮੀ ਕਹਾਣੀ ਏ। ਇਹਨੂੰ ਸਮਝਾਉਣ ਲਈ ਕਾਫੀ ਲੰਮੀ ਕਹਾਣੀ ਸੁਨਾਉਣੀ ਪਵੇਗੀ।"
"ਤਾਂ ਠੀਕ ਏ, ਸੁਣਾਓ ਫਿਰ।"
ਈਵਾਨ ਵਾਸੀਲੀਏਵਿਚ ਨੇ ਘੜੀ ਕੁ ਲਈ ਸੋਚਿਆ ਤੇ ਸਿਰ ਹਿਲਾਇਆ।
"ਮੇਰੀ ਸਾਰੀ ਜ਼ਿੰਦਗੀ ਨੂੰ ਇਕ ਰਾਤ ਨੇ ਬਦਲ ਕੇ ਰੱਖ ਦਿਤਾ ਸੀ," ਉਹ ਬੋਲਿਆ, "ਸਗੋਂ, ਇਕ ਸਵੇਰ ਨੇ।"
"ਕਿਉਂ, ਕੀ ਗੱਲ ਵਾਪਰੀ ਸੀ?"
"ਗੱਲ ਇਹ ਵਾਪਰੀ ਸੀ ਕਿ ਮੈਂ ਬਹੁਤ ਬੁਰੀ ਤਰ੍ਹਾਂ ਪਿਆਰ ਵਿਚ ਡੁੱਬਾ ਹੋਇਆ ਸਾਂ। ਇਸ਼ਕ ਮੈਂ ਬਥੇਰੀ ਵਾਰੀ ਕੀਤੇ, ਪਰ ਇਸ ਵਾਰ ਇਹ ਸਭ ਤੋਂ ਜ਼ੋਰਾਵਾਰ ਸੀ। ਗੱਲ ਇਹ ਬੜੀ ਪੁਰਾਣੀ ਏ: ਉਸਦੀਆਂ ਧੀਆਂ ਵੀ ਵਿਆਹੀਆਂ ਵਰ੍ਹੀਆਂ ਜਾ ਚੁੱਕੀਐਂ। ਉਹਦਾ ਨਾਂ ਬ. ਸੀ–ਹਾਂ, ਵਾਰੇਨਕਾ ਬ..." ਈਵਾਨ ਵਾਸੀਲੀਏਵਿਚ ਨੇ ਉਸਦਾ ਪ੍ਰਵਾਰਕ ਨਾਂ ਲਿਆ। ਉਹ ਤਾਂ ਪੰਜਾਹ ਸਾਲਾਂ ਦੀ ਵੀ ਅਸਾਧਾਰਨ ਤੌਰ ਉਤੇ ਖੂਬਸੂਰਤ ਸੀ। ਪਰ ਜਦੋਂ ਉਹ ਅਠਾਰਾਂ ਸਾਲਾਂ ਦੀ ਮੁਟਿਆਰ ਸੀ ਤਾਂ ਉਹ ਨਿਰਾ ਸੁਪਨਾ ਸੀ: ਉੱਚੀ-ਲੰਮੀ, ਪਤਲੀ, ਛਬ-ਭਰੀ, ਠਾਠਦਾਰ,–ਹਾਂ, ਠਾਠਦਾਰ। ਉਹ ਹਮੇਸ਼ਾ ਆਪਣੇ ਆਪ ਨੂੰ ਇੰਝ ਸਿੱਧੀ ਰਖਦੀ ਸੀ ਜਿਵੇਂ ਕਿ ਉਹ ਝਕ ਹੀ ਨਾ ਸਕਦੀ ਹੋਵੇ; ਉਸਦਾ ਸਿਰ ਜ਼ਰਾ ਕੁ ਪਿੱਛੇ ਨੂੰ ਝੁਕਿਆ ਰਹਿੰਦਾ ਸੀ; ਇਹ ਚੀਜ਼, ਉਸਦੀ ਸੁੰਦਰਤਾ ਤੇ ਉੱਚੇ ਕੱਦ ਨਾਲ ਮਿਲ ਕੇ, ਭਾਵੇਂ ਕਿ ਉਹ ਏਨੀ ਪਤਲੀ ਸੀ ਕਿ ਨਿਰਾ ਪਿੰਜਰ ਲਗਦੀ ਸੀ, ਉਸਨੂੰ ਮਹਾਰਾਣੀਆਂ ਵਾਲੀ ਦਿੱਖ ਦੇ ਦਿੰਦੀ ਸੀ, ਜਿਹੜੀ ਬੰਦੇ ਵਿਚ ਸਹਿਮ ਪੈਦਾ ਕਰ ਸਕਦੀ ਸੀ। ਜੇ ਨਾਲ ਹੀ ਉਹਦੇ ਖੁਸ਼ਦਿਲ, ਮੋਹ ਲੈਣ ਵਾਲੀ ਮੁਸਕ੍ਰਾਹਟ ਨਾ ਹੁੰਦੀ ਤੇ ਉਹ ਚਿਹਰਾ, ਤੇ ਉਹ ਜਾਦੂ ਭਰੀਆਂ ਚਮਕਦੀਆਂ ਅੱਖਾਂ, ਤੇ ਉਹ ਸਾਰਾ ਮਨਮੋਹਣਾ, ਜੋਬਨ ਭਰਿਆ ਵਜੂਦ ਨਾ ਹੁੰਦਾ।
"ਈਵਾਨ ਵਾਸੀਲੀਏਵਿਚ ਤਾਂ ਕਿਆ ਤਸਵੀਰ ਖਿੱਚ ਕੇ ਰਖ ਦੇਂਦੈ!
"ਮੈਂ ਕਿੰਨੀ ਵੀ ਤਸਵੀਰ ਕਿਉਂ ਨਾ ਖਿੱਚਾਂ, ਤਾਂ ਵੀ ਐਸੀ ਤਸਵੀਰ ਨਹੀਂ ਖਿੱਚ ਸਕਦਾ, ਜਿਸਤੋਂ ਤੁਸੀਂ ਸਮਝ ਸਕੋ ਕਿ ਉਹ ਕੀ ਸੀ। ਪਰ ਗੱਲ ਇਹ ਨਹੀਂ। ਮੈਂ ਜਿਹੜੀਆਂ ਘਟਨਾਵਾਂ ਦਸਣ ਲੱਗਾ ਹਾਂ ਇਹ ਚਾਲ੍ਹੀਵਿਆਂ ਵਿਚ ਵਾਪਰੀਆਂ ਸਨ।
"ਮੈਂ ਉਦੋਂ ਸੂਬਾਈ ਯੂਨੀਵਰਸਿਟੀ ਦਾ ਵਿਦਿਆਰਥੀ ਹੁੰਦਾ ਸਾਂ। ਮੈਨੂੰ ਨਹੀਂ ਪਤਾ ਇਹ ਚੰਗੀ ਗੱਲ ਸੀ ਜਾਂ ਮਾੜੀ, ਪਰ ਉਹਨਾਂ ਦਿਨਾਂ ਵਿਚ ਸਾਡੀ ਯੂਨੀਵਰਸਿਟੀ ਵਿਚ ਕੋਈ ਸਟੱਡੀ ਸਰਕਲ ਕੋਈ ਸਿਧਾਂਤ ਨਹੀਂ ਸੀ ਹੁੰਦਾ, ਅਸੀਂ ਬੱਸ ਨੌਜਵਾਨ ਹੁੰਦੇ ਸਾਂ ਤੇ ਨੌਜਵਾਨਾਂ ਵਾਂਗ ਰਹਿੰਦੇ ਸਾਂ-ਪੜ੍ਹਨਾ ਤੇ ਮੌਜ-ਮੇਲਾ ਕਰਨਾ। ਮੈਂ ਬੜਾ ਖੁਸ਼ਦਿਲ ਤੇ ਚੁਸਤ-ਫੁਰਤ ਮੁੰਡਾ ਹੁੰਦਾ ਸਾਂ, ਤੇ ਨਾਲ ਅਮੀਰ ਵੀ। ਮੇਰੇ ਕੋਲ ਬੜੇ ਤੇਜ਼-ਤਰਾਰ ਘੋੜੇ ਹੁੰਦੇ ਸਨ ਤੇ ਮੈਂ ਕੁੜੀਆਂ ਨੂੰ ਸਲੈਂਜ ਵਿਚ ਪਹਾੜੀ ਤੋਂ ਹੇਠਾਂ ਲਿਜਾਇਆ ਕਰਦਾ ਸਾਂ। (ਸਕੇਟਿੰਗ ਦਾ ਅੱਜੇ ਫੈਸ਼ਨ ਨਹੀਂ ਸੀ ਚੱਲਿਆ); ਆਪਣੇ ਸਾਥੀਆਂ ਨਾਲ ਰਲ ਕੇ ਖੂਬ ਸ਼ਰਾਬ ਪੀਣੀ (ਉਹਨਾਂ ਦਿਨਾਂ ਵਿਚ ਅਸੀਂ ਸਿਰਫ ਸ਼ੈਮਪੇਨ ਪੀਂਦੇ ਹੁੰਦੇ ਸਾਂ; ਜੇ ਸਾਡੇ ਕੋਲ ਪੈਸੇ ਨਾ ਹੁੰਦੇ, ਤਾਂ ਅਸੀਂ ਕੁਝ ਨਾ ਪੀਂਦੇ, ਕਿਉਂਕਿ ਅਸੀਂ ਕਦੀ ਵੋਦਕਾ ਨਹੀਂ ਸਾਂ ਪੀਂਦੇ, ਜਿਸ ਤਰ੍ਹਾਂ ਹੁਣ ਪਾਂਦੇ ਨੇ); ਪਰ ਸਭ ਤੋਂ ਵਧ ਖੁਸ਼ੀ ਮੈਨੂੰ ਸ਼ਾਮ ਦੀਆਂ ਪਾਰਟੀਆਂ ਤੇ ਨਾਚ ਪਾਰਟੀਆਂ ਵਿਚ ਜਾ ਕੇ ਹੁੰਦੀ। ਨੱਚ ਮੈਂ ਚੰਗਾ ਲੈਂਦਾ ਸਾਂ, ਤੇ ਬਦਸ਼ਕਲ ਵੀ ਨਹੀਂ ਸਾਂ।"
"ਛੱਡੋ, ਬਹੁਤੀ ਨਿਮਰਤਾ ਨਾ ਦਿਖਾਓ," ਸੁਨਣ ਵਾਲਿਆਂ ਵਿਚੋਂ ਇਕ ਬੋਲਿਆ। "ਅਸੀਂ ਤੁਹਾਡੀ ਇਕ ਪੁਰਾਣੀ ਲੱਥੀ ਤਸਵੀਰ ਦੇਖੀ ਹੋਈ ਏ। ਤੁਸੀਂ ਬਦਸ਼ਕਲ ਦੀ ਗੱਲ ਕਰਦੇ ਹੋ! ਤੁਸੀਂ ਤਾਂ ਸਚਮੁਚ ਖੂਬਸੂਰਤ ਹੁੰਦੇ ਸੋ।"
"ਖੁਬਸੂਰਤ ਸੀ ਜਾਂ ਨਹੀਂ, ਗੱਲ ਇਹ ਨਹੀਂ ਸੀ ਜਿਹੜੀ ਮੈਂ ਕਹਿਣੀ ਚਾਹੁੰਦਾ ਸਾਂ। ਗੱਲ ਇਹ ਸੀ ਕਿ ਇਸ ਸਭ ਤੋਂ ਜ਼ੋਰਾਵਰ ਇਸ਼ਕ ਦੇ ਦੌਰਾਨ ਮੈਂ ਗੁਬੇਰਨੀਆ ਦੇ ਮੁਖੀ ਰਾਠ ਵਲੋਂ ਸ਼ਰਵਟਾਈਡ ਦੇ ਆਖਰੀ ਦਿਨ ਦਿਤੀ ਗਈ ਨਾਚ-ਪਾਰਟੀ ਵਿਚ ਸ਼ਾਮਲ ਹੋਇਆ, ਇਹ ਮੁਖੀ ਰਾਠ ਇਕ ਚੰਗੇ ਸੁਭਾਅ ਵਾਲਾ ਬਜ਼ੁਰਗ ਸੀ, ਅਮੀਰ ਸੀ, ਚੰਗੀ ਆਓ-ਭਗਤ ਕਰਦਾ ਸੀ ਤੇ ਦਰਬਾਰੀ ਆਦਮੀ ਸੀ। ਉਸਦੀ ਪਤਨੀ, ਉਸੇ ਵਰਗੀ ਹੀ ਮਿਲਣਸਾਰ, ਸਾਡੇ ਸੁਆਗਤ ਲਈ ਉਸਦੇ ਨਾਲ ਖੜੀ ਸੀ। ਉਸਨੇ ਭੂਰੀ ਮਖਮਲ ਦਾ ਗਾਊਨ ਪਾਇਆ ਹੋਇਆ ਸੀ ਤੇ ਆਪਣੇ ਵਾਲਾਂ ਵਿਚ ਇਕ ਹੀਰੇ ਦੀ ਜੜਾਊ ਟੋਪੀ ਲਾ ਰਖੀ ਸੀ, ਤੇ ਉਸਦੀ ਬੁੱਢੀ ਹੋ ਰਹੀ ਧੌਣ ਤੇ ਮੋਢੇ, ਗੁਦਗੁਦੇ ਤੇ ਗੋਰੇ, ਨੰਗੇ ਸਨ ਜਿਸ ਤਰ੍ਹਾਂ ਯੇਲਿਜ਼ਾਵੇਤਾ ਪਿਤਰੋਵਨਾ ਦੀ ਪੋਰਟਰੇਟ ਹੁੰਦੀ ਹੈ। ਨਾਚ-ਪਾਰਟੀ ਬੇਹੱਦ ਸ਼ਾਨਦਾਰ ਸੀ। ਨਾਚ ਵਾਲਾ-ਕਮਰਾ ਬੜਾ ਸੁੰਦਰ ਸੀ, ਇਕ ਖਾਸ ਭੂਮੀਪਤੀ ਦੇ, ਜਿਹੜੇ ਆਪ ਸੰਗੀਤ ਦਾ ਸ਼ੌਕ ਰਖਦਾ ਸੀ, ਪ੍ਰਸਿੱਧ ਭੂਮੀ–ਗੁਲਾਮ ਗਵਈਏ ਤੇ ਸਾਜ਼ਿੰਦੇ ਆਏ ਹੋਏ ਸਨ, ਖਾਣ ਨੂੰ ਬੜਾ ਕੁਝ ਸੀ, ਸ਼ੈਮਪੇਨ ਦੀਆਂ ਨਦੀਆਂ ਵਗ ਰਹੀਆਂ ਸਨ। ਭਾਵੇਂ ਮੈਨੂੰ ਸ਼ੈਮਪੇਨ ਬੜੀ ਚੰਗੀ ਲਗਦੀ ਸੀ, ਪਰ ਮੈਂ ਪੀਤੀ ਨਾ–ਮੈਨੂੰ ਪਿਆਰ ਦਾ ਨਸ਼ਾ ਚੜ੍ਹਿਆ ਹੋਇਆ ਸੀ। ਪਰ ਮੈਂ ਉਦੋਂ ਤੱਕ ਨੱਚਦਾ ਰਿਹਾ ਜਦੋਂ ਤੱਕ ਮੇਰੇ ਵਿਚ ਹਿੰਮਤ ਸੀ–ਮੈਂ ਕਾਦਰੀਲ ਨਾਚ ਕੀਤਾ, ਤੇ ਵਾਲਟਜ਼, ਤੇ ਪੋਲਕਾ, ਤੇ ਬੇਸ਼ਕ, ਜਿੰਨਾ ਵਧ ਤੋਂ ਵਧ ਹੋ ਸਕਦਾ ਸੀ, ਵਾਰੇਨਕਾ ਨਾਲ ਨੱਚਿਆ। ਉਸਨੇ ਚਿੱਟੇ ਕਪੜੇ ਪਾਏ ਹੋਏ ਸਨ ਤੇ ਗੁਲਾਬੀ ਕਮਰਬੰਦ ਬੰਨ੍ਹਿਆ ਹੋਇਆ ਸੀ, ਚਿੱਟੇ ਨਰਮ ਚਮੜੇ ਦੇ ਦਸਤਾਨੇ ਪਾਏ ਹੋਏ ਸਨ ਜਿਹੜੇ ਉਸਦੀਆਂ ਪਤਲੀਆਂ, ਨੋਕੀਲੀਆਂ ਅਰਕਾਂ ਤੱਕ ਨਹੀਂ ਸਨ ਪਹੁੰਚਦੇ, ਤੇ ਚਿੱਟੇ ਅਤਲਸ ਦੇ ਸਲੀਪਰ ਪਾਏ ਹੋਏ ਸਨ। ਇਕ ਅਨੀਸੀਮੋਵ ਨਾਂ ਦਾ ਇੰਨਜੀਨੀਅਰ ਮਾਜ਼ੂਰਕਾ ਨੱਚਣ ਵੇਲੇ ਉਸਨੂੰ ਮੇਰੇ ਕੋਲੋਂ ਲੈ ਗਿਆ। ਮੈਂ ਉਸਨੂੰ ਅੱਜ ਤੱਕ ਨਹੀਂ ਮੁਆਫ਼ ਕਰ ਸਕਿਆ। ਉਹ ਜਿਉਂ ਹੀ ਨਾਚ ਵਾਲੇ ਕਮਰੇ ਵਿਚ ਪੁੱਜੀ, ਇੰਜੀਨੀਅਰ ਨੇ ਉਸਨੂੰ ਸੱਦਾ ਦਿੱਤਾ, ਜਦ ਕਿ ਮੈਂ ਹੇਅਰ-ਡਰੈਸਰ ਵੱਲ, ਦਸਤਾਨਿਆਂ ਲਈ, ਚਲਾ ਗਿਆ ਸਾਂ, ਜਿਸ ਕਰਕੇ ਮੈਨੂੰ ਜ਼ਰਾ ਕੁ ਦੇਰ ਹੋ ਗਈ ਸੀ। ਤੇ ਇਸ ਤਰ੍ਹਾਂ ਮਾਜ਼ੂਰਕਾ ਉਸ ਨਾਲ ਨੱਚਣ ਦੀ ਥਾਂ ਮੈਂ ਇਕ ਜਰਮਨ ਕੁੜੀ ਨਾਲ ਨੱਚਿਆ, ਜਿਸ ਨਾਲ ਮੇਰੇ ਕਦੀ ਸੰਬੰਧ ਰਹੇ ਸਨ। ਪਰ ਮੈਨੂੰ ਡਰ ਏ ਕਿ ਮੈਂ ਉਸ ਸ਼ਾਮ ਉਸ ਵਲੋਂ ਬਹੁਤ ਬੇਧਿਆਨਾ ਰਿਹਾ। ਮੈਂ ਉਸ ਨਾਲ ਗੱਲਬਾਤ ਨਾ ਕੀਤੀ, ਨਾ ਹੀ ਉਸ ਵੱਲ ਦੇਖਿਆ, ਕਿਉਂਕਿ ਮੇਰੀਆਂ ਅੱਖਾਂ ਤਾਂ ਹੋਰ ਕਿਸੇ ਨੂੰ ਨਹੀਂ ਸਨ ਦੇਖ ਰਹੀਆਂ ਸਿਵਾਏ ਉਸ ਉੱਚੀ ਲੰਮੀ, ਪਤਲੀ ਕੁੜੀ ਦੇ, ਜਿਸਨੇ ਚਿੱਟੇ ਕਪੜੇ ਪਾਏ ਹੋਏ ਤੇ ਗੁਲਾਬੀ ਕਮਰਬੰਦ ਬੰਨ੍ਹਿਆ ਹੋਇਆ ਸੀ, ਜਿਸ ਕੁੜੀ ਦਾ ਉੱਜਲਾ, ਭਖਦਾ ਚਿਹਰਾ ਸੀ ਤੇ ਗਲ੍ਹਾਂ ਵਿਚ ਟੋਏ ਪੈਂਦੇ ਸਨ ਤੇ ਜਿਸਦੀਆਂ ਅੱਖਾਂ ਪਿਆਰੀਆਂ ਤੇ ਦਿਲ ਮੋਹ ਲੈਣ ਵਾਲੀਆਂ ਸਨ। ਇਕੱਲਾ ਮੈਂ ਹੀ ਨਹੀਂ, ਸਾਰੇ ਹੀ ਉਸ ਵੱਲ ਦੇਖ ਰਹੇ ਤੇ ਉਸਦੀ ਪ੍ਰਸੰਸਾ ਕਰ ਰਹੇ ਸਨ, ਇਥੋਂ ਤਕ ਕਿ ਔਰਤਾਂ ਵੀ, ਕਿਉਂਕਿ ਉਹ ਸਭ ਨੂੰ ਮਾਤ ਪਾ ਰਹੀ ਸੀ। ਉਸਦੀ ਪ੍ਰਸੰਸਾ ਨਾ ਕਰਨਾ ਅਸੰਭਵ ਸੀ।
"ਨਿਯਮ ਅਨੁਸਾਰ, ਜੇ ਕਿਹਾ ਜਾ ਸਕੇ ਤਾਂ, ਮੈਂ ਮਾਜ਼ੂਰਕਾ ਵੇਲੇ ਉਸਦਾ ਸਾਥੀ ਨਹੀਂ ਸਾਂ, ਪਰ ਅਸਲ ਵਿਚ ਮੈਂ ਲਗਭਗ ਸਾਰਾ ਸਮਾਂ ਉਸੇ ਨਾਲ ਹੀ ਨੱਚਦਾ ਰਿਹਾ। ਜ਼ਰਾ ਵੀ ਘਬਰਾਹਟ ਤੋਂ ਬਿਨਾਂ ਉਹ ਨੱਚਦੀ ਹੋਈ ਸਾਰਾ ਨਾਚ-ਕਮਰਾ ਚੱਲ ਕੇ ਸਿੱਧੀ ਮੇਰੇ ਤੱਕ ਆਈ, ਤੇ ਜਦੋਂ ਮੈਂ, ਬਿਨਾਂ ਸੱਦੇ ਦੀ ਉਡੀਕ ਕੀਤਿਆਂ, ਛਾਲ ਮਾਰ ਕੇ ਉਸ ਤੱਕ ਪੁੱਜ ਗਿਆ ਤਾਂ ਉਹ ਧੰਨਵਾਦ ਵਜੋਂ ਮੁਸਕ੍ਰਾਈ ਕਿ ਮੈਂ ਉਸਦੀ ਇੱਛਾ ਦਾ ਠੀਕ ਅੰਦਾਜ਼ਾ ਲਾਇਆ ਸੀ। ਜਦੋਂ ਅਸੀਂ ਉਸ ਤੱਕ ਪੁੱਜਦੇ, ਤੇ ਉਹ ਮੇਰੇ ਬਾਰੇ ਠੀਕ ਤਰ੍ਹਾਂ ਅੰਦਾਜ਼ਾ ਨਾ ਲਾ ਸਕਦੀ, ਤਾਂ ਉਹ ਕਿਸੇ ਹੋਰ ਵੱਲ ਹੱਥ ਵਧਾਉਂਦੀ ਹੋਈ ਆਪਣੇ ਪਤਲੇ ਜਿਹੇ ਮੋਢੇ ਜ਼ਰਾ ਕੁ ਸੁੰਗੇੜਦੀ ਤੇ ਮੇਰੇ ਵੱਲ ਅਫ਼ਸੋਸ ਤੇ ਤਸੱਲੀ ਦੀ ਮਾੜੀ ਜਿਹੀ ਮੁਸਕਾਣ ਸੁੱਟਦੀ।
ਤੇ ਜਦੋਂ ਮਾਜ਼ੂਰਕਾ ਦੇ ਕਦਮ ਵਾਲਟਜ਼ ਵਿਚ ਬਦਲ ਗਏ, ਤਾਂ ਮੈਂ ਬਹੁਤ ਦੇਰ ਤੱਕ ਉਸ ਨਾਲ ਵਾਲਟਜ਼ ਨੱਚਦਾ ਰਿਹਾ, ਤੇ ਉਹ ਸਾਹੋਸਾਹੀ ਹੋਈ ਮੁਸਕ੍ਰਾਉਂਦੀ ਰਹੀ ਤੇ ਮੈਂ ਉਸ ਨਾਲ ਵਾਲਟਜ਼ ਨੱਚੀ ਗਿਆ। ਇਸ ਤਰ੍ਹਾਂ ਕਿ ਆਪਣੇ ਸਰੀਰ ਨੂੰ ਬਿਲਕੁਲ ਮਹਿਸੂਸ ਤੱਕ ਨਹੀਂ ਸਾਂ ਕਰ ਰਿਹਾ।"
"ਲੈ, ਇਹ ਕਿੱਦਾਂ ਹੋ ਸਕਦੈ ਕਿ ਮਹਿਸੂਸ ਨਹੀਂ ਸਾਂ ਕਰ ਰਿਹਾ, ਮੇਰਾ ਖਿਆਲ ਹੈ ਕਿ ਤੁਸੀਂ ਬਹੁਤ ਮਹਿਸੂਸ ਕਰ ਰਹੇ ਸੋ, ਜਦੋਂ ਤੁਹਾਡੀ ਬਾਂਹ ਉਸਦੀ ਕਮਰ ਦੁਆਲੇ ਸੀ-ਮਹਿਸੂਸ ਕਰ ਰਹੇ ਸੋ, ਨਾ ਸਿਰਫ ਆਪਣਾ ਸ਼ਰੀਰ ਸਗੋਂ ਉਸਦਾ ਵੀ," ਪਰਾਹੁਣਿਆਂ ਵਿਚੋਂ ਇਕ ਬੋਲਿਆ।
ਈਵਾਨ ਵਾਈਲੀਏਵਿਚ ਇਕਦਮ ਲਾਲ ਸੂਹਾ ਹੋ ਗਿਆ ਤੇ ਨਾਰਾਜ਼ ਹੁੰਦਾ ਹੋਇਆ ਲਗਭਗ ਚਿੱਲਾਇਆ:
"ਇਹ ਗੱਲ ਤੁਹਾਡੇ ਬਾਰੇ ਠੀਕ ਏ, ਅੱਜ ਦੇ ਨੌਜਵਾਨਾਂ ਬਾਰੇ। ਸਰੀਰ ਤੋਂ ਛੁੱਟ ਤੁਹਾਨੂੰ ਹੋਰ ਕੁਝ ਦਿਸਦਾ ਹੀ ਨਹੀਂ। ਸਾਡੇ ਵੇਲੇ ਇੰਝ ਨਹੀਂ ਸੀ ਹੁੰਦਾ। ਮੇਰਾ ਖਿਆਲ ਜਿੰਨਾ ਜ਼ਿਆਦਾ ਜ਼ੋਰ ਫੜਦਾ ਜਾਂਦਾ ਸੀ, ਉਹ ਮੇਰੇ ਲਈ ਓਨੀ ਹੀ ਜ਼ਿਆਦਾ ਨਿਰ-ਸਰੀਰ ਹੁੰਦੀ ਜਾਂਦੀ। ਤੁਸੀਂ ਹੁਣ ਉਹਨਾਂ ਦੀਆਂ ਲੱਤਾਂ ਦੇਖਦੇ ਹੋ, ਗਿੱਟੇ ਦੇਖਦੇ ਹੋ, ਤੇ ਹੋਰ ਤੇ ਹੋਰ, ਉਹਨਾਂ ਔਰਤਾਂ ਨੂੰ ਕੱਪੜਿਆਂ ਤੋਂ ਹੇਠਾਂ ਵੀ ਦੇਖਦੇ ਹੋ, ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੁੰਦੇ ਹੋ, ਪਰ ਮੇਰੇ ਲਈ, ਜਿਵੇਂ ਕਿ ਫ੍ਰਾਂਸੀਸੀ ਲੇਖਕ ਅਲਫਾਂਸ਼ ਕਾਰ ਨੇ ਕਿਹਾ ਹੈ–ਚੰਗਾ ਲੇਖਕ ਸੀ ਉਹ–ਮੇਰੇ ਇਸ਼ਕ ਦੀ ਮੂਰਤੀ ਦੇ ਹਮੇਸ਼ਾ ਕਾਂਸ਼ੀ ਦੇ ਕਪੜੇ ਪਾਏ ਹੁੰਦੇ ਹਨ। ਅਸੀਂ ਬੇਪਰਦ ਕਰਨ ਵਾਲਿਆਂ ਵਿਚੋਂ ਨਹੀਂ ਸਾਂ ਹੁੰਦੇ ਸਗੋਂ ਉਹਨਾਂ ਵਿਚੋਂ ਸਾਂ ਜਿਹੜੇ ਨਗਨਤਾ ਨੂੰ ਕੱਜਦੇ ਸਨ, ਨੌਹ ਦੇ ਚੰਗੇ ਸਪੂਤ ਵਾਂਗ। ਪਰ ਇਹ ਗੱਲਾਂ ਤੁਸੀਂ ਨਹੀਂ ਸਮਝ ਸਕਦੇ..."
"ਇਹਦੇ ਵੱਲ ਕੰਨ ਨਾ ਧਰੋ। ਇਹ ਦੱਸੋ ਅੱਗੋਂ ਕੀ ਹੋਇਆ? ਸਾਡੇ ਵਿਚੋਂ ਇਕ ਬੋਲਿਆ।
"ਖੈਰ, ਮੈਂ ਬਹੁਤਾ ਉਸੇ ਨਾਲ ਹੀ ਨਾਚ ਕੀਤਾ, ਤੇ ਮੈਨੂੰ ਖਿਆਲ ਤੱਕ ਨਾ ਆਇਆ ਕਿ ਸਮਾਂ ਕਿਵੇਂ ਉੱਡਦਾ ਜਾਂਦਾ ਹੈ। ਸਾਜ਼ਿੰਦੇ ਏਨੇ ਥੱਕ ਗਏ ਸਨ–ਤੁਹਾਨੂੰ ਪਤਾ ਹੀ ਏ ਨਾਚ-ਪਾਰਟੀ ਦੇ ਅਖੀਰ ਵਿਚ ਕਿਸ ਤਰ੍ਹਾਂ ਹੁੰਦੈ–ਕਿ ਉਹ ਮਾਜ਼ੂਰਕਾ ਦੀ ਧੁਨ ਵਜਾਈ ਜਾ ਰਹੇ ਸਨ; ਸ਼ਾਮ ਦੇ ਖਾਣੇ ਦੀ ਉਡੀਕ ਵਿਚ ਮਾਵਾਂ ਤੇ ਪਿਓ ਬੈਠਕ ਵਿਚੋਂ ਤਾਸ਼ ਦੇ ਮੇਜ਼ਾਂ ਤੋਂ ਉੱਠਦੇ ਜਾ ਰਹੇ ਸਨ; ਨੌਕਰ ਦੌੜ ਦੌੜ ਕੇ ਚੀਜ਼ਾਂ ਲਿਆ ਰਹੇ ਸਨ। ਸਵੇਰ ਦੇ ਤਿੰਨ ਵੱਜਣ ਵਾਲੇ ਸਨ। ਇਹਨਾਂ ਆਖਰੀ ਘੜੀਆਂ ਤੋਂ ਲਾਭ ਉਠਾਉਣਾ ਜ਼ਰੂਰੀ ਸੀ। ਮੈਂ ਇਕ ਵਾਰੀ ਫਿਰ ਉਸਨੂੰ ਸੱਦਾ ਦਿਤਾ, ਤੇ ਸੌਵੀਂ ਵਾਰੀ ਅਸੀਂ ਸਾਰੇ ਹਾਲ-ਕਮਰੇ ਵਿਚ ਨੱਚਣ ਲਗੇ।
"ਖਾਣੇ ਤੋਂ ਮਗਰੋਂ ਕਾਦਰਿਲ ਮੇਰੇ ਨਾਲ ਨੱਚੋਗੇ ਨਾ? ਮੈਂ ਉਸਨੂੰ ਵਾਪਸ ਉਸਦੀ ਥਾਂ ਪੁਚਾਉਂਦਿਆਂ ਪੁੱਛਿਆ।
"ਬੇਸ਼ਕ, ਜੇ ਉਹ ਮੈਨੂੰ ਘਰ ਨਾ ਲੈ ਗਏ," ਉਸਨੇ ਮੁਸਕਾਉਂਦੀ ਨੇ ਜਵਾਬ ਦਿਤਾ।
"ਮੈਂ ਨਹੀਂ ਲਿਜਾਣ ਦੇਵਾਂਗਾ," ਮੈਂ ਕਿਹਾ।
"ਮੇਰਾ ਪੱਖਾ ਮੈਨੂੰ ਦੇ ਦਿਓ," ਉਹ ਬੋਲੀ।
"ਇਹ ਵਾਪਸ ਕਰਕੇ ਮੈਨੂੰ ਬੜਾ ਅਫਸੋਸ ਹੋ ਰਿਹੈ," ਉਸਦਾ ਛੋਟਾ ਜਿਹਾ ਚਿੱਟਾ ਸਸਤਾ ਪੱਖਾ ਉਸਨੂੰ ਵਾਪਸ ਕਰਦਿਆਂ ਮੈਂ ਕਿਹਾ। ਤਾਂ ਫਿਰ ਆਹ ਲਵੋ, ਤੁਹਾਡਾ ਅਫਸੋਸ ਦੂਰ ਹੋ ਜਾਏ ਉਸਨੇ ਪੱਖੇ ਵਿਚੋਂ ਇਕ ਖੰਭ ਤੋੜ ਕੇ ਮੈਨੂੰ ਦਿੰਦਿਆਂ ਕਿਹਾ।
"ਮੈਂ ਖੰਭ ਫੜ ਲਿਆ ਤੇ ਆਪਣੀ ਸਾਰੀ ਬੇਖੁਦੀ ਤੇ ਧੰਨਵਾਦ ਨੂੰ ਸਿਰਫ ਨਜ਼ਰਾਂ ਨਾਲ ਹੀ ਪ੍ਰਗਟ ਕਰ ਸਕਿਆ। ਮੈਂ ਸਿਰਫ ਖੁਸ਼ ਤੇ ਸੰਤੁਸ਼ਟ ਹੀ ਨਹੀਂ ਸਾਂ–ਮੈਂ... ਖੁਸ਼ਕਿਸਮਤ ਸਾਂ, ਮੈਂ ਆਨੰਦ ਵਿਚ ਸਾਂ, ਮੈਂ ਨੇਕ ਆਦਮੀ ਸਾਂ, ਮੈਂ ਨਹੀਂ ਸਾਂ ਰਿਹਾ, ਸਗੋਂ ਐਸਾ ਜੀਵ ਬਣ ਗਿਆ ਸਾਂ ਜਿਹੜਾ ਇਸ ਧਰਤੀ ਨਾਲ ਸੰਬੰਧਤ ਨਹੀਂ ਸੀ, ਜਿਹੜਾ ਕੋਈ ਬੁਰਾਈ ਨਹੀਂ ਸੀ ਕਰਨਾ ਜਾਣਦਾ, ਜਿਹੜਾ ਸਿਰਫ ‘ਭਲਾਈ ਹੀ ਕਰ ਸਕਦਾ ਸੀ।
"ਮੈਂ ਖੰਭ ਨੂੰ ਆਪਣੇ ਦਸਤਾਨੇ ਵਿਚ ਦੇ ਲਿਆ ਤੇ ਉਥੇ ਗੱਡਿਆ ਖੜਾ ਰਿਹਾ, ਜਿਵੇਂ ਉਸ ਕੋਲੋਂ ਜਾਣ ਦੀ ਮੇਰੇ ਵਿਚ ਸਮਰਥਾ ਨਹੀਂ ਸੀ।
"ਦੇਖੋ, ਉਹ ਪਾਪਾ ਨੂੰ ਨਾਚ ਕਰਨ ਲਈ ਕਹਿ ਰਹੇ ਨੇ," ਉਸਨੇ ਇਕ ਉੱਚੇ-ਲੰਮੇ, ਸ਼ਾਹੀ ਠਾਠ ਵਾਲੇ ਆਦਮੀ ਵੱਲ ਇਸ਼ਾਰਾ ਕਰਦੀ ਨੇ ਕਿਹਾ, ਜਿਹੜਾ ਕਿ ਉਸਦਾ ਪਿਤਾ ਸੀ–ਇਕ ਕਰਨੈਲ, ਜਿਸਨੇ ਮੋਢਿਆਂ ਉਤੇ ਆਪਣੀ ਚਾਂਦੀ ਦੇ ਪਦਚਿੰਨ, ਲਾਏ ਹੋਏ ਸਨ, ਉਹ ਦਰਵਾਜ਼ੇ ਵਿਚ ਖੜਾ ਸੀ ਤੇ ਘਰ ਦੀ ਮਾਲਕਣ ਤੇ ਦੂਜੀਆਂ ਸੁਆਣੀਆਂ ਨੇ ਉਸਨੂੰ ਘੇਰ ਰਖਿਆ ਸੀ।
"ਵਾਰੇਨਕਾ, ਇਧਰ ਆਓ," ਸਾਨੂੰ ਘਰ ਦੀ ਮਾਲਕਣ ਦੀ ਉੱਚੀ ਆਵਾਜ਼ ਸੁਣਾਈ ਦਿੱਤੀ, ਜਿਸਨੇ ਹੀਰਿਆਂ-ਜੜੀ ਟੋਪੀ ਪਾਈ ਹੋਈ ਸੀ ਤੇ ਜਿਸਦੇ ਮੋਢੇ ਯੇਲੀਜ਼ਵੇਤਾ ਵਰਗੇ ਸਨ।
"ਵਾਰੇਨਕਾ ਦਰਵਾਜ਼ੇ ਵੱਲ ਗਈ, ਤੇ ਮੈਂ ਉਸਦੇ ਮਗਰ ਮਗਰ ਗਿਆ।
"ਆਪਣੇ ਪਿਤਾ ਨੂੰ ਮਨਾਓ ਮੇਰੀ ਪਿਆਰੀ, ਕਿ ਉਹ ਤੁਹਾਡੇ ਨਾਲ ਨਾਚ ਕਰਨ। ਕਿਰਪਾ ਕਰਕੇ, ਪਿਓਤਰ ਵਲਾਦੀਸਲਾਵਿਚ," ਮਾਲਕਣ ਕਰਨੈਲ ਨੂੰ ਕਹਿਣ ਲਗੀ।
"ਵਾਰੇਨਕਾ ਦਾ ਪਿਤਾ ਬਹੁਤ ਸੁੰਦਰ, ਸ਼ਾਹੀ ਠਾਠ ਵਾਲਾ, ਉੱਚਾ-ਲੰਮਾ ਤੇ ਨੌ-ਬਰ-ਨੌ ਲਗਦਾ ਬਜ਼ੁਰਗ ਸੀ। ਉਸਦਾ ਲਾਲ ਭਖਦਾ ਚਿਹਰਾ ਸੀ, ਜਿਸ ਉਤੇ ਨਿਕੋਲਸ ਪਹਿਲੇ ਦੇ ਅੰਦਾਜ਼ ਵਿਚ ਮਰੋੜੀਆਂ ਗਈਆਂ ਚਿੱਟੀਆਂ ਮੁੱਛਾਂ ਸਨ, ਚਿੱਟੀਆਂ ਹੀ ਕਲਮਾਂ ਸਨ ਜਿਹੜੀਆਂ ਮੁੱਛਾਂ ਨਾਲ ਆ ਮਿਲਦੀਆਂ ਸਨ, ਵਾਲ ਅੱਗੇ ਨੂੰ ਕਰਕੇ ਵਾਹੇ ਪੁੜਪੁੜੀਆਂ ਢੱਕ ਰਹੇ ਸਨ, ਤੇ ਬਿਲਕੁਲ ਉਸੇ ਤਰ੍ਹਾਂ ਦੀ ਮੁਸਕਰਾਹਟ ਉਸਦੀਆਂ ਅੱਖਾਂ ਤੇ ਬੁਲ੍ਹਾਂ ਨੂੰ ਉਜਲਾ ਕਰ ਰਹੀ ਸੀ, ਜਿਸ ਤਰ੍ਹਾਂ ਦੀ ਉਸਦੀ ਧੀ ਦੀ ਸੀ। ਉਹ ਚੰਗੇ ਗਠੇ ਸਰੀਰ ਵਾਲਾ ਸੀ, ਚੌੜੀ ਛਾਤੀ, ਫੌਜੀ ਢੰਗ ਨਾਲ ਅੱਗੇ ਨੂੰ ਤਣੀ ਹੋਈ, ਤੇ ਇਸ ਉਤੇ ਤਮਗੇ ਸਨਿਮਰ ਢੰਗ ਨਾਲ ਸਜੇ ਹੋਏ ਸਨ, ਮਜ਼ਬੂਤ ਮੋਢੇ ਤੇ ਲੰਮੀਆਂ, ਸੋਹਣੀਆਂ ਲੱਤਾਂ ਸਨ। ਉਹ ਪੁਰਾਣੀ ਕਿਸਮ ਦਾ ਅਫਸਰ ਸੀ, ਜਿਸਦੀ ਫੌਜੀ ਦਿੱਖ ਨਿਕੋਲਸ ਸਕੂਲ ਵਾਲੀ ਸੀ।
"ਜਦੋਂ ਅਸੀਂ ਦਰਵਾਜ਼ੇ ਕੋਲ ਪੁੱਜੇ ਤਾਂ ਕਰਨੈਲ ਨਾਂਹ-ਨੁੱਕਰ ਕਰ ਰਿਹਾ ਸੀ, ਇਹ ਕਹਿੰਦਾ ਹੋਇਆ ਕਿ ਹੁਣ ਮੈਨੂੰ ਨੱਚਣਾ ਭੁੱਲ ਚੁਕਾ ਹੈ, ਪਰ ਤਾਂ ਵੀ ਮੁਸਕਰਾਉਂਦਿਆਂ, ਉਸਨੇ ਆਪਣਾ ਹੱਥ ਤਲਵਾਰ ਤੱਕ ਲਿਆਂਦਾ, ਇਸ ਨੂੰ ਪੇਟੀ ਵਿਚੋਂ ਕਢਿਆ, ਆਪਣੀਆਂ ਸੇਵਾਵਾਂ ਪੇਸ਼ ਕਰਨ ਲਈ ਤਤਪਰ ਖੜੇ ਨੌਜਵਾਨ ਨੂੰ ਫੜਾਈ ਤੇ ਆਪਣੇ ਸੱਜੇ ਹੱਥ ਉਤੇ ਸੁਈਡ ਦਾ ਦਸਤਾਨਾ ਚੜਾਉਂਦਿਆਂ (‘‘ਸਭ ਕੁਝ ਨਿਯਮ ਅਨੁਸਾਰ, ਉਹ ਮੁਸਕਰਾਉਂਦਾ ਹੋਇਆ ਕਹਿਣ ਲੱਗਾ) ਉਸਨੇ ਆਪਣੀ ਧੀ ਦਾ ਹੱਥ ਫੜਿਆ, ਜ਼ਰਾ ਕੁ ਟੇਢਾ ਹੋ ਕੇ ਖੜੋ ਗਿਆ, ਤੇ ਸੰਗੀਤ ਸ਼ੁਰੂ ਹੋਣ ਦੀ ਉਡੀਕ ਕਰਨ ਲੱਗਾ।
"ਜਿਉਂ ਹੀ ਮਾਜ਼ੂਰਕਾ ਲਈ ਧੁਨ ਸ਼ੁਰੂ ਹੋਈ, ਉਸਨੇ ਇਕ ਪੈਰ ਜ਼ੋਰ ਨਾਲ ਹੇਠਾਂ ਮਾਰਿਆ, ਦੂਜੇ ਪੈਰ ਨੂੰ ਘੁਮਾਇਆ, ਤੇ ਫਿਰ ਉਸਦਾ ਉੱਚਾ-ਲੰਮਾ, ਭਰਵਾਂ ਸ਼ਰੀਰ ਨਾਚ- ਕੈਮਰੇ ਵਿਚ ਤਰਨ ਲਗੀ। ਉਹ ਇਕ ਪੈਰ ਦੂਜੇ ਨਾਲ ਮਾਰਦਾ, ਕਦੀ ਆਹਿਸਤਾ ਜਿਹੇ ਤੋਂ ਮਟਕ ਨਾਲ ਕਦੀ ਤੇਜ਼ ਤੇ ਜ਼ੋਰ ਨਾਲ। ਵਾਰੇਨਕਾ ਦਾ ਛਬ ਭਰਿਆ ਸਰੀਰ ਵੀ ਉਸਦੇ ਨਾਲ ਹੀ ਤਰ ਰਿਹਾ ਸੀ। ਬਿਨਾਂ ਮਹਿਸੂਸ ਹੋਣ ਦੇਣ ਦੇ ਤੇ ਹਮੇਸ਼ਾ ਹੀ ਐਨ ਵਕਤ ਸਿਰ, ਉਹ ਆਪਣੇ ਨਿੱਕੇ ਨਿੱਕੇ ਅਤਲਸੀ ਪੈਰਾਂ ਦੇ ਕਦਮ ਨੂੰ ਉਸਦੇ ਕਦਮ ਨਾਲ ਮੇਲਣ ਲਈ ਵੱਡਾ ਜਾਂ ਛੋਟਾ ਕਰਦੀ ਜਾ ਰਹੀ ਸੀ। ਸਾਰੇ ਜਣੇ ਜੋੜੇ ਦੀ ਹਰ ਹਰਕਤ ਨੂੰ ਗਹੁ ਨਾਲ ਦੇਖ ਰਹੇ ਸਨ। ਮੈਂ ਸਿਰਫ਼ ਪ੍ਰਸੰਸਾ ਹੀ ਨਹੀਂ ਸਗੋਂ ਇਕ ਤਰ੍ਹਾਂ ਦੀ ਡੂੰਘੀ ਮੁਗਧਤਾ ਮਹਿਸੂਸ ਕਰ ਰਿਹਾ ਸਾਂ। ਕਰਨੈਲ ਦੇ ਬੂਟਾਂ ਦੀ ਝਲਕ ਨੇ ਮੈਨੂੰ ਖਾਸ ਕਰਕੇ ਟੁੰਬਿਆ। ਇਹ ਚੰਗੇ ਬਛੜੇ ਦੇ ਚਮੜੇ ਦੇ ਬੂਟ ਸਨ, ਪਰ ਇਹ ਅੱਡੀ ਤੋਂ ਬਿਨਾਂ ਸਨ, ਤੇ ਫੈਸ਼ਨੇਬਲ ਤਿੱਖੇ ਪੱਬਾਂ ਦੀ ਥਾਂ ਚੌੜੇ ਪੱਬਾਂ ਵਾਲੇ ਸਨ। ਪ੍ਰਤੱਖ ਤੌਰ ਉਤੇ, ਇਹਨਾਂ ਨੂੰ ਬਟਾਲੀਅਨ ਦੇ ਮੋਚੀ ਨੇ ਬਣਾਇਆ ਸੀ। ਇਹ ਫੈਸ਼ਨੇਬਲ ਬੂਟਾਂ ਦੀ ਥਾਂ ਸਾਧਾਰਨ ਬੂਟ ਇਸ ਲਈ ਪਾਉਂਦਾ ਹੈ ਤਾਂ ਕਿ ਆਪਣੀ ਪਿਆਰੀ ਧੀ ਨੂੰ ਚੰਗੇ ਕਪੜੇ ਪੁਆ ਸਕੇ ਤੇ ਸੁਸਾਇਟੀ ਵਿਚ ਲਿਆ ਸਕੇ, ਮੈਂ ਆਪਣੇ ਆਪ ਵਿਚ ਸੋਚਿਆ ਤੇ ਇਹੀ ਕਾਰਨ ਸੀ ਕਿ ਮੈਂ ਉਸਦੇ ਚੌੜੇ ਪੱਬਾਂ ਵਾਲੇ ਬੂਟਾਂ ਤੋਂ ਟੁੱਬਿਆ ਗਿਆ ਸਾਂ। ਹਰ ਕੋਈ ਦੇਖ ਸਕਦਾ ਸੀ ਕਿ ਕਦੀ ਉਹ ਬੜੀ ਸੋਹਣੀ ਤਰ੍ਹਾਂ ਨੱਚਦਾ ਰਿਹਾ ਸੀ, ਪਰ ਹੁਣ ਉਸਦਾ ਸਰੀਰ ਭਾਰਾ ਹੋ ਚੁੱਕਾ ਸੀ ਤੇ ਲੱਤਾਂ ਏਨੀਆਂ ਲੱਚਕਦਾਰ ਨਹੀਂ ਸਨ ਰਹੀਆਂ ਕਿ ਉਹ ਸਾਰੀਆਂ ਤੇਜ਼ ਤੇ ਸੁੰਦਰ ਹਰਕਤਾਂ ਕਰ ਸਕੇ, ਜਿਹੜੀਆਂ ਕਰਨ ਦੀ ਉਹ ਕੋਸ਼ਿਸ਼ ਕਰ ਰਿਹਾ ਸੀ। ਪਰ ਉਸਨੇ ਕਮਰੇ ਦੇ ਦੋ ਚੱਕਰ ਬੜੀ ਚੰਗੀ ਤਰ੍ਹਾਂ ਲਾਏ, ਤੇ ਹਰ ਕੋਈ ਤਾਲੀਆਂ ਵਜਾਉਂਦਾ ਜਦੋਂ ਉਹ ਤੇਜ਼ੀ ਨਾਲ ਆਪਣੇ ਪੈਰ ਫੈਲਾਉਂਦਾ, ਫਿਰ ਉਹ ਮੁੜ ਕੇ ਹੁੱਝਕੇ ਨਾਲ ਇਕੱਠਿਆਂ ਕਰਦਾ ਤੇ, ਜ਼ਰਾ ਬੋਝਲ ਜਿਹੇ ਢੰਗ ਨਾਲ, ਇਕ ਗੋਡੇ ਉਤੇ ਝੁਕ ਜਾਂਦਾ। ਤੇ ਉਹ ਮੁਸਕਰਾਉਂਦੀ ਹੋਈ ਆਪਣੇ ਅੜੇ ਸਕਰਟ ਨੂੰ ਛੁਡਾਉਂਦੀ ਹੋਈ ਉਸਦੇ ਦੁਆਲੇ ਬੜੀ ਸ਼ਾਨ ਨਾਲ ਤੁਰਦੀ ਰਹੀ। ਜਦੋਂ ਫਿਰ ਉਹ ਕੋਸ਼ਿਸ਼ ਕਰਕੇ ਖੜਾ ਹੋ ਜਾਂਦਾ, ਤਾਂ ਉਹ ਬੜੇ ਪਿਆਰ ਨਾਲ ਆਪਣੇ ਹੱਥ ਆਪਣੀ ਧੀ ਦੇ ਕੰਨਾਂ ਉਤੇ ਰਖਦਾ ਤੇ ਉਸਦਾ ਮੱਥਾ ਚੁੰਮਦਾ, ਫਿਰ ਉਹ ਉਸਨੂੰ ਮੇਰੇ ਤੱਕ ਲੈ ਆਇਆ। ਉਸਦਾ ਖਿਆਲ ਸੀ ਕਿ ਮੈਂ ਉਸਦਾ ਨਾਚ ਦਾ ਸਾਥੀ ਹਾਂ। ਮੈਂ ਉਸਨੂੰ ਦਸਿਆ ਕਿ ਮੈਂ ਉਸਦਾ ਨਾਚ ਦਾ ਸਾਥੀ ਨਹੀਂ।
"ਕੋਈ ਗੱਲ ਨਹੀਂ; ਤੂੰ ਇਹਦੇ ਨਾਲ ਨੱਚ," ਉਹ ਨਿੱਘੀ ਤਰ੍ਹਾਂ ਮੁਸਕਰਾਉਂਦਾ ਹੋਇਆ ਤੇ ਆਪਣੀ ਤਲਵਾਰ ਨੂੰ ਵਾਪਸ ਆਪਣੀ ਮਿਆਨ ਵਿਚ ਪਾਉਂਦਾ ਹੋਇਆ ਬੋਲਿਆ।
"ਬਿਲਕੁਲ ਜਿਸ ਤਰ੍ਹਾਂ ਬੋਤਲ ਵਿਚੋਂ ਨਿਕਲਿਆ ਪਹਿਲਾ ਤੁਪਕਾ ਪੂਰੀ ਛੱਲ ਆਪਣੇ ਨਾਲ ਲੈ ਕੇ ਆਉਂਦਾ ਹੈ, ਇਸੇ ਤਰ੍ਹਾਂ ਵਾਰੇਨਕਾ ਲਈ ਮੇਰੇ ਪਿਆਰ ਨੇ ਮੇਰੀ ਆਤਮਾ ਵਿਚ ਲੁਕੇ ਸਾਰੇ ਪਿਆਰ ਦਾ ਕੜ ਪਾੜ ਦਿਤਾ। ਮੈਂ ਸਾਰੀ ਦੁਨੀਆਂ ਨੂੰ ਪਿਆਰ ਨਾਲ ਆਪਣੀ ਗਲਵਕੜੀ ਵਿਚ ਲੈ ਲਿਆ। ਮੈਂ ਹੀਰਿਆਂ ਜੜੀ ਟੋਪੀ ਵਾਲੀ ਘਰ ਦੀ ਮਾਲਕਣ ਨੂੰ, ਉਸਦੇ ਪਤੀ ਨੂੰ, ਤੇ ਉਸਦੇ ਪਰਾਹੁਣਿਆਂ ਨੂੰ, ਤੇ ਉਸਦੇ ਨੌਕਰਾਂ-ਚਾਕਰਾਂ ਨੂੰ, ਤੇ ਇਥੋਂ ਤੱਕ ਕਿ ਇੰਜੀਨੀਅਰ ਅਨੀਸੀਮੋਵ ਨੂੰ ਵੀ, ਜਿਹੜਾ ਸਪਸ਼ਟ ਹੀ ਮੇਰੇ ਨਾਲ ਨਾਰਾਜ਼ ਸੀ, ਪਿਆਰ ਕਰਨ ਲੱਗਾ। ਜਿਥੋਂ ਤੱਕ ਚੌੜੇ ਪੱਬਾਂ ਵਾਲੇ ਬੂਟਾਂ ਵਾਲੇ ਤੇ ਆਪਣੀ ਧੀ ਦੀ ਮੁਸਕਰਾਹਟ ਨਾਲ ਏਨੀ ਮਿਲਦੀ ਮੁਸਕਰਾਹਟ ਵਾਲੇ ਉਸਦੇ ਪਿਤਾ ਦਾ ਸਵਾਲ ਸੀ–ਮੈਂ ਉਸ ਲਈ ਵਿਸਮਾਦੀ ਪਿਆਰ ਮਹਿਸੂਸ ਕਰ ਰਿਹਾ ਹਾਂ।
"ਮਾਜ਼ੂਰਕਾ ਸਮਾਪਤ ਹੋਇਆ ਤੇ ਮੀਜ਼ਬਾਨਾਂ ਨੇ ਸਾਨੂੰ ਖਾਣੇ ਦੇ ਮੇਜ਼ ਉਤੇ ਆਉਣ ਦਾ ਸੱਦਾ ਦਿੱਤਾ। ਪਰ ਕਰਨੈਲ ਬ-ਨੇ ਇਹ ਕਹਿੰਦਿਆਂ ਇਨਕਾਰ ਕਰ ਦਿਤਾ ਕਿ ਉਸਨੂੰ ਸਵੇਰੇ ਜਲਦੀ ਉੱਠਣਾ ਪੈਣਾ ਹੈ। ਮੈਨੂੰ ਡਰ ਸੀ ਕਿ ਉਹ ਵਾਰੇਨਕਾ ਨੂੰ ਕਿਤੇ ਆਪਣੇ ਨਾਲ ਨਾ ਲੈ ਜਾਏ, ਪਰ ਉਹ ਮਗਰ ਆਪਣੀ ਮਾਂ ਕੋਲ ਰਹਿ ਗਈ।
"ਖਾਣੇ ਤੋਂ ਮਗਰੋਂ ਮੈਂ ਉਸ ਨਾਲ ਕਾਦਰਿਲ ਨੱਚਿਆ, ਜਿਸਦਾ ਉਸਨੇ ਵਾਅਦਾ ਕੀਤਾ ਸੀ। ਤੇ ਭਾਵੇਂ ਮੈਨੂੰ ਲਗਦਾ ਸੀ ਕਿ ਮੈਂ ਖੁਸ਼ੀ ਦੀ ਸਿਖਰ ਉਤੇ ਪੁੱਜ ਚੁਕਾ ਹਾਂ, ਪਰ ਤਾਂ ਵੀ ਇਹ ਵਧਦੀ ਹੀ ਗਈ। ਅਸੀਂ ਪਿਆਰ ਦੀ ਕੋਈ ਗੱਲ ਨਾ ਕੀਤੀ; ਮੈਂ ਉਸਨੂੰ, ਸਗੋਂ ਆਪਣੇ ਆਪ ਨੂੰ ਵੀ, ਨਾ ਪੁੱਛਿਆ ਕਿ ਉਹ ਮੈਨੂੰ ਪਿਆਰ ਕਰਦੀ ਹੈ ਜਾਂ ਨਹੀਂ। ਮੇਰੇ ਲਈ ਇਹੀ ਕਾਫੀ ਸੀ ਕਿ ਮੈਂ ਉਸਨੂੰ ਪਿਆਰ ਕਰਦਾ ਸਾਂ। ਮੈਨੂੰ ਡਰ ਸੀ ਤਾਂ ਸਿਰਫ ਇਹ ਕਿ ਕੋਈ ਚੀਜ ਐਸੀ ਨਾ ਵਾਪਰ ਜਾਏ ਜਿਹੜੀ ਮੇਰੀ ਖੁਸ਼ੀ ਨੂੰ ਨਾਸ ਕਰ ਦੇਵੇ।
"ਜਦੋਂ ਮੈਂ ਘਰ ਪੁੱਜਾ, ਕੱਪੜੇ ਉਤਾਰੇ ਤੇ ਸੌਣ ਬਾਰੇ ਸੋਚਣ ਲੱਗਾ, ਤਾਂ ਮੈਂ ਮਹਿਸੂਸ ਕੀਤਾ ਕਿ ਨੀਂਦ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਉਸਦੇ ਪੱਖੇ ਦੇ ਖੰਭ ਨੂੰ ਤੇ ਉਸਦੇ ਇਕ ਦਸਤਾਨੇ ਨੂੰ ਆਪਣੇ ਹੱਥ ਵਿਚ ਫੜਿਆ ਹੋਇਆ ਸੀ, ਜਿਹੜਾ ਉਸਨੇ ਮੈਨੂੰ ਉਦੋਂ ਦਿਤਾ ਸੀ, ਜਦੋਂ ਮੈਂ ਉਸਦੀ ਮਾਂ ਨੂੰ ਤੇ ਫੇਰ ਉਸਨੂੰ ਉਹਨਾਂ ਦੀ ਗੱਡੀ ਵਿਚ ਚੜ੍ਹਾਇਆ ਸੀ। ਮੈਂ ਜਦੋਂ ਇਹਨਾਂ ਚੀਜ਼ਾਂ ਵੱਲ ਦੇਖਿਆ, ਤਾਂ ਉਹ, ਬਿਨਾਂ ਅੱਖਾਂ ਬੰਦ ਕੀਤਿਆਂ ਹੀ, ਮੇਰੀਆਂ ਅੱਖਾਂ ਸਾਹਮਣੇ ਆ ਗਈ, ਉਸ ਤਰ੍ਹਾਂ ਜਿਸ ਤਰ੍ਹਾਂ ਉਸਨੇ, ਦੋ ਨਾਚ ਕਰਨ ਵਾਲਿਆਂ ਵਿਚੋਂ ਚੋਣ ਕਰਦਿਆਂ, ਠੀਕ ਅੰਦਾਜ਼ਾ ਲਾਉਂਦਿਆਂ ਮੈਨੂੰ ਚੁਣ ਲਿਆ ਸੀ, ਤੇ ਮਿੱਠੀ ਆਵਾਜ਼ ਵਿਚ ਬੋਲੀ ਸੀ: "ਬਹੁਤ ਮਾਣ ਏ? ਹੈ ਨਾ?" ਤੇ ਖੁਸ਼ੀ ਖੁਸ਼ੀ ਆਪਣਾ ਹੱਥ ਮੇਰੇ ਹੱਥ ਵਿਚ ਦੇ ਦਿੱਤਾ ਸੀ, ਜਾਂ ਜਦੋਂ ਖਾਣੇ ਦੇ ਮੇਜ਼ ਉਤੇ ਬੈਠਿਆਂ, ਸ਼ੈਮਪੇਨ ਦੀਆਂ ਨਿੱਕੀਆਂ ਨਿੱਕੀਆਂ ਘੁੱਟਾਂ ਭਰਦੀ ਉਹ ਪਿਆਰ ਭਰੀਆਂ ਨਜ਼ਰਾਂ ਨਾਲ ਆਪਣੇ ਗਲਾਸ ਦੇ ਉਪਰੋਂ ਦੀ ਮੇਰੇ ਵੱਲ ਦੇਖਦੀ ਰਹੀ ਸੀ। ਪਰ ਸਭ ਤੋਂ ਵਧ ਉਸਦਾ ਉਹ ਰੂਪ ਮੇਰੀਆਂ ਨਜ਼ਰਾਂ ਸਾਹਮਣੇ ਆ ਰਿਹਾ ਸੀ, ਜਦੋਂ ਉਹ ਆਪਣੇ ਪਿਤਾ ਨਾਲ ਨੱਚ ਰਹੀ ਸੀ, ਉਸਦੇ ਨਾਲ ਬੜੀ ਮਟਕ ਨਾਲ ਜਿਵੇਂ ਤਰ ਰਹੀ ਹੋਵੇ, ਉਸਦੀ ਖਾਤਰ ਤੇ ਖੁਦ ਆਪਣੀ ਖਾਤਰ ਵੀ ਬੜੀ ਖੁਸ਼ੀ ਤੇ ਮਾਣ ਨਾਲ ਪ੍ਰਸੰਸਾ ਕਰ ਰਹੇ ਦਰਸ਼ਕਾਂ ਵੱਲ ਦੇਖ ਰਹੀ ਸੀ ਤੇ ਅਚੇਤ ਤੌਰ ਉਤੇ ਹੀ ਉਹ ਦੋਵੇਂ ਮੇਰੇ ਦਿਮਾਗ ਵਿਚ ਘੁਲਮਿਲ ਗਏ ਤੇ ਇਕ ਡੂੰਘੀ ਤੇ ਸਨੇਹ ਭਰੀ ਭਾਵਨਾ ਵਿਚ ਲਪੇਟੇ ਗਏ।
"ਉਦੋਂ ਮੈਂ ਤੇ ਮੇਰਾ ਸਵਰਗੀ ਭਰਾ ਇਕੱਠੇ ਰਹਿੰਦੇ ਹੁੰਦੇ ਸਾਂ। ਮੇਰੇ ਭਰਾ ਨੂੰ ਸੁਸਾਇਟੀ ਵਿਚ ਆਉਣਾ ਜਾਣਾ ਪਸੰਦ ਨਹੀਂ ਸੀ ਤੇ ਉਹ ਕਦੀ ਨਾਚ-ਪਾਰਟੀਆਂ ਵਿਚ ਨਹੀਂ ਸੀ ਗਿਆ। ਉਹ ਕੈਡੀਡੇਟ ਦੇ ਇਮਤਿਹਾਨ ਦੀ ਤਿਆਰੀ ਕਰ ਰਿਹਾ ਸੀ ਤੇ ਬਿਲਕੁਲ ਮਿਸਾਲੀਆਂ ਜੀਵਨ ਜਿਉ ਰਿਹਾ ਸੀ। ਉਹ ਸੁੱਤਾ ਪਿਆ ਸੀ। ਮੈਂ ਉਸਦੇ ਸਿਰਹਾਣੇ ਵਿਚ ਦੱਬੇ ਤੇ ਫਲਾਲੈਣ ਦੇ ਕੰਬਲ ਵਿਚ ਅੱਧੇ ਢੱਕੇ ਸਿਰ ਵੱਲ ਨਜ਼ਰ ਮਾਰੀ, ਤੇ ਮੈਨੂੰ ਉਸ ਉਤੇ ਸਚਮੁਚ ਅਫਸੋਸ ਹੋਇਆ, ਅਫ਼ਸੋਸ ਇਸ ਲਈ ਕਿ ਉਹ ਉਸ ਖੁਸ਼ੀ ਤੋਂ ਵਾਕਫ਼ ਨਹੀਂ ਸੀ ਤੇ ਮੇਰੇ ਨਾਲ ਉਸਨੂੰ ਨਹੀਂ ਸੀ ਵੰਡਾ ਰਿਹਾ, ਜਿਹੜੀ ਖੁਸ਼ੀ ਉਸ ਵੇਲੇ ਮੈਂ ਮਹਿਸੂਸ ਕਰ ਰਿਹਾ ਸਾਂ। ਸਾਡਾ ਭੂਮੀ-ਗੁਲਾਮ ਨੌਕਰ ਪਿਤਰੂਸ਼ਾ ਮੈਨੂੰ ਮੋਮਬੱਤੀ ਲੈ ਕੇ ਅੱਗੋਂ ਦੀ ਮਿਲਿਆ, ਤੇ ਹੋ ਸਕਦਾ ਸੀ ਕਪੜੇ ਲਾਹੁਣ ਵਿਚ ਮੇਰੀ ਸਹਾਇਤਾ ਕਰਦਾ, ਪਰ ਮੈਂ ਉਸਨੂੰ ਛੁੱਟੀ ਕਰ ਦਿਤੀ। ਉਸਦੇ ਉਨੀਂਦਰੇ ਚਿਹਰੇ ਤੇ ਬਿਖਰੇ ਵਾਲਾਂ ਉਤੇ ਮੈਨੂੰ ਤਰਸ ਆ ਗਿਆ। ਖੜਾਕ ਨਾ ਕਰਨ ਦੀ ਕੋਸ਼ਿਸ਼ ਕਰਦਿਆਂ, ਮੈਂ ਪੱਬਾਂ ਭਾਰ ਆਪਣੇ ਕਮਰੇ ਤੱਕ ਗਿਆ ਤੇ ਆਪਣੇ ਬਿਸਤਰੇ ਉਤੇ ਜਾ ਬੈਠਾ। ਪਰ ਨਹੀਂ, ਮੈਂ ਬਹੁਤ ਖੁਸ਼ੀ ਵਿਚ ਸਾਂ, ਮੈਂ ਸੌਂ ਹੀ ਨਹੀਂ ਸਾਂ ਸਕਦਾ। ਨਾਲੇ ਕਮਰੇ ਵਿਚ ਮੈਨੂੰ ਹੁੰਮਸ ਮਹਿਸੂਸ ਹੋ ਰਿਹਾ ਸੀ, ਸੋ ਮੈਂ ਬਿਨਾਂ ਕਪੜੇ ਬਦਲਿਆਂ, ਮਲਕੜੇ ਜਿਹੇ ਬਾਹਰਲੇ ਕਮਰੇ ਵਿਚ ਗਿਆ, ਆਪਣਾ ਓਵਰਕੋਟ ਪਾਇਆ, ਦਰਵਾਜ਼ਾ ਖੋਹਲਿਆ ਤੇ ਬਾਹਰ ਚਲਾ ਗਿਆ।
ਪੰਜ ਵੱਜੇ ਸੀ ਜਦੋਂ ਮੈਂ ਨਾਚ-ਪਾਰਟੀ ਤੋਂ ਆਇਆ ਸਾਂ; ਘਰ ਪਹੁੰਚਦਿਆਂ, ਘਰ ਜਾ ਕੇ ਬੈਠਿਆਂ ਦੋ ਘੰਟੇ ਹੋਰ ਬੀਤੇ ਗਏ, ਇਸ ਲਈ ਜਦੋਂ ਮੈਂ ਬਾਹਰ ਨਿਕਲਿਆ ਤਾਂ ਲੋਅ ਲੱਗ ਚੁੱਕੀ ਸੀ। ਬਿਲਕੁਲ ਸ਼ਰਵਟਾਈਡ ਵਾਲਾ ਮੌਸਮ ਸੀ–ਧੁੰਦ ਧੁੰਦ, ਸੜਕਾਂ ਉਤੇ ਪਿਘਲ ਰਹੀ ਗਿੱਲੀ ਬਰਫ ਤੇ ਛੱਤਾਂ ਤੋਂ ਡਿੱਗ ਰਹੇ ਪਾਣੀ ਦੇ ਤੁਪਕੇ। ਉਸ ਸਮੇਂ ਬ. ਪਰਿਵਾਰ ਸ਼ਹਿਰ ਦੇ ਬਾਹਰਵਾਰ ਇਕ ਖੁਲ੍ਹੇ ਮੈਦਾਨ ਦੇ ਕਿਨਾਰੇ ਰਹਿੰਦਾ ਸੀ, ਉਹਨਾਂ ਦੇ ਇਕ ਪਾਸੇ ਕੁੜੀਆਂ ਦਾ ਸਕੂਲ ਸੀ ਤੇ ਦੂਜੇ ਪਾਸੇ ਖੁਲ੍ਹੀ ਥਾਂ ਜਿਹੜੀ ਸੈਰਗਾਹ ਵਜੋਂ ਵਰਤੀ ਜਾਂਦੀ ਸੀ। ਮੈਂ ਆਪਣੀ ਸ਼ਾਂਤ ਛੋਟੀ ਜਿਹੀ ਗਲੀ ਪਾਰ ਕੀਤੀ ਤੇ ਮੁੱਖ ਬਾਜ਼ਾਰ ਵਿਚ ਆ ਗਿਆ, ਜਿਥੇ ਰਾਹ ਜਾਂਦੇ ਲੋਕ ਤੇ ਠੇਲ੍ਹਿਆਂ ਵਾਲੇ ਮੇਰੀ ਨਜ਼ਰੀਂ ਪਏ, ਜਿਨ੍ਹਾਂ ਨੇ ਸਲੈਂਜਾਂ ਉਤੇ ਲੱਕੜਾਂ ਲੱਦੀਆਂ ਹੋਈਆਂ ਸਨ, ਤੇ ਸਲੈਂਜਾਂ ਦੀਆਂ ਹੇਠਲੀਆਂ ਪੱਤਰੀਆਂ ਬਰਫ ਵਿਚ ਪਹੇ ਤੱਕ ਧਸਦੀਆਂ ਜਾ ਰਹੀਆਂ ਸਨ। ਤੇ ਆਪਣੇ ਚਮਕਦੇ ਹੋਏ ਜੂਲਿਆਂ ਵਿਚ ਆਪਣੇ ਸਿਰਾਂ ਨੂੰ ਤਾਲ ਵਿਚ ਹਿਲਾ ਰਹੇ ਘੋੜੇ, ਆਪਣੇ ਮੋਢਿਆਂ ਉਤੇ ਦਰਖਤ ਦੀ ਛਿੱਲ ਦੀਆਂ ਚਟਾਈਆਂ ਪਾਈ ਤੇ ਆਪਣੇ ਵੱਡੇ ਵੱਡੇ ਬੂਟਾਂ ਨਾਲ ਅੱਧ-ਪਿਘਲੀ ਬਰਫ ਵਿਚੋਂ ਲੰਘਦੇ ਹੋਏ ਆਪਣੀਆਂ ਸਲੈਂਜਾਂ ਦੇ ਨਾਲ ਨਾਲ ਜਾ ਰਹੇ ਠੇਲ੍ਹਿਆਂ ਵਾਲੇ ਤੇ ਧੁੰਦ ਵਿਚ ਲਪੇਟੇ ਹੋਏ ਸੜਕ ਦੇ ਦੋਵੇਂ ਪਾਸੇ ਉੱਚੇ ਘਰ–ਸਭ ਕੁਝ ਮੈਨੂੰ ਖਾਸ ਕਰਕੇ ਪਿਆਰਾ ਤੇ ਮਹਤੱਵਪੂਰਨ ਲਗ ਰਿਹਾ ਸੀ।
ਜਦੋਂ ਮੈਂ ਉਸ ਮੈਦਾਨ ਕੋਲ ਪੁੱਜਾ ਜਿਥੇ ਉਹਨਾਂ ਦਾ ਘਰ ਸੀ, ਤਾਂ ਸੈਰਗਾਹ ਵਾਲੇ ਪਾਸੇ ਮੈਨੂੰ ਕੁਝ ਬਹੁਤ ਵੱਡਾ ਤੇ ਕਾਲਾ ਦਿਖਾਈ ਦਿੱਤਾ, ਤੇ ਮੈਨੂੰ ਇਕ ਬੀਨ ਤੇ ਢੋਲ ਦੀ ਆਵਾਜ਼ ਸੁਣਾਈ ਦਿੱਤੀ। ਮੇਰਾ ਦਿਲ ਇਹ ਸਾਰਾ ਸਮਾਂ ਗਾਉਂਦਾ ਰਿਹਾ ਸੀ, ਤੇ ਕਦੀ ਕਦੀ ਮਾਜ਼ੂਰਕਾ ਦੀਆਂ ਧੁਨਾਂ ਮੇਰੇ ਦਿਮਾਗ ਵਿਚ ਆ ਜਾਂਦੀਆਂ ਸਨ। ਪਰ ਇਹ ਸੰਗੀਤ ਤਾਂ ਵਖਰੀ ਤਰ੍ਹਾਂ ਦਾ ਸੀ–ਕੁਰੱਖਤ ਤੇ ਅਣਭਾਉਂਦਾ।
"ਇਹ ਕੀ ਹੋ ਸਕਦਾ ਹੈ?" ਮੈਂ ਸੋਚਣ ਲੱਗਾ, ਤੇ ਮੈਦਾਨ ਦੇ ਵਿਚੋਂ ਦੀ ਲੰਘਦੇ ਗੱਡਿਆਂ ਲਈ ਬਣੇ ਤਿਲ੍ਹਕਵੇਂ ਜਿਹੇ ਪਹੇ ਰਾਹੀਂ ਉਧਰ ਨੂੰ ਤੁਰ ਪਿਆ, ਜਿਧਰੋਂ ਆਵਾਜ਼ਾਂ ਆ ਰਹੀਆਂ ਸਨ। ਸੌ ਕੁ ਕਦਮ ਜਾਣ ਪਿਛੋਂ, ਮੇਰੇ ਸਾਹਮਣੇ ਧੁੰਦ ਵਿਚੋਂ ਬਹੁਤ ਸਾਰੇ ਲੋਕਾਂ ਦੇ ਕਾਲੇ ਕਾਲੇ ਆਕਾਰ ਉਘੜਣ ਲੱਗੇ। ਉਹ ਪ੍ਰਤੱਖ ਤੌਰ ਉਤੇ ਸਿਪਾਹੀ ਸਨ। 'ਡਰਿਲ ਕਰ ਰਹੇ ਹੋਣਗੇ,' ਮੈਂ ਸੋਚਿਆ, ਤੇ ਆਪਣੇ ਰਾਹ ਤੁਰਨਾ ਜਾਰੀ ਰਖਿਆ। ਮੇਰੇ ਨਾਲ ਨਾਲ ਇਕ ਲੁਹਾਰ ਜਾ ਰਿਹਾ ਸੀ ਜਿਸਨੇ ਥਿੰਦੇ ਦਾਗਾਂ ਵਾਲਾ ਏਪਰਨ ਤੇ ਜੈਕਟ ਪਾਈ ਹੋਈ ਸੀ ਤੇ ਹੱਥਾਂ ਵਿਚ ਇਕ ਵੱਡਾ ਸਾਰਾ ਬੰਡਲ ਫੜਿਆ ਹੋਇਆ ਸੀ। ਸਿਪਾਹੀ ਇਕ ਦੂਜੇ ਵੱਲ ਮੂੰਹ ਕਰਕੇ ਦੂਹਰੀ ਕਤਾਰ ਬਣਾਈ ਬੇਹਰਕਤ ਖੜੇ ਸਨ; ਬੰਦੂਕਾਂ ਉਹਨਾਂ ਨੇ ਵੱਖੀਆਂ ਨਾਲ ਲਾਈਆਂ ਹੋਈਆਂ ਸਨ। ਉਹਨਾਂ ਦੇ ਪਿਛੇ ਇਕ ਢੋਲ ਵਜਾਉਣ ਵਾਲਾ ਤੇ ਇਕ ਬੀਨ ਵਜਾਉਣ ਵਾਲਾ ਖੜੇ ਸਨ, ਤੇ ਉਹ ਆਪਣੀ ਕੁਰਖਤ ਧੁਨ ਦੁਹਰਾਈ ਵਜਾਈ ਜਾ ਰਹੇ ਸਨ।
"ਇਹ ਕੀ ਕਰ ਰਹੇ ਨੇ?" ਮੈਂ ਆਪਣੇ ਕੋਲ ਖੜੋਤੇ ਲੁਹਾਰ ਨੂੰ ਪੁੱਛਿਆ।
"ਤਾਤਾਰ ਦੀ ਕੁਟਾਈ ਹੋ ਰਹੀ ਏ, ਉਹਨੇ ਨੱਠਣ ਦੀ ਕੋਸ਼ਿਸ਼ ਕੀਤੀ ਸੀ," ਲੋਹਾਰ ਗੁੱਸੇ ਨਾਲ ਬੋਲਿਆ ਤੇ ਕਤਾਰਾਂ ਦੇ ਦੂਜੇ ਸਿਰੇ ਵੱਲ ਦੇਖਣ ਲੱਗਾ।
"ਮੈਂ ਵੀ ਉਸੇ ਪਾਸੇ ਵੱਲ ਦੇਖਣ ਲੱਗਾ, ਤੇ ਕਤਾਰਾਂ ਦੇ ਵਿਚੋਂ ਦੀ ਕੋਈ ਭਿਆਨਕ ਚੀਜ਼ ਮੈਨੂੰ ਆਪਣੇ ਵੱਲ ਆਉਂਦੀ ਦਿਸੀ। ਇਹ ਇਕ ਆਦਮੀ ਸੀ, ਲੱਕ ਤੱਕ ਨੰਗਾ ਕੀਤਾ ਹੋਇਆ ਤੇ ਉਸਨੂੰ ਦੋ ਸਿਪਾਹੀ ਲਿਆ ਰਹੇ ਸਨ, ਜਿਨ੍ਹਾਂ ਦੀਆਂ ਬੰਦੂਕਾਂ ਨਾਲ ਆਡੇ ਰੁਕ ਕਰਕੇ ਉਸਦੇ ਹੱਥ ਬੱਝੇ ਹੋਏ ਸਨ। ਉਸਦੇ ਨਾਲ ਇਕ ਉੱਚਾ ਲੰਮਾ ਅਫਸਰ ਚੱਲ ਰਿਹਾ ਸੀ–ਤੇ ਪੀ-ਕੈਪ ਪਾਈ, ਜਿਸਦੀ ਸ਼ਕਲ ਕੁਝ ਜਾਣੀਪਛਾਣੀ ਲਗਦੀ ਸੀ। ਦੋਸ਼ੀ ਦਾ ਸਾਰਾ ਸਰੀਰ ਫਰਕ ਰਿਹਾ ਸੀ, ਉਸਦੇ ਪੈਰ ਪਿਘਲਦੀ ਬਰਫ ਵਿਚ ਖੁਭਦੇ ਜਾ ਰਹੇ ਸਨ; ਉਹ ਮੇਰੇ ਵਲ ਨੂੰ ਵਧ ਰਿਹਾ ਸੀ ਜਦ ਕਿ ਦੋਵੇਂ ਪਾਸਿਆਂ ਤੋਂ ਉਸਨੂੰ ਹੰਟਰ ਪੈ ਰਹੇ ਸਨ, ਕਦੀ ਉਹ ਪਿੱਛੇ ਨੂੰ ਡਿੱਗਣ ਲਗਦਾ, ਤਾਂ ਬੰਦੂਕਾਂ ਤੋਂ ਫੜ ਕੇ ਰਖ ਰਹੇ ਸਿਪਾਹੀ ਉਸਨੂੰ ਖਿੱਚ ਕੇ ਅੱਗੇ ਨੂੰ ਕਰਦੇ, ਕਦੀ ਉਹ ਅੱਗੇ ਨੂੰ ਢਹਿਣ ਲਗਦਾ ਤਾਂ ਸਿਪਾਹੀ ਹਝੋਕੇ ਨਾਲ ਡਿੱਗਣ ਤੋਂ ਰੋਕਦੇ। ਤੇ ਉਸਦੇ ਨਾਲ ਨਾਲ ਉਹ ਉੱਚਾ ਲੰਮਾ ਅਫਸਰ ਆ ਰਿਹਾ ਸੀ–ਦ੍ਰਿੜ ਕਦਮਾਂ ਨਾਲ ਤੇ ਪਿੱਛੇ ਨਾ ਰਹਿੰਦਾ ਹੋਇਆ। ਇਹ ਉਸ ਕੁੜੀ ਦਾ ਪਿਤਾ ਸੀ, ਲਾਲ ਸੂਹੇ ਮੂੰਹ ਵਾਲਾ ਤੇ ਚਿੱਟੀਆਂ ਮੁੱਛਾਂ ਤੇ ਕਲਮਾਂ ਵਾਲਾ।
"ਤੇ ਹਰ ਵਾਰ ਉਤੇ ਦੋਸ਼ੀ, ਜਿਵੇਂ ਕਿ ਚਕ੍ਰਿਤ ਹੋਇਆ, ਦਰਦ ਨਾਲ ਮੁੜਿਆ ਹੋਇਆ ਆਪਣਾ ਮੂੰਹ ਉਸ ਪਾਸੇ ਵੱਲ ਨੂੰ ਫੇਰਦਾ ਜਿਧਰੋਂ ਵਾਰ ਹੋਇਆ ਹੁੰਦਾ ਸੀ, ਤੇ ਆਪਣੇ ਚਿੱਟੇ ਦੰਦਾਂ ਵਿਚੋਂ ਦੀ ਕੋਈ ਗੱਲ ਮੁੜ ਮੁੜ ਕੇ ਦੁਹਰਾਈ ਜਾਂਦਾ। ਮੈਨੂੰ ਉਸਦੇ ਲਫਜ਼ ਉਦੋਂ ਤੱਕ ਸਮਝ ਨਾ ਆਏ, ਜਦੋਂ ਤੱਕ ਉਹ ਨੇੜੇ ਨਾ ਆ ਗਿਆ। ਉਹ ਬੋਲਣ ਨਾਲੋਂ ਵਧੇਰੇ ਫੁਸਫਸਾ ਰਿਹਾ ਸੀ। ‘ਰਹਿਮ ਕਰੋ, ਭਰਾਵੋ: ਰਹਿਮ ਕਰੋ, ਭਰਾਵੋ।' ਪਰ ਭਰਾਵਾਂ ਨੂੰ ਰਹਿਮ ਨਹੀਂ ਸੀ ਆ ਰਿਹਾ, ਤੇ ਜਦੋਂ ਉਹ ਜਲੂਸ ਬਿਲਕੁਲ ਮੇਰੇ ਸਾਹਮਣੇ ਆਇਆ ਤਾਂ ਮੈਂ ਦੇਖਿਆ ਕਿ ਇਕ ਸਿਪਾਹੀ ਦ੍ਰਿੜ੍ਹਤਾ ਨਾਲ ਇਕ ਕਦਮ ਅੱਗੇ ਹੋਇਆ ਤੇ ਏਨੀ ਜ਼ੋਰ ਦੀ ਆਪਣਾ ਚਾਬੁਕ ਤਾਤਾਰ ਦੀ ਪਿੱਠ ਉਤੇ ਵਰ੍ਹਾਇਆ ਕਿ ਇਹ ਹਵਾ ਵਿਚ ਸ਼ੂਕਦਾ ਹੋਇਆ ਲੰਘਿਆ। ਤਾਤਾਰ ਅੱਗੇ ਨੂੰ ਡਿੱਗ ਪਿਆ, ਪਰ ਸਿਪਾਹੀਆਂ ਨੂੰ ਉਸਨੂੰ ਹਝੋਕੇ ਨਾਲ ਖੜਾ ਕਰ ਦਿਤਾ, ਤੇ ਫਿਰ ਇਕ ਹੋਰ ਚਾਬੁਕ ਦੂਜੇ ਪਾਸਿਉਂ ਪਿਆ, ਫਿਰ ਇਸ ਪਾਸਿਉਂ, ਤੇ ਫਿਰ ਦੂਜੇ ਪਾਸਿਉਂ।...ਕਰਨੈਲ ਉਸਦੇ ਨਾਲ ਨਾਲ ਚੱਲ ਪਿਆ ਸੀ। ਉਹ ਕਦੀ ਆਪਣੇ ਪੈਰਾਂ ਵੱਲ ਦੇਖਣ ਲਗ ਪੈਂਦਾ, ਤੇ ਕਦੀ ਦੋਸ਼ੀ ਵੱਲ, ਜ਼ੋਰ ਦੀ ਸਾਹ ਲੈਂਦਾ, ਗਲ੍ਹਾਂ ਫੁਲਾ ਲੈਂਦਾ ਤੇ ਫਿਰ ਘੁੱਟੇ ਹੋਏ ਬੁਲ੍ਹਾਂ ਵਿਚੋਂ ਹੌਲੀ ਹੌਲੀ ਸਾਹ ਕਢਦਾ। ਜਦੋਂ ਸਾਰਾ ਜਲੂਸ ਉਸ ਥਾਂ ਪੁੱਜਾ ਜਿਥੇ ਮੈਂ ਖੜਾ ਸਾਂ, ਤਾਂ ਖੜੇ ਸਿਪਾਹੀਆਂ ਦੇ ਵਿਚਕਾਰੋਂ ਦੀ ਮੈਂ ਦੋਸ਼ੀ ਦੀ ਪਿੱਠ ਉਤੇ ਇਕ ਝਾਤੀ ਮਾਰੀ। ਇਹ ਕੋਈ ਵਰਨਣ ਤੋਂ ਬਾਹਰੀ ਚੀਜ਼ ਲਗਦੀ: ਲਾਸਾਂ ਪਈਆਂ ਹੋਈਆਂ, ਸਿਲ੍ਹੀ, ਤੇ ਗ਼ੈਰ-ਕੁਦਰਤੀ ਕੋਈ ਚੀਜ਼। ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਮਨੁੱਖ ਦਾ ਸਰੀਰ ਹੈ।
"ਹੇ ਪ੍ਰਮਾਤਮਾ!" ਮੇਰੇ ਕੋਲ ਖੜੋਤਾ ਲੁਹਾਰ ਬੁੜਬੁੜਾਇਆ।
"ਜਲੂਸ ਅੱਗੇ ਵਧਦਾ ਗਿਆ। ਮਰੋੜੇ ਖਾਂਦੇ, ਡਿਗਦੇ ਢਹਿੰਦੇ ਵਿਅਕਤੀ ਦੇ ਉਤੇ ਦੋਹਾਂ ਪਾਸਿਆਂ ਤੋਂ ਚਾਬੁਕ ਪੈਂਦੇ ਰਹੇ, ਢੋਲ ਵਜਦਾ ਰਿਹਾ, ਬੀਨ ਚੀਕਦੀ ਰਹੀ, ਤੇ ਉੱਚਾ-ਲੰਮਾ, ਸ਼ਾਹੀ ਠਾਠ ਵਾਲਾ ਕਰਨੈਲ ਦ੍ਰਿੜ ਕਦਮਾਂ ਨਾਲ ਕੈਦੀ ਦੇ ਨਾਲ ਨਾਲ ਤੁਰਦਾ ਰਿਹਾ। ਇਕਦਮ ਕਰਨੈਲ ਰੁਕਿਆ ਤੇ ਤੇਜ਼ੀ ਨਾਲ ਇਕ ਸਿਪਾਹੀ ਵੱਲ ਗਿਆ।
"'ਖੁੰਝ ਗਿਐ? ਮੈਂ ਦੱਸਦਾ ਤੈਨੂੰ,' ਮੈਂ ਉਸਨੂੰ ਕ੍ਰੋਧ ਵਿਚ ਕਹਿੰਦਿਆਂ ਸੁਣਿਆ।' "ਫੇਰ ਖੁੰਝੇਗਾ? ਖੁੰਝੇਗਾ?"
"ਤੇ ਦੇਖਿਆ ਕਿ ਕਿਵੇਂ ਉਹ ਆਪਣੇ ਦਸਤਾਨੇ ਵਾਲੇ ਮਜ਼ਬੂਤ ਹੱਥ ਨਾਲ ਛੋਟੇ ਕੱਦ ਵਾਲੇ, ਕਮਜ਼ੋਰ ਜਿਹੇ ਸਿਪਾਹੀ ਦੇ ਮੂੰਹ ਉਤੇ ਇਸ ਕਰਕੇ ਘਸੁੰਨ ਜੜਨ ਲਗ ਪਿਆ ਕਿ ਉਸਦਾ ਚਾਬੁਕ ਤਾਤਾਰ ਦੀ ਲਹੂ-ਲੁਹਾਣ ਪਿੱਠ ਉਤੇ ਕਾਫੀ ਜ਼ੋਰ ਦੀ ਨਹੀਂ ਸੀ ਪਿਆ।
"ਨਵੇਂ ਚਾਬੁਕ ਲਿਆਓ!" ਕਰਨੈਲ ਨੇ ਉੱਚੀ ਸਾਰੀ ਕਿਹਾ। ਬੋਲਦਾ ਹੋਇਆ ਉਹ ਮੁੜਿਆ ਤੇ ਉਸਦੀ ਨਜ਼ਰ ਮੇਰੇ ਉਤੇ ਪੈ ਗਈ। ਇਹ ਬਹਾਨਾ ਕਰਦਿਆਂ, ਕਿ ਉਹ ਮੈਨੂੰ ਨਹੀਂ ਜਾਣਦਾ, ਉਸਨੇ ਗੁੱਸੇ ਵਿਚ ਤਿਊੜੀ ਪਾ ਲਈ ਤੇ ਫਿਰ ਜਲਦੀ ਨਾਲ ਦੂਜੇ ਪਾਸੇ ਮੂੰਹ ਫੇਰ ਲਿਆ। ਮੈਂ ਏਨਾ ਸ਼ਰਮਿੰਦਾ ਮਹਿਸੂਸ ਕਰਨ ਲੱਗਾ ਕਿ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਆਪਣੀਆਂ ਅੱਖਾਂ ਕਿਧਰ ਫੇਰਾਂ, ਜਿਵੇਂ ਕਿ ਮੈਂ ਕੋਈ ਸ਼ਰਮਨਾਕ ਗੱਲ ਕਰਦਾ ਫੜਿਆ ਗਿਆ ਹੋਵਾਂ। ਸਿਰ ਸੁੱਟ ਕੇ ਮੈਂ ਜਲਦੀ ਜਲਦੀ ਘਰ ਮੁੜ ਆਇਆ। ਸਾਰਾ ਰਸਤਾ ਮੈਨੂੰ ਢੋਲ ਵਜਦਾ, ਬੀਨ ਚੀਕਦੀ ਸੁਣਾਈ ਦਿੰਦੀ ਰਹੀ ਤੇ ਨਾਲੇ ਇਹ ਲਫਜ਼, 'ਰਹਿਮ ਕਰੋ' ਤੇ ਕਰਨੈਲ ਦੀ ਕ੍ਰੋਧ ਨਾਲ ਭਰੀ ਹੋਈ ਸਵੈ-ਵਿਸ਼ਵਾਸ ਵਾਲੀ ਆਵਾਜ਼– 'ਫੇਰ ਖੁੰਝੇਗਾ? ਖੁੰਝੇਗਾ?' ਤੇ ਮੇਰੇ ਦਿਲ ਦਾ ਦਰਦ ਏਨਾਂ ਅਸਹਿ ਸੀ, ਕਿ ਮੈਨੂੰ ਕੈਅ ਆਉਣ ਕਰਦੀ ਸੀ, ਜਿਸ ਕਰਕੇ ਮੈਂ ਕਈ ਵਾਰੀ ਰੁਕਿਆ ਵੀ। ਮੈਨੂੰ ਲੱਗਾ ਕਿ ਮੈਨੂੰ ਉਹ ਸਾਰੀ ਭਿਅੰਕਰਤਾ ਕੱਢ ਮਾਰਨੀ ਚਾਹੀਦੀ ਹੈ, ਜਿਹੜੀ ਇਹ ਦ੍ਰਿਸ਼ ਨੇ ਮੇਰੇ ਵਿਚ ਭਰ ਦਿੱਤੀ ਹੈ। ਮੈਨੂੰ ਨਹੀਂ ਯਾਦ ਕਿ ਮੈਂ ਘਰ ਕਿਵੇਂ ਪੁੱਜਾ ਤੇ ਮੰਜੇ ਉਤੇ ਜਾ ਪਿਆ, ਪਰ ਜਿਉਂ ਹੀ ਮੈਂ ਉੱਘਲਾਉਣ ਲਗਦਾ, ਤਾਂ ਸਾਰਾ ਕੁਝ ਮੁੜ ਕੇ ਮੈਨੂੰ ਸੁਣਾਈ ਦੇਣ ਲਗ ਪੈਂਦਾ ਤੇ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ, ਤੇ ਮੈਂ ਤ੍ਰਭਕ ਕੇ ਉੱਠ ਪੈਂਦਾ।
'ਜ਼ਰੂਰ ਕੋਈ ਐਸੀ ਗੱਲ ਹੋਵੇਗੀ, ਜਿਸਨੂੰ ਉਹ ਤਾਂ ਜਾਣਦਾ ਹੈ ਪਰ ਮੈਂ ਨਹੀਂ ਜਾਣਦਾ,' ਮੈਂ ਕਰਨੈਲ ਬਾਰੇ ਸੋਚਦਿਆਂ ਆਪਣੇ ਮਨ ਵਿਚ ਕਿਹਾ। 'ਜੇ ਮੈਂ ਜਾਣਦਾ ਹੁੰਦਾ, ਜੋ ਕੁਝ ਉਹ ਜਾਣਦਾ ਹੈ, ਤਾਂ ਮੈਨੂੰ ਸਮਝ ਆ ਜਾਂਦੀ, ਤੇ ਜੋ ਕੁਝ ਮੈਂ ਦੇਖਿਆ ਹੈ, ਉਹ ਮੈਨੂੰ ਏਨਾਂ ਦੁਖੀ ਨਾ ਕਰਦਾ। ਤੇ ਬਥੇਰਾ ਦਮਾਗ ਲੜਾਇਆ, ਪਰ ਮੇਰੀ ਸਮਝ ਵਿਚ ਨਾ ਆਇਆ ਕਿ ਉਹ ਕਿਹੜੀ ਗੱਲ ਹੈ ਜਿਸਦਾ ਕਰਨੈਲ ਨੂੰ ਪਤਾ ਹੈ, ਤੇ ਸ਼ਾਮ ਤੱਕ ਮੈਨੂੰ ਨੀਂਦ ਨਾ ਆ ਸਕੀ, ਤੇ ਸ਼ਾਮ ਨੂੰ ਵੀ ਨਾ ਆਈ ਜਦੋਂ ਮੈਂ ਇਕ ਦੋਸਤ ਕੋਲ ਜਾ ਕੇ ਉਸ ਨਾਲ ਏਨੀ ਸ਼ਰਾਬ ਨਾ ਪੀ ਲਈ ਕਿ ਬੇਸੁੱਧ ਹੋ ਗਿਆ।
"ਤੇ ਤੁਹਾਡਾ ਕੀ ਖਿਆਲ ਹੈ ਕਿ ਮੈਂ ਇਸ ਤੋਂ ਸਿੱਟਾ ਇਹ ਕੱਢਿਆ ਕਿ ਜੋ ਕੁਝ ਮੈਂ ਦੇਖਿਆ ਸੀ, ਉਹ ਮਾੜਾ ਸੀ? ਬਿਲਕੁਲ ਐਸੀ ਕੋਈ ਗੱਲ ਨਹੀਂ। ਜੋ ਕੁਝ ਮੈਂ ਦੇਖਿਐ, ਜੇ ਉਹ ਕੁਝ ਏਨੇ ਹੀ ਵਿਸ਼ਵਾਸ ਨਾਲ ਕੀਤਾ ਗਿਐ, ਤੇ ਸਾਰੇ ਉਸਨੂੰ ਜ਼ਰੂਰੀ ਸਮਝਦੇ ਨੇ, ਤਾਂ ਇਸਦਾ ਮਤਲਬ ਇਹ ਹੈ ਕਿ ਉਹ ਕੋਈ ਐਸੀ ਗੱਲ ਜਾਣਦੇ ਨੇ ਜਿਹੜੀ ਮੈਂ ਨਹੀਂ ਜਾਣਦਾ। ਇਹ ਸੀ ਸਿੱਟਾ ਜਿਹੜਾ ਮੈਂ ਕੱਢਿਆ, ਤੇ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਕਿ ਇਹ ਕਿਹੜੀ ਗੱਲ ਹੈ। ਪਰ ਮੈਨੂੰ ਕਦੀ ਨਾ ਪਤਾ ਲੱਗਾ। ਤੇ ਕਿਉਂਕਿ ਮੈਨੂੰ ਇਸਦਾ ਪਤਾ ਨਾ ਲੱਗਾ, ਇਸ ਲਈ ਮੈਂ ਫੌਜ ਵਿਚ ਭਰਤੀ ਨਾ ਹੋ ਸਕਿਆ, ਜਿਵੇਂ ਕਿ ਪਹਿਲਾਂ ਮੇਰਾ ਇਰਾਦਾ ਸੀ ਤੇ ਨਾ ਸਿਰਫ ਫੌਜ ਵਿਚ ਹੀ ਸਗੋਂ ਕਿਤੇ ਵੀ ਕੰਮ ਨਾ ਕਰ ਸਕਿਆ, ਜਿਸ ਲਈ ਮੈਂ ਜਿਵੇਂ ਕਿ ਤੁਸੀਂ ਦੇਖਦੇ ਹੋ, ਬਿਲਕੁਲ ਨਿਕੰਮਾਂ ਸਿਧ ਹੋਇਆ।"
"ਇਹ ਤਾਂ, ਖੈਰ, ਸਾਨੂੰ ਪਤੈ ਕਿ ਤੁਸੀਂ ਕਿੰਨੇ ਕੁ ਨਿਕੰਮੇ ਸਿੱਧ ਹੋਏ," ਸਾਡੇ ਵਿਚੋਂ ਇਕ ਬੋਲਿਆ।"ਜ਼ਿਆਦਾ ਠੀਕ ਗੱਲ ਇਹ ਹੋਵੇਗੀ ਕਿ ਸਾਨੂੰ ਇਹ ਦੱਸੋ ਕਿ ਜੇ ਤੁਸੀਂ ਨਾ ਹੁੰਦੇ ਤਾਂ ਕਿੰਨੇ ਜ਼ਿਆਦਾ ਲੋਕ ਨਿਕੰਮੇ ਬਣ ਜਾਂਦੇ।"
"ਖੈਰ, ਇਹ ਤਾਂ ਐਵੇਂ ਮੂਰਖਾਂ ਵਾਲੀ ਗੱਲ ਏ," ਸਚਮੁਚ ਖਿਝਦਿਆਂ ਹੋਇਆ ਈਵਾਨ ਵਾਸੀਲੀਏਵਿਚ ਬੋਲਿਆ।
"ਤੇ ਤੁਹਾਡੇ ਪਿਆਰ ਦਾ ਕੀ ਬਣਿਆ?" ਅਸੀਂ ਪੁੱਛਿਆ।
ਮੇਰਾ ਪਿਆਰ? ਇਸ ਦਿਨ ਤੋਂ ਲੈ ਕੇ ਮੇਰਾ ਪਿਆਰ ਮਰਨਾ ਸ਼ੁਰੂ ਹੋ ਗਿਆ। ਜਦੋਂ ਵੀ ਉਹ ਕਦੀ, ਜਿਵੇਂ ਕਿ ਅਕਸਰ ਉਸ ਨਾਲ ਹੁੰਦਾ ਸੀ, ਚਿਹਰੇ ਉਤੇ ਮੁਸਕਰਾਹਟ ਲਿਆਉਂਦੀ ਸੋਚਾਂ ਵਿਚ ਪੈ ਜਾਂਦੀ, ਤਾਂ ਮੇਰੀਆਂ ਅੱਖਾਂ ਸਾਹਮਣੇ ਇਕਦਮ ਮੈਦਾਨ ਵਿਚ ਖੜਾ ਕਰਨੈਲ ਆ ਜਾਂਦਾ, ਜਿਸ ਨਾਲ ਮੈਂ ਬੇਚੈਨ ਹੋ ਜਾਂਦਾ, ਤੇ ਮੇਰੀ ਖੁਸ਼ੀ ਜਾਂਦੀ ਰਹਿੰਦੀ, ਤੇ ਮੈਂ ਉਸਨੂੰ ਮਿਲਣਾ ਘੱਟ ਕਰ ਦਿਤਾ ਤੇ ਫਿਰ ਖਤਮ ਕਰ ਦਿਤਾ। ਤੇ ਇਸ ਤਰ੍ਹਾਂ ਮੇਰਾ ਪਿਆਰ ਖਤਮ ਹੋ ਗਿਆ। ਸੋ ਇੰਝ ਵਾਪਰਦਾ ਹੈ ਕਦੀ ਕਦੀ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹਨ ਜਿਹੜੀਆਂ ਆਦਮੀ ਦੇ ਸਾਰੇ ਜੀਵਨ ਨੂੰ ਬਦਲ ਕੇ ਰਖ ਦਿੰਦੀਆਂ ਤੇ ਉਸਨੂੰ ਸੇਧ ਦਿੰਦੀਆਂ ਹਨ। ਤੇ ਤੁਸੀਂ ਕਹਿੰਦੇ ਹੋ..." ਉਸਨੇ ਗੱਲ ਮੁਕਾਈ